ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਹੋਰ ਖ਼ਬਰਾਂ..

ਨਾਰੀ ਸੰਸਾਰ

ਜੇ ਤੁਸੀਂ ਚਲਾਉਂਦੇ ਹੋ ਦੋਪਹੀਆ ਵਾਹਨ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

ਬਦਲਦੇ ਯੁੱਗ ਨੇ ਵਿੱਦਿਆ ਦਾ ਪਸਾਰ ਵੀ ਕੀਤਾ ਹੈ ਤੇ ਸੁੱਖ ਸਹੂਲਤਾਂ ਵਿਚ ਵਾਧਾ ਵੀ। ਅਜੋਕੇ ਸਮੇਂ ਵਿਚ ਲੜਕੀਆਂ ਨੂੰ ਉੱਚ ਵਿੱਦਿਆ ਦੁਆਉਣਾ ਜਾਂ ਮਹਿਲਾਵਾਂ ਦਾ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਹਿਤ ਨੌਕਰੀ ਕਰਨਾ ਕੋਈ ਅਚੰਭੇ ਵਾਲੀ ਗੱਲ ਨਹੀਂ ਰਹਿ ਗਿਆ ਹੈ। ਅੱਜ ਲੜਕੀਆਂ ਨੂੰ ਉੱਚ ਵਿੱਦਿਆ ਲਈ ਕਾਲਜਾਂ, ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰਾਂ ਵਿਚ ਜਾਣ ਲਈ ਅਤੇ ਨੌਕਰੀਪੇਸ਼ਾ ਲੜਕੀਆਂ ਤੇ ਮਹਿਲਾਵਾਂ ਨੂੰ ਆਪੋ-ਆਪਣੇ ਅਦਾਰਿਆਂ ਤੱਕ ਪੁੱਜਣ ਲਈ ਦੋਪਹੀਆ ਵਾਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸੜਕ 'ਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਤੇ ਜੇਕਰ ਤੁਸੀਂ ਮਹਿਲਾ ਹੋ ਤਾਂ ਹੇਠਾਂ ਦਿੱਤੇ ਸੁਝਾਅ ਤੁਹਾਡੇ ਲਈ ਹੀ ਹਨ :
* ਪੰਜਾਬ ਸਮੇਤ ਕਈ ਰਾਜਾਂ ਵਿਚ ਇਹ ਵੇਖਣ ਵਿਚ ਆਇਆ ਹੈ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ 80 ਫ਼ੀਸਦੀ ਔਰਤਾਂ ਹੈਲਮੇਟ ਦੀ ਵਰਤੋਂ ਨਹੀਂ ਕਰਦੀਆਂ, ਜੋ ਕਿ ਇਕ ਵੱਡੀ ਅਣਗਹਿਲੀ ਹੈ ਤੇ ਹਾਦਸਾ ਵਾਪਰ ਜਾਣ 'ਤੇ ਜਾਨ ਵੀ ਲੈ ਸਕਦੀ ਹੈ। ਇਸ ਲਈ ਤੁਸੀਂ ਚਾਹੇ ਖ਼ੁਦ ਦੋਪਹੀਆ ਵਾਹਨ ਚਲਾ ਰਹੇ ਹੋ ਜਾਂ ਅਜਿਹਾ ਵਾਹਨ ਚਲਾ ਰਹੇ ਕਿਸੇ ਸ਼ਖ਼ਸ ਦੇ ਪਿੱਛੇ ਬੈਠੇ ਹੋ, ਹੈਲਮੇਟ ਦੀ ਵਰਤੋਂ ਜ਼ਰੂਰ ਕਰੋ।
* ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਨੁਸਾਰ ਜ਼ਿਆਦਾਤਰ ਔਰਤਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਬੈਕਵਿਊ ਮਿਰਰ ਭਾਵ ਪਿੱਛੇ ਵੇਖਣ ਵਾਲੇ ਸ਼ੀਸ਼ੇ ਦਾ ਜਾਂ ਮੋੜ ਕੱਟਣ ਸਮੇਂ ਇਸ਼ਾਰਿਆਂ ਦਾ ਇਸਤੇਮਾਲ ਬਿਲਕੁਲ ਨਹੀਂ ਕਰਦੀਆਂ, ਜਿਸ ਕਰਕੇ ਓਵਰਟੇਕ ਕਰਨ ਸਮੇਂ ਜਾਂ ਮੋੜ ਕੱਟਣ ਸਮੇਂ ਜਿੱਥੇ ਵਾਹਨ ਚਾਲਕ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਪਿੱਛੇ ਤੋਂ ਆ ਰਹੇ ਵਾਹਨ ਦਾ ਵੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਤੁਸੀਂ ਜੇਕਰ ਬੈਕਵਿਊ ਮਿਰਰ ਤੇ ਇਸ਼ਾਰਿਆਂ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਇਸ ਜਾਨਲੇਵਾ ਤੇ ਬੁਰੀ ਆਦਤ ਨੂੰ ਅੱਜ ਹੀ ਤਿਆਗ ਦਿਓ ਤੇ ਆਪਣੇ ਅਤੇ ਦੂਜਿਆਂ ਦੇ ਭਲੇ ਲਈ ਉਕਤ ਸੁਝਾਅ 'ਤੇ ਅਮਲ ਕਰੋ।
* ਘਰੋਂ ਵਾਹਨ ਲਿਜਾਣ ਸਮੇਂ ਹਮੇਸ਼ਾ ਖ਼ਿਆਲ ਰੱਖੋ ਕਿ ਤੁਹਾਡਾ ਕਾਨੂੰਨੀ ਤੌਰ 'ਤੇ ਜਾਇਜ਼ ਡਰਾਈਵਿੰਗ ਲਾਈਸੈਂਸ, ਵਾਹਨ ਦਾ ਰਜਿਸਟ੍ਰੇਸ਼ਨ ਕਾਰਡ ਅਤੇ ਵਾਹਨ ਦਾ ਸਹੀ ਮਿਆਦ ਤੱਕ ਪ੍ਰਦੂਸ਼ਣ ਮੁਕਤ ਹੋਣ ਦਾ ਸਰਟੀਫ਼ਿਕੇਟ ਆਦਿ ਦਸਤਾਵੇਜ਼ ਤੁਹਾਡੇ ਕੋਲ ਮੌਜੂਦ ਹੋਣ, ਤਾਂ ਜੋ ਟ੍ਰੈਫ਼ਿਕ ਪੁਲਿਸ ਵਲੋਂ ਕੀਤੀ ਜਾਂਦੀ ਚੈਕਿੰਗ ਸਮੇਂ ਭਰੇ ਬਾਜ਼ਾਰ ਵਿਚ ਤੁਹਾਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਚਲਾਨ ਕਟਵਾਉਣ ਆਦਿ ਦੀ ਨੌਬਤ ਹੀ ਨਾ ਆਵੇ।
* ਵਾਹਨ ਚਲਾ ਕੇ ਆਪਣੀ ਮੰਜ਼ਿਲ ਵੱਲ ਵਧਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰੋ ਕਿ ਵਾਹਨ ਦੇ ਪਹੀਆਂ ਵਿਚ ਹਵਾ ਦਾ ਦਬਾਅ ਅਤੇ ਟੈਂਕੀ ਵਿਚ ਪੈਟਰੋਲ ਸਹੀ ਮਾਤਰਾ ਵਿਚ ਹੈ ਜਾਂ ਨਹੀਂ। ਦੋਵਾਂ ਵਿਚੋਂ ਕਿਸੇ ਵੀ ਇਕ ਚੀਜ਼ ਦੇ ਘੱਟ ਹੋਣ ਕਰਕੇ ਤੁਹਾਨੂੰ ਵਾਹਨ ਚਲਾਉਣ ਵਿਚ ਅਤੇ ਆਪਣੀ ਮੰਜ਼ਿਲ 'ਤੇ ਪੁੱਜਣ ਵਿਚ ਭਾਰੀ ਦਿੱਕਤ ਆ ਸਕਦੀ ਹੈ।
* ਅਕਸਰ ਵੇਖਿਆ ਗਿਆ ਹੈ ਕਿ ਤੇਜ਼ ਧੁੱਪ ਤੋਂ ਬਚਣ ਲਈ ਔਰਤਾਂ ਚਿਹਰੇ 'ਤੇ ਦੁਪੱਟਾ ਤੇ ਬਾਹਵਾਂ 'ਤੇ ਕਵਰ ਪਹਿਨਦੀਆਂ ਹਨ ਪਰ ਇਸ ਕਿਰਿਆ ਨੂੰ ਰੋਜ਼ ਦੀ ਆਦਤ ਬਣਾ ਲੈਣ ਨਾਲ ਸਥਿਤੀ ਕਈ ਵਾਰ ਉਸ ਵੇਲੇ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਔਰਤਾਂ ਸੁਹਾਵਣੇ ਤੇ ਬੱਦਲਵਾਈ ਵਾਲੇ ਮੌਸਮ ਵਿਚ ਵੀ ਆਦਤਨ ਇਹ ਸਾਰਾ ਕੁਝ ਪਹਿਨ ਕੇ ਚੱਲ ਪੈਂਦੀਆਂ ਹਨ ਤੇ ਵੇਖਣ ਵਾਲਿਆਂ ਲਈ ਮਜ਼ਾਕ ਦੀਆਂ ਪਾਤਰ ਬਣਦੀਆਂ ਹਨ। ਕਿਧਰੇ ਤੁਸੀਂ ਅਜਿਹਾ ਨਾ ਕਰ ਬੈਠੋ, ਇਸ ਗੱਲ ਦਾ ਜ਼ਰੂਰ ਖ਼ਿਆਲ ਰੱਖੋ।
* ਜੇਕਰ ਤੁਹਾਡੇ ਵਾਹਨ ਦਾ ਕੋਈ ਪੇਚ ਜਾਂ ਪੁਰਜ਼ਾ ਢਿੱਲਾ ਹੈ ਤੇ ਆਵਾਜ਼ ਕਰਦਾ ਹੈ ਤਾਂ ਉਸ ਨੂੰ ਠੀਕ ਕਰਵਾਉਣ ਪ੍ਰਤੀ ਅਣਗਹਿਲੀ ਨਾ ਵਰਤੋ। ਮਸ਼ੀਨਰੀ ਦੀ ਛੋਟੀ ਜਿਹੀ ਸਮੱਸਿਆ ਵੀ ਕਈ ਵਾਰੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਹੋ ਨਿਬੜਦੀ ਹੈ। ਆਪਣੇ ਵਾਹਨ ਨੂੰ ਧੋ ਕੇ ਜਾਂ ਧੁਆ ਕੇ ਤੇ ਸਦਾ ਸਾਫ਼-ਸੁਥਰਾ ਰੱਖੋ। ਬਰਸਾਤ ਦੇ ਮੌਸਮ ਵਿਚ ਰੇਨ ਕੋਟ ਅਤੇ ਨਿੱਕੀ ਛਤਰੀ ਆਪਣੇ ਵਾਹਨ ਦੀ ਡਿੱਕੀ ਵਿਚ ਜ਼ਰੂਰ ਰੱਖੋ।
* ਵਾਹਨ ਚਲਾਉਣ ਸਮੇਂ ਆਪਣਾ ਪਰਸ ਜਾਂ ਕੋਈ ਹੋਰ ਕੀਮਤੀ ਚੀਜ਼ ਮੋਢੇ 'ਤੇ ਜਾਂ ਪੈਰਾਂ ਵਿਚ ਨਾ ਰੱਖੋ। ਲੁਟੇਰਿਆਂ ਵਲੋਂ ਅਜਿਹੀਆਂ ਮਹਿਲਾਵਾਂ ਆਸਾਨੀ ਨਾਲ ਸ਼ਿਕਾਰ ਬਣਾ ਲਈਆਂ ਜਾਂਦੀਆਂ ਹਨ, ਜੋ ਅਜਿਹਾ ਕਰਦੀਆਂ ਹਨ। ਲੁੱਟ-ਖੋਹ ਦੀ ਘਟਨਾ ਵਾਪਰਨ ਸਮੇਂ ਵਾਹਨ ਨੂੰ ਰੋਕਣ ਦਾ ਯਤਨ ਕਰੋ ਤੇ ਚਲਦੇ ਵਾਹਨ 'ਤੇ ਲੁਟੇਰਿਆਂ ਨਾਲ ਸੰਘਰਸ਼ ਦੀ ਕੋਸ਼ਿਸ਼ ਨਾ ਕਰੋ, ਅਜਿਹਾ ਕਰਨ ਵਿਚ ਤੁਹਾਡੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ।
* ਵਾਹਨ 'ਤੇ ਆਪਣੇ ਪਿੱਛੇ ਜਾਂ ਅੱਗੇ ਛੋਟੇ ਬੱਚੇ ਨੂੰ ਬਿਠਾ ਕੇ ਚਲਾਉਣ ਸਮੇਂ ਪੂਰੀ ਸਾਵਧਾਨੀ ਵਰਤੋ, ਕਿਉਂਕਿ ਬੱਚੇ ਅਕਸਰ ਨਿਚੱਲੇ ਨਹੀਂ ਬੈਠਦੇ ਹਨ ਤੇ ਲਗਾਤਾਰ ਹਰਕਤ ਕਰਦੇ ਰਹਿੰਦੇ ਹਨ, ਜਿਸ ਨਾਲ ਤੁਹਾਡੇ ਵਾਹਨ ਦਾ ਸੰਤੁਲਨ ਵਿਗੜ ਸਕਦਾ ਹੈ। ਖ਼ਰੀਦਦਾਰੀ ਕਰਨ ਸਮੇਂ ਜੇਕਰ ਤੁਸੀਂ ਆਪ ਦੋਪਹੀਆ ਵਾਹਨ ਤੋਂ ਹੇਠਾਂ ਉਤਰ ਆਏ ਹੋ ਤਾਂ ਵਾਹਨ ਦਾ ਸਾਈਡ ਸਟੈਂਡ ਲਗਾ ਕੇ ਬੱਚੇ ਨੂੰ ਵਾਹਨ 'ਤੇ ਹੀ ਬੈਠਾ ਨਾ ਰਹਿਣ ਦਿਓ, ਕਿਉਂਕਿ ਸਟੈਂਡ ਖਿਸਕ ਜਾਣ ਦੀ ਸੂਰਤ ਵਿਚ ਬੱਚੇ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ।
* ਵਾਹਨ ਚਲਾਉਣ ਸਮੇਂ ਲੋੜੀਂਦੀਆਂ ਸਾਰੀਆਂ ਸਾਵਧਾਨੀਆਂ ਅਤੇ ਟ੍ਰੈਫ਼ਿਕ ਨੇਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰੋ, ਕਿਉਂਕਿ ਜਾਨ ਹੈ ਤਾਂ ਜਹਾਨ ਹੈ।


-410, ਚੰਦਰ ਨਗਰ, ਬਟਾਲਾ। ਮੋਬਾ: 97816-46008


ਖ਼ਬਰ ਸ਼ੇਅਰ ਕਰੋ

ਗੋਰੇ ਗੋਰੇ ਮੁਖੜੇ 'ਤੇ ਕਾਲਾ-ਕਾਲਾ ਚਸ਼ਮਾ

ਧੁੱਪ ਚਸ਼ਮਾ ਖ਼ਰੀਦਣ ਸਮੇਂ ਕੁਝ ਜ਼ਰੂਰੀ ਨੁਕਤੇ

ਜੇਕਰ ਤੁਸੀਂ ਬਾਹਰ ਨਿਕਲਦੇ ਸਮੇਂ ਆਪਣੀਆਂ ਬੇਸ਼ਕੀਮਤੀ ਅੱਖਾਂ ਲਈ ਧੁੱਪ ਵਿਰੋਧੀ ਚਸ਼ਮੇ 'ਡਾਰਕ ਗਲਾਸਿਜ਼' ਦੀ ਵਰਤੋਂ ਕਰਦੇ ਹੋ ਤਾਂ ਜਿਥੇ ਤੇਜ਼-ਚੁੱਭਵੀਂ ਧੁੱਪ ਤੋਂ ਰਾਹਤ ਦਿਵਾ ਸਕੋਗੇ, ਉਥੇ ਹੀ ਤੁਹਾਡੀਆਂ ਅੱਖਾਂ ਨੂੰ ਇਕ ਤਰ੍ਹਾਂ ਦਾ ਸੁਰੱਖਿਆ ਕਵਚ ਵੀ ਮਿਲ ਜਾਂਦਾ ਹੈ। ਵੈਸੇ ਵੀ ਅੱਜਕਲ੍ਹ ਨੌਜਵਾਨਾਂ 'ਚ ਡਾਰਕ ਗਲਾਸਿਜ਼ ਪਹਿਨਣ ਦਾ ਰਿਵਾਜ ਵਧ ਰਿਹਾ ਹੈ। ਧੁੱਪ ਚਸ਼ਮਾ ਜਿਥੇ ਤੇਜ਼ ਧੁੱਪ ਦੀ ਚਮਕ, ਮਿੱਟੀ-ਘੱਟੇ, ਮੱਛਰ ਅਤੇ ਸੂਰਜ ਦੀ ਰੌਸ਼ਨੀ ਨਾਲ ਆ ਰਹੀਆਂ ਪਰਾਬੈਂਗਣੀ ਹਾਨੀਕਾਰਕ ਕਿਰਨਾਂ ਤੋਂ ਅੱਖਾਂ ਨੂੰ ਬਚਾਉਂਦਾ ਹੈ, ਉਥੇ ਹੀ ਤੁਹਾਡੇ ਰੂਪ 'ਚ ਵੀ ਨਿਖਾਰ ਲਿਆਉਂਦਾ ਹੈ। ਤੁਹਾਡੇ ਵਲੋਂ ਖਰੀਦਿਆ ਜਾ ਰਿਹਾ ਚਸ਼ਮਾ ਕਿਹੋ ਜਿਹਾ ਹੋਵੇ, ਇਸ ਲਈ ਕੁਝ ਜ਼ਰੂਰੀ ਨੁਕਤੇ ਗੌਰ-ਏ-ਨਜ਼ਰ ਕਰਨ ਦੀ ਲੋੜ ਹੈ।
* ਚਸ਼ਮੇ ਵਿਚ ਸਿਰਫ ਦੋ ਚੀਜ਼ਾਂ ਫਰੇਮ ਅਤੇ ਸ਼ੀਸ਼ੇ ਹੁੰਦੇ ਹਨ, ਜਿਨ੍ਹਾਂ ਦੀ ਸਹੀ ਪਰਖ ਕਰ ਲੈਣੀ ਚਾਹੀਦੀ ਹੈ। ਧਿਆਨ ਨਾਲ ਦੇਖ ਲਵੋ ਕਿ ਫਰੇਮ ਅਤੇ ਸ਼ੀਸ਼ਿਆਂ 'ਤੇ ਕਿਸੇ ਕਿਸਮ ਦਾ ਦਾਗ ਜਾਂ ਖਰੋਚ ਵਗੈਰਾ ਨਾ ਹੋਵੇ।
* ਫਰੇਮ ਕਿਤਿਓਂ ਵੀ ਚੁੱਭਦਾ ਨਾ ਹੋਵੇ, ਕਿਉਂਕਿ ਚੁੱਭਣ ਵਾਲੀ ਥਾਂ 'ਤੇ ਡੂੰਘ ਦਾ ਨਿਸ਼ਾਨ ਪੈਣ ਸਦਕਾ ਚਿਹਰਾ ਓਪਰਾ ਜਾਂ ਭੱਦਾ ਲਗਦਾ ਹੈ। ਫਰੇਮ ਕੰਨਾਂ ਅਤੇ ਨੱਕ 'ਤੇ ਸਹੀ ਫਿੱਟ ਹੋਵੇ। ਤੰਗ ਫਰੇਮ ਨਾਲ ਸਿਰਦਰਦ ਅਤੇ ਢਿੱਲੇ ਫਰੇਮ ਨੂੰ ਵਾਰ-ਵਾਰ ਉੱਪਰ ਖਿਸਕਾਉਣਾ ਪੈਂਦਾ ਹੈ। ਅਕਸਰ ਫਰੇਮ ਪਤਲਾ ਹੀ ਸਹੀ ਰਹਿੰਦਾ ਹੈ, ਕਿਉਂਕਿ ਮੋਟੇ ਫਰੇਮ ਸਦਕਾ ਜਿਥੇ ਦ੍ਰਿਸ਼ਟੀ ਖੇਤਰ ਘਟਦਾ ਹੈ, ਉਥੇ ਹੀ ਭਾਰਾ-ਭਾਰਾ ਵੀ ਮਹਿਸੂਸ ਹੁੰਦਾ ਰਹਿੰਦਾ ਹੈ। ਕਈਆਂ ਨੂੰ ਧਾਤ ਦਾ ਫਰੇਮ ਪਹਿਨਣ ਨਾਲ ਅਲਰਜੀ ਹੁੰਦੀ ਹੈ, ਇਸ ਤੋਂ ਬਚਣ ਲਈ ਪਲਾਸਟਿਕ ਫਰੇਮ ਹੀ ਪਸੰਦ ਕਰੋ।
* ਸਨ-ਗਲਾਸਿਜ਼ ਕਦੇ ਵੀ ਫੁੱਟਪਾਥ ਜਾਂ ਚਲਦੇ-ਫਿਰਦੇ ਰੇੜ੍ਹੀ-ਫੜ੍ਹੀਆਂ ਵਾਲਿਆਂ ਤੋਂ ਨਾ ਖ਼ਰੀਦੋ, ਕਿਉਂਕਿ ਘਟੀਆ ਕਿਸਮ ਅਤੇ ਸਸਤਾ ਚਸ਼ਮਾ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
* ਅਕਸਰ ਬਰਫ, ਰੇਤ, ਸਮੁੰਦਰ ਸਤ੍ਹਾ, ਕੰਕਰੀਟ ਦੀਆਂ ਇਮਾਰਤਾਂ ਅਤੇ ਉਨ੍ਹਾਂ 'ਤੇ ਫਿੱਟ ਸ਼ੀਸ਼ਿਆਂ ਤੋਂ ਵੀ ਸੂਰਜੀ ਪ੍ਰਕਾਸ਼ ਦੀਆਂ ਕਿਰਨਾਂ ਪ੍ਰਵਰਤਿਤ ਹੋ ਕੇ ਸਿੱਧੀਆਂ ਸਾਡੀਆਂ ਅੱਖਾਂ ਨੂੰ ਚੁੰਧਿਆਉਂਦੀਆਂ ਹਨ, ਜਿਨ੍ਹਾਂ ਤੋਂ ਬਚਣ ਲਈ ਅੱਖਾਂ ਦੇ ਮਾਹਿਰ ਪੋਲੇਰਾਈਜ਼ਡ ਲੈੱਨਜ਼ ਯੁਕਤ ਚਸ਼ਮੇ ਦੀ ਸਲਾਹ ਦਿੰਦੇ ਹਨ।
* ਚਸ਼ਮਾ ਖਰੀਦਣ ਸਮੇਂ ਜੇ ਕੋਈ ਤੁਹਾਡੀ ਸਹੇਲੀ, ਦੋਸਤ ਜਾਂ ਕੋਈ ਹੋਰ ਤੁਹਾਡੇ ਨਾਲ ਹੋਵੇ ਤਾਂ ਠੀਕ ਹੋਵੇਗਾ, ਕਿਉਂਕਿ ਉਹ ਸਹੀ-ਸਹੀ ਅੰਦਾਜ਼ਾ ਲਗਾ ਕੇ ਸੁਝਾਅ ਸਕਦਾ ਹੈ ਕਿ ਤੁਹਾਡੇ ਚਿਹਰੇ ਉੱਪਰ ਕਿਹੜੇ ਰੰਗ, ਡਿਜ਼ਾਈਨ ਦਾ ਫਰੇਮ ਅਤੇ ਸ਼ੀਸ਼ਿਆਂ ਵਾਲਾ ਚਸ਼ਮਾ ਫੱਬਦਾ ਹੈ।
* ਇਸ ਤੋਂ ਇਲਾਵਾ ਵਨ-ਵੇ-ਗਲਾਸ ਭਾਵ ਸਿਰਫ ਅੰਦਰੋਂ ਬਾਹਰ ਦੇਖ ਸਕਣ ਵਾਲਾ ਗਲਾਸ ਵੀ ਸਹੀ ਰਹਿੰਦਾ ਹੈ, ਕਿਉਂਕਿ ਅਜਿਹੇ ਗਲਾਸ ਪ੍ਰਕਾਸ਼ ਦੀਆਂ ਕਿਰਨਾਂ ਨੂੰ ਪ੍ਰਵਰਤਿਤ ਕਰਨ ਦੇ ਨਾਲ-ਨਾਲ ਪਰਾਬੈਂਗਣੀ ਕਿਰਨਾਂ ਨੂੰ ਵੀ ਸੋਖ ਲੈਂਦੇ ਹਨ।
* ਚਸ਼ਮਾ ਉਤਾਰਨ ਤੋਂ ਬਾਅਦ ਹਮੇਸ਼ਾ ਸਾਫ਼ ਕਰਕੇ ਹੀ ਕੇਸ 'ਚ ਰੱਖੋ। ਜੇ ਕੋਈ ਦਾਗ-ਧੱਬਾ ਲੱਗ ਗਿਆ ਹੋਵੇ ਤਾਂ ਚਸ਼ਮੇ ਨੂੰ ਪਾਣੀ ਨਾਲ ਧੋ ਕੇ ਮੁਲਾਇਮ ਕੱਪੜੇ ਨਾਲ ਸਾਫ਼ ਕਰੋ। ਚਸ਼ਮਾ ਕਦੇ ਵੀ ਲਾਪ੍ਰਵਾਹੀ ਨਾਲ ਇਧਰ-ਉਧਰ ਨਾ ਰੱਖਿਆ ਜਾਵੇ, ਨਹੀਂ ਤਾਂ ਸ਼ੀਸ਼ਿਆਂ ਉੱਪਰ ਖਰੋਚਾਂ ਪੈਣ ਅਤੇ ਟੁੱਟਣ ਦਾ ਵੀ ਡਰ ਰਹਿੰਦਾ ਹੈ।


-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ। ਮੋਬਾ: 70870-48140

ਕਿਵੇਂ ਕਰੀਏ ਫੇਸ਼ੀਅਲ

ਜਵਾਨੀ ਵਿਚ ਪੈਰ ਰੱਖਦੇ ਹੀ ਮੁਟਿਆਰਾਂ ਆਪਣੀ ਸੁੰਦਰਤਾ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਲਗਦੀਆਂ ਹਨ। ਆਪਣੇ ਚਿਹਰੇ ਨੂੰ ਆਕਰਸ਼ਕ ਅਤੇ ਸੁੰਦਰ ਬਣਾਉਣ ਲਈ ਉਹ ਜ਼ਿਆਦਾ ਮੇਕਅੱਪ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰਸਾਧਨਾਂ ਦੀ ਵਰਤੋਂ ਕਰਨ ਲਗਦੀਆਂ ਹਨ। ਨਤੀਜੇ ਵਜੋਂ ਚਿਹਰੇ ਦੇ ਰੋਮ ਬੰਦ ਹੋ ਜਾਂਦੇ ਹਨ ਅਤੇ ਚਿਹਰੇ ਦੀ ਅਸਲੀ ਸੁੰਦਰਤਾ ਵੀ ਖ਼ਤਮ ਹੋ ਜਾਂਦੀ ਹੈ।
ਇਸ ਆਕਰਸ਼ਣ ਨੂੰ ਵਾਪਸ ਲਿਆਉਣ ਲਈ ਫੇਸ਼ੀਅਲ ਆਦਿ ਕਰਵਾਇਆ ਜਾਂਦਾ ਹੈ। ਫੇਸ਼ੀਅਲ ਕਰਵਾਉਣ ਲਈ ਬਿਊਟੀ ਪਾਰਲਰ ਜਾਣਾ ਅੱਜਕਲ੍ਹ ਦੀ ਮਹਿੰਗਾਈ ਵਿਚ ਸਾਰਿਆਂ ਲਈ ਅਸਾਨ ਨਹੀਂ ਹੈ। ਆਓ ਅਸੀਂ ਘਰ ਵਿਚ ਹੀ ਫੇਸ਼ੀਅਲ ਕਰ ਲਈਏ ਅਤੇ ਪੈਸਿਆਂ ਦੀ ਬੱਚਤ ਕਰੀਏ। ਫੇਸ਼ੀਅਲ ਦਾ ਮਤਲਬ ਹੈ ਚਿਹਰੇ ਦੀ ਚੰਗੀ ਤਰ੍ਹਾਂ ਸਫ਼ਾਈ, ਜਿਸ ਨਾਲ ਸਾਡੇ ਬੰਦ ਰੋਮ ਖੁੱਲ੍ਹ ਜਾਣ। ਫੇਸ਼ੀਅਲ ਹਮੇਸ਼ਾ ਚਮੜੀ 'ਤੇ ਕੀਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਕਲੀਜ਼ਿੰਗ ਮਿਲਕ ਜਾਂ ਕੱਚੇ ਦੁੱਧ ਨਾਲ ਚਿਹਰੇ ਨੂੰ ਸਾਫ਼ ਕਰੋ। ਚਮੜੀ ਤੇਲੀ ਹੋਣ 'ਤੇ ਸਾਬਣ ਨਾਲ ਮੂੰਹ ਨੂੰ ਧੋ ਲਓ।
ਹੁਣ ਚਿਹਰੇ 'ਤੇ ਮਾਲਿਸ਼ ਕਰੋ। ਧਿਆਨ ਰਹੇ ਕਿ ਕ੍ਰੀਮ ਆਪਣੀ ਚਮੜੀ ਅਨੁਸਾਰ ਹੀ ਲਓ। ਰੁੱਖੀ ਚਮੜੀ ਲਈ ਕੋਲਡ ਕ੍ਰੀਮ ਅਤੇ ਤੇਲੀ ਚਮੜੀ ਲਈ ਚਿਕਨਾਈ ਵਾਲੀ ਕ੍ਰੀਮ ਨਾ ਲਓ। ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਸ਼ੁਰੂ ਕਰੋ। ਮਾਲਿਸ਼ ਹਮੇਸ਼ਾ ਅੰਦਰੋਂ ਬਾਹਰ ਵੱਲ ਨੂੰ ਅਤੇ ਹੇਠੋਂ ਉੱਪਰ ਵੱਲ ਨੂੰ ਕਰੋ। ਅੱਖਾਂ ਦੇ ਕੋਲ ਹਲਕੇ ਹੱਥਾਂ ਨਾਲ ਕ੍ਰੀਮ ਲਗਾਓ। 15-20 ਮਿੰਟ ਤੱਕ ਮਾਲਿਸ਼ ਕਰੋ ਤਾਂ ਕਿ ਕ੍ਰੀਮ ਚਮੜੀ ਵਿਚ ਜਜ਼ਬ ਹੋ ਜਾਏ।
ਮਾਲਿਸ਼ ਦੀ ਪ੍ਰਕਿਰਿਆ ਤੋਂ ਬਾਅਦ ਆਪਣੇ ਚਿਹਰੇ ਨੂੰ ਭਾਫ ਦਿਓ। ਭਾਫ ਦੇਣ ਲਈ ਕਿਸੇ ਖੁੱਲ੍ਹੇ ਭਾਂਡੇ ਵਿਚ ਗਰਮ ਪਾਣੀ ਪਾਓ ਅਤੇ ਚਿਹਰੇ ਨੂੰ ਦੋਵੇਂ ਪਾਸਿਆਂ ਤੋਂ ਤੌਲੀਏ ਨਾਲ ਢਕ ਕੇ ਭਾਫ ਲਓ। ਇਸ ਤੋਂ ਬਾਅਦ ਸੁਕਾ ਲਓ।
ਅੰਤਿਮ ਦੌਰ ਵਿਚ ਚਿਹਰੇ 'ਤੇ ਪੈਕ ਲਗਾਓ। ਪੈਕ ਪੂਰੀ ਤਰ੍ਹਾਂ ਸੁੱਕਣ 'ਤੇ ਹੀ ਸਾਫ਼ ਕਰੋ। ਚਿਹਰੇ 'ਤੇ ਜਦੋਂ ਪੈਕ ਲੱਗਾ ਹੋਵੇ ਤਾਂ ਨਾ ਤਾਂ ਹੱਸੋ ਅਤੇ ਨਾ ਹੀ ਕਿਸੇ ਨਾਲ ਗੱਲਾਂ ਕਰੋ। ਅਜਿਹਾ ਕਰਨ ਨਾਲ ਝੁਰੜੀਆਂ ਪੈਣ ਦਾ ਡਰ ਰਹਿੰਦਾ ਹੈ। ਪੈਕ ਸੁੱਕਣ 'ਤੇ ਪਾਣੀ ਨਾਲ ਚਿਹਰਾ ਸਾਫ਼ ਕਰੋ। ਤੁਹਾਡੇ ਚਿਹਰੇ 'ਤੇ ਅਦਭੁੱਤ ਨਿਖਾਰ ਆਵੇਗਾ।


-ਸ਼ੈਲੀ ਮਾਥੁਰ

ਲੋਹੇ ਦੇ ਭਾਂਡਿਆਂ 'ਤੇ ਜੰਗਾਲ ਤੋਂ ਬਚਾਅ ਕਰੋ

* ਲੋਹੇ ਦੀ ਛੁਰੀ ਜਾਂ ਕਾਂਟੇ ਨੂੰ ਵਰਤਣ ਤੋਂ ਬਾਅਦ ਧੋ ਕੇ, ਸੁਕਾ ਕੇ ਰੱਖੋ, ਕਿਉਂਕਿ ਉਨ੍ਹਾਂ 'ਤੇ ਲੱਗਿਆ ਥੋੜ੍ਹਾ ਵੀ ਜੰਗਾਲ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। * ਬਰਸਾਤ ਦੇ ਦਿਨਾਂ ਵਿਚ ਲੋਹੇ ਦੀ ਛੁਰੀ ਅਤੇ ਕਾਂਟੇ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਰੱਖੋ। ਜੰਗਾਲ ਨਜ਼ਰ ਆਉਣ 'ਤੇ ਕੱਚਾ ਆਲੂ ਮਲੋ। * ਲੋਹੇ ਦੇ ਭਾਂਡਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਭਾਂਡਿਆਂ 'ਤੇ ਚੂਨੇ ਦਾ ਲੇਪ ਵੀ ਇਕ ਕਾਰਗਰ ਉਪਾਅ ਹੈ।
* ਜੋ ਭਾਂਡੇ ਖਾਣਾ ਬਣਾਉਂਦੇ ਸਮੇਂ ਵਰਤੋਂ ਵਿਚ ਨਾ ਆਉਂਦੇ ਹੋਣ, ਉਨ੍ਹਾਂ ਨੂੰ ਮਿੱਟੀ ਦਾ ਤੇਲ ਜਾਂ ਗ੍ਰੀਸ ਲਗਾ ਕੇ ਰੱਖੋ।
* ਗਰਮ ਪਾਣੀ ਵਿਚ ਗੰਧਕ ਦਾ ਅਮਲ ਮਿਲਾ ਕੇ ਉਸ ਨੂੰ ਇੱਟ ਨਾਲ ਜਾਂ ਕਿਸੇ ਖੁਰਦਰੀ ਚੀਜ਼ ਨਾਲ ਰਗੜਨ 'ਤੇ ਵੀ ਲੋਹੇ ਦਾ ਜੰਗਾਲ ਦੂਰ ਹੋ ਜਾਂਦਾ ਹੈ। * ਹਰ ਰੋਜ਼ ਵਰਤੋਂ ਵਿਚ ਆਉਣ ਵਾਲੇ ਭਾਂਡਿਆਂ ਨੂੰ ਸਹਿਜੇ ਕੀਤੇ ਜੰਗਾਲ ਨਹੀਂ ਲਗਦਾ। ਇਸੇ ਲਈ ਰੋਜ਼ ਵਰਤੋਂ ਨਾ ਹੋਣ ਵਾਲੇ ਭਾਂਡਿਆਂ ਨੂੰ ਧੋ ਕੇ, ਸੁਕਾ ਕੇ ਹੀ ਰੱਖੋ। ਧਿਆਨ ਰੱਖੋ ਕਿ ਉਹ ਜਗ੍ਹਾ ਸਿੱਲ੍ਹ ਵਾਲੀ ਨਾ ਹੋਵੇ। * ਸੋਡੀਅਮ ਸਿਲੀਕੇਟ ਨੂੰ ਥੋੜ੍ਹਾ ਜਿਹਾ ਭਾਂਡੇ ਧੋਣ ਵਾਲੇ ਪਾਣੀ ਵਿਚ ਮਿਲਾਉਣ ਨਾਲ ਵੀ ਜੰਗਾਲ ਦੂਰ ਹੁੰਦਾ ਹੈ।
* ਹਮਾਮਦਸਤਾ ਵਰਗੇ ਕਦੇ-ਕਦੇ ਵਰਤੋਂ ਵਿਚ ਆਉਣ ਵਾਲੇ ਭਾਂਡਿਆਂ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਰੱਖੋ।
* ਜੰਗਾਲ ਦੇ ਦਾਗ ਜੇ ਜ਼ਿਆਦਾ ਗੂੜ੍ਹੇ ਹੋਣ ਤਾਂ ਭਾਂਡੇ ਨੂੰ ਪੈਰਾਫਿਨ ਦੇ ਤੇਲ ਵਿਚ ਡੁਬੋ ਕੇ ਰੱਖੋ। ਫਿਰ ਜੰਗਾਲ ਲੱਥਣ ਤੋਂ ਬਾਅਦ ਉਸੇ ਸਟੀਲਵੂਲ ਜਾਂ ਇਮਰੀ ਪੇਪਰ ਨਾਲ ਰਗੜ ਦਿਓ ਪਰ ਅਜਿਹੇ ਭਾਂਡਿਆਂ ਨੂੰ ਵਰਤੋਂ ਵਿਚ ਨਾ ਲਿਆਓ, ਕਿਉਂਕਿ ਜੰਗਾਲ ਦੇ ਕਣ ਤੁਹਾਡੀ ਸਿਹਤ 'ਤੇ ਬੁਰਾ ਅਸਰ ਪਾ ਸਕਦੇ ਹਨ। * ਢੱਕਣ ਵਾਲੇ ਭਾਂਡੇ ਨੂੰ ਢਕ ਕੇ ਨਾ ਰੱਖੋ ਪਰ ਢੱਕਣ ਅਜਿਹੀ ਜਗ੍ਹਾ ਰੱਖੋ, ਜਿਥੋਂ ਤੁਸੀਂ ਅਸਾਨੀ ਨਾਲ ਵਾਪਸ ਲੈ ਸਕੋ।


-ਮੌ: ਅਹਤਸ਼ਾਮ ਅਲੀ 'ਸ਼ਾਦ'

ਚਲੋ ਚਲੀਏ ਰਾਜਸਥਾਨ

ਗੱਟੇ ਦੀ ਸਬਜ਼ੀ

ਸਮੱਗਰੀ : 1 ਕਟੋਰੀ ਬੇਸਣ, ਮੋਇਨ ਦੇ ਲਈ 1 ਵੱਡਾ ਚਮਚ ਤੇਲ, ਪੀਸੀ ਹੋਈ ਲਾਲ ਮਿਰਚ-ਧਨੀਆ, ਹਲਦੀ, ਨਮਕ, ਜੀਰਾ, ਹਿੰਗ ਅਤੇ ਥੋੜ੍ਹਾ ਜਿਹਾ ਸਾਬਤ ਧਨੀਆ, ਇਕ ਕਟੋਰੀ ਖੱਟਾ ਦਹੀਂ, ਦੋ ਵੱਡੇ ਚਮਚ ਘਿਓ, ਕੱਟਿਆ ਹੋਇਆ ਬਰੀਕ ਧਨੀਆ ਅਤੇ ਹਰੀ ਮਿਰਚ।
ਵਿਧੀ : ਬੇਸਣ ਵਿਚ ਤੇਲ, ਥੋੜ੍ਹੀ ਪੀਸੀ ਹੋਈ ਲਾਲ ਮਿਰਚ, ਹਲਦੀ, ਨਮਕ ਅਤੇ ਸਾਬਤ ਧਨੀਏ ਦੇ ਦੋ ਟੁਕੜੇ ਕਰਕੇ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫਿਰ ਗਰਮ ਪਾਣੀ ਨਾਲ ਪੂੜੀ ਦੇ ਆਟੇ ਵਾਂਗ ਗੁੰਨ੍ਹ ਲਓ।
ਇਕ ਪਤੀਲੇ ਵਿਚ ਗਰਮ ਪਾਣੀ ਕਰ ਲਓ। ਫਿਰ ਆਟੇ ਦੇ ਲੰਬੇ ਰੋਲ ਬਣਾ ਕੇ ਪਾਣੀ ਵਿਚ ਉਬਾਲਣ ਲਈ ਰੱਖ ਦਿਓ। ਉਨ੍ਹਾਂ ਨੂੰ ਉਦੋਂ ਤੱਕ ਉਬਲਣ ਦਿਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਉਬਲ ਨਾ ਜਾਣ। ਉਬਲਣ ਤੋਂ ਬਾਅਦ ਉਨ੍ਹਾਂ ਨੂੰ ਕੱਢ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਬਚਿਆ ਹੋਇਆ ਪਾਣੀ ਰਹਿਣ ਦਿਓ।
ਗੱਟੇ ਦਾ ਝੋਲ ਬਣਾਉਣ ਲਈ ਦਹੀਂ ਵਿਚ ਲਾਲ ਮਿਰਚ-ਧਨੀਆ ਪਾਊਡਰ, ਹਲਦੀ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਪਤੀਲੇ ਵਿਚ ਘਿਓ ਗਰਮ ਕਰ ਲਓ। ਫਿਰ ਹਿੰਗ, ਜੀਰਾ ਅਤੇ ਕੜੀਪੱਤਾ ਪਾ ਕੇ ਦਹੀਂ ਉਸ ਵਿਚ ਪਾ ਦਿਓ। ਦਹੀਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਉਹ ਘਿਓ ਨਾ ਛੱਡ ਦੇਵੇ। ਜਦੋਂ ਘਿਓ ਛੱਡ ਦੇਵੇ ਤਾਂ ਉਬਲੇ ਹੋਏ ਗੱਟਿਆਂ ਦਾ ਬਚਿਆ ਹੋਇਆ ਪਾਣੀ ਉਸ ਵਿਚ ਪਾ ਦਿਓ। ਲੋੜ ਅਨੁਸਾਰ ਪਾਣੀ ਹੋਰ ਵੀ ਪਾ ਸਕਦੇ ਹੋ।
ਜਦੋਂ ਉਬਾਲਾ ਆ ਜਾਵੇ ਤਾਂ ਟੁਕੜੇ ਕੀਤੇ ਹੋਏ ਗੱਟੇ ਉਸ ਵਿਚ ਪਾਓ ਅਤੇ ਉਬਾਲ ਆਉਣ ਦਿਓ। ਫਿਰ ਬਰੀਕ ਕੱਟਿਆ ਹੋਇਆ ਧਨੀਆ-ਹਰੀ ਮਿਰਚ ਮਿਲਾ ਲਓ। ਇਸ ਤਰ੍ਹਾਂ ਗੱਟੇ ਦੀ ਸਬਜ਼ੀ ਤਿਆਰ ਹੈ।


-ਸ਼ਵੇਤਾ ਮੰਗਲ

ਬੱਚਿਆਂ ਨੂੰ ਸਿਖਾਓ ਨੈਤਿਕ ਕਦਰਾਂ-ਕੀਮਤਾਂ ਦਾ ਮਹੱਤਵ

ਬਹੁਤ ਸਾਰੇ ਬੱਚਿਆਂ ਵਿਚ ਸਬਰ, ਸੰਤੋਖ ਅਤੇ ਸਹਿਣਸ਼ੀਲਤਾ ਵਰਗੇ ਨੈਤਿਕ ਗੁਣ ਖ਼ਤਮ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਦੇ ਬੱਚੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਬਹੁਤ ਵੱਡੀ ਸਮੱਸਿਆ ਬਣ ਰਹੇ ਹਨ। ਜੇ ਉਨ੍ਹਾਂ ਦੀ ਛੋਟੀ ਜਿਹੀ ਗੱਲ ਨਾ ਮੰਨੀ ਜਾਵੇ ਜਾਂ ਕੋਈ ਗ਼ਲਤ ਕੰਮ ਕਰਨ ਤੋਂ ਰੋਕਿਆ ਜਾਵੇ ਤਾਂ ਉਸ ਦਾ ਕਾਰਨ ਜਾਣੇ ਬਿਨਾਂ ਆਪਾ ਖੋ ਦਿੰਦੇ ਹਨ। ਕਈ ਵਾਰ ਬੇਸਮਝੀ ਵਿਚ ਇਸ ਤਰ੍ਹਾਂ ਦੇ ਕਦਮ ਚੁੱਕ ਲੈਂਦੇ ਹਨ, ਜਿਸ ਦਾ ਹਰਜਾਨਾ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ। ਸੋਸ਼ਲ ਮੀਡੀਆ ਵੀ ਉਨ੍ਹਾਂ ਦੇ ਜੀਵਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਕਾਰਨ ਉਹ ਪਰਿਵਾਰ ਨਾਲ ਘੱਟ ਤੇ ਸੋਸ਼ਲ ਸਾਈਟਸ ਨਾਲ ਜ਼ਿਆਦਾ ਜੁੜੇ ਰਹਿੰਦੇ ਹਨ। ਮੋਬਾਈਲ, ਵੱਟਸਐਪ, ਫੇਸਬੁੱਕ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਨੂੰ ਉਹ ਮਿਹਨਤ ਦੀ ਬਜਾਏ ਗ਼ਲਤ ਤਰੀਕਿਆਂ ਨਾਲ ਰਾਤੋ-ਰਾਤ ਪੂਰਾ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬੱਚੇ ਅਕਸਰ ਕੁਰਾਹੇ ਪੈ ਜਾਂਦੇ ਹਨ। ਅਜੋਕੇ ਸਮੇਂ ਵਿਚ ਮਾਂ-ਬਾਪ ਦੀ ਖਾਸ ਜ਼ਿੰਮੇਵਾਰੀ ਬਣਦੀ ਹੈ ਕਿ ਸ਼ੁਰੂ ਤੋਂ ਹੀ ਸਬਰ ਰੱਖਣਾ ਅਤੇ ਸੰਤੋਖ ਵਿਚ ਰਹਿਣਾ ਸਿਖਾਉਣ। ਪੜ੍ਹਾਉਣ ਦੇ ਸਮੇਂ ਮਾਂ-ਬਾਪ ਨੂੰ ਇਹ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਕਿਉਂਕਿ ਅੱਜ ਬੱਚੇ ਪੜ੍ਹਦੇ ਸਮੇਂ ਬੜੇ ਦਬਾਅ ਵਿਚ ਰਹਿੰਦੇ ਹਨ। ਹਰ ਮਾਂ-ਬਾਪ ਉਨ੍ਹਾਂ ਨੂੰ ਨੰਬਰ ਵਨ 'ਤੇ ਦੇਖਣਾ ਚਾਹੁੰਦੇ ਹਨ। ਜਦੋਂ ਬੱਚੇ ਦੇ ਨੰਬਰ ਦੂਜਿਆਂ ਨਾਲੋਂ ਘੱਟ ਆਉਂਦੇ ਹਨ ਤਾਂ ਉਨ੍ਹਾਂ ਕੋਲੋਂ ਸਹਿਣ ਨਹੀਂ ਹੁੰਦਾ। ਉਸ ਦੀ ਤੁਲਨਾ ਬਾਕੀ ਬੱਚਿਆਂ ਨਾਲ ਕਰਦੇ ਹੋਏ ਬੁਰਾ-ਭਲਾ ਕਹਿਣ ਲੱਗ ਜਾਂਦੇ ਹਨ। ਇਸ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਸਾਰੇ ਮਾਂ-ਬਾਪ ਇਕ ਵਰਗੇ ਨਹੀਂ ਹੁੰਦੇ ਤਾਂ ਉਨ੍ਹਾਂ ਦੇ ਬੱਚੇ ਇਕ ਵਰਗੇ ਕਿਸ ਤਰ੍ਹਾਂ ਹੋ ਸਕਦੇ ਹਨ? ਇਸ ਲਈ ਆਪਣੇ ਬੱਚਿਆਂ ਦੀ ਤੁਲਨਾ ਕਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ, ਹਰ ਬੱਚੇ ਵਿਚ ਅਲੱਗ-ਅਲੱਗ ਕਲਾ ਛੁਪੀ ਹੁੰਦੀ ਹੈ, ਮਾਂ-ਬਾਪ ਨੂੰ ਉਸ ਨੂੰ ਪਹਿਚਾਨਣ ਦੀ ਲੋੜ ਹੈ।
ਸਿਰਫ ਮਾਂ-ਬਾਪ ਬਣਨਾ ਹੀ ਜ਼ਰੂਰੀ ਨਹੀਂ ਹੁੰਦਾ, ਬਲਕਿ ਜ਼ਿੰਮੇਵਾਰ ਮਾਂ-ਬਾਪ ਬਣਨਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਬਚਪਨ ਮਾਂ-ਬਾਪ ਦੇ ਹੱਥ ਵਿਚ ਹੁੰਦਾ ਹੈ। ਮਾਂ-ਬਾਪ ਜਿਸ ਤਰ੍ਹਾਂ ਦੇ ਰੰਗ ਉਨ੍ਹਾਂ ਦੇ ਜੀਵਨ ਵਿਚ ਭਰ ਦੇਣਗੇ, ਉਹ ਉਸ ਤਰ੍ਹਾਂ ਦੇ ਮਾਡਲ ਬਣ ਜਾਣਗੇ। ਇਥੇ ਮਾਂ-ਬਾਪ ਨੂੰ ਇਕ ਮਿਸਾਲ ਬਣਨਾ ਪਵੇਗਾ, ਕਿਉਂਕਿ ਬੱਚੇ ਨਸੀਹਤ ਨਾਲੋਂ ਜ਼ਿਆਦਾ ਉਨ੍ਹਾਂ ਦੇ ਰੋਜ਼ਾਨਾ ਵਿਵਹਾਰ ਤੋਂ ਸਿੱਖਦੇ ਹਨ। ਮਾਂ-ਬਾਪ ਨੂੰ ਕਦੇ ਵੀ ਬੱਚਿਆਂ ਸਾਹਮਣੇ ਛੋਟੀ-ਛੋਟੀ ਗੱਲ 'ਤੇ ਲੜਨਾ ਨਹੀਂ ਚਾਹੀਦਾ। ਨਾ ਹੀ ਹਮੇਸ਼ਾ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਹਾਜ਼ਰੀ ਵਿਚ ਬਜ਼ੁਰਗਾਂ ਨੂੰ ਵੀ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ। ਆਪਣੀ ਆਮਦਨ ਅਨੁਸਾਰ ਖਰਚ ਕਰਨਾ ਚਾਹੀਦਾ ਹੈ। ਬੱਚਿਆਂ ਦੀਆਂ ਮੁਢਲੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਕਰੋ ਪਰ ਸਹੂਲਤਾਂ ਅਤੇ ਖਾਹਿਸ਼ਾਂ ਸੋਚ-ਸਮਝ ਕੇ। ਸੋਸ਼ਲ ਸਟੇਟਸ ਦੀ ਖਾਤਰ ਕਦੇ ਵੀ ਕਰਜ਼ਦਾਰ ਨਾ ਬਣੋ, ਸਹੂਲਤਾਂ ਦੀ ਜਗ੍ਹਾ ਉਨ੍ਹਾਂ ਨੂੰ ਸੰਸਕਾਰ ਦਿਓ, ਜਿਹੜੇ ਸਾਰਾ ਜੀਵਨ ਉਨ੍ਹਾਂ ਦੇ ਕੰਮ ਆਉਣਗੇ। ਹਰ ਕੰਮ ਧੀਰਜ ਨਾਲ ਕਰਨ ਦੀ ਆਦਤ ਪਾਈਏ। ਜੇ ਕੁਝ ਉਸੇ ਸਮੇਂ ਨਾ ਮਿਲੇ ਤਾਂ ਸਹਿਣਸ਼ੀਲਤਾ ਤੋਂ ਕੰਮ ਲੈਣ। ਆਉਣ ਵਾਲੇ ਸਮੇਂ ਵਿਚ ਇਹ ਕਦਰਾਂ-ਕੀਮਤਾਂ ਬੱਚਿਆਂ ਨੂੰ ਜੀਵਨ ਰੂਪੀ ਇਮਾਰਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਨ੍ਹਾਂ ਕਦਰਾਂ-ਕੀਮਤਾਂ ਦੀ ਸਵਾਰੀ ਕਰਨ ਵਾਲਾ ਮਨੁੱਖ ਨਾ ਕਿਸੇ ਦੇ ਕਦਮਾਂ ਵਿਚ ਅਤੇ ਨਾ ਕਿਸੇ ਦੀਆਂ ਨਜ਼ਰਾਂ ਵਿਚੋਂ ਡਿਗਦਾ ਹੈ। ਜਦੋਂ ਬੱਚਿਆਂ ਦਾ ਮਨ ਸਬਰ-ਸੰਤੋਖ ਤੇ ਸਹਿਣਸ਼ੀਲਤਾ ਦੀ ਨੀਂਹ 'ਤੇ ਟਿਕ ਜਾਂਦਾ ਹੈ ਤਾਂ ਉਸ ਸਮੇਂ ਉਸ ਨੂੰ ਪੈਰ ਧਰਤੀ 'ਤੇ, ਨਜ਼ਰਾਂ ਅਸਮਾਨ ਵਿਚ ਟਿਕਾਉਣੀਆਂ ਆ ਜਾਂਦੀਆਂ ਹਨ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਮਿਹਨਤ, ਪਿਆਰ, ਸਤਿਕਾਰ, ਲਗਨ ਦਾ ਆਧਾਰ ਸਬਰ ਤੇ ਸੰਤੋਖ ਹਨ। ਗੁੱਸੇ ਦੀ ਅੱਗ ਵਿਚ ਸਬਰ ਦਾ ਇਕ ਪਲ ਮੁਸੀਬਤ ਦੇ ਹਜ਼ਾਰਾਂ ਪਲਾਂ ਨੂੰ ਬਚਾਉਣ ਵਿਚ ਸਾਡੀ ਮਦਦ ਕਰਦਾ ਹੈ। ਬੱਚਿਆਂ ਨੂੰ ਨੈਤਿਕਤਾ ਸਿਖਾਉਣ ਦਾ ਮਤਲਬ ਘਰ ਵਿਚ ਇਕ ਸੰਸਥਾ ਬਣਾਉਣ ਦੇ ਬਰਾਬਰ ਹੈ।
ਸੰਸਕਾਰੀ ਬੱਚੇ ਸਮਾਜ ਦੀ ਪੂੰਜੀ ਹੁੰਦੇ ਹਨ। ਉਹ ਹੀ ਸਮਾਜ ਉੱਨਤੀ ਦੇ ਸਿਖਰਾਂ ਨੂੰ ਛੂੰਹਦਾ ਹੈ, ਜਿਸ ਦੀ ਯੁਵਾ ਪੀੜ੍ਹੀ ਨੈਤਿਕਤਾ 'ਤੇ ਚੱਲ ਕੇ ਸਮਾਜ ਲਈ ਕਲਿਆਣਕਾਰੀ ਕੰਮ ਕਰਦੀ ਹੈ। ਇਸ ਤਰ੍ਹਾਂ ਦੇ ਬੱਚੇ ਹਮੇਸ਼ਾ ਆਤਮਵਿਸ਼ਵਾਸੀ ਹੁੰਦੇ ਹਨ ਅਤੇ ਦੂਜਿਆਂ ਦੀ ਵੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮਾਂ-ਬਾਪ ਦੁਆਰਾ ਬਚਪਨ ਵਿਚ ਸਿਖਾਇਆ ਨੈਤਿਕਤਾ ਦਾ ਪਾਠ ਸਾਰੀ ਉਮਰ ਉਨ੍ਹਾਂ ਨੂੰ ਅਗਾਂਹਵਧੂ ਬਣਾਉਂਦਾ ਹੈ। ਇਸ ਤਰ੍ਹਾਂ ਦੇ ਬੱਚੇ ਹੀ ਅੱਗੇ ਜਾ ਕੇ ਸਮਾਜ ਸੁਧਾਰਕ ਅਤੇ ਮਹਾਨ ਨੇਤਾ ਬਣਦੇ ਹਨ। ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸੰਤੋਖ ਕਿਸੇ ਵੀ ਤਾਕਤ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਸਬਰ ਸੁੰਦਰਤਾ ਤੋਂ ਮਹਾਨ ਹੁੰਦਾ ਹੈ। ਬੱਚਿਆਂ ਨੂੰ ਅਸੀਂ ਚਾਹੇ ਅਮੀਰ ਨਾ ਬਣਾ ਸਕੀਏ ਪਰ ਉਨ੍ਹਾਂ ਨੂੰ ਸੰਸਕਾਰਾਂ, ਕਦਰਾਂ-ਕੀਮਤਾਂ ਨਾਲ ਜ਼ਰੂਰ ਅਮੀਰ ਬਣਾ ਦਈਏ, ਉਹ ਆਪਣੇ ਅਮੀਰ ਹੋਣ ਦੇ ਰਸਤੇ ਆਪ ਬਣਾ ਲੈਣਗੇ।

-ਮੋਬਾ: 98782-49944

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX