ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

20 ਰੁਪਏ ਵਾਲਾ ਲਾਈਟ ਹਾਊਸ...

''ਮੰਮੀ ਉਹ ਵੇਖੋ 20 ਰੁਪਏ ਵਾਲਾ ਲਾਈਟ ਹਾਊਸ'' | ਮੇਰੀ ਬੇਟੀ ਨੇ ਕੁਝ ਦੂਰੀ 'ਤੇ ਸਥਿਤ ਚਿੱਟੀਆਂ ਅਤੇ ਲਾਲ ਧਾਰੀਆਂ ਵਾਲੇ ਇਕ ਲਾਈਟ ਹਾਊਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ | ਉਸ ਨੇ ਫਿਰ ਉਤਸੁਕਤਾ ਨਾਲ ਕਿਹਾ, 'ਮੰਮੀ ਜਲਦੀ-ਜਲਦੀ ਮੈਨੂੰ 20 ਰੁਪਏ ਵਾਲਾ ਨੋਟ ਦਿਓ' | ਮੈਂ ਤੁਰੰਤ ਆਪਣੇ ਪਰਸ ਵਿਚੋਂ 20 ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾ ਦਿੱਤਾ | ਉਸ ਨੇ ਨੋਟ ਵੱਲ ਇਸ਼ਾਰਾ ਕਰਦੇ ਕਿਹਾ, 'ਮੰਮੀ ਆਹ ਵੇਖੋ... 20 ਰੁਪਏ ਵਾਲਾ ਲਾਈਟ ਹਾਊਸ |'
ਲਾਈਟ ਹਾਊਸ ਤਾਂ ਨੋਟ 'ਤੇ ਸੀ ਪਰ ਅਚੰਭੇ ਵਾਲੀ ਗੱਲ ਇਹ ਸੀ ਕਿ 20 ਰੁਪਏ ਦੇ ਪਿਛਲੇ ਹਿੱਸੇ 'ਤੇ ਜੋ ਫੋਟੋ ਸੀ, ਉਹ ਉਸੇ ਥਾਂ ਤੋਂ ਹੀ ਲਈ ਗਈ ਸੀ ਜਿਥੇ ਅਸੀਂ ਦੋਵੇਂ ਖੜ੍ਹੀਆਂ ਸਾਂ | ਇਹ ਫੋਟੋ ਮਾਊਾਟ ਹੈਰੀਅਟ ਨੈਸ਼ਨਲ ਪਾਰਕ ਤੋਂ ਲਈ ਗਈ ਸੀ |
ਇਹ ਲਾਈਟ ਹਾਊਸ ਅੰਡੇਮਾਨ ਦੇ ਨਾਰਥ ਬੇਅ ਟਾਪੂ 'ਤੇ ਸਥਿਤ ਹੈ | ਇਸ ਦੇ ਆਸ-ਪਾਸ ਸੰਘਣੇ ਜੰਗਲ ਅਤੇ ਨਾਰੀਅਲ ਦੇ ਦਰੱਖਤ ਹਨ | ਇਹ ਲੋਹੇ ਦਾ ਬਣਿਆ ਗੋਲ 35 ਮੀਟਰ ਉੱਚਾ ਲਾਲ ਅਤੇ ਚਿੱਟੀਆਂ ਧਾਰੀਆਂ ਵਾਲਾ ਲਾਈਟ ਹਾਊਸ ਹੈ, ਜਿਸ ਦੀ ਲਾਈਟ ਹਰ 12 ਸੈਕਿੰਡ ਬਾਅਦ ਟਿਮਟਿਮਾਉਂਦੀ ਹੈ | ਪਰ ਇਸ ਨੂੰ 20 ਰੁਪਏ ਦੇ ਨੋਟ 'ਤੇ ਕਿਉਂ ਛਾਪਿਆ ਗਿਆ ਹੈ, ਇਸ ਸਬੰਧੀ ਰਹੱਸ ਅਜੇ ਵੀ ਬਰਕਰਾਰ ਹੈ |
ਮਾਊਾਟ ਹੈਰੀਅਟ ਨੈਸ਼ਨਲ ਪਾਰਕ ਜਿਥੋਂ ਨੋਟ ਵਾਲੀ ਤਸਵੀਰ ਲਈ ਗਈ ਹੈ, ਕਰੀਬ 4.62 ਵਰਗ ਕਿਲੋ ਮੀਟਰ ਦਾ ਸਦਾਬਹਾਰ ਸੰਘਣਾ ਜੰਗਲ ਹੈ | ਇਸ ਵਿਚ ਅਣਗਿਣਤ ਕਿਸਮਾਂ ਦੀਆਂ ਜੜੀਆਂ-ਬੂਟੀਆਂ ਅਤੇ ਪੇੜ-ਪੌਦੇ ਹਨ ਅਤੇ ਇਹ ਭਿੰਨ-ਭਿੰਨ ਕਿਸਮ ਦੇ ਪੰਛੀਆਂ ਦਾ ਰੈਣ-ਬਸੇਰਾ ਹੈ | ਇਸ ਦੀ ਕੁਦਰਤੀ ਸੁੰਦਰਤਾ ਅਤੇ ਵਿਲੱਖਣਤਾ ਵਿਚ ਇਥੋਂ ਦੇ ਤਾਜ਼ੇ ਪਾਣੀ ਦੇ ਝਰਨੇ ਚਾਰ ਚੰਨ ਲਗਾ ਦਿੰਦੇ ਹਨ | ਇਸ ਦਾ ਨਾਂਅ ਰੌਬਰਟ ਕ੍ਰਿਸਟੋਫ਼ਰ ਟਾਈਟਲਰ ਦੀ ਪਤਨੀ ਹੈਰੀਅਟ ਸੀ. ਟਾਈਟਲਰ ਦੇ ਨਾਂਅ 'ਤੇ ਰੱਖਿਆ ਗਿਆ ਸੀ | ਰੌਬਰਟ ਟਾਈਟਲਰ ਅੰਗਰੇਜ਼ੀ ਫ਼ੌਜ ਦਾ ਇਕ ਕਾਬਿਲ ਅਫ਼ਸਰ ਸੀ ਜਿਸ ਨੂੰ ਸੁਪਿ੍ੰਟੈਂਡੈਂਟ ਵਜੋਂ ਪੋਰਟ ਬਲੇਅਰ ਵਿਚ ਪੀਨਲ ਸੈਟਲਮੈਂਟ ਦਾ ਜ਼ਿੰਮਾ 1862 ਤੋਂ 1864 ਤੱਕ ਸੌਾਪਿਆ ਗਿਆ ਸੀ | ਉਸ ਦੀ ਪਤਨੀ ਹੈਰੀਅਟ ਕੁਦਰਤ-ਪ੍ਰੇਮੀ, ਫੋਟੋਗ੍ਰਾਫ਼ਰ ਅਤੇ ਲੇਖਿਕਾ ਸੀ |
ਹੈਰੀਅਟ ਦੁਆਰਾ ਲਈਆਂ ਗਈਆਂ ਫੋਟੋਆਂ ਅਤੇ ਲਿਖੇ ਗਏ ਲੇਖ ਜੋ ਕਿ ਉਸ ਸਮੇਂ ਦੇ ਅੰਗਰੇਜ਼ੀ ਸ਼ਾਸਨ, ਭਾਰਤ ਦੀ ਆਮ ਜਨਤਾ ਅਤੇ ਖ਼ਾਸ ਕਰਕੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੀ 1857 ਪਹਿਲੀ ਲੜਾਈ ਦਾ ਬਖ਼ੂਬੀ ਵਰਣਨ ਕਰਦੇ ਹਨ |
ਇਸ ਤੋਂ ਕੁਝ ਦੂਰੀ 'ਤੇ ਹੈ ਰੌਸ ਆਈਲੈਂਡ (ਰੌਸ ਟਾਪੂ) | ਰੌਸ ਆਈਲੈਂਡ ਅੰਗਰੇਜ਼ੀ ਸ਼ਾਸਨ ਦੇ ਸਮੇਂ ਕਰੀਬ 1858 ਤੋਂ 1941 ਤੱਕ ਅੰਡੇਮਾਨ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਸੀ | ਪੋਰਟ ਬਲੇਅਰ ਵਿਚ ਪੀਨਲ ਸੈਟਲਮੈਂਟ ਦਾ ਸਾਰਾ ਪ੍ਰਸ਼ਾਸਨ ਦਾ ਕੰਮ ਇਥੋਂ ਹੀ ਹੁੰਦਾ ਸੀ | ਅੰਗਰੇਜ਼ੀ ਅਫ਼ਸਰਾਂ ਤੋਂ ਇਲਾਵਾ ਇਸ ਟਾਪੂ 'ਤੇ ਉਨ੍ਹਾਂ ਦੇ ਪਰਿਵਾਰ ਵੀ ਰਹਿੰਦੇ ਸਨ | ਕਰਿਆਨੇ ਦੀ ਦੁਕਾਨ ਤੋਂ ਲੈ ਕੇ ਬੇਕਰੀ ਤੱਕ, ਚਰਚ ਤੋਂ ਲੈ ਕੇ ਸਮਸ਼ਾਨਘਾਟ (ਸੀਮੈਂਟਰੀ) ਤੱਕ, ਸਵੱਛ ਪਾਣੀ ਦੀਆਂ ਮਸ਼ੀਨਾਂ ਤੋਂ ਲੈ ਕੇ ਪਿ੍ੰਟਿੰਗ ਪ੍ਰੈੱਸ ਤੱਕ, ਡਾਕਖਾਨੇ ਤੋਂ ਲੈ ਕੇ ਹਸਪਤਾਲ ਤੱਕ, ਸਵਿਮਿੰਗ ਪੂਲ ਤੋਂ ਲੈ ਕੇ ਓਪਨ ਏਅਰ ਥੀਏਟਰ ਤੱਕ, ਟੈਨਿਸ ਕੋਰਟ ਤੋਂ ਲੈ ਕੇ ਕ੍ਰਿਕਟ ਪਿੱਚ ਤੱਕ ਸਭ ਕੁਝ ਇਸ ਤਰ੍ਹਾਂ ਦਾ ਬਣਿਆ ਸੀ ਜਿਸ ਤੋਂ ਉਨ੍ਹਾਂ ਦੇ ਸ਼ਾਹੀ ਜੀਵਨ ਜਿਊਣ ਦੀ ਝਲਕ ਸਾਫ਼ ਨਜ਼ਰ ਆਉਂਦੀ ਸੀ | 1941 ਵਿਚ ਇਥੇ ਆਏ ਭਿਆਨਕ ਭੂਚਾਲ ਨੇ ਕਾਫ਼ੀ ਕੁਝ ਤਬਾਹ ਕਰ ਦਿੱਤਾ ਅਤੇ ਫਿਰ 1942 ਵਿਚ ਦੂਸਰੇ ਵਿਸ਼ਵ ਯੁੱਧ ਵਿਚ ਜਾਪਾਨੀਆਂ ਨੇ ਇਸ ਨੂੰ ਪੀ. ਓ. ਡਬਲਯੂ. (ਪਿ੍ਜ਼ਨਰ ਆਫ਼ ਵਾਰ) ਕੈਂਪ ਵਿਚ ਤਬਦੀਲ ਕਰ ਦਿੱਤਾ | ਅੱਜ ਵੀ ਇਥੇ ਜਾਪਾਨੀ ਬੰਕਰ ਦੇਖੇ ਜਾ ਸਕਦੇ ਹਨ | ਸੰਨ 2004 ਵਿਚ ਆਈ ਸੁਨਾਮੀ ਨੇ ਤਾਂ ਰੌਸ ਆਈਲੈਂਡ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਇਸ ਨੂੰ ਖੰਡਰਾਂ ਵਿਚ ਤਬਦੀਲ ਕਰ ਦਿੱਤਾ | ਅਜੋਕੇ ਸਮੇਂ ਵਿਚ ਇਸ ਟਾਪੂ ਦੀ ਦੇਖ-ਰੇਖ ਭਾਰਤੀ ਜਲ ਸੈਨਾ ਕਰਦੀ ਹੈ ਅਤੇ ਇਸ ਦਾ ਨਾਂਅ ਵੀ ਸੁਭਾਸ਼ ਚੰਦਰ ਬੋਸ ਟਾਪੂ ਰੱਖ ਦਿੱਤਾ ਗਿਆ ਹੈ |
ਇਥੋਂ ਕਰੀਬ 550 ਕਿਲੋਮੀਟਰ ਦੀ ਦੂਰੀ (ਜਿਥੇ ਸਿਰਫ਼ ਕਿਸ਼ਤੀ ਜਾਂ ਹੈਲੀਕਾਪਟਰ ਰਾਹੀਂ ਹੀ ਜਾਇਆ ਜਾ ਸਕਦਾ ਹੈ) 'ਤੇ ਸਥਿਤ ਹੈ 'ਇੰਦਰਾ ਪੁਆਇੰਟ' | 'ਇੰਦਰਾ ਪੁਆਇੰਟ' ਭਾਰਤ ਦੇ ਭੂਗੋਲਿਕ ਖੇਤਰ ਦਾ ਦੱਖਣ ਵਿਚ ਸਭ ਤੋਂ ਅਖ਼ੀਰਲਾ ਸਿਰਾ ਹੈ |
ਇਹ ਗਰੇਟ ਨਿਕੋਬਾਰ ਆਈਲੈਂਡ ਦਾ ਇਕ ਛੋਟਾ ਜਿਹਾ ਪਿੰਡ ਹੈ | ਇਸ ਦਾ ਨਾਂਅ ਭਾਰਤ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂਅ 'ਤੇ ਰੱਖਿਆ ਗਿਆ ਹੈ ਪਰ ਇਸ ਨੂੰ 1980 ਤੱਕ ਪਿਗਮਿਲੀਅਨ ਪੁਆਇੰਟ ਅਤੇ ਜਾਂ ਫਿਰ ਪੈਰੀਸਨਸ ਪੁਆਇੰਟ ਕਿਹਾ ਜਾਂਦਾ ਸੀ | 2011 ਦੀ ਮਰਦਮਸ਼ੁਮਾਰੀ ਅਨੁਸਾਰ ਇਥੇ ਸਿਰਫ਼ ਚਾਰ ਹੀ ਘਰ ਸਨ ਅਤੇ ਇਸ ਦੀ ਕੁੱਲ ਆਬਾਦੀ 27 ਲੋਕਾਂ ਦੀ ਸੀ | ਇਥੇ ਦਾ ਲਾਈਟ ਹਾਊਸ 1972 ਵਿਚ ਬਣਾਇਆ ਗਿਆ ਸੀ ਜੋ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਂਦੇ ਸਮੁੰਦਰੀ ਜਹਾਜ਼ਾਂ ਲਈ ਰਾਹ-ਦਸੇਰਾ ਹੈ ਅਤੇ ਇਹ ਭਾਰਤ ਦੇ ਭੂਗੋਲਿਕ ਖੇਤਰ ਦਾ ਦੱਖਣੀ ਅੰਤਿਮ ਸਿਰਾ ਹੈ |

••


ਖ਼ਬਰ ਸ਼ੇਅਰ ਕਰੋ

ਹੜ੍ਹਾਂ ਨਾਲ ਬਰਬਾਦ ਹੋ ਰਹੇ ਲੋਕ

ਕਿਸੇ ਇਲਾਕੇ ਵਿਚ ਜਾ ਕੇ ਇਹ ਕਹਿ ਦੇਣਾ ਕਿ ਇਹ ਇਲਾਕਾ ਖਾਲੀ ਕਰ ਦਿਓ, ਬੜਾ ਆਸਾਨ ਹੈ ਪਰ ਜਿਹੜੇ ਲੋਕ ਇਸ ਸੰਤਾਪ ਨੂੰ ਭੋਗਦੇ ਹਨ ਉਹ ਜਾਣਦੇ ਹਨ ਕਿ ਇਸ ਫੁਰਮਾਨ ਵਿਚ ਉਨ੍ਹਾਂ ਦਾ ਕਿੰਨਾ ਕੁਝ ਗਵਾਚ ਜਾਂਦਾ ਹੈ | ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਸਾਡੀ ਵਿਵਸਥਾ ਕੋਲ ਕੋਈ ਪ੍ਰੋਗਰਾਮ ਨਹੀਂ | ਜਿਹੜੇ ਇਲਾਕਿਆਂ ਦੇ ਲੋਕ ਹੜ੍ਹਾਂ ਦੀ ਮਾਰ ਸਹਿੰਦੇ ਹਨ ਆਪਣੇ ਘਰ ਬਾਰ ਤਿਆਗ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਲਈ 'ਬਾਰ ਪਰਾਏ ਬੈਸਣਾ' ਵਾਲੀ ਗੱਲ ਹੋ ਜਾਂਦੀ ਹੈ ਉਹ ਜਾਣਦੇ ਹਨ ਕਿ ਇਹ ਕਿੰਨੀ ਵੱਡੀ ਪੀੜ ਹੈ | ਹੜ੍ਹਾਂ ਦੌਰਾਨ ਅਨਾਜ, ਫ਼ਸਲਾਂ, ਸਬਜ਼ੀਆਂ, ਘਰ ਬਾਰ, ਮਾਲ ਡੰਗਰ, ਸਕੂਲ ਕਾਲਜ, ਰਾਹ ਰਸਤੇ, ਸੜਕਾਂ ਪੁਲ ਏਨਾ ਕੁਝ ਗਵਾਚ ਜਾਂਦਾ ਹੈ ਕਿ ਜਿਸ ਦੀ ਭਰਪਾਈ ਕਈ ਸਾਲ ਨਹੀਂ ਹੁੰਦੀ |
ਅੱਜ ਲੱਖਾਂ ਪੰਜਾਬੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਉਹ ਆਪਣੇ ਬਲਬੂਤੇ 'ਤੇ ਇਸ ਸਥਿਤੀ ਨਾਲ ਨਿਪਟ ਰਹੇ ਹਨ | ਘਰ ਬਾਰ ਤਿਆਗ ਕੇ ਮਾਲ ਡੰਗਰ ਟਰਾਲੀਆਂ 'ਤੇ ਲੱਦ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਰਹੇ ਹਨ | ਇਸ ਤੋਂ ਪਹਿਲਾਂ 1988 ਵਿਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਭੋਗਿਆ ਪਰ ਅੱਜ ਜਦੋਂ 31 ਸਾਲ ਬਾਅਦ ਹੜ੍ਹ ਪੀੜਤ ਲੋਕਾਂ ਦੀ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲਿਆਂ ਨੇ ਇੱਥੇ ਬਦਲਿਆ ਕੀ ਹੈ? ਜਨਤਕ ਸੇਵਾਵਾਂ ਜੋ ਪਹਿਲਾਂ ਕੁਝ ਹੱਦ ਤੱਕ ਅਜਿਹੀ ਸਥਿਤੀ ਨਾਲ ਨਿਪਟਣ ਲਈ ਮਾੜੀ ਮੋਟੀ ਹਰਕਤ ਵਿਚ ਸਨ, ਅੱਜ ਪਹਿਲਾਂ ਨਾਲੋਂ ਵੀ ਨਿੱਘਰ ਗਈਆਂ ਪ੍ਰਤੀਤ ਹੋ ਰਹੀਆਂ ਹਨ | ਸਰਕਾਰਾਂ ਕੋਲ ਕਿਸੇ ਪਿੰਡ ਵਿਚ ਜਾ ਕੇ ਅਨਾਊਾਸਮੈਂਟ ਕਰਨ ਵਾਲਾ ਭੌਾਪੂ ਪਹਿਲਾਂ ਵੀ ਸੀ, ਅੱਜ ਵੀ ਹੈ | ਪਹਿਲਾਂ ਵੀ ਨੇਤਾ ਲੋਕ ਹੈਲੀਕਾਪਟਰ 'ਤੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਟੀ. ਵੀ. 'ਤੇ ਦਿਸਦੇ ਸਨ ਅੱਜ ਵੀ ਇਸੇ ਤਰ੍ਹਾਂ ਦੇ ਜਾਇਜ਼ੇ ਲਏ ਜਾਂਦੇ ਹਨ | ਫ਼ੌਜ ਅਤੇ ਕਿਸ਼ਤੀਆਂ ਦੀ ਮਦਦ ਨਾਲ ਹੜ੍ਹਾਂ ਵਿਚ ਡੁਬਦੇ ਲੋਕਾਂ ਨੂੰ ਬਚਾਉਣ ਦੀ ਚਾਲੀ ਸਾਲ ਪਹਿਲਾਂ ਵੀ ਵਿਵਸਥਾ ਸੀ, ਅੱਜ ਵੀ ਹੈ | ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਸਾਲਾਂ ਬਾਅਦ ਅਸੀਂ ਕੀ ਬਦਲਿਆ?
ਜੇਕਰ ਵੇਖਿਆ ਜਾਵੇ ਤਾਂ ਪਿਛਲੇ ਕੁਝ ਦਹਾਕਿਆਂ ਵਿਚ ਇੱਥੇ ਬਹੁਤ ਕੁਝ ਬਦਲਿਆ ਹੈ | ਰਾਜਸੀ ਵਿਵਸਥਾ ਦੀ ਸਰਪ੍ਰਸਤੀ ਹੇਠ ਦਰਿਆਵਾਂ ਦੀ ਰੇਤ ਬਜਰੀ ਨੂੰ ਰੱਜ ਕੇ ਲੁੱਟਿਆ ਗਿਆ | ਦਰਿਆਈ ਕੰਢਿਆਂ 'ਤੇ ਕਬਜ਼ੇ ਕਰਕੇ ਹਜ਼ਾਰਾਂ ਏਕੜ ਜ਼ਮੀਨਾਂ ਚੋਂ ਕੁਦਰਤੀ ਬਨਸਪਤੀ ਦਾ ਖਾਤਮਾ ਕੀਤਾ ਗਿਆ | ਇਹ ਜ਼ਮੀਨ ਜੋ ਦਰਿਆਵਾਂ ਦਾ ਰਕਬਾ ਸੀ, ਜਿੱਥੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖਾਂ ਦੀ ਲੋੜ ਸੀ, 'ਤੇ ਨਾਜਾਇਜ਼ ਕਬਜ਼ੇ ਕਰਕੇ ਇਸ ਨੂੰ ਖੇਤੀਬਾੜੀ ਲਈ ਵਰਤਿਆ ਗਿਆ | ਦਰਿਆਈ ਇਲਾਕਿਆਂ ਦੇ ਬੰਨ੍ਹਾਂ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿਚ ਬਣੀਆਂ ਹੋਰ ਸੜਕਾਂ ਦਾ ਰੇਤ ਦੇ ਟਰੱਕ, ਟਰਾਲੀਆਂ ਤੇ ਟਿੱਪਰਾਂ ਨਾਲ ਸਤਿਆਨਾਸ ਕੀਤਾ ਗਿਆ | ਇਸ ਸਭ ਕੁਝ ਤੋਂ ਕਮਾਈਆਂ ਤਾਂ ਸੱਤਾ ਦੇ ਦਲਾਲ ਕਰਦੇ ਹਨ ਸੰਤਾਪ ਆਮ ਜਨਤਾ ਭੋਗਦੀ ਹੈ | ਨਿੱਘਰੀ ਅਤੇ ਨਿਰਲੱਜ ਵਿਵਸਥਾ ਕਰਕੇ ਅਸੀਂ ਪੰਜਾਬ ਦੇ ਲੋਕ ਬਹੁਪਰਤੀ ਸੰਕਟਾਂ ਦੇ ਮੁਹਾਣ 'ਤੇ ਖੜ੍ਹੇ ਹਾਂ | ਇਕ ਪਾਸੇ ਅਸੀਂ ਪਾਣੀ ਤੋਂ ਵਿਰਵੇ ਹੋ ਰਹੇ ਹਾਂ ਦੂਜੇ ਪਾਸੇ ਹੜ੍ਹਾਂ ਦੇ ਸੰਤਾਪ ਨੂੰ ਭੋਗ ਰਹੇ ਹਾਂ | ਪੀਣ ਅਤੇ ਵਰਤੋਂ ਯੋਗ ਪਾਣੀ ਸਾਡੇ ਹੱਥੋਂ ਚੋਂ ਬਾਹਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਵੀ ਹੋ ਰਿਹਾ ਹੈ | ਦਰਿਆਵਾਂ ਦੇ ਜਿਹੜੇ ਪਾਣੀਆਂ ਨੇ ਰੇਤ ਨਾਲ ਰਿਸਣਾ ਸੀ ਉਸ ਰੇਤ ਦਾ ਅਸੀਂ ਤੇਜ਼ੀ ਨਾਲ ਖਾਤਮਾ ਕਰ ਰਹੇ ਹਾਂ | ਹੜ੍ਹਾਂ ਦਾ ਪਾਣੀ ਕੁਝ ਸੀਮਤ ਦਿਨਾਂ ਵਿਚ ਆਉਂਦਾ ਹੈ ਵੱਡਾ ਨੁਕਸਾਨ ਕਰਕੇ ਵਹਿ ਜਾਂਦਾ ਹੈ ਅਤੇ ਧਰਤੀ ਸੁੱਕੀ ਦੀ ਸੁੱਕੀ ਰਹਿ ਜਾਂਦੀ ਹੈ | ਸਤਲੁਜ ਨਦੀ 'ਤੇ ਬਣੇ ਭਾਖੜਾ ਨੰਗਲ ਡੈਮ ਅਤੇ ਬਿਆਸ ਦਰਿਆ 'ਤੇ ਹਿਮਾਚਲ ਵਿਚ ਬਣੇ ਪੌਾਗ ਡੈਮ ਨਾਲ ਭਾਵੇਂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਪਰ ਅਜਿਹਾ ਕਰਨ ਨਾਲ ਦਰਿਆਵਾਂ ਦੇ ਕੁਦਰਤੀ ਵਹਾਅ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ | ਧਰਤੀ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ | ਚਾਹੀਦਾ ਤਾਂ ਇਹ ਹੈ ਕਿ ਦਰਿਆਈ ਇਲਾਕਿਆਂ ਦਾ ਹੋਰ ਵਿਸਥਾਰ ਕੀਤਾ ਜਾਂਦਾ | ਇਨ੍ਹਾਂ ਦੇ ਕੰਢਿਆਂ 'ਤੇ ਉੱਗੀ ਬਨਸਪਤੀ ਅਤੇ ਰੁੱੱਖਾਂ ਵਣਾਂ ਨੂੰ ਹੋਰ ਸੰਘਣੇ ਕਰਨ ਦਾ ਯਤਨ ਕੀਤਾ ਜਾਂਦਾ | ਦਰਿਆਵਾਂ ਦੇ ਕੰਢਿਆਂ 'ਤੇ ਕੁਦਰਤੀ ਵਹਾਅ ਨਾਲ ਬਣਦੇ ਡੁੰਮ੍ਹਾਂ, ਝੀਲਾਂ ਅਤੇ ਦਰਿਆਈ ਪਾੜਾਂ ਨੂੰ ਜਿਉਂ ਦੇ ਤਿਉਂ ਰੱਖਣ ਲਈ ਵੱਡੇ ਉਪਰਾਲੇ ਕੀਤੇ ਜਾਂਦੇ | ਪਰ ਇਹ ਸਭ ਕੁਝ ਇਨਸਾਨੀ ਲਾਲਾਸਾਵਾਂ ਦੀ ਭੇਟ ਚੜ੍ਹ ਰਿਹਾ ਹੈ | ਦਰਿਆ ਹੁਣ ਦਰਿਆ ਨਹੀਂ ਰਹੇ, ਉਹ ਨਾਲੇ ਬਣ ਗਏ ਹਨ | ਉਹ ਨਾਲੇ ਜਿਨ੍ਹਾਂ ਵਿਚ ਹਰ ਤਰ੍ਹਾਂ ਦਾ ਗੰਦ ਸੁਟ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਹੋਣ ਦੇ ਭਰਮ ਵਿਚ ਹਾਂ | ਕੁਦਰਤ ਨਾਲ ਕੀਤੀਆਂ ਇਨ੍ਹਾਂ ਵਧੀਕੀਆਂ ਦਾ ਖਮਿਆਜ਼ਾ ਸਾਨੂੰ ਜ਼ਰੂਰ ਭੁਗਤਣਾ ਪੈਂਦਾ ਹੈ |
ਪਿਛਲੇ ਦਿਨੀ ਹੜ੍ਹਾਂ ਤੋਂ ਪ੍ਰਭਾਵਿਤ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਪਤਾ ਲੱਗਾ ਕਿ ਵੱਡੀ ਤਾਦਾਦ ਵਿਚ ਸਾਡੇ ਲੋਕ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਝੱਲ ਰਹੇ ਹਨ | ਲੋਹੀਆਂ ਸ਼ਹਿਰ ਦੇ ਨੇੜਲੇ ਜਾਨੀਆਂ ਅਤੇ ਚੱਕ ਵਡਾਲਾ ਪਿੰਡਾਂ ਕੋਲੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟਿਆ | ਪਾਣੀ ਇੰਨਾ ਜ਼ਿਆਦਾ ਸੀ ਕਿ ਕੁਝ ਮਿੰਟਾਂ ਵਿਚ ਇਹ ਪਾੜ ਦੋ ਏਕੜ ਵਿਚ ਫੈਲ ਗਿਆ | ਦਰਜਨਾਂ ਪਿੰਡ ਗਿੱਦੜਪਿੰਡੀ, ਮਰਾਜ਼ਵਾਲਾ, ਮੁੰਡੀ ਸ਼ਹਿਰੀਆਂ, ਨਸੀਰਪੁਰ, ਸਰਦਾਰ ਵਾਲਾ, ਕਿਲੀਵਾੜਾ, ਮੰਡਾਲਾ ਆਦਿ ਰਾਤੋਰਾਤ ਪਾਣੀ ਵਿਚ ਡੁੱਬ ਗਏ | ਇੱਥੇ ਗੱੱਲ ਕਰਦਿਆਂ ਇਕ ਨੌਜਵਾਨ ਨੇ ਦੱਸਿਆ ਕਿ ਰਾਤ ਜਦੋਂ ਇਕ ਦਮ ਪਾਣੀ ਦਾ ਵਹਾਅ ਆਇਆ ਤਾਂ ਲੋਕਾਂ ਨੂੰ ਆਪਣੇ ਡੰਗਰ ਪਸ਼ੂ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ | ਵਡਾਲਾ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਲੋਕ ਜਿਨ੍ਹਾਂ ਦੇ ਘਰ ਦੀ ਚਾਰਦਿਵਾਰੀ ਵਲੀ ਹੋਈ ਸੀ ਉਹ ਪਸ਼ੂਆਂ ਨੂੰ ਖੋਹਲ ਹੀ ਨਹੀਂ ਸਕੇ | ਜਦਕਿ ਅਸੀਂ ਕਾਹਲੀ ਕਾਹਲੀ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਅਤੇ ਬੱਚਿਆਂ ਨੂੰ ਲੈ ਕੇ ਪਾਣੀ ਤੋਂ ਬਚਾਅ ਲਈ ਬੰਨ੍ਹ 'ਤੇ ਆਣ ਚੜ੍ਹੇ ਤੇ ਘਰ ਬਾਰ ਰੁੜ੍ਹ ਗਏ | ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਖੁੱਲ੍ਹੇ ਹੋਏ ਪਸ਼ੂ ਵੀ ਇਸ ਵਿਚ ਰੁੜ ਗਏ | ਹਰੀਕੇ ਝੀਲ ਤੋਂ ਉਤਰ ਵਾਲੇ ਪਾਸੇ ਮੰਡ ਅਤੇ ਜਮਾਲੀ ਆਦਿ ਪਿੰਡ ਹਨ ਜਿਨ੍ਹਾਂ ਦੁਆਲੇ ਛੇ ਤੋਂ ਸੱਤ ਫੁੱਟ ਡੂੰਘਾ ਪਾਣੀ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਨਜ਼ਰ ਆਉਂਦਾ ਹੈ | ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਡੁੱਬੀ ਹੋਈ ਹੈ, ਇਹ ਇਲਾਕਾ ਵਿਸ਼ਾਲ ਸਮੁੰਦਰ ਵਾਂਗ ਜਾਪਦਾ ਹੈ | ਇਸ ਇਲਾਕੇ ਵਿਚ ਹੜ੍ਹਾਂ ਦਾ ਖ਼ਤਰਾ ਹਰ ਸਾਲ ਬਰਕਰਾਰ ਰਹਿੰਦਾ ਹੈ | ਇਸ ਲਈ ਪਿੰਡ ਖੇਤਾਂ ਨਾਲੋਂ ਕੁਝ ਉੱਚੀ ਜਗ੍ਹਾ 'ਤੇ ਹਨ | ਪਾਣੀ ਵਿਚ ਘਿਰੇ ਜਮਾਲੀ ਪਿੰਡ ਤੱਕ ਫ਼ੌਜੀ ਕਿਸ਼ਤੀ ਦੀ ਮਦਦ ਨਾਲ ਜਾਇਆ ਜਾ ਸਕਦਾ ਹੈ | ਪਸ਼ੂਆਂ ਲਈ ਚਾਰਾ ਨਹੀਂ ਹੈ | ਪਿੰਡ ਦੇ ਚਾਰ ਚੁਫੇਰੇ ਪਾਣੀ ਹੀ ਪਾਣੀ ਹੈ ਪਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਹੈ | ਬੱਚੇ ਬਿਮਾਰ ਹੋ ਰਹੇ ਹਨ | ਲੋਕਾਂ ਦੇ ਹੱਥ ਪੈਰ ਪਾਣੀ ਨਾਲ ਗਲ ਰਹੇ ਹਨ | ਇੱਥੋਂ ਦੇ ਇਕ ਪਤਵੰਤੇ ਬਜ਼ੁਰਗ ਨੇ ਦੱਸਿਆ ਕਿ ਅੱਜ ਜੋ ਇਸ ਪਿੰਡ ਦੇ ਆਲੇ-ਦੁਆਲੇ ਪਾਣੀ ਦਾ ਮੰਜ਼ਿਰ ਤੁਸੀਂ ਦੇਖ ਰਹੇ ਹੋ, ਇਹ ਬਹੁਤ ਵੱਡੀ ਮੁਸੀਬਤ ਹੈ ਪਰ ਇਸ ਤੋਂ ਵੀ ਵੱਡੀ ਮੁਸੀਬਤ ਉਦੋਂ ਸ਼ੁਰੂ ਹੋਵੇਗੀ ਜਦੋਂ ਪਾਣੀ ਲਹਿ ਜਾਵੇਗਾ | ਉਸ ਸਮੇਂ ਪਾਣੀ ਨਾਲ ਗਲ ਚੁੱਕੀਆਂ ਫ਼ਸਲਾਂ ਮੁਸ਼ਕ ਮਾਰਨ ਲੱਗ ਜਾਣਗੀਆਂ | ਉਸ ਸਮੇਂ ਪਿੰਡ ਵਿਚ ਰਹਿਣਾ ਨਰਕ ਵਿਚ ਰਹਿਣ ਵਾਂਗ ਬਣ ਸਕਦਾ ਹੈ | ਇਸ ਤਰ੍ਹਾਂ ਦੀ ਸਥਿਤੀ ਵਿਚ ਲੋਕਾਂ ਨੂੰ ਚਮੜੀ ਦੇ ਰੋਗ ਹੋਣ ਲਗਦੇ ਹਨ | ਬੁਖਾਰ ਨਾਲ ਲੋਕ ਵੱਡੀ ਪੱਧਰ 'ਤੇ ਬਿਮਾਰ ਹੋਣ ਲੱਗ ਪੈਂਦੇ ਹਨ | ਇਕ ਤਾਂ ਲੋਕ ਆਰਥਕ ਪੱਖੋਂ ਕੰਗਾਲ ਹੋ ਜਾਂਦੇ ਹਨ ਦੂਜਾ ਸਰੀਰਕ ਪੱਖੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੁਸ਼ਵਾਰੀਆਂ ਦੇ ਸ਼ਿਕਾਰ ਹੋਣ ਲੱਗ ਜਾਂਦੇ ਹਨ |
ਇਹ ਸੱਚ ਹੈ ਕਿ ਹੜ੍ਹ ਇਕ ਕੁਦਰਤੀ ਕਰੋਪੀ ਹੈ ਅਤੇ ਧਰਤੀ ਦੇ ਵੱਖ ਵੱਖ ਖਿੱਤਿਆਂ ਵਿਚ ਸਦੀਆਂ ਤੋਂ ਲੋਕ ਹੜ੍ਹਾਂ ਵਰਗੀਆਂ ਮੁਸੀਬਤਾਂ ਦਾ ਸੰਤਾਪ ਭੋਗਦੇ ਆ ਰਹੇ ਹਨ | ਪਰ ਬੀਤੇ ਵੇਲਿਆਂ ਵਿਚ ਜੇਕਰ ਅਜਿਹਾ ਹੁੰਦਾ ਸੀ ਤਾਂ ਇਹ ਸਭ ਕੁਝ ਮਨੁੱਖ ਦੀ ਸਮਝ ਤੋਂ ਬਾਹਰ ਸੀ ਪਰ ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਵਿਚ ਵੀ ਜੇਕਰ ਲੋਕ ਅਜਿਹੇ ਸੰਤਾਪ ਭੋਗਦੇ ਹਨ ਜਾਂ ਇਨ੍ਹਾਂ ਨੂੰ ਕੁਝ ਹੱਦ ਤੱਕ ਵੀ ਅਸੀਂ ਕੰਟਰੋਲ ਨਹੀਂ ਕਰ ਸਕੇ ਤਾਂ ਇਸ ਨੂੰ ਵਿਵਸਥਾ ਦੀ ਨਾਕਾਮੀ ਹੀ ਆਖਿਆ ਜਾਵੇਗਾ | ਕੁਝ ਦਿਨ ਪਹਿਲਾਂ ਅਸੀਂ ਚੰਦਰਮਾ 'ਤੇ ਚੰਦਰਯਾਨ ਭੇਜ ਕੇ ਹਟੇ ਹਾਂ | ਬਿਨਾਂ ਸ਼ੱਕ ਸਾਡੇ ਵਿਗਿਆਨੀਆਂ ਦੀ ਇਹ ਵੱਡੀ ਪ੍ਰਾਪਤੀ ਸੀ, ਇਸ 'ਤੇ ਸਾਨੂੰ ਸਭ ਭਾਰਤੀ ਲੋਕਾਂ ਨੂੰ ਮਾਣ ਕਰਨਾ ਚਾਹੀਦਾ ਹੈ ਪਰ ਸਾਡੇ ਧਰਤੀ 'ਤੇ ਲੋਕਾਂ ਦੀ ਹਾਲਤ ਕੀ ਹੈ, ਇਸ ਲਈ ਵੀ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ, ਜੋ ਨਹੀਂ ਹੋ ਰਿਹਾ | ਅਸੀਂ ਅੰਬਰਾਂ ਦੇ ਤਾਰਿਆਂ ਨਾਲ ਬਾਤਾਂ ਪਾਈਏ ਪਰ ਧਰਤੀ 'ਤੇ ਕੀ ਹੋ ਵਾਪਰ ਰਿਹਾ ਹੈ, ਇਸ ਪ੍ਰਤੀ ਇੰਨੇ ਸੰਵੇਦਨਹੀਣ ਹੋ ਜਾਣਾ ਵੀ ਕੋਈ ਅਕਲਮੰਦੀ ਨਹੀਂ | ਭਾਰਤ ਵੱਖ-ਵੱਖ ਤਰ੍ਹਾਂ ਦੀ ਭੂਗੋਲਿਕ ਸਥਿਤੀ ਵਾਲਾ ਦੇਸ਼ ਹੈ | ਇੱਥੇ ਕਿਤੇ ਤਾਂ ਬੱਦਲ ਫਟਦੇ ਹਨ, ਕਿਤੇ ਸੋਕੇ ਨਾਲ ਫ਼ਸਲਾਂ ਸੜ ਬਲ ਜਾਂਦੀਆਂ ਹਨ | ਕਿਤੇ ਸਾਰਾ ਸਾਲ ਮੀਂਹ ਪੈਂਦਾ ਹੈ ਕਿਤੇ ਪੰਜ-ਪੰਜ ਸਾਲ ਮੀਂਹ ਦੀ ਇਕ ਛਿੱਟ ਵੀ ਨਹੀਂ ਡਿਗਦੀ | ਕਿਤੇ ਬਰਫ਼ਾਂ ਜੰਮਦੀਆਂ ਹਨ ਕਿਤੇ ਉਨ੍ਹਾਂ ਹੀ ਦਿਨਾਂ ਦੌਰਾਨ ਪਾਰਾ ਸੰਤਾਲੀ ਡਿਗਰੀ ਤੱਕ ਚਲਾ ਜਾਂਦਾ ਹੈ | ਇਸ ਸਮੇਂ ਪੰਜਾਬ ਸਮੇਤ ਕੁਝ ਹੋਰ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਪਰ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਪੀਣ ਵਾਲੇ ਪਾਣੀ ਦੀ ਦੇਸ਼ ਵਿਚ ਭਾਰੀ ਕਿੱਲਤ ਪੈਦਾ ਹੋ ਰਹੀ ਹੈ ਅਤੇ ਹਰ ਸਾਲ ਇਹ ਸਮੱਸਿਆ ਵਧ ਰਹੀ ਹੈ | ਜਿੱਥੇ ਦੇਸ਼ ਨੂੰ ਵਾਧੂ ਪਾਣੀ ਨੂੰ ਸੰਭਾਲਣ ਲਈ ਵੱਡੀਆਂ ਯੋਜਨਾਵਾਂ 'ਤੇ ਕੰਮ ਕਰਨ ਦੀ ਲੋੜ ਹੈ, ਉੱਥੇ ਮੌਸਮ ਵਿਭਾਗ ਨੂੰ ਹੋਰ ਸਚਾਰੂ ਬਣਾਉਣ ਦੀ ਲੋੜ ਹੈ ਤਾਂ ਕਿ ਵੱਖ-ਵੱਖ ਇਲਾਕਿਆਂ ਵਿਚ ਹੋਣ ਵਾਲੀਆਂ ਬਾਰਸ਼ਾਂ ਦਾ ਅਗਾਊਾ ਅਨੁਮਾਨ ਲਗਾ ਕੇ ਡੈਮਾਂ ਦੇ ਪਾਣੀਆਂ ਨੂੰ ਲੋੜ ਅਨੁਸਾਰ ਨਾਲੋ ਨਾਲ ਰੀਲੀਜ਼ ਕੀਤਾ ਜਾ ਸਕੇ ਅਤੇ ਹੜ੍ਹਾਂ ਵਰਗੀ ਭਿਆਨਕ ਸਥਿਤੀ ਪੈਦਾ ਹੀ ਨਾ ਹੋਵੇ | ਖ਼ਬਰਾਂ ਇਹ ਵੀ ਹਨ ਕਿ ਜੂਨ-ਜੁਲਾਈ ਵਿਚ ਜਾਣਬੁੱਝ ਕੇ ਡੈਮਾਂ ਵਿਚੋਂ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਕਿ ਹੋਰ ਸੂਬਿਆਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਜਾ ਸਕੇ ਪਰ ਜੋ ਲੋਕ ਇਸ ਦਾ ਖਮਿਆਜ਼ਾ ਭੁਗਤਦੇ ਹਨ ਉਨ੍ਹਾਂ ਦਾ ਇਸ ਵਿਚ ਕੀ ਕਸੂਰ? ਦਰਿਆਵਾਂ ਦੇ ਇਲਾਕਿਆਂ ਵਿਚ ਨਾਜਾਇਜ਼ ਬਿਲਡਿਗਾਂ, ਡੇਰਿਆਂ ਦੀ ਉਸਾਰੀ, ਮਾਈਨਿੰਗ 'ਤੇ ਸਖਤੀ ਨਾਲ ਰੋਕ ਲਾਉਣ ਦੀ ਲੋੜ ਹੈ | ਨਹਿਰਾਂ ਦੀ ਸਫ਼ਾਈ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਪਾਣੀ ਇਨ੍ਹਾਂ ਦਿਨਾਂ ਵਿਚ ਨਹਿਰਾਂ ਵਿਚ ਛੱਡੇ ਜਾਣ ਦੀ ਲੋੜ ਹੁੰਦੀ ਹੈ | ਜੂਨ-ਜੁਲਾਈ ਵਿਚ ਜਦੋਂ ਝੋਨੇ ਦੀ ਲੁਆਈ ਹੋ ਰਹੀ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਬਜਾਏ ਨਹਿਰੀ ਪਾਣੀ ਨੂੰ ਵਰਤੋਂ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ | ਪਾਣੀਆਂ ਦੇ ਵੇਗ ਨੂੰ ਘੱਟ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਾੜਾਂ ਵਿਚ ਰੁੱਖ ਲਾਏ ਜਾਣ | ਰੇਤ ਮਾਈਨਿੰਗ ਨਾਲ ਹੁੰਦੀ ਸੜਕਾਂ ਪੁਲਾਂ ਅਤੇ ਦਰਿਆਈ ਬੰਨ੍ਹਾਂ ਦੇ ਨੁਕਸਾਨ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ | ਹੜ੍ਹਾਂ ਦੀ ਕਰੋਪੀ ਨੂੰ ਕੇਵਲ ਕੁਦਰਤੀ ਕਰੋਪੀ ਆਖ ਕੇ ਟਾਲਾ ਵੱਟ ਜਾਣਾ ਬੜਾ ਆਸਾਨ ਹੈ ਪਰ ਜੋ ਲੋਕ ਇਸ ਸੰਤਾਪ ਨੂੰ ਭੋਗਦੇ ਹਨ ਉਹ ਜਾਣਦੇ ਹਨ ਕਿ ਇਹ ਭਿਆਨਕ ਸਥਿਤੀ ਉਨ੍ਹਾਂ ਨੂੰ ਕਈ ਸਾਲ ਪਿੱਛੇ ਲੈ ਜਾਂਦੀ ਹੈ | ਸਾਡੀਆਂ ਸਰਕਾਰਾਂ ਨੂੰ ਇਹ ਸਭ ਕੁਝ ਸਮਝਣ ਦੀ ਲੋੜ ਹੈ | ਹੜ੍ਹ ਪੀੜਤਾਂ ਦੇ ਦੁੱਖਾਂ ਦਰਦਾਂ 'ਤੇ ਫੇਹੇ ਬੰਨ੍ਹਣ ਦੀ ਲੋੜ ਹੈ | ਪੰਜਾਬ ਦੇ ਪਿੰਡਾਂ ਦੇ ਲੋਕ, ਵੱਖ-ਵੱਖ ਸੰਸਥਾਵਾਂ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇਕ ਕਰ ਰਹੀਆਂ ਹਨ, ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ ਪਰ ਸਰਕਾਰੀ ਮਦਦ ਨਾ ਦੇ ਬਰਾਬਰ ਹੈ | ਪੰਜਾਬ ਦੇ ਲੋਕ ਜਾਗ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ | ਜਦੋਂ ਕਈ ਥਾਵਾਂ 'ਤੇ ਦਰਿਆ ਦੇ ਬੰਨ੍ਹ ਟੁੱਟੇ ਉਸ ਸਮੇਂ ਵੀ ਦਿਨ-ਰਾਤ ਕਰਕੇ ਸਥਾਨਕ ਲੋਕ ਬੰਨ੍ਹ 'ਤੇ ਮਿੱਟੀ ਪਾ ਕੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਨ | ਲੋਕ ਆਪਣੇ ਦੁੱਖੜੇ ਰੋਂਦੇ ਦੱਸਦੇ ਹਨ ਕਿ ਪਿਛਲੇ ਕਰੀਬ ਪੰਜ ਸਾਲਾਂ ਤੋਂ ਸਰਕਾਰ ਵਲੋਂ ਸਤਲੁਜ ਨਾਲ ਲਗਦੇ ਬੰਨ੍ਹ ਦੀ ਕੋਈ ਮੁਰੰਮਤ ਨਹੀਂ ਹੋਈ | ਹੋ ਸਕਦਾ ਇਹ ਇਹ ਮੁਰੰਮਤ ਸਾਰੀ ਕਾਗਜ਼ਾਂ ਜਾਂ ਫਾਈਲਾਂ ਵਿਚ ਸੁਚੱਜੇ ਢੰਗ ਨਾਲ ਹੋਈ ਵੀ ਹੋਵੇ | ਇਸ ਸਮੇਂ ਸਰਕਾਰਾਂ ਨੂੰ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ | ਉਨ੍ਹਾਂ ਦੇ ਹੋਏ ਨੁਕਸਾਨ ਤੋਂ ਵੱਧ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੈ | ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕ ਜੋ ਇਕ ਤਰ੍ਹਾਂ ਨਾਲ ਜੜ੍ਹਾਂ ਤੋਂ ਉੱਖੜ ਗਏ ਹਨ, ਨਾਲ ਲਗਾਤਾਰ ਰਾਬਤਾ ਪੈਦਾ ਕੀਤਾ ਜਾਏ | ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਹਰ ਯੋਗ ਕਦਮ ਪੁੱਟਿਆ ਜਾਵੇ | ਇਸ ਸਮੇਂ ਪਾਣੀ ਵਿਚ ਘਿਰੇ ਅਤੇ ਦਰਿਆਵਾਂ ਦੇ ਬੰਨ੍ਹਾਂ 'ਤੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਬੈਠੇ ਲੋਕਾਂ ਦੀ ਜਾਨ ਤਰਾਹ-ਤਰਾਹ ਕਰ ਰਹੀ ਪ੍ਰਤੱਖ ਵੇਖੀ ਜਾ ਸਕਦੀ ਹੈ | ਪੂਰਾ ਦਿਨ ਪਾਣੀ ਦੀ ਭੜਾਸ ਨਾਲ ਗਰਮੀ ਨਾਲ ਬੁਰਾ ਹਾਲ ਹੁੰਦਾ ਹੈ ਸ਼ਾਮ ਪੈਂਦਿਆਂ ਹੀ ਗਰਮੀ ਅਤੇ ਮੱਛਰ ਤੰਗ ਕਰਨ ਲੱਗ ਪੈਂਦੇ ਹਨ | ਇਨ੍ਹਾਂ ਲੋਕਾਂ ਲਈ ਆਰਜ਼ੀ ਬਿਜਲੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਇਨ੍ਹਾਂ ਦੇ ਚਾਰ ਚੁਫੇਰੇ ਪਾਣੀ ਦੀ ਆਫਤ ਹੈ, ਧਰਤੀ 'ਤੇ ਪਾਣੀ ਹੀ ਪਾਣੀ ਹੈ ਜਾਂ ਜਿੱਲਣ ਹੈ, ਮੁਸ਼ਕਿਲਾਂ ਤੇ ਸਮੱਸਿਆਵਾਂ ਵਧ ਰਹੀਆਂ ਹਨ | ਇਨ੍ਹਾਂ ਨੂੰ ਡਰ ਹੈ ਕਿ ਜੇਕਰ ਬਾਰਸ਼ ਪੈਣੀ ਸ਼ੁਰੂ ਹੋ ਜਾਵੇ ਤਾਂ ਖੁੱਲ੍ਹੇ ਅਸਮਾਨ ਹੇਠ ਬੈਠੇ ਇਨ੍ਹਾਂ ਲੋਕਾਂ ਦਾ ਕੀ ਬਣੇਗਾ? ਸੋ ਇਨ੍ਹਾਂ ਲੋਕਾਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਲੋੜ ਹੈ | ਬਿਮਾਰੀਆਂ ਤੋਂ ਬਚਾਉਣ ਲਈ ਅਗਾਊਾ ਯੋਜਨਾਬੰਦੀ ਕਰਨ ਦੀ ਲੋੜ ਹੈ | ਹੜ੍ਹਾਂ ਦੀ ਕਰੋਪੀ ਨੂੰ ਤੁਸੀਂ ਬੇਸ਼ੱਕ ਕੁਦਰਤੀ ਆਫਤ ਕਹੋ ਪਰ ਵਿਵਸਥਾ ਦੀ ਬਦਇੰਤਜ਼ਾਮੀ ਦਾ ਇਸ ਵਿਚ ਵੱਡਾ ਰੋਲ ਹੈ |

-ਜ਼ੀਰਾ | ਮੋਬਾਈਲ : 9855051099

ਸ਼ਤਾਬਦੀ ਵਰ੍ਹੇ 'ਤੇ ਵਿਸ਼ੇਸ਼

ਰੂਹ ਤੇ ਇਸ਼ਕ ਦੀ ਇਬਾਰਤ ਲਿਖਣ ਵਾਲੀ ਅੰਮਿ੍ਤਾ ਪ੍ਰੀਤਮ

'ਉਂਜ ਤਾਂ ਖ਼ਲਕਤ 'ਚ,
ਕਈ ਇਸ਼ਕ ਦੇ ਕਿੱਸੇ ਨੇ,
ਕੁਝ ਗੀਤ ਮੁਹੱਬਤਾਂ ਦੇ,
ਮੈਂ ਰੂਹ 'ਤੇ ਲਿਖੇ ਨੇ |
ਇਹ ਸਤਰਾਂ ਉਸ ਸ਼ਖ਼ਸੀਅਤ ਲਈ ਕਿੰਨੀਆਂ ਢੁਕਵੀਆਂ (ਮੁਫੀਦ) ਹਨ, ਜਿਸ ਦੇ ਲਫ਼ਜ਼ਾਂ 'ਚੋਂ ਰੂਹਾਨੀ ਇਸ਼ਕ ਦੀਆਂ ਚਿਣਗਾਂ, ਉਸ ਦੇ ਤਾਪ ਦੀ ਅਹਿਸਾਸ ਤਾਂ ਕਰਵਾਉਂਦੀਆਂ ਹੀ ਹਨ, ਇਸ ਦੇ ਨਾਲ ਹੀ ਉਸ ਕਿਸੇ ਦਰਦ ਨਾਲ ਵੀ ਤੁਆਰਫ਼ ਕਰਵਾਉਂਦੀਆਂ ਹਨ, ਜਿਸ ਨੂੰ ਪੀਰ-ਪੈਗ਼ੰਬਰ ਵੀ ਮੁਹੱਬਤ ਦਾ ਹਾਸਲ ਮੰਨਦੇ ਹਨ |
ਅੰਮਿ੍ਤਾ ਪ੍ਰੀਤਮ ਆਧੁਨਿਕ ਪੰਜਾਬੀ ਸਾਹਿਤ ਜਗਤ ਦਾ ਉਹ ਨਾਂਅ ਹੈ ਜੋ ਜਿੰਨੇ ਸਰੂਰ 'ਚ ਇਸ਼ਕ ਦੀ ਰੂਮਾਨੀਅਤ ਨੂੰ ਬੰਨ੍ਹਦਾ ਹੈ, ਉਸ ਤੋਂ ਕਿਤੇ ਵੱਧ ਸ਼ਿੱਦਤ ਨਾਲ ਹਿਜ਼ਰ ਦੀ ਚੋਭ ਨਾਲ ਵੀ ਬਾਵਾਸਤਾ ਕਰਵਾਉਂਦਾ ਹੈ | ਭਵਿੱਖ ਦੀ ਹਾਣੀ ਅੰਮਿ੍ਤਾ, ਭੂਤਕਾਲ ਦੀਆਂ ਤੰਦਾਂ 'ਚ ਉਲਝੀ ਰਹਿਣ ਦੇ ਬਾਵਜੂਦ ਵਰਤਮਾਨ ਨੂੰ ਆਪਣੀ ਜੁਰਅਤ ਸਦਕਾ ਵੰਗਾਰਦੀ ਵੀ ਰਹੀ ਅਤੇ ਜਿਊਾਦੀ ਵੀ ਰਹੀ |
ਇਸ਼ਕ ਨੂੰ ਸਮਾਜ ਦੇ ਪ੍ਰੀਭਾਸ਼ਤ ਦਾਇਰੇ ਜਾਂ ਰਿਸ਼ਤਿਆਂ 'ਚ ਪਾਉਣ 'ਚ ਜਦ ਉਹ ਨਾਕਾਮ ਰਹੀ ਤਾਂ ਉਸ ਨੇ ਸਮਾਜਿਕ ਹੱਦਾਂ ਤੋਂ ਬਾਹਰ ਆਉਣ ਦਾ ਜੇਰਾ ਕੀਤਾ | ਅੰਮਿ੍ਤਾ ਨੇ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਕਲਾਕਾਰ ਇਮਰੋਜ਼ ਨਾਲ ਰਿਸ਼ਤਾ ਨਿਭਾਇਆ | ਉਹ ਵੀ ਇਸ ਤਰ੍ਹਾਂ ਕਿ ਅੰਮਿ੍ਤਾ-ਇਮਰੋਜ਼ ਇਕ ਨਾਂਅ ਵਜੋਂ ਪਹਿਚਾਣੇ ਜਾਣ ਲੱਗੇ ਜਾਂ ਇੰਜ ਕਹੋ ਕਿ ਬੁਲਾਏ ਜਾਣ ਲੱਗੇ | ਅੰਮਿ੍ਤਾ ਨੇ ਇਹ ਕਦਮ ਉਸ ਦੌਰ 'ਚ ਚੁੱਕਿਆ ਜਦੋਂ ਸਮਾਜ ਦੀਆਂ ਹੱਦਾਂ ਦੇ ਬਨੇਰੇ ਏਨੇ ਕੁ ਉੱਚੇ ਸੀ ਕਿ ਉਨ੍ਹਾਂ ਬਨ੍ਹੇਰਿਆਂ ਤੋਂ ਬਾਹਰ ਨਿਕਲਦੇ ਕੱਦਾਂ ਨੂੰ ਵੀ ਬਗ਼ਾਵਤ ਕਰਾਰ ਦਿੱਤਾ ਜਾਂਦਾ ਸੀ |
ਉਸ ਦੇ ਸ਼ਬਦਾਂ 'ਚ ਰੋਸ ਸੀ, ਬਗ਼ਾਵਤ ਸੀ ਅਤੇ ਹਰ ਕਦਮ 'ਚ ਸਮਾਜ ਦੇ ਠੱਪਿਆਂ ਦੀ ਪ੍ਰਵਾਨਗੀ ਪ੍ਰਤੀ ਮੁਖ਼ਾਲਫ਼ਤ ਵੀ ਸੀ ਜਿਸ ਦੀ ਝਲਕ ਉਸ ਦੇ ਇਨ੍ਹਾਂ ਲਫ਼ਜ਼ਾਂ 'ਚੋਂ ਸਾਫ਼ ਝਲਕਦੀ ਹੈ |
'ਪਹਿਲਾ ਕੰਡਾ ਗੰਗਕਾਰ ਦਾ,
ਦੂਜਾ ਕੰਡਾ ਲੋਕਲਾਜ ਦਾ,
ਤੀਜਾ ਕੰਡਾ ਧਨ-ਦੌਲਤ ਦਾ,
ਖਤਰੇ ਜਿਕਣ ਕਈ ਛਿਲਤਰਾਂ |
ਇਨ੍ਹਾਂ ਬੰਦਿਸ਼ਾਂ, ਇਨ੍ਹਾਂ ਵਰਜਣਾ ਨਾਲ ਉਸ ਨੇ ਤੁਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦਾ ਕਾਵਿ-ਹਿਰਦਾ ਅੰਦਰੋ-ਅੰਦਰ ਉਸ ਨਾਲ ਘੋਲ ਵੀ ਕਰਦਾ ਰਿਹਾ ਪਰ ਇਹ ਘੋਲ ਨਾਂਹ-ਪੱਖੀ ਨਹੀਂ ਸੀ | ਅੰਮਿ੍ਤਾ ਨੇ ਜ਼ਿੰਦਗੀ ਨੂੰ ਉਸ ਦੀਆਂ ਚੁਣੌਤੀਆਂ, ਉਸ ਦੀਆਂ ਹੋਣੀਆਂ, ਅਣਹੋਣੀਆਂ ਦੇ ਨਾਲ ਹੀ ਪ੍ਰਵਾਨ ਕੀਤਾ | ਪਰ ਜ਼ਿੰਦਗੀ ਦੀ ਮੁਸ਼ੱਕਤ ਅੱਗੇ ਕਦੇ ਆਪਣਾ ਆਪ ਹਾਰਿਆ ਜਾਂ ਇੰਜ ਕਹੋ ਉਸ ਦੀਆਂ ਉਦਾਸੀ ਦੀਆਂ ਮਹੀਨ ਪਰਤਾਂ 'ਚ ਲਿਪਟੀਆਂ ਨਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਸ ਦਾ ਲੜ ਫੜੀ ਰੱਖਿਆ | ਸ਼ਾਇਦ ਤਾਂ ਹੀ ਉਨ੍ਹਾਂ ਕਿਹਾ:
ਦੁਨੀਆ ਦੀ ਹਰ ਬਗ਼ਾਵਤ,
ਇਕਦਮ ਤਾਪ ਵਾਂਗ ਚੜ੍ਹਦੀ,
ਤਾਪ ਚੜ੍ਹਦੇ ਤੇ ਉਤਰ ਜਾਂਦੇ,
ਪਰ ਜੇ ਕਦੇ ਇਨਸਾਨ ਨੂੰ
ਆਸ ਦਾ ਕੈਂਸਰ ਨਾ ਹੁੰਦਾ |
ਆਪਣੀ ਆਤਮ-ਕਥਾ 'ਰਸੀਦੀ ਟਿਕਟ' 'ਚ ਅੰਮਿ੍ਤਾ ਪ੍ਰੀਤਮ ਨੇ ਖੁਦ ਦੀ ਤੁਲਨਾ ਉਲਕਾ ਪੱਟੀ ਦੇ ਅੱਗ ਦੇ ਉਸ ਝਲਕੇ ਨਾਲ ਕੀਤੀ ਹੈ, ਜਿਸ ਨੂੰ ਖਾਕ ਬਣਨ ਤੱਕ ਜਿਊਣਾ ਪੈਂਦਾ ਹੈ | ਅੱਜ ਅੰਮਿ੍ਤਾ ਦੀ ਸ਼ਤਾਬਦੀ ਵਰ੍ਹੇਗੰਢ 'ਤੇ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਖ਼ਾਕ ਬਣਨ ਤੱਕ ਜਿਹੜੇ ਅੱਖਰ ਵੀ ਉਹ ਕਾਗਜ਼ਾਂ 'ਤੇ ਵਾਹੁੰਦੀ ਰਹੀ, ਉਹ ਸਾਹਿਤ ਦੀ ਦੁਨੀਆ 'ਚ ਸ਼ਾਹਕਾਰ ਬਣਦੇ ਰਹੇ |
31 ਅਗਸਤ, 1919 ਤੋਂ 31 ਅਕਤੂਬਰ, 2005 ਤੱਕ ਦੀ ਜ਼ਿੰਦਗੀ 'ਚ ਅੰਮਿ੍ਤਾ ਪ੍ਰੀਤਮ ਨੇ ਜੋ ਸਨਮਾਨ ਹਾਸਲ ਕੀਤੇ, ਉਹ ਹਾਲੇ ਤੱਕ ਕਿਸੇ ਪੰਜਾਬੀ ਸਾਹਿਤਕਾਰ ਨੂੰ ਹਾਸਲ ਨਹੀਂ ਹੋਏ | 12 ਸਾਲ ਦੀ ਉਮਰ 'ਚ ਆਪਣੇ ਅਦਬੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅੰਮਿ੍ਤਾ ਨੇ ਆਪਣੀ ਪਹਿਲੀ ਕਿਤਾਬ 1935 'ਚ ਲਿਖੀ, ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ |
ਆਪਣੇ ਜੀਵਨ ਕਾਲ 'ਚ ਅੰਮਿ੍ਤਾ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ | ਅਹਿਸਾਸਾਂ ਨੂੰ ਹਰਫ਼ਾਂ 'ਚ ਪਿਰੋਣ ਵਾਲੀ ਅੰਮਿ੍ਤਾ ਪ੍ਰੀਤਮ ਇਕ ਨਾਂਅ ਵਜੋਂ ਅਦਬੀ ਦੁਨੀਆ 'ਚ ਪਹਿਚਾਣ ਬਣ ਹੀ ਗਈ ਸੀ | ਇਸ ਪਹਿਚਾਣ ਨੂੰ ਦੇਸ਼-ਵਿਦੇਸ਼ ਤੋਂ ਹਾਸਲ ਸਨਮਾਨਾਂ ਨੇ ਅੰਮਿ੍ਤਾ ਨੂੰ ਮਕਬੂਲੀਅਤ ਦੇ ਸਿਖਰਾਂ 'ਤੇ ਪਹੁੰਚਾ ਦਿੱਤਾ | ਗਿਆਨਪੀਠ ਅਤੇ ਸਾਹਿਤ ਅਕਾਦਮੀ ਐਵਾਰਡਾਂ ਨਾਲ ਨਵਾਜ਼ੀ ਗਈ ਅੰਮਿ੍ਤਾ ਪ੍ਰੀਤਮ ਨੂੰ ਫਰਾਂਸ ਅਤੇ ਬੁਲਗਾਰੀਆ ਸਰਕਾਰ ਨੇ ਵੀ ਸਨਮਾਨਿਤ ਕੀਤਾ | ਬੁਲਗਾਰੀਆ ਤੋਂ ਅੰਮਿ੍ਤਾ ਨੂੰ ਮਿਥੋਡੀਅਸ ਐਵਾਰਡ ਫਰਾਂਸ ਤੋਂ Ordre des arts des letter ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |
ਦੋ ਮੁਲਕਾਂ ਦੀ ਮਹਿਬੂਬ ਲੇਖਿਕਾ
ਦਿੱਲੀ ਸਰਕਾਰ ਨੇ ਸਾਲ 2000 'ਚ ਅੰਮਿ੍ਤਾ ਨੂੰ ਪੋਇਟ ਆਫ਼ ਮਿਲੇਨੀਅਮ ਦਾ ਖਿਤਾਬ ਦਿੱਤਾ | ਦਿਲਚਸਪ ਗੱਲ ਇਹ ਹੈ ਕਿ ਉਸੇ ਹੀ ਸਾਲ ਇਹ ਹੀ ਖਿਤਾਬ ਪੰਜਾਬੀ ਅਕਾਦਮੀ ਲਾਹੌਰ ਵਲੋਂ ਵੀ ਉਨ੍ਹਾਂ ਨੂੰ ਦਿੱਤਾ ਗਿਆ | ਸ਼ਾਇਦ ਇਕੋ ਸਮੇਂ 'ਤੇ ਦੋ ਮੁਲਕਾਂ ਵਲੋਂ ਦਿੱਤਾ ਗਿਆ ਇਹ ਸਨਮਾਨ, ਸਰਹੱਦ ਦੀਆਂ ਲੀਕਾਂ ਦੀ ਪਕਿਆਈ ਨਾਪ ਰਿਹਾ ਹੋਵੇ, ਜਿਨ੍ਹਾਂ ਲੀਕਾਂ ਦਾ ਦਰਦ ਅੰਮਿ੍ਤਾ ਨੇ ਆਪਣੀ ਹਿੱਕ 'ਤੇ ਮਹਿਸੂਸ ਕੀਤਾ ਸੀ |
31 ਅਗਸਤ, 1919 ਨੂੰ ਪਾਕਿਸਤਾਨ ਦੇ ਗੁਜਰਾਂਵਾਲਾ 'ਚ ਪੈਦਾ ਹੋਈ ਅੰਮਿ੍ਤਾ ਦੀ ਲੇਖਣੀ 'ਚ ਪੰਜਾਬੀ ਦੇ ਨਾਲ-ਨਾਲ ਉਰਦੂ ਇਸ ਤਰ੍ਹਾਂ ਰਚੀ, ਮਿਚੀ ਹੋਈ ਸੀ ਕਿ ਦੋਵਾਂ ਜ਼ਬਾਨਾਂ ਨੂੰ ਵੱਖ ਕਰਨਾ ਮੁਮਕਿਨ ਨਹੀਂ ਜਾਪਦਾ |
ਅੰਮਿ੍ਤਾ ਦੇ ਸਮਕਾਲੀਆਂ ਦਾ ਇਹ ਵੀ ਮੰਨਣਾ ਹੈ ਕਿ ਦੋਵਾਂ ਭਾਸ਼ਾਵਾਂ 'ਤੇ ਉਸ ਦੀ ਪਕੜ ਨੇ ਉਸ ਦੇ ਸ਼ਬਦ ਭੰਡਾਰ ਨੂੰ 'ਅਥਾਹ' ਬਣਾ ਦਿੱਤਾ ਸੀ | ਹਾਲਾਂਕਿ ਉਨ੍ਹਾਂ ਦਾ ਮੰਨਣਾ ਇਹ ਵੀ ਹੈ ਕਿ ਜ਼ਿੰਦਗੀ ਦੇ ਅਗਲੇ ਪੜਾਵਾਂ 'ਚ ਦਿੱਲੀ ਵਸਣ ਤੋਂ ਬਾਅਦ, ਜਦ ਪੰਜਾਬੀ ਦੀ ਸੀਮਤ ਹੋਂਦ ਸਦਕਾ ਅੰਮਿ੍ਤਾ ਨੇ ਤਜੁਰਬਾਈ ਤੌਰ 'ਤੇ ਹਿੰਦੀ 'ਚ ਲਿਖਣਾ ਸ਼ੁਰੂ ਕੀਤਾ ਤਾਂ ਉਹੀ ਸ਼ਬਦ ਭੰਡਾਰ ਵਕਤੀ ਤੌਰ 'ਤੇ ਸੰੁਗੜ ਵੀ ਗਿਆ ਸੀ |
ਮਹਿੂਸਸ ਹੋਈ ਮਾਂ ਦੀ ਕਮੀ
ਵਾਪਸ ਅੰਮਿ੍ਤ ਦੇ ਮੁਢਲੇ ਜੀਵਨ ਵੱਲ ਤੁਰੀਏ ਤਾਂ ਛੋਟੀ ਉਮਰ 'ਚ ਮਾਂ ਦਾ ਵਿਛੋੜਾ ਝੱਲਣ ਵਾਲੀ ਅੰਮਿ੍ਤਾ ਦੀ ਚੀਸ ਉਸ ਦੀਆਂ ਲਿਖਤਾਂ 'ਚ ਮਹਿਸੂਸ ਕੀਤੀ ਜਾ ਸਕਦੀ ਹੈ | ਜਿਥੇ ਕਦੇ ਉਹ ਆਸਮਾਨ 'ਚ ਆਪਣੀ ਮਾਂ ਰਾਜ ਬੀਬੀ ਦੇ ਨਾਂਅ ਦੇ ਅਕਸ ਤਲਾਸ਼ ਕਰਦੀ ਨਜ਼ਰ ਆਉਂਦੀ ਹੈ ਤੇ ਕਦੇ ਉਮਰ ਦੇ ਉਸ ਨਾਜ਼ੁਕ ਦੌਰ 'ਚ, ਜਿਥੇ ਇਕ ਬੇਟੀ ਨੂੰ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਮਾਂ ਦੀ ਨਾਮੌਜੂਦਗੀ ਦੀ ਉਸ ਨੂੰ ਘਾਟ ਮਹਿਸੂਸ ਹੁੰਦੀ ਹੈ | ਮਾਂ ਦੀ ਕਮੀ ਦੀ ਚੋਭ ਉਨ੍ਹਾਂ ਆਪਣੀ ਆਤਮਕਥਾ ਰਸੀਦੀ ਟਿਕਟ 'ਚ ਤਾਂ ਕੀਤੀ ਹੀ ਹੈ, ਇਸ ਤੋਂ ਇਲਾਵਾ ਕਈ ਕਹਾਣੀਆਂ 'ਚ ਮਾਂ ਦੇ ਪਾਤਰ ਦੀ ਗੱਲ ਕਰਦਿਆਂ ਜਿਵੇਂ ਉਹ ਮੋਹ 'ਚ ਭਿੱਜ ਜਾਂਦੀ ਸੀ | 'ਇਹ ਕਹਾਣੀ ਨਹੀਂ' 'ਚ ਜਿਥੇ ਉਹ ਸਾਹਿਰ ਲੁਧਿਆਣਵੀ ਦੇ ਨਾਲ ਆਪਣੇ ਅਣਕਿਆਸੇ ਸੰਸਾਰ ਨੂੰ ਘੜਦੀ, ਢਾਹੁੰਦੀ ਨਜ਼ਰ ਆਉਂਦੀ ਹੈ, ਉਥੇ ਮਾਂ ਵੀ ਉਸ ਸੰਸਾਰ 'ਚ ਇੰਜ ਪਿਰੋਈ ਗਈ ਜਿਵੇਂ ਮਾਂ ਤੋਂ ਬਿਨਾਂ ਕਿਸੇ ਦੁਨੀਆ ਦੀ ਕਲਪਨਾ ਨਾਮੁਮਕਿਮ ਹੋਵੇ |
ਪਿਤਾ ਦਾ ਲਿਖਤਾਂ 'ਤੇ ਪ੍ਰਭਾਵ
ਅੰਮਿ੍ਤਾ ਪ੍ਰੀਤਮ ਦੀਆਂ ਲਿਖਤਾਂ 'ਚ ਆਪਣੇ ਪਿਤਾ ਦੇ ਪ੍ਰਭਾਵ ਦੀ ਝਲਕ ਮਿਲਦੀ ਹੈ | ਪਿਤਾ ਸ: ਕਰਤਾਰ ਸਿੰਘ ਹਿਤਕਾਰੀ ਵਲੋਂ ਵਿਰਸੇ 'ਚ ਮਿਲੇ ਧਰਮ ਗ੍ਰੰਥਾਂ, ਸਿੱਖ ਇਤਿਹਾਸ ਦੇ ਗਿਆਨ ਦੀ ਗੁੜ੍ਹਤੀ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ ਦਾ ਅਨਿੱਖੜਵਾਂ ਹਿੱਸਾ ਬਣ ਜਾਂਦੀ ਹੈ | ਇੰਜ ਕਿ ਜਿਵੇਂ ਉਹ ਇਤਿਹਾਸ ਛੱਡ ਕੇ ਅੰਮਿ੍ਤਾ ਦੀਆਂ ਰਚਨਾਵਾਂ 'ਚ ਹੀ ਕਿਤੇ ਰਹਿ ਜਾਂਦਾ ਹੋਵੇ | ਮਿਸਾਲ ਵਜੋਂ ਅਣਵਿਆਹੀ ਕੁੰਤੀ ਦੇ ਸੂਰਜ ਤੋਂ ਹੋਏ ਬੇਟੇ ਕਰਨ ਅਤੇ ਇਕ ਕਵੀ ਦੀ ਕਵਿਤਾ ਦੀ ਤੁਲਨਾ ਅੰਮਿ੍ਤਾ ਦੇ ਇਨ੍ਹਾਂ ਲਫ਼ਜ਼ਾਂ ਤੋਂ ਵੱਧ ਕਿਤੇ ਹੋਰ ਖ਼ੂਬਸੂਰਤ ਹੋ ਨਹੀਂ ਸਕਦੀ |
'ਰਾਜ ਮਹਿਲ ਦੀ ਪ੍ਰੰਪਰਾਵਾਦੀ ਅਤੇ ਠੰਢੀ ਜ਼ਿੰਦਗੀ ਕੰੁਤੀ ਲਈ ਨਹੀਂ ਸੀ | ਨਾ ਹੀ ਸਮਾਜ ਦੀ ਪੰ੍ਰਪਰਾਵਾਦੀ ਜ਼ਿੰਦਗੀ ਕਵੀ ਲਈ ਹੁੰਦੀ ਹੈ | ਇਨ੍ਹਾਂ ਦੋਵਾਂ ਨੂੰ ਹਜ਼ਾਰਾਂ ਤੋਹਮਤਾਂ ਦਾ ਦਰਿਆ ਸਾਹਮਣੇ ਵਗਦਾ ਵਿਖਾਈ ਦਿੰਦਾ ਹੈ | ਉਹ ਜਾਣਦੇ ਹਨ ਕਿ ਉਨ੍ਹਾਂ ਆਪ ਹੀ ਆਪਣੇ ਇਕੱਲੇਪਣ ਦਾ ਸਰਾਪ ਝੱਲਣਾ ਹੈ | ਉਹ ਸਰਾਪ ਜੋ ਵਰਦਾਨ ਦੇ ਕਣ-ਕਣ 'ਚ ਸਮਾਇਆ ਹੋਇਆ ਹੈ |
ਅਧਿਆਤਮਵਾਦ ਦੀ ਇਹ ਝਲਕ ਉਸ ਦੇ ਅਦਬੀ ਕੰਮ 'ਚ ਥਾਂ-ਥਾਂ 'ਤੇ ਝਲਕਦੀ ਹੈ | ਕਦੇ ਉਸ ਦੀਆਂ ਆਦਿ ਸੰਗੀਤ, ਆਦਿ ਧਰਮ, ਆਦਿ ਪੁਸਤਕ ਜਿਹੀਆਂ ਨਜ਼ਮਾਂ 'ਚ ਅਧਿਆਤਮਵਾਦ ਦਾ ਚਮਕਾਰਾ ਪੈਂਦਾ ਹੈ ਅਤੇ ਕਦੇ ਅੰਮਿ੍ਤਾ ਵਲੋਂ ਦਿੱਤੇ ਅਰਧਨਾਰੀਸ਼ਵਰ ਦੇ ਤਰਕ ਜਾਂ ਕਈ ਕਵਿਤਾਵਾਂ, ਕਹਾਣੀਆਂ 'ਚ ਬਿਆਨ, ਰੱਬੀ ਸਰੂਪ ਆਦਿ ਵਿਸ਼ਿਆਂ 'ਤੇ ਵੀ ਉਨ੍ਹਾਂ ਦੀ ਕਲਮ ਬਾਕਮਾਲ ਚਲਦੀ ਰਹੀ |
ਰੇਡੀਓ ਨਾਲ ਡੰੂਘੀ ਸਾਂਝ
ਲਫ਼ਜ਼ਾਂ ਦੇ ਮੋਤੀ ਖਿਲਾਰਨ ਵਾਲੀ ਅੰਮਿ੍ਤਾ ਦੀ ਰੇਡੀਓ ਨਾਲ ਵੀ ਕਾਫ਼ੀ ਚਿਰ ਸਾਂਝ ਰਹੀ | ਆਲ ਇੰਡੀਆ ਰੇਡੀਓ ਨੇ ਅੰਮਿ੍ਤਾ ਨਾਲ ਇਮਰੋਜ਼ ਦਾ ਨਾਤਾ ਕਿਵੇਂ ਜੋੜਿਆ, ਇਹ ਕਿੱਸਾ ਆਪਣੇ-ਆਪ 'ਚ ਕਾਫੀ ਮਸ਼ਹੂਰ ਹੈ | ਘਰ ਤੋਂ ਅੰਮਿ੍ਤਾ ਰੋਜ਼ ਬੱਸ 'ਚ ਰੇਡੀਓ ਸਟੇਸ਼ਨ ਜਾਂਦੀ ਸੀ ਜੋ ਇਮਰੋਜ਼ ਨੂੰ ਕਾਫ਼ੀ ਨਾਗਵਾਰ ਗੁਜ਼ਰਿਆ | ਇਮਰੋਜ਼ ਨੇ ਕੁਝ ਬੱਚਤ ਕਰਕੇ ਇਕ ਸਕੂਟਰ ਖਰੀਦਿਆ ਜਿਸ ਤੋਂ ਬਾਅਦ ਅੰਮਿ੍ਤਾ ਨੂੰ ਰੇਡੀਓ ਸਟੇਸ਼ਨ ਤੋਂ ਲਿਆਉਣਾ, ਛੱਡਣਾ ਇਮਰੋਜ਼ ਦਾ ਦਸਤੂਰ ਬਣ ਗਿਆ |
ਆਲ ਇੰਡੀਆ ਰੇਡੀਓ ਦਿੱਲੀ ਤੋਂ ਪਹਿਲਾਂ ਉਹ ਲਾਹੌਰ ਰੇਡੀਓ ਸਟੇਸ਼ਨ ਨਾਲ ਵੀ ਲੰਮਾ ਚਿਰ ਜੁੜੀ ਰਹੀ | ਕਹਿੰਦੇ ਹਨ ਕਿ ਲਾਹੌਰ ਰੇਡੀਓ ਸਟੇਸ਼ਨ ਦੇ ਉਸ ਕਮਰੇ 'ਚ ਜਿਥੇ ਉਹ ਬੈਠਦੀ ਹੁੰਦੀ ਸੀ, ਅੱਜ ਵੀ ਉਥੇ ਉਸ ਦੀ ਨਿਸ਼ਾਨੀ ਵਜੋਂ ਉਹ ਕੁਰਸੀ ਉਥੇ ਰੱਖੀ ਹੋਈ ਹੈ ਅਤੇ ਉਸ ਦੇ ਪਿੱਛੇ ਉਸ ਦੀ ਤਸਵੀਰ ਵੀ ਲੱਗੀ ਹੋਈ ਹੈ |
ਦੇਸ਼ ਵੰਡ ਦਾ ਜ਼ਖ਼ਮ
ਹਿੰਦੁਸਤਾਨ ਦੀ ਵੰਡ ਅੰਮਿ੍ਤਾ ਮੁਤਾਬਿਕ ਇਤਿਹਾਸ ਦੀ ਛਾਤੀ 'ਤੇ ਲੱਗਾ ਜ਼ਖ਼ਮ ਹੈ | ਅੰਮਿ੍ਤਾ ਨੇ ਉਸ ਦੌਰ 'ਚ ਉਸ ਵਹਿਸ਼ਤ, ਉਸ ਦਰਦ, ਉਸ ਡਰ ਨੂੰ ਲੈ ਕੇ ਕਈ ਕਵਿਤਾਵਾਂ ਲਿਖੀਆਂ | 'ਮਜ਼ਦੂਰ' ਨਾਂਅ ਦੀ ਕਵਿਤਾ ਉਸ ਬੱਚੇ ਵਲੋਂ ਸੀ, ਜਿਸ ਨੂੰ ਰੋਂਦੀ ਮਾਂ ਅਤੇ ਗੰੁਮਸ਼ੁਦਾ ਬਾਪ ਵਿਰਾਸਤ 'ਚ ਮਿਲਿਆ ਸੀ | ਜਬਰ ਦਾ ਸ਼ਿਕਾਰ ਹੋਈ ਕੁੜੀ ਦੀ ਮਜਬੂਰੀ ਉਸ ਬੱਚੇ ਦੇ ਰਾਹੀਂ ਇਨ੍ਹਾਂ ਲਫ਼ਜ਼ਾਂ 'ਚ ਝਲਕਦੀ ਹੈ:
ਮਾਂ,
ਇਕ ਜੁਰਮ ਨੂੰ ਕੁੱਖ 'ਚ ਉਠਾਂਦੀ ਰਹੀ
ਅਤੇ ਉਸ ਨੂੰ ਆਪਣੀ ਕੁੱਖ 'ਚੋਂ
ਇਕ ਸੜਾਂਧ ਆਂਦੀ ਰਹੀ |
ਅਜਿਹਾ ਹੀ ਦਰਦ 'ਤਵਾਰੀਖ਼' ਨਾਂਅ ਦੀ ਨਜ਼ਮ 'ਚੋਂ ਵੀ ਝਲਕਦਾ ਹੈ | ਜਦੋਂ ਮਜਬੂਰੀ ਇਹ ਕਹਿ ਕੇ ਕਿਤੇ ਪਨਾਹ ਮੰਗਦੀ ਨਜ਼ਰ ਆਉਂਦੀ ਹੈ:
ਇਕ ਤੂਫ਼ਾਨ ਆਇਆ,
ਇਹ ਬਦਲ ਬਾਕੀ ਹੈ
ਪਰ ਨਸੀਬ ਡੁੱਬ ਗਿਆ |
ਇਸੇ ਹੀ ਨਜ਼ਮ 'ਚ ਅੱਗੇ ਹੋਰ ਤਿੰਨ ਸਤਰਾਂ ਕਿਸੇ ਕੁਆਰੀ ਦੇ ਤਾਰ-ਤਾਰ ਹੁੰਦੇ ਸੁਪਨਿਆਂ ਨਾਲ ਹੀ ਰੂਬਰੂ ਕਰਵਾਉਂਦੀਆਂ ਹਨ:
ਨਾ ਬਾਬੁਲ, ਨਾ ਭਾਈ
ਨਾ ਮਹਿੰਦੀ, ਨਾ ਡੋਲੀ
ਮੈਂ ਕੈਸੀ ਵਿਆਹੀ |
ਇਸੇ ਹੀ ਦੌਰ 'ਚ ਅੰਮਿ੍ਤਾ ਵਲੋਂ ਲਿਖੀ ਕਵਿਤਾ, 'ਅੱਜ ਆਖਾਂ ਵਾਰਿਸ ਸ਼ਾਹ ਨੂੰ ' ਜਿਵੇਂ ਦਰਦ ਦਾ ਸ਼ਾਹਕਾਰ ਬਣ ਗਈ ਹੋਵੇ | ਹੀਰ ਲਿਖ ਕੇ ਔਰਤ ਦਾ ਦਰਦ ਦੁਨੀਆ ਅੱਗੇ ਲਿਆਉਣ ਵਾਲੇ ਵਾਰਿਸ ਸ਼ਾਹ ਨੂੰ ਹੋਕਾ ਦਿੰਦਿਆਂ ਉਹ ਕਹਿੰਦੀ ਹੈ:
ਇਕ ਰੋਈ ਸੀ ਧੀ ਪੰਜਾਬ ਦੀ,
ਤੰੂ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਈਮੇਲ : upma.dagga@gmail.com

ਸਾਡਾ ਅਸਥਿਰ ਸੁਭਾਅ ਅਤੇ ਨਿਰਾਧਾਰ ਵਤੀਰਾ

ਕਹਿਣ ਨੂੰ ਅਸੀਂ ਪ੍ਰਗਤੀ ਦੀ ਰਾਹ ਪਏ ਅਗਾਂਹ ਵਧ ਰਹੇ ਹਾਂ ਪਰ ਸਾਡੀ ਸੋਚ ਦਮ ਤੋੜ ਰਹੀਆਂ ਵਿਵਸਥਾਵਾਂ ਦੀ ਗੁਲਾਮ ਹੈ | ਅਜਿਹੇ ਵਿਅਕਤੀਆਂ ਹੱਥ ਸਾਡੀ ਤਕਦੀਰ ਹੈ, ਜਿਨ੍ਹਾਂ 'ਚੋਂ ਕੁਝ ਕੁ ਤਾਂ ਛੋਟਾ-ਮੋਟਾ ਨਿੱਜੀ ਕਾਰੋਬਾਰ ਵੀ ਢੰਗ ਨਾਲ ਚਲਾਉਣ ਦੇ ਯੋਗ ਨਹੀਂ | ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਸੁਲਝਾਉਣ ਲਈ ਆਰਜ਼ੀ ਉਪਾਅ ਕੀਤੇ ਜਾ ਰਹੇ ਹਨ ਅਤੇ ਜਾਂ ਫਿਰ ਇਹ ਵਿਚਾਰੇ ਜਾਣ ਤੱਕ ਹੀ ਸੀਮਤ ਰਹਿ ਰਹੇ ਹਨ | ਵਿਆਪਕ ਅਜਿਹੀ ਸਥਿਤੀ ਦੇ ਸਨਮੁੱਖ ਹੈਰਾਨੀ ਨਹੀਂ ਹੋਣੀ ਚਾਹੀਦੀ, ਜੇਕਰ ਸਾਡਾ ਆਲਾ-ਦੁਆਲਾ ਦੂਸ਼ਿਤ ਹੈ, ਤਾਪਮਾਨ ਨਿਅੰਤਰਣ ਅਧੀਨ ਨਹੀਂ, ਰੁੱਤਾਂ-ਮੌਸਮ ਬਦਲ ਰਹੇ ਹਨ ਅਤੇ ਨਿਰਮਲ ਪੌਣ ਅਤੇ ਪਾਣੀ ਸੁਪਨਾ ਬਣ ਰਹੇ ਹਨ | ਪਹਾੜੀ ਗਲੇਸ਼ੀਅਰ ਤੱਕ ਪੰਘਰਦੇ ਹੋਏ ਪਿਚਕਦੇ ਜਾ ਰਹੇ ਹਨ ਅਤੇ ਸਿੱਟੇ ਵਜੋਂ ਨਦੀਆਂ ਸੁੱਕਣ 'ਤੇ ਆ ਰਹੀਆਂ ਹਨ | ਅਜਿਹੀਆਂ ਘੋਰ ਸਮੱਸਿਆਵਾਂ ਸੁਲਝਾਉਣ ਲਈ ਵੀ ਅਸੀਂ ਕੰਮ-ਚਲਾਊ ਸਾਧਨਾਂ ਦਾ ਆਸਰਾ ਭਾਲ ਰਹੇ ਹਾਂ, ਵਿਗਿਆਨ ਦਾ ਨਹੀਂ |
ਹੋਰ ਤਾਂ ਹੋਰ, ਸਾਡੇ ਵਿਗਿਆਨੀਆਂ ਦਾ ਹੀ ਵਿਗਿਆਨ 'ਚ ਵਿਸ਼ਵਾਸ ਨਹੀਂ | ਇਕ ਸੈਮੀਨਾਰ 'ਚ ਭਾਗ ਲੈ ਰਹੇ ਦੋ ਵਿਗਿਆਨੀ ਤਾਜ-ਮਹੱਲ ਵੇਖਣ ਗਏ | ਇਨ੍ਹਾਂ 'ਚੋਂ ਇਕ ਆਪਣੇ ਦੇਸ਼ ਦਾ ਵਾਸੀ ਸੀ ਅਤੇ ਦੂਜਾ ਵਿਦੇਸ਼ੋਂ ਆਇਆ ਮਹਿਮਾਨ ਸੀ | ਦੂਧੀਆ ਝਿਲਮਲਾਹਟ ਪ੍ਰਦਰਸ਼ਿਤ ਕਰ ਰਹੇ ਤਾਜ-ਮਹੱਲ ਨਾਲ ਖਹਿ ਕੇ ਵਗਦੀ ਜਮਨਾ ਨਦੀ ਦੇ ਗੰਧਲਾਏ ਪਾਣੀਆਂ ਵੱਲ ਇਸ਼ਾਰਾ ਕਰ ਕੇ ਭਾਰਤੀ ਵਿਗਿਆਨੀ ਨੇ ਆਪਣੇ ਸਾਥੀ ਨੂੰ ਦੱਸਿਆ: 'ਇਸ ਨਦੀ ਦੇ ਨਿਰਮਲ ਜਲ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨੂੰ ਬੋਤਲ 'ਚ ਬੰਦ ਕਰ ਕੇ ਰੱਖਿਆਂ ਵੀ ਨਾ ਇਹ ਲੰਬੇ ਸਮੇਂ ਤਕ ਬੁਸੇਗਾ ਅਤੇ ਨਾ ਇਸ ਨੂੰ ਕੀਟਾਣੂ ਦੂਸ਼ਿਤ ਕਰਨਗੇ |' ਇਹ ਸੁਣ ਕੇ ਵਿਦੇਸ਼ੀ ਹੈਰਾਨ ਹੋ ਰਿਹਾ ਸੀ ਕਿ ਸਾਹਮਣੇ ਸਪਸ਼ਟ ਦੂਸ਼ਿਤ ਨਜ਼ਰ ਆ ਰਹੇ ਜਲ ਬਾਰੇ ਇਕ ਵਿਗਿਆਨੀ ਦੀ, ਵਿਸ਼ੇਸ਼ ਕਰਕੇ ਇਕ ਜੀਵ-ਵਿਗਿਆਨੀ ਦੀ ਅਜਿਹੀ ਰਾਏ ਕਿਵੇਂ ਹੋ ਸਕਦੀ ਸੀ? ਵਿਦੇਸ਼ੀ ਵਿਗਿਆਨੀ ਭਾਰਤੀਆਂ ਦੇ ਸੁਭਾਅ ਤੋਂ ਅਣਜਾਣ ਸੀ ਜਿਨ੍ਹਾਂ ਦਾ 'ਜੋ ਹੈ' ਨਾਲੋਂ ਕਿਧਰੇ ਵੱਧ ਵਿਸ਼ਵਾਸ 'ਜੋ ਨਹੀਂ ਹੈ' 'ਚ ਹੈ | ਇਹ ਵੀ ਹੈ ਕਿ ਭਾਰਤੀ ਗ੍ਰਹਿਆਂ ਦੀ ਸਥਿਤੀ ਅਨੁਕੂਲ ਸ਼ੁਭ-ਘੜੀ ਬਾਰੇ ਅਣਪੜ੍ਹ ਜੋਤਸ਼ੀ ਦੀ ਰਾਏ ਜਾਣ ਲੈਣ ਉਪਰੰਤ ਹੀ ਕਾਰਜ ਆਰੰਭ ਕਰਨ ਦੇ ਆਦੀ ਹਨ | ਇਨ੍ਹਾਂ ਨੂੰ ਆਪਣੇ-ਆਪ ਨਾਲੋਂ ਕਿਧਰੇ ਵੱਧ ਵਿਸ਼ਵਾਸ ਨਿਰਜੀਵ ਗ੍ਰਹਿਆਂ ਦੀ ਸਥਿਤੀ 'ਚ ਹੈ, ਜਿਹੜੇ ਕਿ ਆਪ, ਪੁਲਾੜ ਵਿਖੇ, ਨਿਰਮੰਤਵ ਚੱਕਰ-ਗ੍ਰਸਤ ਹਨ | ਸਿਰਫ਼ ਗੰਵਾਰ ਹੀ ਅਜਿਹਾ ਨਹੀਂ ਕਰ ਰਹੇ, ਪੜ੍ਹੇ-ਲਿਖੇ, ਵਿਗਿਆਨੀ, ਕਲਾਕਾਰ ਅਤੇ ਉਹ ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ-ਡੋਰ ਹੈ, ਸਭ ਇਹੋ ਕਰ ਰਹੇ ਹਨ | ਫਿਰ, ਇਸ 'ਚ ਵੀ ਬਹੁਤਿਆਂ ਦਾ ਵਿਸ਼ਵਾਸ ਹੈ ਕਿ ਗ੍ਰਹਿਆਂ ਦੀ ਸਥਿਤੀ ਅਨੁਕੂਲ ਦੇਸ਼ ਦੀਆਂ ਸਮੱਸਿਆਵਾਂ ਆਪਣੇ-ਆਪ ਸੁਲਝਦੀਆਂ ਰਹਿਣਗੀਆਂ |
ਸਾਨੂੰ ਮੰਨ ਲੈਣ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਅਸੀਂ ਹੰਭੀ-ਹਾਰੀ ਕੌਮ ਦੇ ਪੱਛੜੇ ਅਤੇ ਲਾਚਾਰ ਨਾਗਰਿਕ ਹਾਂ | ਸਮੱਸਿਆ ਸਾਡੇ ਅਜਿਹੇ ਮਨ ਦੀ ਵੀ ਹੈ ਜਿਹੜਾ ਜੋ ਹੈ ਵੀ ਨਹੀਂ, ਉਸ ਦੀ ਕਲਪਨਾ ਕਰ ਕੇ ਉਸ ਨੂੰ ਹਕੀਕਤ ਵਜੋਂ ਸਵੀਕਾਰ ਕਰ ਰਿਹਾ ਹੈ | ਅੰਧਵਿਸ਼ਵਾਸ ਇਸੇ ਕਾਰਨ ਪਣਪ ਰਹੇ ਹਨ ਅਤੇ ਸਾਡਾ ਲਾਈਲਗ ਸੁਭਾਅ ਹੋਣ ਕਰਕੇ ਇਹ ਅਗਾਂਹ ਤੋਂ ਅਗਾਂਹ ਬਿਨਾਂ ਯਤਨ ਕੀਤਿਆਂ, ਦੇਖਾ-ਦੇਖੀ, ਆਪਣੇ-ਆਪ ਫੈਲਦੇ ਵੀ ਰਹਿੰਦੇ ਹਨ | ਇਹ ਵੀ ਕਾਰਨ ਹੈ ਕਿ ਅਸੀਂ ਜਾਤਾਂ-ਕਬੀਲਿਆਂ 'ਚ ਗੰਭੀਰਤਾ ਸਹਿਤ ਇਸ ਤਰ੍ਹਾਂ ਜਕੜੇ ਹੋਏ ਹਾਂ ਕਿ ਇਨ੍ਹਾਂ ਵਿਚਕਾਰਲੀਆਂ ਹੱਦਾਂ ਸਾਡੇ ਲਈ ਪਵਿੱਤਰ ਹਨ ਅਤੇ ਇਨ੍ਹਾਂ ਦਾ ਸਨਮਾਨ ਨਾ ਕਰਨਾ ਧ੍ਰੋਹ ਕਮਾਉਣ ਸਮਾਨ ਹੈ | ਧਰਮ 'ਚ ਵਿਸ਼ਵਾਸ ਰੱਖਣ ਵਾਲੇ ਵੀ ਆਪਣੇ ਰਹਿਬਰਾਂ ਦਾ, ਇਸ ਪ੍ਰਸੰਗ 'ਚ, ਫਰਮਾਨ ਅਣਡਿੱਠ ਕਰਨੋਂ ਨਹੀਂ ਝਿਜਕ ਰਹੇ |
ਰਾਇਜ ਰਵਾਇਤਾਂ ਦੀ ਜੀ-ਹਜ਼ੂਰੀ ਆਪਣੀ ਥਾਵੇਂ, ਆਪਣੇ ਘਰਾਂ 'ਚ ਵੀ ਅਸੀਂ ਨਿਰਾਧਾਰ ਸਨਕੀ ਵਤੀਰਾ ਧਾਰਨ ਕਰ ਰੱਖਿਆ ਹੈ | ਅਸੀਂ ਆਪਣੀ ਸੰਤਾਨ ਨੂੰ ਆਪਣੀ ਸੰਪਤੀ ਸਮਝ ਕੇ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇੰਜ ਉਨ੍ਹਾਂ ਦੀ ਪਰਵਰਿਸ਼ ਕਰਦੇ ਹਾਂ ਜਿਵੇਂ ਉਹ ਸਵੈ-ਚਾਲਕ ਖਿਡੌਣੇ ਹਨ | ਬੱਚਿਆਂ ਨੂੰ ਆਪਣੀ ਸੰਪਤੀ ਅਸੀਂ ਇਸ ਲਈ ਸਮਝ ਬੈਠਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਸਾਡਾ ਲਹੂ ਹਨ | ਪਰ, ਇਹ ਸਹੀ ਨਹੀਂ ਅਤੇ ਇਸ ਅਣ-ਉਚਿਤ ਅਨੁਭਵ ਨੂੰ ਅੱਜ ਜੀਨ-ਵਿਗਿਆਨ ਦੇ ਪ੍ਰਕਾਸ਼ 'ਚ ਬਦਲ ਜਾਣਾ ਚਾਹੀਦਾ ਹੈ | ਸੰਤਾਨ, ਮਾਂ ਅਤੇ ਪਿਓ ਦੀ ਸਾਂਝੀ ਉਪਜ ਹੁੰਦੀ ਹੋਈ ਵੀ, ਨਾ ਇਹ ਪਿਓ ਜਿਹੀ ਹੁੰਦੀ ਹੈ ਅਤੇ ਨਾ ਮਾਂ ਜਿਹੀ ਅਤੇ ਇਨ੍ਹਾਂ 'ਚ ਨਾ ਪਿਓ ਦਾ ਲਹੂ ਵਗ ਰਿਹਾ ਹੁੰਦਾ ਹੈ ਅਤੇ ਨਾ ਮਾਂ ਦਾ | ਦੋਵਾਂ ਦੇ ਤੁਖ਼ਮ ਦੇ ਰਲਾ 'ਚੋਂ ਜਨਮੀ ਔਲਾਦ ਦੋਵਾਂ ਨਾਲੋਂ ਭਿੰਨ ਹੁੰਦੀ ਹੈ | ਉਂਜ ਹੀ ਭਿੰਨ, ਜਿਵੇਂ ਦੋ ਰੰਗਾਂ ਦੇ ਮਿਲਾਪ 'ਚੋਂ ਉਪਜਿਆ ਰੰਗ ਦੋਵਾਂ ਨਾਲੋਂ ਭਿੰਨ ਹੁੰਦਾ ਹੈ |
ਅਸੀਂ ਬੱਚਿਆਂ ਦੀ ਪਰਵਰਿਸ਼ ਦੇ ਪ੍ਰਸੰਗ 'ਚ ਇਕ ਗ਼ਲਤੀ ਇਹ ਵੀ ਕਰਨ ਦੇ ਆਦੀ ਹਾਂ ਕਿ ਅਸੀਂ ਉਨ੍ਹਾਂ ਨੂੰ ਉਹ ਕੁਝ ਬਣਾਉਣ ਦੇ ਯਤਨ ਕਰਦੇ ਰਹਿੰਦੇ ਹਾਂ ਜੋ ਅਸੀਂ ਆਪ ਬਣਨਾ ਚਾਹੁੰਦੇ ਸੀ, ਪਰ ਬਣ ਨਹੀਂ ਸੀ ਸਕੇ | ਅਜਿਹਾ ਵਤੀਰਾ ਅਸੀਂ ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨੂੰ ਭਾਂਪਿਆਂ ਬਿਨਾਂ ਅਪਣਾਉਂਦੇ ਰਹਿੰਦੇ ਹਾਂ | ਜਿਹੜੀਆਂ ਕਿ ਵਿਰਸੇ 'ਚ ਮਿਲੇ ਜੀਨਾਂ 'ਚੋਂ ਪੁੰਗਰਦੀਆਂ ਹਨ | ਤਾਸ਼ ਦੇ ਪੱਤਿਆਂ ਵਾਂਗ ਫੈਂਟੇ ਜਾਣ ਉਪਰੰਤ ਜੀਨ ਸੰਤਾਨ ਨੂੰ ਵਿਰਸੇ 'ਚ ਮਿਲਦੇ ਹਨ, ਇਸ ਲਈ ਆਸ ਨਹੀਂ ਰੱਖਣੀ ਚਾਹੀਦੀ ਕਿ ਧੀ ਜਾਂ ਪੁੱਤ, ਮਾਂ ਜਾਂ ਪਿਓ ਵਾਲੀਆਂ ਰੁਚੀਆਂ ਲੈ ਕੇ ਜਨਮ ਲੈਣਗੇ | ਨਾ ਡਾਰਵਿਨ ਦੀ ਸੰਤਾਨ 'ਚੋਂ ਕੋਈ ਡਾਰਵਿਨ ਜਿਹਾ ਵਿਚਾਰਵਾਨ ਬਣਿਆ ਅਤੇ ਨਾ ਹੀ ਆਈਨਸਟਾਈਨ ਦੀ ਸਪੁੱਤਰੀ, ਉਸ ਜਿਹੀ ਸੁਘੜ ਸਿਆਣੀ |
ਕੀਤੀ ਜਾ ਰਹੀ ਪਰਵਰਿਸ਼ ਦਾ, ਪ੍ਰਾਪਤ ਕੀਤੀ ਜਾ ਰਹੀ ਸਿੱਖਿਆ ਦਾ ਅਤੇ ਮਾਣੀ ਜਾ ਰਹੀ ਸੰਗਤ ਦਾ ਪ੍ਰਭਾਵ ਜੀਨਾਂ 'ਚੋਂ ਪੁੰਗਰੇ ਸੁਭਾਅ ਉਪਰ ਮੁਲੰਮੇ ਜਿਹਾ ਹੀ ਪੈਂਦਾ ਹੈ | ਜਨਮ ਉਪਰੰਤ ਵੱਖ ਹੋਏ ਜੁੜਵੇ ਬੱਚੇ, ਵੱਖ-ਵੱਖ ਮਾਹੌਲ 'ਚ ਪਲਦੇ ਹੋਏ, ਵਖਰੀ ਸੰਗਤ 'ਚ ਵਿਚਰਦੇ ਹੋਏ ਅਤੇ ਵੱਖਰੇ ਸੰਸਥਾਨਾਂ 'ਚ ਸਿੱਖਿਆ ਪ੍ਰਾਪਤ ਕਰਦੇ ਹੋਏ ਵੀ ਲਗਪਗ ਇਕੋ ਜਿਹਾ ਸੁਭਾਅ ਪ੍ਰਦਰਸ਼ਿਤ ਕਰਦੇ ਵੇੇਖੇ ਗਏ ਹਨ | ਹਾਂ! ਇਨ੍ਹਾਂ ਦੇ ਅਪਣਾਏ ਵਤੀਰੇ 'ਚ ਭਾਵੇਂ ਫਰਕ ਸੀ | ਇਨ੍ਹਾਂ ਦੇ ਪਹਿਰਾਵੇ 'ਚ ਫਰਕ ਸੀ, ਖਾਣ-ਪੀਣ 'ਚ ਫਰਕ ਸੀ, ਵਾਰਤਾਲਾਪ ਲਈ ਵਰਤੀ ਜਾ ਰਹੀ ਸ਼ਬਦਾਵਲੀ 'ਚ ਫਰਕ ਸੀ | ਦੇਖਾ-ਦੇਖੀ, ਹੋਰਨਾਂ ਜਿਹਾ ਵਤੀਰਾ ਅਪਣਾਇਆ ਜਾ ਸਕਦਾ ਹੈ, ਪਰ ਹੋਰਨਾਂ ਜਿਹਾ ਸੁਭਆ ਨਹੀਂ ਹੈ | ਸੰਵੇਦਨਸ਼ੀਲਤਾ ਅਤੇ ਸੂਝ-ਸਮਝ ਦੀ ਤੀਖਣਤਾ, ਸੰਗ-ਸ਼ਰਮ, ਹਯਾ ਅਤੇ ਹਉਮੈ, ਦੂਜੇ ਦੇ ਕੰਮ ਆਉਣ ਦੀ ਅਤੇ ਜ਼ਿੰਮੇ ਲੱਗੇ ਕਾਰਜ ਨੂੰ ਪੂਰਾ ਕਰਨ ਦੀ ਲਗਨ, ਸਾਹਸ, ਡਰ, ਸਨੇਹ, ਨਫ਼ਰਤ, ਸੁਆਰਥ ਆਦਿ ਦਾ ਵਿਸਤਾਰ ਅਤੇ ਗੂੜ੍ਹਾਪਣ, ਇਹ ਸਭ ਸੁਭਾਅ 'ਚੋਂ ਪੁੰਗਰਦੇ ਗੁਣ-ਦੋਸ਼ ਹਨ | ਆਪੋ-ਆਪਣੇ ਸੁਭਾਅ 'ਚ ਹਰ ਇਕ ਵਿਅਕਤੀ ਭਿੰਨ ਹੈ, ਜਦ ਕਿ ਵਤੀਰਾ ਇਨ੍ਹਾਂ ਨੇ ਇਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹੋਏ, ਇਕ ਦੂਜੇ ਜਿਹਾ ਧਾਰਨ ਕੀਤਾ ਹੋਇਆ ਹੈ | ਭਰਾ ਜਾਂ ਭੈਣਾਂ ਵੀ ਆਪਣੇ ਸੁਭਾਅ ਪਖੋਂ ਇਕ ਦੂਜੇ ਜਿਹੇ ਨਹੀਂ ਹੁੰਦੇ, ਹਾਲਾਂਕਿ ਹੋਰ ਬਹੁਤ ਕੁਝ 'ਚ ਇਨ੍ਹਾਂ ਦੀ ਆਪਸ 'ਚ ਸਾਂਝ ਹੁੰਦੀ ਹੈ | ਕੈਨੇਡਾ ਦੇ ਮਾਹੌਲ 'ਚ ਵਿਚਰ ਰਿਹਾ ਪੰਜਾਬੀ ਗਭਰੂ ਰੱਖ-ਰਖਾਅ ਭਾਵੇਂ ਉਥੋਂ ਦਾ ਧਾਰਨ ਕਰ ਲਵੇ, ਪਰ ਪਾਰਦਰਸ਼ਤਾ ਆਵੇਗੀ, ਪ੍ਰਚਲਣ, ਸੁਹਿਰਦਪਣਾ ਅਤੇ ਵਫ਼ਾਦਾਰੀ ਉਹ ਆਪਣੇ ਸੁਭਾਅ ਅਨੁਕੂਲ ਹੀ ਪ੍ਰਦਰਸ਼ਿਤ ਕਰਦਾ ਰਹੇਗਾ | ਪਰਵਰਿਸ਼, ਸਿੱਖਿਆ, ਸੰਗਤ ਆਦਿ ਜਿਸ ਹੱਦ ਤਕ ਕੁਦਰਤੀ ਸੁਭਾਅ ਨੂੰ ਪ੍ਰਭਾਵਿਤ ਕਰਨ ਯੋਗ ਹਨ, ਇਹ ਵੀ ਵਿਅਕਤੀ ਨੂੰ ਵਿਰਸੇ 'ਚ ਮਿਲੇ ਜੀਨਾਂ ਉਪਰ ਨਿਰਭਰ ਹੁੰਦਾ ਹੈ | ਜਿਵੇਂ ਕੱਟੜਪਣਾ, ਹੱਠਧਰਮੀ, ਜਨੂੰਨ ਆਦਿ ਜੀਨਾਂ ਦੀ ਦੇਣ ਹਨ | ਇੰਜ ਹੀ ਸੁਤੰਤਰ ਸੋਚ ਅਤੇ ਸਮਝ ਦੀ ਤੀਖਣਤਾ ਦਾ ਵੀ ਜੀਨ ਹੀ ਆਧਾਰ ਹਨ |
ਡਾਰਵਿਨ ਨੂੰ ਪਹਿਲਾਂ ਡਾਕਟਰ ਬਣਾਉਣ ਲਈ ਮੈਡੀਕਲ ਕਾਲਜ 'ਚ ਦਾਖਲਾ ਦਿਵਾਇਆ ਗਿਆ ਪਰ, ਡਾਕਟਰੀ ਗਿਆਨ ਗ੍ਰਹਿਣ ਕਰਨ 'ਚ ਉਸ ਦੀ ਰੁਚੀ ਨਹੀਂ ਸੀ | ਉਥੇ ਕੁਝ ਸਮਾਂ ਬਿਤਾ ਕੇ ਉਹ ਬਾਹਰ ਆ ਗਿਆ | ਫਿਰ ਉਸ ਦਾ, ਪਾਦਰੀ ਨਿਯੁਕਤ ਹੋਣ ਦੇ ਮੰਤਵ ਨਾਲ ਗਿਆਨ ਗ੍ਰਹਿਣ ਕਰਨ ਲਈ, ਕੈਂਬਿ੍ਜ ਯੂਨੀਵਰਸਿਟੀ 'ਚ ਪ੍ਰਵੇਸ਼ ਕਰਵਾਇਆ ਗਿਆ | ਇਥੋਂ ਡਿਗਰੀ ਤਾਂ ਉਸ ਨੇ ਪ੍ਰਾਪਤ ਕਰ ਲਈ ਪਰ ਉਸ ਦੇ ਸੁਭਾਅ ਨੂੰ ਪਾਦਰੀ ਬਣਨਾ ਸਵੀਕਾਰ ਨਹੀਂ ਸੀ | ਛੇਕੜ ਉਹ ਬਣਿਆ ਉਹੋ, ਜਿਸ ਦੀ ਆਗਿਆ ਉਸ ਦੇ ਜੀਨਾਂ 'ਚੋਂ ਪੁੰਗਰੇ ਉਸ ਦੇ ਸੁਭਾਅ ਨੇ ਉਸ ਨੂੰ ਦਿੱਤੀ | ਆਈਨਸਟਾਈਨ ਨਾਲ ਤਾਂ ਸਗੋਂ ਡਾਰਵਿਨ ਨਾਲੋਂ ਵੀ ਭੈੜੀ ਬੀਤੀ ਸੀ | ਆਈਨਸਟਾਈਨ ਨੂੰ ਜਦ ਕਿਸੇ ਯੂਨੀਵਰਸਿਟੀ ਨੇ ਨਿਯੁਕਤੀ ਯੋਗ ਨਾ ਸਮਝਿਆ, ਤਦ ਉਸ ਨੇ ਪੇਟੈਂਟ ਆਫਿਸ 'ਚ ਕਲਰਕ ਦੀ ਕੁਰਸੀ ਸੰਭਾਲ ਲਈ | ਇਸੇ ਅਹੁਦੇ 'ਤੇ ਬਿਰਾਜਮਾਨ ਆਈਨਸਟਾਈਨ ਨੇ ਜਿਹੜੇ ਖੋਜ-ਪੱਤਰ ਤਿਆਰ ਕੀਤੇ, ਉਨ੍ਹਾਂ ਦੀ ਏਨੀ ਕਦਰ ਪਈ ਕਿ ਸੰਸਾਰ ਭਰ ਦੀਆਂ ਸਿਰ-ਕੱਢ ਯੂਨੀਵਰਸਿਟੀਆਂ ਉਸ ਦੀ ਸੇਵਾ ਪ੍ਰਾਪਤ ਕਰਨ ਲਈ ਤੱਤਪਰ ਸਨ | ਕਲਰਕ ਬਣ ਕੇ ਵੀ ਉਹ ਆਪਣੇ ਸੁਭਾਅ ਦਾ ਕਿਹਾ ਮੰਨ ਰਿਹਾ ਸੀ | ਬਿਨਾਂ ਉਪਚਾਰਕ ਸਿੱਖਿਆ ਪ੍ਰਾਪਤ ਕੀਤਿਆਂ, ਜਾਰਜ ਬਰਨਾਰਡ ਸ਼ਾਅ ਉੱਘਾ ਸਾਹਿਤਕਾਰ ਬਣਿਆ | ਇਹੋ ਜਿਹਾ ਹਾਲ ਹੀ ਨਾਨਕ ਸਿੰਘ ਦਾ ਸੀ | ਗੁਰਬਖ਼ਸ ਸਿੰਘ ਵੀ ਇੰਜੀਨੀਅਰ ਦੀ ਟ੍ਰੇਨਿੰਗ ਪ੍ਰਾਪਤ ਕਰ ਕੇ ਇਸ ਕਿੱਤੇ ਨਾਲ ਨਹੀਂ ਸੀ ਜੁੜਿਆ ਰਿਹਾ | ਆਪੋ-ਆਪਣੇ ਜੀਨਾਂ ਦੀ ਅਗਵਾਈ ਅਧੀਨ ਇਹ ਮੰਨੇ-ਪ੍ਰਮੰਨੇ ਵਿਅਕਤੀ ਉਹ ਕੁਝ ਬਣੇ, ਜਿਸ ਲਈ ਇਨ੍ਹਾਂ ਦੀ ਪਰਵਰਿਸ਼ ਨੇ ਇਨ੍ਹਾਂ ਨੂੰ ਤਿਆਰ ਨਹੀਂ ਸੀ ਕੀਤਾ | ਕੁਦਰਤੀ ਰੁਚੀਆਂ ਨੂੰ ਅਣਡਿੱਠ ਕਰ ਕੇ, ਨਿਰੋਲ ਪਰਵਰਿਸ਼ ਦੁਆਰਾ ਢੁਕਵੇਂ ਸਿੱਟੇ ਪ੍ਰਾਪਤ ਕਰਨ ਦੀ ਆਸ ਰੱਖਣਾ ਹਿਮਾਕਤ ਹੈ | ਮਾਂ-ਪਿਓ ਦਾ ਬੱਚਿਆਂ ਨਾਲ ਸਨੇਹ ਤਾਂ ਹੁੰਦਾ ਹੈ, ਪਰ ਉਹ ਉਨ੍ਹਾਂ ਦੀਆਂ ਕੁਦਰਤੀ ਰੁਚੀਆਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ | ਉਨ੍ਹਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨੂੰ ਭਾਂਪ ਲੈਣ ਉਪਰੰਤ, ਉਹ ਉਨ੍ਹਾਂ ਦੀ ਉਹ ਕੁਝ ਬਣਨ 'ਚ ਸਹਾਇਤਾ ਕਰਨ ਜੋ ਉਹ ਬਣਨਾ ਚਾਹੁੰਦੇ ਹਨ | ਬੱਚਿਆਂ ਦੀ ਪਰਵਰਿਸ਼ ਵੀ ਇਸੇ ਮੰਤਵ ਨਾਲ ਕੀਤੀ ਜਾਣੀ ਚਾਹੀਦੀ ਹੈ |
ਜਨਮ ਲੈਣ ਦੇ ਕੁਝ ਵਰਿ੍ਹਆਂ ਉਪਰੰਤ ਦਿਮਾਗ਼ ਦਾ ਜਿੰਨਾ ਆਕਾਰ ਹੁੰਦਾ ਹੈ, ਉਸ 'ਚ ਫਿਰ ਉਮਰ ਭਰ ਵਾਧਾ ਨਹੀਂ ਹੁੰਦਾ | ਵਧਦੀ ਉਮਰ ਨਾਲ ਸਗੋਂ ਦਿਮਾਗ਼ ਦਾ ਆਕਾਰ ਸੁੰਗੜਦਾ ਰਹਿੰਦਾ ਹੈ | ਇਸ 'ਚੋਂ ਪੁੰਗਰ ਰਹੇ ਸੁਭਾਅ 'ਚ ਪਰ ਬਹੁਤਾ ਫਰਕ ਨਹੀਂ ਆਉਂਦਾ, ਜਦਕਿ ਇਸ ਅੰਦਰ ਇਕੱਤਰ ਹੋ ਰਹੀ ਜਾਣਕਾਰੀ 'ਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਜਿਸ ਕਾਰਨ ਵਿਅਕਤੀ ਸੂਝਵਾਨ ਅਤੇ ਸਿਆਣਾ ਬਣਦਾ ਰਹਿੰਦਾ ਹੈ | ਸਿਆਣੀ ਅਵਸਥਾ ਨੂੰ ਪੁੱਜ ਕੇ ਵੀ ਅਸੀਂ ਉਹੋ ਜਿਹੇ ਮਿਲਣਸਾਰ ਜਾਂ ਅਨੋਖੇ ਅਤੇ ਇਕੱਲੇ, ਇਮਾਨਦਾਰ ਜਾਂ ਬੇਈਮਾਨ, ਸਾਊ-ਸ਼ਰੀਫ ਜਾਂ ਧੱਕੜ ਬਣੇ ਰਹਿੰਦੇ ਹਾਂ ਜਿਹੋ ਜਿਹੇ ਅਸੀਂ ਅੱਲੜ੍ਹ ਅਵਸਥਾ ਦੌਰਾਨ ਸੀ, ਇਸ ਲਈ ਕਿ ਬੀਤਦੀ ਉਮਰ ਨਾਲ ਸਾਡਾ ਮੂਲ ਸੁਭਾਅ ਨਹੀਂ ਬਦਲਦਾ | ਹਾਂ! ਅਸੀਂ, ਸਮੇਂ ਦੇ ਥਪੇੜੇ ਝਾਘਦੇ ਹੋਏ ਤਜਰਬੇਕਾਰ ਬਣਦੇ ਰਹਿੰਦੇ ਹਾਂ ਅਤੇ ਨਿਰਣੇ ਲੈਂਦਿਆਂ ਜੋਸ਼ ਦਾ ਪਹਿਲਾਂ ਵਾਂਗ ਉਪਯੋਗ ਕਰਨ ਝਿਜਕਦੇ ਵੀ ਰਹਿੰਦੇ ਹਾਂ |
ਗਿਆਨ, ਲਿਖਤਾਂ ਦੇ ਰੂਪ 'ਚ ਇਕੱਤਰ ਹੁੰਦਾ ਰਹਿੰਦਾ ਹੈ ਅਤੇ ਲਿਖਤਾਂ ਦੁਆਰਾ ਹੀ ਇਸ ਦਾ ਪ੍ਰਸਾਰ ਅਗਾਂਹ ਤੋਂ ਅਗਾਂਹ, ਪੀੜ੍ਹੀ-ਦਰ-ਪੀੜ੍ਹੀ ਹੁੰਦਾ ਰਹਿੰਦਾ ਹੈ | ਗਿਆਨ ਦਾ ਪ੍ਰਸਾਰ ਜੀਨਾਂ ਦੁਆਰਾ ਸੰਭਵ ਨਹੀਂ | ਗਿਆਨਵਾਨ ਵਿਅਕਤੀਆਂ ਦੀ ਸੰਤਾਨ ਨੂੰ ਵੀ ਗਿਆਨ ਨਵੇਂ ਸਿਰਿਓਾ ਗ੍ਰਹਿਣ ਕਰਨਾ ਪੈਂਦਾ ਹੈ | ਗਿਆਨ ਗ੍ਰਹਿਣ ਕਰਨ ਦੀ ਯੋਗਤਾ ਦੀ ਪੱਧਰ ਭਾਵੇਂ ਜੀਨ ਹੀ ਨਿਰਧਾਰਤ ਕਰਦੇ ਹਨ | ਸੂਝ-ਸਮਝ, ਗਿਆਨ ਗ੍ਰਹਿਣ ਕਰਨ ਦੀ ਯੋਗਤਾ ਅਤੇ ਸੁਭਾਅ ਦਾ ਆਧਾਰ ਬਣਦੇ ਗੁਣ-ਦੋਸ਼ ਕਈ ਕਈ ਜੀਨਾਂ ਦੇ ਸਹਿਚਾਰਕ ਪ੍ਰਗਟਾਵੇ ਦਾ ਸਿੱਟਾ ਹੁੰਦੇ ਹਨ, ਇਕ ਜਾਂ ਦੋ ਜੀਨਾਂ ਦੀ ਇਹ ਉਪਜ ਨਹੀਂ ਹੁੰਦੇ | ਸੂਝ-ਸਮਝ ਨੂੰ ਜਾਂ ਗਿਆਨ ਗ੍ਰਹਿਣ ਕਰਨ ਦੀ ਯੋਗਤਾ ਨੂੰ ਜੇਕਰ ਪਰਵਰਿਸ਼ ਦੁਆਰਾ ਵਧਾ ਸਕਣਾ ਸੰਭਵ ਹੁੰਦਾ, ਤਾਂ ਸੰਸਾਰ 'ਚ ਅੱਜ ਵਧੀਆ ਕਲਾਕਾਰਾਂ, ਸਹਿਤਕਾਰਾਂ ਅਤੇ ਵਿਗਿਆਨੀਆਂ ਦੀ ਘਾਟ ਨਹੀਂ ਸੀ ਹੋਣੀ | ਇਨ੍ਹਾਂ ਦੀ ਗਿਣਤੀ ਵੀ ਉਸੇ ਦਰ ਨਾਲ ਉਦਾਰ ਹੋਣੀ ਸੀ, ਜਿੰਨੀ ਸੰਸਾਰ 'ਚ ਦੌਲਤ ਦਾ ਪਸਾਰ ਹੈ | ਸੰਤਾਨ ਨੂੰ ਯੋਗ ਬਣਾਉਣ ਲਈ ਮਾਂ-ਪਿਓ ਘਰੋਂ-ਘਾਟੋਂ ਉੱਜੜ ਜਾਣ ਲਈ ਤਿਆਰ ਰਹਿੰਦੇ ਹਨ |
ਵੇਖਿਆ ਜਾਵੇ ਤਾਂ ਸਾਡੀ ਆਪਣੀ ਹੋਂਦ ਪ੍ਰਤੀ ਇਹ ਸਥਿਤੀ ਹੈ ਕਿ :
'ਨਾ ਮੌਤ ਅਪਨੀ, ਨਾ ਅਮਲ ਅਪਨਾ, ਨਾ ਜੀਨਾ ਅਪਨਾ,
ਹਮ ਨੇ ਫੈਂਕ ਰੱਖਾ ਹੈ ਲਹਿਰੋਂ ਮੇਂ ਸਫ਼ੀਨਾ ਅਪਨਾ |'

-ਫੋਨ ਨੰਬਰ : 0175-2214547, 98775-47971

ਭੁੱਲੀਆਂ ਵਿਸਰੀਆਂ ਯਾਦਾਂ

1996 ਵਿਚ ਲੋਕ ਲਿਖਾਰੀ ਸਭਾ ਅੰਮਿ੍ਤਸਰ ਦਾ ਸਾਲਾਨਾ ਸਮਾਗਮ ਹੋ ਰਿਹਾ ਸੀ | ਉਸ ਸਮੇਂ ਡਾ: ਕੁਲਬੀਰ ਸਿੰਘ ਕਾਂਗ, ਪਿੰ੍ਰਸੀਪਲ ਸੁਜਾਨ ਸਿੰਘ ਨੂੰ ਆਪਣੀ ਕਿਤਾਬ ਭੇਟ ਕਰ ਰਹੇ ਸਨ | ਉਨ੍ਹਾਂ ਦੇ ਨੇੜੇ ਹੀ ਸ: ਗੁਰਬਚਨ ਸਿੰਘ ਪ੍ਰਵਾਨਾ ਤੇ ਦਰਸ਼ਨ ਧੰਜਲ ਖੜ੍ਹੇ ਸਨ | ਹੁਣ ਇਹ ਸਾਰੇ ਪਾਤਰ ਸਾਡੇ ਵਿਚਕਾਰ ਨਹੀਂ ਹਨ, ਬਸ ਇਨ੍ਹਾਂ ਦੀਆਂ ਯਾਦਾਂ ਹੀ ਸਾਡੇ ਕੋਲ ਬਾਕੀ ਹਨ |

-ਮੋਬਾਈਲ : 98767-41231

ਕਿੱਸਾ ਬਲੈਕ ਹੋਲ ਦਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੈਨੋ ਕੈਲਵਿਨ ਦਾ ਮਤਲਬ ਹੈ ਕੈਲਵਿਨ ਦਾ ਇਕ ਅਰਬਵਾਂ ਹਿੱਸਾ | ਚੇਤੇ ਰਹੇ ਕਿ ਬਿੱਗ ਬੈਂਗ ਸਮੇਂ ਪੈਦਾ ਹੋਈ ਰੇਡੀਏਸ਼ਨ ਹੁਣ ਬਹੁਤ ਮੱਧਮ ਹੋ ਕੇ ਦੋ ਦਸ਼ਮਲਵ ਸੱਤ ਦਰਜੇ ਕੈਲਵਿਨ ਦੀ ਕਾਸਮਿਕ ਮਾਈਕ੍ਰੋਵੇਵ ਬੈਕ ਗਰਾਊਾਡ ਰੇਡੀਏਸ਼ਨ ਵਜੋਂ ਸਾਰੇ ਬ੍ਰਹਿਮੰਡ ਵਿਚ ਸਭ ਪਾਸੇ ਪਸਰੀ ਹੋਈ ਹੈ | ਇੰਨੇ ਤਾਪਮਾਨ ਵਾਲੀ ਰੇਡੀਏਸ਼ਨ ਵਾਸਤੇ ਭਲਾ ਕਿੱਡੀ ਬਲੈਕ ਹੋਲ ਹੋਵੇਗੀ | ਸਿਰਫ਼ ਇਕ ਬਟਾ ਦਸ ਮਿਲੀਮੀਟਰ ਵਿਆਸ ਦੀ ਅਤੇ ਇਹ ਸਾਡੇ ਚੰਨ ਨੂੰ ਏਡੇ ਵਿਆਸ ਦਾ ਕਿਣਕਾ ਬਣਾ ਕੇ ਬਣੇਗੀ | ਮਾਈਕ੍ਰੋ ਬਲੈਕ ਹੋਲਾਂ ਨਿਸ਼ਚੇ ਹੀ ਉੱਚੇ ਤਾਪਮਾਨ ਦੀ ਰੇਡੀਏਸ਼ਨ ਛੱਡ ਕੇ ਅੱਖ ਝਪਕਦੇ ਹੀ ਖਤਮ ਹੋ ਜਾਣਗੀਆਂ | ਅੱਖ ਝਪਕਣਾ ਵੀ ਦੂਰ ਦੀ ਗੱਲ ਹੈ, ਉਸ ਦੇ ਵੀ ਲਖਵੇਂ/ਕਰੋੜਵੇਂ ਹਿੱਸੇ ਵਿਚ ਹੀ | ਉਦਾਹਰਨ ਲਈ ਤੁਹਾਡੀ ਕਾਰ ਜਿੰਨੀ ਭਾਰੀ ਬਲੈਕ ਹੋਲ ਦਾ ਵਿਆਸ ਹੋਵੇਗਾ ਦਸ ਦੀ ਤਾਕਤ ਮਨਫ਼ੀ ਚੌਵੀ ਮੀਟਰ ਅਤੇ ਇਹ ਇਕ ਸਕਿੰਟ ਦੇ ਅਰਬਵੇਂ ਹਿੱਸੇ ਵਿਚ ਹੀ ਉੱਡ-ਪੁੱਡ ਜਾਵੇਗੀ ਰੇਡੀਏਸ਼ਨ ਬਣ ਕੇ | ਹਾਉਕੇ ਸਮੇਂ ਲਈ ਇਸ ਦੀ ਲਿਸ਼ਕ ਸਾਡੇ ਸੂਰਜ ਤੋਂ ਦੋ ਸੌ ਗੁਣਾਂ ਹੋਵੇਗੀ | ਵੱਡੀ ਬਲੈਕ ਹੋਲ ਦੀ ਉਮਰ ਵੱਡੀ ਹੋਵੇਗੀ ਹੀ | ਸਾਡੇ ਸੂਰਜ ਜਿੱਡੇ ਭਾਰ ਵਾਲੀ ਬਲੈਕ ਹੋਲ ਨੂੰ ਜੇ ਹਾਕਿੰਗ ਰੇਡੀਏਸ਼ਨ ਨਾਲ ਮਰਨ ਲਈ ਛੱਡ ਦਿੱਤਾ ਜਾਵੇ ਤਾਂ ਭਲਾ ਕਿੰਨੇ ਸਾਲ ਬਾਅਦ ਮਰੇਗੀ ਇਹ | ਏਕੇ ਅੱਗੇ 64 ਸਿਰਫਾਂ ਲਾ ਦਿਓ | ਗਿਣ ਲਓ ਕਿੰਨੇ ਸਾਲ ਬਣਦੇ ਹਨ | ਭਲਾ ਸੌ ਅਰਬ ਸੂਰਜਾਂ ਜਿੱਡੀ ਸੁਪਰ ਮੈਸਿਵ ਬਲੈਕ ਹੋਲ ਨੂੰ ਮਰਨ ਲਈ ਕਿੰਨੇ ਸਾਲ ਲੱਗਣਗੇ | ਦੋ ਅੱਗੇ 100 ਜ਼ੀਰੋਆਂ ਲਾ ਲਓ ਅਤੇ ਬੈਠ ਕੇ ਕਰੀ ਜਾਓ ਹਿਸਾਬ | ਓਨਾ ਚਿਰ ਅਸੀਂ ਹੋਰ ਗੱਲਾਂ ਕਰ ਲਈਏ ਬਲੈਕ ਹੋਲ ਦੀਆਂ |
ਮੈਂ ਕਦੇ-ਕਦੇ ਸੋਚਦਾ ਹਾਂ ਕਿ ਬਲੈਕ ਹੋਲ ਨੂੰ ਅੰਨ੍ਹੇ ਖੂਹ ਨਾਲ ਉਪਮਾ ਦੇਣ ਨਾਲ ਪੂਰੀ ਗੱਲ ਨਹੀਂ ਬਣਦੀ | ਇਥੇ ਕੋਈ ਖੂਹ ਜਾਂ ਮੋਰੀ ਵਰਗੀ ਸ਼ੈਅ ਨਹੀਂ | ਇਹ ਤਾਂ ਬਹੁਤ ਵੱਡੀ ਮਾਤਰਾ ਵਿਚ ਪਦਾਰਥ ਦਾ ਪਹਾੜ ਹੈ, ਜਿਸ ਦੀ ਆਪਣੀ ਗੁਰੂਤਾ ਖਿੱਚ ਇੰਨੀ ਵੱਧ ਹੈ ਕਿ ਇਸ ਦੇ ਇਲੈਕਟ੍ਰਾਨ ਆਪਣੇ ਐਟਮ ਦੀ ਨਾਭੀ ਵਿਚ ਸਮਾਉਣ ਲਈ ਮਜਬੂਰ ਹਨ | ਸਾਰੇ ਐਟਮ ਇਕੋ ਬਿੰਦੂ ਵਿਚ ਸਮਾਣ ਲਈ ਕਾਹਲੇ ਹਨ | ਕੀ ਹੁੰਦਾ ਹੈ ਇਨ੍ਹਾਂ ਦਾ | ਸਾਰਾ ਪਦਾਰਥ ਸਾਰੀ ਸਪੇਸ ਇਕ ਪੁਆਇੰਟ/ਇਕੋ ਨੁਕਤੇ ਵਿਚ ਇਕੱਠੀ ਹੋ ਜਾਂਦੀ ਹੈ | ਇਸ ਨੂੰ ਵਿਗਿਆਨੀ ਸਿੰਗੂਲੈਰੀਟੀ ਕਹਿੰਦੇ ਹਨ | ਇਸ ਦੇ ਪਦਾਰਥ ਤੇ ਸਪੇਸ ਦੀ ਘਣਤਾ ਅਨੰਤ ਹੁੰਦੀ ਹੈ | ਇਸ ਨੁਕਤੇ ਦੁਆਲੇ ਰਹੱਸਾਂ ਦਾ ਘੇਰਾ ਹੈ | ਇਹ ਘੇਰਾ ਖੂਹ ਹੈ ਕਿ ਪਹਾੜ | ਪਤਾ ਨਹੀਂ | ਇਥੇ ਜੋ ਵੀ ਜਾਂਦਾ ਹੈ ਵਾਪਸ ਨਹੀਂ ਪਰਤਦਾ | ਬਲੈਕ ਹੋਲ ਸ਼ਬਦ ਤੋਂ ਪਹਿਲਾਂ ਡਾਰਕ ਸਟਾਰ ਅਤੇ ਰਹੱਸਮਈ ਇਲੈਕਟ੍ਰਾਨ ਡੀਜੈਨਰੇਟ ਪਦਾਰਥ ਤੇ ਸੰਭਾਵਿਤ ਸਿੰਗੂਲੈਰਿਟੀ, ਸਿੰਗੂਲੈਰਿਟੀ ਜਹੇ ਸ਼ਬਦਾਂ ਨਾਲ ਪੁਲਾੜ ਵਿਚ ਪਦਾਰਥ ਦੇ ਇਸ ਵਿਚਿੱਤਰ ਵਿਹਾਰ ਦੀ ਚਰਚਾ ਹੁੰਦੀ ਰਹੀ | ਰੌਸ਼ਨੀ ਵੀ ਇਥੋਂ ਵਾਪਸ ਨਹੀਂ ਪਰਤਦੀ | ਇਸ ਲਈ ਇਸ ਦੀ ਹੋਂਦ ਦੇ ਸੰਕੇਤ ਇਸ ਗੱਲ ਤੋਂ ਹੀ ਮਿਲਦੇ ਕਿ ਇਸ ਦੇ ਆਸ-ਪਾਸ ਦਾ ਸਾਰਾ ਪਦਾਰਥ ਕਿਸੇ ਰਹੱਸਮਈ ਸ਼ਕਤੀਸ਼ਾਲੀ ਆਕਰਸ਼ਨ ਨਾਲ ਇਕ ਨੁਕਤੇ ਵੱਲ ਭੱਜ ਕੇ ਉਸੇ ਵਿਚ ਸਮਾਈ ਜਾਂਦਾ ਹੈ | ਇਕ ਪਾਸਿਉਂ ਹੀ ਨਹੀਂ, ਸਾਰੇ ਪਾਸਿਉਂ ਹੀ |
ਬਲੈਕ ਹੋਲ ਸ਼ਬਦ/ਸੰਕਲਪ ਉਭਰਨ ਪਿੱਛੋਂ ਸਟੀਫ਼ਨ ਹਾਕਿੰਗ ਤੇ ਪੈਨਰੋਜ਼ ਨੇ ਇਸ ਖੇਤਰ ਵਿਚ ਕਾਫ਼ੀ ਕੰਮ ਕੀਤਾ | ਵੀਲ੍ਹਰ ਨੇ ਵੀ ਸਿਧਾਂਤਕ/ਵਿਹਾਰਕ ਕਾਰਜ ਕੀਤਾ | ਸਭ ਨੇ ਰਲਮਿਲ ਕੇ ਬਲੈਕ ਹੋਲ ਦੀ ਬਣਤਰ ਦੀ ਕਲਪਨਾ ਕਰਨ ਦੇ ਹਾਲਾਤ ਬਣਾਏ | ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਬਲੈਕ ਹੋਲ ਦੇ ਮੂਲ/ਕੇਂਦਰ ਵਿਚ ਇਕ ਨੁਕਤਾ ਹੈ | ਇਕ ਸਿੰਗੂਲੈਰਿਟੀ ਜਿਥੇ ਸਾਡੇ ਭੌਤਿਕ ਵਿਗਿਆਨ ਦੇ ਸਾਰੇ ਨੇਮ ਜਵਾਬ ਦੇ ਜਾਂਦੇ ਹਨ | ਉਸਦੇ ਆਸ-ਪਾਸ ਦੂਰ ਤੱਕ ਇਨਰ ਈਵੈਂਟ ਹੋਰਾਈਜ਼ਨ ਹੈ ਜਿਸ ਵਿਚ ਪਿਆ ਸਾਰਾ ਪਦਾਰਥ ਸਾਡੇ ਲਈ ਅਦਿ੍ਸ਼ ਹੋ ਜਾਂਦਾ ਹੈ | ਇਸ ਤੋਂ ਬਾਹਰ ਉਹ ਬਾਹਰਲੀ ਚਾਰ ਦੀਵਾਰੀ ਆਊਟਰ ਈਵੈਂਟ ਹੋਰਾਈਜ਼ਨ ਹੈ ਜਿਥੋਂ ਰੌਸ਼ਨੀ ਪਰਤ ਸਕਦੀ ਹੈ | ਯਾਨੀ ਇਥੇ ਨੋਟਿਸ ਬੋਰਡ ਹੈ | ਸਾਵਧਾਨ, ਅੱਗੇ ਜਾਣਾ ਮਨ੍ਹਾਂ ਹੈ | ਅੱਗੇ ਕੇਵਲ ਮੌਤ ਹੈ | ਇਸ ਆਊਟਰ ਸਰਹੱਦ ਉਤੇ ਕੁਦਰਤੀ ਹੀ ਰੌਸ਼ਨੀ ਦੇ ਚਮਕਦੇ ਘੇਰੇ ਹੋਣਗੇ | ਇਸ ਤੋਂ ਅਗਾਂਹ ਅੰਨ੍ਹੇ ਹਨੇਰੇ | ਮੌਤ ਤੇ ਪਰਲੋ ਦੇ ਪਰਛਾਵੇਂ | ਵਿਗਿਆਨੀਆਂ ਨੇ ਬਲੈਕ ਹੋਲ ਦੀ ਤਸਵੀਰ ਦੀ ਅਜਿਹੀ ਹੀ ਕਲਪਨਾ ਕੀਤੀ | ਅਰਬਾਂ-ਖਰਬਾਂ ਮੀਲ ਦੂਰ ਦੀਆਂ ਬੈਲਕ ਹੋਲਾਂ ਦੀ ਤਸਵੀਰ ਲਈ ਭਾਂਤ-ਭਾਂਤ ਦੇ ਟੈਲੀਸਕੋਪਾਂ ਨਾਲ ਵਰਿ੍ਹਆਂਬੱਧੀ ਯਤਨ ਹੁੰਦੇ ਰਹੇ ਪਰ ਗੱਲ ਨਾ ਬਣੀ | ਗੱਲ ਬਣੀ ਹੈ ਅਜੇ ਪਿੱਛੇ ਜਿਹੇ | ਅਪ੍ਰੈਲ 2019 ਵਿਚ |
10 ਅਪ੍ਰੈਲ 2019 ਨੂੰ ਇਕੋ ਸਮੇਂ ਦੁਨੀਆ ਵਿਚ 6 ਵੱਖ-ਵੱਖ ਮੁਲਕਾਂ/ਥਾਵਾਂ ਉਤੇ ਪ੍ਰੈੱਸ ਕਾਨਫ਼ਰੰਸਾਂ ਕਰਕੇ ਵਿਗਿਆਨਕ ਦੁਨੀਆ ਨੂੰ ਇਹ ਖ਼ਬਰ ਸੁਣਾਈ ਗਈ ਕਿ ਬ੍ਰਹਿਮੰਡ ਵਿਚ ਬਲੈਕ ਹੋਲ ਦੀ ਪਹਿਲੀ ਤਸਵੀਰ ਬਣਾਉਣ ਵਿਚ ਸਫ਼ਲਤਾ ਮਿਲ ਗਈ ਹੈ | ਇਹ ਐਮ-87 ਨਾਂਅ ਦੀ ਦੈਂਤ-ਆਕਾਰੀ ਅੰਡਾਕਾਰ ਗਲੈਕਸੀ ਦੇ ਕੇਂਦਰ ਵਿਚ ਹੈ ਜੋ ਸਾਡੇ ਤੋਂ 535 ਲੱਖ ਪ੍ਰਕਾਸ਼ ਵਰ੍ਹੇ ਦੂਰ ਹੈ | ਇਹ ਖ਼ਬਰ ਦਿ੍ਸ਼ਵ ਦੋ ਸੌ ਵੱਡੇ ਤਾਰਾ ਵਿਗਿਆਨੀਆਂ ਦੇ ਈਵੈਂਟ ਹੋਰਾਈਜ਼ਨ ਟੈਲੀਸਕੋਪ ਪ੍ਰਾਜੈਕਟ ਦੇ ਡਾਇਰੈਕਟਰ ਸ਼ੈਫ਼ਰਡ ਡੋਇਲਮਾਨ ਨੇ ਦਿੱਤੀ | ਇਹ ਬਲੈਕ ਹੋਲ ਇਕ ਸੌ ਅਰਬ ਕਿਲੋਮੀਟਰ ਚੌੜੀ ਹੈ ਅਤੇ ਇਸ ਦਾ ਭਾਰ ਸਾਢੇ ਛੇ ਅਰਬ ਸੂਰਜਾਂ ਦੇ ਬਰਾਬਰ ਹੈ | ਪਿਛਲੇ 20 ਸਾਲ ਤੋਂ ਚੱਲ ਰਿਹਾ ਸੀ ਇਹ ਪ੍ਰਾਜੈਕਟ | ਇਸ ਦੇ ਨਿਸ਼ਾਨੇ ਉਤੇ ਦੋ ਬਲੈਕ ਹੋਲਾਂ ਸਨ | ਇਕ ਤਾਂ ਇਹ ਜਿਸ ਦੀ ਤਸਵੀਰ ਲਈ ਜਾ ਚੁੱਕੀ ਹੈ | ਦੂਜੀ ਸਾਡੀ ਆਪਣੀ ਮਿਲਕੀ ਵੇ (ਦੂਧੀਆ ਆਕਾਸ਼ ਗੰਗਾ) ਗਲੈਕਸੀ ਦੇ ਕੇਂਦਰ ਵਿਚ ਪਈ ਸੈਗੇਟੇਰੀਅਸ-ਏ (ਐਸਟਰਿਸਕ) ਨਾਂਅ ਦੀ ਬਲੈਕ ਹੋਲ | ਸਾਡੇ ਵਾਲੀ ਬਲੈਕ ਹੋਲ ਭਾਵੇਂ ਐਮ-87 ਵਾਲੀ ਬਲੈਕ ਹੋਲ ਸਾਹਮਣੀ ਬੌਣੀ ਲੱਗੇਗੀ | ਪਰ ਹੈ ਇਹ ਵੀ ਕਾਫ਼ੀ ਵੱਡੀ | ਇਹ ਸਾਡੇ ਤੋਂ 26 ਹਜ਼ਾਰ ਪ੍ਰਕਾਸ਼ ਵਰ੍ਹੇ ਦੂਰ ਹੈ ਅਤੇ ਇਸ ਦਾ ਭਾਰ ਸਾਡੇ ਸੂਰਜ ਵਰਗੇ ਤਰਤਾਲੀ ਲੱਖ ਸੂਰਜਾਂ ਜਿੰਨਾ ਹੈ | ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਇਕ ਪ੍ਰਕਾਸ਼ ਵਰ੍ਹਾ ਕਿੰਨੀ ਦੂਰ ਦਾ ਨਾਂਅ ਹੈ | ਚਲੋ ਯਾਦ ਕਰਾ ਦਿਆਂ ਇਕ ਪ੍ਰਕਾਸ਼ ਵਰ੍ਹਾ ਉਹ ਦੂਰੀ ਹੈ ਜੋ ਰੌਸ਼ਨੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਇਕ ਵਰ੍ਹੇ ਵਿਚ ਤੈਅ ਕਰਦੀ ਹੈ, ਹੁਣ 535 ਲੱਖ ਜਾਂ 26 ਹਜ਼ਾਰ ਸਾਲਾਂ ਦੇ ਸਕਿੰਟ ਬਣਾਉਂਦਿਆਂ ਹੀ ਬੰਦਾ ਕਮਲਾ ਹੋ ਜਾਵੇ | ਅਗਾਂਹ ਇਨ੍ਹਾਂ ਨੂੰ ਤਿੰਨ ਲੱਖ ਨਾਲ ਜਰਬ ਕਰ ਕੇ ਕਿਲੋਮੀਟਰ ਕੌਣ ਕੱਢੇਗਾ |
ਐਮ-87 (ਐਸਟਰਿਸਕ) ਬਲੈਕ ਹੋਲ ਦੀ ਤਸਵੀਰ ਕੈਮਰੇ ਦਾ ਇਕ ਬਟਨ ਦੱਬ ਕੇ ਅੱਖ ਝਪਕਦੇ ਹੀ ਨਹੀਂ ਮਿਲ ਗਈ | ਇਹ ਕਾਰਜ ਵੈਰੀ ਲਾਂਗ ਬੇਸ ਲਾਈਨ ਇੰਟਰਫੈਰੋਮੀਟਰੀ ਨਾਂਅ ਦੀ ਤਕਨੀਕ ਨਾਲ ਕੀਤਾ ਗਿਆ ਹੈ | 6 ਵੱਖ-ਵੱਖ ਮੁਲਕਾਂ/ਥਾਵਾਂ ਉਤੇ 8 ਰੇਡੀਓ ਟੈਲੀਸਕੋਪ ਇਸ ਕੰਮ ਲਈ ਲਾਏ ਗਏ | ਇਹ 6 ਮੁਲਕ/ਥਾਵਾਂ ਸਨ : ਐਾਟਾਰਕਟਿਕਾ, ਐਰੀਜ਼ੋਨਾ, ਚਿੱਲੀ, ਹਵਾਈ, ਮੈਕਸੀਕੋ ਅਤੇ ਸਪੇਨ | ਇਨ੍ਹਾਂ ਨੇ 5 ਪੀਟਾ ਬਾਈਟ ਡੈਟਾ ਦਿੱਤਾ | ਇਕ ਪੀਟਾ ਬਾਈਟ ਇਕ ਅਰਬ ਮੈਗਾਬਾਈਟ ਹੁੰਦੇ ਹਨ | ਉਪਰੋਕਤ ਟੈਲੀਸਕੋਪਾਂ ਤੋਂ ਇਲਾਵਾ ਨਾਸਾ ਦੀ ਚੰਦਰਾ ਐਕਸ-ਰੇ ਅਬਜ਼ਰਵੇਟਰੀ, ਨਿਊਕਲੀਅਰ ਸਪੈਕਟਰੋਸਕੋਪਿਕ ਟੈਲੀਸਕੋਪ ਅਰੇ ਅਤੇ ਨੀਲ ਗੈਹਾਰਲਜ਼ ਸਵਿਫਟ ਅਬਜ਼ਰਵੇਟਰੀ ਸਪੇਸ ਟੈਲੀਸਕੋਪ ਮਿਸ਼ਨ ਦੀ ਮਦਦ ਵੀ ਇਸ ਕਾਰਜ ਵਾਸਤੇ ਲਈ ਗਈ | ਪ੍ਰਾਪਤ ਡੈਟਾ ਨੂੰ ਜਰਮਨੀ ਅਤੇ ਅਮਰੀਕਾ ਵਿਚ ਸੁਪਰ ਕੰਪਿਊਟਰਾਂ ਨਾਲ ਵਿਸ਼ਲੇਸ਼ਿਤ ਕੀਤਾ ਗਿਆ | ਇਸ ਕਾਰਜ ਦੇ ਤਾਲਮੇਲ ਦੀ ਜ਼ਿੰਮੇਵਾਰੀ ਹਾਰਵਰਡ ਯੂਨੀਵਰਸਿਟੀ ਦੇ ਹਾਵਰਲਡ ਸਮਿਥ ਸੋਨੀਅਨ ਐਸਟਰੋਫਿਜ਼ਿਕਸ ਸੈਂਟਰਨੇ ਨਿਭਾਈ | ਇਸ ਦਾ ਮੁਖੀ ਮਿਸ਼ੈਲ ਜਾਨਸਨ ਸੀ | ਐਮ.ਆਈ.ਟੀ. ਦੀ ਪੜ੍ਹੀ, ਉਨੱਤੀ ਸਾਲਾ ਬੀਬੀ ਕੇਟੀ ਬਾਊਮਾਨ ਨੇ ਚਿਰਪ ਨਾਂਅ ਦਾ ਐਲਗੋਰਿਥਮ ਇਸ ਲਈ ਬਣਾਇਆ | ਸਾਰੇ ਡੈਟੇ ਨੂੰ 4 ਵੱਖ-ਵੱਖ ਟੀਮਾਂ ਨੇ ਸੁਤੰਤਰਾ ਰੂਪ ਵਿਚ ਵਿਸ਼ਲੇਸ਼ਿਤ ਕਰਕੇ ਸਿੱਟੇ ਆਪੋ ਵਿਚ ਸਾਂਝੇ ਕੀਤੇ |
ਭਲਾ, ਕੀ ਦਿਖਾਉਂਦੀ ਹੈ ਸੁਪਰ ਕੰਪਿਊਟਰਾਂ ਨਾਲ ਬਣਾਈ ਬਲੈਕ ਹੋਲ ਦੀ ਤਸਵੀਰ? ਇਕ ਅਤਿ ਤੇਜ਼ ਰੌਸ਼ਨੀ ਦਾ ਮੋਟਾ ਗੋਲ ਚੱਕਰ ਅਤੇ ਉਸ ਦੇ ਅੰਦਰ ਇਕ ਨਿੱਕਾ ਕਾਲਾ ਚੱਕਰ | ਇਉਂ ਕਹੋ ਕਿ ਗਰਕ ਹੋ ਰਹੇ ਪਦਾਰਥ ਦੀ ਬਲਦੀ ਚਿਤਾ ਦਾ ਸੰਘਣਾ ਪਰਛਾਵਾਂ | ਰੋਸ਼ਨੀ ਦੀ ਮੋਟੀ ਰਿੰਗ ਬਲੈਕ ਹੋਲ ਦੁਆਲੇ ਘੁੰਮੇਰੀਆਂ ਖਾਂਦੇ ਪਦਾਰਥ ਦੀ ਡਿਸਕ ਹੈ | ਅੰਦਰ ਤਾਂ ਬਸ ਹਨੇਰਾ ਹੀ ਹਨੇਰਾ ਹੈ | ਬਾਹਰਲੀ ਰਿੰਗ ਸਾਰੀ ਇਕ ਮੋਟਾਈ ਤੇ ਚਮਕ ਵਾਲੀ ਨਹੀਂ | ਇਹ ਅੱਧੇ ਚੰਨ ਵਰਗੀ ਕਹੀ ਜਾ ਸਕਦੀ ਹੈ | ਕੁਝ ਹਿੱਸਾ ਮੋਟਾ ਅਤੇ ਅਤਿ ਲਿਸ਼ਕਵਾਂ | ਬਾਕੀ ਪਤਲਾ, ਘੱਟ ਚਮਕੀਲਾ ਹੁੰਦਾ ਅਸਲੋਂ ਨਾ ਮਾਤਰ ਰੋਸ਼ਨੀਵਾਲਾ | ਤਸਵੀਰ ਲਈ ਪ੍ਰਾਪਤ ਡੈਟੇ ਤੋਂ ਪਤਾ ਲੱਗ ਰਿਹਾ ਹੈ ਕਿ ਬਲੈਕ ਹੋਲ ਵਿਚ ਗਰਕ ਹੋ ਰਿਹਾ ਪਦਾਰਥ ਹੀ ਲਾਟੂ ਵਾਂਗ ਨਹੀਂ ਘੰੁਮਦਾ, ਬਲੈਕ ਹੋਲ ਵੀ ਲਾਟੂ ਵਾਂਗ ਤੇਜ਼ੀ ਨਾਲ ਘੰੁਮ ਰਹੀ ਹੈ | ਪ੍ਰਾਪਤ ਡੈਟਾ ਤੋਂ ਤਸਵੀਰ ਬਣਾ ਕੇ ਹੀ ਵਿਗਿਆਨੀ ਬੈਠਣ ਵਾਲੇ ਨਹੀਂ | ਉਹ ਇਸ ਦੀ ਮਦਦ ਨਾਲ ਬਲੈਕ ਹੋਲਾਂ ਦੇ ਇਕ ਤੋਂ ਇਕ ਰਹੱਸ ਸਮਝਣ ਲਈ ਕਮਰ ਕੱਸੇ ਕਰੀ ਬੈਠੇ ਹਨ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ ਨੰ: 98722-60550.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX