ਤਾਜਾ ਖ਼ਬਰਾਂ


"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  6 minutes ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  31 minutes ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  43 minutes ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਮਨ ਸ਼ਾਂਤ ਰੱਖੋ ਤੇ ਖੁਸ਼ ਰਹੋ

ਅੱਜ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਤੇ ਮੁਸ਼ਕਿਲਾਂ ਨਾਲ ਭਰੀ ਹੋਈ ਹੈ। ਕਿਸੇ ਕੋਲ ਵੀ ਬਹੁਤਾ ਸਮਾਂ ਹੀ ਨਹੀਂ ਹੁੰਦਾ। ਸਾਡੀ ਜ਼ਿੰਦਗੀ ਵਿਚ ਏਨੀਆਂ ਮੁਸ਼ਕਿਲਾਂ ਹਨ ਕਿ ਅਸੀਂ ਹਰ ਵੇਲੇ ਪ੍ਰੇਸ਼ਾਨ ਰਹਿੰਦੇ ਹਾਂ ਅਤੇ ਮਨ ਹਰ ਵਕਤ ਦੁਖੀ ਰਹਿਣ ਲੱਗ ਪੈਂਦਾ ਹੈ। ਪਰ ਏਨਾ ਦੁਖੀ ਜਾਂ ਪ੍ਰੇਸ਼ਾਨ ਰਹਿਣ ਨਾਲ ਸਾਡੀਆਂ ਮੁਸ਼ਕਿਲਾਂ ਖ਼ਤਮ ਵੀ ਨਹੀਂ ਹੁੰਦੀਆਂ ਤੇ ਘਟਦੀਆਂ ਵੀ ਨਹੀਂ। ਇਹ ਜ਼ਿੰਦਗੀ ਇਸ ਤਰ੍ਹਾਂ ਹੀ ਚਲਦੀ ਰਹਿੰਦੀ ਹੈ।
ਸਾਨੂੰ ਕੁਝ ਸਮਾਂ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ। ਉਸ ਸਮੇਂ ਵਿਚ ਜੋ ਵੀ ਤੁਹਾਡਾ ਦਿਲ ਚਾਹੁੰਦਾ ਹੈ, ਉਹ ਕਰਨਾ ਚਾਹੀਦਾ ਹੈ। ਚਾਹੇ ਉਹ ਗਾਣੇ ਸੁਣਨ ਨੂੰ ਦਿਲ ਕਰੇ ਜਾਂ ਕਸਰਤ ਕਰਨ ਨੂੰ ਜਾਂ ਆਰਾਮ ਕਰਨ ਨੂੰ, ਜੋ ਕੁਝ ਵੀ ਹੋਵੇ, ਉਹ ਕੰਮ ਕਰੋ, ਜੋ ਤੁਹਾਡੀ ਇੱਛਾ ਕਰਦੀ ਹੈ, ਜਿਸ ਨਾਲ ਤੁਹਾਨੂੰ ਖੁਸ਼ੀ ਮਿਲ ਸਕੇ। ਕੁਝ ਪਲ ਆਪਣੇ ਲਈ ਵੀ ਜਿਊਣੇ ਚਾਹੀਦੇ ਹਨ। ਆਪਣੇ ਕੰਮ ਦੀ ਆਪ ਸਿਫ਼ਤ ਕਰੋ ਕਿ ਤੁਸੀਂ ਅੱਜ ਇਹ ਕੰਮ ਬਹੁਤ ਵਧੀਆ ਕੀਤਾ ਹੈ।
ਆਪਣੀ ਖੁਸ਼ੀ ਲਈ ਦੂਜਿਆਂ ਦੀ ਮਦਦ ਕਰਨ ਦੀ ਆਦਤ ਪਾਓ। ਜੇਕਰ ਤੁਸੀਂ ਕਿਸੇ ਦੀ ਪੈਸਿਆਂ ਨਾਲ ਮਦਦ ਨਹੀਂ ਕਰ ਸਕਦੇ ਤਾਂ ਕੋਈ ਕਿਸੇ ਹੋਰ ਤਰ੍ਹਾਂ ਕਰ ਦੇਵੋ, ਕੋਈ ਸਹੀ ਕੰਮ ਵਿਚ ਉਸ ਦਾ ਸਾਥ ਦੇ ਕੇ ਤੁਹਾਨੂੰ ਖੁਸ਼ੀ ਮਿਲੇਗੀ।
ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਆਪਣੀ ਸੋਚ ਕਦੇ ਵੀ ਨਕਾਰਾਤਮਕ (ਨੈਗਟਿਵ) ਨਾ ਬਣਾਓ। ਜੇਕਰ ਜ਼ਿੰਦਗੀ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਘਬਰਾਓ ਨਾ, ਹਰ ਮੁਸ਼ਕਿਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਦੁਖੀ ਰਹਿਣਾ ਮੁਸ਼ਕਿਲ ਦਾ ਹੱਲ ਨਹੀਂ ਹੁੰਦਾ, ਮਨ ਸ਼ਾਂਤ ਰੱਖਣਾ ਚਾਹੀਦਾ ਹੈ ਤੇ ਮੁਸ਼ਕਿਲ ਦਾ ਹੱਲ ਲੱਭਣਾ ਚਾਹੀਦਾ ਹੈ। ਜੇਕਰ ਅਸੀਂ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਲਈ ਪਹਿਲਾਂ ਤੋਂ ਹੀ ਸੋਚਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡਾ ਅੱਜ ਵੀ ਖਰਾਬ ਹੋ ਜਾਵੇਗਾ। ਇਸ ਕਰਕੇ ਬਹੁਤਾ ਸੋਚਣਾ ਨਹੀਂ ਚਾਹੀਦਾ। ਖੁਸ਼ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਹੈ।


-ਸ਼ਹਾਬਦੀ ਨੰਗਲ, ਹੁਸ਼ਿਆਰਪੁਰ। ਮੋਬਾ: 97793-68243


ਖ਼ਬਰ ਸ਼ੇਅਰ ਕਰੋ

ਸੁੰਦਰ ਚਮੜੀ ਲਈ ਫੇਸ ਮਾਸਕ

ਘਰ ਵਿਚ ਬਣੇ ਫੇਸ ਮਾਸਕ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਘੱਟ ਖਰਚ ਵਿਚ ਵੀ ਚਮੜੀ ਹਮੇਸ਼ਾ ਤੰਦਰੁਸਤ ਅਤੇ ਚਮਕਦਾਰ ਰਹੇਗੀ।
* ਇਕ-ਦੋ ਗੇਂਦੇ ਦੇ ਫੁੱਲਾਂ ਵਿਚ ਦਹੀਂ, ਚੰਦਨ ਦਾ ਪਾਊਡਰ ਮਿਲਾਓ। ਚਿਹਰੇ 'ਤੇ 20 ਮਿੰਟ ਲਗਾ ਕੇ ਰੱਖੋ। ਇਸ ਨਾਲ ਚਿਹਰੇ ਨੂੰ ਠੰਢਕ ਮਿਲੇਗੀ। ਕਿੱਲ ਅਤੇ ਰੈਸ਼ੇਜ਼ ਦੂਰ ਹੋਣਗੇ। ਇਹ ਇਸਟ੍ਰਿੰਜੇਂਟ ਵਾਂਗ ਕੰਮ ਕਰੇਗਾ ਅਤੇ ਚਿਹਰੇ ਨੂੰ ਤੇਲ ਮੁਕਤ ਰੱਖੇਗਾ। ਚਮੜੀ ਦੇ ਮੁਸਾਮ ਵੀ ਬੰਦ ਹੋਣਗੇ। ਇਹ ਕੌਮਬੀਨੇਸ਼ਨ ਚਮੜੀ ਲਈ ਅਸਰਦਾਰ ਹੈ।
* ਸ਼ਹਿਦ ਅਤੇ ਦਹੀਂ ਵਿਚ ਕੁਝ ਬੂੰਦਾਂ ਰੈੱਡ ਵਾਈਨ ਦੀਆਂ ਮਿਲਾਓ। ਇਸ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਤੱਕ ਲਈ ਛੱਡ ਦਿਓ। ਸਾਦੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਨਰਮ ਬਣਾਏਗਾ ਅਤੇ ਉਸ ਨੂੰ ਪੂਰੀ ਤਰ੍ਹਾਂ ਮਾਇਸਚਰਾਈਜ਼ ਵੀ ਕਰੇਗਾ। ਟੈਨਿੰਗ ਦੂਰ ਹੋਵੇਗੀ ਅਤੇ ਚਮੜੀ 'ਤੇ ਚਮਕ ਆ ਜਾਵੇਗੀ।
* ਕੋਸੇ ਦੁੱਧ ਵਿਚ ਚੋਕਰ ਪਾ ਕੇ ਰੱਖੋ। ਨਹਾਉਣ ਤੋਂ ਪਹਿਲਾਂ ਚਿਹਰੇ, ਧੌਣ ਅਤੇ ਪਿੱਠ 'ਤੇ ਲਗਾਓ। ਸੁੱਕਣ 'ਤੇ ਧੋ ਲਓ। ਲਗਾਤਾਰ ਲਗਾਉਣ 'ਤੇ ਚਮੜੀ ਵਿਚ ਨਿਖਾਰ ਆ ਜਾਵੇਗਾ।
* ਤਾਜ਼ੇ ਅਤੇ ਕੱਚੇ ਇਵੋਕੈਡੋ ਪਲਪ ਵਿਚ ਐਲੋਵੇਰਾ ਜੈਲ ਮਿਲਾ ਕੇ ਪੈਕ ਬਣਾਓ। ਚਿਹਰੇ 'ਤੇ ਲਗਾ ਕੇ 20 ਮਿੰਟ ਲਈ ਛੱਡ ਦਿਓ। ਇਵੋਕੈਡੋ ਵਿਚ 20 ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ। ਇਸ ਨਾਲ ਚਮੜੀ ਦੇ ਉਮਰ ਦੇ ਅਸਰ ਵੀ ਦੂਰ ਹੋਣ ਲਗਦੇ ਹਨ। * ਮੁਲਤਾਨੀ ਮਿੱਟੀ ਵਿਚ ਕਈ ਖਣਿਜ ਹੁੰਦੇ ਹਨ। ਇਸ ਦਾ ਮਾਸਕ ਲਗਾਉਣ ਨਾਲ ਚਮੜੀ ਦੀਆਂ ਤੇਲੀ ਗ੍ਰੰਥੀਆਂ ਕੰਟਰੋਲ ਹੁੰਦੀਆਂ ਹਨ। ਚਿਹਰਾ ਰੁੱਖਾ ਅਤੇ ਮੁਰਝਾਇਆ ਨਹੀਂ ਦਿਸਦਾ।
* ਤੇਲੀ ਚਮੜੀ ਲਈ ਇਕ ਵੱਡਾ ਚਮਚ ਮੂੰਗੀ ਦੀ ਦਾਲ ਨੂੰ ਪਾਣੀ ਵਿਚ ਕੁਝ ਦੇਰ ਭਿਉਂ ਕੇ ਰੱਖੋ ਅਤੇ ਪੇਸਟ ਬਣਾਓ। ਇਸ ਵਿਚ ਮੈਸ਼ ਕੀਤਾ ਟਮਾਟਰ ਮਿਲਾਓ। ਚਿਹਰੇ 'ਤੇ ਲਗਾ ਕੇ ਇਸ ਨੂੰ ਹਲਕੇ ਹੱਥ ਨਾਲ ਚਿਹਰੇ ਦੀ ਮਾਲਿਸ਼ ਕਰੋ। 20 ਮਿੰਟ ਤੋਂ ਬਾਅਦ ਚਿਹਰਾ ਧੋ ਲਓ। * ਖੁਸ਼ਕ ਚਮੜੀ ਲਈ ਰੈੱਡ ਵਾਈਨ, ਐਲੋਵੇਰਾ ਜੈੱਲ ਅਤੇ ਮਿਲਕ ਪਾਊਡਰ ਮਿਕਸ ਕਰੋ। 20 ਮਿੰਟ ਚਿਹਰੇ 'ਤੇ ਲਗਾ ਕੇ ਰੱਖੋ। ਸਾਧਾਰਨ ਚਮੜੀ ਲਈ ਫਰੂਟ ਫੇਸ ਪੈਕ ਲਗਾਓ।
* ਤੇਲੀ ਚਮੜੀ ਲਈ : ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿਚ ਮਿਲਾਓ। ਚਿਹਰੇ 'ਤੇ ਲਗਾਓ ਅਤੇ ਸੁੱਕਣ 'ਤੇ ਧੋ ਲਓ।
* ਮੁਹਾਸੇ ਵਾਲੀ ਚਮੜੀ : ਮੁਲਤਾਨੀ ਮਿੱਟੀ ਵਿਚ ਚੰਦਨ ਦਾ ਪੇਸਟ, ਰੋਜ਼ ਵਾਟਰ ਅਤੇ ਨਿੰਮ ਦੇ ਸੁੱਕੇ ਪੱਤਿਆਂ ਦਾ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਧੋ ਲਓ।
* ਜ਼ਿਆਦਾ ਮੁਹਾਸਿਆਂ ਵਾਲੀ ਚਮੜੀ : ਮੁਲਤਾਨੀ ਮਿੱਟੀ ਵਿਚ ਨਿੰਬੂ ਦਾ ਰਸ, ਰੋਜ਼ ਵਾਟਰ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ਅਤੇ ਧੌਣ 'ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ।

ਹਾਨੀਕਾਰਕ ਹਨ ਇਹ ਪਾਲਤੂ ਜਾਨਵਰਾਂ ਲਈ

ਪਾਲਤੂ ਜਾਨਵਰਾਂ ਅਤੇ ਇਨਸਾਨ ਦਾ ਭੋਜਨ ਕੁਦਰਤ ਨੇ ਵੱਖ-ਵੱਖ ਬਣਾਇਆ ਹੈ। ਚਾਹੇ ਪਾਲਤੂ ਜਾਨਵਰ ਘਰ ਦੇ ਮੈਂਬਰ ਵਾਂਗ ਹੀ ਕਿਉਂ ਨਾ ਹੋਣ, ਪਰ ਅਸੀਂ ਉਨ੍ਹਾਂ ਨੂੰ ਉਹੀ ਭੋਜਨ ਨਹੀਂ ਦੇ ਸਕਦੇ, ਜੋ ਅਸੀਂ ਹਰ ਰੋਜ਼ ਖਾਂਦੇ ਹਾਂ। ਇਹ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕਿਉਂਕਿ ਉਹ ਉਨ੍ਹਾਂ ਲਈ ਨਹੀਂ ਬਣੇ। ਆਓ ਦੇਖੀਏ ਉਨ੍ਹਾਂ ਨੂੰ ਭਾਵ ਪਾਲਤੂ ਕੁੱਤਿਆਂ ਨੂੰ ਕੀ ਨਾ ਦੇਈਏ।
ਕੱਚੇ ਆਂਡੇ
ਕਦੇ ਵੀ ਪਾਲਤੂ ਜਾਨਵਰਾਂ ਨੂੰ ਕੱਚੇ ਆਂਡੇ ਨਾ ਦਿਓ। ਇਨ੍ਹਾਂ ਵਿਚ ਪਾਏ ਜਾਣ ਵਾਲੇ ਇੰਜਾਇਮ ਨਾਲ ਉਸ ਵਿਚ ਪਾਏ ਜਾਣ ਵਾਲੇ ਵਿਟਾਮਿਨਜ਼ ਉਨ੍ਹਾਂ ਨੂੰ ਪੂਰਾ ਲਾਭ ਨਹੀਂ ਪਹੁੰਚਾ ਸਕਣਗੇ। ਆਂਡੇ ਭਾਵੇਂ ਪੌਸ਼ਟਿਕ ਆਹਾਰ ਹਨ ਪਰ ਪਾਲਤੂ ਜਾਨਵਰਾਂ ਲਈ ਕੱਚੇ ਆਂਡੇ ਬਿਲਕੁਲ ਠੀਕ ਨਹੀਂ। ਇਸੇ ਤਰ੍ਹਾਂ ਕਦੇ ਵੀ ਉਨ੍ਹਾਂ ਨੂੰ ਕੱਚੀ ਮੱਛੀ ਖਾਣ ਨੂੰ ਨਾ ਦਿਓ। ਇਸ ਨਾਲ ਉਨ੍ਹਾਂ ਨੂੰ ਫੂਡ ਪਾਇਜ਼ਨਿੰਗ ਹੋ ਸਕਦੀ ਹੈ।
ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ
ਵੈਸੇ ਬਿੱਲੀਆਂ ਅਤੇ ਕੁੱਤੇ ਦੁੱਧ ਖੁਸ਼ੀ ਨਾਲ ਪੀਂਦੇ ਹਨ ਜੋ ਕਿ ਪਾਲਤੂ ਜਾਨਵਰਾਂ ਲਈ ਠੀਕ ਨਹੀਂ, ਕਿਉਂਕਿ ਉਹ ਡੇਅਰੀ ਉਤਪਾਦਾਂ ਨੂੰ ਪਚਾ ਨਹੀਂ ਸਕਦੇ। ਉਨ੍ਹਾਂ ਨੂੰ ਪੇਟ ਦੀ ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਡਾਇਰੀਆ ਹੋ ਸਕਦਾ ਹੈ। ਡੇਅਰੀ ਉਤਪਾਦਾਂ ਨਾਲ ਫੂਡ ਅਲਰਜੀ ਹੋ ਸਕਦੀ ਹੈ ਅਤੇ ਸਰੀਰ ਸੁਸਤ ਵੀ ਹੋ ਸਕਦਾ ਹੈ।
ਚਾਕਲੇਟ
ਚਾਕਲੇਟ ਦੇਣਾ ਵੀ ਪਾਲਤੂ ਜਾਨਵਰਾਂ ਲਈ ਠੀਕ ਨਹੀਂ, ਕਿਉਂਕਿ ਚਾਕਲੇਟ ਵਿਚ ਕੈਫੀਨ ਅਤੇ ਥਿਓਬ੍ਰਭਾਈਨ ਹੁੰਦਾ ਹੈ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਪਾਲਤੂ ਜਾਨਵਰਾਂ ਦੀ ਸਿਹਤ ਲਈ ਠੀਕ ਨਹੀਂ।
ਕਿਸ਼ਮਿਸ਼
ਕਿਸ਼ਮਿਸ਼ ਪਾਲਤੂ ਜਾਨਵਰਾਂ ਵਿਚ ਬੇਚੈਨੀ, ਉਲਟੀ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਕੋਈ ਵੀ ਸੁੱਕੇ ਮੇਵੇ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਦਿਓ।
ਪਿਆਜ਼ ਅਤੇ ਲਸਣ
ਪਾਲਤੂ ਜਾਨਵਰਾਂ ਨੂੰ ਪਿਆਜ਼ ਅਤੇ ਲਸਣ ਨਾਲ ਬਣਿਆ ਖਾਣਾ ਖਾਣ ਨੂੰ ਨਾ ਦਿਓ। ਇਸ ਨਾਲ ਉਨ੍ਹਾਂ ਨੂੰ ਅਨੀਮੀਆ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਲਾਲ ਖੂਨ ਸੈੱਲਾਂ ਦੀ ਗਿਣਤੀ ਵੀ ਘਟ ਸਕਦੀ ਹੈ।


-ਸੁਨੀਤਾ ਗਾਬਾ

ਘਰ ਦਾ ਮਾਹੌਲ ਖੁਸ਼ਗਵਾਰ ਰੱਖਣ ਲਈ ਬਜ਼ੁਰਗਾਂ ਦਾ ਸਹਿਯੋਗ ਵੀ ਜ਼ਰੂਰੀ

ਬਚਪਨ ਜਵਾਨੀ ਦੀ ਤਰ੍ਹਾਂ ਬੁਢਾਪਾ ਵੀ ਮਨੁੱਖੀ ਜੀਵਨ ਦਾ ਇਕ ਅਹਿਮ ਪੜਾਅ ਹੈ। ਆਧੁਨਿਕ ਸੱਭਿਅਤਾ 'ਚ ਹਰ ਰਿਸ਼ਤੇ 'ਚ ਤਰੇੜਾਂ ਆ ਰਹੀਆਂ ਹਨ। ਅਕਸਰ ਹੀ ਬੁਢਾਪੇ 'ਚ ਮਾਂ-ਬਾਪ ਆਪਣੇ-ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ-ਆਸ਼ਰਮਾਂ 'ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ, ਸਗੋਂ ਬੇਹੱਦ ਸ਼ਰਮਨਾਕ ਹੈ। ਇਸ ਲਈ ਇਹ ਜਲਦੀ ਤੋਂ ਜਲਦੀ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਬਜ਼ੁਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਇਹ ਸਮੱਸਿਆਵਾਂ ਦਿਨੋ-ਦਿਨ ਵਿਕਰਾਲ ਰੂਪ ਕਿਉਂ ਧਾਰਨ ਕਰ ਰਹੀਆਂ ਹਨ? ਭਾਵੇਂ ਨਵੀਂ ਪੀੜ੍ਹੀ 'ਖਾਓ ਪੀਓ ਐਸ਼ ਕਰੋ' ਦੇ ਸਿਧਾਂਤ 'ਚ ਗਲਤਾਨ ਹੈ, ਪਦਾਰਥਵਾਦ ਕਦਰਾਂ-ਕੀਮਤਾਂ 'ਤੇ ਭਾਰੂ ਪੈ ਰਿਹਾ ਹੈ ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾ ਬੱਚੇ ਹੀ ਗ਼ਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ।
ਸਮੱਸਿਆਵਾਂ, ਕਾਰਨ, ਸੁਝਾਅ ਅਤੇ ਹੱਲ
ਜ਼ਿਆਦਾਤਰ ਬਜ਼ੁਰਗਾਂ ਨੂੰ ਉਨ੍ਹਾਂ ਦੇ ਮਾਂ-ਬਾਪ ਨੇ ਤਾੜ੍ਹ ਕੇ ਰੱਖਿਆ ਹੁੰਦਾ ਹੈ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਸਖ਼ਤ ਮਿਹਨਤ ਕੀਤੀ ਹੁੰਦੀ ਹੈ। ਇਸ ਲਈ ਹੁਣ ਉਹ ਵੀ ਆਪਣੀ ਔਲਾਦ ਨੂੰ ਤਾੜ੍ਹ ਕੇ ਰੱਖਣਾ ਚਾਹੁੰਦੇ ਹਨ। ਪਰ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਤੇ ਦਿਮਾਗ਼ ਨਾਲ ਕੰਪਿਉੂਟਰ 'ਤੇ ਹੀ ਬਹੁਤ ਸਾਰੇ ਕੰਮ ਕਰ ਜਾਂਦੇ ਹਨ। ਮਸ਼ੀਨੀਕਰਨ ਦੇ ਯੁੱਗ 'ਚ ਨਵੀਂ ਪੀੜ੍ਹੀ ਟੋਕਾ-ਟਾਕੀ ਬਰਦਾਸ਼ਤ ਨਹੀਂ ਕਰਦੀ, ਜਦੋਂ ਕਿ ਪੁਰਾਣੀ ਪੀੜ੍ਹੀ ਆਪਣਾ ਤਜਰਬਾ ਤੇ ਗਿਆਨ ਉਨ੍ਹਾਂ 'ਤੇ ਥੋਪਣਾ ਚਾਹੁੰਦੀ ਹੈ।
ਬੇਟੇ ਦੀ ਸ਼ਾਦੀ ਹੋਣ 'ਤੇ ਆਪਣੀ ਨੂੰਹ ਨੂੰ ਧੀ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਉਹ ਤਾਂ ਵਿਆਹ ਸਮੇਂ ਹੀ ਆਪਣਾ ਘਰ-ਬਾਰ ਤੇ ਮਾਂ-ਬਾਪ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈ। ਹੁਣ ਤੁਸੀਂ ਹੀ ਉਸ ਦੇ ਮਾਂ-ਬਾਪ ਹੋ। ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹੋ। ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਕਰੋਗੇ, ਉਸੇ ਤਰ੍ਹਾਂ ਦਾ ਹੀ ਤੁਹਾਡੇ ਨਾਲ ਉਹ ਕਰੇਗੀ। ਚੰਗੀਆਂ ਕਦਰਾਂ-ਕੀਮਤਾਂ ਨਾਲ ਵਿਵਹਾਰ ਕਰੋਗੇ ਤਾਂ ਬਦਲੇ 'ਚ ਇੱਜ਼ਤ ਮਿਲੇਗੀ। ਜੇ ਕਿਸੇ ਨੂੰ ਜ਼ਬਰਦਸਤੀ ਦਬਾਓਗੇ ਤਾਂ ਇਕ ਸਥਿਤੀ ਤੋਂ ਬਾਅਦ ਉਹ ਟੁੱਟੇਗੀ ਜਾਂ ਓਨੀ ਸ਼ਕਤੀ ਨਾਲ ਹੀ ਵਾਪਸ ਉਛਲੇਗੀ। ਇਸ ਸਾਇੰਸ ਦੇ ਸਿਧਾਂਤ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਅਕਸਰ ਹੀ ਮਾਂ-ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਵਹਾਰ 'ਚ ਬਦਲਾਅ ਦੀ ਸ਼ਿਕਾਇਤ ਰਹਿੰਦੀ ਹੈ। ਮਾਂ-ਬਾਪ ਨੂੰ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਅੱਜਕਲ ਪੜ੍ਹੇ-ਲਿਖੇ ਲੜਕੇ ਜੇਕਰ ਕੰਮ-ਕਾਰ 'ਚ ਆਪਣੀ ਪਤਨੀ ਦੀ ਮਦਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 'ਜ਼ੋਰੂ ਦੇ ਗੁਲਾਮ' ਨਹੀਂ ਕਹਿ ਸਕਦੇ, ਕਿਉਂਕਿ ਅਨੇਕਾਂ ਹੀ ਅਜਿਹੇ ਕੰਮ ਜੋ ਪਤੀ ਦੇ ਹਿੱਸੇ ਦੇ ਹੁੰਦੇ ਹਨ, ਪਤਨੀ ਕਰ ਦਿੰਦੀ ਹੈ। ਆਪਸੀ ਸਹਿਯੋਗ ਨਾਲ ਹੀ ਗ੍ਰਹਿਸਥੀ ਜੀਵਨ ਦਾ ਰੱਥ ਅੱਗੇ ਵਧ ਸਕਦਾ ਹੈ। ਕਈ ਬਜ਼ੁਰਗਾਂ ਨੂੰ ਨਵੀਂ ਨੂੰਹ ਆਉਣ 'ਤੇ ਪਹਿਲਾਂ ਆਈ ਵੱਡੀ ਨੂੰਹ 'ਚ ਅਨੇਕਾਂ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਉਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਕੌਣ ਉਨ੍ਹਾਂ ਦੀ ਸੇਵਾ ਕਰਦਾ ਰਿਹਾ ਹੈ। ਨਵਾਂ ਮੈਂਬਰ ਪਰਿਵਾਰ 'ਚ ਸੈੱਟ ਹੋਣ ਲਈ ਕਈ ਵਾਰ ਬਜ਼ੁਰਗਾਂ ਦੀ ਕੋਈ ਵੀ ਗੱਲ ਨਹੀਂ ਕੱਟਦਾ। ਪਰ ਸਾਲ ਕੁ ਬਾਅਦ ਜਦੋਂ ਉਹ ਆਪਣਾ ਰੰਗ ਵਿਖਾਉਣ ਲੱਗਦੀ ਹੈ ਤਾਂ ਲੱਗਦਾ ਹੈ ਕਿ ਹੁਣ ਉਹ ਜ਼ਿਆਦਾ ਬੋਲਣ ਲੱਗ ਗਈ ਹੈ!
ਮੌਕਾ ਮਿਲਣ 'ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਢੋਲ 'ਚੋਂ ਨਿਕਲੀ ਕਣਕ ਵਾਂਗ ਢੇਰੀ ਕਰ ਦਿੰਦਾ ਹੈ। ਫਿਰ ਇਹ ਖਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿਚ ਮੁਨਿਆਦੀ ਕਰਕੇ ਬਜ਼ੁਰਗ ਅਤੇ ਉਸ ਦੇ ਬੱਚਿਆ ਦਾ 'ਦੁੱਖ' ਵੰਡਾਉਂਦਾ ਹੈ। ਅਗਲੇ ਕੁਝ ਦਿਨਾਂ 'ਚ ਹਾਲਾਤ ਸੁਧਰ ਕੇ ਘਰ ਦਾ ਮਾਹੌਲ ਤਾਂ ਆਮ ਵਰਗਾ ਹੋ ਜਾਂਦਾ ਹੈ ਪਰ ਸਾਰੇ ਰਿਸ਼ਤੇਦਾਰਾਂ ਵਿਚ ਬੱਚਿਆਂ ਦੇ ਅਕਸ ਨੂੰ ਜੋ ਢਾਅ ਲੱਗ ਜਾਂਦੀ ਹੈ, ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਰਿਸ਼ਤੇਦਾਰਾਂ ਕੋਲ ਆਪਣੇ ਬੱਚਿਆਂ ਦੀ ਬੁਰਾਈ ਨਾ ਕਰੋ, ਸਗੋਂ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮਾਣ ਮਹਿਸੂਸ ਕਰੋ, ਕਿਉਂਕਿ ਜੋ ਕੁਝ ਤੁਹਾਡੇ ਬੱਚੇ ਤੁਹਾਡੇ ਲਈ ਕਰ ਸਕਦੇ ਹਨ, ਉਹ ਰਿਸ਼ਤੇਦਾਰ ਨਹੀਂ ਕਰ ਸਕਦੇ।
ਛੋਟੇ ਬੱਚਿਆਂ ਨਾਲ ਸਮਾਂ ਗੁਜ਼ਾਰੋ। ਉਨ੍ਹਾਂ ਨੂੰ ਬਾਹਰ ਘੁੰਮਣ ਲਈ ਲੈ ਜਾਓ। ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਕਦੇ-ਕਦੇ ਕੁਝ ਖਾਣ ਲਈ ਲੈ ਕੇ ਦਿੰਦੇ ਰਹੋ। ਇਸ ਤਰ੍ਹਾਂ ਤੁਹਾਡਾ ਸਮਾਂ ਚੰਗਾ ਬਤੀਤ ਹੋਵੇਗਾ ਤੇ ਬੱਚੇ ਵੀ ਤੁਹਾਨੂੰ ਹੋਰ ਪਿਆਰ ਕਰਨਗੇ। ਪੜ੍ਹ-ਲਿਖ ਕੇ ਰੁਜ਼ਗਾਰ ਲਈ ਥਾਂ-ਥਾਂ ਧੱਕੇ ਖਾ ਕੇ ਨਿਰਾਸ਼ ਹੋ ਚੁੱਕੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵੱਡਿਆਂ ਦੀ ਹਮਦਰਦੀ ਇਕ ਕਾਰਗਰ ਟੌਨਿਕ ਸਾਬਤ ਹੋ ਸਕਦੀ ਹੈ। ਵੱਡੀ ਉਮਰ 'ਚ ਗੋਡੇ, ਢੂਹੀ, ਸਿਰ, ਲੱਤਾਂ-ਬਾਹਾਂ 'ਚ ਦਰਦ ਹੋਣਾ ਆਮ ਸਮੱਸਿਆਵਾਂ ਹਨ। ਸਵੇਰੇ ਉੱਠਣ ਸਾਰ ਹੀ ਗੋਡੇ ਜਾਂ ਮੋਢੇ ਦੇ ਦਰਦ ਦੀ ਸ਼ਿਕਾਇਤ ਕਰਕੇ ਸੁਹਾਵਣੀ ਸਵੇਰ ਦੀ ਬੇਕਦਰੀ ਨਾ ਕਰੋ, ਸਗੋਂ ਮਨ ਵਿਚ ਧੰਨਵਾਦੀ ਭਾਵ ਲਿਆਓ, ਕਿਉਂਕਿ ਤੁਹਾਨੂੰ ਜ਼ਿੰਦਗੀ ਜਿਊਣ ਲਈ ਇਕ ਹੋਰ ਖ਼ੁਬਸੂਰਤ ਦਿਨ ਨਸੀਬ ਹੋਇਆ ਹੈ। ਜਿਥੋਂ ਤੱਕ ਸਰੀਰਕ ਸਮੱਸਿਆਵਾਂ ਦੀ ਗੱਲ ਹੈ, ਇਸ ਉਮਰ 'ਚ ਆਪਣੇ ਖਾਣ-ਪੀਣ ਵਿਚ ਸੰਜਮ ਤੇ ਪਰਹੇਜ਼ ਰੱਖਣਾ ਚਾਹੀਦਾ ਹੈ। ਸਰੀਰਕ ਸਮਰੱਥਾ ਅਨੁਸਾਰ ਛੋਟੇ-ਮੋਟੇ ਕੰਮ ਕਰਕੇ ਆਪਣੇ-ਆਪ ਨੂੰ ਮਸ਼ਰੂਫ਼ ਰੱਖਣਾ ਚਾਹੀਦਾ ਹੈ। ਹਲਕਾ ਭੋਜਨ ਖਾਣਾ ਚਾਹੀਦਾ ਹੈ। ਸਰੀਰਕ ਗਤੀਸ਼ੀਲਤਾ ਘੱਟ ਹੋਣ ਕਰਕੇ ਕੈਲੋਰੀ ਦੀ ਖਪਤ ਘੱਟ ਹੁੰਦੀ ਹੈ। ਇਸ ਲਈ ਮਸਾਲੇਦਾਰ ਚਟਪਟਾ ਤੇ ਤਲੇ ਹੋਏ ਖਾਣੇ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੰਯੁਕਤ ਪਰਿਵਾਰ ਦੇ ਮੁਖੀ ਹੋ ਤਾਂ ਸਾਰਿਆਂ ਨੂੰ ਹੀ ਪਿਆਰ ਕਰੋ ਪਰ ਜੇਕਰ ਕੋਈ ਪੁੱਤਰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸੰਸਾ ਜ਼ਰੂਰ ਕਰੋ।
ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦੀ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਨੈਤਿਕ ਫ਼ਰਜ਼ ਵੀ ਹੈ। ਮਾਂ-ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਨ੍ਹਾਂ ਦੀ ਗੱਲ ਧੀਰਜ ਨਾਲ ਸੁਣੋ, ਜੇ ਤੁਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਉਸੇ ਤਰ੍ਹਾਂ ਸਹਿਣਸ਼ੀਲਤਾ ਦਿਖਾਓ, ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚਿਆਂ ਨੂੰ ਮਾਂ-ਬਾਪ ਹੀ ਬੋਲਣਾ ਸਿਖਾਉਂਦੇ ਹਨ। ਉਹੀ ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚੇ ਜਦੋਂ ਵੱਡੇ ਹੋ ਕੇ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ ਤਾਂ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਯਾਦ ਰੱਖੋ ਕਿ ਤੁਸੀਂ ਮਾਂ-ਬਾਪ ਦੀ ਬਦੌਲਤ ਹੀ ਚੰਗੇ ਪੜ੍ਹੇ-ਲਿਖੇ ਹੋ ਤੇ ਜਿੱਥੋਂ ਤੱਕ ਜੀਵਨ ਜਾਚ ਦਾ ਸਬੰਧ ਹੈ, ਤੁਸੀਂ ਜੀਵਨ ਭਰ ਉਨ੍ਹਾਂ ਤੋਂ ਪਿੱਛੇ ਹੀ ਰਹੋਗੇ, ਕਿਉਂਕਿ ਮਾਂ-ਬਾਪ ਜੀਵਨ ਜਾਚ ਵਿਚ ਪੀ.ਐਚ.ਡੀ. ਹੁੰਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਦੇ ਵਿਚਕਾਰ ਨਦੀ ਦੇ ਦੋ ਕਿਨਾਰਿਆਂ ਵਾਂਗ ਮਿਲ ਨਹੀਂ ਸਕਦੇ। ਇਹ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਵਖਰੇਵਾਂ ਸਦੀਆਂ ਤੋਂ ਰਿਹਾ ਹੈ ਤੇ ਹਮੇਸ਼ਾ ਹੀ ਰਹੇਗਾ, ਭਾਵੇਂ ਵਿਚਾਰਾਂ ਦੇ ਇਸ ਵਖਰੇਵੇਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਬਜ਼ੁਰਗਾਂ ਨੂੰ ਆਪਣੇ ਖਾਣ ਤੇ ਬੋਲਣ ਉੱਤੇ ਸੰਜਮ ਰੱਖ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ-ਆਪ ਨੂੰ ਮਾਂ-ਬਾਪ ਤੋਂ ਜ਼ਿਆਦਾ ਚਲਾਕ ਜਾਂ ਚਤਰ ਨਾ ਸਮਝੋ। ਜਿੱਥੇ ਤੁਸੀਂ ਅੱਜ ਫਿਰ ਰਹੇ ਹੋ, ਉਹ ਬਹੁਤ ਚਿਰ ਪਹਿਲਾਂ ਇਸ ਦੌਰ 'ਚੋਂ ਗੁਜ਼ਰ ਚੁੱਕੇ ਹਨ। ਉਪਰੋਕਤ ਗੱਲਾਂ ਨੂੰ ਦਿਮਾਗ਼ 'ਚ ਰੱਖ ਕੇ ਇਸ ਧਰਤੀ 'ਤੇ ਹੀ ਸਵਰਗ ਦੀ ਮੌਜ ਦਾ ਅਹਿਸਾਸ ਕੀਤਾ ਜਾ ਸਕਦਾ ਹੈ।


-ਇੰਗਲਿਸ਼ ਕਾਲਜ, ਮਲੇਰਕੋਟਲਾ। ਮੋਬਾ: 98140-96108

ਸਫਲ ਇੰਟਰਵਿਊ ਲਈ ਕੁਝ ਮੂਲਮੰਤਰ

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਇੰਟਰਵਿਊ ਵਿਚ ਸਫਲ ਰਹੋ ਤਾਂ ਜਾਣੋ ਕੁਝ ਮੰਤਰਾਂ ਨੂੰ-
* ਇੰਟਰਵਿਊ 'ਤੇ ਜਾਣ ਤੋਂ ਪਹਿਲਾਂ ਕਿਸੇ ਵੀ ਚਿੰਤਾ ਜਾਂ ਦੁਬਿਧਾ ਵਿਚ ਨਾ ਰਹੋ। ਜਿਸ ਨੌਕਰੀ ਜਾਂ ਉੱਚ ਸਿੱਖਿਆ ਲਈ ਇੰਟਰਵਿਊ ਲਈ ਜਾਓ, ਉਨ੍ਹਾਂ ਵਿਸ਼ਿਆਂ ਬਾਰੇ ਚੰਗੀ ਜਾਣਕਾਰੀ ਇਕੱਠੀ ਕਰ ਲਓ ਤਾਂ ਕਿ ਪ੍ਰਸ਼ਨ ਦਾ ਉੱਤਰ ਦੇਣ ਵਿਚ ਮੁਸ਼ਕਿਲ ਨਾ ਹੋਵੇ।
* ਆਪਣੀ ਸ਼ਖ਼ਸੀਅਤ 'ਤੇ ਵੀ ਧਿਆਨ ਦਿਓ, ਕਿਉਂਕਿ ਇੰਟਰਵਿਊ ਦੇ ਸਮੇਂ ਵਿਅਕਤੀ ਦੀ ਸ਼ਖ਼ਸੀਅਤ ਵੀ ਕਾਫੀ ਮਹੱਤਵ ਰੱਖਦੀ ਹੈ। ਵੈਸੇ ਇਹ ਸੱਚ ਹੈ ਕਿ ਬਾਹਰੀ ਰੂਪ-ਰੇਖਾ ਵਿਅਕਤੀ ਦੀ ਸ਼ਖ਼ਸੀਅਤ ਦਾ ਸਹੀ ਸ਼ੀਸ਼ਾ ਨਹੀਂ ਹੁੰਦੀ ਪਰ ਚੰਗੀ ਸ਼ਖ਼ਸੀਅਤ ਵਾਲਾ ਵਿਅਕਤੀ ਸਾਰਿਆਂ ਨੂੰ ਚੰਗਾ ਲਗਦਾ ਹੈ। ਮਨੁੱਖ ਤਾਂ ਗੁਣਾਂ-ਔਗੁਣਾਂ ਦੀ ਖਾਨ ਹੈ। ਚੰਗੀ ਸ਼ਖ਼ਸੀਅਤ ਤਾਂ ਉਸ ਦੀ ਮੰਨੀ ਜਾਵੇਗੀ, ਜੋ ਆਪਣੇ ਔਗੁਣਾਂ ਨੂੰ ਆਪਣੇ ਤੋਂ ਦੂਰ ਰੱਖ ਕੇ ਗੁਣਾਂ ਨੂੰ ਅਪਣਾਵੇ।
* ਆਪਣੇ ਬਾਰੇ ਜਾਣਕਾਰੀ ਹਮੇਸ਼ਾ ਸਹੀ ਅਤੇ ਸੰਖੇਪ ਵਿਚ ਦਿਓ। ਝੂਠ ਬੋਲਣਾ ਕਦੇ-ਕਦੇ ਤੁਹਾਨੂੰ ਪ੍ਰੇਸ਼ਾਨੀ ਵਿਚ ਪਾ ਸਕਦਾ ਹੈ। ਝੂਠ ਤੋਂ ਬਚੋ।
* ਇੰਟਰਵਿਊ ਦਿੰਦੇ ਸਮੇਂ ਜਾਂ ਵਾਰਤਾਲਾਪ ਸਮੇਂ ਆਪਣੀਆਂ ਗੱਲਾਂ ਦਾ ਪ੍ਰਗਟਾਵਾ ਠੀਕ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੋ। ਪ੍ਰਗਟਾਵੇ ਦੀ ਸਮਰੱਥਾ ਵੀ ਇੰਟਰਵਿਊ ਵਿਚ ਮਹੱਤਵਪੂਰਨ ਹੁੰਦੀ ਹੈ ਅਤੇ ਸਾਹਮਣੇ ਵਾਲੇ 'ਤੇ ਆਪਣੀ ਪਛਾਣ ਛੱਡਦੀ ਹੈ।
* ਇੰਟਰਵਿਊ ਦੇਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਯਾਦ ਸ਼ਕਤੀ ਨੂੰ ਮਜ਼ਬੂਤ ਬਣਾਓ ਤਾਂ ਕਿ ਪ੍ਰਸ਼ਨਾਂ ਦਾ ਉੱਤਰ ਤੁਰੰਤ ਦੇ ਸਕੋ। ਇਹ ਤਾਂ ਹੀ ਸੰਭਵ ਹੋਵੇਗਾ ਜੇ ਤੁਹਾਡਾ ਯਾਦ ਬੈਂਕ ਚੰਗੀ ਹੋਵੇਗੀ।
* ਇੰਟਰਵਿਊ ਲੈਣ ਵਾਲੇ ਦੇ ਸਾਹਮਣੇ ਸਮੇਂ ਨੂੰ ਵਿਅਰਥ ਨਾ ਗਵਾਉਣਾ ਵੀ ਚੰਗਾ ਗੁਣ ਹੈ। ਜੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਤੁਹਾਨੂੰ ਸਪੱਸ਼ਟ ਨਾ ਪਤਾ ਹੋਵੇ ਤਾਂ ਤੁਰੰਤ ਕਹੋ ਕਿ 'ਮੈਂ ਇਸ ਪ੍ਰਸ਼ਨ ਦਾ ਉੱਤਰ ਨਹੀਂ ਜਾਣਦੀ।' ਜੇ ਤੁਸੀਂ ਸੋਚਣ ਵਿਚ ਸਮਾਂ ਵਿਅਰਥ ਗਵਾਓਗੇ ਤਾਂ ਸਾਹਮਣੇ ਵਾਲੇ 'ਤੇ ਮਾੜਾ ਅਸਰ ਪਵੇਗਾ।
* ਇੰਟਰਵਿਊ ਲਈ ਜਾਂਦੇ ਸਮੇਂ ਆਪਣੇ ਕੱਪੜਿਆਂ 'ਤੇ ਵੀ ਵਿਸ਼ੇਸ਼ ਧਿਆਨ ਦਿਓ, ਕਿਉਂਕਿ ਪਹਿਰਾਵਾ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਪੜੇ ਮੌਸਮ ਦੇ ਅਨੁਕੂਲ ਪਹਿਨੋ। ਪਹਿਰਾਵੇ ਦਾ ਰੰਗ ਮੌਕੇ ਦੇ ਅਨੁਕੂਲ ਹੋਵੇ। ਪਹਿਰਾਵੇ ਦੀ ਚੋਣ ਆਪਣੇ ਰੰਗ ਅਤੇ ਸਰੀਰ ਦੇ ਅਨੁਰੂਪ ਕਰੋ। ਪਹਿਰਾਵਾ ਅਜਿਹਾ ਹੋਵੇ, ਜਿਸ ਨਾਲ ਤੁਹਾਡੇ ਸਰੀਰ ਦੇ ਅੰਗ ਪੂਰੀ ਤਰ੍ਹਾਂ ਢਕੇ ਰਹਿਣ। ਆਪਣੇ ਹੱਥਾਂ, ਪੈਰਾਂ ਅਤੇ ਅੱਖਾਂ ਨੂੰ ਕਾਬੂ ਵਿਚ ਰੱਖੋ। ਚਿਹਰੇ 'ਤੇ ਹਲਕੀ ਮੁਸਕਾਨ ਬਣਾਈ ਰੱਖੋ। ਜ਼ਿਆਦਾ ਗੰਭੀਰਤਾ ਵੀ ਠੀਕ ਨਹੀਂ ਹੁੰਦੀ।
ਇਸ ਤਰ੍ਹਾਂ ਇਨ੍ਹਾਂ ਤੱਥਾਂ ਨੂੰ ਨਜ਼ਰ ਵਿਚ ਰੱਖਦੇ ਹੋਏ ਇੰਟਰਵਿਊ 'ਤੇ ਜਾਓ।

ਬੱਚਿਆਂ ਨੂੰ ਪਾਰਕ ਵਿਚ ਲਿਜਾਂਦੇ ਸਮੇਂ ਧਿਆਨ ਦਿਓ

* ਪਾਰਕ ਲਿਜਾਂਦੇ ਸਮੇਂ ਬੱਚਿਆਂ ਨੂੰ ਮੌਸਮ ਦੇ ਅਨੁਕੂਲ ਕੱਪੜੇ ਪਹਿਨਾ ਕੇ ਲਿਜਾਓ। ਕੱਪੜੇ ਬਹੁਤ ਜ਼ਿਆਦਾ ਮਹਿੰਗੇ ਨਾ ਪਹਿਨਾਓ, ਨਹੀਂ ਤਾਂ ਧੂੜ-ਮਿੱਟੀ ਨਾਲ ਖਰਾਬ ਹੋਣ ਦਾ ਡਰ ਬਣਿਆ ਰਹੇਗਾ ਅਤੇ ਬੱਚਾ ਖੁੱਲ੍ਹ ਕੇ ਖੇਡ ਨਹੀਂ ਸਕੇਗਾ।
* ਜਦੋਂ ਵੀ ਪਾਰਕ ਵਿਚ ਜਾਓ, ਆਪਣੇ ਨਾਲ ਕੁਝ ਖੇਡਣ ਵਾਲਾ ਸਾਮਾਨ ਜ਼ਰੂਰ ਲੈ ਕੇ ਜਾਓ, ਜਿਵੇਂ ਬੈਟ-ਬਾਲ, ਲੂਡੋ, ਬੈਡਮਿੰਟਨ, ਫੁੱਟਬਾਲ ਆਦਿ।
* ਬੱਚੇ ਬੋਰ ਨਾ ਹੋਣ, ਇਸ ਵਾਸਤੇ ਆਪਣੇ ਬੱਚਿਆਂ ਦੇ ਨਾਲ ਗੁਆਂਢੀ ਦੇ ਬੱਚਿਆਂ ਨੂੰ ਵੀ ਲਿਜਾਓ।
* ਪਾਰਕ ਵਿਚ ਲਿਜਾਂਦੇ ਸਮੇਂ ਬੱਚੇ ਦੀ ਜੇਬ ਵਿਚ ਇਕ ਕਾਰਡ ਪਾ ਦਿਓ, ਜਿਸ ਵਿਚ ਉਸ ਦਾ ਨਾਂਅ, ਘਰ ਦਾ ਪਤਾ ਅਤੇ ਫੋਨ ਨੰਬਰ ਲਿਖਿਆ ਹੋਵੇ।
* ਬੱਚੇ ਦੇ ਕਹਿਣ 'ਤੇ ਖੁਦ ਵੀ ਬੱਚੇ ਦੇ ਨਾਲ ਖੇਡੋ, ਨਹੀਂ ਤਾਂ ਉਹ ਬੋਰ ਹੋ ਜਾਵੇਗਾ।
* ਪਾਰਕ ਜਾਂਦੇ ਸਮੇਂ ਪਾਣੀ ਦੀ ਬੋਤਲ ਅਤੇ ਕੁਝ ਖਾਣੇ ਦਾ ਸਾਮਾਨ ਆਪਣੇ ਨਾਲ ਜ਼ਰੂਰ ਲੈ ਜਾਓ। ਇਸ ਨਾਲ ਬੱਚਾ ਬਾਹਰ ਦੀਆਂ ਗੰਦੀਆਂ ਚੀਜ਼ਾਂ ਖਾਣ ਦੀ ਜ਼ਿਦ ਨਹੀਂ ਕਰੇਗਾ।
* ਝੂਲਾ ਝੂਲਦੇ ਸਮੇਂ ਬੱਚੇ ਦੇ ਕੋਲ ਖੜ੍ਹੇ ਰਹੋ ਜਾਂ ਦੂਰੋਂ ਧਿਆਨ ਰੱਖੋ ਕਿ ਕਿਤੇ ਕੋਈ ਦੁਰਘਟਨਾ ਨਾ ਵਾਪਰ ਜਾਵੇ।
* ਪਤੀ ਦੀ ਛੁੱਟੀ ਹੋਵੇ ਤਾਂ ਉਸ ਨੂੰ ਵੀ ਪਾਰਕ ਵਿਚ ਜਾਣ ਲਈ ਕਹੋ। ਇਸ ਨਾਲ ਬੱਚਿਆਂ ਨੂੰ ਪਿਤਾ ਦੇ ਨਾਲ ਸਮਾਂ ਬਿਤਾਉਣ ਵਿਚ ਮਜ਼ਾ ਆਵੇਗਾ ਅਤੇ ਤੁਹਾਡੇ ਪਤੀ ਨੂੰ ਵੀ ਕੁਝ ਬਦਲਾਅ ਮਹਿਸੂਸ ਹੋਵੇਗਾ।
* ਪਾਰਕ ਦੇ ਕਰਮਚਾਰੀਆਂ ਨਾਲ ਬੱਚਿਆਂ ਦੀ ਜਾਣ-ਪਛਾਣ ਜ਼ਰੂਰ ਕਰਵਾ ਦੇਣੀ ਚਾਹੀਦੀ ਹੈ ਤਾਂ ਕਿ ਲੋੜ ਪੈਣ 'ਤੇ ਉਹ ਤੁਹਾਡੀ ਕੁਝ ਮਦਦ ਕਰ ਸਕਣ।
* ਬੱਚਿਆਂ ਨੂੰ ਘਰ ਤੋਂ ਹੀ ਸਮਝਾ ਕੇ ਲਿਜਾਓ ਕਿ ਪਾਰਕ ਵਿਚ ਜਾ ਕੇ ਫੁੱਲ ਨਾ ਤੋੜਨ ਅਤੇ ਨਾ ਹੀ ਖਾਣ-ਪੀਣ ਦੀਆਂ ਚੀਜ਼ਾਂ ਇਧਰ-ਉਧਰ ਸੁੱਟਣ। ਇਸ ਨਾਲ ਪਾਰਕ ਗੰਦਾ ਅਤੇ ਵਾਤਾਵਰਨ ਦੂਸ਼ਿਤ ਹੁੰਦਾ ਹੈ।


-ਸ਼ੈਲੀ ਮਾਥੁਰ

ਜੇ ਤੁਸੀਂ ਚਲਾਉਂਦੇ ਹੋ ਦੋਪਹੀਆ ਵਾਹਨ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

ਬਦਲਦੇ ਯੁੱਗ ਨੇ ਵਿੱਦਿਆ ਦਾ ਪਸਾਰ ਵੀ ਕੀਤਾ ਹੈ ਤੇ ਸੁੱਖ ਸਹੂਲਤਾਂ ਵਿਚ ਵਾਧਾ ਵੀ। ਅਜੋਕੇ ਸਮੇਂ ਵਿਚ ਲੜਕੀਆਂ ਨੂੰ ਉੱਚ ਵਿੱਦਿਆ ਦੁਆਉਣਾ ਜਾਂ ਮਹਿਲਾਵਾਂ ਦਾ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਹਿਤ ਨੌਕਰੀ ਕਰਨਾ ਕੋਈ ਅਚੰਭੇ ਵਾਲੀ ਗੱਲ ਨਹੀਂ ਰਹਿ ਗਿਆ ਹੈ। ਅੱਜ ਲੜਕੀਆਂ ਨੂੰ ਉੱਚ ਵਿੱਦਿਆ ਲਈ ਕਾਲਜਾਂ, ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰਾਂ ਵਿਚ ਜਾਣ ਲਈ ਅਤੇ ਨੌਕਰੀਪੇਸ਼ਾ ਲੜਕੀਆਂ ਤੇ ਮਹਿਲਾਵਾਂ ਨੂੰ ਆਪੋ-ਆਪਣੇ ਅਦਾਰਿਆਂ ਤੱਕ ਪੁੱਜਣ ਲਈ ਦੋਪਹੀਆ ਵਾਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸੜਕ 'ਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਤੇ ਜੇਕਰ ਤੁਸੀਂ ਮਹਿਲਾ ਹੋ ਤਾਂ ਹੇਠਾਂ ਦਿੱਤੇ ਸੁਝਾਅ ਤੁਹਾਡੇ ਲਈ ਹੀ ਹਨ :
* ਪੰਜਾਬ ਸਮੇਤ ਕਈ ਰਾਜਾਂ ਵਿਚ ਇਹ ਵੇਖਣ ਵਿਚ ਆਇਆ ਹੈ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ 80 ਫ਼ੀਸਦੀ ਔਰਤਾਂ ਹੈਲਮੇਟ ਦੀ ਵਰਤੋਂ ਨਹੀਂ ਕਰਦੀਆਂ, ਜੋ ਕਿ ਇਕ ਵੱਡੀ ਅਣਗਹਿਲੀ ਹੈ ਤੇ ਹਾਦਸਾ ਵਾਪਰ ਜਾਣ 'ਤੇ ਜਾਨ ਵੀ ਲੈ ਸਕਦੀ ਹੈ। ਇਸ ਲਈ ਤੁਸੀਂ ਚਾਹੇ ਖ਼ੁਦ ਦੋਪਹੀਆ ਵਾਹਨ ਚਲਾ ਰਹੇ ਹੋ ਜਾਂ ਅਜਿਹਾ ਵਾਹਨ ਚਲਾ ਰਹੇ ਕਿਸੇ ਸ਼ਖ਼ਸ ਦੇ ਪਿੱਛੇ ਬੈਠੇ ਹੋ, ਹੈਲਮੇਟ ਦੀ ਵਰਤੋਂ ਜ਼ਰੂਰ ਕਰੋ।
* ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਨੁਸਾਰ ਜ਼ਿਆਦਾਤਰ ਔਰਤਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਬੈਕਵਿਊ ਮਿਰਰ ਭਾਵ ਪਿੱਛੇ ਵੇਖਣ ਵਾਲੇ ਸ਼ੀਸ਼ੇ ਦਾ ਜਾਂ ਮੋੜ ਕੱਟਣ ਸਮੇਂ ਇਸ਼ਾਰਿਆਂ ਦਾ ਇਸਤੇਮਾਲ ਬਿਲਕੁਲ ਨਹੀਂ ਕਰਦੀਆਂ, ਜਿਸ ਕਰਕੇ ਓਵਰਟੇਕ ਕਰਨ ਸਮੇਂ ਜਾਂ ਮੋੜ ਕੱਟਣ ਸਮੇਂ ਜਿੱਥੇ ਵਾਹਨ ਚਾਲਕ ਨਾਲ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਪਿੱਛੇ ਤੋਂ ਆ ਰਹੇ ਵਾਹਨ ਦਾ ਵੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਤੁਸੀਂ ਜੇਕਰ ਬੈਕਵਿਊ ਮਿਰਰ ਤੇ ਇਸ਼ਾਰਿਆਂ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਇਸ ਜਾਨਲੇਵਾ ਤੇ ਬੁਰੀ ਆਦਤ ਨੂੰ ਅੱਜ ਹੀ ਤਿਆਗ ਦਿਓ ਤੇ ਆਪਣੇ ਅਤੇ ਦੂਜਿਆਂ ਦੇ ਭਲੇ ਲਈ ਉਕਤ ਸੁਝਾਅ 'ਤੇ ਅਮਲ ਕਰੋ।
* ਘਰੋਂ ਵਾਹਨ ਲਿਜਾਣ ਸਮੇਂ ਹਮੇਸ਼ਾ ਖ਼ਿਆਲ ਰੱਖੋ ਕਿ ਤੁਹਾਡਾ ਕਾਨੂੰਨੀ ਤੌਰ 'ਤੇ ਜਾਇਜ਼ ਡਰਾਈਵਿੰਗ ਲਾਈਸੈਂਸ, ਵਾਹਨ ਦਾ ਰਜਿਸਟ੍ਰੇਸ਼ਨ ਕਾਰਡ ਅਤੇ ਵਾਹਨ ਦਾ ਸਹੀ ਮਿਆਦ ਤੱਕ ਪ੍ਰਦੂਸ਼ਣ ਮੁਕਤ ਹੋਣ ਦਾ ਸਰਟੀਫ਼ਿਕੇਟ ਆਦਿ ਦਸਤਾਵੇਜ਼ ਤੁਹਾਡੇ ਕੋਲ ਮੌਜੂਦ ਹੋਣ, ਤਾਂ ਜੋ ਟ੍ਰੈਫ਼ਿਕ ਪੁਲਿਸ ਵਲੋਂ ਕੀਤੀ ਜਾਂਦੀ ਚੈਕਿੰਗ ਸਮੇਂ ਭਰੇ ਬਾਜ਼ਾਰ ਵਿਚ ਤੁਹਾਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਚਲਾਨ ਕਟਵਾਉਣ ਆਦਿ ਦੀ ਨੌਬਤ ਹੀ ਨਾ ਆਵੇ।
* ਵਾਹਨ ਚਲਾ ਕੇ ਆਪਣੀ ਮੰਜ਼ਿਲ ਵੱਲ ਵਧਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰੋ ਕਿ ਵਾਹਨ ਦੇ ਪਹੀਆਂ ਵਿਚ ਹਵਾ ਦਾ ਦਬਾਅ ਅਤੇ ਟੈਂਕੀ ਵਿਚ ਪੈਟਰੋਲ ਸਹੀ ਮਾਤਰਾ ਵਿਚ ਹੈ ਜਾਂ ਨਹੀਂ। ਦੋਵਾਂ ਵਿਚੋਂ ਕਿਸੇ ਵੀ ਇਕ ਚੀਜ਼ ਦੇ ਘੱਟ ਹੋਣ ਕਰਕੇ ਤੁਹਾਨੂੰ ਵਾਹਨ ਚਲਾਉਣ ਵਿਚ ਅਤੇ ਆਪਣੀ ਮੰਜ਼ਿਲ 'ਤੇ ਪੁੱਜਣ ਵਿਚ ਭਾਰੀ ਦਿੱਕਤ ਆ ਸਕਦੀ ਹੈ।
* ਅਕਸਰ ਵੇਖਿਆ ਗਿਆ ਹੈ ਕਿ ਤੇਜ਼ ਧੁੱਪ ਤੋਂ ਬਚਣ ਲਈ ਔਰਤਾਂ ਚਿਹਰੇ 'ਤੇ ਦੁਪੱਟਾ ਤੇ ਬਾਹਵਾਂ 'ਤੇ ਕਵਰ ਪਹਿਨਦੀਆਂ ਹਨ ਪਰ ਇਸ ਕਿਰਿਆ ਨੂੰ ਰੋਜ਼ ਦੀ ਆਦਤ ਬਣਾ ਲੈਣ ਨਾਲ ਸਥਿਤੀ ਕਈ ਵਾਰ ਉਸ ਵੇਲੇ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਔਰਤਾਂ ਸੁਹਾਵਣੇ ਤੇ ਬੱਦਲਵਾਈ ਵਾਲੇ ਮੌਸਮ ਵਿਚ ਵੀ ਆਦਤਨ ਇਹ ਸਾਰਾ ਕੁਝ ਪਹਿਨ ਕੇ ਚੱਲ ਪੈਂਦੀਆਂ ਹਨ ਤੇ ਵੇਖਣ ਵਾਲਿਆਂ ਲਈ ਮਜ਼ਾਕ ਦੀਆਂ ਪਾਤਰ ਬਣਦੀਆਂ ਹਨ। ਕਿਧਰੇ ਤੁਸੀਂ ਅਜਿਹਾ ਨਾ ਕਰ ਬੈਠੋ, ਇਸ ਗੱਲ ਦਾ ਜ਼ਰੂਰ ਖ਼ਿਆਲ ਰੱਖੋ।
* ਜੇਕਰ ਤੁਹਾਡੇ ਵਾਹਨ ਦਾ ਕੋਈ ਪੇਚ ਜਾਂ ਪੁਰਜ਼ਾ ਢਿੱਲਾ ਹੈ ਤੇ ਆਵਾਜ਼ ਕਰਦਾ ਹੈ ਤਾਂ ਉਸ ਨੂੰ ਠੀਕ ਕਰਵਾਉਣ ਪ੍ਰਤੀ ਅਣਗਹਿਲੀ ਨਾ ਵਰਤੋ। ਮਸ਼ੀਨਰੀ ਦੀ ਛੋਟੀ ਜਿਹੀ ਸਮੱਸਿਆ ਵੀ ਕਈ ਵਾਰੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਹੋ ਨਿਬੜਦੀ ਹੈ। ਆਪਣੇ ਵਾਹਨ ਨੂੰ ਧੋ ਕੇ ਜਾਂ ਧੁਆ ਕੇ ਤੇ ਸਦਾ ਸਾਫ਼-ਸੁਥਰਾ ਰੱਖੋ। ਬਰਸਾਤ ਦੇ ਮੌਸਮ ਵਿਚ ਰੇਨ ਕੋਟ ਅਤੇ ਨਿੱਕੀ ਛਤਰੀ ਆਪਣੇ ਵਾਹਨ ਦੀ ਡਿੱਕੀ ਵਿਚ ਜ਼ਰੂਰ ਰੱਖੋ।
* ਵਾਹਨ ਚਲਾਉਣ ਸਮੇਂ ਆਪਣਾ ਪਰਸ ਜਾਂ ਕੋਈ ਹੋਰ ਕੀਮਤੀ ਚੀਜ਼ ਮੋਢੇ 'ਤੇ ਜਾਂ ਪੈਰਾਂ ਵਿਚ ਨਾ ਰੱਖੋ। ਲੁਟੇਰਿਆਂ ਵਲੋਂ ਅਜਿਹੀਆਂ ਮਹਿਲਾਵਾਂ ਆਸਾਨੀ ਨਾਲ ਸ਼ਿਕਾਰ ਬਣਾ ਲਈਆਂ ਜਾਂਦੀਆਂ ਹਨ, ਜੋ ਅਜਿਹਾ ਕਰਦੀਆਂ ਹਨ। ਲੁੱਟ-ਖੋਹ ਦੀ ਘਟਨਾ ਵਾਪਰਨ ਸਮੇਂ ਵਾਹਨ ਨੂੰ ਰੋਕਣ ਦਾ ਯਤਨ ਕਰੋ ਤੇ ਚਲਦੇ ਵਾਹਨ 'ਤੇ ਲੁਟੇਰਿਆਂ ਨਾਲ ਸੰਘਰਸ਼ ਦੀ ਕੋਸ਼ਿਸ਼ ਨਾ ਕਰੋ, ਅਜਿਹਾ ਕਰਨ ਵਿਚ ਤੁਹਾਡੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ।
* ਵਾਹਨ 'ਤੇ ਆਪਣੇ ਪਿੱਛੇ ਜਾਂ ਅੱਗੇ ਛੋਟੇ ਬੱਚੇ ਨੂੰ ਬਿਠਾ ਕੇ ਚਲਾਉਣ ਸਮੇਂ ਪੂਰੀ ਸਾਵਧਾਨੀ ਵਰਤੋ, ਕਿਉਂਕਿ ਬੱਚੇ ਅਕਸਰ ਨਿਚੱਲੇ ਨਹੀਂ ਬੈਠਦੇ ਹਨ ਤੇ ਲਗਾਤਾਰ ਹਰਕਤ ਕਰਦੇ ਰਹਿੰਦੇ ਹਨ, ਜਿਸ ਨਾਲ ਤੁਹਾਡੇ ਵਾਹਨ ਦਾ ਸੰਤੁਲਨ ਵਿਗੜ ਸਕਦਾ ਹੈ। ਖ਼ਰੀਦਦਾਰੀ ਕਰਨ ਸਮੇਂ ਜੇਕਰ ਤੁਸੀਂ ਆਪ ਦੋਪਹੀਆ ਵਾਹਨ ਤੋਂ ਹੇਠਾਂ ਉਤਰ ਆਏ ਹੋ ਤਾਂ ਵਾਹਨ ਦਾ ਸਾਈਡ ਸਟੈਂਡ ਲਗਾ ਕੇ ਬੱਚੇ ਨੂੰ ਵਾਹਨ 'ਤੇ ਹੀ ਬੈਠਾ ਨਾ ਰਹਿਣ ਦਿਓ, ਕਿਉਂਕਿ ਸਟੈਂਡ ਖਿਸਕ ਜਾਣ ਦੀ ਸੂਰਤ ਵਿਚ ਬੱਚੇ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ।
* ਵਾਹਨ ਚਲਾਉਣ ਸਮੇਂ ਲੋੜੀਂਦੀਆਂ ਸਾਰੀਆਂ ਸਾਵਧਾਨੀਆਂ ਅਤੇ ਟ੍ਰੈਫ਼ਿਕ ਨੇਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰੋ, ਕਿਉਂਕਿ ਜਾਨ ਹੈ ਤਾਂ ਜਹਾਨ ਹੈ।


-410, ਚੰਦਰ ਨਗਰ, ਬਟਾਲਾ। ਮੋਬਾ: 97816-46008

ਗੋਰੇ ਗੋਰੇ ਮੁਖੜੇ 'ਤੇ ਕਾਲਾ-ਕਾਲਾ ਚਸ਼ਮਾ

ਧੁੱਪ ਚਸ਼ਮਾ ਖ਼ਰੀਦਣ ਸਮੇਂ ਕੁਝ ਜ਼ਰੂਰੀ ਨੁਕਤੇ

ਜੇਕਰ ਤੁਸੀਂ ਬਾਹਰ ਨਿਕਲਦੇ ਸਮੇਂ ਆਪਣੀਆਂ ਬੇਸ਼ਕੀਮਤੀ ਅੱਖਾਂ ਲਈ ਧੁੱਪ ਵਿਰੋਧੀ ਚਸ਼ਮੇ 'ਡਾਰਕ ਗਲਾਸਿਜ਼' ਦੀ ਵਰਤੋਂ ਕਰਦੇ ਹੋ ਤਾਂ ਜਿਥੇ ਤੇਜ਼-ਚੁੱਭਵੀਂ ਧੁੱਪ ਤੋਂ ਰਾਹਤ ਦਿਵਾ ਸਕੋਗੇ, ਉਥੇ ਹੀ ਤੁਹਾਡੀਆਂ ਅੱਖਾਂ ਨੂੰ ਇਕ ਤਰ੍ਹਾਂ ਦਾ ਸੁਰੱਖਿਆ ਕਵਚ ਵੀ ਮਿਲ ਜਾਂਦਾ ਹੈ। ਵੈਸੇ ਵੀ ਅੱਜਕਲ੍ਹ ਨੌਜਵਾਨਾਂ 'ਚ ਡਾਰਕ ਗਲਾਸਿਜ਼ ਪਹਿਨਣ ਦਾ ਰਿਵਾਜ ਵਧ ਰਿਹਾ ਹੈ। ਧੁੱਪ ਚਸ਼ਮਾ ਜਿਥੇ ਤੇਜ਼ ਧੁੱਪ ਦੀ ਚਮਕ, ਮਿੱਟੀ-ਘੱਟੇ, ਮੱਛਰ ਅਤੇ ਸੂਰਜ ਦੀ ਰੌਸ਼ਨੀ ਨਾਲ ਆ ਰਹੀਆਂ ਪਰਾਬੈਂਗਣੀ ਹਾਨੀਕਾਰਕ ਕਿਰਨਾਂ ਤੋਂ ਅੱਖਾਂ ਨੂੰ ਬਚਾਉਂਦਾ ਹੈ, ਉਥੇ ਹੀ ਤੁਹਾਡੇ ਰੂਪ 'ਚ ਵੀ ਨਿਖਾਰ ਲਿਆਉਂਦਾ ਹੈ। ਤੁਹਾਡੇ ਵਲੋਂ ਖਰੀਦਿਆ ਜਾ ਰਿਹਾ ਚਸ਼ਮਾ ਕਿਹੋ ਜਿਹਾ ਹੋਵੇ, ਇਸ ਲਈ ਕੁਝ ਜ਼ਰੂਰੀ ਨੁਕਤੇ ਗੌਰ-ਏ-ਨਜ਼ਰ ਕਰਨ ਦੀ ਲੋੜ ਹੈ।
* ਚਸ਼ਮੇ ਵਿਚ ਸਿਰਫ ਦੋ ਚੀਜ਼ਾਂ ਫਰੇਮ ਅਤੇ ਸ਼ੀਸ਼ੇ ਹੁੰਦੇ ਹਨ, ਜਿਨ੍ਹਾਂ ਦੀ ਸਹੀ ਪਰਖ ਕਰ ਲੈਣੀ ਚਾਹੀਦੀ ਹੈ। ਧਿਆਨ ਨਾਲ ਦੇਖ ਲਵੋ ਕਿ ਫਰੇਮ ਅਤੇ ਸ਼ੀਸ਼ਿਆਂ 'ਤੇ ਕਿਸੇ ਕਿਸਮ ਦਾ ਦਾਗ ਜਾਂ ਖਰੋਚ ਵਗੈਰਾ ਨਾ ਹੋਵੇ।
* ਫਰੇਮ ਕਿਤਿਓਂ ਵੀ ਚੁੱਭਦਾ ਨਾ ਹੋਵੇ, ਕਿਉਂਕਿ ਚੁੱਭਣ ਵਾਲੀ ਥਾਂ 'ਤੇ ਡੂੰਘ ਦਾ ਨਿਸ਼ਾਨ ਪੈਣ ਸਦਕਾ ਚਿਹਰਾ ਓਪਰਾ ਜਾਂ ਭੱਦਾ ਲਗਦਾ ਹੈ। ਫਰੇਮ ਕੰਨਾਂ ਅਤੇ ਨੱਕ 'ਤੇ ਸਹੀ ਫਿੱਟ ਹੋਵੇ। ਤੰਗ ਫਰੇਮ ਨਾਲ ਸਿਰਦਰਦ ਅਤੇ ਢਿੱਲੇ ਫਰੇਮ ਨੂੰ ਵਾਰ-ਵਾਰ ਉੱਪਰ ਖਿਸਕਾਉਣਾ ਪੈਂਦਾ ਹੈ। ਅਕਸਰ ਫਰੇਮ ਪਤਲਾ ਹੀ ਸਹੀ ਰਹਿੰਦਾ ਹੈ, ਕਿਉਂਕਿ ਮੋਟੇ ਫਰੇਮ ਸਦਕਾ ਜਿਥੇ ਦ੍ਰਿਸ਼ਟੀ ਖੇਤਰ ਘਟਦਾ ਹੈ, ਉਥੇ ਹੀ ਭਾਰਾ-ਭਾਰਾ ਵੀ ਮਹਿਸੂਸ ਹੁੰਦਾ ਰਹਿੰਦਾ ਹੈ। ਕਈਆਂ ਨੂੰ ਧਾਤ ਦਾ ਫਰੇਮ ਪਹਿਨਣ ਨਾਲ ਅਲਰਜੀ ਹੁੰਦੀ ਹੈ, ਇਸ ਤੋਂ ਬਚਣ ਲਈ ਪਲਾਸਟਿਕ ਫਰੇਮ ਹੀ ਪਸੰਦ ਕਰੋ।
* ਸਨ-ਗਲਾਸਿਜ਼ ਕਦੇ ਵੀ ਫੁੱਟਪਾਥ ਜਾਂ ਚਲਦੇ-ਫਿਰਦੇ ਰੇੜ੍ਹੀ-ਫੜ੍ਹੀਆਂ ਵਾਲਿਆਂ ਤੋਂ ਨਾ ਖ਼ਰੀਦੋ, ਕਿਉਂਕਿ ਘਟੀਆ ਕਿਸਮ ਅਤੇ ਸਸਤਾ ਚਸ਼ਮਾ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
* ਅਕਸਰ ਬਰਫ, ਰੇਤ, ਸਮੁੰਦਰ ਸਤ੍ਹਾ, ਕੰਕਰੀਟ ਦੀਆਂ ਇਮਾਰਤਾਂ ਅਤੇ ਉਨ੍ਹਾਂ 'ਤੇ ਫਿੱਟ ਸ਼ੀਸ਼ਿਆਂ ਤੋਂ ਵੀ ਸੂਰਜੀ ਪ੍ਰਕਾਸ਼ ਦੀਆਂ ਕਿਰਨਾਂ ਪ੍ਰਵਰਤਿਤ ਹੋ ਕੇ ਸਿੱਧੀਆਂ ਸਾਡੀਆਂ ਅੱਖਾਂ ਨੂੰ ਚੁੰਧਿਆਉਂਦੀਆਂ ਹਨ, ਜਿਨ੍ਹਾਂ ਤੋਂ ਬਚਣ ਲਈ ਅੱਖਾਂ ਦੇ ਮਾਹਿਰ ਪੋਲੇਰਾਈਜ਼ਡ ਲੈੱਨਜ਼ ਯੁਕਤ ਚਸ਼ਮੇ ਦੀ ਸਲਾਹ ਦਿੰਦੇ ਹਨ।
* ਚਸ਼ਮਾ ਖਰੀਦਣ ਸਮੇਂ ਜੇ ਕੋਈ ਤੁਹਾਡੀ ਸਹੇਲੀ, ਦੋਸਤ ਜਾਂ ਕੋਈ ਹੋਰ ਤੁਹਾਡੇ ਨਾਲ ਹੋਵੇ ਤਾਂ ਠੀਕ ਹੋਵੇਗਾ, ਕਿਉਂਕਿ ਉਹ ਸਹੀ-ਸਹੀ ਅੰਦਾਜ਼ਾ ਲਗਾ ਕੇ ਸੁਝਾਅ ਸਕਦਾ ਹੈ ਕਿ ਤੁਹਾਡੇ ਚਿਹਰੇ ਉੱਪਰ ਕਿਹੜੇ ਰੰਗ, ਡਿਜ਼ਾਈਨ ਦਾ ਫਰੇਮ ਅਤੇ ਸ਼ੀਸ਼ਿਆਂ ਵਾਲਾ ਚਸ਼ਮਾ ਫੱਬਦਾ ਹੈ।
* ਇਸ ਤੋਂ ਇਲਾਵਾ ਵਨ-ਵੇ-ਗਲਾਸ ਭਾਵ ਸਿਰਫ ਅੰਦਰੋਂ ਬਾਹਰ ਦੇਖ ਸਕਣ ਵਾਲਾ ਗਲਾਸ ਵੀ ਸਹੀ ਰਹਿੰਦਾ ਹੈ, ਕਿਉਂਕਿ ਅਜਿਹੇ ਗਲਾਸ ਪ੍ਰਕਾਸ਼ ਦੀਆਂ ਕਿਰਨਾਂ ਨੂੰ ਪ੍ਰਵਰਤਿਤ ਕਰਨ ਦੇ ਨਾਲ-ਨਾਲ ਪਰਾਬੈਂਗਣੀ ਕਿਰਨਾਂ ਨੂੰ ਵੀ ਸੋਖ ਲੈਂਦੇ ਹਨ।
* ਚਸ਼ਮਾ ਉਤਾਰਨ ਤੋਂ ਬਾਅਦ ਹਮੇਸ਼ਾ ਸਾਫ਼ ਕਰਕੇ ਹੀ ਕੇਸ 'ਚ ਰੱਖੋ। ਜੇ ਕੋਈ ਦਾਗ-ਧੱਬਾ ਲੱਗ ਗਿਆ ਹੋਵੇ ਤਾਂ ਚਸ਼ਮੇ ਨੂੰ ਪਾਣੀ ਨਾਲ ਧੋ ਕੇ ਮੁਲਾਇਮ ਕੱਪੜੇ ਨਾਲ ਸਾਫ਼ ਕਰੋ। ਚਸ਼ਮਾ ਕਦੇ ਵੀ ਲਾਪ੍ਰਵਾਹੀ ਨਾਲ ਇਧਰ-ਉਧਰ ਨਾ ਰੱਖਿਆ ਜਾਵੇ, ਨਹੀਂ ਤਾਂ ਸ਼ੀਸ਼ਿਆਂ ਉੱਪਰ ਖਰੋਚਾਂ ਪੈਣ ਅਤੇ ਟੁੱਟਣ ਦਾ ਵੀ ਡਰ ਰਹਿੰਦਾ ਹੈ।


-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ। ਮੋਬਾ: 70870-48140

ਕਿਵੇਂ ਕਰੀਏ ਫੇਸ਼ੀਅਲ

ਜਵਾਨੀ ਵਿਚ ਪੈਰ ਰੱਖਦੇ ਹੀ ਮੁਟਿਆਰਾਂ ਆਪਣੀ ਸੁੰਦਰਤਾ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਲਗਦੀਆਂ ਹਨ। ਆਪਣੇ ਚਿਹਰੇ ਨੂੰ ਆਕਰਸ਼ਕ ਅਤੇ ਸੁੰਦਰ ਬਣਾਉਣ ਲਈ ਉਹ ਜ਼ਿਆਦਾ ਮੇਕਅੱਪ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰਸਾਧਨਾਂ ਦੀ ਵਰਤੋਂ ਕਰਨ ਲਗਦੀਆਂ ਹਨ। ਨਤੀਜੇ ਵਜੋਂ ਚਿਹਰੇ ਦੇ ਰੋਮ ਬੰਦ ਹੋ ਜਾਂਦੇ ਹਨ ਅਤੇ ਚਿਹਰੇ ਦੀ ਅਸਲੀ ਸੁੰਦਰਤਾ ਵੀ ਖ਼ਤਮ ਹੋ ਜਾਂਦੀ ਹੈ।
ਇਸ ਆਕਰਸ਼ਣ ਨੂੰ ਵਾਪਸ ਲਿਆਉਣ ਲਈ ਫੇਸ਼ੀਅਲ ਆਦਿ ਕਰਵਾਇਆ ਜਾਂਦਾ ਹੈ। ਫੇਸ਼ੀਅਲ ਕਰਵਾਉਣ ਲਈ ਬਿਊਟੀ ਪਾਰਲਰ ਜਾਣਾ ਅੱਜਕਲ੍ਹ ਦੀ ਮਹਿੰਗਾਈ ਵਿਚ ਸਾਰਿਆਂ ਲਈ ਅਸਾਨ ਨਹੀਂ ਹੈ। ਆਓ ਅਸੀਂ ਘਰ ਵਿਚ ਹੀ ਫੇਸ਼ੀਅਲ ਕਰ ਲਈਏ ਅਤੇ ਪੈਸਿਆਂ ਦੀ ਬੱਚਤ ਕਰੀਏ। ਫੇਸ਼ੀਅਲ ਦਾ ਮਤਲਬ ਹੈ ਚਿਹਰੇ ਦੀ ਚੰਗੀ ਤਰ੍ਹਾਂ ਸਫ਼ਾਈ, ਜਿਸ ਨਾਲ ਸਾਡੇ ਬੰਦ ਰੋਮ ਖੁੱਲ੍ਹ ਜਾਣ। ਫੇਸ਼ੀਅਲ ਹਮੇਸ਼ਾ ਚਮੜੀ 'ਤੇ ਕੀਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਕਲੀਜ਼ਿੰਗ ਮਿਲਕ ਜਾਂ ਕੱਚੇ ਦੁੱਧ ਨਾਲ ਚਿਹਰੇ ਨੂੰ ਸਾਫ਼ ਕਰੋ। ਚਮੜੀ ਤੇਲੀ ਹੋਣ 'ਤੇ ਸਾਬਣ ਨਾਲ ਮੂੰਹ ਨੂੰ ਧੋ ਲਓ।
ਹੁਣ ਚਿਹਰੇ 'ਤੇ ਮਾਲਿਸ਼ ਕਰੋ। ਧਿਆਨ ਰਹੇ ਕਿ ਕ੍ਰੀਮ ਆਪਣੀ ਚਮੜੀ ਅਨੁਸਾਰ ਹੀ ਲਓ। ਰੁੱਖੀ ਚਮੜੀ ਲਈ ਕੋਲਡ ਕ੍ਰੀਮ ਅਤੇ ਤੇਲੀ ਚਮੜੀ ਲਈ ਚਿਕਨਾਈ ਵਾਲੀ ਕ੍ਰੀਮ ਨਾ ਲਓ। ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਸ਼ੁਰੂ ਕਰੋ। ਮਾਲਿਸ਼ ਹਮੇਸ਼ਾ ਅੰਦਰੋਂ ਬਾਹਰ ਵੱਲ ਨੂੰ ਅਤੇ ਹੇਠੋਂ ਉੱਪਰ ਵੱਲ ਨੂੰ ਕਰੋ। ਅੱਖਾਂ ਦੇ ਕੋਲ ਹਲਕੇ ਹੱਥਾਂ ਨਾਲ ਕ੍ਰੀਮ ਲਗਾਓ। 15-20 ਮਿੰਟ ਤੱਕ ਮਾਲਿਸ਼ ਕਰੋ ਤਾਂ ਕਿ ਕ੍ਰੀਮ ਚਮੜੀ ਵਿਚ ਜਜ਼ਬ ਹੋ ਜਾਏ।
ਮਾਲਿਸ਼ ਦੀ ਪ੍ਰਕਿਰਿਆ ਤੋਂ ਬਾਅਦ ਆਪਣੇ ਚਿਹਰੇ ਨੂੰ ਭਾਫ ਦਿਓ। ਭਾਫ ਦੇਣ ਲਈ ਕਿਸੇ ਖੁੱਲ੍ਹੇ ਭਾਂਡੇ ਵਿਚ ਗਰਮ ਪਾਣੀ ਪਾਓ ਅਤੇ ਚਿਹਰੇ ਨੂੰ ਦੋਵੇਂ ਪਾਸਿਆਂ ਤੋਂ ਤੌਲੀਏ ਨਾਲ ਢਕ ਕੇ ਭਾਫ ਲਓ। ਇਸ ਤੋਂ ਬਾਅਦ ਸੁਕਾ ਲਓ।
ਅੰਤਿਮ ਦੌਰ ਵਿਚ ਚਿਹਰੇ 'ਤੇ ਪੈਕ ਲਗਾਓ। ਪੈਕ ਪੂਰੀ ਤਰ੍ਹਾਂ ਸੁੱਕਣ 'ਤੇ ਹੀ ਸਾਫ਼ ਕਰੋ। ਚਿਹਰੇ 'ਤੇ ਜਦੋਂ ਪੈਕ ਲੱਗਾ ਹੋਵੇ ਤਾਂ ਨਾ ਤਾਂ ਹੱਸੋ ਅਤੇ ਨਾ ਹੀ ਕਿਸੇ ਨਾਲ ਗੱਲਾਂ ਕਰੋ। ਅਜਿਹਾ ਕਰਨ ਨਾਲ ਝੁਰੜੀਆਂ ਪੈਣ ਦਾ ਡਰ ਰਹਿੰਦਾ ਹੈ। ਪੈਕ ਸੁੱਕਣ 'ਤੇ ਪਾਣੀ ਨਾਲ ਚਿਹਰਾ ਸਾਫ਼ ਕਰੋ। ਤੁਹਾਡੇ ਚਿਹਰੇ 'ਤੇ ਅਦਭੁੱਤ ਨਿਖਾਰ ਆਵੇਗਾ।


-ਸ਼ੈਲੀ ਮਾਥੁਰ

ਲੋਹੇ ਦੇ ਭਾਂਡਿਆਂ 'ਤੇ ਜੰਗਾਲ ਤੋਂ ਬਚਾਅ ਕਰੋ

* ਲੋਹੇ ਦੀ ਛੁਰੀ ਜਾਂ ਕਾਂਟੇ ਨੂੰ ਵਰਤਣ ਤੋਂ ਬਾਅਦ ਧੋ ਕੇ, ਸੁਕਾ ਕੇ ਰੱਖੋ, ਕਿਉਂਕਿ ਉਨ੍ਹਾਂ 'ਤੇ ਲੱਗਿਆ ਥੋੜ੍ਹਾ ਵੀ ਜੰਗਾਲ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। * ਬਰਸਾਤ ਦੇ ਦਿਨਾਂ ਵਿਚ ਲੋਹੇ ਦੀ ਛੁਰੀ ਅਤੇ ਕਾਂਟੇ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਰੱਖੋ। ਜੰਗਾਲ ਨਜ਼ਰ ਆਉਣ 'ਤੇ ਕੱਚਾ ਆਲੂ ਮਲੋ। * ਲੋਹੇ ਦੇ ਭਾਂਡਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਭਾਂਡਿਆਂ 'ਤੇ ਚੂਨੇ ਦਾ ਲੇਪ ਵੀ ਇਕ ਕਾਰਗਰ ਉਪਾਅ ਹੈ।
* ਜੋ ਭਾਂਡੇ ਖਾਣਾ ਬਣਾਉਂਦੇ ਸਮੇਂ ਵਰਤੋਂ ਵਿਚ ਨਾ ਆਉਂਦੇ ਹੋਣ, ਉਨ੍ਹਾਂ ਨੂੰ ਮਿੱਟੀ ਦਾ ਤੇਲ ਜਾਂ ਗ੍ਰੀਸ ਲਗਾ ਕੇ ਰੱਖੋ।
* ਗਰਮ ਪਾਣੀ ਵਿਚ ਗੰਧਕ ਦਾ ਅਮਲ ਮਿਲਾ ਕੇ ਉਸ ਨੂੰ ਇੱਟ ਨਾਲ ਜਾਂ ਕਿਸੇ ਖੁਰਦਰੀ ਚੀਜ਼ ਨਾਲ ਰਗੜਨ 'ਤੇ ਵੀ ਲੋਹੇ ਦਾ ਜੰਗਾਲ ਦੂਰ ਹੋ ਜਾਂਦਾ ਹੈ। * ਹਰ ਰੋਜ਼ ਵਰਤੋਂ ਵਿਚ ਆਉਣ ਵਾਲੇ ਭਾਂਡਿਆਂ ਨੂੰ ਸਹਿਜੇ ਕੀਤੇ ਜੰਗਾਲ ਨਹੀਂ ਲਗਦਾ। ਇਸੇ ਲਈ ਰੋਜ਼ ਵਰਤੋਂ ਨਾ ਹੋਣ ਵਾਲੇ ਭਾਂਡਿਆਂ ਨੂੰ ਧੋ ਕੇ, ਸੁਕਾ ਕੇ ਹੀ ਰੱਖੋ। ਧਿਆਨ ਰੱਖੋ ਕਿ ਉਹ ਜਗ੍ਹਾ ਸਿੱਲ੍ਹ ਵਾਲੀ ਨਾ ਹੋਵੇ। * ਸੋਡੀਅਮ ਸਿਲੀਕੇਟ ਨੂੰ ਥੋੜ੍ਹਾ ਜਿਹਾ ਭਾਂਡੇ ਧੋਣ ਵਾਲੇ ਪਾਣੀ ਵਿਚ ਮਿਲਾਉਣ ਨਾਲ ਵੀ ਜੰਗਾਲ ਦੂਰ ਹੁੰਦਾ ਹੈ।
* ਹਮਾਮਦਸਤਾ ਵਰਗੇ ਕਦੇ-ਕਦੇ ਵਰਤੋਂ ਵਿਚ ਆਉਣ ਵਾਲੇ ਭਾਂਡਿਆਂ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਰੱਖੋ।
* ਜੰਗਾਲ ਦੇ ਦਾਗ ਜੇ ਜ਼ਿਆਦਾ ਗੂੜ੍ਹੇ ਹੋਣ ਤਾਂ ਭਾਂਡੇ ਨੂੰ ਪੈਰਾਫਿਨ ਦੇ ਤੇਲ ਵਿਚ ਡੁਬੋ ਕੇ ਰੱਖੋ। ਫਿਰ ਜੰਗਾਲ ਲੱਥਣ ਤੋਂ ਬਾਅਦ ਉਸੇ ਸਟੀਲਵੂਲ ਜਾਂ ਇਮਰੀ ਪੇਪਰ ਨਾਲ ਰਗੜ ਦਿਓ ਪਰ ਅਜਿਹੇ ਭਾਂਡਿਆਂ ਨੂੰ ਵਰਤੋਂ ਵਿਚ ਨਾ ਲਿਆਓ, ਕਿਉਂਕਿ ਜੰਗਾਲ ਦੇ ਕਣ ਤੁਹਾਡੀ ਸਿਹਤ 'ਤੇ ਬੁਰਾ ਅਸਰ ਪਾ ਸਕਦੇ ਹਨ। * ਢੱਕਣ ਵਾਲੇ ਭਾਂਡੇ ਨੂੰ ਢਕ ਕੇ ਨਾ ਰੱਖੋ ਪਰ ਢੱਕਣ ਅਜਿਹੀ ਜਗ੍ਹਾ ਰੱਖੋ, ਜਿਥੋਂ ਤੁਸੀਂ ਅਸਾਨੀ ਨਾਲ ਵਾਪਸ ਲੈ ਸਕੋ।


-ਮੌ: ਅਹਤਸ਼ਾਮ ਅਲੀ 'ਸ਼ਾਦ'

ਚਲੋ ਚਲੀਏ ਰਾਜਸਥਾਨ

ਗੱਟੇ ਦੀ ਸਬਜ਼ੀ

ਸਮੱਗਰੀ : 1 ਕਟੋਰੀ ਬੇਸਣ, ਮੋਇਨ ਦੇ ਲਈ 1 ਵੱਡਾ ਚਮਚ ਤੇਲ, ਪੀਸੀ ਹੋਈ ਲਾਲ ਮਿਰਚ-ਧਨੀਆ, ਹਲਦੀ, ਨਮਕ, ਜੀਰਾ, ਹਿੰਗ ਅਤੇ ਥੋੜ੍ਹਾ ਜਿਹਾ ਸਾਬਤ ਧਨੀਆ, ਇਕ ਕਟੋਰੀ ਖੱਟਾ ਦਹੀਂ, ਦੋ ਵੱਡੇ ਚਮਚ ਘਿਓ, ਕੱਟਿਆ ਹੋਇਆ ਬਰੀਕ ਧਨੀਆ ਅਤੇ ਹਰੀ ਮਿਰਚ।
ਵਿਧੀ : ਬੇਸਣ ਵਿਚ ਤੇਲ, ਥੋੜ੍ਹੀ ਪੀਸੀ ਹੋਈ ਲਾਲ ਮਿਰਚ, ਹਲਦੀ, ਨਮਕ ਅਤੇ ਸਾਬਤ ਧਨੀਏ ਦੇ ਦੋ ਟੁਕੜੇ ਕਰਕੇ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫਿਰ ਗਰਮ ਪਾਣੀ ਨਾਲ ਪੂੜੀ ਦੇ ਆਟੇ ਵਾਂਗ ਗੁੰਨ੍ਹ ਲਓ।
ਇਕ ਪਤੀਲੇ ਵਿਚ ਗਰਮ ਪਾਣੀ ਕਰ ਲਓ। ਫਿਰ ਆਟੇ ਦੇ ਲੰਬੇ ਰੋਲ ਬਣਾ ਕੇ ਪਾਣੀ ਵਿਚ ਉਬਾਲਣ ਲਈ ਰੱਖ ਦਿਓ। ਉਨ੍ਹਾਂ ਨੂੰ ਉਦੋਂ ਤੱਕ ਉਬਲਣ ਦਿਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਉਬਲ ਨਾ ਜਾਣ। ਉਬਲਣ ਤੋਂ ਬਾਅਦ ਉਨ੍ਹਾਂ ਨੂੰ ਕੱਢ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਬਚਿਆ ਹੋਇਆ ਪਾਣੀ ਰਹਿਣ ਦਿਓ।
ਗੱਟੇ ਦਾ ਝੋਲ ਬਣਾਉਣ ਲਈ ਦਹੀਂ ਵਿਚ ਲਾਲ ਮਿਰਚ-ਧਨੀਆ ਪਾਊਡਰ, ਹਲਦੀ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਪਤੀਲੇ ਵਿਚ ਘਿਓ ਗਰਮ ਕਰ ਲਓ। ਫਿਰ ਹਿੰਗ, ਜੀਰਾ ਅਤੇ ਕੜੀਪੱਤਾ ਪਾ ਕੇ ਦਹੀਂ ਉਸ ਵਿਚ ਪਾ ਦਿਓ। ਦਹੀਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਉਹ ਘਿਓ ਨਾ ਛੱਡ ਦੇਵੇ। ਜਦੋਂ ਘਿਓ ਛੱਡ ਦੇਵੇ ਤਾਂ ਉਬਲੇ ਹੋਏ ਗੱਟਿਆਂ ਦਾ ਬਚਿਆ ਹੋਇਆ ਪਾਣੀ ਉਸ ਵਿਚ ਪਾ ਦਿਓ। ਲੋੜ ਅਨੁਸਾਰ ਪਾਣੀ ਹੋਰ ਵੀ ਪਾ ਸਕਦੇ ਹੋ।
ਜਦੋਂ ਉਬਾਲਾ ਆ ਜਾਵੇ ਤਾਂ ਟੁਕੜੇ ਕੀਤੇ ਹੋਏ ਗੱਟੇ ਉਸ ਵਿਚ ਪਾਓ ਅਤੇ ਉਬਾਲ ਆਉਣ ਦਿਓ। ਫਿਰ ਬਰੀਕ ਕੱਟਿਆ ਹੋਇਆ ਧਨੀਆ-ਹਰੀ ਮਿਰਚ ਮਿਲਾ ਲਓ। ਇਸ ਤਰ੍ਹਾਂ ਗੱਟੇ ਦੀ ਸਬਜ਼ੀ ਤਿਆਰ ਹੈ।


-ਸ਼ਵੇਤਾ ਮੰਗਲ

ਬੱਚਿਆਂ ਨੂੰ ਸਿਖਾਓ ਨੈਤਿਕ ਕਦਰਾਂ-ਕੀਮਤਾਂ ਦਾ ਮਹੱਤਵ

ਬਹੁਤ ਸਾਰੇ ਬੱਚਿਆਂ ਵਿਚ ਸਬਰ, ਸੰਤੋਖ ਅਤੇ ਸਹਿਣਸ਼ੀਲਤਾ ਵਰਗੇ ਨੈਤਿਕ ਗੁਣ ਖ਼ਤਮ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਦੇ ਬੱਚੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਬਹੁਤ ਵੱਡੀ ਸਮੱਸਿਆ ਬਣ ਰਹੇ ਹਨ। ਜੇ ਉਨ੍ਹਾਂ ਦੀ ਛੋਟੀ ਜਿਹੀ ਗੱਲ ਨਾ ਮੰਨੀ ਜਾਵੇ ਜਾਂ ਕੋਈ ਗ਼ਲਤ ਕੰਮ ਕਰਨ ਤੋਂ ਰੋਕਿਆ ਜਾਵੇ ਤਾਂ ਉਸ ਦਾ ਕਾਰਨ ਜਾਣੇ ਬਿਨਾਂ ਆਪਾ ਖੋ ਦਿੰਦੇ ਹਨ। ਕਈ ਵਾਰ ਬੇਸਮਝੀ ਵਿਚ ਇਸ ਤਰ੍ਹਾਂ ਦੇ ਕਦਮ ਚੁੱਕ ਲੈਂਦੇ ਹਨ, ਜਿਸ ਦਾ ਹਰਜਾਨਾ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ। ਸੋਸ਼ਲ ਮੀਡੀਆ ਵੀ ਉਨ੍ਹਾਂ ਦੇ ਜੀਵਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਕਾਰਨ ਉਹ ਪਰਿਵਾਰ ਨਾਲ ਘੱਟ ਤੇ ਸੋਸ਼ਲ ਸਾਈਟਸ ਨਾਲ ਜ਼ਿਆਦਾ ਜੁੜੇ ਰਹਿੰਦੇ ਹਨ। ਮੋਬਾਈਲ, ਵੱਟਸਐਪ, ਫੇਸਬੁੱਕ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਨੂੰ ਉਹ ਮਿਹਨਤ ਦੀ ਬਜਾਏ ਗ਼ਲਤ ਤਰੀਕਿਆਂ ਨਾਲ ਰਾਤੋ-ਰਾਤ ਪੂਰਾ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬੱਚੇ ਅਕਸਰ ਕੁਰਾਹੇ ਪੈ ਜਾਂਦੇ ਹਨ। ਅਜੋਕੇ ਸਮੇਂ ਵਿਚ ਮਾਂ-ਬਾਪ ਦੀ ਖਾਸ ਜ਼ਿੰਮੇਵਾਰੀ ਬਣਦੀ ਹੈ ਕਿ ਸ਼ੁਰੂ ਤੋਂ ਹੀ ਸਬਰ ਰੱਖਣਾ ਅਤੇ ਸੰਤੋਖ ਵਿਚ ਰਹਿਣਾ ਸਿਖਾਉਣ। ਪੜ੍ਹਾਉਣ ਦੇ ਸਮੇਂ ਮਾਂ-ਬਾਪ ਨੂੰ ਇਹ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਕਿਉਂਕਿ ਅੱਜ ਬੱਚੇ ਪੜ੍ਹਦੇ ਸਮੇਂ ਬੜੇ ਦਬਾਅ ਵਿਚ ਰਹਿੰਦੇ ਹਨ। ਹਰ ਮਾਂ-ਬਾਪ ਉਨ੍ਹਾਂ ਨੂੰ ਨੰਬਰ ਵਨ 'ਤੇ ਦੇਖਣਾ ਚਾਹੁੰਦੇ ਹਨ। ਜਦੋਂ ਬੱਚੇ ਦੇ ਨੰਬਰ ਦੂਜਿਆਂ ਨਾਲੋਂ ਘੱਟ ਆਉਂਦੇ ਹਨ ਤਾਂ ਉਨ੍ਹਾਂ ਕੋਲੋਂ ਸਹਿਣ ਨਹੀਂ ਹੁੰਦਾ। ਉਸ ਦੀ ਤੁਲਨਾ ਬਾਕੀ ਬੱਚਿਆਂ ਨਾਲ ਕਰਦੇ ਹੋਏ ਬੁਰਾ-ਭਲਾ ਕਹਿਣ ਲੱਗ ਜਾਂਦੇ ਹਨ। ਇਸ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਸਾਰੇ ਮਾਂ-ਬਾਪ ਇਕ ਵਰਗੇ ਨਹੀਂ ਹੁੰਦੇ ਤਾਂ ਉਨ੍ਹਾਂ ਦੇ ਬੱਚੇ ਇਕ ਵਰਗੇ ਕਿਸ ਤਰ੍ਹਾਂ ਹੋ ਸਕਦੇ ਹਨ? ਇਸ ਲਈ ਆਪਣੇ ਬੱਚਿਆਂ ਦੀ ਤੁਲਨਾ ਕਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ, ਹਰ ਬੱਚੇ ਵਿਚ ਅਲੱਗ-ਅਲੱਗ ਕਲਾ ਛੁਪੀ ਹੁੰਦੀ ਹੈ, ਮਾਂ-ਬਾਪ ਨੂੰ ਉਸ ਨੂੰ ਪਹਿਚਾਨਣ ਦੀ ਲੋੜ ਹੈ।
ਸਿਰਫ ਮਾਂ-ਬਾਪ ਬਣਨਾ ਹੀ ਜ਼ਰੂਰੀ ਨਹੀਂ ਹੁੰਦਾ, ਬਲਕਿ ਜ਼ਿੰਮੇਵਾਰ ਮਾਂ-ਬਾਪ ਬਣਨਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਬਚਪਨ ਮਾਂ-ਬਾਪ ਦੇ ਹੱਥ ਵਿਚ ਹੁੰਦਾ ਹੈ। ਮਾਂ-ਬਾਪ ਜਿਸ ਤਰ੍ਹਾਂ ਦੇ ਰੰਗ ਉਨ੍ਹਾਂ ਦੇ ਜੀਵਨ ਵਿਚ ਭਰ ਦੇਣਗੇ, ਉਹ ਉਸ ਤਰ੍ਹਾਂ ਦੇ ਮਾਡਲ ਬਣ ਜਾਣਗੇ। ਇਥੇ ਮਾਂ-ਬਾਪ ਨੂੰ ਇਕ ਮਿਸਾਲ ਬਣਨਾ ਪਵੇਗਾ, ਕਿਉਂਕਿ ਬੱਚੇ ਨਸੀਹਤ ਨਾਲੋਂ ਜ਼ਿਆਦਾ ਉਨ੍ਹਾਂ ਦੇ ਰੋਜ਼ਾਨਾ ਵਿਵਹਾਰ ਤੋਂ ਸਿੱਖਦੇ ਹਨ। ਮਾਂ-ਬਾਪ ਨੂੰ ਕਦੇ ਵੀ ਬੱਚਿਆਂ ਸਾਹਮਣੇ ਛੋਟੀ-ਛੋਟੀ ਗੱਲ 'ਤੇ ਲੜਨਾ ਨਹੀਂ ਚਾਹੀਦਾ। ਨਾ ਹੀ ਹਮੇਸ਼ਾ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਹਾਜ਼ਰੀ ਵਿਚ ਬਜ਼ੁਰਗਾਂ ਨੂੰ ਵੀ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ। ਆਪਣੀ ਆਮਦਨ ਅਨੁਸਾਰ ਖਰਚ ਕਰਨਾ ਚਾਹੀਦਾ ਹੈ। ਬੱਚਿਆਂ ਦੀਆਂ ਮੁਢਲੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਕਰੋ ਪਰ ਸਹੂਲਤਾਂ ਅਤੇ ਖਾਹਿਸ਼ਾਂ ਸੋਚ-ਸਮਝ ਕੇ। ਸੋਸ਼ਲ ਸਟੇਟਸ ਦੀ ਖਾਤਰ ਕਦੇ ਵੀ ਕਰਜ਼ਦਾਰ ਨਾ ਬਣੋ, ਸਹੂਲਤਾਂ ਦੀ ਜਗ੍ਹਾ ਉਨ੍ਹਾਂ ਨੂੰ ਸੰਸਕਾਰ ਦਿਓ, ਜਿਹੜੇ ਸਾਰਾ ਜੀਵਨ ਉਨ੍ਹਾਂ ਦੇ ਕੰਮ ਆਉਣਗੇ। ਹਰ ਕੰਮ ਧੀਰਜ ਨਾਲ ਕਰਨ ਦੀ ਆਦਤ ਪਾਈਏ। ਜੇ ਕੁਝ ਉਸੇ ਸਮੇਂ ਨਾ ਮਿਲੇ ਤਾਂ ਸਹਿਣਸ਼ੀਲਤਾ ਤੋਂ ਕੰਮ ਲੈਣ। ਆਉਣ ਵਾਲੇ ਸਮੇਂ ਵਿਚ ਇਹ ਕਦਰਾਂ-ਕੀਮਤਾਂ ਬੱਚਿਆਂ ਨੂੰ ਜੀਵਨ ਰੂਪੀ ਇਮਾਰਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਨ੍ਹਾਂ ਕਦਰਾਂ-ਕੀਮਤਾਂ ਦੀ ਸਵਾਰੀ ਕਰਨ ਵਾਲਾ ਮਨੁੱਖ ਨਾ ਕਿਸੇ ਦੇ ਕਦਮਾਂ ਵਿਚ ਅਤੇ ਨਾ ਕਿਸੇ ਦੀਆਂ ਨਜ਼ਰਾਂ ਵਿਚੋਂ ਡਿਗਦਾ ਹੈ। ਜਦੋਂ ਬੱਚਿਆਂ ਦਾ ਮਨ ਸਬਰ-ਸੰਤੋਖ ਤੇ ਸਹਿਣਸ਼ੀਲਤਾ ਦੀ ਨੀਂਹ 'ਤੇ ਟਿਕ ਜਾਂਦਾ ਹੈ ਤਾਂ ਉਸ ਸਮੇਂ ਉਸ ਨੂੰ ਪੈਰ ਧਰਤੀ 'ਤੇ, ਨਜ਼ਰਾਂ ਅਸਮਾਨ ਵਿਚ ਟਿਕਾਉਣੀਆਂ ਆ ਜਾਂਦੀਆਂ ਹਨ। ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਮਿਹਨਤ, ਪਿਆਰ, ਸਤਿਕਾਰ, ਲਗਨ ਦਾ ਆਧਾਰ ਸਬਰ ਤੇ ਸੰਤੋਖ ਹਨ। ਗੁੱਸੇ ਦੀ ਅੱਗ ਵਿਚ ਸਬਰ ਦਾ ਇਕ ਪਲ ਮੁਸੀਬਤ ਦੇ ਹਜ਼ਾਰਾਂ ਪਲਾਂ ਨੂੰ ਬਚਾਉਣ ਵਿਚ ਸਾਡੀ ਮਦਦ ਕਰਦਾ ਹੈ। ਬੱਚਿਆਂ ਨੂੰ ਨੈਤਿਕਤਾ ਸਿਖਾਉਣ ਦਾ ਮਤਲਬ ਘਰ ਵਿਚ ਇਕ ਸੰਸਥਾ ਬਣਾਉਣ ਦੇ ਬਰਾਬਰ ਹੈ।
ਸੰਸਕਾਰੀ ਬੱਚੇ ਸਮਾਜ ਦੀ ਪੂੰਜੀ ਹੁੰਦੇ ਹਨ। ਉਹ ਹੀ ਸਮਾਜ ਉੱਨਤੀ ਦੇ ਸਿਖਰਾਂ ਨੂੰ ਛੂੰਹਦਾ ਹੈ, ਜਿਸ ਦੀ ਯੁਵਾ ਪੀੜ੍ਹੀ ਨੈਤਿਕਤਾ 'ਤੇ ਚੱਲ ਕੇ ਸਮਾਜ ਲਈ ਕਲਿਆਣਕਾਰੀ ਕੰਮ ਕਰਦੀ ਹੈ। ਇਸ ਤਰ੍ਹਾਂ ਦੇ ਬੱਚੇ ਹਮੇਸ਼ਾ ਆਤਮਵਿਸ਼ਵਾਸੀ ਹੁੰਦੇ ਹਨ ਅਤੇ ਦੂਜਿਆਂ ਦੀ ਵੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮਾਂ-ਬਾਪ ਦੁਆਰਾ ਬਚਪਨ ਵਿਚ ਸਿਖਾਇਆ ਨੈਤਿਕਤਾ ਦਾ ਪਾਠ ਸਾਰੀ ਉਮਰ ਉਨ੍ਹਾਂ ਨੂੰ ਅਗਾਂਹਵਧੂ ਬਣਾਉਂਦਾ ਹੈ। ਇਸ ਤਰ੍ਹਾਂ ਦੇ ਬੱਚੇ ਹੀ ਅੱਗੇ ਜਾ ਕੇ ਸਮਾਜ ਸੁਧਾਰਕ ਅਤੇ ਮਹਾਨ ਨੇਤਾ ਬਣਦੇ ਹਨ। ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸੰਤੋਖ ਕਿਸੇ ਵੀ ਤਾਕਤ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਸਬਰ ਸੁੰਦਰਤਾ ਤੋਂ ਮਹਾਨ ਹੁੰਦਾ ਹੈ। ਬੱਚਿਆਂ ਨੂੰ ਅਸੀਂ ਚਾਹੇ ਅਮੀਰ ਨਾ ਬਣਾ ਸਕੀਏ ਪਰ ਉਨ੍ਹਾਂ ਨੂੰ ਸੰਸਕਾਰਾਂ, ਕਦਰਾਂ-ਕੀਮਤਾਂ ਨਾਲ ਜ਼ਰੂਰ ਅਮੀਰ ਬਣਾ ਦਈਏ, ਉਹ ਆਪਣੇ ਅਮੀਰ ਹੋਣ ਦੇ ਰਸਤੇ ਆਪ ਬਣਾ ਲੈਣਗੇ।

-ਮੋਬਾ: 98782-49944

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX