ਤਾਜਾ ਖ਼ਬਰਾਂ


ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  3 minutes ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਰਾਜੀਵ ਜੈਨ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਸੈਕਟਰੀ ਬਣਾਇਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ...
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  14 minutes ago
ਨਵੀਂ ਦਿੱਲੀ, 16 ਸਤੰਬਰ- ਚੀਫ਼ ਜਸਟਿਸ ਰੰਜਨ ਗੋਗੋਈ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਖ਼ੁਦ ਸ੍ਰੀਨਗਰ ਜਾਵਾਂਗਾ। ਗੋਗੋਈ ਨੇ...
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  27 minutes ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਆਜ਼ਾਦ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ...
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  36 minutes ago
ਪਟਿਆਲਾ, 16 ਸਤੰਬਰ (ਅਮਨਦੀਪ ਸਿੰਘ)- ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿੰਗ 'ਚ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ...
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  51 minutes ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ...
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਇੱਕ ਪਟੀਸ਼ਨ ਦੇ ਜਵਾਬ 'ਚ ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਮੀਡੀਆ ਕਰਮਚਾਰੀਆਂ...
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਜੰਮੂ-ਕਸ਼ਮੀਰ ਮਸਲੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਭ ਤੋਂ ਐੱਮ. ਡੀ. ਐੱਮ. ਕੇ. ਦੇ ਮੁਖੀ ਵਾਈਕੋ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਵਾਈਕੋ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ...
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  about 1 hour ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਬਡਰੁੱਖਾਂ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਅੱਜ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈ...
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  about 1 hour ago
ਚੰਡੀਗੜ੍ਹ, 16 ਸਤੰਬਰ (ਲਿਬਰੇਟ)- ਚੰਡੀਗੜ੍ਹ 'ਚ ਅੱਜ ਕਾਂਗਰਸ ਪਾਰਟੀ ਦੇ ਵਰਕਰ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨੇ 'ਤੇ ਬੈਠ ਗਏ ਹਨ। ਕਾਂਗਰਸ ਵਲੋਂ...
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  about 1 hour ago
ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਇਕਬਾਲ ਸਿੰਘ ਵਾਸੀ ਪਿੰਡ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਥੇਹ ਸਾਹਿਬ ਮੁਕਾਰੋਂਪੁਰ ਈਸਰਹੇਲ (ਫ਼ਤਹਿਗੜ੍ਹ ਸਾਹਿਬ)

ਫ਼ਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ਜਿੱਥੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਕੀਤੀ ਲਾਸਾਨੀ ਕੁਰਬਾਨੀ ਦੀ ਦੁਨੀਆ ਦੇ ਕਿਸੇ ਵੀ ਥਾਂ ਅਤੇ ਕਿਸੇ ਵੀ ਧਰਮ ਵਿਚ ਕੋਈ ਮਿਸਾਲ ਨਹੀਂ ਮਿਲਦੀ, ਉੱਥੇ ਹੀ ਸਰਹਿੰਦ-ਚੰਡੀਗੜ੍ਹ ਮਾਰਗ ਉੱਪਰ ਸਥਿਤ ਪਿੰਡ ਈਸਰਹੇਲ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਦੇ ਥੇਹ ਉੱਪਰ 7 ਦਿਨ ਰਹੇ ਸਨ, ਜਿਸ ਬਾਰੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਇਸ ਸਥਾਨ ਦੇ ਨਜ਼ਦੀਕ ਹੀ ਆਪਣੀ ਚਰਨ ਛੋਹ ਦੇਣ ਉਪਰੰਤ ਉਨ੍ਹਾਂ ਦੇ ਹੱਥ ਲਿਖਤ ਹੁਕਮਨਾਮੇ ਵਿਚ ਪਹਿਲੀ ਪਾਤਸ਼ਾਹੀ ਦੇ ਇਤਿਹਾਸ ਦਾ ਜ਼ਿਕਰ ਕੀਤਾ। ਗੁਰਦੁਆਰਾ ਸਾਹਿਬ ਵਿਚ ਹਰ ਮਹੀਨੇ ਦੀ ਮੱਸਿਆ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਲਗਵਾਉਂਦੀਆਂ ਹਨ ਅਤੇ ਸੁਖਮਨੀ ਸਾਹਿਬ ਆਦਿ ਦੇ ਪਾਠ ਅਤੇ ਕੀਰਤਨ ਉਪਰੰਤ ਲੰਗਰ ਚਲਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਸਥਾਨਕ ਕਮੇਟੀ ਵਿਚ ਮੌਜੂਦਾ ਸਮੇਂ ਜਗਵਿੰਦਰ ਸਿੰਘ ਬਲਾੜੀ ਕਲਾਂ ਪ੍ਰਧਾਨ ਅਤੇ ਗੁਰਮੇਲ ਸਿੰਘ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਹਨ।
ਸਥਾਨਕ ਕਮੇਟੀ ਵਲੋਂ ਹੀ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਿੰਡ ਦੇ ਬਜ਼ੁਰਗ ਉਜਾਗਰ ਸਿੰਘ ਨੇ ਦੱਸਿਆ ਕਿ ਮੁਕਾਰੋਂਪੁਰ ਪਿੰਡ ਦੀ ਮੁਰੱਬਾਬੰਦੀ ਦੌਰਾਨ 45 ਵਿੱਘੇ ਥੇਹ ਵਾਲੀ ਜਗ੍ਹਾ ਛੱਡੀ ਗਈ ਸੀ ਅਤੇ ਬਾਬਾ ਰਾਮ ਸਿੰਘ ਮੁਕਾਰੋਂਪੁਰ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ 1980 ਵਿਚ ਬਣਵਾਈ ਸੀ ਪਰ ਕੁਝ ਸਾਲ ਪਹਿਲਾਂ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੇ ਸਥਾਨਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਕੀਤਾ ਅਤੇ ਪੁਰਾਣੀ ਇਮਾਰਤ ਨੂੰ ਲੰਗਰ ਹਾਲ ਵਿਚ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਡੇਢ ਏਕੜ ਦੇ ਕਰੀਬ ਜਗ੍ਹਾ ਵਿਚ ਗੁਰਦੁਆਰਾ ਸਾਹਿਬ ਅਤੇ ਲੰਗਰ ਹਾਲ ਮੌਜੂਦ ਹੈ। ਇਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ 'ਕਹੀਰ' ਦਾ ਦਰੱਖ਼ਤ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ਉੱਪਰ ਜੰਗ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਰੁਕੇ ਸਨ। ਮੌਜੂਦਾ ਸਮੇਂ ਥੇਹ ਤੋਂ ਇਸ ਦਰੱਖ਼ਤ ਤੱਕ ਹੇਠਾਂ ਜਾਣ ਲਈ ਪੌੜੀਆਂ ਦਾ ਨਿਰਮਾਣ ਕੀਤਾ ਗਿਆ ਹੈ। ਲੋਕਾਂ ਨੇ ਦੱਸਿਆ ਕਿ ਇਸ ਦੇ ਆਲੇ-ਦੁਆਲੇ ਵੀ ਚਾਰਦੀਵਾਰੀ ਕੀਤੀ ਜਾ ਰਹੀ ਹੈ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪੰਜਾਬ ਦੇ 41 ਪਿੰਡਾਂ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ, ਵਿਚ ਸਮਾਗਮ ਕਰਵਾਉਣ ਦੇ ਕੀਤੇ ਐਲਾਨ ਨੂੰ ਮੁੱਖ ਰੱਖ ਕੇ ਇਸ ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ-ਈਸਰਹੇਲ ਵਿਖੇ ਸਥਿਤ ਗੁਰਦੁਆਰਾ ਸਾਹਿਬਾਨ ਨੂੰ ਮੁੱਖ ਰੱਖਦੇ ਹੋਏ ਸ਼ਰਧਾਪੂਰਵਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਸੁੰਦਰ ਬਣਾਉਣ ਦਾ ਕਾਰਜ ਆਰੰਭ ਹੋ ਗਿਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਜਾਂਦੇ ਸਮੇਂ ਰੋਪੜ ਅਤੇ ਰੈਲੋਂ ਤੋਂ ਹੁੰਦੇ ਹੋਏ ਪਿੰਡ ਮੁਕਾਰੋਂਪੁਰ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਇਕ ਝਾੜ ਹੇਠ ਆਰਾਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਵੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ-ਈਸਰਹੇਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਸਥਾਨਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ।


-ਭੂਸ਼ਨ ਸੂਦ, ਫ਼ਤਹਿਗੜ੍ਹ ਸਾਹਿਬ।


ਖ਼ਬਰ ਸ਼ੇਅਰ ਕਰੋ

ਸਿੱਖ ਇਨਕਲਾਬ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ

ਗੁਰੂ ਸਾਹਿਬਾਨ ਦੇ ਜੀਵਨ ਨੂੰ ਨਾਵਲੀ ਰੂਪ ਵਿਚ ਪੇਸ਼ ਕਰਨ ਵਾਲੇ ਸਾਡੇ ਅਲਬੇਲੇ ਸਾਹਿਤਕਾਰ ਸ੍ਰੀ ਹਰਨਾਮ ਦਾਸ ਸਹਿਰਾਈ ਸੁਭਾਅ ਪੱਖੋਂ ਭਾਵੇਂ ਬਹੁਤੇ ਗੰਭੀਰ ਨਹੀਂ ਸਨ ਪਰ ਕਈ ਵਾਰੀ ਉਹ ਸਹਿਜ-ਸੁਭਾ ਬੜੇ ਪਤੇ ਦੀ ਗੱਲ ਕਹਿ ਜਾਂਦੇ ਸਨ। ਇਕ ਦਿਨ ਗੁਰੂ ਸਾਹਿਬਾਨ ਦੀ ਘਾਲ-ਕਮਾਈ ਬਾਰੇ ਹੁੰਦੀ ਗੱਲਬਾਤ ਵਿਚ ਬੋਲੇ, 'ਗੁਰੂ ਨਾਨਕ ਸਾਹਿਬ ਬਾਰੇ ਲਿਖਣਾ ਬਹੁਤ ਔਖਾ ਹੈ, ਕਿਉਂਕਿ ਉਨ੍ਹਾਂ ਨੇ ਭਾਰਤੀ ਧਰਮ ਤੇ ਇਤਿਹਾਸ ਵਿਚ ਨਵੀਂ ਜ਼ਮੀਨ ਤੋੜੀ। ਕਰਮਕਾਂਡੀ ਸਮਾਜ ਬਾਰੇ ਉਨ੍ਹਾਂ ਦੇ ਜ਼ਿਹਨ ਵਿਚ ਨਵਾਂ ਅਨੁਭਵ ਤੇ ਨਵੀਂ ਸੋਚ ਆਈ ਕਿਵੇਂ? ਨਿੱਸਲ ਵਿਛੇ ਪਏ ਸਮਾਜ ਵਿਚੋਂ ਇਕ ਉੱਭਰਦੇ ਮਹਾਂਪੁਰਖ ਨੂੰ ਦਿਖਾਉਣਾ ਬਹੁਤ ਔਖਾ ਕੰਮ ਹੈ। ਮੈਂ ਗੁਰੂ ਨਾਨਕ ਸਾਹਿਬ ਬਾਰੇ ਸਭ ਤੋਂ ਅਖੀਰ ਵਿਚ ਲਿਖਾਂਗਾ।' ਮੈਂ ਕਿਹਾ, 'ਸਹਿਰਾਈ ਸਾਹਿਬ, ਜੋ ਕੁਝ ਕਰਨਾ ਹੈ, ਛੇਤੀ-ਛੇਤੀ ਕਰ ਲਓ।' ਉਹ ਇਕਦਮ ਮੇਰਾ ਇਸ਼ਾਰਾ ਸਮਝ ਕੇ ਬੋਲੇ, 'ਇਹ ਤੂੰ ਫਿਕਰ ਨਾ ਕਰ। ਜਿੰਨਾ ਚਿਰ ਮੈਂ ਦਸਾਂ ਗੁਰੂਆਂ ਬਾਰੇ ਲਿਖ ਨਹੀਂ ਲੈਂਦਾ, ਉਦੋਂ ਤੱਕ ਮਰਦਾ ਨਹੀਂ।' ਪਰ ਕੁਦਰਤ ਆਪਣੇ ਹਿਸਾਬ ਨਾਲ ਚੱਲਦੀ ਹੈ। ਸਹਿਰਾਈ ਸਾਹਿਬ ਗੁਰੂ ਨਾਨਕ ਸਾਹਿਬ ਬਾਰੇ ਲਿਖਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ।
ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਬਾਰੇ ਲਿਖਣਾ ਕੋਈ ਆਸਾਨ ਕੰਮ ਨਹੀਂ। ਭਾਰਤ ਨੂੰ ਤੁਰਕਾਂ ਦੀ ਗੁਲਾਮੀ ਭੋਗਦਿਆਂ 600 ਸਾਲ ਬੀਤ ਗਏ ਸਨ। ਗੁਲਾਮੀ ਦਾ ਮੁਗਲ ਦੌਰ ਸ਼ੁਰੂ ਹੋਣ ਵਾਲਾ ਸੀ। ਭਾਰਤੀ ਲੋਕ ਹਰ ਪੱਖੋਂ ਹਾਰ ਗਏ ਸਨ। ਲੋਕਾਂ ਨੇ ਹਾਰ ਨੂੰ ਆਪਣੀ ਹੋਣੀ ਮੰਨ ਲਿਆ ਸੀ। ਸਾਡੇ ਧਰਮ-ਕਰਮ ਮੂਧੇ ਮੂੰਹ ਡਿਗੇ ਪਏ ਸਨ। ਨਿਰਾਸ਼ਾ ਦੇ ਇਸ ਖੰਡਰ ਵਿਚੋਂ ਘੋੜੇ 'ਤੇ ਸਵਾਰ ਯੋਧੇ ਵਾਂਗ ਨਵੀਂ ਸੋਚ ਦਾ ਇਕ ਸ਼ਾਹਸਵਾਰ ਉੱਭਰਦਾ ਹੈ, ਜਿਸ ਦੇ ਦਲੇਰ ਬੋਲਾਂ ਨੇ ਸੁੱਤੇ ਦੇਸ਼ ਨੂੰ ਜਗਾ ਦਿੱਤਾ।
ਗੁਰੂ ਨਾਨਕ ਸਾਹਿਬ ਦੇ ਮਨ-ਮਸਤਕ ਵਿਚ, ਬਚਪਨ ਵਿਚ ਹੀ ਨਵੀਂ ਸੋਚ ਜਗਮਗਾਉਣ ਲੱਗ ਪਈ ਸੀ। ਉਹ ਆਪਣੇ ਅਧਿਆਪਕਾਂ ਨਾਲ ਸਵਾਲ-ਜਵਾਬ ਕਰਦੇ ਸਨ। ਉਨ੍ਹਾਂ ਨੇ ਪੰਡਤਾਂ ਨੂੰ ਜਨੇਊ ਤੇ ਸੂਤਕ-ਪਾਤਕ ਦੀ ਉਪਯੋਗਤਾ ਬਾਰੇ ਪੁੱਛਿਆ। ਮੂਰਤੀ-ਪੂਜਾ ਤੋਂ ਵਰਜਿਆ। ਮੱਝੀਆਂ ਚਰਾਉਣ ਗਏ ਤਾਂ ਪ੍ਰਭੂ ਦੀ ਸੋਚ ਵਿਚ ਲੀਨ ਹੋ ਗਏ। ਵੇਈਂ-ਪ੍ਰਵੇਸ਼ ਦੀ ਘਟਨਾ ਸਮੇਂ ਗੁਰੂ ਸਾਹਿਬ ਦੇ ਮਨ ਵਿਚ ਉਨ੍ਹਾਂ ਦਾ ਜੀਵਨ-ਉਦੇਸ਼ ਸਪੱਸ਼ਟ ਹੋ ਗਿਆ। ਉਨ੍ਹਾਂ ਨੇ ਇਕ-ਈਸ਼ਵਰਵਾਦ ਦਾ ਹੋਕਾ ਦੇ ਕੇ ਸਮੂਹ ਮਾਨਵ ਜਾਤੀ ਨੂੰ ਇਕ ਲੜੀ ਵਿਚ ਪਰੋ ਦਿੱਤਾ। ਸਭ ਤੋਂ ਵੱਡੀ ਗੱਲ ਗੁਰੂ ਜੀ ਨੇ ਇਹ ਕੀਤੀ ਕਿ ਹਜ਼ਾਰਾਂ ਸਾਲ ਪੁਰਾਣੀ ਵਰਨ-ਵਿਵਸਥਾ ਨੂੰ ਮੁੱਢੋਂ ਹੀ ਨਕਾਰ ਦਿੱਤਾ। ਮਨੁੱਖੀ-ਬਰਾਬਰੀ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ-ਜਿਹੜੇ ਨੀਚਾਂ ਵਿਚੋਂ ਨੀਚ ਹਨ, ਜਿਹੜੇ ਉਨ੍ਹਾਂ ਨੀਚਾਂ ਵਿਚੋਂ ਵੀ ਨੀਵੇਂ ਹਨ ਅਤੇ ਜਿਹੜੇ ਉਨ੍ਹਾਂ ਨੀਵਿਆਂ ਤੋਂ ਵੀ ਹੇਠਾਂ ਹਨ, ਭਾਵ ਚਾਰ ਦਰਜੇ ਹੇਠਾਂ ਹਨ, ਨਾਨਕ ਉਨ੍ਹਾਂ ਦੇ ਸੰਗ-ਸਾਥ ਹੈ। ਇਸ ਤੋਂ ਵੱਧ ਜਾਤ-ਪਾਤ ਦਾ ਖੰਡਨ ਕੀ ਹੋ ਸਕਦਾ ਹੈ-
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥ (ਅੰਗ : 15)
ਗੁਰੂ ਸਾਹਿਬ ਨੇ ਵਹਿਮਾਂ-ਭਰਮਾਂ ਦਾ ਜਾਲ ਤੋੜਿਆ। ਸਭ ਨੂੰ ਅਕਾਲ ਪੁਰਖ ਨਾਲ ਜੋੜਿਆ। ਉਨ੍ਹਾਂ ਨੇ ਇਸਤਰੀ ਦਾ ਸਨਮਾਨ ਕੀਤਾ। ਦਸਾਂ ਨਹੁੰਆਂ ਦੀ ਕਿਰਤ ਨੂੰ ਵਡਿਆਇਆ। ਸਿਮਰਨ ਤੇ ਸੇਵਾ ਮਨੁੱਖ ਨੂੰ ਸਹੀ ਰਾਹ 'ਤੇ ਰੱਖਦੇ ਹਨ। ਗੁਰੂ ਨਾਨਕ ਸਾਹਿਬ ਦਾ ਸਰਲ-ਸਾਦਾ ਜੀਵਨ-ਸਿਧਾਂਤ 3 ਛੋਟੇ-ਛੋਟੇ ਵਾਕਾਂ ਵਿਚ ਬੰਦ ਹੈ-ਕਿਰਤ ਕਰੋ। ਵੰਡ ਛਕੋ। ਨਾਮ ਜਪੋ।
ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਐਸੀ ਮਜ਼ਬੂਤ ਨੀਂਹ ਰੱਖੀ, ਜਿਸ ਨੂੰ ਸਮੇਂ ਦਾ ਕੋਈ ਜ਼ੋਰਾਵਰ ਹਿਲਾ ਨਹੀਂ ਸਕਿਆ। ਗੁਰੂ ਨਾਨਕ ਦੇਵ ਜੀ ਦੇ 9 ਉੱਤਰ-ਅਧਿਕਾਰੀ ਗੁਰੂ ਸਾਹਿਬਾਨ ਨੇ ਬਾਬਾ ਨਾਨਕ ਦੇ ਸਿਧਾਂਤਾਂ ਉੱਤੇ ਐਸੀ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਕਿ ਗੁਰੂ ਸਾਹਿਬ ਦਾ ਸਿਧਾਂਤ ਭਾਰਤ ਦੀ ਅਤੇ ਅੰਤਿਮ ਰੂਪ ਵਿਚ ਸਮੁੱਚੀ ਮਾਨਵਤਾ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕ੍ਰਾਂਤੀ ਦਾ ਆਧਾਰ ਬਣ ਗਿਆ। ਗੁਰੂ ਨਾਨਕ ਸਿਧਾਂਤ ਦੀ ਸਦੀਵੀ ਸਾਰਥਿਕਤਾ ਨੂੰ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਭਲੀਭਾਂਤ ਸਿੱਧ ਕਰਦਾ ਹੈ-
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ॥ (ਅੰਗ : 500)
ਵਿਸ਼ਵਾਸ, ਦ੍ਰਿੜ੍ਹਤਾ ਅਤੇ ਨਿਰਭੈਅਤਾ ਗੁਰੂ ਸਾਹਿਬ ਦੇ ਮੁੱਢਲੇ ਅਸੂਲ ਸਨ। ਉਸ ਸਮੇਂ ਜਨੇਊ ਪਹਿਨਣ ਤੋਂ ਇਨਕਾਰ ਕਰਨਾ ਕੋਈ ਸਾਧਾਰਨ ਗੱਲ ਨਹੀਂ ਸੀ। ਇਕ ਇਨਕਲਾਬੀ ਕਦਮ ਸੀ। ਜੀਵਨ ਦੇ ਅਸਲ ਕਿਰਦਾਰ ਨੂੰ ਛੱਡ ਕੇ ਕੇਵਲ ਦਿਖਾਵੇ ਦੇ ਚਿੰਨ੍ਹ ਧਾਰਨ ਕਰਨ ਵਿਚ ਉਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਸੀ। ਸੱਜਣ ਠੱਗ ਤੇ ਕੌਡੇ ਰਾਕਸ਼ ਵਰਗੇ ਲੋਕਾਂ ਨੂੰ ਮਿਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਜਾਨ ਵੀ ਜਾ ਸਕਦੀ ਸੀ ਪਰ ਗੁਰੂ ਨਾਨਕ ਨੇ ਜੇ ਇਕ ਵਾਰ ਉਨ੍ਹਾਂ ਨੂੰ ਮਿਲਣ ਦਾ ਫੈਸਲਾ ਕਰ ਲਿਆ ਤਾਂ ਕੋਈ ਵੀ ਖ਼ਤਰਾ ਉਨ੍ਹਾਂ ਦੇ ਕਦਮ ਡਗਮਗਾ ਨਹੀਂ ਸਕਿਆ। ਉਨ੍ਹਾਂ ਨੂੰ ਆਪਣੇ ਜੀਵਨ-ਸੰਦੇਸ਼ ਦੇ ਸੱਚ ਉੱਤੇ ਪੂਰਨ ਭਰੋਸਾ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਇਕ 'ਸੱਜਣ ਠੱਗ' ਸੁਧਰ ਗਿਆ ਤਾਂ ਉਸ ਦੀ ਮਿਸਾਲ ਨਾਲ ਕਈ ਹੋਰ 'ਠੱਗ' ਵੀ ਸੁਧਰ ਜਾਣਗੇ। ਅੱਜ ਵੀ ਸਮੇਂ ਦੀ ਸਰਕਾਰ ਵਿਰੁੱਧ ਕੋਈ ਜ਼ਬਾਨ ਖੋਲ੍ਹੇ ਤਾਂ ਉਹ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਘਿਰ ਜਾਂਦਾ ਹੈ। ਕੁਝ ਸਮਾਂ ਪਹਿਲਾਂ ਭਾਰਤ ਵਿਚ ਕਈ ਨੁਕਤਾਚੀਨ ਵਿਦਵਾਨਾਂ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਦਾ ਸਮਾਂ ਤਾਂ ਹੋਰ ਵੀ ਅਨਿਆਈ, ਕੱਟੜ ਤੇ ਬੇਰਹਿਮ ਸੀ। ਪਰ ਗੁਰੂ ਨਾਨਕ ਨੇ ਡੰਕੇ ਦੀ ਚੋਟ ਨਾਲ ਆਖਿਆ-'ਸਚੁ ਸੁਣਾਇਸੀ ਸਚ ਕੀ ਬੇਲਾ॥'
ਗੁਰੂ ਨਾਨਕ ਸਾਹਿਬ ਨੇ ਜੇ ਹਮਲਾਵਰ ਬਾਬਰ ਨੂੰ ਪਾਪ ਦੀ ਜੰਜ ਦਾ ਲਾੜਾ ਆਖਿਆ ਤਾਂ ਹਿੰਦੁਸਤਾਨ ਉੱਤੇ ਰਾਜ ਕਰਦੇ ਲੋਧੀ ਸੁਲਤਾਨਾਂ ਨੂੰ ਵੀ 'ਰਾਜੇ ਸੀਹ ਮੁਕਦਮ ਕੁਤੇ॥' ਕਹਿਣ ਤੋਂ ਸੰਕੋਚ ਨਹੀਂ ਕੀਤਾ।
ਗੁਰੂ ਸਾਹਿਬ ਨੇ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਹੋਏ ਲੋਕਾਂ ਨੂੰ ਵੰਗਾਰਿਆ-
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਅੰਗ : 142)
ਉਨ੍ਹਾਂ ਨੇ ਲੋਕਾਂ ਨੂੰ ਆਪਣੀ ਬੋਲੀ ਭੁੱਲ ਜਾਣ ਦਾ ਮਿਹਣਾ ਵੀ ਮਾਰਿਆ-
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਅੰਗ : 1191)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਫ਼ਲਸਫ਼ਾ ਹੌਲੀ-ਹੌਲੀ ਦੇਸ਼-ਭਗਤੀ ਅਤੇ ਅੰਤਿਮ ਰੂਪ ਵਿਚ ਸੁਤੰਤਰ ਇਨਸਾਨੀਅਤ ਦੀ ਮੰਜ਼ਿਲ ਵੱਲ ਵਧ ਰਿਹਾ ਸੀ।
ਕਈ ਵਿਦਵਾਨ, ਖਾਸ ਤੌਰ 'ਤੇ ਕੁਝ ਗ਼ੈਰ-ਸਿੱਖ ਵਿਦਵਾਨ ਇਹ ਕਹਿੰਦੇ ਹਨ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਦੀ ਸ਼ਾਂਤਮਈ ਰੂਹਾਨੀ ਸਿੱਖ ਲਹਿਰ ਨੂੰ ਇਕ ਹਥਿਆਰਬੰਦ ਜੰਗਜੂ ਲਹਿਰ ਵਿਚ ਬਦਲ ਦਿੱਤਾ ਅਤੇ ਗੁਰੂ ਨਾਨਕ ਦੀ ਅਧਿਆਤਮਿਕ ਲਹਿਰ ਆਪਣੇ ਮਾਰਗ ਤੋਂ ਭਟਕ ਗਈ। ਅਜਿਹੇ ਵਿਦਵਾਨਾਂ ਨੇ ਛੇਵੇਂ ਪਾਤਸ਼ਾਹ ਦੇ ਮੀਰੀ-ਪੀਰੀ ਅਤੇ ਸੰਤ-ਸਿਪਾਹੀ ਦੇ ਸਿਧਾਂਤ ਦਾ ਅਧਿਐਨ ਨਹੀਂ ਕੀਤਾ। ਧਰਮ ਦੀ ਖ਼ਾਤਰ ਸ਼ਸਤਰਧਾਰੀ ਹੋਣਾ ਗੁਰੂ ਨਾਨਕ ਦੇ ਸਿਧਾਂਤ ਦਾ ਵਿਰੋਧ ਨਹੀਂ ਹੈ, ਸਗੋਂ ਗੁਰੂ ਸਾਹਿਬ ਦੀ ਜੀਵਨ-ਜਾਚ ਦਾ ਵਿਕਾਸ ਹੈ। ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ ਸਾਹਿਬਾਨ ਨੇ ਹਉਮੈ ਦਾ ਤਿਆਗ ਕਰਨ ਲਈ ਕਿਹਾ, ਸਵੈਮਾਨ ਦਾ ਤਿਆਗ ਕਰਨ ਲਈ ਨਹੀਂ ਆਖਿਆ, ਗੁਰੂ ਨਾਨਕ ਸਾਹਿਬ ਤਾਂ ਬੇਗ਼ੈਰਤ ਜੀਵਨ ਜਿਉਣ ਨੂੰ ਹਰਾਮ ਖਾਣ ਦੇ ਬਰਾਬਰ ਕਹਿੰਦੇ ਹਨ।
ਇਸ ਸਬੰਧ ਵਿਚ ਦੂਜੀ ਗੱਲ ਇਹ ਹੈ ਕਿ ਜੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੇਵਲ ਤੇ ਕੇਵਲ ਰੂਹਾਨੀ ਜਾਂ ਅਧਿਆਤਮਕ ਹੀ ਸੀ ਤਾਂ ਉਨ੍ਹਾਂ ਵਲੋਂ ਆਪਣੇ ਸਿੱਖਾਂ ਨੂੰ ਸਿਰ ਤਲੀ ਉੱਤੇ ਧਰਨ ਦੀ ਵੰਗਾਰ ਪਾਉਣ ਦਾ ਕੀ ਅਰਥ ਸੀ? ਉਹ ਕਹਿੰਦੇ ਹਨ-ਜੇ ਮੇਰੇ ਮਾਰਗ 'ਤੇ ਤੁਰਨਾ ਹੈ ਤਾਂ ਸਿਰ ਕੁਰਬਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਨਾ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਮ: 1, ਅੰਗ 1412)
ਸਿਰ ਕਾਹਦੇ ਲਈ ਕੁਰਬਾਨ ਕਰਨਾ ਸੀ? ਗੁਰੂ ਜੀ ਨੂੰ ਪਤਾ ਸੀ ਕਿ ਮੇਰੇ ਮਾਰਗ 'ਤੇ ਇਕ ਪੜਾਅ ਐਸਾ ਆਵੇਗਾ ਕਿ ਸਿਰਾਂ ਦੀ ਲੋੜ ਪੈ ਸਕਦੀ ਹੈ।
ਫੇਰ ਵਡਹੰਸ ਰਾਗ ਵਿਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ : ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ। ਭਾਵ ਮਰਨਾ ਉਨ੍ਹਾਂ ਸੂਰਮਿਆਂ ਦਾ ਹੀ ਪਰਵਾਨ ਹੈ ਜੋ ਸੱਚ ਤੇ ਸ਼ੁੱਭ ਕਰਮਾਂ ਦੀ ਖ਼ਾਤਰ ਮਰਦੇ ਹਨ। ਗੁਰੂ ਨਾਨਕ ਸਾਹਿਬ ਦੀ ਇਹ ਯੁੱਧ-ਸ਼ਬਦਾਵਲੀ ਸੱਚ ਤੇ ਧਰਮ ਦੀ ਖ਼ਾਤਰ ਜੂਝ-ਮਰਨ ਦਾ ਸੰਦੇਸ਼ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਧਰਮ-ਯੁੱਧ ਦੇ ਬੀਜ ਵਿਦਮਾਨ ਹਨ। ਇਸ ਗੱਲ ਦੀ ਪੁਸ਼ਟੀ ਬਹੁਤ ਸਾਰੇ ਵਿਦਵਾਨ ਕਰਦੇ ਹਨ। ਪਰ ਅਸੀਂ ਕੇਵਲ ਇਕ ਹਵਾਲੇ ਉੱਤੇ ਹੀ ਸੰਤੋਖ ਕਰ ਲਵਾਂਗੇ। ਸਰ ਗੋਕਲ ਚੰਦ ਨਾਰੰਗ ਆਪਣੀ ਪੁਸਤਕ 'ਸਿੱਖ ਮਤ ਦਾ ਪਰਿਵਰਤਨ' ਵਿਚ ਲਿਖਦੇ ਹਨ, 'ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਆਪ ਅਤੇ ਉਨ੍ਹਾਂ ਦਾ ਕਰਮ ਉਸ ਵਿਕਾਸ-ਪ੍ਰਕਿਰਿਆ ਦੇ ਸੁਭਾਵਕ ਸਿੱਟੇ ਸਨ, ਜਿਹੜੀ ਸਿੱਖ ਭਾਈਚਾਰੇ ਵਿਚ ਆਰੰਭਕ ਕਾਲ ਤੋਂ ਹੀ ਚੱਲ ਪਈ ਸੀ। ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਵਿਗਸਣ ਵਾਲਾ ਬੀਜ ਗੁਰੂ ਨਾਨਕ ਸਾਹਿਬ ਨੇ ਬੀਜਿਆ ਸੀ ਅਤੇ ਉਨ੍ਹਾਂ ਦੇ ਉੱਤਰਾ-ਅਧਿਕਾਰੀਆਂ ਨੇ ਸਿੰਜਿਆ ਸੀ। ਉਹ ਤੇਗ਼, ਜਿਸ ਨੇ ਖ਼ਾਲਸੇ ਦੀ ਪ੍ਰਤਿਸ਼ਠਾ ਦਾ ਮਾਰਗ ਬਣਾਇਆ, ਨਿਰਸੰਦੇਹ ਗੁਰੂ ਗੋਬਿੰਦ ਸਿੰਘ ਜੀ ਨੇ ਢਾਲੀ ਸੀ ਪਰ ਉਸ ਦਾ ਫੌਲਾਦ ਗੁਰੂ ਨਾਨਕ ਨੇ ਪ੍ਰਦਾਨ ਕੀਤਾ ਸੀ।' (ਪੰਨਾ-1)
ਗੁਰੂ ਸਾਹਿਬ ਦੀ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿਚ ਉਦੋਂ ਬਹੁਤ ਸੁੰਦਰ ਰੂਪ ਧਾਰਨ ਕਰਦੀ ਹੈ, ਜਦੋਂ ਦਸਮ ਪਾਤਸ਼ਾਹ ਉਸ ਗੁਰਮੁਖ ਨੂੰ ਧੰਨ ਕਹਿੰਦੇ ਹਨ ਜਿਸ ਦੇ ਮੁੱਖ 'ਤੇ ਹਰਿ ਅਤੇ ਚਿਤ ਵਿਚ ਧਰਮ-ਯੁੱਧ ਦਾ ਚਾਅ ਹੈ-
ਧੰਨ ਜੀਉ ਤਹਿ ਕਉ ਜਗ ਮਹਿ
ਮੁਖ ਤੇ ਹਰ ਚਿਤ ਮਹਿ ਜੁਧ ਬੀਚਾਰੈ॥
(ਕ੍ਰਿਸ਼ਨ ਅਵਤਾਰ)
ਜਿਸ ਧਾਰਮਿਕ ਤੇ ਸਮਾਜਿਕ ਇਨਕਲਾਬ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਜੋ ਅੰਤਮ ਰੂਪ ਵਿਚ ਰਾਜਨੀਤਕ ਇਨਕਲਾਬ ਦੀ ਪ੍ਰੇਰਨਾ ਬਣ ਗਿਆ, ਉਸ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਵਲੋਂ ਸਿਰਜੇ ਗਏ ਖ਼ਾਲਸੇ ਦੇ ਰੂਪ ਵਿਚ ਹੋਈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ 'ਮਰਦ ਅਗੰਮੜਾ' ਕਹਿ ਕੇ ਸਤਿਕਾਰ ਦਿੰਦੇ ਹਾਂ ਪਰ ਪਹਿਲਾ 'ਮਰਦ ਅਗੰਮੜਾ' ਗੁਰੂ ਨਾਨਕ ਦੇਵ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤੀ ਸਮਾਜ ਦੇ ਪਤਨ ਦੇ ਅੰਧੇਰੇ ਵਿਚ ਨਵੇਂ ਚਾਨਣ ਦੀ ਕਿਰਨ ਵੇਖੀ।
ਡਾ: ਮੁਹੰਮਦ ਇਕਬਾਲ ਵੀ ਗੁਰੂ ਨਾਨਕ ਸਾਹਿਬ ਨੂੰ 'ਮਰਦ-ਏ-ਕਾਮਲ' ਇਸੇ ਲਈ ਕਹਿੰਦੇ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਲਾਮੀ ਦੀ ਨੀਂਦ ਵਿਚ ਸੁੱਤੇ ਪਏ ਹਿੰਦੁਸਤਾਨ ਨੂੰ ਇਕ-ਈਸ਼ਵਰ-ਵਾਦ (ਤੌਹੀਦ) ਦਾ ਹੋਕਾ ਦੇ ਕੇ ਜਗਾਇਆ।
ਫਿਰ ਉਠੀ ਆਖ਼ਰ ਸਦਾਅ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ਾਅਬ ਸੇ।


-ਮੋਬਾ: 98155-40968

ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਨੂੰ ਦੇਣ

ਇਸ ਪੰਨੇ ਉੱਤੇ ਪਹਿਲਾਂ ਛਪੇ ਲੇਖਾਂ ਵਿਚ ਅਸੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਨਿਰੰਤਰ ਤੌਰ ਉੱਤੇ ਨਿੱਗਰ ਹਿੱਸਾ ਪਾ ਰਹੀਆਂ ਕੁਝ ਟਕਸਾਲਾਂ ਅਤੇ ਸੰਸਥਾਵਾਂ ਦਾ ਜ਼ਿਕਰ ਕੀਤਾ ਸੀ। ਅੱਜ ਦੇ ਇਸ ਲੇਖ ਵਿਚ ਕੁਝ ਹੋਰ ਪ੍ਰਮੁੱਖ ਅਤੇ ਅਹਿਮ ਸੰਸਥਾਵਾਂ ਦਾ ਵੇਰਵਾ ਪੇਸ਼ ਕਰ ਰਹੇ ਹਾਂ।
ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ (ਪਟਿਆਲਾ) : ਪੰਜਾਬੀ ਯੂਨੀਵਰਸਿਟੀ ਦਾ ਗੁਰਮਤਿ ਸੰਗੀਤ ਵਿਭਾਗ ਇਸ ਦੇ ਮੁਖੀ, ਕੀਰਤਨਕਾਰ ਅਤੇ ਪ੍ਰਸਿੱਧ ਸੰਗੀਤ ਆਚਾਰਿਆ ਡਾ: ਗੁਰਨਾਮ ਸਿੰਘ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ, ਜੋ ਵਿਸ਼ਵ ਭਰ ਵਿਚ ਯੂਨੀਵਰਸਿਟੀ ਪੱਧਰ ਉੱਤੇ ਗੁਰਮਤਿ ਸੰਗੀਤ ਦੇ ਅਧਿਆਪਨ ਲਈ ਸਥਾਪਤ ਪਹਿਲਾ ਅਦਾਰਾ ਹੈ। ਸਾਲ 2005 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਆਰੰਭ ਕੀਤੇ ਗਏ ਇਸ ਅਦਾਰੇ ਦਾ ਮਨੋਰਥ ਨਵੀਂ ਪੀੜ੍ਹੀ ਨੂੰ ਵੱਖ-ਵੱਖ ਸੰਗੀਤ ਸ਼ੈਲੀਆਂ ਦੇ ਸੰਦਰਭ ਵਿਚ ਗੁਰਮਤਿ ਸੰਗੀਤ ਦੀ ਮੌਲਿਕ, ਸ਼ੁੱਧ ਅਤੇ ਪ੍ਰਮਾਣਿਕ ਸਿਖਲਾਈ ਪ੍ਰਦਾਨ ਕਰਨਾ ਸੀ। ਇਸੇ ਤਹਿਤ ਹੋਏ ਕੰਮ ਦੀ ਇਕ ਖਾਸ ਗੱਲ ਇਹ ਹੈ ਕਿ ਡਾ: ਗੁਰਨਾਮ ਸਿੰਘ ਨੇ 31 ਰਾਗਾਂ ਦੀ ਰਿਕਾਰਡਿੰਗ ਕਰਵਾ ਕੇ ਵੀ ਇਕ ਮਹਾਨ ਕਾਰਜ ਕੀਤਾ ਹੈ। ਗੁਰਮਤਿ ਸੰਗੀਤ ਵਿਭਾਗ ਦਾ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਦਾ ਪੁਨਰ ਪ੍ਰਚਲਨ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ, ਕਿਉਂ ਜੋ ਵਿਭਾਗ ਵਲੋਂ ਡਾ: ਗੁਰਨਾਮ ਸਿੰਘ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਤੋਂ ਤੰਤੀ ਸਾਜ਼ਾਂ ਦਾ ਕੀਰਤਨ ਪੁਨਰ ਪ੍ਰਾਰੰਭ ਕਰਵਾਇਆ ਗਿਆ ਅਤੇ ਇਸੇ ਮੰਤਵ ਦੀ ਪੂਰਤੀ ਲਈ ਨਿਰੰਤਰ ਸਿਖਲਾਈ ਪ੍ਰੋਗਰਾਮ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਿਯੁਕਤ ਕੀਤੇ ਜਾਣ ਵਾਲੇ ਤੰਤੀ ਸਾਜ਼ ਵਾਦਕਾਂ ਅਤੇ ਕੀਰਤਨੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।
ਗੁਰਮਤਿ ਸੰਗੀਤ ਵਿਭਾਗ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ 200 ਦੇ ਕਰੀਬ ਵਿਦਿਆਰਥੀ ਦੇਸ਼-ਵਿਦੇਸ਼ਾਂ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਬਤੌਰ ਅਧਿਆਪਕ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਰਹੇ ਹਨ। ਗੁਰਮਤਿ ਸੰਗੀਤ ਵਿਭਾਗ ਵਲੋਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਗੁਰਮਤਿ ਸੰਗੀਤ ਨਾਲ ਜੋੜਨ ਲਈ ਹਰ ਸਾਲ ਗੁਰਮਤਿ ਸੰਗੀਤ ਦੇ ਗਾਇਨ, ਤੰਤੀ ਸਾਜ਼ ਵਾਦਨ ਅਤੇ ਤਾਲ ਸਾਜ਼ ਵਾਦਨ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਦੀਆਂ ਸਰੋਤ ਪੁਸਤਕਾਂ, ਪਾਠ ਪੁਸਤਕਾਂ ਅਤੇ ਪ੍ਰਮੁੱਖ ਕੀਰਤਨੀਆਂ ਦੇ ਮੋਨੋਗ੍ਰਾਫ ਸਬੰਧੀ ਵੱਖ-ਵੱਖ ਲੇਖਕਾਂ ਤੋਂ ਪੁਸਤਕਾਂ ਲਿਖਵਾਉਣ ਦਾ ਕਾਰਜ ਵੀ ਛੋਹਿਆ ਗਿਆ ਹੈ। ਇਸ ਦਿਸ਼ਾ ਵਿਚ ਹੀ ਇਸ ਸਾਲ ਦੌਰਾਨ ਵਿਭਾਗ ਦੀ ਇਕ ਮਹੱਤਵਪੂਰਨ ਪ੍ਰਾਪਤੀ 'ਗੁਰਮਤਿ ਸੰਗੀਤ ਸ਼ਬਦਾਵਲੀ' ਦੀ ਪ੍ਰਕਾਸ਼ਨਾ ਹੈ, ਜਿਸ ਦੀ ਪੂਰੀ ਪ੍ਰਕਿਰਿਆ ਗੁਰਮਤਿ ਸੰਗੀਤ ਪਰੰਪਰਾ-103 ਤਹਿਤ ਪਾਠਕਾਂ ਦੇ ਰੂ-ਬ-ਰੂ ਕੀਤੀ ਜਾ ਚੁੱਕੀ ਹੈ।
ਡਾ: ਗੁਰਨਾਮ ਸਿੰਘ ਦੇ ਭਰਾਤਾ ਡਾ: ਜਗੀਰ ਸਿੰਘ ਵੀ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਹਨ। ਵਿਭਾਗ ਦੀ ਫੈਕਲਟੀ ਵਿਚ ਡਾ: ਕੰਵਲਜੀਤ ਸਿੰਘ, ਡਾ: ਵਰਿੰਦਰ ਕੌਰ ਅਤੇ ਅਮਨਦੀਪ ਸਿੰਘ ਦੇ ਨਾਂਅ ਸ਼ਾਮਿਲ ਹਨ। ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੂੰ ਵੱਖ-ਵੱਖ ਥਾਈਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ 'ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਕੋਰਸ' ਆਨਲਾਈਨ ਸ਼ੁਰੂ ਕੀਤਾ ਜਾਣਾ ਹੈ, ਜਿਸ ਨਾਲ ਵਿਦੇਸ਼ਾਂ ਵਿਚ ਵਸ ਰਹੇ ਗੁਰਮਤਿ ਸੰਗੀਤ ਦੇ ਖੋਜਾਰਥੀਆਂ, ਸਿੱਖਿਆਰਥੀਆਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਪੋਸਟ ਗ੍ਰੈਜੂਏਟ ਪੱਧਰ ਤੱਕ ਦੀ ਗੁਰਮਤਿ ਸੰਗੀਤ ਦੀ ਆਨਲਾਈਨ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਗੁਰਮਤਿ ਸੰਗੀਤ ਵਿਭਾਗ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਵਿਚ ਸਵਰਗੀ ਬੀਬੀ ਜਸਬੀਰ ਕੌਰ ਖਾਲਸਾ, ਸਿੰਘ ਬੰਧੂ ਸੁਰਿੰਦਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਇਸ ਵਿਭਾਗ ਵਲੋਂ ਵੱਡੇ-ਵੱਡੇ ਕੀਰਤਨ ਦਰਬਾਰ ਵੀ ਹੋਏ ਹਨ, ਜਿਨ੍ਹਾਂ ਵਿਚ ਮੰਨੇ-ਪ੍ਰਮੰਨੇ ਕੀਰਤਨਕਾਰਾਂ ਜਿਵੇਂ ਸ਼੍ਰੋਮਣੀ ਰਾਗੀ ਭਾਈ ਉੱਤਮ ਸਿੰਘ ਪਤੰਗ, ਸ਼੍ਰੋਮਣੀ ਰਾਗੀ ਡਾ: ਜਗੀਰ ਸਿੰਘ, ਸ਼੍ਰੋਮਣੀ ਰਾਗੀ ਡਾ: ਗੁਰਨਾਮ ਸਿੰਘ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸ਼੍ਰੋਮਣੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਗੁਰਨਾਮ ਸਿੰਘ ਦਿੱਲੀ, ਭਾਈ ਕੁਲਤਾਰ ਸਿੰਘ ਦਿੱਲੀ, ਭਾਈ ਮਨੋਹਰ ਸਿੰਘ ਦਿੱਲੀ, ਡਾ: ਗੁਰਿੰਦਰ ਸਿੰਘ ਬਟਾਲਾ, ਪ੍ਰੋ: ਕਰਤਾਰ ਸਿੰਘ, ਸੰਤ ਸਤਨਾਮ ਸਿੰਘ ਕਿਸ਼ਨਗੜ੍ਹ, ਡਾ: ਜਸਬੀਰ ਕੌਰ ਅਤੇ ਗ਼ੈਰ-ਸਿੱਖ ਸ਼ਾਸਤਰੀ ਗਾਇਕਾਂ ਅਤੇ ਵਾਦਕਾਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਪਾਕਿਸਤਾਨ ਤੋਂ ਉਚੇਚੇ ਤੌਰ 'ਤੇ ਭਾਈ ਲਾਲ ਜੀ (ਦੂਜੇ), ਭਾਈ ਚਾਂਦ ਅਫਜ਼ਾਲ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕੀਰਤਨ ਕਰਨ ਆਉਂਦੇ ਰਹੇ ਸਨ, ਜਿਨ੍ਹਾਂ ਦੀਆਂ ਰਿਕਾਰਡਿੰਗਜ਼ ਵਿਭਾਗ ਕੋਲ ਮਹਿਫੂਜ਼ ਹਨ।
ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ : 2002 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਗੁਰਮਤਿ ਸੰਗੀਤ ਚੇਅਰ' ਦੀ ਸਥਾਪਨਾ ਕੀਤੀ ਗਈ, ਜੋ ਤਤਕਾਲੀ ਵਾਈਸ-ਚਾਂਸਲਰ ਸਵਰਨ ਸਿੰਘ ਬੋਪਾਰਾਏ ਦੀ ਇਕ ਵੱਡੀ ਦੇਣ ਸੀ। ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਵਲੋਂ ਡਾ: ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਚੇਅਰ ਦਾ ਮੁਖੀ ਥਾਪਿਆ ਗਿਆ। ਗੁਰਮਤਿ ਸੰਗੀਤ ਚੇਅਰ ਵਲੋਂ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਸਥਾਪਤੀ ਕੀਤੀ ਗਈ ਹੈ। ਤਤਕਾਲੀ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਦੀ ਪ੍ਰੇਰਨਾ ਸਦਕਾ ਸਾਲ 2008 ਤੋਂ ਤਿੰਨ ਰੋਜ਼ਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਆਰੰਭ ਕੀਤਾ ਗਿਆ ਹੈ। ਗੁਰਮਤਿ ਸੰਗੀਤ ਚੇਅਰ ਵਲੋਂ ਰਬਾਬੀ ਕੀਰਤਨ ਪਰੰਪਰਾ ਦੀ ਸੁਰੱਖਿਆ ਸੰਭਾਲ ਹਿੱਤ ਪਾਕਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਆਏ ਭਾਈ ਗੁਲਾਮ ਮੁਹੰਮਦ ਚਾਂਦ ਅਤੇ ਭਾਈ ਲਾਲ ਦੀਆਂ ਗਾਇਨ ਤੇ ਸਿਖਲਾਈ ਵਰਕਸ਼ਾਪਾਂ ਵੀ ਲਾਈਆਂ ਜਾ ਚੁੱਕੀਆਂ ਹਨ। ਕਈ ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ ਸੰਤ ਸੁੱਚਾ ਸਿੰਘ ਜਵੱਦੀ ਦੀ ਯਾਦ ਵਿਚ ਆਰਕਾਈਵਜ਼ ਵੀ ਕਾਇਮ ਕੀਤਾ ਗਿਆ ਹੈ।


-ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਨੌਧ ਸਿੰਘ

ਪੰਜਾਬ ਦੀਆਂ ਪਗਡੰਡੀਆਂ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਸੁਗੰਧਿਤ ਹਨ। ਇਥੇ ਦੁੱਧ ਪੀਂਦੇ ਬੱਚਿਆਂ ਤੋਂ ਲੈ ਕੇ ਸੌ ਸਾਲ ਦੇ ਬਜ਼ੁਰਗਾਂ ਨੇ ਵੀ ਮੌਤ ਨਾਲ ਆਸ਼ਕੀ ਲਾਈ ਅਤੇ ਦੇਸ਼, ਕੌਮ, ਧਰਮ, ਮਨੁੱਖਤਾ, ਆਜ਼ਾਦੀ ਲਈ ਕੁਰਬਾਨ ਹੋ ਗਏ। ਅਜਿਹੇ ਹੀ ਅਮਰ ਸ਼ਹੀਦ ਬਾਬਾ ਨੌਧ ਸਿੰਘ ਨੇ 95 ਸਾਲ ਦੀ ਉਮਰ ਵਿਚ ਖੰਡਾ ਖੜਕਾਉਂਦਿਆਂ ਜ਼ਾਲਮਾਂ ਨਾਲ ਜੂਝ ਕੇ ਸ਼ਹੀਦੀ ਪਾਈ। ਅੱਜ ਉਨ੍ਹਾਂ ਦੀ ਯਾਦ ਵਿਚ ਸ੍ਰੀ ਅੰਮ੍ਰਿਤਸਰ-ਤਰਨ ਤਾਰਨ ਸੜਕ ਉੱਤੇ ਪਿੰਡ ਚੱਬੇ ਵਿਖੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਥੇ ਹਰ ਸਾਲ ਜੋੜ ਮੇਲਾ ਭਰਦਾ ਹੈ। ਬਾਬਾ ਨੌਧ ਸਿੰਘ ਅਤੇ ਬਾਬਾ ਦੀਪ ਸਿੰਘ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਦੇ ਜਥੇਦਾਰ ਅਤੇ ਬਾਬਾ ਨੌਧ ਸਿੰਘ ਮੀਤ ਜਥੇਦਾਰ ਸਨ। ਦੋਵੇਂ ਸੰਤ ਖਾਲਸੇ ਨਾਮ ਬਾਣੀ ਦੇ ਰੰਗ ਵਿਚ ਰੰਗੇ ਹੋਏ ਸਨ ਅਤੇ ਅਣਥੱਕ ਸੇਵਾ ਸਿਮਰਨ ਕਰ ਰਹੇ ਸਨ। ਦੋਵਾਂ ਨੇ ਭੁੰਨੇ ਹੋਏ ਛੋਲੇ ਅਤੇ ਜਲ ਦੀਆਂ ਗਾਗਰਾਂ ਰੱਖੀਆਂ ਹੋਈਆਂ ਸਨ, ਜਿਸ ਦੇ ਆਧਾਰ 'ਤੇ ਹਰ ਸਮੇਂ ਮਨੁੱਖਤਾ ਦੀ ਸੇਵਾ ਅਤੇ ਪਰਉਪਕਾਰੀ ਕਾਰਜ ਕਰ ਰਹੇ ਸਨ।
ਸ੍ਰੀ ਕਲਗੀਧਰ ਜੀ ਨੇ ਆਪਣੇ ਖਾਲਸੇ ਵਿਚ ਦੇਗ਼ ਅਤੇ ਤੇਗ਼, ਸੰਤ ਅਤੇ ਸਿਪਾਹੀ ਦੇ ਗੁਣ ਭਰੇ ਹੋਏ ਸਨ। ਇਹ ਦੋਵੇਂ ਜੋਧੇ ਜਿਥੇ ਹਰ ਸਮੇਂ ਨਾਮ ਦਾ ਖੰਡਾ ਖੜਕਾਉਂਦੇ ਸਨ, ਉਥੇ ਮਜ਼ਲੂਮ ਦੀ ਰੱਖਿਆ ਲਈ ਵੀ ਤਿਆਰ-ਬਰ-ਤਿਆਰ ਰਹਿੰਦੇ ਸਨ। ਇਨ੍ਹਾਂ ਨੂੰ ਖ਼ਬਰ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਂ ਅਤੇ ਜ਼ਬਰਦਸਤ ਖਾਂ ਨੇ 35,000 ਦੀ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ ਹੈ ਅਤੇ ਪਵਿੱਤਰ ਗੁਰਧਾਮ ਦੀ ਬੇਅਦਬੀ ਕਰ ਰਹੇ ਹਨ, ਸਰੋਵਰ ਨੂੰ ਗੰਦਗੀ ਨਾਲ ਪੂਰ ਰਹੇ ਹਨ। ਇਹ ਦੁੱਖਦਾਇਕ ਖ਼ਬਰ ਸੁਣ ਕੇ ਇਨ੍ਹਾਂ ਸੂਰਬੀਰਾਂ ਨੇ ਕਮਰਕੱਸੇ ਕਰ ਲਏ ਅਤੇ ਆਪਣੀ ਮਿਸਲ ਦੇ ਸਿਰਲੱਥ ਯੋਧਿਆਂ ਸਮੇਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਚੱਲ ਪਏ। ਰਸਤੇ ਵਿਚ ਹਜ਼ਾਰਾਂ ਮਰਜੀਵੜੇ ਆਪ ਨਾਲ ਰਲ ਗਏ, ਜਿਨ੍ਹਾਂ ਨੂੰ ਧਰਮ ਯੁੱਧ ਦਾ ਚਾਉ ਸੀ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਉਮਰ ਦੇ ਬਾਬਾ ਨੌਧ ਸਿੰਘ ਵੀ ਮੌਤ ਨੂੰ ਪਰਨਾਉਣ ਆਏ ਸਨ। ਇਨ੍ਹਾਂ ਦਾ ਰਸਤਾ ਅਬਦਾਲੀ ਦੇ ਹੱਟੇ-ਕੱਟੇ ਜਵਾਨ ਜਰਨੈਲ ਜਹਾਨ ਖਾਂ ਨੇ ਰੋਕ ਲਿਆ। ਉਸ ਨੇ ਬਾਬਾ ਜੀ 'ਤੇ 3 ਵਾਰ ਕੀਤੇ ਪਰ ਤਿੰਨੇ ਵਾਰਾਂ ਨੂੰ ਆਪ ਜੀ ਨੇ ਢਾਲ 'ਤੇ ਰੋਕ ਲਿਆ। ਮੁਗ਼ਲਾਂ ਦਾ ਯੋਧਾ ਕਾਸਮ ਖਾਂ ਬਾਬਾ ਜੀ ਵੱਲ ਵਧਿਆ ਪਰ ਆਪ ਜੀ ਨੇ ਦੋ-ਧਾਰੇ ਖੰਡੇ ਦੇ ਅਜਿਹੇ ਵਾਰ ਕੀਤੇ ਕਿ ਮੁਗ਼ਲਾਂ ਵਿਚ ਤਰਥੱਲੀ ਮਚ ਗਈ।
ਜਦੋਂ ਕਾਸਮ ਖਾਂ ਭੱਜਣ ਲੱਗਾ ਤਾਂ ਬਾਬਾ ਜੀ ਨੇ ਉਸ 'ਤੇ ਵਾਰ ਕਰਕੇ ਉਸ ਨੂੰ ਥਾਏਂ ਢੇਰੀ ਕਰ ਦਿੱਤਾ। ਇਹ ਜੰਗ 11 ਨਵੰਬਰ, 1757 ਈ: ਨੂੰ ਚੱਬੇ ਦੇ ਮੈਦਾਨ ਵਿਚ ਹੋਈ। 95 ਸਾਲ ਦੇ ਬਾਬਾ ਜੀ ਨੇ ਅਧਰਮੀ ਫੌਜ ਨੂੰ ਇਉਂ ਵੱਢਣਾ ਸ਼ੁਰੂ ਕੀਤਾ, ਜਿਵੇਂ ਕਣਕ ਦੀ ਵਾਢੀ ਕਰੀਦੀ ਹੈ। ਜਦੋਂ ਆਪ ਜੀ ਦੇ ਸਰੀਰ ਉੱਤੇ ਅਨੇਕਾਂ ਫੱਟ ਲੱਗੇ ਅਤੇ ਖੂਨ ਫੁਹਾਰਿਆਂ ਵਾਂਗ ਵਹਿਣਾ ਸ਼ੁਰੂ ਹੋ ਗਿਆ ਤਾਂ ਆਪ ਚੌਕੜਾ ਲਾ ਕੇ ਬੈਠ ਗਏ। ਆਪਣੀ ਸੁਰਤੀ ਪਰਮਾਤਮਾ ਨਾਲ ਜੋੜ ਲਈ ਅਤੇ ਸ਼ਹੀਦੀ ਜਾਮ ਪੀ ਗਏ। ਇਸ ਅਸਥਾਨ 'ਤੇ ਹੁਣ ਗੁਰਦੁਆਰਾ ਸਾਹਿਬ, ਲੰਗਰ, ਸਰਾਵਾਂ ਆਦਿ ਬਣੇ ਹੋਏ ਹਨ, ਜਿਸ ਦੀ ਸੇਵਾ ਤਰਨਾ ਦਲ ਵਲੋਂ ਨਿਭਾਈ ਜਾ ਰਹੀ ਹੈ। ਬਾਬਾ ਜੀ ਦੀ ਗੌਰਵਮਈ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ।
ਸ਼ਹੀਦਾਂ ਦੇ ਲਹੂ ਅੰਦਰ ਜੇ ਪੱਤਝੜ ਭਿੱਜ ਜਾਵੇ ਤਾਂ
ਇਸੇ ਪੱਤਝੜ ਦੀ ਕੁੱਖੋਂ ਫਿਰ ਕੋਈ ਗੁਲਜ਼ਾਰ ਖਿੜਦੀ ਏ।
ਉਨ੍ਹਾਂ ਦੇ ਸ਼ਸਤਰਾਂ 'ਚੋਂ ਇਸ਼ਕ ਦਾ ਸੰਗੀਤ ਝਰਦਾ ਹੈ,
ਉਨ੍ਹਾਂ ਦੇ ਨੂਰ ਦੇ ਰਾਹਾਂ 'ਤੇ ਆਣ ਬਹਾਰ ਖਿੜਦੀ ਏ।

ਦਰਦ ਤੇ ਮੁਹੱਬਤ ਦੀ ਕਹਾਣੀ ਦੇ ਨਾਲ ਇਤਿਹਾਸ ਵੀ ਬਿਆਨ ਕਰ ਰਿਹੈ 'ਪਾਰਟੀਸ਼ਨ ਮਿਊਜ਼ੀਅਮ'

ਅੰਮ੍ਰਿਤਸਰ ਦੇ ਟਾਊਨ ਹਾਲ ਵਿਚ ਉਸਾਰਿਆ ਗਿਆ ਪਾਰਟੀਸ਼ਨ ਮਿਊਜ਼ੀਅਮ ਆਪਣੇ-ਆਪ ਵਿਚ ਇਕ ਨਿਵੇਕਲਾ ਅਜਾਇਬਘਰ ਹੈ, ਜੋ ਦੇਸ਼ ਦੀ ਵੰਡ ਨਾਲ ਜੁੜੀਆਂ ਦਰਦ ਅਤੇ ਮੁਹੱਬਤ ਦੀਆਂ ਕਹਾਣੀਆਂ ਨੂੰ ਇਕੱਠਾ ਬਿਆਨ ਕਰ ਰਿਹਾ ਹੈ। ਮੌਜੂਦਾ ਸਮੇਂ ਇਹ ਅਜਾਇਬਘਰ ਨੌਜਵਾਨ ਤੇ ਵਿਦਿਆਰਥੀ ਵਰਗ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 'ਦ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਵਲੋਂ ਉਸਾਰੇ ਗਏ ਉਪਰੋਕਤ ਅਜਾਇਬਘਰ ਦੀ ਸੀ.ਈ.ਓ. ਮਲਿਕਾ ਆਹਲੂਵਾਲੀਆ ਨੇ ਦੱਸਿਆ ਕਿ ਅਜਾਇਬਘਰ ਨੂੰ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ 17 ਹਜ਼ਾਰ ਵਰਗ ਫੁੱਟ ਵਿਚ ਉਸਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀਸ਼ਨ ਮਿਊਜ਼ੀਅਮ ਦਰਸ਼ਕਾਂ ਨੂੰ ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡ-ਬੀਤੀ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਰੂ-ਬਰੂ ਕਰਵਾਉਣ ਦੇ ਨਾਲ-ਨਾਲ ਪੰਜਾਬ ਦੀਆਂ ਆਜ਼ਾਦੀ ਲਹਿਰਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾ ਰਿਹਾ ਹੈ।
ਦਰਸ਼ਕ 10 ਰੁਪਏ ਦੀ ਟਿਕਟ ਖ਼ਰੀਦ ਕੇ ਪੰਜਾਬ ਗੈਲਰੀ ਵਲੋਂ ਪ੍ਰਵੇਸ਼ ਕਰਦੇ ਹਨ ਅਤੇ ਇਸ ਗੈਲਰੀ ਵਿਚ ਦਰਸ਼ਕਾਂ ਨੂੰ ਪੰਜਾਬ ਨਾਲ ਸਬੰਧਿਤ ਮੁਗ਼ਲ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਸਹਿਤ ਸੂਫ਼ੀ ਕਵੀਆਂ ਬਾਬਾ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਅਤੇ ਸ਼ਾਹ ਹੁਸੈਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਜੁੜੇ ਚਾਰ ਹੋਰਨਾਂ ਕਮਰਿਆਂ ਵਿਚ ਦਰਸ਼ਕਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤੀ ਇਮਾਰਤਾਂ ਤੇ ਇਤਿਹਾਸ ਸਹਿਤ ਦੇਸ਼ ਦੀ ਆਜ਼ਾਦੀ ਲਈ ਸੰਨ 1900 ਤੋਂ ਲੈ ਕੇ ਦੇਸ਼ ਦੀ ਵੰਡ ਤੱਕ ਚੱਲੀਆਂ ਵੱਖ-ਵੱਖ ਲਹਿਰਾਂ ਸਬੰਧੀ ਪ੍ਰਮਾਣਿਕ ਜਾਣਕਾਰੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਮਿਊਜ਼ੀਅਮ ਦੇ ਪ੍ਰਮੁੱਖ ਹਾਲ ਵਿਚ ਭਾਰਤ ਦੀ ਧਰਤੀ ਨੂੰ ਦੋ ਹਿੱਸਿਆਂ ਵਿਚ ਵੰਡਦਾ ਆਰਾ, ਢਹਿ-ਢੇਰੀ ਹੋਏ ਘਰਾਂ ਦੇ ਢਾਂਚੇ, ਰਾਵਲਪਿੰਡੀ ਦੇ ਥੋਹਾ ਖ਼ਾਲਸਾ ਦਾ ਉਹ ਇਤਿਹਾਸਕ ਖੂਹ, ਜਿਸ ਵਿਚ ਆਪਣੀ ਇੱਜ਼ਤ ਬਚਾਉਣ ਲਈ 96 ਗ਼ੈਰਤਮੰਦ ਸਿੱਖ ਬੀਬੀਆਂ ਨੇ ਛਲਾਂਗਾਂ ਲਗਾ ਕੇ ਆਪਣੀ ਕੁਰਬਾਨੀ ਦਿੱਤੀ ਸੀ, ਸਮੇਤ ਫ਼ਿਰਕੂ ਦੰਗਿਆਂ ਦੇ ਚੱਲਦਿਆਂ ਲਹੂ-ਲੁਹਾਣ ਹੋਇਆ ਰੇਲਵੇ ਸਟੇਸ਼ਨ ਵੀ ਵਿਖਾਇਆ ਗਿਆ ਹੈ। ਉਪਰੋਕਤ ਸਟੇਸ਼ਨ 'ਤੇ ਲਗਾਈ ਗਈ 9 ਫੁੱਟ ਉੱਚੀ ਸਕਰੀਨ 'ਤੇ ਸੰਨ 1947 'ਚ ਲੋਕਾਂ ਦੀ ਪਲਾਇਨ ਦੇ ਦ੍ਰਿਸ਼ ਪ੍ਰਸਾਰਿਤ ਕੀਤੇ ਜਾ ਰਹੇ ਹਨ।
14 ਗੈਲਰੀਆਂ ਵਿਚ ਉਸਾਰੇ ਗਏ ਇਸ ਅਜਾਇਬਘਰ ਵਿਚ 36 ਐਲ. ਈ. ਡੀ. ਸਕਰੀਨਾਂ 'ਤੇ ਦੇਸ਼ ਦੀ ਵੰਡ ਦਾ ਸੰਤਾਪ ਪਿੰਡੇ 'ਤੇ ਹੰਢਾਉਣ ਵਾਲੇ ਕਰੀਬ 500 ਲੋਕਾਂ ਨਾਲ ਕੀਤੀ ਗਈ ਗੱਲਬਾਤ ਵੀਡੀਓ ਤੇ ਆਡੀਓ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਵਿਚ ਦੇਸ਼ ਦੀ ਵੰਡ ਨਾਲ ਸਬੰਧਿਤ ਮਹੱਤਵਪੂਰਨ ਦਸਤਾਵੇਜ਼, ਪੱਤਰ, ਸਾਹਿਤਕ ਪੁਸਤਕਾਂ, ਤਸਵੀਰਾਂ ਅਤੇ ਹੋਰ ਵਸਤੂਆਂ ਰੱਖੀਆਂ ਗਈਆਂ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਇਸ ਪਹਿਲੇ ਪਾਰਟੀਸ਼ਨ ਮਿਊਜ਼ੀਅਮ ਵਿਚ ਦੇਸ਼ ਦੀ ਵੰਡ ਨਾਲ ਸਬੰਧਿਤ ਹੋਰ ਬਹੁਤ ਸਾਰੀਆਂ ਯਾਦਗਾਰੀ ਵਸਤੂਆਂ ਪ੍ਰਦਰਸ਼ਨੀ ਹਿਤ ਰੱਖੀਆਂ ਜਾਣਗੀਆਂ।
ਇਸੇ ਵਰ੍ਹੇ ਪਾਰਟੀਸ਼ਨ ਮਿਊਜ਼ੀਅਮ 'ਚ ਜਲ੍ਹਿਆਂਵਾਲਾ ਬਾਗ਼ ਸਾਕੇ ਦਾ ਇਤਿਹਾਸ ਬਿਆਨ ਕਰਨ ਲਈ ਸਾਕੇ ਨਾਲ ਸਬੰਧਿਤ ਦੁਰਲੱਭ ਤਸਵੀਰਾਂ, ਦਸਤਾਵੇਜ਼ਾਂ ਅਤੇ ਯਾਦਗਾਰੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਸ਼ੁਰੂ ਕੀਤੀ ਗਈ ਹੈ। ਅਜਾਇਬਘਰ ਦੀਆਂ 7 ਗੈਲਰੀਆਂ 'ਚ ਲਗਾਈ ਗਈ ਇਸ ਪ੍ਰਦਰਸ਼ਨੀ 'ਚ ਉਸ ਸਮੇਂ ਦਾ ਹਾਲ ਬਿਆਨ ਕਰਦੀਆਂ ਕੈਮਰਾ ਤਸਵੀਰਾਂ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਅੰਗਰੇਜ਼ੀ ਪੁਲਿਸ ਦੁਆਰਾ ਕ੍ਰਾਂਤੀਕਾਰੀਆਂ ਵਿਰੁੱਧ ਦਰਜ ਕੀਤੀਆਂ ਐਫ. ਆਈ. ਆਰ. ਰੱਖੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਉਕਤ ਅਜਾਇਬ ਘਰ ਦੀ ਇਮਾਰਤ (ਟਾਊਨ ਹਾਲ) 'ਚ ਸੰਨ 1919 ਦੇ ਸਾਕੇ ਵੇਲੇ ਕੋਤਵਾਲੀ ਹੁੰਦੀ ਸੀ ਅਤੇ ਇੱਥੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਨਿਰਦੋਸ਼ ਭਾਰਤੀਆਂ ਨੂੰ ਕੈਦ ਕਰਕੇ ਤਸੀਹੇ ਦਿੱਤੇ ਗਏ, ਜਿਸ ਬਾਰੇ ਜਾਣਕਾਰੀ ਦੇਣ ਲਈ ਜਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਜਾਣਕਾਰੀ ਦੇਣ ਲਈ ਲਗਾਈ ਗਈ ਪ੍ਰਦਰਸ਼ਨੀ 'ਚ ਇੱਥੇ ਬਕਾਇਦਾ ਜੇਲ੍ਹ ਕੋਠੜੀਆਂ ਅਤੇ ਕੋੜਿਆਂ ਦੀ ਸਜ਼ਾ ਦੇਣ ਲਈ ਤਿਆਰ ਕਰਵਾਏ ਗਏ ਲੱਕੜੀ ਦੇ ਢਾਂਚੇ ਵੀ ਸ਼ਾਮਿਲ ਕੀਤੇ ਗਏ ਹਨ।


-ਅੰਮ੍ਰਿਤਸਰ। ਮੋਬਾ: 93561-27771

ਜਨਮ ਦਿਨ 'ਤੇ ਵਿਸ਼ੇਸ਼

ਮਹਾਨ ਕੋਸ਼ ਦੇ ਰਚੇਤਾ ਸ਼੍ਰੋਮਣੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ

ਸਿੱਖ ਧਾਰਮਿਕ ਗ੍ਰੰਥਾਂ, ਦੂਜੇ ਧਰਮਾਂ ਦੇ ਧਾਰਮਿਕ ਗ੍ਰੰਥਾਂ, ਅਧਿਆਤਮਿਕ ਵਿਚਾਰਧਾਰਾ ਨੂੰ ਅਸਲ ਰੂਪ ਵਿਚ ਜਾਣਨ ਲਈ ਜਿਹੜਾ ਕਾਰਜ ਭਾਈ ਕਾਨ੍ਹ ਸਿੰਘ ਨਾਭਾ ਨੇ ਕੀਤਾ, ਉਸ ਦਾ ਅੱਜ ਤੱਕ ਹੋਰ ਕੋਈ ਬਦਲ ਨਹੀਂ। ਇਹ ਸਮੁੱਚਾ ਕਾਰਜ ਉਨ੍ਹਾਂ 20ਵੀਂ ਸਦੀ ਦੇ ਪਹਿਲੇ ਅੱਧ ਵਿਚ ਸੰਪੂਰਨ ਕੀਤਾ। ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ 'ਮਹਾਨ ਕੋਸ਼' ਦੀ ਰਚਨਾ ਕਰਕੇ ਜਿਹੜੀ ਪ੍ਰਸਿੱਧੀ ਪ੍ਰਾਪਤ ਹੋਈ, ਇਸ ਮਹਾਨ ਕਾਰਜ ਕਰਕੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਅਜਿਹਾ ਸਤਿਕਾਰ ਤੇ ਮਾਣ ਮਿਲਦਾ ਰਹੇਗਾ। ਆਪ ਦਾ ਜਨਮ 30 ਅਗਸਤ, 1861 ਈ: ਵਿਚ ਪਟਿਆਲਾ ਰਿਆਸਤ ਦੇ ਪਿੰਡ ਸਬਜ-ਬਨੇਰਾ ਵਿਚ ਭਾਈ ਨਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖ ਤੋਂ ਹੋਇਆ। ਆਪ ਜੀ ਦੇ ਪਿਤਾ ਜੀ ਉਸ ਸਮੇਂ ਨਾਭਾ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਅਜੈਪਾਲ ਸਿੰਘ ਦੇ ਪ੍ਰਬੰਧਕ ਵਜੋਂ ਡਿਊਟੀ ਨਿਭਾਉਂਦੇ ਸਨ। ਪਿਤਾ ਜੀ ਦੇ ਪ੍ਰਭਾਵ ਕਾਰਨ ਉਨ੍ਹਾਂ ਮੁਢਲੀ ਗੁਰਮਤਿ ਵਿੱਦਿਆ ਭਾਈ ਰੂਪ ਸਿੰਘ ਤੋਂ ਅਤੇ ਸੰਸਕ੍ਰਿਤ ਬਾਵਾ ਕਲਿਆਣ ਦਾਸ ਤੋਂ ਪ੍ਰਾਪਤ ਕੀਤੀ।
ਭਾਈ ਕਾਨ੍ਹ ਸਿੰਘ ਨਾਭਾ ਨੇ ਭਰ ਜਵਾਨੀ ਤੱਕ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਛੇ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਕਰ ਲਈ। ਉਨ੍ਹਾਂ ਦੇ ਜਵਾਨੀ ਦੇ ਦਿਨਾਂ ਵਿਚ ਸਿੰਘ ਸਭਾ ਲਹਿਰ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ। 1883 ਈ: ਵਿਚ ਉਨ੍ਹਾਂ ਪ੍ਰੋ: ਗੁਰਮੁਖ ਸਿੰਘ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਰਚਨਾਵਾਂ ਵਿਚ ਸਿੱਖ ਧਰਮ ਨੂੰ ਨਿਵੇਕਲੇ ਧਰਮ ਵਜੋਂ ਪ੍ਰਚਾਰਨਾ ਆਰੰਭ ਕੀਤਾ। 1884 ਈ: ਵਿਚ ਜਦੋਂ ਆਪ ਵਾਪਸ ਨਾਭਾ ਪੁੱਜੇ ਤਾਂ ਮਹਾਰਾਜਾ ਨਾਭਾ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਰਾਜ ਸਰਕਾਰ ਦੇ ਪ੍ਰਬੰਧਕੀ ਢਾਂਚੇ ਵਿਚ ਲੈ ਆਏ।
ਢੇਰ ਸਾਰੇ ਯਤਨਾਂ ਤੋਂ ਪਿੱਛੋਂ 'ਮਹਾਨ ਕੋਸ਼' ਨੂੰ ਛਾਪਣ ਲਈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਇਕਵੰਜਾ ਹਜ਼ਾਰ ਦੇਣਾ ਪ੍ਰਵਾਨ ਕੀਤਾ। ਅਕਤੂਬਰ, 1927 ਈ: ਵਿਚ ਅੰਮ੍ਰਿਤਸਰ ਦੀ ਇਕ ਪ੍ਰੈੱਸ ਤੋਂ 'ਮਹਾਨ ਕੋਸ਼' ਛਪਣਾ ਸ਼ੁਰੂ ਹੋਇਆ। ਅਪ੍ਰੈਲ, 1930 ਵਿਚ ਇਹ ਕਾਰਜ ਮੁਕੰਮਲ ਹੋਇਆ। ਇਸ ਤੋਂ ਪਿੱਛੋਂ 3335 ਪੰਨਿਆਂ ਦੇ ਇਸ ਕੋਸ਼ ਨੂੰ ਚਾਰ ਜਿਲਦਾਂ ਵਿਚ ਤਿਆਰ ਕੀਤਾ ਗਿਆ। ਇਸ ਦੀ ਕੀਮਤ 110 ਰੁਪਏ ਰੱਖੀ ਗਈ। ਇਸ ਤੋਂ 30 ਸਾਲ ਪਿੱਛੋਂ 1960 ਵਿਚ ਇਕੋ ਜਿਲਦ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਇਸ ਨੂੰ ਮੁੜ ਛਾਪਿਆ ਅਤੇ 3335 ਪੰਨਿਆਂ ਨੂੰ 835 ਪੰਨਿਆਂ ਵਿਚ ਸਮੁੱਚੇ ਮੈਟਰ ਨੂੰ ਸਮੋ ਦਿੱਤਾ। ਇਸ ਤੋਂ ਬਿਨਾਂ ਭਾਈ ਸਾਹਿਬ ਵੱਲੋਂ ਕੀਤੇ ਨਵੇਂ ਵਾਧੇ ਦੇ 90 ਪੰਨੇ ਹੋਰ ਜੋੜ ਦਿੱਤੇ। ਇਸ ਤੋਂ ਇਲਾਵਾ 21 ਪੰਨਿਆਂ ਦੀ ਆਰੰਭਕ ਸਮੱਗਰੀ ਵੀ ਸ਼ਾਮਿਲ ਕੀਤੀ ਗਈ। ਲਗਭਗ ਛੇ ਦਰਜਨ ਤਸਵੀਰਾਂ ਅਤੇ ਪੁਰਾਤਨ ਨਕਸ਼ੇ ਵੀ ਛਾਪੇ ਗਏ। ਇਸ ਦੀ ਕੀਮਤ ਵੀ ਕੇਵਲ 42 ਰੁਪਏ ਰੱਖੀ ਗਈ ਸੀ। ਇਸ ਤੋਂ ਪਿੱਛੋਂ ਇਸ ਦੇ ਹੁਣ ਤੱਕ ਕਿੰਨੇ ਹੋਰ ਸੰਸਕਰਨ ਛਪ ਚੁੱਕੇ ਹਨ। ਨੈਸ਼ਨਲ ਬੁੱਕ ਸ਼ਾਪ ਦਿੱਲੀ ਨੇ ਵੀ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। 1932 ਈ: ਵਿਚ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਨੂੰ 'ਸਰਦਾਰ ਬਹਾਦਰ' ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਸਿੱਖ ਕੌਮ ਦਾ ਇਹ ਨਾਮਵਰ ਸ਼੍ਰੋਮਣੀ ਵਿਦਵਾਨ 23 ਨਵੰਬਰ, 1938 ਈ: ਨੂੰ ਨਾਭਾ ਵਿਖੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਭਾਈ ਸਾਹਿਬ ਸਿੱਖ ਸਾਹਿਤ, ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਦਿੱਤੇ ਨਿੱਗਰ ਯੋਗਦਾਨ ਸਦਕਾ ਹਮੇਸ਼ਾ ਅਮਰ ਰਹਿਣਗੇ।


-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ, ਜਲੰਧਰ-144101. ਮੋਬਾ: 98143-24040

ਪ੍ਰਾਚੀਨ ਸ਼ਿਵ ਮੰਦਰ ਕਾਠਗੜ੍ਹ (ਹਿਮਾਚਲ ਪ੍ਰਦੇਸ਼)

ਸਮੁੱਚੇ ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਵਜੋਂ ਸਤਿਕਾਰਿਆ ਜਾਂਦਾ ਹੈ। ਇਸ ਰਾਜ ਵਿਚ ਅਨੇਕਾਂ ਪ੍ਰਾਚੀਨ ਤੇ ਪ੍ਰਸਿੱਧ ਮੰਦਰ ਹਨ, ਜੋ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰਬਿੰਦੂ ਹਨ। ਪ੍ਰਾਚੀਨ ਸ਼ਿਵ ਮੰਦਰ ਕਾਠਗੜ੍ਹ (ਹਿਮਾਚਲ ਪ੍ਰਦੇਸ਼) ਪੰਜਾਬ ਦੀ ਸਰਹੱਦ ਨਾਲ ਲਗਦੇ ਜ਼ਿਲ੍ਹਾ ਕਾਂਗੜਾ ਵਿਚ ਸਥਿਤ ਹੈ। ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਕਸਬਾ ਮੀਰਥਲ ਤੋਂ ਇਸ ਦੀ ਦੂਰੀ 3 ਕਿਲੋਮੀਟਰ ਹੈ, ਜਿਸ ਕਾਰਨ ਪੰਜਾਬ ਵਿਚੋਂ ਵੀ ਬਹੁਤ ਸਾਰੇ ਸ਼ਰਧਾਲੂ ਇਸ ਪ੍ਰਾਚੀਨ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਇਥੇ ਦੇ ਪੁਜਾਰੀ ਮਹੰਤ ਕਾਲੀਦਾਸ ਅਨੁਸਾਰ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਪ੍ਰਾਚੀਨ ਮੰਦਰ ਵਿਚ ਸਵੈ ਪ੍ਰਗਟ ਹੋਏ ਸ਼ਿਵਲਿੰਗ ਦਾ ਇਤਿਹਾਸ ਦੰਦ ਕਥਾਵਾਂ ਤੇ ਪੁਰਾਣਾਂ ਨਾਲ ਜੁੜਿਆ ਹੋਇਆ ਹੈ। ਇਸ ਮੰਦਰ ਦਾ ਸ਼ਿਵ-ਪੁਰਾਣ ਵਿਚ ਵੀ ਪ੍ਰਸੰਗ ਆਉਂਦਾ ਹੈ।
ਇਹ ਵੀ ਕਥਾ ਪ੍ਰਚੱਲਤ ਹੈ ਕਿ ਭਗਵਾਨ ਰਾਮ ਦੇ ਭਰਾ ਭਰਤ ਆਪਣੇ ਨਨਿਹਾਲ (ਕਕੋਈ) ਕਸ਼ਮੀਰ ਜਾਂਦੇ ਸਮੇਂ ਕਾਠਗੜ੍ਹ ਰੁਕ ਕੇ ਸ਼ਿਵ ਜੀ ਦੀ ਪੂਜਾ ਕਰਦੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਸਿਕੰਦਰ ਮਹਾਨ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਕੇ ਭਾਰਤ ਵਿਚ ਦਾਖਲ ਹੋਇਆ ਸੀ ਅਤੇ ਆਪਣੇ ਫੌਜੀਆਂ ਸਮੇਤ (ਮੀਰਥਲ) ਕਾਠਗੜ੍ਹ ਇਸ ਟਿੱਲੇ ਉੱਪਰ ਹੀ ਰੁਕਿਆ ਸੀ। ਸਿਕੰਦਰ ਦਾ ਆਖਰੀ ਯੁੱਧ ਪੋਰਸ ਨਾਲ ਬਿਆਸ ਦਰਿਆ ਦੇ ਇਸ ਕੰਢੇ 'ਤੇ ਹੀ ਹੋਇਆ ਸੀ ਅਤੇ ਉਹ ਇਥੋਂ ਵਾਪਸ ਮੁੜ ਗਿਆ ਸੀ। ਲੋਕ ਦੂਰ-ਦੂਰ ਤੋਂ ਇਸ ਥਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਤੇ ਇਸ ਜਗ੍ਹਾ 'ਤੇ ਸ਼ਰਧਾਲੂਆਂ ਦਾ ਇਕੱਠ ਹੋਇਆ ਰਹਿੰਦਾ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਪੜ੍ਹੋ)
ਸਿਰੀਰਾਗੁ ਮਹਲਾ ੪
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਮਨੁ ਲਗਾ ਆਲਿ ਜੰਜਾਲਿ॥
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ
ਹਰਿ ਨਾਮਾ ਹਰਿ ਨ ਸਮਾਲਿ॥
ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ
ਜਿ ਹੋਵੈ ਅੰਤਿ ਸਖਾਈ॥
ਇਹੁ ਧਨੁ ਸੰਪੈ ਮਾਇਆ ਝੂਠੀ
ਅੰਤਿ ਛੋੜਿ ਚਲਿਆ ਪਛੁਤਾਈ॥
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ
ਸੋ ਹਰਿ ਹਰਿ ਨਾਮੁ ਸਮਾਲਿ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ
ਸੇ ਜਾਇ ਮਿਲੇ ਹਰਿ ਨਾਲਿ॥ ੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹਰਿ ਚਲਣ ਵੇਲਾ ਆਦੀ॥
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ
ਸਭ ਚਲੀ ਰੈਣਿ ਵਿਹਾਦੀ॥
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ
ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ॥
ਹਰਿ ਸੇਤੀ ਸਦ ਮਾਣਹੁ ਰਲੀਆ
ਜਨਮ ਮਰਣ ਦੁਖ ਖੋਵਹੁ॥
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ
ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ
ਸਫਲਿਓੁ ਰੈਣਿ ਭਗਤਾ ਦੀ॥ ੪॥ ੧॥ ੩॥
(ਅੰਗ 76-77)
ਪਦ ਅਰਥ : ਆਲਿ-ਘਰ ਵਿਚ, ਘਰ ਦੇ ਮੋਹ ਵਿਚ। ਜੰਜਾਲਿ-ਦੁਨਿਆਵੀ ਧੰਦਿਆਂ ਵਿਚ। ਚਿਤਵੈ-ਚਿਤਵਦਾ ਹੈ। ਸੰਚਵੈ-ਇਕੱਠਾ ਕਰਦਾ ਹੈ। ਨ ਸਮਾਲਿ-ਕਦੇ ਯਾਦ ਨਹੀਂ ਕਰਦਾ, ਕਦੇ ਸਿਮਰਦਾ ਨਹੀਂ। ਅੰਤਿ ਸਖਾਈ-ਅੰਤ ਵੇਲੇ ਸਹਾਈ ਹੁੰਦਾ ਹੈ। ਜਿ-ਜੋ। ਧਨੁ ਸੰਪੈ-ਮਾਲ ਧਨ, ਧਨ ਪਦਾਰਥ। ਮਾਇਆ ਝੂਠੀ-ਝੂਠੀ ਮਾਇਆ, ਸਾਥ ਨਾ ਨਿਭਾਉਣ ਵਾਲੀ ਮਾਇਆ। ਸਮਾਲਿ-ਸੰਭਾਲਦਾ ਹੈ (ਹਿਰਦੇ ਵਿਚ) ਸੰਭਾਲੀ ਰੱਖਦਾ ਹੈ। ਸੇ-ਉਹ। ਜਾਇ ਮਿਲੇ ਹਰਿ ਨਾਲਿ-ਪਰਮਾਤਮਾ ਨਾਲ ਜਾ ਮਿਲਦੇ ਹਨ।
ਹਰਿ-ਪ੍ਰਭੂ ਨੇ। ਚਲਣ ਵੇਲਾ ਆਦੀ-(ਇਥੋਂ) ਚੱਲਣ ਦੀ ਘੜੀ ਲੈ ਹੀ ਆਉਂਦੀ ਹੈ, ਇਥੋਂ ਤੁਰਨ ਦਾ ਸਮਾਂ ਲੈ ਹੀ ਆਉਂਦਾ ਹੈ। ਕਰਿ ਸੇਵਹੁ-ਸੇਵਾ ਕਰੋ। ਸਭ ਚਲੀ ਰੈਣਿ ਵਿਹਾਦੀ-ਜੀਵਨ ਰੂਪੀ ਸਾਰੀ ਰਾਤ (ਐਵੇਂ ਹੀ) ਬੀਤਦੀ ਜਾ ਰਹੀ ਹੈ। ਵਿਹਾਦੀ-ਬੀਤਦੀ ਜਾ ਰਹੀ ਹੈ। ਖਿਨੁ ਖਿਨੁ-ਸੁਆਸ ਸੁਆਸ। ਢਿਲ-ਆਲਸ। ਮੂਲਿ ਨ ਕਰਿਹੁ-ਬਿਲਕੁਲ ਨਾ ਕਰੋ। ਜੁਗੁ ਜੁਗੁ-ਜੁਗਾਂ ਜੁਗਾਂਤਰਾਂ ਵਿਚ। ਅਸਥਿਰੁ-ਨਿਹਚਲ, ਅਟੱਲ ਜੀਵਨ ਵਾਲੇ। ਹੋਵਹੁ-ਹੋਵੋਗੇ, ਬਣ ਸਕੋਗੇ। ਹਰਿ ਸੇਤੀ-ਪ੍ਰਭੂ ਨਾਲ ਜੁੜ ਕੇ। ਸਦ ਮਾਣਹੁ ਰਲੀਆ-ਸਦਾ ਆਤਮਿਕ ਅਨੰਦ ਨੂੰ ਮਾਣੋ। ਦੁਖ ਖੋਵਹੁ-ਦੁੱਖਾਂ ਨੂੰ ਦੂਰ ਕਰ ਲਵੋ। ਭੇਦੁ ਨ ਜਾਣਹੁ-ਕੋਈ ਫਰਕ ਨਾ ਸਮਝੋ। ਜਿਤੁ ਮਿਲਿ-ਜਿਸ ਗੁਰ ਦੇ ਮਿਲਣ ਨਾਲ ਹੀ। ਹਰਿ ਭਗਤ ਸੁਖਾਂਦੀ-ਪਰਮਾਤਮਾ ਦੀ ਭਗਤੀ ਪਿਆਰੀ ਲਗਦੀ ਹੈ। ਸਫਲਿਉ-ਸਫਲ ਹੋ ਜਾਂਦੀ ਹੈ। ਰੈਣਿ ਭਗਤਾ ਦੀ-ਭਗਤਾਂ ਦੀ (ਉਮਰ ਰੂਪੀ) ਰਾਤ।
ਜੀਵ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਮਨੁੱਖਾ ਜਨਮ ਮਿਲਿਆ ਹੀ ਪ੍ਰਭੂ ਦੀ ਭਗਤੀ ਕਰਨ ਲਈ ਹੈ। ਨਾਮ ਪਦਾਰਥ ਹੀ ਮਨੁੱਖਾ ਜਨਮ ਦੀ ਵੱਡੀ ਕਮਾਈ ਹੈ। ਰਾਗੁ ਭੈਰਉ ਵਿਚ ਸਿਰਮੌਰ ਭਗਤ ਕਬੀਰ ਜੀ ਦੇ ਪਾਵਨ ਬਚਨ ਹਨ-
ਭਜਹੁ ਗੋੁਬਿੰਦ ਭੂਲਿ ਮਤ ਜਾਹੁ॥
ਮਾਨਸ ਜਨਮ ਕਾ ਏਹੀ ਲਾਹੁ॥ (ਅੰਗ 1159)
ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਹਨ। ਹੇ ਭਾਈ, ਤੈਨੂੰ ਜੋ ਇਹ ਸਰੀਰ ਮਿਲਿਆ ਹੈ, ਇਸ ਦੇਹੀ ਦੁਆਰਾ ਪਰਮਾਤਮਾ ਦੀ ਸੇਵਾ ਭਗਤੀ ਕਰ-
ਇਸ ਦੇਹੀ ਕਉ ਸਿਮਰਹਿ ਦੇਵ॥
ਸੋ ਦੇਹੀ ਭਜੁ ਹਰਿ ਕੀ ਸੇਵ॥
(ਅੰਗ 1159)
ਹੇ ਭਾਈ, ਜੇਕਰ ਤੂੰ ਹਾਲੇ ਵੀ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤਾਂ ਫਿਰ ਹੋਰ ਕਦੋਂ ਕਰੇਂਗਾ? (ਯਾਦ ਰੱਖ) ਜਦੋਂ ਤੇਰਾ ਅੰਤ ਭਾਵ ਮੌਤ ਸਿਰ 'ਤੇ ਆ ਸੱਦਾ ਦੇਵੇਗੀ, ਉਸ ਵੇਲੇ ਤੇਰੇ ਪਾਸੋਂ ਪਰਮਾਤਮਾ ਦੇ ਨਾਮ ਦਾ ਭਜਨ ਕੀਤਾ ਨਹੀਂ ਜਾਣਾ। ਇਸ ਲਈ ਜੋ ਵੀ ਭਜਨ ਬੰਦਗੀ ਅਥਵਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਹੈ, ਉਹ ਹੁਣੇ ਹੀ ਕਰ ਲੈ। ਬਾਅਦ ਵਿਚ ਫਿਰ ਪਛਤਾਵਾ ਕਰਨ ਨਾਲ ਤੇਰਾ ਪਾਰਉਤਾਰਾ ਨਹੀਂ ਹੋਣਾ-
ਅਬ ਨ ਭਜਸਿ ਭਜਸਿ ਕਬ ਭਾਈ॥
ਆਵੈ ਅੰਤੁ ਨ ਭਜਿਆ ਜਾਈ॥
ਜੋ ਕਿਛੁ ਕਰਹਿ ਸੋਈ ਅਬ ਸਾਰੁ॥
ਫਿਰਿ ਪਛੁਤਾਹੁ ਨ ਪਾਵਹੁ ਪਾਰੁ॥ (ਅੰਗ 1159)
ਅਬ-ਹੁਣ ਵੀ। ਭਜਸਿ ਕਬ-ਤਾਂ ਫਿਰ ਕਦੋਂ ਭੱਜੇਂਗਾ। ਸਾਰੁ-ਕਰ ਲੈ। ਪਾਰੁ-ਪਾਰ ਉਤਾਰਾ।
ਸ਼ਬਦ ਦੀਆਂ ਅੰਤਲੀਆਂ ਤੁਕਾਂ ਵਿਚ ਭਗਤ ਜੀ ਸਪੱਸ਼ਟ ਸ਼ਬਦਾਂ ਵਿਚ ਜੀਵ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਭਾਵੇਂ ਤੂੰ ਜੀਵਨ ਰੂਪੀ ਬਾਜ਼ੀ ਜਿੱਤ ਕੇ ਜਾਂ ਹਾਰ ਕੇ ਜਾਂ ਆਪਣੇ ਹਿਰਦੇ ਵਿਚ ਇਹ ਵਿਚਾਰ ਕੇ ਦੇਖ ਲੈ ਕਿ ਪਰਮਾਤਮਾ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਇਕੋ-ਇਕ ਅਵਸਰ ਹੈ, ਇਹੋ ਵਾਰੀ ਹੈ। ਜੇਕਰ ਤੂੰ ਇਹ ਮੌਕਾ ਵੀ ਹੱਥੋਂ ਖੁੰਝਾ ਦਿੱਤਾ ਤਾਂ ਫਿਰ ਹੋਰ ਕੋਈ ਸਮਾਂ ਨਹੀਂ ਮਿਲਣਾ-
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥
ਘਟ ਭੀਤਰਿ ਤੂ ਦੇਖੁ ਬਿਚਾਰੁ॥
ਕਹਤ ਕਬੀਰ ਜੀਤਿ ਕੈ ਹਾਰਿ॥
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥
(ਅੰਗ 1159)
ਅਉਸਰੁ-ਅਵਸਰ ਹੈ। ਬਾਰ-ਵਾਰੀ, ਮੌਕਾ ਹੈ। ਘਟ ਭੀਤਰਿ-ਹਿਰਦੇ ਘਰ ਵਿਚ। ਦੇਖੁ ਬਿਚਾਰੁ-ਵਿਚਾਰ ਕਰਕੇ ਦੇਖ ਲਓ।
ਅੱਖਰੀਂ ਅਰਥ : ਹੇ ਵਣਜਾਰੇ ਮਿੱਤਰ, ਜੀਵਨ ਰੂਪੀ ਰਾਤ ਦੇ ਤੀਜੇ ਪਹਰ ਮਨੁੱਖ ਦਾ ਮਨ ਘਰ ਦੇ ਮੋਹ ਅਤੇ ਦੁਨਿਆਵੀ ਝਮੇਲਿਆਂ ਵਿਚ ਲੱਗ ਜਾਂਦਾ ਹੈ। ਹੇ ਵਣਜਾਰੇ ਮਿੱਤਰ, ਫਿਰ ਉਹ ਧਨ ਦੌਲਤ ਹੀ ਚਿਤਵਦਾ ਹੈ, ਧਨ ਦੌਲਤ ਹੀ ਇਕੱਠੀ ਕਰਦਾ ਹੈ ਅਤੇ ਜਿਸ ਪਰਮਾਤਮਾ ਦੇ ਨਾਮ ਨੇ ਅੰਤ ਵੇਲੇ ਸਹਾਈ ਹੋਣਾ ਹੈ, ਉਸ ਨੂੰ ਕਦੇ ਯਾਦ ਤੱਕ ਨਹੀਂ ਕਰਦਾ। ਇਹ ਇਕੱਠਾ ਕੀਤਾ ਹੋਇਆ ਮਾਲ ਧਨ ਅਤੇ ਝੂਠੀ ਮਾਇਆ ਅੰਤ ਨੂੰ ਸਭ ਕੁਝ ਛੱਡ ਕੇ ਪਛਤਾਉਂਦਾ ਹੋਇਆ ਜੀਵ ਇਥੋਂ ਤੁਰ ਜਾਂਦਾ ਹੈ। ਜਿਸ 'ਤੇ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸ ਦਾ ਗੁਰੂ ਨਾਲ ਮਿਲਾਪ ਕਰਵਾ ਦਿੰਦਾ ਹੈ, ਜਿਸ ਸਦਕਾ ਉਹ ਫਿਰ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲੀ ਰੱਖਦਾ ਹੈ। ਇਸ ਪ੍ਰਕਾਰ ਜੀਵਨ ਰੂਪੀ ਰਾਤ ਦੇ ਤੀਜੇ ਪਹਰ ਜਿਹੜੇ ਪ੍ਰਾਣੀ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ, ਉਹ ਪ੍ਰਭੂ ਨੂੰ ਜਾ ਮਿਲਦੇ ਹਨ, ਪਰਮਾਤਮਾ ਨਾਲ ਉਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ।
ਹੇ ਵਣਜਾਰੇ ਮਿੱਤਰ, ਜੀਵਨ ਰੂਪੀ ਰਾਤ ਦੇ ਚੌਥੇ ਪਹਰ ਵਿਚ ਇਥੋਂ ਚੱਲਣ ਦੀ ਘੜੀ (ਪਰਮਾਤਮਾ ਨੇ) ਅੰਤ ਨੂੰ ਲੈ ਹੀ ਆਂਦੀ ਹੈ ਭਾਵ ਇਥੋਂ ਤੁਰਨ ਦਾ ਸਮਾਂ ਆ ਹੀ ਜਾਂਦਾ ਹੈ। ਹੇ ਵਣਜਾਰੇ ਮਿੱਤਰ, ਜੀਵਨ ਰੂਪੀ ਸਾਰੀ ਰਾਤ ਬੀਤਦੀ ਹੀ ਜਾ ਰਹੀ ਹੈ। ਇਸ ਲਈ ਪੂਰੇ ਸਤਿਗੁਰੂ ਦੁਆਰਾ ਪਰਮਾਤਮਾ ਦੇ ਨਾਮ ਦੀ ਸੇਵਾ ਭਗਤੀ ਕਰੋ। ਕਿਸੇ ਤਰ੍ਹਾਂ ਦੀ ਆਲਸ ਕੀਤੇ ਬਿਨਾਂ ਪਲ-ਪਲ ਪ੍ਰਭੂ ਦੀ ਸੇਵਾ ਭਗਤੀ ਕਰੋ, ਜਿਸ ਸਦਕਾ ਜੁਗਾਂ-ਜੁਗਾਂਤਰਾਂ ਵਿਚ ਤੁਸੀਂ ਅਟੱਲ ਜੀਵਨ ਵਾਲੇ ਬਣ ਜਾਵੋਗੇ, ਪ੍ਰਭੂ ਨਾਲ ਮਿਲ ਕੇ ਸਦਾ ਆਤਮਿਕ ਅਨੰਦ ਨੂੰ ਮਾਣੋ ਅਤੇ ਜਨਮ-ਮਰਨ ਦੇ ਗੇੜ ਨੂੰ ਦੂਰ ਕਰ ਲਓ। ਸਤਿਗੁਰੂ ਤੇ ਪਰਮਾਤਮਾ ਵਿਚ ਕਿਸੇ ਪ੍ਰਕਾਰ ਦਾ ਫ਼ਰਕ ਨਾ ਸਮਝੋ, ਜਿਸ ਨੂੰ (ਗੁਰੂ ਨੂੰ) ਮਿਲਿਆਂ ਹੀ ਪਰਮਾਤਮਾ ਦੀ ਭਗਤੀ ਪਿਆਰੀ ਲਗਦੀ ਹੈ।
ਚੌਥੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੀਵਨ ਰੂਪੀ ਰਾਤ ਦੇ ਚੌਥੇ ਪਹਰ ਵਿਚ ਵੀ ਜੋ ਭਗਤੀ ਕਰਦੇ ਰਹਿੰਦੇ ਹਨ, ਉਨ੍ਹਾਂ ਭਗਤਾਂ ਦੀ ਜੀਵਨ ਰੂਪੀ ਰਾਤ ਸਫਲ ਹੋ ਜਾਂਦੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਮਨੁੱਖ ਦਾ ਸੱਚਾ ਸਰੂਪ, ਸਦਾ ਸੁਤੰਤਰ, ਸਨਾਤਨ ਆਤਮਾ ਵਿਚ ਹੈ

ਮਨੁੱਖੀ ਸਰੀਰ ਦਾ ਹਰ ਸਮੇਂ ਖੋਰ ਹੁੰਦਾ ਰਹਿੰਦਾ ਹੈ ਅਤੇ ਮਨੁੱਖੀ ਮਨ ਵੀ ਹਮੇਸ਼ਾ ਬਦਲਦਾ ਰਹਿੰਦਾ ਹੈ। ਇਸੇ ਕਰਕੇ ਇਹ ਪਰਿਵਰਤਨਸ਼ੀਲ ਹਨ ਪਰ ਸਥੂਲ ਜੜ੍ਹ-ਤੱਤ ਦੇ ਇਸ ਪਰਦੇ ਤੋਂ ਪਰੇ ਅਤੇ ਮਨ ਦੇ ਸੂਖਮ ਪਰਦੇ ਤੋਂ ਪਾਰ ਮਨੁੱਖ ਦਾ ਸੱਚਾ ਸਰੂਪ ਅਤੇ ਸਦਾ ਸੁਤੰਤਰ ਸਨਾਤਨ ਆਤਮਾ ਹੈ। ਉਸੇ ਆਤਮਾ ਦੀ ਮੁਕਤੀ ਜੜ੍ਹ ਅਤੇ ਚੇਤਨ ਦੇ ਪੱਧਰਾਂ ਵਿਚ ਮੌਜੂਦ ਹੈ। ਇਹ ਨਾਂਅ, ਰੂਪ ਨਾਲ ਸਜੀ ਹੋਣ ਦੇ ਬਾਵਜੂਦ ਆਪਣੀ ਰੁਕਾਵਟ ਰਹਿਤ ਹੋਂਦ ਨੂੰ ਪ੍ਰਮਾਣਤ ਕਰਦੀ ਹੈ। ਇਸੇ ਦਾ ਅਮਰ ਤੱਤ, ਉਸੇ ਦਾ ਅਨੰਦ ਸਰੂਪ, ਉਸੇ ਦੀ ਸ਼ਾਂਤੀ ਅਤੇ ਉਸੇ ਦੀ ਅਨੋਖੀ ਦਿੱਖ ਪ੍ਰਕਾਸ਼ਮਾਨ ਹੋ ਰਹੀ ਹੈ ਅਤੇ ਅਗਿਆਨਤਾ ਦੇ ਛੋਟੇ-ਮੋਟੇ ਪੱਧਰਾਂ ਦੇ ਹੁੰਦੇ ਹੋਏ ਵੀ ਇਹ ਆਪਣੀ ਹੋਂਦ ਦਰਸਾਉਂਦੀ ਰਹਿੰਦੀ ਹੈ। ਸਵਾਮੀ ਵਿਵੇਕਾਨੰਦ ਜੀ 'ਸ਼ਖ਼ਸੀਅਤ ਨਿਰਮਾਣ' ਪੁਸਤਕ ਵਿਚ ਲਿਖਦੇ ਹਨ, 'ਇਹ ਹੀ ਅਸਲ ਪੁਰਖ ਹੈ ਜੋ ਨਿਡਰ, ਅਮਰ ਅਤੇ ਆਜ਼ਾਦ ਹੈ।'
ਮੁਕਤੀ ਤਾਂ ਤਦ ਹੀ ਸੰਭਵ ਹੈ ਜੇ ਕੋਈ ਬਾਹਰੀ ਤਾਕਤ ਪ੍ਰਭਾਵ ਨਾ ਪਾਵੇ ਅਤੇ ਨਾ ਹੀ ਕੋਈ ਪਰਿਵਰਤਨ ਲਿਆ ਸਕੇ। ਮੁਕਤੀ ਉਸੇ ਲਈ ਸੰਭਵ ਹੈ ਜੋ ਸਾਰੇ ਬੰਧਨਾਂ, ਸਾਰੇ ਨਿਯਮਾਂ ਅਤੇ ਕਾਰਜ-ਕਾਰਨਾਂ ਦੀ ਲੜੀ ਤੋਂ ਪਰ੍ਹੇ ਹੋਵੇ। ਕਹਿਣ ਦਾ ਭਾਵ ਹੈ ਕਿ ਇਕ ਅਪਰਿਵਰਤਨਸ਼ੀਲ ਮਨੁੱਖ ਹੀ ਸੁਤੰਤਰ ਹੋ ਸਕਦਾ ਹੈ ਅਤੇ ਇਸੇ ਲਈ ਅਮਰ ਹੈ। ਇਹ ਮਨੁੱਖ, ਇਹ ਆਤਮਾ ਮਨੁੱਖ ਦਾ ਅਸਲ ਸਰੂਪ, ਮੁਕਤ, ਸਾਰੇ ਬੰਧਕਾਂ ਤੋਂ ਪਰ੍ਹੇ ਅਤੇ ਅਵਿਨਾਸ਼ੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਰੂਪ (ਆਤਮਾ) ਨਾ ਤਾਂ ਜਨਮ ਲੈਂਦਾ ਹੈ ਅਤੇ ਨਾ ਹੀ ਮਰਦਾ ਹੈ। ਮਨੁੱਖੀ ਸ਼ਖ਼ਸੀਅਤ ਦੀ ਤੁਲਨਾ ਕੱਚ ਦੀ ਚਿਮਨੀ ਨਾਲ ਕੀਤੀ ਜਾ ਸਕਦੀ ਹੈ, ਜਿਸ ਅੰਦਰ ਉਹ ਸ਼ੁਭ ਜੋਤ ਹੈ, ਪਰਮਾਤਮਾ ਦੀ ਅਨੋਖੀ ਹੋਂਦ ਹੈ, ਜੋ ਕੱਚ ਦੀ ਮੋਟਾਈ ਅਤੇ ਗੋਲਾਈ ਅਨੁਸਾਰ ਵੱਖ-ਵੱਖ ਰੰਗ ਤੇ ਰੂਪ ਲੈ ਲੈਂਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜੋੜ-ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸਿੱਧਸਰ ਮਲੌਦ

ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ 'ਚ ਸੁਭਾਇਮਾਨ ਸ਼ਾਂਤ ਵਾਤਾਵਰਨ ਦਾ ਪ੍ਰਤੀਕ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਸੁੁਸ਼ੋਭਿਤ ਹੈ। ਸਾਖੀ ਸਾਹਿਤ ਅਨੁਸਾਰ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਸਿੱਖ ਬਾਬਾ ਸੀਹਾਂ ਗਿੱਲ ਗੁਰੂ ਸਾਹਿਬਾਨ ਨੂੰ ਦੀਵਾਨ ਸਜਾਉਣ ਸਮੇਂ ਹੱਥ ਵਾਲੇ ਪੱਖੇ ਨਾਲ ਝੱਲ ਮਾਰਿਆ ਕਰਦੇ ਸਨ। ਗੁਰੂ ਜੀ ਨੇ ਬਾਬਾ ਜੀ ਦੀ ਅਥਾਹ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਸਿੱਖੀ ਸਿਧਾਂਤਾਂ ਉੱਪਰ ਪਹਿਰਾ ਦੇਣ ਦੀ ਰੁਚੀ ਰੱਖਣ ਸਦਕਾ ਸਿੱਧਸਰ ਸਾਹਿਬ ਵਿਖੇ ਚਰਨ ਪ੍ਰਵੇਸ਼ ਕਰਕੇ ਮੁਗ਼ਲਾਂ ਖਿਲਾਫ਼ ਜੰਗ ਲੜਨ ਲਈ ਬਾਬਾ ਸੀਹਾਂ ਜੀ ਗਿੱਲ ਨੂੰ ਇਕ ਘੋੜਾ ਤੇ ਤਲਵਾਰ ਭੇਟ ਕੀਤੀ ਅਤੇ ਵਧੀਆ ਝੱਲੀ ਹੋਣ ਦਾ ਖਿਤਾਬ ਦਿੱਤਾ, ਜਿਸ ਸਦਕਾ ਬਾਬਾ ਜੀ ਦੇ ਨਾਂਅ ਨਾਲ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਸਤਿਕਾਰ ਵਜੋਂ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਜੀ ਦੇ ਨਾਂਅ 'ਤੇ ਪੁਕਾਰਨ ਲੱਗੀਆਂ। ਬਾਬਾ ਜੀ ਨੇ ਗੁਰੂ ਜੀ ਦੇ ਵਚਨਾਂ 'ਤੇ ਪਹਿਰਾ ਦਿੰਦੇ ਹੋਏ ਮੁਗਲਾਂ ਦੇ ਜ਼ੁਲਮ ਦਾ ਟਾਕਰਾ ਕਰਨ ਦਾ ਅਹਿਦ ਕੀਤਾ। ਬਾਬਾ ਜੀ ਮਲੌਦ ਨੇੜਲੇ ਪਿੰਡ ਗੋਸਲਾਂ ਤੋਂ ਲੜਾਈ ਲੜਦੇ ਹੋਏ ਘੋੜੇ 'ਤੇ ਸਵਾਰ ਹੋ ਕੇ ਜਦੋਂ ਪਿੰਡ ਸਿਹੌੜਾ ਪਹੁੰਚੇ ਤਾਂ ਬਾਬਾ ਜੀ ਦਾ ਸੀਸ ਕੱਟਿਆ ਗਿਆ, ਜਿਸ ਥਾਂ 'ਤੇ ਅੱਜ ਯਾਦਗਾਰ ਸੀਸ ਗੰਜ ਸੁਸ਼ੋਭਿਤ ਹੈ। ਇਥੇ 30 ਅਗਸਤ (ਸ਼ੁੱਕਰਵਾਰ) ਨੂੰ ਭਾਦੋਂ ਮਹੀਨੇ ਦੀ ਮੱਸਿਆ ਦੇ ਦਿਹਾੜੇ 'ਤੇ ਸਾਲਾਨਾ ਸ਼ਹੀਦੀ ਜੋੜ-ਮੇਲੇ 'ਚ ਗਿੱਲ ਝੱਲੀ ਗੋਤ ਨਾਲ ਸਬੰਧ ਰੱਖਣ ਵਾਲੇ ਇਲਾਕੇ ਦੇ ਬਹੁਗਿਣਤੀ ਲੋਕ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਸ਼ਰਧਾ ਸਹਿਤ ਨਤਮਸਤਕ ਹੋਣਗੇ।


-ਮਲੌਦ। ਮੋਬਾ: 94173-01224

ਧਾਰਮਿਕ ਸਾਹਿਤ

ਸਿੱਖ ਵਿਰਸੇ ਦੀਆਂ ਝਲਕੀਆਂ
ਲੇਖਕ : ਅਨੂਪ ਸਿੰਘ ਨੂਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ।
ਪੰਨੇ : 318, ਮੁੱਲ : 340 ਰੁਪਏ
ਸੰਪਰਕ : 0181-2623184


ਪੰਜਾਬੀ ਦੇ ਅਧਿਆਤਮਿਕ ਕਾਵਿ-ਖੇਤਰ ਵਿਚ ਅਨੂਪ ਸਿੰਘ ਨੂਰੀ ਦਾ ਨਿਵੇਕਲਾ ਸਥਾਨ ਹੈ। ਉਸ ਨੇ ਧਾਰਮਿਕ ਕਵਿਤਾਵਾਂ ਦੇ ਨਾਲ-ਨਾਲ ਗੁਰਬਾਣੀ ਦਾ ਕਾਵਿ-ਅਨੁਵਾਦ ਕਰਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਵਿਸ਼ੇ ਨਾਲ ਸਬੰਧਤ ਉਸ ਦੀਆਂ 21 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ 22ਵੀਂ ਪੁਸਤਕ ਵਿਚ ਉਸ ਨੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਹੋਰ ਗੁਰੂ ਪਿਆਰਿਆਂ ਦੀਆਂ ਜੀਵਨ ਝਲਕਾਂ ਨੂੰ ਬੜੀ ਸੁਖੈਲ ਭਾਸ਼ਾ ਸ਼ੈਲੀ ਵਿਚ ਕਾਵਿ-ਬੱਧ ਕੀਤਾ ਹੈ। ਨਾਲ ਹੀ ਸਮਾਜਿਕ ਕੁਰੀਤੀਆਂ, ਕਰਮਕਾਂਡਾਂ, ਗ਼ਲਤ ਰੀਤੀ-ਰਿਵਾਜਾਂ, ਛੂਤਛਾਤ ਆਦਿ ਉੱਪਰ ਚੋਟ ਕੀਤੀ ਹੈ। ਉਸਤਾਦ ਕਵੀ ਦੀਪਕ ਜੈਤੋਈ ਦਾ ਸ਼ਗਿਰਦ ਹੋਣ ਕਰਕੇ ਉਸ ਨੂੰ ਕਵਿਤਾ ਦੇ ਵਜ਼ਨ, ਬਹਿਰ, ਪਿੰਗਲ, ਅਰੂਜ਼ ਆਦਿ ਦਾ ਪੂਰਾ ਗਿਆਨ ਹੈ। ਇਸੇ ਕਰਕੇ ਉਸ ਦੀ ਕਵਿਤਾ ਵਿਚ ਰਵਾਨਗੀ ਅਤੇ ਰੌਚਿਕਤਾ ਮਹਿਸੂਸ ਹੁੰਦੀ ਹੈ। ਦੇਹਧਾਰੀ ਗੁਰੂ ਅਤੇ ਸ਼ਬਦ-ਗੁਰੂ ਬਾਰੇ ਉਹ ਲਿਖਦਾ ਹੈ-
ਬਾਣੀ ਗੁਰੂ ਦੀ ਸਿਖ ਦਾ ਗੁਰੂ ਅਸਲੀ,
ਗੁਰੂ-ਸ਼ਬਦ ਵਿਚਾਰਨਾ ਚਾਹੀਦਾ ਹੈ।
ਹੋਰ ਜਿਹੜਾ ਵੀ ਆਖਦਾ 'ਗੁਰੂ ਹਾਂ ਮੈਂ',
ਉਹਦੇ ਤਾਈਂ ਦੁਰਕਾਰਨਾ ਚਾਹੀਦਾ ਹੈ।
-0-
ਸ਼ਬਦ-ਗੁਰੂ ਨਾਲ ਜੁੜਨ ਲਈ ਲਾਜ਼ਮੀ ਹੈ,
ਹਰ ਇਕ ਸ਼ਬਦ ਦਾ ਸਾਨੂੰ ਗਿਆਨ ਹੋਵੇ।
ਤੁਕ-ਤੁਕ ਦੇ ਅਰਥ ਦਾ ਪਤਾ ਹੋਵੇ,
ਭਾਵ-ਅਰਥ ਦੀ ਠੀਕ ਪਹਿਚਾਣ ਹੋਵੇ।
ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਇਹ ਇਕ ਮਹੱਤਵਪੂਰਨ ਪੁਸਤਕ ਹੈ, ਜੋ ਕਿ ਹਰ ਗੁਰਸਿੱਖ ਨੂੰ ਪੜ੍ਹਨੀ ਚਾਹੀਦੀ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241


ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸੰਗੀਤ
ਲੇਖਕ : ਗੁਰਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਕੀਮਤ : 250 ਰੁਪਏ, ਪੰਨੇ : 160
ਸੰਪਰਕ : 94648-16707


ਹਥਲੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਸਮੁੱਚੀ ਬਾਣੀ ਵਿਚਲੀ ਸੰਗੀਤਕਤਾ ਦਾ ਖੋਜ-ਪਰਕ ਅਧਿਐਨ ਪੇਸ਼ ਕਰਦੀ ਹੈ। ਲੇਖਕ ਨੇ ਇਸ ਸੰਗੀਤਕਤਾ ਦੀ ਆਰੰਭਤਾ ਨੂੰ ਵੈਦਿਕ-ਕਾਲ ਤੋਂ ਲੈ ਕੇ ਨਾਨਕ-ਕਾਲ ਤੱਕ ਦਰਸਾ ਕੇ ਫਿਰ ਗੁਰੂ ਜੀ ਦੁਆਰਾ ਰਚਿਤ ਸਾਰੀਆਂ ਬਾਣੀਆਂ ਵਿਚੋਂ ਇਸ ਦੀ ਪਛਾਣ ਕੀਤੀ ਹੈ। ਇਸ ਅਧਿਐਨ ਨੂੰ ਬਾਰਾਂ ਕਾਂਡਾਂ ਵਿਚ ਵੰਡਿਆ ਗਿਆ ਹੈ। ਪਹਿਲੇ ਕਾਂਡ ਵਿਚ ਨਾਨਕ-ਕਾਲ ਤੋਂ ਪਹਿਲਾਂ ਦਾ ਵਿਸਤਰਿਤ ਵਰਣਨ ਬ੍ਰਾਹਮਣ ਗ੍ਰੰਥਾਂ ਅਤੇ ਵੱਖਰੇ-ਵੱਖਰੇ ਧਰਮਾਂ ਜਿਵੇਂ ਬੁੱਧ ਧਰਮ, ਜੈਨ ਧਰਮ ਆਦਿ ਦਾ ਉਲੇਖ ਕੀਤਾ ਹੈ। ਸਿੱਖ ਧਰਮ ਵਿਚ ਸੰਗੀਤ ਦਾ ਨਿਵੇਕਲਾ ਸਥਾਨ ਦੱਸਿਆ ਗਿਆ ਹੈ। ਗੁਰੂ ਨਾਨਕ ਕਾਲ ਦੇ ਸਮੇਂ ਵਿਚ ਭਗਤੀ ਲਹਿਰ ਅਤੇ ਇਸ ਦੀ ਅਧਿਆਤਮਿਕਤਾ ਦਰਸਾ ਕੇ ਫਿਰ ਗੁਰੂ ਨਾਨਕ ਦੇਵ ਜੀ ਦੇ ਸੰਗੀਤਕ ਪੱਖ ਨੂੰ ਸ਼ਾਸਤਰੀ ਅਤੇ ਲੋਕ-ਪੱਖਾਂ ਤੋਂ ਵਰਣਨ ਕੀਤਾ ਹੈ। ਵਿਭਿੰਨ ਰਾਗਾਂ ਤੋਂ ਇਲਾਵਾ ਮਿਸ਼ਰਤ ਰਾਗਾਂ ਦਾ ਵੀ ਵਰਣਨ ਹੈ।
ਲੇਖਕ ਦਾ ਬਿਆਨ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਰਾਗਾਂ ਨੂੰ ਉੱਤਰੀ-ਪੱਧਤੀ, ਦੱਖਣੀ-ਪੱਧਤੀ ਅਤੇ ਮਿਸ਼ਰਤ ਪੱਧਤੀ ਜ਼ਰੀਏ ਵਰਣਨ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸਾਹਿਤਕ ਪੱਖ ਦਰਸਾਉਂਦਿਆਂ ਹੋਇਆਂ ਸਮਕਾਲੀਨ ਕਾਵਿ ਧਾਰਾਵਾਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਗੁਰੂ ਜੀ ਦੀ ਬਾਣੀ ਦਾ ਰਾਗਾਂ ਅਨੁਸਾਰ ਵਰਗੀਕਰਨ ਵੀ ਕੀਤਾ ਹੈ। ਸਲੋਕ, ਅਸਟਪਦੀਆਂ, ਬਾਰਾ ਮਾਹ, ਵਾਰਾਂ, ਛੰਤ, ਅਲਾਹੁਣੀਆਂ, ਪਉੜੀ, ਸੋਲਹੇ, ਪੱਟੀ, ਓਅੰਕਾਰ, ਸਿਧ ਗੋਸਟਿ ਆਦਿ ਬਾਣੀਆਂ ਵਿਚਲੇ ਸੰਗੀਤ ਨੂੰ ਖੂਬ ਪਛਾਣਿਆ ਹੈ। ਗੁਰੂ ਨਾਨਕ ਦੇਵ ਜੀ ਦੀ ਕਾਵਿ-ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਨੂੰ ਬਿਆਨਦੇ ਹੋਏ ਕਾਵਿ-ਸ਼ਬਦਾਵਲੀ, ਅਖਾਣ, ਮੁਹਾਵਰੇ, ਬੁਝਾਰਤਾਂ ਦੀ ਸ਼ੈਲੀ, ਪ੍ਰਸ਼ੋਨਤਰੀ, ਦਾਰਸ਼ਨਿਕ, ਵਿਆਖਿਆਤਮਕ, ਬ੍ਰਿਤਾਂਤਿਕ ਆਦਿ ਸ਼ੈਲੀਆਂ ਦਾ ਉਲੇਖ ਕੀਤਾ ਗਿਆ ਹੈ। ਗੁਰੂ ਨਾਨਕ ਦੀ ਬਾਣੀ ਵਿਚ ਸ਼ਾਂਤ-ਰਸ, ਅਦਭੁਤ ਰਸ, ਸ਼ਿੰਗਾਰ ਰਸ, ਵੀਭਤਸ ਰਸ, ਭਿਆਨਕ ਰਸ, ਬੀਰ ਰਸ ਅਤੇ ਰੋਦ੍ਰ ਰਸ ਨੂੰ ਬਾਖੂਬੀ ਬਿਆਨਿਆ ਹੈ। ਇਸੇ ਤਰ੍ਹਾਂ ਸੰਗੀਤਕਤਾ ਵਿਚ ਉਪਮਾ ਅਤੇ ਰੂਪਕ ਅਲੰਕਾਰਾਂ ਦੀ ਮਹਾਨਤਾ, ਇਨ੍ਹਾਂ ਦੀਆਂ ਵਿਭਿੰਨ ਵੰਨਗੀਆਂ ਜ਼ਰੀਏ ਪ੍ਰਗਟਾਈ ਹੈ।
ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਵਿਚਾਰਧਾਰਾ ਦਾ ਸਰੂਪ ਅਤੇ ਇਸ ਦੀਆਂ ਵਿਧੀਆਂ ਸੰਬੰਧੀ ਵੀ ਪਛਾਣ ਕਰਾਈ ਹੈ ਅਤੇ ਨਾਲ ਦੀ ਨਾਲ ਅਧਿਆਤਮਕ ਤੱਤਾਂ-ਸੱਚ, ਧਰਮ, ਕੁਦਰਤ, ਜਗਤ, ਜੀਵ, ਮਾਇਆ, ਮਨੁੱਖ ਅਤੇ ਮੁਕਤੀ ਆਦਿ ਸੰਕਲਪਾਂ ਦਾ ਸੰਗੀਤਕਤਾ ਵਿਚ ਜੋ ਯੋਗਦਾਨ ਹੈ, ਉਸ ਨੂੰ ਦਰਸਾਇਆ ਹੈ। ਪੁਸਤਕ ਦੀ ਹੋਰ ਖੂਬੀ ਇਹ ਹੈ ਕਿ ਲੇਖਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸੰਗੀਤ, ਸਾਹਿਤ ਅਤੇ ਅਧਿਆਤਮਕਤਾ ਦਾ ਸੁਮੇਲ ਸਪੱਸ਼ਟ ਕੀਤਾ ਹੈ ਅਤੇ ਇਸੇ ਪ੍ਰਸੰਗ ਵਿਚ ਸੁੰਦਰਤਾ ਸ਼ਾਸਤਰ ਅਤੇ ਕੀਰਤਨ ਤੋਂ ਇਲਾਵਾ ਬਿੰਬ, ਪ੍ਰਤੀਕ ਅਤੇ ਕਲਪਨਾ ਜਿਹੇ ਸੰਕਲਪਾਂ ਨੂੰ ਵੀ ਬਿਆਨਿਆ ਹੈ। ਇਸ ਪੁਸਤਕ ਦੀ ਹੋਰ ਖੂਬੀ ਹੈ ਕਿ ਸਮਾਜ, ਸੱਭਿਆਚਾਰ ਜਾਂ ਜੀਵਨ ਦੇ ਹੋਰ ਵਰਤਾਰੇ ਵਿਚ ਨਾਨਕ ਬਾਣੀ ਵਿਚਲੇ ਸੰਗੀਤ ਦੇ ਮਹੱਤਵ ਨੂੰ ਬਾਖੂਬੀ ਚਿਤਰਿਆ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ, ਆਖਰੀ ਸ਼ਬਦ ਅਤੇ ਪੁਸਤਕ ਸੂਚੀ ਦਿੱਤੀ ਗਈ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਨਿਵੇਕਲੀ ਖੋਜ ਦਾ ਮੁਹਾਂਦਰਾ ਹਰ ਵਰਗ ਦੇ ਪਾਠਕਾਂ ਦੇ ਸਨਮੁਖ ਕਰਦੀ ਹੈ।


-ਡਾ: ਜਗੀਰ ਸਿੰਘ ਨੂਰ
ਮੋਬਾ: 98142-09732


ਵਿਲੱਖਣਤਾ ਸ਼ਬਦ ਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਲੇਖਕ : ਜਗਰੂਪ ਸਿੰਘ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 168, ਕੀਮਤ : 250
ਸੰਪਰਕ : 89684-53335


ਬਹੁਪੱਖੀ ਵਿਦਵਾਨ ਜਗਰੂਪ ਸਿੰਘ ਗਿੱਲ ਦੀ ਇਹ 6ਵੀਂ ਪੁਸਤਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਪੁਸਤਕ ਦੇ ਪ੍ਰਕਾਸ਼ਨ ਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮ ਪਿਆਰ, ਨਿਰਭੈਤਾ, ਦਇਆ, ਪਰਉਪਕਾਰ, ਮਨੁੱਖੀ ਸਮਾਨਤਾ ਅਤੇ ਧਾਰਮਿਕ ਖੁੱਲ੍ਹਦਿਲੀ ਦੇ ਪੈਗ਼ਾਮੇ-ਮੁਹੱਬਤ ਨੂੰ ਲੋਕਾਈ ਤੱਕ ਪੁੱਜਦਾ ਕਰਨਾ ਹੈ। ਆਰੰਭਕ ਲੇਖ ਵਿਚ ਇਕ ਓਂਕਾਰ ਦੀ ਗੁਰਬਾਣੀ ਦੇ ਸੰਦਰਭ ਵਿਚ ਵਿਆਖਿਆ ਕੀਤੀ ਗਈ ਹੈ। ਸ੍ਰੀ ਅਖੰਡ ਪਾਠ ਦੀ ਆਰੰਭਤਾ ਇਸ ਪੁਸਤਕ ਦਾ ਦੂਜਾ ਅਹਿਮ ਲੇਖ ਹੈ, ਜਿਸ ਵਿਚ ਗੁਰਬਾਣੀ ਵਿਚਲੇ 31 ਰਾਗਾਂ ਦੇ ਨਾਲ-ਨਾਲ ਮਿਸ਼ਰਤ ਰਾਗਾਂ, ਦੱਖਣੀ ਰਾਗਾਂ ਅਤੇ ਸੁਤੰਤਰ ਰਾਗਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੂੰ ਸੁਰਸੰਗੀਤ ਦਾ ਡੂੰਘਾ ਗਿਆਨ ਹੈ, ਜਿਹੜਾ ਕਿ ਅਗਲੇ ਲੇਖ ਰਾਗੁ ਦੇ ਨਿਯਮ ਵਿਚੋਂ ਝਲਕਦਾ ਹੈ। ਉਪਰੰਤ ਸਿਰੀ ਰਾਗੁ ਤੋਂ ਲੈ ਕੇ ਜੈਜਾਵੰਤੀ ਰਾਗੁ ਤੱਕ ਸਮੂਹ 31 ਰਾਗਾਂ ਬਾਰੇ ਕੀਮਤੀ ਜਾਣਕਾਰੀ ਉਪਲਬਧ ਹੈ। ਛੇ ਬਾਣੀਕਾਰ ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟਾਂ ਤੇ 3 ਬਾਣੀਕਾਰ ਗੁਰਸਿੱਖਾਂ ਬਾਰੇ ਇਕ ਲੇਖ ਵੀ ਪੁਸਤਕ ਦਾ ਸ਼ਿੰਗਾਰ ਹੈ। ਨਾਮ ਜਪਣਾ, ਸਤਿ ਸੰਗਤ, ਅਰਦਾਸ, ਹੁਕਮ, ਔਰਤ ਦਾ ਸਨਮਾਨ, ਦਾਜ, ਅਨੰਦ, ਪਾਪ, ਭੇਖ, ਨਸ਼ਾ, ਨਾਮ ਰੂਪ ਨਸ਼ਾ, ਪਰਿਵਾਰਕ ਰਿਸ਼ਤਿਆਂ, ਜਾਤ-ਪਾਤ ਬਾਰੇ ਬੇਸ਼ਕੀਮਤੀ ਜਾਣਕਾਰੀ ਸੰਖੇਪ ਰੂਪ ਵਿਚ ਫ਼ਰਾਹਮ ਕੀਤੀ ਗਈ ਹੈ। ਗੁਰਮਤਿ ਸੰਗੀਤ ਵਿਚ ਲੋਕ ਅੰਗ ਲੇਖ ਵੀ ਜਾਣਕਾਰੀ ਭਰਪੂਰ ਹੈ। ਅੰਤਲੇ ਲੇਖ ਵਿਚ ਹੋਰਨਾਂ ਧਰਮਾਂ ਦੇ ਮਹਾਂਪੁਰਖਾਂ/ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਿਚਾਰ ਦਰਜ ਕੀਤੇ ਗਏ ਹਨ। ਪੁਸਤਕ ਦਾ ਹਰ ਲੇਖ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਨਾਲ ਜੜਿਤ ਹੈ। ਪੁਸਤਕ ਇਕ ਅਨੂਠੀ ਰਚਨਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਮਹਾਂਪੁਰਸ਼ ਸਨ : ਸੰਤ ਬਾਬਾ ਸੁੱਚਾ ਸਿੰਘ

ਸੰਤ ਬਾਬਾ ਸੁੱਚਾ ਸਿੰਘ ਦਾ ਜਨਮ 1 ਅਕਤੂਬਰ 1948 ਈ: ਨੂੰ ਪਿੰਡ ਜਮੀਅਤਗੜ੍ਹ ਭੱਲੇ, ਜ਼ਿਲ੍ਹਾ ਨਵਾਂਸ਼ਹਿਰ ਵਿਖੇ ਪਿਤਾ ਸ: ਨਗੀਨਾ ਸਿੰਘ ਦੇ ਗ੍ਰਹਿ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਵਡੇਰਿਆਂ ਨੂੰ ਦਸਮੇਸ਼ ਪਿਤਾ ਦੇ ਹਜ਼ੂਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੇ ਪਿਤਾ ਬੱਬਰ ਅਕਾਲੀ ਲਹਿਰ ਦੇ ਮੋਢੀਆਂ ਵਿਚੋਂ ਸਨ। ਸੰਤ ਜੀ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਅੱਠਵੀਂ ਜਮਾਤ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਮਾਲਕ ਸਨ। ਉਨ੍ਹਾਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਧਾਰਮਿਕ ਜੀਵਨ ਅਰੰਭ ਕੀਤਾ। ਬੜੂ ਸਾਹਿਬ ਹਿਮਾਚਲ ਪ੍ਰਦੇਸ਼, ਹਜ਼ੂਰ ਸਾਹਿਬ ਆਦਿ ਥਾਵਾਂ 'ਤੇ ਤਪੱਸਿਆ ਕਰਨ ਉਪਰੰਤ ਉਹ ਘੁੱਗ ਵਸਦੇ ਸ਼ਹਿਰ 'ਚ ਰੌਲੇ-ਗੌਲੇ ਤੋਂ ਬਾਹਰਵਾਰ ਨਹਿਰ ਦੇ ਪਰਲੇ ਪਾਸੇ 1986 ਵਿਚ ਗੁਰਦੁਆਰਾ ਸਾਹਿਬ ਦੀ ਆਪਣੇ ਹੱਥੀਂ ਉਸਾਰੀ ਕਰਕੇ ਉਨ੍ਹਾਂ ਦੇ ਨਾਮ ਸਿਮਰਨ, ਸੇਵਾ, ਸਤਿਸੰਗ ਦਾ ਪ੍ਰਵਾਹ ਚਲਾਇਆ।
ਸੰਤ ਬਾਬਾ ਸੁੱਚਾ ਸਿੰਘ ਮੰਚ 'ਤੇ ਉਦੋਂ ਉੱਭਰੇ ਜਦੋਂ 1991 ਵਿਚ ਗੁਰਬਾਣੀ ਸੰਗੀਤ ਬੁਰੀ ਤਰ੍ਹਾਂ ਨਾਲ ਫਿਲਮੀ ਤਰਜ਼ਾਂ ਵੱਲ ਵਧ ਰਿਹਾ ਸੀ। ਉਨ੍ਹਾਂ ਆਪਣੀ ਦ੍ਰਿੜ੍ਹਤਾ, ਦੂਰਅੰਦੇਸ਼ੀ ਸੂਝ ਅਤੇ ਆਤਮ ਗਿਆਨ ਨਾਲ ਇਸ ਨੂੰ ਸਹੀ ਦਿਸ਼ਾ ਵੱਲ ਮੋੜਿਆ। ਉਨ੍ਹਾਂ 1991 ਵਿਚ 'ਵਿਸਮਾਦੁ ਨਾਦ' ਨਾਂਅ ਦੀ ਸੰਸਥਾ ਬਣਾਈ। ਇਸ ਸੰਸਥਾ ਦਾ ਮੁੱਖ ਉਦੇਸ਼ ਸਿੱਖ ਵਿਰਸੇ ਦੀ ਖੋਜ, ਗੁਰਮਤਿ ਸੰਗੀਤ ਦੀ ਸੰਭਾਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪਸਾਰ ਕਰਨਾ ਸੀ। ਉਨ੍ਹਾਂ ਪੂਰੇ ਦੇਸ਼ ਵਿਚ ਵਿਚਰ ਕੇ ਗੁਰਮਤਿ ਵਿਚ ਕੀਰਤਨ ਦੇ ਪ੍ਰਮੁੱਖ ਤੰਤੀ ਸਾਜ਼ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਤਾਨਪੁਰਾ ਆਦਿ ਲੱਭੇ।
ਸੰਤ ਬਾਬਾ ਸੁੱਚਾ ਸਿੰਘ ਵੱਲੋਂ 1991 ਤੋਂ 2002 ਈ: ਤੱਕ 11 ਅਦੁੱਤੀ ਸੰਗੀਤ ਸੰਮੇਲਨ ਲੁਧਿਆਣਾ, ਦਿੱਲੀ, ਅੰਮ੍ਰਿਤਸਰ, ਹਜ਼ੂਰ ਸਾਹਿਬ (ਨਾਂਦੇੜ) ਵਿਖੇ ਕਰਵਾਏ ਗਏ। ਇਨ੍ਹਾਂ ਸੰਮੇਲਨਾਂ ਦੀ ਦੇਸ਼-ਵਿਦੇਸ਼ 'ਚ ਬੜੀ ਸ਼ਲਾਘਾ ਹੋਈ। ਬਾਬਾ ਸੁੱਚਾ ਸਿੰਘ ਨੇ ਆਪਣੀ ਰਹਿਨੁਮਾਈ ਹੇਠ ਅਨੇਕਾਂ ਸੈਮੀਨਾਰ, ਗੋਸ਼ਟੀਆਂ ਕਰਵਾਈਆਂ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ 15 ਭਗਤਾਂ ਦੇ ਜਨਮ-ਸਥਾਨਾਂ ਨੂੰ ਜਗਾਉਣ ਹਿਤ ਦੇਸ਼ ਭਰਮਣ ਵਾਲੀ ਸ਼ਬਦ ਯਾਤਰਾ ਕੀਤੀ। ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਤ ਬਾਬਾ ਸੁੱਚਾ ਸਿੰਘ 54 ਸਾਲ ਦੀ ਉਮਰ ਬਤੀਤ ਕਰਕੇ 27 ਅਗਸਤ 2002 ਈ: ਨੂੰ ਸੱਚਖੰਡ ਜਾ ਬਿਰਾਜੇ।
ਸੰਤ ਬਾਬਾ ਸੁੱਚਾ ਸਿੰਘ ਦੀ 17ਵੀਂ ਬਰਸੀ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ, ਲੁਧਿਆਣਾ ਵਿਖੇ 25, 26 ਤੇ 27 ਅਗਸਤ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।


-1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ

ਗੁ: ਸਾਹਿਬ ਹਰੀਪੁਰਾ (ਫ਼ਾਜ਼ਿਲਕਾ)

ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਤਾਰਨ ਲਈ ਦੁਨੀਆ ਦਾ ਭ੍ਰਮਣ ਕੀਤਾ ਅਤੇ ਮਨੁੱਖਤਾ ਦੇ ਭਲੇ ਦਾ ਉਪਦੇਸ਼ ਦਿੱਤਾ। ਅਜਿਹਾ ਹੀ ਇਕ ਨਗਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸਥਿਤ ਹੈ, ਜੋ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੈਂਦੇ ਪੰਜਾਬ-ਰਾਜਸਥਾਨ ਅੰਤਰਰਾਜੀ ਸਰਹੱਦ ਦੇ ਨੇੜੇ ਵਸਿਆ ਇਹ ਨਗਰ ਹਰੀਪੁਰਾ ਅਜਿਹਾ ਨਗਰ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪ ਵਸਾਇਆ ਸੀ। ਇਸ ਨਗਰ ਵਿਚ ਪਵਿੱਤਰ ਗੁਰਦੁਆਰਾ ਬਡ ਤੀਰਥ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਇਤਿਹਾਸ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ। ਇਸ ਥਾਂ 'ਤੇ ਸੇਵਾ ਕਰ ਰਹੇ ਬਾਬਾ ਸੁੱਚਾ ਸਿੰਘ ਨੇ ਦੱਸਿਆ ਕਿ ਦੁਨੀਆ ਨੂੰ ਤਾਰਦੇ-ਤਾਰਦੇ ਗੁਰੂ ਸਾਹਿਬ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਇਸ ਨਗਰ ਪੁੱਜੇ ਸਨ। ਪਹਿਲਾਂ ਇਸ ਨਗਰ ਦਾ ਨਾਂਅ ਹਾਰੂਪਰਾ ਸੀ। ਜਦੋਂ ਪਿੰਡ ਦੇ ਬਾਹਰ ਗੁਰੂ ਸਾਹਿਬ ਨੇ ਸਥਾਨ ਗ੍ਰਹਿਣ ਕੀਤਾ ਤਾਂ ਨਗਰ ਦੇ ਲੋਕ ਸੰਤ ਜਾਣ ਕੇ ਉਨ੍ਹਾਂ ਦੇ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਨਮਸਕਾਰ ਕੀਤਾ।
ਗੁਰੂ ਸਾਹਿਬ ਨੇ ਨਗਰ ਨਿਵਾਸੀਆਂ ਨੂੰ ਆਦੇਸ਼ ਦਿੱਤੇ ਕਿ ਇਸ ਥਾਂ 'ਤੇ ਇਕ ਧਰਮਸ਼ਾਲਾ ਬਣਾਉਣੀ ਹੈ, ਤਾਂ ਜੋ ਹਰ ਆਉਣ-ਜਾਣ ਵਾਲਾ ਰਾਹੀ ਇੱਥੇ ਵਿਸ਼ਰਾਮ ਕਰ ਸਕੇ, ਲੰਗਰ ਪਾਣੀ ਛਕੇ ਅਤੇ ਨਾਮ ਸਿਮਰਨ ਕਰ ਸਕੇ। ਬਾਬਾ ਸੁੱਚਾ ਸਿੰਘ ਨੇ ਕਿਹਾ ਕਿ ਇਸ ਨਗਰ ਅਤੇ ਗੁਰੂ-ਘਰ ਦੀ ਮਹਾਨਤਾ ਇਹ ਹੈ ਕਿ ਇਹ ਗੁਰੂ-ਘਰ ਬਾਬਾ ਜੀ ਦੀ ਇੱਛਾ ਅਨੁਸਾਰ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਇਸ ਅਸਥਾਨ ਦੀ ਕਾਰ ਸੇਵਾ ਦੀ ਆਰੰਭਤਾ ਕਰਵਾਈ ਸੀ। ਹੁਣ ਇਸ ਅਸਥਾਨ 'ਤੇ ਬਹੁਤ ਵਿਸ਼ਾਲ ਗੁਰੂ-ਘਰ ਸੁਸ਼ੋਭਿਤ ਹੈ, ਜਿਥੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੋਂ ਇਲਾਵਾ ਹੋਰਨਾਂ ਕਈ ਸੂਬਿਆਂ ਤੋਂ ਸੰਗਤ ਆ ਕੇ ਇਸ਼ਨਾਨ ਕਰਦੀ ਹੈ ਅਤੇ ਮੱਥਾ ਟੇਕਦੀ ਹੈ।


-ਦਵਿੰਦਰ ਪਾਲ ਸਿੰਘ,
ਇੰਚਾਰਜ, ਅਜੀਤ ਸਬ-ਆਫ਼ਿਸ, ਫ਼ਾਜ਼ਿਲਕਾ। ਮੋਬਾ: 98729-03544

ਨਨਕਾਣਾ ਸਾਹਿਬ ਦਾ ਇਤਿਹਾਸਕ ਪਿਛੋਕੜ

ਸਿੱਖਾਂ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਹੈ ਜੋ ਇਸ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਇਕ ਤਹਿਸੀਲ ਦਾ ਮੁੱਖ ਦਫ਼ਤਰ ਹੈ ਅਤੇ ਲਾਹੌਰ ਦੇ ਪੱਛਮ ਵਿਚ 80 ਕਿਲੋਮੀਟਰ ਦੂਰ ਅਤੇ ਦਰਿਆ ਰਾਵੀ ਦੇ ਉੱਤਰ ਵਿਚ 30 ਕੁ ਕਿਲੋਮੀਟਰ ਦੇ ਫਾਸਲੇ 'ਤੇ ਵਧੀਆ ਉਪਜਾਊ ਮੈਦਾਨ ਵਿਚ ਵਸਿਆ ਹੋਇਆ ਹੈ। ਸਮੇਂ ਨੇ ਬੜੀ ਕਰਵਟ ਲਈ, ਦਰਿਆ ਰਾਵੀ ਅਤੇ ਚਨਾਬ ਦੇ ਵਿਚਕਾਰ ਜੋ ਧਰਤੀ ਹੈ, ਉਸ ਵਿਚ ਬੜੇ ਸੰਘਣੇ ਜੰਗਲ ਸਨ, ਜਿਸ ਕਰਕੇ ਉਸ ਨੂੰ ਧਾਰ ਕਿਹਾ ਜਾਂਦਾ ਸੀ। ਪੁਰਾਣੇ ਸਮੇਂ ਵਿਚ ਇਸ ਇਲਾਕੇ ਅੰਦਰ ਆਬਾਦੀ ਬਹੁਤ ਘੱਟ ਸੀ ਅਤੇ ਦੂਰ-ਦੂਰ ਫਾਸਲੇ 'ਤੇ ਕੋਈ ਟਾਵਾਂ-ਟਾਵਾਂ ਪਿੰਡ ਆਬਾਦ ਸੀ। ਉਸ ਸਮੇਂ ਹਾਲਾਤ ਬਹੁਤ ਹੀ ਮਾੜੇ ਸਨ ਅਤੇ ਕਈ ਹਮਲਾਵਰਾਂ ਵਲੋਂ ਪਿੰਡਾਂ 'ਤੇ ਹਮਲੇ ਕਰਕੇ ਲੁੱਟਿਆ ਅਤੇ ਸਾੜਿਆ ਜਾਂਦਾ ਸੀ। ਇਸੇ ਗੇੜ ਵਿਚ ਉਸ ਇਲਾਕੇ ਅੰਦਰ ਵਸਿਆ ਨਗਰ ਤਲਵੰਡੀ ਵੀ ਆ ਗਿਆ, ਜਿਸ ਨੂੰ ਅੱਗ ਲਗਾ ਕੇ ਸਾੜਿਆ ਗਿਆ ਸੀ।
ਨਨਕਾਣਾ ਸਾਹਿਬ ਦੇ ਦੱਖਣ ਵਿਚ ਇਸ ਤੋਂ ਚਾਰ ਕੁ ਸੌ ਗਜ਼ ਦੀ ਵਿੱਥ 'ਤੇ ਇਕ ਬਹੁਤ ਵੱਡਾ ਤੇ ਉੱਚਾ ਥੇਹ ਹੈ, ਜੋ 'ਧਉਲਰ' ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਥਾਂ ਤੋਂ ਮਿਲੀਆਂ ਨਿਸ਼ਾਨੀਆਂ ਤੋਂ ਪਤਾ ਲਗਦਾ ਹੈ ਕਿ ਕਈ ਸਦੀਆਂ ਪਹਿਲਾਂ ਇਹ ਕਿਸੇ ਰਾਜੇ ਦਾ ਮਹੱਲ ਸੀ। ਇਥੇ ਇਕ ਖੂਹ ਵੀ ਹੈ, ਜੋ ਰਾਣੀ ਸੀਤਾ ਦਾ ਕਰਕੇ ਜਾਣਿਆ ਜਾਂਦਾ ਹੈ। ਥੇਹ ਦੇ ਪੂਰਬ ਵੱਲ ਨੇੜੇ ਹੀ ਇਕ ਹੋਰ ਪੁਰਾਣਾ ਖੂਹ ਹੈ, ਜਿਸ ਨੂੰ ਬਾਲੇ ਵਾਲਾ ਖੂਹ ਕਿਹਾ ਜਾਂਦਾ ਹੈ। ਇਹ ਇਲਾਕਾ ਕਿੰਨੀ ਵਾਰ ਉੱਜੜਿਆ ਅਤੇ ਕਿੰਨੀ ਵਾਰ ਵਸਿਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਬਹਿਲੋਲ ਲੋਧੀ 1451 ਈ: ਵਿਚ ਲਾਹੌਰ ਤੇ ਦੀਪਾਲਪੁਰ ਦਾ ਹਾਕਮ ਬਣਿਆ। ਉਸ ਸਮੇਂ ਭੱਟੀ ਰਾਜਪੂਤ ਜੋ ਪਹਿਲਾਂ ਹਿੰਦੂ ਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਇਸਲਾਮ ਧਾਰਨ ਕਰ ਲਿਆ, ਉਸ (ਤਲਵੰਡੀ) ਇਲਾਕੇ ਦੇ ਆਸ-ਪਾਸ ਰਹਿੰਦੇ ਸਨ। ਉਨ੍ਹਾਂ ਵਿਚੋਂ (ਰਾਇ ਭੋਇੰ) ਭੱਟੀ ਰਾਜਪੂਤ ਜੋ ਚੰਗੇ ਦਬ-ਦਬਾਅ ਵਾਲਾ ਸੀ, ਉਥੇ ਨਾਲ ਹੀ ਰਹਿੰਦਾ ਸੀ, ਨੇ ਅਤੇ ਉਸ ਦੇ ਪੁੱਤਰ ਰਾਇ ਬੁਲਾਰ ਨੇ ਉਸ ਪੁਰਾਣੀ ਤਲਵੰਡੀ ਦੇ ਥੇਹ 'ਤੇ ਨਵੀਂ ਤਲਵੰਡੀ ਦੀ ਨੀਂਹ ਰੱਖੀ ਅਤੇ ਇਕ ਕੱਚਾ ਕਿਲ੍ਹਾ ਆਪਣੇ ਰਹਿਣ ਵਾਸਤੇ ਬਣਾਇਆ ਜੋ ਰਾਇ ਭੋਇੰ ਦੀ ਤਲਵੰਡੀ ਕਰਕੇ ਮਸ਼ਹੂਰ ਹੋਇਆ। ਇਨ੍ਹਾਂ ਪਿਓ-ਪੁੱਤ ਦਾ ਹਿੰਦੂ, ਮੁਸਲਮਾਨਾਂ ਨਾਲ ਪੂਰਾ ਪ੍ਰੇਮ-ਪਿਆਰ ਸੀ। ਰਾਇ ਬੁਲਾਰ ਕੋਲ ਥੋੜ੍ਹੀ ਜਿਹੀ ਖੇਤੀ ਕਰਨਯੋਗ ਜ਼ਮੀਨ ਅਤੇ ਵੱਡਾ ਜੰਗਲ ਸੀ। ਬੇਦੀ ਵੰਸ਼ ਵਿਚੋਂ ਮਹਿਤਾ ਸ਼ਿਵਰਾਮ ਬੇਦੀ ਦਾ ਸਪੁੱਤਰ ਮਹਿਤਾ ਕਾਲੂ ਜੀ (ਕਲਿਆਣ ਦਾਸ) ਨਾਂਅ ਦਾ ਪੜ੍ਹਿਆ-ਲਿਖਿਆ ਇਕ ਸੱਜਣ ਇਸ ਸਮੇਂ ਰਾਇ ਬੁਲਾਰ ਕੋਲ ਪਟਵਾਰੀ ਦਾ ਕੰਮ ਕਰਦਾ ਸੀ ਅਤੇ ਕਿਲ੍ਹੇ ਦੇ ਕੋਲ ਜਿਥੇ ਹੋਰ ਲੋਕਾਂ ਦੇ ਮਕਾਨ ਸਨ, ਮਹਿਤਾ ਕਾਲੂ ਦਾ ਵੀ ਇਕ ਛੋਟਾ ਜਿਹਾ ਕੋਠਾ ਸੀ। ਉਸ ਕੋਠੇ ਵਿਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 ਈ: ਨੂੰ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂਅ ਨਾਨਕ ਰੱਖਿਆ ਗਿਆ।
ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਚਾਹਲ, ਜ਼ਿਲ੍ਹਾ ਲਾਹੌਰ ਵਿਖੇ ਹੋਣ ਕਰਕੇ ਪ੍ਰਚਲਤ ਨਾਂਅ ਨਾਨਕੀ ਪੈ ਗਿਆ ਅਤੇ ਪਿੱਛੋਂ ਇਸ ਬਾਲਕ ਦਾ ਨਾਂਅ ਨਾਨਕ ਪੈ ਗਿਆ। ਜਿਵੇਂ ਪਿੰਡਾਂ ਵਿਚ ਆਮ ਹੀ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਭੈਣ ਨਾਨਕੀ ਦਾ ਵੀਰ ਨਾਨਕ ਕਹਿ ਕੇ ਬੁਲਾਇਆ ਜਾਣ ਲੱਗਿਆ। ਗੁਰੂ ਨਾਨਕ ਪਾਤਸ਼ਾਹ ਦੇ ਦਾਦੇ ਦਾ ਨਾਂਅ ਸ਼ਿਵਰਾਮ ਅਤੇ ਦਾਦੀ ਦਾ ਨਾਂਅ ਬਨਾਰਸੀ ਸੀ। ਗੁਰੂ ਨਾਨਕ ਪਾਤਸ਼ਾਹ ਦੇ ਚਾਚੇ ਦਾ ਨਾਂਅ ਲਾਲੂ ਸੀ।
ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਲਖਮੀ ਦਾਸ ਦੇ ਸਪੁੱਤਰ ਬਾਬਾ ਧਰਮ ਚੰਦ ਨੇ 1579 ਈ: ਵਿਚ ਡੇਰਾ ਬਾਬਾ ਨਾਨਕ ਤੋਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਅਸਥਾਨ ਵਾਲੇ ਕੋਠੇ ਨੂੰ ਠੀਕ ਕਰਵਾ ਕੇ ਉਸ ਦਾ ਨਾਂਅ ਕੋਠਾ ਸਾਹਿਬ ਰੱਖਿਆ। ਗੁਰੂ ਅਰਜਨ ਦੇਵ ਜੀ ਨੇ ਇਸ ਗੁਰਧਾਮ ਦੀ ਨੀਂਹ ਰੱਖ ਕੇ ਇਸ ਅਸਥਾਨ ਨੂੰ ਕਾਇਮ ਕੀਤਾ ਅਤੇ ਬਾਕੀ ਦੇ ਅਸਥਾਨ ਵੀ ਤਿਆਰ ਕਰਵਾਏ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਰਾਇ ਭੋਇੰ ਦੀ ਤਲਵੰਡੀ, ਨਨਕਾਣਾ ਸਾਹਿਬ ਆਏ ਅਤੇ ਇਥੇ ਕਈ ਦਿਨ ਨਿਵਾਸ ਕਰਕੇ ਗੁਰੂਧਾਮਾਂ ਦੀ ਸੇਵਾ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਥੇ ਨਨਕਾਣਾ ਸਾਹਿਬ 'ਚ ਨਿਮਾਣੀ ਇਕਾਦਸ਼ੀ ਦਾ ਮੇਲਾ ਵੀ ਸ਼ੁਰੂ ਕਰਵਾਇਆ, ਜੋ ਸੰਮਤ 1913 ਬਿਕ੍ਰਮੀ ਨੂੰ ਮਹੰਤ ਗੁਲਾਬ ਸਿੰਘ ਨਿਰਮਲੇ ਨੇ ਬਦਲਾ ਕੇ ਕੱਤਕ ਦੀ ਪੁੰਨਿਆ ਕਾਇਮ ਕੀਤਾ, ਕਿਉਂਕਿ ਨਿਮਾਣੀ ਦੇ ਸਮੇਂ ਪਾਣੀ ਦੀ ਬੜੀ ਸਮੱਸਿਆ ਹੁੰਦੀ ਸੀ। ਉਸ ਸਮੇਂ ਨਿਮਾਣੀ ਦੇ ਮੇਲੇ ਕਰਕੇ ਸੰਗਤਾਂ ਲਾਹੌਰ ਤੇ ਅੰਮ੍ਰਿਤਸਰ ਤੋਂ ਆਉਂਦੀਆਂ ਸਨ। ਮਹੰਤ ਗੁਲਾਬ ਸਿੰਘ ਨੇ ਨਿਮਾਣੀ ਦੀ ਥਾਂ ਕੱਤਕ ਦੀ ਪੁੰਨਿਆ ਨੂੰ ਜੋੜ ਮੇਲਾ ਸ਼ੁਰੂ ਕੀਤਾ, ਜੋ ਅੱਜ ਤੱਕ ਚਲਦਾ ਆ ਰਿਹਾ ਹੈ।
ਬਾਬਾ ਧਰਮ ਚੰਦ ਤੋਂ ਪਿੱਛੋਂ ਉਨ੍ਹਾਂ ਦੇ ਸਪੁੱਤਰ ਬਾਬਾ ਮੇਹਰ ਚੰਦ ਅਤੇ ਬਾਬਾ ਮੇਹਰ ਚੰਦ ਦੇ ਸਪੁੱਤਰ ਬਾਬਾ ਨਿਧਾਨ ਚੰਦ ਕਦੇ-ਕਦਾਈਂ ਨਨਕਾਣਾ ਸਾਹਿਬ ਜਾਂਦੇ ਰਹਿੰਦੇ ਸਨ। ਬਾਬਾ ਨਿਧਾਨ ਚੰਦ ਦੇ ਸਪੁੱਤਰ ਬਾਬਾ ਲਾਜਪਤ ਨੇ 1688 ਈ: ਵਿਚ ਸਾਧੂ ਹਨੂੰਮਾਨ ਨੂੰ ਇਸ ਅਸਥਾਨ ਦੀ ਸੇਵਾ ਸੌਂਪ ਦਿੱਤੀ, ਕਿਉਂਕਿ ਡੇਰਾ ਬਾਬਾ ਨਾਨਕ ਤੋਂ ਨਨਕਾਣਾ ਸਾਹਿਬ ਲਈ ਸੇਵਾ ਸੰਭਾਲ ਵਾਸਤੇ ਆਉਣਾ-ਜਾਣਾ ਔਖਾ ਸੀ। ਭਾਈ ਦੁਨੀ ਚੰਦ ਉਦਾਸੀ ਅਤੇ ਭਾਈ ਨੱਥਾ ਜੀ ਨਿਰਮਲਾ 1690 ਈ: ਨੂੰ ਡੇਰਾ ਬਾਬਾ ਨਾਨਕ ਗਏ ਅਤੇ ਬਾਬਾ ਲਾਜਪਤ ਨੂੰ ਬੇਨਤੀ ਕੀਤੀ ਕਿ ਤਲਵੰਡੀ ਕੋਠਾ ਸਾਹਿਬ ਦੇ ਅਸਥਾਨ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਲਾਇਆ ਜਾਵੇ। ਬਾਬਾ ਲਾਜਪਤ ਨੇ ਉਨ੍ਹਾਂ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਸਾਧੂ ਹਨੂੰਮਾਨ ਕੋਲ ਭੇਜ ਦਿੱਤਾ। ਹੁਣ ਤਿੰਨਾਂ ਦੇ ਰਹਿਣ ਲਈ ਕਮਰਿਆਂ ਦੀ ਤਿਆਰੀ ਕਰਕੇ ਹੋਰ ਲੋਕਾਂ ਲਈ ਵੀ ਮਕਾਨ ਤਿਆਰ ਕਰਵਾਏ ਗਏ। ਇਸ ਅਸਥਾਨ ਦਾ ਨਾਂਅ ਨਨਕਾਣਾ ਸਾਹਿਬ ਰੱਖਿਆ ਗਿਆ। ਇਸ ਅਸਥਾਨ 'ਤੇ ਸਾਧੂ ਹਨੂੰਮਾਨ ਨੇ ਦੀਵਾ ਜਗਾਉਣ ਅਤੇ ਝਾੜੂ ਦੇਣ ਦੀ ਸੇਵਾ ਸ਼ੁਰੂ ਕੀਤੀ।
ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ 'ਤੇ ਗੁਰਦੁਆਰੇ ਬਣਵਾਏ ਅਤੇ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ 17,675 ਏਕੜ ਰਕਬਾ ਗੁਰਦੁਆਰਿਆਂ ਦੇ ਨਾਂਅ ਲਗਵਾਇਆ, ਜੋ ਬਾਅਦ ਵਿਚ ਗੁਰਦੁਆਰਾ ਜਨਮ ਅਸਥਾਨ, ਬਾਲ ਲੀਲ੍ਹਾ, ਮਾਲ ਸਾਹਿਬ ਅਤੇ ਕਿਆਰਾ ਸਾਹਿਬ ਦੇ ਮਹੰਤਾਂ ਨੇ ਆਪੋ-ਆਪਣੇ ਕਬਜ਼ੇ ਕਰ ਲਏ। ਇਸ ਵਿਚੋਂ ਬਹੁਤ ਥੋੜ੍ਹਾ ਹਿੱਸਾ ਉਸ ਸਮੇਂ ਖੂਹਾਂ ਰਾਹੀਂ ਸਿੰਜਿਆ ਜਾਂਦਾ ਸੀ ਅਤੇ ਇਹ ਹਿੱਸਾ ਉਪਜਾਊ ਸੀ। ਖੂਹ ਗਿਣਤੀ ਦੇ ਅਤੇ ਬਹੁਤ ਪੁਰਾਣੇ ਸਨ। ਇਨ੍ਹਾਂ ਵਿਚ ਵਿਸ਼ੇਸ਼ ਖੂਹ ਭਾਈ ਬਾਲੇ ਵਾਲਾ, ਸੀਤਾ ਵਾਲਾ, ਬੁਤ ਵਾਲਾ, ਖਿਪ ਵਾਲਾ, ਪੈੜੇ ਵਾਲਾ, ਮਾਲ ਸਾਹਿਬ ਅਤੇ ਬਾਲ ਲੀਲ੍ਹਾ ਵਾਲਾ ਸਨ। ਸਮੇਂ ਦੇ ਨਾਲ ਜਿਉਂ-ਜਿਉਂ ਬਸਤੀਆਂ ਬਣਦੀਆਂ ਗਈਆਂ ਤਾਂ ਵਾਹੁਣਯੋਗ ਰਕਬਾ 15,926 ਏਕੜ ਰਹਿ ਗਿਆ ਸੀ।
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ-ਸੰਭਾਲ ਵੱਖੋ-ਵੱਖ ਉਦਾਸੀ ਮਹੰਤ ਤੇ ਸਾਧੂ ਕਰਦੇ ਰਹੇ। ਮਹੰਤ ਗੁਲਾਬ ਸਿੰਘ 11 ਅੱਸੂ ਸੰਮਤ 1919 ਦਿਨ ਐਤਵਾਰ ਸਵਰਗਵਾਸ ਹੋਏ ਅਤੇ ਮਹੰਤ ਝੰਡਾ ਦਾਸ ਨੇ ਸੇਵਾ ਸੰਭਾਲੀ, ਜੋ ਸੰਮਤ 1939 ਨੂੰ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਸਾਧੂ ਰਾਮ ਸੰਮਤ 1962 ਤੱਕ ਸੇਵਾ ਕਰਦੇ ਰਹੇ, ਜੋ 1 ਚੇਤ, ਸੰਮਤ 1962 ਨੂੰ ਸਵਰਗਵਾਸ ਹੋਏ। ਇਨ੍ਹਾਂ ਤੋਂ ਬਾਅਦ ਮਹੰਤ ਕਿਸ਼ਨ ਦਾਸ ਨੇ ਸੇਵਾ ਸੰਭਾਲੀ, ਜੋ 16 ਮੱਘਰ ਸੰਮਤ 1971 ਨੂੰ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦੀ ਥਾਂ ਬਾਵਾ ਜਵਾਹਰ ਦਾਸ ਦੇ ਪੁੱਤਰ ਨਾਰਾਇਣ ਦਾਸ ਨੂੰ ਮਹੰਤ ਬਣਾਇਆ, ਜੋ ਭਾਈ ਫੇਰੂ ਦਾ ਰਹਿਣ ਵਾਲਾ ਸੀ। ਇਸੇ ਮਹੰਤ ਨਾਰਾਇਣ ਦੀ ਅਗਵਾਈ ਵਿਚ 20 ਫਰਵਰੀ, 1921 ਈ: ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਸਮੇਂ ਵੱਖੋ-ਵੱਖ ਸਿੰਘ ਸਰਦਾਰਾਂ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੇ ਨਾਂਅ ਜਗੀਰਾਂ ਲਵਾਈਆਂ ਸਨ, ਜਿਨ੍ਹਾਂ ਵਿਚ ਪਿੰਡ ਖਾਕੀ, ਪਿੰਡ ਨੰਗਲੀ, ਤਲਕਾ, ਦੋਦਾ ਪ੍ਰਗਨਾ, ਸ਼ਕਰਗੜ੍ਹ, ਜ਼ਿਲ੍ਹਾ ਦੀਨਾ ਨਗਰ, ਅਭੀਆਂ ਵਾਲਾ, ਮੌਜੀਆਂ ਖੂਨੀ, ਪਿੰਡ ਖੈਰਪੁਰ, ਠੱਟਾ ਗੁਲਾਮ ਹੁਸੈਨ, ਪਿੰਡ ਸ਼ੀਰੀ, ਪਿੰਡ ਤਾਸ਼ਪੁਰ, ਮਨੂ, ਸ਼ਾਹਪੁਰ, ਜੈਸ਼ਲ, ਵਾਵੜੀਆਂ ਵਾਲਾ, ਮਿੱਠਾ ਸਧਾਨਾ, ਤਰਖਾਣਾਂ ਵਾਲਾ, ਵੜਿੰਗ, ਨੂਨਾਰੀ, ਪਿੰਡ ਚੇਰੀ, ਮਛੋੜਾ ਹਾਸ਼ਮ ਵਾਲਾ, ਕੁੰਡਲ, ਡੁਲਚੀਆ, ਬਾਠ ਆਦਿ ਵਿਚ ਵੱਖੋ-ਵੱਖ ਰਕਬੇ ਦੀਆਂ ਜ਼ਮੀਨਾਂ ਸਨ।
20 ਫਰਵਰੀ, 1921 ਈ: ਦੇ ਸਾਕੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਨੇ ਗੁਰਦੁਆਰਾ ਜਨਮ ਅਸਥਾਨ ਦਾ ਕਬਜ਼ਾ ਸੱਤ ਮੈਂਬਰਾਂ ਦੀ ਕਮੇਟੀ ਨੂੰ, ਜਿਸ ਦੇ ਪ੍ਰਧਾਨ ਸ: ਹਰਬੰਸ ਸਿੰਘ ਅਟਾਰੀ ਵਾਲੇ ਸਨ, ਲਿਖ ਦਿੱਤਾ ਸੀ। ਉਸ ਕਮੇਟੀ ਨੇ ਇਸ ਅਸਥਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕੀਤਾ। ਉਸ ਸਮੇਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਪਰ ਗੁਰਦੁਆਰਾ ਐਕਟ ਹੋਂਦ ਵਿਚ ਨਹੀਂ ਆਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਦੇ ਪ੍ਰਬੰਧ ਲਈ ਸ: ਨਰੈਣ ਸਿੰਘ ਬੈਰਿਸਟਰ ਸ਼ਾਹਪੁਰ ਦੀ ਨਿਯੁਕਤੀ ਕੀਤੀ ਅਤੇ ਉਨ੍ਹਾਂ ਦੇ ਅਧੀਨ ਜਥੇਦਾਰ ਬੂਟਾ ਸਿੰਘ ਚੱਕ ਨੰ: 204 ਲਾਇਲਪੁਰ ਵਾਲਿਆਂ ਨੂੰ ਜ਼ਮੀਨਾਂ ਦਾ ਪ੍ਰਬੰਧ ਕਰਨ ਲਈ ਨਿਯੁਕਤ ਕੀਤਾ। ਇਹ ਪ੍ਰਬੰਧ ਗੁਰਦੁਆਰਾ ਐਕਟ ਬਣਨ ਤੱਕ ਚਲਦਾ ਰਿਹਾ। ਗੁਰਦੁਆਰਾ ਐਕਟ 1 ਨਵੰਬਰ, 1925 ਈ: ਨੂੰ ਬਣਿਆ ਅਤੇ ਐਕਟ ਦੀ ਦਫ਼ਾ 85 ਅਧੀਨ 13 ਮੈਂਬਰਾਂ ਦੀ ਸਥਾਨਕ ਕਮੇਟੀ ਦੀ ਸਥਾਪਤੀ ਦਾ ਐਲਾਨ ਕਰ ਦਿੱਤਾ ਅਤੇ ਇਥੋਂ ਦਾ ਸਮੁੱਚਾ ਪ੍ਰਬੰਧ 30 ਨਵੰਬਰ, 1926 ਤੋਂ ਸਥਾਨਕ ਕਮੇਟੀ ਦੇ ਹੱਥ ਆ ਗਿਆ। ਇਸ ਸਥਾਨਕ ਕਮੇਟੀ ਦੇ ਪਹਿਲੇ ਪ੍ਰਧਾਨ ਸ: ਬੂਟਾ ਸਿੰਘ ਵਕੀਲ ਸ਼ੇਖੂਪੁਰਾ (1926 ਤੋਂ 1933 ਤੱਕ), ਦੂਜੇ ਪ੍ਰਧਾਨ ਸ: ਬਹਾਦਰ ਮਹਿਤਾਬ ਸਿੰਘ ਬੈਰਿਸਟਰ ਲਾਹੌਰ (1933 ਤੋਂ 1936 ਤੱਕ), ਤੀਜੇ ਪ੍ਰਧਾਨ ਜਥੇਦਾਰ ਤੇਜਾ ਸਿੰਘ ਅਕਰਪੁਰੀ ਜ਼ਿਲ੍ਹਾ ਗੁਰਦਾਸਪੁਰ (1936 ਤੋਂ 1939 ਤੱਕ) ਅਤੇ ਚੌਥੇ ਪ੍ਰਧਾਨ ਸ: ਸੰਪੂਰਨ ਸਿੰਘ ਬੈਰਿਸਟਰ ਲਾਇਲਪੁਰ (1939 ਤੋਂ 1944 ਤੱਕ) ਸਨ।
ਇਸ ਉਪਰੰਤ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਸਿੱਧੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਗਏ। ਸੰਨ 1944 ਵਿਚ ਪੰਜਾਬ ਸਰਕਾਰ ਨੇ ਗੁਰਦੁਆਰਾ ਕਾਨੂੰਨ ਅੰਦਰ ਤਰਮੀਮ ਕਰਕੇ ਗੁਰਦੁਆਰਾ ਐਕਟ ਦੀ ਧਾਰਾ 24 ਦੇ ਅਧੀਨ ਸਾਰੇ ਗੁਰਦੁਆਰਿਆਂ ਦੀਆਂ ਸਥਾਨਕ ਕਮੇਟੀਆਂ ਦੀ ਪ੍ਰਬੰਧਕੀ ਤਾਕਤ ਨੂੰ ਖ਼ਤਮ ਕਰਕੇ ਇਨ੍ਹਾਂ ਨੂੰ ਸਿਰਫ ਸਲਾਹਕਾਰ ਹੋਣ ਦਾ ਅਧਿਕਾਰ ਦਿੱਤਾ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿਚ ਦੇ ਦਿੱਤਾ।
ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਸਾਰੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੈ। ਈ.ਟੀ.ਪੀ.ਬੀ. ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਗੁਰਦੁਆਰਿਆਂ 'ਚ ਲਗਪਗ ਸਭ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਭਾਰੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ।


-ਬਠਿੰਡਾ। ਮੋਬਾ: 98155-33725

ਪ੍ਰੇਰਨਾ-ਸਰੋਤ

ਸਾਡੇ ਸਰੀਰ ਦੇ ਦੋ ਅੰਸ਼ ਹਨ 'ਸੂਖਮ' ਅਤੇ 'ਸਥੂਲ'

ਮਨੁੱਖ ਦਾ ਇਹ ਸਥੂਲ ਰੂਪ, ਇਹ ਸਰੀਰ, ਜਿਸ ਵਿਚ ਬਾਹਰੀ ਸਾਧਨ ਹਨ, ਸੰਸਕ੍ਰਿਤ ਵਿਚ ਇਸ ਨੂੰ ਸਥੂਲ ਸਰੀਰ ਕਹਿੰਦੇ ਹਨ। ਸਰੀਰ ਦੇ ਪਿੱਛੇ ਗਿਆਨ ਇੰਦਰੀਆਂ ਤੋਂ ਸ਼ੁਰੂ ਹੋ ਕੇ ਮਨ, ਬੁੱਧੀ ਅਤੇ ਘੁਮੰਡ ਦਾ ਸਿਲਸਿਲਾ ਹੈ। ਇਹ ਸਾਰੇ ਅਤੇ ਪ੍ਰਾਣ ਮਿਲ ਕੇ ਜੋ ਯੋਗਿਕ ਘਟਕ ਬਣਾਉਂਦੇ ਹਨ, ਉਸ ਨੂੰ ਸੂਖਮ ਸਰੀਰ ਕਹਿੰਦੇ ਹਨ। ਸਵਾਮੀ ਵਿਵੇਕਾਨੰਦ ਮਨੁੱਖੀ ਸ਼ਖ਼ਸੀਅਤ ਦੇ ਵੱਖ-ਵੱਖ ਪੱਧਰਾਂ ਬਾਰੇ ਲਿਖਦੇ ਹਨ ਕਿ ਇਹ ਸ਼ਕਤੀਆਂ ਅਤਿ ਸੂਖਮ ਤੱਤਾਂ ਤੋਂ ਨਿਰਮਿਤ ਹਨ। ਏਨੇ ਸੂਖਮ ਕਿ ਸਰੀਰ ਨੂੰ ਲੱਗਣ ਵਾਲੀ ਵੱਡੀ ਤੋਂ ਵੱਡੀ ਸੱਟ ਵੀ ਇਨ੍ਹਾਂ ਨੂੰ ਨਸ਼ਟ ਨਹੀਂ ਕਰ ਸਕਦੀ। ਸਰੀਰ 'ਤੇ ਲੱਗਣ ਵਾਲੀ ਕਿਸੇ ਵੀ ਸੱਟ ਤੋਂ ਬਾਅਦ ਵੀ ਇਹ ਜੀਵਤ ਰਹਿੰਦੀਆਂ ਹਨ। ਅਸੀਂ ਦੇਖਦੇ ਹਾਂ ਕਿ ਸਥੂਲ ਸਰੀਰ ਸਥੂਲ ਤੱਤਾਂ ਤੋਂ ਬਣਦਾ ਹੈ। ਇਸ ਲਈ ਇਹ ਹਮੇਸ਼ਾ ਪਰਿਵਰਤਨਸ਼ੀਲ ਅਤੇ ਨਵਾਂ ਦਿਖਾਈ ਦਿੰਦਾ ਹੈ। ਦੂਜੇ ਪਾਸੇ ਮਨ, ਬੁੱਧੀ ਅਤੇ ਘੁਮੰਡ ਆਦਿ ਸੂਖਮ ਤੱਤਾਂ ਤੋਂ ਬਣੇ ਹਨ। ਇਹ ਏਨੇ ਸੂਖ਼ਮ ਹੁੰਦੇ ਹਨ ਕਿ ਯੁੱਗਾਂ ਤੱਕ ਚਲਦੇ ਰਹਿੰਦੇ ਹਨ। ਇਹ ਇੰਨੇ ਸੂਖਮ ਹਨ ਕਿ ਕੋਈ ਵੀ ਵਸਤੂ ਇਨ੍ਹਾਂ ਦਾ ਪ੍ਰਤੀਰੋਧ ਨਹੀਂ ਕਰ ਸਕਦੀ ਅਤੇ ਇਹ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਜਾਂਦੇ ਹਨ। ਸਥੂਲ ਸਰੀਰ ਅਤੇ ਸੂਖਮ ਸਰੀਰ, ਦੋਵੇਂ ਅਚੇਤ ਹਨ ਪਰ ਅਤਿ ਸੂਖਮ ਤੱਤਾਂ ਤੋਂ ਬਣਿਆ ਹੋਣ ਕਰਕੇ ਇਹ ਸੂਖਮ ਵੀ ਹਨ। ਮਨ ਦੀਆਂ ਸਾਰੀਆਂ ਕਿਰਿਆਵਾਂ ਬੁੱਧੀ-ਤੱਤ ਅਤੇ ਘੁਮੰਡ ਕਿਸੇ ਹੋਰ ਲਈ ਹਨ। ਸਾਰੇ ਹੀ ਪਦਾਰਥ ਲਗਪਗ ਉਨ੍ਹਾਂ ਹੀ ਸੂਖਮ ਤੱਤਾਂ ਤੋਂ ਬਣੇ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਪ੍ਰਗਟਾਵਾ ਭੌਤਿਕ ਪਦਾਰਥਾਂ ਨਾਲ ਨਹੀਂ ਹੋ ਸਕਦਾ। ਇਨ੍ਹਾਂ ਸਾਰਿਆਂ ਪਿੱਛੇ ਕੋਈ ਨਾ ਕੋਈ ਜ਼ਰੂਰ ਹੈ, ਜੋ ਅਸਲ ਪ੍ਰਕਾਸ਼ਕ ਹੈ, ਅਸਲ ਦਰਸ਼ਕ ਅਤੇ ਅਸਲ ਭੋਗੀ ਹੈ। ਇਸ ਨੂੰ ਹੀ ਆਤਮਾ ਕਹਿੰਦੇ ਹਨ। ਮਨੁੱਖ ਦੀ ਆਤਮਾ ਉਸ ਦਾ ਅਸਲ 'ਅਹਮ' ਹੈ।

-ਮੋਬਾ: 94175-50741

ਟਕਸਾਲਾਂ ਅਤੇ ਹੋਰ ਸੰਸਥਾਵਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰਮਤਿ ਸੰਗੀਤ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਕਈ ਟਕਸਾਲਾਂ ਅਤੇ ਸੰਪ੍ਰਦਾਵਾਂ ਹੋਂਦ ਵਿਚ ਆਈਆਂ, ਜਿਨ੍ਹਾਂ ਨੇ ਕੀਰਤਨ ਦੇ ਟਕਸਾਲੀ ਰੂਪ ਨੂੰ ਹੂ-ਬ-ਹੂ ਸਜੀਵ ਰੱਖਣ ਅਤੇ ਅੱਗੇ ਤੋਰਨ ਲਈ ਵਡਮੁੱਲਾ ਯੋਗਦਾਨ ਪਾਇਆ। ਅੱਜ ਦੇ ਲੇਖ ਵਿਚ ਇਨ੍ਹਾਂ ਟਕਸਾਲਾਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਦਾ ਜ਼ਿਕਰ ਕਰ ਰਹੇ ਹਾਂ।
1. ਟਕਸਾਲ ਦਮਦਮਾ ਸਾਹਿਬ : ਸਭ ਤੋਂ ਪੁਰਾਣੀ ਅਤੇ ਇਤਿਹਾਸਕ ਤੌਰ 'ਤੇ ਅਹਿਮ ਟਕਸਾਲ ਦਮਦਮਾ ਸਾਹਿਬ ਦੀ ਟਕਸਾਲ ਹੈ, ਜਿਸ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨਿਆ ਜਾਂਦਾ ਹੈ। ਮਗਰੋਂ ਇਸ ਦੀ ਸਰਪ੍ਰਸਤੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਕੀਤੀ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਮਤਿ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਪਰੰਪਰਾਗਤ ਸਿਖਲਾਈ ਦਿੱਤੀ ਜਾ ਰਹੀ ਹੈ।
2. ਬੁੱਢਾ ਜੌਹੜ ਟਕਸਾਲ : ਰਾਜਸਥਾਨ ਵਿਚ ਸਥਿਤ ਇਹ ਟਕਸਾਲ ਗੁਰਮਤਿ ਸੰਗੀਤ ਵਿੱਦਿਆ ਦਾ ਪੁਰਾਤਨ ਅਤੇ ਪ੍ਰਸਿੱਧ ਮਰਕਜ਼ ਹੈ, ਜਿਸ ਦੀ ਸਥਾਪਨਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਕੀਤੀ। ਇਸ ਟਕਸਾਲ ਨੇ ਭਾਈ ਗੁਰਮੇਲ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਵਰਗੇ ਨਿਰਧਾਰਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਕਰਨ ਵਾਲੇ ਉੱਚ ਕੋਟੀ ਦੇ ਕੀਰਤਨਕਾਰ ਪੈਦਾ ਕੀਤੇ।
3. ਤਰਨਤਾਰਨ ਟਕਸਾਲ : ਇਸ ਦੀ ਸਥਾਪਨਾ ਸੰਨ 1904 ਵਿਚ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬਾਬਾ ਈਸ਼ਰ ਸਿੰਘ ਨੇ ਕੀਤੀ। ਪੰਥ ਦੇ ਪ੍ਰਸਿੱਧ ਸ਼੍ਰੋਮਣੀ ਰਾਗੀ ਭਾਈ ਬਖਸ਼ੀਸ਼ ਸਿੰਘ ਪਟਿਆਲੇ ਵਾਲੇ ਇਸੇ ਟਕਸਾਲ ਦੇ ਵਿਦਿਆਰਥੀ ਸਨ। ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦੇ ਪਿਤਾ ਭਾਈ ਸੰਤਾ ਸਿੰਘ, ਪ੍ਰਸਿੱਧ ਰਾਗੀ ਭਾਈ ਪੂਰਨ ਸਿੰਘ, ਮਹਾਨ ਰਾਗੀ ਭਾਈ ਸਮੁੰਦ ਸਿੰਘ ਅਤੇ ਭਾਈ ਪ੍ਰੇਮ ਸਿੰਘ ਨੇ ਵੀ ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ । ਪ੍ਰਸਿੱਧ ਸੰਗੀਤਕਾਰ ਮਾਸਟਰ ਨੱਥੂ ਰਾਮ ਨੇ ਇਥੇ ਤਕਰੀਬਨ 30 ਸਾਲ ਕੀਰਤਨ ਦੀ ਤਾਲੀਮ ਦਿੱਤੀ।
4. ਦੌਧਰ ਟਕਸਾਲ : ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਜਗਤ ਪ੍ਰਸਿੱਧ ਦੌਧਰ ਟਕਸਾਲ ਦੀ ਸਥਾਪਨਾ ਅਠਾਰ੍ਹਵੀਂ ਸਦੀ ਵਿਚ ਹੋਈ। ਇਹ ਟਕਸਾਲ ਨੇਤਰਹੀਣਾਂ ਨੂੰ ਕੀਰਤਨ ਦੀ ਸਿਖਲਾਈ ਦੇਣ ਦਾ ਉੱਚਕੋਟੀ ਦਾ ਕੇਂਦਰ ਰਿਹਾ ਹੈ। ਇਸ ਦੀ ਸਥਾਪਨਾ ਨਿਰਮਲੇ ਸੰਤ ਸੁੱਚਾ ਸਿੰਘ ਨੇ ਕੀਤੀ ਅਤੇ ਬਾਅਦ ਵਿਚ ਬਾਬਾ ਮੰਗਲ ਸਿੰਘ ਨਿਰਮਲੇ ਅਤੇ ਬਾਬਾ ਖ਼ੁਸ਼ਹਾਲ ਸਿੰਘ ਨੇ ਇਥੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਗੁਰੂ-ਚੇਲੇ ਦੀ ਰਵਾਇਤ ਅਨੁਸਾਰ ਇਥੇ ਭਾਈ ਭੋਲਾ ਸਿੰਘ, ਭਾਈ ਸੁੱਚਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਜਸਵੰਤ ਸਿੰਘ ਕੁਲਾਰ, ਸੰਤ ਸਰਵਣ ਸਿੰਘ ਗੰਧਰਬ ਡੁਮੇਲੀ ਵਾਲੇ, ਭਾਈ ਜਸਵੰਤ ਸਿੰਘ ਅਤੇ 1984 ਵਿਚ ਸਾਕਾ ਨੀਲਾ ਤਾਰਾ ਅੰਮ੍ਰਿਤਸਰ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ (ਨੇਤਰਹੀਣ) ਨੇ ਵੀ ਇਸੇ ਟਕਸਾਲ ਤੋਂ ਵਿੱਦਿਆ ਪ੍ਰਾਪਤ ਕੀਤੀ।
5. ਸਿੰਘਾਂਵਾਲਾ ਟਕਸਾਲ : ਭਾਈ ਸੁੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਵਲੋਂ ਸਥਾਪਿਤ ਇਹ ਪ੍ਰਸਿੱਧ ਟਕਸਾਲ ਮੋਗਾ-ਕੋਟਕਪੂਰਾ ਮੁੱਖ ਸੜਕ ਉੱਤੇ ਪਿੰਡ ਸਿੰਘਾਂਵਾਲਾ ਵਿਖੇ ਸਥਿਤ ਹੈ। ਪ੍ਰਸਿੱਧ ਰਾਗੀ ਭਾਈ ਪ੍ਰੀਤਮ ਸਿੰਘ ਸੰਨ 1900 ਤੋਂ 1932 ਤੱਕ ਇਥੇ ਨਿਸ਼ਕਾਮ ਤੌਰ 'ਤੇ ਗੁਰਮਤਿ ਸੰਗੀਤ ਦੀ ਦਾਤ ਵੰਡਦੇ ਰਹੇ। ਇਸ ਟਕਸਾਲ ਦੇ ਪ੍ਰਸਿਧ ਰਾਗੀ ਇਹ ਹਨ : ਭਾਈ ਧਰਮ ਸਿੰਘ, ਭਾਈ ਰਤਨ ਸਿੰਘ, ਭਾਈ ਹਰਨੇਕ ਸਿੰਘ, ਕੌਮੀ ਪੱਧਰ ਦੇ ਤਬਲਾਵਾਦਕ ਤਰਲੋਕ ਸਿੰਘ (ਆਲ ਇੰਡੀਆ ਰੇਡੀਓ, ਸ਼ਿਮਲਾ), ਭਾਈ ਸਰੂ ਸਿੰਘ ਕਲਕੱਤਾ, ਭਾਈ ਦਲੀਪ ਸਿੰਘ ਜਲੰਧਰ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਰਜਿੰਦਰ ਸਿੰਘ ਅਤੇ ਭਾਈ ਖਜ਼ਾਨ ਸਿੰਘ।
6. ਮਸਤੂਆਣਾ ਟਕਸਾਲ : ਇਸ ਯੁੱਗ ਦੇ ਮਹਾਨ ਸੰਤ ਬਾਬਾ ਅਤਰ ਸਿੰਘ ਨੇ ਸੰਨ 1867 ਵਿਚ ਇਸ ਟਕਸਾਲ ਨੂੰ ਸਥਾਪਿਤ ਕੀਤਾ, ਜਿੱਥੇ ਕਿ ਪ੍ਰਸਿੱਧ ਰਾਗੀ ਭਾਈ ਜਸਵੰਤ ਸਿੰਘ 25 ਸਾਲ ਗੁਰਮਤਿ ਸੰਗੀਤ ਸਿਖਾਉਂਦੇ ਰਹੇ। ਭਾਈ ਲਾਲ ਅਤੇ ਭਾਈ ਜਸਵੰਤ ਸਿੰਘ ਇਸੇ ਟਕਸਾਲ ਦੇ ਵਿਦਿਆਰਥੀ ਸਨ। ਹਿਮਾਚਲ ਵਿਚ ਇਸ ਵੇਲੇ ਬੜੂ ਸਾਹਿਬ ਵਿਖੇ ਇਸ ਟਕਸਾਲ ਦੀ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
7. ਯਤੀਮਖਾਨਾ ਟਕਸਾਲ ਅੰਮ੍ਰਿਤਸਰ : ਸਿੱਖਾਂ ਦੀ ਪ੍ਰਤੀਨਿਧ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗਰੀਬ ਅਤੇ ਅਨਾਥ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੀ ਮੁਫਤ ਸਿਖਲਾਈ ਦੇਣ ਵਾਸਤੇ ਇਸ ਅਦਾਰੇ ਦੀ ਸਥਾਪਨਾ ਸੰਨ 1904 ਵਿਚ ਕੀਤੀ ਗਈ। ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਸੁਨਹਿਰੀ ਅੱਖਰਾਂ ਵਿਚ ਲਿਖਣਯੋਗ ਹੈ, ਕਿਉਂਕਿ ਲਗਪਗ 75 ਫੀਸਦੀ ਪ੍ਰਸਿੱਧ ਕੀਰਤਨਕਾਰਾਂ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਇਹ ਸ਼ਾਮਲ ਹਨ : ਪ੍ਰਸਿੱਧ ਰਾਗੀ ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਮੋਹਣ ਸਿੰਘ, ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਪ੍ਰਸਿਧ ਸੰਗੀਤ ਅਚਾਰਿਆ ਪੰਡਿਤ ਦਲੀਪ ਚੰਦਰ ਬੇਦੀ। ਉਸ ਸਮੇਂ ਗਿਆਨੀ ਉੱਤਮ ਸਿੰਘ ਸੰਗੀਤ ਸਿਖਾਉਂਦੇ ਸਨ। ਉਨ੍ਹਾਂ ਤੋਂ ਉਪਰੰਤ ਤਕਰੀਬਨ 37 ਸਾਲ ਭਾਈ ਹਰਨਾਮ ਸਿੰਘ ਜੋਗੀ ਅਤੇ ਫਿਰ ਉਸਤਾਦ ਮਹਿੰਗਾ ਸਿੰਘ ਸੇਵਾ ਨਿਭਾਉਂਦੇ ਆ ਰਹੇ ਹਨ।


-ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਬੀਰ ਸਿੰਘ ਨੌਰੰਗਾਬਾਦ

ਬਾਬਾ ਬੀਰ ਸਿੰਘ ਇਕ ਅਜਿਹੇ ਕਰਮਵੀਰ, ਧਰਮਵੀਰ, ਪਰਉਪਕਾਰੀ ਮਹਾਂਪੁਰਖ ਸਨ, ਜਿਨ੍ਹਾਂ ਨੇ ਆਪਣੀ ਅਨਮੋਲ ਜ਼ਿੰਦਗੀ ਉੱਚੇ-ਸੁੱਚੇ ਅਸੂਲਾਂ ਲਈ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜਨਮ ਮਾਝੇ ਦੇ ਇਕ ਨਗਰ ਗਗੋਬੂਏ ਵਿਖੇ ਸਾਵਣ ਸੁਦੀ ਤੀਜ ਦਿਨ ਬੁੱਧਵਾਰ 1825 ਬਿਕ੍ਰਮੀ ਵਿਚ ਭਾਈ ਸੇਵਾ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ ਅੰਮ੍ਰਿਤ ਵੇਲੇ ਹੋਇਆ। ਉਹ ਬਹੁਤ ਵਿਦਵਾਨ, ਸੂਝਵਾਨ, ਦਇਆਵਾਨ ਅਤੇ ਅਧਿਆਤਮਕ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਪਿਤਾ ਮੁਲਤਾਨ ਦੀ ਲੜਾਈ ਵਿਚ ਸ਼ਹੀਦ ਹੋ ਗਏ ਤਾਂ ਬੀਰ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਭਰਤੀ ਹੋ ਗਏ। ਜਿਥੇ ਉਨ੍ਹਾਂ ਨੇ ਫ਼ੌਜ ਵਿਚ ਹਰ ਮੋਰਚੇ 'ਤੇ ਡਟ ਕੇ ਪਹਿਰਾ ਦਿੱਤਾ, ਉਥੇ ਅੰਦਰੋਂ ਵੀ ਹਰ ਸਮੇਂ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ। ਆਪਣੀ ਤਨਖਾਹ ਉਹ ਗਰੀਬਾਂ ਵਿਚ ਵੰਡ ਦਿਆ ਕਰਦੇ ਸਨ। ਅੰਦਰਲਾ ਰਸ, ਵੈਰਾਗ, ਵਿਸਮਾਦ ਅਤੇ ਸਿਮਰਨ ਦਾ ਅਨੰਦ ਏਨਾ ਵਧ ਗਿਆ ਕਿ ਉਹ ਫ਼ੌਜ ਦੀ ਨੌਕਰੀ ਛੱਡ ਕੇ ਘਰ ਆ ਗਏ। ਇਕ ਰਾਤ ਬਹੁਤ ਠੰਢ ਪੈ ਰਹੀ ਸੀ ਤਾਂ ਕੁਝ ਸਾਧੂ ਨਗਰ ਵਿਚ ਆ ਉਤਰੇ। ਉਨ੍ਹਾਂ ਨੂੰ ਨਿੱਘ ਦੇਣ ਲਈ ਬਾਬਾ ਜੀ ਨੇ ਆਪਣੇ ਘਰ ਦੇ ਦਰਵਾਜ਼ੇ ਲਾਹ ਕੇ ਉਨ੍ਹਾਂ ਨੂੰ ਦੇ ਦਿੱਤੇ, ਤਾਂ ਜੋ ਉਹ ਤਖ਼ਤੇ ਬਾਲ ਕੇ ਅੱਗ ਸੇਕ ਸਕਣ।
ਉਨ੍ਹਾਂ ਦੀ ਮਾਤਾ ਏਨਾ ਨਾਰਾਜ਼ ਹੋਈ ਕਿ ਘਰੋਂ ਹੀ ਕੱਢ ਦਿੱਤਾ। ਉਹ ਸਿੱਧੇ ਸੰਤ ਬਾਬਾ ਭਾਗ ਸਿੰਘ ਕੋਲ ਕੁਰੀ ਪੁੱਜ ਗਏ। ਉਥੇ ਜਾ ਕੇ ਲੰਗਰ ਦੀ ਸੇਵਾ ਸੰਭਾਲ ਲਈ ਅਤੇ ਦਿਨ-ਰਾਤ ਭਗਤੀ ਵਿਚ ਜੁਟ ਗਏ। ਫਿਰ ਉਹ ਬਾਬਾ ਸਾਹਿਬ ਸਿੰਘ ਬੇਦੀ ਕੋਲ ਗਏ। ਬੇਦੀ ਸਾਹਿਬ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਨ੍ਹਾਂ ਨੂੰ ਇਕ ਬਾਉਲੀ ਬਣਾਉਣ ਲਈ ਕਿਹਾ। ਆਪ ਜੀ ਨੇ ਕਹੀ, ਕੁਹਾੜੀ ਅਤੇ ਬੇਲਚੇ ਨਾਲ ਦਿਨ-ਰਾਤ ਏਨੀ ਘਾਲਣਾ ਘਾਲੀ ਕਿ ਬਾਉਲੀ ਤਿਆਰ ਹੋ ਗਈ। ਬੇਦੀ ਸਾਹਿਬ ਨੇ ਅਸੀਸ ਦੇ ਕੇ ਮਾਝੇ ਵੱਲ ਤੋਰਿਆ। ਬਾਬਾ ਜੀ ਨੇ ਨੌਰੰਗਾਬਾਦ ਆ ਕੇ ਡੇਰਾ ਲਾ ਲਿਆ। ਇਥੇ ਇਨ੍ਹਾਂ ਨੇ ਸਦਾਵਰਤ ਲੰਗਰ ਚਲਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਬਾਬਾ ਜੀ ਦਾ ਬਹੁਤ ਆਦਰ ਕਰਦੇ ਸਨ। ਜਦੋਂ ਅਟਕ ਦਰਿਆ ਪਾਰ ਕਰਨਾ ਸੀ ਤਾਂ ਦਰਿਆ ਚੜ੍ਹਿਆ ਹੋਇਆ ਸੀ। ਮਹਾਰਾਜੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ। ਆਪ ਜੀ ਹਾਥੀ 'ਤੇ ਸਵਾਰ ਹੋ ਕੇ ਅਟਕ ਦਰਿਆ ਵਿਚ ਜਾ ਵੜੇ ਅਤੇ ਓਨਾ ਚਿਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ, ਜਿੰਨਾ ਚਿਰ ਸਾਰੀ ਫ਼ੌਜ ਪਾਰ ਨਾ ਹੋ ਗਈ।
ਮਹਾਰਾਜੇ ਦੇ ਚਲਾਣੇ ਤੋਂ ਬਾਅਦ ਡੋਗਰਿਆਂ ਦੀਆਂ ਚਾਲਾਂ, ਹੁੱਲ੍ਹੜਬਾਜ਼ੀਆਂ ਅਤੇ ਨਮਕ ਹਰਾਮੀਆਂ ਕਾਰਨ ਸਿੱਖ ਫ਼ੌਜ ਵਿਚ ਫੁੱਟ ਪੈ ਗਈ। ਮਹਾਰਾਜੇ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ, ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਅਤੇ ਸੰਧਾਵਾਲੀਏ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਬਾਬਾ ਜੀ ਦੀ ਸ਼ਰਨ ਵਿਚ ਆ ਗਏ। ਡੋਗਰਿਆਂ ਨੇ ਫ਼ੌਜ ਨੂੰ ਭੜਕਾ ਦਿੱਤਾ ਅਤੇ ਉਨ੍ਹਾਂ ਨੇ ਬਾਬਾ ਜੀ ਦੇ ਡੇਰੇ ਮੁੱਠਿਆਂਵਾਲੀ ਨੂੰ ਘੇਰਾ ਪਾ ਲਿਆ। ਉਸ ਸਮੇਂ ਬਾਬਾ ਜੀ ਕੋਲ 26,000 ਸੂਰਮੇ ਤਿਆਰ ਸਨ ਪਰ ਆਪ ਜੀ ਨੇ ਕਿਹਾ ਕਿ ਭਰਾਵਾਂ 'ਤੇ ਵਾਰ ਨਹੀਂ ਕਰਨਾ। ਉਨ੍ਹਾਂ ਨੇ ਹਮਲਾ ਕਰਨ ਵਾਲਿਆਂ ਲਈ ਵੀ ਲੰਗਰ ਤਿਆਰ ਕਰਵਾਇਆ ਅਤੇ ਦੀਵਾਨ ਸਜਾ ਕੇ ਭਜਨ ਬੰਦਗੀ ਸ਼ੁਰੂ ਕਰ ਦਿੱਤੀ। ਇਸ ਰਾਜਯੋਗੀ, ਕਰਮਯੋਗੀ, ਮਹਾਂਪੁਰਖ ਦੇ ਸਰੀਰ ਵਿਚ 18 ਗੋਲੀਆਂ ਲੱਗੀਆਂ ਅਤੇ ਤੋਪ ਦੇ ਗੋਲੇ ਨਾਲ ਪੱਟ ਉੱਡ ਗਿਆ। ਫਿਰ ਵੀ ਆਪ ਨੇ ਕਿਸੇ ਨੂੰ ਮੰਦਾ ਨਹੀਂ ਕਿਹਾ, ਸ਼ਰਨ ਆਇਆਂ ਦੀ ਲਾਜ ਰੱਖੀ ਅਤੇ ਸ਼ਾਂਤਮਈ ਸਮਾਧੀ ਵਿਚ ਹੀ ਸ਼ਹਾਦਤ ਦਾ ਜਾਮ ਪੀ ਗਏ। ਲੋਕਾਂ ਨੇ ਰੋਹ ਵਿਚ ਆ ਕੇ ਫ਼ੌਜ ਨੂੰ ਗੁਰੂ ਮਾਰੀ ਫ਼ੌਜ ਕਹਿਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਦੀ ਯਾਦ ਵਿਚ ਅੱਜ ਬਹੁਤ ਸਾਰੇ ਅਸਥਾਨ ਹਨ, ਜਿਥੇ ਸ਼ਹੀਦੀ ਜੋੜ ਮੇਲੇ ਲਗਦੇ ਹਨ। ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਨੌਰੰਗਾਬਾਦ, ਗੱਗੋਬੂਆ, ਰੱਤੋਕੀ, ਮੁੱਠਿਆਂਵਾਲੀ, ਦਰਿਆ ਬਿਆਸ ਦੇ ਕੰਢੇ ਆਪ ਜੀ ਦੀਆਂ ਯਾਦਗਾਰਾਂ ਹਨ।

ਇਤਿਹਾਸ ਖ਼ੋਜੀਆਂ ਲਈ ਖੋਜ ਦਾ ਧੁਰਾ ਹੈ 'ਸਿੱਖ ਇਤਿਹਾਸ ਲਾਇਬ੍ਰੇਰੀ'

ਸਰ ਸੁੰਦਰ ਸਿੰਘ ਮਜੀਠੀਆ ਅਤੇ ਸ: ਬ: ਸੋਹਨ ਸਿੰਘ ਦੇ ਯਤਨਾਂ ਸਦਕਾ ਸੰਨ 1930 ਵਿਚ ਹੋਂਦ 'ਚ ਆਈ 'ਸਿੱਖ ਇਤਿਹਾਸ ਲਾਇਬ੍ਰੇਰੀ' ਇਤਿਹਾਸ ਖ਼ੋਜੀਆਂ ਦੇ ਨਾਲ-ਨਾਲ ਐਮ. ਫਿੱਲ. ਤੇ ਪੀ. ਐਚ. ਡੀ. ਦੇ ਵਿਦਿਆਰਥੀਆਂ ਲਈ ਵੀ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ। ਅੰਮ੍ਰਿਤਸਰ ਦੇ ਸਥਾਨਕ ਖ਼ਾਲਸਾ ਕਾਲਜ ਦੇ ਅੰਦਰ ਸਥਾਪਿਤ ਉਪਰੋਕਤ ਲਾਇਬ੍ਰੇਰੀ ਵਿਚ ਹੀ ਦੇਸ਼ ਦੀ ਵੰਡ ਦੇ ਸਮੇਂ ਸਰਹੱਦ ਪਾਰ ਤੋਂ ਆਈਆਂ ਬੀੜਾਂ ਹਿਫ਼ਾਜ਼ਤ ਲਈ ਰੱਖੀਆਂ ਗਈਆਂ ਸਨ। ਸਿੱਖ ਇਤਿਹਾਸ ਰਿਸਰਚ ਵਿਭਾਗ ਕਾਇਮ ਹੋਣ ਦੇ ਬਾਅਦ ਡਾ: ਕਰਮ ਸਿੰਘ ਹਿਸਟੋਰੀਅਨ ਨੂੰ ਇਸ ਦਾ ਪਹਿਲਾ ਇੰਚਾਰਜ ਨਿਯੁਕਤ ਕੀਤਾ ਗਿਆ, ਪਰ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਜਾਣ ਕਾਰਨ ਇਹ ਜ਼ਿੰਮੇਵਾਰੀ ਸ: ਜਗਤ ਸਿੰਘ ਐਮ.ਏ. ਨੂੰ ਸੌਂਪੀ ਗਈ। ਉਪਰੋਕਤ ਵਿਭਾਗ ਦੀ ਬਿਹਤਰੀ ਵਿਚ ਡਾ: ਗੰਡਾ ਸਿੰਘ ਅਤੇ ਡਾ: ਕ੍ਰਿਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਲਾਇਬ੍ਰੇਰੀ ਵਿਚ ਮੌਜੂਦ ਬਹੁਤ ਸਾਰੀਆਂ ਪੁਸਤਕਾਂ ਅਤੇ ਦਸਤਾਵੇਜ਼ ਲੋਕਾਂ ਵਲੋਂ ਦਾਨ ਕੀਤੇ ਗਏ ਹਨ, ਜਦਕਿ ਕੁਝ ਦਾ ਵਿਭਾਗ ਵਲੋਂ ਉਤਾਰਾ ਕਰਵਾਇਆ ਗਿਆ ਹੈ। ਸੰਨ 1904 ਤੋਂ ਪ੍ਰਕਾਸ਼ਿਤ ਹੋਣ ਵਾਲੇ ਕੁਝ ਚੁਣੀਦਾ ਅਖ਼ਬਾਰਾਂ ਤੇ ਰਸਾਲਿਆਂ ਨੂੰ ਵਿਭਾਗ ਦੁਆਰਾ 600 ਜਿਲਦਾਂ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਤਰ ਅਖ਼ਬਾਰ ਪੰਜਾਬੀ ਤੇ ਗੁਰਮੁਖੀ ਦੇ ਹਨ ਅਤੇ ਕੁਝ ਸਥਾਨਕ ਪੁਰਾਣੇ ਅਖ਼ਬਾਰਾਂ ਨੂੰ ਵੀ ਇਨ੍ਹਾਂ ਜਿਲਦਾਂ ਵਿਚ ਸਥਾਨ ਦਿੱਤਾ ਗਿਆ ਹੈ। ਲਾਇਬ੍ਰੇਰੀ ਵਿਚ ਪੰਜਾਬੀ 'ਚ ਲਿਖੇ 207, ਫ਼ਾਰਸੀ ਤੇ ਉਰਦੂ ਦੇ 261, ਅੰਗਰੇਜ਼ੀ ਦੇ 123, ਹਿੰਦੀ ਤੇ ਸੰਸਕ੍ਰਿਤ ਦੇ 11 ਹੱਥ-ਲਿਖਤ ਖਰੜਿਆਂ ਸਮੇਤ 6500 ਦੇ ਲਗਪਗ ਇਤਿਹਾਸਕ ਪੁਸਤਕਾਂ ਮੌਜੂਦ ਹਨ। ਉਪਰੋਕਤ ਦੇ ਇਲਾਵਾ 500 ਦੇ ਲਗਪਗ ਸੰਨ 1742 ਤੋਂ ਲੈ ਕੇ ਸੰਨ 1900 ਦੇ ਦਰਮਿਆਨ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਸਮੇਤ ਸੰਨ 1682 'ਚ ਪ੍ਰਕਾਸ਼ਿਤ ਹੋਈ ਇਕ ਦੁਰਲੱਭ ਪੁਸਤਕ ਵੀ ਮੌਜੂਦ ਹੈ। ਇਸ ਦੇ ਨਾਲ ਹੀ ਉਪਰੋਕਤ ਲਾਇਬ੍ਰੇਰੀ ਦੇ ਅੰਦਰ ਲਗਾਈ ਗਈ ਪ੍ਰਦਰਸ਼ਨੀ ਵਿਚ 415 ਦੇ ਕਰੀਬ ਤਸਵੀਰਾਂ ਤੇ ਸਿੱਕੇ ਅਤੇ 18 ਇਤਿਹਾਸਕ ਸ਼ਸਤਰ ਵੀ ਸ਼ਾਮਿਲ ਕੀਤੇ ਗਏ ਹਨ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਸਫਲ ਉੱਦਮਾਂ ਸਦਕਾ ਉਪਰੋਕਤ ਲਾਇਬ੍ਰੇਰੀ ਵਿਚ ਮੌਜੂਦ ਇਤਿਹਾਸਕ ਪੁਸਤਕਾਂ, ਹੱਥ ਲਿਖਤ ਖਰੜਿਆਂ, ਅਖ਼ਬਾਰਾਂ-ਰਸਾਲਿਆਂ ਸਹਿਤ ਹੋਰਨਾਂ ਦਸਤਾਵੇਜ਼ਾਂ ਦਾ ਵੱਧ ਤੋਂ ਵੱਧ ਇਤਿਹਾਸ ਖ਼ੋਜੀ ਲਾਹਾ ਲੈ ਸਕਣ, ਇਸ ਲਈ ਸਾਲ 2014 ਵਿਚ ਇਨ੍ਹਾਂ ਸਭ ਨੂੰ ਡਿਜੀਟਾਈਜੇਸ਼ਨ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਤੇ ਈਸਟ ਇੰਡੀਆ ਕੰਪਨੀ ਸਰਕਾਰ ਦਾ ਸ਼ਾਸਨ ਕਾਇਮ ਹੋਣ 'ਤੇ ਮਹਾਰਾਣੀ ਜਿੰਦਾਂ ਨੂੰ ਲਾਹੌਰ ਸ਼ਾਹੀ ਕਿਲ੍ਹੇ ਦੇ ਸੰਮਨ ਬੁਰਜ ਵਿਚ ਨਜ਼ਰਬੰਦ ਕਰਨ 'ਤੇ ਉੱਥੋਂ ਜਿੰਦਾਂ ਨੇ ਗਵਰਨਰ ਜਨਰਲ ਲਾਰੈਂਸ ਹੈਨਰੀ ਨੂੰ ਚਾਰ ਪੱਤਰ ਲਿਖੇ ਸਨ। ਰੋਬਕਾਰੀ ਮਹਾਰਾਣੀ ਜਿੰਦ ਕੌਰ ਨਾਲ ਸੰਬੋਧਿਤ ਕੀਤੇ ਜਾਂਦੇ ਇਨ੍ਹਾਂ ਪੱਤਰਾਂ ਵਿਚੋਂ ਤਿੰਨ ਫ਼ਾਰਸੀ ਅਤੇ ਇਕ ਗੁਰਮੁਖੀ ਵਿਚ ਸੀ। ਉਪਰੋਕਤ ਲਾਇਬ੍ਰੇਰੀ 'ਚ ਮੌਜੂਦ ਫ਼ਾਰਸੀ 'ਚ ਲਿਖੇ ਪੱਤਰਾਂ ਦੀ ਲੰਬਾਈ-ਚੌੜਾਈ 60×13 ਸੈਂਟੀਮੀਟਰ ਹੈ, ਜਦੋਂ ਕਿ ਗੁਰਮੁਖੀ ਵਿਚ ਲਿਖੇ ਪੱਤਰ ਦਾ ਆਕਾਰ 29×21 ਸੈਂਟੀਮੀਟਰ ਹੈ। ਇਨ੍ਹਾਂ ਪੱਤਰਾਂ ਦੇ ਹੇਠਾਂ ਅਤੇ ਸੱਜੇ ਪਾਸੇ 'ਅਕਾਲ ਸਹਾਇ' ਦੀ ਮੋਹਰ ਲੱਗੀ ਹੋਈ ਹੈ ਅਤੇ ਹੇਠਾਂ ਬੀਬੀ ਜਿੰਦ ਕੌਰ ਲਿਖਿਆ ਹੋਇਆ ਹੈ।


-ਅੰਮ੍ਰਿਤਸਰ। ਫੋਨ : 9356127771

35ਵੀਂ ਬਰਸੀ 'ਤੇ ਵਿਸ਼ੇਸ਼

ਸਵਾਮੀ ਗੰਗਾ ਨੰਦ ਭੂਰੀ ਵਾਲੇ, ਧਾਮ ਤਲਵੰਡੀ ਖੁਰਦ (ਲੁਧਿਆਣਾ)

ਗਰੀਬਦਾਸੀ ਸੰਪਰਦਾਇ 'ਚ ਅਨੇਕਾਂ ਸੰਤਾਂ-ਮਹਾਂਪੁਰਸ਼ਾਂ ਨੇ ਲੋਕਾਈ ਦੇ ਭਲੇ ਲਈ ਪਰਮਾਤਮਾ ਦੀ ਬੰਦਗੀ ਕੀਤੀ ਹੈ, ਜਿਨ੍ਹਾਂ 'ਚੋਂ ਭੂਰੀ ਵਾਲੇ ਭੇਖ ਦੇ ਪਰਮ ਸੰਤ, ਮਹਾਨ ਤਪੱਸਵੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਆਪ ਦਾ ਜਨਮ ਪਿਤਾ ਸ੍ਰੀ ਈਸ਼ਵਰ ਦਾਸ ਅਤੇ ਮਾਤਾ ਸ੍ਰੀਮਤੀ ਗੰਗਾ ਦੇਵੀ ਦੇ ਗ੍ਰਹਿ ਵਿਖੇ ਪਿੰਡ ਰੱਤੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 17 ਅਪ੍ਰੈਲ, 1916 (ਬਿਕਰਮੀ ਸੰਮਤ 1973) ਚੇਤਰ ਪੁੰਨਿਆ ਨੂੰ ਹੋਇਆ। ਭਗਤੀ ਦੀ ਲਗਨ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸੋਂ ਲੱਗੀ, ਜੋ ਦਿਨ ਵੇਲੇ ਖੇਤਾਂ 'ਚ ਕੰਮ ਕਰਦੇ ਸਨ ਅਤੇ ਰਾਤੀਂ ਰੁੱਖ ਦੇ ਮੋਟੇ-ਮੋਟੇ ਡੰਡਿਆਂ ਉੱਪਰ ਟਾਹਣੀਆਂ ਨਾਲ ਬੁਣੇ ਮੰਜੇ ਵਰਗੇ ਸਖ਼ਤ ਆਸਣ, ਜੋ ਧਰਤੀ ਤੋਂ ਦੋ-ਢਾਈ ਫੁੱਟ ਉੱਚਾ ਹੁੰਦਾ ਸੀ, 'ਤੇ ਬੈਠ ਕੇ ਸਿਮਰਨ ਕਰਦੇ ਸਨ। ਪਿਤਾ ਜੀ ਤੋਂ ਪਰਮਾਰਥ ਦਾ ਮਾਰਗ ਗ੍ਰਹਿਣ ਕਰਨ ਵਾਲੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੇ ਸਵਾਮੀ ਲਾਲ ਦਾਸ ਭੂਰੀ ਵਾਲਿਆਂ ਤੋਂ ਸੰਨਿਆਸ ਦੀ ਦਾਤ ਪ੍ਰਾਪਤ ਕੀਤੀ ਅਤੇ ਅਵਧੂਤੀ ਜੀਵਨ ਬਤੀਤ ਕੀਤਾ। ਆਪ ਦਾ ਸਾਰਾ ਹੀ ਜੀਵਨ ਗਰੀਬਦਾਸੀ ਸੰਪਰਦਾਇ ਦੇ ਭੂਰੀ ਵਾਲੇ, ਭੇਖ ਦੀਆਂ ਸੰਗਤਾਂ ਤੇ ਕੁਟੀਆਵਾਂ ਦੀ ਸੇਵਾ ਅਤੇ ਗਰੀਬਦਾਸੀ ਬਾਣੀ ਦੇ ਪਾਠੀ ਤਿਆਰ ਕਰਦਿਆਂ ਬੀਤਿਆ। ਆਪ ਸਮਾਜ ਤੇ ਧਰਮ ਦੇ ਪ੍ਰਚਾਰ ਨੂੰ ਸਮਰਪਿਤ ਸਹਿਣਸ਼ੀਲਤਾ, ਅਡੋਲਤਾ, ਸਬਰ-ਸੰਤੋਖ, ਜਪ, ਤਪ ਤੇ ਸਤ ਦੀ ਮਨਮੋਹਣੀ ਮੂਰਤ ਸਨ।
ਸਵਾਮੀ ਲਾਲ ਦਾਸ ਭੂਰੀ ਵਾਲਿਆਂ ਤੋਂ ਬਾਅਦ ਗੱਦੀ 'ਤੇ ਬਿਰਾਜਮਾਨ ਹੋ ਕੇ 9 ਸਾਲ ਬਾਅਦ ਦੇ ਥੋੜ੍ਹੇ ਜਿਹੇ ਅਰਸੇ 'ਚ ਆਪ ਨੇ ਅਨੇਕਾਂ ਅਣਗਿਣਤ ਲੋਕਾਂ ਨੂੰ ਅਗਿਆਨਤਾ ਦੀ ਨੀਂਦ 'ਚੋਂ ਜਗਾਇਆ। ਆਪ ਨੇ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਤਪ ਅਸਥਾਨ ਤੋਂ ਇਲਾਵਾ ਹੋਰ ਵੀ ਸੇਵਾ ਕੀਤੀ। ਆਪ ਸਮੁੱਚੀਆਂ ਸੰਗਤਾਂ ਨੂੰ ਸਦਾਚਾਰ ਤੇ ਨੈਤਿਕਤਾ ਦਾ ਉਪਦੇਸ਼ ਦਿੰਦੇ ਹੋਏ 19 ਅਗਸਤ, 1984 ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸੱਚਖੰਡ ਬਿਰਾਜ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਮ ਸ਼ਿਸ਼ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਗੱਦੀ 'ਤੇ ਬਿਰਾਜਮਾਨ ਹੋਏ, ਜੋ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਯਤਨਸ਼ੀਲ ਹਨ। ਉਪਰੋਕਤ ਮਹਾਂਪੁਰਖਾਂ ਦੀ ਯਾਦ 'ਚ ਹਰ ਸਾਲ ਧਾਮ ਤਲਵੰਡੀ ਖੁਰਦ ਵਿਖੇ ਮੌਜੂਦਾ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਵਿਸ਼ਾਲ ਸਾਲਾਨਾ ਸਮਾਗਮ ਕਰਵਾਏ ਜਾਂਦੇ ਹਨ।
ਸਕੱਤਰ ਕੁਲਦੀਪ ਸਿੰਘ ਮਾਨ ਅਤੇ ਸਵਾਮੀ ਓਮਾ ਨੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਗਸਤ ਤੋਂ ਆਰੰਭ ਹੋਏ ਸਮਾਗਮਾਂ ਦੌਰਾਨ 22 ਅਗਸਤ ਨੂੰ ਭੂਰੀ ਵਾਲੇ ਭੇਖ ਦੇ ਰਚੇਤਾ ਸਵਾਮੀ ਬ੍ਰਹਮ ਸਾਗਰ ਭੂਰੀ ਵਾਲੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ, 23 ਨੂੰ ਮੱਧ ਦੇ ਭੋਗ ਪੈਣਗੇ ਜਦਕਿ 24 ਅਗਸਤ ਨੂੰ ਭੋਗ ਪੈਣਗੇ, ਸਤਿਸੰਗ ਕੀਰਤਨ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 35ਵੀਂ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ, 25 ਅਗਸਤ ਨੂੰ ਸਵੇਰੇ ਦੇਸ਼ ਦੇ ਕੋਨੇ-ਕੋਨੇ ਤੋਂ ਪੁੱਜੇ ਸਾਧੂ-ਸਾਧਵੀਆਂ ਨੂੰ ਲੰਗਰ ਭੰਡਾਰੇ ਉਪਰੰਤ ਪੂਜਾ ਵਜੋਂ ਵਸਤਰ ਅਤੇ ਨਕਦੀ ਭੇਟ ਕੀਤੀ ਜਾਵੇਗੀ, ਜਦਕਿ ਸ਼ਾਮ ਨੂੰ ਸਰਬ ਧਰਮ ਸੰਮੇਲਨ ਰੈਣ ਸੁਬਾਈ ਕੀਰਤਨ ਦਰਬਾਰ ਸਜਣਗੇ, ਜਿਸ 'ਚ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ ਸੰਗਤਾਂ ਨੂੰ ਸੰਤਾਂ ਦੇ ਭਗਤੀ ਭਰੇ ਜੀਵਨ 'ਤੇ ਚਾਨਣਾ ਪਾ ਕੇ ਨਿਹਾਲ ਕਰਨਗੇ। 26 ਅਗਸਤ ਦਿਨ ਮੰਗਲਵਾਰ ਨੂੰ ਦੁਪਹਿਰ 1.00 ਵਜੇ ਸਮਾਗਮਾਂ ਦੀ ਸਮਾਪਤੀ ਹੋਵੇਗੀ। ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮੈਡੀਕਲ ਚੈੱਕਅੱਪ ਕੈਂਪ ਅਤੇ ਖੂਨਦਾਨ ਕੈਂਪ ਲੱਗਣਗੇ।


-ਪਿੰਡ ਡਾਂਗੋਂ, ਜ਼ਿਲ੍ਹਾ ਲੁਧਿਆਣਾ।

ਪ੍ਰਾਚੀਨ ਸੰਸਕ੍ਰਿਤੀ ਵਾਲਾ ਮੰਡੇਸ਼ਵਰੀ ਮੰਦਰ ਕੈਮੂਰ ਬਿਹਾਰ

ਭਾਰਤ ਦਾ ਬਿਹਾਰ ਰਾਜ ਪ੍ਰਾਚੀਨ ਸੰਸਕ੍ਰਿਤੀ ਵਾਲਾ ਰਾਜ ਹੈ। ਇਸ ਭੂਮੀ ਉੱਪਰ ਮਹਾਨ ਆਤਮਾਵਾਂ ਨੇ ਜਨਮ ਲਿਆ ਹੈ। ਮਹਾਂਭਾਰਤ ਅਤੇ ਰਮਾਇਣ ਨਾਲ ਵੀ ਇਸ ਰਾਜ ਦੀ ਕੜੀ ਜੁੜਦੀ ਹੈ। ਬਿਹਾਰ ਦੇ ਜ਼ਿਲ੍ਹਾ ਕੈਮੂਰ ਵਿਚ ਪਬੜਾ ਪਹਾੜੀ ਉੱਪਰ 608 ਫੁੱਟ ਦੀ ਉਚਾਈ 'ਤੇ ਸਥਿਤ ਹੈ ਪ੍ਰਾਚੀਨ ਮੁੰਡੇਸ਼ਵਰੀ ਮੰਦਰ। ਮੰਦਰ ਉੱਪਰ ਲਿਖੇ ਸ਼ਿਲਾਲੇਖਾਂ ਤੋਂ ਪਤਾ ਲਗਦਾ ਹੈ ਕਿ ਸੱਤਵੀਂ ਸਦੀ ਦੌਰਾਨ ਉਸ ਸਮੇਂ ਦੇ ਰਾਜਾ ਊਧੇ ਸਿੰਘ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਮੰਦਰ ਦੀਆਂ ਦੀਵਾਰਾਂ ਉੱਪਰ ਕੀਤੀ ਗਈ ਪ੍ਰਾਚੀਨ ਨਕਾਸ਼ੀ ਤੇ ਕਲਾਕ੍ਰਿਤੀਆਂ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਸੁੰਦਰ ਨਮੂਨਾ ਪੇਸ਼ ਕਰਦੀਆਂ ਹਨ। ਪ੍ਰਾਚੀਨ ਕਥਾਵਾਂ ਅਨੁਸਾਰ ਇਸ ਪਹਾੜੀ ਦੀ ਚੋਟੀ 'ਤੇ ਹੀ ਮਾਂ ਦੁਰਗਾ ਨੇ 'ਮੁੰਡ' ਨਾਂਅ ਦੇ ਦੈਂਤ ਦਾ ਅੰਤ ਕੀਤਾ ਸੀ। ਉਦੋਂ ਤੋਂ ਹੀ ਇਸ ਮੰਦਰ ਨੂੰ ਮੁੰਡੇਸ਼ਵਰੀ ਮੰਦਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਾਚੀਨ ਮੰਦਰ ਦੀ ਪ੍ਰਾਕ੍ਰਿਤਕ ਆਫਤਾਂ ਕਰਕੇ ਕਈ ਵਾਰ ਟੁੱਟ-ਭੱਜ ਹੋਈ ਹੈ। ਸਾਲ 2007 ਤੋਂ ਇਸ ਦੁਰਲੱਭ ਮੰਦਰ ਦੇ ਦੇਖ-ਰੇਖ ਦਾ ਜ਼ਿੰਮਾ ਬਿਹਾਰ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਸੀ। ਬਿਹਾਰ ਸਰਕਾਰ ਇਸ ਮੰਦਰ ਨੂੰ ਯੂਨੈਸਕੋ ਦੀ ਸੂਚੀ ਵਿਚ ਲਿਆਉਣ ਦੇ ਯਤਨ ਕਰ ਰਹੀ ਹੈ। ਸਾਲ 1968-69 ਵਿਚ ਪਹਾੜ ਦੀ ਚੋਟੀ ਤੱਕ ਪੌੜੀਆਂ ਦਾ ਨਿਰਮਾਣ ਕਰਵਾਇਆ ਗਿਆ ਸੀ। ਨਵਰਾਤਿਆਂ ਦੌਰਾਨ ਇਸ ਮੰਦਰ ਵਿਚ ਭਾਰੀ ਭੀੜ ਹੁੰਦੀ ਹੈ। ਭਾਰਤ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਇਥੋਂ ਦੀ ਯਾਤਰਾ ਕਰਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸਿੱਖ ਸੰਪ੍ਰਦਾਵਾਂ ਸਿੱਖ ਪੰਥ ਤੋਂ ਦੂਰ ਕਿਉਂ?

ਸਿੱਖ ਧਰਮ ਦੇ ਵਿਕਾਸ ਵਿਚ ਵੱਖ-ਵੱਖ ਸਮੇਂ ਕਾਇਮ ਹੋਈਆਂ ਸੰਪ੍ਰਦਾਵਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਨ੍ਹਾਂ ਸੰਪ੍ਰਦਾਵਾਂ ਵਿਚ ਸਰਬ ਪ੍ਰਥਮ ਉਦਾਸੀ ਸੰਪ੍ਰਦਾਇ ਹੈ, ਜਿਸ ਦਾ ਆਰੰਭ ਬਾਬਾ ਸ੍ਰੀ ਚੰਦ ਨੇ ਕੀਤਾ ਸੀ। ਦੂਜੀ ਹੈ ਮੀਣਾ ਸੰਪ੍ਰਦਾਇ, ਇਸ ਦਾ ਆਰੰਭ ਸੋਢੀ ਪ੍ਰਿਥੀਚੰਦ ਦੁਆਰਾ ਹੋਇਆ ਸੀ। ਤੀਜੀ ਨਿਰਮਲਾ ਸੰਪ੍ਰਦਾਇ ਹੈ, ਜਿਸ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਨੂੰ ਬਨਾਰਸ (ਕਾਂਸ਼ੀ) ਵਿਚ ਸੰਸਕ੍ਰਿਤ ਅਤੇ ਭਾਰਤੀ ਧਰਮ-ਗ੍ਰੰਥਾਂ ਦੇ ਅਧਿਐਨ ਲਈ ਭੇਜ ਕੇ ਕੀਤਾ ਸੀ। ਚੌਥੀ ਸੇਵਾਪੰਥੀ ਸੰਪ੍ਰਦਾਇ ਹੈ, ਜਿਸ ਦਾ ਆਰੰਭ ਭਾਈ ਘਨ੍ਹੱਈਆ ਜੀ ਤੋਂ ਮੰਨਿਆ ਜਾਂਦਾ ਹੈ। ਪੰਜਵੀਂ ਗਿਆਨੀ ਸੰਪ੍ਰਦਾਇ ਹੈ, ਜਿਸ ਦਾ ਮੋਢੀ ਭਾਈ ਮਨੀ ਸਿੰਘ ਸ਼ਹੀਦ ਨੂੰ ਦੱਸਿਆ ਜਾਂਦਾ ਹੈ। ਛੇਵੀਂ ਸੰਪ੍ਰਦਾਇ ਨਿਰੰਕਾਰੀਆਂ ਦੀ ਹੈ, ਜਿਸ ਦੀ ਸ਼ੁਰੂਆਤ ਬਾਬਾ ਦਿਆਲ ਨੇ ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਕੀਤੀ ਸੀ। ਸੱਤਵੀਂ ਨਾਮਧਾਰੀ ਸੰਪ੍ਰਦਾਇ ਹੈ। ਇਸ ਦੀ ਸਥਾਪਨਾ ਬਾਬਾ ਬਾਲਕ ਸਿੰਘ ਨੇ ਕੀਤੀ ਸੀ, ਪਰ ਇਸ ਦਾ ਸਹੀ ਵਿਕਾਸ ਬਾਬਾ ਰਾਮ ਸਿੰਘ ਦੁਆਰਾ ਹੋਇਆ। ਇਸ ਤਰ੍ਹਾਂ ਦੀਆਂ ਕੁਝ ਹੋਰ ਛੋਟੀਆਂ ਸੰਪ੍ਰਦਾਵਾਂ ਵੀ ਹੋਂਦ ਵਿਚ ਆਈਆਂ। ਡਾ: ਮਹਿੰਦਰ ਕੌਰ ਗਿੱਲ ਬਾਬਾ ਸ੍ਰੀ ਚੰਦ ਅਤੇ ਉਦਾਸੀ ਮਤ ਬਾਰੇ ਲਿਖਦੀ ਹੈ ਕਿ 'ਗੁਰਮਤਿ ਅਤੇ ਉਦਾਸੀ ਮਤ ਦਾ ਮੂਲ ਸਰੋਤ ਇਕੋ ਹੀ ਹੈ। ਗੁਰਮਤਿ ਅਤੇ ਉਦਾਸੀ ਮਤ ਦਾ ਦਾਰਸ਼ਨਿਕ ਅਤੇ ਸੰਕਲਪਕ ਧਰਾਤਲ ਇਕੋ ਹੀ ਹੈ। ਗੁਰੂ ਨਾਨਕ ਬਾਣੀ ਦੇ ਸਰਬ ਪ੍ਰਥਮ ਵਿਆਖਿਆਕਾਰ ਬਾਬਾ ਸ੍ਰੀ ਚੰਦ ਜੀ ਹੀ ਸਨ। ਏਹੀ ਵਿਆਖਿਆ ਪਰਪਾਟੀ ਉਦਾਸੀ ਸੰਤਾਂ ਦੀ ਪ੍ਰਚਾਰ ਸ਼ੈਲੀ ਬਣੀ। ਗੁਰਮਤਿ ਦੇ ਮੂਲ ਬੁਨਿਆਦੀ ਦਾਰਸ਼ਨਿਕ ਨੁਕਤਿਆਂ ਦੀ ਸਹੀ ਵਿਆਖਿਆ ਪਹਿਲੋ-ਪਹਿਲ ਉਦਾਸੀ ਸੰਤਾਂ ਨੇ ਕੀਤੀ। ਬੈਰਾਗ ਸੰਸਾਰਕ ਤਿਆਗ ਤੇ ਵਿਰਕਤ ਬਿਰਤੀ ਉਦਾਸੀ ਸਾਧੂ ਦੇ ਸਹਿਜ ਗੁਣ ਸੁਭਾਅ ਹਨ। ਭਾਵ ਉਪਰਾਮਤਾ, ਵੈਰਾਗ ਅਤੇ ਤਿਆਗ। ਇਨ੍ਹਾਂ ਤਿੰਨਾਂ ਦਾ ਦੀਦਾਰ ਬਾਬਾ ਸ੍ਰੀ ਚੰਦ ਜੀ ਦੀ ਜੀਵਨ ਸ਼ੈਲੀ ਵਿਚ ਬਹੁਤ ਸਹਿਜ ਸੀ।'
ਚਹੁੰਆਂ ਦਿਸ਼ਾਵਾਂ ਵਿਚ ਧਰਮ-ਪ੍ਰਚਾਰ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੰਨ 1494 ਈ: ਵਿਚ ਮਾਤਾ ਸੁਲੱਖਣੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਵਿਚ ਹੋਇਆ। ਇਨ੍ਹਾਂ ਦਾ ਬਚਪਨ ਬੇਬੇ ਨਾਨਕੀ ਦੀ ਦੇਖ-ਰੇਖ ਵਿਚ ਬੀਤਿਆ। ਬਾਬਾ ਸ੍ਰੀ ਚੰਦ ਨੇ ਵਿਆਹ ਨਾ ਕਰਕੇ ਵੈਰਾਗੀ ਜੀਵਨ ਬਤੀਤ ਕੀਤਾ।
ਚੌਥੀ ਯਾਤਰਾ ਤੋਂ ਪਰਤਣ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ਆਪਣਾ ਸਥਾਈ ਨਿਵਾਸ ਕੀਤਾ। 17 ਵਰ੍ਹਿਆਂ ਬਾਅਦ ਸੰਨ 1539 ਈ: ਵਿਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਪਠਾਨਕੋਟ ਦੇ ਨੇੜਲੇ ਪਿੰਡ ਬਾਰਠ ਵਿਚ ਆਪਣੇ ਸਾਥੀ ਭਾਈ ਕਮਾਲੀਆ ਦੇ ਨਾਲ ਰਹਿਣ ਲੱਗ ਪਏ। ਉਥੇ ਰਹਿ ਕੇ ਇਨ੍ਹਾਂ ਨੇ ਉਦਾਸੀ ਭੇਖ ਨੂੰ ਵਿਕਸਿਤ ਕੀਤਾ। ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਆਪ ਨੂੰ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਿਲਣ ਆਏ। ਇਥੇ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਅਤੇ ਪਾਤਸ਼ਾਹੀ ਪੰਜਵੀਂ ਦੀ ਆਮਦ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸ ਹੈ।
'ਉਦਾਸੀ ਭੇਖ' ਬਾਬਾ ਸ੍ਰੀ ਚੰਦ ਨੇ ਧਾਰਨ ਕੀਤਾ ਅਤੇ ਗ੍ਰਹਿਸਥੀਆਂ ਵਾਲੇ ਜੀਵਨ ਦਾ ਤਿਆਗ ਕਰਕੇ ਧਰਮ ਪ੍ਰਚਾਰ ਵਿਚ ਜੁਟ ਗਏ। ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ-ਬਾਣੀ ਨੂੰ ਗੁਰੂ ਰੂਪ ਵਿਚ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਹੋਣ ਕਾਰਨ ਗੁਰੂ ਸਾਹਿਬਾਨ ਵਲੋਂ ਬਾਬਾ ਸ੍ਰੀ ਚੰਦ ਨੂੰ ਮਾਣ-ਸਤਿਕਾਰ ਮਿਲਦਾ ਰਿਹਾ। ਇਥੋਂ ਤੱਕ ਕਿ ਬਾਬਾ ਜੀ ਦੇ ਅੰਤ-ਕਾਲ ਵੇਲੇ ਉਨ੍ਹਾਂ ਵਲੋਂ ਚਲਾਈ ਜਾ ਰਹੀ ਧਰਮ-ਪ੍ਰਚਾਰ ਲਹਿਰ ਨੂੰ ਜਾਰੀ ਰੱਖਣ ਲਈ 1624 ਈਸਵੀ ਵਿਚ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਜੀ ਦੇ ਅਰਪਿਤ ਕਰ ਦਿੱਤਾ।
ਬਾਬਾ ਸ੍ਰੀ ਚੰਦ ਜੀ ਧਰਮ-ਪ੍ਰਚਾਰ ਯਾਤਰਾ ਲਈ ਆਪ ਅੰਮ੍ਰਿਤਸਰ, ਕਸ਼ਮੀਰ, ਸ੍ਰੀਨਗਰ, ਪੋਠੋਹਾਰ, ਕਾਬੁਲ, ਕੰਧਾਰ, ਸਿੰਧ ਅਤੇ ਪੰਜਾਬ ਨਾਲ ਲਗਦੀਆਂ ਪਹਾੜੀ ਰਿਆਸਤਾਂ ਵਿਚ ਗਏ। ਉਹ ਬਾਰਠ ਤੋਂ ਠਟਾ (ਸਿੰਧ) ਤੋਂ ਹੁੰਦੇ ਹੋਏ ਦੁਆਰਕਾ ਗਏ, ਇਥੋਂ ਸੁਦਾਮਾਪੁਰੀ ਤੋਂ ਕਾਠੀਆਵਾੜ (ਗੁਜਰਾਤ) ਪਹੁੰਚੇ। ਉਥੋਂ ਮੇਵਾੜ (ਰਾਜਿਸਥਾਨ) ਤੋਂ ਕਈ ਅਸਥਾਨਾਂ 'ਤੇ ਪੜਾਅ ਕਰਦੇ ਹੋਏ ਮੁੜ ਬਾਰਠ ਤੋਂ ਹੁੰਦੇ ਹੋਏ ਚੰਬੇ ਪਹੁੰਚੇ, ਇਥੋਂ ਹੀ ਜਾ ਕੇ ਪਠਾਨਕੋਟ ਵਸਾਇਆ। ਉਪਰੰਤ ਕਰਤਾਰਪੁਰ ਪੁੱਜੇ, ਇਥੋਂ ਪਿਸ਼ਾਵਰ, ਕਾਬਲ, ਕੰਧਾਰ ਤੋਂ ਸਿੰਧ ਰਸਤੇ ਮੁੜ ਪੰਜਾਬ ਪੁੱਜੇ, ਗੁਰੂ ਪਿਤਾ ਦਾ ਹੁਕਮ ਬਾਬਾ ਸ੍ਰੀ ਚੰਦ ਨੇ ਪੂਰਨ ਸ਼ਰਧਾ ਭਾਵਨਾ ਸਤਿਕਾਰ ਨਾਲ ਨਿਭਾਇਆ। ਉਨ੍ਹਾਂ ਸ਼ਹਿਰ-ਸ਼ਹਿਰ, ਨਗਰ-ਨਗਰ, ਗੁਰੂ ਨਾਨਕ ਮਤ ਦਾ ਡੰਕਾ ਵਜਾਇਆ। ਗੁਰੂ ਨਾਨਕ ਦੇਵ ਜੀ ਦੀ ਤੀਸਰੀ ਯਾਤਰਾ ਦੇ ਆਰੰਭ ਸਮੇਂ ਅਤੇ ਬੇਬੇ ਨਾਨਕੀ ਤੇ ਸ੍ਰੀ ਜੈਰਾਮ ਦੇ ਚਲਾਣੇ ਤੋਂ ਬਾਅਦ ਬਾਬਾ ਸ੍ਰੀ ਚੰਦ ਵੀ ਮੁੜ ਮਾਤਾ ਸੁਲੱਖਣੀ ਪਾਸ ਪੱਖੋਕੇ ਆ ਗਏ। ਬਾਬਾ ਲਖਮੀ ਚੰਦ ਜੀ ਨੂੰ ਮਾਮੇ ਕ੍ਰਿਸ਼ਨ ਜੀ ਪਾਸ 'ਬਾਰਠ' ਭੇਜ ਦਿੱਤਾ ਤੇ ਆਪ ਗ੍ਰੰਥਾਂ ਦਾ ਅਧਿਐਨ ਕਰਨ ਲਈ ਉਥੋਂ ਹੀ ਅੱਗੇ ਕਸ਼ਮੀਰ ਸ੍ਰੀਨਗਰ ਚਲੇ ਗਏ। ਪੰਡਿਤ 'ਪ੍ਰਸ਼ੋਤਮਦਾਸ' ਪਾਸੋਂ ਵੇਦ ਪੜ੍ਹਨੇ ਆਰੰਭ ਕੀਤੇ। ਆਪ ਦੀ 24 ਸਾਲ ਦੀ ਉਮਰ ਹੋ ਚੁੱਕੀ ਸੀ। ਜਲਦ ਹੀ ਗ੍ਰੰਥਾਂ ਦੇ ਪੜ੍ਹਨ ਰਟਨ ਤੋਂ ਬਾਅਦ ਅਨੁਭਵੀ ਵਿਦਵਾਨ ਤੇ ਤੇਜਸਵੀ ਮਹਾਤਮਾ ਦੇ ਰੂਪ ਵਿਚ ਸਾਹਮਣੇ ਆਏ। ਇਥੇ ਹੀ ਅਬਨਾਸ਼ੀ ਮੁਨੀ ਨੇ ਆਪ ਨਾਲ ਚਰਚਾ ਕੀਤੀ।
ਬਾਬਾ ਸ੍ਰੀ ਚੰਦ ਨੇ ਗੁਰੂ ਪਿਤਾ ਦੇ ਪ੍ਰੇਮ ਵਿਚ 'ਆਰਤਾ' ਦਾ ਉਚਾਰਨ ਕੀਤਾ।
ਬਾਬਾ ਗੁਰਦਿੱਤਾ ਜੀ ਨੇ ਉਦਾਸੀ ਮਤ ਦੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਧੂਣਿਆਂ ਦੀ ਸਥਾਪਨਾ ਕਰਕੇ ਉਨ੍ਹਾਂ ਦੇ ਸੰਚਾਲਨ ਲਈ ਆਪਣੇ ਚਾਰ ਸਿਦਕੀ ਸੇਵਕਾਂ-ਬਾਬਾ ਅਲਮਸਤ, ਬਾਬਾ ਬਾਲੂ ਹਸਨਾ, ਬਾਬਾ ਫੂਲ ਸ਼ਾਹ ਅਤੇ ਬਾਬਾ ਗੋਇੰਦਾ ਨੂੰ ਨਿਯੁਕਤ ਕੀਤਾ। ਇਨ੍ਹਾਂ ਨੇ ਕ੍ਰਮਵਾਰ ਨਾਨਕਮੱਤਾ, ਦੇਹਰਾਦੂਨ, ਹੈਦਰਾਬਾਦ ਅਤੇ ਬਹਾਦਰਗੜ੍ਹ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਗੁਰੂ ਸਾਹਿਬਾਨ ਵਲੋਂ ਛੇ ਬਖਸ਼ਿਸ਼ਾਂ ਵੀ ਹੋਈਆਂ।
ਇਨ੍ਹਾਂ ਦੇ ਵੱਖਰੇ-ਵੱਖਰੇ ਪ੍ਰਚਾਰ-ਖੇਤਰ ਸਨ। ਇਸ ਤਰ੍ਹਾਂ ਚਾਰ ਧੂਣਿਆਂ ਅਤੇ ਛੇ ਬਖਸ਼ਿਸ਼ਾਂ ਵਾਲੇ ਇਹ ਦਸ ਸਾਧ 'ਦਸਨਾਮੀ ਸਾਧੂ' ਅਖਵਾਏ। ਸਨਾਤਣੀ ਰਸਮਾਂ ਸਹਿਜੇ-ਸਹਿਜੇ ਇਸ ਸੰਪ੍ਰਦਾਇ ਵਿਚ ਪ੍ਰਵੇਸ਼ ਕਰਨ ਲੱਗੀਆਂ ਅਤੇ ਪੰਚ-ਦੇਵ ਉਪਾਸਨਾ (ਬ੍ਰਹਮਾ, ਵਿਸ਼ਣੂ, ਸ਼ਿਵ, ਦੁਰਗਾ ਅਤੇ ਗਣੇਸ਼ ਦੀ ਪੂਜਾ) ਨੇ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ। ਮੂਲ ਰੂਪ ਵਿਚ ਨਿਰਗੁਣਵਾਦੀ ਉਦਾਸੀ ਸੰਪ੍ਰਦਾਇ ਵਿਚ ਸਰਗੁਣ ਉਪਾਸਨਾ ਪ੍ਰਚਲਿਤ ਹੋ ਗਈ।
19ਵੀਂ ਸਦੀ ਵਿਚ ਬਾਬਾ ਪ੍ਰੀਤਮ ਦਾਸ ਅਤੇ ਬਾਬਾ ਬਨਖੰਡੀ ਨੇ ਖਿੰਡੀ-ਪੁੰਡੀ ਇਸ ਸੰਪ੍ਰਦਾਇ ਨੂੰ ਸੰਗਠਿਤ ਕਰਕੇ ਵੱਡੇ ਅਖਾੜੇ ਦੀ ਸਥਾਪਨਾ ਕੀਤੀ ਅਤੇ ਸਿੰਧ ਪ੍ਰਾਂਤ ਵਿਚ ਸਾਧੂ-ਬੇਲਾ ਕਾਇਮ ਕੀਤਾ। ਕਿਉਂਕਿ ਇਹ ਦੋਵੇਂ ਮਹੰਤ ਸਰਗੁਣਵਾਦੀ ਰੁਚੀਆਂ ਵਾਲੇ ਬ੍ਰਾਹਮਣ ਸਨ, ਇਸ ਲਈ ਸਰਗੁਣ-ਉਪਾਸਨਾ ਅਤੇ ਪੰਚ-ਦੇਵ ਉਪਾਸਨਾ ਨੇ ਉਦਾਸੀ ਸੰਪ੍ਰਦਾਇ ਵਿਚ ਆਪਣਾ ਦ੍ਰਿੜ੍ਹ ਸਥਾਨ ਬਣਾ ਲਿਆ। ਸੰਨ 1900 ਈ: ਤੱਕ ਪਹੁੰਚ ਕੇ ਇਸ ਸੰਪ੍ਰਦਾਇ ਦਾ ਸਿਧਾਂਤਕ ਸਰੂਪ ਉਹ ਨਾ ਰਿਹਾ, ਜੋ ਇਸ ਦੇ ਆਰੰਭ ਵੇਲੇ ਸੀ। ਪਰ ਉਦੋਂ ਤੱਕ ਇਹ ਸਿੱਖ-ਪੰਥ ਦੀ ਸ਼ਾਖਾ ਹੀ ਮੰਨੀ ਜਾਂਦੀ ਰਹੀ ਸੀ। ਇਥੋਂ ਗੁਰੂ ਨਾਨਕ ਪੰਥ ਅਤੇ ਉਦਾਸੀ-ਮਤ ਵਿਚ ਇਕ ਬੁਨਿਆਦੀ ਅੰਤਰ ਪੈਦਾ ਹੋ ਗਿਆ। ਉਦਾਸੀ-ਸੰਪ੍ਰਦਾਇ ਦੀ ਇਸ਼ਟ-ਭਾਵਨਾ ਬਾਬਾ ਗੁਰਦਿੱਤਾ ਤੱਕ ਤਾਂ ਗੁਰੂ-ਘਰ ਦੇ ਬਹੁਤ ਨੇੜੇ ਹੋ ਕੇ ਚੱਲੀ, ਸਿਵਾਏ ਗ੍ਰਹਿਸਥ ਤਿਆਗਣ ਦੇ, ਪਰ ਬਾਅਦ ਵਿਚ ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਉਸ ਵਿਚ ਪੰਚ-ਦੇਵ ਉਪਾਸਨਾ ਦੀ ਬਿਰਤੀ ਦੇ ਵਿਕਸਿਤ ਹੋ ਜਾਣ 'ਤੇ ਉਦਾਸੀ ਲੋਕ ਸਿੱਖ-ਧਰਮ ਨਾਲੋਂ ਦੂਰ ਹੋ ਗਏ।
ਗੁਰਦੁਆਰਾ ਐਕਟ ਸੰਨ 1925 ਦੇ ਪਾਸ ਹੋਣ ਨਾਲ ਸੰਨ 1926 ਈ: ਤੋਂ ਕਾਨੂੰਨੀ ਤੌਰ 'ਤੇ ਉਦਾਸੀ ਸੰਪ੍ਰਦਾਇ ਸਿੱਖ-ਧਰਮ ਤੋਂ ਵੱਖ ਘੋਸ਼ਿਤ ਕਰ ਦਿੱਤੀ ਗਈ। ਹੌਲੀ-ਹੌਲੀ ਉਦਾਸੀ ਡੇਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਬੰਦ ਹੁੰਦਾ ਗਿਆ।
ਧਾਰਮਿਕ ਖੇਤਰ ਵਿਚ ਉਦਾਸੀ ਸਾਧਾਂ ਨੇ ਇਕ ਨਵੇਂ ਪ੍ਰਕਾਰ ਦੀ ਸਾਧੂ ਸੰਪ੍ਰਦਾਇ ਨੂੰ ਜਨਮ ਦਿੱਤਾ, ਜੋ ਅਸਲ ਵਿਚ ਲੁਪਤ ਹੋਏ ਨਾਥ-ਪੰਥ ਦੀ ਸਥਾਨ-ਪੂਰਤੀ ਕਰਦੀ ਹੈ। ਇਨ੍ਹਾਂ ਸਾਧਾਂ ਵਿਚੋਂ ਕਈ ਜਟਾ-ਧਾਰੀ, ਕਈ ਮੋਨੇ, ਕਈ ਭਸਾਧਾਰੀ ਨਾਂਗੇ ਹਨ। ਜ਼ਿਆਦਾਤਰ ਗੇਰੂਏ ਬਸਤਰ ਧਾਰਨ ਕਰਦੇ ਹਨ। ਇਸ ਸੰਪ੍ਰਦਾਇ ਨੂੰ ਚਲਾਉਣ ਦਾ ਮੂਲ ਕਾਰਨ ਸ੍ਰੀ ਗੁਰੂ ਨਾਨਕ ਦੇਵ ਦੇ ਮਤ ਦਾ ਪ੍ਰਚਾਰ ਕਰਨਾ ਸੀ। ਸਿੱਖ-ਧਰਮ ਦੇ ਵਿਕਾਸ ਵਿਚ ਇਸ ਸੰਪ੍ਰਦਾਇ ਦਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਨਾਨਕ ਦੇਵ ਜੀ ਸਬੰਧੀ ਦੇਸ਼-ਵਿਦੇਸ਼ ਵਿਚ ਜਿੰਨੇ ਵੀ ਗੁਰੂ-ਧਾਮ ਬਣੇ, ਉਨ੍ਹਾਂ ਦੀ ਸਥਾਪਨਾ ਵਿਚ ਉਦਾਸੀ ਸਾਧਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਧਾਂ ਨੇ ਗੁਰਮੁਖੀ ਲਿੱਪੀ ਰਾਹੀਂ ਗੁਰਮਤਿ ਦਾ ਪ੍ਰਚਾਰ ਵੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕ ਬੀੜਾਂ ਲਿਖ ਕੇ ਗੁਰੂਧਾਮਾਂ ਵਿਚ ਸਥਾਪਿਤ ਕੀਤੀਆਂ ਅਤੇ ਗੁਰਬਾਣੀ ਦੀ ਮੌਖਿਕ ਅਤੇ ਲਿਖਿਤ ਦੋਵਾਂ ਤਰ੍ਹਾਂ ਦੀ ਵਿਆਖਿਆ ਕੀਤੀ। ਸਾਧਾਂ ਵਿਚ ਹਰੀਆ ਜੀਮ ਆਨੰਦਘਨ, ਅਮੀਰਦਾਸ, ਸੁਖਬਾਸੀ ਰਾਮ, ਸੰਤ ਰੇਣ, ਰਾਮਦਾਸ ਆਦਿ ਨੇ ਅਨੇਕ ਸਾਹਿਤਕ ਰਚਨਾਵਾਂ ਕੀਤੀਆਂ। ਇਨ੍ਹਾਂ ਦਾ ਝੁਕਾਅ ਸਨਾਤਨ ਧਰਮ ਵੱਲ ਹੋਣ ਕਾਰਨ ਪੰਜਾਬ ਤੋਂ ਬਾਹਰਲੇ ਉਦਾਸੀਆਂ ਵਲੋਂ ਤਿਆਰ ਕੀਤੀਆਂ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਦੀ ਬਿਰਤੀ ਸਨਾਤਨ-ਧਰਮ ਵਾਲੀ ਹੈ। ਲੇਖ ਦੇ ਆਰੰਭ ਵਿਚ ਦਿੱਤੀਆਂ ਸੰਪਰਦਾਵਾਂ ਸਿੱਖ ਪੰਥ ਤੋਂ ਵਖਰੇਵਾਂ ਪੈਦਾ ਕਰ ਚੁੱਕੀਆਂ ਹਨ, ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਅੱਜ ਆਪਣਾ ਵੱਖਰਾ ਸਰੂਪ ਤਿਆਰ ਕਰ ਗਈਆਂ ਹਨ। ਸਮੇਂ-ਸਮੇਂ ਰਾਜਨੀਤੀ ਤੇ ਧਰਮ 'ਤੇ ਕਾਬਜ਼ ਲੋਕਾਂ ਨੇ ਆਪਣੇ ਨਿੱਜੀ ਹਿਤਾਂ ਖਾਤਰ ਅਜਿਹੇ ਫੈਸਲੇ ਲਏ ਜਿਸ ਕਾਰਨ ਗੁਰੂ ਨਾਨਕ ਦੇ ਪੰਥ ਨੂੰ ਵੰਡਣ ਦਾ ਯਤਨ ਕੀਤਾ ਜਾਂਦਾ ਰਿਹਾ ਅਤੇ ਪੰਥਕ ਕਲਾਵਾ ਸੁੰਗੜਦਾ ਗਿਆ ਹੈ। ਅੱਜ ਇਕ ਨਿਸ਼ਾਨ ਤੇ ਇਕ ਵਿਧਾਨ ਦੀ ਪਰੰਪਰਾ ਨੂੰ ਖੋਰਾ ਲੱਗਾ ਹੈ।


-ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਕੱਤਰ ਸ਼੍ਰੋਮਣੀ ਅਕਾਲੀ ਬੁੱਢਾ ਦਲ।

ਸ਼ਬਦ ਵਿਚਾਰ

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ॥

ਸਿਰੀਰਾਗੁ ਮਹਲਾ ੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹਰਿ ਪਾਇਆ ਉਦਰ ਮੰਝਾਰਿ॥
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ
ਹਰਿ ਹਰਿ ਨਾਮੁ ਸਮਾਰਿ॥
ਹਰਿ ਹਰਿ ਨਾਮੁ ਜਪੇ ਆਰਾਧੇ
ਵਿਚਿ ਅਗਨੀ ਹਰਿ ਜਪਿ ਜੀਵਿਆ॥
ਬਾਹਰਿ ਜਨਮੁ ਭਇਆ ਮੁਖਿ ਲਾਗਾ
ਸਰਸੇ ਪਿਤਾ ਮਾਤ ਥੀਵਿਆ॥
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ
ਕਰਿ ਹਿਰਦੈ ਗੁਰਮੁਖਿ ਬੀਚਾਰਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ
ਹਰਿ ਜਪੀਐ ਕਿਰਪਾ ਧਾਰਿ॥ ੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਮਨੁ ਲਾਗਾ ਦੂਜੈ ਭਾਇ॥
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ
ਲੇ ਮਾਤ ਪਿਤਾ ਗਲਿ ਲਾਇ॥
ਲਾਵੈ ਮਾਤ ਪਿਤਾ ਸਦਾ ਗਲ ਸੇਤੀ
ਮਨਿ ਜਾਣੈ ਖਟਿ ਖਵਾਏ॥
ਜੋ ਦੇਵੈ ਤਿਸੈ ਨ ਜਾਣੈ ਮੂੜਾ
ਦਿਤੇ ਨੋ ਲਪਟਾਏ॥
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ
ਹਰਿ ਧਿਆਵੈ ਮਨਿ ਲਿਵ ਲਾਇ॥
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ
ਤਿਸੁ ਕਾਲੁ ਨ ਕਬਹੂੰ ਖਾਇ॥ ੨॥ (ਅੰਗ 76)
ਪਦ ਅਰਥ : ਉਦਰ-ਪੇਟ। ਉਧਰ ਮੰਝਾਰਿ-ਪੇਟ ਵਿਚ। ਉਚਰੈ-ਉਚਾਰਦਾ ਹੈ। ਸਮਾਰਿ-ਸੰਭਾਲਦਾ ਹੈ, ਵਸਾਈ ਰੱਖਦਾ ਹੈ। ਨਾਮੁ ਜਪੇ ਆਰਾਧੇ-ਨਾਮ ਜਪਦਾ ਤੇ ਆਰਾਧਦਾ ਰਹਿੰਦਾ ਹੈ। ਵਿਚਿ ਅਗਨੀ-(ਜਠਰ) ਅਗਨੀ ਵਿਚ। ਹਰਿ ਜਪਿ ਜੀਵਿਆ-ਪ੍ਰਭੂ ਦਾ ਨਾਮ ਜਪ ਕੇ ਜਿਊਂਦਾ ਹੈ। ਬਾਹਰਿ ਜਨਮੁ ਭਇਆ-(ਮਾਂ ਦੇ ਪੇਟ ਤੋਂ) ਬਾਹਰ ਆ ਕੇ ਜਨਮ ਲੈਂਦਾ ਹੈ। ਮੁਖਿ ਲਾਗਾ-ਮੂੰਹ ਲੱਗਾ (ਮਾਂ ਪਿਓ ਦੇ ਮੂੰਹ ਲੱਗਿਆ)। ਸਰਸੇ ਥੀਵਿਆ-ਪ੍ਰਸੰਨ ਹੋਇ। ਜਿਸ ਕੀ ਵਸਤੁ-ਜਿਸ ਪਰਮਾਤਮਾ ਦੀ (ਦਿੱਤੀ ਹੋਈ ਇਹ) ਦਾਤ ਹੈ। ਤਿਸੁ ਚੇਤਹੁ-ਉਸ ਨੂੰ ਯਾਦ ਕਰੋ। ਕਰਿ ਹਿਰਦੈ ਬੀਚਾਰਿ-ਹਿਰਦੇ ਵਿਚ ਉਸ ਦੇ ਗੁਣਾਂ ਨੂੰ ਵਿਚਾਰੋ।
ਦੂਜੈ ਭਾਇ-ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਭਾਵ ਮਾਇਆ ਦੇ ਪਿਆਰ ਵਿਚ। ਪਾਲੀਐ-ਪਾਲਿਆ ਜਾਂਦਾ ਹੈ, ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਗਲ ਸੇਤੀ-ਗਲ ਨਾਲ। ਖਟਿ ਖਵਾਏ-ਖਟ ਕਮਾ ਕੇ ਖਵਾਇਆ। ਮੂੜਾ-ਮੂਰਖ। ਦਿਤੇ ਨੋ ਲਪਟਾਏ-ਪਰਮਾਤਮਾ ਨੂੰ ਦਿੱਤੀ ਦਾਤ ਨੂੰ ਚਿੰਬੜਦਾ ਹੈ, ਨਾਲ ਮੋਹ ਕਰਦਾ ਹੈ। ਲਿਵ ਲਾਇ-ਸੁਰਤ ਨੂੰ ਜੋੜ ਕੇ। ਤਿਸੁ-ਉਸ ਨੂੰ। ਕਾਲੁ-ਮੌਤ, ਆਤਮਿਕ ਮੌਤ। ਨ ਕਬਹੂੰ ਖਾਇ-ਦਾ ਡਰ ਨਹੀਂ ਵਿਆਪਦਾ।
ਜਦੋਂ ਜੀਵ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਹ ਮਾਨੋ ਦੁੱਖਾਂ ਦੇ ਸਮੁੰਦਰ ਵਿਚ ਹੁੰਦਾ ਹੈ ਭਾਵ ਬੜੀ ਮੁਸੀਬਤ ਵਿਚ ਹੁੰਦਾ ਹੈ ਪਰ ਪਰਮਾਤਮਾ ਵਲੋਂ ਆਪਣਾ ਨਾਮ ਜਪਾਉਣ ਸਦਕਾ ਉਹ ਜੀਵ ਨੂੰ ਦੁੱਖਾਂ ਤੋਂ ਬਚਾਈ ਰੱਖਦਾ ਹੈ। ਪਰਮਾਤਮਾ ਵਲੋਂ ਬਾਹਰ ਮਾਇਆ ਦੀ ਜ਼ਹਿਰ ਖਿਲਾਰੀ ਰੱਖਣ ਦੇ ਕਾਰਨ ਜਦੋਂ ਮਾਂ ਦੇ ਪੇਟ 'ਚੋਂ ਬੱਚਾ ਬਾਹਰ ਆਉਂਦਾ ਹੈ ਤਾਂ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ ਵਧਾਈ ਰੱਖਿਆ ਹੁੰਦਾ ਹੈ ਪਰ ਜਿਸ 'ਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਪੂਰੇ ਗੁਰੂ ਨਾਲ ਮਿਲਾਪ ਕਰਵਾਉਂਦਾ ਹੈ। ਅਜਿਹਾ ਮਨੁੱਖ ਫਿਰ ਸੁਆਸ-ਸੁਆਸ ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਲਿਵ ਨੂੰ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦਾ ਹੈ। ਰਾਗੁ ਸੋਰਠ ਵਿਚ ਗੁਰ ਪੰਚਮ ਪਾਤਸ਼ਾਹ ਦੇ ਪਾਵਨ ਬਚਨ ਹਨ-
ਮਾਤ ਗਰਭ ਦੁਖ ਸਾਗਰੋ ਪਿਆਰੇ
ਤਹ ਅਪਣਾ ਨਾਮੁ ਜਪਾਇਆ॥
ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ
ਮਾਇਆ ਮੋਹੁ ਵਧਾਇਆ॥
ਜਿਸ ਨੋ ਕੀਤੋ ਕਰਮੁ ਆਪਿ ਪਿਆਰੇ
ਤਿਸੁ ਪੂਰਾ ਗੁਰੂ ਮਿਲਾਇਆ॥
ਸੋ ਆਰਾਧੇ ਸਾਸਿ ਸਾਸਿ ਪਿਆਰੇ
ਰਾਮ ਨਾਮ ਲਿਵ ਲਾਇਆ॥ (ਅੰਗ 640)
ਸਾਗਰੋ-ਸਮੁੰਦਰ। ਤਹ-ਉਥੇ (ਮਾਂ ਦੇ ਪੇਟ ਵਿਚ)। ਬਿਖੁ-ਜ਼ਹਿਰ। ਬਿਖੁ ਮਾਇਆ ਮੋਹੁ-ਆਤਮਿਕ ਜੀਵਨ ਨੂੰ ਮਾਰਨ ਵਾਲੀ ਮਾਇਆ ਦੇ ਮੋਹ ਦੀ ਜ਼ਹਿਰ। ਪਸਰੀਆ-ਖਿਲਰੀ ਹੋਣ ਦੇ ਕਾਰਨ। ਜਿਸ ਨੋ ਕੀਤੋ ਕਰਮੁ-ਜਿਸ 'ਤੇ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਤਿਸੁ-ਉਸ ਨੂੰ। ਸਾਸਿ ਸਾਸਿ-ਸੁਆਸ ਸੁਆਸ।
ਇਸ ਪ੍ਰਕਾਰ ਜਿਨ੍ਹਾਂ ਦਾ ਪੂਰੇ ਗੁਰੂ ਨਾਲ ਮੇਲ ਹੋ ਜਾਂਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿਚ ਲੱਗੇ ਰਹਿੰਦੇ ਹਨ ਭਾਵ ਸਦਾ ਥਿਰ ਪ੍ਰਭੂ ਦੇ ਨਾਮ ਵਿਚ ਲਿਵ ਨੂੰ ਜੋੜੀ ਰੱਖਦੇ ਹਨ। ਉਨ੍ਹਾਂ ਦੇ ਪਿੱਛੇ ਲੱਗ ਕੇ ਭਾਵ ਉਨ੍ਹਾਂ ਦੀ ਸਰਨੀ ਲੱਗ ਕੇ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਲਈਦਾ ਹੈ-
ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ
ਸੇ ਲਾਗੇ ਸਾਚੈ ਨਾਇ॥
ਤਿਨਾ ਪਿਛੈ ਛੁਟੀਐ ਪਿਆਰੇ
ਜੋ ਸਾਚੀ ਸਰਣਾਇ॥
(ਅੰਗ 640-41)
ਜਿਨ ਭੇਟੈ-ਜਿਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ। ਸਾਚੈ-ਸਦਾ ਥਿਰ ਪ੍ਰਭੂ ਦੇ ਨਾਮ ਵਿਚ। ਤਿਨਾ ਪਿਛੈ-ਉਨ੍ਹਾਂ ਦੇ ਪਿੱਛੇ ਲੱਗ ਕੇ, ਸਰਨੀ ਲੱਗ ਕੇ।
ਅੱਖਰੀਂ ਅਰਥ : ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਪਹਿਰੇ ਪਹਰ ਵਿਚ ਪਰਮਾਤਮਾ ਜੀਵ ਨੂੰ ਮਾਂ ਦੇ ਪੇਟ ਵਿਚ ਪਾਉਂਦਾ ਹੈ। ਹੇ ਵਣਜਾਰੇ ਮਿੱਤਰ, ਜੀਵ (ਉਸ ਵੇਲੇ) ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਦੇ ਨਾਮ ਨੂੰ ਉਚਾਰਦਾ ਹੈ ਅਤੇ ਉਸ ਦੇ ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ। ਇਸ ਪ੍ਰਕਾਰ ਜੀਵ ਪ੍ਰਭੂ ਦੇ ਨਾਮ ਨੂੰ ਜਪਦਾ, ਅਰਾਧਦਾ ਰਹਿੰਦਾ ਹੈ ਅਤੇ (ਮਾਂ ਦੇ ਪੇਟ ਵਿਚਲੀ ਜਠਰ) ਅਗਨੀ ਵਿਚ ਪਰਮਾਤਮਾ ਦੇ ਨਾਮ ਨੂੰ ਜਪ-ਜਪ ਕੇ ਜਿਊਂਦਾ ਰਹਿੰਦਾ ਹੈ। ਜਦੋਂ ਫਿਰ ਜਨਮ ਲੈ ਕੇ (ਮਾਂ ਦੇ ਪੇਟ 'ਚੋਂ) ਬਾਹਰ ਆਉਂਦਾ ਹੈ ਤਾਂ ਮਾਤਾ-ਪਿਤਾ ਦੇ ਮੂੰਹ ਲਗਦਾ ਹੈ ਅਤੇ ਮਾਤਾ-ਪਿਤਾ ਬੜਾ ਖੁਸ਼ ਹੁੰਦੇ ਹਨ। ਹੇ ਭਾਈ, ਜਿਸ ਪ੍ਰਭੂਦੀ ਦਿੱਤੀ ਹੋਈ ਇਹ ਦਾਤ ਹੈ, ਗੁਰੂ ਦੀ ਚਰਨੀ ਲੱਗ ਕੇ ਉਸ ਪ੍ਰਭੂ ਦੇ ਗੁਣਾਂ ਦੀ ਆਪਣੇ ਹਿਰਦੇ ਵਿਚ ਵਿਚਾਰ ਕਰੋ। ਚੌਥੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੇਕਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰ ਵਿਚ ਪਰਮਾਤਮਾ ਦੇ ਨਾਮ ਨੂੰ ਜਪਿਆ ਜਾ ਸਕਦਾ ਹੈ।
ਨਾਮ ਦਾ ਵਪਾਰ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਦੂਜੇ ਪਹਿਰੇ ਪ੍ਰਾਣੀ ਦਾ ਮਨ ਪਰਮਾਤਮਾ ਨੂੰ ਭੁੱਲ ਕੇ ਸੰਸਾਰਕ ਪਦਾਰਥਾਂ ਵਿਚ ਲੱਗ ਜਾਂਦਾ ਹੈ। ਹੇ ਵਣਜਾਰੇ ਮਿੱਤਰ, ਇਹ ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ ਆਖ-ਆਖ ਕੇ ਮਾਤਾ-ਪਿਤਾ ਬਾਲਕ ਦਾ ਪਾਲਣ-ਪੋਸ਼ਣ ਕਰਦੇ ਹਨ। ਕਦੀ ਮਾਤਾ ਪੁੱਤਰ ਨੂੰ ਆਪਣੇ ਗਲੇ ਨਾਲ ਲਾਉਂਦੀ ਹੈ ਅਤੇ ਕਦੀ ਪਿਤਾ ਬਾਲਕ ਨੂੰ ਆਪਣੇ ਗਲੇ ਨਾਲ ਲਾਉਂਦਾ ਰਹਿੰਦਾ ਹੈ। ਮਾਤਾ-ਪਿਤਾ ਮਨ ਵਿਚ ਸਮਝਦੇ ਹਨ ਕਿ ਇਹ ਬਾਲਕ (ਵੱਡਾ ਹੋ ਕੇ) ਧਨ-ਦੌਲਤ ਖੱਟ-ਕਮਾ ਕੇ ਉਨ੍ਹਾਂ ਨੂੰ ਖਵਾਏਗਾ।
ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਕਿੰਨਾ ਮੂਰਖ ਹੈ ਕਿ ਰੱਬ ਵਲੋਂ ਦਿੱਤੀਆਂ ਸਾਰੀਆਂ ਵਸਤਾਂ (ਪੁੱਤਰ, ਧਨ ਦੌਲਤ ਆਦਿ) ਨੂੰ ਤਾਂ ਪਿਆਰ ਕਰਦਾ ਹੈ ਪਰ ਪ੍ਰਭੂ ਜੋ ਇਹ ਸਭ ਕੁਝ ਦਿੰਦਾ ਹੈ, ਉਸ (ਪ੍ਰਭੂ) ਨੂੰ ਯਾਦ ਤੱਕ ਨਹੀਂ ਕਰਦਾ ਭਾਵ ਭੁਲਾਈ ਰੱਖਦਾ ਹੈ। ਪਰ ਜੋ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਨੂੰ ਇਸ ਬਾਰੇ ਸੋਝੀ ਹੁੰਦੀ ਹੈ ਅਤੇ ਉਹ ਆਪਣੀ ਲਿਵ ਨੂੰ ਪਰਮਾਤਮਾ ਵਿਚ ਜੋੜੀ ਰੱਖਦਾ ਹੈ।
ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜੀਵਨ ਰੂਪੀ ਰਾਤ ਦੇ ਦੂਜੇ ਪਹਿਰ ਵਿਚ ਅਜਿਹੇ ਗੁਰਮੁਖਿ ਨੂੰ ਮੌਤ ਦਾ ਡਰ ਨਹੀਂ ਵਿਆਪਦਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


217-ਆਰ, ਮਾਡਲ ਟਾਊਨ, ਜਲੰਧਰ।

ਸਿੱਖ ਰੈਫ਼ਰੈਂਸ ਲਾਇਬ੍ਰੇਰੀ : ਇਕ ਪੱਖ ਇਹ ਵੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਵਿਤਾ ਵਿਚ ਰਚੇ ਗ੍ਰੰਥਾਂ ਦੀ ਗੱਲ ਕਰਨੀ ਹੋਵੇ ਤਾਂ ਇਨ੍ਹਾਂ ਵਿਚ ਪ੍ਰੀਤ ਕਹਾਣੀਆਂ ਉੱਪਰ ਲਿਖੇ ਗਏ ਕਿੱਸੇ, ਵਾਰਾਂ, ਜੰਗਨਾਮੇ, ਸ਼ੀਹਰਫੀਆਂ, ਮਿੱਠੜੇ, ਝਗੜੇ, ਆਸਾਵਰੀਆਂ, ਮਾਝਾਂ, ਕਾਫੀਆਂ, ਗੁਰ ਉਸਤਤਿ, ਗੁਰ ਤੀਰਥ ਉਸਤਤਿ, ਛਪੈ, ਝੂਲਣੇ, ਦੋਹਰੇ, ਬਾਰਾਮਾਂਹ ਆਦਿ ਸਨ। ਵਾਰਤਕ ਵਿਚ ਵੱਖ-ਵੱਖ ਬਾਣੀਆਂ ਦੇ ਟੀਕੇ, ਉਥਾਨਕਾਵਾਂ, ਗੋਸ਼ਟਾਂ, ਪਰਚੀਆਂ, ਕਥਾਵਾਂ, ਰਹਿਤਨਾਮੇ, ਹੁਕਮਨਾਮੇ, ਸਾਖੀਆਂ, ਜਨਮ ਸਾਖੀਆਂ ਆਦਿ ਸਨ। ਅਨੁਵਾਦ ਮੱਧਕਾਲੀ ਪੁਸਤਕ ਦੀ ਇਕ ਹੋਰ ਪ੍ਰਸਿੱਧ ਵੰਨਗੀ ਹੈ। ਅਨੁਵਾਦਾਂ ਵਿਚ ਮਹਾਂਭਾਰਤ ਦੇ ਵੱਖ-ਵੱਖ ਪਰਬਾਂ ਦੇ ਅਨੁਵਾਦ, ਅਮਰ ਕੋਸ਼, ਯੋਗ ਵਿਸ਼ਿਸ਼ਟ, ਸਾਰੁਕਤਾਵਲੀ, ਭਗਵਤ ਗੀਤਾ ਅਤੇ ਫਾਰਸੀ ਗ੍ਰੰਥ ਕੀਮਿਆਇ ਸਾਅਦਤ ਦਾ 'ਪਾਰਸ ਭਾਗ' ਨਾਂਅ ਥੱਲੇ ਕੀਤੇ ਗਏੇ ਅਨੁਵਾਦ ਮਿਲਦੇ ਸਨ।
ਬਹੁਤ ਸਾਰੀਆਂ ਬਾਣੀਆਂ ਦੇ ਪ੍ਰਤੀਲਿਪੀ ਸੰਗ੍ਰਹਿ ਵੀ ਇਸ ਭੰਡਾਰ ਵਿਚ ਸਨ। ਇਨ੍ਹਾਂ ਤੋਂ ਬਿਨਾਂ ਸ਼ਬਦਾਂ, ਸਲੋਕਾਂ, ਪਦਿਆਂ, ਅਸ਼ਟਪਦੀਆਂ ਆਦਿ ਦੇ ਵੀ ਸੰਗ੍ਰਹਿ ਸਨ। ਮਿਹਰਬਾਨ, ਹਰਿ ਜੀ, ਚਤੁਰਭੁਜ ਅਤੇ ਮੀਣਾ ਸੰਪ੍ਰਦਾਇ ਦੇ ਹੋਰ ਕਈ ਲੇਖਕਾਂ ਦੁਆਰਾ ਰਚੀ ਗਈ ਬਾਣੀ ਦੇ ਗ੍ਰੰਥ ਵੀ ਸਨ। ਜੇਕਰ ਸਰਗੁਣ ਭਗਤੀ ਦੀ ਗੱਲ ਕਰਨੀ ਹੋਵੇ ਤਾਂ 'ਸੁਦਾਮਾ ਚਰਿਤ੍ਰ', 'ਭਗਵਤੀ ਜੀ ਕੀ ਉਸਤਤਿ', 'ਰਾਮ ਚਰਿਤ ਮਾਨਸ', 'ਹਨੂੰਮਾਨ ਨਾਟਕ', 'ਕਥਾ ਕਾਨ੍ਹ ਗੁਜਰੀ ਕੀ', 'ਆਦਿ ਰਾਮਾਇਣ' ਅਤੇ 'ਬੰਸੀ ਸ੍ਰੀ ਕ੍ਰਿਸ਼ਨ ਜੀ ਕੀ' ਆਦਿ ਰਚਨਾਵਾਂ ਉਪਲਬਧ ਸਨ।ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਹੀ ਸਿੱਖ ਇਤਿਹਾਸ ਨਾਲ ਸਬੰਧਿਤ ਬੜੇ ਮੁੱਲਵਾਨ ਗ੍ਰੰਥ ਸਾਂਭੇ ਪਏ ਸਨ। ਇਨ੍ਹਾਂ ਵਿਚ ਸ਼ਾਮਿਲ ਸਨ-ਗੁਰਬਿਲਾਸ, ਗੁਰਪ੍ਰਣਾਲੀਆਂ, ਜੰਗਨਾਮੇ, ਗੁਰ ਉਸਤਤਿ, ਦਸ ਅਵਤਾਰ ਉਸਤਤਿ, ਬਾਬਾ ਬੁੱਢਾ ਬੰਸਾਵਲੀ, ਉਸਤਤਿ ਸ੍ਰੀ ਅੰਮ੍ਰਿਤਸਰ ਜੀ ਕੀ, ਸ੍ਰੀ ਅੰਮ੍ਰਿਤਸਰ ਮਹਿਮਾ, ਸੁਧਾਸਰ ਗ੍ਰੰਥ, ਕਥਾ ਕਬੀਰ ਗੁਸਾਈਂ ਕੀ, ਕਬੀਰ ਕੀ ਪਰਚੀ, ਪਰਚੀ ਦਾਦੂ ਦਿਆਲ ਆਦਿ ਸਨ। ਇਨ੍ਹਾਂ ਰਚਨਾਵਾਂ ਵਿਚੋਂ ਬਾਬਾ ਬੁੱਢਾ ਬੰਸਾਵਲੀ ਅਜਿਹੀ ਇਕ ਰਚਨਾ ਸੀ, ਜਿਸ ਦੀ ਕੇਵਲ ਇਕੋ ਹੀ ਕਾਪੀ ਸੀ ਅਤੇ ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ। ਇਹ ਬੰਸਾਵਲੀ ਕਿਉਂਕਿ ਕਵੀ ਸੌਧਾ ਦੀ ਲਿਖੀ ਹੋਈ ਹੈ, ਇਸ ਲਈ ਮੈਂ ਇਸ ਦਾ ਪੂਰਾ ਮਤਨ ਆਪਣੀ ਪੁਸਤਕ 'ਕਵੀ ਸੌਧਾ : ਇਕ ਆਲੋਚਨਾਤਮਕ ਅਧਿਐਨ' ਦੇ ਇਕ ਅਧਿਆਇ ਵਿਚ ਦੇ ਦਿੱਤਾ ਹੈ। ਸ੍ਰੀ ਅੰਮ੍ਰਿਤਸਰ ਦੀ ਉਸਤਤਿ ਵਿਚ ਲਿਖੇ ਗਏ ਗ੍ਰੰਥਾਂ ਵਿਚ ਇਸ ਨਗਰ, ਵਿਸ਼ੇਸ਼ ਕਰਕੇ ਹਰਮਿੰਦਰ ਸਾਹਿਬ ਦਾ ਇਤਿਹਾਸ ਛੁਪਿਆ ਹੋਇਆ ਹੈ। ਮੱਧਕਾਲ ਵਿਚ ਇਹ ਧਾਰਨਾ ਬਣੀ ਹੋਈ ਸੀ ਕਿ ਕਿਤਾਬ ਅਤੇ ਤਲਾਬ ਦੋ ਅਜਿਹੀਆਂ ਪ੍ਰੇਰਕ ਵਸਤਾਂ ਹਨ, ਜੋ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਦੀਆਂ ਹਨ। ਕਿਤਾਬ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਤਲਾਬ ਤੋਂ ਭਾਵ ਅੰਮ੍ਰਿਤ ਸਰੋਵਰ ਹੈ। ਇਸੇ ਲਈ ਇਹ ਦੋਵੇਂ ਹਮਲਾਵਰਾਂ ਦੇ ਨਿਸ਼ਾਨੇ ਉਪਰ ਰਹੀਆਂ ਹਨ। ਗੋਪਾਲ ਸਿੰਘ ਨਵੀਨ ਦਾ 'ਸੁਧਾਸਰ ਗ੍ਰੰਥ' ਅਜਿਹਾ ਹੀ ਇਕ ਗ੍ਰੰਥ ਸੀ, ਜਿਸ ਵਿਚ ਅੰਮ੍ਰਿਤ ਸਰੋਵਰ ਦੀ ਮਹਿਮਾ ਵਿਚ ਵੱਖ-ਵੱਖ ਕਵੀਆਂ ਵਲੋਂ ਲਿਖੇ ਗਏ ਛੰਦ ਸੰਕਲਿਤ ਸਨ। ਕਵੀ ਮਦਨ ਸਿੰਘ ਦਾ ਗ੍ਰੰਥ 'ਫੂਲ ਬੰਸ ਪ੍ਰਕਾਸ਼' ਬਾਬਾ ਫੂਲ ਤੋਂ ਲੈ ਕੇ 19ਵੀਂ ਸਦੀ ਤੱਕ ਦੇ ਫੂਲਕੀਆਂ ਰਿਆਸਤਾਂ ਦੇ ਰਾਜਿਆਂ ਦਾ ਬਿਰਤਾਂਤ ਸੀ।
ਭਾਸ਼ਾ ਦੇ ਪੱਖ ਤੋਂ ਵੀ ਇਨ੍ਹਾਂ ਗ੍ਰੰਥਾਂ ਦੀ ਬੜੀ ਅਹਿਮੀਅਤ ਸੀ। ਸ਼ੀਹਰਫੀਆਂ, ਦੋਹੜੇ, ਬਾਰਾਮਾਂਹ, ਕਿੱਸੇ, ਵਾਰਾਂ, ਜੰਗਨਾਮੇ ਅਤੇ ਝਗੜੇ ਆਦਿ ਸਰਲ ਅਤੇ ਠੇਠ ਪੰਜਾਬੀ ਵਿਚ ਸਨ, ਜਦਕਿ ਬਾਕੀ ਬ੍ਰਜ ਭਾਸ਼ਾ ਤੋਂ ਪ੍ਰਭਾਵਿਤ ਪੰਜਾਬੀ ਵਿਚ ਅਤੇ ਕੁਝ ਨਿਰੋਲ ਬ੍ਰਜ ਭਾਸ਼ਾ ਦੇ ਗ੍ਰੰਥ ਸਨ। ਦੂਜੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਅਜਿਹਾ ਵਿਰਸਾ ਸੀ, ਜੋ ਭਾਸ਼ਾਈ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਸਾਹਿਤ ਰਚਨਾ ਕਰਨ ਵਾਲੇ ਪੰਜਾਬੀਆਂ ਦੀ ਬਹੁਭਾਸ਼ਾਈ ਯੋਗਤਾ ਅਤੇ ਖੁੱਲ੍ਹਦਿੱਲੀ ਦਾ ਪ੍ਰਮਾਣ ਵੀ ਸੀ। ਗੁਰਮੁਖੀ ਦੇ ਪ੍ਰਚਲਨ, ਤਰਤੀਬ ਅਤੇ ਵਿਕਾਸ ਨੂੰ ਉਲੀਕਣ ਵਿਚ ਵੀ ਇਹ ਗ੍ਰੰਥ ਭਰਪੂਰ ਰੌਸ਼ਨੀ ਪਾਉਂਦੇ ਸਨ। ਵੱਖ-ਵੱਖ ਹੱਥਾਂ ਦੁਆਰਾ ਲਿਖੇ ਗਏ ਹੋਣ ਕਰਕੇ ਇਹ ਗੁਰਮੁਖੀ ਦੀ ਪੁਰਾਣੀ ਲਿਖਣ ਸ਼ੈਲੀ ਦੇ ਜਿਊਂਦੇ-ਜਾਗਦੇ ਗਵਾਹ ਸਨ। ਅਸੀਂ ਜਾਣਦੇ ਹਾਂ ਕਿ ਗੁਰਮੁਖੀ ਵਰਣਮਾਲਾ ਦੀ ਪੁਰਾਣੀ ਤਰਤੀਬ ਉਹ ਨਹੀਂ ਜੋ ਅੱਜ ਹੈ ਅਤੇ ਇਸੇ ਤਰ੍ਹਾਂ ਕਈ ਮਾਤ੍ਰਾਵਾਂ ਅਤੇ ਉਨ੍ਹਾਂ ਦਾ ਲਿਖਣ ਢੰਗ ਵੀ ਅੱਜ ਵਰਗਾ ਨਹੀਂ ਸੀ। ਅੱਖਰ ਬਣਤਰ ਅਤੇ ਮਾਤ੍ਰਾਵਾਂ ਦਾ ਵਿਕਾਸ ਜਾਣਨ ਲਈ ਇਨ੍ਹਾਂ ਗ੍ਰੰਥਾਂ ਵਿਚ ਕਾਫੀ ਉਪਯੋਗੀ ਸਮੱਗਰੀ ਸੀ।
'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਪੁਸਤਕ ਵਿਚ ਦਰਜ ਗ੍ਰੰਥਾਂ ਵਿਚੋਂ ਕਈ ਗ੍ਰੰਥ ਸਚਿੱਤਰ ਸਨ। ਜਨਮ ਸਾਖੀਆਂ ਅਤੇ ਕਿੱਸਿਆਂ ਵਿਚ ਸਬੰਧਿਤ ਘਟਨਾ ਜਾਂ ਸਾਖੀ ਨਾਲ ਬਣਦੇ ਫ਼ਬਦੇ ਚਿੱਤਰ ਬਣਾਏ ਗਏ ਹੁੰਦੇ ਸਨ। ਕਈ ਬਾਣੀ ਸੰਗ੍ਰਹਿ ਵੀ ਚਿੱਤਰਾਂ ਨਾਲ ਸੁਸੱਜਿਤ ਹੁੰਦੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਸਰੂਪ ਵੇਖੇ ਹਨ, ਉਹ ਜਾਣਦੇ ਹਨ ਕਿ ਜਿੱਥੋਂ ਕੋਈ ਨਵਾਂ ਰਾਗ ਸ਼ੁਰੂ ਹੁੰਦਾ ਸੀ ਜਾਂ ਸਮਾਪਤ ਹੁੰਦਾ ਸੀ, ਉਹ ਪੱਤਰੇ ਵੇਲ-ਬੂਟਿਆਂ ਨਾਲ ਸਜਾਏ ਜਾਂਦੇ ਸਨ। ਕਈ ਹੱਥ-ਲਿਖਤ ਗ੍ਰੰਥਾਂ ਦੇ ਹਾਸ਼ੀਏ ਅਤਿ ਸੁੰਦਰ ਵੇਲਾਂ, ਲਕੀਰਾਂ ਅਤੇ ਬਹੁਪ੍ਰਕਾਰੀ ਸਿਆਹੀਆਂ (ਰੰਗਾਂ) ਨਾਲ ਸ਼ੋਭਨੀਕ ਹੁੰਦੇ ਸਨ। ਇਹ ਸਾਰਾ ਕੁਝ ਪੰਜਾਬੀਆਂ ਦੇ ਚਿੱਤਰਕਲਾ ਦੇ ਮੋਹ ਦਾ ਵੀ ਸੂਚਕ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸਾਂਭੇ ਗਏ ਗ੍ਰੰਥਾਂ ਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮਨੁੱਖੀ ਜੀਵਨ ਦਾ ਹਰ ਪੱਖ ਇਨ੍ਹਾਂ ਦਾ ਵਿਸ਼ਾ ਸੀ। ਵੱਖ-ਵੱਖ ਧਰਮ ਅਤੇ ਦਰਸ਼ਨ (ਖਟ ਸ਼ਾਸਤਰ), ਪੌਰਾਣ, ਸੂਫ਼ੀਵਾਦ, ਸੰਪਰਦਾਵਾਂ, ਇਤਿਹਾਸ, ਭੂਗੋਲ, ਭਾਸ਼ਾ ਵਿਗਿਆਨ, ਕੋਸ਼, ਸਾਹਿਤ ਸ਼ਾਸਤਰ (ਰਸ, ਅਲੰਕਾਰ ਆਦਿ) ਪਸ਼ੂ ਚਕਿਤਸਾ, ਤਿੱਬ ਜਾਂ ਹਿਕਮਤ, ਜੋਤਿਸ਼, ਵਹਿਮ-ਭਰਮ, ਮੰਤਰ-ਤੰਤਰ, ਯੋਗ, ਨੀਤੀ ਸ਼ਾਸਤਰ, ਵਿਆਕਰਣ ਅਤੇ ਰਹਿਤ ਮਰਿਯਾਦਾ ਆਦਿ ਬਾਰੇ ਇਹ ਗ੍ਰੰਥ ਰੌਸ਼ਨੀ ਪਾਉਂਦੇ ਸਨ। 'ਸਾਡਾ ਹੱਥ ਲਿਖਿਤ ਪੰਜਾਬੀ ਸਾਹਿਤ' ਪੁਸਤਕ ਅੱਜ ਤੋਂ 50 ਵਰ੍ਹੇ ਪਹਿਲਾਂ ਛਪੀ ਸੀ। ਇਸ ਤੋਂ ਬਾਅਦ ਇਸ ਦਾ ਕੋਈ ਸੰਸਕਰਣ ਛਪਿਆ ਜਾਂ ਨਹੀਂ? ਇਸ ਬਾਰੇ ਕੋਈ ਜਾਣਕਾਰੀ ਨਹੀਂ। ਜੇ ਇਹ ਪੁਸਤਕ ਦੁਬਾਰਾ ਨਹੀਂ ਛਪੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਮੁੜ ਛਾਪਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਿੱਥੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਸੁਰੱਖਿਅਤ ਗ੍ਰੰਥਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਂਦੀ ਹੈ, ਉੱਥੇ ਖੋਜ ਦੀ ਦ੍ਰਿਸ਼ਟੀ ਤੋਂ ਇਸ ਵਿਚ ਬਹੁਤ ਮੁੱਲਵਾਨ ਸਮੱਗਰੀ ਹੈ, ਜੋ ਅੱਜ ਦੇ ਖੋਜਕਾਰਾਂ ਲਈ ਵੀ ਲਾਹੇਵੰਦ ਹੈ।
(ਸਮਾਪਤ)


-ਮੋਬਾ: 98889-39808





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX