ਤਾਜਾ ਖ਼ਬਰਾਂ


ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੇਨਨ

ਬੇਹੱਦ ਚਲਾਕ

ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੇਨਨ ਦੀ 'ਅਰਜਨ ਪਟਿਆਲਾ' ਆ ਚੁੱਕੀ ਹੈ। ਚਾਹੇ ਟਿਕਟ ਖਿੜਕੀ 'ਤੇ ਇਹ ਫ਼ਿਲਮ ਖਾਸ ਨਹੀਂ ਰਹੀ ਪਰ ਕ੍ਰਿਤੀ ਸੇਨਨ ਦੀ ਸ਼ਲਾਘਾ ਹਰੇਕ ਨੇ ਕੀਤੀ। ਲਓ ਕ੍ਰਿਤੀ ਦੀ ਪਿਆਰ ਦੇ ਮਾਮਲੇ 'ਚ ਦਲੇਰੀ ਦੇਖੋ ਕਿ ਸ਼ਰੇਆਮ ਵਰੁਣ ਧਵਨ ਦਾ ਨਾਂਅ ਇਸ ਤਰ੍ਹਾਂ ਲਿਆ ਕਿ ਲੋਕ ਸਮਝ ਜਾਣ ਮਾਜਰਾ ਕੀ ਹੈ? ਵਰੁਣ ਵੀ ਚੱਕਰ 'ਚ ਪੈ ਜਾਵੇ ਤੇ ਉਸ ਦੇ ਨੇੜੇ ਹੋਰ ਕੋਈ ਹੀਰੋਇਨ ਨਾ ਆਵੇ। ਪੁੱਛਿਆ ਕ੍ਰਿਤੀ ਨੂੰ ਕਿ ਜੇ ਕਿਸੇ ਪ੍ਰੇਮੀ ਨਾਲ ਘੁੰਮਣ ਜਾਣਾ ਹੋਵੇ ਤਾਂ ਉਹ ਪ੍ਰੇਮੀ ਕੌਣ ਹੋਵੇਗਾ? ਜਵਾਬ ਕ੍ਰਿਤੀ ਦਾ ਸੀ ਕਿ ਪ੍ਰੇਮੀ ਨਾਲ ਘੁੰਮਣਾ? ਇਹ ਗੱਲ ਜੇ ਵਰੁਣ ਧਵਨ ਨੇ ਸੁਣ ਲਈ ਤਾਂ ਉਹ ਉਸ ਦੀ ਜਾਨ ਕੱਢ ਦੇਵੇਗਾ। ਚਮਕ-ਦਮਕ ਤੇ ਅਦਾਵਾਂ ਨਾਲ ਭਰਪੂਰ ਕ੍ਰਿਤੀ ਸੇਨਨ ਬਾਲੀਵੁੱਡ 'ਚ ਹੁਣ ਪੂਰੀ ਟੌਹਰ ਰੱਖਦੀ ਹੈ। ਚਾਹੇ ਲੋਕੀਂ ਆਖਦੇ ਹਨ ਕਿ ਹਰੇਕ ਫ਼ਿਲਮ 'ਚ ਉਹ ਇਕੋ ਜਿਹਾ ਕੰਮ ਕਰਦੀ ਹੈ ਪਰ ਫਿਰ ਵੀ ਕ੍ਰਿਤੀ ਮਾਣ ਨਾਲ ਕਹਿੰਦੀ ਹੈ ਕਿ ਲੋਕਾਂ ਨੂੰ ਬੋਲਣ ਦਿਓ, ਉਹ ਮਾੜੀ ਵੀ ਚੰਗੀ ਪਰ ਕਿਸੇ ਨੂੰ ਉਸ ਦੀ ਨਿੱਜੀ ਜ਼ਿੰਦਗੀ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ। ਹਾਂ ਰਾਹੁਲ ਢੋਲਕੀਆ ਨੇ ਕ੍ਰਿਤੀ ਨੂੰ ਆਪਣੀ ਨਵੀਂ ਫ਼ਿਲਮ 'ਚ ਲਿਆ ਹੈ। ਸੁਨੀਲ ਖੇਤਰਪਾਲ ਫ਼ਿਲਮ ਨੂੰ ਡਾਇਰੈਕਟ ਕਰੇਗਾ। 'ਬਰੇਲੀ ਕੀ ਬਰਫ਼ੀ' ਦੀ ਹੁਣ ਫ਼ਿਲਮਾਂ ਦੀ ਚੋਣ ਪ੍ਰਤੀ 'ਲੁਕਾ ਛਿਪੀ' ਖਤਮ ਹੋ ਗਈ ਹੈ। ਇਧਰ ਅਕਸ਼ੈ ਕੁਮਾਰ ਨੇ 'ਬਚਨ ਪਾਂਡੇ' ਫ਼ਿਲਮ ਸ਼ੁਰੂ ਕੀਤੀ ਹੈ। ਇਸ 'ਚ ਅਕਸ਼ੈ ਕੁਮਾਰ ਨਾਲ ਕ੍ਰਿਤੀ ਹੀਰੋਇਨ ਹੈ। ਇਹ ਸਭ ਹੋਣ ਦੇ ਬਾਵਜੂਦ ਕ੍ਰਿਤੀ ਨੇ ਫੋਟੋਗ੍ਰਾਫਰਾਂ ਦੀ ਨਾਰਾਜ਼ਗੀ ਮੁੱਲ ਲਈ ਹੈ। ਆਪਣੇ ਘਰੇ ਜਨਮ ਦਿਨ ਦੀ ਪਾਰਟੀ 'ਚ ਉਸ ਨੇ ਨਾਮਵਰ ਫੋਟੋਗ੍ਰਾਫਰ ਸੱਦ ਲਏ ਪਰ ਉਨ੍ਹਾਂ ਨੂੰ ਕ੍ਰਿਤੀ ਦੇ ਅੰਗ-ਰੱਖਿਅਕਾਂ ਨੇ ਕਿਹਾ ਤੁਸੀਂ ਬਾਹਰ ਸੜਕ 'ਤੇ ਖੜ੍ਹੇ ਰਹੋ, ਜਦ ਮਹਿਮਾਨ ਆਉਣਗੇ ਤਦ ਤੁਹਾਨੂੰ 'ਮੈਡਮ' ਅੰਦਰ ਸੱਦ ਲਵੇਗੀ। ਕਿੰਨੀ ਮਾੜੀ ਗੱਲ, ਕੋਈ ਖਾਣ-ਪੀਣ ਦਾ ਭੁੱਖਾ ਨਹੀਂ ਹੁੰਦਾ। ਇਹ ਬੋਲ ਹੁਣ ਕ੍ਰਿਤੀ ਸੇਨਨ ਦੇ ਆਪਣੇ ਵੀ ਕਹਿ ਰਹੇ ਹਨ।


ਖ਼ਬਰ ਸ਼ੇਅਰ ਕਰੋ

ਤਾਰਾ ਸੁਤਾਰੀਆ

ਕਿਸਮਤ ਸੋਨ ਰੰਗੀ

ਅਭਿਨੇਤਰੀ ਤਾਰਾ ਸੁਤਾਰੀਆ ਕਿਸਮਤ ਸੋਨ ਰੰਗੀ ਲੈ ਕੇ ਇਸ ਦੁਨੀਆ ਵਿਚ ਆਈ ਹੈ। ਸੁਨੀਲ ਸ਼ੈਟੀ ਦੇ ਪੁੱਤਰ ਅਹਾਨ ਸ਼ੈਟੀ ਦਾ ਹਿੰਦੀ ਫ਼ਿਲਮੀ ਸਫ਼ਰ ਹੀਰੋ ਬਣ ਕੇ ਜਿਸ ਫ਼ਿਲਮ ਨਾਲ ਸ਼ੁਰੂ ਹੋ ਰਿਹਾ ਹੈ, ਤਾਰਾ ਉਸ ਦੀ ਹੀਰੋਇਨ ਹੈ। ਤਾਰਾ ਨੇ ਆਪਣੀ ਦੋਸਤ ਦੇ ਘਰ ਇਕ ਫ਼ਿਲਮੀ ਸਾਈਟ ਨੂੰ ਦਿੱਤੀ ਮੁਲਾਕਾਤ ਵਿਚ ਕਿਹਾ ਕਿ ਸਿਤਾਰੇ ਹੀ ਸਿਤਾਰੇ ਇਸ ਫ਼ਿਲਮ ਦਾ ਹਿੱਸਾ ਨੇ, ਸਾਜਿਦ ਨਾਡਿਆਡਵਾਲਾ ਨਿਰਮਾਤਾ ਤੇ ਮਿਲਨ ਲੂਥਰਾ ਡਾਇਰੈਕਟਰ ਹੈ।
ਤਾਰਾ ਉਹ ਕਰਮਾਂ ਵਾਲੀ ਕੁੜੀ ਹੈ, ਜਿਸ ਨੂੰ 'ਸਟੂਡੈਂਟ ਆਫ਼ ਯੀਅਰ-2' ਆਉਂਦਿਆਂ ਹੀ ਦੋ ਫ਼ਿਲਮਾਂ ਮਿਲ ਗਈਆਂ। ਇਕ ਆਰ ਐਕਸ 100 ਆਹਨ ਨਾਲ ਤੇ ਦੂਸਰੀ ਫ਼ਿਲਮ ਰਕੁਲਪ੍ਰੀਤ ਤੇ ਰਿਤੇਸ਼ ਦੇਸ਼ਮੁਖ ਨਾਲ ਹੈ। ਇਸ ਫ਼ਿਲਮ ਦਾ ਨਾਂਅ 'ਮਰਜਾਵਾਂ' ਹੈ। ਬਹੁਤ ਘੱਟ ਲੋਕ ਇਸ ਤਰ੍ਹਾਂ ਦਾ ਪ੍ਰਵੇਸ਼ ਤੇ ਨਾਲ ਹੀ ਦੋ ਵੱਡੀਆਂ ਫ਼ਿਲਮਾਂ ਦਾ ਹਿੱਸਾ ਤਾਰਾ ਅਨੁਸਾਰ ਹੁੰਦੇ ਹਨ। ਇਥੇ ਹਰ ਸ਼ੁੱਕਰਵਾਰ ਬਦਲਾਅ ਹੁੰਦਾ ਹੈ ਤੇ ਤਾਰਾ 6 ਸਾਲ ਦੀ ਉਮਰ ਤੋਂ ਅਭਿਨੈ ਨਾਲ ਜੁੜੀ ਹੋਈ ਹੈ। ਟੀ.ਵੀ. ਐਕਸਟ੍ਰੈਸ ਤੋਂ ਫ਼ਿਲਮ ਨਾਇਕਾ ਬਣ ਕੇ ਤਾਰਾ ਖੁਸ਼ ਹੈ। ਤਾਰਾ ਨੇ ਇਕ ਹੋਰ ਖਾਸ ਗੱਲ ਵੀ ਗੱਲਬਾਤ ਸਮੇਂ ਦੱਸ ਦਿੱਤੀ ਕਿ ਹਿੱਟ ਫ਼ਿਲਮ 'ਕਬੀਰ ਸਿੰਘ' ਉਸ ਨੂੰ ਮਿਲੀ ਸੀ ਪਰ ਉਸ ਨੇ 'ਸਟੂਡੈਂਟ ਆਫ਼ ਯੀਅਰ-2' ਨੂੰ ਪਹਿਲ ਦਿੱਤੀ ਤੇ ਸਿੱਟਾ ਇਹ ਹੈ ਕਿ ਤਦ ਤਾਰਾ ਨੇ ਸੋਚਿਆ ਸੀ ਕਰਨ ਜੌਹਰ ਦੀ ਫ਼ਿਲਮ ਦੇ ਹਿੱਟ ਹੋਣ ਦੇ ਆਸਾਰ ਹਨ, 'ਕਬੀਰ ਸਿੰਘ' ਦੇ ਨਹੀਂ ਤੇ ਅੱਜ ਜਦ 'ਕਬੀਰ ਸਿੰਘ' ਦਾ ਪਲੜਾ ਭਾਰੀ ਤਾਂ ਤਾਰਾ ਸੁਤਾਰੀਆ ਨੂੰ ਥੋੜ੍ਹਾ ਦੁੱਖ ਹੋਇਆ ਹੈ। ਇਕ ਖਾਸ ਗੱਲ ਇਹ ਕਿ ਤਾਰਾ ਦਿਲ ਦੀ ਥੋੜ੍ਹੀ ਕਮਜ਼ੋਰ ਹੈ। ਕਰਨ ਜੌਹਰ ਨੇ ਜਦ ਇਕ ਪ੍ਰਚਾਰ ਸਮਾਰੋਹ ਸਮੇਂ ਤਾਰਾ ਤੇ ਅਣਖਾਂ ਪਾਂਡੇ ਨੂੰ ਜਹਾਜ਼ 'ਤੇ ਭੇਜਿਆ ਤਾਂ ਖਰਾਬ ਮੌਸਮ ਕਾਰਨ ਜਹਾਜ਼ ਡਿੱਕੇ-ਡੋਲੇ ਖਾ ਰਿਹਾ ਸੀ ਤਾਂ ਤਾਰਾ ਡਰ ਗਈ ਸੀ। ਹੁਣ ਤਾਰਾ ਨੂੰ ਸਿਧਾਰਥ ਮਲਹੋਤਰਾ ਨੇ ਡਰ ਮੁਕਤ ਕੀਤਾ ਹੈ। ਸਿਧਾਰਥ ਮਲਹੋਤਰਾ ਦੇ ਨਾਲ ਤਾਰਾ ਦੀ ਗਿੱਟ-ਮਿਟ ਦੇ ਵੀ ਚਰਚੇ ਹਨ।

ਸਲਮਾਨ ਖ਼ਾਨ

'ਇੰਸ਼ਾ ਅੱਲ੍ਹਾ' 'ਆਕਰਸ਼ਣ ਵਾਹ'

ਬਾਲੀਵੁੱਡ ਐਕਟਰ ਸਲਮਾਨ ਖ਼ਾਨ ਇਨ੍ਹਾਂ ਦਿਨਾਂ 'ਚ 'ਦਬੰਗ-3' ਦੀ ਤਿਆਰੀ 'ਚ ਰਾਤ-ਦਿਨ ਇਕ ਕਰ ਰਹੇ ਹਨ ਤੇ ਇਸ ਫ਼ਿਲਮ 'ਚ ਸੱਲੂ ਮੀਆਂ ਨਾਲ ਸੋਨਾਕਸ਼ੀ ਸਿਨਹਾ ਹੀਰੋਇਨ ਹੈ। ਤਰੁਣ ਆਦਰਸ਼ ਜੋ ਬੀ. ਟਾਊਨ ਦੇ ਮਾਹਿਰ ਫ਼ਿਲਮੀ ਗਿਆਨੀ ਹਨ ਨੇ ਕਿਹਾ ਹੈ ਕਿ ਸਲਮਾਨ ਦੀ 'ਦਬੰਗ-3' ਇਸ 20 ਦਸੰਬਰ ਨੂੰ ਪੂਰੀ ਤਾਮ-ਝਾਮ ਨਾਲ ਪਰਦੇ 'ਤੇ ਆਏਗੀ। 'ਚੁਲਬੁਲ ਪਾਂਡੇ' 30 ਨੂੰ ਧਮਾਲ ਮਚਾਉਣਗੇ ਜਦ ਲੋਕ 2019 ਨੂੰ ਅਲਵਿਦਾ ਤੇ 2020 ਨੂੰ ਖੁਸ਼ਆਮਦੀਦ ਕਹਿਣ ਲਈ ਤਿਆਰ ਹੋਣਗੇ। ਸੱਲੂ ਦੀ 'ਦਬੰਗ-3' ਕੰਨੜ-ਤਾਮਿਲ-ਤੇਲਗੂ ਭਾਸ਼ਾਵਾਂ ਵਿਚ ਵੀ ਨਾਲ ਹੀ ਆਉਣੀ ਹੈ। ਰਾਜਸਥਾਨ 'ਚ ਫ਼ਿਲਮ 'ਦਬੰਗ-3' ਦੀ ਸ਼ੂਟਿੰਗ ਕਰ ਰਹੇ ਸਲਮਾਨ ਜੀ ਧੜਾਧੜ ਆਪਣੇ ਇੰਸਟਾ 'ਤੇ ਫ਼ਿਲਮ ਦੀ ਤਾਜ਼ਾ ਤਸਵੀਰ ਤੇ ਹੋਰ ਤੱਥ ਪਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਖਤਮ ਕਰਕੇ ਸਲਮਾਨ ਹੋਰੀਂ 'ਇੰਸ਼ਾ ਅੱਲ੍ਹਾ' ਦੀ ਸ਼ੂਟਿੰਗ ਆਲੀਆ ਭੱਟ ਨਾਲ ਸ਼ੁਰੂ ਕਰਨਗੇ। ਸੁਣਿਆ ਹੈ ਕਿ 'ਇੰਸ਼ਾ ਅੱਲ੍ਹਾ' ਸਲਮਾਨ ਦੀ ਇਹ ਫ਼ਿਲਮ ਹਾਲੀਵੁੱਡ ਦੀ ਇਕ ਰੁਮਾਂਟਿਕ ਫ਼ਿਲਮ ਤੋਂ ਪ੍ਰਭਾਵਿਤ ਹੈ। ਇਕ ਲੰਬੇ ਸਮੇਂ ਬਾਅਦ ਸਲਮਾਨ ਖ਼ਾਨ ਹੋਰੀਂ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ਕਰ ਰਹੇ ਹਨ। ਵਾਰਾਣਸੀ 'ਚ 'ਇੰਸ਼ਾ ਅੱਲ੍ਹਾ' ਦੀ ਸ਼ੂਟਿੰਗ ਨਿਬੇੜ ਕੇ ਸਲਮਾਨ ਤੇ ਆਲੀਆ ਫਲੋਰੀਡਾ ਜਾ ਰਹੇ ਹਨ। ਸਲਮਾਨ ਦਾ ਆਕਰਸ਼ਣ ਦੇਖੋ ਕਿ ਜਦ ਆਲੀਆ ਨੂੰ ਪਤਾ ਲੱਗਾ ਕਿ 'ਇੰਸ਼ਾ ਅੱਲ੍ਹਾ' ਉਹ ਸਲਮਾਨ ਨਾਲ ਕਰ ਰਹੀ ਹੈ ਤਾਂ ਉਹ ਖੁਸ਼ੀ 'ਚ ਪੰਜ ਮਿੰਟ ਤੱਕ ਨੱਚਦੀ ਰਹੀ। ਇਧਰ ਜ਼ਰੀਨ ਖ਼ਾਨ ਨੇ ਇਹ ਅਫ਼ਵਾਹ ਫੈਲਾਈ ਹੈ ਕਿ ਉਹ ਸਲਮਾਨ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਸ 'ਤੇ ਚੁਲਬੁਲ ਪਾਂਡੇ ਮੁਸਕਰਾਉਣਗੇ ਹੀ ਪਰ ਇਹ ਸਹੀ ਹੈ ਕਿ ਸਲਮਾਨ ਖ਼ਾਨ ਦਾ ਆਕਰਸ਼ਣ ਪੂਰੀ ਇੰਡਸਟਰੀ 'ਚ ਨਾਇਕਾਵਾਂ 'ਚ ਹੈ। ਸਲਮਾਨ ਖਾਨ ਸਹੀ ਅਰਥਾਂ 'ਚ ਸੁਪਰ ਸਟਾਰ ਹੈ।
**

ਤਾਪਸੀ ਪੰਨੂੰ

ਤਨ ਬੁੱਢਾ ਹੋਵੇ ਪਰ ਮਨ ਨਾ

'ਸਾਂਡ ਕੀ ਆਂਖ' ਤਾਪਸੀ ਪੰਨੂ ਦੀ ਇਸ ਆ ਰਹੀ ਫ਼ਿਲਮ ਦਾ ਟੀਜ਼ਰ ਆ ਗਿਆ ਹੈ। ਤਾਪਸੀ ਦੇ ਨਾਲ ਫ਼ਿਲਮ 'ਚ ਭੂਮੀ ਪੇਡੇਨਕਰ ਹੈ। ਸ਼ਾਰਪ ਸ਼ੂਟਰ ਪ੍ਰਕਾਸ਼ੀ ਤੇ ਚੰਦਰੋ ਤੋਮਰ ਤੇ ਬਣ ਰਹੀ ਬਾਇਓਪਿਕ ਲਈ ਤਾਪਸੀ ਨੇ ਸਖ਼ਤ ਮਿਹਨਤ ਕੀਤੀ ਹੈ। ਤਾਪਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਟੀਜ਼ਰ ਪਾਇਆ ਹੈ ਤੇ ਲਿਖਿਆ ਹੈ 'ਤਨ ਬੁੱਢਾ ਹੋਵੇ, ਮਨ ਬੁੱਢਾ ਨਾ ਹੋਵੇ'। ਹੈ। '60 ਦੀ ਉਮਰ 'ਚ ਸਵੈਗ' ਅਜਿਹੇ ਸਿਰਲੇਖ ਤਾਪਸੀ ਨੇ ਬਣਾਏ ਹਨ। ਮਤਲਬ ਕਿ ਤਾਪਸੀ ਇਸ ਫ਼ਿਲਮ ਲਈ ਪੂਰਾ ਪ੍ਰਚਾਰ ਕਰ ਰਹੀ ਹੈ। ਤਾਪਸੀ ਦੀ ਇਹ ਫ਼ਿਲਮ 25 ਅਕਤੂਬਰ ਨੂੰ ਆ ਰਹੀ ਹੈ। ਚਾਹੇ ਕੰਗਨਾ ਤੇ ਉਸ ਦੀ ਭੈਣ ਰੰਗੋਲੀ ਨੇ ਤਾਪਸੀ ਦੀ ਲਾਹ-ਪਾਹ ਕੀਤੀ ਹੈ ਪਰ ਤਾਪਸੀ ਨੇ ਕਿਹਾ ਹੈ ਕਿ ਉਹ ਤਾਂ ਕੰਗਨਾ ਤੋਂ ਪ੍ਰਭਾਵਿਤ ਹੈ, ਤਾਪਸੀ ਨੇ ਆਪਣੇ ਬਚਪਨ ਦੀ 'ਤਸਵੀਰ' ਵੀ ਪਾਈ ਹੈ। ਮਾਡਲ ਤੋਂ ਨਾਇਕਾ ਬਣੀ ਤਾਪਸੀ ਪੰਨੂ ਕੋਲੋਂ 'ਪਤੀ ਪਤਨੀ ਔਰ ਵੋਹ' ਦਾ ਰੀਮੇਕ ਖੁਸ ਗਿਆ ਹੈ। 'ਮਨਮਰਜ਼ੀਆਂ' ਨਾਲ ਤਾਪਸੀ ਦਾ ਰੁਤਬਾ ਇਥੇ ਵਧਿਆ ਹੈ। ਹਾਲਾਂਕਿ 'ਜੰਗਲੀ' ਵੀ ਠੀਕ ਹੀ ਰਹੀ ਸੀ। ਤਾਪਸੀ ਨੂੰ ਵੱਡੀ ਖ਼ੁਸ਼ੀ ਹੈ ਕਿ 5 ਦਿਨਾਂ 'ਚ 100 ਕਰੋੜ ਤੋਂ ਵੱਧ ਕਮਾਈ ਕਰ ਚੁੱਕੀ ਦੇਸ਼ ਦੀ ਵੱਡੀ ਫਿਮਲ 'ਮੰਗਲ ਮਿਸ਼ਨ' 'ਚ ਉਹ ਹੈ। ਫ਼ਿਲਮ ਦੀ ਕਮਾਈ ਪਸੰਦ ਆਉਣ 'ਤੇ ਤਾਪਸੀ ਖੁਸ਼ ਹੈ। ਤਾਪਸੀ ਨੇ ਕਿਹਾ ਹੈ ਕਿ ਸਾਡੇ ਨਾਇਕਾਵਾਂ ਦੇ ਕਾਰਨ ਹੀ ਅਕਸ਼ੈ ਕੁਮਾਰ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਮਿਲੀ ਹੈ। ਤਾਪਸੀ ਨੇ ਇਥੋਂ ਤੱਕ ਕਿਹਾ ਹੈ ਕਿ ਜਦ ਉਸ ਦੇ ਬੱਚੇ ਹੋਏ ਉਹ ਉਨ੍ਹਾਂ ਨੂੰ 'ਮੰਗਲ ਮਿਸ਼ਨ' ਜ਼ਰੂਰ ਦਿਖਾਏਗੀ। 'ਪਿੰਕ', 'ਬਦਲਾ', 'ਮੁਲਕ' ਤੇ ਦੂਰ ਤੱਕ ਸੋਚਣਾ ਤਾਪਸੀ ਦੀ ਯੋਜਨਾ ਹੈ। ਵਿਆਹ ਫਿਲਹਾਲ ਪਤਾ ਨਹੀਂ ਹੈ। ਕਿਰਦਾਰ ਦੀ ਲੰਬਾਈ ਨਹੀਂ ਅਹਿਮੀਅਤ ਨੂੰ ਤਰਜੀਹ ਉਹ ਦੇਵੇਗੀ ਤੇ ਹਾਂ ਇਕ ਅਭਿਨੇਤਰੀ ਵੀ ਹੀਰੋ ਹੋ ਸਕਦੀ ਹੈ, 'ਮੰਗਲ ਮਿਸ਼ਨ' ਨੇ ਸਥਾਪਤ ਕੀਤਾ ਹੈ।


-ਸੁਖਜੀਤ ਕੌਰ

'ਸਾਹੋ' ਮੇਰੀ ਸਭ ਤੋਂ ਮਹਿੰਗੀ ਫ਼ਿਲਮ ਹੈ : ਸ਼ਰਧਾ ਕਪੂਰ

ਸ਼ਰਧਾ ਕਪੂਰ ਦਾ ਕਰੀਅਰ ਪਿਛਲੇ ਕੁਝ ਸਮੇਂ ਤੋਂ ਨਰਮ ਚੱਲ ਰਿਹਾ ਹੈ। 'ਇਸਤਰੀ' ਨੂੰ ਛੱਡ ਕੇ ਉਸ ਦੀਆਂ ਹੋਰ ਫ਼ਿਲਮਾਂ ਜਿਵੇਂ 'ਬੱਤੀ ਗੁਲ ਮੀਟਰ ਚਾਲੂ', 'ਹਸੀਨਾ ਪਾਰਕਰ', 'ਓਕੇ ਜਾਨੂੰ', 'ਹਾਫ ਗਰਲਫ੍ਰੈਂਡ' ਆਦਿ ਟਿਕਟ ਖਿੜਕੀ 'ਤੇ ਵੱਡਾ ਕਮਾਲ ਨਹੀਂ ਦਿਖਾ ਸਕੀਆਂ। ਇਸ ਤਰ੍ਹਾਂ ਹੁਣ ਉਸ ਦੇ ਕਰੀਅਰ ਦਾ ਦਾਰੋਮਦਾਰ 'ਸਾਹੋ' 'ਤੇ ਹੈ ਜਿਸ ਵਿਚ 'ਬਾਹੂਬਲੀ' ਫੇਮ ਪ੍ਰਭਾਸ ਉਸ ਦੇ ਨਾਲ ਹੈ। ਫ਼ਿਲਮ ਬਾਰੇ ਉਹ ਕਹਿੰਦੀ ਹੈ, 'ਇਹ ਮੇਰੇ ਕਰੀਅਰ ਦੀ ਪਹਿਲੀ ਇਸ ਤਰ੍ਹਾਂ ਦੀ ਫ਼ਿਲਮ ਹੈ ਜੋ ਦੱਖਣ ਦੇ ਬੈਨਰ ਵਲੋਂ ਬਣਾਈ ਗਈ ਹੈ। ਪਾਪਾ ਨੇ ਦੱਖਣ ਦੇ ਕਈ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਦੱਖਣ ਦੇ ਨਿਰਮਾਤਾ ਅਨੁਸ਼ਾਸਨ ਦੇ ਮਾਮਲੇ ਵਿਚ ਪੱਕੇ ਹੁੰਦੇ ਹਨ। ਨਾ ਤਾਂ ਉਨ੍ਹਾਂ ਨੂੰ ਲੇਟਲਤੀਫੀ ਪਸੰਦ ਹੈ ਤੇ ਨਾ ਹੀ ਨਖਰੇਬਾਜ਼ੀ। ਇਸ ਤਰ੍ਹਾਂ ਮੈਨੂੰ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨਾ ਹੋਵੇਗਾ। ਸ਼ਰਧਾ ਆਪਣੀ ਇਸ ਫ਼ਿਲਮ ਨੂੰ ਲੈ ਕੇ ਚੰਗੀ ਉਤਸ਼ਾਹੀ ਹੈ ਕਿਉਂਕਿ ਇਥੇ ਉਸ ਦੇ ਹਿੱਸੇ ਐਕਸ਼ਨ ਦ੍ਰਿਸ਼ ਵੀ ਆਏ ਹਨ। ਕੈਮਰੇ ਸਾਹਮਣੇ ਬੰਦੂਕ ਚਲਾਉਣ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, 'ਫ਼ਿਲਮ ਦੇ ਐਕਸ਼ਨ ਦ੍ਰਿਸ਼ਾਂ ਲਈ ਵਿਦੇਸ਼ੀ ਤਕਨੀਸ਼ੀਅਨ ਬੁਲਾਏ ਗਏ ਸਨ। ਉਹ ਐਕਸ਼ਨ ਦ੍ਰਿਸ਼ ਵੀ ਇਸ ਤਰ੍ਹਾਂ ਸਮਝਾਉਂਦੇ ਹਨ ਜਿਵੇਂ ਡਾਂਸ ਦੇ ਸਟੈਪ ਸਿਖਾਉਂਦੇ ਹੋਣ। ਜਦੋਂ ਮੈਨੂੰ ਬੰਦੂਕ ਫੜਾਈ ਗਈ ਤਾਂ ਮੈਂ ਫਾਇਰ ਕਰਨ ਲਈ ਬੇਤਾਬ ਸੀ। ਬੰਦੂਕ ਹੱਥ ਵਿਚ ਫੜ ਕੇ ਮੈਂ ਬੇਸਬਸਰੀ ਨਾਲ ਇਸ ਗੱਲ ਦਾ ਇੰਤਜ਼ਾਰ ਕਰਨ ਲੱਗੀ ਕਿ ਕਦੋਂ ਉਹ 'ਐਕਸ਼ਨ' ਕਹਿਣ ਅਤੇ ਮੈਂ ਟ੍ਰਿਗਰ 'ਤੇ ਉਂਗਲੀ ਦਬਾ ਦੇਵਾਂ। ਜਦੋਂ 'ਐਕਸ਼ਨ' ਕਿਹਾ ਉਦੋਂ ਪਤਾ ਲੱਗਿਆ ਕਿ ਗੋਲੀ ਕਿਵੇਂ ਚਲਦੀ ਹੈ। 'ਸਾਹੋ' ਆਪਣੇ ਭਾਰੀ ਬਜਟ ਨੂੰ ਲੈ ਕੇ ਵੀ ਚਰਚਾ ਵਿਚ ਹੈ ਅਤੇ ਇਸ ਦੇ ਭਾਰੀ ਬਜਟ ਦੀ ਪੁਸ਼ਟੀ ਕਰਦੇ ਹੋਏ ਸ਼ਰਧਾ ਕਹਿੰਦੀ ਹੈ, 'ਇਹ ਮੇਰੇ ਕਰੀਅਰ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ। ਇਸ ਦੇ ਐਕਸ਼ਨ ਦ੍ਰਿਸ਼ਾਂ 'ਤੇ ਬਹੁਤ ਖਰਚਾ ਕੀਤਾ ਗਿਆ ਹੈ।'

ਇਹਾਨਾ ਢਿੱਲੋਂ

ਦੇ ਮਨ ਦੀ ਚਾਹਤ

ਵਿਸ਼ਾਲ ਪੰਡਿਆ ਨੇ 'ਹੇਟ ਸਟੋਰੀ' ਦਾ ਚੌਥਾ ਭਾਗ ਤਿਆਰ ਕਰਨ ਦੀ ਯੋਜਨਾ ਸਿਰੇ ਚਾੜ੍ਹ ਲਈ ਹੈ ਤੇ ਵਿਸ਼ਾਲ ਦੀ ਇਹ 'ਹੇਟ ਸਟੋਰੀ' ਕਿਸਮਤ ਬਦਲ ਦੇਵੇਗੀ, ਪੰਜਾਬੀ ਫ਼ਿਲਮ ਅਭਿਨੇਤਰੀ ਇਹਾਨਾ ਢਿੱਲੋਂ ਦੀ। ਇਹਾਨਾ ਨੇ ਫਖਰ ਨਾਲ ਐਲਾਨ ਕੀਤਾ ਹੈ ਕਿ ਬਾਲੀਵੁੱਡ ਵਿਚ ਉਸ ਦੇ ਕਦਮ ਪੈ ਗਏ ਹਨ। ਖਾਸ ਗੱਲ ਇਹ ਹੈ ਕਿ ਫ਼ਿਲਮ ਵਿਚ ਮਿਸ ਇਹਾਨਾ ਅੰਗ-ਪ੍ਰਦਰਸ਼ਨ ਨਹੀਂ ਬਲਕਿ ਇਕ ਚੱਜ ਦਾ ਕਿਰਦਾਰ ਕਰੇਗੀ। ਇਸ ਲਈ ਇਹਾਨਾ ਨੇ ਨਿਰਮਾਣ ਘਰ ਤੋਂ ਫ਼ਿਲਮ 'ਹੇਟ ਸਟੋਰੀ-4' ਦੀ ਸਾਰੀ ਸਕ੍ਰਿਪਟ ਸੁਣ ਕੇ ਪਸੰਦ ਕੀਤੀ ਹੈ।
ਪੰਜਾਬਣ ਹਾਂ ਤੇ ਪੰਜਾਬੀ ਫ਼ਿਲਮਾਂ ਕਰਨੀਆਂ ਹੀ ਹਨ, ਬਾਕੀ ਹਿੰਦੀ ਫ਼ਿਲਮ ਹਰੇਕ ਦੀ ਚਾਹਤ ਹੁੰਦੀ ਹੈ। ਸੰਜੇ ਲੀਲਾ ਭੰਸਾਲੀ ਤੇ ਇਰਫਾਨ ਖ਼ਾਨ ਨਾਲ ਫ਼ਿਲਮਾਂ ਮਿਲ ਜਾਣ ਤਾਂ ਸਮਝੋ ਰੱਬ ਮਿਲ ਗਿਆ, ਇਹ ਉਸ ਦੀ ਸੋਚ ਹੈ। ਕੈਨੇਡਾ ਰਹਿ ਕੇ ਦੁਨੀਆ ਦੇ ਹਰ ਤਰ੍ਹਾਂ ਦੇ ਸੱਭਿਆਚਾਰ ਤੋਂ ਉਹ ਜਾਣੂ ਹੈ ਤੇ ਪੂਰੀ ਤਰ੍ਹਾਂ ਸਭ ਕੁਝ ਜਾਣਦੀ ਹੈ। ਅੰਗਰੇਜ਼ੀ ਦੇ ਫਾਹੇ ਵੱਢ ਦੇਣੇ ਤੇ ਪੰਜਾਬੀ ਫਰਾਟੇਦਾਰ ਬੋਲਦੀ ਹੈ ਪਰ ਹਿੰਦੀ ਵਿਚ ਇਹਾਨਾ ਦਾ ਹੱਥ ਤੰਗ ਹੈ। 'ਡੈਡੀ ਕੂਲ ਮੁੰਡੇ ਫੂਲ' ਵਾਲੀ ਇਹ ਨਾਇਕਾ ਇਕ ਗੱਲ ਤੋਂ ਦੁਖੀ ਹੈ ਕਿ ਪੰਜਾਬੀ ਦੀ ਹਰ ਫ਼ਿਲਮ ਮਰਦ ਪ੍ਰਧਾਨ ਹੁੰਦੀ ਹੈ ਤੇ ਔਰਤ ਨੱਚਣ, ਗਾਉਣ ਤੇ ਪਿਆਰ ਤੱਕ ਸੀਮਤ ਹੁੰਦੀ ਹੈ। ਵਿਦਿਆ ਬਾਲਨ ਤੇ ਰਾਣੀ ਦੀ 'ਮਰਦਾਨੀ' ਵਰਗੀਆਂ ਫ਼ਿਲਮਾਂ ਨਹੀਂ ਆ ਰਹੀਆਂ। ਲੋੜ ਹੈ ਪੰਜਾਬੀ ਫ਼ਿਲਮਾਂ ਨੂੰ ਇਸ ਤਬਦੀਲੀ ਦੀ, ਇਹ ਅੱਗੇ ਜਾਣ ਲਈ ਮਜ਼ਬੂਤ ਪਲੇਟਫਾਰਮ ਹਨ।

'ਕਬੀਰ ਸਿੰਘ' ਵਿਚ ਕੰਮ ਕਰ ਕੇ ਫਾਇਦਾ ਹੋਇਆ : ਪ੍ਰੀਤੀ ਚੌਧਰੀ

ਪੰਜਾਹ ਸਾਲ ਪਹਿਲਾਂ ਦੀ ਇਹ ਘਟਨਾ ਹੈ। ਉਦੋਂ ਸ਼ਸ਼ੀ ਕਪੂਰ ਇਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ। ਕਈ ਜੂਨੀਅਰ ਕਲਾਕਾਰ ਵੀ ਸ਼ੂਟਿੰਗ ਵਿਚ ਮੌਜੂਦ ਸਨ। ਉਦੋਂ ਸ਼ਸ਼ੀ ਦੀ ਨਜ਼ਰ ਜੂਨੀਅਰ ਕਲਾਕਾਰਾਂ ਦੀ ਭੀੜ ਵਿਚ ਆਖ਼ਰੀ ਕਿਨਾਰੇ ਵਿਚ ਖੜ੍ਹੇ ਲੰਮੇ ਕੱਦ ਦੇ ਕਲਾਕਾਰ 'ਤੇ ਗਈ। ਉਨ੍ਹਾਂ ਦੀਆਂ ਪਾਰਖੂ ਨਜ਼ਰਾਂ ਨੇ ਪਛਾਣ ਲਿਆ ਸੀ ਕਿ ਉਹ ਸ਼ਖ਼ਸ ਜੂਨੀਅਰ ਕਲਾਕਾਰ ਬਣਨ ਲਈ ਨਹੀਂ ਪੈਦਾ ਹੋਇਆ। ਇਸ਼ਾਰਾ ਕਰ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕੁਝ ਗੱਲਾਂ ਕਰਨ ਤੋਂ ਬਾਅਦ ਇਹ ਕਿਹਾ ਕਿ ਉਸ ਦੀ ਥਾਂ ਕੈਮਰੇ ਦੇ ਸਾਹਮਣੇ ਹੋਣੀ ਚਾਹੀਦੀ ਹੈ ਨਾ ਕਿ ਭੀੜ ਵਿਚ। ਉਨ੍ਹਾਂ ਦੀ ਇਹ ਗੱਲ ਸੱਚ ਸਾਬਿਤ ਹੋਈ। ਕੁਝ ਮਹੀਨੇ ਬਾਅਦ ਉਹ ਕਲਾਕਾਰ ਕੈਮਰੇ ਦੇ ਸਾਹਮਣੇ ਸੀ ਜਿਸ ਨੂੰ ਬਾਅਦ ਵਿਚ ਪੂਰੀ ਦੁਨੀਆ ਅਮਿਤਾਭ ਬੱਚਨ ਦੇ ਨਾਂਅ ਨਾਲ ਜਾਣਨ ਲੱਗੀ। ਕੁਝ ਇਸ ਤਰ੍ਹਾਂ ਦਾ ਸੰਯੋਗ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਪ੍ਰੀਤੀ ਚੌਧਰੀ ਦੇ ਨਾਲ ਵੀ ਹੋ ਗਿਆ। ਇਸ ਸੰਯੋਗ ਬਾਰੇ ਉਹ ਕਹਿੰਦੀ ਹੈ, 'ਮੈਂ ਗ਼ੈਰ ਫ਼ਿਲਮੀ ਪਰਿਵਾਰ ਤੋਂ ਹਾਂ। ਫ਼ਿਲਮਾਂ ਵਿਚ ਨਾਂਅ ਕਮਾਉਣ ਦੇ ਇਰਾਦੇ ਨਾਲ ਜਦੋਂ ਇਥੇ ਆਈ ਤਾਂ ਪਤਾ ਨਹੀਂ ਸੀ ਕਿ ਕਿਥੋਂ ਸ਼ੁਰੂਆਤ ਕੀਤੀ ਜਾਵੇ। ਮੈਨੂੰ ਪਹਿਲੀ ਫ਼ਿਲਮ ਮਿਲੀ, ਉਹ ਸੀ 'ਕਬੀਰ ਸਿੰਘ'। ਇਸ ਵਿਚ ਮੇਰੀ ਭੂਮਿਕਾ ਕਾਲਜ ਦੀ ਵਿਦਿਆਰਥਣ ਦੀ ਸੀ ਜੋ ਕਿ ਨਾਇਕਾ ਕਿਆਰਾ ਦੀ ਸਹੇਲੀ ਹੁੰਦੀ ਹੈ। ਇਹ ਛੋਟੀ ਜਿਹੀ ਭੂਮਿਕਾ ਸੀ ਅਤੇ ਇਕ ਦਿਨ ਕਾਲਜ ਦੀ ਭੀੜ ਵਾਲੇ ਦ੍ਰਿਸ਼ ਵਿਚ ਮੈਨੂੰ ਵੀ ਸ਼ਾਮਿਲ ਕੀਤਾ ਗਿਆ। 'ਕਬੀਰ ਸਿੰਘ' ਵਿਚ ਕੰਮ ਕਰਕੇ ਫਾਇਦਾ ਇਹ ਹੋਇਆ ਕਿ ਬਾਲੀਵੁੱਡ ਵਿਚ ਕਈਆਂ ਨੇ ਮੇਰੇ ਵੱਲ ਧਿਆਨ ਦਿੱਤਾ। ਹੁਣ ਨਿਰਦੇਸ਼ਕ ਰਾਜੇਸ਼ ਰਾਠੀ ਨੇ ਮੈਨੂੰ 'ਲਾਸਟ ਡੀਲ' ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ ਹੈ। ਇਸ ਤਰ੍ਹਾਂ ਹੁਣ ਮੈਂ ਕੈਮਰੇ ਸਾਹਮਣੇ ਆ ਗਈ ਹਾਂ।'
ਉਂਝ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਪ੍ਰੀਤੀ ਕਈ ਪੰਜਾਬੀ ਵੀਡੀਓ ਵਿਚ ਕੰਮ ਕਰ ਚੁੱਕੀ ਹੈ ਪਰ ਉਸ ਦਾ ਇਰਾਦਾ ਤਾਂ ਫ਼ਿਲਮਾਂ ਵਿਚ ਕੰਮ ਕਰਨਾ ਦਾ ਰਿਹਾ ਸੀ। 'ਲਾਸਟ ਡੀਲ' ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਇਹ ਆਮ ਭੂਮਿਕਾ ਨਹੀਂ ਹੈ। ਇਸ ਵਿਚ ਕਈ ਸ਼ੇਡਜ਼ ਹਨ ਅਤੇ ਨਾਇਕਾ ਦੇ ਤੌਰ 'ਤੇ ਇਸ ਤਰ੍ਹਾਂ ਦੀ ਭੂਮਿਕਾ ਮਿਲਣਾ ਮੇਰੇ ਲਈ ਵੱਡੀ ਗੱਲ ਹੈ।


-ਮੁੰਬਈ ਪ੍ਰਤੀਨਿਧ

ਕਸ਼ਮੀਰੀ ਸੁੰਦਰੀ ਆਲੀਆ ਖ਼ਾਨ ਬਾਲੀਵੁੱਡ ਵਿਚ

ਇਨ੍ਹੀਂ ਦਿਨੀਂ ਕਸ਼ਮੀਰ ਬਹੁਤ ਚਰਚਾ ਵਿਚ ਹੈ। ਦੂਜੇ ਪਾਸੇ ਕਸ਼ਮੀਰ ਦੀ ਸੁੰਦਰੀ ਆਲੀਆ ਖਾਨ ਡਾਰ ਬਾਲੀਵੁੱਡ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਆਲੀਆ ਨੇ ਸੱਚੀ ਘਟਨਾ 'ਤੇ ਆਧਾਰਿਤ ਫ਼ਿਲਮ 'ਟਾਈਮ ਟੂ ਰਿਟੈਲਇਏਟ-ਮਾਸੂਮ' ਵਿਚ ਕੰਮ ਕਰਕੇ ਬਾਲੀਵੁੱਡ ਵਿਚ ਦਾਖਲਾ ਲਿਆ ਹੈ। ਫ਼ਿਲਮ ਵਿਚ ਉਹ ਜ਼ੋਇਆ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ਦੀ ਕਹਾਣੀ ਇਕ ਇਸ ਤਰ੍ਹਾਂ ਦੇ ਮੌਲਵੀ 'ਤੇ ਆਧਾਰਿਤ ਹੈ ਜੋ ਮਦਰੱਸੇ ਵਿਚ ਪੜ੍ਹਨ ਆਉਂਦੇ ਬੱਚਿਆਂ ਨੂੰ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਹੈ ਅਤੇ ਜੋਇਆ ਇਸ ਅਪਰਾਧ ਦੇ ਖਿਲਾਫ਼ ਆਵਾਜ਼ ਚੁੱਕਦੀ ਹੈ।
ਆਲੀਆ ਨੂੰ ਖ਼ੁਸ਼ੀ ਹੈ ਕਿ ਉਹ ਇਕ ਇਸ ਤਰ੍ਹਾਂ ਦੀ ਫ਼ਿਲਮ ਨਾਲ ਆਪਣਾ ਆਗਮਨ ਕਰ ਰਹੀ ਹੈ ਜਿਸ ਵਿਚ ਸਮਾਜ ਵਿਚ ਫੈਲੀ ਗੰਦਗੀ ਦੇ ਖਿਲਾਫ਼ ਆਵਾਜ਼ ਚੁੱਕੀ ਗਈ ਹੈ।


-ਮੁੰਬਈ ਪ੍ਰਤੀਨਿਧ

ਪੰਜਾਬੀ ਵੀਡੀਓ ਵਿਚ ਸ਼ਮਿਤਾ ਸ਼ੈਟੀ

ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵਿਚ 'ਸ਼ਰਾਰਾ ਸ਼ਰਾਰਾ...' ਗੀਤ 'ਤੇ ਥਿਰਕ ਕੇ ਆਪਣੀ ਪਛਾਣ ਬਣਾਉਣ ਵਾਲੀ ਸ਼ਮਿਤਾ ਸ਼ੈਟੀ ਨੇ ਉਂਝ ਤਾਂ 'ਮੁਹੱਬਤੇਂ', 'ਜ਼ਹਿਰ', 'ਫਰੇਬ' ਆਦਿ ਫ਼ਿਲਮਾਂ ਵਿਚ ਕੰਮ ਕੀਤਾ ਤੇ ਨਾਲ ਹੀ 'ਬਿੱਗ ਬੌਸ', 'ਝਲਕ ਦਿਖਲਾ ਜਾ', 'ਖ਼ਤਰੋਂ ਕੇ ਖਿਲਾੜੀ' ਵਰਗੇ ਰਿਆਲਿਟੀ ਸ਼ੋਆਂ ਵਿਚ ਹਿੱਸਾ ਵੀ ਲਿਆ।
ਹੁਣ ਸ਼ਮਿਤਾ ਦੇ ਕਰੀਅਰ ਵਿਚ ਨਵੀਂ ਚਮਕ ਬਿਖੇਰਨ ਲਈ ਉਸ ਦੇ ਜੀਜਾ ਰਾਜ ਕੁੰਦਰਾ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਸਾਲੀ ਨੂੰ ਲੈ ਕੇ ਇਕ ਵੀਡੀਓ ਐਲਬਮ ਬਣਾਇਆ ਹੈ। ਰਾਜ ਖ਼ੁਦ ਪੰਜਾਬੀ ਹੈ। ਸੋ, ਇਹ ਵੀਡੀਓ ਦਾ ਗੀਤ ਵੀ ਪੰਜਾਬੀ ਹੈ ਅਤੇ ਇਸ ਦੇ ਬੋਲ ਹਨ 'ਤੇਰੀ ਮਾਂ...' ਤੇ ਇਸ ਦੇ ਲਈ ਡੋਲੀ ਸਿੱਧੂ ਤੇ ਰੂਪ ਸਿੱਧੂ ਨੇ ਆਵਾਜ਼ ਦਿੱਤੀ ਹੈ ਤੇ ਟਿਕ ਟਾਕ ਫੇਮ ਮਾਨਵ ਛਾਬੜਾ ਵੀ ਇਸ ਵਿਚ ਹਨ।
ਖ਼ੁਦ ਰਾਜ ਕੁੰਦਰਾ ਨੇ ਇਹ ਵੀਡੀਓ ਸ਼ੂਟ ਕੀਤਾ ਹੈ। ਉਹ ਪਹਿਲਾਂ ਰਾਹਤ ਫ਼ਤਹਿ ਅਲੀ ਖਾਨ ਲਈ 'ਤੇਰੀ ਯਾਦ...' ਨੂੰ ਵੀ ਫ਼ਿਲਮਾਂਕਿਤ ਕਰ ਚੁੱਕਾ ਹੈ। ਰਾਜ ਨੇ ਮੁੰਬਈ ਦੇ ਮਡ ਆਈਲੈਂਡ ਵਿਚ ਲਗਾਤਾਰ 18 ਘੰਟੇ ਸ਼ੂਟਿੰਗ ਕਰ ਕੇ ਸ਼ਮਿਤਾ 'ਤੇ ਵੀਡੀਓ ਫ਼ਿਲਮਾਇਆ ਅਤੇ ਇਹ ਪਹਿਲਾ ਮੌਕਾ ਸੀ ਜਦੋਂ ਜੀਜਾ-ਸਾਲੀ ਨੇ ਕਿਸੇ ਪ੍ਰਾਜੈਕਟ ਲਈ ਇਕੱਠੇ ਕੰਮ ਕੀਤਾ ਹੋਵੇ।
ਇਸ ਵੀਡੀਓ ਬਾਰੇ ਸ਼ਮਿਤਾ ਕਹਿੰਦੀ ਹੈ, 'ਮੇਰੇ ਲਈ ਪੰਜਾਬੀ ਵੀਡੀਓ ਵਿਚ ਕੰਮ ਕਰਨ ਦਾ ਇਹ ਪਹਿਲਾ ਮੌਕਾ ਸੀ। ਸੋ, ਮੈਂ ਜ਼ਰਾ ਘਬਰਾਈ ਸੀ ਕਿਉਂਕਿ ਮੈਨੂੰ ਪੰਜਾਬੀ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਫਿਰ ਮੈਂ ਆਪਣੇ ਜੀਜਾ ਜੀ ਭਰੋਸੇ ਸਭ ਛੱਡ ਦਿੱਤਾ। ਉਹ ਜੋ ਕਹਿੰਦੇ ਗਏ ਮੈਂ ਕਰਦੀ ਚਲੀ ਗਈ। ਉਨ੍ਹਾਂ ਦੀ ਵਜ੍ਹਾ ਨਾਲ ਮੈਂ ਤਣਾਅਮੁਕਤ ਹੋ ਕੇ ਕੰਮ ਕੀਤਾ ਅਤੇ ਇਸ ਦਾ ਅਸਰ ਵੀਡੀਓ ਦੀ ਕੁਆਲਿਟੀ 'ਤੇ ਵੀ ਪਿਆ ਹੈ।


-ਮੁੰਬਈ ਪ੍ਰਤੀਨਿਧ

ਹਿੰਦੀ ਲੜੀਵਾਰ ਵਿਚ ਉਪੇਂਦਰ ਲਿਮਯੇ ਦਾ ਆਗਮਨ

ਮਰਾਠੀ ਕਲਾ ਜਗਤ ਵਿਚ ਉਪੇਂਦਰ ਲਿਮਯੇ ਦਾ ਵੱਡਾ ਨਾਂਅ ਹੈ। ਗ਼ੈਰ-ਮਰਾਠੀ ਦਰਸ਼ਕ ਇਸ ਨਾਂਅ ਤੋਂ ਜਾਣੂ ਉਦੋਂ ਹੋਏ ਜਦੋਂ ਉਪੇਂਦਰ ਨੂੰ ਮਰਾਠੀ ਫ਼ਿਲਮ 'ਜੋਗਵਾ' ਲਈ ਕੌਮੀ ਪੁਰਸਕਾਰ ਮਿਲਿਆ। ਹਾਂ, ਉਹ 'ਚਾਂਦਨੀ ਬਾਰ', 'ਪੇਜ-3', 'ਟ੍ਰੈਫਿਕ ਸਿਗਨਲ', 'ਸਰਕਾਰ ਰਾਜ' ਆਦਿ ਹਿੰਦੀ ਫ਼ਿਲਮਾਂ ਕਰ ਚੁੱਕੇ ਹਨ ਪਰ ਹੁਣ ਸੋਨੀ 'ਤੇ ਸ਼ੁਰੂ ਹੋਏ ਲੜੀਵਾਰ 'ਤਾਰਾ ਫਰਾਮ ਸਾਤਾਰਾ' ਨਾਲ ਉਨ੍ਹਾਂ ਨੇ ਹਿੰਦੀ ਲੜੀਵਾਰ ਵਿਚ ਵੀ ਆਗਮਨ ਕਰ ਲਿਆ ਹੈ। ਲੜੀਵਾਰ ਵਿਚ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਸਚਿਨ ਮਾਨੇ ਹੈ ਅਤੇ ਸਚਿਨ ਨੂੰ ਕਲਾਸੀਕਲ ਡਾਂਸਰ ਤੇ ਡਾਂਸ ਸਕੂਲ ਚਲਾਉਂਦੇ ਦਿਖਾਇਆ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਉਪੇਂਦਰ ਦਾ ਡਾਂਸ ਨਾਲ ਦੂਰ-ਦੂਰ ਤੱਕ ਦਾ ਸਬੰਧ ਨਹੀਂ ਹੈ। ਆਪਣੇ ਪਹਿਲੇ ਹਿੰਦੀ ਲੜੀਵਾਰ ਲਈ ਇਸ ਤਰ੍ਹਾਂ ਦੀ ਚੁਣੌਤੀਪੂਰਨ ਭੂਮਿਕਾ ਲਈ ਹਾਂ ਕਹਿਣ ਬਾਰੇ ਉਹ ਕਹਿੰਦੇ ਹਨ, 'ਜਦੋਂ ਕਦੀ ਮੈਂ ਹਿੰਦੀ ਲੜੀਵਾਰ ਦੇਖਦਾ ਹਾਂ ਤਾਂ ਕਿਰਦਾਰਾਂ ਨੂੰ ਦੇਖ ਕੇ ਇਹੀ ਮਹਿਸੂਸ ਕਰਦਾ ਹਾਂ ਕਿ ਭਲਾ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਹਨ। ਮੈਨੂੰ ਉਹ ਸਾਰੇ ਕਿਰਦਾਰ ਨਕਲੀ ਲਗਦੇ ਸਨ।
* ਇਥੇ ਸਾਤਾਰਾ ਦੀ ਗੱਲ ਕਹੀ ਗਈ ਹੈ ਜੋ ਕਿ ਮਹਾਰਾਸ਼ਟਰ ਦਾ ਸੈਲਾਨੀ ਥਾਂ ਹੈ। ਕੀ ਤੁਹਾਡੇ ਕਿਰਦਾਰ ਵਿਚ ਵੀ ਮਰਾਠੀ ਟਚ ਦਿਸੇਗਾ?
-ਚੈਨਲ ਨੇ ਇਸ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਬਣਾਇਆ ਹੈ ਨਾ ਕਿ ਸਿਰਫ਼ ਮਹਾਰਾਸ਼ਟਰ ਲਈ। ਸੋ, ਇਥੇ ਜ਼ਿਆਦਾ ਮਰਾਠੀ ਟਚ ਦੇਣ ਨਾਲ ਲੋਕ ਕਿਰਦਾਰਾਂ ਨਾਲ ਲਗਾਓ ਮਹਿਸੂਸ ਨਹੀਂ ਕਰਨਗੇ। ਹਾਂ, ਕਿਤੇ-ਕਿਤੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਕਿਰਦਾਰ ਦੀ ਅਸਲੀ ਪਛਾਣ ਬਣੀ ਰਹੇ।

-ਮੁੰਬਈ ਪ੍ਰਤੀਨਿਧ

ਦਸੰਬਰ ਵਿਚ ਪ੍ਰਦਰਸ਼ਿਤ ਹੋਵੇਗੀ 'ਮਰਦਾਨੀ-2'

'ਮਰਦਾਨੀ' ਵਿਚ ਪੁਲਿਸ ਅਫ਼ਸਰ ਬਣੇ ਸਮਾਜ ਦੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨ ਵਾਲੀ ਰਾਣੀ ਮੁਖਰਜੀ ਨੇ ਹੁਣ ਫਿਰ ਇਕ ਵਾਰ 'ਮਰਦਾਨੀ-2' ਲਈ ਪੁਲਿਸ ਦੀ ਵਰਦੀ ਧਾਰਨ ਕਰ ਲਈ ਹੈ। ਇਨ੍ਹੀਂ ਦਿਨੀਂ ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ 'ਤੇ ਹੈ ਅਤੇ ਫ਼ਿਲਮ ਦੇ ਨਿਰਮਾਤਾ ਤੇ ਰਾਣੀ ਦੇ ਪਤੀ ਆਦਿਤਿਆ ਚੋਪੜਾ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਹ 13 ਦਸੰਬਰ ਨੂੰ ਪ੍ਰਦਰਸ਼ਿਤ ਹੋਵੇਗੀ।
ਪਹਿਲੀ 'ਮਰਦਾਨੀ' ਵਿਚ ਰਾਣੀ ਵਲੋਂ ਸੀਨੀਅਰ ਇੰਸਪੈਕਟਰ ਸ਼ਿਵਾਨੀ ਦੀ ਭੂਮਿਕਾ ਨਿਭਾਈ ਗਈ ਸੀ ਤੇ ਇਥੇ ਉਸ ਦੇ ਕਿਰਦਾਰ ਦੀ ਤਰੱਕੀ ਕਰਕੇ ਉਸ ਨੂੰ ਏ. ਸੀ. ਪੀ. ਦੇ ਰੂਪ ਵਿਚ ਦਿਖਾਇਆ ਗਿਆ ਹੈ। ਇਹ ਵੱਖਰਾ ਜਿਹਾ ਵਿਸ਼ਾ ਚੁਣਿਆ ਗਿਆ ਹੈ ਅਤੇ ਵਿਸ਼ਾ ਕੁਝ ਇਸ ਤਰ੍ਹਾਂ ਹੈ ਕਿ ਜਿਸ ਦੇ ਚਲਦਿਆਂ ਮੁੱਖ ਖ਼ਲਨਾਇਕ ਦੀ ਉਮਰ 21 ਸਾਲ ਦੀ ਦਿਖਾਈ ਗਈ ਹੈ। ਇਸ ਤੋਂ ਇਹ ਤਾਂ ਸਾਫ਼ ਹੋ ਜਾਂਦਾ ਹੈ ਕਿ ਫ਼ਿਲਮ ਵਿਚ ਅੱਜ ਦੇ ਨੌਜਵਾਨਾਂ ਨਾਲ ਸਬੰਧਿਤ ਕਹਾਣੀ ਪੇਸ਼ ਕੀਤੀ ਜਾਵੇਗੀ।
'ਮਰਦਾਨੀ' ਦਾ ਲੇਖਨ ਕੰਮ ਗੋਪੀ ਪੁਥਰਨ ਵਲੋਂ ਕੀਤਾ ਗਿਆ ਸੀ। ਹੁਣ ਉਹ ਹੀ ਇਸ ਨਵੀਂ 'ਮਰਦਾਨੀ' ਦੇ ਨਿਰਦੇਸ਼ਕ ਹਨ ਅਤੇ ਉਹ ਨਿਰਦੇਸ਼ਕ ਬਣ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਰਾਜਸਥਾਨ ਵਿਚ ਕੀਤੀ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਫ਼ਿਲਮ ਦਰਸ਼ਕਾਂ ਨੂੰ ਹੈਰਾਨ ਕਰਨ ਵਿਚ ਕਾਮਯਾਬ ਰਹੇਗੀ। ਹੁਣ ਇਸ ਦਾਅਵੇ ਦੀ ਸੱਚਾਈ ਬਾਰੇ ਦਸੰਬਰ ਮਹੀਨੇ ਪਤਾ ਲੱਗੇਗਾ।


-ਮੁੰਬਈ ਪ੍ਰਤੀਨਿਧ

ਬਹੁਪੱਖੀ ਪ੍ਰਤਿਭਾ ਦਾ ਮਾਲਕ ਅਮਰਜੀਤ ਮੱਟੂ

ਅਮਰਜੀਤ ਸਿੰਘ ਮੱਟੂ ਇਕ ਪ੍ਰਵਾਨਿਤ ਗੀਤਕਾਰ, ਗਾਇਕ, ਬਾ-ਕਮਾਲ ਕਾਮੇਡੀਅਨ ਅਤੇ ਵਧੀਆ ਸਟੇਜ ਐਂਕਰ ਵੀ ਹੈ। ਅਮਰਜੀਤ ਮੱਟੂ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਰੂਰ ਤਹਿਸੀਲ ਸੁਨਾਮ ਵਿਚ ਪਿਤਾ ਸ੍ਰੀ ਬਰਕਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਦਿਆਲ ਕੌਰ ਦੀ ਕੁੱਖੋ ਜਨਮਿਆਂ। ਆਮ ਗਾਇਕਾਂ ਵਾਂਗ ਉਸਨੂੰ ਵੀ ਬਚਪਨ ਤੋਂ ਹੀ ਗੀਤ ਸੰਗੀਤ ਨਾਲ ਮੋਹ ਸੀ। ਸਕੂਲ ਸਭਾਵਾਂ ਤੋਂ ਲੈਕੇ ਕਾਲਜ ਦੇ ਸਮਾਗਮ ਤੱਕ ਚੰਗੀ ਵਾਹ-ਵਾਹ ਖੱਟੀ। ਐਚ.ਐਮ.ਵੀ ਕੰਪਨੀ ਦੇ ਗਾਇਕ ਦਾਰੀ ਰਾਮ ਲਖੀਆ, ਬੀਬਾ ਸ਼ਿੰਦਰਪਾਲ ਸੁਨਾਮ, ਅਮਰ ਸਿੰਘ ਸ਼ੇਰਪੁਰੀ ਤੇ ਬੀਬਾ ਸੁਰਿੰਦਰ ਮੋਹਣੀ, ਕਰਨੈਲ ਗਿੱਲ, ਪ੍ਰੀਤੀ ਬਾਲਾ ਆਦਿ, ਗਾਇਕ,ਗਾਇਕਾਵਾਂ ਦੀ ਆਵਾਜ਼ ਵਿਚ ਉਸਦੇ ਲਿਖੇ ਗੀਤ ਰਿਕਾਰਡ ਹੋਏ ਤੇ ਲੋਕਾਂ ਨੇ ਵੀ ਰੀਝ ਨਾਲ ਸੁਣੇ ਤੇ ਮਾਣੇ। 1990 ਵਿਚ ਮੱਟੂ ਖੁਦ ਗਾਇਕੀ ਦੀ ਤਾਲੀਮ ਹਾਸਲ ਕਰਕੇ ਗਾਉਣ ਲੱਗ ਪਿਆ। ਪਹਿਲੀ ਧਾਰਮਿਕ ਕੈਸਿਟ ਬਾਬਾ ਬੰਦਾ ਸਿੰਘ ਬਹਾਦਰ ਲੁਧਿਆਣੇ ਦੀ ਵੀ.ਐਮ.ਸੀ. ਕੰਪਨੀ ਨੇ ਰਿਲੀਜ਼ ਕੀਤੀ ਅਤੇ ਬੀਬਾ ਸ਼ਰਨਜੀਤ ਨਾਲ ਡਿਊਟ ਕੈਸਿਟ ਵੀਰ ਦਾ ਵਿਆਹ ਬਠਿੰਡਾ ਦੀ ਸੀਬਾ ਕੰਪਨੀ ਨੇ ਰਿਲੀਜ਼ ਕੀਤੀ। ਲੁਧਿਆਣੇ ਦੀ ਸੀ.ਟੀ.ਸੀ. ਕੰਪਨੀ ਵਲੋਂ ਡਾਕਾ 92, ਡਾਕਾ 92, ਡਾਕਾ 93, ਅਤੇ ਫਾਈਨਟੋਨ ਕੰਪਨੀ ਵਲੋਂ ਡਾਕਾ 94, ਅਤੇ ਸੀ.ਟੀ.ਸੀ. ਕੰਪਨੀ ਵਲੋਂ ਕੰਗਾਲ ਬੈਂਕ ਡਕੈਤੀ, ਲੱਕੜ ਦਾ ਬਾਂਦਰ ਕਾਮੇਡੀ ਕੈਸਿਟਾਂ ਪੰਜਾਬੀਆਂ ਦੀ ਝੋਲੀ ਪਾਈਆਂ, ਕਮੇਡੀ ਵਿਚ ਉਸ ਦਾ ਸਾਥ ਨੇਕ ਜਮਾਲਪੁਰੀ ਨੇ ਦਿੱਤਾ। ਬਹੁਤ ਸਾਰੀਆਂ ਮਲਟੀ ਐਲਬਮਜ਼ ਵਿਚ ਗੀਤ ਰਿਕਾਰਡ ਕਰਵਾਏ, ਜੋ ਬੜੇ ਮਕਬੂਲ ਹੋਏ। ਜਲੰਧਰ ਦੂਰਦਰਸ਼ਨ, ਡੀ.ਡੀ. ਪੰਜਾਬੀ ਜਲੰਧਰ ਤੋਂ ਅਕਸਰ ਗਾਹੇ-ਬਾ-ਗਾਹੇ ਪ੍ਰੋਗਰਾਮ ਆਉਂਦੇ ਹੀ ਰਹਿੰਦੇ ਹਨ। ਉਸ ਨੂੰ ਸੱਭਿਆਚਾਰਕ ਮੇਲਿਆਂ ਦੇ ਸੱਦੇ ਵੀ ਆਉਣ ਲੱਗ ਪਏ, ਮੱਟੂ ਨੂੰ ਧਾਰਮਿਕ, ਸੱਭਿਅਕ ਗਾਇਕ ਡਿਊਟਰ ਅਤੇ ਕਾਮੇਡੀਅਨ /ਆਲ ਰਾਊਂਡਰ ਕਲਾਕਾਰ ਹੋਣ ਕਰਕੇ ਵੱਡੇ-ਵੱਡੇ ਸੱਭਿਆਚਾਰਕ ਮੇਲਿਆਂ ਵਿਚ ਐਂਕਰਿੰਗ ਕਰਨ ਦਾ ਵੀ ਮੌਕਾ ਮਿਲਣ ਲੱਗ ਪਿਆ। ਬਹੁਤ ਸਾਰੀਆਂ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ।


-ਗੁਰਚਰਨ ਸਿੰਘ ਜੰਜੂਆ
ਪੱਤਰ ਪ੍ਰੇਰਕ ਸਲਾਣਾ (ਅਮਲੋਹ)
gurcharan.singhjanjua@gmail.com

ਮੈਨੂੰ ਕਰਮਵੀਰਾਂ ਤੋਂ ਪ੍ਰੇਰਣਾ ਮਿਲਦੀ ਹੈ : ਅਮਿਤਾਭ

3 ਜੁਲਾਈ, 2000 ਨੂੰ ਸਟਾਰ ਪਲੱਸ ਚੈਨਲ 'ਤੇ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦਾ ਪ੍ਰਸਾਰਨ ਰਾਤ ਨੌਂ ਵਜੇ ਸ਼ੁਰੂ ਹੋਇਆ ਅਤੇ ਇਸ ਦੇ ਨਾਲ ਹੀ ਹਿੰਦੀ ਟੈਲੀਵਿਜ਼ਨ ਜਗਤ ਦੇ ਇਤਿਹਾਸ ਵਿਚ ਇਕ ਸੁਨਹਿਰੀ ਅਧਿਆਏ ਜੁੜ ਗਿਆ। ਇਸ ਸ਼ੋਅ ਨਾਲ ਅਮਿਤਾਭ ਬੱਚਨ ਨੇ ਛੋਟੇ ਪਰਦੇ 'ਤੇ ਆਪਣਾ ਆਗਮਨ ਕੀਤਾ ਅਤੇ ਸ਼ੋਅ ਦੀ ਮਹਾਸਫ਼ਲਤਾ ਨੇ ਸਟਾਰ ਪਲੱਸ ਚੈਨਲ ਨੂੰ ਦੇਖਦੇ ਹੀ ਦੇਖਦੇ ਨੰ: 1 ਦੀ ਥਾਂ 'ਤੇ ਪਹੁੰਚਾ ਦਿੱਤਾ। ਹੁਣ ਇਸ ਸ਼ੋਅ ਦੇ 11ਵੇਂ ਸੀਜ਼ਨ ਦਾ ਪ੍ਰਸਾਰਨ ਸੋਨੀ 'ਤੇ ਪਿਛਲੇ ਦਿਨੀਂ 19 ਅਗਸਤ ਨੂੰ ਸ਼ੁਰੂ ਹੋਇਆ ਹੈ ਅਤੇ ਇਕ ਵਾਰ ਫਿਰ ਅਮਿਤਾਭ ਬੱਚਨ ਆਪਣੇ ਸਾਹਮਣੇ ਵਾਲੀ ਹਾਟ ਸੀਟ 'ਤੇ ਬੈਠੇ ਪ੍ਰਤੀਯੋਗੀਆਂ ਤੋਂ ਸਵਾਲ ਪੁੱਛ ਰਹੇ ਹਨ ਅਤੇ ਇਨਾਮੀ ਰਾਸ਼ੀ ਦੀ ਬਦੌਲਤ ਕਈਆਂ ਦੀ ਕਿਸਮਤ ਵੀ ਬਦਲ ਰਹੀ ਹੈ। ਅਮਿਤਾਭ ਇਸ ਨੂੰ ਮਹਿਜ਼ ਸ਼ੋਅ ਕਰਾਰ ਨਹੀਂ ਦਿੰਦੇ। ਉਨ੍ਹਾਂ ਅਨੁਸਾਰ ਇਹ ਗਿਆਨ ਦਾ ਅਧਿਆਏ ਹੈ। ਨਾਲ ਹੀ ਇਹ ਸ਼ੋਅ ਕਿਸੇ ਕੁਦਰਤੀ ਆਫ਼ਤ ਦੇ ਸਮੇਂ ਦੇਸ਼ਵਾਸੀਆਂ ਦੇ ਨਾਲ ਵੀ ਖੜ੍ਹਾ ਰਿਹਾ ਹੈ। ਗੁਜਰਾਤ ਦਾ ਭੁਚਾਲ ਹੋਵੇ ਜਾਂ ਕਸ਼ਮੀਰ ਦੇ ਹੜ੍ਹ, ਇਸ ਸ਼ੋਅ ਨੇ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਅਮਿਤਾਭ ਅਨੁਸਾਰ ਇਹ ਸ਼ੋਅ ਉਨ੍ਹਾਂ ਦੇ ਕਰੀਅਰ ਤੇ ਜ਼ਿੰਦਗੀ ਲਈ ਵੀ ਮਹੱਤਵਪੂਰਨ ਸਾਬਤ ਹੋਇਆ ਹੈ। ਉਹ ਕਹਿੰਦੇ ਹਨ, 'ਅਸੀਂ ਇਸ ਸ਼ੋਅ ਵਿਚ ਹਰ ਸ਼ੁੱਕਰਵਾਰ ਦੇ ਐਪੀਸੋਡ ਵਿਚ ਕਰਮਵੀਰਾਂ ਨੂੰ ਪੇਸ਼ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਸੇਵਾ, ਸਮਾਜ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੋਵੇ, ਉਨ੍ਹਾਂ ਨੂੰ ਹਾਟ ਸੀਟ 'ਤੇ ਬੈਠਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਜ਼ਿੰਦਗੀ ਦੀ ਜੰਗ ਪੂਰੇ ਜਜ਼ਬੇ ਦੇ ਨਾਲ ਲੜ ਕੇ ਜਿੱਤ ਹਾਸਲ ਕੀਤੀ ਹੁੰਦੀ ਹੈ। ਸੱਚ ਕਹਾਂ ਤਾਂ ਮੈਨੂੰ ਕਰਮਵੀਰਾਂ ਤੋਂ ਪ੍ਰੇਰਣਾ ਮਿਲਦੀ ਹੈ। ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਹੋਈਆਂ ਕੁਝ ਕੁੜੀਆਂ ਜਦੋਂ ਇਥੇ ਆਈਆਂ ਸੀ ਉਦੋਂ ਮਨ ਦੁਖੀ ਹੋ ਗਿਆ ਸੀ ਪਰ ਉਨ੍ਹਾਂ ਦਾ ਹੌਸਲਾ ਦੇਖ ਕੇ ਮੈਂ ਉਨ੍ਹਾਂ 'ਤੇ ਫ਼ਖ਼ਰ ਕਰਨ ਲੱਗਿਆ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਈਆਂ 'ਤੇ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਹਨ ਪਰ ਮਨ ਵਿਚ ਇਹ ਭਰੋਸਾ ਵੀ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਉਂਗਲੀ ਫੜਨ ਵਾਲੇ ਵੀ ਸਮਾਜ ਵਿਚ ਹਨ। ਇਹ ਸ਼ੋਅ ਮੈਨੂੰ ਲੋਕਾਂ ਦੇ ਹੋਰ ਨੇੜੇ ਲਿਆਉਂਦਾ ਹੈ ਅਤੇ ਇਸ ਤਰ੍ਹਾਂ ਦੇ ਸ਼ੋਅ ਸੰਚਾਲਨ ਕਰਨਾ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੈ।


-ਮੁੰਬਈ ਪ੍ਰਤੀਨਿਧ

ਜੈਕਲਿਨ

ਕਦੇ ਯੂ-ਟਿਊਬ 'ਤੇ, ਕਦੇ ਆਟੋ 'ਤੇ

ਆਟੋ ਦੀ ਸਵਾਰੀ ਕਰਦੀ ਦੀ ਜੈਕੀ ਦੀ ਇੰਸਟਾਗ੍ਰਾਮ 'ਤੇ ਪਈ ਤਸਵੀਰ ਨੇ ਲਾਈਕਸ (ਪਸੰਦ) ਵਾਲੀਆਂ ਝੜੀਆਂ ਲਾ ਦਿੱਤੀਆਂ ਹਨ ਤੇ ਜੈਕਲਿਨ ਫਰਨਾਂਡਿਜ਼ ਜੋ 'ਆਟੋ' ਨੂੰ 'ਟੁਕ ਟੁਕ ਦੀ ਸਵਾਰੀ' ਆਖਦੀ ਹੈ, ਦੀ ਪ੍ਰਤੀਕਿਰਿਆ ਹੈ ਕਿ ਜੋ ਮਜ਼ਾ ਆਟੋ 'ਤੇ ਆਉਂਦਾ ਹੈ, ਉਹ ਹਵਾਈ ਜਹਾਜ਼ 'ਚ ਨਹੀਂ ਆਉਂਦਾ। 34ਵਾਂ ਜਨਮ ਦਿਨ ਮਨਾ ਚੁੱਕੀ ਸ੍ਰੀਲੰਕਾ ਦੀ ਇਹ ਪਰੀ ਆਪਣਾ ਜਨਮ ਦਿਨ ਕੋਲੰਬੋ 'ਚ ਮਨਾ ਕੇ ਭਾਰਤ ਪਰਤ ਆਈ ਹੈ। ਆਟੋ ਦੀ ਸਵਾਰੀ ਤੋਂ ਬਾਅਦ ਇਕ ਪੱਤ੍ਰਿਕਾ ਨਾਲ ਤਾਜ਼ਾ ਮਿਲਣੀ ਸਮੇਂ 'ਅਲਾਦੀਨ' ਨਾਲ ਪ੍ਰਵੇਸ਼ ਕਰਨ ਵਾਲੀ ਜੈਕਲਿਨ ਫਰਨਾਂਡਿਜ਼ ਨੇ ਕਿਹਾ ਹੈ ਕਿ 'ਕਿੱਕ-2' ਦੇ ਸਬੰਧ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਊ, ਕਿਉਂਕਿ ਅਜੇ ਤੀਕਰ ਇਸ ਫ਼ਿਲਮ ਦੀ ਸਕ੍ਰਿਪਟ ਹੀ ਨਹੀਂ ਪੂਰੀ ਹੋਈ। ਇਸੇ ਹੀ ਤਰ੍ਹਾਂ 'ਅਰਥ' ਦੇ ਰੀਮੇਕ 'ਚ 'ਸਮਿਤਾ ਪਾਟਿਲ' ਬਣਨ ਨੂੰ ਉਹ ਤਿਆਰ ਹੈ ਤੇ ਹਾਂ ਉਸ ਦੀ ਫ਼ਿਲਮ 'ਡਰਾਈਵ' ਸਹਿਜ ਪਕੇ ਸੋ ਮੀਠਾ ਹੋਏ ਦੀ ਤਰ੍ਹਾਂ ਬਣ ਰਹੀ ਹੈ। ਟਿਕ-ਟੌਕ 'ਤੇ ਉਹ ਖੂਬ ਸਰਗਰਮ ਰਹਿੰਦੀ ਹੈ। ਰੂਪ-ਸ਼ਿੰਗਾਰ ਕਰਦੀ ਦਾ ਉਸ ਆਪਣਾ ਵੀਡੀਓ ਟਿਕ-ਟੌਕ 'ਤੇ ਪਾਇਆ ਹੈ। ਹੈਸ਼ਟੈਗ ਟੱਕ ਟੱਕ ਟੱਕ ਨਾਲ ਇਸ ਨੂੰ ਲੋਕਾਂ ਸਨਮੁੱਖ ਉਸ ਨੇ ਕੀਤਾ ਹੈ। 'ਸਾਹੋ' ਦੇ ਖਾਸ ਗੀਤ 'ਚ ਜੈਕੀ ਦਾ ਆਉਣਾ ਇਕ ਹੈਰਾਨੀਜਨਕ ਘਟਨਾਕ੍ਰਮ ਹੈ। ਪ੍ਰਭਾਸ ਨਾਲ 'ਕਿਡਜ਼' ਗਾਣਾ ਜੈਕੀ ਨੇ 'ਸਾਹੋ' 'ਚ ਕੀਤਾ ਹੈ। ਐਸ. ਲੜੀ ਦੀ ਬੀ.ਐਮ.ਡਬਲਿਊ. 2993 ਉਸ ਨੇ ਲਈ ਹੈ। ਹੁਣ ਇਹ ਸਾਰੀਆਂ ਸਰਗਰਮੀਆਂ ਯੂ-ਟਿਊਬ 'ਤੇ ਉਹ ਰੋਜ਼ ਪਾਏਗੀ। ਆਲੀਆ ਤੋਂ ਬਾਅਦ ਜੈਕੀ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ 'ਦਾ ਬੈਗਕਿੰਗ' ਸਿਰਲੇਖ ਦੇ ਕੇ ਉਸ ਨੇ ਆਪਣੀ ਸੰਘਰਸ਼ਮਈ ਕਹਾਣੀ ਪਾਈ ਹੈ। ਹਰ ਹਫ਼ਤੇ ਨਵਾਂ ਵੀਡੀਓ ਉਹ ਆਪਣਾ ਇਸ ਚੈਨਲ 'ਤੇ ਪਾਇਆ ਕਰੇਗੀ। 'ਮਿਸਿਜ਼ ਸੀਰੀਅਲ ਕਿਲਰ' ਵੈੱਬ ਸੀਰੀਜ਼ ਕਰ ਚੁੱਕੀ ਜੈਕਲਿਨ ਫਰਨਾਂਡਿਜ਼ 'ਕਿਰਿਕ ਪਾਰਟੀ' ਵਾਲੇ ਕਾਰਤਿਕ ਆਰੀਅਨ ਪ੍ਰਤੀ ਝੁਕਦੀ ਨਜ਼ਰ ਆ ਰਹੀ ਹੈ ਤੇ ਮਾਮਲਾ...।

ਐਸ਼ਵਰਿਆ ਰਾਏ

ਆ ਰਹੀ ਹੂੰ ਮੈਂ

ਨਣਾਨ ਸ਼ਵੇਤਾ ਨੰਦਾ ਤੇ ਸਾਸੂ ਮਾਂ ਜਯਾ ਬੱਚਨ ਨਾਲ ਮਿਲ ਕੇ ਐਸ਼ਵਰਿਆ ਰਾਏ ਬੱਚਨ ਆਪਣੇ ਸਹੁਰਾ ਸਾਹਬ ਵਲੋਂ ਸੋਨੀ ਟੀ.ਵੀ. 'ਤੇ ਪੇਸ਼ 'ਕੌਨ ਬਨੇਗਾ ਕਰੋੜਪਤੀ' ਦੇਖਦੀ ਹੈ। ਐਸ਼ਵਰਿਆ ਰਾਏ ਨੇ ਤਾਂ ਬਿਟੀਆ ਅਰਾਧਨਾ ਨੂੰ ਵੀ 'ਕੇ.ਬੀ.ਸੀ.' ਦੇਖਣ ਦੀ ਆਦਤ ਪਾ ਦਿੱਤੀ ਹੈ। ਕਦੇ-ਕਦੇ ਐਸ਼ ਆਪਣੇ ਸਾਰੇ ਪਰਿਵਾਰ ਸਮੇਤ ਬੱਚਨ ਜੀ ਘਰੇ ਹੀ 'ਕੇ.ਬੀ.ਸੀ.' ਖੇਡਦੀ ਹੈ, ਘਰੇ ਸਵਾਲ-ਜਵਾਬ ਦਾ ਸਿਲਸਿਲਾ ਚਲਦਾ ਹੈ। 2018 ਦੀ ਮਈ ਨੂੰ ਸਾਬਕਾ ਸੰਸਾਰ ਸੁੰਦਰੀ ਇੰਸਟਾਗ੍ਰਾਮ 'ਤੇ ਆਈ ਸੀ। ਬੀਤੇ ਦੋ ਮਹੀਨਿਆਂ ਤੋਂ ਉਹ ਇਸ ਸਮਾਜਿਕ ਐਪ ਤੋਂ ਦੂਰ ਸੀ। 70 ਲੱਖ ਦੇ ਕਰੀਬ ਉਸ ਦੇ ਫਾਲੋਅਰਜ਼ ਇੰਸਟਾ 'ਤੇ ਹਨ। ਆਪਣੇ ਪਤੀ ਦੀ ਕਬੱਡੀ ਟੀਮ 'ਜੈਪੁਰ ਪਿੰਕ ਪੈਂਬਰਜ਼' ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾ ਕੇ ਫਿਰ ਐਸ਼ ਇਸ ਸਮਾਜਿਕ ਗੱਲਾਂਬਾਤਾਂ ਦੀ ਐਪ 'ਤੇ ਸਰਗਰਮ ਹੋਈ ਹੈ। ਲਓ ਜੀ ਇਧਰ 1994 'ਚ ਐਸ਼ ਨੂੰ ਪਛਾੜ ਕੇ ਮਿਸ ਯੂਨੀਵਰਸ ਬਣੀ ਸੁਸ਼ਮਿਤਾ ਸੇਨ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਸਬੰਧ ਤਦ ਐਸ਼ ਨਾਲ ਕੌੜੇ ਹੀ ਸਨ। ਹੁਣ ਸੁਸ਼ ਨੇ ਐਸ਼ ਨਾਲ ਦੋਸਤੀ ਦੀ ਇੱਛਾ ਜ਼ਾਹਰ ਕੀਤੀ ਹੈ। ਉਧਰ ਜਦ ਵਿਵੇਕ ਓਬਰਾਏ ਨੇ ਐਸ਼ 'ਤੇ ਗਲਤ ਟਵੀਟ ਕੀਤਾ ਸੀ ਤਦ ਐਸ਼ ਨੇ ਪਤੀ ਅਭਿਸ਼ੇਕ ਨੂੰ ਲੜਨ ਤੇ ਇਸ ਦਾ ਜਵਾਬ ਦੇਣ ਤੋਂ ਰੋਕਿਆ ਸੀ ਕਿ ਹਲਕੀ ਸ਼ੋਹਰਤ ਦਾ ਭੁੱਖਾ ਹੈ ਵਿਵੇਕ... ਉਹ ਪ੍ਰਚਾਰ ਚਾਹੁੰਦਾ ਹੈ। ਬੋਲਦਾ ਹੈ, ਬੋਲਣ ਦਿਓ, ਇਥੇ ਇਕ ਚੁੱਪ ਹੀ ਸੌ ਸੁੱਖ ਹੈ। ਅਮੁਲ ਦੁੱਧ ਨੇ ਐਸ਼ ਦੀ ਤਸਵੀਰ ਦੀਪਿਕਾ ਨਾਲ ਪੋਸਟਰ 'ਤੇ ਪਾ ਕੇ ਉਸ ਨੂੰ ਮਾਣ ਦਿੱਤਾ ਹੈ। ਐਸ਼ ਹੁਣ ਮਣੀਰਤਨਮ ਦੀ ਫ਼ਿਲਮ 'ਚ ਆ ਰਹੀ ਹੈ। 20ਵੀਂ ਸਦੀ ਦੇ ਤਾਮਿਲ ਨਾਵਲ 'ਤੇ ਮਣੀ ਸਰ ਫ਼ਿਲਮ ਕਰ ਰਹੇ ਹਨ। ਮਣੀ ਸਰ ਨਾਲ ਹੀ ਐਸ਼ਵਰਿਆ ਬੱਚਨ ਇਸ ਨਗਰੀ 'ਚ ਆਈ ਸੀ। ਇਸ ਲਈ ਸਭ ਕੁਝ ਹੁਣ ਉਹ ਮਣੀ ਦੀ ਫ਼ਿਲਮ ਲਈ ਸਮਰਪਿਤ ਕਰ ਕੇ ਸ਼ਾਨਦਾਰ ਵਾਪਸੀ ਕਰੇਗੀ।

ਸ਼ਰਧਾ ਕਪੂਰ : ਗੁੱਸਾ ਨਹੀਂ ਕਰਨਾ

ਸੁਸ਼ਾਂਤ ਸਿੰਘ ਰਾਜਪੂਤ ਨਾਲ 'ਛਿਛੋਰੇ' ਫ਼ਿਲਮ ਸ਼ਰਧਾ ਕਪੂਰ ਦੀ ਆਉਣ ਵਾਲੀ ਹੈ। ਕਾਲਜ ਦੀਆਂ ਯਾਦਾਂ ਤਾਜ਼ਾ ਕਰਨੀਆਂ ਹਨ ਤਾਂ ਇਸ ਫ਼ਿਲਮ ਦਾ ਗੀਤ 'ਫਿਕਰ ਨਾਟ' ਸੁਣੋ, ਸ਼ਰਧਾ ਕਪੂਰ ਸਭ ਨੂੰ ਦਰਖਾਸਤ ਕਰ ਰਹੀ ਹੈ। ਯੂ-ਟਿਊਬ 'ਤੇ ਹਿੱਟ 'ਫਿਕਰ ਨਾਟ' 'ਚ ਪਰਦੇ 'ਤੇ ਸ਼ਰਧਾ ਦਾ ਨਾਚ ਵੀ ਕਹਿੰਦੇ ਹਨ ਗ਼ਜ਼ਬ ਢਾਹ ਦੇਵੇਗਾ। ਸ਼ਾਂਤੀ ਨਾਲ ਜੀਵਨ ਗੁਜ਼ਾਰੋ, ਚਿੰਤਾ ਦੀ ਲੋੜ ਨਹੀਂ, ਇਹ ਗਾਣਾ ਇਹ ਭਾਵਨਾ ਦਿਲ 'ਚ ਭਰਨ ਵਾਲਾ ਹੈ। ਸ਼ਰਧਾ ਦੀ ਇਹ ਫ਼ਿਲਮ ਆ ਰਹੇ ਸਤੰਬਰ ਮਹੀਨੇ ਦੀ 6 ਤਰੀਕ ਨੂੰ ਆਏਗੀ। 'ਫਿਕਰ ਨਾਟ' ਸ਼ਰਧਾ ਦੇ ਪ੍ਰਸੰਸਕ ਖੁਸ਼ ਹੋ ਕੇ ਥੀਏਟਰਾਂ 'ਚੋਂ ਨਿਕਲਣਗੇ, ਇਹ ਗੱਲ 'ਛਿਛੋਰੇ' ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਵੀ ਕਹੀ ਹੈ। ਲਓ ਜੀ 'ਫਿਕਰ ਨਾਟ' ਤਾਂ ਆਪੇ ਹੀ ਸ਼ਰਧਾ ਲਈ, ਕਿਉਂਕਿ ਦੁਨੀਆ ਭਰ 'ਚ ਆਈਮੈਕਸ ਪਰਦਿਆਂ 'ਤੇ ਪ੍ਰਭਾਸ਼ ਨਾਲ ਸ਼ਰਧਾ ਦੀ 'ਸਾਹੋ' ਆ ਰਹੀ ਹੈ। ਤਿੰਨ ਭਾਸ਼ਾਵਾਂ 'ਚ ਇਹ ਫ਼ਿਲਮ 'ਸਾਹੋ' 30 ਅਗਸਤ ਨੂੰ ਆ ਰਹੀ ਹੈ। 'ਸਾਹੋ', 'ਛਿਛੋਰੇ', 'ਸਟਰੀਟ ਡਾਂਸਰ' ਲਗਾਤਾਰ ਇਹ ਫ਼ਿਲਮਾਂ ਸ਼ਰਧਾ ਨੇ ਕੀਤੀਆਂ ਹਨ। ਕੰਮ ਦੀ ਥਕਾਵਟ ਉਸ ਦੇ ਚਿਹਰੇ 'ਤੇ ਨਜ਼ਰ ਆ ਰਹੀ ਹੈ। ਸੋਚ ਰਹੀ ਹੈ ਸ਼ਰਧਾ ਕਿ ਕਿਉਂ ਨਾ ਸਰੀਰ 'ਤੇ ਜ਼ਿਆਦਾ ਭਾਰ ਪਵੇ, ਇਸ ਲਈ ਕੁਝ ਸਮੇਂ ਲਈ ਉਹ ਫ਼ਿਲਮਾਂ ਤੋਂ ਦੂਰ ਰਹਿ ਕੇ ਆਨੰਦ, ਮਸਤੀ ਤੇ ਯਾਤਰਾ ਇਨ੍ਹਾਂ ਵੱਲ ਮੁਹਾਰਾਂ ਮੋੜ ਰਹੀ ਹੈ।
**

ਸ਼ਾਹਿਦ ਕਪੂਰ ਬਣਿਆ 40 ਕਰੋੜ ਦਾ

'ਕਬੀਰ ਸਿੰਘ' ਨੇ ਸ਼ਾਹਿਦ ਕਪੂਰ ਨੂੰ ਮਹਿੰਗਾ ਤੇ ਕਾਮਯਾਬ ਹੀਰੋ ਬਣਾ ਦਿੱਤਾ ਹੈ। ਹੁਣ ਗਿਆ ਸ਼ਾਹਿਦ ਕਹਿਣ ਵਾਲੇ ਵੀ ਚੁੱਪ ਹੋ ਗਏ ਹਨ। ਤਿੰਨ ਹਫ਼ਤਿਆਂ 'ਚ 235 ਕਰੋੜ ਕਮਾਉਣ ਦਾ ਰਿਕਾਰਡ 'ਕਬੀਰ ਸਿੰਘ' ਦਾ ਹੈ ਤੇ ਸ਼ਾਹਿਦ ਦੀ ਮੰਨੀਏ ਤਾਂ ਫ਼ਿਲਮ ਦੀ ਸਫਲਤਾ ਪਿਛੇ ਉਸ ਦੀ ਅਰਧਾਂਗਨੀ ਮੀਰਾ ਰਾਜਪੂਤ ਦਾ ਮੁੱਖ ਯੋਗਦਾਨ ਹੈ। 'ਅਰਜਨ ਰੈਡੀ' ਫ਼ਿਲਮ ਸ਼ਾਹਿਦ ਨੇ ਪਤਨੀ ਮੀਰਾ ਨਾਲ ਦੇਖੀ ਸੀ ਤੇ ਮੀਰਾ ਨੇ ਕਿਹਾ ਸੀ ਕਿ ਸ੍ਰੀਮਾਨ ਹੁਣ ਤੁਸੀਂ ਵੀ ਕੁਝ ਖਾਸ ਕਰਕੇ ਦਿਖਾਓ, ਤੁਸੀਂ ਕਰ ਸਕਦੇ ਹੋ। 'ਕਬੀਰ ਸਿੰਘ' ਲਈ ਸ਼ਾਹਿਦ ਪਤਨੀ ਮੀਰਾ ਦਾ ਧੰਨਵਾਦੀ ਹੈ ਪਰ ਗੁੱਸਾ ਉਸ ਨੂੰ ਸੋਸ਼ਲ ਮੀਡੀਆ 'ਤੇ ਹੈ ਤੇ ਉਨ੍ਹਾਂ ਲੋਕਾਂ 'ਤੇ ਹੈ, ਜਿਹੜੇ ਉਸ ਦੀ ਘਰਵਾਲੀ ਮੀਰਾ ਦੇ ਨਿੱਕੀ ਸਕਰਟ ਪਹਿਨਣ 'ਤੇ ਕਹਿ ਰਹੇ ਨੇ ਕਿ ਗ਼ਲਤੀ ਨਾਲ ਮੀਰਾ ਨੇ ਆਪਣੀ ਨਿੱਕੀ ਬੇਟੀ ਮੀਸ਼ਾ ਦੀ ਨਿੱਕਰ ਤਾਂ ਨਹੀਂ ਪਹਿਨ ਲਈ। ਖ਼ੈਰ ਸ਼ਾਹਿਦ ਨੇ ਇਨ੍ਹਾਂ ਦੀ ਲਾਹ-ਪਾਹ ਕਰਕੇ ਆਪਣੀ ਫੀਸ ਪ੍ਰਤੀ ਫ਼ਿਲਮ 40 ਕਰੋੜ ਰੁਪਏ ਕਰ ਦਿੱਤੀ ਹੈ। ਹੁਣ ਤੱਕ 10 ਤੋਂ 15 ਦੇ ਵਿਚ ਉਹ ਮੰਨ ਜਾਂਦਾ ਸੀ। 'ਜਰਸੀ' ਇਸ ਤੇਲਗੂ ਫ਼ਿਲਮ ਦੇ ਰੀਮੇਕ ਲਈ ਨਿਰਮਾਤਾ ਤੋਂ ਸ਼ਾਹਿਦ ਨੇ 40 ਕਰੋੜ ਮੰਗੇ ਹਨ। ਸ਼ਬਦ ਘੱਟ ਹਨ, ਲੋਕਾਂ ਦੇ ਪਿਆਰ ਦਾ ਧੰਨਵਾਦ ਕਰਨ ਲਈ ਇੰਸਟਾਗ੍ਰਾਮ 'ਤੇ ਲਿਖਣ ਵਾਲਾ ਸ਼ਾਹਿਦ ਕਹਿ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਦੀ ਨਿੱਜੀ ਜ਼ਿੰਦਗੀ ਬਖਸ਼ ਦੇਣੀ ਚਾਹੀਦੀ ਹੈ। ਸਕਰਟ, ਨਿੱਕਰ ਇਥੇ ਕੌਣ ਨਹੀਂ ਪਹਿਨ ਰਹੀ ਫਿਰ ਉਸ ਦੀ ਪਤਨੀ ਮੀਰਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਰਾਜ ਕੁਮਾਰ ਗੁਪਤਾ ਦੀ ਫ਼ਿਲਮ ਸ਼ਾਹਿਦ 30 ਕਰੋੜ 'ਚ ਕਰਨ ਨੂੰ ਤਿਆਰ ਹੋ ਗਿਆ ਹੈ। ਬੀਤੇ 15 ਸਾਲ ਤੋਂ ਸ਼ਾਹਿਦ ਕਪੂਰ ਇੰਡਸਟਰੀ 'ਚ ਕਾਇਮ ਹੈ। ਖ਼ੈਰ, ਸ਼ਾਹਿਦ ਨੇ ਇਹ ਅਪੀਲ ਦਰਸ਼ਕਾਂ ਨੂੰ ਕੀਤੀ ਹੈ। ਸ਼ਾਹਿਦ ਕਪੂਰ ਨੂੰ ਪਤਾ ਹੈ ਕਿ ਕਾਮਯਾਬੀ 'ਤੇ ਲੋਕ ਬਹੁਤ ਕੁਝ ਕਰਦੇ ਹਨ ਤੇ ਉਹ ਸਹਿਣ ਨੂੰ ਤਿਆਰ ਹੈ ਤੇ ਜਲਦੀ ਹੀ 'ਜਰਸੀ' ਤੇ 'ਕਾਮਰੇਡ' ਫ਼ਿਲਮਾਂ ਕਰ ਸਕਦਾ ਹੈ, ਚਲਦੀ ਦਾ ਨਾਂਅ ਹੀ ਗੱਡੀ ਹੈ।


-ਸੁਖਜੀਤ ਕੌਰ

ਬਾਲੀਵੁੱਡ ਵਿਚ ਰੁੱਝੀ ਕੈਟਰੀਨਾ ਦੀ ਭੈਣ ਇਸਾਬੇਲ

ਆਪਣੀ ਭੈਣ ਕੈਟਰੀਨਾ ਦੀ ਦੇਖਾਦੇਖੀ ਇਸਾਬੇਲ ਵੀ ਅਭਿਨੈ ਦੀ ਦੁਨੀਆ ਵਿਚ ਆ ਗਈ ਹੈ। ਪਹਿਲਾਂ ਉਸ ਨੇ ਕੁਝ ਅੰਗਰੇਜ਼ੀ ਫ਼ਿਲਮਾਂ ਵਿਚ ਕੰਮ ਕੀਤਾ ਪਰ ਜ਼ਿਆਦਾ ਗੱਲ ਬਣਦੀ ਨਜ਼ਰ ਨਾ ਆਉਂਦੀ ਦੇਖ ਕੇ ਉਸ ਨੇ ਹਿੰਦੀ ਫ਼ਿਲਮਾਂ ਵੱਲ ਧਿਆਨ ਕਰਨਾ ਠੀਕ ਸਮਝਿਆ ਅਤੇ ਹੁਣ ਇਸ ਦਾ ਨਤੀਜਾ ਵੀ ਦਿਸਣ ਲੱਗਾ ਹੈ। ਉਹ ਇਨ੍ਹੀਂ ਦਿਨੀਂ ਦੋ ਫ਼ਿਲਮਾਂ ਵਿਚ ਰੁੱਝੀ ਹੋਈ ਹੈ। ਇਕ ਹੈ 'ਟਾਈਮ ਟੂ ਡਾਂਸ' ਜਿਸ ਵਿਚ ਸੂਰਜ ਪੰਚੋਲੀ ਉਸ ਦੇ ਹੀਰੋ ਹਨ ਅਤੇ ਉਸ ਦੀ ਦੂਜੀ ਫ਼ਿਲਮ ਵੀ ਆ ਗਈ ਹੈ। ਇਸ ਦਾ ਨਾਂਅ ਹੈ 'ਕਵਥਾ' ਅਤੇ ਇਸ ਵਿਚ 'ਲਵ ਯਾਤਰੀ' ਪ੍ਰਸਿੱਧ ਆਯੂਸ਼ ਸ਼ਰਮਾ ਨਾਇਕ ਹਨ। ਆਯੂਸ਼ ਇਸ ਵਿਚ ਫ਼ੌਜੀ ਬਣੇ ਹਨ ਅਤੇ ਸੁਣਨ ਵਿਚ ਇਹ ਆਇਆ ਹੈ ਕਿ ਇਸਾਬੇਲ ਇਸ ਵਿਚ ਵਿਦੇਸ਼ੀ ਮੂਲ ਦੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਕਰਨ ਲਲਿਤ ਬੁਟਾਨੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਅਨੁਸਾਰ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੂਰਬੀ ਉੱਤਰ ਭਾਰਤ ਵਿਚ ਕੀਤੀ ਜਾਣੀ ਹੈ ਅਤੇ ਇਸ ਲਈ ਆਯੂਸ਼ ਨੇ ਇਕ ਫ਼ੌਜੀ ਦੇ ਢੰਗ-ਤਰੀਕੇ ਲਈ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਨੂੰ ਹਾਸਲ ਕਰਕੇ ਇਸਾਬੇਲ ਇਸ ਗੱਲ ਤੋਂ ਖ਼ੁਸ਼ ਹੈ ਕਿ ਉਸ ਨੇ ਆਪਣੇ ਦਮ 'ਤੇ ਇਹ ਫ਼ਿਲਮ ਹਾਸਲ ਕੀਤੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਭੈਣ ਦਾ ਨਾਂਅ ਨਹੀਂ ਵਰਤਿਆ ਗਿਆ।

-ਮੁੰਬਈ ਪ੍ਰਤੀਨਿਧ

ਤਮੰਨਾ ਭਾਟੀਆ

ਅਜੇ ਵੀ ਚਾਂਦ ਸਾ ਰੋਸ਼ਨ ਚਿਹਰਾ

ਮਾਂ ਭਾਵੇਂ ਸੁਪਰ ਹਿੱਟ ਨਾ ਰਹੀਆਂ ਹੋਣ ਪਰ ਦੱਖਣ ਦੀਆਂ ਤੇਲਗੂ ਤੇ ਤਾਮਿਲ ਫ਼ਿਲਮਾਂ ਦੀ ਉਹ ਸੁਪਰ ਨਾਇਕਾ ਹੈ। 'ਬਾਹੂਬਲੀ' ਨੇ ਉਸ ਦੀ ਪਛਾਣ ਬਣਾਈ ਹੈ। ਉਹ ਕਹਿੰਦੀ ਹੈ ਕਲਾਕਾਰ ਬਣਨ ਲਈ ਨਿਕਲੀ ਸਾਂ ਪਰ ਸਾਲ 2005 'ਚ ਬਣ ਗਈ 'ਚਾਂਦ ਸਾ ਰੌਸ਼ਨ ਚਿਹਰਾ' ਵਾਲੀ ਨਾਇਕਾ ਤੇ ਮੈਨੂੰ ਮਹਿਸੂਸ ਹੋਇਆ ਕਿ ਸਟਾਰਡਮ ਮਿਲਣਾ ਆਮ ਗੱਲ ਹੈ। ਉਹ ਕਿਸਮਤ ਵਾਲੀ ਹੈ ਕਿ ਦੱਖਣ 'ਚ ਉਸ ਕੋਲ ਵਫ਼ਾਦਾਰ ਪ੍ਰਸੰਸਕ ਹਨ। ਤਮੰਨਾ ਕਹਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹਫ਼ਤੇ ਤੋਂ ਹਫ਼ਤੇ ਤੱਕ ਵਾਲੀ ਹੈ। ਸਾਡੀ ਜ਼ਿੰਦਗੀ ਵਿਚ ਹਰ ਸ਼ੁਕਰਵਾਰ ਨੂੰ ਹੀ ਬਹੁਤ ਕੁਝ ਬਦਲ ਜਾਂਦਾ ਹੈ। ਕੁਝ ਚੰਗੇ ਸ਼ੁੱਕਰਵਾਰ ਤੇ ਕੁਝ ਮਾੜੇ ਸ਼ੁੱਕਰਵਾਰ ਤਮੰਨਾ ਨੇ ਵੀ ਦੇਖੇ ਹਨ। 'ਖ਼ਾਮੋਸ਼ੀ' ਫ਼ਿਲਮ ਲਈ ਉਸ ਨੇ ਗੂੰਗਿਆਂ ਤੇ ਬੋਲਿਆਂ ਦੀ ਸੰਕੇਤਕ ਭਾਸ਼ਾ ਵੀ ਸਿੱਖੀ ਸੀ। ਅੱਜਕਲ੍ਹ ਉਸ ਅਨੁਸਾਰ ਹਰੇਕ ਫ਼ਿਲਮ ਲਈ ਕੁਝ ਨਾ ਕੁਝ ਸਿੱਖਣਾ ਹੀ ਪੈਂਦਾ ਹੈ। ਹਾਲਾਂਕਿ ਤਮੰਨਾ ਦਾ ਆਪਣਾ ਵਪਾਰ ਵੀ ਹੈ ਪਰ ਜ਼ਿਆਦਾ ਧਿਆਨ ਉਸ ਦਾ ਫ਼ਿਲਮਾਂ ਵੱਲ ਹੈ। ਸਿਤਾਰਿਆਂ ਨਾਲ ਪ੍ਰਸੰਸਕਾਂ ਦੀ ਬਦਸਲੂਕੀ ਤੇ ਸੋਸ਼ਲ ਮੀਡੀਆ 'ਤੇ ਹੁੰਦੀ ਆਲੋਚਨਾ ਤੋਂ ਉਹ ਦੁਖੀ ਹੈ। ਅਭਿਨੇਤਾ ਵਿੱਕੀ ਕੌਸ਼ਲ ਪ੍ਰਤੀ ਤਮੰਨਾ ਭਾਟੀਆ ਨੂੰ ਹਮਦਰਦੀ ਹੈ, ਉਸ ਪ੍ਰਤੀ ਉਹਦਾ ਉਤਸ਼ਾਹ ਕਾਬਲ-ਏ-ਤਾਰੀਫ਼ ਹੈ। 'ਹਿੰਮਤਵਾਲਾ' ਤੋਂ 'ਸੂਰਮਾ', 'ਮਨਮਰਜ਼ੀਆਂ' ਫ਼ਿਲਮਾਂ ਕੀਤੀਆਂ ਪਰ ਤਮੰਨਾ ਦੀ ਅਸਲੀ ਪਛਾਣ ਦੱਖਣ ਨੇ ਹੀ ਬਣਾਈ ਹੈ। ਅਰਜੁਨ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਤਮੰਨਾ ਭਾਟੀਆ ਸਟੇਜ ਸ਼ੋਅ ਅਕਸਰ ਕਰਦੀ ਹੈ। ਫਿਰ ਗੱਲ ਫ਼ਿਲਮਾਂ 'ਤੇ ਹੀ ਮੁੱਕਦੀ ਹੈ ਤੇ ਤਮੰਨਾ ਜ਼ਿਆਦਾ ਪ੍ਰਵਾਹ ਬਾਲੀਵੁੱਡ ਦੀ ਨਹੀਂ ਕਰਦੀ। ਦੱਖਣ 'ਚ ਉਸ ਦਾ ਜਾਦੂ ਖੂਬ ਚੱਲ ਰਿਹਾ ਹੈ। ਇਸੇ ਲਈ ਹੀ ਉਹ ਬਾਲੀਵੁੱਡ ਦੀ ਘੱਟ ਤੇ ਦੱਖਣ ਦੀਆਂ ਉਹ ਜ਼ਿਆਦਾ ਤਾਰੀਫ਼ਾਂ ਕਰਦੀ ਹੈ। **

12 ਸਾਲ ਬਾਅਦ ਸ਼ਿਲਪਾ ਸ਼ੈਟੀ ਦੀ ਵਾਪਸੀ

ਸ਼ਿਲਪਾ ਸ਼ੈਟੀ ਬਾਰੇ ਇਹ ਗੱਲ ਕਹਿਣੀ ਹੋਵੇਗੀ ਕਿ ਉਹ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਫਿਰ ਵੀ ਮਾਡਲਿੰਗ ਜਾਂ ਰਿਆਲਿਟੀ ਸ਼ੋਅ ਵਿਚ ਜੱਜ ਬਣ ਕੇ ਉਸ ਨੇ ਖ਼ੁਦ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਣਾਈ ਰੱਖਿਆ ਹੈ। ਉਹ ਆਪਣੀ ਫਿਟਨੈੱਸ 'ਤੇ ਬਹੁਤ ਧਿਆਨ ਦਿੰਦੀ ਹੈ। ਸੋ, ਫਿਟਨੈੱਸ ਨਾਲ ਸਬੰਧਿਤ ਸ਼ੋਅ ਦੀ ਬਦੌਲਤ ਵੀ ਉਹ ਕੈਮਰੇ ਸਾਹਮਣੇ ਰਹੀ ਹੈ। ਹੁਣ ਤਕਰੀਬਨ 12 ਸਾਲ ਦੇ ਵਕਫ਼ੇ ਬਾਅਦ ਉਹ ਵੱਡੇ ਪਰਦੇ 'ਤੇ ਆ ਰਹੀ ਹੈ।
ਬਤੌਰ ਅਭਿਨੇਤਰੀ ਉਹ ਆਖਰੀ ਵਾਰ 'ਅਪਨੇ' ਵਿਚ ਦਿਖਾਈ ਦਿੱਤੀ ਸੀ। ਉਸ ਤੋਂ ਬਾਅਦ 'ਓਮ ਸ਼ਾਂਤੀ ਓਮ', 'ਦੋਸਤਾਨਾ' ਆਦਿ ਫ਼ਿਲਮਾਂ ਵਿਚ ਕੁਝ ਮਿੰਟਾਂ ਲਈ ਉਹ ਪਰਦੇ 'ਤੇ ਦਿਸੀ ਸੀ। ਹੁਣ ਨਿਰਦੇਸ਼ਕ ਸ਼ੱਬੀਰ ਖਾਨ ਨੇ ਸ਼ਿਲਪਾ ਨੂੰ 'ਨਿਕੰਮਾ' ਲਈ ਕਾਸਟ ਕਰ ਲਿਆ ਹੈ। ਇਸ ਵਿਚ ਅਭਿਮੰਨਿਊ ਦਾਸਾਨੀ ਤੇ ਸ਼ਰਲੀ ਸ਼ੇਤੀਆ ਦੀ ਜੋੜੀ ਨੂੰ ਵੀ ਚਮਕਾਇਆ ਜਾ ਰਿਹਾ ਹੈ। ਆਪਣੀ ਵਾਪਸੀ ਬਾਰੇ ਉਹ ਕਹਿੰਦੀ ਹੈ, 'ਇਸ ਤੋਂ ਪਹਿਲਾਂ ਵੀ ਫ਼ਿਲਮਾਂ ਮਿਲਦੀਆਂ ਰਹੀਆਂ ਪਰ ਭੂਮਿਕਾ ਵਿਚ ਦਮ ਵਾਲੀ ਗੱਲ ਨਾ ਹੋਣ ਕਰਕੇ ਮੈਂ ਨਕਾਰਦੀ ਰਹੀ। 'ਨਿਕੰਮਾ' ਵਿਚ ਮੈਨੂੰ ਜੋ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ, ਉਸ ਤਰ੍ਹਾਂ ਦੀ ਪਹਿਲਾਂ ਕਦੀ ਨਹੀਂ ਹੋਈ। ਵੱਖਰੀ ਜਿਹੀ ਇਸ ਭੂਮਿਕਾ ਵਿਚ ਮੈਨੂੰ ਕਾਫੀ ਮੌਕਾ ਨਜ਼ਰ ਆਇਆ, ਤਾਂ ਮੈਂ ਹਾਂ ਕਹਿ ਦਿੱਤੀ।'
ਸ਼ਿਲਪਾ ਇਸ ਗੱਲ 'ਤੇ ਰੌਸ਼ਨੀ ਪਾਉਣਾ ਨਹੀਂ ਚਾਹੁੰਦੀ ਕਿ ਇਹ ਭੂਮਿਕਾ ਕੀ ਹੈ। ਉਸ ਅਨੁਸਾਰ ਇਹ ਭੂਮਿਕਾ ਦਰਸ਼ਕਾਂ ਲਈ ਸਸਪੈਂਸ ਸਾਬਤ ਹੋਵੇਗੀ। ਭਾਵ ਉਹ ਇਥੇ ਥਿਰਕਦੀ ਨਹੀਂ ਸਗੋਂ ਕੁਝ ਵੱਖਰਾ ਕਰਦਿਆਂ ਦਿਸੇਗੀ।

ਅੰਗਦ ਬੇਦੀ ਬਣੇ ਜਾਹਨਵੀ ਕਪੂਰ ਦੇ ਭਰਾ

ਸਵਰਗੀ ਅਦਾਕਾਰਾ ਸ੍ਰੀਦੇਵੀ ਦੀ ਬੇਟੀ ਜਾਹਨਵੀ ਇਨ੍ਹੀਂ ਦਿਨੀਂ ਫ਼ਿਲਮ 'ਦ ਕਾਰਗਿਲ ਗਰਲ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਕਰਨ ਜੌਹਰ ਵਲੋਂ ਬਣਾਈ ਜਾ ਰਹੀ ਇਹ ਫ਼ਿਲਮ ਕਾਰਗਿਲ ਯੁੱਧ 'ਤੇ ਆਧਾਰਿਤ ਹੈ ਅਤੇ ਇਸ ਦੀ ਕਹਾਣੀ ਹਵਾਈ ਫ਼ੌਜ ਦੀ ਜਾਂਬਾਜ਼ ਔਰਤ ਅਧਿਕਾਰੀ ਗੁੰਜਨ ਸਕਸੈਨਾ ਦੇ ਕਾਰਨਾਮਿਆਂ ਤੋਂ ਪ੍ਰੇਰਿਤ ਹੈ। ਗੁੰਜਨ ਨੇ ਕਾਰਗਿਲ ਯੁੱਧ ਵਿਚ ਹਿੱਸਾ ਲੈ ਕੇ ਆਪਣੀ ਦਲੇਰੀ ਜ਼ਰੀਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ।
ਹੁਣ ਇਸ ਫ਼ਿਲਮ ਵਿਚ ਅੰਗਦ ਬੇਦੀ ਨੂੰ ਵੀ ਕਾਸਟ ਕੀਤਾ ਗਿਆ ਹੈ ਅਤੇ ਉਹ ਇਥੇ ਜਾਹਨਵੀ ਦੇ ਭਰਾ ਦੀ ਭੂਮਿਕਾ ਵਿਚ ਦਿਖਾਈ ਦੇਣਗੇ। ਨਾਲ ਹੀ ਉਹ ਇਸ ਵਿਚ ਫ਼ੌਜੀ ਅਫ਼ਸਰ ਵੀ ਬਣੇ ਹਨ।
ਅੰਗਦ ਅਨੁਸਾਰ ਉਹ ਫ਼ੌਜੀ ਦੀ ਭੂਮਿਕਾ ਨਾਲ ਪੂਰਾ ਨਿਆਂ ਕਰਨਾ ਚਾਹੁੰਦਾ ਹੈ।
ਇਹੀ ਨਹੀਂ, ਉਹ ਇਨ੍ਹੀਂ ਦਿਨੀਂ ਫ਼ੌਜੀਆਂ ਵਾਲੀ ਸਿਖਲਾਈ ਵੀ ਲੈ ਰਹੇ ਹਨ ਜਿਸ ਵਿਚ ਮੀਲਾਂ ਤੱਕ ਦੌੜਨਾ ਤੇ ਪਹਾੜੀਆਂ 'ਤੇ ਚੜ੍ਹਨਾ ਸ਼ਾਮਿਲ ਹੈ। ਕਾਰਗਿਲ ਯੁੱਧ ਉੱਚੀਆਂ ਪਹਾੜੀਆਂ 'ਤੇ ਲੜਿਆ ਗਿਆ ਸੀ। ਇਸ ਤਰ੍ਹਾਂ ਇਕ ਫ਼ੌਜੀ ਦੇ ਨਾਤੇ ਖ਼ੁਦ ਨੂੰ ਪਹਾੜੀ ਮਾਹੌਲ ਵਿਚ ਢਾਲਣ ਲਈ ਉਹ ਇਹ ਸਿਖਲਾਈ ਲੈ ਰਹੇ ਹਨ।

ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਕਾਕੋਲੀ

ਹੀਰੋਇਨਾਂ ਦੇ ਹੇਅਰ ਸਟਾਈਲਿੰਗ ਦੇ ਮਾਮਲੇ ਵਿਚ ਬਾਲੀਵੁੱਡ ਵਿਚ ਕਾਕੋਲੀ ਮੇਘਾਨੀ ਦਾ ਵੱਡਾ ਨਾਂਅ ਹੈ। ਉਹ ਪਿਛਲੇ ਵੀਹ ਸਾਲਾਂ ਤੋਂ ਨਾਮੀ ਹੀਰੋਇਨਾਂ ਦੇ ਵਾਲ ਸੰਵਾਰਨ ਦਾ ਕੰਮ ਕਰ ਰਹੀ ਹੈ। ਸ਼ਿਲਪਾ ਸ਼ੈਟੀ, ਤੱਬੂ, ਰਵੀਨਾ ਟੰਡਨ ਸਮੇਤ ਹੋਰ ਕਈ ਨਾਮੀ ਹੀਰੋਇਨਾਂ ਦੇ ਵਾਲਾਂ ਨੂੰ ਉਹ ਸੰਵਾਰ ਚੁੱਕੀ ਹੈ। ਲੜੀਵਾਰਾਂ ਦੀਆਂ ਕਈ ਨਾਮੀ ਅਭਿਨੇਤਰੀਆਂ ਵੀ ਉਸ ਦੀ ਵਾਲ ਸੰਵਾਰਨ ਦੀ ਕਲਾ ਦਾ ਲਾਭ ਲੈ ਚੁੱਕੀਆਂ ਹਨ।
ਹਾਲ ਹੀ ਵਿਚ ਕਾਕੋਲੀ ਨਾਲ ਮੁਲਾਕਾਤ ਹੋਣ 'ਤੇ ਹੇਅਰ ਸਟਾਈਲਿੰਗ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, 'ਮੈਂ ਬਤੌਰ ਹੇਅਰ ਸਟਾਈਲਿੰਗ ਫ਼ਿਲਮ ਇੰਡਸਟਰੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹਾਂ। ਮੈਂ ਇਹ ਕਹਿ ਸਕਦੀ ਹਾਂ ਕਿ ਫ਼ਿਲਮ ਮੇਕਿੰਗ ਦੀ ਤਰਜ਼ 'ਤੇ ਵਾਲਾਂ ਦੇ ਸਟਾਈਲ ਵਿਚ ਵੀ ਬਦਲਾਅ ਆਉਂਦੇ ਰਹੇ ਹਨ। ਮੁੱਖ ਬਦਲਾਅ ਇਹ ਆਇਆ ਹੈ ਕਿ ਹੁਣ ਕਿਰਦਾਰ ਦੀ ਮੰਗ ਦੇ ਹਿਸਾਬ ਨਾਲ ਵਾਲਾਂ ਦੀ ਸਜਾਵਟ ਕਰਨੀ ਪੈਂਦੀ ਹੈ। ਜੇਕਰ ਸਟਾਈਲ ਕਿਰਦਾਰ ਦੇ ਨਾਲ ਮੈਚ ਨਾ ਹੋਵੇ ਤਾਂ ਕਲਾਕਾਰ ਆਪਣਾ ਪ੍ਰਭਾਵ ਨਹੀਂ ਛੱਡ ਪਾਉਂਦਾ ਹੈ। ਸਿੱਧਾ ਕਹਾਂ ਤਾਂ 'ਮੇਰਾ ਕੰਮ ਵਾਲਾਂ ਤੋਂ ਐਕਟਿੰਗ ਕਰਵਾਉਣਾ ਹੈ।'
ਬਦਲਦੇ ਸਮੇਂ ਬਾਰੇ ਉਹ ਕਹਿੰਦੀ ਹੈ, 'ਅੱਜ ਵਾਲਾਂ ਦੇ ਸਟਾਈਲ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਤੇ ਕੈਮੀਕਲ ਵੀ। ਇਨ੍ਹਾਂ ਚੀਜ਼ਾਂ ਦੀ ਵਜ੍ਹਾ ਨਾਲ ਵਾਲ ਸੰਵਾਰਨ ਵਿਚ ਨਵੇਂ ਤਜਰਬੇ ਵੀ ਹੋ ਰਹੇ ਹਨ। ਇਕ ਜ਼ਮਾਨਾ ਸੀ ਜਦੋਂ ਸਾਧਨਾ ਕੱਟ ਸਟਾਈਲ ਬਹੁਤ ਚੱਲਿਆ ਸੀ। ਫਿਰ ਬਦਲਦੇ ਸਮੇਂ ਦੇ ਨਾਲ ਫੇਦਰ ਕੱਟ, ਬਲੰਟ ਆਦਿ ਸਟਾਈਲ ਆਏ ਅਤੇ ਲੋਕਾਂ ਨੇ ਵੀ ਇਸ ਦੀ ਨਕਲ ਕੀਤੀ। ਹੁਣ ਕਲਰਿੰਗ ਦਾ ਰਿਵਾਜ਼ ਹੈ। ਭਾਵ ਵਾਲਾਂ ਨੂੰ ਕਈ ਤਰ੍ਹਾਂ ਦੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਹੁਣ ਦੇਖੋ, ਅੱਗੇ ਹੋਰ ਕੀ ਸਟਾਈਲ ਆਉਂਦਾ ਹੈ।
ਵੱਡੀਆਂ ਹੀਰੋਇਨਾਂ ਦੇ ਨਾਲ ਕੰਮ ਕਰਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੀ ਹੈ, 'ਇਹ ਆਮ ਗੱਲ ਹੈ ਕਿ ਸੈੱਟ 'ਤੇ ਜਦੋਂ ਹੀਰੋਇਨ ਬਹੁਤ ਰੁੱਝੀ ਹੋਵੇ ਉਦੋਂ ਆਪਣੇ ਵਾਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਹੈ।


-ਮੁੰਬਈ ਪ੍ਰਤੀਨਿਧ

ਤਾਹਿਰ ਰੁਝਿਆ 'ਛਿਛੋਰੇ' ਦੀ ਸ਼ੂਟਿੰਗ 'ਚ

ਤਾਹਿਰ ਰਾਜ ਭਸੀਨ ਨੂੰ ਇਕ ਬਿਹਤਰ ਅਭਿਨੇਤਾ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਮਰਦਾਨੀ' ਫ਼ਿਲਮ ਤੋਂ ਖਲਨਾਇਕ ਵਜੋਂ ਕੀਤੀ ਸੀ ਤੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਤਾਹਿਰ 'ਦੰਗਲ' ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਫ਼ਿਲਮ 'ਛਿਛੋਰੇ' ਵਿਚ ਇਕ ਚੈਂਪੀਅਨ ਖਿਡਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਫ਼ਿਲਮ ਦੀ ਗੱਲ ਕਰਦਿਆਂ ਤਾਹਿਰ ਦੱਸਦਾ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਮੈਂ ਆਈ.ਆਈ.ਟੀ. ਬੰਬੇ ਵਿਚ ਇਕ ਹਫ਼ਤਾ ਵਿਦਿਆਰਥੀਆਂ ਨਾਲ ਗੁਜ਼ਾਰਿਆ ਸੀ ਤਾਂ ਕਿ ਭੂਮਿਕਾ ਵਿਚ ਅਸਲੀਪਨ ਲਿਆਂਦਾ ਜਾ ਸਕੇ। ਇਹ ਫ਼ਿਲਮ ਇਕ ਅਜਿਹੇ ਖਿਡਾਰੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੇ ਜਿਹੜੀ ਵੀ ਖੇਡ 'ਚ ਹਿੱਸਾ ਲਿਆ, ਉਸੇ ਵਿਚ ਹੀ ਬਿਹਤਰ ਕਾਰਗੁਜ਼ਾਰੀ ਦਿਖਾ ਕੇ ਕਾਲਜ ਅਤੇ ਹੋਸਟਲ ਦਾ ਮਾਣ ਵਧਾਇਆ ਹੈ।

ਪੰਜਾਬ ਜ਼ਿੰਦਾਬਾਦ, ਮਾਂ-ਬੋਲੀ ਜ਼ਿੰਦਾਬਾਦ

ਦਲਵਿੰਦਰ ਦਿਆਲਪੁਰੀ

ਮੇਲਿਆਂ ਦੇ ਬਾਦਸ਼ਾਹ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਪੰਜਾਬੀ ਗੀਤ 'ਚਮਕਦਾ ਪੰਜਾਬ' ਅੱਜਕਲ੍ਹ ਚਰਚਾ ਦਾ ਵਿਸ਼ਾ ਤੇ ਲੋਕਪ੍ਰਿਆ ਬਣਿਆ ਹੋਇਆ ਹੈ। ਯੂ-ਟਿਊਬ, ਚੈਨਲਾਂ 'ਤੇ ਵਿਦੇਸ਼ਾਂ ਵਿਚ ਇਹ ਗੀਤ ਲੋਕ ਮਨਾਂ ਵਿਚ ਘਰ ਕਰ ਰਿਹਾ ਹੈ। ਇਸ ਦੇ ਗੀਤਕਾਰ ਗੁਰਭੇਜ ਸ਼ਹੀਦਾਂ ਵਾਲਾ, ਸੰਗੀਤ 'ਦਾ ਮਿਊਜ਼ਿਕ ਫੈਕਟਰੀ' ਤੇ ਵੀਡੀਓ ਰੈੱਡ ਨੋਟ ਲਾਂਬੜਾ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਵੀਡੀਓ ਤੇ ਗਾਉਣ ਸ਼ੈਲੀ ਇਸ ਲਈ ਪ੍ਰਭਾਵਿਤ ਕਰਦੀ ਹੈ ਕਿ ਇਸ ਵਿਚ ਪੰਜਾਬ, ਪੰਜਾਬੀਅਤ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਗਈ ਹੈ। ਜਿਨ੍ਹਾਂ ਨੇ ਪੰਜਾਬ ਦਾ ਸਿਰ ਖੇਡ, ਸੰਗੀਤ, ਸਿਆਸਤ, ਲੋਕ ਸੇਵਾ ਆਦਿ ਰਾਹੀਂ ਉੱਚਾ ਕੀਤਾ ਹੈ, ਉਨ੍ਹਾਂ ਦੀਆਂ ਤਸਵੀਰਾਂ ਵੇਖਣਯੋਗ ਤੇ ਸਲਾਹੁਣਯੋਗ ਹਨ, ਜਿਨ੍ਹਾਂ ਵਿਚ ਡਾ: ਸਾਧੂ ਸਿੰਘ ਹਮਦਰਦ ਜੀ ਹੁਰਾਂ ਦਾ ਨਾਂਅ ਤੇ ਤਸਵੀਰ ਵੀ ਵੇਖਣਯੋਗ ਹੈ। ਕੁਝ ਸਤਰਾਂ:
ਸਾਰੇ ਜੱਗ ਵਿਚ ਕੀਤਾ ਏ ਕੁਝ ਖਾਸ ਪੰਜਾਬੀਆਂ ਨੇ
ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ।
ਗਊ-ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀਆਂ ਦਾ
ਰਹੂ ਚਮਕਦਾ ਦੁਨੀਆ ਉਤੇ ਨਾਮ ਪੰਜਾਬੀਆਂ ਦਾ।
ਪੰਜਾਬ ਜ਼ਿੰਦਾਬਾਦ-ਮਾਂ ਬੋਲੀ ਜ਼ਿੰਦਾਬਾਦ।

ਫ਼ਿਲਮੀ ਖ਼ਬਰਾਂ

ਹਾਲੀਵੁੱਡ ਦੀ ਰੀਮੇਕ ਵਿਚ ਪ੍ਰਣੀਤੀ ਚੋਪੜਾ

ਅਮਿਤਾਭ ਬੱਚਨ ਨੂੰ ਲੈ ਕੇ 'ਤੀਨ' ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਰਿਭੂ ਦਾਸਗੁਪਤਾ ਹੁਣ ਆਪਣੀ ਅਗਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ 'ਦ ਗਰਲ ਆਨ ਦ ਟ੍ਰੇਨ' ਦੀ ਰੀਮੇਕ ਬਣਾਉਣਗੇ। ਆਪਣੀ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਲਈ ਉਨ੍ਹਾਂ ਨੇ ਪ੍ਰਣੀਤੀ ਚੋਪੜਾ ਨੂੰ ਸਾਈਨ ਕਰ ਲਿਆ ਹੈ। ਫ਼ਿਲਮ ਵਿਚ ਦੋ ਹੋਰ ਨਾਇਕਾਵਾਂ ਕੀਰਤੀ ਕੁਲਹਰੀ ਤੇ ਅਦਿਤੀ ਰਾਓ ਹੈਦਰੀ ਵੀ ਹੋਣਗੀਆਂ।
ਸਾਲ 2016 ਵਿਚ ਆਈ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਸੀ ਜੋ ਤਲਾਕਸ਼ੁਦਾ ਹੈ ਤੇ ਸ਼ਰਾਬ ਦੀ ਆਦਤ ਦੀ ਸ਼ਿਕਾਰ ਵੀ ਹੈ। ਜਦੋਂ ਉਹ ਇਕ ਵਿਅਕਤੀ ਦੀ ਭਾਲ ਵਿਚ ਨਿਕਲਦੀ ਹੈ ਤਾਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਨਾਲ ਉਸ ਨੂੰ ਉਲਝਣਾ ਪੈਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਸੀ।
'ਜਵਾਨੀ ਜਾਨੇਮਨ' ਵਿਚ ਤੱਬੂ ਦਾ ਦਾਖਲਾ

ਇਨ੍ਹੀਂ ਦਿਨੀਂ ਸੈਫ ਅਲੀ ਖਾਨ ਵਲੋਂ ਫ਼ਿਲਮ 'ਜਵਾਨੀ ਜਾਨੇਮਨ' ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹ ਇਸ ਵਿਚ ਅਭਿਨੈ ਵੀ ਕਰ ਰਹੇ ਹਨ ਅਤੇ ਫ਼ਿਲਮ ਰਾਹੀਂ ਕਬੀਰ ਬੇਦੀ ਦੀ ਨਾਤਿਨ ਤੇ ਪੂਜਾ ਬੇਦੀ ਦੀ ਬੇਟੀ ਆਲਿਆ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਹੁਣ ਇਸ ਫ਼ਿਲਮ ਲਈ ਤੱਬੂ ਨੂੰ ਵੀ ਕਾਸਟ ਕੀਤਾ ਗਿਆ ਹੈ। ਸਾਲ 1999 ਵਿਚ ਆਈ 'ਹਮ ਸਾਥ ਸਾਥ ਹੈਂ' ਤੋਂ ਬਾਅਦ ਹੁਣ ਦੁਬਾਰਾ ਸੈਫ਼ ਤੇ ਤੱਬੂ ਇਸ ਫ਼ਿਲਮ ਵਿਚ ਇਕੱਠੇ ਨਜ਼ਰ ਆਉਣ ਵਾਲੇ ਹਨ।


-ਮੁੰਬਈ ਪ੍ਰਤੀਨਿਧੀ

ਇਕ ਪ੍ਰਤਿਭਾਵਾਨ ਅਦਾਕਾਰ ਹੈ ਰਾਣਾ ਰਣਬੀਰ

ਫ਼ਿਲਮਾਂ ਅਤੇ ਰੰਗਮੰਚ ਦੇ ਖੇਤਰ ਵਿਚ ਰਾਣਾ ਰਣਬੀਰ ਨੂੰ ਇਕ ਪ੍ਰਤਿਭਾਵਾਨ ਅਦਾਕਾਰ ਵਜੋਂ ਵੇਖਿਆ ਜਾਂਦਾ ਹੈ, ਸ਼ਬਦ ਗੁਰੂ ਦੀ ਪ੍ਰੀਭਾਸ਼ਾ ਉੱਤੇ ਪਹਿਰਾ ਦੇਣ ਵਾਲੇ ਰਾਣਾ ਰਣਬੀਰ ਦਾ ਆਖਣਾ ਹੈ ਕਿ ਬੰਦੇ ਦੀ ਯੋਗਤਾ ਅਤੇ ਸਮੱਰਥਾ ਦੇ ਨਾਲ-ਨਾਲ ਉਸ ਦੀ ਪ੍ਰਪੱਕਤਾ ਅਤੇ ਕਿਸੇ ਵੀ ਕੰਮ ਪ੍ਰਤੀ ਉਸਦੀ ਸਮਰਪਣ ਦੀ ਭਾਵਨਾ ਵੀ ਉਸ ਨੂੰ ਕਿਸੇ ਵੀ ਖੇਤਰ ਵਿਚ ਸਥਾਪਤ ਕਰਨ ਵਿਚ ਸਹਾਈ ਹੁੰਦੀ ਹੈ। ਜ਼ਿਲ੍ਹਾ ਸੰਗਰੂਰ ਦੇ ਧੂਰੀ ਸ਼ਹਿਰ ਵਿਖੇ ਪਿਤਾ ਸਵਰਗੀ ਮੋਹਨ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਜਨਮਿਆ ਰਾਣਾ ਬਚਪਨ ਤੋਂ ਹੀ ਸਟੇਜੀ ਕਲਾਕਾਰ/ਅਦਾਕਾਰ ਹੈ। ਉਸ ਦਾ ਕਹਿਣਾ ਹੈ ਕਿ ਬਚਪਨ ਵੇਲੇ ਪ੍ਰਾਇਮਰੀ ਸਕੂਲ ਵਿਚ ਗੁਰਪੁਰਬ 'ਤੇ ਕਵਿਤਾਵਾਂ ਪੜ੍ਹਦਿਆਂ ਅਤੇ ਫਿਰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਚ ਪੜ੍ਹਦਿਆਂ ਕਈ ਨਾਟਕ ਲਿਖੇ, ਖੇਡੇ ਅਤੇ ਗੋਲਡ ਮੈਡਲ ਵੀ ਜਿੱਤੇ, ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਥੀਏਟਰ (ਰੰਗਮੰਚ ਵਿਸ਼ੇ 'ਤੇ) ਵਿਚ ਐਮ. ਏ. ਕੀਤੀ ਅਤੇ ਉੱਥੋਂ ਹੀ ਗੋਲਡ ਮੈਡਲਿਸਟ ਵੀ ਹੋਇਆ ਅਤੇ ਇੱਥੇ ਹੀ ਕੁਝ ਸਮਾਂ ਨੌਕਰੀ ਵੀ ਕੀਤੀ। ਰਾਣਾ ਰਣਬੀਰ ਅਨੁਸਾਰ ਉਹ ਆਪਣੇ ਛੋਟੇ ਕੱਦ 'ਤੇ ਹਮੇਸ਼ਾ ਝੂਰਦਾ ਰਿਹਾ ਹੈ ਪਰ ਉਸ ਦਾ ਇਹ ਛੋਟਾ ਕੱਦ ਅਤੇ ਅੰਦਰਲਾ ਅਦਾਕਾਰ ਹੀ ਉਸ ਨੂੰ ਰੰਗਮੰਚ ਅਤੇ ਫ਼ਿਲਮਾਂ ਵਿਚ ਸਥਾਪਤ ਕਰਨ ਵਿਚ ਸਾਬਤ ਹੋਇਆ। ਉਸ ਦਾ ਕਹਿਣਾ ਹੈ ਕਿ ਉਸ ਨੇ 50-60 ਨਾਟਕ ਕਰਨ ਬਾਅਦ 'ਐਸਕਿਊਜ਼ ਮੀ ਪਲੀਜ਼' ਸ਼ੋਅ ਸ਼ੁਰੂ ਕੀਤਾ ਜੋ ਕਾਫੀ ਮਕਬੂਲ ਹੋਇਆ। ਫਿਰ ਤਿੰਨ ਕੁ ਸਾਲ ਪਟਿਆਲਾ ਰੇਡੀਓ 'ਤੇ ਵੀ ਕੰਮ ਕੀਤਾ ਤੇ ਪਹਿਲੀ ਫ਼ਿਲਮ ਮਨਮੋਹਨ ਸਿੰਘ ਦੀ 'ਦਿਲ ਆਪਣਾ ਪੰਜਾਬੀ' ਕੀਤੀ ਫਿਰ 'ਮੁੰਡੇ ਯੂ ਕੇ ਦੇ' ਆਪ ਹੀ ਲਿਖੀ ਅਤੇ ਨਿਰਦੇਸ਼ਿਤ ਵੀ ਕੀਤੀ। ਉਹ ਹੁਣ ਤੱਕ 70 ਦੇ ਕਰੀਬ ਫ਼ਿਲਮਾਂ ਵਿਚ ਅਦਾਕਾਰੀ ਕਰ ਚੁੱਕਿਆ ਹੈ ਅਤੇ ਬੇਹੱਦ ਸਟੇਜ ਸ਼ੋਅ ਵੀ। ਰਾਣਾ ਰਣਬੀਰ ਹੁਣ ਤੱਕ ਕਈ ਫ਼ਿਲਮਾਂ ਆਪ ਲਿਖ ਚੁੱਕਾ ਹੈ ਜਿਨ੍ਹਾਂ ਵਿਚ 'ਅਰਦਾਸ', 'ਅਰਦਾਸ ਕਰਾਂ', 'ਕੂੜੇਦਾਨ ਦੀ ਜਾਈ', 'ਮੁੰਡੇ ਯੂ ਕੇ ਦੇ', 'ਇਕ ਕੁੜੀ ਪੰਜਾਬ ਦੀ', 'ਮੰਜੇ ਬਿਸਤਰੇ', 'ਅੱਜ ਦੇ ਰਾਂਝੇ', 'ਅਸੀਸ' ਆਦਿ ਵਰਨਣਯੋਗ ਹਨ। ਫਿਰ 'ਜ਼ਿੰਦਗੀ ਜ਼ਿੰਦਾਬਾਦ' ਨਾਟਕ ਲਿਖਿਆ ਅਤੇ ਉਸ ਦੀਆਂ ਦੇਸ਼-ਵਿਦੇਸ਼ ਵਿਚ ਕਈ ਪੇਸ਼ਕਾਰੀਆਂ ਵੀ ਦਿੱਤੀਆਂ। ਉਹ ਹੁਣ ਤੱਕ ਦੋ ਕਵਿਤਾਵਾਂ ਦੀਆਂ ਪੁਸਤਕਾਂ, ਇਕ ਨਾਵਲ ਅਤੇ ਇਕ ਪ੍ਰੇਰਨਾਦਾਇਕ ਪੁਸਤਕ ਵੀ ਲਿਖ ਚੁੱਕਿਆ ਹੈ।


-ਹਰਜੀਤ ਸਿੰਘ ਬਾਜਵਾ
ਪੱਤਰਕਾਰ ਟੋਰਾਂਟੋ (ਕੈਨੇਡਾ)

ਹੁਣ ਫਿਰ ਐਕਟਿੰਗ ਕਰਨਾ ਚਾਹੁੰਦੀ ਹੈ ਕਲਪਨਾ ਅਈਅਰ

ਅੱਸੀ ਤੇ ਨੱਬੇ ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਕਲਪਨਾ ਅਈਅਰ ਨੇ ਬਹੁਤ ਧੂਮ ਮਚਾਈ ਸੀ। ਉਦੋਂ ਮਿਸ ਇੰਡੀਆ ਦਾ ਤਾਜ ਹਾਸਲ ਕਰਨ ਵਿਚ ਕਾਮਯਾਬ ਰਹੀ ਕਲਪਨਾ ਨੂੰ ਰਾਜਸ੍ਰੀ ਬੈਨਰ ਵਲੋਂ ਫ਼ਿਲਮ 'ਮਨੋਕਾਮਨਾ' ਵਿਚ ਮੌਕਾ ਦਿੱਤਾ ਗਿਆ ਸੀ। ਬਾਅਦ ਵਿਚ ਆਪਣੇ ਨ੍ਰਿਤ ਕੌਸ਼ਲ ਦੀ ਬਦੌਲਤ ਉਹ ਨਾਮੀ ਸਟਾਰ ਬਣੀ। ਫ਼ਿਲਮ 'ਅਰਮਾਨ' ਦਾ 'ਰੰਭਾ ਹੋ ਹੋ ਹੋ...', 'ਡਿਸਕੋ ਡਾਂਸਰ' ਦਾ 'ਕੋਈ ਯਹਾਂ ਨਾਚੇ ਨਾਚੇ...', 'ਰਾਜਾ ਹਿੰਦੁਸਤਾਨੀ' ਦਾ 'ਪਰਦੇਸੀ ਪਰਦੇਸੀ...' ਆਦਿ ਹਿੱਟ ਗੀਤਾਂ ਵਿਚ ਥਿਰਕਣ ਵਾਲੀ ਕਲਪਨਾ ਨੇ ਬਾਅਦ ਵਿਚ 'ਬਨੇਗੀ ਅਪਨੀ ਬਾਤ', 'ਜਨੂੰਨ', 'ਦਿਲਲਗੀ' ਆਦਿ ਲੜੀਵਾਰਾਂ ਵਿਚ ਵੀ ਕੰਮ ਕੀਤਾ ਸੀ। ਲੜੀਵਾਰਾਂ ਵਿਚ ਰਟਿਆ-ਰਟਾਇਆ ਕੰਮ ਕਰਨ ਤੋਂ ਅੱਕ ਕੇ ਉਹ ਦੁਬਈ ਚਲੀ ਗਈ ਸੀ ਜਿਥੇ ਬਤੌਰ ਮੈਨੇਜਰ ਉਹ ਇਕ ਹੋਟਲ ਵਿਚ ਨੌਕਰੀ ਕਰਨ ਲੱਗੀ ਸੀ।
ਹੁਣ ਤਕਰੀਬਨ ਵੀਹ ਸਾਲ ਦੇ ਸਮੇਂ ਬਾਅਦ ਕਲਪਨਾ ਨੇ ਫਿਰ ਇਕ ਵਾਰ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ। ਕਲਪਨਾ ਅਨੁਸਾਰ ਨੀਨਾ ਗੁਪਤਾ ਤੋਂ ਪ੍ਰੇਰਿਤ ਹੋ ਕੇ ਉਹ ਅਭਿਨੈ ਦੀ ਦੁਨੀਆ ਵਿਚ ਵਾਪਸ ਆਈ ਹੈ। ਅਸਲ ਵਿਚ ਹੋਇਆ ਇਹ ਸੀ ਕਿ ਕੁਝ ਸਮਾਂ ਪਹਿਲਾਂ ਜਦੋਂ ਨੀਨਾ ਗੁਪਤਾ ਕੋਲ ਕੰਮ ਨਹੀਂ ਸੀ ਅਤੇ ਉਹ ਖਾਲੀ ਹੱਥ ਬੈਠੀ ਸੀ, ਉਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਕਿ ਉਹ ਚੰਗੀ ਭੂਮਿਕਾ ਦੀ ਭਾਲ ਵਿਚ ਹੈ।


-ਮੁੰਬਈ ਪ੍ਰਤੀਨਿਧ

'ਪੁੱਤ ਬਾਪੂ ਦਾ' ਲੈ ਕੇ ਆਇਆ ਕਰਨ ਵਾਲੀਆ

ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਪੈਸੇ ਦੇ ਜ਼ੋਰ 'ਤੇ ਨੰਗੇਜ਼ਵਾਦ ਦੇ ਹੱਥਕੰਡੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤੱਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਹੀ ਇਕ ਨਾਂਅ ਹੈ ਗਾਇਕ ਕਰਨ ਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ। ਜ਼ਿਲ੍ਹਾ ਮੋਗਾ ਦੇ ਪਿੰਡ ਨਸੀਰੇਵਾਲ ਦੇ ਗਾਇਕ ਕਰਨ ਵਾਲੀਆ ਦਾ ਜਨਮ 24 ਅਗਸਤ, 1998 ਨੂੰ ਪਿਤਾ ਜਸਵੀਰ ਸਿੰਘ ਦੇ ਗ੍ਰਹਿ ਮਾਤਾ ਹਰਜੀਤ ਕੌਰ ਦੀ ਕੁੱਖੋਂ ਹੋਇਆ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਫਿਰ ਚਮਕੌਰ ਹੰਸ ਨੂੰ ਉਸਤਾਦ ਧਾਰਿਆ ਤੇ ਪਹਿਲੀ ਐਲਬਮ 'ਝਾਜਰਾਂ' ਸਰੋਤਿਆ ਦੇ ਸਨਮੁੱਖ ਕੀਤੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਹੁਣ ਨਵੀਂ ਐਲਬਮ 'ਪੁੱਤ ਬਾਪੂ ਦਾ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ ਤੇ ਅਨੇਕਾਂ ਸੱਭਿਆਚਾਰਕ ਮੇਲਿਆਂ 'ਤੇ ਪ੍ਰਵਾਨਿਤ ਹੋ ਚੁੱਕੇ ਗਾਇਕ ਵਾਲੀਆ ਨੂੰ ਨਵੀਂ ਰਿਲੀਜ਼ ਹੋਈ ਐਲਬਮ ਤੋਂ ਬਹੁਤ ਉਮੀਦਾਂ ਹਨ। ਸ਼ਾਲਾ ਇਹ ਪੰਜਾਬ ਦਾ ਸੁਰੀਲਾ ਤੇ ਹੋਣਹਾਰ ਗਾਇਕ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਦੀ ਸੇਵਾ ਕਰਦਾ ਰਹੇ।


-ਕੁਲਦੀਪ ਮਾਨ ਭੂੰਦੜੀ
ਪੱਤਰ ਪ੍ਰੇਰਕ ਭੂੰਦੜੀ (ਲੁਧਿਆਣਾ) mann348@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX