ਤਾਜਾ ਖ਼ਬਰਾਂ


ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  9 minutes ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  30 minutes ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  55 minutes ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 1 hour ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 1 hour ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 2 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਬੇਬੇ

ਹਰਮਨ ਆਪਣੀ ਬੇਬੇ ਨੂੰ ਬਹੁਤ ਪਿਆਰ ਕਰਦਾ ਸੀ | ਸਕੂਲ ਤੋਂ ਆਕੇ ਉਹ ਆਪਣੀ ਬੇਬੇ ਨਾਲ ਘਰ ਦਾ ਕੰਮ ਕਰਾਉਂਦਾ, ਬਿਮਾਰ ਦਾਦੀ ਦੀ ਸੇਵਾ ਕਰਦਾ ਤੇ ਆਪਣੇ ਛੋਟੇ ਭਰਾ ਨੂੰ ਵੀ ਸਾਂਭ ਲੈਂਦਾ | ਹਰਮਨ ਦੀ ਬੇਬੇ ਵੀ ਉਸ ਤੇ ਆਪਣੀ ਜਾਨ ਵਾਰਦੀ ਸੀ | ਉਹ ਰੋਜ਼ ਹਰਮਨ ਨੂੰ ਉਸਦੀ ਪਸੰਦ ਦੀਆਂ ਚੀਜਾਂ ਜਿਵੇ ਚੂਰੀ, ਪਿੰਨੀਆਂ ਤੇ ਕਦੀ ਖੀਰ ਬਣਾ ਕੇ ਖਿਲਾਉਂਦੀ | ਰਾਤ ਨੂੰ ਉਸ ਨੂੰ ਕਹਾਣੀ ਸੁਣਾਉਂਦੀ ਤੇ ਕਦੇ-ਕਦੇ ਹਰਮਨ ਦੇ ਬਾਪੂ ਤੋਂ ਚੋਰੀ ਉਸ ਨੂੰ ਦੋ ਰੁਪਏ ਦੇ ਦਿੰਦੀ, ਜਿਸ ਨਾਲ ਹਰਮਨ ਸਕੂਲ ਵਿੱਚ ਅੱਧੀ ਛੁੱਟੀ ਨੂੰ ਕੁਲਫੀ ਲੈ ਕੇ ਖਾ ਲੈਂਦਾ |
 ਹਰਮਨ ਦਾ ਅੱਜ ਜਨਮ ਦਿਨ ਸੀ ਤੇ ਉਹ ਬਹੁਤ ਖ਼ੁਸ਼ ਸੀ ਕਿ ਉਸ ਨੂੰ ਅੱਜ ਘੜੀ ਮਿਲੂਗੀ, ਕਿਉਂਕਿ ਉਸ ਦੀ ਬੇਬੇ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਜਨਮ ਦਿਨ 'ਤੇ ਉਸ ਨੂੰ ਘੜੀ ਲੈ ਕੇ ਦਊਾਗੀ | ਹਰਮਨ ਸਵੇਰੇ ਹੀ ਤਿਆਰ ਹੋ ਕੇ ਗੁਰਦੁਆਰੇ ਚਲਾ ਗਿਆ | ਗੁਰਦੁਆਰੇ ਮੱਥਾ ਟੇਕ ਕੇ ਜਦੋਂ ਉਹ ਘਰ ਆਇਆ ਤਾਂ ਉਸ ਦੀ ਬੇਬੇ ਨੇ ਉਸ ਨੂੰ ਇਕ ਤੋਹਫ਼ਾ ਦਿੱਤਾ | ਹਰਮਨ ਤੋਹਫ਼ਾ ਲੈ ਕੇ ਆਪਣੇ ਕਮਰੇ ਵਿਚ ਆ ਗਿਆ ਤੇ ਉਸ ਨੇ ਫਟਾਫਟ ਉਸ ਨੂੰ ਖੋਲ੍ਹ ਕੇ ਦੇਖਿਆ | ਉਸ ਦੇ ਵਿਚ ਇਕ ਪੈਨ ਤੇ ਇਕ ਚਾਕਲੇਟ ਸੀ, ਪਰ ਘੜੀ ਨਹੀਂ ਸੀ | ਉਹ ਭੱਜਿਆ ਭੱਜਿਆ ਬੇਬੇ ਕੋਲ ਗਿਆ ਤੇ ਕਹਿਣ ਲੱਗਿਆ ਕਿ ਬੇਬੇ ਮੇਰੀ ਘੜੀ ਕਿਥੇ ਹੈ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ | 'ਪੁੱਤ ਇਸ ਵਾਰ ਤੇਰੀ ਦਾਦੀ ਦੀਆਂ ਦਵਾਈਆਂ ਤੇ ਪੈਸੇ ਜ਼ਿਆਦਾ ਖਰਚ ਹੋ ਗਏ, ਮੈਂ ਤੈਨੂੰ ਅਗਲੇ ਮਹੀਨੇ ਘੜੀ ਲੈ ਦਊਾਗੀ |' ਬੇਬੇ ਨੇ ਕਿਹਾ | ਹਰਮਨ ਇਹ ਸੁਣ ਕੇ ਕੁਝ ਨਾ ਬੋਲਿਆ ਤੇ ਚੁੱਪਚਾਪ ਸਕੂਲ ਨੂੰ ਚੱਲ ਪਿਆ |
ਸਕੂਲ ਵਿਚ ਹਰਮਨ ਨੂੰ ਉਦਾਸ ਦੇਖ ਕੇ ਉਸ ਦੇ ਦੋਸਤ ਰਿੰਕੂ ਨੇ ਉਸ ਨੂੰ ਪੁੱਛਿਆ, 'ਤੂੰ ਇਹ ਮਾੜਾ ਜਿਹਾ ਮੂੰਹ ਕਿਊ ਬਣਾਇਆ ਹੋਇਆ, ਅੱਜ ਤਾਂ ਤੇਰਾ ਜਨਮ ਦਿਨ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ |' 
ਮੇਰੀ ਬੇਬੇ ਨੇ ਮੇਰੇ ਜਨਮਦਿਨ ਤੇ ਘੜੀ ਦੇਣ ਦਾ ਵਾਅਦਾ ਕੀਤਾ ਸੀ | ਪਰ ਨਹੀਂ ਲੈ ਕੇ ਦਿੱਤੀ, ਕਹਿੰਦੇ ਕਿ 'ਦਾਦੀ ਦੀਆਂ ਦਵਾਈਆਂ ਤੇ ਪੈਸੇ ਜ਼ਿਆਦਾ ਖਰਚ ਹੋ ਗਏ |'
ਤੇਰੀ ਦਾਦੀ ਹਮੇਸ਼ਾ ਤੁਹਾਡੇ ਕੋਲ ਹੀ ਰਹਿੰਦੀ ਹੈ?
'ਹਾਂ! ਤੂੰ ਇਹ ਕਿਉਂ ਪੁੱਛ ਰਿਹਾਂ', ਹਰਮਨ ਨੇ ਰਿੰਕੂ ਨੂੰ ਪੁੱਛਿਆ |
'ਮੇਰੀ ਦਾਦੀ ਛੇ ਮਹੀਨੇ ਸਾਡੇ ਕੋਲ ਤੇ ਛੇ ਮਹੀਨੇ ਮੇਰੇ ਚਾਚੇ ਕੋਲ ਰਹਿੰਦੀ ਹੈ | ਤੂੰ ਵੀ ਆਪਣੀ ਦਾਦੀ ਨੂੰ 6 ਮਹੀਨੇ ਆਪਣੇ ਚਾਚੇ ਕੋਲ ਭੇਜ ਦੇ, ਜਿਸ ਨਾਲ ਤੁਹਾਡੇ ਘਰ ਦਾ ਖਰਚਾ ਵੀ ਘਟ ਜਾਊ |' ਰਿੰਕੂ ਨੇ ਕਿਹਾ | ਹਰਮਨ ਨੂੰ ਰਿੰਕੂ ਦੀ ਗੱਲ ਜਚ ਗਈ |
'ਇਹ ਤਾਂ ਤੂੰ ਬੜੀ ਵਧੀਆ ਗੱਲ ਦੱਸੀ, ਮੈਂ ਅੱਜ ਹੀ ਘਰ ਜਾ ਕੇ ਬੇਬੇ ਨਾਲ ਗੱਲ ਕਰਦਾਂ |' ਹਰਮਨ ਨੇ ਰਿੰਕੂ ਨੂੰ ਕਿਹਾ |
ਹਰਮਨ ਨੇ ਘਰ ਆਕੇ ਬੈਗ ਰੱਖਦਿਆਂ ਹੀ ਬੇਬੇ ਨੂੰ ਪੁੱਛਿਆ, ਬੇਬੇ ਇਕ ਗੱਲ ਕਹਾਂ? ਹਾਂ ਪੁੱਤ | ਇਕ ਛੱਡ ਦੋ ਕਹਿ | ਚੰਗਾ ਸੁਣੋ ਫੇਰ, ਤੁਸੀਂ ਬਾਪੂ ਨੂੰ ਕਹਿ ਦੋ ਕਿ ਦਾਦੀ ਨੂੰ ਥੋੜ੍ਹੀ ਦੇਰ ਲਈ ਚਾਚੇ ਦੇ ਘਰ ਛੱਡ ਆਉਣ | 'ਇਹ ਪੁੱਤ ਕੀ ਕਮਲੀਆਂ ਮਾਰੀ ਜਾਨਾ ਤੂੰ, ਇਹ ਗੱਲ ਤੇਰੇ ਦਿਮਾਗ ਵਿਚ ਕਿਥੋਂ ਆਈ', ਬੇਬੇ ਨੇ ਪੁੱਛਿਆ 
ਬੇਬੇ ਉਹ ਮੇਰਾ ਦੋਸਤ ਰਿੰਕੂ ਕਹਿੰਦਾ ਸੀ ਕਿ ਉਸ ਦੀ ਦਾਦੀ 6 ਮਹੀਨੇ ਉਨ੍ਹਾਂ ਕੋਲ ਰਹਿੰਦੀ ਹੈ ਤੇ 6 ਮਹੀਨੇ ਉਸ ਦੇ ਚਾਚੇ ਕੋਲ, ਜਿਸ ਨਾਲ ਘਰ ਦਾ ਖਰਚਾ ਘਟ ਜਾਂਦਾ ਹੈ', ਹਰਮਨ ਨੇ ਕਿਹਾ |
ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ | ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈਂ?
ਬੇਬੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ |
ਤੇ ਫਿਰ ਪੁੱਤ ਜੇ ਤੁਸੀਂ ਦੋਵੇਂ ਭਰਾ ਵੱਡੇ ਹੋ ਕੇ ਵੱਖਰੇ-ਵੱਖਰੇ  ਰਹਿਣ ਲੱਗ ਗਏ ਤਾਂ ਤੂੰ ਵੀ ਆਪਣੇ ਛੋਟੇ ਭਰਾ ਨੂੰ ਕਹੇਂਗਾ ਕਿ 6 ਮਹੀਨੇ ਬੇਬੇ ਨੂੰ ਆਪਣੇ ਕੋਲ ਰੱਖ | 'ਨਹੀਂ ਬੇਬੇ, ਮੈਂ ਕਦੇ ਤੁਹਾਨੂੰ ਆਪਣੇ ਤੋਂ ਵੱਖ ਨਹੀਂ ਕਰਾਂਗਾ ਤੇ ਤੁਹਾਡੀ ਬਹੁਤ ਸੇਵਾ ਕਰੂੰਗਾ', ਹਰਮਨ ਨੇ ਕਿਹਾ |
ਪੁੱਤ ਐਦਾਂ ਹੀ ਤੇਰਾ ਬਾਪੂ ਆਪਣੀ ਬੇਬੇ ਯਾਨੀ ਤੇਰੀ ਦਾਦੀ ਨੂੰ ਬਹੁਤ ਪਿਆਰ ਕਰਦਾ ਤੇ ਉਹ ਕਿੱਦਾਂ ਤੇਰੇ ਚਾਚੇ ਨੂੰ ਕਹੇ ਕਿ ਬੇਬੇ ਨੂੰ ਹੁਣ ਤੂੰ ਲੈ ਕੇ ਜਾ | ਹੁਣ ਹਰਮਨ ਨੂੰ ਸਾਰੀ ਗੱਲ ਸਮਝ ਆ ਗਈ ਸੀ | ਬੇਬੇ ਤੋਂ ਦੂਰ ਜਾਣ ਦੇ ਖਿਆਲ ਨਾਲ ਹੀ ਹਰਮਨ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਉਸ ਨੇ ਬੇਬੇ ਨੂੰ ਘੁੱਟ ਕੇ ਗੱਲਵਕੜੀ ਪਾ ਲਈ |

-ਲੁਧਿਆਣਾ | ਮੋਬਾਈਲ : 9779039977


ਖ਼ਬਰ ਸ਼ੇਅਰ ਕਰੋ

ਕਾਵਿ-ਮਹਿਫ਼ਲ

ਚਿਹਰਿਆਂ ਦੀ ਭੀੜ ਵਿਚੋਂ, ਆਦਮੀ ਹੈ ਲਾਪਤਾ,
ਹੁਣ ਬਨਾਉਟੀ ਰਿਸ਼ਤਿਆਂ 'ਚੋਂ, ਦੋਸਤੀ ਹੈ ਲਾਪਤਾ |
ਜੀ ਰਹੇ ਨੇ ਇਸ ਤਰ੍ਹਾਂ ਹੁਣ ਲੋਕ ਮੇਰੇ ਸ਼ਹਿਰ ਦੇ,
ਹਰ ਕਿਸੇ ਦੀ ਜ਼ਿੰਦਗੀ 'ਚੋਂ, ਜ਼ਿੰਦਗੀ ਹੈ ਲਾਪਤਾ |
ਨਾਮ ਜਪਦੇ, ਸਿਰ ਝੁਕਾਉਂਦੇ, ਤਸਬੀਆਂ ਵੀ ਫੇਰਦੇ,
ਪਰ ਉਨ੍ਹਾਂ ਦੇ ਹਿਰਦਿਆਂ 'ਚੋਂ, ਬੰਦਗੀ ਹੈ ਲਾਪਤਾ |
ਰਾਤ ਵੀ ਹੈ, ਚੰਦ ਵੀ ਹੈ ਤੇ ਹਵਾ ਵਿਚ ਮਹਿਕ ਵੀ,
ਸੁਰ ਫ਼ਿਜ਼ਾ ਨੂੰ ਬਖ਼ਸ਼ਦੀ ਜੋ, ਉਹ ਘੜੀ ਹੈ ਲਾਪਤਾ |
ਭਟਕਣਾ ਹੈ, ਬੇਬਸੀ ਹੈ, ਫੈਲਿਆ ਹੈ ਅੰਧਕਾਰ,
ਨੇਰਿਆਂ ਦੇ ਮੌਸਮਾਂ ਵਿਚ, ਰੌਸ਼ਨੀ ਹੈ ਲਾਪਤਾ |
ਹੈ ਫ਼ਿਜ਼ਾ, ਖ਼ਾਮੋਸ਼ ਹੁਣ ਤਾਂ, ਚੁੱਪ ਦਾ ਕੁਹਰਾਮ ਹੈ,
ਹਰ ਸਜਿੰਦਾ ਲਾਪਤਾ ਹੈ, ਬੰਸਰੀ ਹੈ ਲਾਪਤਾ |
ਰਾਹ ਦਸੇਰੇ ਬਣਨਗੇ, ਉਹ ਕੀ ਕਿਸੇ ਦੇ ਵਾਸਤੇ,
ਰਹਿਬਰਾਂ ਦੀ ਸੋਚ ਵਿਚੋਂ ਰਹਿਬਰੀ ਹੈ ਲਾਪਤਾ |
ਕਿਉਂ ਭੁਲਾਇਆ ਹੈ ਦਿਲੋਂ ਸਰਹਿੰਦ ਦੀ ਦੀਵਾਰ ਨੂੰ ?
ਕਿਉਂ ਅਸਾਡੀ ਯਾਦ 'ਚੋਂ ਕੱਚੀ ਗੜੀ ਹੈ ਲਾਪਤਾ?
'ਤੂਰ' ਮੇਰੀ ਭਟਕਣਾ ਤਾਂ, ਹੈ ਯੁਗਾਂ ਤੋਂ ਹੀ ਇਵੇਂ,
ਜੋ ਮਿਟਾਉਂਦੀ ਪਿਆਸ ਮੇਰੀ, ਉਹ ਨਦੀ ਹੈ ਲਾਪਤਾ |

-ਮੋਬਾਈਲ : 97803-00247.

• ਜਸਵਿੰਦਰ ਸਿੰਘ 'ਰੁਪਾਲ' •
ਹੈ ਕਿਸ ਨੇ ਜਗਾਇਆ, ਸਵੇਰੇ-ਸਵੇਰੇ?
ਨਜ਼ਰ ਕਿਉਂ ਨਾ ਆਇਆ, ਸਵੇਰੇ-ਸਵੇਰੇ?
ਫਿਰਾਂ ਢੰੂਡਦਾ ਚੈਨ ਰਾਤਾਂ ਨੂੰ ਰੂਹ ਦਾ,
ਗਿਆ ਜੋ ਗਵਾਇਆ, ਸਵੇਰੇ-ਸਵੇਰੇ?
ਤੇਰੀ ਯਾਦ ਆਈ, ਇਹ ਮਹਿਕਾਂ ਲਿਆਈ,
ਮੈਂ ਖ਼ੁਸ਼ਬੂ 'ਚ ਨ੍ਹਾਇਆ, ਸਵੇਰੇ-ਸਵੇਰੇ?
ਕਰਾਂਤੀ ਦੀ ਸੁਰ ਆਈ ਵੰਝਲੀ 'ਚ, ਕਿੱਦਾਂ,
ਕਿਹਾ ਗੀਤ ਗਾਇਆ, ਸਵੇਰੇ-ਸਵੇਰੇ?
ਇਹ ਦੁਨੀਆ ਭਲਾ 'ਸੱਚ' ਕਿੱਦਾਂ ਪਚਾਂਦੀ,
ਤੇ ਸੂਲੀ ਚੜ੍ਹਾਇਆ, ਸਵੇਰੇ-ਸਵੇਰੇ |
ਮੇਰੇ ਹੱਥ ਜੁੜੇ ਸੀ ਦੁਆਵਾਂ ਦੇ ਅੰਦਰ,
ਉਹਦੇ ਹੱਥ ਮਾਇਆ, ਸਵੇਰੇ-ਸਵੇਰੇ?
ਇਸੇ ਨੂੰ ਪਛਾਣੋ, ਮੇਰੀ 'ਮੈਂ' ਨੂੰ ਜਾਣੋ,
ਮਿਣੋ ਮੇਰਾ ਸਾਇਆ, ਸਵੇਰੇ-ਸਵੇਰੇ |
'ਰੁਪਾਲ' ਔਹ ਕਿਰਨ ਆਈ ਚਾਨਣ ਦੀ ਕਿਥੋਂ,
ਹਨੇਰਾ ਭਜਾਇਆ, ਸਵੇਰੇ-ਸਵੇਰੇ?

-ਲੈਕਚਰਾਰ ਅਰਥ-ਸ਼ਾਸਤਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਸਾਹਿਬ (ਲੁਧਿਆਣਾ)-141126.
ਮੋਬਾਈਲ : 98147-15796.

• ਰਾਮਿੰਦਰ ਬੇਰੀ •
ਕਿਸੇ ਦਾ ਦਰਦ ਜੇਕਰ ਆਪਣੇ ਸ਼ਿਅਰਾਂ 'ਚ ਪਾਵੇਂ ਤਾਂ,
ਮਜ਼ਾ ਤਾਂ ਹੈ ਜੇ ਉਸ ਦੇ ਦਰਦ ਨੂੰ ਅਪਣਾ ਬਣਾਵੇਂ ਤਾਂ |

ਬੜਾ ਆਸਾਨ ਹੈ ਸ਼ੀਸ਼ੇ ਨੂੰ ਚਕਨਾਚੂਰ ਕਰ ਦੇਣਾ,
ਮਜ਼ਾ ਤਾਂ ਹੈ ਜੇ ਚੂਰਾ ਜੋੜ ਕੇ ਸ਼ੀਸ਼ਾ ਬਣਾਵੇਂ ਤਾਂ |

ਹਕੂਮਤ ਨਾਲ ਹੀ ਢਹਿ ਜਾਣੀਆਂ ਨੇ ਇਹ ਬੁਲੰਦੀਆਂ ਤਾਂ,
ਮਜ਼ਾ ਤਾਂ ਹੈ ਮਨਾਂ ਦੇ ਸਾਗਰਾਂ ਵਿਚ ਉੱਤਰ ਜਾਵਾੇ ਤਾਂ |

ਕਿਆਰੀ ਛੱਡ ਕੇ ਹੁਣ ਗਮਲਿਆਂ ਵਿਚ ਸਿਮਟਦਾ ਜਾਨੈਂ,
ਮਜ਼ਾ ਤਾਂ ਹੈ ਮਹਿਕ ਬਣ ਕੇ ਚੁਫੇਰੇ ਫੈਲ ਜਾਵੇਂ ਤਾਂ |

ਹਵਾ ਦੇ ਜ਼ੋਰ ਦਾ ਤੇ ਰੁਖ਼ ਦਾ ਤਾਂ ਕੋਈ ਭਰੋਸਾ ਨੲੀਂ,
ਮਜ਼ਾ ਤਾਂ ਹੈ ਪਰਾਂ ਦੇ ਆਸਰੇ ਅਸਮਾਨ ਗਾਹਵੇਂ ਤਾਂ |

ਤੂੰ ਜਿਉਂ ਥੋੜ੍ਹਾ ਜਾਂ ਜਿਉਂ ਬਾਹਲਾ ਕਿਸੇ ਨੂੰ ਫ਼ਰਕ ਨੲੀਂ ਪੈਂਦਾ,
ਮਜ਼ਾ ਤਾਂ ਹੈ ਜੇ ਤੂੰ ਜਾ ਕੇ ਵੀ ਮੁੜ ਮੁੜ ਯਾਦ ਆਵੇ ਤਾਂ |

ਬੜੀ ਧਰਤੀ ਦੀ ਹਿੱਕ ਚੀਰੀ, ਬੜੇ ਅੰਬਰ ਫਰੋਲੇ ਤੂੰ,
ਮਜ਼ਾ ਤਾਂ ਹੈ ਬੁਝਾਰਤ ਜ਼ਿੰਦਗੀ ਦੀ ਸਮਝ ਪਾਵੇਂ ਤਾਂ |

ਜਦੋਂ ਵੀ ਆਵੇਂ 'ਬੇਰੀ' ਗ਼ਰਜ਼ ਦਾ ਜਾਂ ਫ਼ਰਜ਼ ਦਾ ਬੰਨਿ੍ਹਆ,
ਮਜ਼ਾ ਤਾਂ ਹੈ ਕਦੇ ਜੇਕਰ ਬਿਨਾਂ ਮਤਲਬ ਤੋਂ ਆਵੇ ਤਾਂ |

-1324/4-ਬੀ, ਗੁਰੂ ਅੰਗਦ ਨਗਰ, ਮੁਕਤਸਰ-152026.
ਮੋਬਾਈਲ : 98724-61719.

ਘੁਰਰ...ਘੁਰਰ...ਘੁਰ...ਘੁਰਾੜੇ

ਦਿਵਸ ਗੰਵਾਇਆ ਖਾਏ ਕੇ,
ਰਾਤ ਗੰਵਾਈ ਸੋਏ,
ਹੀਰੇ ਜੈਸਾ ਜਨਮ ਹੈ,
ਕੌਡੀ ਬਦਲੇ ਜਾਏ |
ਦਿਵਸ ਗੰਵਾਇਆ ਖਾਏ ਕੇ, ਇਹਦਾ ਤਾਂ ਪਤਾ ਨਹੀਂ ਕਿਉਂਕਿ ਆਪਣੀ ਭੁੱਖ ਐਨੀ ਕੁ ਈ ਏ, ਬਸ ਤਿੰਨ ਰੋਟੀਆਂ ਛਕੀਆਂ ਤੇ, ਗੁਰੂ ਭਲਾ ਕਰੇ, ਪੇਟ ਫੁੱਲ | ਰਾਤੀਂ ਵੀ ਇਹੋ ਹਾਲ ਹੈ, ਆਖਿਰ ਸਰੀਰ ਦੀ ਬਣਤਰ ਦਾ ਸਵਾਲ ਹੈ ਨਾ |
ਉਸ ਦਿਨ ਮੈਂ ਡਾਕਟਰ ਕੋਲ ਗਿਆ, ਸਰੀਰ ਹਨ ਤਾਂ ਛੋਟੀਆਂ-ਮੋਟੀਆਂ ਤਕਲੀਫਾਂ, ਤਾਂ ਲੱਗੀਆਂ ਹੀ ਰਹਿੰਦੀਆਂ ਹਨ | ਵੱਡੇ ਡਾਕਟਰਾਂ ਦਾ ਅਸੂਲ ਹੈ ਕਿ ਬਾਹਰ ਬੈਠੀਆਂ ਉਨ੍ਹਾਂ ਦੀਆਂ ਸਹਾਇਕ ਕੁੜੀਆਂ ਜਾਂਦਿਆਂ ਹੀ ਤੁਹਾਨੂੰ ਇਲੈਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ 'ਤੇ ਖੜ੍ਹਾ ਕਰਾ ਦਿੰਦੀਆਂ ਹਨ | ਮੈਨੂੰ ਖੜ੍ਹਾ ਕੀਤਾ ਤਾਂ ਸੂਈ, ਰਤਾ ਕੁ ਐਧਰ-ਉਧਰ ਹੋ ਕੇ ਰੁਕ ਗਈ, 60 ਕਿਲੋ ਵੀ ਭਾਰ ਨਹੀਂ ਸੀ |
ਉਨ੍ਹਾਂ ਤਾਂ ਹੱਸਣਾ ਹੀ ਸੀ, ਮੈਂ ਵੀ ਮੁਸਕਰਾ ਪਿਆ | ਮੈਂ ਕਿਹਾ, ਮੈਨੂੰ ਹੱਥਾਂ 'ਚ ਹੀ ਤੋਲ ਲੈਣਾ ਸੀ, ਮਸ਼ੀਨ ਨਾਲ ਮੇਰੀ ਇੱਜ਼ਤ ਕਾਹਨੂੰ ਖਰਾਬ ਕਰਨੀ ਸੀ |
ਪਰ, ਪਤਲਿਆਂ ਦੀ ਇਕ ਸਿਫ਼ਤ ਹੈ, ਪੈਦਲ ਬੜਾ ਤੇਜ਼ ਤੁਰਦੇ ਹਨ, ਉਹ ਸੀ ਨਾ ਰਾਜ ਕਪੂਰ ਦੀ ਫਿਲਮ 'ਬਰਸਾਤ' ਦਾ ਗਾਣਾ:
ਹਵਾ ਮੇ ਉੜਤਾ ਜਾਏ
ਮੇਰਾ ਲਾਲ ਦੁਪੱਟਾ ਮਲਮਲ ਕਾ |
ਸਾਡੇ 'ਤੇ ਇਹ ਬੋਲ ਇਉਂ ਢੁਕਦੇ ਹਨ:
ਹਵਾ 'ਚ ਉਡਦਾ ਜਾਏ
ਸਾਡਾ ਆਤਿਸ਼ ਭਾਈ ਪਤਲਾ ਸਾ |
ਚਲੋ ਠੀਕ ਐ, ਪਰ ਰਾਤੀਂ ਨੀਂਦ ਖੂਬ ਮਸਤੀ ਵਾਲੀ ਆਉਂਦੀ ਹੈ | ਟੀ.ਵੀ. ਵੇਖੀ ਦਾ ਹੈ, ਪਤਾ ਹੀ ਨਹੀਂ ਲਗਦਾ ਕਦੋਂ ਅੱਖਾਂ ਦੀਆਂ ਪਲਕਾਂ ਭਾਰੀਆਂ ਹੋਣ ਲਗਦੀਆਂ ਹਨ | ਬਸ ਫਿਰ ਸੌਾ ਗਏ ਚਾਦਰ ਤਾਣ ਕੇ, ਬੇਸ਼ੱਕ ਨੀਂਦ ਕੱਚੀ ਵੀ ਹੈ, ਪਰ ਜੇਕਰ ਕੋਈ ਖੜਾਕ-ਵੜਾਕ ਨਾ ਆਏ ਤਾਂ ਡੰੂਘੀ ਹੈ | ਮਜ਼ੇ ਨਾਲ ਸੌੲੀਂ ਦਾ ਹੈ ਪਰ ਕੱਲ੍ਹ ਰਾਤ ਆਪਣੀ ਬੜੀ ਭੈੜੀ ਲੰਘੀ | ਸ਼ਾਮ ਵੇਲੇ ਉਮਰਾਂ ਤੋਂ ਵਿਛੜੇ ਸੱਜਣ ਮਹਿਮਾਨ ਬਣ ਕੇ ਆ ਗਏ ਸਨ | ਕਿਥੇ ਸਕੂਲ, ਕਾਲਜ 'ਚ ਆਮ ਜਿਹੇ ਸਰੀਰ ਵਾਲੇ ਸਨ, ਪਰ ਹੁਣ ਤਾਂ ਬਦਲਾਓ 'ਚ ਹੀ ਬਦਲਾਓ ਸੀ |
ਗੋਗੜ ਨਿਕਲੀ ਹੋਈ, ਮੋਟੇ ਰੱਜ ਕੇ ਮੋਟੇ, ਸਭ ਜੁੱਸਾ ਮਾਸ ਨਾਲ ਭਰਿਆ ਹੋਇਆ | ਪਛਾਣਨ 'ਚ ਵੀ ਬੜੀ ਦੇਰ ਲੱਗੀ, ਜਦ ਉਨ੍ਹਾਂ ਖੁਦ ਹੀ ਯਾਦ ਦਿਵਾਇਆ, 'ਪਛਾਣਿਆ ਨਹੀਂ ਆਤਿਸ਼ ਜੀ, ਮੈਂ ਫਲਾਣਾ ਹਾਂ, ਤੁਹਾਡਾ ਕਾਲਜ ਫੈਲੋ, ਅਸੀਂ ਲਾਇਲਪੁਰ ਖਾਲਸਾ ਕਾਲਜ 'ਚ ਪੜ੍ਹਦੇ ਸਾਂ, ਨਾ |' 'ਪਛਾਣ ਲਿਆ ਜੀ ਮੈਂ ਪਛਾਣ ਲਿਆ |' ਫੇਰ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ, ਮੁੱਕਣ ਹੀ ਨਾ ਦੇਣ ਉਹ ਭਾਈ ਸਾਹਬ |
ਚਲੋ ਜੀ ਡਿਨਰ ਦਾ ਟਾਈਮ ਹੋ ਗਿਆ | ਉਨ੍ਹਾਂ ਮਜ਼ੇ ਨਾਲ ਰੋਟੀਆਂ ਪੇਟ 'ਚ ਤੂਸੀਆਂ, ਅਸਾਂ ਤਾਂ ਬੱਸ ਹੀਓ...
ਚਿੜੀ ਚੋਂਚ ਭਰ ਲੇ ਗਈ |
ਹੋ ਗਏ ਨਿਸ਼ੰਗ | ਉਹ ਵੀ ਪੂਰੀ ਨਿਸ਼ਠਾ ਨਾਲ ਸਭ ਚਪਾਤੀਆਂ-ਚਪੂਤੀਆਂ ਛਕ ਗਏ | ਟੀ.ਵੀ. ਤੱਕਿਆ... ਫੇਰ ਸਾਡੇ ਨਾਲੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਨੇ ਨੀਂਦ ਆਉਣ ਦਾ ਸੁਨੇਹਾ ਦਿੱਤਾ | ਗੱਦੇ ਲੱਗੇ ਹੋਏ ਸਨ, ਅਸੀਂ ਇਕ-ਦੂਜੇ ਤੋਂ ਪੰਜ ਸੱਤ ਫੁੱਟ ਦੀ ਦੂਰੀ 'ਤੇ ਸੌਾ ਗਏ |
ਆ ਗਈ ਸੀ ਨੀਂਦ, ਪਰ ਥੋੜ੍ਹੀ ਦੇਰ ਮਗਰੋਂ ਹੀ ਨੀਂਦ ਟੁੱਟ ਗਈ, ਤ੍ਰਭਕ ਕੇ ਉਠੇ | ਜਿਵੇਂ ਨੇੜੇ ਹੀ ਲੱਗਾ ਕਿ ਧਰਤੀ 'ਤੇ ਭੁਚਾਲ ਆ ਗਿਆ ਹੋਵੇ, ਕੋਈ ਨਹੀਂ ਸੀ ਭੁਚਾਲ ਆਇਆ | ਉਹ ਆਪਣੇ ਪੁਰਾਣੇ ਚਿਰਾਂ ਤੋਂ ਮਿਲਾਪ ਹੋਏ ਮਿੱਤਰਸੁੱਖ ਦੀ ਨੀਂਦ ਸੌਾ ਰਹੇ ਸਨ ਪਰ ਉਨ੍ਹਾਂ ਦੇ ਮੰੂਹ 'ਚੋਂ 'ਘੁਰੜ.... ਘੁਰ....ਘੁਰ... ਘੁਰੜ' ਦੀਆਂ ਮੋਟਾ ਢਿੱਡ ਉੱਪਰ ਹੇਠਾਂ ਕਰਦੀਆਂ ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸਨ | ਸਮਝ ਗਏ ਹੋਵੋਗੇ, ਘੁਰਾੜੇ ਮਾਰ ਰਹੇ ਸਨ, ਸੱਜਣ ਜੀ, ਐਨੀ ਉੱਚੀ-ਉੱਚੀ ਕਿ ਪੁੱਛੋ ਕੁਝ ਨਾ | ਮੈਂ ਸੋਚਿਆ ਸੌਣ ਦਿਓ ਵਿਚਾਰੇ ਨੂੰ ਪਰ ਮੈਨੂੰ ਕਿਥੇ ਨੀਂਦ ਆਏ | ਉਹ ਤਾਂ ਲੱਗੇ ਹੋਏ ਸਨ ਆਨੰਦ ਨਾਲ ਘੁਰੜ... ਘੁਰ...ਘੁਰ... ਘੜਾਂਹ ਦੀਆਂ ਆਵਾਜ਼ਾਂ ਕੱਢਣ |
ਇਕ ਵਾਰ ਫਿਰ ਸੌਣ ਦੀ ਕੋਸ਼ਿਸ਼ ਕੀਤੀ ਪਰ ਅਸਮਾਨ ਫਟੇ ਤੇ ਬੰਦਾ ਸੁੱਖ ਦੀ ਨੀਂਦ ਸੌਾਵੇ | ਇਹ ਨਾਮੁਮਕਿਨ ਹੈ |
ਬੇਸ਼ੱਕ ਸਾਡੀ ਸੰਸਕ੍ਰਿਤੀ 'ਚ ਹੈ:
ਨਿਮਾਣੇ ਨੂੰ ਸਤਾਈਾ ਨਾ,
ਗਰੀਬ ਨੂੰ ਸਤਾਈ ਨਾ,
ਸੁੱਤੇ ਨੂੰ ਜਗਾੲੀਂ ਨਾ |
ਪਰ ਆਪ ਵੀ ਤਾਂ ਸੌਣਾ ਸੀ, ਇਸ ਲਈ ਸੁੱਤੇ ਨੂੰ ਹੋਸ਼ 'ਚ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ | ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਹੌਲੀ ਜਿਹੀ ਨਾਂਅ ਲੈ ਕੇ ਆਵਾਜ਼ ਲਾਈ, ਪਰ ਕੌਣ ਸੁਣੇ? ਫਿਰ ਉੱਚੀ ਉੱਚੀ ਵੀ ਪੁਕਾਰਿਆ, ਬੇਅਸਰ | ਉਹ ਤਾਂ ਮਜ਼ੇ ਨਾਲ ਘੁਰਾੜੇ ਮਾਰੀ ਗਏ | ਫਿਰ ਜਾਣ ਬੁੱਝ ਕੇ ਇਕ ਦੋ ਭਾਂਡੇ ਚੁੱਕ ਕੇ ਠਾਹ-ਠਾਹ ਕਰਕੇ ਉਨ੍ਹਾਂ ਦੇ ਨੇੜੇ ਫਰਸ਼ 'ਤੇ ਸੁੱਟੇ | ਇਹ ਟੋਟਕਾ ਵੀ ਫੇਲ੍ਹ | ਇਕ ਹੋਰ ਚਾਲ ਚੱਲੀ, ਟੀ.ਵੀ. ਔਨ ਕਰ ਦਿੱਤਾ-ਫੁੱਲ ਵਾਲੀਅਮ 'ਤੇ... ਨਾਕਾਮ... ਘੁਰਾੜੇ ਆਪਣੀ ਉਸੇ ਸਪੀਡ ਨਾਲ ਜਾਰੀ ਰਹੇ | ਸਾਰੇ ਪੈਂਤੜੇ ਫੇਲ੍ਹ ਹੋ ਗਏ | ਆਪਣੇ-ਆਪ 'ਤੇ ਤਰਸ ਆ ਗਿਆ | ਲਗਪਗ ਸਾਰੀ ਰਾਤ ਜਾਗ ਕੇ ਕੱਟੀ |
ਸਵੇਰੇ ਉਹ ਜਾਗੇ, ਉਨ੍ਹਾਂ ਬੜੇ ਤਪਾਕ ਨਾਲ ਪੁੱਛਿਆ, 'ਕੀ ਗੱਲ ਏ, ਬੜੇ ਸੁਸਤ-ਸੁਸਤ ਲਗਦੇ ਓ?'
ਮੈਂ ਕਿਹਾ, 'ਰਾਤੀਂ ਭੁਚਾਲ ਆਇਆ ਸੀ, ਸਾਰੀ ਰਾਤ ਸੁੱਤਾ ਨਹੀਂ |'
ਉਹ ਬੜੇ ਹੈਰਾਨ ਹੋਏ, 'ਹੈਾ ਰਾਤੀਂ ਭੁਚਾਲ ਆਇਆ ਸੀ, ਤੇ ਮੈਨੂੰ ਪਤਾ ਹੀ ਨਹੀਂ ਲੱਗਾ?'
ਫਿਰ ਮੈਂ ਫਸਾਨਾ ਛੇੜ ਦਿੱਤਾ, 'ਪਿਆਰਿਓ, ਬੜੇ ਜ਼ੋਰ-ਜ਼ੋਰ ਨਾਲ ਘੁਰਾੜੇ ਮਾਰ ਰਹੇ ਸਓ, ਉਹੀਓ ਭੁਚਾਲ ਸੀ... |'
'ਅੱਛਾ ਮੈਂ ਘੁਰਾੜੇ ਮਾਰ ਰਿਹਾ ਸੀ... ਪਰ ਮੈਂ ਤਾਂ ਕਦੇ ਮਾਰੇ ਹੀ ਨਹੀਂ |'
ਮੈਂ ਕੀ ਜਵਾਬ ਦਿੰਦਾ | ਹਰ ਘੁਰਾੜੇ ਮਾਰਨ ਵਾਲਾ ਇਹੀ ਜਵਾਬ ਦਿੰਦਾ ਹੈ |
'ਲੈ ਮੈਂ ਤਾਂ ਕਦੇ ਘੁਰਾੜੇ ਮਾਰੇ ਹੀ ਨਹੀਂ |'
ਮੇਰੀ ਜ਼ਿੰਦਗੀ ਦਾ ਇਹ ਦੂਜਾ ਤਜਰਬਾ ਹੈ, ਇਕ ਵਾਰ ਪਹਿਲਾਂ ਅਸੀਂ ਜਲੰਧਰ ਤੋਂ ਮੰੁਬਈ ਏ.ਸੀ. ਕੋਚ ਵਿਚ ਸਫ਼ਰ ਕਰ ਰਹੇ ਸਾਂ, ਰਾਤੀਂ ਸੌਣ ਦਾ ਵੇਲਾ ਹੋਇਆ ਤਾਂ ਸਭੇ ਪੈਸੰਜਰ ਇਕ-ਦੂਜੇ ਨੂੰ ਗੁੱਡ ਨਾਈਟ, ਵਿਸ਼ ਕਰਕੇ ਆਪਣੀ-ਆਪਣੀ ਸੀਟ 'ਤੇ ਕੰਬਲ ਆਦਿ ਲੈ ਕੇ ਸੌਾ ਗਏ, ਪਰ ਥੋੜ੍ਹੀ ਦੇਰ ਮਗਰੋਂ ਸਾਰਿਆਂ ਦੀ ਨੀਂਦ ਖੁੱਲ੍ਹ ਗਈ, ਇਕ ਘੁਰਾੜੇਬਾਜ਼ ਸ਼ੁਰੂ ਹੋ ਗਿਆ ਸੀ, ਘੁਰੜ... ਘ੍ਰੈਂ ਜਿਹੀਆਂ ਆਵਾਜ਼ਾਂ ਕੱਢਣ ਪਰ ਉਹਨੂੰ ਛੇਤੀ ਹੀ ਇਕ ਸੱਜਣ ਨੇ ਹਿਲਾ-ਹਿਲਾ ਕੇ ਜਗਾ ਦਿੱਤਾ ਸੀ, ਸ਼ੁਕਰ ਮਨਾਇਆ ਸੀ ਸਭਨਾਂ ਨੇ, ਕਈ ਤਾਂ ਘੁਰਾੜੇ ਸੀਟੀ ਮਾਰ ਕੇ ਖਤਮ ਕਰਦੇ ਹਨ |
••


ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਧੀਰਜ ਰੱਖੋ, ਸਾਰੇ ਕੰਮ ਆਸਾਨ ਹੋਣ ਤੋਂ ਪਹਿਲਾਂ ਕਠਿਨ, ਔਖੇ ਹੀ ਦਿਖਾਈ ਦਿੰਦੇ ਹਨ |
• ਜੱਦੋ-ਜਹਿਦ ਕਰਨ ਵਾਲਿਆਂ ਦੇ ਕੰਮ, ਕਾਰਨਾਮੇ ਅਖਵਾਉਂਦੇ ਹਨ |
• ਅਜਿਹਾ ਕੰਮ ਕਰੋ ਕਿ ਤੁਹਾਡਾ ਕੰਮ ਤੁਹਾਡੇ ਬਾਰੇ ਬੋਲੇ | ਆਪਣੇ ਹਰ ਕੰਮ ਨੂੰ ਇੰਨੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕਰੋ ਕਿ ਤੁਹਾਡੀ ਵੱਖਰੀ ਪਛਾਣ ਬਣ ਜਾਵੇ |
• ਜਦੋਂ ਤੁਹਾਡਾ ਕੰਮ ਬੋਲਦਾ ਹੋਵੇ ਤਾਂ ਫਿਰ ਤੁਹਾਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ |
• ਜਿਹੜੇ ਲੋਕ ਕੰਮ-ਚੋਰ ਹੁੰਦੇ ਹਨ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਕੰਮ ਦੀ ਮੌਜ ਵੀ ਮਾਣੀ ਜਾ ਸਕਦੀ ਹੈ |
• ਅਸੀਂ ਕੰਮ ਕਰਨ ਦੇ ਜ਼ਿੰਮੇਵਾਰ ਹਾਂ, ਆਊਟਕਮ ਦੇ ਨਹੀਂ |
• ਹੇ, ਪ੍ਰਾਣੀ ਠੋਕਰਾਂ ਆਪਣਾ ਕੰਮ ਕਰਨਗੀਆਂ, ਤੂੰ ਆਪਣਾ ਕੰਮ ਕਰਦਾ ਚੱਲ | ਉਹ ਡੇਗਣਗੀਆਂ ਵਾਰ-ਵਾਰ, ਤੂੰ ਆਪਣਾ ਕੰਮ ਕਰਦਾ ਚੱਲ |
• ਉੱਤਮ ਕੰਮ ਵਿਚ ਇਕ ਫੀਸਦੀ ਉਤਸ਼ਾਹ ਹੁੰਦਾ ਹੈ ਜਦੋਂ ਕਿ 99 ਫ਼ੀਸਦੀ ਮਿਹਨਤ ਹੁੰਦੀ ਹੈ |
• ਕਰਮ ਨਿਰਾਸ਼ਾ ਦੀ ਦੁਆ ਹੈ, ਕਰਮ ਭਲੇ ਹੀ ਸੁੱਖ ਨਾ ਲਿਆ ਸਕੇ ਪਰ ਕਰਮ ਦੇ ਬਿਨਾਂ ਸੁੱਖ ਨਹੀਂ ਮਿਲਦਾ |
• ਪਛਾਣ ਨਾਲ ਮਿਲਿਆ ਕੰਮ ਥੋੜ੍ਹੇ-ਬਹੁਤੇ ਸਮੇਂ ਲਈ ਰਹਿੰਦਾ ਹੈ ਪਰ ਕੰਮ ਨਾਲ ਮਿਲੀ ਪਛਾਣ ਉਮਰ ਭਰ ਰਹਿੰਦੀ ਹੈ |
• ਭਗਵਾਨ ਸ੍ਰੀ ਕ੍ਰਿਸ਼ਨ ਨੇ ਗੀਤਾ ਵਿਚ ਅਰਜਨ ਨੂੰ ਕਿਹਾ ਕਿ ਤੈਨੂੰ ਕਰਮ ਦਾ ਹੀ ਅਧਿਕਾਰ ਹੈ, ਉਸ ਦੇ ਫਲ ਬਾਰੇ ਚਿੰਤਾ ਕਰਨ ਦਾ ਨਹੀਂ | ਕੰਮ ਕਰਕੇ ਫਲ ਦੀ ਇੱਛਾ ਕਰਨਾ ਅਤੇ ਬਿਨਾਂ ਕੁਝ ਕੀਤੇ ਹੀ ਫਲ ਬਾਰੇ ਸੋਚਦੇ ਰਹਿਣਾ, ਦੋਵੇਂ ਹੀ ਬੁਰੇ ਨਤੀਜੇ ਦੇਣ ਵਾਲਾ ਹੈ |
• ਤੁਹਾਨੂੰ ਤੁਹਾਡੇ ਕੰਮ ਵਿਚ ਮੁਹਾਰਤ ਹੋਣੀ ਚਾਹੀਦੀ ਹੈ |
• ਸੁਤੰਤਰ ਉਹੀ ਹੋ ਸਕਦਾ ਹੈ ਜੋ ਆਪਣਾ ਕੰਮ ਆਪਣੇ-ਆਪ ਕਰ ਲੈਂਦਾ ਹੈ |
• ਚੰਗੇ ਲੋਕ ਸਿਰਫ਼ ਆਪਣੇ ਕਰਮਾਂ ਨਾਲ ਪਛਾਣੇ ਜਾਂਦੇ ਹਨ, ਕਿਉਂਕਿ ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਹਨ |
• ਕੰਮ ਤੋਂ ਬਿਨਾਂ ਨਾ ਸਰੀਰ ਦੀ ਸੁੰਦਰਤਾ ਕਾਇਮ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਜ਼ਿੰਦਗੀ ਜਿਊਣ ਜੋਗੀ ਹੁੰਦੀ ਹੈ |
• ਪੰਛੀ ਸਵੇਰ ਹੁੰਦਿਆਂ ਹੀ ਕੰਮ 'ਤੇ ਚਲੇ ਜਾਂਦੇ ਹਨ ਤਾਂ ਹੀ ਖੁਸ਼ ਰਹਿੰਦੇ ਹਨ |
• ਚੰਗੇ ਕੰਮ ਹੀ ਵਿਅਕਤੀ ਨੂੰ ਅਮਰ ਕਰਦੇ ਹਨ |
• ਕੰਮ ਹੀ ਇਨਸਾਨ ਦੀ ਅਸਲ ਪਹਿਚਾਣ ਬਣਾਉਂਦਾ ਹੈ |
• ਜੋ ਸਫ਼ਲਤਾ ਲਈ ਕੰਮ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਲਈ ਸਫ਼ਲਤਾ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ | ਕੰਮ ਕਰਦੇ ਰਹਿਣ ਨਾਲ ਗਿਆਨ ਵਧਦਾ ਹੈ |
• ਆਪਣੀ ਕੋਸ਼ਿਸ਼ ਨੂੰ ਅਤੇ ਕਿਰਤ ਨੂੰ ਏਨਾ ਕੁ ਅਸਰਦਾਰ ਕਰ ਵਿਖਾਉਣਾ ਚਾਹੀਦਾ ਹੈ ਕਿ ਰਹਿੰਦੇ ਯੁੱਗ ਤੱਕ ਯਾਦ ਰਹੇ ਕਿ ਫਲਾਣਾ ਕੋਈ ਵਿਅਕਤੀ ਹੋਇਆ ਕਰਦਾ ਸੀ, ਇਹ ਤਬਦੀਲੀ, ਇਹ ਤਰੱਕੀ ਫਲਾਣੇ ਦੇ ਵਕਤ ਵਿਚ ਹਾਸਲ ਹੋਈ ਸੀ, ਇਸ ਪ੍ਰਾਂਤ ਨੂੰ ਇਸ ਮੁਲਕ ਨੂੰ |
• ਗ਼ਮ ਅਤੇ ਉਦਾਸੀ ਦਾ ਸਰਬੋਤਮ ਇਲਾਜ ਕੰਮਕਾਰ ਵਿਚ ਰੁੱਝੇ ਰਹਿਣਾ ਹੈ |
• ਕਿਸਮਤ ਤੁਹਾਡੇ ਹੱਥਾਂ ਵਿਚ ਨਹੀਂ ਹੁੰਦੀ ਪਰ ਕੰਮ ਤੁਹਾਡੇ ਵੱਸ ਹੈ | ਤੁਹਾਡਾ ਕੰਮ ਤੁਹਾਡੀ ਕਿਸਮਤ ਬਣਾ ਸਕਦਾ ਹੈ ਪਰ ਕਿਸਮਤ ਤੁਹਾਡਾ ਕੰਮ ਨਹੀਂ ਕਰ ਸਕਦੀ |
• ਸਾਰੀਆਂ ਸਫ਼ਲਤਾਵਾਂ ਕਰਮ ਦੀ ਨੀਂਹ 'ਤੇ ਆਧਾਰਿਤ ਹਨ |
• ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ |
• ਕਰਮ ਹੀ ਗਿਆਨ ਦਾ ਇਕੋ-ਇਕ ਰਾਹ ਹੁੰਦਾ ਹੈ |
• ਅਸੀਂ ਜਿੰਨੀ ਵੀ ਮਿਹਨਤ ਅਤੇ ਵਿਸ਼ਵਾਸ ਨਾਲ ਕੰਮ ਕਰਾਂਗੇ, ਫਲ ਵੀ ਓਨਾ ਹੀ ਬਿਹਤਰ ਅਤੇ ਮਿੱਠਾ ਹੋਵੇਗਾ |
• ਅੱਜ ਦਾ ਕੰਮ ਕਲ੍ਹ ਤੇ ਟਾਲ ਕੇ ਜ਼ਿੰਮੇਵਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ |
• ਕੰਮ ਦੀ ਬਹੁਲਤਾ ਨਹੀਂ ਸਗੋਂ ਯੋਜਨਾਬੰਦੀ ਦੀ ਘਾਟ ਹੀ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਸ਼ਤਾਬਦੀ ਵਰ੍ਹੇ 'ਤੇ ਵਿਸ਼ੇਸ਼

ਰੂਹ ਤੇ ਇਸ਼ਕ ਦੀ ਇਬਾਰਤ ਲਿਖਣ ਵਾਲੀ ਅੰਮਿ੍ਤਾ ਪ੍ਰੀਤਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਾਲਾਂਕਿ ਇਹ ਸ਼ਾਹਕਾਰ ਵੀ ਵਿਵਾਦਾਂ ਤੋਂ ਸੱਖਣਾ ਨਹੀਂ ਰਿਹਾ | ਉਸ ਵੇਲੇ ਦੇ ਵਿਦਵਾਨਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਸੀ ਕਿ ਇਹ ਹੋਕਾ ਗੁਰੂ ਨਾਨਕ ਦੇਵ ਜੀ ਨੂੰ ਜਾਂ ਪ੍ਰਧਾਨ ਮੰਤਰੀ ਜਾਂ ਲੈਨਿਨ ਜਾਂ ਕਿਸੇ ਹੋਰ ਸ਼ਖ਼ਸੀਅਤ ਨੂੰ ਕਿਉਂ ਨਹੀਂ ਦਿੱਤਾ ਗਿਆ | ਪਰ ਹੀਰ ਲਿਖ ਕੇ ਔਰਤਾਂ ਦੇ ਮਨ ਦਾ ਮਰਮ ਦੁਨੀਆ ਅੱਗੇ ਲਿਆਉਣ ਵਾਲੇ ਵਾਰਿਸ ਸ਼ਾਹ ਅੰਮਿ੍ਤਾ ਲਈ ਸਭ ਤੋਂ ਵੱਧ ਔਰਤਾਂ ਦੇ ਹਿਮਾਇਤੀ ਨਜ਼ਰ ਆਏ | ਜੇ ਉਹ ਹੀਰ ਦਾ ਦਰਦ ਪਛਾਣ ਸਕਦੇ ਹਨ ਤਾਂ ਵੰਡ ਦੇ ਜ਼ਖ਼ਮਾਂ ਦੀ ਚੀਸ ਝਲ ਰਹੀਆਂ ਔਰਤਾਂ ਦੀ ਪੀੜਾ ਪਹਿਚਾਨਣ ਤੋਂ ਕਿਉਂ ਇਨਕਾਰੀ ਹੋ ਰਹੇ ਹਨ | ਇਹ ਸਵਾਲ ਅੰਮਿ੍ਤਾ ਦਾ ਸੀ |
'ਪਿੰਜਰ' ਨਾਵਲ ਵੀ ਵੰਡ ਦੇ ਜ਼ਖ਼ਮ, ਜਿਨ੍ਹਾਂ ਸਮਾਂ ਪਾ ਕੇ ਨਾਸੂਰ ਦੀ ਸ਼ਕਲ ਅਖ਼ਤਿਆਰ ਕਰ ਲਈ ਸੀ, ਦੀ ਪੀੜ ਪ੍ਰਗਟਾਉਂਦਾ ਹੈ | ਨਾਵਲ ਦੇ ਆਖਿਰ 'ਚ ਮੁੱਖ ਪਾਤਰ ਪੂਰੋ ਘਰ ਜਾਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੰਦੀ ਹੈ ਕਿ ਉਸ ਦਾ ਮਕਸਦ ਹੁਣ ਵੰਡ ਵੇਲੇ ਵਿਛੜੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰਦਿਆਂ ਨਾਲ ਮਿਲਾਉਣਾ ਹੈ | ਪੂਰੋ ਦਾ ਇਹ ਕਹਿਣਾ ਕਿ ਜਦੋਂ ਵੀ ਕੋਈ ਕੁੜੀ, ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਆਪਣੇ ਟਿਕਾਣੇ 'ਤੇ ਪਹੁੰਚੇ ਤਾਂ ਸਮਝੋ ਪੂਰੋ ਦੀ ਆਤਮਾ ਆਪਣੇ ਟਿਕਾਣੇ 'ਤੇ ਪਹੁੰਚ ਗਈ, ਉਸ ਦਹਿਸ਼ਤ ਨਾਲ ਰੂਬਰੂ ਕਰਵਾਉਂਦੀ ਹੈ ਜੋ ਉਸ ਵੇਲੇ ਪਤਾ ਨਹੀਂ ਕਿੰਨੀਆਂ ਲੜਕੀਆਂ ਨੇ ਭੋਗੀ ਸੀ |
ਕੇ-25 ਹੌਜ਼ ਖਾਸ-ਇਕ ਸਿਰਨਾਵਾਂ, ਇਕ ਪਹਿਚਾਣ
ਲਾਹੌਰ ਤੋਂ ਬਾਅਦ ਇਕ ਲੰਮਾ ਸਮਾਂ ਦਿੱਲੀ 'ਚ ਗੁਜ਼ਾਰਨ ਤੋਂ ਬਾਅਦ ਵੀ ਕੁਝ ਸ਼ਿਕਵੇ ਅੰਮਿ੍ਤਾ ਨੂੰ ਹਮੇਸ਼ਾ ਦਿੱਲੀ ਨਾਲ ਰਹੇ |
ਰੋਜ਼ ਭਵਿੱਖ ਦਾ ਸੁਪਨਾ ਰਾਤੀਂ,
ਵਰਤਮਾਨ ਦੀ ਮੈਲੀ ਚਾਦਰ
ਅੱਧੀ ਆਪਣੇ ਉੱਪਰ ਤਾਣੇ
ਅੱਧੀ ਆਪਣੇ ਹੇਠ ਵਿਛਾਏ
ਕਿੰਨਾ ਚਿਰ ਕੁਝ ਸੋਚੇ,
ਜਾਗੇ ਫਿਰ ਨੀਂਦਰ ਦੀ ਗੋਲੀ ਖਾਵੇ |
ਦਿੱਲੀ 'ਚ ਕੇ-25 ਹੌਜ਼ ਖਾਸ ਉਂਜ ਤਾਂ ਇਕ ਸਿਰਨਾਵਾਂ ਸੀ, ਪਰ ਉਸ ਘਰ 'ਚ ਖਿਆਲ ਕਦੇ ਲਫ਼ਜ਼ਾਂ ਦਾ ਰੂਪ ਧਾਰ ਕੇ ਨਜ਼ਮ ਬਣ ਕੇ ਗੰੂਜਣ ਲੱਗਦੇ ਜਾਂ ਕਦੇ ਰੰਗਾਂ ਦੀਆਂ ਕੂਚੀਆਂ 'ਤੇ ਸਜ ਕੇ ਕੈਨਵਸ 'ਤੇ ਜਾ ਬਹਿੰਦੇ | ਹੌਜ਼ ਖਾਸ ਦੇ ਉਹ ਦਰੋ-ਦੀਵਾਰ ਭਾਵੇਂ ਅੰਮਿ੍ਤਾ-ਇਮਰੋਜ਼ ਕਾਰਨ ਅਬਾਦ ਸੀ, ਪਰ ਅੰਮਿ੍ਤਾ ਕੋਲੋਂ ਉਸ ਦਾ ਪਤਾ ਪੁੱਛਣ 'ਤੇ ਜਵਾਬ ਕੁਝ ਹੋਰ ਹੀ ਮਿਲਦਾ | ਉਹ ਕਹਿੰਦੀ...
ਜਿਥੇ ਵੀ ਸੁਤੰਤਰ ਰੂਹ ਦੀ ਝਲਕ ਹੋਵੇ
ਸਮਝਣਾ ਉਹ ਮੇਰਾ ਘਰ ਹੈ |
ਹਰਫ਼ਾਂ ਨਾਲ ਅਹਿਸਾਸ ਦੀਆਂ ਟਕੋਰਾਂ ਕਰਨ ਵਾਲੀ ਅੰਮਿ੍ਤਾ ਨੇ ਨਾਗਮਣੀ ਰਸਾਲੇ ਵਜੋਂ ਇਕ ਹੋਰ ਮਣਕਾ ਵੀ ਪਾਠਕਾਂ ਦੀ ਝੋਲੀ ਪਾਇਆ | ਨਾਗਮਣੀ ਨੇ ਪੰਜਾਬੀ ਦੇ ਕਈ ਬਿਹਤਰੀਨ ਅਤੇ ਨਵੇਂ ਲੇਖਕਾਂ ਨੂੰ ਇਕ ਮੰਚ ਮੁਹੱਈਆ ਕਰਵਾਇਆ ਜਿਸ ਦੇ ਸੰਪਾਦਕ ਅੰਮਿ੍ਤਾ ਅਤੇ ਇਮਰੋਜ਼ ਉਸ ਦੇ 'ਕਾਮੇ' ਬਣ ਗਏ | ਨਾਗਮਣੀ 33 ਸਾਲ ਤੱਕ ਪੰਜਾਬੀ ਪਾਠਕਾਂ ਨੂੰ ਆਪਣੀ ਖੁਸ਼ਬੋਈ ਨਾਲ ਸਰੋਬਾਰ ਕਰਦੀ ਰਹੀ |
ਅੰਮਿ੍ਤਾ-ਇਮਰੋਜ਼ ਅਤੇ ਸਾਹਿਰ
ਜੇਕਰ ਅੰਮਿ੍ਤਾ ਇਮਰੋਜ਼ ਦਹਾਕਿਆਂ ਦੇ ਸਾਥ ਸਦਕਾ ਇਕ ਦਾਸਤਾਂ ਬਣ ਸਕੇ ਤਾਂ ਇਸ ਦਾਸਤਾਂ ਦੇ ਨਾਲ-ਨਾਲ ਇਕ ਨਾਂਅ ਸਾਹਿਰ ਲੁਧਿਆਣਵੀ ਦਾ ਵੀ ਰਿਹਾ | ਸਾਹਿਰ ਨੂੰ ਅੰਮਿ੍ਤਾ ਨੇ ਬੇਪਨਾਹ ਮੁਹੱਬਤ ਕੀਤੀ ਪਰ ਇਹ ਇਸ਼ਕ ਦਰਦ ਦੀ ਅਲਾਮਤ ਤੋਂ ਵੱਧ ਅੰਮਿ੍ਤਾ ਦੀ ਝੋਲੀ ਕੁਝ ਨਾ ਪਾ ਸਕਿਆ | ਅੰਮਿ੍ਤਾ ਲਈ ਸਾਹਿਰ ਦੀਵਾਨਗੀ ਵੀ ਸੀ ਤੇ ਇਬਾਦਤ ਵੀ | ਸਾਹਿਰ ਵਲੋਂ ਵੀ ਅਹਿਸਾਸ ਪ੍ਰਗਟਾਵੇ ਤਾਂ ਗਏ ਪਰ ਮਜ਼੍ਹਬ ਅਤੇ ਵਿਆਹੁਤਾ ਹੋਣ ਦੀਆਂ ਬੇੜੀਆਂ ਨੂੰ ਉਹ ਕਦੇ ਪਾਰ ਨਾ ਕਰ ਸਕਿਆ |
ਅਜਿਹਾ ਰਿਸ਼ਤਾ, ਜੋ ਕਿਸੇ ਪਹਿਚਾਣ ਦੀ ਪਕੜ 'ਚ ਨਹੀਂ ਆ ਸਕਦਾ | ਸਾਹਿਰ ਲਈ ਅਜਿਹੇ ਤੜਪ ਦੇ ਰਿਸ਼ਤੇ ਲਈ ਉਹ ਇਹ ਲਿਖ ਪਾਈ:
ਫਿਰ ਤੈਨੂੰ ਯਾਦ ਕੀਤਾ,
ਅਸੀਂ ਅੱਗ ਨੂੰ ਚੰੁਮ ਲਿਆ,
ਇਸ਼ਕ ਜ਼ਹਿਰ ਦਾ ਪਿਆਲਾ ਸਹੀ,
ਮੈਂ ਇਕ ਘੁੱਟ ਫਿਰ ਤੋਂ ਮੰਗ ਲਿਆ |
ਬਿਨਾਂ ਅੰਜਾਮ ਤੱਕ ਪਹੁੰਚੇ ਸਾਹਿਰ ਦੇ ਇਸ਼ਕ ਨੂੰ ਜੇਕਰ ਅੰਮਿ੍ਤਾ ਨੇ ਫੁੱਲ ਚੜ੍ਹਾਏ ਤਾਂ ਫੁੱਲ ਚੜ੍ਹਾਉਣ ਵਾਲੇ ਦੋ ਹੱਥਾਂ 'ਚੋਂ ਇਕ ਹੱਥ ਇਮਰੋਜ਼ ਦਾ ਵੀ ਸੀ |
ਇਮਰੋਜ਼ ਦੇ ਅਹਿਸਾਸਾਂ ਦੀ ਇੰਤਹਾ ਨੂੰ ਸਲਾਮ ਕਰਦਿਆਂ ਅੰਮਿ੍ਤਾ ਨੇ ਇਹ ਵੀ ਕਿਹਾ:
ਕਲਮ ਨੇ ਅੱਜ ਗੀਤਾਂ ਦਾ ਕਾਫੀਆ ਤੋੜ ਦਿੱਤਾ
ਮੇਰਾ ਇਸ਼ਕ ਇਹ ਕਿਸ ਮੁਕਾਮ 'ਤੇ ਆਇਆ ਹੈ |
ਉਠ! ਆਪਣੀ ਗਾਗਰ ਤੋਂ ਪਾਣੀ ਦੀ ਕੌਲੀ ਦੇ,
ਮੈਂ ਰਾਹਾਂ ਦੇ ਹਾਦਸੇ, ਉਸ ਪਾਣੀ ਨਾਲ ਧੋ ਲਵਾਂਗੀ |
ਅੰਮਿ੍ਤਾ, ਇਮਰੋਜ਼ ਦੇ ਨਾਲ ਸ਼ੁਰੂਆਤੀ ਦੌਰ 'ਚ ਇਕੱਠਿਆਂ ਰਹਿੰਦਿਆਂ ਵੀ ਜਜ਼ਬਾਤੀ ਤੌਰ 'ਤੇ ਗ਼ੈਰ-ਮਹਿਫੂਜ਼ ਰਹੀ | ਜਿਸ ਦਾ ਇਤਬਾਰ ਦਾ ਬੂਟਾ ਨਾ ਸਿਰਫ਼ ਹੌਲੀ-ਹੌਲੀ ਪੰੁਗਰਿਆ ਸਗੋਂ ਹੌਲੀ-ਹੌਲੀ ਇਹ ਇਸ਼ਕ ਦਾ ਬੋਹੜ ਬਣ ਗਿਆ | ਇਮਰੋਜ਼ ਨੇ ਉਹ ਸਮਾਂ ਵੀ ਅੰਮਿ੍ਤਾ ਦੇ ਨਾਲ ਬਿਤਾਇਆ ਜਦੋਂ ਪਿੱਠ ਦੇ ਦਰਦ ਕਾਰਨ ਅੰਮਿ੍ਤਾ ਕੁਰਲਾ ਵੀ ਰਹੀ ਸੀ ਤੇ ਜਾਣ ਦੀ ਇਜਾਜ਼ਤ ਵੀ ਮੰਗ ਰਹੀ ਸੀ | ਉਹ ਉਸ ਵੇਲੇ ਵੀ ਪਰਛਾਵੇਂ ਵਾਂਗ ਉਸ ਦੇ ਨਾਲ ਖੜ੍ਹਾ ਰਿਹਾ |
ਸਮੇਂ ਦੀ ਭੱਠੀ 'ਚ ਤਪਦੇ ਇਸ ਰਿਸ਼ਤੇ ਸਦਕਾ ਹੀ ਕਦੇ ਇਮਰੋਜ਼ ਲਈ ਇਹ ਲਫ਼ਜ਼ ਲਿਖਣ ਵਾਲੀ ਅੰਮਿ੍ਤਾ...
'ਮੈਂ ਜੋ ਤੇਰੀ ਕੁਝ ਨਹੀਂ ਲਗਦੀ,
ਆਖਿਰੀ ਘੜੀਆਂ'ਚ ਉਸ ਨੂੰ ਇਹ ਕਹਿ ਪਾਈ
'ਮੈਂ ਤੈਨੂੰ ਫਿਰ ਮਿਲਾਂਗੀ |'
ਅੰਮਿ੍ਤਾ ਲਿਖਦੀ ਰਹੀ ਆਖਰੀ ਸਾਹਾਂ ਤੱਕ | ਲਿਖਣ ਤੋਂ ਪਹਿਲਾਂ ਉਹ ਦਰਦ ਹੰਢਾਉਂਦੀ, ਸ਼ਿਵਜੀ ਵਾਂਗ ਜ਼ਹਿਰ ਆਪਣੇ-ਆਪ ਅੰਦਰ ਇਕੱਠਾ ਕਰਦੀ |
ਅੰਮਿ੍ਤਾ, ਜਿਸਮਾਨੀ ਤੌਰ 'ਤੇ ਅੱਜ ਸਾਡੇ ਦਰਮਿਆਨ ਨਹੀਂ ਹੈ, ਨਾ ਹੀ ਉਹ ਕੇ-25 ਹੌਜ਼ ਖਾਸ ਦਾ ਸਿਰਨਾਵਾਂ, ਜਿਸ ਨੂੰ ਉਹ ਆਪਣੇ ਅਤੇ ਇਮਰੋਜ਼ ਦੇ ਸਫ਼ਰ ਦੀ ਯਾਦਗਾਰ ਬਣਾਉਣਾ ਚਾਹੁੰਦਾ ਸੀ | ਪਰ ਉਸ ਦੇ ਲਫ਼ਜ਼ਾਂ ਦਾ ਸਰਮਾਇਆ ਅੱਜ ਵੀ ਮਹਿਫੂਜ਼ ਹੈ-ਦਿਲਾਂ 'ਚ ਅਹਿਸਾਸਾਂ 'ਚ ਅਤੇ ਕਿਸੇ ਹੱਦ ਤੱਕ ਕਿਤਾਬਾਂ 'ਚ ਵੀ |
ਅੰਮਿ੍ਤਾ ਦੇ ਲਫ਼ਜ਼ਾਂ 'ਚ ਹੀ ਉਨ੍ਹਾਂ ਨੂੰ ਸ਼ਰਧਾਂਜਲੀਂ
ਹਰ ਇਕ ਸਫ਼ਰ ਉਥੋਂ ਸ਼ੁਰੂ ਹੁੰਦਾ ਹੈ,
ਜਿਥੇ ਇਹ ਸਫ਼ਰਨਾਮੇ ਖ਼ਤਮ ਹੁੰਦੇ ਹਨ | (ਸਮਾਪਤ)

ਈਮੇਲ : upma.dagga@gmail.com

ਪਰਉਪਕਾਰੀ ਰੁੱਖ

ਜਦੋਂ ਸ਼ਾਮ ਨੇ ਰੁੱਖ ਦੇ ਤਣੇ 'ਤੇ ਕੁਹਾੜੀ ਦਾ ਪਹਿਲਾ ਟੱਕ ਮਾਰਿਆ ਤਾਂ ਅੱਗੋਂ 'ਹਾਏ' ਦੀ ਆਵਾਜ਼ ਆਈ | ਸ਼ਾਮ ਨੇ ਕੁਹਾੜੀ ਟੱਕ ਵਿਚ ਹੀ ਖੁੱਭੀ ਛੱਡ ਆਲਾ-ਦੁਆਲਾ ਦੇਖਿਆ ਪਰ ਕਿਤੇ ਕੋਈ ਇਨਸਾਨ ਨਜ਼ਰ ਨਾ ਆਇਆ | ਸ਼ਾਮ ਕੁਝ ਪਲ ਹੈਰਾਨ-ਪ੍ਰੇਸ਼ਾਨ ਖੜ੍ਹਾ ਰਿਹਾ | ਫਿਰ ਰੁੱਖ ਬੋਲਿਆ, 'ਐ ਮਨੁੱਖ ਅਜੇ ਤਾਂ ਮੇਰਾ ਬਚਪਨ ਹੀ ਬੀਤਿਆ ਹੈ, ਜਵਾਨੀ, ਬੁਢਾਪਾ ਤਾਂ ਅਜੇ ਮੈਂ ਦੇਖਣਾ ਹੈ | ਮੈਂ ਤੈਨੂੰ ਠੰਢੀ ਛਾਂ ਦੇਣੀ ਹੈ, ਜਿਊਣ ਲਈ ਤੈਨੂੰ ਆਕਸੀਜਨ ਦੇਣੀ ਹੈ, ਤੇਰੇ ਘਰ ਦੇ ਦਰਵਾਜ਼ੇ-ਖਿੜਕੀਆਂ ਲਈ ਲੱਕੜ ਦੇਣੀ ਹੈ, ਤੇਰਾ ਘਰ ਸਜਾਉਣ ਲਈ ਸੋਹਣਾ ਫਰਨੀਚਰ ਦੇਣਾ ਹੈ, ਤੇਰੀ ਅਗਲੀ ਪੀੜ੍ਹੀ ਲਈ ਰੁੱਖ ੳੱੁਗਣ ਵਾਸਤੇ ਬੀਜ ਦੇਣੇ ਹਨ ਅਤੇ ਹੋ ਸਕਦਾ ਹੈ ਕਿ ਮੈਂ ਤੇਰੇ ਅੰਤਿਮ ਸੰਸਕਾਰ ਲਈ ਵੀ ਕੰਮ ਆਵਾਂ, ਮੈਂ ਤਾਂ ਉੱਗਿਆ ਹੀ ਤੇਰੇ ਲਈ ਹਾਂ, ਮੈਂ ਤਾਂ ਪੂਰੀ ਤਰ੍ਹਾਂ ਤੈਨੂੰ ਸਮਰਪਤ ਹਾਂ, ਪਰ ਤੂੰ ਤਾਂ ਹੁਣੇ ਹੀ ਮੈਨੂੰ ਵੱਢਣ ਆ ਗਿਆ, ਮੇਰੇ ਲਈ ਨਾ ਸਹੀ, ਤੂੰ ਆਪਣੇ ਲਈ ਹੀ ਕੁਝ ਸੋਚ |'
...ਤੇ ਸ਼ਾਮ ਨੇ ਇਕ ਜ਼ੋਰਦਾਰ ਝਟਕੇ ਨਾਲ ਕੁਹਾੜੀ ਟੱਕ ਵਿਚੋਂ ਖਿੱਚੀ ਅਤੇ ਮੋਢੇ 'ਤੇ ਰੱਖ ਵਾਪਸ ਚਲਾ ਗਿਆ |

-ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ | ਮੋਬਾ : 99159-95505.

ਲਘੂ ਕਥਾ: ਭੜਾਸ

'ਸਮਾਂ ਬਦਲੇ ਤਾਂ ਰਿਸ਼ਤੇ ਵੀ ਬਦਲਦੇ ਨੇ ਜ਼ਮਾਨੇ ਵਿਚ |
ਜੋ ਰਿਸ਼ਤੇ ਖੋ ਗਏ ਥਲ ਵਿਚ ਉਨ੍ਹਾਂ ਨੂੰ ਭਾਲਣਾ ਮੁਸ਼ਕਿਲ |'
ਮਹਿੰਦਰ ਸਿੰਘ ਨੂੰ ਨਵੀਂ ਨਵੇਲੀ ਦੁਲਹਨ ਨਾਲ ਵੇਖ ਕੇ ਮੇਰੇ ਪੈਰਾਂ ਥੱਲਿਓਾ ਜ਼ਮੀਨ ਖਿਸਕ ਗਈ ਸੀ | ਅਜੇ ਤਾਂ ਤਿੰਨ ਮਹੀਨੇ ਵੀ ਨਹੀਂ ਹੋਏ ਉਸ ਦੀ ਵਹੁਟੀ ਸਿਮਰਤ ਨੂੰ ਮਰਿਆਂ | ਮੈਂ ਉਨ੍ਹਾਂ ਨੂੰ ਵੇਖ ਕੇ ਰੁਕ ਗਿਆ ਸੀ | ਦੁਆ ਸਲਾਮ ਕਰਨ ਤੋਂ ਬਾਅਦ ਮੈਂ ਉਸ ਨੂੰ ਇਕ ਪਾਸੇ ਕਰ ਕੇ ਪੁੱਛ ਹੀ ਲਿਆ—
'ਇਹ ਕੀ? ਅਜੇ ਤਾਂ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ |' ਉਸ ਵੱਲ ਵੇਖ ਕੇ ਮੈਂ ਉਸ ਨੂੰ ਸਵਾਲ ਦਾਿਗ਼ਆ ਸੀ | ਉਹ ਮੇਰਾ ਸਵਾਲ ਸੁਣ ਕੇ ਇਕਦਮ ਤ੍ਰਬਕ ਪਿਆ ਸੀ ਤੇ ਮੈਨੂੰ ਉਹ ਆਪਣੀ ਵਹੁਟੀ ਕੋਲੋਂ ਥੋੜ੍ਹਾ ਹੋਰ ਪਰ੍ਹਾਂ ਲੈ ਗਿਆ ਸੀ ਤਾਂ ਕਿ ਉਸ ਨੂੰ ਕੁਝ ਸੁਣਾਈ ਨਾ ਦੇਵੇ | ਮੈਂ ਵੀ ਉਸ ਦੇ ਅੰਦਰ ਦੀ ਗੱਲ ਨੂੰ ਸਮਝ ਗਿਆ ਸੀ | ਇਸ ਲਈ ਉਸ ਨੂੰ ਹੌਲੀ ਜਿਹੀ ਪੁੱਛਿਆ—
'ਕਦੋਂ ਕੀਤਾ ਇਹ ਵਿਆਹ? ਸਾਨੂੰ ਦੱਸਿਆ ਤੱਕ ਨਹੀਂ | ਚੁੱਪ-ਚਪੀਤੇ ਭਿਣਕ ਵੀ ਨਹੀਂ ਨਿਕਲਣ ਦਿੱਤੀ |' ਮੈਂ ਉਸ ਦਾ ਅੰਦਰ ਫਰੋਲਣ ਦਾ ਯਤਨ ਕੀਤਾ ਸੀ | ਉਹ ਸ਼ਰਮਿੰਦਾ ਹੋਇਆ, ਸੁਣਦਾ ਰਿਹਾ ਕੁਝ ਚਿਰ | ਫਿਰ ਉਸ ਨੇ ਆਪਣੇ ਆਪ ਨੂੰ ਥੋੜ੍ਹਾ ਸੰਭਾਲਿਆ ਤੇ ਕਹਿਣ ਲੱਗਾ—
'ਬਸ ਮਹੀਨਾ ਪਹਿਲਾਂ |' ਉਸ ਨੇ ਹੁਣ ਆਪਣਾ ਚਿਹਰਾ ਥੋੜ੍ਹਾ ਉੱਪਰ ਚੁੱਕ ਲਿਆ ਸੀ ਤੇ ਉਸ ਵੱਲ ਸਰਸਰੀ ਜਿਹੀ ਨਜ਼ਰ ਮਾਰੀ ਸੀ |
'ਥੋੜ੍ਹਾ ਚਿਰ ਹੋਰ ਸਬਰ ਕਰ ਲੈਣਾ ਸੀ | ਏਨਾ ਵੀ ਉਤਾਵਲਾਪਨ ਕੀ ਸੀ? ਅਜਿਹੀ ਕਿਹੜੀ ਆਫ਼ਤ ਆ ਡਿੱਗੀ ਸੀ?'
'ਕੀ ਦੱਸਾਂ ਯਾਰ, ਘਰ ਵਾਲੇ ਤੇ ਹੋਰ ਰਿਸ਼ਤੇਦਾਰੀ ਕਾਹਲੀ ਪੈ ਗੀ ਸੀ | ਮੈਥੋਂ ਨਾਂਹ ਨਹੀਂ ਹੋ ਸਕੀ |' ਬੜੇ ਹੀ ਸਲੀਕੇ ਨਾਲ ਉਸ ਨੇ ਗੱਲ ਦੂਸਰਿਆਂ 'ਤੇ ਥੋਪਣੀ ਚਾਹੀ ਸੀ |
'ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਗੱਲ ਦੂਸਰਿਆਂ ਦੇ ਸਿਰ ਮੜ੍ਹਦੇ ਹੋਏ | ਥੋੜ੍ਹਾ ਚਿਰ ਹੋਰ ਠਹਿਰ ਜਾਂਦਾ ਤਾਂ ਕੋਈ ਪਹਾੜ ਤਾਂ ਨਹੀਂ ਸੀ ਡਿੱਗ ਪੈਣਾ | ਅਜੇ ਤਾਂ ਘਰ ਵਾਲੀ ਦੀ ਬਰਸੀ ਵੀ ਨਹੀਂ ਹੋਈ | ਮਸਾਂ ਤਿੰਨ ਮਹੀਨੇ ਹੀ ਪੂਰੇ ਹੋਏ ਹਨ, ਉਸ ਨੂੰ ਮਰਿਆਂ | ਅਜੇ ਤਾਂ ਉਨ੍ਹਾਂ ਦੀ ਤਸਵੀਰ ਵੀ ਤੇਰੀਆਂ ਅੱਖਾਂ ਵਿਚ ਤੈਰਦੀ ਹੋਣੀ ਹੈ |'
ਮੈਂ ਉਸ 'ਤੇ ਪੂਰੀ ਤਰ੍ਹਾਂ ਬਰਸ ਪਿਆ ਸੀ |
'ਕਿੰਨੀ ਮਾੜੀ ਗੱਲ ਹੈ | ਇੰਝ ਤਾਂ ਪਸ਼ੂ ਵੀ ਨਹੀਂ ਕਰਦੇ | ਉਹ ਵੀ ਆਪਣੇ ਟੱਬਰ ਵਿਚ ਕਿਸੇ ਦੀ ਮੌਤ 'ਤੇ ਕਈ ਦਿਨ, ਮਹੀਨੇ ਤੱਕ ਸ਼ੋਕ ਮਨਾਉਂਦੇ ਹਨ, ਖਾਣਾ ਤੱਕ ਨਹੀਂ ਖਾਂਦੇ |' ਮੈਂ ਉਸ 'ਤੇ ਆਪਣੀ ਖਿਝ ਪ੍ਰਗਟ ਕਰਨੀ ਚਾਹੀ ਸੀ |
ਉਹ ਹੁਣ ਕੁਝ ਵੀ ਨਹੀਂ ਬੋਲਿਆ ਸੀ | ਉਸ ਦਾ ਚਿਹਰਾ ਤਿਲਮਿਲਾ ਗਿਆ ਸੀ | ਉਸ ਦੇ ਅੰਦਰ ਅਜੀਬ ਤਰ੍ਹਾਂ ਦਾ ਰੋਹ ਉਮੜ ਪਿਆ ਸੀ | ਉਹ ਹੁਣ ਮੇਰੇ ਕੋਲ ਖਲੋਣਾ ਇਕ ਪਲ ਲਈ ਵੀ ਮਾੜਾ ਸਮਝ ਰਿਹਾ ਸੀ | ਇੰਝ ਉਹ ਥੋੜ੍ਹੀ ਦੂਰ ਖੜ੍ਹੀ ਆਪਣੀ ਨਵ-ਵਿਆਹੀ ਵਹੁਟੀ ਨੂੰ ਨਾਲ ਲੈ ਕੇ ਚਲਾ ਗਿਆ ਸੀ | ਮੈਂ ਉਨ੍ਹਾਂ ਵੱਲ ਬਿੱਟ ਬਿੱਟ ਵੇਖਦਾ ਰਿਹਾ |

-255, ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ, ਪਠਾਨਕੋਟ-145023.
ਮੋਬਾਈਲ : 94644-25912.

ਨਾਵਲ ਸਿਰਜਣਾ ਦਾ ਉੱਚ ਦੋਮਾਲੜਾ ਬੁਰਜ ਸੀ ਪ੍ਰੋ: ਨਰਿੰਜਨ ਤਸਨੀਮ

ਪਿਛਲੀ ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਸਾਡੇ ਵੱਡ ਵਡੇਰੇ ਪ੍ਰੋ: ਨਰਿੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤਕ, ਇਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਸੀ ਅਸਾਂ ਜਸਵੰਤ ਸਿੰਘ ਕੰਵਲ ਦੀ ਸਦਾਰਤ ਥੱਲੇ |
ਪ੍ਰੋ: ਨਰਿੰਜਨ ਤਸਨੀਮ ਅੰਬਰਸਰ ਵਿਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ 2019 ਨੂੰ ਸ਼ਾਮੀਂ ਚਾਰ ਵਜੇ ਆਖਰੀ ਫ਼ਤਹਿ ਬੁਲਾ ਗਏ |  
ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰ ਕੇ ਆਪ ਨੇ ਉਰਦੂ ਅਤੇ ਪੰਜਾਬੀ ਵਿਚ ਸਾਹਿਤ ਸਿਰਜਣਾ ਆਰੰਭੀ | 1929 ਵਿਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿਚ ਅੰਮਿ੍ਤਸਰ ਦੇ ਕਾਲਜਾਂ ਵਿਚ ਪੜ੍ਹਦਿਆਂ ਹੀ ਉਰਦੂ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿਚ ਪਹਿਲਾ ਨਾਵਲ 'ਸੋਗਵਾਰ' ਲਿਖਿਆ | ਇਹ ਨਾਵਲ 1960 ਵਿਚ ਪ੍ਰਕਾਸ਼ਤ ਹੋਇਆ | 1962 ਵਿਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ 'ਮੋਨਾਲੀਜ਼ਾ' ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ |  ਤਸਨੀਮ ਨੇ ਪੰਜਾਬੀ ਵਿਚ ਸਾਹਿਤ ਸਿਰਜਣਾ 'ਪਰਛਾਵੇਂ' ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿਚ ਉਨ੍ਹਾਂ ਦਾ ਪਹਿਲਾ ਪੰਜਾਬੀ ਨਾਵਲ 'ਕਸਕ' ਛਪ ਕੇ ਆਇਆ |  ਸਾਲ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿਚ ਇਕੋ ਜਿੰਨੀ ਸਲਾਹੀ ਗਈ |  
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਸਕੀ |  ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ | ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ | ਭਾਰਤੀ ਸਾਹਿਤ ਅਕਾਡਮੀ ਵਲੋਂ ਤਸਨੀਮ ਹੁਰਾਂ ਨੂੰ 1999 ਵਿਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |  
ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿਚ ਨਿਵਾਜਿਆ |  ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ |  ਸਾਰੀ ਜ਼ਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ | ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ | ਅੰਗਰੇਜ਼ੀ ਵਿਚ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ | ਅੰਗਰੇਜ਼ੀ ਅਖ਼ਬਾਰਾਂ ਵਿਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲਥਾਇਆ ਹੈ | 
ਕਪੂਰਥਲਾ, ਫਰੀਦਕੋਟ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਵੀ ਪੋਸਟ ਗਰੈਜੂਏਟ ਅੰਗਰੇਜ਼ੀ ਕਲਾਸਾਂ ਪੜ੍ਹਾਉਣ ਦਾ ਮਾਣ ਮਿਲਿਆ ਪਰ ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਸਨ | ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਵਿਸ਼ਾਲ ਨਗਰ ਇਲਾਕੇ ਵਿਚ ਵਸਦੇ ਪ੍ਰੋ: ਤਸਨੀਮ ਉਮਰ ਦੇ 89ਵੇਂ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ |  
ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਉਨ੍ਹਾਂ ਦੇ 10 ਨਾਵਲਾਂ ਦਾ ਇਕੱਠਾ ਖੂਬਸੂਰਤ ਪ੍ਰਕਾਸ਼ਨ ਕਰਨਾ ਪੰਜਾਬੀ ਜ਼ੁਬਾਨ ਲਈ ਸੁਹਾਗਵੰਤਾ ਕਦਮ ਸੀ |  
ਤਸਨੀਮ ਹੁਰਾਂ ਦੇ ਜਾਣ 'ਤੇ ਪੁਰਾਣੇ ਬਜ਼ੁਰਗ ਭਾਈ ਜੋਧ ਸਿੰਘ, ਪ੍ਰੋ: ਮੋਹਨ ਸਿੰਘ , ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ, ਸ. ਸ. ਨਰੂਲਾ, ਕਿ੍ਸ਼ਨ ਅਦੀਬ ਤੇ ਕਈ ਹੋਰ ਚਿਹਰੇ ਯਾਦ ਆ ਰਹੇ ਹਨ, ਜਿਨ੍ਹਾਂ ਦੇ ਹੁੰਦਿਆਂ ਲੁਧਿਆਣਾ ਕਿੰਨਾ ਅਮੀਰ ਹੁੰਦਾ ਸੀ |  ਪ੍ਰੋ: ਮੋਹਨ ਸਿੰਘ ਦੇ ਸ਼ਿਅਰ ਨਾਲ ਗੱਲ ਮੁਕਾਵਾਂਗਾ |  
ਫੁੱਲ ਹਿੱਕ ਵਿਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,  
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ |

-ਮੋਬਾਈਲ : 98726-31199

ਜਲ-ਥਲ ਜਲ-ਥਲ, ਪੂਰਾ ਹਿੰਦੁਸਤਾਨ

ਜੂਨ ਦਾ ਮਹੀਨਾ ਸੀ, ਲੋਕੀਂ ਕੀ ਮਹਾਰਾਸ਼ਟਰ 'ਚ, ਕੀ ਪੰਜਾਬ 'ਚ, ਕੀ ਦੂਜਿਆਂ ਸੂਬਿਆਂ ਵਿਚ, ਤੰਗ ਆਏ ਪਏ ਸਨ ਗਰਮੀ ਤੋਂ | ਕਈ ਥਾੲੀਂ ਤਾਂ ਪਾਰਾ ਐਨਾ ਚੜ੍ਹ ਚੁੱਕਿਆ ਸੀ ਕਿ ਸਾਹ ਲੈਣਾ ਮੁਹਾਲ ਸੀ, ਪੱਖੇ ਕਿਹੜਾ ਘਰ ਹੈ, ਜਿਥੇ ਫੁਲਸਪੀਡ 'ਤੇ ਦਿਨ-ਰਾਤ ਨਹੀਂ ਚਲ ਰਹੇ ਸਨ | ਵੱਡਿਆਂ ਘਰਾਂ 'ਚ ਤਾਂ ਏਅਰ ਕੰਡੀਸ਼ਨਰ ਚਲ ਰਹੇ ਸਨ |
ਗੁਰਦੁਆਰਿਆਂ 'ਚ, ਸੰਗਤ ਦੀ ਸਭ ਤੋਂ ਉੱਤਮ ਸੇਵਾ ਪੱਖਾਂ ਝੱਲਣ ਵਾਲੀ ਸਮਝੀ ਜਾਂਦੀ ਸੀ, ਵੱਡਾ ਹੱਥ ਪੱਖਾ ਦੋਵਾਂ ਹੱਥਾਂ 'ਚ ਲਈ ਕਈ ਸੇਵਾਦਾਰ ਪੱਖਾ ਝੱਲ ਰਹੇ ਹੁੰਦੇ ਸਨ | ਇਸ ਸੇਵਾ ਨੂੰ ਕਿੰਨਾ ਉੱਤਮ ਸਮਝਿਆ ਜਾਂਦਾ ਸੀ |
ਪੱਖਾਂ ਫੇਰਾਂ, ਪਾਣੀ ਢੋਆਂ | ਗਰਮੀਆਂ ਦੀ ਰੁੱਤ 'ਚ ਇਹੀ ਤੇ ਦੋ ਸੇਵਾਵਾਂ ਉੱਤਮ ਹਨ...
ਜਲ ਛਕਾਉਣ, ਹਵਾ 'ਚ ਪੱਖੇ ਨਾਲ ਹਰਕਤ ਕਰਕੇ, ਸੰਗਤ ਨੂੰ ਗਰਮੀ ਤੋਂ ਰਾਹਤ ਪਹੁੰਚਾਉਣੀ |
ਬਿਜਲੀ ਨੂੰ ਸਵਿੱਚ ਦਬਾਓ ਤਾਂ ਹੀ ਪੱਖਾ ਚਲਦਾ ਹੈ ਪਰ ਸਵਿੱਚ ਵਾਰ-ਵਾਰ ਦੱਬਣ 'ਤੇ ਵੀ ਪੱਖਾ ਆਪਣੀ ਥਾਂ ਤੋਂ ਹਿਲਦਾ ਨਹੀਂ ਸੀ, ਬਿਜਲੀ ਗੁੱਲ, ਪੱਖਾ ਵਿਚਾਰਾ ਕੀ ਕਰੇ?
ਇਕ ਵਾਰ ਫਿਰ ਲੋਕੀਂ ਪੱਖੀਆਂ ਫੜ ਲੈਂਦੇ...
ਮਨ ਅੰਦਰੋਂ ਆਵਾਜ਼ ਉਠਦੀ, 'ਹਾਏ ਗਰਮੀ... ਹਾਏ ਗਰਮੀ...' ਕਈ-ਕਈ ਘੰਟੇ ਬਿਜਲੀ ਗੁੱਲ ਰਹਿੰਦੀ... ਕੱਪੜੇ ਪਸੀਨੇ ਨਾਲ ਤਰ-ਬਤਰ ਹੋ ਜਾਂਦੇ | ਸ਼ੁਕਰ ਕਰੀ ਦਾ ਸੀ ਜਦ ਕਈ ਘੰਟਿਆਂ ਮਗਰੋਂ ਬਿਜਲੀ ਆ ਜਾਂਦੀ ਸੀ | ਫਿਰ ਬਿਜਲੀ ਦੇ ਪੱਖੇ... ਮੇਜ਼ 'ਤੇ ਰੱਖਣ ਵਾਲੇ ਵੀ ਆ ਗਏ ਸਨ, ਪੁਰਾਣੇ ਘਰਾਂ 'ਚ ਪੁਰਾਣੇ ਜਿਹੇ ਮੇਜ਼ ਹੁੰਦੇ ਸਨ, ਜਿਨ੍ਹਾਂ ਦੀਆਂ ਚੂਲ੍ਹਾਂ ਹਿੱਲੀਆਂ ਹੁੰਦੀਆਂ ਸਨ... ਪੱਖਾ ਚਲਦਾ ਸੀ ਤਾਂ ਖੂਬ ਜ਼ੋਰ ਨਾਲ ਖੜਖੜ ਮੇਜ਼ ਵੀ ਹਿਲਦਾ ਸੀ | ਸੱਚ ਇਹ ਹੈ ਕਿ ਪੱਖੇ ਦੀ ਆਵਾਜ਼ ਘੱਟ ਆਉਂਦੀ ਸੀ, ਮੇਜ਼ ਖੂਬ ਖੜਖੜ ਕਰਦਾ ਸੀ | ਫਿਰ ਪੱਖੇ ਵੀ ਪੁਰਾਣੇ ਹੋ ਜਾਂਦੇ ਸਨ, ਮੇਜ਼ ਉਹੀਓ ਰਹਿੰਦਾ ਸੀ |
ਹੁਣ ਤਾਂ ਜ਼ਮਾਨਾ ਬਦਲ ਗਿਆ ਹੈ | ਥੋੜ੍ਹੇ ਦਿਨ ਪਹਿਲਾਂ ਮੇਰੇ ਇਕ ਫਿਲਮੀ ਦੋਸਤ ਦੇ ਘਰ ਉਹਦਾ ਇਕ ਪਿਆਰਾ ਮਿੱਤਰ ਸ਼ਾਇਦ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਉਹਨੂੰ ਮਿਲਣ ਆਇਆ ਸੀ | ਦੋਸਤ ਦੇ ਘਰ ਅੱਜ ਵੀ ਛੱਤ 'ਤੇ ਲੱਗੇ ਮਾਡਰਨ ਜਿਹੇ ਪੱਖੇ ਚੱਲ ਰਹੇ ਸਨ | ਜ਼ਿਆਦਾ ਸਾਊਾਡ ਨਹੀਂ ਕਰ ਰਹੇ ਸਨ, ਇੰਗਲੈਂਡ ਵਾਲੇ ਦੋਸਤ ਨੂੰ ਗਰਮੀ ਲੱਗ ਰਹੀ ਸੀ |
ਆਮ ਕਰਕੇ ਜੂਨ ਦੇ ਮਹੀਨੇ ਦੀ 6-7 ਤਾਰੀਖ ਨੂੰ ਮੰੁਬਈ 'ਚ ਪਹਿਲੀ ਬਾਰਿਸ਼ ਹੋ ਜਾਂਦੀ ਹੈ | ਇਸ ਵਾਰ ਠੀਕ 6-7 ਜੂਨ ਨੂੰ ਬਾਰਿਸ਼ ਨੇ ਵਾਅਦਾ ਨਹੀਂ ਨਿਭਾਇਆ | ਲੋਕੀਂ ਗਿਲਾ ਕਰ ਰਹੇ ਸਨ, ਪਤਾ ਨਹੀਂ ਕੀ ਹੋ ਗਿਆ ਹੈ, ਮੌਸਮ ਨੂੰ ਬਰਸਾਤ ਲੇਟ-ਲੇਟ-ਲੇਟ ਹੀ ਹੋ ਰਹੀ ਹੈ | ਗਰਮੀ ਨਾਲ ਜਾਨ ਜਾ ਰਹੀ ਹੈ | ਅਸਮਾਨ ਸਾਫ਼ ਸੀ, ਹੁਣ ਤਾੲੀਂ ਤਾਂ ਬੱਦਲ ਛਾ ਜਾਣੇ ਚਾਹੀਦੇ ਸਨ | ਪਰ ਦੋ ਦਿਨ ਮਗਰੋਂ ਹੀ ਬਾਹਰ ਗਲੀ 'ਚੋਂ ਨਿੱਕੇ ਨਿਆਣਿਆਂ ਦਾ ਖ਼ੁਸ਼ੀ ਭਰਿਆ ਸ਼ੋਰ ਸੁਣਾਈ ਦਿੱਤਾ... ਮਰਾਠੀ 'ਚ ਚਹਿਕ ਰਹੇ ਸਨ, 'ਪਾਊਸ ਆਲਾ... ਪਾਊਸ ਆਲਾ...' (ਭਾਵ ਬਾਰਿਸ਼ ਆ ਗਈ... ਮੀਂਹ ਆ ਗਿਆ) |
ਫਿਰ ਵੇਖਿਆ, ਸੱਚਮੁੱਚ ਉੱਪਰ ਅਸਮਾਨ ਕਾਲੇ ਬੱਦਲਾਂ ਨਾਲ ਭਰਿਆ ਪਿਆ ਹੈ, ਬੱਦਲ ਗਰਜੇ, ਬਿਜਲੀ ਕੜਕੀ, ਝਮਾਝਮਾ... ਬਾਰਿਸ਼ ਹੋ ਗਈ... ਬੱਚੇ ਤਾਂ ਨੰਗ-ਮੁਨੰਗੇ ਬਾਰਿਸ਼ 'ਚ ਭਿਜਦੇ ਨੱਚਣ ਲੱਗੇ | ਉਹ ਮਰਾਠੀ 'ਚ ਓਦਾਂ ਹੀ ਉੱਚੀ-ਉੱਚੀ ਬਾਰਿਸ਼ ਨੂੰ ਖੁਸ਼ਆਮਦੀਦ ਕਹਿ ਰਹੇ ਸਨ, ਜਿਵੇਂ ਪੰਜਾਬ 'ਚ ਏਦਾਂ ਹੀ ਗਲੀਆਂ 'ਚ ਨੱਚਦੇ ਗਾਉਂਦੇ ਸਨ...
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਾ ਦੇ ਜ਼ੋਰੋ-ਜ਼ੋਰ |
ਮੀਂਹ ਐਥੇ ਵੀ ਜ਼ੋਰ ਫੜੀ ਜਾ ਰਿਹਾ ਸੀ, ਮਿੰਟਾਂ-ਸਕਿੰਟਾਂ 'ਚ ਸੁਸਾਇਟੀ 'ਚ ਪਾਣੀ ਭਰ ਗਿਆ | ਬਾਹਰੋਂ ਹੋਰ ਵੀ ਬੱਚੇ ਆ ਕੇ ਨਹਾਉਣ ਲੱਗੇ... ਹੁਣ ਤਾਂ ਰਤਾ ਵੱਡੀ ਉਮਰ ਵਾਲੇ ਮੰੁਡੇ-ਕੁੜੀਆਂ ਵੀ ਆ ਗਏ... ਨਾਲੇ ਘਰੇਲੂ ਸੁਆਣੀਆਂ ਵੀ ਆ ਗਈਆਂ | ਬੁਰੀ ਤਰ੍ਹਾਂ ਭਿੱਜ ਰਹੀਆਂ ਸਨ ਪਰ ਹਰੇਕ ਚਿਹਰੇ 'ਤੇ ਆਨੰਦ ਦਾ ਪ੍ਰਗਟਾਵਾ ਸੀ | ਲੋਕੀਂ ਇਕ-ਦੂਜੇ 'ਤੇ ਹੱਥਾਂ ਨਾਲ ਬੁੱਕ ਭਰ ਭਰ ਕੇ ਮੀਂਹ ਦਾ ਪਾਣੀ ਸੁੱਟ ਰਹੇ ਸਨ |
ਰਾਤ ਪੈ ਗਈ...ਮੀਂਹ ਬੰਦ ਨਹੀਂ ਹੋਇਆ | ਸੱਚਮੁੱਚ ਤਾਪਮਾਨ ਥੋੜ੍ਹਾ ਘੱਟ ਹੋਇਆ, ਕਈ ਦਿਨਾਂ ਬਾਅਦ ਆਰਾਮ ਦੀ ਨੀਂਦ ਆ ਗਈ... ਪਰ ਅਚਾਨਕ ਅੱਧੀ ਰਾਤੀਂ ਬਾਹਰੋਂ ਲੋਕਾਂ ਦਾ ਸ਼ੋਰ ਸੁਣ ਕੇ ਨੀਂਦ ਟੁੱਟ ਗਈ, ਦਰਵਾਜ਼ਾ ਖੋਲ੍ਹ ਕੇ ਵੇਖਿਆ... ਵਿਹੜੇ ਵਿਚ ਪਾਣੀ ਐਨਾ ਭਰ ਗਿਆ ਸੀ ਕਿ ਜਿਨ੍ਹਾਂ ਦੇ ਥੜ੍ਹੇ ਛੋਟੇ ਸਨ, ਉਨ੍ਹਾਂ ਦੇ ਘਰਾਂ 'ਚ ਵੜ ਗਿਆ ਸੀ | ਜਲਮਗਨ-ਜਲਮਗਨ ਸੀ, ਪੂਰੀ ਸੁਸਾਇਟੀ... ਸ਼ੁਕਰ ਹੈ, ਕੁਝ ਕੁ ਘਰਾਂ 'ਚ ਪਾਣੀ ਬਾਹਰ ਕੱਢਣ ਵਾਲੇ ਪੰਪ ਸਨ, ਸਭ ਇਕ-ਦੂਜੇ ਦੀ ਮਦਦ ਕਰ ਰਹੇ ਸਨ, ਪਰ ਪਾਣੀ ਨਾ ਵਧਣਾ ਬੰਦ ਹੋਇਆ ਸੀ, ਨਾ ਘਟਣਾ... ਸਵੇਰੇ ਕਈ ਲੋਕਾਂ ਦੇ ਘਰਾਂ ਦਾ ਫਰਨੀਚਰ ਆਦਿ ਸਭ ਖਰਾਬ ਹੋ ਗਿਆ ਸੀ | ਉਪਰੋਂ ਉਸ ਦਿਨ ਹਾਈ ਟਾਈਡ ਸੀ, ਸਮੰੁਦਰ ਪਾਣੀ ਨੂੰ ਵਸੂਲ ਨਹੀਂ ਰਿਹਾ ਸੀ |
ਸਵੇਰੇ ਕੁਝ ਰਾਹਤ ਮਿਲੀ, ਹੌਲੀ-ਹੌਲੀ ਪਾਣੀ ਘਟਦਾ ਜਾ ਰਿਹਾ ਸੀ, ਪਰ ਦੋ ਦਿਨਾਂ ਮਗਰੋਂ ਫਿਰ ਉਹੀਓ ਹਾਲ |
ਜਿਸ ਰੱਬ ਨੂੰ ਲੋਕੀਂ ਮਿੰਨਤਾਂ, ਤਰਲੇ ਕਰ ਰਹੇ ਸਨ, 'ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ |'
ਉਹਨੂੰ ਹੀ ਸੜ ਬਲ ਕੇ ਕੋਸ ਰਹੇ ਸਨ, 'ਓਏ ਹੁਣ ਬਸ ਵੀ ਕਰ |'
ਪਿਛਲੇ ਜੁਲਾਈ-ਅਗਸਤ 'ਚ ਤਾਂ ਇਉਂ ਮੀਂਹ ਵਰਿਆ ਕਿ ਮੰੁਬਈ ਮਹਾਂਨਗਰ ਦੀਆਂ ਸੜਕਾਂ ਵਗਦੇ ਦਰਿਆ ਬਣੀਆਂ ਹੋਈਆਂ ਸਨ | ਐਨੀ ਬਾਰਿਸ਼, ਇਸ ਵੇਗ ਨਾਲ ਘੱਟ ਹੀ ਹੋਈ ਸੀ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ, ਕਮਰੇ, ਰਸੋਈਆਂ, ਜਲਮਗਨ ਸਨ |
ਮੰੁਬਈ ਮਹਾਂਨਗਰ ਨੂੰ ਛੱਡੋ, ਸਾਰੇ ਮਹਾਰਾਸ਼ਟਰ ਦਾ ਬੁਰਾ ਹਾਲ ਸੀ | ਕਿਹੜਾ ਸ਼ਹਿਰ ਹੈ, ਜਿਥੇ ਹੜ੍ਹਾਂ ਵਾਲਾ ਜਲਥਲ ਨਹੀਂ ਸੀ |
ਹਾਂ ਮਹਾਰਾਸ਼ਟਰ ਦੇ ਮਰਾਠਾਵਾੜ 'ਚ ਪਾਣੀ ਦੀ ਇਕ ਬੰੂਦ ਨਹੀਂ ਟਪਕੀ, ਉਥੇ ਅਜੇ ਵੀ ਸੋਕਾ ਪਿਆ ਹੋਇਆ ਹੈ | ਲੋਕੀਂ ਬਾਰਿਸ਼ ਨੂੰ ਤਰਸ ਰਹੇ ਹਨ |
ਇਹੀ ਹੈ ਕੁਦਰਤ ਦੇ ਚੋਜ |
ਬਾਕੀ ਪੂਰੇ ਹਿੰਦੁਸਤਾਨ ਦੇ ਲਗਪਗ ਹਰ ਸੂਬੇ ਵਿਚ ਬਾਰਿਸ਼ ਨੇ ਇਹੀ ਕਹਿਰ ਵਰਤਾਇਆ ਹੈ | ਤੁਸੀਂ ਟੀ.ਵੀ. 'ਤੇ ਸ਼ਾਖਸ਼ਾਤ ਹਾਲ-ਬੇਹਾਲ ਲੋਕਾਂ ਦਾ ਵੇਖ ਲਿਆ ਹੋਣਾ ਹੈ | ਲੋਕਾਂ ਦੇ ਘਰ ਢਹਿ ਗਏ ਹਨ, ਪੂਰੀਆਂ ਇਮਾਰਤਾਂ ਗਰਕ ਹੋ ਗਈਆਂ ਹਨ, ਹਜ਼ਾਰਾਂ ਜਾਨਾਂ ਪਾਣੀ ਲੈ ਡੁੱਬਾ ਹੈ | ਤੁਸੀਂ ਆਖ ਨਹੀਂ ਸਕਦੇ 'ਪਾਨੀ ਰੇ ਪਾਨੀ ਤੇਰਾ ਰੰਗ ਕੈਸਾ' ਰੰਗ ਤਾਂ ਕੁਦਰਤ ਹੈ, ਮਨੁੱਖ ਨੂੰ ਲਾਹਨਤ ਹੈ, ਹੋਰ ਕੱਟੋ ਜੰਗਲ... ਪੈਸੇ ਦੇ ਲਾਲਚ ਪਿੱਛੇ ਹੋਰ ਖ਼ਤਮ ਕਰੋ ਹਰਿਆਵਲ | ਸੀਮੈਂਟ ਤੇ ਜੰਗਲ ਉਸਾਰੇ ਜੋ... ਇਹ ਹਾਲ ਹੋਣਾ ਹੀ ਸੀ |

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਾਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚੱਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਆਸਾਨ ਤੋਂ ਆਸਾਨ ਕੰਮ ਵੀ ਸ਼ੁਰੂਆਤ 'ਚ ਮੁਸ਼ਕਿਲ ਲਗਦਾ ਹੈ |
• ਕੰਮ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਦਾ ਜੀਵਨ ਸੁਖਮਈ ਹੁੰਦਾ ਹੈ |
• ਗਮ ਅਤੇ ਉਦਾਸੀ ਦਾ ਸਰਬੋਤਮ ਇਲਾਜ ਕੰਮ ਕਾਰ ਵਿਚ ਰੱੁਝੇ ਰਹਿਣਾ ਹੈ |
• ਜਿਥੇ ਕੋਈ ਉੱਦਮ ਨਾ ਹੋਵੇ, ਉਥੇ ਕਿਸੇ ਆਸ ਦੀ ਵੀ ਇੱਛਾ ਨਹੀਂ ਰੱਖਣੀ ਚਾਹੀਦੀ |
• ਕ੍ਰਿਸ਼ਮੇ ਹੁੰਦੇ ਹਨ ਪਰ ਬਿਨਾਂ ਕੰਮ ਤੋਂ ਨਹੀਂ ਹੁੰਦੇ | ਕ੍ਰਿਸ਼ਮਾ ਆਦਿ ਕਰਨ ਲਈ ਹਰ ਵਿਅਕਤੀ ਨੂੰ ਭਾਰੀ ਮਿਹਨਤ ਕਰਨੀ ਪੈਂਦੀ ਹੈ |
• ਉਦਾਰਤਾ ਨਾਲ ਕੀਤਾ ਹਰ ਕੰਮ ਸਵਰਗ ਵੱਲ ਇਕ ਕਦਮ ਹੈ |
• ਕੰਮ ਕਰਨ ਵਾਲੇ ਤੋਂ ਬਿਨਾਂ ਵਿਕਾਸ ਅਤੇ ਖੁਸ਼ਹਾਲੀ ਦੀ ਕਲਪਨਾ ਰੇਤ 'ਚ ਕਿਸ਼ਤੀ ਚਲਾਉਣ ਸਮਾਨ ਹੁੰਦੀ ਹੈ |
• ਸਿੰਘ ਦੀ ਸੂਰਬੀਰਤਾ ਅਤੇ ਫੁੱਲ ਦੀ ਕੋਮਲਤਾ ਵਾਂਗ ਜੀਵਨ ਭਰ ਕੰਮ ਕਰਦੇ ਰਹੋ |
• ਮਨੁੱਖਤਾ ਦੀ ਸੇਵਾ ਤੋਂ ਵਧ ਕੇ ਵੱਡਾ ਕੰਮ ਕੋਈ ਹੋਰ ਨਹੀਂ ਹੋ ਸਕਦਾ |
• ਉੱਦਮ ਕਰਨ ਨਾਲ ਗ਼ਰੀਬੀ ਖਤਮ ਹੋ ਜਾਂਦੀ ਹੈ |
• ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਉਪਦੇਸ਼ ਦਿੱਤਾ ਸੀ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ |
• ਹਰਕਤ ਇਨਸਾਨੀ ਜ਼ਿੰਦਗੀ ਦਾ ਆਧਾਰ ਹੈ | ਜੇਕਰ ਸਾਡਾ ਦਿਲ ਹਰਕਤ ਕਰਨੀ ਬੰਦ ਕਰ ਦੇਵੇ ਤਾਂ ਇਹ ਜਿਸਮ ਖਾਕ ਦੀ ਢੇਰੀ ਹੈ |
• ਰੁਝੇਵੇਂ (ਸਰਗਰਮੀ) ਨਾਲ ਵਿਸ਼ਵਾਸ ਅਤੇ ਸਾਹਸ (ਹੌਸਲਾ) ਆਉਂਦੇ ਹਨ | ਜੇਕਰ ਤੁਸੀਂ ਡਰ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਬਾਹਰ ਨਿਕਲ ਕੇ ਕੰਮ ਵਿਚ ਜੁੱਟ ਜਾਓ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਰਾਹ

ਪਿੰਡੋਂ ਬਾਹਰ ਨਹਿਰ ਦੇ ਪੁਲ 'ਤੇ ਬਣੇ ਡੇਰੇ 'ਚ ਬੈਠੇ ਬਾਬੇ ਦੀ ਹਰ ਪਾਸੇ ਚਰਚਾ ਸੀ | ਅੱਜ ਸਵੇਰੇ ਆਪਣੀ ਪਤਨੀ ਅਮਰੋ ਨੂੰ ਨਿੱਕੀਆਂ-ਨਿੱਕੀਆਂ ਗੰਢਾਂ ਵਾਲੇ ਕਾਲੇ ਧਾਗੇ ਨਾਲ ਬੰਨਿ੍ਹਆ ਬੂਟਾ ਚੁੱਕੀ ਆਉਂਦਿਆਂ ਦੇਖਿਆ ਤਾਂ ਵਿਹੜੇ 'ਚ ਅਲਾਣੀ ਜਿਹੀ ਮੰਜੀ 'ਤੇ ਸੋਚਾਂ 'ਚ ਡੁੱਬਿਆ ਨਾਜਰ ਅੱਗ ਬਬੂਲਾ ਹੋ ਉੱਠਿਆ |
'ਨਾ ਟਲੀ ਤੂੰ ਵੀ, ਚੱਕ ਲਿਆੲੀਂ ਰਿਧੀਆਂ-ਸਿੱਧੀਆਂ ਕਰ ਦੂਣੀ ਚੌਣੀ ਤਰੱਕੀ ਕਰਨ ਵਾਲਾ ਵਿਹੜੇ 'ਚ ਲਾਉਣ ਨੂੰ |'
'ਅਸੀਂ ਰੋਜ਼ ਤਰਕਸ਼ੀਲਾਂ ਦੇ ਨਾਲ ਲੋਕਾਂ 'ਚ ਭਕਾਈ ਮਾਰਦੇ ਫਿਰਦੇ ਆਂ ਕਿ ਭਾਈ ਨਾ ਫਸਿਓ ਇਨ੍ਹਾਂ ਪਾਖੰਡੀਆਂ ਦੇ ਜਾਲ 'ਚ | ਪਰ ਇਥੇ ਸੁਣਦਾ ਕੋਈ ਸਾਡੀ ਗੱਲ? ਕੋਈ ਨੀਂ ਅੱਜ ਹੀ ਚਕਾਉਨਾ ਡੰਡਾ ਡੇਰਾ ਇਸ ਬੂਬਨੇ ਦਾ ਜਿਹੜਾ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ |'
ਦਿਨ ਚੜ੍ਹਦੇ ਨਾਲ ਨਾਜਰ ਪਿੰਡ ਦੇ ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਉਥੇ ਜਾ ਪਹੁੰਚਿਆ | ਰੋਹ 'ਚ ਆਏ ਬੰਦਿਆਂ ਨੂੰ ਦੇਖ ਸਾਧ ਅੱਗੋਂ ਬੜੀ ਨਿਮਰਤਾ ਨਾਲ ਪੇਸ਼ ਆਇਆ, ਕਹਿੰਦਾ, 'ਭਾਈ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਫੇਰ ਜੋ ਮਰਜ਼ੀ ਐ ਕਰ ਲੈਣਾ | ਪੁੱਠੀ ਦੁਨੀਆ ਨੂੰ ਸਿੱਧੇ ਰਾਹ ਪਾਉਣਾ ਬੜਾ ਔਖਾ ਕੰਮ ਐ | ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਇਸ ਕੰਮ 'ਤੇ, ਪਰ ਕਿਸੇ ਦੇ ਕੰਨ 'ਤੇ ਜੰੂ ਨੀਂ ਸਰਕੀ | ਮੇਰਾ ਮਕਸਦ ਤਾਂ ਵੱਧ ਤੋਂ ਵੱਧ ਵਾਤਾਵਰਨ ਨੂੰ ਸਾਫ਼ ਰੱਖਣ ਦਾ ਏ, ਇਹੋ ਜਿਹੇ ਬੂਟੇ ਲਾ ਕੇ | ਪਹਿਲਾਂ ਮੇਰੇ ਕਹੇ 'ਤੇ ਕੋਈ ਇਕ ਬੂਟਾ ਨਹੀਂ ਸੀ ਲਾਉਂਦਾ | ਜਦੋਂ ਤੋਂ ਆਪਣਾ ਪਿੰਡ ਛੱਡ ਆਹ ਭਗਵਾਂ ਭੇਸ ਧਾਰਿਆ ਹੈ ਤਾਂ ਬੂਟੇ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ |'
ਇਹ ਸੁਣ ਨਾਜਰ ਸਿੰਘ ਆਏ ਬੰਦਿਆਂ ਦੀ ਜਿਵੇਂ ਜੁਬਾਨ ਠਾਕੀ ਗਈ ਹੋਵੇ | ਉਹ ਚੁੱਪ-ਚਾਪ ਉਹਨੀਂ ਪੈਰੀਂ ਪਿੰਡ ਵੱਲ ਨੂੰ ਜਾਂਦੇ ਰਾਹ ਪੈ ਗਏ |

-ਪਿੰਡ ਤੇ ਡਾਕ: ਕੋਹਾੜਾ, ਜ਼ਿਲ੍ਹਾ ਲੁਧਿਆਣਾ-141112. ਫੋਨ : 84370-48523.

ਏ. ਟੀ. ਐਮ.

ਮੈਂ ਤੇ ਮੇਰੀ ਬੇਟੀ ਬਾਜ਼ਾਰ ਕੁਝ ਸਾਮਾਨ ਖਰੀਦਣ ਜਾ ਰਹੇ ਸੀ | ਅਚਾਨਕ ਰਸਤੇ ਵਿਚ ਯਾਦ ਆਇਆ ਕਿ ਬਟੂਆ ਤਾਂ ਮੈਂ ਘਰ ਹੀ ਭੁੱਲ ਆਇਆ ਹਾਂ | ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਸੀ ਕਿ ਹੁਣ ਕੀ ਕਰਾਂਗੇ ਫਿਰ ਦੁਬਾਰਾ ਪੈਸੇ ਲੈਣ ਲਈ ਘਰ ਜਾਣਾ ਪਵੇਗਾ | ਘਰ ਤੋਂ ਅਸੀਂ ਕਾਫੀ ਦੂਰ ਨਿਕਲ ਆਏ ਸੀ | ਫਿਰ ਇਕਦਮ ਯਾਦ ਆਇਆ ਕਿ ਕੱਲ੍ਹ ਮੈਂ ਆਫਿਸ ਤੋਂ ਵਾਪਸ ਆਉਂਦਿਆਂ ਗੱਡੀ ਵਿਚ ਪੈਟਰੋਲ ਪੁਆਇਆ ਸੀ ਤੇ ਮੈਂ ਪੇਮੈਂਟ ਏ. ਟੀ. ਐਮ. ਰਾਹੀਂ ਕੀਤੀ ਸੀ 'ਤੇ ਉਹ ਏ. ਟੀ. ਐਮ. ਵਾਪਸ ਮੈੈਂ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ ਸੀ | ਮੈਂ ਦੇਖਿਆ ਤਾਂ ਉਹ ਉਥੇ ਹੀ ਪਿਆ ਸੀ | ਮੇਰੀ ਜਾਨ ਵਿਚ ਜਾਨ ਆਈ | ਬੇਟੀ ਨੇ ਮੇਰੇ ਵੱਲ ਵੇਖ ਕੇ ਕਿਹਾ ਕਿ ਪਾਪਾ ਤੁਸੀਂ ਐਵੇਂ ਘਬਰਾ ਰਹੇ ਸੀ | ਦੇਖੋਂ ਅਸੀਂ ਕਿੰਨੀ ਤਰੱਕੀ ਕਰ ਲਈ ਹੈ | ਅੱਜ ਏ.ਟੀ.ਐਮ. ਕਾਰਡ ਰਾਹੀਂ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪੈਸੇ ਕਢਵਾ ਲਵੋਂ ਜਾਂ ਫ਼ਿਰ ਕਿਸੇ ਹੋਰ ਕੰਮ ਲਈ ਵਰਤ ਲਵੋ | ਫਲਾਣਾ ਟਾਈਮ ਹੁੰਦਾ ਤਾਂ ਤੁਸੀਂ ਸੋਚ ਸਕਦੇ ਕਿ ਕੀ ਹੁੰਦਾ | ਸਾਨੂੰ ਪੈਸੇ ਲੈਣ ਲਈ ਘਰ ਵਾਪਸ ਜਾਣਾ ਪੈਂਦਾ | ਮੈਂ ਕਿਹਾ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਏ.ਟੀ.ਐਮ. ਪੁਰਾਣੇ ਟਾਈਮ ਤੇ ਹੁੰਦੇ ਸੀ ਫਰਕ ਸਿਰਫ਼ ਇੰਨਾ ਸੀ ਕਿ ਉਨ੍ਹਾਂ ਏ.ਟੀ.ਐਮ. ਦੇ ਨਾਲ ਵੱਡੀਆਂ-ਵੱਡੀਆਂ ਜ਼ਰੂਰਤਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਸਨ ਪਰ ਹਾਂ ਛੋਟੀਆਂ-2 ਲੋੜਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਸਨ | ਮੇਰੀਆਂ ਗੱਲਾਂ ਸੁਣ ਕੇ ਮੇਰੀ ਬੇਟੀ ਦੀ ਹੈਰਾਨਗੀ ਵਧਦੀ ਜਾ ਰਹੀ ਸੀ | ਉਸ ਨੇ ਕਿਹਾ ਪਾਪਾ ਤੁਸੀਂ ਸੱਚੀ ਕਹਿ ਰਹੇ ਹੋ ? ਮੈਂ ਕਿਹਾ ਹਾਂ ਪੁੱਤਰ ਸੱਚੀਂ-ਮੁੱਚੀ, ਉਸ ਨੇ ਫ਼ਿਰ ਕਿਹਾ ਪਾਪਾ ਉਹ ਕਿਵੇਂ? ਪੁੱਤਰ ਤੇਰੇ ਬੀਜੀ ਦੇ ਦੁਪੱਟੇ ਦੀ ਨੁੱਕਰ ਵਿਚ ਇਕ ਗੰਢ ਬੱਝੀ ਹੁੰਦੀ ਸੀ ਜਿਸ ਵਿਚ ਹਮੇਸ਼ਾ ਕੁਝ ਪੈਸੇ ਬੱਝੇ ਰਹਿੰਦੇ ਸਨ | ਲੋੜ ਪੈਣ 'ਤੇ ਸਾਡੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਉਨ੍ਹਾਂ ਪੈਸਿਆਂ ਨਾਲ ਪੂਰੀਆਂ ਹੋ ਜਾਂਦੀਆਂ ਤੇ ਕਈ ਵਾਰ ਵੱਡੀਆਂ ਵੀ | ਮੈਂ ਕਿਹਾ ਹੋਇਆ ਨਾ ਸਾਡੇ ਬੀਜੀ ਦਾ ਦੁਪੱਟਾ ਪੁਰਾਣੇ ਜ਼ਮਾਨੇ ਦਾ ਏ.ਟੀ.ਐਮ., ਬੇਟੀ ਇਹ ਸੁਣ ਕੇ ਹੱਸ ਪਈ ਸੀ | ਹੱਸਦਿਆਂ-ਹੱਸਦਿਆਂ ਉਸ ਨੇ ਕਿਹਾ ਕਿ ਪਾਪਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਸ ਏ.ਟੀ.ਐਮ. ਯਾਨਿ ਕਿ ਬੀਜੀ ਦੇ ਦੁਪੱਟੇ ਵਿਚੋਂ ਕੋਈ ਵੀ ਪੈਸੇ ਕੱਢ ਸਕਦਾ ਸੀ ਪਰ ਹੁਣ ਵਾਲੇ ਏ.ਟੀ.ਐਮ. 'ਤੇ ਪਾਸਵਰਡ ਹੁੰਦਾ ਹੈ | ਫ਼ਰਕ ਹੋਇਆ ਕਿ ਨਾ? ਮੈਂ ਹੱਸ ਕੇ ਕਿਹਾ ਹਾਂ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਪਾਸਵਰਡ ਉਂਦੋਂ ਵੀ ਹੁੰਦਾ ਸੀ ਉਸ ਨੇ ਪੁੱਛਿਆ ਉਹ ਕਿਵੇਂ? ਮੈਂ ਕਿਹਾ ਪੁੱਤਰ ਬੀਜੀ ਵਲੋਂ ਘੁੱਟ ਕੇ ਦੁਪੱਟੇ ਨੂੰ ਦਿੱਤੀਆਂ ਗੱਢਾਂ ਹੀ ਉਸਦਾ ਪਾਸਵਰਡ ਹੁੰਦਾ ਸੀ ਜਿਸ ਨੂੰ ਖੋਲ੍ਹਣਾ ਸਾਡੇ ਬੱਚਿਆਂ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ | ਬਸ ਫ਼ਰਕ ਸਿਰਫ਼ ਏਨਾ ਸੀ ਕਿ ਬੀਜੀ ਵਾਲੇ ਏ.ਟੀ.ਐਮ. ਦਾ ਖਾਤਾ ਦਿਲ ਦੇ ਨਾਲ ਜੁੜਿਆ ਹੁੰਦਾ ਸੀ | ਅੱਜਕਲ੍ਹ ਦੇ ਏ.ਟੀ.ਐਮ. ਦਾ ਖਾਤਾ ਬੈਂਕਾਂ ਦੇ ਨਾਲ ਜੁੜਿਆ ਹੁੰਦਾ ਹੈ | ਸ਼ਾਇਦ ਉਹ ਇਸ ਗੱਲ ਨੂੰ ਸਮਝ ਸਕੀ ਹੋਵੇ ਜਾਂ ਨਾ ਮੈਨੂੰ ਨਹੀਂ ਪਤਾ ਪਰ ਮੈਂ ਇਹ ਕਹਿ ਕੇ ਗੱਡੀ ਤੋਰ ਲਈ |

-2974, ਗਲੀ ਨੰ: 1, ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ, ਅੰਮਿ੍ਤਸਰ |
ਮੋਬਾਈਲ : 98552-50502

ਦਿਲ 'ਚ ਵਾਸਾ

ਘਰ ਦਾ ਪਲੱਸਤਰ ਹੋ ਰਿਹਾ ਸੀ | ਮਿਸਤਰੀ ਮੇਰੇ ਸੁਭਾਅ ਨੂੰ ਭਾਂਪਦਿਆਂ ਬੋਲਿਆ, 'ਮਾਸਟਰ ਜੀ, ਇਕ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲਿਆ ਦਿਓ, ਆਪਣੇ ਮੇਨ ਗੇਟ ਦੇ ਉੱਪਰ ਫਿਟ ਕਰ ਦਿਆਂਗੇ |'
ਮੈਂ ਮਿਸਤਰੀ ਦੀ ਇਹ ਕਹੀ ਗੱਲ ਅਣਸੁਣੀ ਕਰ ਕੇ ਕਿਸੇ ਹੋਰ ਕੰਮ ਵੱਲ ਧਿਆਨ ਮੋੜ ਲਿਆ | ਮਿਸਤਰੀ ਇਹ ਸਮਝਿਆ ਕਿ ਮਾਸਟਰ ਜੀ ਨੇ ਮੇਰੀ ਗੱਲ ਸੁਣੀ ਨਹੀਂ ਜਾਂ ਭੁੱਲ 'ਗੇ |
ਚੱਲਦੇ ਕੰਮ ਵਿਚ ਚਾਹ ਪੀ ਕੇ ਇਕ ਪਾਸੇ ਗਿਲਾਸ ਰੱਖਦਾ ਮਿਸਤਰੀ ਫਿਰ ਬੋਲਿਆ, 'ਮਾਸਟਰ ਜੀ ਚੌਧਰੀਆਂ ਦੀ ਦੁਕਾਨ ਤੋਂ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲੈ ਆਓ, ਆਪਣੇ ਮੇਨ ਗੇਟ ਦੇ ਮੱਥੇ 'ਤੇ ਫਿਟ ਕਰ ਦਿਆਂਗੇ |'
ਮੈਂ ਹੁਣ ਵੀ ਚੁੱਪ ਰਿਹਾ | ਮੇਰੇ ਮੰੂਹ ਵੱਲ ਤੱਕਦਾ ਮਿਸਤਰੀ ਦੁਬਾਰਾ ਬੋਲਿਆ, 'ਕਿਉਂ ਮਾਸਟਰ ਜੀ ਵਧੀਆ ਲੱਗੂ... |'
ਮਿਸਤਰੀ ਸਾਹਬ ਜੀ ਜਿਨ੍ਹਾਂ ਦੀ ਤਸਵੀਰ ਤੁਸੀਂ ਘਰ ਦੇ ਮੇਨ ਗੇਟ 'ਤੇ ਲਾਉਣ ਬਾਰੇ ਕਹਿ ਰਹੇ ਹੋ, ਉਹ ਤਾਂ ਸਾਡੇ ਹਿਰਦੇ ਵਿਚ ਵਸਦੇ ਐ | ਇਉਂ ਲਾਉਣ ਤਾਂ ਦਿਖਾਵੇਬਾਜ਼ੀ ਹੋ ਜਾਵੇਗੀ ਤੇ ਫਿਰ ਆਪਾਂ ਉਨ੍ਹਾਂ ਤਸਵੀਰਾਂ ਦੀ ਬੇਅਦਬੀ ਕਰਦੇ ਹਾਂ | ਕਿੰਨਾ ਉੱਚਾ ਨੀਵਾਂ ਝੂਠ ਤੂਫਾਨ ਬੋਲਦੇ ਆਂ, ਇਹਦੇ ਨਾਲੋਂ ਤਾਂ ਚੰਗਾ ਹੈ ਕਿ... |'
ਮਿਸਤਰੀ ਨੇ ਮੋੜਵਾਂ ਹੁੰਗਾਰਾ ਭਰਦਿਆਂ ਕਿਹਾ, 'ਮਾਸਟਰ ਜੀ ਗੱਲ ਕਰਨ ਦਾ ਸੁਆਦ ਹੀ ਆ ਗਿਆ | ਗੱਲ ਤਾਂ ਤੁਹਾਡੀ ਖਰੀ ਤੇ ਸਹੀ ਹੈ... ਐਨਾ ਕਹਿ ਮੁੜ ਮਿਸਤਰੀ ਕੰਮ 'ਚ ਰੁਝ ਗਿਆ |

-ਸ਼ਿਵਪੁਰੀ, ਧੂਰੀ (ਪੰਜਾਬ) | ਮੋਬਾਈਲ : 094646-97781.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX