ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂ ਦੀ ਖੇਤੀ

ਉੱਨਤ ਕਿਸਮਾਂ ਅਤੇ ਕਾਸ਼ਤ ਦੇ ਢੰਗ

ਆਲੂ ਦੀਆਂ ਉੱਨਤ ਕਿਸਮਾਂ: ਅਗੇਤੀਆਂ ਕਿਸਮਾਂ: ਕੁਫ਼ਰੀ ਸੂਰੀਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ।
ਦਰਮਿਆਨੇ ਸਮੇਂ ਦੀਆਂ ਕਿਸਮਾਂ: ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ।
ਪਛੇਤੀਆਂ ਕਿਸਮਾਂ: ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ।
ਪ੍ਰੋਸੈਸਿੰਗ ਵਾਲੀਆਂ ਕਿਸਮਾਂ: ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ।
ਆਲੂ ਦੀ ਕਾਸ਼ਤ ਦੇ ਢੰਗ: ਹਰੀ ਖਾਦ: 20 ਕਿਲੋ ਸਣ ਜਾਂ ਜੰਤਰ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬੀਜੋ। ਜਦੋਂ ਇਹ ਫ਼ਸਲ 40-45 ਦਿਨਾਂ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ। ਅਜਿਹਾ ਕਰਨ ਨਾਲ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਇਹ ਚੰਗੀ ਤਰ੍ਹਾਂ ਗਲ-ਸੜ ਜਾਂਦੀ ਹੈ।
ਜ਼ਮੀਨ ਦੀ ਤਿਆਰੀ: ਬਿਜਾਈ ਤੋਂ ਪਹਿਲਾਂ ਉਲਟਾਵੇਂ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਜ਼ਮੀਨ ਨੂੰ ਵਾਹੋ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਕੇਵਲ ਤਵੀਆਂ ਨਾਲ ਵਹਾਈ ਹੀ ਕਾਫ਼ੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਬਿਜਾਈ ਤੋਂ ਪਹਿਲਾਂ ਰੂੜੀ ਦੀ ਖਾਦ ਪਾ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਰੂੜੀ ਦੀ ਖਾਦ ਨੂੰ ਵਾਹੀ ਸਮੇਂ ਖੇਤ ਵਿਚ ਮਿਲਾਉਣ ਨਾਲੋਂ ਵਧੇਰੇ ਫਾਇਦੇਮੰਦ ਹੈ। ਜੇ ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਮਾਮੂਲੀ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ ਤੇ ਇਸ ਤਰ੍ਹਾਂ ਕਰਨ ਨਾਲ ਝਾੜ ਵਿਚ ਕੋਈ ਕਮੀ ਨਹੀਂ ਆਉਂਦੀ ਹੈ।
ਬੀਜ ਦੀ ਮਾਤਰਾ: 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੇ ਚਾਹੀਦੇ ਹਨ। ਵਧੀਆ ਕੁਆਲਟੀ ਦਾ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ।
ਬੀਜ ਆਲੂ ਨੂੰ ਰੋਗ ਰਹਿਤ ਕਰਨਾ ਤੇ ਬਿਜਾਈ ਤੋਂ ਪਹਿਲਾਂ ਤਿਆਰੀ: ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ ਵਿਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰੱਖੋ। ਬੀਜ ਨੂੰ ਸਟੋਰ ਵਿਚੋਂ ਕੱਢ ਕੇ ਸਿੱਧਾ ਹੀ ਨਹੀਂ ਬੀਜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਪਹਿਲੇ ਪੱਖੇ ਦੀ ਹਵਾ ਨਾਲ ਸੁਕਾ ਲਵੋ ਅਤੇ ਫਿਰ ਕਿਸੇ ਠੰਢੀ ਜਗ੍ਹਾ ਉੱਤੇ ਖਿਲਾਰ ਦਿਓ ਜਿਥੇ ਤੇਜ਼ ਰੌਸ਼ਨੀ ਨਾ ਪੈਂਦੀ ਹੋਵੇ। 8-10 ਦਿਨ ਲਈ ਆਲੂਆਂ ਨੂੰ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ।
ਬਿਜਾਈ ਦਾ ਸਮਾਂ: ਮੈਦਾਨੀ ਇਲਾਕਿਆਂ ਵਿਚ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਪਤਝੜ ਫ਼ਸਲ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰ੍ਹਵਾੜਾ ਹੈ। ਸਤੰਬਰ ਵਿਚ ਬਿਜਾਈ ਕਰਨ ਲਈ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।
ਬਿਜਾਈ ਦਾ ਤਰੀਕਾ: ਜਦੋਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਵੱਟਾਂ ਦੇ ਨਿਸ਼ਾਨ ਲਗਾਉਣੇ ਚਾਹੀਦੇ ਹਨ। ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰਨੀ ਚਾਹੀਦੀ ਹੈ। ਟਰੈਕਟਰ ਨਾਲ ਬਿਜਾਈ ਕਰਨੀ ਹੋਵੇ ਤਾਂ ਅਰਧ ਸਵੈ-ਚਾਲਕ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਜਾਦੀ ਹੈ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਆਲੂ ਤੋਂ ਆਲੂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਦੱਖਣ-ਪੱਛਮੀ ਜ਼ਿਲ੍ਹਿਆਂ ਵਿਚ ਬਿਜਾਈ 50-55 ਸੈਂਟੀਮੀਟਰ ਚੌੜੇ ਬੈੱਡਾਂ ਉਤੇ ਦੋ ਕਤਾਰਾਂ ਵਿਚ ਕਰਨ ਨਾਲ ਵੱਧ ਝਾੜ ਮਿਲਦਾ ਹੈ ਅਤੇ ਅਜਿਹਾ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਜੈਵਿਕ ਖਾਦ: ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਤੋਂ ਮਿਲਦਾ ਹੈ।
ਖਾਦ ਪ੍ਰਬੰਧ: 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ ਤੱਤ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਨੂੰ ਦੇਣੇ ਚਾਹੀਦੇ ਹਨ। ਖੇਤ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ ਤੇ 18 ਕਿਲੋ ਪ੍ਰਤੀ ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ। ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਓ। ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਓ। ਜੇ ਮਿੱਟੀ ਪਰਖ ਰਿਪੋਰਟ ਵਿਚ ਖੁਰਾਕੀ ਤੱਤਾਂ ਦੀ ਘਾਟ ਦੱਸੀ ਗਈ ਹੋਵੇ ਤਾਂ ਖਾਦਾਂ ਦੀ ਮਾਤਰਾ ਵਧਾਈ ਜਾ ਸਕਦੀ ਹੈ।


-ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ। ਫੋਨ : +919465420097


ਖ਼ਬਰ ਸ਼ੇਅਰ ਕਰੋ

ਬਰਸਾਤਾਂ ਦੇ ਮੌਸਮ ਵਿਚ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ

ਪੰਜਾਬ ਵਿਚ ਬਰਸਾਤਾਂ ਦਾ ਮੌਸਮ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਬਰਸਾਤਾਂ ਦਾ ਮੌਸਮ ਫ਼ਲਦਾਰ ਬੂਟਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਲਈ ਬਹੁਤ ਹੀ ਢੁਕਵਾਂ ਹੈ, ਪਰ ਜਿਆਦਾ ਬਾਰਿਸ਼ ਨਾਲ ਫ਼ਲਦਾਰ ਬੂਟਿਆਂ 'ਤੇ ਮਾਰੂ ਅਸਰ ਵੀ ਪੈਂਦਾ ਹੈ। ਇਸ ਲਈ ਨਵੇਂ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਫਲਦਾਰ ਬੂਟੇ ਦੀ ਚੋਣ, ਵਿਉਂਤਬੰਦੀ ਅਤੇ ਪਹਿਲਾਂ ਤੋਂ ਲੱਗੇ ਫ਼ਲਦਾਰ ਬੂਟਿਆਂ ਦੀ ਸਾਭ-ਸੰਭਾਲ ਪੂਰੀ ਵਿਗਿਆਨਕ ਵਿਧੀ ਨਾਲ ਕਰਨੀ ਚਾਹੀਦੀ ਹੈ।
ਬਰਸਾਤਾਂ ਦੇ ਮੌਸਮ ਵਿਚ ਬਾਗ਼ਾਂ ਦਾ ਰੱਖ-ਰਖਾਅ
* ਬਾਗ ਲਈ ਜ਼ਮੀਨ ਪੱਧਰ ਕਰਦੇ ਸਮੇਂ ਹਲਕੀ ਜਿਹੀ ਢਲਾਣ ਰੱਖ ਲੈਣੀ ਚਾਹੀਦੀ ਹੈ ਤਾਂ ਕਿ ਭਾਰੀ ਬਾਰਿਸ਼ ਦੇ ਵਾਧੂ ਪਾਣੀ ਦਾ ਨਿਕਾਸ ਕੀਤਾ ਜਾ ਸਕੇ। ਜਿੰਨੀ ਜਲਦੀ ਹੋ ਸਕੇ ਬਾਗਾਂ ਵਿਚੋਂ ਪਾਣੀ ਦਾ ਨਿਕਾਸ ਕਰ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ 'ਤੇ ਹਲਕੀ ਜਿਹੀ ਵਹਾਈ ਵੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਜੜ੍ਹਾਂ ਵਿਚ ਹਵਾ ਦਾ ਪ੍ਰਵਾਹ ਹੋ ਸਕੇ। ਜ਼ਿਆਦਾ ਬਾਰਿਸ਼ ਨਾਲ ਕਈ ਵਾਰ ਨਵੇਂ ਲਾਏ ਬੂਟੇ ਟੇਢੇ-ਮੇਢੇ ਹੋ ਜਾਂਦੇ ਹਨ, ਇਨ੍ਹਾਂ ਬੂਟਿਆਂ ਨੂੰ ਸੋਟੀਆਂ ਜਾਂ ਕਿਸੇ ਹੋਰ ਸਹਾਰੇ ਨਾਲ ਸਿੱਧੇ ਕਰ ਦੇਣਾ ਚਾਹੀਦਾ ਹੈ ਅਤੇ ਵਾਧੂ ਫੁਟਾਰਾ ਤੋੜ ਦੇਣਾ ਚਾਹੀਦਾ ਹੈ। ਵੱਡੇ ਬੂਟਿਆਂ ਦੀ ਟੁਟੀਆਂ, ਨੁਕਸਾਨੀਆਂ ਟਹਿਣੀਆਂ ਕੱਟ ਕੇ ਬੋਰਡੋ ਮਿਸ਼ਰਨ 2:2:250 ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
* ਕਿੰਨੂ ਵਿਚ ਫ਼ਲਾਂ ਦਾ ਕੇਰਾ ਇਕ ਗੰਭੀਰ ਸਮੱਸਿਆ ਹੈ, ਇਸ ਨਾਲ ਫ਼ਲਾਂ ਦੇ ਝਾੜ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਇਹ ਬਿਮਰੀ ਜ਼ਿਆਦਾਤਰ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਜਨਵਰੀ-ਫਰਵਰੀ ਵਿਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਨ ਜਾਂ ਕੌਪਰ ਆਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿਚ ਕਰ ਦਿਉ। 10 ਗ੍ਰਾਮ ਪ੍ਰਤੀ ਏਕੜ ਜ਼ਿਬਰੈਲਿਕ ਐਸਿਡ ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਵਿਚ ਕਰੋ। ਇਸ ਸਮੇਂ ਕੀਤਾ ਛਿੜਕਾਅ ਬਰਸਾਤਾਂ ਬਾਅਦ ਹੋਣ ਵਾਲੇ ਕੇਰੇ ਨੂੰ ਕਾਫ਼ੀ ਠੱਲ੍ਹ ਪਾ ਸਕਦਾ ਹੈ।
* ਨਿੰਬੂ ਜਾਤੀ ਦੇ ਬੂਟਿਆਂ ਦੇ ਪੈਰ ਦਾ ਗਾਲ੍ਹਾ/ ਗੂੰਦੀਆ ਰੋਗ/ ਫਾਈਟੋਫਥੋਰਾ ਦਾ ਵੀ ਜ਼ਮੀਨ ਵਿਚ ਪਾਣੀ ਦੇ ਸੁਚੱਜੇ ਪ੍ਰਬੰਧ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇਕਰ ਵਾਧੂ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਾ ਹੋਵੇ ਤਾਂ ਇਹ ਬਿਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਇਸ ਲਈ ਬਾਗਾਂ ਵਿਚ ਪਾਣੀ ਨਾ ਖੜ੍ਹਨ ਦਿਉ। ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣ ਲਈ ਜੁਲਾਈ-ਅਗਸਤ ਮਹੀਨੇ ਸੋਡੀਅਮ ਹਾਈਪੋਕਲੋਰਾਈਟ 5 ਫੀਸਦੀ ਨੂੰ 50 ਮਿਲੀਲੀਟਰ ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲੀਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੀ ਛਤਰੀ ਹੇਠ ਅਤੇ ਮੁੱਖ ਤਣਿਆਂ ਉਪਰ ਛਿੜਕਾਅ ਕਰੋ। ਯਾਦ ਰਹੇ ਕਿ ਇਸ ਨੂੰ ਪਉਣ ਤੋਂ ਪਹਿਲਾਂ ਬੂਟਿਆਂ ਦੇ ਦੌਰ ਸਾਫ਼ ਹੋਣ ਅਤੇ ਜ਼ਮੀਨ ਵੀ ਵੱਤਰ ਵਿਚ ਹੋਵੇ।
* ਕਈ ਤਰ੍ਹਾਂ ਦੇ ਫ਼ਲ ਜਿਵਂੇ ਕੀ ਬਾਰਾਮਾਸੀ ਨਿੰਬੂ, ਅਨਾਰ ਆਦਿ ਵਿਚ ਫ਼ਲ ਫਟਣ ਦੀ ਸਮੱਸਿਆ ਵੀ ਬਰਸਾਤ ਨਾਲ ਸਬੰਧ ਰੱਖਦੀ ਹੈ। ਉਪਰੋਕਤ ਸਮੱਸਿਆ ਦੀ ਰੋਕਥਾਮ ਲਈ ਸੁਚੱਜਾ ਪਾਣੀ ਪ੍ਰਬੰਧ, ਵਾਧੂ ਪਾਣੀ ਦਾ ਨਿਕਾਸ, ਅਤੇ ਸ਼ਿਫਾਰਸ਼ ਕੀਤੇ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀ ਦੇ ਮਹੀਨਿਆਂ ਵਿਚ ਬੂਟਿਆਂ ਥੱਲੇ ਪਰਾਲੀ ਜਾਂ ਖੋਰੀ ਵਿਛਾ ਕੇ ਅਤੇ ਘਰੇਲੂ ਪੱਧਰ 'ਤੇ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰ ਕੇ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।
* ਅੰਗੂਰਾਂ ਵਿਚ ਟਹਿਣੀਆਂ ਸੁੱਕਣ ਦਾ ਰੋਗ ਵੀ ਬਰਸਾਤਾਂ ਤੋਂ ਬਾਅਦ ਵਧ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬੋਰਡੋ ਮਿਸ਼ਰਨ (2:2:250) ਦਾ ਛਿੜਕਾਅ ਕਾਂਟ-ਛਾਂਟ ਤੋਂ ਬਾਅਦ ਜਨਵਰੀ-ਫਰਵਰੀ ਵਿਚ ਅਤੇ ਫਿਰ ਮਾਰਚ, ਮਈ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅਖੀਰ ਵਿਚ ਕਰੋ। ਇਸ ਤੋਂ ਇਲਾਵਾ ਸਕੋਰ 25 ਤਾਕਤ 500 ਮਿ.ਲੀ. ਪ੍ਰਤੀ ਏਕੜ ਦਾ ਛਿੜਕਾਅ 500 ਲੀਟਰ ਪਾਣੀ ਵਿਚ ਘੋਲ ਕੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅੱਧ ਵਿਚ ਕਰੋ।
* ਅਮਰੂਦ ਵਿਚ ਬਰਸਾਤ ਦੀ ਰੁੱਤ ਦੀ ਫਸਲ ਵਿਚ ਫ਼ਲ ਦੀ ਮੱਖੀ ਦਾ ਹਮਲਾ ਕਈ ਵਾਰ ਪੂਰੀ ਫਸਲ ਬਰਬਾਦ ਕਰ ਦਿੰਦਾ ਹੈ। ਇਸ ਕੀੜੇ ਦੇ ਪ੍ਰਕੋਪ ਨੂੰ ਘਟਾਉਣ ਲਈ ਬਰਸਾਤਾਂ ਤੋਂ ਪਹਿਲਾਂ ਬਾਗਾਂ ਦੀ ਸਾਫ-ਸਫਾਈ ਕਰ ਦੇਣੀ ਚਾਹੀਦੀ ਹੈ। ਇਸ ਮਹੀਨੇ ਮੱਖੀ ਤੋਂ ਪ੍ਰਭਾਵਿਤ ਅਮਰੂਦਾਂ ਨੂੰ ਇਕੱਠਾ ਕਰ ਕੇ ਲਗਾਤਾਰ ਜ਼ਮੀਨ ਵਿਚ ਦਬਾਉਂਦੇ ਰਹੋ। ਪੀ. ਏ. ਯੂ. ਫਰੂਟ ਫਲਾਈ ਟਰੈਪ ਲਗਾ ਕੇ ਵੀ ਫਲ ਦੀ ਮੱਖੀ ਦੇ ਕਾਰਨ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ ਜਿਸ ਲਈ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ।


-ਮੋਬਾੀਲ : 99158-33793

ਟਮਾਟਰ ਦੀ ਸਫਲ ਕਾਸ਼ਤ ਕਿਵੇਂ ਹੋਵੇ?

ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫਸਲ ਨੂੰ ਚਿਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰਕੇ ਕਿਸਾਨ ਭਰਾਵਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਇਸ ਰੋਗ ਕਰਕੇ ਫਸਲ ਪੂਰੀ ਤਰਾਂ ਤਬਾਹ ਹੋ ਜਾਂਦੀਂ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲਂੋ ਟਮਾਟਰ ਦੀ ਨਵੀਂ ਕਿਸਮ ਪੰਜਾਬ ਵਰਖਾ ਬਹਾਰ-4 ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਕਰਕੇ ਹੁਣ ਪੰਜਾਬ ਦੇ ਕਿਸਾਨ ਟਮਾਟਰ ਦੀ ਫਸਲ ਨੂੰ ਬਰਸਾਤ ਰੁੱਤ ਵਿਚ ਵੀ ਕਾਸ਼ਤ ਕਰ ਸਕਦੇ ਹਨ।
ਕਾਸ਼ਤ ਦੇ ਢੰਗ
ਬੀਜ ਦੀ ਮਾਤਰਾ : ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ। ਦੋ ਮਰਲੇ (50 ਵਰਗ ਮੀਟਰ) ਦੀਆਂ ਕਿਆਰੀਆਂ ਵਿਚ ਏਕੜ ਲਈ ਪਨੀਰੀ ਕਾਫ਼ੀ ਹੁੰਦੀ ਹੈ।
ਬਿਜਾਈ ਦਾ ਸਮਾਂ : ਪੰਜਾਬ ਵਰਖਾ ਬਹਾਰ-4 ਬਿਜਾਈ ਅੱਧ ਅਗਸਤ ਵਿਚ ਪਨੀਰੀ ਪੁੱਟ ਕੇ ਖੇਤ ਵਿਚ ਲਾ ਦਿਉ। ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ।
ਪਨੀਰੀ ਤਿਆਰ ਕਰਨਾ : ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉਚੀਆਂ ਕਿਆਰੀਆਂ ਬਣਾਉ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ। ਕਿਆਰੀਆਂ 1.5-2.0 ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ 4-5 ਲਿਟਰ ਪਾਣੀ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ। ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 24 ਘੰਟੇ ਤੱਕ ਢਕ ਦਿਓ। ਬਾਅਦ ਵਿਚ ਦਿਨ ਵਿਚ ਇਕ ਵਾਰ 4-5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ/ਥੀਰਮ ਦਵਾਈ ਪ੍ਰਤੀ ਕਿਲੋ ਬੀਜ ਪਿੱਛੇ ਲਾਓ। ਬੀਜ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜੋ। ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ/ਥੀਰਮ ਦਵਾਈ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ। 7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਓ। ਪਨੀਰੀ ਨੂੰ ਟਰੇਆਂ ਵਿਚ ਵੀ ਤਿਆਰ ਕੀਤਾ ਜਾ ਸਕਦਾ ਹੈ। ਬਿਜਾਈ ਤੋਂ ਤਕਰੀਬਨ 3-4 ਹਫਤਿਆਂ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਦੀਂ ਹੈ।
ਫ਼ਾਸਲਾ : ਪੰਜਾਬ ਵਰਖਾ ਬਹਾਰ-4 ਦੀ ਪਨੀਰੀ ਖੇਤ ਵਿਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ।
ਖਾਦਾਂ : ਟਮਾਟਰਾਂ ਦੀ ਫ਼ਸਲ ਲਈ 10 ਟਨ ਗਲੀ ਸੜੀ ਰੂੜੀ ਅਤੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋ ਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ। ਇਹ ਖਾਦ ਲਾਈਨਾਂ ਵਿਚ ਬੂਟੇ ਲਾਉਣ ਦੀ ਥਾਂ ਤੇ ਇੱਕ ਪਾਸੇ 15 ਸੈਂਟੀਮੀਟਰ ਦੂਰੀ 'ਤੇ ਪਾ ਕੇ ਖਾਲੀ ਬਣਾ ਦਿਓ। ਇਕ ਮਹੀਨੇ ਪਿਛੋਂ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਪਾਓ। ਪਰ ਇਹ ਧਿਆਨ ਰੱਖੋ ਕਿ ਖਾਦ ਬੂਟਿਆਂ ਦੇ ਮੁੱਢਾਂ ਨਾਲ ਨਾ ਲੱਗੇ। ਖਾਦ ਮਿੱਟੀ ਵਿਚ ਮਿਲਾ ਦਿਓ ਤੇ ਫੇਰ ਬੂਟਿਆਂ ਨੂੰ ਮਿੱਟੀ ਚੜ੍ਹਾ ਦਿਓ। ਰੇਤਲੀਆਂ ਜ਼ਮੀਨਾਂ ਵਿਚ ਖਾਦ ਤਿੰਨ ਕਿਸ਼ਤਾਂ ਵਿਚ ਪਾਓ। ਭਾਰੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਘਟਾ ਦਿਓ।
ਪਾਣੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਬਾਅਦ ਵਾਲੀ ਸਿੰਚਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿਚ 10-15 ਦਿਨ ਬਾਅਦ ਕਰੋ।
ਨਦੀਨਾਂ ਦੀ ਰੋਕਥਾਮ : ਸਟੌਂਪ 30 ਤਾਕਤ (ਪੈਡੀਮੈਥਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ 'ਚ ਇਕ ਗੋਡੀ ਜਾਂ ਸੈਨਕੋਰ 70 ਤਾਕਤ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ (ਫਲੁਕਲੋਰਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਦੇ ਬਾਅਦ ਵਿਚ ਇਕ ਗੋਡੀ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿਚ ਕਰੋ। ਬਾਸਾਲਿਨ 45 ਤਾਕਤ (ਫਲੂਕਲੋਰਾਲੀਨ) ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ।
ਤੁੜਾਈ : ਤੁੜਾਈ ਮੰਡੀ ਤੋਂ ਫ਼ਾਸਲੇ ਦੇ ਮੁਤਾਬਕ ਕਰੋ। ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜੋ, ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ। ਪੰਜਾਬ ਵਰਖਾ ਬਹਾਰ-4 ਨਵੰਬਰ ਵਿਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਸਰਦੀ ਦੇ ਮਹੀਨਿਆਂ ਵਿਚ ਫਲ ਨਹੀਂ ਪੱਕਦਾ ਜਾਂ ਉਸਦਾ ਰੰਗ ਲਾਲ ਨਹੀਂ ਹੁੰਦਾ। ਇਨ੍ਹਾਂ ਹਾਲਾਤਾਂ ਵਿਚ ਬਿਮਾਰੀ ਅਤੇ ਦਾਗ ਰਹਿਤ ਹਲਕੇ ਤੋਂ ਪੀਲੇ ਟਮਾਟਰ ਅਖ਼ਬਾਰ ਲਗੇ ਪਲਾਸਟਿਕ ਕਰੇਟਾਂ ਵਿਚ ਪੈਕ ਕਰਕੇ ਹਵਾਦਾਰ ਪੌਲੀ ਹਾਊਸ ਵਿਚ ਜਾਂ ਰਾਈਪਨਿੰਗ ਚੈਂਬਰ (200 ਸੈਂਟੀਗ੍ਰੇਡ ਅਤੇ 85 ਤੋਂ 95% ਨਮੀ) ਵਿਚ ਰੱਖ ਕੇ 7-10 ਦਿਨਾਂ ਵਿਚ ਪਕ ਜਾਂਦੇ ਹਨ। ਇਸ ਤਰਾ੍ਹਂ ਫਲ ਦਾ ਰੰਗ ਅਤੇ ਮਿਆਰ ਚੰਗਾ ਬਣਦਾ ਹੈ।
ਬਿਮਾਰੀਆਂ
1. ਅਗੇਤਾ ਝੁਲਸ ਰੋਗ : ਕਾਲੇ ਭੂਰੇ ਰੰਗ ਦੇ ਧੱਬੇ, ਪੱਤਿਆਂ 'ਤੇ ਪੈ ਜਾਂਦੇ ਹਨ ਅਤੇ ਪੱਤੇ ਪੀਲੇ ਹੋ ਕੇ ਡਿੱਗ ਪੈਂਦੇ ਹਨ। ਟਮਾਟਰਾਂ ਉਤੇ ਵੀ ਗੂੜ੍ਹੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ ਅਤੇ ਫ਼ਲ ਗਲ ਜਾਂਦੇ ਹਨ। ਇਸ ਦੀ ਰੋਕਥਾਮ ਲਈ ਹੇਠ ਲਿਖੇ ਢੰਗ ਅਪਣਾਓ :
ੳ) ਬੀਜ ਰੋਗ ਰਹਿਤ ਫ਼ਲਾਂ ਤੋਂ ਲਓ।
ਅ) ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਨ ਜਾਂ ਥੀਰਮ ਦਵਾਈ (3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ) ਨਾਲ ਸੋਧ ਕੇ ਬੀਜੋ।
ੲ) ਪਨੀਰੀ ਨੂੰ ਖੇਤਾਂ ਵਿਚ ਲਾਉਣ ਪਿਛੋਂ 10 ਤੋਂ 15 ਦਿਨਾਂ ਦੀ ਵਿੱਥ 'ਤੇ 600 ਗ੍ਰਾਮ ਇੰਡੋਫਿਲ ਐਮ 45 ਦਵਾਈ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਛਿੜਕਾਅ ਵਿਚ ਵਕਫਾ 7 ਦਿਨ, ਬਿਮਾਰੀ ਦੇ ਹੱਲੇ ਮੁਤਾਬਿਕ ਕੀਤਾ ਜਾ ਸਕਦਾ ਹੈ।
2. ਪਛੇਤਾ ਝੁਲਸ ਰੋਗ : ਪਾਣੀ ਭਿੱਜੇ ਗੂੜ੍ਹੇ ਧੱਬੇ ਪੱਤਿਆਂ ਅਤੇ ਤਣੇ ਉਤੇ ਪੈ ਜਾਂਦੇ ਹਨ। ਜੇਕਰ ਫ਼ਰਵਰੀ-ਮਾਰਚ ਵਿਚ ਵਰਖਾ ਹੋ ਜਾਵੇ ਤਾਂ ਫ਼ਲ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਅਗੇਤੇ ਝੁਲਸ ਰੋਗ ਵਾਲੀਆਂ ਦਵਾਈਆਂ ਹੀ ਫ਼ਰਵਰੀ-ਮਾਰਚ ਵਿਚ ਮੀਂਹ ਪੈਣ ਤੋਂ ਤੁਰੰਤ ਪਿੱਛੋਂ ਛਿੜਕੋ। ਬਿਮਾਰੀ ਦੇ ਗੰਭੀਰ ਹਮਲੇ ਦੀ ਹਾਲਤ ਵਿਚ ਫ਼ਸਲ ਤੇ ਰਿਡੋਮਿਲ ਐਮ ਜ਼ੈਡ 500 ਗ੍ਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਅੱਧ ਫ਼ਰਵਰੀ ਵਿਚ ਸਪਰੇਅ ਕਰੋ। ਬਾਅਦ ਵਿਚ ਤਿੰਨ ਸਪੇਰਅ ਇੰਡੋਫਿਲ ਐਮ-45 (600 ਗ੍ਰਾਮ) ਪ੍ਰਤੀ ਏਕੜ, ਸੱਤ ਦਿਨ ਦੇ ਵਕਫੇ 'ਤੇ ਛਿੜਕੋ।


-ਮੋਬਾਈਲ : 99151-35797
ਸਬਜ਼ੀ ਵਿਗਿਆਨ ਵਿਭਾਗ

ਰੁੱਖਾਂ ਨਾਲ ਦੋਸਤੀ

ਹਰ ਮਨੁੱਖ ਦੇ ਜੀਵਨ ਵਿਚ ਰੋਜ਼ ਉਤਰਾਅ-ਚੜਾਅ ਆਉਂਦੇ ਹਨ। ਕਦੇ ਫ਼ਸਲ ਮਰ ਗਈ, ਕਦੇ ਵਪਾਰ 'ਚ ਘਾਟਾ, ਕਦੇ ਕਿਸੇ ਮਿੱਤਰ ਪਿਆਰੇ ਦਾ ਵਿਛੜ ਜਾਣਾ ਜਾਂ ਜਹਾਨੋਂ ਤੁਰ ਜਾਣਾ, ਇਸੇ ਤਰ੍ਹਾਂ ਕੋਈ ਖ਼ੁਸ਼ੀ ਅਚਾਨਕ ਮਿਲਣੀ ਜਾਂ ਕਿਸੇ ਮਿਹਨਤ ਦਾ ਮੁੱਲ ਮਿਲ ਜਾਣਾ ਆਦਿ-ਆਦਿ ਅਜਿਹੇ ਮੌਕੇ ਹੁੰਦੇ ਹਨ, ਜਦ ਅਸੀਂ ਆਪਣੀ ਦਿਲ ਦੀ ਗੱਲ ਕਿਸੇ ਨੂੰ ਸੁਣਾਉਣੀ ਚਾਹੁੰਦੇ ਹਾਂ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਮੈਂ ਅਜਿਹੇ ਮੌਕੇ ਕਿਸੇ ਵੀ ਅਡੋਲ ਖੜ੍ਹੇ ਰੁੱਖ ਕੋਲ ਚਲੇ ਜਾਂਦਾ ਹਾਂ। ਉਸ ਨੂੰ ਆਪਣੀ ਗੱਲ ਸੁਣਾਉਂਦਾ ਹਾਂ, ਹੱਸਦਾ ਵੀ ਹਾਂ, ਰੋਂਦਾ ਵੀ ਹਾਂ, ਗਲੇ ਵੀ ਲਗਾਉਂਦਾ ਹਾਂ, ਉਸ ਨਾਲ ਗੁੱਸੇ ਵੀ ਹੁੰਦਾ ਹਾਂ। ਰੁੱਖ ਚੁੱਪ-ਚਾਪ ਮੇਰੀ ਸਾਰੀ ਗੱਲ ਸੁਣਦਾ ਹੈ, ਮੈਨੂੰ ਵਿਚੋਂ ਟੋਕਦਾ ਵੀ ਨਹੀਂ। ਉਲਟਾ ਮੈਨੂੰ ਛਾਂ ਵੀ ਕਰਦਾ ਹੈ ਤੇ ਹਵਾ ਵੀ ਝੱਲਦਾ ਹੈ ਤੇ ਅਖੀਰ ਉਹ ਆਪਣੇ ਸਬਰ ਤੇ ਸਥਿਰਤਾ ਨੂੰ ਮੇਰੇ ਅੰਦਰ ਭਰ ਦਿੰਦਾ ਹੈ ਤੇ ਮੈਂ ਫਿਰ ਦੁਨੀਆ ਨਾਲ ਜੂਝਣ ਲਈ ਤਰੋਤਾਜ਼ਾ ਹੋ ਮੁੜ ਆਉਂਦਾ ਹਾਂ। ਹੋ ਸਕਦਾ ਮੇਰੀ ਗੱਲ ਤੁਹਾਨੂੰ ਬਲੱਲੀ ਲੱਗੇ, ਪਰ ਇਕ ਵਾਰ ਕੋਸ਼ਿਸ਼ ਕਰਕੇ ਦੇਖੋ, ਖ਼ੁਸ਼ੀ ਤੁਹਾਡੇ ਅੰਗ-ਸੰਗ ਨੱਚੇਗੀ।


janmeja@gmail.com

ਹੁਣ ਨਾ ਭੁੱਜਣ ਦਾਣੇ ਵਿਚ ਭੱਠੀਆਂ ਦੇ

ਅੱਜ ਅਸੀਂ ਆਧੁਨਿਕਤਾ ਨੂੰ ਹਰ ਪਾਸਿਓਂ ਕੁਝ ਜ਼ਿਆਦਾ ਹੀ ਅਪਣਾ ਲਿਆ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਗੱਲ ਕੀ ਅਸੀਂ ਪੁਰਾਤਨ ਵਿਰਸੇ ਤੋਂ ਟੁੱਟ ਚੁੱਕੇ ਹਾਂ, ਜੋ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਦਾ ਕਈ ਪਾਸਿਆਂ ਤੋਂ ਅਹਿਮ ਅੰਗ ਸੀ। ਸਾਡੇ ਪੁਰਾਣੇ ਬਜ਼ੁਰਗ ਸਾਨੂੰ ਅੱਜ ਜਦੋਂ ਵਿਰਸੇ ਦੀਆਂ ਬਾਤਾਂ ਦੱਸਦੇ ਹਨ ਤਾਂ ਅੱਜ ਦੀ ਨਵੀਂ ਪੀੜ੍ਹੀ ਨੂੰ ਤਾਂ ਇਨ੍ਹਾਂ ਗੱਲਾਬਾਤਾਂ ਤੇ ਯਕੀਨ ਜਿਹਾ ਹੀ ਨਹੀਂ ਆਉਂਦਾ। ਪਰ ਅਸਲ ਵਿਚ ਪੁਰਾਣੀਆਂ ਗੱਲਾਬਾਤਾਂ ਤੇ ਚੀਜ਼ਾਂ ਦਾ ਆਨੰਦ ਹੀ ਹੋਰ ਸੀ ਪਰ ਅੱਜ ਸਭ ਕੁਝ ਹੀ ਬਦਲ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਬਦਲ ਜਾਵੇਗਾ।
ਤਿੰਨ-ਚਾਰ ਕੁ ਦਹਾਕੇ ਪਿੱਛੇ ਜਾਈਏ ਤਾਂ ਪੰਜਾਬ ਦੇ ਪਿੰਡਾਂ ਦੀ ਰੂਪ-ਰੇਖਾ ਹੀ ਹੋਰ ਹੁੰਦੀ ਸੀ। ਸਭ ਪਾਸਿਆਂ ਤੋਂ ਆਪਣੇ-ਪਣ ਦਾ ਹੇਜ ਆਉਂਦਾ ਸੀ। ਰਹਿਣ-ਸਹਿਣ, ਖਾਣ-ਪੀਣ ਆਦਿ ਸਭ ਸਾਦਾ ਤੇ ਦੇਸੀ ਜਿਹਾ ਹੁੰਦਾ ਸੀ। ਬੱਚੇ ਤਾਂ ਕੀ ਜੁਆਨ, ਗੱਭਰੂ, ਬਜ਼ੁਰਗ ਸਭ ਰਲ-ਮਿਲ ਕੇ ਰਹਿੰਦੇ ਸਨ ਤੇ ਖਾਣ-ਪੀਣ ਵੀ ਸਾਂਝਾ ਸੀ। ਇਸੇ ਖਾਣ-ਪੀਣ ਦੇ ਰੂਪ ਵਿਚ ਹਰ ਪਿੰਡ ਵਿਚ ਦਾਣੇ ਆਦਿ ਭੁੰਨਣ ਲਈ ਇਕ ਸਾਂਝੀ ਭੱਠੀ ਹੁੰਦੀ ਸੀ। ਪਿੰਡ ਦੀ ਇਕ ਖਾਸ ਜਾਤ ਦੀ ਸੁਆਣੀ, ਜਿਸ ਨੂੰ ਉਸ ਵੇਲੇ ਝਿਊਰੀ ਕਿਹਾ ਜਾਂਦਾ ਸੀ, ਇਸ ਭੱਠੀ ਦੀ ਮਾਲਕ ਹੁੰਦੀ ਸੀ। ਇਹੀ ਇਸ ਭੱਠੀ ਵਿਚ ਦਾਣੇ ਆਦਿ ਭੁੰਨਣ ਦਾ ਕਾਰਜ ਕਰਦੀ ਸੀ। ਦਿਨ ਦੇ ਤੀਜੇ ਪਹਿਰ ਭਾਵ ਤਿੰਨ-ਚਾਰ ਕੁ ਵਜੇ ਇਸ ਸੁਆਣੀ ਨੇ ਆ ਕੇ ਭੱਠੀ ਤਾਉਣੀ ਜਾਣੀ ਕਿ ਸਾਫ਼-ਸਫ਼ਾਈ ਕਰ ਅੱਗ ਭੱਠੀ ਵਿਚ ਪਾਉਣੀ। ਪਿੰਡ ਦੇ ਬੱਚਿਆਂ ਨੇ ਪਹਿਲਾਂ ਆ ਕੇ ਦੇਖਣਾ ਕਿ ਭੱਠੀ ਸ਼ੁਰੂ ਹੋ ਚੁੱਕੀ ਹੈ। ਫਿਰ ਆਪੋ-ਆਪਣੇ ਘਰਾਂ ਤੋਂ ਜਾ ਕੇ ਮਾਵਾਂ ਕੋਲੋਂ ਭੰਨਾਉਣ ਲਈ ਚੀਜ਼ਾਂ ਲੈ ਕੇ ਆਉਣੀਆਂ। ਇਸ ਸਾਂਝੀ ਭੱਠੀ 'ਤੇ ਮੱਕੀ ਦੇ ਦਾਣੇ, ਛੋਲੇ, ਬਾਜਰਾ, ਮੂੰਗਫਲੀ ਤੇ ਮੂੰਗਫਲੀਆਂ ਹੋਲਾਂ ਆਦਿ ਭੁੰਨੀਆਂ ਜਾਂਦੀਆਂ। ਦੇਖਦਿਆਂ ਹੀ ਦੇਖਦਿਆ ਇਸ ਭੱਠੀ 'ਤੇ ਬੱਚਿਆਂ, ਜੁਆਨਾਂ ਤੇ ਸਿਆਣਿਆਂ ਦਾ ਇਕੱਠ ਹੋ ਜਾਂਦਾ। ਆਪੋ-ਆਪਣੀ ਵਾਰੀ ਆਉਣ 'ਤੇ ਲਿਆਂਦੀ ਚੀਜ਼ ਹਰ ਕੋਈ ਭੁੰਨਾਉਂਦਾ।
ਭੱਠੀ ਵਾਲੀ ਸੁਆਣੀ ਭੁੰਨਣ ਆਈ ਚੀਜ਼ ਵਿਚੋਂ ਥੋੜ੍ਹੀ ਜਿਹੀ ਚੀਜ਼ ਦੀ ਕਾਟ ਕੱਟਦੀ, ਭਾਵ ਥੋੜੀ ਜਿਹੀ ਚੀਜ਼ ਆਪਣੀ ਮਿਹਨਤ ਵਜੋਂ ਰੱਖਦੀ। ਇਹੀ ਉਸ ਦਾ ਮੁਨਾਫਾ ਹੁੰਦਾ ਸੀ ਤੇ ਇਸ ਨੂੰ ਖੁਸ਼ ਹੋ ਸਬਰ-ਸੰਤੋਖ ਨਾਲ ਰੱਖਦੀ, ਰੋਜ਼ਾਨਾ ਹੀ ਉਹ ਖੁਸ਼ ਹੋ ਭੱਠੀ ਤਪਾਉਂਦੀ ਤੇ ਪਿੰਡ ਦੇ ਲੋਕ ਰੋਜ਼ਾਨਾ ਹੀ ਦਾਣੇ ਭੰਨਾਉਣ ਆਉਂਦੇ ਤੇ ਖਾ-ਪੀ ਕੇ ਨਿਰੋਗ ਰਹਿੰਦੇ। ਉਸ ਵੇਲੇ ਪਿੰਡਾਂ ਵਿਚੋਂ ਇਹ ਨਿੱਤ ਕਰਮ ਹੁੰਦਾ ਸੀ, ਜਿਸ ਨਾਲ ਘਰ ਚਲਦੇ ਸਨ।
ਪਰ ਅੱਜ ਇਹ ਸਭ ਕੁਝ ਬਹੁਤ ਹੀ ਬਦਲ ਚੁੱਕਾ ਹੈ ਸ਼ਾਇਦ ਹੀ ਹੁਣ ਕਿਸੇ ਭਾਗਾਂ ਵਾਲੇ ਪਿੰਡ ਵਿਚ ਭੱਠੀ ਹੋਵੇ। ਭੱਠੀ ਦੀ ਜਗ੍ਹਾ ਅੱਜ ਤੁਰਦੀ-ਫਿਰਦੀ ਰੇਹੜੀ ਨੇ ਲੈ ਲਈ ਹੈ। ਜਿਸ ਨੂੰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਹੈ। ਇਨ੍ਹਾਂ ਰੇਹੜੀਆਂ ਤੇ ਪਹਿਲਾਂ ਵਾਂਗ ਦਾਣੇ ਨਹੀਂ ਭੁੰਨੇ ਜਾਂਦੇ। ਅੱਜ ਮੱਕੀ ਦੇ ਦਾਣੇ ਮਸ਼ੀਨ ਵਿਚੋਂ ਭੁੰਨ ਕੇ ਪੌਪਕਰਨ ਬਣ ਗਏ ਹਨ 'ਤੇ ਮਹਿੰਗੇ ਮਿਲ ਰਹੇ ਹਨ। ਅੱਜ ਦੇ ਬੱਚੇ ਵੀ ਦਾਣੇ ਤੇ ਛੋਲੇ ਆਦਿ ਖਾ ਕੇ ਰਾਜ਼ੀ ਨਹੀਂ ਹਨ। ਅੱਜ ਦੇ ਬੱਚੇ ਕੁਰਕਰੇ, ਨਿਊਡਲਜ਼, ਬਰਗਰ, ਕੁਲਚੇ, ਟਿੱਕੀ, ਸਮੋਸੇ, ਪੈਟੀ, ਡੋਸਾ ਤੇ ਹੋਰ ਫਾਸਟ-ਫੂਡ ਖਾ ਕੇ ਖੁਸ਼ ਹਨ ਤੇ ਮਾਪੇ ਵੀ ਖੁਦ ਖਾ ਰਹੇ ਹਨ ਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।
ਅੱਜ ਕਿੱਥੇ ਭੱਠੀ ਵਾਲੀ ਦਾਣੇ ਭੁੰਨੇ ਜਦੋਂ ਖਾਣ ਵਾਲੇ ਹੀ ਖਾ ਨਹੀਂ ਰਹੇ। ਇਹ ਗੱਲਾਂਬਾਤਾਂ ਤਾਂ ਸੁਪਨਾ ਜਿਹਾ ਹੀ ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਨੂੰ ਸਾਡੇ ਬਜ਼ੁਰਗ ਯਾਦਾਂ ਦੇ ਰੂਪ ਵਿਚ ਸਾਂਭੀ ਬੈਠੇ ਹਨ ਤੇ ਸਾਡੇ ਨਾਲ ਸਾਂਝੀਆਂ ਕਰਨ 'ਤੇ ਵੀ ਅਸੀਂ ਨਹੀਂ ਸੁਣਦੇ। ਇਹ ਲੇਖ ਪੜ੍ਹ ਕੇ ਉਨ੍ਹਾਂ ਵੀਰਾਂ ਤੇ ਬਜ਼ੁਰਗਾਂ ਦੇ ਅੱਗੇ ਜ਼ਰੂਰ ਹੀ ਭੱਠੀ ਘੁੰਮਦੀ ਹੋਵੇਗੀ, ਜਿਨ੍ਹਾਂ ਨੇ ਭੱਠੀ ਤੋਂ ਭੁੰਨਾ ਕੇ ਜਾਂ ਚੋਰੀ ਚੁੱਕ ਕੇ ਦਾਣੇ ਖਾਧੇ ਹੋਣਗੇ। ਆਓ ਆਪਾਂ ਪੁਰਾਣੇ ਵਿਰਸੇ ਨੂੰ ਯਾਦ ਰੱਖੀਏ।


-ਪਿੰਡ ਤੱਖਰਾਂ (ਲੁਧਿਆਣਾ)
ਮੋਬਾਈਲ : 92175-92531

ਸਾਉਣੀ ਰੁੱਤ ਦੇ ਪਿਆਜ਼ ਦੀ ਸਫਲ ਕਾਸ਼ਤ ਦੇ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੀਜ ਦੀ ਮਾਤਰਾ, ਪਨੀਰੀ ਅਤੇ ਗੰਢੀਆਂ (ਬਲਬ-ਸੈਂਟਸ) ਪੈਦਾ ਕਰਨ ਦਾ ਢੰਗ: ਸਾਉਣੀ ਦੇ ਪਿਆਜ਼ ਦੀ ਪੈਦਾਵਾਰ ਪਨੀਰੀ ਜਾਂ ਗੰਢੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਮਕਸਦ ਲਈ ਬੀਜ ਭਰੋਸੇਯੋਗ ਥਾਵਾਂ ਤੋਂ ਹੀ ਖਰੀਦਣਾ ਚਾਹੀਦਾ ਹੈ ਅਤੇ ਇਸ ਦੀ ਉੱਗਣ ਸ਼ਕਤੀ 85% ਤੋਂ ਘੱਟ ਨਹੀਂ ਹੋਣੀ ਚਾਹੀਂਦੀ। ਇਕ ਏਕੜ ਦੀ ਪੈਦਾਵਾਰ ਲਈ 5 ਕਿਲੋ ਪਿਆਜ਼ ਦੇ ਬੀਜ ਦੀ ਜ਼ਰੂਰਤ ਪੈਂਦੀ ਹੈ। ਸਿਹਤਮੰਦ ਪਨੀਰੀ ਤਿਆਰ ਕਰਨ ਲਈ ਦੁਪਹਿਰ ਵੇਲੇ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਿਆਰੀਆਂ ਨੂੰ ਢਕ ਦਿਉ। ਡੇਢ ਮੀਟਰ ਚੌੜੀਆਂ ਕਿਆਰੀਆਂ ਨੂੰ ਢਕਣ ਲਈ ਹਰੇ ਰੰਗ ਦੀ ਛਾਂ-ਦਾਰ ਜਾਲੀ, ਘਾਹ-ਫੂਸ ਜਾਂ ਕਿਸੇ ਦੂਸਰੀ ਫ਼ਸਲ ਦੇ ਪੱਤਿਆਂ-ਤਣਿਆਂ ਆਦਿ ਤੋਂ ਪ੍ਰਾਪਤ ਕੀਤੀਆਂ ਛੱਪਰੀਆ 1.5 ਮੀਟਰ ਦੀ ਉਚਾਈ ਤੇ ਉਤਰ-ਦੱਖਣ ਦਿਸ਼ਾ ਵਿਚ ਵਰਤੋ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 8 ਤੋਂ 10 ਮਰਲੇ ਰਕਬੇ ਦੀ ਜ਼ਰੂਰਤ ਪੈਂਦੀ ਹੈ। ਪਨੀਰੀ ਬੀਜਣ ਲਈ, ਜ਼ਮੀਨੀ ਪੱਧਰ ਤੋਂ 20 ਸੈਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਪਟੜੀਆਂ ਬਣਾਉਣੀਆਂ ਚਾਹੀਦੀਆਂ ਹਨ। ਪਨੀਰੀ ਬੀਜਣ ਵਾਲੀ ਜਗ੍ਹਾ ਵਿਚ ਤਿਆਰੀ ਤੋਂ ਪਹਿਲਾਂ 10 ਤੋਂ 12 ਕੁਇੰਟਲ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪਾਉ। ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ ਅਤੇ 5 ਸੈਂਟੀਮੀਟਰ ਦੇ ਫਾਸਲੇ ਤੇ ਕਤਾਰਾਂ ਵਿਚ ਬੀਜੋ। ਕਤਾਰਾਂ ਵਿਚ ਬੀਜ ਇਕਸਾਰ ਬੀਜੋ ਅਤੇ ਚੰਗੀ ਤਰਾਂ ਗਲੀ-ਸੜੀ ਅਤੇ ਛਾਣੀ ਹੋਈ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢਕ ਦਿਉ। ਬਿਜਾਈ ਚੰਗੀ ਵੱਤਰ ਵਿਚ ਕਰੋ। ਪਹਿਲੀ ਸਿੰਚਾਈ ਬਿਜਾਈ ਦੇ ਤੁਰੰਤ ਪਿਛੋਂ ਫੁਆਰੇ ਨਾਲ ਕਰੋ। ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਉ। ਜਦੋਂ ਪੌਦੇ 2-3 ਪੱਤੇ ਕੱਢ ਲੈਣ ਤਾਂ ਇਸ ਉਪਰੋਂ ਛਾਂ-ਦਾਰ ਢਾਂਚਾ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਪੌਦੇ ਸਖਤ ਹੋ ਜਾਣ। ਸਾਉਣੀ ਦੇ ਪਿਆਜ਼ ਦੀ ਜੂਨ-ਜੁਲਾਈ ਮਹੀਨੇ ਦੀ ਸਖਤ ਗਰਮੀ ਅਤੇ ਬਰਸਾਤ ਕਰਕੇ ਇਸ ਦੀ ਪਨੀਰੀ ਪੈਦਾ ਕਰਨਾ ਜ਼ੋਖਿਮ ਭਰਿਆ ਕੰਮ ਹੈ ਅਤੇ ਜ਼ਿਆਦਾ ਗਰਮੀ ਕਰਕੇ ਪੌਦੇ ਲਾਉਣ ਸਮੇਂ ਵੀ ਇਨ੍ਹਾਂ ਦੇ ਮਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਅਤੇ ਜੂਨ ਵਿਚ ਬੀਜੀ ਪਨੀਰੀ ਦੀ ਨਾਕਾਮਯਾਬੀ ਤੋਂ ਬਚਣ ਲਈ ਸਾਉਣੀ ਰੁੁੱਤ ਦੀ ਫ਼ਸਲ ਗੰਢੀਆਂ (ਬਲਬ-ਸੈਂਟਸ) ਦੁਆਰਾ ਲੈਣੀ ਲਾਹੇਵੰਦ ਹੈ। ਇਹ ਗੰਢੀਆਂ ਤਿਆਰ ਕਰਨ ਲਈ ਬੀਜ ਉਪਰ ਦੱਸੇ ਪਨੀਰੀ ਤਿਆਰ ਕਰਨ ਦੇ ਢੰਗ ਨਾਲ ਮਾਰਚ ਦੇ ਅੱਧ ਵਿਚ ਬੀਜੋ। ਪਨੀਰੀ ਨੂੰ ਹਫਤੇ ਵਿਚ ਦੋ ਵਾਰ ਪਾਣੀ ਲਾਉ ਅਤੇ ਗੰਢੀਆਂ ਨੂੰ ਜੂਨ ਦੇ ਅਖੀਰ ਵਿਚ ਪੁੱਟ ਕੇ ਛੱਪਰੀਆਂ ਟੋਕਰੀਆਂ ਵਿਚ ਆਮ ਕਮਰੇ ਦੇ ਤਾਪਮਾਨ ਤੇ ਰੱਖੋ। ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5 ਤੋਂ 2.5 ਸੈ.ਮੀ. ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ। ਇਕ ਏਕੜ ਪਿਆਜ਼ ਲਾਉਣ ਲਈ 2.5-3.0 ਕੁਇੰਟਲ ਗੰਢੀਆਂ ਚਾਹੀਦੀਆਂ ਹਨ।
ਕਾਸ਼ਤ ਸਬੰਧੀ ਸਿਫ਼ਾਰਸ਼ਾਂ: ਇਨ੍ਹਾਂ ਗੰਢੀਆਂ ਜਾਂ ਪਨੀਰੀ ਨੂੰ ਅਗਸਤ ਦੇ ਅੱਧ ਤੋਂ ਲੈ ਕੇ ਸਤੰਬਰ ਦੇ ਪਹਿਲੇ ਹਫਤੇ ਤੱਕ ਖੇਤ ਵਿਚ ਲਾ ਦਿਉ। ਫ਼ਸਲ ਨਵੰਬਰ ਦੇ ਅਖੀਰ ਵਿਚ ਤਿਆਰ ਹੋ ਜਾਵੇਗੀ। ਸਾਉਣੀ ਦੇ ਪਿਆਜ਼ ਨੂੰ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫਤੇ ਬਾਅਦ ਛੱਟੇ ਨਾਲ ਪਾਉ। ਚੰਗਾ ਝਾੜ ਲੈਣ ਲਈ ਕਤਾਰਾਂ ਵਿਚ 15 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਅੰਤਰ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿਚ ਲਾਉ ਅਤੇ ਤੁਰੰਤ ਪਾਣੀ ਲਾ ਦਿਓ। ਬਾਅਦ ਵਿਚ ਪਾਣੀ ਲੋੜ ਅਨੁਸਾਰ ਲਾਓ ਅਤੇ ਖੇਤ ਵਿਚ ਪਾਣੀ ਜ਼ਿਆਦਾ ਸਮੇਂ ਲਈ ਨਹੀਂ ਖੜ੍ਹਨਾ ਚਾਹੀਦਾ। ਸਾਉਣੀ ਦੇ ਪਿਆਜ਼ ਨੂੰ ਪੱਟੜਿਆਂ (ਬੈਡਾਂ) ਉਪਰ ਲਾਉਣ ਨਾਲ ਅਕਾਰ ਵਿਚ ਸੁਧਾਰ ਹੁੰਦਾ ਹੈ। ਪਟੜਾ 60 ਸੈਂਟੀਮੀਟਰ ਚੌੜਾ ਅਤੇ 10 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਇਹ ਤਰੀਕਾ ਭਾਰੀਆਂ ਜ਼ਮੀਨਾਂ ਲਈ ਜਿੱਥੇ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਬਹੁਤ ਢੁਕਵਾਂ ਹੈ। ਪਟੜੇ ਉਪਰ ਗੰਢੀਆਂ ਦੀਆਂ ਤਿੰਨ ਕਤਾਰਾਂ ਲਾਓ। ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 3-4 ਹਫਤੇ ਪਿਛੋਂ ਕਰੋ। ਬਾਕੀ ਗੋਡੀਆਂ 15 ਦਿਨਾਂ ਤੇ ਵਕਫੇ ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) 750 ਮਿਲੀਲਿਟਰ ਜਾਂ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ਼ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 60-75 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਪੁਟਾਈ ਅਤੇ ਮੰਡੀਕਰਨ : ਸਾਉਣੀ ਦੇ ਪਿਆਜ਼ ਦੀ ਪੁਟਾਈ ਸਮੇਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਰੁੱਤ ਦੇ ਪਿਆਜ਼ ਦੀ ਕਿਸਮ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਮੰਡੀਕਰਨਯੋਗ ਹੋ ਜਾਂਦੀ ਹੈ। ਇਨ੍ਹਾਂ ਮਹੀਨਿਆਂ ਵਿਚ ਠੰਢ ਪੈਣ ਕਾਰਨ ਪਿਆਜ਼ ਦੀਆਂ ਭੂਕਾਂ ਹਰੀਆਂ ਰਹਿੰਦੀਆਂ ਹਨ ਅਤੇ ਧੌਣ ਨਹੀਂ ਸੁੱਟਦੀਆਂ। ਫ਼ਸਲ ਪੁੱਟਣ ਤੋਂ ਬਾਅਦ ਗੰਢੇ ਸਣੇ ਭੂਕਾਂ 28-30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਸਟੋਰ ਵਿਚ ਭੰਡਾਰ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਠੰਢ ਕਾਰਨ ਪਿਆਜ਼ ਨਿੱਸਰਨੇ ਸ਼ੁਰੂ ਹੋ ਜਾਣਗੇ, ਜਿਸ ਨਾਲ ਮੰਡੀਕਰਨਯੋਗ ਝਾੜ, ਮਿਆਰ ਅਤੇ ਮੁਨਾਫਾ ਘਟ ਜਾਵੇਗਾ।


-ਮੋਬਾਈਲ : 99141-44157

ਸਾਉਣੀ ਰੁੱਤ ਦੇ ਪਿਆਜ਼ ਦੀ ਸਫ਼ਲ ਕਾਸ਼ਤ ਦੇ ਨੁਕਤੇ

ਪਿਆਜ਼ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਹੋਣ ਕਰਕੇ ਸਬਜ਼ੀਆਂ ਦੀ ਕਾਸ਼ਤ ਵਿਚ ਇਸ ਦਾ ਅਹਿਮ ਸਥਾਨ ਹੈ। ਭਾਰਤ ਦੁਨੀਆਂ ਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਵੱਡਾ ਦੇਸ਼ ਹੈ, ਜਿੱਥੇ 12.7 ਲੱਖ ਹੈਕਟੇਅਰ ਵਿਚ ਕਾਸ਼ਤ ਕਰਕੇ 215.6 ਲੱਖ ਐਮ.ਟੀ. ਪੈਦਾਵਾਰ ਅਤੇ 17.0 ਐਮ.ਟੀ. ਪ੍ਰਤੀ ਹੈਕਟੇਅਰ ਝਾੜ ਲਿਆ ਜਾਂਦਾ ਹੈ। ਪੰਜਾਬ ਵਿਚ 8.47 ਹਜ਼ਾਰ ਹੈਕਟੇਅਰ ਵਿਚ ਪਿਆਜ਼ ਬੀਜਿਆ ਜਾਂਦਾ ਹੈ ਅਤੇ 23.0 ਐਮ.ਟੀ. ਪ੍ਰਤੀ ਹੈਕਟੇਅਰ ਔਸਤ ਝਾੜ ਹੋ ਜਾਂਦਾ ਹੈ। ਪੰਜਾਬ ਵਿਚ ਸੁਚੱਜਾ ਸਿੰਚਾਈ ਢਾਂਚਾ, ਉਪਜਾਊ ਜ਼ਮੀਨ ਅਤੇ ਮੌਸਮ ਦੀਆਂ ਅਨੁਕੁਲ ਹਾਲਤਾਂ ਹੋਣ ਕਰਕੇ ਇਸ ਦੀ ਚੰਗੀ ਪੈਦਾਵਾਰ ਕੀਤੀ ਜਾਂਦੀ ਹੈ। ਦੇਸ਼ ਦੇ ਦੱਖਣ ਪੱਛਮੀ ਭਾਗਾਂ ਵਿਚ ਪਿਆਜ਼ ਦੀਆਂ ਤਿੰਨ ਫ਼ਸਲਾਂ ਜਿਵੇਂ ਹਾੜ੍ਹੀ, ਸਾਉਣੀ ਅਤੇ ਪਿਛੇਤੀ ਸਾਉਣੀ ਪੈਦਾ ਕੀਤੀਆਂ ਜਾਂਦੀਆਂ ਹਨ, ਪਰ ਉੱਤਰ ਪੱਛਮੀ ਭਾਰਤ ਵਿਚ ਹਾੜ੍ਹੀ ਅਤੇ ਸਾਉਣੀ ਦੇ ਪਿਆਜ਼ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਾਰਾ ਸਾਲ ਪਿਆਜ਼ ਦੀ ਪੂਰਤੀ ਲਈ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿਚ ਪਿਆਜ਼ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ। ਹਾੜ੍ਹੀ ਦੇ ਪਿਆਜ਼ ਦੀ ਪੰਜਾਬ ਵਿਚ ਜ਼ਿਆਦਾਤਰ ਕਾਸ਼ਤ (ਜਨਵਰੀ-ਅਪ੍ਰੈਲ) ਹੀ ਕੀਤੀ ਜਾਂਦੀ ਹੈ, ਪਰ ਸਾਰਾ ਸਾਲ ਇਸ ਦੀ ਖਪਤ ਨੂੰ ਪੂਰਾ ਕਰਨ ਲਈ ਸਾਉਣੀ ਦੇ ਪਿਆਜ਼ ਦੀ ਕਾਸ਼ਤ ਨੂੰ ਵੀ ਸਿਫਾਰਿਸ਼ ਕੀਤਾ ਗਿਆ ਹੈੈ। ਸਾਉਣੀ ਦੇ ਪਿਆਜ਼ ਦੀ ਕਾਸ਼ਤ ਅਗਸਤ-ਨਵੰਬਰ ਵਿਚ ਕੀਤੀ ਜਾਂਦੀ ਹੈ, ਪਰ ਇਸ ਸਮੇਂ ਜ਼ਿਆਦਾ ਗਰਮੀ ਅਤੇ ਬਰਸਾਤਾਂ ਹੋਣ ਕਾਰਨ ਇਸ ਦੀ ਸਫ਼ਲ ਕਾਸ਼ਤ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੌਸਮ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਇਸ ਦੀ ਬਿਜਾਈ ਦੇ ਸਮੇਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਦਾ ਨਿਸਾਰਾ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦਾ ਮੰਡੀਕਰਨਯੋਗ ਝਾੜ ਘੱਟ ਜਾਂਦਾ ਹੈ। ਸੋ ਇਸ ਦੀ ਸਫ਼ਲ ਕਾਸ਼ਤ ਲਈ ਸਾਰੀਆਂ ਸਿਫ਼ਾਰਸ਼ਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ।
ਮੌਸਮ, ਜ਼ਮੀਨ ਦੀ ਬਣਤਰ ਅਤੇ ਕਿਸਮਾਂ: ਪਿਆਜ਼ ਦੀ ਕਾਸ਼ਤ ਲਈ ਅਨੁਕੂਲ ਵਾਤਾਵਰਨ ਜਿਹੜਾ ਕਿ ਬਹੁਤਾ ਗਰਮ ਜਾਂ ਠੰਢਾ ਅਤੇ ਜ਼ਿਆਦਾ ਵਰਖਾਂ ਵਾਲਾ ਨਾ ਹੋਵੇ, ਢੁੱਕਵਾਂ ਹੈ। ਇਸ ਦੇ ਫ਼ਸਲੀ ਵਾਧੇ ਲਈ 13-21 ਡਿਗਰੀ ਅਤੇ ਗੰਢੇ ਬਣਨ ਲਈ 15-25 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੈ। ਇਸ ਨੂੰ ਡੂੰਘੀ ਭੁਰਭੁਰੀ ਅਤੇ ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ ਜਿਸ ਵਿਚ ਮੱਲੜ੍ਹ ਕਾਫੀ ਮਾਤਰਾ ਵਿਚ ਹੋਵੇ ਅਤੇ ਬਿਮਾਰੀਆਂ ਅਤੇ ਨਦੀਨਾਂ ਤੋਂ ਰਹਿਤ ਹੋਵੇ, ਇਸ ਦੀ ਕਾਸ਼ਤ ਲਈ ਬਹੁਤ ਢੁੱਕਵੀਂ ਹੈ। ਖਾਰੀਆਂ ਅਤੇ ਡੁੰਘੀਆਂ ਜ਼ਮੀਨਾਂ, ਜਿੱਥੇ ਪਾਣੀ ਖੜਨ ਦੀ ਸਮੱਸਿਆ ਆਉਂਦੀ ਹੈ, ਇਸ ਦੀ ਪੈਦਾਵਾਰ ਲਈ ਢੁੱਕਵੀਆਂ ਨਹੀਂ ਹਨ। ਇਸ ਦੇ ਪੌਦਿਆਂ ਅਤੇ ਗੰਢਿਆਂ ਦੇ ਚੰਗੇ ਵਾਧੇ ਲਈ ਖਾਰੀ ਅੰਗ 5.8-6.8 ਹੋਣਾ ਚਾਹੀਂਦਾ ਹੈ। ਸਾਉਣੀ ਦੇ ਪਿਆਜ਼ ਲਈ ਢੁਕਵੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਜੇਕਰ ਹਾੜ੍ਹੀ ਦੇ ਪਿਆਜ਼ ਵਾਲੀਆਂ ਕਿਸਮਾਂ ਦੀ ਚੋਣ ਕਰਾਂਗੇ ਤਾਂ ਇਸ ਦੇ ਗੰਢਿਆਂ ਦਾ ਪੂਰਾ ਵਿਕਾਸ ਨਹੀਂ ਹੋਵੇਗਾ। ਅਗੇਤੀਆਂ ਪੱਕਣ ਅਤੇ ਚੰਗੇ ਆਕਾਰ ਦੇ ਗੰਢੇ ਵਾਲੀਆ ਕਿਸਮਾਂ ਹੀ ਇਸ ਰੁੱਤ ਦੀ ਕਾਸ਼ਤ ਲਈ ਢੁੱਕਵੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਾਉਣੀ ਵਿਚ ਸੁਧਰੀ ਉਨਤ ਕਿਸਮ ਐਗਰੀਫੋਂਡ ਡਾਰਕ ਰੈਡ (ਏ.ਡੀ.ਆਰ.) ਸਿਫਾਰਸ਼ ਕੀਤੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਇਕਸਾਰ ਗੂੜ੍ਹੇ ਲਾਲ, ਦਰਮਿਆਨੇ ਆਕਾਰ ਦੇ (70-80 ਗ੍ਰਾਮ) ਗੋਲ ਅਤੇ ਘੁਟਵੇਂ ਛਿਲਕੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ। ਇਹ ਕਿਸਮ ਫ਼ਸਲ ਸਾਉਣੀ ਦੀ ਫ਼ਸਲ ਲਈ ਢੁੱਕਵੀਂ ਹੈ। ਇਸ ਦਾ ਔਸਤ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 99141-44157

ਝੋਨੇ, ਮੱਕੀ ਅਤੇ ਨਰਮੇ ਵਿਚ ਸੰਯੁਕਤ ਨਦੀਨ ਪ੍ਰਬੰਧ ਅਪਣਾਓ

ਖੇਤ ਵਿਚ ਉੱਗੇ ਬੇਲੋੜੇ ਬੂਟਿਆਂ ਨੂੰ ਨਦੀਨ ਕਿਹਾ ਜਾਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਾਉਣੀ ਦੀਆਂ ਮੁੱਖ ਫ਼ਸਲਾਂ ਝੋਨਾ, ਮੱਕੀ ਅਤੇ ਨਰਮੇ ਲਈ ਹੇਠਾਂ ਦਿੱਤੇ ਅਨੁਸਾਰ ਸੰਯੁਕਤ ਨਦੀਨ ਪ੍ਰਬੰਧ ਸ਼ਿਫਾਰਿਸ਼ ਕੀਤੇ ਗਏ ਹਨ:
ਝੋਨੇ ਦੀ ਸਿੱਧੀ ਬਿਜਾਈ : ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਝੋਨੇ ਅਤੇ ਨਦੀਨਾਂ ਦੇ ਬੂਟੇ ਇਕੋ ਸਮੇਂ ਉੱਗਣ ਕਰਕੇ ਇਸ ਵਿਚ ਕੱਦੂ ਕਰਕੇ ਲਗਾਏ ਝੋਨੇ ਦੀ ਫ਼ਸਲ ਨਾਲੋਂ ਨਦੀਨਾਂ ਦੀ ਸਮੱਸਿਆ ਥੋੜ੍ਹੀ ਜ਼ਿਆਦਾ ਆਉਂਦੀ ਹੈ।
ਝੋਨੇ ਦੀ ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਖੇਤ ਵਿਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਨਦੀਨ-ਨਾਸ਼ਕਾਂ ਦੀ ਵਰਤੋਂ ਕਰਨ ਨਾਲ ਕੀਤੀ ਜਾ ਸਕਦੀ ਹੈ। ਨਦੀਨ-ਨਾਸ਼ਕਾਂ ਨੂੰ 150 ਲਿਟਰ ਪਾਣੀ/ਏਕੜ ਵਿਚ ਘੋਲ ਕੇ ਬਿਜਾਈ ਤੋਂ 20-25 ਦਿਨਾਂ ਅੰਦਰ ਛਿੜਕਾਅ ਕਰੋ। ਨਦੀਨ-ਨਾਸ਼ਕਾਂ ਦੇ ਬਦਲ ਵਿਚ, ਨਦੀਨਾਂ ਦੀ ਰੋਕਥਾਮ ਬਿਜਾਈ ਤੋਂ 20, 40 ਅਤੇ 60 ਦਿਨ ਬਾਅਦ ਗੋਡੀ ਕਰਨ ਨਾਲ ਵੀ ਕੀਤੀ ਜਾ ਸਕਦੀ ਹੈ। ਨਦੀਨ-ਨਾਸ਼ਕਾਂ ਦੇ ਛਿੜਕਾਅ ਜਾਂ ਗੋਡੀ ਤੋਂ ਬਾਅਦ ਬਚੇ ਹੋਏ ਜਾਂ ਬਾਅਦ ਵਿਚ ਉਗੇ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਪੁੱਟ ਦੇਣਾ ਚਹੀਦਾ ਹੈ।
ਸਿੱਧੇ ਬੀਜੇ ਹੋਏ ਝੋਨੇ ਵਿਚ ਚੋਬੇ ਦੀ ਰੋਕਥਾਮ : ਉਨ੍ਹਾਂ ਖੇਤਾਂ ਵਿਚ ਜਿੱਥੇ ਪਿਛਲੇ ਸਾਲਾਂ ਵਿਚ ਵੱਖਰੀ ਝੋਨੇ ਦੀ ਕਿਸਮ ਬੀਜੀ ਹੋਵੇ ਵੱਧ ਰਹੀ ਹੈ, ਜੋ ਕਿ ਫ਼ਸਲ ਦੀ ਬਜ਼ਾਰੀ ਗੁਣਵੱਤਾ ਘਟਾਉਂਦੀ ਹੈ। ਚੋਬੇ ਦੀ ਰੋਕਥਾਮ ਲਈ ਝੋਨੇ ਦੀ ਸਿੱਧੀ ਬਿਜਾਈ ਰੌਣੀ ਕਰਕੇ ਵੱਤਰ ਖੇਤ ਵਿਚ ਕਰੋ। ਇਸ ਤੋਂ ਇਲਾਵਾ ਹਾੜ੍ਹੀ ਦੀ ਫ਼ਸਲ ਕੱਟਣ ਤੋਂ ਬਾਅਦ, ਗਰਮੀ ਰੁੱਤ ਦੀ ਮੂੰਗੀ/ਮਾਂਹ ਦੀ ਕਾਸ਼ਤ ਕਰਨ ਨਾਲ ਚੋਬੇ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ।
ਕੱਦੂ ਕੀਤਾ ਝੋਨਾ : ਝੋਨੇ ਦੀ ਲੁਆਈ ਤੋਂ 2 ਹਫ਼ਤੇ ਤੱਕ ਲਗਾਤਾਰ ਖੇਤ ਵਿਚ 10 ਸੈਂ.ਮੀ. ਪਾਣੀ ਖੜ੍ਹਾ ਕਰਨ ਨਾਲ ਨਦੀਨਾਂ ਨੂੰ ਉੱਗਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਜੋ ਨਦੀਨ ਫ਼ਸਲ ਦੇ ਪਿਛਲੇ ਜੀਵਨਕਾਲ ਦੌਰਾਨ ਉੱਗਦੇ ਹਨ, ਉਨ੍ਹਾਂ ਨੂੰ ਲੁਆਈ ਤੋਂ 20 ਅਤੇ 40 ਦਿਨਾਂ ਬਾਅਦ ਹੱਥ ਨਾਲ ਗੋਡੀ ਕਰਕੇ ਪੁੱਟਿਆ ਜਾ ਸਕਦਾ ਹੈ। ਇਸ ਦੇ ਬਦਲ ਵਿਚ ਨਦੀਨਾਂ ਦੀ ਰੋਕਥਾਮ, ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਝੋਨੇ ਦੀ ਲੁਆਈ ਤੋਂ 20 ਤੋਂ 25 ਦਿਨਾਂ ਅੰਦਰ ਨਦੀਨ-ਨਾਸ਼ਕ ਵਰਤਣ ਨਾਲ ਵੀ ਕੀਤੀ ਜਾ ਸਕਦੀ ਹੈ। ਛਿੜਕਾਅ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।
ਮੱਕੀ- ਮੱਕੀ ਨੂੰ ਜ਼ਿਆਦਾ ਵਿੱਥ ਵਾਲੀਆਂ ਚੌੜੀਆਂ ਕਤਾਰਾਂ ਵਿਚ ਬੀਜਿਆ ਜਾਂਦਾ ਹੈ ਅਤੇ ਇਸ ਦਾ ਮੁਢਲਾ ਵਾਧਾ ਕਾਫੀ ਹੌਲੀ ਹੁੰਦਾ ਹੈ। ਜਿਸ ਕਰਕੇ ਨਦੀਨਾਂ ਨੂੰ ਚੰਗਾ ਵਧਣ-ਫੁਲਣ ਦਾ ਮੌਕਾ ਮਿਲ ਜਾਂਦਾ ਹੈ। ਮੱਕੀ ਵਿਚ ਵੀ ਝੋਨੇ ਵਾਂਗ, ਨਦੀਨ-ਨਾਸ਼ਕਾਂ ਦੀ ਵਰਤੋਂ ਕਾਫ਼ੀ ਪ੍ਰਚੱਲਿਤ ਹੈ, ਜਦਕਿ ਮੱਕੀ ਵਿਚ ਵਧੀਆ ਕਾਸ਼ਤਕਾਰੀ ਤਕਨੀਕਾਂ ਅਤੇ ਵਹਾਈ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇਂ ਕਿ ਮੱਕੀ ਵਿਚ ਰਵਾਂਹ ਦੀ ਅੰਤਰ ਫ਼ਸਲ ਬੀਜਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤਕਨੀਕ ਵਿਚ ਮੱਕੀ ਦੀਆਂ ਦੋ ਕਤਾਰਾਂ ਵਿਚ ਰਵਾਂਹ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ (16 ਕਿੱਲੋ ਬੀਜ ਰਵਾਂਹ 88 ਕਿਸਮ ਲਈ ਅਤੇ 8 ਕਿੱਲੋ ਬੀਜ ਰਵਾਂਹ ਸੀ ਐਲ 367 ਕਿਸਮ ਪ੍ਰਤੀ ਏਕੜ ਲਈ)। ਰਵਾਂਹ ਨੂੰ ਬਿਜਾਈ ਤੋਂ 35-45 ਦਿਨਾਂ ਬਾਅਦ ਚਾਰੇ ਲਈ ਕੱਟ ਲਿਆ ਜਾਂਦਾ ਹੈ। ਇਸ ਤੋਂ ਬਾਅਦ ਮੱਕੀ ਦੀ ਫ਼ਸਲ ਵਿਚ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਮੱਕੀ ਦੇ ਉਹ ਖੇਤ ਜਿੱਥੇ ਸਖ਼ਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਕਾਂ ਮੱਕੀ, ਅਰੈਕਨੀ ਘਾਹ ਅਤੇ ਡੀਲਾ ਆਦਿ ਹੋਵੇ ਉਥੇ ਇਹ ਅੰਤਰ ਫ਼ਸਲ ਤਕਨੀਕ ਬਹੁਤ ਕਾਰਗਰ ਹੈ। ਇਸ ਦੇ ਬਦਲ ਵਿਚ ਮੱਕੀ ਦੀ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਟਰੈਕਟਰ ਨਾਲ ਜਾਂ ਹੱਥ ਨਾਲ ਦੋ ਗੋਡੀਆਂ ਕਰਨ ਨਾਲ ਵੀ ਨਦੀਨਾਂ ਦੀ ਅਸਰਦਾਰ ਰੋਕਥਾਮ ਕੀਤੀ ਜਾ ਸਕਦੀ ਹੈ। ਖਾਦਾਂ ਨੂੰ ਕਤਾਰਾਂ ਵਿਚ ਛੱਟੇ ਨਾਲ ਪਾਉਣ ਦੀ ਬਜਾਏ ਫ਼ਸਲ ਦੀਆਂ ਕਤਾਰਾਂ ਨਾਲ ਇਕਸਾਰ ਪੋਰ ਕੇ ਨਦੀਨਾਂ ਦੀ ਆਮਦ ਨੂੰ ਘਟਾਇਆ ਜਾ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਜ਼ਿਆਦਾਤਰ ਖਾਦ ਮੱਕੀ ਦੇ ਬੂਟਿਆਂ ਨੂੰ ਹੀ ਮਿਲਦੀ ਹੈ।
ਨਰਮਾ : ਨਰਮੇ ਦੇ ਖੇਤ ਵਿਚ ਘਾਹ ਵਾਲੇ ਨਦੀਨ (ਜਿਵੇਂ ਗੁੜਤ ਮਧਾਣਾ/ ਮੱਕੜਾ/ ਛੋਟੀ ਸਵਾਂਕ/ ਤੱਕੜੀ ਘਾਹ), ਚੌੜੇ ਪੱਤੇ ਵਾਲੇ ਨਦੀਨ (ਜਿਵੇਂ ਇਟਸਿਟ, ਤਾਂਦਲਾ ਅਤੇ ਚੁਲਾਈ) ਅਤੇ ਬਹੁਸਾਲੇ ਨਦੀਨ (ਜਿਵੇਂ ਗੰਢੀ ਵਾਲਾ ਮੋਥਾ, ਖੱਬਲ ਘਾਹ ਅਤੇ ਬਰੂ) ਆਦਿ ਪਾਏ ਜਾਂਦੇ ਹਨ। ਨਰਮੇ ਦੀ ਫ਼ਸਲ ਵਿਚ ਵੀ ਬੂਟੇ ਤੋਂ ਬੂਟੇ ਅਤੇ ਕਤਾਰਾਂ ਵਿਚ ਜ਼ਿਆਦਾ ਫਾਸਲਾ ਅਤੇ ਮੱਕੀ ਵਾਂਗ ਨਰਮੇ ਦਾ ਮੁਢਲਾ ਹੌਲੀ ਵਾਧਾ ਹੋਣ ਕਰਕੇ ਨਦੀਨਾਂ ਨੂੰ ਵਧਣ-ਫੁਲਣ ਲਈ ਬਹੁਤ ਵਧੀਆ ਮੌਕਾ ਮਿਲ ਜਾਂਦਾ ਹੈ। ਨਰਮੇ ਵਿਚ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਟਰੈਕਟਰ ਨਾਲ ਪਹਿਲੀ ਗੋਡੀ ਪਹਿਲੀ ਸਿੰਚਾਈ ਤੋਂ ਪਹਿਲਾਂ ਅਤੇ ਬਾਅਦ ਦੀਆਂ ਗੋਡੀਆਂ ਫੁੱਲ ਪੈਣੇ ਸ਼ੁਰੂ ਹੋਣ ਤੋਂ ਪਹਿਲਾਂ ਕਰੋ। ਖਾਦਾਂ ਨੂੰ ਸਾਰੇ ਖੇਤ ਵਿਚ ਇਕਸਾਰ ਛੱਟਾ ਦੇਣ ਦੀ ਬਜਾਏ ਫ਼ਸਲ ਦੀਆ ਕਤਾਰਾਂ ਦੇ ਨਾਲ ਪੋਰ ਕੇ ਨਦੀਨਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।
ਇਸ ਦੇ ਬਦਲ ਵਿਚ ਨਦੀਨ ਦੀ ਰੋਕਥਾਮ ਲਈ ਸਿਫਾਰਸ਼ ਕੀਤੇ ਨਦੀਨ-ਨਾਸ਼ਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਇਕੱਠੇ ਕਰਨ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ।


-ਫ਼ਸਲ ਵਿਗਿਆਨ ਵਿਭਾਗ। ਮੋਬਾਈਲ : 98728-11350

ਫ਼ਸਲੀ ਵਿਭਿੰਨਤਾ ਯੋਜਨਾਬੰਦੀ 'ਚ ਬਾਸਮਤੀ ਦਾ ਵਿਸ਼ੇਸ਼ ਸਥਾਨ ਹੈ

ਫ਼ਸਲੀ ਵਿਭਿੰਨਤਾ ਦੀ ਯੋਜਨਾਬੰਦੀ 'ਚ ਇਸ ਸ਼ਤਾਬਦੀ ਦੇ ਸ਼ੁਰੂ ਵਿਚ ਅਤੇ ਦੂਜੇ ਦਹਾਕੇ ਦੇ ਦੌਰਾਨ ਬਾਸਮਤੀ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਦਿੱਤੀ ਗਈ। ਹੁਣ ਫ਼ਸਲਾਂ ਦਰਮਿਆਨ ਝੋਨੇ ਨੂੰ ਛੱਡ ਕੇ ਬਾਸਮਤੀ ਦੀ ਕਾਸ਼ਤ ਪ੍ਰਧਾਨ ਹੈ ਅਤੇ ਇਸ ਥੱਲੇ ਸਭ ਦੂਜੀਆਂ ਫ਼ਸਲਾਂ ਨਾਲੋਂ ਵੱਧ ਰਕਬਾ ਹੈ। ਹੁਣ ਤੱਕ ਇਹ 6.25 ਲੱਖ ਹੈਕਟੇਅਰ ਰਕਬੇ 'ਤੇ ਲੱਗ ਚੁੱਕੀ ਹੈ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ 25 ਕੁ ਹਜ਼ਾਰ ਹੈਕਟੇਅਰ ਰਕਬਾ ਹੋਰ ਅਗਸਤ ਦੌਰਾਨ ਇਸ ਫ਼ਸਲ ਥੱਲੇ ਆਉਣ ਦੀ ਸੰਭਾਵਨਾ ਹੈ। ਘੱਗਰ ਦੇ ਆਲੇ ਦੁਆਲੇ ਜਿੱਥੇ ਘੱਗਰ ਦੇ ਪਾਣੀ ਜਾਂ ਹੋਰ ਇਲਾਕਿਆਂ ਵਿਚ ਬਾਰਿਸ਼ਾਂ ਨੇ ਫ਼ਸਲਾਂ ਦੀ ਮਾਰ ਕੀਤੀ ਹੈ, ਉੱਥੇ ਝੋਨੇ ਦੀਆਂ ਸਾਰੀਆਂ ਕਿਸਮਾਂ ਅਤੇ ਹੋਰ ਦੂਜੀਆਂ ਫ਼ਸਲਾਂ ਪਾਣੀ 'ਚ ਡੁੱਬ ਕੇ ਖ਼ਤਮ ਹੋ ਗਈਆਂ। ਸੀਨੀਅਰ ਬਰੀਡਰ ਤੇ ਆਈ ਸੀ ਏ ਆਰ -ਭਾਰਤੀ ਖੇਤੀ ਖੋਜ ਸੰਸਥਾਨ ਦੇ ਸੰਯੁਕਤ ਡਾਇਰੈਕਟਰ ਤੇ ਜੈਨੇਟਿਕਸ ਡਵੀਜ਼ਨ ਦੇ ਮੁਖੀ ਡਾ: ਅਸ਼ੋਕ ਕੁਮਾਰ ਸਿੰਘ ਕਹਿੰਦੇ ਹਨ ਕਿ ਸੰਕਟਕਾਲੀਨ ਯੋਜਨਾ ਥੱਲੇ ਰਾਜ ਸਰਕਾਰ ਨੂੰ ਬਾਸਮਤੀ ਦੀਆਂ ਯੋਗ ਕਿਸਮਾਂ ਦੀ ਨਰਸਰੀ ਦਾ ਪੱਕਾ ਪ੍ਰਬੰਧ ਰੱਖਣਾ ਚਾਹੀਦਾ ਹੈ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਤ ਇਲਾਕਿਆਂ 'ਚ ਕਿਸਾਨਾਂ ਨੂੰ ਪਨੀਰੀ ਮੁਹਈਆ ਕੀਤੀ ਜਾ ਸਕੇ ਅਤੇ ਖੇਤ ਖ਼ਾਲੀ ਨ ਰਹਿਣ। ਕਪਾਹ, ਨਰਮੇ ਦੀ ਕਾਸ਼ਤ 401355 ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਪਿਛਲੇ ਸਾਲ 2017 -18 ਦੌਰਾਨ ਇਸ ਫ਼ਸਲ ਦੀ ਕਾਸ਼ਤ 2.87 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ। ਮੱਕੀ ਦੀ ਕਾਸ਼ਤ 1.60 ਲੱਖ ਹੈਕਟੇਅਰ 'ਤੇ ਅਤੇ ਕਮਾਦ 96 ਹਜ਼ਾਰ ਹੈਕਟੇਅਰ 'ਤੇ ਬੀਜਿਆ ਗਿਆ ਹੈ। ਇਸ ਸਾਲ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਿਆ ਹੈ। ਡਾ ਐਰੀ ਅਨੁਸਾਰ ਇਹ 23 ਲੱਖ ਹੈਕਟੇਅਰ ਤੋਂ ਕਿਸੇ ਹਾਲਤ 'ਚ ਵੀ ਨਹੀਂ ਵਧਣ ਲਗਿਆ। ਸੰ: 2017 'ਚ ਝੋਨੇ ਦੀ ਕਾਸ਼ਤ ਥੱਲੇ 30.65 ਲੱਖ ਹੈਕਟੇਅਰ ਅਤੇ ਸੰਨ 2018-19 'ਚ 31 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥੱਲੇ ਸੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੱਕੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਲਈ ਪੱਬਾਂ ਭਾਰ ਹੈ ਪਰ ਇਸ ਦੇ 2 - 3 ਹਜ਼ਾਰ ਹੈਕਟੇਅਰ ਤੋਂ ਹੋਰ ਵਧਣ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ। ਝੋਨੇ ਨੂੰ ਛੱਡ ਕੇ ਖ਼ਰੀਫ਼ ਵਿਚ ਸਾਰੀਆਂ ਫ਼ਸਲਾਂ ਤੋਂ ਵੱਧ ਕਾਸ਼ਤ ਥੱਲੇ ਰਕਬਾ ਬਾਸਮਤੀ ਕਿਸਮਾਂ ਦਾ ਹੈ।
ਪੰਜਾਬ ਸਰਕਾਰ ਨੇ ਹੁਣ ਇਸ ਸਾਲ ਵਿਸ਼ੇਸ਼ ਕਰਕੇ ਫ਼ਸਲੀ ਵਿਭਿੰਨਤਾ ਅਤੇ ਵਿਦੇਸ਼ੀ ਮੁਦਰਾ ਕਮਾਉਣ ਪੱਖੋਂ ਬਾਸਮਤੀ ਦੀ ਕਾਸ਼ਤ ਨੂੰ ਵਿਸ਼ੇਸ਼ ਮਹਤੱਤਾ ਦੇਣੀ ਸ਼ੁਰੂ ਕੀਤੀ ਹੈ। ਵਿਦੇਸ਼ਾਂ 'ਚ ਬਰਾਮਦ ਵਧਾਉਣ ਲਈ ਬਾਸਮਤੀ ਦੀ ਗੁਣਵੱਤਾ ਵਧਾਈ ਜਾ ਰਹੀ ਹੈ ਅਤੇ ਇਸ ਨੂੰ ਜ਼ਹਿਰ-ਮੁਕਤ ਕੀਤਾ ਗਿਆ ਹੈ। ਬਾਸਮਤੀ ਦੇ ਉਤਪਾਦਕ ਰਜਿਸਟਰ ਕਰ ਕੇ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਸਮੇਂ ਸਮੇਂ ਅਗਵਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਲਈ ਵਿਸ਼ੇਸ਼ ਟੈਕਨੀਕਲ ਅਮਲਾ ਨੀਯਤ ਕੀਤਾ ਗਿਆ ਹੈ। ਜ਼ਹਿਰਾਂ ਵਿਚ ਐਸੀਫੇਟ, ਕਾਰਬਨਡਾਇਜ਼ੀਮ, ਥਾਈਮੇਥੋਕਸਮ, ਟਰਾਈਸਾਇਕਲਾਜ਼ੋਨ, ਬੁਪ੍ਰੋਫੈਜ਼ੀਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ ਅਤੇ ਥਾਇਉਫਨਾਟੇ ਆਦਿ ਦਵਾਈਆਂ ਦੀ ਵਰਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਪੰਜਾਬ ਸਰਕਾਰ ਵਲੋਂ ਜੋ ਮੱਕੀ ਤੇ ਕਮਾਦ ਦੀ ਕਾਸ਼ਤ ਵਧੇਰੇ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੱਕੀ ਦੀ ਕਾਸ਼ਤ ਕਰ ਕੇ ਕਿਸਾਨ ਹੱਥ ਫੂਕ ਚੁੱਕੇ ਹਨ। ਉਨ੍ਹਾਂ ਨੂੰ ਬੜੇ ਮੰਦੇ ਭਾਅ 'ਤੇ ਪਿਛਲੇ ਸਾਲਾਂ 'ਚ ਮੱਕੀ ਦੀ ਫ਼ਸਲ ਵੇਚਣੀ ਪਈ ਹੈ। ਕਮਾਦ ਦੀ ਪਾਣੀ ਦੀ ਲੋੜ ਕੋਈ ਝੋਨੇ ਨਾਲੋਂ ਘੱਟ ਨਹੀਂ। ਇਹ ਕੇਵਲ ਉਨ੍ਹਾਂ ਖੇਤਾਂ ਵਿਚ ਬੀਜਣਾ ਚਾਹੀਦਾ ਹੈ ਜਿੱਥੇ ਤੁਪਕਾ ਸਿੰਜਾਈ ਦੀ ਸਹੂਲਤ ਉਪਲਬਧ ਹੋਵੇ ਜਾਂ ਫਿਰ ਦਰਿਆਵਾਂ ਦੇ ਕੰਢੇ 2 -3 ਕਿਲੋਮੀਟਰ ਦੇ ਰਕਬੇ ਅੰਦਰ ਬੀਜਣਾ ਚਾਹੀਦਾ ਹੈ ਜਿੱਥੇ ਸਿੰਚਾਈ ਦੀ ਬਹੁਤੀ ਸਮੱਸਿਆ ਨਾ ਆਵੇ।
ਬਾਸਮਤੀ ਦੀ ਬਰਾਮਦ ਮਸਾਂ ਅਜੇ ਪਿਛਲੇ ਸਾਲ ਦੇ ਪੱਧਰ 'ਤੇ ਪਹੁੰਚੀ ਹੈ। ਆਲ-ਇੰਡੀਆ ਰਾਈਸ ਐਕਸਪੋਰਟੇਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸੇਤੀਆ ਅਨੁਸਾਰ ਪੰਜਾਬ-ਹਰਿਆਣਾ ਦੀ ਬਾਸਮਤੀ ਦਾ ਵੱਡਾ ਦਰਾਮਦਕਾਰ ਇਰਾਨ ਹੈ। ਇੱਥੇ ਐਕਸਪੋਰਟਰਜ਼ ਦਾ 1500 ਤੋਂ 2000 ਕਰੋੜ ਰੁਪਿਆ ਫਸਿਆ ਹੋਇਆ ਹੈ ਜੋ ਉਨ੍ਹਾਂ ਵਲੋਂ ਚਾਵਲ ਉਧਾਰ ਦਿੱਤੇ ਗਏ ਸਨ। ਜਿਸ ਕਾਰਨ ਖਰੀਦਾਰ ਮੰਡੀ ਵਿਚੋਂ ਗ਼ਾਇਬ ਹੋ ਗਏ। ਇਰਾਨ ਨੂੰ ਬਹੁਤ ਘੱਟ ਬਾਸਮਤੀ ਦੀ ਬਰਾਮਦ ਹੋਣ ਦੀ ਸੰਭਾਵਨਾ ਹੈ। ਸਾਉਦੀ ਅਰਬ ਗੁਣਵੱਤਾ ਵਾਲੀ ਤੇ ਜ਼ਹਿਰ ਮੁਕਤ ਬਾਸਮਤੀ ਦਾ ਖਰੀਦਦਾਰ ਹੈ। ਪੰਜਾਬ ਇਸ ਸਬੰਧੀ ਜੋ ਉਪਰਾਲਾ ਕਰ ਰਿਹਾ ਹੈ, ਉਸ ਨਾਲ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਮਿਲੇਗਾ ਅਤੇ ਬਾਸਮਤੀ ਦੇ ਉਤਪਾਦਕਾਂ ਨੂੰ ਚੰਗਾ ਭਾਅ ਮਿਲਣ ਦੀ ਸੰਭਾਵਨਾ ਹੈ। ਜੇ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣਾ ਹੈ ਅਤੇ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਹੱਲ ਕਰਨੀ ਹੈ ਤਾਂ ਬਾਸਮਤੀ ਦੀ ਕਾਸ਼ਤ ਵਧਾਉਣ ਲਈ ਪੰਜਾਬ ਸਰਕਾਰ ਨੂੰ ਕੇਂਦਰ 'ਤੇ ਇਸ ਦੀ ਐਮ ਐਸ ਪੀ ਐਲਾਨਣ ਦਾ ਉਪਰਾਲਾ ਕਰਨਾ ਲੋੜੀਂਦਾ ਹੈ।


-ਮੋਬਾਈਲ : 98152-36307

ਗਮਲੇ 'ਚ ਰੁੱਖ

ਖੇਤਾਂ, ਸੜਕਾਂ ਕੰਢੇ ਜਾਂ ਸ਼ਾਮਲਾਟਾਂ ਵਿਚ ਰੁੱਖ ਲਾਉਣੇ ਚੰਗੀ ਗੱਲ ਹੈ। ਇਹ ਗੁਣਕਾਰੀ ਰੁੱਖ ਲੱਗ ਤਾਂ ਜਾਂਦੇ ਹਨ ਪਰ ਇਨ੍ਹਾਂ ਨੂੰ ਵਰਤੋਂ ਵਿਚ ਲੈ ਕੇ ਆਉਣਾ ਬਹੁਤ ਔਖਾ ਹੋ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਜੇ ਰੋਜ਼ ਸੁਹਾਂਜਣੇ ਦੇ ਪੱਤੇ ਤੋੜ ਕੇ ਭੋਜਨ ਵਿਚ ਪਾਉਣੇ ਹੋਣ ਤਾਂ ਸੁਆਣੀਆਂ ਲਈ ਮੁਸ਼ਕਿਲ ਹੋ ਜਾਂਦਾ ਹੈ। ਇਸ ਦਾ ਹੱਲ ਹੈ ਕਿ ਇਹ ਰੁੱਖ ਘਰ ਦੇ ਵਿਹੜੇ ਜਾਂ ਛੱਤ ਤੇ ਗਮਲੇ ਵਿਚ ਲਾਇਆ ਜਾਵੇ। ਇਸ ਲਈ ਸੀਮੈਂਟ ਜਾਂ ਪੱਥਰ ਦਾ ਗਮਲਾ ਕਾਮਯਾਬ ਨਹੀਂ ਹੈ। ਸੌਖਾ ਤਰੀਕਾ ਹੈ ਕਿ ਪੁਰਾਣੇ ਦੋ ਛੋਟੇ ਕਾਰ ਸਾਇਜ਼ ਜਾਂ ਇਕ ਪੁਰਾਣਾ ਟਰੈਕਟਰ ਦਾ ਟਾਇਰ ਲੈ ਕੇ ਵਿਚ ਮਿੱਟੀ ਭਰਕੇ ਇਹ ਰੁੱਖ ਲਾ ਦਿਓ। ਬਸ ਖਿਆਲ ਰੱਖੋ ਕਿ ਸੱਤ ਫੁੱਟ ਤੋਂ ਉੱਚਾ ਨਾ ਹੋਣ ਦਿਓ। ਇਸ ਤਰ੍ਹਾਂ ਤੁਹਾਨੂੰ ਇਸ ਦੇ ਗੁਣਕਾਰੀ ਪੱਤਿਆਂ ਦੀ ਭਰਪੂਰ ਫ਼ਸਲ ਮਿਲਦੀ ਰਹੇਗੀ, ਜਿਵੇਂ ਕਿ ਸਾਡੇ ਘਰ ਗਮਲੇ ਚ ਲੱਗੇ ਸੁਹਾਂਜਣੇ ਦੇ ਪੱਤਿਆਂ ਦੀ ਫੋਟੋ ਹੈ ।


-ਮੋਬਾ: 98159-45018

ਖੂਹ ਦਾ ਚੱਕ

ਨਵੀਂ ਪੀੜ੍ਹੀ ਦੇ ਬਹੁਤ ਘੱਟ ਨੌਜਵਾਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਨਵਾਂ ਖੂਹ ਲਗਾਇਆ ਜਾਂਦਾ ਸੀ ਤਾਂ ਉਸ ਦੀ ਨੀਂਹ ਵਿਚ ਢੱਕ ਦੀ ਲੱਕੜ (ਜੋ ਕਿ ਗਲਦੀ ਨਹੀਂ) ਨੂੰ ਪਹਿਲਾਂ ਥੱਲੇ ਜ਼ਮੀਨ ਵਿਚ ਰੱਖ ਕੇ ਉਸ ਉੱਪਰ ਖੂਹ ਦੀ ਗੋਲ ਦੀਵਾਰ ਦੀ ਉਸਾਰੀ ਕੀਤੀ ਜਾਂਦੀ ਸੀ, ਜੋ ਉਸ ਢੱਕ ਦੀ ਲੱਕੜ ਨੂੰ ਖੂਹ ਦਾ ਚੱਕ ਪਾਉਣਾ ਕਿਹਾ ਜਾਂਦਾ ਸੀ ਤੇ ਇਹ ਵੀ ਲੋਕਾਂ ਦਾ ਮੰਨਣਾ ਸੀ ਕਿ ਉਹ ਲੱਕੜ ਮਾਨੋਂ ਉਸ ਸਮੇਂ ਬਹੁਤ ਵਰਲਾਪ ਕਰਦੀ ਹੈ ਕਿ ਉਸ ਨੇ ਇਸ ਧਰਤੀ 'ਤੇ ਦੁਬਾਰਾ ਫਿਰ ਨਹੀਂ ਆਉਣਾ। ਲੋਕਾਂ ਵਿਚ ਨਵਾਂ ਚੱਕ ਪੈਂਦਾ ਦੇਖਣ ਦੀ ਉਤਸੁਕਤਾ ਹੁੰਦੀ ਸੀ।
ਸੋਹਣੇ ਪੰਜਾਬ ਦੀ ਧਰਤੀ 'ਤੇ ਇਕ ਅਜਿਹਾ ਮਾੜਾ ਸਮਾਂ ਆ ਗਿਆ, ਜਿਸ ਵਿਚ ਭਾਰਤ-ਪਾਕਿ ਦੀ ਜ਼ਮੀਨ ਵਿਚ ਵੰਡ, ਦੋਸਤਾਂ ਤੇ ਹਮਸਾਇਆਂ ਦੇ ਆਪਸੀ ਪਿਆਰ ਦੀ ਵੰਡ ਹੋ ਰਹੀ ਸੀ। ਇਸ ਕਾਤਲੋ-ਗਾਰਤ ਵਿਚ ਮਾਲੀ ਤੇ ਪਰਿਵਾਰਕ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਵੀ ਲੋਕ ਸਿਰਫ਼ ਆਪਣੇ ਧਰਮ ਪਿੱਛੇ ਇਧਰੋਂ-ਉਧਰ ਹਿਜਰਤ ਕਰਦੇ ਹੋਏ ਆ-ਜਾ ਰਹੇ ਸਨ।
ਪਿੰਡ ਗੋਂਦਲਾਵਾਲਾ (ਗੁਜਰਾਂਵਾਲਾ ਪਾਕਿਸਤਾਨ) ਦੀ ਨਿਆਈਂ ਵਿਚ ਸਿੱਖਾਂ ਦਾ ਕਾਫ਼ਲਾ ਗੱਡੇ ਜੋੜ ਕੇ ਤੁਰਨ ਲਈ ਤਿਆਰ ਖੜ੍ਹਾ ਸੀ, ਜੋ ਕਰਤਾਰ ਤੇ ਕਰੀਮ (ਜੋ ਕਿ ਪੱਗ ਵੱਟ ਯਾਰ ਭਰਾ ਸਨ) ਘੁੱਟ ਕੇ ਜੱਫੀ ਪਾ ਕੇ ਖਲੋਤੇ ਸਨ ਤੇ ਇਕ-ਦੂਜੇ ਤੋਂ ਵੱਖ ਨਹੀਂ ਸਨ ਹੋ ਰਹੇ ਤਾਂ ਫਿਰ ਇਕ ਸਿੱਖ ਬਜ਼ੁਰਗ ਨੇ ਉਨ੍ਹਾਂ ਦੋਵਾਂ ਨੂੰ ਰੋਂਦਿਆਂ ਨੂੰ ਵੱਖ ਕੀਤਾ ਤਾਂ ਕਰਤਾਰ ਨੇ ਕਿਹਾ, 'ਰੱਜ ਕੇ ਮਿਲ ਲੈਣ ਦੇ ਚਾਚਾ, ਸਾਡਾ ਅੱਜ ਦਾ ਮਿਲਣਾ ਵੀ ਖੂਹ ਦੀ ਚੱਕ ਦੀ ਲੱਕੜ ਵਰਗਾ ਈ ਏ, ਖੌਰੇ ਫਿਰ ਇਸ ਹਯਾਤੀ ਵਿਚ ਮਿਲ ਸਕਣਾ ਹੈ ਕਿ ਨਹੀਂ।'
ਕਾਫ਼ਲਾ ਤੁਰ ਪਿਆ, ਕਰਤਾਰ ਤੇ ਕਰੀਮ ਇਕ-ਦੂਜੇ ਨੂੰ ਮੁੜ-ਮੁੜ ਕੇ ਵੇਖਦੇ ਰਹੇ, ਜਦੋਂ ਤੱਕ ਇਕ-ਦੂਜੇ ਦੀਆਂ ਅੱਖਾਂ ਤੋਂ ਓਝਲ ਨਾ ਹੋ ਗਏ।


17-ਐਲ, ਲਹਿਲ ਕਾਲੋਨੀ, ਪਟਿਆਲਾ।
ਮੋਬਾਈਲ : 97798-82050.

ਕਪਾਹ-ਨਰਮੇ ਵਿਚ ਸਪਰੇਅ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰੋ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬੂਮ ਅਤੇ ਡਰੋਪ ਅਪ ਨੋਜ਼ਲਾਂ ਸਿਸਟਮ ਵਿਚ 14 ਨੋਜ਼ਲਾਂ ਬੂਮ ਉਤੇ, 13 ਡਰੋਪ ਅਪ ਨੌਜ਼ਲਾਂ (ਟੀ ਜ਼ੈਟ) ਜੋ ਕਿ 9.8 ਮੀਟਰ ਲੰਬੀ ਬੂਮ ਅਤੇ ਨੋਜ਼ਲਾਂ ਵਿਚਕਾਰ ਫਾਸਲਾ 67.5 ਸੈਟੀਮੀਟਰ ਹੈ। ਬੂਮ ਉਪਰ ਫਿਟ ਨੋਜ਼ਲਾਂ ਨਾਲ ਫਸਲ ਉਤੇ ਅਤੇ ਡਰੋਪ ਅਪ ਨੋਜ਼ਲਾਂ ਨਾਲ ਫਸਲ ਦੇ 65-75 ਸੈਂਟੀਮੀਟਰ ਹੇਠਾਂ ਤੋਂ ਪੱਤਿਆਂ 'ਤੇ ਸਪਰੇਅ ਹੁੰਦੀ ਹੈ, ਜੋ ਕਿ ਚਿੱਟੀ ਮੱਖੀ ਨੂੰ ਮਾਰਦੀ ਹੈ। ਬੂਮ ਦੀ ਉਚਾਈ ਨੂੰ 30-250 ਸੈਂਟੀਮੀਟਰ 'ਤੇ ਫਸਲ ਦੀ ਉਚਾਈ ਮੁਤਾਬਿਕ ਉਤੇ ਹੇਠਾਂ ਕੀਤਾ ਜਾ ਸਕਦਾ ਹੈ।
ਸਵੈ ਘੁਮਾਅ ਸਿਸਟਮ 'ਤੇ ਦੋ ਗੰਨਾਂ 9.5 ਮੀਟਰ ਬੂਮ ਦੇ ਕਿਨਾਰੇ 'ਤੇ ਲੱਗੀਆਂ ਹਨ ਅਤੇ ਇਕ ਗੰਨ 35 ਕਿਲੋ ਵਰਗ ਸੈਂਟੀਮੀਟਰ ਪ੍ਰੈਸ਼ਰ ਉੱਤੇ 10 ਮੀਟਰ ਦੇ ਅਰਧ ਵਿਆਸ ਤਕ ਸਪਰੇਅ ਮਾਰਦੀ ਹੈ। ਇਹ ਗੰਨਾਂ 120 ਡਿਗਰੀ ਕੋਨ ਤੱਕ ਘੁੰਮਦੀਆਂ ਹਨ ਅਤੇ 20 ਮੀਟਰ ਦੀ ਦੂਰੀ ਤਕ ਸਪਰੇਅ ਕਰਦੀਆਂ ਹਨ। ਇਨ੍ਹਾਂ ਗੰਨਾਂ ਨੂੰ ਸਪਰੇਅਰ ਦੇ ਨਾਲ ਜਾਂ ਇਕੱਲਿਆਂ ਵੀ ਚਲਾਇਆ ਜਾ ਸਕਦਾ ਹੈ। ਇਸ ਸਪਰੇਅਰ ਨੂੰ ਕਿਸਾਨਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਸਮੇਂ, ਲੇਬਰ ਅਤੇ ਲਾਗਤ ਦੀ ਬੱਚਤ ਹੁੰਦੀ ਹੈ ਅਤੇ ਸਪਰੇਅ ਕਰਨਾ ਵੀ ਸੁਖਾਲਾ ਹੈ। ਇਸ ਸਪਰੇਅਰ ਦੀ ਸਮਰੱਥਾ 5 ਏਕੜ ਪ੍ਰਤੀ ਘੰਟਾ (ਗੰਨਾਂ ਨਾਲ) ਅਤੇ 2.5 ਏਕੜ ਪ੍ਰਤੀ ਘੰਟਾ (ਬਿਨਾਂ ਗੰਨਾਂ ਤੋਂ) ਕੰਮ ਕਰਨ ਦੀ ਹੈ। ਇਸ ਮਸ਼ੀਨ ਨੂੰ ਪ੍ਰਾਈਵੇਟ ਕੰਪਨੀਆਂ ਨਰਮੇ 'ਤੇ ਸਪਰੇਅ ਲਈ ਕਿਰਾਏ 'ਤੇ ਦੇ ਰਹੀਆਂ ਹਨ। ਪਿਛਲੇ ਸਾਲ 2018 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਅਬੋਹਰ ਜ਼ਿਲ੍ਹੇ ਦੇ ਦੋ ਪਿੰਡ ਬੁਕੈਨਵਾਲਾ ਅਤੇ ਕੋਇਲਖੇੜਾ ਵਿਖੇ 500 ਏਕੜ ਰਕਬੇ 'ਤੇ ਕਿਸਾਨਾਂ ਦੇ ਖੇਤਾਂ ਸਪਰੇਅ ਕੀਤੀ ਗਈ।
ਸਵੈ ਘੁਮਾਅ ਗੰਨ ਸਪਰੇਅਰ: ਇਸ ਸਪਰੇਅਰ ਵਿਚ ਦੋ ਗੰਨਾਂ 9.5 ਮੀਟਰ ਬੂਮ ਦੇ ਕਿਨਾਰੇ 'ਤੇ ਲਗੀਆਂ ਹਨ ਇਸ ਵਿਚ ਦੋ ਗੰਨਾਂ, ਡੀ.ਸੀ ਮੋਟਰ, ਹਾਈਡ੍ਰੋਲਿਕ ਪਿਸਟਨ ਪੰਪ ਅਤੇ ਸਪਰੇਅ ਟੈਂਕ (600 ਲਿਟਰ) ਪ੍ਰਮੁੱਖ ਹਨ, ਹਰੇਕ ਗੰਨ 120 ਡਿਗਰੀ ਤਕ 35-40 ਕਿਲੋ ਪ੍ਰਤੀ ਵਰਗ ਸਂੈਟੀਮੀਟਰ ਪ੍ਰੈਸ਼ਰ 'ਤੇ ਘੁੰਮਦੀ ਹੈ ਅਤੇ 30 ਮੀਟਰ ਦੀ ਦੂਰੀ ਤੱਕ ਸਪਰੇਅ ਕਰਦੀ ਹੈ। ਕਿਸੇ ਵੀ ਗੰਨ ਨੂੰ ਬੰਦ ਜਾਂ ਚਾਲੂ ਕੀਤਾ ਜਾ ਸਕਦਾ ਹੈ ਅਤੇ ਗੰਨਾਂ ਦੀ ਸਪੀਡ 30 ਜਾਂ 40 ਚੱਕਰ ਪ੍ਰਤੀ ਮਿੰਟ 'ਤੇ ਸੈੱਟ ਕੀਤੀ ਜਾ ਸਕਦੀ ਹੈ। ਇਸ ਸਪਰੇਅਰ ਦੀ ਸਮਰੱਥਾ 34 ਏਕੜ ਪ੍ਰਤੀ ਘੰਟਾ ਕੰਮ ਕਰਨ ਦੀ ਹੈ।
ਬੈਕਪੈਕ ਟਾਈਪ ਇਲੈਕਟ੍ਰੋਸਟੈਟਿਕ ਸਪਰੇਅਰ: ਕਪਾਹ ਦੀ ਫਸਲ ਲਈ 6.5 ਹਾਰਸ ਪਾਵਰ ਦੇ ਇੰਜਣ ਨਾਲ ਚਲਣ ਵਾਲੇ ਕੰਪਰੈਸ਼ਰ ਅਤੇ ਸਪਰੇਅ ਗੰਨ ਵਾਲੇ ਮੋਬਾਈਲ ਬੈਕਪੈਕ ਟਾਈਪ ਇਲੈਕਟ੍ਰੋਸਟੈਟਿਕ ਸਪਰੇਅਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇੰਜਨ ਨਾਲ ਚੱਲਣ ਵਾਲਾ ਕੰਪਰੈਸਰ ਹਵਾ ਦਾ ਦਬਾਅ ਬਣਾਉਂਦਾ ਹੈ ਜੋ ਕਿ ਘੋਲ ਨੂੰ ਸੂਖਮ ਬੂੰਦਾਂ ਵਿਚ ਤਬਦੀਲ ਕਰਨ ਲਈ ਸਹਾਈ ਹੁੰਦਾ ਹੈ। ਇਸ ਇਲੈਕਟ੍ਰੋਸਟੈਟਿਕ ਸਪਰੇਅਰ ਵਿਚ 15 ਲਿਟਰ ਦੀ ਟੈਂਕੀ, 9 ਵੋਲਟ ਦੀ ਰਿਚਾਰਜ ਹੋਣ ਵਾਲੀ ਬੈਟਰੀ ਅਤੇ ਸਪਰੇ ਗੰਨ ਵਾਲੀ ਨੋਜਲ ਅਸੰਬਲੀ ਦੀ ਵਰਤੋਂ ਕੀਤੀ ਜਾਂਦੀ ਹੈ। ਸਪਰੇ ਦੌਰਾਨ ਇਸ ਗੰਨ ਨੂੰ ਕਾਮੇ ਦੁਆਰਾ ਹੱਥ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਇਲੈਕਟ੍ਰੋਸਟੈਟਿਕ ਸਪਰੇਅਰ ਨਾਲ ਰਵਾਇਤੀ ਸਪਰੇਅਰ ਦੇ ਮੁਕਾਬਲੇ 80 ਤੋਂ 85 ਪ੍ਰਤੀਸ਼ਤ ਵੱਧ ਘੋਲ ਦਾ ਢੁਕਵਾਂ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਰਵਾਇਤੀ ਸਪਰੇਅਰ ਦੇ ਮੁਕਾਬਲੇ 50% ਘੱਟ ਸਪਰੇਅ ਦਾ ਨੁਕਸਾਨ ਹੁੰਦਾ ਹੈ। ਸਮੁੱਚੇ ਤੌਰ 'ਤੇ ਇਲੈਕਟ੍ਰੋਸਟੈਟਿਕ ਸਪਰੇਅਰ ਦੀ ਕੀੜਿਆਂ ਨੂੰ ਮਾਰਨ ਦੀ ਕਾਰਜ ਕੁਸ਼ਲਤਾ 68% ਹੈ ਜਦੋ ਂਕਿ ਰਵਾਇਤੀ ਸਪਰੇਅਰ ਦੀ ਕਾਰਜਕੁਸ਼ਲਤਾ ਤਕਰੀਬਨ 50% ਹੈ।
ਕੀਟਨਾਸ਼ਕਾਂ ਦੇ ਛਿੜਕਾਅ ਤੋਂ ਪਹਿਲਾਂ : ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਅਲੱਗ-ਅਲੱਗ ਪੰਪਾਂ ਦਾ ਇਸਤੇਮਾਲ ਕਰੋ। ਜੇਕਰ ਪੰਪ ਪਹਿਲਾਂ ਨਦੀਨਨਾਸ਼ਕ ਦੇ ਲਈ ਵਰਤਿਆ ਗਿਆ ਹੈ ਤਾਂ ਇਸ ਨੂੰ ਕੱਪੜੇ ਧੋਣ ਵਾਲੇ ਸੋਢੇ ਦਾ ਘੋਲ (ਲਗਭਗ 5 ਗਰਾਮ ਸੋਢਾ ਇਕ ਲਿਟਰ ਪਾਣੀ ਵਿਚ) ਬਣਾ ਕੇ ਚੰਗੀ ਤਰ੍ਹਾਂ ਧੋ ਲਓ। ਅਗਰ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਫਸਲ ਦੇ ਝੁਲਸਣ ਜਾਂ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ।
ਘੋਲ ਬਣਾਉਣ ਵੇਲੇ ਸਾਵਧਾਨੀਆਂ : * ਕੀਟਨਾਸ਼ਕਾਂ ਦੇ ਡੱਬੇ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਖੋਲ੍ਹੋ। ਜਿਸ ਪਾਸਿਉਂ ਹਵਾ ਆ ਰਹੀ ਹੋਵੇ, ਉਸ ਪਾਸੇ ਵੱਲ ਪਿੱਠ ਹੋਣੀ ਚਾਹੀਦੀ ਹੈ। * ਹਮੇਸ਼ਾਂ ਮਾਹਿਰਾਂ ਵਲੋਂ ਸਿਫਾਰਸ਼ ਕੀਤੀ ਕੀਟਨਾਸ਼ਕ ਦੀ ਮਾਤਰਾ ਹੀ ਵਰਤੋ।
* ਕੀਟਨਾਸ਼ਕ ਨੂੰ ਪਾਣੀ ਵਿਚ ਘੋਲਦੇ ਵੇਲੇ ਹਮੇਸ਼ਾਂ ਲਕੜੀ ਦੇ ਡੰਡੇ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਕਦੀ ਵੀ ਹੱਥ ਨਾਲ ਨਹੀਂ ਘੋਲਣਾ ਚਾਹੀਦਾ। * ਕੀਟਨਾਸ਼ਕ ਦਾ ਘੋਲ ਬਣਾਉਣ ਵਾਲਾ ਡਰੰਮ ਜਾਂ ਟੱਬ ਹਮੇਸ਼ਾ ਵੱਖਰਾ ਹੋਣਾ ਚਾਹੀਦਾ ਹੈ। ਘਰ ਵਿਚ ਇਸਤੇਮਾਲ ਹੋਣ ਵਾਲੇ ਬਰਤਨ ਘੋਲ ਬਣਾਉਣ ਲਈ ਨਾ ਵਰਤੋ। * ਇਲੈਕਟ੍ਰੋਸਟੈਟਿਕ ਸਪਰੇਅਰ ਨਾਲ ਛਿੜਕਾਅ ਕਰਨ ਲਈ ਸਿਰਫ 15 ਲਿਟਰ ਪਾਣੀ ਪ੍ਰਤੀ ਏਕੜ ਵਰਤੋ।
ਛਿੜਕਾਅ ਕਰਦੇ ਸਮੇਂ ਸਾਵਧਾਨੀਆਂ : * ਤੇਜ਼ ਹਵਾ ਵਾਲੇ ਦਿਨ ਛਿੜਕਾਅ ਨਾ ਕਰੋ। * ਛਿੜਕਾਅ ਕਰਨ ਵੇਲੇ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ। ਸਿਗਰੇਟ, ਬੀੜੀ ਜਾਂ ਤੰਬਾਕੂ ਆਦਿ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। * ਬੰਦ ਨੋਜ਼ਲ ਨੂੰ ਮੂੰਹ ਨਾਲ ਫੂਕ ਮਾਰ ਕੇ ਖੋਲ੍ਹਣ ਦੀ ਗਲਤੀ ਕਦੀ ਵੀ ਨਹੀਂ ਕਰਨੀ ਚਾਹੀਦੀ। (ਸਮਾਪਤ)


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ
ਮੋਬਾਈਲ : 94173-83464.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX