ਤਾਜਾ ਖ਼ਬਰਾਂ


ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  4 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ ਕਨਟੇਨਰ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  3 minutes ago
ਲੰਡਨ, 23 ਅਕਤੂਬਰ- ਬ੍ਰਿਟਿਸ਼ ਪੁਲਿਸ ਨੇ ਅੱਜ ਦੱਸਿਆ ਕਿ ਦੱਖਣੀ-ਪੂਰਬੀ ਇੰਗਲੈਂਡ 'ਚ ਪੈਂਦੇ ਐਸੈਕਸ 'ਚ ਅੱਜ ਇੱਕ ਟਰੱਕ ਕਨਟੇਨਰ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  31 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  51 minutes ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਕੁੱਝ ਨੁਕਤੇ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:
1. ਜ਼ਮੀਨ ਦੀ ਚੋਣ ਅਤੇ ਤਿਆਰੀ: ਪਨੀਰੀ ਉਗਾਉਣ ਵਾਲੀ ਜਗ੍ਹਾ ਕਿਸੇ ਦਰਖਤ ਜਾਂ ਉੱਚੀ ਇਮਾਰਤ ਦੇ ਨੇੜੇ ਨਹੀਂ ਹੋਣੀ ਚਾਹੀਦੀ। ਪਨੀਰੀ ਉਗਾਉਣ ਵਾਲੀ ਜਗ੍ਹਾ ਪਾਣੀ ਵਾਲੇ ਸਰੋਤ ਦੇ ਨੇੜੇ ਹੋਣੀ ਚਾਹੀਦੀ ਹੈ। ਜਗ੍ਹਾ ਇਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਜੋ ਜਾਨਵਰਾਂ ਤੋਂ ਪਨੀਰੀ ਨੂੰ ਬਚਾਇਆ ਜਾ ਸਕੇ। ਪਾਣੀ ਦੀ ਖੜ੍ਹੋਤ ਦੀ ਸਮੱਸਿਆ ਲਈ ਪਨੀਰੀ ਵਾਲੇ ਬੈਡ ਉਚੀ ਜਗ੍ਹਾ ਬਣਾਉਣੇ ਚਾਹੀਦੇ ਹਨ। ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਨੀਰੀ ਉਗਾਉਣ ਲਈ ਹਰ ਸਾਲ ਇਕੋ ਜਗ੍ਹਾ ਨਾ ਵਰਤੀ ਜਾਵੇ ਕਿਉਂਕਿ ਮਿੱਟੀ ਵਿਚ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂੰ ਜੀਵਤ ਰਹਿੰਦੇ ਹਨ। ਪਨੀਰੀ ਉਗਾਉਣ ਵਾਲੀ ਮਿੱਟੀ ਹਲਕੀ ਤੋਂ ਦਰਮਿਆਨੀ, ਬਿਮਾਰੀਆਂ, ਕੀੜੇ ਅਤੇ ਨਦੀਨ ਰਹਿਤ ਹੋਣੀ ਚਾਹੀਦੀ ਹੈ। ਨਦੀਨ ਅਤੇ ਪੱਥਰ ਮਿੱਟੀ ਵਿਚੋਂ ਕੱਢ ਕੇ ਜ਼ਮੀਨ ਨੂੰ 2-3 ਵਾਰ ਵਾਹ ਕੇ ਪੋਲਾ ਕਰ ਲਵੋ। ਜੇਕਰ ਮਿੱਟੀ ਭਾਰੀ ਹੋਵੇ ਤਾਂ ਇਸ ਵਿਚ 2-3 ਕਿਲੋ ਰੇਤ ਅਤੇ ਗਲੀ ਸੜੀ ਰੂੜੀ ਨੂੰ ਰਲਾ ਕੇ ਤਿਆਰ ਕਰੋ।
2. ਮਿੱਟੀ ਦੀ ਸੋਧ: ਜਿਸ ਜਗ੍ਹਾ ਪਨੀਰੀ ਹਰ ਸਾਲ ਉਗਾਈ ਜਾਂਦੀ ਹੈ ਉਸ ਜਗ੍ਹਾ ਦੀ ਮਿੱਟੀ ਨੂੰ ਜੀਵਾਣੂ ਜਿਵੇਂ ਕਿ ਨੀਮਾਟੋਡ, ਬਿਮਾਰੀ ਫੈਲਾਉਣ ਵਾਲੀਆਂ ਉਲੀਆਂ, ਆਦਿ ਤੋਂ ਮੁਕਤ ਕਰਨ ਲਈ ਫਾਰਮੈਲਡੀਹਾਈਡ ਦੇ ਘੋਲ 1.5-2.0% ਨੂੰ ਵਰਤੋ। ਇਸ ਘੋਲ ਨੂੰ ਮਿੱਟੀ ਉਤੇ ਇਸ ਤਰ੍ਹਾਂ ਪਾਉ ਕਿ ਉਹ 1 ਵਰਗ ਮੀਟਰ ਰਕਬੇ ਵਿਚ 2 ਲਿਟਰ ਪਾਣੀ ਦੀ ਮਦਦ ਨਾਲ ਪੈ ਜਾਵੇ। ਮਿੱਟੀ ਨੂੰ 48-72 ਘੰਟਿਆਂ ਲਈ ਪਲਾਸਟਿਕ ਸ਼ੀਟ ਨਾਲ ਢਕ ਦਿਉ। ਪਲਾਸਟਿਕ ਸ਼ੀਟ ਨੂੰ ਹਟਾਉਣ ਤੋਂ ਬਾਅਦ ਮਿੱਟੀ ਨੂੰ ਪਲਟ ਦਿਉ ਤਾਂ ਜੋ ਦਵਾਈ ਦਾ ਜ਼ਹਿਰੀਲਾ ਅਸਰ ਹਵਾ ਵਿਚ ਉਡ ਜਾਵੇ ਅਤੇ ਮਿੱਟੀ ਨੂੰ 4-5 ਦਿਨਾਂ ਲਈ ਖੁੱਲ੍ਹਾ ਰੱਖੋ। ਇਸ ਤੋਂ ਬਾਅਦ ਬਿਜਾਈ ਦਾ ਕੰਮ ਆਰੰਭ ਕਰੋ। ਸੂਰਜ ਦੀ ਗਰਮੀ ਦੇ ਨਾਲ ਵੀ ਮਿੱਟੀ ਨੂੰ ਬਿਮਾਰੀ ਮੁਕਤ ਕੀਤਾ ਜਾ ਸਕਦਾ ਹੈ। ਇਹ ਢੰਗ ਸੌਖਾ, ਅਸਾਨ ਅਤੇ ਪੈਸੇ ਬਚਾਉਣ ਵਾਲਾ ਹੈ। ਪੰਜਾਬ ਦੇ ਹਿਸਾਬ ਨਾਲ ਮਈ-ਜੂਨ ਮਹੀਨਿਆਂ ਦਾ ਸਮਾਂ ਇਸ ਸੋਧ ਲਈ ਬਿਲਕੁਲ ਸਹੀ ਹੈ ਕਿਉਂਕਿ ਇਸ ਸਮੇਂ ਤਾਪਮਾਨ 45 ਸੈ. ਦੇ ਨੇੜੇ ਪਹੁੰਚ ਜਾਂਦਾ ਹੈ। ਇਸ ਲਈ ਜ਼ਮੀਨ ਨੂੰ ਪਾਣੀ ਲਗਾ ਕੇ 5-6 ਹਫਤਿਆਂ ਲਈ ਪੋਲੀਥੀਨ ਸ਼ੀਟ (200 ਗੇਜ਼) ਨਾਲ ਢੱਕ ਦਿਉ। ਪੌਲੀਥੀਨ ਸ਼ੀਟ ਨੂੰ ਗਿੱਲੀ ਮਿੱਟੀ ਨਾਲ ਇਸ ਤਰ੍ਹਾਂ ਬੰਦ ਕਰ ਦਵੋ ਕਿ ਹਵਾ ਵੀ ਅੰਦਰ ਨਾ ਜਾ ਸਕੇ।
3. ਪਨੀਰੀ ਲਈ ਬੈੱਡ ਤਿਆਰ ਕਰਨਾ ਅਤੇ ਬੀਜਣ ਦਾ ਢੰਗ: ਚੰਗੀ ਤਿਆਰ ਕੀਤੀ ਹੋਈ ਮਿੱਟੀ ਉਤੇ 1.25 ਮੀਟਰ ਚੌੜੇ ਬੈੱਡ ਬਣਾਉ। ਇਹ ਬੈਡ 15 ਸੈਂ.ਮੀ. ਉੱਚੇ ਹੋਣੇ ਚਾਹੀਦੇ ਹਨ। ਬੈੱਡ ਦੀ ਲੰਬਾਈ ਫ਼ਸਲ ਅਤੇ ਕਿੰਨੀ ਪਨੀਰੀ ਚਾਹੀਦੀ ਹੈ ਉਸ ਉਤੇ ਨਿਰਭਰ ਕਰਦੀ ਹੈ। 50 ਸੈ.ਮੀ. ਦਾ ਫ਼ਾਸਲਾ ਦੋ ਬੈੱਡਾਂ ਵਿਚ ਰੱਖੋ ਤਾਂ ਜੋ ਪਨੀਰੀ ਦੇ ਕੰਮ-ਕਾਜ ਜਿਵੇਂ ਕਿ ਗੋਡੀ, ਆਦਿ ਅਸਾਨੀ ਨਾਲ ਕੀਤੇ ਜਾ ਸਕਣ। ਬੀਜ ਨੂੰ ਹਮੇਸ਼ਾ ਤਸੱਲੀਬਖਸ਼ ਸਰੋਤ ਤੋਂ ਖਰੀਦੋ ਜਿਵੇਂ ਪੀ.ਏ.ਯੂ. ਜਾਂ ਪਨਸੀਡ ਆਦਿ। ਬੀਜ ਨੂੰ ਬੀਜਣ ਤੋਂ ਪਹਿਲਾਂ ਥੀਰਮ/ਕੈਪਟਾਨ ਫਫੂੰਦੀ ਨਾਸ਼ਕ (3 ਗ੍ਰਾਮ ਪ੍ਰਤੀ ਕਿਲੋ ਬੀਜ) ਦੇ ਹਿਸਾਬ ਨਾਲ ਸੋਧ ਲਵੋ। ਬੀਜ ਨੂੰ ਹਮੇਸ਼ਾ ਲਾਈਨ ਵਿਚ ਬੀਜੋ ਤਾਂ ਜੋ ਹਵਾ ਦਾ ਅਦਾਨ-ਪ੍ਰਦਾਨ, ਗੋਡੀ ਅਤੇ ਵਿਚ ਕੰਮ ਕਾਜ ਕਰਨਾ ਸੌਖਾ ਹੋਵੇ। ਬੈੱਡ ਉਤੇ 5-7.5 ਸੈ.ਮੀ. ਦੇ ਫ਼ਾਸਲੇ ਉਤੇ 1-2 ਸੈ.ਮੀ. ਡੂੰਘੀਆਂ ਕਤਾਰਾਂ ਬਣਾ ਲਵੋ। ਬੀਜ ਦੇ ਅਕਾਰ ਦੇ ਹਿਸਾਬ ਨਾਲ ਬਿਜਾਈ ਦੀ ਡੂੰਘਾਈ ਨੂੰ ਸੈਟ ਕਰ ਲਵੋ। ਬੀਜ ਬੀਜਣ ਤੋਂ ਬਾਅਦ ਉਸਨੂੰ ਰੂੜੀ ਅਤੇ ਮਿੱਟੀ ਦੇ ਤਿਆਰ ਕੀਤੇ ਮਿਸ਼ਰਣ ਨੂੰ ਪਾ ਕੇ ਢਕ ਦਿਉ। ਬੀਜਣ ਤੋਂ ਬਾਅਦ ਬੈੱਡ ਉਤੇ ਝੋਨੇ ਦੀ ਪਰਾਲੀ ਜਾਂ ਸੁੱਕੇ ਪੱਤਿਆਂ ਨੂੰ ਵਿਛਾ ਦਿਉ।
4. ਨਰਸਰੀ ਵਿਚ ਬੂਟੇ ਦਾ ਪ੍ਰਬੰਧਕ: ਨਰਸਰੀ ਬੈੱਡ ਨੂੰ ਫੁਹਾਰੇ ਨਾਲ ਗਰਮੀਆਂ ਵਿਚ ਦੋ ਵਾਰ ਅਤੇ ਸਰਦੀਆਂ ਵਿਚ ਇਕ ਵਾਰ ਪਾਣੀ ਦਿਉ। ਬੀਜ ਦੇ ਪੁੰਗਰਣ ਤੱਕ ਬੈੱਡ ਨੂੰ ਨਮੀ ਵਾਲਾ ਰੱਖੋ। ਜਦੋਂ ਛੋਟੇ ਛੋਟੇ ਚਿੱਟੇ ਧਾਗੇ ਦੀ ਤਰ੍ਹਾਂ ਬੈੱਡ ਉਤੇ ਬੀਜ ਪੁੰਗਰਦੇ ਦਿਖਣ ਤਾਂ ਪਰਾਲੀ ਨੂੰ ਹਟਾ ਦਿਉ। ਦਸੰਬਰ ਅਤੇ ਜਨਵਰੀ ਮਹੀਨੇ ਦੀਆਂ ਠੰਢੀਆਂ ਰਾਤਾਂ ਵਿਚ ਠੰਢ ਤੋਂ ਬਚਾਉਣ ਲਈ ਮਿਰਚ, ਬੈਂਗਣ ਅਤੇ ਟਮਾਟਰ ਦੀ ਪਨੀਰੀ ਨੂੰ ਸ਼ੀਟ ਨਾਲ ਢਕ ਦਿਉ। ਪੁੰਗਰਨ ਤੋਂ 7 ਦਿਨ ਬਾਅਦ ਪਨੀਰੀ ਨੂੰ 0.4% ਕੈਪਟਾਨ/ਥੀਰਮ (3 ਗ੍ਰਾਮ/ਲਿਟਰ) ਨਾਲ ਗੁੜੱਚ ਕਰ ਦਿਉ। 7-10 ਦਿਨਾਂ ਬਾਅਦ ਇਸ ਤਰ੍ਹਾਂ ਦੁਬਾਰਾ ਕਰੋ। ਜੇ ਪਨੀਰੀ ਜ਼ਿਆਦਾ ਸੰਘਣੀ ਲੱਗੇ ਤਾਂ ਵਿਰਲੀ ਕਰੋ ਤਾਂ ਜੋ ਹਵਾ ਅਤੇ ਪਾਣੀ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਮਿਲ ਸਕੇ। ਕਮਜ਼ੋਰ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਦਿਉ। ਬੈੱਡ ਉਤੇ ਨਦੀਨ ਉੱਗ ਜਾਣ ਤਾਂ ਹੱਥ ਨਾਲ ਉਨ੍ਹਾਂ ਨੂੰ ਵੀ ਪੁੱਟ ਦਿਉ।
5. ਨਰਸਰੀ ਨੂੰ ਸਖ਼ਤ ਕਰਨਾ: ਜਦੋਂ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਵੇ (4 ਤੋਂ 6 ਹਫਤੇ ਬਾਅਦ) ਤਾਂ 3-4 ਦਿਨ ਪੁੱਟਣ ਤੋਂ ਪਹਿਲਾਂ ਪਨੀਰੀ ਦਾ ਪਾਣੀ ਰੋਕ ਦਿਉ। ਇਸ ਤਰ੍ਹਾਂ ਕਰਨ ਨਾਲ ਪਨੀਰੀ ਸਖਤ ਹੋ ਜਾਵੇਗੀ ਅਤੇ ਲਗਾਉਣ ਸਮੇਂ ਹੋਣ ਵਾਲੇ ਧੱਕੇ ਨੂੰ ਸਹਿ ਸਕੇਗੀ। ਪਨੀਰੀ ਨੂੰ ਪੁੱਟਣ ਤੋਂ ਪਹਿਲਾਂ ਨਰਸਰੀ ਬੈੱਡ ਨੂੰ ਚੰਗੀ ਤਰ੍ਹਾਂ ਪਾਣੀ ਦਿਉ ਤਾਂ ਜੋ ਪਨੀਰੀ ਹੱਥ ਨਾਲ ਜਾਂ ਖੁਰਪੇ ਨਾਲ ਆਸਾਨੀ ਨਾਲ ਪੁੱਟੀ ਜਾ ਸਕੇ। ਪਨੀਰੀ ਦੀਆਂ ਜੜ੍ਹਾਂ ਨੂੰ ਮਿੱਟੀ ਅਤੇ ਕਾਗਜ਼ ਨਾਲ ਚੰਗੀ ਤਰ੍ਹਾਂ ਢਕ ਕੇ ਧਾਗਾ ਬੰਨ੍ਹ ਦਵੋ ਤਾਂ ਜੋ ਬਜ਼ਾਰ ਵਿਚ ਆਸਾਨੀ ਨਾਲ ਵੇਚਿਆ ਜਾ ਸਕੇ।

- ਸਬਜ਼ੀ ਵਿਗਿਆਨ ਵਿਭਾਗ. ਮੋਬਾਈਲ : 81463-44465


ਖ਼ਬਰ ਸ਼ੇਅਰ ਕਰੋ

ਘਰਾਂ ਨੂੰ ਕੀੜੇ-ਮਕੌੜੇ ਰਹਿਤ ਰੱਖਣ ਲਈ ਕੁਝ ਤਰੀਕੇ

ਸਾਡੇ ਘਰਾਂ ਅੰਦਰ ਕਈ ਤਰ੍ਹਾਂ ਦੇ ਛੋਟੇ-ਛੋਟੇ ਕੀੜੇ-ਮਕੌੜੇ ਲੁਕੇ ਹੁੰਦੇ ਹਨ ਜੋ ਕਿ ਸਾਡੇ ਜੀਵਨ ਨੂੰ ਅਣਸੁਖਾਵਾਂ ਕਰ ਦਿੰਦੇ ਹਨ। ਇਹ ਕੀੜੇ-ਮਕੌੜੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਾਡੇ ਭੋਜਨ ਪਦਾਰਥਾਂ ਨੂੰ ਅਸ਼ੁੱਧ ਕਰ ਦਿੰਦੇ ਹਨ ਅਤੇ ਕਈ ਰੋਗਾਂ ਦੇ ਜੀਵਾਣੂੰਆਂ ਨਾਲ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਹ ਅਕਸਰ ਗੱਦਿਆਂ, ਗਲੀਚਿਆਂ, ਅਲਮਾਰੀਆਂ, ਟਰੰਕਾਂ ਅੰਦਰ, ਰਸੋਈ ਦੀਆਂ ਸ਼ੈਲਫਾਂ ਅਤੇ ਨਾਲੀਆਂ ਅੰਦਰ, ਲੁਕੇ ਹੁੰਦੇ ਹਨ। ਕੀੜੀਆਂ, ਘੱਟੇ ਦੇ ਜੀਵਾਣੂੰ, ਮੱਛਰ, ਮੱਖੀਆਂ, ਕਾਕਰੋਚ ਅਤੇ ਚੂਹੀਆਂ ਆਮ ਤੌਰ 'ਤੇ ਘਰਾਂ ਅੰਦਰ ਗਰਮ, ਸਿੱਲੀ ਅਤੇ ਸਮਾਨ ਨਾਲ ਭਰੀਆਂ ਥਾਵਾਂ ਹੇਠ ਲੁਕਦੇ ਹਨ। ਹੇਠ ਲਿਖੇ ਸੌਖੇ ਤਰੀਕਿਆਂ ਨਾਲ ਇਨ੍ਹਾਂ ਉਤੇ ਕਾਬੂ ਪਾਇਆ ਜਾ ਸਕਦਾ ਹੈ:
ਕੀੜੀਆਂ : ਕੀੜੀਆਂ ਦੀ ਰੋਕਥਾਮ ਲਈ, ਰਸੋਈ ਦੇ ਕਾਊਂਟਰ ਹਮੇਸ਼ਾ ਸਾਫ਼-ਸੁਥਰੇ ਅਤੇ ਥਿੰਦਿਆਈ ਰਹਿਤ ਰੱਖੋ। ਗੁੜ, ਸ਼ੱਕਰ, ਖੰਡ ਅਤੇ ਸ਼ਹਿਦ ਦੀਆਂ ਬੋਤਲਾਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਸਪਰੇਅ ਦੀ ਬੋਤਲ ਵਿਚ ਸਾਬਣ ਵਾਲਾ ਪਾਣੀ ਪਾ ਕੇ ਰੱਖੋ ਅਤੇ ਕੀੜਿਆਂ ਭਜਾਉਣ ਲਈ ਇਨ੍ਹਾਂ ਦੀ ਲਾਈਨ 'ਤੇ ਛਿੜਕਾਅ ਕਰੋ। ਜੇਕਰ ਸਾਧਾਰਨ ਸਾਬਣ ਵਾਲੇ ਪਾਣੀ ਨਾਲ ਕੀੜੀਆਂ ਨਾ ਹਟਣ ਤਾਂ ਇਸ ਪਾਣੀ ਵਿਚ ਪੁਦੀਨੇ ਦੇ ਤੇਲ ਦੀਆਂ ਬੂੰਦਾਂ ਜਾਂ ਨਿੰਬੂ/ਸੰਤਰੇ ਦੇ ਛਿਲਕਿਆਂ ਦੇ ਤੇਲ ਦੀਆਂ ਬੂੰਦਾਂ ਪਾ ਕੇ ਛਿੜਕਾਅ ਕਰੋ। ਰਸੋਈ ਦੀਆਂ ਸ਼ੈਲਫਾਂ 'ਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ, ਤੁਲਸੀ ਜਾਂ ਕੜੀ ਪੱਤੇ ਦੀਆਂ ਪੱਤੀਆਂ, ਕੀੜੀਆਂ ਨਿਕਲਣ ਵਾਲੀ ਥਾਂ 'ਤੇ ਰੱਖਣ ਨਾਲ ਕੀੜੀਆਂ ਭੱਜ ਜਾਂਦੀਆਂ ਹਨ। ਲੌਂਗ ਅਤੇ ਸਫੇਦ ਦੇ ਤੇਲ ਦੀ ਵਰਤੋਂ ਕਰਕੇ ਖਿੜਕੀਆਂ ਨੂੰ ਸਾਫ਼ ਕਰਦੇ ਰਹੋ। ਖੰਡ ਦੇ ਬਰਤਨ ਵਿਚ ਦੋ-ਤਿੰਨ ਲੌਂਗ ਪਾ ਕੇ ਰੱਖ ਦਿਓ। ਇਨ੍ਹਾਂ ਦੀ ਮਹਿਕ ਨਾਲ ਕੀੜੀਆਂ ਨਹੀਂ ਆਉਣਗੀਆਂ। ਰਸੋਈ ਦੇ ਕਾਊਂਟਰਾਂ ਨੂੰ ਸਿਰਕੇ ਵਾਲੇ ਪਾਣੀ ਨਾਲ ਸਾਫ਼ ਕਰੋ। ਕੀੜੀਆਂ ਦੀਆਂ ਲਾਈਨਾਂ ਦੇ ਰਸਤੇ ਵਿਚ ਕਾਲੀ ਮਿਰਚ, ਨਮਕ ਜਾਂ ਚਾਕ ਦੀ ਰੇਖਾ ਲਗਾਉਣ ਨਾਲ ਕੀੜੀਆਂ ਨਹੀਂ ਆਉਂਦੀਆਂ।
ਧੂੜ ਦੇ ਕਿਰਮ : ਧੂੜ ਦੇ ਕਿਰਮ ਵਿਚ ਬਿਸਤਰਿਆਂ, ਕੱਪੜਿਆਂ, ਕਿਤਾਬਾਂ ਅਤੇ ਫਰ ਵਾਲੇ ਖਿਡੌਣਿਆਂ ਵਿਚ ਲੁਕੇ ਹੁੰਦੇ ਹਨ, ਜੋ ਕਿ ਦਿਖਾਈ ਨਹੀਂ ਦਿੰਦੇ। ਇਹ ਕਿਰਮ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਤੋਂ ਛੁਟਕਾਰੇ ਲਈ ਗੱਦਿਆਂ, ਕੁਸ਼ਨਾਂ ਅਤੇ ਸਰਹਾਣਿਆਂ ਨੂੰ ਹਫ਼ਤੇ/ਦਸ ਦਿਨਾਂ ਪਿਛੋਂ ਚੰਗੀ ਤਰ੍ਹਾਂ ਝਾੜ ਕੇ ਸਾਫ ਕਰੋ। ਮਹੀਨੇ ਵਿਚ ਇਕ ਵਾਰੀ ਗੱਦਿਆਂ ਤੇ ਬਿਸਤਰਿਆਂ ਨੂੰ ਧੁੱਪ ਲਵਾਓ। ਬੈੱਡ ਸ਼ੀਟਾਂ ਅਤੇ ਕਵਰ ਗਰਮ ਪਾਣੀ ਨਾਲ ਧੋਵੋ। ਪੁਰਾਣੀਆਂ ਕਿਤਾਬਾਂ, ਫਰ ਵਾਲੇ ਖਿਡੌਣੇ ਆਦਿ ਸਾਹ ਦੀਆਂ ਬਿਮਾਰੀਆਂ ਦੇ ਰੋਗੀਆਂ ਦੇ ਕਮਰੇ ਅੰਦਰ ਨਾ ਰੱਖੋ। ਫਰ ਵਾਲੇ ਖਿਡੌਣਿਆਂ ਨੂੰ ਨਿਯਮਤ ਸਮੇਂ 'ਤੇ ਗਰਮ ਪਾਣੀ ਨਾਲ ਧੋਂਦੇ ਰਹੋ।
ਮੱਛਰ : ਮੱਛਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਬੁਖਾਰ ਫੈਲਾਉਂਦੇ ਹਨ। ਇਸ ਲਈ ਇਨ੍ਹਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਮੱਛਰਾਂ ਤੋਂ ਬਚਾਅ ਲਈ ਘਰ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਰਹਿਣ ਦਿਓ। ਮੁਸ਼ਕ ਕਪੂਰ ਦੀ ਟਿੱਕੀ ਨੂੰ ਪਾਣੀ ਵਿਚ ਘੋਲ ਕੇ ਕਮਰੇ ਦੇ ਖੂੰਜਿਆਂ ਵਿਚ ਰੱਖੋ। ਸਿਟਰੋਨੈਲਾ ਦੀਆਂ ਮੋਮਬੱਤੀਆਂ ਜਲਾਉਣ ਨਾਲ ਵੀ ਮੱਛਰ ਭਜਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਨਿੰਮ ਦੀਆਂ ਪੱਤੀਆਂ ਦੇ ਤੇਲ ਨਾਲ ਵੀ ਮੱਛਰ ਭੱਜ ਜਾਂਦੇ ਹਨ। ਮੱਛਰਾਂ ਨੂੰ ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਭਜਾਉਂਦੀ ਹੈ। ਸੋ ਘਰ ਦੇ ਆਲੇ-ਦੁਆਲੇ ਗੇਂਦੇ ਫੁੱਲ ਲਗਾਉਣ ਨਾਲ ਵੀ ਮੱਛਰ ਨੇੜੇ ਨਹੀਂ ਆਉਂਦੇ।
ਮੱਖੀਆਂ : ਮੱਖੀਆਂ ਭਜਾਉਣ ਲਈ ਘਰ ਦੇ ਆਲੇ-ਦੁਆਲੇ ਪੁਦੀਨਾ ਅਤੇ ਤੁਲਸੀ ਦੇ ਪੌਦੇ ਲਗਾਓ। ਦਰਵਾਜ਼ਿਆਂ ਅਤੇ ਖਿੜਕੀਆਂ ਉਤੇ ਕਿਸੇ ਕੱਪੜੇ ਦੀ ਪੋਟਲੀ ਵਿਚ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਜਾਂ ਲੌਂਗ ਜਾਂ ਸਫੈਦੇ ਦੀਆਂ ਸੁੱਕੀਆਂ ਪੱਤੀਆਂ ਬੰਨ੍ਹ ਕੇ ਲਟਕਾ ਦਿਓ। ਸਫੈਦੇ ਦੇ ਤੇਲ ਦੀਆਂ ਕੁਝ ਬੂੰਦਾਂ ਕਿਸੇ ਛੋਟੇ ਜਿਹੇ ਕੱਪੜੇ 'ਤੇ ਪਾ ਕੇ ਜ਼ਿਆਦਾ ਮੱਖੀਆਂ ਵਾਲੀ ਥਾਂ 'ਤੇ ਰੱਖਣ ਨਾਲ ਵੀ ਮੱਖੀਆਂ ਨਹੀਂ ਰਹਿੰਦੀਆਂ।
ਕੱਪੜਿਆਂ ਦੇ ਕੀੜੇ : ਕੱਪੜਿਆਂ ਦੀਆਂ ਅਲਮਾਰੀਆਂ/ਅਟੈਚੀਆਂ ਵਿਚ ਸੁੱਕੀਆਂ ਨਿੰਮ ਦੀਆਂ ਪੱਤੀਆਂ ਜਾਂ ਲੌਂਗ ਜਾਂ ਸੁੱਕੀਆਂ ਲਾਲ ਮਿਰਚਾਂ ਰੱਖੋ। ਇਸ ਤੋਂ ਇਲਾਵਾ ਮੁਸ਼ਕ ਕਪੂਰ ਦੀਆਂ ਟਿੱਕੀਆਂ ਰੱਖਣ ਨਾਲ ਵੀ ਕੱਪੜਿਆਂ ਨੂੰ ਕੀੜਾ ਨਹੀਂ ਲਗਦਾ।
ਕਾਕਰੋਚ : ਕਾਕਰੋਚਾਂ ਦੀ ਰੋਕਥਾਮ ਲਈ ਪਹਿਲਾਂ ਰਸੋਈ ਅਤੇ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ। ਬੋਰਿਕ ਐਸਿਡ ਇਕ ਕੁਦਰਤੀ ਕੀਟਨਾਸ਼ਕ ਹੈ ਜੋ ਕਿ ਕਾਕਰੋਚਾਂ ਨੂੰ ਅਤੇ ਸਿਉਂਕ ਆਦਿ ਨੂੰ ਆਸਾਨੀ ਨਾਲ ਖਤਮ ਕਰ ਸਕਦਾ ਹੈ। ਇਸ ਲਈ ਫਰਿੱਜ ਦੇ ਆਲੇ-ਦੁਆਲੇ ਅਤੇ ਰਸੋਈ ਦੀਆਂ ਕੈਬਨਿਟ ਅਤੇ ਸੈਲਫਾਂ ਦੇ ਉੱਪਰ ਬੋਰਿਕ ਸਪਰੇਅ ਕਰਨ ਨਾਲ ਕਾਕਰੋਚਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 15 ਦਿਨਾਂ ਪਿੱਛੋਂ ਰਸੋਈ ਅਤੇ ਬਾਥਰੂਮਾਂ ਦੀਆਂ ਨਾਲੀਆਂ ਵਿਚ ਮਿੱਟੀ ਦੇ ਤੇਲ ਅਤੇ ਗਰਮ ਪਾਣੀ ਪਾਉਣ ਨਾਲ ਵੀ ਕਾਕਰੋਚਾਂ ਤੋਂ ਬਚਾਅ ਰਹਿੰਦਾ ਹੈ।
ਸਿਲਵਰ ਫਿਸ਼ : ਸਿਲਵਰ ਫਿਸ਼ ਵੀ ਸਿੱਲ੍ਹੀਆਂ ਅਤੇ ਗਰਮ ਥਾਵਾਂ 'ਤੇ ਵਧਦੀ ਹੈ। ਇਹ ਕਿਤਾਬਾਂ ਤੇ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਮਾਨ ਸਟੋਰ ਕਰਨ ਵਾਲੀ ਜਗ੍ਹਾ ਨੂੰ ਸੁੱਕਾ ਰੱਖੋ ਅਤੇ ਕੱਪੜਿਆਂ, ਬਿਸਤਰਿਆਂ ਅਤੇ ਕਿਤਾਬਾਂ ਨੂੰ ਸਮੇਂ-ਸਮੇਂ 'ਤੇ ਧੁੱਪ ਅਤੇ ਹਵਾ ਲਗਵਾਓ।


-ਪਰਿਵਾਰਕ ਸਰੋਤ ਪ੍ਰਬੰਧ ਵਿਭਾਗ।
ਮੋਬਾਈਲ : 98147-09921.

ਸੰਕਟ ਤੋਂ ਬਚਣ ਲਈ ਪਾਣੀ ਦੀ ਯੋਗ ਵਰਤੋਂ ਜ਼ਰੂਰੀ

ਖੇਤੀ ਨੂੰ ਗੰਭੀਰ ਸਮੱਸਿਆਵਾਂ ਤੇ ਚੁਣੌਤੀਆਂ ਦਰਪੇਸ਼ ਹਨ। ਫ਼ਸਲਾਂ ਦੀ ਉਤਪਾਦਕਤਾ 'ਚ ਆਈ ਖੜੋਤ, ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਤਵਾਤਰ ਪ੍ਰਭਾਵਤ ਹੋਣਾ, ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦੀ ਪੱਧਰ ਦਾ ਥੱਲੇ ਜਾਣਾ, ਵਾਤਾਵਰਨ ਦਾ ਪ੍ਰਦੂਸ਼ਣ ਤੇ ਮੌਸਮ 'ਚ ਆ ਰਹੀ ਤਬਦੀਲੀ 'ਤੇ ਕਿਸਾਨਾਂ ਦਾ ਕਰਜ਼ੇ ਥੱਲੇ ਦੱਬ ਜਾਣਾ ਪੰਜਾਬ ਦੀ ਖੇਤੀ ਤੇ ਰਾਜ ਦੇ ਕਿਸਾਨਾਂ ਦੀਆਂ ਚੁਣੌਤੀਆਂ ਹਨ। ਫੇਰ ਖੇਤੀ ਅਤੇ ਖੇਤੀ ਖੋਜ 'ਚ ਸਰਕਾਰੀ ਲਾਗਤ ਦਾ ਘਟਣਾ ਰਾਜ ਦੀ ਖੇਤੀ ਦਾ ਭਵਿੱਖ ਖ਼ਤਰੇ 'ਚ ਦਰਸਾਉਂਦਾ ਹੈ। ਪਹਿਲੇ ਸਬਜ਼ ਇਨਕਲਾਬ ਦੌਰਾਨ ਖੇਤੀ ਦਾ ਵਿਕਾਸ ਤਾਂ ਹੋਇਆ ਪਰ ਹੰਡਣਸਾਰ ਨਹੀਂ। ਸੰ: 1980 -85 ਦਰਮਿਆਨ ਤਾਂ ਖੇਤੀ ਵਿਕਾਸ ਦਰ ਮੁਲਕ ਦੀ ਆਰਥਿਕਤਾ ਦੀ ਵਿਕਾਸ ਦਰ ਨਾਲੋਂ ਵੱਧ ਰਹੀ ਪਰ ਸੰ: 1997-98 'ਚ 2 ਪ੍ਰਤੀਸ਼ਤ ਤੱਕ ਰਹਿ ਗਈ ਜਦੋਂ ਕਿ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ 8 ਪ੍ਰਤੀਸ਼ਤ ਤੱਕ ਪਹੁੰਚੀ ਗਈ। ਸੰ: 2002- 03 'ਚ ਭਾਰਤ ਨੇ ਕਣਕ ਬਰਾਮਦ ਕੀਤੀ ਫੇਰ 2007 -08 ਵਿਚ ਬਾਹਰੋਂ ਮੰਗਵਾਈ। ਉਸ ਤੋਂ ਬਾਅਦ ਭਾਵੇਂ ਦੇਸ਼ ਆਤਮ- ਨਿਰਭਰ ਹੋ ਗਿਆ। ਪੰਜਾਬ ਤੇ ਹਰਿਆਣਾ ਵਲੋਂ ਦੇਸ਼ ਦੀ ਅੰਨ ਸੁਰੱਖਿਆ 'ਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਗਿਆ ਅਤੇ ਦੇਸ਼ ਅਨਾਜ ਬਰਾਮਦ ਕਰਨ ਦੇ ਯੋਗ ਹੋ ਗਿਆ। ਦੇਸ਼ ਦੀ ਬਹੁ ਸੰਖਿਆ ਦਾ ਵਿਕਾਸ ਤੇ ਰੋਟੀ ਦਾ ਆਧਾਰ ਅੱਜ ਵੀ ਖੇਤੀ ਹੈ। ਅੱਜ ਵੀ 51 ਪ੍ਰਤੀਸ਼ਤ ਲੋਕ ਖੇਤੀ ਤੋਂ ਆਪਣੀ ਰੋਜ਼ੀ - ਰੋਟੀ ਕਮਾ ਰਹੇ ਹਨ। ਪ੍ਰੰਤੂ ਜੀ ਡੀ ਪੀ 'ਚ ਖੇਤੀ ਦਾ ਯੋਗਦਾਨ 51 ਪ੍ਰਤੀਸ਼ਤ ਤੋਂ ਘੱਟ ਕੇ 17 ਪ੍ਰਤੀਸ਼ਤ ਰਹਿ ਗਿਆ।
ਖ਼ੁਰਾਕ ਦੀ ਸੁਰੱਖਿਆ ਤੇ ਸੰਤੁਲਤਾ ਲਈ ਅਤੇ ਗ਼ਰੀਬੀ ਤੇ ਬੇਰੁਜ਼ਗ਼ਾਰੀ ਨੂੰ ਘਟਾਉਣ ਲਈ ਕੁਦਰਤੀ ਸੋਮਿਆਂ ਦੀ ਸੂਝਵਾਨ ਵਰਤੋਂ ਦੀ ਲੋੜ ਹੈ। ਭਾਰਤ ਦਾ ਭੂਗੋਲਿਕ ਰਕਬਾ ਵਿਸ਼ਵ ਦਾ 2.3 ਪ੍ਰਤੀਸ਼ਤ ਹੈ। ਪਾਣੀ 4.2 ਪ੍ਰਤੀਸ਼ਤ ਹੈ। ਜੰਗਲਾਤ ਥੱਲੇ ਮਸਾਂ 1 ਪ੍ਰਤੀਸ਼ਤ ਰਕਬਾ ਹੈ। ਆਬਾਦੀ ਸੰਸਾਰ ਦੀ 18 ਪ੍ਰਤੀਸ਼ਤ ਹੈ ਅਤੇ ਪਸ਼ੂ ਸੰਖਿਆ 15 ਪ੍ਰਤੀਸ਼ਤ। ਕਾਸ਼ਤ ਯੋਗ ਰਕਬੇ 'ਚ ਕੋਈ ਵਾਧਾ ਹੋਣਾ ਸੰਭਵ ਨਹੀਂ। ਪਿਛਲੇ 4 ਦਹਾਕਿਆਂ ਤੋਂ ਵਾਹੀ ਦਾ ਰਕਬਾ ਇਕੋਂ ਥਾਂ ਖੜ੍ਹਾ ਹੈ। ਭਾਵੇਂ ਸਿੰਜਾਈ ਦਾ ਰਕਬਾ 1950 -51 ਦੇ 21 ਮਿਲੀਅਨ ਹੈਕਟੇਅਰ ਤੋਂ ਵਧ ਕੇ 84 ਮਿਲੀਅਨ ਹੈਕਟੇਅਰ ਹੋ ਗਿਆ ਪ੍ਰੰਤੂ 60 ਪ੍ਰਤੀਸ਼ਤ ਖੇਤੀ - ਅਧੀਨ ਰਕਬਾ ਅਜੇ ਵੀ ਬਰਾਨੀ ਹੈ। ਇਸ ਪੱਖੋਂ ਪੰਜਾਬ ਅੱਗੇ ਹੈ। ਪੰਜਾਬ 'ਚ ਬਿਜਾਈ ਦੇ ਕੁੱਲ ਰਕਬੇ ਦਾ 99.9 ਪ੍ਰਤੀਸ਼ਤ ਰਕਬਾ ਸਿੰਜਾਈ -ਅਧੀਨ ਹੈ। ਪ੍ਰੰਤੂ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਜੋ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਇਸ ਨੂੰ ਰੋਕਣ ਦੀ ਲੋੜ ਹੈ। ਬਹੁਤਾ ਜ਼ੋਰ ਪਾਣੀ ਦੀ ਬੱਚਤ 'ਤੇ ਇਸ ਦੀ ਕਫਾਇਤਸ਼ੁਆਰ ਵਰਤੋਂ 'ਤੇ ਦੇਣਾ ਚਾਹੀਦਾ ਹੈ।
ਭਾਵੇਂ ਹੁਣ ਦੂਜੇ ਰਾਜ ਜਿਵੇਂ ਮੱਧ ਪ੍ਰਦੇਸ਼ ਵੀ ਉਤਪਾਦਨ ਪੱਖੋਂ ਅੱਗੇ ਆ ਰਹੇ ਹਨ ਪਰ ਪੰਜਾਬ ਤੇ ਹਰਿਆਣਾ ਉਤਪਾਦਕਤਾ 'ਚ ਸਥਿਰਤਾ ਲਿਆਉਣ ਵਿਚ ਅਜੇ ਵੀ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੇ ਹਨ। ਉਤਪਾਦਕਤਾ ਤੇ ਉਤਪਾਦਨ ਵਧਾਉਣ 'ਚ ਬੀਜਾਂ ਦਾ ਮਹਤਵਪੂਰਨ ਰੋਲ ਹੈ। ਭਾਵੇਂ ਕਿਸਾਨਾਂ 'ਚ ਬੀਜਾਂ ਦੇ ਪ੍ਰਤੀ ਚੇਤਨਾ ਵਧੀ ਹੈ ਪਰ ਅਜੇ ਵੀ ਬੀਜ ਬਦਲ ਦਰ ਬੜੀ ਘੱਟ ਹੈ। ਬੀਜਾਂ ਦੇ ਉਤਪਾਦਨ ਤੇ ਵੰਡ 'ਚ ਯੋਗ ਪ੍ਰਬੰਧਨ ਤੇ ਨਿਪੁੰਨ ਯੋਜਨਾਬੰਦੀ ਕਰਨ ਦੀ ਲੋੜ ਹੈ। ਕਿਸਾਨ ਮੇਲੇ ਇਸ ਸਬੰਧ ਵਿਚ ਕਾਫੀ ਯੋਗਦਾਨ ਪਾ ਰਹੇ ਹਨ। ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਰੱਖੜਾ ਵਿਖੇ ਮਤਵਾਤਰ ਕਿਸਾਨ ਮੇਲੇ ਲਾਏ ਜਾ ਰਹੇ ਹਨ। ਇਨ੍ਹਾਂ ਮੇਲਿਆਂ ਰਾਹੀਂ ਨਵੀਆਂ ਕਿਸਮਾਂ ਦੇ ਬੀਜ ਕਿਸਾਨਾਂ ਤੱਕ ਪਹੁੰਚੇ ਹਨ। ਜਿਸ ਵਜੋਂ ਪੰਜਾਬ ਦੀ ਕਣਕ ਦੀ ਉਤਪਾਦਕਤਾ 51.82 ਕੁਇੰਟਲ ਤੇ ਝੋਨੇ ਦੀ 60 ਕੁਇੰਟਲ ਪ੍ਰਤੀ ਹੈਕਟੇਅਰ ਨੂੰ ਛੂਹ ਗਈ।
ਉਤਪਾਦਕਤਾ ਵਧਾਉਣ ਲਈ ਗੁਣਵੱਤਾ ਵਾਲੇ ਬੀਜਾਂ ਦੀ ਬੜੀ ਮਹੱਤਤਾ ਹੈ। ਕਿਸਾਨ ਸੰਗਠਨਾਂ ਵਲੋਂ ਲਾਏ ਜਾ ਰਹੇ ਰੱਖੜਾ ਕਿਸਾਨ ਮੇਲਾ ਵਰਗੇ ਮੇਲੇ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਕਰਦੇ ਹਨ ਅਤੇ ਇਨ੍ਹਾਂ ਮੇਲਿਆਂ ਰਾਹੀਂ ਖੇਤੀ ਨੂੰ ਹੰਡਣਸਾਰ ਰੱਖਣ ਅਤੇ ਕਿਸਾਨਾਂ ਦਾ ਖੇਤੀ 'ਚ ਰੁਝਾਨ ਕਾਇਮ ਰੱਖਣ ਲਈ ਖੇਤੀ ਨੂੰ ਵਪਾਰ ਕਰਾਰ ਦੇ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਮੰਨ ਕੇ ਖੇਤੀ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ। ਖੇਤੀ ਦਾ ਧੰਦਾ ਮੁਨਾਫਾ ਕਮਾਉਣ ਲਈ ਅਪਣਾਇਆ ਜਾਵੇ ਕੇਵਲ ਗੁਜ਼ਾਰੇ ਲਈ ਨਹੀਂ। ਰਾਜ ਵਿਚ 14.5 ਲੱਖ ਟਿਊਬਵੈੱਲ ਸਿੰਜਾਈ ਲਈ ਵਰਤੋਂ ਕਰਨ ਵਜੋਂ ਲਗਾਏ ਗਏ ਹਨ ਅਤੇ ਪਾਣੀ ਦੀ ਵੱਧ ਵਰਤੋਂ ਕਾਰਨ ਇਸ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ। ਫੇਰ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜ਼ਮੀਨੀ ਹੱਕਾਂ ਕਾਰਨ ਖੇਤ ਦਾ ਆਕਾਰ ਘਟਦਾ ਜਾ ਰਿਹਾ ਹੈ। ਇਸ ਸਮੇਂ 30 ਪ੍ਰਤੀਸ਼ਤ ਕਿਸਾਨਾਂ ਪਾਸ 5 ਏਕੜ ਤੋਂ ਘੱਟ ਜ਼ਮੀਨ ਹੈ ਅਤੇ 63 ਫੀਸਦੀ ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਇਨ੍ਹਾਂ ਕਿਸਾਨਾਂ ਦੀ ਖੇਤੀ ਆਮਦਨ ਕਾਫੀ ਘੱਟ ਹੈ। ਇਸ ਲਈ ਰਾਜ ਦੀ ਖੇਤੀ ਨੂੰ ਦਰਪੇਸ਼ ਮਹਤਵਪੂਰਨ ਚੁਣੌਤੀਆਂ ਜ਼ਮੀਨ ਥੱਲੇ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣੂ- ਰਹਿਤ ਕਰਨ ਸਬੰਧੀ ਹਨ। ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਖੇਤ ਪੱਧਰੇ ਕਰਨ ਉਪਰੰਤ ਪਾਣੀ ਇਕਸਾਰ ਲਗਦਾ ਹੈ ਅਤੇ ਖਾਦਾਂ ਵਿਸ਼ੇਸ਼ ਕਰ ਕੇ ਯੂਰੀਏ ਦੀ ਨਿਪੁੰਨਤਾ ਨਾਲ ਵਰਤੋਂ ਹੁੰਦੀ ਹੈ। ਬੀਜਾਂ ਦੀ ਉੱਗਣ ਦੀ ਗਿਣਤੀ ਵਧਦੀ ਹੈ ਅਤੇ ਪ੍ਰਤੀ ਹੈਕਟੇਅਰ ਝਾੜ ਵਿਚ ਵਾਧਾ ਹੁੰਦਾ ਹੈ। ਪਾਣੀ ਦੀ ਬੱਚਤ ਲਈ ਫ਼ਸਲਾਂ ਦੀ ਪੈਦਾਵਾਰ ਬੈੱਡ ਪਲਾਂਟਿੰਗ ਵਿਧੀ ਅਪਣਾ ਕੇ ਵੀ ਕੀਤੀ ਜਾ ਸਕਦੀ ਹੈ। ਛੋਟੇ ਕਿਸਾਨਾਂ ਨੂੰ ਮਸ਼ੀਨਰੀ ਦੀ ਸਹੂਲਤ ਮੁਹੱਈਆ ਕਰਨ ਲਈ ਪਿੰਡਾਂ ਵਿਚ ਮਸ਼ੀਨਰੀ ਸੇਵਾ ਕੇਂਦਰ ਖੋਲ੍ਹੇ ਗਏ ਹਨ। ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜਾਲੀਦਾਰ ਘਰਾਂ (ਪੋਲੀ ਹਾਊਸ) ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

-ਮੋਬਾਈਲ : 98152-36307

ਖ਼ੁਰਦੀਆਂ ਨਿਸ਼ਾਨੀਆਂ

ਸਾਡੇ ਪੁਰਖਿਆਂ ਨੇ ਆਪਣੀ ਲੋੜ ਅਨੁਸਾਰ ਵਸਤੂਆਂ ਦਾ ਨਿਰਮਾਣ ਕੀਤਾ। ਘਰ ਦੀਆਂ ਲੋੜਾਂ ਤੋਂ ਲੈ ਕੇ ਕੰਮ ਦੀਆਂ ਲੋੜਾਂ ਅਨੁਸਾਰ ਵਸਤੂਆਂ ਦੇ ਆਕਾਰ ਵੀ ਬਣਾਏ ਤੇ ਉਨ੍ਹਾਂ ਨੂੰ ਵੱਖ-ਵੱਖ ਨਾਂਅ ਵੀ ਦਿੱਤੇ। ਸਾਡੇ ਵਰਗੇ ਅੱਜ ਦੇ ਮਸ਼ੀਨੀ ਯੁੱਗ ਦੇ ਉਪਜਿਆਂ ਨੂੰ ਨਾਂਅ ਤਾਂ ਕੀ ਯਾਦ ਰਹਿਣੇ ਹਨ, ਸਗੋਂ ਇਨ੍ਹਾਂ ਦੀ ਵਰਤੋਂ ਦਾ ਵਖਰੇਵਾਂ ਵੀ ਸਮਝ ਨਹੀਂ ਆ ਸਕਦਾ। ਹੋਰ ਤਾਂ ਹੋਰ ਅਸੀਂ ਇਨ੍ਹਾਂ ਵਿਰਾਸਤੀ ਵਸਤੂਆਂ ਨੂੰ ਢਲਾਈ ਦੀ ਭੱਠੀ ਵੱਲ ਭੇਜਣ ਲੱਗੇ ਸਕਿੰਟ ਨਹੀਂ ਲਾਉਂਦੇ। ਅਸੀਂ ਤਕਨਾਲੋਜੀ ਦੇ ਸਹਾਰੇ ਨਿਕੰਮੇ ਹੁੰਦੇ ਜਾ ਰਹੇ ਲੋਕ, ਸਾਡੇ ਪੁਰਖਿਆਂ ਵਲੋਂ ਕੀਤੀ ਮਿਹਨਤ ਤੇ ਅਮਲੀ ਖੋਜਾਂ ਨੂੰ ਸਮਝਣ ਤੋਂ ਵੀ ਅਸਮਰਥ ਹੋਈ ਜਾ ਰਹੇ ਹਾਂ। ਇਹ ਵਸਤੂਆਂ ਸਾਡੇ ਲਈ ਪ੍ਰੇਰਣਾ ਦਾ ਸੋਮਾ ਵੀ ਬਣ ਸਕਦੀਆਂ ਹਨ, ਜੇਕਰ ਅਸੀਂ ਜੋ ਵੀ ਬਚਿਆ ਹੈ, ਉਸ ਨੂੰ ਸਾਂਭਣ ਦੀ ਕੋਸ਼ਿਸ਼ ਕਰੀਏ ।


-ਮੋਬਾ: 98159-45018

ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ 'ਤੇ ਸਮੇਂ ਸਿਰ ਕਾਬੂ ਪਾਓ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੂਠੀ ਕਾਂਗਿਆਰੀ
ਝੋਨੇ ਦੀ ਝੂਠੀ ਕਾਂਗਿਆਰੀ ਨੂੰ ਹਲਦੀ ਰੋਗ ਵੀ ਕਿਹਾ ਜਾਂਦਾ ਹੈ, ਜਿਸ ਦਾ ਹਮਲਾ ਲਗਾਤਾਰ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਆਦਿ ਵਿਚ ਵੇਖਣ ਨੂੰ ਮਿਲਦਾ ਹੈ। ਪਹਿਲਾਂ ਇਹ ਰੋਗ ਸਿਰਫ ਨੀਮ ਪਹਾੜੀ ਇਲਾਕਿਆਂ ਵਿਚ ਪਾਇਆ ਜਾਂਦਾ ਸੀ ਤੇ ਇਸ ਨੂੰ ਘੱਟ ਮਹੱਤਵਪੂਰਨ ਸਮਝਿਆ ਜਾਂਦਾ ਸੀ , ਪਰ ਹੁਣ ਜ਼ਿਆਦਾ ਝਾੜ ਦੇਣ ਵਾਲੀਆਂ ਨਵੀਂਆਂ ਕਿਸਮਾਂ ਦੇ ਵਿਕਸਿਤ ਹੋਣ ਕਰਕੇ ਅਤੇ ਫ਼ਸਲ ਦੇ ਗੋਭ ਤੋਂ ਫੁੱਲ ਪੈਣ ਤੱਕ ਦੀ ਸਥਿਤੀ ਤੇ ਬੱਦਲਵਾਈ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਇਸ ਰੋਗ ਦੀ ਤੀਬਰਤਾ ਸਾਲ ਦਰ ਸਾਲ ਵਧਦੀ ਜਾਂਦੀ ਹੈ। ਇਸ ਬਿਮਾਰੀ ਦੀ ਉੱਲੀ ਦੇ ਗੋਲੇ ਮਿੱਟੀ ਅਤੇ ਬੀਜ ਵਿਚ ਰਲ ਜਾਂਦੇ ਹਨ, ਜੋ ਅਗਲੇ ਸਾਲ ਬਿਮਾਰੀ ਦੀ ਸ਼ੁਰੂਆਤ ਲਈ ਮੁੱਢਲੇ ਸਰੋਤ ਦਾ ਕੰਮ ਕਰਦੇ ਹਨ। ਇਸ ਬਿਮਾਰੀ ਦੀਆਂ ਨਿਸ਼ਾਨੀਆਂ ਸਿਰਫ ਸਿੱਟੇ ਨਿਕਲਣ ਸਮੇਂ ਹੀ ਦਿਖਾਈ ਦਿੰਦੀਆਂ ਹਨ। ਬਿਮਾਰੀ ਦੀ ਉੱਲੀ ਮਿੱਟੀ ਵਿਚੋਂ ਉਗ ਕੇ ਹਵਾ ਵਿਚ ਰਲ ਜਾਂਦੀ ਹੈ ਜੋ ਫ਼ਸਲ ਦੇ ਨਿਸਰਣ ਸਮੇਂ ਹਮਲਾ ਕਰਦੀ ਹੈ। ਇਸ ਦੇ ਹਮਲੇ ਨਾਲ ਪ੍ਰਭਾਵਿਤ ਦਾਣਿਆਂ ਦੀ ਥਾਂ 'ਤੇ ਉੱਲੀ ਦੇ ਗੋਲੇ ਬਣ ਜਾਂਦੇ ਹਨ। ਸ਼ੁਰੂ ਵਿਚ ਉਲੀ ਦੇ ਇਹ ਗੋਲੇ ਚਿੱਟੇ, ਬਾਅਦ ਵਿਚ ਸੰਤਰੀ ਅਤੇ ਅਖੀਰ ਵਿਚ ਗੂੜੇ ਹਰੇ ਹੋ ਜਾਂਦੇ ਹਨ । ਬਿਮਾਰੀ ਦੀ ਲਾਗ ਲੱਗਣ ਦੇ ਕਾਰਨ ਪ੍ਰਭਾਵਿਤ ਦਾਣੇ ਆਮ ਦਾਣਿਆਂ ਦੇ ਮੁਕਾਬਲੇ ਆਕਾਰ ਵਿਚ ਜ਼ਿਆਦਾ ਵੱਡੇ ਹੁੰਦੇ ਹਨ, ਜਿਸ ਕਰਕੇ ਬਿਮਾਰੀ ਦੀ ਥੋੜੀ ਤੀਬਰਤਾ ਵੀ ਖੇਤ ਵਿਚ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਆਮ ਕਰਕੇ ਕਿਸਾਨ ਝੋਨੇ ਦੀ ਫ਼ਸਲ ਦਾ ਰੰਗ ਗੂੜਾ ਹਰਾ ਰੱਖਣ ਲਈ ਆਪਣੇ ਖੇਤਾਂ ਵਿਚ ਨਾਈਟ੍ਰੋਜਨ ਖਾਦ ਜ਼ਿਆਦਾ ਮਾਤਰਾ ਵਿਚ ਪਾਉਂਦੇ ਹਨ, ਜੋ ਕਿ ਇਸ ਬਿਮਾਰੀ ਨੂੰ ਵਧਾਉਣ ਵਿਚ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਕਈ ਕਿਸਾਨ ਆਪਣੇ ਖੇਤਾਂ ਵਿਚ ਹਰੀ ਖਾਦ ਅਤੇ ਰੂੜੀ ਪਾਉਣ ਤੋਂ ਬਾਅਦ ਵੀ ਨਾਈਟ੍ਰੋਜਨ ਖਾਦ ਸਿਫ਼ਾਰਿਸ਼ ਨਾਲੋਂ ਜ਼ਿਆਦਾ ਮਾਤਰਾ ਵਿਚ ਪਾਉਂਦੇ ਹਨ, ਅਜਿਹੇ ਖੇਤਾਂ ਵਿਚ ਵੀ ਬਿਮਾਰੀ ਦੀ ਤੀਬਰਤਾ ਵੱਧ ਨਜ਼ਰ ਆਉਂਦੀ ਹੈ। ਜ਼ਿਆਦਾ ਨਮੀ, ਬੱਦਲਵਾਈ ਵਾਲਾ ਮੌਸਮ ਅਤੇ ਫੁੱਲ ਨਿਕਲਣ ਸਮੇਂ ਰੁਕ-ਰੁਕ ਕੇ ਮੀਂਹ ਪੈਣਾ ਬਿਮਾਰੀ ਦੀ ਲਾਗ ਲਈ ਅਤੇ ਬਿਮਾਰੀ ਦੀ ਸ਼ੁਰੂਆਤ ਲਈ ਬਹੁਤ ਸਹਾਈ ਹੁੰਦੇ ਹਨ। ਝੋਨੇ ਦੇ ਨੀਵਂੇ ਖੇਤਾਂ ਜਿੱਥੇ ਪਾਣੀ ਲਗਾਤਾਰ ਖੜ੍ਹਾ ਰਹਿੰਦਾ ਹੈ ਬਿਮਾਰੀ ਨੂੰ ਅਨੁਕੂਲ ਹਾਲਾਤ ਮਿਲਣ 'ਤੇ ਉਨ੍ਹਾਂ ਖੇਤਾਂ ਵਿਚ ਵੀ ਬਿਮਾਰੀ ਦੀ ਤੀਬਰਤਾ ਜ਼ਿਆਦਾ ਨਜ਼ਰ ਆਉਂਦੀ ਹੈ।
ਰੋਕਥਾਮ
ਕਿਸਾਨਾਂ ਨੂੰ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਬਿਮਾਰੀ ਫੈਲਾਉਣ ਵਿਚ ਸਹਾਈ ਹੁੰਦੀ ਹੈ। ਜੇਕਰ ਫ਼ਸਲ ਨਿਸਰਣ ਸਮੇਂ ਮੌਸਮ ਜ਼ਿਆਦਾ ਨਮੀ ਅਤੇ ਬੱਦਲਵਾਈ ਵਾਲਾ ਹੋਵੇ ਜਾਂ ਰੁਕ-ਰੁਕ ਕੇ ਮੀਂਹ ਪਵੇ ਤਾਂ ਫ਼ਸਲ ਦੇ ਗੋਭ ਵਿਚ ਆਉਣ ਸਮੇਂ, ਖਾਸ ਕਰਕੇ ਉਨ੍ਹਾਂ ਖੇਤਾਂ ਵਿਚ ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਹੋਵੇ, ਉਥੇ ਇਸ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਛਿੜਕਾਅ ਕਰ ਦਿਓ। ਜੇਕਰ ਫੁੱਲ ਬਣਨ ਸਮੇਂ ਮੌਸਮ ਖੁਸ਼ਕ ਰਹੇ ਤਾਂ ਫ਼ਸਲ ਬਿਮਾਰੀ ਦੇ ਹਮਲੇ ਤੋਂ ਬਚ ਜਾਂਦੀ ਹੈ। ਜੇਕਰ ਬਿਮਾਰੀ ਦੀਆਂ ਨਿਸ਼ਾਨੀਆਂ ਫ਼ਸਲ ਦੇ ਨਿਸਰਣ ਤੋਂ ਬਾਅਦ ਨਜ਼ਰ ਆਉਣ ਤਾਂ ਬਿਮਾਰੀ ਦੀ ਰੋਕਥਾਮ ਲਈ ਉੱਲੀਨਾਸ਼ਕ ਦਾ ਛਿੜਕਾਅ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਲਈ ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਸਮੇਂ-ਸਿਰ ਹੀ ਉੱਲੀਨਾਸ਼ਕ ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਿਸਾਨ ਵੀਰ ਖੇਤ ਵਿਚ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਦੇ ਹਨ, ਜਿਸ ਨਾਲ ਬਿਮਾਰੀ ਦੀ ਰੋਕਥਾਮ ਨਹੀਂ ਹੁੁੰਦੀ ਅਤੇ ਉੱਲੀਨਾਸ਼ਕਾਂ 'ਤੇ ਕੀਤਾ ਖਰਚਾ ਵੀ ਅਜਾਈਂ ਹੀ ਜਾਂਦਾ ਹੈ। (ਸਮਾਪਤ)


-ਪੌਦਾ ਰੋਗ ਵਿਭਾਗ
ਮੋਬਾਈਲ : 94637-47280

ਵਿਰਸੇ ਦੀਆਂ ਬਾਤਾਂ

ਪੰਡਾਂ ਦਾ ਨਹੀਂ, ਜ਼ਿੰਮੇਵਾਰੀਆਂ ਦਾ ਭਾਰ

ਜ਼ਿੰਦਗੀ ਹੈ ਤਾਂ ਸੰਘਰਸ਼ ਦਾ ਨਾਂਅ, ਪਰ ਅਸੀਂ ਡੋਲ ਛੇਤੀ ਜਾਂਦੇ ਹਾਂ। ਜਿਹੜੇ ਲੋਕ ਕਹਿੰਦੇ ਹਨ ਕਿ ਸਾਨੂੰ ਕਈ ਮਹੀਨੇ ਜਾਂ ਕਈ ਵਰ੍ਹੇ ਹੋ ਗਏ ਸੰਘਰਸ਼ ਕਰਦਿਆਂ, ਸਾਡੀ ਕਦਰ ਨਹੀਂ ਪਈ। ਉਹ ਭੁੱਲ ਜਾਂਦੇ ਹਨ ਕਿ ਕਈ ਲੋਕ ਸੰਘਰਸ਼ ਕਰਦਿਆਂ-ਕਰਦਿਆਂ ਜਹਾਨੋਂ ਤੁਰ ਜਾਂਦੇ ਹਨ। ਸਫ਼ਲਤਾ ਨੂੰ ਵਕਤ, ਮਹੀਨੇ, ਵਰ੍ਹਿਆਂ ਨਾਲ ਮੇਲ ਕੇ ਨਹੀਂ ਦੇਖਣਾ ਚਾਹੀਦਾ। ਇਕ ਮਨ, ਇਕ ਚਿੱਤ ਹੋ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਮਰੂੰ-ਮਰੂੰ ਕਰਨ ਨਾਲੋਂ ਹਾਲਾਤ ਨਾਲ ਮੱਥਾ ਲਾਉਣਾ ਚਾਹੀਦਾ। ਇਹ ਤਸਵੀਰ ਦੇਖ ਇਨ੍ਹਾਂ ਬੀਬੀਆਂ ਦੇ ਸੰਘਰਸ਼ ਨੂੰ ਸਲਾਮ ਕਰਨ ਨੂੰ ਜੀਅ ਕਰਦਾ। ਪੰਡਾਂ ਥੱਲੇ ਲੁਕਿਆ ਇਨ੍ਹਾਂ ਦਾ ਚਿਹਰਾ ਨਹੀਂ ਦਿਸਦਾ, ਪਰ ਸੰਘਰਸ਼ ਤਾਂ ਦਿਸ ਰਿਹਾ। ਅੱਜ ਜਦੋਂ ਸੰਘਰਸ਼ ਵੀ ਕਮਰਿਆਂ ਵਿਚ ਕੀਤਾ ਜਾ ਰਿਹਾ ਤੇ ਬੈਠ-ਬੈਠ ਸਰਵਾਈਕਲ, ਜੋੜਾਂ ਤੇ ਹੋਰ ਸਮੱਸਿਆਵਾਂ ਦੀਆਂ ਬਹੁੜੀਆਂ ਪਾਈਆਂ ਜਾਂਦੀਆਂ, ਉਦੋਂ ਇਨ੍ਹਾਂ ਔਰਤਾਂ ਦੇ ਸਿਰ 'ਤੇ ਮਣ-ਮਣ ਦੀ ਪੱਠਿਆਂ ਦੀ ਪੰਡ ਜ਼ਿੰਮੇਵਾਰੀਆਂ ਦਾ ਕਿਹੋ ਜਿਹਾ ਅਹਿਸਾਸ ਕਰਾ ਰਹੀ ਹੈ। ਵਕਤ ਬਦਲਣ ਨਾਲ ਸੰਘਰਸ਼, ਗ਼ੈਰਤ ਤੇ ਬਹਾਦਰੀ ਦੇ ਮਾਇਨੇ ਬਦਲ ਗਏ। ਔਰਤਾਂ, ਮਰਦਾਂ ਦਾ ਵੱਡਾ ਹਿੱਸਾ ਮੋਬਾਈਲ 'ਤੇ ਸੰਘਰਸ਼ ਕਰ ਰਿਹਾ। ਵਟਸਐਪ, ਫੇਸਬੁਕ, ਟਵਿਟਰ 'ਤੇ ਕੀਤੇ ਜਾਂਦੇ ਬੇਲੋੜੇ ਸੰਘਰਸ਼ ਨੇ ਸਰੀਰ ਤੇ ਸੋਚ ਨੂੰ ਵੇਲੇ ਤੋਂ ਪਹਿਲਾਂ ਥਕਾ ਦਿੱਤਾ। ਮੇਰੀ ਮਾਤਾ ਜਦੋਂ ਆਪਣੇ ਬਚਪਨ ਤੇ ਜਵਾਨੀ ਦੀਆਂ ਗੱਲਾਂ ਦੱਸਦੇ ਨੇ ਤਾਂ ਮੈਂ ਹੈਰਾਨ ਹੁੰਦਾ। ਉਹ ਦੱਸਦੇ ਨੇ ਕਿ ਘਰੋਂ ਤਿੰਨ ਕਿਲੋਮੀਟਰ ਖੇਤ ਸੀ ਤੇ ਅਸੀਂ ਸਾਰੀਆਂ ਭੈਣਾਂ, ਸਮੇਤ ਬਾਪੂ-ਬੇਬੇ ਤੁਰ ਕੇ ਖੇਤ ਜਾਣਾ, ਪੂਰਾ ਦਿਨ ਨਰਮਾ, ਕਪਾਹ ਚੁਗਣੀ ਤੇ ਮਣ-ਮਣ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਘਰ ਲਿਆਉਣੀਆਂ। ਘਰ ਬਲਦ ਵਾਲਾ ਗੱਡਾ ਵੀ ਨਹੀਂ ਸੀ। ਏਨਾ ਕੰਮ ਕਰਨ ਦੇ ਬਾਵਜੂਦ ਕਦੇ ਗੋਡਾ, ਗਿੱਟਾ ਨਹੀਂ ਸੀ ਦੁਖਿਆ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋ: 98141-78883

ਪਤਝੜ ਰੁੱਤ ਦੇ ਕਮਾਦ ਵਿਚ ਅੰਤਰ ਫ਼ਸਲਾਂ ਦੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੋਭੀ ਸਰ੍ਹੋਂ: ਗੋਭੀ ਸਰ੍ਹੋਂ ਦੀ ਅੰਤਰ ਫ਼ਸਲ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ (ਜੀ.ਐਸ.ਐਲ-1 ਅਤੇ ਜੀ.ਐਸ.ਐਲ-2) ਦੀ ਇਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿਚ 10 ਤੋਂ 31 ਅਕਤੂਬਰ ਤੱਕ ਬੀਜੋ। ਇਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫੀ ਹੈ। ਗੋਭੀ ਸਰ੍ਹੋਂ ਦੀ ਅੰਤਰ ਫ਼ਸਲ ਲਈ 10 ਕਿਲੋ ਨਾਈਟ੍ਰੋਜਨ (22 ਕਿਲੋ ਯੂਰੀਆ) ਅਤੇ 6 ਕਿਲੋ ਫਾਸਫੋਰਸ (37.5 ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ। ਖਾਦ ਪਾਉਣ ਦਾ ਸਮਾਂ ਅਤੇ ਤਰੀਕਾ ਰਾਇਆ ਦੀ ਫ਼ਸਲ ਲਈ ਸਿਫ਼ਾਰਸ਼ ਕੀਤੇ ਅਨੁਸਾਰ ਅਪਣਾਓ।
ਤੋਰੀਆ: ਤੋਰੀਏ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਗੰਨੇ ਦੀਆਂ ਦੋ ਕਤਾਰਾਂ ਵਿਚਕਾਰ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਕੋਈ ਵੀ ਸਿਫਾਰਸ਼ ਕੀਤੀ ਹੋਈ ਕਿਸਮ ਦੀਆਂ ਲਗਾਓ। ਇਕ ਏਕੜ ਤੋਰੀਏ ਦੀ ਅੰਤਰ ਫ਼ਸਲ ਦੀ ਬਿਜਾਈ ਲਈ ਇਕ ਕਿਲੋ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਤੋਰੀਏ ਦੀ ਅੰਤਰ ਫਸਲ ਨੂੰ 15 ਕਿਲੋਗ੍ਰਾਮ ਨਾਈਟਰੋਜਨ (33 ਕਿਲੋਗ੍ਰਾਮ ਯੂਰੀਆ) ਅਤੇ 5 ਕਿਲੋਗ੍ਰਾਮ ਫਾਸਫੋਰਸ ਖਾਦ (32 ਕਿਲੋਗ੍ਰਾਮ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਉ।
ਦਾਲਾਂ: ਛੋਲੇ:- ਛੋਲਿਆਂ ਦੀ ਅੰਤਰ ਫ਼ਸਲ ਦੀਆਂ ਦੋ ਕਤਾਂਰਾਂ 30 ਸੈਂਟੀਮੀਟਰ ਦੇ ਫਾਸਲੇ 'ਤੇ 25 ਅਕਤੂਬਰ ਤੋਂ 10 ਨਵੰਬਰ ਤੱਕ ਸੇਂਜੂ ਹਾਲਤਾਂ ਲਈ ਸਿਫ਼ਾਰਸ਼ ਕੀਤੀ ਕੋਈ ਵੀ ਕਿਸਮ ਦੇ 12 ਕਿਲੋ ਬੀਜ ਨਾਲ ਬੀਜੋ । ਬਿਜਾਈ ਸਮੇਂ 6 ਕਿਲੋ ਨਾਈਟ੍ਰੋਜਨ (13 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ।
ਸਬਜ਼ੀਆਂ: ਆਲੂ: ਆਲੂਆਂ ਦੀ ਘੱਟ ਸਮਾਂ ਲੈਣ ਵਾਲੀ ਕਿਸਮ ਜਿਵੇਂ ਕਿ ਕੁਫਰੀ ਚੰਦਰਮੁਖੀ ਦੀ ਇਕ ਕਤਾਰ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਗੰਨੇ ਦੀਆਂ ਦੋ ਕਤਾਰਾਂ ਦਰਮਿਆਨ ਬੀਜੋ। 35 ਕਿਲੋ ਨਾਈਟ੍ਰੋਜਨ (78 ਕਿਲੋ ਯੂਰੀਆ) 16 ਕਿਲੋ ਫਾਸਫੋਰਸ (100 ਕਿਲੋ ਸੁਪਰ ਫਾਸਫੇਟ) ਅਤੇ 35 ਕਿਲੋ ਪੋਟਾਸ਼ (60 ਕਿਲੋ ਮਿਊਰੇਟ ਆਫ ਪੋਟਾਸ਼) ਆਲੂਆਂ ਦੀ ਫ਼ਸਲ ਨੂੰ ਪਾਓ।
ਮਟਰ: ਗੰਨੇ ਦੀ ਫ਼ਸਲ ਵਿਚ ਮਟਰਾਂ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਅਕਤੂਬਰ ਮਹੀਨੇ ਲਗਾਓ। ਇਕ ਏਕੜ ਦੀ ਬਿਜਾਈ ਲਈ 22 ਕਿਲੋਗ੍ਰਾਮ ਬੀਜ ਵਰਤੋ। ਮਟਰਾਂ ਦੀ ਫ਼ਸਲ ਲਈ 14 ਕਿਲੋਗ੍ਰਾਮ ਨਾਈਟ੍ਰੋਜਨ (31 ਕਿਲੋਗ੍ਰਾਮ ਯੂਰੀਆ) ਅਤੇ 16 ਕਿਲੋਗ੍ਰਾਮ ਫਾਸਫੋਰਸ (100 ਕਿਲੋਗ੍ਰਾਮ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਓ।
ਮੂਲੀ: ਮੂਲੀ ਦੀ ਸਿਫ਼ਾਰਸ਼ ਕੀਤੀ ਹੋਈ ਕੋਈ ਵੀ ਕਿਸਮ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਅਕਤੂਬਰ ਮਹੀਨੇ ਦੌਰਾਨ ਲਗਾਓ। ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਸਮੇਂ 25 ਕਿਲੋਗ੍ਰਾਮ ਨਾਈਟ੍ਰੋਜਨ (54 ਕਿਲੋਗ੍ਰਾਮ ਯੂਰੀਆ) ਅਤੇ 12 ਕਿਲੋਗ੍ਰਾਮ ਫਾਸਫੋਰਸ (ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ।
ਲਸਣ: ਲਸਣ ਦੀ ਅੰਤਰ ਫ਼ਸਲ ਦੀ ਕਾਸ਼ਤ ਲਈ ਪੀ. ਜੀ.-17 ਅਤੇ ਪੀ.ਜੀ. 18 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਲਸਣ ਦੀਆਂ ਤਿੰਨ ਕਤਾਰਾਂ 157.5 ਸੈਂਟੀਮੀਟਰ 'ਤੇ ਅਖੀਰ ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਿਜਾਈ ਕਰੋ। ਇਕ ਏਕੜ ਦੀ ਬਿਜਾਈ 112 ਤੋਂ 125 ਕਿਲੋ ਬੀਜ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀ ਅੰਤਰ ਫ਼ਸਲ ਲਈ 25 ਕਿਲੋਗ੍ਰਾਮ ਨਾਈਟ੍ਰੋਜਨ (54 ਕਿਲੋਗ੍ਰਾਮ ਯੂਰੀਆ) ਅਤੇ 12 ਕਿਲੋਗ੍ਰਾਮ ਫਾਸਫੋਰਸ (75 ਕਿਲੋ ਸੁਪਰਫਾਸਫੇਟ) ਪਾਓ। ਫਾਸਫੋਰਸ ਦੀ ਸਾਰੀ ਖਾਦ ਅਤੇ ਨਾਈਟ੍ਰੋਜਨ ਦੀ ਇਕ ਤਿਹਾਈ ਖਾਦ ਬਿਜਾਈ ਸਮੇਂ ਪਾਓ ਅਤੇ ਬਾਕੀ ਦੋ ਤਿਹਾਈ ਨਾਈਟ੍ਰੋਜਨ ਖਾਦ ਕ੍ਰਮਵਾਰ ਬਿਜਾਈ ਤੋਂ 45 ਅਤੇ 60 ਦਿਨਾਂ ਬਾਅਦ ਪਾਓ। (ਸਮਾਪਤ)


-ਮੋਬਾਈਲ : 94643-82711

ਪਤਝੜ ਰੁੱਤ ਦੇ ਕਮਾਦ ਵਿਚ ਅੰਤਰ ਫ਼ਸਲਾਂ ਦੀ ਕਾਸ਼ਤ

ਕਿਸਮਾਂ ਦੀ ਚੋਣ (ਗੰਨਾ): ਪਤਝੜ ਰੁੱਤ ਦੇ ਗੰਨੇ ਦੀ ਕਾਸ਼ਤ ਲਈ ਕੇਵਲ ਅਗੇਤੀਆਂ ਕਿਸਮਾਂ ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਦੀ ਸਿਫਾਰਸ਼ ਕੀਤੀ ਗਈ ਹੈ।
ਬੀਜ ਦੀ ਚੋਣ ਅਤੇ ਮਾਤਰਾ: ਬੀਜ ਲਈ ਵਰਤਿਆ ਜਾਣ ਵਾਲਾ ਗੰਨਾ ਹਮੇਸ਼ਾ ਰੱਤਾ ਰੋਗ, ਛੋਟੀਆਂ ਪੋਰੀਆਂ ਅਤੇ ਕਾਂਗਿਆਰੀ ਆਦਿ ਰੋਗਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਬਿਜਾਈ ਲਈ ਹਮੇਸ਼ਾ ਗੰਨੇ ਦਾ ਉਪਰਲਾ ਦੋ ਤਿਹਾਈ ਭਾਗ ਹੀ ਵਰਤੋ। ਇਕ ਏਕੜ ਦੀ ਬਿਜਾਈ ਵਾਸਤੇ ਤਿੰਨ ਅੱਖਾਂ ਵਾਲੇ 20000, ਚਾਰ ਅੱਖਾਂ ਵਾਲੇ 15000, ਜੋ ਕਿ ਔਸਤਨ 30-35 ਕੁਇੰਟਲ ਬੀਜ ਬਣਦਾ ਹੈ। ਪ੍ਰੰਤੂ ਸੀ ਓ 118 ਅਤੇ ਸੀ ਓ ਜੇ 85 ਕਿਸਮ ਦੀ ਬਿਜਾਈ ਲਈ 10 ਪ੍ਰਤੀਸ਼ਤ ਵਧ ਬੀਜ ਦੀ ਵਰਤੋਂ ਕਰੋ।
ਬੀਜ ਦੀ ਸੋਧ: ਫ਼ਸਲ ਦਾ ਚੰਗਾ ਜੰਮ ਲੈਣ ਲਈ ਬਰੋਟਿਆਂ ਨੂੰ 24 ਘੰਟੇ ਪਾਣੀ ਵਿਚ ਡੁਬੋ ਕੇ ਰੱਖਣ ਉਪਰੰਤ ਬਿਜਾਈ ਕਰੋ। ਸਿਉਂਕ ਦੇ ਬਚਾਅ ਲਈ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਐਲ ਪ੍ਰਤੀ ਏਕੜ ਨੂੰ 400 ਲਿਟਰ ਵਿਚ ਘੋਲ ਕੇ ਸਿਆੜਾਂ ਵਿਚ ਬਰੋਟਿਆਂ ਉਤੇ ਫੁਹਾਰੇ ਨਾਲ ਪਾਉਣ ਨਾਲ ਸਿਉਂਕ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ।
ਬਿਜਾਈ ਦਾ ਸਮਾਂ: ਪਤਝੜ ਰੁੱਤ ਦੇ ਕਮਾਦ ਲਈ ਬਿਜਾਈ ਦਾ ਢੁਕਵਾਂ ਸਮਾਂ 20 ਸਤੰਬਰ ਤੋਂ 20 ਅਕਤੂਬਰ ਤੱਕ ਦਾ ਹੈ।
ਡੂੰਘੀ-ਵਹਾਈ: ਕਮਾਦ ਦੀ ਬਿਜਾਈ ਵਾਲੇ ਖੇਤ ਨੂੰ ਤਿੰਨ ਤੋਂ ਚਾਰ ਸਾਲ ਦੇ ਵਕਫੇ ਤੋਂ ਬਾਅਦ ਇਕ ਮੀਟਰ ਦੀ ਦੂਰੀ 'ਤੇ ਦੋ ਤਰਫਾ 40-45 ਸੈਂਟੀਮੀਟਰ ਡੂੰਘੀ ਵਹਾਈ ਕਰਨ ਨਾਲ ਜ਼ਮੀਨ ਦੇ ਹੇਠ ਬਣੀ ਸਖ਼ਤ ਤਹਿ ਟੁੱਟ ਜਾਂਦੀ ਹੈ, ਜੋ ਕਿ ਜ਼ਮੀਨ ਦੀ ਪਾਣੀ ਜ਼ੀਰਨ ਦੀ ਸ਼ਕਤੀ ਅਤੇ ਗੰਨੇ ਦੀ ਜੜ੍ਹ ਦੇ ਵਾਧੇ ਵਿਚ ਸਹਾਈ ਹੁੰਦੀ ਹੈ।
ਬਿਜਾਈ ਦਾ ਢੰਗ:-ਕਮਾਦ ਦੀ ਬਿਜਾਈ ਹੇਠ ਲਿਖੇ ਢੰਗਾਂ ਅਨੁਸਾਰ ਕੀਤੀ ਜਾ ਸਕਦੀ ਹੈ।
ਖਾਲ਼ੀ/ਪੱਧਰੀ ਬਿਜਾਈ: ਕਮਾਦ ਦੀ ਬਿਜਾਈ 90 ਸੈਂਟੀਮੀਟਰ ਦੀ ਵਿੱਥ 'ਤੇ ਕਤਾਰਾਂ ਵਿਚ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ਵਿਚ ਕੀਤੀ ਜਾ ਸਕਦੀ ਹੈ। ਬਰੋਟਿਆਂ ਨੂੰ ਜ਼ਮੀਨ 'ਤੇ ਰੱਖਣ ਉਪਰੰਤ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢਕ ਦਿਓ। ਜੇਕਰ ਕਮਾਦ ਦੀ ਕਟਾਈ ਮਸ਼ੀਨ ਨਾਲ ਕਰਨੀ ਹੋਵੇ ਤਾਂ ਖਾਲ਼ੀਆਂ ਵਿਚਕਾਰਲਾ ਫਾਸਲਾ 4 ਫੁੱਟ ਤੱਕ ਵੀ ਵਧਾਇਆ ਜਾ ਸਕਦਾ ਹੈ।
ਖਾਦਾਂ ਦੀ ਮਾਤਰਾ ਅਤੇ ਪਾਉਣ ਦਾ ਸਮਾਂ: ਪਤਝੜ ਦੇ ਕਮਾਦ ਲਈ 90 ਕਿਲੋਗ੍ਰਾਮ ਨਾਈਟਰੋਜਨ ਖਾਦ ਪ੍ਰਤੀ ਏਕੜ ਦੀ ਵਰਤੋਂ ਕਰੋ। ਇਸ ਵਾਸਤੇ 130 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਕਿਸ਼ਤਾਂ ਵਿਚ ਕ੍ਰਮਵਾਰ ਇਕ ਤਿਹਾਈ ਬਿਜਾਈ ਸਮੇਂ, ਇਕ ਤਿਹਾਈ ਅਖ਼ੀਰ ਮਾਰਚ ਅਤੇ ਇਕ ਤਿਹਾਈ ਅਖੀਰ ਅਪ੍ਰੈਲ ਦੌਰਾਨ ਪਾਓ।
ਅੰਤਰ ਫ਼ਸਲਾਂ ਦੀ ਕਾਸ਼ਤ: ਪਤਝੜ ਗੰਨੇ ਦੀ ਫ਼ਸਲ ਵਿਚ ਅਨਾਜ, ਤੇਲ ਬੀਜ ਅਤੇ ਸਰਦੀਆਂ ਦੀ ਸਬਜ਼ੀਆਂ ਦੀ ਕਾਸ਼ਤ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ।
ਅਨਾਜ: ਕਣਕ:- ਗੰਨੇ ਵਿਚ ਕਣਕ ਦੀ ਸਿਫ਼ਾਰਸ਼ ਕੀਤੀ ਹੋਈ ਕੋਈ ਵੀ ਕਿਸਮ ਪੈਦਾ ਕੀਤੀ ਜਾ ਸਕਦੀ ਹੈ। ਗੰਨੇ ਦੀਆਂ ਦੋ ਕਤਾਰਾਂ ਵਿਚ 20 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾ ਸਕਦੀਆਂ ਹਨ। ਇਕ ਏਕੜ ਦੀ ਬਿਜਾਈ ਲਈ 16 ਕਿਲੋਗ੍ਰਾਮ ਬੀਜ ਕਾਫੀ ਹੈ। ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਅਖੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਦਾ ਹੈ। ਕਣਕ ਦੀ ਅੰਤਰ ਫ਼ਸਲ ਲਈ 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸੁਪਰ ਫਾਸਫੇਟ) ਪਾਓ। ਜੇ ਕਰ ਜ਼ਮੀਨ ਵਿਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦ ਬਿਜਾਈ ਵੇਲੇ ਅਤੇ ਨਾਈਟ੍ਰੋਜਨ ਖਾਦ ਦੋ ਬਰਾਬਰ ਕਿਸ਼ਤਾਂ ਵਿਚ, ਪਹਿਲੇ ਪਾਣੀ ਅਤੇ ਦੂਜੇ ਪਾਣੀ ਦੌਰਾਨ ਪਾਓ।
ਤੇਲ ਬੀਜ ਫ਼ਸਲਾਂ: ਰਾਇਆ:-ਗੰਨੇ ਦੀਆਂ ਦੋ ਕਤਾਰਾਂ ਵਿਚ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਰਾਏ ਦੀਆਂ ਦੋ ਕਤਾਰਾਂ ਲਗਾਈਆਂ ਜਾ ਸਕਦੀਆਂ ਹਨ। ਇਕ ਏਕੜ ਦੀ ਬਿਜਾਈ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ ਦਾ ਇਕ ਕਿਲੋ ਬੀਜ ਕਾਫੀ ਹੈ। ਰਾਏ ਦੀ ਬਿਜਾਈ ਪੂਰੇ ਅਕਤੂਬਰ ਮਹੀਨੇ ਦੌਰਾਨ ਕੀਤੀ ਜਾ ਸਕਦੀ ਹੈ। ਰਾਏ ਦੀ ਫ਼ਸਲ ਨੂੰ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸੁਪਰ ਫਾਸਫੇਟ) ਪਾਓ। ਫਾਸਫੋਰਸ ਖਾਦ ਬਿਜਾਈ ਸਮੇਂ ਪਾਓ ਅਤੇ ਨਾਈਟ੍ਰੋਜਨ ਖਾਦ ਦੋ ਬਰਾਬਰ ਕਿਸ਼ਤਾਂ, ਪਹਿਲੀ ਬਿਜਾਈ ਸਮੇਂ ਅਤੇ ਦੂਸਰੀ ਪਹਿਲੇ ਪਾਣੀ ਨਾਲ ਪਾਓ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਖੇਤਰੀ ਖੋਜ ਕੇਂਦਰ, ਕਪੂਰਥਲਾ।
ਮੋਬਾਈਲ : 94643-82711

ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ 'ਤੇ ਸਮੇਂ ਸਿਰ ਕਾਬੂ ਪਾਓ

ਪੰਜਾਬ ਵਿਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ, ਜਿਸ ਹੇਠ ਸਾਲ 2017-18 ਦੌਰਾਨ 30.65 ਲੱਖ ਹੈਕਟੇਅਰ ਰਕਬਾ ਸੀ। ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਅਜਿਹੀਆਂ ਦੋ ਪ੍ਰਮੁੱਖ ਬਿਮਾਰੀਆਂ ਹਨ, ਜੋ ਇਸ ਦੇ ਝਾੜ ਅਤੇ ਮਿਆਰ ਨੂੰ ਕਾਫੀ ਪ੍ਰਭਾਵਿਤ ਕਰਦੀਆਂ ਹਨ ਅਤੇ ਕਿਸਾਨ ਵੀਰਾਂ ਲਈ ਚਿੰਤਾ ਦਾ ਵਿਸ਼ਾ ਹਨ। ਇਹ ਬਿਮਾਰੀਆਂ ਔਸਤਨ ਝਾੜ ਅਤੇ ਗੁਣਵੱਤਾ ਨੂੰ 8-10 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦੀਆਂ ਹਨ ਜਦਕਿ ਅਨੁਕੂਲ ਹਾਲਾਤਾਂ ਦੌਰਾਨ ਇਹ ਨੁਕਸਾਨ 50 ਪ੍ਰਤੀਸ਼ਤ ਤੱਕ ਵੀ ਪਹੁੰਚ ਸਕਦਾ ਹੈ। ਪਹਿਲਾਂ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਨਾਮਾਤਰ ਬਿਮਾਰੀਆਂ ਹੀ ਸਨ ਪਰ ਅੱਜਕੱਲ੍ਹ ਇਹ ਝੋਨੇ ਦੀਆਂ ਅਹਿਮ ਬਿਮਾਰੀਆਂ ਬਣ ਗਈਆਂ ਹਨ। ਕਿਸਾਨਾਂ ਵਲੋਂ ਝੋਨੇ ਵਿਚ ਨਾਈਟ੍ਰੋਜਨ ਖਾਦ ਦੀ ਵਧੇਰੇ ਵਰਤੋਂ, ਗੈਰ-ਸਿਫ਼ਾਰਿਸ਼ੀ ਕਿਸਮਾਂ ਦੀ ਕਾਸ਼ਤ ਅਤੇ ਬੇਮੌਸਮੀ ਬਾਰਿਸ਼ਾਂ ਹੋਣ ਕਾਰਨ ਪਿਛਲੇ ਸਾਲਾਂ ਦੌਰਾਨ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਿਚ ਵਾਧਾ ਹੋਇਆ ਹੈ। ਝੂਠੀ ਕਾਂਗਿਆਰੀ ਦੇ ਹਮਲੇ ਨਾਲ ਝੋਨੇ ਦੇ ਝਾੜ ਘਟਣ ਤੋਂ ਇਲਾਵਾ ਇਸ ਦੇ ਉਤਪਾਦਨ ਦੀ ਗੁਣਵੱਤਾ ਵੀ ਖਰਾਬ ਹੁੰਦੀ ਹੈ, ਜਿਸ ਕਰਕੇ ਇਸ ਦਾ ਮੰਡੀ ਵਿਚ ਘੱਟ ਰੇਟ ਮਿਲਦਾ ਹੈ। ਪਿਛਲ਼ੇ ਸਾਲ (2017-18) ਦੌਰਾਨ ਪੰਜਾਬ ਵਿਚ ਝੂਠੀ ਕਾਂਗਿਆਰੀ ਦੀ ਤੀਬਰਤਾ ਬਹੁਤ ਘੱਟ ਸੀ. ਜਦਕਿ ਕੁਝ ਥਾਵਾਂ 'ਤੇ ਫ਼ਸਲ ਦੀ ਗੋਭ ਸਥਿਤੀ ਤੋਂ ਨਿਸਰਣ ਸਮੇਂ ਤੱਕ ਮੀਂਹ ਪੈਂਦੇ ਰਹੇ ਅਤੇ ਨੀਵੇਂ ਖੇਤਾਂ ਵਿਚ ਜਿੱਥੇ ਪਾਣੀ ਖੜ੍ਹਾ ਰਿਹਾ ਸੀ, ਉੱਥੇੇ ਇਸ ਦੀ ਤੀਬਰਤਾ ਜ਼ਿਆਦਾ ਵੇਖਣ ਨੂੰ ਮਿਲੀ।
ਸ਼ੀਥ ਬਲਾਈਟ
ਸ਼ੀਥ ਬਲਾਈਟ ਇਕ ਉੱਲੀ ਦੀ ਬਿਮਾਰੀ ਹੈ, ਜੋ ਝੋਨੇ ਅਤੇ ਬਾਸਮਤੀ ਦੋਵਾਂ ਉਪਰ ਆਉਂਦੀ ਹੈ। ਆਮ ਤੌਰ 'ਤੇ ਇਹ ਬਿਮਾਰੀ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਜਦੋਂ ਫ਼ਸਲ ਗੋਭ ਵਿਚ ਹੋਵੇ, ਉਦੋਂ ਨਜ਼ਰ ਆਉੇਂਦੀ ਹੈ। ਇਹ ਬਿਮਾਰੀ ਦੀ ਉਲੀ ਮਿੱਟੀ ਵਿਚ ਗੂੜੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਰਾਹੀਂ ਪ੍ਰਵੇਸ਼ ਕਰਦੀ ਹੈ, ਜੋ ਇਕ ਮੌਸਮ ਤੋਂ ਦੂਜੇ ਤੱਕ ਜਿਊਂਦੀ ਰਹਿੰਦੀ ਹੈ ਅਤੇ ਬਿਮਾਰੀ ਦੀ ਸ਼ੁਰੂਆਤ ਦਾ ਮੁਢਲਾ ਸੋਮਾ ਬਣਦੀ ਹੈ। ਇਸ ਤੋਂ ਬਿਨ੍ਹਾਂ ਬਹੁਤ ਸਾਰੇ ਨਦੀਨਾਂ ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਇਹ ਬਿਮਾਰੀ ਪਲਦੀ ਰਹਿੰਦੀ ਹੈ। ਜੇਕਰ ਇਹ ਬਿਮਾਰੀ ਇਕ ਵਾਰ ਖੇਤ ਵਿਚ ਆ ਜਾਵੇ ਤਾਂ ਉਸ ਖੇਤ ਵਿਚ ਸਾਲ ਦਰ ਸਾਲ ਇਸ ਬਿਮਾਰੀ ਦਾ ਹਮਲਾ ਵਧਦਾ ਜਾਂਦਾ ਹੈ ਅਤੇ ਇਸ ਦੀ ਤੀਬਰਤਾ ਵੱਖ-ਵੱਖ ਕਿਸਮਾਂ 'ਤੇ ਮੌਸਮੀ ਹਾਲਾਤਾਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ।
ਇਸ ਬਿਮਾਰੀ ਦੇ ਸ਼ੁਰੂਆਤੀ ਹਮਲੇ ਨਾਲ ਬੂਟਿਆਂ 'ਤੇ ਲੰਬੂਤਰੇ ਹਰੇ ਧੱਬੇ ਪਾਣੀ ਦੇ ਪੱਧਰ ਤੋਂ ਉੱਪਰ ਪੱਤੇ ਦੀ ਸ਼ੀਥ 'ਤੇ ਪੈ ਜਾਂਦੇ ਹਨ, ਜਿਹੜੇ ਕਿਨਾਰਿਆਂ ਤੋਂ ਜਾਮਣੀ ਨਜ਼ਰ ਆਉਂਦੇ ਹਨ। ਇਹ ਧੱਬੇ ਉੱਪਰ ਵੱਲ ਨੂੰ ਵੱਧ ਜਾਂਦੇ ਹਨ ਅਤੇ ਅਨੁਕੂਲ ਮੌਸਮੀ ਹਾਲਾਤਾਂ ਵਿਚ ਇਕ-ਦੂਜੇ ਨਾਲ ਮਿਲ ਕੇ ਤਣੇ ਦੁਆਲੇ ਸਾਰੀ ਸ਼ੀਥ 'ਤੇ ਫੈਲ ਜਾਂਦੇ ਹਨ। ਇਸ ਬਿਮਾਰੀ ਦਾ ਅਸਰ ਫ਼ਸਲ ਦੇੇ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤੱਕ ਜ਼ਿਆਦਾ ਹੁੰਦਾ ਹੈ ਅਤੇ ਅਨੁਕੂਲ ਹਾਲਤਾਂ ਵਿਚ ਇਹ ਸਾਰੇ ਪੱਤਿਆਂ 'ਤੇ ਫੈਲ ਜਾਂਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਬੂਟੇ ਕਮਜ਼ੋਰ ਪੈ ਕੇ ਡਿੱਗ ਪੈਂਦੇ ਹਨ, ਜਿਸ ਦੇ ਨਤੀਜੇ ਵਜੋਂ ਦਾਣੇ ਘੱਟ ਬਣਦੇ ਹਨ । ਇਹ ਬਿਮਾਰੀ ਦੀ ਉਲੀ ਪ੍ਰਭਾਵਿਤ ਬੂਟੇ ਤੋਂ ਨਾਲ ਲੱਗਦੇੇ ਦੂਜੇ ਬੂਟੇ 'ਤੇ ਚਲੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਪਾਣੀ ਰਾਹੀਂ ਹੋਰ ਬੂਟਿਆਂ 'ਤੇ ਫੈਲ ਜਾਂਦੀ ਹੈ। ਬਿਮਾਰੀ ਦਾ ਹਮਲਾ ਜ਼ਿਆਦਾਤਰ ਖੇਤ ਦੇ ਬਾਹਰਲੇ ਪਾਸਿਆਂ ਅਤੇ ਖੂੰਜਿਆਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਖੇਤ ਦੀ ਤਿਆਰੀ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਹਵਾ ਰਾਹੀਂ ਇਕੱਠੀ ਹੋ ਜਾਂਦੀ ਹੈ।
ਰੋਕਥਾਮ
ਬਿਮਾਰੀ ਦੀ ਰੋਕਥਾਮ ਲਈ ਹੇਠ ਲਿਖੇ ਸਰਬਪੱਖੀ ਢੰਗ ਅਪਣਾਓ:
* ਖੇਤ ਵਿਚ ਅਤੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਓ। ਖੇਤ ਦੀਆਂ ਵੱਟਾਂ ਤੋਂ ਖੱਬਲ ਘਾਹ ਅਤੇ ਹੋਰ ਨਦੀਨ ਸਾਫ ਕਰੋ, ਜਿਨ੍ਹਾਂ 'ਤੇ ਸਾਰਾ ਸਾਲ ਇਸ ਬਿਮਾਰੀ ਦੀ ਉੱਲੀ ਵੱਧਦੀ-ਫੁੱਲਦੀ ਰਹਿੰਦੀ ਹੈ।
* ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਬੂਟੇੇ ਨੂੰ ਬਿਮਾਰੀ ਦੀ ਲਾਗ ਲਈ ਅਨੁਕੂਲ ਬਣਾਉਂਦੀ ਹੈ। ਫ਼ਸਲ ਨੂੰ ਸੰਤੁਲਿਤ ਅਤੇ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
* ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫ਼ਸਲ ਦੀ ਗੋਭ ਸਥਿਤੀ ਵੇਲੇ ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਜੇਕਰ ਫ਼ਸਲ ਦੀ ਗੋਭ ਦੀ ਸਥਿਤੀ ਵੇਲੇੇ ਬਿਮਾਰੀ ਦੀਆਂ ਨਿਸ਼ਾਨੀਆਂ ਦਿੱਸਣ ਤਾਂ ਉਸੇ ਵਕਤ 80 ਗ੍ਰਾਮ ਨਟੀਵੋ ਜਾਂ 200 ਮਿ.ਲਿ. ਐਮੀਸਟਾਰ ਟੋਪ 325 ਤਾਕਤ /ਫੋਲੀਕਰ 25 ਤਾਕਤ /ਟਿਲਟ 25 ਤਾਕਤ/ ਮੋਨਸਰਨ 250 ਤਾਕਤ ਨੂੰ 200 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ 'ਤੇ ਦੁਬਾਰਾ ਫਿਰ 15 ਦਿਨਾਂ ਦੇ ਵਕਫੇ 'ਤੇ ਹੋਰ ਛਿੜਕਾਅ ਦੁਹਰਾਓ। ਉੱਲੀਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਅਤੇ ਬਿਮਾਰੀ ਦੀ ਰੋਕਥਾਮ ਯਕੀਨੀ ਬਣਾਉਣ ਲਈ ਹਮੇਸ਼ਾ ਛਿੜਕਾਅ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੌਦਾ ਰੋਗ ਵਿਭਾਗ, ਮੋਬਾ : 94637-47280

ਆਈ. ਸੀ. ਏ. ਆਰ. ਵਲੋਂ ਕਣਕ ਦੀਆਂ ਦੋ ਨਵੀਆਂ ਕਿਸਮਾਂ

ਭਾਵੇਂ ਅਜੇ ਝੋਨੇ ਅਤੇ ਬਾਸਮਤੀ ਕਿਸਮਾਂ ਦੀ ਫ਼ਸਲ ਦੀ ਵਾਢੀ ਸ਼ੁਰੂ ਹੋਣ ਵਿਚ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਪਿਆ ਹੈ, ਕਿਸਾਨ ਹੁਣੇ ਤੋਂ ਕਣਕ ਦੀ ਕਾਸ਼ਤ ਸਬੰਧੀ ਯੋਜਨਾਬੰਦੀ ਕਰ ਰਹੇ ਹਨ। ਉਹ ਤਸਵੀਸ਼ 'ਚ ਹਨ ਕਿ ਕਣਕ ਦੀ ਕਿਹੜੀ ਕਿਸਮ ਬੀਜੀ ਜਾਵੇ। ਪਿਛਲੇ ਸਾਲਾਂ ਦੌਰਾਨ ਆਮ ਕਿਸਾਨ ਐਚ. ਡੀ.-2967 ਤੇ ਐਚ. ਡੀ.-3086 ਕਿਸਮਾਂ ਬੀਜਦੇ ਰਹੇ ਹਨ। ਅਗਾਂਹਵਧੂ ਕਿਸਾਨਾਂ ਦਾ ਝੁਕਾਅ ਨਵੀਂਆਂ ਕਿਸਮਾਂ ਦੇ ਬੀਜਾਂ ਦੀ ਕਾਸ਼ਤ ਕਰਨ ਲਈ ਹੈ। ਭਾਵੇਂ ਇਹ ਨਵੀਆਂ ਕਿਸਮਾਂ ਉਹ ਥੋੜ੍ਹੇ ਰਕਬੇ 'ਤੇ ਹੀ ਬੀਜ ਸਕਣ। ਇਨ੍ਹਾਂ ਵਿਚੋਂ ਕੁਝ ਕਿਸਾਨਾਂ ਨੇ ਨਵੀਆਂ ਕਿਸਮਾਂ ਦੇ ਬੀਜ ਉਗਾ ਕੇ ਵਪਾਰ ਦਾ ਧੰਦਾ ਵੀ ਅਪਣਾਇਆ ਹੋਇਆ ਹੈ। ਗੁਣਵੱਤਾ ਵਾਲੇ ਵਧੀਆ ਬੀਜ ਵਿਸ਼ੇਸ਼ ਕਰ ਕੇ ਨਵੀਆਂ ਫ਼ਸਲਾਂ ਦੇ ਕਿਸਾਨ ਮੇਲਿਆਂ ਵਿਚ ਹੀ ਉਪੱਲਬਧ ਹੁੰਦੇ ਹਨ। ਇਹ ਕਿਸਾਨ ਮੇਲਿਆਂ ਦਾ ਮਹੀਨਾ ਹੈ। ਪੰਜਾਬ ਖੇਤੀ ਯੂਨੀਵਰਸਿਟੀ (ਪੀ. ਏ. ਯੂ.) ਦਾ ਮੇਲਾ ਲੁਧਿਆਣਾ ਵਿਖੇ 20- 21 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਆਪਣੇ ਰੱਖੜਾ ਕੈਂਪਸ ਤੇ 17 ਸਤੰਬਰ ਨੂੰ ਕਿਸਾਨ ਮੇਲਾ ਲਗਾ ਰਹੀ ਹੈ। ਇਸ ਤੋਂ ਇਲਾਵਾ ਪੀ. ਏ.ਯੂ. ਵਲੋਂ ਅੰਮ੍ਰਿਤਸਰ ਤੇ ਬੱਲੋਵਾਲ ਸੌਂਖੜੀ 10 ਸਤੰਬਰ ਨੂੰ, ਗੁਰਦਾਸਪੁਰ ਤੇ ਫਰੀਦਕੋਟ 17 ਸਤੰਬਰ ਨੂੰ, ਰੌਣੀ (ਪਟਿਆਲਾ) 13 ਸਤੰਬਰ ਨੂੰ ਤੇ ਬਠਿੰਡਾ ਵਿਖੇ 26 ਸਤੰਬਰ ਨੂੰ ਕਿਸਾਨ ਮੇਲੇ ਲਾਏ ਜਾਣਗੇ। ਇਸ ਸਾਲ ਅਗਾਂਹਵਧੂ ਕਿਸਾਨਾਂ ਦੀ ਖਿੱਚ ਵਧੇਰੇ ਨਵੀਆਂ ਕਿਸਮਾਂ ਐਚ ਡੀ - 3226 ਅਤੇ ਡੀ ਬੀ ਡਬਲਿਊ - 187 (ਆਈ ਸੀ ਏ ਆਰ -ਭਾਰਤੀ ਖੇਤੀ ਕਣਕ ਤੇ ਜੌਂਅ ਦੀ ਖੋਜ ਸੰਸਥਾਨ ਵਲੋਂ ਵਿਕਸਤ) ਕਿਸਮਾਂ ਦੇ ਬੀਜ ਹਾਸਲ ਕਰਨ ਲਈ ਹੈ। ਐਚ ਡੀ - 3226 ਕਿਸਮ ਭਾਰਤ ਸਰਕਾਰ ਦੀ ਫ਼ਸਲਾਂ ਦੇ ਮਿਆਰ ਨਿਯਤ ਕਰਨ ਵਾਲੀ ਕਮੇਟੀ ਵਲੋਂ ਰਲੀਜ਼ ਕਰ ਕੇ ਨੋਟੀਫਾਈ ਹੋ ਗਈ ਹੈ। ਇਸ ਦੀ ਬਿਜਾਈ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ ਦਾ ਤਰਾਈ ਦਾ ਇਲਾਕਾ, ਕਸ਼ਮੀਰ ਦੇ ਜੰਮੂ ਤੇ ਕਠੂਆ ਇਲਾਕੇ ਅਤੇ ਕੁਝ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਕਾਸ਼ਤ ਕਰਨ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਝਾੜ ਐਚ. ਡੀ. - 2967, ਡਬਲਿਊ. ਐਚ. -1105, ਐਚ. ਡੀ. - 3086 ਅਤੇ ਡੀ. ਬੀ. ਡਬਲਿਊ.-881 ਤੇ ਡੀ. ਬੀ. ਡਬਲਿਊ.-621 ਕਿਸਮਾਂ ਦੇ ਮੁਕਾਬਲੇ ਅਜ਼ਮਾਇਸ਼ਾਂ 'ਚ ਵੱਧ ਆਇਆ ਹੈ। ਰਾਜਸਥਾਨ ਦੇ ਪਰਖ ਕੇਂਦਰ ਤੇ ਇਸ ਦੀ ਉਤਪਾਦਕਤਾ 79.60 ਕੁਇੰਟਲ ਪ੍ਰਤੀ ਹੈਕਟੇਅਰ ਰਹੀ ਹੈ। ਇਸ ਕਿਸਮ ਵਿਚ ਪ੍ਰੋਟੀਨ ਵੀ 12.80 ਪ੍ਰਤੀਸ਼ਤ ਹੈ ਜਦੋਂ ਕਿ ਦੂਜੀਆਂ ਆਮ ਕਿਸਮਾਂ ਵਿਚ 12 ਪ੍ਰਤੀਸ਼ਤ ਤੱਕ ਹੈ। ਇਹ ਕਿਸਮ ਕਰਨਾਲ ਬੰਟ ਬਿਮਾਰੀ ਦਾ ਟਾਕਰਾ ਕਰਨ ਲਈ ਵੀ ਸ਼ਕਤੀ ਰੱਖਦੀ ਹੈ। ਇਸ ਕਿਸਮ ਵਿਚ ਪੀਲੀ ਕੁੰਗੀ ਤੋਂ ਰਹਿਤ ਰਹਿਣ ਦੀ ਵੀ ਸਮਰੱਥਾ ਹੈ। ਰੋਟੀ ਬਣਾਉਣ ਲਈ ਬਹੁਤ ਵਧੀਆ ਹੈ। ਬਿਜਾਈ ਤੋਂ ਪੱਕਣ ਨੂੰ 142 ਦਿਨ ਦਾ ਸਮਾਂ ਲੈਂਦੀ ਹੈ। ਸਿੰਜਾਈ ਵਾਲੇ ਇਲਾਕਿਆਂ ਵਿਚ ਆਮ ਬਿਜਾਈ ਵਾਲੇ ਸਮੇਂ 'ਚ ਕਾਸ਼ਤ ਕਰਨ ਲਈ ਅਨੁਕੂਲ ਹੈ। ਇਸ ਕਿਸਮ ਵਿਚ ਇਹ ਗੁਣ ਹੈ ਕਿ ਇਸ ਦੀ ਬਿਜਾਈ ਅਕਤੂਬਰ ਦੇ ਅਖੀਰਲੇ ਪੰਦਰਵਾੜੇ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ। 'ਲਿਹੋਸਿਨ' ਦਾ ਛਿੜਕਾਅ ਲਾਭਦਾਇਕ ਰਹੇਗਾ। ਪਿਛਲੇ ਕੁਝ ਸਾਲਾਂ ਤੋਂ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦਾ ਹਮਲਾ ਵੇਖਿਆ ਗਿਆ ਹੈ। ਇਸ ਕਿਸਮ ਵਿਚ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਸ਼ਕਤੀ ਮੌਜ਼ੂਦ ਹੈ। ਇਸ ਕਿਸਮ ਦੀ ਬਿਜਾਈ ਜ਼ੀਰੋ ਡਰਿਲ ਤੇ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਕਤੂਬਰ 'ਚ ਬਿਜਾਈ ਲਈ ਐਚ. ਡੀ. ਸੀ. ਐਸ. ਡਬਲਿਊ.- 18 ਕਿਸਮ ਹੈ। ਇਸ ਦੀ ਲੰਬਾਈ ਥੋੜ੍ਹੀ ਜਿਹੀ ਜ਼ਿਆਦਾ ਹੈ। ਜਿਸ ਤੇ 'ਲਿਹੋਸਿਨ' ਦੇ ਪ੍ਰਯੋਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਹ ਕਿਸਮ ਵੀ ਜ਼ੀਰੋ ਡਰਿਲ ਨਾਲ ਬਿਜਾਈ ਕਰਨ ਦੇ ਬੜੀ ਅਨੁਕੂਲ ਹੈ। ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਵੀ ਸਿਫਾਰਸ਼ ਕੀਤੀ ਗਈ ਹੈ। ਪ੍ਰਤੀ ਹੈਕਟੇਅਰ ਝਾੜ ਪੱਖੋਂ ਇਹ ਇਕ ਉੱਤਮ ਕਿਸਮ ਹੈ।
ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ 'ਚ ਵਾਪਰ ਰਹੀ ਤਬਦੀਲੀ ਨੂੰ ਮੁੱਖ ਰੱਖਦਿਆਂ ਕਣਕ ਦੀ ਉਤਪਾਦਕਤਾ ਵਧਾਉਣੀ ਇਕ ਬੜੀ ਸਮੱਸਿਆ ਬਣੀ ਹੋਈ ਹੈ। ਡੀ ਬੀ ਡਬਲਿਊ - 187 ਕਿਸਮ ਦੇ ਨਾਲ ਮਿਲਾ ਕੇ ਉਪ੍ਰੋਕਤ ਦੋ ਕਿਸਮਾਂ ਦਾ ਭਵਿੱਖ ਵਿਚ ਵੱਡੇ ਰਕਬੇ ਤੇ ਬੀਜਿਆ ਜਾਣਾ ਸੰਭਾਵਿਕ ਹੈ। ਇਨ੍ਹਾਂ ਕਿਸਮਾਂ ਦੀ ਗੁਣਵੱਤਾ ਅਜਿਹੀ ਹੈ ਕਿ ਇਹ ਆਸਾਨੀ ਨਾਲ ਦੂਜੇ ਮੁਲਕਾਂ ਨੂੰ ਬਰਾਮਦ ਕੀਤੀਆਂ ਜਾ ਸਕਦੀਆਂ ਹਨ।
ਹੈਰਾਨਕੁੰਨ ਐਚ. ਡੀ.-187 ਕਿਸਮ ਜਿਸ ਨੂੰ 'ਕਰਨ ਵੰਦਨਾ' ਵੀ ਕਿਹਾ ਗਿਆ ਹੈ, ਉੱਤਰ ਪੱਛਮੀ ਖਿੱਤੇ ਦੇ ਇਲਾਕਿਆਂ (ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਸ਼ਾਮਿਲ ਹਨ) ਵਿਚ ਕਾਸ਼ਤ ਕਰਨ ਲਈ ਸਫ਼ਲ ਮੰਨੀ ਗਈ ਹੈ। ਝਾੜ ਪੱਖੋਂ ਇਹ ਕਿਸਮ ਸਾਰੀਆਂ ਦੂਜੀਆਂ ਕਿਸਮਾਂ ਨੂੰ ਮਾਤ ਕਰਦੀ ਹੈ। ਇਸ ਵਿਚ 75 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਉਤਪਾਦਕਤਾ ਦੇਣ ਦੀ ਸ਼ਕਤੀ ਹੈ। ਉਤਪਾਦਕਤਾ ਦੀ ਇਹ ਸੀਮਾ ਦੂਜੀਆਂ ਆਮ ਕਿਸਮਾਂ ਜੋ 65 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦੇਂਦੀਆਂ ਹਨ ਦੇ ਮੁਕਾਬਲੇ ਵੱਧ ਹੈ। ਆਈ. ਸੀ. ਏ. ਆਰ.-ਭਾਰਤੀ ਕਣਕ ਤੇ ਜੌਂਅ ਦੇ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ ਗਿਆਨਇੰਦਰ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਭਵਿੱਖ ਵਿਚ ਇਹ ਕਿਸਮ ਐਚ ਡੀ - 2967 ਅਤੇ ਐਚ ਡੀ - 3086 ਕਿਸਮਾਂ (ਜੋ ਆਮ ਕਾਸ਼ਤ ਕੀਤੀਆਂ ਜਾਂਦੀਆਂ ਹਨ) ਦੀ ਥਾਂ ਲਵੇਗੀ। ਯਾਦ ਰਹੇ ਕਿ ਡਾ. ਗਿਆਨਇੰਦਰ ਪ੍ਰਤਾਪ ਸਿੰਘ ਐਚ ਡੀ 3086 ਕਿਸਮ ਜੋ ਇਸ ਵੇਲੇ ਪੰਜਾਬ 'ਚ ਸਭ ਕਿਸਮਾਂ ਦੇ ਮੁਕਾਬਲੇ ਵੱਧ ਰਕਬੇ ਤੇ ਕਾਸ਼ਤ ਕੀਤੀ ਜਾ ਰਹੀ ਹੈ, ਦੇ ਵੀ ਬਰੀਡਰ ਹਨ। ਡੀ ਬੀ ਡਬਲਿਊ -187 ਕਿਸਮ ਵਿਚ ਪ੍ਰੋਟੀਨ 12 ਪ੍ਰਤੀਸ਼ਤ ਤੋਂ ਵੱਧ ਅਤੇ ਲੋਹੇ ਦੀ ਮਾਤਰਾ 42 ਜੁਜ਼ ਪ੍ਰਤੀ ਮਿਲੀਅਨ ਹੈ। ਇਸ ਕਿਸਮ ਦੀ ਉੱਤਮ ਪੱਛਮੀ ਖੇਤਰ ਲਈ ਪਿਛਲੇ ਮਹੀਨੇ ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ ਸਰਬ - ਭਾਰਤੀ ਵਿਗਿਆਨੀਆਂ ਦੀ ਵਰਕਸ਼ਾਪ ਵਿਚ ਪਹਿਚਾਣ ਕੀਤੀ ਗਈ ਹੈ। ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਸ ਕਿਸਮ ਦੇ ਉੱਤਰ ਪੱਛਮੀ ਇਲਾਕਿਆਂ (ਜਿਸ ਵਿਚ ਹਰਿਆਣਾ, ਪੰਜਾਬ ਸ਼ਾਮਿਲ ਹਨ) ਵਿਚ ਸਭ ਦੂਜੀਆਂ ਕਿਸਮਾਂ ਨਾਲੋਂ ਉੱਤਮ ਕਿਸਮ ਸਾਬਤ ਹੋਣ ਦੀ ਸੰਭਾਵਨਾ ਹੈ। ਇਸ ਕਿਸਮ ਵਿਚ ਲੋਹੇ ਦੀ ਮਾਤਰਾ 42 ਜੁਜ਼ ਪ੍ਰਤੀ ਮਿਲੀਅਨ ਹੈ। ਹੁਣ ਭਾਰਤ ਕਣਕ ਨੂੰ ਬਰਾਮਦ ਕਰ ਰਿਹਾ ਹੈ। ਅਜਿਹੀ ਕਿਸਮ ਦੀ ਲੋੜ ਹੈ ਜਿਸ ਦੀ ਗੁਣਵੱਤਾ ਪੱਖੋਂ ਪੂਰੀ ਨਿਪੁੰਨ ਹੋਵੇ। ਡੀ. ਬੀ. ਡਬਲਿਊ. 187 ਕਿਸਮ ਵਿਚ ਅਜਿਹੇ ਸਾਰੇ ਗੁਣ ਮੌਜੂਦ ਹਨ। ਕਿਸਾਨਾਂ ਲਈ ਲਾਹੇਵੰਦ ਹੋਣ ਤੋਂ ਇਲਾਵਾ ਸਿਹਤ ਪੱਖੋਂ ਵੀ ਇਸ ਕਿਸਮ ਵਿਚ ਸਾਰੇ ਵਿਟਾਮਨ ਹਨ।
ਪੰਜਾਬ ਵਿਚ ਪਿਛਲੀ ਹਾੜ੍ਹੀ 2018 - 19 ਦੇ ਸਮੇਂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਕਣਕ ਦਾ ਉਤਪਾਦਨ 182.62 ਲੱਖ ਟਨ ਹੋਇਆ। ਉਤਪਾਦਕਤਾ ਦਾ ਪੱਧਰ 51.88 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ। ਉਤਪਾਦਕਤਾ ਪੱਖੋਂ ਪੰਜਾਬ ਭਾਰਤ ਦੇ ਸਭ ਰਾਜਾਂ ਨਾਲੋਂ ਮੋਹਰੀ ਹੈ। ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਭਾਵੇਂ ਉਤਪਾਦਨ ਪੱਖੋਂ ਪੰਜਾਬ ਦਾ ਦਰਜਾ ਦੂਜਾ ਹੈ। ਉਤਪਾਦਨ ਵਿਚ ਉੱਤਰ ਪ੍ਰਦੇਸ਼ ਪਹਿਲੇ ਨੰਬਰ ਤੇ ਹੈ ਫੇਰ ਤਰਤੀਬਵਾਰ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਬਿਹਾਰ ਆਉਂਦੇ ਹਨ। ਇਹ 6 ਰਾਜ ਮਿਲ ਕੇ ਕਣਕ ਦੇ ਕੁੱਲ ਉਤਪਾਦਨ ਵਿਚ 92 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ। ਭਾਰਤ ਦਾ ਕਣਕ ਉਤਪਾਦਨ ਪਿਛਲੀ ਹਾੜ੍ਹੀ ਵਿਚ 100 ਮਿਲੀਅਨ ਟਨ ਸੀ ਅਤੇ ਔਸਤ ਉਤਪਾਦਕਤਾ ਲਗਪਗ 3408 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਕਣਕ ਪੰਜਾਬ ਦੀ ਹਾੜੀ ਦੀ ਮੁੱਖ ਫ਼ਸਲ ਹੈ। ਜਿਸ ਦੀ ਕਾਸ਼ਤ 2018-19 ਹਾੜੀ ਦੌਰਾਨ 35.20 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ।


-ਮੋਬਾਈਲ : 98152-36307

ਹਰ ਕਿਸਾਨ ਦੀ ਲੋੜ

ਸਾਡੇ ਦੇਸ਼ ਵਿਚ ਬਹੁਤੀ ਛੋਟੀ ਕਿਸਾਨੀ ਹੈ। ਮੁੱਖ ਹਿੱਸੇ ਦੀ ਔਸਤ ਪੰਜ ਏਕੜ ਤੋਂ ਘੱਟ ਹੈ। ਜੋ ਪਰਿਵਾਰ ਆਪ ਖੇਤੀ ਕਰਦਾ ਹੈ, ਮਸੀਂ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ, ਉਸ ਨੂੰ ਪੈਸੇ ਦੀ ਹਰ ਵੇਲੇ ਲੋੜ ਹੁੰਦੀ ਹੈ, ਜੋ ਉਸ ਨੂੰ ਮਿਲਦੇ ਸਾਲ ਵਿਚ ਦੋ ਵਾਰੀ ਹੀ ਹਨ। ਉਸ ਦੀ ਇਸ ਮਜਬੂਰੀ ਦਾ ਵਪਾਰੀ ਤੇ ਸਰਕਾਰ ਪੂਰਾ ਫਾਇਦਾ ਉਠਾਉਂਦੇ ਹਨ। ਜਦ ਪੱਕੀ ਫ਼ਸਲ ਆਉਂਦੀ ਹੈ ਤਾਂ ਭਾਅ ਥੱਲੇ ਆ ਜਾਂਦੇ ਹਨ ਤੇ ਬਾਅਦ ਵਿਚ ਕਈ ਗੁਣਾਂ ਵਧ ਜਾਂਦੇ ਹਨ। ਇਕ ਦਸ ਫੁੱਟ ਦੇ ਦਫ਼ਤਰ ਵਾਲਾ ਵਪਾਰੀ ਇਕ ਦਸ ਏਕੜ ਦੇ ਕਿਸਾਨ ਨਾਲੋਂ ਦਸ ਗੁਣਾ ਵਧ ਕਮਾ ਲੈਂਦਾ ਹੈ। ਸ਼ਾਇਦ ਇਸ ਦਾ ਹੱਲ ਇਕੋ ਹੈ ਕੇ ਕਿਸਾਨ ਆਪਣੀ ਉਪਜ ਆਪਣੀ ਮਰਜ਼ੀ ਨਾਲ ਭਾਅ ਅਨੁਸਾਰ ਵੇਚੇ, ਪਰ ਇਹ ਮੁਸ਼ਕਿਲ ਕੰਮ ਹੈ। ਇਹ ਤਾਂ ਹੀ ਸੰਭਵ ਹੈ ਜੇ ਕਿਸਾਨ ਆਪਸ ਵਿਚ ਰਲ ਕੇ ਸਾਂਝੇ ਗੁਦਾਮ ਬਣਾ ਲੈਣ, ਜਿੱਥੋਂ ਭਾਅ ਵਧੇ ਜਾਂ ਲੋੜ ਵੇਲੇ ਵੇਚਿਆ ਜਾ ਸਕੇ, ਪਰ ਸਾਡੇ ਦੇਸ਼ ਵਿਚ ਇਹੋ ਜਿਹਾ ਕਿਸਾਨੀ ਏਕਾ, ਦੂਰ ਦੀ ਕੌਡੀ ਪਾਉਣ ਵਾਂਗ ਹੈ।


-ਮੋਬਾ: 98159-45018

ਖ਼ੁਦਕੁਸ਼ੀਆਂ : ਕਿਸਾਨਾਂ ਨੂੰ ਅਪੀਲ

* ਭਰਪੂਰ ਕੌਰ 'ਚੰਨੂਵਾਲਾ' *

ਦੇਸ਼ ਮੇਰੇ ਦਾ, ਤੂੰ ਅੰਨਦਾਤਾ,
ਫ਼ਸਲਾਂ ਨਾਲ ਤੇਰਾ ਪੁੱਤੀਂ ਨਾਤਾ,
ਫਿਰ ਵੀ ਕਿਉਂ ਖਾਵੇਂ ਤੂੰ ਘਾਟਾ,
ਕੁਝ ਤਾਂ ਕਰ ਵਿਚਾਰ, ਮੇਰੇ ਵੀਰਨਾ,
ਤੂੰ ਐਨੀ ਛੇਤੀ ਨਾ ਹਾਰ, ਮੇਰੇ ਵੀਰਨਾ।

ਸੋਚ ਸਮਝ ਕੇ, ਖਰਚ ਘਟਾ ਲੈ,
ਬੱਚਿਆਂ ਨਾਲ ਤੂੰ, ਜੀ ਪਰਚਾ ਲੈ,
ਨਾਲੇ ਉਨ੍ਹਾਂ ਨੂੰ ਸਮਝਾ ਲੈ,
ਚਾਦਰ ਵੇਖ ਕੇ ਪੈਰ ਪਸਾਰ, ਮੇਰੇ ਵੀਰਨਾ,
ਕਰਜ਼ੇ ਦਾ ਨਾ ਲੈ ਭਾਰ, ਮੇਰੇ...

ਰੀਸ ਵੱਡਿਆਂ ਦੀ ਕਰਨੀ ਛੱਡ ਦੇ,
ਦੇਖੋ-ਦੇਖੀ ਦਾ, ਫਾਹਾ ਵੱਢਦੇ,
ਦਿਲ ਵਿਚੋਂ ਇਹ ਡਰ ਤੂੰ ਕੱਢ ਦੇ,
ਕੀ ਕਹਿਣਗੇ, ਲੋਕ ਚਾਰ, ਮੇਰੇ ਵੀਰਨਾ,
ਤੂੰ ਉੱਚਾ ਰੱਖ ਕਿਰਦਾਰ, ਮੇਰੇ....

ਖ਼ੁਦਕੁਸ਼ੀ ਤਾਂ ਬੁਜ਼ਦਿਲ ਕਰਦੇ,
ਸਾਹਸੀ ਲੋਕ ਨਹੀਂ ਇੰਜ ਮਰਦੇ,
ਕੀ ਕਰਨਗੇ, ਤੇਰੇ ਘਰਦੇ,
ਕੌਣ ਲਊ ਉਨ੍ਹਾਂ ਦੀ ਸਾਰ ਮੇਰੇ ਵੀਰਨਾ,
ਇਹ ਨਾ ਕਹਿਰ ਗੁਜ਼ਾਰ, ਮੇਰੇ...

ਮਿਹਨਤ ਦਾ ਤੂੰ, ਪੱਲਾ ਫੜ ਲੈ,
ਲੋਕਾਂ ਨੂੰ ਇਕੱਠੇ ਕਰ ਲੈ,
ਸਰਕਾਰ ਨਾਲ, ਫਿਰ ਤੂੰ ਲੜ ਲੈ,
ਹੱਥ ਵਿਚ ਫੜ ਮਸ਼ਾਲ, ਮੇਰੇ ਵੀਰਨਾ,
ਜ਼ਿੰਦਗੀ ਮਿਲਦੀ ਹੈ ਇਕ ਵਾਰ ਮੇਰੇ ਵੀਰਨਾ।
-0-

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਸੇ ਮਾਨਤਾ ਪ੍ਰਾਪਤ ਏਜੰਸੀ ਕੋਲ ਨਾਂਅ ਦਰਜ ਕਰਵਾਏ ਜਾਣ। ਕੁਦਰਤੀ ਉਪਜ ਨੂੰ ਵਧੀਆ ਢੰਗ ਨਾਲ ਪੈਕ ਕਰ ਕੇ ਆਰਗੈਨਿਕ ਚਿੰਨ੍ਹ ਲਗਾ ਕੇ ਇਸ ਨੂੰ ਮੰਡੀ ਵਿਚ ਭੇਜਿਆ ਜਾਵੇ। ਅਜਿਹਾ ਕੀਤਿਆਂ ਹੀ ਕੁਦਰਤੀ ਖੇਤੀ ਨੂੰ ਵੱਡੀ ਪੱਧਰ ਉੱਤੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਸਾਰੀ ਧਰਤੀ ਸੇਂਜੂ ਹੋਣ ਕਰਕੇ ਜੈਵਿਕ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜੇਕਰ ਸਰਕਾਰ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕਰ ਸਕੇ ਤਾਂ ਜੈਵਿਕ ਸਬਜ਼ੀਆਂ ਦੀ ਕਾਸ਼ਤ ਨਾਲ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ। ਇਸ ਦੇ ਨਾਲ ਹੀ ਡੇਅਰੀ ਧੰਦਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਆਰਗੈਨਿਕ ਦੁੱਧ ਦੀ ਵਧ ਕੀਮਤ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿਚ ਮਿਲਾਵਟੀ ਦੁੱਧ ਦੀਆਂ ਸ਼ਿਕਾਇਤਾਂ ਆਮ ਮਿਲ ਰਹੀਆਂ ਹਨ। ਡੰਗਰਾਂ ਦੀ ਖਾਦ ਨਾਲ ਧਰਤੀ ਦੀਆਂ ਖੁਰਾਕੀ ਲੋੜਾਂ ਪੂਰੀਆਂ ਹੋਣਗੀਆਂ।
ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਚਾਹੁੰਦੇ ਹਾਂ ਤਾਂ ਸਰਕਾਰ ਤੇ ਹੋਰ ਸੰਬੰਧਿਤ ਏਜੰਸੀਆਂ ਨੂੰ ਜੈਵਿਕ ਸਬਜ਼ੀਆਂ ਦੀ ਕਾਸ਼ਤ ਅਤੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹਾ ਕੀਤਿਆਂ ਹੀ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦਿੱਤਾ ਜਾ ਸਕਦਾ ਹੈ। ਕਣਕ-ਝੋਨੇ ਦੇ ਚੱਕਰ ਹੇਠਾਂ ਰਕਬਾ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉਥੇ ਰੁਜ਼ਗਾਰ ਵਿਚ ਵੀ ਵਾਧਾ ਹੋਵੇਗਾ। ਪਰ ਕਿਸਾਨ ਨੂੰ ਮਿਹਨਤ ਕਰਨੀ ਪਵੇਗੀ। ਖੇਤੀ ਦੇ ਸਾਰੇ ਕੰਮ ਆਪ ਕਾਮਿਆਂ ਨਾਲ ਮਿਲ ਕੇ ਕਰਨੇ ਪੈਣਗੇ।
ਜਿਸ ਢੰਗ ਨਾਲ ਅਸੀਂ ਹੁਣ ਕੁਦਰਤੀ ਖੇਤੀ ਕਰ ਰਹੇ ਹਾਂ ਉਸ ਨੂੰ ਜੈਵਿਕ ਨਹੀਂ ਆਖਿਆ ਜਾ ਸਕਦਾ। ਕਈ ਕਿਸਾਨ ਆਖਦੇ ਹਨ ਕਿ ਇਕ ਏਕੜ ਵਿਚ ਮੈਂ ਕੋਈ ਖਾਦ ਨਹੀਂ ਪਾਈ ਤੇ ਨਾ ਹੀ ਜ਼ਹਿਰ ਛਿੜਕਿਆ ਹੈ। ਇਹ ਜੈਵਿਕ ਨਹੀਂ ਹੈ। ਜੈਵਿਕ ਖੇਤੀ ਲਈ ਕਿਸਾਨ ਨੂੰ ਦ੍ਰਿੜ੍ਹ ਇਰਾਦੇ ਨਾਲ ਖੇਤਾਂ ਵਿਚ ਜਾ ਕੇ ਕੰਮ ਕਰਨਾ ਪਵੇਗਾ। ਆਪਣੇ ਸਾਥੀਆਂ ਨਾਲ ਰਲ ਸਾਂਝੇ ਯਤਨਾਂ ਦੀ ਲੋੜ ਹੈ। ਇਕ ਦੂਜੇ ਉਤੇ ਭਰੋਸਾ ਕਰ ਕੇ ਅਗੇ ਵਧਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਜੈਵਿਕ ਗਰੁੱਪਾਂ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਨੂੰ ਮੰਡੀਕਰਨ ਵਿਚ ਸਹਾਇਤਾ ਕਰੇ। ਫ਼ਸਲ ਤਬਾਹ ਹੋਣ 'ਤੇ ਕਿਸਾਨਾਂ ਦੀ ਬਾਂਹ ਫੜੇ। ਸ਼ਹਿਰਾਂ ਕਸਬਿਆਂ ਤੇ ਮੁੱਖ ਸੜਕਾਂ 'ਤੇ ਜੈਵਿਕ ਬਾਜ਼ਾਰ ਸਥਾਪਿਤ ਕਰੇ। ਜੈਵਿਕ ਉਪਜ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵੀ ਖੋਜ ਤੇਜ਼ ਕਰਨੀ ਪਵੇਗੀ। ਯੂਨੀਵਰਸਿਟੀ ਨੇ ਜੈਵਿਕ ਖੇਤੀ ਦਾ ਵੱਖਰਾ ਸਕੂਲ ਬਣਾਇਆ ਹੈ। ਜਿਥੇ ਉਨ੍ਹਾਂ ਢੰਗ ਤਰੀਕਿਆਂ ਨੂੰ ਵਿਕਸਤ ਕੀਤਾ ਜਾਵੇ, ਜਿਨ੍ਹਾਂ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਿਆ ਜਾਵੇ। ਇਸ ਦੇ ਨਾਲ ਹੀ ਅਜਿਹੇ ਫ਼ਸਲ ਚੱਕਰ ਵਿਕਸਤ ਕੀਤੇ ਜਾਣ ਜਿਹੜੇ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿਚ ਸਹਾਈ ਹੋਣ। ਯੂਨੀਵਰਸਿਟੀ ਨੂੰ ਫ਼ਸਲਾਂ ਤੇ ਸਬਜ਼ੀਆਂ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੀੜਿਆਂ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੋਵੇ। ਪਰਾਲੀ ਅਤੇ ਕਣਕ ਦੇ ਨਾੜ ਨੂੰ ਰੂੜੀ ਵਿਚ ਤਬਦੀਲ ਕਰਨ ਦੀ ਵਿਧੀ ਖੋਜੀ ਜਾਵੇ। ਕੀੜੇ ਤੇ ਬਿਮਾਰੀਆਂ ਨੂੰ ਕਾਬੂ ਕਰਨ ਲਈ ਜੈਵਿਕ ਢੰਗ ਤਰੀਕੇ ਲੱਭੇ ਜਾਣ। ਬਾਇਓ ਖਾਦਾਂ ਬਾਰੇ ਖੋਜ ਨੂੰ ਹੋਰ ਤੇਜ਼ ਕੀਤਾ ਜਾਵੇ। ਪੰਜਾਬ ਵਿਚ ਸਭ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ ਗੋਡੀ ਲਈ ਕਾਰਗਰ ਤੇ ਛੋਟੀਆਂ ਮਸ਼ੀਨਾਂ ਬਣਾਈਆਂ ਜਾਣ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਜੈਵਿਕ ਖੇਤੀ ਗਰੁੱਪ ਬਣਾਏ ਜਾਣ ਤੇ ਉਨ੍ਹਾਂ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾਵੇ। ਇਹ ਕੇਂਦਰ ਵਿਕਰੀ ਵਿਚ ਵੀ ਸਹਾਇਤਾ ਕਰ ਸਕਦੇ ਹਨ।
ਪੰਜਾਬ ਸਰਕਾਰ ਨੂੰ ਸਾਰੀਆਂ ਧਿਰਾਂ ਆਧਾਰਿਤ ਇਕ ਉੱਚ ਪੱਧਰੀ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਵਲੋਂ ਸਾਰੀਆਂ ਧਿਰਾਂ ਵਿਚ ਤਾਲ ਮੇਲ ਕਰ ਕੇ ਸੂਬੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇੰਝ ਪੰਜਾਬ ਦੀ ਖੇਤੀ ਨੂੰ ਇਕ ਨਵਾਂ ਮੋੜ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਇਸ ਨਾਲ ਕਣਕ ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਧਰਤੀ ਵੀ ਕੱਢੀ ਜਾ ਸਕੇਗੀ। ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਰਸਾਇਣਾਂ ਦੀ ਵਰਤੋਂ ਰੋਕ ਕੇ ਖੇਤੀ ਖਰਚੇ ਵੀ ਘਟ ਜਾਣਗੇ ਤੇ ਪ੍ਰਦੂਸ਼ਤ ਹੋ ਰਿਹਾ ਪਾਣੀ, ਹਵਾ ਤੇ ਧਰਤੀ ਦੀ ਸਾਂਭ-ਸੰਭਾਲ ਕੀਤੀ ਜਾ ਸਕੇਗੀ।
(ਸਮਾਪਤ)





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX