ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  about 1 hour ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  about 1 hour ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  about 2 hours ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  about 2 hours ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 minute ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  about 2 hours ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  about 3 hours ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  about 3 hours ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  about 3 hours ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  about 3 hours ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਕਦੇ ਯੂ-ਟਿਊਬ 'ਤੇ, ਕਦੇ ਆਟੋ 'ਤੇ

ਆਟੋ ਦੀ ਸਵਾਰੀ ਕਰਦੀ ਦੀ ਜੈਕੀ ਦੀ ਇੰਸਟਾਗ੍ਰਾਮ 'ਤੇ ਪਈ ਤਸਵੀਰ ਨੇ ਲਾਈਕਸ (ਪਸੰਦ) ਵਾਲੀਆਂ ਝੜੀਆਂ ਲਾ ਦਿੱਤੀਆਂ ਹਨ ਤੇ ਜੈਕਲਿਨ ਫਰਨਾਂਡਿਜ਼ ਜੋ 'ਆਟੋ' ਨੂੰ 'ਟੁਕ ਟੁਕ ਦੀ ਸਵਾਰੀ' ਆਖਦੀ ਹੈ, ਦੀ ਪ੍ਰਤੀਕਿਰਿਆ ਹੈ ਕਿ ਜੋ ਮਜ਼ਾ ਆਟੋ 'ਤੇ ਆਉਂਦਾ ਹੈ, ਉਹ ਹਵਾਈ ਜਹਾਜ਼ 'ਚ ਨਹੀਂ ਆਉਂਦਾ। 34ਵਾਂ ਜਨਮ ਦਿਨ ਮਨਾ ਚੁੱਕੀ ਸ੍ਰੀਲੰਕਾ ਦੀ ਇਹ ਪਰੀ ਆਪਣਾ ਜਨਮ ਦਿਨ ਕੋਲੰਬੋ 'ਚ ਮਨਾ ਕੇ ਭਾਰਤ ਪਰਤ ਆਈ ਹੈ। ਆਟੋ ਦੀ ਸਵਾਰੀ ਤੋਂ ਬਾਅਦ ਇਕ ਪੱਤ੍ਰਿਕਾ ਨਾਲ ਤਾਜ਼ਾ ਮਿਲਣੀ ਸਮੇਂ 'ਅਲਾਦੀਨ' ਨਾਲ ਪ੍ਰਵੇਸ਼ ਕਰਨ ਵਾਲੀ ਜੈਕਲਿਨ ਫਰਨਾਂਡਿਜ਼ ਨੇ ਕਿਹਾ ਹੈ ਕਿ 'ਕਿੱਕ-2' ਦੇ ਸਬੰਧ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਊ, ਕਿਉਂਕਿ ਅਜੇ ਤੀਕਰ ਇਸ ਫ਼ਿਲਮ ਦੀ ਸਕ੍ਰਿਪਟ ਹੀ ਨਹੀਂ ਪੂਰੀ ਹੋਈ। ਇਸੇ ਹੀ ਤਰ੍ਹਾਂ 'ਅਰਥ' ਦੇ ਰੀਮੇਕ 'ਚ 'ਸਮਿਤਾ ਪਾਟਿਲ' ਬਣਨ ਨੂੰ ਉਹ ਤਿਆਰ ਹੈ ਤੇ ਹਾਂ ਉਸ ਦੀ ਫ਼ਿਲਮ 'ਡਰਾਈਵ' ਸਹਿਜ ਪਕੇ ਸੋ ਮੀਠਾ ਹੋਏ ਦੀ ਤਰ੍ਹਾਂ ਬਣ ਰਹੀ ਹੈ। ਟਿਕ-ਟੌਕ 'ਤੇ ਉਹ ਖੂਬ ਸਰਗਰਮ ਰਹਿੰਦੀ ਹੈ। ਰੂਪ-ਸ਼ਿੰਗਾਰ ਕਰਦੀ ਦਾ ਉਸ ਆਪਣਾ ਵੀਡੀਓ ਟਿਕ-ਟੌਕ 'ਤੇ ਪਾਇਆ ਹੈ। ਹੈਸ਼ਟੈਗ ਟੱਕ ਟੱਕ ਟੱਕ ਨਾਲ ਇਸ ਨੂੰ ਲੋਕਾਂ ਸਨਮੁੱਖ ਉਸ ਨੇ ਕੀਤਾ ਹੈ। 'ਸਾਹੋ' ਦੇ ਖਾਸ ਗੀਤ 'ਚ ਜੈਕੀ ਦਾ ਆਉਣਾ ਇਕ ਹੈਰਾਨੀਜਨਕ ਘਟਨਾਕ੍ਰਮ ਹੈ। ਪ੍ਰਭਾਸ ਨਾਲ 'ਕਿਡਜ਼' ਗਾਣਾ ਜੈਕੀ ਨੇ 'ਸਾਹੋ' 'ਚ ਕੀਤਾ ਹੈ। ਐਸ. ਲੜੀ ਦੀ ਬੀ.ਐਮ.ਡਬਲਿਊ. 2993 ਉਸ ਨੇ ਲਈ ਹੈ। ਹੁਣ ਇਹ ਸਾਰੀਆਂ ਸਰਗਰਮੀਆਂ ਯੂ-ਟਿਊਬ 'ਤੇ ਉਹ ਰੋਜ਼ ਪਾਏਗੀ। ਆਲੀਆ ਤੋਂ ਬਾਅਦ ਜੈਕੀ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ 'ਦਾ ਬੈਗਕਿੰਗ' ਸਿਰਲੇਖ ਦੇ ਕੇ ਉਸ ਨੇ ਆਪਣੀ ਸੰਘਰਸ਼ਮਈ ਕਹਾਣੀ ਪਾਈ ਹੈ। ਹਰ ਹਫ਼ਤੇ ਨਵਾਂ ਵੀਡੀਓ ਉਹ ਆਪਣਾ ਇਸ ਚੈਨਲ 'ਤੇ ਪਾਇਆ ਕਰੇਗੀ। 'ਮਿਸਿਜ਼ ਸੀਰੀਅਲ ਕਿਲਰ' ਵੈੱਬ ਸੀਰੀਜ਼ ਕਰ ਚੁੱਕੀ ਜੈਕਲਿਨ ਫਰਨਾਂਡਿਜ਼ 'ਕਿਰਿਕ ਪਾਰਟੀ' ਵਾਲੇ ਕਾਰਤਿਕ ਆਰੀਅਨ ਪ੍ਰਤੀ ਝੁਕਦੀ ਨਜ਼ਰ ਆ ਰਹੀ ਹੈ ਤੇ ਮਾਮਲਾ...।


ਖ਼ਬਰ ਸ਼ੇਅਰ ਕਰੋ

ਐਸ਼ਵਰਿਆ ਰਾਏ

ਆ ਰਹੀ ਹੂੰ ਮੈਂ

ਨਣਾਨ ਸ਼ਵੇਤਾ ਨੰਦਾ ਤੇ ਸਾਸੂ ਮਾਂ ਜਯਾ ਬੱਚਨ ਨਾਲ ਮਿਲ ਕੇ ਐਸ਼ਵਰਿਆ ਰਾਏ ਬੱਚਨ ਆਪਣੇ ਸਹੁਰਾ ਸਾਹਬ ਵਲੋਂ ਸੋਨੀ ਟੀ.ਵੀ. 'ਤੇ ਪੇਸ਼ 'ਕੌਨ ਬਨੇਗਾ ਕਰੋੜਪਤੀ' ਦੇਖਦੀ ਹੈ। ਐਸ਼ਵਰਿਆ ਰਾਏ ਨੇ ਤਾਂ ਬਿਟੀਆ ਅਰਾਧਨਾ ਨੂੰ ਵੀ 'ਕੇ.ਬੀ.ਸੀ.' ਦੇਖਣ ਦੀ ਆਦਤ ਪਾ ਦਿੱਤੀ ਹੈ। ਕਦੇ-ਕਦੇ ਐਸ਼ ਆਪਣੇ ਸਾਰੇ ਪਰਿਵਾਰ ਸਮੇਤ ਬੱਚਨ ਜੀ ਘਰੇ ਹੀ 'ਕੇ.ਬੀ.ਸੀ.' ਖੇਡਦੀ ਹੈ, ਘਰੇ ਸਵਾਲ-ਜਵਾਬ ਦਾ ਸਿਲਸਿਲਾ ਚਲਦਾ ਹੈ। 2018 ਦੀ ਮਈ ਨੂੰ ਸਾਬਕਾ ਸੰਸਾਰ ਸੁੰਦਰੀ ਇੰਸਟਾਗ੍ਰਾਮ 'ਤੇ ਆਈ ਸੀ। ਬੀਤੇ ਦੋ ਮਹੀਨਿਆਂ ਤੋਂ ਉਹ ਇਸ ਸਮਾਜਿਕ ਐਪ ਤੋਂ ਦੂਰ ਸੀ। 70 ਲੱਖ ਦੇ ਕਰੀਬ ਉਸ ਦੇ ਫਾਲੋਅਰਜ਼ ਇੰਸਟਾ 'ਤੇ ਹਨ। ਆਪਣੇ ਪਤੀ ਦੀ ਕਬੱਡੀ ਟੀਮ 'ਜੈਪੁਰ ਪਿੰਕ ਪੈਂਬਰਜ਼' ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾ ਕੇ ਫਿਰ ਐਸ਼ ਇਸ ਸਮਾਜਿਕ ਗੱਲਾਂਬਾਤਾਂ ਦੀ ਐਪ 'ਤੇ ਸਰਗਰਮ ਹੋਈ ਹੈ। ਲਓ ਜੀ ਇਧਰ 1994 'ਚ ਐਸ਼ ਨੂੰ ਪਛਾੜ ਕੇ ਮਿਸ ਯੂਨੀਵਰਸ ਬਣੀ ਸੁਸ਼ਮਿਤਾ ਸੇਨ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਸਬੰਧ ਤਦ ਐਸ਼ ਨਾਲ ਕੌੜੇ ਹੀ ਸਨ। ਹੁਣ ਸੁਸ਼ ਨੇ ਐਸ਼ ਨਾਲ ਦੋਸਤੀ ਦੀ ਇੱਛਾ ਜ਼ਾਹਰ ਕੀਤੀ ਹੈ। ਉਧਰ ਜਦ ਵਿਵੇਕ ਓਬਰਾਏ ਨੇ ਐਸ਼ 'ਤੇ ਗਲਤ ਟਵੀਟ ਕੀਤਾ ਸੀ ਤਦ ਐਸ਼ ਨੇ ਪਤੀ ਅਭਿਸ਼ੇਕ ਨੂੰ ਲੜਨ ਤੇ ਇਸ ਦਾ ਜਵਾਬ ਦੇਣ ਤੋਂ ਰੋਕਿਆ ਸੀ ਕਿ ਹਲਕੀ ਸ਼ੋਹਰਤ ਦਾ ਭੁੱਖਾ ਹੈ ਵਿਵੇਕ... ਉਹ ਪ੍ਰਚਾਰ ਚਾਹੁੰਦਾ ਹੈ। ਬੋਲਦਾ ਹੈ, ਬੋਲਣ ਦਿਓ, ਇਥੇ ਇਕ ਚੁੱਪ ਹੀ ਸੌ ਸੁੱਖ ਹੈ। ਅਮੁਲ ਦੁੱਧ ਨੇ ਐਸ਼ ਦੀ ਤਸਵੀਰ ਦੀਪਿਕਾ ਨਾਲ ਪੋਸਟਰ 'ਤੇ ਪਾ ਕੇ ਉਸ ਨੂੰ ਮਾਣ ਦਿੱਤਾ ਹੈ। ਐਸ਼ ਹੁਣ ਮਣੀਰਤਨਮ ਦੀ ਫ਼ਿਲਮ 'ਚ ਆ ਰਹੀ ਹੈ। 20ਵੀਂ ਸਦੀ ਦੇ ਤਾਮਿਲ ਨਾਵਲ 'ਤੇ ਮਣੀ ਸਰ ਫ਼ਿਲਮ ਕਰ ਰਹੇ ਹਨ। ਮਣੀ ਸਰ ਨਾਲ ਹੀ ਐਸ਼ਵਰਿਆ ਬੱਚਨ ਇਸ ਨਗਰੀ 'ਚ ਆਈ ਸੀ। ਇਸ ਲਈ ਸਭ ਕੁਝ ਹੁਣ ਉਹ ਮਣੀ ਦੀ ਫ਼ਿਲਮ ਲਈ ਸਮਰਪਿਤ ਕਰ ਕੇ ਸ਼ਾਨਦਾਰ ਵਾਪਸੀ ਕਰੇਗੀ।

ਸ਼ਰਧਾ ਕਪੂਰ : ਗੁੱਸਾ ਨਹੀਂ ਕਰਨਾ

ਸੁਸ਼ਾਂਤ ਸਿੰਘ ਰਾਜਪੂਤ ਨਾਲ 'ਛਿਛੋਰੇ' ਫ਼ਿਲਮ ਸ਼ਰਧਾ ਕਪੂਰ ਦੀ ਆਉਣ ਵਾਲੀ ਹੈ। ਕਾਲਜ ਦੀਆਂ ਯਾਦਾਂ ਤਾਜ਼ਾ ਕਰਨੀਆਂ ਹਨ ਤਾਂ ਇਸ ਫ਼ਿਲਮ ਦਾ ਗੀਤ 'ਫਿਕਰ ਨਾਟ' ਸੁਣੋ, ਸ਼ਰਧਾ ਕਪੂਰ ਸਭ ਨੂੰ ਦਰਖਾਸਤ ਕਰ ਰਹੀ ਹੈ। ਯੂ-ਟਿਊਬ 'ਤੇ ਹਿੱਟ 'ਫਿਕਰ ਨਾਟ' 'ਚ ਪਰਦੇ 'ਤੇ ਸ਼ਰਧਾ ਦਾ ਨਾਚ ਵੀ ਕਹਿੰਦੇ ਹਨ ਗ਼ਜ਼ਬ ਢਾਹ ਦੇਵੇਗਾ। ਸ਼ਾਂਤੀ ਨਾਲ ਜੀਵਨ ਗੁਜ਼ਾਰੋ, ਚਿੰਤਾ ਦੀ ਲੋੜ ਨਹੀਂ, ਇਹ ਗਾਣਾ ਇਹ ਭਾਵਨਾ ਦਿਲ 'ਚ ਭਰਨ ਵਾਲਾ ਹੈ। ਸ਼ਰਧਾ ਦੀ ਇਹ ਫ਼ਿਲਮ ਆ ਰਹੇ ਸਤੰਬਰ ਮਹੀਨੇ ਦੀ 6 ਤਰੀਕ ਨੂੰ ਆਏਗੀ। 'ਫਿਕਰ ਨਾਟ' ਸ਼ਰਧਾ ਦੇ ਪ੍ਰਸੰਸਕ ਖੁਸ਼ ਹੋ ਕੇ ਥੀਏਟਰਾਂ 'ਚੋਂ ਨਿਕਲਣਗੇ, ਇਹ ਗੱਲ 'ਛਿਛੋਰੇ' ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਵੀ ਕਹੀ ਹੈ। ਲਓ ਜੀ 'ਫਿਕਰ ਨਾਟ' ਤਾਂ ਆਪੇ ਹੀ ਸ਼ਰਧਾ ਲਈ, ਕਿਉਂਕਿ ਦੁਨੀਆ ਭਰ 'ਚ ਆਈਮੈਕਸ ਪਰਦਿਆਂ 'ਤੇ ਪ੍ਰਭਾਸ਼ ਨਾਲ ਸ਼ਰਧਾ ਦੀ 'ਸਾਹੋ' ਆ ਰਹੀ ਹੈ। ਤਿੰਨ ਭਾਸ਼ਾਵਾਂ 'ਚ ਇਹ ਫ਼ਿਲਮ 'ਸਾਹੋ' 30 ਅਗਸਤ ਨੂੰ ਆ ਰਹੀ ਹੈ। 'ਸਾਹੋ', 'ਛਿਛੋਰੇ', 'ਸਟਰੀਟ ਡਾਂਸਰ' ਲਗਾਤਾਰ ਇਹ ਫ਼ਿਲਮਾਂ ਸ਼ਰਧਾ ਨੇ ਕੀਤੀਆਂ ਹਨ। ਕੰਮ ਦੀ ਥਕਾਵਟ ਉਸ ਦੇ ਚਿਹਰੇ 'ਤੇ ਨਜ਼ਰ ਆ ਰਹੀ ਹੈ। ਸੋਚ ਰਹੀ ਹੈ ਸ਼ਰਧਾ ਕਿ ਕਿਉਂ ਨਾ ਸਰੀਰ 'ਤੇ ਜ਼ਿਆਦਾ ਭਾਰ ਪਵੇ, ਇਸ ਲਈ ਕੁਝ ਸਮੇਂ ਲਈ ਉਹ ਫ਼ਿਲਮਾਂ ਤੋਂ ਦੂਰ ਰਹਿ ਕੇ ਆਨੰਦ, ਮਸਤੀ ਤੇ ਯਾਤਰਾ ਇਨ੍ਹਾਂ ਵੱਲ ਮੁਹਾਰਾਂ ਮੋੜ ਰਹੀ ਹੈ।
**

ਸ਼ਾਹਿਦ ਕਪੂਰ ਬਣਿਆ 40 ਕਰੋੜ ਦਾ

'ਕਬੀਰ ਸਿੰਘ' ਨੇ ਸ਼ਾਹਿਦ ਕਪੂਰ ਨੂੰ ਮਹਿੰਗਾ ਤੇ ਕਾਮਯਾਬ ਹੀਰੋ ਬਣਾ ਦਿੱਤਾ ਹੈ। ਹੁਣ ਗਿਆ ਸ਼ਾਹਿਦ ਕਹਿਣ ਵਾਲੇ ਵੀ ਚੁੱਪ ਹੋ ਗਏ ਹਨ। ਤਿੰਨ ਹਫ਼ਤਿਆਂ 'ਚ 235 ਕਰੋੜ ਕਮਾਉਣ ਦਾ ਰਿਕਾਰਡ 'ਕਬੀਰ ਸਿੰਘ' ਦਾ ਹੈ ਤੇ ਸ਼ਾਹਿਦ ਦੀ ਮੰਨੀਏ ਤਾਂ ਫ਼ਿਲਮ ਦੀ ਸਫਲਤਾ ਪਿਛੇ ਉਸ ਦੀ ਅਰਧਾਂਗਨੀ ਮੀਰਾ ਰਾਜਪੂਤ ਦਾ ਮੁੱਖ ਯੋਗਦਾਨ ਹੈ। 'ਅਰਜਨ ਰੈਡੀ' ਫ਼ਿਲਮ ਸ਼ਾਹਿਦ ਨੇ ਪਤਨੀ ਮੀਰਾ ਨਾਲ ਦੇਖੀ ਸੀ ਤੇ ਮੀਰਾ ਨੇ ਕਿਹਾ ਸੀ ਕਿ ਸ੍ਰੀਮਾਨ ਹੁਣ ਤੁਸੀਂ ਵੀ ਕੁਝ ਖਾਸ ਕਰਕੇ ਦਿਖਾਓ, ਤੁਸੀਂ ਕਰ ਸਕਦੇ ਹੋ। 'ਕਬੀਰ ਸਿੰਘ' ਲਈ ਸ਼ਾਹਿਦ ਪਤਨੀ ਮੀਰਾ ਦਾ ਧੰਨਵਾਦੀ ਹੈ ਪਰ ਗੁੱਸਾ ਉਸ ਨੂੰ ਸੋਸ਼ਲ ਮੀਡੀਆ 'ਤੇ ਹੈ ਤੇ ਉਨ੍ਹਾਂ ਲੋਕਾਂ 'ਤੇ ਹੈ, ਜਿਹੜੇ ਉਸ ਦੀ ਘਰਵਾਲੀ ਮੀਰਾ ਦੇ ਨਿੱਕੀ ਸਕਰਟ ਪਹਿਨਣ 'ਤੇ ਕਹਿ ਰਹੇ ਨੇ ਕਿ ਗ਼ਲਤੀ ਨਾਲ ਮੀਰਾ ਨੇ ਆਪਣੀ ਨਿੱਕੀ ਬੇਟੀ ਮੀਸ਼ਾ ਦੀ ਨਿੱਕਰ ਤਾਂ ਨਹੀਂ ਪਹਿਨ ਲਈ। ਖ਼ੈਰ ਸ਼ਾਹਿਦ ਨੇ ਇਨ੍ਹਾਂ ਦੀ ਲਾਹ-ਪਾਹ ਕਰਕੇ ਆਪਣੀ ਫੀਸ ਪ੍ਰਤੀ ਫ਼ਿਲਮ 40 ਕਰੋੜ ਰੁਪਏ ਕਰ ਦਿੱਤੀ ਹੈ। ਹੁਣ ਤੱਕ 10 ਤੋਂ 15 ਦੇ ਵਿਚ ਉਹ ਮੰਨ ਜਾਂਦਾ ਸੀ। 'ਜਰਸੀ' ਇਸ ਤੇਲਗੂ ਫ਼ਿਲਮ ਦੇ ਰੀਮੇਕ ਲਈ ਨਿਰਮਾਤਾ ਤੋਂ ਸ਼ਾਹਿਦ ਨੇ 40 ਕਰੋੜ ਮੰਗੇ ਹਨ। ਸ਼ਬਦ ਘੱਟ ਹਨ, ਲੋਕਾਂ ਦੇ ਪਿਆਰ ਦਾ ਧੰਨਵਾਦ ਕਰਨ ਲਈ ਇੰਸਟਾਗ੍ਰਾਮ 'ਤੇ ਲਿਖਣ ਵਾਲਾ ਸ਼ਾਹਿਦ ਕਹਿ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਦੀ ਨਿੱਜੀ ਜ਼ਿੰਦਗੀ ਬਖਸ਼ ਦੇਣੀ ਚਾਹੀਦੀ ਹੈ। ਸਕਰਟ, ਨਿੱਕਰ ਇਥੇ ਕੌਣ ਨਹੀਂ ਪਹਿਨ ਰਹੀ ਫਿਰ ਉਸ ਦੀ ਪਤਨੀ ਮੀਰਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਰਾਜ ਕੁਮਾਰ ਗੁਪਤਾ ਦੀ ਫ਼ਿਲਮ ਸ਼ਾਹਿਦ 30 ਕਰੋੜ 'ਚ ਕਰਨ ਨੂੰ ਤਿਆਰ ਹੋ ਗਿਆ ਹੈ। ਬੀਤੇ 15 ਸਾਲ ਤੋਂ ਸ਼ਾਹਿਦ ਕਪੂਰ ਇੰਡਸਟਰੀ 'ਚ ਕਾਇਮ ਹੈ। ਖ਼ੈਰ, ਸ਼ਾਹਿਦ ਨੇ ਇਹ ਅਪੀਲ ਦਰਸ਼ਕਾਂ ਨੂੰ ਕੀਤੀ ਹੈ। ਸ਼ਾਹਿਦ ਕਪੂਰ ਨੂੰ ਪਤਾ ਹੈ ਕਿ ਕਾਮਯਾਬੀ 'ਤੇ ਲੋਕ ਬਹੁਤ ਕੁਝ ਕਰਦੇ ਹਨ ਤੇ ਉਹ ਸਹਿਣ ਨੂੰ ਤਿਆਰ ਹੈ ਤੇ ਜਲਦੀ ਹੀ 'ਜਰਸੀ' ਤੇ 'ਕਾਮਰੇਡ' ਫ਼ਿਲਮਾਂ ਕਰ ਸਕਦਾ ਹੈ, ਚਲਦੀ ਦਾ ਨਾਂਅ ਹੀ ਗੱਡੀ ਹੈ।


-ਸੁਖਜੀਤ ਕੌਰ

ਬਾਲੀਵੁੱਡ ਵਿਚ ਰੁੱਝੀ ਕੈਟਰੀਨਾ ਦੀ ਭੈਣ ਇਸਾਬੇਲ

ਆਪਣੀ ਭੈਣ ਕੈਟਰੀਨਾ ਦੀ ਦੇਖਾਦੇਖੀ ਇਸਾਬੇਲ ਵੀ ਅਭਿਨੈ ਦੀ ਦੁਨੀਆ ਵਿਚ ਆ ਗਈ ਹੈ। ਪਹਿਲਾਂ ਉਸ ਨੇ ਕੁਝ ਅੰਗਰੇਜ਼ੀ ਫ਼ਿਲਮਾਂ ਵਿਚ ਕੰਮ ਕੀਤਾ ਪਰ ਜ਼ਿਆਦਾ ਗੱਲ ਬਣਦੀ ਨਜ਼ਰ ਨਾ ਆਉਂਦੀ ਦੇਖ ਕੇ ਉਸ ਨੇ ਹਿੰਦੀ ਫ਼ਿਲਮਾਂ ਵੱਲ ਧਿਆਨ ਕਰਨਾ ਠੀਕ ਸਮਝਿਆ ਅਤੇ ਹੁਣ ਇਸ ਦਾ ਨਤੀਜਾ ਵੀ ਦਿਸਣ ਲੱਗਾ ਹੈ। ਉਹ ਇਨ੍ਹੀਂ ਦਿਨੀਂ ਦੋ ਫ਼ਿਲਮਾਂ ਵਿਚ ਰੁੱਝੀ ਹੋਈ ਹੈ। ਇਕ ਹੈ 'ਟਾਈਮ ਟੂ ਡਾਂਸ' ਜਿਸ ਵਿਚ ਸੂਰਜ ਪੰਚੋਲੀ ਉਸ ਦੇ ਹੀਰੋ ਹਨ ਅਤੇ ਉਸ ਦੀ ਦੂਜੀ ਫ਼ਿਲਮ ਵੀ ਆ ਗਈ ਹੈ। ਇਸ ਦਾ ਨਾਂਅ ਹੈ 'ਕਵਥਾ' ਅਤੇ ਇਸ ਵਿਚ 'ਲਵ ਯਾਤਰੀ' ਪ੍ਰਸਿੱਧ ਆਯੂਸ਼ ਸ਼ਰਮਾ ਨਾਇਕ ਹਨ। ਆਯੂਸ਼ ਇਸ ਵਿਚ ਫ਼ੌਜੀ ਬਣੇ ਹਨ ਅਤੇ ਸੁਣਨ ਵਿਚ ਇਹ ਆਇਆ ਹੈ ਕਿ ਇਸਾਬੇਲ ਇਸ ਵਿਚ ਵਿਦੇਸ਼ੀ ਮੂਲ ਦੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਕਰਨ ਲਲਿਤ ਬੁਟਾਨੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਅਨੁਸਾਰ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੂਰਬੀ ਉੱਤਰ ਭਾਰਤ ਵਿਚ ਕੀਤੀ ਜਾਣੀ ਹੈ ਅਤੇ ਇਸ ਲਈ ਆਯੂਸ਼ ਨੇ ਇਕ ਫ਼ੌਜੀ ਦੇ ਢੰਗ-ਤਰੀਕੇ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਨੂੰ ਹਾਸਲ ਕਰਕੇ ਇਸਾਬੇਲ ਇਸ ਗੱਲ ਤੋਂ ਖ਼ੁਸ਼ ਹੈ ਕਿ ਉਸ ਨੇ ਆਪਣੇ ਦਮ 'ਤੇ ਇਹ ਫ਼ਿਲਮ ਹਾਸਲ ਕੀਤੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਭੈਣ ਦਾ ਨਾਂਅ ਨਹੀਂ ਵਰਤਿਆ ਗਿਆ।

-ਮੁੰਬਈ ਪ੍ਰਤੀਨਿਧ

ਤਮੰਨਾ ਭਾਟੀਆ

ਅਜੇ ਵੀ ਚਾਂਦ ਸਾ ਰੋਸ਼ਨ ਚਿਹਰਾ

ਮਾਂ ਭਾਵੇਂ ਸੁਪਰ ਹਿੱਟ ਨਾ ਰਹੀਆਂ ਹੋਣ ਪਰ ਦੱਖਣ ਦੀਆਂ ਤੇਲਗੂ ਤੇ ਤਾਮਿਲ ਫ਼ਿਲਮਾਂ ਦੀ ਉਹ ਸੁਪਰ ਨਾਇਕਾ ਹੈ। 'ਬਾਹੂਬਲੀ' ਨੇ ਉਸ ਦੀ ਪਛਾਣ ਬਣਾਈ ਹੈ। ਉਹ ਕਹਿੰਦੀ ਹੈ ਕਲਾਕਾਰ ਬਣਨ ਲਈ ਨਿਕਲੀ ਸਾਂ ਪਰ ਸਾਲ 2005 'ਚ ਬਣ ਗਈ 'ਚਾਂਦ ਸਾ ਰੌਸ਼ਨ ਚਿਹਰਾ' ਵਾਲੀ ਨਾਇਕਾ ਤੇ ਮੈਨੂੰ ਮਹਿਸੂਸ ਹੋਇਆ ਕਿ ਸਟਾਰਡਮ ਮਿਲਣਾ ਆਮ ਗੱਲ ਹੈ। ਉਹ ਕਿਸਮਤ ਵਾਲੀ ਹੈ ਕਿ ਦੱਖਣ 'ਚ ਉਸ ਕੋਲ ਵਫ਼ਾਦਾਰ ਪ੍ਰਸੰਸਕ ਹਨ। ਤਮੰਨਾ ਕਹਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਫ਼ਤੇ ਤੋਂ ਹਫ਼ਤੇ ਤੱਕ ਵਾਲੀ ਹੈ। ਸਾਡੀ ਜ਼ਿੰਦਗੀ ਵਿਚ ਹਰ ਸ਼ੁਕਰਵਾਰ ਨੂੰ ਹੀ ਬਹੁਤ ਕੁਝ ਬਦਲ ਜਾਂਦਾ ਹੈ। ਕੁਝ ਚੰਗੇ ਸ਼ੁੱਕਰਵਾਰ ਤੇ ਕੁਝ ਮਾੜੇ ਸ਼ੁੱਕਰਵਾਰ ਤਮੰਨਾ ਨੇ ਵੀ ਦੇਖੇ ਹਨ। 'ਖ਼ਾਮੋਸ਼ੀ' ਫ਼ਿਲਮ ਲਈ ਉਸ ਨੇ ਗੂੰਗਿਆਂ ਤੇ ਬੋਲਿਆਂ ਦੀ ਸੰਕੇਤਕ ਭਾਸ਼ਾ ਵੀ ਸਿੱਖੀ ਸੀ। ਅੱਜਕਲ੍ਹ ਉਸ ਅਨੁਸਾਰ ਹਰੇਕ ਫ਼ਿਲਮ ਲਈ ਕੁਝ ਨਾ ਕੁਝ ਸਿੱਖਣਾ ਹੀ ਪੈਂਦਾ ਹੈ। ਹਾਲਾਂਕਿ ਤਮੰਨਾ ਦਾ ਆਪਣਾ ਵਪਾਰ ਵੀ ਹੈ ਪਰ ਜ਼ਿਆਦਾ ਧਿਆਨ ਉਸ ਦਾ ਫ਼ਿਲਮਾਂ ਵੱਲ ਹੈ। ਸਿਤਾਰਿਆਂ ਨਾਲ ਪ੍ਰਸੰਸਕਾਂ ਦੀ ਬਦਸਲੂਕੀ ਤੇ ਸੋਸ਼ਲ ਮੀਡੀਆ 'ਤੇ ਹੁੰਦੀ ਆਲੋਚਨਾ ਤੋਂ ਉਹ ਦੁਖੀ ਹੈ। ਅਭਿਨੇਤਾ ਵਿੱਕੀ ਕੌਸ਼ਲ ਪ੍ਰਤੀ ਤਮੰਨਾ ਭਾਟੀਆ ਨੂੰ ਹਮਦਰਦੀ ਹੈ, ਉਸ ਪ੍ਰਤੀ ਉਹਦਾ ਉਤਸ਼ਾਹ ਕਾਬਲ-ਏ-ਤਾਰੀਫ਼ ਹੈ। 'ਹਿੰਮਤਵਾਲਾ' ਤੋਂ 'ਸੂਰਮਾ', 'ਮਨਮਰਜ਼ੀਆਂ' ਫ਼ਿਲਮਾਂ ਕੀਤੀਆਂ ਪਰ ਤਮੰਨਾ ਦੀ ਅਸਲੀ ਪਛਾਣ ਦੱਖਣ ਨੇ ਹੀ ਬਣਾਈ ਹੈ। ਅਰਜੁਨ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਤਮੰਨਾ ਭਾਟੀਆ ਸਟੇਜ ਸ਼ੋਅ ਅਕਸਰ ਕਰਦੀ ਹੈ। ਫਿਰ ਗੱਲ ਫ਼ਿਲਮਾਂ 'ਤੇ ਹੀ ਮੁੱਕਦੀ ਹੈ ਤੇ ਤਮੰਨਾ ਜ਼ਿਆਦਾ ਪ੍ਰਵਾਹ ਬਾਲੀਵੁੱਡ ਦੀ ਨਹੀਂ ਕਰਦੀ। ਦੱਖਣ 'ਚ ਉਸ ਦਾ ਜਾਦੂ ਖੂਬ ਚੱਲ ਰਿਹਾ ਹੈ। ਇਸੇ ਲਈ ਹੀ ਉਹ ਬਾਲੀਵੁੱਡ ਦੀ ਘੱਟ ਤੇ ਦੱਖਣ ਦੀਆਂ ਉਹ ਜ਼ਿਆਦਾ ਤਾਰੀਫ਼ਾਂ ਕਰਦੀ ਹੈ। **

12 ਸਾਲ ਬਾਅਦ ਸ਼ਿਲਪਾ ਸ਼ੈਟੀ ਦੀ ਵਾਪਸੀ

ਸ਼ਿਲਪਾ ਸ਼ੈਟੀ ਬਾਰੇ ਇਹ ਗੱਲ ਕਹਿਣੀ ਹੋਵੇਗੀ ਕਿ ਉਹ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਫਿਰ ਵੀ ਮਾਡਲਿੰਗ ਜਾਂ ਰਿਆਲਿਟੀ ਸ਼ੋਅ ਵਿਚ ਜੱਜ ਬਣ ਕੇ ਉਸ ਨੇ ਖ਼ੁਦ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਈ ਰੱਖਿਆ ਹੈ। ਉਹ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੀ ਹੈ। ਸੋ, ਫਿਟਨੈੱਸ ਨਾਲ ਸਬੰਧਿਤ ਸ਼ੋਅ ਦੀ ਬਦੌਲਤ ਵੀ ਉਹ ਕੈਮਰੇ ਸਾਹਮਣੇ ਰਹੀ ਹੈ। ਹੁਣ ਤਕਰੀਬਨ 12 ਸਾਲ ਦੇ ਵਕਫ਼ੇ ਬਾਅਦ ਉਹ ਵੱਡੇ ਪਰਦੇ 'ਤੇ ਆ ਰਹੀ ਹੈ।
ਬਤੌਰ ਅਭਿਨੇਤਰੀ ਉਹ ਆਖਰੀ ਵਾਰ 'ਅਪਨੇ' ਵਿਚ ਦਿਖਾਈ ਦਿੱਤੀ ਸੀ। ਉਸ ਤੋਂ ਬਾਅਦ 'ਓਮ ਸ਼ਾਂਤੀ ਓਮ', 'ਦੋਸਤਾਨਾ' ਆਦਿ ਫ਼ਿਲਮਾਂ ਵਿਚ ਕੁਝ ਮਿੰਟਾਂ ਲਈ ਉਹ ਪਰਦੇ 'ਤੇ ਦਿਸੀ ਸੀ। ਹੁਣ ਨਿਰਦੇਸ਼ਕ ਸ਼ੱਬੀਰ ਖਾਨ ਨੇ ਸ਼ਿਲਪਾ ਨੂੰ 'ਨਿਕੰਮਾ' ਲਈ ਕਾਸਟ ਕਰ ਲਿਆ ਹੈ। ਇਸ ਵਿਚ ਅਭਿਮੰਨਿਊ ਦਾਸਾਨੀ ਤੇ ਸ਼ਰਲੀ ਸ਼ੇਤੀਆ ਦੀ ਜੋੜੀ ਨੂੰ ਵੀ ਚਮਕਾਇਆ ਜਾ ਰਿਹਾ ਹੈ। ਆਪਣੀ ਵਾਪਸੀ ਬਾਰੇ ਉਹ ਕਹਿੰਦੀ ਹੈ, 'ਇਸ ਤੋਂ ਪਹਿਲਾਂ ਵੀ ਫ਼ਿਲਮਾਂ ਮਿਲਦੀਆਂ ਰਹੀਆਂ ਪਰ ਭੂਮਿਕਾ ਵਿਚ ਦਮ ਵਾਲੀ ਗੱਲ ਨਾ ਹੋਣ ਕਰਕੇ ਮੈਂ ਨਕਾਰਦੀ ਰਹੀ। 'ਨਿਕੰਮਾ' ਵਿਚ ਮੈਨੂੰ ਜੋ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ, ਉਸ ਤਰ੍ਹਾਂ ਦੀ ਪਹਿਲਾਂ ਕਦੀ ਨਹੀਂ ਹੋਈ। ਵੱਖਰੀ ਜਿਹੀ ਇਸ ਭੂਮਿਕਾ ਵਿਚ ਮੈਨੂੰ ਕਾਫੀ ਮੌਕਾ ਨਜ਼ਰ ਆਇਆ, ਤਾਂ ਮੈਂ ਹਾਂ ਕਹਿ ਦਿੱਤੀ।'
ਸ਼ਿਲਪਾ ਇਸ ਗੱਲ 'ਤੇ ਰੌਸ਼ਨੀ ਪਾਉਣਾ ਨਹੀਂ ਚਾਹੁੰਦੀ ਕਿ ਇਹ ਭੂਮਿਕਾ ਕੀ ਹੈ। ਉਸ ਅਨੁਸਾਰ ਇਹ ਭੂਮਿਕਾ ਦਰਸ਼ਕਾਂ ਲਈ ਸਸਪੈਂਸ ਸਾਬਤ ਹੋਵੇਗੀ। ਭਾਵ ਉਹ ਇਥੇ ਥਿਰਕਦੀ ਨਹੀਂ ਸਗੋਂ ਕੁਝ ਵੱਖਰਾ ਕਰਦਿਆਂ ਦਿਸੇਗੀ।

ਅੰਗਦ ਬੇਦੀ ਬਣੇ ਜਾਹਨਵੀ ਕਪੂਰ ਦੇ ਭਰਾ

ਸਵਰਗੀ ਅਦਾਕਾਰਾ ਸ੍ਰੀਦੇਵੀ ਦੀ ਬੇਟੀ ਜਾਹਨਵੀ ਇਨ੍ਹੀਂ ਦਿਨੀਂ ਫ਼ਿਲਮ 'ਦ ਕਾਰਗਿਲ ਗਰਲ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਕਰਨ ਜੌਹਰ ਵਲੋਂ ਬਣਾਈ ਜਾ ਰਹੀ ਇਹ ਫ਼ਿਲਮ ਕਾਰਗਿਲ ਯੁੱਧ 'ਤੇ ਆਧਾਰਿਤ ਹੈ ਅਤੇ ਇਸ ਦੀ ਕਹਾਣੀ ਹਵਾਈ ਫ਼ੌਜ ਦੀ ਜਾਂਬਾਜ਼ ਔਰਤ ਅਧਿਕਾਰੀ ਗੁੰਜਨ ਸਕਸੈਨਾ ਦੇ ਕਾਰਨਾਮਿਆਂ ਤੋਂ ਪ੍ਰੇਰਿਤ ਹੈ। ਗੁੰਜਨ ਨੇ ਕਾਰਗਿਲ ਯੁੱਧ ਵਿਚ ਹਿੱਸਾ ਲੈ ਕੇ ਆਪਣੀ ਦਲੇਰੀ ਜ਼ਰੀਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ।
ਹੁਣ ਇਸ ਫ਼ਿਲਮ ਵਿਚ ਅੰਗਦ ਬੇਦੀ ਨੂੰ ਵੀ ਕਾਸਟ ਕੀਤਾ ਗਿਆ ਹੈ ਅਤੇ ਉਹ ਇਥੇ ਜਾਹਨਵੀ ਦੇ ਭਰਾ ਦੀ ਭੂਮਿਕਾ ਵਿਚ ਦਿਖਾਈ ਦੇਣਗੇ। ਨਾਲ ਹੀ ਉਹ ਇਸ ਵਿਚ ਫ਼ੌਜੀ ਅਫ਼ਸਰ ਵੀ ਬਣੇ ਹਨ।
ਅੰਗਦ ਅਨੁਸਾਰ ਉਹ ਫ਼ੌਜੀ ਦੀ ਭੂਮਿਕਾ ਨਾਲ ਪੂਰਾ ਨਿਆਂ ਕਰਨਾ ਚਾਹੁੰਦਾ ਹੈ।
ਇਹੀ ਨਹੀਂ, ਉਹ ਇਨ੍ਹੀਂ ਦਿਨੀਂ ਫ਼ੌਜੀਆਂ ਵਾਲੀ ਸਿਖਲਾਈ ਵੀ ਲੈ ਰਹੇ ਹਨ ਜਿਸ ਵਿਚ ਮੀਲਾਂ ਤੱਕ ਦੌੜਨਾ ਤੇ ਪਹਾੜੀਆਂ 'ਤੇ ਚੜ੍ਹਨਾ ਸ਼ਾਮਿਲ ਹੈ। ਕਾਰਗਿਲ ਯੁੱਧ ਉੱਚੀਆਂ ਪਹਾੜੀਆਂ 'ਤੇ ਲੜਿਆ ਗਿਆ ਸੀ। ਇਸ ਤਰ੍ਹਾਂ ਇਕ ਫ਼ੌਜੀ ਦੇ ਨਾਤੇ ਖ਼ੁਦ ਨੂੰ ਪਹਾੜੀ ਮਾਹੌਲ ਵਿਚ ਢਾਲਣ ਲਈ ਉਹ ਇਹ ਸਿਖਲਾਈ ਲੈ ਰਹੇ ਹਨ।

ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਕਾਕੋਲੀ

ਹੀਰੋਇਨਾਂ ਦੇ ਹੇਅਰ ਸਟਾਈਲਿੰਗ ਦੇ ਮਾਮਲੇ ਵਿਚ ਬਾਲੀਵੁੱਡ ਵਿਚ ਕਾਕੋਲੀ ਮੇਘਾਨੀ ਦਾ ਵੱਡਾ ਨਾਂਅ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਨਾਮੀ ਹੀਰੋਇਨਾਂ ਦੇ ਵਾਲ ਸੰਵਾਰਨ ਦਾ ਕੰਮ ਕਰ ਰਹੀ ਹੈ। ਸ਼ਿਲਪਾ ਸ਼ੈਟੀ, ਤੱਬੂ, ਰਵੀਨਾ ਟੰਡਨ ਸਮੇਤ ਹੋਰ ਕਈ ਨਾਮੀ ਹੀਰੋਇਨਾਂ ਦੇ ਵਾਲਾਂ ਨੂੰ ਉਹ ਸੰਵਾਰ ਚੁੱਕੀ ਹੈ। ਲੜੀਵਾਰਾਂ ਦੀਆਂ ਕਈ ਨਾਮੀ ਅਭਿਨੇਤਰੀਆਂ ਵੀ ਉਸ ਦੀ ਵਾਲ ਸੰਵਾਰਨ ਦੀ ਕਲਾ ਦਾ ਲਾਭ ਲੈ ਚੁੱਕੀਆਂ ਹਨ।
ਹਾਲ ਹੀ ਵਿਚ ਕਾਕੋਲੀ ਨਾਲ ਮੁਲਾਕਾਤ ਹੋਣ 'ਤੇ ਹੇਅਰ ਸਟਾਈਲਿੰਗ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, 'ਮੈਂ ਬਤੌਰ ਹੇਅਰ ਸਟਾਈਲਿੰਗ ਫ਼ਿਲਮ ਇੰਡਸਟਰੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹਾਂ। ਮੈਂ ਇਹ ਕਹਿ ਸਕਦੀ ਹਾਂ ਕਿ ਫ਼ਿਲਮ ਮੇਕਿੰਗ ਦੀ ਤਰਜ਼ 'ਤੇ ਵਾਲਾਂ ਦੇ ਸਟਾਈਲ ਵਿਚ ਵੀ ਬਦਲਾਅ ਆਉਂਦੇ ਰਹੇ ਹਨ। ਮੁੱਖ ਬਦਲਾਅ ਇਹ ਆਇਆ ਹੈ ਕਿ ਹੁਣ ਕਿਰਦਾਰ ਦੀ ਮੰਗ ਦੇ ਹਿਸਾਬ ਨਾਲ ਵਾਲਾਂ ਦੀ ਸਜਾਵਟ ਕਰਨੀ ਪੈਂਦੀ ਹੈ। ਜੇਕਰ ਸਟਾਈਲ ਕਿਰਦਾਰ ਦੇ ਨਾਲ ਮੈਚ ਨਾ ਹੋਵੇ ਤਾਂ ਕਲਾਕਾਰ ਆਪਣਾ ਪ੍ਰਭਾਵ ਨਹੀਂ ਛੱਡ ਪਾਉਂਦਾ ਹੈ। ਸਿੱਧਾ ਕਹਾਂ ਤਾਂ 'ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਹੈ।'
ਬਦਲਦੇ ਸਮੇਂ ਬਾਰੇ ਉਹ ਕਹਿੰਦੀ ਹੈ, 'ਅੱਜ ਵਾਲਾਂ ਦੇ ਸਟਾਈਲ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਤੇ ਕੈਮੀਕਲ ਵੀ। ਇਨ੍ਹਾਂ ਚੀਜ਼ਾਂ ਦੀ ਵਜ੍ਹਾ ਨਾਲ ਵਾਲ ਸੰਵਾਰਨ ਵਿਚ ਨਵੇਂ ਤਜਰਬੇ ਵੀ ਹੋ ਰਹੇ ਹਨ। ਇਕ ਜ਼ਮਾਨਾ ਸੀ ਜਦੋਂ ਸਾਧਨਾ ਕੱਟ ਸਟਾਈਲ ਬਹੁਤ ਚੱਲਿਆ ਸੀ। ਫਿਰ ਬਦਲਦੇ ਸਮੇਂ ਦੇ ਨਾਲ ਫੇਦਰ ਕੱਟ, ਬਲੰਟ ਆਦਿ ਸਟਾਈਲ ਆਏ ਅਤੇ ਲੋਕਾਂ ਨੇ ਵੀ ਇਸ ਦੀ ਨਕਲ ਕੀਤੀ। ਹੁਣ ਕਲਰਿੰਗ ਦਾ ਰਿਵਾਜ਼ ਹੈ। ਭਾਵ ਵਾਲਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਹੁਣ ਦੇਖੋ, ਅੱਗੇ ਹੋਰ ਕੀ ਸਟਾਈਲ ਆਉਂਦਾ ਹੈ।
ਵੱਡੀਆਂ ਹੀਰੋਇਨਾਂ ਦੇ ਨਾਲ ਕੰਮ ਕਰਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਇਹ ਆਮ ਗੱਲ ਹੈ ਕਿ ਸੈੱਟ 'ਤੇ ਜਦੋਂ ਹੀਰੋਇਨ ਬਹੁਤ ਰੁੱਝੀ ਹੋਵੇ ਉਦੋਂ ਆਪਣੇ ਵਾਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਹੈ।


-ਮੁੰਬਈ ਪ੍ਰਤੀਨਿਧ

ਤਾਹਿਰ ਰੁਝਿਆ 'ਛਿਛੋਰੇ' ਦੀ ਸ਼ੂਟਿੰਗ 'ਚ

ਤਾਹਿਰ ਰਾਜ ਭਸੀਨ ਨੂੰ ਇਕ ਬਿਹਤਰ ਅਭਿਨੇਤਾ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਮਰਦਾਨੀ' ਫ਼ਿਲਮ ਤੋਂ ਖਲਨਾਇਕ ਵਜੋਂ ਕੀਤੀ ਸੀ ਤੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਤਾਹਿਰ 'ਦੰਗਲ' ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਫ਼ਿਲਮ 'ਛਿਛੋਰੇ' ਵਿਚ ਇਕ ਚੈਂਪੀਅਨ ਖਿਡਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਫ਼ਿਲਮ ਦੀ ਗੱਲ ਕਰਦਿਆਂ ਤਾਹਿਰ ਦੱਸਦਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਮੈਂ ਆਈ.ਆਈ.ਟੀ. ਬੰਬੇ ਵਿਚ ਇਕ ਹਫ਼ਤਾ ਵਿਦਿਆਰਥੀਆਂ ਨਾਲ ਗੁਜ਼ਾਰਿਆ ਸੀ ਤਾਂ ਕਿ ਭੂਮਿਕਾ ਵਿਚ ਅਸਲੀਪਨ ਲਿਆਂਦਾ ਜਾ ਸਕੇ। ਇਹ ਫ਼ਿਲਮ ਇਕ ਅਜਿਹੇ ਖਿਡਾਰੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੇ ਜਿਹੜੀ ਵੀ ਖੇਡ 'ਚ ਹਿੱਸਾ ਲਿਆ, ਉਸੇ ਵਿਚ ਹੀ ਬਿਹਤਰ ਕਾਰਗੁਜ਼ਾਰੀ ਦਿਖਾ ਕੇ ਕਾਲਜ ਅਤੇ ਹੋਸਟਲ ਦਾ ਮਾਣ ਵਧਾਇਆ ਹੈ।

ਪੰਜਾਬ ਜ਼ਿੰਦਾਬਾਦ, ਮਾਂ-ਬੋਲੀ ਜ਼ਿੰਦਾਬਾਦ

ਦਲਵਿੰਦਰ ਦਿਆਲਪੁਰੀ

ਮੇਲਿਆਂ ਦੇ ਬਾਦਸ਼ਾਹ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਪੰਜਾਬੀ ਗੀਤ 'ਚਮਕਦਾ ਪੰਜਾਬ' ਅੱਜਕਲ੍ਹ ਚਰਚਾ ਦਾ ਵਿਸ਼ਾ ਤੇ ਲੋਕਪ੍ਰਿਆ ਬਣਿਆ ਹੋਇਆ ਹੈ। ਯੂ-ਟਿਊਬ, ਚੈਨਲਾਂ 'ਤੇ ਵਿਦੇਸ਼ਾਂ ਵਿਚ ਇਹ ਗੀਤ ਲੋਕ ਮਨਾਂ ਵਿਚ ਘਰ ਕਰ ਰਿਹਾ ਹੈ। ਇਸ ਦੇ ਗੀਤਕਾਰ ਗੁਰਭੇਜ ਸ਼ਹੀਦਾਂ ਵਾਲਾ, ਸੰਗੀਤ 'ਦਾ ਮਿਊਜ਼ਿਕ ਫੈਕਟਰੀ' ਤੇ ਵੀਡੀਓ ਰੈੱਡ ਨੋਟ ਲਾਂਬੜਾ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਵੀਡੀਓ ਤੇ ਗਾਉਣ ਸ਼ੈਲੀ ਇਸ ਲਈ ਪ੍ਰਭਾਵਿਤ ਕਰਦੀ ਹੈ ਕਿ ਇਸ ਵਿਚ ਪੰਜਾਬ, ਪੰਜਾਬੀਅਤ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਗਈ ਹੈ। ਜਿਨ੍ਹਾਂ ਨੇ ਪੰਜਾਬ ਦਾ ਸਿਰ ਖੇਡ, ਸੰਗੀਤ, ਸਿਆਸਤ, ਲੋਕ ਸੇਵਾ ਆਦਿ ਰਾਹੀਂ ਉੱਚਾ ਕੀਤਾ ਹੈ, ਉਨ੍ਹਾਂ ਦੀਆਂ ਤਸਵੀਰਾਂ ਵੇਖਣਯੋਗ ਤੇ ਸਲਾਹੁਣਯੋਗ ਹਨ, ਜਿਨ੍ਹਾਂ ਵਿਚ ਡਾ: ਸਾਧੂ ਸਿੰਘ ਹਮਦਰਦ ਜੀ ਹੁਰਾਂ ਦਾ ਨਾਂਅ ਤੇ ਤਸਵੀਰ ਵੀ ਵੇਖਣਯੋਗ ਹੈ। ਕੁਝ ਸਤਰਾਂ:
ਸਾਰੇ ਜੱਗ ਵਿਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ
ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ।
ਗਊ-ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀਆਂ ਦਾ
ਰਹੂ ਚਮਕਦਾ ਦੁਨੀਆ ਉਤੇ ਨਾਮ ਪੰਜਾਬੀਆਂ ਦਾ।
ਪੰਜਾਬ ਜ਼ਿੰਦਾਬਾਦ-ਮਾਂ ਬੋਲੀ ਜ਼ਿੰਦਾਬਾਦ।

ਫ਼ਿਲਮੀ ਖ਼ਬਰਾਂ

ਹਾਲੀਵੁੱਡ ਦੀ ਰੀਮੇਕ ਵਿਚ ਪ੍ਰਣੀਤੀ ਚੋਪੜਾ

ਅਮਿਤਾਭ ਬੱਚਨ ਨੂੰ ਲੈ ਕੇ 'ਤੀਨ' ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਰਿਭੂ ਦਾਸਗੁਪਤਾ ਹੁਣ ਆਪਣੀ ਅਗਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ 'ਦ ਗਰਲ ਆਨ ਦ ਟ੍ਰੇਨ' ਦੀ ਰੀਮੇਕ ਬਣਾਉਣਗੇ। ਆਪਣੀ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਲਈ ਉਨ੍ਹਾਂ ਨੇ ਪ੍ਰਣੀਤੀ ਚੋਪੜਾ ਨੂੰ ਸਾਈਨ ਕਰ ਲਿਆ ਹੈ। ਫ਼ਿਲਮ ਵਿਚ ਦੋ ਹੋਰ ਨਾਇਕਾਵਾਂ ਕੀਰਤੀ ਕੁਲਹਰੀ ਤੇ ਅਦਿਤੀ ਰਾਓ ਹੈਦਰੀ ਵੀ ਹੋਣਗੀਆਂ।
ਸਾਲ 2016 ਵਿਚ ਆਈ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਸੀ ਜੋ ਤਲਾਕਸ਼ੁਦਾ ਹੈ ਤੇ ਸ਼ਰਾਬ ਦੀ ਆਦਤ ਦੀ ਸ਼ਿਕਾਰ ਵੀ ਹੈ। ਜਦੋਂ ਉਹ ਇਕ ਵਿਅਕਤੀ ਦੀ ਭਾਲ ਵਿਚ ਨਿਕਲਦੀ ਹੈ ਤਾਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਨਾਲ ਉਸ ਨੂੰ ਉਲਝਣਾ ਪੈਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਸੀ।
'ਜਵਾਨੀ ਜਾਨੇਮਨ' ਵਿਚ ਤੱਬੂ ਦਾ ਦਾਖਲਾ

ਇਨ੍ਹੀਂ ਦਿਨੀਂ ਸੈਫ ਅਲੀ ਖਾਨ ਵਲੋਂ ਫ਼ਿਲਮ 'ਜਵਾਨੀ ਜਾਨੇਮਨ' ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹ ਇਸ ਵਿਚ ਅਭਿਨੈ ਵੀ ਕਰ ਰਹੇ ਹਨ ਅਤੇ ਫ਼ਿਲਮ ਰਾਹੀਂ ਕਬੀਰ ਬੇਦੀ ਦੀ ਨਾਤਿਨ ਤੇ ਪੂਜਾ ਬੇਦੀ ਦੀ ਬੇਟੀ ਆਲਿਆ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਹੁਣ ਇਸ ਫ਼ਿਲਮ ਲਈ ਤੱਬੂ ਨੂੰ ਵੀ ਕਾਸਟ ਕੀਤਾ ਗਿਆ ਹੈ। ਸਾਲ 1999 ਵਿਚ ਆਈ 'ਹਮ ਸਾਥ ਸਾਥ ਹੈਂ' ਤੋਂ ਬਾਅਦ ਹੁਣ ਦੁਬਾਰਾ ਸੈਫ਼ ਤੇ ਤੱਬੂ ਇਸ ਫ਼ਿਲਮ ਵਿਚ ਇਕੱਠੇ ਨਜ਼ਰ ਆਉਣ ਵਾਲੇ ਹਨ।


-ਮੁੰਬਈ ਪ੍ਰਤੀਨਿਧੀ

ਇਕ ਪ੍ਰਤਿਭਾਵਾਨ ਅਦਾਕਾਰ ਹੈ ਰਾਣਾ ਰਣਬੀਰ

ਫ਼ਿਲਮਾਂ ਅਤੇ ਰੰਗਮੰਚ ਦੇ ਖੇਤਰ ਵਿਚ ਰਾਣਾ ਰਣਬੀਰ ਨੂੰ ਇਕ ਪ੍ਰਤਿਭਾਵਾਨ ਅਦਾਕਾਰ ਵਜੋਂ ਵੇਖਿਆ ਜਾਂਦਾ ਹੈ, ਸ਼ਬਦ ਗੁਰੂ ਦੀ ਪ੍ਰੀਭਾਸ਼ਾ ਉੱਤੇ ਪਹਿਰਾ ਦੇਣ ਵਾਲੇ ਰਾਣਾ ਰਣਬੀਰ ਦਾ ਆਖਣਾ ਹੈ ਕਿ ਬੰਦੇ ਦੀ ਯੋਗਤਾ ਅਤੇ ਸਮੱਰਥਾ ਦੇ ਨਾਲ-ਨਾਲ ਉਸ ਦੀ ਪ੍ਰਪੱਕਤਾ ਅਤੇ ਕਿਸੇ ਵੀ ਕੰਮ ਪ੍ਰਤੀ ਉਸਦੀ ਸਮਰਪਣ ਦੀ ਭਾਵਨਾ ਵੀ ਉਸ ਨੂੰ ਕਿਸੇ ਵੀ ਖੇਤਰ ਵਿਚ ਸਥਾਪਤ ਕਰਨ ਵਿਚ ਸਹਾਈ ਹੁੰਦੀ ਹੈ। ਜ਼ਿਲ੍ਹਾ ਸੰਗਰੂਰ ਦੇ ਧੂਰੀ ਸ਼ਹਿਰ ਵਿਖੇ ਪਿਤਾ ਸਵਰਗੀ ਮੋਹਨ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਜਨਮਿਆ ਰਾਣਾ ਬਚਪਨ ਤੋਂ ਹੀ ਸਟੇਜੀ ਕਲਾਕਾਰ/ਅਦਾਕਾਰ ਹੈ। ਉਸ ਦਾ ਕਹਿਣਾ ਹੈ ਕਿ ਬਚਪਨ ਵੇਲੇ ਪ੍ਰਾਇਮਰੀ ਸਕੂਲ ਵਿਚ ਗੁਰਪੁਰਬ 'ਤੇ ਕਵਿਤਾਵਾਂ ਪੜ੍ਹਦਿਆਂ ਅਤੇ ਫਿਰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਚ ਪੜ੍ਹਦਿਆਂ ਕਈ ਨਾਟਕ ਲਿਖੇ, ਖੇਡੇ ਅਤੇ ਗੋਲਡ ਮੈਡਲ ਵੀ ਜਿੱਤੇ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਥੀਏਟਰ (ਰੰਗਮੰਚ ਵਿਸ਼ੇ 'ਤੇ) ਵਿਚ ਐਮ. ਏ. ਕੀਤੀ ਅਤੇ ਉੱਥੋਂ ਹੀ ਗੋਲਡ ਮੈਡਲਿਸਟ ਵੀ ਹੋਇਆ ਅਤੇ ਇੱਥੇ ਹੀ ਕੁਝ ਸਮਾਂ ਨੌਕਰੀ ਵੀ ਕੀਤੀ। ਰਾਣਾ ਰਣਬੀਰ ਅਨੁਸਾਰ ਉਹ ਆਪਣੇ ਛੋਟੇ ਕੱਦ 'ਤੇ ਹਮੇਸ਼ਾ ਝੂਰਦਾ ਰਿਹਾ ਹੈ ਪਰ ਉਸ ਦਾ ਇਹ ਛੋਟਾ ਕੱਦ ਅਤੇ ਅੰਦਰਲਾ ਅਦਾਕਾਰ ਹੀ ਉਸ ਨੂੰ ਰੰਗਮੰਚ ਅਤੇ ਫ਼ਿਲਮਾਂ ਵਿਚ ਸਥਾਪਤ ਕਰਨ ਵਿਚ ਸਾਬਤ ਹੋਇਆ। ਉਸ ਦਾ ਕਹਿਣਾ ਹੈ ਕਿ ਉਸ ਨੇ 50-60 ਨਾਟਕ ਕਰਨ ਬਾਅਦ 'ਐਸਕਿਊਜ਼ ਮੀ ਪਲੀਜ਼' ਸ਼ੋਅ ਸ਼ੁਰੂ ਕੀਤਾ ਜੋ ਕਾਫੀ ਮਕਬੂਲ ਹੋਇਆ। ਫਿਰ ਤਿੰਨ ਕੁ ਸਾਲ ਪਟਿਆਲਾ ਰੇਡੀਓ 'ਤੇ ਵੀ ਕੰਮ ਕੀਤਾ ਤੇ ਪਹਿਲੀ ਫ਼ਿਲਮ ਮਨਮੋਹਨ ਸਿੰਘ ਦੀ 'ਦਿਲ ਆਪਣਾ ਪੰਜਾਬੀ' ਕੀਤੀ ਫਿਰ 'ਮੁੰਡੇ ਯੂ ਕੇ ਦੇ' ਆਪ ਹੀ ਲਿਖੀ ਅਤੇ ਨਿਰਦੇਸ਼ਿਤ ਵੀ ਕੀਤੀ। ਉਹ ਹੁਣ ਤੱਕ 70 ਦੇ ਕਰੀਬ ਫ਼ਿਲਮਾਂ ਵਿਚ ਅਦਾਕਾਰੀ ਕਰ ਚੁੱਕਿਆ ਹੈ ਅਤੇ ਬੇਹੱਦ ਸਟੇਜ ਸ਼ੋਅ ਵੀ। ਰਾਣਾ ਰਣਬੀਰ ਹੁਣ ਤੱਕ ਕਈ ਫ਼ਿਲਮਾਂ ਆਪ ਲਿਖ ਚੁੱਕਾ ਹੈ ਜਿਨ੍ਹਾਂ ਵਿਚ 'ਅਰਦਾਸ', 'ਅਰਦਾਸ ਕਰਾਂ', 'ਕੂੜੇਦਾਨ ਦੀ ਜਾਈ', 'ਮੁੰਡੇ ਯੂ ਕੇ ਦੇ', 'ਇਕ ਕੁੜੀ ਪੰਜਾਬ ਦੀ', 'ਮੰਜੇ ਬਿਸਤਰੇ', 'ਅੱਜ ਦੇ ਰਾਂਝੇ', 'ਅਸੀਸ' ਆਦਿ ਵਰਨਣਯੋਗ ਹਨ। ਫਿਰ 'ਜ਼ਿੰਦਗੀ ਜ਼ਿੰਦਾਬਾਦ' ਨਾਟਕ ਲਿਖਿਆ ਅਤੇ ਉਸ ਦੀਆਂ ਦੇਸ਼-ਵਿਦੇਸ਼ ਵਿਚ ਕਈ ਪੇਸ਼ਕਾਰੀਆਂ ਵੀ ਦਿੱਤੀਆਂ। ਉਹ ਹੁਣ ਤੱਕ ਦੋ ਕਵਿਤਾਵਾਂ ਦੀਆਂ ਪੁਸਤਕਾਂ, ਇਕ ਨਾਵਲ ਅਤੇ ਇਕ ਪ੍ਰੇਰਨਾਦਾਇਕ ਪੁਸਤਕ ਵੀ ਲਿਖ ਚੁੱਕਿਆ ਹੈ।


-ਹਰਜੀਤ ਸਿੰਘ ਬਾਜਵਾ
ਪੱਤਰਕਾਰ ਟੋਰਾਂਟੋ (ਕੈਨੇਡਾ)

ਹੁਣ ਫਿਰ ਐਕਟਿੰਗ ਕਰਨਾ ਚਾਹੁੰਦੀ ਹੈ ਕਲਪਨਾ ਅਈਅਰ

ਅੱਸੀ ਤੇ ਨੱਬੇ ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਕਲਪਨਾ ਅਈਅਰ ਨੇ ਬਹੁਤ ਧੂਮ ਮਚਾਈ ਸੀ। ਉਦੋਂ ਮਿਸ ਇੰਡੀਆ ਦਾ ਤਾਜ ਹਾਸਲ ਕਰਨ ਵਿਚ ਕਾਮਯਾਬ ਰਹੀ ਕਲਪਨਾ ਨੂੰ ਰਾਜਸ੍ਰੀ ਬੈਨਰ ਵਲੋਂ ਫ਼ਿਲਮ 'ਮਨੋਕਾਮਨਾ' ਵਿਚ ਮੌਕਾ ਦਿੱਤਾ ਗਿਆ ਸੀ। ਬਾਅਦ ਵਿਚ ਆਪਣੇ ਨ੍ਰਿਤ ਕੌਸ਼ਲ ਦੀ ਬਦੌਲਤ ਉਹ ਨਾਮੀ ਸਟਾਰ ਬਣੀ। ਫ਼ਿਲਮ 'ਅਰਮਾਨ' ਦਾ 'ਰੰਭਾ ਹੋ ਹੋ ਹੋ...', 'ਡਿਸਕੋ ਡਾਂਸਰ' ਦਾ 'ਕੋਈ ਯਹਾਂ ਨਾਚੇ ਨਾਚੇ...', 'ਰਾਜਾ ਹਿੰਦੁਸਤਾਨੀ' ਦਾ 'ਪਰਦੇਸੀ ਪਰਦੇਸੀ...' ਆਦਿ ਹਿੱਟ ਗੀਤਾਂ ਵਿਚ ਥਿਰਕਣ ਵਾਲੀ ਕਲਪਨਾ ਨੇ ਬਾਅਦ ਵਿਚ 'ਬਨੇਗੀ ਅਪਨੀ ਬਾਤ', 'ਜਨੂੰਨ', 'ਦਿਲਲਗੀ' ਆਦਿ ਲੜੀਵਾਰਾਂ ਵਿਚ ਵੀ ਕੰਮ ਕੀਤਾ ਸੀ। ਲੜੀਵਾਰਾਂ ਵਿਚ ਰਟਿਆ-ਰਟਾਇਆ ਕੰਮ ਕਰਨ ਤੋਂ ਅੱਕ ਕੇ ਉਹ ਦੁਬਈ ਚਲੀ ਗਈ ਸੀ ਜਿਥੇ ਬਤੌਰ ਮੈਨੇਜਰ ਉਹ ਇਕ ਹੋਟਲ ਵਿਚ ਨੌਕਰੀ ਕਰਨ ਲੱਗੀ ਸੀ।
ਹੁਣ ਤਕਰੀਬਨ ਵੀਹ ਸਾਲ ਦੇ ਸਮੇਂ ਬਾਅਦ ਕਲਪਨਾ ਨੇ ਫਿਰ ਇਕ ਵਾਰ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ। ਕਲਪਨਾ ਅਨੁਸਾਰ ਨੀਨਾ ਗੁਪਤਾ ਤੋਂ ਪ੍ਰੇਰਿਤ ਹੋ ਕੇ ਉਹ ਅਭਿਨੈ ਦੀ ਦੁਨੀਆ ਵਿਚ ਵਾਪਸ ਆਈ ਹੈ। ਅਸਲ ਵਿਚ ਹੋਇਆ ਇਹ ਸੀ ਕਿ ਕੁਝ ਸਮਾਂ ਪਹਿਲਾਂ ਜਦੋਂ ਨੀਨਾ ਗੁਪਤਾ ਕੋਲ ਕੰਮ ਨਹੀਂ ਸੀ ਅਤੇ ਉਹ ਖਾਲੀ ਹੱਥ ਬੈਠੀ ਸੀ, ਉਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਕਿ ਉਹ ਚੰਗੀ ਭੂਮਿਕਾ ਦੀ ਭਾਲ ਵਿਚ ਹੈ।


-ਮੁੰਬਈ ਪ੍ਰਤੀਨਿਧ

'ਪੁੱਤ ਬਾਪੂ ਦਾ' ਲੈ ਕੇ ਆਇਆ ਕਰਨ ਵਾਲੀਆ

ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਪੈਸੇ ਦੇ ਜ਼ੋਰ 'ਤੇ ਨੰਗੇਜ਼ਵਾਦ ਦੇ ਹੱਥਕੰਡੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤੱਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਹੀ ਇਕ ਨਾਂਅ ਹੈ ਗਾਇਕ ਕਰਨ ਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ। ਜ਼ਿਲ੍ਹਾ ਮੋਗਾ ਦੇ ਪਿੰਡ ਨਸੀਰੇਵਾਲ ਦੇ ਗਾਇਕ ਕਰਨ ਵਾਲੀਆ ਦਾ ਜਨਮ 24 ਅਗਸਤ, 1998 ਨੂੰ ਪਿਤਾ ਜਸਵੀਰ ਸਿੰਘ ਦੇ ਗ੍ਰਹਿ ਮਾਤਾ ਹਰਜੀਤ ਕੌਰ ਦੀ ਕੁੱਖੋਂ ਹੋਇਆ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਫਿਰ ਚਮਕੌਰ ਹੰਸ ਨੂੰ ਉਸਤਾਦ ਧਾਰਿਆ ਤੇ ਪਹਿਲੀ ਐਲਬਮ 'ਝਾਜਰਾਂ' ਸਰੋਤਿਆ ਦੇ ਸਨਮੁੱਖ ਕੀਤੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਹੁਣ ਨਵੀਂ ਐਲਬਮ 'ਪੁੱਤ ਬਾਪੂ ਦਾ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ ਤੇ ਅਨੇਕਾਂ ਸੱਭਿਆਚਾਰਕ ਮੇਲਿਆਂ 'ਤੇ ਪ੍ਰਵਾਨਿਤ ਹੋ ਚੁੱਕੇ ਗਾਇਕ ਵਾਲੀਆ ਨੂੰ ਨਵੀਂ ਰਿਲੀਜ਼ ਹੋਈ ਐਲਬਮ ਤੋਂ ਬਹੁਤ ਉਮੀਦਾਂ ਹਨ। ਸ਼ਾਲਾ ਇਹ ਪੰਜਾਬ ਦਾ ਸੁਰੀਲਾ ਤੇ ਹੋਣਹਾਰ ਗਾਇਕ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਦੀ ਸੇਵਾ ਕਰਦਾ ਰਹੇ।


-ਕੁਲਦੀਪ ਮਾਨ ਭੂੰਦੜੀ
ਪੱਤਰ ਪ੍ਰੇਰਕ ਭੂੰਦੜੀ (ਲੁਧਿਆਣਾ) mann348@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX