ਤਾਜਾ ਖ਼ਬਰਾਂ


ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  4 minutes ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਰਾਜੀਵ ਜੈਨ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਸੈਕਟਰੀ ਬਣਾਇਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ...
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  15 minutes ago
ਨਵੀਂ ਦਿੱਲੀ, 16 ਸਤੰਬਰ- ਚੀਫ਼ ਜਸਟਿਸ ਰੰਜਨ ਗੋਗੋਈ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਖ਼ੁਦ ਸ੍ਰੀਨਗਰ ਜਾਵਾਂਗਾ। ਗੋਗੋਈ ਨੇ...
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  28 minutes ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਆਜ਼ਾਦ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ...
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  37 minutes ago
ਪਟਿਆਲਾ, 16 ਸਤੰਬਰ (ਅਮਨਦੀਪ ਸਿੰਘ)- ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿੰਗ 'ਚ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ...
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  52 minutes ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ...
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਇੱਕ ਪਟੀਸ਼ਨ ਦੇ ਜਵਾਬ 'ਚ ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਮੀਡੀਆ ਕਰਮਚਾਰੀਆਂ...
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਜੰਮੂ-ਕਸ਼ਮੀਰ ਮਸਲੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਭ ਤੋਂ ਐੱਮ. ਡੀ. ਐੱਮ. ਕੇ. ਦੇ ਮੁਖੀ ਵਾਈਕੋ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਵਾਈਕੋ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ...
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  about 1 hour ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਬਡਰੁੱਖਾਂ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਅੱਜ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈ...
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  about 1 hour ago
ਚੰਡੀਗੜ੍ਹ, 16 ਸਤੰਬਰ (ਲਿਬਰੇਟ)- ਚੰਡੀਗੜ੍ਹ 'ਚ ਅੱਜ ਕਾਂਗਰਸ ਪਾਰਟੀ ਦੇ ਵਰਕਰ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨੇ 'ਤੇ ਬੈਠ ਗਏ ਹਨ। ਕਾਂਗਰਸ ਵਲੋਂ...
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  about 1 hour ago
ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਇਕਬਾਲ ਸਿੰਘ ਵਾਸੀ ਪਿੰਡ...
ਹੋਰ ਖ਼ਬਰਾਂ..

ਸਾਡੀ ਸਿਹਤ

ਜ਼ਿਆਦਾ ਦੇਰ ਤੱਕ ਨਾ ਦੇਖੋ ਟੀ. ਵੀ.

ਟੀ. ਵੀ. ਭਾਵ ਦੂਰਦਰਸ਼ਨ ਅੱਜਕਲ੍ਹ ਮਨੁੱਖ ਦਾ ਇਕ ਚੰਗਾ ਦੋਸਤ ਪਰ ਬੁਰਾ ਦੁਸ਼ਮਣ ਬਣ ਚੁੱਕਾ ਹੈ। ਦੋਸਤ ਇਸ ਲਈ ਕਿਉਂਕਿ ਇਹ ਮਨੋਰੰਜਨ ਅਤੇ ਜਾਣਕਾਰੀ ਵਧਾਉਣ ਦਾ ਇਕ ਸਸਤਾ ਅਤੇ ਵਧੀਆ ਮਾਧਿਅਮ ਹੈ ਅਤੇ ਦੁਸ਼ਮਣ ਇਸ ਲਈ ਕਿਉਂਕਿ ਇਕ ਪਾਸੇ ਜਿਥੇ ਇਸ ਨੇ ਸਮਾਜਿਕ ਸਬੰਧਾਂ ਦੀ ਖਾਈ ਨੂੰ ਜ਼ਿਆਦਾ ਡੂੰਘਾ ਕੀਤਾ ਹੈ, ਉਥੇ ਦੂਜੇ ਪਾਸੇ ਇਹ ਸਾਡੇ ਸਰੀਰਕ, ਮਾਨਸਿਕ ਅਤੇ ਅੱਖਾਂ ਦੀ ਤੰਦਰੁਸਤੀ ਨੂੰ ਵੀ ਚੌਪਟ ਕਰਦਾ ਜਾ ਰਿਹਾ ਹੈ।
ਟੀ. ਵੀ. ਨੂੰ ਲੈ ਕੇ ਵਿਸ਼ੇਸ਼ ਕਰਕੇ ਅੱਖਾਂ ਦੇ ਬਾਰੇ ਵਿਚ ਬਹੁਤ ਚਿੰਤਾ ਕੀਤੀ ਜਾਂਦੀ ਰਹੀ ਹੈ। ਇਸ ਨੂੰ ਦੇਖਣ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ, ਪਰ ਉਦੋਂ ਹੀ ਜਦੋਂ ਇਸ ਨੂੰ ਗ਼ਲਤ ਤਰੀਕੇ ਨਾਲ ਦੇਖਿਆ ਜਾਵੇ। ਇਸ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਨੂੰ ਦੇਖਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮੁੱਖ ਤੌਰ 'ਤੇ ਇਹ ਹੇਠ ਲਿਖੀਆਂ ਹਨ-
* ਇਸ ਦੀ ਉਚਾਈ ਅੱਖਾਂ ਦੇ ਬਰਾਬਰ ਅਤੇ ਦੂਰੀ 10-15 ਫੁੱਟ ਰੱਖੋ।
* ਲੰਮੇ ਪੈ ਕੇ, ਅੱਧੇ ਲੰਮੇ ਪੈ ਕੇ ਅਤੇ ਝੁਕ ਕੇ ਟੀ. ਵੀ. ਦੇਖਣ ਨਾਲ ਅੱਖਾਂ ਵਿਚ ਬੇਲੋੜਾ ਖਿਚਾਅ ਪੈਦਾ ਹੋ ਸਕਦਾ ਹੈ, ਕਿਉਂਕਿ ਰੇਟਿਨਾ 'ਤੇ ਚਿੱਤਰ ਨੂੰ ਫੋਕਸ ਕਰਨ ਲਈ ਅੱਖਾਂ ਦੇ ਲੈੱਨਜ਼ ਨੂੰ ਵਿਸ਼ੇਸ਼ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਸਥਿਤੀ ਤੋਂ ਬਚਾਅ ਲਈ ਹਮੇਸ਼ਾ ਸਿੱਧੇ ਬੈਠ ਕੇ ਹੀ ਟੀ. ਵੀ. ਦੇਖੋ।
* ਆਪਣੇ ਟੀ. ਵੀ. ਸੈੱਟ 'ਤੇ ਉੱਪਰੋਂ ਦੀ ਲੱਗਣ ਵਾਲੀ 'ਐਂਟੀਗਲੇਅਰ ਸਕਰੀਨ' ਜ਼ਰੂਰ ਲਗਵਾ ਲਓ।
* ਇਸ ਨੂੰ ਸਿਨੇਮਾ ਹਾਲ ਦੀ ਤਰ੍ਹਾਂ ਪੂਰੇ ਅੰਧਕਾਰ ਵਿਚ ਨਾ ਦੇਖੋ। ਹਲਕੀ ਰੌਸ਼ਨੀ ਜ਼ਰੂਰ ਰੱਖੋ। ਰੌਸ਼ਨੀ ਦਾ ਸਰੋਤ ਜਾਂ ਤਾਂ ਤੁਹਾਡੇ ਬੈਠਣ ਵਾਲੀ ਜਗ੍ਹਾ ਤੋਂ ਪਿੱਛੇ ਵੱਲ ਹੋਵੇ ਜਾਂ ਟੀ. ਵੀ. ਦੇ ਪਿੱਛੇ ਇਸ ਦਾ ਪ੍ਰਬੰਧ ਕਰੋ।
* ਲਗਾਤਾਰ ਕਦੇ ਸਕ੍ਰੀਨ 'ਤੇ ਨਿਗ੍ਹਾ ਕੇਂਦਰਿਤ ਨਹੀਂ ਕਰਨੀ ਚਾਹੀਦੀ। ਵਿਚ-ਵਿਚ ਅੱਖਾਂ ਨੂੰ ਇਧਰ-ਉਧਰ ਘੁਮਾਉਂਦੇ ਰਹੋ।
* ਛੇਤੀ-ਛੇਤੀ ਤੇਜ਼ੀ ਨਾਲ ਬਦਲਣ ਵਾਲੇ ਐਕਸ਼ਨ ਦ੍ਰਿਸ਼ਾਂ ਨੂੰ ਅੱਖਾਂ ਗੱਡ ਕੇ ਨਾ ਦੇਖੋ। ਪਲਕਾਂ ਨੂੰ ਬੰਦ ਕਰ ਲਓ। ਪਿਕਚਰ ਠੀਕ ਨਾ ਆਉਣ ਜਾਂ ਮੂਲ ਚਿੱਤਰ ਦੇ ਨਾਲ ਦੂਜੇ-ਤੀਜੇ ਚਿੱਤਰ ਵੀ ਆਉਣ 'ਤੇ ਟੀ. ਵੀ. ਠੀਕ ਕਰਨ ਤੋਂ ਬਾਅਦ ਹੀ ਦੇਖੋ। ਰੁਕਾਵਟ ਆਉਣ 'ਤੇ ਇਸ ਉਤੋਂ ਨਿਗ੍ਹਾ ਹਟਾ ਲਓ।
* ਰੰਗੀਨ ਟੀ. ਵੀ. ਨੂੰ ਇਸ ਦੇ ਰੰਗ ਜ਼ਿਆਦਾ ਤੇਜ਼ ਕਰਕੇ ਨਾ ਦੇਖੋ।
* ਟੀ. ਵੀ. ਬੰਦ ਕਰਨ 'ਤੇ ਇਸ ਦੇ ਅੰਤਿਮ ਚਿੱਤਰ ਦੀ ਛਾਇਆ ਸਕਰੀਨ 'ਤੇ ਲਗਪਗ 80 ਮਿਲੀ ਸੈਕਿੰਡ ਤੱਕ ਬਣੀ ਰਹਿੰਦੀ ਹੈ। ਇਸ 'ਤੇ ਨਿਗ੍ਹਾ ਕਦੇ ਨਾ ਟਿਕਾਓ।
ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਮੇਂ ਤੱਕ ਲਗਾਤਾਰ ਵੀ ਇਸ ਨੂੰ ਨਹੀਂ ਦੇਖਣਾ ਚਾਹੀਦਾ। ਇਸ 'ਤੇ ਵੀਡੀਓ ਜਾਂ ਸਮੁਰਾਈ ਗੇਮਜ਼ ਵੀ ਲਗਾਤਾਰ ਨਾ ਦੇਖੋ। ਖਾਸ ਕਰਕੇ ਬਿਮਾਰ ਅੱਖਾਂ ਵਾਲਿਆਂ ਨੂੰ ਬਹੁਤ ਘੱਟ ਅਤੇ ਅੱਖਾਂ ਨੂੰ ਵਿਚ-ਵਿਚ ਆਰਾਮ ਦਿੰਦੇ ਹੋਏ ਹੀ ਟੀ. ਵੀ. ਦੇਖਣਾ ਚਾਹੀਦਾ ਹੈ।
ਇਸ ਤਰ੍ਹਾਂ ਜੇ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਟੀ. ਵੀ. ਦੇਖਣ ਦਾ ਲੁਤਫ ਵੀ ਲੈ ਸਕਦੇ ਹਾਂ ਅਤੇ ਆਪਣੀਆਂ ਅੱਖਾਂ ਦੀ ਤੰਦਰੁਸਤੀ ਨੂੰ ਵੀ ਕਾਇਮ ਰੱਖ ਸਕਦੇ ਹਾਂ।


ਖ਼ਬਰ ਸ਼ੇਅਰ ਕਰੋ

ਗੁਣਕਾਰੀ ਅਨਾਨਾਸ

ਅਨਾਨਾਸ ਦੇ ਰੁੱਖ ਅਕਸਰ ਸੜਕਾਂ ਦੇ ਕਿਨਾਰੇ-ਕਿਨਾਰੇ ਪਾਏ ਜਾਂਦੇ ਹਨ। ਅਨਾਨਾਸ ਦਾ ਫਲ ਇਸ ਦੇ ਵਿਚਕਾਰਲੇ ਹਿੱਸੇ ਵਿਚ ਲਗਦਾ ਹੈ। ਅਨਾਨਾਸ ਦਾ ਉਪਰਲਾ ਹਿੱਸਾ ਕੰਡੇਦਾਰ ਅਤੇ ਸਖਤ ਹੁੰਦਾ ਹੈ। ਅਨਾਨਾਸ ਦਾ ਰਸ ਪੇਟ ਦੇ ਰੋਗਾਂ ਵਿਚ ਲਾਭਦਾਇਕ ਹੈ।
ਅਜੀਰਣ : ਅਨਾਨਾਸ ਦੀਆਂ ਫਾੜੀਆਂ ਕੱਟ ਕੇ ਕਾਲੀ ਮਿਰਚ ਅਤੇ ਸੇਂਧਾ ਨਮਕ ਛਿੜਕ ਕੇ ਅੱਗ 'ਤੇ ਭੁੰਨ ਕੇ ਖਾਣ ਨਾਲ ਅਜੀਰਣ ਵਿਚ ਲਾਭ ਹੁੰਦਾ ਹੈ।
ਸੋਜ : ਅਨਾਨਾਸ ਦਾ ਪੂਰਾ ਫਲ ਹਰ ਰੋਜ਼ ਖਾਣ ਨਾਲ 15-20 ਦਿਨਾਂ ਵਿਚ ਸਰੀਰ ਦੀ ਸੋਜ ਪੂਰੀ ਤਰ੍ਹਾਂ ਉਤਰ ਜਾਂਦੀ ਹੈ।
ਪੇਟ ਵਿਚ ਵਾਲ ਜਾਣਾ : ਅਨਾਨਾਸ ਦੀਆਂ ਫਾੜੀਆਂ ਕੱਟ ਕੇ ਖਾਣ ਨਾਲ ਪੇਟ ਵਿਚ ਗਿਆ ਹੋਇਆ ਵਾਲ ਗਲ ਜਾਂਦਾ ਹੈ।
ਪਿਸ਼ਾਬ ਜ਼ਿਆਦਾ ਆਉਣਾ : ਅਨਾਨਾਸ ਦੇ ਰਸ ਵਿਚ ਜ਼ੀਰਾ, ਪਿੱਪਲ, ਕਾਲਾ ਲੂਣ ਅਤੇ ਜਾਇਫਲ ਦਾ ਬਰਾਬਰ ਭਾਗ ਚੂਰਨ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਪਿਸ਼ਾਬ ਦੇ ਜ਼ਿਆਦਾ ਆਉਣ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਪੱਥਰੀ ਅਤੇ ਬੇਚੈਨੀ : ਹਰ ਰੋਜ਼ ਅਨਾਨਾਸ ਦਾ ਰਸ ਪੀਣ ਨਾਲ ਗਰਮੀ ਦੇ ਕਾਰਨ ਬੇਚੈਨੀ ਦੂਰ ਹੁੰਦੀ ਹੈ ਅਤੇ ਪੱਥਰੀ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਬਵਾਸੀਰ : ਅਨਾਨਾਸ ਦੇ ਗੁੱਦੇ ਨੂੰ ਬਰੀਕ ਪੀਸ ਕੇ ਮੱਸਿਆਂ 'ਤੇ ਬੰਨ੍ਹਣ ਨਾਲ ਬਵਾਸੀਰ ਵਿਚ ਲਾਭ ਹੁੰਦਾ ਹੈ।
ਅੱਖਾਂ ਦੀ ਸੋਜ : ਅਨਾਨਾਸ ਦੇ ਗੁੱਦੇ ਨੂੰ ਬਰੀਕ ਪੀਸ ਕੇ ਅੱਖਾਂ 'ਤੇ ਬੰਨ੍ਹਣ ਨਾਲ ਸੋਜ ਦੂਰ ਹੁੰਦੀ ਹੈ।
ਪੇਟ ਦੇ ਕੀੜੇ : ਛੁਹਾਰਾ, ਅਜਵਾਇਣ ਅਤੇ ਵਿਡੰਗ 12-12 ਗ੍ਰਾਮ ਹਰੇਕ ਦਾ ਚੂਰਨ ਬਣਾ ਲਓ। 6 ਗ੍ਰਾਮ ਚੂਰਨ ਵਿਚ ਸ਼ਹਿਦ ਮਿਲਾ ਕੇ ਅਨਾਨਾਸ ਦੇ ਰਸ ਦੇ ਨਾਲ ਸਵੇਰੇ-ਸ਼ਾਮ ਪਿਲਾਉਣ ਨਾਲ 3 ਦਿਨ ਵਿਚ ਬੱਚਿਆਂ ਦੇ ਪੇਟ ਦੇ ਸਾਰੇ ਕੀੜੇ ਖ਼ਤਮ ਹੋ ਜਾਣਗੇ।
ਗੁਣਕਾਰੀ ਸ਼ਰਬਤ : ਅਨਾਨਾਸ ਦਾ ਰਸ ਇਕ ਕਿਲੋ, ਗੁਲਾਬ ਦਾ ਅਰਕ 100 ਗ੍ਰਾਮ ਮਿਲਾ ਕੇ 3 ਕਿਲੋ ਸ਼ੱਕਰ ਵਿਚ ਪਕਾਓ। ਪੱਕ ਜਾਣ 'ਤੇ ਸ਼ਰਬਤ ਦੀ ਤਰ੍ਹਾਂ ਵਰਤੋਂ ਵਿਚ ਲਿਆਓ। ਇਹ ਪਿਸ਼ਾਬ ਰੋਗ ਨੂੰ ਖ਼ਤਮ ਕਰਦਾ ਹੈ ਅਤੇ ਦਿਲ ਅਤੇ ਦਿਮਾਗ ਨੂੰ ਤਾਜ਼ਗੀ ਦਿੰਦਾ ਹੈ।
**

ਹੋਮਿਓਪੈਥਿਕ ਇਲਾਜ

ਥਾਇਰਾਇਡ : ਲੱਛਣ ਅਤੇ ਰੋਕਥਾਮ

ਥਾਇਰਾਇਡ ਗ੍ਰੰਥੀ ਸਾਡੇ ਗਲੇ ਦੇ ਅੰਦਰਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚੋਂ ਟੀ3, ਟੀ4, ਟੀ.ਐਸ.ਐਚ. ਨਾਂਅ ਦੇ ਹਾਰਮੋਨ ਨਿਕਲਦੇ ਹਨ ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਅਤੇ ਸਾਡੇ ਸਰੀਰ ਦੇ ਵਿਕਾਸ ਵਿਚ ਮਦਦ ਕਰਦੇ ਹਨ। ਜਦੋਂ ਕਿਸੇ ਕਾਰਨ ਥਾਇਰਾਇਡ ਗ੍ਰੰਥੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਇਨ੍ਹਾਂ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਸਿੱਟੇ ਵਜੋਂ ਥਾਇਰਾਇਡ ਸਬੰਧੀ ਰੋਗ ਸਾਹਮਣੇ ਆਉਂਦੇ ਹਨ। ਜਦੋਂ ਇਹ ਹਾਰਮੋਨ ਸਰੀਰ ਵਿਚ ਘਟ ਜਾਂਦੇ ਹਨ ਤਾਂ ਇਸ ਨੂੰ ਹਾਇਪੋਥਾਇਰਾਇਡ ਕਹਿੰਦੇ ਹਨ ਅਤੇ ਸਰੀਰ ਵਿਚ ਇਨ੍ਹਾਂ ਦੇ ਵਧਣ ਨੂੰ ਹਾਇਪਰਥਾਇਰਾਇਡ ਕਹਿੰਦੇ ਹਨ। ਇਨ੍ਹਾਂ ਦੋਵਾਂ ਬਿਮਾਰੀਆਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ। ਹਾਇਪੋਥਾਇਰਾਇਡ ਵਿਚ ਰੋਗੀ ਦੇ ਸਰੀਰ ਵਿਚ ਫੁਲਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਜੋੜਾਂ ਵਿਚ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਦੀ ਭੁੱਖ ਅਤੇ ਪਿਆਸ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੀਂਦ ਬਹੁਤ ਵਧ ਜਾਂਦੀ ਹੈ। ਸਰੀਰ ਵਿਚ ਸੁਸਤੀ ਅਤੇ ਥਕਾਵਟ ਰਹਿੰਦੀ ਹੈ।
ਦੂਜੇ ਪਾਸੇ ਹਾਇਪਰਥਾਇਰਾਇਡ ਰੋਗੀ ਦੇ ਲੱਛਣ ਬਿਲਕੁਲ ਇਸ ਤੋਂ ਅਲੱਗ ਹੁੰਦੇ ਹਨ। ਮਰੀਜ਼ ਦਾ ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਭੁੱਖ ਅਤੇ ਪਿਆਸ ਬਹੁਤ ਵਧ ਜਾਂਦੀ ਹੈ ਅਤੇ ਨੀਂਦ ਘਟ ਜਾਂਦੀ ਹੈ। ਮਰੀਜ਼ ਨੂੰ ਦਸਤ ਛੇਤੀ-ਛੇਤੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਖਾਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਲੱਛਣ ਜਿਵੇਂ ਦਿਲ ਦੀ ਧੜਕਣ ਦਾ ਵਧਣਾ, ਨਬਜ਼ ਤੇਜ਼ ਰਹਿਣਾ, ਮਾਸਪੇਸ਼ੀਆਂ ਦੀ ਥਕਾਵਟ, ਸਰੀਰ ਵਿਚੋਂ ਸੇਕ ਨਿਕਲਣਾ ਆਦਿ ਲੱਛਣ ਮਰੀਜ਼ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਮੈਡੀਕਲ ਸਾਇੰਸ ਦੁਆਰਾ ਸਾਰੇ ਸੰਸਾਰ ਵਿਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਯੋਗ ਗੱਲ ਤਾਂ ਇਹ ਹੈ ਕਿ ਜੇ ਮੈਡੀਕਲ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਤਾਂ ਕਿਉਂ ਐਲਰਜੀ, ਦਮਾ, ਕਣਕ ਐਲਰਜੀ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਥਾਇਰਾਇਡ, ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਅਤੇ ਹੋਰ ਅਣਗਿਣਤ ਬਿਮਾਰੀਆਂ ਨੂੰ ਸਿਰਫ ਕੰਟਰੋਲ ਹੀ ਕੀਤਾ ਜਾ ਰਿਹਾ ਹੈ ਅਤੇ ਹਮੇਸ਼ਾ ਲਈ ਖ਼ਤਮ ਕਰਕੇ ਮਰੀਜ਼ ਨੂੰ ਤੰਦਰੁਸਤ ਨਹੀਂ ਕੀਤਾ ਜਾ ਸਕਦਾ? ਕਿਉਂ ਇਕ ਮਰੀਜ਼ ਸਾਰੀ ਜ਼ਿੰਦਗੀ ਲਈ ਮਰੀਜ਼ ਬਣ ਕੇ ਰਹਿ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਖਾਣ ਤੋਂ ਡਰਦਾ ਹੈ, ਖੁੱਲ੍ਹ ਕੇ ਘੁੰਮਣ-ਫਿਰਨ ਅਤੇ ਭੱਜ-ਨੱਠ ਕਰਨ ਤੋਂ ਡਰਦਾ ਹੈ ਅਤੇ ਦਵਾਈ ਦੀ ਇਕ ਵੀ ਖੁਰਾਕ ਦਾ ਨਾਗਾ ਪਾਉਣ ਤੋਂ ਡਰਦਾ ਹੈ?
ਇਨ੍ਹਾਂ ਸਾਰੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਹੋਮਿਓਪੈਥੀ ਦੇ ਜਨਮਦਾਤਾ ਡਾ: ਹੈਨੀਮੈਨ ਜੋ ਕਿ ਮੈਡੀਕਲ ਸਾਇੰਸ ਦੇ ਐਮ. ਡੀ. ਡਾਕਟਰ ਸਨ ਅਤੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਐਲੋਪੈਥ ਸਨ, ਨੇ ਆਪਣੀ ਸਾਇੰਸ ਨੂੰ ਤਿਆਗ ਕੇ ਇਸ ਨਵੀਂ ਸਾਇੰਸ ਹੋਮਿਓਪੈਥੀ ਦੀ ਖੋਜ ਕੀਤੀ ਸੀ, ਕਿਉਂਕਿ ਉਹ ਦੇਖ ਰਹੇ ਸਨ ਕਿ ਇਕ ਬਿਮਾਰੀ ਨੂੰ ਠੀਕ ਕਰਕੇ ਭੇਜਣ ਤੋਂ ਬਾਅਦ ਵੀ ਮਰੀਜ਼ ਉਸੇ ਤਰ੍ਹਾਂ ਦੀਆਂ ਅਲਾਮਤਾਂ ਲੈ ਕੇ ਆ ਜਾਂਦਾ ਹੈ ਅਤੇ ਤੰਦਰੁਸਤੀ ਹਾਸਲ ਨਹੀਂ ਕਰ ਪਾਉਂਦਾ। ਉਨ੍ਹਾਂ ਦੀ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਆਇਆ, ਜਿਸ ਵਿਚ ਇਕੋ ਵਾਰ ਬਿਮਾਰੀ ਦੀ ਜੜ੍ਹ ਲੱਭ ਕੇ ਠੀਕ ਕਰਨ ਤੋਂ ਬਾਅਦ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਫਿਰ ਚਾਹੇ ਉਹ ਸ਼ੂਗਰ ਹੋਵੇ ਜਾਂ ਖੂਨ ਦਾ ਦਬਾਅ, ਥਾਇਰਾਇਡ ਹੋਵੇ ਜਾਂ ਗਠੀਆ, ਇਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਕੁਦਰਤੀ ਤਾਕਤ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੀ ਦੇਣ ਹੈ।


-ਮੋਤੀ ਨਗਰ, ਮਕਸੂਦਾਂ, ਜਲੰਧਰ।
www.ravinderhomeopathy.com

ਤੰਦਰੁਸਤੀ ਲਈ ਫਾਇਦੇਮੰਦ ਸੁਝਾਅ

* ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਦੀ ਜਗ੍ਹਾ ਤੁਸੀਂ ਦੁੱਧ, ਦਹੀਂ, ਮੱਠਾ, ਜੂਸ ਆਦਿ ਪੀਓ। ਇਸ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ।
* ਤੁਸੀਂ ਜਦੋਂ ਵੀ ਤਣਾਅ ਵਿਚ ਹੋਵੋ ਤਾਂ ਦਫ਼ਤਰ ਜਾਂ ਘਰ ਵਿਚ ਹਲਕੀ-ਫੁਲਕੀ ਕਸਰਤ ਕਰ ਲਓ। 5 ਮਿੰਟ ਅੱਖਾਂ ਬੰਦ ਕਰੋ ਜਾਂ ਖੋਲ੍ਹੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
* ਹਲਦੀ ਡਿਜੇਨਰੇਟਿਵ ਡਿਜੀਜ ਜਿਵੇਂ ਅਲਜਾਈਮਰਸ ਵਿਚ ਵੀ ਕਾਰਗਰ ਹੈ। ਇਸ ਨਾਲ ਖੂਨ ਕੋਸ਼ਿਕਾਵਾਂ ਵਿਚ ਖੂਨ ਦਾ ਪ੍ਰਵਾਹ ਸਹੀ ਬਣਿਆ ਰਹਿੰਦਾ ਹੈ।
* ਵਾਲਾਂ ਨੂੰ ਮਜ਼ਬੂਤ ਅਤੇ ਮੁਲਾਇਮ ਬਣਾਉਣ ਲਈ ਹਰ 15 ਦਿਨਾਂ ਵਿਚ ਮਹਿੰਦੀ ਅਤੇ ਆਂਡਾ ਲਗਾਓ।
* ਜੇ ਹੱਥ ਜਾਂ ਪੈਰ 'ਤੇ ਧੱਬੇ ਹਨ ਤਾਂ ਨਿੰਬੂ ਦੀਆਂ ਛਿੱਲਾਂ ਨੂੰ ਉਸ ਜਗ੍ਹਾ 'ਤੇ ਹਲਕੇ ਹੱਥ ਨਾਲ ਰਗੜੋ। ਧੱਬੇ ਗਾਇਬ ਹੋ ਜਾਣਗੇ।
* ਜੇ ਪੈਰ ਫਟੇ ਹਨ ਤਾਂ ਸੌਣ ਸਮੇਂ ਉਨ੍ਹਾਂ 'ਤੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਉਸ ਤੋਂ ਬਾਅਦ ਕੋਸੇ ਪਾਣੀ ਵਿਚ 5 ਮਿੰਟ ਲਈ ਪੈਰ ਡੁਬੋ ਦਿਓ। ਹੁਣ ਉਨ੍ਹਾਂ 'ਤੇ ਹਿਨਾ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਛੇਤੀ ਆਰਾਮ ਮਿਲੇਗਾ।
* ਦਹੀਂ ਦੀ ਬਜਾਏ ਲੱਸੀ ਜ਼ਿਆਦਾ ਲਾਭਦਾਇਕ ਹੁੰਦੀ ਹੈ। ਜੇ ਦਹੀਂ ਪਸੰਦ ਹੈ ਤਾਂ ਉਸ ਵਿਚ ਭੁੰਨਿਆ ਜ਼ੀਰਾ ਅਤੇ ਸੇਂਧਾ ਨਮਕ ਮਿਲਾ ਲਓ।
* ਚਰਬੀ ਵਾਲੇ ਦੁੱਧ ਅਤੇ ਦਹੀਂ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜ਼ਿਆਦਾ ਗਰਮ ਦੁੱਧ ਪੀਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ। ਮਸੂੜੇ ਵੀ ਕਮਜ਼ੋਰ ਹੁੰਦੇ ਹਨ।
* ਤਣਾਅ ਮਿਟਾਉਣ ਲਈ ਸਵੇਰੇ 10 ਮਿੰਟ ਦਾ ਮੈਡੀਟੇਸ਼ਨ ਵੀ ਬੇਹੱਦ ਕਾਰਗਰ ਹੁੰਦਾ ਹੈ।
* ਔਰਤਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੁੰਦੀ ਹੈ। ਇਸ ਲਈ ਆਪਣੀ ਖੁਰਾਕ ਵਿਚ ਅਜਿਹੇ ਖਾਧ ਪਦਾਰਥਾਂ ਨੂੰ ਸ਼ਾਮਿਲ ਕਰੋ, ਜਿਨ੍ਹਾਂ ਵਿਚੋਂ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਸਕਣ।
* ਆਪਣੀ ਖੁਰਾਕ ਵਿਚ ਰੇਸ਼ਾ ਭਰਪੂਰ ਮਾਤਰਾ ਵਿਚ ਸ਼ਾਮਿਲ ਕਰੋ। ਜਿਨ੍ਹਾਂ ਨੂੰ ਕਬਜ਼, ਸ਼ੂਗਰ ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਹਨ, ਉਨ੍ਹਾਂ ਨੂੰ ਫਾਈਬਰ ਖੂਬ ਲੈਣਾ ਚਾਹੀਦਾ ਹੈ। ਇਹ ਫਲਾਂ, ਚੋਕਰ ਅਤੇ ਹਰੀਆਂ ਸਬਜ਼ੀਆਂ ਵਿਚ ਜ਼ਿਆਦਾ ਮਿਲਦਾ ਹੈ।
* ਵਾਲਾਂ ਵਿਚ ਕੰਡੀਸ਼ਨਿੰਗ ਕਰਨ ਲਈ ਮਹਿੰਦੀ ਵਿਚ ਦਹੀਂ ਮਿਲਾ ਕੇ ਵਾਲਾਂ 'ਤੇ ਚੰਗੀ ਤਰ੍ਹਾਂ ਮਲੋ। ਇਸ ਨਾਲ ਵਾਲ ਮਜ਼ਬੂਤ ਤਾਂ ਹੋਣਗੇ ਹੀ, ਨਾਲ ਹੀ ਮੁਲਾਇਮ ਅਤੇ ਸਿਲਕੀ ਵੀ ਹੋ ਜਾਣਗੇ।
* ਰੋਜ਼ਾਨਾ ਕਸਰਤ ਕਰਨ ਨਾਲ ਤੁਹਾਡਾ ਸਰੀਰ ਸੁਡੌਲ ਬਣਦਾ ਹੈ ਅਤੇ ਚਿਹਰੇ 'ਤੇ ਚਮਕ ਵੀ ਆ ਜਾਂਦੀ ਹੈ। ਚਾਹੇ ਤੁਸੀਂ ਮੋਟੇ ਹੋ ਜਾਂ ਪਤਲੇ, ਦਿਨ ਵਿਚ ਇਕ ਵਾਰ ਕਸਰਤ ਜ਼ਰੂਰ ਕਰੋ। ਇਸ ਦੀ ਆਦਤ ਖਾਸ ਤੌਰ 'ਤੇ ਸਵੇਰ ਦੇ ਸਮੇਂ ਪਾਓ।
* ਇਕ ਚਮਚ ਅਜਵਾਇਣ ਅਤੇ ਲਸਣ ਦੀਆਂ ਚਾਰ-ਪੰਜ ਕਲੀਆਂ ਨੂੰ ਸਰ੍ਹੋਂ ਦੇ ਤੇਲ ਵਿਚ ਭੁੰਨ ਲਓ। ਇਸ ਤੇਲ ਨੂੰ ਪੁਣ ਕੇ ਸੋਜ ਜਾਂ ਦਰਦ ਵਾਲੀ ਜਗ੍ਹਾ 'ਤੇ ਲਗਾਉਣ ਨਾਲ ਤੁਰੰਤ ਆਰਾਮ ਮਿਲੇਗਾ।
* ਯਾਦਾਸ਼ਤ ਵਧਾਉਣ ਲਈ ਇਨਡੋਰ ਗੇਮ ਜਿਵੇਂ ਕੈਰਮ, ਲੂਡੋ, ਸ਼ਤਰੰਜ ਆਦਿ ਖੇਡੋ। ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ। * 40 ਮਿੰਟ ਤੋਂ ਜ਼ਿਆਦਾ ਕਸਰਤ ਕਰਨ ਤੋਂ ਬਚੋ।

ਰਹਿਣਾ ਹੈ ਪਤਲੇ ਤਾਂ...

ਸਾਰੀਆਂ ਔਰਤਾਂ ਅਤੇ ਅੱਲੜ੍ਹਾਂ ਨੂੰ ਸਲਿਮ-ਟ੍ਰਿਮ ਬਣੇ ਰਹਿਣਾ ਚੰਗਾ ਲਗਦਾ ਹੈ ਪਰ ਜਦੋਂ ਦੋਸਤਾਂ, ਸਬੰਧੀਆਂ ਜਾਂ ਕਿੱਟੀ ਪਾਰਟੀ ਵਿਚ ਹੁੰਦੀਆਂ ਹਨ ਤਾਂ ਫਿਰ ਭੁੱਲ ਜਾਂਦੀਆਂ ਹਨ ਕਿ ਸੰਤੁਲਿਤ ਆਹਾਰ ਲੈਣਾ ਹੈ। ਜ਼ਿਆਦਾ ਮਸਤੀ ਉਨ੍ਹਾਂ ਦਾ ਭਾਰ ਵਧਾਉਣ ਵਿਚ ਮਦਦ ਕਰੇਗੀ। ਭਾਰ ਵਧਦੇ ਹੀ ਉਨ੍ਹਾਂ ਦੇ ਤਣਾਅ ਦਾ ਪੱਧਰ ਵੀ ਵਧ ਜਾਂਦਾ ਹੈ। ਇਸ ਲਈ ਪਤਲੇ ਬਣੇ ਰਹਿਣ ਲਈ ਹਰ ਜਗ੍ਹਾ ਸੰਜਮ ਵਰਤਣੀ ਜ਼ਰੂਰੀ ਹੈ, ਤਾਂ ਹੀ ਤੁਸੀਂ ਸੁਡੌਲ ਅਤੇ ਫੁਰਤੀਲੇ ਬਣੇ ਰਹਿ ਸਕਦੇ ਹੋ।
ਨਾ ਕਹਿਣਾ ਸਿੱਖੋ
ਆਪਣੇ 'ਤੇ ਸੰਜਮ ਰੱਖਣ ਲਈ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਨਾ ਕਹਿਣਾ ਸਿੱਖੋ, ਜਿਵੇਂ ਦੋ ਖਾਣਿਆਂ ਦੇ ਵਿਚ ਸਨੈਕਸ ਵਿਚ ਓਵਰ ਈਟਿੰਗ ਕਰਨਾ, ਤਲੇ ਹੋਏ ਸਨੈਕਸ ਖਾਣਾ। ਹਰ ਜਗ੍ਹਾ ਜਿਥੇ ਵੀ ਜਾਓ, ਖਾਣਾ ਜ਼ਰੂਰੀ ਨਹੀਂ ਹੈ, ਇਸ ਗੱਲ ਤੋਂ ਸਮਝੋ। ਜੇ ਮਜਬੂਰੀ ਵੱਸ ਖਾਣਾ ਵੀ ਪਵੇ ਤਾਂ ਥੋੜ੍ਹਾ ਜਿਹਾ ਹਲਕਾ ਲਓ, ਜਿਸ ਵਿਚ ਕੈਲੋਰੀ ਜ਼ਿਆਦਾ ਨਾ ਹੋਵੇ। ਘਰ ਵਿਚ ਵੀ ਬੱਚੇ ਖਾਣਾ ਬਚਾਅ ਦੇਣ ਤਾਂ ਆਪਣੇ ਪੇਟ ਨੂੰ ਕੂੜਾਦਾਨ ਨਾ ਬਣਾਓ। ਕਿਸੇ ਵਲੋਂ ਜ਼ਿਆਦਾ ਜ਼ਬਰਦਸਤੀ ਕਰਨ 'ਤੇ ਹਲਕਾ ਜਿਹਾ ਲਓ ਅਤੇ ਤਾਰੀਫ ਕਰੋ। ਖਾਸ ਕਰਕੇ ਸ਼ਾਮ ਤੋਂ ਬਾਅਦ ਆਪਣੇ ਖਾਣੇ 'ਤੇ ਸੰਜਮ ਰੱਖੋ।
ਜਦੋਂ ਤੱਕ ਭੁੱਖ ਨਾ ਲੱਗੇ, ਨਾ ਖਾਓ
ਸਾਡੀ ਗੰਦੀ ਆਦਤ ਹੈ ਕਿ ਬਿਨਾਂ ਭੁੱਖ ਲੱਗੇ ਵੀ ਅਸੀਂ ਕਾਫੀ ਕੁਝ ਖਾ ਲੈਂਦੇ ਹਾਂ, ਜੋ ਸਾਡੀ ਕੈਲੋਰੀ ਨੂੰ ਵਧਾਉਂਦੇ ਹਨ। ਨਤੀਜੇ ਵਜੋਂ ਮੋਟਾਪਾ ਆਉਂਦਾ ਹੈ। ਜਦੋਂ ਵੀ ਘਰ ਤੋਂ ਥੋੜ੍ਹੇ ਲੰਬੇ ਸਮੇਂ ਲਈ ਬਾਹਰ ਖ਼ਰੀਦਦਾਰੀ ਕਰਨ ਜਾਣਾ ਹੋਵੇ ਤਾਂ ਘਰੋਂ ਕੁਝ ਖਾ ਕੇ ਜਾਓ, ਤਾਂ ਕਿ 3-4 ਘੰਟੇ ਤੱਕ ਭੁੱਖ ਨਾ ਲੱਗੇ। ਹਰ ਸਮੇਂ ਖਾਂਦੇ ਰਹਿਣਾ ਸਿਹਤ ਅਤੇ ਸਰੀਰ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹਾ ਨਾ ਕਰੋ ਕਿ 4 ਘੰਟੇ ਤੱਕ ਕੁਝ ਨਹੀਂ ਲੈਣਾ ਚਾਹੀਦਾ, ਚਾਹੇ ਭੁੱਖ ਲੱਗ ਰਹੀ ਹੋਵੇ, ਚੱਕਰ ਆ ਰਹੇ ਹੋਣ। ਅਜਿਹੇ ਵਿਚ ਕੋਈ ਸੁੱਕੇ ਮੇਵੇ, ਰੋਸਟੇਡ ਨਮਕੀਨ ਜਾਂ ਭੁੰਨੇ ਛੋਲੇ ਥੋੜ੍ਹੇ ਜਿਹੇ ਖਾ ਲਓ, ਜੋ ਊਰਜਾ ਵੀ ਦੇਣਗੇ ਅਤੇ ਘੱਟ ਕੈਲੋਰੀ ਵੀ।
ਪਾਰਟੀ ਵਿਚ ਖੁਦ ਨੂੰ ਸੀਮਤ ਰੱਖੋ
ਬਹੁਤ ਸਾਰੀਆਂ ਅੱਲੜ੍ਹਾਂ ਅਤੇ ਔਰਤਾਂ ਪਾਰਟੀ ਵਿਚ ਖੁੱਲ੍ਹ ਕੇ ਖਾਂਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਇਹ ਮੌਜ-ਮਸਤੀ ਦਾ ਸਮਾਂ ਹੈ। ਹੁਣ ਨਾ ਖਾਧਾ ਤਾਂ ਦੋਸਤਾਂ ਦੇ ਨਾਲ ਕਦੋਂ ਖਾਵਾਂਗੇ। ਜੇ ਤੁਸੀਂ ਜ਼ਿਆਦਾ ਪਾਰਟੀਆਂ ਵਿਚ ਜਾਂਦੇ ਹੋ ਤਾਂ ਘਰੋਂ ਮਨ ਪੱਕਾ ਕਰਕੇ ਜਾਓ ਕਿ ਮੈਂ ਘੱਟ ਖਾਣਾ ਹੈ, ਜਿਵੇਂ ਕੋਲਡ ਡ੍ਰਿੰਕ ਦੀ ਜਗ੍ਹਾ ਪਾਣੀ, ਜਲਜ਼ੀਰਾ, ਲੱਸੀ ਲਓ। ਕੇਕ, ਪੇਸਟਰੀ ਦੀ ਜਗ੍ਹਾ ਜੇ ਹੋਰ ਕੁਝ ਮਿੱਠਾ ਹੈ ਤਾਂ ਥੋੜ੍ਹਾ ਜਿਹਾ ਲਓ। ਇਸੇ ਤਰ੍ਹਾਂ ਸਨੈਕਸ ਵੀ ਉਹੀ ਲਓ, ਜਿਨ੍ਹਾਂ ਨਾਲ ਪੇਟ ਤਾਂ ਭਰੇ ਪਰ ਕੈਲੋਰੀ ਘੱਟ ਹੋਵੇ। ਜੇ ਕੋਈ ਬਦਲ ਨਹੀਂ ਹੈ ਤਾਂ ਪਲੇਟ ਵਿਚ ਥੋੜ੍ਹਾ ਜਿਹਾ ਰੱਖ ਕੇ ਹੌਲੀ-ਹੌਲੀ ਖਾਓ। ਜੇ ਪਾਰਟੀ ਵਿਚ ਫਰੂਟ ਚਾਟ ਹੈ ਤਾਂ ਉਸ ਦਾ ਸੇਵਨ ਜ਼ਰੂਰ ਕਰੋ।
ਆਪਣਾ ਰੁਟੀਨ ਨਾ ਵਿਗਾੜੋ
ਪਤਲਾ ਰਹਿਣ ਲਈ ਜੋ ਰੁਟੀਨ ਤੁਸੀਂ ਤੈਅ ਕੀਤੀ ਹੈ, ਉਸ ਨੂੰ ਇਮਾਨਦਾਰੀ ਨਾਲ ਨਿਭਾਓ, ਚਾਹੇ ਕਿਤੇ ਜਾਣਾ ਹੋਵੇ ਜਾਂ ਛੁੱਟੀ ਹੋਵੇ। ਜੇ ਕਿਤੇ ਜਾਣਾ ਹੈ ਤਾਂ ਥੋੜ੍ਹਾ ਛੇਤੀ ਉੱਠ ਕੇ ਸੈਰ ਜਾਂ ਕਸਰਤ ਕਰੋ। ਛੁੱਟੀ ਹੈ ਤਾਂ ਕੋਸ਼ਿਸ਼ ਕਰੋ ਜਦੋਂ ਸਾਰੇ ਸੌਂ ਰਹੇ ਹੋਣ, ਤਾਂ ਆਪਣੀ ਰੁਟੀਨ ਪੂਰੀ ਕਰ ਲਓ। ਛੁੱਟੀਆਂ ਵਿਚ ਬੱਚਿਆਂ ਨੂੰ ਵੀ ਜਗਾਓ ਅਤੇ ਕੋਸ਼ਿਸ਼ ਕਰਕੇ ਨਾਲ ਲੈ ਜਾਓ। ਜੇ ਕਿਸੇ ਮਜਬੂਰੀਵੱਸ ਰੁਟੀਨ ਨਹੀਂ ਪੂਰੀ ਹੋ ਰਹੀ ਤਾਂ ਤਣਾਅ ਵਿਚ ਨਾ ਆਓ, ਕਿਉਂਕਿ ਤਣਾਅ ਲੈਣ ਨਾਲ ਭੁੱਖ ਵਧੇਗੀ ਅਤੇ ਜ਼ਿਆਦਾ ਖਾ ਕੇ ਭਾਰ ਨਾ ਵਧਾਓ।
ਬੱਚਿਆਂ ਨਾਲ ਬਾਹਰ ਘੁੰਮਣ ਜਾ ਰਹੇ ਹੋ ਤਾਂ ਹਲਕੇ ਸਨੈਕਸ ਨਾਲ ਲੈ ਜਾਓ, ਜਿਸ ਨਾਲ ਤੁਸੀਂ ਭੁੱਖ ਲੱਗਣ 'ਤੇ ਉਨ੍ਹਾਂ ਨੂੰ ਖਾ ਸਕੋ। ਬੱਚਿਆਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਮਨੋਰੰਜਨ ਕਰਨ ਦਿਓ।

ਸਿਹਤ ਖ਼ਬਰਨਾਮਾ

ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ ਕੇਲਾ

ਆਕਸਫੋਰਡ ਵਿਸ਼ਵਵਿਦਿਆਲਿਆ ਦੇ ਵਿਗਿਆਨੀਆਂ ਨੇ ਅਨੇਕ ਖੋਜਾਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਦਿਲ ਦੇ ਰੋਗੀਆਂ ਲਈ ਕੇਲਾ ਇਕ ਚੰਗਾ ਸਿਹਤ ਰੱਖਿਅਕ ਕਵਚ ਹੈ। ਕੇਲਾ ਉੱਚ ਖੂਨ ਦਬਾਅ ਵਾਲੇ ਦਿਲ ਦੇ ਰੋਗੀਆਂ ਲਈ ਵੀ ਲਾਭਦਾਇਕ ਹੈ, ਕਿਉਂਕਿ ਇਸ ਵਿਚ ਸੋਡੀਅਮ ਦੀ ਮਾਤਰਾ ਘੱਟ ਅਤੇ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਜੀਰਣ ਉੱਚ ਖੂਨ ਦਬਾਅ ਦੇ ਰੋਗੀਆਂ ਵਿਚ ਅਕਸਰ ਪੋਟਾਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ। ਪੋਟਾਸ਼ੀਅਮ ਦਿਲ ਦੇ ਪੇਸ਼ੀਯ ਸੰਕੁਚਨ ਲਈ ਜ਼ਰੂਰੀ ਹੁੰਦਾ ਹੈ। ਇਸੇ ਕਾਰਨ ਕੇਲਾ ਪੋਟਾਸ਼ੀਅਮ ਦੀ ਸਹਿਜੇ ਹੀ ਪੂਰਤੀ ਕਰਕੇ ਦਿਲ ਦੇ ਆਮ ਕੰਮ ਨੂੰ ਬਣਾਈ ਰੱਖਦਾ ਹੈ।
ਇਕੱਲਾਪਨ ਘਾਤਕ ਹੈ ਸਿਹਤ ਲਈ
ਹੁਣ ਇਹ ਖੋਜਾਂ ਰਾਹੀਂ ਸਿੱਧ ਹੋ ਗਿਆ ਹੈ ਕਿ ਇਕੱਲੇ ਰਹਿਣਾ ਕੁੱਲ ਮਿਲਾ ਕੇ ਸਿਹਤ ਲਈ ਘਾਤਕ ਹੈ। ਜੋ ਲੋਕ ਇਕੱਲੇ ਰਹਿੰਦੇ ਹਨ, ਉਨ੍ਹਾਂ ਲੋਕਾਂ ਵਿਚ ਤਣਾਅ ਦੀ ਸਥਿਤੀ ਵਿਚ ਸਰੀਰ ਵਿਚ ਜ਼ਿਆਦਾ ਸੋਜ ਨਾਲ ਜੁੜੇ ਹੋਏ ਪ੍ਰੋਟੀਨ ਪੈਦਾ ਹੁੰਦੇ ਹਨ, ਬਜਾਏ ਉਨ੍ਹਾਂ ਲੋਕਾਂ ਦੇ ਜੋ ਇਕੱਲੇ ਨਹੀਂ ਰਹਿੰਦੇ। ਇਨ੍ਹਾਂ ਪ੍ਰੋਟੀਨਾਂ ਦੀ ਸਰੀਰ ਵਿਚ ਮੌਜੂਦਗੀ ਦਾ ਅਰਥ ਹੈ ਸਰੀਰ ਵਿਚ ਪੱਕੀ ਸੋਜ ਜਿਸ ਨਾਲ ਸਰੀਰ ਵਿਚ ਦਿਲ ਦੇ ਰੋਗ, ਗਠੀਆ, ਸ਼ੂਗਰ ਅਤੇ ਅਲਜੀਮਰ ਰੋਗ ਪੈਦਾ ਹੋ ਸਕਦੇ ਹਨ। ਇਹ ਬਿਮਾਰੀਆਂ ਦੂਜੇ ਲੋਕਾਂ ਵਿਚ ਵੀ ਹੁੰਦੀਆਂ ਹਨ ਪਰ ਇਕੱਲੇ ਰਹਿਣ ਵਾਲੇ ਲੋਕ ਇਨ੍ਹਾਂ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ।
ਮੋਬਾਈਲ ਦੀ ਵਰਤੋਂ ਮਜਬੂਰੀ ਵਿਚ ਹੀ ਕਰੋ

ਮੋਬਾਈਲ ਫੋਨ ਦੀ ਵਧਦੀ ਵਰਤੋਂ ਅਤੇ ਇਸ ਦੇ ਸਿਹਤ 'ਤੇ ਵਧਦੇ ਮਾੜੇ ਪ੍ਰਭਾਵ ਦੀ ਚਰਚਾ ਗਾਹੇ-ਬਗਾਹੇ ਹੁੰਦੀ ਹੀ ਰਹਿੰਦੀ ਹੈ ਪਰ ਮਾਹਿਰਾਂ ਅਨੁਸਾਰ ਮੋਬਾਈਲ ਫੋਨ ਦੀ ਵਰਤੋਂ ਮਜਬੂਰੀ ਵਿਚ ਹੀ ਕਰਨੀ ਚਾਹੀਦੀ ਹੈ। ਮਾਹਿਰਾਂ ਅਨੁਸਾਰ ਦਿਨ ਵਿਚ ਇਕ ਘੰਟਾ ਜਾਂ ਉਸ ਤੋਂ ਵੱਧ ਮੋਬਾਈਲ ਫੋਨ ਦੀ ਵਰਤੋਂ ਸਿਹਤ ਲਈ ਖਤਰਨਾਕ ਵੀ ਮੰਨੀ ਜਾਂਦੀ ਹੈ, ਇਸ ਲਈ ਜਿਥੋਂ ਤੱਕ ਸੰਭਵ ਹੋਵੇ, ਲੈਂਡਲਾਈਨ ਫੋਨ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਹਾਲਾਂਕਿ ਹੁਣ ਤੱਕ ਇਹ ਵਿਗਿਆਨਕ ਰੂਪ ਨਾਲ ਸਿੱਧ ਨਹੀਂ ਹੋ ਸਕਿਆ ਕਿ ਮੋਬਾਈਲ ਰੇਡੀਏਸ਼ਨ ਨਾਲ ਕੈਂਸਰ ਹੁੰਦਾ ਹੈ ਪਰ ਇਸ ਸਬੰਧ ਵਿਚ ਸਾਵਧਾਨੀ ਵਰਤਣਾ ਹੀ ਬਿਹਤਰ ਹੈ। ਫਿਰ ਵੀ ਕਈ ਬਿਮਾਰੀਆਂ ਜਿਵੇਂ ਕੰਨਾਂ ਵਿਚ ਘੰਟੀ ਵੱਜਣ ਦੀ ਆਵਾਜ਼, ਸਿਰਦਰਦ, ਦਿਲ ਦੀ ਗਤੀ ਦਾ ਵਧਣਾ, ਚੱਕਰ ਆਉਣਾ ਅਤੇ ਥਕਾਨ ਦਾ ਸਬੰਧ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਮੰਨਿਆ ਜਾ ਰਿਹਾ ਹੈ। ਇਸ ਲਈ ਖ਼ਤਰਾ ਮੁੱਲ ਲੈਣ ਨਾਲੋਂ ਬਿਹਤਰ ਹੈ ਮੋਬਾਈਲ ਦੀ ਸੀਮਤ ਵਰਤੋਂ ਕਰੋ।

ਤਰਲ ਖ਼ੁਰਾਕ ਲੈ ਕੇ ਤੁਸੀਂ ਵੀ ਰਹਿ ਸਕਦੇ ਹੋ ਫਿੱਟ

ਪਿਛਲੇ ਇਕ-ਦੋ ਦਹਾਕਿਆਂ ਵਿਚ ਭੱਜ-ਦੌੜ ਏਨੀ ਵਧ ਗਈ ਹੈ ਕਿ ਸਾਰੇ ਨੰਬਰ ਵੰਨ ਦੀ ਦੌੜ ਵਿਚ ਰਹਿਣਾ ਚਾਹੁੰਦੇ ਹਨ, ਚਾਹੇ ਉਸ ਵਾਸਤੇ ਸਿਹਤ ਦਾ ਹਾਲ ਜਿਹੋ ਜਿਹਾ ਮਰਜ਼ੀ ਰਹੇ। ਭੋਜਨ ਕਦੋਂ ਖਾਧਾ ਹੈ, ਕੀ ਖਾਧਾ ਹੈ, ਪੌਸ਼ਟਿਕ ਹੈ ਜਾਂ ਨਹੀਂ, ਇਸ ਦੀ ਪ੍ਰਵਾਹ ਉਨ੍ਹਾਂ ਨੂੰ ਨਹੀਂ ਹੈ। ਜਦੋਂ ਭੁੱਖ ਲੱਗੇ ਤਾਂ ਕੁਝ ਵੀ ਕੰਟੀਨ ਵਿਚੋਂ ਲੈ ਕੇ ਖਾ ਲੈਂਦੇ ਹਨ ਅਤੇ ਆਪਣੀ ਭੁੱਖ ਸ਼ਾਂਤ ਕਰ ਲੈਂਦੇ ਹਨ। ਨਤੀਜੇ ਵਜੋਂ ਹੌਲੀ-ਹੌਲੀ ਸਰੀਰ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ ਅਤੇ ਸਰੀਰ ਓਨੀ ਭੱਜ-ਦੌੜ ਬਰਦਾਸ਼ਤ ਨਹੀਂ ਕਰ ਸਕਦਾ।
ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਬਸ ਇਕ ਹੀ ਚੀਜ਼ ਹੈ ਉਨ੍ਹਾਂ ਕੋਲ-ਫਾਸਟ ਫੂਡ ਦਾ ਖਾਣਾ ਅਤੇ ਦੂਜਿਆਂ ਤੋਂ ਅੱਗੇ ਰਹਿਣਾ। ਉਨ੍ਹਾਂ ਕੋਲ ਨਾ ਤਾਂ ਘਰ ਵਿਚ ਭੋਜਨ ਬਣਾਉਣ ਦਾ ਸਮਾਂ ਹੈ, ਨਾ ਸਮੇਂ ਸਿਰ ਆਰਾਮ ਨਾਲ ਭੋਜਨ ਖਾਣ ਦਾ ਸਮਾਂ ਅਤੇ ਨਾ ਹੀ ਆਪਣਿਆਂ ਨਾਲ ਗੱਲ ਕਰਨ ਦਾ ਸਮਾਂ ਹੈ ਉਨ੍ਹਾਂ ਕੋਲ।
ਸਵੇਰੇ ਉੱਠਦੇ ਹੀ ਦਫ਼ਤਰ ਜਾਣ ਦੀ ਕਾਹਲੀ ਵਿਚ ਬਸ ਥੋੜ੍ਹਾ-ਬਹੁਤ ਕੰਮ ਨਿਪਟਾ ਕੇ ਦੌੜਦੇ ਹਨ। ਇਸ ਭੱਜ-ਦੌੜ ਵਿਚ ਉਨ੍ਹਾਂ ਕੋਲ ਨਾਸ਼ਤੇ ਲਈ ਵੀ ਸਮਾਂ ਨਹੀਂ ਹੁੰਦਾ। ਸੈਂਡਵਿਚ ਨਾਲ ਲੈ ਕੇ ਰਾਹ ਵਿਚ ਖਾਂਦੇ ਜਾਣਗੇ ਜਾਂ ਦਫ਼ਤਰ ਜਾ ਕੇ ਆਰਡਰ ਕਰਨਗੇ।
ਜੇ ਸਿਹਤ ਠੀਕ ਰੱਖਣੀ ਹੈ ਤਾਂ ਖਾਣੇ ਦਾ ਸਮਾਂ ਅਤੇ ਕਸਰਤ ਦਾ ਸਮਾਂ ਤਾਂ ਕੱਢਣਾ ਹੀ ਪਵੇਗਾ। ਜੇ ਅਜਿਹਾ ਕਰਨ ਵਿਚ ਵੀ ਅਸਮਰੱਥ ਹੋ ਤਾਂ ਹਫ਼ਤੇ ਵਿਚ ਇਕ ਵਾਰ ਤਰਲ ਆਹਾਰ ਲਓ ਤਾਂ ਕਿ ਤੁਹਾਡੇ ਸਰੀਰ ਨੂੰ ਊਰਜਾ ਮਿਲ ਸਕੇ। ਤਰਲ ਖੁਰਾਕ ਵਿਚ ਤੁਸੀਂ ਤਾਜ਼ੇ ਫਲਾਂ ਦਾ ਰਸ, ਤਾਜ਼ੀਆਂ ਸਬਜ਼ੀਆਂ ਦਾ ਰਸ, ਸਬਜ਼ੀਆਂ ਦਾ ਸੂਪ, ਨਿੰਬੂ, ਸ਼ਹਿਦ, ਪਾਣੀ, ਨਾਰੀਅਲ ਪਾਣੀ, ਹਰਬਲ ਚਾਹ ਲੈ ਸਕਦੇ ਹੋ।
ਸਵੇਰ ਦੀ ਸ਼ੁਰੂਆਤ ਲੰਬੀ ਸੈਰ ਤੋਂ ਬਾਅਦ ਇਕ ਗਿਲਾਸ ਕੋਸੇ ਪਾਣੀ ਵਿਚ ਅੱਧਾ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਕਰੋ। ਫਿਰ ਆਪਣੀ ਰੋਜ਼ਮਰਾ ਨਾਲ ਨਿਪਟਣ ਤੋਂ ਬਾਅਦ ਦਫ਼ਤਰ ਜਾਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਲੈ ਸਕਦੇ ਹੋ। ਜੇ ਦੁੱਧ ਨਹੀਂ ਪੀਂਦੇ ਹੋ ਤਾਂ ਔਲਾ ਰਸ, ਸ਼ਹਿਦ ਮਿਲਾ ਕੇ ਲੈ ਸਕਦੇ ਹੋ। ਤਾਜ਼ੇ ਫਲਾਂ ਦਾ ਰਸ ਵੀ ਨਾਸ਼ਤੇ ਵਿਚ ਬਹੁਤ ਵਧੀਆ ਹੁੰਦਾ ਹੈ। ਫਲਾਂ ਦਾ ਰਸ ਤੁਹਾਨੂੰ ਇੰਸਟੈਂਟ ਊਰਜਾ ਦੇਵੇਗਾ। ਔਲੇ ਦਾ ਰਸ ਤੁਹਾਡੀਆਂ ਅੱਖਾਂ, ਵਾਲਾਂ ਅਤੇ ਚਮੜੀ ਨੂੰ ਲਾਭ ਪਹੁੰਚਾਏਗਾ।
10-12 ਪੱਤੇ ਤੁਲਸੀ ਦੇ ਮਿਕਸੀ ਵਿਚ ਥੋੜ੍ਹਾ ਪਾਣੀ ਮਿਲਾ ਕੇ ਪੀਸ ਲਓ। ਉਸ ਵਿਚ ਨਿੰਬੂ, ਸ਼ਹਿਦ ਅਤੇ ਕੋਸਾ ਪਾਣੀ ਅੱਧਾ ਗਿਲਾਸ ਮਿਲਾ ਕੇ ਲਓ। ਸਰਦੀ-ਜ਼ੁਕਾਮ ਅਤੇ ਸਾਹ ਦੀ ਤਕਲੀਫ਼ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਦਿਨ ਵਿਚ ਦਫ਼ਤਰ ਵਿਚ ਤੁਸੀਂ ਤਾਜ਼ੀਆਂ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਗਾਜਰ, ਪਾਲਕ, ਅਦਰਕ, ਟਮਾਟਰ, ਖੀਰਾ, ਚੁਕੰਦਰ ਆਦਿ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਮੂਲੀ ਦਾ ਰਸ ਵੀ ਲੈ ਸਕਦੇ ਹੋ। ਉਸ ਵਿਚ ਨਮਕ ਅਤੇ ਨਿੰਬੂ ਮਿਲਾ ਕੇ ਲਓ। ਮੋਟਾਪਾ ਵੀ ਘੱਟ ਹੋਵੇਗਾ। ਬਾਕੀ ਸਬਜ਼ੀਆਂ ਦੇ ਰਸ ਵਿਚ ਵੀ ਕਾਫ਼ੀ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਜੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਵਿਚ ਕੁਝ ਲੈਣ ਨੂੰ ਮਨ ਕਰੇ ਤਾਂ ਨਾਰੀਅਲ ਦਾ ਪਾਣੀ ਜਾਂ ਇਕ ਕੱਪ ਹਰਬਲ ਚਾਹ ਬਿਨਾਂ ਦੁੱਧ ਵਾਲੀ, ਨਿੰਬੂ ਰਸ ਦੇ ਨਾਲ ਮਿਲਾ ਕੇ ਲੈ ਸਕਦੇ ਹੋ।
ਦੁਪਹਿਰ ਅਤੇ ਰਾਤ ਦੇ ਸਮੇਂ ਵੀ ਤੁਸੀਂ ਇਕ ਕੱਪ ਹਰਬਲ ਚਾਹ ਬਿਨਾਂ ਦੁੱਧ ਵਾਲੀ, ਥੋੜ੍ਹਾ ਨਿੰਬੂ ਦਾ ਰਸ ਮਿਲਾ ਕੇ ਲੈ ਸਕਦੇ ਹੋ।
ਰਾਤ ਨੂੰ ਤਾਜ਼ੀਆਂ ਸਬਜ਼ੀਆਂ ਦਾ ਸੂਪ ਲੈ ਸਕਦੇ ਹੋ। ਕੋਸ਼ਿਸ਼ ਕਰੋ ਕਿ ਸੂਪ ਇਕ ਹੀ ਸਬਜ਼ੀ ਦਾ ਬਣਾਓ। ਉਸ ਵਿਚ ਪੁੰਗਰੀ ਦਾਲ ਦੀ ਮੁੱਠੀ ਜਾਂ ਮੂੰਗੀ ਸਾਬਤ, ਸਾਬਤ ਮਸਰਾਂ ਦੀ ਇਕ ਮੁੱਠੀ ਮਿਲਾ ਕੇ ਸੂਪ ਤਿਆਰ ਕਰਕੇ ਪੀਓ। ਦਾਲ ਪਾਉਣ ਨਾਲ ਸੂਪ ਕੁਝ ਸੰਘਣਾ ਹੋ ਜਾਵੇਗਾ। ਪੇਟ ਵੀ ਭਰੇਗਾ ਅਤੇ ਊਰਜਾ ਵੀ ਮਿਲੇਗੀ। ਸੂਪ ਵਿਚ ਹਲਕਾ ਨਮਕ, ਪੀਸੀ ਕਾਲੀ ਮਿਰਚ, ਭੁੰਨਿਆ ਜੀਰਾ ਮਿਲਾ ਕੇ ਉਸ ਦੇ ਸਵਾਦ ਨੂੰ ਵਧਾ ਸਕਦੇ ਹੋ।
ਸੂਪ ਨਾਲ ਤੁਹਾਨੂੰ ਵਿਟਾਮਿਨਜ਼ ਅਤੇ ਭਰਪੂਰ ਪੌਸ਼ਟਿਕ ਤੱਤ ਵੀ ਮਿਲਣਗੇ। ਇਹ ਖ਼ੁਰਾਕ ਤੁਸੀਂ ਹਫ਼ਤੇ ਵਿਚ ਇਕ ਦਿਨ ਜਾਂ 10 ਦਿਨ ਵਿਚ ਇਕ ਦਿਨ ਲਈ ਲੈ ਸਕਦੇ ਹੋ। ਇਸ ਨਾਲ ਪੇਟ ਦੀ ਐਸਿਡਿਟੀ ਤੋਂ ਛੁਟਕਾਰਾ ਮਿਲੇਗਾ, ਚਮੜੀ ਵਿਚ ਚਮਕ ਬਣੀ ਰਹੇਗੀ, ਚਮੜੀ ਦੀਆਂ ਝੁਰੜੀਆਂ ਅਤੇ ਕਿੱਲ-ਮੁਹਾਸੇ ਦੂਰ ਹੋਣਗੇ। ਫਲਾਂ ਵਿਚ ਚੀਕੂ, ਕੇਲਾ, ਅੰਬ ਤੋਂ ਪ੍ਰਹੇਜ਼ ਕਰੋ, ਕਿਉਂਕਿ ਇਨ੍ਹਾਂ ਫਲਾਂ ਵਿਚ ਵਾਧੂ ਕੈਲੋਰੀ ਮਿਲਦੀ ਹੈ।
**

ਫੰਗਲ ਇਨਫੈਕਸ਼ਨ : ਲੱਛਣ, ਕਾਰਨ, ਬਚਾਅ

ਫੰਗਲ ਇਨਫੈਕਸ਼ਨ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਕਵਚ ਸੰਕ੍ਰਮਣ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕਵਕ ਦੀ ਜ਼ਿਆਦਾ ਮਾਤਰਾ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਕਵਕ ਨਾਲ ਪ੍ਰਭਾਵਿਤ ਚਮੜੀ ਵਿਚ ਲਾਲ ਧੱਬੇ, ਦਾਦ, ਖੁਜਲੀ ਅਤੇ ਚਮੜੀ ਵਿਚ ਜ਼ਖਮ ਆਦਿ ਲੱਛਣ ਦਿਖਾਈ ਦੇਣ ਲਗਦੇ ਹਨ। ਇਹ ਕਵਕ ਹਵਾ, ਮਿੱਟੀ, ਪੌਦੇ ਅਤੇ ਪਾਣੀ ਕਿਸੇ ਵੀ ਜਗ੍ਹਾ ਵਿਕਸਿਤ ਹੋ ਸਕਦੇ ਹਨ।
ਲੱਛਣ : * ਚਮੜੀ ਵਿਚ ਪਪੜੀ ਨਿਕਲਣਾ, * ਸੰਕ੍ਰਮਿਤ ਖੇਤਰ ਵਿਚ ਖੁਜਲੀ ਜਾਂ ਜਲਣ ਹੋਣਾ, * ਸਫੈਦ ਦਾਗ ਆਉਣਾ ਅਤੇ ਬਹੁਤ ਜ਼ਿਆਦਾ ਖੁਜਲੀ ਹੋਣਾ, * ਚਮੜੀ ਰੁੱਖੀ ਹੋ ਜਾਣਾ ਅਤੇ ਦਰਾੜਾਂ ਪੈ ਜਾਣੀਆਂ।
ਕਾਰਨ : * ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਵੀ ਫੰਗਲ ਸੰਕ੍ਰਮਣ ਦਾ ਕਾਰਨ ਬਣਦੀ ਹੈ। * ਜ਼ਿਆਦਾਤਰ ਗਰਮ, ਨਮਕ ਵਾਤਾਵਰਨ ਅਤੇ ਨਾਮ ਤਵਚਾ ਖੇਤਰ ਇਸ ਸੰਕ੍ਰਮਣ ਦਾ ਪ੍ਰਮੁੱਖ ਕਾਰਨ ਹੈ। * ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਵੀ ਫੰਗਲ ਸੰਕ੍ਰਮਣ ਦਾ ਕਾਰਨ ਬਣਦੀਆਂ ਹਨ। * ਜੋ ਲੋਕ ਇਕ ਫੰਗਲ ਸੰਕ੍ਰਮਣ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹਨ, ਉਨ੍ਹਾਂ ਨੂੰ ਵੀ ਸੰਕ੍ਰਮਣ ਹੋ ਸਕਦਾ ਹੈ। * ਜ਼ਿਆਦਾ ਭਾਰ ਅਤੇ ਮੋਟਾਪਾ ਵੀ ਇਸ ਦਾ ਇਕ ਕਾਰਨ ਬਣ ਸਕਦਾ ਹੈ। * ਲੋਕਾਂ ਵਿਚ ਆਉਣ ਵਾਲਾ ਜ਼ਿਆਦਾ ਪਸੀਨਾ, ਕਵਕ ਵਾਧਾ ਨੂੰ ਬੜਾਵਾ ਦੇ ਸਕਦਾ ਹੈ। * ਖਾਨਦਾਨੀ ਕਾਰਕ ਜਾਂ ਫੰਗਲ ਸੰਕ੍ਰਮਣ ਦਾ ਪਰਿਵਾਰਕ ਇਤਿਹਾਸ ਵੀ ਇਸ ਸੰਕ੍ਰਮਣ ਦਾ ਪ੍ਰਮੁੱਖ ਕਾਰਨ ਹੈ।
ਫੰਗਲ ਇਨਫੈਕਸ਼ਨ ਤੋਂ ਬਚਾਅ : * ਸਰੀਰ ਦੀ ਚਮੜੀ ਨੂੰ ਸਾਫ਼ ਅਤੇ ਸੁੱਕਾ ਰੱਖੋ। * ਚੰਗੀ ਤਰ੍ਹਾਂ ਸੁੱਕੇ ਕੱਪੜਿਆਂ ਦੀ ਵਰਤੋਂ ਕਰੋ। * ਪੈਰ ਦੀਆਂ ਜੁਰਾਬਾਂ ਨੂੰ ਹਰ ਰੋਜ਼ ਧੋਵੋ ਅਤੇ ਸੁਕਾ ਕੇ ਰੱਖੋ ਅਤੇ ਫਿੱਟ ਜੁੱਤੀ ਦੀ ਵਰਤੋਂ ਕਰੋ। * ਰੋਜ਼ਾਨਾ ਦੇ ਕੰਮ-ਕਾਜ ਦੌਰਾਨ ਚੱਪਲ ਦੀ ਵਰਤੋਂ ਕਰੋ। ਬਾਥਰੂਮ ਅਤੇ ਸਰਬਜਨਕ ਇਸ਼ਨਾਨ ਵਾਲੀਆਂ ਥਾਵਾਂ 'ਤੇ ਨੰਗੇ ਪੈਰ ਨਾ ਜਾਓ। * ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਵਿਅਕਤੀਆਂ ਨੂੰ ਇਸ ਨੂੰ ਘੱਟ ਕਰਨ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਮੋਟਾਪਾ ਤੋਂ ਪੀੜਤ ਵਿਅਕਤੀਆਂ ਨੂੰ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ। * ਢਿੱਲੇ ਅਤੇ ਮੁਲਾਇਮ ਕੱਪੜੇ ਪਹਿਨੋ। * ਨਹਾਉਣ ਤੋਂ ਬਾਅਦ ਚਮੜੀ ਨੂੰ ਖੁਸ਼ਕ ਅਤੇ ਸਾਫ਼ ਰੱਖੋ ਅਤੇ ਨਿਯਮਿਤ ਰੂਪ ਨਾਲ ਮਾਇਸਚਰਾਈਜ਼ ਕਰੋ। ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
* ਦੂਜਿਆਂ ਦੀਆਂ ਚੀਜ਼ਾਂ ਨੂੰ ਵਰਤਣ ਤੋਂ ਬਚੋ, ਕਿਉਂਕਿ ਇਹ ਫੰਗਲ ਇਨਫੈਕਸ਼ਨ ਹੋਣ ਦਾ ਕਾਰਨ ਬਣ ਸਕਦਾ ਹੈ।
* ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖੋ।
ਜੇ ਤੁਹਾਡੀ ਚਮੜੀ ਸੰਕ੍ਰਮਣ ਹੈ ਤਾਂ ਸਬੰਧਿਤ ਖੇਤਰ ਨੂੰ ਸਾਫ਼ ਅਤੇ ਸ਼ੁੱਧ ਰੱਖਣ ਦੀ ਲੋੜ ਹੁੰਦੀ ਹੈ। ਇਹ ਫੰਗਲ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਅਤੇ ਕਾਬੂ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਹੋਰ ਘਰੇਲੂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਭਾਵਿਤ ਖੇਤਰ ਨੂੰ ਸਾਫ਼ ਪਾਣੀ ਅਤੇ ਜੀਵਾਣੂਰੋਧੀ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ।

ਜਦੋਂ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਵੇ...

ਸਰਦੀ ਦਾ ਮੌਸਮ ਆਉਣ ਵਾਲਾ ਹੈ। ਜ਼ਿਆਦਾ ਸਰਦੀ ਦੇ ਦਿਨਾਂ ਵਿਚ ਕਈ ਬਿਮਾਰੀਆਂ ਸਰੀਰ ਨੂੰ ਮੌਕਾ ਮਿਲਦੇ ਹੀ ਆਪਣੀ ਗ੍ਰਿਫ਼ਤ ਵਿਚ ਲੈ ਲੈਂਦੀਆਂ ਹਨ ਪਰ ਸਰਦੀ ਦੇ ਘੱਟ ਹੋਣ 'ਤੇ ਵੀ ਸਾਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਫਿਰ ਵੀ ਕਈ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਇਨ੍ਹਾਂ ਸਭ ਬਿਮਾਰੀਆਂ ਵਿਚੋਂ ਇਕ ਬਿਮਾਰੀ ਹੈ ਸਾਹ ਲੈਣ ਵਿਚ ਤਕਲੀਫ ਹੋਣਾ। ਸਾਨੂੰ ਜੇ ਆਪਣੇ ਜਾਂ ਬੱਚੇ ਲਈ ਕਦੇ ਵੀ ਮਹਿਸੂਸ ਹੋਵੇ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਸਾਨੂੰ ਤੁਰੰਤ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਲਾਪ੍ਰਵਾਹੀ ਵਰਤਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਕਈ ਵਾਰ ਸਾਹ ਲੈਣ ਵਿਚ ਤਕਲੀਫ ਉਨ੍ਹਾਂ ਲੋਕਾਂ ਨੂੰ ਵੀ ਹੁੰਦੀ ਹੈ, ਜਿਨ੍ਹਾਂ ਨੂੰ ਹਾਈਪਰਟੈਨਸ਼ਨ ਅਤੇ ਬ੍ਰੋਂਕਾਈਟਿਸ ਹੋਵੇ। ਦਮੇ ਦੇ ਰੋਗੀਆਂ ਨੂੰ ਤਾਂ ਇਹ ਸ਼ਿਕਾਇਤ ਕਾਫੀ ਹੁੰਦੀ ਹੈ। ਸਾਹ ਲੈਣ ਵਿਚ ਤਕਲੀਫ ਫਾਗ ਜਾਂ ਸਮਾਗ ਦੇ ਕਾਰਨ ਵੀ ਹੁੰਦੀ ਹੈ। ਅਕਸਰ ਫੇਫੜੇ ਸਰਦੀਆਂ ਵਿਚ ਸੁੰਗੜ ਜਾਂਦੇ ਹਨ। ਇਸ ਨਾਲ ਆਕਸੀਜਨ ਸਾਡੇ ਖੂਨ ਵਿਚ ਸਹੀ ਤਰ੍ਹਾਂ ਨਹੀਂ ਪਹੁੰਚਦੀ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਕਿਨ੍ਹਾਂ ਨੂੰ ਹੁੰਦੀ ਹੈ ਜ਼ਿਆਦਾ ਸਮੱਸਿਆ
* ਹਾਈਪਰਟੈਨਸ਼ਨ ਵਾਲੇ ਲੋਕਾਂ ਨੂੰ।
* ਜਿਨ੍ਹਾਂ ਲੋਕਾਂ ਦੀ ਛਾਤੀ ਵਿਚ ਲਗਾਤਾਰ ਇਨਫੈਕਸ਼ਨ ਰਹਿੰਦੀ ਹੋਵੇ।
* ਬ੍ਰੋਂਕਾਈਟਿਸ ਵਾਲੇ ਰੋਗੀਆਂ ਨੂੰ।
* ਜਾਂ ਫਿਰ ਜਿਨ੍ਹਾਂ ਨੂੰ ਦਮਾ ਹੋਵੇ।
ਇਸ ਦੇ ਲੱਛਣ ਕੀ ਹਨ
* ਖੰਘ ਦਾ ਲਗਾਤਾਰ ਆਈ ਜਾਣਾ।
* ਬਲਗਮ ਨਿਕਲਣੀ।
* ਛਾਤੀ ਵਿਚ ਜਕੜਣ ਹੋਣੀ।
* ਗਲੇ ਵਿਚ ਦਰਦ ਹੋਈ ਜਾਣੀ।
* ਤੇਜ਼ ਬੁਖਾਰ ਹੋਣਾ, ਸਰੀਰ ਦਰਦ ਅਤੇ ਸਿਰ ਵਿਚ ਦਰਦ ਹੋਣੀ।
* ਚਲਦੇ ਸਮੇਂ ਜਾਂ ਕੰਮ ਕਰਦੇ ਸਾਹ ਦਾ ਫੁੱਲਣਾ।
* ਕਿਸੇ ਵੀ ਬਿਮਾਰੀ ਦੇ ਲਗਾਤਾਰ ਬਣੇ ਰਹਿਣ ਨਾਲ ਅਤੇ ਉਸ ਦਾ ਸਹੀ ਇਲਾਜ ਨਾ ਕਰਨ ਨਾਲ ਵੀ ਸਾਹ ਫੁੱਲਦਾ ਹੈ।
ਬਚਾਅ
* ਵਿਅਕਤੀਗਤ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਕੁਝ ਦੇਰ ਬਾਅਦ ਆਪਣੇ ਹੱਥ-ਪੈਰ ਸਾਫ਼ ਪਾਣੀ ਨਾਲ ਧੋਂਦੇ ਰਹੋ। ਸਾਫ਼ ਰੁਮਾਲ ਜਾਂ ਤੌਲੀਏ ਦੀ ਵਰਤੋਂ ਕਰੋ।
* ਸੈਰ ਲਈ ਜਾਣ ਤੋਂ ਪਹਿਲਾਂ ਪਾਣੀ ਦਾ ਸੇਵਨ ਕਰੋ। ਜੇ ਬਾਹਰ ਠੰਢੀ ਹਵਾ ਹੈ ਜਾਂ ਸਰਦੀ ਹੈ ਤਾਂ ਸਿਰ, ਗਲਾ, ਕੰਨ ਢਕ ਕੇ ਜਾਓ।
* ਦਮਾ ਰੋਗੀਆਂ ਨੂੰ ਇਨਹੇਲਰ ਹਮੇਸ਼ਾ ਨਾਲ ਰੱਖਣਾ ਚਾਹੀਦਾ ਹੈ।
* ਬਾਹਰ ਨਿਕਲਣ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢਕ ਲਓ ਤਾਂ ਕਿ ਬਾਹਰੀ ਪ੍ਰਦੂਸ਼ਣ ਸਿੱਧਾ ਤੁਹਾਡੇ ਅੰਦਰ ਨਾ ਜਾ ਸਕੇ। ਜੇ ਪ੍ਰਦੂਸ਼ਣ ਦੇ ਕਣ ਤੁਹਾਡੇ ਸਾਹ ਨਾਲ ਅੰਦਰ ਚਲੇ ਜਾਣਗੇ ਤਾਂ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਜ਼ਿਆਦਾ ਹੋਵੇਗੀ।
* ਸਵੇਰੇ ਅਤੇ ਸ਼ਾਮ ਨੂੰ ਕੋਸੇ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰੋ।
* ਕੋਈ ਵੀ ਤੇਲੀ ਭੋਜਨ ਖਾਣ ਤੋਂ ਬਾਅਦ ਕੋਸਾ ਪਾਣੀ ਪੀਓ। ਇਸ ਨਾਲ ਗਲੇ ਵਿਚ ਤੇਲ ਦੇ ਤੱਤ ਪਿਸ਼ਾਬ ਜਾਂ ਬਲਗਮ ਨਾਲ ਬਾਹਰ ਨਿਕਲ ਜਾਣਗੇ।
* ਸਬਜ਼ੀਆਂ ਦਾ ਸੂਪ ਪੀਓ। ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੂਪ ਪੀਓ। ਤਾਜ਼ੇ ਫਲ ਅਤੇ ਸਬਜ਼ੀਆਂ ਖਾਓ। ਵਿਟਾਮਿਨ 'ਸੀ' ਦਾ ਸੇਵਨ ਭਰਪੂਰ ਮਾਤਰਾ ਵਿਚ ਕਰੋ, ਜਿਸ ਨਾਲ ਸਰੀਰ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਬਣੀ ਰਹੇ।
* ਦਮਾ ਅਤੇ ਬ੍ਰੋਂਕਾਈਟਿਸ ਵਾਲੇ ਰੋਗੀ ਸਵੇਰੇ ਧੁੱਪ ਨਿਕਲਣ ਤੋਂ ਬਾਅਦ ਬਾਹਰ ਨਿਕਲਣ।
* ਪਾਣੀ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਜ਼ਹਿਰੀਲੇ ਤੱਤ ਪਿਸ਼ਾਬ ਨਾਲ ਬਾਹਰ ਨਿਕਲ ਜਾਣ। ਹੋ ਸਕੇ ਤਾਂ ਸਰਦੀਆਂ ਵਿਚ ਪਾਣੀ ਕੋਸਾ ਪੀਓ।
* ਸਵੇਰੇ ਪਹਿਲੀ ਚਾਹ ਤੁਲਸੀ, ਅਦਰਕ ਵਾਲੀ ਪੀਓ, ਜ਼ਿਆਦਾ ਤਬੀਅਤ ਖਰਾਬ ਹੋਣ 'ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।

ਤੰਦਰੁਸਤ ਅਤੇ ਜਵਾਨ ਰਹਿਣ ਲਈ ਦੌੜ ਲਗਾਓ

ਦੌੜਨਾ ਕਸਰਤ ਦੇ ਸਭ ਤੋਂ ਸੌਖੇ ਰੂਪਾਂ ਵਿਚੋਂ ਇਕ ਹੈ, ਕਿਉਂਕਿ ਇਹ ਨਾ ਸਿਰਫ ਤੁਹਾਡੇ ਵਾਧੂ ਭਾਰ ਨੂੰ ਘੱਟ ਕਰਦਾ ਹੈ, ਸਗੋਂ ਤੰਦਰੁਸਤ ਵੀ ਬਣਾਉਂਦਾ ਹੈ। ਫਿਰ ਚਲੋ ਜਾਣਦੇ ਹਾਂ ਰੋਜ਼ਾਨਾ ਦੌੜਨ ਨਾਲ ਸਰੀਰ ਨੂੰ ਹੋਣ ਵਾਲੇ ਹੋਰ ਫਾਇਦਿਆਂ ਬਾਰੇ-
ਤਣਾਅਮੁਕਤ ਕਰਦਾ ਹੈ : ਰੋਜ਼ ਦੀ ਦੌੜ ਪੂਰੇ ਸਰੀਰ ਲਈ ਟਾਨਿਕ ਵਾਂਗ ਹੁੰਦੀ ਹੈ, ਕਿਉਂਕਿ ਦੌੜਨ ਨਾਲ ਸਰੀਰ ਵਿਚੋਂ ਇੰਡਾਫਰਿਨ ਨਾਮਕ ਰਸਾਇਣ ਭਾਵ ਫੀਲਗੁਡ ਰਸਾਇਣ ਦਾ ਰਸਾਅ ਹੁੰਦਾ ਹੈ ਅਤੇ ਅਸੀਂ ਤਣਾਅਮੁਕਤ ਰਹਿੰਦੇ ਹਾਂ।
ਦਿਲ ਤੰਦਰੁਸਤ ਰਹਿੰਦਾ ਹੈ : ਅਨੇਕ ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੌੜਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਦਿਲ ਦਾ ਦੌਰਾ ਅਤੇ ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ।
ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ : ਆਯੁਰਵੈਦ ਦੀ ਮੰਨੀਏ ਤਾਂ ਦੌੜਨ ਨਾਲ ਪੈਰਾਂ ਦੀਆਂ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਪੈਰਾਂ ਦੀਆਂ ਹੱਡੀਆਂ ਵਿਚ ਹੀ ਸਰੀਰ ਲਈ ਸਭ ਤੋਂ ਜ਼ਿਆਦਾ ਮਾਤਰਾ ਵਿਚ ਖੂਨ ਦਾ ਨਿਰਮਾਣ ਹੁੰਦਾ ਹੈ, ਨਤੀਜੇ ਵਜੋਂ ਪੈਰਾਂ ਅਤੇ ਜਾਂਘਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਫੇਫੜੇ ਤੰਦਰੁਸਤ ਰਹਿੰਦੇ ਹਨ : ਡਾਕਟਰਾਂ ਅਨੁਸਾਰ ਦੌੜਨ ਨਾਲ ਦਿਲ ਦੀਆਂ ਧਮਨੀਆਂ ਵਧਦੀਆਂ ਹਨ, ਜਿਸ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ। ਇਹੀ ਨਹੀਂ, ਇਸ ਨਾਲ ਸਾਹ ਪ੍ਰਕਿਰਿਆ ਵਿਚ ਵੀ ਸੁਧਾਰ ਹੁੰਦਾ ਹੈ।
ਸ਼ੂਗਰ ਦਾ ਨਾਸ਼ ਕਰਦਾ ਹੈ : ਜੇ ਤੁਸੀਂ ਆਪਣੇ ਸਰੀਰ ਵਿਚੋਂ ਸ਼ੂਗਰ ਵਰਗੇ ਰੋਗਾਂ ਦਾ ਨਾਸ਼ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ 5 ਮਿੰਟ ਦੌੜੋ, ਕਿਉਂਕਿ ਇਸ ਨਾਲ ਇੰਸੁਲਿਨ ਬਣਨ ਦੀ ਪ੍ਰਕਿਰਿਆ ਵਿਚ ਸੁਧਾਰ ਹੁੰਦਾ ਹੈ ਅਤੇ ਸਰੀਰ ਵਿਚ ਖੂਨ ਸ਼ੂਗਰ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ।
ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ : ਦੌੜਨ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਅਸੀਂ ਛੋਟੇ-ਮੋਟੇ ਰੋਗਾਂ ਦੀ ਗ੍ਰਿਫ਼ਤ ਵਿਚ ਨਹੀਂ ਆਉਂਦੇ।

ਹੋਮਿਓਪੈਥੀ ਦੇ ਝਰੋਖੇ 'ਚੋਂ

ਦਿਲ ਦੇ ਰੋਗ ਅਤੇ ਬਚਾਅ

ਦਿਲ ਦੇ ਰੋਗਾਂ ਤੋਂ ਬਚਣ ਲਈ ਅਨੇਕਾਂ ਹੀ ਖੋਜਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਤਜਰਬੇ ਬਾਂਦਰਾਂ ਉੱਪਰ ਕੀਤੇ ਗਏ ਹਨ। ਬਾਂਦਰਾਂ ਦੀ ਖੁਰਾਕ ਆਮ ਤੌਰ 'ਤੇ ਹਲਕੀ-ਫੁਲਕੀ ਹੁੰਦੀ ਹੈ, ਜਿਸ ਵਿਚ ਫਲ, ਨਟਸ, ਬੈਰੀਜ਼ ਅਤੇ ਗਰੇਨਜ਼ ਆਦਿ ਸ਼ਾਮਿਲ ਹਨ। ਪਰ ਮਾਹਿਰ ਡਾਕਟਰਾਂ ਦੀ ਟੀਮ ਦੀ ਅਗਵਾਈ ਵਿਚ ਬਾਂਦਰਾਂ ਨੂੰ ਅਜਿਹਾ ਖਾਣਾ ਖਾਣ ਲਈ ਮਜਬੂਰ ਕੀਤਾ ਗਿਆ, ਜੋ ਬਹੁਤ ਸਾਰੇ ਅਮਰੀਕਨਾਂ ਦੀ ਰੋਜ਼ਾਨਾ ਖੁਰਾਕ ਵਿਚ ਹੁੰਦਾ ਹੈ। ਡਾਕਟਰਾਂ ਨੇ ਇਹ ਪਾਇਆ ਕਿ ਬਾਂਦਰਾਂ ਵਿਚ ਹੋਣ ਵਾਲੀ ਕੋਰਨਰੀ ਹਾਰਟ ਡੀਜੀਜ਼ ਬਿਲਕੁਲ ਉਹੋ ਜਿਹੀ ਸੀ, ਜਿਹੋ ਜਿਹੀ ਇਨਸਾਨਾਂ ਵਿਚ ਪਾਈ ਜਾਂਦੀ ਹੈ।
ਹਾਂ, ਕੁਝ ਮਹੀਨਿਆਂ ਵਿਚ ਉਨ੍ਹਾਂ ਦੀਆਂ ਨਾੜੀਆਂ ਦੀ ਰੁਕਾਵਟ ਪਿਘਲ ਗਈ ਅਤੇ ਉਹ ਕੋਰੋਨਰੀ ਹਾਰਟ ਡੀਜ਼ੀਜ਼ ਦੇ ਖ਼ਤਰੇ 'ਚੋਂ ਬਾਹਰ ਨਿਕਲ ਗਏ। ਇਸ ਲਈ ਦਿਲ ਦੇ ਰੋਗਾਂ ਤੋਂ ਬਚਣ ਲਈ ਪਹਿਲੇ ਨੰਬਰ 'ਤੇ ਜ਼ਰੂਰੀ ਹੈ ਕਿ ਕੋਲੈਸਟ੍ਰੋਲ ਪੱਧਰ 160 ਤੋਂ 180 ਐਮ. ਜੀ.% ਤੱਕ ਹੋਣਾ ਚਾਹੀਦਾ ਹੈ। ਜੇ ਇਹ ਉਪਰਲੇ ਪੱਧਰ 'ਤੇ ਪਹੁੰਚੇਗਾ ਤਾਂ ਥੋੜ੍ਹਾ ਜਿਹਾ ਵੱਧ ਖਾਣ 'ਤੇ ਵੀ ਵਿਅਕਤੀ ਦੀ ਚੁਸਤੀ ਘਟ ਜਾਂਦੀ ਹੈ ਤੇ ਉਹ ਭਾਰਾਪਨ ਮਹਿਸੂਸ ਕਰਦਾ ਹੈ। ਇਸ ਲਈ ਜੇ ਕੋਲੈਸਟ੍ਰੋਲ ਘੱਟ ਹੋਵੇਗਾ ਤਾਂ ਕਦੇ-ਕਦੇ ਭਾਰਾ ਖਾਣਾ ਜਾਂ ਹੈਵੀ ਫੂਡ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। ਦੂਜੇ ਨੰਬਰ 'ਤੇ ਆਉਂਦਾ ਹੈ ਖੂਨ ਦਾ ਦਬਾਅ, ਜਿਸ ਨੂੰ ਉਮਰ ਦੇ ਹਿਸਾਬ ਨਾਲ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਮਨੁੱਖ ਦਾ ਸਟੈਂਡਰਡ ਬਲੱਡ ਪ੍ਰੈਸ਼ਰ ਲੈਵਲ 130-80 ਹੁੰਦਾ ਹੈ। ਤੀਜੇ ਨੰਬਰ 'ਤੇ ਸ਼ੂਗਰ ਹੈ, ਜਿਸ ਦੇ ਵਧਣ ਨਾਲ ਵੀ ਕੋਰੋਨਰੀ ਆਰਟਰੀਜ ਵਿਚ ਰੁਕਾਵਟ ਵਧਣ ਦਾ ਖ਼ਤਰਾ ਪੈਦਾ ਹੁੰਦਾ ਹੈ, ਦਿਲ ਨੂੰ ਖੂਨ ਦੀ ਪੂਰਤੀ ਘਟ ਜਾਂਦੀ ਹੈ। ਸ਼ੂਗਰ ਘਟਣ ਨਾਲ ਵੀ ਦਿਲ ਫੇਲ੍ਹ ਹੋਣ ਦੇ ਖ਼ਤਰੇ ਵਧ ਜਾਂਦੇ ਹਨ। ਇਸ ਲਈ ਸ਼ੂਗਰ ਨਾ ਵਧਣੀ ਚਾਹੀਦੀ ਹੈ, ਨਾ ਘਟਣੀ ਚਾਹੀਦੀ ਹੈ। ਅਲਾਮਤਾਂ ਦੇ ਆਧਾਰ 'ਤੇ ਦਿੱਤੀਆਂ ਹੋਮਿਓਪੈਥਿਕ ਦਵਾਈਆਂ ਰੋਗੀ ਦੀ ਸ਼ੂਗਰ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਫਿਰ ਵੀ ਜੇਕਰ ਘੁਟਣ ਮਹਿਸੂਸ ਹੁੰਦੀ ਹੈ, ਥੋੜ੍ਹਾ ਜਿਹਾ ਤੁਰਨ ਨਾਲ ਸਾਹ ਚੜ੍ਹਦਾ ਹੈ, ਪੌੜੀ ਚੜ੍ਹਨ ਨਾਲ ਸਾਹ ਚੜ੍ਹਦਾ ਹੈ, ਖੱਬੀ ਲੱਤ ਜਾਂ ਬਾਂਹ ਵਿਚ ਦਰਦ ਹੁੰਦੀ ਹੈ, ਝੁਕਣ ਨਾਲ ਤਕਲੀਫ, ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ। ਹੋਮਿਓਪੈਥਿਕ ਦਵਾਈਆਂ ਦਿਲ ਦੀ ਸਮਰੱਥਾ ਐਲ. ਵੀ. ਈ. ਐਫ. ਨੂੰ ਵਧਾਉਂਦੀਆਂ ਹਨ। ਹੋਮਿਓਪੈਥਿਕ ਦਵਾਈਆਂ ਦਿਲ ਦੀਆਂ ਨਾੜੀਆਂ ਵਿਚ ਆਈ ਰੁਕਾਵਟ ਨੂੰ ਦੂਰ ਕਰਕੇ ਮਰੀਜ਼ ਨੂੰ ਬਾਈਪਾਸ ਸਰਜਰੀ ਅਤੇ ਇਸ 'ਤੇ ਆਉਣ ਵਾਲੇ ਖਰਚ ਅਤੇ ਪ੍ਰੇਸ਼ਾਨੀਆਂ ਤੋਂ ਬਚਾਉਂਦੀ ਹੈ। ਹੋਮਿਓਪੈਥਿਕ ਦਵਾਈਆਂ ਦਿਲ ਦੀਆਂ ਸ਼ਿਰਾਵਾਂ ਦੀ ਖ਼ਤਮ ਹੋ ਚੁੱਕੀ ਲੱਚਕ ਤੇ ਨਰਮੀ ਨੂੰ ਮੁੜ ਬਰਕਰਾਰ ਕਰਦੀਆਂ ਹਨ।


-323/16, ਕ੍ਰਿਸ਼ਨਾ ਨਗਰ, ਜਲੰਧਰ।

ਬਹੁਤ ਲਾਭ ਹਨ ਫਲਾਂ ਅਤੇ ਸਬਜ਼ੀਆਂ ਦੇ

* ਸੰਤਰਾ ਅਤੇ ਮੌਸੰਮੀ ਦਾ ਰਸ ਹਰ ਰੋਜ਼ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ।
* ਸਵੇਰ ਦੇ ਸਮੇਂ ਸੇਬ ਖਾਣਾ ਲਾਭਦਾਇਕ ਹੁੰਦਾ ਹੈ।
* ਕੇਲੇ ਦਾ ਸੇਵਨ ਦੁੱਧ ਨਾਲ ਕਰੋ, ਜ਼ਿਆਦਾ ਲਾਭ ਹੋਵੇਗਾ।
* ਜਾੜਾਂ ਵਿਚ ਗੁੜ ਅਤੇ ਤਿਲ ਦੀ ਗੱਚਕ ਖਾਣ ਨਾਲ ਸਰੀਰ ਨਿਰੋਗ ਰਹਿੰਦਾ ਹੈ।
* ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਸਿਹਤ ਲਈ ਚੰਗਾ ਹੁੰਦਾ ਹੈ।
* ਫਲ ਚੀਰਦੇ ਸਮੇਂ ਸਟੀਲ ਦੇ ਚਾਕੂ ਦੀ ਵਰਤੋਂ ਕਰੋ।
* ਟਮਾਟਰ ਨੂੰ ਭੋਜਨ ਨਾਲ ਸਲਾਦ ਵਜੋਂ ਲੈਣ ਨਾਲ ਭੋਜਨ ਪ੍ਰਤੀ ਅਰੁਚੀ ਦੂਰ ਹੁੰਦੀ ਹੈ।
* ਪੱਤਾਗੋਭੀ ਕਬਜ਼ ਦੂਰ ਕਰਦੀ ਹੈ। ਇਸ ਵਿਚ ਵਿਟਾਮਿਨ 'ਏ', 'ਬੀ', 'ਸੀ' ਪਾਇਆ ਜਾਂਦਾ ਹੈ।
* ਕੱਚੀ ਫੁੱਲਗੋਭੀ ਦਾ ਸੇਵਨ ਕਰਨ ਨਾਲ ਕਬਜ਼ ਦੂਰ ਹੁੰਦੀ ਹੈ। ਵਾਯੂ ਵਾਲੇ ਰੋਗੀਆਂ ਨੂੰ ਫੁੱਲਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
* ਮੂੰਹ ਵਿਚ ਛਾਲੇ ਹੋਣ 'ਤੇ ਹਰਾ ਧਨੀਆ ਚਬਾਉਣ ਜਾਂ ਉਸ ਦਾ ਰਸ ਛਾਲਿਆਂ 'ਤੇ ਲਗਾਉਣ ਨਾਲ ਛਾਲੇ ਠੀਕ ਹੋ ਜਾਂਦੇ ਹਨ।
* ਨਾਰੀਅਲ ਦਾ ਪਾਣੀ ਠੰਢਾ ਅਤੇ ਦਿਲ ਲਈ ਲਾਭਦਾਇਕ ਹੁੰਦਾ ਹੈ।
* ਖੂਨ ਦੀ ਕਮੀ ਵਾਲੇ ਰੋਗੀਆਂ ਨੂੰ ਸਿੰਘਾੜੇ ਦੇ ਫਲ ਦਾ ਸੇਵਨ ਖੂਬ ਕਰਨਾ ਚਾਹੀਦਾ ਹੈ।
* ਫਲਾਂ ਦਾ ਸੇਵਨ ਮਸਾਲਿਆਂ ਦੇ ਨਾਲ ਨਾ ਕਰੋ।

ਸਿਰਦਰਦ ਕੋਈ ਮਾਮੂਲੀ ਮਰਜ਼ ਨਹੀਂ

ਸਿਰਦਰਦ ਰੋਗ ਕਈ ਕਾਰਨਾਂ ਨਾਲ ਹੁੰਦਾ ਹੈ ਜਿਵੇਂ ਕਬਜ਼, ਉੱਚ ਖੂਨ ਦਬਾਅ, ਅੱਖਾਂ ਦੀ ਨਿਗ੍ਹਾ ਦਾ ਕਮਜ਼ੋਰ ਹੋਣਾ, ਨੀਂਦ ਪੂਰੀ ਨਾ ਹੋਣਾ, ਠੰਢ ਜਾਂ ਗਰਮੀ ਦਾ ਕਹਿਰ ਆਦਿ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਸਿਰ ਵਿਚ ਦਰਦ ਹੋਣ ਲਗਦੀ ਹੈ।
ਕਬਜ਼ : ਕਬਜ਼ ਅੱਜਕਲ੍ਹ ਲੋਕਾਂ ਦੀ ਮੁੱਖ ਸਮੱਸਿਆ ਹੈ। ਕਬਜ਼ ਦੇ ਕਾਰਨ ਗੈਸ ਬਣਦੀ ਹੈ ਅਤੇ ਇਸ ਦਾ ਦਬਾਅ ਸਿਰ ਤੱਕ ਪਹੁੰਚਦਾ ਹੈ, ਜਿਸ ਕਾਰਨ ਸਿਰ ਵਿਚ ਦਰਦ ਹੋਣ ਲਗਦੀ ਹੈ। ਕਬਜ਼ ਤੋਂ ਬਚਣ ਲਈ ਰੇਸ਼ੇਦਾਰ, ਪਚਣਯੋਗ ਭੋਜਨ ਕਰੋ। ਸਵੇਰੇ ਨਾਸ਼ਤੇ ਵਿਚ ਨਿੰਬੂ ਦਾ ਰਸ ਲਓ। ਦਿਨ ਵਿਚ 2-3 ਵਾਰ 20-20 ਗ੍ਰਾਮ ਗੁਲਕੰਦ ਲਓ। ਰਾਤ ਨੂੰ ਸੌਣ ਲੱਗੇ ਦੋ ਚਮਚ ਈਸਬਗੋਲ ਦੀ ਭੁੱਕੀ ਕੋਸੇ ਪਾਣੀ ਜਾਂ ਦੁੱਧ ਵਿਚ ਲਓ। ਇਸ ਨਾਲ ਸਵੇਰੇ ਪਖਾਨਾ ਖੁੱਲ੍ਹ ਕੇ ਆਵੇਗਾ। ਪੇਟ ਸਾਫ਼ ਹੋ ਜਾਣ ਨਾਲ ਸਿਰਦਰਦ ਦੂਰ ਹੋ ਜਾਵੇਗੀ।
ਉੱਚ ਖੂਨ ਦਬਾਅ : ਇਸ ਰੋਗ ਵਿਚ ਖੂਨ ਦਾ ਦਬਾਅ ਸਿਰ ਦੇ ਸਨਾਯੂਆਂ 'ਤੇ ਪੈਂਦਾ ਹੈ, ਜਿਸ ਕਰਕੇ ਸਿਰਦਰਦ ਹੋਣ ਲਗਦਾ ਹੈ। ਖੂਨ ਦੇ ਦਬਾਅ ਨੂੰ ਠੀਕ ਰੱਖਣ ਲਈ ਆਪਣੇ ਖਾਣ-ਪੀਣ ਦਾ ਧਿਆਨ ਰੱਖੋ। ਕਿਸੇ ਮਾਹਿਰ ਡਾਕਟਰ ਦੀ ਸਲਾਹ ਲਓ ਅਤੇ ਉਸ ਦੀਆਂ ਹਦਾਇਤਾਂ ਦਾ ਪਾਲਣ ਕਰੋ। ਇਸ ਨਾਲ ਖੂਨ ਦਾ ਦਬਾਅ ਠੀਕ ਰਹੇਗਾ ਅਤੇ ਸਿਰਦਰਦ ਨਹੀਂ ਹੋਵੇਗਾ।
ਨਜ਼ਰ ਕਮਜ਼ੋਰ ਹੋਣਾ : ਨਜ਼ਰ ਕਮਜ਼ੋਰ ਹੋਣ 'ਤੇ ਬਿਨਾਂ ਚਸ਼ਮੇ ਦੇ ਪੜ੍ਹਨ ਜਾਂ ਬਰੀਕ ਕੰਮ ਕਰਨ ਨਾਲ ਅੱਖਾਂ ਦੀਆਂ ਪੇਸ਼ੀਆਂ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਅੱਖਾਂ ਅਤੇ ਸਿਰ ਵਿਚ ਦਰਦ ਹੋਣ ਲਗਦੀ ਹੈ। ਅੱਖਾਂ ਹੋਰ ਜ਼ਿਆਦਾ ਕਮਜ਼ੋਰ ਨਾ ਹੋਣ, ਇਸ ਵਾਸਤੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਐਨਕ ਦੀ ਲੋੜ ਹੋਣ 'ਤੇ ਐਨਕ ਜ਼ਰੂਰ ਪਹਿਨੋ। ਦੁੱਧ, ਤਾਜ਼ੇ ਫਲ, ਹਰੀਆਂ ਸਬਜ਼ੀਆਂ ਆਦਿ ਭਰਪੂਰ ਮਾਤਰਾ ਵਿਚ ਲਓ। ਮੂਲੀ, ਗਾਜਰ, ਚੌਲਾਈ, ਪਾਲਕ, ਬੰਦਗੋਭੀ ਆਦਿ ਕੁਝ ਜ਼ਿਆਦਾ ਲਓ।
ਨੀਂਦ ਪੂਰੀ ਨਾ ਹੋਣਾ : ਨੀਂਦ ਪੂਰੀ ਨਾ ਹੋਣ ਨਾਲ ਸਿਰ ਦੇ ਸਨਾਯੂਆਂ ਨੂੰ ਪੂਰੀ ਤਰ੍ਹਾਂ ਆਰਾਮ ਨਹੀਂ ਮਿਲਦਾ, ਜਿਸ ਕਾਰਨ ਸਿਰਦਰਦ ਹੋਣ ਲਗਦੀ ਹੈ। ਦੇਰ ਰਾਤ ਤੱਕ ਜਾਗਣ ਜਾਂ ਕਿਸੇ ਕੰਮ ਵਿਚ ਰੁੱਝੇ ਰਹਿਣ ਜਾਂ ਉਨੀਂਦਰਾ ਰੋਗ ਕਾਰਨ ਸਿਰ ਵਿਚ ਦਰਦ ਹੋਣ ਲਗਦੀ ਹੈ। ਸਿਰਦਰਦ ਤੋਂ ਬਚਣ ਲਈ ਰਾਤ ਨੂੰ ਛੇਤੀ ਸੌਣ ਅਤੇ ਸਵੇਰੇ ਛੇਤੀ ਉੱਠਣ ਦਾ ਨਿਯਮ ਬਣਾ ਲਓ। ਗਰਮੀ ਰੁੱਤ ਤੋਂ ਇਲਾਵਾ ਹੋਰ ਰੁੱਤਾਂ ਵਿਚ ਦਿਨ ਨੂੰ ਨਾ ਸੌਵੋਂ। ਜੇ ਤੁਸੀਂ ਕਿਸੇ ਕਾਰਨ ਰਾਤ ਨੂੰ ਨਾ ਸੌਂ ਸਕੋ ਤਾਂ ਦਿਨ ਨੂੰ ਸੌਂ ਕੇ ਨੀਂਦ ਪੂਰੀ ਕਰ ਲਓ। ਜੇ ਤੁਸੀਂ ਉਨੀਂਦਰਾ ਰੋਗ ਤੋਂ ਪੀੜਤ ਹੋ ਤਾਂ ਖਾਣ-ਪੀਣ ਵਿਚ ਸੁਧਾਰ ਕਰੋ ਅਤੇ ਸੌਣ ਦੇ ਸਮੇਂ ਬਿਲਕੁਲ ਚਿੰਤਾਮੁਕਤ ਹੋ ਕੇ ਸੌਣ ਦੀ ਕੋਸ਼ਿਸ਼ ਕਰੋ। ਅਣਉਚਿਤ ਆਹਾਰ-ਵਿਹਾਰ ਨਾਲ ਰੋਗ ਪੈਦਾ ਹੁੰਦੇ ਹਨ, ਇਸ ਲਈ ਇਨ੍ਹਾਂ ਤੋਂ ਬਚੋ। ਉਪਰੋਕਤ ਉਪਾਵਾਂ ਵਿਚ ਜੋ ਤੁਹਾਡੇ ਅਨੁਕੂਲ ਅਤੇ ਜ਼ਰੂਰੀ ਹੋਵੇ, ਉਨ੍ਹਾਂ ਨੂੰ ਅਮਲ ਵਿਚ ਲਿਆਓ। ਆਹਾਰ-ਵਿਹਾਰ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ ਤਾਂ ਸਰੀਰ ਰੋਗੀ ਨਹੀਂ ਹੋਵੇਗਾ। ਦਵਾਈਆਂ ਖਾ ਕੇ ਰੋਗ ਨੂੰ ਨਾ ਦਬਾਓ, ਸਗੋਂ ਬਿਨਾਂ ਦਵਾਈ ਖਾਧੇ, ਰੋਗ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਤਿਆਗ ਕੇ ਰੋਗਮੁਕਤ ਰਹੋ। ਜੇ ਅਜਿਹਾ ਕਰਨ 'ਤੇ ਵੀ ਰੋਗ ਦੂਰ ਨਹੀਂ ਹੁੰਦਾ ਤਾਂ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਉਸ ਦੀਆਂ ਹਦਾਇਤਾਂ ਅਨੁਸਾਰ ਦਵਾਈ ਦਾ ਸੇਵਨ ਕਰੋ।

ਸਿਹਤ ਖ਼ਬਰਨਾਮਾ

ਲੰਬੀ ਉਮਰ ਬਿਤਾਉਂਦਾ ਹੈ ਸ਼ਾਕਾਹਾਰੀ ਭੋਜਨ

ਪਟਨਾ ਮੈਡੀਕਲ ਕਾਲਜ ਵਿਚ ਆਯੋਜਿਤ ਦੋ ਦਿਨਾ ਸੈਮੀਨਾਰ ਵਿਚ ਮਾਹਿਰਾਂ ਨੇ ਕਿਹਾ ਕਿ ਲੋਕਾਂ ਨੂੰ ਲੰਬੀ ਪਾਰੀ ਲਈ ਸ਼ਾਕਾਹਾਰੀ ਭੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਜਟਿਲ ਜੀਵਨ ਸ਼ੈਲੀ ਅਤੇ ਤਣਾਅ ਦੇ ਕਾਰਨ 'ਫ੍ਰੀ ਰੈਡੀਕਲਸ' ਦਾ ਸਿਰਜਣ ਹੁੰਦਾ ਹੈ ਜੋ ਸਰੀਰ ਉੱਪਰ ਬੁਢਾਪਾ ਅਤੇ ਮੌਤ ਦਾ ਪ੍ਰਭਾਵ ਪਾਉਂਦਾ ਹੈ। ਖੋਜਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਦੱਸਿਆ ਕਿ ਸ਼ਾਕਾਹਾਰੀ ਭੋਜਨ ਨਾਲ ਇਨ੍ਹਾਂ ਤੱਤਾਂ ਵਿਚ ਕਮੀ ਆਉਂਦੀ ਹੈ। ਨਿਯਮਤ ਕਸਰਤ ਅਤੇ ਤਣਾਅ ਰਹਿਤ ਅਧਿਆਤਮਕ ਮਾਨਸਿਕਤਾ ਨਾਲ ਲੰਮੀ ਉਮਰ ਜਿਉਣ ਦੀ ਸੰਭਾਵਨਾ ਵਧਦੀ ਹੈ।
ਪੇਟ ਦੀ ਗੈਸ ਦਾ ਦਿਲ 'ਤੇ ਦਬਾਅ
ਪੇਟ ਦੀ ਗੈਸ ਦਾ ਦਬਾਅ ਉੱਪਰ ਵੱਲ ਜਾਣ ਨਾਲ ਦਿਲ 'ਤੇ ਪ੍ਰਭਾਵ ਪੈਂਦਾ ਹੈ। ਧੜਕਣ ਵਧ ਜਾਂਦੀ ਹੈ। ਇਹ ਗੈਸ ਅਨਿਯਮਤ ਖਾਣ-ਪੀਣ, ਭੁੱਖ ਤੋਂ ਜ਼ਿਆਦਾ ਖਾਣ, ਤਲੀਆਂ ਚੀਜ਼ਾਂ ਦੇ ਜ਼ਿਆਦਾ ਸੇਵਨ ਨਾਲ ਬਣਦੀ ਹੈ। ਇਸ ਗੈਸ ਦਾ ਦਬਾਅ ਪੇਟ ਦੇ ਉੱਪਰਲੇ ਭਾਗ 'ਤੇ ਜਾਣ 'ਤੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਸ ਨਾਲ ਪੀੜਤ ਵਿਅਕਤੀ ਘਬਰਾਹਟ, ਬੇਚੈਨੀ ਅਤੇ ਦਰਦ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ।
ਚੂਰਨ, ਦਵਾਈ ਆਦਿ ਨਾਲ ਅਸੀਂ ਇਸ ਨੂੰ ਦਬਾਉਣ ਵਿਚ ਸਫਲ ਹੋ ਜਾਂਦੇ ਹਾਂ ਪਰ ਮੂਲ ਕਾਰਨ ਦੇ ਪ੍ਰਤੀ ਅਸੀਂ ਧਿਆਨ ਨਹੀਂ ਦਿੰਦੇ, ਜਦੋਂ ਕਿ ਰੇਸ਼ੇਦਾਰ ਭੋਜਨ, ਸਲਾਦ ਅਤੇ ਮੋਟੇ ਆਟੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਪੀੜਤ ਵਿਅਕਤੀ ਮੂਲ ਕਾਰਨ ਨੂੰ ਹੀ ਹੋਣ ਤੋਂ ਰੋਕ ਸਕਦਾ ਹੈ। ਭੁੱਖ ਲੱਗਣ 'ਤੇ ਚਬਾ-ਚਬਾ ਕੇ ਖਾਣ ਅਤੇ ਸਵੇਰ ਦੀ ਸੈਰ ਨਾਲ ਵੀ ਇਹ ਲਾਭ ਮਿਲਦਾ ਹੈ, ਜੋ ਜ਼ਿਆਦਾ ਕਾਰਗਰ ਹੁੰਦਾ ਹੈ।
ਯਾਦਾਸ਼ਤ ਵਧਾਉਂਦੀ ਹੈ ਚੰਗੀ ਨੀਂਦ

ਬ੍ਰਿਟੇਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਅਨੁਸਾਰ ਚੰਗੀ ਅਤੇ ਸ਼ਾਂਤੀਪੂਰਨ ਨੀਂਦ ਲੈਣ ਨਾਲ ਯਾਦਾਸ਼ਤ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਯਾਦਾਸ਼ਤ ਦੀ ਸਮਰੱਥਾ ਨੂੰ ਬਣਾਈ ਰੱਖਣ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਖੋਜਕਰਤਾਵਾਂ ਅਨੁਸਾਰ ਚੰਗੀ ਨੀਂਦ ਨਾਲ ਸਾਡੀਆਂ ਮਾਸਪੇਸ਼ੀਆਂ ਵਿਚ ਦੁਬਾਰਾ ਊਰਜਾ ਦਾ ਸੰਚਾਰ ਹੋਣ ਲਗਦਾ ਹੈ, ਨਾਲ ਹੀ ਉਸ ਦਾ ਅਸਰ ਸਾਡੇ ਦਿਮਾਗ ਦੀਆਂ ਕਿਰਿਆਵਾਂ 'ਤੇ ਵੀ ਪੈਂਦਾ ਹੈ। ਇਸ ਨਾਲ ਦਿਮਾਗ ਦੀ ਯਾਦਾਸ਼ਤ ਬਣਾਉਣ ਵਾਲੀਆਂ ਪ੍ਰਕਿਰਿਆਵਾਂ ਵਿਚ ਵਾਧਾ ਹੁੰਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX