ਤਾਜਾ ਖ਼ਬਰਾਂ


ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਹੋਰ ਖ਼ਬਰਾਂ..

ਸਾਡੀ ਸਿਹਤ

ਤਰਲ ਖ਼ੁਰਾਕ ਲੈ ਕੇ ਤੁਸੀਂ ਵੀ ਰਹਿ ਸਕਦੇ ਹੋ ਫਿੱਟ

ਪਿਛਲੇ ਇਕ-ਦੋ ਦਹਾਕਿਆਂ ਵਿਚ ਭੱਜ-ਦੌੜ ਏਨੀ ਵਧ ਗਈ ਹੈ ਕਿ ਸਾਰੇ ਨੰਬਰ ਵੰਨ ਦੀ ਦੌੜ ਵਿਚ ਰਹਿਣਾ ਚਾਹੁੰਦੇ ਹਨ, ਚਾਹੇ ਉਸ ਵਾਸਤੇ ਸਿਹਤ ਦਾ ਹਾਲ ਜਿਹੋ ਜਿਹਾ ਮਰਜ਼ੀ ਰਹੇ। ਭੋਜਨ ਕਦੋਂ ਖਾਧਾ ਹੈ, ਕੀ ਖਾਧਾ ਹੈ, ਪੌਸ਼ਟਿਕ ਹੈ ਜਾਂ ਨਹੀਂ, ਇਸ ਦੀ ਪ੍ਰਵਾਹ ਉਨ੍ਹਾਂ ਨੂੰ ਨਹੀਂ ਹੈ। ਜਦੋਂ ਭੁੱਖ ਲੱਗੇ ਤਾਂ ਕੁਝ ਵੀ ਕੰਟੀਨ ਵਿਚੋਂ ਲੈ ਕੇ ਖਾ ਲੈਂਦੇ ਹਨ ਅਤੇ ਆਪਣੀ ਭੁੱਖ ਸ਼ਾਂਤ ਕਰ ਲੈਂਦੇ ਹਨ। ਨਤੀਜੇ ਵਜੋਂ ਹੌਲੀ-ਹੌਲੀ ਸਰੀਰ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ ਅਤੇ ਸਰੀਰ ਓਨੀ ਭੱਜ-ਦੌੜ ਬਰਦਾਸ਼ਤ ਨਹੀਂ ਕਰ ਸਕਦਾ।
ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਬਸ ਇਕ ਹੀ ਚੀਜ਼ ਹੈ ਉਨ੍ਹਾਂ ਕੋਲ-ਫਾਸਟ ਫੂਡ ਦਾ ਖਾਣਾ ਅਤੇ ਦੂਜਿਆਂ ਤੋਂ ਅੱਗੇ ਰਹਿਣਾ। ਉਨ੍ਹਾਂ ਕੋਲ ਨਾ ਤਾਂ ਘਰ ਵਿਚ ਭੋਜਨ ਬਣਾਉਣ ਦਾ ਸਮਾਂ ਹੈ, ਨਾ ਸਮੇਂ ਸਿਰ ਆਰਾਮ ਨਾਲ ਭੋਜਨ ਖਾਣ ਦਾ ਸਮਾਂ ਅਤੇ ਨਾ ਹੀ ਆਪਣਿਆਂ ਨਾਲ ਗੱਲ ਕਰਨ ਦਾ ਸਮਾਂ ਹੈ ਉਨ੍ਹਾਂ ਕੋਲ।
ਸਵੇਰੇ ਉੱਠਦੇ ਹੀ ਦਫ਼ਤਰ ਜਾਣ ਦੀ ਕਾਹਲੀ ਵਿਚ ਬਸ ਥੋੜ੍ਹਾ-ਬਹੁਤ ਕੰਮ ਨਿਪਟਾ ਕੇ ਦੌੜਦੇ ਹਨ। ਇਸ ਭੱਜ-ਦੌੜ ਵਿਚ ਉਨ੍ਹਾਂ ਕੋਲ ਨਾਸ਼ਤੇ ਲਈ ਵੀ ਸਮਾਂ ਨਹੀਂ ਹੁੰਦਾ। ਸੈਂਡਵਿਚ ਨਾਲ ਲੈ ਕੇ ਰਾਹ ਵਿਚ ਖਾਂਦੇ ਜਾਣਗੇ ਜਾਂ ਦਫ਼ਤਰ ਜਾ ਕੇ ਆਰਡਰ ਕਰਨਗੇ।
ਜੇ ਸਿਹਤ ਠੀਕ ਰੱਖਣੀ ਹੈ ਤਾਂ ਖਾਣੇ ਦਾ ਸਮਾਂ ਅਤੇ ਕਸਰਤ ਦਾ ਸਮਾਂ ਤਾਂ ਕੱਢਣਾ ਹੀ ਪਵੇਗਾ। ਜੇ ਅਜਿਹਾ ਕਰਨ ਵਿਚ ਵੀ ਅਸਮਰੱਥ ਹੋ ਤਾਂ ਹਫ਼ਤੇ ਵਿਚ ਇਕ ਵਾਰ ਤਰਲ ਆਹਾਰ ਲਓ ਤਾਂ ਕਿ ਤੁਹਾਡੇ ਸਰੀਰ ਨੂੰ ਊਰਜਾ ਮਿਲ ਸਕੇ। ਤਰਲ ਖੁਰਾਕ ਵਿਚ ਤੁਸੀਂ ਤਾਜ਼ੇ ਫਲਾਂ ਦਾ ਰਸ, ਤਾਜ਼ੀਆਂ ਸਬਜ਼ੀਆਂ ਦਾ ਰਸ, ਸਬਜ਼ੀਆਂ ਦਾ ਸੂਪ, ਨਿੰਬੂ, ਸ਼ਹਿਦ, ਪਾਣੀ, ਨਾਰੀਅਲ ਪਾਣੀ, ਹਰਬਲ ਚਾਹ ਲੈ ਸਕਦੇ ਹੋ।
ਸਵੇਰ ਦੀ ਸ਼ੁਰੂਆਤ ਲੰਬੀ ਸੈਰ ਤੋਂ ਬਾਅਦ ਇਕ ਗਿਲਾਸ ਕੋਸੇ ਪਾਣੀ ਵਿਚ ਅੱਧਾ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਕਰੋ। ਫਿਰ ਆਪਣੀ ਰੋਜ਼ਮਰਾ ਨਾਲ ਨਿਪਟਣ ਤੋਂ ਬਾਅਦ ਦਫ਼ਤਰ ਜਾਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਲੈ ਸਕਦੇ ਹੋ। ਜੇ ਦੁੱਧ ਨਹੀਂ ਪੀਂਦੇ ਹੋ ਤਾਂ ਔਲਾ ਰਸ, ਸ਼ਹਿਦ ਮਿਲਾ ਕੇ ਲੈ ਸਕਦੇ ਹੋ। ਤਾਜ਼ੇ ਫਲਾਂ ਦਾ ਰਸ ਵੀ ਨਾਸ਼ਤੇ ਵਿਚ ਬਹੁਤ ਵਧੀਆ ਹੁੰਦਾ ਹੈ। ਫਲਾਂ ਦਾ ਰਸ ਤੁਹਾਨੂੰ ਇੰਸਟੈਂਟ ਊਰਜਾ ਦੇਵੇਗਾ। ਔਲੇ ਦਾ ਰਸ ਤੁਹਾਡੀਆਂ ਅੱਖਾਂ, ਵਾਲਾਂ ਅਤੇ ਚਮੜੀ ਨੂੰ ਲਾਭ ਪਹੁੰਚਾਏਗਾ।
10-12 ਪੱਤੇ ਤੁਲਸੀ ਦੇ ਮਿਕਸੀ ਵਿਚ ਥੋੜ੍ਹਾ ਪਾਣੀ ਮਿਲਾ ਕੇ ਪੀਸ ਲਓ। ਉਸ ਵਿਚ ਨਿੰਬੂ, ਸ਼ਹਿਦ ਅਤੇ ਕੋਸਾ ਪਾਣੀ ਅੱਧਾ ਗਿਲਾਸ ਮਿਲਾ ਕੇ ਲਓ। ਸਰਦੀ-ਜ਼ੁਕਾਮ ਅਤੇ ਸਾਹ ਦੀ ਤਕਲੀਫ਼ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਦਿਨ ਵਿਚ ਦਫ਼ਤਰ ਵਿਚ ਤੁਸੀਂ ਤਾਜ਼ੀਆਂ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਗਾਜਰ, ਪਾਲਕ, ਅਦਰਕ, ਟਮਾਟਰ, ਖੀਰਾ, ਚੁਕੰਦਰ ਆਦਿ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਮੂਲੀ ਦਾ ਰਸ ਵੀ ਲੈ ਸਕਦੇ ਹੋ। ਉਸ ਵਿਚ ਨਮਕ ਅਤੇ ਨਿੰਬੂ ਮਿਲਾ ਕੇ ਲਓ। ਮੋਟਾਪਾ ਵੀ ਘੱਟ ਹੋਵੇਗਾ। ਬਾਕੀ ਸਬਜ਼ੀਆਂ ਦੇ ਰਸ ਵਿਚ ਵੀ ਕਾਫ਼ੀ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਜੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਵਿਚ ਕੁਝ ਲੈਣ ਨੂੰ ਮਨ ਕਰੇ ਤਾਂ ਨਾਰੀਅਲ ਦਾ ਪਾਣੀ ਜਾਂ ਇਕ ਕੱਪ ਹਰਬਲ ਚਾਹ ਬਿਨਾਂ ਦੁੱਧ ਵਾਲੀ, ਨਿੰਬੂ ਰਸ ਦੇ ਨਾਲ ਮਿਲਾ ਕੇ ਲੈ ਸਕਦੇ ਹੋ।
ਦੁਪਹਿਰ ਅਤੇ ਰਾਤ ਦੇ ਸਮੇਂ ਵੀ ਤੁਸੀਂ ਇਕ ਕੱਪ ਹਰਬਲ ਚਾਹ ਬਿਨਾਂ ਦੁੱਧ ਵਾਲੀ, ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਲੈ ਸਕਦੇ ਹੋ।
ਰਾਤ ਨੂੰ ਤਾਜ਼ੀਆਂ ਸਬਜ਼ੀਆਂ ਦਾ ਸੂਪ ਲੈ ਸਕਦੇ ਹੋ। ਕੋਸ਼ਿਸ਼ ਕਰੋ ਕਿ ਸੂਪ ਇਕ ਹੀ ਸਬਜ਼ੀ ਦਾ ਬਣਾਓ। ਉਸ ਵਿਚ ਪੁੰਗਰੀ ਦਾਲ ਦੀ ਮੁੱਠੀ ਜਾਂ ਮੂੰਗੀ ਸਾਬਤ, ਸਾਬਤ ਮਸਰਾਂ ਦੀ ਇਕ ਮੁੱਠੀ ਮਿਲਾ ਕੇ ਸੂਪ ਤਿਆਰ ਕਰਕੇ ਪੀਓ। ਦਾਲ ਪਾਉਣ ਨਾਲ ਸੂਪ ਕੁਝ ਸੰਘਣਾ ਹੋ ਜਾਵੇਗਾ। ਪੇਟ ਵੀ ਭਰੇਗਾ ਅਤੇ ਊਰਜਾ ਵੀ ਮਿਲੇਗੀ। ਸੂਪ ਵਿਚ ਹਲਕਾ ਨਮਕ, ਪੀਸੀ ਕਾਲੀ ਮਿਰਚ, ਭੁੰਨਿਆ ਜੀਰਾ ਮਿਲਾ ਕੇ ਉਸ ਦੇ ਸਵਾਦ ਨੂੰ ਵਧਾ ਸਕਦੇ ਹੋ।
ਸੂਪ ਨਾਲ ਤੁਹਾਨੂੰ ਵਿਟਾਮਿਨਜ਼ ਅਤੇ ਭਰਪੂਰ ਪੌਸ਼ਟਿਕ ਤੱਤ ਵੀ ਮਿਲਣਗੇ। ਇਹ ਖ਼ੁਰਾਕ ਤੁਸੀਂ ਹਫ਼ਤੇ ਵਿਚ ਇਕ ਦਿਨ ਜਾਂ 10 ਦਿਨ ਵਿਚ ਇਕ ਦਿਨ ਲਈ ਲੈ ਸਕਦੇ ਹੋ। ਇਸ ਨਾਲ ਪੇਟ ਦੀ ਐਸਿਡਿਟੀ ਤੋਂ ਛੁਟਕਾਰਾ ਮਿਲੇਗਾ, ਚਮੜੀ ਵਿਚ ਚਮਕ ਬਣੀ ਰਹੇਗੀ, ਚਮੜੀ ਦੀਆਂ ਝੁਰੜੀਆਂ ਅਤੇ ਕਿੱਲ-ਮੁਹਾਸੇ ਦੂਰ ਹੋਣਗੇ। ਫਲਾਂ ਵਿਚ ਚੀਕੂ, ਕੇਲਾ, ਅੰਬ ਤੋਂ ਪ੍ਰਹੇਜ਼ ਕਰੋ, ਕਿਉਂਕਿ ਇਨ੍ਹਾਂ ਫਲਾਂ ਵਿਚ ਵਾਧੂ ਕੈਲੋਰੀ ਮਿਲਦੀ ਹੈ।
**


ਖ਼ਬਰ ਸ਼ੇਅਰ ਕਰੋ

ਫੰਗਲ ਇਨਫੈਕਸ਼ਨ : ਲੱਛਣ, ਕਾਰਨ, ਬਚਾਅ

ਫੰਗਲ ਇਨਫੈਕਸ਼ਨ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਕਵਚ ਸੰਕ੍ਰਮਣ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕਵਕ ਦੀ ਜ਼ਿਆਦਾ ਮਾਤਰਾ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਕਵਕ ਨਾਲ ਪ੍ਰਭਾਵਿਤ ਚਮੜੀ ਵਿਚ ਲਾਲ ਧੱਬੇ, ਦਾਦ, ਖੁਜਲੀ ਅਤੇ ਚਮੜੀ ਵਿਚ ਜ਼ਖਮ ਆਦਿ ਲੱਛਣ ਦਿਖਾਈ ਦੇਣ ਲਗਦੇ ਹਨ। ਇਹ ਕਵਕ ਹਵਾ, ਮਿੱਟੀ, ਪੌਦੇ ਅਤੇ ਪਾਣੀ ਕਿਸੇ ਵੀ ਜਗ੍ਹਾ ਵਿਕਸਿਤ ਹੋ ਸਕਦੇ ਹਨ।
ਲੱਛਣ : * ਚਮੜੀ ਵਿਚ ਪਪੜੀ ਨਿਕਲਣਾ, * ਸੰਕ੍ਰਮਿਤ ਖੇਤਰ ਵਿਚ ਖੁਜਲੀ ਜਾਂ ਜਲਣ ਹੋਣਾ, * ਸਫੈਦ ਦਾਗ ਆਉਣਾ ਅਤੇ ਬਹੁਤ ਜ਼ਿਆਦਾ ਖੁਜਲੀ ਹੋਣਾ, * ਚਮੜੀ ਰੁੱਖੀ ਹੋ ਜਾਣਾ ਅਤੇ ਦਰਾੜਾਂ ਪੈ ਜਾਣੀਆਂ।
ਕਾਰਨ : * ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵੀ ਫੰਗਲ ਸੰਕ੍ਰਮਣ ਦਾ ਕਾਰਨ ਬਣਦੀ ਹੈ। * ਜ਼ਿਆਦਾਤਰ ਗਰਮ, ਨਮਕ ਵਾਤਾਵਰਨ ਅਤੇ ਨਾਮ ਤਵਚਾ ਖੇਤਰ ਇਸ ਸੰਕ੍ਰਮਣ ਦਾ ਪ੍ਰਮੁੱਖ ਕਾਰਨ ਹੈ। * ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਵੀ ਫੰਗਲ ਸੰਕ੍ਰਮਣ ਦਾ ਕਾਰਨ ਬਣਦੀਆਂ ਹਨ। * ਜੋ ਲੋਕ ਇਕ ਫੰਗਲ ਸੰਕ੍ਰਮਣ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹਨ, ਉਨ੍ਹਾਂ ਨੂੰ ਵੀ ਸੰਕ੍ਰਮਣ ਹੋ ਸਕਦਾ ਹੈ। * ਜ਼ਿਆਦਾ ਭਾਰ ਅਤੇ ਮੋਟਾਪਾ ਵੀ ਇਸ ਦਾ ਇਕ ਕਾਰਨ ਬਣ ਸਕਦਾ ਹੈ। * ਲੋਕਾਂ ਵਿਚ ਆਉਣ ਵਾਲਾ ਜ਼ਿਆਦਾ ਪਸੀਨਾ, ਕਵਕ ਵਾਧਾ ਨੂੰ ਬੜਾਵਾ ਦੇ ਸਕਦਾ ਹੈ। * ਖਾਨਦਾਨੀ ਕਾਰਕ ਜਾਂ ਫੰਗਲ ਸੰਕ੍ਰਮਣ ਦਾ ਪਰਿਵਾਰਕ ਇਤਿਹਾਸ ਵੀ ਇਸ ਸੰਕ੍ਰਮਣ ਦਾ ਪ੍ਰਮੁੱਖ ਕਾਰਨ ਹੈ।
ਫੰਗਲ ਇਨਫੈਕਸ਼ਨ ਤੋਂ ਬਚਾਅ : * ਸਰੀਰ ਦੀ ਚਮੜੀ ਨੂੰ ਸਾਫ਼ ਅਤੇ ਸੁੱਕਾ ਰੱਖੋ। * ਚੰਗੀ ਤਰ੍ਹਾਂ ਸੁੱਕੇ ਕੱਪੜਿਆਂ ਦੀ ਵਰਤੋਂ ਕਰੋ। * ਪੈਰ ਦੀਆਂ ਜੁਰਾਬਾਂ ਨੂੰ ਹਰ ਰੋਜ਼ ਧੋਵੋ ਅਤੇ ਸੁਕਾ ਕੇ ਰੱਖੋ ਅਤੇ ਫਿੱਟ ਜੁੱਤੀ ਦੀ ਵਰਤੋਂ ਕਰੋ। * ਰੋਜ਼ਾਨਾ ਦੇ ਕੰਮ-ਕਾਜ ਦੌਰਾਨ ਚੱਪਲ ਦੀ ਵਰਤੋਂ ਕਰੋ। ਬਾਥਰੂਮ ਅਤੇ ਸਰਬਜਨਕ ਇਸ਼ਨਾਨ ਵਾਲੀਆਂ ਥਾਵਾਂ 'ਤੇ ਨੰਗੇ ਪੈਰ ਨਾ ਜਾਓ। * ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਵਿਅਕਤੀਆਂ ਨੂੰ ਇਸ ਨੂੰ ਘੱਟ ਕਰਨ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਮੋਟਾਪਾ ਤੋਂ ਪੀੜਤ ਵਿਅਕਤੀਆਂ ਨੂੰ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ। * ਢਿੱਲੇ ਅਤੇ ਮੁਲਾਇਮ ਕੱਪੜੇ ਪਹਿਨੋ। * ਨਹਾਉਣ ਤੋਂ ਬਾਅਦ ਚਮੜੀ ਨੂੰ ਖੁਸ਼ਕ ਅਤੇ ਸਾਫ਼ ਰੱਖੋ ਅਤੇ ਨਿਯਮਿਤ ਰੂਪ ਨਾਲ ਮਾਇਸਚਰਾਈਜ਼ ਕਰੋ। ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
* ਦੂਜਿਆਂ ਦੀਆਂ ਚੀਜ਼ਾਂ ਨੂੰ ਵਰਤਣ ਤੋਂ ਬਚੋ, ਕਿਉਂਕਿ ਇਹ ਫੰਗਲ ਇਨਫੈਕਸ਼ਨ ਹੋਣ ਦਾ ਕਾਰਨ ਬਣ ਸਕਦਾ ਹੈ।
* ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖੋ।
ਜੇ ਤੁਹਾਡੀ ਚਮੜੀ ਸੰਕ੍ਰਮਣ ਹੈ ਤਾਂ ਸਬੰਧਿਤ ਖੇਤਰ ਨੂੰ ਸਾਫ਼ ਅਤੇ ਸ਼ੁੱਧ ਰੱਖਣ ਦੀ ਲੋੜ ਹੁੰਦੀ ਹੈ। ਇਹ ਫੰਗਲ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਅਤੇ ਕਾਬੂ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਹੋਰ ਘਰੇਲੂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਭਾਵਿਤ ਖੇਤਰ ਨੂੰ ਸਾਫ਼ ਪਾਣੀ ਅਤੇ ਜੀਵਾਣੂਰੋਧੀ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ।

ਜਦੋਂ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਵੇ...

ਸਰਦੀ ਦਾ ਮੌਸਮ ਆਉਣ ਵਾਲਾ ਹੈ। ਜ਼ਿਆਦਾ ਸਰਦੀ ਦੇ ਦਿਨਾਂ ਵਿਚ ਕਈ ਬਿਮਾਰੀਆਂ ਸਰੀਰ ਨੂੰ ਮੌਕਾ ਮਿਲਦੇ ਹੀ ਆਪਣੀ ਗ੍ਰਿਫ਼ਤ ਵਿਚ ਲੈ ਲੈਂਦੀਆਂ ਹਨ ਪਰ ਸਰਦੀ ਦੇ ਘੱਟ ਹੋਣ 'ਤੇ ਵੀ ਸਾਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਫਿਰ ਵੀ ਕਈ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਸਭ ਬਿਮਾਰੀਆਂ ਵਿਚੋਂ ਇਕ ਬਿਮਾਰੀ ਹੈ ਸਾਹ ਲੈਣ ਵਿਚ ਤਕਲੀਫ ਹੋਣਾ। ਸਾਨੂੰ ਜੇ ਆਪਣੇ ਜਾਂ ਬੱਚੇ ਲਈ ਕਦੇ ਵੀ ਮਹਿਸੂਸ ਹੋਵੇ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਸਾਨੂੰ ਤੁਰੰਤ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਲਾਪ੍ਰਵਾਹੀ ਵਰਤਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਕਈ ਵਾਰ ਸਾਹ ਲੈਣ ਵਿਚ ਤਕਲੀਫ ਉਨ੍ਹਾਂ ਲੋਕਾਂ ਨੂੰ ਵੀ ਹੁੰਦੀ ਹੈ, ਜਿਨ੍ਹਾਂ ਨੂੰ ਹਾਈਪਰਟੈਨਸ਼ਨ ਅਤੇ ਬ੍ਰੋਂਕਾਈਟਿਸ ਹੋਵੇ। ਦਮੇ ਦੇ ਰੋਗੀਆਂ ਨੂੰ ਤਾਂ ਇਹ ਸ਼ਿਕਾਇਤ ਕਾਫੀ ਹੁੰਦੀ ਹੈ। ਸਾਹ ਲੈਣ ਵਿਚ ਤਕਲੀਫ ਫਾਗ ਜਾਂ ਸਮਾਗ ਦੇ ਕਾਰਨ ਵੀ ਹੁੰਦੀ ਹੈ। ਅਕਸਰ ਫੇਫੜੇ ਸਰਦੀਆਂ ਵਿਚ ਸੁੰਗੜ ਜਾਂਦੇ ਹਨ। ਇਸ ਨਾਲ ਆਕਸੀਜਨ ਸਾਡੇ ਖੂਨ ਵਿਚ ਸਹੀ ਤਰ੍ਹਾਂ ਨਹੀਂ ਪਹੁੰਚਦੀ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਕਿਨ੍ਹਾਂ ਨੂੰ ਹੁੰਦੀ ਹੈ ਜ਼ਿਆਦਾ ਸਮੱਸਿਆ
* ਹਾਈਪਰਟੈਨਸ਼ਨ ਵਾਲੇ ਲੋਕਾਂ ਨੂੰ।
* ਜਿਨ੍ਹਾਂ ਲੋਕਾਂ ਦੀ ਛਾਤੀ ਵਿਚ ਲਗਾਤਾਰ ਇਨਫੈਕਸ਼ਨ ਰਹਿੰਦੀ ਹੋਵੇ।
* ਬ੍ਰੋਂਕਾਈਟਿਸ ਵਾਲੇ ਰੋਗੀਆਂ ਨੂੰ।
* ਜਾਂ ਫਿਰ ਜਿਨ੍ਹਾਂ ਨੂੰ ਦਮਾ ਹੋਵੇ।
ਇਸ ਦੇ ਲੱਛਣ ਕੀ ਹਨ
* ਖੰਘ ਦਾ ਲਗਾਤਾਰ ਆਈ ਜਾਣਾ।
* ਬਲਗਮ ਨਿਕਲਣੀ।
* ਛਾਤੀ ਵਿਚ ਜਕੜਣ ਹੋਣੀ।
* ਗਲੇ ਵਿਚ ਦਰਦ ਹੋਈ ਜਾਣੀ।
* ਤੇਜ਼ ਬੁਖਾਰ ਹੋਣਾ, ਸਰੀਰ ਦਰਦ ਅਤੇ ਸਿਰ ਵਿਚ ਦਰਦ ਹੋਣੀ।
* ਚਲਦੇ ਸਮੇਂ ਜਾਂ ਕੰਮ ਕਰਦੇ ਸਾਹ ਦਾ ਫੁੱਲਣਾ।
* ਕਿਸੇ ਵੀ ਬਿਮਾਰੀ ਦੇ ਲਗਾਤਾਰ ਬਣੇ ਰਹਿਣ ਨਾਲ ਅਤੇ ਉਸ ਦਾ ਸਹੀ ਇਲਾਜ ਨਾ ਕਰਨ ਨਾਲ ਵੀ ਸਾਹ ਫੁੱਲਦਾ ਹੈ।
ਬਚਾਅ
* ਵਿਅਕਤੀਗਤ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਕੁਝ ਦੇਰ ਬਾਅਦ ਆਪਣੇ ਹੱਥ-ਪੈਰ ਸਾਫ਼ ਪਾਣੀ ਨਾਲ ਧੋਂਦੇ ਰਹੋ। ਸਾਫ਼ ਰੁਮਾਲ ਜਾਂ ਤੌਲੀਏ ਦੀ ਵਰਤੋਂ ਕਰੋ।
* ਸੈਰ ਲਈ ਜਾਣ ਤੋਂ ਪਹਿਲਾਂ ਪਾਣੀ ਦਾ ਸੇਵਨ ਕਰੋ। ਜੇ ਬਾਹਰ ਠੰਢੀ ਹਵਾ ਹੈ ਜਾਂ ਸਰਦੀ ਹੈ ਤਾਂ ਸਿਰ, ਗਲਾ, ਕੰਨ ਢਕ ਕੇ ਜਾਓ।
* ਦਮਾ ਰੋਗੀਆਂ ਨੂੰ ਇਨਹੇਲਰ ਹਮੇਸ਼ਾ ਨਾਲ ਰੱਖਣਾ ਚਾਹੀਦਾ ਹੈ।
* ਬਾਹਰ ਨਿਕਲਣ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢਕ ਲਓ ਤਾਂ ਕਿ ਬਾਹਰੀ ਪ੍ਰਦੂਸ਼ਣ ਸਿੱਧਾ ਤੁਹਾਡੇ ਅੰਦਰ ਨਾ ਜਾ ਸਕੇ। ਜੇ ਪ੍ਰਦੂਸ਼ਣ ਦੇ ਕਣ ਤੁਹਾਡੇ ਸਾਹ ਨਾਲ ਅੰਦਰ ਚਲੇ ਜਾਣਗੇ ਤਾਂ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਜ਼ਿਆਦਾ ਹੋਵੇਗੀ।
* ਸਵੇਰੇ ਅਤੇ ਸ਼ਾਮ ਨੂੰ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ।
* ਕੋਈ ਵੀ ਤੇਲੀ ਭੋਜਨ ਖਾਣ ਤੋਂ ਬਾਅਦ ਕੋਸਾ ਪਾਣੀ ਪੀਓ। ਇਸ ਨਾਲ ਗਲੇ ਵਿਚ ਤੇਲ ਦੇ ਤੱਤ ਪਿਸ਼ਾਬ ਜਾਂ ਬਲਗਮ ਨਾਲ ਬਾਹਰ ਨਿਕਲ ਜਾਣਗੇ।
* ਸਬਜ਼ੀਆਂ ਦਾ ਸੂਪ ਪੀਓ। ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੂਪ ਪੀਓ। ਤਾਜ਼ੇ ਫਲ ਅਤੇ ਸਬਜ਼ੀਆਂ ਖਾਓ। ਵਿਟਾਮਿਨ 'ਸੀ' ਦਾ ਸੇਵਨ ਭਰਪੂਰ ਮਾਤਰਾ ਵਿਚ ਕਰੋ, ਜਿਸ ਨਾਲ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਬਣੀ ਰਹੇ।
* ਦਮਾ ਅਤੇ ਬ੍ਰੋਂਕਾਈਟਿਸ ਵਾਲੇ ਰੋਗੀ ਸਵੇਰੇ ਧੁੱਪ ਨਿਕਲਣ ਤੋਂ ਬਾਅਦ ਬਾਹਰ ਨਿਕਲਣ।
* ਪਾਣੀ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਜ਼ਹਿਰੀਲੇ ਤੱਤ ਪਿਸ਼ਾਬ ਨਾਲ ਬਾਹਰ ਨਿਕਲ ਜਾਣ। ਹੋ ਸਕੇ ਤਾਂ ਸਰਦੀਆਂ ਵਿਚ ਪਾਣੀ ਕੋਸਾ ਪੀਓ।
* ਸਵੇਰੇ ਪਹਿਲੀ ਚਾਹ ਤੁਲਸੀ, ਅਦਰਕ ਵਾਲੀ ਪੀਓ, ਜ਼ਿਆਦਾ ਤਬੀਅਤ ਖਰਾਬ ਹੋਣ 'ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।

ਤੰਦਰੁਸਤ ਅਤੇ ਜਵਾਨ ਰਹਿਣ ਲਈ ਦੌੜ ਲਗਾਓ

ਦੌੜਨਾ ਕਸਰਤ ਦੇ ਸਭ ਤੋਂ ਸੌਖੇ ਰੂਪਾਂ ਵਿਚੋਂ ਇਕ ਹੈ, ਕਿਉਂਕਿ ਇਹ ਨਾ ਸਿਰਫ ਤੁਹਾਡੇ ਵਾਧੂ ਭਾਰ ਨੂੰ ਘੱਟ ਕਰਦਾ ਹੈ, ਸਗੋਂ ਤੰਦਰੁਸਤ ਵੀ ਬਣਾਉਂਦਾ ਹੈ। ਫਿਰ ਚਲੋ ਜਾਣਦੇ ਹਾਂ ਰੋਜ਼ਾਨਾ ਦੌੜਨ ਨਾਲ ਸਰੀਰ ਨੂੰ ਹੋਣ ਵਾਲੇ ਹੋਰ ਫਾਇਦਿਆਂ ਬਾਰੇ-
ਤਣਾਅਮੁਕਤ ਕਰਦਾ ਹੈ : ਰੋਜ਼ ਦੀ ਦੌੜ ਪੂਰੇ ਸਰੀਰ ਲਈ ਟਾਨਿਕ ਵਾਂਗ ਹੁੰਦੀ ਹੈ, ਕਿਉਂਕਿ ਦੌੜਨ ਨਾਲ ਸਰੀਰ ਵਿਚੋਂ ਇੰਡਾਫਰਿਨ ਨਾਮਕ ਰਸਾਇਣ ਭਾਵ ਫੀਲਗੁਡ ਰਸਾਇਣ ਦਾ ਰਸਾਅ ਹੁੰਦਾ ਹੈ ਅਤੇ ਅਸੀਂ ਤਣਾਅਮੁਕਤ ਰਹਿੰਦੇ ਹਾਂ।
ਦਿਲ ਤੰਦਰੁਸਤ ਰਹਿੰਦਾ ਹੈ : ਅਨੇਕ ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੌੜਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਦਿਲ ਦਾ ਦੌਰਾ ਅਤੇ ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ।
ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ : ਆਯੁਰਵੈਦ ਦੀ ਮੰਨੀਏ ਤਾਂ ਦੌੜਨ ਨਾਲ ਪੈਰਾਂ ਦੀਆਂ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਪੈਰਾਂ ਦੀਆਂ ਹੱਡੀਆਂ ਵਿਚ ਹੀ ਸਰੀਰ ਲਈ ਸਭ ਤੋਂ ਜ਼ਿਆਦਾ ਮਾਤਰਾ ਵਿਚ ਖੂਨ ਦਾ ਨਿਰਮਾਣ ਹੁੰਦਾ ਹੈ, ਨਤੀਜੇ ਵਜੋਂ ਪੈਰਾਂ ਅਤੇ ਜਾਂਘਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਫੇਫੜੇ ਤੰਦਰੁਸਤ ਰਹਿੰਦੇ ਹਨ : ਡਾਕਟਰਾਂ ਅਨੁਸਾਰ ਦੌੜਨ ਨਾਲ ਦਿਲ ਦੀਆਂ ਧਮਨੀਆਂ ਵਧਦੀਆਂ ਹਨ, ਜਿਸ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ। ਇਹੀ ਨਹੀਂ, ਇਸ ਨਾਲ ਸਾਹ ਪ੍ਰਕਿਰਿਆ ਵਿਚ ਵੀ ਸੁਧਾਰ ਹੁੰਦਾ ਹੈ।
ਸ਼ੂਗਰ ਦਾ ਨਾਸ਼ ਕਰਦਾ ਹੈ : ਜੇ ਤੁਸੀਂ ਆਪਣੇ ਸਰੀਰ ਵਿਚੋਂ ਸ਼ੂਗਰ ਵਰਗੇ ਰੋਗਾਂ ਦਾ ਨਾਸ਼ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ 5 ਮਿੰਟ ਦੌੜੋ, ਕਿਉਂਕਿ ਇਸ ਨਾਲ ਇੰਸੁਲਿਨ ਬਣਨ ਦੀ ਪ੍ਰਕਿਰਿਆ ਵਿਚ ਸੁਧਾਰ ਹੁੰਦਾ ਹੈ ਅਤੇ ਸਰੀਰ ਵਿਚ ਖੂਨ ਸ਼ੂਗਰ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ।
ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ : ਦੌੜਨ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਅਸੀਂ ਛੋਟੇ-ਮੋਟੇ ਰੋਗਾਂ ਦੀ ਗ੍ਰਿਫ਼ਤ ਵਿਚ ਨਹੀਂ ਆਉਂਦੇ।

ਹੋਮਿਓਪੈਥੀ ਦੇ ਝਰੋਖੇ 'ਚੋਂ

ਦਿਲ ਦੇ ਰੋਗ ਅਤੇ ਬਚਾਅ

ਦਿਲ ਦੇ ਰੋਗਾਂ ਤੋਂ ਬਚਣ ਲਈ ਅਨੇਕਾਂ ਹੀ ਖੋਜਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਤਜਰਬੇ ਬਾਂਦਰਾਂ ਉੱਪਰ ਕੀਤੇ ਗਏ ਹਨ। ਬਾਂਦਰਾਂ ਦੀ ਖੁਰਾਕ ਆਮ ਤੌਰ 'ਤੇ ਹਲਕੀ-ਫੁਲਕੀ ਹੁੰਦੀ ਹੈ, ਜਿਸ ਵਿਚ ਫਲ, ਨਟਸ, ਬੈਰੀਜ਼ ਅਤੇ ਗਰੇਨਜ਼ ਆਦਿ ਸ਼ਾਮਿਲ ਹਨ। ਪਰ ਮਾਹਿਰ ਡਾਕਟਰਾਂ ਦੀ ਟੀਮ ਦੀ ਅਗਵਾਈ ਵਿਚ ਬਾਂਦਰਾਂ ਨੂੰ ਅਜਿਹਾ ਖਾਣਾ ਖਾਣ ਲਈ ਮਜਬੂਰ ਕੀਤਾ ਗਿਆ, ਜੋ ਬਹੁਤ ਸਾਰੇ ਅਮਰੀਕਨਾਂ ਦੀ ਰੋਜ਼ਾਨਾ ਖੁਰਾਕ ਵਿਚ ਹੁੰਦਾ ਹੈ। ਡਾਕਟਰਾਂ ਨੇ ਇਹ ਪਾਇਆ ਕਿ ਬਾਂਦਰਾਂ ਵਿਚ ਹੋਣ ਵਾਲੀ ਕੋਰਨਰੀ ਹਾਰਟ ਡੀਜੀਜ਼ ਬਿਲਕੁਲ ਉਹੋ ਜਿਹੀ ਸੀ, ਜਿਹੋ ਜਿਹੀ ਇਨਸਾਨਾਂ ਵਿਚ ਪਾਈ ਜਾਂਦੀ ਹੈ।
ਹਾਂ, ਕੁਝ ਮਹੀਨਿਆਂ ਵਿਚ ਉਨ੍ਹਾਂ ਦੀਆਂ ਨਾੜੀਆਂ ਦੀ ਰੁਕਾਵਟ ਪਿਘਲ ਗਈ ਅਤੇ ਉਹ ਕੋਰੋਨਰੀ ਹਾਰਟ ਡੀਜ਼ੀਜ਼ ਦੇ ਖ਼ਤਰੇ 'ਚੋਂ ਬਾਹਰ ਨਿਕਲ ਗਏ। ਇਸ ਲਈ ਦਿਲ ਦੇ ਰੋਗਾਂ ਤੋਂ ਬਚਣ ਲਈ ਪਹਿਲੇ ਨੰਬਰ 'ਤੇ ਜ਼ਰੂਰੀ ਹੈ ਕਿ ਕੋਲੈਸਟ੍ਰੋਲ ਪੱਧਰ 160 ਤੋਂ 180 ਐਮ. ਜੀ.% ਤੱਕ ਹੋਣਾ ਚਾਹੀਦਾ ਹੈ। ਜੇ ਇਹ ਉਪਰਲੇ ਪੱਧਰ 'ਤੇ ਪਹੁੰਚੇਗਾ ਤਾਂ ਥੋੜ੍ਹਾ ਜਿਹਾ ਵੱਧ ਖਾਣ 'ਤੇ ਵੀ ਵਿਅਕਤੀ ਦੀ ਚੁਸਤੀ ਘਟ ਜਾਂਦੀ ਹੈ ਤੇ ਉਹ ਭਾਰਾਪਨ ਮਹਿਸੂਸ ਕਰਦਾ ਹੈ। ਇਸ ਲਈ ਜੇ ਕੋਲੈਸਟ੍ਰੋਲ ਘੱਟ ਹੋਵੇਗਾ ਤਾਂ ਕਦੇ-ਕਦੇ ਭਾਰਾ ਖਾਣਾ ਜਾਂ ਹੈਵੀ ਫੂਡ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। ਦੂਜੇ ਨੰਬਰ 'ਤੇ ਆਉਂਦਾ ਹੈ ਖੂਨ ਦਾ ਦਬਾਅ, ਜਿਸ ਨੂੰ ਉਮਰ ਦੇ ਹਿਸਾਬ ਨਾਲ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਮਨੁੱਖ ਦਾ ਸਟੈਂਡਰਡ ਬਲੱਡ ਪ੍ਰੈਸ਼ਰ ਲੈਵਲ 130-80 ਹੁੰਦਾ ਹੈ। ਤੀਜੇ ਨੰਬਰ 'ਤੇ ਸ਼ੂਗਰ ਹੈ, ਜਿਸ ਦੇ ਵਧਣ ਨਾਲ ਵੀ ਕੋਰੋਨਰੀ ਆਰਟਰੀਜ ਵਿਚ ਰੁਕਾਵਟ ਵਧਣ ਦਾ ਖ਼ਤਰਾ ਪੈਦਾ ਹੁੰਦਾ ਹੈ, ਦਿਲ ਨੂੰ ਖੂਨ ਦੀ ਪੂਰਤੀ ਘਟ ਜਾਂਦੀ ਹੈ। ਸ਼ੂਗਰ ਘਟਣ ਨਾਲ ਵੀ ਦਿਲ ਫੇਲ੍ਹ ਹੋਣ ਦੇ ਖ਼ਤਰੇ ਵਧ ਜਾਂਦੇ ਹਨ। ਇਸ ਲਈ ਸ਼ੂਗਰ ਨਾ ਵਧਣੀ ਚਾਹੀਦੀ ਹੈ, ਨਾ ਘਟਣੀ ਚਾਹੀਦੀ ਹੈ। ਅਲਾਮਤਾਂ ਦੇ ਆਧਾਰ 'ਤੇ ਦਿੱਤੀਆਂ ਹੋਮਿਓਪੈਥਿਕ ਦਵਾਈਆਂ ਰੋਗੀ ਦੀ ਸ਼ੂਗਰ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਫਿਰ ਵੀ ਜੇਕਰ ਘੁਟਣ ਮਹਿਸੂਸ ਹੁੰਦੀ ਹੈ, ਥੋੜ੍ਹਾ ਜਿਹਾ ਤੁਰਨ ਨਾਲ ਸਾਹ ਚੜ੍ਹਦਾ ਹੈ, ਪੌੜੀ ਚੜ੍ਹਨ ਨਾਲ ਸਾਹ ਚੜ੍ਹਦਾ ਹੈ, ਖੱਬੀ ਲੱਤ ਜਾਂ ਬਾਂਹ ਵਿਚ ਦਰਦ ਹੁੰਦੀ ਹੈ, ਝੁਕਣ ਨਾਲ ਤਕਲੀਫ, ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ। ਹੋਮਿਓਪੈਥਿਕ ਦਵਾਈਆਂ ਦਿਲ ਦੀ ਸਮਰੱਥਾ ਐਲ. ਵੀ. ਈ. ਐਫ. ਨੂੰ ਵਧਾਉਂਦੀਆਂ ਹਨ। ਹੋਮਿਓਪੈਥਿਕ ਦਵਾਈਆਂ ਦਿਲ ਦੀਆਂ ਨਾੜੀਆਂ ਵਿਚ ਆਈ ਰੁਕਾਵਟ ਨੂੰ ਦੂਰ ਕਰਕੇ ਮਰੀਜ਼ ਨੂੰ ਬਾਈਪਾਸ ਸਰਜਰੀ ਅਤੇ ਇਸ 'ਤੇ ਆਉਣ ਵਾਲੇ ਖਰਚ ਅਤੇ ਪ੍ਰੇਸ਼ਾਨੀਆਂ ਤੋਂ ਬਚਾਉਂਦੀ ਹੈ। ਹੋਮਿਓਪੈਥਿਕ ਦਵਾਈਆਂ ਦਿਲ ਦੀਆਂ ਸ਼ਿਰਾਵਾਂ ਦੀ ਖ਼ਤਮ ਹੋ ਚੁੱਕੀ ਲੱਚਕ ਤੇ ਨਰਮੀ ਨੂੰ ਮੁੜ ਬਰਕਰਾਰ ਕਰਦੀਆਂ ਹਨ।


-323/16, ਕ੍ਰਿਸ਼ਨਾ ਨਗਰ, ਜਲੰਧਰ।

ਬਹੁਤ ਲਾਭ ਹਨ ਫਲਾਂ ਅਤੇ ਸਬਜ਼ੀਆਂ ਦੇ

* ਸੰਤਰਾ ਅਤੇ ਮੌਸੰਮੀ ਦਾ ਰਸ ਹਰ ਰੋਜ਼ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ।
* ਸਵੇਰ ਦੇ ਸਮੇਂ ਸੇਬ ਖਾਣਾ ਲਾਭਦਾਇਕ ਹੁੰਦਾ ਹੈ।
* ਕੇਲੇ ਦਾ ਸੇਵਨ ਦੁੱਧ ਨਾਲ ਕਰੋ, ਜ਼ਿਆਦਾ ਲਾਭ ਹੋਵੇਗਾ।
* ਜਾੜਾਂ ਵਿਚ ਗੁੜ ਅਤੇ ਤਿਲ ਦੀ ਗੱਚਕ ਖਾਣ ਨਾਲ ਸਰੀਰ ਨਿਰੋਗ ਰਹਿੰਦਾ ਹੈ।
* ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਸਿਹਤ ਲਈ ਚੰਗਾ ਹੁੰਦਾ ਹੈ।
* ਫਲ ਚੀਰਦੇ ਸਮੇਂ ਸਟੀਲ ਦੇ ਚਾਕੂ ਦੀ ਵਰਤੋਂ ਕਰੋ।
* ਟਮਾਟਰ ਨੂੰ ਭੋਜਨ ਨਾਲ ਸਲਾਦ ਵਜੋਂ ਲੈਣ ਨਾਲ ਭੋਜਨ ਪ੍ਰਤੀ ਅਰੁਚੀ ਦੂਰ ਹੁੰਦੀ ਹੈ।
* ਪੱਤਾਗੋਭੀ ਕਬਜ਼ ਦੂਰ ਕਰਦੀ ਹੈ। ਇਸ ਵਿਚ ਵਿਟਾਮਿਨ 'ਏ', 'ਬੀ', 'ਸੀ' ਪਾਇਆ ਜਾਂਦਾ ਹੈ।
* ਕੱਚੀ ਫੁੱਲਗੋਭੀ ਦਾ ਸੇਵਨ ਕਰਨ ਨਾਲ ਕਬਜ਼ ਦੂਰ ਹੁੰਦੀ ਹੈ। ਵਾਯੂ ਵਾਲੇ ਰੋਗੀਆਂ ਨੂੰ ਫੁੱਲਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
* ਮੂੰਹ ਵਿਚ ਛਾਲੇ ਹੋਣ 'ਤੇ ਹਰਾ ਧਨੀਆ ਚਬਾਉਣ ਜਾਂ ਉਸ ਦਾ ਰਸ ਛਾਲਿਆਂ 'ਤੇ ਲਗਾਉਣ ਨਾਲ ਛਾਲੇ ਠੀਕ ਹੋ ਜਾਂਦੇ ਹਨ।
* ਨਾਰੀਅਲ ਦਾ ਪਾਣੀ ਠੰਢਾ ਅਤੇ ਦਿਲ ਲਈ ਲਾਭਦਾਇਕ ਹੁੰਦਾ ਹੈ।
* ਖੂਨ ਦੀ ਕਮੀ ਵਾਲੇ ਰੋਗੀਆਂ ਨੂੰ ਸਿੰਘਾੜੇ ਦੇ ਫਲ ਦਾ ਸੇਵਨ ਖੂਬ ਕਰਨਾ ਚਾਹੀਦਾ ਹੈ।
* ਫਲਾਂ ਦਾ ਸੇਵਨ ਮਸਾਲਿਆਂ ਦੇ ਨਾਲ ਨਾ ਕਰੋ।

ਸਿਰਦਰਦ ਕੋਈ ਮਾਮੂਲੀ ਮਰਜ਼ ਨਹੀਂ

ਸਿਰਦਰਦ ਰੋਗ ਕਈ ਕਾਰਨਾਂ ਨਾਲ ਹੁੰਦਾ ਹੈ ਜਿਵੇਂ ਕਬਜ਼, ਉੱਚ ਖੂਨ ਦਬਾਅ, ਅੱਖਾਂ ਦੀ ਨਿਗ੍ਹਾ ਦਾ ਕਮਜ਼ੋਰ ਹੋਣਾ, ਨੀਂਦ ਪੂਰੀ ਨਾ ਹੋਣਾ, ਠੰਢ ਜਾਂ ਗਰਮੀ ਦਾ ਕਹਿਰ ਆਦਿ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਸਿਰ ਵਿਚ ਦਰਦ ਹੋਣ ਲਗਦੀ ਹੈ।
ਕਬਜ਼ : ਕਬਜ਼ ਅੱਜਕਲ੍ਹ ਲੋਕਾਂ ਦੀ ਮੁੱਖ ਸਮੱਸਿਆ ਹੈ। ਕਬਜ਼ ਦੇ ਕਾਰਨ ਗੈਸ ਬਣਦੀ ਹੈ ਅਤੇ ਇਸ ਦਾ ਦਬਾਅ ਸਿਰ ਤੱਕ ਪਹੁੰਚਦਾ ਹੈ, ਜਿਸ ਕਾਰਨ ਸਿਰ ਵਿਚ ਦਰਦ ਹੋਣ ਲਗਦੀ ਹੈ। ਕਬਜ਼ ਤੋਂ ਬਚਣ ਲਈ ਰੇਸ਼ੇਦਾਰ, ਪਚਣਯੋਗ ਭੋਜਨ ਕਰੋ। ਸਵੇਰੇ ਨਾਸ਼ਤੇ ਵਿਚ ਨਿੰਬੂ ਦਾ ਰਸ ਲਓ। ਦਿਨ ਵਿਚ 2-3 ਵਾਰ 20-20 ਗ੍ਰਾਮ ਗੁਲਕੰਦ ਲਓ। ਰਾਤ ਨੂੰ ਸੌਣ ਲੱਗੇ ਦੋ ਚਮਚ ਈਸਬਗੋਲ ਦੀ ਭੁੱਕੀ ਕੋਸੇ ਪਾਣੀ ਜਾਂ ਦੁੱਧ ਵਿਚ ਲਓ। ਇਸ ਨਾਲ ਸਵੇਰੇ ਪਖਾਨਾ ਖੁੱਲ੍ਹ ਕੇ ਆਵੇਗਾ। ਪੇਟ ਸਾਫ਼ ਹੋ ਜਾਣ ਨਾਲ ਸਿਰਦਰਦ ਦੂਰ ਹੋ ਜਾਵੇਗੀ।
ਉੱਚ ਖੂਨ ਦਬਾਅ : ਇਸ ਰੋਗ ਵਿਚ ਖੂਨ ਦਾ ਦਬਾਅ ਸਿਰ ਦੇ ਸਨਾਯੂਆਂ 'ਤੇ ਪੈਂਦਾ ਹੈ, ਜਿਸ ਕਰਕੇ ਸਿਰਦਰਦ ਹੋਣ ਲਗਦਾ ਹੈ। ਖੂਨ ਦੇ ਦਬਾਅ ਨੂੰ ਠੀਕ ਰੱਖਣ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖੋ। ਕਿਸੇ ਮਾਹਿਰ ਡਾਕਟਰ ਦੀ ਸਲਾਹ ਲਓ ਅਤੇ ਉਸ ਦੀਆਂ ਹਦਾਇਤਾਂ ਦਾ ਪਾਲਣ ਕਰੋ। ਇਸ ਨਾਲ ਖੂਨ ਦਾ ਦਬਾਅ ਠੀਕ ਰਹੇਗਾ ਅਤੇ ਸਿਰਦਰਦ ਨਹੀਂ ਹੋਵੇਗਾ।
ਨਜ਼ਰ ਕਮਜ਼ੋਰ ਹੋਣਾ : ਨਜ਼ਰ ਕਮਜ਼ੋਰ ਹੋਣ 'ਤੇ ਬਿਨਾਂ ਚਸ਼ਮੇ ਦੇ ਪੜ੍ਹਨ ਜਾਂ ਬਰੀਕ ਕੰਮ ਕਰਨ ਨਾਲ ਅੱਖਾਂ ਦੀਆਂ ਪੇਸ਼ੀਆਂ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਅੱਖਾਂ ਅਤੇ ਸਿਰ ਵਿਚ ਦਰਦ ਹੋਣ ਲਗਦੀ ਹੈ। ਅੱਖਾਂ ਹੋਰ ਜ਼ਿਆਦਾ ਕਮਜ਼ੋਰ ਨਾ ਹੋਣ, ਇਸ ਵਾਸਤੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਐਨਕ ਦੀ ਲੋੜ ਹੋਣ 'ਤੇ ਐਨਕ ਜ਼ਰੂਰ ਪਹਿਨੋ। ਦੁੱਧ, ਤਾਜ਼ੇ ਫਲ, ਹਰੀਆਂ ਸਬਜ਼ੀਆਂ ਆਦਿ ਭਰਪੂਰ ਮਾਤਰਾ ਵਿਚ ਲਓ। ਮੂਲੀ, ਗਾਜਰ, ਚੌਲਾਈ, ਪਾਲਕ, ਬੰਦਗੋਭੀ ਆਦਿ ਕੁਝ ਜ਼ਿਆਦਾ ਲਓ।
ਨੀਂਦ ਪੂਰੀ ਨਾ ਹੋਣਾ : ਨੀਂਦ ਪੂਰੀ ਨਾ ਹੋਣ ਨਾਲ ਸਿਰ ਦੇ ਸਨਾਯੂਆਂ ਨੂੰ ਪੂਰੀ ਤਰ੍ਹਾਂ ਆਰਾਮ ਨਹੀਂ ਮਿਲਦਾ, ਜਿਸ ਕਾਰਨ ਸਿਰਦਰਦ ਹੋਣ ਲਗਦੀ ਹੈ। ਦੇਰ ਰਾਤ ਤੱਕ ਜਾਗਣ ਜਾਂ ਕਿਸੇ ਕੰਮ ਵਿਚ ਰੁੱਝੇ ਰਹਿਣ ਜਾਂ ਉਨੀਂਦਰਾ ਰੋਗ ਕਾਰਨ ਸਿਰ ਵਿਚ ਦਰਦ ਹੋਣ ਲਗਦੀ ਹੈ। ਸਿਰਦਰਦ ਤੋਂ ਬਚਣ ਲਈ ਰਾਤ ਨੂੰ ਛੇਤੀ ਸੌਣ ਅਤੇ ਸਵੇਰੇ ਛੇਤੀ ਉੱਠਣ ਦਾ ਨਿਯਮ ਬਣਾ ਲਓ। ਗਰਮੀ ਰੁੱਤ ਤੋਂ ਇਲਾਵਾ ਹੋਰ ਰੁੱਤਾਂ ਵਿਚ ਦਿਨ ਨੂੰ ਨਾ ਸੌਵੋਂ। ਜੇ ਤੁਸੀਂ ਕਿਸੇ ਕਾਰਨ ਰਾਤ ਨੂੰ ਨਾ ਸੌਂ ਸਕੋ ਤਾਂ ਦਿਨ ਨੂੰ ਸੌਂ ਕੇ ਨੀਂਦ ਪੂਰੀ ਕਰ ਲਓ। ਜੇ ਤੁਸੀਂ ਉਨੀਂਦਰਾ ਰੋਗ ਤੋਂ ਪੀੜਤ ਹੋ ਤਾਂ ਖਾਣ-ਪੀਣ ਵਿਚ ਸੁਧਾਰ ਕਰੋ ਅਤੇ ਸੌਣ ਦੇ ਸਮੇਂ ਬਿਲਕੁਲ ਚਿੰਤਾਮੁਕਤ ਹੋ ਕੇ ਸੌਣ ਦੀ ਕੋਸ਼ਿਸ਼ ਕਰੋ। ਅਣਉਚਿਤ ਆਹਾਰ-ਵਿਹਾਰ ਨਾਲ ਰੋਗ ਪੈਦਾ ਹੁੰਦੇ ਹਨ, ਇਸ ਲਈ ਇਨ੍ਹਾਂ ਤੋਂ ਬਚੋ। ਉਪਰੋਕਤ ਉਪਾਵਾਂ ਵਿਚ ਜੋ ਤੁਹਾਡੇ ਅਨੁਕੂਲ ਅਤੇ ਜ਼ਰੂਰੀ ਹੋਵੇ, ਉਨ੍ਹਾਂ ਨੂੰ ਅਮਲ ਵਿਚ ਲਿਆਓ। ਆਹਾਰ-ਵਿਹਾਰ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ ਤਾਂ ਸਰੀਰ ਰੋਗੀ ਨਹੀਂ ਹੋਵੇਗਾ। ਦਵਾਈਆਂ ਖਾ ਕੇ ਰੋਗ ਨੂੰ ਨਾ ਦਬਾਓ, ਸਗੋਂ ਬਿਨਾਂ ਦਵਾਈ ਖਾਧੇ, ਰੋਗ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਤਿਆਗ ਕੇ ਰੋਗਮੁਕਤ ਰਹੋ। ਜੇ ਅਜਿਹਾ ਕਰਨ 'ਤੇ ਵੀ ਰੋਗ ਦੂਰ ਨਹੀਂ ਹੁੰਦਾ ਤਾਂ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਉਸ ਦੀਆਂ ਹਦਾਇਤਾਂ ਅਨੁਸਾਰ ਦਵਾਈ ਦਾ ਸੇਵਨ ਕਰੋ।

ਸਿਹਤ ਖ਼ਬਰਨਾਮਾ

ਲੰਬੀ ਉਮਰ ਬਿਤਾਉਂਦਾ ਹੈ ਸ਼ਾਕਾਹਾਰੀ ਭੋਜਨ

ਪਟਨਾ ਮੈਡੀਕਲ ਕਾਲਜ ਵਿਚ ਆਯੋਜਿਤ ਦੋ ਦਿਨਾ ਸੈਮੀਨਾਰ ਵਿਚ ਮਾਹਿਰਾਂ ਨੇ ਕਿਹਾ ਕਿ ਲੋਕਾਂ ਨੂੰ ਲੰਬੀ ਪਾਰੀ ਲਈ ਸ਼ਾਕਾਹਾਰੀ ਭੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਜਟਿਲ ਜੀਵਨ ਸ਼ੈਲੀ ਅਤੇ ਤਣਾਅ ਦੇ ਕਾਰਨ 'ਫ੍ਰੀ ਰੈਡੀਕਲਸ' ਦਾ ਸਿਰਜਣ ਹੁੰਦਾ ਹੈ ਜੋ ਸਰੀਰ ਉੱਪਰ ਬੁਢਾਪਾ ਅਤੇ ਮੌਤ ਦਾ ਪ੍ਰਭਾਵ ਪਾਉਂਦਾ ਹੈ। ਖੋਜਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਦੱਸਿਆ ਕਿ ਸ਼ਾਕਾਹਾਰੀ ਭੋਜਨ ਨਾਲ ਇਨ੍ਹਾਂ ਤੱਤਾਂ ਵਿਚ ਕਮੀ ਆਉਂਦੀ ਹੈ। ਨਿਯਮਤ ਕਸਰਤ ਅਤੇ ਤਣਾਅ ਰਹਿਤ ਅਧਿਆਤਮਕ ਮਾਨਸਿਕਤਾ ਨਾਲ ਲੰਮੀ ਉਮਰ ਜਿਉਣ ਦੀ ਸੰਭਾਵਨਾ ਵਧਦੀ ਹੈ।
ਪੇਟ ਦੀ ਗੈਸ ਦਾ ਦਿਲ 'ਤੇ ਦਬਾਅ
ਪੇਟ ਦੀ ਗੈਸ ਦਾ ਦਬਾਅ ਉੱਪਰ ਵੱਲ ਜਾਣ ਨਾਲ ਦਿਲ 'ਤੇ ਪ੍ਰਭਾਵ ਪੈਂਦਾ ਹੈ। ਧੜਕਣ ਵਧ ਜਾਂਦੀ ਹੈ। ਇਹ ਗੈਸ ਅਨਿਯਮਤ ਖਾਣ-ਪੀਣ, ਭੁੱਖ ਤੋਂ ਜ਼ਿਆਦਾ ਖਾਣ, ਤਲੀਆਂ ਚੀਜ਼ਾਂ ਦੇ ਜ਼ਿਆਦਾ ਸੇਵਨ ਨਾਲ ਬਣਦੀ ਹੈ। ਇਸ ਗੈਸ ਦਾ ਦਬਾਅ ਪੇਟ ਦੇ ਉੱਪਰਲੇ ਭਾਗ 'ਤੇ ਜਾਣ 'ਤੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਸ ਨਾਲ ਪੀੜਤ ਵਿਅਕਤੀ ਘਬਰਾਹਟ, ਬੇਚੈਨੀ ਅਤੇ ਦਰਦ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ।
ਚੂਰਨ, ਦਵਾਈ ਆਦਿ ਨਾਲ ਅਸੀਂ ਇਸ ਨੂੰ ਦਬਾਉਣ ਵਿਚ ਸਫਲ ਹੋ ਜਾਂਦੇ ਹਾਂ ਪਰ ਮੂਲ ਕਾਰਨ ਦੇ ਪ੍ਰਤੀ ਅਸੀਂ ਧਿਆਨ ਨਹੀਂ ਦਿੰਦੇ, ਜਦੋਂ ਕਿ ਰੇਸ਼ੇਦਾਰ ਭੋਜਨ, ਸਲਾਦ ਅਤੇ ਮੋਟੇ ਆਟੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਪੀੜਤ ਵਿਅਕਤੀ ਮੂਲ ਕਾਰਨ ਨੂੰ ਹੀ ਹੋਣ ਤੋਂ ਰੋਕ ਸਕਦਾ ਹੈ। ਭੁੱਖ ਲੱਗਣ 'ਤੇ ਚਬਾ-ਚਬਾ ਕੇ ਖਾਣ ਅਤੇ ਸਵੇਰ ਦੀ ਸੈਰ ਨਾਲ ਵੀ ਇਹ ਲਾਭ ਮਿਲਦਾ ਹੈ, ਜੋ ਜ਼ਿਆਦਾ ਕਾਰਗਰ ਹੁੰਦਾ ਹੈ।
ਯਾਦਾਸ਼ਤ ਵਧਾਉਂਦੀ ਹੈ ਚੰਗੀ ਨੀਂਦ

ਬ੍ਰਿਟੇਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਅਨੁਸਾਰ ਚੰਗੀ ਅਤੇ ਸ਼ਾਂਤੀਪੂਰਨ ਨੀਂਦ ਲੈਣ ਨਾਲ ਯਾਦਾਸ਼ਤ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਯਾਦਾਸ਼ਤ ਦੀ ਸਮਰੱਥਾ ਨੂੰ ਬਣਾਈ ਰੱਖਣ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਖੋਜਕਰਤਾਵਾਂ ਅਨੁਸਾਰ ਚੰਗੀ ਨੀਂਦ ਨਾਲ ਸਾਡੀਆਂ ਮਾਸਪੇਸ਼ੀਆਂ ਵਿਚ ਦੁਬਾਰਾ ਊਰਜਾ ਦਾ ਸੰਚਾਰ ਹੋਣ ਲਗਦਾ ਹੈ, ਨਾਲ ਹੀ ਉਸ ਦਾ ਅਸਰ ਸਾਡੇ ਦਿਮਾਗ ਦੀਆਂ ਕਿਰਿਆਵਾਂ 'ਤੇ ਵੀ ਪੈਂਦਾ ਹੈ। ਇਸ ਨਾਲ ਦਿਮਾਗ ਦੀ ਯਾਦਾਸ਼ਤ ਬਣਾਉਣ ਵਾਲੀਆਂ ਪ੍ਰਕਿਰਿਆਵਾਂ ਵਿਚ ਵਾਧਾ ਹੁੰਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX