ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ ਦੇ ਨਵੇਂ ਸੀਜ਼ਨ 'ਚ ਮਿਲਣਗੇ ਨਵੇਂ ਜੇਤੂ

ਫੁੱਟਬਾਲ ਦੇ ਨਵੇਂ ਸੀਜ਼ਨ ਯਾਨਿ 2019-20 ਵਿਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੁਮਾਂਚਕਾਰੀ ਹੋਣ ਦੀ ਉਮੀਦ ਹੈ, ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁੱਟਬਾਲ ਲੀਗ 'ਲਾ-ਲੀਗਾ' ਵਿਚ ਮਹਾਂਰਥੀ ਟੀਮ ਰਿਅਲ ਮੈਡ੍ਰਿਡ ਨੇ ਆਪਣੇ ਸਫਲ ਕੋਚ ਜ਼ੀਨੇਦਿਨ ਜ਼ੀਡਾਨ ਦੀ ਵਾਪਸੀ ਦੇ ਬਾਅਦ ਟੀਮ ਦੀ ਨਵੇਂ ਸਿਰਿਓਂ ਤਿਆਰੀ ਦਾ ਕੰਮ ਆਰੰਭਿਆ ਹੈ। ਰਿਅਲ ਮੈਡ੍ਰਿਡ ਦੇ ਸਾਬਕਾ ਸਟਾਰ ਕ੍ਰਿਸਟੀਆਨੋ ਰੋਨਾਲਡੋ ਵਲੋਂ ਪਿਛਲੇ ਸਾਲ ਕਲੱਬ ਛੱਡ ਕੇ ਇਟਲੀ ਦੀ ਟੀਮ ਜੁਵੈਂਟਸ ਨਾਲ ਜਾ ਜੁੜਨ ਕਰਕੇ ਪੈਦਾ ਹੋਏ ਖਲਾਅ ਨੂੰ ਭਰਨ ਲਈ ਹੁਣ ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਐਜ਼ਾਰਡ ਨੂੰ ਲਿਆਂਦਾ ਗਿਆ ਹੈ। ਦੂਜੇ ਪਾਸੇ ਰਿਅਲ ਮੈਡ੍ਰਿਡ ਦੇ ਵਿਰੋਧੀ ਬਾਰਸੀਲੋਨਾ ਲਈ ਲਿਓਨੇਲ ਮੈਸੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਤਿਆਰ ਹੈ, ਜਦਕਿ ਫਰਾਂਸ ਦਾ ਵਿਸ਼ਵ ਕੱਪ ਜੇਤੂ ਫ਼ਾਰਵਰਡ ਐਂਟੋਇਨ ਗ੍ਰੀਜ਼ਮੈਨ ਵੀ ਹੁਣ ਬਾਰਸੀਲੋਨਾ ਲਈ ਖੇਡੇਗਾ। ਸਪੇਨ ਦੀ ਲੀਗ ਵਿਚ ਐਟਲੈਂਟਿਕੋ ਮੈਡ੍ਰਿਡ ਦੀ ਤੇਜ਼-ਤਰਾਰ ਟੀਮ ਵੀ ਖਿਤਾਬੀ ਦੌੜ ਨੂੰ ਤਿਕੋਣਾ ਬਣਾ ਸਕਦੀ ਹੈ। ਇਟਲੀ ਦੇ ਇਤਿਹਾਸਕ ਕਲੱਬ ਜੁਵੈਂਟਸ ਨੇ ਪਿਛਲੇ ਕਈ ਸਾਲਾਂ ਤੋਂ ਲੀਗ ਦਾ ਖਿਤਾਬ ਜਿੱਤ ਕੇ ਵਿਸ਼ਵ ਪੱਧਰ ਉੱਤੇ ਆਪਣੀ ਪੁਰਾਣੀ ਸਾਖ ਦੁਬਾਰਾ ਹਾਸਲ ਕਰ ਲਈ ਹੈ ਅਤੇ ਹੁਣ ਉਸ ਕੋਲ ਕ੍ਰਿਸਟਿਆਨੋ ਰੋਨਾਲਡੋ ਵੀ ਹੈ। ਮਿਲਾਨ ਸ਼ਹਿਰ ਦੀਆਂ ਦੋਵੇਂ ਟੀਮਾਂ, ਇੰਟਰ ਮਿਲਾਨ ਅਤੇ ਏ.ਸੀ ਮਿਲਾਨ, ਖਿਤਾਬੀ ਦੌੜ ਵਿਚ ਵਾਪਸੀ ਕਰਨ ਲਈ ਬੇਤਾਬ ਹਨ, ਜਦਕਿ ਨਾਪੋਲੀ ਦੀ ਟੀਮ ਵੀ ਛੁਪਿਆ ਰੁਸਤਮ ਸਾਬਤ ਹੋ ਰਹੀ ਹੈ। ਜਰਮਨੀ ਦੀ ਰਾਸ਼ਟਰੀ ਲੀਗ ਵਿਚ ਇਕ ਵਾਰ ਫਿਰ ਬਰੂਸ਼ੀਆ ਡਾਰਟਮੰਡ ਕਲੱਬ ਵਲੋਂ ਹੀ ਲੀਗ ਜੇਤੂ ਕਲੱਬ ਬਾਇਰਨ ਮਿਊਨਿਖ ਜਿਸ ਨੂੰ ਆਦਮ ਕਲੱਬ ਵੀ ਕਿਹਾ ਜਾਂਦਾ ਹੈ, ਨੂੰ ਟੱਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲੈਂਡ ਦੇਸ਼ ਦੀ 'ਡੱਚ ਲੀਗ' ਵਿਚ ਪੀ.ਐਸ.ਵੀ. ਆਈਂਡਹੋਵਨ ਅਤੇ ਮੌਜੂਦਾ ਜੇਤੂ ਫੁੱਟਬਾਲ ਅਕੈਡਮੀ ਵਜੋਂ ਜਾਣੇ ਜਾਂਦੇ ਇਤਿਹਾਸਕ ਕਲੱਬ ਆਈਜੈਕਸ ਦਰਮਿਆਨ ਹੀ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਕੱਪ ਜੇਤੂ ਦੇਸ਼ ਫਰਾਂਸ ਦੀ ਲੀਗ ਵਿਚ ਮੌਜੂਦਾ ਜੇਤੂ ਪੀ.ਐਸ.ਜੀ. ਦੀ ਟੀਮ ਹੀ ਆਪਣੇ ਕੋਚ ਟੋਮਸ ਟੂਚਲ ਦੀ ਅਗਵਾਈ ਹੇਠ ਕਮਾਲ ਕਰਨ ਦੇ ਸਮਰੱਥ ਲਗਦੀ ਹੈ। ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ 'ਪ੍ਰੀਮੀਅਰ ਲੀਗ' 'ਚ ਖਿਤਾਬ ਲਈ 2, 3 ਜਾਂ 4 ਨਹੀਂ, ਬਲਕਿ 6 ਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਜੇਤੂ ਮਾਨਚੈਸਟਰ ਸਿਟੀ, ਮਾਨਚੈਸਟਰ ਯੂਨਾਈਟਿਡ, ਚੇਲਸੀ, ਆਰਸਨਲ, ਟਾਟਨਹੈਮ ਹਾਟਸਪਰ ਅਤੇ ਲਿਵਰਪੂਲ ਸਾਰਿਆਂ ਨੇ ਹੀ ਖਿਤਾਬ ਲਈ ਤਿਆਰੀ ਕੀਤੀ ਹੈ। ਇੰਗਲੈਂਡ ਦੇ ਸਭ ਤੋਂ ਇਤਿਹਾਸਕ ਕਲੱਬ ਲਿਵਰਪੂਲ ਦੇ ਮੈਨੇਜਰ ਜਰਗਨ ਕਲੌਪ ਨੇ ਪਿਛਲੇ ਸੀਜ਼ਨ ਨਵੇਂ ਚਿਹਰੇ ਕਲੱਬ ਵਿਚ ਲਿਆਂਦੇ ਸਨ, ਤਾਂ ਜੋ ਲਿਵਰਪੂਲ ਦਾ ਸੁਨਹਿਰੀ ਸਮਾਂ ਵਾਪਸ ਲਿਆਂਦਾ ਜਾ ਸਕੇ ਅਤੇ ਯੂਏਫਾ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣ ਉਪਰੰਤ ਹੁਣ ਲੀਗ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਖਿਤਾਬ ਜਿੱਤਣ ਲਈ ਉਨ੍ਹਾਂ ਹੀ ਖਿਡਾਰੀਆਂ ਉੱਪਰ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਆਰਸਨਲ ਕਲੱਬ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ, ਜਿਸ ਨੇ 22 ਸਾਲ ਬਾਅਦ ਆਪਣੇ ਸਾਬਕਾ ਹੈੱਡ ਕੋਚ ਆਰਸਨ ਵੈਂਗਰ ਦੇ ਬਿਨਾਂ ਪਹਿਲਾ ਸੀਜ਼ਨ ਮੁਸ਼ਕਿਲ ਨਾਲ ਮੁਕੰਮਲ ਕੀਤਾ ਸੀ ਅਤੇ ਹੁਣ ਨਵੇਂ ਕੋਚ ਊਨਾਈ ਐਮਰੀ ਆਪਣੇ ਦੂਜੇ ਸੀਜ਼ਨ ਵਿਚ ਇਸ ਆਕਰਸ਼ਕ ਟੀਮ ਨੂੰ ਅੱਗੇ ਤੋਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਦੇ ਸਭ ਤੋਂ ਅਮੀਰ ਕਲੱਬ ਅਤੇ ਸਾਬਕਾ ਜੇਤੂ ਮਾਨਚੈਸਟਰ ਸਿਟੀ ਨੇ ਆਪਣੇ ਅਰਬੀ ਸ਼ੇਖ ਮਾਲਕਾਂ ਦੀ ਅਥਾਹ ਦੌਲਤ ਅਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕੋਚ ਅਤੇ ਸਾਬਕਾ ਬਾਰਸੀਲੋਨਾ ਮੈਨੇਜਰ ਪੈੱਪ ਗੁਆਰਡੀਓਲਾ ਦੇ ਸਹਾਰੇ ਆਪਣੀ ਟੀਮ ਬੇਹੱਦ ਮਜ਼ਬੂਤ ਕੀਤੀ ਹੋਈ ਹੈ। ਇਸ ਲੀਗ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਇਹ ਲੀਗ ਫੁੱਟਬਾਲ ਦਾ ਅਸਲ ਰੰਗ ਵਿਖਾਉਂਦੀ ਹੈ। ਇਨ੍ਹਾਂ ਸਾਰੀਆਂ ਲੀਗਾਂ ਦੇ ਮੁਕਾਬਲੇ ਹੁਣ ਅਗਸਤ ਮਹੀਨੇ ਸ਼ੁਰੂ ਹੋਣ ਉਪਰੰਤ ਅਗਲੇ ਸਾਲ ਮਈ ਤੱਕ ਚੱਲਣਗੇ, ਜਦੋਂ ਨਵੇਂ ਜੇਤੂ ਮਿਲਣਗੇ। ਉਦੋਂ ਤੱਕ ਫੁੱਟਬਾਲ ਦਾ ਇਹ ਸੀਜ਼ਨ ਆਪਣਾ ਪੂਰਾ ਜਲਵਾ ਵਿਖਾਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਮਹਿਲਾ ਖਿਡਾਰੀਆਂ ਦੀ ਕਮਾਈ

ਇਹ ਹਾਲੇ ਵੀ ਹੈ ਮਰਦਾਂ ਤੋਂ ਬਹੁਤ ਘੱਟ

ਫੋਰਬਸ ਦੀ ਸਾਲਾਨਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਦੀ ਸੂਚੀ ਵਿਚ ਪਹਿਲੀ ਵਾਰ ਇਕ ਭਾਰਤੀ ਮਹਿਲਾ ਨੇ ਵੀ ਪਹਿਲੇ 20 ਖਿਡਾਰੀਆਂ ਵਿਚ ਆਪਣੀ ਥਾਂ ਬਣਾਈ ਹੈ। ਜੀ ਹਾਂ! ਤੁਸੀਂ ਸਹੀ ਸਮਝਿਆ ਇਹ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਹੀ ਹੈ। 6 ਅਗਸਤ, 2019 ਨੂੰ ਸਾਲ 2018 ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ, ਜਿਨ੍ਹਾਂ 15 ਮਹਿਲਾ ਖਿਡਾਰੀਆਂ ਦੀ ਫੋਰਬਸ ਸੂਚੀ ਜਾਰੀ ਹੋਈ ਹੈ, ਉਸ ਵਿਚ 13ਵੇਂ ਨੰਬਰ 'ਤੇ ਪੀ. ਵੀ. ਸਿੰਧੂ ਹੈ। ਉਨ੍ਹਾਂ ਦੇ ਨਾਲ ਅਮਰੀਕੀ ਟੈਨਿਸ ਸਟਾਰ ਅਤੇ ਸਾਲ 2018 ਵਿਚ ਫ੍ਰੈਂਚ ਓਪਨ ਅਤੇ ਅਮਰੀਕੀ ਓਪਨ ਦੀ ਰਨਰਸ-ਅਪ ਰਹੀ ਮੈਡੀਸਨ ਕੀਸ ਵੀ ਹੈ। ਪੀ. ਵੀ. ਸਿੰਧੂ ਦੀ ਪਿਛਲੇ ਸਾਲ ਕਮਾਈ 55 ਲੱਖ ਅਮਰੀਕੀ ਡਾਲਰ ਭਾਵ ਲਗਪਗ 38 ਕਰੋੜ 86 ਲੱਖ ਰੁਪਏ ਰਹੀ ਹੈ।
ਇਸ ਸੂਚੀ ਵਿਚ ਸਭ ਤੋਂ ਉੱਪਰ ਸੈਰੇਨਾ ਵਿਲੀਅਮਸ ਦਾ ਨਾਂਅ ਹੈ, ਜਿਸ ਦੀ ਕਮਾਈ ਸਾਲ 2018 ਵਿਚ 2.92 ਕਰੋੜ ਅਮਰੀਕੀ ਡਾਲਰ ਰਹੀ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਵੀ ਜਾਪਾਨ ਦੀ ਇਕ ਟੈਨਿਸ ਖਿਡਾਰੀ ਨਾਓਮੀ ਓਸਾਕਾ ਹੀ ਹੈ, ਜਿਸ ਨੇ ਸਾਲ 2018 ਵਿਚ 2.43 ਕਰੋੜ ਅਮਰੀਕੀ ਡਾਲਰ ਦੀ ਕਮਾਈ ਕੀਤੀ। ਦੁਨੀਆ ਦੀ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਨੇ ਸਾਲ 2018 ਵਿਚ ਮਿਲ ਕੇ 14.6 ਕਰੋੜ ਅਮਰੀਕੀ ਡਾਲਰ ਕਮਾਇਆ। ਇਹ ਰਕਮ ਪਿਛਲੇ ਸਾਲ ਦੀ 13 ਕਰੋੜ ਅਮਰੀਕੀ ਡਾਲਰ ਤੋਂ ਲਗਪਗ ਡੇਢ ਕਰੋੜ ਡਾਲਰ ਜ਼ਿਆਦਾ ਹੈ। ਫੋਰਬਸ ਅਨੁਸਾਰ ਪਿਛਲੇ ਸਾਲ ਲਗਪਗ 38 ਕਰੋੜ 46 ਲੱਖ ਰੁਪਏ ਦੀ ਕਮਾਈ ਕਰਨ ਵਾਲੀ ਪੀ. ਵੀ. ਸਿੰਧੂ ਭਾਰਤੀ ਮਹਿਲਾ ਖਿਡਾਰੀਆਂ ਵਿਚੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਇਸ ਲਈ ਬਣੀ, ਕਿਉਂਕਿ ਉਹ ਸਾਲ 2018 ਦੇ ਸੀਜ਼ਨ ਦੇ ਅਖ਼ੀਰ ਵਿਚ ਵੀ. ਡਬਿਲਊ. ਐਫ. ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਸੀ। ਇਸ ਤੋਂ ਇਲਾਵਾ ਉਸ ਦੇ ਕੋਲ ਬ੍ਰਿਜਸਟੋਨ, ਜੇ. ਬੀ. ਐਲ. ਗਾਟੋਰਾਡੇ, ਪੈਨਾਸੋਨਿਕ ਵਰਗੀਆਂ ਕਾਰਪੋਰੇਟ ਕੰਪਨੀਆਂ ਦੇ ਇਸ਼ਤਿਹਾਰ ਵੀ ਹਨ।
ਮਹਿਲਾ ਅਥਲੀਟਾਂ ਵਿਚਾਲੇ ਕਮਾਈ ਦੀ ਕਿਸੇ ਵੀ ਸੂਚੀ ਵਿਚ ਆਮ ਤੌਰ 'ਤੇ ਆਪਣਾ ਦਬਦਬਾ ਰੱਖਣ ਵਾਲੀ ਸੈਰੇਨਾ ਵਿਲੀਅਮਸ ਬਾਰੇ ਫੋਰਬਸ ਦਾ ਮੰਨਣਾ ਹੈ ਕਿ 37 ਸਾਲਾ ਇਹ ਜੀਨੀਅਸ ਖਿਡਾਰੀ ਜਦੋਂ ਇਕ ਸਾਲ ਬਾਅਦ ਖੇਡਣਾ ਛੱਡ ਦੇਵੇਗੀ, ਉਦੋਂ ਵੀ ਆਪਣੀ ਕਮਾਈ ਨੂੰ ਇਸੇ ਪੱਧਰ 'ਤੇ ਬਰਕਰਾਰ ਰੱਖੇਗੀ, ਕਿਉਂਕਿ ਉਸ ਦੇ ਨਾਂਅ ਦਾ ਜਿਨ੍ਹਾਂ ਦੋ ਖੇਤਰਾਂ ਵਿਚ ਸਿੱਕਾ ਚੱਲ ਰਿਹਾ ਹੈ, ਉਸ ਵਿਚ ਉਸ ਦੀ ਕਮਾਈ ਚੰਗੀ ਹੋ ਰਹੀ ਹੈ। ਵਰਣਨਯੋਗ ਹੈ ਕਿ ਸੈਰੇਨਾ ਆਪਣੀ ਅਗਲੀ ਪਾਰੀ ਦੇ ਰੂਪ ਵਿਚ ਬ੍ਰਾਂਡੇਡ ਕੱਪੜੇ ਵੇਚੇਗੀ, ਜੋ ਉਸੇ ਦੇ ਨਾਂਅ 'ਐਸ ਬਾਈ ਸੈਰੇਨਾ' ਬਰਾਂਡ ਦੇ ਰੂਪ ਵਿਚ ਵਿਕਣਗੇ। ਨਾਲ ਹੀ ਉਸ ਦੀ ਇਕ ਜਿਊਲਰੀ ਦਾ ਵੀ ਬ੍ਰਾਂਡ ਹੈ। ਪਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਖਿਡਾਰੀਆਂ ਦੀ ਇਹ ਸੂਚੀ ਉਦੋਂ ਸਭ ਤੋਂ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ, ਜਦੋਂ ਅਸੀਂ ਇਸ ਦੀ ਤੁਲਨਾ ਦੁਨੀਆ ਦੇ ਮਰਦ ਖਿਡਾਰੀਆਂ ਦੀ ਸੂਚੀ ਨਾਲ ਕਰਦੇ ਹਾਂ।
ਵਰਣਨਯੋਗ ਹੈ ਕਿ 50 ਲੱਖ ਡਾਲਰ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਪੁਰਸ਼ ਖਿਡਾਰੀਆਂ ਦੀ ਗਿਣਤੀ 1300 ਤੋਂ ਵੀ ਜ਼ਿਆਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਥੇ 1300, ਕਿਥੇ ਸਿਰਫ਼ 15 ਖਿਡਾਰੀ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਮਰਦ ਅਤੇ ਔਰਤ ਵਿਚਾਲੇ ਹਰ ਖੇਤਰ ਵਿਚ ਕਿੰਨਾ ਜ਼ਿਆਦਾ ਭੇਦ-ਭਾਵ ਹੁੰਦਾ ਹੈ। ਇਸ ਨੂੰ ਇਸ ਲਈ ਵੀ ਦੇਖਿਆ ਜਾ ਸਕਦਾ ਹੈ ਕਿ ਦੁਨੀਆ ਦੀਆਂ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਮਿਲ ਕੇ ਇਕੱਲੇ ਲਿਓਨੇਲ ਮੈਸੀ ਦੇ ਲਗਪਗ ਬਰਾਬਰ ਹੀ ਕਮਾ ਪਾਉਂਦੀਆਂ ਹਨ। ਲਿਓਨੇਲ ਮੈਸੀ ਨੇ ਸਾਲ 2019 ਵਿਚ ਇਕੱਲੇ 127 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਔਰਤਾਂ ਦੀ ਤਕਰੀਬਨ 15 ਖਿਡਾਰੀਆਂ ਦੇ ਕਮਾਈ ਤੋਂ ਥੋੜ੍ਹਾ ਹੀ ਘੱਟ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤਾਂ ਨੂੰ ਹਾਲੇ ਮਰਦਾਂ ਜਿੰਨੀ ਕਮਾਈ ਤੱਕ ਪਹੁੰਚਣ ਵਿਚ ਕਿੰਨਾ ਸਮਾਂ ਲੱਗੇਗਾ।
ਦੂਜੀ ਵੱਡੀ ਗੱਲ ਇਹ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਖੇਡਾਂ ਵਿਚ ਸਿਰਫ਼ ਤਿੰਨ ਖੇਡਾਂ ਹੀ ਸ਼ਾਮਿਲ ਹਨ। ਪਹਿਲੇ ਨੰਬਰ 'ਤੇ ਫੁੱਟਬਾਲ ਹੈ। ਦੁਨੀਆ ਦੇ 5 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ ਫੁੱਟਬਾਲਰ ਹੀ ਹਨ। ਦੂਜੇ ਨੰਬਰ 'ਤੇ ਬਾਸਕਟਬਾਲ ਦੇ ਖਿਡਾਰੀ ਹਨ, ਜੋ ਕਿ ਦੁਨੀਆ ਦੇ 10 ਮੁੱਖ ਖਿਡਾਰੀਆਂ ਵਿਚੋਂ ਦੋ ਹਨ। ਮੁੱਕੇਬਾਜ਼ੀ, ਟੈਨਿਸ ਅਤੇ ਐਮ. ਐਮ. ਏ. ਵਰਗੀਆਂ ਖੇਡਾਂ ਵਿਚੋਂ ਇਕ-ਇਕ ਖਿਡਾਰੀ ਸ਼ਾਮਿਲ ਹਨ। ਜੇਕਰ ਸਭ ਤੋਂ ਜ਼ਿਆਦਾ ਕਮਾਈ ਨੂੰ ਦੇਖਿਆ ਜਾਵੇ ਤਾਂ ਸਾਲ 2018 ਵਿਚ ਮੁੱਕੇਬਾਜ਼ ਫਲੋਏਡ ਮੇਵੇਦਾਰ ਦੀ ਰਹੀ, ਜਿਨ੍ਹਾਂ ਨੇ ਫੀਸ ਦੇ ਰੂਪ ਵਿਚ 275 ਮਿਲੀਅਨ ਡਾਲਰ, ਜਦ ਕਿ ਇਸ਼ਤਿਹਾਰ ਜ਼ਰੀਏ 10 ਮਿਲੀਅਨ ਡਾਲਰ ਕਮਾਏ। ਇਸ ਤਰ੍ਹਾਂ ਸਾਲ 2018 ਵਿਚ ਮੇਵੇਦਾਰ ਨੇ 28 ਕਰੋੜ 5 ਲੱਖ ਡਾਲਰ ਕਮਾਏ। ਇਸ ਰਕਮ ਦੇ ਸਾਹਮਣੇ ਦੁਨੀਆ ਦੀਆਂ 15 ਚੋਟੀ ਦੀਆਂ ਮਹਿਲਾ ਖਿਡਾਰੀਆਂ ਇਸ ਦੇ ਅੱਧੇ ਦੇ ਬਰਾਬਰ ਵੀ ਨਹੀਂ ਪਹੁੰਚੀਆਂ।

ਕਬੱਡੀ ਦੇ ਨਵੇਂ ਸੀਜ਼ਨ ਲਈ ਨਵੀਆਂ ਚੁਣੌਤੀਆਂ

ਪੰਜਾਬੀਆਂ ਦੇ ਖੂੁਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦਾ ਜਿਉਂ-ਜਿਉਂ ਘੇਰਾ ਵਿਸ਼ਾਲ ਹੋ ਰਿਹਾ ਹੈ, ਤਿਉਂ-ਤਿਉਂ ਇਸ ਦੀਆਂ ਚੁਣੌਤੀਆਂ 'ਚ ਵੀ ਵਾਧਾ ਹੋ ਰਿਹਾ ਹੈ। ਦੇਸ਼-ਵਿਦੇਸ਼ 'ਚ ਸਰਗਰਮ ਕਬੱਡੀ ਨਾਲ ਸਬੰਧਤ ਜਥੇਬੰਦੀਆਂ ਵਲੋਂ ਹਰ ਵਾਰ ਕਬੱਡੀ ਲਈ ਕੁਝ ਨਾ ਕੁਝ ਨਵਾਂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਸਦਕਾ ਹਰ ਵਾਰ ਨਵੀਆਂ ਪ੍ਰਾਪਤੀਆਂ ਹੋ ਰਹੀਆਂ ਹਨ। ਇਸ ਵਾਰ ਪੰਜਾਬ ਦੀ ਧਰਤੀ 'ਤੇ ਕਬੱਡੀ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਹਰ ਵਾਰ ਦੀ ਤਰ੍ਹਾਂ ਅਗਲੇ ਵਰ੍ਹੇ ਦੇ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਇਸ ਸੀਜ਼ਨ ਤੋਂ ਪਹਿਲਾਂ ਕਬੱਡੀ ਸੰਚਾਲਕਾਂ ਨੂੰ ਨਵੇਂ ਯੁੱਗ ਦੀਆਂ ਨਵੀਆਂ ਚੁਣੌਤੀਆਂ ਨਾਲ ਨਿਪਟਣ ਲਈ ਯੋਜਨਾਬੰਦੀ ਨਾਲ ਚੱਲਣਾ ਪਵੇਗਾ।
ਪੰਜਾਬ ਦੀ ਕਬੱਡੀ ਦੇ ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨੇ ਬਹੁਤ ਸਾਰੇ ਪੜਾਅ ਪਾਰ ਕੀਤੇ ਹਨ। ਮਨੋਰੰਜਨ ਤੇ ਤੰਦਰੁਸਤੀ ਲਈ ਖੇਡੀ ਜਾਣ ਵਾਲੀ ਖੇਡ ਤੋਂ ਲੈਕੇ, ਮਾਣ-ਸਨਮਾਨ ਵਾਲਾ ਦੌਰ ਪਾਰ ਕਰਦੀ ਹੋਈ ਕਬੱਡੀ ਪਿਛਲੇ ਦੋ ਦਹਾਕਿਆਂ ਤੋਂ ਪੇਸ਼ੇਵਰ ਦੌਰ 'ਚ ਪ੍ਰਵੇਸ਼ ਕਰ ਚੁੱਕੀ ਹੈ। ਜਿਸ ਸਦਕਾ ਹੋਰਨਾਂ ਖੇਡਾਂ ਵਾਂਗ ਕਬੱਡੀ 'ਚ ਵੀ ਕਲੱਬਾਂ/ਅਕੈਡਮੀਆਂ ਦਾ ਦੌਰ ਸ਼ੁਰੂ ਹੋਇਆ। ਜਿਸ ਤਹਿਤ ਪੰਜਾਬ 'ਚ ਤਿੰਨ ਫੈਡਰੇਸ਼ਨਾਂ ਕਾਫੀ ਲੰਬੇ ਅਰਸੇ ਤੋਂ ਸਰਗਰਮ ਹਨ, ਜਿਨ੍ਹਾਂ ਨੇ ਕਬੱਡੀ ਨੂੰ ਪੇਸ਼ੇਵਰ ਲੀਹਾਂ 'ਤੇ ਪਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕੱਪਾਂ ਅਤੇ ਲੀਗਜ਼ ਨਾਲ ਵੀ ਕਬੱਡੀ ਦੇ ਮਿਆਰਾਂ 'ਚ ਵਾਧਾ ਹੋਇਆ।
ਇਸ ਖੇਡ ਨੂੰ ਮੈਦਾਨ 'ਚ ਅਤੇ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਦੇਖਣ ਵਾਲੇ ਖੇਡ ਪ੍ਰੇਮੀਆਂ ਦੀ ਗਿਣਤੀ ਲੱਖਾਂ 'ਚ ਹੋ ਗਈ ਹੈ, ਜਿਸ ਕਾਰਨ ਇਸ ਖੇਡ ਦੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ 'ਚ ਪ੍ਰਸਾਰਨ ਅਧਿਕਾਰਾਂ ਸਬੰਧੀ ਚਰਚਾ ਸ਼ੁਰੂ ਹੋਈ ਹੈ। ਕਬੱਡੀ ਦੀ ਖੇਡ ਦੇ ਪ੍ਰਸਾਰਨ ਲਈ ਟੂਰਨਾਮੈਂਟ ਸੰਚਾਲਕਾਂ ਨੂੰ ਬਕਾਇਦਾ ਰਾਸ਼ੀ ਪ੍ਰਦਾਨ ਕਰਨੀ ਪੈਂਦੀ ਹੈ, ਜਦੋਂ ਕਿ ਹੋਰਨਾਂ ਖੇਡਾਂ 'ਚ ਪ੍ਰਸਾਰਨ ਦੇ ਅਧਿਕਾਰ ਖੇਡ ਸੰਚਾਲਕਾਂ ਵਲੋਂ ਚੰਗੇ ਭੁਗਤਾਨ ਬਦਲੇ ਵੇਚੇ ਜਾਂਦੇ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ 'ਚ ਕ੍ਰਿਕਟ, ਹਾਕੀ, ਨੈਸ਼ਨਲ ਸਟਾਈਲ ਕਬੱਡੀ ਤੇ ਫੁੱਟਬਾਲ ਤੋਂ ਬਾਅਦ ਦਾਇਰੇ ਵਾਲੀ ਕਬੱਡੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਖੇਡ ਹੈ ਪਰ ਇਨ੍ਹਾਂ ਦੇ ਦਾਇਰੇ ਵਾਲੀ ਕਬੱਡੀ ਦੇ ਮੁਕਾਬਲੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਹਨ। ਫਿਰ ਵੀ ਉਪਰੋਕਤ ਚਾਰ ਖੇਡਾਂ ਦੇ ਪ੍ਰਸਾਰਨ ਬਦਲੇ ਖੇਡ ਪ੍ਰਬੰਧਕ ਚੰਗੀ ਕਮਾਈ ਕਰਦੇ ਹਨ। ਇਸੇ ਸੰਦਰਭ 'ਚ ਦਾਇਰੇ ਵਾਲੀ ਕਬੱਡੀ ਦੇ ਸੰਚਾਲਕਾਂ ਨੂੰ ਵੀ ਆਪਣੇ ਵੱਡੇ ਖਿਡਾਰੀਆਂ ਵਾਲੇ ਵਿਸ਼ਾਲ ਕੱਪਾਂ ਦੇ ਪ੍ਰਸਾਰਨ ਬਦਲੇ ਕਮਾਈ ਕਰਨ ਵਾਲੇ ਰਸਤੇ ਪੈਣ ਦਾ ਸਮਾਂ ਆ ਗਿਆ ਹੈ।
ਇਸ ਤੋਂ ਇਲਾਵਾ ਖੇਡ ਮੈਦਾਨਾਂ ਦੇ ਆਲੇ-ਦੁਆਲੇ ਵੱਖ-ਵੱਖ ਕੰਪਨੀਆਂ ਦੇ ਬੋਰਡ ਲਗਾ ਕੇ ਕਬੱਡੀ ਪ੍ਰਬੰਧਕਾਂ ਨੂੰ ਕਮਾਈ ਕਰਨੀ ਚਾਹੀਦੀ ਹੈ। ਤੀਸਰਾ ਮਸਲਾ ਖਿਡਾਰੀਆਂ ਲਈ ਸਪਾਂਸਰਸ਼ਿਪ ਦਾ ਹੈ। ਕਬੱਡੀ ਖਿਡਾਰੀਆਂ ਨੂੰ ਹਜ਼ਾਰਾਂ ਲੋਕ ਖੇਡ ਮੈਦਾਨਾਂ 'ਚ ਪੁੱਜ ਕੇ ਦੇਖਦੇ ਹਨ ਅਤੇ ਲੱਖਾਂ ਖੇਡ ਪ੍ਰੇਮੀ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਦੇਖਦੇ ਹਨ। ਸਾਡੇ ਖਿਡਾਰੀ ਆਪਣੇ ਮੈਚ ਖੇਡਣ ਦਾ ਭੁਗਤਾਨ ਤਾਂ ਚੰਗੀਆਂ ਰਾਸ਼ੀਆਂ 'ਚ ਲੈਣ ਲੱਗੇ ਹਨ ਪਰ ਆਪਣੇ-ਆਪਣੇ ਚਾਹੁਣ ਵਾਲਿਆਂ ਦੀ ਗਿਣਤੀ ਦਾ ਮੁੱਲ ਪਾਉਣ ਵਾਲੇ ਪਾਸੇ ਅਜੇ ਸਾਡੇ ਕਬੱਡੀ ਖਿਡਾਰੀ ਨਹੀਂ ਤੁਰੇ, ਜਦੋਂ ਕਿ ਹੋਰਨਾਂ ਖੇਡਾਂ ਵਾਲੇ ਖਿਡਾਰੀਆਂ ਦੀ ਕਿੱਟ (ਜਰਸੀ, ਨਿੱਕਰ ਤੇ ਬੂਟ) ਰਾਹੀਂ ਵੱਡੀਆਂ ਕੰਪਨੀਆਂ ਇਸ਼ਤਿਹਾਰਬਾਜ਼ੀ ਕਰਦੀਆਂ ਹਨ ਅਤੇ ਇਸ ਬਦਲੇ ਖਿਡਾਰੀ ਮੋਟੀਆਂ ਰਕਮਾਂ ਵਸੂਲਦੇ ਹਨ। ਇਸ ਦੇ ਉਲਟ ਸਾਡੇ ਕਬੱਡੀ ਖਿਡਾਰੀ ਵੱਖ-ਵੱਖ ਬ੍ਰਾਂਡਾਂ ਦੀਆਂ ਟੀ-ਸ਼ਰਟਸ, ਨਿੱਕਰਾਂ, ਲੋਅਰ ਤੇ ਬੂਟ ਪਹਿਨ ਕੇ ਮੁਫਤ 'ਚ ਸੋਸ਼ਲ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਖੇਡ ਪ੍ਰੇਮੀਆਂ ਦੇ ਰੂਬਰੂ ਹੁੰਦੇ ਹਨ ਅਤੇ ਬਹੁਤ ਸਾਰੀਆਂ ਕੰਪਨੀਆਂ ਦਾ ਮੁਫਤ 'ਚ ਪ੍ਰਚਾਰ ਕਰਦੇ ਹਨ।
ਉਪਰੋਕਤ ਕੁਝ ਨਵੀਆਂ ਚੁਣੌਤੀਆਂ ਬਾਰੇ ਚਰਚਾ ਕਰਨ ਦਾ ਮਕਸਦ ਇਹ ਹੈ ਕਿ ਸਾਡੇ 150 ਦੇ ਕਰੀਬ ਕਬੱਡੀ ਖਿਡਾਰੀਆਂ ਨੂੰ ਹੀ ਇੰਨੀ ਕੁ ਕਮਾਈ ਹੁੰਦੀ ਹੈ, ਜਿਸ ਨਾਲ ਉਹ ਚੰਗਾ ਜੀਵਨ ਬਸਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਇਲਾਵਾ ਹੋਰ ਹਜ਼ਾਰਾਂ ਖਿਡਾਰੀ ਅਜਿਹੇ ਹਨ, ਜੋ ਆਪਣੀ ਜਵਾਨੀ ਕਬੱਡੀ ਨੂੰ ਸਮਰਪਿਤ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕਬੱਡੀ ਤੋਂ ਏਨੀ ਕਮਾਈ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਦਾ ਜੀਵਨ ਨਿਰਬਾਹ ਹੋ ਸਕੇ। ਇਨ੍ਹਾਂ ਪ੍ਰਸਥਿਤੀਆਂ 'ਚ ਕਬੱਡੀ ਖਿਡਾਰੀਆਂ, ਫੈਡਰੇਸ਼ਨਾਂ ਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਕਬੱਡੀ ਹੁਣ ਉਸ ਸਥਿਤੀ 'ਚ ਆ ਚੁੱਕੀ ਹੈ, ਜਿਸ ਦੌਰਾਨ ਇਨਾਮਾਂ-ਸਨਮਾਨਾਂ ਤੋਂ ਇਲਾਵਾ ਵੀ ਮੀਡੀਆ ਰਾਹੀਂ ਕਮਾਈ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਨਾਲ ਜਿੱਥੇ ਸਿਖਰਲੇ ਖਿਡਾਰੀਆਂ ਦੀ ਕਮਾਈ 'ਚ ਚੋਖਾ ਵਾਧਾ ਹੋ ਸਕਦਾ ਹੈ, ਉੱਥੇ ਦਰਮਿਆਨੇ ਖਿਡਾਰੀ ਦੀ ਕਮਾਈ 'ਚ ਵੀ ਵਾਧਾ ਹੋਵੇਗਾ।


-ਪਟਿਆਲਾ। ਮੋਬਾ: 97795-90575

ਛੋਟੀ ਉਮਰੇ ਵਿਸ਼ਵ ਵਿਚ ਨਾਂਅ ਕਮਾਉਣ ਵਾਲਾ ਪੈਰਾ ਖਿਡਾਰੀ ਵਿਸ਼ਵ ਮੋਰਿੰਡਾ

ਦਰੋਣਾਚਾਰੀਆ ਐਵਾਰਡ ਵਿਜੇਤਾ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਦਾ ਤਰਾਸ਼ਿਆ ਹੀਰਾ ਪੰਜਾਬ ਦੇ ਸਹਿਰ ਮੋਰਿੰਡਾ ਦਾ ਜੰਮਪਲ ਵਿਸ਼ਵ ਆਉਣ ਵਾਲੇ ਸਮੇਂ ਦਾ ਉਹ ਰੌਸ਼ਨ ਸਿਤਾਰਾ ਹੈ, ਜੋ ਆਪਣੀ ਖੇਡ ਕਲਾ ਦੇ ਬਿਹਤਰੀਨ ਪ੍ਰਦਰਸ਼ਨ ਸਦਕਾ ਪੂਰੇ ਭਾਰਤ ਦਾ ਨਾਂਅ ਰੁਸ਼ਨਾਏਗਾ, ਜਿਸ ਦੀ ਮਜ਼ਬੂਤ ਨੀਂਹ ਉਸ ਨੇ ਹੁਣੇ ਤੋਂ ਹੀ ਰੱਖ ਦਿੱਤੀ ਹੈ। ਪਿਤਾ ਦਵਿੰਦਰ ਸਿੰਘ ਦੇ ਘਰ ਮਾਤਾ ਵੰਦਨਾ ਦੀ ਕੁੱਖੋਂ ਜਨਮ ਲੈਣ ਵਾਲਾ ਵਿਸ਼ਵ ਜਨਮ ਤੋਂ ਹੀ ਅਪਾਹਜ ਸੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਹੋਣ ਕਰਕੇ ਉਹ ਸਾਰੀ ਉਮਰ ਚੱਲ ਸਕਣ ਤੋਂ ਅਸਮਰੱਥ ਸੀ, ਭਾਵੇਂ ਉਸ ਦੇ ਜਨਮ ਲੈਣ ਸਮੇਂ ਘਰ ਵਿਚ ਖੁਸ਼ੀਆਂ ਦੀ ਚਹਿਲ-ਪਹਿਲ ਹੋਈ ਪਰ ਬੱਚੇ ਦੇ ਜਨਮ ਤੋਂ ਹੀ ਅਪਾਹਜ ਹੋਣ ਦੀ ਪੁਸ਼ਟੀ ਨੇ ਘਰ ਵਿਚ ਆਈਆਂ ਖੁਸ਼ੀਆਂ ਵੀ ਬੇਗਾਨੀਆਂ ਜਿਹੀਆਂ ਜਾਪਣ ਲੱਗੀਆਂ ਪਰ ਸ਼ਾਇਦ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਅਪਾਹਜ ਵਿਸ਼ਵ ਇਕ ਦਿਨ ਆਪਣਾ ਅਤੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਰੌਸ਼ਨ ਕਰੇਗਾ।
ਵਿਸ਼ਵ ਪ੍ਰਸਿੱਧ ਪੈਰਾ ਖਿਡਾਰਨ ਦੀਪਾ ਮਲਕ ਨੂੰ ਟੈਲੀਵਿਜ਼ਨ 'ਤੇ ਵੀਲ੍ਹਚੇਅਰ 'ਤੇ ਖੇਡਦਿਆਂ ਵੇਖਿਆ ਤਾਂ ਵਿਸ਼ਵ ਨੇ ਸੋਚਿਆ ਕਿ ਉਹ ਵੀ ਦੀਪਾ ਮਲਕ ਵਾਂਗ ਹੀ ਇਕ ਦਿਨ ਖੇਡੇਗਾ ਅਤੇ ਆਪਣੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਗੁਰੂ ਦੀ ਤਲਾਸ਼ ਹੋਣ ਲੱਗੀ ਅਤੇ ਉਸ ਦੀ ਮੁਲਾਕਾਤ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਨਾਲ ਹੋਈ। ਬਸ ਵਿਸ਼ਵ ਲਈ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਸਾਬਤ ਹੋਈ ਅਤੇ ਜਿਵੇਂ ਦਰੋਣਾਚਾਰੀਆ ਦੀ ਪਾਰਖੂ ਅੱਖ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨਣ ਵਾਲੇ ਅਰਜਨ 'ਤੇ ਪਈ, ਇਸੇ ਤਰ੍ਹਾਂ ਹੀ ਦਰੋਣਾਚਾਰੀਆ ਵਿਜੇਤਾ ਡਾ: ਸੱਤਪਾਲ ਸਿੰਘ ਦੀ ਪਾਰਖੂ ਨਜ਼ਰ ਨੇ ਵੀ ਵਿਸ਼ਵ ਨੂੰ ਅਰਜਨ ਦੇ ਰੂਪ ਵਿਚ ਲੱਭ ਲਿਆ ਅਤੇ ਸ਼ੁਰੂ ਹੋਈ ਉਸਤਾਦ ਅਤੇ ਚੇਲੇ ਦੀ ਗੁਰ ਵਿੱਦਿਆ। ਵਿਸ਼ਵ ਨੇ ਸਾਲ 2017 ਵਿਚ ਡੁਬਈ ਵਿਖੇ ਜੂਨੀਅਰ ਏਸ਼ੀਅਨ ਖੇਡਾਂ ਵਿਚ ਡਿਸਕਸ ਅਤੇ ਸ਼ਾਟਪੁੱਟ ਖੇਡਦਿਆਂ ਪੰਜਵਾਂ ਸਥਾਨ ਹਾਸਲ ਕਰਕੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ। ਸਾਲ 2018 ਵਿਚ ਬੰਗਲੌਰ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਆਪਣੇ ਨਾਂਅ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ।
ਜੇਕਰ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਾਪਤੀ ਦਾ ਜ਼ਿਕਰ ਕਰੀਏ ਤਾਂ ਸਾਲ 2019 ਵਿਚ ਹੀ 1 ਅਗਸਤ ਤੋਂ 4 ਅਗਸਤ ਤੱਕ ਸਵਿੱਟਜ਼ਰਲੈਂਡ ਵਿਖੇ ਵਰਲਡ ਪੈਰਾ ਜੂਨੀਅਰ ਚੈਂਪੀਅਨਸ਼ਿਪ ਵਿਚ ਵਿਸ਼ਵ ਨੇ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜੈਵਲਿਨ ਥਰੋ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ ਜਾਣੀ ਗੋਲਾ ਸੁੱਟਣ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਵਿਸ਼ਵ ਦੇ 50 ਖਿਡਾਰੀਆਂ ਵਿਚ ਸੋਨ ਤਗਮਾ ਜਿੱਤਣ ਵਾਲਾ ਵਿਸ਼ਵ ਚੈਂਪੀਅਨ ਬਣਿਆ ਅਤੇ ਭਾਰਤ ਦਾ ਨਾਂਅ ਵਿਸ਼ਵ ਵਿਚ ਚਮਕਾਇਆ। ਘਰ ਦੀਆਂ ਆਰਥਿਕ ਲੋੜਾਂ-ਥੁੜਾਂ ਦਾ ਸ਼ਿਕਾਰ ਵਿਸ਼ਵ ਇਕ ਪਾਸੇ ਆਪਣੀ ਪੜ੍ਹਾਈ ਲਈ ਯਤਨਸ਼ੀਲ ਹੈ ਅਤੇ ਉਸ ਦਾ ਸਭ ਤੋਂ ਵੱਡਾ ਸੁਪਨਾ ਸਾਲ 2020 ਵਿਚ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਣ ਜਾ ਰਹੀਆਂ ਪੈਰਾ ਉਲੰਪਿਕ ਵਿਚ ਖੇਡਦਿਆਂ ਦੇਸ਼ ਲਈ ਸੋਨ ਤਗਮਾ ਹਾਸਲ ਕਰਕੇ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਹੈ।

-ਮੋਗਾ। ਮੋਬਾ: 98551-14484

ਕਬੱਡੀ ਦੇ ਖੇਤਰ 'ਚ ਉੱਭਰਦਾ ਜਾਫ਼ੀ ਗੁਲਾਬ ਚੱਬਾ

ਕਬੱਡੀ ਦੇ ਖੇਤਰ ਵਿਚ ਮਾਝੇ ਦਾ ਉੱਭਰਦਾ ਜਾਫ਼ੀ ਹੈ ਗੁਲਾਬ ਚੱਬਾ, ਜਿਸ ਨੇ ਪਿਤਾ ਸ: ਨਿਰਵੈਰ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1993 ਨੂੰ ਤਰਨ ਤਾਰਨ ਰੋਡ 'ਤੇ ਪੈਂਦੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮ ਲਿਆ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਲਾਕੇ 'ਚ ਹੁੰਦੇ ਕਬੱਡੀ ਮੈਚਾਂ ਦੌਰਾਨ ਕਬੱਡੀ ਸਟਾਰ ਸਵ: ਸੁਖਮਨ ਚੋਹਲੇ ਨੂੰ ਕਬੱਡੀ ਖੇਡਦਿਆਂ ਦੇਖਿਆ ਤਾਂ ਉਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਗੁਲਾਬ ਸਿੰਘ ਨੇ ਵੀ ਕਬੱਡੀ ਦੇ ਖੇਤਰ ਵੱਲ ਰੁਖ਼ ਕਰ ਲਿਆ। 2015 'ਚ ਬ੍ਰਹਮ ਗਿਆਨੀ ਬਾਬਾ ਨਾਂਗਾ ਜੀ ਦੇ ਸਾਲਾਨਾ ਕਬੱਡੀ ਕੱਪ ਦੌਰਾਨ ਗੁਲਾਬੇ ਨੇ ਕਬੱਡੀ ਦੇ ਮੈਦਾਨ 'ਚ ਪੈਰ ਧਰਿਆ, ਜਿੱਥੇ ਉਸ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਗੁਲਾਬੇ ਦੀ ਇਸ ਖੇਡ ਨੂੰ ਦੇਖਦਿਆਂ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਵਲੋਂ ਦੇਸੀ ਘਿਓ ਦੇ ਪੀਪਿਆਂ, ਬਦਾਮਾਂ ਦੀਆਂ ਬੋਰੀਆਂ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਗੁਲਾਬਾ ਮਿਲੀ ਹੱਲਾਸ਼ੇਰੀ ਤੋਂ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਸ੍ਰੀ ਮਿਸਲ ਸ਼ਹੀਦਾਂ ਮੁਖੀ ਤਰਨਾ ਦਲ ਬਾਬਾ ਬਕਾਲਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਸ਼ਹੀਦ ਬਾਬਾ ਨੌਧ ਸਿੰਘ ਅਕੈਡਮੀ ਚੱਬਾ ਦੀ ਟੀਮ 'ਚ ਸ਼ਾਮਿਲ ਹੋ ਗਿਆ। ਇਸ ਟੀਮ ਵਿਚ ਖੇਡਦਿਆਂ ਉਸ ਨੇ ਆਪਣੀ ਮਿਹਨਤ ਸਦਕਾ ਚੰਗੇ-ਚੰਗੇ ਉੱਭਰਦੇ ਧਾਵੀਆ ਨੂੰ ਮਾਤ ਦਿੱਤੀ ਤੇ ਅਕੈਡਮੀ 'ਚ ਇਕ ਚੰਗਾ ਨਾਮਵਰ ਜਾਫ਼ੀ ਹੋਣ ਦਾ ਮਾਣ ਪ੍ਰਾਪਤ ਕਰਕੇ ਅਨੇਕਾਂ ਹੀ ਮਾਣ-ਸਨਮਾਨ ਹਾਸਲ ਕਰਕੇ ਅਕੈਡਮੀ ਦਾ ਨਾਂਅ ਉੱਚਾ ਕੀਤਾ। ਮਾਝੇ ਵਿਚ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਜਿੱਥੇ ਗੁਲਾਬਾ ਮੈਚ ਨਾ ਖੇਡਿਆ ਹੋਊ।
ਕਬੱਡੀ ਦੇ ਦਾਅ-ਪੇਚ ਸਿੱਖਣ ਲਈ ਉਸ ਨੇ ਕੁਲਵੰਤ ਜੋਗੇਵਾਲੀਆ ਨੂੰ ਉਸਤਾਦ ਧਾਰਿਆ। ਹੁਣ ਤੱਕ ਗੁਲਾਬ ਨੇ 300 ਦੇ ਕਰੀਬ ਮੈਚ ਖੇਡੇ ਹਨ। ਉਹ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਪੰਜਾਬ ਵਿਚ ਆਪਣਾ ਨਾਂਅ ਬਣਾ ਰਿਹਾ ਹੈ। ਗੁਲਾਬ ਦਾ ਪ੍ਰਦਰਸ਼ਨੀ ਕੱਦ 6 ਫੁੱਟ ਤੇ ਭਾਰ 93 ਕਿੱਲੋ ਦੇ ਕਰੀਬ ਹੈ। ਪਹਾੜਾਂ ਜਿੱਡੀ ਚੌੜੀ ਛਾਤੀ ਵਾਲਾ ਸਿੱਖ ਸਰਦਾਰ ਚੰਗੇ-ਚੰਗੇ ਧਾਵੀਆਂ ਨੂੰ ਜਦੋਂ ਜੱਫ਼ੇ ਲਾਉਂਦਾ ਹੈ ਤਾਂ ਕਬੱਡੀ ਦੇ ਪਿੜਾਂ 'ਚੋਂ ਸਰੋਤਿਆਂ ਦੀਆਂ ਤਾੜੀਆਂ ਦੀ ਗੂੰਜ ਗੁਲਾਬੇ ਨੂੰ ਹੋਰ ਵੀ ਉਤਸ਼ਾਹਿਤ ਕਰਦੀ ਹੈ। ਇਸ ਖੇਤਰ ਵਿਚ ਉਹ ਆਪਣੇ ਪੂਰੇ ਪਰਿਵਾਰ ਸਮੇਤ ਜਥੇਦਾਰ ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦਾ ਬਹੁਤ ਸਹਿਯੋਗ ਮੰਨਦਾ ਹੈ। ਉਸ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਜਲਾਲਪੁਰੀਏ ਪਾਲੇ ਵਾਂਗ ਕਬੱਡੀ ਖੇਡਣਾ ਚਾਹੁੰਦਾ ਹਾਂ।


-ਚੱਬਾ, ਅੰਮ੍ਰਿਤਸਰ। ਮੋਬਾ: 84278-86534

ਸੁਹੇਲ ਅੱਬਾਸ

ਹਾਕੀ ਖੇਡ ਵਿਚ ਮਹੱਤਵਪੂਰਨ ਹੈ ਪੈਨਲਟੀ ਕਾਰਨਰ

ਪਾਕਿਸਤਾਨੀ ਹਾਕੀ ਟੀਮ ਜਦੋਂ ਕਿਸੇ ਕੌਮਾਂਤਰੀ ਟੂਰਨਾਮੈਂਟ ਵਿਚ ਜੂਝ ਰਹੀ ਹੁੰਦੀ ਸੀ ਤਾਂ ਪਾਕਿਸਤਾਨੀ ਹਾਕੀ ਪ੍ਰੇਮੀਆਂ, ਟੀਮ ਦੇ ਕੋਚ, ਵਿਰੋਧੀ ਟੀਮਾਂ ਤੇ ਬਾਕੀ ਸਭ ਸਾਥੀ ਖਿਡਾਰੀਆਂ ਦੀਆਂ ਨਿਗਾਹਾਂ ਜਿਸ ਇਕ ਅਹਿਮ ਖਿਡਾਰੀ 'ਤੇ ਟਿਕੀਆਂ ਹੁੰਦੀਆਂ ਸਨ ਤੇ ਜਾਂ ਫਿਰ ਉਹ ਅਹਿਮ ਖਿਡਾਰੀ ਜੋ ਪਾਕਿਸਤਾਨ ਲਈ ਔਖੀਆਂ ਘੜੀਆਂ 'ਚ ਡਾਹਢਾ ਮਦਦਗਾਰ ਸਾਬਤ ਹੁੰਦਾ ਸੀ, ਸੁਹੇਲ ਅੱਬਾਸ ਉਸੇ ਦਾ ਹੀ ਨਾਂਅ ਹੈ। ਹਾਕੀ ਜਗਤ 'ਚ ਉਨ੍ਹਾਂ ਨੂੰ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਵੀ ਕਿਹਾ ਜਾਂਦਾ ਹੈ।
9 ਜੂਨ, 1977 ਨੂੰ ਕਰਾਚੀ ਵਿਖੇ ਜਨਮੇ ਸੁਹੇਲ ਨੇ ਡਚ ਖਿਡਾਰੀ ਬੋਵਲੇਂਡਰ ਵਾਂਗ ਸ਼ਾਰਟ ਕਾਰਨਰ ਦੇ ਵਿਭਾਗ 'ਚ ਆਪਣਾ ਖੂਬ ਨਾਂਅ ਚਮਕਾਇਆ। ਉਨ੍ਹਾਂ ਨੂੰ ਨਵੀਂ ਸਦੀ ਦਾ ਅਸਲੀ ਸਟਾਰ ਮੰਨਿਆ ਜਾਂਦਾ ਹੈ। ਸੁਹੇਲ ਦੇ ਖੇਡ ਕੈਰੀਅਰ ਦੀ ਤ੍ਰਾਸਦੀ ਇਹ ਰਹੀ ਕਿ ਸ਼ੁਰੂ ਵਿਚ ਉਸ ਦੀ ਇਸ ਕਲਾ, ਇਸ ਹੁਨਰ, ਇਸ ਪ੍ਰਤਿਭਾ ਨੂੰ ਸੰਜੀਦਗੀ ਨਾਲ ਪਛਾਣਿਆ ਹੀ ਨਹੀਂ ਗਿਆ। ਇਕ ਉਹ ਵੀ ਸਮਾਂ ਸੀ ਕਿ 1997 ਦੇ ਜੂਨੀਅਰ ਵਿਸ਼ਵ ਕੱਪ ਹਾਕੀ 'ਚ ਕੋਚ ਅਯਾਜ਼ ਮਹਿਮੂਦ ਅਤੇ ਟੀਮ ਮੈਨੇਜਰ ਸਮੀਉਲਾ ਖਾਨ ਨੇ ਉਨ੍ਹਾਂ ਨੂੰ ਟੀਮ 'ਚ ਸ਼ਾਮਿਲ ਹੀ ਨਹੀਂ ਸੀ ਕੀਤਾ। ਜਦੋਂ ਸੁਹੇਲ ਨੇ 1998 'ਚ ਭਾਰਤ-ਪਾਕਿ ਲੜੀ ਲਈ ਕੌਮਾਂਤਰੀ ਖੇਡ ਕੈਰੀਅਰ ਦਾ ਆਗਾਜ਼ ਕੀਤਾ, ਉਨ੍ਹਾਂ ਦਾ ਰੋਲ ਸਿਰਫ ਏਨਾ ਸੀ ਕਿ ਬਾਹਰਲੇ ਬੈਚ ਤੋਂ ਸਿਰਫ ਪੈਨਲਟੀ ਕਾਰਨਰ ਲਾਉਣ ਲਈ ਮੈਦਾਨ 'ਚ ਆਉਣਾ ਪਰ ਛੇਤੀ ਆਪਣੇ ਇਹੋ ਜਿਹੇ ਯਤਨਾਂ ਨਾਲ ਸੁਹੇਲ ਨੇ ਟੀਮ 'ਚ, ਕੋਚਾਂ ਦੇ ਦਿਲਾਂ 'ਚ, ਹਾਕੀ ਪ੍ਰੇਮੀਆਂ ਦੇ ਮਨਾਂ 'ਚ ਆਪਣੀ ਥਾਂ ਬਣਾ ਲਈ। 1999 'ਚ ਜਦੋਂ ਪਾਕਿਸਤਾਨ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿੱਤਿਆ ਤਾਂ ਉਨ੍ਹਾਂ ਦੀ ਨਿਹਾਇਤ ਵਧੀਆ ਕਾਰਗੁਜ਼ਾਰੀ ਨੇ ਹਾਕੀ ਜਗਤ 'ਚ ਤਹਿਲਕਾ ਹੀ ਮਚਾ ਦਿੱਤਾ।
ਪਾਕਿਸਤਾਨ ਹਾਕੀ ਜਗਤ ਇਸ ਗੱਲ ਨੂੰ ਨਹੀਂ ਭੁਲਾ ਸਕਦਾ ਕਿ ਸੁਹੇਲ ਦੀ ਆਮਦ ਉਨ੍ਹਾਂ ਸਮਿਆਂ ਵਿਚ ਹੋਈ ਜਦੋਂ ਪਾਕਿਸਤਾਨੀ ਹਾਕੀ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ ਸਨ। ਐਸਟਰੋਟਰਫ 'ਤੇ ਹਾਕੀ ਆਉਣ ਨਾਲ ਖਿਡਾਰੀਆਂ 'ਚ ਫਿੱਟਨੈੱਸ ਵਿਸ਼ੇਸ਼ ਕਰਕੇ ਲੋੜੀਂਦੀ ਗਤੀ ਦੀ ਘਾਟ ਸੀ। ਇਸੇ ਮੁਕਾਮ 'ਤੇ ਪਾਕਿਸਤਾਨੀ ਹਾਕੀ ਨੂੰ ਸੁਹੇਲ ਮਿਲਿਆ ਤੇ ਉਨ੍ਹਾਂ ਨੇ ਆਪਣੀ ਸਟਿਕ 'ਚੋਂ ਬੇਸ਼ੁਮਾਰ ਗੋਲ ਪਾਕਿਸਤਾਨ ਲਈ ਕੱਢੇ ਜੋ ਕਿ ਇਕ ਰਿਕਾਰਡ ਬਣ ਗਏ। ਹਸਨ ਸਰਦਾਰ ਦੀ ਤਰ੍ਹਾਂ ਸੁਹੇਲ ਵੀ ਟੌਪ ਸਕੋਰਰ ਦੇ ਤੌਰ 'ਤੇ ਗਿਣੇ ਜਾਣ ਲੱਗ ਪਏ। ਟੀਮ 'ਚ ਸੁਹੇਲ ਦੀ ਹੋਂਦ ਨੇ ਕਾਫੀ ਟੂਰਨਾਮੈਂਟ ਜਿਤਵਾਏ। ਕਿਸੇ ਵੀ ਖਿਡਾਰੀ ਜਾਂ ਖਿਡਾਰਨ ਦੇ ਖੇਡ ਕੈਰੀਅਰ ਦੀ ਅਹਿਮੀਅਤ ਉਦੋਂ ਹੋਰ ਵੀ ਵਧ ਜਾਂਦੀ ਹੈ, ਉਸ ਦੀ ਪ੍ਰਸਿੱਧੀ, ਉਸ ਦੀ ਸ਼ੁਹਰਤ ਜਾ ਬੁਲੰਦੀਆਂ ਨੂੰ ਛੂੰਹਦੀ ਹੈ ਜਦੋਂ ਉਹ ਵਿਸ਼ਵ ਪੱਧਰ 'ਤੇ ਕੋਈ ਅਹਿਮ ਸਥਾਪਿਤ ਹੋ ਚੁੱਕਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਉਂਦਾ ਹੈ, ਸੁਨਹਿਰੀ ਇਤਿਹਾਸ ਰਚਦਾ ਹੈ। ਭਾਰਤ-ਪਾਕਿ ਹਾਕੀ ਲੜੀ ਤਹਿਤ ਅੰਮ੍ਰਿਤਸਰ ਵਿਖੇ ਖੇਡੇ ਗਏ (8 ਅਕਤੂਬਰ) ਸੱਤਵੇਂ ਮੈਚ 'ਚ ਸੁਹੇਲ ਅੱਬਾਸ ਨੇ ਅਜਿਹਾ ਹੀ ਇਕ ਅਹਿਮ ਕੀਰਤੀਮਾਨ ਸਥਾਪਤ ਕੀਤਾ ਸੀ, ਕਾਫੀ ਸਾਲ ਪਹਿਲਾਂ ਭਾਰਤੀ ਟੀਮ ਵਿਰੁੱਧ ਆਪਣੇ ਖੇਡ ਕੈਰੀਅਰ ਦਾ 268ਵਾਂ ਗੋਲ ਦਾਗ ਕੇ ਮੈਚ ਦੇ ਸ਼ੁਰੂ ਵਿਚ। ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਧਰਤੀ 'ਤੇ ਸੁਹੇਲ ਦੀ ਇਹ ਪ੍ਰਾਪਤੀ ਜਿਥੇ ਪਾਕਿਸਤਾਨੀ ਹਾਕੀ ਲਈ ਮਾਣ ਤੇ ਸਤਿਕਾਰ ਦੀ ਗੱਲ ਸੀ, ਉਥੇ ਏਸ਼ੀਆਈ ਹਾਕੀ ਲਈ ਵੀ ਗੌਰਵ ਦਾ ਸਬੱਬ ਬਣਿਆ। ਅੱਜ ਜਦੋਂ ਕਿ ਯੂਰਪੀਨ ਦੇਸ਼ ਹਾਕੀ ਜਗਤ 'ਚ ਛਾਏ ਹੋਏ ਹਨ, ਕਰਾਚੀ ਦੇ ਇਫਤਿਕਾਰ ਹੁਸੈਨ ਕ੍ਰਿਕਟਰ ਦਾ ਇਹ ਬੇਟਾ ਸੁਹੇਲ ਹਾਕੀ ਜਗਤ ਵਿਚ ਇਕ ਵੱਖਰਾ ਹੀ ਤਹਿਲਕਾ ਮਚਾ ਗਿਆ, ਹਾਕੀ ਜਗਤ 'ਚ ਸਭ ਤੋਂ ਵੱਡਾ ਗੋਲ ਸਕੋਰਰ ਬਣ ਕੇ ਉਸ ਸਮੇਂ ਦਾ।
ਦੱਸਦਾ ਜਾਵਾਂ ਕਿ ਕਾਫੀ ਲੰਮੇ ਸਮੇਂ ਤੋਂ ਸੁਹੇਲ ਅੱਬਾਸ ਅਰਥਾਤ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਦੇ ਸਾਹਮਣੇ ਨਿਸ਼ਾਨਾ ਹੀ ਹਾਲੈਂਡ ਦੇ ਸੁਪਰ ਸਟਾਰ ਪਾਲ ਲਿਟਜ਼ਨ ਦੇ ਗੋਲ ਰਿਕਾਰਡ ਨੂੰ ਤੋੜਨਾ ਸੀ। ਇਸ ਡੱਚ ਹਾਕੀ ਸਟਾਰ ਨੇ 267 ਗੋਲ ਕੀਤੇ ਸਨ, 176 ਮੈਚਾਂ 'ਚ, 1.52 ਪ੍ਰਤੀ ਮੈਚ ਗੋਲ ਔਸਤ ਨਾਲ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਡੱਚ ਹਾਕੀ ਸਟਾਰ ਦੇ ਮਾਣਮੱਤੇ ਰਿਕਾਰਡ ਨੂੰ ਸੁਹੇਸ ਅੱਬਾਸ ਵਲੋਂ ਤੋੜਨ ਦੀਆਂ ਗੌਰਵਮਈ ਯਾਦਾਂ ਨੂੰ ਵਿਸ਼ਵ ਹਾਕੀ ਜਗਤ ਕਦੇ ਨਹੀਂ ਭੁਲਾ ਸਕਦਾ, ਭਾਵੇਂ ਕਿ ਕਾਫੀ ਸਮਾਂ ਪਹਿਲਾਂ ਉਹ ਸੰਨਿਆਸ ਲੈ ਚੁੱਕਾ ਹੈ।
ਅੱਜ ਵੇਲਾ ਹੈ ਕਿ ਭਾਰਤ ਦੀ ਹਾਕੀ ਟੀਮ 'ਚ ਵੀ ਸੁਹੇਲ ਅੱਬਾਸ ਦੀ ਤਰ੍ਹਾਂ ਗੋਲ ਕਰਨ ਵਾਲਾ ਕੋਈ ਡਰੈਗ ਫਲਿੱਕਰ ਹੋਵੇ। ਅਸੀਂ ਵਰ੍ਹਿਆਂ ਤੋਂ ਖਿਡਾਰੀ ਬਦਲ ਰਹੇ ਹਾਂ, ਕੋਚ ਬਦਲ ਰਹੇ, ਹਾਕੀ ਫੈਡਰੇਸ਼ਨ ਤੋਂ ਹਾਕੀ ਇੰਡੀਆ ਹੋ ਗਏ ਪਰ ਸਾਨੂੰ ਅਜੇ ਤੱਕ ਕੋਈ ਭਰੋਸੇਯੋਗ ਡਰੈਗ ਫਲਿੱਕਰ ਨਹੀਂ ਮਿਲਿਆ। ਕਈ ਵਿਸ਼ਵ ਕੱਪ ਲੰਘ ਗਏ, ਕਈ ਉਲੰਪਿਕ ਟੂਰਨਾਮੈਂਟ ਹੋ ਗਏ ਪਰ ਸਾਡੀ ਟੂਰਨਾਮੈਂਟ ਤਿਆਰੀ 'ਚ ਕੀ ਕਮੀਆਂ ਹਨ, ਕਿਸੇ ਨੂੰ ਨਜ਼ਰ ਨਹੀਂ ਆਈਆਂ। ਭਾਰਤ ਦੀ ਧਰਤੀ 'ਤੇ ਕੋਈ ਤਾਂ ਸੁਹੇਲ ਅੱਬਾਸ ਡਰੈਗ ਫਲਿੱਕਰ ਬਣੇ, ਜਿਸ 'ਤੇ ਪੂਰੀ ਦੁਨੀਆ ਨਾਜ਼ ਕਰੇ। ਕਿਸੇ ਤਾਂ ਭਾਰਤੀ ਖਿਡਾਰੀ ਲਈ ਸੁਹੇਲ ਅੱਬਾਸ ਪ੍ਰੇਰਨਾ ਸਰੋਤ ਬਣੇ, ਜੋ ਭਾਰਤੀ ਹਾਕੀ ਟੀਮ ਲਈ ਔਖੀਆਂ ਘੜੀਆਂ 'ਚ ਮਦਦਗਾਰ ਸਾਬਤ ਹੋਵੇ।


-ਅੰਮ੍ਰਿਤਸਰ। ਫੋਨ : 98155-35410

ਦੁਨੀਆ ਦੀਆਂ ਹਰਮਨਪਿਆਰੀਆਂ ਖੇਡਾਂ

ਖੇਡਾਂ ਦੀ ਦੁਨੀਆ ਇਨ੍ਹੀਂ ਦਿਨੀਂ ਆਪਣੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵੱਡੇ ਖੇਤਰ ਵਿਚ ਪਹੁੰਚ ਚੁੱਕੀ ਹੈ ਅਤੇ ਇਸ ਵੇਲੇ ਏਨੀਆਂ ਮਕਬੂਲ ਖੇਡਾਂ ਦੁਨੀਆ ਦੇ ਹਰ ਕੋਨੇ ਵਿਚ ਚੱਲ ਰਹੀਆਂ ਹਨ ਕਿ ਤਕਰੀਬਨ ਹਰ ਦਿਨ ਕੋਈ ਨਾ ਕੋਈ ਵੱਡਾ ਖੇਡ ਮੁਕਾਬਲਾ ਸਾਹਮਣੇ ਆਉਂਦਾ ਹੈ। ਇਸ ਦੀ ਇਕ ਵੱਡੀ ਉਦਾਹਰਨ ਲੰਘੇ ਦਿਨੀਂ ਉਸ ਵੇਲੇ ਮਿਲੀ ਸੀ, ਜਦੋਂ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਾਲੇ ਦਿਨ ਲੰਦਨ ਸ਼ਹਿਰ ਦੇ ਲਾਰਡਸ ਦੇ ਇਤਿਹਾਸਕ ਮੈਦਾਨ ਦੇ ਨਾਲ-ਨਾਲ ਕੁਝ ਹੀ ਦੂਰੀ ਉੱਤੇ ਵਿੰਬਲਡਨ ਟੈਨਿਸ ਦਾ ਫਾਈਨਲ ਅਤੇ ਠੀਕ ਉਸੇ ਦਿਨ ਹੀ ਵਿਸ਼ਵ ਪ੍ਰਸਿੱਧ ਫਾਰਮੂਲਾ ਵਨ ਰੇਸ ਵੀ ਚੱਲ ਰਹੀ ਸੀ। ਆਓ ਵੇਖਦੇ ਹਾਂ ਕਿ ਕਿਹੜੀਆਂ ਖੇਡਾਂ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਹਨ।
ਪੂਰੀ ਦੁਨੀਆ ਦੀ ਸਭ ਤੋਂ ਵੱਧ ਵੇਖੀ ਅਤੇ ਪਸੰਦ ਕੀਤੀ ਜਾਣ ਵਾਲੀ ਖੇਡ ਹਾਲੇ ਵੀ ਫੁੱਟਬਾਲ ਹੀ ਹੈ। ਇਹ ਅਜਿਹੀ ਖੇਡ ਹੈ, ਜੋ ਪੂਰਨ ਰੂਪ ਨਾਲ ਹਰ ਦੇਸ਼ ਵਿਚ ਖੇਡੀ ਜਾਂਦੀ ਹੈ। 'ਆਮ ਲੋਕਾਂ ਦੀ ਖੇਡ' ਮੰਨੀ ਜਾਂਦੀ ਫੁੱਟਬਾਲ ਦੀ ਸ਼ੁਰੂਆਤ ਇੰਗਲੈਂਡ ਵਿਚ ਹੋਈ ਤੇ ਇੱਥੋਂ ਇਹ ਖੇਡ ਦੁਨੀਆ ਭਰ ਵਿਚ ਪਹੁੰਚੀ ਹੈ। ਅਜਿਹਾ ਅੰਦਾਜ਼ਾ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਇਸ ਖੇਡ ਦੀ ਮੁਰੀਦ ਹੈ ਅਤੇ ਪ੍ਰਸੰਸਕਾਂ ਦੇ ਲਿਹਾਜ਼ ਨਾਲ ਸਮੁੱਚੀ ਦੁਨੀਆ ਵਿਚ ਇਸ ਖੇਡ ਦੇ 400 ਕਰੋੜ ਪ੍ਰਸੰਸਕ ਹਨ। ਫੁੱਟਬਾਲ ਵਾਂਗ ਕ੍ਰਿਕਟ ਦਾ ਜਨਮ ਵੀ ਇੰਗਲੈਂਡ ਵਿਚ ਹੋਇਆ ਪਰ ਇਹ ਖੇਡ ਦੁਨੀਆ ਦੇ ਕੁਝ ਦੇਸ਼ਾਂ ਵਿਚ ਬੇਹੱਦ ਹਰਮਨਪਿਆਰੀ ਹੈ ਪਰ ਹਰ ਥਾਂ ਨਹੀਂ। ਇਹ ਖੇਡ ਵਿਸ਼ਵ ਪੱਧਰ ਉੱਤੇ ਮੁੱਖ ਤੌਰ 'ਤੇ ਭਾਰਤ ਕਰਕੇ ਹੀ ਚਮਕੀ ਹੈ ਅਤੇ ਭਾਰਤ ਦੇਸ਼ ਇਸ ਖੇਡ ਦਾ ਸਭ ਤੋਂ ਵੱਡਾ ਬਾਜ਼ਾਰ ਅਤੇ ਸਭ ਤੋਂ ਜ਼ਿਆਦਾ ਪ੍ਰਸੰਸਕ ਵਰਗ ਦੇ ਰਿਹਾ ਹੈ। ਇਸ ਖੇਡ ਦੇ ਪ੍ਰਸੰਸਕਾਂ ਦੀ ਗਿਣਤੀ 250 ਕਰੋੜ ਹੈ, ਜਿਸ ਲਿਹਾਜ਼ ਨਾਲ ਇਹ ਦੁਨੀਆ ਦੀ ਦੂਜੀ ਸਭ ਤੋਂ ਮਕਬੂਲ ਖੇਡ ਹੈ।
ਭਾਰਤ ਦੀ ਕੌਮੀ ਖੇਡ ਹਾਕੀ ਦਾ ਇਤਿਹਾਸ ਵੀ ਬੇਹੱਦ ਪੁਰਾਣਾ ਹੈ ਅਤੇ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਸਮੇਤ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿਚ ਫੀਲਡ ਹਾਕੀ ਖੇਡੀ ਜਾਂਦੀ ਹੈ। ਫੀਲਡ ਹਾਕੀ ਦੇ ਪ੍ਰਸੰਸਕਾਂ ਦੀ ਗਿਣਤੀ 200 ਕਰੋੜ ਤੋਂ ਜ਼ਿਆਦਾ ਬਣਦੀ ਹੈ। ਟੈਨਿਸ ਦੀ ਖੇਡ ਦੁਨੀਆ ਦੀ ਇਕ ਹੋਰ ਪਸੰਦੀਦਾ ਖੇਡ ਹੈ, ਜਿਸ ਦੇ ਪ੍ਰਸੰਸਕਾਂ ਦੀ ਗਿਣਤੀ 100 ਕਰੋੜ ਤੋਂ ਜ਼ਿਆਦਾ ਹੈ। ਇਹ ਖੇਡ ਬੇਹੱਦ ਪੁਰਾਣੀ ਹੈ ਅਤੇ ਇਹ ਪੁਰਾਤਨ ਰੋਮਨ ਯੁੱਗ ਵਿਚ ਵੀ ਖੇਡੀ ਜਾਂਦਾ ਸੀ। ਆਧੁਨਿਕ ਕਾਲ ਵਿਚ ਇਹ ਖੇਡ ਫ਼ਰਾਂਸ ਤੋਂ ਹੁੰਦੇ ਹੋਏ ਦੁਨੀਆ ਦੇ ਹੋਰ ਦੇਸ਼ਾਂ ਵਿਚ ਪਹੁੰਚੀ। ਇਸ ਖੇਡ ਦੇ ਗ੍ਰੈਂਡ ਸਲੈਮ ਮੁਕਾਬਲੇ ਬੇਹੱਦ ਪ੍ਰਸਿੱਧ ਹਨ।
ਹੈਰਾਨੀ ਦੀ ਗੱਲ ਹੈ ਕਿ ਟੇਬਲ ਟੈਨਿਸ ਇਕ ਇੰਡੋਰ ਗੇਮ ਹੈ ਅਤੇ ਇਸ ਦੀ ਸ਼ੁਰੂਆਤ 19ਵੀਂ ਸਦੀ ਵਿਚ ਟੈਨਿਸ ਦੇ ਛੋਟੇ ਸਰੂਪ ਵਜੋਂ ਕੀਤੀ ਗਈ ਪਰ ਵਿਸ਼ਵ ਪੱਧਰ ਉੱਤੇ ਇਸ ਖੇਡ ਦੇ ਪ੍ਰਸੰਸਕਾਂ ਦੀ ਗਿਣਤੀ ਵੀ 87 ਕਰੋੜ ਤੋਂ ਜ਼ਿਆਦਾ ਹੈ। ਇਸ ਖੇਡ ਨੂੰ 'ਪਿੰਗ ਪੌਂਗ' ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਬਾਸਕਟਬਾਲ ਦੀ ਖੇਡ ਵੀ ਕਾਫੀ ਮਕਬੂਲ ਹੈ, ਜੋ ਦੁਨੀਆ ਦੇ ਲਗਪਗ ਹਰ ਦੇਸ਼ ਵਿਚ ਖੇਡੀ ਜਾਂਦੀ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਵਿਸ਼ਵ ਪੱਧਰ ਉੱਤੇ ਇਸ ਦੇ ਪ੍ਰਸੰਸਕਾਂ ਦੀ ਗਿਣਤੀ 82 ਕਰੋੜ ਤੋਂ ਜ਼ਿਆਦਾ ਹੈ। ਇਨ੍ਹਾਂ ਖੇਡਾਂ ਤੋਂ ਇਲਾਵਾ ਅੱਜ ਦੇ ਸਮੇਂ ਵਿਚ ਪੇਸ਼ੇਵਰ ਕਬੱਡੀ, ਫਾਰਮੂਲਾ ਵੰਨ, ਬੇਸਬਾਲ, ਅਮਰੀਕਨ ਰੈਸਲਿੰਗ, ਮੁੱਕੇਬਾਜ਼ੀ ਅਤੇ ਅਥਲੈਟਿਕਸ ਆਦਿ ਵੀ ਤੇਜ਼ੀ ਨਾਲ ਮਕਬੂਲ ਹੋ ਰਹੇ ਹਨ ਅਤੇ ਟੀ.ਵੀ. ਪ੍ਰਸਾਰਨ ਦੇ ਵਧਦੇ ਮੌਕਿਆਂ ਨੇ ਵੀ ਇਸ ਮਕਬੂਲੀਅਤ ਵਿਚ ਕਾਫੀ ਯੋਗਦਾਨ ਪਾਇਆ ਹੈ। ਕੁੱਲ ਮਿਲਾ ਕੇ ਮਕਬੂਲੀਅਤ ਦੇ ਮਾਮਲੇ ਵਿਚ ਫੁੱਟਬਾਲ ਦਾ ਹਾਲੇ ਵੀ ਕੋਈ ਸਾਨੀ ਨਹੀਂ ਅਤੇ ਇਹ ਖੇਡ ਹੀ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਥਾਈਲੈਂਡ ਓਪਨ ਬੈਡਮਿੰਟਨ

ਪੁਰਸ਼ ਡਬਲਜ਼ ਵਿਚ ਬਣੇ ਰੈੱਡੀ ਤੇ ਸ਼ੈਟੀ ਨਵੇਂ ਨਾਇਕ

ਅਜੇ ਤੱਕ ਭਾਰਤ ਵਿਚ ਜਦੋਂ ਬੈਡਮਿੰਟਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਮਹਿਲਾ ਬੈਡਮਿੰਟਨ ਵਿਚ ਖਾਸ ਤੌਰ 'ਤੇ ਸਾਇਨਾ ਤੇ ਸਿੰਧੂ ਤੱਕ ਚਰਚਾ ਸੀਮਤ ਹੋ ਜਾਂਦੀ ਹੈ ਪਰ ਹੁਣ ਭਾਰਤ ਦੇ ਪੁਰਸ਼ ਵੰਨਗੀ ਵਿਚ ਥਾਈਲੈਂਡ ਓਪਨ ਵਿਚ ਰੰਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਜੋ ਫਾਈਨਲ ਜਿੱਤ ਕੇ ਇਤਿਹਾਸ ਰਚਿਆ ਹੈ, ਉਸ ਨੇ ਉਨ੍ਹਾਂ ਨੂੰ ਬੈਡਮਿੰਟਨ ਦੇ ਨਾਇਕ ਬਣਾ ਦਿੱਤਾ ਹੈ।
ਇਸ ਸਮੇਂ 'ਤੇ ਜਦੋਂ ਭਾਰਤ ਬਿਲਕੁਲ ਨਿਰਾਸ਼ਾ ਦੇ ਆਲਮ ਵਿਚ ਵਿਚਰ ਰਿਹਾ ਸੀ, ਸਾਇਨਾ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਰਕੇ ਮੁਢਲੇ ਦੌਰ ਵਿਚ ਹੀ ਬਾਹਰ ਹੋ ਜਾਂਦੀ ਰਹੀ ਹੈ ਤੇ ਸਿੰਧੂ ਮਾਨਸਿਕ ਦਬਾਓ ਦਾ ਸ਼ਿਕਾਰ ਹੋ ਰਹੀ ਸੀ, ਅਜਿਹੇ ਸਮੇਂ ਭਾਰਤ ਨੇ ਥਾਈਲੈਂਡ ਓਪਨ ਬੈਡਮਿੰਟਨ ਵਿਚ ਪੁਰਸ਼ ਜੋੜੀ ਵੰਨਗੀ ਦੇ ਰੂਪ ਵਿਚ ਜਿੱਤ ਕੇ ਜੋ ਇਤਿਹਾਸ ਰਚਿਆ ਹੈ, ਉਸ 'ਤੇ ਸਾਰੇ ਭਾਰਤ ਵਾਸੀਆਂ ਨੂੰ ਮਾਣ ਹੈ। ਪੁਰਸ਼ ਜੋੜੀ ਵਿਚ ਇਹ ਭਾਰਤ ਦੀ ਪਹਿਲੀ ਵਿਕਾਰੀ ਜਿੱਤ ਹੈ ਤੇ ਇਸ ਨੂੰ ਰੰਕੀ ਰੈੱਡੀ ਤੇ ਚਿਰਾਗ ਸ਼ੈਟੀ ਜੋੜੀ ਨੇ ਪ੍ਰਾਪਤ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਇਸ ਜੋੜੀ ਦਾ ਰੈਂਕਿੰਗ ਵਿਚ 16 ਨੰਬਰ ਹੈ ਤੇ ਇਸ ਜੋੜੀ ਨੇ ਚੀਨ ਦੀ 3 ਨੰਬਰ ਦੀ ਤਾਕਤਵਰ ਜੋੜੀ ਨੂੰ ਇਕ ਸਨਸਨੀਖੇਜ਼ ਉਲਟਫੇਰ ਕਰਦੇ ਹੋਏ ਬੈਂਕਾਕ ਭਾਰਤ ਤੋਂ ਬਾਹਰ ਹੀ ਹਰਾਇਆ ਹੈ। ਇਹ ਮੈਚ ਇੰਨਾ ਸੰਘਰਸ਼ਪੂਰਨ ਸੀ ਕਿ ਇਸ ਦਾ ਵੇਰਵਾ ਬਹੁਤ ਦਿਲਚਸਪ ਹੈ। ਤਿੰਨ ਗੇਮਾਂ ਤੱਕ ਚੱਲੇ ਇਸ ਮੈਚ ਦੇ ਅੰਕ ਕਾਫੀ ਲੰਮੇ ਸਮੇਂ ਤੱਕ ਬਰਾਬਰ-ਬਰਾਬਰ ਚਲਦੇ ਰਹੇ ਤੇ ਇਹ ਮੈਚ ਭਾਰਤ ਨੇ 21-19, 18-21, 21-18 ਨਾਲ ਆਪਣੀ ਝੋਲੀ ਵਿਚ ਪਾ ਲਿਆ।
ਜਦੋਂ ਇਸ ਮੈਚ ਦਾ ਆਰੰਭ ਹੋਇਆ ਤਾਂ ਦੋਵੇਂ ਟੀਮਾਂ ਨੇ ਬਰਾਬਰ ਦੀ ਟੱਕਰ ਦਿਤੀ। ਸ਼ੁਰੂ ਵਿਚ ਸਕੋਰ 3-3 ਦੀ ਬਰਾਬਰੀ 'ਤੇ ਪਹੁੰਚ ਗਿਆ ਤੇ ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਸੰਘਰਸ਼ ਤੇਜ਼ ਹੋਇਆ ਤਾਂ ਸਕੋਰ ਜੋ ਭਾਰਤ ਦੇ ਹੱਕ ਵਿਚ 10-6 'ਤੇ ਸੀ, 14-14 ਤੱਕ ਪਹੁੰਚ ਗਿਆ। ਪਹਿਲੀ ਗੇਮ ਵਿਚ ਜਦ ਮੈਚ ਗੇਮ ਪੁਆਇੰਟ 'ਤੇ ਪਹੁੰਚ ਗਿਆ ਅਰਥਾਤ 20-18 'ਤੇ ਸੀ ਤਾਂ ਇਵੇਂ ਜਾਪਿਆ ਕਿ ਚੀਨ ਖੇਡ ਵਿਚ ਵਾਪਸੀ ਕਰ ਰਿਹਾ ਹੈ ਤੇ ਸਕੋਰ 19-20 ਹੋ ਗਿਆ ਪਰ ਭਾਰਤ ਨੇ ਗੇਮ ਨੂੰ ਸੰਭਾਲਦੇ ਹੋਏ ਪਹਿਲੀ ਗੇਮ 21-19 ਨਾਲ ਜਿੱਤ ਲਈ।
ਦੂਸਰੀ ਗੇਮ ਵਿਚ ਚੀਨ ਨੇ ਵਾਪਸੀ ਕੀਤੀ ਤੇ ਅੱਧੇ ਸਮੇਂ ਤੱਕ ਸਕੋਰ 11-11 'ਤੇ ਚਲ ਰਿਹਾ ਸੀ। ਇਸ ਸਮੇਂ ਚੀਨ ਨੇ ਜ਼ਬਰਦਸਤ ਖੇਡ ਖੇਡੀ ਤੇ ਸਕੋਰ ਜਦੋਂ 14-14 ਨਾਲ ਬਰਾਬਰੀ ਨਾਲ ਚਲ ਰਿਹਾ ਸੀ, ਇਵੇਂ ਜਾਪਿਆ ਜਿਵੇਂ ਚੀਨ ਦੀਵਾਰ ਹੀ ਬਣ ਗਿਆ ਹੈ। ਲਗਾਤਾਰ 5 ਅੰਕ ਬਟੋਰ ਕੇ ਦੂਜੀ ਗੇਮ 21-18 ਨਾਲ ਚੀਨ ਨੇੇ ਆਪਣੇ ਹੱਕ ਵਿਚ ਕਰਕੇ ਜਿੱਤ ਲਈ। ਹੁਣ ਮੈਚ 1-1 ਦੀ ਬਰਾਬਰੀ ਦਾ ਹੋ ਗਿਆ।
ਤੀਜੀ ਗੇਮ ਵਿਚ ਖੇਡ ਦਾ ਆਰੰਭ ਬਰਾਬਰੀ ਨਾਲ ਹੀ ਚਲਦਾ ਰਿਹਾ ਤੇ ਇਕ ਸਮੇਂ 6-6 ਨਾਲ ਚੱਲ ਰਿਹਾ ਸੀ, ਉਸ ਵੇਲੇ ਦੋਵੇਂ ਟੀਮਾਂ ਨੇ ਤੇਜ਼-ਤਰਾਰ ਖੇਡ ਖੇਡੀ, ਗੇਮ ਦੇ ਅੰਤ 'ਤੇ ਜਾ ਕੇ ਸਕੋਰ ਭਾਰਤ ਦੇ ਹੱਕ ਵਿਚ 19-18 'ਤੇ ਹੋ ਗਿਆ ਤਾਂ ਇਸ ਸਮੇਂ ਇਕ ਸੁਨਹਿਰੀ ਸਮਾਂ ਅਜਿਹਾ ਆਇਆ ਕਿ ਭਾਰਤ ਨੇ ਕੋਈ ਗਲਤੀ ਨਹੀਂ ਕੀਤੀ ਤੇ ਲਗਾਤਾਰ 2 ਅੰਕ ਬਟੋਰ ਕੇ ਮੈਚ ਤੇ ਟੂਰਨਾਮੈਂਟ ਭਾਰਤ ਦੀ ਝੋਲੀ ਵਿਚ ਪਾ ਦਿੱਤਾ।
ਸਾਇਨਾ ਨੇ ਪਹਿਲੇ ਮੈਚ ਵਿਚ ਸਥਾਨਕ ਖਿਡਾਰੀ ਚਾਈ ਵਾਨ ਨੂੰ 21-17, 21-19 ਨਾਲ ਹਰਾ ਕੇ ਦੂਸਰੇ ਦੌਰ ਵਿਚ ਪ੍ਰਵੇਸ਼ ਕੀਤਾ ਸੀ ਤੇ ਕੁਝ ਆਸ ਜਗਾਈ ਸੀ ਪਰ ਸਾਇਨਾ ਦੂਸਰੇ ਦੌਰ ਵਿਚ ਆਪਣੀ ਲੈਅ ਨੂੰ ਕਾਇਮ ਨਾ ਰੱਖ ਸਕੀ ਤੇ ਦੂਜੇ ਦੌਰ ਵਿਚ ਆਪਣੇ ਤੋਂ ਬਹੁਤ ਪਿੱਛੇ ਰੈਂਕਿੰਗ ਵਾਲੀ ਖਿਡਾਰਨ ਤੋਂ ਹਾਰ ਗਈ।
ਇਵੇਂ ਜਾਪਣ ਲੱਗਿਆ ਕਿ ਜਿਵੇਂ ਉਹ ਅਜੇ ਵੀ ਮਾਸਪੇਸ਼ੀਆਂ ਦੇ ਖਿਚਾਓ ਨਾਲ ਜੂਝ ਰਹੀ ਹੈ। ਪਰ ਇਸ ਸਮੇਂ ਮਾਹਿਰਾਂ ਅਨੁਸਾਰ ਜੇ ਇਸ ਖੇਡ ਵਿਚ ਇਕ ਦਰ ਬੰਦ ਹੋਇਆ ਹੈ ਤਾਂ ਦੂਸਰਾ ਦਰ ਖੁੱਲ੍ਹ ਗਿਆ ਹੈ। ਇਸ ਸਮੇਂ ਹੀ ਸਾਡੀਆਂ ਪੁਰਸ਼ ਤੇ ਮਿਕਸ ਜੋੜੀਆਂ ਨੇ ਕਮਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦੌਰ ਵਿਚ ਹੀ ਸਾਡੇ ਰੰਕੀ ਰੈੱਡੀ ਤੇ ਪੋਨੰਪਾ ਦੀ ਜੋੜੀ ਨੇ ਮਿਕਸ ਡਬਲਜ਼ ਵਿਚ ਉਲੰਪਕ ਦੇ ਚਾਂਦੀ ਦੇ ਤਗਮੇ ਜਿੱਤਣ ਵਾਲੀ ਜੋੜੀ ਨੂੰ 21-18, 18-21, 21-17 ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ। ਇਸ ਵਿਚ ਭਾਰਤ ਨੇ ਪੁਰਸ਼ ਡਬਲਜ਼ ਵਿਚ ਰੈਂਕਿੰਗ ਵਿਚ ਵੀ ਪਹਿਲੇ ਦਸਾਂ ਵਿਚ ਜਗ੍ਹਾ ਪਾ ਲਈ ਹੈ ਤੇ ਅਗਲੇ ਸਾਲ ਟੋਕੀਓ ਉਲੰਪਿਕ ਲਈ ਇਹ ਇਕ ਸਾਰਥਕ ਪ੍ਰਾਪਤੀ ਹੈ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਖੇਡ ਵਿਵਾਦਾਂ ਤੋਂ ਛੁਟਕਾਰੇ ਲਈ

ਭਾਰਤੀ ਖੇਡ ਪ੍ਰਬੰਧਾਂ ਵਿਚ ਸੁਧਾਰ ਜ਼ਰੂਰੀ

ਸਾਡੇ ਦੇਸ਼ 'ਚ ਅਕਸਰ ਹੀ ਖੇਡ ਜਗਤ 'ਚ ਅਜਿਹੇ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ, ਜੋ ਸਾਡੇ ਖੇਡ ਸੰਚਾਲਕਾਂ ਦੀ ਚੌਧਰ ਜਾਂ ਹਾਊਮੈ ਦੀ ਪੈਦਾਇਸ਼ ਹੁੰਦੇ ਹਨ, ਜਿਨ੍ਹਾਂ ਨਾਲ ਜਿੱਥੇ ਦੇਸ਼ ਦੀ ਕੌਮਾਂਤਰੀ ਖੇਡ ਮੰਚ 'ਤੇ ਬਦਨਾਮੀ ਹੀ ਨਹੀਂ ਹੁੰਦੀ, ਸਗੋਂ ਸਾਡੇ ਖਿਡਾਰੀਆਂ ਦਾ ਨੁਕਸਾਨ ਵੀ ਹੁੰਦਾ ਹੈ। ਸਾਡੇ ਦੇਸ਼ ਦੇ ਖੇਡ ਇਤਿਹਾਸ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਵਿਵਾਦ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੇ ਦੇਸ਼ ਨੂੰ ਕੌਮਾਂਤਰੀ ਖੇਡ ਮੰਚ 'ਤੇ ਵਾਰ-ਵਾਰ ਸ਼ਰਮਸ਼ਾਰ ਕੀਤਾ ਹੈ। ਖੇਡਾਂ ਨਾਲ ਆਪਣੇ ਨਿੱਜੀ ਮੁਫਾਦਾਂ ਸਦਕਾ ਖਿਲਵਾੜ ਕਰਨ ਵਾਲੇ ਖੇਡ ਸੰਚਾਲਕਾਂ ਲਈ ਸਾਡੇ ਦੇਸ਼ 'ਚ ਕੋਈ ਨਿਯਮ ਨਹੀਂ ਬਣੇ ਹੋਏ, ਜਿਸ ਕਾਰਨ ਇਹ ਲਗਾਤਾਰ ਮਨਮਾਨੀਆਂ ਕਰਦੇ ਆ ਰਹੇ ਹਨ। ਅੱਜਕਲ੍ਹ ਭਾਰਤੀ ਤੀਰਅੰਦਾਜ਼ੀ, ਕ੍ਰਿਕਟ ਤੇ ਮੁੱਕੇਬਾਜ਼ੀ 'ਚ ਪੈਦਾ ਹੋਏ ਵਿਵਾਦ ਮੀਡੀਆ ਦੀਆਂ ਸੁਰਖੀਆਂ ਬਣੇ ਹੋਏ ਹਨ।
ਤੀਰਅੰਦਾਜ਼ੀ ਉਨ੍ਹਾਂ ਕੁਝ ਖੇਡਾਂ 'ਚ ਸ਼ਾਮਿਲ ਹੈ, ਜਿਨ੍ਹਾਂ 'ਚ ਸਾਡੇ ਖਿਡਾਰੀ ਵਿਸ਼ਵ ਪੱਧਰ 'ਤੇ ਤਗਮੇ ਜਿੱਤ ਰਹੇ ਹਨ ਅਤੇ ਉਲੰਪਿਕ ਖੇਡਾਂ 'ਚ ਵੀ ਤਗਮੇ ਜਿੱਤਣ ਦੀ ਉਮੀਦ ਜਗਾ ਰਹੇ ਹਨ। ਇਸ ਖੇਡ ਨੂੰ ਸਾਡੇ ਦੇਸ਼ 'ਚ ਚਲਾਉਣ ਵਾਲੀ ਸੰਸਥਾ ਦੋਫਾੜ ਹੋ ਗਈ ਹੈ ਅਤੇ ਦੋਨੋਂ ਧਿਰਾਂ ਆਪੋ-ਆਪਣੀਆਂ ਚੋਣਾਂ ਕਰਵਾ ਕੇ ਵਰਲਡ ਆਰਚਰੀ ਕੋਲ ਆਪਣੇ ਸਹੀ ਹੋਣ ਦੀਆਂ ਦਾਅਵੇਦਾਰੀਆਂ ਪੇਸ਼ ਕਰ ਚੁੱਕੀਆਂ ਹਨ ਪਰ ਇਨ੍ਹਾਂ ਦੋਨਾਂ ਐਸੋਸੀਏਸ਼ਨਾਂ ਨੂੰ ਭਾਰਤ ਸਰਕਾਰ ਤੇ ਭਾਰਤੀ ਉਲੰਪਿਕ ਸੰਘ ਨੇ ਮਾਨਤਾ ਨਹੀਂ ਦਿੱਤੀ, ਜਿਸ ਦੇ ਚਲਦਿਆਂ ਵਰਲਡ ਆਰਚਰੀ ਨੇ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਉਪਰੰਤ ਸਾਡੇ ਦੇਸ਼ 'ਚ ਤੀਰਅੰਦਾਜ਼ੀ ਦੇ ਸੰਚਾਲਕਾਂ ਵਜੋਂ ਸਰਗਰਮ ਦੋ ਧੜਿਆਂ ਵਲੋਂ ਬਣਾਈਆਂ ਦੋ ਐਸੋਸੀਏਸ਼ਨਾਂ ਨੂੰ 31 ਜੁਲਾਈ ਤੱਕ ਆਪਣਾ ਵਿਵਾਦ ਸੁਲਝਾ ਕੇ ਇਕ ਜਥੇਬੰਦੀ ਦੇ ਝੰਡੇ ਹੇਠ ਭਾਰਤ ਸਰਕਾਰ ਤੋਂ ਮਾਨਤਾ ਲੈਣ ਦਾ ਆਦੇਸ਼ ਦਿੱਤਾ ਸੀ, ਪਰ ਦੋਨੋਂ ਜਥੇਬੰਦੀਆਂ ਇਕ ਹੋ ਕੇ ਮਾਨਤਾ ਲੈਣ 'ਚ ਸਫਲ ਨਹੀਂ ਹੋਈਆਂ। ਇਸੇ ਦੌਰਾਨ ਅਦਾਲਤੀ ਫੈਸਲੇ ਤਹਿਤ ਦੋਨਾਂ ਜਥੇਬੰਦੀਆਂ ਨੂੰ 16 ਸਤੰਬਰ ਤੱਕ ਨਿਯਮਾਂ ਅਨੁਸਾਰ ਚੋਣ ਕਰਵਾ ਕੇ ਭਾਰਤ ਸਰਕਾਰ ਤੇ ਭਾਰਤੀ ਉਲੰਪਿਕ ਸੰਘ ਤੋਂ ਮਾਨਤਾ ਲੈਣ ਦਾ ਆਦੇਸ਼ ਦਿੱਤਾ ਹੈ। ਇਸ ਵਿਵਾਦ ਦੌਰਾਨ ਸਪੇਨ 'ਚ ਹੋਣ ਵਾਲੀ ਵਿਸ਼ਵ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸਾਡੀ ਟੀਮ ਭਾਰਤੀ ਝੰਡੇ ਹੇਠ ਹੀ ਖੇਡੇਗੀ। ਜੇਕਰ ਭਾਰਤੀ ਤੀਰਅੰਦਾਜ਼ੀ ਸੰਚਾਲਕ ਇਕ ਮੰਚ 'ਤੇ ਆ ਕੇ ਭਾਰਤ ਸਰਕਾਰ ਤੋਂ ਮਾਨਤਾ ਲੈਣ 'ਚ ਸਫਲ ਨਾ ਹੋਏ ਤਾਂ ਇਸ ਤੋਂ ਬਾਅਦ 'ਚ ਭਾਰਤੀ ਖਿਡਾਰੀ, ਵਰਲਡ ਆਰਚਰੀ ਦੇ ਝੰਡੇ ਹੇਠ ਕੌਮਾਂਤਰੀ ਟੂਰਨਾਮੈਂਟਾਂ 'ਚ ਹਿੱਸਾ ਲੈ ਸਕਣਗੇ। ਹੋ ਸਕਦਾ ਵਿਵਾਦ ਲੰਬਾ ਸਮਾਂ ਨਾ ਸੁਲਝਣ ਦੀ ਸੂਰਤ 'ਚ ਭਾਰਤੀ ਤੀਰਅੰਦਾਜ਼ਾਂ ਲਈ ਕੌਮਾਂਤਰੀ ਟੂਰਨਾਮੈਂਟਾਂ 'ਚ ਹਿੱਸਾ ਲੈਣ 'ਤੇ ਵੀ ਪਾਬੰਦੀ ਲੱਗ ਜਾਵੇ।
ਭਾਰਤੀ ਕ੍ਰਿਕਟ ਖਿਡਾਰੀਆਂ ਦੀ ਡੋਪ ਟੈਸਟਿੰਗ ਨੂੰ ਲੈ ਕੇ ਵੀ ਅੱਜਕਲ੍ਹ ਮਾਹੌਲ ਗਰਮਾਇਆ ਹੋਇਆ ਹੈ। ਲੰਬੇ ਅਰਸੇ ਤੋਂ ਖੇਡ ਹਲਕਿਆਂ 'ਚ ਇਹ ਚਰਚਾ ਚਲੀ ਆ ਰਹੀ ਹੈ ਕਿ ਕ੍ਰਿਕਟ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਡੋਪਿੰਗ ਦੇ ਦਾਇਰੇ 'ਚ ਕਿਉਂ ਨਹੀਂ ਲਿਆਂਦਾ ਜਾ ਰਿਹਾ? ਇਸ ਚਰਚਾ ਨੂੰ ਹਾਲ ਹੀ ਵਿਚ ਉਸ ਵੇਲੇ ਹੋਰ ਬਲ ਮਿਲ ਗਿਆ ਜਦੋਂ ਉੱਭਰਦੇ ਕ੍ਰਿਕਟਰ ਪ੍ਰਿਥਵੀ ਸ਼ਾਹ ਦਾ ਡੋਪ ਟੈਸਟ ਫੇਲ੍ਹ ਹੋ ਗਿਆ। ਹੱਦ ਉਸ ਵੇਲੇ ਹੋ ਗਈ ਜਦੋਂ ਪ੍ਰਿਥਵੀ ਸ਼ਾਹ ਦੇ ਪਾਜ਼ੇਟਿਵ ਪਾਏ ਗਏ ਡੋਪ ਟੈਸਟ ਦਾ ਨਤੀਜਾ ਦੋ ਮਹੀਨੇ ਬਾਅਦ 'ਚ ਜਨਤਕ ਕੀਤਾ ਗਿਆ, ਜਿਸ ਦੌਰਾਨ ਪ੍ਰਿਥਵੀ ਆਈ.ਪੀ.ਐਲ. ਦਾ ਸੀਜ਼ਨ ਪੂਰਾ ਕਰ ਗਿਆ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ ਦੀਆਂ ਸਹੂਲਤਾਂ ਦਾ ਅਨੰਦ ਵੀ ਮਾਣਦਾ ਰਿਹਾ। ਇਸ ਗੱਲ ਦੇ ਉਜਾਗਰ ਹੋਣ ਤੋਂ ਬਾਅਦ ਕ੍ਰਿਕਟਰਾਂ ਦੀ ਡੋਪ ਟੈਸਟਿੰਗ ਦਾ ਮਾਮਲਾ ਇਕਦਮ ਫਿਰ ਭਖ ਗਿਆ। ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਨਿਯਮਾਂ ਅਨੁਸਾਰ ਚੱਲਣ ਲਈ ਲੰਬੇ ਸਮੇਂ ਤੋਂ ਫੁਰਮਾਨ ਜਾਰੀ ਕੀਤੇ ਹੋਏ ਸਨ ਪਰ ਹੁਣ ਦੋ ਵਿਦੇਸ਼ੀ ਟੀਮਾਂ (ਦੱਖਣੀ ਅਫਰੀਕਾ 'ਏ' ਤੇ ਔਰਤਾਂ ਦੀ ਟੀਮ) ਦੇ ਭਾਰਤ ਦੌਰੇ ਰੱਦ ਕਰਨ ਕਰਕੇ ਅਤੇ ਪ੍ਰਿਥਵੀ ਸ਼ਾਹ ਦੇ ਡੋਪਗ੍ਰਸਤ ਪਾਏ ਜਾਣ ਬਾਅਦ ਬੀ.ਸੀ.ਸੀ.ਆਈ. ਨੇ ਨਾਡਾ ਦੀ ਅਧੀਨਗੀ ਕਬੂਲੀ ਹੈ, ਜਿਸ ਤਹਿਤ ਹੁਣ ਕ੍ਰਿਕਟਰਾਂ ਦੇ ਵੀ ਡੋਪ ਟੈਸਟ ਹੋਣਗੇ। ਸਮੁੱਚੇ ਰੂਪ 'ਚ ਦੇਖਿਆ ਜਾਵੇ ਤਾਂ ਬੀ.ਸੀ.ਸੀ.ਆਈ. ਦੇ ਸੰਚਾਲਕਾਂ ਨੇ ਮਾਮਲਾ ਇੰਨਾ ਕੁ ਗਰਮਾ ਕੇ 'ਨਾਡਾ' ਤੋਂ ਕ੍ਰਿਕਟਰਾਂ ਦੇ ਡੋਪ ਟੈਸਟ ਕਰਵਾਉਣੇ ਕਬੂਲੇ ਹਨ, ਜਿਸ ਨਾਲ ਖੇਡ ਪ੍ਰੇਮੀਆਂ ਨੂੰ ਜਾਪਣ ਲੱਗ ਪਿਆ ਹੈ ਕਿ ਕ੍ਰਿਕਟਰ ਸ਼ਾਇਦ ਡੋਪ ਹੀ ਨਾ ਕਰਦੇ ਹੋਣ, ਜਿਸ ਕਰਕੇ ਬੀ.ਸੀ.ਸੀ.ਆਈ. ਡੋਪ ਟੈਸਟਿੰਗ ਤੋਂ ਡਰੀ ਹੋਈ ਹੈ। ਦੇਖਿਆ ਜਾਵੇ ਤਾਂ ਇਸ ਮਾਮਲੇ 'ਚ ਕ੍ਰਿਕਟ ਸੰਚਾਲਕਾਂ ਦੀ ਨਲਾਇਕੀ ਜ਼ਿੰਮੇਵਾਰ ਹੈ।
ਹਾਲ ਹੀ ਵਿਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੁਣੀ ਗਈ ਭਾਰਤੀ ਔਰਤਾਂ ਦੀ ਟੀਮ 'ਚ ਵਿਸ਼ਵ ਚੈਂਪੀਅਨ ਤੇ ਉਲੰਪਿਕ ਤਗਮਾ ਜੇਤੂ ਐਮ.ਸੀ. ਮੈਰੀਕਾਮ ਦੀ ਚੋਣ ਨੂੰ ਉੱਭਰਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਚੁਣੌਤੀ ਦਿੱਤੀ ਹੈ। ਉਕਤ ਚੈਂਪੀਅਨਸ਼ਿਪ ਲਈ ਚੁਣੀ ਗਈ 10 ਮੈਂਬਰੀ ਟੀਮ ਦੇ 51 ਕਿਲੋ ਭਾਰ ਵਰਗ 'ਚ ਐਮ.ਸੀ. ਮੈਰੀਕਾਮ ਦੀ ਚੋਣ ਨੂੰ ਚੁਣੌਤੀ ਦਿੰਦਿਆਂ ਨਿਖਤ ਜ਼ਰੀਨ ਨੇ ਕਿਹਾ ਕਿ ਉਸ ਦੇ ਵੀ ਕੌਮੀ ਟੀਮ ਲਈ ਟਰਾਇਲ ਲਏ ਜਾਣ। ਨਿਖਤ ਨੇ ਬੀਤੇ ਵੀਰਵਾਰ ਕੌਮੀ ਟੀਮ ਦੇ ਟਰਾਇਲਾਂ ਵਾਲੀ ਥਾਂ 'ਤੇ ਪੁੱਜ ਕੇ ਅਤੇ ਉਸ ਦੀ ਮੈਰੀਕਾਮ ਵਾਲੇ ਭਾਰ ਵਰਗ 'ਚ ਦਾਅਵੇਦਾਰੀ ਪਰਖਣ ਲਈ ਚੋਣ ਕਰਤਾਵਾਂ ਨੂੰ ਬੇਨਤੀ ਕੀਤੀ ਪਰ ਚੋਣਕਰਤਾਵਾਂ ਨੇ ਉਸ ਦੀ ਅਰਜ਼ ਨਹੀਂ ਸੁਣੀ ਅਤੇ ਮੈਰੀਕਾਮ ਨੂੰ ਐਲਾਨੀ ਗਈ ਟੀਮ 'ਚ ਸ਼ਾਮਲ ਕਰ ਲਿਆ ਗਿਆ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਮੈਰੀਕਾਮ ਨੂੰ ਵਿਸ਼ਵ ਪੱਧਰ 'ਤੇ ਚੁਣੌਤੀ ਦੇਣ ਵਾਲੀ ਇਸ ਸਮੇਂ ਕੋਈ ਮੁੱਕੇਬਾਜ਼ ਨਜ਼ਰ ਨਹੀਂ ਆਉਂਦੀ ਪਰ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵਲੋਂ ਟੀਮ ਦੀ ਚੋਣ ਸਮੇਂ ਸਾਰੀਆਂ ਖਿਡਾਰਨਾਂ ਲਈ ਇਕ ਵਿਧੀ-ਵਿਧਾਨ ਲਾਗੂ ਕਰਨਾ ਚਾਹੀਦਾ ਹੈ, ਜਿਸ ਕਾਰਨ ਬਿਨਾਂ ਵਜ੍ਹਾ ਵਿਵਾਦ ਨਹੀਂ ਪੈਦਾ ਹੋਣਗੇ। ਨਿਖਤ ਜ਼ਰੀਨ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੇ ਸਿੰਘ ਨੂੰ ਈ-ਮੇਲ ਰਾਹੀਂ ਆਪਣੇ ਨਾਲ ਹੋਈ ਵਧੀਕੀ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਦਾ ਜੁਆਬ ਮਿਲਣ ਤੋਂ ਬਾਅਦ ਅਗਲਾ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ। ਜਾਪਦਾ ਹੈ ਕਿ ਇਹ ਵਿਵਾਦ ਅਜੇ ਹੋਰ ਭਖੇਗਾ। ਉਪਰੋਕਤ ਤਿੰਨ ਘਟਨਾਵਾਂ ਤੋਂ ਸਾਬਤ ਹੋ ਜਾਂਦਾ ਹੈ ਕਿ ਭਾਰਤੀ ਖੇਡ ਸੰਚਾਲਕ ਬੇਵਜ੍ਹਾ ਵਿਵਾਦ ਪੈਦਾ ਕਰਕੇ, ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਦੇਸ਼ ਨੂੰ ਬਦਨਾਮ ਕਰਦੇ ਹਨ। ਇਸ ਲਈ ਖੇਡ ਸੰਚਾਲਕਾਂ ਦੀ ਕਾਰਗੁਜ਼ਾਰੀ ਸਬੰਧੀ ਸਮੇਂ-ਸਮੇਂ ਸਿਰ ਜਾਂਚ ਹੁੰਦੀ ਰਹਿਣੀ ਚਾਹੀਦੀ ਹੈ।


-ਪਟਿਆਲਾ। ਮੋਬਾ: 97795-90575

ਖੇਡਾਂ ਦੀ ਸੱਚੀ-ਸੁੱਚੀ ਭਾਵਨਾ ਦਾ ਮਹੱਤਵ

ਜੀਵਨ ਵਿਚ ਖੇਡਾਂ ਦਾ ਮਹੱਤਵ ਕੌਣ ਨਹੀਂ ਜਾਣਦਾ? ਖੇਡਾਂ ਮਨ ਨੂੰ ਖੁਸ਼ੀ, ਚੰਗੀ ਸਿਹਤ ਅਤੇ ਸੁਹਿਰਦਤਾ ਦਿੰਦੀਆਂ ਹਨ। ਅੱਜਕਲ੍ਹ ਸਾਰੀਆਂ ਖੇਡਾਂ ਵਿਸ਼ਵ ਪੱਧਰ 'ਤੇ ਹੋਣ ਲੱਗ ਪਈਆਂ ਹਨ। ਵੱਖ-ਵੱਖ ਦੇਸ਼ ਹਿੱਸਾ ਲੈਂਦੇ ਹਨ, ਦੋਸਤ ਵੀ ਅਤੇ ਦੁਸ਼ਮਣ ਵੀ। ਪਰ ਸਾਰੇ ਦੇਸ਼ਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਖੇਡਾਂ ਉੱਤੇ ਸਿਆਸਤ ਅਤੇ ਨਫ਼ਰਤ ਦਾ ਪਰਛਾਵਾਂ ਨਾ ਪਵੇ, ਜਿਸ ਦਾ ਰੁਝਾਨ ਸਾਹਮਣੇ ਆਉਣ ਲੱਗ ਪਿਆ ਹੈ। ਖੇਡਾਂ ਕਿਸੇ ਕੌਮ ਦੇ ਵੱਕਾਰ ਦਾ ਸਵਾਲ ਨਹੀਂ ਹੁੰਦੀਆਂ। ਇਹ ਤਕਨੀਕ ਅਤੇ ਕਲਾ ਦੇ ਨਾਲ-ਨਾਲ ਜਿਸਮਾਨੀ, ਮਾਨਸਿਕ ਅਤੇ ਰੂਹਾਨੀ ਸ਼ਕਤੀ ਦਾ ਸੁਮੇਲ ਹੁੰਦੀਆਂ ਹਨ। ਆਧੁਨਿਕ ਉਲੰੰਪਿਕ ਖੇਡਾਂ ਦੇ ਬਾਨੀ ਕੂਬੇਰਤਿਨ ਨੇ ਠੀਕ ਹੀ ਕਿਹਾ ਸੀ, 'ਜੀਵਨ ਵਿਚ ਜ਼ਰੂਰੀ ਗੱਲ ਜਿੱਤਣਾ ਨਹੀਂ, ਬਲਕਿ ਵਧੀਆ ਸੰਘਰਸ਼ ਕਰਨਾ ਹੈ।'
ਇਸ ਦੀ ਇਕ ਸੁਨਹਿਰੀ ਉਦਾਹਰਨ ਸੰਨ 1936 ਵਿਚ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਹੋਈਆਂ ਉਲੰਪਿਕ ਖੇਡਾਂ ਵਿਚੋਂ ਮਿਲਦੀ ਹੈ। ਉਸ ਸਮੇਂ ਹਿਟਲਰ ਦਾ ਬੋਲਬਾਲਾ ਸੀ। ਪਹਿਲੀ ਵਿਸ਼ਵ ਜੰਗ (1914-1918) ਵਿਚ ਜਰਮਨੀ ਦੀ ਹਾਰ ਤੋਂ ਬਾਅਦ ਹਿਟਲਰ ਨੇ ਆਪਣੇ ਸਾਰੇ ਦੇਸ਼ਵਾਸੀਆਂ ਵਿਚ ਰਾਸ਼ਟਰਵਾਦ ਅਤੇ ਆਰੀਆ ਨਸਲ ਦੀ ਸਰਵਸ੍ਰੇਸ਼ਟਤਾ ਦਾ ਵਿਚਾਰ ਕੁੱਟ-ਕੁੱਟ ਕੇ ਭਰ ਦਿੱਤਾ ਸੀ। ਦੂਜੀਆਂ ਸਾਰੀਆਂ ਨਸਲਾਂ ਅਤੇ ਦੇਸ਼ਾਂ ਪ੍ਰਤੀ ਨਫ਼ਰਤ ਸਿਖ਼ਰ ਉੱਤੇ ਸੀ। ਇਸ ਦੇ ਨਤੀਜੇ ਵਜੋਂ ਬਾਅਦ ਵਿਚ ਦੂਜੇ ਵਿਸ਼ਵ ਯੁੱਧ (1939-1945) ਦੌਰਾਨ ਹਿਟਲਰ ਦੀ ਨਾਜ਼ੀ ਪਾਰਟੀ ਨੇ 60 ਲੱਖ ਤੋਂ ਵੱਧ ਬੇਕਸੂਰ ਆਦਮੀ, ਔਰਤਾਂ ਅਤੇ ਬੱਚਿਆਂ ਨੂੰ ਸਿਰਫ਼ ਇਸ ਲਈ ਗੈਸ ਚੈਂਬਰਾਂ ਵਿਚ ਮਾਰ ਦਿੱਤਾ ਸੀ ਕਿ ਉਹ ਯਹੂਦੀ, ਰੋਮਾਨੀ, ਟੱਪਰੀਵਾਸ ਜਾਂ ਹੋਰ 'ਘਟੀਆ' ਨਸਲਾਂ ਦੇ ਸਨ।
ਹਿਟਲਰ ਚਾਹੁੰਦਾ ਸੀ ਕਿ ਬਰਲਿਨ ਉਲੰੰਪਿਕਸ ਵਿਚ ਜਰਮਨੀ ਦੇ ਖਿਡਾਰੀ ਸਭ ਤੋਂ ਵੱਧ ਤਗਮੇ ਜਿੱਤਣ, ਤਾਂ ਕਿ ਉਸ ਦੇ ਆਰੀਆ ਨਸਲ ਬਾਰੇ ਵਿਚਾਰਾਂ ਦੀ ਪੁਸ਼ਟੀ ਹੋ ਸਕੇ। ਇਨ੍ਹਾਂ ਖੇਡਾਂ ਦੀ ਤਿਆਰੀ ਜੰਗੀ ਪੱਧਰ 'ਤੇ ਕੀਤੀ ਗਈ ਸੀ ਅਤੇ ਖਾਸ ਮੁਕਾਬਲਿਆਂ ਸਮੇਂ ਉਹ ਆਪ ਸਟੇਡੀਅਮ ਵਿਚ ਹਾਜ਼ਰ ਰਹਿੰਦਾ ਸੀ।
ਲੰਬੀ ਛਾਲ ਦਾ ਸੋਨੇ ਦਾ ਤਗਮਾ ਜਿੱਤਣ ਲਈ ਹਿਟਲਰ ਨੇ ਇਕ ਅਗਿਆਤ, ਪ੍ਰਤਿਭਾਸ਼ਾਲੀ ਨੌਜਵਾਨ ਅਥਲੀਟ ਲੁਜ਼ ਲੌਂਗ ਨੂੰ ਗੁਪਤ ਰੱਖ ਕੇ ਤਿਆਰ ਕਰਵਾਇਆ ਸੀ। ਉਸ ਦੀ ਛਾਲ ਪਿਛਲੀਆਂ ਖੇਡਾਂ ਦੇ ਰਿਕਾਰਡ ਤੋਂ ਜ਼ਿਆਦਾ ਸੀ। ਸਾਰੀ ਦੁਨੀਆ ਸਮਝਦੀ ਸੀ ਕਿ ਇਹ ਤਗਮਾ ਅਮਰੀਕਾ ਦਾ ਮਹਾਨ ਹਬਸ਼ੀ ਅਥਲੀਟ ਜੈਸੀ ਓਅਨਜ਼ ਜਿੱਤੇਗਾ, ਜਦ ਕਿ ਹਿਟਲਰ ਦੇ ਮਨ ਵਿਚ ਲੱਡੂ ਫੁੱਟ ਰਹੇ ਸਨ।
ਅਸਲੀ ਮੁਕਾਬਲੇ ਤੋਂ ਪਹਿਲਾਂ ਟਰਾਇਲ ਹੋਏ। ਅੰਤਿਮ ਮੁਕਾਬਲੇ ਵਿਚ ਭਾਗ ਲੈਣ ਲਈ ਇਕ ਨਿਸਚਿਤ ਦੂਰੀ ਤੱਕ ਛਾਲ ਲਾਉਣੀ ਜ਼ਰੂਰੀ ਹੁੰਦੀ ਹੈ। ਲੁਜ਼ ਲੌਂਗ ਨੇ ਪਹਿਲੀ ਛਾਲ ਹੀ 26 ਫ਼ੁੱਟ ਦੀ ਮਾਰੀ ਅਤੇ ਕੁਆਲੀਫ਼ਾਈ ਕਰ ਲਿਆ। ਜੈਸੀ ਓਅਨਜ਼ ਹੱਕਾਬੱਕਾ ਰਹਿ ਗਿਆ। ਆਖ਼ਰ ਇਹ ਅਥਲੀਟ ਕਿੱਥੋਂ ਨਿਕਲ ਆਇਆ! ਹਿਟਲਰ ਦੇ ਨਸਲਵਾਦ ਅਤੇ ਲੁਕੋ ਕੇ ਤਿਆਰ ਕੀਤੇ ਇਸ ਅਥਲੀਟ ਬਾਰੇ ਓਅਨਜ਼ ਦਾ ਪਾਰਾ ਚੜ੍ਹ ਗਿਆ। ਉਸ ਨੇ ਹਿਟਲਰ ਨੂੰ ਗਲਤ ਸਿੱਧ ਕਰਨ ਦੀ ਪੱਕੀ ਠਾਣ ਲਈ।
ਜਿਵੇਂ ਹਰ ਖੇਤਰ ਵਿਚ ਹੁੰਦਾ ਹੈ, ਗੁੱਸੇ ਵਿਚ ਆ ਕੇ ਜੈਸੀ ਓਅਨਜ਼ ਵੀ ਗਲਤੀਆਂ ਕਰਨ ਲੱਗ ਪਿਆ। ਗੁੱਸੇ ਅਤੇ ਘਬਰਾਹਟ ਦੇ ਕਾਰਨ ਉਹ ਪਹਿਲੀਆਂ ਦੋ ਛਾਲਾਂ ਵਿਚ ਫ਼ਾਊਲ ਹੋ ਗਿਆ। ਉਸ ਦਾ ਪੈਰ ਛਾਲ ਚੁੱਕਣ ਵਾਲੇ ਫੱਟੇ ਤੋਂ ਥੋੜ੍ਹਾ ਅੱਗੇ ਚਲਾ ਜਾਂਦਾ ਸੀ। ਬਸ ਇਕ ਮੌਕਾ ਹੋਰ ਮਿਲਣਾ ਸੀ। ਘਬਰਾਹਟ ਹੋਰ ਵਧ ਗਈ। ਜੇ ਉਹ ਛਾਲ ਵੀ ਫ਼ਾਊਲ ਹੋ ਜਾਂਦੀ ਜਾਂ ਘੱਟ ਰਹਿ ਜਾਂਦੀ ਤਾਂ ਕਈ ਸਾਲਾਂ ਦੀ ਮਿਹਨਤ 'ਤੇ ਪਾਣੀ ਫਿਰ ਜਾਣਾ ਸੀ ਅਤੇ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ ਸੀ।
ਆਪਣੀ ਵਾਰੀ ਦੀ ਉਡੀਕ ਵਿਚ ਉਹ ਗੁੱਸੇ ਨਾਲ ਜ਼ਮੀਨ ਨੂੰ ਠੁੱਡੇ ਮਾਰ ਰਿਹਾ ਸੀ, ਜਦੋਂ ਇਕ ਹੱਥ ਪਿੱਛੋਂ ਪਿਆਰ ਨਾਲ ਉਸ ਦੇ ਮੋਢੇ 'ਤੇ ਟਿਕਿਆ। ਉਸ ਨੇ ਮੁੜ ਕੇ ਵੇਖਿਆ ਤਾਂ ਸਾਹਮਣੇ ਲੁਜ਼ ਲੌਂਗ ਖੜ੍ਹਾ ਸੀ-ਲੰਬਾ, ਪਤਲਾ, ਬਿੱਲੀਆਂ ਅੱਖਾਂ, ਭੂਰੇ ਵਾਲ, ਗੋਰਾ ਨਿਸ਼ੋਹ। ਉਹ ਹਿਟਲਰ ਦੇ ਨਸਲਵਾਦ ਦਾ ਜਿਊਂਦਾ-ਜਾਗਦਾ ਮੁਜੱਸਮਾ ਜਾਪਦਾ ਸੀ। ਉਸ ਨੇ ਓਅਨਜ਼ ਨਾਲ ਘੁੱਟ ਕੇ ਹੱਥ ਮਿਲਾਇਆ ਅਤੇ ਕਿਹਾ, 'ਤੈਨੂੰ ਕੀ ਹੋ ਗਿਆ? ਕੋਈ ਗੱਲ ਤੈਨੂੰ ਅੰਦਰੋ-ਅੰਦਰੀ ਖਾ ਰਹੀ ਹੈ। ਤੂੰ ਛਾਲ ਚੁੱਕਣ ਵਾਲੇ ਫੱਟੇ ਤੋਂ ਇਕ ਫ਼ੁੱਟ ਪਿੱਛੋਂ ਵੀ ਛਾਲ ਚੁੱਕੇਂ ਤਾਂ ਅੱਖਾਂ ਮੀਚ ਕੇ ਕੁਆਲੀਫ਼ਾਈ ਕਰ ਸਕਦਾ ਹੈਂ। ਹੁਣ ਫ਼ਸਟ ਨਾ ਵੀ ਆਇਆ ਤਾਂ ਕੀ ਹੈ?' ਲੁਜ਼ ਦੀ ਖੁੱਲ੍ਹਦਿਲੀ ਅਤੇ ਹਮਦਰਦੀ ਨਾਲ ਓਅਨਜ਼ ਦਾ ਸਾਰਾ ਗੁੱਸਾ ਅਤੇ ਘਬਰਾਹਟ ਇਕਦਮ ਕਫ਼ੂਰ ਹੋ ਗਏ। ਉਸ ਨੇ ਤੀਜੀ ਛਾਲ ਖਾਸੀ ਪਿੱਛੋਂ ਹੀ ਚੁੱਕੀ ਅਤੇ ਆਸਾਨੀ ਨਾਲ ਕੁਆਲੀਫ਼ਾਈ ਕਰ ਲਿਆ।
ਉਸ ਦਿਨ ਪਿਛਲੇ ਪਹਿਰ ਹੋਏ ਫ਼ਾਈਨਲ ਮੁਕਾਬਲੇ ਵਿਚ ਕੁਦਰਤੀ ਤੌਰ 'ਤੇ ਦੋਵਾਂ ਅਥਲੀਟਾਂ ਨੇ ਸੋਨੇ ਦਾ ਤਗਮਾ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਲੁਜ਼ ਲੌਂਗ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਲੰਬੀ ਛਾਲ ਲਗਾਈ, ਪਰ ਓਅਨਜ਼ ਉਸ ਤੋਂ ਵੱਧ ਛਾਲ ਮਾਰ ਕੇ ਸੋਨੇ ਦਾ ਤਗਮਾ ਜਿੱਤ ਗਿਆ। ਲੁਜ਼ ਲੌਂਗ ਨੇ ਸੁਹਿਰਦ ਮੁਸਕਰਾਹਟ ਅਤੇ ਗਰਮਜੋਸ਼ੀ ਨਾਲ ਜੈਸੀ ਓਅਨਜ਼ ਦਾ ਹੱਥ ਘੁੱਟ ਕੇ ਵਧਾਈ ਦਿੱਤੀ ਅਤੇ ਉਸ ਨਾਲ ਫ਼ੋਟੋ ਖਿਚਵਾਏ। ਸੌ ਕੁ ਗਜ਼ ਦੂਰ ਬੈਠਾ ਹਿਟਲਰ ਅੱਗ ਬਬੂਲਾ ਹੋ ਉੱਠਿਆ। ਲੁਜ਼ ਨੇ ਉਸ ਵੱਲ ਵੇਖਿਆ, ਪਰ ਬਿਲਕੁਲ ਪ੍ਰਵਾਹ ਨਾ ਕੀਤੀ।
ਧੰਨਵਾਦ ਕਰਨ ਲਈ ਜੈਸੀ ਓਅਨਜ਼ ਉਸ ਰਾਤ ਲੁਜ਼ ਲੌਂਗ ਦੇ ਕਮਰੇ ਵਿਚ ਗਿਆ। ਉਹ ਦੋ ਘੰਟੇ ਗੱਲਾਂ ਕਰਦੇ ਰਹੇ। ਲੁਜ਼ ਲੌਂਗ ਨੂੰ ਹਿਟਲਰ ਦੇ ਨਸਲਵਾਦ ਵਿਚ ਵਿਸ਼ਵਾਸ ਨਹੀਂ ਸੀ ਅਤੇ ਨਾ ਹੀ ਉਹ ਉਸ ਤੋਂ ਡਰਦਾ ਸੀ। ਦੋਹਾਂ ਵਿਚਕਾਰ ਡੂੰਘੀ ਦੋਸਤੀ ਹੋ ਗਈ, ਜੋ ਪਰਿਵਾਰਕ ਸਬੰਧਾਂ ਵਿਚ ਬਦਲ ਗਈ ਅਤੇ ਹਮੇਸ਼ਾ ਰਹੀ। ਜੈਸੀ ਓਅਨਜ਼ ਉਸ ਦੋਸਤੀ ਨੂੰ ਆਪਣੇ ਸਾਰੀ ਉਮਰ ਵਿਚ ਜਿੱਤੇ ਤਗਮਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਦਾ ਸੀ।
ਇਹ ਹੈ ਖੇਡਾਂ ਦੀ ਸੱਚੀ-ਸੁੱਚੀ ਭਾਵਨਾ। ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ, ਪਰ ਇਹ ਭਾਵਨਾ ਅਮਰ ਰਹਿੰਦੀ ਹੈ। ਬਦਕਿਸਮਤੀ ਨਾਲ ਲੁਜ਼ ਲੌਂਗ ਦੂਜੇ ਵਿਸ਼ਵ ਯੁੱਧ ਵਿਚ ਲੜਦਾ ਹੋਇਆ 1943 ਵਿਚ 30 ਸਾਲ ਦੀ ਉਮਰ ਵਿਚ ਮਾਰਿਆ ਗਿਆ, ਪਰ ਇਹ ਘਟਨਾ ਖੇਡਾਂ ਦੇ ਇਤਿਹਾਸ ਵਿਚ ਅਮਰ ਹੋ ਗਈ।


-305, ਮਾਡਲ ਟਾਊਨ (ਫੇਜ਼-1), ਬਠਿੰਡਾ-151001. ਮੋਬਾ: 98149-41214

ਕੌਮਾਂਤਰੀ ਦੌੜਾਕ ਨਰਾਇਣ ਠਾਕਰ ਦਿੱਲੀ

'ਬਹੁਤ ਫਰਕ ਹੈ ਔਰੋਂ ਔਰ ਹਮਾਰੀ ਤਾਲੀਮ ਮੇਂ, ਲੋਗੋਂ ਨੇ ਉਸਤਾਦੋਂ ਸੇ ਸੀਖਾ ਮੈਨੇ ਅਪਨੇ ਹਾਲਾਤੋਂ ਸੇ।' ਮੈਂ ਗੱਲ ਕਰ ਰਿਹਾ ਹਾਂ ਦੇਸ਼ ਦੇ ਮਹਾਨ ਖਿਡਾਰੀ ਨਰਾਇਣ ਠਾਕਰ ਦੀ, ਜੋ ਇਕ ਵੱਡੇ ਸੰਘਰਸ਼ ਦੀ ਦਾਸਤਾਨ ਹੈ, ਜਿਸ ਨੇ ਅੰਤਾਂ ਦੀ ਗਰੀਬੀ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਮੰਨੀ, ਸਗੋਂ ਆਪਣੇ ਮਜ਼ਬੂਤ ਇਰਾਦੇ, ਬੁਲੰਦ ਹੌਸਲੇ ਨਾਲ ਗਰੀਬੀ ਨਾਲ ਐਸਾ ਦੋ-ਚਾਰ ਹੋਇਆ ਕਿ ਅੱਜ ਨਰਾਇਣ ਠਾਕਰ ਹਰ ਭਾਰਤੀ ਦੇ ਦਿਲ ਵਿਚ ਵਸਦਾ ਹੈ। ਨਰਾਇਣ ਠਾਕਰ ਦਾ ਪਰਿਵਾਰ ਬਿਹਾਰ ਪ੍ਰਾਂਤ ਨਾਲ ਸਬੰਧ ਰੱਖਦਾ ਹੈ ਪਰ ਪੇਟ ਦੀਆਂ ਮਜਬੂਰੀਆਂ ਦਿੱਲੀ ਵਰਗੇ ਮਹਾਂਨਗਰ ਲੈ ਆਈਆਂ ਅਤੇ ਅੱਜ ਉਹ ਦਿੱਲੀ ਦੇ ਹੋ ਕੇ ਹੀ ਰਹਿ ਗਏ ਹਨ। ਨਰਾਇਣ ਠਾਕਰ ਦਾ ਜਨਮ 2 ਫਰਵਰੀ, 1990 ਵਿਚ ਪਿਤਾ ਮਨੋਜ ਠਾਕਰ ਦੇ ਘਰ ਮਾਤਾ ਰੀਤਾ ਦੇਵੀ ਦੀ ਕੁੱਖੋਂ ਬਾਦਲੀ ਰਾਜ ਵਿਹਾਰ ਦਿੱਲੀ ਵਿਚ ਹੋਇਆ। ਨਰਾਇਣ ਠਾਕਰ ਨੇ ਜਦ ਜਨਮ ਲਿਆ ਤਾਂ ਪਤਾ ਲੱਗਾ ਕਿ ਉਹ ਪੈਰਾ ਪਲੈਜਿਕ ਦੀ ਬਿਮਾਰੀ ਤੋਂ ਪੀੜਤ ਸੀ ਯਾਨਿ ਉਸ ਦਾ ਹੇਠਲਾ ਹਿੱਸਾ ਬਿਲਕੁਲ ਹੀ ਸੁੰਨ ਸੀ। ਪਿਤਾ ਦਾਣੇ ਦੀ ਫੈਕਟਰੀ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਬੱਚੇ ਨੇ ਜਨਮ ਲਿਆ ਤਾਂ ਘਰ ਆਈਆਂ ਖੁਸ਼ੀਆਂ ਵੀ ਗਮ ਵਿਚ ਬਦਲ ਗਈਆਂ ਅਤੇ ਗਰੀਬ ਪਿਤਾ ਆਪਣੇ ਬੱਚੇ ਦੇ ਇਲਾਜ ਵਾਸਤੇ ਦਰ-ਬ-ਦਰ ਭਟਕਣ ਲੱਗਿਆ ਪਰ ਕੋਈ ਇਲਾਜ ਨਾ ਹੋਇਆ ਅਤੇ ਨਰਾਇਣ ਠਾਕਰ ਸਾਰੀ ਉਮਰ ਅਪਾਹਜਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਿਆ ਅਤੇ ਹੋਰ ਕੋਈ ਚਾਰਾ ਵੀ ਨਹੀਂ ਸੀ। ਬਾਪ ਇਕ ਪਾਸੇ ਘਰ ਦੀ ਰੋਜ਼ੀ-ਰੋਟੀ ਲਈ ਦੋ-ਚਾਰ ਹੁੰਦਾ, ਦੂਜੇ ਪਾਸੇ ਹਰ ਵਕਤ ਅਪਾਹਜ ਬੇਟੇ ਦੀ ਚਿੰਤਾ ਮਨ ਨੂੰ ਅੰਦਰੋ-ਅੰਦਰ ਖਾਈ ਜਾਂਦੀ।
ਉਹ ਘਬਰਾਇਆ ਨਹੀਂ ਅਤੇ ਉਸ ਨੇ ਸਰਕਾਰੀ ਬੱਸਾਂ ਨੂੰ ਅੰਦਰੋਂ ਸਾਫ ਕਰਨ ਦੀ ਨੌਕਰੀ ਕਰ ਲਈ ਅਤੇ ਡੇਢ ਸਾਲ ਬੱਸਾਂ ਦੀ ਸਫਾਈ ਕਰਦਾ ਰਿਹਾ, ਨਾਲ ਹੀ ਉਸ ਨੇ ਨੇੜੇ ਲਗਦੇ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਸ ਦੀ ਮੁਲਾਕਾਤ ਕੋਚ ਅਮਿਤ ਖੰਨਾ ਨਾਲ ਹੋਈ ਅਤੇ ਉਸ ਨੇ ਨਰਾਇਣ ਨੂੰ ਪੈਰਾ ਖੇਡਾਂ ਵਿਚ ਤਰਾਸ਼ਣਾ ਸ਼ੁਰੂ ਕੀਤਾ। ਸਾਲ 2015 ਵਿਚ ਦਿੱਲੀ ਵਿਚ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਨਰਾਇਣ ਠਾਕਰ ਨੇ 200 ਮੀਟਰ ਦੌੜ ਅਤੇ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ। ਸਾਲ 2015 ਵਿਚ ਗਾਜ਼ੀਆਬਾਦ ਵਿਚ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ ਭਾਗ ਲਿਆ, ਜਿਥੇ ਉਸ ਨੇ ਤੀਸਰਾ ਸਥਾਨ ਹਾਸਲ ਕੀਤਾ। ਸਾਲ 2016 ਵਿਚ ਉਸ ਨੇ ਪੰਚਕੂਲਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਵਿਚ 100 ਮੀਟਰ ਅਤੇ 200 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਅਤੇ ਨਰਾਇਣ ਠਾਕਰ ਦਾ ਹੌਸਲਾ ਵਧਦਾ ਹੀ ਗਿਆ ਅਤੇ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਛੇਤੀ ਹੀ ਉਹ ਨੈਸ਼ਨਲ ਪੱਧਰ 'ਤੇ ਜਿੱਤਾਂ ਦਰਜ ਕਰਦਾ ਰਿਹਾ। ਸਾਲ 2018 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਦੇ ਟਰਾਇਲ ਹੋਏ, ਜਿੱਥੇ ਨਰਾਇਣ ਨੇ ਕੁਆਲੀਫਾਈ ਕਰ ਲਿਆ ਅਤੇ ਏਸ਼ੀਅਨ ਖੇਡਾਂ ਵਿਚ ਨਰਾਇਣ ਠਾਕਰ ਨੇ 100 ਮੀਟਰ ਫਰਾਟਾ ਦੌੜ ਵਿਚ ਏਸ਼ੀਆ ਦੇ ਸਾਰੇ ਖਿਡਾਰੀਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਪੂਰੇ ਭਾਰਤ ਦਾ ਨਾਂਅ ਹੀ ਨਹੀਂ ਚਮਕਾਇਆ, ਸਗੋਂ ਆਪਣੇ ਸੁਪਨੇ ਨੂੰ ਵੀ ਸੱਚ ਕਰ ਵਿਖਾਇਆ।
ਅੱਜਕਲ੍ਹ ਨਰਾਇਣ ਠਾਕਰ ਸਾਲ 2020 ਵਿਚ ਟੋਕੀਓ ਵਿਖੇ ਹੋ ਰਹੀਆਂ ਪੈਰਾ-ਉਲੰਪਿਕ ਅਤੇ ਆਉਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਵਿਚ ਦਿਨ-ਰਾਤ ਇਕ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਨਰਾਇਣ ਫਿਰ ਭਾਰਤ ਦੀ ਸ਼ਾਨ ਬਣੇਗਾ।


ਮੋਬਾ: 98551-14484





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX