ਤਾਜਾ ਖ਼ਬਰਾਂ


ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  50 minutes ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  about 1 hour ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 3 hours ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  about 3 hours ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  about 3 hours ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਹੋਰ ਖ਼ਬਰਾਂ..

ਲੋਕ ਮੰਚ

ਜਦੋਂ ਇਕ ਨੌਜਵਾਨ 'ਚੋਂ ਭੂਤ ਬੋਲ ਪਿਆ

ਇਹ ਗੱਲ 12 ਕੁ ਸਾਲ ਪੁਰਾਣੀ ਹੈ, ਜਦ ਮੇਰਾ ਇਕ ਮਿੱਤਰ ਮੈਨੂੰ ਆਪਣੇ ਉਸ ਸਨੇਹੀ ਦੇ ਘਰ ਲੈ ਗਿਆ, ਜਿਸ ਦੇ ਨੌਜਵਾਨ ਲੜਕੇ ਨੂੰ ਭੂਤ ਚਿੰਬੜੇ ਹੋਣ ਦਾ ਭਰਮ ਸੀ। ਇਹ ਪੜ੍ਹਿਆ-ਲਿਖਿਆ ਸਿੱਖ ਪਰਿਵਾਰ ਇਸ ਨੌਜਵਾਨ ਦੇ ਕਾਫੀ ਧਾਗੇ, ਤਵੀਤ ਬੰਨ੍ਹੀ-ਬੰਨ੍ਹਾਈ ਬੈਠਾ ਸੀ। ਇਕ ਹੋਰ ਪਾਖੰਡੀ ਬੰਦਾ ਇਨ੍ਹਾਂ ਨੂੰ ਪੰਜ ਹਰੀਆਂ ਲੈਚੀਆਂ ਵਾਲੇ ਪਾਣੀ ਦੀ ਬੋਤਲ 2,100 ਰੁਪਏ ਵਿਚ ਵੇਚ ਗਿਆ ਸੀ। ਇਹ ਨੌਜਵਾਨ ਜੂਨ ਦੇ ਮਹੀਨੇ ਵੀ ਨਾ ਮੰਜੇ ਤੋਂ ਉੱਠਦਾ ਸੀ, ਨਾ ਨਹਾਉਂਦਾ ਤੇ ਨਾ ਹੀ ਬਹੁਤਾ ਖਾਂਦਾ-ਪੀਂਦਾ, ਚੁੱਪ-ਚਾਪ ਪਿਆ ਰਹਿੰਦਾ ਸੀ। 30 ਸਾਲ ਦੀ ਉਮਰ, ਅਣਵਿਆਹਿਆ, ਕਾਫੀ ਸੋਹਣਾ-ਸੁਨੱਖਾ ਸੀ। ਮੈਨੂੰ ਮੇਰੇ ਮਿੱਤਰ ਨੇ ਪਹਿਲਾਂ ਹੀ ਸਮਝਾ ਦਿੱਤਾ ਕਿ ਇਹ ਇਕੋ ਸਵਾਲ ਸਭਨਾਂ ਕੋਲੋਂ ਪੁੱਛਦਾ ਹੈ ਕਿ ਭੂਤ ਹੁੰਦੇ ਕਿ ਨਹੀਂ? ਜੇ ਤੁਸੀਂ ਨਹੀਂ ਕਹੋਗੇ ਤਾਂ ਇਹ ਹੋਰ ਕੋਈ ਗੱਲ ਨਹੀਂ ਸੁਣਦਾ। ਮੈਂ ਘਰ ਜਾਂਦਿਆਂ ਉਸ ਦੇ ਮਾਂ-ਬਾਪ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਫਿਰ ਉਸ ਨੌਜਵਾਨ ਦੇ ਕਮਰੇ 'ਚ ਗਿਆ। ਦਰਵਾਜ਼ਾ ਬੰਦ ਕਰ ਦਿੱਤਾ ਤੇ ਹਮਦਰਦੀ ਭਰੇ ਲਹਿਜ਼ੇ 'ਚ ਗੱਲਬਾਤ ਕੀਤੀ। ਉਹਦਾ ਪਹਿਲਾ ਸਵਾਲ ਸੀ ਕਿ ਸਰ! ਭੂਤ ਹੁੰਦੇ ਕਿ ਨਹੀਂ? ਉਸ ਦੀ ਮਨੋਬਿਰਤੀ ਨੂੰ ਸਮਝਦਿਆਂ ਮੈਂ ਕਿਹਾ ਕਿ ਭੂਤ ਹੁੰਦੇ ਐ ਪਰ ਮੇਰੇ ਪਾਸ ਇਲਾਜ ਹੈ। ਮੈਂ ਤੈਨੂੰ ਇਕ ਸ਼ਬਦ ਲਿਖ ਕੇ ਦਿਆਂਗਾ ਜੋ ਹੋਰ ਕਿਸੇ ਨੂੰ ਦੱਸਣਾ ਨਹੀਂ। ਤੂੰ ਸਵੇਰੇ ਕੇਸੀ ਇਸ਼ਨਾਨ ਕਰਕੇ ਇਸ ਸ਼ਬਦ ਦਾ 11 ਵਾਰ ਪਾਠ ਕਰਨਾ ਹੈ (ਕਿਉਂਕਿ ਭਰ ਗਰਮੀ ਵਿਚ ਉਹ ਨਹਾਉਂਦਾ ਨਹੀਂ ਸੀ), ਦੁਪਹਿਰੇ ਰੋਟੀ ਖਾਣ ਤੋਂ ਬਾਅਦ ਫਿਰ 11 ਵਾਰ ਅਤੇ ਰਾਤੀਂ ਸੌਣ ਤੋਂ ਪਹਿਲਾਂ ਮੂੰਹ-ਹੱਥ ਧੋ ਕੇ 11 ਵਾਰ ਪਾਠ ਕਰਨਾ ਹੈ। ਮੈਂ ਉਸ ਨੂੰ ਕਾਗਜ਼ ਉੱਪਰ ਸ਼ਬਦ ਲਿਖ ਕੇ ਦਿੱਤਾ, ਫਿਰ ਸ਼ੁੱਧ ਪੜ੍ਹਨਾ ਵੀ ਸਿਖਾਇਆ। ਫਿਰ ਮੈਂ ਦੇਸ਼/ਵਿਦੇਸ਼ ਵਿਚ ਕਿੰਨੇ ਲੋਕਾਂ ਦੇ ਭੂਤ ਭਜਾਏ, ਇਹ ਮੈਂ ਨਿੱਜੀ ਜੀਵਨ ਦੀਆਂ ਕਥਾ ਕਹਾਣੀਆਂ ਉਸ ਦਾ ਮਨ ਮਜ਼ਬੂਤ ਕਰਨ ਲਈ ਸਾਂਝੀਆਂ ਕੀਤੀਆਂ। ਮੈਂ ਉਸ ਦੀ ਸਹਿਮਤੀ ਨਾਲ ਕਾਲੇ, ਲਾਲ, ਹਰੇ ਧਾਗੇ ਉਸ ਦੀਆਂ ਲੱਤਾਂ/ਬਾਹਾਂ ਤੋਂ ਖੋਲ੍ਹ ਦਿੱਤੇ। ਹੁਣ ਉਹ ਕਾਫੀ ਸੁਰਖਰੂ ਹੋਇਆ ਮੇਰੇ ਨਾਲ ਦੁੱਖ-ਸੁੱਖ ਫਰੋਲਣ ਲੱਗ ਪਿਆ। ਉਹ ਮੈਨੂੰ ਆਪਣਾ ਵੱਡਾ ਹਮਦਰਦ ਤੇ ਮਿੱਤਰ ਸਮਝ ਕੇ ਮਨ ਦੀਆਂ ਗੱਲਾਂ ਕਰ ਰਿਹਾ ਸੀ। ਇਸ ਨੌਜਵਾਨ ਦੀਆਂ ਹੋਰ ਵੀ ਸਮੱਸਿਆਵਾਂ ਸਨ। ਬੀ.ਏ. ਪਾਸ ਹੋਣ ਦੇ ਬਾਵਜੂਦ ਚੰਗਾ ਰੁਜ਼ਗਾਰ ਨਹੀਂ ਸੀ, ਜਿਥੇ ਕੰਮ ਕਰਦਾ ਸੀ ਉਥੇ ਤਨਖਾਹ ਬਹੁਤ ਘੱਟ ਸੀ। ਜੀਵਨ ਦਾ ਕੋਈ ਸ਼ੌਕ ਨਹੀਂ, ਕੋਈ ਚੰਗਾ ਮਿੱਤਰ ਨਹੀਂ, ਚੰਗਾ ਘਰ-ਬਾਰ ਹੁੰਦਿਆਂ ਵੀ ਘਰ ਵਿਚ ਕੋਈ ਪੁੱਛਗਿੱਛ ਨਹੀਂ ਸੀ। ਆਰਥਿਕ ਤੌਰ 'ਤੇ ਇਹ ਚੰਗਾ ਪਰਿਵਾਰ ਸੀ, ਜੋ ਇਸ ਨੌਜਵਾਨ ਤੋਂ ਕੋਈ ਹੋਰ ਚੰਗਾ ਕੰਮਕਾਰ ਵੀ ਕਰਵਾ ਸਕਦਾ ਸੀ। ਇਥੇ ਪੜ੍ਹੇ-ਲਿਖੇ ਮਾਂ-ਬਾਪ ਦੀ ਆਪਣੇ ਪੁੱਤਰ ਪ੍ਰਤੀ ਅਗਿਆਨਤਾ ਵੀ ਵੱਡੀ ਰੁਕਾਵਟ ਸੀ। ਇਸ ਸ਼ਰੀਫ ਜਿਹੇ ਸੁਨੱਖੇ ਨੌਜਵਾਨ ਨੂੰ ਕੋਈ ਐਬ ਜਾਂ ਨਸ਼ਾ ਬਿਲਕੁਲ ਨਹੀਂ ਸੀ। ਕੋਈ ਗੱਲ ਰਹਿ ਗਈ ਹੋਵੇ ਤਾਂ ਜ਼ਰੂਰ ਦੱਸ। ਨੌਜਵਾਨ ਨੇ ਮੇਰੇ ਗੋਡੇ ਫੜ ਲਏ। ਕਹਿੰਦਾ ਸਰ ਜੀ! ਹੁਣ ਮੇਰਾ ਵਿਆਹ ਵੀ ਕਰਵਾ ਦਿਓ। ਇਹ ਸਾਰੀਆਂ ਗੱਲਾਂ ਫਿਰ ਮੈਂ ਉਸ ਦੇ ਮਾਂ-ਬਾਪ ਨਾਲ ਸਾਂਝੀਆਂ ਕੀਤੀਆਂ ਕਿ ਇਸ ਵਿਚ ਕੋਈ ਭੂਤ-ਪ੍ਰੇਤ ਨਹੀਂ ਹੈ, ਤੁਸੀਂ ਭਰਮ ਮੁਕਤ ਹੋਵੋ, ਇਹ ਸਭ ਮਾਨਸਿਕ ਪ੍ਰੇਸ਼ਾਨੀਆਂ ਹਨ। ਕੁਝ ਇਸ ਤਰ੍ਹਾਂ ਦੇ ਨੌਜਵਾਨ ਮੁੰਡੇ/ਕੁੜੀਆਂ ਦੀਆਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ। ਮਾਂ-ਬਾਪ ਨੂੰ ਧੀਆਂ/ਪੁੱਤਰਾਂ ਨਾਲ ਦੋਸਤ ਬਣ ਕੇ ਵੀ ਵਿਚਰਨਾ ਚਾਹੀਦਾ ਹੈ। ਮੈਂ ਕੁਝ ਸੁਝਾਅ ਉਨ੍ਹਾਂ ਨੂੰ ਲਿਖ ਕੇ ਵੀ ਦਿੱਤੇ। ਜਦ ਉਸ ਨੌਜਵਾਨ ਦਾ ਵਿਆਹ ਹੋ ਗਿਆ ਤਾਂ ਸਭ ਠੀਕ ਹੋ ਗਿਆ।

-ਮੋਬਾ: 9815985559


ਖ਼ਬਰ ਸ਼ੇਅਰ ਕਰੋ

ਰਹਿਣੀ ਚੜ੍ਹਦੀ ਕਲਾ ਪੰਜਾਬ ਦੀ!

ਕਹਿੰਦੇ ਹਨ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਨਵੀਆਂ ਮਹਿੰਮਾਂ ਰਹਿੰਦੀਆਂ ਹਨ। ਇਹ ਕੌਮ ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਕੌਮ ਹੈ। ਪੰਜਾਬੀ ਸ਼ੁਰੂ ਤੋਂ ਹੀ ਹਰ ਮੁਸੀਬਤ ਦਾ ਮੁਕਾਬਲਾ ਕਰਦੇ ਰਹੇ ਹਨ। ਕਦੇ ਇਨ੍ਹਾਂ ਦੇ ਸਿਰਾਂ ਦੇ ਮੁੱਲ ਪਏ ਹਨ, ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਖਤਮ ਕਰਨ ਬਾਰੇ ਸੋਚਿਆ ਹੈ, ਪਰ ਇਨ੍ਹਾਂ ਨੇ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕੀਤਾ ਹੈ। ਪਰ ਹੁਣ ਇਹ ਕੌਮ ਆਪਣੀ ਹੋਂਦ ਬਚਾਈ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਅਖ਼ਬਾਰਾਂ ਵਿਚ ਰੋਜ਼ਾਨਾ ਖ਼ਬਰਾਂ ਲੱਗ ਰਹੀਆਂ ਹਨ ਕਿ ਨਸ਼ਾ ਅਤੇ ਗੈਂਗਵਾਰ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਵਿਚ ਨਸ਼ਾ ਸਪਲਾਈ ਆਮ ਗੱਲ ਹੈ, ਬਹੁਤ ਸਾਰੇ ਹਾਨੀਕਾਰਕ ਨਸ਼ੇ ਆਮ ਮਿਲ ਰਹੇ ਹਨ। ਸਰਕਾਰ ਵੀ ਨਸ਼ਾ ਰੋਕਣ ਵਿਚ ਨਾਕਾਮ ਸਾਬਤ ਹੋਈ ਹੈ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਡੀ ਸਾਰੀ ਹੀ ਜਵਾਨੀ ਬੇਪ੍ਰਵਾਹ ਹੋ ਗਈ, ਜੇ ਨਸ਼ਾ ਕਰਨ ਵਾਲੇ ਪੰਜਾਬੀ ਨੌਜਵਾਨ ਹਨ ਤਾਂ ਨਸ਼ੇ ਵਿਰੁੱਧ ਮੁਹਿੰਮਾਂ ਚਲਾਉਣ ਵਾਲੇ, ਆਪਣੇ ਸ਼ਲਾਘਾਯੋਗ ਕੰਮਾਂ ਦੇ ਸਿਰ 'ਤੇ ਦੇਸ਼ ਅਤੇ ਵਿਦੇਸ਼ ਵਿਚ ਹੱਡ-ਭੰਨਵੀਂ ਮਿਹਨਤ ਕਰਕੇ ਪੰਜਾਬ ਦਾ ਨਾਂਅ ਚਮਕਾਉਣ ਵਾਲੇ ਵੀ ਬਹੁਤ ਨੌਜਵਾਨ ਹਨ, ਜਿਨ੍ਹਾਂ ਦੇ ਉੱਤੇ ਸਾਨੂੰ ਬਹੁਤ ਮਾਣ ਹੈ। ਪਿੱਛੇ ਜਿਹੇ ਕੈਨੇਡਾ ਦੇ ਕਿਸੇ ਕਾਲਜ ਦੀ ਪ੍ਰੋਫੈਸਰ ਨੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਪਾਈ ਸੀ, ਤਸਵੀਰ ਵਿਚ ਕੁਝ ਪੰਜਾਬੀ ਵਿਦਿਆਰਥੀ ਕਲਾਸ ਵਿਚ ਵਿਹਲੇ ਸਮੇਂ ਦੌਰਾਨ ਸੁੱਤੇ ਹੋਏ ਹਨ, ਤਸਵੀਰ ਦੇ ਥੱਲੇ ਉਸ ਪ੍ਰੋਫੈਸਰ ਨੇ ਲਿਖਿਆ ਸੀ ਕਿ 'ਇਹ ਮੇਰੇ ਸਭ ਤੋਂ ਹੋਣਹਾਰ ਵਿਦਿਆਰਥੀ ਹਨ, ਜੋ ਕਿ ਪੰਜਾਬ ਤੋਂ ਹਨ, ਇਹ 16-16 ਘੰਟੇ ਕੰਮ ਦੀਆਂ ਸ਼ਿਫਟਾਂ ਲਾ ਕੇ ਥੱਕਣ ਤੋਂ ਬਾਅਦ ਵੀ ਆਪਣੀਆਂ ਕਲਾਸਾਂ ਲਗਾ ਕੇ ਪੜ੍ਹਾਈ ਕਰਦੇ ਹਨ ਅਤੇ ਪਾਸ ਵੀ ਹੁੰਦੇ ਹਨ, ਮੈਂ ਇਨ੍ਹਾਂ ਨੌਜਵਾਨਾਂ 'ਤੇ ਮਾਣ ਮਹਿਸੂਸ ਕਰਦੀ ਹਾਂ।' ਉਸ ਅਧਿਆਪਕਾ ਵਲੋਂ ਵਰਤੇ ਗਏ ਅਲਫਾਜ਼ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ। ਇਕ ਦਿਨ ਅਖ਼ਬਾਰ ਵਿਚ ਖ਼ਬਰ ਪੜ੍ਹੀ ਕਿ ਘਰ ਦੀ ਅਤਿ ਦੀ ਗਰੀਬੀ ਅਤੇ ਆਪਣੇ ਪਿਤਾ ਦੀ ਮੌਤ ਹੋਣ ਕਾਰਨ ਕਿਸੇ ਤੋਂ ਕੁਝ ਮੰਗਣ ਦੀ ਬਜਾਏ ਇਕ ਨੌਜਵਾਨ ਕੁੜੀ ਸ਼ਹਿਰ ਦੇ ਬਾਜ਼ਾਰ ਵਿਚ ਗੰਨੇ ਦੇ ਰਸ ਦੀ ਰੇਹੜੀ ਲਗਾ ਕੇ ਸਖ਼ਤ ਮਿਹਨਤ ਕਰਕੇ ਆਪਣਾ ਤੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ਅਤੇ ਆਪਣੀ ਪੜ੍ਹਾਈ ਵੀ ਜਾਰੀ ਰੱਖ ਰਹੀ ਹੈ। ਕੁਝ ਮਹੀਨੇ ਪਹਿਲਾਂ ਅਖ਼ਬਾਰ ਵਿਚ ਕੁਝ ਗਰੀਬ ਖਿਡਾਰਨਾਂ ਬਾਰੇ ਲਿਖਿਆ ਸੀ, ਉਹ ਅਤਿ ਦੀ ਗਰੀਬੀ ਵਿਚ ਵੀ ਬਿਨਾਂ ਕਿਸੇ ਦੇ ਸਹਾਰੇ ਦੇ ਆਪਣੇ ਬਲਬੂਤੇ 'ਤੇ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਖੇਡ ਦੇ ਦਮ 'ਤੇ ਪੰਜਾਬ ਦਾ ਸਿਰ ਉੱਚਾ ਕਰ ਰਹੀਆਂ ਹਨ, ਅਜਿਹੀਆਂ ਧੀਆਂ 'ਤੇ ਸਾਨੂੰ ਸਭ ਨੂੰ ਮਾਣ ਹੋਣਾ ਚਾਹੀਦਾ ਹੈ। ਇਹ ਸਾਡਾ ਭਵਿੱਖ ਹਨ, ਅੱਜ ਭਾਵੇਂ ਸਾਡੇ ਕੁਝ ਨੌਜਵਾਨ ਭਟਕ ਗਏ ਹਨ, ਜਿਨ੍ਹਾਂ ਦੀ ਵਾਪਸੀ ਦੀ ਸਾਨੂੰ ਉਮੀਦ ਵੀ ਹੈ। ਕਈ ਨੌਜਵਾਨ ਅਜਿਹੇ ਵੀ ਹਨ ਜੋ ਕਿਸੇ ਸਮੇਂ ਨਸ਼ੇ ਕਰਨ ਦੇ ਆਦੀ ਸਨ, ਪਰ ਅੱਜ ਉਹ ਸਮਾਜ ਲਈ ਆਦਰਸ਼ ਬਣੇ ਹੋਏ ਹਨ। ਅੱਜ ਕਈ ਪਿੰਡਾਂ ਵਿਚ ਨੌਜਵਾਨ ਆਪਣੇ ਤੌਰ 'ਤੇ ਪਹਿਰਾ ਲਾ ਕੇ ਨਸ਼ੇ ਦੇ ਸਮੱਗਲਰਾਂ ਨੂੰ ਫੜ ਰਹੇ ਹਨ। ਬਹੁਤ ਸਾਰੇ ਨੌਜਵਾਨ ਐਨ.ਜੀ.ਓ. ਬਣਾ ਕੇ ਸਮਾਜ ਦੀ ਵੱਖ-ਵੱਖ ਤਰ੍ਹਾਂ ਨਾਲ ਸੇਵਾ ਕਰ ਰਹੇ ਹਨ। ਸੋ ਕਿਹਾ ਜਾ ਸਕਦਾ ਹੈ ਪੰਜਾਬ ਤੇ ਬੀਤੇ ਸਮਿਆਂ ਤੋਂ ਮਾੜੇ ਵੇਲੇ ਆਉਂਦੇ ਰਹੇ ਹਨ, ਪਰ ਪੰਜਾਬੀਆਂ ਨੇ ਇਨ੍ਹਾਂ ਸਮਿਆਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਹਨ।

-ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ-140406.
ਮੋਬਾ: 82848-88700

ਖ਼ੁਦਕੁਸ਼ੀ ਲਈ ਕਿਉਂ ਮਜਬੂਰ ਹੁੰਦੈ ਕਿਸਾਨ?

ਗੱਲ ਸਾਰੇ ਭਾਰਤ ਦੀ ਹੈ, ਕੇਵਲ ਪੰਜਾਬ ਦੀ ਨਹੀਂ। ਵਿਦੇਸ਼ੀ ਧਾੜਵੀਆਂ ਤੋਂ ਪਹਿਲਾਂ ਭਾਰਤ ਵਿਚ ਰਜਵਾੜਿਆਂ, ਜ਼ਿਮੀਂਦਾਰਾਂ ਅਤੇ ਸ਼ਾਹੂਕਾਰਾਂ ਦਾ ਦਬਦਬਾ ਹੀ ਚਲਦਾ ਸੀ। ਉਦੋਂ ਵੀ ਕਿਸਾਨਾਂ ਅਤੇ ਮਿਹਨਤਕਸ਼ਾਂ ਦੀ ਹਾਲਤ ਬਹੁਤ ਖ਼ਰਾਬ ਸੀ। ਕਿਸਾਨਾਂ ਕੋਲੋਂ ਅਨਾਜ ਲਗਾਨ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਸੀ। ਅਨਾਜ ਨਾ ਦੇ ਸਕਣ ਦੀ ਸੂਰਤ ਵਿਚ ਤਸ਼ੱਦਦ ਕੀਤਾ ਜਾਂਦਾ ਸੀ। ਮਾਰਕੁਟਾਈ ਕੀਤੀ ਜਾਂਦੀ ਸੀ ਅਤੇ ਝੁੱਗੀਆਂ ਝੌਂਪੜੀਆਂ ਨੂੰ ਅੱਗ ਵੀ ਲਾ ਦਿੱਤੀ ਜਾਂਦੀ ਸੀ। ਅੰਗਰੇਜ਼ੀ ਰਾਜ ਵਿਚ ਕੁਝ ਸੁਧਾਰ ਜ਼ਰੂਰ ਹੋਇਆ, ਸਿਰਫ ਨਾਮਾਤਰ ਹੀ। ਧੇਲੀ ਦੇ ਕੇ ਹਵੇਲੀ ਲਿਖਵਾਉਣ ਵਾਲੀ ਕਹਾਵਤ ਅੰਗਰੇਜ਼ਾਂ ਦੇ ਵੇਲੇ ਹੀ ਚੱਲ ਪਈ ਸੀ। ਅੱਜਕਲ੍ਹ ਕਿਸਾਨਾਂ ਕੋਲੋਂ ਖਾਲੀ ਚੈੱਕਾਂ 'ਤੇ ਦਸਤਖ਼ਤ ਕਰਵਾ ਕੇ ਲੈ ਲਏ ਜਾਂਦੇ ਹਨ। ਕਿਸਾਨ ਦੀ ਤਰਸਯੋਗ ਦੁਰਦਸ਼ਾ ਵੇਖ ਕੇ ਅੰਗਰੇਜ਼ ਸਰਕਾਰ ਸਮੇਂ ਪੰਜਾਬ ਮੰਤਰੀ ਮੰਡਲ ਦੇ ਦਲੇਰ ਅਤੇ ਕਿਸਾਨ ਹਿਤੈਸ਼ੀ ਮੰਤਰੀ ਸਰ ਛੋਟੂ ਰਾਮ ਵਜ਼ੀਰ (ਹਰਿਆਣਾ) ਨੇ ਸਾਰੇ (ਸਾਂਝੇ) ਪੰਜਾਬ ਦੇ ਸਮੁੱਚੇ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਫੇਰ ਕੇ ਇਕ ਵਾਰ ਤਾਂ ਕਿਸਾਨਾਂ ਨੂੰ ਸੁਰਖਰੂ ਕਰ ਦਿੱਤਾ ਸੀ ਪਰ ਹੌਲੀ-ਹੌਲੀ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨ ਮੁੜ ਕਰਜ਼ਾ ਚੁੱਕਣ ਲਈ ਮਜਬੂਰ ਹੋ ਗਏ। ਹੁਣ ਤਾਂ ਆਪਣੇ ਆਜ਼ਾਦ ਦੇਸ਼ 'ਚ ਕਿਸਾਨ ਦੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਕਰਜ਼ਾ ਨਾ ਮੋੜੇ ਜਾਣ ਦੀ ਸੂਰਤ ਵਿਚ ਖ਼ੁਦਕੁਸ਼ੀਆਂ ਦਾ ਦੌਰ ਚੱਲ ਪਿਆ ਹੈ, ਜੋ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖ਼ਰ ਕਿਸਾਨ ਦੀ ਇਹ ਖ਼ਤਰਨਾਕ ਅਤੇ ਚਿੰਤਾਜਨਕ ਸਥਿਤੀ ਕਿਵੇਂ ਬਣ ਗਈ? ਸਿਤਮ ਜ਼ਰੀਫ਼ੀ ਇਹ ਹੈ ਕਿ ਸਾਡੇ ਦੇਸ਼ ਵਿਚ ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਵਾਲੇ ਕਾਰਖਾਨੇਦਾਰ ਆਪਣੀ ਵਸਤੂ ਦੀ ਕੀਮਤ ਆਪ ਮਿਥਦੇ ਹਨ ਪਰ ਕਿਸਾਨ ਦੀਆਂ ਜਿਣਸਾਂ ਦੀ ਕੀਮਤ ਮਿਥਣੀ ਕੇਂਦਰ ਸਰਕਾਰ ਨੇ ਆਪਣੇ ਹੱਥ ਵਿਚ ਰੱਖੀ ਹੋਈ ਹੈ ਅਤੇ ਕਿਸਾਨ ਨੂੰ ਆਪਣੀ ਉਪਜ 'ਤੇ ਮੁਨਾਫ਼ਾ ਤਾਂ ਕੀ ਹੋਣਾ ਹੈ, ਉਸ ਨੂੰ ਤਾਂ ਪੂਰੀ ਲਾਗਤ ਵੀ ਨਹੀਂ ਮੁੜਦੀ। ਇਥੇ ਹੀ ਬੱਸ ਨਹੀਂ, ਕਿਸਾਨ ਦੀ ਇਹ ਹਾਲਤ ਦੇਖ ਕੇ ਉਸ ਦੇ ਘਾਟੇ ਦੀ ਭਰਪਾਈ ਕਰਨ ਲਈ ਸਵਾਮੀਨਾਥਨ ਕਮਿਸ਼ਨ ਬਣਾਇਆ ਗਿਆ, ਪਰ ਉਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਹੀ ਨਹੀਂ ਕੀਤਾ ਗਿਆ। ਕੁਝ ਸਮਾਂ ਪਹਿਲਾਂ ਕਿਸਾਨਾਂ ਨੂੰ ਨਰਮੇ ਦੀ ਚਿੱਟੀ ਮੱਖੀ ਮਾਰਨ ਦੀ ਨਕਲੀ ਦਵਾਈ ਦੀ ਮਹਿਕਮੇ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਸਿਫ਼ਾਰਸ਼ ਕੀਤੀ ਗਈ। ਮੱਖੀ ਤਾਂ ਕੀ ਮਾਰਨੀ ਸੀ, ਫ਼ਸਲ ਮਰ ਗਈ ਅਤੇ ਨਾਲ ਹੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਸ਼ਰੂ ਹੋ ਗਿਆ। ਅਫ਼ਸਰਾਂ ਦੀ ਫੜੋ-ਫੜੀ ਹੋਈ ਪਰ ਗੱਲ ਉਥੇ ਦੀ ਉਥੇ। ਜਦੋਂ ਕਿਸਾਨ ਫ਼ਸਲ ਵੇਚ ਕੇ ਆੜ੍ਹਤੀ ਨਾਲ ਹਿਸਾਬ ਕਰ ਕੇ ਘਰ ਮੁੜਦਾ ਹੈ ਤਾਂ ਉਸ ਦੀ ਜੇਬ ਵਿਚ ਫੁੱਟੀ ਕੌਡੀ ਵੀ ਨਹੀਂ ਹੁੰਦੀ। ਉਸ ਦਾ ਗੁਜ਼ਾਰਾ ਕਿਵੇਂ ਚੱਲੇਗਾ? ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਵੀ ਜੇ ਦੇਸ਼ ਦੀ 70 ਫ਼ੀਸਦੀ ਆਬਾਦੀ ਖ਼ੁਦਕੁਸ਼ੀਆਂ ਕਰ ਰਹੀ ਹੈ ਤਾਂ ਉਸ ਦੇਸ਼ ਦਾ ਰੱਬ ਹੀ ਰਾਖਾ ਹੈ।

-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345.

ਪੱਤਰਕਾਰੀ ਵਿਸ਼ਾ ਕਿਉਂ ਪੜ੍ਹੀਏ?

ਸਿੱਖਿਆ ਦੇ ਕਈ ਵਿਸ਼ੇ ਹੁੰਦੇ ਹਨ, ਪਰ ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਸਾਡੀ ਸਕੂਲੀ ਸਿੱਖਿਆ ਵਿਚ ਸਿਰਫ਼ ਰਵਾਇਤੀ ਵਿਸ਼ੇ ਹੀ ਪੜ੍ਹਾਏ ਜਾਂਦੇ ਹਨ ਜਾਂ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਪਰ ਇਨ੍ਹਾਂ ਰਵਾਇਤੀ ਵਿਸ਼ਿਆਂ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਵਿਸ਼ੇ ਵੀ ਹਨ ਜਿਨ੍ਹਾਂ ਨੂੰ ਅਪਣਾ ਕੇ ਵਿਦਿਆਰਥੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੇ ਹਨ। ਇਨ੍ਹਾਂ ਗੈਰ ਪਰੰਪਰਾਗਤ ਵਿਸ਼ਿਆਂ ਵਿਚੋਂ ਪੱਤਰਕਾਰੀ ਸਿੱਖਿਆ ਦਾ ਅਜਿਹਾ ਵਿਸ਼ਾ ਹੈ ਜਿਸ ਨੂੰ ਪੜ੍ਹ ਕੇ ਜਿਥੇ ਵਿਦਿਆਰਥੀ ਆਪਣੇ ਹੁਨਰ ਨੂੰ ਨਿਖਾਰ ਸਕਦਾ ਹੈ ਉਥੇ ਹੀ ਆਪਣੇ ਦੇਸ਼ ਵਿਚ ਰਹਿ ਕੇ ਹੀ ਰੁਜ਼ਗਾਰ ਵੀ ਪ੍ਰਾਪਤ ਕਰ ਸਕਦਾ ਹੈ। ਪੱਤਰਕਾਰੀ ਵਿਸ਼ਾ ਕਾਲਜ ਪੱਧਰ 'ਤੇ ਪੜ੍ਹਨ ਲਈ ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀ ਨੇ ਸੀਨੀਅਰ ਸੈਕੰਡਰੀ ਕਲਾਸ ਵਿਚ ਪੱਤਰਕਾਰੀ ਵਿਸ਼ਾ ਰੱਖਿਆ ਹੋਵੇ। ਵਿਦਿਆਰਥੀ ਇਕ ਸਾਲ ਦਾ ਪੱਤਰਕਾਰੀ ਦਾ ਡਿਪਲੋਮਾ ਕਰ ਸਕਦਾ ਹੈ, ਬੀ.ਏ. ਵਿਚ ਪੱਤਰਕਾਰੀ ਵਿਸ਼ੇ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹ ਸਕਦਾ ਹੈ ਅਤੇ ਇਸ ਤੋਂ ਇਲਾਵਾ ਅਲੱਗ ਤੋਂ 'ਪੱਤਰਕਾਰੀ ਅਤੇ ਜਨਸੰਚਾਰ' (ਬੈਚੁਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਵਜੋਂ ਗ੍ਰੈਜੂਏਸ਼ਨ ਕਰ ਸਕਦਾ ਹੈ। ਇਸ ਤੋਂ ਬਾਅਦ ਵਿਦਿਆਰਥੀ ਉੱਚ ਸਿੱਖਿਆ ਵਜੋਂ ਪੱਤਰਕਾਰੀ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਵੀ ਕਰ ਸਕਦਾ ਹੈ, ਜਿਸ ਨਾਲ ਉਸ ਦੀ ਮਾਸਟਰ ਡਿਗਰੀ ਹੋ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀ ਪੱਤਰਕਾਰੀ ਵਿਸ਼ੇ ਵਿਚ ਹੀ ਐਮ.ਫਿੱਲ ਅਤੇ ਪੀ.ਐਚ.ਡੀ ਵੀ ਕਰ ਸਕਦਾ ਹੈ। ਇਸ ਤੋਂ ਇਲਾਵਾ ਪੱਤਰਕਾਰੀ ਵਿਸ਼ਾ ਪੜ੍ਹਨਾ ਉਨ੍ਹਾਂ ਵਿਦਿਆਰਥੀਆਂ ਲਈ ਹੋਰ ਵੀ ਜ਼ਿਆਦਾ ਲਾਹੇਵੰਦ ਸਿੱਧ ਹੁੰਦਾ ਹੈ, ਜੋ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਕਿਉਂਕਿ ਇਹ ਵਿਸ਼ਾ ਪੜ੍ਹਨ ਸਮੇਂ ਉਨ੍ਹਾਂ ਨੂੰ ਰੋਜ਼ਾਨਾ ਹੋਣ ਵਾਲੀਆਂ ਘਟਨਾਵਾਂ ਅਤੇ ਮਹੱਤਵਪੂਰਨ ਬਦਲਾਵਾਂ ਬਾਰੇ ਨਿਰੰਤਰ ਜਾਣਕਾਰੀ ਮਿਲਦੀ ਰਹਿੰਦੀ ਹੈ। ਜੇਕਰ ਵਿਦਿਆਰਥੀ ਪੱਤਰਕਾਰੀ ਵਿਸ਼ੇ ਨਾਲ ਆਪਣੀ ਉੱਚ ਸਿੱਖਿਆ ਹਾਸਲ ਕਰਦੇ ਹਨ ਤਾਂ ਉਹ ਰੇਡੀਓ ਜਾਕੀ, ਰੇਡੀਓ ਨਿਊਜ਼ ਐਂਕਰ, ਸਕਰਿਪਟ ਰਾਈਟਰ ਵਜੋਂ ਆਪਣੇ ਭਵਿੱਖ ਨੂੰ ਰੌਸ਼ਨ ਕਰ ਸਕਦੇ ਹਨ। ਪ੍ਰਿੰਟ ਮੀਡੀਆ ਵਿਚ ਅਖ਼ਬਾਰਾਂ, ਰਸਾਲੇ, ਮੈਗਜ਼ੀਨ ਆਦਿ ਸ਼ਾਮਿਲ ਹਨ, ਜਿਸ ਵਿਚ ਵਿਦਿਆਰਥੀ ਆਪਣੀ ਰੁਚੀ ਮੁਤਾਬਿਕ ਇਨ੍ਹਾਂ ਵਿਚੋਂ ਕਿਸੇ ਦੀ ਵੀ ਚੋਣ ਕਰਕੇ ਉਪ-ਸੰਪਾਦਕ, ਪਰੂਫ-ਰੀਡਰ, ਫੋਟੋ ਪੱਤਰਕਾਰ, ਭਾਸ਼ਾ ਅਨੁਵਾਦਕ ਆਦਿ ਦਾ ਕੰਮ ਕਰ ਸਕਦੇ ਹਨ। ਵਿਦਿਆਰਥੀ ਨੂੰ ਜੇਕਰ ਅਦਾਕਾਰੀ ਦਾ ਸ਼ੌਕ ਹੈ ਤਾਂ ਉਹ ਫਿਲਮਾਂ ਜਾਂ ਲੜੀਵਾਰ ਨਾਟਕਾਂ ਵਿਚ ਵੀ ਹੁਨਰ ਅਜ਼ਮਾ ਸਕਦੇ ਹਨ। ਪੱਤਰਕਾਰੀ ਵਿਸ਼ਾ ਪੜ੍ਹ ਚੁੱਕੇ ਵਿਦਿਆਰਥੀ ਕੋਲ ਮੌਕਾ ਹੁੰਦਾ ਹੈ ਕਿ ਉਹ ਸਰਕਾਰੀ/ਗੈਰ-ਸਰਕਾਰੀ ਸੰਸਥਾਵਾਂ, ਉਦਯੋਗਿਕ ਇਕਾਈਆਂ ਵਿਚ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਵਜੋਂ ਆਪਣਾ ਕਿੱਤਾ ਵੀ ਚੁਣ ਸਕਦਾ ਹੈ। ਪੱਤਰਕਾਰੀ ਵਿਸ਼ੇ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕੋਲ ਮੌਕਾ ਹੁੰਦਾ ਹੈ ਕਿ ਆਪਣੀ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਅਧਿਆਪਕ ਵਜੋਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਸੇਵਾਵਾਂ ਨਿਭਾਉਣ। ਉਪਰੋਕਤ ਵਿਸ਼ਲੇਸ਼ਣ ਦੇ ਆਧਾਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਰਵਾਇਤੀ ਵਿਸ਼ਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੱਤਰਕਾਰੀ ਵਿਸ਼ਾ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

-ਪਿੰਡ ਨਿੱਕੂਵਾਲ, ਡਾਕ: ਝਿੰਜੜੀ, ਤਹਿ: ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ।
ਮੋਬਾ: 90412-96518

ਰਾਹ ਤੋਂ ਭਟਕੀ ਪੰਜਾਬ ਦੀ ਗਾਇਕੀ ਅਤੇ ਗੀਤਕਾਰੀ

ਕੋਈ ਸਮਾਂ ਸੀ ਜਦੋਂ ਪੰਜਾਬ ਦੇ ਗਾਇਕਾਂ ਨੂੰ ਸੁਣਨ ਲਈ ਲੋਕ ਕਈ-ਕਈ ਮੀਲਾਂ ਦਾ ਪੈਂਡਾ ਤੈਅ ਕਰਕੇ ਜਾਂਦੇ ਸਨ। ਹਰ ਗੀਤ ਦਾ ਸੁਨੇਹਾ ਲੋਕਾਂ ਦੇ ਦਿਲਾਂ ਵਿਚ ਕਈ-ਕਈ ਦਹਾਕੇ ਰਾਜ ਕਰਦਾ ਸੀ। ਇਨ੍ਹਾਂ ਗੀਤਾਂ ਦਾ ਵਿਸ਼ਾ-ਵਸਤੂ ਸਮਾਜ ਵਿਚ ਵਧ ਰਹੀਆਂ ਕੁਰੀਤੀਆਂ, ਸਮਾਜ ਦੀ ਉਪਮਾ, ਪਰਿਵਾਰ ਦੇ ਵੱਖ-ਵੱਖ ਰਿਸ਼ਤਿਆਂ ਦੀ ਵਾਰਤਾਲਾਪ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ 'ਤੇ ਵਿਅੰਗ ਕੱਸ ਕੇ ਕਰਾਰੀ ਚੋਟ ਕਰਦੇ ਸਨ। ਉਨ੍ਹਾਂ ਸਮਿਆਂ ਦੇ ਗਾਇਕ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣਾ ਆਪਣਾ ਨੈਤਿਕ ਫ਼ਰਜ਼ ਸਮਝਦੇ ਸੀ ਅਤੇ ਲੋਕ ਵੀ ਉਨ੍ਹਾਂ ਗਵੱਈਆਂ ਨੂੰ ਮਣਾਂਮੂੰਹੀ ਸਤਿਕਾਰ ਦਿੰਦੇ ਸਨ। ਪਰ ਅਜੋਕੇ ਸਮੇਂ ਦੇ ਗਾਇਕ ਅਤੇ ਗੀਤਕਾਰ ਮੁਕੰਮਲ ਤੌਰ 'ਤੇ ਲੀਹੋਂ ਉੱਤਰ ਗਏ ਹਨ। ਅਜੋਕੇ ਗੀਤਕਾਰਾਂ ਦੀ ਕਲਮ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦਾ ਘਾਣ ਕਰ ਰਹੀ ਹੈ। ਅਜੋਕੀ ਗਾਇਕੀ ਸਮਾਜ ਵਿਚ ਨਸ਼ਿਆਂ ਨੂੰ ਵਧਾਉਣ ਲਈ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰ ਰਹੀ ਹੈ। ਸਕੂਲਾਂ ਅਤੇ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਣਾ ਕੇ ਰੱਖ ਦਿੱਤਾ ਹੈ। ਅੱਜ ਬੱਚਿਆਂ ਨੂੰ ਨਸ਼ੇ ਅਤੇ ਹਥਿਆਰਾਂ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਗੀਤਕਾਰਾਂ ਦਾ ਵਿਸ਼ਾ-ਵਸਤੂ ਸਿਰਫ਼ ਕੁੜੀਆਂ, ਨਸ਼ੇ, ਹਥਿਆਰ ਅਤੇ ਆਸ਼ਕੀ ਦੇ ਆਲੇ-ਦੁਆਲੇ ਹੀ ਕੇਂਦਰਿਤ ਹੁੰਦਾ ਹੈ। ਅੱਜ ਹਰ ਗੀਤ ਵਿਚ 'ਮੈਂ' ਝਲਕਦੀ ਹੈ। ਇਨ੍ਹਾਂ ਗੀਤਾਂ ਦਾ ਫ਼ਿਲਮਾਂਕਣ ਵੀ ਘਟੀਆ ਦਰਜੇ ਦਾ ਕੀਤਾ ਜਾਂਦਾ ਹੈ। ਇਨ੍ਹਾਂ ਗੀਤਾਂ ਦੇ ਫ਼ਿਲਮਾਂਕਣ ਨਸ਼ਾ ਕਰਦੇ ਹੋਏ ਮਾਡਲ ਦੇ ਕਿਰਦਾਰ ਦੀ ਸ਼ਖ਼ਸੀਅਤ ਨੂੰ ਉਭਾਰਦੇ ਹਨ। ਅੱਜ ਸੋਹਣੇ ਸਮਾਜ ਦੀ ਸਿਰਜਣਾ ਕਰਨ ਲਈ ਪੰਜਾਬ ਦੇ ਵਿਰਸੇ ਅਤੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਸਾਰਥਿਕ ਉਪਰਾਲਿਆਂ ਦੀ ਲੋੜ ਹੈ। ਅੱਜ ਗਾਇਕਾਂ ਅਤੇ ਗੀਤਕਾਰਾਂ ਨੂੰ ਆਪਣੇ ਫ਼ਰਜ਼ਾਂ ਨੂੰ ਪਛਾਣ ਕੇ ਆਪਣੇ ਗੀਤਾਂ ਦੇ ਵਿਸ਼ਾ-ਵਸਤੂ ਸਮਾਜ ਹਿੱਤ ਰੱਖਣੇ ਚਾਹੀਦੇ ਹਨ। ਸਮਾਜ ਨੂੰ ਅਨੇਕਾਂ ਕੁਰੀਤੀਆਂ, ਬੁਰਾਈਆਂ, ਵਾਤਾਵਰਨ, ਪਾਣੀ, ਬੇਰੁਜ਼ਗਾਰੀ, ਅਨਪੜ੍ਹਤਾ, ਗਰੀਬੀ, ਕੁੜੀਆਂ ਦੀ ਘਟਦੀ ਗਿਣਤੀ, ਮਹਿੰਗਾਈ ਅਤੇ ਹੋਰ ਵੀ ਅਨੇਕਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਵੀ ਕਲਮ ਵਾਹੁਣੀ ਚਾਹੀਦੀ ਹੈ। ਅੱਜ ਕੁਰਾਹੇ ਪਈ ਪੰਜਾਬ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਹੀ ਰਾਹ 'ਤੇ ਤੋਰਨ ਲਈ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਤਿੱਖਾ ਸੰਘਰਸ਼ ਵਿੱਢਣ ਦੀ ਲੋੜ ਹੈ। ਜੇਕਰ ਹਾਲੇ ਵੀ ਦੇਰੀ ਕੀਤੀ ਤਾਂ ਰੰਗਲੇ ਪੰਜਾਬ ਨੂੰ 'ਗੈਂਗਲੈਂਡ' ਬਣਨ ਤੋਂ ਕੋਈ ਨਹੀਂ ਰੋਕ ਸਕਦਾ।

-ਸ: ਸੀ: ਸੈ: ਸਕੂਲ, ਬਨੂੜ, ਜ਼ਿਲ੍ਹਾ ਐਸ. ਏ. ਐਸ. ਨਗਰ। ਮੋਬਾ: 95012-37755

ਪੰਜਾਬੀ ਨੂੰ ਮਿਲਣਾ ਚਾਹੀਦੈ ਸਨਮਾਨਯੋਗ ਸਥਾਨ

ਮਾਂ ਸਾਨੂੰ ਦੋ ਵੱਡਮੁੱਲੀਆਂ ਦਾਤਾਂ ਦੀ ਬਖਸ਼ਿਸ਼ ਕਰਦੀ ਹੈ-ਇਕ ਜੀਵਨ ਜੋਤ ਅਤੇ ਦੂਜੀ ਆਪਣੇ ਭਾਵਾਂ, ਵਿਚਾਰਾਂ ਅਤੇ ਜਜ਼ਬਿਆਂ ਨੂੰ ਪ੍ਰਗਟ ਕਰਨ ਲਈ ਮਾਂ ਬੋਲੀ। ਮਾਂ-ਬੋਲੀ ਜੋ ਸਾਡੇ ਜੀਵਨ ਦਾਇਰੇ ਨੂੰ ਵਧਾਉਂਦੀ ਹੈ ਅਤੇ ਸਾਡੀ ਸ਼ਖ਼ਸੀਅਤ ਨੂੰ ਪ੍ਰਫੁੱਲਿਤ ਕਰਦੀ ਹੈ। ਮਾਂ-ਬੋਲੀ ਜੋ ਮਾਂ ਦੇ ਦੁੱਧ ਵਿਚੋਂ ਪ੍ਰਾਪਤ ਹੁੁੰਦੀ ਹੈ, ਜਿਸ ਬੋਲੀ ਵਿਚ ਅਸੀਂ ਲੋਰੀਆਂ ਸੁਣਦੇ, ਝਿੜਕਾਂ ਖਾਂਦੇ, ਰੋਂਦੇ-ਕੁਰਲਾਉਂਦੇ, ਹਾਣੀਆਂ ਵਿਚ ਵਿਚਰਦੇ, ਸੋਚਦੇ ਅਤੇ ਸੁਪਨੇ ਸਿਰਜਦੇ ਹਾਂ। ਅੱਜ ਪੰਜਾਬ ਵਿਚ ਪੰਜਾਬੀ ਬੇਗਾਨੀ ਹੋ ਰਹੀ ਹੈ। ਅਖੌਤੀ ਅੰਗਰੇਜ਼ੀ ਮਾਧਿਅਮ ਪਬਲਿਕ ਅਤੇ ਕਾਨਵੈਂਟ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਸੀਂ ਪੱਛਮੀ ਸੱਭਿਅਤਾ, ਗੁਲਾਮੀ ਦੇ ਅਸਰ, ਸ਼ਹਿਰੀਕਰਨ ਅਤੇ ਹੋਰ ਰਾਜਨੀਤਕ ਕਾਰਨਾਂ ਕਰਕੇ ਆਪਣੀ ਮਾਂ-ਬੋਲੀ ਪੰਜਾਬੀ ਤੋਂ ਬੇਮੁੱਖ ਹੋ ਰਹੇ ਹਾਂ। ਆਧੁਨਿਕੀਕਰਨ ਦੇ ਛਲਾਵੇ ਹੇਠ ਅਸੀਂ ਬੱਚਿਆਂ ਅਤੇ ਦੂਸਰੇ ਵਿਅਕਤੀਆਂ ਨਾਲ ਮਾਂ-ਬੋਲੀ, ਪੰਜਾਬੀ ਵਿਚ ਗੱਲ ਕਰਨ ਦੀ ਬਜਾਏ ਅੰਗਰੇਜ਼ੀ ਜਾਂ ਦੂਸਰੀਆਂ ਭਾਸ਼ਾਵਾਂ ਵਿਚ ਗੱਲ ਕਰਨਾ ਆਪਣੀ ਸ਼ਾਨ ਸਮਝਦੇ ਹਾਂ। ਪੰਜਾਬੀ ਲੋਕ ਵੀ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਕਰਨ ਲੱਗੇ ਹਨ। ਘਟੀਆ ਸੋਚ ਵਾਲੇ ਲੋਕ ਆਪਣੀ ਹੀ ਮਾਂ-ਬੋਲੀ ਪੰਜਾਬੀ ਨੂੰ ਪੇਂਡੂਆਂ ਅਤੇ ਗਵਾਰਾਂ ਦੀ ਭਾਸ਼ਾ ਕਹਿ ਕੇ ਭੰਡਦੇ ਹਨ, ਜੋ ਠੀਕ ਨਹੀਂ ਹੈ। ਮਾਂ-ਬੋਲੀ ਪੰਜਾਬੀ ਨਾਲ ਮਤਰੇਆਪਣ ਸਾਨੂੰ ਸਾਡੇ ਅਨਮੋਲ ਵਿਰਸੇ, ਸੱਭਿਆਚਾਰ ਅਤੇ ਸਾਹਿਤ ਨਾਲੋਂ ਤੋੜ ਦੇਵੇਗਾ। ਆਪਣੇ ਵਿਰਸੇ, ਸੱਭਿਆਚਾਰ ਅਤੇ ਸਾਹਿਤ ਤੋਂ ਟੁੱਟੀ ਹੋਈ ਕੌਮ ਜ਼ਿਆਦਾ ਦੇਰ ਆਜ਼ਾਦ ਨਹੀਂ ਰਹਿ ਸਕਦੀ। ਅਸੀਂ ਜਿਸ ਕੌਮ ਦੀ ਬੋਲੀ ਬੋਲਾਂਗੇ, ਉਸ ਦੇ ਗੁਲਾਮ ਹੋ ਜਾਵਾਂਗੇ। ਫਿਰ ਅਸੀਂ ਨਾ ਘਰ ਦੇ ਰਹਾਂਗੇ, ਨਾ ਘਾਟ ਦੇ। ਬੋਲੀ ਹਰੇਕ ਸਿੱਖੋ ਪਰ ਪਿਆਰ ਸਿਰਫ ਆਪਣੀ ਮਾਂ-ਬੋਲੀ ਪੰਜਾਬੀ ਨੂੰ ਕਰੋ। ਪੰਜਾਬ ਜਿਊਂਦਾ ਹੀ ਗੁਰਾਂ ਦੇ ਨਾਂਅ 'ਤੇ ਹੈ। ਸਾਨੂੰ ਗੁਰੂਆਂ ਦੇ ਮੁੱਖ ਤੋਂ ਉੱਚਰ ਕੇ ਸਰਬੋਤਮਤਾ ਹਾਸਲ ਕਰਨ ਵਾਲੀ ਆਪਣੀ ਮਾਂ-ਬੋਲੀ ਪੰਜਾਬੀ ਦਾ ਮਾਣ-ਸਤਿਕਾਰ ਬਣਾਈ ਰੱਖਣ ਲਈ ਹੰਭਲਾ ਮਾਰਨਾ ਹੀ ਪਵੇਗਾ। ਭਾਵੇਂ ਇਸ ਸਬੰਧੀ ਕਾਨੂੰਨ ਬਣੇ ਹੋਏ ਹਨ ਪਰ ਇਨ੍ਹਾਂ ਕਾਨੂੰਨਾਂ ਨੂੰ ਇਮਾਨਦਾਰੀ ਅਤੇ ਸਖ਼ਤੀ ਨਾਲ ਲਾਗੂ ਕਰਾਏ ਜਾਣ ਦੀ ਲੋੜ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਅਸਲ ਮਾਅਨਿਆਂ ਵਿਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਇਮਾਨਦਾਰੀ ਵਿਖਾਉਣ। ਆਓ, ਅੱਜ ਆਪਣੀ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਪ੍ਰਣ ਕਰੀਏ।

-ਸ: ਸੀ: ਸੈ: ਸਕੂਲ, ਬਾਸੋਵਾਲ (ਸ੍ਰੀ ਅਨੰਦਪੁਰ ਸਾਹਿਬ)। ਮੋਬਾ: 94630-26700

ਪੰਜਾਬ ਵਿਚ ਬੱਚਿਆਂ ਦਾ ਅਗਵਾ ਹੋਣਾ ਚਿੰਤਾ ਦਾ ਵਿਸ਼ਾ

ਖੁਸ਼ਹਾਲ ਅਤੇ ਸ਼ਾਂਤੀਪੂਰਵਕ ਮਾਹੌਲ ਦੇ ਸੂਬੇ ਵਜੋਂ ਜਾਣਿਆ ਜਾਂਦਾ ਪੰਜਾਬ ਮੌਜੂਦਾ ਸਮੇਂ ਵਿਚ ਬਹੁਤ ਹੀ ਚਿੰਤਾਜਨਕ ਅਤੇ ਆਸ਼ਾਂਤੀ ਦੇ ਮਾਹੌਲ ਵਿਚੋਂ ਦੀ ਗੁਜ਼ਰ ਰਿਹਾ ਹੈ। ਆਏ ਦਿਨ ਹੁੰਦੀਆਂ ਦਿਲ-ਕੰਬਾਊ ਘਟਨਾਵਾਂ ਨੇ ਪੰਜਾਬ ਦੇ ਹਰ ਉਸ ਆਦਮੀ ਦੇ ਦਿਲ ਵਿਚ ਡਰ ਪੈਦਾ ਕਰ ਦਿੱਤਾ ਹੈ ਜੋ ਕਿਸੇ ਸਮੇਂ ਨਿਡਰ ਅਤੇ ਨਿਧੜਕ ਹੋ ਕੇ ਰਹਿੰਦਾ ਸੀ। ਅਜੋਕੇ ਸਮੇਂ ਵਿਚ ਤਾਂ ਆਦਮੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਕਿਉਂਕਿ ਚੋਰੀਆਂ, ਡਾਕੇ, ਲੁੱਟਾਂ-ਖੋਹਾਂ, ਕਤਲ ਆਦਿ ਜਿਹੀਆਂ ਹੁੰਦੀਆਂ ਵੱਡੀਆਂ ਘਟਨਾਵਾਂ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਚੰਦ ਕੁ ਰੁਪਈਏ ਦੀ ਚੀਜ਼ ਖਾਤਰ ਹੀ ਆਦਮੀ ਦਾ ਕਤਲ ਕਰ ਸੁੱਟਦੇ ਹਨ। ਭਾਵੇਂ ਕਿ ਅੱਜਕਲ੍ਹ ਹਰੇਕ ਗਲੀ-ਮੁਹੱਲਿਆਂ 'ਚ ਕੈਮਰੇ ਲੱਗੇ ਹੋਏ ਹਨ। ਫਿਰ ਵੀ ਲੁਟੇਰੇ ਬੇਖੌਫ਼ ਹੋ ਕੇ ਉਪਰੋਕਤ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਦੀ ਪੂਰੀ ਵਾਰਦਾਤ ਕੈਮਰਿਆਂ ਵਿਚ ਕੈਦ ਵੀ ਹੋ ਜਾਂਦੀ ਹੈ ਪਰ ਫਿਰ ਵੀ ਪੁਲਿਸ ਹੱਥ ਇਹ ਲੁਟੇਰੇ ਕਦੇ ਨਹੀਂ ਆਉਂਦੇ। ਅਜਿਹੀਆਂ ਘਟਨਾਵਾਂ ਹਰ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਦੋਂ ਇਹ ਲੁਟੇਰੇ ਕੈਮਰਿਆਂ 'ਚ ਕੈਦ ਹੋਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਉਂਦੇ ਤਾਂ ਕੈਮਰੇ ਲਗਾਉਣ ਦਾ ਕੀ ਫ਼ਾਇਦਾ ਹੋਇਆ? ਪੰਜਾਬ ਵਿਚ ਲਗਾਤਾਰ ਅਪਰਾਧਾਂ ਦਾ ਵਧਣਾ ਸਰਕਾਰਾਂ ਲਈ ਸ਼ਰਮਸਾਰ ਵਾਲੀ ਗੱਲ ਹੈ। ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਪਰ ਬਾਵਜੂਦ ਇਸ ਦੇ ਸਾਡਾ ਪ੍ਰਸ਼ਾਸਨ ਅਜਿਹੀ ਕੋਈ ਹਰਕਤ ਵਿਚ ਨਹੀਂ ਜਾਪ ਰਿਹਾ, ਜਿਸ ਨਾਲ ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਜੇਕਰ ਪੁਲਿਸ ਪ੍ਰਸ਼ਾਸਨ ਦਾ ਏਨਾ ਖੌਫ਼ ਹੋਵੇ ਤਾਂ ਅਪਰਾਧ ਨਾਲ ਜੁੜੀਆਂ ਘਟਨਾਵਾਂ ਏਨੀ ਵੱਡੀ ਪੱਧਰ 'ਤੇ ਨਹੀਂ ਵਧ ਸਕਦੀਆਂ। ਪਹਿਲਾਂ ਵੀ ਕਈ ਵਾਰ ਦੇਖਣ 'ਚ ਆਉਂਦਾ ਰਿਹਾ ਹੈ ਕਿ ਬੱਚਿਆਂ ਨੂੰ ਅਗਵਾ ਕਰਕੇ ਫਿਰ ਘਰਦਿਆਂ ਤੋਂ ਬੱਚੇ ਬਦਲੇ ਫਿਰੌਤੀ ਆਦਿ ਦੀ ਮੰਗ ਕੀਤੀ ਜਾਂਦੀ ਹੈ ਜਾਂ ਕਿਤੇ ਦੂਰ ਲਿਜਾਇਆ ਜਾਂਦਾ ਹੈ। ਇਸ ਮੰਦਭਾਗੇ ਵਰਤਾਰੇ ਨੂੰ ਲੈ ਕੇ ਮਾਪਿਆਂ 'ਚ ਬੈਚੇਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਸਲ ਵਿਚ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਤਰ੍ਹਾਂ ਬੱਚੇ ਅਗਵਾ ਹੁੰਦੇ ਰਹਿਣਗੇ ਤਾਂ ਫਿਰ ਬੱਚੇ ਆਪਣਾ ਭਵਿੱਖ ਕਿਵੇਂ ਸੰਵਾਰ ਸਕਣਗੇ? ਉਨ੍ਹਾਂ ਨੂੰ ਤਾਂ ਆਪਣੀ ਜ਼ਿੰਦਗੀ ਅਜ਼ਾਦੀ ਨਾਲ ਜਿਉਣ ਦਾ ਹੱਕ ਵੀ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਲੋੜ ਹੈ ਇਸ ਸਮੇਂ ਜਿਹੜੇ ਹਾਲਾਤ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ, ਉਸ ਵੱਲ ਸਰਕਾਰਾਂ ਧਿਆਨ ਦੇਣ ਅਤੇ ਬਣਾਏ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ, ਜਿਸ ਨਾਲ ਲੋਕ ਨਿਡਰ ਅਤੇ ਨਿਧੜਕ ਹੋ ਕੇ ਆਪਣੀ ਜ਼ਿੰਦਗੀ ਆਸਾਨੀ ਨਾਲ ਬਿਤਾ ਸਕਣ। ਇਸ ਤਰ੍ਹਾਂ ਹੁੰਦੀਆਂ ਮੰਦਭਾਗੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ।

-ਧਨੌਲਾ, ਜ਼ਿਲ੍ਹਾ ਬਰਨਾਲਾ-148105. ਮੋਬਾ: 97810-48055

ਵਿਦਿਆਰਥੀਆਂ ਵਿਚ ਫੇਲ੍ਹ ਹੋਣ ਦੀ ਘਬਰਾਹਟ

ਸਾਡੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ 'ਫੇਲ੍ਹ' ਸ਼ਬਦ ਨੂੰ ਵਿਦਿਆਰਥੀਆਂ ਦੇ ਸ਼ਬਦ ਕੋਸ਼ ਵਿਚੋਂ ਕੱਢ ਦੇਣਾ ਚਾਹੀਦਾ ਹੈ, ਅਧਿਆਪਕ ਜੇਕਰ ਬੱਚੇ ਨੂੰ ਕੇਵਲ ਪਾਠਕ੍ਰਮ ਅਨੁਸਾਰ 'ਕੱਲਾ ਉਸ ਉੱਪਰ ਕੇਂਦਰਿਤ ਕਰ ਰਿਹਾ ਹੈ ਤਾਂ ਉਹ ਬੱਚੇ ਨੂੰ ਨੈਤਿਕ ਤੇ ਮਾਨਸਿਕ ਤੌਰ 'ਤੇ ਉੱਚਾ ਨਹੀਂ ਚੁੱਕ ਰਹੇ। ਸਾਨੂੰ ਬੱਚੇ ਨੂੰ ਇਹ ਦਰਸਾਉਣਾ ਪਵੇਗਾ ਕਿ ਬੱਚਾ ਕਿੱਥੇ ਕਮਜ਼ੋਰ ਹੈ, ਕਿਸ ਵਿਸ਼ੇ ਵਿਚ ਕਮਜ਼ੋਰੀ ਵਿਖਾ ਰਿਹਾ ਹੈ। ਇਥੇ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਅਸੀਂ ਬੱਚੇ ਨੂੰ ਸਕੂਲੀ ਵਿੱਦਿਆ ਵਿਚ ਪਾਸ ਕਰਕੇ ਉਸ ਨੂੰ ਅੱਗੇ ਵਧਾ ਰਹੇ ਹਾਂ ਤਾਂ ਕੀ ਬੱਚਾ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ ਘਬਰਾ ਨਹੀਂ ਜਾਵੇਗਾ? ਜਿਵੇਂ ਸਕੂਲ ਸਮਾਜ ਦਾ ਹੀ ਛੋਟਾ ਰੂਪ ਹੈ। ਇਸ ਵਿਚ ਅਸੀਂ ਬੱਚੇ ਨੂੰ ਟਾਰਗਿਟ ਦਿੰਦੇ ਹਾਂ ਅਤੇ ਜੇਕਰ ਉਸ ਤੋਂ ਟਾਰਗਿਟ ਪੂਰਾ ਨਹੀਂ ਹੁੰਦਾ ਤਾਂ ਕਈ ਵਿਦਿਆਰਥੀ ਆਤਮ ਹੱਤਿਆ ਦੇ ਰਾਹ ਪੈ ਜਾਂਦੇ। ਪਰ ਅੱਗੇ ਜਾ ਕੇ ਜ਼ਿੰਦਗੀ ਵਿਚ ਵੀ ਉਸ ਨੇ ਟਾਰਗਿਟ ਮਿੱਥ ਕੇ ਅੱਗੇ ਵਧਣਾ ਹੈ ਤਾਂ ਉਸ ਦੇ ਸੁਭਾਅ ਦੇ ਮੁਤਾਬਿਕ ਉਹ ਇਹੀ ਰਾਹ ਅਪਣਾਏਗਾ, ਕਿਉਂਕਿ ਇਹ ਉਸ ਦੇ ਸੁਭਾਅ ਦਾ ਅੰਗ ਹੈ। ਬੱਚੇ ਨੂੰ ਪਹਿਲੇ ਪੰਜ ਸਾਲ ਭਾਵਨਾਤਮਿਕ ਤੌਰ 'ਤੇ ਸਥਿਰ ਕਰਨਾ ਪਵੇਗਾ, ਉਸ ਦੇ ਅੰਦਰ ਦਇਆ ਦੀ ਭਾਵਨਾ ਕਾਇਮ ਕਰਨੀ ਪਵੇਗੀ। ਸਾਡੀ ਪੜ੍ਹਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਵਿਚ ਭਾਵਨਾਤਮਿਕ ਪਰਪੱਕਤਾ ਵਾਲੇ ਗੁਣ ਪੈਦਾ ਹੋਣ, ਨਾ ਕਿ ਸੰਵੇਦਨਸ਼ੀਲ ਮਸਲਿਆਂ ਨੂੰ ਅੱਖੋਂ-ਪਰੋਖੇ ਕਰਕੇ ਝੂਠੇ ਤੌਰ 'ਤੇ ਆਪਣੇ-ਆਪ ਨੂੰ ਭਾਵਨਾਤਮਿਕ ਤੌਰ 'ਤੇ ਸਥਿਰ ਹੋਣ ਦੇ ਬੇਕਾਰ ਵਿਖਾਵੇ ਕੀਤੇ ਜਾਣ। ਬੱਚਾ ਜੇਕਰ ਭਾਵਨਾਤਮਿਕ ਤੌਰ 'ਤੇ ਕਮਜ਼ੋਰ ਹੋਵੇਗਾ ਤਾਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਵਿਚ ਕਠਿਨਾਈਆਂ ਦਾ ਸਾਹਮਣਾ ਨਹੀਂ ਕਰ ਸਕੇਗਾ। ਦੂਸਰੀ ਗੱਲ ਇਹ ਹੈ ਕਿ ਸਭ ਨੂੰ ਰੋਕਣ ਲਈ ਸਾਨੂੰ ਕੀ-ਕੀ ਉਪਾਅ ਕਰਨੇ ਚਾਹੀਦੇ ਹਨ। ਬੱਚੇ ਦੇ ਰੁਝਾਨ, ਰੁਚੀ ਦੀ ਗੱਲ ਕਰੀਏ ਤਾਂ ਸਾਨੂੰ ਬੱਚੇ ਦੀ ਰੁਚੀ ਨੂੰ ਪਕੜਨਾ ਪਵੇਗਾ ਕਿ ਬੱਚੇ ਦੀ ਰੁਚੀ ਕਿਸ ਚੀਜ਼ ਵੱਲ ਹੈ। ਵਿਦਿਆਰਥੀਆਂ ਦੀ ਰੁਚੀ ਕਿਸੇ ਵੀ ਵਿਸ਼ੇ ਪ੍ਰਤੀ, ਜਿਸ ਵਿਚ ਉਹ ਰੁਝਾਨ ਵੀ ਰੱਖਦਾ ਹੋਵੇ, ਉਸ ਸਿੱਖਿਆ ਵਿਚ ਜਾ ਕੇ ਉਸੇ ਰੁਚੀ ਅਨੁਸਾਰ ਵਿਕਸਿਤ ਹੋਣੀ ਚਾਹੀਦੀ ਹੈ। ਪਰ ਇਸ ਦੇ ਨਾਲ ਉਸ ਦੀ ਵਿਗਿਆਨਕ ਸੂਝ-ਬੂਝ ਤੇ ਭਾਵਨਾਤਮਿਕ ਸੂਝ-ਬੂਝ ਦਾ ਵਿਕਾਸ ਹਾਈ ਸਕੂਲ ਪੱਧਰ 'ਤੇ ਹੀ ਹੋ ਜਾਣਾ ਚਾਹੀਦਾ ਹੈ। ਨੌਜਵਾਨ ਪੇਸ਼ੇ ਵਜੋਂ ਕੋਈ ਵੀ ਪੇਸ਼ਾ ਆਮਦਨ ਵਜੋਂ ਅਪਣਾ ਸਕਦਾ ਹੈ, ਪਰ ਉਸ ਨੂੰ ਜ਼ਿੰਦਗੀ ਵਿਚ ਆਪਣੀ ਰੁਚੀ ਮੁਤਾਬਿਕ ਸਿਰਜਨਾਤਮਿਕ ਕੰਮ, ਜੋ ਉਸ ਨੂੰ ਖੁਸ਼ੀ ਪ੍ਰਦਾਨ ਕਰਦਾ ਹੋਵੇ, ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਇਕ ਵਿਦਿਆਰਥੀ ਨੂੰ ਵਿਦਿਆਰਥੀ ਜੀਵਨ ਦੀਆਂ ਛੋਟੀਆਂ-ਛੋਟੀਆਂ ਘਬਰਾਹਟਾਂ ਵਿਚੋਂ ਕੱਢ ਕੇ ਪ੍ਰੋੜ੍ਹ ਜ਼ਿੰਦਗੀ ਵਿਚ ਇਕ ਸਫ਼ਲ ਇਨਸਾਨ ਦੇ ਤੌਰ 'ਤੇ ਜਿਊਣਾ ਸਿਖਾਇਆ ਜਾ ਸਕਦਾ ਹੈ।

-ਵਿਦਿ: ਜੇ.ਡੀ. ਕਾਲਜ, ਸ੍ਰੀ ਮੁਕਤਸਰ ਸਾਹਿਬ।
ਮੋਬਾ: 90234-59101

 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX