ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਕਦੇ ਯੂ-ਟਿਊਬ 'ਤੇ, ਕਦੇ ਆਟੋ 'ਤੇ

ਆਟੋ ਦੀ ਸਵਾਰੀ ਕਰਦੀ ਦੀ ਜੈਕੀ ਦੀ ਇੰਸਟਾਗ੍ਰਾਮ 'ਤੇ ਪਈ ਤਸਵੀਰ ਨੇ ਲਾਈਕਸ (ਪਸੰਦ) ਵਾਲੀਆਂ ਝੜੀਆਂ ਲਾ ਦਿੱਤੀਆਂ ਹਨ ਤੇ ਜੈਕਲਿਨ ਫਰਨਾਂਡਿਜ਼ ਜੋ 'ਆਟੋ' ਨੂੰ 'ਟੁਕ ਟੁਕ ਦੀ ਸਵਾਰੀ' ਆਖਦੀ ਹੈ, ਦੀ ਪ੍ਰਤੀਕਿਰਿਆ ਹੈ ਕਿ ਜੋ ਮਜ਼ਾ ਆਟੋ 'ਤੇ ਆਉਂਦਾ ਹੈ, ਉਹ ਹਵਾਈ ਜਹਾਜ਼ 'ਚ ਨਹੀਂ ਆਉਂਦਾ। 34ਵਾਂ ਜਨਮ ਦਿਨ ਮਨਾ ਚੁੱਕੀ ਸ੍ਰੀਲੰਕਾ ਦੀ ਇਹ ਪਰੀ ਆਪਣਾ ਜਨਮ ਦਿਨ ਕੋਲੰਬੋ 'ਚ ਮਨਾ ਕੇ ਭਾਰਤ ਪਰਤ ਆਈ ਹੈ। ਆਟੋ ਦੀ ਸਵਾਰੀ ਤੋਂ ਬਾਅਦ ਇਕ ਪੱਤ੍ਰਿਕਾ ਨਾਲ ਤਾਜ਼ਾ ਮਿਲਣੀ ਸਮੇਂ 'ਅਲਾਦੀਨ' ਨਾਲ ਪ੍ਰਵੇਸ਼ ਕਰਨ ਵਾਲੀ ਜੈਕਲਿਨ ਫਰਨਾਂਡਿਜ਼ ਨੇ ਕਿਹਾ ਹੈ ਕਿ 'ਕਿੱਕ-2' ਦੇ ਸਬੰਧ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਊ, ਕਿਉਂਕਿ ਅਜੇ ਤੀਕਰ ਇਸ ਫ਼ਿਲਮ ਦੀ ਸਕ੍ਰਿਪਟ ਹੀ ਨਹੀਂ ਪੂਰੀ ਹੋਈ। ਇਸੇ ਹੀ ਤਰ੍ਹਾਂ 'ਅਰਥ' ਦੇ ਰੀਮੇਕ 'ਚ 'ਸਮਿਤਾ ਪਾਟਿਲ' ਬਣਨ ਨੂੰ ਉਹ ਤਿਆਰ ਹੈ ਤੇ ਹਾਂ ਉਸ ਦੀ ਫ਼ਿਲਮ 'ਡਰਾਈਵ' ਸਹਿਜ ਪਕੇ ਸੋ ਮੀਠਾ ਹੋਏ ਦੀ ਤਰ੍ਹਾਂ ਬਣ ਰਹੀ ਹੈ। ਟਿਕ-ਟੌਕ 'ਤੇ ਉਹ ਖੂਬ ਸਰਗਰਮ ਰਹਿੰਦੀ ਹੈ। ਰੂਪ-ਸ਼ਿੰਗਾਰ ਕਰਦੀ ਦਾ ਉਸ ਆਪਣਾ ਵੀਡੀਓ ਟਿਕ-ਟੌਕ 'ਤੇ ਪਾਇਆ ਹੈ। ਹੈਸ਼ਟੈਗ ਟੱਕ ਟੱਕ ਟੱਕ ਨਾਲ ਇਸ ਨੂੰ ਲੋਕਾਂ ਸਨਮੁੱਖ ਉਸ ਨੇ ਕੀਤਾ ਹੈ। 'ਸਾਹੋ' ਦੇ ਖਾਸ ਗੀਤ 'ਚ ਜੈਕੀ ਦਾ ਆਉਣਾ ਇਕ ਹੈਰਾਨੀਜਨਕ ਘਟਨਾਕ੍ਰਮ ਹੈ। ਪ੍ਰਭਾਸ ਨਾਲ 'ਕਿਡਜ਼' ਗਾਣਾ ਜੈਕੀ ਨੇ 'ਸਾਹੋ' 'ਚ ਕੀਤਾ ਹੈ। ਐਸ. ਲੜੀ ਦੀ ਬੀ.ਐਮ.ਡਬਲਿਊ. 2993 ਉਸ ਨੇ ਲਈ ਹੈ। ਹੁਣ ਇਹ ਸਾਰੀਆਂ ਸਰਗਰਮੀਆਂ ਯੂ-ਟਿਊਬ 'ਤੇ ਉਹ ਰੋਜ਼ ਪਾਏਗੀ। ਆਲੀਆ ਤੋਂ ਬਾਅਦ ਜੈਕੀ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ 'ਦਾ ਬੈਗਕਿੰਗ' ਸਿਰਲੇਖ ਦੇ ਕੇ ਉਸ ਨੇ ਆਪਣੀ ਸੰਘਰਸ਼ਮਈ ਕਹਾਣੀ ਪਾਈ ਹੈ। ਹਰ ਹਫ਼ਤੇ ਨਵਾਂ ਵੀਡੀਓ ਉਹ ਆਪਣਾ ਇਸ ਚੈਨਲ 'ਤੇ ਪਾਇਆ ਕਰੇਗੀ। 'ਮਿਸਿਜ਼ ਸੀਰੀਅਲ ਕਿਲਰ' ਵੈੱਬ ਸੀਰੀਜ਼ ਕਰ ਚੁੱਕੀ ਜੈਕਲਿਨ ਫਰਨਾਂਡਿਜ਼ 'ਕਿਰਿਕ ਪਾਰਟੀ' ਵਾਲੇ ਕਾਰਤਿਕ ਆਰੀਅਨ ਪ੍ਰਤੀ ਝੁਕਦੀ ਨਜ਼ਰ ਆ ਰਹੀ ਹੈ ਤੇ ਮਾਮਲਾ...।


ਖ਼ਬਰ ਸ਼ੇਅਰ ਕਰੋ

ਐਸ਼ਵਰਿਆ ਰਾਏ

ਆ ਰਹੀ ਹੂੰ ਮੈਂ

ਨਣਾਨ ਸ਼ਵੇਤਾ ਨੰਦਾ ਤੇ ਸਾਸੂ ਮਾਂ ਜਯਾ ਬੱਚਨ ਨਾਲ ਮਿਲ ਕੇ ਐਸ਼ਵਰਿਆ ਰਾਏ ਬੱਚਨ ਆਪਣੇ ਸਹੁਰਾ ਸਾਹਬ ਵਲੋਂ ਸੋਨੀ ਟੀ.ਵੀ. 'ਤੇ ਪੇਸ਼ 'ਕੌਨ ਬਨੇਗਾ ਕਰੋੜਪਤੀ' ਦੇਖਦੀ ਹੈ। ਐਸ਼ਵਰਿਆ ਰਾਏ ਨੇ ਤਾਂ ਬਿਟੀਆ ਅਰਾਧਨਾ ਨੂੰ ਵੀ 'ਕੇ.ਬੀ.ਸੀ.' ਦੇਖਣ ਦੀ ਆਦਤ ਪਾ ਦਿੱਤੀ ਹੈ। ਕਦੇ-ਕਦੇ ਐਸ਼ ਆਪਣੇ ਸਾਰੇ ਪਰਿਵਾਰ ਸਮੇਤ ਬੱਚਨ ਜੀ ਘਰੇ ਹੀ 'ਕੇ.ਬੀ.ਸੀ.' ਖੇਡਦੀ ਹੈ, ਘਰੇ ਸਵਾਲ-ਜਵਾਬ ਦਾ ਸਿਲਸਿਲਾ ਚਲਦਾ ਹੈ। 2018 ਦੀ ਮਈ ਨੂੰ ਸਾਬਕਾ ਸੰਸਾਰ ਸੁੰਦਰੀ ਇੰਸਟਾਗ੍ਰਾਮ 'ਤੇ ਆਈ ਸੀ। ਬੀਤੇ ਦੋ ਮਹੀਨਿਆਂ ਤੋਂ ਉਹ ਇਸ ਸਮਾਜਿਕ ਐਪ ਤੋਂ ਦੂਰ ਸੀ। 70 ਲੱਖ ਦੇ ਕਰੀਬ ਉਸ ਦੇ ਫਾਲੋਅਰਜ਼ ਇੰਸਟਾ 'ਤੇ ਹਨ। ਆਪਣੇ ਪਤੀ ਦੀ ਕਬੱਡੀ ਟੀਮ 'ਜੈਪੁਰ ਪਿੰਕ ਪੈਂਬਰਜ਼' ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾ ਕੇ ਫਿਰ ਐਸ਼ ਇਸ ਸਮਾਜਿਕ ਗੱਲਾਂਬਾਤਾਂ ਦੀ ਐਪ 'ਤੇ ਸਰਗਰਮ ਹੋਈ ਹੈ। ਲਓ ਜੀ ਇਧਰ 1994 'ਚ ਐਸ਼ ਨੂੰ ਪਛਾੜ ਕੇ ਮਿਸ ਯੂਨੀਵਰਸ ਬਣੀ ਸੁਸ਼ਮਿਤਾ ਸੇਨ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਸਬੰਧ ਤਦ ਐਸ਼ ਨਾਲ ਕੌੜੇ ਹੀ ਸਨ। ਹੁਣ ਸੁਸ਼ ਨੇ ਐਸ਼ ਨਾਲ ਦੋਸਤੀ ਦੀ ਇੱਛਾ ਜ਼ਾਹਰ ਕੀਤੀ ਹੈ। ਉਧਰ ਜਦ ਵਿਵੇਕ ਓਬਰਾਏ ਨੇ ਐਸ਼ 'ਤੇ ਗਲਤ ਟਵੀਟ ਕੀਤਾ ਸੀ ਤਦ ਐਸ਼ ਨੇ ਪਤੀ ਅਭਿਸ਼ੇਕ ਨੂੰ ਲੜਨ ਤੇ ਇਸ ਦਾ ਜਵਾਬ ਦੇਣ ਤੋਂ ਰੋਕਿਆ ਸੀ ਕਿ ਹਲਕੀ ਸ਼ੋਹਰਤ ਦਾ ਭੁੱਖਾ ਹੈ ਵਿਵੇਕ... ਉਹ ਪ੍ਰਚਾਰ ਚਾਹੁੰਦਾ ਹੈ। ਬੋਲਦਾ ਹੈ, ਬੋਲਣ ਦਿਓ, ਇਥੇ ਇਕ ਚੁੱਪ ਹੀ ਸੌ ਸੁੱਖ ਹੈ। ਅਮੁਲ ਦੁੱਧ ਨੇ ਐਸ਼ ਦੀ ਤਸਵੀਰ ਦੀਪਿਕਾ ਨਾਲ ਪੋਸਟਰ 'ਤੇ ਪਾ ਕੇ ਉਸ ਨੂੰ ਮਾਣ ਦਿੱਤਾ ਹੈ। ਐਸ਼ ਹੁਣ ਮਣੀਰਤਨਮ ਦੀ ਫ਼ਿਲਮ 'ਚ ਆ ਰਹੀ ਹੈ। 20ਵੀਂ ਸਦੀ ਦੇ ਤਾਮਿਲ ਨਾਵਲ 'ਤੇ ਮਣੀ ਸਰ ਫ਼ਿਲਮ ਕਰ ਰਹੇ ਹਨ। ਮਣੀ ਸਰ ਨਾਲ ਹੀ ਐਸ਼ਵਰਿਆ ਬੱਚਨ ਇਸ ਨਗਰੀ 'ਚ ਆਈ ਸੀ। ਇਸ ਲਈ ਸਭ ਕੁਝ ਹੁਣ ਉਹ ਮਣੀ ਦੀ ਫ਼ਿਲਮ ਲਈ ਸਮਰਪਿਤ ਕਰ ਕੇ ਸ਼ਾਨਦਾਰ ਵਾਪਸੀ ਕਰੇਗੀ।

ਸ਼ਰਧਾ ਕਪੂਰ : ਗੁੱਸਾ ਨਹੀਂ ਕਰਨਾ

ਸੁਸ਼ਾਂਤ ਸਿੰਘ ਰਾਜਪੂਤ ਨਾਲ 'ਛਿਛੋਰੇ' ਫ਼ਿਲਮ ਸ਼ਰਧਾ ਕਪੂਰ ਦੀ ਆਉਣ ਵਾਲੀ ਹੈ। ਕਾਲਜ ਦੀਆਂ ਯਾਦਾਂ ਤਾਜ਼ਾ ਕਰਨੀਆਂ ਹਨ ਤਾਂ ਇਸ ਫ਼ਿਲਮ ਦਾ ਗੀਤ 'ਫਿਕਰ ਨਾਟ' ਸੁਣੋ, ਸ਼ਰਧਾ ਕਪੂਰ ਸਭ ਨੂੰ ਦਰਖਾਸਤ ਕਰ ਰਹੀ ਹੈ। ਯੂ-ਟਿਊਬ 'ਤੇ ਹਿੱਟ 'ਫਿਕਰ ਨਾਟ' 'ਚ ਪਰਦੇ 'ਤੇ ਸ਼ਰਧਾ ਦਾ ਨਾਚ ਵੀ ਕਹਿੰਦੇ ਹਨ ਗ਼ਜ਼ਬ ਢਾਹ ਦੇਵੇਗਾ। ਸ਼ਾਂਤੀ ਨਾਲ ਜੀਵਨ ਗੁਜ਼ਾਰੋ, ਚਿੰਤਾ ਦੀ ਲੋੜ ਨਹੀਂ, ਇਹ ਗਾਣਾ ਇਹ ਭਾਵਨਾ ਦਿਲ 'ਚ ਭਰਨ ਵਾਲਾ ਹੈ। ਸ਼ਰਧਾ ਦੀ ਇਹ ਫ਼ਿਲਮ ਆ ਰਹੇ ਸਤੰਬਰ ਮਹੀਨੇ ਦੀ 6 ਤਰੀਕ ਨੂੰ ਆਏਗੀ। 'ਫਿਕਰ ਨਾਟ' ਸ਼ਰਧਾ ਦੇ ਪ੍ਰਸੰਸਕ ਖੁਸ਼ ਹੋ ਕੇ ਥੀਏਟਰਾਂ 'ਚੋਂ ਨਿਕਲਣਗੇ, ਇਹ ਗੱਲ 'ਛਿਛੋਰੇ' ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਵੀ ਕਹੀ ਹੈ। ਲਓ ਜੀ 'ਫਿਕਰ ਨਾਟ' ਤਾਂ ਆਪੇ ਹੀ ਸ਼ਰਧਾ ਲਈ, ਕਿਉਂਕਿ ਦੁਨੀਆ ਭਰ 'ਚ ਆਈਮੈਕਸ ਪਰਦਿਆਂ 'ਤੇ ਪ੍ਰਭਾਸ਼ ਨਾਲ ਸ਼ਰਧਾ ਦੀ 'ਸਾਹੋ' ਆ ਰਹੀ ਹੈ। ਤਿੰਨ ਭਾਸ਼ਾਵਾਂ 'ਚ ਇਹ ਫ਼ਿਲਮ 'ਸਾਹੋ' 30 ਅਗਸਤ ਨੂੰ ਆ ਰਹੀ ਹੈ। 'ਸਾਹੋ', 'ਛਿਛੋਰੇ', 'ਸਟਰੀਟ ਡਾਂਸਰ' ਲਗਾਤਾਰ ਇਹ ਫ਼ਿਲਮਾਂ ਸ਼ਰਧਾ ਨੇ ਕੀਤੀਆਂ ਹਨ। ਕੰਮ ਦੀ ਥਕਾਵਟ ਉਸ ਦੇ ਚਿਹਰੇ 'ਤੇ ਨਜ਼ਰ ਆ ਰਹੀ ਹੈ। ਸੋਚ ਰਹੀ ਹੈ ਸ਼ਰਧਾ ਕਿ ਕਿਉਂ ਨਾ ਸਰੀਰ 'ਤੇ ਜ਼ਿਆਦਾ ਭਾਰ ਪਵੇ, ਇਸ ਲਈ ਕੁਝ ਸਮੇਂ ਲਈ ਉਹ ਫ਼ਿਲਮਾਂ ਤੋਂ ਦੂਰ ਰਹਿ ਕੇ ਆਨੰਦ, ਮਸਤੀ ਤੇ ਯਾਤਰਾ ਇਨ੍ਹਾਂ ਵੱਲ ਮੁਹਾਰਾਂ ਮੋੜ ਰਹੀ ਹੈ।
**

ਸ਼ਾਹਿਦ ਕਪੂਰ ਬਣਿਆ 40 ਕਰੋੜ ਦਾ

'ਕਬੀਰ ਸਿੰਘ' ਨੇ ਸ਼ਾਹਿਦ ਕਪੂਰ ਨੂੰ ਮਹਿੰਗਾ ਤੇ ਕਾਮਯਾਬ ਹੀਰੋ ਬਣਾ ਦਿੱਤਾ ਹੈ। ਹੁਣ ਗਿਆ ਸ਼ਾਹਿਦ ਕਹਿਣ ਵਾਲੇ ਵੀ ਚੁੱਪ ਹੋ ਗਏ ਹਨ। ਤਿੰਨ ਹਫ਼ਤਿਆਂ 'ਚ 235 ਕਰੋੜ ਕਮਾਉਣ ਦਾ ਰਿਕਾਰਡ 'ਕਬੀਰ ਸਿੰਘ' ਦਾ ਹੈ ਤੇ ਸ਼ਾਹਿਦ ਦੀ ਮੰਨੀਏ ਤਾਂ ਫ਼ਿਲਮ ਦੀ ਸਫਲਤਾ ਪਿਛੇ ਉਸ ਦੀ ਅਰਧਾਂਗਨੀ ਮੀਰਾ ਰਾਜਪੂਤ ਦਾ ਮੁੱਖ ਯੋਗਦਾਨ ਹੈ। 'ਅਰਜਨ ਰੈਡੀ' ਫ਼ਿਲਮ ਸ਼ਾਹਿਦ ਨੇ ਪਤਨੀ ਮੀਰਾ ਨਾਲ ਦੇਖੀ ਸੀ ਤੇ ਮੀਰਾ ਨੇ ਕਿਹਾ ਸੀ ਕਿ ਸ੍ਰੀਮਾਨ ਹੁਣ ਤੁਸੀਂ ਵੀ ਕੁਝ ਖਾਸ ਕਰਕੇ ਦਿਖਾਓ, ਤੁਸੀਂ ਕਰ ਸਕਦੇ ਹੋ। 'ਕਬੀਰ ਸਿੰਘ' ਲਈ ਸ਼ਾਹਿਦ ਪਤਨੀ ਮੀਰਾ ਦਾ ਧੰਨਵਾਦੀ ਹੈ ਪਰ ਗੁੱਸਾ ਉਸ ਨੂੰ ਸੋਸ਼ਲ ਮੀਡੀਆ 'ਤੇ ਹੈ ਤੇ ਉਨ੍ਹਾਂ ਲੋਕਾਂ 'ਤੇ ਹੈ, ਜਿਹੜੇ ਉਸ ਦੀ ਘਰਵਾਲੀ ਮੀਰਾ ਦੇ ਨਿੱਕੀ ਸਕਰਟ ਪਹਿਨਣ 'ਤੇ ਕਹਿ ਰਹੇ ਨੇ ਕਿ ਗ਼ਲਤੀ ਨਾਲ ਮੀਰਾ ਨੇ ਆਪਣੀ ਨਿੱਕੀ ਬੇਟੀ ਮੀਸ਼ਾ ਦੀ ਨਿੱਕਰ ਤਾਂ ਨਹੀਂ ਪਹਿਨ ਲਈ। ਖ਼ੈਰ ਸ਼ਾਹਿਦ ਨੇ ਇਨ੍ਹਾਂ ਦੀ ਲਾਹ-ਪਾਹ ਕਰਕੇ ਆਪਣੀ ਫੀਸ ਪ੍ਰਤੀ ਫ਼ਿਲਮ 40 ਕਰੋੜ ਰੁਪਏ ਕਰ ਦਿੱਤੀ ਹੈ। ਹੁਣ ਤੱਕ 10 ਤੋਂ 15 ਦੇ ਵਿਚ ਉਹ ਮੰਨ ਜਾਂਦਾ ਸੀ। 'ਜਰਸੀ' ਇਸ ਤੇਲਗੂ ਫ਼ਿਲਮ ਦੇ ਰੀਮੇਕ ਲਈ ਨਿਰਮਾਤਾ ਤੋਂ ਸ਼ਾਹਿਦ ਨੇ 40 ਕਰੋੜ ਮੰਗੇ ਹਨ। ਸ਼ਬਦ ਘੱਟ ਹਨ, ਲੋਕਾਂ ਦੇ ਪਿਆਰ ਦਾ ਧੰਨਵਾਦ ਕਰਨ ਲਈ ਇੰਸਟਾਗ੍ਰਾਮ 'ਤੇ ਲਿਖਣ ਵਾਲਾ ਸ਼ਾਹਿਦ ਕਹਿ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਦੀ ਨਿੱਜੀ ਜ਼ਿੰਦਗੀ ਬਖਸ਼ ਦੇਣੀ ਚਾਹੀਦੀ ਹੈ। ਸਕਰਟ, ਨਿੱਕਰ ਇਥੇ ਕੌਣ ਨਹੀਂ ਪਹਿਨ ਰਹੀ ਫਿਰ ਉਸ ਦੀ ਪਤਨੀ ਮੀਰਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਰਾਜ ਕੁਮਾਰ ਗੁਪਤਾ ਦੀ ਫ਼ਿਲਮ ਸ਼ਾਹਿਦ 30 ਕਰੋੜ 'ਚ ਕਰਨ ਨੂੰ ਤਿਆਰ ਹੋ ਗਿਆ ਹੈ। ਬੀਤੇ 15 ਸਾਲ ਤੋਂ ਸ਼ਾਹਿਦ ਕਪੂਰ ਇੰਡਸਟਰੀ 'ਚ ਕਾਇਮ ਹੈ। ਖ਼ੈਰ, ਸ਼ਾਹਿਦ ਨੇ ਇਹ ਅਪੀਲ ਦਰਸ਼ਕਾਂ ਨੂੰ ਕੀਤੀ ਹੈ। ਸ਼ਾਹਿਦ ਕਪੂਰ ਨੂੰ ਪਤਾ ਹੈ ਕਿ ਕਾਮਯਾਬੀ 'ਤੇ ਲੋਕ ਬਹੁਤ ਕੁਝ ਕਰਦੇ ਹਨ ਤੇ ਉਹ ਸਹਿਣ ਨੂੰ ਤਿਆਰ ਹੈ ਤੇ ਜਲਦੀ ਹੀ 'ਜਰਸੀ' ਤੇ 'ਕਾਮਰੇਡ' ਫ਼ਿਲਮਾਂ ਕਰ ਸਕਦਾ ਹੈ, ਚਲਦੀ ਦਾ ਨਾਂਅ ਹੀ ਗੱਡੀ ਹੈ।


-ਸੁਖਜੀਤ ਕੌਰ

ਬਾਲੀਵੁੱਡ ਵਿਚ ਰੁੱਝੀ ਕੈਟਰੀਨਾ ਦੀ ਭੈਣ ਇਸਾਬੇਲ

ਆਪਣੀ ਭੈਣ ਕੈਟਰੀਨਾ ਦੀ ਦੇਖਾਦੇਖੀ ਇਸਾਬੇਲ ਵੀ ਅਭਿਨੈ ਦੀ ਦੁਨੀਆ ਵਿਚ ਆ ਗਈ ਹੈ। ਪਹਿਲਾਂ ਉਸ ਨੇ ਕੁਝ ਅੰਗਰੇਜ਼ੀ ਫ਼ਿਲਮਾਂ ਵਿਚ ਕੰਮ ਕੀਤਾ ਪਰ ਜ਼ਿਆਦਾ ਗੱਲ ਬਣਦੀ ਨਜ਼ਰ ਨਾ ਆਉਂਦੀ ਦੇਖ ਕੇ ਉਸ ਨੇ ਹਿੰਦੀ ਫ਼ਿਲਮਾਂ ਵੱਲ ਧਿਆਨ ਕਰਨਾ ਠੀਕ ਸਮਝਿਆ ਅਤੇ ਹੁਣ ਇਸ ਦਾ ਨਤੀਜਾ ਵੀ ਦਿਸਣ ਲੱਗਾ ਹੈ। ਉਹ ਇਨ੍ਹੀਂ ਦਿਨੀਂ ਦੋ ਫ਼ਿਲਮਾਂ ਵਿਚ ਰੁੱਝੀ ਹੋਈ ਹੈ। ਇਕ ਹੈ 'ਟਾਈਮ ਟੂ ਡਾਂਸ' ਜਿਸ ਵਿਚ ਸੂਰਜ ਪੰਚੋਲੀ ਉਸ ਦੇ ਹੀਰੋ ਹਨ ਅਤੇ ਉਸ ਦੀ ਦੂਜੀ ਫ਼ਿਲਮ ਵੀ ਆ ਗਈ ਹੈ। ਇਸ ਦਾ ਨਾਂਅ ਹੈ 'ਕਵਥਾ' ਅਤੇ ਇਸ ਵਿਚ 'ਲਵ ਯਾਤਰੀ' ਪ੍ਰਸਿੱਧ ਆਯੂਸ਼ ਸ਼ਰਮਾ ਨਾਇਕ ਹਨ। ਆਯੂਸ਼ ਇਸ ਵਿਚ ਫ਼ੌਜੀ ਬਣੇ ਹਨ ਅਤੇ ਸੁਣਨ ਵਿਚ ਇਹ ਆਇਆ ਹੈ ਕਿ ਇਸਾਬੇਲ ਇਸ ਵਿਚ ਵਿਦੇਸ਼ੀ ਮੂਲ ਦੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਕਰਨ ਲਲਿਤ ਬੁਟਾਨੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਅਨੁਸਾਰ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੂਰਬੀ ਉੱਤਰ ਭਾਰਤ ਵਿਚ ਕੀਤੀ ਜਾਣੀ ਹੈ ਅਤੇ ਇਸ ਲਈ ਆਯੂਸ਼ ਨੇ ਇਕ ਫ਼ੌਜੀ ਦੇ ਢੰਗ-ਤਰੀਕੇ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਨੂੰ ਹਾਸਲ ਕਰਕੇ ਇਸਾਬੇਲ ਇਸ ਗੱਲ ਤੋਂ ਖ਼ੁਸ਼ ਹੈ ਕਿ ਉਸ ਨੇ ਆਪਣੇ ਦਮ 'ਤੇ ਇਹ ਫ਼ਿਲਮ ਹਾਸਲ ਕੀਤੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਭੈਣ ਦਾ ਨਾਂਅ ਨਹੀਂ ਵਰਤਿਆ ਗਿਆ।

-ਮੁੰਬਈ ਪ੍ਰਤੀਨਿਧ

ਤਮੰਨਾ ਭਾਟੀਆ

ਅਜੇ ਵੀ ਚਾਂਦ ਸਾ ਰੋਸ਼ਨ ਚਿਹਰਾ

ਮਾਂ ਭਾਵੇਂ ਸੁਪਰ ਹਿੱਟ ਨਾ ਰਹੀਆਂ ਹੋਣ ਪਰ ਦੱਖਣ ਦੀਆਂ ਤੇਲਗੂ ਤੇ ਤਾਮਿਲ ਫ਼ਿਲਮਾਂ ਦੀ ਉਹ ਸੁਪਰ ਨਾਇਕਾ ਹੈ। 'ਬਾਹੂਬਲੀ' ਨੇ ਉਸ ਦੀ ਪਛਾਣ ਬਣਾਈ ਹੈ। ਉਹ ਕਹਿੰਦੀ ਹੈ ਕਲਾਕਾਰ ਬਣਨ ਲਈ ਨਿਕਲੀ ਸਾਂ ਪਰ ਸਾਲ 2005 'ਚ ਬਣ ਗਈ 'ਚਾਂਦ ਸਾ ਰੌਸ਼ਨ ਚਿਹਰਾ' ਵਾਲੀ ਨਾਇਕਾ ਤੇ ਮੈਨੂੰ ਮਹਿਸੂਸ ਹੋਇਆ ਕਿ ਸਟਾਰਡਮ ਮਿਲਣਾ ਆਮ ਗੱਲ ਹੈ। ਉਹ ਕਿਸਮਤ ਵਾਲੀ ਹੈ ਕਿ ਦੱਖਣ 'ਚ ਉਸ ਕੋਲ ਵਫ਼ਾਦਾਰ ਪ੍ਰਸੰਸਕ ਹਨ। ਤਮੰਨਾ ਕਹਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਫ਼ਤੇ ਤੋਂ ਹਫ਼ਤੇ ਤੱਕ ਵਾਲੀ ਹੈ। ਸਾਡੀ ਜ਼ਿੰਦਗੀ ਵਿਚ ਹਰ ਸ਼ੁਕਰਵਾਰ ਨੂੰ ਹੀ ਬਹੁਤ ਕੁਝ ਬਦਲ ਜਾਂਦਾ ਹੈ। ਕੁਝ ਚੰਗੇ ਸ਼ੁੱਕਰਵਾਰ ਤੇ ਕੁਝ ਮਾੜੇ ਸ਼ੁੱਕਰਵਾਰ ਤਮੰਨਾ ਨੇ ਵੀ ਦੇਖੇ ਹਨ। 'ਖ਼ਾਮੋਸ਼ੀ' ਫ਼ਿਲਮ ਲਈ ਉਸ ਨੇ ਗੂੰਗਿਆਂ ਤੇ ਬੋਲਿਆਂ ਦੀ ਸੰਕੇਤਕ ਭਾਸ਼ਾ ਵੀ ਸਿੱਖੀ ਸੀ। ਅੱਜਕਲ੍ਹ ਉਸ ਅਨੁਸਾਰ ਹਰੇਕ ਫ਼ਿਲਮ ਲਈ ਕੁਝ ਨਾ ਕੁਝ ਸਿੱਖਣਾ ਹੀ ਪੈਂਦਾ ਹੈ। ਹਾਲਾਂਕਿ ਤਮੰਨਾ ਦਾ ਆਪਣਾ ਵਪਾਰ ਵੀ ਹੈ ਪਰ ਜ਼ਿਆਦਾ ਧਿਆਨ ਉਸ ਦਾ ਫ਼ਿਲਮਾਂ ਵੱਲ ਹੈ। ਸਿਤਾਰਿਆਂ ਨਾਲ ਪ੍ਰਸੰਸਕਾਂ ਦੀ ਬਦਸਲੂਕੀ ਤੇ ਸੋਸ਼ਲ ਮੀਡੀਆ 'ਤੇ ਹੁੰਦੀ ਆਲੋਚਨਾ ਤੋਂ ਉਹ ਦੁਖੀ ਹੈ। ਅਭਿਨੇਤਾ ਵਿੱਕੀ ਕੌਸ਼ਲ ਪ੍ਰਤੀ ਤਮੰਨਾ ਭਾਟੀਆ ਨੂੰ ਹਮਦਰਦੀ ਹੈ, ਉਸ ਪ੍ਰਤੀ ਉਹਦਾ ਉਤਸ਼ਾਹ ਕਾਬਲ-ਏ-ਤਾਰੀਫ਼ ਹੈ। 'ਹਿੰਮਤਵਾਲਾ' ਤੋਂ 'ਸੂਰਮਾ', 'ਮਨਮਰਜ਼ੀਆਂ' ਫ਼ਿਲਮਾਂ ਕੀਤੀਆਂ ਪਰ ਤਮੰਨਾ ਦੀ ਅਸਲੀ ਪਛਾਣ ਦੱਖਣ ਨੇ ਹੀ ਬਣਾਈ ਹੈ। ਅਰਜੁਨ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਤਮੰਨਾ ਭਾਟੀਆ ਸਟੇਜ ਸ਼ੋਅ ਅਕਸਰ ਕਰਦੀ ਹੈ। ਫਿਰ ਗੱਲ ਫ਼ਿਲਮਾਂ 'ਤੇ ਹੀ ਮੁੱਕਦੀ ਹੈ ਤੇ ਤਮੰਨਾ ਜ਼ਿਆਦਾ ਪ੍ਰਵਾਹ ਬਾਲੀਵੁੱਡ ਦੀ ਨਹੀਂ ਕਰਦੀ। ਦੱਖਣ 'ਚ ਉਸ ਦਾ ਜਾਦੂ ਖੂਬ ਚੱਲ ਰਿਹਾ ਹੈ। ਇਸੇ ਲਈ ਹੀ ਉਹ ਬਾਲੀਵੁੱਡ ਦੀ ਘੱਟ ਤੇ ਦੱਖਣ ਦੀਆਂ ਉਹ ਜ਼ਿਆਦਾ ਤਾਰੀਫ਼ਾਂ ਕਰਦੀ ਹੈ। **

12 ਸਾਲ ਬਾਅਦ ਸ਼ਿਲਪਾ ਸ਼ੈਟੀ ਦੀ ਵਾਪਸੀ

ਸ਼ਿਲਪਾ ਸ਼ੈਟੀ ਬਾਰੇ ਇਹ ਗੱਲ ਕਹਿਣੀ ਹੋਵੇਗੀ ਕਿ ਉਹ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਫਿਰ ਵੀ ਮਾਡਲਿੰਗ ਜਾਂ ਰਿਆਲਿਟੀ ਸ਼ੋਅ ਵਿਚ ਜੱਜ ਬਣ ਕੇ ਉਸ ਨੇ ਖ਼ੁਦ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਈ ਰੱਖਿਆ ਹੈ। ਉਹ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੀ ਹੈ। ਸੋ, ਫਿਟਨੈੱਸ ਨਾਲ ਸਬੰਧਿਤ ਸ਼ੋਅ ਦੀ ਬਦੌਲਤ ਵੀ ਉਹ ਕੈਮਰੇ ਸਾਹਮਣੇ ਰਹੀ ਹੈ। ਹੁਣ ਤਕਰੀਬਨ 12 ਸਾਲ ਦੇ ਵਕਫ਼ੇ ਬਾਅਦ ਉਹ ਵੱਡੇ ਪਰਦੇ 'ਤੇ ਆ ਰਹੀ ਹੈ।
ਬਤੌਰ ਅਭਿਨੇਤਰੀ ਉਹ ਆਖਰੀ ਵਾਰ 'ਅਪਨੇ' ਵਿਚ ਦਿਖਾਈ ਦਿੱਤੀ ਸੀ। ਉਸ ਤੋਂ ਬਾਅਦ 'ਓਮ ਸ਼ਾਂਤੀ ਓਮ', 'ਦੋਸਤਾਨਾ' ਆਦਿ ਫ਼ਿਲਮਾਂ ਵਿਚ ਕੁਝ ਮਿੰਟਾਂ ਲਈ ਉਹ ਪਰਦੇ 'ਤੇ ਦਿਸੀ ਸੀ। ਹੁਣ ਨਿਰਦੇਸ਼ਕ ਸ਼ੱਬੀਰ ਖਾਨ ਨੇ ਸ਼ਿਲਪਾ ਨੂੰ 'ਨਿਕੰਮਾ' ਲਈ ਕਾਸਟ ਕਰ ਲਿਆ ਹੈ। ਇਸ ਵਿਚ ਅਭਿਮੰਨਿਊ ਦਾਸਾਨੀ ਤੇ ਸ਼ਰਲੀ ਸ਼ੇਤੀਆ ਦੀ ਜੋੜੀ ਨੂੰ ਵੀ ਚਮਕਾਇਆ ਜਾ ਰਿਹਾ ਹੈ। ਆਪਣੀ ਵਾਪਸੀ ਬਾਰੇ ਉਹ ਕਹਿੰਦੀ ਹੈ, 'ਇਸ ਤੋਂ ਪਹਿਲਾਂ ਵੀ ਫ਼ਿਲਮਾਂ ਮਿਲਦੀਆਂ ਰਹੀਆਂ ਪਰ ਭੂਮਿਕਾ ਵਿਚ ਦਮ ਵਾਲੀ ਗੱਲ ਨਾ ਹੋਣ ਕਰਕੇ ਮੈਂ ਨਕਾਰਦੀ ਰਹੀ। 'ਨਿਕੰਮਾ' ਵਿਚ ਮੈਨੂੰ ਜੋ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ, ਉਸ ਤਰ੍ਹਾਂ ਦੀ ਪਹਿਲਾਂ ਕਦੀ ਨਹੀਂ ਹੋਈ। ਵੱਖਰੀ ਜਿਹੀ ਇਸ ਭੂਮਿਕਾ ਵਿਚ ਮੈਨੂੰ ਕਾਫੀ ਮੌਕਾ ਨਜ਼ਰ ਆਇਆ, ਤਾਂ ਮੈਂ ਹਾਂ ਕਹਿ ਦਿੱਤੀ।'
ਸ਼ਿਲਪਾ ਇਸ ਗੱਲ 'ਤੇ ਰੌਸ਼ਨੀ ਪਾਉਣਾ ਨਹੀਂ ਚਾਹੁੰਦੀ ਕਿ ਇਹ ਭੂਮਿਕਾ ਕੀ ਹੈ। ਉਸ ਅਨੁਸਾਰ ਇਹ ਭੂਮਿਕਾ ਦਰਸ਼ਕਾਂ ਲਈ ਸਸਪੈਂਸ ਸਾਬਤ ਹੋਵੇਗੀ। ਭਾਵ ਉਹ ਇਥੇ ਥਿਰਕਦੀ ਨਹੀਂ ਸਗੋਂ ਕੁਝ ਵੱਖਰਾ ਕਰਦਿਆਂ ਦਿਸੇਗੀ।

ਅੰਗਦ ਬੇਦੀ ਬਣੇ ਜਾਹਨਵੀ ਕਪੂਰ ਦੇ ਭਰਾ

ਸਵਰਗੀ ਅਦਾਕਾਰਾ ਸ੍ਰੀਦੇਵੀ ਦੀ ਬੇਟੀ ਜਾਹਨਵੀ ਇਨ੍ਹੀਂ ਦਿਨੀਂ ਫ਼ਿਲਮ 'ਦ ਕਾਰਗਿਲ ਗਰਲ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਕਰਨ ਜੌਹਰ ਵਲੋਂ ਬਣਾਈ ਜਾ ਰਹੀ ਇਹ ਫ਼ਿਲਮ ਕਾਰਗਿਲ ਯੁੱਧ 'ਤੇ ਆਧਾਰਿਤ ਹੈ ਅਤੇ ਇਸ ਦੀ ਕਹਾਣੀ ਹਵਾਈ ਫ਼ੌਜ ਦੀ ਜਾਂਬਾਜ਼ ਔਰਤ ਅਧਿਕਾਰੀ ਗੁੰਜਨ ਸਕਸੈਨਾ ਦੇ ਕਾਰਨਾਮਿਆਂ ਤੋਂ ਪ੍ਰੇਰਿਤ ਹੈ। ਗੁੰਜਨ ਨੇ ਕਾਰਗਿਲ ਯੁੱਧ ਵਿਚ ਹਿੱਸਾ ਲੈ ਕੇ ਆਪਣੀ ਦਲੇਰੀ ਜ਼ਰੀਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ।
ਹੁਣ ਇਸ ਫ਼ਿਲਮ ਵਿਚ ਅੰਗਦ ਬੇਦੀ ਨੂੰ ਵੀ ਕਾਸਟ ਕੀਤਾ ਗਿਆ ਹੈ ਅਤੇ ਉਹ ਇਥੇ ਜਾਹਨਵੀ ਦੇ ਭਰਾ ਦੀ ਭੂਮਿਕਾ ਵਿਚ ਦਿਖਾਈ ਦੇਣਗੇ। ਨਾਲ ਹੀ ਉਹ ਇਸ ਵਿਚ ਫ਼ੌਜੀ ਅਫ਼ਸਰ ਵੀ ਬਣੇ ਹਨ।
ਅੰਗਦ ਅਨੁਸਾਰ ਉਹ ਫ਼ੌਜੀ ਦੀ ਭੂਮਿਕਾ ਨਾਲ ਪੂਰਾ ਨਿਆਂ ਕਰਨਾ ਚਾਹੁੰਦਾ ਹੈ।
ਇਹੀ ਨਹੀਂ, ਉਹ ਇਨ੍ਹੀਂ ਦਿਨੀਂ ਫ਼ੌਜੀਆਂ ਵਾਲੀ ਸਿਖਲਾਈ ਵੀ ਲੈ ਰਹੇ ਹਨ ਜਿਸ ਵਿਚ ਮੀਲਾਂ ਤੱਕ ਦੌੜਨਾ ਤੇ ਪਹਾੜੀਆਂ 'ਤੇ ਚੜ੍ਹਨਾ ਸ਼ਾਮਿਲ ਹੈ। ਕਾਰਗਿਲ ਯੁੱਧ ਉੱਚੀਆਂ ਪਹਾੜੀਆਂ 'ਤੇ ਲੜਿਆ ਗਿਆ ਸੀ। ਇਸ ਤਰ੍ਹਾਂ ਇਕ ਫ਼ੌਜੀ ਦੇ ਨਾਤੇ ਖ਼ੁਦ ਨੂੰ ਪਹਾੜੀ ਮਾਹੌਲ ਵਿਚ ਢਾਲਣ ਲਈ ਉਹ ਇਹ ਸਿਖਲਾਈ ਲੈ ਰਹੇ ਹਨ।

ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਕਾਕੋਲੀ

ਹੀਰੋਇਨਾਂ ਦੇ ਹੇਅਰ ਸਟਾਈਲਿੰਗ ਦੇ ਮਾਮਲੇ ਵਿਚ ਬਾਲੀਵੁੱਡ ਵਿਚ ਕਾਕੋਲੀ ਮੇਘਾਨੀ ਦਾ ਵੱਡਾ ਨਾਂਅ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਨਾਮੀ ਹੀਰੋਇਨਾਂ ਦੇ ਵਾਲ ਸੰਵਾਰਨ ਦਾ ਕੰਮ ਕਰ ਰਹੀ ਹੈ। ਸ਼ਿਲਪਾ ਸ਼ੈਟੀ, ਤੱਬੂ, ਰਵੀਨਾ ਟੰਡਨ ਸਮੇਤ ਹੋਰ ਕਈ ਨਾਮੀ ਹੀਰੋਇਨਾਂ ਦੇ ਵਾਲਾਂ ਨੂੰ ਉਹ ਸੰਵਾਰ ਚੁੱਕੀ ਹੈ। ਲੜੀਵਾਰਾਂ ਦੀਆਂ ਕਈ ਨਾਮੀ ਅਭਿਨੇਤਰੀਆਂ ਵੀ ਉਸ ਦੀ ਵਾਲ ਸੰਵਾਰਨ ਦੀ ਕਲਾ ਦਾ ਲਾਭ ਲੈ ਚੁੱਕੀਆਂ ਹਨ।
ਹਾਲ ਹੀ ਵਿਚ ਕਾਕੋਲੀ ਨਾਲ ਮੁਲਾਕਾਤ ਹੋਣ 'ਤੇ ਹੇਅਰ ਸਟਾਈਲਿੰਗ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, 'ਮੈਂ ਬਤੌਰ ਹੇਅਰ ਸਟਾਈਲਿੰਗ ਫ਼ਿਲਮ ਇੰਡਸਟਰੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹਾਂ। ਮੈਂ ਇਹ ਕਹਿ ਸਕਦੀ ਹਾਂ ਕਿ ਫ਼ਿਲਮ ਮੇਕਿੰਗ ਦੀ ਤਰਜ਼ 'ਤੇ ਵਾਲਾਂ ਦੇ ਸਟਾਈਲ ਵਿਚ ਵੀ ਬਦਲਾਅ ਆਉਂਦੇ ਰਹੇ ਹਨ। ਮੁੱਖ ਬਦਲਾਅ ਇਹ ਆਇਆ ਹੈ ਕਿ ਹੁਣ ਕਿਰਦਾਰ ਦੀ ਮੰਗ ਦੇ ਹਿਸਾਬ ਨਾਲ ਵਾਲਾਂ ਦੀ ਸਜਾਵਟ ਕਰਨੀ ਪੈਂਦੀ ਹੈ। ਜੇਕਰ ਸਟਾਈਲ ਕਿਰਦਾਰ ਦੇ ਨਾਲ ਮੈਚ ਨਾ ਹੋਵੇ ਤਾਂ ਕਲਾਕਾਰ ਆਪਣਾ ਪ੍ਰਭਾਵ ਨਹੀਂ ਛੱਡ ਪਾਉਂਦਾ ਹੈ। ਸਿੱਧਾ ਕਹਾਂ ਤਾਂ 'ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਹੈ।'
ਬਦਲਦੇ ਸਮੇਂ ਬਾਰੇ ਉਹ ਕਹਿੰਦੀ ਹੈ, 'ਅੱਜ ਵਾਲਾਂ ਦੇ ਸਟਾਈਲ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਤੇ ਕੈਮੀਕਲ ਵੀ। ਇਨ੍ਹਾਂ ਚੀਜ਼ਾਂ ਦੀ ਵਜ੍ਹਾ ਨਾਲ ਵਾਲ ਸੰਵਾਰਨ ਵਿਚ ਨਵੇਂ ਤਜਰਬੇ ਵੀ ਹੋ ਰਹੇ ਹਨ। ਇਕ ਜ਼ਮਾਨਾ ਸੀ ਜਦੋਂ ਸਾਧਨਾ ਕੱਟ ਸਟਾਈਲ ਬਹੁਤ ਚੱਲਿਆ ਸੀ। ਫਿਰ ਬਦਲਦੇ ਸਮੇਂ ਦੇ ਨਾਲ ਫੇਦਰ ਕੱਟ, ਬਲੰਟ ਆਦਿ ਸਟਾਈਲ ਆਏ ਅਤੇ ਲੋਕਾਂ ਨੇ ਵੀ ਇਸ ਦੀ ਨਕਲ ਕੀਤੀ। ਹੁਣ ਕਲਰਿੰਗ ਦਾ ਰਿਵਾਜ਼ ਹੈ। ਭਾਵ ਵਾਲਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਹੁਣ ਦੇਖੋ, ਅੱਗੇ ਹੋਰ ਕੀ ਸਟਾਈਲ ਆਉਂਦਾ ਹੈ।
ਵੱਡੀਆਂ ਹੀਰੋਇਨਾਂ ਦੇ ਨਾਲ ਕੰਮ ਕਰਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਇਹ ਆਮ ਗੱਲ ਹੈ ਕਿ ਸੈੱਟ 'ਤੇ ਜਦੋਂ ਹੀਰੋਇਨ ਬਹੁਤ ਰੁੱਝੀ ਹੋਵੇ ਉਦੋਂ ਆਪਣੇ ਵਾਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਹੈ।


-ਮੁੰਬਈ ਪ੍ਰਤੀਨਿਧ

ਤਾਹਿਰ ਰੁਝਿਆ 'ਛਿਛੋਰੇ' ਦੀ ਸ਼ੂਟਿੰਗ 'ਚ

ਤਾਹਿਰ ਰਾਜ ਭਸੀਨ ਨੂੰ ਇਕ ਬਿਹਤਰ ਅਭਿਨੇਤਾ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਮਰਦਾਨੀ' ਫ਼ਿਲਮ ਤੋਂ ਖਲਨਾਇਕ ਵਜੋਂ ਕੀਤੀ ਸੀ ਤੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਤਾਹਿਰ 'ਦੰਗਲ' ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਫ਼ਿਲਮ 'ਛਿਛੋਰੇ' ਵਿਚ ਇਕ ਚੈਂਪੀਅਨ ਖਿਡਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਫ਼ਿਲਮ ਦੀ ਗੱਲ ਕਰਦਿਆਂ ਤਾਹਿਰ ਦੱਸਦਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਮੈਂ ਆਈ.ਆਈ.ਟੀ. ਬੰਬੇ ਵਿਚ ਇਕ ਹਫ਼ਤਾ ਵਿਦਿਆਰਥੀਆਂ ਨਾਲ ਗੁਜ਼ਾਰਿਆ ਸੀ ਤਾਂ ਕਿ ਭੂਮਿਕਾ ਵਿਚ ਅਸਲੀਪਨ ਲਿਆਂਦਾ ਜਾ ਸਕੇ। ਇਹ ਫ਼ਿਲਮ ਇਕ ਅਜਿਹੇ ਖਿਡਾਰੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੇ ਜਿਹੜੀ ਵੀ ਖੇਡ 'ਚ ਹਿੱਸਾ ਲਿਆ, ਉਸੇ ਵਿਚ ਹੀ ਬਿਹਤਰ ਕਾਰਗੁਜ਼ਾਰੀ ਦਿਖਾ ਕੇ ਕਾਲਜ ਅਤੇ ਹੋਸਟਲ ਦਾ ਮਾਣ ਵਧਾਇਆ ਹੈ।

ਪੰਜਾਬ ਜ਼ਿੰਦਾਬਾਦ, ਮਾਂ-ਬੋਲੀ ਜ਼ਿੰਦਾਬਾਦ

ਦਲਵਿੰਦਰ ਦਿਆਲਪੁਰੀ

ਮੇਲਿਆਂ ਦੇ ਬਾਦਸ਼ਾਹ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਪੰਜਾਬੀ ਗੀਤ 'ਚਮਕਦਾ ਪੰਜਾਬ' ਅੱਜਕਲ੍ਹ ਚਰਚਾ ਦਾ ਵਿਸ਼ਾ ਤੇ ਲੋਕਪ੍ਰਿਆ ਬਣਿਆ ਹੋਇਆ ਹੈ। ਯੂ-ਟਿਊਬ, ਚੈਨਲਾਂ 'ਤੇ ਵਿਦੇਸ਼ਾਂ ਵਿਚ ਇਹ ਗੀਤ ਲੋਕ ਮਨਾਂ ਵਿਚ ਘਰ ਕਰ ਰਿਹਾ ਹੈ। ਇਸ ਦੇ ਗੀਤਕਾਰ ਗੁਰਭੇਜ ਸ਼ਹੀਦਾਂ ਵਾਲਾ, ਸੰਗੀਤ 'ਦਾ ਮਿਊਜ਼ਿਕ ਫੈਕਟਰੀ' ਤੇ ਵੀਡੀਓ ਰੈੱਡ ਨੋਟ ਲਾਂਬੜਾ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਵੀਡੀਓ ਤੇ ਗਾਉਣ ਸ਼ੈਲੀ ਇਸ ਲਈ ਪ੍ਰਭਾਵਿਤ ਕਰਦੀ ਹੈ ਕਿ ਇਸ ਵਿਚ ਪੰਜਾਬ, ਪੰਜਾਬੀਅਤ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਗਈ ਹੈ। ਜਿਨ੍ਹਾਂ ਨੇ ਪੰਜਾਬ ਦਾ ਸਿਰ ਖੇਡ, ਸੰਗੀਤ, ਸਿਆਸਤ, ਲੋਕ ਸੇਵਾ ਆਦਿ ਰਾਹੀਂ ਉੱਚਾ ਕੀਤਾ ਹੈ, ਉਨ੍ਹਾਂ ਦੀਆਂ ਤਸਵੀਰਾਂ ਵੇਖਣਯੋਗ ਤੇ ਸਲਾਹੁਣਯੋਗ ਹਨ, ਜਿਨ੍ਹਾਂ ਵਿਚ ਡਾ: ਸਾਧੂ ਸਿੰਘ ਹਮਦਰਦ ਜੀ ਹੁਰਾਂ ਦਾ ਨਾਂਅ ਤੇ ਤਸਵੀਰ ਵੀ ਵੇਖਣਯੋਗ ਹੈ। ਕੁਝ ਸਤਰਾਂ:
ਸਾਰੇ ਜੱਗ ਵਿਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ
ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ।
ਗਊ-ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀਆਂ ਦਾ
ਰਹੂ ਚਮਕਦਾ ਦੁਨੀਆ ਉਤੇ ਨਾਮ ਪੰਜਾਬੀਆਂ ਦਾ।
ਪੰਜਾਬ ਜ਼ਿੰਦਾਬਾਦ-ਮਾਂ ਬੋਲੀ ਜ਼ਿੰਦਾਬਾਦ।

ਫ਼ਿਲਮੀ ਖ਼ਬਰਾਂ

ਹਾਲੀਵੁੱਡ ਦੀ ਰੀਮੇਕ ਵਿਚ ਪ੍ਰਣੀਤੀ ਚੋਪੜਾ

ਅਮਿਤਾਭ ਬੱਚਨ ਨੂੰ ਲੈ ਕੇ 'ਤੀਨ' ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਰਿਭੂ ਦਾਸਗੁਪਤਾ ਹੁਣ ਆਪਣੀ ਅਗਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ 'ਦ ਗਰਲ ਆਨ ਦ ਟ੍ਰੇਨ' ਦੀ ਰੀਮੇਕ ਬਣਾਉਣਗੇ। ਆਪਣੀ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਲਈ ਉਨ੍ਹਾਂ ਨੇ ਪ੍ਰਣੀਤੀ ਚੋਪੜਾ ਨੂੰ ਸਾਈਨ ਕਰ ਲਿਆ ਹੈ। ਫ਼ਿਲਮ ਵਿਚ ਦੋ ਹੋਰ ਨਾਇਕਾਵਾਂ ਕੀਰਤੀ ਕੁਲਹਰੀ ਤੇ ਅਦਿਤੀ ਰਾਓ ਹੈਦਰੀ ਵੀ ਹੋਣਗੀਆਂ।
ਸਾਲ 2016 ਵਿਚ ਆਈ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਸੀ ਜੋ ਤਲਾਕਸ਼ੁਦਾ ਹੈ ਤੇ ਸ਼ਰਾਬ ਦੀ ਆਦਤ ਦੀ ਸ਼ਿਕਾਰ ਵੀ ਹੈ। ਜਦੋਂ ਉਹ ਇਕ ਵਿਅਕਤੀ ਦੀ ਭਾਲ ਵਿਚ ਨਿਕਲਦੀ ਹੈ ਤਾਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਨਾਲ ਉਸ ਨੂੰ ਉਲਝਣਾ ਪੈਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਸੀ।
'ਜਵਾਨੀ ਜਾਨੇਮਨ' ਵਿਚ ਤੱਬੂ ਦਾ ਦਾਖਲਾ

ਇਨ੍ਹੀਂ ਦਿਨੀਂ ਸੈਫ ਅਲੀ ਖਾਨ ਵਲੋਂ ਫ਼ਿਲਮ 'ਜਵਾਨੀ ਜਾਨੇਮਨ' ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹ ਇਸ ਵਿਚ ਅਭਿਨੈ ਵੀ ਕਰ ਰਹੇ ਹਨ ਅਤੇ ਫ਼ਿਲਮ ਰਾਹੀਂ ਕਬੀਰ ਬੇਦੀ ਦੀ ਨਾਤਿਨ ਤੇ ਪੂਜਾ ਬੇਦੀ ਦੀ ਬੇਟੀ ਆਲਿਆ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਹੁਣ ਇਸ ਫ਼ਿਲਮ ਲਈ ਤੱਬੂ ਨੂੰ ਵੀ ਕਾਸਟ ਕੀਤਾ ਗਿਆ ਹੈ। ਸਾਲ 1999 ਵਿਚ ਆਈ 'ਹਮ ਸਾਥ ਸਾਥ ਹੈਂ' ਤੋਂ ਬਾਅਦ ਹੁਣ ਦੁਬਾਰਾ ਸੈਫ਼ ਤੇ ਤੱਬੂ ਇਸ ਫ਼ਿਲਮ ਵਿਚ ਇਕੱਠੇ ਨਜ਼ਰ ਆਉਣ ਵਾਲੇ ਹਨ।


-ਮੁੰਬਈ ਪ੍ਰਤੀਨਿਧੀ

ਇਕ ਪ੍ਰਤਿਭਾਵਾਨ ਅਦਾਕਾਰ ਹੈ ਰਾਣਾ ਰਣਬੀਰ

ਫ਼ਿਲਮਾਂ ਅਤੇ ਰੰਗਮੰਚ ਦੇ ਖੇਤਰ ਵਿਚ ਰਾਣਾ ਰਣਬੀਰ ਨੂੰ ਇਕ ਪ੍ਰਤਿਭਾਵਾਨ ਅਦਾਕਾਰ ਵਜੋਂ ਵੇਖਿਆ ਜਾਂਦਾ ਹੈ, ਸ਼ਬਦ ਗੁਰੂ ਦੀ ਪ੍ਰੀਭਾਸ਼ਾ ਉੱਤੇ ਪਹਿਰਾ ਦੇਣ ਵਾਲੇ ਰਾਣਾ ਰਣਬੀਰ ਦਾ ਆਖਣਾ ਹੈ ਕਿ ਬੰਦੇ ਦੀ ਯੋਗਤਾ ਅਤੇ ਸਮੱਰਥਾ ਦੇ ਨਾਲ-ਨਾਲ ਉਸ ਦੀ ਪ੍ਰਪੱਕਤਾ ਅਤੇ ਕਿਸੇ ਵੀ ਕੰਮ ਪ੍ਰਤੀ ਉਸਦੀ ਸਮਰਪਣ ਦੀ ਭਾਵਨਾ ਵੀ ਉਸ ਨੂੰ ਕਿਸੇ ਵੀ ਖੇਤਰ ਵਿਚ ਸਥਾਪਤ ਕਰਨ ਵਿਚ ਸਹਾਈ ਹੁੰਦੀ ਹੈ। ਜ਼ਿਲ੍ਹਾ ਸੰਗਰੂਰ ਦੇ ਧੂਰੀ ਸ਼ਹਿਰ ਵਿਖੇ ਪਿਤਾ ਸਵਰਗੀ ਮੋਹਨ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਜਨਮਿਆ ਰਾਣਾ ਬਚਪਨ ਤੋਂ ਹੀ ਸਟੇਜੀ ਕਲਾਕਾਰ/ਅਦਾਕਾਰ ਹੈ। ਉਸ ਦਾ ਕਹਿਣਾ ਹੈ ਕਿ ਬਚਪਨ ਵੇਲੇ ਪ੍ਰਾਇਮਰੀ ਸਕੂਲ ਵਿਚ ਗੁਰਪੁਰਬ 'ਤੇ ਕਵਿਤਾਵਾਂ ਪੜ੍ਹਦਿਆਂ ਅਤੇ ਫਿਰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਚ ਪੜ੍ਹਦਿਆਂ ਕਈ ਨਾਟਕ ਲਿਖੇ, ਖੇਡੇ ਅਤੇ ਗੋਲਡ ਮੈਡਲ ਵੀ ਜਿੱਤੇ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਥੀਏਟਰ (ਰੰਗਮੰਚ ਵਿਸ਼ੇ 'ਤੇ) ਵਿਚ ਐਮ. ਏ. ਕੀਤੀ ਅਤੇ ਉੱਥੋਂ ਹੀ ਗੋਲਡ ਮੈਡਲਿਸਟ ਵੀ ਹੋਇਆ ਅਤੇ ਇੱਥੇ ਹੀ ਕੁਝ ਸਮਾਂ ਨੌਕਰੀ ਵੀ ਕੀਤੀ। ਰਾਣਾ ਰਣਬੀਰ ਅਨੁਸਾਰ ਉਹ ਆਪਣੇ ਛੋਟੇ ਕੱਦ 'ਤੇ ਹਮੇਸ਼ਾ ਝੂਰਦਾ ਰਿਹਾ ਹੈ ਪਰ ਉਸ ਦਾ ਇਹ ਛੋਟਾ ਕੱਦ ਅਤੇ ਅੰਦਰਲਾ ਅਦਾਕਾਰ ਹੀ ਉਸ ਨੂੰ ਰੰਗਮੰਚ ਅਤੇ ਫ਼ਿਲਮਾਂ ਵਿਚ ਸਥਾਪਤ ਕਰਨ ਵਿਚ ਸਾਬਤ ਹੋਇਆ। ਉਸ ਦਾ ਕਹਿਣਾ ਹੈ ਕਿ ਉਸ ਨੇ 50-60 ਨਾਟਕ ਕਰਨ ਬਾਅਦ 'ਐਸਕਿਊਜ਼ ਮੀ ਪਲੀਜ਼' ਸ਼ੋਅ ਸ਼ੁਰੂ ਕੀਤਾ ਜੋ ਕਾਫੀ ਮਕਬੂਲ ਹੋਇਆ। ਫਿਰ ਤਿੰਨ ਕੁ ਸਾਲ ਪਟਿਆਲਾ ਰੇਡੀਓ 'ਤੇ ਵੀ ਕੰਮ ਕੀਤਾ ਤੇ ਪਹਿਲੀ ਫ਼ਿਲਮ ਮਨਮੋਹਨ ਸਿੰਘ ਦੀ 'ਦਿਲ ਆਪਣਾ ਪੰਜਾਬੀ' ਕੀਤੀ ਫਿਰ 'ਮੁੰਡੇ ਯੂ ਕੇ ਦੇ' ਆਪ ਹੀ ਲਿਖੀ ਅਤੇ ਨਿਰਦੇਸ਼ਿਤ ਵੀ ਕੀਤੀ। ਉਹ ਹੁਣ ਤੱਕ 70 ਦੇ ਕਰੀਬ ਫ਼ਿਲਮਾਂ ਵਿਚ ਅਦਾਕਾਰੀ ਕਰ ਚੁੱਕਿਆ ਹੈ ਅਤੇ ਬੇਹੱਦ ਸਟੇਜ ਸ਼ੋਅ ਵੀ। ਰਾਣਾ ਰਣਬੀਰ ਹੁਣ ਤੱਕ ਕਈ ਫ਼ਿਲਮਾਂ ਆਪ ਲਿਖ ਚੁੱਕਾ ਹੈ ਜਿਨ੍ਹਾਂ ਵਿਚ 'ਅਰਦਾਸ', 'ਅਰਦਾਸ ਕਰਾਂ', 'ਕੂੜੇਦਾਨ ਦੀ ਜਾਈ', 'ਮੁੰਡੇ ਯੂ ਕੇ ਦੇ', 'ਇਕ ਕੁੜੀ ਪੰਜਾਬ ਦੀ', 'ਮੰਜੇ ਬਿਸਤਰੇ', 'ਅੱਜ ਦੇ ਰਾਂਝੇ', 'ਅਸੀਸ' ਆਦਿ ਵਰਨਣਯੋਗ ਹਨ। ਫਿਰ 'ਜ਼ਿੰਦਗੀ ਜ਼ਿੰਦਾਬਾਦ' ਨਾਟਕ ਲਿਖਿਆ ਅਤੇ ਉਸ ਦੀਆਂ ਦੇਸ਼-ਵਿਦੇਸ਼ ਵਿਚ ਕਈ ਪੇਸ਼ਕਾਰੀਆਂ ਵੀ ਦਿੱਤੀਆਂ। ਉਹ ਹੁਣ ਤੱਕ ਦੋ ਕਵਿਤਾਵਾਂ ਦੀਆਂ ਪੁਸਤਕਾਂ, ਇਕ ਨਾਵਲ ਅਤੇ ਇਕ ਪ੍ਰੇਰਨਾਦਾਇਕ ਪੁਸਤਕ ਵੀ ਲਿਖ ਚੁੱਕਿਆ ਹੈ।


-ਹਰਜੀਤ ਸਿੰਘ ਬਾਜਵਾ
ਪੱਤਰਕਾਰ ਟੋਰਾਂਟੋ (ਕੈਨੇਡਾ)

ਹੁਣ ਫਿਰ ਐਕਟਿੰਗ ਕਰਨਾ ਚਾਹੁੰਦੀ ਹੈ ਕਲਪਨਾ ਅਈਅਰ

ਅੱਸੀ ਤੇ ਨੱਬੇ ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਕਲਪਨਾ ਅਈਅਰ ਨੇ ਬਹੁਤ ਧੂਮ ਮਚਾਈ ਸੀ। ਉਦੋਂ ਮਿਸ ਇੰਡੀਆ ਦਾ ਤਾਜ ਹਾਸਲ ਕਰਨ ਵਿਚ ਕਾਮਯਾਬ ਰਹੀ ਕਲਪਨਾ ਨੂੰ ਰਾਜਸ੍ਰੀ ਬੈਨਰ ਵਲੋਂ ਫ਼ਿਲਮ 'ਮਨੋਕਾਮਨਾ' ਵਿਚ ਮੌਕਾ ਦਿੱਤਾ ਗਿਆ ਸੀ। ਬਾਅਦ ਵਿਚ ਆਪਣੇ ਨ੍ਰਿਤ ਕੌਸ਼ਲ ਦੀ ਬਦੌਲਤ ਉਹ ਨਾਮੀ ਸਟਾਰ ਬਣੀ। ਫ਼ਿਲਮ 'ਅਰਮਾਨ' ਦਾ 'ਰੰਭਾ ਹੋ ਹੋ ਹੋ...', 'ਡਿਸਕੋ ਡਾਂਸਰ' ਦਾ 'ਕੋਈ ਯਹਾਂ ਨਾਚੇ ਨਾਚੇ...', 'ਰਾਜਾ ਹਿੰਦੁਸਤਾਨੀ' ਦਾ 'ਪਰਦੇਸੀ ਪਰਦੇਸੀ...' ਆਦਿ ਹਿੱਟ ਗੀਤਾਂ ਵਿਚ ਥਿਰਕਣ ਵਾਲੀ ਕਲਪਨਾ ਨੇ ਬਾਅਦ ਵਿਚ 'ਬਨੇਗੀ ਅਪਨੀ ਬਾਤ', 'ਜਨੂੰਨ', 'ਦਿਲਲਗੀ' ਆਦਿ ਲੜੀਵਾਰਾਂ ਵਿਚ ਵੀ ਕੰਮ ਕੀਤਾ ਸੀ। ਲੜੀਵਾਰਾਂ ਵਿਚ ਰਟਿਆ-ਰਟਾਇਆ ਕੰਮ ਕਰਨ ਤੋਂ ਅੱਕ ਕੇ ਉਹ ਦੁਬਈ ਚਲੀ ਗਈ ਸੀ ਜਿਥੇ ਬਤੌਰ ਮੈਨੇਜਰ ਉਹ ਇਕ ਹੋਟਲ ਵਿਚ ਨੌਕਰੀ ਕਰਨ ਲੱਗੀ ਸੀ।
ਹੁਣ ਤਕਰੀਬਨ ਵੀਹ ਸਾਲ ਦੇ ਸਮੇਂ ਬਾਅਦ ਕਲਪਨਾ ਨੇ ਫਿਰ ਇਕ ਵਾਰ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ। ਕਲਪਨਾ ਅਨੁਸਾਰ ਨੀਨਾ ਗੁਪਤਾ ਤੋਂ ਪ੍ਰੇਰਿਤ ਹੋ ਕੇ ਉਹ ਅਭਿਨੈ ਦੀ ਦੁਨੀਆ ਵਿਚ ਵਾਪਸ ਆਈ ਹੈ। ਅਸਲ ਵਿਚ ਹੋਇਆ ਇਹ ਸੀ ਕਿ ਕੁਝ ਸਮਾਂ ਪਹਿਲਾਂ ਜਦੋਂ ਨੀਨਾ ਗੁਪਤਾ ਕੋਲ ਕੰਮ ਨਹੀਂ ਸੀ ਅਤੇ ਉਹ ਖਾਲੀ ਹੱਥ ਬੈਠੀ ਸੀ, ਉਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਕਿ ਉਹ ਚੰਗੀ ਭੂਮਿਕਾ ਦੀ ਭਾਲ ਵਿਚ ਹੈ।


-ਮੁੰਬਈ ਪ੍ਰਤੀਨਿਧ

'ਪੁੱਤ ਬਾਪੂ ਦਾ' ਲੈ ਕੇ ਆਇਆ ਕਰਨ ਵਾਲੀਆ

ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਪੈਸੇ ਦੇ ਜ਼ੋਰ 'ਤੇ ਨੰਗੇਜ਼ਵਾਦ ਦੇ ਹੱਥਕੰਡੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤੱਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਹੀ ਇਕ ਨਾਂਅ ਹੈ ਗਾਇਕ ਕਰਨ ਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ। ਜ਼ਿਲ੍ਹਾ ਮੋਗਾ ਦੇ ਪਿੰਡ ਨਸੀਰੇਵਾਲ ਦੇ ਗਾਇਕ ਕਰਨ ਵਾਲੀਆ ਦਾ ਜਨਮ 24 ਅਗਸਤ, 1998 ਨੂੰ ਪਿਤਾ ਜਸਵੀਰ ਸਿੰਘ ਦੇ ਗ੍ਰਹਿ ਮਾਤਾ ਹਰਜੀਤ ਕੌਰ ਦੀ ਕੁੱਖੋਂ ਹੋਇਆ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਫਿਰ ਚਮਕੌਰ ਹੰਸ ਨੂੰ ਉਸਤਾਦ ਧਾਰਿਆ ਤੇ ਪਹਿਲੀ ਐਲਬਮ 'ਝਾਜਰਾਂ' ਸਰੋਤਿਆ ਦੇ ਸਨਮੁੱਖ ਕੀਤੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਹੁਣ ਨਵੀਂ ਐਲਬਮ 'ਪੁੱਤ ਬਾਪੂ ਦਾ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ ਤੇ ਅਨੇਕਾਂ ਸੱਭਿਆਚਾਰਕ ਮੇਲਿਆਂ 'ਤੇ ਪ੍ਰਵਾਨਿਤ ਹੋ ਚੁੱਕੇ ਗਾਇਕ ਵਾਲੀਆ ਨੂੰ ਨਵੀਂ ਰਿਲੀਜ਼ ਹੋਈ ਐਲਬਮ ਤੋਂ ਬਹੁਤ ਉਮੀਦਾਂ ਹਨ। ਸ਼ਾਲਾ ਇਹ ਪੰਜਾਬ ਦਾ ਸੁਰੀਲਾ ਤੇ ਹੋਣਹਾਰ ਗਾਇਕ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਦੀ ਸੇਵਾ ਕਰਦਾ ਰਹੇ।


-ਕੁਲਦੀਪ ਮਾਨ ਭੂੰਦੜੀ
ਪੱਤਰ ਪ੍ਰੇਰਕ ਭੂੰਦੜੀ (ਲੁਧਿਆਣਾ) mann348@gmail.com

ਪ੍ਰਿਅੰਕਾ ਚੋਪੜਾ

ਤੁਮਹਾਰੇ ਹਵਾਲੇ ਵਤਨ ਸਾਥੀਓ

ਬਿਊਟੀਕਾਨ ਫੈਸਟੀਵਲ ਲਾਸ-ਏਂਜਲਸ-2019 ਦਾ ਹਿੱਸਾ ਪ੍ਰਿਅੰਕਾ ਚੋਪੜਾ ਬਣੀ ਜੋ ਸੰਯੁਕਤ ਰਾਸ਼ਟਰ ਦੀ 'ਸ਼ਾਂਤੀ ਲਹਿਰ ਸੰਸਾਰ' ਦੀ 'ਬਰਾਂਡ ਅੰਬੈਸਡਰ' ਵੀ ਹੈ ਪਰ ਦੇਸ਼ ਪਹਿਲਾਂ ਬਾਕੀ ਸਭ ਬਾਅਦ 'ਚ। ਅਮਰੀਕਨ ਨੂੰਹ ਹੋ ਕੇ ਵੀ ਪੀ.ਸੀ. ਨੂੰ 15 ਅਗਸਤ, 2019 ਮਨਾਉਣਾ ਬਹੁਤ ਹੀ ਅਹਿਮ ਲੱਗ ਰਿਹਾ ਹੈ। ਪੀ.ਸੀ. ਨੇ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨੀ ਇਕ ਕੁੜੀ ਦੇ ਸਵਾਲ ਕਿ ਸੰਯੁਕਤ ਰਾਸ਼ਟਰ ਦੀ ਸਾਂਤੀ ਮਸੀਹਾ ਰਾਜਦੂਤ ਨੂੰ ਅਸੀਂ ਵੀ ਸਹਿਯੋਗ ਦਿੱਤਾ ਪਰ 'ਬਾਲਾਕੋਟ' 'ਤੇ ਕੀਤੇ ਪ੍ਰਿਅੰਕਾ ਦੇ ਟਵੀਟ ਦਾ ਅਰਥ ਪਾਕਿ ਨੂੰ ਉਕਸਾਉਣਾ ਤੇ ਪ੍ਰਮਾਣੂ ਯੁੱਧ ਨੂੰ ਸੱਦਾ ਹੈ ਤੇ ਪੀ.ਸੀ. ਦੀ ਸਮਝਦਾਰੀ ਹੈ ਕਿ ਪਹਿਲਾਂ 'ਜੈ ਹਿੰਦ' 15 ਅਗਸਤ ਮੁਬਾਰਕ, ਯੁੱਧ ਦੇ ਖਿਲਾਫ਼ ਹੈ ਪੀ.ਸੀ. ਪਰ ਪਹਿਲਾਂ ਦੇਸ਼ ਭਗਤ ਫਿਰ ਕੁਝ ਹੋਰ। ਮਾਫੀ ਜੇ ਕਿਸੇ ਦੀ ਭਾਵਨਾ ਜ਼ਖ਼ਮੀ ਹੋਈ ਹੈ ਪਰ ਆਜ਼ਾਦੀ ਸਾਨੂੰ ਵੀ ਕਿੰਨੀਆਂ ਕੁਰਬਾਨੀਆਂ ਕਰਕੇ ਨਸੀਬ ਹੋਈ ਹੈ। 'ਦਾ ਸਕਾਈ ਇਜ ਪਿੰਕ' ਪੀ.ਸੀ. ਦੀ ਇਹ ਫ਼ਿਲਮ ਅਕਤੂਬਰ 'ਚ ਆਵੇਗੀ। ਹੁਣ ਹੋਇਆ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇਕ ਤੇ 'ਧਾਰਾ 370' ਦੇ ਖਾਤਮੇ 'ਤੇ ਪ੍ਰਿਅੰਕਾ ਖੁਸ਼ ਹੈ ਤੇ ਆਸ ਕਰਦੀ ਹੈ ਕਿ ਸ਼ਾਂਤਮਈ ਕਸ਼ਮੀਰੀ ਜਨਤਾ ਇਸ ਵਾਰ ਦੁੱਗਣੀ ਖ਼ੁਸ਼ੀ ਨਾਲ 15 ਅਗਸਤ ਮਨਾਏਗੀ। ਪ੍ਰਿਅੰਕਾ ਨੇ ਤਾਂ ਆਪਣੀ ਜੇਠਾਣੀ ਨੂੰ ਵੀ ਗੁਲਾਮ ਭਾਰਤ ਤੇ 15 ਅਗਸਤ ਨੂੰ ਆਜ਼ਾਦ ਭਾਰਤ ਤੇ ਅੱਜ ਦਾ ਭਾਰਤ ਸਬੰਧੀ ਜਾਣੂ ਕਰਵਾ ਕੇ 'ਦੇਸ਼ ਪ੍ਰੇਮਣ ਅਭਿਨੇਤਰੀ' ਹੋਣ ਦਾ ਪ੍ਰਭਾਵ ਦਿੱਤਾ। ਵਤਨ ਦੇ ਲੋਕਾਂ ਨੂੰ ਆਜ਼ਾਦੀ ਦੀ ਅਹਿਮੀਅਤ ਸਮਝ, ਇਸ ਦੀ ਰੱਖਿਆ ਕਰਨ, ਭੀੜਤੰਤਰ ਨੂੰ ਘਟਾਉਣ, ਫਿਰਕਾਪ੍ਰਸਤੀ ਤੋਂ ਦੂਰ ਰਹਿਣ ਦੀ ਬੇਨਤੀ ਕਰਦੀ ਅਹਿਸਾਸ ਕਰਵਾ ਰਹੀ ਹੈ ਕਿ ਇਹ ਵਤਨ ਹੁਣ ਤੁਹਾਡੇ ਹਵਾਲੇ ਹੈ।

ਹਿੰਦੀ ਫ਼ਿਲਮਾਂ 'ਚ ਦੇਸ਼ ਭਗਤੀ ਵਾਲੇ ਗੀਤ

ਹਿੰਦੀ ਫ਼ਿਲਮਾਂ ਦੇ ਦੇਸ਼-ਪ੍ਰੇਮ ਦੇ ਗੀਤਾਂ ਨੇ ਲੋਕਾਂ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਗੀਤਾਂ ਨੇ ਹਿੰਦੁਸਤਾਨੀਆਂ ਵਿਚ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਮੁਲਕ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਪੈਦਾ ਕੀਤਾ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਕੌਮੀ ਏਕਤਾ ਦੀ ਭਾਵਨਾ ਦਾ ਸੰਚਾਰ ਕਰਨ ਵਿਚ ਅਹਿਮ ਕਿਰਦਾਰ ਅਦਾ ਕੀਤਾ ਹੈ।
ਫ਼ਿਲਮਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਦੇਸ਼-ਪ੍ਰੇਮ ਦੇ ਗੀਤ ਲਿਖਣ ਵਿਚ ਕਵੀ ਪ੍ਰਦੀਪ ਅੱਗੇ ਰਹੇ। ਉਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ' ਗੀਤ ਲਿਖਿਆ। ਲਤਾ ਮੰਗੇਸ਼ਕਰ ਵਲੋਂ ਗਾਏ ਇਸ ਗੀਤ ਦਾ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ ਵਿਚ 26 ਜਨਵਰੀ, 1963 ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਸਿੱਧਾ ਪ੍ਰਸਾਰਨ ਕੀਤਾ ਗਿਆ। ਗੀਤ ਸੁਣ ਕੇ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਭਰ ਆਈਆਂ ਸਨ।
1943 ਵਿਚ ਬਣੀ ਫ਼ਿਲਮ 'ਕਿਸਮਤ' ਦੇ ਗੀਤ 'ਦੂਰ ਹਟੋ ਐ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ' ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ। ਇਸ ਗੀਤ ਤੋਂ ਗੁੱਸੇ ਵਿਚ ਆਈ ਉਦੋਂ ਦੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਸਨ ਜਿਸ ਦੀ ਵਜ੍ਹਾ ਕਰਕੇ ਪ੍ਰਦੀਪ ਨੂੰ ਭੂਮੀਗਤ ਹੋਣਾ ਪਿਆ ਸੀ। ਉਨ੍ਹਾਂ ਦੇ ਲਿਖੇ ਫ਼ਿਲਮ 'ਜਾਗ੍ਰਿਤੀ' (1954) ਦੇ ਗੀਤ 'ਆਓ ਬੱਚੋ ਤੁਮਹੇਂ ਦਿਖਾਏਂ ਝਾਕੀ ਹਿੰਦੁਸਤਾਨ ਕੀ' ਅਤੇ 'ਦੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦਿਯਾ ਕਮਾਲ' ਅੱਜ ਵੀ ਲੋਕ ਗੁਣਗਣਾ ਰਹੇ ਹਨ। ਸ਼ਕੀਲ ਬਦਾਯੂੰਨੀ ਦਾ ਲਿਖਿਆ ਫ਼ਿਲਮ 'ਸੰਨ ਆਫ਼ ਇੰਡੀਆ' ਦਾ ਗੀਤ 'ਨੰਨ੍ਹਾ ਮੁੰਨਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ' ਬੱਚਿਆਂ ਵਿਚ ਬੇਹੱਦ ਹਰਮਨਪਿਆਰਾ ਹੈ।
ਕੈਫ਼ੀ ਆਜ਼ਮੀ ਦੇ ਲਿਖੇ ਅਤੇ ਮੁਹੰਮਦ ਰਫ਼ੀ ਦੇ ਗਾਏ ਫ਼ਿਲਮ 'ਹਕੀਕਤ' ਦੇ ਗੀਤ 'ਕਰ ਚਲੇ ਹਮ ਫ਼ਿਦਾ ਜਾਨ-ਓ-ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਨੂੰ ਸੁਣ ਕੇ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਸ਼ਹੀਦਾਂ ਲਈ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ। ਫ਼ਿਲਮ 'ਲੀਡਰ' ਦਾ ਸ਼ਕੀਲ ਬਦਾਯੂੰਨੀ ਦਾ ਲਿਖਿਆ ਅਤੇ ਮੁਹੰਮਦ ਰਫ਼ੀ ਦਾ ਗਾਇਆ ਅਤੇ ਨੌਸ਼ਾਦ ਦੇ ਸੰਗੀਤ ਵਿਚ ਸਜਿਆ ਗੀਤ 'ਅਪਨੀ ਆਜ਼ਾਦੀ ਕੋ ਹਮ ਹਰਗਿਜ਼ ਮਿਟਾ ਸਕਤੇ ਨਹੀਂ, ਸਰ ਕਟਾ ਸਕਤੇ ਹੈਂ ਲੇਕਿਨ ਸਰ ਝੁਕਾ ਸਕਤੇ ਨਹੀਂ' ਬੇਹੱਦ ਹਰਮਨਪਿਆਰਾ ਹੋਇਆ ਸੀ। ਪ੍ਰੇਮ ਧਵਨ ਵਲੋਂ ਰਚਿਆ ਫ਼ਿਲਮ 'ਹਮ ਹਿੰਦੁਸਤਾਨੀ' ਦਾ ਗੀਤ 'ਛੋੜੋ ਕਲ੍ਹ ਕੀ ਬਾਤੇਂ, ਕਲ੍ਹ ਕੀ ਬਾਤ ਪੁਰਾਨੀ, ਨਯੇ ਦੌਰ ਮੇਂ ਲਿਖੇਂਗੇ, ਮਿਲ ਕਰ ਨਈ ਕਹਾਨੀ' ਅੱਜ ਵੀ ਏਨਾ ਹੀ ਮਿੱਠਾ ਲਗਦਾ ਹੈ। ਉਨ੍ਹਾਂ ਦਾ ਫ਼ਿਲਮ 'ਕਾਬੁਲੀ' ਵਾਲਾ ਗੀਤ ਵੀ ਰੋਮ-ਰੋਮ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਭਰ ਦਿੰਦਾ ਹੈ।
'ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ,
ਤੁਝ ਪੇ ਦਿਲ ਕੁਰਬਾਨ'...
ਰਾਜੇਂਦਰ ਕ੍ਰਿਸ਼ਨ ਵਲੋਂ ਰਚਿਆ ਫ਼ਿਲਮ 'ਸਿਕੰਦਰ-ਏ-ਆਜ਼ਮ' ਦਾ ਗੀਤ ਭਾਰਤ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਦਾ ਮਨੋਹਾਰੀ ਦ੍ਰਿਸ਼ ਪੇਸ਼ ਕਰਦਾ ਹੈ।
ਜਹਾਂ ਡਾਲ-ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ
ਵੋ ਭਾਰਤ ਦੇਸ਼ ਹੈ ਮੇਰਾ, ਵੋ ਭਾਰਤ ਦੇਸ਼ ਹੈ ਮੇਰਾ।...
ਇਸੇ ਤਰ੍ਹਾਂ ਗੁਲਸ਼ਨ ਬਾਵਰਾ ਵਲੋਂ ਰਚੀ ਫ਼ਿਲਮ 'ਉਪਕਾਰ' ਦਾ ਗੀਤ ਦੇਸ਼ ਦੇ ਕੁਦਰਤੀ ਖਣਿਜਾਂ ਦੇ ਭੰਡਾਰਾਂ ਅਤੇ ਖੇਤੀਬਾੜੀ ਅਤੇ ਆਮ ਲੋਕਾਂ ਨਾਲ ਜੁੜੀਆਂ ਭਾਵਨਾਵਾਂ ਨੂੰ ਬਾਖੂਬੀ ਪ੍ਰਦਰਸ਼ਿਤ ਕਰਦਾ ਹੈ।
ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ...
ਇਸ ਤੋਂ ਇਲਾਵਾ ਫ਼ਿਲਮ 'ਅਬ ਦਿੱਲੀ ਦੂਰ ਨਹੀਂ', 'ਅਮਨ', 'ਅਮਰ ਸ਼ਹੀਦ', 'ਅਪਨਾ ਘਰ', 'ਅਪਨਾ ਦੇਸ਼', 'ਅਨੋਖਾ', 'ਆਂਖੇਂ', 'ਆਦਮੀ ਔਰ ਇਨਸਾਨ', 'ਆਰਮੀ', 'ਇਨਸਾਨੀਅਤ', 'ਊਂਚੀ ਹਵੇਲੀ', 'ਏਕ ਹੀ ਰਾਸਤਾ', 'ਕਲਰਕ', 'ਕ੍ਰਾਂਤੀ', 'ਕੁੰਦਨ', 'ਗੋਲਡ ਮੈਡਲ', 'ਗੰਗਾ ਜਮੁਨਾ', 'ਗੰਗਾ ਤੇਰਾ ਪਾਨੀ ਅੰਮ੍ਰਿਤ', 'ਗੰਗਾ ਮਾਂਗ ਰਹੀ ਬਲਿਦਾਨ', 'ਗੰਵਾਰ', 'ਚੰਦਰਸ਼ੇਖਰ ਆਜ਼ਾਦ', 'ਜੀਓ ਔਰ ਜੀਨੇ ਦੋ', 'ਜਿਸ ਦੇਸ਼ ਮੇਂ ਗੰਗਾ ਬਹਤੀ ਹੈ', 'ਜੀਵਨ ਸੰਗਰਾਮ', 'ਜੁਰਮ ਔਰ ਸਜ਼ਾ', 'ਦੇਸ਼ ਪ੍ਰੇਮੀ', 'ਧਰਮਪੁੱਤਰ', 'ਧਰਤੀ ਕੀ ਗੋਦ ਮੇਂ', 'ਧੂਲ ਕਾ ਫੂਲ', 'ਨਯਾ ਦੌਰ', 'ਨਯਾ ਸੰਸਾਰ', 'ਨੇਤਾਜੀ ਸੁਭਾਸ਼ ਚੰਦਰ ਬੋਸ', 'ਪਿਆਸਾ', 'ਪਰਦੇਸ', 'ਪੂਰਬ ਔਰ ਪੱਛਿਮ', 'ਪ੍ਰੇਮ ਪੁਜਾਰੀ', 'ਪੈਗ਼ਾਮ', 'ਮਦਰ ਇੰਡੀਆ', 'ਮਾਟੀ ਮੇਰੇ ਦੇਸ਼ ਕੀ', 'ਮਾਂ ਬਾਪ', 'ਮਾਸੂਮ', 'ਮੇਰਾ ਦੇਸ਼ ਮੇਰਾ ਧਰਮ', 'ਜੀਨੇ ਦੋ', 'ਸ਼ਹੀਦ', 'ਸ਼ਹੀਦ-ਏ-ਆਜ਼ਮ ਭਗਤ ਸਿੰਘ', 'ਸਮਾਜ ਕੋ ਬਦਲ ਡਾਲੋ' ਆਦਿ ਫ਼ਿਲਮਾਂ ਦੇੇ ਦੇਸ਼ ਪ੍ਰੇਮ ਦੇ ਗੀਤ ਵੀ ਲੋਕਾਂ ਵਿਚ ਜੋਸ਼ ਭਰਦੇ ਹਨ। ਪਰ ਅਫ਼ਸੋਸ ਕਿ ਆਮ ਤੌਰ ਇਹ ਗੀਤ ਆਜ਼ਾਦੀ ਦਿਵਸ, ਗਣਤੰਤਰ ਦਿਵਸ ਜਾਂ ਫਿਰ ਗਾਂਧੀ ਦਿਵਸ ਮੌਕੇ ਹੀ ਸੁਣਨ ਨੂੰ ਮਿਲਦੇ ਹਨ। ਖ਼ਾਸ ਕਰਕੇ ਆਲ ਇੰਡੀਆ ਰੇਡੀਓ ਤੋਂ।


-ਫਿਰਦੌਸ ਖ਼ਾਨ

ਜਿੰਮੀ ਸ਼ੇਰਗਿੱਲ

ਆਜ਼ਾਦੀ ਦਿਵਸ, ਇਕ ਤਿਉਹਾਰ

'ਫੈਮਿਲੀ ਆਫ਼ ਠਾਕਰਗੰਜ' ਫ਼ਿਲਮ ਨਾਲ ਫਿਰ ਪੰਜਾਬੀ ਜੱਟ ਸ਼ੇਰਗਿੱਲ ਜਿੰਮੀ ਦਰਸ਼ਕਾਂ ਦੀ ਨਜ਼ਰ ਹੋ ਰਿਹਾ ਹੈ। ਜਿੰਮੀ ਦੇ ਨਾਲ ਇਸ ਫ਼ਿਲਮ 'ਚ ਮਾਹੀ ਗਿੱਲ ਹੈ। 49 ਸਾਲ ਦੇ ਹੋ ਚੁੱਕੇ ਜਿੰਮੀ ਦੀ ਫਿਟਨੈੱਸ ਗਜ਼ਬ ਦੀ ਹੈ। ਗੁਲਜ਼ਾਰ ਦੀ 'ਮਾਚਿਸ' ਨਾਲ ਫ਼ਿਲਮ ਸੰਸਾਰ 'ਚ ਜਿੰਮੀ ਆਇਆ ਤੇ ਫਿਰ ਹਿੰਦੀ ਦੇ ਨਾਲ-ਨਾਲ ਜਿੰਮੀ ਸ਼ੇਰਗਿੱਲ ਪਾਲੀਵੁੱਡ ਦਾ ਵੀ ਸੁਪਰ ਸਟਾਰ ਹੀਰੋ ਬਣ ਗਿਆ। ਇਸ 15 ਅਗਸਤ ਦੀ ਅਹਿਮੀਅਤ ਕੁਝ ਖਾਸ ਹੀ ਹੈ ਕਹਿੰਦਾ ਹੈ ਜਿੰਮੀ। ਇਸ ਵਾਰ ਮੋਦੀ ਸਰਕਾਰ 2.0 ਹੈ। ਤਿੰਨ ਤਲਾਕ ਬਿੱਲ ਤੋਂ ਲੈ ਕੇ ਧਾਰਾ 370 ਜਿਹੇ ਅਹਿਮ ਫ਼ੈਸਲੇ 'ਤੇ ਦੇਸ਼ ਵਾਸੀ ਨਵੇਂ ਮਾਹੌਲ 'ਚ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਨ। ਜਿੰਮੀ ਦੀ ਆਪਣੀ ਸੋਚ ਹੈ ਕਿ ਹੋਲੀ, ਦੀਵਾਲੀ ਦੀ ਤਰ੍ਹਾਂ 15 ਅਗਸਤ ਮਨਾਉਣਾ ਚਾਹੀਦਾ ਹੈ। ਇਕ ਤਿਉਹਾਰ ਦੇ ਰੂਪ 'ਚ ਤੇ ਐਤਕੀਂ ਸਬੱਬ ਨਾਲ ਇਸ ਦਿਨ 'ਰੱਖੜੀ' ਵੀ ਹੈ ਤਾਂ 15 ਅਗਸਤ ਦਾ ਮਹੱਤਵ ਹੋਰ ਵੀ ਵਧ ਗਿਆ ਹੈ। ਦੇਸ਼ ਪਿਆਰ ਦੀ ਰਾਖੀ, ਆਜ਼ਾਦੀ ਦੀ ਰੱਖੜੀ ਤੇ 15 ਅਗਸਤ ਨੂੰ ਪ੍ਰਣ ਲਵੋ ਕਿ ਭੀੜਤੰਤਰ, ਰੋਜ਼-ਰੋਜ਼ ਦੀ ਹਿੰਸਾ, ਬੰਦ ਇਸ ਤੋਂ ਮੁਕਤੀ ਚਾਹੀਦੀ ਹੈ। ਅਜੈ ਦੇਵਗਨ ਦੇ ਨਾਲ 'ਦੇ ਦੇ ਪਿਆਰ ਦੇ' ਫ਼ਿਲਮ ਹੁਣੇ ਜਿਹੇ ਹੀ ਜਿੰਮੀ ਦੀ ਆਈ ਹੈ। ਕਮਾਲ ਦੀ ਗੱਲ ਹੈ ਕਿ ਤੱਬੂ 'ਮਾਚਿਸ' ਸਮੇਂ ਜਿਹੋ ਜਿਹੀ ਸੀ, ਉਹੋ ਜਿਹੀ ਅੱਜ ਵੀ ਹੈ ਤੇ ਜਿੰਮੀ ਲਈ ਇਹ ਹੈਰਾਨੀ ਵਾਲੀ ਖ਼ਬਰ/ਗੱਲ ਹੈ। ਤੱਬੂ ਲਈ ਚੰਗੀ ਪ੍ਰਤੀਕਿਰਿਆ ਜਿੰਮੀ ਦੀ ਤਰਫ਼ੋਂ ਹੈ। 'ਦਾਣਾ ਪਾਣੀ' ਜਿਹੀ ਫ਼ਿਲਮ ਪਾਲੀਵੁੱਡ ਨੂੰ ਆਸਕਰ', 'ਰਾਸ਼ਟਰੀ ਐਵਾਰਡ' ਦੀ ਸ਼੍ਰੇਣੀ ਵਿਚ ਪਹੁੰਚਾਉਣ ਵਾਲੀਆਂ ਹਨ ਤੇ ਜਿੰਮੀ ਨੂੰ ਫਖਰ ਹੈ ਕਿ ਉਹ ਵਪਾਰਕ ਦੇ ਨਾਲ-ਨਾਲ ਕਲਾਤਮਿਕ ਛੋਹ ਵਾਲੀਆਂ ਪੰਜਾਬੀ ਫ਼ਿਲਮਾਂ ਦਾ ਹਿੱਸਾ ਵੀ ਹੈ। ਜਿੰਮੀ ਸ਼ੇਰਗਿੱਲ ਦੀ ਦੇਸ਼ ਭਗਤੀ, ਚੰਗੀ ਸੋਚ, ਵਧੀਆ ਵਿਚਾਰਧਾਰਾ ਦੀ ਸਿਫ਼ਤ ਕਰਨੀ ਬਣਦੀ ਹੈ।


-ਸੁਖਜੀਤ ਕੌਰ

'ਖ਼ਤਰੋਂ ਕੇ ਖਿਲਾੜੀ' ਵਿਚ ਰਾਣੀ ਚੈਟਰਜੀ

ਦਿਲ ਧੜਕਾਊ ਰਿਆਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਵਿਚ ਮੁਕਾਬਲੇਬਾਜ਼ਾਂ ਨੂੰ ਅਨੋਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ, ਜਿਸ ਬਾਰੇ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੁੰਦਾ। ਜ਼ਹਿਰੀਲੇ ਜੀਵਾਂ ਵਿਚਾਲੇ ਸੌਣ ਤੋਂ ਲੈ ਕੇ ਦੋ ਉੱਚੀਆਂ ਇਮਾਰਤਾਂ ਵਿਚਾਲੇ ਬੰਨ੍ਹੀ ਰੱਸੀ 'ਤੇ ਚੱਲ ਕੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਣ ਦਾ ਸਟੰਟ ਇਥੇ ਮੁਕਾਬਲੇਬਾਜ਼ਾਂ ਨੂੰ ਕਰਨਾ ਪੈਂਦਾ ਹੈ। ਪਹਿਲਾਂ ਇਸ ਸ਼ੋਅ ਦਾ ਸੰਚਾਲਨ ਪ੍ਰਿਅੰਕਾ ਚੋਪੜਾ ਤੇ ਅਕਸ਼ੈ ਕੁਮਾਰ ਕਰ ਚੁੱਕੇ ਹਨ ਪਰ ਹੁਣ ਨਿਰਦੇਸ਼ਕ ਰੋਹਿਤ ਸ਼ੈਟੀ ਇਸ ਸ਼ੋਅ ਦੀ ਪਛਾਣ ਬਣ ਗਏ ਹਨ। ਸ਼ੋਅ ਦੇ ਦਸਵੇਂ ਸੀਜ਼ਨ ਦਾ ਸੰਚਾਲਨ ਵੀ ਉਹ ਹੀ ਕਰ ਰਹੇ ਹਨ।
ਜਨਵਰੀ ਵਿਚ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਨੂੰ ਬੰਗਾਰੀਆ ਵਿਚ ਸ਼ੂਟ ਕੀਤਾ ਜਾ ਰਿਹਾ ਹੈ ਅਤੇ ਅੰਦਰ ਦੀ ਖ਼ਬਰ ਇਹ ਹੈ ਕਿ ਭੋਜਪੁਰੀ ਫ਼ਿਲਮਾਂ ਦੀ ਨਾਮੀ ਨਾਇਕਾ ਰਾਣੀ ਚੈਟਰਜੀ ਵੀ ਸ਼ੂਟਿੰਗ ਵਿਚ ਹਿੱਸਾ ਲੈਣ ਉਥੇ ਪਹੁੰਚ ਗਈ ਹੈ।
ਰਾਣੀ ਅਨੁਸਾਰ ਉਸ ਨੂੰ ਦਿਲ ਧੜਕਾਊ ਸਟੰਟ ਕਰਨਾ ਪਸੰਦ ਹੈ ਅਤੇ ਸ਼ੂਟਿੰਗ ਵਿਚ ਵੀ ਉਹ ਅਕਸਰ ਆਪਣੇ ਸਟੰਟ ਦ੍ਰਿਸ਼ ਖ਼ੁਦ ਕਰਦੀ ਹੈ। ਆਪਣੇ ਇਸ ਸ਼ੌਕ ਦੇ ਚਲਦਿਆਂ ਉਹ 'ਖ਼ਤਰੋਂ ਕੇ ਖਿਲਾੜੀ' ਦਾ ਹਿੱਸਾ ਬਣਨਾ ਚਾਹੁੰਦੀ ਸੀ ਅਤੇ ਹੁਣ ਉਸ ਦੀ ਇਹ ਇੱਛਾ ਪੂਰੀ ਹੋਈ ਹੈ।
ਸ਼ੋਅ ਵਿਚ ਆਪਣੇ ਸਰਬਉੱਤਮ ਪ੍ਰਦਰਸ਼ਨ ਲਈ ਰਾਣੀ ਨੇ ਆਪਣਾ ਵਜ਼ਨ ਵੀ ਕਾਫ਼ੀ ਘਟਾਇਆ ਹੈ ਤਾਂ ਕਿ ਸਟੰਟ ਕਰਨ ਵਿਚ ਮੁਸ਼ਕਿਲ ਨਾ ਹੋਵੇ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਉਹ ਉਥੋਂ ਜੇਤੂ ਹੋ ਕੇ ਆਏਗੀ।
ਉਂਝ ਰਾਣੀ ਦੀ ਇੱਛਾ ਰੋਹਿਤ ਸ਼ੈਟੀ ਦੇ ਨਾਲ ਕੰਮ ਕਰਨ ਦੀ ਵੀ ਰਹੀ ਹੈ ਅਤੇ ਕੁਝ ਕੁ ਉਹ ਵੀ ਇੱਛਾ ਪੂਰੀ ਹੋਈ ਹੈ।


-ਇੰਦਰਮੋਹਨ ਪੰਨੂੰ

'ਨੱਚ ਬੱਲੀਏ' ਦਾ ਅਨੁਭਵ ਸਾਂਝਾ ਕਰ ਰਹੀਆਂ ਹਨ ਉਰਵਸ਼ੀ, ਅਨੀਤਾ

ਡਾਂਸ ਰਿਆਲਿਟੀ ਸ਼ੋਅ 'ਨੱਚ ਬੱਲੀਏ' ਦੇ ਨੌਵੇਂ ਸੀਜ਼ਨ ਦਾ ਪ੍ਰਸਾਰਨ ਸਟਾਰ ਪਲੱਸ ਚੈਨਲ 'ਤੇ ਸ਼ੁਰੂ ਹੋ ਚੁੱਕਾ ਹੈ ਅਤੇ ਟੀ. ਵੀ. ਜਗਤ ਦੀਆਂ ਦੋ ਨਾਮੀ ਅਭਿਨੇਤਰੀਆਂ ਉਰਵਸ਼ੀ ਢੋਲਕੀਆ ਤੇ ਅਨੀਤਾ ਹਸਨੰਦਾਨੀ ਵੀ ਇਸ ਵਿਚ ਪ੍ਰਤੀਯੋਗੀ ਬਣ ਨੱਚ ਰਹੀਆਂ ਹਨ।
ਲੜੀਵਾਰ 'ਕਸੌਟੀ ਜ਼ਿੰਦਗੀ ਕੀ' ਵਿਚ ਕਮੋਲਿਕਾ ਦਾ ਕਿਰਦਾਰ ਨਿਭਾਅ ਕੇ ਦੂਜਿਆਂ ਦੀ ਜ਼ਿੰਦਗੀ ਵਿਚ ਆਤੰਕ ਮਚਾ ਦੇਣ ਵਾਲੀ ਉਰਵਸ਼ੀ ਪਹਿਲਾਂ ਰਿਆਲਿਟੀ ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਜੇਤੂ ਵੀ ਬਣੀ ਸੀ। ਹੁਣ ਨ੍ਰਿਤ 'ਤੇ ਆਧਾਰਿਤ ਇਸ ਰਿਆਲਿਟੀ ਸ਼ੋਅ ਬਾਰੇ ਉਹ ਕਹਿੰਦੀ ਹੈ, 'ਪਹਿਲਾਂ ਮੈਨੂੰ ਲਗਦਾ ਸੀ ਕਿ ਡਾਂਸ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਪਰ ਇਥੇ ਆ ਕੇ ਪਤਾ ਲੱਗਿਆ ਕਿ ਸਹੀ ਢੰਗ ਨਾਲ ਨੱਚਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਪਸੀਨਾ ਵਹਾਉਣਾ ਪੈਂਦਾ ਹੈ। ਇਕ ਚੰਗੀ ਗੱਲ ਮੇਰੇ ਲਈ ਇਹ ਰਹੀ ਕਿ ਮੈਂ ਪਿਛਲੇ ਦੋ ਸਾਲਾਂ ਤੋਂ ਆਪਣਾ ਵਜ਼ਨ ਘਟਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹਾਂ ਅਤੇ 14 ਕਿੱਲੋ ਵਜ਼ਨ ਘਟਾ ਲਿਆ ਹੈ। ਘਟੇ ਵਜ਼ਨ ਦੀ ਵਜ੍ਹਾ ਕਰਕੇ ਸਰੀਰ ਵਿਚ ਨਵੀਂ ਫੁਰਤੀ ਆਈ ਹੈ ਅਤੇ ਇਸ ਫੁਰਤੀ ਦਾ ਫਾਇਦਾ ਇਥੇ ਮਿਲ ਰਿਹਾ ਹੈ। ਇਥੇ ਮੈਂ ਡਾਂਸ ਰਿਹਰਸਲ ਨੂੰ ਵੀ ਇਕ ਵੱਖਰੇ ਤਰ੍ਹਾਂ ਦੀ ਕਸਰਤ ਮੰਨ ਕੇ ਚੱਲ ਰਹੀ ਹਾਂ ਅਤੇ ਉਮੀਦ ਹੈ ਕਿ ਇਸ ਸ਼ੋਅ ਦੇ ਖ਼ਤਮ ਹੋਣ 'ਤੇ ਮੇਰਾ ਵਜ਼ਨ ਹੋਰ ਘੱਟ ਹੋ ਜਾਵੇਗਾ। ਸ਼ੋਅ ਦਾ ਇਸ ਵਾਰ ਦਾ ਕੰਸੈਪਟ ਇਹ ਹੈ ਕਿ ਇਥੇ ਉਨ੍ਹਾਂ ਜੋੜੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਅਸਲ ਜ਼ਿੰਦਗੀ ਵਿਚ ਜੋੜੀਆਂ ਹਨ ਜਾਂ ਸਨ। ਮੈਂ ਤਲਾਕਸ਼ੁਦਾ ਹਾਂ ਅਤੇ ਇਕੱਲੇ ਹੱਥੀਂ ਦੋ ਬੱਚਿਆਂ ਨੂੰ ਪਾਲਿਆ ਹੈ। ਦੋਵੇਂ ਬੱਚੇ ਖ਼ੁਸ਼ ਹਨ ਕਿ ਮੰਮੀ ਡਾਂਸ ਸ਼ੋਅ ਵਿਚ ਹਿੱਸਾ ਲੈ ਰਹੀ ਹੈ ਪਰ ਮੈਨੂੰ ਤਣਾਅ ਇਸ ਗੱਲ ਦਾ ਹੈ ਕਿ ਕਿਤੇ ਸ਼ੋਅ ਦੀ ਵਜ੍ਹਾ ਕਰਕੇ ਮੇਰੀ ਜ਼ਿੰਦਗੀ ਦੀ ਨਵੀਂ ਕਹਾਣੀ ਨਾ ਸ਼ੁਰੂ ਹੋ ਜਾਵੇ। ਹੁਣ ਅੱਗੇ ਕੀ ਹੋਵੇਗਾ, ਇਹ ਮੈਂ ਉੱਪਰ ਵਾਲੇ 'ਤੇ ਛੱਡ ਦਿੱਤਾ ਹੈ।'
ਉਰਵਸ਼ੀ ਦੀ ਤਰ੍ਹਾਂ ਅਨੀਤਾ ਵੀ ਸ਼ੋਅ ਦਾ ਹਿੱਸਾ ਬਣ ਕੇ ਖ਼ੁਸ਼ ਹੈ। ਉਹ ਕਹਿੰਦੀ ਹੈ, 'ਮੈਨੂੰ ਇਸ ਸ਼ੋਅ ਦਾ ਕੰਸੈਪਟ ਅਪੀਲ ਕਰ ਗਿਆ। ਇਥੇ ਖੰਡਿਤ ਜੋੜੀਆਂ ਨੂੰ ਡਾਂਸ ਪਾਰਟਨਰ ਦੇ ਰੂਪ ਵਿਚ ਪੇਸ਼ ਕਰ ਕੇ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਵੱਖ ਹੋਣ ਤੋਂ ਬਾਅਦ ਵੀ ਆਪਸ ਵਿਚ ਕੋਈ ਕੁੜੱਤਣ ਨਹੀਂ ਹੋਣੀ ਚਾਹੀਦੀ।

-ਮੁੰਬਈ ਪ੍ਰਤੀਨਿਧ

ਆਪਣੀ ਦੂਜੀ ਪਾਰੀ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ : ਤ੍ਰਿਸ਼ਣਾ ਪ੍ਰੀਤਮ

ਸਾਲ 2005 ਵਿਚ ਬਾਲੀਵੁੱਡ ਵਿਚ ਕੰਮ ਕਰਨ ਦੇ ਇਰਾਦੇ ਨਾਲ ਪਟਨਾ ਤੋਂ ਮੁੰਬਈ ਆਈ ਤ੍ਰਿਸ਼ਣਾ ਪ੍ਰੀਤਮ ਨੇ ਇਥੇ ਆ ਕੇ 'ਗਰਮਾ ਗਰਮ', 'ਗੌਰੀ-ਦ ਅਨਬੌਰਨ' ਸਮੇਤ ਕੁਝ ਫ਼ਿਲਮਾਂ ਕੀਤੀਆਂ, ਨਾਲ ਹੀ ਕਈ ਵੀਡੀਓ ਐਲਬਮ ਵੀ ਕੀਤੇ। ਉਸ ਨੇ ਦੱਖਣ ਦੀਆਂ ਫ਼ਿਲਮਾਂ ਦਾ ਸਹਾਰਾ ਲਿਆ। ਦੱਖਣ ਉਸ ਨੂੰ ਫਲਿਆ ਅਤੇ ਉਥੇ ਤੀਹ ਦੇ ਕਰੀਬ ਤਾਮਿਲ, ਤੇਲਗੂ ਤੇ ਕੰਨੜ ਫ਼ਿਲਮਾਂ ਕੀਤੀਆਂ।
ਹੁਣ ਦੱਖਣ ਤੋਂ ਉਹ ਦੁਬਾਰਾ ਬਾਲੀਵੁੱਡ ਵਿਚ ਆ ਗਈ ਹੈ। ਇਥੇ ਆਪਣੀ ਨਵੀਂ ਪਾਰੀ ਤੇ ਦੱਖਣ ਦੀਆਂ ਫ਼ਿਲਮਾਂ ਨੂੰ ਅਲਵਿਦਾ ਕਹਿਣ ਬਾਰੇ ਉਹ ਕਹਿੰਦੀ ਹੈ, 'ਮੰਨਿਆ ਕਿ ਦੱਖਣ ਦੀਆਂ ਫ਼ਿਲਮਾਂ ਨੇ ਮੈਨੂੰ ਨਾਂਅ, ਪੈਸਾ ਦਿੱਤਾ ਅਤੇ ਅਭਿਨੇਤਰੀ ਬਣ ਕੇ ਨਾਂਅ ਕਮਾਉਣ ਦਾ ਮੇਰਾ ਸੁਪਨਾ ਉਥੇ ਪੂਰਾ ਹੋਇਆ। ਉਥੇ ਕਾਫ਼ੀ ਫ਼ਿਲਮਾਂ ਕੀਤੀਆਂ। ਮੈਨੂੰ ਬਾਲੀਵੁੱਡ ਵਿਚ ਵਾਪਸੀ ਕਰਨਾ ਸਹੀ ਲੱਗਿਆ।'
ਤ੍ਰਿਸ਼ਣਾ ਅਨੁਸਾਰ ਬਾਲੀਵੁੱਡ ਵਿਚ ਵਾਪਸ ਆਉਣ ਦਾ ਉਸ ਦਾ ਨਿਰਣਾ ਸਹੀ ਰਿਹਾ। ਇਸ 'ਤੇ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੀ ਹੈ, 'ਮੈਂ ਇਹ ਮੰਨ ਕੇ ਚੱਲ ਰਹੀ ਸੀ ਕਿ ਇਥੇ ਆਪਣੀ ਦੂਜੀ ਪਾਰੀ ਵਿਚ ਮੈਨੂੰ ਆਪਣੀ ਸ਼ੁਰੂਆਤ ਜ਼ੀਰੋ ਤੋਂ ਕਰਨੀ ਪਵੇਗੀ। ਪਰ ਉੱਪਰ ਵਾਲੇ ਦੀ ਮਿਹਰਬਾਨੀ ਰਹੀ ਕਿ ਇਥੇ ਦੇ ਲੋਕ ਮੈਨੂੰ ਭੁੱਲੇ ਨਹੀਂ ਹਨ। ਇਥੇ ਦੇ ਲੋਕਾਂ ਦੇ ਨਾਲ ਮੇਰੇ ਪੁਰਾਣੇ ਸਬੰਧ ਅੱਜ ਵੀ ਤਾਜ਼ਾ ਹਨ। ਇਸੇ ਦੇ ਚਲਦਿਆਂ ਹੁਣ ਮੈਨੂੰ ਕੁਝ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਹੋਈਆਂ ਹਨ ਅਤੇ ਇਸ ਵਿਚ ਉਹ ਭੂਮਿਕਾਵਾਂ ਹਨ ਜੋ ਵੱਖਰੀਆਂ ਜਿਹੀਆਂ ਹਨ। ਹੁਣ ਉਹ ਕੰਮ ਮਿਲਣ ਲੱਗਿਆ ਹੈ ਜੋ ਕਰਨ ਦੀ ਮੇਰੀ ਦਿਲੀ ਤਮੰਨਾ ਸੀ। ਉਹ ਤਮੰਨਾ ਪੂਰੀ ਹੁੰਦੇ ਦੇਖ ਕੇ ਮੈਂ ਆਪਣੀ ਦੂਜੀ ਪਾਰੀ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ।


-ਮੁੰਬਈ ਪ੍ਰਤੀਨਿਧ

ਜੀਤੇ ਘਾਲੀ ਨੂੰ ਚੇਤੇ ਕਰਦਿਆਂ...

ਮੈਂ ਗੱਲ ਕਰ ਰਿਹਾ ਹਾਂ ਉਸ ਮਾਣਮੱਤੇ ਗੀਤਕਾਰ, ਜੋ ਕਿ ਬਹੁਤ ਹੀ ਹੱਸਮੁੱਖ ਸੁਭਾਅ ਦਾ ਮਾਲਕ ਸੀ ਤੇ ਬਿਲਕੁਲ ਸਾਦੇ ਪਹਿਰਾਵੇ ਵਿਚ ਰਹਿਣ ਵਾਲਾ ਤੇ ਸੱਚੀ ਗੱਲ ਕਹਿਣ ਦੀ ਜੁਅੱਰਤ ਰੱਖਣ ਵਾਲਾ ਪੰਜਾਬੀਆਂ ਦਾ ਹਰਮਨ-ਪਿਆਰਾ ਗੀਤਕਾਰ ਸੀ। ਜੀਤਾ ਘਾਲੀ ਦਾ ਜਨਮ ਮਾਤਾ ਸ੍ਰੀਮਤੀ ਜਰਨੈਲ ਕੌਰ ਅਤੇ ਤਾਰਾ ਪਿਤਾ ਸਵ: ਕਰਨੈਲ ਸਿੰਘ ਦੇ ਘਰ ਹੋਇਆ।
ਇਸ ਗੀਤਕਾਰ ਨੇ ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਆਪਣੇ ਸਿਦਕ ਨਾਲ ਪਿੰਡੇ 'ਤੇ ਝੱਲ ਕੇ ਵੀ ਗੀਤਕਾਰੀ ਦਾ ਪੱਲਾ ਨਹੀਂ ਛੱਡਿਆ। ਆਪਣੇ ਗੀਤ ਰਿਕਾਰਡ ਕਰਵਾਉਣ ਲਈ ਜੀਤੇ ਘਾਲੀ ਨੇ ਬੜੀ ਹੀ ਮਿਹਨਤ ਕੀਤੀ ਤੇ ਆਖਰ ਇਹ ਗੀਤਕਾਰ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦੇ ਜਾ ਚਰਨੀਂ ਲੱਗਾ। ਆਹੂਜਾ ਸਾਹਿਬ ਨੇ ਜੀਤੇ ਘਾਲੀ ਦੇ ਕੁਝ ਗੀਤ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਕਰਵਾਏ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬੜਾ ਰੱਜਵਾਂ ਪਿਆਰ, ਸਤਿਕਾਰ ਤੇ ਹੁੰਗਾਰਾ ਮਿਲਿਆ। ਜੀਤੇ ਘਾਲੀ ਦੇ ਗੀਤਾਂ ਨੂੰ ਕਈ ਨਾਮਵਰ ਗਾਇਕ ਗਾ ਚੁੱਕੇ ਹਨ, ਜਿਨ੍ਹਾਂ ਵਿਚੋਂ ਹਰਭਜਨ ਮਾਨ, ਕਮਲਜੀਤ ਨੀਰੂ, ਨਿਰਮਲ ਸਿੱਧੂ, ਹਰਿੰਦਰ ਸੰਧੂ, ਚਮਕੌਰ ਭੱਟੀ (ਅਮਰਵੀਰ), ਮਾਸਟਰ ਖਾਨ, ਪ੍ਰਗਟ ਖਾਨ, ਜੈਸਮੀਨ ਅਖ਼ਤਰ, ਤਨਵੀਰ ਗੋਗੀ, ਬੋਹੜ ਗਿੱਲ, ਸੁੱਖਾ ਚੌਹਾਨ, ਜਸਵੀਰ ਸਿਮਰਨ, ਤੇਜਾ ਜ਼ੈਦ, ਚੰਦ ਗਿੱਲ, ਦੀਪ ਬਰਾੜ ਆਦਿ ਪ੍ਰਮੁੱਖ ਹਨ। ਇਨ੍ਹਾਂ ਗਾਇਕਾਂ ਦੇ ਗਾਏ ਜੀਤੇ ਘਾਲੀ ਦੇ ਗੀਤ ਆਪਣੇ ਸਮੇਂ ਦੇ ਸੁਪਰਹਿੱਟ ਗੀਤ ਰਹੇ ਹਨ।
ਜੀਤੇ ਘਾਲੀ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਮਾਲੀ ਤੌਰ 'ਤੇ ਬਹੁਤ ਪੱਛੜ ਗਿਆ। ਬੇਸ਼ੱਕ ਅੱਜ ਜੀਤਾ ਘਾਲੀ ਇਸ ਦੁਨੀਆ ਵਿਚ ਨਹੀਂ ਹੈ ਪਰ ਉਸ ਦੇ ਲਿਖੇ ਗੀਤ ਸਰੋਤਿਆਂ ਨੂੰ ਸਦਾ ਯਾਦ ਰਹਿਣਗੇ।


-ਗੁਰਜੰਟ ਸਿੰਘ ਸਿੱਧੂ
ਜੌੜੀਆਂ ਨਹਿਰਾਂ, ਘੱਲ ਖੁਰਦ, ਫਿਰੋਜ਼ਪੁਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX