ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  43 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 2 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ

ਗੁ: ਸਾਹਿਬ ਹਰੀਪੁਰਾ (ਫ਼ਾਜ਼ਿਲਕਾ)

ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਤਾਰਨ ਲਈ ਦੁਨੀਆ ਦਾ ਭ੍ਰਮਣ ਕੀਤਾ ਅਤੇ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੱਤਾ। ਅਜਿਹਾ ਹੀ ਇਕ ਨਗਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸਥਿਤ ਹੈ, ਜੋ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੈਂਦੇ ਪੰਜਾਬ-ਰਾਜਸਥਾਨ ਅੰਤਰਰਾਜੀ ਸਰਹੱਦ ਦੇ ਨੇੜੇ ਵਸਿਆ ਇਹ ਨਗਰ ਹਰੀਪੁਰਾ ਅਜਿਹਾ ਨਗਰ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪ ਵਸਾਇਆ ਸੀ। ਇਸ ਨਗਰ ਵਿਚ ਪਵਿੱਤਰ ਗੁਰਦੁਆਰਾ ਬਡ ਤੀਰਥ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਇਤਿਹਾਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ। ਇਸ ਥਾਂ 'ਤੇ ਸੇਵਾ ਕਰ ਰਹੇ ਬਾਬਾ ਸੁੱਚਾ ਸਿੰਘ ਨੇ ਦੱਸਿਆ ਕਿ ਦੁਨੀਆ ਨੂੰ ਤਾਰਦੇ-ਤਾਰਦੇ ਗੁਰੂ ਸਾਹਿਬ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਇਸ ਨਗਰ ਪੁੱਜੇ ਸਨ। ਪਹਿਲਾਂ ਇਸ ਨਗਰ ਦਾ ਨਾਂਅ ਹਾਰੂਪਰਾ ਸੀ। ਜਦੋਂ ਪਿੰਡ ਦੇ ਬਾਹਰ ਗੁਰੂ ਸਾਹਿਬ ਨੇ ਸਥਾਨ ਗ੍ਰਹਿਣ ਕੀਤਾ ਤਾਂ ਨਗਰ ਦੇ ਲੋਕ ਸੰਤ ਜਾਣ ਕੇ ਉਨ੍ਹਾਂ ਦੇ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਨਮਸਕਾਰ ਕੀਤਾ।
ਗੁਰੂ ਸਾਹਿਬ ਨੇ ਨਗਰ ਨਿਵਾਸੀਆਂ ਨੂੰ ਆਦੇਸ਼ ਦਿੱਤੇ ਕਿ ਇਸ ਥਾਂ 'ਤੇ ਇਕ ਧਰਮਸ਼ਾਲਾ ਬਣਾਉਣੀ ਹੈ, ਤਾਂ ਜੋ ਹਰ ਆਉਣ-ਜਾਣ ਵਾਲਾ ਰਾਹੀ ਇੱਥੇ ਵਿਸ਼ਰਾਮ ਕਰ ਸਕੇ, ਲੰਗਰ ਪਾਣੀ ਛਕੇ ਅਤੇ ਨਾਮ ਸਿਮਰਨ ਕਰ ਸਕੇ। ਬਾਬਾ ਸੁੱਚਾ ਸਿੰਘ ਨੇ ਕਿਹਾ ਕਿ ਇਸ ਨਗਰ ਅਤੇ ਗੁਰੂ-ਘਰ ਦੀ ਮਹਾਨਤਾ ਇਹ ਹੈ ਕਿ ਇਹ ਗੁਰੂ-ਘਰ ਬਾਬਾ ਜੀ ਦੀ ਇੱਛਾ ਅਨੁਸਾਰ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਇਸ ਅਸਥਾਨ ਦੀ ਕਾਰ ਸੇਵਾ ਦੀ ਆਰੰਭਤਾ ਕਰਵਾਈ ਸੀ। ਹੁਣ ਇਸ ਅਸਥਾਨ 'ਤੇ ਬਹੁਤ ਵਿਸ਼ਾਲ ਗੁਰੂ-ਘਰ ਸੁਸ਼ੋਭਿਤ ਹੈ, ਜਿਥੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੋਂ ਇਲਾਵਾ ਹੋਰਨਾਂ ਕਈ ਸੂਬਿਆਂ ਤੋਂ ਸੰਗਤ ਆ ਕੇ ਇਸ਼ਨਾਨ ਕਰਦੀ ਹੈ ਅਤੇ ਮੱਥਾ ਟੇਕਦੀ ਹੈ।


-ਦਵਿੰਦਰ ਪਾਲ ਸਿੰਘ,
ਇੰਚਾਰਜ, ਅਜੀਤ ਸਬ-ਆਫ਼ਿਸ, ਫ਼ਾਜ਼ਿਲਕਾ। ਮੋਬਾ: 98729-03544


ਖ਼ਬਰ ਸ਼ੇਅਰ ਕਰੋ

ਨਨਕਾਣਾ ਸਾਹਿਬ ਦਾ ਇਤਿਹਾਸਕ ਪਿਛੋਕੜ

ਸਿੱਖਾਂ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਹੈ ਜੋ ਇਸ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਇਕ ਤਹਿਸੀਲ ਦਾ ਮੁੱਖ ਦਫ਼ਤਰ ਹੈ ਅਤੇ ਲਾਹੌਰ ਦੇ ਪੱਛਮ ਵਿਚ 80 ਕਿਲੋਮੀਟਰ ਦੂਰ ਅਤੇ ਦਰਿਆ ਰਾਵੀ ਦੇ ਉੱਤਰ ਵਿਚ 30 ਕੁ ਕਿਲੋਮੀਟਰ ਦੇ ਫਾਸਲੇ 'ਤੇ ਵਧੀਆ ਉਪਜਾਊ ਮੈਦਾਨ ਵਿਚ ਵਸਿਆ ਹੋਇਆ ਹੈ। ਸਮੇਂ ਨੇ ਬੜੀ ਕਰਵਟ ਲਈ, ਦਰਿਆ ਰਾਵੀ ਅਤੇ ਚਨਾਬ ਦੇ ਵਿਚਕਾਰ ਜੋ ਧਰਤੀ ਹੈ, ਉਸ ਵਿਚ ਬੜੇ ਸੰਘਣੇ ਜੰਗਲ ਸਨ, ਜਿਸ ਕਰਕੇ ਉਸ ਨੂੰ ਧਾਰ ਕਿਹਾ ਜਾਂਦਾ ਸੀ। ਪੁਰਾਣੇ ਸਮੇਂ ਵਿਚ ਇਸ ਇਲਾਕੇ ਅੰਦਰ ਆਬਾਦੀ ਬਹੁਤ ਘੱਟ ਸੀ ਅਤੇ ਦੂਰ-ਦੂਰ ਫਾਸਲੇ 'ਤੇ ਕੋਈ ਟਾਵਾਂ-ਟਾਵਾਂ ਪਿੰਡ ਆਬਾਦ ਸੀ। ਉਸ ਸਮੇਂ ਹਾਲਾਤ ਬਹੁਤ ਹੀ ਮਾੜੇ ਸਨ ਅਤੇ ਕਈ ਹਮਲਾਵਰਾਂ ਵਲੋਂ ਪਿੰਡਾਂ 'ਤੇ ਹਮਲੇ ਕਰਕੇ ਲੁੱਟਿਆ ਅਤੇ ਸਾੜਿਆ ਜਾਂਦਾ ਸੀ। ਇਸੇ ਗੇੜ ਵਿਚ ਉਸ ਇਲਾਕੇ ਅੰਦਰ ਵਸਿਆ ਨਗਰ ਤਲਵੰਡੀ ਵੀ ਆ ਗਿਆ, ਜਿਸ ਨੂੰ ਅੱਗ ਲਗਾ ਕੇ ਸਾੜਿਆ ਗਿਆ ਸੀ।
ਨਨਕਾਣਾ ਸਾਹਿਬ ਦੇ ਦੱਖਣ ਵਿਚ ਇਸ ਤੋਂ ਚਾਰ ਕੁ ਸੌ ਗਜ਼ ਦੀ ਵਿੱਥ 'ਤੇ ਇਕ ਬਹੁਤ ਵੱਡਾ ਤੇ ਉੱਚਾ ਥੇਹ ਹੈ, ਜੋ 'ਧਉਲਰ' ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਥਾਂ ਤੋਂ ਮਿਲੀਆਂ ਨਿਸ਼ਾਨੀਆਂ ਤੋਂ ਪਤਾ ਲਗਦਾ ਹੈ ਕਿ ਕਈ ਸਦੀਆਂ ਪਹਿਲਾਂ ਇਹ ਕਿਸੇ ਰਾਜੇ ਦਾ ਮਹੱਲ ਸੀ। ਇਥੇ ਇਕ ਖੂਹ ਵੀ ਹੈ, ਜੋ ਰਾਣੀ ਸੀਤਾ ਦਾ ਕਰਕੇ ਜਾਣਿਆ ਜਾਂਦਾ ਹੈ। ਥੇਹ ਦੇ ਪੂਰਬ ਵੱਲ ਨੇੜੇ ਹੀ ਇਕ ਹੋਰ ਪੁਰਾਣਾ ਖੂਹ ਹੈ, ਜਿਸ ਨੂੰ ਬਾਲੇ ਵਾਲਾ ਖੂਹ ਕਿਹਾ ਜਾਂਦਾ ਹੈ। ਇਹ ਇਲਾਕਾ ਕਿੰਨੀ ਵਾਰ ਉੱਜੜਿਆ ਅਤੇ ਕਿੰਨੀ ਵਾਰ ਵਸਿਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਬਹਿਲੋਲ ਲੋਧੀ 1451 ਈ: ਵਿਚ ਲਾਹੌਰ ਤੇ ਦੀਪਾਲਪੁਰ ਦਾ ਹਾਕਮ ਬਣਿਆ। ਉਸ ਸਮੇਂ ਭੱਟੀ ਰਾਜਪੂਤ ਜੋ ਪਹਿਲਾਂ ਹਿੰਦੂ ਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਇਸਲਾਮ ਧਾਰਨ ਕਰ ਲਿਆ, ਉਸ (ਤਲਵੰਡੀ) ਇਲਾਕੇ ਦੇ ਆਸ-ਪਾਸ ਰਹਿੰਦੇ ਸਨ। ਉਨ੍ਹਾਂ ਵਿਚੋਂ (ਰਾਇ ਭੋਇੰ) ਭੱਟੀ ਰਾਜਪੂਤ ਜੋ ਚੰਗੇ ਦਬ-ਦਬਾਅ ਵਾਲਾ ਸੀ, ਉਥੇ ਨਾਲ ਹੀ ਰਹਿੰਦਾ ਸੀ, ਨੇ ਅਤੇ ਉਸ ਦੇ ਪੁੱਤਰ ਰਾਇ ਬੁਲਾਰ ਨੇ ਉਸ ਪੁਰਾਣੀ ਤਲਵੰਡੀ ਦੇ ਥੇਹ 'ਤੇ ਨਵੀਂ ਤਲਵੰਡੀ ਦੀ ਨੀਂਹ ਰੱਖੀ ਅਤੇ ਇਕ ਕੱਚਾ ਕਿਲ੍ਹਾ ਆਪਣੇ ਰਹਿਣ ਵਾਸਤੇ ਬਣਾਇਆ ਜੋ ਰਾਇ ਭੋਇੰ ਦੀ ਤਲਵੰਡੀ ਕਰਕੇ ਮਸ਼ਹੂਰ ਹੋਇਆ। ਇਨ੍ਹਾਂ ਪਿਓ-ਪੁੱਤ ਦਾ ਹਿੰਦੂ, ਮੁਸਲਮਾਨਾਂ ਨਾਲ ਪੂਰਾ ਪ੍ਰੇਮ-ਪਿਆਰ ਸੀ। ਰਾਇ ਬੁਲਾਰ ਕੋਲ ਥੋੜ੍ਹੀ ਜਿਹੀ ਖੇਤੀ ਕਰਨਯੋਗ ਜ਼ਮੀਨ ਅਤੇ ਵੱਡਾ ਜੰਗਲ ਸੀ। ਬੇਦੀ ਵੰਸ਼ ਵਿਚੋਂ ਮਹਿਤਾ ਸ਼ਿਵਰਾਮ ਬੇਦੀ ਦਾ ਸਪੁੱਤਰ ਮਹਿਤਾ ਕਾਲੂ ਜੀ (ਕਲਿਆਣ ਦਾਸ) ਨਾਂਅ ਦਾ ਪੜ੍ਹਿਆ-ਲਿਖਿਆ ਇਕ ਸੱਜਣ ਇਸ ਸਮੇਂ ਰਾਇ ਬੁਲਾਰ ਕੋਲ ਪਟਵਾਰੀ ਦਾ ਕੰਮ ਕਰਦਾ ਸੀ ਅਤੇ ਕਿਲ੍ਹੇ ਦੇ ਕੋਲ ਜਿਥੇ ਹੋਰ ਲੋਕਾਂ ਦੇ ਮਕਾਨ ਸਨ, ਮਹਿਤਾ ਕਾਲੂ ਦਾ ਵੀ ਇਕ ਛੋਟਾ ਜਿਹਾ ਕੋਠਾ ਸੀ। ਉਸ ਕੋਠੇ ਵਿਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 ਈ: ਨੂੰ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂਅ ਨਾਨਕ ਰੱਖਿਆ ਗਿਆ।
ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਚਾਹਲ, ਜ਼ਿਲ੍ਹਾ ਲਾਹੌਰ ਵਿਖੇ ਹੋਣ ਕਰਕੇ ਪ੍ਰਚਲਤ ਨਾਂਅ ਨਾਨਕੀ ਪੈ ਗਿਆ ਅਤੇ ਪਿੱਛੋਂ ਇਸ ਬਾਲਕ ਦਾ ਨਾਂਅ ਨਾਨਕ ਪੈ ਗਿਆ। ਜਿਵੇਂ ਪਿੰਡਾਂ ਵਿਚ ਆਮ ਹੀ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਭੈਣ ਨਾਨਕੀ ਦਾ ਵੀਰ ਨਾਨਕ ਕਹਿ ਕੇ ਬੁਲਾਇਆ ਜਾਣ ਲੱਗਿਆ। ਗੁਰੂ ਨਾਨਕ ਪਾਤਸ਼ਾਹ ਦੇ ਦਾਦੇ ਦਾ ਨਾਂਅ ਸ਼ਿਵਰਾਮ ਅਤੇ ਦਾਦੀ ਦਾ ਨਾਂਅ ਬਨਾਰਸੀ ਸੀ। ਗੁਰੂ ਨਾਨਕ ਪਾਤਸ਼ਾਹ ਦੇ ਚਾਚੇ ਦਾ ਨਾਂਅ ਲਾਲੂ ਸੀ।
ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਲਖਮੀ ਦਾਸ ਦੇ ਸਪੁੱਤਰ ਬਾਬਾ ਧਰਮ ਚੰਦ ਨੇ 1579 ਈ: ਵਿਚ ਡੇਰਾ ਬਾਬਾ ਨਾਨਕ ਤੋਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਅਸਥਾਨ ਵਾਲੇ ਕੋਠੇ ਨੂੰ ਠੀਕ ਕਰਵਾ ਕੇ ਉਸ ਦਾ ਨਾਂਅ ਕੋਠਾ ਸਾਹਿਬ ਰੱਖਿਆ। ਗੁਰੂ ਅਰਜਨ ਦੇਵ ਜੀ ਨੇ ਇਸ ਗੁਰਧਾਮ ਦੀ ਨੀਂਹ ਰੱਖ ਕੇ ਇਸ ਅਸਥਾਨ ਨੂੰ ਕਾਇਮ ਕੀਤਾ ਅਤੇ ਬਾਕੀ ਦੇ ਅਸਥਾਨ ਵੀ ਤਿਆਰ ਕਰਵਾਏ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਰਾਇ ਭੋਇੰ ਦੀ ਤਲਵੰਡੀ, ਨਨਕਾਣਾ ਸਾਹਿਬ ਆਏ ਅਤੇ ਇਥੇ ਕਈ ਦਿਨ ਨਿਵਾਸ ਕਰਕੇ ਗੁਰੂਧਾਮਾਂ ਦੀ ਸੇਵਾ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਥੇ ਨਨਕਾਣਾ ਸਾਹਿਬ 'ਚ ਨਿਮਾਣੀ ਇਕਾਦਸ਼ੀ ਦਾ ਮੇਲਾ ਵੀ ਸ਼ੁਰੂ ਕਰਵਾਇਆ, ਜੋ ਸੰਮਤ 1913 ਬਿਕ੍ਰਮੀ ਨੂੰ ਮਹੰਤ ਗੁਲਾਬ ਸਿੰਘ ਨਿਰਮਲੇ ਨੇ ਬਦਲਾ ਕੇ ਕੱਤਕ ਦੀ ਪੁੰਨਿਆ ਕਾਇਮ ਕੀਤਾ, ਕਿਉਂਕਿ ਨਿਮਾਣੀ ਦੇ ਸਮੇਂ ਪਾਣੀ ਦੀ ਬੜੀ ਸਮੱਸਿਆ ਹੁੰਦੀ ਸੀ। ਉਸ ਸਮੇਂ ਨਿਮਾਣੀ ਦੇ ਮੇਲੇ ਕਰਕੇ ਸੰਗਤਾਂ ਲਾਹੌਰ ਤੇ ਅੰਮ੍ਰਿਤਸਰ ਤੋਂ ਆਉਂਦੀਆਂ ਸਨ। ਮਹੰਤ ਗੁਲਾਬ ਸਿੰਘ ਨੇ ਨਿਮਾਣੀ ਦੀ ਥਾਂ ਕੱਤਕ ਦੀ ਪੁੰਨਿਆ ਨੂੰ ਜੋੜ ਮੇਲਾ ਸ਼ੁਰੂ ਕੀਤਾ, ਜੋ ਅੱਜ ਤੱਕ ਚਲਦਾ ਆ ਰਿਹਾ ਹੈ।
ਬਾਬਾ ਧਰਮ ਚੰਦ ਤੋਂ ਪਿੱਛੋਂ ਉਨ੍ਹਾਂ ਦੇ ਸਪੁੱਤਰ ਬਾਬਾ ਮੇਹਰ ਚੰਦ ਅਤੇ ਬਾਬਾ ਮੇਹਰ ਚੰਦ ਦੇ ਸਪੁੱਤਰ ਬਾਬਾ ਨਿਧਾਨ ਚੰਦ ਕਦੇ-ਕਦਾਈਂ ਨਨਕਾਣਾ ਸਾਹਿਬ ਜਾਂਦੇ ਰਹਿੰਦੇ ਸਨ। ਬਾਬਾ ਨਿਧਾਨ ਚੰਦ ਦੇ ਸਪੁੱਤਰ ਬਾਬਾ ਲਾਜਪਤ ਨੇ 1688 ਈ: ਵਿਚ ਸਾਧੂ ਹਨੂੰਮਾਨ ਨੂੰ ਇਸ ਅਸਥਾਨ ਦੀ ਸੇਵਾ ਸੌਂਪ ਦਿੱਤੀ, ਕਿਉਂਕਿ ਡੇਰਾ ਬਾਬਾ ਨਾਨਕ ਤੋਂ ਨਨਕਾਣਾ ਸਾਹਿਬ ਲਈ ਸੇਵਾ ਸੰਭਾਲ ਵਾਸਤੇ ਆਉਣਾ-ਜਾਣਾ ਔਖਾ ਸੀ। ਭਾਈ ਦੁਨੀ ਚੰਦ ਉਦਾਸੀ ਅਤੇ ਭਾਈ ਨੱਥਾ ਜੀ ਨਿਰਮਲਾ 1690 ਈ: ਨੂੰ ਡੇਰਾ ਬਾਬਾ ਨਾਨਕ ਗਏ ਅਤੇ ਬਾਬਾ ਲਾਜਪਤ ਨੂੰ ਬੇਨਤੀ ਕੀਤੀ ਕਿ ਤਲਵੰਡੀ ਕੋਠਾ ਸਾਹਿਬ ਦੇ ਅਸਥਾਨ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਲਾਇਆ ਜਾਵੇ। ਬਾਬਾ ਲਾਜਪਤ ਨੇ ਉਨ੍ਹਾਂ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਸਾਧੂ ਹਨੂੰਮਾਨ ਕੋਲ ਭੇਜ ਦਿੱਤਾ। ਹੁਣ ਤਿੰਨਾਂ ਦੇ ਰਹਿਣ ਲਈ ਕਮਰਿਆਂ ਦੀ ਤਿਆਰੀ ਕਰਕੇ ਹੋਰ ਲੋਕਾਂ ਲਈ ਵੀ ਮਕਾਨ ਤਿਆਰ ਕਰਵਾਏ ਗਏ। ਇਸ ਅਸਥਾਨ ਦਾ ਨਾਂਅ ਨਨਕਾਣਾ ਸਾਹਿਬ ਰੱਖਿਆ ਗਿਆ। ਇਸ ਅਸਥਾਨ 'ਤੇ ਸਾਧੂ ਹਨੂੰਮਾਨ ਨੇ ਦੀਵਾ ਜਗਾਉਣ ਅਤੇ ਝਾੜੂ ਦੇਣ ਦੀ ਸੇਵਾ ਸ਼ੁਰੂ ਕੀਤੀ।
ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ 'ਤੇ ਗੁਰਦੁਆਰੇ ਬਣਵਾਏ ਅਤੇ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ 17,675 ਏਕੜ ਰਕਬਾ ਗੁਰਦੁਆਰਿਆਂ ਦੇ ਨਾਂਅ ਲਗਵਾਇਆ, ਜੋ ਬਾਅਦ ਵਿਚ ਗੁਰਦੁਆਰਾ ਜਨਮ ਅਸਥਾਨ, ਬਾਲ ਲੀਲ੍ਹਾ, ਮਾਲ ਸਾਹਿਬ ਅਤੇ ਕਿਆਰਾ ਸਾਹਿਬ ਦੇ ਮਹੰਤਾਂ ਨੇ ਆਪੋ-ਆਪਣੇ ਕਬਜ਼ੇ ਕਰ ਲਏ। ਇਸ ਵਿਚੋਂ ਬਹੁਤ ਥੋੜ੍ਹਾ ਹਿੱਸਾ ਉਸ ਸਮੇਂ ਖੂਹਾਂ ਰਾਹੀਂ ਸਿੰਜਿਆ ਜਾਂਦਾ ਸੀ ਅਤੇ ਇਹ ਹਿੱਸਾ ਉਪਜਾਊ ਸੀ। ਖੂਹ ਗਿਣਤੀ ਦੇ ਅਤੇ ਬਹੁਤ ਪੁਰਾਣੇ ਸਨ। ਇਨ੍ਹਾਂ ਵਿਚ ਵਿਸ਼ੇਸ਼ ਖੂਹ ਭਾਈ ਬਾਲੇ ਵਾਲਾ, ਸੀਤਾ ਵਾਲਾ, ਬੁਤ ਵਾਲਾ, ਖਿਪ ਵਾਲਾ, ਪੈੜੇ ਵਾਲਾ, ਮਾਲ ਸਾਹਿਬ ਅਤੇ ਬਾਲ ਲੀਲ੍ਹਾ ਵਾਲਾ ਸਨ। ਸਮੇਂ ਦੇ ਨਾਲ ਜਿਉਂ-ਜਿਉਂ ਬਸਤੀਆਂ ਬਣਦੀਆਂ ਗਈਆਂ ਤਾਂ ਵਾਹੁਣਯੋਗ ਰਕਬਾ 15,926 ਏਕੜ ਰਹਿ ਗਿਆ ਸੀ।
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ-ਸੰਭਾਲ ਵੱਖੋ-ਵੱਖ ਉਦਾਸੀ ਮਹੰਤ ਤੇ ਸਾਧੂ ਕਰਦੇ ਰਹੇ। ਮਹੰਤ ਗੁਲਾਬ ਸਿੰਘ 11 ਅੱਸੂ ਸੰਮਤ 1919 ਦਿਨ ਐਤਵਾਰ ਸਵਰਗਵਾਸ ਹੋਏ ਅਤੇ ਮਹੰਤ ਝੰਡਾ ਦਾਸ ਨੇ ਸੇਵਾ ਸੰਭਾਲੀ, ਜੋ ਸੰਮਤ 1939 ਨੂੰ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਸਾਧੂ ਰਾਮ ਸੰਮਤ 1962 ਤੱਕ ਸੇਵਾ ਕਰਦੇ ਰਹੇ, ਜੋ 1 ਚੇਤ, ਸੰਮਤ 1962 ਨੂੰ ਸਵਰਗਵਾਸ ਹੋਏ। ਇਨ੍ਹਾਂ ਤੋਂ ਬਾਅਦ ਮਹੰਤ ਕਿਸ਼ਨ ਦਾਸ ਨੇ ਸੇਵਾ ਸੰਭਾਲੀ, ਜੋ 16 ਮੱਘਰ ਸੰਮਤ 1971 ਨੂੰ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦੀ ਥਾਂ ਬਾਵਾ ਜਵਾਹਰ ਦਾਸ ਦੇ ਪੁੱਤਰ ਨਾਰਾਇਣ ਦਾਸ ਨੂੰ ਮਹੰਤ ਬਣਾਇਆ, ਜੋ ਭਾਈ ਫੇਰੂ ਦਾ ਰਹਿਣ ਵਾਲਾ ਸੀ। ਇਸੇ ਮਹੰਤ ਨਾਰਾਇਣ ਦੀ ਅਗਵਾਈ ਵਿਚ 20 ਫਰਵਰੀ, 1921 ਈ: ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਸਮੇਂ ਵੱਖੋ-ਵੱਖ ਸਿੰਘ ਸਰਦਾਰਾਂ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੇ ਨਾਂਅ ਜਗੀਰਾਂ ਲਵਾਈਆਂ ਸਨ, ਜਿਨ੍ਹਾਂ ਵਿਚ ਪਿੰਡ ਖਾਕੀ, ਪਿੰਡ ਨੰਗਲੀ, ਤਲਕਾ, ਦੋਦਾ ਪ੍ਰਗਨਾ, ਸ਼ਕਰਗੜ੍ਹ, ਜ਼ਿਲ੍ਹਾ ਦੀਨਾ ਨਗਰ, ਅਭੀਆਂ ਵਾਲਾ, ਮੌਜੀਆਂ ਖੂਨੀ, ਪਿੰਡ ਖੈਰਪੁਰ, ਠੱਟਾ ਗੁਲਾਮ ਹੁਸੈਨ, ਪਿੰਡ ਸ਼ੀਰੀ, ਪਿੰਡ ਤਾਸ਼ਪੁਰ, ਮਨੂ, ਸ਼ਾਹਪੁਰ, ਜੈਸ਼ਲ, ਵਾਵੜੀਆਂ ਵਾਲਾ, ਮਿੱਠਾ ਸਧਾਨਾ, ਤਰਖਾਣਾਂ ਵਾਲਾ, ਵੜਿੰਗ, ਨੂਨਾਰੀ, ਪਿੰਡ ਚੇਰੀ, ਮਛੋੜਾ ਹਾਸ਼ਮ ਵਾਲਾ, ਕੁੰਡਲ, ਡੁਲਚੀਆ, ਬਾਠ ਆਦਿ ਵਿਚ ਵੱਖੋ-ਵੱਖ ਰਕਬੇ ਦੀਆਂ ਜ਼ਮੀਨਾਂ ਸਨ।
20 ਫਰਵਰੀ, 1921 ਈ: ਦੇ ਸਾਕੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਨੇ ਗੁਰਦੁਆਰਾ ਜਨਮ ਅਸਥਾਨ ਦਾ ਕਬਜ਼ਾ ਸੱਤ ਮੈਂਬਰਾਂ ਦੀ ਕਮੇਟੀ ਨੂੰ, ਜਿਸ ਦੇ ਪ੍ਰਧਾਨ ਸ: ਹਰਬੰਸ ਸਿੰਘ ਅਟਾਰੀ ਵਾਲੇ ਸਨ, ਲਿਖ ਦਿੱਤਾ ਸੀ। ਉਸ ਕਮੇਟੀ ਨੇ ਇਸ ਅਸਥਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕੀਤਾ। ਉਸ ਸਮੇਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਪਰ ਗੁਰਦੁਆਰਾ ਐਕਟ ਹੋਂਦ ਵਿਚ ਨਹੀਂ ਆਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਦੇ ਪ੍ਰਬੰਧ ਲਈ ਸ: ਨਰੈਣ ਸਿੰਘ ਬੈਰਿਸਟਰ ਸ਼ਾਹਪੁਰ ਦੀ ਨਿਯੁਕਤੀ ਕੀਤੀ ਅਤੇ ਉਨ੍ਹਾਂ ਦੇ ਅਧੀਨ ਜਥੇਦਾਰ ਬੂਟਾ ਸਿੰਘ ਚੱਕ ਨੰ: 204 ਲਾਇਲਪੁਰ ਵਾਲਿਆਂ ਨੂੰ ਜ਼ਮੀਨਾਂ ਦਾ ਪ੍ਰਬੰਧ ਕਰਨ ਲਈ ਨਿਯੁਕਤ ਕੀਤਾ। ਇਹ ਪ੍ਰਬੰਧ ਗੁਰਦੁਆਰਾ ਐਕਟ ਬਣਨ ਤੱਕ ਚਲਦਾ ਰਿਹਾ। ਗੁਰਦੁਆਰਾ ਐਕਟ 1 ਨਵੰਬਰ, 1925 ਈ: ਨੂੰ ਬਣਿਆ ਅਤੇ ਐਕਟ ਦੀ ਦਫ਼ਾ 85 ਅਧੀਨ 13 ਮੈਂਬਰਾਂ ਦੀ ਸਥਾਨਕ ਕਮੇਟੀ ਦੀ ਸਥਾਪਤੀ ਦਾ ਐਲਾਨ ਕਰ ਦਿੱਤਾ ਅਤੇ ਇਥੋਂ ਦਾ ਸਮੁੱਚਾ ਪ੍ਰਬੰਧ 30 ਨਵੰਬਰ, 1926 ਤੋਂ ਸਥਾਨਕ ਕਮੇਟੀ ਦੇ ਹੱਥ ਆ ਗਿਆ। ਇਸ ਸਥਾਨਕ ਕਮੇਟੀ ਦੇ ਪਹਿਲੇ ਪ੍ਰਧਾਨ ਸ: ਬੂਟਾ ਸਿੰਘ ਵਕੀਲ ਸ਼ੇਖੂਪੁਰਾ (1926 ਤੋਂ 1933 ਤੱਕ), ਦੂਜੇ ਪ੍ਰਧਾਨ ਸ: ਬਹਾਦਰ ਮਹਿਤਾਬ ਸਿੰਘ ਬੈਰਿਸਟਰ ਲਾਹੌਰ (1933 ਤੋਂ 1936 ਤੱਕ), ਤੀਜੇ ਪ੍ਰਧਾਨ ਜਥੇਦਾਰ ਤੇਜਾ ਸਿੰਘ ਅਕਰਪੁਰੀ ਜ਼ਿਲ੍ਹਾ ਗੁਰਦਾਸਪੁਰ (1936 ਤੋਂ 1939 ਤੱਕ) ਅਤੇ ਚੌਥੇ ਪ੍ਰਧਾਨ ਸ: ਸੰਪੂਰਨ ਸਿੰਘ ਬੈਰਿਸਟਰ ਲਾਇਲਪੁਰ (1939 ਤੋਂ 1944 ਤੱਕ) ਸਨ।
ਇਸ ਉਪਰੰਤ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਸਿੱਧੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਗਏ। ਸੰਨ 1944 ਵਿਚ ਪੰਜਾਬ ਸਰਕਾਰ ਨੇ ਗੁਰਦੁਆਰਾ ਕਾਨੂੰਨ ਅੰਦਰ ਤਰਮੀਮ ਕਰਕੇ ਗੁਰਦੁਆਰਾ ਐਕਟ ਦੀ ਧਾਰਾ 24 ਦੇ ਅਧੀਨ ਸਾਰੇ ਗੁਰਦੁਆਰਿਆਂ ਦੀਆਂ ਸਥਾਨਕ ਕਮੇਟੀਆਂ ਦੀ ਪ੍ਰਬੰਧਕੀ ਤਾਕਤ ਨੂੰ ਖ਼ਤਮ ਕਰਕੇ ਇਨ੍ਹਾਂ ਨੂੰ ਸਿਰਫ ਸਲਾਹਕਾਰ ਹੋਣ ਦਾ ਅਧਿਕਾਰ ਦਿੱਤਾ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿਚ ਦੇ ਦਿੱਤਾ।
ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਸਾਰੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੈ। ਈ.ਟੀ.ਪੀ.ਬੀ. ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਗੁਰਦੁਆਰਿਆਂ 'ਚ ਲਗਪਗ ਸਭ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਭਾਰੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ।


-ਬਠਿੰਡਾ। ਮੋਬਾ: 98155-33725

ਪ੍ਰੇਰਨਾ-ਸਰੋਤ

ਸਾਡੇ ਸਰੀਰ ਦੇ ਦੋ ਅੰਸ਼ ਹਨ 'ਸੂਖਮ' ਅਤੇ 'ਸਥੂਲ'

ਮਨੁੱਖ ਦਾ ਇਹ ਸਥੂਲ ਰੂਪ, ਇਹ ਸਰੀਰ, ਜਿਸ ਵਿਚ ਬਾਹਰੀ ਸਾਧਨ ਹਨ, ਸੰਸਕ੍ਰਿਤ ਵਿਚ ਇਸ ਨੂੰ ਸਥੂਲ ਸਰੀਰ ਕਹਿੰਦੇ ਹਨ। ਸਰੀਰ ਦੇ ਪਿੱਛੇ ਗਿਆਨ ਇੰਦਰੀਆਂ ਤੋਂ ਸ਼ੁਰੂ ਹੋ ਕੇ ਮਨ, ਬੁੱਧੀ ਅਤੇ ਘੁਮੰਡ ਦਾ ਸਿਲਸਿਲਾ ਹੈ। ਇਹ ਸਾਰੇ ਅਤੇ ਪ੍ਰਾਣ ਮਿਲ ਕੇ ਜੋ ਯੋਗਿਕ ਘਟਕ ਬਣਾਉਂਦੇ ਹਨ, ਉਸ ਨੂੰ ਸੂਖਮ ਸਰੀਰ ਕਹਿੰਦੇ ਹਨ। ਸਵਾਮੀ ਵਿਵੇਕਾਨੰਦ ਮਨੁੱਖੀ ਸ਼ਖ਼ਸੀਅਤ ਦੇ ਵੱਖ-ਵੱਖ ਪੱਧਰਾਂ ਬਾਰੇ ਲਿਖਦੇ ਹਨ ਕਿ ਇਹ ਸ਼ਕਤੀਆਂ ਅਤਿ ਸੂਖਮ ਤੱਤਾਂ ਤੋਂ ਨਿਰਮਿਤ ਹਨ। ਏਨੇ ਸੂਖਮ ਕਿ ਸਰੀਰ ਨੂੰ ਲੱਗਣ ਵਾਲੀ ਵੱਡੀ ਤੋਂ ਵੱਡੀ ਸੱਟ ਵੀ ਇਨ੍ਹਾਂ ਨੂੰ ਨਸ਼ਟ ਨਹੀਂ ਕਰ ਸਕਦੀ। ਸਰੀਰ 'ਤੇ ਲੱਗਣ ਵਾਲੀ ਕਿਸੇ ਵੀ ਸੱਟ ਤੋਂ ਬਾਅਦ ਵੀ ਇਹ ਜੀਵਤ ਰਹਿੰਦੀਆਂ ਹਨ। ਅਸੀਂ ਦੇਖਦੇ ਹਾਂ ਕਿ ਸਥੂਲ ਸਰੀਰ ਸਥੂਲ ਤੱਤਾਂ ਤੋਂ ਬਣਦਾ ਹੈ। ਇਸ ਲਈ ਇਹ ਹਮੇਸ਼ਾ ਪਰਿਵਰਤਨਸ਼ੀਲ ਅਤੇ ਨਵਾਂ ਦਿਖਾਈ ਦਿੰਦਾ ਹੈ। ਦੂਜੇ ਪਾਸੇ ਮਨ, ਬੁੱਧੀ ਅਤੇ ਘੁਮੰਡ ਆਦਿ ਸੂਖਮ ਤੱਤਾਂ ਤੋਂ ਬਣੇ ਹਨ। ਇਹ ਏਨੇ ਸੂਖ਼ਮ ਹੁੰਦੇ ਹਨ ਕਿ ਯੁੱਗਾਂ ਤੱਕ ਚਲਦੇ ਰਹਿੰਦੇ ਹਨ। ਇਹ ਇੰਨੇ ਸੂਖਮ ਹਨ ਕਿ ਕੋਈ ਵੀ ਵਸਤੂ ਇਨ੍ਹਾਂ ਦਾ ਪ੍ਰਤੀਰੋਧ ਨਹੀਂ ਕਰ ਸਕਦੀ ਅਤੇ ਇਹ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਜਾਂਦੇ ਹਨ। ਸਥੂਲ ਸਰੀਰ ਅਤੇ ਸੂਖਮ ਸਰੀਰ, ਦੋਵੇਂ ਅਚੇਤ ਹਨ ਪਰ ਅਤਿ ਸੂਖਮ ਤੱਤਾਂ ਤੋਂ ਬਣਿਆ ਹੋਣ ਕਰਕੇ ਇਹ ਸੂਖਮ ਵੀ ਹਨ। ਮਨ ਦੀਆਂ ਸਾਰੀਆਂ ਕਿਰਿਆਵਾਂ ਬੁੱਧੀ-ਤੱਤ ਅਤੇ ਘੁਮੰਡ ਕਿਸੇ ਹੋਰ ਲਈ ਹਨ। ਸਾਰੇ ਹੀ ਪਦਾਰਥ ਲਗਪਗ ਉਨ੍ਹਾਂ ਹੀ ਸੂਖਮ ਤੱਤਾਂ ਤੋਂ ਬਣੇ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਪ੍ਰਗਟਾਵਾ ਭੌਤਿਕ ਪਦਾਰਥਾਂ ਨਾਲ ਨਹੀਂ ਹੋ ਸਕਦਾ। ਇਨ੍ਹਾਂ ਸਾਰਿਆਂ ਪਿੱਛੇ ਕੋਈ ਨਾ ਕੋਈ ਜ਼ਰੂਰ ਹੈ, ਜੋ ਅਸਲ ਪ੍ਰਕਾਸ਼ਕ ਹੈ, ਅਸਲ ਦਰਸ਼ਕ ਅਤੇ ਅਸਲ ਭੋਗੀ ਹੈ। ਇਸ ਨੂੰ ਹੀ ਆਤਮਾ ਕਹਿੰਦੇ ਹਨ। ਮਨੁੱਖ ਦੀ ਆਤਮਾ ਉਸ ਦਾ ਅਸਲ 'ਅਹਮ' ਹੈ।

-ਮੋਬਾ: 94175-50741

ਟਕਸਾਲਾਂ ਅਤੇ ਹੋਰ ਸੰਸਥਾਵਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰਮਤਿ ਸੰਗੀਤ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਕਈ ਟਕਸਾਲਾਂ ਅਤੇ ਸੰਪ੍ਰਦਾਵਾਂ ਹੋਂਦ ਵਿਚ ਆਈਆਂ, ਜਿਨ੍ਹਾਂ ਨੇ ਕੀਰਤਨ ਦੇ ਟਕਸਾਲੀ ਰੂਪ ਨੂੰ ਹੂ-ਬ-ਹੂ ਸਜੀਵ ਰੱਖਣ ਅਤੇ ਅੱਗੇ ਤੋਰਨ ਲਈ ਵਡਮੁੱਲਾ ਯੋਗਦਾਨ ਪਾਇਆ। ਅੱਜ ਦੇ ਲੇਖ ਵਿਚ ਇਨ੍ਹਾਂ ਟਕਸਾਲਾਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਦਾ ਜ਼ਿਕਰ ਕਰ ਰਹੇ ਹਾਂ।
1. ਟਕਸਾਲ ਦਮਦਮਾ ਸਾਹਿਬ : ਸਭ ਤੋਂ ਪੁਰਾਣੀ ਅਤੇ ਇਤਿਹਾਸਕ ਤੌਰ 'ਤੇ ਅਹਿਮ ਟਕਸਾਲ ਦਮਦਮਾ ਸਾਹਿਬ ਦੀ ਟਕਸਾਲ ਹੈ, ਜਿਸ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨਿਆ ਜਾਂਦਾ ਹੈ। ਮਗਰੋਂ ਇਸ ਦੀ ਸਰਪ੍ਰਸਤੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਕੀਤੀ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਮਤਿ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਪਰੰਪਰਾਗਤ ਸਿਖਲਾਈ ਦਿੱਤੀ ਜਾ ਰਹੀ ਹੈ।
2. ਬੁੱਢਾ ਜੌਹੜ ਟਕਸਾਲ : ਰਾਜਸਥਾਨ ਵਿਚ ਸਥਿਤ ਇਹ ਟਕਸਾਲ ਗੁਰਮਤਿ ਸੰਗੀਤ ਵਿੱਦਿਆ ਦਾ ਪੁਰਾਤਨ ਅਤੇ ਪ੍ਰਸਿੱਧ ਮਰਕਜ਼ ਹੈ, ਜਿਸ ਦੀ ਸਥਾਪਨਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਕੀਤੀ। ਇਸ ਟਕਸਾਲ ਨੇ ਭਾਈ ਗੁਰਮੇਲ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਵਰਗੇ ਨਿਰਧਾਰਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਕਰਨ ਵਾਲੇ ਉੱਚ ਕੋਟੀ ਦੇ ਕੀਰਤਨਕਾਰ ਪੈਦਾ ਕੀਤੇ।
3. ਤਰਨਤਾਰਨ ਟਕਸਾਲ : ਇਸ ਦੀ ਸਥਾਪਨਾ ਸੰਨ 1904 ਵਿਚ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬਾਬਾ ਈਸ਼ਰ ਸਿੰਘ ਨੇ ਕੀਤੀ। ਪੰਥ ਦੇ ਪ੍ਰਸਿੱਧ ਸ਼੍ਰੋਮਣੀ ਰਾਗੀ ਭਾਈ ਬਖਸ਼ੀਸ਼ ਸਿੰਘ ਪਟਿਆਲੇ ਵਾਲੇ ਇਸੇ ਟਕਸਾਲ ਦੇ ਵਿਦਿਆਰਥੀ ਸਨ। ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦੇ ਪਿਤਾ ਭਾਈ ਸੰਤਾ ਸਿੰਘ, ਪ੍ਰਸਿੱਧ ਰਾਗੀ ਭਾਈ ਪੂਰਨ ਸਿੰਘ, ਮਹਾਨ ਰਾਗੀ ਭਾਈ ਸਮੁੰਦ ਸਿੰਘ ਅਤੇ ਭਾਈ ਪ੍ਰੇਮ ਸਿੰਘ ਨੇ ਵੀ ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ । ਪ੍ਰਸਿੱਧ ਸੰਗੀਤਕਾਰ ਮਾਸਟਰ ਨੱਥੂ ਰਾਮ ਨੇ ਇਥੇ ਤਕਰੀਬਨ 30 ਸਾਲ ਕੀਰਤਨ ਦੀ ਤਾਲੀਮ ਦਿੱਤੀ।
4. ਦੌਧਰ ਟਕਸਾਲ : ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਜਗਤ ਪ੍ਰਸਿੱਧ ਦੌਧਰ ਟਕਸਾਲ ਦੀ ਸਥਾਪਨਾ ਅਠਾਰ੍ਹਵੀਂ ਸਦੀ ਵਿਚ ਹੋਈ। ਇਹ ਟਕਸਾਲ ਨੇਤਰਹੀਣਾਂ ਨੂੰ ਕੀਰਤਨ ਦੀ ਸਿਖਲਾਈ ਦੇਣ ਦਾ ਉੱਚਕੋਟੀ ਦਾ ਕੇਂਦਰ ਰਿਹਾ ਹੈ। ਇਸ ਦੀ ਸਥਾਪਨਾ ਨਿਰਮਲੇ ਸੰਤ ਸੁੱਚਾ ਸਿੰਘ ਨੇ ਕੀਤੀ ਅਤੇ ਬਾਅਦ ਵਿਚ ਬਾਬਾ ਮੰਗਲ ਸਿੰਘ ਨਿਰਮਲੇ ਅਤੇ ਬਾਬਾ ਖ਼ੁਸ਼ਹਾਲ ਸਿੰਘ ਨੇ ਇਥੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਗੁਰੂ-ਚੇਲੇ ਦੀ ਰਵਾਇਤ ਅਨੁਸਾਰ ਇਥੇ ਭਾਈ ਭੋਲਾ ਸਿੰਘ, ਭਾਈ ਸੁੱਚਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਜਸਵੰਤ ਸਿੰਘ ਕੁਲਾਰ, ਸੰਤ ਸਰਵਣ ਸਿੰਘ ਗੰਧਰਬ ਡੁਮੇਲੀ ਵਾਲੇ, ਭਾਈ ਜਸਵੰਤ ਸਿੰਘ ਅਤੇ 1984 ਵਿਚ ਸਾਕਾ ਨੀਲਾ ਤਾਰਾ ਅੰਮ੍ਰਿਤਸਰ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ (ਨੇਤਰਹੀਣ) ਨੇ ਵੀ ਇਸੇ ਟਕਸਾਲ ਤੋਂ ਵਿੱਦਿਆ ਪ੍ਰਾਪਤ ਕੀਤੀ।
5. ਸਿੰਘਾਂਵਾਲਾ ਟਕਸਾਲ : ਭਾਈ ਸੁੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਵਲੋਂ ਸਥਾਪਿਤ ਇਹ ਪ੍ਰਸਿੱਧ ਟਕਸਾਲ ਮੋਗਾ-ਕੋਟਕਪੂਰਾ ਮੁੱਖ ਸੜਕ ਉੱਤੇ ਪਿੰਡ ਸਿੰਘਾਂਵਾਲਾ ਵਿਖੇ ਸਥਿਤ ਹੈ। ਪ੍ਰਸਿੱਧ ਰਾਗੀ ਭਾਈ ਪ੍ਰੀਤਮ ਸਿੰਘ ਸੰਨ 1900 ਤੋਂ 1932 ਤੱਕ ਇਥੇ ਨਿਸ਼ਕਾਮ ਤੌਰ 'ਤੇ ਗੁਰਮਤਿ ਸੰਗੀਤ ਦੀ ਦਾਤ ਵੰਡਦੇ ਰਹੇ। ਇਸ ਟਕਸਾਲ ਦੇ ਪ੍ਰਸਿਧ ਰਾਗੀ ਇਹ ਹਨ : ਭਾਈ ਧਰਮ ਸਿੰਘ, ਭਾਈ ਰਤਨ ਸਿੰਘ, ਭਾਈ ਹਰਨੇਕ ਸਿੰਘ, ਕੌਮੀ ਪੱਧਰ ਦੇ ਤਬਲਾਵਾਦਕ ਤਰਲੋਕ ਸਿੰਘ (ਆਲ ਇੰਡੀਆ ਰੇਡੀਓ, ਸ਼ਿਮਲਾ), ਭਾਈ ਸਰੂ ਸਿੰਘ ਕਲਕੱਤਾ, ਭਾਈ ਦਲੀਪ ਸਿੰਘ ਜਲੰਧਰ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਰਜਿੰਦਰ ਸਿੰਘ ਅਤੇ ਭਾਈ ਖਜ਼ਾਨ ਸਿੰਘ।
6. ਮਸਤੂਆਣਾ ਟਕਸਾਲ : ਇਸ ਯੁੱਗ ਦੇ ਮਹਾਨ ਸੰਤ ਬਾਬਾ ਅਤਰ ਸਿੰਘ ਨੇ ਸੰਨ 1867 ਵਿਚ ਇਸ ਟਕਸਾਲ ਨੂੰ ਸਥਾਪਿਤ ਕੀਤਾ, ਜਿੱਥੇ ਕਿ ਪ੍ਰਸਿੱਧ ਰਾਗੀ ਭਾਈ ਜਸਵੰਤ ਸਿੰਘ 25 ਸਾਲ ਗੁਰਮਤਿ ਸੰਗੀਤ ਸਿਖਾਉਂਦੇ ਰਹੇ। ਭਾਈ ਲਾਲ ਅਤੇ ਭਾਈ ਜਸਵੰਤ ਸਿੰਘ ਇਸੇ ਟਕਸਾਲ ਦੇ ਵਿਦਿਆਰਥੀ ਸਨ। ਹਿਮਾਚਲ ਵਿਚ ਇਸ ਵੇਲੇ ਬੜੂ ਸਾਹਿਬ ਵਿਖੇ ਇਸ ਟਕਸਾਲ ਦੀ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
7. ਯਤੀਮਖਾਨਾ ਟਕਸਾਲ ਅੰਮ੍ਰਿਤਸਰ : ਸਿੱਖਾਂ ਦੀ ਪ੍ਰਤੀਨਿਧ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗਰੀਬ ਅਤੇ ਅਨਾਥ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੀ ਮੁਫਤ ਸਿਖਲਾਈ ਦੇਣ ਵਾਸਤੇ ਇਸ ਅਦਾਰੇ ਦੀ ਸਥਾਪਨਾ ਸੰਨ 1904 ਵਿਚ ਕੀਤੀ ਗਈ। ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਸੁਨਹਿਰੀ ਅੱਖਰਾਂ ਵਿਚ ਲਿਖਣਯੋਗ ਹੈ, ਕਿਉਂਕਿ ਲਗਪਗ 75 ਫੀਸਦੀ ਪ੍ਰਸਿੱਧ ਕੀਰਤਨਕਾਰਾਂ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਇਹ ਸ਼ਾਮਲ ਹਨ : ਪ੍ਰਸਿੱਧ ਰਾਗੀ ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਮੋਹਣ ਸਿੰਘ, ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਪ੍ਰਸਿਧ ਸੰਗੀਤ ਅਚਾਰਿਆ ਪੰਡਿਤ ਦਲੀਪ ਚੰਦਰ ਬੇਦੀ। ਉਸ ਸਮੇਂ ਗਿਆਨੀ ਉੱਤਮ ਸਿੰਘ ਸੰਗੀਤ ਸਿਖਾਉਂਦੇ ਸਨ। ਉਨ੍ਹਾਂ ਤੋਂ ਉਪਰੰਤ ਤਕਰੀਬਨ 37 ਸਾਲ ਭਾਈ ਹਰਨਾਮ ਸਿੰਘ ਜੋਗੀ ਅਤੇ ਫਿਰ ਉਸਤਾਦ ਮਹਿੰਗਾ ਸਿੰਘ ਸੇਵਾ ਨਿਭਾਉਂਦੇ ਆ ਰਹੇ ਹਨ।


-ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਬੀਰ ਸਿੰਘ ਨੌਰੰਗਾਬਾਦ

ਬਾਬਾ ਬੀਰ ਸਿੰਘ ਇਕ ਅਜਿਹੇ ਕਰਮਵੀਰ, ਧਰਮਵੀਰ, ਪਰਉਪਕਾਰੀ ਮਹਾਂਪੁਰਖ ਸਨ, ਜਿਨ੍ਹਾਂ ਨੇ ਆਪਣੀ ਅਨਮੋਲ ਜ਼ਿੰਦਗੀ ਉੱਚੇ-ਸੁੱਚੇ ਅਸੂਲਾਂ ਲਈ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜਨਮ ਮਾਝੇ ਦੇ ਇਕ ਨਗਰ ਗਗੋਬੂਏ ਵਿਖੇ ਸਾਵਣ ਸੁਦੀ ਤੀਜ ਦਿਨ ਬੁੱਧਵਾਰ 1825 ਬਿਕ੍ਰਮੀ ਵਿਚ ਭਾਈ ਸੇਵਾ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ ਅੰਮ੍ਰਿਤ ਵੇਲੇ ਹੋਇਆ। ਉਹ ਬਹੁਤ ਵਿਦਵਾਨ, ਸੂਝਵਾਨ, ਦਇਆਵਾਨ ਅਤੇ ਅਧਿਆਤਮਕ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਪਿਤਾ ਮੁਲਤਾਨ ਦੀ ਲੜਾਈ ਵਿਚ ਸ਼ਹੀਦ ਹੋ ਗਏ ਤਾਂ ਬੀਰ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਭਰਤੀ ਹੋ ਗਏ। ਜਿਥੇ ਉਨ੍ਹਾਂ ਨੇ ਫ਼ੌਜ ਵਿਚ ਹਰ ਮੋਰਚੇ 'ਤੇ ਡਟ ਕੇ ਪਹਿਰਾ ਦਿੱਤਾ, ਉਥੇ ਅੰਦਰੋਂ ਵੀ ਹਰ ਸਮੇਂ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ। ਆਪਣੀ ਤਨਖਾਹ ਉਹ ਗਰੀਬਾਂ ਵਿਚ ਵੰਡ ਦਿਆ ਕਰਦੇ ਸਨ। ਅੰਦਰਲਾ ਰਸ, ਵੈਰਾਗ, ਵਿਸਮਾਦ ਅਤੇ ਸਿਮਰਨ ਦਾ ਅਨੰਦ ਏਨਾ ਵਧ ਗਿਆ ਕਿ ਉਹ ਫ਼ੌਜ ਦੀ ਨੌਕਰੀ ਛੱਡ ਕੇ ਘਰ ਆ ਗਏ। ਇਕ ਰਾਤ ਬਹੁਤ ਠੰਢ ਪੈ ਰਹੀ ਸੀ ਤਾਂ ਕੁਝ ਸਾਧੂ ਨਗਰ ਵਿਚ ਆ ਉਤਰੇ। ਉਨ੍ਹਾਂ ਨੂੰ ਨਿੱਘ ਦੇਣ ਲਈ ਬਾਬਾ ਜੀ ਨੇ ਆਪਣੇ ਘਰ ਦੇ ਦਰਵਾਜ਼ੇ ਲਾਹ ਕੇ ਉਨ੍ਹਾਂ ਨੂੰ ਦੇ ਦਿੱਤੇ, ਤਾਂ ਜੋ ਉਹ ਤਖ਼ਤੇ ਬਾਲ ਕੇ ਅੱਗ ਸੇਕ ਸਕਣ।
ਉਨ੍ਹਾਂ ਦੀ ਮਾਤਾ ਏਨਾ ਨਾਰਾਜ਼ ਹੋਈ ਕਿ ਘਰੋਂ ਹੀ ਕੱਢ ਦਿੱਤਾ। ਉਹ ਸਿੱਧੇ ਸੰਤ ਬਾਬਾ ਭਾਗ ਸਿੰਘ ਕੋਲ ਕੁਰੀ ਪੁੱਜ ਗਏ। ਉਥੇ ਜਾ ਕੇ ਲੰਗਰ ਦੀ ਸੇਵਾ ਸੰਭਾਲ ਲਈ ਅਤੇ ਦਿਨ-ਰਾਤ ਭਗਤੀ ਵਿਚ ਜੁਟ ਗਏ। ਫਿਰ ਉਹ ਬਾਬਾ ਸਾਹਿਬ ਸਿੰਘ ਬੇਦੀ ਕੋਲ ਗਏ। ਬੇਦੀ ਸਾਹਿਬ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਨ੍ਹਾਂ ਨੂੰ ਇਕ ਬਾਉਲੀ ਬਣਾਉਣ ਲਈ ਕਿਹਾ। ਆਪ ਜੀ ਨੇ ਕਹੀ, ਕੁਹਾੜੀ ਅਤੇ ਬੇਲਚੇ ਨਾਲ ਦਿਨ-ਰਾਤ ਏਨੀ ਘਾਲਣਾ ਘਾਲੀ ਕਿ ਬਾਉਲੀ ਤਿਆਰ ਹੋ ਗਈ। ਬੇਦੀ ਸਾਹਿਬ ਨੇ ਅਸੀਸ ਦੇ ਕੇ ਮਾਝੇ ਵੱਲ ਤੋਰਿਆ। ਬਾਬਾ ਜੀ ਨੇ ਨੌਰੰਗਾਬਾਦ ਆ ਕੇ ਡੇਰਾ ਲਾ ਲਿਆ। ਇਥੇ ਇਨ੍ਹਾਂ ਨੇ ਸਦਾਵਰਤ ਲੰਗਰ ਚਲਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਬਾਬਾ ਜੀ ਦਾ ਬਹੁਤ ਆਦਰ ਕਰਦੇ ਸਨ। ਜਦੋਂ ਅਟਕ ਦਰਿਆ ਪਾਰ ਕਰਨਾ ਸੀ ਤਾਂ ਦਰਿਆ ਚੜ੍ਹਿਆ ਹੋਇਆ ਸੀ। ਮਹਾਰਾਜੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ। ਆਪ ਜੀ ਹਾਥੀ 'ਤੇ ਸਵਾਰ ਹੋ ਕੇ ਅਟਕ ਦਰਿਆ ਵਿਚ ਜਾ ਵੜੇ ਅਤੇ ਓਨਾ ਚਿਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ, ਜਿੰਨਾ ਚਿਰ ਸਾਰੀ ਫ਼ੌਜ ਪਾਰ ਨਾ ਹੋ ਗਈ।
ਮਹਾਰਾਜੇ ਦੇ ਚਲਾਣੇ ਤੋਂ ਬਾਅਦ ਡੋਗਰਿਆਂ ਦੀਆਂ ਚਾਲਾਂ, ਹੁੱਲ੍ਹੜਬਾਜ਼ੀਆਂ ਅਤੇ ਨਮਕ ਹਰਾਮੀਆਂ ਕਾਰਨ ਸਿੱਖ ਫ਼ੌਜ ਵਿਚ ਫੁੱਟ ਪੈ ਗਈ। ਮਹਾਰਾਜੇ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ, ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਅਤੇ ਸੰਧਾਵਾਲੀਏ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਬਾਬਾ ਜੀ ਦੀ ਸ਼ਰਨ ਵਿਚ ਆ ਗਏ। ਡੋਗਰਿਆਂ ਨੇ ਫ਼ੌਜ ਨੂੰ ਭੜਕਾ ਦਿੱਤਾ ਅਤੇ ਉਨ੍ਹਾਂ ਨੇ ਬਾਬਾ ਜੀ ਦੇ ਡੇਰੇ ਮੁੱਠਿਆਂਵਾਲੀ ਨੂੰ ਘੇਰਾ ਪਾ ਲਿਆ। ਉਸ ਸਮੇਂ ਬਾਬਾ ਜੀ ਕੋਲ 26,000 ਸੂਰਮੇ ਤਿਆਰ ਸਨ ਪਰ ਆਪ ਜੀ ਨੇ ਕਿਹਾ ਕਿ ਭਰਾਵਾਂ 'ਤੇ ਵਾਰ ਨਹੀਂ ਕਰਨਾ। ਉਨ੍ਹਾਂ ਨੇ ਹਮਲਾ ਕਰਨ ਵਾਲਿਆਂ ਲਈ ਵੀ ਲੰਗਰ ਤਿਆਰ ਕਰਵਾਇਆ ਅਤੇ ਦੀਵਾਨ ਸਜਾ ਕੇ ਭਜਨ ਬੰਦਗੀ ਸ਼ੁਰੂ ਕਰ ਦਿੱਤੀ। ਇਸ ਰਾਜਯੋਗੀ, ਕਰਮਯੋਗੀ, ਮਹਾਂਪੁਰਖ ਦੇ ਸਰੀਰ ਵਿਚ 18 ਗੋਲੀਆਂ ਲੱਗੀਆਂ ਅਤੇ ਤੋਪ ਦੇ ਗੋਲੇ ਨਾਲ ਪੱਟ ਉੱਡ ਗਿਆ। ਫਿਰ ਵੀ ਆਪ ਨੇ ਕਿਸੇ ਨੂੰ ਮੰਦਾ ਨਹੀਂ ਕਿਹਾ, ਸ਼ਰਨ ਆਇਆਂ ਦੀ ਲਾਜ ਰੱਖੀ ਅਤੇ ਸ਼ਾਂਤਮਈ ਸਮਾਧੀ ਵਿਚ ਹੀ ਸ਼ਹਾਦਤ ਦਾ ਜਾਮ ਪੀ ਗਏ। ਲੋਕਾਂ ਨੇ ਰੋਹ ਵਿਚ ਆ ਕੇ ਫ਼ੌਜ ਨੂੰ ਗੁਰੂ ਮਾਰੀ ਫ਼ੌਜ ਕਹਿਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਦੀ ਯਾਦ ਵਿਚ ਅੱਜ ਬਹੁਤ ਸਾਰੇ ਅਸਥਾਨ ਹਨ, ਜਿਥੇ ਸ਼ਹੀਦੀ ਜੋੜ ਮੇਲੇ ਲਗਦੇ ਹਨ। ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਨੌਰੰਗਾਬਾਦ, ਗੱਗੋਬੂਆ, ਰੱਤੋਕੀ, ਮੁੱਠਿਆਂਵਾਲੀ, ਦਰਿਆ ਬਿਆਸ ਦੇ ਕੰਢੇ ਆਪ ਜੀ ਦੀਆਂ ਯਾਦਗਾਰਾਂ ਹਨ।

ਇਤਿਹਾਸ ਖ਼ੋਜੀਆਂ ਲਈ ਖੋਜ ਦਾ ਧੁਰਾ ਹੈ 'ਸਿੱਖ ਇਤਿਹਾਸ ਲਾਇਬ੍ਰੇਰੀ'

ਸਰ ਸੁੰਦਰ ਸਿੰਘ ਮਜੀਠੀਆ ਅਤੇ ਸ: ਬ: ਸੋਹਨ ਸਿੰਘ ਦੇ ਯਤਨਾਂ ਸਦਕਾ ਸੰਨ 1930 ਵਿਚ ਹੋਂਦ 'ਚ ਆਈ 'ਸਿੱਖ ਇਤਿਹਾਸ ਲਾਇਬ੍ਰੇਰੀ' ਇਤਿਹਾਸ ਖ਼ੋਜੀਆਂ ਦੇ ਨਾਲ-ਨਾਲ ਐਮ. ਫਿੱਲ. ਤੇ ਪੀ. ਐਚ. ਡੀ. ਦੇ ਵਿਦਿਆਰਥੀਆਂ ਲਈ ਵੀ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ। ਅੰਮ੍ਰਿਤਸਰ ਦੇ ਸਥਾਨਕ ਖ਼ਾਲਸਾ ਕਾਲਜ ਦੇ ਅੰਦਰ ਸਥਾਪਿਤ ਉਪਰੋਕਤ ਲਾਇਬ੍ਰੇਰੀ ਵਿਚ ਹੀ ਦੇਸ਼ ਦੀ ਵੰਡ ਦੇ ਸਮੇਂ ਸਰਹੱਦ ਪਾਰ ਤੋਂ ਆਈਆਂ ਬੀੜਾਂ ਹਿਫ਼ਾਜ਼ਤ ਲਈ ਰੱਖੀਆਂ ਗਈਆਂ ਸਨ। ਸਿੱਖ ਇਤਿਹਾਸ ਰਿਸਰਚ ਵਿਭਾਗ ਕਾਇਮ ਹੋਣ ਦੇ ਬਾਅਦ ਡਾ: ਕਰਮ ਸਿੰਘ ਹਿਸਟੋਰੀਅਨ ਨੂੰ ਇਸ ਦਾ ਪਹਿਲਾ ਇੰਚਾਰਜ ਨਿਯੁਕਤ ਕੀਤਾ ਗਿਆ, ਪਰ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਜਾਣ ਕਾਰਨ ਇਹ ਜ਼ਿੰਮੇਵਾਰੀ ਸ: ਜਗਤ ਸਿੰਘ ਐਮ.ਏ. ਨੂੰ ਸੌਂਪੀ ਗਈ। ਉਪਰੋਕਤ ਵਿਭਾਗ ਦੀ ਬਿਹਤਰੀ ਵਿਚ ਡਾ: ਗੰਡਾ ਸਿੰਘ ਅਤੇ ਡਾ: ਕ੍ਰਿਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਲਾਇਬ੍ਰੇਰੀ ਵਿਚ ਮੌਜੂਦ ਬਹੁਤ ਸਾਰੀਆਂ ਪੁਸਤਕਾਂ ਅਤੇ ਦਸਤਾਵੇਜ਼ ਲੋਕਾਂ ਵਲੋਂ ਦਾਨ ਕੀਤੇ ਗਏ ਹਨ, ਜਦਕਿ ਕੁਝ ਦਾ ਵਿਭਾਗ ਵਲੋਂ ਉਤਾਰਾ ਕਰਵਾਇਆ ਗਿਆ ਹੈ। ਸੰਨ 1904 ਤੋਂ ਪ੍ਰਕਾਸ਼ਿਤ ਹੋਣ ਵਾਲੇ ਕੁਝ ਚੁਣੀਦਾ ਅਖ਼ਬਾਰਾਂ ਤੇ ਰਸਾਲਿਆਂ ਨੂੰ ਵਿਭਾਗ ਦੁਆਰਾ 600 ਜਿਲਦਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਤਰ ਅਖ਼ਬਾਰ ਪੰਜਾਬੀ ਤੇ ਗੁਰਮੁਖੀ ਦੇ ਹਨ ਅਤੇ ਕੁਝ ਸਥਾਨਕ ਪੁਰਾਣੇ ਅਖ਼ਬਾਰਾਂ ਨੂੰ ਵੀ ਇਨ੍ਹਾਂ ਜਿਲਦਾਂ ਵਿਚ ਸਥਾਨ ਦਿੱਤਾ ਗਿਆ ਹੈ। ਲਾਇਬ੍ਰੇਰੀ ਵਿਚ ਪੰਜਾਬੀ 'ਚ ਲਿਖੇ 207, ਫ਼ਾਰਸੀ ਤੇ ਉਰਦੂ ਦੇ 261, ਅੰਗਰੇਜ਼ੀ ਦੇ 123, ਹਿੰਦੀ ਤੇ ਸੰਸਕ੍ਰਿਤ ਦੇ 11 ਹੱਥ-ਲਿਖਤ ਖਰੜਿਆਂ ਸਮੇਤ 6500 ਦੇ ਲਗਪਗ ਇਤਿਹਾਸਕ ਪੁਸਤਕਾਂ ਮੌਜੂਦ ਹਨ। ਉਪਰੋਕਤ ਦੇ ਇਲਾਵਾ 500 ਦੇ ਲਗਪਗ ਸੰਨ 1742 ਤੋਂ ਲੈ ਕੇ ਸੰਨ 1900 ਦੇ ਦਰਮਿਆਨ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਸਮੇਤ ਸੰਨ 1682 'ਚ ਪ੍ਰਕਾਸ਼ਿਤ ਹੋਈ ਇਕ ਦੁਰਲੱਭ ਪੁਸਤਕ ਵੀ ਮੌਜੂਦ ਹੈ। ਇਸ ਦੇ ਨਾਲ ਹੀ ਉਪਰੋਕਤ ਲਾਇਬ੍ਰੇਰੀ ਦੇ ਅੰਦਰ ਲਗਾਈ ਗਈ ਪ੍ਰਦਰਸ਼ਨੀ ਵਿਚ 415 ਦੇ ਕਰੀਬ ਤਸਵੀਰਾਂ ਤੇ ਸਿੱਕੇ ਅਤੇ 18 ਇਤਿਹਾਸਕ ਸ਼ਸਤਰ ਵੀ ਸ਼ਾਮਿਲ ਕੀਤੇ ਗਏ ਹਨ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਸਫਲ ਉੱਦਮਾਂ ਸਦਕਾ ਉਪਰੋਕਤ ਲਾਇਬ੍ਰੇਰੀ ਵਿਚ ਮੌਜੂਦ ਇਤਿਹਾਸਕ ਪੁਸਤਕਾਂ, ਹੱਥ ਲਿਖਤ ਖਰੜਿਆਂ, ਅਖ਼ਬਾਰਾਂ-ਰਸਾਲਿਆਂ ਸਹਿਤ ਹੋਰਨਾਂ ਦਸਤਾਵੇਜ਼ਾਂ ਦਾ ਵੱਧ ਤੋਂ ਵੱਧ ਇਤਿਹਾਸ ਖ਼ੋਜੀ ਲਾਹਾ ਲੈ ਸਕਣ, ਇਸ ਲਈ ਸਾਲ 2014 ਵਿਚ ਇਨ੍ਹਾਂ ਸਭ ਨੂੰ ਡਿਜੀਟਾਈਜੇਸ਼ਨ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਤੇ ਈਸਟ ਇੰਡੀਆ ਕੰਪਨੀ ਸਰਕਾਰ ਦਾ ਸ਼ਾਸਨ ਕਾਇਮ ਹੋਣ 'ਤੇ ਮਹਾਰਾਣੀ ਜਿੰਦਾਂ ਨੂੰ ਲਾਹੌਰ ਸ਼ਾਹੀ ਕਿਲ੍ਹੇ ਦੇ ਸੰਮਨ ਬੁਰਜ ਵਿਚ ਨਜ਼ਰਬੰਦ ਕਰਨ 'ਤੇ ਉੱਥੋਂ ਜਿੰਦਾਂ ਨੇ ਗਵਰਨਰ ਜਨਰਲ ਲਾਰੈਂਸ ਹੈਨਰੀ ਨੂੰ ਚਾਰ ਪੱਤਰ ਲਿਖੇ ਸਨ। ਰੋਬਕਾਰੀ ਮਹਾਰਾਣੀ ਜਿੰਦ ਕੌਰ ਨਾਲ ਸੰਬੋਧਿਤ ਕੀਤੇ ਜਾਂਦੇ ਇਨ੍ਹਾਂ ਪੱਤਰਾਂ ਵਿਚੋਂ ਤਿੰਨ ਫ਼ਾਰਸੀ ਅਤੇ ਇਕ ਗੁਰਮੁਖੀ ਵਿਚ ਸੀ। ਉਪਰੋਕਤ ਲਾਇਬ੍ਰੇਰੀ 'ਚ ਮੌਜੂਦ ਫ਼ਾਰਸੀ 'ਚ ਲਿਖੇ ਪੱਤਰਾਂ ਦੀ ਲੰਬਾਈ-ਚੌੜਾਈ 60×13 ਸੈਂਟੀਮੀਟਰ ਹੈ, ਜਦੋਂ ਕਿ ਗੁਰਮੁਖੀ ਵਿਚ ਲਿਖੇ ਪੱਤਰ ਦਾ ਆਕਾਰ 29×21 ਸੈਂਟੀਮੀਟਰ ਹੈ। ਇਨ੍ਹਾਂ ਪੱਤਰਾਂ ਦੇ ਹੇਠਾਂ ਅਤੇ ਸੱਜੇ ਪਾਸੇ 'ਅਕਾਲ ਸਹਾਇ' ਦੀ ਮੋਹਰ ਲੱਗੀ ਹੋਈ ਹੈ ਅਤੇ ਹੇਠਾਂ ਬੀਬੀ ਜਿੰਦ ਕੌਰ ਲਿਖਿਆ ਹੋਇਆ ਹੈ।


-ਅੰਮ੍ਰਿਤਸਰ। ਫੋਨ : 9356127771

35ਵੀਂ ਬਰਸੀ 'ਤੇ ਵਿਸ਼ੇਸ਼

ਸਵਾਮੀ ਗੰਗਾ ਨੰਦ ਭੂਰੀ ਵਾਲੇ, ਧਾਮ ਤਲਵੰਡੀ ਖੁਰਦ (ਲੁਧਿਆਣਾ)

ਗਰੀਬਦਾਸੀ ਸੰਪਰਦਾਇ 'ਚ ਅਨੇਕਾਂ ਸੰਤਾਂ-ਮਹਾਂਪੁਰਸ਼ਾਂ ਨੇ ਲੋਕਾਈ ਦੇ ਭਲੇ ਲਈ ਪਰਮਾਤਮਾ ਦੀ ਬੰਦਗੀ ਕੀਤੀ ਹੈ, ਜਿਨ੍ਹਾਂ 'ਚੋਂ ਭੂਰੀ ਵਾਲੇ ਭੇਖ ਦੇ ਪਰਮ ਸੰਤ, ਮਹਾਨ ਤਪੱਸਵੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਆਪ ਦਾ ਜਨਮ ਪਿਤਾ ਸ੍ਰੀ ਈਸ਼ਵਰ ਦਾਸ ਅਤੇ ਮਾਤਾ ਸ੍ਰੀਮਤੀ ਗੰਗਾ ਦੇਵੀ ਦੇ ਗ੍ਰਹਿ ਵਿਖੇ ਪਿੰਡ ਰੱਤੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 17 ਅਪ੍ਰੈਲ, 1916 (ਬਿਕਰਮੀ ਸੰਮਤ 1973) ਚੇਤਰ ਪੁੰਨਿਆ ਨੂੰ ਹੋਇਆ। ਭਗਤੀ ਦੀ ਲਗਨ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸੋਂ ਲੱਗੀ, ਜੋ ਦਿਨ ਵੇਲੇ ਖੇਤਾਂ 'ਚ ਕੰਮ ਕਰਦੇ ਸਨ ਅਤੇ ਰਾਤੀਂ ਰੁੱਖ ਦੇ ਮੋਟੇ-ਮੋਟੇ ਡੰਡਿਆਂ ਉੱਪਰ ਟਾਹਣੀਆਂ ਨਾਲ ਬੁਣੇ ਮੰਜੇ ਵਰਗੇ ਸਖ਼ਤ ਆਸਣ, ਜੋ ਧਰਤੀ ਤੋਂ ਦੋ-ਢਾਈ ਫੁੱਟ ਉੱਚਾ ਹੁੰਦਾ ਸੀ, 'ਤੇ ਬੈਠ ਕੇ ਸਿਮਰਨ ਕਰਦੇ ਸਨ। ਪਿਤਾ ਜੀ ਤੋਂ ਪਰਮਾਰਥ ਦਾ ਮਾਰਗ ਗ੍ਰਹਿਣ ਕਰਨ ਵਾਲੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੇ ਸਵਾਮੀ ਲਾਲ ਦਾਸ ਭੂਰੀ ਵਾਲਿਆਂ ਤੋਂ ਸੰਨਿਆਸ ਦੀ ਦਾਤ ਪ੍ਰਾਪਤ ਕੀਤੀ ਅਤੇ ਅਵਧੂਤੀ ਜੀਵਨ ਬਤੀਤ ਕੀਤਾ। ਆਪ ਦਾ ਸਾਰਾ ਹੀ ਜੀਵਨ ਗਰੀਬਦਾਸੀ ਸੰਪਰਦਾਇ ਦੇ ਭੂਰੀ ਵਾਲੇ, ਭੇਖ ਦੀਆਂ ਸੰਗਤਾਂ ਤੇ ਕੁਟੀਆਵਾਂ ਦੀ ਸੇਵਾ ਅਤੇ ਗਰੀਬਦਾਸੀ ਬਾਣੀ ਦੇ ਪਾਠੀ ਤਿਆਰ ਕਰਦਿਆਂ ਬੀਤਿਆ। ਆਪ ਸਮਾਜ ਤੇ ਧਰਮ ਦੇ ਪ੍ਰਚਾਰ ਨੂੰ ਸਮਰਪਿਤ ਸਹਿਣਸ਼ੀਲਤਾ, ਅਡੋਲਤਾ, ਸਬਰ-ਸੰਤੋਖ, ਜਪ, ਤਪ ਤੇ ਸਤ ਦੀ ਮਨਮੋਹਣੀ ਮੂਰਤ ਸਨ।
ਸਵਾਮੀ ਲਾਲ ਦਾਸ ਭੂਰੀ ਵਾਲਿਆਂ ਤੋਂ ਬਾਅਦ ਗੱਦੀ 'ਤੇ ਬਿਰਾਜਮਾਨ ਹੋ ਕੇ 9 ਸਾਲ ਬਾਅਦ ਦੇ ਥੋੜ੍ਹੇ ਜਿਹੇ ਅਰਸੇ 'ਚ ਆਪ ਨੇ ਅਨੇਕਾਂ ਅਣਗਿਣਤ ਲੋਕਾਂ ਨੂੰ ਅਗਿਆਨਤਾ ਦੀ ਨੀਂਦ 'ਚੋਂ ਜਗਾਇਆ। ਆਪ ਨੇ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਤਪ ਅਸਥਾਨ ਤੋਂ ਇਲਾਵਾ ਹੋਰ ਵੀ ਸੇਵਾ ਕੀਤੀ। ਆਪ ਸਮੁੱਚੀਆਂ ਸੰਗਤਾਂ ਨੂੰ ਸਦਾਚਾਰ ਤੇ ਨੈਤਿਕਤਾ ਦਾ ਉਪਦੇਸ਼ ਦਿੰਦੇ ਹੋਏ 19 ਅਗਸਤ, 1984 ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸੱਚਖੰਡ ਬਿਰਾਜ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਮ ਸ਼ਿਸ਼ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਗੱਦੀ 'ਤੇ ਬਿਰਾਜਮਾਨ ਹੋਏ, ਜੋ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਯਤਨਸ਼ੀਲ ਹਨ। ਉਪਰੋਕਤ ਮਹਾਂਪੁਰਖਾਂ ਦੀ ਯਾਦ 'ਚ ਹਰ ਸਾਲ ਧਾਮ ਤਲਵੰਡੀ ਖੁਰਦ ਵਿਖੇ ਮੌਜੂਦਾ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਵਿਸ਼ਾਲ ਸਾਲਾਨਾ ਸਮਾਗਮ ਕਰਵਾਏ ਜਾਂਦੇ ਹਨ।
ਸਕੱਤਰ ਕੁਲਦੀਪ ਸਿੰਘ ਮਾਨ ਅਤੇ ਸਵਾਮੀ ਓਮਾ ਨੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਗਸਤ ਤੋਂ ਆਰੰਭ ਹੋਏ ਸਮਾਗਮਾਂ ਦੌਰਾਨ 22 ਅਗਸਤ ਨੂੰ ਭੂਰੀ ਵਾਲੇ ਭੇਖ ਦੇ ਰਚੇਤਾ ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ, 23 ਨੂੰ ਮੱਧ ਦੇ ਭੋਗ ਪੈਣਗੇ ਜਦਕਿ 24 ਅਗਸਤ ਨੂੰ ਭੋਗ ਪੈਣਗੇ, ਸਤਿਸੰਗ ਕੀਰਤਨ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 35ਵੀਂ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ, 25 ਅਗਸਤ ਨੂੰ ਸਵੇਰੇ ਦੇਸ਼ ਦੇ ਕੋਨੇ-ਕੋਨੇ ਤੋਂ ਪੁੱਜੇ ਸਾਧੂ-ਸਾਧਵੀਆਂ ਨੂੰ ਲੰਗਰ ਭੰਡਾਰੇ ਉਪਰੰਤ ਪੂਜਾ ਵਜੋਂ ਵਸਤਰ ਅਤੇ ਨਕਦੀ ਭੇਟ ਕੀਤੀ ਜਾਵੇਗੀ, ਜਦਕਿ ਸ਼ਾਮ ਨੂੰ ਸਰਬ ਧਰਮ ਸੰਮੇਲਨ ਰੈਣ ਸੁਬਾਈ ਕੀਰਤਨ ਦਰਬਾਰ ਸਜਣਗੇ, ਜਿਸ 'ਚ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ ਸੰਗਤਾਂ ਨੂੰ ਸੰਤਾਂ ਦੇ ਭਗਤੀ ਭਰੇ ਜੀਵਨ 'ਤੇ ਚਾਨਣਾ ਪਾ ਕੇ ਨਿਹਾਲ ਕਰਨਗੇ। 26 ਅਗਸਤ ਦਿਨ ਮੰਗਲਵਾਰ ਨੂੰ ਦੁਪਹਿਰ 1.00 ਵਜੇ ਸਮਾਗਮਾਂ ਦੀ ਸਮਾਪਤੀ ਹੋਵੇਗੀ। ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮੈਡੀਕਲ ਚੈੱਕਅੱਪ ਕੈਂਪ ਅਤੇ ਖੂਨਦਾਨ ਕੈਂਪ ਲੱਗਣਗੇ।


-ਪਿੰਡ ਡਾਂਗੋਂ, ਜ਼ਿਲ੍ਹਾ ਲੁਧਿਆਣਾ।

ਪ੍ਰਾਚੀਨ ਸੰਸਕ੍ਰਿਤੀ ਵਾਲਾ ਮੰਡੇਸ਼ਵਰੀ ਮੰਦਰ ਕੈਮੂਰ ਬਿਹਾਰ

ਭਾਰਤ ਦਾ ਬਿਹਾਰ ਰਾਜ ਪ੍ਰਾਚੀਨ ਸੰਸਕ੍ਰਿਤੀ ਵਾਲਾ ਰਾਜ ਹੈ। ਇਸ ਭੂਮੀ ਉੱਪਰ ਮਹਾਨ ਆਤਮਾਵਾਂ ਨੇ ਜਨਮ ਲਿਆ ਹੈ। ਮਹਾਂਭਾਰਤ ਅਤੇ ਰਮਾਇਣ ਨਾਲ ਵੀ ਇਸ ਰਾਜ ਦੀ ਕੜੀ ਜੁੜਦੀ ਹੈ। ਬਿਹਾਰ ਦੇ ਜ਼ਿਲ੍ਹਾ ਕੈਮੂਰ ਵਿਚ ਪਬੜਾ ਪਹਾੜੀ ਉੱਪਰ 608 ਫੁੱਟ ਦੀ ਉਚਾਈ 'ਤੇ ਸਥਿਤ ਹੈ ਪ੍ਰਾਚੀਨ ਮੁੰਡੇਸ਼ਵਰੀ ਮੰਦਰ। ਮੰਦਰ ਉੱਪਰ ਲਿਖੇ ਸ਼ਿਲਾਲੇਖਾਂ ਤੋਂ ਪਤਾ ਲਗਦਾ ਹੈ ਕਿ ਸੱਤਵੀਂ ਸਦੀ ਦੌਰਾਨ ਉਸ ਸਮੇਂ ਦੇ ਰਾਜਾ ਊਧੇ ਸਿੰਘ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਮੰਦਰ ਦੀਆਂ ਦੀਵਾਰਾਂ ਉੱਪਰ ਕੀਤੀ ਗਈ ਪ੍ਰਾਚੀਨ ਨਕਾਸ਼ੀ ਤੇ ਕਲਾਕ੍ਰਿਤੀਆਂ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਸੁੰਦਰ ਨਮੂਨਾ ਪੇਸ਼ ਕਰਦੀਆਂ ਹਨ। ਪ੍ਰਾਚੀਨ ਕਥਾਵਾਂ ਅਨੁਸਾਰ ਇਸ ਪਹਾੜੀ ਦੀ ਚੋਟੀ 'ਤੇ ਹੀ ਮਾਂ ਦੁਰਗਾ ਨੇ 'ਮੁੰਡ' ਨਾਂਅ ਦੇ ਦੈਂਤ ਦਾ ਅੰਤ ਕੀਤਾ ਸੀ। ਉਦੋਂ ਤੋਂ ਹੀ ਇਸ ਮੰਦਰ ਨੂੰ ਮੁੰਡੇਸ਼ਵਰੀ ਮੰਦਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਾਚੀਨ ਮੰਦਰ ਦੀ ਪ੍ਰਾਕ੍ਰਿਤਕ ਆਫਤਾਂ ਕਰਕੇ ਕਈ ਵਾਰ ਟੁੱਟ-ਭੱਜ ਹੋਈ ਹੈ। ਸਾਲ 2007 ਤੋਂ ਇਸ ਦੁਰਲੱਭ ਮੰਦਰ ਦੇ ਦੇਖ-ਰੇਖ ਦਾ ਜ਼ਿੰਮਾ ਬਿਹਾਰ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਸੀ। ਬਿਹਾਰ ਸਰਕਾਰ ਇਸ ਮੰਦਰ ਨੂੰ ਯੂਨੈਸਕੋ ਦੀ ਸੂਚੀ ਵਿਚ ਲਿਆਉਣ ਦੇ ਯਤਨ ਕਰ ਰਹੀ ਹੈ। ਸਾਲ 1968-69 ਵਿਚ ਪਹਾੜ ਦੀ ਚੋਟੀ ਤੱਕ ਪੌੜੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ। ਨਵਰਾਤਿਆਂ ਦੌਰਾਨ ਇਸ ਮੰਦਰ ਵਿਚ ਭਾਰੀ ਭੀੜ ਹੁੰਦੀ ਹੈ। ਭਾਰਤ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਇਥੋਂ ਦੀ ਯਾਤਰਾ ਕਰਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸਿੱਖ ਸੰਪ੍ਰਦਾਵਾਂ ਸਿੱਖ ਪੰਥ ਤੋਂ ਦੂਰ ਕਿਉਂ?

ਸਿੱਖ ਧਰਮ ਦੇ ਵਿਕਾਸ ਵਿਚ ਵੱਖ-ਵੱਖ ਸਮੇਂ ਕਾਇਮ ਹੋਈਆਂ ਸੰਪ੍ਰਦਾਵਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਨ੍ਹਾਂ ਸੰਪ੍ਰਦਾਵਾਂ ਵਿਚ ਸਰਬ ਪ੍ਰਥਮ ਉਦਾਸੀ ਸੰਪ੍ਰਦਾਇ ਹੈ, ਜਿਸ ਦਾ ਆਰੰਭ ਬਾਬਾ ਸ੍ਰੀ ਚੰਦ ਨੇ ਕੀਤਾ ਸੀ। ਦੂਜੀ ਹੈ ਮੀਣਾ ਸੰਪ੍ਰਦਾਇ, ਇਸ ਦਾ ਆਰੰਭ ਸੋਢੀ ਪ੍ਰਿਥੀਚੰਦ ਦੁਆਰਾ ਹੋਇਆ ਸੀ। ਤੀਜੀ ਨਿਰਮਲਾ ਸੰਪ੍ਰਦਾਇ ਹੈ, ਜਿਸ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਨੂੰ ਬਨਾਰਸ (ਕਾਂਸ਼ੀ) ਵਿਚ ਸੰਸਕ੍ਰਿਤ ਅਤੇ ਭਾਰਤੀ ਧਰਮ-ਗ੍ਰੰਥਾਂ ਦੇ ਅਧਿਐਨ ਲਈ ਭੇਜ ਕੇ ਕੀਤਾ ਸੀ। ਚੌਥੀ ਸੇਵਾਪੰਥੀ ਸੰਪ੍ਰਦਾਇ ਹੈ, ਜਿਸ ਦਾ ਆਰੰਭ ਭਾਈ ਘਨ੍ਹੱਈਆ ਜੀ ਤੋਂ ਮੰਨਿਆ ਜਾਂਦਾ ਹੈ। ਪੰਜਵੀਂ ਗਿਆਨੀ ਸੰਪ੍ਰਦਾਇ ਹੈ, ਜਿਸ ਦਾ ਮੋਢੀ ਭਾਈ ਮਨੀ ਸਿੰਘ ਸ਼ਹੀਦ ਨੂੰ ਦੱਸਿਆ ਜਾਂਦਾ ਹੈ। ਛੇਵੀਂ ਸੰਪ੍ਰਦਾਇ ਨਿਰੰਕਾਰੀਆਂ ਦੀ ਹੈ, ਜਿਸ ਦੀ ਸ਼ੁਰੂਆਤ ਬਾਬਾ ਦਿਆਲ ਨੇ ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਕੀਤੀ ਸੀ। ਸੱਤਵੀਂ ਨਾਮਧਾਰੀ ਸੰਪ੍ਰਦਾਇ ਹੈ। ਇਸ ਦੀ ਸਥਾਪਨਾ ਬਾਬਾ ਬਾਲਕ ਸਿੰਘ ਨੇ ਕੀਤੀ ਸੀ, ਪਰ ਇਸ ਦਾ ਸਹੀ ਵਿਕਾਸ ਬਾਬਾ ਰਾਮ ਸਿੰਘ ਦੁਆਰਾ ਹੋਇਆ। ਇਸ ਤਰ੍ਹਾਂ ਦੀਆਂ ਕੁਝ ਹੋਰ ਛੋਟੀਆਂ ਸੰਪ੍ਰਦਾਵਾਂ ਵੀ ਹੋਂਦ ਵਿਚ ਆਈਆਂ। ਡਾ: ਮਹਿੰਦਰ ਕੌਰ ਗਿੱਲ ਬਾਬਾ ਸ੍ਰੀ ਚੰਦ ਅਤੇ ਉਦਾਸੀ ਮਤ ਬਾਰੇ ਲਿਖਦੀ ਹੈ ਕਿ 'ਗੁਰਮਤਿ ਅਤੇ ਉਦਾਸੀ ਮਤ ਦਾ ਮੂਲ ਸਰੋਤ ਇਕੋ ਹੀ ਹੈ। ਗੁਰਮਤਿ ਅਤੇ ਉਦਾਸੀ ਮਤ ਦਾ ਦਾਰਸ਼ਨਿਕ ਅਤੇ ਸੰਕਲਪਕ ਧਰਾਤਲ ਇਕੋ ਹੀ ਹੈ। ਗੁਰੂ ਨਾਨਕ ਬਾਣੀ ਦੇ ਸਰਬ ਪ੍ਰਥਮ ਵਿਆਖਿਆਕਾਰ ਬਾਬਾ ਸ੍ਰੀ ਚੰਦ ਜੀ ਹੀ ਸਨ। ਏਹੀ ਵਿਆਖਿਆ ਪਰਪਾਟੀ ਉਦਾਸੀ ਸੰਤਾਂ ਦੀ ਪ੍ਰਚਾਰ ਸ਼ੈਲੀ ਬਣੀ। ਗੁਰਮਤਿ ਦੇ ਮੂਲ ਬੁਨਿਆਦੀ ਦਾਰਸ਼ਨਿਕ ਨੁਕਤਿਆਂ ਦੀ ਸਹੀ ਵਿਆਖਿਆ ਪਹਿਲੋ-ਪਹਿਲ ਉਦਾਸੀ ਸੰਤਾਂ ਨੇ ਕੀਤੀ। ਬੈਰਾਗ ਸੰਸਾਰਕ ਤਿਆਗ ਤੇ ਵਿਰਕਤ ਬਿਰਤੀ ਉਦਾਸੀ ਸਾਧੂ ਦੇ ਸਹਿਜ ਗੁਣ ਸੁਭਾਅ ਹਨ। ਭਾਵ ਉਪਰਾਮਤਾ, ਵੈਰਾਗ ਅਤੇ ਤਿਆਗ। ਇਨ੍ਹਾਂ ਤਿੰਨਾਂ ਦਾ ਦੀਦਾਰ ਬਾਬਾ ਸ੍ਰੀ ਚੰਦ ਜੀ ਦੀ ਜੀਵਨ ਸ਼ੈਲੀ ਵਿਚ ਬਹੁਤ ਸਹਿਜ ਸੀ।'
ਚਹੁੰਆਂ ਦਿਸ਼ਾਵਾਂ ਵਿਚ ਧਰਮ-ਪ੍ਰਚਾਰ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੰਨ 1494 ਈ: ਵਿਚ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਚ ਹੋਇਆ। ਇਨ੍ਹਾਂ ਦਾ ਬਚਪਨ ਬੇਬੇ ਨਾਨਕੀ ਦੀ ਦੇਖ-ਰੇਖ ਵਿਚ ਬੀਤਿਆ। ਬਾਬਾ ਸ੍ਰੀ ਚੰਦ ਨੇ ਵਿਆਹ ਨਾ ਕਰਕੇ ਵੈਰਾਗੀ ਜੀਵਨ ਬਤੀਤ ਕੀਤਾ।
ਚੌਥੀ ਯਾਤਰਾ ਤੋਂ ਪਰਤਣ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ਆਪਣਾ ਸਥਾਈ ਨਿਵਾਸ ਕੀਤਾ। 17 ਵਰ੍ਹਿਆਂ ਬਾਅਦ ਸੰਨ 1539 ਈ: ਵਿਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਪਠਾਨਕੋਟ ਦੇ ਨੇੜਲੇ ਪਿੰਡ ਬਾਰਠ ਵਿਚ ਆਪਣੇ ਸਾਥੀ ਭਾਈ ਕਮਾਲੀਆ ਦੇ ਨਾਲ ਰਹਿਣ ਲੱਗ ਪਏ। ਉਥੇ ਰਹਿ ਕੇ ਇਨ੍ਹਾਂ ਨੇ ਉਦਾਸੀ ਭੇਖ ਨੂੰ ਵਿਕਸਿਤ ਕੀਤਾ। ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਆਪ ਨੂੰ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਿਲਣ ਆਏ। ਇਥੇ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਅਤੇ ਪਾਤਸ਼ਾਹੀ ਪੰਜਵੀਂ ਦੀ ਆਮਦ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸ ਹੈ।
'ਉਦਾਸੀ ਭੇਖ' ਬਾਬਾ ਸ੍ਰੀ ਚੰਦ ਨੇ ਧਾਰਨ ਕੀਤਾ ਅਤੇ ਗ੍ਰਹਿਸਥੀਆਂ ਵਾਲੇ ਜੀਵਨ ਦਾ ਤਿਆਗ ਕਰਕੇ ਧਰਮ ਪ੍ਰਚਾਰ ਵਿਚ ਜੁਟ ਗਏ। ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ-ਬਾਣੀ ਨੂੰ ਗੁਰੂ ਰੂਪ ਵਿਚ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਹੋਣ ਕਾਰਨ ਗੁਰੂ ਸਾਹਿਬਾਨ ਵਲੋਂ ਬਾਬਾ ਸ੍ਰੀ ਚੰਦ ਨੂੰ ਮਾਣ-ਸਤਿਕਾਰ ਮਿਲਦਾ ਰਿਹਾ। ਇਥੋਂ ਤੱਕ ਕਿ ਬਾਬਾ ਜੀ ਦੇ ਅੰਤ-ਕਾਲ ਵੇਲੇ ਉਨ੍ਹਾਂ ਵਲੋਂ ਚਲਾਈ ਜਾ ਰਹੀ ਧਰਮ-ਪ੍ਰਚਾਰ ਲਹਿਰ ਨੂੰ ਜਾਰੀ ਰੱਖਣ ਲਈ 1624 ਈਸਵੀ ਵਿਚ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਜੀ ਦੇ ਅਰਪਿਤ ਕਰ ਦਿੱਤਾ।
ਬਾਬਾ ਸ੍ਰੀ ਚੰਦ ਜੀ ਧਰਮ-ਪ੍ਰਚਾਰ ਯਾਤਰਾ ਲਈ ਆਪ ਅੰਮ੍ਰਿਤਸਰ, ਕਸ਼ਮੀਰ, ਸ੍ਰੀਨਗਰ, ਪੋਠੋਹਾਰ, ਕਾਬੁਲ, ਕੰਧਾਰ, ਸਿੰਧ ਅਤੇ ਪੰਜਾਬ ਨਾਲ ਲਗਦੀਆਂ ਪਹਾੜੀ ਰਿਆਸਤਾਂ ਵਿਚ ਗਏ। ਉਹ ਬਾਰਠ ਤੋਂ ਠਟਾ (ਸਿੰਧ) ਤੋਂ ਹੁੰਦੇ ਹੋਏ ਦੁਆਰਕਾ ਗਏ, ਇਥੋਂ ਸੁਦਾਮਾਪੁਰੀ ਤੋਂ ਕਾਠੀਆਵਾੜ (ਗੁਜਰਾਤ) ਪਹੁੰਚੇ। ਉਥੋਂ ਮੇਵਾੜ (ਰਾਜਿਸਥਾਨ) ਤੋਂ ਕਈ ਅਸਥਾਨਾਂ 'ਤੇ ਪੜਾਅ ਕਰਦੇ ਹੋਏ ਮੁੜ ਬਾਰਠ ਤੋਂ ਹੁੰਦੇ ਹੋਏ ਚੰਬੇ ਪਹੁੰਚੇ, ਇਥੋਂ ਹੀ ਜਾ ਕੇ ਪਠਾਨਕੋਟ ਵਸਾਇਆ। ਉਪਰੰਤ ਕਰਤਾਰਪੁਰ ਪੁੱਜੇ, ਇਥੋਂ ਪਿਸ਼ਾਵਰ, ਕਾਬਲ, ਕੰਧਾਰ ਤੋਂ ਸਿੰਧ ਰਸਤੇ ਮੁੜ ਪੰਜਾਬ ਪੁੱਜੇ, ਗੁਰੂ ਪਿਤਾ ਦਾ ਹੁਕਮ ਬਾਬਾ ਸ੍ਰੀ ਚੰਦ ਨੇ ਪੂਰਨ ਸ਼ਰਧਾ ਭਾਵਨਾ ਸਤਿਕਾਰ ਨਾਲ ਨਿਭਾਇਆ। ਉਨ੍ਹਾਂ ਸ਼ਹਿਰ-ਸ਼ਹਿਰ, ਨਗਰ-ਨਗਰ, ਗੁਰੂ ਨਾਨਕ ਮਤ ਦਾ ਡੰਕਾ ਵਜਾਇਆ। ਗੁਰੂ ਨਾਨਕ ਦੇਵ ਜੀ ਦੀ ਤੀਸਰੀ ਯਾਤਰਾ ਦੇ ਆਰੰਭ ਸਮੇਂ ਅਤੇ ਬੇਬੇ ਨਾਨਕੀ ਤੇ ਸ੍ਰੀ ਜੈਰਾਮ ਦੇ ਚਲਾਣੇ ਤੋਂ ਬਾਅਦ ਬਾਬਾ ਸ੍ਰੀ ਚੰਦ ਵੀ ਮੁੜ ਮਾਤਾ ਸੁਲੱਖਣੀ ਪਾਸ ਪੱਖੋਕੇ ਆ ਗਏ। ਬਾਬਾ ਲਖਮੀ ਚੰਦ ਜੀ ਨੂੰ ਮਾਮੇ ਕ੍ਰਿਸ਼ਨ ਜੀ ਪਾਸ 'ਬਾਰਠ' ਭੇਜ ਦਿੱਤਾ ਤੇ ਆਪ ਗ੍ਰੰਥਾਂ ਦਾ ਅਧਿਐਨ ਕਰਨ ਲਈ ਉਥੋਂ ਹੀ ਅੱਗੇ ਕਸ਼ਮੀਰ ਸ੍ਰੀਨਗਰ ਚਲੇ ਗਏ। ਪੰਡਿਤ 'ਪ੍ਰਸ਼ੋਤਮਦਾਸ' ਪਾਸੋਂ ਵੇਦ ਪੜ੍ਹਨੇ ਆਰੰਭ ਕੀਤੇ। ਆਪ ਦੀ 24 ਸਾਲ ਦੀ ਉਮਰ ਹੋ ਚੁੱਕੀ ਸੀ। ਜਲਦ ਹੀ ਗ੍ਰੰਥਾਂ ਦੇ ਪੜ੍ਹਨ ਰਟਨ ਤੋਂ ਬਾਅਦ ਅਨੁਭਵੀ ਵਿਦਵਾਨ ਤੇ ਤੇਜਸਵੀ ਮਹਾਤਮਾ ਦੇ ਰੂਪ ਵਿਚ ਸਾਹਮਣੇ ਆਏ। ਇਥੇ ਹੀ ਅਬਨਾਸ਼ੀ ਮੁਨੀ ਨੇ ਆਪ ਨਾਲ ਚਰਚਾ ਕੀਤੀ।
ਬਾਬਾ ਸ੍ਰੀ ਚੰਦ ਨੇ ਗੁਰੂ ਪਿਤਾ ਦੇ ਪ੍ਰੇਮ ਵਿਚ 'ਆਰਤਾ' ਦਾ ਉਚਾਰਨ ਕੀਤਾ।
ਬਾਬਾ ਗੁਰਦਿੱਤਾ ਜੀ ਨੇ ਉਦਾਸੀ ਮਤ ਦੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਧੂਣਿਆਂ ਦੀ ਸਥਾਪਨਾ ਕਰਕੇ ਉਨ੍ਹਾਂ ਦੇ ਸੰਚਾਲਨ ਲਈ ਆਪਣੇ ਚਾਰ ਸਿਦਕੀ ਸੇਵਕਾਂ-ਬਾਬਾ ਅਲਮਸਤ, ਬਾਬਾ ਬਾਲੂ ਹਸਨਾ, ਬਾਬਾ ਫੂਲ ਸ਼ਾਹ ਅਤੇ ਬਾਬਾ ਗੋਇੰਦਾ ਨੂੰ ਨਿਯੁਕਤ ਕੀਤਾ। ਇਨ੍ਹਾਂ ਨੇ ਕ੍ਰਮਵਾਰ ਨਾਨਕਮੱਤਾ, ਦੇਹਰਾਦੂਨ, ਹੈਦਰਾਬਾਦ ਅਤੇ ਬਹਾਦਰਗੜ੍ਹ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਗੁਰੂ ਸਾਹਿਬਾਨ ਵਲੋਂ ਛੇ ਬਖਸ਼ਿਸ਼ਾਂ ਵੀ ਹੋਈਆਂ।
ਇਨ੍ਹਾਂ ਦੇ ਵੱਖਰੇ-ਵੱਖਰੇ ਪ੍ਰਚਾਰ-ਖੇਤਰ ਸਨ। ਇਸ ਤਰ੍ਹਾਂ ਚਾਰ ਧੂਣਿਆਂ ਅਤੇ ਛੇ ਬਖਸ਼ਿਸ਼ਾਂ ਵਾਲੇ ਇਹ ਦਸ ਸਾਧ 'ਦਸਨਾਮੀ ਸਾਧੂ' ਅਖਵਾਏ। ਸਨਾਤਣੀ ਰਸਮਾਂ ਸਹਿਜੇ-ਸਹਿਜੇ ਇਸ ਸੰਪ੍ਰਦਾਇ ਵਿਚ ਪ੍ਰਵੇਸ਼ ਕਰਨ ਲੱਗੀਆਂ ਅਤੇ ਪੰਚ-ਦੇਵ ਉਪਾਸਨਾ (ਬ੍ਰਹਮਾ, ਵਿਸ਼ਣੂ, ਸ਼ਿਵ, ਦੁਰਗਾ ਅਤੇ ਗਣੇਸ਼ ਦੀ ਪੂਜਾ) ਨੇ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ। ਮੂਲ ਰੂਪ ਵਿਚ ਨਿਰਗੁਣਵਾਦੀ ਉਦਾਸੀ ਸੰਪ੍ਰਦਾਇ ਵਿਚ ਸਰਗੁਣ ਉਪਾਸਨਾ ਪ੍ਰਚਲਿਤ ਹੋ ਗਈ।
19ਵੀਂ ਸਦੀ ਵਿਚ ਬਾਬਾ ਪ੍ਰੀਤਮ ਦਾਸ ਅਤੇ ਬਾਬਾ ਬਨਖੰਡੀ ਨੇ ਖਿੰਡੀ-ਪੁੰਡੀ ਇਸ ਸੰਪ੍ਰਦਾਇ ਨੂੰ ਸੰਗਠਿਤ ਕਰਕੇ ਵੱਡੇ ਅਖਾੜੇ ਦੀ ਸਥਾਪਨਾ ਕੀਤੀ ਅਤੇ ਸਿੰਧ ਪ੍ਰਾਂਤ ਵਿਚ ਸਾਧੂ-ਬੇਲਾ ਕਾਇਮ ਕੀਤਾ। ਕਿਉਂਕਿ ਇਹ ਦੋਵੇਂ ਮਹੰਤ ਸਰਗੁਣਵਾਦੀ ਰੁਚੀਆਂ ਵਾਲੇ ਬ੍ਰਾਹਮਣ ਸਨ, ਇਸ ਲਈ ਸਰਗੁਣ-ਉਪਾਸਨਾ ਅਤੇ ਪੰਚ-ਦੇਵ ਉਪਾਸਨਾ ਨੇ ਉਦਾਸੀ ਸੰਪ੍ਰਦਾਇ ਵਿਚ ਆਪਣਾ ਦ੍ਰਿੜ੍ਹ ਸਥਾਨ ਬਣਾ ਲਿਆ। ਸੰਨ 1900 ਈ: ਤੱਕ ਪਹੁੰਚ ਕੇ ਇਸ ਸੰਪ੍ਰਦਾਇ ਦਾ ਸਿਧਾਂਤਕ ਸਰੂਪ ਉਹ ਨਾ ਰਿਹਾ, ਜੋ ਇਸ ਦੇ ਆਰੰਭ ਵੇਲੇ ਸੀ। ਪਰ ਉਦੋਂ ਤੱਕ ਇਹ ਸਿੱਖ-ਪੰਥ ਦੀ ਸ਼ਾਖਾ ਹੀ ਮੰਨੀ ਜਾਂਦੀ ਰਹੀ ਸੀ। ਇਥੋਂ ਗੁਰੂ ਨਾਨਕ ਪੰਥ ਅਤੇ ਉਦਾਸੀ-ਮਤ ਵਿਚ ਇਕ ਬੁਨਿਆਦੀ ਅੰਤਰ ਪੈਦਾ ਹੋ ਗਿਆ। ਉਦਾਸੀ-ਸੰਪ੍ਰਦਾਇ ਦੀ ਇਸ਼ਟ-ਭਾਵਨਾ ਬਾਬਾ ਗੁਰਦਿੱਤਾ ਤੱਕ ਤਾਂ ਗੁਰੂ-ਘਰ ਦੇ ਬਹੁਤ ਨੇੜੇ ਹੋ ਕੇ ਚੱਲੀ, ਸਿਵਾਏ ਗ੍ਰਹਿਸਥ ਤਿਆਗਣ ਦੇ, ਪਰ ਬਾਅਦ ਵਿਚ ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਉਸ ਵਿਚ ਪੰਚ-ਦੇਵ ਉਪਾਸਨਾ ਦੀ ਬਿਰਤੀ ਦੇ ਵਿਕਸਿਤ ਹੋ ਜਾਣ 'ਤੇ ਉਦਾਸੀ ਲੋਕ ਸਿੱਖ-ਧਰਮ ਨਾਲੋਂ ਦੂਰ ਹੋ ਗਏ।
ਗੁਰਦੁਆਰਾ ਐਕਟ ਸੰਨ 1925 ਦੇ ਪਾਸ ਹੋਣ ਨਾਲ ਸੰਨ 1926 ਈ: ਤੋਂ ਕਾਨੂੰਨੀ ਤੌਰ 'ਤੇ ਉਦਾਸੀ ਸੰਪ੍ਰਦਾਇ ਸਿੱਖ-ਧਰਮ ਤੋਂ ਵੱਖ ਘੋਸ਼ਿਤ ਕਰ ਦਿੱਤੀ ਗਈ। ਹੌਲੀ-ਹੌਲੀ ਉਦਾਸੀ ਡੇਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਬੰਦ ਹੁੰਦਾ ਗਿਆ।
ਧਾਰਮਿਕ ਖੇਤਰ ਵਿਚ ਉਦਾਸੀ ਸਾਧਾਂ ਨੇ ਇਕ ਨਵੇਂ ਪ੍ਰਕਾਰ ਦੀ ਸਾਧੂ ਸੰਪ੍ਰਦਾਇ ਨੂੰ ਜਨਮ ਦਿੱਤਾ, ਜੋ ਅਸਲ ਵਿਚ ਲੁਪਤ ਹੋਏ ਨਾਥ-ਪੰਥ ਦੀ ਸਥਾਨ-ਪੂਰਤੀ ਕਰਦੀ ਹੈ। ਇਨ੍ਹਾਂ ਸਾਧਾਂ ਵਿਚੋਂ ਕਈ ਜਟਾ-ਧਾਰੀ, ਕਈ ਮੋਨੇ, ਕਈ ਭਸਾਧਾਰੀ ਨਾਂਗੇ ਹਨ। ਜ਼ਿਆਦਾਤਰ ਗੇਰੂਏ ਬਸਤਰ ਧਾਰਨ ਕਰਦੇ ਹਨ। ਇਸ ਸੰਪ੍ਰਦਾਇ ਨੂੰ ਚਲਾਉਣ ਦਾ ਮੂਲ ਕਾਰਨ ਸ੍ਰੀ ਗੁਰੂ ਨਾਨਕ ਦੇਵ ਦੇ ਮਤ ਦਾ ਪ੍ਰਚਾਰ ਕਰਨਾ ਸੀ। ਸਿੱਖ-ਧਰਮ ਦੇ ਵਿਕਾਸ ਵਿਚ ਇਸ ਸੰਪ੍ਰਦਾਇ ਦਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਨਾਨਕ ਦੇਵ ਜੀ ਸਬੰਧੀ ਦੇਸ਼-ਵਿਦੇਸ਼ ਵਿਚ ਜਿੰਨੇ ਵੀ ਗੁਰੂ-ਧਾਮ ਬਣੇ, ਉਨ੍ਹਾਂ ਦੀ ਸਥਾਪਨਾ ਵਿਚ ਉਦਾਸੀ ਸਾਧਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਧਾਂ ਨੇ ਗੁਰਮੁਖੀ ਲਿੱਪੀ ਰਾਹੀਂ ਗੁਰਮਤਿ ਦਾ ਪ੍ਰਚਾਰ ਵੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕ ਬੀੜਾਂ ਲਿਖ ਕੇ ਗੁਰੂਧਾਮਾਂ ਵਿਚ ਸਥਾਪਿਤ ਕੀਤੀਆਂ ਅਤੇ ਗੁਰਬਾਣੀ ਦੀ ਮੌਖਿਕ ਅਤੇ ਲਿਖਿਤ ਦੋਵਾਂ ਤਰ੍ਹਾਂ ਦੀ ਵਿਆਖਿਆ ਕੀਤੀ। ਸਾਧਾਂ ਵਿਚ ਹਰੀਆ ਜੀਮ ਆਨੰਦਘਨ, ਅਮੀਰਦਾਸ, ਸੁਖਬਾਸੀ ਰਾਮ, ਸੰਤ ਰੇਣ, ਰਾਮਦਾਸ ਆਦਿ ਨੇ ਅਨੇਕ ਸਾਹਿਤਕ ਰਚਨਾਵਾਂ ਕੀਤੀਆਂ। ਇਨ੍ਹਾਂ ਦਾ ਝੁਕਾਅ ਸਨਾਤਨ ਧਰਮ ਵੱਲ ਹੋਣ ਕਾਰਨ ਪੰਜਾਬ ਤੋਂ ਬਾਹਰਲੇ ਉਦਾਸੀਆਂ ਵਲੋਂ ਤਿਆਰ ਕੀਤੀਆਂ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਦੀ ਬਿਰਤੀ ਸਨਾਤਨ-ਧਰਮ ਵਾਲੀ ਹੈ। ਲੇਖ ਦੇ ਆਰੰਭ ਵਿਚ ਦਿੱਤੀਆਂ ਸੰਪਰਦਾਵਾਂ ਸਿੱਖ ਪੰਥ ਤੋਂ ਵਖਰੇਵਾਂ ਪੈਦਾ ਕਰ ਚੁੱਕੀਆਂ ਹਨ, ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਅੱਜ ਆਪਣਾ ਵੱਖਰਾ ਸਰੂਪ ਤਿਆਰ ਕਰ ਗਈਆਂ ਹਨ। ਸਮੇਂ-ਸਮੇਂ ਰਾਜਨੀਤੀ ਤੇ ਧਰਮ 'ਤੇ ਕਾਬਜ਼ ਲੋਕਾਂ ਨੇ ਆਪਣੇ ਨਿੱਜੀ ਹਿਤਾਂ ਖਾਤਰ ਅਜਿਹੇ ਫੈਸਲੇ ਲਏ ਜਿਸ ਕਾਰਨ ਗੁਰੂ ਨਾਨਕ ਦੇ ਪੰਥ ਨੂੰ ਵੰਡਣ ਦਾ ਯਤਨ ਕੀਤਾ ਜਾਂਦਾ ਰਿਹਾ ਅਤੇ ਪੰਥਕ ਕਲਾਵਾ ਸੁੰਗੜਦਾ ਗਿਆ ਹੈ। ਅੱਜ ਇਕ ਨਿਸ਼ਾਨ ਤੇ ਇਕ ਵਿਧਾਨ ਦੀ ਪਰੰਪਰਾ ਨੂੰ ਖੋਰਾ ਲੱਗਾ ਹੈ।


-ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਕੱਤਰ ਸ਼੍ਰੋਮਣੀ ਅਕਾਲੀ ਬੁੱਢਾ ਦਲ।

ਸ਼ਬਦ ਵਿਚਾਰ

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ॥

ਸਿਰੀਰਾਗੁ ਮਹਲਾ ੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹਰਿ ਪਾਇਆ ਉਦਰ ਮੰਝਾਰਿ॥
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ
ਹਰਿ ਹਰਿ ਨਾਮੁ ਸਮਾਰਿ॥
ਹਰਿ ਹਰਿ ਨਾਮੁ ਜਪੇ ਆਰਾਧੇ
ਵਿਚਿ ਅਗਨੀ ਹਰਿ ਜਪਿ ਜੀਵਿਆ॥
ਬਾਹਰਿ ਜਨਮੁ ਭਇਆ ਮੁਖਿ ਲਾਗਾ
ਸਰਸੇ ਪਿਤਾ ਮਾਤ ਥੀਵਿਆ॥
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ
ਕਰਿ ਹਿਰਦੈ ਗੁਰਮੁਖਿ ਬੀਚਾਰਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ
ਹਰਿ ਜਪੀਐ ਕਿਰਪਾ ਧਾਰਿ॥ ੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਮਨੁ ਲਾਗਾ ਦੂਜੈ ਭਾਇ॥
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ
ਲੇ ਮਾਤ ਪਿਤਾ ਗਲਿ ਲਾਇ॥
ਲਾਵੈ ਮਾਤ ਪਿਤਾ ਸਦਾ ਗਲ ਸੇਤੀ
ਮਨਿ ਜਾਣੈ ਖਟਿ ਖਵਾਏ॥
ਜੋ ਦੇਵੈ ਤਿਸੈ ਨ ਜਾਣੈ ਮੂੜਾ
ਦਿਤੇ ਨੋ ਲਪਟਾਏ॥
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ
ਹਰਿ ਧਿਆਵੈ ਮਨਿ ਲਿਵ ਲਾਇ॥
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ
ਤਿਸੁ ਕਾਲੁ ਨ ਕਬਹੂੰ ਖਾਇ॥ ੨॥ (ਅੰਗ 76)
ਪਦ ਅਰਥ : ਉਦਰ-ਪੇਟ। ਉਧਰ ਮੰਝਾਰਿ-ਪੇਟ ਵਿਚ। ਉਚਰੈ-ਉਚਾਰਦਾ ਹੈ। ਸਮਾਰਿ-ਸੰਭਾਲਦਾ ਹੈ, ਵਸਾਈ ਰੱਖਦਾ ਹੈ। ਨਾਮੁ ਜਪੇ ਆਰਾਧੇ-ਨਾਮ ਜਪਦਾ ਤੇ ਆਰਾਧਦਾ ਰਹਿੰਦਾ ਹੈ। ਵਿਚਿ ਅਗਨੀ-(ਜਠਰ) ਅਗਨੀ ਵਿਚ। ਹਰਿ ਜਪਿ ਜੀਵਿਆ-ਪ੍ਰਭੂ ਦਾ ਨਾਮ ਜਪ ਕੇ ਜਿਊਂਦਾ ਹੈ। ਬਾਹਰਿ ਜਨਮੁ ਭਇਆ-(ਮਾਂ ਦੇ ਪੇਟ ਤੋਂ) ਬਾਹਰ ਆ ਕੇ ਜਨਮ ਲੈਂਦਾ ਹੈ। ਮੁਖਿ ਲਾਗਾ-ਮੂੰਹ ਲੱਗਾ (ਮਾਂ ਪਿਓ ਦੇ ਮੂੰਹ ਲੱਗਿਆ)। ਸਰਸੇ ਥੀਵਿਆ-ਪ੍ਰਸੰਨ ਹੋਇ। ਜਿਸ ਕੀ ਵਸਤੁ-ਜਿਸ ਪਰਮਾਤਮਾ ਦੀ (ਦਿੱਤੀ ਹੋਈ ਇਹ) ਦਾਤ ਹੈ। ਤਿਸੁ ਚੇਤਹੁ-ਉਸ ਨੂੰ ਯਾਦ ਕਰੋ। ਕਰਿ ਹਿਰਦੈ ਬੀਚਾਰਿ-ਹਿਰਦੇ ਵਿਚ ਉਸ ਦੇ ਗੁਣਾਂ ਨੂੰ ਵਿਚਾਰੋ।
ਦੂਜੈ ਭਾਇ-ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਭਾਵ ਮਾਇਆ ਦੇ ਪਿਆਰ ਵਿਚ। ਪਾਲੀਐ-ਪਾਲਿਆ ਜਾਂਦਾ ਹੈ, ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਗਲ ਸੇਤੀ-ਗਲ ਨਾਲ। ਖਟਿ ਖਵਾਏ-ਖਟ ਕਮਾ ਕੇ ਖਵਾਇਆ। ਮੂੜਾ-ਮੂਰਖ। ਦਿਤੇ ਨੋ ਲਪਟਾਏ-ਪਰਮਾਤਮਾ ਨੂੰ ਦਿੱਤੀ ਦਾਤ ਨੂੰ ਚਿੰਬੜਦਾ ਹੈ, ਨਾਲ ਮੋਹ ਕਰਦਾ ਹੈ। ਲਿਵ ਲਾਇ-ਸੁਰਤ ਨੂੰ ਜੋੜ ਕੇ। ਤਿਸੁ-ਉਸ ਨੂੰ। ਕਾਲੁ-ਮੌਤ, ਆਤਮਿਕ ਮੌਤ। ਨ ਕਬਹੂੰ ਖਾਇ-ਦਾ ਡਰ ਨਹੀਂ ਵਿਆਪਦਾ।
ਜਦੋਂ ਜੀਵ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਹ ਮਾਨੋ ਦੁੱਖਾਂ ਦੇ ਸਮੁੰਦਰ ਵਿਚ ਹੁੰਦਾ ਹੈ ਭਾਵ ਬੜੀ ਮੁਸੀਬਤ ਵਿਚ ਹੁੰਦਾ ਹੈ ਪਰ ਪਰਮਾਤਮਾ ਵਲੋਂ ਆਪਣਾ ਨਾਮ ਜਪਾਉਣ ਸਦਕਾ ਉਹ ਜੀਵ ਨੂੰ ਦੁੱਖਾਂ ਤੋਂ ਬਚਾਈ ਰੱਖਦਾ ਹੈ। ਪਰਮਾਤਮਾ ਵਲੋਂ ਬਾਹਰ ਮਾਇਆ ਦੀ ਜ਼ਹਿਰ ਖਿਲਾਰੀ ਰੱਖਣ ਦੇ ਕਾਰਨ ਜਦੋਂ ਮਾਂ ਦੇ ਪੇਟ 'ਚੋਂ ਬੱਚਾ ਬਾਹਰ ਆਉਂਦਾ ਹੈ ਤਾਂ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ ਵਧਾਈ ਰੱਖਿਆ ਹੁੰਦਾ ਹੈ ਪਰ ਜਿਸ 'ਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਪੂਰੇ ਗੁਰੂ ਨਾਲ ਮਿਲਾਪ ਕਰਵਾਉਂਦਾ ਹੈ। ਅਜਿਹਾ ਮਨੁੱਖ ਫਿਰ ਸੁਆਸ-ਸੁਆਸ ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਲਿਵ ਨੂੰ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦਾ ਹੈ। ਰਾਗੁ ਸੋਰਠ ਵਿਚ ਗੁਰ ਪੰਚਮ ਪਾਤਸ਼ਾਹ ਦੇ ਪਾਵਨ ਬਚਨ ਹਨ-
ਮਾਤ ਗਰਭ ਦੁਖ ਸਾਗਰੋ ਪਿਆਰੇ
ਤਹ ਅਪਣਾ ਨਾਮੁ ਜਪਾਇਆ॥
ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ
ਮਾਇਆ ਮੋਹੁ ਵਧਾਇਆ॥
ਜਿਸ ਨੋ ਕੀਤੋ ਕਰਮੁ ਆਪਿ ਪਿਆਰੇ
ਤਿਸੁ ਪੂਰਾ ਗੁਰੂ ਮਿਲਾਇਆ॥
ਸੋ ਆਰਾਧੇ ਸਾਸਿ ਸਾਸਿ ਪਿਆਰੇ
ਰਾਮ ਨਾਮ ਲਿਵ ਲਾਇਆ॥ (ਅੰਗ 640)
ਸਾਗਰੋ-ਸਮੁੰਦਰ। ਤਹ-ਉਥੇ (ਮਾਂ ਦੇ ਪੇਟ ਵਿਚ)। ਬਿਖੁ-ਜ਼ਹਿਰ। ਬਿਖੁ ਮਾਇਆ ਮੋਹੁ-ਆਤਮਿਕ ਜੀਵਨ ਨੂੰ ਮਾਰਨ ਵਾਲੀ ਮਾਇਆ ਦੇ ਮੋਹ ਦੀ ਜ਼ਹਿਰ। ਪਸਰੀਆ-ਖਿਲਰੀ ਹੋਣ ਦੇ ਕਾਰਨ। ਜਿਸ ਨੋ ਕੀਤੋ ਕਰਮੁ-ਜਿਸ 'ਤੇ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਤਿਸੁ-ਉਸ ਨੂੰ। ਸਾਸਿ ਸਾਸਿ-ਸੁਆਸ ਸੁਆਸ।
ਇਸ ਪ੍ਰਕਾਰ ਜਿਨ੍ਹਾਂ ਦਾ ਪੂਰੇ ਗੁਰੂ ਨਾਲ ਮੇਲ ਹੋ ਜਾਂਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿਚ ਲੱਗੇ ਰਹਿੰਦੇ ਹਨ ਭਾਵ ਸਦਾ ਥਿਰ ਪ੍ਰਭੂ ਦੇ ਨਾਮ ਵਿਚ ਲਿਵ ਨੂੰ ਜੋੜੀ ਰੱਖਦੇ ਹਨ। ਉਨ੍ਹਾਂ ਦੇ ਪਿੱਛੇ ਲੱਗ ਕੇ ਭਾਵ ਉਨ੍ਹਾਂ ਦੀ ਸਰਨੀ ਲੱਗ ਕੇ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਲਈਦਾ ਹੈ-
ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ
ਸੇ ਲਾਗੇ ਸਾਚੈ ਨਾਇ॥
ਤਿਨਾ ਪਿਛੈ ਛੁਟੀਐ ਪਿਆਰੇ
ਜੋ ਸਾਚੀ ਸਰਣਾਇ॥
(ਅੰਗ 640-41)
ਜਿਨ ਭੇਟੈ-ਜਿਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ। ਸਾਚੈ-ਸਦਾ ਥਿਰ ਪ੍ਰਭੂ ਦੇ ਨਾਮ ਵਿਚ। ਤਿਨਾ ਪਿਛੈ-ਉਨ੍ਹਾਂ ਦੇ ਪਿੱਛੇ ਲੱਗ ਕੇ, ਸਰਨੀ ਲੱਗ ਕੇ।
ਅੱਖਰੀਂ ਅਰਥ : ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਪਹਿਰੇ ਪਹਰ ਵਿਚ ਪਰਮਾਤਮਾ ਜੀਵ ਨੂੰ ਮਾਂ ਦੇ ਪੇਟ ਵਿਚ ਪਾਉਂਦਾ ਹੈ। ਹੇ ਵਣਜਾਰੇ ਮਿੱਤਰ, ਜੀਵ (ਉਸ ਵੇਲੇ) ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਦੇ ਨਾਮ ਨੂੰ ਉਚਾਰਦਾ ਹੈ ਅਤੇ ਉਸ ਦੇ ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ। ਇਸ ਪ੍ਰਕਾਰ ਜੀਵ ਪ੍ਰਭੂ ਦੇ ਨਾਮ ਨੂੰ ਜਪਦਾ, ਅਰਾਧਦਾ ਰਹਿੰਦਾ ਹੈ ਅਤੇ (ਮਾਂ ਦੇ ਪੇਟ ਵਿਚਲੀ ਜਠਰ) ਅਗਨੀ ਵਿਚ ਪਰਮਾਤਮਾ ਦੇ ਨਾਮ ਨੂੰ ਜਪ-ਜਪ ਕੇ ਜਿਊਂਦਾ ਰਹਿੰਦਾ ਹੈ। ਜਦੋਂ ਫਿਰ ਜਨਮ ਲੈ ਕੇ (ਮਾਂ ਦੇ ਪੇਟ 'ਚੋਂ) ਬਾਹਰ ਆਉਂਦਾ ਹੈ ਤਾਂ ਮਾਤਾ-ਪਿਤਾ ਦੇ ਮੂੰਹ ਲਗਦਾ ਹੈ ਅਤੇ ਮਾਤਾ-ਪਿਤਾ ਬੜਾ ਖੁਸ਼ ਹੁੰਦੇ ਹਨ। ਹੇ ਭਾਈ, ਜਿਸ ਪ੍ਰਭੂਦੀ ਦਿੱਤੀ ਹੋਈ ਇਹ ਦਾਤ ਹੈ, ਗੁਰੂ ਦੀ ਚਰਨੀ ਲੱਗ ਕੇ ਉਸ ਪ੍ਰਭੂ ਦੇ ਗੁਣਾਂ ਦੀ ਆਪਣੇ ਹਿਰਦੇ ਵਿਚ ਵਿਚਾਰ ਕਰੋ। ਚੌਥੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੇਕਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰ ਵਿਚ ਪਰਮਾਤਮਾ ਦੇ ਨਾਮ ਨੂੰ ਜਪਿਆ ਜਾ ਸਕਦਾ ਹੈ।
ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਦੂਜੇ ਪਹਿਰੇ ਪ੍ਰਾਣੀ ਦਾ ਮਨ ਪਰਮਾਤਮਾ ਨੂੰ ਭੁੱਲ ਕੇ ਸੰਸਾਰਕ ਪਦਾਰਥਾਂ ਵਿਚ ਲੱਗ ਜਾਂਦਾ ਹੈ। ਹੇ ਵਣਜਾਰੇ ਮਿੱਤਰ, ਇਹ ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ ਆਖ-ਆਖ ਕੇ ਮਾਤਾ-ਪਿਤਾ ਬਾਲਕ ਦਾ ਪਾਲਣ-ਪੋਸ਼ਣ ਕਰਦੇ ਹਨ। ਕਦੀ ਮਾਤਾ ਪੁੱਤਰ ਨੂੰ ਆਪਣੇ ਗਲੇ ਨਾਲ ਲਾਉਂਦੀ ਹੈ ਅਤੇ ਕਦੀ ਪਿਤਾ ਬਾਲਕ ਨੂੰ ਆਪਣੇ ਗਲੇ ਨਾਲ ਲਾਉਂਦਾ ਰਹਿੰਦਾ ਹੈ। ਮਾਤਾ-ਪਿਤਾ ਮਨ ਵਿਚ ਸਮਝਦੇ ਹਨ ਕਿ ਇਹ ਬਾਲਕ (ਵੱਡਾ ਹੋ ਕੇ) ਧਨ-ਦੌਲਤ ਖੱਟ-ਕਮਾ ਕੇ ਉਨ੍ਹਾਂ ਨੂੰ ਖਵਾਏਗਾ।
ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਕਿੰਨਾ ਮੂਰਖ ਹੈ ਕਿ ਰੱਬ ਵਲੋਂ ਦਿੱਤੀਆਂ ਸਾਰੀਆਂ ਵਸਤਾਂ (ਪੁੱਤਰ, ਧਨ ਦੌਲਤ ਆਦਿ) ਨੂੰ ਤਾਂ ਪਿਆਰ ਕਰਦਾ ਹੈ ਪਰ ਪ੍ਰਭੂ ਜੋ ਇਹ ਸਭ ਕੁਝ ਦਿੰਦਾ ਹੈ, ਉਸ (ਪ੍ਰਭੂ) ਨੂੰ ਯਾਦ ਤੱਕ ਨਹੀਂ ਕਰਦਾ ਭਾਵ ਭੁਲਾਈ ਰੱਖਦਾ ਹੈ। ਪਰ ਜੋ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਨੂੰ ਇਸ ਬਾਰੇ ਸੋਝੀ ਹੁੰਦੀ ਹੈ ਅਤੇ ਉਹ ਆਪਣੀ ਲਿਵ ਨੂੰ ਪਰਮਾਤਮਾ ਵਿਚ ਜੋੜੀ ਰੱਖਦਾ ਹੈ।
ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੀਵਨ ਰੂਪੀ ਰਾਤ ਦੇ ਦੂਜੇ ਪਹਿਰ ਵਿਚ ਅਜਿਹੇ ਗੁਰਮੁਖਿ ਨੂੰ ਮੌਤ ਦਾ ਡਰ ਨਹੀਂ ਵਿਆਪਦਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


217-ਆਰ, ਮਾਡਲ ਟਾਊਨ, ਜਲੰਧਰ।

ਸਿੱਖ ਰੈਫ਼ਰੈਂਸ ਲਾਇਬ੍ਰੇਰੀ : ਇਕ ਪੱਖ ਇਹ ਵੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਵਿਤਾ ਵਿਚ ਰਚੇ ਗ੍ਰੰਥਾਂ ਦੀ ਗੱਲ ਕਰਨੀ ਹੋਵੇ ਤਾਂ ਇਨ੍ਹਾਂ ਵਿਚ ਪ੍ਰੀਤ ਕਹਾਣੀਆਂ ਉੱਪਰ ਲਿਖੇ ਗਏ ਕਿੱਸੇ, ਵਾਰਾਂ, ਜੰਗਨਾਮੇ, ਸ਼ੀਹਰਫੀਆਂ, ਮਿੱਠੜੇ, ਝਗੜੇ, ਆਸਾਵਰੀਆਂ, ਮਾਝਾਂ, ਕਾਫੀਆਂ, ਗੁਰ ਉਸਤਤਿ, ਗੁਰ ਤੀਰਥ ਉਸਤਤਿ, ਛਪੈ, ਝੂਲਣੇ, ਦੋਹਰੇ, ਬਾਰਾਮਾਂਹ ਆਦਿ ਸਨ। ਵਾਰਤਕ ਵਿਚ ਵੱਖ-ਵੱਖ ਬਾਣੀਆਂ ਦੇ ਟੀਕੇ, ਉਥਾਨਕਾਵਾਂ, ਗੋਸ਼ਟਾਂ, ਪਰਚੀਆਂ, ਕਥਾਵਾਂ, ਰਹਿਤਨਾਮੇ, ਹੁਕਮਨਾਮੇ, ਸਾਖੀਆਂ, ਜਨਮ ਸਾਖੀਆਂ ਆਦਿ ਸਨ। ਅਨੁਵਾਦ ਮੱਧਕਾਲੀ ਪੁਸਤਕ ਦੀ ਇਕ ਹੋਰ ਪ੍ਰਸਿੱਧ ਵੰਨਗੀ ਹੈ। ਅਨੁਵਾਦਾਂ ਵਿਚ ਮਹਾਂਭਾਰਤ ਦੇ ਵੱਖ-ਵੱਖ ਪਰਬਾਂ ਦੇ ਅਨੁਵਾਦ, ਅਮਰ ਕੋਸ਼, ਯੋਗ ਵਿਸ਼ਿਸ਼ਟ, ਸਾਰੁਕਤਾਵਲੀ, ਭਗਵਤ ਗੀਤਾ ਅਤੇ ਫਾਰਸੀ ਗ੍ਰੰਥ ਕੀਮਿਆਇ ਸਾਅਦਤ ਦਾ 'ਪਾਰਸ ਭਾਗ' ਨਾਂਅ ਥੱਲੇ ਕੀਤੇ ਗਏੇ ਅਨੁਵਾਦ ਮਿਲਦੇ ਸਨ।
ਬਹੁਤ ਸਾਰੀਆਂ ਬਾਣੀਆਂ ਦੇ ਪ੍ਰਤੀਲਿਪੀ ਸੰਗ੍ਰਹਿ ਵੀ ਇਸ ਭੰਡਾਰ ਵਿਚ ਸਨ। ਇਨ੍ਹਾਂ ਤੋਂ ਬਿਨਾਂ ਸ਼ਬਦਾਂ, ਸਲੋਕਾਂ, ਪਦਿਆਂ, ਅਸ਼ਟਪਦੀਆਂ ਆਦਿ ਦੇ ਵੀ ਸੰਗ੍ਰਹਿ ਸਨ। ਮਿਹਰਬਾਨ, ਹਰਿ ਜੀ, ਚਤੁਰਭੁਜ ਅਤੇ ਮੀਣਾ ਸੰਪ੍ਰਦਾਇ ਦੇ ਹੋਰ ਕਈ ਲੇਖਕਾਂ ਦੁਆਰਾ ਰਚੀ ਗਈ ਬਾਣੀ ਦੇ ਗ੍ਰੰਥ ਵੀ ਸਨ। ਜੇਕਰ ਸਰਗੁਣ ਭਗਤੀ ਦੀ ਗੱਲ ਕਰਨੀ ਹੋਵੇ ਤਾਂ 'ਸੁਦਾਮਾ ਚਰਿਤ੍ਰ', 'ਭਗਵਤੀ ਜੀ ਕੀ ਉਸਤਤਿ', 'ਰਾਮ ਚਰਿਤ ਮਾਨਸ', 'ਹਨੂੰਮਾਨ ਨਾਟਕ', 'ਕਥਾ ਕਾਨ੍ਹ ਗੁਜਰੀ ਕੀ', 'ਆਦਿ ਰਾਮਾਇਣ' ਅਤੇ 'ਬੰਸੀ ਸ੍ਰੀ ਕ੍ਰਿਸ਼ਨ ਜੀ ਕੀ' ਆਦਿ ਰਚਨਾਵਾਂ ਉਪਲਬਧ ਸਨ।ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਹੀ ਸਿੱਖ ਇਤਿਹਾਸ ਨਾਲ ਸਬੰਧਿਤ ਬੜੇ ਮੁੱਲਵਾਨ ਗ੍ਰੰਥ ਸਾਂਭੇ ਪਏ ਸਨ। ਇਨ੍ਹਾਂ ਵਿਚ ਸ਼ਾਮਿਲ ਸਨ-ਗੁਰਬਿਲਾਸ, ਗੁਰਪ੍ਰਣਾਲੀਆਂ, ਜੰਗਨਾਮੇ, ਗੁਰ ਉਸਤਤਿ, ਦਸ ਅਵਤਾਰ ਉਸਤਤਿ, ਬਾਬਾ ਬੁੱਢਾ ਬੰਸਾਵਲੀ, ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕੀ, ਸ੍ਰੀ ਅੰਮ੍ਰਿਤਸਰ ਮਹਿਮਾ, ਸੁਧਾਸਰ ਗ੍ਰੰਥ, ਕਥਾ ਕਬੀਰ ਗੁਸਾਈਂ ਕੀ, ਕਬੀਰ ਕੀ ਪਰਚੀ, ਪਰਚੀ ਦਾਦੂ ਦਿਆਲ ਆਦਿ ਸਨ। ਇਨ੍ਹਾਂ ਰਚਨਾਵਾਂ ਵਿਚੋਂ ਬਾਬਾ ਬੁੱਢਾ ਬੰਸਾਵਲੀ ਅਜਿਹੀ ਇਕ ਰਚਨਾ ਸੀ, ਜਿਸ ਦੀ ਕੇਵਲ ਇਕੋ ਹੀ ਕਾਪੀ ਸੀ ਅਤੇ ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ। ਇਹ ਬੰਸਾਵਲੀ ਕਿਉਂਕਿ ਕਵੀ ਸੌਧਾ ਦੀ ਲਿਖੀ ਹੋਈ ਹੈ, ਇਸ ਲਈ ਮੈਂ ਇਸ ਦਾ ਪੂਰਾ ਮਤਨ ਆਪਣੀ ਪੁਸਤਕ 'ਕਵੀ ਸੌਧਾ : ਇਕ ਆਲੋਚਨਾਤਮਕ ਅਧਿਐਨ' ਦੇ ਇਕ ਅਧਿਆਇ ਵਿਚ ਦੇ ਦਿੱਤਾ ਹੈ। ਸ੍ਰੀ ਅੰਮ੍ਰਿਤਸਰ ਦੀ ਉਸਤਤਿ ਵਿਚ ਲਿਖੇ ਗਏ ਗ੍ਰੰਥਾਂ ਵਿਚ ਇਸ ਨਗਰ, ਵਿਸ਼ੇਸ਼ ਕਰਕੇ ਹਰਮਿੰਦਰ ਸਾਹਿਬ ਦਾ ਇਤਿਹਾਸ ਛੁਪਿਆ ਹੋਇਆ ਹੈ। ਮੱਧਕਾਲ ਵਿਚ ਇਹ ਧਾਰਨਾ ਬਣੀ ਹੋਈ ਸੀ ਕਿ ਕਿਤਾਬ ਅਤੇ ਤਲਾਬ ਦੋ ਅਜਿਹੀਆਂ ਪ੍ਰੇਰਕ ਵਸਤਾਂ ਹਨ, ਜੋ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਦੀਆਂ ਹਨ। ਕਿਤਾਬ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਤਲਾਬ ਤੋਂ ਭਾਵ ਅੰਮ੍ਰਿਤ ਸਰੋਵਰ ਹੈ। ਇਸੇ ਲਈ ਇਹ ਦੋਵੇਂ ਹਮਲਾਵਰਾਂ ਦੇ ਨਿਸ਼ਾਨੇ ਉਪਰ ਰਹੀਆਂ ਹਨ। ਗੋਪਾਲ ਸਿੰਘ ਨਵੀਨ ਦਾ 'ਸੁਧਾਸਰ ਗ੍ਰੰਥ' ਅਜਿਹਾ ਹੀ ਇਕ ਗ੍ਰੰਥ ਸੀ, ਜਿਸ ਵਿਚ ਅੰਮ੍ਰਿਤ ਸਰੋਵਰ ਦੀ ਮਹਿਮਾ ਵਿਚ ਵੱਖ-ਵੱਖ ਕਵੀਆਂ ਵਲੋਂ ਲਿਖੇ ਗਏ ਛੰਦ ਸੰਕਲਿਤ ਸਨ। ਕਵੀ ਮਦਨ ਸਿੰਘ ਦਾ ਗ੍ਰੰਥ 'ਫੂਲ ਬੰਸ ਪ੍ਰਕਾਸ਼' ਬਾਬਾ ਫੂਲ ਤੋਂ ਲੈ ਕੇ 19ਵੀਂ ਸਦੀ ਤੱਕ ਦੇ ਫੂਲਕੀਆਂ ਰਿਆਸਤਾਂ ਦੇ ਰਾਜਿਆਂ ਦਾ ਬਿਰਤਾਂਤ ਸੀ।
ਭਾਸ਼ਾ ਦੇ ਪੱਖ ਤੋਂ ਵੀ ਇਨ੍ਹਾਂ ਗ੍ਰੰਥਾਂ ਦੀ ਬੜੀ ਅਹਿਮੀਅਤ ਸੀ। ਸ਼ੀਹਰਫੀਆਂ, ਦੋਹੜੇ, ਬਾਰਾਮਾਂਹ, ਕਿੱਸੇ, ਵਾਰਾਂ, ਜੰਗਨਾਮੇ ਅਤੇ ਝਗੜੇ ਆਦਿ ਸਰਲ ਅਤੇ ਠੇਠ ਪੰਜਾਬੀ ਵਿਚ ਸਨ, ਜਦਕਿ ਬਾਕੀ ਬ੍ਰਜ ਭਾਸ਼ਾ ਤੋਂ ਪ੍ਰਭਾਵਿਤ ਪੰਜਾਬੀ ਵਿਚ ਅਤੇ ਕੁਝ ਨਿਰੋਲ ਬ੍ਰਜ ਭਾਸ਼ਾ ਦੇ ਗ੍ਰੰਥ ਸਨ। ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਅਜਿਹਾ ਵਿਰਸਾ ਸੀ, ਜੋ ਭਾਸ਼ਾਈ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਸਾਹਿਤ ਰਚਨਾ ਕਰਨ ਵਾਲੇ ਪੰਜਾਬੀਆਂ ਦੀ ਬਹੁਭਾਸ਼ਾਈ ਯੋਗਤਾ ਅਤੇ ਖੁੱਲ੍ਹਦਿੱਲੀ ਦਾ ਪ੍ਰਮਾਣ ਵੀ ਸੀ। ਗੁਰਮੁਖੀ ਦੇ ਪ੍ਰਚਲਨ, ਤਰਤੀਬ ਅਤੇ ਵਿਕਾਸ ਨੂੰ ਉਲੀਕਣ ਵਿਚ ਵੀ ਇਹ ਗ੍ਰੰਥ ਭਰਪੂਰ ਰੌਸ਼ਨੀ ਪਾਉਂਦੇ ਸਨ। ਵੱਖ-ਵੱਖ ਹੱਥਾਂ ਦੁਆਰਾ ਲਿਖੇ ਗਏ ਹੋਣ ਕਰਕੇ ਇਹ ਗੁਰਮੁਖੀ ਦੀ ਪੁਰਾਣੀ ਲਿਖਣ ਸ਼ੈਲੀ ਦੇ ਜਿਊਂਦੇ-ਜਾਗਦੇ ਗਵਾਹ ਸਨ। ਅਸੀਂ ਜਾਣਦੇ ਹਾਂ ਕਿ ਗੁਰਮੁਖੀ ਵਰਣਮਾਲਾ ਦੀ ਪੁਰਾਣੀ ਤਰਤੀਬ ਉਹ ਨਹੀਂ ਜੋ ਅੱਜ ਹੈ ਅਤੇ ਇਸੇ ਤਰ੍ਹਾਂ ਕਈ ਮਾਤ੍ਰਾਵਾਂ ਅਤੇ ਉਨ੍ਹਾਂ ਦਾ ਲਿਖਣ ਢੰਗ ਵੀ ਅੱਜ ਵਰਗਾ ਨਹੀਂ ਸੀ। ਅੱਖਰ ਬਣਤਰ ਅਤੇ ਮਾਤ੍ਰਾਵਾਂ ਦਾ ਵਿਕਾਸ ਜਾਣਨ ਲਈ ਇਨ੍ਹਾਂ ਗ੍ਰੰਥਾਂ ਵਿਚ ਕਾਫੀ ਉਪਯੋਗੀ ਸਮੱਗਰੀ ਸੀ।
'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਪੁਸਤਕ ਵਿਚ ਦਰਜ ਗ੍ਰੰਥਾਂ ਵਿਚੋਂ ਕਈ ਗ੍ਰੰਥ ਸਚਿੱਤਰ ਸਨ। ਜਨਮ ਸਾਖੀਆਂ ਅਤੇ ਕਿੱਸਿਆਂ ਵਿਚ ਸਬੰਧਿਤ ਘਟਨਾ ਜਾਂ ਸਾਖੀ ਨਾਲ ਬਣਦੇ ਫ਼ਬਦੇ ਚਿੱਤਰ ਬਣਾਏ ਗਏ ਹੁੰਦੇ ਸਨ। ਕਈ ਬਾਣੀ ਸੰਗ੍ਰਹਿ ਵੀ ਚਿੱਤਰਾਂ ਨਾਲ ਸੁਸੱਜਿਤ ਹੁੰਦੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਸਰੂਪ ਵੇਖੇ ਹਨ, ਉਹ ਜਾਣਦੇ ਹਨ ਕਿ ਜਿੱਥੋਂ ਕੋਈ ਨਵਾਂ ਰਾਗ ਸ਼ੁਰੂ ਹੁੰਦਾ ਸੀ ਜਾਂ ਸਮਾਪਤ ਹੁੰਦਾ ਸੀ, ਉਹ ਪੱਤਰੇ ਵੇਲ-ਬੂਟਿਆਂ ਨਾਲ ਸਜਾਏ ਜਾਂਦੇ ਸਨ। ਕਈ ਹੱਥ-ਲਿਖਤ ਗ੍ਰੰਥਾਂ ਦੇ ਹਾਸ਼ੀਏ ਅਤਿ ਸੁੰਦਰ ਵੇਲਾਂ, ਲਕੀਰਾਂ ਅਤੇ ਬਹੁਪ੍ਰਕਾਰੀ ਸਿਆਹੀਆਂ (ਰੰਗਾਂ) ਨਾਲ ਸ਼ੋਭਨੀਕ ਹੁੰਦੇ ਸਨ। ਇਹ ਸਾਰਾ ਕੁਝ ਪੰਜਾਬੀਆਂ ਦੇ ਚਿੱਤਰਕਲਾ ਦੇ ਮੋਹ ਦਾ ਵੀ ਸੂਚਕ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸਾਂਭੇ ਗਏ ਗ੍ਰੰਥਾਂ ਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮਨੁੱਖੀ ਜੀਵਨ ਦਾ ਹਰ ਪੱਖ ਇਨ੍ਹਾਂ ਦਾ ਵਿਸ਼ਾ ਸੀ। ਵੱਖ-ਵੱਖ ਧਰਮ ਅਤੇ ਦਰਸ਼ਨ (ਖਟ ਸ਼ਾਸਤਰ), ਪੌਰਾਣ, ਸੂਫ਼ੀਵਾਦ, ਸੰਪਰਦਾਵਾਂ, ਇਤਿਹਾਸ, ਭੂਗੋਲ, ਭਾਸ਼ਾ ਵਿਗਿਆਨ, ਕੋਸ਼, ਸਾਹਿਤ ਸ਼ਾਸਤਰ (ਰਸ, ਅਲੰਕਾਰ ਆਦਿ) ਪਸ਼ੂ ਚਕਿਤਸਾ, ਤਿੱਬ ਜਾਂ ਹਿਕਮਤ, ਜੋਤਿਸ਼, ਵਹਿਮ-ਭਰਮ, ਮੰਤਰ-ਤੰਤਰ, ਯੋਗ, ਨੀਤੀ ਸ਼ਾਸਤਰ, ਵਿਆਕਰਣ ਅਤੇ ਰਹਿਤ ਮਰਿਯਾਦਾ ਆਦਿ ਬਾਰੇ ਇਹ ਗ੍ਰੰਥ ਰੌਸ਼ਨੀ ਪਾਉਂਦੇ ਸਨ। 'ਸਾਡਾ ਹੱਥ ਲਿਖਿਤ ਪੰਜਾਬੀ ਸਾਹਿਤ' ਪੁਸਤਕ ਅੱਜ ਤੋਂ 50 ਵਰ੍ਹੇ ਪਹਿਲਾਂ ਛਪੀ ਸੀ। ਇਸ ਤੋਂ ਬਾਅਦ ਇਸ ਦਾ ਕੋਈ ਸੰਸਕਰਣ ਛਪਿਆ ਜਾਂ ਨਹੀਂ? ਇਸ ਬਾਰੇ ਕੋਈ ਜਾਣਕਾਰੀ ਨਹੀਂ। ਜੇ ਇਹ ਪੁਸਤਕ ਦੁਬਾਰਾ ਨਹੀਂ ਛਪੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਮੁੜ ਛਾਪਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਿੱਥੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸੁਰੱਖਿਅਤ ਗ੍ਰੰਥਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਂਦੀ ਹੈ, ਉੱਥੇ ਖੋਜ ਦੀ ਦ੍ਰਿਸ਼ਟੀ ਤੋਂ ਇਸ ਵਿਚ ਬਹੁਤ ਮੁੱਲਵਾਨ ਸਮੱਗਰੀ ਹੈ, ਜੋ ਅੱਜ ਦੇ ਖੋਜਕਾਰਾਂ ਲਈ ਵੀ ਲਾਹੇਵੰਦ ਹੈ।
(ਸਮਾਪਤ)


-ਮੋਬਾ: 98889-39808

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX