ਤਾਜਾ ਖ਼ਬਰਾਂ


"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  10 minutes ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  35 minutes ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  47 minutes ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹੁਣ ਬੈਂਗਣ ਦੀ ਕਾਸ਼ਤ ਕਰੋ ਸਾਰਾ ਸਾਲ

ਬੈਂਗਣ ਫ਼ਸਲ ਦੀ ਸਹੀ ਵਿਉਂਤਬੰਦੀ ਕਰਕੇ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਬੈਂਗਣ ਤੋਂ ਸਾਰਾ ਸਾਲ ਫ਼ਲ ਪ੍ਰਾਪਤ ਕਰਨ ਲਈ ਹੇਠ ਲਿਖੇ ਕਾਸ਼ਤ ਦੇ ਢੰਗ ਵਰਤਣੇ ਚਾਹੀਦੇ ਹਨ।
ਸੁਰੰਗ ਖੇਤੀ: ਸੁਰੰਗ ਖੇਤੀ ਬੈਂਗਣ ਨੂੰ ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣ ਦਾ ਵਧੀਆ ਅਤੇ ਸਰਲ ਤਰੀਕਾ ਹੈ। ਇਹ ਫ਼ਸਲ ਅਗੇਤਾ ਅਤੇ ਜ਼ਿਆਦਾ ਝਾੜ ਦਿੰਦੀ ਹੈ, ਜਿਸ ਤੋਂ ਚੰਗੀ ਆਮਦਨ ਵੀ ਮਿਲਦੀ ਹੈ। ਇਸ ਫ਼ਸਲ ਲਈ ਨਵੰਬਰ ਦੇ ਪਹਿਲੇ ਪੰਦਰਵਾੜੇ ਪਨੀਰੀ ਖੇਤ ਵਿਚ ਲਗਾ ਦਿੱਤੀ ਜਾਂਦੀ ਹੈ ਅਤੇ ਸੁਰੰਗਾਂ ਬਣਾਉਣ ਲਈ ਬੂਟੇ 90 ਸੈਂ.ਮੀ. ਚੌੜਾ ਬੈਡਾਂ ਤੇ 30 ਸੈਂ.ਮੀ. ਦੀ ਦੂਰੀ ਤੇ ਲਗਾਏ ਜਾਂਦੇ ਹਨ। ਦਸੰਬਰ ਦੇ ਪਹਿਲੇ ਹਫ਼ਤੇ ਲੋਹੇ ਦੇ ਅਰਧ ਗੋਲਿਆਂ ਅਤੇ ਪਲਾਸਟਿਕ ਦੀ 50 ਮਾਈਕ੍ਰੋਨ ਮੋਟੀ ਸ਼ੀਟ ਨਾਲ ਬੂਟੇ ਢਕ ਦਿੱਤੇ ਜਾਂਦੇ ਹਨ। ਫ਼ਰਵਰੀ ਦੇ ਦੂਜੇ ਪੰਦਰਵਾੜੇ ਕੋਰਾ ਘਟ ਜਾਣ ਤੇ ਇਹ ਸ਼ੀਟ ਹਟਾ ਦਿੱਤੀ ਜਾਂਦੀ ਹੈ।
ਪਨੀਰੀ ਤਿਆਰ ਕਰਨਾ: ਇਕ ਏਕੜ ਦੀ ਫ਼ਸਲ ਲਈ 300 ਤੋਂ 400 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਪਨੀਰੀ ਤਿਆਰ ਕਰਨ ਲਈ ਇਕ ਮਰਲੇ (251 ਮੀਟਰ) ਦੀਆਂ ਕਿਆਰੀਆਂ ਬਣਾਉਣੀਆਂ ਚਾਹੀਦੀਆਂ ਹਨ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ। ਜੇਕਰ ਜ਼ਮੀਨ ਬਿਮਾਰੀ ਵਾਲੀ ਹੋਵੇ ਤਾਂ ਇਸ ਨੂੰ 1.5-2.0 ਪ੍ਰਤੀਸ਼ਤ ਫਾਰਮਲੀਨ (15-20 ਮਿ.ਲਿ. ਪ੍ਰਤੀ ਲਿਟਰ ਪਾਣੀ) ਦੇ 4-5 ਲਿਟਰ ਘੋਲ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ ਅਤੇ ਪਲਾਸਟਿਕ ਦੀ ਕਾਲੀ ਚਾਦਰ ਨਾਲ 48-72 ਘੰਟੇ ਤੱਕ ਢਕ ਦਿਓ। ਇਸ ਤੋਂ ਬਾਅਦ ਮਿੱਟੀ ਨੂੰ 2-3 ਦਿਨ ਪਲਟਾ ਕੇ ਧੁੱਪ ਲਵਾਉ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਬਣਾ ਕੇ ਸੋਧੇ (3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ) ਹੋਏ ਬੀਜ ਦੀ 1-2 ਸੈਂਟੀਮੀਟਰ ਡੂੰਘਾਈ 'ਤੇ ਕਤਾਰਾਂ ਵਿਚ 5 ਸੈਂ.ਮੀ. ਦੀ ਵਿੱਥ ਤੇ ਬਿਜਾਈ ਕਰੋ। ਬਿਜਾਈ ਉਪਰੰਤ ਕੀੜਿਆਂ ਤੋਂ ਬਚਾ ਲਈ ਕੀੜੇਮਾਰ ਦਵਾਈ ਦਾ ਕਿਆਰੀਆਂ ਦੁਆਲੇ ਸਪਰੇਅ ਕਰੋ। ਬੀਜ ਦੇ ਪੁੰਗਰਨ ਲਈ ਜ਼ਮੀਨ ਨੂੰ ਗਿੱਲਾ ਰਖੋ। ਉਖੇੜਾ ਰੋਗ ਤੋਂ ਬਚਾਉਣ ਲਈ, ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ ਅਤੇ ਹਫ਼ਤੇ ਬਾਅਦ ਇਸ ਨੂੰ ਫਿਰ ਦੁਹਰਾਓ। ਜਦ ਬੂਟੇ 3-4 ਪੱਤੇ ਕਢ ਲੈਣ ਤਾਂ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਲਾਉਣਾ ਜ਼ਰੂਰੀ ਹੁੰਦਾ ਹੈ।
ਪਨੀਰੀ ਖੇਤ 'ਚ ਲਾਉਣਾ: ਬਿਜਾਈ ਤੋਂ ਉਪਰੰਤ ਲਗਭਗ 25-30 ਦਿਨ ਵਿਚ ਪਨੀਰੀ ਖੇੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਬੈਂਗਣ ਦੀਆਂ ਵੱਖ-2 ਕਿਸਮਾਂ ਨੂੰ ਕਤਾਰਾਂ ਵਿਚ 60 ਸੈਂ. ਮੀ. ਅਤੇ ਬੂਟਿਆਂ ਵਿਚ 30-45 ਸੈਂ. ਮੀ. ਫ਼ਾਸਲਾ ਰੱਖ ਕੇ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰੰਤੂ ਜੇਕਰ ਖੇਤ ਵਿਚ ਪਾਵਰ ਵੀਡਰ ਚਲਾਉਣਾ ਹੋਵੇ ਤਾਂ ਕਤਾਰਾਂ ਦਾ ਫ਼ਾਸਲਾ 67.5 ਸੈਂ.ਮੀ. ਕਰ ਲੈਣਾ ਚਾਹੀਦਾ ਹੈ।
ਖਾਦਾਂ : ਦਸ ਟਨ ਰੂੜੀ ਦੀ ਖਾਦ 55 ਕਿਲੋ ਯੂਰੀਆ,155 ਕਿਲੋ ਸੁਪਰਫ਼ਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਡਰਿੱਲ ਕਰੋ। ਸਾਰੀ ਖਾਦ ਪੌਦੇ ਖੇਤ ਵਿਚ ਲਾਉਣ ਸਮੇਂ ਡਰਿੱਲ ਨਾਲ ਪਾਓ। ਦੋ ਤੁੜਾਈਆਂ ਪਿਛੋਂ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਫਿਰ ਪਾਓ।
ਮਾਦਾ ਅਤੇ ਨਰ ਲਾਈਨਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਲੈ ਕੇ 2:1 ਅਨੁਪਾਤ ਵਿਚ ਖੇਤ ਲਾਇਆ ਜਾਂਦਾ ਹੈ। ਸ਼ਾਮ ਵੇਲੇ ਮਾਦਾ ਫ਼ੁੱਲਾਂ ਦਾ ਖਸੀਕਰਨ ਕਰਕੇ, ਅਗਲੀ ਸਵੇਰ ਨਰ ਫ਼ੁਲਾਂ ਦਾ ਪਰਾਗ ਲਾਇਆ ਜਾਂਦਾ ਹੈ। ਪਰਪਰਾਗਨ ਕੀਤੇ ਫ਼ੁੱਲਾਂ 'ਤੇ ਟੈਗ ਪਾਉਣਾ ਜ਼ਰੂਰੀ ਹੁੰਦਾ ਹੈ। ਮਾਦਾ ਬੁਟਿਆਂ ਤੋਂ ਪੱਕੇ ਪੀਲੇ ਫ਼ਲ ਤੋੜ ਕੇ ਬੀਜ ਕੱਢ ਲਓ। ਬੀਜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਉਣ ਉਪਰੰਤ ਪੈਕ ਕਰਕੇ ਸਟੋਰ ਕਰੋ।


-ਅਜੈ ਕੁਮਾਰ ਅਤੇ ਮਹਿੰਦਰ ਕੌਰ ਸਿੱਧੂ
ਯੂਨੀਵਰਸਿਟੀ ਬੀਜ ਫਾਰਮ ਉਸਮਾਂ, ਤਰਨ ਤਾਰਨ।


ਖ਼ਬਰ ਸ਼ੇਅਰ ਕਰੋ

ਅੰਬ ਦੀਆਂ ਉੱਨਤ ਕਿਸਮਾਂ ਦੀ ਚੋਣ ਅਤੇ ਕੀੜਿਆਂ ਤੋਂ ਰੋਕਥਾਮ ਕਿਵੇਂ ਕਰੀਏ?

ਅੰਬ ਇਕ ਬਹੁਤ ਮਹੱਤਵਪੂਰਨ ਵਪਾਰਕ ਫ਼ਸਲ ਹੈ ਅਤੇ ਅੰਬ ਨੂੰ ਫ਼ਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅੰਬ ਦੀ ਕਾਸ਼ਤ ਦੀ ਦਰਜਾਬੰਦੀ ਵਿਚ ਭਾਰਤ ਦੇਸ਼ ਦਾ ਸੰਸਾਰ ਵਿਚੋਂ ਪਹਿਲਾਂ ਸਥਾਨ ਹੈ। ਸੰਸਾਰ ਦੇ ਅੰਬ ਉਤਪਾਦਨ ਵਿਚ ਭਾਰਤ ਦੇਸ਼ 50% ਹਿੱਸਾ ਪਾ ਰਿਹਾ ਹੈ। ਝਾੜ ਘੱਟ ਹੋਣ ਦੇ ਬਹੁਤ ਜ਼ਿਆਦਾ ਕਾਰਨ ਹੋ ਸਕਦੇ ਹਨ ਪਰ ਅੰਬ ਦੀ ਕਿਸਮ ਸਹੀ ਚੋਣ ਨਾ ਹੋਣੀ ਅਤੇ ਕੀੜੇ - ਮਕੌੜੇ ਝਾੜ ਘਟਾਉਣ ਵਿਚ ਅਹਿਮ ਰੋਲ ਨਿਭਾਉਂਦੇ ਹਨ।
ਅਲਫ਼ੈਂਜ਼ੋ : ਇਸ ਦਾ ਫ਼ਲ ਆਮ ਤੌਰ 'ਤੇ ਜੁਲਾਈ ਦੇ ਪਹਿਲੇ ਹਫ਼ਤੇ ਪੱਕ ਜਾਂਦਾ ਹੈ। ਫਲ ਵਿਚਕਾਰਲੇ ਦਰਜੇ ਦਾ, ਮੋਟਾ 'ਤੇ ਇਕ ਪਾਸਾ ਉਭਰਿਆ ਹੋਇਆ, ਫਲ ਦਾ ਰੰਗ ਹਲਕਾ ਪੀਲਾ ਜਿਸ ਦੇ ਅੰਦਰਲੇ ਹਿੱਸੇ 'ਤੇ ਗੁਲਾਬੀ ਭਾਅ ਮਾਰਦਾ ਰੰਗ ਆਉਂਦਾ ਹੈ। ਛਿਲਕਾ ਪਤਲਾ ਤੇ ਨਰਮ, ਗੁੱਦਾ ਸੰਧੂਰੀ ਪੀਲਾ ਤੇ ਸਖ਼ਤ, ਬਹੁਤ ਹੀ ਚੰਗਾ ਸੁਆਦ ਜਿਹੜਾ ਕਿ ਮਨ ਨੂੰ ਭਾਵੇ, ਰਸ ਕਾਫੀ ਮਾਤਰਾ ਵਿਚ ਹੁੰਦਾ ਹੈ।
ਦੁਸਹਿਰੀ : ਇਹ ਕਿਸਮ ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਅਤੇ ਇਸ ਦਾ ਫਲ ਜੁਲਾਈ ਦੇ ਪਹਿਲੇ ਹਫਤੇ ਤਿਆਰ ਹੋ ਜਾਂਦਾ ਹੈ। ਫਲ ਛੋਟੇ, ਦਰਮਿਆਨੇ, ਛਿਲਕਾ ਦਰਮਿਆਨਾ ਮੋਟਾ, ਸਾਫ ਪੀਲੇ ਰੰਗ ਦਾ, ਇਸ ਦਾ ਗੁੱਦਾ ਸਖ਼ਤ, ਰੇਸ਼ੇ ਤੋਂ ਬਗੈਰ, ਹੁੰਦਾ ਹੈ
ਲੰਗੜਾ : ਇਸ ਦਾ ਫਲ ਜੁਲਾਈ ਦੇ ਦੂਸਰੇ ਹਫ਼ਤੇ ਪੱਕਦਾ ਹੈ। ਫਲ ਦਰਮਿਆਨੇ ਤੋਂ ਵੱਡਾ, ਛਿਲਕਾ ਦਰਮਿਆਨਾ ਮੋਟਾ, ਮੁਲਾਇਮ, ਹਰਾ, ਇਸ ਦਾ ਗੁੱਦਾ ਰੇਸ਼ੇ ਤੋਂ ਬਗੈਰ, ਹਲਕੇ ਪੀਲੇ ਰੰਗ ਦਾ ਜਿਸਦਾ ਬਹੁਤ ਵਧੀਆ ਸੁਆਦ ਅਤੇ ਖੁਸ਼ਬੂਦਾਰ ਹੁੰਦਾ ਹੈ।
ਗੰਗੀਆਂ ਸੰਧੂਰੀ (ਜੀ ਐੱਨ-19) : ਇਸ ਕਿਸਮ ਦਾ ਫ਼ਲ ਵੱਡਾ, ਅੰਡਾਕਾਰ, ਸਿਰੇ ਤੋਂ ਪੱਧਰਾ, ਪਿੱਠ ਪੱਧਰੀ, ਛਿੱਲੜ ਮੋਟੀ, ਸਖ਼ਤ, ਸੰਧੂਰੀ ਰੰਗ ਦਾ, ਕੰਧਾਂ ਪੀਲੀ ਸਤ੍ਹਾ 'ਤੇ ਝਲਕ ਮਾਰਦਾ, ਗੁੱਦਾ ਸੰਤਰੀ ਰੰਗ ਦਾ ਵਧੀਆ ਸੁਆਦੀ, ਮੰਨ ਭਾਉਂਦੀ ਸੁਗੰਧੀ ਸਹਿਤ ਵਧੇਰੇ ਰੰਗ ਵਾਲਾ, ਗਿਟਕ ਦਰਮਿਆਨੀ, ਰੱਸਾ ਦਰਮਿਆਨਾ ਅਤੇ ਫ਼ਲ ਜੁਲਾਈ ਦੇ ਚੌਥੇ ਹਫ਼ਤੇ ਪੱਕਦਾ ਹੈ। ਇਹ ਇਕ ਚੂਪਣ ਵਾਲੀ ਕਿਸਮ ਹੈ। ਇਸ ਦਾ ਦਰੱਖ਼ਤ ਦਰਮਿਆਨੇ ਆਕਾਰ, ਦਰਮਿਆਨੇ ਤੋਂ ਭਾਰੀ ਫ਼ਲ ਅਤੇ ਹਰ ਸਾਲ ਫ਼ਲ ਦੇਣ ਵਾਲੀ ਕਿਸਮ ਹੈ।
ਜੀ ਐਨ-1 : ਇਸ ਦੇ ਕਿਸਮ ਨੂੰ ਹਰ ਸਾਲ ਫਲ ਆਉਂਦਾ ਹੈ ਅਤੇ ਫਲ ਦਰਮਿਆਨੀ ਮੋਟਾਈ ਦੇ ਗੋਲ, ਮੁੱਢ ਵੱਲ ਛੋਟਾ ਡੂੰਘ, ਚੁੰਝ ਤੋਂ ਸਿਰਾ ਤਿੱਖਾ, ਛਿਲਕਾ ਨਰਮ, ਪੱਕਣ ਵੇਲੇ ਰੰਗ ਹਰਾ, ਗੁੱਦਾ ਸੰਗਤਰੀ ਰੰਗ ਦਾ ਜਿਸ ਵਿਚ ਕਾਫੀ ਮਾਤਰਾ ਵਿਚ ਪਤਲਾ ਰਸ ਜਿਸ ਵਿਚ ਮਿਠਾਸ 19.0% ਹੁੰਦੀ ਹੈ। ਇਸ ਵਿਚ ਗਿਟਕ ਛੋਟੀ ਪਰ ਰੇਸ਼ਿਆਂ ਤੋਂ ਰਹਿਤ ਹੁੰਦੀ ਹੈ।
ਮੁੱਖ - ਕੀੜੇ : ਅੰਬਾਂ ਦੀ ਗੁਦੈਹੜੀ (ਮਿਲੀ ਬੱਗ): ਇਸ ਕੀੜੇ ਦੇ ਪੂੰਗ ਤੇ ਵੱਡੇ (ਮਾਦਾ) ਕੀੜੇ ਚਿੱਟੇ ਚਾਂਦੀ ਦੇ ਰੰਗ ਵਰਗੇ ਹੁੰਦੇ ਹਨ ਅਤੇ ਬੂਟਿਆਂ ਦੇ ਫ਼ੁੱਲ, ਫ਼ਲ, ਨਰਮ ਪੱਤੇ ਤੇ ਸ਼ਾਖਾਂ ਦਾ ਰਸ ਚੂਸ ਕੇ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਕਾਫੀ ਨੁਕਸਾਨ ਕਰਦੇ ਹਨ। ਹਮਲੇ ਵਾਲੀਆਂ ਟਾਹਣੀਆਂ ਮੁਰਝਾ ਕੇ ਸੁੱਕ ਜਾਂਦੀਆਂ ਹਨ।
ਰੋਕਥਾਮ : * ਗਰਮੀਆਂ ਦੇ ਮੌਸਮ ਵਿਚ ਅੰਬ ਦੇ ਬੂਟੇ ਦੇ ਆਲੇ-ਦੁਆਲੇ ਗੋਡੀ ਜਾਂ ਵਹਾਈ ਕਰ ਦਿਉ ਤਾਂ ਜੋ ਅੰਡੇ ਜਾਂ ਉਨ੍ਹਾਂ ਵਿਚੋਂ ਨਿਕਲੇ ਬੱਚੇ ਬਾਹਰ ਆ ਜਾਣ ਅਤੇ ਮਰ ਜਾਣ।
* ਅੰਬ ਦੇ ਬਾਗਾਂ ਨੇੜੇ ਦੱਬ, ਬਰੂ ਅਤੇ ਹੋਰ ਘਾਹ ਨਾ ਉੱਗਣ ਦਿਉ।
ਕੀੜਿਆਂ ਨੂੰ ਬੂਟੇ 'ਤੇ ਚੜ੍ਹਨ ਤੋਂ ਰੋਕਣ ਲਈ ਤਿਲਕਵੀਂ ਪੱਟੀ ਅੰਬਾਂ ਦੇ ਤਣੇ ਦੁਆਲੇ ਦਸੰਬਰ ਦੇ ਦੂਸਰੇ ਹਫ਼ਤੇ ਵਿਚ ਲਪੇਟ ਦਿਉ। ਇਹ ਅਲਕਾਥੀਨ ਦੀ ਪੱਟੀ 15-20 ਸੈਂਟੀਮੀਟਰ ਚੌੜੀ ਹੋਵੇ ਜੋ ਤਣੇ ਦੇ ਹੇਠਲੇ ਹਿੱਸੇ ਦੁਆਲੇ ਲਪੇਟ ਕੇ ਦੋਹਾਂ ਸਿਰਿਆਂ ਨੂੰ 2-3 ਮੇਖਾਂ ਨਾਲ ਜੜ ਦਿਉ। ਇਹ ਠੀਕ ਹੋਵੇਗਾ ਕਿ ਜੇਕਰ ਐਲਕਾਥੀਨ ਦੀ ਪੱਟੀ ਤਣੇ ਦੇ ਹੇਠਾਂ ਤੱਕ ਜ਼ਮੀਨ ਨਾਲ ਲੱਗ ਜਾਵੇ ਤਾਂ ਕਿ ਪੂੰਗ ਤਿਲਕਵੀ ਪੱਟੀ ਦੇ ਹੇਠਾਂ ਹੀ ਸਰਕ ਕੇ ਰਹਿ ਜਾਵੇ 'ਤੇ ਉਤਾਂਹ ਨਾ ਚੜ੍ਹ ਸਕਣ।
ਰੋਕਥਾਮ: * ਪੁਰਾਣੇ ਸੰਘਣੇ ਬਾਗਾਂ ਵਿਚ ਸਰਦੀਆਂ ਵਿਚ ਕੁਝ ਕੁ ਟਾਹਣੀਆਂ ਨੂੰ ਕੱਟ ਦਿਉ ਤਾਂ ਜੋ ਸੂਰਜ ਦੀ ਰੌਸ਼ਨੀ ਅਤੇ ਧੁੱਪ ਬੂਟੇ ਦੇ ਤਣੇ ਤੱਕ ਜਾ ਸਕੇ। * ਬਹੁਤੇ ਸੰਘਣੇ ਬਾਗ ਨਾ ਲਗਾਉ। * ਅੰਬ ਦੀ ਫ਼ਸਲ ਨੂੰ ਲੋੜ ਅਨੁਸਾਰ ਸਿਫਾਰਸ਼ ਕੀਤੀ ਖਾਦ ਹੀ ਪਾਉ।
ਅੰਬ ਦੀਆਂ ਜੂੰਆਂ (ਸਕੇਲ): ਇਸ ਕੀੜੇ ਦੀ ਕਈ ਇਲਾਕਿਆਂ ਵਿਚ ਬਹੁਤ ਭਰਮਾਰ ਹੁੰਦੀ ਹੈ। ਇਹ ਕੀੜੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ।
ਰੋਕਥਾਮ : * ਕੀੜੇ ਦੇ ਹਮਲੇ ਨਾਲ ਪ੍ਰਭਾਵਿਤ ਬੂਟਿਆਂ ਤੋ ਫ਼ਲ ਤੋੜਨ ਤੋ ਛੇਤੀ ਬਾਅਦ ਕਾਂਟ-ਛਾਂਟ ਕਰੋ। ਗੰਭੀਰ ਹਮਲੇ ਹੇਠ ਆਏ ਪੱਤੇ ਅਤੇ ਟਾਹਣੀਆਂ ਨੂੰ ਨਸ਼ਟ ਕਰੋ।


-ਪੀ. ਏ. ਯ.ੂ ਰਿਜਨਲ ਸਟੇਸ਼ਨ, ਗੁਰਦਾਸਪੁਰ

ਭਾਰਤ ਸਰਕਾਰ ਦੀਆਂ ਖੇਤੀ ਸਬੰਧੀ ਸਕੀਮਾਂ 'ਤੇ ਨਜ਼ਰਸ਼ਾਨੀ ਦੀ ਲੋੜ

ਦੇਸ਼ ਵਿਚ ਤਿਆਰ ਕੀਤੇ ਸਾਮਾਨ ਅਤੇ ਸੇਵਾਵਾਂ ਦਾ ਨਿਰਧਾਰਤ ਮੁੱਲ (ਜੀ.ਡੀ.ਪੀ.) ਵਿਚ ਖੇਤੀ ਦਾ ਯੋਗਦਾਨ 13.9 ਫੀਸਦੀ ਹੈ। ਸੰਨ 1951 'ਚ ਇਹ 51.9 ਫੀਸਦੀ ਹੁੰਦਾ ਸੀ। ਫੇਰ ਇਹ ਮਤਵਾਤਰ ਘਟਦਾ ਹੀ ਗਿਆ। ਇਸ ਦਾ ਘਟਣਾ ਜਿੱਥੇ ਦੇਸ਼ 'ਚ ਹੋ ਰਹੇ ਉਦਯੋਗੀਕਰਨ ਅਤੇ ਸ਼ਹਿਰੀ ਰੁਝਾਨ ਕਰਕੇ ਵੀ ਸੀ ਪਰ ਸੱਚ ਇਹ ਹੈ ਕਿ ਖੇਤੀਬਾੜੀ ਦਾ ਧੰਦਾ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। ਛੋਟੇ ਖੇਤਾਂ ਕਾਰਨ ਉਤਪਾਦਕਤਾ ਘੱਟ ਆਉਂਦੀ ਹੈ ਅਤੇ ਮੁਰੱਬਾਬੰਦੀ ਹਰ ਰਾਜ ਵਿਚ ਨਾ ਹੋਣ ਕਾਰਨ ਸਿੰਜਾਈ ਅਤੇ ਖਾਦਾਂ, ਦਵਾਈਆਂ ਆਦਿ ਦਾ ਕਫਾਇਤਸ਼ੁਆਰ ਲਾਹੇਵੰਦ ਪ੍ਰਯੋਗ ਮੁਸ਼ਕਿਲ ਹੋ ਜਾਂਦਾ ਹੈ। ਭਾਵੇਂ ਭਾਰਤ ਦਾ ਸਿੰਜਾਈ-ਅਧੀਨ ਰਕਬਾ ਚੀਨ ਨੂੰ ਛੱਡ ਕੇ ਵਿਸ਼ਵ 'ਚ ਦੂਜੇ ਸਭ ਰਾਜਾਂ ਨਾਲੋਂ ਵੱਧ ਹੈ ਪਰ ਉਤਪਾਦਕਤਾ ਇਸ ਪੱਧਰ 'ਤੇ ਨਹੀਂ। ਭਾਰਤ ਸਰਕਾਰ ਨੇ ਕਿਸਾਨਾਂ ਦੀ ਸਹਾਇਤਾ ਅਤੇ ਖੇਤੀਬਾੜੀ ਦੇ ਵਿਕਾਸ ਲਈ ਕਈ ਸਕੀਮਾਂ ਬਣਾ ਕੇ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚ ਕੁਝ ਸਕੀਮਾਂ ਤਾਂ ਜਿਵੇਂ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਖੇਤੀ ਤਕਨਾਲੋਜੀ ਤੇ ਪ੍ਰਸਾਰ ਸੇਵਾ ਸੁਧਾਰ ਸਬੰਧੀ ਸਕੀਮਾਂ ਤਾਂ ਸਾਰੇ ਦੇਸ਼ ਲਈ ਹਨ ਅਤੇ ਕੁਝ ਖਾਸ ਥਾਵਾਂ, ਫ਼ਸਲਾਂ ਤੇ ਰਾਜਾਂ ਦੇ ਜ਼ਿਲ੍ਹਿਆਂ ਲਈ ਹਨ, ਜਿਵੇਂ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ, ਰਾਸ਼ਟਰੀ ਬਾਗ਼ਬਾਨੀ ਮਿਸ਼ਨ, ਕਪਾਹ ਤਕਨੀਕੀ ਮਿਸ਼ਨ ਆਦਿ। ਇਨ੍ਹਾਂ ਸਕੀਮਾਂ ਥੱਲੇ ਕਿਸਾਨਾਂ ਨੂੰ ਚੁਣਿਆ ਜਾਂਦਾ ਹੈ। ਇਨ੍ਹਾਂ ਸਕੀਮਾਂ ਤੋਂ ਚੁਣੇ ਕਿਸਾਨ ਫਾਇਦਾ ਉਠਾ ਰਹੇ ਹਨ।
ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਭੂਮੀ ਸਿਹਤ ਕਾਰਡ ਸਕੀਮ ਜਿਸ ਦਾ ਉਦੇਸ਼ ਖੇਤੀ 'ਚ ਹੰਢਣਸਾਰਤਾ ਲਿਆਉਣਾ ਅਤੇ ਖੇਤੀ ਸਮੱਗਰੀ ਦੀ ਯੋਗ ਵਰਤੋਂ ਕਰਕੇ ਉਤਪਾਦਕਤਾ ਵਧਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ। ਖੇਤੀ ਮਾਹਿਰ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਪਰਖ ਕਰਕੇ ਕਿਸਾਨਾਂ ਨੂੰ ਇਹ ਕਾਰਡ ਦਿੰਦੇ ਹਨ, ਜਿਸ ਉੱਤੇ ਉਹ ਆਪਣੀਆਂ ਸਿਫਾਰਸ਼ਾਂ ਦਰਜ ਕਰ ਦਿੰਦੇ ਹਨ ਅਤੇ ਕਿਸਾਨਾਂ ਨੂੰ ਇਹ ਸਿਫਾਰਸ਼ਾਂ ਅਮਲ 'ਚ ਲਿਆਉਣ ਲਈ ਸਮਝਾ ਦਿੰਦੇ ਹਨ। ਅਜਿਹਾ ਕਰਨ ਨਾਲ ਕੀਮਿਆਈ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਸੂਝ-ਬੂਝ ਨਾਲ ਅਤੇ ਯੋਗ ਵਰਤੋਂ ਕੀਤੀ ਜਾਂਦੀ ਹੈ, ਜਿਸ ਉਪਰੰਤ ਫ਼ਸਲਾਂ ਦਾ ਝਾੜ ਤੇ ਗੁਣਵੱਤਾ ਵਧਦੀ ਹੈ। ਦੇਸ਼ ਭਰ ਵਿਚ ਇਹ 2015 ਤੋਂ ਬਾਅਦ 14 ਕਰੋੜ ਕਾਰਡ ਕਿਸਾਨਾਂ ਨੂੰ ਜਾਰੀ ਕੀਤੇ ਜਾਣੇ ਸਨ। ਇਸ ਸਬੰਧੀ ਕੁਝ ਰਾਜ ਟੀਚਾ ਪ੍ਰਾਪਤ ਕਰਨ ਦੇ ਕੰਢੇ 'ਤੇ ਤਾਂ ਪਹੁੰਚ ਗਏ ਪਰ ਕਈ ਥਾਵਾਂ 'ਤੇ ਕਿਸਾਨਾਂ ਨੂੰ ਅਮਲੀ ਤੌਰ 'ਤੇ ਇਹ ਕਾਰਡ ਸਕੀਮ ਅਨੁਸਾਰ ਉਪਲਬਧ ਨਹੀਂ ਹੋਏ।
ਭਾਰਤ ਸਰਕਾਰ ਨੇ 'ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ' ਵੀ ਬਣਾ ਕੇ ਸੰਨ 2016 'ਚ ਲਾਂਚ ਕੀਤੀ ਹੈ। ਇਸ ਸਕੀਮ ਥੱਲੇ ਹਾੜ੍ਹੀ, ਸਾਉਣੀ ਦੀਆਂ ਦੋਵੇਂ ਫ਼ਸਲਾਂ ਵਪਾਰਕ ਤੇ ਬਾਗ਼ਬਾਨੀ ਫ਼ਸਲਾਂ ਆਉਂਦੀਆਂ ਹਨ। ਪ੍ਰੀਮੀਅਮ ਦਾ ਕੁਝ ਹਿੱਸਾ ਕਿਸਾਨਾਂ ਦੇ ਖਾਤਿਆਂ 'ਚੋਂ ਬੈਂਕ ਅਦਾ ਕਰ ਦਿੰਦੇ ਹਨ, ਬਾਕੀ ਦਾ ਹਿੱਸਾ ਰਾਜ ਤੇ ਕੇਂਦਰ ਸਰਕਾਰ ਦਿੰਦੇ ਹਨ। ਇਸ ਸਕੀਮ ਥੱਲੇ ਜੰਗ ਜਾਂ ਦੇਸ਼ ਦੀ ਅੰਦਰੂਨੀ ਗੜਬੜ ਜਾਂ ਚੋਰੀ ਆਦਿ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਫ਼ਸਲਾਂ ਨਹੀਂ ਆਉਂਦੀਆਂ। ਬਾਕੀ ਤਕਰੀਬਨ ਸਾਰੇ ਤਰ੍ਹਾਂ ਦੇ ਨੁਕਸਾਨ ਆਉਂਦੇ ਹਨ। ਪਰ ਇਹ ਸਕੀਮ ਭਾਵੇਂ ਇਹ ਪੰਜਾਬ 'ਚ ਲਾਗੂ ਨਹੀਂ, ਕਿਉਂਕਿ ਪੰਜਾਬ ਸਰਕਾਰ ਨੇ ਸਹਿਮਤੀ ਨਹੀਂ ਸੀ ਦਿੱਤੀ, ਦੂਜੇ ਰਾਜਾਂ 'ਚ ਵੀ ਕਿਸਾਨਾਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਪਹੁੰਚਾ ਰਹੀ। ਹਰਿਆਣਾ ਦੇ ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ 'ਚੋਂ ਪ੍ਰੀਮੀਅਮ ਦੇ ਪੈਸੇ ਕੱਢ ਕੇ ਕੰਪਨੀ ਨੂੰ ਦੇ ਦਿੱਤੇ ਗਏ। ਜਦੋਂ ਉਹ ਬਾਰਿਸ਼ਾਂ ਤੋਂ ਹੋਏ ਨੁਕਸਾਨ ਦੀ ਪੂਰਤੀ ਲਈ ਗਏ ਤਾਂ ਬੈਂਕ ਤੇ ਕੰਪਨੀ ਦੋਵਾਂ ਨੇ ਇਹ ਨੁਕਸਾਨ ਪੂਰਾ ਕਰਨ ਤੋਂ ਜਵਾਬ ਦੇ ਦਿੱਤਾ। ਕਿਸਾਨ ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ ਲਿਆ ਹੋਇਆ ਹੈ, ਪ੍ਰੀਮੀਅਮ ਦਾ ਖਰਚਾ ਦੇਣਾ ਇਕ ਬੋਝ ਸਮਝਦੇ ਹਨ, ਕਿਉਂਕਿ ਬਹੁਤ ਹੀ ਘੱਟ ਕਿਸਾਨ ਹਨ, ਜਿਨ੍ਹਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਕੰਪਨੀ ਤੋਂ ਮਿਲਿਆ ਹੋਵੇ। ਕੁਝ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਕਿਸਾਨਾਂ ਦੀ ਬਜਾਏ, ਬੀਮਾ ਕੰਪਨੀਆਂ ਨੂੰ ਲਾਭ ਹੋਇਆ ਹੈ।
'ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ' ਤਹਿਤ ਸਿੰਜਾਈ ਅਧੀਨ ਰਕਬਾ ਵਧਾਉਣਾ, ਪਾਣੀ ਦੀ ਯੋਗ ਵਰਤੋਂ ਲਈ ਸੁਧਾਰ ਕਰਨਾ ਅਤੇ ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਲਈ ਅਤੇ ਪਾਣੀ ਦੀ ਬੱਚਤ ਕਰਨ ਦੀਆਂ ਤਕਨੀਕਾਂ ਆਉਂਦੀਆਂ ਹਨ। ਇਸ ਲਈ ਰਾਜ ਸਰਕਾਰਾਂ ਨੂੰ ਪੈਸਾ ਦਿੱਤਾ ਜਾਂਦਾ ਹੈ, ਜਿਸ ਵਿਚੋਂ 50 ਫੀਸਦੀ ਪੈਸਾ ਸਿੰਜਾਈ ਤੋਂ ਰਹਿਤ ਰਕਬਿਆਂ ਅਤੇ ਘੱਟ ਉਤਪਾਦਨ ਕਰਨ ਵਾਲੀਆਂ ਜ਼ਮੀਨਾਂ ਦੇ ਸੁਧਾਰ ਆਦਿ ਲਈ ਖਰਚ ਕਰਨਾ ਹੁੰਦਾ ਹੈ। 'ਰਾਸ਼ਟਰੀ ਖੇਤੀ ਮੰਡੀ (ਈ ਨਾਮ)' ਸਕੀਮ ਥੱਲੇ ਖੇਤੀ ਉਤਪਾਦਾਂ ਲਈ ਦੇਸ਼ 'ਚ ਇਕ ਮੰਡੀ ਸਥਾਪਤ ਕਰਨਾ ਹੈ, ਤਾਂ ਜੋ ਸਾਰੀਆਂ ਮੰਡੀਆਂ 'ਚ ਕਿਸਾਨਾਂ ਨੂੰ ਇਕੋ ਕੀਮਤ ਮਿਲੇ। ਇਸ ਸਕੀਮ ਥੱਲੇ ਖੇਤੀ ਜਿਣਸਾਂ ਦਾ ਵਪਾਰ ਵੀ ਲਾਹੇਵੰਦ ਹੋ ਜਾਣ ਦੀ ਸੰਭਾਵਨਾ ਹੈ। ਪਰ ਇਹ ਸਕੀਮ ਅਜੇ ਤੱਕ ਕਿਸਾਨਾਂ ਲਈ ਲਾਭਕਾਰੀ ਨਹੀਂ ਬਣ ਸਕੀ। ਦਾਲਾਂ ਦੇ ਉਤਪਾਦਨ ਨੂੰ ਵਧਾਉਣ ਸਬੰਧੀ ਵੀ ਰਾਸ਼ਟਰੀ ਅੰਨ ਸੁਰੱਖਿਆ ਮਿਸ਼ਨ ਵਲੋਂ ਜਾਰੀ ਕੀਤੀ ਗਈ ਸਕੀਮ ਹੈ, ਜਿਸ ਥੱਲੇ ਦਾਲਾਂ ਦੀ ਉਤਪਾਦਕਤਾ, ਪੌਦ ਸੁਰੱਖਿਆ, ਪ੍ਰਬੰਧਨ ਤਕਨਾਲੋਜੀ ਦੀ ਵਰਤੋਂ ਕਰਕੇ ਵਧਾਉਣਾ ਹੈ। ਇਸ ਪ੍ਰੋਗਰਾਮ ਥੱਲੇ ਛੋਲੇ, ਮਾਂਹ, ਅਰਹਰ, ਮੂੰਗ, ਮਸਰ ਆਦਿ ਸਾਰੀਆਂ ਹੀ ਦਾਲਾਂ ਆਉਂਦੀਆਂ ਹਨ। ਇਹ ਸਕੀਮ ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਛਤੀਸਗੜ੍ਹ, ਗੁਜਰਾਤ, ਪੰਜਾਬ, ਹਰਿਆਣਾ, ਝਾਰਖੰਡ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਰਾਜਾਂ ਲਈ ਹੈ, ਜਿੱਥੇ ਦਾਲਾਂ ਦਾ ਉਤਪਾਦਨ ਵਧਾਉਣ ਦਾ ਪ੍ਰੋਗਰਾਮ ਇਸ ਸਕੀਮ ਥੱਲੇ ਚੱਲ ਰਿਹਾ ਹੈ ਪਰ ਦਾਲਾਂ ਦੇ ਉਤਪਾਦਨ 'ਚ ਲੋੜੀਂਦਾ ਵਾਧਾ ਨਹੀਂ ਹੋਇਆ। ਭਾਰਤ ਅਜੇ ਵੀ ਦਾਲਾਂ ਦੂਜੇ ਦੇਸ਼ਾਂ ਤੋਂ ਦਰਾਮਦ ਕਰ ਰਿਹਾ ਹੈ।
ਆਈ.ਸੀ.ਏ.ਆਰ. ਵਲੋਂ ਆਤਮਾ (ਖੇਤੀ ਤਕਨਾਲੋਜੀ ਪ੍ਰਬੰਧਨ ਏਜੰਸੀ) ਸਕੀਮ ਚਲਾਈ ਜਾ ਰਹੀ ਹੈ। ਹਰ ਜ਼ਿਲ੍ਹੇ ਵਿਚ ਇਹ ਚਾਲੂ ਹੈ। ਇਸ ਸਕੀਮ ਥੱਲੇ ਖੇਤੀ ਗਿਆਨ ਵਿਗਿਆਨ ਕਿਸਾਨਾਂ ਤੱਕ ਲਿਜਾਣਾ ਅਤੇ ਖੋਜ ਸੰਸਥਾਵਾਂ, ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਖੇਤੀ ਵਿਕਾਸ ਨਾਲ ਜੁੜੀਆਂ ਏਜੰਸੀਆਂ ਦਰਮਿਆਨ ਤਾਲਮੇਲ ਵਧਾਉਣਾ ਹੈ। ਆਤਮਾ ਇਕ ਰਜਿਸਟਰਡ ਏਜੰਸੀ ਹੈ, ਜਿਸ ਦੀ ਪ੍ਰਬੰਧਕ ਕਮੇਟੀ 'ਚ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਕਿਸਾਨਾਂ ਦੇ ਪ੍ਰਤੀਨਿਧੀ ਵੀ ਲਏ ਜਾਂਦੇ ਹਨ। ਕਿਸਾਨਾਂ ਦਾ ਗਿਆਨ ਵਧਾਉਣ ਲਈ ਵੱਖੋ-ਵੱਖ ਪ੍ਰਾਜੈਕਟਾਂ ਤੇ ਫੇਰੀਆਂ ਵੀ ਇਸੇ ਸਕੀਮ ਥੱਲੇ ਪ੍ਰਬੰਧਨ ਕੀਤੀਆਂ ਜਾਂਦੀਆਂ ਹਨ। ਇਕ ਹੋਰ 'ਮੇਰਾ ਗਾਓਂ ਮੇਰਾ ਗੌਰਵ' ਸਕੀਮ ਹੈ, ਜਿਸ ਥੱਲੇ ਖੇਤੀ ਵਿਗਿਆਨ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਟੀਚਾ ਹੈ। ਇਹ ਸਕੀਮ ਪ੍ਰਧਾਨ ਮੰਤਰੀ ਵਲੋਂ ਸੰਨ 2015 ਵਿਚ ਲਾਂਚ ਕੀਤੀ ਗਈ ਸੀ। ਇਸ ਸਕੀਮ ਥੱਲੇ ਵਿਗਿਆਨੀਆਂ ਦਾ ਕਿਸਾਨਾਂ ਨਾਲ ਤਾਲਮੇਲ ਜੋੜ ਕੇ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਈ ਜਾਂਦੀ ਹੈ। ਇਸ ਤੋਂ ਇਲਾਵਾ 'ਕਿਸਾਨ ਕਾਲ ਸੈਂਟਰ ਸਕੀਮ' ਹੈ, ਜਿਸ ਥੱਲੇ ਟੋਲ ਫ੍ਰੀ ਨੰਬਰ ਤੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਮਾਹਿਰਾਂ ਵਲੋਂ ਮੁਹੱਈਆ ਕੀਤੀ ਜਾਂਦੀ ਹੈ। ਖੇਤੀਬਾੜੀ 'ਚ ਨੌਜਵਾਨਾਂ ਦੀ ਅਹਿਮੀਅਤ ਨੂੰ ਮਹਿਸੂਸ ਕਰਦਿਆਂ ਆਈ.ਸੀ.ਏ.ਆਰ. ਨੇ 'ਆਰੀਆ' ਸਕੀਮ ਜਾਰੀ ਕੀਤੀ ਹੈ, ਜਿਸ ਤਹਿਤ ਨੌਜਵਾਨ ਕਿਸਾਨਾਂ ਨੂੰ ਖੇਤੀ ਦੇ ਕੰਮ 'ਤੇ ਰਹਿਣ ਲਈ ਪ੍ਰੇਰਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਆਮਦਨ ਖੇਤੀ ਨੂੰ ਹੰਡਣਸਾਰ ਬਣਾ ਕੇ ਪਾਇਦਾਰ ਕੀਤੀ ਜਾਂਦੀ ਹੈ। ਇਹ ਸਕੀਮ 25 ਰਾਜਾਂ ਵਿਚ ਚੱਲ ਰਹੀ ਹੈ ਅਤੇ ਹਰ ਰਾਜ ਵਿਚ ਇਕ ਜ਼ਿਲ੍ਹਾ ਇਸ ਲਈ ਚੁਣਿਆ ਗਿਆ ਹੈ। ਆਈ.ਸੀ.ਏ.ਆਰ. ਇਸ ਸਕੀਮ ਲਈ ਫੰਡ ਮੁਹੱਈਆ ਕਰਦੀ ਹੈ। ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਰਾਹੀਂ ਬਣਦਾ ਲਾਭ ਨਹੀਂ ਪਹੁੰਚ ਰਿਹਾ। ਇਨ੍ਹਾਂ ਸਕੀਮਾਂ ਦਾ ਮੁਲਾਂਕਣ ਕਰਕੇ ਇਨ੍ਹਾਂ 'ਤੇ ਨਜਰਸ਼ਾਨੀ ਦੀ ਲੋੜ ਹੈ।


-ਮੋਬਾਈਲ : 98152-36307

ਉੱਡ ਜਾ ਵੇ ਕਾਵਾਂ

ਕੀ ਪਿੰਡ, ਕੀ ਸ਼ਹਿਰ, ਹਰ ਸਰਦੇ ਪੁੱਜਦੇ ਬੰਦੇ ਕੋਲ ਉਂਗਲਾਂ ਮਾਰਨ ਵਾਲੇ ਫੋਨ ਆ ਗਏ ਹਨ। ਘਟਨਾ ਬਾਅਦ 'ਚ ਵਾਪਰਦੀ ਹੈ, ਸੂਚਨਾ ਸੈਂਕੜੇ ਜਾਂ ਹਜ਼ਾਰਾਂ ਮੀਲ ਦੂਰ, ਪਹਿਲੋਂ ਪਹੁੰਚ ਜਾਂਦੀ ਹੈ। ਅੱਜ ਇਹੋ ਜਿਹੀ ਕ੍ਰਾਂਤੀ ਆ ਗਈ ਹੈ ਕਿ ਸਬਰ ਕਰਨ ਜਾਂ ਨਤੀਜੇ ਦਾ ਇੰਤਜ਼ਾਰ ਕਰਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ। ਜ਼ਰਾ ਸੋਚੋ ਜਦ ਰਾਜੇ ਮਹਾਰਾਜੇ ਜਾਂ ਗੁਪਤਚਰ, ਚੀਨੇ ਕਬੂਤਰਾਂ ਨੂੰ ਸਿਖਾ ਕੇ ਚਿੱਠੀਆਂ ਭੇਜਦੇ ਸੀ ਤੇ ਫੇਰ ਲੰਮਾ ਸਮਾਂ ਇੰਤਜ਼ਾਰ ਕਰਦੇ ਸੀ। ਉਹ ਸਮਾਂ ਵੀ ਸੀ ਜਦ ਕਾਂ ਦੀ ਕਾਂ-ਕਾਂ 'ਚੋਂ ਲੋਕ ਸਮਝ ਲੈਂਦੇ ਸੀ ਕਿ ਕੌਣ ਪ੍ਰਾਹੁਣਾ ਆਉਣ ਵਾਲਾ ਹੈ। ਉਸ ਤੋਂ ਉੱਤੇ ਸੋਚੋ ਕਿ, ਕਿਵੇਂ ਕੋਈ ਨਵ-ਵਿਆਹੀ ਕਾਂ ਨੂੰ ਦਿਲ ਦੀ ਗੱਲ ਦੱਸ ਕੇ ਉੱਡ ਜਾਣ ਨੂੰ ਕਹਿੰਦੀ ਤੇ ਇਹ ਆਸ ਰੱਖਦੀ ਕਿ ਪ੍ਰਦੇਸੀ ਗਏ ਮਾਹੀ ਨੂੰ ਕਾਂ ਸੁਨੇਹਾ ਦੇ ਦੇਵੇਗਾ ਤੇ ਫੇਰ ਮਾਹੀ ਦਾ ਸੁਨੇਹਾ ਲੈ ਕੇ ਵੀ ਆਵੇਗਾ। ਉਹ ਇੰਤਜ਼ਾਰ ਦੇ ਲੰਮੇ ਪਲ ਇਕ ਵੱਖਰਾ ਅਨੰਦ ਦਿੰਦੇ ਹੋਣਗੇ। ਅੱਜ ਦੇ ਇਸ ਉਂਗਲ-ਨਾਚ ਦੇ ਯੁੱਗ ਵਿਚ ਜੇ ਇੰਤਜ਼ਾਰ ਕਰਨਾ ਪੈ ਜਾਵੇ ਤਾਂ ਤਲਾਕ ਵੱਟ 'ਤੇ ਖੜ੍ਹਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਕਾਵਾਂ ਨੇ ਅਜੇ ਆਪਣਾ ਡਾਕਖਾਨਾ ਬੰਦ ਨਹੀਂ ਕੀਤਾ ਹੈ, ਭਾਵੇਂ ਕਿ ਦਿਲਾਂ ਦੇ ਸੁਨੇਹੇ ਖ਼ਤਮ ਜਿਹੇ ਹੀ ਹੋ ਗਏ ਹਨ।

ਮੋਬਾ: 98159-45018

ਸਤੰਬਰ ਮਹੀਨੇ ਦੇ ਖੇਤੀ ਰੁਝੇਵੇਂ

ਗੰਨਾ
ਸਤੰਬਰ ਦੇ ਸ਼ੁਰੂ ਵਿਚ ਗੰਨਿਆਂ ਦੇ ਮੂੰਏ ਬੰਨ੍ਹ ਦਿਓ। ਵਧੀਆ ਝਾੜ ਲੈਣ ਲਈ ਖੇਤ ਨੂੰ ਵਕਤ ਸਿਰ ਪਾਣੀ ਦਿੰਦੇ ਰਹੋ। ਰੱਤਾ ਰੋਗ ਅਤੇ ਉਖੇੜਾ ਰੋਗ ਨੂੰ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਇਹ ਕੰਮ ਹਫ਼ਤੇ ਦੇ ਵਕਫੇ 'ਤੇ ਕਰਦੇ ਰਹੋ। ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਸੀ.ਓ. 118, ਸੀ.ਓ.ਜੇ. 85, ਸੀ.ਓ.ਜੇ. 64 ਦੀ ਬਿਜਾਈ ਸ਼ੁਰੂ ਕਰ ਦਿਓ। ਬੀਜ ਨੂੰ ਸਿਫ਼ਾਰਸ਼ ਅਨੁਸਾਰ ਸੋਧ ਲਓ। ਕਤਾਰਾਂ ਦਾ ਫਾਸਲਾ 90 ਸੈ. ਮੀ. ਰੱਖੋ। ਜ਼ਿਆਦਾ ਮੁਨਾਫ਼ੇ ਲਈ ਰਲਵੀਆਂ ਫ਼ਸਲਾਂ ਲਈ ਰਲਵੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਆਲੂ, ਲਸਣ ਆਦਿ ਬੀਜੋ।
ਤੇਲ ਬੀਜ
ਸਤੰਬਰ ਤੋਰੀਆ ਬੀਜਣ ਲਈ ਢੁਕਵਾਂ ਸਮਾਂ ਹੈ। ਜੇਕਰ ਸਮੇਂ ਸਿਰ ਖੇਤ ਵਿਹਲਾ ਚਾਹੁੰਦੇ ਹੋ ਤਾਂ ਤੋਰੀਏ ਦੀਆਂ ਥੋੜ੍ਹਾ ਸਮਾਂ ਵਾਲੀਆਂ ਟੀ.ਐਲ. 17 ਜਾਂ ਪੀ.ਬੀ.ਟੀ.-37 ਜਾਂ ਟੀ.ਐਲ. 15 ਕਿਸਮਾਂ ਬੀਜੋ। ਤੋਰੀਆ ਬੀਜਣ ਸਮੇਂ ਖੇਤ ਵਿਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪਾਓ। ਜੇਕਰ ਸੁਪਰਫਾਸਫੇਟ ਖਾਦ ਨਾ ਮਿਲੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਖਾਸ ਕਰਕੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਤੇ ਫਾਸਫੋਰਸ ਵਾਲੀਆਂ ਖਾਦਾਂ ਦੇ ਨਾਲ ਜ਼ਰੂਰ ਪਾਓ। ਤੇਲ ਬੀਜਾਂ ਦਾ ਵਧੇਰੇ ਝਾੜ ਲੈਣ ਲਈ ਤੋਰੀਆ ਅਤੇ ਗੋਭੀ ਸਰ੍ਹੋਂ ਇਕੱਠੇ ਅੱਧ ਸਤੰਬਰ ਨੂੰ ਬੀਜ ਦਿਓ। ਬਿਜਾਈ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿਚ ਕਰੋ।
ਮੂੰਗਫਲੀ
ਡੋਡੀਆਂ ਤੇ ਆਈ ਫਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ, ਨਹੀਂ ਤਾਂ ਮੂੰਗਫਲੀ ਦਾ ਝਾੜ ਬਹੁਤ ਹੀ ਘਟ ਜਾਵੇਗਾ। ਟਿੱਕਾ ਰੋਗ ਤੋਂ ਬਚਾਉਣ ਲਈ ਅਗਸਤ ਦੇ ਪਹਿਲੇ ਹਫ਼ਤੇ ਤੋਂ 500-700 ਗ੍ਰਾਮ ਘੁਲਣਸ਼ੀਲ ਸਲਫਰ ਨੂੰ 200-300 ਲਿਟਰ ਪਾਣੀ ਵਿਚ ਘੋਲ ਕੇ ਜਾਂ ਬਾਵਿਸਟਨ/ਡੈਰੋਸਲ/ਐਗਰੋਜ਼ਿਮ 50-60 ਗ੍ਰਾਮ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੂੰਗਫਲੀ ਦੀ ਫਸਲ 'ਤੇ ਛਿੜਕਾਅ ਸ਼ੁਰੂ ਕਰੋ ਅਤੇ 15 ਦਿਨਾਂ ਦੇ ਵਕਫ਼ੇ 'ਤੇ 3-4 ਛਿੜਕਾਅ ਦੁਹਰਾਓ।
ਹਾਰੇ ਚਾਰੇ
ਸਤੰਬਰ ਦੇ ਅੱਧ ਵਿਚ ਵਿਚ ਚਾਰੇ ਲਈ ਮੱਕੀ ਬੀਜ ਦਿਓ। ਬਰਸੀਮ ਲਈ ਖੇਤ ਤਿਆਰ ਕਰ ਲਓ ਅਤੇ ਅਖੀਰਲੇ ਹਫ਼ਤੇ ਬੀਜ ਦਿਓ। ਬੀਜਣ ਸਮੇਂ ਬਰਸੀਮ ਵਿਚ ਜਵੀ ਅਤੇ ਸਰ੍ਹੋਂ ਰਲਾ ਦਿਓ ਤਾਂ ਜੋ ਪਹਿਲੀ ਕਟਾਈ ਭਰਵੀਂ ਮਿਲੇ। ਬਰਸੀਮ ਦਾ ਬੀਜ ਕਾਸ਼ਨੀ ਰਹਿਤ ਹੋਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਓ। ਬਰਸੀਮ ਦੀ ਬਿਜਾਈ ਸਮੇਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ। ਜੇਕਰ ਖੇਤ ਵਿਚ 6 ਟਨ ਗਲੀ-ਸੜੀ ਰੂੜੀ ਪਾਈ ਹੋਵੇ ਤਾਂ 125 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦਿਓ। ਬਰਸੀਮ ਵਿਚ ਜੇਕਰ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਤਾਂ 22 ਕਿਲੋ ਯੂਰੀਆ ਖਾਦ ਹਰ ਕਟਾਈ ਮਗਰੋਂ ਪਾਓ। ਮੱਕੀ, ਬਾਜਰੇ ਦੇ ਵਾਧੂ ਹਰੇ ਚਾਰੇ ਦਾ ਆਚਾਰ ਬਣਾ ਲਓ ਤਾਂ ਕਿ ਹਰੇ ਚਾਰੇ ਦੀ ਘਾਟ ਸਮੇਂ ਵਰਤਿਆ ਜਾਵੇ।
**

ਵਾਤਾਵਰਨ ਦੀ ਕਰੋ ਸੰਭਾਲ

ਵਾਤਾਵਰਨ ਦੀ ਸਾਂਭ ਜ਼ਰੂਰੀ
ਬਿਨ ਚੌਗਿਰਦੇ ਗੱਲ ਅਧੂਰੀ
ਧਰਤੀ, ਪਾਣੀ, ਹਵਾ ਬਚਾਅ ਲਓ
ਸਭ ਦਾ ਰੱਖੋ ਖ਼ੂਬ ਖਿਆਲ।
ਪ੍ਰਦੂਸ਼ਣ 'ਤੇ ਕਾਬੂ ਪਾ ਕੇ
ਵਾਤਾਵਰਨ ਦੀ ਕਰੋ ਸੰਭਾਲ।
ਕੁਦਰਤੀ ਸੋਮੇ ਸਭ ਬਚਾਓ
ਵਾਤਾਵਰਨ ਨੂੰ ਸ਼ੁੱਧ ਬਣਾਓ
ਚੌਗਿਰਦੇ ਨੂੰ ਸਭ ਰੱਖੀਏ ਸਾਫ਼
ਪ੍ਰਦੂਸ਼ਣ ਘਟ ਜਾਊ ਆਪਣੇ-ਆਪ
ਸਭ ਕੁਝ ਗੰਧਲਾ ਹੋ ਰਿਹਾ ਹੈ
ਹੋ ਜਾਏਗਾ ਮੰਦੜਾ ਹਾਲ।
ਪ੍ਰਦੂਸ਼ਣ 'ਤੇ ਕਾਬੂ ਪਾ ਕੇ,
ਵਾਤਾਵਰਨ ਦੀ ਕਰੋ ਸੰਭੋਲ।
ਚੌਗਿਦੇ ਦੇ ਵਿਚ ਜੇ ਆਏ ਖਰਾਬੀ
ਸਭ ਨੂੰ ਲਗਦੇ ਰੋਗ ਸ਼ਤਾਬੀ
ਆ ਜਾਏ ਜੇ ਕਿਤੇ ਵਿਗਾੜ
ਰੋਗ-ਬਿਮਾਰੀ ਪਾਏ ਉਜਾੜ
ਆਲਾ-ਦੁਆਲਾ ਰੱਖੋ ਸਾਫ਼
ਹੋਵੇ ਗਰਮੀ ਜਾਂ ਸਿਆਲ।
ਪ੍ਰਦੂਸ਼ਣ 'ਤੇ ਕਾਬੂ ਪਾ ਕੇ,
ਵਾਤਾਵਰਨ ਦੀ ਕਰੋ ਸੰਭਾਲ।
ਜੇਕਰ ਸੁੰਦਰ ਦੇਸ਼ ਬਣਾਉਣਾ
ਚੌਗਿਰਦੇ ਨੂੰ ਪਊ ਬਚਾਉਣਾ
ਇਹ ਗੱਲ ਸਭਨਾਂ ਨੂੰ ਸਮਝਾਓ
ਖਾਲੀ ਥਾਂ 'ਤੇ ਰੁੱਖ ਲਗਾਓ
ਖਾਧ-ਪਦਾਰਥਾਂ ਦੇ ਵਿਚ ਜ਼ਹਿਰਾਂ
ਵਧੀ ਜਾਂਦੀਆਂ ਆਉਂਦੇ ਸਾਲ।
ਪ੍ਰਦੂਸ਼ਣ 'ਤੇ ਕਾਬੂ ਪਾ ਕੇ,
ਵਾਤਾਵਰਨ ਦੀ ਕਰੋ ਸੰਭਾਲ।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾਈਲ : 99884-69564.

ਵਿਰਸੇ ਦੀਆਂ ਬਾਤਾਂ

ਕੰਡਿਆਂ ਤੋਂ ਕਿਵੇਂ ਬਚਣਾ, ਇਸ ਪੰਛੀ ਤੋਂ ਸਿੱਖੀਏ

ਜ਼ਿੰਦਗੀ ਦੇ ਵਿੰਗੇ-ਟੇਢੇ ਰਾਹਾਂ 'ਤੇ ਤੁਰਨ ਦਾ ਹੌਸਲਾ ਕਰਨ ਵਾਲੇ ਥੋੜ੍ਹੇ ਹਨ। ਹੱਸ-ਹੱਸ ਉਸ ਰਾਹ ਦੇ ਪਾਂਧੀ ਬਣਨਾ ਤੇ ਮਜਬੂਰੀ ਵਿਚ ਰੋਂਦਿਆਂ-ਕੁਰਲਾਉਂਦਿਆਂ ਤੁਰਨਾ, ਵੱਖੋ ਵੱਖਰੀਆ ਗੱਲਾਂ ਹਨ। ਜ਼ਿੰਦਗੀ ਨੂੰ ਖੂੰਖਾਰ ਹੋ ਕੇ ਨਹੀਂ ਜੀਵਿਆ ਜਾ ਸਕਦਾ। ਇਹਦੇ ਲਈ ਹੁਨਰ ਚਾਹੀਦਾ। ਜ਼ਰੂਰੀ ਨਹੀਂ ਇਹ ਹੁਨਰ ਵੱਧ ਪੜ੍ਹਿਆਂ ਹਿੱਸੇ ਆਵੇ। ਬਜ਼ੁਰਗ ਭਾਵੇਂ ਘੱਟ ਪੜ੍ਹੇ ਹੋਣ, ਪਰ ਦੱਸਦੇ ਹਨ ਕਿ ਉਨ੍ਹਾਂ ਜ਼ਿੰਦਗੀ ਦੇ ਰੰਗ ਕਿਵੇਂ ਮਾਣੇ। ਉਲਟ ਹਾਲਾਤ ਦੇ ਬਾਵਜੂਦ ਕਿਵੇਂ ਸਿਰੜ ਦਾ ਪੱਲਾ ਫੜੀ ਰੱਖਿਆ।
ਜ਼ਿੰਦਗੀ 'ਚ ਖੁਸ਼ ਰਹਿਣ ਦੇ ਮੰਤਰ ਵੱਡੇ ਨਹੀਂ। ਛੋਟੀਆਂ-ਛੋਟੀਆਂ ਗੱਲਾਂ ਬਹੁਤ ਕੁਝ ਸਿਖਾਉਂਦੀਆਂ ਹਨ। ਆਪਣਾ ਕੰਮ ਕਰਦੇ ਜਾਓ। ਉਲਟ ਹਾਲਾਤ ਵਿਚ ਹੋਰ ਜੋਸ਼ ਨਾਲ ਕੰਮ ਕਰੋ। ਤੁਹਾਨੂੰ ਰੋਲਣ ਦੀਆਂ ਕੋਸ਼ਿਸ਼ਾਂ ਕਰਨ ਵਾਲਾ ਖੁਦ ਰੁਲ ਜਾਵੇਗਾ। ਵਕਤ ਹਰ ਸਵਾਲ ਦਾ ਉੱਤਰ ਆਪੇ ਦੇਵੇਗਾ। ਕਿਸੇ ਨੂੰ ਬੋਲ ਕੇ ਉੱਤਰ ਦੇਣ ਦੀ ਲੋੜ ਨਹੀਂ। ਖਿਝਦੇ, ਖਪਦੇ, ਝੁਰਦੇ ਨੂੰ ਤੁਸੀਂ ਕਿੰਨਾ ਕੁ ਢੋਵੋਗੇ?
ਇਸ ਪੰਛੀ ਨੂੰ ਦੇਖ ਕੇ ਜ਼ਿੰਦਗੀ ਦੇ ਉੱਭੜ ਖਾਬੜ ਰਾਹਾਂ 'ਤੇ ਤੁਰਨ ਦਾ ਹੁਨਰ ਸਿੱਖਿਆ ਜਾ ਸਕਦਾ। ਕੰਡਿਆਂ ਭਰੀ ਟਾਹਣੀ ਉਤੇ ਬੈਠਾ ਇਹ ਪੰਛੀ ਕੰਡਿਆਂ ਦੀ ਭੋਰਾ ਪ੍ਰਵਾਹ ਨਹੀਂ ਕਰ ਰਿਹਾ। ਉਹਨੂੰ ਆਪਣੇ ਖੰਭਾਂ 'ਤੇ ਮਾਣ ਹੈ ਕਿ ਕਦੇ ਵੀ ਉੱਡ ਕੇ ਟਿਕਾਣਾ ਬਦਲ ਸਕਦਾਂ। ਉਹ ਇਹ ਵੀ ਜਾਣਦਾ ਕਿ ਕੰਡੇ ਤੁਰ ਨਹੀਂ ਸਕਦੇ, ਜਿੱਥੇ ਲੱਗੇ ਹਨ, ਉਥੇ ਹੀ ਰਹਿਣਗੇ। ਸ਼ਾਇਦ ਪੰਛੀ ਇਹ ਵੀ ਜਾਣਦਾ ਕਿ ਹਰ ਰਾਹ ਸੌਖਾ ਨਹੀਂ ਹੁੰਦਾ। ਇਹੋ ਜਿਹੇ ਕੰਡਿਆਂ ਦੀ ਪ੍ਰਵਾਹ ਨਹੀਂ ਕਰੀਦੀ। ਇਨ੍ਹਾਂ ਕੰਡਿਆਂ ਇਕ ਦਿਨ ਭੁਰ ਜਾਣਾ ਤੇ ਅਸੀਂ ਉੱਡਦੇ ਰਹਿਣਾ। ਜ਼ਿੰਦਗੀ ਦੇ ਹਰ ਮੋੜ 'ਤੇ ਕੋਈ ਨਾ ਕੋਈ ਸੰਘਰਸ਼ ਹੈ। ਇਕ ਮੁਸ਼ਕਿਲ ਖਹਿੜਾ ਛੱਡੇਗੀ ਤਾਂ ਨਵੀਂ ਉਡੀਕਦੀ ਹੋਵੇਗੀ। ਜਦੋਂ ਪਤਾ ਹੀ ਹੈ ਕਿ ਜ਼ਿੰਦਗੀ ਫੁੱਲਾਂ ਦੀ ਸੇਜ਼ ਨਹੀਂ ਤਾਂ ਮਰੂੰ ਮਰੂੰ ਕਿਹੜੀ ਗੱਲੋਂ। ਜਿਹੜੇ ਜ਼ਿੰਦਗੀ ਜਿਊਣ ਦਾ ਹੁਨਰ ਜਾਣਦੇ ਹਨ, ਉਨ੍ਹਾਂ ਮੂਹਰੇ ਕੋਈ ਮੁਸ਼ਕਿਲ ਨਹੀਂ ਅੜ੍ਹਦੀ। ਖੁਦ ਨਾਲ ਉਲਝੇ ਰਹਿਣਾ, ਅੰਦਰੋ ਅੰਦਰ ਬਲ਼ਦੇ ਰਹਿਣਾ, ਬਿਨਾਂ ਦਿਸ਼ਾ ਦੇ ਹਰਲ-ਹਰਲ ਕਰਦੇ ਫਿਰਨਾ, ਜ਼ਿੰਦਗੀ ਦੇ ਸਲੀਕੇ ਤੋਂ ਸੱਖਣੀਆਂ ਗੱਲਾਂ ਹਨ। ਜ਼ਿੰਦਗੀ ਨੀਵੇਂ ਹੋ ਕੇ ਵਧੀਆ ਨਿਕਲਦੀ ਹੋਵੇ ਤਾਂ ਧੌਣ 'ਚ ਕੀਲਾ ਫਸਾ ਕੇ ਚੱਲਣ ਦੀ ਲੋੜ ਹੀ ਨਹੀਂ। ਜੇ ਅਸੀਂ ਇਹ ਰਟ ਲਾਉਂਦੇ ਨਹੀਂ ਥੱਕਦੇ ਕਿ ਜ਼ਿੰਦਗੀ ਪਾਣੀ ਦੇ ਬੁਲਬੁਲੇ ਵਰਗੀ ਹੈ, ਮਿੰਟ ਦਾ ਭਰਵਾਸਾ ਨਹੀਂ ਤਾਂ ਫਿਰ ਜਿੰਨੀ ਕੁ ਬਾਕੀ ਹੈ, ਸਹੀ ਜਿਊਣੀ ਕਿਉਂ ਨਹੀਂ ਸ਼ੁਰੂ ਕਰਦੇ। ਖੁਦ ਦੀ ਕਾਬਲੀਅਤ ਵਿਚ ਕਿੰਨਾ ਕੁ ਵਾਧਾ ਕਰਨਾ ਹੈ ਤੇ ਮਰਨ ਤੋਂ ਪਹਿਲਾਂ ਕਿੰਨੀ ਵਾਰ ਮਰਨਾ ਹੈ, ਇਹ ਤੈਅ ਕਰਨਾ ਆਪਣੇ ਹੱਥ ਹੈ। ਲੱਤਾਂ ਦੀ ਵਰਤੋਂ ਸਹੀ ਦਿਸ਼ਾ ਵੱਲ, ਹੱਥ ਕੰਮ ਲਈ, ਦਿਮਾਗ਼ ਉਸਾਰੂ ਸੋਚ ਲਈ ਤੇ ਬਾਕੀ ਅੰਗਾਂ ਦੀ ਵਰਤੋਂ ਸਹੀ ਨਿਸ਼ਾਨੇ ਲਈ ਕਰੀਏ ਤਾਂ ਕਾਮਯਾਬੀ ਔਖੀ ਨਹੀਂ। ਕਾਮਯਾਬੀ ਜ਼ਿੰਦਗੀ ਜਿਊਣ ਦੇ ਸਾਰੇ ਰਾਹ ਪੱਧਰੇ ਕਰ ਦਿੰਦੀ ਹੈ। ਖੁਦ 'ਤੇ ਜਾਂ ਦੂਜੇ 'ਤੇ ਬੋਝ ਬਣ ਕੇ ਕਿੰਨਾ ਕੁ ਚਿਰ ਕੱਟੋਗੇ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋਬਾਈਲ : 98141-78883.

ਆਲੂ ਦੀ ਖੇਤੀ

ਉੱਨਤ ਕਿਸਮਾਂ ਅਤੇ ਕਾਸ਼ਤ ਦੇ ਢੰਗ

ਆਲੂ ਦੀਆਂ ਉੱਨਤ ਕਿਸਮਾਂ: ਅਗੇਤੀਆਂ ਕਿਸਮਾਂ: ਕੁਫ਼ਰੀ ਸੂਰੀਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ।
ਦਰਮਿਆਨੇ ਸਮੇਂ ਦੀਆਂ ਕਿਸਮਾਂ: ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ।
ਪਛੇਤੀਆਂ ਕਿਸਮਾਂ: ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ।
ਪ੍ਰੋਸੈਸਿੰਗ ਵਾਲੀਆਂ ਕਿਸਮਾਂ: ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ।
ਆਲੂ ਦੀ ਕਾਸ਼ਤ ਦੇ ਢੰਗ: ਹਰੀ ਖਾਦ: 20 ਕਿਲੋ ਸਣ ਜਾਂ ਜੰਤਰ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬੀਜੋ। ਜਦੋਂ ਇਹ ਫ਼ਸਲ 40-45 ਦਿਨਾਂ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ। ਅਜਿਹਾ ਕਰਨ ਨਾਲ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਇਹ ਚੰਗੀ ਤਰ੍ਹਾਂ ਗਲ-ਸੜ ਜਾਂਦੀ ਹੈ।
ਜ਼ਮੀਨ ਦੀ ਤਿਆਰੀ: ਬਿਜਾਈ ਤੋਂ ਪਹਿਲਾਂ ਉਲਟਾਵੇਂ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਾਧਾਰਨ ਹਲ ਨਾਲ ਜ਼ਮੀਨ ਨੂੰ ਵਾਹੋ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਕੇਵਲ ਤਵੀਆਂ ਨਾਲ ਵਹਾਈ ਹੀ ਕਾਫ਼ੀ ਹੈ। ਜ਼ਮੀਨ ਤਿਆਰ ਹੋਣ ਉਪਰੰਤ ਬਿਜਾਈ ਤੋਂ ਪਹਿਲਾਂ ਰੂੜੀ ਦੀ ਖਾਦ ਪਾ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਰੂੜੀ ਦੀ ਖਾਦ ਨੂੰ ਵਾਹੀ ਸਮੇਂ ਖੇਤ ਵਿਚ ਮਿਲਾਉਣ ਨਾਲੋਂ ਵਧੇਰੇ ਫਾਇਦੇਮੰਦ ਹੈ। ਜੇ ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਮਾਮੂਲੀ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ ਤੇ ਇਸ ਤਰ੍ਹਾਂ ਕਰਨ ਨਾਲ ਝਾੜ ਵਿਚ ਕੋਈ ਕਮੀ ਨਹੀਂ ਆਉਂਦੀ ਹੈ।
ਬੀਜ ਦੀ ਮਾਤਰਾ: 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੇ ਚਾਹੀਦੇ ਹਨ। ਵਧੀਆ ਕੁਆਲਟੀ ਦਾ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ।
ਬੀਜ ਆਲੂ ਨੂੰ ਰੋਗ ਰਹਿਤ ਕਰਨਾ ਤੇ ਬਿਜਾਈ ਤੋਂ ਪਹਿਲਾਂ ਤਿਆਰੀ: ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ ਵਿਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰੱਖੋ। ਬੀਜ ਨੂੰ ਸਟੋਰ ਵਿਚੋਂ ਕੱਢ ਕੇ ਸਿੱਧਾ ਹੀ ਨਹੀਂ ਬੀਜਿਆ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਪਹਿਲੇ ਪੱਖੇ ਦੀ ਹਵਾ ਨਾਲ ਸੁਕਾ ਲਵੋ ਅਤੇ ਫਿਰ ਕਿਸੇ ਠੰਢੀ ਜਗ੍ਹਾ ਉੱਤੇ ਖਿਲਾਰ ਦਿਓ ਜਿਥੇ ਤੇਜ਼ ਰੌਸ਼ਨੀ ਨਾ ਪੈਂਦੀ ਹੋਵੇ। 8-10 ਦਿਨ ਲਈ ਆਲੂਆਂ ਨੂੰ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ।
ਬਿਜਾਈ ਦਾ ਸਮਾਂ: ਮੈਦਾਨੀ ਇਲਾਕਿਆਂ ਵਿਚ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਪਤਝੜ ਫ਼ਸਲ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰ੍ਹਵਾੜਾ ਹੈ। ਸਤੰਬਰ ਵਿਚ ਬਿਜਾਈ ਕਰਨ ਲਈ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।
ਬਿਜਾਈ ਦਾ ਤਰੀਕਾ: ਜਦੋਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਵੱਟਾਂ ਦੇ ਨਿਸ਼ਾਨ ਲਗਾਉਣੇ ਚਾਹੀਦੇ ਹਨ। ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰਨੀ ਚਾਹੀਦੀ ਹੈ। ਟਰੈਕਟਰ ਨਾਲ ਬਿਜਾਈ ਕਰਨੀ ਹੋਵੇ ਤਾਂ ਅਰਧ ਸਵੈ-ਚਾਲਕ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਜਾਦੀ ਹੈ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਆਲੂ ਤੋਂ ਆਲੂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਦੱਖਣ-ਪੱਛਮੀ ਜ਼ਿਲ੍ਹਿਆਂ ਵਿਚ ਬਿਜਾਈ 50-55 ਸੈਂਟੀਮੀਟਰ ਚੌੜੇ ਬੈੱਡਾਂ ਉਤੇ ਦੋ ਕਤਾਰਾਂ ਵਿਚ ਕਰਨ ਨਾਲ ਵੱਧ ਝਾੜ ਮਿਲਦਾ ਹੈ ਅਤੇ ਅਜਿਹਾ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਜੈਵਿਕ ਖਾਦ: ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਤੋਂ ਮਿਲਦਾ ਹੈ।
ਖਾਦ ਪ੍ਰਬੰਧ: 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ ਤੱਤ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਨੂੰ ਦੇਣੇ ਚਾਹੀਦੇ ਹਨ। ਖੇਤ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ ਤੇ 18 ਕਿਲੋ ਪ੍ਰਤੀ ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ। ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਓ। ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਓ। ਜੇ ਮਿੱਟੀ ਪਰਖ ਰਿਪੋਰਟ ਵਿਚ ਖੁਰਾਕੀ ਤੱਤਾਂ ਦੀ ਘਾਟ ਦੱਸੀ ਗਈ ਹੋਵੇ ਤਾਂ ਖਾਦਾਂ ਦੀ ਮਾਤਰਾ ਵਧਾਈ ਜਾ ਸਕਦੀ ਹੈ।


-ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ। ਫੋਨ : +919465420097

ਬਰਸਾਤਾਂ ਦੇ ਮੌਸਮ ਵਿਚ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ

ਪੰਜਾਬ ਵਿਚ ਬਰਸਾਤਾਂ ਦਾ ਮੌਸਮ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਬਰਸਾਤਾਂ ਦਾ ਮੌਸਮ ਫ਼ਲਦਾਰ ਬੂਟਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਲਈ ਬਹੁਤ ਹੀ ਢੁਕਵਾਂ ਹੈ, ਪਰ ਜਿਆਦਾ ਬਾਰਿਸ਼ ਨਾਲ ਫ਼ਲਦਾਰ ਬੂਟਿਆਂ 'ਤੇ ਮਾਰੂ ਅਸਰ ਵੀ ਪੈਂਦਾ ਹੈ। ਇਸ ਲਈ ਨਵੇਂ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਫਲਦਾਰ ਬੂਟੇ ਦੀ ਚੋਣ, ਵਿਉਂਤਬੰਦੀ ਅਤੇ ਪਹਿਲਾਂ ਤੋਂ ਲੱਗੇ ਫ਼ਲਦਾਰ ਬੂਟਿਆਂ ਦੀ ਸਾਭ-ਸੰਭਾਲ ਪੂਰੀ ਵਿਗਿਆਨਕ ਵਿਧੀ ਨਾਲ ਕਰਨੀ ਚਾਹੀਦੀ ਹੈ।
ਬਰਸਾਤਾਂ ਦੇ ਮੌਸਮ ਵਿਚ ਬਾਗ਼ਾਂ ਦਾ ਰੱਖ-ਰਖਾਅ
* ਬਾਗ ਲਈ ਜ਼ਮੀਨ ਪੱਧਰ ਕਰਦੇ ਸਮੇਂ ਹਲਕੀ ਜਿਹੀ ਢਲਾਣ ਰੱਖ ਲੈਣੀ ਚਾਹੀਦੀ ਹੈ ਤਾਂ ਕਿ ਭਾਰੀ ਬਾਰਿਸ਼ ਦੇ ਵਾਧੂ ਪਾਣੀ ਦਾ ਨਿਕਾਸ ਕੀਤਾ ਜਾ ਸਕੇ। ਜਿੰਨੀ ਜਲਦੀ ਹੋ ਸਕੇ ਬਾਗਾਂ ਵਿਚੋਂ ਪਾਣੀ ਦਾ ਨਿਕਾਸ ਕਰ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ 'ਤੇ ਹਲਕੀ ਜਿਹੀ ਵਹਾਈ ਵੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਜੜ੍ਹਾਂ ਵਿਚ ਹਵਾ ਦਾ ਪ੍ਰਵਾਹ ਹੋ ਸਕੇ। ਜ਼ਿਆਦਾ ਬਾਰਿਸ਼ ਨਾਲ ਕਈ ਵਾਰ ਨਵੇਂ ਲਾਏ ਬੂਟੇ ਟੇਢੇ-ਮੇਢੇ ਹੋ ਜਾਂਦੇ ਹਨ, ਇਨ੍ਹਾਂ ਬੂਟਿਆਂ ਨੂੰ ਸੋਟੀਆਂ ਜਾਂ ਕਿਸੇ ਹੋਰ ਸਹਾਰੇ ਨਾਲ ਸਿੱਧੇ ਕਰ ਦੇਣਾ ਚਾਹੀਦਾ ਹੈ ਅਤੇ ਵਾਧੂ ਫੁਟਾਰਾ ਤੋੜ ਦੇਣਾ ਚਾਹੀਦਾ ਹੈ। ਵੱਡੇ ਬੂਟਿਆਂ ਦੀ ਟੁਟੀਆਂ, ਨੁਕਸਾਨੀਆਂ ਟਹਿਣੀਆਂ ਕੱਟ ਕੇ ਬੋਰਡੋ ਮਿਸ਼ਰਨ 2:2:250 ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
* ਕਿੰਨੂ ਵਿਚ ਫ਼ਲਾਂ ਦਾ ਕੇਰਾ ਇਕ ਗੰਭੀਰ ਸਮੱਸਿਆ ਹੈ, ਇਸ ਨਾਲ ਫ਼ਲਾਂ ਦੇ ਝਾੜ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਇਹ ਬਿਮਰੀ ਜ਼ਿਆਦਾਤਰ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਜਨਵਰੀ-ਫਰਵਰੀ ਵਿਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਨ ਜਾਂ ਕੌਪਰ ਆਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿਚ ਕਰ ਦਿਉ। 10 ਗ੍ਰਾਮ ਪ੍ਰਤੀ ਏਕੜ ਜ਼ਿਬਰੈਲਿਕ ਐਸਿਡ ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਵਿਚ ਕਰੋ। ਇਸ ਸਮੇਂ ਕੀਤਾ ਛਿੜਕਾਅ ਬਰਸਾਤਾਂ ਬਾਅਦ ਹੋਣ ਵਾਲੇ ਕੇਰੇ ਨੂੰ ਕਾਫ਼ੀ ਠੱਲ੍ਹ ਪਾ ਸਕਦਾ ਹੈ।
* ਨਿੰਬੂ ਜਾਤੀ ਦੇ ਬੂਟਿਆਂ ਦੇ ਪੈਰ ਦਾ ਗਾਲ੍ਹਾ/ ਗੂੰਦੀਆ ਰੋਗ/ ਫਾਈਟੋਫਥੋਰਾ ਦਾ ਵੀ ਜ਼ਮੀਨ ਵਿਚ ਪਾਣੀ ਦੇ ਸੁਚੱਜੇ ਪ੍ਰਬੰਧ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇਕਰ ਵਾਧੂ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਾ ਹੋਵੇ ਤਾਂ ਇਹ ਬਿਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਇਸ ਲਈ ਬਾਗਾਂ ਵਿਚ ਪਾਣੀ ਨਾ ਖੜ੍ਹਨ ਦਿਉ। ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣ ਲਈ ਜੁਲਾਈ-ਅਗਸਤ ਮਹੀਨੇ ਸੋਡੀਅਮ ਹਾਈਪੋਕਲੋਰਾਈਟ 5 ਫੀਸਦੀ ਨੂੰ 50 ਮਿਲੀਲੀਟਰ ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲੀਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੀ ਛਤਰੀ ਹੇਠ ਅਤੇ ਮੁੱਖ ਤਣਿਆਂ ਉਪਰ ਛਿੜਕਾਅ ਕਰੋ। ਯਾਦ ਰਹੇ ਕਿ ਇਸ ਨੂੰ ਪਉਣ ਤੋਂ ਪਹਿਲਾਂ ਬੂਟਿਆਂ ਦੇ ਦੌਰ ਸਾਫ਼ ਹੋਣ ਅਤੇ ਜ਼ਮੀਨ ਵੀ ਵੱਤਰ ਵਿਚ ਹੋਵੇ।
* ਕਈ ਤਰ੍ਹਾਂ ਦੇ ਫ਼ਲ ਜਿਵਂੇ ਕੀ ਬਾਰਾਮਾਸੀ ਨਿੰਬੂ, ਅਨਾਰ ਆਦਿ ਵਿਚ ਫ਼ਲ ਫਟਣ ਦੀ ਸਮੱਸਿਆ ਵੀ ਬਰਸਾਤ ਨਾਲ ਸਬੰਧ ਰੱਖਦੀ ਹੈ। ਉਪਰੋਕਤ ਸਮੱਸਿਆ ਦੀ ਰੋਕਥਾਮ ਲਈ ਸੁਚੱਜਾ ਪਾਣੀ ਪ੍ਰਬੰਧ, ਵਾਧੂ ਪਾਣੀ ਦਾ ਨਿਕਾਸ, ਅਤੇ ਸ਼ਿਫਾਰਸ਼ ਕੀਤੇ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀ ਦੇ ਮਹੀਨਿਆਂ ਵਿਚ ਬੂਟਿਆਂ ਥੱਲੇ ਪਰਾਲੀ ਜਾਂ ਖੋਰੀ ਵਿਛਾ ਕੇ ਅਤੇ ਘਰੇਲੂ ਪੱਧਰ 'ਤੇ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰ ਕੇ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।
* ਅੰਗੂਰਾਂ ਵਿਚ ਟਹਿਣੀਆਂ ਸੁੱਕਣ ਦਾ ਰੋਗ ਵੀ ਬਰਸਾਤਾਂ ਤੋਂ ਬਾਅਦ ਵਧ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬੋਰਡੋ ਮਿਸ਼ਰਨ (2:2:250) ਦਾ ਛਿੜਕਾਅ ਕਾਂਟ-ਛਾਂਟ ਤੋਂ ਬਾਅਦ ਜਨਵਰੀ-ਫਰਵਰੀ ਵਿਚ ਅਤੇ ਫਿਰ ਮਾਰਚ, ਮਈ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅਖੀਰ ਵਿਚ ਕਰੋ। ਇਸ ਤੋਂ ਇਲਾਵਾ ਸਕੋਰ 25 ਤਾਕਤ 500 ਮਿ.ਲੀ. ਪ੍ਰਤੀ ਏਕੜ ਦਾ ਛਿੜਕਾਅ 500 ਲੀਟਰ ਪਾਣੀ ਵਿਚ ਘੋਲ ਕੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅੱਧ ਵਿਚ ਕਰੋ।
* ਅਮਰੂਦ ਵਿਚ ਬਰਸਾਤ ਦੀ ਰੁੱਤ ਦੀ ਫਸਲ ਵਿਚ ਫ਼ਲ ਦੀ ਮੱਖੀ ਦਾ ਹਮਲਾ ਕਈ ਵਾਰ ਪੂਰੀ ਫਸਲ ਬਰਬਾਦ ਕਰ ਦਿੰਦਾ ਹੈ। ਇਸ ਕੀੜੇ ਦੇ ਪ੍ਰਕੋਪ ਨੂੰ ਘਟਾਉਣ ਲਈ ਬਰਸਾਤਾਂ ਤੋਂ ਪਹਿਲਾਂ ਬਾਗਾਂ ਦੀ ਸਾਫ-ਸਫਾਈ ਕਰ ਦੇਣੀ ਚਾਹੀਦੀ ਹੈ। ਇਸ ਮਹੀਨੇ ਮੱਖੀ ਤੋਂ ਪ੍ਰਭਾਵਿਤ ਅਮਰੂਦਾਂ ਨੂੰ ਇਕੱਠਾ ਕਰ ਕੇ ਲਗਾਤਾਰ ਜ਼ਮੀਨ ਵਿਚ ਦਬਾਉਂਦੇ ਰਹੋ। ਪੀ. ਏ. ਯੂ. ਫਰੂਟ ਫਲਾਈ ਟਰੈਪ ਲਗਾ ਕੇ ਵੀ ਫਲ ਦੀ ਮੱਖੀ ਦੇ ਕਾਰਨ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ ਜਿਸ ਲਈ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ।


-ਮੋਬਾੀਲ : 99158-33793

ਟਮਾਟਰ ਦੀ ਸਫਲ ਕਾਸ਼ਤ ਕਿਵੇਂ ਹੋਵੇ?

ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫਸਲ ਨੂੰ ਚਿਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰਕੇ ਕਿਸਾਨ ਭਰਾਵਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਇਸ ਰੋਗ ਕਰਕੇ ਫਸਲ ਪੂਰੀ ਤਰਾਂ ਤਬਾਹ ਹੋ ਜਾਂਦੀਂ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲਂੋ ਟਮਾਟਰ ਦੀ ਨਵੀਂ ਕਿਸਮ ਪੰਜਾਬ ਵਰਖਾ ਬਹਾਰ-4 ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਕਰਕੇ ਹੁਣ ਪੰਜਾਬ ਦੇ ਕਿਸਾਨ ਟਮਾਟਰ ਦੀ ਫਸਲ ਨੂੰ ਬਰਸਾਤ ਰੁੱਤ ਵਿਚ ਵੀ ਕਾਸ਼ਤ ਕਰ ਸਕਦੇ ਹਨ।
ਕਾਸ਼ਤ ਦੇ ਢੰਗ
ਬੀਜ ਦੀ ਮਾਤਰਾ : ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ। ਦੋ ਮਰਲੇ (50 ਵਰਗ ਮੀਟਰ) ਦੀਆਂ ਕਿਆਰੀਆਂ ਵਿਚ ਏਕੜ ਲਈ ਪਨੀਰੀ ਕਾਫ਼ੀ ਹੁੰਦੀ ਹੈ।
ਬਿਜਾਈ ਦਾ ਸਮਾਂ : ਪੰਜਾਬ ਵਰਖਾ ਬਹਾਰ-4 ਬਿਜਾਈ ਅੱਧ ਅਗਸਤ ਵਿਚ ਪਨੀਰੀ ਪੁੱਟ ਕੇ ਖੇਤ ਵਿਚ ਲਾ ਦਿਉ। ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ।
ਪਨੀਰੀ ਤਿਆਰ ਕਰਨਾ : ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉਚੀਆਂ ਕਿਆਰੀਆਂ ਬਣਾਉ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ। ਕਿਆਰੀਆਂ 1.5-2.0 ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ 4-5 ਲਿਟਰ ਪਾਣੀ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ। ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 24 ਘੰਟੇ ਤੱਕ ਢਕ ਦਿਓ। ਬਾਅਦ ਵਿਚ ਦਿਨ ਵਿਚ ਇਕ ਵਾਰ 4-5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ/ਥੀਰਮ ਦਵਾਈ ਪ੍ਰਤੀ ਕਿਲੋ ਬੀਜ ਪਿੱਛੇ ਲਾਓ। ਬੀਜ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜੋ। ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ/ਥੀਰਮ ਦਵਾਈ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ। 7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਓ। ਪਨੀਰੀ ਨੂੰ ਟਰੇਆਂ ਵਿਚ ਵੀ ਤਿਆਰ ਕੀਤਾ ਜਾ ਸਕਦਾ ਹੈ। ਬਿਜਾਈ ਤੋਂ ਤਕਰੀਬਨ 3-4 ਹਫਤਿਆਂ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਦੀਂ ਹੈ।
ਫ਼ਾਸਲਾ : ਪੰਜਾਬ ਵਰਖਾ ਬਹਾਰ-4 ਦੀ ਪਨੀਰੀ ਖੇਤ ਵਿਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 120 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ।
ਖਾਦਾਂ : ਟਮਾਟਰਾਂ ਦੀ ਫ਼ਸਲ ਲਈ 10 ਟਨ ਗਲੀ ਸੜੀ ਰੂੜੀ ਅਤੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋ ਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ। ਇਹ ਖਾਦ ਲਾਈਨਾਂ ਵਿਚ ਬੂਟੇ ਲਾਉਣ ਦੀ ਥਾਂ ਤੇ ਇੱਕ ਪਾਸੇ 15 ਸੈਂਟੀਮੀਟਰ ਦੂਰੀ 'ਤੇ ਪਾ ਕੇ ਖਾਲੀ ਬਣਾ ਦਿਓ। ਇਕ ਮਹੀਨੇ ਪਿਛੋਂ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਪਾਓ। ਪਰ ਇਹ ਧਿਆਨ ਰੱਖੋ ਕਿ ਖਾਦ ਬੂਟਿਆਂ ਦੇ ਮੁੱਢਾਂ ਨਾਲ ਨਾ ਲੱਗੇ। ਖਾਦ ਮਿੱਟੀ ਵਿਚ ਮਿਲਾ ਦਿਓ ਤੇ ਫੇਰ ਬੂਟਿਆਂ ਨੂੰ ਮਿੱਟੀ ਚੜ੍ਹਾ ਦਿਓ। ਰੇਤਲੀਆਂ ਜ਼ਮੀਨਾਂ ਵਿਚ ਖਾਦ ਤਿੰਨ ਕਿਸ਼ਤਾਂ ਵਿਚ ਪਾਓ। ਭਾਰੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਘਟਾ ਦਿਓ।
ਪਾਣੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਬਾਅਦ ਵਾਲੀ ਸਿੰਚਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿਚ 10-15 ਦਿਨ ਬਾਅਦ ਕਰੋ।
ਨਦੀਨਾਂ ਦੀ ਰੋਕਥਾਮ : ਸਟੌਂਪ 30 ਤਾਕਤ (ਪੈਡੀਮੈਥਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ 'ਚ ਇਕ ਗੋਡੀ ਜਾਂ ਸੈਨਕੋਰ 70 ਤਾਕਤ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ (ਫਲੁਕਲੋਰਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਦੇ ਬਾਅਦ ਵਿਚ ਇਕ ਗੋਡੀ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿਚ ਕਰੋ। ਬਾਸਾਲਿਨ 45 ਤਾਕਤ (ਫਲੂਕਲੋਰਾਲੀਨ) ਨੂੰ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ।
ਤੁੜਾਈ : ਤੁੜਾਈ ਮੰਡੀ ਤੋਂ ਫ਼ਾਸਲੇ ਦੇ ਮੁਤਾਬਕ ਕਰੋ। ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜੋ, ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ। ਪੰਜਾਬ ਵਰਖਾ ਬਹਾਰ-4 ਨਵੰਬਰ ਵਿਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਸਰਦੀ ਦੇ ਮਹੀਨਿਆਂ ਵਿਚ ਫਲ ਨਹੀਂ ਪੱਕਦਾ ਜਾਂ ਉਸਦਾ ਰੰਗ ਲਾਲ ਨਹੀਂ ਹੁੰਦਾ। ਇਨ੍ਹਾਂ ਹਾਲਾਤਾਂ ਵਿਚ ਬਿਮਾਰੀ ਅਤੇ ਦਾਗ ਰਹਿਤ ਹਲਕੇ ਤੋਂ ਪੀਲੇ ਟਮਾਟਰ ਅਖ਼ਬਾਰ ਲਗੇ ਪਲਾਸਟਿਕ ਕਰੇਟਾਂ ਵਿਚ ਪੈਕ ਕਰਕੇ ਹਵਾਦਾਰ ਪੌਲੀ ਹਾਊਸ ਵਿਚ ਜਾਂ ਰਾਈਪਨਿੰਗ ਚੈਂਬਰ (200 ਸੈਂਟੀਗ੍ਰੇਡ ਅਤੇ 85 ਤੋਂ 95% ਨਮੀ) ਵਿਚ ਰੱਖ ਕੇ 7-10 ਦਿਨਾਂ ਵਿਚ ਪਕ ਜਾਂਦੇ ਹਨ। ਇਸ ਤਰਾ੍ਹਂ ਫਲ ਦਾ ਰੰਗ ਅਤੇ ਮਿਆਰ ਚੰਗਾ ਬਣਦਾ ਹੈ।
ਬਿਮਾਰੀਆਂ
1. ਅਗੇਤਾ ਝੁਲਸ ਰੋਗ : ਕਾਲੇ ਭੂਰੇ ਰੰਗ ਦੇ ਧੱਬੇ, ਪੱਤਿਆਂ 'ਤੇ ਪੈ ਜਾਂਦੇ ਹਨ ਅਤੇ ਪੱਤੇ ਪੀਲੇ ਹੋ ਕੇ ਡਿੱਗ ਪੈਂਦੇ ਹਨ। ਟਮਾਟਰਾਂ ਉਤੇ ਵੀ ਗੂੜ੍ਹੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ ਅਤੇ ਫ਼ਲ ਗਲ ਜਾਂਦੇ ਹਨ। ਇਸ ਦੀ ਰੋਕਥਾਮ ਲਈ ਹੇਠ ਲਿਖੇ ਢੰਗ ਅਪਣਾਓ :
ੳ) ਬੀਜ ਰੋਗ ਰਹਿਤ ਫ਼ਲਾਂ ਤੋਂ ਲਓ।
ਅ) ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਨ ਜਾਂ ਥੀਰਮ ਦਵਾਈ (3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ) ਨਾਲ ਸੋਧ ਕੇ ਬੀਜੋ।
ੲ) ਪਨੀਰੀ ਨੂੰ ਖੇਤਾਂ ਵਿਚ ਲਾਉਣ ਪਿਛੋਂ 10 ਤੋਂ 15 ਦਿਨਾਂ ਦੀ ਵਿੱਥ 'ਤੇ 600 ਗ੍ਰਾਮ ਇੰਡੋਫਿਲ ਐਮ 45 ਦਵਾਈ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਛਿੜਕਾਅ ਵਿਚ ਵਕਫਾ 7 ਦਿਨ, ਬਿਮਾਰੀ ਦੇ ਹੱਲੇ ਮੁਤਾਬਿਕ ਕੀਤਾ ਜਾ ਸਕਦਾ ਹੈ।
2. ਪਛੇਤਾ ਝੁਲਸ ਰੋਗ : ਪਾਣੀ ਭਿੱਜੇ ਗੂੜ੍ਹੇ ਧੱਬੇ ਪੱਤਿਆਂ ਅਤੇ ਤਣੇ ਉਤੇ ਪੈ ਜਾਂਦੇ ਹਨ। ਜੇਕਰ ਫ਼ਰਵਰੀ-ਮਾਰਚ ਵਿਚ ਵਰਖਾ ਹੋ ਜਾਵੇ ਤਾਂ ਫ਼ਲ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਅਗੇਤੇ ਝੁਲਸ ਰੋਗ ਵਾਲੀਆਂ ਦਵਾਈਆਂ ਹੀ ਫ਼ਰਵਰੀ-ਮਾਰਚ ਵਿਚ ਮੀਂਹ ਪੈਣ ਤੋਂ ਤੁਰੰਤ ਪਿੱਛੋਂ ਛਿੜਕੋ। ਬਿਮਾਰੀ ਦੇ ਗੰਭੀਰ ਹਮਲੇ ਦੀ ਹਾਲਤ ਵਿਚ ਫ਼ਸਲ ਤੇ ਰਿਡੋਮਿਲ ਐਮ ਜ਼ੈਡ 500 ਗ੍ਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਅੱਧ ਫ਼ਰਵਰੀ ਵਿਚ ਸਪਰੇਅ ਕਰੋ। ਬਾਅਦ ਵਿਚ ਤਿੰਨ ਸਪੇਰਅ ਇੰਡੋਫਿਲ ਐਮ-45 (600 ਗ੍ਰਾਮ) ਪ੍ਰਤੀ ਏਕੜ, ਸੱਤ ਦਿਨ ਦੇ ਵਕਫੇ 'ਤੇ ਛਿੜਕੋ।


-ਮੋਬਾਈਲ : 99151-35797
ਸਬਜ਼ੀ ਵਿਗਿਆਨ ਵਿਭਾਗ

ਰੁੱਖਾਂ ਨਾਲ ਦੋਸਤੀ

ਹਰ ਮਨੁੱਖ ਦੇ ਜੀਵਨ ਵਿਚ ਰੋਜ਼ ਉਤਰਾਅ-ਚੜਾਅ ਆਉਂਦੇ ਹਨ। ਕਦੇ ਫ਼ਸਲ ਮਰ ਗਈ, ਕਦੇ ਵਪਾਰ 'ਚ ਘਾਟਾ, ਕਦੇ ਕਿਸੇ ਮਿੱਤਰ ਪਿਆਰੇ ਦਾ ਵਿਛੜ ਜਾਣਾ ਜਾਂ ਜਹਾਨੋਂ ਤੁਰ ਜਾਣਾ, ਇਸੇ ਤਰ੍ਹਾਂ ਕੋਈ ਖ਼ੁਸ਼ੀ ਅਚਾਨਕ ਮਿਲਣੀ ਜਾਂ ਕਿਸੇ ਮਿਹਨਤ ਦਾ ਮੁੱਲ ਮਿਲ ਜਾਣਾ ਆਦਿ-ਆਦਿ ਅਜਿਹੇ ਮੌਕੇ ਹੁੰਦੇ ਹਨ, ਜਦ ਅਸੀਂ ਆਪਣੀ ਦਿਲ ਦੀ ਗੱਲ ਕਿਸੇ ਨੂੰ ਸੁਣਾਉਣੀ ਚਾਹੁੰਦੇ ਹਾਂ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਮੈਂ ਅਜਿਹੇ ਮੌਕੇ ਕਿਸੇ ਵੀ ਅਡੋਲ ਖੜ੍ਹੇ ਰੁੱਖ ਕੋਲ ਚਲੇ ਜਾਂਦਾ ਹਾਂ। ਉਸ ਨੂੰ ਆਪਣੀ ਗੱਲ ਸੁਣਾਉਂਦਾ ਹਾਂ, ਹੱਸਦਾ ਵੀ ਹਾਂ, ਰੋਂਦਾ ਵੀ ਹਾਂ, ਗਲੇ ਵੀ ਲਗਾਉਂਦਾ ਹਾਂ, ਉਸ ਨਾਲ ਗੁੱਸੇ ਵੀ ਹੁੰਦਾ ਹਾਂ। ਰੁੱਖ ਚੁੱਪ-ਚਾਪ ਮੇਰੀ ਸਾਰੀ ਗੱਲ ਸੁਣਦਾ ਹੈ, ਮੈਨੂੰ ਵਿਚੋਂ ਟੋਕਦਾ ਵੀ ਨਹੀਂ। ਉਲਟਾ ਮੈਨੂੰ ਛਾਂ ਵੀ ਕਰਦਾ ਹੈ ਤੇ ਹਵਾ ਵੀ ਝੱਲਦਾ ਹੈ ਤੇ ਅਖੀਰ ਉਹ ਆਪਣੇ ਸਬਰ ਤੇ ਸਥਿਰਤਾ ਨੂੰ ਮੇਰੇ ਅੰਦਰ ਭਰ ਦਿੰਦਾ ਹੈ ਤੇ ਮੈਂ ਫਿਰ ਦੁਨੀਆ ਨਾਲ ਜੂਝਣ ਲਈ ਤਰੋਤਾਜ਼ਾ ਹੋ ਮੁੜ ਆਉਂਦਾ ਹਾਂ। ਹੋ ਸਕਦਾ ਮੇਰੀ ਗੱਲ ਤੁਹਾਨੂੰ ਬਲੱਲੀ ਲੱਗੇ, ਪਰ ਇਕ ਵਾਰ ਕੋਸ਼ਿਸ਼ ਕਰਕੇ ਦੇਖੋ, ਖ਼ੁਸ਼ੀ ਤੁਹਾਡੇ ਅੰਗ-ਸੰਗ ਨੱਚੇਗੀ।


janmeja@gmail.com

ਹੁਣ ਨਾ ਭੁੱਜਣ ਦਾਣੇ ਵਿਚ ਭੱਠੀਆਂ ਦੇ

ਅੱਜ ਅਸੀਂ ਆਧੁਨਿਕਤਾ ਨੂੰ ਹਰ ਪਾਸਿਓਂ ਕੁਝ ਜ਼ਿਆਦਾ ਹੀ ਅਪਣਾ ਲਿਆ ਹੈ। ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਆਦਿ ਸਭ ਕੁਝ ਮਾਡਰਨ ਹੀ ਹੋ ਗਿਆ ਹੈ। ਗੱਲ ਕੀ ਅਸੀਂ ਪੁਰਾਤਨ ਵਿਰਸੇ ਤੋਂ ਟੁੱਟ ਚੁੱਕੇ ਹਾਂ, ਜੋ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਦਾ ਕਈ ਪਾਸਿਆਂ ਤੋਂ ਅਹਿਮ ਅੰਗ ਸੀ। ਸਾਡੇ ਪੁਰਾਣੇ ਬਜ਼ੁਰਗ ਸਾਨੂੰ ਅੱਜ ਜਦੋਂ ਵਿਰਸੇ ਦੀਆਂ ਬਾਤਾਂ ਦੱਸਦੇ ਹਨ ਤਾਂ ਅੱਜ ਦੀ ਨਵੀਂ ਪੀੜ੍ਹੀ ਨੂੰ ਤਾਂ ਇਨ੍ਹਾਂ ਗੱਲਾਬਾਤਾਂ ਤੇ ਯਕੀਨ ਜਿਹਾ ਹੀ ਨਹੀਂ ਆਉਂਦਾ। ਪਰ ਅਸਲ ਵਿਚ ਪੁਰਾਣੀਆਂ ਗੱਲਾਬਾਤਾਂ ਤੇ ਚੀਜ਼ਾਂ ਦਾ ਆਨੰਦ ਹੀ ਹੋਰ ਸੀ ਪਰ ਅੱਜ ਸਭ ਕੁਝ ਹੀ ਬਦਲ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਬਦਲ ਜਾਵੇਗਾ।
ਤਿੰਨ-ਚਾਰ ਕੁ ਦਹਾਕੇ ਪਿੱਛੇ ਜਾਈਏ ਤਾਂ ਪੰਜਾਬ ਦੇ ਪਿੰਡਾਂ ਦੀ ਰੂਪ-ਰੇਖਾ ਹੀ ਹੋਰ ਹੁੰਦੀ ਸੀ। ਸਭ ਪਾਸਿਆਂ ਤੋਂ ਆਪਣੇ-ਪਣ ਦਾ ਹੇਜ ਆਉਂਦਾ ਸੀ। ਰਹਿਣ-ਸਹਿਣ, ਖਾਣ-ਪੀਣ ਆਦਿ ਸਭ ਸਾਦਾ ਤੇ ਦੇਸੀ ਜਿਹਾ ਹੁੰਦਾ ਸੀ। ਬੱਚੇ ਤਾਂ ਕੀ ਜੁਆਨ, ਗੱਭਰੂ, ਬਜ਼ੁਰਗ ਸਭ ਰਲ-ਮਿਲ ਕੇ ਰਹਿੰਦੇ ਸਨ ਤੇ ਖਾਣ-ਪੀਣ ਵੀ ਸਾਂਝਾ ਸੀ। ਇਸੇ ਖਾਣ-ਪੀਣ ਦੇ ਰੂਪ ਵਿਚ ਹਰ ਪਿੰਡ ਵਿਚ ਦਾਣੇ ਆਦਿ ਭੁੰਨਣ ਲਈ ਇਕ ਸਾਂਝੀ ਭੱਠੀ ਹੁੰਦੀ ਸੀ। ਪਿੰਡ ਦੀ ਇਕ ਖਾਸ ਜਾਤ ਦੀ ਸੁਆਣੀ, ਜਿਸ ਨੂੰ ਉਸ ਵੇਲੇ ਝਿਊਰੀ ਕਿਹਾ ਜਾਂਦਾ ਸੀ, ਇਸ ਭੱਠੀ ਦੀ ਮਾਲਕ ਹੁੰਦੀ ਸੀ। ਇਹੀ ਇਸ ਭੱਠੀ ਵਿਚ ਦਾਣੇ ਆਦਿ ਭੁੰਨਣ ਦਾ ਕਾਰਜ ਕਰਦੀ ਸੀ। ਦਿਨ ਦੇ ਤੀਜੇ ਪਹਿਰ ਭਾਵ ਤਿੰਨ-ਚਾਰ ਕੁ ਵਜੇ ਇਸ ਸੁਆਣੀ ਨੇ ਆ ਕੇ ਭੱਠੀ ਤਾਉਣੀ ਜਾਣੀ ਕਿ ਸਾਫ਼-ਸਫ਼ਾਈ ਕਰ ਅੱਗ ਭੱਠੀ ਵਿਚ ਪਾਉਣੀ। ਪਿੰਡ ਦੇ ਬੱਚਿਆਂ ਨੇ ਪਹਿਲਾਂ ਆ ਕੇ ਦੇਖਣਾ ਕਿ ਭੱਠੀ ਸ਼ੁਰੂ ਹੋ ਚੁੱਕੀ ਹੈ। ਫਿਰ ਆਪੋ-ਆਪਣੇ ਘਰਾਂ ਤੋਂ ਜਾ ਕੇ ਮਾਵਾਂ ਕੋਲੋਂ ਭੰਨਾਉਣ ਲਈ ਚੀਜ਼ਾਂ ਲੈ ਕੇ ਆਉਣੀਆਂ। ਇਸ ਸਾਂਝੀ ਭੱਠੀ 'ਤੇ ਮੱਕੀ ਦੇ ਦਾਣੇ, ਛੋਲੇ, ਬਾਜਰਾ, ਮੂੰਗਫਲੀ ਤੇ ਮੂੰਗਫਲੀਆਂ ਹੋਲਾਂ ਆਦਿ ਭੁੰਨੀਆਂ ਜਾਂਦੀਆਂ। ਦੇਖਦਿਆਂ ਹੀ ਦੇਖਦਿਆ ਇਸ ਭੱਠੀ 'ਤੇ ਬੱਚਿਆਂ, ਜੁਆਨਾਂ ਤੇ ਸਿਆਣਿਆਂ ਦਾ ਇਕੱਠ ਹੋ ਜਾਂਦਾ। ਆਪੋ-ਆਪਣੀ ਵਾਰੀ ਆਉਣ 'ਤੇ ਲਿਆਂਦੀ ਚੀਜ਼ ਹਰ ਕੋਈ ਭੁੰਨਾਉਂਦਾ।
ਭੱਠੀ ਵਾਲੀ ਸੁਆਣੀ ਭੁੰਨਣ ਆਈ ਚੀਜ਼ ਵਿਚੋਂ ਥੋੜ੍ਹੀ ਜਿਹੀ ਚੀਜ਼ ਦੀ ਕਾਟ ਕੱਟਦੀ, ਭਾਵ ਥੋੜੀ ਜਿਹੀ ਚੀਜ਼ ਆਪਣੀ ਮਿਹਨਤ ਵਜੋਂ ਰੱਖਦੀ। ਇਹੀ ਉਸ ਦਾ ਮੁਨਾਫਾ ਹੁੰਦਾ ਸੀ ਤੇ ਇਸ ਨੂੰ ਖੁਸ਼ ਹੋ ਸਬਰ-ਸੰਤੋਖ ਨਾਲ ਰੱਖਦੀ, ਰੋਜ਼ਾਨਾ ਹੀ ਉਹ ਖੁਸ਼ ਹੋ ਭੱਠੀ ਤਪਾਉਂਦੀ ਤੇ ਪਿੰਡ ਦੇ ਲੋਕ ਰੋਜ਼ਾਨਾ ਹੀ ਦਾਣੇ ਭੰਨਾਉਣ ਆਉਂਦੇ ਤੇ ਖਾ-ਪੀ ਕੇ ਨਿਰੋਗ ਰਹਿੰਦੇ। ਉਸ ਵੇਲੇ ਪਿੰਡਾਂ ਵਿਚੋਂ ਇਹ ਨਿੱਤ ਕਰਮ ਹੁੰਦਾ ਸੀ, ਜਿਸ ਨਾਲ ਘਰ ਚਲਦੇ ਸਨ।
ਪਰ ਅੱਜ ਇਹ ਸਭ ਕੁਝ ਬਹੁਤ ਹੀ ਬਦਲ ਚੁੱਕਾ ਹੈ ਸ਼ਾਇਦ ਹੀ ਹੁਣ ਕਿਸੇ ਭਾਗਾਂ ਵਾਲੇ ਪਿੰਡ ਵਿਚ ਭੱਠੀ ਹੋਵੇ। ਭੱਠੀ ਦੀ ਜਗ੍ਹਾ ਅੱਜ ਤੁਰਦੀ-ਫਿਰਦੀ ਰੇਹੜੀ ਨੇ ਲੈ ਲਈ ਹੈ। ਜਿਸ ਨੂੰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਹੈ। ਇਨ੍ਹਾਂ ਰੇਹੜੀਆਂ ਤੇ ਪਹਿਲਾਂ ਵਾਂਗ ਦਾਣੇ ਨਹੀਂ ਭੁੰਨੇ ਜਾਂਦੇ। ਅੱਜ ਮੱਕੀ ਦੇ ਦਾਣੇ ਮਸ਼ੀਨ ਵਿਚੋਂ ਭੁੰਨ ਕੇ ਪੌਪਕਰਨ ਬਣ ਗਏ ਹਨ 'ਤੇ ਮਹਿੰਗੇ ਮਿਲ ਰਹੇ ਹਨ। ਅੱਜ ਦੇ ਬੱਚੇ ਵੀ ਦਾਣੇ ਤੇ ਛੋਲੇ ਆਦਿ ਖਾ ਕੇ ਰਾਜ਼ੀ ਨਹੀਂ ਹਨ। ਅੱਜ ਦੇ ਬੱਚੇ ਕੁਰਕਰੇ, ਨਿਊਡਲਜ਼, ਬਰਗਰ, ਕੁਲਚੇ, ਟਿੱਕੀ, ਸਮੋਸੇ, ਪੈਟੀ, ਡੋਸਾ ਤੇ ਹੋਰ ਫਾਸਟ-ਫੂਡ ਖਾ ਕੇ ਖੁਸ਼ ਹਨ ਤੇ ਮਾਪੇ ਵੀ ਖੁਦ ਖਾ ਰਹੇ ਹਨ ਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।
ਅੱਜ ਕਿੱਥੇ ਭੱਠੀ ਵਾਲੀ ਦਾਣੇ ਭੁੰਨੇ ਜਦੋਂ ਖਾਣ ਵਾਲੇ ਹੀ ਖਾ ਨਹੀਂ ਰਹੇ। ਇਹ ਗੱਲਾਂਬਾਤਾਂ ਤਾਂ ਸੁਪਨਾ ਜਿਹਾ ਹੀ ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਨੂੰ ਸਾਡੇ ਬਜ਼ੁਰਗ ਯਾਦਾਂ ਦੇ ਰੂਪ ਵਿਚ ਸਾਂਭੀ ਬੈਠੇ ਹਨ ਤੇ ਸਾਡੇ ਨਾਲ ਸਾਂਝੀਆਂ ਕਰਨ 'ਤੇ ਵੀ ਅਸੀਂ ਨਹੀਂ ਸੁਣਦੇ। ਇਹ ਲੇਖ ਪੜ੍ਹ ਕੇ ਉਨ੍ਹਾਂ ਵੀਰਾਂ ਤੇ ਬਜ਼ੁਰਗਾਂ ਦੇ ਅੱਗੇ ਜ਼ਰੂਰ ਹੀ ਭੱਠੀ ਘੁੰਮਦੀ ਹੋਵੇਗੀ, ਜਿਨ੍ਹਾਂ ਨੇ ਭੱਠੀ ਤੋਂ ਭੁੰਨਾ ਕੇ ਜਾਂ ਚੋਰੀ ਚੁੱਕ ਕੇ ਦਾਣੇ ਖਾਧੇ ਹੋਣਗੇ। ਆਓ ਆਪਾਂ ਪੁਰਾਣੇ ਵਿਰਸੇ ਨੂੰ ਯਾਦ ਰੱਖੀਏ।


-ਪਿੰਡ ਤੱਖਰਾਂ (ਲੁਧਿਆਣਾ)
ਮੋਬਾਈਲ : 92175-92531

ਸਾਉਣੀ ਰੁੱਤ ਦੇ ਪਿਆਜ਼ ਦੀ ਸਫਲ ਕਾਸ਼ਤ ਦੇ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੀਜ ਦੀ ਮਾਤਰਾ, ਪਨੀਰੀ ਅਤੇ ਗੰਢੀਆਂ (ਬਲਬ-ਸੈਂਟਸ) ਪੈਦਾ ਕਰਨ ਦਾ ਢੰਗ: ਸਾਉਣੀ ਦੇ ਪਿਆਜ਼ ਦੀ ਪੈਦਾਵਾਰ ਪਨੀਰੀ ਜਾਂ ਗੰਢੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਮਕਸਦ ਲਈ ਬੀਜ ਭਰੋਸੇਯੋਗ ਥਾਵਾਂ ਤੋਂ ਹੀ ਖਰੀਦਣਾ ਚਾਹੀਦਾ ਹੈ ਅਤੇ ਇਸ ਦੀ ਉੱਗਣ ਸ਼ਕਤੀ 85% ਤੋਂ ਘੱਟ ਨਹੀਂ ਹੋਣੀ ਚਾਹੀਂਦੀ। ਇਕ ਏਕੜ ਦੀ ਪੈਦਾਵਾਰ ਲਈ 5 ਕਿਲੋ ਪਿਆਜ਼ ਦੇ ਬੀਜ ਦੀ ਜ਼ਰੂਰਤ ਪੈਂਦੀ ਹੈ। ਸਿਹਤਮੰਦ ਪਨੀਰੀ ਤਿਆਰ ਕਰਨ ਲਈ ਦੁਪਹਿਰ ਵੇਲੇ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਿਆਰੀਆਂ ਨੂੰ ਢਕ ਦਿਉ। ਡੇਢ ਮੀਟਰ ਚੌੜੀਆਂ ਕਿਆਰੀਆਂ ਨੂੰ ਢਕਣ ਲਈ ਹਰੇ ਰੰਗ ਦੀ ਛਾਂ-ਦਾਰ ਜਾਲੀ, ਘਾਹ-ਫੂਸ ਜਾਂ ਕਿਸੇ ਦੂਸਰੀ ਫ਼ਸਲ ਦੇ ਪੱਤਿਆਂ-ਤਣਿਆਂ ਆਦਿ ਤੋਂ ਪ੍ਰਾਪਤ ਕੀਤੀਆਂ ਛੱਪਰੀਆ 1.5 ਮੀਟਰ ਦੀ ਉਚਾਈ ਤੇ ਉਤਰ-ਦੱਖਣ ਦਿਸ਼ਾ ਵਿਚ ਵਰਤੋ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 8 ਤੋਂ 10 ਮਰਲੇ ਰਕਬੇ ਦੀ ਜ਼ਰੂਰਤ ਪੈਂਦੀ ਹੈ। ਪਨੀਰੀ ਬੀਜਣ ਲਈ, ਜ਼ਮੀਨੀ ਪੱਧਰ ਤੋਂ 20 ਸੈਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਪਟੜੀਆਂ ਬਣਾਉਣੀਆਂ ਚਾਹੀਦੀਆਂ ਹਨ। ਪਨੀਰੀ ਬੀਜਣ ਵਾਲੀ ਜਗ੍ਹਾ ਵਿਚ ਤਿਆਰੀ ਤੋਂ ਪਹਿਲਾਂ 10 ਤੋਂ 12 ਕੁਇੰਟਲ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਪਾਉ। ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ ਅਤੇ 5 ਸੈਂਟੀਮੀਟਰ ਦੇ ਫਾਸਲੇ ਤੇ ਕਤਾਰਾਂ ਵਿਚ ਬੀਜੋ। ਕਤਾਰਾਂ ਵਿਚ ਬੀਜ ਇਕਸਾਰ ਬੀਜੋ ਅਤੇ ਚੰਗੀ ਤਰਾਂ ਗਲੀ-ਸੜੀ ਅਤੇ ਛਾਣੀ ਹੋਈ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢਕ ਦਿਉ। ਬਿਜਾਈ ਚੰਗੀ ਵੱਤਰ ਵਿਚ ਕਰੋ। ਪਹਿਲੀ ਸਿੰਚਾਈ ਬਿਜਾਈ ਦੇ ਤੁਰੰਤ ਪਿਛੋਂ ਫੁਆਰੇ ਨਾਲ ਕਰੋ। ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਉ। ਜਦੋਂ ਪੌਦੇ 2-3 ਪੱਤੇ ਕੱਢ ਲੈਣ ਤਾਂ ਇਸ ਉਪਰੋਂ ਛਾਂ-ਦਾਰ ਢਾਂਚਾ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਪੌਦੇ ਸਖਤ ਹੋ ਜਾਣ। ਸਾਉਣੀ ਦੇ ਪਿਆਜ਼ ਦੀ ਜੂਨ-ਜੁਲਾਈ ਮਹੀਨੇ ਦੀ ਸਖਤ ਗਰਮੀ ਅਤੇ ਬਰਸਾਤ ਕਰਕੇ ਇਸ ਦੀ ਪਨੀਰੀ ਪੈਦਾ ਕਰਨਾ ਜ਼ੋਖਿਮ ਭਰਿਆ ਕੰਮ ਹੈ ਅਤੇ ਜ਼ਿਆਦਾ ਗਰਮੀ ਕਰਕੇ ਪੌਦੇ ਲਾਉਣ ਸਮੇਂ ਵੀ ਇਨ੍ਹਾਂ ਦੇ ਮਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਅਤੇ ਜੂਨ ਵਿਚ ਬੀਜੀ ਪਨੀਰੀ ਦੀ ਨਾਕਾਮਯਾਬੀ ਤੋਂ ਬਚਣ ਲਈ ਸਾਉਣੀ ਰੁੁੱਤ ਦੀ ਫ਼ਸਲ ਗੰਢੀਆਂ (ਬਲਬ-ਸੈਂਟਸ) ਦੁਆਰਾ ਲੈਣੀ ਲਾਹੇਵੰਦ ਹੈ। ਇਹ ਗੰਢੀਆਂ ਤਿਆਰ ਕਰਨ ਲਈ ਬੀਜ ਉਪਰ ਦੱਸੇ ਪਨੀਰੀ ਤਿਆਰ ਕਰਨ ਦੇ ਢੰਗ ਨਾਲ ਮਾਰਚ ਦੇ ਅੱਧ ਵਿਚ ਬੀਜੋ। ਪਨੀਰੀ ਨੂੰ ਹਫਤੇ ਵਿਚ ਦੋ ਵਾਰ ਪਾਣੀ ਲਾਉ ਅਤੇ ਗੰਢੀਆਂ ਨੂੰ ਜੂਨ ਦੇ ਅਖੀਰ ਵਿਚ ਪੁੱਟ ਕੇ ਛੱਪਰੀਆਂ ਟੋਕਰੀਆਂ ਵਿਚ ਆਮ ਕਮਰੇ ਦੇ ਤਾਪਮਾਨ ਤੇ ਰੱਖੋ। ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5 ਤੋਂ 2.5 ਸੈ.ਮੀ. ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ। ਇਕ ਏਕੜ ਪਿਆਜ਼ ਲਾਉਣ ਲਈ 2.5-3.0 ਕੁਇੰਟਲ ਗੰਢੀਆਂ ਚਾਹੀਦੀਆਂ ਹਨ।
ਕਾਸ਼ਤ ਸਬੰਧੀ ਸਿਫ਼ਾਰਸ਼ਾਂ: ਇਨ੍ਹਾਂ ਗੰਢੀਆਂ ਜਾਂ ਪਨੀਰੀ ਨੂੰ ਅਗਸਤ ਦੇ ਅੱਧ ਤੋਂ ਲੈ ਕੇ ਸਤੰਬਰ ਦੇ ਪਹਿਲੇ ਹਫਤੇ ਤੱਕ ਖੇਤ ਵਿਚ ਲਾ ਦਿਉ। ਫ਼ਸਲ ਨਵੰਬਰ ਦੇ ਅਖੀਰ ਵਿਚ ਤਿਆਰ ਹੋ ਜਾਵੇਗੀ। ਸਾਉਣੀ ਦੇ ਪਿਆਜ਼ ਨੂੰ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਸ਼) ਪ੍ਰਤੀ ਏਕੜ ਪਾਉ। ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫਤੇ ਬਾਅਦ ਛੱਟੇ ਨਾਲ ਪਾਉ। ਚੰਗਾ ਝਾੜ ਲੈਣ ਲਈ ਕਤਾਰਾਂ ਵਿਚ 15 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਅੰਤਰ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿਚ ਲਾਉ ਅਤੇ ਤੁਰੰਤ ਪਾਣੀ ਲਾ ਦਿਓ। ਬਾਅਦ ਵਿਚ ਪਾਣੀ ਲੋੜ ਅਨੁਸਾਰ ਲਾਓ ਅਤੇ ਖੇਤ ਵਿਚ ਪਾਣੀ ਜ਼ਿਆਦਾ ਸਮੇਂ ਲਈ ਨਹੀਂ ਖੜ੍ਹਨਾ ਚਾਹੀਦਾ। ਸਾਉਣੀ ਦੇ ਪਿਆਜ਼ ਨੂੰ ਪੱਟੜਿਆਂ (ਬੈਡਾਂ) ਉਪਰ ਲਾਉਣ ਨਾਲ ਅਕਾਰ ਵਿਚ ਸੁਧਾਰ ਹੁੰਦਾ ਹੈ। ਪਟੜਾ 60 ਸੈਂਟੀਮੀਟਰ ਚੌੜਾ ਅਤੇ 10 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਇਹ ਤਰੀਕਾ ਭਾਰੀਆਂ ਜ਼ਮੀਨਾਂ ਲਈ ਜਿੱਥੇ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਬਹੁਤ ਢੁਕਵਾਂ ਹੈ। ਪਟੜੇ ਉਪਰ ਗੰਢੀਆਂ ਦੀਆਂ ਤਿੰਨ ਕਤਾਰਾਂ ਲਾਓ। ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 3-4 ਹਫਤੇ ਪਿਛੋਂ ਕਰੋ। ਬਾਕੀ ਗੋਡੀਆਂ 15 ਦਿਨਾਂ ਤੇ ਵਕਫੇ ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) 750 ਮਿਲੀਲਿਟਰ ਜਾਂ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ਼ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 60-75 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਪੁਟਾਈ ਅਤੇ ਮੰਡੀਕਰਨ : ਸਾਉਣੀ ਦੇ ਪਿਆਜ਼ ਦੀ ਪੁਟਾਈ ਸਮੇਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਰੁੱਤ ਦੇ ਪਿਆਜ਼ ਦੀ ਕਿਸਮ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਮੰਡੀਕਰਨਯੋਗ ਹੋ ਜਾਂਦੀ ਹੈ। ਇਨ੍ਹਾਂ ਮਹੀਨਿਆਂ ਵਿਚ ਠੰਢ ਪੈਣ ਕਾਰਨ ਪਿਆਜ਼ ਦੀਆਂ ਭੂਕਾਂ ਹਰੀਆਂ ਰਹਿੰਦੀਆਂ ਹਨ ਅਤੇ ਧੌਣ ਨਹੀਂ ਸੁੱਟਦੀਆਂ। ਫ਼ਸਲ ਪੁੱਟਣ ਤੋਂ ਬਾਅਦ ਗੰਢੇ ਸਣੇ ਭੂਕਾਂ 28-30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਸਟੋਰ ਵਿਚ ਭੰਡਾਰ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਠੰਢ ਕਾਰਨ ਪਿਆਜ਼ ਨਿੱਸਰਨੇ ਸ਼ੁਰੂ ਹੋ ਜਾਣਗੇ, ਜਿਸ ਨਾਲ ਮੰਡੀਕਰਨਯੋਗ ਝਾੜ, ਮਿਆਰ ਅਤੇ ਮੁਨਾਫਾ ਘਟ ਜਾਵੇਗਾ।


-ਮੋਬਾਈਲ : 99141-44157

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX