ਤਾਜਾ ਖ਼ਬਰਾਂ


ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਹੋਰ ਖ਼ਬਰਾਂ..

ਦਿਲਚਸਪੀਆਂ

ਕਾਵਿ-ਵਿਅੰਗ: ਮੰਝਧਾਰ

• ਨਵਰਾਹੀ ਘੁਗਿਆਣਵੀ •
'ਆਇਆ ਰਾਮ' ਆ ਗਏ, 'ਗਿਆ ਰਾਮ' ਟੁਰ ਗਏ,
ਕੋਈ ਕੋਈ ਹੈ ਸ਼ਖ਼ਸ 'ਟਿਕਾਊ' ਏਥੇ |
ਜਿੱਧਰ ਦੇਖੀਏ ਮੰਡੀ ਹੈ ਚੌਧਰਾਂ ਦੀ,
ਹੋ ਗਏ ਜ਼ਮੀਰ ਵਿਕਾਊ ਏਥੇ |
ਨਾਨੀ ਫੁੱਫੀ ਨੇ ਘੁੱਟ ਕੇ ਪਾਈ ਜੱਫੀ,
ਰਿਸ਼ਤੇ ਗੰਢਦੇ, ਚਾਚੂ ਤੇ ਤਾਊ ਏਥੇ |
ਬੇੜੀ ਦੇਸ਼ ਦੀ ਫਸੀ ਮੰਝਧਾਰ ਅੰਦਰ,
ਕਿਹੜਾ 'ਮਲਾਹ' ਕਿਨਾਰੇ 'ਤੇ ਲਾਊ ਏਥੇ?

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.


ਖ਼ਬਰ ਸ਼ੇਅਰ ਕਰੋ

ਮੂਰਖਤਾ

  ਗਰਮੀ ਦਾ ਦਿਨ ਸੀ | ਧਰਤੀ ਅੱਗ ਵਾਂਗ ਤਪ ਰਹੀ ਸੀ | ਰਤਨੇ ਨੇ ਸਾਰੀਆਂ ਭੇਡਾਂ ਤੇ ਬੱਕਰੀਆਂ ਨੂੰ ਇਕ ਵੱਡੇ ਰੁੱਖ ਥੱਲੇ ਇਕੱਠਾ ਕਰਕੇ ਆਪ ਆਰਾਮ ਕਰਨ ਲੱਗਾ ਤੇ ਕਾਲੂ ਨਾਂਅ ਦਾ ਕੁੱਤਾ, ਰਤਨ ਦੀਆਂ ਭੇਡਾਂ ਤੇ ਬੱਕਰੀਆਂ ਦੀ ਰਖਵਾਲੀ ਕਰਨ ਲੱਗਾ | ਰਤਨ ਦੀ ਅੱਖ ਲੱਗ ਗਈ |
ਫਿਰ ਉਹੀ ਗੱਲ ਹੋਈ, ਜਿਸ ਦਾ ਡਰ ਸੀ | ਟੀਨਾ ਨਾਂਅ ਦੀ ਬੱਕਰੀ ਅੱਖ ਬਚਾ ਕੇ ਇੱਜੜ ਨਾਲੋਂ ਕਾਫ਼ੀ ਦੂਰ ਨਿਕਲ ਗਈ | ਇਕ ਭੇੜੀਏ ਨੇ ਉਸ 'ਤੇ ਹਮਲਾ ਕਰ ਦਿੱਤਾ | ਆਵਾਜ਼ ਸੁਣ ਕੇ ਸਾਰੀਆਂ ਭੇਡਾਂ ਤੇ ਬੱਕਰੀਆਂ ਡਰ ਗਈਆਂ | ਰਤਨ ਵੀ ਡਰ ਗਿਆ ਤੇ ਕਾਲੂ ਨਾਂਅ ਦਾ ਕੁੱਤਾ ਵੀ ਡਰਦਾ ਕਿਧਰੇ ਛਿਪ ਗਿਆ | ਟੀਨਾ ਬਚ ਤਾਂ ਗਈ ਪਰ ਖ਼ੂਨ ਨਾਲ ਲੱਥ-ਪੱਥ ਹੋਈ ਵਾਪਸ ਆਪਣੇ ਸਾਥੀਆਂ ਕੋਲ ਪਹੁੰਚੀ | ਉਹ ਦਰਦ ਨਾਲ ਤੜਪ ਰਹੀ ਸੀ | ਅੱਖਾਂ 'ਚ ਪਛਤਾਵੇ ਦੇ ਹੰਝੂ ਸਨ | ਇੰਜ ਜਾਪ ਰਿਹਾ ਸੀ ਜਿਵੇਂ ਉਹ ਸੋਚ ਰਹੀ ਹੋਵੇ ਕਿ ਸਾਥੀਆਂ ਦਾ ਸਾਥ ਛੱਡ ਕੇ ਗ਼ਲਤ ਫ਼ੈਸਲਾ ਕਰ ਲਿਆ ਸੀ |

ਮੋਬਾ : 97790-99315.

ਵਿਅੰਗ: ਡੇਂਗੂ ਦਾ ਇਲਾਜ

ਆਪਣੇ ਆਪ ਨੂੰ ਸ਼ਕਤੀਸ਼ਾਲੀ ਅਖਵਾ ਕੇ ਜਨਤਾ ਨੂੰ ਅੰਧ-ਵਿਸ਼ਵਾਸ ਨਾਲ ਗੁੰਮਰਾਹ ਕਰਨ ਵਾਲੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਨੂੰ ਡੇਂਗੂ ਬੁਖਾਰ ਦੀ ਸ਼ਿਕਾਇਤ ਹੋ ਗਈ | ਬਾਬੇ ਦੀ ਨਵੀਂ ਬਣੀ ਸ਼ਰਧਾਲੂ ਇਕ ਔਰਤ ਬਾਬੇ ਵਾਸਤੇ ਆਪਣੇ ਘਰ ਵਿਚ ਰੱਖੀ ਹੋਈ ਬੱਕਰੀ ਦਾ ਦੁੱਧ ਰੋਜ਼ਾਨਾ ਡੋਲੂ ਭਰ ਕੇ ਲੈ ਕੇ ਜਾਂਦੀ | ਬਾਬਾ ਅੱਗੋਂ ਬੱਕਰੀ ਦੇ ਦੁੱਧ ਨੂੰ ਚਿੱਘੀ ਲਗਾ ਕੇ ਇਕ ਡੀਕ 'ਚ ਪੀ ਜਾਂਦਾ ਸੀ | ਇਕ ਦਿਨ ਉਸ ਔਰਤ ਦੀ ਬੱਕਰੀ ਅਚਾਨਕ ਪ੍ਰਲੋਕ ਸਿਧਾਰ ਗਈ | ਉਸ ਔਰਤ ਨੇ ਬੱਕਰੀ ਦਾ ਮੀਟ ਤਿਆਰ ਕੀਤਾ, ਜਿਸ 'ਚੋਂ ਤਰੀ ਦਾ ਡੋਲੂ ਭਰਕੇ ਉਹ ਸਭ ਤੋਂ ਪਹਿਲਾਂ ਬਾਬੇ ਵਾਸਤੇ ਲੈ ਕੇ ਗਈ |
ਲਿਆਓ ਬੀਬੀ... ਲਿਆਓ ਬੀਬੀ... ਤੁਹਾਡੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ, ਬਾਬੇ ਦੇ ਸੇਵਾਦਾਰ ਨੇ ਔਰਤ ਦੇ ਮੂੰਹੋਂ ਕੁਝ ਬੋਲਣ ਤੋਂ ਪਹਿਲਾਂ ਹੀ ਫਟਾਫਟ ਡੋਲੂ ਝਪਟ ਲਿਆ ਤੇ ਫੁਰਤੀ ਨਾਲ ਬਾਬੇ ਕੋਲ ਜਾ ਪਹੁੰਚਿਆ | ਅੱਗੋਂ ਬਾਬੇ ਨੇ ਅੱਖਾਂ ਮੀਟ ਕੇ ਡੋਲੂ ਨੂੰ ਚਿੱਘੀ ਲਗਾ ਲਈ ਅਤੇ ਸੋਚੀ ਜਾ ਰਿਹਾ ਸੀ ਕਿ ਆਹਾ...ਹਾਹਾ... ਅੱਜ ਤਾਂ ਬਈ ਸ਼ਰਧਾਲੂ ਔਰਤ ਨੇ ਕੋਈ ਨਮਕੀਨ ਹੀ ਖਾਣ-ਪੀਣ ਤਿਆਰ ਕਰਕੇ ਲਿਆਂਦਾ ਏ... | ਤਰੀ ਖ਼ਤਮ ਹੋਣ ਉਪਰੰਤ ਬਾਬੇ ਦੇ ਮੂੰਹ 'ਚ ਜਿਉਂ ਹੀ ਇਕ ਹੱਡੀ ਨੇ ਪ੍ਰਵੇਸ਼ ਕੀਤਾ, ਤਾਂ ਬਾਬਾ ਅੱਗ ਬਬੂਲਾ ਹੋਇਆ ਸ਼ਰਧਾਲੂ ਔਰਤ ਵੱਲ ਝਾਕਿਆ ਤੇ ਬੋਲਿਆ, 'ਓ... ਮਾਈ ਇਹ ਕੀ..? ਧੋਖਾ ਬਾਬਿਆਂ ਨਾਲ..?'
'ਬਾਬਾ ਜੀ ਧੋਖੇ ਵਾਲੀ ਕੋਈ ਗੱਲ ਨਹੀਂ ਏ | ਇਹ ਉਹੀ ਬੱਕਰੀ ਦਾ ਸਪੇਅਰ ਪਾਰਟ ਐ, ਜਿਸ ਦਾ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੁੱਧ ਪੀ ਰਹੇ ਸੀ | ਜੋ ਵਿਚਾਰੀ ਅਚਾਨਕ ਠੰਢ ਨਾਲ ਮਰ ਗਈ | ਮੈਂ ਸੋਚਿਆ ਕਿ ਬਾਬਾ ਜੀ ਦੁੱਧ ਵੀ ਬੱਕਰੀ 'ਚੋਂ ਹੀ ਆਉਂਦਾ ਏ, ਇਸ ਕਰਕੇ ਮੈਂ ਤੁਹਾਡੇ ਵਾਸਤੇ ਪਕਵਾਨ ਤਿਆਰ ਕੀਤਾ ਤੇ ਤੁਹਾਡੇ ਚਰਨਾਂ 'ਚ ਪਹੁੰਚ ਗਈ ਹਾਂ | ਬਾਬਾ ਜੀ ਇਹ ਸਕੀਮ ਮੈਨੂੰ ਮੇਰੀ ਗੁਆਂਢਣ ਤਾਈ ਨਿਹਾਲੀ ਨੇ ਦਿੱਤੀ ਸੀ | ਉਸ ਨੇ ਦੱਸਿਆ ਸੀ ਕਿ ਜਿਵੇਂ ਗੋਭੀ ਦੀ ਸਬਜ਼ੀ ਬਣਾਉਣ ਸਮੇਂ ਫੁੱਲ ਅਤੇ ਬਾਕੀ ਡੰਡਲ ਵੀ ਕੰਮ ਆ ਜਾਂਦੇ ਹਨ, ਇਸੇ ਤਰ੍ਹਾਂ ਬੱਕਰੀ ਦਾ ਬਾਕੀ ਸਾਮਾਨ ਵੀ ਵਰਤਿਆ ਜਾ ਸਕਦੈ |' ਆਖਦਿਆਂ ਹੋਇਆ ਮਾਈ ਨੇ ਡੋਲੂ ਚੁੱਕ ਕਾਹਲੀ ਨਾਲ ਆਪਣਾ ਕਦਮ ਪਿੱਛੇ ਵੱਲ ਨੂੰ ਪੁੱਟ ਲਿਆ ਸੀ |

-ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਮਾਂ ਬੋਲੀ ਦੀ ਕਰਾਮਾਤ

ਅੰਗਰੇਜ਼ ਸਿੰਘ ਆਪਣੇ ਵਿਦੇਸ਼ੀ ਜੰਮੇ ਪਲੇ, ਪੜ੍ਹਦੇ ਪੋਤਿਆਂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿਚ ਨਾਲ ਆ ਕੇ ਮੁੱਖ ਅਧਿਆਪਕ ਨੂੰ ਹੁੱਬ ਕੇ ਕਹਿਣ ਲੱਗਾ, ਵੇਖੋ ਸ੍ਰੀਮਾਨ ਜੀ ਮੇੇਰੇ ਅੱਠਵੀਂ 'ਚ ਪੜ੍ਹਦੇ ਮੇਰੇ ਪੋਤੇ ਕਿਵੇਂ ਫਰਾਟੇਦਾਰ ਅੰਗੇਰਜ਼ੀ ਬੋਲਦੇ ਹਨ | ਗੱਲ ਸੁਣਦੇ ਹੋਏ ਮੁੱਖ ਅਧਿਆਪਕ ਨੇ ਕੋਲ ਬੈਠੇ ਸੇਵਾਦਾਰ ਨੂੰ ਕਿਹਾ ਜਾ ਬਈ ਰਾਮ ਸਿੰਘ ਆਪਣੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਬੁਲਾ ਕੇ ਲਿਆ | ਵੇਖ ਅੰਗਰੇਜ਼ ਸਿੰਘ ਸਾਡੇ ਬੱਚੇ ਕਿਵੇਂ ਫਰਾਟੇਦਾਰ ਪੰਜਾਬੀ ਬੋਲਦੇ ਨੇ | ਮੁੱਖ ਅਧਿਆਪਕ ਨੇ ਕਿਹਾ ਕਿ ਅੰਗਰੇਜ਼ ਸਿੰਘ ਇਹ ਤਾਂ ਸਭ ਮਾਂ-ਬੋਲੀ ਦੀ ਕਰਾਮਾਤ ਹੈ | ਸਹੀ ਗੱਲ ਸੁਣ ਕੇ ਅੰਗਰੇਜ਼ ਸਿੰਘ ਛਿੱਥਾ ਪੈ ਗਿਆ |

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ |
ਮੋਬਾ : 98765-28579.

ਕਵਿਤਾ: ਕਾਲੀਆਂ ਇੱਟਾਂ ਕਾਲੇ ਰੋੜ

• ਸੁਰਿੰਦਰ 'ਮਾਣੂੰਕੇ ਗਿੱਲ' •
ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਨੂੰ ਰੱਬਾ ਪਿੱਛੇ ਮੋੜ |
ਡੁਬਗੇ ਪਹਿਲਾਂ ਅੱਧ ਪੁਚੱਧੇ, ਹੋਰ ਨਾ ਦਿੰਦੇ ਤੈਨੂੰ ਸੱਦੇ,
ਹੋ ਜਾਊ ਸਾਡਾ ਝੁੱਗਾ ਚੌੜ, ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਨੂੰ ਰੱਬਾ ਪਿੱਛੇ ਮੋੜ |
ਬਦਲੇ ਸਾਡੇ ਰੀਤ ਰਿਵਾਜ਼, ਹੁਣ ਨਾ ਕਰਦੇ ਕੋਈ ਲਿਹਾਜ਼,
ਟੁੱਟਗੇ ਰਿਸ਼ਤਿਆਂ ਦੇ ਸਭ ਜੋੜ, ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਨੂੰ ਰੱਬਾ ਪਿੱਛੇ ਮੋੜ |
ਸਰਕਾਰ ਸਾਡੀ ਦੇ ਭੇਦ ਖੁੱਲ੍ਹ 'ਗੇ, ਪਾਣੀ ਦੇ ਵਿਚ ਅਫ਼ਸਰ ਰੁਲਗੇ,
ਸੁੱਕੇ ਥਾਂ ਲਈ ਲੱਗੀ ਦੌੜ, ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਨੂੰ ਰੱਬਾ ਪਿੱਛੇ ਮੋੜ |
ਲਿੱਪਾ ਪੋਚੀ ਹਰ ਹੈ ਪਾਸੇ, ਹਰ ਕੋਈ ਵੰਡੇ ਇੱਥੇ ਝਾਂਸੇ,
ਲੈ ਲਓ ਜਿਹਨੂੰ ਜਿੰਨੀ ਲੋੜ, ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਨੂੰ ਰੱਬਾ ਪਿੱਛੇ ਮੋੜ |
ਉਹਨੇ 'ਸੁਰਿੰਦਰ' ਡੁੱਬਣਾ-ਡੁੱਬਣਾ, ਕੰਡੇ ਬੀਜੇ ਕੰਡਾ ਚੁੱਭਣਾ,
ਬੇਈਮਾਨੀ ਦੀ ਜਿੱਥੇ ਹੋੜ, ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਨੂੰ ਰੱਬਾ ਪਿੱਛੇ ਮੋੜ |

-ਮੋਬਾਈਲ : 88723-21000.

ਪਤੇ ਦੀ ਗੱਲ: ਵਿਚਾਰਾਂ ਦਾ ਅਸਰ

ਜਾਰਜ ਬਰਨਾਰਡ ਸ਼ਾਹ ਦਾ ਭਾਸ਼ਨ ਸੁਣਨ ਲਈ ਹਜ਼ਾਰਾਂ ਦੀ ਗਿਣਤੀ 'ਚ ਭੀੜ ਜੁੜਦੀ ਸੀ | ਭੀੜ 'ਚ ਕੁਝ ਸ਼ਰਾਰਤੀ ਲੋਕ ਵੀ ਹੁੰਦੇ ਨੇ ਜੋ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ | ਇਸ ਤਰ੍ਹਾਂ ਹੀ ਉਹ ਇਕ ਵਾਰ ਭਾਸ਼ਨ ਦੇ ਰਹੇ ਸਨ | ਭਾਸ਼ਣ ਸੁਣ ਰਹੇ ਕੁਝ ਸ਼ਰਾਰਤੀ ਮੰੂਹ ਦੇ ਤਰ੍ਹਾਂ-ਤਰ੍ਹਾਂ ਦੇ ਪੋਜ਼ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ | ਜਾਰਜ ਨੇ ਇਹ ਸਾਰਾ ਕੁਝ ਦੇਖਿਆ | ਪਰ ਉਨ੍ਹਾਂ ਸ਼ਰਾਰਤੀਆਂ ਨੂੰ ਕੁਝ ਨਾ ਕਿਹਾ | ਜਾਰਜ ਭਾਸ਼ਨ ਦਿੰਦੇ ਹੋਏ ਬੋਲੇ ਕਿ ਮੈਂ ਇਕ ਵਾਰ ਦੀ ਇਕ ਘਟਨਾ ਸੁਣਾਉਂਦਾ ਹਾਂ | ਮੈਂ ਸਟੇਜ ਤੋਂ ਇਸ ਤਰ੍ਹਾਂ ਹੀ ਬੋਲ ਰਿਹਾ ਸਾਂ ਇਕ ਨੌਜਵਾਨ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ, ਮੈਂ ਭਾਸ਼ਨ ਰੋਕ ਕੇ ਉਸ ਨੌਜਵਾਨ ਨੂੰ ਚੰਗਾ ਡਾਂਟਿਆ ਤੇ ਭਾਸ਼ਨ ਸ਼ੁਰੂ ਕਰ ਦਿੱਤਾ | ਫਿਰ ਉਸੇ ਤਰ੍ਹਾਂ ਹੀ ਕਰਦਾ ਰਿਹਾ ਤੇ ਉਸ ਦਾ ਪਿਤਾ ਉਠ ਕੇ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਇਸ ਨੂੰ ਡਾਂਟਣ ਦਾ ਕੋਈ ਫਾਇਦਾ ਨਹੀਂ ਇਹ ਤਾਂ ਜਮਾਂਦਰੂ ਇਸ ਤਰ੍ਹਾਂ ਦਾ ਹੀ ਹੈ | ਇਹ ਜਾਣ ਕੇ ਨਹੀਂ ਕਰ ਰਿਹਾ, ਮੈਂ ਉਸ ਨੂੰ ਦੁਬਾਰਾ ਕੁਝ ਨਹੀਂ ਕਿਹਾ | ਜਾਰਜ ਨੇ ਉਨ੍ਹਾਂ ਸ਼ਰਾਰਤੀਆਂ ਵੱਲ ਮੰੂਹ ਘੁਮਾਇਆ ਤੇ ਕਿਹਾ, 'ਮੈਂ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਇਨ੍ਹਾਂ ਨੂੰ ਵੀ ਜਮਾਂਦਰੂ ਹੀ ਸਮੱਸਿਆ ਨਾ ਹੋਵੇ | ਜਾਰਜ ਨੇ ਏਨੀ ਗੱਲ ਕਹੀ ਤਾਂ ਉਹ ਸ਼ਰਾਰਤੀ ਨੌਜਵਾਨ ਸ਼ਰਾਰਤਾਂ ਕਰਨੋਂ ਹਟ ਗਏ ਤੇ ਉਥੇ ਪੂਰੇ ਇਕੱਠ 'ਚ ਇਕਦਮ ਸੰਨਾਟਾ ਛਾ ਗਿਆ | ਦੇਖ ਲਓ ਵਿਚਾਰਾਂ ਦਾ ਅਸਰ, ਕੀ ਤੋਂ ਕੀ ਕਰ ਸਕਦਾ ਹੈ |

-511, ਖਹਿਰਾ ਇਨਕਲੇਵ, ਜਲੰਧਰ-144007.

ਚਲਦੇ-ਚਲਦੇ: ਨਵਾਂ-ਪਾਕਿਸਤਾਨ

ਚਲਦੇ-ਚਲਦੇ ਮੈਂ ਤੇ ਮੇਰਾ ਦੋਸਤ ਪਿੰਡ ਦੀ ਫਿਰਨੀ ਤੋਂ ਹੁੰਦੇ ਹੋਏ ਖੇਤਾਂ ਵੱਲ ਜਾ ਰਹੇ ਸੀ | ਦੋ ਭਰਾਵਾਂ ਮੋਹਨ ਤੇ ਕ੍ਰਿਸ਼ਨ ਦੇ ਘਰ ਕੋਲ ਪਿੰਡ ਦੇ ਲੋਕਾਂ ਦੀ ਕਾਫ਼ੀ ਇਕੱਠ ਦੇਖ ਕੇ ਅਸੀਂ ਵੀ ਉਧਰ ਚਲੇ ਗਏ |
ਦਰਅਸਲ ਇਹ ਮੋਹਨ ਵਲੋਂ ਕ੍ਰਿਸ਼ਨ ਦੇ ਖਿਲਾਫ਼ ਕੀਤੀ ਕਬਜ਼ਾ-ਕਾਰਵਾਈ ਬਾਰੇ ਸਿਵਲ ਤੇ ਪੁਲਿਸ ਪਾਰਟੀ ਆਈ ਹੋਈ ਸੀ | ਸਿਵਲ ਅਧਿਕਾਰੀ ਨੇ ਹਾਜ਼ਰ ਖੜ੍ਹੇ ਲੋਕਾਂ ਨੂੰ ਹੁਕਮ ਕਾਰਵਾਈ ਪੜ੍ਹ ਕੇ ਸੁਣਾਇਆ ਤੇ ਕੁਝ ਮਿੰਟਾਂ ਵਿਚ ਹੀ ਦਿਹਾੜੀਦਾਰਾਂ ਨੇ ਕ੍ਰਿਸ਼ਨ ਦੇ ਕਮਰੇ ਤੇ ਰਸੋਈ ਵਿਚੋਂ ਸਾਮਾਨ ਕੱਢ ਕੇ ਗਲੀ ਵਿਚ ਖਿਲਾਰ ਕੇ ਰੱਖ ਦਿੱਤਾ ਤੇ ਮੋਹਨ ਦਾ ਕਬਜ਼ਾ ਬਹਾਲ ਕਰਵਾ ਦਿੱਤਾ |
ਦੁਪਹਿਰ ਢਾਲੇ ਪੈ ਰਹੀ ਸੀ | ਸੁਵੱਖਤੇ ਦੇ ਗਏ ਕ੍ਰਿਸ਼ਨ ਦੇ ਬੱਚੇ ਸਕੂਲ ਤੋਂ ਵਾਪਸ ਆ ਗਏ | ਉਨ੍ਹਾਂ ਦੀਆਂ ਅੱਖਾਂ ਘਰ ਦਾ ਸਾਮਾਨ ਗਲੀ ਵਿਚ ਖਿਲਰਿਆ ਦੇਖ ਕੇ ਪਥਰਾ ਗਈਆਂ | ਕ੍ਰਿਸ਼ਨ ਦੀ ਬੇਟੀ ਨੇ ਲੋਕਾਂ ਦੇ ਪੈਰਾਂ ਹੇਠ ਮਿਧਿਆ ਇਕ ਕਾਇਦਾ ਤੇ ਕਾਪੀ ਚੁੱਕ ਕੇ ਝਾੜ ਕੇ ਆਪਣੇ ਝੋਲੇ ਵਿਚ ਪਾ ਲਏ | ਮੈਂ ਬੱਚਿਆਂ ਵੱਲ ਦੇਖ ਰਿਹਾ ਸੀ ਤੇ ਮਨ ਹੀ ਮਨ ਕਿਆਸ ਲਗਾ ਰਿਹਾ ਸੀ ਕਿ ਇਹ ਬੱਚੇ ਜੋ ਸਵੇਰੇ ਵਸਦਾ-ਰਸਦਾ ਤੇ ਫਬਿਆ ਘਰ ਛੱਡ ਕੇ ਗਏ ਸੀ, ਇਨ੍ਹਾਂ ਦੇ ਆਉਣ ਤੱਕ ਭਰਾਵਾਂ ਦੀ ਅਜੋਕੀ ਬੇ-ਇਤਫਾਕੀ ਕਰਕੇ ਇਨ੍ਹਾਂ ਵਾਸਤੇ ਨਵਾਂ ਹੀ ਪਾਕਿਸਤਾਨ ਬਣ ਗਿਆ ਸੀ |
ਕਬਜ਼ਾ ਪਾਰਟੀਆਂ ਆਪਣੀ ਕਾਰਵਾਈ ਮੁੰਕਮਲ ਕਰਕੇ ਆਪੋ-ਆਪਣੀਆਂ ਗੱਡੀਆਂ 'ਤੇ ਵਾਪਸ ਤੁਰ ਪਈਆਂ | ਮੇਰੀਆਂ ਅੱਖਾਂ ਦੇ ਸਾਹਮਣੇ ਕ੍ਰਿਸ਼ਨ ਦੇ ਮਾਸੂਮ ਬੱਚਿਆਂ ਦੇ ਚਿਹਰੇ ਚਲ-ਚਿੱਤਰ ਵਾਂਗੂ ਘੰੁਮ ਰਹੇ ਸਨ | ਅਸੀਂ ਉਥੋਂ ਵਾਪਸ ਆਪਣੇ ਘਰਾਂ ਵੱਲ ਤੁਰ ਪਏ, ਸਾਡੇ ਕੰਨਾਂ ਨੂੰ ਦੂਰ ਤੱਕ ਜਾਂਦੀਆਂ ਗੱਡੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ |

-17-ਐਲ, ਲਹਿਲ ਕਾਲੋਨੀ, ਪਟਿਆਲਾ |
ਮੋਬਾਈਲ : 97798-82050

ਗਰੀਨ ਕਾਰਡ ਹੋਲਡਰ

ਗੁਰਪਾਲ ਸਿੰਘ ਬੜੇ ਯਤਨਾਂ ਨਾਲ ਆਸਟ੍ਰੇਲੀਆ ਪਹੁੰਚ ਗਿਆ | ਉਥੇ ਜਾ ਕੇ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਦੱਸਿਆ ਕਿ ਜੇਕਰ ਤੂੰ ਇਥੇ ਪੱਕੇ ਤੌਰ 'ਤੇ ਵਸਣਾ ਚਾਹੁੰਦਾ ਏਾ ਤਾਂ ਇਥੋਂ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਲੈ | ਗੁਰਪਾਲ ਨੇ ਇਹੀ ਰਾਹ ਅਪਣਾ ਕੇ ਉਥੋਂ ਦਾ ਪੀ.ਆਰ. ਕਾਰਡ ਹਾਸਲ ਕਰਕੇ ਉਥੋਂ ਦਾ ਪੱਕਾ ਨਾਗਰਿਕ ਬਣ ਗਿਆ | ਇਕ ਦਿਨ ਉਹ ਆਪਣੀ ਘਰਵਾਲੀ ਨਾਲ ਭਾਰਤ-ਆਸਟ੍ਰੇਲੀਆ ਦਾ ਵੰਨ-ਡੇਅ ਕ੍ਰਿਕਟ ਮੈਚ ਦੇਖਣ ਚਲਾ ਗਿਆ | ਮੈਚ ਬੜਾ ਰੁਮਾਂਟਿਕ ਸੀ | ਭਾਰਤ ਨੂੰ ਆਖਰੀ ਬਾਲ 'ਤੇ ਦੋ ਦੌੜਾਂ ਜਿੱਤਣ ਲਈ ਚਾਹੀਦੀਆਂ ਸਨ | ਗੁਰਪਾਲ ਸਾਹ ਰੋਕ ਕੇ ਆਖਰੀ ਗੇਂਦ ਦਾ ਇੰਤਜ਼ਾਰ ਕਰਨ ਲੱਗਾ | ਭਾਰਤੀ ਖਿਡਾਰੀ ਨੇ ਆਖਰੀ ਗੇਂਦ 'ਤੇ ਭੱਜ ਕੇ ਦੋ ਦੌੜਾਂ ਲੈ ਲਈਆਂ | ਇਹ ਦੇਖ ਕੇ ਉਹ ਖੁਸ਼ੀ ਵਿਚ ਰੌਲਾ ਪਾ ਕੇ ਕਹਿਣ ਲੱਗਾ, 'ਮੇਰੇ ਦੇਸ਼ ਨੇ ਮੈਚ ਜਿੱਤ ਲਿਆ | ਹਿੰਦੁਸਤਾਨ ਜ਼ਿੰਦਾਬਾਦ, ਮੇਰਾ ਇੰਡੀਆ ਜ਼ਿੰਦਾਬਾਦ |' ਉਸ ਨੂੰ ਇਸ ਤਰ੍ਹਾਂ ਬੋਲਦਾ ਦੇਖ ਕੇ ਉਸ ਦੀ ਘਰਵਾਲੀ ਨੇ ਗੁੱਸੇ ਨਾਲ ਉਸ ਨੂੰ ਕਿਹਾ, 'ਜ਼ਰਾ ਹੋਸ਼ ਕਰ, ਸਾਡਾ ਦੇਸ਼ ਆਸਟ੍ਰੇਲੀਆ ਮੈਚ ਹਾਰ ਗਿਆ ਹੈ | ਹੁਣ ਤੂੰ ਆਸਟ੍ਰੇਲੀਆ ਦਾ ਨਾਗਰਿਕ ਹੈਾ, ਨਾ ਕਿ ਇੰਡੀਆ ਦਾ |' ਇਸ 'ਤੇ ਗੁਰਪਾਲ ਨੇ ਆਪਣੀ ਪਤਨੀ ਨੂੰ ਬੜੇ ਮਾਣ ਨਾਲ ਕਿਹਾ, 'ਮੈਂ ਤਾਂ ਇਥੋਂ ਦਾ ਸਿਰਫ਼ ਪੀ.ਆਰ. ਕਾਰਡ ਹੋਲਡਰ ਹਾਂ, ਅਸਲ ਵਿਚ ਮੇਰਾ ਦੇਸ਼ ਤਾਂ ਭਾਰਤ ਹੈ ਅਤੇ ਮੈਂ ਭਾਰਤੀ ਹਾਂ, ਰਹਾਂਗਾ, ਸਮਝ ਗਈ ਮੈਡਮ |'

-ਮਕਾਨ ਨੰ: 1529/13-ਏ, ਗਲੀ ਨੰ: 5, ਜਗਦੰਬਾ ਕਾਲੋਨੀ, ਬਟਾਲਾ ਰੋਡ, ਅੰਮਿ੍ਤਸਰ-143001. ਮੋਬਾਈਲ : 98768-12036.

ਰਾਹ ਦਸੇਰਾ

ਸ਼ਾਮ ਦੇ ਕਰੀਬ ਪੰਜ ਵਜੇ ਪਿੰਡ ਦੇ ਕਿਸਾਨ ਆਪਣੇ ਝੋਨੇ ਦੇ ਖੇਤਾਂ ਵਿਚ ਨਦੀਨ ਕੱਢਣ 'ਚ ਮਘਨ ਸਨ ਕਿ ਅਚਾਨਕ ਹੀ ਉਨ੍ਹਾਂ ਨੂੰ ਨੇੜਲੀ ਲਿੰਕ ਸੜਕ ਉੱਪਰ ਖੜਾਕ ਜਿਹਾ ਸੁਣਾਈ ਦਿੱਤਾ | ਉਹ ਹਥਲਾ ਕੰਮ ਛੱਡ ਵਾਹੋਦਾਹੀ ਲਿੰਕ ਸੜਕ 'ਤੇ ਪੁੱਜੇ ਤਾਂ ਵੇਖਿਆ ਕਿ ਵਿਚਾਰੇ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਕਿਸੇ ਲੰਘ ਰਹੇ ਵਹੀਕਲ ਵਲੋਂ ਟੱਕਰ ਮਾਰ ਕੇ ਸੁੱਟ ਦਿੱਤਾ ਗਿਆ ਸੀ | ਵਹੀਕਲ ਵਾਲਾ ਤਾਂ ਆਪਣੀ ਗੱਡੀ ਭਜਾ ਕੇ ਰਫੂਚੱਕਰ ਹੋ ਗਿਆ ਪਰ ਸੜਕ ਦੇ ਕੱਚੇ ਪਾਸੇ ਡਿੱਗੇ ਬੇਹੋਸ਼ ਪਏ ਨੌਜਵਾਨ ਦੀਆਂ ਲੱਤਾਂ, ਬਾਹਾਂ, ਸਿਰ ਦੇ ਜ਼ਖ਼ਮਾਂ 'ਚੋਂ ਵਹਿ ਰਿਹਾ ਖੂਨ ਉਸ ਦੇ ਗੰਭੀਰ ਜ਼ਖ਼ਮੀ ਹੋਣ ਦੀ ਗਵਾਹੀ ਭਰ ਰਿਹਾ ਸੀ |
ਕੁਝ ਹੀ ਮਿੰਟ 'ਚ ਲੰਘ ਰਹੇ ਹੋਰ ਵਹੀਕਲਾਂ ਵਾਲੇ ਅਤੇ ਪੈਦਲ ਰਾਹਗੀਰ ਜ਼ਖ਼ਮੀ ਨੂੰ ਵੇਖਣ ਜਾਂ ਪਛਾਨਣ ਦੀ ਕੋਸ਼ਿਸ਼ 'ਚ ਉਥੇ ਆਣ ਖੜ੍ਹੇ ਸੀ | ਦੋ-ਤਿੰਨ ਮੰੁਡਿਆਂ ਵਲੋਂ ਤਾਂ ਆਪਣੇ ਮੋਬਾਈਲਾਂ ਨਾਲ ਤਸਵੀਰਾਂ ਨਾਲੋ-ਨਾਲ ਸੋਸ਼ਲ ਸਾਈਟਾਂ 'ਤੇ ਵੀ ਪਾਈਆਂ ਜਾ ਰਹੀਆਂ ਸਨ ਪਰ ਹਾਦਸਾਗ੍ਰਸਤ ਨੌਜਵਾਨ ਨੂੰ ਚੁੱਕਣ ਜਾਂ ਆਪਣੇ ਵਹੀਕਲ 'ਚ ਪਾ ਇਲਾਜ ਲਈ ਹਸਪਤਾਲ ਲੈ ਜਾਣ ਦੀ ਹਾਲੇ ਤੱਕ ਕਿਸੇ ਵੀ ਜੁਰਅਤ ਨਹੀਂ ਸੀ ਕੀਤੀ | ਇਸੇ ਪਿੰਡ ਦੀ ਸਮਾਜ ਸੇਵੀ ਜਥੇਬੰਦੀ ਦੇ ਆਗੂ ਬਿੱਕਰ ਸਿਹੰੁ ਜੋ ਕਿ ਆਪਣੇ ਖੇਤਾਂ ਤੋਂ ਸਾਈਕਲ ਪਿੱਛੇ ਚਰ੍ਹੀ ਦੀ ਪੰਡ ਰੱਖੀ ਉਥੋਂ ਲੰਘ ਰਿਹਾ ਸੀ ਤਾਂ ਉਹ ਸੜਕ ਕੰਢੇ ਹਜੂਮ ਜਿਹਾ ਖੜ੍ਹਾ ਵੇਖ ਕੇ ਰੁਕ ਗਿਆ | ਉਸ ਜਲਦੀ ਨਾਲ ਸਾਈਕਲ ਇਕ ਪਾਸੇ ਖੜ੍ਹਾ ਕਰ ਡਿੱਗੇ ਪਏ ਨੌਜਵਾਨ ਨੂੰ ਹਿਲਾਇਆ-ਜੁਲਾਇਆ ਤਾਂ ਨੌਜਵਾਨ ਦੇ ਮੰੂਹੋਂ 'ਹਾਏ ਮਰ ਗਿਆ... ਓਏ ਮਰ ਗਿਆ... ਦੀਆਂ ਨਿਕਲੀਆਂ ਦਰਦਨਾਕ ਆਵਾਜ਼ਾਂ ਨੇ ਸਪੱਸ਼ਟ ਕੀਾਤ ਕਿ ਉਸ ਦੀ ਸਾਹ ਲੜੀ ਹਾਲੇ ਚੱਲ ਰਹੀ ਹੈ | ਬਿੱਕਰ ਨੇ ਆਪਣੀ ਜੇਬ 'ਚੋਂ ਮੋਬਾਈਲ ਫੋਨ ਕੱਢ 108 ਐਾਬੂਲੈਂਸ ਨੂੰ ਸੂਚਿਤ ਕਰਨ ਉਪਰੰਤ ਕਿੇਸ ਨੂੰ ਪਾਣੀ ਲਿਆਉਣ ਲਈ ਵੀ ਕਿਹਾ ਸੀ |
'ਯਾਰੋ... ਕਮਾਲ ਹੈ ਥੋਡੇ ਵਾਲੀ... ਸਾਰੇ ਤਮਾਸ਼ਬੀਨ ਬਣੇ... ਫੋਟੋਆਂ ਤਾਂ ਖਿੱਚੀ ਜਾ ਰਹੇ ਹੋ... ਪਰ ਕੀ ਮਜ਼ਾਲ?... ਜੇ ਕਿਸੇ ਹਿੰਮਤ ਵੀ ਕੀਤੀ ਹੋਵੇ... ਵਿਚਾਰੇ ਜ਼ਿੰਦਗੀ ਮੌਤ ਵਿਚਾਲੇ ਤੜਫ ਰਹੇ ਮੰੁਡੇ ਨੂੰ ਸੰਭਾਲਣ, ਨਬਜ਼ ਟੋਹਣ, ਮੰੂਹ 'ਚ ਪਾਣੀ ਪਾਉਣ ਜਾਂ ਚੁੱਕ ਕੇ ਹਸਪਤਾਲ ਭੇਜਣ ਦੀ', ਬਿੱਕਰ ਨੇ ਸਭ ਦੇ ਚਿਹਰਿਆਂ ਵੱਲ ਤੱਕ ਆਪਣੀ ਉੱਚੀ ਬੋਲਣ ਸ਼ੈਲੀ ਵਿਚ ਕਿਹਾ |
ਭੀੜ ਦਾ ਹਿੱਸਾ ਬਣ ਖੜ੍ਹਾ ਇਕ ਅਧਖੜ ਉਮਰ ਵਾਲਾ ਕਿਸਾਨ ਤਪਾਕ ਦੇਣੇ ਬੋਲਿਆ, 'ਰੱਬ ਜਾਣੇ.. ਪਤਾ ਨਹੀਂ ਕੌਣ?... ਕਿਹੜੇ ਪਿੰਡੋਂ?... ਜੇ ਅਸੀਂ ਇਹਨੂੰ ਹਸਪਤਾਲ ਜਾਂ ਹੋਰ ਕਿਤੇ ਪਹੁੰਚਾਇਆ ਤਾਂ ਰੱਬ ਨਾ ਕਰੇ... ਇਹਦੀ ਮੌਤ ਹੋ... ਅਤੇ ਸਾਨੂੰ ਬਿਨਾਂ ਕਸੂਰੋਂ ਹੀ ਪੁਲਿਸ ਥਾਣਿਆਂ, ਕਚਹਿਰੀਆਂ ਦੇ ਚੱਕਰਾਂ 'ਚ... |'
ਹਾਲੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਸੀ ਕਿ ਬਿੱਕਰ ਸਿਹੰੁ ਉਸ ਦੀ ਗੱਲ ਵਿਚਾਲੇ ਹੀ ਕੱਟ ਪੂਰਾ ਤਾਣ ਲਗਾ ਕੇ ਬੋਲਿਆ, 'ਕੌਣ... ਕੌਣ... ਕੌਣ...?... ਯਾਰੋ ਹੈ ਤਾਂ ਕਿਸੇ ਮਾਂ ਦਾ ਪੁੱਤ... ਭੈਣ ਦਾ ਵੀਰ... ਅਤੇ ਇਨਸਾਨ ਹੀ... ਰੱਬ ਸਭ ਦਾ ਭਲਾ ਕਰੇ... ਜੇ ਇਹੀ ਕੁਝ ਤੁਹਾਡੇ ਕਿਸੇ ਆਪਣੇ ਪੁੱਤ-ਭਰਾ ਨਾਲ ਵਾਪਰ ਜਾਵੇ ਅਤੇ ਲੋਕ ਥੋਡੇ ਵਾਂਗ ਮੂਕ ਦਰਸ਼ਕ ਬਣ... ਫੋਟੋਆਂ ਖਿੱਚ... ਉਸ ਨੂੰ ਤੜਫਦਿਆਂ ਛੱਡ ਤੁਰਦੇ ਬਣੇ ਤਾਂ ਫਿਰ...?' ਖੜ੍ਹੇ ਲੋਕਾਂ ਵਿਚ ਕੁਝ ਸਕਿੰਟਾਂ ਦੀ ਪੱਸਰੀ ਸ਼ਰਮਿੰਦਗੀ ਭਰੀ ਚੁੱਪੀ ਤੋੜ ਅਤੇ ਜ਼ਖਮੀ ਨੌਜਵਾਨ ਦੇ ਮੰੂਹ ਪਾਣੀ ਪਾਉਂਦਿਆਂ ਬਿੱਕਰ ਫਿਰ ਬੋਲਿਆ ,'ਬਾਕੀ ਰਹੀ ਥੋਡੀ ਬੇਵਜ੍ਹਾ ਡਰ ਵਾਲੀ ਗੱਲ... ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵੀ ਬੰਦਾ ਹਾਦਸੇ ਦੇ ਮਰੀਜ਼, ਘਟਨਾ ਜਾਂ ਮੌਤ ਬਾਰੇ ਜਾਣਕਾਰੀ ਦਿੰਦਾ ਜਾਂ ਇਲਾਜ ਲਈ ਦਾਖਲ ਕਰਵਾਉਂਦਾ ਹੈ ਤਾਂ ਉਸ ਨੂੰ ਕੋਈ ਵੀ ਪੁੱਛਗਿੱਛ ਜਾਂ ਪ੍ਰੇਸ਼ਾਨੀ ਨਹੀਂ ਹੋਵੇਗੀ |'
ਹੁਣ ਹੂਟਰ ਮਾਰਦੀ ਐਾਬੂਲੈਂਸ ਵੀ ਮੌਕੇ 'ਤੇ ਪੁੱਜ ਗਈ ਸੀ | ਦੋ ਸਿਹਤ ਵਿਭਾਗੀ ਕਰਮੀਆਂ ਨੇ ਜਲਦੀ ਹੀ ਦਰਦ ਨਾਲ ਕਰਾਹ ਰਹੇ ਹਾਦਸਾ ਪੀੜਤ ਨੂੰ ਬਿੱਕਰ ਅਤੇ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਸਟਰੇਚਰ 'ਤੇ ਲਿਟਾ ਐਾਬੂਲੈਂਸ 'ਚ ਚੜ੍ਹਾਉਂਦਿਆਂ ਕਿਹਾ, 'ਹੈ ਤਾਂ ਗੰਭੀਰ ਜ਼ਖ਼ਮੀ ਪਰ ਸ਼ੁਕਰ ਹੈ ਇਸ ਦੀ ਜਾਨ ਬਚ ਗਈ ਹੈ |' ਐਾਬੂਲੈਂਸ ਜਾਣ ਬਾਅਦ ਬਿੱਕਰ ਨੇ ਵੇਖਿਆ ਕਿ ਭਾਵੇਂ ਉਸ ਦੇ ਕੱਪੜੇ, ਪੈਰ, ਹੱਥ ਪੀੜਤ ਨੌਜਵਾਨ ਦੇ ਜ਼ਖ਼ਮਾਂ ਤੋਂ ਵਹਿ ਰਹੇ ਖੂਨ ਨਾਲ ਕਈ ਥਾਵਾਂ ਤੋਂ ਲਥਪਥ ਹੋ ਚੁੱਕੇ ਸੀ, ਜਿਸ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਦਿਲੀ ਤਸੱਲੀ ਜ਼ਰੂਰ ਸੀ ਕਿ ਉਹ ਜ਼ਿੰਦਗੀ ਮੌਤ ਨਾਲ ਲਟਕ ਰਹੇ ਕਿਸੇ ਇਨਸਾਨ ਨੂੰ ਹਸਪਤਾਲ ਪਹੁੰਚਾਉਣ, ਕੀਮਤੀ ਜ਼ਿੰਦਗੀ ਬਚਾਉਣ, ਇਨਸਾਨੀ ਫ਼ਰਜ਼ ਨਿਭਾਉਣ ਦੇ ਨਾਲ-ਨਾਲ ਹੋਰਨਾਂ ਲਈ ਰਾਹ ਦਸੇਰਾ ਵੀ ਬਣਿਆ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 70870-48140.

ਸੰਸਕਾਰ

ਹਰਮੇਸ਼ ਨੇ ਬੀ-ਟੈੱਕ ਪਾਸ ਕੀਤੇ ਨੂੰ ਇਕ ਸਾਲ ਹੋ ਗਿਆ ਸੀ ਪੰ੍ਰਤੂ ਉਸ ਨੂੰ ਕਿਤੇ ਨੌਕਰੀ ਨਾ ਮਿਲੀ | ਉਸ ਨੇ ਕਈ ਥਾਵਾਂ 'ਤੇ ਇੰਟਰਵਿਊ ਦਿੱਤਾ, ਪੰ੍ਰਤੂ ਉਸ ਦੀ ਸਿਲੈਕਸ਼ਨ ਨਾ ਹੋਈ | ਉਹ ਘਰ ਰਹਿ ਕੇ ਕੋਈ ਕੰਮ ਘੱਟ ਹੀ ਕਰਦਾ ਸੀ, ਉਸ ਦੇ ਮਾਂ-ਬਾਪ ਜਦੋਂ ਵੀ ਕੋਈ ਕੰਮ ਕਹਿਣ ਉਹ ਕਿਸੇ ਨਾ ਕਿਸੇ ਬਾਹਨੇ ਟਾਲ ਦਿੰਦਾ ਸੀ | ਉਸ ਨੇ ਸਵੇਰੇ ਉੱਠ ਕੇ ਕਦੇ ਬਿਸਤਰੇ ਦੀ ਚਾਦਰ ਠੀਕ ਨਹੀਂ ਕੀਤੀ ਸੀ | ਨਹਾਉਂਦੇ ਸਮੇਂ ਤੌਲੀਆ ਨਾ ਲੈ ਕੇ ਜਾਣਾ, ਦੰਦਾਂ ਵਾਲਾ ਬੁਰਸ਼ ਲੱਭਦੇ ਫਿਰਨਾ, ਲਾਈਟ ਬੰਦ ਨਾ ਕਰਨੀ, ਪੱਖਾ ਜਾਂ ਏ.ਸੀ. ਚੱਲਦੇ ਰਹਿਣਾ, ਕੰਘਾ ਕਰਦੇ ਸਮੇਂ ਉਸ ਨੂੰ ਟਿਕਾਣੇ ਨਾ ਰੱਖਣਾ, ਵਾਲਾਂ ਨੂੰ ਤੇਲ ਲਗਾਉਣ ਸਮੇਂ ਸ਼ੀਸ਼ੀ ਖੁੱਲ੍ਹੀ ਰੱਖ ਦੇਣਾ, ਰੋਟੀ ਖਾ ਕੇ ਭਾਂਡੇ ਨਾ ਚੁੱਕਣਾ ਆਦਿ ਤੋਂ ਇਲਾਵਾ ਹੋਰਨਾਂ ਕੰਮਾਂ ਵਿਚ ਵੀ ਅਕਸਰ ਅਣਗਹਿਲੀ ਕਰਦਾ ਸੀ | ਉਸ ਦੀ ਮੰਮੀ ਨੇ ਉਸ ਨੂੰ ਬਥੇਰੇ ਵਾਰ ਟੋਕਿਆ ਵੀ | ਉਹ ਘਰ ਵਿਚਲੀ ਟੋਕਾ-ਟੁਕਾਈ ਤੋਂ ਤੰਗ ਆ ਚੁੱਕਿਆ ਸੀ | ਉਹ ਆਪਣੇ-ਆਪ ਨੂੰ ਅੰਦਰੋ-ਅੰਦਰੀ ਕਹਿੰਦਾ ਸੀ ਕਿ ਜੇਕਰ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਮੈਂ ਰੋਜ਼ਾਨਾ ਮੰਮੀ-ਪਾਪਾ ਦੀ ਟੋਕਾ-ਟੋਕਾਈ ਤੋਂ ਬਚ ਜਾਵਾਂ ਅਤੇ ਮੁੜ ਘਰ ਨਾ ਆਵਾਂ | ਇਕ-ਦੋ ਦਿਨ ਬਾਅਦ ਉਸ ਨੂੰ ਇਕ ਚੰਗੀ ਕੰਪਨੀ ਦੀ ਨੌਕਰੀ ਲਈ ਕਾਲ ਆ ਗਈ | ਉਹ ਇੰਟਰਵਿਊ ਦੇਣ ਲਈ ਚਲਾ ਗਿਆ ਅਤੇ ਸਮੇਂ ਸਿਰ ਕੰਪਨੀ ਦੇ ਦਫਤਰ ਪੁੱਜ ਗਿਆ | ਜਿਵੇਂ ਹੀ ਉਹ ਅੰਦਰ ਗਿਆ, ਪਾਣੀ ਦੀ ਟੂਟੀ ਚੱਲ ਰਹੀ ਸੀ, ਤਾਂ ਹਰਮੇਸ਼ ਨੇ ਉਹ ਬੰਦ ਕਰ ਦਿੱਤੀ | ਉਹ ਅੱਗੇ ਗਿਆ ਤਾਂ ਦਿਨ ਵਿਚ ਹੀ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਤਾਂ ਉਹਨੇ ਉਹ ਬੰਦ ਕਰ ਦਿੱਤੀਆਂ | ਉਹ ਹੋਰ ਥੋੜ੍ਹਾ ਅੱਗੇ ਗਿਆ ਤੇ ਮੇਜ਼ ਉਲਟਾ ਵਿਚਕਾਰ ਗਿਰਿਆ ਹੋਇਆ ਸੀ ਅਤੇ ਕੁਰਸੀਆਂ ਵੀ ਟੇਢੀਆਂ-ਮੇਢੀਆਂ ਪਈਆਂ ਸਨ | ਹਰਮੇਸ਼ ਨੇ ਮੇਜ਼ ਤੇ ਕੁਰਸੀਆਂ ਸਿੱਧੀਆਂ ਕਰ ਕੇ ਇਕ ਪਾਸੇ ਕਰ ਦਿੱਤੀਆਂ | ਉਸ ਦੇ ਅੱਗੇ ਜਾਣ 'ਤੇ 2-3 ਫਾਈਲਾਂ ਬਰਾਂਡੇ ਵਿਚ ਗਿਰੀਆਂ ਪਈਆਂ ਸਨ ਤਾਂ ਹਰਮੇਸ਼ ਨੇ ਉਨ੍ਹਾਂ ਨੂੰ ਚੁੱਕ ਕੇ ਚਪੜਾਸੀ ਨੂੰ ਫੜਾ ਦਿੱਤੀਆਂ | ਅਖੀਰ ਉਹ ਇੰਟਰਵਿਊ ਵਾਲੇ ਕਮਰੇ ਤੱਕ ਪੁੱਜ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਇੰਟਰਵਿਊ ਲਈ ਅੰਦਰ ਬੁਲਾਇਆ ਗਿਆ | ਇੰਟਰਵਿਊ ਲੈਣ ਵਾਲਿਆਂ ਨੇ ਉਸ ਤੋਂ ਇਕ ਦੋ ਪ੍ਰਸ਼ਨ ਹੀ ਪੁੱਛੇ ਅਤੇ ਉਸ ਦੀ ਸਿਲੈਕਸ਼ਨ ਦੀ ਖ਼ਬਰ ਉਸੇ ਸਮੇਂ ਹੀ ਦੇ ਦਿੱਤੀ ਅਤੇ ਕਿਹਾ ਕਿ ਤੇਰੇ ਘਰਦਿਆਂ ਨੇ ਕਿੰਨੇ ਚੰਗੇ ਸੰਸਕਾਰ ਤੈਨੂੰ ਦਿੱਤੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸੀ.ਸੀ.ਟੀ. ਕੈਮਰੇ ਰਾਹੀਂ ਸਭ ਕੁਝ ਦੇਖ ਰਹੇ ਸਨ, ਕਿ ਹੋਰ ਉਮੀਦਵਾਰ ਵੀ ਇੰਟਰਵਿਊ 'ਤੇ ਆਏ ਸਨ, ਪੰ੍ਰਤੂ ਉਨ੍ਹਾਂ ਨੇ ਰਸਤੇ ਵਿਚ ਜੋ ਕੁਝ ਵੇਖਿਆ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ | ਹਰਮੇਸ਼ ਨੂੰ ਅੰਦਰੋ-ਅੰਦਰ ਕੁਝ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਰੀਆਂ ਗੱਲਾਂ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪੰ੍ਰਤੂ ਉਹ ਆਪ ਹੀ ਅਣਗਹਿਲੀ ਕਰਦਾ ਰਿਹਾ | ਉਸ ਨੇ ਘਰ ਜਾ ਕੇ ਆਪਣੇ ਮਾਪਿਆਂ ਦੇ ਪੈਰ ਫੜ ਲਏ ਅਤੇ ਕਿਹਾ ਤੁਹਾਡੇ ਦਿੱਤੇ ਹੋਏ ਸੰਸਕਾਰਾਂ ਨੂੰ ਮੈਂ ਦੁਰਕਾਰਦਾ ਰਿਹਾ ਅਤੇ ਇਨ੍ਹਾਂ ਸੰਸਕਾਰਾਂ ਕਰਕੇ ਹੀ ਉਸ ਨੂੰ ਨੌਕਰੀ ਮਿਲੀ ਹੈ | ਹਰਮੇਸ਼ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੰਮੀ-ਪਾਪਾ ਤੋਂ ਉਸ ਨੇ ਮੁਆਫ਼ੀ ਮੰਗੀ |

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034. ਮੋਬਾਈਲ : 92105-88990.

ਮੂੰਹ ਆਈ ਗੱਲ ਮਾਪੇ

ਨਿਮਾਣੇ ਦਾ ਸਾਥੀ ਸੱਥ ਵਿਚ ਬੈਠਾ ਭਰੇ ਮਨ ਕਹਿ ਰਿਹਾ ਸੀ ਕਿ ਮੈਨੂੰ ਮੇਰਾ ਮਾਂ ਪਿਓ ਬਹੁਤ ਚੇਤੇ ਆਉਂਦਾ ਹੈ | ਉਹ ਲਗਾਤਾਰ ਉਖੜੀ ਜਿਹੀ ਆਵਾਜ਼ ਨਾਲ ਬੋਲਦਾ ਆਪਣੇ ਮਾਪਿਆਂ ਦੇ ਗੁਣ-ਗਾਣ ਕਰਦਾ ਕਹਿੰਦਾ ਕਿ ਉਸਨੂੰ ਮਾਂ- ਪਿਓ ਵਲੋਂ ਲਡਾਏ ਲਾਡ-ਪਿਆਰ, ਅੰਤਾਂ ਦਾ ਮੋਹ ਤੇ ਉਹਨਾਂ ਦੇ ਜਿਊਾਦੇ ਜੀਅ ਮਾਣੀਆਂ ਸੁਖ-ਸਹੂਲਤਾਂ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਪੇ ਅੱਜ ਵੀ ਅੱਖਾਂ ਸਾਹਮਣੇ ਘੁੰਮਦੇ ਉਸ ਦੀ ਸੁੱਖ-ਸਾਂਦ ਪੁੱਛਦੇ ਰਹਿੰਦੇ ਹਨ | ਜਦ ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ | ਉਹ ਕਹਿੰਦਾ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਪੜ੍ਹਾਇਆ-ਲਿਖਾਇਆ ਚੰਗੀਆਂ ਨੌਕਰੀਆਂ ਕਰਦੇ ਸਭ ਸੁੱਖ ਸਹੂਲਤਾਂ ਮਾਣਦੇ, ਪਰ ਸਾਡੇ ਨਾਲ ਵਰਤਾਓ ਇਸ ਤਰ੍ਹਾਂ ਕਰਦੇ ਜਿਵੇਂ ਅਸੀਂ ਇਨ੍ਹਾਂ ਦੇ ਦੁਸ਼ਮਣ ਹੋਈਏ | ਸਾਰਾ ਦਿਨ ਘਰੋਂ ਬਾਹਰ ਗੁਜ਼ਾਰਨਾ ਪੈਂਦਾ ਹੈ | ਉਹ ਬੋਹੜ 'ਤੇ ਪਏ ਆਲ੍ਹਣਿਆਂ ਵਿਚ ਆਪਣੇ ਬੱਚਿਆਂ ਨਾਲ ਅਰਾਮ ਕਰ ਰਹੇ ਪੰਛੀਆਂ ਵੱਲ ਵੇਖਦਾ | ਬੋਹੜ ਦੀ ਇਕ ਜੜ੍ਹ ਨਾਲ ਬੱਝੇ ਚਾਰ-ਪੰਜ ਡੰਗਰਾਂ ਵੱਲ ਤੱਕ ਦਾ ਜਿਹੜੇ ਇਕ ਦੂਸਰੇ ਉੱਪਰ ਸਿਰ ਰੱਖੀ ਬੜੇ ਸਕੂਨ ਨਾਲ ਲੇਟੇ ਪਏ ਸੀ | ਫਿਰ ਉਹ ਮੈਲੈ ਕੁਚੈਲੈ ਕੱਪੜੇ ਪਾਈ ਬੋਹੜ ਦੇ ਥੜ੍ਹੇ ਨਾਲ ਢੋਹ ਲਗਾ ਕੇ ਬੈਠੇ ਆਪਣੇ ਹਮ-ਉਮਰਾਂ ਵੱਲ ਵੇਖਦਾ | ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਗਵਾਚ ਜਾਂਦਾ | ਅਤੀਤ ਵਿਚ ਗੁਆਚਿਆ ਉਹ ਗੱਲਾਂ ਕਰਦਾ ਕਰਦਾ ਸੱਥ ਵਿਚ ਹੀ ਨਮ ਹੋਈਆਂ ਅੱਖਾਂ ਨਾਲ ਬੋਹੜ ਦੀ ਛਾਵੇਂ ਆਪ-ਮੁਹਾਰੇ ਨੀਂਦ ਦੀ ਬੁੱਕਲ ਵਿਚ ਚਲੇ ਗਿਆ | ਨਿਮਾਣੇ ਨੇ ਉਸ ਦੇ ਸਿਰ ਥੱਲੇ ਇੱਟ ਦਾ ਸਿਰਹਾਣਾ ਬਣਾ ਦਿੱਤਾ | ਨਿਮਾਣੇ ਤੇ ਉਸ ਦੇ ਸਾਥੀਆਂ ਨੂੰ ਉਸ ਦੀ ਕਹਾਣੀ ਆਪਣੇ ਨਾਲ ਮਿਲਦੀ ਜੁਲਦੀ ਜਾਪੀ | ਸਾਰਿਆਂ ਦੇ ਚਿਹਰਿਆਂ ਤੇ ਝੂਠੀ ਜਿਹੀ ਮੁਸਕਰਾਹਟ ਤੇ ਉਦਾਸੀ ਸੀ | ਉਹ ਨਿਮਾਣੇ ਦੇ ਸਾਥੀ ਨੂੰ ਇਸ ਤਰ੍ਹਾਂ ਵੇਖ ਰਹੇ ਸਨ ਜਿਵੇਂ ਉਹ ਉਨ੍ਹਾਂ ਦੀ ਕਹਾਣੀ ਬਿਆਨ ਕਰ ਗਿਆ ਹੋਵੇ |

-ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ | sskhurmania'gmail.com

ਕਾਵਿ-ਵਿਅੰਗ: ਸੁਰੰਗ

• ਨਵਰਾਹੀ ਘੁਗਿਆਣਵੀ •
ਨਾਲ ਖ਼ੁਸ਼ੀ ਦੇ ਲਾਉਂਦੇ ਸਨ ਜੱਟ ਗੰਨਾ,
ਜਾਣ-ਬੁੱਝ ਸਰਕਾਰਾਂ ਨੇ ਫੇਲ੍ਹ ਕੀਤਾ |
ਸਾਲਾਂ-ਬੱਧੀ ਨਾ ਫ਼ਸਲ ਦਾ ਮੁੱਲ ਦਿੱਤਾ,
ਉਸ ਨੂੰ ਬਿਪਤਾ ਦੀ ਸੁਰੰਗ ਧਕੇਲ ਦਿੱਤਾ |
ਉਂਝ ਆਖਦੇ ਰਹੇ, ਤੋੜੋ ਫ਼ਸਲ-ਚੱਕਰ,
ਪਰ ਨਾ ਸਾਥ ਸਹਿਯੋਗ ਸੁਹੇਲ ਦਿੱਤਾ |
ਉਨ੍ਹਾਂ ਕਿਹਾ ਸੀ, 'ਅਸੀਂ ਨੂੰ ਦਿਉ ਮੱਲ੍ਹਮ,
ਉਲਟਾ ਉਨ੍ਹਾਂ ਦੇ ਹੱਥ ਗੁਲੇਲ ਦਿੱਤਾ |
ਤਿੱਖਾ ਬਾਣ
ਬੱਚੇ ਦੇਸ਼ ਦੇ, ਦੁਖੀ ਹਾਲਾਤ ਹੱਥੋਂ,
ਵਤਨ ਛੱਡ ਪਰਦੇਸਾਂ ਨੂੰ ਜਾਣ ਲੱਗੇ |
ਬੜਾ ਦੁੱਖ ਹੋਇਆ, ਪਿੱਛੇ ਮਾਪਿਆਂ ਨੂੰ ,
ਜਦੋਂ ਲਾਡਲੇ ਰੋਣ ਕੁਰਲਾਣ ਲੱਗੇ |
ਕੋਈ ਦਰਦ ਨਾ ਕੌਮ ਦੇ ਰਹਿਬਰਾਂ ਨੂੰ ,
ਜਿਹੜੇ ਆਪਣੇ ਹੀ ਗੁਣ-ਗਾਣ ਲੱਗੇ |
ਸੱਚੀ ਗੱਲ ਤਾਂ ਇਨ੍ਹਾਂ ਨੂੰ ਇਉਂ ਲੱਗੇ,
ਜਿਵੇਂ ਹਿਰਨ ਤਾਈਾ ਤਿੱਖਾ ਬਾਣ ਲੱਗੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਹਾਸਾ-ਠੱਠਾ

• ਪਤੀ (ਪਤਨੀ ਨੂੰ )-ਅੱਜਕਲ੍ਹ ਤੂੰ ਮੈਨੂੰ ਨਾ ਚਿੱਟਾ ਪੀਣ ਤੋਂ ਰੋਕਦੀ ਏਾ, ਨਾ ਸ਼ਰਾਬ ਪੀਣ ਤੋਂ ਰੋਕਦੀ ਏਾ, ਕੀ ਸਾਰੀਆਂ ਸ਼ਿਕਾਇਤਾਂ ਖਤਮ ਹੋ ਗਈਆਂ ?
ਪਤਨੀ-ਨਹੀਂ ਜੀ, ਐਲ.ਆਈ.ਸੀ. ਵਾਲਾ ਪਰਸੋਂ ਮੈਨੂੰ ਸਾਰੇ ਫਾਇਦੇ ਦੱਸ ਗਿਆ ਸੀ |
• ਪਤੀ-ਕੱਲ੍ਹ ਮੇਰੇ ਸੁਪਨੇ ਵਿਚ ਬਹੁਤ ਸੁੰਦਰ ਲੜਕੀ ਆਈ ਸੀ, ਵਾਹ ਕਿੰਨੀ ਸੋਹਣੀ ਸੀ |
ਪਤਨੀ-ਇਕੱਲੀ ਹੀ ਆਈ ਹੋਵੇਗੀ?
ਪਤੀ-ਹਾਂ ਪਰ ਤੈਨੂੰ ਕਿਵੇਂ ਪਤਾ ?
ਪਤਨੀ-ਕਿਉਂਕਿ ਉਸ ਦਾ ਪਤੀ ਮੇਰੇ ਸੁਪਨੇ ਵਿਚ ਆਇਆ ਸੀ |
• ਪਤੀ (ਪਤਨੀ ਨੂੰ ) ਹੁਣ ਕਿੱਥੇ ਜਾ ਰਹੀ ਏਾ ?
ਪਤਨੀ-ਖੁਦਕਸ਼ੀ ਕਰਨ ਜਾ ਰਹੀ ਹਾਂ |
ਪਤੀ-ਫਿਰ ਏਨਾ ਮੇਕਅਪ ਕਿਉਂ ਕੀਤਾ ?
ਪਤਨੀ-ਕੱਲ੍ਹ ਅਖ਼ਬਾਰ ਵਿਚ ਫੋਟੋ ਵੀ ਤਾਂ ਲੱਗੇਗੀ |
• ਪਤੀ-ਕਿੱਥੇ ਗਈ ਸੀ ਚਾਰ ਘੰਟੇ ਹੋ ਗਏ ਗਾਇਬ ਹੋਈ ਨੂੰ ?
ਪਤਨੀ-ਸ਼ੌਪਿੰਗ ਮਾਲ ਗਈ ਸੀ |
ਪਤੀ-ਫਿਰ ਕੀ ਖ਼ਰੀਦ ਲਿਆਈ ?
ਪਤਨੀ-ਇਕ ਹੇਅਰ ਬੈਂਡ ਤੇ ਚਾਲੀ ਕੁ ਸੈਲਫੀਆਂ |
• ਪਤੀ-ਪਤਨੀ ਇਕ ਪਲੇਟ ਵਿਚ ਗੋਲਗੱਪੇ ਖਾ ਰਹੇ ਸੀ, ਇਕ ਦੂਸਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਤਨੀ ਨੇ ਰੁਮਾਂਟਿਕ ਮੂਡ ਵਿਚ ਪਤੀ ਨੂੰ ਕਿਹਾ, 'ਮੇਰੇ ਵੱਲ ਇੰਝ ਕਿਉਂ ਦੇਖ ਰਹੇ ਹੋ ?
ਪਤੀ-ਆਪ ਹੀ ਖਾ ਰਹੀ ਏਾ, ਮੇਰੀ ਵਾਰੀ ਵੀ ਆ ਲੈਣ ਦੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ | ਮੋਬਾ : 94174 47986

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX