ਤਾਜਾ ਖ਼ਬਰਾਂ


ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  13 minutes ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  27 minutes ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  45 minutes ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  51 minutes ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਅੱਜ...
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  about 1 hour ago
ਅਹਿਮਦਾਬਾਦ, 17 ਸਤੰਬਰ- ਅੱਜ ਆਪਣੇ 69ਵੇਂ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਦੌਰੇ 'ਤੇ ਹਨ। ਇਸ ਦੌਰਾਨ ਆਪਣੀ ਮਾਂ ਹੀਰਾਬੇਨ ਮੋਦੀ...
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  about 1 hour ago
ਨਵੀਂ ਦਿੱਲੀ, 17 ਸਤੰਬਰ- ਕੌਮਾਂਤਰੀ ਬਾਜ਼ਾਰ 'ਚ ਨਰਮੀ ਅਤੇ ਰੁਪਏ 'ਚ ਆਈ ਗਿਰਾਵਟ ਦੇ ਚੱਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਇੱਕ ਵਾਰ ਫਿਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ। ਦੁਪਹਿਰ 2 ਵਜੇ ਤੋਂ ਬਾਅਦ....
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  about 1 hour ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾ ਧਮਾਕਾ ਪਰਵਾਨ ਸੂਬੇ 'ਚ ਹੋਇਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਅਫ਼ਗ਼ਾਨਿਸਤਾਨ...
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  about 2 hours ago
ਵੇਰਕਾ, 17 ( ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮਪੁਰਾ ਖੇਤਰ ਦੇ ਇਲਾਕੇ ਨਿਊ ਪ੍ਰੀਤ ਨਗਰ 'ਚ ਅੱਜ ਸਵੇਰੇ ਤੜਕੇ ਇੱਕ ਮਕਾਨ ਮਾਲਕ ਔਰਤ ਵੱਲੋਂ ਉਸੇ ਘਰ 'ਚ ਕਿਰਾਏ 'ਤੇ ਰਹਿੰਦੀ ਔਰਤ...
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ ਮਾਮਲੇ 'ਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਸੀ.ਬੀ.ਆਈ ਨੇ ਦਿੱਲੀ ਦੀ ਰਾਉਜ ...
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 3 hours ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 14 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ...
ਹੋਰ ਖ਼ਬਰਾਂ..

ਖੇਡ ਜਗਤ

ਕੌਮੀ ਖੇਡ ਦਿਵਸ 'ਤੇ ਵਿਸ਼ੇਸ਼

ਹੋਰ ਧਿਆਨ ਮੰਗਦਾ ਹਾਕੀ ਦਾ ਚੰਦ

ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਪਰਿਆਰਾ (ਅਲਾਹਾਬਾਦ) ਦੇ ਇਕ ਰਾਜਸਥਾਨੀ ਪਰਿਵਾਰ 'ਚ ਹੋਇਆ ਅਤੇ ਬਾਅਦ 'ਚ ਇਨ੍ਹਾਂ ਦੇ ਪਰਿਵਾਰ ਨੇ ਝਾਂਸੀ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। ਪਿਤਾ ਸੂਬੇਦਾਰ ਸ਼ਮੇਸ਼ਵਰ ਦੱਤ ਸਿੰਘ ਦੇ ਬ੍ਰਿਟਿਸ਼ ਫੌਜ 'ਚ ਹੋਣ ਕਰਕੇ ਧਿਆਨ ਚੰਦ ਵੀ 16 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋ ਗਏ। ਮੇਜਰ ਭੋਲੇ ਤਿਵਾੜੀ ਦੀ ਪਾਰਖੂ ਅੱਖ ਨੇ ਧਿਆਨ ਚੰਦ ਦੀ ਹਾਕੀ ਕਲਾ ਨੂੰ ਪਛਾਣਿਆ, ਜਿਸ ਸਦਕਾ ਧਿਆਨ ਚੰਦ ਨੇ 1922 ਤੋਂ 1926 ਤੱਕ ਆਪਣੀ ਰੈਜੀਮੈਂਟ ਵਲੋਂ ਸੈਂਟਰ ਫਾਰਵਰਡ ਵਜੋਂ ਸ਼ਾਨਦਾਰ ਹਾਕੀ ਖੇਡੀ ਅਤੇ 1926 'ਚ ਪਹਿਲੀ ਵਾਰ ਭਾਰਤੀ ਟੀਮ 'ਚ ਥਾਂ ਬਣਾਈ, ਜਿਸ ਉਪਰੰਤ ਉਨ੍ਹਾਂ ਨੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਉਨ੍ਹਾਂ 1928, 1932 ਅਤੇ 1936 ਦੀਆਂ ਉਲੰਪਿਕ ਖੇਡਾਂ 'ਚ ਆਪਣੀ ਜਾਦੂਗਰੀ ਵਾਲੀ ਖੇਡ ਸਦਕਾ ਭਾਰਤ ਦੀ ਝੋਲੀ ਸੋਨ ਤਗਮੇ ਪਾਏ। ਇਹ ਉਹ ਦੌਰ ਸੀ ਜਦੋਂ ਕੌਮਾਂਤਰੀ ਹਾਕੀ ਫੈੱਡਰੇਸ਼ਨ, ਹਾਕੀ ਦੀ ਖੇਡ ਦਾ ਪਸਾਰ ਕਰਨ ਲਈ ਕਿਸੇ ਜਾਦੂਈ ਛੋਹ ਵਾਲੇ ਖਿਡਾਰੀ ਨੂੰ ਲੱਭ ਰਹੀ ਸੀ। ਧਿਆਨ ਚੰਦ ਦੇ ਉਭਾਰ ਨਾਲ ਫੈੱਡਰੇਸ਼ਨ ਦੀ ਇਹ ਇੱਛਾ ਪੂਰੀ ਹੋਈ ਅਤੇ ਧਿਆਨ ਚੰਦ ਦੀ ਖੇਡ ਦੇਖਣ ਲਈ ਦਰਸ਼ਕਾਂ ਨਾਲ ਸਟੇਡੀਅਮ ਭਰਨੇ ਸ਼ੁਰੂ ਹੋਏ। ਧਿਆਨ ਚੰਦ ਨੇ ਆਪਣੇ ਖੇਡ ਜੀਵਨ (1926 ਤੋਂ 1949) ਦੌਰਾਨ 185 ਕੌਮਾਂਤਰੀ ਮੈਚ ਖੇਡੇ ਅਤੇ ਇਨ੍ਹਾਂ 'ਚ 570 ਗੋਲ ਕੀਤੇ।
ਧਿਆਨ ਚੰਦ ਨਾਲ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਜਿਸ ਵੇਲੇ ਭਾਰਤੀ ਟੀਮ ਨੇ ਜਰਮਨੀ ਨੂੰ ਉਸੇ ਦੀ ਧਰਤੀ 'ਤੇ ਬਰਲਿਨ ਉਲੰਪਿਕ ਦੇ ਫਾਈਨਲ ਮੈਚ 'ਚ ਹਰਾ ਕੇ ਸੋਨ ਤਗਮਾ ਜਿੱਤਿਆ ਤਾਂ ਉਸ ਵੇਲੇ ਦੇ ਜਰਮਨ ਤਾਨਾਸ਼ਾਹ ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਆਉਣ ਤੇ ਫੀਲਡ ਮਾਰਸ਼ਲ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਪਰ ਧਿਆਨ ਚੰਦ ਨੇ ਭਾਰਤ 'ਚ ਰਹਿਣ ਨੂੰ ਪਹਿਲ ਦਿੱਤੀ ਅਤੇ ਹਿਟਲਰ ਦੀ ਵੱਡੀ ਪੇਸ਼ਕਸ਼ ਠੁਕਰਾ ਦਿੱਤੀ। ਇਨ੍ਹਾਂ ਉਲੰਪਿਕ ਖੇਡਾਂ 'ਚ ਅਥਲੀਟ ਜੈਸੀ ਓਵਨ ਨੇ 4 ਸੋਨ ਤਗਮੇ ਜਿੱਤੇ ਸਨ। ਜਿੰਨੀ ਚਰਚਾ ਜੈਸੀ ਦੀ ਹੋਈ, ਓਨੀ ਹੀ ਧਿਆਨ ਚੰਦ ਦੀ ਹਾਕੀ ਦਾ ਇਕਲੌਤਾ ਸੋਨ ਤਗਮਾ ਜਿੱਤਣ ਸਦਕਾ ਹੋਈ। ਜਿਸ ਵੇਲੇ ਧਿਆਨ ਚੰਦ 42 ਸਾਲ ਦਾ ਸੀ, ਉਸ ਸਮੇਂ ਦੱਖਣੀ ਅਫਰੀਕਾ ਜਾਣ ਵਾਲੀ ਭਾਰਤੀ ਟੀਮ 'ਚ ਅਫਰੀਕਨ ਦਰਸ਼ਕਾਂ ਦੀ ਮੰਗ 'ਤੇ ਮੇਜਰ ਸਾਬ੍ਹ ਨੂੰ ਸ਼ਾਮਿਲ ਕੀਤਾ ਗਿਆ। ਧਿਆਨ ਚੰਦ ਨੇ ਬਹੁਤ ਸਾਰੀਆਂ ਵਿਦੇਸ਼ੀ ਪੇਸ਼ਕਸ਼ਾਂ ਦੇ ਬਾਵਜੂਦ ਆਪਣੀ ਸਾਰੀ ਜ਼ਿੰਦਗੀ ਭਾਰਤ 'ਚ ਬਿਤਾਉਣ ਨੂੰ ਤਰਜੀਹ ਦਿੱਤੀ ਅਤੇ ਉਨ੍ਹਾਂ ਦਾ 3 ਦਸੰਬਰ, 1979 ਨੂੰ ਦਿਹਾਂਤ ਹੋਇਆ। ਭਾਰਤ ਸਰਕਾਰ ਨੇ ਮੇਜਰ ਸਾਬ੍ਹ ਦੀ ਯਾਦ 'ਚ ਡਾਕ ਟਿਕਟ ਜਾਰੀ ਕੀਤੀ ਅਤੇ ਉਨ੍ਹਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਵੀ ਨਿਵਾਜਿਆ।
ਕਿਵੇਂ ਮਨਾਇਆ ਜਾਵੇ ਕੌਮੀ ਖੇਡ ਦਿਵਸ : ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਹਰ ਸਾਲ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਹੋਰਨਾਂ ਦਿਨਾਂ ਨੂੰ ਸਾਡੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ, ਓਨਾ ਜੋਸ਼ ਕੌਮੀ ਖੇਡ ਦਿਵਸ ਨੂੰ ਮਨਾਉਣ ਵੇਲੇ ਦੇਖਣ ਨੂੰ ਨਹੀਂ ਮਿਲਦਾ। ਇਸ ਦਿਨ ਨੂੰ ਸਿਰਫ ਕੁਝ ਸੰਸਥਾਵਾਂ 'ਚ ਹੀ ਮਨਾਇਆ ਜਾਂਦਾ ਹੈ। ਪਿਛਲੇ ਵਰ੍ਹੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕੌਮੀ ਖੇਡ ਦਿਵਸ ਮਨਾਉਣ ਲਈ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ, ਜੇਕਰ ਇਨ੍ਹਾਂ 'ਤੇ ਅਮਲ ਕਰਦਿਆਂ ਸਾਡੇ ਸਕੂਲ ਅਧਿਆਪਕ ਖੇਡ ਦਿਵਸ ਨੂੰ ਸੰਜੀਦਗੀ ਨਾਲ ਮਨਾਉਣ ਤਾਂ ਰਾਜ 'ਚ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਮਿਲ ਸਕਦਾ ਹੈ। ਕੌਮੀ ਖੇਡ ਦਿਵਸ ਦੀ ਅਹਿਮੀਅਤ ਸਬੰਧੀ ਸਕੂਲਾਂ/ਕਾਲਜਾਂ 'ਚ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਮੇਜਰ ਧਿਆਨ ਚੰਦ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ। ਇਸ ਦੇ ਨਾਲ ਵਿਦਿਆਰਥੀਆਂ ਦੀਆਂ ਉਨ੍ਹਾਂ ਦੀ ਉਮਰ ਅਨੁਸਾਰ ਖੇਡ ਗਤੀਵਿਧੀਆਂ ਕਰਵਾਈਆਂ ਜਾਣ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਵੇ।


-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਬੈਂਗਲੁਰੂ ਦੀ ਐਸ਼ਵਰਿਆ ਪਿੱਸੇ ਬਣੀ ਵਿਸ਼ਵ ਚੈਂਪੀਅਨ

ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਮੋਟਰ ਸਪੋਰਟਸ ਵਿਚ ਬਣੀ ਬੈਂਗਲੁਰੂ ਦੀ ਪੀ. ਐਸ਼ਵਰਿਆ ਪਿੱਸੇ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ, ਜਦੋਂ ਉਸ ਨੇ ਇਸ ਨਿਆਰੀ ਖੇਡ ਮੋਟਰ ਬਾਈਕ ਰੇਸ ਵਿਚ ਵਿਭਿੰਨ ਦੇਸ਼ਾਂ ਵਿਚ ਹੋਏ ਆਪਣੀ ਨਿਰੰਤਰਤਾ ਕਾਇਮ ਰੱਖੀ ਤੇ ਹਰ ਰਾਊਂਡ ਵਿਚ ਉਹ ਬਿਹਤਰ ਅੰਕ ਬਟੋਰਦੀ ਗਈ। ਭਾਰਤ ਦੀ ਵਸਨੀਕ ਹੋਣਹਾਰ ਮੁਟਿਆਰ ਨੇ ਸਾਰੇ ਭਾਰਤੀਆਂ ਦੇ ਦਿਲ ਜਿੱਤ ਲਏ ਜਦੋਂ ਆਖਰੀ ਰਾਊਂਡ ਵਿਚ ਉਸ ਨੂੰ ਇਹ ਖਿਤਾਬ ਪ੍ਰਾਪਤ ਹੋਇਆ। ਕੇਵਲ 23 ਸਾਲਾਂ ਦੀ ਇਸ ਮੁਟਿਆਰ ਦੀ ਇਹ ਗੱਲ ਬਹੁਤ ਦਿਲਚਸਪੀ ਵਾਲੀ ਹੈ ਕਿ ਬਚਪਨ ਵਿਚ ਉਸ ਦਾ ਪਿਤਾ ਉਸ ਨੂੰ ਘਰ ਤੋਂ ਬਾਹਰ ਖੁੱਲ੍ਹੀਆਂ ਸੜਕਾਂ 'ਤੇ ਲੈ ਕੇ ਜਾਂਦਾ ਸੀ ਤੇ ਅਭਿਆਸ ਕਰਾਉਂਦਾ ਸੀ। ਇਸ ਨਾਲ ਉਸ ਦਾ ਇਕ ਸੁਪਨਾ ਬਣ ਗਿਆ ਕਿ ਮਨੁੱਖ ਦੀ ਬਣਾਈ ਹੋਈ ਮੋਟਰ ਬਾਈਕ ਵਿਚ ਉਸ ਨੇ ਇਹ ਖਿਤਾਬ ਵਿਸ਼ਵ ਚੈਂਪੀਅਨ ਆਪਣੇ ਨਾਂਅ ਕਰਨਾ ਹੈ। ਉਹ ਇਸ ਵਿਚ ਇੰਨਾ ਖੁੱਭ ਗਈ ਕਿ ਬਾਕੀ ਸਾਰੇ ਕੰਮ ਭੁੱਲ ਗਈ।
ਫਿਰ ਇਕ ਮਾੜੀ ਘਟਨਾ ਵਾਪਰ ਗਈ ਤੇ ਉਹ 12ਵੀਂ ਜਮਾਤ ਵਿਚੋਂ ਫੇਲ੍ਹ ਹੋ ਗਈ। ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਤੇ ਉਸ ਦੀ ਰੱਜ ਕੇ ਕੁਟਾਈ ਕੀਤੀ ਤੇ ਇਹ ਹੀ ਪਿਤਾ ਦੀ ਮਾਰ ਉਸ ਦੇ ਕੰਮ ਆਈ ਤੇ ਉਸ ਨੇ ਇਹ ਪ੍ਰਣ ਕੀਤਾ ਕਿ ਉਹ ਕੁਝ ਬਣ ਕੇ ਦਿਖਾਏਗੀ। ਦੂਜਾ ਕਾਰਨ ਜੋ ਉਹ ਆਪ ਬਿਆਨ ਕਰਦੀ ਹੈ ਕਿ ਇਕ ਵਾਰ ਉਹ ਆਪਣੀ ਇਕ ਸਹੇਲੀ ਨੂੰ ਬਹੁਤ ਦੂਰ ਮੋਟਰ ਬਾਈਕ 'ਤੇ ਛੱਡ ਕੇ ਆਈ।
ਰਸਤਾ ਬਹੁਤ ਭੀੜ-ਭੜੱਕੇ ਤੇ ਦੁਸ਼ਵਾਰੀਆਂ ਵਾਲਾ ਸੀ, ਪਰ ਉਹ ਉਸ ਨੂੰ ਘਰ ਤੱਕ ਛੱਡ ਕੇ ਆਈ। ਇਸ ਨਾਲ ਉਸ ਦਾ ਹੌਸਲਾ ਬਹੁਤ ਵਧਿਆ। ਇਸ ਤੋਂ ਹੀ ਪ੍ਰੇਰਿਤ ਹੋ ਕੇ ਉਸ ਨੇ ਪਹਿਲਾਂ ਸਥਾਨਕ ਤੇ ਫਿਰ ਰਾਸ਼ਟਰੀ ਪ੍ਰਤੀਯੋਗਤਾਵਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਤੇ ਜਿਉਂ-ਜਿਉਂ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਗਈ, ਘਰ ਵਾਲਿਆਂ ਦੀ ਨਾਰਾਜ਼ਗੀ ਦੂਰ ਹੋ ਗਈ ਤੇ ਲੋਕਾਂ ਦੀ ਹਰਮਨ ਪਿਆਰੀ ਹੋ ਗਈ।
ਉਸ ਨੇ ਇਹ ਤਾਜ ਬਹੁਤ ਮਿਹਨਤ ਨਾਲ ਪ੍ਰਾਪਤ ਕੀਤਾ ਹੈ, ਇਸ ਦਾ ਸਫਰ ਬਹੁਤ ਦਿਲਚਸਪ ਹੈ। ਵਿਸ਼ਵ ਤਾਜ ਪਹਿਨਣ ਤੋਂ ਬਾਅਦ ਉਸ ਨੇ ਇਕ ਭੇਟ ਵਾਰਤਾ ਵਿਚ ਕਿਹਾ ਕਿ ਇਸ ਤੋਂ ਬਾਅਦ ਫਿਰ ਉਹ ਟੈਲੀਵਿਜ਼ਨ ਸ਼ੋਅਜ਼ ਨਾਲ ਜੁੜ ਗਈ। ਉਸ ਨੇ ਚੇਜ਼ ਦੀ ਮੌਨਸੂਨ ਤੇ ਬਨ ਬਰਨਰ ਵਿਚ ਟੈਲੀਵਿਜ਼ਨ ਲਈ ਹਜ਼ਾਰਾਂ ਕਿੱਲੋਮੀਟਰ ਖਤਰਨਾਕ ਥਾਵਾਂ 'ਤੇ ਮੋਟਰ ਬਾਈਕ ਚਲਾਈ। ਇਸ ਨਾਲ ਹੌਸਲਾ ਬੁਲੰਦੀ 'ਤੇ ਪਹੁੰਚ ਗਿਆ ਤੇ ਮਾਪੇ ਬਹੁਤ ਖੁਸ਼ ਹੋ ਗਏ। ਇਹ ਹੀ ਕਾਰਨ ਹੈ ਕਿ ਪਹਿਲਾਂ ਉਸ ਨੇ ਜੂਨੀਅਰ ਵਿਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 5 ਵਾਰ ਇਸ ਵੰਨਗੀ ਵਿਚ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। ਜਦੋਂ ਇਸ ਐਫ. ਆਈ. ਐੈਮ. ਵਿਸ਼ਵ ਕੱਪ ਵਿਚ ਹਿੱਸਾ ਲਿਆ ਤਾਂ ਉਸ ਨੇ ਦੁਬਈ ਵਿਚ ਖੇਡੇ ਗਏ ਪਹਿਲੇ ਰਾਊਂਡ ਵਿਚ ਜਿੱਤ ਪ੍ਰਾਪਤ ਕੀਤੀ। ਉਸ ਨੇ ਆਪਣੇ ਹੌਸਲੇ ਨੂੰ ਬੁਲੰਦ ਰੱਖਦੇ ਹੋਏ ਪੁਰਤਗਾਲ ਵਿਚ ਖੇਡੇ ਗਏ ਰਾਊਂਡ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਫਿਰ ਸਪੇਨ ਵਿਚ ਖੇਡੇ ਗਏ ਰਾਊਂਡ ਵਿਚ ਪੰਜਵਾ ਤੇ ਹੰਗਰੀ ਵਿਚ ਉਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਉਸ ਨੇ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਆ ਕਿ ਉਸ ਦੀ ਮੁੱਖ ਵਿਰੋਧੀ ਪੁਰਤਗਾਲ ਦੀ ਰਿਤਾ ਉਸ ਦੇ ਪਿੱਛੇ ਹੀ ਰਹੇ। ਜਦੋਂ ਸਾਰੇ ਰਾਊਂਡਾਂ ਨੂੰ ਮਿਲਾਇਆ ਗਿਆ, ਭਾਰਤ ਦੀ ਇਸ ਹੋਣਹਾਰ ਖਿਡਾਰਨ ਦੇ 65 ਅੰਕ ਮਿਲੇ ਤੇ ਪੁਰਤਗਾਲ ਦੀ ਰਿਤਾ ਨੂੰ ਕੇਵਲ 61 ਅੰਕ ਹੀ ਮਿਲੇ। ਇਸ ਤਰ੍ਹਾਂ ਇਹ ਤਾਜ ਪਹਿਨਣ ਦਾ ਸੁਭਾਗ ਇਸ ਯੁਵਤੀ ਨੂੰ ਮਿਲਿਆ। ਇਸ ਖਤਰਿਆਂ ਭਰੀ ਖੇਡ ਵਿਚ ਉਸ ਨੂੰ ਕਈ ਸੱਟਾਂ ਦਾ ਸਾਹਮਣਾ ਵੀ ਕਰਨਾ ਪਿਆ, 2017 ਵਿਚ ਇਸ ਖੇਡ ਵਿਚ ਹੀ ਉਹ ਆਪਣੀ ਕਾਲਰ ਬੋਨ ਤੁੜਵਾ ਬੈਠੀ। ਉਸ ਨੂੰ ਸਟੀਲ ਪਲੇਟਾਂ ਪੁਆ ਕੇ ਇਲਾਜ ਕਰਵਾਉਣਾ ਪਿਆ ਪਰ ਹੌਸਲੇ ਤੇ ਹਿੰਮਤ ਨਾਲ ਉਹ ਰਾਜ਼ੀ ਹੋ ਗਈ ਤੇ ਫਿਰ ਰੇਸ ਵਿਚ ਵਾਪਸ ਆ ਗਈ। ਇਸ ਬੈਂਗਲੁਰੂ ਦੀ ਸਾਧਾਰਨ ਪਰਿਵਾਰ ਦੀ ਮੁਟਿਆਰ ਨੇ ਮੋਟਰ ਸਪੋਰਟਸ ਵਿਚ ਵਿਸ਼ਵ ਵਿਚ ਇਤਿਹਾਸ ਰਚ ਕੇ ਰੱਖ ਦਿੱਤਾ ਤੇ ਲੜਕੀਆਂ ਲਈ ਰੋਲ ਮਾਡਲ ਬਣ ਗਈ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਦਾਰਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ

ਜਦੋਂ ਵੀ ਕੁਸ਼ਤੀ ਦਾ ਜ਼ਿਕਰ ਆਉਂਦਾ ਹੈ ਤਾਂ ਦਾਰਾ ਸਿੰਘ ਦਾ ਨਾਂਅ ਲਬਾਂ 'ਤੇ ਆਉਂਦਾ ਹੈ। ਦਾਰਾ ਸਿੰਘ ਨੇ ਕਈ ਚੋਟੀ ਦੇ ਪਹਿਲਵਾਨਾਂ ਨੂੰ ਅਖਾੜਿਆ ਵਿਚ ਚਿੱਤ ਕਰਦਿਆਂ ਕੌਮਾਂਤਰੀ ਸ਼ੋਹਰਤ ਖੱਟੀ। ਦਾਰਾ ਸਿੰਘ ਦਾ ਜਨਮ 1928 ਵਿਚ ਅੰਮ੍ਰਿਤਸਰ ਤੋਂ 22 ਮੀਲ ਦੂਰ ਪਿੰਡ ਧਰਮੂਚੱਕ ਵਿਚ ਹੋਇਆ। 4 ਕੁ ਸਾਲ ਦੀ ਉਮਰ ਵਿਚ ਹੀ ਦਾਰਾ ਸਿੰਘ ਮਿੱਟੀ ਵਿਚ ਘੁਲਣ ਲੱਗ ਪਿਆ ਸੀ। ਦਾਰਾ ਸਿੰਘ ਦੇ ਪਿੰਡ ਦੇ ਪਹਿਲਵਾਨ ਲੱਖਾ ਸਿੰਘ ਨੇ ਉਸ ਪਹਿਲਵਾਨ ਨਾਲ ਘੋਲ ਕੀਤਾ। ਦੋਵੇਂ ਪਹਿਲਵਾਨਾਂ ਵਿਚਕਾਰ ਹੋਇਆ ਮੁਕਾਬਲਾ ਬਰਾਬਰੀ 'ਤੇ ਰਿਹਾ। ਇਸ ਘੋਲ ਤੋਂ ਪ੍ਰਭਾਵਿਤ ਹੋ ਕੇ ਦਾਰਾ ਸਿੰਘ ਨੇ ਭਲਵਾਨ ਬਣਨ ਲਈ ਅਭਿਆਸ ਸ਼ੁਰੂ ਕੀਤਾ।
1947 ਵਿਚ ਦਾਰਾ ਸਿੰਘ ਨੇ ਸਿੰਘਾਪੁਰ ਜਾ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਘਰਦਿਆਂ ਦੀ ਮਦਦ ਤੋਂ ਬਗੈਰ ਸਿੰਘਾਪੁਰ ਨੂੰ ਚਾਲੇ ਪਾਏ। ਸਿੰਘਾਪੁਰ ਤੋਂ 30-40 ਮੀਲ ਦੂਰ ਇਕ ਟਾਪੂ ਅਤੇ ਡਰੰਮ ਬਣਾਉਣ ਵਾਲੇ ਕਾਰਖਾਨੇ ਵਿਚ ਕੰਮ ਕੀਤਾ। ਉਸ ਸਮੇਂ ਸਿੰਘਾਪੁਰ ਵਿਚ ਗਰੇਟ ਵਰਲਡ ਵਾਲੀਆਂ ਅਤੇ ਹੈਪੀ ਬਰਡ ਵਾਲੀਆਂ ਥਾਵਾਂ 'ਤੇ ਕੁਸ਼ਤੀਆਂ ਹੁੰਦੀਆਂ ਸਨ। ਗ੍ਰੇਟ ਵਰਡ ਦਾ ਮਾਲਕ ਇਕ ਅੰਗਰੇਜ਼ ਸੀ, ਜਦੋਂ ਕਿ ਹੈਪੀ ਬਰਡ ਨੂੰ ਇਕ ਹਿੰਦੋਸਤਾਨੀ ਰਾਮ ਦਰਸ ਸਿੰਘ ਚਲਾਉਂਦਾ ਸੀ। ਦਾਰਾ ਸਿੰਘ ਵੀ ਗ੍ਰੇਟ ਵਰਡ ਕੁਸ਼ਤੀ ਸਿੱਖਣ ਲੱਗ ਪਿਆ। ਉਸ ਨੇ ਹਰਨਾਮ ਨੂੰ ਆਪਣਾ ਗੁਰੂ ਧਾਰਿਆ। ਸਿੰਘਾਪੁਰ ਵਿਚ ਕੁਸ਼ਤੀਆਂ ਬੰਦ ਹੋਣ ਕਾਰਨ ਕੁਝ ਸਮਾਂ ਦਾਰਾ ਸਿੰਘ ਨੇ ਭਾਰਤ ਵਿਚ ਦੇਸੀ ਕੁਸਤੀਆਂ ਲੜੀਆਂ। ਫਿਰ ਉਸ ਨੇ ਮਲਾਇਆ ਦੇ ਈਪੂ ਸ਼ਹਿਰ ਵਿਚ ਜਾ ਕੇ ਕਾਫੀ ਜੱਦੋ-ਜਹਿਦ ਕੀਤੀ। ਇਸ ਤੋਂ ਬਾਅਦ ਦਾਰਾ ਸਿੰਘ ਕੁਸ਼ਤੀਆ ਲੜਨ ਲਈ ਇੰਡੋਨੇਸ਼ੀਆ ਗਿਆ। ਉਥੋਂ ਦੇ ਇਕ ਠੇਕੇਦਾਰ ਨੇ ਦਾਰਾ ਸਿੰਘ ਨੂੰ ਇਡੋਨੇਸ਼ੀਆ ਬੁਲਾਉਣ ਲਈ ਸੱਦਾ ਭੇਜਿਆ। ਦਾਰਾ ਸਿੰਘ ਇੰਡੋਨੇਸ਼ੀਆ ਵਿਚ ਕੋਈ ਕੁਸ਼ਤੀ ਨਹੀਂ ਹਾਰਿਆ। 1950 ਵਿਚ ਸਿੰਘਾਪੁਰ ਦੀ ਦੂਜੀ ਫੇਰੀ ਸਮੇਂ ਮਲੇਸ਼ੀਆ ਦੇ ਚੈਂਪੀਅਨ ਤਰਲੋਕ ਸਿੰਘ ਨੂੰ ਇਕ ਮੁਕਾਬਲੇ ਵਿਚ ਥੱਲੇ ਸੁੱਟ ਲਿਆ ਪਰ ਤਰਲੋਕ ਸਿੰਘ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਅਖਾੜੇ ਵਿਚ ਵੜ ਕੇ ਘੋਲ ਨੂੰ ਰੋਕ ਦਿੱਤਾ। ਇਸ ਤੋਂ ਅਗਲੇ ਸਾਲ ਦਾਰਾ ਸਿੰਘ ਨੇ ਤਰਲੋਕ ਸਿੰਘ ਨੂੰ ਮੁੜ ਚਿੱਤ ਕੀਤਾ। ਇਸੇ ਸਾਲ ਹੀ ਦਾਰਾ ਸਿੰਘ ਦਾ ਇਕ ਘੋਲ ਆਸਟ੍ਰੇਲੀਆ ਦੇ ਚਾਰਲੀ ਨਾਲ ਹੋਇਆ। ਇਸ ਪਹਿਲਵਾਨ ਨੂੰ ਦਾਰਾ ਸਿੰਘ ਨੇ ਅਜਿਹੇ ਦਾਅ ਪੇਚ ਦਿਖਾਏ ਕਿ ਉਹ ਅਖਾੜਾ ਛੱਡ ਕੇ ਹੀ ਭੱਜ ਗਿਆ।
ਦਾਰਾ ਸਿੰਘ ਨੇ ਸ੍ਰੀਲੰਕਾ ਦਾ 2 ਮਹੀਨਿਆਂ ਦਾ ਦੌਰਾ ਕੀਤਾ। ਉਥੇ ਉਸ ਨੇ ਆਸਟ੍ਰੇਲੀਆ ਦੇ ਪਹਿਲਵਾਨ ਰੇਅ ਹੋਲਡਨ ਅਤੇ ਕਿੰਗ ਕਾਂਗ ਨਾਂਅ ਦੇ ਪਹਿਲਵਾਨ ਦੀ ਪਿੱਠ ਲਗਾਈ। 1954 ਵਿਚ ਰੁਸਤਮ-ਏ-ਹਿੰਦ ਦੇ ਖਿਤਾਬ ਲਈ ਪਹਿਲਵਾਨਾਂ ਵਿਚ ਘੋਲ ਹੋਇਆ। ਅਖੀਰਲਾ ਮੁਕਾਬਲਾ ਦਾਰਾ ਸਿੰਘ ਅਤੇ ਟਾਈਗਰ ਜੋਗਿੰਦਰ ਸਿੰਘ ਵਿਚਕਾਰ ਹੋਇਆ। ਇਸ ਕੁਸ਼ਤੀ ਵਿਚ ਜਿੱਤ ਪ੍ਰਾਪਤ ਕਰਕੇ ਦਾਰਾ ਸਿੰਘ ਨੇ ਰੁਸਤਮ-ਏ-ਹਿੰਦ ਦਾ ਖਿਤਾਬ ਆਪਣੇ ਨਾਂਅ ਕੀਤਾ। 1956 ਵਿਚ ਵਰਲਡ ਚੈਂਪੀਅਨ ਪਰੀਮੋ ਕਹਨੇਰਾ ਨੇ ਦਾਰਾ ਸਿੰਘ ਨੂੰ ਚੁਣੌਤੀ ਦਿੱਤੀ ਤਾਂ ਦਾਰਾ ਸਿੰਘ ਨੇ ਉਸ ਨੂੰ ਚੁੱਕ ਕੇ ਅਖਾੜੇ ਵਿਚੋਂ ਬਾਹਰ ਸੁੱਟ ਦਿੱਤਾ। 1958 ਵਿਚ ਦਾਰਾ ਸਿੰਘ ਨੇ ਜਿੰਨੀਆਂ ਕੁਸ਼ਤੀਆਂ ਲੜੀਆਂ, ਉਨ੍ਹਾਂ ਵਿਚੋਂ ਕੋਈ ਨਹੀਂ ਹਾਰੀ। ਵਰਲਡ ਚੈਂਪੀਅਨ ਬਿਲੀ ਵਿਪਰਵਾਟਸਨ ਨਾਲ ਕੁਸ਼ਤੀ ਲੜੀ, ਇਹ ਕੁਸ਼ਤੀ ਬਰਾਬਰ ਰਹੀ। 1959 ਵਿਚ ਚੋਟੀ ਦੇ ਪਹਿਲਵਾਨਾਂ ਨੂੰ ਹਰਾਉਂਦਿਆਂ ਕਾਮਨਵੈਲਥ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਇਨ੍ਹਾਂ ਕੁਸ਼ਤੀਆਂ ਵਿਚ ਦਾਰਾ ਸਿੰਘ ਨੂੰ ਦੇਖਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਆਏ ਸਨ। 19 ਮਈ, 1968 ਨੂੰ ਦਾਰਾ ਸਿੰਘ ਮੁੰਬਈ ਵਿਚ ਵਿਸ਼ਵ ਚੈਂਪੀਅਨ ਬਣਿਆ। ਚੈਂਪੀਅਨ ਬਣਨ ਲਈ ਦਾਰਾ ਸਿੰਘ ਨੇ ਲੋਆਏ ਥਿਸਿਜ਼ ਨੂੰ ਹਰਾਇਆ। 1983 ਵਿਚ ਦਾਰਾ ਸਿੰਘ ਨੇ ਦਿੱਲੀ ਵਿਚ ਆਪਣਾ ਆਖਰੀ ਘੋਲ ਕੀਤਾ।
ਕੁਸ਼ਤੀ ਤੋਂ ਇਲਾਵਾ ਦਾਰਾ ਸਿੰਘ ਨੇ ਫ਼ਿਲਮਾਂ ਵਿਚ ਵੀ ਕੰਮ ਕੀਤਾ। ਸ਼ੁਰੂ ਵਿਚ ਦਾਰਾ ਸਿੰਘ ਨੇ ਫ਼ਿਲਮਾਂ ਵਿਚ ਕੁਸ਼ਤੀ ਕੀਤੀ। 1960 ਵਿਚ ਕਿੰਗ ਕਾਂਗ ਨਾਂਅ ਦੀ ਫ਼ਿਲਮ ਵਿਚ ਮੁੱਖ ਰੋਲ ਕੀਤਾ। ਇਸ ਫ਼ਿਲਮ ਤੋਂ ਬਾਅਦ ਦਾਰਾ ਸਿੰਘ ਤੋਂ ਨਿਰਮਾਤਾ-ਨਿਰਦੇਸ਼ਕ ਫ਼ਿਲਮਾਂ ਵਿਚ ਕੰਮ ਕਰਾਉਣ ਲਈ ਮਗਰ-ਮਗਰ ਫਿਰਨ ਲੱਗੇ। ਦਾਰਾ ਸਿੰਘ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਦਾਰਾ ਸਿੰਘ ਨੇ 'ਨਾਨਕ ਦੁਖੀਆ ਸਭ ਸੰਸਾਰ', 'ਮੇਰਾ ਧਰਮ', 'ਭਗਤ ਧੰਨਾ ਜੱਟ' ਆਦਿ ਫ਼ਿਲਮਾਂ ਖੁਦ ਬਣਾਈਆਂ। 12 ਜੁਲਾਈ, 2012 ਨੂੰ ਇਹ ਮਹਾਨ ਪਹਿਲਵਾਨ ਸਾਨੂੰ ਸਦਾ ਲਈ ਅਲਵਿਦਾ ਆਖ ਗਏ।


-ਮੋਬਾ: 97792-07572

ਪੰਜਾਬੀ ਖਿਡਾਰੀਆਂ ਨੂੰ ਨਿਰਾਸ਼ਾ ਦੇ ਹੜ੍ਹ ਤੋਂ ਕੌਣ ਬਚਾਏ?

ਪੰਜਾਬ 'ਤੇ ਕੁਦਰਤੀ ਕਰੋਪੀ ਦੇ ਬੱਦਲ ਹੜ੍ਹਾਂ ਦੇ ਰੂਪ ਵਿਚ ਉਮਰਾਂ ਦੀ ਪੂੰਜੀ ਨੂੰ ਖੋਰ ਕੇ ਲੈ ਗਏ ਹਨ। ਕੀ ਮਾਝਾ, ਕੀ ਦੋਆਬਾ, ਕੀ ਪੁਆਧ ਤੇ ਕੀ ਬਾਂਗਰ, ਜੇ ਗੱਲ ਕਰੀਏ ਸਾਰੇ ਦਾ ਸਾਰਾ ਪੰਜਾਬ ਹੀ ਹਿੱਲਿਆ ਫਿਰਦਾ ਹੈ। ਹੜ੍ਹ ਆਏ ਤੇ ਚਲੇ ਵੀ ਜਾਣਗੇ, ਢੱਠੇ ਘਰ ਮੁੜ ਬਣ ਜਾਣਗੇ। ਚਾਰ ਦਿਨਾਂ ਦੀ ਹਾਹਾਕਾਰ ਤੋੋਂ ਬਾਅਦ ਜ਼ਿੰਦਗੀ ਮੁੜ ਪਟੜੀ 'ਤੇ ਆ ਜਾਵੇਗੀ। ਸਮੇਂ ਦੇ ਹਾਕਮਾਂ ਨੂੰ ਪੰਜਾਬੀਆਂ ਦੇ ਤੱਤੇ ਸੁਭਾਅ ਦਾ, ਨਬਜ਼ ਦਾ ਪਤਾ ਹੈ ਪਰ ਉਸ ਹੜ੍ਹ ਦਾ ਪੰਜਾਬੀ ਲੋਕ ਸਮੇਂ ਦੇ ਹਾਕਮ ਕੀ ਕਰਨਗੇ, ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਅੰਸ਼ਾਂ ਨੂੰ ਹੜ੍ਹਾਅ ਕੇ ਲੈ ਜਾ ਰਿਹਾ ਹੈ? ਅੰਕੜੇ ਬੋਲ ਰਹੇ ਹਨ ਤੇ ਹਰ ਸਾਲ ਇਕ ਲੱਖ ਪੰਜਾਬੀ ਨੌਜਵਾਨ 2400 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਆਇਲਟਸ ਸੈਂਟਰਾਂ, ਵੀਜ਼ਾ ਸਲਾਹਕਾਰਾਂ ਤੇ ਦਲਾਲਾ ਰਾਹੀਂ ਹੜ੍ਹਾਅ ਕੇ ਲਿਜਾ ਰਹੇ ਹਨ। ਪੰਜਾਬ ਦੇ ਖੇਡ ਮੈਦਾਨ ਪੁਰਖਿਆਂ ਦੇ ਖੇਤਾਂ ਵਾਂਗੂ ਖਾਲੀ ਪਏ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਇੱਛਾ ਸ਼ਕਤੀਆਂ ਦੀ ਘਾਟ, ਪੈਰ-ਪੈਰ 'ਤੇ ਭ੍ਰਿਸ਼ਟਾਚਾਰ ਦੇ ਬੱਦਲਾਂ ਨੇ ਪੰਜਾਬੀ ਖਿਡਾਰੀਆਂ ਦੀ ਮਾਨਸਿਕਤਾ ਨੂੰ ਇੱਥੋਂ ਦੂਰ ਹੜ੍ਹਾਂ ਵਿਚ ਪੁੱਟੀ ਘਾਹ ਦੀ ਤਿੜ੍ਹ ਵਾਂਗੂ ਨਵੀਂ ਜ਼ਮੀਨ ਦੀ ਤਲਾਸ਼ ਵਿਚ, ਚੰਗੇ ਸੁਪਨਿਆਂ ਦੀ ਤਲਾਸ਼ ਵਿਚ, ਹੜ੍ਹ ਦੇ ਪਾਣੀ ਵਿਚ ਵਹਿਣ ਲਈ ਮਜਬੂਰ ਕਰ ਦਿੱਤਾ ਹੈ। ਧੀਆਂ-ਪੁੱਤਾਂ ਤੋਂ ਵਿਰਵੇ ਬਜ਼ੁਰਗ, ਸੁੰਨੀਆਂ ਸੱਥਾਂ ਵਿਚ ਇਕ-ਦੂਸਰੇ ਨੂੰ ਦਿਲਾਸਾ ਦੇਣ ਲਈ 'ਨਾਜ਼ਰਾ ਲਾ ਸੀਪ ਦੀ ਬਾਜ਼ੀ ਸੱਥਾਂ ਹੋ ਚੱਲੀਆਂ ਨੇ ਖਾਲੀ' ਕਹਿ ਕੇ ਮਨ ਪਰਚਾਅ ਰਹੇ ਹਨ।
ਮਾੜੀਆਂ ਆਰਥਿਕ ਨੀਤੀਆਂ ਕਾਰਨ ਪੰਜਾਬ ਦਾ ਅਮੁੱਲ ਸਰਮਾਇਆ ਜਲ, ਜੰਗਲ, ਜ਼ਮੀਨ, ਜਵਾਨੀ ਇਸ ਸਮੇਂ ਸੰਕਟ ਵਿਚ ਹਨ। ਕਰਜ਼ਾ ਕੁੜਿੱਕੀ ਵਿਚ ਫਸੇ ਪੰਜਾਬ ਦਾ ਸਭ ਤੋਂ ਵੱਡਾ ਅਸਰ ਲੋਕ ਭਲਾਈ ਸਕੀਮਾਂ 'ਤੇ ਪਿਆ ਹੈ, ਜਿਸ ਦੇ ਹੜ੍ਹ ਦੀ ਮਾਰ ਤੋਂ ਖੇਡ ਵਿਭਾਗ ਪੰਜਾਬ ਵੀ ਅਛੂਤਾ ਨਹੀਂ ਹੈ। ਅੰਕੜੇ ਬੋਲਦੇ ਹਨ ਖੇਡ ਵਿਭਾਗ ਪੰਜਾਬ ਆਪਣੀ ਲਾਡਲੀ ਖੇਡ ਨੀਤੀ 2018 ਦੀ ਲਾਜ ਵੀ ਨਹੀਂ ਰੱਖ ਸਕਿਆ। ਪੰਜਾਬ ਦੇ ਖਿਡਾਰੀਆਂ ਨੂੰ ਦਿੱਤੀ ਲਿਖਤੀ ਜ਼ਬਾਨ 'ਤੇ ਜੇ ਪੰਜਾਬ ਦੇ ਹਾਕਮ ਪਹਿਰਾ ਨਾ ਦੇਣ ਤਾਂ ਪੰਜਾਬ ਦੇ ਨੌਜਵਾਨਾਂ ਕੋਲ ਕੀ ਰਹਿ ਜਾਂਦਾ ਹੈ? ਉਹ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਇਨ੍ਹਾਂ ਝੂਠ ਦੇ ਬੱਦਲਾਂ ਤੋਂ ਕਿਹੜੀ ਮਨੁੱਖੀ ਆਸ ਦੀ ਛਤਰੀ ਰਾਹੀਂ ਸੁਰੱਖਿਅਤ ਰੱਖੇ? ਖੇਡ ਨੀਤੀ ਅਨੁਸਾਰ 2017-18 ਦੇ ਤਗਮਾ ਜੇਤੂ ਖਿਡਾਰੀਆਂ ਦੀ ਹੱਕ-ਹਲਾਲ ਦੀ ਕਮਾਈ ਅਜੇ ਤੱਕ ਨਹੀਂ ਮਿਲੀ। ਖਿਡਾਰੀ ਚਿੰਤਤ ਹਨ ਕਿ 2018-19 ਦੇ ਪੈਸੇ ਤਾਂ ਫਿਰ ਨਵੀਂ ਸਰਕਾਰ ਵੇਲੇ 2022 ਵਿਚ ਮਿਲਣਗੇ। ਪੰਜਾਬ ਖੇਡ ਨੀਤੀ ਦੇ ਪੈਰਾ ਨੰਬਰ 8.5 ਵਿਚ 700 ਕੋਚ ਭਰਤੀ ਕਰਨੇ ਸੀ, ਜਿਸ ਦੀ ਅਜੇ ਤੱਕ ਸ਼ੁਰੂਆਤ ਨਹੀਂ ਕੀਤੀ ਗਈ। ਪੈਰਾ 8.1 ਰਾਹੀਂ ਏ.ਬੀ.ਸੀ. ਰਾਹੀਂ 3 ਅਲੱਗ ਵਿਭਾਗ ਦੱਸੇ ਗਏ ਹਨ। ਇਨ੍ਹਾਂ ਤਿੰਨਾਂ ਵਿਭਾਗਾਂ ਦੀਆਂ ਗਰਾਰੀਆਂ ਦੇ ਦੰਦੇ ਆਪਸ ਵਿਚ ਨਾ ਮਿਲਣ ਕਾਰਨ ਪੰਜਾਬ ਦੀ ਖੇਡਾਂ ਦੀ ਗੱਡੀ ਡੀ ਰੇਲ ਹੋਈ ਪਈ ਹੈ। ਕਰੋੜਾਂ ਰੁਪਏ ਖਰਚ ਕਰਕੇ 2015 'ਚ ਬਣਿਆ ਪੀ.ਆਈ.ਐਸ. ਮੋਹਾਲੀ ਚਿੱਟਾ ਹਾਥੀ ਬਣ ਗਿਆ ਹੈ।
ਨਿੱਜੀਕਰਨ ਨੀਤੀ ਨੂੰ ਹੁਲਾਰਾ ਦੇਣ, ਅਮੀਰ ਲੋਕਾਂ ਦੇ ਬੱਚਿਆਂ ਦੀ ਮਨੋਰੰਜਨ ਭੂਮੀ ਤੇ ਸੇਵਾ ਮੁਕਤ ਕੋਚਾਂ ਲਈ ਆਰਾਮ ਬਣਿਆ ਇਹ ਸੈਂਟਰ ਆਪਣੇ ਟੀਚੇ ਦੇ ਅਨੁਸਾਰ ਖਿਡਾਰੀ ਭਰਤੀ ਨਹੀਂ ਕਰ ਸਕਿਆ, ਕਿਉਂਕਿ ਜਿਸ ਗੱਡੀ ਦਾ ਕੋਈ ਡਰਾਈਵਰ ਹੀ ਨਹੀਂ ਹੈ, ਉਸ ਲਈ ਬਾਹਰ ਦੇ ਸਲਾਹਕਾਰ ਜਿੰਨੇ ਮਰਜ਼ੀ ਰੱਖ ਲਵੋ, ਉਹ ਗੱਡੀ ਚੱਲੇਗੀ ਨਹੀਂ। ਪੰਜਾਬ ਦੇ ਖਿਡਾਰੀਆਂ ਲਈ ਬਣੀ ਸਪੋਰਟਸ ਕੌਂਸਲ ਨਾ ਤਾਂ ਜ਼ਿੰਦਗੀ ਦੇ ਸੁਨਹਿਰੀ ਸਾਲ ਗਰਾਊਂਡਾਂ ਦੀ ਮਿੱਟੀ 'ਚ ਮਿਲਾਉਣ ਵਾਲੇ ਬਜ਼ੁਰਗ ਖਿਡਾਰੀਆਂ ਲਈ ਰਾਹਤ ਕੋਸ਼ ਪੈਦਾ ਕਰ ਸਕੀ ਤੇ ਨਾ ਹੀ ਉੱਭਰਦੇ ਖਿਡਾਰੀਆਂ ਦੀ ਉਂਗਲੀ ਫੜ ਕੇ ਉਨ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸੁਪਨੇ ਸਾਕਾਰ ਕਰਨ ਦਾ ਜ਼ਰੀਆ ਬਣ ਸਕੀ। ਪ੍ਰਵਾਸ ਦੇ ਹੜ੍ਹ ਤੋਂ ਬਚੀ ਜਵਾਨੀ ਨੂੰ ਬਚਾਉਣ ਲਈ ਸਪੋਰਟਸ ਕੌਂਸਲ ਇਹ ਐਲਾਨ ਕਰਨ ਵਿਚ ਮੌਨੀ ਬਾਬਾ ਬਣੀ ਹੋਈ ਹੈ, ਕਿ ਜੇ ਕਿਸੇ ਖਿਡਾਰੀ ਦੀ ਕੇਂਦਰ ਸਰਕਾਰ ਜਾਂ ਉਸ ਦੀ ਪਿੱਤਰੀ ਖੇਡ ਸੰਸਥਾ, ਅਦਾਰਾ, ਅੰਤਰਰਾਸ਼ਟਰੀ, ਵਿਸ਼ਵ ਯੂਨੀਵਰਸਿਟੀ, ਵਿਸ਼ਵ ਸਕੂਲ ਖੇਡਾਂ, ਕਾਮਨਵੈਲਥ, ਏਸ਼ੀਅਨ ਚੈਂਪੀਅਨ ਜਾਂ ਉਹ ਟੂਰਨਾਮੈਂਟ ਜੋ ਪੰਜਾਬ ਖੇਡ ਨੀਤੀ ਅਨੁਸਾਰ ਹਨ, ਉਸ ਦੀ ਆਰਥਿਕ ਮਦਦ ਵੀ ਨਹੀਂ ਕਰਦੀ, ਤਾਂ ਪੰਜਾਬ ਸਰਕਾਰ ਦੀ ਸਪੋਰਟਸ ਕੌਂਸਲ ਦੇ ਦਰਵਾਜ਼ੇ ਖੁੱਲ੍ਹੇ ਹਨ, ਪਰ ਇਸ ਸਪੋਰਟਸ ਕੌਂਸਲ ਕੋਲ ਖਿਡਾਰੀ ਕਿਸ ਤਰ੍ਹਾਂ ਦੇ ਨਾਲ ਅਰਜ਼ੋਈ ਕਰ ਸਕੇਗਾ, ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਇਸ ਦੇ ਮੈਂਬਰ ਕੌਣ-ਕੌਣ ਹਨ? ਜ਼ਿਲ੍ਹਾ ਪੱਧਰ 'ਤੇ ਕੋਈ ਤਾਣਾ-ਬਾਣਾ ਨਹੀਂ ਤੇ ਸਪੋਰਟਸ ਕੌਂਸਲ ਸਟੇਡੀਅਮਾਂ ਦੀ ਸਫਾਈ ਤੇ ਸਾਂਭ-ਸੰੰਭਾਲ ਲਈ ਇਕ ਝਾੜੂ ਵੀ ਲੈ ਕੇ ਨਹੀਂ ਦੇ ਸਕੀ। ਕੋਚ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਕੇ ਖੁਦ ਪ੍ਰਬੰਧ ਕਰਦੇ ਹਨ। ਕੋਈ ਖੇਡ ਸਾਮਾਨ ਨਹੀਂ।
ਇਹ ਸੱਚ ਹੈ ਕਿ ਸਰਕਾਰ ਤਾਂ ਨਿੱਕਰ ਵੀ ਖਰੀਦ ਕੇ ਨਹੀਂ ਦੇ ਸਕਦੀ ਤੇ ਨਵੇੇਂ ਸਟੇਡੀਅਮ ਕਿੱਥੋਂ ਬਣਾ ਕੇ ਦੇਵੇਗੀ ਤੇ ਕਨਸੋਆਂ ਤਾਂ ਇਹ ਵੀ ਹਨ ਕਿ ਪੰਜਾਬ ਸਰਕਾਰ ਖੇਡ ਸਟੇਡੀਅਮਾਂ ਦੇ ਪ੍ਰਬੰਧਾਂ ਦਾ ਪੱਕਾ ਹੱਲ ਕਰਨ ਲੱਗੀ ਹੈ ਤੇ ਉਹ ਸਾਰਾ ਪ੍ਰਬੰਧ ਠੇਕੇਦਾਰਾਂ ਦੇ ਹਵਾਲੇ ਕਰਕੇ ਖਿਡਾਰੀਆਂ ਦੇ ਉਲਾਂਭੇ ਲਾਹੁਣ ਲੱਗੀ ਹੈ। ਇਸ ਵਾਰ ਵਿਧਾਨ ਸਭਾ ਵਿਚ ਦੋ ਵਿਧਾਇਕਾਂ ਨੇ ਖੇਡ ਮੰਤਰੀ ਪੰਜਾਬ ਨੂੰ ਸਵਾਲ ਪੁੱਛ ਕੇ ਪ੍ਰੇਸ਼ਾਨ ਕਰ ਦਿੱਤਾ ਕਿ ਤੁਸੀਂ ਆਪਣੀ ਖੇਡ ਨੀਤੀ ਅਨੁਸਾਰ ਪੰਜ ਹਜ਼ਾਰ ਖਿਡਾਰੀਆਂ ਦਾ ਸਪੋਰਟਸ ਵਿੰਗ ਖੋਲ੍ਹ ਕੇ ਚੰਗੀ ਟ੍ਰੇਨਿੰਗ ਦੇਣ ਦੇ ਉਪਰਾਲੇ ਕਿਉਂ ਨਹੀਂ ਕੀਤੇ? ਉਨ੍ਹਾਂ ਵਲੋਂ ਚੋਣ ਜ਼ਾਬਤੇ ਦਾ ਬਹਾਨਾ ਲਗਾ ਕੇ ਪੱਲਾ ਛੁਡਾ ਲਿਆ ਗਿਆ ਪਰ ਖਿਡਾਰੀਆਂ ਨੂੰ ਕਿਹੜੀ ਪੱਕੀ ਸਰਕਾਰੀ ਨੌਕਰੀ ਦੇਣੀ ਸੀ ਜੋ ਚੋਣ ਕਮਿਸ਼ਨ ਰੋਕਦਾ? ਜੇ ਖੇਡ ਵਿਭਾਗ ਚੋਣਾਂ ਦੌਰਾਨ ਮਾਣਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇੇਸ਼ਾਂ ਨੂੰ ਮੱਦੇਨਜ਼ਰ ਰੱਖ ਕੇ 2016-17 ਦੇ ਤਗਮਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦੇ ਸਕਦਾ ਹੈ ਤਾਂ ਸਪੋਰਟਸ ਵਿੰਗਾਂ ਦੇ ਚੋਣ ਟਰਾਇਲ ਲੈਣ ਤੋਂ ਕੌਣ ਰੋਕ ਸਕਦਾ ਸੀ? ਤੇ ਨਾਲੇ ਜੇ ਅਜੇ ਤੱਕ ਖਿਡਾਰੀਆਂ ਨੂੰ ਖੇਡ ਵਿੰਗਾਂ ਵਿਚ ਖੁਰਾਕ ਚਾਲੂ ਨਹੀਂ ਹੋਈ ਤਾਂ ਹੁਣ ਕਿਹੜਾ ਚੋਣ ਜ਼ਾਬਤਾ ਲੱਗਿਆ ਹੈ? ਇਸ ਨਿਰਾਸ਼ਤਾ ਦੇ ਹੜ੍ਹ ਨੇ ਪੰਜਾਬ ਦੀਆਂ ਖੇਡ ਐਸੋਸੀਏਸ਼ਨਾਂ, ਅਦਾਰੇ ਵੀ ਰੋੜ੍ਹ ਦਿੱਤੇ ਹਨ। ਖੇਡ ਵਿਭਾਗ ਪੰਜਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਧੀਨ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਉਣ ਦੇ ਪ੍ਰੋਗਾਰਮ ਉਲੀਕੇ ਤੇ ਇਸ ਵਿਚੋਂ ਜ਼ਿਲ੍ਹਾ ਖੇਡ ਸੰਸਥਾਵਾਂ ਤੇ ਜ਼ਿਲ੍ਹਾ ਖੇਡ ਅਫਸਰਾਂ ਨੂੰ ਲਾਂਭੇ ਕਰ ਦਿੱਤਾ।
'ਅੱਗਾ ਦੌੜ ਪਿੱਛਾ ਚੌੜ' ਵਾਲੀ ਨੀਤੀ 'ਤੇ ਚਲਦਿਆਂ ਪਟਿਆਲਾ ਵਿਚ ਸਪੋਰਟਸ ਯੂਨੀਵਰਸਿਟੀ ਦੀ ਸ਼ੁਰੂਆਤ ਕਰਕੇ ਪੰਜਾਬ ਦੇ ਖਿਡਾਰੀਆਂ ਨੂੰ ਵੱਡੇ-ਵੱਡੇ ਸੁਪਨੇ ਵਿਖਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਜਾਣਕਾਰ ਦੱਸਦੇ ਹਨ ਕਿ ਜੋ ਕੋਰਸ ਇਸ ਵਿਚ ਸ਼ੁਰੂ ਕੀਤੇ ਜਾਣਗੇ, ਉਹ ਪਹਿਲਾਂ ਹੀ ਪਟਿਆਲੇ ਦੇ ਕਾਲਜਾਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਐਨ.ਆਈ.ਐਸ. ਪਟਿਆਲਾ ਵਿਚ ਮੌਜੂਦ ਹਨ। ਹੁਣ ਸਵਾਲ ਇਹ ਹੈ ਕਿ ਸਤਲੁਜ, ਬਿਆਸ, ਘੱਗਰ, ਬਰਸਾਤੀ ਨਦੀਆਂ ਦੀ ਮਾਰ ਤੋਂ ਬਚਾਉਣ ਦੀ ਤਰ੍ਹਾਂ ਕੋਈ ਮਹਾਂਰਥੀ ਪੰਜਾਬ ਦੇ ਖਿਡਾਰੀਆਂ ਨੂੰ ਬਚਾਉਣ ਲਈ ਅੱਗੇ ਆਵੇਗਾ? ਇਥੇ ਤਾਂ ਤੰਦ ਹੀ ਨਹੀਂ, ਪੂਰੀ ਤਾਣੀ ਹੀ ਉਲਝੀ ਪਈ ਹੈ। ਪੰਜਾਬ ਉਲੰਪਿਕ ਐਸੋਸੀਏਸ਼ਨ ਸਮੇਂ ਸਿਰ ਚੋਣਾਂ ਨਾ ਕਰਵਾਉਣ ਕਰਕੇ ਇਸ ਸਮੇਂ ਖਿਡਾਰੀਆਂ ਦੀ ਆਵਾਜ਼ ਬਣਨ ਤੋਂ ਟਾਲਾ ਵੱਟ ਰਹੀ ਹੈ ਪਰ ਸਥਿਤੀਆਂ ਕੁਝ ਵੀ ਹੋਣ, ਇਹ ਹੜ੍ਹ ਤਾਂ ਆਉਂਦੇ ਹੀ ਰਹਿੰਦੇ ਹਨ। ਪੰਜਾਬੀ ਇਹੋ ਜਿਹੀਆਂ ਆਫਤਾਂ ਨਾਲ ਜੂਝ ਕੇ ਇਕ-ਦੂਜੇ ਦੇ ਭਾਈਵਾਲ ਬਣ ਕੇ ਦੁੱਖ-ਦਰਦ ਵੰਡਣ ਦਾ ਫਰਜ਼ ਨਿਭਾਅ ਰਹੇ ਹਨ। ਸੋ, ਪੰਜਾਬ ਦੇ ਖਿਡਾਰੀਆਂ ਨੂੰ ਨਿਰਾਸ਼ਾ ਦੇ ਆਲਮ ਵਿਚੋਂ ਕੱਢਣ ਲਈ ਖੇਡ ਪ੍ਰੇਮੀਆਂ ਨੂੰ ਖਿਡਾਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਜਥੇਬੰਦਕ ਤਾਕਤਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ, ਤਾਂ ਹੀ ਪੰਜਾਬ ਦੀ ਖੇਡਾਂ ਦੀ ਬੇੜੀ ਪਾਰ ਲੱਗੇਗੀ।


-ਮੋਬਾ: 98729-78781

ਦਿੱਲੀ ਵੀਲ੍ਹਚੇਅਰ ਬਾਸਕਟਬਾਲ ਦਾ ਸੁਪਰ ਖਿਡਾਰੀ ਅੰਕਤ ਪ੍ਰਧਾਨ ਦਾਰਜਲਿੰਗ

'ਇਤਨੀ ਠੋਕਰੇਂ ਦੇਨੇ ਕੇ ਲੀਏ ਸ਼ੁਕਰੀਆ ਐ ਜ਼ਿੰਦਗੀ, ਚਲਨੇ ਕਾ ਨਾ ਸਹੀ ਸੰਭਲਨੇ ਕਾ ਹੁਨਰ ਤੋ ਆ ਹੀ ਗਆ।' ਦਿੱਲੀ ਦੀ ਵੀਲ੍ਹਚੇਅਰ ਬਾਸਕਟਬਾਲ ਟੀਮ ਦਾ ਸੁਪਰ ਖਿਡਾਰੀ ਹੈ ਅੰਕਤ ਪਰਧਾਨ, ਜਿਸ ਨੇ ਟੀਮ ਵਿਚ ਖੇਡਦਿਆਂ ਅਨੇਕਾਂ ਵਾਰ ਜਿੱਤ ਹੀ ਨਹੀਂ ਦਿਵਾਈ, ਸਗੋਂ ਸੋਨ ਤਗਮੇ ਵੀ ਟੀਮ ਦੀ ਝੋਲੀ ਪੁਆਏ ਹਨ। ਅੰਕਤ ਪਰਧਾਨ ਦਾ ਬਚਪਨ ਦਾ ਸਬੰਧ ਖੂਬਸੂਰਤ ਵਾਦੀਆਂ ਕਰਕੇ ਜਾਣੇ ਜਾਂਦੇ ਪੱਛਮੀ ਬੰਗਾਲ ਦੇ ਇਲਾਕੇ ਦਾਰਜਲਿੰਗ ਨਾਲ ਹੈ ਅਤੇ ਅੰਕਤ ਨੂੰ ਬਚਪਨ ਤੋਂ ਹੀ ਬਾਸਕਟਬਾਲ ਖੇਡਣ ਦਾ ਸ਼ੌਂਕ ਸੀ ਅਤੇ ਉਸ ਨੇ ਬਾਸਕਟਬਾਲ ਬਚਪਨ ਤੋਂ ਸਕੂਲੀ ਪੱਧਰ 'ਤੇ ਹੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਨੇ ਸਕੂਲੀ ਪੱਧਰ 'ਤੇ ਹੀ ਆਪਣੀ ਧਾਕ ਜਮਾ ਲਈ ਪਰ ਸਾਲ 2015 ਅੰਕਤ ਲਈ ਐਸਾ ਮਨਹੂਸ ਚੜ੍ਹਿਆ ਕਿ ਅੰਕਤ ਇਕ ਖਤਰਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਖਤਰਨਾਕ ਹਾਦਸੇ ਨੇ ਅੰਕਤ ਨੂੰ ਅਜਿਹਾ ਗਮ ਦਿੱਤਾ ਜਿਸ ਦੀ ਪੀੜ ਅੱਜ ਵੀ ਕਦੇ-ਕਦੇ ਉਸ ਦੇ ਸੀਨੇ ਵਿਚ ਚੀਸ ਬਣ ਕੇ ਉਠਦੀ ਹੈ ਪਰ ਇਹ ਉਸ ਦੀ ਹਿੰਮਤ ਅਤੇ ਹੌਸਲੇ ਦਾ ਹੀ ਕਮਾਲ ਹੈ ਕਿ ਅੱਜ ਜਦ ਉਹ ਦਿੱਲੀ ਦੀ ਟੀਮ ਵਿਚ ਬਾਸਕਟਬਾਲ ਖੇਡਦਿਆਂ ਆਪਣੀ ਵੀਲ੍ਹਚੇਅਰ ਦੌੜਾਉਂਦਾ ਹੈ ਤਾਂ ਦਰਸ਼ਕ ਮੱਲੋ-ਮੱਲੀ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਂਦੇ ਹਨ। ਅੰਕਤ ਨਾਲ ਹੋਏ ਹਾਦਸੇ ਨਾਲ ਉਹ ਰੀੜ੍ਹ ਦੀ ਹੱਡੀ ਦੀ ਸੱਟ ਦਾ ਸ਼ਿਕਾਰ ਹੋ ਗਿਆ ਅਤੇ ਸਾਰੀ ਜ਼ਿੰਦਗੀ ਵੀਲ੍ਹਚੇਅਰ 'ਤੇ ਚੱਲਣ ਲਈ ਮਜਬੂਰ ਹੋ ਗਿਆ। ਪਰ ਬਚਪਨ ਤੋਂ ਹੀ ਬਾਸਕਟਬਾਲ ਖੇਡਣ ਦੀ ਰੀਝ ਉਸ ਦੇ ਅੰਦਰ ਮਰੀ ਨਹੀਂ ਅਤੇ ਹੁਣ ਉਸ ਨੇ ਵੀਲ੍ਹਚੇਅਰ 'ਤੇ ਬਾਸਕਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਉਹ ਅੱਜ ਦਿੱਲੀ ਦੀ ਟੀਮ ਦਾ ਚਮਕਦਾ ਸਿਤਾਰਾ ਹੈ।
ਅੰਕਤ ਇਕੱਲਾ ਬਾਸਕਿਟਬਾਲ ਦਾ ਖਿਡਾਰੀ ਹੀ ਨਹੀਂ, ਸਗੋਂ ਉਹ ਆਪਣੇ ਨਾਲ ਦੇ ਹੋਰ ਵੀ ਅਪਾਹਜਾਂ ਨੂੰ ਨਿਰਵਿਘਨ ਉਤਸ਼ਾਹਤ ਕਰਦਾ ਹੈ, ਉਨ੍ਹਾਂ ਨੂੰ ਜ਼ਿੰਦਗੀ ਵਿਚ ਹਿੰਮਤ, ਸਾਹਸ ਅਤੇ ਦਲੇਰੀ ਨਾਲ ਆਈਆਂ ਹੋਈਆਂ ਮੁਸ਼ਕਿਲਾਂ ਨਾਲ ਲੜਨ ਲਈ ਜਾਂਚ ਵੀ ਸਿਖਾਉਂਦਾ ਹੈ। ਇੱਥੇ ਹੀ ਬਸ ਨਹੀਂ, ਖੇਡ ਕਲਾ ਦੇ ਨਾਲ-ਨਾਲ ਉਸ ਨੇ ਦਾਰਜਲਿੰਗ ਦੇ ਸ਼ਹਿਰ ਸਿਲੀਗੁੜੀ ਵਿਚ ਇਕ ਜਿੰਮ ਵੀ ਖੋਲ੍ਹਿਆ ਹੋਇਆ ਹੈ, ਜਿੱਥੇ ਉਹ ਅਪਾਹਜ ਖਿਡਾਰੀ ਤਿਆਰ ਕਰਕੇ ਉਨ੍ਹਾਂ ਨੂੰ ਆਤਮਨਿਰਭਰ ਅਤੇ ਸਵੈ-ਵਿਸ਼ਵਾਸ ਨਾਲ ਖੇਡ ਦੇ ਮੈਦਾਨ ਵਿਚ ਭੇਜਦਾ ਹੈ। ਅੰਕਤ ਵਲੋਂ ਹੋਰ ਅਪਾਹਜਾਂ ਲਈ ਨਿਭਾਏ ਜਾ ਰਹੇ ਰੋਲ ਸਦਕਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਦੇ ਨਾਲ ਉਸ ਨੂੰ ਦਾਦ ਵੀ ਦਿੱਤੀ ਹੈ ਅਤੇ ਖਿਡਾਰੀ ਹੋਣ ਤੋਂ ਇਲਾਵਾ ਵੀਲ੍ਹਚੇਅਰ 'ਤੇ ਅੰਕਤ ਵਲੋਂ ਕੀਤੇ ਡਾਂਸ ਦੀ ਪੇਸ਼ਕਾਰੀ ਅਨੇਕਾਂ ਵਾਰ ਦੇਸ਼ ਦੇ ਰਾਸ਼ਟਰੀ ਚੈਨਲ ਡੀ.ਡੀ.-1 'ਤੇ ਪ੍ਰਸਾਰਤ ਹੋਈ ਹੈ। ਅੰਕਤ ਆਪਣੇ ਇਸ ਖੇਤਰ ਵਿਚ ਬੇਹੱਦ ਰਿਣੀ ਹੈ ਆਪਣੇ ਬਾਪ ਗੋਵਿੰਦ ਪਰਧਾਨ ਦਾ, ਜਿਸ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ। ਅੰਕਤ ਆਖਦਾ ਹੈ ਕਿ, 'ਜ਼ਿੰਦਗੀ ਗਮ ਸੇ ਨਹੀਂ, ਦਮ ਸੇ ਜੀਨੇ ਕਾ ਨਾਮ ਹੈ।'

-ਮੋਬਾਇਲ : 98551-14484

ਪੰਜਾਬ ਦੀ ਧੀ ਨੇ ਕੀਤਾ ਕਮਾਲ...

ਦੁਨੀਆ ਵਿਚ ਹਰ ਇਨਸਾਨ ਆਪੋ-ਆਪਣੇ ਕਰਮ ਕਰਦਾ ਹੋਇਆ ਜ਼ਿੰਦਗੀ ਕੱਟ ਰਿਹਾ ਹੈ ਪਰ ਧਰਤੀ 'ਤੇ ਕੁਝ ਇਨਸਾਨ ਜੋ ਆਪਣੀ ਜ਼ਿੰਦਗੀ ਨੂੰ ਸਾਰਥਕ ਕਰਨ ਲਈ ਅਤੇ ਕੁਝ ਵੱਖਰਾ ਕਰਨ ਲਈ ਜੱਦੋ-ਜਹਿਦ ਕਰਦੇ ਹਨ ਅਤੇ ਆਖਰ ਨੂੰ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਜ਼ਿੰਦਗੀ ਵਿਚ ਕੁਝ ਕਰ ਗੁਜ਼ਰਦੇ ਹਨ। ਉਂਜ ਤਾਂ ਅੱਜ ਭਾਰਤੀ ਖੇਡ ਦੇ ਨਕਸ਼ੇ 'ਤੇ ਜੇਕਰ ਨਜ਼ਰ ਮਾਰੀਏ ਤਾਂ ਭਾਰਤੀ ਮੁਟਿਆਰਾਂ ਨੇ ਹਰ ਖੇਡ ਵਿਚ ਧੂੜਾਂ ਹੀ ਪੁੱਟ ਰੱਖੀਆਂ ਹਨ ਤੇ ਭਾਰਤ ਦੀ ਝੋਲੀ ਨੂੰ ਨਿੱਤ ਤਗਮਿਆਂ ਨਾਲ ਭਰ ਰਹੀਆਂ ਹਨ ਪਰ ਇਕ ਇਹੋ ਜਿਹੀ ਖੇਡ, ਜਿਸ ਨੂੰ ਕਿ ਮਰਦਾਨਾ ਖੇਡ ਕਿਹਾ ਜਾਂਦਾ ਹੈ, ਵਿਚ ਵੀ ਭਾਰਤੀ ਮੁਟਿਆਰਾਂ ਅੱਜ ਆਪਣੇ ਜੌਹਰ ਦਿਖਾ ਰਹੀਆਂ ਹਨ ਅਤੇ ਉਹ ਖੇਡ ਹੈ ਮੁੱਕੇਬਾਜ਼ੀ, ਜਿਸ ਵਿਚ ਅੱਜ ਭਾਰਤੀ ਕੁੜੀਆਂ ਦੇ ਮੁੱਕੇ ਦਾ ਜਲਵਾ ਖੂਬ ਦੇਖਣ ਨੂੰ ਮਿਲ ਰਿਹਾ ਹੈ। ਆਓ ਅੱਜ ਗੱਲ ਕਰਦੇ ਹਾਂ ਸਾਡੇ ਪੰਜਾਬ ਦੀ ਇਕ ਇਹੋ ਜਿਹੀ ਧਾਕੜ ਮੁਟਿਆਰ ਦੀ, ਜਿਸ ਦੇ ਮੁੱਕੇ ਨੇ ਭਾਰਤ ਲਈ ਖੂਬ ਨਾਮਣਾ ਖੱਟਿਆ ਹੈ।
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਵਿਖੇ 10 ਜੁਲਾਈ 1995 ਨੂੰ ਜਨਮੀ ਸਿਮਰਨਜੀਤ ਕੌਰ ਬਾਠ ਜੋ ਕਿ ਮੁੱਕੇਬਾਜ਼ੀ ਕਰਦੀ-ਕਰਦੀ ਅੱਜ ਭਾਰਤ ਦੀ ਮੁੱਖ ਮੁੱਕੇਬਾਜ਼ ਬਣ ਗਈ ਹੈ, ਨੂੰ ਉਸ ਦੇ ਪਿਤਾ ਕਮਲਜੀਤ ਸਿੰਘ ਅਤੇ ਮਾਤਾ ਰਾਜਪਾਲ ਕੌਰ ਨੇ ਇਸ ਖੇਡ ਨੂੰ ਖੇਡਣ ਅਤੇ ਜਾਰੀ ਰੱਖਣ ਲਈ ਭਰਪੂਰ ਹੌਸਲਾ ਦਿੱਤਾ, ਜਿਸ ਦੇ ਫਲਸਰੂਪ ਸਿਮਰਨਜੀਤ 2011 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵੱਖਰੀ ਛਾਪ ਛੱਡਦੀ ਆ ਰਹੀ ਹੈ। ਸਿਮਰਨਜੀਤ ਜੋ ਕਿ ਹੁਣੇ-ਹੁਣੇ ਇੰਡੋਨੇਸ਼ੀਆ ਵਿਖੇ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਵਿਚੋਂ ਸੋਨ ਤਗਮਾ ਲੈ ਕੇ ਆਈ ਹੈ, ਨੇ 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨਾਲ ਦੇਸ਼ ਦੀ ਇਸ ਟੂਰਨਾਮੈਂਟ ਵਿਚ ਪ੍ਰਤੀਨਿਧਤਾ ਕੀਤੀ ਅਤੇ ਦੋਵਾਂ ਨੇ ਇਸ ਪ੍ਰਸਿੱਧ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ। ਇਸ ਤੋਂ ਪਹਿਲਾਂ ਵੀ ਪੰਜਾਬ ਦੀ ਇਸ ਸ਼ੇਰਨੀ ਨੇ 2018 ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਵਿਸ਼ਵ ਪੱਧਰ 'ਤੇ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ। ਸਿਮਰਨਜੀਤ ਨੇ ਇਸੇ ਸਾਲ ਬੈਂਕਾਕ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 2018 ਵਿਚ ਇਸਤਾਂਬੁਲ ਵਿਖੇ ਹੋਈ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਭਾਰਤ ਲਈ ਸੋਨ ਤਗਮਾ ਹਾਸਲ ਕੀਤਾ ਸੀ। ਜਦੋਂ ਹੁਣੇ-ਹੁਣੇ ਸਮਾਪਤ ਹੋਏ ਪ੍ਰੈਜ਼ੀਡੈਂਟ ਕੱਪ ਵਿਚ ਸਿਮਰਨ ਨੇ 60 ਕਿਲੋਗ੍ਰਮ ਭਾਰ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ ਤਾਂ ਮੈਰੀਕਾਮ ਦੇ ਨਾਲ-ਨਾਲ ਸਿਮਰਨ ਵੀ ਭਾਰਤੀ ਖੇਡ ਪ੍ਰੇਮੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀ ਸਿਮਰਨਜੀਤ ਕੌਰ ਲਈ ਸਮੂਹ ਖੇਡ ਪ੍ਰੇਮੀਆਂ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ-ਨਾਲ ਉਸ ਤੋਂ ਉਲੰਪਿਕ ਪੱਧਰ ਲਈ ਬਹੁਤ ਸਾਰੀਆਂ ਆਸਾਂ ਵੀ ਹਨ।


-ਮੋਬਾ: 94174-79449

ਫੁੱਟਬਾਲ ਦੇ ਨਵੇਂ ਸੀਜ਼ਨ 'ਚ ਮਿਲਣਗੇ ਨਵੇਂ ਜੇਤੂ

ਫੁੱਟਬਾਲ ਦੇ ਨਵੇਂ ਸੀਜ਼ਨ ਯਾਨਿ 2019-20 ਵਿਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੁਮਾਂਚਕਾਰੀ ਹੋਣ ਦੀ ਉਮੀਦ ਹੈ, ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁੱਟਬਾਲ ਲੀਗ 'ਲਾ-ਲੀਗਾ' ਵਿਚ ਮਹਾਂਰਥੀ ਟੀਮ ਰਿਅਲ ਮੈਡ੍ਰਿਡ ਨੇ ਆਪਣੇ ਸਫਲ ਕੋਚ ਜ਼ੀਨੇਦਿਨ ਜ਼ੀਡਾਨ ਦੀ ਵਾਪਸੀ ਦੇ ਬਾਅਦ ਟੀਮ ਦੀ ਨਵੇਂ ਸਿਰਿਓਂ ਤਿਆਰੀ ਦਾ ਕੰਮ ਆਰੰਭਿਆ ਹੈ। ਰਿਅਲ ਮੈਡ੍ਰਿਡ ਦੇ ਸਾਬਕਾ ਸਟਾਰ ਕ੍ਰਿਸਟੀਆਨੋ ਰੋਨਾਲਡੋ ਵਲੋਂ ਪਿਛਲੇ ਸਾਲ ਕਲੱਬ ਛੱਡ ਕੇ ਇਟਲੀ ਦੀ ਟੀਮ ਜੁਵੈਂਟਸ ਨਾਲ ਜਾ ਜੁੜਨ ਕਰਕੇ ਪੈਦਾ ਹੋਏ ਖਲਾਅ ਨੂੰ ਭਰਨ ਲਈ ਹੁਣ ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਐਜ਼ਾਰਡ ਨੂੰ ਲਿਆਂਦਾ ਗਿਆ ਹੈ। ਦੂਜੇ ਪਾਸੇ ਰਿਅਲ ਮੈਡ੍ਰਿਡ ਦੇ ਵਿਰੋਧੀ ਬਾਰਸੀਲੋਨਾ ਲਈ ਲਿਓਨੇਲ ਮੈਸੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਤਿਆਰ ਹੈ, ਜਦਕਿ ਫਰਾਂਸ ਦਾ ਵਿਸ਼ਵ ਕੱਪ ਜੇਤੂ ਫ਼ਾਰਵਰਡ ਐਂਟੋਇਨ ਗ੍ਰੀਜ਼ਮੈਨ ਵੀ ਹੁਣ ਬਾਰਸੀਲੋਨਾ ਲਈ ਖੇਡੇਗਾ। ਸਪੇਨ ਦੀ ਲੀਗ ਵਿਚ ਐਟਲੈਂਟਿਕੋ ਮੈਡ੍ਰਿਡ ਦੀ ਤੇਜ਼-ਤਰਾਰ ਟੀਮ ਵੀ ਖਿਤਾਬੀ ਦੌੜ ਨੂੰ ਤਿਕੋਣਾ ਬਣਾ ਸਕਦੀ ਹੈ। ਇਟਲੀ ਦੇ ਇਤਿਹਾਸਕ ਕਲੱਬ ਜੁਵੈਂਟਸ ਨੇ ਪਿਛਲੇ ਕਈ ਸਾਲਾਂ ਤੋਂ ਲੀਗ ਦਾ ਖਿਤਾਬ ਜਿੱਤ ਕੇ ਵਿਸ਼ਵ ਪੱਧਰ ਉੱਤੇ ਆਪਣੀ ਪੁਰਾਣੀ ਸਾਖ ਦੁਬਾਰਾ ਹਾਸਲ ਕਰ ਲਈ ਹੈ ਅਤੇ ਹੁਣ ਉਸ ਕੋਲ ਕ੍ਰਿਸਟਿਆਨੋ ਰੋਨਾਲਡੋ ਵੀ ਹੈ। ਮਿਲਾਨ ਸ਼ਹਿਰ ਦੀਆਂ ਦੋਵੇਂ ਟੀਮਾਂ, ਇੰਟਰ ਮਿਲਾਨ ਅਤੇ ਏ.ਸੀ ਮਿਲਾਨ, ਖਿਤਾਬੀ ਦੌੜ ਵਿਚ ਵਾਪਸੀ ਕਰਨ ਲਈ ਬੇਤਾਬ ਹਨ, ਜਦਕਿ ਨਾਪੋਲੀ ਦੀ ਟੀਮ ਵੀ ਛੁਪਿਆ ਰੁਸਤਮ ਸਾਬਤ ਹੋ ਰਹੀ ਹੈ। ਜਰਮਨੀ ਦੀ ਰਾਸ਼ਟਰੀ ਲੀਗ ਵਿਚ ਇਕ ਵਾਰ ਫਿਰ ਬਰੂਸ਼ੀਆ ਡਾਰਟਮੰਡ ਕਲੱਬ ਵਲੋਂ ਹੀ ਲੀਗ ਜੇਤੂ ਕਲੱਬ ਬਾਇਰਨ ਮਿਊਨਿਖ ਜਿਸ ਨੂੰ ਆਦਮ ਕਲੱਬ ਵੀ ਕਿਹਾ ਜਾਂਦਾ ਹੈ, ਨੂੰ ਟੱਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲੈਂਡ ਦੇਸ਼ ਦੀ 'ਡੱਚ ਲੀਗ' ਵਿਚ ਪੀ.ਐਸ.ਵੀ. ਆਈਂਡਹੋਵਨ ਅਤੇ ਮੌਜੂਦਾ ਜੇਤੂ ਫੁੱਟਬਾਲ ਅਕੈਡਮੀ ਵਜੋਂ ਜਾਣੇ ਜਾਂਦੇ ਇਤਿਹਾਸਕ ਕਲੱਬ ਆਈਜੈਕਸ ਦਰਮਿਆਨ ਹੀ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਕੱਪ ਜੇਤੂ ਦੇਸ਼ ਫਰਾਂਸ ਦੀ ਲੀਗ ਵਿਚ ਮੌਜੂਦਾ ਜੇਤੂ ਪੀ.ਐਸ.ਜੀ. ਦੀ ਟੀਮ ਹੀ ਆਪਣੇ ਕੋਚ ਟੋਮਸ ਟੂਚਲ ਦੀ ਅਗਵਾਈ ਹੇਠ ਕਮਾਲ ਕਰਨ ਦੇ ਸਮਰੱਥ ਲਗਦੀ ਹੈ। ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ 'ਪ੍ਰੀਮੀਅਰ ਲੀਗ' 'ਚ ਖਿਤਾਬ ਲਈ 2, 3 ਜਾਂ 4 ਨਹੀਂ, ਬਲਕਿ 6 ਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਜੇਤੂ ਮਾਨਚੈਸਟਰ ਸਿਟੀ, ਮਾਨਚੈਸਟਰ ਯੂਨਾਈਟਿਡ, ਚੇਲਸੀ, ਆਰਸਨਲ, ਟਾਟਨਹੈਮ ਹਾਟਸਪਰ ਅਤੇ ਲਿਵਰਪੂਲ ਸਾਰਿਆਂ ਨੇ ਹੀ ਖਿਤਾਬ ਲਈ ਤਿਆਰੀ ਕੀਤੀ ਹੈ। ਇੰਗਲੈਂਡ ਦੇ ਸਭ ਤੋਂ ਇਤਿਹਾਸਕ ਕਲੱਬ ਲਿਵਰਪੂਲ ਦੇ ਮੈਨੇਜਰ ਜਰਗਨ ਕਲੌਪ ਨੇ ਪਿਛਲੇ ਸੀਜ਼ਨ ਨਵੇਂ ਚਿਹਰੇ ਕਲੱਬ ਵਿਚ ਲਿਆਂਦੇ ਸਨ, ਤਾਂ ਜੋ ਲਿਵਰਪੂਲ ਦਾ ਸੁਨਹਿਰੀ ਸਮਾਂ ਵਾਪਸ ਲਿਆਂਦਾ ਜਾ ਸਕੇ ਅਤੇ ਯੂਏਫਾ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣ ਉਪਰੰਤ ਹੁਣ ਲੀਗ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਖਿਤਾਬ ਜਿੱਤਣ ਲਈ ਉਨ੍ਹਾਂ ਹੀ ਖਿਡਾਰੀਆਂ ਉੱਪਰ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਆਰਸਨਲ ਕਲੱਬ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ, ਜਿਸ ਨੇ 22 ਸਾਲ ਬਾਅਦ ਆਪਣੇ ਸਾਬਕਾ ਹੈੱਡ ਕੋਚ ਆਰਸਨ ਵੈਂਗਰ ਦੇ ਬਿਨਾਂ ਪਹਿਲਾ ਸੀਜ਼ਨ ਮੁਸ਼ਕਿਲ ਨਾਲ ਮੁਕੰਮਲ ਕੀਤਾ ਸੀ ਅਤੇ ਹੁਣ ਨਵੇਂ ਕੋਚ ਊਨਾਈ ਐਮਰੀ ਆਪਣੇ ਦੂਜੇ ਸੀਜ਼ਨ ਵਿਚ ਇਸ ਆਕਰਸ਼ਕ ਟੀਮ ਨੂੰ ਅੱਗੇ ਤੋਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਦੇ ਸਭ ਤੋਂ ਅਮੀਰ ਕਲੱਬ ਅਤੇ ਸਾਬਕਾ ਜੇਤੂ ਮਾਨਚੈਸਟਰ ਸਿਟੀ ਨੇ ਆਪਣੇ ਅਰਬੀ ਸ਼ੇਖ ਮਾਲਕਾਂ ਦੀ ਅਥਾਹ ਦੌਲਤ ਅਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕੋਚ ਅਤੇ ਸਾਬਕਾ ਬਾਰਸੀਲੋਨਾ ਮੈਨੇਜਰ ਪੈੱਪ ਗੁਆਰਡੀਓਲਾ ਦੇ ਸਹਾਰੇ ਆਪਣੀ ਟੀਮ ਬੇਹੱਦ ਮਜ਼ਬੂਤ ਕੀਤੀ ਹੋਈ ਹੈ। ਇਸ ਲੀਗ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਇਹ ਲੀਗ ਫੁੱਟਬਾਲ ਦਾ ਅਸਲ ਰੰਗ ਵਿਖਾਉਂਦੀ ਹੈ। ਇਨ੍ਹਾਂ ਸਾਰੀਆਂ ਲੀਗਾਂ ਦੇ ਮੁਕਾਬਲੇ ਹੁਣ ਅਗਸਤ ਮਹੀਨੇ ਸ਼ੁਰੂ ਹੋਣ ਉਪਰੰਤ ਅਗਲੇ ਸਾਲ ਮਈ ਤੱਕ ਚੱਲਣਗੇ, ਜਦੋਂ ਨਵੇਂ ਜੇਤੂ ਮਿਲਣਗੇ। ਉਦੋਂ ਤੱਕ ਫੁੱਟਬਾਲ ਦਾ ਇਹ ਸੀਜ਼ਨ ਆਪਣਾ ਪੂਰਾ ਜਲਵਾ ਵਿਖਾਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਮਹਿਲਾ ਖਿਡਾਰੀਆਂ ਦੀ ਕਮਾਈ

ਇਹ ਹਾਲੇ ਵੀ ਹੈ ਮਰਦਾਂ ਤੋਂ ਬਹੁਤ ਘੱਟ

ਫੋਰਬਸ ਦੀ ਸਾਲਾਨਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਦੀ ਸੂਚੀ ਵਿਚ ਪਹਿਲੀ ਵਾਰ ਇਕ ਭਾਰਤੀ ਮਹਿਲਾ ਨੇ ਵੀ ਪਹਿਲੇ 20 ਖਿਡਾਰੀਆਂ ਵਿਚ ਆਪਣੀ ਥਾਂ ਬਣਾਈ ਹੈ। ਜੀ ਹਾਂ! ਤੁਸੀਂ ਸਹੀ ਸਮਝਿਆ ਇਹ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਹੀ ਹੈ। 6 ਅਗਸਤ, 2019 ਨੂੰ ਸਾਲ 2018 ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ, ਜਿਨ੍ਹਾਂ 15 ਮਹਿਲਾ ਖਿਡਾਰੀਆਂ ਦੀ ਫੋਰਬਸ ਸੂਚੀ ਜਾਰੀ ਹੋਈ ਹੈ, ਉਸ ਵਿਚ 13ਵੇਂ ਨੰਬਰ 'ਤੇ ਪੀ. ਵੀ. ਸਿੰਧੂ ਹੈ। ਉਨ੍ਹਾਂ ਦੇ ਨਾਲ ਅਮਰੀਕੀ ਟੈਨਿਸ ਸਟਾਰ ਅਤੇ ਸਾਲ 2018 ਵਿਚ ਫ੍ਰੈਂਚ ਓਪਨ ਅਤੇ ਅਮਰੀਕੀ ਓਪਨ ਦੀ ਰਨਰਸ-ਅਪ ਰਹੀ ਮੈਡੀਸਨ ਕੀਸ ਵੀ ਹੈ। ਪੀ. ਵੀ. ਸਿੰਧੂ ਦੀ ਪਿਛਲੇ ਸਾਲ ਕਮਾਈ 55 ਲੱਖ ਅਮਰੀਕੀ ਡਾਲਰ ਭਾਵ ਲਗਪਗ 38 ਕਰੋੜ 86 ਲੱਖ ਰੁਪਏ ਰਹੀ ਹੈ।
ਇਸ ਸੂਚੀ ਵਿਚ ਸਭ ਤੋਂ ਉੱਪਰ ਸੈਰੇਨਾ ਵਿਲੀਅਮਸ ਦਾ ਨਾਂਅ ਹੈ, ਜਿਸ ਦੀ ਕਮਾਈ ਸਾਲ 2018 ਵਿਚ 2.92 ਕਰੋੜ ਅਮਰੀਕੀ ਡਾਲਰ ਰਹੀ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਵੀ ਜਾਪਾਨ ਦੀ ਇਕ ਟੈਨਿਸ ਖਿਡਾਰੀ ਨਾਓਮੀ ਓਸਾਕਾ ਹੀ ਹੈ, ਜਿਸ ਨੇ ਸਾਲ 2018 ਵਿਚ 2.43 ਕਰੋੜ ਅਮਰੀਕੀ ਡਾਲਰ ਦੀ ਕਮਾਈ ਕੀਤੀ। ਦੁਨੀਆ ਦੀ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਨੇ ਸਾਲ 2018 ਵਿਚ ਮਿਲ ਕੇ 14.6 ਕਰੋੜ ਅਮਰੀਕੀ ਡਾਲਰ ਕਮਾਇਆ। ਇਹ ਰਕਮ ਪਿਛਲੇ ਸਾਲ ਦੀ 13 ਕਰੋੜ ਅਮਰੀਕੀ ਡਾਲਰ ਤੋਂ ਲਗਪਗ ਡੇਢ ਕਰੋੜ ਡਾਲਰ ਜ਼ਿਆਦਾ ਹੈ। ਫੋਰਬਸ ਅਨੁਸਾਰ ਪਿਛਲੇ ਸਾਲ ਲਗਪਗ 38 ਕਰੋੜ 46 ਲੱਖ ਰੁਪਏ ਦੀ ਕਮਾਈ ਕਰਨ ਵਾਲੀ ਪੀ. ਵੀ. ਸਿੰਧੂ ਭਾਰਤੀ ਮਹਿਲਾ ਖਿਡਾਰੀਆਂ ਵਿਚੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਇਸ ਲਈ ਬਣੀ, ਕਿਉਂਕਿ ਉਹ ਸਾਲ 2018 ਦੇ ਸੀਜ਼ਨ ਦੇ ਅਖ਼ੀਰ ਵਿਚ ਵੀ. ਡਬਿਲਊ. ਐਫ. ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਸੀ। ਇਸ ਤੋਂ ਇਲਾਵਾ ਉਸ ਦੇ ਕੋਲ ਬ੍ਰਿਜਸਟੋਨ, ਜੇ. ਬੀ. ਐਲ. ਗਾਟੋਰਾਡੇ, ਪੈਨਾਸੋਨਿਕ ਵਰਗੀਆਂ ਕਾਰਪੋਰੇਟ ਕੰਪਨੀਆਂ ਦੇ ਇਸ਼ਤਿਹਾਰ ਵੀ ਹਨ।
ਮਹਿਲਾ ਅਥਲੀਟਾਂ ਵਿਚਾਲੇ ਕਮਾਈ ਦੀ ਕਿਸੇ ਵੀ ਸੂਚੀ ਵਿਚ ਆਮ ਤੌਰ 'ਤੇ ਆਪਣਾ ਦਬਦਬਾ ਰੱਖਣ ਵਾਲੀ ਸੈਰੇਨਾ ਵਿਲੀਅਮਸ ਬਾਰੇ ਫੋਰਬਸ ਦਾ ਮੰਨਣਾ ਹੈ ਕਿ 37 ਸਾਲਾ ਇਹ ਜੀਨੀਅਸ ਖਿਡਾਰੀ ਜਦੋਂ ਇਕ ਸਾਲ ਬਾਅਦ ਖੇਡਣਾ ਛੱਡ ਦੇਵੇਗੀ, ਉਦੋਂ ਵੀ ਆਪਣੀ ਕਮਾਈ ਨੂੰ ਇਸੇ ਪੱਧਰ 'ਤੇ ਬਰਕਰਾਰ ਰੱਖੇਗੀ, ਕਿਉਂਕਿ ਉਸ ਦੇ ਨਾਂਅ ਦਾ ਜਿਨ੍ਹਾਂ ਦੋ ਖੇਤਰਾਂ ਵਿਚ ਸਿੱਕਾ ਚੱਲ ਰਿਹਾ ਹੈ, ਉਸ ਵਿਚ ਉਸ ਦੀ ਕਮਾਈ ਚੰਗੀ ਹੋ ਰਹੀ ਹੈ। ਵਰਣਨਯੋਗ ਹੈ ਕਿ ਸੈਰੇਨਾ ਆਪਣੀ ਅਗਲੀ ਪਾਰੀ ਦੇ ਰੂਪ ਵਿਚ ਬ੍ਰਾਂਡੇਡ ਕੱਪੜੇ ਵੇਚੇਗੀ, ਜੋ ਉਸੇ ਦੇ ਨਾਂਅ 'ਐਸ ਬਾਈ ਸੈਰੇਨਾ' ਬਰਾਂਡ ਦੇ ਰੂਪ ਵਿਚ ਵਿਕਣਗੇ। ਨਾਲ ਹੀ ਉਸ ਦੀ ਇਕ ਜਿਊਲਰੀ ਦਾ ਵੀ ਬ੍ਰਾਂਡ ਹੈ। ਪਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਖਿਡਾਰੀਆਂ ਦੀ ਇਹ ਸੂਚੀ ਉਦੋਂ ਸਭ ਤੋਂ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ, ਜਦੋਂ ਅਸੀਂ ਇਸ ਦੀ ਤੁਲਨਾ ਦੁਨੀਆ ਦੇ ਮਰਦ ਖਿਡਾਰੀਆਂ ਦੀ ਸੂਚੀ ਨਾਲ ਕਰਦੇ ਹਾਂ।
ਵਰਣਨਯੋਗ ਹੈ ਕਿ 50 ਲੱਖ ਡਾਲਰ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਪੁਰਸ਼ ਖਿਡਾਰੀਆਂ ਦੀ ਗਿਣਤੀ 1300 ਤੋਂ ਵੀ ਜ਼ਿਆਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਥੇ 1300, ਕਿਥੇ ਸਿਰਫ਼ 15 ਖਿਡਾਰੀ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਮਰਦ ਅਤੇ ਔਰਤ ਵਿਚਾਲੇ ਹਰ ਖੇਤਰ ਵਿਚ ਕਿੰਨਾ ਜ਼ਿਆਦਾ ਭੇਦ-ਭਾਵ ਹੁੰਦਾ ਹੈ। ਇਸ ਨੂੰ ਇਸ ਲਈ ਵੀ ਦੇਖਿਆ ਜਾ ਸਕਦਾ ਹੈ ਕਿ ਦੁਨੀਆ ਦੀਆਂ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਮਿਲ ਕੇ ਇਕੱਲੇ ਲਿਓਨੇਲ ਮੈਸੀ ਦੇ ਲਗਪਗ ਬਰਾਬਰ ਹੀ ਕਮਾ ਪਾਉਂਦੀਆਂ ਹਨ। ਲਿਓਨੇਲ ਮੈਸੀ ਨੇ ਸਾਲ 2019 ਵਿਚ ਇਕੱਲੇ 127 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਔਰਤਾਂ ਦੀ ਤਕਰੀਬਨ 15 ਖਿਡਾਰੀਆਂ ਦੇ ਕਮਾਈ ਤੋਂ ਥੋੜ੍ਹਾ ਹੀ ਘੱਟ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤਾਂ ਨੂੰ ਹਾਲੇ ਮਰਦਾਂ ਜਿੰਨੀ ਕਮਾਈ ਤੱਕ ਪਹੁੰਚਣ ਵਿਚ ਕਿੰਨਾ ਸਮਾਂ ਲੱਗੇਗਾ।
ਦੂਜੀ ਵੱਡੀ ਗੱਲ ਇਹ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਖੇਡਾਂ ਵਿਚ ਸਿਰਫ਼ ਤਿੰਨ ਖੇਡਾਂ ਹੀ ਸ਼ਾਮਿਲ ਹਨ। ਪਹਿਲੇ ਨੰਬਰ 'ਤੇ ਫੁੱਟਬਾਲ ਹੈ। ਦੁਨੀਆ ਦੇ 5 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ ਫੁੱਟਬਾਲਰ ਹੀ ਹਨ। ਦੂਜੇ ਨੰਬਰ 'ਤੇ ਬਾਸਕਟਬਾਲ ਦੇ ਖਿਡਾਰੀ ਹਨ, ਜੋ ਕਿ ਦੁਨੀਆ ਦੇ 10 ਮੁੱਖ ਖਿਡਾਰੀਆਂ ਵਿਚੋਂ ਦੋ ਹਨ। ਮੁੱਕੇਬਾਜ਼ੀ, ਟੈਨਿਸ ਅਤੇ ਐਮ. ਐਮ. ਏ. ਵਰਗੀਆਂ ਖੇਡਾਂ ਵਿਚੋਂ ਇਕ-ਇਕ ਖਿਡਾਰੀ ਸ਼ਾਮਿਲ ਹਨ। ਜੇਕਰ ਸਭ ਤੋਂ ਜ਼ਿਆਦਾ ਕਮਾਈ ਨੂੰ ਦੇਖਿਆ ਜਾਵੇ ਤਾਂ ਸਾਲ 2018 ਵਿਚ ਮੁੱਕੇਬਾਜ਼ ਫਲੋਏਡ ਮੇਵੇਦਾਰ ਦੀ ਰਹੀ, ਜਿਨ੍ਹਾਂ ਨੇ ਫੀਸ ਦੇ ਰੂਪ ਵਿਚ 275 ਮਿਲੀਅਨ ਡਾਲਰ, ਜਦ ਕਿ ਇਸ਼ਤਿਹਾਰ ਜ਼ਰੀਏ 10 ਮਿਲੀਅਨ ਡਾਲਰ ਕਮਾਏ। ਇਸ ਤਰ੍ਹਾਂ ਸਾਲ 2018 ਵਿਚ ਮੇਵੇਦਾਰ ਨੇ 28 ਕਰੋੜ 5 ਲੱਖ ਡਾਲਰ ਕਮਾਏ। ਇਸ ਰਕਮ ਦੇ ਸਾਹਮਣੇ ਦੁਨੀਆ ਦੀਆਂ 15 ਚੋਟੀ ਦੀਆਂ ਮਹਿਲਾ ਖਿਡਾਰੀਆਂ ਇਸ ਦੇ ਅੱਧੇ ਦੇ ਬਰਾਬਰ ਵੀ ਨਹੀਂ ਪਹੁੰਚੀਆਂ।

ਕਬੱਡੀ ਦੇ ਨਵੇਂ ਸੀਜ਼ਨ ਲਈ ਨਵੀਆਂ ਚੁਣੌਤੀਆਂ

ਪੰਜਾਬੀਆਂ ਦੇ ਖੂੁਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦਾ ਜਿਉਂ-ਜਿਉਂ ਘੇਰਾ ਵਿਸ਼ਾਲ ਹੋ ਰਿਹਾ ਹੈ, ਤਿਉਂ-ਤਿਉਂ ਇਸ ਦੀਆਂ ਚੁਣੌਤੀਆਂ 'ਚ ਵੀ ਵਾਧਾ ਹੋ ਰਿਹਾ ਹੈ। ਦੇਸ਼-ਵਿਦੇਸ਼ 'ਚ ਸਰਗਰਮ ਕਬੱਡੀ ਨਾਲ ਸਬੰਧਤ ਜਥੇਬੰਦੀਆਂ ਵਲੋਂ ਹਰ ਵਾਰ ਕਬੱਡੀ ਲਈ ਕੁਝ ਨਾ ਕੁਝ ਨਵਾਂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਸਦਕਾ ਹਰ ਵਾਰ ਨਵੀਆਂ ਪ੍ਰਾਪਤੀਆਂ ਹੋ ਰਹੀਆਂ ਹਨ। ਇਸ ਵਾਰ ਪੰਜਾਬ ਦੀ ਧਰਤੀ 'ਤੇ ਕਬੱਡੀ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਹਰ ਵਾਰ ਦੀ ਤਰ੍ਹਾਂ ਅਗਲੇ ਵਰ੍ਹੇ ਦੇ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਇਸ ਸੀਜ਼ਨ ਤੋਂ ਪਹਿਲਾਂ ਕਬੱਡੀ ਸੰਚਾਲਕਾਂ ਨੂੰ ਨਵੇਂ ਯੁੱਗ ਦੀਆਂ ਨਵੀਆਂ ਚੁਣੌਤੀਆਂ ਨਾਲ ਨਿਪਟਣ ਲਈ ਯੋਜਨਾਬੰਦੀ ਨਾਲ ਚੱਲਣਾ ਪਵੇਗਾ।
ਪੰਜਾਬ ਦੀ ਕਬੱਡੀ ਦੇ ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨੇ ਬਹੁਤ ਸਾਰੇ ਪੜਾਅ ਪਾਰ ਕੀਤੇ ਹਨ। ਮਨੋਰੰਜਨ ਤੇ ਤੰਦਰੁਸਤੀ ਲਈ ਖੇਡੀ ਜਾਣ ਵਾਲੀ ਖੇਡ ਤੋਂ ਲੈਕੇ, ਮਾਣ-ਸਨਮਾਨ ਵਾਲਾ ਦੌਰ ਪਾਰ ਕਰਦੀ ਹੋਈ ਕਬੱਡੀ ਪਿਛਲੇ ਦੋ ਦਹਾਕਿਆਂ ਤੋਂ ਪੇਸ਼ੇਵਰ ਦੌਰ 'ਚ ਪ੍ਰਵੇਸ਼ ਕਰ ਚੁੱਕੀ ਹੈ। ਜਿਸ ਸਦਕਾ ਹੋਰਨਾਂ ਖੇਡਾਂ ਵਾਂਗ ਕਬੱਡੀ 'ਚ ਵੀ ਕਲੱਬਾਂ/ਅਕੈਡਮੀਆਂ ਦਾ ਦੌਰ ਸ਼ੁਰੂ ਹੋਇਆ। ਜਿਸ ਤਹਿਤ ਪੰਜਾਬ 'ਚ ਤਿੰਨ ਫੈਡਰੇਸ਼ਨਾਂ ਕਾਫੀ ਲੰਬੇ ਅਰਸੇ ਤੋਂ ਸਰਗਰਮ ਹਨ, ਜਿਨ੍ਹਾਂ ਨੇ ਕਬੱਡੀ ਨੂੰ ਪੇਸ਼ੇਵਰ ਲੀਹਾਂ 'ਤੇ ਪਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕੱਪਾਂ ਅਤੇ ਲੀਗਜ਼ ਨਾਲ ਵੀ ਕਬੱਡੀ ਦੇ ਮਿਆਰਾਂ 'ਚ ਵਾਧਾ ਹੋਇਆ।
ਇਸ ਖੇਡ ਨੂੰ ਮੈਦਾਨ 'ਚ ਅਤੇ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਦੇਖਣ ਵਾਲੇ ਖੇਡ ਪ੍ਰੇਮੀਆਂ ਦੀ ਗਿਣਤੀ ਲੱਖਾਂ 'ਚ ਹੋ ਗਈ ਹੈ, ਜਿਸ ਕਾਰਨ ਇਸ ਖੇਡ ਦੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ 'ਚ ਪ੍ਰਸਾਰਨ ਅਧਿਕਾਰਾਂ ਸਬੰਧੀ ਚਰਚਾ ਸ਼ੁਰੂ ਹੋਈ ਹੈ। ਕਬੱਡੀ ਦੀ ਖੇਡ ਦੇ ਪ੍ਰਸਾਰਨ ਲਈ ਟੂਰਨਾਮੈਂਟ ਸੰਚਾਲਕਾਂ ਨੂੰ ਬਕਾਇਦਾ ਰਾਸ਼ੀ ਪ੍ਰਦਾਨ ਕਰਨੀ ਪੈਂਦੀ ਹੈ, ਜਦੋਂ ਕਿ ਹੋਰਨਾਂ ਖੇਡਾਂ 'ਚ ਪ੍ਰਸਾਰਨ ਦੇ ਅਧਿਕਾਰ ਖੇਡ ਸੰਚਾਲਕਾਂ ਵਲੋਂ ਚੰਗੇ ਭੁਗਤਾਨ ਬਦਲੇ ਵੇਚੇ ਜਾਂਦੇ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ 'ਚ ਕ੍ਰਿਕਟ, ਹਾਕੀ, ਨੈਸ਼ਨਲ ਸਟਾਈਲ ਕਬੱਡੀ ਤੇ ਫੁੱਟਬਾਲ ਤੋਂ ਬਾਅਦ ਦਾਇਰੇ ਵਾਲੀ ਕਬੱਡੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਖੇਡ ਹੈ ਪਰ ਇਨ੍ਹਾਂ ਦੇ ਦਾਇਰੇ ਵਾਲੀ ਕਬੱਡੀ ਦੇ ਮੁਕਾਬਲੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਹਨ। ਫਿਰ ਵੀ ਉਪਰੋਕਤ ਚਾਰ ਖੇਡਾਂ ਦੇ ਪ੍ਰਸਾਰਨ ਬਦਲੇ ਖੇਡ ਪ੍ਰਬੰਧਕ ਚੰਗੀ ਕਮਾਈ ਕਰਦੇ ਹਨ। ਇਸੇ ਸੰਦਰਭ 'ਚ ਦਾਇਰੇ ਵਾਲੀ ਕਬੱਡੀ ਦੇ ਸੰਚਾਲਕਾਂ ਨੂੰ ਵੀ ਆਪਣੇ ਵੱਡੇ ਖਿਡਾਰੀਆਂ ਵਾਲੇ ਵਿਸ਼ਾਲ ਕੱਪਾਂ ਦੇ ਪ੍ਰਸਾਰਨ ਬਦਲੇ ਕਮਾਈ ਕਰਨ ਵਾਲੇ ਰਸਤੇ ਪੈਣ ਦਾ ਸਮਾਂ ਆ ਗਿਆ ਹੈ।
ਇਸ ਤੋਂ ਇਲਾਵਾ ਖੇਡ ਮੈਦਾਨਾਂ ਦੇ ਆਲੇ-ਦੁਆਲੇ ਵੱਖ-ਵੱਖ ਕੰਪਨੀਆਂ ਦੇ ਬੋਰਡ ਲਗਾ ਕੇ ਕਬੱਡੀ ਪ੍ਰਬੰਧਕਾਂ ਨੂੰ ਕਮਾਈ ਕਰਨੀ ਚਾਹੀਦੀ ਹੈ। ਤੀਸਰਾ ਮਸਲਾ ਖਿਡਾਰੀਆਂ ਲਈ ਸਪਾਂਸਰਸ਼ਿਪ ਦਾ ਹੈ। ਕਬੱਡੀ ਖਿਡਾਰੀਆਂ ਨੂੰ ਹਜ਼ਾਰਾਂ ਲੋਕ ਖੇਡ ਮੈਦਾਨਾਂ 'ਚ ਪੁੱਜ ਕੇ ਦੇਖਦੇ ਹਨ ਅਤੇ ਲੱਖਾਂ ਖੇਡ ਪ੍ਰੇਮੀ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਦੇਖਦੇ ਹਨ। ਸਾਡੇ ਖਿਡਾਰੀ ਆਪਣੇ ਮੈਚ ਖੇਡਣ ਦਾ ਭੁਗਤਾਨ ਤਾਂ ਚੰਗੀਆਂ ਰਾਸ਼ੀਆਂ 'ਚ ਲੈਣ ਲੱਗੇ ਹਨ ਪਰ ਆਪਣੇ-ਆਪਣੇ ਚਾਹੁਣ ਵਾਲਿਆਂ ਦੀ ਗਿਣਤੀ ਦਾ ਮੁੱਲ ਪਾਉਣ ਵਾਲੇ ਪਾਸੇ ਅਜੇ ਸਾਡੇ ਕਬੱਡੀ ਖਿਡਾਰੀ ਨਹੀਂ ਤੁਰੇ, ਜਦੋਂ ਕਿ ਹੋਰਨਾਂ ਖੇਡਾਂ ਵਾਲੇ ਖਿਡਾਰੀਆਂ ਦੀ ਕਿੱਟ (ਜਰਸੀ, ਨਿੱਕਰ ਤੇ ਬੂਟ) ਰਾਹੀਂ ਵੱਡੀਆਂ ਕੰਪਨੀਆਂ ਇਸ਼ਤਿਹਾਰਬਾਜ਼ੀ ਕਰਦੀਆਂ ਹਨ ਅਤੇ ਇਸ ਬਦਲੇ ਖਿਡਾਰੀ ਮੋਟੀਆਂ ਰਕਮਾਂ ਵਸੂਲਦੇ ਹਨ। ਇਸ ਦੇ ਉਲਟ ਸਾਡੇ ਕਬੱਡੀ ਖਿਡਾਰੀ ਵੱਖ-ਵੱਖ ਬ੍ਰਾਂਡਾਂ ਦੀਆਂ ਟੀ-ਸ਼ਰਟਸ, ਨਿੱਕਰਾਂ, ਲੋਅਰ ਤੇ ਬੂਟ ਪਹਿਨ ਕੇ ਮੁਫਤ 'ਚ ਸੋਸ਼ਲ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਖੇਡ ਪ੍ਰੇਮੀਆਂ ਦੇ ਰੂਬਰੂ ਹੁੰਦੇ ਹਨ ਅਤੇ ਬਹੁਤ ਸਾਰੀਆਂ ਕੰਪਨੀਆਂ ਦਾ ਮੁਫਤ 'ਚ ਪ੍ਰਚਾਰ ਕਰਦੇ ਹਨ।
ਉਪਰੋਕਤ ਕੁਝ ਨਵੀਆਂ ਚੁਣੌਤੀਆਂ ਬਾਰੇ ਚਰਚਾ ਕਰਨ ਦਾ ਮਕਸਦ ਇਹ ਹੈ ਕਿ ਸਾਡੇ 150 ਦੇ ਕਰੀਬ ਕਬੱਡੀ ਖਿਡਾਰੀਆਂ ਨੂੰ ਹੀ ਇੰਨੀ ਕੁ ਕਮਾਈ ਹੁੰਦੀ ਹੈ, ਜਿਸ ਨਾਲ ਉਹ ਚੰਗਾ ਜੀਵਨ ਬਸਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਇਲਾਵਾ ਹੋਰ ਹਜ਼ਾਰਾਂ ਖਿਡਾਰੀ ਅਜਿਹੇ ਹਨ, ਜੋ ਆਪਣੀ ਜਵਾਨੀ ਕਬੱਡੀ ਨੂੰ ਸਮਰਪਿਤ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕਬੱਡੀ ਤੋਂ ਏਨੀ ਕਮਾਈ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਦਾ ਜੀਵਨ ਨਿਰਬਾਹ ਹੋ ਸਕੇ। ਇਨ੍ਹਾਂ ਪ੍ਰਸਥਿਤੀਆਂ 'ਚ ਕਬੱਡੀ ਖਿਡਾਰੀਆਂ, ਫੈਡਰੇਸ਼ਨਾਂ ਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਕਬੱਡੀ ਹੁਣ ਉਸ ਸਥਿਤੀ 'ਚ ਆ ਚੁੱਕੀ ਹੈ, ਜਿਸ ਦੌਰਾਨ ਇਨਾਮਾਂ-ਸਨਮਾਨਾਂ ਤੋਂ ਇਲਾਵਾ ਵੀ ਮੀਡੀਆ ਰਾਹੀਂ ਕਮਾਈ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਨਾਲ ਜਿੱਥੇ ਸਿਖਰਲੇ ਖਿਡਾਰੀਆਂ ਦੀ ਕਮਾਈ 'ਚ ਚੋਖਾ ਵਾਧਾ ਹੋ ਸਕਦਾ ਹੈ, ਉੱਥੇ ਦਰਮਿਆਨੇ ਖਿਡਾਰੀ ਦੀ ਕਮਾਈ 'ਚ ਵੀ ਵਾਧਾ ਹੋਵੇਗਾ।


-ਪਟਿਆਲਾ। ਮੋਬਾ: 97795-90575

ਛੋਟੀ ਉਮਰੇ ਵਿਸ਼ਵ ਵਿਚ ਨਾਂਅ ਕਮਾਉਣ ਵਾਲਾ ਪੈਰਾ ਖਿਡਾਰੀ ਵਿਸ਼ਵ ਮੋਰਿੰਡਾ

ਦਰੋਣਾਚਾਰੀਆ ਐਵਾਰਡ ਵਿਜੇਤਾ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਦਾ ਤਰਾਸ਼ਿਆ ਹੀਰਾ ਪੰਜਾਬ ਦੇ ਸਹਿਰ ਮੋਰਿੰਡਾ ਦਾ ਜੰਮਪਲ ਵਿਸ਼ਵ ਆਉਣ ਵਾਲੇ ਸਮੇਂ ਦਾ ਉਹ ਰੌਸ਼ਨ ਸਿਤਾਰਾ ਹੈ, ਜੋ ਆਪਣੀ ਖੇਡ ਕਲਾ ਦੇ ਬਿਹਤਰੀਨ ਪ੍ਰਦਰਸ਼ਨ ਸਦਕਾ ਪੂਰੇ ਭਾਰਤ ਦਾ ਨਾਂਅ ਰੁਸ਼ਨਾਏਗਾ, ਜਿਸ ਦੀ ਮਜ਼ਬੂਤ ਨੀਂਹ ਉਸ ਨੇ ਹੁਣੇ ਤੋਂ ਹੀ ਰੱਖ ਦਿੱਤੀ ਹੈ। ਪਿਤਾ ਦਵਿੰਦਰ ਸਿੰਘ ਦੇ ਘਰ ਮਾਤਾ ਵੰਦਨਾ ਦੀ ਕੁੱਖੋਂ ਜਨਮ ਲੈਣ ਵਾਲਾ ਵਿਸ਼ਵ ਜਨਮ ਤੋਂ ਹੀ ਅਪਾਹਜ ਸੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਹੋਣ ਕਰਕੇ ਉਹ ਸਾਰੀ ਉਮਰ ਚੱਲ ਸਕਣ ਤੋਂ ਅਸਮਰੱਥ ਸੀ, ਭਾਵੇਂ ਉਸ ਦੇ ਜਨਮ ਲੈਣ ਸਮੇਂ ਘਰ ਵਿਚ ਖੁਸ਼ੀਆਂ ਦੀ ਚਹਿਲ-ਪਹਿਲ ਹੋਈ ਪਰ ਬੱਚੇ ਦੇ ਜਨਮ ਤੋਂ ਹੀ ਅਪਾਹਜ ਹੋਣ ਦੀ ਪੁਸ਼ਟੀ ਨੇ ਘਰ ਵਿਚ ਆਈਆਂ ਖੁਸ਼ੀਆਂ ਵੀ ਬੇਗਾਨੀਆਂ ਜਿਹੀਆਂ ਜਾਪਣ ਲੱਗੀਆਂ ਪਰ ਸ਼ਾਇਦ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਅਪਾਹਜ ਵਿਸ਼ਵ ਇਕ ਦਿਨ ਆਪਣਾ ਅਤੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਰੌਸ਼ਨ ਕਰੇਗਾ।
ਵਿਸ਼ਵ ਪ੍ਰਸਿੱਧ ਪੈਰਾ ਖਿਡਾਰਨ ਦੀਪਾ ਮਲਕ ਨੂੰ ਟੈਲੀਵਿਜ਼ਨ 'ਤੇ ਵੀਲ੍ਹਚੇਅਰ 'ਤੇ ਖੇਡਦਿਆਂ ਵੇਖਿਆ ਤਾਂ ਵਿਸ਼ਵ ਨੇ ਸੋਚਿਆ ਕਿ ਉਹ ਵੀ ਦੀਪਾ ਮਲਕ ਵਾਂਗ ਹੀ ਇਕ ਦਿਨ ਖੇਡੇਗਾ ਅਤੇ ਆਪਣੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਗੁਰੂ ਦੀ ਤਲਾਸ਼ ਹੋਣ ਲੱਗੀ ਅਤੇ ਉਸ ਦੀ ਮੁਲਾਕਾਤ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਨਾਲ ਹੋਈ। ਬਸ ਵਿਸ਼ਵ ਲਈ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਸਾਬਤ ਹੋਈ ਅਤੇ ਜਿਵੇਂ ਦਰੋਣਾਚਾਰੀਆ ਦੀ ਪਾਰਖੂ ਅੱਖ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨਣ ਵਾਲੇ ਅਰਜਨ 'ਤੇ ਪਈ, ਇਸੇ ਤਰ੍ਹਾਂ ਹੀ ਦਰੋਣਾਚਾਰੀਆ ਵਿਜੇਤਾ ਡਾ: ਸੱਤਪਾਲ ਸਿੰਘ ਦੀ ਪਾਰਖੂ ਨਜ਼ਰ ਨੇ ਵੀ ਵਿਸ਼ਵ ਨੂੰ ਅਰਜਨ ਦੇ ਰੂਪ ਵਿਚ ਲੱਭ ਲਿਆ ਅਤੇ ਸ਼ੁਰੂ ਹੋਈ ਉਸਤਾਦ ਅਤੇ ਚੇਲੇ ਦੀ ਗੁਰ ਵਿੱਦਿਆ। ਵਿਸ਼ਵ ਨੇ ਸਾਲ 2017 ਵਿਚ ਡੁਬਈ ਵਿਖੇ ਜੂਨੀਅਰ ਏਸ਼ੀਅਨ ਖੇਡਾਂ ਵਿਚ ਡਿਸਕਸ ਅਤੇ ਸ਼ਾਟਪੁੱਟ ਖੇਡਦਿਆਂ ਪੰਜਵਾਂ ਸਥਾਨ ਹਾਸਲ ਕਰਕੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ। ਸਾਲ 2018 ਵਿਚ ਬੰਗਲੌਰ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਆਪਣੇ ਨਾਂਅ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ।
ਜੇਕਰ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਾਪਤੀ ਦਾ ਜ਼ਿਕਰ ਕਰੀਏ ਤਾਂ ਸਾਲ 2019 ਵਿਚ ਹੀ 1 ਅਗਸਤ ਤੋਂ 4 ਅਗਸਤ ਤੱਕ ਸਵਿੱਟਜ਼ਰਲੈਂਡ ਵਿਖੇ ਵਰਲਡ ਪੈਰਾ ਜੂਨੀਅਰ ਚੈਂਪੀਅਨਸ਼ਿਪ ਵਿਚ ਵਿਸ਼ਵ ਨੇ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜੈਵਲਿਨ ਥਰੋ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ ਜਾਣੀ ਗੋਲਾ ਸੁੱਟਣ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਵਿਸ਼ਵ ਦੇ 50 ਖਿਡਾਰੀਆਂ ਵਿਚ ਸੋਨ ਤਗਮਾ ਜਿੱਤਣ ਵਾਲਾ ਵਿਸ਼ਵ ਚੈਂਪੀਅਨ ਬਣਿਆ ਅਤੇ ਭਾਰਤ ਦਾ ਨਾਂਅ ਵਿਸ਼ਵ ਵਿਚ ਚਮਕਾਇਆ। ਘਰ ਦੀਆਂ ਆਰਥਿਕ ਲੋੜਾਂ-ਥੁੜਾਂ ਦਾ ਸ਼ਿਕਾਰ ਵਿਸ਼ਵ ਇਕ ਪਾਸੇ ਆਪਣੀ ਪੜ੍ਹਾਈ ਲਈ ਯਤਨਸ਼ੀਲ ਹੈ ਅਤੇ ਉਸ ਦਾ ਸਭ ਤੋਂ ਵੱਡਾ ਸੁਪਨਾ ਸਾਲ 2020 ਵਿਚ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਣ ਜਾ ਰਹੀਆਂ ਪੈਰਾ ਉਲੰਪਿਕ ਵਿਚ ਖੇਡਦਿਆਂ ਦੇਸ਼ ਲਈ ਸੋਨ ਤਗਮਾ ਹਾਸਲ ਕਰਕੇ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਹੈ।

-ਮੋਗਾ। ਮੋਬਾ: 98551-14484

ਕਬੱਡੀ ਦੇ ਖੇਤਰ 'ਚ ਉੱਭਰਦਾ ਜਾਫ਼ੀ ਗੁਲਾਬ ਚੱਬਾ

ਕਬੱਡੀ ਦੇ ਖੇਤਰ ਵਿਚ ਮਾਝੇ ਦਾ ਉੱਭਰਦਾ ਜਾਫ਼ੀ ਹੈ ਗੁਲਾਬ ਚੱਬਾ, ਜਿਸ ਨੇ ਪਿਤਾ ਸ: ਨਿਰਵੈਰ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1993 ਨੂੰ ਤਰਨ ਤਾਰਨ ਰੋਡ 'ਤੇ ਪੈਂਦੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮ ਲਿਆ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਲਾਕੇ 'ਚ ਹੁੰਦੇ ਕਬੱਡੀ ਮੈਚਾਂ ਦੌਰਾਨ ਕਬੱਡੀ ਸਟਾਰ ਸਵ: ਸੁਖਮਨ ਚੋਹਲੇ ਨੂੰ ਕਬੱਡੀ ਖੇਡਦਿਆਂ ਦੇਖਿਆ ਤਾਂ ਉਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਗੁਲਾਬ ਸਿੰਘ ਨੇ ਵੀ ਕਬੱਡੀ ਦੇ ਖੇਤਰ ਵੱਲ ਰੁਖ਼ ਕਰ ਲਿਆ। 2015 'ਚ ਬ੍ਰਹਮ ਗਿਆਨੀ ਬਾਬਾ ਨਾਂਗਾ ਜੀ ਦੇ ਸਾਲਾਨਾ ਕਬੱਡੀ ਕੱਪ ਦੌਰਾਨ ਗੁਲਾਬੇ ਨੇ ਕਬੱਡੀ ਦੇ ਮੈਦਾਨ 'ਚ ਪੈਰ ਧਰਿਆ, ਜਿੱਥੇ ਉਸ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਗੁਲਾਬੇ ਦੀ ਇਸ ਖੇਡ ਨੂੰ ਦੇਖਦਿਆਂ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਵਲੋਂ ਦੇਸੀ ਘਿਓ ਦੇ ਪੀਪਿਆਂ, ਬਦਾਮਾਂ ਦੀਆਂ ਬੋਰੀਆਂ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਗੁਲਾਬਾ ਮਿਲੀ ਹੱਲਾਸ਼ੇਰੀ ਤੋਂ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਸ੍ਰੀ ਮਿਸਲ ਸ਼ਹੀਦਾਂ ਮੁਖੀ ਤਰਨਾ ਦਲ ਬਾਬਾ ਬਕਾਲਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਸ਼ਹੀਦ ਬਾਬਾ ਨੌਧ ਸਿੰਘ ਅਕੈਡਮੀ ਚੱਬਾ ਦੀ ਟੀਮ 'ਚ ਸ਼ਾਮਿਲ ਹੋ ਗਿਆ। ਇਸ ਟੀਮ ਵਿਚ ਖੇਡਦਿਆਂ ਉਸ ਨੇ ਆਪਣੀ ਮਿਹਨਤ ਸਦਕਾ ਚੰਗੇ-ਚੰਗੇ ਉੱਭਰਦੇ ਧਾਵੀਆ ਨੂੰ ਮਾਤ ਦਿੱਤੀ ਤੇ ਅਕੈਡਮੀ 'ਚ ਇਕ ਚੰਗਾ ਨਾਮਵਰ ਜਾਫ਼ੀ ਹੋਣ ਦਾ ਮਾਣ ਪ੍ਰਾਪਤ ਕਰਕੇ ਅਨੇਕਾਂ ਹੀ ਮਾਣ-ਸਨਮਾਨ ਹਾਸਲ ਕਰਕੇ ਅਕੈਡਮੀ ਦਾ ਨਾਂਅ ਉੱਚਾ ਕੀਤਾ। ਮਾਝੇ ਵਿਚ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਜਿੱਥੇ ਗੁਲਾਬਾ ਮੈਚ ਨਾ ਖੇਡਿਆ ਹੋਊ।
ਕਬੱਡੀ ਦੇ ਦਾਅ-ਪੇਚ ਸਿੱਖਣ ਲਈ ਉਸ ਨੇ ਕੁਲਵੰਤ ਜੋਗੇਵਾਲੀਆ ਨੂੰ ਉਸਤਾਦ ਧਾਰਿਆ। ਹੁਣ ਤੱਕ ਗੁਲਾਬ ਨੇ 300 ਦੇ ਕਰੀਬ ਮੈਚ ਖੇਡੇ ਹਨ। ਉਹ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਪੰਜਾਬ ਵਿਚ ਆਪਣਾ ਨਾਂਅ ਬਣਾ ਰਿਹਾ ਹੈ। ਗੁਲਾਬ ਦਾ ਪ੍ਰਦਰਸ਼ਨੀ ਕੱਦ 6 ਫੁੱਟ ਤੇ ਭਾਰ 93 ਕਿੱਲੋ ਦੇ ਕਰੀਬ ਹੈ। ਪਹਾੜਾਂ ਜਿੱਡੀ ਚੌੜੀ ਛਾਤੀ ਵਾਲਾ ਸਿੱਖ ਸਰਦਾਰ ਚੰਗੇ-ਚੰਗੇ ਧਾਵੀਆਂ ਨੂੰ ਜਦੋਂ ਜੱਫ਼ੇ ਲਾਉਂਦਾ ਹੈ ਤਾਂ ਕਬੱਡੀ ਦੇ ਪਿੜਾਂ 'ਚੋਂ ਸਰੋਤਿਆਂ ਦੀਆਂ ਤਾੜੀਆਂ ਦੀ ਗੂੰਜ ਗੁਲਾਬੇ ਨੂੰ ਹੋਰ ਵੀ ਉਤਸ਼ਾਹਿਤ ਕਰਦੀ ਹੈ। ਇਸ ਖੇਤਰ ਵਿਚ ਉਹ ਆਪਣੇ ਪੂਰੇ ਪਰਿਵਾਰ ਸਮੇਤ ਜਥੇਦਾਰ ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦਾ ਬਹੁਤ ਸਹਿਯੋਗ ਮੰਨਦਾ ਹੈ। ਉਸ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਜਲਾਲਪੁਰੀਏ ਪਾਲੇ ਵਾਂਗ ਕਬੱਡੀ ਖੇਡਣਾ ਚਾਹੁੰਦਾ ਹਾਂ।


-ਚੱਬਾ, ਅੰਮ੍ਰਿਤਸਰ। ਮੋਬਾ: 84278-86534

ਸੁਹੇਲ ਅੱਬਾਸ

ਹਾਕੀ ਖੇਡ ਵਿਚ ਮਹੱਤਵਪੂਰਨ ਹੈ ਪੈਨਲਟੀ ਕਾਰਨਰ

ਪਾਕਿਸਤਾਨੀ ਹਾਕੀ ਟੀਮ ਜਦੋਂ ਕਿਸੇ ਕੌਮਾਂਤਰੀ ਟੂਰਨਾਮੈਂਟ ਵਿਚ ਜੂਝ ਰਹੀ ਹੁੰਦੀ ਸੀ ਤਾਂ ਪਾਕਿਸਤਾਨੀ ਹਾਕੀ ਪ੍ਰੇਮੀਆਂ, ਟੀਮ ਦੇ ਕੋਚ, ਵਿਰੋਧੀ ਟੀਮਾਂ ਤੇ ਬਾਕੀ ਸਭ ਸਾਥੀ ਖਿਡਾਰੀਆਂ ਦੀਆਂ ਨਿਗਾਹਾਂ ਜਿਸ ਇਕ ਅਹਿਮ ਖਿਡਾਰੀ 'ਤੇ ਟਿਕੀਆਂ ਹੁੰਦੀਆਂ ਸਨ ਤੇ ਜਾਂ ਫਿਰ ਉਹ ਅਹਿਮ ਖਿਡਾਰੀ ਜੋ ਪਾਕਿਸਤਾਨ ਲਈ ਔਖੀਆਂ ਘੜੀਆਂ 'ਚ ਡਾਹਢਾ ਮਦਦਗਾਰ ਸਾਬਤ ਹੁੰਦਾ ਸੀ, ਸੁਹੇਲ ਅੱਬਾਸ ਉਸੇ ਦਾ ਹੀ ਨਾਂਅ ਹੈ। ਹਾਕੀ ਜਗਤ 'ਚ ਉਨ੍ਹਾਂ ਨੂੰ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਵੀ ਕਿਹਾ ਜਾਂਦਾ ਹੈ।
9 ਜੂਨ, 1977 ਨੂੰ ਕਰਾਚੀ ਵਿਖੇ ਜਨਮੇ ਸੁਹੇਲ ਨੇ ਡਚ ਖਿਡਾਰੀ ਬੋਵਲੇਂਡਰ ਵਾਂਗ ਸ਼ਾਰਟ ਕਾਰਨਰ ਦੇ ਵਿਭਾਗ 'ਚ ਆਪਣਾ ਖੂਬ ਨਾਂਅ ਚਮਕਾਇਆ। ਉਨ੍ਹਾਂ ਨੂੰ ਨਵੀਂ ਸਦੀ ਦਾ ਅਸਲੀ ਸਟਾਰ ਮੰਨਿਆ ਜਾਂਦਾ ਹੈ। ਸੁਹੇਲ ਦੇ ਖੇਡ ਕੈਰੀਅਰ ਦੀ ਤ੍ਰਾਸਦੀ ਇਹ ਰਹੀ ਕਿ ਸ਼ੁਰੂ ਵਿਚ ਉਸ ਦੀ ਇਸ ਕਲਾ, ਇਸ ਹੁਨਰ, ਇਸ ਪ੍ਰਤਿਭਾ ਨੂੰ ਸੰਜੀਦਗੀ ਨਾਲ ਪਛਾਣਿਆ ਹੀ ਨਹੀਂ ਗਿਆ। ਇਕ ਉਹ ਵੀ ਸਮਾਂ ਸੀ ਕਿ 1997 ਦੇ ਜੂਨੀਅਰ ਵਿਸ਼ਵ ਕੱਪ ਹਾਕੀ 'ਚ ਕੋਚ ਅਯਾਜ਼ ਮਹਿਮੂਦ ਅਤੇ ਟੀਮ ਮੈਨੇਜਰ ਸਮੀਉਲਾ ਖਾਨ ਨੇ ਉਨ੍ਹਾਂ ਨੂੰ ਟੀਮ 'ਚ ਸ਼ਾਮਿਲ ਹੀ ਨਹੀਂ ਸੀ ਕੀਤਾ। ਜਦੋਂ ਸੁਹੇਲ ਨੇ 1998 'ਚ ਭਾਰਤ-ਪਾਕਿ ਲੜੀ ਲਈ ਕੌਮਾਂਤਰੀ ਖੇਡ ਕੈਰੀਅਰ ਦਾ ਆਗਾਜ਼ ਕੀਤਾ, ਉਨ੍ਹਾਂ ਦਾ ਰੋਲ ਸਿਰਫ ਏਨਾ ਸੀ ਕਿ ਬਾਹਰਲੇ ਬੈਚ ਤੋਂ ਸਿਰਫ ਪੈਨਲਟੀ ਕਾਰਨਰ ਲਾਉਣ ਲਈ ਮੈਦਾਨ 'ਚ ਆਉਣਾ ਪਰ ਛੇਤੀ ਆਪਣੇ ਇਹੋ ਜਿਹੇ ਯਤਨਾਂ ਨਾਲ ਸੁਹੇਲ ਨੇ ਟੀਮ 'ਚ, ਕੋਚਾਂ ਦੇ ਦਿਲਾਂ 'ਚ, ਹਾਕੀ ਪ੍ਰੇਮੀਆਂ ਦੇ ਮਨਾਂ 'ਚ ਆਪਣੀ ਥਾਂ ਬਣਾ ਲਈ। 1999 'ਚ ਜਦੋਂ ਪਾਕਿਸਤਾਨ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿੱਤਿਆ ਤਾਂ ਉਨ੍ਹਾਂ ਦੀ ਨਿਹਾਇਤ ਵਧੀਆ ਕਾਰਗੁਜ਼ਾਰੀ ਨੇ ਹਾਕੀ ਜਗਤ 'ਚ ਤਹਿਲਕਾ ਹੀ ਮਚਾ ਦਿੱਤਾ।
ਪਾਕਿਸਤਾਨ ਹਾਕੀ ਜਗਤ ਇਸ ਗੱਲ ਨੂੰ ਨਹੀਂ ਭੁਲਾ ਸਕਦਾ ਕਿ ਸੁਹੇਲ ਦੀ ਆਮਦ ਉਨ੍ਹਾਂ ਸਮਿਆਂ ਵਿਚ ਹੋਈ ਜਦੋਂ ਪਾਕਿਸਤਾਨੀ ਹਾਕੀ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ ਸਨ। ਐਸਟਰੋਟਰਫ 'ਤੇ ਹਾਕੀ ਆਉਣ ਨਾਲ ਖਿਡਾਰੀਆਂ 'ਚ ਫਿੱਟਨੈੱਸ ਵਿਸ਼ੇਸ਼ ਕਰਕੇ ਲੋੜੀਂਦੀ ਗਤੀ ਦੀ ਘਾਟ ਸੀ। ਇਸੇ ਮੁਕਾਮ 'ਤੇ ਪਾਕਿਸਤਾਨੀ ਹਾਕੀ ਨੂੰ ਸੁਹੇਲ ਮਿਲਿਆ ਤੇ ਉਨ੍ਹਾਂ ਨੇ ਆਪਣੀ ਸਟਿਕ 'ਚੋਂ ਬੇਸ਼ੁਮਾਰ ਗੋਲ ਪਾਕਿਸਤਾਨ ਲਈ ਕੱਢੇ ਜੋ ਕਿ ਇਕ ਰਿਕਾਰਡ ਬਣ ਗਏ। ਹਸਨ ਸਰਦਾਰ ਦੀ ਤਰ੍ਹਾਂ ਸੁਹੇਲ ਵੀ ਟੌਪ ਸਕੋਰਰ ਦੇ ਤੌਰ 'ਤੇ ਗਿਣੇ ਜਾਣ ਲੱਗ ਪਏ। ਟੀਮ 'ਚ ਸੁਹੇਲ ਦੀ ਹੋਂਦ ਨੇ ਕਾਫੀ ਟੂਰਨਾਮੈਂਟ ਜਿਤਵਾਏ। ਕਿਸੇ ਵੀ ਖਿਡਾਰੀ ਜਾਂ ਖਿਡਾਰਨ ਦੇ ਖੇਡ ਕੈਰੀਅਰ ਦੀ ਅਹਿਮੀਅਤ ਉਦੋਂ ਹੋਰ ਵੀ ਵਧ ਜਾਂਦੀ ਹੈ, ਉਸ ਦੀ ਪ੍ਰਸਿੱਧੀ, ਉਸ ਦੀ ਸ਼ੁਹਰਤ ਜਾ ਬੁਲੰਦੀਆਂ ਨੂੰ ਛੂੰਹਦੀ ਹੈ ਜਦੋਂ ਉਹ ਵਿਸ਼ਵ ਪੱਧਰ 'ਤੇ ਕੋਈ ਅਹਿਮ ਸਥਾਪਿਤ ਹੋ ਚੁੱਕਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਉਂਦਾ ਹੈ, ਸੁਨਹਿਰੀ ਇਤਿਹਾਸ ਰਚਦਾ ਹੈ। ਭਾਰਤ-ਪਾਕਿ ਹਾਕੀ ਲੜੀ ਤਹਿਤ ਅੰਮ੍ਰਿਤਸਰ ਵਿਖੇ ਖੇਡੇ ਗਏ (8 ਅਕਤੂਬਰ) ਸੱਤਵੇਂ ਮੈਚ 'ਚ ਸੁਹੇਲ ਅੱਬਾਸ ਨੇ ਅਜਿਹਾ ਹੀ ਇਕ ਅਹਿਮ ਕੀਰਤੀਮਾਨ ਸਥਾਪਤ ਕੀਤਾ ਸੀ, ਕਾਫੀ ਸਾਲ ਪਹਿਲਾਂ ਭਾਰਤੀ ਟੀਮ ਵਿਰੁੱਧ ਆਪਣੇ ਖੇਡ ਕੈਰੀਅਰ ਦਾ 268ਵਾਂ ਗੋਲ ਦਾਗ ਕੇ ਮੈਚ ਦੇ ਸ਼ੁਰੂ ਵਿਚ। ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਧਰਤੀ 'ਤੇ ਸੁਹੇਲ ਦੀ ਇਹ ਪ੍ਰਾਪਤੀ ਜਿਥੇ ਪਾਕਿਸਤਾਨੀ ਹਾਕੀ ਲਈ ਮਾਣ ਤੇ ਸਤਿਕਾਰ ਦੀ ਗੱਲ ਸੀ, ਉਥੇ ਏਸ਼ੀਆਈ ਹਾਕੀ ਲਈ ਵੀ ਗੌਰਵ ਦਾ ਸਬੱਬ ਬਣਿਆ। ਅੱਜ ਜਦੋਂ ਕਿ ਯੂਰਪੀਨ ਦੇਸ਼ ਹਾਕੀ ਜਗਤ 'ਚ ਛਾਏ ਹੋਏ ਹਨ, ਕਰਾਚੀ ਦੇ ਇਫਤਿਕਾਰ ਹੁਸੈਨ ਕ੍ਰਿਕਟਰ ਦਾ ਇਹ ਬੇਟਾ ਸੁਹੇਲ ਹਾਕੀ ਜਗਤ ਵਿਚ ਇਕ ਵੱਖਰਾ ਹੀ ਤਹਿਲਕਾ ਮਚਾ ਗਿਆ, ਹਾਕੀ ਜਗਤ 'ਚ ਸਭ ਤੋਂ ਵੱਡਾ ਗੋਲ ਸਕੋਰਰ ਬਣ ਕੇ ਉਸ ਸਮੇਂ ਦਾ।
ਦੱਸਦਾ ਜਾਵਾਂ ਕਿ ਕਾਫੀ ਲੰਮੇ ਸਮੇਂ ਤੋਂ ਸੁਹੇਲ ਅੱਬਾਸ ਅਰਥਾਤ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਦੇ ਸਾਹਮਣੇ ਨਿਸ਼ਾਨਾ ਹੀ ਹਾਲੈਂਡ ਦੇ ਸੁਪਰ ਸਟਾਰ ਪਾਲ ਲਿਟਜ਼ਨ ਦੇ ਗੋਲ ਰਿਕਾਰਡ ਨੂੰ ਤੋੜਨਾ ਸੀ। ਇਸ ਡੱਚ ਹਾਕੀ ਸਟਾਰ ਨੇ 267 ਗੋਲ ਕੀਤੇ ਸਨ, 176 ਮੈਚਾਂ 'ਚ, 1.52 ਪ੍ਰਤੀ ਮੈਚ ਗੋਲ ਔਸਤ ਨਾਲ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਡੱਚ ਹਾਕੀ ਸਟਾਰ ਦੇ ਮਾਣਮੱਤੇ ਰਿਕਾਰਡ ਨੂੰ ਸੁਹੇਸ ਅੱਬਾਸ ਵਲੋਂ ਤੋੜਨ ਦੀਆਂ ਗੌਰਵਮਈ ਯਾਦਾਂ ਨੂੰ ਵਿਸ਼ਵ ਹਾਕੀ ਜਗਤ ਕਦੇ ਨਹੀਂ ਭੁਲਾ ਸਕਦਾ, ਭਾਵੇਂ ਕਿ ਕਾਫੀ ਸਮਾਂ ਪਹਿਲਾਂ ਉਹ ਸੰਨਿਆਸ ਲੈ ਚੁੱਕਾ ਹੈ।
ਅੱਜ ਵੇਲਾ ਹੈ ਕਿ ਭਾਰਤ ਦੀ ਹਾਕੀ ਟੀਮ 'ਚ ਵੀ ਸੁਹੇਲ ਅੱਬਾਸ ਦੀ ਤਰ੍ਹਾਂ ਗੋਲ ਕਰਨ ਵਾਲਾ ਕੋਈ ਡਰੈਗ ਫਲਿੱਕਰ ਹੋਵੇ। ਅਸੀਂ ਵਰ੍ਹਿਆਂ ਤੋਂ ਖਿਡਾਰੀ ਬਦਲ ਰਹੇ ਹਾਂ, ਕੋਚ ਬਦਲ ਰਹੇ, ਹਾਕੀ ਫੈਡਰੇਸ਼ਨ ਤੋਂ ਹਾਕੀ ਇੰਡੀਆ ਹੋ ਗਏ ਪਰ ਸਾਨੂੰ ਅਜੇ ਤੱਕ ਕੋਈ ਭਰੋਸੇਯੋਗ ਡਰੈਗ ਫਲਿੱਕਰ ਨਹੀਂ ਮਿਲਿਆ। ਕਈ ਵਿਸ਼ਵ ਕੱਪ ਲੰਘ ਗਏ, ਕਈ ਉਲੰਪਿਕ ਟੂਰਨਾਮੈਂਟ ਹੋ ਗਏ ਪਰ ਸਾਡੀ ਟੂਰਨਾਮੈਂਟ ਤਿਆਰੀ 'ਚ ਕੀ ਕਮੀਆਂ ਹਨ, ਕਿਸੇ ਨੂੰ ਨਜ਼ਰ ਨਹੀਂ ਆਈਆਂ। ਭਾਰਤ ਦੀ ਧਰਤੀ 'ਤੇ ਕੋਈ ਤਾਂ ਸੁਹੇਲ ਅੱਬਾਸ ਡਰੈਗ ਫਲਿੱਕਰ ਬਣੇ, ਜਿਸ 'ਤੇ ਪੂਰੀ ਦੁਨੀਆ ਨਾਜ਼ ਕਰੇ। ਕਿਸੇ ਤਾਂ ਭਾਰਤੀ ਖਿਡਾਰੀ ਲਈ ਸੁਹੇਲ ਅੱਬਾਸ ਪ੍ਰੇਰਨਾ ਸਰੋਤ ਬਣੇ, ਜੋ ਭਾਰਤੀ ਹਾਕੀ ਟੀਮ ਲਈ ਔਖੀਆਂ ਘੜੀਆਂ 'ਚ ਮਦਦਗਾਰ ਸਾਬਤ ਹੋਵੇ।


-ਅੰਮ੍ਰਿਤਸਰ। ਫੋਨ : 98155-35410

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX