ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  about 1 hour ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  about 3 hours ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  about 5 hours ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 5 hours ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  about 5 hours ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  about 6 hours ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  about 5 hours ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  about 7 hours ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  about 7 hours ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪਾਣੀ ਦੀਆਂ ਸੜਕਾਂ ਵਾਲਾ ਅਦਭੁਤ ਸ਼ਹਿਰ-ਵੈਨਸ

ਸੱਚ! ਮੈਨੂੰ ਇਸ ਤੋਂ ਪਹਿਲਾਂ ਟ੍ਰੈਫ਼ਿਕ ਕਦੇ ਵੀ ਏਨਾ ਰੋਮਾਂਚਿਕ ਨਹੀਂ ਸੀ ਜਾਪਿਆ | ਵੈਨਸ ਵਿਚ ਇਕ ਢਲਦੀ ਸ਼ਾਮ ਨੂੰ ਨਹਿਰ ਦੇ ਗੂੜ੍ਹੇ ਹਰੇ ਪਾਣੀ ਵਿਚ ਥਪਥਪਾਉਂਦੇ ਚੱਪੂਆਂ ਦੀ ਮੱਧਮ ਜਿਹੀ ਆਵਾਜ਼, ਕਿਨਾਰਿਆਂ 'ਤੇ ਲੱਗੀਆਂ ਟਿਮਟਿਮਾਉਂਦੀਆਂ ਬੱਤੀਆਂ, 'ਗੰਡੋਲਾ' ਵਿਚ ਚੱਲ ਰਹੇ ਮੱਧਮ ਜਿਹੇ ਮਧੁਰ ਸੰਗੀਤ ਦੇ ਸੁਰ ਅਤੇ ਉਸ 'ਤੇ ਲੱਗੇ ਫੁੱਲਾਂ ਦੀ ਮਹਿਕ ਦਾ ਮਿਸ਼ਰਣ | ਫਿਰ ਜਦ ਇਸ ਸੁਰਮਈ ਸ਼ਾਮ ਨੇ ਰਾਤ ਦੀ ਬੁੱਕਲ ਓੜੀ ਅਤੇ ਚੰਨ ਦੀ ਰੌਸ਼ਨੀ ਨੇ ਪਾਣੀ ਨੂੰ ਚਾਂਦੀ ਰੰਗਾ ਰੰਗ ਦਿੱਤਾ ਤਾਂ ਇਕ ਜਾਦੂ ਜਿਹਾ ਛਾ ਗਿਆ, ਜੋ ਮਨ 'ਤੇ ਇਕ ਸਦੀਵੀ ਛਾਪ ਛੱਡ ਗਿਆ |
ਵੈਨਸ ਸ਼ਹਿਰ ਮਨੁੱਖੀ ਸੂਝ-ਬੂਝ ਅਤੇ ਹੁਨਰ ਦਾ ਪ੍ਰਤੱਖ ਗਵਾਹ ਹੈ | ਇਟਲੀ ਦੇ ਪੂਰਬੀ ਹਿੱਸੇ ਵਿਚ ਇਕ ਲਗੂਨ (ਖਾਰੇ ਪਾਣੀ ਦੀ ਝੀਲ) 'ਤੇ ਸਥਿਤ ਇਹ 'ਪਾਣੀ ਉੱਪਰ ਤੈਰਦਾ ਸ਼ਹਿਰ' ਮਨੁੱਖੀ ਦਿਮਾਗ ਦੀ ਕਲਾ ਅਤੇ ਇੰਜੀਨੀਅਰਿੰਗ ਦਾ ਕਾਰਨਾਮਾ ਹੈ |
ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰੋਮਨ ਸ਼ਰਨਾਰਥੀਆਂ ਨੇ ਵਸਾਇਆ ਸੀ | ਪਰ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਇਹ ਸ਼ਹਿਰ ਕੋਈ ਪੰਦਰਾਂ ਹਜ਼ਾਰ ਸਾਲ ਪਹਿਲਾਂ ਹੋਂਦ ਵਿਚ ਆਇਆ | ਇਸ ਦੀ ਨੀਤੀਗਤ ਸਥਿਤੀ ਨੇ ਇਸ ਨੂੰ ਪੂਰੇ ਯੂਰਪ ਅਤੇ ਅਰਬੀ ਮੁਲਕਾਂ ਦੇ ਵਿਚਕਾਰ ਸਮੁੰਦਰੀ ਵਪਾਰ ਕਾਰਨ ਬਹੁਤ ਅਮੀਰ ਅਤੇ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ | ਇਹ ਅਮੀਰੀ ਇਸ ਦੀਆਂ ਵਿਸ਼ਾਲ ਅਤੇ ਸੁੰਦਰ ਯਾਦਗਾਰਾਂ ਵਿਚੋਂ ਝਲਕਦੀ ਹੈ |
ਇਹ ਦਿਲਕਸ਼ ਸ਼ਹਿਰ 118 ਛੋਟੇ-ਛੋਟੇ ਟਾਪੂਆਂ 'ਤੇ ਵਸਿਆ ਹੋਇਆ ਹੈ | ਇਹ ਟਾਪੂ ਆਪਸ ਵਿਚ ਇਕ ਖਾਰੇ ਪਾਣੀ ਦੀ ਝੀਲ (ਲਗੂਨ) ਨਾਲ ਜੁੜੇ ਹੋਏ ਹਨ | ਇਮਾਰਤਾਂ ਦੀਆਂ ਨੀਹਾਂ ਲੱਕੜ ਦੀਆਂ ਬੱਲੀਆਂ ਦੀਆਂ ਹਨ | ਇਨ੍ਹਾਂ ਲੱਕੜ ਦੀਆਂ ਬੱਲੀਆਂ ਦਾ ਪਾਣੀ ਦੇ ਵਿਚ ਢੇਰ ਲਗਾ ਕੇ ਉੱਪਰ ਵਿਸ਼ਾਲ ਇਮਾਰਤਾਂ ਬਣਾਈਆਂ ਗਈਆਂ ਹਨ | ਹਜ਼ਾਰਾਂ ਸਾਲਾਂ ਤੋਂ ਇਹ ਲੱਕੜੀਆਂ ਸਮੁੰਦਰੀ ਪਾਣੀ ਦੇ ਅੰਦਰ ਹੋਣ 'ਤੇ ਵੀ ਗਲੀਆਂ ਨਹੀਂ ਬਲਕਿ ਆਕਸੀਜਨ ਦੇ ਨਾ ਹੋਣ ਕਾਰਨ ਅਤੇ ਸਮੁੰਦਰ ਦੇ ਖਾਰੇ ਪਾਣੀ ਕਰਕੇ ਪੱਥਰ ਵਾਂਗ ਬਣ ਗਈਆਂ ਹਨ | ਇਹ ਸਾਰੇ ਟਾਪੂ ਕਰੀਬ 400 ਪੁਲਾਂ ਨਾਲ ਆਪਸ ਵਿਚ ਜੁੜੇ ਹੋਏ ਹਨ, ਜਿਸ ਕਾਰਨ ਸ਼ਹਿਰ ਨੂੰ 'ਸਿਟੀ ਆਫ਼ ਬਿ੍ਜਿਜ਼' (ਪੁਲਾਂ ਦਾ ਸ਼ਹਿਰ) ਵੀ ਕਿਹਾ ਜਾਂਦਾ ਹੈ |
ਇਹ ਇੱਕੀਵੀਂ ਸਦੀ ਦਾ ਦੁਨੀਆ ਵਿਚ ਇਕੋ-ਇਕ ਅਜਿਹਾ ਸ਼ਹਿਰ ਹੈ ਜਿਸ ਵਿਚ ਪਾਣੀ ਦੇ ਵਾਹਨਾਂ ਤੋਂ ਇਲਾਵਾ ਕੋਈ ਵੀ ਹੋਰ ਵਾਹਨ ਨਹੀਂ ਚਲਾਇਆ ਜਾਂਦਾ | ਇਸ ਸ਼ਹਿਰ ਦੀ ਪ੍ਰਮੁੱਖ ਸੜਕ ਇਕ ਤਿੰਨ ਕਿਲੋਮੀਟਰ ਲੰਮੀ ਕੈਨਾਲ (ਜਲ ਮਾਰਗ) ਹੈ ਜਿਸ ਨੂੰ 'ਗਰੈਂਡ ਕੈਨਾਲ' ਕਿਹਾ ਜਾਂਦਾ ਹੈ | ਇਹ ਸ਼ਹਿਰ ਦਾ ਸਭ ਤੋਂ ਭੀੜ-ਭੜੱਕੇ ਵਾਲਾ ਪਾਣੀ ਦਾ ਮਾਰਗ ਹੈ | ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਜਾਣ ਲਈ ਇਸ ਵਿਚੋਂ ਹੀ ਕਰੀਬ 177 ਵੱਖ-ਵੱਖ ਜਲ ਮਾਰਗ ਕੱਢੇ ਗਏ ਹਨ |
ਇਨ੍ਹਾਂ ਸਭ ਜਲ ਮਾਰਗਾਂ ਦੀ ਡੂੰਘਾਈ ਕਰੀਬ 10 ਤੋਂ 15 ਫੁੱਟ ਤੱਕ ਹੈ | ਕਿਸ਼ਤੀਆਂ ਦਿਨ-ਰਾਤ ਇਨ੍ਹਾਂ ਵਿਚ ਚਲਦੀਆਂ ਹਨ, ਇਸ ਲਈ ਇਨ੍ਹਾਂ ਦੇ ਆਲੇ-ਦੁਆਲੇ ਲਾਈਟਾਂ ਲਗਾਈਆਂ ਗਈਆਂ ਹਨ | ਪੁਲਿਸ ਦੀਆਂ ਕਿਸ਼ਤੀਆਂ ਇਨ੍ਹਾਂ ਜਲ ਮਾਰਗਾਂ ਵਿਚ ਆਵਾਜਾਈ ਦੀ ਠੀਕ ਵਿਉਂਤਬੰਦੀ 'ਤੇ ਨਜ਼ਰ ਰੱਖਦੀਆਂ ਹਨ | 'ਵੈਪੋਰਿਟੀ' ਵੈਨਸ ਵਿਚ ਬੱਸਾਂ ਨੂੰ ਕਿਹਾ ਜਾਂਦਾ ਹੈ ਜੋ ਇਥੋਂ ਦੇ ਲੋਕਾਂ, ਮੁਸਾਫ਼ਿਰਾਂ ਅਤੇ ਸੈਲਾਨੀਆਂ ਨੂੰ ਸ਼ਹਿਰ ਦੇ ਹਰੇਕ ਕੋਨੇ ਤੱਕ ਪਹੁੰਚਾਉਂਦੀਆਂ ਹਨ | ਇਹ ਸ਼ਬਦ ਉਦੋਂ ਤੋਂ ਪ੍ਰਚੱਲਿਤ ਹੈ ਜਦੋਂ ਤੋਂ ਇਨ੍ਹਾਂ ਨੂੰ ਭਾਫ਼ ਇੰਜਣ ਨਾਲ ਚਲਾਇਆ ਜਾਂਦਾ ਸੀ | ਇਸ ਤੋਂ ਇਲਾਵਾ ਹੂਟਰ ਵਜਾਉਂਦੀਆਂ ਐਾਬੂਲੈਂਸਾਂ, ਅੱਗ ਬੁਝਾਊ ਯੰਤਰਾਂ ਨਾਲ ਲੈਸ ਫਾਇਰ ਬਿ੍ਗੇਡ ਦੀਆਂ ਕਿਸ਼ਤੀਆਂ 'ਮੋਟੋਸਕੈਫੀ' (ਟੈਕਸੀਆਂ), ਮਛੇਰਿਆਂ ਦੀਆਂ ਕਿਸ਼ਤੀਆਂ, ਕੂੜਾ ਚੁੱਕਣ ਵਾਲੀਆਂ ਕਿਸ਼ਤੀਆਂ, ਮੋਟਰ ਬੋਟ, ਚੱਪੂ ਨਾਲ ਚਲਦੀਆਂ ਕਿਸ਼ਤੀਆਂ ਅਤੇ ਪੈਡਲ ਬੋਟ ਇਸ ਸ਼ਹਿਰ ਵਿਚ ਇੰਜ ਘੁੰਮਦੀਆਂ ਹਨ ਜਿਵੇਂ ਆਪਣੇ ਸ਼ਹਿਰ ਜਲੰਧਰ ਵਿਚ ਸੜਕਾਂ 'ਤੇ ਘੁੰਮਦੀਆਂ ਬੱਸਾਂ, ਟਰੱਕ, ਕਾਰਾਂ, ਸਕੂਟਰ, ਮੋਟਰਸਾਈਕਲ ਅਤੇ ਰਿਕਸ਼ੇ ਆਦਿ ਹੋਣ |
ਪਰ ਦੁਨੀਆ ਭਰ ਵਿਚ ਵੈਨਸ ਆਪਣੇ 'ਗੰਡੋਲਾ' ਕਰਕੇ ਮਸ਼ਹੂਰ ਹੈ | ਇਹ ਭੀੜੀਆਂ, ਪਤਲੀਆਂ, ਕਾਲੇ ਰੰਗ ਦੇ ਹੰਸ ਵਰਗੀਆਂ ਇਕ ਨਿਵੇਕਲੇ ਢੰਗ ਦੀਆਂ ਕਿਸ਼ਤੀਆਂ ਹਨ | ਇਨ੍ਹਾਂ ਨੂੰ 1500 ਈਸਵੀ ਤੋਂ ਕਾਲੇ ਰੰਗ ਦਾ ਕੀਤਾ ਗਿਆ ਹੈ, ਜਦੋਂ ਸ਼ਹਿਰ ਵਿਚ ਜ਼ਿਆਦਾ ਦਿਖਾਵਾ ਨਾ ਹੋਣ ਦਾ ਨਿਯਮ ਬਣਾ ਦਿੱਤਾ ਗਿਆ ਸੀ | ਅੱਜ ਵੈਨਸ ਵਿਚ 350 ਗੰਡੋਲਾ ਅਤੇ ਇਸ ਨੂੰ ਚਲਾਉਣ ਵਾਲੇ 400 ਦੇ ਕਰੀਬ ਗੰਡੋਲਾ ਚਾਲਕ (ਗੰਡੋਲੀਅਰ) ਹਨ | ਇਹ ਸਭ ਇਕੋ ਹੀ ਤਰ੍ਹਾਂ ਦੇ ਕੱਪੜੇ, ਧਾਰੀਦਾਰ ਟੀ-ਸ਼ਰਟਾਂ, ਕਾਲੀਆਂ ਪੈਂਟਾਂ, ਛੱਜੇ ਵਰਗੀਆਂ ਟੋਪੀਆਂ ਪਹਿਨਦੇ ਹਨ | ਗੰਡੋਲਾ ਚਾਲਕ ਚੱਪੂਆਂ ਦੀ ਥਾਂ ਲੰਬੇ ਡੰਡੇ ਨਾਲ ਇਸ ਨੂੰ ਚਲਾਉਂਦੇ ਹਨ | ਇਹ ਕਈ ਫੁੱਟ ਲੰਬੇ ਡੰਡੇ ਨਾਲ ਜਲ ਮਾਰਗ ਦੀ ਸਤ੍ਹਾ 'ਤੇ ਪਕੜ ਬਣਾ ਕੇ ਗੰਡੋਲਾ ਨੂੰ ਅੱਗੇ ਨੂੰ ਧੱਕਦੇ ਹਨ | ਬਰਾਤ ਚਰਚ ਤੱਕ ਜਾਣ ਲਈ ਗੰਡੋਲਾ ਨੂੰ ਲਾਲ ਅਤੇ ਗੁਲਾਬੀ ਰੰਗ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ | ਸ਼ਮਸ਼ਾਨਘਾਟ ਜਾਂਦੇ ਗੰਡੋਲਾ ਦੀ ਚਿੱਟੇ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਅਲੋਪ ਹੋ ਰਹੀਆਂ ਵਿਰਾਸਤੀ ਸੱਥਾਂ, ਛੱਪੜ-ਟੋਭੇ, ਘਰਾਟ ਤੇ ਖੂਹ

ਵਿਰਾਸਤੀ ਸੱਥਾਂ, ਟੋਭੇ ਤੇ ਖੂਹ ਦਾ ਕਦੀ ਸਾਡੇ ਪਿੰਡਾਂ ਦੀ ਜ਼ਿੰਦਗੀ ਵਿਚ ਬਹੁਤ ਅਹਿਮ ਸਥਾਨ ਹੁੰਦਾ ਸੀ | ਸੱਥਾਂ ਅਕਸਰ ਛੱਪੜਾਂ ਦੇ ਸਾਫ-ਸੁਥਰੇ ਕਿਨਾਰਿਆਂ, ਪਿੱਪਲ ਜਾਂ ਬੋਹੜਾਂ ਦੇ ਸੰਘਣੇ ਛਾਂਦਾਰ ਰੁੱਖਾਂ ਹੇਠ ਡਾਹੇ ਲੱਕੜ ਦੇ ਵੱਡੇ ਸਾਰੇ ਤਖ਼ਤਪੋਸ਼ ਜਾਂ ਪੱਕੇ ਥੜ੍ਹੇ ਉੱਤੇ ਸੁਸ਼ੋਭਿਤ ਹੁੰਦੀਆਂ ਸਨ | ਇਹ ਵਿਹਲੇ ਸਮੇਂ ਪਿੰਡ ਦੇ ਗੱਭਰੂ ਜਵਾਨਾਂ ਅਤੇ ਬਜ਼ੁਰਗਾਂ ਦਾ ਰੋਜ਼ਾਨਾ ਦੁਪਹਿਰਾ ਕੱਟਣ, ਹਲਕੇ ਮਨੋਰੰਜਨ (ਤਾਸ਼, ਸ਼ਤਰੰਜ, ਬਾਰਾਂ ਟਾਂਕ ਖੇਡ) ਦੇਸ਼ ਦੀ ਖ਼ਬਰਸਾਰ ਲਈ ਅਖ਼ਬਾਰ ਸੁਣਨ ਆਦਿ ਵਾਸਤੇ ਪਸੰਦ ਦੀ ਜਗ੍ਹਾ ਹੁੰਦੀ ਸੀ | ਕਦੀ ਨੀਂਦ ਦਾ ਝੋਕਾ/ਠੁਮਕਾ ਲਾਉਣ ਲਈ ਅਰਾਮਗਾਹ ਬਣ ਜਾਂਦੀਆਂ ਸਨ | ਬਜ਼ੁਰਗ ਇਨ੍ਹਾਂ ਸੱਥਾਂ ਦੀ ਰੌਣਕ ਹੁੰਦੇ ਸਨ | ਇਹ ਅਮੀਰੀ ਗ਼ਰੀਬੀ, ਜਾਤ ਪਾਤ ਤੋਂ ਉੱਚਾ ਉੱਠ ਕੇ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀਆਂ ਸਨ |
ਇਥੇ ਬਜ਼ੁਰਗ ਆਪਣੇ ਤਜਰਬੇ ਸਾਂਝੇ ਕਰਦੇ ਸਨ ਜਿਨ੍ਹਾਂ ਤੋਂ ਅਗਲੀ ਪੀੜ੍ਹੀ ਬਹੁਤ ਕੁਝ ਸਿੱਖਦੀ ਸੀ | ਸੱਥਾਂ 'ਚ ਬਜ਼ੁਰਗ ਧਾਰਮਿਕ, ਸਮਾਜਿਕ ਤੇ ਭਾਈਚਾਰੇ ਨਾਲ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ ਵਿਟਾਂਦਰਾ ਕਰਦੇ ਸਨ | ਮੈਨੰੂ ਆਪਣੇ ਪਿੰਡ ਦੀ ਸੱਥ ਦੀ ਯਾਦ ਹੈ | ਉਹ ਛੱਪੜ ਦੇ ਸਾਫ਼-ਸੁਥਰੇ ਕਿਨਾਰੇ, ਗਰੁਦੁਆਰੇ ਦੇ ਸਾਹਮਣੇ, ਹਲਟੀ ਵਾਲੀ ਖੂਹੀ ਤੋਂ ਅੱਗੇ, ਖਰਾਸ ਤੋਂ ਹਟਵੀਂ, ਵੱਡੇ ਸਾਰੇ ਪਿੱਪਲ ਦੇ ਛਾਂਦਾਰ ਰੁੱਖ ਥੱਲੇ ਹੁੰਦੀ ਸੀ | ਅਸੀਂ ਸਾਰੀ ਛੁੱਟੀ ਵੇਲੇ ਸਕੂਲੋਂ ਪੜ੍ਹ ਕੇ ਆਉਂਦੇ ਇਥੇ ਤਖ਼ਤਪੋਸ਼ ਉੱਤੇ ਬੈਠੇ ਬਜ਼ੁਰਗਾਂ ਨੂੰ ਤਾਸ਼ ਖੇਡਦੇ, ਹੱਸਦੇ ਹਸਾਉਂਦੇ, ਖੁਸ਼ ਹੁੰਦੇ ਅਤੇ ਹਾਸਾ ਠੱਠਾ ਕਰਦੇ ਵੇਖਦੇ ਸੀ | ਜੇ ਸਾਡਾ ਜੀਅ ਕਰੇ ਤਾਂ ਅਸੀਂ ਉਨ੍ਹਾਂ ਕੋਲ ਬੈਠ ਜਾਂਦੇ ਸੀ | ਉਹ ਸਾਡੀ ਪੜ੍ਹਾਈ ਬਾਰੇ ਪੁੱਛਦੇ, 'ਤਕੜੇ ਹੋ ਕੇ ਪੜ੍ਹ ਲਓ ਅਫ਼ਸਰ ਬਣੋਗੇ' ਆਖ ਹੱਲਾਸ਼ੇਰੀ ਦਿੰਦੇ ਸਨ ਅਤੇ ਖੁਸ਼ ਹੋ ਕਦੇ-ਕਦੇ ਖੀਸੇ 'ਚੋਂ ਮਿੱਠੀਆਂ ਗੋਲੀਆਂ ਕੱਢ ਕੇ ਵੀ ਦੇ ਦਿੰਦੇ ਸਨ | ਜੇ ਜ਼ਿਆਦਾ ਦੇਰ ਬੈਠਦੇ ਤਾਂ ਘੂਰ ਕੇ ਘਰ ਜਾਣ ਲਈ ਵੀ ਕਹਿ ਦਿੰਦੇ ਸਨ | ਸਰਬ ਸਾਂਝੇ ਫੈਸਲੇ 'ਇਹ ਖੂੰਡੇ ਵਾਲੇ ਬਜ਼ੁਰਗ' ਸੱਥਾਂ ਵਿਚ ਕਰਦੇ ਸਨ ਜਿਨ੍ਹਾਂ ਨੂੰ ਹਰ ਕੋਈ ਮੰਨਦਾ ਸੀ |
ਸੱਥਾਂ ਵਿਚ ਵਿਹਲੇ ਬਜ਼ੁਰਗ ਕਦੀ ਬੱਚਿਆਂ ਨੂੰ ਦੇਸ਼ ਭਗਤੀ, ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ਜੋ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੰਦੀਆਂ ਸਨ | ਪਦਾਰਥਵਾਦ ਦੇ ਯੁੱਗ ਨੇ ਬਜ਼ੁਰਗਾਂ ਦੀ ਅਣਦੇਖੀ ਹੀ ਨਹੀਂ ਕੀਤੀ ਸਗੋਂ ਬੇਲੋੜੇ ਤੇ ਵਾਧੂ ਸਮਝ ਘਰ ਦੀ ਕਿਸੇ ਨੁੱਕਰੇ ਪਏ ਰਹਿਣ ਲਈ ਮਜਬੂਰ ਕਰ ਦਿੱਤਾ ਹੈ | ਇਸ ਤਰ੍ਹਾਂ ਸੱਥਾਂ ਨੇ ਸੁੰਨੀਆਂ ਹੋ ਹੀ ਜਾਣਾ ਸੀ | ਗਿਆਨ ਦੀਆਂ ਸਰੋਤ ਅਲੋਪ ਹੋ ਰਹੀਆਂ ਸੱਥਾਂ ਦੀ ਥਾਂ ਅੱਜ ਕਲੱਬਾਂ ਨੇ ਲੈ ਲਈ ਹੈ ਪਰ ਉਨ੍ਹਾਂ ਦੀ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ |
ਟਿੰਡਾਂ ਵਾਲੇ ਖੂਹ
ਸਾਡੀ ਮਾਣਮੱਤੀ ਪੇਂਡੂ ਵਿਰਾਸਤ, ਅਮੀਰ ਸੱਭਿਆਚਾਰ ਅਤੇ ਸਾਡੇ ਲੋਕ ਗੀਤਾਂ ਵਿਚ ਖੂਹਾਂ, ਛੱਪੜਾਂ, ਟੋਭਿਆਂ, ਤਲਾਬਾਂ, ਛੰਬਾਂ ਆਦਿ ਰਵਾਇਤੀ ਜਲ ਸੋਮਿਆਂ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ | ਇਨ੍ਹਾਂ ਦੀ ਸਾਡੇ ਪੰਜਾਬੀ ਜਨ-ਜੀਵਨ ਵਿਚ ਬੜੀ ਅਹਿਮ ਥਾਂ ਹੈ | ਉਨ੍ਹਾਂ ਸਮਿਆਂ 'ਚ ਖੇਤਾਂ ਦੀ ਸਿੰਜਾਈ ਅਤੇ ਘਰਾਂ ਲਈ ਅੰਮਿ੍ਤ ਵਰਗੇ ਮਿੱਠੇ ਪਾਣੀ ਵਾਸਤੇ ਖੂਹ ਦੇ ਯੋਗਦਾਨ ਨੂੰ ਨਾ ਤਾਂ ਨਕਾਰਿਆ ਜਾ ਸਕਦਾ ਹੈ ਅਤੇ ਨਾ ਹੀ ਭੁਲਾਇਆ ਜਾ ਸਕਦਾ ਹੈ | ਅਸਲ 'ਚ ਇਹ ਖੂਹ ਦਿਹਾਤੀ ਲੋਕਾਂ ਦੀ ਜੀਵਨ ਰੇਖਾ ਸਨ | ਇਹ ਖੂਹ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਹੋਰ ਪੀਡਾ ਕਰਦੇ ਸਨ |
ਸਾਡੇ ਪਿੰਡ ਦੇ ਚੜ੍ਹਦੇ ਪਾਸੇ ਛੇ ਕੁ ਦਹਾਕੇ ਪਹਿਲਾਂ, ਬਾਹਰਲੇ ਸਕੂਲ ਨੇੜੇ ਪੁਰਾਣਾ ਬਰਨੇ ਵਾਲਾ ਖੂਹ ਹੁੰਦਾ ਸੀ | ਸਾਡੀ ਸੰਭਾਲ ਤੋਂ ਵੀ ਪਹਿਲਾਂ ਦਾ, ਪਰ ਪਿੰਡਾਂ ਦੀਆਂ ਰਸਮਾਂ ਰਿਵਾਜਾਂ ਦਾ ਬੜਾ ਮੁੱਲਵਾਨ ਹਿੱਸਾ ਇਹ ਖੂਹ ਸਨ | ਇਸ ਤੋਂ ਇਲਾਵਾ ਸਾਡੇ ਪਿੰਡ ਦੀਆਂ ਨਿਆਈਆਂ ਵਿਚ ਹੀਰੇਵਾਲਾ, ਅਤੇ ਜ਼ਰਾ ਹਟਵੇਂ ਗੋਰੇਵਾਲਾ ਤੇ ਰੱਤੋਵਾਲਾ ਆਦਿ ਖੂਹ ਸਨ | ਇਸੇ ਤਰਾਂ ਮਾਲੋ ਕੀ ਪੱਤੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ, ਬੋਹੜ ਹੇਠਲੇ ਤਖ਼ਤਪੋਸ਼ ਸਾਹਮਣੇ ਅਤੇ ਖਰਾਸ ਦੇ ਇਕ ਪਾਸੇ ਖੂਹ ਹੁੰਦਾ ਸੀ |
ਭਾਵੇਂ ਗੋਰੇਵਾਲਾ, ਹੀਰੇਵਾਲਾ ਅਤੇ ਰੱਤੋਵਾਲੇ ਖੂਹ ਨਾਲ ਮੇਰੇ ਬਚਪਨ ਦੀਆਂ ਕਈ ਅਭੁੱਲ ਯਾਦਾਂ ਮਨ ਵਿਚ ਮਹਿਫੂਜ਼ ਹਨ ਪਰ ਬਰਨਾ ਵਾਲਾ ਖੂਹ ਮੇਰੇ ਬਚਪਨ ਦਾ ਗੂੜ੍ਹਾ ਆੜੀ ਸੀ | ਬਰਨੇ ਵਾਲਾ ਖੂਹ | ਅੰਮਿ੍ਤ ਵੇਲਾ | ਫ਼ਿਜ਼ਾ ਵਿਚ ਘੁੱਲ ਰਹੀ ਰਸਭਿੰਨੀ ਗੁਰਬਾਣੀ | ਦਰੱਖਤਾਂ 'ਤੇ ਬੈਠੇ ਪੰਛੀਆਂ ਦੀ ਚਹਿਚਹਾਟ ਅਤੇ ਵੰਨ-ਸੁਵੰਨੇ ਫੁੱਲਾਂ ਦੀ ਮਹਿਕ, ਸੱਜਰੀ ਸਵੇਰ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੰਦੀ ਸੀ | ਪਿੰਡ ਵਾਸੀ ਪਹੁ ਫੁਟਾਲੇ ਦੇ ਨਾਲ ਹੀ ਬਾਹਰ ਹੋ, ਦਾਤਣ ਕਰ, ਚੁਬੱਚੇ ਦੇ ਚਾਂਦੀ ਰੰਗੇ ਪਾਣੀ ਵਿਚ ਇਸ਼ਨਾਨ ਕਰਦੇ ਸਨ | ਫਿਰ ਅਕੀਦੇ ਅਨੁਸਾਰ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਸ਼ਾਹ ਵੇਲਾ ਕਰ ਕੰਮ ਧੰਦੇ ਲਗਦੇ ਸਨ |
ਪਿੰਡ ਦੀਆਂ ਧੀਆਂ ਦੇ ਵਿਆਹ ਕਾਰਜਾਂ ਵੇਲੇ ਬਰਨੇ ਵਾਲੇ ਖੂਹ ਦੇ ਆਲੇ-ਦੁਆਲੇ ਦੀ ਸਾਫ ਸਫਾਈ ਕਰਵਾਈ ਜਾਂਦੀ ਸੀ | ਬਰਾਤੀਆਂ ਲਈ ਦਾਤਣਾਂ ਅਤੇ ਸਾਫ਼-ਸੁਥਰੇ ਪਰਨੇ ਰੱਖੇ ਜਾਂਦੇ ਸਨ | ਉਨ੍ਹੀਂ ਦਿਨੀਂ ਬਰਾਤਾਂ ਰਾਤ ਠਹਿਰਦੀਆਂ ਦੀਆਂ ਹੁੰਦੀਆਂ ਸਨ | ਸਾਉਣ ਮਹੀਨੇ ਸਾਂਵੇ ਮਨਾਏ ਜਾਂਦੇ ਸੀ | ਸਾਂਵਿਆਂ ਨੂੰ ਧੀਆਂ ਪੇਕੇ ਘਰ ਆਉਂਦੀਆਂ ਸਨ | ਉਹ ਖੂਹ ਨੇੜਲੀ ਢੱਕੀ 'ਚ ਸਾਂਵੇਂ ਖੇਡਦੀਆਂ ਸਨ | ਗਿੱਧਿਆਂ 'ਚ ਧਮਾਲਾਂ ਪਾਉਂਦੀਆਂ | ਉਨ੍ਹਾਂ ਦੀਆਂ ਪਾਈਆਂ ਬੋਲੀਆਂ ਨਾਲ ਆਲਾ ਦੁਆਲਾ ਗੂੰਜਣ ਲੱਗ ਪੈਂਦਾ ਸੀ | ਫਿਰ ਉਹ ਟਾਹਲੀ ਦੇ ਮੋਟੇ ਟਾਹਣ ਨਾਲ ਪੀਂਘ ਝੂਟਦੀਆਂ ਅਤੇ ਖੀਰਾਂ ਪੂੜੇ ਛਕਦੀਆਂ ਛਕਾਉਂਦੀਆਂ | ਖੂਹ ਦਾ ਮਿੱਠਾ ਪਾਣੀ ਉਨ੍ਹਾਂ ਨੂੰ ਤਰੋ ਤਾਜ਼ਾ ਕਰ ਦਿੰਦਾ ਸੀ |
ਖੂਹ ਦਾ ਪਿਛੋਕੜ : ਖੂਹ ਦੇ ਨਿਰਮਾਣ ਲਈ, ਤੇਲ 'ਚੋਂ ਧਰਤੀ ਪੂਜ, ਸੱਚੇ ਰੱਬ ਅੱਗੇ ਅਰਦਾਸ ਕਰਕੇ ਜ਼ਮੀਨ ਵਿਚ ਇਕ ਡੂੰਘਾ ਟੋਆ ਪੱੁਟਿਆ ਜਾਂਦਾ ਸੀ | ਖੂਹ ਬਣਾੳੇਣ ਲਈ ਲੱਕੜ ਦਾ ਚੱਕ ਬਣਾਇਆ ਜਾਂਦਾ ਸੀ | ਇਸ ਗੋਲ ਚੱਕ ਨੂੰ ਟੋਏ ਵਿਚ ਭੇਜਿਆ ਜਾਂਦਾ ਸੀ | ਫਿਰ ਉਸ ਚੱਕ ਉੱਤੇ ਇੱਟਾਂ ਨੂੰ ਗੁਲਾਈ ਵਿਚ ਥੱਲੇ ਤੋਂ ਉਪਰ ਵਲ ਉਸਾਰਿਆ ਜਾਂਦਾ ਸੀ | ਉਸਾਰੀ ਪੂਰੀ ਹੋਣ ਉਪਰੰਤ ਗੋਲ ਪੱਕਾ ਮਣ ਬੰਨਿ੍ਹਆ ਜਾਂਦਾ ਸੀ | ਫਿਰ ਖੂਹ ਦਾ ਮਿੱਠਾ ਪਾਣੀ ਨਿਕਲਣ ਦੀ ਖੁਸ਼ੀ ਵਿਚ ਗੁੜ ਵੰਡਿਆ ਜਾਂਦਾ ਸੀ |
ਸਾਡੇ ਬਰਨੇ ਵਾਲੇ ਖੂਹ ਦੀ ਬਣਤਰ ਰੋੜਿਆਂ ਵਾਲੀ ਮਿੱਟੀ ਦੇ ਬਣੇ ਕਰੀਬ ਦਸ ਫੁੱਟ ਉੱਚੇ ਸਮਾਂਨਤਰ ਚੰਨੇ ਹੁੰਦੇ ਸਨ | ਚੰਨਿਆਂ ਉੱਪਰ ਮੋਟਾ ਭਾਰਾ ਕਿੱਕਰ ਜਾਂ ਟਾਹਲੀ ਦਾ ਮਜ਼ਬੂਤ ਸ਼ਤੀਰ ਹੁੰਦਾ ਸੀ | ਇਨ੍ਹਾਂ ਵਿਚਾਲੇ ਦੋ ਗਰਾਰੀਦਾਰ ਲੋਹੇ ਜਾਂ ਲੱਕੜ ਦੇ ਵੱਡੇ ਵੱਡੇ ਢੋਲ ਹੁੰਦੇ ਸਨ, ਜਿਨ੍ਹਾਂ ਵਿਚਕਾਰ ਧੁਰਾ ਜਾਂ ਕਾਜਣ ਹੁੰਦੀ ਸੀ | ਢੋਲ ਵਾਲੀ ਲੱਕੜ ਦੇ ਸਿਰੇ 'ਤੇ ਗਾਧੀ ਹੁੰਦੀ ਸੀ | ਵੱਡੇ ਅਤੇ ਨਿੱਕੇ ਢੋਲ ਦੀਆਂ ਗਰਾਰੀਆਂ ਇਕ ਦੂਸਰੇ ਵਿਚ ਫਸ ਕੇ ਢੋਲਾਂ ਨੂੰ ਹਰਕਤ ਵਿਚ ਲਿਆਉਂਦੀਆਂ ਸਨ | ਗੋਲ ਬੈੜ ਉੱਤੇ ਮਾਹਲ ਨਾਲ ਟਿੰਡਾਂ ਬੰਨ੍ਹੀਆਂ ਹੁੰਦੀਆਂ ਸਨ | ਖੂਹ ਗਿੜਦਾ, ਮਾਹਲ ਘੁੰਮਦੀ | ਟਿੰਡਾਂ ਖੂਹ ਦੇ ਪਾਣੀ ਵਿਚ ਜਾਂਦੀਆਂ ਅਤੇ ਲਿਆਂਦਾ ਭਰਿਆ ਪਾਣੀ ਪਾੜਛੇ ਵਿਚ ਸੁੱਟ, ਟਿੰਡਾਂ ਫਿਰ ਖੂਹ ਵਿਚ ਚਲੀਆਂ ਜਾਂਦੀਆਂ | ਪਾੜਛੇ ਦਾ ਪਾਣੀ ਨਿਸਾਰ (ਪ੍ਰਨਾਲੇ) ਵਿਚੋਂ ਦੀ ਲੰਘਦਾ ਔਲੂ ਵਿਚ ਡਿਗਦਾ ਸੀ | ਅੱਗੋਂ ਇਹ ਪਾਣੀ ਆਡਾਂ ਵਿਚੋਂ ਦੀ ਹੁੰੰਦਾ ਹੋਇਆ ਖੇਤਾਂ 'ਚ ਬੀਜੀ ਫ਼ਸਲ ਨੂੰ ਸਿੰਜਦਾ ਸੀ | ਕਿਸੇ ਸੰਕਟ ਦੇ ਮੱਦੇਨਜ਼ਰ ਕਿਧਰੇ ਖੂਹ ਪੁੱਠਾ ਨਾ ਗਿੜ ਪਵੇ ਇਸਦੇ ਬਚਾ ਲਈ ਕੁੱਤਾ ਫਿੱਟ ਕੀਤਾ ਜਾਂਦਾ ਸੀ | ਖੂਹ ਗਿੜਦਾ ਤਾਂ ਕੁੱਤਾ ਟਿੱਕ ਟਿੱਕ ਦੀ ਆਵਾਜ਼ ਕੱਢਦਾ | ਕੁੱਤੇ ਦੀ ਟਿੱਕ ਟਿੱਕ ਅਜਿਹਾ ਸੰਗੀਤਮਈ ਮਾਹੌਲ ਸਿਰਜਦੀ ਕਿ ਹਰੇ ਭਰੇ ਰੁੱਖਾਂ ਦੀ ਛਾਂ ਹੇਠ ਖੂਹ ਦੀ ਗਾਧੀ ਉੱਤੇ ਬੈਠ ਬਲਦਾਂ ਦੀ ਜੋਗ ਜਾਂ ਅੱਗੇ ਜੁਪੇ ਊਠ ਨੂੰ ਹੱਕ ਰਿਹਾ ਥੱਕਾ ਟੁੱਟਾ ਕਿਸਾਨ ਪਲ ਭਰ ਇਕ ਝਪਕੀ ਵੀ ਲੈ ਲੈਂਦਾ ਸੀ ਕਿਉਂਕਿ ਬਲਦਾਂ ਨੂੰ ਖੋਪੇ ਲੱਗੇ ਹੁੰਦੇ ਸਨ ਜਿਸ ਕਰਕੇ ਉਹ ਤੁਰਦੇ ਰਹਿੰਦੇ ਸਨ |
ਇਸ ਬਰਨੇ ਵਾਲੇ ਖੂਹ 'ਤੇ ਬਰਨੇ ਦੇ ਦਰੱਖਤ ਤੋਂ ਇਲਾਵਾ ਹੋਰ ਵੀ ਹਰੇ-ਭਰੇ ਛਾਂਦਾਰ ਰੁੱਖ ਹੁੰਦੇ ਸਨ | ਇਨ੍ਹਾਂ ਠੰਢੀਆਂ ਛਾਵਾਂ ਹੇਠ ਬੈਠ ਕੇ ਹਾਲੀ ਪਾਲੀ ਆਪਣੀ ਥਕਾਨ ਤੇ ਠੰਢਾ-ਮਿੱਠਾ ਪਾਣੀ ਪੀ ਆਪਣੀ ਪਿਆਸ ਬੁਝਾਉਂਦੇ ਸਨ | ਪਿੰਡ ਦੇ ਨਿਆਈਆਂ ਵਾਲੇ ਖੂਹਾਂ 'ਤੇ ਵੀ ਰੌਣਕ ਲੱਗੀ ਰਹਿੰਦੀ ਸੀ | ਪਿੰਡ ਵਾਸੀ ਤੇ ਰਾਹੀ ਮੁਸਾਫਰ ਇਨ੍ਹਾਂ ਦੇ ਰੁੱਖਾਂ ਦੀਆਂ ਸੰਘਣੀਆਂ ਛਾਵਾਂ ਹੇਠ ਦੁਪਹਿਰਾ ਕੱਟਦੇ, ਹਾਸਾ ਠੱਠ ਕਰਦੇ, ਗੱਪ ਸ਼ੱਪ ਮਾਰਦੇ ਤੇ ਦੁਪਹਿਰ ਦਾ ਖਾਣਾ ਖਾਂਦੇ | ਨਿਰਸੰਦੇਹ ਇਹ ਖੂਹ ਮੇਲ ਜੋਲ ਦਾ ਸਥਾਨ ਹੁੰਦੇ ਸਨ | ਡੇਰਾ ਬਾਬਾ ਨਾਨਕ ਵਿਖੇ ਛੇਨੁੱਕਰਾ ਇਤਿਹਾਸਕ ਖੂਹ ਹੈ | ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਵਡਾਲੀ ਵਿਖੇ ਉਸਾਰੇ ਖੂਹ ਦੇ ਛੇ ਹਰਟ ਚਲਦੇ ਸਨ ਜਿਨ੍ਹਾਂ ਦੇ ਨਾਂਅ 'ਤੇ ਬਾਅਦ ਵਿਚ ਛੇਹਰਟਾ ਸਾਹਿਬ ਕਸਬਾ ਵਸਿਆ | ਅੰਮਿ੍ਤਸਰ ਦੇ ਜਲਿ੍ਹਆਂਵਾਲਾ ਬਾਗ ਅਤੇ ਅਜਨਾਲਾ ਦੇ ਕਾਲਿਆਂ ਵਾਲੇ ਖੂਹ ਦਾ ਇਤਿਹਾਸ ਜੰਗ –ਏ-ਆਜ਼ਾਦੀ ਨਾਲ ਜੁੜਦਾ ਹੈ |
ਖੈਰ ਕਾਸ਼! ਅਸੀਂ ਖੂਹਾਂ ਤੋਂ ਦੂਰ ਨਾ ਹੁੰਦੇ | ਸਾਡੇ ਵਿਸਾਰਨ ਕਰਕੇ ਤੇ ਕੁਝ ਹੱਦ ਤੱਕ ਮਸ਼ੀਨੀ ਯੁੱਗ ਦੀ ਬਦੌਲਤ ਖੂਹ ਉਦਾਸ, ਵੀਰਾਨ ਤੇ ਉੱਜੜ ਗਏ | ਜੇ ਕਿਧਰੇ ਖੂਹਾਂ ਦਾ ਵਜੂਦ ਹੋਵੇਗਾ ਵੀ ਤਾਂ ਕਿਸੇ ਸਰਾਪੇ ਢਹਿ-ਢੇਰੀ ਹੋ ਚੁੱਕੇ ਵਿਰਾਸਤੀ ਖੰਡਰਾਂ ਵਰਗਾ ਹੋਏਗਾ | ਪਾੜਛੇ ਵਿਚ ਟਿੰਡਾਂ 'ਚੋਂ ਡਿਗਦੇ ਪਾਣੀ ਦੇ ਛੁਰਛੁਰ ਦੀ ਸੁਰ ਅਤੇ ਆਡ ਵਿਚ ਵਗ ਰਹੇ ਪਾਣੀ ਦੀ ਮੱਧਮ ਜਿਹੀ ਸਾਂ ਸਾਂ ਦੀ ਸਵਰਲਹਿਰੀ ਵੀ ਗੁੰਮ ਹੋ ਗਈ ਹੈ | ਅੱਜ ਵੀ ਮੇਰੀ ਹਸਰਤ ਹੈ ਕਿ ਮੇਰੇ ਪਿੰਡ ਦਾ ਬਰਨੇ ਵਾਲਾ ਖੂਹ ਵਗਦਾ ਹੋਵੇ | ਮੈਂ ਕੁੱਤੇ ਦੀ ਟਿੱਕ ਟਿੱਕ ਸੁਣਦਾ ਆਪਣੇ ਬਚਪਨ ਨੂੰ ਜਾ ਮਿਲਾਂ ਜਦੋਂ ਮਾੈ ਗਾਧੀ 'ਤੇ ਬੈਠ, ਝੂਟੇ ਲੈਂਦਾ, ਆਪਣੀ ਪਾਠ ਪੁਸਤਕ ਦਾ ਯਾਦ ਕੀਤਾ ਗੀਤ, ਇਹ ਗਾਧੀ ਬਣੀ ਨਵਾਰੀ, ਅੱਗੇ ਵਗਦਾ ਬਲਦ ਹਜ਼ਾਰੀ | ਕਰ ਇਸ ਉੱਤੇ ਅਸਵਾਰੀ, ਭੁੱਲ ਜਾਵਣ ਦੋਵੇਂ ਜੱਗ ਨੀ, ਸਾਡੇ ਖੂਹ 'ਤੇ ਵਸਦਾ ਰੱਬ ਨੀ' (ਪ੍ਰੋ: ਮੋਹਨ ਸਿੰਘ)
ਅਸਾਂ ਖੂਹ ਪੂਰ ਦਿੱਤੇ | ਸਮਾਂ ਤੇ ਮਿਹਨਤ ਬਚਾ ਲਈ-ਟਿਊਬਵੈੱਲ ਸਮਰਸੀਬਲ ਲਗਵਾ ਲਏ ਪਰ ਫਿਰ ਵੀ ਸਾਡੇ ਲੋਕ ਗੀਤਾਂ ਵਿਚ ਅਜੇ ਵੀ ਖੂਹ ਜਿਊਾਦੇ ਹਨ | 'ਖੂਹੇ ਤੋਂ ਪਾਣੀ ਭਰੇਂਦੀਏ ਮੁਟਿਆਰੇ ਨੀ, ਪਾਣੀ ਦਾ ਘੁੱਟ ਪਿਲਾ ਬਾਂਕੀਏ ਨਾਰੇ ਨੀ' |
'ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ', 'ਹਈ ਜਮਾਲੋ ਆ ਜਾ ਤੂਤਾਂ ਵਾਲੇ ਖੂਹ 'ਤੇ', 'ਜੰਗਲ ਦੇ ਵਿਚ ਖੂਹਾ ਲਵਾ ਦੇ ਉੱਤੇ ਪਵਾ ਡੋਲ, ਸਖੀਆ ਨਾਮ ਸਾੲੀਂ ਦਾ ਬੋਲ' | ਬਚਪਨ ਦੀ ਬੁਝਾਰਤ, 'ਆਰ ਢਾਂਗਾ ਪਾਰ ਢਾਂਗਾ ਵਿਚ ਟੱਲਮ-ਟੱਲੀਆਂ , ਆਉਣ ਕੂੰਜਾਂ ਦੇਣ ਬੱਚੇ ਨਦੀ ਨ੍ਹਾਵਣ ਚੱਲੀਆਂ' ਅਸੀਂ ਬੱਚੇ ਬੋਲ ਪੈਂਦੇ, 'ਖੂਹ ਦੀਆਂ ਟਿੰਡਾਂ' | ਜਦੋਂ ਖੂਹ ਹੀ ਨਾ ਰਹੇ ਤਾਂ ਲਗਦਾ, ਮੇਰੇ ਬਚਪਨ ਦੇ ਆੜੀ, ਬਰਨੇ ਵਾਲਾ ਖੂਹ ਵਾਂਗ ਸਾਡਾ ਰੱਬ ਵੀ ਰੁੱਸ ਗਿਆ ਹੋਵੇ | ਕੁਦਰਤ ਨਾਲ ਬੇਵਫ਼ਾਈ ਨੇ ਸਾਨੂੰ ਖੂਹਾਂ ਦੇ ਮਿੱਠੇ, ਸ਼ੁੱਧ ਤੇ ਅੰਮਿ੍ਤ ਵਰਗੇ ਪਾਣੀ ਤੋਂ ਵਾਂਝਾ ਕਰ ਦਿੱਤਾ ਹੈ |

-ਪ੍ਰੀਤਨਗਰ, ਚੋਗਾਵਾਂ-143109 (ਅੰਮਿ੍ਤਸਰ) |
ਮੋਬਾਈਲ : 98140 82217

ਖਾਣ-ਪਦਾਰਥਾਂ ਪ੍ਰਤੀ ਸਹੀ ਅਨੁਭਵ

ਵਿਗਿਆਨ ਸਾਡੇ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ, ਜਿਹੜਾ ਆਮ ਵਰਤੋਂ 'ਚ ਆਉਣ ਦੇ ਬਾਵਜੂਦ ਆਮ ਸੂਝ ਲਈ ਪਰਾਇਆ ਹੈ | ਪੰਡਤਾਈ ਫਿੱਕੇਪਣ 'ਚ ਜਕੜੇ ਰਹਿਣ ਕਾਰਨ ਵਿਗਿਆਨ ਦਾ ਆਮ ਸੂਝ 'ਚ ਸਮਾ ਸਕਣਾ ਅਸਾਨ (ਸੁਖਾਲਾ) ਨਹੀਂ | ਤਦੇ ਇਸ ਪ੍ਰਤੀ ਭਰਮ ਪਾਲੇ ਜਾ ਰਹੇ ਹਨ ਅਤੇ ਅਜਿਹਾ ਉਸ ਖੇਤਰ 'ਚ ਵਿਸ਼ੇਸ਼ ਤੌਰ 'ਤੇ ਹੋ ਰਿਹਾ ਹੈ, ਜਿਸ ਦਾ ਸਿੱਧਾ ਸਬੰਧ ਸਾਡੇ ਆਪਣੇ ਨਾਲ ਹੈ ਅਤੇ ਜਾਂ ਸਾਡੇ ਖਾਣ-ਪੀਣ ਨਾਲ ਹੈ |
ਖਾਣ-ਪਦਾਰਥਾਂ ਦੀ ਪਰਖ ਦੇ ਸਬੰਧ 'ਚ ਮੁਸ਼ਕਿਲ ਇਹ ਵੀ ਹੈ ਕਿ ਇਨ੍ਹਾਂ ਅੰਦਰ ਸਮਾਏ ਪੌਸ਼ਟਿਕ ਤੱਤਾਂ ਦਾ ਵੱਖ-ਵੱਖ ਵਿਅਕਤੀ ਵੱਖ-ਵੱਖ ਲਾਭ ਉਠਾਉਣ ਯੋਗ ਹਨ | ਵਿਰਸੇ 'ਚ ਮਿਲੇ ਜੀਨਾਂ ਦੇ ਉਪਜਾਏ ਐਨਜ਼ਾਇਮਾਂ ਅਨੁਕੂਲ ਹੀ ਵਿਅਕਤੀ ਗ੍ਰਹਿਣ ਕੀਤੇ ਗਏ ਖਾਣ-ਪਦਾਰਥ ਦਾ ਨਿਪਟਾਰਾ ਕਰਨ ਯੋਗ ਹੁੰਦੇ ਹਨ | ਸੰਸਾਰ ਦਾ ਪ੍ਰਭਾਵਸ਼ੀਲ ਵਰਗ ਅਜਿਹਾ ਵੀ ਹੈ, ਜਿਹੜਾ ਦੁੱਧ ਹਜ਼ਮ ਨਹੀਂ ਕਰ ਸਕਦਾ | ਜਿਹੜਾ ਐਨਜ਼ਾਈਮ ਦੁੱਧ ਅੰਦਰਲੇ ਲੈਕਟੋਜ਼ ਦਾ ਨਿਪਟਾਰਾ ਕਰਦਾ ਹੈ, ਉਸ ਨੂੰ ਉਪਜਾਉਂਦਾ ਜੀਨ ਕਈਆਂ ਨੂੰ ਵਿਰਸੇ 'ਚ ਨਹੀਂ ਮਿਲਦਾ | ਇਹੋ ਜਿਹੀ ਸਥਿਤੀ ਵਿਸਕੀ-ਬਰਾਂਡੀ ਦੀ ਵੀ ਹੈ | ਇਨ੍ਹਾਂ ਅੰਦਰ ਸਮਾਈ ਅਲਕੋਹਲ ਦਾ ਨਿਪਟਾਰਾ ਹਾਈਡ੍ਰੋਜੀਨੇਜ਼ ਐਨਜ਼ਾਈਮ ਕਰਦਾ ਹੈ, ਜਿਹੜਾ ਕਈਆਂ 'ਚ ਨਹੀਂ ਹੁੰਦਾ | ਅਜਿਹੇ ਵਿਅਕਤੀ ਜੇਕਰ ਸ਼ਰਾਬ ਪੀਂਦੇ ਹਨ, ਤਦ ਉਹ ਅਗਲੀ ਸਵੇਰ ਸਿਰ ਦੇ ਭਾਰੀਪਣ ਨਾਲ ਫੜੇ ਜਾਗਦੇ ਹਨ | ਅਜਿਹੀ ਹੀ ਸਥਿਤੀ ਭੋਜਨ ਅੰਦਰ ਸਮਾਏ ਹੋਰਨਾਂ ਤੱਤਾਂ ਦੀ ਵੀ ਹੈ | ਇਕ ਵਿਅਕਤੀ ਲਈ ਜੇਕਰ ਇਕ ਖਾਣ-ਪਦਾਰਥ ਲਾਭਦਾਇਕ ਸਿੱਧ ਹੋ ਰਿਹਾ ਹੈ, ਤਾਂ ਦੂਜੇ ਲਈ ਇਹ ਹਾਨੀਕਾਰਕ ਭਾਵੇਂ ਨਾ ਵੀ ਹੋਵੇ ਪਰ ਸੁਖਾਵਾਂ ਵੀ ਸਿੱਧ ਨਹੀਂ ਹੁੰਦਾ | ਹਰ ਇਕ ਵਿਅਕਤੀ ਨੂੰ ਇਸ ਲਈ, ਆਪ ਅਨੁਭਵ ਕਰਨ ਦੀ ਲੋੜ ਹੈ ਕਿ ਕਿਹੜੇ ਕਿਹੜੇ ਖਾਣ-ਪਦਾਰਥ ਗ੍ਰਹਿਣ ਕਰਨਾ ਉਸ ਲਈ ਸਹੀ ਹਨ ਅਤੇ ਕਿਹੜੇ ਨਹੀਂ | ਹਰ ਇਕ ਨੂੰ ਸਹੀ ਖਾਣ-ਪਦਾਰਥਾਂ ਉਪਰ ਨਿਰਭਰ ਹੋਣ ਦੀ ਵੱਧ ਲੋੜ ਹੁੰਦੀ ਹੈ | ਐਨਜ਼ਾਈਮਾਂ ਦੀ ਹੋਂਦ ਅਤੇ ਅਣਹੋਂਦ ਦੇ ਫਰਕ ਕਾਰਨ ਚਿਕਨਾਈ ਵਾਲੇ ਪਦਾਰਥ ਕਈਆਂ ਲਈ ਮੁਟਾਪੇ ਦਾ ਕਾਰਨ ਬਣਦੇ ਰਹਿੰਦੇ ਹਨ ਅਤੇ ਹੋਰ ਇਨ੍ਹਾਂ ਤੋਂ ਪ੍ਰਭਾਵਤ ਨਹੀਂ ਹੁੰਦੇ |
ਆਂਡਿਆਂ, ਵਿਟਾਮਿਨਾਂ, ਚਿਕਨਾਈ ਵਾਲੇ ਪਦਾਰਥਾਂ ਅਤੇ ਗੋਸ਼ਤ ਦੀ ਵਰਤੋਂ ਬਾਰੇ ਵੀ ਰਾਇ ਬਦਲਦੀ ਰਹੀ ਹੈ | ਆਂਡੇ ਨੂੰ , ਮੁਰਗੀ ਦੇ ਆਂਡੇ ਨੂੰ ਵਿਟਾਮਿਨਾਂ, ਪ੍ਰੋਟੀਨਾਂ ਦਾ ਭੰਡਾਰ ਸਮਝ ਕੇ ਲੰਬੇ ਸਮੇਂ ਤੋਂ ਪ੍ਰੋਸਿਆ ਅਤੇ ਖਾਧਾ ਜਾਂਦਾ ਰਿਹਾ ਹੈ | ਪੱਛਮ 'ਚ ਤਾਂ ਇਸ ਨੂੰ ਨਾਸ਼ਤੇ ਦਾ ਅਟੁੱਟ ਭਾਗ ਸਮਝਿਆ ਜਾਂਦਾ ਰਿਹਾ ਹੈ | ਫਿਰ, ਜਦ, ਕੋਲੈਸਟ੍ਰੋਲ ਦੇ ਕਾਰਨ ਹਿਰਦੇ ਰੋਗ ਨਾਲ ਸਬੰਧ ਹੋਣਾ ਸਾਹਮਣੇ ਆਇਆ, ਤਦ ਆਂਡੇ ਲਈ ਵੀ ਖਾਣ-ਪਦਾਰਥ ਵਜੋਂ ਤਿ੍ਸਕਾਰ ਨੇ ਜਨਮ ਲਿਆ | ਇਸੇ ਤੱਤ 'ਚ ਆਂਡੇ ਦੀ ਜ਼ਰਦੀ ਬੜੀ ਭਰਪੂਰ ਹੈ | ਪਰ, ਹੋਰ ਪਿਛੋਂ ਇਹ ਗਿਆਨ ਹੋਇਆ ਕਿ ਆਂਡੇ ਅੰਦਰ ਸਮਾਏ ਕੋਲੈਸਟ੍ਰੋਲ ਦਾ ਨਿਪਟਾਰਾ ਕਰਦਾ ਤੱਤ ਇਸ ਦੀ ਜ਼ਰਦੀ ਅੰਦਰ ਹੀ ਸਮਾਇਆ ਹੁੰਦਾ ਹੈ ਅਤੇ ਨਾਲ ਹੀ ਇਹ ਅਨੁਭਵ ਵੀ ਹੋਇਆ ਕਿ ਸਰੀਰ ਅੰਦਰ ਲਹੂ 'ਚ ਘੁਲੇ ਕੋਲੈਸਟ੍ਰੋਲ ਦਾ ਭੋਜਨ ਦੁਆਰਾ ਪ੍ਰਾਪਤ ਕੀਤੇ ਜਾ ਰਹੇ ਕੋਲੈਸਟ੍ਰੋਲ ਨਾਲ ਕੋਈ ਸਬੰਧ ਨਹੀਂ | ਇਸ ਉਪਰੰਤ ਆਂਡੇ ਨੂੰ ਖਾਣ-ਪਦਾਰਥ ਵਜੋਂ ਮੁੜ ਸਨਮਾਨ ਦਿੱਤਾ ਜਾਣ ਲੱਗਾ ਅਤੇ ਆਂਡੇ ਦੀ ਵਰਤੋਂ ਨਾਮੁਨਾਸਬ ਨਾ ਰਹੀ | ਅਜਿਹੀ ਸਥਿਤੀ ਗੋਸ਼ਤ ਪ੍ਰਤੀ ਵੀ ਪੈਦਾ ਹੋ ਰਹੀ ਹੈ | ਖਾਣ-ਪਦਾਰਥਾਂ ਪ੍ਰਤੀ ਬਦਲਵੀਂ ਸਥਿਤੀ ਦੇ ਆਮ ਸੂਝ ਦਾ ਭਾਗ ਬਣਨ 'ਚ ਸਮਾਂ ਲੱਗ ਜਾਂਦਾ ਹੈ ਅਤੇ ਤਦ ਤੱਕ ਇਹ ਰੁਝਾਨ ਜਾਰੀ ਰਹਿੰਦਾ ਹੈ | ਅੱਜ ਅਜਿਹਾ ਹੀ ਹੋ ਰਿਹਾ ਹੈ |
ਇਸੇ ਤਰ੍ਹਾਂ ਤਿ੍ਪਤ ਚਿਕਨਾਈ, ਭਾਵ ਦੇਸੀ ਘਿਓ-ਮੱਖਣ ਆਦਿ ਬਾਰੇ ਵੀ ਸਾਡੀ ਉਲਝੀ ਹੋਈ ਸੂਝ ਹੈ | ਇਨ੍ਹਾਂ ਨੂੰ ਵੀ ਕੋਲੈਸਟ੍ਰੋਲ ਦਾ ਸ੍ਰੋਤ ਸਮਝ ਕੇ ਤਿ੍ਸਕਾਰਿਆ ਜਾ ਰਿਹਾ ਹੈ, ਹਾਲਾਂਕਿ ਯੁੱਗਾਂ ਤੋਂ ਇਹ ਕਹਾਵਤ ਦੁਹਰਾਈ ਜਾਂਦੀ ਰਹੀ : 'ਸੌ ਦਾਰੂ, ਇਕ ਘਿਓ |' ਇਨ੍ਹਾਂ ਖਾਣ-ਪਦਾਰਥਾਂ ਤੋਂ ਲਾਂਭੇ ਰਹਿਣ ਦੀ ਰਾਇ ਮੁਟਾਪੇ ਤੋਂ ਬਚਣ ਲਈ ਵੀ ਦਿੱਤੀ ਜਾ ਰਹੀ ਹੈ | ਪਰ, ਇਹ ਵੀ ਸਹੀ ਹੈ ਕਿ ਸਰੀਰ ਨੂੰ ਅਰੋਗ ਰੱਖਦੇ ਕੁਝ ਜ਼ਰੂਰੀ ਤੱਤ ਤਿ੍ਪਤ ਅਤੇ ਅਤਿ੍ਪਤ ਚਿਕਨਾਈ ਚੋਂ ਹੀ ਉਪਲਬਧ ਹੋਣ ਯੋਗ ਹਨ, ਹੋਰ ਕਿਧਰੋਂ ਨਹੀਂ | ਇਸ ਕਾਰਨ, ਇਨ੍ਹਾਂ ਦੀ ਵਰਤੋਂ, ਇਨ੍ਹਾਂ ਦੀ ਸੰਜਮੀ ਵਰਤੋਂ ਨੂੰ ਮੁੜ ਜ਼ਰੂਰੀ ਸਮਝਿਆ ਜਾ ਰਿਹਾ ਹੈ | ਉਮੇਗਾ-3 ਚਿਕਨਾ-ਤੇਜ਼ਾਬ ਦਿਲ ਅਤੇ ਦਿਮਾਗ਼ ਦੀ ਅਰੋਗਤਾ ਲਈ ਅਤੀ ਜ਼ਰੂਰੀ ਤੱਤ ਹੈ, ਜਿਸ ਦੇ ਸ੍ਰੋਤ ਹਨ : ਸਰ੍ਹੋਂ (ਤੋਰੀਆ), ਤਿੱਲ, ਅਲਸੀ, ਜੈਤੂਨ, ਅਖ਼ਰੋਟ-ਬਦਾਮ ਅਤੇ ਚਿਕਨਾਈ ਭਰਪੂਰ ਮੱਛੀ | ਅਰੋਗਤਾ ਦਾ ਕਾਰਨ ਬਣਦੇ ਹੋਰ ਜ਼ਰੂਰੀ ਤੱਤ ਵੀ ਤਿ੍ਪਤ ਅਤੇ ਅਤਿ੍ਪਤ ਚਿਕਨਾਈ 'ਚ ਭਰਪੂਰ ਖਾਣ-ਪਦਾਰਥਾਂ ਦੁਆਰਾ ਹੀ ਪ੍ਰਾਪਤ ਕਰਨੇ ਸੰਭਵ ਹਨ, ਜਿਨ੍ਹਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਲੋੜ ਹੈ |
ਸਬਜ਼ੀਆਂ-ਫਲਾਂ ਉਪਰ ਨਿਰਭਰ ਹੋਣ ਬਾਰੇ ਵੀ ਇਹੋ ਸਥਿਤੀ ਹੈ | ਇਨ੍ਹਾਂ ਦੀ ਵਰਤੋਂ ਜ਼ਰੂਰੀ ਹੈ, ਪਰ ਸਿਰਫ਼ ਇਨ੍ਹਾਂ ਉਪਰ ਨਿਰਭਰ ਹੋਇਆਂ ਲੋੜੀਂਦੇ ਕਈ ਤੱਤਾਂ ਲਈ ਸਰੀਰ ਤਰਸਦਾ ਰਹਿ ਜਾਂਦਾ ਹੈ | ਵਿਟਾਮਿਨਾਂ ਦਾ ਅਤੇ ਖਣਿਜ ਪਦਾਰਥਾਂ ਦੇ ਤਾਂ ਇਹ ਵਧੀਆ ਸ੍ਰੋਤ ਹਨ ਪਰ ਇਨ੍ਹਾਂ ਦੁਆਰਾ ਪ੍ਰੋਟੀਨਾਂ ਦਾ ਨਿਰਮਾਣ ਕਰਦੇ ਸਾਰੇ ਐਮਿਨੋ-ਤੇਜ਼ਾਬਾਂ ਦਾ ਪ੍ਰਾਪਤ ਹੋਣਾ ਸੰਭਵ ਨਹੀਂ, ਜਿਹੜੇ ਕਿ ਗੋਸ਼ਤ ਤੋਂ, ਆਂਡਿਆਂ ਤੋਂ ਅਤੇ ਦੁੱਧ-ਦਹੀਂ ਤੋਂ ਮਿਲਦੇ ਹਨ | ਵਿਟਾਮਿਨਾਂ ਦੀਆਂ ਗੋਲੀਆਂ-ਕੈਪਸੂਲਾਂ ਦੇ ਰੂਪ 'ਚ ਉਪਯੋਗ ਕਰਨ ਦੇ ਹੱਕ 'ਚ ਵਿਆਪਕ ਡਾਕਟਰੀ ਰਿਵਾਜ ਭਾਵੇਂ ਹੈ ਪਰ ਵਿਗਿਆਨਕ ਪਰਖ ਇਸ ਦੀ ਹਾਮੀ ਨਹੀਂ ਭਰ ਰਹੀ | ਵਿਟਾਮਿਨਾਂ ਦੀ ਇਸ ਢੰਗ ਨਾਲ ਕੀਤੀ ਜਾ ਰਹੀ ਵਰਤੋਂ ਸਰੀਰ ਲਈ ਲਾਭਦਾਇਕ ਸਿੱਧ ਹੋਣ ਨੂੰ ਪਰਖ ਪ੍ਰਮਾਣਿਤ ਨਹੀਂ ਕਰ ਰਹੀ | ਇਸੇ ਕਾਰਨ ਇਹ ਵਿਚਾਰ ਜੜ੍ਹ ਫੜਦਾ ਜਾ ਰਿਹਾ ਹੈ ਕਿ ਖਾਣ-ਪਦਾਰਥਾਂ ਅਤੇ ਫਲਾਂ-ਸਬਜ਼ੀਆਂ 'ਚ ਸਮਾਏ ਵਿਟਾਮਿਨਾਂ ਦਾ ਤਾਂ ਸਰੀਰ ਸਹੀ ਲਾਭ ਲੈਣ ਯੋਗ ਹੈ, ਜਦ ਕਿ ਸ਼ੁੱਧ ਰੂਪ 'ਚ ਗ੍ਰਹਿਣ ਕੀਤੇ ਜਾ ਰਹੇ ਵਿਟਾਮਿਨਾਂ ਬਾਰੇ ਅਜਿਹਾ ਨਹੀਂ ਹੈ, ਜਿਹੜੇ ਪਚਾਏ ਜਾਣ ਦੀ ਬਜਾਏ ਉਂਜ ਹੀ ਸਰੀਰੋਂ ਬਾਹਰ ਨਿਕਲ ਜਾਂਦੇ ਹਨ | ਰਿੱਧੇ-ਪੱਕੇ ਭੋਜਨ 'ਚ ਵੀ ਵਿਟਾਮਿਨਾਂ ਦੇ ਬਣੇ ਰਹਿਣ ਦੀ ਅਲਪ ਸੰਭਾਵਨਾ ਨਾ ਘੱਟ ਹੁੰਦੀ ਹੈ | ਇਸੇ ਕਾਰਨ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ, ਤਾਜ਼ੇ ਫਲ ਅਤੇ ਸਬਜ਼ੀਆਂ ਉਪਰ ਨਿਰਭਰ ਹੋਣ ਦੀ ਵੱਧ ਲੋੜ ਹੈ ਅਤੇ ਜਾਂ ਫਿਰ ਆਂਦਰਾਂ ਅੰਦਰ ਘਰ ਕਰੀ ਬੈਠੇ ਕੀਟਾਣੂਆਂ ਉਪਰ ਨਿਰਭਰ ਹੋਣ ਦੀ ਲੋੜ ਹੈ | ਇਹ ਕੀਟਾਣੂ ਵਿਟਾਮਿਨਾਂ ਦਾ ਨਿਰਮਾਣ ਕਰਦੇ ਤਾਂ ਆਪਣੇ-ਆਪ ਲਈ ਹਨ ਪਰ ਜਿਹੜੇ ਉਨ੍ਹਾਂ ਦੀ ਲੋੜ ਤੋਂ ਵਾਧੂ ਹੋਣ ਕਰਕੇ, ਸਾਡੇ ਕੰਮ ਵੀ ਆਉਂਦੇ ਰਹਿੰਦੇ ਹਨ | ਐਾਟੀਬਾਇਟਿਕ ਦਵਾਈਆਂ ਦੁਆਰਾ ਆਂਦਰਾਂ ਅੰਦਰਲੇ ਕੀਟਾਣੂ ਨਸ਼ਟ ਹੁੰਦੇ ਰਹਿੰਦੇ ਹਨ ਅਤੇ ਜਦ ਅਜਿਹਾ ਹੋ ਜਾਂਦਾ ਹੈ, ਤਦ ਫਿਰ ਕਾਫੀ ਸਮਾਂ ਸਰੀਰ ਕੀਟਾਣੂਆਂ ਦੇ ਉਪਜਾਏ ਵਿਟਾਮਿਨਾਂ ਲਈ ਤਰਸਦਾ ਰਹਿੰਦਾ ਹੈ | ਰੰਗਦਾਰ ਫਲਾਂ-ਸਬਜ਼ੀਆਂ ਦਾ ਹੋਰਨਾਂ ਦੇ ਟਾਕਰੇ ਵਧੇਰੇ ਉਪਯੋਗ ਕਰਨ ਦੀ ਇਸ ਲਈ ਰਾਇ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਕੀਟਾਣੁੂਆਂ-ਵਿਸ਼ਾਣੂਆਂ ਦੀ ਲਾਗ ਤੋਂ ਬਚਾਓ ਦੇ ਸਾਧਨਾਂ ਨਾਲ ਲੈਸ ਹੁੰਦੇ ਹਨ |
ਅੱਜ ਸਥਿਤੀ ਇਹ ਹੈ ਕਿ ਨਿਰੋਲ ਵੈਸ਼ਨੂੰ ਅਹਾਰ ਉਪਰ ਨਿਰਭਰ ਵਿਅਕਤੀ ਵੀ ਹਿਰਦੇ ਰੋਗ ਅਤੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ | ਇਸ 'ਚ ਦੋਸ਼ ਕੀਟਨਾਸ਼ਕੀ ਸਪਰੇਅ ਦਾ ਹੈ, ਜਿਸ ਦੇ ਅੰਸ਼ ਰੁੱਖਾਂ-ਪੌਦਿਆਂ ਅਤੇ ਫ਼ਸਲਾਂ ਦੀ ਉਪਜ ਅੰਦਰ ਰਚੇ ਰਹਿ ਰਹੇ ਹਨ | ਉਧਰ, ਦੇਸੀ ਘਿਓ, ਮੱਖਣ ਅਤੇ ਮਾਸ ਦੀ ਵਰਤੋਂ ਕਰ ਰਿਹਾ ਹਰ ਇਕ ਵਿਅਕਤੀ ਹਿਰਦੇ ਰੋਗ ਦਾ ਸ਼ਿਕਾਰ ਵੀ ਨਹੀਂ ਹੋ ਰਿਹਾ ਅਤੇ ਨਾ ਹੀ ਅਤਿ੍ਪਤ ਚਿਕਨਾਈ ਰਚੇ ਤਿਲਾਂ-ਤੇਲਾਂ ਦੀ ਵਰਤੋਂ ਕਰ ਰਿਹਾ ਹਰ ਇਕ ਵਿਅਕਤੀ ਇਸ ਰੋਗ ਤੋਂ ਬਚਿਆ ਰਹਿ ਰਿਹਾ ਹੈ | ਸਰੀਰ ਦਾ ਮੋਟਾਪਾ ਘੱਟ ਕਰਨ ਲਈ ਸੁਝਾਏ ਜਾ ਰਹੇ ਸਾਧਨ ਵੀ ਜੇਕਰ ਕੁਝ ਇਕ ਨੂੰ ਰਾਸ ਆ ਰਹੇ ਹਨ, ਤਦ ਹੋਰ ਇਨ੍ਹਾਂ ਦਾ ਲਾਭ ਲੈਣ 'ਚ ਸਫਲ ਨਹੀਂ ਹੋ ਰਹੇ | ਇਸ ਦੇ ਇਹ ਅਰਥ ਹਨ ਕਿ ਖਾਣ-ਪਦਾਰਥਾਂ ਦੇ ਪ੍ਰਸੰਗ 'ਚ ਦਿੱਤੀ ਰਾਇ ਸਭਨਾਂ ਉੱਪਰ ਇਕਸਾਰ ਲਾਗੂ ਨਹੀਂ ਹੋ ਰਹੀ ਅਤੇ ਇਹ ਸਭਨਾਂ ਉੱਪਰ ਇਸ ਲਈ ਇਕਸਾਰ ਲਾਗੂ ਨਹੀਂ ਹੋ ਰਹੀ, ਕਿਉਂਕਿ ਹਰ ਇਕ ਵਿਅਕਤੀ ਇਕ ਦੂਜੇ ਤੋਂ ਭਿੰਨ ਹੈ, ਜਿਹੜਾ ਇਸ ਲਈ ਭਿੰਨ ਹੈ, ਕਿਉਂਕਿ ਹਰ ਇਕ ਨੂੰ ਵੱਖਰੇ ਜੀਨ ਵਿਰਸੇ 'ਚ ਮਿਲਦੇ ਹਨ | ਹਰ ਇਕ ਨੂੰ ਆਪਣੀਆਂ ਸੁਭਾਵਿਕ ਰੁਚੀਆਂ ਨੂੰ ਧਿਆਨ 'ਚ ਰੱਖ ਕੇ ਖਾਣ-ਪਦਾਰਥਾਂ ਦੀ ਨਿੱਜੀ ਪੱਧਰ 'ਤੇ ਚੋਣ ਕਰਨ ਦੀ ਲੋੜ ਹੈ | ਜਿਹੜਾ ਪਦਾਰਥ ਗ੍ਰਹਿਣ ਕੀਤੇ ਜਾਣ ਉਪਰੰਤ ਸੁਖਾਵੇਂਪਣ ਦਾ ਅਹਿਸਾਸ ਕਰਵਾਉਂਦਾ ਹੈ | ਉਸ ਦੀ ਸੰਜਮੀ ਵਰਤੋਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ | ਉਪਲਬਧ ਗਿਆਨ ਦੇ ਪਿਛੋਕੜ 'ਚ ਹੀ ਖਾਣ-ਪਦਾਰਥਾਂ ਪ੍ਰਤੀ ਰਾਇ ਬਣਨੀ ਚਾਹੀਦੀ ਹੈ ਨਾ ਕਿ ਹੋਰਨਾਂ ਦੇ ਕਹੇ-ਕਹਾਏ, ਜਿਵੇਂ ਕਿ ਆਮ ਵਿਆਪਕ ਸਥਿਤੀ ਹੈ |
ਵਿਟਾਮਿਨਾਂ ਦੇ ਪ੍ਰਸੰਗ 'ਚ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ :
ਕਿਸੇ ਵੀ ਵਿਟਾਮਿਨ ਦੀ ਘਾਟ ਨੇ ਰੋਗ ਦਾ ਕਾਰਨ ਬਣਨਾ ਹੀ ਹੁੰਦਾ ਹੈ ਅਤੇ ਰਿੱਧੇ-ਪੱਕੇ ਭੋਜਨ 'ਚ ਸਰੀਰ ਦੀਆਂ ਲੋੜਾਂ ਅਨੁਕੂਲ ਵਿਟਾਮਿਨ ਨਹੀਂ ਹੁੰਦੇ | ਵਿਟਾਮਿਨ ਸਰੀਰ ਨੂੰ ਵੱਖ-ਵੱਖ ਤਰ੍ਹਾਂ ਪ੍ਰਭਾਵਿਤ ਕਰਦੇ ਹਨ | ਪਾਣੀ 'ਚ ਘੁਲਣਸ਼ੀਲ ਵਿਟਾਮਿਨ ਹਨ : ਬੀ ਅਤੇ ਸੀ, ਜਿਹੜੇ ਸਰੀਰ ਵਿਚ ਇਕੱਤਰ ਨਾ ਹੋਣ ਕਰਕੇ, ਨਿੱਤ ਵਰਤੋਂ ਕੀਤੇ ਜਾਣ ਦੀ ਮੰਗ ਕਰਦੇ ਹਨ | ਵਿਟਾਮਿਨ ਬੀ ਦੀਆਂ ਕਈ ਵੰਨਗੀਆਂ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਨਸ-ਪ੍ਰਣਾਲੀ ਨਾਲ ਹੈ ਅਤੇ ਨਸ-ਪ੍ਰਣਾਲੀ ਉਪਰ ਹੀ ਸਮੁੱਚੇ ਸਰੀਰ ਦਾ ਕਿਰਿਆਵੀ-ਸੰਤੁਲਣ ਨਿਰਭਰ ਹੈ | ਹੋਰ ਵਿਟਾਮਿਨ ਚਿਕਨਾਈ 'ਚ ਘੁਲਣਸ਼ੀਲ ਹਨ, ਜਿਨ੍ਹਾਂ ਦਾ ਖੁਸ਼ਕ ਮੇਵੇ ਵਧੀਆ ਸ੍ਰੋਤ ਹਨ | ਸਰੀਰ ਅੰਦਰ ਇਕੱਤਰ ਹੋਣ ਯੋਗ ਹੋਣ ਕਰਕੇ, ਇਨ੍ਹਾਂ ਦਾ ਨਿੱਤ ਉਪਯੋਗ ਜ਼ਰੂਰੀ ਨਹੀਂ | ਵਿਟਾਮਿਨ ਡੀ ਹੱਡੀਆਂ ਨੂੰ ਤੰਦਰੁਸਤ ਰੱਖਦਾ ਹੈ ਅਤੇ ਧੁੱਪ ਸੇਕਿਆਂ ਇਸ ਵਿਟਾਮਿਨ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ | ਆਂਦਰਾਂ 'ਚ ਪਲ ਰਹੇ ਯੀਸਟ-ਕੀਟਾਣੂਆਂ ਦਾ ਸ੍ਰੋਤ ਦਹੀਂ-ਪਨੀਰ ਹਨ ਅਤੇ ਲਗਦੀ ਵਾਹ ਇਨ੍ਹਾਂ ਨੂੰ ਕੀਟਾਣੂ-ਨਾਸ਼ਕ ਦਵਾਈਆਂ ਦੀ ਸੰਜਮੀ ਵਰਤੋਂ ਦੁਆਰਾ ਨਸ਼ਟ ਨਹੀਂ ਹੋਣ ਦੇਣਾ ਚਾਹੀਦਾ |
ਅੱਜ ਸਾਡੇ ਦੁਆਲੇ ਚਿਕਨਾਈ ਅਤੇ ਮਿਠਾਸ 'ਚ ਭਰਪੂਰ ਖਾਣ ਪਦਾਰਥਾਂ ਦੇ ਅੰਬਾਰ ਉਸਰ ਰਹੇ ਹਨ | ਸੁਆਦਲੇ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਵੀ ਉਦਾਰਤਾ ਨਾਲ ਹੋ ਰਹੀ ਹੈ, ਜਦ ਕਿ ਇਨ੍ਹਾਂ 'ਚੋਂ ਰਿਸਦੀ ਊਰਜਾ ਦਾ ਨਿਪਟਾਰਾ ਕਰਨ ਯੋਗ ਸਰਗਰਮੀਆਂ ਦੀ ਆਮ ਘਾਟ ਹੈ | ਇਹ ਵੀ ਕਾਰਨ ਹੈ ਕਿ ਅੱਜ ਮੋਟਾਪਾ ਅਤੇ ਭਿੰਨ-ਭਿੰਨ ਰੋਗ ਪਹਿਲਾਂ ਨਾਲੋਂ ਕਿਧਰੇ ਵੱਧ ਸਮਾਜ ਲਈ ਸਰਾਪ ਬਣ ਰਹੇ ਹਨ | ਅਰੋਗ ਰਹਿਣ ਲਈ ਜੋ ਕੁਝ ਵੀ ਸਰੀਰ ਅੰਦਰ ਸਮਾ ਰਿਹਾ ਹੈ, ਉਸ ਦਾ ਨਿਪਟਾਰਾ ਕਰਨ ਯੋਗ ਸਰੀਰ ਹੋਣਾ ਚਾਹੀਦਾ ਹੈ | ਵਰਜਿਤ ਉਂਜ ਕੁਝ ਵੀ ਨਹੀਂ: ਨਾ ਦੇਸੀ ਘਿਓ, ਨਾ ਬਰਫੀ, ਨਾ ਗੋਸ਼ਤ; ਪਰ ਇਨ੍ਹਾਂ ਦੀ ਸਰੀਰ ਅੰਦਰ ਸਹੀ ਵਰਤੋਂ ਹੋਣੀ ਜ਼ਰੂਰੀ ਹੈ | ਜੇਕਰ ਰੁਝੇਵਿਆਂ ਅਤੇ ਸਰੀਰਕ ਸਰਗਰਮੀਆਂ ਦੁਆਰਾ ਅਜਿਹਾ ਹੁੰਦਾ ਰਹੇ, ਤਦ :
'ਆਗ ਮੇਂ ਭੀ ਫੂਲ ਖਿਲਤੇਂ ਰਹੇਂਗੇ,
ਔਰ ਰੁਖ (ਚਿਹਰਾ) ਪੇ ਬਹਾਰੇਂ ਮਚਲਤੀ ਰਹੇਂਗੀ |'

-ਫੋਨ ਨੰ : 98775-47971

ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਪੇਸ਼ਕਾਰੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾੳਣ ਵਾਲੀ', 'ਜੰਨਤ ਦੇ ਪ੍ਰਛਾਵੇਂ ਵਾਲੀ', 'ਜੱਗ ਦੇ ਦਾਤਿਆਂ ਨੂੰ ਜਨਮ ਦੇਣ ਵਾਲੀ ਮਾਂ ਰੂਪੀ ਔਰਤ ਹਾਲੇ ਵੀ ਕੁਝ ਪੰਜਾਬੀ ਗੀਤਾਂ ਦੀ ਜ਼ਿੰਦਾਦਿਲੀ ਦਾ ਪ੍ਰਮਾਣ ਪੇਸ਼ ਕਰਦੀ ਹੈ | ਮਾਂ ਦਾ ਧੀਆਂ-ਪੁੱਤਰਾਂ ਨਾਲ ਰਿਸ਼ਤਾ ਪਾਕਿ-ਪਵਿੱਤਰ ਤੇ ਲਾਡ ਭਰਿਆ ਹੁੰਦਾ ਹੈ | ਧੀਆਂ ਪੁੱਤਰ ਵਿਹੜੇ ਦੀ ਰੌਣਕ ਹੁੰਦੇ ਹਨ ਅਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ 'ਧੀਆਂ ਬਿਨ ਅਕਲ ਨਈ ਆਉਂਦੀ ਪੁੱਤਾਂ ਬਿਨ ਨਾਮ ਨਹੀਂ' | ਮਾਂ-ਧੀ ਅਤੇ ਮਾਂ-ਪੁੱਤਰ ਦਾ ਅਟੁੱਟ ਰਿਸ਼ਤਾ ਪੰਜਾਬੀ ਗੀਤਾਂ ਵਿਚੋਂ ਝਲਕਦਾ ਹੈ : 'ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ, ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ'; 'ਮਾਵਾਂ-ਮਾਵਾਂ-ਮਾਵਾਂ, ਮਾਂ ਜੰਨਤ ਦਾ ਪਰਛਾਵਾਂ, ਮਾਏ ਤੇਰੇ ਵਿਹੜੇ ਵਿਚ ਰੱਬ ਵਸਦਾ, ਤੈਥੋਂ ਪਲ ਵੀ ਦੂਰ ਨਾ ਜਾਵਾਂ', 'ਮਾਂ ਨੀ ਲੱਭਣੀ ਮੁੜਕੇ ਭਾਵੇਂ ਦੁਨੀਆ 'ਕੱਠੀ ਕਰ ਲਈਾ', 'ਮਾਏਾ ਇਕ ਘਰ ਤੇਰਾ ਜੋੜਿਆ ਤੇ ਇਕ ਜੋੜਨ ਚੱਲੀ ਨੀ' | ਇਸਦੇ ਹੀ ਸਮਵਿਥ ਗੀਤਾਂ ਵਿਚ ਅਜਿਹੀ ਔਰਤ ਵੀ ਪੇਸ਼ ਹੋ ਰਹੀ ਹੈ ਜੋ ਨੋਕ-ਝੋਕ ਅਤੇ ਠਰੰਮੇ ਨਾਲ ਆਪਣੇ ਮਾਹੀ ਅੱਗੇ ਨਾ-ਪੂਰਤੀਯੋਗ ਖਵਾਹਿਸ਼ਾਂ ਜ਼ਾਹਰ ਕਰਦੀ ਹੈ | ਅਜਿਹੀਆਂ ਖਵਾਹਿਸ਼ਾਂ ਉਸਦੇ ਅਵਚੇਤਨ ਵਿਚੋਂ ਸੁਭਾਵਿਕ ਹੀ ਪੈਦਾ ਹੁੰਦੀਆਂ ਹਨ ਜਿਨ੍ਹਾਂ ਨਾਲ ਆਰਥਿਕਤਾ ਬਾਅਦ ਵਿਚ ਜੁੜਦੀ ਹੈ | ਉਂਝ ਉਹ ਪਰਿਵਾਰ ਦੀ ਆਰਥਿਕ ਸਥਿਤੀ ਤੋਂ ਜਾਣੂੰ ਵੀ ਹੈ | ਇਹ ਗੀਤ ਪੇਂਡੂ ਰਹਿਤਲ ਦੀ ਪਰਿਵਾਰਕ ਪੱਧਰ 'ਤੇ ਪੇਸ਼ਕਾਰੀ ਕਰਦੇ ਹਨ:- 'ਵੇ ਮੈਂ ਨਈ ਆਉਣਾ ਜੇ ਨਾ ਆਇਆ ਲੈਣ ਸਫ਼ਾਰੀ ਤੇ, ਅਜੇ ਸਫਾਰੀ ਸਮਝ ਸੋਹਣੀਏਾ 5911 ਨੂੰ ' | ਅਜਿਹੇ ਗੀਤ ਸਾਨੂੰ ਸਾਡੇ ਅਮੀਰ ਪਿਛੋਕੜ ਤੋਂ ਹੀ ਜਾਣੂੰ ਨਹੀ ਕਰਾਉਂਦੇ ਬਲਕਿ ਪਰਿਵਾਰਿਕ ਰਿਸ਼ਤਿਆਂ ਦੀ ਰਹਿਤ-ਮਰਿਆਦਾ ਬਾਰੇ ਵੀ ਜਾਣੂ ਕਰਵਾਉਂਦੇ ਹਨ | ਔਰਤ ਵਰਗ ਦੇ ਮੋਹ ਭਿੱਜੇ ਰਿਸ਼ਤਿਆਂ ਨੂੰ ਪੰਜਾਬੀ ਦੇ ਕੁਝ ਗਾਇਕਾਂ/ਗੀਤਕਾਰਾਂ ਨੇ ਬਾਖੂਬੀ ਬਿਆਨ ਕੀਤਾ ਹੈ | ਪਰਿਵਾਰਕ ਰਿਸ਼ਤਿਆਂ ਵਿਚੋਂ ਨਨਾਣ-ਭਰਜਾਈ ਅਤੇ ਦਿਉਰ-ਭਰਜਾਈ ਦਾ ਰਿਸ਼ਤਾ ਕਾਫੀ ਨੋਕ-ਝੋਕ, ਹਾਸਾ-ਠੱਠਾ, ਮੋਹ-ਮੁਹੱਬਤ ਭਰਿਆ ਹੁੰਦਾ ਹੈ | ਨਨਾਣ-ਭਰਜਾਈ ਇਕੱਠੀਆਂ ਚਰਖਾ ਕੱਤਦੀਆਂ, ਪੀਂਘਾਂ ਝੂਟਦੀਆਂ ਅਤੇ ਵਿਆਹ-ਸ਼ਾਦੀ ਵਿਚ ਖੂਬ ਧਮੱਚੜ ਮਚਾਉਂਦੀਆਂ ਹਨ, 'ਗਿੱਧੇ ਵਿਚ ਉੱਡਦੇ ਪਰਾਂਦੇ ਡੋਰੀਏ, ਦੇ ਲੈ ਗੇੜਾ ਸ਼ੌਕ ਦਾ ਨਨਾਣੇ ਗੋਰੀਏ', 'ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ', 'ਆਜਾ ਨੱਚ ਨਵੀਂਏ ਭਰਜਾਈਏ ਨੀ ਤੇਰੀ ਕਿਹੜੀ ਮਹਿੰਦੀ ਲੱਥਦੀ' |
ਅਜੋਕੇ ਸਿੱਖਿਅਕ ਸਮਾਜ ਵਿਚ ਚੇਤੰਨ ਔਰਤ ਵਰਗ ਔਰਤ ਵਿਰੋਧੀ ਹਨੇਰਗ਼ਰਦੀ ਦਾ ਸਾਹਮਣਾ ਡਟ ਕੇ ਕਰ ਰਿਹਾ ਹੈ | ਆਪਣੇ ਮਾਨਵੀ ਅਧਿਕਾਰਾਂ ਅਤੇ ਫ਼ਰਜ਼ਾਂ ਪ੍ਰਤੀ ਚੇਤੰਨ ਹੋ ਕੇ ਹਰ ਖੇਤਰ ਵਿਚ ਪਹਿਲੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ ਅਤੇ ਮਰਦਾਵੇਂ ਓਟ-ਆਸਰੇ ਤੋਂ ਬਿਨਾਂ ਵੀ ਸਮਾਜਿਕ/ਸੱਭਿਆਚਾਰਕ ਪੱਧਰ 'ਤੇ ਕੁਝ ਕਰ ਗੁਜ਼ਰਨ ਲਈ ਤਤਪਰ ਹੈ | ਗੁਲਾਮ ਬਿਰਤੀ ਦਾ ਤਿਆਗ ਕਰਕੇ ਔਰਤ ਦਾ ਆਪਣੇ ਅਧਿਕਾਰਾਂ ਪ੍ਰਤੀ ਚੇਤੰਨ ਹੋਣਾ ਸਮੇਂ ਦੀ ਲੋੜ ਬਣ ਗਈ ਹੈ | ਕੁਝ ਪੰਜਾਬੀ ਗੀਤਾਂ ਵਿਚ ਇਹ ਦਰਸਾਇਆ ਗਿਆ ਹੈ ਕਿ ਅਜੋਕੇ ਸਮੇਂ ਪੜ੍ਹੀ-ਲਿਖੀ ਔਰਤ ਮਰਦਾਵੇਂ ਸਮਾਜ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਬਲਕਿ ਇਸਦਾ ਮੂੰਹ ਤੋੜਵਾਂ ਜਵਾਬ ਦੇਵੇਗੀ ਕਿਉਂਕਿ ਉਸ ਦਾ ਸਬੰਧ ਉਸ ਅਮੀਰ ਤੇ ਗੌਰਵਸ਼ਾਲੀ ਵਿਰਾਸਤ ਨਾਲ ਹੈ ਜਿਸ ਵਿਚ ਜ਼ੁਲਮ ਕਰਨਾ ਹੀ ਪਾਪ ਨਹੀਂ, ਸਗੋਂ ਜ਼ੁਲਮ ਸਹਿਣਾ ਵੀ ਪਾਪ ਹੈ | ਉਸਨੂੰ ਆਪਣੀ ਲੱਜ 'ਤੇ ਬਾਬਲ ਦੀ ਪੱਗ ਦਾ ਪੂਰਾ ਿਖ਼ਆਲ ਹੈ |
'ਤੇਰਾ ਹੱਕ ਜੋ ਖੋਹਵੇ ਉਹਨੂੰ ਸਬਕ ਸਿਖਾ ਲੈ ਤੂੰ,
ਤੇਰੇ 'ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ,
ਕੁੜੀਏ ਮੇਰੇ ਦੇਸ਼ ਦੀਏ ਤਕਦੀਰ ਬਣਾ ਲੈ ਤੂੰ' |
ਵਿਸ਼ਵੀਕਰਨ ਦੀ ਪ੍ਰਭਾਵ ਤੋਂ ਕੋਈ ਵੀ ਸੱਭਿਆਚਾਰ ਜਾਂ ਸਾਹਿਤਕ ਵਿਧਾ ਅਭਿੱਜ ਨਹੀਂ ਰਹੀ | ਸੋ, ਇਸੇ ਕਾਰਨ ਪੰਜਾਬੀ ਗੀਤਾਂ ਅਤੇ ਇਨ੍ਹਾਂ ਦੇ ਫ਼ਿਲਮਾਂਕਣ ਵਿਚ ਘੜਿਆ ਜਾ ਰਿਹਾ ਨਾਰੀ-ਬਿੰਬ ਉੱਭਰਨ ਦੀ ਥਾਂ ਨਿਘਾਰ ਵੱਲ ਜਾ ਰਿਹਾ ਹੈ | ਅਜੋਕੇ ਗੀਤਾਂ ਵਿਚ ਨਾਰੀ ਦਾ ਜੋ ਮਾਡਲ ਘੜਿਆ ਜਾ ਰਿਹਾ ਹੈ ਉਹ ਯਥਾਰਥ ਪੱਖੋਂ ਕੋਹਾਂ ਦੂਰ ਹੈ | ਔਰਤ ਵਿਰੋਧੀ ਗੀਤਾਂ ਨੇ ਸਮਾਜਿਕ ਹਲਕਿਆਂ ਵਿਚ ਵਿਕਰਾਲ ਛਾਪ ਛੱਡੀ ਹੈ ਜਿਸ ਨੇੇ ਔਰਤ ਦੀ ਹੋਂਦ ਨੂੰ ਢਾਹ ਲਾਈ ਹੈ | ਅਜਿਹੇ ਗੀਤ ਸਮਾਜ ਨੂੰ ਗੰਧਲਾ ਹੀ ਨਹੀਂ ਕਰਦੇ ਸਗੋਂ ਨਾਰੀ-ਸ਼ਕਤੀ ਦਾ ਦਮਨ ਵੀ ਕਰਦੇ ਹਨ | ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਕੋਲ ਔਰਤ ਦੀ ਕੋਝੀ ਖੁਸ਼ਾਮਦ ਕਰਨ ਤੋਂ ਇਲਾਵਾ ਹੋਰ ਸਮਾਜਿਕ ਵਿਸ਼ੇ ਮੁੱਕ ਹੀ ਗਏ ਹੋਣ | ਵਿਡੰਬਨਾ ਹੈ ਕਿ ਜ਼ਿਆਦਾਤਰ ਗਿਣਤੀ ਹੀ ਅਜਿਹੇ ਗੀਤਾਂ ਦੀ ਹੈ ਜਿਸ ਵਿਚ ਔਰਤ ਕੇਂਦਰਿਤ ਹੈ | ਉਸ ਨੂੰ ਸਮਾਜਿਕ ਪੱਧਰ 'ਤੇ ਨਹੀਂ ਬਲਕਿ ਜਿਸਮਾਨੀ ਤੌਰ 'ਤੇ ਹੀ ਪੇਸ਼ ਕੀਤਾ ਜਾਂਦਾ ਹੈ | ਅਜਿਹੇ ਗੀਤ ਜਦੋਂ ਮਾਰਕੀਟ ਵਿਚ ਪੇਸ਼ ਹੋ ਕੇ ਟੀ ਵੀ ਚੈਨਲਾਂ 'ਤੇ ਪ੍ਰਸਾਰਿਤ ਹੁੰਦੇ ਹਨ ਤਾਂ ਇਥੇ ਧੀਆਂ ਦੇ ਮਾਪਿਆਂ ਦੇ ਮਨਾਂ ਵਿਚ ਕਿਸ ਤਰਾਂ ਦੇ ਵਿਚਾਰ ਪੈਦਾ ਹੁੰਦੇ ਹੋਣਗੇ ਇਸ ਤੋਂ ਅਸੀਂ ਭਲੀ-ਭਾਂਤ ਵਾਕਿਫ਼ ਹਾਂ | ਕੀ ਕੋਈ ਮਾਂ-ਬਾਪ ਆਪਣੀ ਧੀ ਦੇ ਕਾਲਜ ਦੀ ਕੰਧ 'ਤੇ ਲਿਖੇ ਨਾਂਅ ਅਤੇ ਆਪਣੀ ਧੀ ਦੇ ਨਾਂਅ 'ਤੇ ਪਏ ਮੁੰਡਿਆਂ ਵਿਚ ਵੈਰ ਦੀ ਗੱਲ ਨੂੰ ਸਵੀਕਾਰ ਕਰ ਸਕਦਾ ਹੈ | ਅਜਿਹੇ ਗੀਤਾਂ ਨੇ ਸੂਝਵਾਨ ਲੋਕਾਂ ਦੇ ਮਨਾਂ ਵਿਚ ਬਹੁਤ ਪ੍ਰਸ਼ਨ ਪੈਦਾ ਕੀਤੇ ਹਨ ਜਿਨ੍ਹਾਂ ਦਾ ਹੱਲ ਅਤਿ ਜ਼ਰੂਰੀ ਹੈ | ਅੱਜ ਵੀ ਔਰਤ ਸ਼ੋਸ਼ਕਾਂ ਹੱਥੋਂ ਸ਼ੋਸ਼ਿਤ ਹੋ ਰਹੀ ਹੈ | ਨਾਰੀ-ਦਮਨ ਲਈ ਨਵੇਂ ਛੜਯੰਤਰ ਰਚੇ ਜਾ ਰਹੇ ਹਨ | ਔਰਤ ਅਕਸ ਪ੍ਰਤੀ ਗੀਤਾਂ ਵਿਚ ਹੋ ਰਹੀਆਂ ਵਧੀਕੀਆਂ ਨੂੰ ਨਕੇਲ ਪਾਉਣਾ ਅਤਿ ਜ਼ਰੂਰੀ ਹੈ | ਜੇਕਰ ਇਹ ਧੁੰਧੂਕਾਰਾ ਇਵੇਂ ਹੀ ਚਲਦਾ ਰਿਹਾ ਤਾ ਭਵਿੱਖ ਵਿਚ ਇਸ ਦੇ ਹੋਰ ਵੀ ਮਾਰੂ ਨਤੀਜੇ ਦੇਖਣ ਨੂੰ ਮਿਲਣਗੇ | ਗਲੈਮਰ ਦੇ ਨਾਂ 'ਤੇ ਔਰਤ ਨੂੰ ਗੀਤਾਂ ਵਿਚ ਵਸਤ ਵਾਂਗ ਨਹੀਂ ਬਲਕਿ ਮਾਣ ਮਰਿਆਦਾ ਨਾਲ ਪੇਸ਼ ਕੀਤਾ ਜਾਵੇ | ਗਾਇਕ/ਗੀਤਕਾਰ/ਵੀਡੀਓ ਡਾਇਰੈਕਟਰ ਇਹ ਗੱਲ ਯਾਦ ਰੱਖਣ ਕਿ ਜਿਸ ਔਰਤ ਨੂੰ ਉਹ ਹਥਿਆਰ ਬਣਾ ਕੇ ਦੌਲਤ ਪ੍ਰਾਪਤੀ ਹਿਤ ਪੇਸ਼ ਕਰ ਰਹੇ ਹਨ, ਉਹ ਜੱਗ-ਜਣਨੀ ਹੈ | ਚੰਦ ਸਿੱਕਿਆਂ ਖਾਤਰ ਜੱਗ-ਜਣਨੀ ਨੂੰ ਹਥਿਆਰ ਬਣਾਉਣ ਤੋਂ ਗੁਰੇਜ਼ ਕਰਨ | ਸਾਫ-ਸੁਥਰੇ ਸੱਭਿਅਕ ਗੀਤ ਗਾ ਤੇ ਫ਼ਿਲਮਾਂ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ | ਪੰਜਾਬ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਵੀ ਇਸ ਵੱਲ ਧਿਆਨ ਦੇਵੇ | ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਗੀਤਾਂ ਦਾ ਵਿਰੋਧ ਆਪਣੇ-ਆਪਣੇ ਪੱਧਰ 'ਤੇ ਕਰਨ | ਜੇਕਰ ਇਕ ਗ਼ੈਰ-ਪੰਜਾਬੀ ਪੰਡਿਤ ਰਾਉ ਧਰੇਨਵਰ ਅਜਿਹੇ ਗੀਤਾਂ ਦਾ ਵਿਰੋਧ ਮਾਣਯੋਗ ਹਾਈ ਕੋਰਟ ਤੱਕ ਜਾ ਕੇ ਕਰ ਸਕਦਾ ਹੈ ਤਾਂ ਸਾਨੂੰ ਫਿਰ ਕੀ ਸੱਪ ਸੁੰਘਿਆ ਹੈ, ਅਸੀਂ ਕਿਉਂ ਚੁੱਪ ਹਾਂ | (ਸਮਾਪਤ)

-ਪਿੰਡ-ਜੋਗਾਨੰਦ, ਜ਼ਿਲ੍ਹਾ-ਬਠਿੰਡਾ
ਸੰਪਰਕ-70097-28427.

ਕੌੜੀ ਮਿੱਠੀ ਯਾਦ

ਕਾਫੀ ਸਾਲ ਪਹਿਲਾਂ ਦੀ ਗੱਲ ਹੈ | ਪਿਛਲੀ ਸਦੀ ਆਪਣੇ ਅੱਧ ਤੋਂ 2-3 ਦਹਾਕੇ ਅੱਗੇ ਨਿਕਲ ਆਈ ਸੀ | ਮੈਂ ਉਦੋਂ ਬਹੁਤ ਛੋਟੀ ਸਾਂ, ਸਿਰਫ਼ 6-7 ਸਾਲ ਦੀ | ਅਸੀਂ 6 ਭੈਣ-ਭਰਾ ਸਾਂ | ਆਪਣੇ ਦਾਦਾ-ਦਾਦੀ ਨਾਲ ਪਿੰਡ ਵਿਚ ਰਹਿੰਦੇ ਸਾਂ | ਪਿਤਾ ਜੀ ਬਾਹਰ ਨੌਕਰੀ ਕਰਦੇ ਸਨ, ਸਾਡੇ ਪਿੰਡ ਵਿਚ ਕੋਈ ਸਕੂਲ ਨਹੀਂ ਸੀ | ਮੇਰਾ ਵੱਡਾ ਭਰਾ ਨਾਲ ਦੇ ਪਿੰਡ ਪੜ੍ਹਨ ਜਾਂਦਾ ਸੀ | ਕੁੜੀਆਂ ਨੂੰ ਤਾਂ ਕੋਈ ਪੜ੍ਹਾਉਂਦਾ ਹੀ ਨਹੀਂ ਸੀ | ਮੈਂ ਕਦੇ ਨਾਨਕੇ ਚਲੀ ਜਾਂਦੀ, ਕਦੇ ਕਿਸੇ ਭੂਆ ਦੇ ਘਰ, ਚਾਰ-ਚਾਰ ਭੂਆ ਸਨ | ਮੈਨੂੰ ਆਪਣੇ ਘਰ ਤਾਂ ਘੱਟ ਹੀ ਟਿਕਣਾ ਮਿਲਦਾ ਸੀ | ਜ਼ਿਆਦਾ ਤਾਂ ਮੈਂ ਨਾਨਕੇ ਹੀ ਰਹਿੰਦੀ | ਮੇਰੀਆਂ ਦੋ ਜਵਾਨ ਕੁਆਰੀਆਂ ਮਾਸੀਆਂ ਸਨ ਤੇ ਦੋ ਮਾਮੇ | ਉਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਤੇ ਹਰ ਵੇਲੇ ਬਸ ਮੈਨੂੰ ਗੋਦੀ ਚੁੱਕੀ ਰੱਖਦੇ |
ਮਾਤਾ ਨੈਣਾ ਦੇਵੀ ਦਾ ਮੰਦਰ ਸਾਡੇ ਪਿੰਡ ਤੋਂ 30-35 ਕਿਲੋਮੀਟਰ ਦੀ ਦੂਰੀ 'ਤੇ ਹੈ ਤੇ ਹਰ ਸਾਲ ਨੈਣਾ ਦੇਵੀ ਦੇ ਚਾਲੇ (ਮੇਲਾ) 'ਤੇ ਜਾਣ ਵਾਲੇ ਲੋਕ ਸਾਡੇ ਪਿੰਡ ਵਿਚੋਂ ਦੀ ਹੋ ਕੇ ਲੰਘਦੇ ਹਨ | ਜਿਹੜਿਆਂ ਦੀਆਂ ਵੱਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਉਹ ਪੈਦਲ ਚਲ ਕੇ ਮਾਤਾ ਦੇ ਮੰਦਰ ਹਾਜ਼ਰ ਹੋ ਕੇ ਮੱਥਾ ਟੇਕਦੇ ਹਨ | ਉਨ੍ਹਾਂ ਨੂੰ ਡੰਡੋਤੀਏ ਕਹਿੰਦੇ ਹਨ, ਉਂਜ ਕਈ ਕਈ ਮਹੀਨੇ ਪਹਿਲਾਂ ਹੀ ਚੱਲ ਪੈਂਦੇ ਹਨ, ਇਹ ਯਾਤਰਾ ਬੜੀ ਔਖੀ ਹੈ, ਉਹ ਜ਼ਮੀਨ 'ਤੇ ਲੇਟ ਕੇ ਲਕੀਰ ਖਿਚਦੇ ਹਨ, ਫੇਰ ਖੜ੍ਹੇ ਹੋ ਕੇ ਮੱਥਾ ਟੇਕਦੇ ਹਨ ਤੇ ਫੇਰ ਲਕੀਰ, ਬਸ ਇਸੇ ਤਰ੍ਹਾਂ ਪੂਰੀ ਯਾਤਰਾ ਕਰਦੇ ਹਨ | ਉਨ੍ਹਾਂ ਦੇ ਨਾਲ ਇਕ ਬੰਦਾ ਚਲਦਾ ਹੈ, ਜਿਹੜਾ ਕਿ ਉਨ੍ਹਾਂ ਦੇ ਕੱਪੜੇ ਸੰਭਾਲਦਾ ਤੇ ਖਾਣ-ਪੀਣ ਦਾ ਧਿਆਨ ਰੱਖਦਾ ਹੈ |
ਇਕ ਦਿਨ ਸਵੇਰੇ-ਸਵੇਰੇ ਹੀ ਵੱਡਾ ਮਾਮਾ (ਵੈਸੇ ਉਹ ਏਨਾ ਵੱਡਾ ਵੀ ਨਹੀਂ ਸੀ, ਇਹੀ ਕੋਈ 15-16 ਸਾਲ ਦਾ ਹੋਵੇਗਾ), ਸਾਡੇ ਪਿੰਡ ਆ ਗਿਆ | ਭਾਈ ਨੂੰ ਦੇਖ ਕੇ ਮੇਰੀ ਮਾਂ ਬਹੁਤ ਖੁਸ਼ ਹੋ ਗਈ | ਵਧੀਆ ਜੇਹੀ ਰੋਟੀ ਬਣਾ ਕੇ ਖੁਆਈ ਤੇ ਘਰ ਦੇ ਬਾਕੀ ਮੈਂਬਰਾਂ ਦਾ ਹਾਲ ਪੁੱਛਿਆ | ਮਾਮੇ ਨੇ ਦੱਸਿਆ ਕਿ ਉਹ ਮਾਤਾ ਨੈਣਾ ਦੇਵੀ ਦੇ ਮੰਦਰ ਮੱਥਾ ਟੇਕਣ ਜਾ ਰਿਹਾ ਹੈ, ਮੇਰੀ ਮਾਂ ਬਹੁਤ ਖ਼ੁਸ਼ ਹੋ ਗਈ ਤੇ ਉਸ ਨੇ ਫਟਾਫਟ ਬੇਸਣ ਦੇ ਲੱਡੂ ਬਣਾ ਕੇ, ਮਾਮੇ ਦੇ ਝੋਲੇ ਵਿਚ ਪਾ ਦਿੱਤੇ ਤੇ ਕਿਹਾ, ਲੈ ਵੀਰਾ ਰਸਤੇ ਵਿਚ ਭੁੱਖ ਲੱਗੇ ਤਾਂ ਖਾ ਲਵੀਂ ਤੇ ਹੋਰ ਵੀ ਆਸੇ-ਪਾਸੇ ਵਾਲਿਆਂ ਨੂੰ ਵੰਡ ਦੇੲੀਂ, ਮੇਲੇ ਤੋਂ ਹਟਦਾ ਹੋਇਆ, ਪ੍ਰਸ਼ਾਦ ਜ਼ਰੂਰ ਲੈ ਕੇ ਆਵੀਂ |' ਅਸੀਂ ਸਾਰੇ ਬੱਚੇ ਵੀ ਆਸ-ਪਾਸ ਹੀ ਖੇਲ ਰਹੇ ਸਾਂ | ਮੇਰੇ ਕੰਨ ਵਿਚ ਜਿਵੇਂ ਹੀ ਮੇਲੇ ਦਾ ਨਾਂਅ ਪਿਆ, ਮੈਨੂੰ ਤਾਂ ਚਾਅ ਚੜ੍ਹ ਗਿਆ, ਕਿਉਂਕਿ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਕੁਰਾਲੀ ਤੇ ਬਿੰਦਰੱਖ ਦੇ ਮੇਲੇ 'ਤੇ ਜਾਂਦੇ ਦੇਖਿਆ ਸੀ | ਉਹ ਉਥੋਂ ਬੜੀਆਂ ਸਾਰੀਆਂ ਚੀਜ਼ਾਂ ਲਿਆਉਂਦੇ ਸਨ, ਜਿਵੇਂ ਖੰਡ ਦੇ ਖਿਡਾਉਣੇ, ਖੱਟੀਆਂ ਮਿੱਠੀਆਂ ਗੋਲੀਆਂ, ਛੋਟੇ-ਛੋਟੇ ਲੱਕੜੀ ਦੇ ਗਡੀਰਨੇ, ਗੁਬਾਰੇ, ਚਿੜੀਆਂ, ਤੋਤੇ ਤੇ ਸਾਡੇ ਵਰਗੇ ਨਿਆਣੇ ਕਈ-ਕਈ ਦਿਨਾਂ ਤੱਕ ਗੋਲ-ਗੋਲ ਘੰੁਮਦੇ ਹੋਏ ਝੂਲਿਆਂ ਦੀਆਂ ਗੱਲਾਂ ਕਰਦੇ ਰਹਿੰਦੇ | ਹੱਸਦੇ-ਹੱਸਦੇ ਜਾਂਦੇ ਤੇ ਹੱਸਦੇ ਖੇਡਦੇ ਹੋਏ ਵਾਪਸ ਆਉਂਦੇ |
ਬਸ ਜੀ ਮੈਂ ਤਾਂ ਮਗਰ ਪੈ ਗਈ ਬਈ ਮੈਂ ਵੀ ਮਾਮੇ ਦੇ ਨਾਲ ਮੇਲੇ 'ਤੇ ਜਾਣਾ ਹੈ | ਸਭ ਨੇ ਮਨ੍ਹਾਂ ਕੀਤਾ | ਦਾਦੀ ਨੇ ਮੈਨੂੰ ਵਾਲਾਂ ਤੋਂ ਫੜ ਕੇ ਝਿੜਕਿਆ, ਸਿਰ ਮੰੁਨੀਏ, ਖ਼ਬਰਦਾਰ ਜੇ ਮੁੜ ਕੇ ਮੇਲੇ ਦਾ ਨਾਂਅ ਲਿਆ ਤਾਂ ਤੇਰੀਆਂ ਇਹ ਮਝੀਟੀਆਂ (ਮੀਂਡੀਆਂ) ਜੇਹੀਆਂ ਪੁੱਟ ਕੇ ਤੈਨੂੰ ਟੋਭੇ ਵਿਚ ਸੁੱਟ ਦੰੂਗੀ | ਲੈ ਫੜ ਕੁੜੇ ਸੁਰਜੀਤ ਕੁਰੇ (ਮੇਰੀ ਮਾਂ) ਇਹਨੂੰ ਪਰ੍ਹੇ ਲੈ ਜਾਹ | ਇਹ ਨਿਆਣਾ ਇਹਨੂੰ ਗੈਲ (ਨਾਲ) ਲਜਾ ਕੇ ਕਿਥੇ ਵਰਾਨ ਹੰੁਦਾ ਫਿਰੂਗਾ | ਮੇਰੀ ਮਾਂ ਨੇ ਵੀ ਬਥੇਰਾ ਰੋਕਿਆ, ਪਿਆਰ, ਪੁਚਕਾਰ ਨਾਲ ਵੀ ਤੇ ਇਕ-ਦੋ ਪੋਲੇ-ਪੋਲੇ ਥੱਪੜ ਵੀ ਲਾਏ | ਪਰ ਕਿੱਥੇ ਜੀ, ਮੈਨੂੰ ਵੀ ਜ਼ਿੱਦ ਚੜ੍ਹ ਗਈ, ਬਈ ਅੱਜ ਤਾਂ ਮਾਮੇ ਨਾਲ ਜ਼ਰੂਰ ਜਾਣਾ ਹੈ | ਕੱਚੇ ਵਿਹੜੇ ਵਿਚ ਨਾਲੇ ਲਿਟਾਂ ਤੇ ਨਾਲੇ ਜ਼ੋਰ-ਜ਼ੋਰ ਦੀ ਰੋਵਾਂ | ਆਸੇ ਪਾਸੇ ਦੀਆਂ ਹੋਰ ਵੀ ਔਰਤਾਂ 'ਕੱਠੀਆਂ ਹੋ ਗਈਆਂ | ਅਖੀਰ ਮੇਰੇ ਮਾਮੇ ਨੂੰ ਤਰਸ ਆ ਗਿਆ, ਉਸ ਨੇ ਤਰਲੇ ਜਿਹੇ ਨਾਲ ਕਿਹਾ, ਚੱਲ ਬੀਬੀ ਚਲੀ ਜਾਣ ਦੇ ਨਿਆਣੀ ਨੂੰ | ਦੇਖ ਤਾਂ ਰੋ-ਰੋ ਕੇ ਕਿਵੇਂ ਬੇਹਾਲ ਹੋਣ ਡਹੀ ਹੈ | ਚਾਰ-ਪੰਜ ਘੰਟਿਆਂ ਦੀ ਤਾਂ ਗੱਲ ਹੈ, ਸਾਰੀ ਸੰਝ ਨੂੰ ਅਸੀਂ ਘਰ ਮੁੜ ਆਉਣਾ ਹੈ | ਮੇਰੀ ਮਾਂ ਨੇ ਬੇਦਿਲੀ ਜੇਹੀ ਨਾਲ ਮੇਰਾ ਮੰੂਹ ਹੱਥ-ਧੋ ਕੇ ਨਵੇਂ ਕੱਪੜੇ ਪੁਆ ਕੇ ਤੇ ਛੋਟੀਆਂ-ਛੋਟੀਆਂ ਦੋ ਗੁੱਤਾਂ ਕਰਕੇ ਮੈਨੂੰ ਮਾਮੇ ਦੇ ਨਾਲ ਤੋਰੇ ਦਿੱਤਾ ਪਰ ਨਾਲ ਹੀ ਚਿਤਾਵਨੀ ਵੀ ਦੇ ਦਿੱਤੀ | ਵੀਰੇ ਇਸ ਦੀ ਉਂਗਲੀ ਨਾ ਛੱਡੀਂ | ਇਹ ਬਹੁਤ ਅੱਥਰੀ ਹੈ | ਇਹੋ ਜਿਹੇ ਮੇਲੇ ਠੇਲੇ ਵਿਚ ਨਿਆਣੇ ਉਹੀਓ ਔਟਲ (ਗੰੁਮ) ਜਾਂਦੇ ਨੇ | ਤੂੰ ਇਸ ਦਾ ਭੋਰਾ ਵਸਾਹ ਨਾ ਖਾੲੀਂ | ਮਾਮੇ ਨੇ ਉਸ ਨੂੰ ਭਰੋਸਾ ਦੁਆਇਆ | ਬੀਬੀ ਤੂੰ ਜਮਾਂ ੲੀਂ (ਉੱਕਾ ਹੀ) ਚਿੰਤਾ ਨਾ ਕਰ | ਮੈਂ ਤੇਰੀ ਕੁੜੀ ਪੂਰੀ ਸਾਬਤੀ ਸਬੂਤੀ ਲਿਆ ਕੇ ਤੇਰੇ ਹੱਥ ਫੜਾਊਾ, ਚੰਗਾ ਤੂੰ ਹੁਣ ਸਾਨੂੰ ਜਾਣਦੇ |
ਰੋਪੜ ਜਿਥੋਂ ਅਸੀਂ ਬੱਸ ਫੜਨੀ ਸੀ | ਉਹ ਸਾਡੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ 'ਤੇ ਹੈ | ਉਦੋਂ ਕਿਹੜੇ ਮਿੰਨੀ ਬੱਸਾਂ ਜਾਂ ਟੈਂਪੂ ਚਲਦੇ ਸੀ, ਪੈਦਲ ਹੀ ਜਾਣਾ ਪੈਂਦਾ ਸੀ, ਮੈਂ ਨੱਚਦੀ-ਟੱਪਦੀ ਮਾਮੇ ਦੇ ਨਾਲ ਤੁਰ ਪਈ | ਕਦੇ ਉਹ ਮੈਨੂੰ ਗੋਦੀ ਚੁੱਕ ਲੈਂਦਾ, ਕਦੇ ਉਂਗਲੀ ਫੜ ਕੇ ਨਾਲ ਤੋਰ ਲੈਂਦਾ | ਅਸੀਂ ਰੋਪੜ ਤੋਂ ਬੱਸ ਲੈ ਕੇ 'ਕੌਲਾਂ ਵਾਲੇ ਟੋਭੇ' ਪੁੱਜ ਗਏ | ਉਥੋਂ ਮਾਤਾ ਦੇ ਮੰਦਰ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ | ਉਦੋਂ ਤਾਂ ਅੱਜ ਵਾਂਗੂੰ ਪੱਕੀਆਂ ਤੇ ਸਾਫ-ਸੁਥਰੀਆਂ ਪੌੜੀਆਂ ਨਹੀਂ ਸਨ ਬਣੀਆਂ ਹੋਈਆਂ | ਉਬੜ-ਖਾਬੜ ਪਥਰੀਲੀ ਪਹਾੜੀ ਚੜ੍ਹਾਈ ਸੀ | ਬੜੀ ਮੁਸ਼ਕਿਲ ਨਾਲ ਚੜ੍ਹ ਕੇ ਅਸੀਂ ਮੰਦਰ ਪੁੱਜੇ ਤੇ ਮੱਥਾ ਟੇਕਿਆ | ਮਾਮੇ ਨੇ ਫਟਾਫਟ ਫੁੱਲੀਆਂ ਤੇ ਪਤਾਸਿਆਂ ਦਾ ਪ੍ਰਸਾਦ ਲੈ ਕੇ ਝੋਲੇ ਵਿਚ ਪਾਇਆ ਤੇ ਮੇਰੀ ਉਂਗਲੀ ਫੜ ਕੇ ਹੇਠਾਂ ਉਤਰਨ ਦੀ ਕੀਤੀ | ਉਥੇ ਆਸ-ਪਾਸ ਅੱਜ ਵਾਂਗੂੰ ਨਾ ਕਿਤੇ ਗੋਲ-ਗੋਲ ਘੰੁਮਦੇ ਝੂਲੇ ਸਨ, ਨਾ ਗੁਬਾਰੇ, ਨਾ ਹੋਰ ਕੋਈ ਖਾਣ-ਪੀਣ ਦੀਆਂ ਚੀਜ਼ਾਂ | ਮੈਂ ਸੋਚ ਰਹੀ ਸਾਂ, ਬਈ ਉਹ ਅੱਗੇ ਸਾਨੂੰ ਕਿਤੇ ਰਾਹ ਵਿਚ ਮਿਲਣਗੀਆਂ | ਉਤਰਦੇ-ਉਤਰਦੇ ਅਸੀਂ ਦੋਵੇਂ ਬੁਰੀ ਤਰ੍ਹਾਂ ਥੱਕ ਗਏ ਸਾਂ | ਕੌਲਾਂ ਵਾਲੇ ਟੋਭੇ 'ਤੇ ਪੁੱਜ ਕੇ ਮਾਮੇ ਨੇ ਇਕ ਚਾਹ ਵਾਲੀ ਦੁਕਾਨ 'ਤੇ ਰੁਕ ਕੇ ਚਾਹ ਬਣਾਉਣ ਲਈ ਕਹਿ ਕੇ ਮੈਨੂੰ ਅੰਦਰਲੇ ਕਮਰੇ ਵਿਚ ਇਕ ਬਾਣ ਦੇ ਮੰਜੇ 'ਤੇ ਬਿਠਾ ਦਿੱਤਾ | ਉਥੇ ਹੋਰ ਵੀ ਕਈ ਔਰਤਾਂ ਤੇ ਬੱਚੇ ਬੈਠੇ ਸਨ | ਮਾਮਾ ਆਪ ਬਾਹਰ ਚਾਹ ਵਾਲੇ ਕੋਲ ਬੈਠ ਗਿਆ | ਉਥੇ ਹੀ ਉਸ ਦੇ ਪਿੰਡ ਦੇ 3-4 ਹੋਰ ਮੰੁਡੇ ਆ ਗਏ, ਉਹ ਚਾਹ ਪੀਂਦੇ ਰਹੇ ਤੇ ਹੱਸਦੇ-ਖੇਡਦੇ ਗੱਲਾਂ ਕਰਦੇ ਰਹੇ ਤੇ ਚਾਹ ਪੀ ਕੇ ਉਹ ਉਥੋਂ ਹੀ ਉਠ ਕੇ ਉਹ ਅੱਡੇ ਵੱਲ ਨੂੰ ਚਲੇ ਗਏ | ਮੈਂ ਤਾਂ ਮੰਜੇ 'ਤੇ ਬੈਠਦਿਆਂ ਹੀ ਮੰਜੇ 'ਤੇ ਟੇਢੀ ਹੋ ਗਈ ਤੇ ਫੇਰ ਮੈਨੂੰ ਕੋਈ ਹੋਸ਼ ਨਹੀਂ ਰਿਹਾ | ਮਾਮੇ ਨੂੰ ਮੇਰਾ ਤੇ ਚੇਤਾ ਹੀ ਨਹੀਂ ਰਿਹਾ, ਬਈ ਉਹ ਮੈਨੂੰ ਅੰਦਰ ਮੰਜੇ 'ਤੇ ਬਿਠਾ ਕੇ ਆਇਆ ਸੀ | ਅੱਡੇ 'ਤੇ ਆਕੇ ਉਨ੍ਹਾਂ ਸਭ ਨੇ ਬਸ ਫੜੀ ਤੇ ਰੋਪੜ ਆ ਗਏ, ਜਦ ਉਹ ਰੋਪੜ ਪੁੱਜ ਕੇ ਬਸ ਤੋਂ ਉਤਰਨ ਲੱਗਿਆ ਤਾਂ ਇਕ ਬਜ਼ੁਰਗ ਮਾਈ ਨੇ ਉਸ ਨੂੰ ਕਿਹਾ ਵੇ ਪੁੱਤ ਆਹ ਫੜੀ ਮੇਰੀ ਪੋਤੀ ਨੂੰ , ਮੈਂ ਹੇਠਾਂ ਉਤਰ ਕੇ ਫੜਦੀ ਹਾਂ | ਛੋਟੀ ਕੁੜੀ ਨੂੰ ਦੇਖ ਕੇ ਮਾਮੇ ਦੇ ਤਾਂ ਹੋਸ਼ ਉੜ ਗਏ, ਹੈਾ ਸਾਡੀ ਕੁੜੀ ਕਿੱਥੇ ਹੈ | ਉਸ ਨੇ ਬੁੱਢੀ ਦੀ ਪੋਤੀ ਨੂੰ ੁਤਾਰ ਕੇ ਝੱਟਪੱਟ ਭੱਜ ਕੇ ਸੜਕ ਦੇ ਦੂਜੇ ਬੰਨ੍ਹੇ ਜਾ ਕੇ ਉਧਰ ਨੂੰ ਜਾਣ ਵਾਲੀ ਬੱਸ ਵਿਚ ਚੜ੍ਹ ਗਿਆ | ਨਾਲੇ ਥਰ-ਥਰ ਕੰਬੀ ਜਾਵੇ, ਨਾਲੇ ਬੋਲੀ ਜਾਏ 'ਹੇ ਮਾਤਾ ਰਾਣੀ ਤੇਰੀ ਜੈ' ਅੱਜ ਤਾਂ ਮਿਹਰ ਕਰ, ਮੇਰੀ ਭਾਣਜੀ ਨੂੰ ਮਿਲਾਦੇ | ਮੈਂ ਅਗਲੇ ਸਾਲ ਡੰਡੋਤੀਆਂ ਬਣ ਕੇ ਤੇਰੇ ਦਰਬਾਰ ਵਿਚ ਹਾਜ਼ਰੀ ਦੇਵਾਂ | ਕੌਲਾਂ ਵਾਲੇ ਟੋਭੇ 'ਤੇ ਪੁੱਜ ਕੇ ਜਦ ਉਹ ਚਾਹ ਵਾਲੀ ਦੁਕਾਨ 'ਤੇ ਗਿਆ ਤਾਂ ਮੈਂ ਹਾਲਾਂ ਵੀ ਅੰਦਰ ਮੰਜੇ 'ਤੇ ਉਸੇ ਤਰ੍ਹਾਂ ਸੁੱਤੀ ਪਈ ਸਾਂ | ਮਾਮੇ ਨੇ ਝੱਟਪਟ ਮੈਨੂੰ ਮੋਢੇ 'ਤੇ ਲਾਇਆ ਤੇ ਉਥੋਂ ਭੱਜਣ ਦੀ ਕੀਤੀ | ਆਉਂਦਿਆਂ ਨਾਲ ਹੀ ਉਸ ਨੇ ਮੈਨੂੰ ਮੇਰੀ ਮਾਂ ਦੇ ਹਵਾਲੇ ਕੀਤਾ ਤੇ ਨਾਲੇ ਪ੍ਰਸ਼ਾਦ ਵਾਲਾ ਝੋਲਾ ਵੀ ਤੇ ਤੁਰੰਤ ਘਰ ਤੋਂ ਬਾਹਰ ਹੋ ਗਿਆ | ਮੇਰੀ ਮਾਂ ਪਿਛੋਂ ਹਾਕਾਂ ਹੀ ਮਾਰਦੀ ਰਹੀ 'ਵੇ ਵੇਰਾ ਵੇ ਹੁਣ ਤੂੰ ਕੁਵੇਲੇ ਕਿਥੇ ਚਲਿਆਂ ਏਾ ਕੱਲ੍ਹ ਚਲਾ ਜਾਵੀਂ |' ਪਰ ਉਸ ਨੇ ਪਿਛੇ ਮੁੜ ਕੇ ਨਹੀਂ ਦੇਖਿਆ | ਸ਼ਾਇਦ ਉਸ ਨੂੰ ਡਰ ਸੀ ਕਿਤੇ ਜੇ ਵਿਚ-ਵਿਚਾਲੇ ਕੁੜੀ ਕਿਧਰੇ ਜਾਗ ਗਈ ਹੋਵੇ ਤੇ ਉਹ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦੇਵੇ |'
ਇਹ ਗੱਲ ਉਸ ਨੇ ਮੈਨੂੰ ਲਗਪਗ 15 ਸਾਲ ਬਾਅਦ ਜਦ ਮੈਂ ਯੂਨੀਵਰਸਿਟੀ ਵਿਚ ਐਮ.ਏ. ਕਰਨ ਲੱਗੀ ਤੇ ਆਪਣੀਆਂ ਸਹੇਲੀਆਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਈ ਤਾਂ ਮੈਨੂੰ ਦੱਸੀ | ਅੱਜ ਮੈਂ ਸੋਚਦੀ ਹਾਂ ਕਿ ਕਿਹੇ ਚੰਗੇ ਵੇੇਲੇ ਸਨ ਕਿ ਇਕ ਛੋਟਾ ਬੱਚਾ ਕਈ ਘੰਟੇ ਅਣਗੌਲਿਆਂ ਅੰਦਰ ਸੁੱਤਾ ਰਿਹਾ ਤੇ ਕਿਸੇ ਨੇ ਨਹੀਂ ਛੇੜਿਆ ਤੇ ਇਕ ਅੱਜ ਦਾ ਸਮਾਂ ਹੈ ਕਿ ਬੱਚੇ ਗਲੀ ਜਾਂ ਪਾਰਕ ਵਿਚ ਖੇਡਣ ਨਿਕਲਦੇ ਹਨ ਤਾਂ ਸ਼ਾਮ ਨੂੰ ਉਨ੍ਹਾਂ ਦੇ ਸਹੀ-ਸਲਾਮਤ ਘਰ ਮੁੜਨ ਦੀ ਕੋਈ ਗਾਰੰਟੀ/ਉਮੀਦ ਨਹੀਂ |

-1682-7 ਫੇਜ਼, ਮੁਹਾਲੀ |
ਮੋਬਾਈਲ : 99881-52523.

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੋਰਸਲੇਨ ਰੂਮ ਦੇ ਚੀਨੀ ਮਿੱਟੀ ਦੇ ਬੇਸ਼ਕੀਮਤੀ ਸੰਗ੍ਰਹਿ : 'ਪੋਰਸਲੇਨ' ਕਮਰੇ ਨੂੰ ਫੈਂਟਨ ਹਾਊਸ ਦੇ ਵੱਖ-ਵੱਖ ਮਾਲਕਾਂ ਨੇ ਵੱਖ-ਵੱਖ ਕਮਰਿਆਂ ਦੇ ਰੂਪ ਵਿਚ ਵਰਤਿਆ ਜਿਵੇਂ ਪੜ੍ਹਨ ਲਈ, ਬੈਠਕਾਂ ਲਈ ਅਤੇ ਰਸੋਈ ਲਈ ਵੀ | ਅੱਜ ਇਸ ਕਮਰੇ ਵਿਚ ਲੱਕੜੀ ਅਤੇ ਕੱਚ ਦੇ ਡਿਸਪਲੇਅ ਕੈਬਿਨੇਟਸ ਵਿਚ ਪੋਰਸਲੇਨ ਚੀਨੀ ਮਿੱਟੀ ਦੀਆਂ ਸੈਂਕੜੇ ਹੀ ਕਲਾਕ੍ਰਿਤੀਆਂ ਪ੍ਰਦਰਸ਼ਿਤ ਹਨ | ਉਨ੍ਹਾਂ ਨੂੰ ਅੰਗਰੇਜ਼ੀ ਅਤੇ ਯੂਰਪੀਅਨ ਫੈਕਟਰੀਆਂ ਵਿਚ ਬਣਾਇਆ ਗਿਆ ਸੀ | ਨਾਲ ਹੀ ਵਿਸ਼ਵ ਪ੍ਰਸਿੱਧ ਪੋਰਸਲੇਨ ਮਾਸਟਰ ਕਹਾਉਣ ਵਾਲੀ ਕੰਪਨੀ ਮੈਸੀਨ ਦੇ ਵੀ ਅਨੇਕ ਪ੍ਰਦਰਸ਼ਨ ਸਨ | ਸਾਰੇ ਪੋਰਸਲੇਨ ਵਿਚ ਚੀਜ਼ਾਂ ਦੀ ਸੂਚੀ ਲੱਗੀ ਹੋਈ ਸੀ ਜਿਸ 'ਤੇ ਹਰੇਕ ਵਸਤੂ ਦੇ ਸਾਹਮਣੇ ਨਿਰਮਾਤਾ ਫੈਕਟਰੀ ਦਾ ਨਾਂਅ ਛਪਿਆ ਸੀ |
ਅਗਲੇ ਕਮਰੇ ਵਲ ਜਾਂਦੇ ਹੋਏ ਅਸੀਂ 1612 ਏ. ਡੀ. ਵਿਚ ਬਣੇ ਪਿਆਨੋ ਹਾਰਪਿਸ ਕੋਰਡ ਦੇ ਅੱਗਿਓਾ ਨਿਕਲੇ ਜੋ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਨੇ ਫੈਂਟਨ ਹਾਊਸ ਨੂੰ ਭੇਟ ਕੀਤਾ ਸੀ ਅਤੇ ਉਸ 'ਤੇ ਮਹਾਰਾਣੀ ਦੇ 'ਵਿੰਡਸਰ ਮਹੱਲ ਕਿਲ੍ਹਾ' ਦੀ ਮੋਹਰ ਵੀ ਲੱਗੀ ਹੋਈ ਸੀ |
ਓਰੀਐਾਟਲ ਰੂਮ : ਫੈਂਟਨ ਹਾਊਸ ਦੇ ਇਸ ਕਮਰੇ ਦਾ ਨਾਂਅ ਚੀਨ ਦੇਸ਼ ਦੇ ਪ੍ਰਸਿੱਧ ਪ੍ਰਦਰਸ਼ਨਾਂ ਦੇ ਕਾਰਨ ਹੈ | ਹਰੇਕ ਸੈਰਾਮਿਕ ਦੇ ਸਾਹਮਣੇ ਉਸ ਦੇ ਨਿਰਮਾਣ ਦੀ ਤਰੀਕ ਅਤੇ ਚੀਨੀ ਰਾਜ ਵੰਸ਼ ਦਾ ਨਾਂਅ ਲੇਬਲ 'ਤੇ ਲਿਖਿਆ ਹੋਇਆ ਸੀ ਅਤੇ ਸਭ ਤੋਂ ਪੁਰਾਣਾ ਸਾਮਾਨ 1960 ਏ. ਡੀ. ਦਾ ਸੀ | ਵਧੇਰੇ ਬੇਸ਼ਕੀਮਤੀ ਪੋਰਸਲੇਨ ਦਾ ਸਾਮਾਨ ਫੈਂਟਨ ਹਾਊਸ ਦੀ ਆਖਰੀ ਮਾਲਕਨ ਲੇਡੀ ਵਿਨਿੰਗ ਦੇ ਨਿੱਜੀ ਸੰਗ੍ਰਹਿ ਦਾ ਸੀ |
ਰੋਕਿੰਗਮ ਰੂਮ : ਫਿਰ ਅਸੀਂ ਪੌੜੀਆਂ ਚੜ੍ਹੇ ਜਿਨ੍ਹਾਂ 'ਤੇ ਵਿਸ਼ਾਲ ਕੱਚ ਦੀਆਂ ਖਿੜਕੀਆਂ ਰਾਹੀਂ ਰੌਸ਼ਨੀ ਆ ਰਹੀ ਸੀ, ਜਿਥੋਂ ਬਾਹਰ ਬਗ਼ੀਚੇ ਦਾ ਸੁੰਦਰ ਦਿ੍ਸ਼ ਨਜ਼ਰ ਆਉਂਦਾ ਸੀ | ਫਿਰ ਅਸੀਂ ਰੋਕਿੰਗਮ ਰੂਮ ਵਿਚ ਪਹੁੰਚੇ ਜੋ ਪਹਿਲੀਆਂ ਸਦੀਆਂ ਵਿਚ ਫੈਂਟਨ ਹਾਊਸ ਦਾ ਸੌਣ ਵਾਲਾ ਕਮਰਾ ਸੀ | ਪਰ 19ਵੀਂ ਸਦੀ ਵਿਚ ਇੰਗਲੈਂਡ ਦੇ ਰੋਕਿੰਗਮ ਖੇਤਰ ਦੀ ਚੀਨੀ ਮਿੱਟੀ ਦੀਆਂ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕਮਰਾ ਸੀ | ਮੈਂ ਪਹਿਲਾਂ ਪੜਿ੍ਹਆ ਸੀ ਕਿ ਰੋਕਿੰਗਮ ਪੋਟਰੀ ਹਾਊਸ 19ਵੀਂ ਸਦੀ ਦੇ ਖ਼ਾਸ ਪੋਰਸਲੇਨ ਦੇ ਵਿਸ਼ਵ ਪ੍ਰਸਿੱਧ ਨਿਰਮਾਤਾ ਸਨ ਜੋ ਬਰਤਾਨਵੀ ਅਤੇ ਹੋਰ ਦੇਸ਼ਾਂ ਦੇ ਰਾਜ ਵੰਸ਼ਾਂ ਵਿਚ ਪੋਰਸਲੇਨ ਸਪਲਾਈ ਕਰਦੇ ਸਨ |
ਕਮਰੇ ਦੇ ਸਹਾਇਕ ਵੋਲੰਟੀਅਰ ਨੇ ਦੀਵਾਰਾਂ 'ਤੇ ਸਜੇ ਬੇਹੱਦ ਬਾਰੀਕ ਕਢਾਈ, ਸੂਈ ਧਾਗੇ ਦੇ ਕੰਮ ਦਿਖਾਏ ਜੋ ਪੇਂਟਿੰਗ ਦਿ੍ਸ਼ਾਂ ਵਾਂਗ ਹਨ | ਫੈਂਟਨ ਹਾਊਸ ਦੀ ਆਖਰੀ ਮਾਲਕਣ ਲੇਡੀ ਬਿਨਿੰਗ ਖ਼ੁਦ ਸਿਲਾਈ ਕਢਾਈ ਦੇ ਕੰਮਾਂ ਵਿਚ ਮਾਹਿਰ ਸੀ, ਇਸ ਲਈ ਉਨ੍ਹਾਂ ਨੇ ਇਹ ਆਰਟ-ਸੰਗ੍ਰਹਿ ਇਕੱਤਰ ਕੀਤਾ ਸੀ |
ਫੈਂਟਨ ਹਾਊਸ ਦੇ ਸੰਗੀਤ ਸਮਾਰੋਹ : ਫਿਰ ਸਾਨੂੰ ਦੋ ਸੰਗੀਤ ਯੰਤਰ—ਪਿਆਨੋ ਦਿਸੇ | ਇਕ 1761 ਏ. ਡੀ. ਵਿਚ ਬਣਿਆ ਸੀ ਅਤੇ ਦੂਜਾ 1540 ਏ. ਡੀ. ਦਾ ਬਣਿਆ ਹੋਇਆ ਸੀ | ਸਾਨੂੰ ਹੈਰਾਨੀ ਅਤੇ ਜਿਗਿਆਸਾ ਹੋਈ ਕਿ ਕਿਸੇ ਵੀ ਫੈਂਟਨ ਹਾਊਸ ਦੇ ਮਾਲਕ ਦਾ ਪਿਆਨੋ ਨਾਲ ਕੋਈ ਨਿਸ਼ਚਤ ਸਬੰਧ ਨਹੀਂ ਸੀ, ਫਿਰ ਵੀ ਭਵਨ ਵਿਚ ਅਨੇਕ ਸੰਗੀਤ ਯੰਤਰ ਪਿਆਨੋ ਸਜ਼ੇ ਹੋਏ ਹਨ | ਵੋਲੰਟੀਅਰ ਨੇ ਸਾਨੂੰ ਦੱਸਿਆ ਕਿ ਫੈਂਟਨ ਹਾਊਸ ਵਿਚ ਅਕਸਰ ਸੰਗੀਤ ਸਮਾਰੋਹ ਜਾਂ ਕੰਸਰਟ ਦਾ ਆਯੋਜਨ ਕੀਤਾ ਜਾਂਦਾ ਹੈ | ਵੱਡੇ-ਵੱਡੇ ਪਿਆਨੋ ਵਜਾਉਣ ਵਾਲੇ ਕਲਾਕਾਰਾਂ ਨੂੰ ਇਥੇ ਸੱਦਾ ਦਿੱਤਾ ਜਾਂਦਾ ਹੈ ਅਤੇ ਟਿਕਟ ਦੇ ਨਾਲ ਸ਼ਰਾਬ ਦਾ ਗਿਲਾਸ ਮੁਫ਼ਤ ਦਿੱਤਾ ਜਾਂਦਾ ਹੈ | ਇਸ ਤਰ੍ਹਾਂ ਫੈਂਟਨ ਹਾਊਸ ਸੈਲਾਨੀਆਂ ਦੇ ਨਾਲ-ਨਾਲ ਸੰਗੀਤ ਪ੍ਰੇਮੀਆਂ ਲਈ ਵੀ ਆਕਰਸ਼ਕ ਥਾਂ ਹੈ |
ਲੇਡੀ ਬਿਨਿੰਗ ਬੈਡਰੂਮ ਤੋਂ ਪੋਰਸਲੇਨ ਰੂਮ ਤੱਕ : ਇਸ ਤੋਂ ਬਾਅਦ ਅਸੀਂ ਲੇਡੀ ਬਿਨਿੰਗ ਦੇ ਸੁੰਦਰ ਸੌਣ ਵਾਲੇ ਕਮਰੇ ਵਿਚ ਦਾਖਲ ਹੋਏ ਜਿਸ ਵਿਚ ਉਨ੍ਹਾਂ ਨੇ ਅਨੇਕਾਂ ਕੱਚ-ਲੱਕੜੀ ਦੇ ਡਿਸਪਲੇਅ ਕੈਬਨਿਟ ਬਣਵਾਏ ਤਾਂ ਕਿ ਉਨ੍ਹਾਂ ਵਿਚ ਉਹ ਆਪਣੇ ਪਸੰਦੀਦਾ ਬਹੁਕੀਮਤੀ ਪੋਰਸਲੇਨ ਸੰਗ੍ਰਹਿ ਨੂੰ ਸਜਾ ਸਕਣ | ਮੈਨੂੰ ਪਹਿਲਾਂ ਪੜਿ੍ਹਆ ਯਾਦ ਆਇਆ ਕਿ ਜਦੋਂ 1952 ਵਿਚ ਲੇਡੀ ਬਿਨਿੰਗ ਨੇ ਫੈਂਟਨ ਹਾਊਸ ਨੈਸ਼ਨਲ ਟਰੱਸਟ ਸੰਸਥਾ ਨੂੰ ਵਸੀਅਤ ਵਿਚ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਬੈਡਰੂਮ ਦਾ ਫਰਨੀਚਰ ਉਸ ਵਿਚ ਸ਼ਾਮਿਲ ਨਹੀਂ ਸੀ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਈ ਸੀ ਫਿਰ 2004 ਵਿਚ 'ਕੰਟਰੀ ਲਾਈਫ' ਮੈਗਜ਼ੀਨ ਵਿਚ ਛਪੀ ਪੁਰਾਣੀ ਫੋਟੋ ਦੀ ਸਹਾਇਤਾ ਨਾਲ ਲੇਡੀ ਬਿਨਿੰਗ ਬੈਡਰੂਮ ਦੁਬਾਰਾ ਬਣਾਇਆ ਗਿਆ, ਇਕਦਮ 1950 ਵਰਗਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-seemaanandchopra@gmail.com

ਪਾਲੀਵੁੱਡ ਝਰੋਖਾ: ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਪਣੇ ਨੁੱਕੜ ਨਾਟਕਾਂ ਦੇ ਰਾਹੀਂ ਉਸ ਨੇ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ 'ਤੇ ਆਪਣਾ ਦਿ੍ਸ਼ਟੀਕੋਣ ਪ੍ਰਭਾਵਸ਼ਾਲੀ ਢੰਗ ਨਾਲ ਰਚਿਆ | ਉਸ ਦਾ ਚੰਡੀਗੜ੍ਹ ਦੇ ਸੈਕਟਰ 17 ਦੇ ਨਾਲ ਏਨਾ ਲਗਾਅ ਸੀ ਕਿ ਉਸ ਦਾ 'ਨਾਨ ਸੈਂਸ ਕਲੱਬ' ਇਥੇ ਅਕਸਰ ਦਰਸ਼ਕਾਂ ਨੂੰ ਅਕਲ (ਸੈਂਸ) ਸਿਖਾਇਆ ਕਰਦਾ ਸੀ |
ਦੂਰਦਰਸ਼ਨ ਨਾਲ ਉਸ ਦੀ ਸਾਂਝ 'ਉਲਟਾ-ਪੁਲਟਾ' ਪ੍ਰੋਗਰਾਮ ਦੁਆਰਾ ਸਥਾਪਤ ਹੋਈ | ਜਲੰਧਰ ਦੂਰਦਰਸ਼ਨ ਦੀਆਂ ਰੋਜ਼ਾਨਾ ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਤੋਂ ਪਹਿਲਾਂ ਉਹ ਇਕ-ਅੱਧੇ ਮਿੰਟ ਦੀ ਸਲਾਟ 'ਚ ਰੋਜ਼ਾਨਾ ਹੀ ਕੋਈ ਨਾ ਕੋਈ ਵਿਅੰਗ ਦੇ ਤੀਰ ਛੱਡਦਾ ਸੀ | ਸਥਿਤੀ ਇਹ ਸੀ ਕਿ ਦਰਸ਼ਕ ਖ਼ਬਰਾਂ ਨੂੰ ਸਿਰਫ਼ ਉਸ ਦੇ ਤਰਸ਼ਕ-ਤੀਰਾਂ ਦੇ ਕਰਕੇ ਹੀ ਦੇਖਦੇ ਸਨ | ਹੌਲੀ-ਹੌਲੀ ਇਸ ਪ੍ਰੋਗਰਾਮ ਦੀ ਲੋਕਪਿ੍ਅਤਾ ਦੀ ਸੂਚਨਾ ਮੰਡੀ ਰੋਡ ਵਿਖੇ ਸਥਿਤ ਦਿੱਲੀ ਦੇ ਦੂਰਦਰਸ਼ਨ ਕੇਂਦਰ ਤੱਕ ਵੀ ਪਹੁੰਚੀ | ਸਪੱਸ਼ਟ ਹੈ ਕਿ ਉਨ੍ਹਾਂ ਨੇ ਜਸਪਾਲ ਅੱਗੇ ਰਾਸ਼ਟਰੀ ਪ੍ਰੋਗਰਾਮ ਲਈ 'ਉਲਟਾ ਪੁਲਟਾ' ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਸੀ |
ਇਸ ਤੋਂ ਬਾਅਦ ਜਸਪਾਲ ਲਈ ਸਫ਼ਲਤਾ ਦੇ ਦੁਆਰ ਲਗਾਤਾਰ ਹੀ ਖੁੱਲ੍ਹਦੇ ਚਲੇ ਗਏ ਸਨ ਅਤੇ ਉਸ ਨੇ ਅਨੇਕਾਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਚ ਆਪਣਾ ਸਾਰਥਿਕ ਯੋਗਦਾਨ ਪਾਇਆ ਸੀ | ਉਸ ਦੁਆਰਾ ਅਭਿਨੀਤ ਫ਼ਿਲਮਾਂ 'ਚੋਂ 'ਆ ਅਬ ਲੌਟ ਚਲੇਂ' (1999), 'ਜਾਨਮ ਸਮਝਾ ਕਰੋ' (1999), 'ਖੌਫ਼' (2000), 'ਹਮਾਰਾ ਦਿਲ ਆਪ ਕੇ ਪਾਸ ਹੈ' (2000), 'ਜਾਨੀ ਦੁਸ਼ਮਨ : ਏਕ ਅਨੋਖੀ ਕਹਾਨੀ' (2002), 'ਚੱਕ ਦੇ ਫੱਟੇ' (2009) ਅਤੇ 'ਫਨਾ' ਆਦਿ ਦੇ ਨਾਂਅ ਆਸਾਨੀ ਨਾਲ ਹੀ ਲਏ ਜਾ ਸਕਦੇ ਹਨ |
ਪਰ ਪੰਜਾਬੀ ਸਿਨੇਮਾ ਦੇ ਸੰਦਰਭ 'ਚ ਉਸ ਦੀ ਦੇਣ ਵਿਸ਼ੇਸ਼ ਕਰਕੇ ਦੋ ਫ਼ਿਲਮਾਂ 'ਮਾਹੌਲ ਠੀਕ ਹੈ' ਅਤੇ 'ਪਾਵਰ ਕੱਟ' ਕਰਕੇ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਖਿੱਚੀ ਹੋਈ ਏ ਜਦੋਂ ਡਾ: ਰਵਿੰਦਰ ਸਿੰਘ ਆਪਣੀ ਡਾਕਟਰ ਬਣਨ ਦੀ ਪੜ੍ਹਾਈ ਕਰ ਰਿਹਾ ਸੀ | ਉਸ ਵਕਤ ਇਹ ਸਾਰੇ ਮਿੱਤਰ ਉਸ ਨੂੰ ਮਿਲਣ ਲਈ ਆਏ ਸਨ | ਉਸ ਸਮੇਂ ਸਾਰੇ ਮਿੱਤਰ ਮਖੌਲ-ਠੱਠਾ ਕਰਦੇ ਨਜ਼ਰ ਆ ਰਹੇ ਹਨ |

0ਮੋਬਾਈਲ : 98767-41231

ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਪੇਸ਼ਕਾਰੀ

ਗੀਤ-ਸੰਗੀਤ ਪੰਜਾਬੀ ਜਨ-ਮਾਨਸ ਦੀ ਰੂਹ ਦੀ ਖੁਰਾਕ ਹੈ | ਸੁਹਜਮਈ, ਕਾਵਿਮਈ, ਸੰਗੀਤਮਈ ਅਤੇ ਲੈਅਯੁਕਤ ਹੋਣ ਕਰਕੇ ਇਹ ਮਨੁੱਖੀ ਮਨ ਦੀਆਂ ਦਿਲੀ ਭਾਵਨਾਵਾਂ, ਜਜ਼ਬਾਤ ਨੂੰ ਜ਼ਿਆਦਾ ਟੁੰਬਦਾ ਹੈ | ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ ਜੋ ਸਮੁੱਚੇ ਜਨ-ਮਾਨਸ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ | ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਬੰਦੇ ਨੇ ਭਾਵੇਂ ਹਰ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਤਾਂ ਵੀ ਪੰਜਾਬੀ ਲੋਕ-ਮਨ ਦਾ ਔਰਤ ਪ੍ਰਤੀ ਨਜ਼ਰੀਆ ਪਿਛਾਂਹ-ਖਿੱਚੂ ਅਤੇ ਉਸ ਦੀ ਦੇਹੀ ਤੱਕ ਹੀ ਸਿਮਟਿਆ ਰਿਹਾ ਹੈ | ਜ਼ਿਆਦਾਤਰ ਕਬੀਲਿਆਂ ਵਿਚ ਪੁਰਾਤਨ ਸਮੇਂ ਤੋਂ ਔਰਤ ਦੀ ਹੋਂਦ ਹਾਸ਼ੀਆਕਿ੍ਤ ਹੀ ਰਹੀ ਹੈ | ਉਸ ਨੂੰ ਭੋਗ-ਵਿਲਾਸ ਦੀ ਵਸਤੂ ਅਤੇ ਘਰ ਦੀ ਚਾਰ-ਦੀਵਾਰੀ ਤੱਕ ਹੀ ਸੀਮਤ ਰੱਖਿਆ ਗਿਆ ਹੈ | ਪੰਜਾਬੀ ਸਾਹਿਤ ਦੇ ਕਿੱਸਾ ਅਤੇ ਨਾਥ-ਜੋਗੀ ਕਾਵਿ ਵਿਚ ਵੀ ਔਰਤ ਦੀ ਕਰੜੀ ਨਿੰਦਾ ਕੀਤੀ ਗਈ ਹੈ | ਜੇਕਰ ਕੋਈ ਇਸ ਵਰਗ ਦੇ ਹੱਕ ਵਿਚ ਸ਼ਾਹਦੀ ਭਰਦਾ ਹੈ ਅਤੇ ਇਸ ਨੂੰ ਸਮਾਜਿਕ ਬਰਾਬਰੀ ਦਾ ਰੁਤਬਾ ਦਿੰਦਾ ਹੈ ਤਾਂ ਉਹ ਗੁਰਮਤਿ-ਕਾਵਿ ਹੈ ਜਿਸ ਵਿਚ ਔਰਤ ਨੂੰ ਸਿ੍ਸ਼ਟੀ ਦਾ ਕੇਂਦਰੀ ਧੁਰਾ ਕਿਹਾ ਗਿਆ ਹੈ | ਔਰਤ ਨੂੰ ਪੰਜਾਬੀ ਸਮਾਜ ਨੇ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਲਗਭਗ ਹਰ ਵਰਗ ਨੇ ਹੀ ਕਿਸੇ ਨਾ ਕਿਸੇ ਹੱਦ ਤਕ ਤਿ੍ਸਕਾਰਿਤ ਸਥਿਤੀ ਵਿਚ ਰੱਖਿਆ ਹੈ | ਪੁਰਾਤਨ ਸਮੇਂ ਤੋਂ ਅਜਿਹਾ ਸੰਤਾਪ ਹੰਢਾ ਰਹੀ ਔਰਤ ਅਜੋਕੇ ਸਮੇਂ ਵਿਚ ਵੀ ਪੂਰਨ ਰੂਪ ਵਿਚ ਸੁਤੰਤਰ ਨਹੀਂ ਹੈ | ਉਹ ਅੱਜ ਵੀ ਪਰ-ਨਿਰਭਰ ਹੈ | ਉਸ ਦੇ ਅੰਦਰ ਇਹ ਸੋਚ ਘਰ ਕਰ ਗਈ ਹੈ ਕਿ ਉਸਦੀ ਹੋਂਦ ਮਰਦ ਨਾਲ ਹੀ ਬਰਕਰਾਰ ਰਹਿ ਸਕਦੀ ਹੈ | ਮਰਦਾਵੀਂ ਸਮਾਜ ਦੀ ਮੈਲੀ ਅੱਖ ਅਤੇ ਕਾਮੁਕ ਸ਼ੋਸ਼ਣ ਨੇ ਔਰਤ ਦੀ ਸਮਾਜਿਕ ਸਥਿਤੀ ਨੂੰ ਸਤਿਕਾਰਯੋਗ ਸਥਾਨ 'ਤੇ ਨਹੀਂ ਰਹਿਣ ਦਿੱਤਾ |
ਪੰਜਾਬੀ ਗੀਤਾਂ ਅਤੇ ਇਨ੍ਹਾਂ ਦੇ ਫ਼ਿਲਮਾਂਕਣ ਰਾਹੀਂ ਔਰਤ ਦੀ ਜੋ ਤਸਵੀਰਕਸ਼ੀ ਕੀਤੀ ਜਾ ਰਹੀ ਹੈ, ਉਸ ਨੇ ਵੀ ਕਾਫੀ ਹੱਦ ਤੱਕ ਵਿਕਰਾਲ ਅਲਾਮਤਾਂ ਜਿਵੇਂ ਬਲਾਤਕਾਰ, ਭਰੂਣ-ਹੱਤਿਆ, ਰਿਸ਼ਤਿਆਂ ਦੀ ਟੁੱਟ-ਭੱਜ ਆਦਿ ਨੂੰ ਸਰੰਜਾਮ ਦਿੱਤਾ ਹੈ | ਅਜੋਕੇ ਗੀਤਾਂ ਦਾ ਮੁੱਖ ਮਕਸਦ ਚੰਗੇਰੇ ਸਰੋਕਾਰਾਂ ਦੀ ਥਾਂ ਵਪਾਰ ਅਤੇ ਮੁਨਾਫਾ ਹੈ ਜਿਸ 'ਤੇ ਚਲਦਿਆਂ ਵਿਸ਼ੇਸ਼ ਤੌਰ 'ਤੇ ਔਰਤ ਪੱਖੀ ਕਦਰਾਂ-ਕੀਮਤਾਂ ਗੀਤ-ਸੰਗੀਤ ਵਿਚੋਂ ਪਲਾਇਨ ਕਰ ਰਹੀਆਂ ਹਨ | ਵਿਸ਼ਵੀਕਰਨ ਦੇ ਵਧਦੇ ਪ੍ਰਭਾਵ ਨੇੇ ਸਮੁੱਚੇ ਲੋਕ-ਮਨ ਨੂੰ ਮੰਡੀ ਢਾਂਚੇ ਵਿਚ ਢਾਲਣਾ ਸ਼ੁਰੂ ਕਰ ਦਿੱਤਾ ਹੈ | ਪੰਜਾਬੀ ਕੌਮ ਦੀ ਤਾਂ ਮੁੱਢੋਂ ਫਿਤਰਤ ਹੈ ਕਿ ਇਹ ਪ੍ਰਭਾਵ ਸਭ ਤੋਂ ਪਹਿਲਾਂ ਕਬੂਲ ਕਰਦੀ ਹੈ | ਪੰਜਾਬੀ ਮਨ ਉੁਕਸਾਊ ਮਾਨਸਿਕਤਾ ਕਾਰਨ ਉਦਯੋਗੀ ਢਾਂਚੇ ਦੀ ਪਕੜ ਵਿਚ ਸਹਿਜੇ ਹੀ ਆ ਗਿਆ ਹੈ | ਅੱਜ ਅਸੀਂ 'ਗਲੋਬਲੀ ਵਿਲੇਜ' ਦੀ ਸੋਚ 'ਤੇ ਚਲਦਿਆਂ ਵਸਤਾਂ ਪ੍ਰਾਪਤੀ ਦੀ ਘੋੜ-ਦੌੜ ਵਿਚ ਗਲਤਾਨ ਹੋ ਗਏ ਹਾਂ ਜਿਸਨੇ ਮਨੁੱਖੀ ਸਰੋਕਾਰਾਂ ਨੂੰ ਢਾਹ ਲਾਈ ਹੈ |
ਅਜੋਕੀ ਪੰਜਾਬੀ ਗਾਇਕੀ ਵਿਚ ਨਾਰੀ-ਬਿੰਬ ਲਗਾਤਾਰ ਨਿੱਘਰਦਾ ਦਿਖਾਈ ਦਿੰਦਾ ਹੈ | ਜ਼ਿਆਦਾਤਰ ਗੀਤ ਅਜਿਹੇ ਹਨ ਜੋ ਔਰਤ ਨੂੰ ਵਸਤ ਦੇ ਤੌਰ 'ਤੇ ਪੇਸ਼ ਕਰਦੇ ਹਨ | ਉਸ ਦੇ ਸ਼ਖ਼ਸੀ ਗੁਣਾਂ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਿਸਮਾਨੀ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ | ਬਹੁਤ ਘੱਟ ਗੀਤ ਹਨ ਜੋ ਔਰਤ ਨੂੰ ਸਮਾਜਿਕ/ਸੱਭਿਆਚਾਰਿਕ ਪੱਖੋਂ ਸਤਿਕਾਰਿਤ ਸ਼ਖ਼ਸੀਅਤ ਵਜੋਂ ਪੇਸ਼ ਕਰਦੇ ਹਨ | ਉਸ ਦੇ ਅੰਦਰੂਨੀ ਗੁਣਾਂ ਨੂੰ ਤਿਲਾਂਜਲੀ ਦੇ ਕੇ ਬਾਹਰੀ ਦਿੱਖ ਨੂੰ ਕੇਂਦਰ ਬਣਾਇਆ ਜਾ ਰਿਹਾ ਹੈ | ਬਹੁਤਾਤ ਨਾਰੀ-ਬਿੰਬ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਗੀਤਾਂ ਦੀ ਹੈ | ਭਾਵ 'ਲੱਕ ਟਵੰਟੀ ਏਟ ਕੁੜੀ ਦਾ...', 'ਲੱਕ ਤਿਲਕਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ ਉੱਚੀ ਅੱਡੀ ਦਾ' | ਨਾਰੀ ਸਮਾਜ ਦਾ ਕੇਂਦਰੀ ਧੁਰਾ ਹੈ ਕਿਉਂਕਿ ਸਾਡਾ ਸਮੁੱਚਾ ਰਿਸ਼ਤਾ-ਨਾਤਾ ਪ੍ਰਬੰਧ ਇਸ ਦੇ ਕਾਰਨ ਹੀ ਹੋਂਦ ਵਿਚ ਆਇਆ ਹੈ | ਔਰਤ ਕੇਵਲ ਮਾਸ਼ੂਕਾ ਹੀ ਨਹੀਂ ਬਲਕਿ ਮਾਂ, ਧੀ, ਭੈਣ, ਨੂੰ ਹ, ਸੱਸ ਆਦਿ ਕਿੰਨੇ ਹੀ ਕਿਰਦਾਰ ਨਿਭਾਉਂਦੀ ਹੈ ਜਿਸ ਕਾਰਨ ਸਮੁੱਚਾ ਸਮਾਜਿਕ ਵਰਗ ਪਰਿਵਾਰਕ ਇਕਾਈਆਂ ਵਿਚ ਬੱਝਾ ਹੋਇਆ ਹੈ | ਪੰਜਾਬੀ ਗੀਤਾਂ ਨੇ ਇਸ ਸਿਸਟਮ ਦੀ ਤਸਵੀਰ ਬਦਲ ਕੇ ਪੇਸ਼ ਕੀਤੀ ਹੈ | ਸੱਚ ਦੇ ਸੰਘ 'ਤੇ ਗੂਠਾ ਧਰ ਕੇ ਸੁਆਰਥ ਹਿਤ ਕੱਚ-ਘਰੜ ਰੂਪ ਪੇਸ਼ ਕੀਤਾ ਹੈ | ਸੁਆਰਥੀ ਬਿਰਤੀ ਕਾਰਨ ਪੰਜਾਬੀ ਗਾਇਕਾਂ/ਗੀਤਕਾਰਾਂ ਨੇ ਨਾਰੀ ਨੂੰ ਕੋਝੇ ਢੰਗਾਂ ਨਾਲ ਪੇਸ਼ ਕੀਤਾ ਹੈ | ਤਿ੍ੰਞਣ ਦਾ ਸ਼ਿੰਗਾਰ, ਚਰਖੇ ਦੀ ਘੂਕਰ 'ਤੇ ਗਾਉਣ ਵਾਲੀ, ਅੰਬਰੀਂ ਪੀਘਾਂ ਚੜ੍ਹਾਉਣ ਵਾਲੀ, ਮਰਦ ਦੇ ਬਰਾਬਰ ਵਾਢੀਆਂ ਕਰਨ ਵਾਲੀ, ਕੱਚੀਆਂ ਕੰਧਾਂ 'ਤੇ ਗਹੀਰੇ ਲਿੱਪਣ ਵਾਲੀ, ਸਰ੍ਹੋਂ ਦਾ ਸਾਗ ਤੋੜਦੀ, ਖੇਤਾਂ ਨੂੰ ਭੱਤਾ ਲੈ ਕੇ ਜਾਂਦੀ, ਦੁੱਧ ਰਿੜਕਦੀ ਪੰਜਾਬੀ ਸੁਆਣੀ ਅਜੋਕੇ ਗੀਤਾਂ ਵਿਚੋਂ ਗਾਇਬ ਹੈ | ਅਜੋਕੇ ਗੀਤਾਂ ਵਿਚ ਔਰਤ ਨੂੰ ਸੁਖ-ਸਹੂਲਤਾਂ ਦੀ ਇੱਛੁਕ, ਬੜੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਸਰ ਕਰਨ ਵਾਲੀ ਪੇਸ਼ ਕੀਤਾ ਗਿਆ ਹੈ | ਆਪਣੇ ਅੜੀਅਲ ਸੁੁਭਾਅ ਕਾਰਨ ਉਹ ਇਸ਼ਕ/ਮੁਹੱਬਤ ਦੀ ਪੂਰਤੀ ਵੀ ਪਦਾਰਥਕ ਸਾਧਨਾਂ ਰਾਹੀਂ ਕਰਨਾ ਚਾਹੁੰਦੀ ਹੈ | ਪਿਆਰ ਉਸ ਲਈ ਕੋਈ ਪਵਿੱਤਰ ਰਿਸ਼ਤਾ ਨਹੀਂ ਹੈ | ਪਿਆਰ/ਮੁਹੱਬਤ, ਮੋਹ, ਮਰਿਆਦਾ, ਅਣਖ-ਆਬਰੂ, ਰਿਸ਼ਤੇ-ਨਾਤੇ ਸਭ ਪਦਾਰਥਕ ਸਾਧਨਾਂ ਜਿਵੇਂ ਕਿ ਮਹਿੰਗੀਆਂ ਗੱਡੀਆਂ, ਮਹਿੰਗੇ ਬ੍ਰਾਂਡਾਂ, ਫੋਨਾਂ ਤੱਕ ਸਿਮਟ ਕੇ ਰਹਿ ਗਏ ਹਨ | ਜਿਵੇਂ 'ਕੁੜੀ ਕਹਿੰਦੀ ਬੇਬੀ ਪਹਿਲਾਂ ਜੈਗੁਆਰ ਲੈ ਲੋ ਫੇਰ ਜਿੰਨਾ ਮਰਜ਼ੀ ਪਿਆਰ ਲੈ ਲੋ', 'ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜ੍ਹੇ' | ਗੀਤਾਂ ਦੇ ਪ੍ਰਭਾਵ ਕਾਰਨ ਪਦਾਰਥਕ ਮੋਹ ਦੇ ਚੁੰਗਲ ਵਿਚ ਫਸ ਕੇ ਅਜੋਕੀਆਂ ਸੁਆਣੀਆਂ ਪਰਿਵਾਰਕ ਰਿਸ਼ਤਿਆਂ ਨੂੰ ਤਿਲਾਂਜਲੀ ਦੇ ਰਹੀਆਂ ਹਨ | ਅੱਖ ਦੀ ਸ਼ਰਮ ਖਤਮ ਹੁੰਦੀ ਜਾ ਰਹੀ ਹੈ ਅਤੇ ਰਿਸ਼ਤਿਆਂ ਵਿਚ ਬਨਾਵਟੀਪਨ ਪੈਦਾ ਹੋ ਰਿਹਾ ਹੈ | ਆਧੁਨਿਕ ਸਮਾਜ ਵਿਚ ਔਰਤ ਆਪਣਾ ਸਥਾਨ ਗ੍ਰਹਿਣ ਕਰਨ ਦੀ ਦੌੜ ਵਿਚ ਲੱਗੀ ਹੋਈ ਹੈ | ਪ੍ਰੰਪਰਾਗਤ ਪਰਿਵਾਰਕ ਬੰਧਨਾਂ ਤੋਂ ਨਿਜਾਤ ਪਾ ਕੇ ਅਜੋਕੇ ਪਦਾਰਥਵਾਦੀ ਸਿਸਟਮ ਦਾ ਪੱਲਾ ਫੜਨਾ ਚਾਹੁੰਦੀ ਹੈ | ਉਹ ਸਮਾਜ ਰੂਪੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੀ ਮਹਿਸੂਸ ਕਰਦੀ ਹੈ | ਅਜਿਹਾ ਹੋਣ ਦੀ ਸੂਰਤ ਵਿਚ ਪਰਿਵਾਰਕ ਕਾਟੋ-ਕਲੇਸ਼, ਤਲਾਕ, ਖੁਦਕੁਸ਼ੀਆਂ ਆਦਿ ਮੁਸੀਬਤਾਂ ਉਤਪੰਨ ਹੋ ਰਹੀਆਂ ਹਨ | ਇਹ ਅਣਮਨੁੱਖੀ ਘਟਨਾਵਾਂ ਰਿਸ਼ਤਿਆਂ ਦੀ ਟੁੱਟ-ਭੱਜ ਕਾਰਨ ਵਾਪਰ ਰਹੀਆਂ ਹਨ | ਜਿਵੇਂ:
'ਮਰਦ: ਕਾਹਤੋਂ ਹੁਣ ਮੁਖਤਿਆਰ ਕੁੜੇ ਘਿਓ ਦਾਲ 'ਚ ਪਾਉਣੋ ਹਟਗੀ ਨੀ,
ਔਰਤ : ਮਾੈ ਕੀ ਕਰਾਂ ਸਰਦਾਰਾ ਵੇ ਨੂੰ ਹਾਂ ਦੀ ਘਰ ਵਿਚ ਪੁੱਗਦੀ ਐ' |
'ਹਾਏ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ,
ਭੁਲੇਖਾ ਜਿਹਾ ਪਾਉਣ ਲੱਗ ਪਈ |
ਕੈਸੀ ਜੰਮੀ ਨੀ ਤੂੰ ਸਾਡੇ ਵਿਹੜੇ ਬੇਰੀਏ,
ਸਿਰਾਂ ਦੀ ਪੱਗ ਲਾਹੁਣ ਲੱਗ ਪਈ' |
ਜੇਕਰ ਅਜੋਕੇ ਸਮੇਂ ਨਾਰੀ-ਬਿੰਬ ਦਾ ਨਿਘਾਰ ਹੋ ਰਿਹਾ ਹੈ ਤਾਂ ਕਿਸੇ ਹੱਦ ਤਕ ਔਰਤ ਵੀ ਕਸੂਰਵਾਰ ਹੈ ਕਿਉਂਕਿ ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ | ਪੰਜਾਬੀ ਗੀਤਾਂ ਵਿਚਲੀ ਔਰਤ ਮਾਨਵੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋ ਪੱਛਮੀ ਸ਼ੋਸ਼ੇਬਾਜ਼ੀ ਵਿਚ ਗ਼ਲਤਾਨ ਹੋ ਰਹੀ ਹੈ | ਪੰਜਾਬੀ ਗਾਇਕਾਵਾਂ ਵਲੋਂ ਗਾਏ ਗੀਤਾਂ ਵਿਚ ਵੀ ਅਜਿਹੀ ਔਰਤ ਨਜ਼ਰੀਂ ਪੈਂਦੀ ਹੈ | ਦੂਸਰਾ ਪੰਜਾਬੀ ਗੀਤਾਂ ਨੂੰ ਲਿਖਣ ਵਾਲੇ ਜ਼ਿਆਦਾਤਰ ਲੋਕ ਮਰਦ ਹਨ ਅਤੇ ਉਨ੍ਹਾਂ ਇਹ ਵੀ ਮਨ ਵਿਚ ਧਾਰਿਆ ਹੋਇਆ ਹੈ ਕਿ ਇਨ੍ਹਾਂ ਨੂੰ ਸੁਣਨ ਅਤੇ ਦੇਖਣ ਵਾਲੇ ਦਰਸ਼ਕ ਦਾ ਰੂਪ ਵੀ ਮਰਦਾਨਾ ਹੈ | ਅਜਿਹੇ ਗੀਤਾਂ ਪਿੱਛੇ ਕਾਰਜਸ਼ੀਲ ਦਿ੍ਸ਼ਟੀ ਮਰਦ ਵਰਗ ਦੀ ਹੈ | ਔਰਤ ਅਕਸ ਦੇ ਉਲਟ ਗੀਤ ਮਰਦ ਦਾ ਬਿੰਬ ਸਮਾਜਿਕ ਵਰਤਾਰੇ ਦੀਆਂ ਵਿਭਿੰਨ ਸ਼ਕਤੀਆਂ ਦੇ ਮਾਲਕ ਦੇ ਰੂਪ ਵਿਚ ਪੇਸ਼ ਕਰਦੇ ਹਨ | ਅਜੋਕੇ ਗੀਤਾਂ ਵਿਚ ਪੇਸ਼ ਹੋ ਰਹੀ ਔਰਤ ਮਾਣਮੱਤੀ ਅੱਲ੍ਹੜ ਪੰਜਾਬਣ ਨਹੀਂ ਹੈ ਬਲਕਿ ਹਿਪ-ਹੌਪ 'ਤੇ ਡਾਂਸ ਕਰਨ ਵਾਲੀ ਹੈ | ਉਸਦੇ ਆਦਰਸ਼ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕਲਪਨਾ ਚਾਵਲਾ ਵਰਗੇ ਨਹੀਂ ਬਲਕਿ ਲੇਡੀ ਗਾਗਾ, ਸ਼ਕੀਰਾ, ਮੈਡੋਨਾ ਬਣ ਗਏ ਹਨ | ਉਸਨੂੰ ਯੈਂਕਣ, ਪਟੋਲਾ, ਨੱਢ੍ਹੀ, ਸਵੀਟੋ, ਪੁਰਜਾ ਆਦਿ ਨਾਵਾਂ ਦਾ ਨਾਉਂ ਦਿੱਤਾ ਜਾਂਦਾ ਹੈ | ਉਹ ਖੇਤਾਂ ਨੂੰ ਭੱਤਾ ਲਿਜਾਣ ਦੀ ਬਜਾਏ ਪੱਬ/ਕਲੱਬ ਜਾਣ ਦੀ ਇਛੁੱਕ ਹੈ | ਅਜਿਹੇ ਵੀ ਗੀਤ ਬਹੁਤ ਹਨ ਜਿਨ੍ਹਾਂ ਵਿਚ ਔਰਤ ਨੂੰ ਨਸ਼ੇ ਦਾ ਸੇਵਨ ਕਰਦੀ ਪੇਸ਼ ਕੀਤਾ ਗਿਆ ਹੈ, 'ਐਨਾ ਵੀ ਨਾ ਡੌਪ-ਸ਼ੌਪ ਮਾਰਿਆ ਕਰੋ ਐਵੇਂ ਸੁੱਕੀ ਵੋਦਕਾ ਨਾ ਚਾੜਿ੍ਹਆ ਕਰੋ, ਥੋੜ੍ਹਾ ਬਹੁਤਾ ਲਿਮਕਾ ਵੀ ਪਾਲਿਆ ਕਰੋ', 'ਨੀ ਤੂੰ ਖਿੱਚੀ ਜਾਵੇਂ ਪੈੱਗ ਗਟਾਗਟ ਸੋਹਣੀਏ, ਤੂੰ ਹਾਲੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ' |
ਭੱਦੀ ਸ਼ਬਦਾਵਲੀ ਵਾਲੇ ਗੀਤਾਂ ਦੇ ਪ੍ਰਸਾਰਿਤ ਹੋਣ ਕਾਰਨ ਪੰਜਾਬੀ ਸਮਾਜ ਗੰਧਲਾ ਹੋ ਗਿਆ ਹੈ | ਅਜਿਹੀ ਬਿਰਤੀ ਦਾ ਸ਼ਿਕਾਰ ਔਰਤ ਅਤੇ ਮਰਦ ਦੋਨੋਂ ਹੀ ਹੋਏ ਹਨ | ਚੋਰੀ ਦਾ ਗੁੜ ਖਾਣ ਦੀ ਆਦਤ ਸਭ ਦੀ ਹੈ, ਬੂਰੇ ਵਰਗੀ ਸ਼ੱਕਰ ਤੋਂ ਹਰ ਕੋਈ ਨੱਕ ਮੋੜਦਾ ਹੈ | ਘੱਟ ਅੱਜ ਦੇ ਰਾਂਝੇ ਵੀ ਨਹੀਂ | ਇਹ ਵੀ ਹੀਰਾਂ ਨੂੰ ਠੁਕਰਾ ਕੇ ਸਾਹਿਬਾਂ ਪਿੱਛੇ ਭੱਜਦੇ ਫਿਰਦੇ ਹਨ | ਪਰ ਪਿਆਰ-ਮੁਹੱਬਤ ਦੇ ਟੁੱਟਦੇ ਰਿਸ਼ਤਿਆਂ ਲਈ ਕਸੂਰਵਾਰ ਧਿਰ ਕੇਵਲ ਔਰਤ ਨੂੰ ਹੀ ਠਹਿਰਾਇਆ ਜਾਂਦਾ ਹੈ | ਸਮਾਜਿਕ ਮਾਣ-ਮਰਿਆਦਾ, ਅਣਖ-ਆਬਰੂ ਦਾ ਬੋਝ ਔਰਤ ਦੇ ਮੋਢਿਆਂ 'ਤੇ ਹੀ ਲੱਦ ਦਿੱਤਾ ਜਾਂਦਾ ਹੈ | ਅਜਿਹੇ ਗੀਤਾਂ ਵਿਚ ਔਰਤ ਨੂੰ ਰਿਸ਼ਤਿਆਂ ਬਾਹਰੀ, ਧੋਖੇਬਾਜ਼, ਖੁਦਗਰਜ਼, ਪਦਾਰਥਕ ਸਾਧਨਾਂ ਤਕ ਸੀਮਿਤ ਕਹਿ ਕੇ ਭੰਡਿਆ ਗਿਆ ਹੈ, 'ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ' | 'ਯਾਰੋ ਆਉਂਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ', 'ਮਾਵਾਂ ਬੁੱਕਲਾਂ 'ਚ ਪੁੱਤਾਂ ਨੂੰ ਲੁਕੋਂਦੀਆਂ ਨੀ ਜਦੋਂ ਗੱਲਾਂ ਹੋਣ ਤੇਰੀਆਂ', 'ਧੋਖਾ ਦੇ ਹੀ ਜਾਂਦੀ ਏ ਯਾਰੋ ਗੱਡੀੇ 'ਤੇ ਨੱਡੀ' |
ਪੰਜਾਬੀ ਵਿਚ ਅਜਿਹੇ ਗੀਤ ਆਟੇ ਵਿਚ ਲੂਣ ਬਰਾਬਰ ਹਨ ਜੋ ਔਰਤ ਵਰਗ ਨੂੰ ਸਮਾਜਿਕ/ਸੱਭਿਆਚਾਰਕ ਪੱਖੋਂ ਸਤਿਕਾਰਤ ਰੂਪ ਵਿਚ ਪੇਸ਼ ਕਰਦੇ ਹੋਣ | ਦੁਨੀਆਂ ਵਿਚ ਅਜਿਹੇ ਇਨਸਾਨ ਵੀ ਹਨ ਜੋ ਵੱਖਰੇ ਰਾਹਾਂ ਦੇ ਪਾਂਧੀ ਹਨ | ਅਜਿਹੀ ਮਿਸਾਲ ਪੰਜਾਬੀ ਗਾਇਕੀ ਵਿਚ ਵੀ ਮਿਲਦੀ ਹੈ | ਜ਼ਿੰਦਾ ਜ਼ਮੀਰ ਵਾਲੇ ਗੀਤਕਾਰ/ਗਾਇਕ ਹਾਲੇ ਵੀ ਇਸ ਖੇਤਰ ਵਿਚ ਤਤਪਰ ਹਨ ਜੋ ਬਲਦੀ 'ਤੇ ਤੇਲ ਪਾਉਣ ਤੋਂ ਗੁਰੇਜ਼ ਕਰਦੇ ਹਨ ਅਤੇ ਔਰਤ ਨੂੰ ਸਤਿਕਾਰਿਤ ਰੁਤਬੇ ਨਾਲ ਪਰਿਵਾਰਕ ਪੱਖੋਂ ਮਾਣ-ਮਰਿਆਦਾ ਨਾਲ ਪੇਸ਼ ਕਰਦੇ ਹਨ ਜਿਨ੍ਹਾਂ ਵਿਚ ਗੁਰਦਾਸ ਮਾਨ, ਦੇਬੀ ਮਖ਼ਸੂਸਪੁਰੀ, ਸਤਿੰਦਰ ਸਰਤਾਜ, ਹਰਜੀਤ ਹਰਮਨ, ਮਨਪ੍ਰੀਤ ਟਿਵਾਣਾ, ਹਰਮਨਜੀਤ, ਹਰਭਜਨ ਮਾਨ ਆਦਿ ਦੇ ਨਾਮ ਉਲੇਖਯੋਗ ਹਨ | ਅਜਿਹੇ ਗੀਤਕਾਰਾਂ ਨੇ ਔਰਤ ਦੇ ਸਥਾਨ ਨੂੰ ਸਾਡੀਆਂ ਪ੍ਰੰਪਰਾਗਤ ਸਮਾਜਿਕ/ਸੱਭਿਆਚਾਰਕ ਸਥਿਤੀਆਂ ਵਿਚ ਪਰਖਿਆ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ-ਜੋਗਾਨੰਦ, ਜ਼ਿਲ੍ਹਾ-ਬਠਿੰਡਾ
ਸੰਪਰਕ-70097-28427.

ਕੱਲ੍ਹ ਓਜ਼ੋਨ ਪਰਤ ਦੀ ਸੁਰੱਖਿਆ 'ਤੇ ਵਿਸ਼ੇਸ਼

ਪਤਲੀ ਪੈ ਰਹੀ ਹੈ ਓਜ਼ੋਨ ਦੀ ਪਰਤ, 50 ਸਾਲਾਂ 'ਚ ਹੋਏਗੀ ਠੀਕ

ਧਰਤੀ ਦੇ ਵਾਯੂਮੰਡਲ ਦੀ ਹੇਠਲੀ ਪਰਤ 'ਟਰੋਪੋਸਫ਼ੀਅਰ' ਹੈ, ਜਿਹੜੀ 10 ਕਿਲੋਮੀਟਰ ਦੀ ਉਚਾਈ ਤੀਕਰ ਮਿੱਥੀ ਗਈ ਹੈ | 9 ਕਿਲੋਮੀਟਰ ਉੱਚੀ ਮਾਊਾਟ ਐਵਰੈਸਟ ਦੀ ਚੋਟੀ ਤੋਂ ਇਕ ਕਿਲੋਮੀਟਰ ਉਤਾਂਹ | ਉਸ ਤੋਂ ਅੱਗੇ ਵਾਯੂਮੰਡਲ ਦੀ ਦੂਜੀ ਪਰਤ 'ਸਟਰੈਟੋਸਫ਼ੀਅਰ' ਸ਼ੁਰੂ ਹੋ ਜਾਂਦੀ ਹੈ | ਧਰਤੀ ਤੋਂ 10 ਕਿਲੋਮੀਟਰ ਤੋਂ 50 ਕਿਲੋਮੀਟਰ ਦੀ ਵਿੱਥ ਤੱਕ, ਇਹ ਪਰਤ ਫੈਲੀ ਹੋਈ ਹੈ | ਸਟਰੈਟੋਸਫ਼ੀਅਰ ਦੇ ਹੇਠਲਾ ਭਾਗ ਵਪਾਰਕ ਹਵਾਈ ਆਵਾਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ | ਸਟਰੈਟੋਸਫ਼ੀਅਰ ਦੇ ਵਿਚਾਲੇ 15 ਕਿਲੋਮੀਟਰ ਤੋਂ 30 ਕਿਲੋਮੀਟਰ ਵਿਚਕਾਰਲਾ ਭਾਗ ਤੇਜ਼ ਗੰਧ ਅਤੇ ਨੀਲੱਤਣੇ ਰੰਗ ਵਾਲੀ ਸੰਘਣੀ ਓਜ਼ੋਨ ਗੈਸ ਨਾਲ ਭਰਿਆ ਪਿਆ ਹੈ |
ਓਜ਼ੋਨ ਗੈਸ ਦੀ ਇਹ ਪੱਟੀ, ਧਰਤੀ ਦੇ ਵਾਯੂਮੰਡਲ ਅੰਦਰ ਬੜੀ ਹੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ | ਧਰਤੀ ਦੀ ਸਤ੍ਹਾ 'ਤੇ, ਸੂਰਜ ਤੋਂ ਆਉਣ ਵਾਲੀਆਂ, ਪਰਾਬੈਂਗਣੀ ਵਿਕਿਰਨਾਂ ਨੂੰ , ਆਪਣੇ ਵਿਚ ਸੋਖ਼ ਲੈਣ ਦਾ ਗੁਣ, ਇਸ ਓਜ਼ੋਨ ਪਰਤ ਵਿਚ ਮੌਜੂਦ ਹੁੰਦਾ ਹੈ | ਜਦ ਅਣਸੋਧੀਆਂ ਪਰਾਬੈਂਗਣੀ ਵਿਕਿਰਨਾਂ ਧਰਤੀ 'ਤੇ ਪੁੱਜਦੀਆਂ ਹਨ ਤਾਂ ਮਨੁੱਖਾਂ ਦਾ ਚੋਖਾ ਨੁਸਕਾਨ ਕਰਦੀਆਂ ਹਨ | ਚਮੜੀ ਦੇ ਕੈਂਸਰ ਦਾ ਕਾਰਨ ਬਣਦੀਆਂ, ਮੋਤੀਆ ਬਿੰਦ ਉਪਜਾਉਂਦੀਆਂ, ਫ਼ਸਲਾਂ ਦੇ ਝਾੜ ਨੂੰ ਖੋਰਾ ਲਾਉਂਦੀਆਂ, ਜਲਚਰਾਂ ਦੀ ਜਾਨ ਨੂੰ ਮੁਸੀਬਤ 'ਚ ਪਾਉਂਦੀਆਂ ਹਨ, ਇਹ ਪਰਾਬੈਂਗਣੀ ਵਿਕਿਰਨਾਂ | ਸਟਰੈਟੋਸਫ਼ੀਅਰ ਵਿਚ ਓਜ਼ੋਨ ਦੇ ਅਣੂ ਬਣੀ ਵੀ ਜਾਂਦੇ ਹਨ ਅਤੇ ਟੁੱਟਦੇ ਵੀ ਰਹਿੰਦੇ ਹਨ | ਉਂਜ ਓਜ਼ੋਨ ਦੀ ਪਰਤ ਵਿਚ, ਓਜ਼ੋਨ ਦੀ ਕੁੱਲ ਮਾਤਰਾ ਓਨੀ ਹੀ ਬਣੀ ਰਹਿੰਦੀ ਹੈ, ਭਾਵੇਂ ਕੁਝ ਮੌਸਮੀ ਅਤੇ ਭੂਗੋਲਿਕ ਅਦਲਾ-ਬਦਲੀਆਂ, ਓਜ਼ੋਨ ਦੀ ਪਰਤ ਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ ਰਹੀਆਂ ਹਨ |
ਸਾਨੂੰ ਪਹਿਲੀ ਵਾਰ, ਉਸ ਵੇਲੇ ਓਜ਼ੋਨ ਦੀ ਪਰਤ ਦੇ ਪਤਨ ਦੀ ਚਿੰਤਾ ਹੋਈ, ਜਦੋਂ ਸੰਨ 1979 ਦੇ ਵਰ੍ਹੇ ਜਾਪਾਨੀ ਅਤੇ ਅੰਗਰੇਜ਼ ਖੋਜਕਾਰਾਂ ਨੇ, ਇਹ ਐਲਾਨ ਕੀਤਾ ਕਿ ਸਾਡੀ 'ਸੁਰੱਖਿਆ ਛਤਰੀ' ਬਣੀ ਉਜ਼ੋਨ ਦੀ ਪਰਤ ਪਤਲੀ ਪੈਣ ਲੱਗੀ ਹੈ | ਫਿਰ 'ਨਾਸਾ' ਨੇ ਸੰਨ 1987 'ਚ ਐਾਟਾਰਕਟਿਕਾ ਦੀ ਮੁਹਿੰਮ ਤੋਂ ਬਾਅਦ 'ਚ ਰਿਪੋਰਟ ਪੇਸ਼ ਕੀਤੀ | ਇਸ ਰਿਪੋਰਟ ਵਿਚ ਓਜ਼ੋਨ ਦੀ ਪਰਤ ਵਿਚ ਪਏ ਛੇਕਾਂ ਨੂੰ ਤਸਦੀਕ ਕਰ ਦਿੱਤਾ ਗਿਆ ਸੀ | ਓਜ਼ੋਨ ਦੀ ਪਰਤ ਦਾ ਪਤਲਾ ਪੈ ਜਾਣਾ, ਜਾਣੀ ਕਿ ਪਰਾਬੈਂਗਣੀ ਵਿਕਿਰਨਾਂ ਦਾ ਵਧੇਰੇ ਮਾਤਰਾ ਵਿਚ ਧਰਤੀ ਉੱਪਰ ਪਹੁੰਚਣਾ, ਧਰਤੀ ਦੇ ਬਹੁਤੇ ਲੋਕਾਂ ਉੱਪਰ ਪਰਾਬੈਂਗਣੀ ਵਿਕਿਰਨਾਂ ਦਾ ਪ੍ਰਭਾਵ ਪੈਣਾ ਹੈ |
ਜ਼ਰਾ ਅੰਦਾਜ਼ਾ ਲਗਾਓ : ਜੇ ਸਟਰੈਟੋਸਫ਼ੀਅਰ ਵਿਚ ਓਜ਼ੋਨ ਦੀ ਪਰਤ ਹੁੰਦੀ ਹੀ ਨਾ ਤਾਂ ਸੂਰਜ ਦੀਆਂ ਸ਼ਕਤੀਸ਼ਾਲੀ ਪਰਾਬੈਂਗਣੀ ਵਿਕਿਰਨਾਂ, ਇਸ ਧਰਤੀ ਨੂੰ ਜ਼ਿੰਦਗੀ ਤੋਂ ਬਾਂਝ ਕਰ ਦਿੰਦੀਆਂ | ਪਿਛਲੀ ਅੱਧੀ ਸਦੀ ਤੋਂ ਅਸੀਂ ਕਲੋਰੋਫਲੋਰੋਕਾਰਬਨਾਂ ਨੂੰ ਬੜੇ ਕੰਮ ਦੀ ਚੀਜ਼ ਸਮਝਦੇ ਆਏ ਹਾਂ | ਇਨ੍ਹਾਂ ਪਦਾਰਥਾਂ ਦੇ ਗੁਣ ਹਨ ਕਿ ਇਹ ਟਿਕਾਊ ਹਨ, ਇਹ ਜਲਣਸ਼ੀਲ ਨਹੀਂ ਹੁੰਦੇ, ਸਸਤੇ ਹਨ, ਸੌਖਿਆਂ ਪੈਦਾ ਹੋ ਜਾਂਦੇ ਹਨ | ਇਨ੍ਹਾਂ ਨੂੰ ਅਸੀਂ ਫ਼ਰਿੱਜਾਂ, ਘੋਲਕਾਂ, ਫੋਮ ਬਲੋ ਪ੍ਰੇਰਕਾਂ ਤੇ ਹੋਰ ਬੜੀਆਂ ਥਾਵਾਂ 'ਤੇ ਇਸਤੇਮਾਲ ਕਰਦੇ ਆ ਰਹੇ ਹਾਂ | ਹੋਰ ਵੀ ਕਲੋਰੀਨ-ਯੁਕਤ ਯੋਗਿਕ ਜਿਵੇਂ ਮਿਥਾਈਲ ਕਲੋਰਾਈਡ, ਕਾਰਬਨ ਟੈਟਰਾਕਲੋਰਾਈਡ, ਇਕ ਸਨਅਤੀ ਰਸਾਇਣ 'ਹੈਲੋਨਜ਼' ਬੜੇ ਪ੍ਰਭਾਵਸ਼ਾਲੀ ਅੱਗ ਬੁਝਾਊ ਪਦਾਰਥ ਹਨ | ਇਸ ਭੋਇੰ ਨੂੰ ਧੂਣੀ ਦੇਣ ਵਾਲਾ ਰਸਾਇਣ ਹੈ, ਮਿਥਾਈਲ ਬ੍ਰੋਮਾਈਡ | ਇਹ ਸਾਰੇ ਜਦੋਂ ਟੁੱਟਦੇ ਹਨ ਤਾਂ ਸੁਰੱਖਿਆ ਕਰਨ ਵਾਲੀ ਓਜ਼ੋਨ ਪਰਤ ਨੂੰ ਖੋਰਾ ਲਗਾਉਂਦੇ ਹਨ | ਕਹਿੰਦੇ ਹਨ ਕਿ ਸਵੀਮਿੰਗ ਪੂਲਾਂ, ਉਦਯੋਗਿਕ ਇਕਾਈਆਂ, ਸਮੰੁਦਰੀ ਲੂਣ ਅਤੇ ਜਵਾਲਾਮੁਖੀ ਤੋਂ ਪੈਦਾ ਕਲੋਰੀਨ, ਹੇਠਲੇ ਵਾਯੂਮੰਡਲ (ਟਰੋਪੋਸਫ਼ੀਅਰ) ਵਿਚ ਹੀ ਰਹਿ ਜਾਂਦੀ ਹੈ | ਇਥੇ ਪਾਣੀ ਦੇ ਵਾਸ਼ਪਾਂ ਨਾਲ ਮਿਲ ਕੇ, ਟਰੋਪੋਸਫ਼ੀਅਰ 'ਚ ਹੀ ਮੀਂਹ ਬਣ ਕੇ ਵਰ੍ਹ ਪੈਂਦੀ ਹੈ |
ਪਰ ਕਲੋਰੋਫਲੋਰੋਕਾਰਬਨ ਤਾਂ ਪਾਣੀ ਵਿਚ ਘੁਲਦੇ ਹੀ ਨਹੀਂ | ਕਿਸੇ ਸਾਧਨ ਨਾਲ ਇਨ੍ਹਾਂ ਨੂੰ ਹੇਠਲੇ ਵਾਯੂਮੰਡਲ ਵਿਚੋਂ ਬਾਹਰ ਵੀ ਨਹੀਂ ਕੱਢ ਸਕਦੇ | ਬਸ ਜਦੋਂ ਤੇਜ਼ ਹਵਾਵਾਂ ਚੱਲ ਪੈਂਦੀਆਂ ਹਨ, ਉਹ ਕਲੋਰੋਫਲੋਰੋਕਾਰਬਨਾਂ ਨੂੰ ਚੁੱਕ ਕੇ ਸਟਰੈਟੋਸਫ਼ੀਅਰ 'ਚ ਪਹੁੰਚਾ ਦਿੰਦੀਆਂ ਹਨ | ਕਲੋਰੋਫਲੋਰੋਕਾਰਬਨ ਟੁੱਟਣ ਦਾ ਨਾਂਅ ਨਹੀਂ ਲੈਂਦੇ | ਸਿਰਫ਼ ਸੰਘਣੀਆਂ ਪਰਾਬੈਂਗਣੀ ਵਿਕਿਰਨਾਂ ਦੇ ਟਕਰਾਅ ਨਾਲ ਅਪਘਟਿਤ ਹੁੰਦੇ ਹਨ | ਇੰਝ ਕਲੋਰੀਨ ਦੇ ਪ੍ਰਮਾਣੂ ਉਪਜਦੇ ਹਨ | ਕਲੋਰੀਨ ਦਾ ਇਕ ਪ੍ਰਮਾਣੂ, ਇਕ ਲੱਖ ਓਜ਼ੋਨ ਦੇ ਅਣੂਆਂ ਨੂੰ ਤੋੜਨ ਦਾ ਕਾਰਨ ਬਣਦਾ ਹੈ | ਇਸ ਤਰ੍ਹਾਂ ਓਜ਼ੋਨ ਦੀ ਪਰਤ ਦਾ ਤੇਜ਼ੀ ਨਾਲ ਪਤਨ ਹੋਣ ਲਗਦਾ ਹੈ |
ਵਿਸ਼ਵ ਦੀ ਪ੍ਰਤੀਕਿਰਿਆ
ਜਦੋਂ ਸੰਨ 1970 ਦੇ ਵਰ੍ਹੇ ਓਜ਼ੋਨ ਪਰਤ ਦੇ ਪਤਨ ਹੋਣ ਬਾਰੇ ਗੱਲਾਂ ਤੁਰੀਆਂ ਤਾਂ ਸਮੁੱਚੇ ਵਿਸ਼ਵ 'ਚ ਇਕ ਤੌਖ਼ਲਾ ਤੇ ਡਰ ਜਿਹਾ ਫੈਲ ਗਿਆ | ਡਰੇ ਹੋਏ ਲੋਕਾਂ ਨੇ ਕਲੋਰੋਫਲੋਰੋਕਾਰਬਨਾਂ ਦੀ ਵਰਤੋਂ 'ਤੇ ਮੁੜ ਵਿਚਾਰ ਕਰਨੀ ਸ਼ੁਰੂ ਕੀਤੀ | ਕਈਆਂ ਮੁਲਕਾਂ ਨੇ ਤਾਂ ਇਸ ਦੇ ਇਸਤੇਮਾਲ 'ਤੇ ਪਾਬੰਦੀ ਵੀ ਲਗਾ ਦਿੱਤੀ ਸੀ ਪਰ ਇਸ ਦਾ ਉਤਪਾਦਨ ਕਿਸੇ ਵੀ ਮੁਲਕ ਨੇ ਬੰਦ ਨਹੀਂ ਕੀਤਾ ਸੀ |
ਸੰਨ 1985 ਦੇ ਵਰ੍ਹੇ 'ਚ ਵਿਆਨਾ ਕਨਵੈਨਸ਼ਨ ਵਿਚ 'ਓਜ਼ੋਨ ਪਰਤ ਦੇ ਪਤਨ' ਉੱਪਰ ਵਿਸਥਾਰ ਵਿਚ ਸੋਚ-ਵਿਚਾਰ ਹੋਈ | ਇਸ ਨੂੰ ਠੱਲ੍ਹਣ ਲਈ ਅੰਤਰਰਾਸ਼ਟਰੀ ਸਹਿਯੋਗ ਦੇਣ ਲਈ ਵੱਖੋ-ਵੱਖਰੇ ਦੇਸ਼ ਇਕਮਤ ਹੋਏ | ਇਸੇ ਸੰਦਰਭ 'ਚ ਸੰਨ 1987 'ਚ ਮਾਂਟਰੀਅਲ ਮਸੌਦੇ 'ਤੇ ਸਭਨਾਂ ਨੇ ਸਹਿਮਤ ਹੋਣ ਦੇ ਦਸਤਖ਼ਤ ਕੀਤੇ ਸਨ | ਇਸ ਉਪਰਾਲੇ ਕਰਕੇ ਕਲੋਰੋਫਲੋਰੋਕਾਰਬਨਾਂ ਦੀ ਵਰਤੋਂ ਘਟੀ ਹੈ ਪਰ ਸੰਨ 1997 ਤੇ 1998 ਦੇ ਸਾਲ ਵਿਚ ਓਜ਼ੋਨ ਪਰਤ 'ਚ ਕਲੋਰੀਨ ਦੀ ਭਾਰੀ ਮਾਤਰਾ ਵਿਚ ਮੌਜੂਦਗੀ ਰਿਕਾਰਡ ਕੀਤੀ ਗਈ ਸੀ | ਇਕ ਸੁਖਦਾਈ ਖ਼ਬਰ ਵੀ ਮਿਲੀ ਹੈ ਕਿ ਕੁਦਰਤੀ ਤੌਰ 'ਤੇ ਓਜ਼ੋਨ ਦੀ ਪਰਤ ਦਾ ਪਤਲਾਪਣ ਆਉਣ ਵਾਲੇ ਪੰਜਾਹ ਸਾਲਾਂ 'ਚ ਆਪਣੇ-ਆਪ ਪੂਰਾ ਹੋ ਜਾਣਾ ਹੈ ਕਿਉਂਕਿ ਕਲੋਰੋਫਲੋਰੋਕਾਰਬਨ, ਗਰੀਨ ਹਾਊਸ ਗੈਸ ਹੈ, ਇਹ ਓਜ਼ੋਨ ਦੀ ਪਰਤ ਨੂੰ ਖੋਰਾ ਵੀ ਲਾਉਂਦੀ ਹੈ ਅਤੇ ਆਲਮੀ ਤਪਸ਼ ਨੂੰ ਵਧਾਉਣ ਲਈ ਜ਼ਿੰਮੇਵਾਰ ਹੁੰਦੀ ਹੈ | ਸਪੱਸ਼ਟ ਹੈ ਕਿ ਪਤਲੀ ਓਜ਼ੋਨ ਪਰਤ, ਘੱਟ ਪਰਾਬੈਂਗਣੀ ਵਿਕਿਰਣਾਂ ਸੋਖ਼ਦੀ ਹੈ | ਇੰਜ ਧਰਤੀ ਦੇ ਵਾਤਾਵਰਨ 'ਚ ਵੱਧ ਗਰਮੀ ਪ੍ਰਵੇਸ਼ ਕਰ ਜਾਂਦੀ ਹੈ ਅਤੇ ਵਾਯੂਮੰਡਲ ਤਪਣ ਲੱਗ ਪੈਂਦਾ ਹੈ |
ਅਸੀਂ ਕੀ ਕਰ ਸਕਦੇ ਹਾਂ?
ਸੰਨ 1995 ਦੇ ਸਾਲ ਤੋਂ ਸੰਯੁਕਤ ਰਾਸ਼ਟਰ ਸੰਘ ਵਲੋਂ 16 ਸਤੰਬਰ ਦੇ ਦਿਨ ਨੂੰ , ਹਰ ਸਾਲ 'ਅੰਤਰਰਾਸ਼ਟਰੀ ਓਜ਼ੋਨ ਪਰਤ' ਸੁਰੱਖਿਆ ਦਿਨ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ ਗਿਆ ਹੈ | ਇਸ ਦਿਨ ਸਾਨੂੰ ਸੋਚਣ ਦਾ ਇਕ ਹੋਰ ਮੌਕਾ ਮਿਲ ਜਾਂਦਾ ਹੈ | ਸਾਡਾ ਸਾਰਾ ਧਿਆਨ ਓਜ਼ੋਨ ਦੀ ਪਰਤ 'ਤੇ ਕੇਂਦਰਿਤ ਹੋ ਜਾਂਦਾ ਹੈ | ਅਸੀਂ ਦੇਸ਼ ਪੱਧਰ 'ਤੇ ਅਤੇ ਵਿਸ਼ਵ ਪੱਧਰ 'ਤੇ, ਇਸ ਦੀ ਸਾਂਭ-ਸੰਭਾਲ ਦੇ ਉਪਰਾਲੇ ਕਰਦੇ ਹਾਂ | ਇਸ ਦਿਨ ਰਲ ਕੇ ਸੈਮੀਨਾਰ, ਰੈਲੀਆਂ, ਪੋਸਟਰਾਂ ਦੇ ਮੁਕਾਬਲੇ, ਚਿੱਤਰ ਪ੍ਰਦਰਸ਼ਨੀਆਂ, ਫ਼ਿਲਮ ਸ਼ੋਅ ਓਜ਼ੋਨ ਪਰਤ ਸਬੰਧੀ ਡਾਕੂਮੈਂਟਰੀ ਫ਼ਿਲਮਾਂ ਬੱਚਿਆਂ ਨੂੰ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ 'ਓਜ਼ੋਨ ਪਰਤ' ਪ੍ਰਤੀ ਲੋਕ ਚੇਤੰਨ ਹੋ ਸਕਣ | ਅੱਜ ਓਜ਼ੋਨ ਪਰਤ ਦੇ ਪ੍ਰਤੀਪਾਲਣ ਦਿਨ 'ਤੇ ਸਾਨੂੰ ਸਾਰਿਆਂ ਨੂੰ ਸਹੰੁ ਖਾਣੀ ਚਾਹੀਦੀ ਹੈ ਕਿ ਜਿਹੜੀਆਂ ਵਸਤਾਂ ਅਤੇ ਪਦਾਰਥਾਂ ਕਰਕੇ ਓਜ਼ੋਨ ਪਰਤ ਕਮਜ਼ੋਰ ਪੈ ਰਹੀ ਹੈ, ਉਨ੍ਹਾਂ ਵਸਤਾਂ ਜਾਂ ਪਦਾਰਥਾਂ ਨੂੰ ਅਸੀਂ ਵਰਤੀਏ ਹੀ ਨਾ ਜਾਂ ਉਸ ਦਾ ਕੋਈ ਬਦਲ ਲਭੀਏ | ਇਹ ਸਾਡੀ ਸਭਨਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ |

ਮੋਬਾਈਲ : 97806-67686.
mayer_hk@yahoo.com

1947 ਤੋਂ ਬਦਲਦੀਆਂ ਆ ਰਹੀਆਂ ਹਨ ਭਾਰਤ ਦੀਆਂ ਅੰਦਰੂਨੀ ਤੇ ਬਾਹਰੀ ਹੱਦਾਂ

15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਭਾਰਤ ਦੀਆਂ ਅੰਦਰੂਨੀ ਹੱਦਾਂ ਅੰਦਰ ਤਬਦੀਲੀ ਲਗਾਤਾਰ ਜਾਰੀ ਹੈ | ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਹੀ ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ਵਿਚ ਵੰਡ ਕੇ 2 ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਗਠਨ ਦੀ ਘੋਸ਼ਣਾ ਕੀਤੀ ਗਈ |
ਹਾਲਾਂਕਿ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ ਦਾ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬੇਮਿਸਾਲ ਪਰ ਵਿਵਾਦਾਂ ਵਿਚ ਫਸਿਆ ਹੋਇਆ ਹੈ | ਹੇਠਾਂ ਦਿੱਤੇ ਗਏ ਨਕਸ਼ੇ ਵਿਚ ਦੇਖਿਆ ਜਾ ਸਕਦਾ ਹੈ ਕਿ ਪਿਛਲੇ 7 ਦਹਾਕਿਆਂ ਤੋਂ ਭਾਰਤ ਦੀਆਂ ਅੰਦਰੂਨੀ ਹੱਦਾਂ ਕਿਸ ਤਰ੍ਹਾਂ ਲਗਾਤਾਰ ਬਦਲ ਰਹੀਆਂ ਹਨ |
ਭਾਰਤ ਦੀਆਂ ਅੰਦਰੂਨੀ ਹੱਦਾਂ ਦਾ ਸਭ ਤੋਂ ਵੱਡਾ ਪੁਨਰ-ਗਠਨ 1956 ਵਿਚ ਕੀਤਾ ਗਿਆ ਸੀ, ਜਦੋਂ ਇਕ ਅਧਿਕਾਰਤ ਸੂਬਾ ਪੁਨਰਗਠਨ ਐਕਟ ਨੂੰ ਅਮਲ ਵਿਚ ਲਿਆਂਦਾ ਗਿਆ ਸੀ | ਪਰ ਇਸ ਤੋਂ ਬਾਅਦ ਵੀ ਸੂਬਿਆਂ ਦੀਆਂ ਹੱਦਾਂ ਵਿਚ 9 ਹੋਰ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ |
1947 ਵਿਚ ਪਾਕਿਸਤਾਨ ਵਲੋਂ ਅਤੇ 1962 ਦੀ ਜੰਗ ਵੇਲੇ ਚੀਨ ਵਲੋਂ ਭਾਰਤ ਦੇ ਮੱਲੇ ਗਏ ਇਲਾਕਿਆਂ (ਕਸ਼ਮੀਰ ਦੇ ਉਹ ਇਲਾਕੇ ਜਿਨ੍ਹਾਂ 'ਤੇ ਭਾਰਤ ਲਗਾਤਾਰ ਦਾਅਵਾ ਕਰਦਾ ਆ ਰਿਹਾ ਹੈ ਅਤੇ ਇਹ ਇਲਾਕੇ ਭਾਰਤ ਦੇ ਨਕਸ਼ੇ ਦਾ ਹਿੱਸਾ ਹਨ) ਤੋਂ ਇਲਾਵਾ ਭਾਰਤ ਦੀਆਂ ਬਾਹਰੀ ਸਰਹੱਦਾਂ ਵਿਚ ਸਿਰਫ਼ 3 ਵਾਰ ਤਬਦੀਲੀ ਹੋਈ ਹੈ | ਪਹਿਲੀ ਵਾਰ 1961 ਵਿਚ ਗੋਆ ਨੂੰ ਭਾਰਤ ਵਿਚ ਮਿਲਾਉਣ ਸਮੇਂ, ਦੂਜੀ ਵਾਰ 1962 ਵਿਚ (ਅਧਿਕਾਰਤ ਤੌਰ 'ਤੇ) ਪੁਡੁਚੇਰੀ ਨੂੰ ਭਾਰਤ ਵਿਚ ਮਿਲਾਉਣ ਸਮੇਂ ਅਤੇ ਤੀਜੀ ਵਾਰ 1975 ਵਿਚ ਸਿੱਕਮ ਨੂੰ ਭਾਰਤ ਵਿਚ ਮਿਲਾਉਣ ਸਮੇਂ ਭਾਰਤ ਦੀਆਂ ਬਾਹਰੀ ਸਰਹੱਦਾਂ ਵਿਚ ਤਬਦੀਲੀ ਦੇਖਣ ਨੂੰ ਮਿਲੀ ਸੀ | ਜਦੋਂ 15 ਅਗਸਤ 1947 ਨੂੰ ਬਰਤਾਨਵੀ ਭਾਰਤ ਦੇ ਖੇਤਰਾਂ ਨੂੰ ਆਜ਼ਾਦੀ ਮਿਲ ਗਈ ਤਾਂ ਕੁਝ ਖੇਤਰ ਥੋੜ੍ਹੇ ਸਾਲਾਂ ਬਾਅਦ ਭਾਰਤੀ ਸੰਘ ਵਿਚ ਸ਼ਾਮਿਲ ਹੋਏ | ਕਸ਼ਮੀਰ, ਹੈਦਰਾਬਾਦ, ਜੂਨਾਗੜ੍ਹ, ਮਨੀਪੁਰ ਅਤੇ ਤਿ੍ਪੁਰਾ ਆਦਿ ਸੂਬੇ ਸਾਲ 1947 ਤੋਂ 1949 ਦਰਮਿਆਨ ਭਾਰਤੀ ਸੰਘ ਦਾ ਹਿੱਸਾ ਬਣੇ, ਜਿਸ ਕਾਰਨ ਕੁਝ ਵਾਰ ਵਿਵਾਦ ਵੀ ਪੈਦਾ ਹੋਏ |
ਆਜ਼ਾਦੀ ਤੋਂ ਪਹਿਲਾਂ ਭਾਰਤ ਦੀਆਂ ਮੌਜੂਦਾ ਸਰਹੱਦਾਂ ਵਿਚਲੀਆਂ ਕਰੀਬ ਸਾਰੀਆਂ ਰਿਆਸਤਾਂ ਨੇ ਭਾਰਤੀ ਡੋਮੀਨੀਅਨ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ ਸੀ | ਆਜ਼ਾਦੀ ਦੇ ਸਮੇਂ ਕਸ਼ਮੀਰ ਅਤੇ ਹੈਦਰਾਬਾਦ ਦੀਆਂ ਰਿਆਸਤਾਂ ਨੇ ਘੋਸ਼ਣਾ ਕਰ ਦਿੱਤੀ ਕਿ ਉਹ ਭਾਰਤ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ | ਇਸੇ ਤਰ੍ਹਾਂ ਹੀ ਜੂਨਾਗੜ੍ਹ ਦੇ ਸ਼ਾਸਕ ਪਹਿਲਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਲਈ ਰਜ਼ਾਮੰਦ ਸਨ ਪਰ ਬਾਅਦ ਵਿਚ ਰਾਇਸ਼ੁਮਾਰੀ ਕਰਕੇ ਸਰਬਸੰਮਤੀ ਨਾਲ ਉਨ੍ਹਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ ਸੀ |
26 ਜਨਵਰੀ 1950 ਨੂੰ ਭਾਰਤ ਰਸਮੀ ਤੌਰ 'ਤੇ ਗਣਰਾਜ ਬਣ ਗਿਆ | ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਛੋਟੇ ਛੋਟੇ ਰਾਜਾਂ ਨੂੰ ਵੱਡੇ ਖੇਤਰੀ ਸੂਬਿਆਂ ਵਿਚ ਮਿਲਾ ਦਿੱਤਾ ਗਿਆ, ਮਿਸਾਲ ਵਜੋਂ ਸੌਰਾਸ਼ਟਰ ਨੂੰ ਬੰਬੇ ਵਿਚ ਮਿਲਾ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਭਾਰਤ ਦੇ ਸੂਬਿਆਂ ਦਾ 3 ਹਿੱਸਿਆਂ ਵਿਚ ਵਰਗੀਕਰਨ ਵੀ ਕੀਤਾ ਗਿਆ | ਪਹਿਲੀ ਸ਼੍ਰੇਣੀ ਵਿਚ ਉਹ ਖੇਤਰ ਰੱਖੇ ਜੋ ਪਹਿਲਾਂ ਸਿੱਧੇ ਤੌਰ 'ਤੇ ਬਰਤਾਨਵੀ ਹਕੂਮਤ ਅਧੀਨ ਰਹਿ ਚੁੱਕੇ ਸਨ | ਇਨ੍ਹਾਂ ਨੂੰ ਚੁਣੇ ਹੋਏ ਰਾਜਪਾਲ ਅਤੇ ਸੂਬਾ ਵਿਧਾਨ ਪਾਲਿਕਾਵਾਂ ਵਲੋਂ ਚਲਾਇਆ ਜਾਣ ਲੱਗਾ | ਦੂਜੀ ਸ਼੍ਰੇਣੀ ਵਿਚ ਰਿਆਸਤਾਂ ਨੂੰ ਰੱਖਿਆ ਗਿਆ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਨਿਯੁਕਤ ਰਾਜਪ੍ਰਮੁੱਖ ਵਲੋਂ ਚਲਾਇਆ ਜਾਂਦਾ ਸੀ | ਤੀਜੀ ਸ਼੍ਰੇਣੀ ਵਿਚ ਉਹ ਖੇਤਰ ਰੱਖੇ ਗਏ, ਜਿਨ੍ਹਾਂ ਨੂੰ ਸਿੱਧੇ ਤੌਰ 'ਤੇ ਕੇਂਦਰ ਵਲੋਂ ਚਲਾਇਆ ਜਾਣ ਲੱਗਾ | ਦਰਅਸਲ, ਇਨ੍ਹਾਂ ਪ੍ਰਦੇਸ਼ਾਂ ਵਿਚ ਰਾਸ਼ਟਰਪਤੀ ਵਲੋਂ ਨਿਯੁਕਤ ਕੀਤੇ ਕਮਿਸ਼ਨਰ ਵਲੋਂ ਸਰਕਾਰ ਚਲਾਈ ਜਾਂਦੀ ਸੀ |
ਸਾਲ 1953 ਵਿਚ ਮਦਰਾਸ ਸੂਬੇ ਦੇ ਤੇਲਗੂ ਬੋਲਦੇ ਇਲਾਕਿਆਂ ਲਈ ਆਂਧਰਾ ਪ੍ਰਦੇਸ਼ ਦੀ ਸਥਾਪਨਾ ਦੇ ਨਾਲ ਹੀ ਪੂਰੇ ਦੇਸ਼ ਵਿਚ ਭਾਸ਼ਾ ਦੇ ਆਧਾਰ 'ਤੇ ਖੇਤਰਾਂ ਦੀ ਵੰਡ ਕਰਨ ਲਈ ਸੂਬਾ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ |
ਸਾਲ 1956 ਵਿਚ ਦੇਸ਼ ਨੂੰ 14 ਸੂਬਿਆਂ ਅਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ | ਦੇਸ਼ ਦੀਆਂ ਅੰਦਰੂਨੀ ਹੱਦਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪੁਨਰਗਠਨ ਹੈ |
ਹਾਲਾਂਕਿ ਇਸ ਦੌਰਾਨ 6 ਸੂਬਿਆਂ ਅਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੱਦਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ | ਮੌਜੂਦਾ ਭਾਰਤ ਦੇ ਗੋਆ, ਪੁਡੁਚੇਰੀ ਅਤੇ ਸਿੱਕਮ (ਇਹ 3 ਖੇਤਰ ਉਸ ਸਮੇਂ ਭਾਰਤ ਦਾ ਹਿੱਸਾ ਨਹੀਂ ਸਨ) ਨੂੰ ਛੱਡ ਕੇ ਉਸ ਸਮੇਂ ਭਾਰਤ ਦੇ ਜ਼ਿਆਦਾਤਰ ਖੇਤਰਾਂ ਦੀਆਂ ਹੱਦਾਂ ਵਿਚ ਤਬਦੀਲੀ ਕਰ ਦਿੱਤੀ ਗਈ ਸੀ | ਇਸ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਦਿੱਲੀ, ਮਨੀਪੁਰ ਅਤੇ ਤਿ੍ਪੁਰਾ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਸੀ | ਦਿਲਚਸਪ ਗੱਲ ਇਹ ਹੈ ਕਿ ਸੂਬਾ ਪੁਨਰਗਠਨ ਕਮਿਸ਼ਨ ਨੇ ਪੰਜਾਬ ਅਤੇ ਬੰਬੇ ਦੀ ਭਾਸ਼ਾ ਦੇ ਆਧਾਰ 'ਤੇ ਵੰਡ ਨਾ ਕਰਨ ਦੀ ਸਲਾਹ ਦਿੱਤੀ | ਹਾਲਾਂਕਿ ਕੁਝ ਸਮੇਂ ਬਾਅਦ ਉਕਤ ਸਲਾਹ ਤੋਂ ਉਲਟ ਇਨ੍ਹਾਂ ਦੋਵਾਂ ਸੂਬਿਆਂ ਦੀ ਵੰਡ ਕਰ ਦਿੱਤੀ ਗਈ |
ਇਸ ਵੱਡੇ ਪੁਨਰਗਠਨ ਤੋਂ ਬਾਅਦ ਵੀ ਭਾਰਤ ਦੀਆਂ ਅੰਦਰੂਨੀ ਹੱਦਾਂ ਅੰਦਰ ਤਬਦੀਲੀ ਜਾਰੀ ਰਹੀ | ਅਗਲੇ ਹੀ ਸਾਲ 1957 ਵਿਚ ਨਾਗਾ ਹਿੱਲ ਤਿਊਨਸੰਗ ਇਲਾਕੇ ਨੂੰ ਆਸਾਮ ਨਾਲੋਂ ਵੱਖ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ | ਸਮਯੁਕਤ ਮਹਾਰਾਸ਼ਟਰ ਅੰਦੋਲਨ ਅਤੇ ਮਹਾਗੁਜਰਾਤ ਅੰਦੋਲਨ ਕਾਰਨ 1960 ਵਿਚ ਬੰਬੇ ਨੂੰ 2 ਸੂਬਿਆਂ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਵੰਡ ਦਿੱਤਾ ਗਿਆ | ਸਾਲ 1961 ਵਿਚ ਗੋਆ ਭਾਰਤੀ ਸੰਘ ਵਿਚ ਸ਼ਾਮਿਲ ਹੋ ਗਿਆ | ਜਿਸ ਨਾਲ ਉਪ-ਮਹਾਂਦੀਪ ਵਿਚੋਂ ਯੂਰਪੀ ਬਸਤੀਵਾਦ ਦਾ ਅੰਤ ਹੋ ਗਿਆ | ਸਾਲ 1962 ਵਿਚ ਪੁਡੁਚੇਰੀ ਅਧਿਕਾਰਤ ਤੌਰ 'ਤੇ ਭਾਰਤ ਦਾ ਹਿੱਸਾ ਬਣ ਗਿਆ | 1963 ਵਿਚ ਨਾਗਾਲੈਂਡ (ਪਹਿਲਾਂ ਨਾਗਾ ਹਿੱਲ ਤਿਊਨਸੰਗ ਇਲਾਕਾ) ਨੂੰ ਸੂਬੇ ਦਾ ਦਰਜਾ ਮਿਲ ਗਿਆ | ਇਸੇ ਦੌਰਾਨ ਹੀ ਅਕਾਲੀ ਦਲ ਵਲੋਂ 'ਪੰਜਾਬੀ ਸੂਬਾ ਲਹਿਰ' ਚਲਾਈ ਜਾ ਰਹੀ ਸੀ, ਜਿਸ ਕਾਰਨ ਸਾਲ 1966 ਵਿਚ ਪੰਜਾਬੀ ਬੋਲਦੇ ਅਤੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਾਲਾ ਮੌਜੂਦਾ ਪੰਜਾਬੀ ਸੂਬਾ ਹੋਂਦ ਵਿਚ ਆਇਆ ਅਤੇ ਹਿੰਦੀ ਬੋਲਦੇ ਅਤੇ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਕੱਟ ਕੇ ਹਰਿਆਣਾ ਦਾ ਗਠਨ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਪੰਜਾਬ ਦੇ ਪਹਾੜੀ ਇਲਾਕਿਆਂ ਨੂੰ ਉਸ ਸਮੇਂ ਦੇ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤਾ ਗਿਆ | ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਵੀ ਸਥਾਪਨਾ ਕੀਤੀ ਗਈ, ਜਿਸ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ |
70ਵਿਆਂ ਦਾ ਦਹਾਕਾ ਦੇਸ਼ ਦੀਆਂ ਅੰਦਰੂਨੀ ਹੱਦਾਂ ਵਿਚ ਕਈ ਤਬਦੀਲੀਆਂ ਦਾ ਗਵਾਹ ਬਣਿਆ, ਜਿਸ ਵਿਚ ਉੱਤਰੀ-ਪੂਰਬੀ ਇਲਾਕੇ ਦੀਆਂ ਤਬਦੀਲੀਆਂ ਵੀ ਸ਼ਾਮਿਲ ਸਨ, ਜਿਸ ਕਾਰਨ ਅੱਤਵਾਦ ਅਤੇ ਹਿੰਸਾ ਦੀ ਵੀ ਸ਼ੁਰੂਆਤ ਹੋਈ | ਸਭ ਤੋਂ ਪਹਿਲਾਂ 1971 ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਮਿਲ ਗਿਆ ਸੀ | ਸਾਲ 1972 ਵਿਚ ਮਨੀਪੁਰ ਅਤੇ ਤਿ੍ਪੁਰਾ ਨੂੰ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਅਤੇ ਆਸਾਮ ਵਿਚੋਂ ਕੱਢ ਕੇ ਮੇਘਾਲਿਆ ਸੂਬੇ ਅਤੇ ਮਿਜ਼ੋਰਮ ਅਤੇ ਉੱਤਰੀ ਪੂਰਬੀ ਫਰੰਟੀਅਰ ਏਜੰਸੀ (ਜਿਸ ਨੂੰ ਬਾਅਦ ਵਿਚ ਅਰੁਣਾਚਲ ਪ੍ਰਦੇਸ਼ ਦਾ ਨਾਂਅ ਦਿੱਤਾ ਗਿਆ) ਦੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਜੋਂ ਸਥਾਪਨਾ ਕੀਤੀ ਗਈ ਸੀ |
3 ਸਾਲ ਬਾਅਦ 1975 ਵਿਚ ਸਿੱਕਮ ਵਿਚ ਭਾਰਤ ਨਾਲ ਮਿਲਣ ਜਾਂ ਨਾ ਮਿਲਣ ਬਾਰੇ ਇਕ ਰਾਇਸ਼ੁਮਾਰੀ ਕਰਵਾਈ ਗਈ, ਜਿਸ ਵਿਚ ਸਿੱਕਮ ਦੇ ਲੋਕਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਉਸ ਸਮੇਂ ਤੱਕ ਭਾਰਤ ਵਲੋਂ ਸਿੱਕਮ ਦੀ ਰੱਖਿਆ ਕੀਤੀ ਜਾਂਦੀ ਸੀ |
80ਵਿਆਂ ਦੇ ਦਹਾਕੇ ਦੌਰਾਨ 2 ਉੱਤਰੀ-ਪੂਰਬੀ ਰਾਜਾਂ ਦਾ ਜਨਮ ਹੋਇਆ, ਜਦੋਂ 1987 ਵਿਚ ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼, ਜੋ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਸਨ, ਨੂੰ ਪੂਰਨ ਸੂਬਿਆਂ ਦਾ ਦਰਜਾ ਮਿਲ ਗਿਆ | ਇਸੇ ਹੀ ਸਾਲ ਗੋਆ, ਦਮਨ ਅਤੇ ਦੀਉ ਦੀ ਵੰਡ ਕਰਕੇ ਗੋਆ ਨੂੰ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਅਤੇ ਦੀਉ ਅਤੇ ਦਮਨ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ |
ਸਾਲ 1991 ਵਿਚ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਜੋਂ ਮਾਨਤਾ ਮਿਲ ਗਈ ਅਤੇ ਇਸ ਨੂੰ ਕੇਂਦਰ ਸਰਕਾਰ ਦੀ ਸਾਂਝ ਵਾਲੀ ਵਿਧਾਨ ਸਭਾ ਮਿਲ ਗਈ | ਇਸ ਤੋਂ ਬਾਅਦ ਭਾਰਤ ਦੀਆਂ ਅੰਦਰੂਨੀ ਹੱਦਾਂ ਵਿਚ ਅਗਲੀ ਵੱਡੀ ਤਬਦੀਲੀ ਸਾਲ 2000 ਵਿਚ ਆਈ ਜਦੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚੋਂ ਕ੍ਰਮਵਾਰ ਉਤਰਾਂਚਲ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਦਾ ਨਿਰਮਾਣ ਹੋਇਆ | 1960ਵਿਆਂ ਵਿਚ ਭਾਸ਼ਾ ਦੇ ਆਧਾਰ 'ਤੇ ਬਣੇ ਸੂਬਿਆਂ ਤੋਂ ਉਲਟ ਇਨ੍ਹਾਂ ਸੂਬਿਆਂ ਦਾ ਗਠਨ ਲੰਬੇ ਸਮੇਂ ਤੋਂ ਲਟਕੀਆਂ ਖੇਤਰੀ ਮੰਗਾਂ ਅਤੇ ਖੇਤਰੀ ਵਿਕਾਸ ਵਿਚ ਅਸਮਾਨਤਾਵਾਂ ਨਾਲ ਨਜਿੱਠਣ ਲਈ ਕੀਤਾ ਗਿਆ | ਸਾਲ 2014 ਵਿਚ ਤੇਲੰਗਾਨਾ ਦੀ ਸਥਾਪਨਾ ਵੀ ਅਜਿਹੇ ਹੀ ਕਾਰਨਾਂ ਕਰਕੇ ਹੋਈ | ਇਸ ਨੂੰ ਆਂਧਰਾ ਪ੍ਰਦੇਸ਼ ਨਾਲੋਂ ਵੱਖ ਕਰ ਦਿੱਤਾ ਗਿਆ | ਬਾਵਜੂਦ ਇਸ ਦੇ ਕਿ ਦੋਵਾਂ ਸੂਬਿਆਂ ਦੀ ਵੰਡ ਤੋਂ ਬਾਅਦ ਹੈਦਰਾਬਾਦ ਪੂਰੀ ਤਰਾਂ ਤੇਲੰਗਾਨਾ ਵਿਚ ਸ਼ਾਮਿਲ ਹੋ ਚੁੱਕਾ ਸੀ, ਇਸ ਨੂੰ 10 ਸਾਲਾਂ ਲਈ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ |
5 ਅਗਸਤ 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੇਸ਼ ਬਿੱਲਾਂ ਦੇ ਅਧਾਰ 'ਤੇ ਦੇਸ਼ ਦੀ ਸੰਸਦ ਵਲੋਂ ਜੰਮੂ-ਕਸ਼ਮੀਰ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ | ਇਸ ਦੇ ਇਕ ਹਿੱਸੇ ਵਿਚ ਜੰਮੂ-ਕਸ਼ਮੀਰ ਨੂੰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਜਦੋਂ ਕਿ ਦੂਜੇ ਹਿੱਸੇ ਨੂੰ ਕੱਟ ਕੇ ਲੱਦਾਖ ਨਾਂਅ ਦਾ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ | ਹਾਲ ਹੀ ਵਿਚ ਜੰਮੂ-ਕਸ਼ਮੀਰ ਵਿਚ ਕੀਤਾ ਗਿਆ ਵੱਡਾ ਬਦਲਾਅ ਵਿਕਾਸ ਦੇ ਪੱਧਰ 'ਤੇ ਯੋਗ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦਾਅਵੇ ਬਾਰੇ ਅਜੇ ਵੱਡੀ ਬਹਿਸ ਚੱਲ ਰਹੀ ਹੈ | ਸ਼ਾਇਦ ਇਸ ਬਦਲਾਅ ਨੂੰ ਭਾਰਤ ਦੀਆਂ ਅੰਦਰੂਨੀ ਹੱਦਾਂ ਦਾ ਆਖ਼ਰੀ ਬਦਲਾਅ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਵਿਚਲੇ ਕਈ ਹੋਰ ਖੇਤਰ ਵੀ ਪੂਰਨ ਸੂਬੇ ਦੇ ਦਰਜੇ ਦੇ ਇੱਛੁਕ ਹਨ | ਹਾਲਾਂਕਿ ਵੱਖ ਵੱਖ ਖੇਤਰਾਂ ਅਤੇ ਸਮੇਂ ਦੇ ਹਿਸਾਬ ਨਾਲ ਇਸ ਮੰਗ ਦੀ ਤੀਬਰਤਾ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ |
ਵਿਕਾਸ ਦੇ ਅਮਲ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਸੈਕਸ਼ਨ 371 ਅਧੀਨ ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ ਜਿਹੇ ਸੂਬਿਆਂ ਵਿਚ ਬਣਾਏ 'ਡਿਵੈਲਪਮੈਂਟ ਬੋਰਡਾਂ' ਅਤੇ ਉੱਤਰ-ਪੂਰਬ ਵਿਚਲੀਆਂ 'ਟੈਰੀਟੋਰੀਅਲ ਕੌਾਸਲਾਂ' ਭਵਿੱਖ ਵਿਚ ਹੋਰ ਸੂਬੇ ਲਈ ਸੰਘਰਸ਼ ਕਰਨ ਵਾਲੀਆਂ ਸੰਭਾਵੀ ਧਿਰਾਂ ਹੋ ਸਕਦੀਆਂ ਹਨ |
ਅਜਿਹੇ ਬੋਰਡ ਅਤੇ ਕੌਾਸਲਾਂ ਹੋਰ ਸੂਬੇ ਦੀਆਂ ਮੰਗਾਂ ਦੀ ਸੁਰ ਵਿਚ ਸੁਰ ਵੀ ਮਿਲਾ ਸਕਦੀਆਂ ਹਨ, ਜਿਵੇਂ ਸਿਆਸੀ ਮਾਹਿਰ ਰੋਨੋਜੋਏ ਸੈਨ ਦਲੀਲ ਦੇ ਚੁੱਕੇ ਹਨ ਅਤੇ ਵੀਦਰਭਾ ਅਤੇ ਸੌਰਾਸ਼ਟਰ ਦੀਆਂ ਰਣਜੀ ਟਰਾਫ਼ੀ ਕ੍ਰਿਕਟ ਟੀਮਾਂ ਨੂੰ ਭਾਰਤ ਵਿਚ ਹੋਰ ਸੂਬਿਆਂ ਦੇ 'ਅਧੂਰੇ ਸੁਪਨੇ' ਵਜੋਂ ਪੇਸ਼ ਕਰ ਚੁੱਕੇ ਹਨ |

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

ਲੰਡਨ ਮਹਾਨਗਰ ਦੇ ਜਨਸਮੂਹ ਅਤੇ ਸ਼ੋਰ ਸ਼ਰਾਬੇ ਤੋਂ ਹਟ ਕੇ, ਪ੍ਰਾਚੀਨ ਪਹਾੜੀ 'ਹੌਲੀ-ਹਿਲ' 'ਤੇ ਸੁੰਦਰ ਫੈਂਟਨ ਹਾਊਸ ਨੂੰ ਅਸੀਂ ਦੇਖਣ ਪਹੁੰਚੇ | ਅਸੀਂ ਇਥੋਂ ਦੇ ਅਤਿ ਸੁੰਦਰ ਸੰਗ੍ਰਹਿ ਦੇਖਣ ਆਏ ਸੀ ਜੋ 1686 ਏ. ਡੀ. ਤੋਂ ਸ਼ੁਰੂ ਹੋ ਕੇ ਆਉਣ ਵਾਲੀਆਂ ਚਾਰ ਸਦੀਆਂ ਤੱਕ ਲਗਾਤਾਰ ਵਧਦੇ ਰਹੇ | ਇਸ ਦੀ ਦੂਜੀ ਹੈਰਾਨੀਜਨਕ ਗੱਲ ਸੀ ਫੈਂਟਨ ਹਾਊਸ ਦੇ 17 ਮਾਲਕ ਜੋ ਸਮੇਂ-ਸਮੇਂ 'ਤੇ ਇਥੇ ਆਉਂਦੇ ਅਤੇ ਜਾਂਦੇ ਰਹੇ | 19ਵੀਂ ਸਦੀ ਦੇ ਇਕ ਮਾਲਕ ਦੇ ਨਾਂਅ 'ਤੇ ਇਸ ਭਵਨ ਦਾ ਨਾਂਅ ਫੈਂਟਨ ਹਾਊਸ ਪਿਆ |
ਫੈਂਟਨ ਹਾਊਸ : ਮੱਧਕਾਲੀ ਵਨ ਬੰਗਲਾ : 18ਵੀਂ ਸਦੀ ਵਿਚ ਬਣੇ, ਅਤਿਅੰਤ ਸੁੰਦਰ ਡਿਜ਼ਾਈਨ ਵਾਲੇ 'ਰੋਟ ਆਇਰਨ' ਗੇਟ ਤੋਂ ਅਸੀਂ 'ਫੈਂਟਨ ਹਾਊਸ' ਦੇ ਵਿਹੜੇ ਵਿਚ ਦਾਖਲ ਹੋਏ | ਅਸੀਂ ਪਹਿਲਾਂ ਪੜਿ੍ਹਆ ਸੀ ਕਿ ਪ੍ਰਸਿੱਧ ਸੈਲਾਨੀ ਥਾਂ 'ਹੈਾਪਟਨ ਕੋਰਟ ਮਹੱਲ' ਅਤੇ 'ਸੈਂਟ ਪਾਲਜ਼ ਗਿਰਜਾ ਘਰ' ਦੇ ਸੁੰਦਰ ਗੇਟ ਲੌਹਾਰ 'ਜੀਨ-ਟਿਜੋ' ਨੇ ਡਿਜ਼ਾਈਨ ਕੀਤੇ ਸਨ, ਜਿਸ ਨੇ ਫੈਂਟਨ ਹਾਊਸ ਦਾ ਇਹ ਗੇਟ ਵੀ ਬਣਾਇਆ ਸੀ | ਸਾਡੇ ਸਾਹਮਣੇ ਵਿਸ਼ਾਲ ਜੰਗਲ ਸੀ ਜਿਸ ਵਿਚਾਲੇ ਵਾਲੇ ਰਸਤੇ 'ਤੇ ਚਲਦੇ ਹੋਏ ਅਸੀਂ ਸੁੰਦਰ ਬਿ੍ਕ ਵਰਕ ਵਾਲੇ ਫੈਂਟਨ ਹਾਊਸ ਵਲ ਜਾ ਰਹੇ ਸੀ ਜਿਸ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਸਨ | ਅਸੀਂ ਪਹਿਲੇ ਦਰਵਾਜ਼ੇ ਤੋਂ ਇਕ ਗਲਿਆਰੇ ਵਿਚ ਦਾਖਲ ਹੋਏ ਜਿਸ ਦੀ ਦੀਵਾਰ 'ਤੇ ਮੁੱਖ ਪੋਟ੍ਰੈਟ ਹੈਾਡਸਮ ਜੇਮਸ ਫੈਂਟਨ ਦਾ ਸੀ, ਜਿਸ ਦੇ ਨਾਂਅ 'ਤੇ ਭਵਨ ਦਾ ਨਾਂਅ ਰੱਖਿਆ ਗਿਆ ਸੀ | ਚਿੱਤਰ ਏਨਾ ਸਜੀਵ ਸੀ ਜਿਵੇਂ ਫੈਂਟਨ ਹਾਊਸ ਵਿਚ ਆਉਣ ਵਾਲੇ ਹਰੇਕ ਸੈਲਾਨੀ ਦਾ ਸਵਾਗਤ ਕਰ ਰਿਹਾ ਹੋਵੇ |
ਡਾਈਨਿੰਗ ਰੂਮ ਵਿਚ ਪਿਆਨੋ : ਰਸਤੇ ਤੋਂ ਅਸੀਂ ਫੈਂਟਨ ਹਾਊਸ ਦੇ ਡਾਈਨਿੰਗ ਰੂਮ ਵਿਚ ਦਾਖਲ ਹੋਏ ਜਿਸ ਨੂੰ ਪੁਰਾਣੇ ਘਰ ਦੇ ਮੌਰਨਿੰਗ ਰੂਮ ਨਾਲ ਮਿਲਾ ਕੇ ਵੱਡਾ ਕਮਰਾ ਬਣਾਇਆ ਗਿਆ ਸੀ | ਰਵਾਇਤੀ ਮੱਧਕਾਲੀ ਅੰਗਰੇਜ਼ੀ ਭਵਨਾਂ ਵਿਚ 'ਮੋਰਨਿੰਗ ਰੂਮ' ਸਵੇਰ ਸਮੇਂ ਹੋਣ ਵਾਲੀਆਂ ਬੈਠਕਾਂ ਲਈ ਵਰਤਿਆ ਜਾਂਦਾ ਸੀ | ਸੁੰਦਰ ਮੇਜ਼ 'ਤੇ 18ਵੀਂ ਸਦੀ ਦੀ ਨੱਕਾਸ਼ੀ ਵਾਲੀ ਮਹਾਗਨੀ ਲੱਕੜੀ ਦੀਆਂ ਕੁਰਸੀਆਂ ਦੇ ਕੋਲ 1774 ਏ. ਡੀ. ਦਾ ਪਿਆਨੋ ਪਰਿਵਾਰ ਦਾ 'ਹਾਰਪਿਸ ਕੋਰਡ' ਪ੍ਰਦਰਸ਼ਿਤ ਕੀਤਾ ਹੋਇਆ ਸੀ ਜੋ 18ਵੀਂ ਸਦੀ ਦੇ ਪ੍ਰਸਿੱਧ ਪਿਆਨੋ ਨਿਰਮਾਤਾ ਸ਼ੁੱਧੀ ਅਤੇ ਬ੍ਰੌਡਵੁੱਡ ਕੰਪਨੀ ਨੇ ਬਣਾਇਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-seemaanandchopra@gmail.com

ਕਦੇ ਸਰਕਾਰ-ਏ-ਖ਼ਾਲਸਾ ਦਾ ਮਜ਼ਬੂਤ ਅੰਗ ਸੀ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿੱਖ ਫ਼ੌਜਾਂ ਰਾਜੌਰੀ ਤੋਂ ਪੁਣਛ ਤੇ ਫਿਰ ਬੇਹਰਾਮ ਗੱਲਾਂ ਪਹੁੰਚ ਗਈਆਂ | ਉਸ ਸਮੇਂ ਕਸ਼ਮੀਰ ਦਾ ਹਾਕਮ ਮੁਹੰਮਦ ਜ਼ਬਾਰ ਖ਼ਾਨ ਸੀ, ਜਿਸ ਨੇ ਖ਼ਾਲਸਾ ਫ਼ੌਜਾਂ ਨਾਲ ਟੱਕਰ ਲੈਣ ਲਈ ਬਹੁਤ ਸਾਰੀਆਂ ਤੋਪਾਂ ਤੇ ਵੱਡੀ ਗਿਣਤੀ ਵਿਚ ਫ਼ੌਜ ਇਕੱਠੀ ਕਰ ਲਈ ਸੀ | ਬੇਹਰਾਮ ਗੱਲਾਂ ਦਰੇ ਵਿਚ ਪਹੁੰਚਣ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਨੇ ਆਪਣੀਆਂ ਫ਼ੌਜਾਂ ਨੂੰ ਮੁੜ ਤਰਤੀਬ ਦੇ ਕੇ ਤਿੰਨ ਭਾਗਾਂ ਵਿਚ ਵੰਡ ਦਿੱਤਾ ਅਤੇ 3 ਜੁਲਾਈ, 1819 ਈ: ਨੂੰ ਪੀਰ ਪੰਚਾਲ ਤੋਂ ਉੱਤਰ ਕੇ ਜ਼ਬਰ ਖ਼ਾਨ ਦੀ ਫ਼ੌਜ ਉੱਪਰ ਜੋ ਸੋਪਈਆ ਨਸਰ ਵਿਚ ਪਹਿਲਾਂ ਹੀ ਇਕੱਠੀ ਕੀਤੀ ਹੋਈ ਸੀ, ਤਿੰਨ ਵੱਖ-ਵੱਖ ਥਾਵਾਂ 'ਤੇ ਧਾਵਾ ਬੋਲ ਦਿੱਤਾ | ਇਸ ਥਾਂ 'ਤੇ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ | ਕਿਉਂਕਿ ਦੌਰਾਨੀ ਫ਼ੌਜੀਆਂ ਨੇ ਪਹਿਲਾਂ ਹੀ ਮੋਰਚੇ ਪੁੱਟ ਕੇ ਤਿਆਰ ਕੀਤੇ ਹੋਏ ਸਨ | ਇਸ ਸਮੇਂ ਲਾਹੌਰ ਦਰਬਾਰ ਦੀਆਂ ਆਪਣੀਆਂ ਬਣਾਈਆਂ ਤੋਪਾਂ ਨੇ ਬਹੁਤ ਕੰਮ ਕੀਤਾ | ਸ: ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ ਅੱੱਗੇ ਹੋ ਕੇ ਲੜ ਰਹੇ ਸਨ | ਨਵਾਬ ਜ਼ਬਰ ਖ਼ਾਨ ਹਾਕਮ ਕਸ਼ਮੀਰ ਆਪਣੀ ਅਫ਼ਗਾਨ ਫ਼ੌਜ ਦੀ ਆਪਸ ਅਗਵਾਈ ਕਰਦਾ ਹੋਇਆ ਸ: ਹਰੀ ਸਿੰਘ ਨਲਵਾ ਦੇ ਸਾਹਮਣੇ ਆ ਗਿਆ | ਤਲਵਾਰ ਨਾਲ ਦੋਵਾਂ ਨੇ ਇਕ-ਦੂਜੇ ਦਾ ਟਾਕਰਾ ਕੀਤਾ ਪਰ ਜ਼ਬਾਰ ਖ਼ਾਨ ਦਾ ਤਲਵਾਰ ਵਾਲਾ ਹੱਥ ਹਰੀ ਸਿੰਘ ਨਲਵੇ ਦੇ ਹਮਲੇ ਨਾਲ ਵੱਢਿਆ ਗਿਆ ਤੇ ਉਹ ਜਾਨ ਬਚਾ ਕੇ ਪਹਾੜਾਂ ਅਤੇ ਜੰਗਲਾਂ ਵਿਚੋਂ ਹੁੰਦਾ ਹੋਇਆ ਮੁਜ਼ਫਰਾਬਾਦ ਦੇ ਰਸਤੇ ਕਾਬਲ ਜਾ ਪਹੁੰਚਿਆ | ਇਸ ਪਿੱਛੋਂ ਅਫ਼ਗਾਨ ਫ਼ੌਜਾਂ ਦੇ ਹੌਸਲੇ ਟੁੱਟ ਗਏ | ਇਸ ਘਮਸਾਨ ਦੀ ਜੰਗ ਵਿਚ ਖ਼ਾਲਸੇ ਦੀ ਜਿੱਤ ਹੋਈ ਤੇ ਸਾਰੇ ਕਸ਼ਮੀਰ 'ਤੇ ਕਬਜ਼ਾ ਹੋ ਗਿਆ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੁਚੱਜੀ ਵਿਉਂਤ ਅਨੁਸਾਰ 500 ਸਾਲ ਵਿਦੇਸ਼ੀ ਗੁਲਾਮੀ ਵਿਚ ਰਹਿਣ ਪਿਛੋਂ ਕਸ਼ਮੀਰ ਆਜ਼ਾਦ ਹੋ ਗਿਆ | ਇਸ ਲੜਾਈ ਵਿਚ ਸਰਦਾਰ ਅਮੀਰ ਦਿਲ ਅਤੇ ਸਰਦਾਰ ਸਮਦ ਖ਼ਾਨ ਵਰਗੇ ਅਫ਼ਗਾਨੀ ਲੜਾਕੇ ਮਾਰੇ ਗਏ ਅਤੇ ਕਾਫ਼ੀ ਮਾਤਰਾ ਵਿਚ ਫ਼ੌਜੀ ਸਾਮਾਨ ਤੇ ਕਾਬਲੀ ਘੋੜੇ ਸਿੱਖ ਫ਼ੌਜਾਂ ਦੇ ਹੱਥ ਲੱਗੇ |
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਜੇਤੂ ਫ਼ੌਜਾਂ 5 ਜੁਲਾਈ, 1819 ਈ: ਨੂੰ ਸ੍ਰੀਨਗਰ ਵਿਚ ਦਾਖਲ ਹੋ ਗਈਆਂ | ਸ਼ਹਿਜ਼ਾਦਾ ਖੜਕ ਸਿੰਘ ਨੇ ਸ੍ਰੀਨਗਰ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਹੁਣ ਕਿਸੇ ਦੀ ਜਾਨ ਜਾਂ ਮਾਲ ਨੂੰ ਕੋਈ ਖਤਰਾ ਨਹੀਂ | ਕਸ਼ਮੀਰ ਦੇ ਲੋਕ ਆਜ਼ਾਦ ਹਨ ਤੇ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਉਨ੍ਹਾਂ ਦੇ ਸੁਖ-ਆਰਾਮ ਲਈ ਹਰ ਯਤਨ ਕਰਨਗੀਆਂ | ਇਸ ਤੋਂ ਪਹਿਲਾਂ ਹਮੇਸ਼ਾ ਸ੍ਰੀਨਗਰ ਫਤਹਿ ਕਰਨ ਵਾਲੇ ਲੁੱਟ-ਮਾਰ ਕਰਿਆ ਕਰਦੇ ਸਨ ਪਰ ਖ਼ਾਲਸਾ ਫ਼ੌਜ ਨੇ ਕੋਈ ਲੁੱਟ-ਮਾਰ ਨਾ ਕੀਤੀ | ਸ੍ਰੀਨਗਰ ਦੇ ਲੋਕਾਂ ਨੇ ਪਹਿਲੀ ਵਾਰ ਫ਼ੌਜ ਦਾ ਪਿਆਰ ਭਰਿਆ ਵਰਤਾਓ ਦੇਖਿਆ |
ਮਹਾਰਾਜਾ ਰਣਜੀਤ ਸਿੰਘ ਨੂੰ ਜਦ ਕਸ਼ਮੀਰ ਫਤਹਿ ਕਰਨ ਦੀ ਖ਼ਬਰ ਮਿਲੀ ਤਾਂ ਉਹ ਸਿੱਧੇ ਕੂਚ ਕਰਕੇ ਅੰਮਿ੍ਤਸਰ ਪਹੁੰਚੇ | ਸ੍ਰੀ ਦਰਬਾਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਸੋਨੇ ਦੀ ਸੇਵਾ ਲਈ ਮਾਇਆ ਭੇਟ ਕੀਤੀ | ਲਾਹੌਰ ਅਤੇ ਅੰਮਿ੍ਤਸਰ ਦੇ ਸ਼ਹਿਰਾਂ ਵਿਚ ਖ਼ਾਲਸਾ ਸਰਕਾਰ ਵਲੋਂ ਲਗਾਤਾਰ ਤਿੰਨ ਰਾਤਾਂ ਦੀਪਮਾਲਾ ਕੀਤੀ ਗਈ | ਲਾਹੌਰ ਸ਼ਹਿਰ ਦੇ ਹਰ ਮੰਦਰ ਅਤੇ ਮਸੀਤ ਨੂੰ ਸਰਕਾਰ-ਏ-ਖ਼ਾਲਸਾ ਵਲੋਂ ਮਾਇਆ ਭੇਟ ਕੀਤੀ ਗਈ | ਪੈਸੇ ਦੇ ਲਿਹਾਜ਼ ਨਾਲ ਕਸ਼ਮੀਰ ਲਾਹੌਰ ਦਰਬਾਰ ਲਈ ਇਕ ਵਡਮੁੱਲੀ ਜਿੱਤ ਸੀ |
ਕਸ਼ਮੀਰ ਵਿਚ ਪਹਿਲਾਂ ਕੁਝ ਦਿਨ ਤਾਂ ਫ਼ੌਜੀ ਪ੍ਰਬੰਧ ਰਿਹਾ | ਸ: ਹਰੀ ਸਿੰਘ ਨਲਵਾ ਨੂੰ ਮੁੱਖ ਫ਼ੌਜੀ ਪ੍ਰਬੰਧਕ ਨਿਯੁਕਤ ਕੀਤਾ ਗਿਆ | ਕੁਝ ਸਮੇਂ ਬਾਅਦ ਜਦੋਂ ਕਸ਼ਮੀਰ ਦਾ ਸਾਰਾ ਪ੍ਰਬੰਧ ਸੁਧਰ ਗਿਆ ਤਾਂ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ | ਅਜੇ ਇਕ ਸਾਲ ਪੂਰਾ ਨਹੀਂ ਹੋਇਆ ਸੀ ਕਿ ਮੋਤੀ ਰਾਮ ਦਾ ਛੋਟਾ ਬੇਟਾ ਰਾਮ ਦਿਆਲ ਪੱਛਮੀ ਕਸ਼ਮੀਰ ਦੀਆਂ ਪਹਾੜੀਆਂ ਵਿਚ ਗੰਧਗੜੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ | ਦੀਵਾਨ ਮੋਤੀ ਰਾਮ ਪੁੱਤਰ ਦੀ ਮੌਤ ਉਪਰੰਤ ਕਸ਼ਮੀਰ ਤੋਂ ਲਾਹੌਰ ਵਾਪਸ ਆ ਗਿਆ | ਦੀਵਾਨ ਮੋਤੀ ਰਾਮ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ: ਹਰੀ ਸਿੰਘ ਨਲਵੇ ਨੂੰ ਕਸ਼ਮੀਰ ਦਾ ਗਵਰਨਰ ਲਾਇਆ | ਸ: ਹਰੀ ਸਿੰਘ ਨਲਵਾ ਨੇ ਕਸ਼ਮੀਰ ਦੇ ਸਾਰੇ ਬਾਗ਼ੀ ਕਾਬੂ ਕਰ ਲਏ ਤੇ ਕਸ਼ਮੀਰ ਰਾਜ ਆਰਥਿਕ ਤੌਰ 'ਤੇ ਬੜਾ ਉਨਤ ਹੋਇਆ | ਇਸ ਤੋਂ ਖ਼ੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ: ਹਰੀ ਸਿੰਘ ਨਲਵਾ ਨੂੰ ਆਪਣੇ ਨਾਂਅ ਦਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ | ਸ: ਨਲਵਾ ਨੇ ਕਸ਼ਮੀਰ ਵਿਚ ਜੋ ਸਿੱਕਾ ਜਾਰੀ ਕੀਤਾ ਉਸ ਨੂੰ ਆਮ ਤੌਰ 'ਤੇ 'ਹਰੀ ਸਿੰਘੀ' ਕਰਕੇ ਜਾਣਿਆ ਜਾਂਦਾ ਸੀ |
ਸਿੱਖ ਰਾਜ ਦੇ ਸਮੇਂ ਮੁਜਫਰਾਬਾਦ ਦੇ ਬਾਜ਼ਾਰ ਵਿਚ ਜਿਣਸਾਂ ਦੇ ਭਾਅ ਪ੍ਰਤੀ ਇਕ (ਰੁਪਿਆ) ਰੁਪਏ ਅਨੁਸਾਰ ਸੀ | ਕਣਕ ਦਾ ਆਟਾ 16 ਸੇਰ, ਆਟਾ ਮੱਕੀ 20 ਸੇਰ, ਲੂਣ 4 ਸੇਰ, ਮੱਖਣ 3 ਸੇਰ, ਚਾਵਲ 10 ਸੇਰ, ਘਿਓ 2 ਸੇਰ, ਦੁੱਧ 16 ਸੇਰ ਅਤੇ ਖੰਡ ਦੇਸੀ 4 ਸੇਰ ਸੀ |
ਸਿੱਖ ਰਾਜ ਸਮੇਂ ਕਸ਼ਮੀਰ ਦੇ ਗਵਰਨਰ ਦੀਵਾਨ ਮੋਤੀ ਰਾਮ (1819 ਤੋਂ 1820), ਸ: ਹਰੀ ਸਿੰਘ ਨਲਵਾ (1820-1821), ਦੀਵਾਨ ਮੋਤੀ ਰਾਮ ਦੂਜੀ ਵਾਰ (1821-1824), ਦੀਵਾਨ ਚੂਨੀ ਲਾਲ (1824-1826), ਦੀਵਾਨ ਕਿਰਪਾ ਰਾਮ (1826-1830), ਬੇਰਮਾ ਸਿੰਘ ਅਰਦਲੀ (1830-1831), ਕੰਵਰ ਸ਼ੇਰ ਸਿੰਘ (1831-1834), ਮੀਆਂ ਸਿੰਘ (1834-1841), ਸ਼ੇਖ ਗੁਲਾਮ ਮਹੀਓਦੀਨ (1841-1845), ਸ਼ੇਖ਼ ਈਮਾਮਦੀਨ (1846) | ਸਿੱਖ ਰਾਜ ਸਮੇਂ ਕਸ਼ਮੀਰ ਨੇ ਹਰ ਪੱਖ ਤੋਂ ਪੂਰੀ ਤਰੱਕੀ ਕੀਤੀ | ਵਿਸ਼ੇਸ਼ ਤੌਰ'ਤੇ ਕਸ਼ਮੀਰ ਦੇ ਸ਼ਾਲ ਅਤੇ ਦੋਸ਼ਾਲੇ ਦਾ ਵਪਾਰ ਸਿਖਰ 'ਤੇ ਸੀ |(ਸਮਾਪਤ)

-ਬਠਿੰਡਾ | ਮੋਬਾਈਲ : 98155-33725

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਅੰਮਿ੍ਤਸਰ ਪਿੰਗਲਵਾੜਾ ਵਿਖੇ ਖਿੱਚੀ ਗਈ ਸੀ | ਸ: ਭਗਵੰਤ ਸਿੰਘ ਦਿਲਾਵਰੀ ਅਮਰਾਵਤੀ ਵਿਖੇ ਇਕ ਕੋਹੜੀਆਂ ਦਾ ਆਸ਼ਰਮ ਚਲਾ ਰਹੇ ਸੀ | ਉਨ੍ਹਾਂ ਚੰਗੀ ਸਰਕਾਰੀ ਨੌਕਰੀ ਛੱਡ ਕੇ ਕੋਹੜੀਆਂ ਦੀ ਸੇਵਾ ਕਰਨ ਦਾ ਕੰਮ ਸੰਭਾਲਿਆ ਸੀ | ਸ੍ਰੀ ਸੰੁਦਰ ਲਾਲ ਬਹੁਗੁਣਾ ਕੁਦਰਤੀ ਖੇਤੀ ਕਰਨ ਵੱਲ ਜ਼ੋਰ ਦਿੰਦੇ ਸਨ ਤੇ ਕੁਦਰਤ ਦੇ ਪੁਜਾਰੀ ਸਨ | ਰੁੱਖ ਕੱਟਣ ਦੇ ਸਖ਼ਤ ਵਿਰੋਧੀ ਸਨ ਉਤਰਾਂਚਲ ਦੇ ਜੰਗਲ ਕੱਟਣ ਸਮੇਂ ਉਨ੍ਹਾਂ ਨੇ ਚਿਪਕੋ ਲਹਿਰ ਚਲਾਈ ਸੀ ਜਿਸ ਨਾਲ ਜੰਗਲ ਕੱਟਣ ਤੋਂ ਬਚਾਅ ਹੋ ਗਿਆ ਸੀ |

-ਮੋਬਾਈਲ : 98767-41231

ਸਾਲ 2025 ਤੱਕ 75 ਅਰਬ ਯੰਤਰ ਜੁੜਨਗੇ ਇੰਟਰਨੈੱਟ ਨਾਲ

ਆਈ.ਓ.ਟੀ. ਤੇ ਕਲਾਊਡ ਕੰਪਿਊਟਿੰਗ ਨਾਲ ਬਦਲੇਗਾ ਜ਼ਮਾਨਾ

ਕੰਪਿਊਟਰੀ ਯੰਤਰਾਂ ਦਾ ਆਪਸ ਵਿਚ ਇੰਟਰਨੈੱਟ ਨਾਲ ਜੁੜ ਕੇ ਡਾਟੇ ਦਾ ਆਦਾਨ-ਪ੍ਰਦਾਨ ਕਰਨਾ, ਆਈ.ਓ.ਟੀ. (9OT-9nternet of Things) ਅਖਵਾਉਂਦਾ ਹੈ | ਆਈ.ਓ.ਟੀ. ਇੰਟਰਨੈੱਟ ਨਾਲ ਜੁੜੀਆਂ ਚੀਜ਼ਾਂ ਦਾ ਇਕ ਜਾਲ਼ ਹੈ | ਜੋ ਡਾਟੇ ਨੂੰ ਇਕੱਤਰ ਕਰਨ ਅਤੇ ਬਦਲਣ ਦੇ ਯੋਗ ਬਣਾਉਂਦਾ ਹੈ | ਆਈਓਟੀ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ | ਘਰੇਲੂ ਯੰਤਰਾਂ ਨੂੰ ਸਵੈਚਾਲੀ ਬੰਦ ਕਰਨਾ, ਚਾਲੂ ਕਰਨਾ ਅਤੇ ਵਾਤਾਵਰਨ ਦੇ ਹਿਸਾਬ ਨਾਲ ਬਦਲਣ ਲਈ ਮਨੁੱਖ ਵੱਡੇ ਪੱਧਰ 'ਤੇ ਆਈ.ਓ.ਟੀ. ਦੀ ਵਰਤੋਂ ਕਰ ਰਿਹਾ ਹੈ | ਆਈ.ਓ.ਟੀ. ਨਾਲ ਜੁੜੇ ਯੰਤਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ |
ਇਕ ਅਨੁਮਾਨ ਅਨੁਸਾਰ ਸਾਲ 2015 ਵਿਚ ਆਈ.ਓ.ਟੀ. ਨਾਲ ਜੁੜਨ ਵਾਲੇ ਯੰਤਰਾਂ ਦੀ ਗਿਣਤੀ 15 ਅਰਬ ਸੀ, ਜੋ 2018 ਵਿਚ ਵੱਧ ਕੇ 23 ਅਰਬ ਨੂੰ ਪਾਰ ਕਰ ਗਈ | ਸਾਲ 2025 ਤੱਕ 75 ਅਰਬ ਯੰਤਰ ਆਈਓਟੀ ਨਾਲ ਜੁੜ ਕੇ ਸੇਵਾਵਾਂ ਦੇਣਗੇ |
 ਆਓ, ਆਈ.ਓ.ਟੀ. ਨੂੰ ਸਮਝਣ ਲਈ ਇਕ ਉਦਾਹਰਨ ਲਈਏ | ਮੰਨ ਲਓ ਅਸੀਂ ਆਪਣੇ ਖੇਤ ਵਾਲੀ ਬੰਬੀ ਨੂੰ ਆਪਣੇ-ਆਪ ਬੰਦ ਕਰਨ ਅਤੇ ਚਾਲੂ ਕਰਨ ਵਾਲੀ ਤਕਨੀਕ ਨਾਲ ਜੋੜਨਾ ਹੈ | ਅਸੀਂ ਚਾਹੁੰਦੇ ਹਾਂ ਕਿ ਖੇਤ ਸੁੱਕਣ 'ਤੇ ਜਾਂ ਜ਼ਮੀਨ ਵਿਚ ਨਮੀ ਦੇ ਘਟਣ ਨਾਲ ਬੰਬੀ ਆਪੇ ਹੀ ਚਾਲੂ ਹੋ ਜਾਵੇ ਅਤੇ ਲੋੜ ਅਨੁਸਾਰ ਇਹ ਆਪੇ ਹੀ ਬੰਦ ਹੋ ਜਾਵੇ |
ਇਸ ਮੰਤਵ ਲਈ ਮੋਟਰ ਦੇ ਸਟਾਰਟਰ ਨਾਲ ਇਕ ਯੰਤਰ ਜੋੜਿਆ ਜਾਵੇਗਾ, ਜੋ ਸਿਗਨਲ ਮਿਲਣ 'ਤੇ ਮੋਟਰ ਨੂੰ ਚਾਲੂ ਕਰੇਗਾ | ਦੂਜੇ ਪਾਸੇ ਜ਼ਮੀਨ ਦੀ ਸਤਹਿ ਹੇਠਾਂ ਫਿੱਟ ਕੀਤਾ ਸੈਂਸਰ ਮਿੱਟੀ ਵਿਚ ਨਮੀ ਦੀ ਮਾਤਰਾ ਦੇ ਘਟਣ ਉਪਰੰਤ ਸਟਾਰਟਰ ਵਾਲੇ ਯੰਤਰ ਨੂੰ ਸਿਗਨਲ ਭੇਜੇਗਾ | ਇਸ ਤਰ੍ਹਾਂ ਨਮੀ ਦੀ ਮਾਤਰਾ ਪੂਰੀ ਹੋਣਾ ਜਾਂ ਜ਼ਮੀਨ ਵਿਚ ਪਾਣੀ ਦਾ ਤਲ ਵਧਣ ਉਪਰੰਤ ਇਹ ਸਟਾਰਟਰ ਨੂੰ ਬੰਬੀ ਬੰਦ ਕਰਨ ਦਾ ਸਿਗਨਲ ਭੇਜੇਗਾ | ਇਹ ਸਭ ਆਈ.ਓ.ਟੀ. ਰਾਹੀਂ ਹੀ ਪੂਰਾ ਹੋਵੇਗਾ | 
ਇਸ ਤਰ੍ਹਾਂ ਪਾਣੀ ਵਾਲੀ ਟੈਂਕੀ ਭਰਨ ਉਪਰੰਤ ਮੋਟਰ ਨੂੰ ਆਪਣੇ-ਆਪ ਬੰਦ ਕਰਨ ਵਾਲਾ ਆਈਓਟੀ ਸਿਸਟਮ ਵੀ ਬਣਾਇਆ ਜਾ ਸਕਦਾ ਹੈ | ਬਿਨਾਂ ਡਰਾਈਵਰ ਚੱਲਣ ਵਾਲੀਆਂ ਕਾਰਾਂ ਤੇ ਡਰੋਨ ਆਈ.ਓ.ਟੀ. ਦੀਆਂ ਮਹੱਤਵਪੂਰਨ ਉਦਾਹਰਨਾਂ ਹਨ |
ਹਨੇਰਾ ਪੈਣ 'ਤੇ ਬਲਬ ਦਾ ਆਪਣੇ-ਆਪ ਜਗ ਜਾਣਾ, ਗਰਮੀ ਹੋਣ 'ਤੇ ਪੱਖਾ/ਏ.ਸੀ. ਦਾ ਆਪਣੇ ਆਪ ਚਾਲੂ ਹੋ ਜਾਣਾ, ਸਰਦੀ ਹੋਣ 'ਤੇ ਹੀਟਰ ਦਾ ਆਪਣੇ-ਆਪ ਚੱਲਣਾ, ਕਮਰਾ/ਘਰ ਬੰਦ ਕਰਨ ਉਪਰੰਤ ਟੀ.ਵੀ./ਬਲਬ/ਪੱਖੇ ਆਦਿ ਆਪਣੇ-ਆਪ ਬੰਦ ਹੋ ਜਾਣਾ, ਘਰ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਏ.ਸੀ. ਦਾ ਆਪਣੇ-ਆਪ ਚੱਲ ਪੈਣਾ ਆਦਿ ਇਸ ਦੀਆਂ ਹੋਰ ਮਿਸਾਲਾਂ ਹਨ |
ਕਲਾਊਡ ਕੰਪਿਊਟਿੰਗ ਦੇ ਕਾਰਨਾਮੇ
ਫਾਈਲਾਂ ਤੇ ਹੋਰ ਡਾਟੇ ਨੂੰ ਆਪਣੇ ਸਥਾਨਕ ਕੰਪਿਊਟਰ ਦੀ ਬਜਾਏ ਇੰਟਰਨੈੱਟ ਨਾਲ ਜੁੜੇ ਦੂਰ ਦੇ ਕੰਪਿਊਟਰ (ਰਿਮੋਟ ਸਰਵਰ) ਉੱਤੇ ਸਟੋਰ ਕਰਨ, ਕਾਬੂ ਕਰਨ ਅਤੇ ਵਰਤਣ ਆਦਿ ਦੇ ਕੰਮ ਨੂੰ ਕਲਾਊਡ ਕੰਪਿਊਟਿੰਗ ਕਿਹਾ ਜਾਂਦਾ ਹੈ |
ਇਹ ਇੰਟਰਨੈੱਟ ਦੀ ਵਰਤੋਂ ਦਾ ਬਹੁਤ ਵੱਡਾ ਖੇਤਰ ਹੈ | ਇਸ ਰਾਹੀਂ ਬਿਨਾਂ ਕੋਈ ਸਟੋਰੇਜ ਮਾਧਿਅਮ ਕੋਲ ਰੱਖਿਆਂ, ਦੁਨੀਆ ਦੇ (ਨੈੱਟ ਨਾਲ ਜੁੜੇ) ਕਿਸੇ ਵੀ ਕੰਪਿਊਟਰ 'ਤੇ ਡਾਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ |
ਇਸ ਨਾਲ ਸਥਾਨਕ ਪੱਧਰ 'ਤੇ ਪਰਸਨਲ ਕੰਪਿਊਟਰ ਵਿਚ ਵੱਡੀ ਹਾਰਡ-ਡਿਸਕ ਜਾਂ ਹੋਰ ਸਟੋਰੇਜ ਯੰਤਰ ਲਾਉਣ ਦੀ ਲੋੜ ਨਹੀਂ | ਸਾਨੂੰ ਡਾਟੇ ਨੂੰ ਵਾਇਰਸ ਪੱਖੋਂ ਸੁਰੱਖਿਅਤ ਰੱਖਣ ਅਤੇ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ ਪਰ ਕਲਾਊਡ ਸਟੋਰੇਜ 'ਤੇ ਪਏ ਡਾਟੇ ਦੀ ਜ਼ਿੰਮੇਵਾਰੀ ਖ਼ੁਦ ਕੰਪਨੀ ਦੀ ਹੁੰਦੀ ਹੈ |
ਕਈ ਵਾਰ ਸਰਵਰ ਡਾਊਨ ਜਾਂ ਨੈੱਟ ਦੀ ਮਾੜੀ ਰਫ਼ਤਾਰ ਹੋਣ ਕਾਰਨ ਕਲਾਊਡ ਸਟੋਰੇਜ 'ਤੇ ਪਏ ਡਾਟੇ ਨੂੰ ਹਾਸਲ ਕਰਨ 'ਚ ਦਿੱਕਤ ਆਉਂਦੀ ਹੈ | ਵੱਖ-ਵੱਖ ਕੰਪਨੀਆਂ ਇਕ ਸੀਮਤ ਹੱਦ ਤੱਕ ਡਾਟੇ ਨੂੰ ਕਲਾਊਡ ਸਟੋਰੇਜ ਉੱਤੇ ਪਾਉਣ ਦੀ ਪ੍ਰਵਾਨਗੀ ਦਿੰਦੀਆਂ ਹਨ | ਵੱਧ ਸਟੋਰੇਜ ਸਮਰੱਥਾ ਲੈਣ ਲਈ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ |
ਗੂਗਲ ਡਰਾਈਵ, ਮਾਈਕਰੋਸਾਫ਼ਟ ਵਨ ਡਰਾਈਵ, ਐਪਲ ਆਈ-ਕਲਾਊਡ ਆਦਿ ਕਲਾਊਡ ਕੰਪਿਊਟਿੰਗ ਸੇਵਾ ਦੀਆਂ ਉਦਾਹਰਨਾਂ ਹਨ |

-ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 94174-55614.
www.cpkamboj.com

ਪਾਲੀਵੁੱਡ ਝਰੋਖਾ: ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

ਜਸਪਾਲ ਭੱਟੀ ਨਾਲ ਮੇਰੀ ਪਹਿਲੀ ਮੁਲਾਕਾਤ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਅਖ਼ਬਾਰ ਦੇ ਦਫ਼ਤਰ ਵਿਚ ਹੋਈ ਸੀ | ਜਸਪਾਲ ਭੱਟੀ ਵੀ ਇਸੇ ਅਖ਼ਬਾਰ ਲਈ ਵਿਅੰਗਾਤਮਿਕ ਕਾਰਟੂਨ ਬਣਾਇਆ ਕਰਦਾ ਸੀ |
ਇਸ ਪਹਿਲੀ ਹੀ ਮੁਲਾਕਾਤ 'ਚ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਕਲਾਕਾਰ ਕਾਮੇਡੀ ਦੇ ਮਾਧਿਅਮ ਰਾਹੀਂ ਸਮਾਜਿਕ ਅਤੇ ਰਾਜਨੀਤਕ ਪਾਖੰਡਾਂ ਦਾ ਪਰਦਾਫਾਸ਼ ਕਰਨ 'ਚ ਯਕੀਨ ਰੱਖਦਾ ਹੈ | ਕਾਮੇਡੀ ਉਸ ਦੇ ਲਈ ਸਸਤੇ ਅਤੇ ਘਟੀਆ ਸੰਵਾਦਾਂ ਜਾਂ ਪ੍ਰਸੰਗਾਂ ਦੀ ਲੜੀ ਨਹੀਂ ਸੀ ਬਲਕਿ ਉਹ ਇਸ ਰਾਹੀਂ ਇਕ ਵਿਸ਼ੇਸ਼ ਉਦੇਸ਼ ਹਾਸਲ ਕਰਨਾ ਚਾਹੁੰਦਾ ਸੀ | ਇਸ ਲਈ ਉਸ ਦੇ ਕਾਰਟੂਨ ਬੁੱਧੀਜੀਵੀਆਂ ਤੋਂ ਲੈ ਕੇ ਸੜਕਾਂ 'ਤੇ ਵਿਚਰਨ ਵਾਲੇ ਲੋਕਾਂ ਨੂੰ ਵੀ ਪਸੰਦ ਸਨ |
ਜਦੋਂ ਮੈਂ ਉਸ ਨੂੰ ਦੂਜੀ ਵਾਰ ਆਰ. ਕੇ. ਸਟੂਡੀਓ (ਮੰੁਬਈ) ਵਿਚ ਮਿਲਿਆ ਤਾਂ ਉਹ ਇਕ ਲੋਕਪਿ੍ਆ ਫ਼ਿਲਮ ਕਾਮੇਡੀਅਨ ਬਣ ਚੁੱਕਿਆ ਸੀ | ਉਹ ਇਸ ਸਟੂਡੀਓ 'ਚ 'ਆ ਅਬ ਲੌਟ ਚਲੇਂ' ਲਈ ਸ਼ੂਟਿੰਗ ਕਰਨ ਆਇਆ ਸੀ | ਉਥੇ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਨਾਲ ਮੇਰੀ ਮੁਲਾਕਾਤ ਕਰਵਾਈ ਅਤੇ ਸਟੂਡੀਓ ਦੇ ਉਨ੍ਹਾਂ ਵਿਭਾਗਾਂ 'ਚ ਵੀ ਮੈਨੂੰ ਉਥੇ ਲੈ ਕੇ ਗਿਆ ਜਿਥੇ ਮੈਂ ਕਦੀ ਵੀ ਨਹੀਂ ਗਿਆ ਸੀ |
ਕਹਿੰਦੇ ਹਨ ਕਿ ਅਸਲੀ ਕਲਾਕਾਰ ਉਹ ਹੁੰਦਾ ਹੈ ਜਿਹੜਾ ਆਪਣੇ ਦਿਲ ਦੀ ਆਵਾਜ਼ ਸੁਣ ਕੇ ਆਪਣੀ ਪ੍ਰਤਿਭਾ ਨੂੰ ਸਾਰਥਿਕਤਾ ਦੇ ਢਾਂਚੇ 'ਚ ਢਾਲਦਾ ਹੈ | ਜਸਪਾਲ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ | ਉਹ ਪੇਸ਼ੇ ਤੋਂ ਤਾਂ ਇੰਜੀਨੀਅਰ ਸੀ ਅਤੇ ਚੰਗੀ-ਚੋਖੀ ਤਨਖਾਹ 'ਤੇ ਵੀ ਕੰਮ ਕਰ ਰਿਹਾ ਸੀ | ਪਰ ਸਟੇਜ ਨਾਲ ਉਸ ਦਾ ਡੰੂਘਾ ਲਗਾਅ ਸੀ | ਆਪਣੀ ਪੜ੍ਹਾਈ ਦੇ ਦੌਰਾਨ ਹੀ ਉਸ ਨੇ ਥੀਏਟਰ ਦੇ ਨਾਲ ਦੋਸਤੀ ਕਰ ਲਈ ਸੀ |
ਬੇਸ਼ੱਕ ਥੀਏਟਰ ਉਸ ਦਾ ਸ਼ੌਕ ਹੀ ਸੀ, ਪਰ ਜਿਉਂ-ਜਿਉਂ ਉਹ ਇਸ ਨਾਲ ਜੁੜਦਾ ਗਿਆ, ਉਸ ਦਾ ਇੰਜੀਨੀਅਰ ਹੋਣ ਵਾਲਾ ਮਖੌਟਾ ਉਤਰਦਾ ਗਿਆ ਅਤੇ ਉਸ ਦੀ ਥਾਂ 'ਤੇ ਇਕ ਅਜਿਹਾ ਕਲਾਕਾਰ ਵਿਕਸਤ ਹੋਣ ਲੱਗ ਪਿਆ ਜਿਹੜਾ ਆਪਣੀ ਕਲਾ ਦੇ ਨਾਲ ਲੋਕਾਂ ਦਾ ਮਨੋਰੰਜਨ ਹੀ ਨਹੀਂ ਸੀ ਕਰ ਰਿਹਾ ਸਗੋਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰਚੱਲਿਤ ਬੁਰਿਆਈਆਂ ਪ੍ਰਤੀ ਵੀ ਸੁਚੇਤ ਕਰ ਰਿਹਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਕਿੱਸੇ ਲਾਪ੍ਰਵਾਹੀਆਂ ਦੇ

ਇਕ ਵਾਰੀ ਮੈਂ ਨਦੀ ਦੇ ਕਿਨਾਰੇ ਖੜ੍ਹੀ ਸੀ ਤੇ ਦੇਖਿਆ ਕਿ ਨਦੀ ਦਾ ਪਾਣੀ ਪੂਰੀ ਬੇਪ੍ਰਵਾਹੀ ਨਾਲ ਵਹਿ ਰਿਹਾ ਸੀ | ਬੇਪ੍ਰਵਾਹੀ ਇਕ ਰਵੱਈਆ ਹੈ, ਇਕ ਸੋਚ ਹੈ, ਇਕ ਰਵਾਨੀ ਹੈ ਜੋ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਊਣ ਤੇ ਪ੍ਰੇਰਿਤ ਕਰਦੀ ਹੈ | ਪਰ ਇਕ ਹੋਰ ਲਫ਼ਜ਼ ਵੀ ਹੈ 'ਲਾਪ੍ਰਵਾਹੀ' | ਕੋਈ ਕੰਮ ਰੁਕ ਜਾਣਾ, ਕਿਸੇ ਕੰਮ ਨੂੰ ਅਧੂਰਾ ਛੱਡ ਦੇਣਾ, ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾ ਨਿਭਾਉਣੀ, ਕੋਈ ਚੀਜ਼ ਰੱਖ ਕੇ ਭੁੱਲ ਜਾਣੀ ਇਹ ਹਨ ਲਾਪ੍ਰਵਾਹੀਆਂ, ਜਿਨ੍ਹਾਂ ਦਾ ਸ਼ਿਕਾਰ ਬਹੁਤ ਸਾਰੇ ਲੋਕ ਹੁੰਦੇ ਹਨ | ਲਾਪ੍ਰਵਾਹ ਲੋਕ ਤਿੰਨ ਬਹੁਤ ਕੀਮਤੀ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ, ਉਹ ਹਨ : ਉਨ੍ਹਾਂ ਦਾ ਸਮਾਂ, ਉਨ੍ਹਾਂ ਦੀ ਊਰਜਾ ਤੇ ਉਨ੍ਹਾਂ ਦੀ ਜ਼ਿੰਮੇਵਾਰੀ |
ਹੁਣ ਵੇਖੀਏ ਸਾਡੀਆਂ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ | ਐਨਕ ਅੱਖਾਂ 'ਤੇ ਲੱਗੀ ਹੈ ਅਤੇ ਅਸੀਂ ਚਾਰੇ ਪਾਸੇ ਆਪਣੀ ਐਨਕ ਲੱਭ ਰਹੇ ਹਾਂ | ਕਈ ਵਾਰੀ ਚਾਬੀਆਂ ਰੱਖ ਕੇ ਭੁੱਲ ਜਾਂਦੇ ਹਾਂ ਤੇ ਫਿਰ ਟੈਨਸ਼ਨ ਵਿਚ ਸਾਰੇ ਘਰ ਨੂੰ ਉਲਟ-ਪੁਲਟ ਕਰ ਦਿੰਦੇ ਹਾਂ ਤੇ ਫਿਕਰ ਲੱਗ ਜਾਂਦਾ ਹੈ ਕਿ ਕਿਸੇ ਗ਼ਲਤ ਬੰਦੇ ਦੇ ਹੱਥ ਨਾ ਲੱਗ ਜਾਣ | ਕਈ ਵਾਰੀ ਕੱਪੜੇ ਪ੍ਰੈੱਸ ਕਰਕੇ ਤੇ ਤਿਆਰ ਹੋ ਕੇ ਬਾਹਰ ਨਿਕਲ ਜਾਂਦੇ ਹਾਂ ਤਾਂ ਰਸਤੇ ਵਿਚ ਖਿਆਲ ਆਉਂਦਾ ਹੈ ਕਿ ਸ਼ਾਇਦ ਪ੍ਰੈੱਸ ਦੇ ਸਵਿੱਚ ਆਨ ਰਹਿ ਗਿਆ ਹੈ | ਬੱਸ ਪੈ ਜਾਂਦੀ ਹੈ ਭਾਜੜ | ਕਈ ਵਾਰੀ ਇਕ ਜਾਂ ਦੋ ਮਿੰਟ ਲਈ ਕੁਝ ਕਰਨ ਲਈ ਕਮਰੇ ਤੋਂ ਬਾਹਰ ਨਿਕਲਦੇ ਹਾਂ ਫਿਰ ਘੰਟਿਆਂਬੱਧੀ ਕਿਸੇ ਹੋਰ ਕੰਮ ਵਿਚ ਰੁਝ ਜਾਂਦੇ ਹਾਂ ਤੇ ਚਲਦਾ ਪੱਖਾ ਤੇ ਜਲਦੇ ਬਲਬ ਬਿਜਲੀ ਦਾ ਬਿੱਲ ਵਧਾਈ ਜਾਂਦੇ ਹਨ | ਚਲੋ ਬਿਜਲੀ ਦੇ ਬਿੱਲ ਦੇ ਪੈਸੇ ਤਾਂ ਵਧਦੇ ਹੀ ਹਨ ਪਰ ਬਿਜਲੀ ਦੀ ਵੇਸਟੇਜ? ਮੈਨੂੰ ਆਪਣੀ ਇਕ ਲਾਪ੍ਰਵਾਹੀ ਬਹੁਤ ਯਾਦ ਆਉਂਦੀ ਹੈ | ਇਕ ਦਿਨ ਮੈਂ ਕਾਲਜ ਜਾਣ ਦੀ ਕਾਹਲੀ ਵਿਚ ਹੱਥ ਵਿਚ ਫੜਿਆ ਚਾਹ ਦਾ ਕੱਪ ਕੱਪੜਿਆਂ ਵਾਲੀ ਅਲਮਾਰੀ ਵਿਚ ਹੀ ਰੱਖ ਦਿੱਤਾ | ਸ਼ਾਮੀਂ ਅਲਮਾਰੀ ਖੋਲ੍ਹੀ ਤਾਂ ਦੇਖਿਆ ਚਾਹ ਦਾ ਕੱਪ ਟੇਢਾ ਹੋ ਕੇ ਕੱਪੜਿਆਂ 'ਤੇ ਡੁੱਲਿ੍ਹਆ ਪਿਆ ਸੀ | ਬਸ ਹੋਰ ਕੰਮ ਤਾਂ ਕੀ ਕਰਨਾ ਸੀ, ਸਾਰੀ ਸ਼ਾਮ ਕੱਪੜਿਆਂ ਨੂੰ ਸਾਫ਼ ਕਰਨ ਵਿਚ ਲੰਘ ਗਈ |
ਹਾਂ, ਸੱਚ ਮੇਰੀ ਇਕ ਰਿਸ਼ਤੇਦਾਰ ਦੀ ਲਾਪ੍ਰਵਾਹੀ ਦਾ ਡਰਾਮਾ ਮੈਨੂੰ ਅੱਜ ਤੱਕ ਯਾਦ ਹੈ | ਉਸ ਨੇ ਬਹੁਤ ਸਾਰੇ ਮਹਿਮਾਨਾਂ ਨੂੰ ਬੁਲਾਇਆ ਹੋਇਆ ਸੀ | ਖਾਣਾ ਬਹੁਤ ਵਧੀਆ ਸੀ | ਖਾਣੇ ਤੋਂ ਬਾਅਦ ਮਹਿਮਾਨ ਮਿੱਠੇ ਪਕਵਾਨ ਦੀ ਉਮੀਦ ਵਿਚ ਸਨ ਪਰ ਮਿੱਠਾ ਪਕਵਾਨ ਮੇਜ਼ 'ਤੇ ਆਇਆ ਹੀ ਨਹੀਂ | ਮੇਰੀ ਰਿਸ਼ਤੇਦਾਰ ਘਬਰਾਈ ਹੋਈ ਆਈ ਤੇ ਕਹਿਣ ਲੱਗੀ, 'ਮੈਂ ਸਵੀਟ ਡਿਸ਼ ਬਣਾਈ ਸੀ, ਬਹੁਤ ਵਧੀਆ ਕਾਰਮਲ ਪੁਡਿੰਗ ਸੀ ਪਰ ਪਤਾ ਨਹੀਂ ਡੌਾਘਾ ਕਿਥੇ ਚਲਾ ਗਿਆ |' ਮੈਂ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ | ਰਸੋਈ ਦਾ ਕੋਨਾ-ਕੋਨਾ ਛਾਣ ਮਾਰਿਆ | ਫਰਿੱਜ਼, ਫਰੀਜ਼ਰ ਦਾ ਵੀ ਪੂਰਾ ਮੁਆਇਨਾ ਕੀਤਾ | ਪਰ ਸਵੀਟ ਡਿਸ਼ ਨਹੀਂ ਮਿਲੀ | ਉਸ ਨੇ ਮੁਆਫ਼ੀ ਮੰਗੀ ਤੇ ਮਹਿਮਾਨਾਂ ਨੇ ਵੀ ਬੁਰਾ ਨਹੀਂ ਮਨਾਇਆ ਤੇ ਹੱਸਦੇ-ਹੱਸਦੇ ਵਿਦਾ ਹੋ ਗਏ | ਦੂਸਰੇ ਦਿਨ ਸਵੇਰੇ ਉਸ ਦਾ ਫੋਨ ਆਇਆ ਤੇ ਕਹਿੰਦੀ, 'ਦੀਦੀ ਸਵੀਟ ਡਿਸ਼ ਟਰੰਕਾਂ ਵਾਲੇ ਸਟੋਰ ਵਿਚੋਂ ਲੱਭ ਪਈ, ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕਦੋਂ ਉਥੇ ਰੱਖ ਆਈ ਸੀ |'
ਪਰ ਲਾਪ੍ਰਵਾਹੀਆਂ ਦਾ ਇਕ ਹੋਰ ਪਹਿਲੂ ਵੀ ਹੈ | ਕਈ ਵਾਰੀ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਂਦਾ ਹੈ, ਤੁਸੀਂ ਉਸ ਵੱਲ ਲੋੜੀਂਦਾ ਧਿਆਨ ਨਹੀਂ ਦਿੰਦੇ, ਨਾ ਹੀ ਸਮਾਂ ਬਿਤਾਉਂਦੇ ਹੋ | ਤੁਹਾਡੀ ਇਸ ਲਾਪ੍ਰਵਾਹੀ ਨਾਲ ਰਿਸ਼ਤਾ ਖਤਮ ਹੋ ਸਕਦਾ ਹੈ | ਕਈ ਵਾਰੀ ਕਿਸੇ ਦੀ ਸ਼ਾਦੀ ਦਾ ਕਾਰਡ ਅੱਛੀ ਤਰ੍ਹਾਂ ਪੜ੍ਹਦੇ ਨਹੀਂ ਜਾਂ ਪੜ੍ਹਨਾ ਭੁੱਲ ਜਾਂਦੇ ਹੋ ਤੇ ਸਮਾਗਮ ਵਿਚ ਜਾਂਦੇ ਨਹੀਂ | ਜਦੋਂ ਯਾਦ ਆਉਂਦਾ ਹੈ ਤਾਂ ਪਛਤਾਉਂਦੇ ਰਹਿੰਦੇ ਹਾਂ ਤੇ ਆਪਣੀ ਗ਼ੈਰ-ਹਾਜ਼ਰੀ ਲਈ ਮੁਆਫ਼ੀਆਂ ਮੰਗਦੇ ਹਾਂ |
ਇਹ ਤਾਂ ਹੋਈਆਂ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ | ਚਲੋ ਜ਼ਰਾ ਹੁਣ ਲਾਪ੍ਰਵਾਹੀ ਦੇ ਗੰਭੀਰ ਪਹਿਲੂ ਵੱਲ ਵੀ ਝਾਤ ਮਾਰੀਏ, ਜਿਸ ਦੇ ਕਈ ਵਾਰੀ ਸਿੱਟੇ ਦਰਦਨਾਕ ਤੇ ਘਾਤਕ ਨਿਕਲਦੇ ਹਨ | ਕੁਝ ਦਿਨ ਪਹਿਲੇ ਇਕ ਬੋਰ ਵੈੱਲ ਦੇ ਨਾ ਢਕਣ ਕਾਰਨ ਇਕ ਨੰਨੇ ਮਾਸੂਮ ਬੱਚੇ ਦੀ ਉਸ ਵਿਚ ਡਿੱਗ ਕੇ ਦਿਲ ਦਹਿਲਾਉਣ ਵਾਲੀ ਮੌਤ ਹੋ ਗਈ | ਇਹ ਬੋਰ ਕਹਾਉਣ ਵਾਲੇ ਤੇ ਕਰਨ ਵਾਲੇ ਦੀ ਕਿੰਨੀ ਵੱਡੀ ਲਾਪ੍ਰਵਾਹੀ ਸੀ | ਇਸੇ ਤਰ੍ਹਾਂ ਕਈ ਵਾਰੀ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਬਿਜਲੀ ਦੇ ਖੰਭੇ ਜਾਂ ਤਾਰਾਂ ਨੰਗੀਆਂ ਜਾਂ ਬਿਨਾਂ ਅਰਥ ਕੀਤੇ ਰਹਿ ਜਾਂਦੀਆਂ ਹਨ, ਜਿਸ ਕਾਰਨ ਇਨਸਾਨਾਂ ਤੇ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਫਸਲ ਸੜ ਜਾਂਦੀ ਹੈ | ਸਰਕਾਰੀ ਦਫਤਰਾਂ ਵਿਚ ਅਧਿਕਾਰੀ ਲਾਪ੍ਰਵਾਹ ਹੋ ਜਾਂਦੇ ਹਨ | ਪੱਕੀ ਸਰਕਾਰੀ ਨੌਕਰੀ 'ਤੇ ਲੱਗ ਗਏ ਤੇ ਲਾਪ੍ਰਵਾਹੀ ਸ਼ੁਰੂ ਹੋ ਗਈ | ਦਫਤਰ ਪਹੁੰਚ ਕੇ ਆਪਣੀ ਸੀਟ ਤੋਂ ਗ਼ੈਰ-ਹਾਜ਼ਰ ਰਹਿਣਾ, ਫਾਈਲ ਵਿਚ ਜ਼ਰੂਰੀ ਪੇਪਰ ਨਾ ਲਾਉਣੇ ਜਾਂ ਦਸਤਖਤ ਨਾ ਕਰਨੇ ਇਹ ਕੁਝ ਅਣਜਾਣੀਆਂ ਜਾਂ ਜਾਣ ਬੁੱਝ ਕੇ ਕੀਤੀਆਂ ਲਾਪ੍ਰਵਾਹੀਆਂ ਹਨ, ਜਿਸ ਦਾ ਸਿੱਟਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਵਾਰ-ਵਾਰ ਦਫਤਰ ਦੇ ਚੱਕਰ ਲਾਉਣੇ ਪੈਂਦੇ ਹਨ ਤੇ ਖੱਜਲ-ਖੁਆਰੀ ਵਾਧੂ ਦੀ |
ਸਾਰੇ ਲੋਕ ਲਾਪ੍ਰਵਾਹ ਨਹੀਂ ਹੁੰਦੇ | ਪਰ ਜੋ ਹੁੰਦੇ ਹਨ ਉਨ੍ਹਾਂ ਦੇ ਕਾਰਨ ਕਈ ਹੋ ਸਕਦੇ ਹਨ | ਕਈ ਤਾਂ ਬਚਪਨ ਤੋਂ ਹੀ ਲਾਪ੍ਰਵਾਹ ਹੁੰਦੇ ਹਨ | ਲਾਪ੍ਰਵਾਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਹੁੰਦੀ ਹੈ | ਕਈ ਵਾਰੀ ਜ਼ਿਆਦਾ ਰੁਝੇਵੇਂ ਜਾਂ ਇਕੋ ਸਮੇਂ ਬਹੁਤ ਸਾਰੇ ਕੰਮਾਂ ਵਿਚ ਹੱਥ ਪਾਉਣਾ ਵੀ ਲਾਪ੍ਰਵਾਹੀ ਦਾ ਕਾਰਨ ਬਣ ਜਾਂਦੇ ਹਨ | ਵਧਦੀ ਉਮਰ ਦੇ ਨਾਲ ਘਟਦੀ ਯਾਦਾਸ਼ਤ ਵੀ ਲਾਪ੍ਰਵਾਹੀ ਦਾ ਕਾਰਨ ਬਣ ਜਾਂਦੀ ਹੈ | ਸਰਕਾਰੀ ਦਫਤਰਾਂ ਵਿਚ ਕਈ ਵਾਰੀ ਸਿਫ਼ਾਰਸ਼ ਜਾਂ ਰਿਸ਼ਵਤ ਦੀ ਉਡੀਕ ਲਾਪ੍ਰਵਾਹੀ ਦਾ ਕਾਰਨ ਹੁੰਦੀ ਹੈ | ਚਲੋ ਕਾਰਨ ਜੋ ਵੀ ਹੋਵੇ, ਲਾਪ੍ਰਵਾਹੀ ਕਰਨ ਤੋਂ ਬਚਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ |

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX