ਤਾਜਾ ਖ਼ਬਰਾਂ


ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  7 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ ਕਨਟੇਨਰ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  6 minutes ago
ਲੰਡਨ, 23 ਅਕਤੂਬਰ- ਬ੍ਰਿਟਿਸ਼ ਪੁਲਿਸ ਨੇ ਅੱਜ ਦੱਸਿਆ ਕਿ ਦੱਖਣੀ-ਪੂਰਬੀ ਇੰਗਲੈਂਡ 'ਚ ਪੈਂਦੇ ਐਸੈਕਸ 'ਚ ਅੱਜ ਇੱਕ ਟਰੱਕ ਕਨਟੇਨਰ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  34 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  54 minutes ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਹੋਰ ਖ਼ਬਰਾਂ..

ਸਾਡੀ ਸਿਹਤ

ਭੁੱਲਣ ਦੀ ਸਮੱਸਿਆ

ਭੁੱਲਣ ਦੀ ਸਮੱਸਿਆ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਬੱਚੇ, ਜਵਾਨ, ਬੁੱਢੇ, ਸਾਰੇ ਇਸ ਦੇ ਸ਼ਿਕਾਰ ਹੋ ਰਹੇ ਹਨ। ਤਣਾਅ ਅਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ ਭੁੱਲਣ ਦੀ ਪ੍ਰਵਿਰਤੀ ਵਧ ਰਹੀ ਹੈ। ਜ਼ਿੰਦਗੀ ਦੀ ਵਧਦੀ ਰਫਤਾਰ ਵਿਚ ਜੋ ਸਮੱਸਿਆਵਾਂ ਪੈਦਾ ਹੋਈਆਂ ਹਨ, ਉਨ੍ਹਾਂ ਵਿਚ ਭੁੱਲਣਾ ਵੀ ਸ਼ਾਮਿਲ ਹੈ। ਭੁੱਲਣ ਨੂੰ ਪਹਿਲਾਂ ਬੁਢਾਪੇ ਦਾ ਲੱਛਣ ਮੰਨਿਆ ਜਾਂਦਾ ਸੀ। 'ਸਾਠਾ ਸੋ ਪਾਠਾ' ਕਿਹਾ ਜਾਂਦਾ ਸੀ ਪਰ ਹੁਣ ਇਹ ਬੱਚੇ, ਵਿਦਿਆਰਥੀ ਅਤੇ ਜਵਾਨਾਂ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ।
ਭੁੱਲਣਾ ਬਿਮਾਰੀ ਨਹੀਂ, ਸਗੋਂ ਸਮੱਸਿਆ ਹੈ। ਕੁਝ ਲੋਕ ਭੁੱਲਣ ਨੂੰ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਸਮਝ ਲੈਂਦੇ ਹਨ। ਇਸ ਨੂੰ ਬਿਮਾਰੀ ਸਮਝ ਕੇ ਚਿੰਤਤ ਹੋ ਜਾਂਦੇ ਹਨ। ਇਸ ਵਹਿਮ ਵਿਚ ਚਿੰਤਾ, ਕੁੰਠਾ, ਸ਼ੰਕਾ ਅਤੇ ਉਦਾਸੀ ਆਦਿ ਦੇ ਵੀ ਸ਼ਿਕਾਰ ਹੋ ਜਾਂਦੇ ਹਨ।
ਦਿਮਾਗ ਰੋਜ਼ਾਨਾ ਜ਼ਰੂਰੀ ਨਵੀਆਂ ਸੂਚਨਾਵਾਂ ਨੂੰ ਸੰਗ੍ਰਹਿਤ ਕਰਦਾ ਹੈ ਜਦੋਂ ਕਿ ਗ਼ੈਰ-ਜ਼ਰੂਰੀ ਅਤੇ ਬੇਲੋੜੀਆਂ ਸੂਚਨਾਵਾਂ ਨੂੰ ਉਹ ਹਟਾਉਂਦਾ ਜਾਂਦਾ ਹੈ ਤਾਂ ਕਿ ਨਵੀਂ ਸੂਚਨਾ, ਘਟਨਾ ਅਤੇ ਵਿਚਾਰ ਨੂੰ ਦਿਮਾਗ ਵਿਚ ਲੋੜੀਂਦਾ ਸਥਾਨ ਮਿਲ ਸਕੇ। ਦਿਮਾਗ ਜੇ ਗ਼ੈਰ-ਜ਼ਰੂਰੀ ਸੂਚਨਾਵਾਂ ਨੂੰ ਨਹੀਂ ਹਟਾਵੇਗਾ ਤਾਂ ਵਿਅਕਤੀ ਦਾ ਦਿਮਾਗੀ ਸੰਤੁਲਨ ਗੜਬੜਾ ਜਾਵੇਗਾ ਜਾਂ ਉਸ ਦਾ ਦਿਮਾਗ ਖਰਾਬ ਹੋ ਜਾਵੇਗਾ ਜਾਂ ਪਾਗਲ ਹੋ ਜਾਵੇਗਾ। ਦਿਮਾਗ ਭੁੱਲਣ ਦੀ ਪ੍ਰਕਿਰਿਆ ਦੇ ਤਹਿਤ ਮਨੁੱਖ ਨੂੰ ਇਸੇ ਬੁਰੀ ਹਾਲਤ ਤੋਂ ਬਚਾਉਂਦਾ ਹੈ। ਇਸ ਲਈ ਭੁੱਲਣਾ ਨਾ ਬਿਮਾਰੀ ਹੈ, ਨਾ ਬੁਰਾਈ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ।
ਇਸ ਨੂੰ ਰੋਗ ਜਾਂ ਦਿਮਾਗ ਦੀ ਕਮਜ਼ੋਰੀ ਮੰਨ ਕੇ ਚਿੰਤਤ ਨਾ ਹੋਵੋ। ਮਨੁੱਖੀ ਦਿਮਾਗ ਰੋਜ਼ਾਨਾ ਘਟਨਾਵਾਂ ਵਿਚੋਂ 90 ਤੋਂ 95 ਫੀਸਦੀ ਬੇਲੋੜੀਆਂ ਗੱਲਾਂ ਛੱਡਦਾ ਜਾਂਦਾ ਹੈ ਪਰ ਲੋੜ ਪੈਣ 'ਤੇ ਅਭਿਆਸ ਨਾਲ ਅਜਿਹੀਆਂ ਭੁੱਲ ਚੁੱਕੀਆਂ ਗੱਲਾਂ ਨੂੰ ਖੋਜ ਕੇ ਕੱਢਿਆ ਜਾ ਸਕਦਾ ਹੈ। ਮਨੁੱਖੀ ਦਿਮਾਗ ਕੰਪਿਊਟਰ ਤੋਂ ਵੀ ਬਿਹਤਰ ਕੰਮ ਕਰਦਾ ਹੈ। ਅਭਿਆਸ ਅਤੇ ਤਕਨੀਕ ਦੇ ਮਾਧਿਅਮ ਨਾਲ ਭੁੱਲ ਚੁੱਕੀਆਂ ਗੱਲਾਂ ਨੂੰ ਉਹ ਖੋਜ ਲੈਂਦਾ ਹੈ। ਇਹੀ ਤੰਦਰੁਸਤ ਦਿਮਾਗ ਦੀ ਪਛਾਣ ਹੈ।
ਭੁੱਲਣ ਦੀਆਂ ਘਟਨਾਵਾਂ ਕਿਉਂ ਵਧ ਰਹੀਆਂ ਹਨ
ਗ਼ੈਰ-ਜ਼ਰੂਰੀ ਗੱਲਾਂ ਨੂੰ ਦਿਮਾਗ ਭੁੱਲ ਜਾਵੇ ਤਾਂ ਇਹ ਚੰਗੀ ਗੱਲ ਹੈ ਪਰ ਜ਼ਰੂਰੀ ਗੱਲਾਂ ਨੂੰ ਭੁੱਲਣਾ ਜਾਂ ਭੁੱਲਣ ਦੀ ਬਰਬਰਤਾ ਹੁਣ ਵਧ ਰਹੀ ਹੈ। ਲੋਕ ਆਪਣਾ ਸੁਖ-ਚੈਨ, ਸੁਖ ਸਹੂਲਤਾਂ ਦੇ ਸਾਧਨ ਜੁਟਾਉਣ ਵਿਚ ਲੱਗੇ ਹੋਏ ਹਨ। ਇਸ ਕਾਰਨ ਲਗਾਤਾਰ ਉਨ੍ਹਾਂ ਨੂੰ ਤਣਾਅ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। 18-18 ਘੰਟੇ ਬਾਹਰ ਕੰਮ ਕਰਦੇ ਹਨ, ਜਿਸ ਦਾ ਸਿੱਧਾ ਪ੍ਰਭਾਵ ਸਰੀਰਕ ਅਤੇ ਦਿਮਾਗੀ ਸਿਹਤ 'ਤੇ ਪੈਂਦਾ ਹੈ। ਲਗਾਤਾਰ ਤਣਾਅ ਅਤੇ ਦੌੜ-ਭੱਜ ਵਿਚ ਸਮਾਂ ਬੀਤ ਰਿਹਾ ਹੈ। ਤਣਾਅ ਦੇ ਕਾਰਨ ਮਨੁੱਖ ਆਪਣੀਆਂ ਜ਼ਰੂਰੀ ਗੱਲਾਂ ਨੂੰ ਭੁੱਲ ਜਾਂਦਾ ਹੈ, ਇਹ ਭੁੱਲਣਾ ਉਸ ਦੇ ਤਣਾਅ ਨੂੰ ਹੋਰ ਵਧਾ ਦਿੰਦਾ ਹੈ।
ਚੰਗੀਆਂ ਗੱਲਾਂ ਨੂੰ ਭੁੱਲਣ
ਤੋਂ ਕਿਵੇਂ ਬਚੀਏ
* ਸਮੇਂ ਦਾ ਸਹੀ ਪ੍ਰਯੋਗ ਕਰੋ, ਵਿਅਰਥ ਨਾ ਗਵਾਓ।
* ਕੰਮ ਵਿਵਸਥਿਤ ਕਰੋ। ਇਕਾਗਰਤਾ ਨਾਲ ਪੜ੍ਹੋ।
* ਕੱਲ੍ਹ 'ਤੇ ਨਾ ਛੱਡੋ। ਟਾਲ-ਮਟੋਲ ਦੀ ਆਦਤ ਛੱਡ ਦਿਓ।
* ਵਿਦਿਆਰਥੀ ਪੜ੍ਹੀਆਂ ਗਈਆਂ ਗੱਲਾਂ ਨੂੰ ਲਿਖ ਕੇ ਅਭਿਆਸ ਕਰਨ।
* ਉਤਸ਼ਾਹਿਤ ਅਤੇ ਸਿਰਜਣਸ਼ੀਲ ਰਹੋ।
* ਜੀਵਨ ਸ਼ੈਲੀ ਵਿਚ ਸੁਧਾਰ ਲਿਆਓ।
* ਇਕ ਹੀ ਕੰਮ ਨੂੰ ਘੰਟਿਆਂਬੱਧੀ ਨਾ ਕਰੋ। ਕੰਮ ਨੂੰ ਟੁਕੜਿਆਂ ਵਿਚ ਵੰਡ ਲਓ।
* ਅਜਿਹਾ ਕੰਮ ਕਰੋ, ਜਿਨ੍ਹਾਂ ਨੂੰ ਕਰਨ ਲਈ ਮਨ ਪ੍ਰੇਰਿਤ ਹੋਵੇ।
* ਨਿਯਮਿਤ ਕਸਰਤ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ, ਯਾਦਾਸ਼ਤ ਵਧੇਗੀ।
* ਨਸ਼ੇ ਦੀ ਲਤ ਦੇ ਸ਼ਿਕਾਰ ਹੋ ਤਾਂ ਉਸ ਨੂੰ ਛੱਡ ਦਿਓ।
* ਫਾਸਟ ਫੂਡ ਅਤੇ ਜੰਕ ਫੂਡ ਦੀ ਜਗ੍ਹਾ 'ਤੇ ਪੌਸ਼ਟਿਕ ਭੋਜਨ ਕਰੋ।
* ਭੋਜਨ ਵਿਚ ਪੁੰਗਰੀਆਂ ਦਾਲਾਂ, ਦਹੀਂ, ਸਬਜ਼ੀ, ਸਲਾਦ ਅਤੇ ਫਲੀਆਂ ਹੋਣ।
* ਦਾਲ, ਰਾਜਮਾਂਹ, ਮੂੰਗੀ, ਮੋਠ, ਬਰਬਟ ਟੀ, ਕੱਚੇ ਛੋਲੇ, ਪੁੰਗਰੇ ਛੋਲੇ ਆਦਿ ਦੇ ਮੈਗਨੀਸ਼ੀਅਮ ਨਾਲ ਦਿਮਾਗ ਦਰੁਸਤ ਰਹਿੰਦਾ ਹੈ।


ਖ਼ਬਰ ਸ਼ੇਅਰ ਕਰੋ

ਛਾਲਿਆਂ ਵਿਚ ਰਾਹਤ ਦਿਵਾਉਂਦੇ ਤੇਲ, ਪਾਣੀ ਅਤੇ ਦੁੱਧ ਦੇ ਕੁਰਲੇ

ਗਰਾਰਿਆਂ ਬਾਰੇ ਤਾਂ ਸਾਰੇ ਜਾਣਦੇ ਹਨ ਕਿ ਗਲਾ ਖਰਾਬ ਹੋਣ 'ਤੇ ਕੋਸੇ ਪਾਣੀ ਦੇ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ। ਕੁਰਲੇ ਕਰਨ ਨਾਲ ਵੀ ਸਾਡੇ ਕਈ ਰੋਗ ਦੂਰ ਹੁੰਦੇ ਹਨ, ਇਹ ਕਹਿਣਾ ਹੈ ਆਯੁਰਵੈਦ ਮਾਹਿਰਾਂ ਦਾ। ਮਾਹਿਰਾਂ ਅਨੁਸਾਰ ਮੂੰਹ ਵਿਚ ਛਾਲੇ, ਖੰਘ, ਜ਼ੁਕਾਮ ਹੋਣ 'ਤੇ, ਗਲਾ ਖਰਾਬ ਹੋਣ 'ਤੇ ਵੱਖ-ਵੱਖ ਕੁਰਲੇ ਕਰਕੇ ਅਸੀਂ ਲਾਭ ਲੈ ਸਕਦੇ ਹਾਂ। ਕੁਰਲੇ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
ਪਾਣੀ ਦੇ ਕੁਰਲੇ
* ਮੂੰਹ ਵਿਚ ਸਾਦਾ ਪਾਣੀ ਭਰ ਕੇ ਉਸ ਨੂੰ 3 ਮਿੰਟ ਤੱਕ ਮੂੰਹ ਵਿਚ ਰੱਖੋ। ਇਸ ਨਾਲ ਮੂੰਹ ਦੀ ਦੁਰਗੰਧ ਸਾਫ਼ ਹੁੰਦੀ ਹੈ।
* ਮੂੰਹ ਧੋਂਦੇ ਸਮੇਂ ਵੀ ਮੂੰਹ ਵਿਚ ਪਾਣੀ ਭਰ ਕੇ ਰੱਖੋ, ਫਿਰ ਸੁੱਟੋ। ਇਸ ਪ੍ਰਕਿਰਿਆ ਨਾਲ ਵੀ ਮੂੰਹ ਸਾਫ਼ ਹੁੰਦਾ ਹੈ। * ਮੂੰਹ ਵਿਚ ਪਾਣੀ ਭਰ ਕੇ ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰਨ ਨਾਲ ਨਜ਼ਰ ਠੀਕ ਰਹਿੰਦੀ ਹੈ।
* ਗਲੇ ਦੇ ਰੋਗ, ਸਰਦੀ-ਜ਼ੁਕਾਮ ਜਾਂ ਸਾਹ ਦੇ ਰੋਗ ਹੋਣ 'ਤੇ ਥੋੜ੍ਹੇ ਕੋਸੇ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਕੁਰਲੇ ਅਤੇ ਗਰਾਰੇ ਕਰਨ ਨਾਲ ਲਾਭ ਮਿਲਦਾ ਹੈ।
* ਨਮਕ ਵਾਲੇ ਪਾਣੀ ਨਾਲ ਦਿਨ ਵਿਚ ਤਿੰਨ ਵਾਰ ਕੁਰਲੇ ਕਰਨ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ।
* ਮੂੰਹ ਵਿਚ ਛਾਲੇ ਹੋਣ 'ਤੇ ਪਾਣੀ ਵਿਚ ਸ਼ਹਿਦ ਮਿਲਾ ਕੇ ਕੁਰਲਾ ਕਰੋ। ਇਸ ਤੋਂ ਇਲਾਵਾ ਪਾਣੀ ਵਿਚ ਤ੍ਰਿਫਲਾ ਜਾਂ ਮੁਲੱਠੀ ਦਾ ਪਾਊਡਰ ਪਾ ਕੇ ਉਬਾਲ ਕੇ ਠੰਢਾ ਕਰਕੇ ਕੁਰਲਾ ਕਰਨ ਨਾਲ ਵੀ ਮੂੰਹ ਦੇ ਛਾਲਿਆਂ ਵਿਚ ਆਰਾਮ ਮਿਲਦਾ ਹੈ।
ਦੁੱਧ ਦੇ ਕੁਰਲੇ
* ਗਲੇ, ਜੀਭ, ਮੂੰਹ ਵਿਚ ਛਾਲੇ ਹੋਣ 'ਤੇ ਸਵੇਰੇ ਤਾਜ਼ੇ ਕੱਚੇ ਦੁੱਧ ਨੂੰ ਮੂੰਹ ਵਿਚ ਕੁਝ ਸਮੇਂ ਤੱਕ ਰੱਖੋ। ਫਿਰ ਦੁੱਧ ਨੂੰ ਬਾਹਰ ਨਾ ਸੁੱਟੋ, ਹੌਲੀ-ਹੌਲੀ ਦੁੱਧ ਗਲੇ ਤੋਂ ਹੇਠਾਂ ਉਤਰਨ ਲੱਗੇਗਾ ਅਤੇ ਛਾਲਿਆਂ ਨੂੰ ਆਰਾਮ ਮਿਲੇਗਾ।
ਤੇਲ ਦੇ ਕੁਰਲੇ
* ਤੇਲ ਦੇ ਕੁਰਲੇ ਕਰਨ ਨਾਲ ਦੰਦ ਸਾਫ ਅਤੇ ਮਜ਼ਬੂਤ ਹੁੰਦੇ ਹਨ। ਮਸੂੜਿਆਂ ਅਤੇ ਦੰਦਾਂ ਦੀ ਬਿਮਾਰੀ ਵਿਚ ਛੇਤੀ ਆਰਾਮ ਮਿਲਦਾ ਹੈ।
* ਤੇਲ ਦੇ ਕੁਰਲੇ ਕਰਨ ਨਾਲ ਖੂਨ ਦਾ ਦਬਾਅ, ਮਾਈਗ੍ਰੇਨ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵਿਚ ਵੀ ਲਾਭ ਮਿਲਦਾ ਹੈ।
* ਪਾਚਣ ਸਬੰਧੀ ਸਮੱਸਿਆ, ਕਬਜ਼ ਆਦਿ ਵਿਚ ਵੀ ਮੂੰਹ ਵਿਚ ਤੇਲ ਭਰ ਕੇ ਕੁਰਲੇ ਕਰਨ ਨਾਲ ਲਾਭ ਮਿਲਦਾ ਹੈ।
* ਨਾਰੀਅਲ ਜਾਂ ਤਿਲ ਦੇ ਤੇਲ ਨੂੰ ਮੂੰਹ ਵਿਚ ਭਰ ਕੇ ਰੱਖੋ। ਧੌਣ ਨੂੰ ਪਿੱਛੇ ਵੱਲ ਨਾ ਝੁਕਾਓ, ਨਹੀਂ ਤਾਂ ਤੇਲ ਅੰਦਰ ਚਲਾ ਜਾਵੇਗਾ। ਜਿੰਨੀ ਦੇਰ ਤੱਕ ਤੇਲ ਰੱਖ ਸਕਦੇ ਹੋ, ਰੱਖੋ, ਫਿਰ ਬਾਹਰ ਸੁੱਟ ਦਿਓ। ਹਲਕੇ ਹੱਥਾਂ ਨਾਲ ਬੁਰਸ਼ ਕਰਕੋ ਜੀਭ ਸਾਫ ਕਰ ਲਓ। ਦੰਦ ਮਜ਼ਬੂਤ ਬਣਨਗੇ।

ਉੱਚ ਖੂਨ ਦਬਾਅ : ਭੁਲੇਖੇ ਅਤੇ ਸੱਚਾਈ

ਉੱਚ ਖੂਨ ਦਬਾਅ ਦਾ ਅਰਥ ਹੈ ਹਾਈਪਰਟੈਨਸ਼ਨ ਭਾਵ ਸਾਡਾ ਦਿਲ ਜ਼ਿਆਦਾ ਗਤੀ ਨਾਲ ਪੰਪ ਕਰ ਰਿਹਾ ਹੈ ਜੋ ਠੀਕ ਨਹੀਂ। ਜ਼ਿਆਦਾ ਸਮੇਂ ਤੱਕ ਉੱਚ ਖੂਨ ਦਬਾਅ ਰਹਿਣ ਨਾਲ, ਸਹੀ ਦਵਾਈ ਨਾ ਲੈਣ ਨਾਲ ਅਤੇ ਪ੍ਰਹੇਜ਼ ਨਾ ਕਰਨ ਨਾਲ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਦਾ ਹੈ, ਇਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਡਾਕਟਰੀ ਹਦਾਇਤਾਂ ਅਨੁਸਾਰ ਤੰਦਰੁਸਤ ਬੰਦੇ ਦਾ ਖੂਨ ਦਾ ਦਬਾਅ 120/80 ਹੋਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਹੋਣ ਦਾ ਅਰਥ ਹੈ ਤੁਹਾਨੂੰ ਉੱਚ ਖੂਨ ਦਬਾਅ ਦੀ ਸ਼ਿਕਾਇਤ ਹੈ ਅਤੇ ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਕੁਝ ਦਿਨ ਤੱਕ ਲਗਾਤਾਰ ਖੂਨ ਦਾ ਦਬਾਅ ਨਾਪਣਾ ਚਾਹੀਦਾ ਹੈ ਤਾਂ ਕਿ ਡਾਕਟਰ ਤੋਂ ਸਹੀ ਸਮੇਂ 'ਤੇ ਸਲਾਹ ਲੈ ਸਕੋ।
ਭੁਲੇਖਾ : ਖਾਨਦਾਨ 'ਚ ਮਿਲੇ ਉੱਚ ਖੂਨ ਦਬਾਅ ਨੂੰ ਸੰਭਾਲਣਾ ਮੁਸ਼ਕਿਲ ਹੈ।
ਸੱਚਾਈ : ਜੇ ਤੁਸੀਂ ਜਾਣਦੇ ਹੋ ਤੁਹਾਡੇ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਖੂਨ ਦਬਾਅ ਵੱਧ ਰਹਿੰਦਾ ਹੈ ਤਾਂ ਤੁਹਾਨੂੰ 30 ਸਾਲ ਦੀ ਉਮਰ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ, ਕਸਰਤ ਕਰਕੇ, ਖਾਣ-ਪੀਣ ਵਿਚ ਪ੍ਰਹੇਜ਼ ਕਰਕੇ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਕਾਬੂ ਰੱਖ ਸਕਦੇ ਹੋ। ਸਿਰਗਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਦੂਰ ਰਹੋ, ਖੂਬ ਸਬਜ਼ੀਆਂ ਖਾਓ, ਘੱਟ ਲੂਣ ਦੀ ਵਰਤੋਂ ਕਰੋ, ਖਾਸ ਕਰਕੇ ਟੇਬਲ ਨਮਕ ਨੂੰ ਬਾਏ-ਬਾਏ ਕਰੋ, ਜੰਕ ਫੂਡ ਦੇ ਸੇਵਨ ਤੋਂ ਬਚੋ, ਆਪਣੇ ਗੁੱਸੇ, ਤਣਾਅ ਨੂੰ ਕਾਬੂ ਵਿਚ ਰੱਖੋ, ਕਸਰਤ ਕਰੋ, ਦਿਨ ਵਿਚ ਕੁਝ ਸਮਾਂ ਸ਼ਾਂਤ ਰਹੋ। ਪਾਣੀ ਖੂਬ ਪੀਓ।
ਭੁਲੇਖਾ : ਉੱਚ ਖੂਨ ਦਬਾਅ ਸਿਹਤ ਲਈ ਖ਼ਤਰਨਾਕ ਨਹੀਂ।
ਸਚਾਈ : ਬਹੁਤ ਸਾਰੇ ਲੋਕ ਜੋ ਸਿਹਤ ਪ੍ਰਤੀ ਜਾਗਰੂਕ ਨਹੀਂ, ਉਨ੍ਹਾਂ ਨੂੰ ਲਗਦਾ ਹੈ ਕਿ ਉੱਚ ਖੂਨ ਦਬਾਅ ਨਾਲ ਕੁਝ ਨਹੀਂ ਹੁੰਦਾ। ਉਹ ਇਹ ਨਹੀਂ ਜਾਣਦੇ ਕਿ ਉੱਚ ਖੂਨ ਦਬਾਅ ਸਿਹਤ ਲਈ ਕਿੰਨਾ ਖ਼ਤਰਨਾਕ ਹੈ। ਇਸ ਨਾਲ ਦਿਲ, ਗੁਰਦੇ, ਦਿਮਾਗ ਅਤੇ ਸਰੀਰ ਦੇ ਹੋਰ ਅੰਗ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਉੱਚ ਖੂਨ ਦਬਾਅ ਨੂੰ ਖਾਮੋਸ਼ ਕਾਤਲ ਵੀ ਕਿਹਾ ਜਾਂਦਾ ਹੈ। ਆਪਣੇ ਖੂਨ ਦੇ ਦਬਾਅ ਦੀ ਸਮੇਂ ਸਿਰ ਜਾਂਚ ਕਰਵਾਉਂਦੇ ਰਹੋ ਅਤੇ ਸਮੇਂ ਸਿਰ ਸੰਭਲੋ ਅਤੇ ਡਾਕਟਰ ਦੀ ਸਲਾਹ ਅਨੁਸਾਰ ਆਪਣਾ ਜੀਵਨ ਢਾਲੋ।
ਭੁਲੇਖਾ : ਉੱਚ ਖੂਨ ਦਬਾਅ ਤਾਂ ਉਮਰ ਵਧਣ ਦੇ ਨਾਲ ਹੁੰਦਾ ਹੈ। ਇਹ ਤਾਂ ਆਮ ਹੈ।
ਸਚਾਈ : ਅਜਿਹਾ ਸੋਚਣਾ ਗ਼ਲਤ ਹੈ। ਅੱਜਕਲ੍ਹ ਜਵਾਨਾਂ, ਬੱਚਿਆਂ ਤੱਕ ਵਿਚ ਵੀ ਉੱਚ ਖੂਨ ਦਬਾਅ ਦੇਖਿਆ ਗਿਆ ਹੈ। ਕਿਸੇ ਵੀ ਸਮੇਂ, ਕਿਸੇ ਵੀ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਖੋਜ ਅਨੁਸਾਰ ਲਗਪਗ 5 ਵਿਚੋਂ 1 ਵਿਅਕਤੀ ਨੂੰ ਹਾਈਪਰਟੈਨਸ਼ਨ ਹੈ, ਕਿਉਂਕਿ ਜੀਵਨਸ਼ੈਲੀ ਤਣਾਅਪੂਰਨ, ਭੱਜ-ਦੌੜ ਵਾਲੀ ਹੈ। ਖਾਣੇ ਦੇ ਸਮੇਂ ਜੋ ਵੀ ਮਿਲ ਜਾਵੇ, ਬਸ ਪੇਟ ਭਰਨ ਨੂੰ ਖਾ ਲੈਂਦੇ ਹਨ, ਜਿਸ ਦਾ ਅਸਰ ਉੱਚ ਖੂਨ ਦਬਾਅ 'ਤੇ ਵੀ ਪੈਂਦਾ ਹੈ।
ਭੁਲੇਖਾ : ਉੱਚ ਖੂਨ ਦਬਾਅ ਹੋਣ 'ਤੇ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ।
ਸਚਾਈ : ਉੱਚ ਖੂਨ ਦਬਾਅ ਜਾਂ ਹਾਈਪਰਟੈਨਸ਼ਨ ਨੂੰ ਦਵਾਈ ਨਾਲ ਕਾਬੂ ਕੀਤਾ ਜਾ ਸਕਦਾ ਹੈ ਪਰ ਜਿਵੇਂ ਹੀ ਰੋਗੀ ਦਵਾਈ ਖਾਣੀ ਭੁੱਲ ਜਾਵੇ ਜਾਂ ਛੱਡ ਦੇਵੇ ਤਾਂ ਖੂਨ ਦਾ ਦਬਾਅ ਇਕਦਮ ਵਧ ਸਕਦਾ ਹੈ। ਨਿਯਮਤ ਦਵਾਈ ਦਾ ਸੇਵਨ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਰਿਆਸ਼ੀਲ ਜੀਵਨ ਸ਼ੈਲੀ ਅਪਣਾ ਕੇ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਭਾਰ ਕਾਬੂ ਵਿਚ ਰੱਖਣਾ ਵੀ ਜ਼ਰੂਰੀ ਹੈ। ਕਸਰਤ ਕਰੋ, ਪੌਸ਼ਟਿਕ ਭੋਜਨ ਅਤੇ ਬਹੁਤ ਘੱਟ ਤੇਲ ਦਾ ਸੇਵਨ ਕਰੋ, ਘੱਟ ਨਮਕ ਲਓ। ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਬਚੋ।
ਭੁਲੇਖਾ : ਸ਼ਰਾਬ ਦਿਲ ਲਈ ਚੰਗੀ ਹੈ।
ਸਚਾਈ : ਇਹ ਸੱਚ ਨਹੀਂ ਹੈ। ਕਈ ਖੋਜਾਂ ਅਨੁਸਾਰ ਕਦੇ-ਕਦੇ ਥੋੜ੍ਹੀ ਜਿਹੀ ਸ਼ਰਾਬ ਪੀਣੀ ਦਿਲ ਲਈ ਠੀਕ ਹੈ ਪਰ ਸਾਵਧਾਨ ਰਹੋ, ਸ਼ਰਾਬ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਨਿਯਮਤ ਥੋੜ੍ਹੀ ਮਾਤਰਾ ਦਾ ਸੇਵਨ ਵੀ ਡਾਕਟਰ ਮਨ੍ਹਾਂ ਕਰਦੇ ਹਨ। ਇਸ ਨਾਲ ਦਿਲ ਫੇਲ੍ਹ, ਸਟ੍ਰੋਕ ਆਦਿ ਹੋ ਸਕਦਾ ਹੈ। ਖਾਸ ਕਰਕੇ ਹਾਈਪਰਟੈਨਸ਼ਨ ਵਾਲਿਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਭੁਲੇਖਾ : ਉੱਚ ਖੂਨ ਦਬਾਅ ਦੇ ਰੋਗੀ ਖੂਨ ਦਬਾਅ ਘੱਟ ਹੋਣ 'ਤੇ ਦਵਾਈ ਲੈਣੀ ਬੰਦ ਕਰ ਦੇਣ।
ਸਚਾਈ : ਜੇ ਤੁਸੀਂ ਉੱਚ ਖੂਨ ਦਬਾਅ ਦੇ ਸ਼ਿਕਾਰ ਹੋ ਅਤੇ ਦਵਾਈ ਨਿਯਮਤ ਲੈ ਰਹੇ ਹੋ ਅਤੇ ਹੁਣ ਖੂਨ ਦਬਾਅ ਕਾਬੂ ਵਿਚ ਹੈ ਤਾਂ ਆਪਣੀ ਮਰਜ਼ੀ ਨਾਲ ਦਵਾਈ ਲੈਣੀ ਬੰਦ ਕਰੋਗੇ ਤਾਂ ਤੁਹਾਡੀ ਸਿਹਤ 'ਤੇ ਬਾਅਦ ਵਿਚ ਪ੍ਰਭਾਵ ਪੈ ਸਕਦਾ ਹੈ। ਕਿਉਂਕਿ ਖੂਨ ਦਬਾਅ ਕੁਝ ਦਿਨ ਤੱਕ ਤਾਂ ਠੀਕ ਰਹਿੰਦਾ ਹੈ, ਫਿਰ ਇਕਦਮ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਲੱਛਣ ਵੀ ਜ਼ਿਆਦਾ ਨਹੀਂ ਦਿਸਦੇ, ਜਿਸ ਦਾ ਪ੍ਰਭਾਵ ਗੁਰਦੇ, ਦਿਮਾਗ, ਦਿਲ, ਕਿਸੇ ਵੀ ਅੰਗ 'ਤੇ ਪੈ ਸਕਦਾ ਹੈ। ਇਸ ਲਈ ਉੱਚ ਖੂਨ ਦਬਾਅ ਵਾਲੇ ਰੋਗੀਆਂ ਨੂੰ ਖੂਨ ਦਾ ਦਬਾਅ ਠੀਕ ਰਹਿਣ 'ਤੇ ਵੀ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਲੈਣੀ ਬੰਦ ਨਹੀਂ ਕਰਨੀ ਚਾਹੀਦੀ।
ਭੁਲੇਖਾ : ਮਰਦ ਉੱਚ ਖੂਨ ਦਬਾਅ ਦੇ ਸ਼ਿਕਾਰ ਜ਼ਿਆਦਾ ਹੁੰਦੇ ਹਨ।
ਸਚਾਈ : ਇਹ ਸੱਚ ਨਹੀਂ ਹੈ। ਔਰਤਾਂ, ਮਰਦ ਦੋਵੇਂ ਹੀ ਬਰਾਬਰ ਮਾਤਰਾ ਵਿਚ ਉੱਚ ਖੂਨ ਦੇ ਦਬਾਅ ਤੋਂ ਪ੍ਰਭਾਵਿਤ ਹੁੰਦੇ ਹਨ। ਔਰਤਾਂ ਮੀਨੋਪਾਜ ਤੋਂ ਬਾਅਦ ਮਰਦਾਂ ਦੀ ਤੁਲਨਾ ਵਿਚ ਉੱਚ ਖੂਨ ਦਬਾਅ ਦੇ ਕਾਰਨ ਦਿਲ ਸਬੰਧੀ ਰੋਗਾਂ ਤੋਂ ਜ਼ਿਆਦਾ ਪੀੜਤ ਹੁੰਦੀਆਂ ਹਨ। ਮੀਨੋਪਾਜ ਤੋਂ ਬਾਅਦ ਔਰਤਾਂ ਨੂੰ ਆਪਣੀ ਸਿਹਤ ਅਤੇ ਜੀਵਨਸ਼ੈਲੀ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉੱਚ ਖੂਨ ਦਬਾਅ ਨੂੰ ਕਾਬੂ ਰੱਖਿਆ ਜਾ ਸਕੇ।

ਚੁਸਤੀ, ਫੁਰਤੀਦਾਇਕ ਵੀ ਹੁੰਦੀਆਂ ਹਨ ਚਾਹ ਦੀਆਂ ਚੁਸਕੀਆਂ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਚਾਹ ਦਾ ਸੇਵਨ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਵੀ ਸਹਾਇਕ ਹੁੰਦਾ ਹੈ। ਜੇ ਸਰੀਰ ਵਿਚ ਪਾਲੀਫਿਨਾਲਸ ਦੀ ਭਰਪੂਰ ਮਾਤਰਾ ਹੋਵੇ ਤਾਂ ਇਸ ਨਾਲ ਯਾਦਾਸ਼ਤ ਦੀ ਕਮੀ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਤਾਜ਼ਾ ਖੋਜਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਫਲ, ਚਾਹ, ਕੌਫੀ ਆਦਿ ਪੀਣ ਵਾਲੇ ਪਦਾਰਥ ਸਰੀਰ ਵਿਚ ਪਾਲੀਫਿਨਾਲਸ ਦੇ ਮਹੱਤਵਪੂਰਨ ਸਰੋਤ ਹਨ। ਇਸ ਤਰ੍ਹਾਂ ਚਾਹ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਵੀ ਸਹਾਇਕ ਹੁੰਦੀ ਹੈ।
ਦਿਨ ਭਰ ਵਿਚ 3-4 ਕੱਪ ਚਾਹ ਪੀਓ ਅਤੇ ਦਿਲ ਦੇ ਰੋਗਾਂ, ਪੱਥਰੀ, ਚਮੜੀ ਰੋਗਾਂ ਅਤੇ ਕੈਂਸਰ ਵਰਗੇ ਰੋਗਾਂ ਨੂੰ ਦੂਰ ਭਜਾਓ। ਹਰ ਰੋਜ਼ 3-4 ਕੱਪ ਚਾਹ ਪੀਣ ਨਾਲ ਦਿਲ ਦੇ ਵਿਕਾਰਾਂ ਦੀ ਸੰਭਾਵਨਾ 10 ਫੀਸਦੀ ਤੋਂ ਵੀ ਜ਼ਿਆਦਾ ਘੱਟ ਹੋ ਜਾਂਦੀ ਹੈ। ਚਾਹ ਵਿਚ ਮੌਜੂਦ ਐਂਟੀਆਕਸੀਡੈਂਟ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਕਰਕੇ ਸਾਨੂੰ ਨਿਰੋਗ ਬਣਾਈ ਰੱਖਣ ਵਿਚ ਸਮਰੱਥ ਹੁੰਦੇ ਹਨ ਅਤੇ ਰੋਗ ਦੀ ਦਸ਼ਾ ਵਿਚ ਛੇਤੀ ਰੋਗਮੁਕਤੀ ਵਿਚ ਸਹਾਇਕ ਹੁੰਦੇ ਹਨ।
ਚਾਹ ਨੂੰ ਹਮੇਸ਼ਾ ਇਕ ਹੀ ਤਰੀਕੇ ਨਾਲ ਬਣਾ ਕੇ ਪੀਣ ਦੀ ਬਜਾਏ ਵੱਖ-ਵੱਖ ਤਰੀਕਿਆਂ ਨਾਲ ਬਣਾ ਕੇ ਪੀਣਾ ਚੰਗਾ ਹੈ। ਕਦੇ ਦੁੱਧ ਵਾਲੀ ਚਾਹ ਲਓ, ਕਦੇ ਬਿਨਾਂ ਦੁੱਧ ਵਾਲੀ, ਕਦੇ ਚਾਹ-ਪੱਤੀ ਉਬਾਲ ਕੇ ਤੇ ਕਦੇ ਬਿਨਾਂ ਪੱਤੀ ਉਬਾਲੇ, ਬਿਨਾਂ ਦੁੱਧ ਦੇ ਨਿੰਬੂ ਵਾਲੀ ਚਾਹ ਅਜ਼ਮਾਓ। ਦਿਨ ਵਿਚ ਇਕ ਜਾਂ ਦੋ ਵਾਰ ਬਿਨਾਂ ਦੁੱਧ, ਬਿਨਾਂ ਉਬਲੇ ਸਾਦੀ ਜਾਂ ਨਿੰਬੂ ਵਾਲੀ ਚਾਹ ਜ਼ਰੂਰ ਲਓ, ਕਿਉਂਕਿ ਇਹ ਵਧੀਆ ਦਵਾਈ ਵੀ ਹੈ।
ਸੱਚਮੁੱਚ ਚਾਹ ਹਾਨੀਕਾਰਕ ਹੀ ਨਹੀਂ, ਸਗੋਂ ਇਕ ਚੰਗਾ ਪੀਣ ਵਾਲਾ ਪਦਾਰਥ ਵੀ ਹੈ, ਕਿਉਂਕਿ ਇਸ ਵਿਚ ਗਰਮੀ ਅਤੇ ਮਿਠਾਸ ਦੇ ਨਾਲ-ਨਾਲ ਚੁਸਤੀ-ਫੁਰਤੀ ਦੇਣ ਅਤੇ ਇਲਾਜ ਕਰਨ ਵਾਲੇ ਤੱਤ ਵੀ ਮੌਜੂਦ ਹਨ। (ਸਮਾਪਤ)

-ਸੀਤਾਰਾਮ ਗੁਪਤਾ

ਗੁਣਕਾਰੀ ਕਰੀ ਪੱਤਾ

ਆਪਣੇ ਕਾਫੀ ਜਾਣ-ਪਛਾਣ ਵਾਲਿਆਂ ਦੇ ਅਸੀਂ ਕਹਿ ਕੇ ਕਰੀ ਪੱਤੇ ਦੇ ਬੂਟੇ ਲਗਵਾਏ ਹੋਏ ਹਨ। ਅਸੀਂ ਜਦੋਂ ਵੀ ਉਨ੍ਹਾਂ ਕੋਲ ਜਾਂਦੇ ਹਾਂ, ਥੋੜ੍ਹੇ ਤਾਜ਼ਾ ਕਰੀ ਪੱਤੇ ਲਿਆਉਣੇ ਨਹੀਂ ਭੁੱਲਦੇ ਹਾਂ। ਉਹ ਖੁਦ ਵੀ ਸਾਨੂੰ ਕਰੀ ਪੱਤੇ ਲਿਆ ਦਿੰਦੇ ਹਨ। ਅਸੀਂ ਇਹ ਦਵਾਈਆਂ ਵਿਚ ਵੀ ਵਰਤਦੇ ਹਾਂ। ਵੈਸੇ ਤਾਂ ਸਾਡੇ ਕੋਠੇ 'ਤੇ ਗਮਲੇ 'ਚ ਵੀ ਅਸੀਂ ਇਕ ਕਰੀ ਪੱਤੇ ਦਾ ਬੂਟਾ ਲਾ ਰੱਖਿਆ ਹੈ, ਜਿਸ ਦੇ ਤਾਜ਼ਾ ਪੱਤੇ ਅਸੀਂ ਖਾਣੇ ਵਿਚ ਵਰਤਦੇ ਰਹਿੰਦੇ ਹਾਂ।
ਤਾਜ਼ਾ ਕਰੀ ਪੱਤੇ ਚੰਗੀ ਤਰ੍ਹਾਂ ਧੋ-ਸੁਕਾ ਕੇ ਫਰਿੱਜ ਵਿਚ ਰੱਖ ਲੈਂਦੇ ਹਾਂ। ਇਕ-ਦੋ ਪੱਤੇ ਰੋਜ਼ਾਨਾ ਸਬਜ਼ੀ, ਦਾਲ, ਕਰੀ ਆਦਿ ਵਿਚ ਪਾ ਦਿੰਦੇ ਹਾਂ। ਇਹ ਪਰਾਉਂਠੇ 'ਚ ਵੀ ਪਾ ਲੈਂਦੇ ਹਾਂ। ਇਸ ਨਾਲ ਚਟਣੀ ਦਾ ਵੀ ਸੁਆਦ ਵਧ ਜਾਂਦਾ ਹੈ ਤੇ ਪੌਸ਼ਟਿਕਤਾ ਵੀ ਵਧ ਜਾਂਦੀ ਹੈ। ਸਾਨੂੰ ਤੇ ਸਾਡੇ ਬੱਚਿਆਂ ਨੂੰ ਕਰੀ ਪੱਤੇ ਵਾਲੀ ਚਟਣੀ ਬੇਹੱਦ ਪਸੰਦ ਹੈ। ਉਂਜ ਚਾਰ ਕੁ ਕਰੀ ਪੱਤੇ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖ ਕੇ ਅਗਲੇ ਦਿਨ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਗਲਾ ਖਰਾਬੀ, ਪੇਟ ਭਾਰੀਪਨ, ਅੱਧਾ ਸਿਰਦਰਦ, ਵਾਲ ਝੜਨੇ, ਖਾਰਸ਼, ਪਸੀਨਾ ਵਧੇਰੇ ਆਉਣਾ, ਪਿਸ਼ਾਬ ਖੁੱਲ੍ਹੇ ਕੇ ਨਾ ਆਉਣਾ, ਪੇਟ ਦੇ ਕੀੜੇ, ਬੱਚੇ ਦਾ ਬਿਸਤਰ 'ਤੇ ਪਿਸ਼ਾਬ ਕਰਨਾ, ਬੱਚੇ ਦਾ ਦੰਦ ਕਿਰਚਣਾ ਆਦਿ ਰੋਗ ਠੀਕ ਹੁੰਦੇ ਹਨ।
ਕਰੀ ਪੱਤੇ ਵਿਚ ਕਾਰਬੋਹਾਈਡ੍ਰੇਟ, ਵਿਟਾਮਿਨ 'ਏ', 'ਬੀ', 'ਸੀ', 'ਈ' ਨਿਕੋਟਿਨਿਕ ਐਸਿਡ, ਆਇਰਨ, ਫਾਸਫੋਰਸ, ਫਾਇਬਰ, ਕੈਲਸ਼ੀਅਮ, ਅਮੀਨੋ ਐਸਿਡਜ਼, ਗਲਾਇਕੋਸਾਇਡਜ਼, ਫਲੈਵੋਨੋਇਡਜ਼ ਆਦਿ ਅਨੇਕ ਬੇਹੱਦ ਲੋੜੀਂਦੇ ਤੱਤ ਇਸ ਵਿਚ ਹੁੰਦੇ ਹਨ। ਇਉਂ ਇਸ ਦੇ ਇਕ-ਦੋ ਪੱਤੇ ਹੀ ਕਿਸੇ ਵੀ ਤਰੀਕੇ ਨਾਲ ਰੋਜ਼ਾਨਾ ਖਾਂਦੇ ਰਹਿਣ ਨਾਲ ਅਨੇਕਾਂ ਰੋਗਾਂ ਤੋਂ ਬਚਾਅ ਹੁੰਦਾ ਹੈ। ਇਹ ਹਾਜ਼ਮਾ ਵੀ ਵਧਾਉਂਦੇ ਹਨ ਤੇ ਸਰੀਰ 'ਚੋਂ ਖਤਰਨਾਕ ਤੱਤਾਂ ਨੂੰ ਵੀ ਬਾਹਰ ਕੱਢਦੇ ਹਨ।
ਇਹ ਹਰ ਉਮਰ ਦੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਆਦਿ ਨੂੰ ਵੀ ਰੋਜ਼ਾਨਾ ਮਿਲਣੇ ਚਾਹੀਦੇ ਹਨ। ਬੱਚਿਆਂ ਦੀ ਯਾਦਾਸ਼ਤ ਅਤੇ ਕੱਦ-ਕਾਠ ਵਧਾਉਣ, ਖੁਰਾਕ ਲੱਗਣ ਲਗਾਉਣ, ਦੰਦਾਂ-ਦਾੜ੍ਹਾਂ ਦੇ ਰੋਗਾਂ ਤੋਂ ਬਚਾਉਣ ਲਈ ਸਿਰਫ ਇਕ-ਦੋ ਪੱਤੇ ਹੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਮਿਲਣੇ ਚਾਹੀਦੇ ਹਨ। ਮੁੰਡਿਆਂ-ਕੁੜੀਆਂ ਦੀ ਚਮੜੀ ਸੁੰਦਰ ਬਣਾਈ ਰੱਖਣ, ਵਾਲ ਰੋਗਾਂ ਤੋਂ ਬਚਾਉਣ ਅਤੇ ਜਲਦੀ ਐਨਕ ਨਾ ਲੱਗਣ ਦੇਣ ਤੋਂ ਕਰੀ ਪੱਤਾ ਬਹੁਤ ਹੀ ਲੋੜੀਂਦਾ ਹੈ।
ਬਜ਼ੁਰਗਾਂ ਨੂੰ ਇਹ ਛੋਟੀਆਂ-ਮੋਟੀਆਂ ਇਨਫੈਕਸ਼ਨਜ਼ ਵਿਗੜਨ ਤੋਂ ਵੀ ਬਚਾਉਣ ਵਿਚ ਸਹਾਈ ਹੁੰਦੇ ਹਨ। ਰੋਜ਼ਾਨਾ ਖਾਣੇ ਵਿਚ ਕਰੀ ਪੱਤੇ ਖਾਣ ਨਾਲ ਨੀਂਦ ਸਹੀ ਤਰ੍ਹਾਂ ਆਉਣ ਲਗਦੀ ਹੈ। ਵੱਡੀ ਅੰਤੜੀਆਂ ਅਤੇ ਪਿਸ਼ਾਬ ਅੰਗਾਂ ਸਬੰਧੀ ਰੋਗਾਂ ਤੋਂ ਬਚਾਅ ਰਹਿੰਦਾ ਹੈ। ਹੱਥਾਂ-ਪੈਰਾਂ 'ਤੇ ਸੋਜ, ਪੈਰਾਂ ਦੀਆਂ ਤਲੀਆਂ ਦਾ ਮਚਣਾ, ਚਮੜੀ ਦੀ ਖੁਸ਼ਕੀ ਆਦਿ ਤੋਂ ਲਾਭਦਾਇਕ ਹੈ।
ਕਰੀ ਪੱਤੇ ਪਾਣੀ ਵਿਚ ਉਬਾਲ ਕੇ ਆਟਾ ਗੁੰਨ੍ਹਣ ਜਾਂ ਸਬਜ਼ੀ, ਕਰੀ ਆਦਿ ਵਿਚ ਪਾਉਣ ਨਾਲ ਖਾਣੇ ਦੀ ਪੌਸ਼ਟਿਕਤਾ ਵਧਦੀ ਹੈ। ਇਸੇ ਪਾਣੀ ਨਾਲ ਸਿਰ ਧੋਣ ਨਾਲ ਵਾਲ ਲੰਬੇ ਤੇ ਸੰਘਣੇ, ਕਾਲੇ ਰਹਿੰਦੇ ਹਨ। ਵਾਲ ਝੜਨੋ ਹਟਦੇ ਹਨ। ਜਦੋਂ ਵੀ ਸਾਡੇ ਕੋਲ ਜ਼ਿਆਦਾ ਪੱਤੇ ਹੁੰਦੇ ਹਨ ਤਾਂ ਅਸੀਂ ਪੱਤਿਆਂ ਨੂੰ ਉਬਾਲ ਕੇ, ਪੁਣ ਕੇ ਠੰਢਾ ਕਰਕੇ ਕਿਸੇ ਕੱਚ ਦੀ ਬੋਤਲ ਵਿਚ ਭਰ ਕੇ ਰੱਖ ਲੈਂਦੇ ਹਾਂ। ਛੁੱਟੀ ਵਾਲੇ ਦਿਨ ਅਸੀਂ ਇਸ ਪਾਣੀ ਨੂੰ ਨਹਾਉਣ ਤੋਂ ਪਹਿਲਾਂ ਕਾਫੀ ਘੰਟਿਆਂ ਤੱਕ ਵਾਲਾਂ 'ਤੇ ਲਾਈ ਰੱਖਦੇ ਹਾਂ।

ਸਹੀ ਭੋਜਨ ਵਧਾਉਂਦਾ ਹੈ ਬੱਚਿਆਂ ਦੀ ਬੌਧਿਕ ਸਮਰੱਥਾ

ਸਾਡਾ ਸਰੀਰ ਕੰਮ ਕਰਨ ਲਈ ਖਾਣਾ ਮੰਗਦਾ ਹੈ। ਸਾਡੇ ਸਰੀਰ ਨੂੰ ਊਰਜਾ ਵਿਕਾਸ ਲਈ ਈਂਧਣ ਚਾਹੀਦਾ ਹੈ ਅਤੇ ਉਹ ਈਂਧਣ ਸਾਨੂੰ ਭੋਜਨ ਵਿਚ ਪ੍ਰੋਟੀਨ ਅਤੇ ਵਿਟਾਮਿਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ਸਾਡਾ ਦਿਮਾਗ ਵੀ ਇਸੇ ਤਰ੍ਹਾਂ ਲਗਾਤਾਰ ਕੰਮ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਵੀ ਕੁਝ ਜ਼ਰੂਰੀ ਆਹਾਰ ਦੀ ਜ਼ਰੂਰਤ ਰਹਿੰਦੀ ਹੈ। ਜਿਸ ਤਰ੍ਹਾਂ ਖਾਣਾ ਤਾਂ ਤੇਲ ਵਿਚ ਵੀ ਬਣਦਾ ਹੈ ਪਰ ਘਿਓ ਦੀ ਗੱਲ ਹੀ ਕੁਝ ਹੋਰ ਹੈ, ਉਸੇ ਤਰ੍ਹਾਂ ਦਿਮਾਗ ਨੂੰ ਲਗਾਤਾਰ ਚੰਗਾ ਅਤੇ ਭਰਪੂਰ ਆਹਾਰ ਮਿਲਦਾ ਰਹੇ ਤਾਂ ਉਸ ਨਾਲ ਨਾ ਸਿਰਫ ਉਹ ਤਰੋਤਾਜ਼ਾ ਰਹੇਗਾ, ਸਗੋਂ ਫੁਰਤੀਲਾ ਵੀ ਹੋ ਜਾਵੇਗਾ।
ਤੁਸੀਂ ਆਪਣੇ ਆਲੇ-ਦੁਆਲੇ ਥੋੜ੍ਹਾ ਧਿਆਨ ਦਿਓ। ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਘਰ ਵਿਚ ਹੀ ਨਜ਼ਰ ਘੁੰਮਾ ਲਓ। ਘਰ ਦੇ ਬੱਚੇ ਜਦੋਂ 9ਵੀਂ-10ਵੀਂ ਵਿਚ ਸਨ, ਉਦੋਂ ਤੱਕ ਉਨ੍ਹਾਂ ਦੇ ਨੰਬਰ ਸਹੀ ਆਉਂਦੇ ਸਨ, ਪਰ 11ਵੀਂ-12ਵੀਂ ਵਿਚ ਆਉਂਦੀ ਹੀ ਉਨ੍ਹਾਂ ਦੇ ਨੰਬਰ ਘੱਟ ਹੋ ਜਾਂਦੇ ਹਨ।
ਅਸੀਂ ਇਹ ਸੋਚਦੇ ਹਾਂ ਕਿ ਉਹ ਹੁਣ ਪੜ੍ਹਦਾ ਨਹੀਂ, ਘੁੰਮਦਾ ਬਹੁਤ ਹੈ, ਪੜ੍ਹਾਈ ਵਧ ਗਈ ਹੈ, ਵੱਡੀਆਂ ਕਲਾਸਾਂ ਵਿਚ ਅਜਿਹਾ ਹੀ ਹੁੰਦਾ ਹੈ ਆਦਿ, ਪਰ ਅਜਿਹਾ ਨਹੀਂ ਹੈ। ਹੁਣ ਉਹ ਬਾਹਰ ਦਾ ਖਾਣਾ ਜ਼ਿਆਦਾ ਖਾਂਦਾ ਹੈ। ਕੋਲਡ ਡ੍ਰਿੰਕ ਤਾਂ ਉਸ ਦੀਆਂ ਜ਼ਰੂਰੀ ਚੀਜ਼ਾਂ ਵਿਚੋਂ ਇਕ ਹੈ ਅਤੇ ਘਰ ਦਾ ਖਾਣਾ ਉਸ ਨੂੰ ਪਸੰਦ ਨਹੀਂ। ਕਿਉਂ, ਹੈ ਨਾ ਅਜਿਹਾ?
ਸਾਡੇ ਦਿਮਾਗ ਨੂੰ ਭੋਜਨ ਵਿਚ ਖਣਿਜ ਅਤੇ ਪ੍ਰੋਟੀਨ, ਸਾਰੇ ਤਰ੍ਹਾਂ ਦੇ ਵਿਟਾਮਿਨਾਂ ਦੀ ਖਾਸ ਲੋੜ ਹੁੰਦੀ ਹੈ। ਇਸ ਨਾਲ ਸਾਡੇ ਦਿਮਾਗ ਨੂੰ ਸ਼ਕਤੀ ਅਤੇ ਤਰੋਤਾਜ਼ਗੀ ਮਿਲਦੀ ਹੈ। ਇਹੀ ਕਾਰਨ ਹੈ ਕਿ ਪਿੰਡ ਵਿਚ ਪੜ੍ਹ ਰਹੇ ਵਿਦਿਆਰਥੀ ਸਰੀਰਕ ਅਤੇ ਦਿਮਾਗੀ ਤੌਰ 'ਤੇ ਔਸਤ ਸ਼ਹਿਰੀ ਬੱਚਿਆਂ ਨਾਲੋਂ ਬਿਹਤਰ ਹਾਲਤ ਵਿਚ ਹੁੰਦੇ ਹਨ। ਦਰਅਸਲ ਆਪਣੇ ਬੱਚੇ ਨੂੰ ਪੜ੍ਹਾਈ ਵਿਚ ਅੱਗੇ ਕਰਨ ਲਈ ਉਸ ਨੂੰ ਇਕ ਚੰਗਾ ਭੋਜਨ ਦੇਣਾ ਬਹੁਤ ਜ਼ਰੂਰੀ ਹੈ। ਇਸ ਵਿਚ ਖਣਿਜ, ਦੁੱਧ, ਘਿਓ, ਦਹੀਂ, ਫਲ ਆਦਿ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਗਾਜਰ ਅਤੇ ਸੰਤਰੇ ਦਾ ਇਕ-ਇਕ ਗਿਲਾਸ ਰਸ ਪੀ ਲਓ ਤਾਂ ਉਸ ਨਾਲ ਤੁਹਾਡੇ ਪੂਰੇ ਦਿਨ ਦੇ ਵਿਟਾਮਿਨ ਦੀ ਲੋੜ ਪੂਰੀ ਹੋ ਜਾਂਦੀ ਹੈ। ਇਨ੍ਹਾਂ ਦੇ ਨਾਲ-ਨਾਲ ਸਬਜ਼ੀ 'ਤੇ ਵੀ ਧਿਆਨ ਦਿਓ। ਹਰੀਆਂ ਸਬਜ਼ੀਆਂ ਅੱਖਾਂ, ਸਿਹਤ ਅਤੇ ਦਿਮਾਗ ਲਈ ਬਹੁਤ ਫਾਇਦੇਮੰਦ ਹਨ।
ਉਂਜ ਤਾਂ ਇਸ ਚੀਜ਼ ਵੱਲ ਧਿਆਨ ਸਾਨੂੰ ਬੱਚਿਆਂ ਦੀ ਛੋਟੀ ਉਮਰ ਵਿਚ ਹੀ ਦੇਣਾ ਚਾਹੀਦਾ ਹੈ। ਆਮ ਤੌਰ 'ਤੇ ਇਕ ਬੱਚੇ ਦੇ ਦਿਮਾਗ ਦਾ ਵਿਕਾਸ 6 ਸਾਲ ਦੀ ਉਮਰ ਤੱਕ ਹੁੰਦਾ ਹੈ। ਅਜਿਹੇ ਵਿਚ ਉਸ ਨੂੰ ਪ੍ਰੋਟੀਨ ਦੀ ਬੇਹੱਦ ਲੋੜ ਹੁੰਦੀ ਹੈ। 1-2 ਸਾਲ ਤੱਕ ਮਾਂ ਦਾ ਦੁੱਧ ਅਤੇ ਉਸ ਤੋਂ ਬਾਅਦ ਦੁੱਧ-ਘਿਓ, ਦਾਲ ਆਦਿ ਬੱਚੇ ਨੂੰ ਚੰਗੀ ਮਾਤਰਾ ਵਿਚ ਦਿਓ। ਪ੍ਰੋਟੀਨ ਨਾ ਮਿਲਣ ਨਾਲ ਕੋਸ਼ਿਕਾਵਾਂ ਦਾ ਵਿਕਾਸ ਢੰਗ ਨਾਲ ਨਹੀਂ ਹੋਵੇਗਾ। ਅਜਿਹੇ ਵਿਚ ਜੇ ਇਕ ਵਾਰ ਉਮਰ ਨਿਕਲ ਜਾਵੇ ਤਾਂ ਬਾਅਦ ਵਿਚ ਜਿੰਨਾ ਮਰਜ਼ੀ ਖਵਾਓ, ਦਿਮਾਗ ਦੀਆਂ ਕੋਸ਼ਿਕਾਵਾਂ ਨਹੀਂ ਵਧ ਸਕਣਗੀਆਂ। ਹਾਂ, ਦਿਮਾਗ ਚੁਸਤ-ਦਰੁਸਤ ਅਤੇ ਦਬਾਅ ਝੱਲਣ ਯੋਗ ਹੀ ਹੋ ਸਕੇਗਾ।
ਮਾਨਸਿਕ ਸ਼ੋਰ ਵਧਾਉਣ ਵਿਚ ਭੋਜਨ ਦੇ ਮਹੱਤਵ ਨੂੰ ਵਿਗਿਆਨੀ ਬਾਖੂਬੀ ਮੰਨਦੇ ਹਨ। ਇਸੇ ਤੋਂ ਪ੍ਰੇਰਿਤ ਹੋ ਕੇ ਛੋਟੇ ਬੱਚਿਆਂ ਲਈ ਸਕੂਲਾਂ ਵਿਚ ਉਚਿਤ ਭੋਜਨ ਵੰਡਣਾ ਸ਼ੁਰੂ ਕੀਤਾ ਗਿਆ। ਇਸ ਗੱਲ ਦਾ ਸਰਕਾਰ ਵੀ ਪ੍ਰਚਾਰ ਕਰਕੇ ਉਚਿਤ ਧਿਆਨ ਦੇ ਰਹੀ ਹੈ। ਆਪਣੇ ਟੀ. ਵੀ. 'ਤੇ 'ਆਇਓਡੀਨ' ਵਾਲਾ ਨਮਕ, ਹਰੀਆਂ ਸਬਜ਼ੀਆਂ ਦੀ ਅਹਿਮੀਅਤ, ਯਾਦਾਸ਼ਤ ਲਈ ਬ੍ਰਹਮੀ ਦੀ ਵਰਤੋਂ ਆਦਿ ਪ੍ਰਚਾਰ ਦੇਖੇ ਹੀ ਹੋਣਗੇ, ਅਰਥਾਤ ਬੱਚਿਆਂ ਦੀ ਮਾਨਸਿਕ ਸ਼ਕਤੀ ਵਧਾਉਣ ਵਿਚ ਸਹੀ ਆਹਾਰ ਦੀ ਬੇਹੱਦ ਲੋੜ ਹੈ।

-ਰਜਤ

ਚੁਸਤੀ, ਫੁਰਤੀਦਾਇਕ ਵੀ ਹੁੰਦੀਆਂ ਹਨ ਚਾਹ ਦੀਆਂ ਚੁਸਕੀਆਂ

ਸਾਡੇ ਲੋਕਾਂ ਵਿਚ ਚਾਹ ਨੂੰ ਸਿਹਤ ਲਈ ਨੁਕਸਾਨਦਾਇਕ ਅਤੇ ਨਸ਼ੇ ਦਾ ਸਾਧਨ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਚਾਹ ਸਬੰਧੀ ਅਸੀਂ ਜੋ ਗ਼ਲਤ ਧਾਰਨਾ ਬਣਾ ਰੱਖੀ ਹੈ, ਉਸ ਨੂੰ ਦੂਰ ਕਰਨਾ ਜ਼ਰੂਰੀ ਹੈ। ਚਾਹ ਸਿਰਫ ਹਾਨੀਕਾਰਕ ਹੀ ਨਹੀਂ, ਸਗੋਂ ਇਹ ਫਾਇਦੇਮੰਦ ਵੀ ਹੈ। ਚਾਹ ਇਕ ਬੂਟੇ ਵਿਸ਼ੇਸ਼ ਦੇ ਪੱਤੇ ਹੀ ਤਾਂ ਹਨ, ਜਿਨ੍ਹਾਂ ਨੂੰ ਸੁਕਾ ਕੇ ਇਕ ਵਿਸ਼ੇਸ਼ ਰੰਗ ਅਤੇ ਸਵਾਦ ਦਿੱਤਾ ਗਿਆ ਹੈ।
ਕਿਸੇ ਵੀ ਬੂਟੇ ਦੇ ਪੱਤਿਆਂ ਦਾ ਅਰਕ ਜਾਂ ਕਵਾਥ ਹਮੇਸ਼ਾ ਹਾਨੀਕਾਰਕ ਕਿਵੇਂ ਹੋ ਸਕਦਾ ਹੈ ਪਰ ਫਿਰ ਵੀ ਕਈ ਵਾਰ ਚਾਹ ਪੀਣੀ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ ਅਤੇ ਇਸ ਦਾ ਪ੍ਰਮੁੱਖ ਕਾਰਨ ਹੈ ਚਾਹ ਦੇ ਤਿਆਰ ਸੁੱਕੇ ਪੱਤਿਆਂ ਜਾਂ ਚਾਹ ਬਣਾਉਣ ਵਿਚ ਕੋਈ ਕਮੀ।
ਚਾਹ ਦੀਆਂ ਪ੍ਰਮੁੱਖ ਕਿਸਮਾਂ
ਰੰਗ ਦੇ ਅਨੁਸਾਰ ਚਾਹ ਦੀਆਂ ਪ੍ਰਮੁੱਖ ਰੂਪ ਨਾਲ 3 ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ-1. ਹਰੀ ਚਾਹ, 2. ਕਾਲੀ ਚਾਹ, 3. ਉਲਾਂਗ ਚਾਹ।
ਉਪਰੋਕਤ ਵਿਚੋਂ ਹਰੀ ਚਾਹ ਜਾਂ ਗ੍ਰੀਨ ਟੀ ਲੀਵਜ਼ ਵਿਚ ਕਿਸੇ ਤਰ੍ਹਾਂ ਦੇ ਰੰਗ ਜਾਂ ਸਵਾਦ ਦਾ ਮਿਸ਼ਰਣ ਨਹੀਂ ਕੀਤਾ ਜਾਂਦਾ। ਇਸ ਵਿਚ ਤਾਜ਼ਾ ਪੱਤਿਆਂ ਨੂੰ ਸਿਰਫ ਸੁਕਾ ਕੇ ਪੈਕ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਨਕਲੀ ਗੰਧ ਤੋਂ ਇਸ ਨੂੰ ਮੁਕਤ ਰੱਖਿਆ ਜਾਂਦਾ ਹੈ। ਕੁਦਰਤੀ ਪੱਤੇ ਹੋਣ ਦੇ ਕਾਰਨ ਹੀ ਇਸ ਨੂੰ ਹਰੀ ਚਾਹ ਕਹਿੰਦੇ ਹਨ।
ਹਰੀ ਚਾਹ ਬਣਾਉਣ ਸਮੇਂ ਇਸ ਵਿਚ ਦੁੱਧ ਨਹੀਂ ਮਿਲਾਇਆ ਜਾਂਦਾ। ਪਾਣੀ ਉਬਾਲ ਕੇ ਉਸ ਵਿਚ ਪੱਤੇ ਪਾ ਕੇ ਢਕ ਕੇ ਰੱਖ ਦਿੱਤਾ ਜਾਂਦਾ ਹੈ। ਪੱਤੇ ਪਾਉਣ ਤੋਂ ਬਾਅਦ ਉਸ ਨੂੰ ਉਬਾਲਾ ਨਹੀਂ ਆਉਂਦਾ। ਥੋੜ੍ਹੀ ਦੇਰ ਵਿਚ ਪੱਤਿਆਂ ਦਾ ਕੁਦਰਤੀ ਅਤੇ ਸੁਭਾਵਿਕ ਰੰਗ ਅਤੇ ਸਵਾਦ ਪਾਣੀ ਵਿਚ ਆ ਜਾਂਦਾ ਹੈ। ਇਸ ਨੂੰ ਪੁਣ ਕੇ ਇਸ ਵਿਚ ਸਵਾਦ ਜਾਂ ਲੋੜ ਅਨੁਸਾਰ ਸ਼ਹਿਦ ਜਾਂ ਖੰਡ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਬਣਾਈ ਚਾਹ ਨਾ ਸਿਰਫ ਚੁਸਤੀ-ਫੁਰਤੀ ਅਤੇ ਊਰਜਾ ਦਿੰਦੀ ਹੈ, ਸਗੋਂ ਦਵਾਈ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਵਿਗਿਆਨੀਆਂ ਦੀਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਇਸ ਤਰ੍ਹਾਂ ਦੀ ਚਾਹ ਵਿਚ ਕੈਂਸਰਰੋਧੀ ਗੁਣ ਭਰਪੂਰ ਮਾਤਰਾ ਵਿਚ ਮਿਲਦੇ ਹਨ। ਦੂਜਾ ਇਸ ਤਰ੍ਹਾਂ ਤਿਆਰ ਬਿਨਾਂ ਉਬਾਲੀ ਗਈ ਚਾਹ ਵਿਚ ਕੈਫੀਨ ਵਰਗੇ ਤੁਲਨਾਤਮਕ ਮਾਦਕ ਤੱਤ ਵੀ ਪੀਣ ਵਾਲੇ ਪਦਾਰਥ ਵਿਚ ਨਹੀਂ ਆਉਂਦੇ।
ਦੂਜੇ ਪਾਸੇ ਤੀਜੀ ਤਰ੍ਹਾਂ ਦੀ ਚਾਹ ਦੀ ਪੱਤੀ ਨੂੰ ਤਿਆਰ ਕਰਨ ਲਈ ਚਾਹ ਦੇ ਪੱਤਿਆਂ ਤੋਂ ਇਲਾਵਾ ਬਾਹਰੋਂ ਕਈ ਹੋਰ ਚੀਜ਼ਾਂ ਮਿਲਾ ਕੇ ਉਸ ਦੇ ਰੰਗ ਅਤੇ ਸਵਾਦ ਨੂੰ ਬਦਲਿਆ ਜਾਂਦਾ ਹੈ। ਜੇ ਬਲੈਂਡਿੰਗ ਦੀ ਇਸ ਪ੍ਰਕਿਰਿਆ ਵਿਚ ਕੋਈ ਮਾਦਕ ਪਦਾਰਥ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਤਾਂ ਇਹ ਜ਼ਰੂਰ ਹੀ ਆਪਣਾ ਪ੍ਰਭਾਵ ਪਾਵੇਗਾ। ਇਸ ਤਰ੍ਹਾਂ ਅੱਜ ਬਾਜ਼ਾਰ ਵਿਚ ਅਨੇਕ ਤਰ੍ਹਾਂ ਦੀਆਂ ਚਾਹ ਦੀਆਂ ਪੱਤੀਆਂ ਉਪਲਬਧ ਹਨ।
ਕਾਲੀ ਜਾਂ ਉਲਾਂਗ ਚਾਹ ਦੀ ਪੱਤੀ ਨਾਲ ਚਾਹ ਤਿਆਰ ਕਰਨ ਦੀ ਵੀ ਸਹੀ ਵਿਧੀ ਇਹੀ ਹੈ ਕਿ ਚਾਹ ਦੇ ਪੱਤਿਆਂ ਨੂੰ ਉਬਲਦੇ ਪਾਣੀ ਵਿਚ ਭਿਉਂ ਕੇ ਥੋੜ੍ਹੀ ਦੇਰ ਬਾਅਦ ਉਸ ਨੂੰ ਪੁਣ ਲਿਆ ਜਾਵੇ ਅਤੇ ਉਸ ਵਿਚ ਗਰਮ ਦੁੱਧ ਅਤੇ ਖੰਡ ਮਿਲਾ ਕੇ ਉਸ ਦਾ ਸੇਵਨ ਕੀਤਾ ਜਾਵੇ। ਇਸ ਨਾਲ ਵੀ ਹਾਨੀਕਾਰਕ ਤੱਤ ਤਿਆਰ ਚਾਹ ਵਿਚ ਨਹੀਂ ਆਉਣਗੇ। ਕੁਝ ਲੋਕ ਵਿਸ਼ੁੱਧ ਹਰੀ ਚਾਹ ਦੇ ਪੱਤਿਆਂ ਨਾਲ ਬਣਾਈ ਚਾਹ ਪਸੰਦ ਨਹੀਂ ਕਰਦੇ ਤੇ ਕੁਝ ਕਾਲੀ ਜਾਂ ਉਲਾਂਗ ਚਾਹ ਦੀ ਪੱਤੀ ਨਾਲ ਤਿਆਰ ਚਾਹ ਪਸੰਦ ਨਹੀਂ ਕਰਦੇ। ਇਸ ਦਾ ਸਭ ਤੋਂ ਚੰਗਾ ਉਪਾਅ ਹੈ ਦੋਵੇਂ ਤਰ੍ਹਾਂ ਦੀਆਂ ਪੱਤੀਆਂ ਦੀ ਆਪਣੀ ਪਸੰਦ ਦੇ ਅਨੁਸਾਰ ਮਿਲਾ ਕੇ ਵਰਤੋਂ ਕੀਤੀ ਜਾਵੇ।
ਕੁਝ ਲੋਕ ਚਾਹ ਨੂੰ ਬਹੁਤ ਪਸੰਦ ਕਰਦੇ ਹਨ ਪਰ ਕੁਝ ਲੋਕ ਇਸ ਨੂੰ ਨਾ ਸਿਰਫ ਘਾਤਕ ਮੰਨਦੇ ਹਨ, ਸਗੋਂ ਚਾਹ ਨੂੰ ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼ ਵੀ ਮੰਨਦੇ ਹਨ। ਕੀ ਚਾਹ ਅਸਲ ਵਿਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕੂਲ ਅਤੇ ਘਾਤਕ ਹੈ? ਸਾਡੇ ਦੇਸ਼ 'ਚ ਵੈਦਿਕ ਕਾਲ ਤੋਂ ਹੀ ਅਨੇਕਾਂ ਰੋਗਾਂ ਦੇ ਇਲਾਜ ਲਈ ਕਾੜ੍ਹਾ ਬਣਾ ਕੇ ਪੀਣ ਦਾ ਵਰਨਣ ਮਿਲਦਾ ਹੈ। ਆਯੁਰਵੈਦ ਵਿਚ ਅਨੇਕਾਂ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਅਤੇ ਬਨਸਪਤੀ ਨਾਲ ਕਾੜ੍ਹਾ ਬਣਾਉਣ ਦਾ ਵਰਨਣ ਮਿਲਦਾ ਹੈ। ਯੂਨਾਨੀ ਇਲਾਜ ਪ੍ਰਣਾਲੀ ਵਿਚ ਜੋਸ਼ੀਂਦਾ ਵੀ ਵੱਖ-ਵੱਖ ਤਰ੍ਹਾਂ ਦੀਆਂ ਜੜੀ-ਬੂਟੀਆਂ ਨੂੰ ਉਬਾਲ ਕੇ ਹੀ ਬਣਾਇਆ ਜਾਂਦਾ ਹੈ।
ਕਾਲੀ ਮਿਰਚ, ਲੌਂਗ, ਵੱਡੀ ਅਤੇ ਛੋਟੀ ਇਲਾਇਚੀ, ਸੌਂਫ ਜਾਂ ਅਦਰਕ, ਪੀਪਲ, ਮੁਲੱਠੀ, ਉਨਾਬ, ਬਨਫਸ਼ਾ ਆਦਿ ਅਨੇਕਾਂ ਜੜ੍ਹੀ-ਬੂਟੀਆਂ ਅਤੇ ਮਸਾਲਿਆਂ ਨੂੰ ਉਬਾਲ ਕੇ ਕਾੜ੍ਹਾ ਬਣਾਉਣ ਦਾ ਪ੍ਰਚਲਨ ਅੱਜ ਵੀ ਸਾਡੇ ਇਥੇ ਖੂਬ ਪ੍ਰਚਲਿਤ ਹੈ। ਸਰਦੀ-ਜ਼ੁਕਾਮ ਦੇ ਇਲਾਜ ਲਈ ਤਾਂ ਇਸ ਤੋਂ ਫਾਇਦੇਮੰਦ ਦਵਾਈ ਹੋ ਹੀ ਨਹੀਂ ਸਕਦੀ। ਇਸੇ ਤਰ੍ਹਾਂ ਚਾਹ ਵਿਚ ਵੀ ਅਨੇਕ ਦਵਾਈ ਵਾਲੇ ਗੁਣ ਮੌਜੂਦ ਹਨ, ਜੋ ਸਰੀਰ ਨੂੰ ਚੁਸਤੀ-ਫੁਰਤੀ ਦੇਣ ਦੇ ਨਾਲ-ਨਾਲ ਅਨੇਕ ਤਰ੍ਹਾਂ ਦੇ ਰੋਗਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਇਲਾਜ ਕਰਨ ਵਿਚ ਸਮਰੱਥ ਹਨ।
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

ਪੇਟ ਦੀਆਂ ਬਿਮਾਰੀਆਂ

ਜਿਗਰ ਅਤੇ ਅੰਤੜੀ ਸੋਜ : ਕਿਉਂ ਤੇ ਕਿਵੇਂ?

ਪੀਲੀਆ ਕਿਉਂ ਹੋ ਜਾਂਦਾ ਹੈ, ਜਿਗਰ ਕਿਵੇਂ ਵਧ ਜਾਂਦਾ ਹੈ, ਭੁੱਖ ਕਿਉਂ ਘਟ ਜਾਂਦੀ ਹੈ, ਅੰਤੜੀ ਨੂੰ ਸੋਜ ਕਿਵੇਂ ਹੋ ਜਾਂਦੀ ਹੈ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਕ ਪੁਰਾਣੀ ਕਹਾਵਤ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ। ਸਾਡੇ ਸਰੀਰ ਦਾ ਵਿਕਾਸ ਸਾਡੇ ਭੋਜਨ 'ਤੇ ਨਿਰਭਰ ਕਰਦਾ ਹੈ। ਭੋਜਨ ਸਾਡੇ ਸਰੀਰਕ ਵਿਕਾਸ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ। ਪੇਟ ਉਸ ਨੂੰ ਪਚਾ ਕੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਜੇ ਤੁਹਾਡਾ ਪਾਚਣ ਤੰਤਰ ਠੀਕ ਹੈ ਤਾਂ ਤੁਸੀਂ ਜੋ ਕੁਝ ਵੀ ਖਾਓਗੇ, ਉਹ ਤੁਹਾਡੇ ਸਰੀਰ ਨੂੰ ਲੱਗੇਗਾ। ਕਿਹਾ ਵੀ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹਜ਼ਾਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਪਾਚਣ ਤੰਤਰ ਵਿਚ ਹੋਣ ਵਾਲੀ ਕਿਸੇ ਵੀ ਗੜਬੜੀ ਨੂੰ ਨਜ਼ਰਅੰਦਾਜ਼ ਨਾ ਕਰੋ, ਨਹੀਂ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ।
ਦੂਸ਼ਿਤ ਵਾਤਾਵਰਨ ਦਾ ਸਿੱਧਾ ਪ੍ਰਭਾਵ ਸਿਹਤ 'ਤੇ ਪੈਂਦਾ ਹੈ। ਸਰੀਰ ਵਿਚ ਪੇਟ ਇਕ ਅਜਿਹਾ ਅੰਗ ਹੈ, ਜੋ ਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਪੇਟ ਵਿਚ ਗੈਸ ਬਣਨ, ਹਲਕਾ ਦਰਦ ਹੋਣ ਅਤੇ ਪਖਾਨਾ ਠੀਕ ਤਰ੍ਹਾਂ ਨਾ ਆਉਣ ਜਾਂ ਵਾਰ-ਵਾਰ ਆਉਣ 'ਤੇ ਕਮਜ਼ੋਰ ਮਹਿਸੂਸ ਹੋਣ ਦੀ ਸ਼ਿਕਾਇਤ ਆਮ ਹੀ ਹੁੰਦੀ ਹੈ। ਇਹ ਸਾਰੀਆਂ ਤਕਲੀਫਾਂ ਇਕ ਆਮ ਬਿਮਾਰੀ ਦੀ ਵਜ੍ਹਾ ਨਾਲ ਹੁੰਦੀਆਂ ਹਨ, ਜਿਸ ਨੂੰ ਏਕ ਬਿਉਸਿਸ ਕਹਿੰਦੇ ਹਨ। ਅਸਲ ਵਿਚ ਸਾਡੇ ਤੰਤਰ ਵਿਚ ਲਿਵਰ ਤੋਂ ਬਾਅਦ ਅੰਤੜੀਆਂ ਦਾ ਸਥਾਨ ਆਉਂਦਾ ਹੈ। ਵੱਡੀ ਤੇ ਛੋਟੀ ਅੰਤੜੀ ਤੋਂ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਪਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਅੰਤੜੀਆਂ ਵਿਚ ਤਕਲੀਫ ਦਾ ਸਾਡੇ ਪੇਟ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਅਤੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੇ ਰੋਗ ਦਾ ਮੁੱਖ ਕਾਰਨ ਅੰਤੜੀਆਂ ਤੇ ਜਿਗਰ ਦੀ ਸੋਜ ਹੈ। ਇਸ ਦੇ ਕਾਰਨ ਪੇਟ ਵਿਚ ਹਲਕਾ-ਹਲਕਾ ਦਰਦ ਅਤੇ ਵਾਰ-ਵਾਰ ਪਖਾਨਾ ਆਉਂਦਾ ਹੈ। ਹੌਲੀ-ਹੌਲੀ ਮਰੀਜ਼ ਨੂੰ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਭੁੱਖ ਘੱਟ ਲਗਦੀ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਰੀਜ਼ ਦਾ ਭਾਰ ਘਟ ਜਾਂਦਾ ਹੈ। ਅੰਤੜੀ ਤੇ ਜਿਗਰ ਵਿਚ ਸੋਜ ਹੋਣ 'ਤੇ ਪੇਟ ਫੁੱਲਿਆ-ਫੁੱਲਿਆ ਨਜ਼ਰ ਆਉਂਦਾ ਹੈ।
ਲਿਵਰ ਦੀ ਸੋਜ : ਲਿਵਰ ਸਾਡੇ ਪਾਚਣ ਤੰਤਰ ਦਾ ਮੁੱਖ ਅੰਗ ਹੈ, ਜਿਸ ਵਿਚੋਂ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ।
ਲੱਛਣ : ਭੁੱਖ ਘੱਟ ਲਗਦੀ ਹੈ। ਉਲਟੀ ਆਉਣੀ ਤੇ ਜੀਅ ਕੱਚਾ ਹੋਣਾ ਤੇ ਹਲਕਾ ਬੁਖਾਰ ਰਹਿਣਾ, ਕਈ ਵਾਰ ਬੇਹੋਸ਼ੀ ਵੀ ਆ ਜਾਂਦੀ ਹੈ।
ਇਲਾਜ : ਇਸ ਦੇ ਇਲਾਜ ਲਈ ਵੀ ਬਹੁਤ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਦੇ ਕੇ ਤਲੀਆਂ ਤੇ ਖੱਟੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਕੇ ਪੂਰਾ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਸੰਪਰਕ ਵੀ ਜ਼ਰੂਰੀ ਹੈ।
ਅੰਤੜੀਆਂ ਦੀ ਸੋਜ : ਅੰਤੜੀਆਂ ਦੀ ਸੋਜ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ, ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਪਖਾਨਾ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ।
ਇਲਾਜ : ਇਸ ਬਿਮਾਰੀ ਦਾ ਇਲਾਜ ਬਹੁਤ ਅਸਾਨ ਹੈ। ਪੇਟ ਦੇ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਕਰਾਉਣ ਅਤੇ ਖਾਣ-ਪੀਣ ਦਾ ਧਿਆਨ ਰੱਖਣ ਨਾਲ ਥੋੜ੍ਹੇ ਦਿਨਾਂ ਵਿਚ ਹੀ ਬਿਮਾਰੀ ਖ਼ਤਮ ਹੋ ਜਾਂਦੀ ਹੈ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਸਰੀਰ ਅਤੇ ਦਿਮਾਗ ਨੂੰ ਅੰਦਰੂਨੀ ਤਾਕਤ ਦਿੰਦਾ ਹੈ ਅਨੁਲੋਮ-ਵਿਲੋਮ

ਪ੍ਰਾਣਾਯਾਮ ਵਿਚ ਅਨੁਲੋਮ-ਵਿਲੋਮ ਪ੍ਰਾਣਾਯਾਮ ਸਰੀਰ ਅਤੇ ਦਿਮਾਗ ਦੀ ਸ਼ੁੱਧੀ ਕਰਨ ਦਾ ਸਭ ਤੋਂ ਚੰਗਾ ਯੋਗ ਹੈ। ਹਰ ਉਮਰ ਦੇ ਲੋਕ ਇਸ ਪ੍ਰਾਣਾਯਾਮ ਨੂੰ ਕਰ ਸਕਦੇ ਹਨ ਪਰ ਇਸ ਨੂੰ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਜਾਂ ਯੋਗਾਚਾਰੀਆ ਕੋਲੋਂ ਇਸ ਦੀ ਸਹੀ ਜਾਣਕਾਰੀ ਲਓ, ਫਿਰ ਅਭਿਆਸ ਜਾਰੀ ਰੱਖੋ। ਗ਼ਲਤ ਪ੍ਰਾਣਾਯਾਮ ਨੁਕਸਾਨ ਪਹੁੰਚਾ ਸਕਦਾ ਹੈ।
ਅਨੁਲੋਮ-ਵਿਲੋਮ ਪ੍ਰਾਣਾਯਾਮ ਵਿਚ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ਨੂੰ ਦੁਹਰਾਇਆ ਜਾਂਦਾ ਹੈ, ਜਿਸ ਨੂੰ ਨਾੜੀਸ਼ੋਧਕ ਵੀ ਕਿਹਾ ਜਾਂਦਾ ਹੈ। ਇਸ ਪ੍ਰਾਣਾਯਾਮ ਨੂੰ ਕਰਨ ਨਾਲ ਨਰਵਸ ਸਿਸਟਮ ਸੁਚਾਰੂ ਰੂਪ ਨਾਲ ਚਲਦਾ ਹੈ ਅਤੇ ਦਿਮਾਗ ਦੀ ਮਸਾਜ ਵੀ ਹੋ ਜਾਂਦੀ ਹੈ, ਜਿਸ ਨਾਲ ਸਾਡਾ ਨਰਵਸ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਅਸੀਂ ਤਣਾਅਰਹਿਤ ਮਹਿਸੂਸ ਕਰਦੇ ਹਾਂ।
ਦੂਜਾ ਵੱਡਾ ਲਾਭ ਇਸ ਨੂੰ ਨਿਯਮਤ ਕਰਨ ਨਾਲ ਫੇਫੜੇ ਸ਼ਕਤੀਸ਼ਾਲੀ ਬਣਦੇ ਹਨ, ਦਿਲ ਮਜ਼ਬੂਤ ਹੁੰਦਾ ਹੈ ਅਤੇ ਪੂਰੇ ਸਰੀਰ ਵਿਚ ਖੂਨ ਅਤੇ ਆਕਸੀਜਨ ਦਾ ਵਹਾਅ ਠੀਕ ਰਹਿੰਦਾ ਹੈ। ਖੂਨ ਅਤੇ ਆਕਸੀਜਨ ਦੇ ਠੀਕ ਵਹਾਅ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਸਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ।
ਪ੍ਰਾਣਾਯਾਮ ਕਰਨ ਦਾ ਸਹੀ ਸਮਾਂ : ਕੋਈ ਵੀ ਪ੍ਰਾਣਾਯਾਮ ਕਰਨ ਦਾ ਠੀਕ ਸਮਾਂ ਸਵੇਰ ਨੂੰ ਹੁੰਦਾ ਹੈ ਜਦੋਂ ਪੇਟ ਖਾਲੀ ਹੋਵੇ ਅਤੇ ਮਨ ਸ਼ਾਂਤ ਹੋਵੇ। ਕੋਈ ਵਿਘਨ ਨਾ ਹੋਵੇ ਤਾਂ ਪ੍ਰਾਣਾਯਾਮ ਕਰਨ ਦਾ ਲਾਭ ਪੂਰਾ ਮਿਲਦਾ ਹੈ। ਸਾਫ-ਸੁਥਰੀ ਜਗ੍ਹਾ ਤੇ ਯੋਗਾ ਮੈਟ, ਦਰੀ ਵਿਛਾ ਕੇ ਆਰਾਮਦਾਇਕ ਸਥਿਤੀ ਵਿਚ ਬੈਠੋ। ਕਮਰ, ਗਰਦਨ ਸਿੱਧੀ ਰੱਖੋ। ਜੇ ਪਦਮ ਆਸਣ ਲਗਾ ਸਕਦੇ ਹੋ ਤਾਂ ਲਗਾਓ। ਅਰਧਪਦਮ ਆਸਣ, ਸੁਖ ਆਸਣ ਜਾਂ ਵੱਜਰ ਆਸਣ ਵਿਚ ਬੈਠੋ। ਜ਼ਮੀਨ 'ਤੇ ਬੈਠਣਾ ਮੁਸ਼ਕਿਲ ਹੋਵੇ ਤਾਂ ਲੱਕੜੀ ਦੀ ਕੁਰਸੀ 'ਤੇ ਪਿੱਠ ਸਿੱਧੀ ਕਰਕੇ ਬੈਠੋ।
ਪ੍ਰਾਣਾਯਾਮ ਕਰਨ ਦੀ ਵਿਧੀ : ਅੱਖਾਂ ਬੰਦ ਕਰ ਲਓ। ਖੱਬੀ ਹਥੇਲੀ ਨੂੰ ਖੱਬੇ ਗੋਡੇ 'ਤੇ ਰੱਖੋ। ਸੱਜੇ ਹੱਥ ਨਾਲ ਗਿਆਨਮੁਦਰਾ ਬਣਾਓ। ਸਭ ਤੋਂ ਪਹਿਲਾਂ ਪੇਟ ਵਿਚੋਂ ਸਾਹ ਬਾਹਰ ਕੱਢੋ। ਪੇਟ ਖਾਲੀ ਕਰਕੇ ਸੱਜੇ ਅੰਗੂਠੇ ਨੂੰ ਸੱਜੀ ਨਾਸ 'ਤੇ ਰੱਖੋ, ਥੋੜ੍ਹਾ ਦਬਾਅ ਦਿਓ। ਤਰਜਨੀ ਅਤੇ ਵਿਚਕਾਰਲੀ ਉਂਗਲੀ ਨੂੰ ਭੌਹਾਂ ਦੇ ਵਿਚਕਾਰ ਰੱਖੋ। ਖੱਬੀ ਨਾਸ ਰਾਹੀਂ ਸਾਹ ਖਿੱਚੋ, ਫਿਰ ਖੱਬੀ ਨਾਸ ਨੂੰ ਅਨਾਮਿਕਾ ਨਾਲ ਬੰਦ ਕਰਕੇ ਹੌਲੀ-ਹੌਲੀ ਸਾਹ ਛੱਡੋ। ਇਸੇ ਪ੍ਰਕਿਰਿਆ ਨੂੰ ਖੱਬੀ ਨਾਸ ਰਾਹੀਂ ਦੁਹਰਾਓ। ਇਸ ਤਰ੍ਹਾਂ ਇਹ ਇਕ ਵਾਰ ਦਾ ਚੱਕਰ ਪੂਰਾ ਹੋਇਆ। ਇਸੇ ਤਰ੍ਹਾਂ ਚੱਕਰ ਦੁਹਰਾਓ। ਸ਼ੁਰੂਆਤ ਵਿਚ 5 ਵਾਰ ਇਸ ਕਿਰਿਆ ਨੂੰ ਦੁਹਰਾਓ। ਫਿਰ ਦੋਵੇਂ ਹਥੇਲੀਆਂ ਦੋਵੇਂ ਹਥੇਲੀਆਂ ਦੋਵੇਂ ਗੋਡਿਆਂ 'ਤੇ ਰੱਖ ਕੇ ਅੱਖਾਂ ਬੰਦ ਕਰਕੇ ਥੋੜ੍ਹਾ ਆਰਾਮ ਕਰੋ।
ਇਸ ਤਰ੍ਹਾਂ ਤੁਸੀਂ ਇਸ ਕਿਰਿਆ ਨੂੰ ਹੌਲੀ-ਹੌਲੀ ਵਧਾਓ। 5 ਮਿੰਟ ਤੋਂ ਸ਼ੁਰੂ ਕਰਕੇ 15-20 ਮਿੰਟ ਤੱਕ ਲੈ ਜਾਓ। ਧਿਆਨ ਦਿਓ, ਸਾਹ ਲੈਣ ਅਤੇ ਛੱਡਣ ਦੇ ਵਿਚਕਾਰ ਕੁਝ ਫਰਕ ਰੱਖੋ। ਸ਼ੁਰੂਆਤ ਵਿਚ ਸਹੂਲਤ ਅਨੁਸਾਰ ਕਰੋ, ਹੌਲੀ-ਹੌਲੀ ਅਭਿਆਸ ਨੂੰ ਵਧਾਉਣਾ ਹੈ। ਸਾਹ ਲੈਣ ਅਤੇ ਛੱਡਣ ਸਮੇਂ ਸਾਹਾਂ 'ਤੇ ਧਿਆਨ ਬਣਾਈ ਰੱਖੋ। ਤੁਸੀਂ ਚਾਹੋ ਤਾਂ ਸਾਹ ਭਰੋ ਅਤੇ ਦੂਜੇ ਪਾਸਿਓਂ ਸਾਹ ਛੱਡੋ। ਸਾਹ ਦਾ ਲੈਣਾ-ਛੱਡਣਾ ਸੁਵਿਧਾਜਨਕ ਹੋਣਾ ਚਾਹੀਦਾ ਹੈ। ਜ਼ੋਰ ਨਾ ਲਗਾਓ। ਸਾਹ ਭਰਦੇ ਅਤੇ ਛੱਡਦੇ ਸਮੇਂ ਜ਼ੋਰ ਲਗਾਉਣ ਨਾਲ ਸਿਰ ਭਾਰੀ ਹੋ ਸਕਦਾ ਹੈ।
ਜਦੋਂ ਵੀ ਕੋਈ ਵੀ ਪ੍ਰਾਣਾਯਾਮ ਕਰੋ ਤਾਂ ਅਖੀਰ ਵਿਚ ਅੱਖਾਂ ਬੰਦ ਕਰਕੇ ਆਪਣੇ ਸਾਹਾਂ ਨੂੰ ਆਉਂਦੇ-ਜਾਂਦੇ ਦੇਖੋ। ਹੌਲੀ-ਹੌਲੀ ਅੱਖਾਂ ਖੋਲ੍ਹੋ।

ਹਾਸੇ ਨਾਲ ਸੰਭਵ ਹੈ ਲੰਮੀ ਉਮਰ ਵੀ

ਹਾਸੇ ਨਾਲ ਨਾ ਸਿਰਫ ਰੋਗਮੁਕਤੀ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਸੰਭਵ ਹੈ, ਸਗੋਂ ਜ਼ਿਆਦਾ ਹੱਸਣ ਵਾਲੇ ਵਿਅਕਤੀਆਂ ਦੀ ਉਮਰ ਵੀ ਲੰਮੀ ਹੁੰਦੀ ਹੈ ਅਤੇ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਆਧੁਨਿਕ ਵਿਗਿਆਨਕ ਖੋਜਾਂ ਨਾਲ।
ਹਾਲ ਹੀ ਵਿਚ ਵਿਗਿਆਨੀਆਂ ਨੇ ਕੁਝ ਬੇਸਬਾਲ ਖਿਡਾਰੀਆਂ ਦੀਆਂ ਉਨ੍ਹਾਂ ਦੇ ਹਾਸੇ ਦੇ ਆਧਾਰ 'ਤੇ ਰੇਂਕਿੰਗ ਕੀਤੀ। ਕੁਝ ਖਿਡਾਰੀ ਅਜਿਹੇ ਸਨ, ਜੋ ਖੂਬ ਹੱਸਦੇ ਸਨ ਅਤੇ ਜੀਅ ਖੋਲ੍ਹ ਕੇ ਹੱਸਦੇ ਸਨ ਜਦੋਂ ਕੁਝ ਖਿਡਾਰੀ ਅਜਿਹੇ ਸਨ, ਜੋ ਕਦੇ-ਕਦੇ ਹੱਸਦੇ ਸਨ ਪਰ ਕੁਝ ਖਿਡਾਰੀ ਅਜਿਹੇ ਵੀ ਸਨ, ਜੋ ਬਿਲਕੁਲ ਨਹੀਂ ਹੱਸਦੇ ਸੀ।
ਉਨ੍ਹਾਂ ਦੇ ਜੀਵਨ ਸਮੇਂ ਦਾ ਅਧਿਐਨ ਕਰਨ 'ਤੇ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਜੋ ਖਿਡਾਰੀ ਬਿਲਕੁਲ ਨਹੀਂ ਹੱਸਦੇ ਸੀ, ਉਨ੍ਹਾਂ ਦੀ ਔਸਤ ਉਮਰ 72.9 ਸਾਲ ਰਹੀ ਜਦੋਂ ਕਿ ਜੋ ਖਿਡਾਰੀ ਖੂਬ ਹੱਸਦੇ ਸਨ, ਉਨ੍ਹਾਂ ਦੀ ਔਸਤ ਉਮਰ 79.9 ਸਾਲ ਪਾਈ ਗਈ। ਘੱਟ ਹੱਸਣ ਵਾਲੇ ਖਿਡਾਰੀਆਂ ਦੀ ਔਸਤ ਉਮਰ ਇਨ੍ਹਾਂ ਦੋਵਾਂ ਦੇ ਵਿਚਕਾਰ ਅਰਥਾਤ 75 ਸਾਲ ਦੇ ਲਗਪਗ ਰਹੀ। ਇਸ ਤੋਂ ਸਿੱਧ ਹੁੰਦਾ ਹੈ ਕਿ ਹੱਸਣਾ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ। ਜਿੰਨਾ ਜ਼ਿਆਦਾ ਹੱਸੋਗੇ, ਓਨੀ ਹੀ ਲੰਬੀ ਉਮਰ ਪਾ ਸਕੋਗੇ ਅਤੇ ਉਹ ਵੀ ਚੰਗੀ ਸਿਹਤ ਦੇ ਨਾਲ।
ਹਾਸੇ ਨਾਲ ਸਮੇਂ ਦੀ ਸੀਮਾ ਮਿਟ ਜਿਹੀ ਜਾਂਦੀ ਹੈ। ਹੱਸਦੇ-ਹੱਸਦੇ ਕਦੋਂ ਅਤੇ ਕਿਵੇਂ ਸਮਾਂ ਬੀਤ ਜਾਂਦਾ ਹੈ, ਪਤਾ ਹੀ ਨਹੀਂ ਲਗਦਾ। ਦਿਨ ਘੰਟਿਆਂ ਵਿਚ ਅਤੇ ਘੰਟੇ ਮਿੰਟਾਂ ਵਿਚ ਬੀਤਦੇ ਲਗਦੇ ਹਨ। ਇਕ ਵਾਰ ਦੀ ਗੱਲ ਹੈ ਕਿ ਪਿੰਜੌਰ ਤੋਂ ਦਿੱਲੀ ਆ ਰਹੇ ਸੀ। ਬੱਸ ਵਿਚ ਸਾਰੇ ਯਾਤਰੀ ਇਕ-ਦੂਜੇ ਦੇ ਵਾਕਿਫ ਸਨ। ਹਾਸਾ-ਮਜ਼ਾਕ ਦਾ ਅਜਿਹਾ ਦੌਰ ਚੱਲਿਆ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ।
ਮੇਰੀ ਚਾਹ ਪੀਣ ਦੀ ਇੱਛਾ ਹੋ ਰਹੀ ਸੀ। ਮੈਂ ਆਪਣੇ ਨਾਲ ਦੇ ਯਾਤਰੀਆਂ ਨੂੰ ਕਿਹਾ ਕਿ ਭਰਾਵੋ, ਕਿਤੇ ਬੱਸ ਰੁਕਵਾ ਕੇ ਚਾਹ-ਚੂਹ ਤਾਂ ਪਿਲਵਾ ਦਿਓ ਤਾਂ ਇਕ ਯਾਤਰੀ ਨੇ ਕਿਹਾ, 'ਸਿਰਫ ਦਸ ਮਿੰਟ ਹੋਰ ਰੁਕੋ, ਫਿਰ ਆਰਾਮ ਨਾਲ ਪੀਓ ਚਾਹ।'
ਮੇਰਾ ਅੰਦਾਜ਼ਾ ਸੀ ਕਿ ਘੱਟ ਤੋਂ ਘੱਟ ਅੱਧਾ ਸਫ਼ਰ ਤਾਂ ਜ਼ਰੂਰ ਤੈਅ ਹੋ ਚੁੱਕਾ ਹੋਵੇਗਾ। 10 ਮਿੰਟ ਬਾਅਦ ਜਦੋਂ ਬੱਸ ਰੁਕੀ ਤਾਂ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਅਸੀਂ ਦਿੱਲੀ ਪਹੁੰਚ ਚੁੱਕੇ ਸੀ। ਇਹ ਹਾਸੇ ਦਾ ਹੀ ਪ੍ਰਭਾਵ ਸੀ ਕਿ ਸਮੇਂ ਦੇ ਬੀਤਣ ਦਾ ਪਤਾ ਹੀ ਨਹੀਂ ਲੱਗਾ।

ਵਿਟਾਮਿਨ 'ਸੀ' ਦੇ ਨਾਲ ਕਸਰਤ ਵੀ ਜ਼ਰੂਰੀ

ਕਾਫੀ ਸਮੇਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਵਿਟਾਮਿਨ 'ਸੀ' ਸਰਦੀ-ਜ਼ੁਕਾਮ ਨੂੰ ਦੂਰ ਭਜਾਉਣ ਵਿਚ ਸਹਾਇਕ ਹੈ। ਹੁਣ ਇਕ ਖੋਜ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਵਿਟਾਮਿਨ 'ਸੀ' ਸਰਦੀ-ਜ਼ੁਕਾਮ ਦੂਰ ਕਰਨ ਲਈ ਤਾਂ ਹੀ ਲਾਭਦਾਇਕ ਹੋ ਸਕਦਾ ਹੈ ਜੇ ਉਸ ਦੇ ਨਾਲ ਕਸਰਤ ਵੀ ਕੀਤੀ ਜਾਵੇ। ਜੋ ਲੋਕ ਕਸਰਤ ਨਹੀਂ ਕਰਦੇ, ਉਨ੍ਹਾਂ ਨੂੰ ਵਿਟਾਮਿਨ 'ਸੀ' ਲੈਣ ਦਾ ਕੋਈ ਲਾਭ ਨਹੀਂ ਮਿਲਦਾ, ਉਲਟਾ ਵਿਟਾਮਿਨ 'ਸੀ' ਲੈਣ ਵਾਲਿਆਂ ਵਿਚ ਗੁਰਦੇ ਦੀ ਪੱਥਰੀ ਦਾ ਖਤਰਾ ਦੋਗੁਣਾ ਹੋ ਜਾਂਦਾ ਹੈ।
ਵੱਡਿਆਂ ਨੂੰ ਅਕਸਰ ਸਾਲ ਵਿਚ 2-3 ਵਾਰ ਸਰਦੀ-ਜ਼ੁਕਾਮ ਹੁੰਦਾ ਹੈ, ਜਦੋਂ ਕਿ ਬੱਚਿਆਂ ਨੂੰ ਸਾਲ ਵਿਚ 10-12 ਵਾਰ ਸਰਦੀ-ਜ਼ੁਕਾਮ ਹੁੰਦਾ ਹੈ। ਇਹ ਪਾਇਆ ਗਿਆ ਹੈ ਕਿ ਵਿਟਾਮਿਨ 'ਸੀ' ਲੈਣ ਨਾਲ ਸਰਦੀ-ਜ਼ੁਕਾਮ ਛੇਤੀ ਠੀਕ ਹੋ ਜਾਂਦਾ ਹੈ ਪਰ ਇਸ ਨੂੰ ਬਿਲਕੁਲ ਨਹੀਂ ਰੋਕਿਆ ਜਾ ਸਕਦਾ।

ਦਰਦ ਤੋਂ ਇੰਜ ਬਚੋ

ਦਰਦ ਕਦੇ ਵੀ, ਕਿਤੇ ਵੀ, ਕਿਸੇ ਵੀ ਉਮਰ ਵਿਚ ਤੁਹਾਨੂੰ ਤੰਗ ਕਰ ਸਕਦੀ ਹੈ। ਜੇ ਅਸੀਂ ਸਰਗਰਮ ਰਹੀਏ, ਮੋਟਾਪਾ ਕਾਬੂ ਵਿਚ ਰੱਖੀਏ, ਸਰੀਰ ਦੀ ਸਥਿਤੀ ਠੀਕ ਰੱਖੀਏ ਅਤੇ ਆਪਣਾ ਖਾਣ-ਪੀਣ ਸਾਧਾਰਨ ਅਤੇ ਪੌਸ਼ਟਿਕ ਰੱਖੀਏ ਤਾਂ ਅਸੀਂ ਉਮਰ ਦੇ ਨਾਲ ਹੋਣ ਵਾਲੀਆਂ ਦਰਦਾਂ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹਾਂ।
ਗਤੀਸ਼ੀਲ ਰਹੋ, ਕਸਰਤ ਕਰੋ : * ਗਤੀਸ਼ੀਲ ਰਹਿਣ ਲਈ ਆਪਣੇ ਕੰਮ ਖੁਦ ਕਰੋ। ਉੱਠਣ-ਬੈਠਣ ਵਿਚ ਆਲਸ ਨਾ ਕਰੋ। ਸਰੀਰ ਦੇ ਸਾਰੇ ਜੋੜ ਚਲਦੇ ਰਹਿਣ, ਇਸ ਲਈ ਜ਼ਰੂਰੀ ਹੈ ਨਿਯਮਤ ਕਸਰਤ ਜਿਵੇਂ ਕਾਰਡਿਓਵੈਸਕੁਲਰ, ਸਟ੍ਰੈਚਿੰਗ, ਸਟ੍ਰੇਂਥਨਿੰਗ, ਯੋਗਾਅਭਿਆਸ ਆਦਿ। ਜੇ ਤੁਸੀਂ ਜਵਾਨ ਹੋ ਅਤੇ ਗੋਡੇ, ਕਮਰ ਸਹੀ ਹਨ ਤਾਂ ਤੁਸੀਂ ਤੇਜ਼ ਸੈਰ ਨਿਯਮਤ ਕਰ ਸਕਦੇ ਹੋ। ਜੇ ਉਮਰ ਵਧ ਰਹੀ ਹੈ ਤਾਂ ਸਾਧਾਰਨ ਸੈਰ 25 ਤੋਂ 30 ਮਿੰਟ ਤੱਕ ਜ਼ਰੂਰ ਨਿਯਮਤ ਕਰੋ। ਇਹ ਸੁਰੱਖਿਅਤ ਕਸਰਤ ਹੈ। ਇਸ ਨਾਲ ਗੋਡਿਆਂ ਅਤੇ ਕਮਰ 'ਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ।
* ਦਿਨ ਵਿਚ ਕੁਝ ਸਮਾਂ ਸਟ੍ਰੈਚਿੰਗ 'ਤੇ ਜ਼ਰੂਰ ਦਿਓ, ਜਿਨ੍ਹਾਂ ਨੂੰ ਸੂਖਮ ਕਿਰਿਆਵਾਂ ਕਹਿੰਦੇ ਹਨ। ਗੁੱਟਾਂ, ਗੋਡਿਆਂ, ਕਮਰ ਨੂੰ ਸਟ੍ਰੈਚ ਕਰੋ ਤਾਂ ਕਿ ਜੋੜ ਗਤੀਸ਼ੀਲ ਰਹਿਣ ਅਤੇ ਇਨ੍ਹਾਂ ਵਿਚ ਹਲਚਲ ਬਣੀ ਰਹੇ।
ਖਾਣ-ਪੀਣ ਪੌਸ਼ਟਿਕ ਰੱਖੋ : ਸਰੀਰ ਨੂੰ ਦਰਦ ਤੋਂ ਬਚਾਈ ਰੱਖਣ ਲਈ ਪੌਸ਼ਟਿਕ ਭੋਜਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨਿਯਮਤ ਰੂਪ ਨਾਲ ਮੇਵੇ, ਘੱਟ ਫੈਟ ਵਾਲਾ ਦੁੱਧ, ਦਹੀਂ, ਲੱਸੀ, ਦਾਲਾਂ, ਟੋਫੂ, ਸਬਜ਼ੀਆਂ, ਬ੍ਰੋਕਲੀ, ਮਸ਼ਰੂਮ, ਚੁਕੰਦਰ, ਫਲ, ਸੋਇਆਬੀਨ ਲਓ। ਪਾਣੀ ਦਿਨ ਵਿਚ 2 ਤੋਂ 3 ਲਿਟਰ ਪੀਓ ਤਾਂ ਕਿ ਮਾਸਪੇਸ਼ੀਆਂ ਮੁਲਾਇਮ ਬਣੀਆਂ ਰਹਿਣ।
ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਰੱਖੋ : ਵਿਟਾਮਿਨ 'ਡੀ' ਦੀ ਕਮੀ ਧੁੱਪ ਸੇਵਨ ਨਾਲ ਕੁਦਰਤੀ ਰੂਪ ਨਾਲ ਦੂਰ ਹੁੰਦੀ ਹੈ। ਮਾਹਿਰਾਂ ਅਨੁਸਾਰ ਮਹੀਨੇ ਵਿਚ 4-5 ਦਿਨ ਤੱਕ 80 ਫ਼ੀਸਦੀ ਸਰੀਰ ਖੁੱਲ੍ਹਾ ਰੱਖ ਕੇ 45 ਮਿੰਟ ਤੱਕ ਧੁੱਪ ਵਿਚ ਬੈਠੋ ਜੋ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਮੁਸ਼ਕਿਲ ਹੈ। 25 ਤੋਂ 30 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 60 ਹਜ਼ਾਰ ਯੂਨਿਟ ਦਾ ਵਿਟਾਮਿਨ 'ਡੀ' ਦਾ ਸੈਸ਼ੇ ਲਓ।
ਕੈਲਸ਼ੀਅਮ ਦੀ ਕਮੀ ਨਾਲ ਵੀ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਦਰਦ ਦੀ ਸ਼ਿਕਾਇਤ ਹੁੰਦੀ ਹੈ। ਕੈਲਸ਼ੀਅਮ ਨਾਲ ਭਰਪੂਰ ਭੋਜਨ ਲਓ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਸਪਲੀਮੈਂਟ ਵੀ ਲੈ ਸਕਦੇ ਹੋ।
ਉੱਠਣ-ਬੈਠਣ, ਸੌਣ, ਚੱਲਣ ਵਿਚ ਸਰੀਰ ਦੀ ਸਥਿਤੀ ਠੀਕ ਰੱਖੋ : ਸਰੀਰ ਦੀ ਗ਼ਲਤ ਸਥਿਤੀ ਵੀ ਸਾਡੇ ਅੰਗਾਂ ਵਿਚ ਦਰਦ ਦਾ ਕਾਰਨ ਬਣਦੀ ਹੈ। ਬੈਠਦੇ ਹੋਏ ਕਮਰ ਝੁਕਾ ਕੇ ਨਾ ਬੈਠੋ, ਕੁਰਸੀ, ਸੋਫੇ, ਗੱਡੀ ਵਿਚ ਬੈਠਦੇ ਸਮੇਂ ਆਪਣਾ 70 ਤੋਂ 80 ਫੀਸਦੀ ਪਿਛਲਾ ਹਿੱਸਾ ਬੈਠਣ ਵਾਲੀ ਜਗ੍ਹਾ 'ਤੇ ਰੱਖੋ, ਬਾਕੀ ਸੀਟ ਦੇ ਬਾਹਰ। ਪੈਰਾਂ ਨੂੰ ਜ਼ਿਆਦਾ ਦੇਰ ਤੱਕ ਲਟਕਾ ਕੇ ਨਾ ਬੈਠੋ। ਕੱਦ ਛੋਟਾ ਹੋਣ 'ਤੇ ਕੁਰਸੀ 'ਤੇ ਢੋਅ ਲਗਾ ਕੇ ਰੱਖੋ। ਗੋਡੇ 'ਤੇ ਗੋਡਾ ਜਾਂ ਪੈਰ 'ਤੇ ਪੈਰ ਰੱਖ ਕੇ ਨਾ ਬੈਠੋ। ਪੈਰਾਂ ਦੇ ਹੇਠਾਂ ਵੀ ਫੁੱਟ ਰੈਸਟ ਰੱਖੋ।
ਡਰਾਈਵਿੰਗ ਕਰਦੇ ਸਮੇਂ ਆਪਣੇ-ਆਪ ਨੂੰ ਸਟੇਅਰਿੰਗ ਦੇ ਕੋਲ ਰੱਖੋ। ਸੀਟ 'ਤੇ ਇਸ ਤਰ੍ਹਾਂ ਬੈਠੋ ਕਿ ਗੋਡੇ ਹਿਪਸ ਦੇ ਬਰਾਬਰ ਰਹਿਣ। ਕਮਰ ਦੇ ਹੇਠਲੇ ਹਿੱਸੇ ਵਿਚ ਤੌਲੀਏ ਦਾ ਸਹਾਰਾ ਬਣਾ ਕੇ ਰੱਖੋ।
ਗੋਡੇ, ਧੌਣ ਨੂੰ ਲਗਾਤਾਰ ਇਕ ਸੇਧ ਵਿਚ ਰੱਖੋ, ਥੋੜ੍ਹੇ ਫਰਕ ਨਾਲ ਘੁਮਾਉਂਦੇ ਰਹੋ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਇਕ ਘੰਟੇ ਬਾਅਦ ਸੀਟ ਤੋਂ ਉੱਠੋ, ਸਰੀਰ ਨੂੰ ਸਟ੍ਰੈਚ ਕਰੋ ਅਤੇ ਥੋੜ੍ਹਾ ਤੁਰੋ। ਧੌਣ ਦੋਵੇਂ ਪਾਸੇ ਹੌਲੀ-ਹੌਲੀ ਘੁਮਾਓ, ਅੱਗੇ-ਪਿੱਛੇ ਵੀ।
ਰਸੋਈ ਵਿਚ ਸਲੈਬ ਦੀ ਉਚਾਈ ਏਨੀ ਰੱਖੋ ਕਿ ਝੁਕ ਕੇ ਕੰਮ ਨਾ ਕਰਨਾ ਪਵੇ। ਜ਼ਿਆਦਾ ਦੇਰ ਖੜ੍ਹੇ ਹੋ ਕੇ ਕੰਮ ਨਾ ਕਰੋ। ਵਿਚ-ਵਿਚ ਇਧਰ-ਉਧਰ ਜਾਓ ਜਾਂ ਫਿਰ ਉੱਚਾ ਸਟੂਲ, ਕੁਰਸੀ ਰੱਖ ਕੇ ਬੈਠ ਜਾਓ।
ਯੋਗ ਦੁਆਰਾ ਵੀ ਦਰਦਾਂ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਕਿਸੇ ਮਾਹਿਰ ਦੀ ਦੇਖ-ਰੇਖ ਵਿਚ ਯੋਗ ਕਿਰਿਆਵਾਂ, ਪ੍ਰਾਣਾਯਾਮ ਸਿੱਖੋ। ਮਨ ਨੂੰ ਸ਼ਾਂਤ ਰੱਖੋ।
**

ਸਿਹਤ ਖ਼ਬਰਨਾਮਾ

ਵੱਡੀ ਅੰਤੜੀ ਦੇ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਖੰਡ

ਅਮਰੀਕਾ ਦੇ ਸਿਹਤ ਮਾਹਿਰਾਂ ਨੂੰ ਹਾਲ ਹੀ ਵਿਚ ਹੋਈ ਇਕ ਖੋਜ ਤੋਂ ਇਹ ਪਤਾ ਲੱਗਾ ਹੈ ਕਿ ਜੋ ਵਿਅਕਤੀ ਜ਼ਿਆਦਾ ਮਾਤਰਾ ਵਿਚ ਖੰਡ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੱਡੀ ਅੰਤੜੀ ਦਾ ਕੈਂਸਰ ਹੀ ਨਹੀਂ, ਬਲਕਿ ਕਈ ਹੋਰ ਵੱਡੇ ਰੋਗ ਵੀ ਹੋ ਸਕਦੇ ਹਨ। ਇਸ ਕਾਰਨ ਖੰਡ ਦੇ ਸੇਵਨ 'ਤੇ ਕਾਬੂ ਬਹੁਤ ਹੀ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਖੰਡ ਦੇ ਜ਼ਿਆਦਾ ਸੇਵਨ ਨਾਲ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀ ਮਿਲਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਖੰਡ ਦੇ ਜ਼ਿਆਦਾ ਸੇਵਨ ਨਾਲ ਹੋਰ ਵੀ ਬਹੁਤ ਨੁਕਸਾਨ ਹੁੰਦੇ ਹਨ। ਇਸ ਲਈ ਖੰਡ ਦੇ ਬਦਲ ਦੇ ਰੂਪ ਵਿਚ ਗੁੜ ਦੀ ਵਰਤੋਂ ਠੀਕ ਹੈ।
ਹਾਨੀਕਾਰਕ ਹੁੰਦੀਆਂ ਹਨ ਖੁਸ਼ਬੂਦਾਰ ਮੋਮਬੱਤੀਆਂ

ਵਿਗਿਆਨੀਆਂ ਨੇ ਇਕ ਖੋਜ ਵਿਚ ਪਾਇਆ ਹੈ ਕਿ ਖੁਸ਼ਬੂਦਾਰ ਮੋਮਬੱਤੀਆਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀਆਂ ਹਨ। ਇਨ੍ਹਾਂ ਵਿਚ ਵਰਤੀਆਂ ਜਾਣ ਵਾਲੀਆਂ ਚਮਕੀਲੀਆਂ ਬੱਤੀਆਂ ਸਿੱਕਾ ਮਿਸ਼ਰਤ ਪਦਾਰਥਾਂ ਨਾਲ ਬਣੀਆਂ ਹੁੰਦੀਆਂ ਹਨ, ਜੋ ਜਲਣ ਤੋਂ ਬਾਅਦ ਕਾਫੀ ਦੇਰ ਤੱਕ ਵਾਤਾਵਰਨ ਵਿਚ ਮੌਜੂਦ ਰਹਿੰਦੀ ਹੈ। ਅਮਰੀਕਨ ਲੰਗ ਐਸੋਸੀਏਸ਼ਨ ਨਾਲ ਸਬੰਧਤ ਡਾਕਟਰਾਂ ਅਨੁਸਾਰ ਸਿੱਕਾ ਮਿਸ਼ਰਤ ਕਣ ਤੰਤ੍ਰਿਕਾ-ਤੰਤਰ, ਦਿਲ ਪਰਿਭ੍ਰਮਣ ਆਦਿ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਅਨੇਕ ਰੋਗਾਂ ਦਾ ਜਨਮ ਹੁੰਦਾ ਹੈ।
ਕੰਟੈਕਟ ਲੈੱਨਜ਼ ਦੀ ਵਰਤੋਂ ਸਾਵਧਾਨੀ ਨਾਲ ਕਰੋ

'ਦ ਜਰਮਨ ਫੈਡਰਲ ਇੰਸਟੀਚਿਊਟ ਫਾਰ ਮੈਡੀਸਨ ਐਂਡ ਮੈਡੀਕਲ ਪ੍ਰੋਡਕਟਸ' ਦੇ ਮਾਹਿਰਾਂ ਅਨੁਸਾਰ ਅੱਖਾਂ ਦੀ ਸੁਰੱਖਿਆ ਲਈ ਕੰਟੈਕਟ ਲੈੱਨਜ਼ਾਂ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਜ਼ਰੂਰੀ ਹੁੰਦੀ ਹੈ, ਖਾਸ ਕਰਕੇ ਜਦੋਂ ਰਿਮੂਵੇਬਲ ਲੈੱਨਜ਼ ਲਗਾਇਆ ਜਾ ਰਿਹਾ ਹੋਵੇ। ਜਰਮਨ ਮਾਹਿਰਾਂ ਅਨੁਸਾਰ ਇਨ੍ਹਾਂ ਲੈੱਨਜ਼ਾਂ ਦੀ ਸਫਾਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਜੇ ਇਨ੍ਹਾਂ ਨੂੰ ਢੰਗ ਨਾਲ ਸਾਫ ਨਾ ਕੀਤਾ ਜਾਵੇ ਤਾਂ ਕਾਰਨੀਆ ਵਿਚ ਸੋਜ ਤੱਕ ਹੋ ਸਕਦੀ ਹੈ। ਲੈੱਨਜ਼ ਪਾਉਂਦੇ ਸਮੇਂ ਅਤੇ ਉਤਾਰਦੇ ਸਮੇਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX