ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  1 day ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਹੋਰ ਖ਼ਬਰਾਂ..

ਖੇਡ ਜਗਤ

ਸੁਮਿਤ ਨਾਗਲ ਫੈਡਰਰ ਖ਼ਿਲਾਫ਼ ਖੇਡਣ ਨੂੰ ਸਮਝਦਾ ਹੈ ਵੱਡਾ ਸਨਮਾਨ

ਜੇਕਰ ਤੁਸੀਂ ਆਪਣਾ ਪਹਿਲਾ ਗ੍ਰੈਂਡਸਲੈਮ ਖੇਡ ਰਹੇ ਹੋ ਅਤੇ ਪਹਿਲੇ ਹੀ ਮੈਚ ਵਿਚ ਮੁਕਾਬਲਾ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਰੋਜ਼ਰ ਫੈਡਰਰ ਨਾਲ ਹੋਵੇ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ? ਇਸ ਪ੍ਰਸ਼ਨ ਦਾ ਉੱਤਰ ਉਹੀ ਦੇ ਸਕਦਾ ਹੈ, ਜਿਸ ਨੇ ਇਹ ਅਨੁਭਵ ਕੀਤਾ ਹੋਵੇ ਅਤੇ ਉਹ ਹੈ ਭਾਰਤ ਦੇ ਉੱਭਰਦੇ ਹੋਏ ਨੌਜਵਾਨ ਟੈਨਿਸ ਖਿਡਾਰੀ 22 ਸਾਲਾ ਸੁਮਿਤ ਨਾਗਲ। ਵਾਈਲਡ ਕਾਰਡ ਐਂਟਰੀ ਦੇ ਰੂਪ ਵਿਚ ਨਾਗਲ ਨੂੰ 27 ਅਗਸਤ ਨੂੰ ਯੂ. ਐਸ. ਓਪਨ ਵਿਚ ਆਪਣਾ ਪਹਿਲਾ ਮੈਚ ਫੈਡਰਰ ਖ਼ਿਲਾਫ਼ ਖੇਡਣ ਨੂੰ ਮਿਲਿਆ। ਹਾਲਾਂਕਿ ਉਹ 6-4, 1-6, 2-6, 4-6 ਨਾਲ ਹਾਰ ਗਏ ਪਰ ਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ ਅਤੇ ਇਸ ਪ੍ਰਕਿਰਿਆ ਵਿਚ ਉਹ ਫੈਡਰਰ ਤੋਂ ਇਕ ਸੈੱਟ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ।
ਇਸ ਸੁਨਹਿਰੇ ਮੌਕੇ ਤੇ ਚੁਣੌਤੀ ਬਾਰੇ ਨਾਗਲ ਨੇ ਦੱਸਿਆ, 'ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਪਹਿਲੇ ਰਾਊਂਡ ਵਿਚ ਰੋਜ਼ਰ ਫੈਡਰਰ ਨਾਲ ਖੇਡਣਾ ਹੈ ਤਾਂ ਮੈਂ ਉਤਸ਼ਾਹਿਤ ਤੇ ਬਹੁਤ ਖੁਸ਼ ਸੀ। ਮੈਂ ਇਸ ਤੋਂ ਚੰਗੇ ਮੌਕੇ ਦੀ ਮੰਗ ਕਰ ਹੀ ਨਹੀਂ ਸਕਦਾ ਸੀ। ਇਸ ਮੈਚ ਤਕ ਪਹੁੰਚਣ ਲਈ ਮੇਰੇ 'ਚ ਜੋ ਊਰਜਾ ਸੀ, ਉਹ ਪਾਗਲਪਨ ਤੋਂ ਘੱਟ ਨਹੀਂ ਸੀ। ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸੀ ਪਰ ਮੈਂ ਉਨ੍ਹਾਂ ਵਿਰੁੱਧ ਖੇਡਣ ਲਈ ਇੱਛੁਕ ਸੀ। ਮੈਂ ਸਿਰਫ਼ ਇਹ ਚਾਹੁੰਦਾ ਸੀ ਕਿ ਕੋਰਟ ਵਿਚ ਉਤਰਾਂ, ਟੈਨਿਸ ਖੇਡਾਂ, ਉਸ ਵਿਅਕਤੀ ਖ਼ਿਲਾਫ਼ ਜਿਸ ਨੇ ਟੈਨਿਸ ਲਈ ਏਨਾ ਕੁਝ ਕੀਤਾ ਹੈ। ਉਹ ਇਸ ਖੇਡ ਦੇ ਮਹਾਨ ਦੂਤ ਹਨ ਅਤੇ ਮੇਰੇ ਲਈ ਇਹ ਸ਼ਾਨਦਾਰ ਮੌਕਾ ਸੀ। ਮੇਰੇ ਲਈ ਇਹ ਸੌਖਾ ਨਹੀਂ ਸੀ। ਉਨ੍ਹਾਂ ਨਾਲ ਖੇਡਣ ਲਈ ਮੈਨੂੰ ਤਿੰਨ ਰਾਊਂਡ ਕੁਆਲੀਫਾਈ ਕਰਨੇ ਪਏ ਅਤੇ ਉਸ ਥਾਂ 'ਤੇ ਖੇਡਣਾ ਪਿਆ, ਜਿਸ 'ਤੇ ਮੈਂ ਪਿਛਲੇ ਛੇ ਮਹੀਨੇ ਤੋਂ ਨਹੀਂ ਖੇਡਿਆ ਹਾਂ। ਬਹੁਤ ਸਾਰੀਆਂ ਚੀਜ਼ਾਂ ਮੇਰੇ ਹੱਕ ਵਿਚ ਨਹੀਂ ਸਨ, ਜਦੋਂ ਕਿ ਕੁਝ ਚੀਜ਼ਾਂ ਮੇਰੇ ਆਸ ਅਨੁਸਾਰ ਹੋਈਆਂ। ਉਹ ਬਹੁਤ ਸ਼ਾਨਦਾਰ ਅਨੁਭਵ ਸੀ। ਉਹ ਚੰਗਾ ਹਫ਼ਤਾ ਸੀ ਅਤੇ ਮੇਰੇ ਲਈ ਚੰਗਾ ਟੂਰਨਾਮੈਂਟ।'
ਕੀ ਕੋਰਟ 'ਤੇ ਉਤਰਨ ਤੋਂ ਪਹਿਲਾਂ ਨਾਗਲ ਨੂੰ ਖੁਦ 'ਤੇ ਏਨਾ ਵਿਸ਼ਵਾਸ ਸੀ ਕਿ ਉਹ ਫੈਡਰਰ ਨੂੰ ਹਰਾ ਸਕਦਾ ਹੈ? ਨਾਗਲ ਦੱਸਦੇ ਹਨ, 'ਜ਼ਿਆਦਾ ਮਹੱਤਵ ਉਸ ਮੁਕਾਬਲੇ ਦਾ ਆਨੰਦ ਲੈਣ ਦਾ ਸੀ, ਕਿਉਂਕਿ ਮੈਂ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੇ ਦੇਸ਼ ਲਈ ਖੇਡ ਰਿਹਾ ਸੀ। ਕੋਰਟ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਕਾਫੀ ਦਬਾਅ ਸੀ, ਇਸ ਲਈ ਮੈਚ ਦੇ ਨਤੀਜੇ ਬਾਰੇ ਮੈਂ ਸੋਚ ਕੇ ਆਪਣੇ ਉੱਪਰ ਵਾਧੂ ਭਾਰ ਨਹੀਂ ਬਣਾਉਣਾ ਚਾਹੁੰਦਾ ਸੀ।' ਫੈਡਰਰ ਟੈਨਿਸ ਦੇ ਸਰਬਉੱਤਮ ਖਿਡਾਰੀ ਹਨ, ਇਸ ਲਈ ਨਾਗਲ ਦੀ ਉਨ੍ਹਾਂ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ। ਫਿਰ ਵੀ ਨਾਗਲ ਦੀ ਸਭ ਤੋਂ ਵੱਡੀ ਘਾਟ ਤਜਰਬੇ ਦਾ ਨਾ ਹੋਣਾ ਸੀ। ਫੈਡਰਰ ਏਨੇ ਲੰਮੇ ਸਮੇਂ ਤੋਂ ਟੈਨਿਸ ਖੇਡ ਰਹੇ ਹਨ ਕਿ ਉਨ੍ਹਾਂ ਨੂੰ ਕਦੋਂ ਕੀ ਕਰਨਾ ਹੈ ਦੀ ਸਮਝ ਆ ਜਾਂਦੀ ਹੈ। ਇਹ ਗੱਲ ਅਨੁਭਵ ਨਾਲ ਆਉਂਦੀ ਹੈ। ਇਸ ਸਿਲਸਿਲੇ ਵਿਚ ਨਾਗਲ ਨੂੰ ਹਾਲੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਹੈ। ਫਿਰ ਨਵੇਂ ਖਿਡਾਰੀ ਲਈ ਇਹ ਵੀ ਚੁਣੌਤੀ ਹੁੰਦੀ ਹੈ ਕਿ ਸਟੇਡੀਅਮ ਵਿਚ ਚੈਂਪੀਅਨ ਦੇ ਸਮਰਥਕ ਵੀ ਬਹੁਤ ਹੁੰਦੇ ਹਨ।
ਨਾਗਲ ਕਹਿੰਦੇ ਹਨ, 'ਇਸ ਬਾਰੇ ਮੈਂ ਆਪ ਕੁਝ ਨਹੀਂ ਕਰ ਸਕਦਾ। ਜਦੋਂ ਤੁਸੀਂ ਕੋਰਟ 'ਤੇ ਹੁੰਦੇ ਹੋ ਤਾਂ ਤੁਸੀਂ ਇਸ ਗੱਲ 'ਤੇ ਧਿਆਨ ਨਹੀਂ ਕਰ ਸਕਦੇ ਕਿ ਦਰਸ਼ਕ ਕਿਸ ਲਈ ਤਾੜੀਆਂ ਵਜਾ ਰਹੇ ਹਨ। ਤੁਹਾਨੂੰ ਬਸ ਆਪਣੀ ਖੇਡ ਖੇਡਣੀ ਹੁੰਦੀ ਹੈ। ਮੇਰੇ ਲਈ ਇਹ ਸੌਖਾ ਨਹੀਂ ਸੀ, ਪਰ ਤੁਹਾਨੂੰ ਇਸ ਤਰ੍ਹਾਂ ਦੇ ਮੌਕੇ ਵੀ ਬਹੁਤ ਘੱਟ ਮਿਲਦੇ ਹਨ, ਜਦੋਂ 20,000 ਦਰਸ਼ਕ ਤੁਹਾਡਾ ਖੇਡ ਦੇਖ ਰਹੇ ਹੋਣ।'
ਪਹਿਲਾ ਸੈੱਟ ਜਿੱਤਣ ਤੋਂ ਬਾਅਦ ਨਾਗਲ ਦਾ ਧਿਆਨ ਥੋੜ੍ਹਾ ਬਿਖਰ ਗਿਆ ਸੀ। ਸ਼ੁਰੂ ਵਿਚ ਕੁਝ ਨੇੜੇ ਦੀ ਖੇਡ ਹੋਈ ਪਰ ਜਦੋਂ ਇਕ ਵਾਰ ਫੈਡਰਰ ਨੇ ਨਾਗਲ ਦੀ ਸਰਵਿਸ ਤੋੜ ਲਈ ਤਾਂ ਉਹ ਨਿਰੰਤਰ ਚੰਗੀ ਟੈਨਿਸ ਖੇਡਦੇ ਰਹੇ ਅਤੇ ਜਿੱਤ ਗਏ। ਫਿਰ ਵੀ ਨਾਗਲ ਲਈ ਇਸ ਮੈਚ ਤੋਂ ਸਿੱਖਣ ਲਈ ਕਾਫੀ ਕੁਝ ਸੀ, ਜਿਵੇਂ ਫੈਡਰਰ ਕਿਸ ਤਰ੍ਹਾਂ ਸ਼ਾਂਤ ਰਹਿੰਦੇ ਹਨ, ਕਦੀ ਆਪਣਾ ਧਿਆਨ ਨਹੀਂ ਗਵਾਉਂਦੇ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਫੈਡਰਰ ਹਨ। ਉਂਝ ਨਾਗਲ ਦੇ ਆਦਰਸ਼ ਖਿਡਾਰੀ ਰਾਫ਼ੇਲ ਨਡਾਲ ਹਨ, ਜਿਨ੍ਹਾਂ ਦੀ ਤੇਜ਼ੀ ਤੇ ਜਿੱਤ ਦੀ ਇੱਛਾ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਉਮਰ ਵਿਚ ਵੀ 18 ਗ੍ਰੈਂਡਸਲੈਮ ਜਿੱਤਣ ਤੋਂ ਬਾਅਦ ਉਹ ਇਕ ਵੀ ਪੁਆਇੰਟ ਗਵਾਉਣਾ ਨਹੀਂ ਚਾਹੁੰਦੇ। ਨਡਾਲ ਦੇ ਵਿਰੁੱਧ ਜੇਕਰ ਖੇਡਣ ਦਾ ਮੌਕਾ ਮਿਲਿਆ ਤਾਂ ਨਾਗਲ ਦਾ ਸੁਪਨਾ ਪੂਰਾ ਹੋ ਜਾਵੇਗਾ।
ਨਾਗਲ ਨੇ ਟੈਨਿਸ ਲਈ ਦਸ ਸਾਲ ਦੀ ਉਮਰ ਵਿਚ ਘਰ ਛੱਡ ਦਿੱਤਾ ਸੀ। ਉਹ ਪਿਛਲੇ ਪੰਜਾਹ ਸਾਲ ਤੋਂ ਜਰਮਨੀ ਵਿਚ ਰਹਿ ਰਿਹਾ ਹੈ। ਉਹ 12 ਤੋਂ 16 ਸਾਲ ਦੀ ਉਮਰ ਤੱਕ ਕੈਨੇਡਾ ਵਿਚ ਰਿਹਾ ਅਤੇ ਉਸ ਤੋਂ ਪਹਿਲਾਂ 2 ਸਾਲ ਤਕ ਬੈਂਗਲੁਰੂ ਵਿਚ ਸੀ। ਟੈਨਿਸ ਮਹਿੰਗੀ ਖੇਡ ਹੈ ਅਤੇ ਇਸ ਵਿਚ ਲੰਮੇ ਨਿਵੇਸ਼ ਦੀ ਜ਼ਰੂਰਤ ਹੈ। ਅੱਗੇ ਵਧਣ ਲਈ ਮੌਕਾ ਚਾਹੀਦਾ ਅਤੇ ਭਾਰਤ ਵਿਚ ਮੌਕਿਆਂ ਦੀ ਘਾਟ । ਹੁਣ ਸਿਰਫ ਦੋ ਹੀ ਏ. ਟੀ. ਪੀ. ਮੁਕਾਬਲੇ ਕਰਵਾਏ ਜਾਂਦੇ ਹਨ। ਜੇਕਰ ਨਾਗਲ ਯੂਰਪ ਵਿਚ ਨਹੀਂ ਖੇਡ ਰਿਹਾ ਹੁੰਦਾ ਤਾਂ ਉਹ ਯੂ. ਐਸ. ਓਪਨ ਤਕ ਨਹੀਂ ਪਹੁੰਚ ਸਕਦਾ ਸੀ।


ਖ਼ਬਰ ਸ਼ੇਅਰ ਕਰੋ

ਬੈਡਮਿੰਟਨ ਕੁਈਨ-ਪੀ.ਵੀ. ਸਿੰਧੂ

ਭਾਰਤ ਦੀਆਂ ਧੀਆਂ ਨੇ ਸਮੇਂ-ਸਮੇਂ 'ਤੇ ਸਾਹਿਤ, ਕਲਾ, ਵਿਗਿਆਨ, ਸਿਵਲ ਸੇਵਾ ਤੇ ਸਮਾਜ ਸੇਵਾ ਦੇ ਖੇਤਰ ਵਿਚ ਨਾਮਣਾ ਖੱਟਿਆ ਹੈ। ਹੁਣ ਖੇਡਾਂ ਦੇ ਖੇਤਰ ਵਿਚ ਭਾਰਤ ਦੀ ਇਕ ਧੀ ਨੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ, ਜਿਸ ਦਾ ਨਾਂਅ ਕਿਸੇ ਪਹਿਚਾਣ ਦਾ ਮੁਥਾਜ ਨਹੀਂ। ਇਹ ਨਾਂਅ ਹੈ ਪੁਸਰਾਲ ਵੈਂਕਟਾ ਸਿੰਧੂ, ਜਿਸ ਨੂੰ ਪੀ. ਵੀ. ਸਿੰਧੂ ਨਾਲ ਵਧੇਰੇ ਜਾਣਿਆ ਜਾਂਦਾ ਹੈ। ਇਸ ਮਾਣਮੱਤੀ ਧੀ ਨੇ ਅਗਸਤ 'ਚ ਬੇਸਾਲ (ਸਵਿਟਜ਼ਰਲੈਂਡ) ਵਿਖੇ ਹੋਈ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਸੁਨਹਿਰੀ ਇਤਿਹਾਸ ਸਿਰਜ ਦਿੱਤਾ ਹੈ। 5 ਫੁੱਟ 10 ਇੰਚ ਉੱਚੇ ਜੁੱਸੇ ਵਾਲੀ ਧੀ ਦੀ ਇਸ ਫ਼ਖਰਯੋਗ ਪ੍ਰਾਪਤੀ ਨੇ ਉਨ੍ਹਾਂ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਸਿੰਧੂ ਦੇ ਫਾਈਨਲ 'ਚ ਪਹੁੰਚ ਕੇ ਲਗਾਤਾਰ ਹਾਰ ਜਾਣ ਕਰਕੇ ਅਕਸਰ ਟਿੱਪਣੀਆਂ ਕਰਦੇ ਰਹਿੰਦੇ ਸਨ। ਉਹ ਇਹ ਕਹਿਣ ਦਾ ਕਦਾਚਿਤ ਜਿਗਰਾ ਨਹੀਂ ਦਿਖਾ ਸਕੇ ਕਿ ਹਰ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਲਈ ਉਸ ਨੇ ਕਿੰਨੀਆਂ ਜਿੱਤਾਂ ਦਰਜ ਕੀਤੀਆਂ।
ਸਿੰਧੂ ਪਹਿਲੀ ਭਾਰਤੀ ਖਿਡਾਰਨ ਹੈ, ਜਿਸ ਨੂੰ ਵਰਲਡ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਇਸੇ ਚੈਂਪੀਅਨਸ਼ਿਪ 'ਚ ਇਸ ਤੋਂ ਪਹਿਲਾਂ ਸਿੰਧੂ ਨੇ 2 ਕਾਂਸੀ ਦੇ ਤਗਮੇ (2013, 2014) ਤੇ 2 ਚਾਂਦੀ ਦੇ ਤਗਮੇ (2017, 2018) ਫੁੰਡੇ ਹਨ। ਇਸ ਤਰ੍ਹਾਂ ਸਿੰਧੂ ਇਸ ਵੱਕਾਰੀ ਟੂਰਨਮੈਂਟ 'ਚ 5 ਤਗਮੇ ਜਿੱਤ ਕੇ ਚੀਨੀ ਖਿਡਾਰਨ ਜ਼ਾਂਗ ਨਿੰਗ ਦੇ ਬਰਾਬਰ ਪੁੱਜ ਚੁੱਕੀ ਹੈ। ਸਿੰਧੂ ਦਾ ਜਨਮ 5 ਜੁਲਾਈ, 1995 ਨੂੰ ਹੈਦਰਾਬਾਦ ਵਿਚ (ਤੇਲੰਗਾਨਾ ਵਿਖੇ) ਪਿਤਾ ਪੁਸਰਾਲਾ ਵੈਂਕਟਾ ਰਮਨਾ ਤੇ ਮਾਤਾ ਪੀ. ਵਿਜਿਆ ਦੇ ਘਰ ਹੋਇਆ। ਸਿੰਧੂ ਨੂੰ ਖੇਡ ਦੀ ਗੁੜ੍ਹਤੀ ਪਰਿਵਾਰ ਵਿਚੋਂ ਹੀ ਮਿਲੀ, ਕਿਉਂਕਿ ਉਸ ਦੇ ਮਾਤਾ ਰਾਸ਼ਟਰੀ ਤੇ ਪਿਤਾ ਅੰਤਰਰਾਸ਼ਟਰੀ ਪੱਧਰ ਦੇ ਵਾਲੀਬਾਲ ਦੇ ਖਿਡਾਰੀ ਰਹੇ ਹਨ। ਸਿੰਧੂ ਦੇ ਪਿਤਾ ਅਰਜਨ ਐਵਾਰਡੀ ਹਨ ਤੇ ਉਹ 1986 'ਚ ਏਸ਼ੀਅਨ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਸਿੰਧੂ ਦੀ ਭੈਣ ਵੀ ਹੈਂਡਬਾਲ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਰਹੀ ਹੈ। ਸਿੰਧੂ ਨੇ 8 ਸਾਲ ਦੀ ਉਮਰ ਵਿਚ ਬੈਡਮਿੰਟਨ ਖੇਡਣ ਦਾ ਆਗਾਜ਼ ਕੀਤਾ। ਇਹ ਖੇਡ ਉਸ ਨੇ ਖੁਦ ਚੁਣੀ। ਇਸ ਖੇਡ ਦੀ ਚੋਣ ਪਿੱਛੇ ਉਸ ਦੇ ਪਰਿਵਾਰ ਦਾ ਉਸ ਉੱਪਰ ਕੋਈ ਵਿਸ਼ੇਸ਼ ਦਬਾਅ ਨਹੀਂ ਸੀ। ਉਸ ਨੇ ਭਾਰਤੀ ਰੇਲਵੇ ਦੇ ਸਿਕੰਦਰਾਬਾਦ ਸਥਿਤ ਬੈਡਮਿੰਟਨ ਕੋਰਟ 'ਚ ਮਹਿਮੂਦ ਅਲੀ ਤੋਂ ਮੁੱਢਲੇ ਗੁਰ ਸਿੱਖੇ। ਸਿੰਧੂ ਨੇ ਗੋਪੀ ਚੰਦ ਦੁਆਰਾ 2001 'ਚ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨ ਦਾ ਖਿਤਾਬ ਜਿੱਤਣ 'ਤੇ ਖੁਦ ਇਸ ਖਿਡਾਰੀ ਵਾਂਗ ਚੈਂਪੀਅਨ ਬਣਨ ਦਾ ਸੁਪਨਾ ਲਿਆ। ਉਹ ਗੋਪੀ ਚੰਦ ਨੂੰ ਆਪਣਾ ਆਦਰਸ਼ ਮੰਨਣ ਲੱਗੀ। ਕੁਝ ਸਮੇਂ ਬਾਅਦ ਉਸ ਨੇ ਗੋਪੀ ਚੰਦ ਦੀ ਬੈਡਮਿੰਟਨ ਅਕੈਡਮੀ 'ਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਇੱਥੇ ਪਹੁੰਚਣ ਲਈ ਉਹ ਆਪਣੇ ਪਿਤਾ ਨਾਲ ਰੋਜ਼ਾਨਾ 60 ਕਿ: ਮੀ: ਦਾ ਸਫ਼ਰ ਤੈਅ ਕਰਦੀ ਪਰ ਖੇਡ ਪ੍ਰਤੀ ਉਸ ਦੇ ਜੋਸ਼, ਜਜ਼ਬੇ ਤੇ ਜੁਝਾਰੂਪਣ ਨੇ ਕਦੇ ਉਸ ਦਾ ਹੌਸਲਾ ਨਹੀਂ ਢਹਿਣ ਦਿੱਤਾ। ਖੇਡ ਅਭਿਆਸ ਤੋਂ ਬਾਅਦ ਸਰੀਰਕ ਤਾਕਤ ਤੇ ਫਿਟਨੈੱਸ ਨੂੰ ਹੋਰ ਪਕੇਰਾ ਕਰਨ ਲਈ ਉਹ ਟ੍ਰੇਨਰ ਸ੍ਰੀਕਾਂਤ ਵਰਮਾ ਮਦਾਪੱਲੀ ਕੋਲ ਕਰੜੀ ਵਰਜਿਸ਼ ਕਰਦੀ। ਇਸ ਤਰ੍ਹਾਂ ਗੋਪੀ ਚੰਦ ਦੀ ਸੁਹਿਰਦ ਤੇ ਸਮਰਪਿਤ ਕੋਚਿੰਗ, ਮਦਾਪੱਲੀ ਦੀ ਸਖਤ ਫਿਟਨੈੱਸ ਟ੍ਰੇਨਿੰਗ ਅਤੇ ਸਿੰਧੂ ਦੀ ਖੇਡ ਪ੍ਰਤੀ ਦ੍ਰਿੜ੍ਹਤਾ ਤੇ ਦਲੇਰੀ ਨਾਲ ਤਗਮੇ ਜਿੱਤਣ ਦਾ ਸੁਨਹਿਰੀ ਸਫ਼ਰ ਸ਼ੁਰੂ ਹੋ ਜਾਂਦਾ ਹੈ। ਉਸ ਨੇ ਅੰਡਰ-10 ਉਮਰ ਵਰਗ ਦੇ ਡਬਲ 'ਚ ਸਰਵ ਭਾਰਤੀ ਰੈਂਕਿੰਗ ਚੈਂਪੀਅਨਸ਼ਿਪ ਜਿੱਤੀ ਤੇ ਸਿੰਗਲ ਸਰਬ ਭਾਰਤੀ ਅੰਬੂਜਾ ਖਿਤਾਬ ਜਿੱਤਿਆ। ਫਿਰ ਉਸ ਨੇ ਪੁੱਡੂਚੇਰੀ 'ਚ ਅੰਡਰ-13 ਉਮਰ ਵਰਗ ਦੇ ਇੰਡੀਅਨ ਆਇਲ ਕਾਰਪੋਰੇਸ਼ਨ ਓਪਨ ਟੂਰਨਾਮੈਂਟ 'ਚ ਸੋਨ ਤਗਮਾ ਜਿੱਤਿਆ। ਇਸ ਉਪਰੰਤ ਉਸ ਨੇ ਪੂਨੇ 'ਚ ਸਰਬ ਭਾਰਤੀ ਰੈਂਕਿੰਗ ਮੁਕਾਬਲਾ ਜਿੱਤਿਆ। ਸਿੰਧੂ 14 ਸਾਲ ਦੀ ਉਮਰ 'ਚ ਰਾਸ਼ਟਰੀ ਚੈਂਪੀਅਨ ਬਣੀ।
ਕੋਲੰਬੋ ਵਿਖੇ 2009 'ਚ ਹੋਈ ਸਬ-ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਸ ਨੇ ਕਾਂਸੀ ਦਾ ਤਗਮਾ ਦੇਸ਼ ਦੀ ਝੋਲੀ ਪਾਇਆ। 2010 ਵਿਚ ਈਰਾਨ ਫ਼ਜ਼ਲ ਇੰਟਰਨੈਸ਼ਨਲ ਬੈਡਮਿੰਟਨ ਚੈਲਿੰਜ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। 2010 ਵਿਚ ਹੀ ਉਸ ਨੇ ਭਾਰਤੀ ਟੀਮ ਦੇ ਮੈਂਬਰ ਵਜੋਂ ਵੱਕਾਰੀ ਉਬੇਰ ਕੱਪ ਜਿੱਤਿਆ। ਸਿੰਧੂ ਨੇ 2012 ਵਿਚ ਚੀਨ ਮਾਸਟਰਜ਼ ਸੁਪਰ ਸੀਰੀਜ਼ ਵਿਚ ਧਮਾਲ ਮਚਾਉਂਦਿਆਂ ਲੰਡਨ ਉਲੰਪਿਕ ਦੀ ਸੋਨ ਤਗਮਾ ਜੇਤੂ ਲੀ-ਸ਼ੁਏਰੁਈ ਦੇ ਉਸ ਦੀ ਹੀ ਸਰਜ਼ਮੀ 'ਤੇ ਛੱਕੇ ਛੁਡਾ ਕੇ ਬੈਡਮਿੰਟਨ ਇਤਿਹਾਸ ਦੀ ਨਵੀਂ ਇਬਾਰਤ ਲਿਖ ਦਿੱਤੀ। 2013 ਵਿਚ ਜਿੱਤਿਆ ਮਲੇਸ਼ੀਆ ਓਪਨ ਟਾਈਟਲ ਉਸ ਦਾ ਪਹਿਲਾ ਓਪਨ ਖਿਤਾਬ ਸੀ। ਇਸੇ ਸਾਲ ਹੀ ਉਹ ਵਰਲਡ ਬੈਡਮਿੰਟਨ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਬਣੀ। (ਚਲਦਾ)


-ਪਿੰਡ ਬੋੜਾਵਾਲ, ਤਹਿ: ਬੁਢਲਾਡਾ, ਜ਼ਿਲ੍ਹਾ
ਮਾਨਸਾ-151502. ਮੋਬਾ: 98721-77666

ਪੇਂਡੂ ਖੇਤਰ ਵਿਚ ਕਬੱਡੀ ਲਈ ਯਥਾਯੋਗ ਸੁਧਾਰਾਂ ਦੀ ਲੋੜ

ਸਰਕਲ ਸਟਾਈਲ ਕਬੱਡੀ ਪੰਜਾਬ ਦੇ ਪੇਂਡੂ ਖਿੱਤੇ 'ਚੋਂ ਉੱਭਰੀ ਖੇਡ ਹੈ। ਪੰਜਾਬ ਦਾ ਨੌਜਵਾਨ ਜਦੋਂ ਪਹਿਲੀ ਵਾਰ ਮੈਦਾਨ ਵੱਲ ਜਾਂਦਾ ਹੈ ਤਾਂ ਉਸ ਦੀ ਪਹਿਲੀ ਖੇਡ ਕਬੱਡੀ ਹੁੰਦੀ ਹੈ। ਜਦੋਂ ਉਹ ਆਪਣੇ ਹਾਣੀਆਂ ਨਾਲ ਮਿੱਟੀ 'ਚ ਮਿੱਟੀ ਹੋ ਕੇ ਸਰੀਰਕ ਜ਼ੋਰ ਅਜ਼ਮਾਇਸ਼ ਕਰਨ ਲਗਦਾ ਹੈ ਤਾਂ ਉਸ ਦਾ ਪਹਿਲਾ ਜੱਫਾ ਕਬੱਡੀ ਨਾਲ ਪੈਂਦਾ ਹੈ। ਅਜੋਕੇ ਦੌਰ ਵਿਚ ਵੀ ਕਬੱਡੀ ਪੰਜਾਬੀਆਂ ਦੀ ਪਹਿਲੀ ਮਨਪਸੰਦ ਖੇਡ ਹੈ। ਪੰਜਾਬ ਦੇ ਖਿਡਾਰੀ ਕਬੱਡੀ ਖੇਡ ਰਾਹੀਂ ਦਸਤਕ ਦੇ ਕੇ ਦੂਜੀਆਂ ਖੇਡਾਂ ਵੱਲ ਪ੍ਰਵੇਸ਼ ਕਰਦੇ ਹਨ। ਆਧੁਨਿਕ ਦੌਰ ਵਿਚ ਭਾਵੇਂ ਸਾਡੇ ਜੀਵਨ ਦੇ ਕਿੰਨੇ ਲਮਹੇ ਇੰਟਰਨੈੱਟ ਤੇ ਮਨੋਰੰਜਨ ਦੇ ਸੰਚਾਰ ਸਾਧਨਾਂ ਨੇ ਖਾ ਲਏ ਹਨ ਪਰ ਫਿਰ ਵੀ ਵਧੇਰੇ ਰਿਸ਼ਟ-ਪੁਸ਼ਟ ਲੋਕ ਖੇਡਾਂ 'ਚੋਂ ਜੀਵਨ ਦੀ ਸ਼ਕਤੀ ਲੈ ਕੇ ਕਾਮਯਾਬੀ ਵੱਲ ਵਧਦੇ ਹਨ। ਤੰਦਰੁਸਤ ਸਰੀਰ ਵਿਚ ਹੀ ਸਿਰਜਣਹਾਰ ਮਨ ਹੁੰਦਾ ਹੈ। ਕਬੱਡੀ ਦਾ ਆਧੁਨਿਕ ਰੂਪ ਬਹੁਤ ਵਿਸ਼ਾਲ ਤੇ ਅਮੀਰ ਹੋ ਗਿਆ ਹੈ। ਸਾਧਾਰਨ ਘਰਾਂ ਦੇ ਨੌਜਵਾਨ ਇਸ ਖੇਡ ਨਾਲ ਜੁੜ ਕੇ ਚੰਗਾ ਪੈਸਾ ਕਮਾ ਕੇ ਵਿਦੇਸ਼ਾਂ ਦੀ ਸੈਰ ਕਰ ਰਹੇ ਹਨ। ਕਿੰਨੇ ਗੱਭਰੂ ਇਸ ਖੇਡ ਦੇ ਜ਼ਰੀਏ ਪ੍ਰਵਾਸੀ ਬਣ ਗਏ ਹਨ। ਅਜਿਹੇ ਸੁਨਹਿਰੇ ਯੁੱਗ ਵਿਚ ਜਦੋਂ ਸਾਡੀ ਦਿਹਾਤੀ ਖਿੱਤੇ ਦੀ ਖੇਡ ਇਨਡੋਰ ਭਵਨਾਂ ਦੀ ਸ਼ਾਨ ਹੋਵੇ ਤਾਂ ਹੋਰ ਵੀ ਜ਼ਿੰਮੇਵਾਰੀ ਤੇ ਗੰਭੀਰਤਾ ਨਾਲ ਕੰਮ ਕਰਨ ਦੀ ਮੰਗ ਕਰਦੀ ਹੈ।
ਪੰਜਾਬ ਦੇ ਪਿੰਡਾਂ 'ਚੋਂ ਨਿਕਲੀ ਕਬੱਡੀ ਨੂੰ ਅੱਜ ਅਸੀਂ ਪਿੰਡਾਂ ਵਿਚ ਹੀ ਦਮ ਤੋੜਦੀ ਵੇਖ ਰਹੇ ਹਾਂ। ਕਿਉਂਕਿ ਪ੍ਰਬੰਧਕਾਂ ਤੇ ਖਿਡਾਰੀਆਂ ਵਿਚ ਤਾਲਮੇਲ ਤੇ ਆਪਸੀ ਸਹਿਯੋਗ ਦੀ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਤੇ ਖਿਡਾਰੀਆਂ ਵਿਚ ਪੈਸਾ ਮੁੱਖ ਰੂਪ ਵਿਚ ਕੰਧ ਕੱਢ ਕੇ ਖੜ੍ਹ ਗਿਆ ਹੈ। ਕਬੱਡੀ ਮੈਚਾਂ ਦੀ ਕੋਈ ਸਮਾਂ ਸਾਰਣੀ ਨਹੀਂ ਹੈ। ਸ਼ਾਮ ਨੂੰ 5 ਵਜੇ ਕਬੱਡੀ ਓਪਨ ਦੇ ਮੈਚ ਸ਼ੁਰੂ ਹੋ ਕੇ ਸਾਰੀ-ਸਾਰੀ ਰਾਤ ਤੱਕ ਚਲਦੇ ਹਨ, ਜਿਸ ਨਾਲ ਦਰਸ਼ਕ ਵਰਗ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਵਧੇਰੇ ਪ੍ਰਬੰਧਕ ਆਪ ਨਸ਼ੇ 'ਚ ਟੱਲੀ ਹੋ ਜਾਂਦੇ ਹਨ।
ਰਾਸ਼ਟਰੀ-ਅੰਤਰਰਾਸ਼ਟਰੀ ਮੰਚ 'ਤੇ ਕਬੱਡੀ ਨੂੰ ਸੁਰੱਖਿਅਤ ਕਰਨ ਲਈ ਯਤਨਸ਼ੀਲ ਲੋਕਾਂ ਸਾਹਮਣੇ ਵੀ ਇਹ ਵੱਡੀ ਚਣੌਤੀ ਹੈ ਕਿ ਪਿੰਡਾਂ ਵਿਚ ਹੁੰਦੀ ਕਬੱਡੀ ਦੇ ਪੱਧਰ ਨੂੰ ਕਿਵੇਂ ਸੁਧਾਰਿਆ ਜਾਵੇ। ਕਬੱਡੀ ਸਰਕਲ ਸਟਾਈਲ ਨੂੰ ਪ੍ਰਫੁੱਲਤ ਕਰਨ ਲਈ ਪਿਛਲੇ ਦੋ ਦਹਾਕਿਆਂ ਤੋਂ ਯਤਨਸ਼ੀਲ ਉੱਤਰੀ ਭਾਰਤ ਕਬੱਡੀ ਫੈਡਰੇਸ਼ਨ ਦਾ ਮੰਨਣਾ ਹੈ ਕਿ ਕਬੱਡੀ ਪਿੰਡਾਂ ਦੇ ਲੋਕਾਂ ਦੇ ਦਿਲਾਂ 'ਚ ਧੜਕਦੀ ਹੈ। ਇਸ ਲਈ ਪਿੰਡਾਂ ਵਾਲੇ ਲੋਕ ਫੈਡਰੇਸ਼ਨਾਂ ਨਾਲ ਸਹਿਯੋਗ ਕਰਨ।
ਪਾਬੰਦੀਸ਼ੁਦਾ ਦਵਾਈਆਂ ਨੂੰ ਵਰਤਣ ਵਾਲੇ ਦੋਸ਼ੀ ਖਿਡਾਰੀਆਂ ਨੂੰ ਜਿੱਥੇ ਦੇਸ਼-ਵਿਦੇਸ਼ ਦੀਆਂ ਫੈਡਰੇਸ਼ਨਾਂ ਖੇਡਣ ਤੋਂ ਮਨ੍ਹਾਂ ਕਰ ਰਹੀਆਂ ਹਨ, ਉੱਥੇ ਪੇਂਡੂ ਟੂਰਨਾਮੈਂਟ ਵਾਲੇ ਉਨ੍ਹਾਂ ਹੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਇਸ ਲਹਿਰ ਦਾ ਲੱਕ ਤੋੜ ਰਹੇ ਹਨ, ਜਿਸ ਨਾਲ ਇਕ ਉਸਾਰੂ ਕੰਮ ਵਿਚ ਵਿਘਨ ਪੈਂਦਾ ਹੈ। ਪਿੰਡਾਂ ਦੇ ਟੂਰਨਾਮੈਂਟਾਂ ਦਾ ਸਿਸਟਮ ਵਧੀਆ ਬਣਨ ਦੀ ਬਜਾਏ ਹੋਰ ਗਿਰਾਵਟ ਵੱਲ ਜਾ ਰਿਹਾ ਹੈ। ਕਬੱਡੀ ਦੀਆਂ ਟੀਮਾਂ ਦੀ ਗਿਣਤੀ ਕੋਈ ਮਿਥੀ ਨਹੀਂ ਹੁੰਦੀ। ਇਕ ਦਿਨ ਵਿਚ ਕਿੰਨੇ ਮੁਕਾਬਲੇ ਕਰਾਉਣੇ ਹੁੰਦੇ ਹਨ, ਇਹਦੇ ਬਾਰੇ ਕੋਈ ਰੂਪ-ਰੇਖਾ ਤਿਆਰ ਨਹੀਂ ਹੁੰਦੀ। ਗਿਣਤੀ ਤੋਂ ਜ਼ਿਆਦਾ ਟੀਮਾਂ ਦੀ ਸ਼ਮੂਲੀਅਤ, ਫੇਰ ਅੱਧੀ-ਅੱਧੀ ਰਾਤ ਤੱਕ ਮੈਚ ਹੋਣੇ, ਖਿਡਾਰੀਆਂ ਦਾ ਕਬੱਡੀ ਮੈਦਾਨ ਤੋਂ ਦੂਰ ਲੋਕਾਂ ਦੀਆਂ ਮੋਟਰਾਂ 'ਤੇ ਬੈਠਣਾ ਸਾਡੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਕਬੱਡੀ ਨੂੰ ਮੁਲਾਹਜ਼ੇ ਵੀ ਵਿਗਾੜ ਰਹੇ ਹਨ। ਇਕ ਟੂਰਨਾਮੈਂਟ ਨੂੰ ਇਕ ਦਿਨ ਲਈ 6 ਰੈਫਰੀ ਤੇ 2 ਕੁਮੈਂਟੇਟਰ ਨੇਪਰੇ ਚਾੜ੍ਹ ਸਕਦੇ ਹਨ ਪਰ ਅੱਜਕਲ੍ਹ ਅਸੀਂ ਦੇਖਦੇ ਹਾਂ ਕਿ ਇਕ ਮੈਚ 'ਤੇ 10 ਕੁਮੈਂਟੇਟਰ ਤੇ ਦਰਜਨਾਂ ਰੈਫਰੀ ਹੁੰਦੇ ਹਨ, ਜੋ ਕਲੱਬ ਦੇ ਬਜਟ ਦਾ ਲੱਕ ਤੋੜ ਦਿੰਦੇ ਹਨ। ਇਨ੍ਹਾਂ 'ਚੋਂ ਬਹੁਤ ਲੋਕ ਆਪਣੇ ਕੰਮ ਤੋਂ ਵੀ ਅਣਜਾਣ ਹੁੰਦੇ ਹਨ।
ਕਈ ਕੁਮੈਂਟੇਟਰ ਅੱਜਕਲ੍ਹ ਅਸ਼ਲੀਲ ਸ਼ਾਇਰੀ ਜਾਂ ਬੇਤੁਕੀਆਂ ਗੱਲਾਂ ਨਾਲ ਖੇਡ ਕਲਚਰ ਨੂੰ ਪ੍ਰਭਾਵਿਤ ਕਰਦੇ ਹਨ, ਜਦਕਿ ਗੱਲ ਖੇਡ ਦੇ ਮਿਆਰ 'ਤੇ ਹੋਣੀ ਚਾਹੀਦੀ ਹੈ। ਦਰਜਨਾਂ ਰੈਫਰੀ ਇਕ ਮੈਚ 'ਤੇ ਪਹੁੰਚ ਕੇ ਜਿੱਥੇ ਪ੍ਰਬੰਧਕਾਂ ਲਈ ਸਿਰਦਰਦੀ ਬਣਦੇ ਹਨ, ਉੱਥੇ ਹੀ ਵਧੇਰੇ ਅਣਸਿਖਾਂਦਰੂ ਵਿਅਕਤੀ ਇਸ ਖੇਤਰ ਵਿਚ ਰੌਲੇ-ਰੱਪੇ ਦਾ ਕਾਰਨ ਬਣ ਰਹੇ ਹਨ। ਰਾਤਾਂ ਨੂੰ ਲਾਈਟਾਂ ਲਾ ਕੇ ਮੈਚ ਕਰਾਉਣ ਨਾਲ ਜਿੱਥੇ ਪ੍ਰਬੰਧਕ ਆਪਣਾ ਖਰਚਾ ਵਧਾ ਰਹੇ ਹਨ, ਉੱਥੇ ਹੀ ਖਿਡਾਰੀਆਂ ਨੂੰ ਬੇਅਰਾਮੀ ਵੀ ਝੱਲਣੀ ਪੈਂਦੀ ਹੈ, ਜਿਸ ਕਰਕੇ ਵਧੇਰੇ ਨੌਜਵਾਨ ਦੂਜੇ ਦਿਨ ਖੇਡਣ ਲਈ ਸਮਰੱਥ ਨਹੀਂ ਹੁੰਦੇ। ਵੱਡੀਆਂ ਟੀਮਾਂ ਤੇ ਛੋਟੇ ਬੱਚਿਆਂ ਦੇ ਇਨਾਮਾਂ ਵਿਚ ਕਾਫੀ ਫਰਕ ਹੁੰਦਾ ਹੈ, ਜਿਸ ਨਾਲ ਨਵੀਂ ਪਨੀਰੀ ਨੂੰ ਵੀ ਹੋਰ ਉਤਸ਼ਾਹਿਤ ਕਰਨ ਲਈ ਚੰਗੇ ਵਾਜਬ ਇਨਾਮਾਂ ਦੀ ਜ਼ਰੂਰਤ ਹੈ।


-ਸੰਗਰੂਰ। ਮੋਬਾ: 98724-59691

ਉਲੰਪਿਕ ਲਹਿਰ ਦੀ ਮਸ਼ਾਲ ਪੰਜਾਬ 'ਚ ਜਗਦੀ ਰੱਖਣ ਦੀ ਲੋੜ

ਪੰਜਾਬ ਦੀਆਂ ਖੇਡਾਂ 'ਤੇ ਨਿਰਾਸ਼ਾ ਦੇ ਬੱਦਲਾਂ ਦੀ ਰਿਮਝਿਮ ਨੇ ਉਲੰਪਿਕ ਖੇਡਾਂ ਦੀ ਮਸ਼ਾਲ ਨੂੰ ਬੁਝਣ ਵੱਲ ਧੱਕ ਦਿੱਤਾ ਹੈ। ਇਸ ਮਸ਼ਾਲ ਦੀਆਂ ਝੰਡਾ- ਬਰਦਾਰ ਖੇਡ ਐਸੋਸੀਏਸ਼ਨਾਂ ਇਸ ਵੇਲੇ ਘੋਰ ਸੰਕਟ ਵਿਚ ਹਨ। ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਂਗ ਨਾ ਤਾਂ ਇਹ ਖੇਡਾਂ ਦੀ ਲੰਬੜਦਾਰੀ ਛੱਡ ਸਕਦੀਆਂ ਹਨ ਤੇ ਨਾ ਹੀ ਖੇਡ ਐਸੋਸੀਏਸ਼ਨਾਂ ਦੇ ਤਾਜ ਸਦਕਾ ਖਿਡਾਰੀ ਰੂਪੀ ਆਪਣੀ ਪਰਜਾ ਨਾਲ ਇਨਸਾਫ਼ ਕਰ ਸਕਦੀਆਂ ਹਨ। ਖੇਡ ਵਿਭਾਗ ਪੰਜਾਬ, ਸਿੱਖਿਆ ਵਿਭਾਗ ਪੰਜਾਬ, ਪੰਜਾਬ ਪੁਲਿਸ ਦੀ ਸਪੋਰਟਸ ਸ਼ਾਖਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗਲਤ ਨੀਤੀਆਂ ਸਦਕਾ ਇਸ ਸਮੇਂ ਪੰਜਾਬ ਦੀਆਂ ਖੇਡਾਂ ਦੀ ਗੱਡੀ ਜਾਮ ਅਵਸਥਾ ਵਿਚ ਖੜ੍ਹੀ ਹੈ। ਖੇਡਾਂ ਦੀ ਡੁੱਬਦੀ ਬੇੜੀ ਨੂੰ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਧੁਰੰਤਰ ਯੋਗ ਪ੍ਰਬੰਧਕ (ਮਲਾਹ) ਵੀ ਬਚਾਉਣ ਤੋਂ ਇਸ ਵੇਲੇ ਅਸਮਰੱਥ ਵਿਖਾਈ ਦੇ ਰਹੇ ਹਨ। 23 ਅਕਤੂਬਰ, 2020 ਤੋਂ 4 ਨਵੰਬਰ, 2020 ਤੱਕ ਨੈਸ਼ਨਲ ਗੇਮਜ਼ ਗੋਆ ਵਿਖੇ ਕਰਵਾਉਣ ਦਾ ਬਿਗਲ ਵੱਜ ਗਿਆ ਹੈ। ਪੰਜਾਬ ਉਲੰਪਿਕ ਐਸੋਸੀਏਸ਼ਨ ਦੀਆਂ ਚੋੋਣਾਂ ਲਟਕਵੀਂ ਅਵਸਥਾ ਵਿਚ ਹੋਣ ਕਰਕੇ ਇਸ ਸਮੇਂ ਖੇਡਾਂ ਦੀ ਗੱਡੀ ਦਾ ਕੋਈ ਵੀ ਰਥਵਾਨ ਨਹੀਂ ਹੈ।
ਹੁਣ ਸਵਾਲ ਉਠਦਾ ਹੈ ਕਿ ਆਖਰ ਦੇਸ਼ ਦੀਆਂ ਖੇਡਾਂ ਦੇ ਸਰਤਾਜ ਪੰਜਾਬ ਵਿਚ ਇਸ ਵੇਲੇ ਉਲੰਪਿਕ ਮਸ਼ਾਲ ਕਿਉਂ ਬੁਝਣ ਅਵਸਥਾ ਵਿਚ ਚਲੀ ਗਈ ਹੈ ਤੇ ਇਸ ਦੇ ਪਿਛੋਕੜ 'ਤੇ ਝਾਤ, ਇਸ ਦੇ ਪ੍ਰਬੰਧਕੀ ਢਾਂਚੇ 'ਤੇ ਨਜ਼ਰਸਾਨੀ ਕਰਨੀ ਪਵੇਗੀ। ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਮਾਨਤਾ ਨਿਯਮਾਂ ਤੇ ਭਾਰਤੀ ਖੇਡ ਮੰਤਰਾਲੇ ਦੀਆਂ ਹਦਾਇਤਾਂ ਤੋਂ ਪੰਜਾਬ ਦੀਆਂ ਖੇਡ ਐਸੋਸੀਏਸ਼ਨਾਂ ਕੋਹਾਂ ਦੂਰ ਹਨ। ਐਸੋਸੀਏਸ਼ਨਾਂ ਦੇ ਮੁੱਖ ਦਾਅਵੇਦਾਰ ਪ੍ਰਧਾਨ, ਸਕੱਤਰ, ਖਜ਼ਾਨਚੀ ਲਈ ਉਮਰ, ਲਗਾਤਾਰਤਾ ਬਾਰੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਆਪਣੇ ਨਿਯਮ ਹਨ। ਪੰਜਾਬ ਵਿਚ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨਾਂ ਇਕ ਤਰ੍ਹਾਂ ਨਾਲ ਖ਼ਤਮ ਹੋ ਚੁੱਕੀਆਂ ਹਨ। ਹੁਣ ਜ਼ਿਲ੍ਹਾ ਪੱਧਰ 'ਤੇ ਸੰਸਥਾਵਾਂ ਨੂੰ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨਾਂ ਦਾ ਮੁਢਲਾ ਢਾਂਚਾ ਤਹਿਸ-ਨਹਿਸ ਹੋ ਚੁੱਕਾ ਹੈ। ਕਈ ਖੇਡ ਐਸੋਸੀਏਸ਼ਨਾਂ ਦੇ ਪ੍ਰਧਾਨ, ਸਕੱਤਰ ਸਿਰਫ ਉਸ ਦਿਨ ਹੀ ਦਰਸ਼ਨ ਦਿੰਦੇ ਹਨ, ਜਦੋਂ ਪੰਜਾਬ ਪੱਧਰੀ ਕੋਈ ਫਸਵੀਂ ਚੋਣ ਹੋਣੀ ਹੋਵੇ। ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਦੇ ਆਮ ਤੌਰ 'ਤੇ ਪ੍ਰਧਾਨ ਡੀ.ਸੀ. ਹੀ ਹੁੰਦੇ ਹਨ। ਪਰ ਪਿਛਲੇ 15 ਸਾਲਾਂ ਤੋਂ ਇਹ ਸੰਸਥਾ ਅਲੋਪ ਹੋਈ ਪਈ ਹੈ। ਇਥੋਂ ਤੱਕ ਖਿਡਾਰੀਆਂ ਨੂੰ ਕੋਈ ਵੀ ਸਹਾਇਤਾ ਯੋਜਨਾ ਨਹੀਂ ਹੈ ਤੇ ਨਾ ਹੀ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਲਈ ਕੋਈ ਖੇਡ ਗ੍ਰਾਂਟ ਹੈ।
ਜੇ ਪੰਜਾਬ ਦੀਆਂ ਹਾਕਮ ਧਿਰਾਂ ਦੀ ਇਨ੍ਹਾਂ ਖੇਡ ਐਸੋਸੀਏਸ਼ਨਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਯੋਗਦਾਨ ਸਿਫਰ ਹੀ ਮਿਲਦਾ ਹੈ। ਪੰਜਾਬ ਦੇ ਉੱਚ ਕੋਟੀ ਦੇ ਨੇਤਾ, ਪ੍ਰਸ਼ਾਸਨਿਕ ਅਧਿਕਾਰੀ ਤੇ ਅਖੌਤੀ ਪੱਤਰਕਾਰ ਇਸ ਦੇ ਸਿਰਕੱਢ ਮੈਂਬਰ ਹਨ। ਪਰ ਹਾਲਾਤ ਇਥੇ ਖੜ੍ਹੇ ਹਨ ਕਿ ਖਿਡਾਰੀਆਂ ਦੇ ਹੱਕਾਂ ਵਿਚ ਇਨ੍ਹਾਂ ਨੇ ਕੀ ਬੋਲਣਾ ਸੀ, ਪੰਜਾਬ ਉਲੰਪਿਕ ਐਸੋਸੀਏਸ਼ਨ ਆਪਣੇ ਹਿੱਤਾਂ ਦੀ ਵੀ ਰਾਖੀ ਨਹੀਂ ਕਰ ਸਕੀ। ਪਿਛਲੀ ਸਰਕਾਰ ਸਮੇਂ ਉਪ ਮੁੱਖ ਮੰਤਰੀ ਵਲੋਂ ਸਭ ਤੋੋਂ ਵਧੀਆ ਖੇਡ ਨੀਤੀ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਪੰਜਾਬ ਪੱਧਰ 'ਤੇ ਆਰਥਿਕ ਸਹਾਇਤਾ ਦੇਣ ਦੇ ਵਾਅਦੇ ਵਫ਼ਾ ਨਹੀਂ ਹੋਏ। ਭਾਵੇਂ ਇਹ ਰਾਗ ਮੌਜੂਦਾ ਸਰਕਾਰ ਦੇ ਖੇਡ ਮੰਤਰੀ ਵਲੋਂ ਖੇਡ ਨੀਤੀ 2018 ਵਿਚ ਅਲਾਪੇ ਗਏ ਹਨ ਪਰ ਮੌਜੂਦਾ ਸਰਕਾਰ ਦਾ ਖੇਡ ਵਿਭਾਗ ਪੰਜਾਬ ਦੀਆਂ ਖੇਡਾਂ ਦੀ ਮਸ਼ਾਲ ਨੂੰ ਜਗਦੀ ਰੱਖਣ ਵਿਚ ਸਹਾਈ ਹੋਣ ਦੀ ਬਜਾਏ ਇਸ ਮਸ਼ਾਲ ਨੂੰ ਬੁਝਾਉਣ ਲਈ ਤੱਤਪਰ ਹੋਇਆ ਪਿਆ ਹੈ। ਕੇਂਦਰ ਸਰਕਾਰ ਦੀ ਹਰਮਨ ਪਿਆਰੀ ਖੇਡ ਸਕੀਮ 'ਖੇਲੋ ਇੰਡੀਆ', 'ਪਾਇਕਾ', 'ਸੈੈਂਟਰ ਆਫ ਐਕਸੀਲੈਂਸ' ਲਾਗੂ ਕਰਨ ਸਮੇਂ ਖੇਡ ਐਸੋਸੀਏਸ਼ਨਾਂ ਨੂੰ ਦੁੱਧ 'ਚੋੋਂ ਮੱਖੀ ਵਾਂਗ ਕੱੱਢ ਕੇ ਬਾਹਰ ਰੱਖ ਦਿੱਤਾ ਹੈ। ਪਿਛਲੇ ਸਾਲ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖੇਡ ਵਿਭਾਗ ਨੇ ਵਾਧੂ ਖਰਚ ਕਰਕੇ ਜ਼ਿਲ੍ਹਾ ਤੇ ਰਾਜ ਪੱਧਰ 'ਤੇ ਖੇਡ ਮੁਕਾਬਲੇ ਕਰਵਾਏ ਤੇ ਖੇਡ ਐਸੋਸੀਏਸ਼ਨਾਂ ਤੇ ਸਿੱਖਿਆ ਵਿਭਾਗ ਨੂੰ ਰਸਮੀ ਸੱਦਾ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ।
ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਖੇਡਾਂ ਨੂੰ ਵੀ ਮੂਕ ਦਰਸ਼ਕ ਬਣ ਕੇ ਪੰਜਾਬ ਦੀਆਂ ਖੇਡ ਐਸੋਸੀਏਸ਼ਨਾਂ ਦੇ ਅਧਿਕਾਰੀ ਵੇਖ ਰਹੇ ਹਨ। ਪਿਛਲੇ ਦਿਨੀਂ ਖੇਡ ਐਸੋਸੀਏਸ਼ਨਾਂ ਦੇ ਖੰਭ ਕੱਟਣ ਲਈ ਖੇਡ ਵਿਭਾਗ ਪੰਜਾਬ ਦੇ ਦੋ ਤਾਜ਼ਾ ਪੱਤਰਾਂ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ। ਪਹਿਲੀ ਖੇਡ ਵਿਭਾਗ ਪੰਜਾਬ ਦਾ ਕੋਈ ਵੀ ਕੋਚ ਕਿਸੇ ਵੀ ਖੇਡ ਐਸੋਸੀਏਸ਼ਨ ਦਾ ਮੈਂਬਰ, ਅਹੁਦੇਦਾਰ ਨਹੀਂ ਹੋ ਸਕਦਾ ਤੇ ਉਸ ਨੂੰ ਆਪਣੀ ਖੇਡ ਸੰਸਥਾ ਤੋਂ ਅਸਤੀਫ਼ਾ ਦੇਣਾ ਪਵੇਗਾ ਤੇ ਦੂਜਾ ਪੱਤਰ ਨੈਸ਼ਨਲ ਗੇਮਜ਼, ਅੰਤਰਰਾਸ਼ਟਰੀ ਟਰੇਨਿੰਗ ਕੈਂਪਾਂ, ਸਟੇਟ ਤੇ ਨੈਸ਼ਨਲ ਚੈਂਪੀਅਨਸ਼ਿਪਾਂ ਦੇ ਕੈਂਪਾਂ ਲਈ ਖੇਡ ਐਸੋਸੀਏਸ਼ਨਾਂ ਕੋਚ ਦੀ ਮੰਗ ਤਾਂ ਕਰਨ ਪਰ ਉਸ ਦੀ ਬਾਈ ਨੇਮ ਮੰਗ ਨਾ ਕਰਨ ਤੇ ਖੇਡ ਵਿਭਾਗ ਆਪਣੀ ਮਰਜ਼ੀ ਨਾਲ ਕੋਚ ਦੀ ਡਿਊਟੀ ਲਗਾਏਗਾ। ਇਸ ਤੋਂ ਇਹ ਜਾਪ ਰਿਹਾ ਹੈ ਕਿ ਖੇਡ ਵਿਭਾਗ ਨੂੰ ਖੇਡਾਂ ਦੇ ਮਾਹਿਰ ਅਧਿਕਾਰੀ ਨਹੀਂ, ਸਿਰਫ ਕਲਰਕ ਹੀ ਚਲਾ ਰਹੇ ਹਨ ਤੇ ਜਾਣਬੁੱਝ ਕੇ ਘਾਲੇ-ਮਾਲੇ ਕਰਨ ਲਈ ਅਜਿਹੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਨੈਸ਼ਨਲ ਗੇਮਜ਼, ਖੇਲੋ ਇੰਡੀਆ ਜਾਂ ਹੋਰ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਖੇਡਾਂ ਦੇ ਉੱਚ ਅਧਿਕਾਰੀ ਖੇਡ ਮੰਤਰੀ ਨਾਲ ਫੋਟੋਆਂ ਤਾਂ ਖਿਚਵਾਉਂਦੇ ਹਨ ਤੇ ਖੇਡ ਮੈਦਾਨਾਂ ਦਾ ਨਿਰੀਖਣ ਵੀ ਕਰਦੇ ਹਨ ਪਰ ਜਦੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਟਾਲਾ ਕਿਉਂ ਵੱਟ ਜਾਂਦੇ ਹਨ?
ਪੰਜਾਬ ਦੀ ਇਸ ਖੇਡ ਮਸ਼ਾਲ ਨੂੰ ਜਗਦੀ ਰੱਖਣ ਲਈ ਸਭ ਤੋਂ ਪਹਿਲਾਂ ਖੇਡ ਐਸੋਸੀਏਸ਼ਨਾਂ ਦੇ ਢਾਂਚੇ ਨੂੰ ਸਹੀ ਕਰਨਾ ਪਵੇਗਾ। ਖਿਡਾਰੀਆਂ ਦੀ ਚੋਣ, ਟੂਰਨਾਮੈਂਟ ਦੀ ਲਗਾਤਾਰਤਾ ਤੇ ਖੇਡ ਸੈਂਟਰਾਂ ਨੂੰ ਸਹੂਲਤਾਂ ਤੋਂ ਕੋਈ ਤੋਟ ਨਹੀਂ ਆਉਣੀ ਚਾਹੀਦੀ ਹੈ। ਹਰਿਆਣਾ ਸਰਕਾਰ ਵਾਂਗ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਸਮੇਂ ਸਿਰ ਮਿਲਣੀ ਚਾਹੀਦੀ ਹੈ। ਖੇਡ ਕੋਟੇ ਤੇ ਖੇਡਾਂ ਦੀ ਗ੍ਰੇਡੇਸ਼ਨ ਵਿਚ ਸੋਧ ਹੋਣੀ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਖੇਡ ਵਿਭਾਗ ਵਲੋਂ 'ਖੇਲੋ ਇੰਡੀਆ' ਦੀ ਤਰਜ਼ 'ਤੇ ਖੇਡ ਐਸੋਸੀਏਸ਼ਨਾਂ ਨਾਲ ਮਿਲ ਕੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ, ਤਾਂ ਜੋ ਪੈਸਾ ਬਰਬਾਦ ਹੋਣ ਤੋਂ ਬਚ ਸਕੇ। ਅਜੇ ਵੀ ਵੇਲਾ ਹੈ ਪੰਜਾਬੀਓ! ਸਮੇਂ ਸਿਰ ਜਾਗ ਜਾਵੋ, ਜੇ ਇਕ ਵਾਰੀ ਪੰਜਾਬ ਵਿਚੋਂ ਖੇਡਾਂ ਦੀ ਮਸ਼ਾਲ ਬੁਝ ਗਈ ਤਾਂ ਪੰਜਾਬ ਦੀ ਜਵਾਨੀ ਨੂੰ ਨਾ ਤਾਂ ਕੋਈ ਸਾਂਭਣ ਵਾਲਾ ਹੋਵੇਗਾ ਤੇ ਨਾ ਹੀ ਇਸ ਦਾ ਕੋਈ ਵਾਲੀ-ਵਾਰਸ ਹੋਵੇਗਾ। ਸੋ, ਸਾਰਿਆਂ ਨੂੰ ਰਲ ਕੇ ਪੰਜਾਬ ਦੀ ਖੇਡ ਗੱਡੀ ਨੂੰ ਲੀਹਾਂ 'ਤੇ ਲਿਆਉਣ ਲਈ ਹੰਭਲਾ ਮਾਰਨ ਦੀ ਲੋੜ ਹੈ।


-ਮੋਬਾ: 98729-78781

ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਵੀ ਹੈ ਦੇਸ਼ ਦਾ ਅੰਤਰਰਾਸ਼ਟਰੀ ਤੈਰਾਕ : ਵਿਸਵਾਸ ਬੈਂਗਲੂਰੂ

'ਆਸਮਾਂ ਸੇ ਮੱਤ ਡੂੰਢ ਅਪਨੇ ਸਪਨੋਂ ਕੋ, ਸਪਨੋਂ ਕੇ ਲੀਏ ਜਮੀਂ ਭੀ ਜ਼ਰੂਰੀ ਹੈ, ਸਭ ਕੁਝ ਮਿਲ ਜਾਏ ਤੋ ਜੀਨੇ ਕਾ ਮਜ਼ਾ ਹੀ ਕਿਆ, ਜੀਨੇ ਕੇ ਲੀਏ ਏਕ ਕਮੀ ਭੀ ਜ਼ਰੂਰੀ ਹੈ।' ਇਕ ਵੱਡੀ ਤ੍ਰਾਸਦੀ ਦਾ ਨਾਂਅ ਹੈ ਵਿਸਵਾਸ ਕੇ. ਐਸ. ਬੈਂਗਲੂਰੂ, ਪਰ ਉਹ ਅੱਜ ਦੇਸ਼ ਦਾ ਵੱਡਾ ਮਾਣ ਵੀ ਹੈ। ਵਿਸਵਾਸ ਦਾ ਜਨਮ 28 ਦਸੰਬਰ, 1989 ਨੂੰ ਪਿਤਾ ਸੱਤਿਆਨਰਾਇਣ ਦੇ ਘਰ ਮਾਤਾ ਊਸ਼ਾ ਐਮ. ਐਸ. ਦੀ ਕੁੱਖੋਂ ਬੈਂਗਲੁਰੂ ਦੇ ਸ਼ਹਿਰ ਵਿਜੇ ਨਗਰ ਵਿਚ ਇਕ ਹੱਸਦੇ-ਵਸਦੇ ਪਰਿਵਾਰ ਵਿਚ ਹੋਇਆ ਪਰ ਰੱਬ ਦੀ ਰਜ਼ਾ ਸੀ ਕਿ ਹੱਸਦਾ-ਵਸਦਾ ਪਰਿਵਾਰ ਇਕ ਦਮ ਉੱਖੜ ਗਿਆ। ਵਿਸਵਾਸ ਅਜੇ 10 ਸਾਲ ਦਾ ਸੀ ਕਿ ਉਨ੍ਹਾਂ ਨੇ ਆਪਣੇ ਘਰ ਦੀ ਉਪਰਲੀ ਮੰਜ਼ਿਲ ਬਣਾਈ ਸੀ ਅਤੇ ਵਿਸਵਾਸ ਉਪਰਲੀ ਮੰਜ਼ਿਲ 'ਤੇ ਖੜ੍ਹਾ ਹੋ ਕੇ ਪਲੱਸਤਰ ਨੂੰ ਪਾਣੀ ਦੀ ਪਾਈਪ ਨਾਲ ਪਾਣੀ ਦੇ ਰਿਹਾ ਸੀ ਕਿ ਅਚਾਨਕ ਹੇਠਾਂ ਆ ਡਿੱਗਾ ਅਤੇ ਡਿੱਗਣ ਸਾਰ ਹੀ ਉਹ ਕਰੰਟ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਬੁਰੀ ਤਰ੍ਹਾਂ ਕਰੰਟ ਦੀ ਲਪੇਟ ਵਿਚ ਆ ਗਿਆ। ਬਾਪ ਸੱਤਿਆਨਰਾਇਣ ਨੂੰ ਪਤਾ ਲੱਗਾ ਤਾਂ ਉਹ ਵਿਸਵਾਸ ਨੂੰ ਕਰੰਟ ਵਾਲੀਆਂ ਤਾਰਾਂ ਤੋਂ ਅਲੱਗ ਕਰਨ ਲੱਗਿਆ ਤਾਂ ਆਪ ਵੀ ਕਰੰਟ ਦੀ ਲਪੇਟ ਵਿਚ ਆ ਗਿਆ।
ਕਰੰਟ ਦਾ ਬੁਰੀ ਤਰ੍ਹਾਂ ਝੁਲਸਿਆ ਵਿਸਵਾਸ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ ਅਤੇ ਦੋ ਮਹੀਨੇ ਕੋਮਾ ਵਿਚ ਹੀ ਰਿਹਾ ਪਰ ਦੋ ਮਹੀਨਿਆਂ ਬਾਅਦ ਉਸ ਨੂੰ ਹੋਸ਼ ਆਈ ਪਰ ਅਫਸੋਸ, ਉਸ ਦੀਆਂ ਦੋਵੇਂ ਬਾਹਾਂ ਸਰੀਰ ਦੇ ਨਾਲ ਨਹੀਂ ਸਨ, ਕਿਉਂਕਿ ਉਸ ਦੀਆਂ ਦੋਵੇਂ ਬਾਹਾਂ ਕਰੰਟ ਨਾਲ ਝੁਲਸੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਬਚਾਅ ਸਕਣਾ ਮੁਸ਼ਕਿਲ ਸੀ। ਇਹ ਗੱਲ ਵੀ ਵਿਸਵਾਸ ਨੇ ਪਤਾ ਨਹੀਂ ਕਿਵੇਂ ਸਹੀ ਹੋਵੇਗੀ ਕਿ ਉਸ ਨੂੰ ਬਚਾਉਂਦੇ-ਬਚਾਉਂਦੇ ਉਸ ਦਾ ਬਾਪ ਵੀ ਕਰੰਟ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਅਤੇ ਹੁਣ ਵਿਸਵਾਸ ਕੋਲ ਨਾ ਹੀ ਆਪਣੀਆਂ ਬਾਹਾਂ ਸਨ ਅਤੇ ਨਾ ਹੀ ਸਿਰ 'ਤੇ ਬਾਪ ਦਾ ਸਾਇਆ ਸੀ। ਇਹ ਵਿਸਵਾਸ ਦੇ ਹਿੱਸੇ ਹੀ ਆਇਆ ਕਿ ਕਿਵੇਂ ਉਸ ਨੇ ਕੁਦਰਤ ਦੀ ਵੱਡੀ ਮਾਰ ਨੂੰ ਸਹਿਆ ਜਾਂ ਬਰਦਾਸ਼ਤ ਕੀਤਾ। ਵਿਸਵਾਸ ਹੌਸਲੇ ਅਤੇ ਦਲੇਰੀ ਦੀ ਵੱਡੀ ਮਿਸਾਲ ਬਣਿਆ ਕਿ ਕੈਨੇਡਾ ਦੀ ਧਰਤੀ 'ਤੇ ਹੋਈ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ 16 ਸਾਲ ਦੀ ਉਮਰ ਵਿਚ 3 ਤਗਮੇ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਅਥਲੀਟ ਬਣਿਆ। ਵਿਸਵਾਸ ਨੇ ਆਪਣੀ ਇਸ ਜ਼ਿੰਦਗੀ ਵਿਚ ਅਨੇਕ ਮੁਸ਼ਕਿਲਾਂ, ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਪਰ ਵਕਤ ਦੀ ਧੂੜ ਵਿਚ ਉਹ ਗਵਾਚਿਆ ਨਹੀਂ, ਸਗੋਂ ਹੋਰ ਵੀ ਹੀਰਾ ਬਣ ਕੇ ਚਮਕਿਆ ਅਤੇ ਅੱਜ ਉਸ ਦੀ ਚਮਕ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਂ ਮਾਰਦੀ ਹੈ। ਸਾਲ 2015 ਵਿਚ ਬੇਲਗਾਮ ਵਿਚ ਹੋਈ ਨੈਸ਼ਨਲ ਪੈਰਾ ਸਵਿਮਿੰਗ ਵਿਚ ਉਸ ਨੇ 3 ਚਾਂਦੀ ਦੇ ਤਗਮੇ ਬਰੈਸਟ ਸਟਰੋਕ ਅਤੇ ਬਟਰਫਲਾਈ ਵਿਚ ਤੈਰਦਿਆਂ ਆਪਣੇ ਨਾਂਅ ਕੀਤੇ। ਸਾਲ 2016 ਵਿਚ ਜੈਪੁਰ ਵਿਖੇ ਹੋਈ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ 1 ਚਾਂਦੀ, 1 ਸੋਨ ਤਗਮਾ ਅਤੇ 1 ਕਾਂਸੀ ਦਾ ਤਗਮਾ ਜਿੱਤਿਆ।
ਸਾਲ 2016 ਵਿਚ ਹੀ ਕੈਨੇਡਾ ਦੇ ਸ਼ਹਿਰ ਓਟਾਵਾ ਵਿਚ ਹੋਈ ਇੰਟਰਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ 2 ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਸਾਲ 2017 ਵਿਚ ਉਦੇਪੁਰ ਵਿਖੇ ਨੈਸ਼ਨਲ ਪੈਰਾ ਸਵਿਮਿੰਗ ਵਿਚ ਵਿਸਵਾਸ ਨੇ 1 ਸੋਨ ਤਗਮਾ ਅਤੇ 2 ਚਾਂਦੀ ਦੇ ਤਗਮਿਆਂ 'ਤੇ ਕਬਜ਼ਾ ਕੀਤਾ। ਸਾਲ 2017/2018 ਵਿਚ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਕਾਂਸੀ ਦਾ ਤਗਮਾ ਜਿੱਤਿਆ। ਵਿਸਵਾਸ ਦੀਆਂ ਜਿੱਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਸਾਲ 2020 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਣ ਵਾਲੀ ਪੈਰਾ-ਉਲੰਪਿਕ 'ਤੇ ਟਿਕੀਆਂ ਹੋਈਆਂ ਹਨ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਉਲੰਪਿਕ ਵਿਚ ਭਾਰਤ ਦੀ ਝੋਲੀ ਸੋਨ ਤਗਮਾ ਜਿੱਤ ਕੇ ਪਾਏਗਾ।


-ਮੋਬਾ: 98551-14484

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX