ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  about 1 hour ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  about 3 hours ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  about 5 hours ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 5 hours ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  about 5 hours ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  about 6 hours ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  about 5 hours ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  about 7 hours ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 minute ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ: ਪਹਿਲੀ ਵਾਰ ਸੌ ਦਾ ਨੋਟ ਵੇਖਿਆ

ਪਾਕਿਸਤਾਨ ਬਣਨ ਤੋਂ ਪਹਿਲਾਂ ਵਾਲੇ ਪੰਜਾਬ ਵਿਚ ਦਸ ਰੁਪਏ ਦਾ ਨੋਟ ਬੜੀ ਕੀਮਤ ਰੱਖਦਾ ਸੀ | ਜੇਕਰ ਦਸ ਦਾ ਨੋਟ ਤੁੜਾਣਾ ਹੋਵੇ ਤਾਂ ਪੂਰੇ ਪਿੰਡ ਦੀਆਂ ਹੱਟੀਆਂ ਦੇ ਗੇੜੇ ਮਾਰਨੇ ਪੈਂਦੇ ਸੀ | ਅਸੀਂ ਸਕੂਲ ਦੀ ਫੀਸ ਪੈਸਿਆਂ ਨਾਲ ਅਦਾ ਕਰਦੇ ਹੁੰਦੇ ਸੀ | ਉਦੋਂ ਇਕ ਰੁਪਏ ਦੀਆਂ ਦੋ ਅਠਿਆਨੀਆਂ ਹੁੰਦੀਆਂ ਸਨ | ਚਾਰ ਚਵਾਨੀਆਂ, ਅੱਠ ਦਵਾਨੀਆਂ, ਇਕ ਦਵਾਨੀ ਦੇ ਦੋ ਆਨੇ, ਇਕ ਆਨੇ ਦੋ ਦੋ ਟਕੇ, ਇਕ ਟਕੇ ਦੇ ਦੋ ਪੈਸੇ, ਇਕ ਪੈਸੇ ਦੇ ਦੋ ਧੇਲੇ, ਅੱਗੋਂ ਪਾਈਆਂ ਸਾਡੇ ਸਰਕਾਰੀ ਸਕੂਲ ਦੀ ਫੀਸ ਦੇ ਪੈਸੇ ਮਹੀਨਾ ਹੁੰਦੀ ਸੀ | ਪੰਜਵੀਂ ਤੋਂ ਫੀਸ ਵਧ ਜਾਂਦੀ ਸੀ | ਏਨੀ ਘੱਟ ਫੀਸ ਹੋਣ ਦੇ ਬਾਵਜੂਦ ਕਈ ਮੰੁਡੇ ਫੀਸ ਨਹੀਂ ਸਨ ਦੇ ਸਕਦੇ | ਉਹ ਕਦੇ ਦਾਣੇ ਲੈ ਆਉਂਦੇ, ਸਾਡੇ ਮਾਸਟਰ ਸਾਹਬ ਕੋਈ ਨਾ ਕੋਈ ਜੁਗਾੜ ਕਰਕੇ ਫੀਸ ਪੂਰੀ ਕਰ ਦਿੰਦੇ ਸੀ, ਗਰੀਬ ਮੁੰਡਿਆਂ ਦੀ | ਮੈਂ ਪੰਜ ਰੁਪਏ ਦਾ ਨੋਟ ਵੇਖਿਆ ਸੀ ਪਰ ਸੌ ਰੁਪਏ ਦਾ ਨੋਟ ਹੁੰਦਾ ਹੈ, ਇਹ ਸੁਣਿਆ ਤਾਂ ਸੀ ਪਰ ਵੇਖਿਆ ਨਹੀਂ ਸੀ | ਸੌ ਦਾ ਨੋਟ ਮੈਂ ਕਦੋਂ ਵੇਖਿਆ ਪੂਰੀ ਤਫਸੀਲ ਨਾਲ ਦੱਸਦਾ ਹਾਂ | ਪਾਕਿਸਤਾਨ ਤੋਂ ਆ ਕੇ ਅਸੀਂ ਅਲਵਰ ਜ਼ਿਲ੍ਹੇ ਦੇ ਕਾਰੋਲੀ ਖ਼ਾਲਸਾ ਨਾਂਅ ਦੇ ਪਿੰਡ ਵਸ ਗਏ | ਜ਼ਮੀਨ ਪਥਰੀਲੀ ਹੋਣ ਕਰਕੇ ਖੇਤੀ ਦਾ ਕੰਮ ਛੱਡ ਕੇ ਅਸੀਂ ਕਰਨਾਲ (ਹੁਣ ਹਰਿਆਣਾ) ਆ ਕੇ ਵਸ ਗਏ |
ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀ | ਅੱਜ ਦਾ ਹਿਮਾਚਲ, ਹਰਿਆਣਾ ਪੰਜਾਬ ਦਾ ਹਿੱਸਾ ਹੁੰਦੇ ਸਨ | ਪੰਜਾਬ ਸਰਕਾਰ ਵਲੋਂ ਕਵਿਤਾ ਮੁਕਾਬਲੇ ਕਰਵਾਏ ਜਾਂਦੇ ਸੀ | ਇਹ ਕਵਿਤਾ ਮੁਕਾਬਲੇ ਆਪ ਰਚੀ ਕਵਿਤਾ ਦੇ ਮੁਕਾਬਲੇ | ਪਹਿਲਾਂ ਜ਼ਿਲ੍ਹਾ ਪੱਧਰ ਦੇ ਹੁੰਦੇ, ਜਿਨ੍ਹਾਂ ਵਿਚ ਪਹਿਲੀ ਪੁਜ਼ੀਸ਼ਨ ਦਾ ਜੇਤੂ ਡਵੀਜ਼ਨ ਪੱਧਰ ਦੇ ਕਵਿਤਾ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਡਵੀਜ਼ਨ ਪੱਧਰ ਦਾ ਪਹਿਲੀ ਪੁਜ਼ੀਸ਼ਨ ਵਾਲਾ ਜੇਤੂ ਸਟੇਟ ਲੈਵਲ ਦੇ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਇਹ ਗੱਲ 1960 ਦੀ ਹੈ | ਉਦੋਂ ਮੈਂ ਕਰਨੈਲ ਸਿੰਘ ਪੰਛੀ ਦੇ ਨਾਂਅ ਹੇਠ ਲਿਖਦਾ ਹੁੰਦਾ ਸੀ | ਮੈਂ ਕਰਨਾਲ ਜ਼ਿਲ੍ਹੇ 'ਚੋਂ ਅੱਵਲ, ਅੰਬਾਲਾ ਡਵੀਜ਼ਨ ਵਿਚੋਂ ਅੱਵਲ ਅਤੇ ਫਿਰ ਸਟੇਟ ਲੈਵਲ ਦੇ ਮੁਕਾਬਲੇ ਵਿਚ ਚੰਡੀਗੜ੍ਹ ਵਿਚ ਵੀ ਪਹਿਲਾ ਇਨਾਮ ਪ੍ਰਾਪਤ ਕੀਤਾ | ਜ਼ਿਲ੍ਹਾ ਪੱਧਰ ਦਾ ਇਨਾਮ ਵੀਹ ਰੁਪਏ, ਡਵੀਜ਼ਨ ਪੱਧਰ ਦਾ ਚਾਲੀ ਰੁਪਏ ਅਤੇ ਸਟੇਟ ਲੈਵਲ ਦੇ ਇਨਾਮ ਦੀ ਰਕਮ ਸੌ ਰੁਪਏ ਮਿਲੀ | ਰੇਸ਼ਮ ਦੀ ਥੈਲੀ ਵਿਚ ਸੌ ਦਾ ਨੋਟ ਪਿਆ ਹੋਇਆ ਸੀ | 100 ਰੁਪਏ ਦਾ ਨੋਟ ਮੈਂ ਜੀਵਨ ਵਿਚ ਪਹਿਲੀ ਵਾਰ ਵੇਖਿਆ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਹੰਝੂਆਂ ਦੀ ਜ਼ਬਾਨ

'ਹੰਝੂਆਂ ਦੀ ਜੇਕਰ ਕੋਈ ਜ਼ਬਾਨ ਹੁੰਦੀ ਤਾਂ ਕਿੰਨੀ ਉਦਾਸੀ ਭਰੀ ਹੁੰਦੀ |'
ਕਾਫ਼ੀ ਹਾਊਸ 'ਚ ਬੈਠੀ ਮੈਂ ਕਾਫ਼ੀ ਦੇ ਘੁੱਟਾਂ ਦੇ ਨਾਲ-ਨਾਲ ਆਪਣੇ ਹੀ ਵਿਚਾਰਾਂ ਦੇ ਬੇਤਰਤੀਬ ਵਹਾਅ ਨੂੰ ਸਮਝਣ ਦੀ ਜੱਦੋਜਹਿਦ ਕਰ ਰਹੀ ਸੀ ਕਿ ਅਚਾਨਕ ਪਿਛੋਂ ਕਿਤੋਂ ਇਕ ਆਵਾਜ਼ ਸੁਣਾਈ ਦਿੱਤੀ | ਸ਼ਿਸ਼ਟਾਚਾਰ ਨਿਭਾਉਂਦਿਆਂ ਮੈਂ ਬਿਨਾਂ ਪਿਛੇ ਮੁੜੇ ਇਸ ਸਵਾਲ-ਨੁਮਾ ਵਾਕ ਦੇ ਜਵਾਬ ਦੀ ਉਡੀਕ ਕਰਨ ਲੱਗੀ | ਪਰ ਜਵਾਬ 'ਚ ਸਿਰਫ਼ ਇਕ ਖ਼ਾਮੋਸ਼ੀ ਹੀ ਕੰਨਾਂ ਤੱਕ ਪਹੁੰਚੀ |
ਸ਼ਾਇਦ ਗੱਲ ਕਰ ਰਹੇ ਦੋਵੇਂ ਜਣੇ ਕਿਸੇ ਔਖੇ ਜਜ਼ਬਾਤੀ ਸਮੇਂ ਵਿਚੀਂ ਲੰਘ ਰਹੇ ਸੀ | ਦੋਵੇਂ ਹੀ ਇਕ-ਦੂਜੇ ਤੋਂ ਸਹਾਰਾ ਭਾਲ ਰਹੇ ਸੀ | ਪਰ ਸਹੀ ਲਫ਼ਜ਼ ਸਾਥ ਨਹੀਂ ਦੇ ਰਹੇ ਸੀ ਜਾਂ ਇੰਜ ਕਹੋ ਕਿ ਸਮਾਂ ਸਹੀ ਸਾਥ ਨਹੀਂ ਨਿਭਾਅ ਰਿਹਾ ਸੀ |
ਇਹ ਭਿੱਜੀ ਆਵਾਜ਼ ਕਿਸੇ ਦੀ ਵੀ ਹੋ ਸਕਦੀ ਹੈ, ਤੁਹਾਡੀ, ਮੇਰੀ ਜਾਂ ਕਿਸੇ ਵੀ ਹੋਰ ਸ਼ਖ਼ਸ ਦੀ | ਜ਼ਿੰਦਗੀ ਦੇ ਉਤਰਾਅ-ਚੜ੍ਹਾਅ 'ਚ ਲਾਜ਼ਮੀ ਜਿਹੇ ਅਹਿਸਾਸਾਂ 'ਚ ਇਕ ਨਾਂਅ ਹੰਝੂਆਂ ਦਾ ਵੀ ਸ਼ਾਮਿਲ ਹੈ | ਜ਼ਿਆਦਾਤਰ ਅੱਖਾਂ ਦੇ ਪਰਾਂ ਅੰਦਰ ਲੁਕੇ ਇਹ ਖਜ਼ਾਨੇ ਕਦੇ ਨਾ ਕਦੇ ਤਾਂ ਬਾਹਰ ਆਉਂਦੇ ਹੀ ਹਨ | ਪਰ ਇਨ੍ਹਾਂ ਦੀ ਜ਼ਬਾਨ ਦਾ ਕੀ?
ਬਚਪਨ ਦੇ ਕਈ ਸਬਕ ਸਾਡੇ ਦਿਮਾਗ 'ਤੇ ਇੰਜ ਉਕਰ ਜਾਂਦੇ ਹਨ ਜਿਵੇਂ ਹਮੇਸ਼ਾ ਤੋਂ ਹੀ ਉਥੇ ਲਿਖੇ ਹੋਏ ਹੋਣ | ਨਿੱਕੇ ਹੁੰਦਿਆਂ ਤੋਂ ਹੀ ਸਿਖਾਏ ਜਾਂਦੇ ਵਿਪਰੀਤਾਰਥਕ ਸ਼ਬਦਾਂ 'ਚ ਹੰਝੂਆਂ ਦਾ ਉਲਟ ਸ਼ਬਦ ਮੁਸਕਾਨ ਸਿਖਾਇਆ ਜਾਂਦਾ ਹੈ ਜਾਂ ਰੋਣਾ ਦਾ ਉਲਟ ਸ਼ਬਦ ਹੱਸਣਾ | ਪਰ ਇਹ ਸ਼ਾਇਦ ਇੰਜ ਹੀ ਹੋਏਗਾ ਜਿਵੇਂ ਤਸਵੀਰ ਦੇ ਅੱਧੇ ਹਿੱਸੇ ਨੂੰ ਵੇਖਣਾ ਜਾਂ ਫਿਰ ਸ਼ੇਅਰ ਦੇ ਇਕ ਮਿਸਰੇ ਨੂੰ ਪੜ੍ਹਨਾ | ਦੋਵੇਂ ਹੀ ਸੂਰਤਾਂ 'ਚ ਅਰਥ ਬੇਮਾਨੀ ਹੋ ਜਾਣਗੇ |
ਇਹ ਇਕ ਤੱਥ ਜਾਂ ਕਹੋ ਮੰਦਭਾਗਾ ਤੱਥ ਹੈ ਕਿ ਅਸੀਂ ਹੰਝੂਆਂ ਨੂੰ ਦਰਦ, ਉਦਾਸੀ, ਨਾਕਾਮੀ ਜਾਂ ਅਜਿਹੇ ਹੀ ਨਾਂਹ-ਪੱਖੀ ਅਹਿਸਾਸਾਂ ਨਾਲ ਜੋੜ ਕੇ ਵੇਖਦੇ ਹਾਂ | ਕਿਸੇ ਅਜ਼ੀਜ਼ ਦੇ ਦੁਨੀਆ ਤੋਂ ਵਿਛੋੜੇ ਦਾ ਦਰਦ, ਪ੍ਰੀਖਿਆ 'ਚੋਂ ਉਮੀਦ ਤੋਂ ਘੱਟ ਨੰਬਰ ਆਉਣੇ ਜਾਂ ਫਿਰ ਲੰਮੇ ਸੰਘਰਸ਼ ਤੋਂ ਬਾਅਦ ਵੀ ਉਲਟ ਨਤੀਜੇ ਆਉਣਾ, ਜਿਹੇ ਕਈ ਕਾਰਨਾਂ ਜਾਂ ਮੌਕਿਆਂ ਸਮੇਂ ਹੰਝੂ ਬਿਨਾਂ ਸੱਦੇ ਮਹਿਮਾਨ ਵਾਂਗ ਆ ਜਾਂਦੇ ਹਨ |
ਯਾਦ ਕਰੋ ਜਦੋਂ ਖ਼ੁਸ਼ੀਆਂ ਸਾਰੇ ਬੰਨ੍ਹ ਤੋੜ ਕੇ ਤੁਹਾਡੀ ਕਿਸਮਤ ਦੇ ਦਰਵਾਜ਼ੇ 'ਤੇ ਦਸਤਕ ਦਿੰਦੀਆਂ ਹਨ ਤਾਂ ਤੁਹਾਡੇ ਮਨ ਦੀ ਕੀ ਕੈਫ਼ੀਅਤ ਹੁੰਦੀ ਹੈ? ਪਹਿਲੀ ਨੌਕਰੀ ਲੱਗਣ ਦੀ ਚਿੱਠੀ ਹੋਵੇ ਜਾਂ ਫਿਰ ਘਰ 'ਚ ਗੰੂਜੀ ਕਿਲਕਾਰੀ ਜਾਂ ਫਿਰ ਤਾਂਘ ਨਾਲ ਸਾਂਭ ਕੇ ਰੱਖੀ ਕਿਸੇ ਸੱਧਰ ਦਾ ਪੂਰਾ ਹੋਣਾ | ਅਜਿਹੇ ਸਮੇਂ 'ਤੇ ਸ਼ਬਦ ਐਨ ਮੌਕੇ 'ਤੇ ਦਗ਼ਾ ਕਰ ਜਾਂਦੇ ਹਨ ਅਤੇ ਖ਼ਾਮੋਸ਼ ਅਹਿਸਾਸਾਂ ਦੇ ਲੁਕੇ ਸੋਮੇ, ਇਹ ਹੰਝੂ, ਸਾਡੀਆਂ ਭਾਵਨਾਵਾਂ ਨੂੰ ਜ਼ਬਾਨ ਦੇਣ ਆ ਜਾਂਦੇ ਹਨ |
ਇਕ ਛੋਟਾ ਜਿਹਾ ਕਿੱਸਾ ਹੈ | ਕੁਝ ਦੋਸਤ ਆਪੋ-ਆਪਣੇ ਪਰਿਵਾਰ ਨਾਲ ਇਕੱਠੇ ਬੈਠੇ ਹਲਕੀਆਂ-ਫੁਲਕੀਆਂ ਗੱਲਾਂ ਕਰ ਰਹੇ ਸੀ | ਪਰਿਵਾਰ ਤੋਂ ਹੁੰਦੀ ਗੱਲ ਬੱਚਿਆਂ ਤੱਕ ਜਾ ਪਹੁੰਚੀ | ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਤਜਰਬੇ ਸਭ ਵਾਰੋ-ਵਾਰੀ ਸੁਣਾ ਰਹੇ ਸੀ | ਸਭ ਆਪੋ-ਆਪਣੇ ਬੱਚਿਆਂ ਦੀ ਕਾਮਯਾਬੀ ਦੀ ਲੰਮੀ ਦਾਸਤਾਂ ਪੂਰੇ ਸਰੂਰ 'ਚ ਸੁਣਾ ਰਹੇ ਸੀ | ਉਨ੍ਹਾਂ 'ਚੋਂ ਇਕ ਨੇ ਕਿਹਾ ਕਿ ਉਸ ਦਾ ਬੱਚਾ ਪੰਜਵੀਂ 'ਚ ਹੈ | ਸਟੇਜ 'ਤੇ ਥੋੜ੍ਹਾ ਘਬਰਾਉਂਦਾ ਵੀ ਹੈ ਪਰ ਹਰ ਸਾਲ ਕੁਝ ਨਾ ਕੁਝ ਕਰਨ ਲਈ ਉਹ ਸਟੇਜ 'ਤੇ ਜਾਂਦਾ ਵੀ ਜ਼ਰੂਰ ਹੈ | ਪਰ ਉਹ (ਗੱਲ ਸੁਣਾ ਰਿਹਾ ਪਿਤਾ) ਕਦੇ ਵੀ ਢੰਗ ਨਾਲ ਉਸ ਦੀ ਪ੍ਰੋਫਾਰਮੈਂਸ ਨਹੀਂ ਦੇਖ ਸਕਿਆ |
ਭਾਵੁਕ ਹੋਏ ਦੋਸਤ ਦੀ ਗੱਲ ਸਭ ਗਹੁ ਨਾਲ ਸੁਣਨ ਲੱਗੇ | ਉਸ ਨੇ ਕਿਹਾ ਕਿ ਜਿਵੇਂ ਹੀ ਉਸ ਦਾ ਬੇਟਾ ਸਟੇਜ 'ਤੇ ਆਉਂਦਾ ਹੈ ਤਾਂ ਉਸ ਦੀਆਂ ਅੱਖਾਂ ਖੁਸ਼ੀ ਨਾਲ ਭਿੱਜ ਜਾਂਦੀਆਂ ਹਨ | ਉਸ ਨੂੰ ਸਿਰਫ਼ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਉਸ ਦਾ ਬੇਟਾ ਕੋਸ਼ਿਸ਼ ਕਰ ਰਿਹਾ ਹੈ, ਆਪਣੇ ਡਰ ਨੂੰ ਹਰਾਉਣ ਦੀ | ਜੋ ਉਸ ਲਈ ਸਭ ਤੋਂ ਵੱਡਾ ਤਗਮਾ ਹੈ |
ਇਹੀ ਉਹ ਖ਼ੁਸ਼ੀ ਹੈ ਜਿਸ ਨੂੰ ਸੰਭਾਲਣ ਤੋਂ ਜਦ ਸ਼ਬਦ ਇਨਕਾਰੀ ਹੋ ਜਾਂਦੇ ਹਨ ਤਾਂ ਹੰਝੂ ਉਸ ਨੂੰ ਆਪਣੀ ਪਨਾਹ 'ਚ ਲੈ ਲੈਂਦੇ ਹਨ |
ਇਕ ਹੋਰ ਵੀ ਗਲਤਫਹਿਮੀ ਬਚਪਨ ਤੋਂ ਸਾਡੇ ਨਾਲ-ਨਾਲ ਪਲਦੀ ਹੈ ਅਤੇ ਵੱਡੀ ਹੁੰਦੀ ਜਾਂਦੀ ਹੈ | ਸਾਨੂੰ ਸਿਖਾਇਆ ਜਾਂਦਾ ਹੈ ਕਿ ਰੋਣਾ ਕਮਜ਼ੋਰ ਸ਼ਖ਼ਸੀਅਤਾਂ ਦੀ ਨਿਸ਼ਾਨੀ ਹੈ |
ਸ਼ਖ਼ਸੀਅਤ ਜਿਹੇ ਭਾਰੀ ਭਰਕਮ ਸ਼ਬਦ ਦਾ ਬੋਝ ਚੁੱਕੀ ਅਸੀਂ ਆਪਣਾ ਸਾਰਾ ਜ਼ੋਰ ਹੰਝੂਆਂ ਨੂੰ ਆਪਣੇ ਤੋਂ ਦੂਰ ਰੱਖਣ 'ਚ ਲਾ ਦਿੰਦੇ ਹਾਂ | ਪਰ ਕੀ ਹੰਝੂਆਂ ਦੀ ਨਮੀ 'ਚ ਏਨੀ ਤਾਕਤ ਹੁੰਦੀ ਹੈ ਕਿ ਉਹ ਸ਼ਖ਼ਸੀਅਤ ਦੀ ਮਜ਼ਬੂਤ ਬੁਨਿਆਦ ਨੂੰ ਗਿੱਲੀ ਕਰ ਸਕੇ?
ਆਪਣੇ-ਆਪ ਨੂੰ ਪ੍ਰਗਟਾਉਣ ਦਾ ਸਭ ਤੋਂ ਸੁੱਚਾ ਤਰੀਕਾ ਰੋਣਾ ਹੀ ਹੈ | ਮਨੋਵਿਗਿਆਨੀ ਵੀ ਕਹਿੰਦੇ ਹਨ ਕਿ ਮਨ 'ਚ ਖ਼ੁਸ਼ੀ ਅਤੇ ਗ਼ਮੀ ਦੇ ਭਾਵ ਜੇਕਰ ਹੰਝੂਆਂ ਰਾਹੀਂ ਪ੍ਰਗਟਾਏ ਜਾਣ ਤਾਂ ਉਹ (ਮਨ) ਸੁਰਖਰੂ ਹੋ ਜਾਂਦਾ ਹੈ | ਸੁਰਖਰੂ ਮਨ ਨਾਲ ਕੋਈ ਵੀ ਕਮਜ਼ੋਰ ਨਹੀਂ, ਸਗੋਂ ਹੋਰ ਮਜ਼ਬੂਤ ਹੋ ਕੇ ਉੱਭਰਦਾ ਹੈ |
ਇਕ ਹੋਰ ਸ਼ਖ਼ਸ ਹਨ, ਉਨ੍ਹਾਂ ਦਾ ਇਕਲੌਤਾ ਬੇਟਾ ਦਿਮਾਗ਼ ਦਾ ਲਕਵਾ (3erebral Palsy) ਨਾਲ ਪੀੜਤ ਹੈ | ਬੇਟੇ ਨਾਲ ਉਸ ਦੇ ਮੋਹ ਨੂੰ ਪੁਰਾਣੀ ਦੰਦਕਥਾ ਦੇ ਉਸ ਵਾਕ ਨਾਲ ਪ੍ਰਗਟਾਇਆ ਜਾ ਸਕਦਾ ਹੈ, ਜਿਸ 'ਚ ਕਿਹਾ ਜਾਂਦਾ ਹੈ ਕਿ ਰਾਜੇ ਦੀ ਜਾਨ ਤੋਤੇ 'ਚ ਵਸਦੀ ਸੀ | ਉਸ ਦਾ ਬੇਟਾ ਉਹ ਤੋਤਾ ਸੀ | ਸੀਮਤ ਵਸੀਲਿਆਂ ਵਾਲਾ ਇਹ ਪਿਤਾ ਬਚਪਨ ਤੋਂ ਬੇਟੇ ਦੇ ਇਲਾਜ ਲਈ ਕਿਥੇ-ਕਿਥੇ ਤੇ ਕਿਵੇਂ ਗਿਆ, ਇਹ ਇਥੇ ਦਰਜ ਕਰਨਾ ਸੰਭਵ ਨਹੀਂ ਹੈ | ਖ਼ੈਰ! ਇਕ ਦਿਨ ਫ਼ੋਨ 'ਤੇ ਕੰਬਦੀ ਆਵਾਜ਼ ਨਾਲ ਹੱਸ ਕੇ ਪੁੱਛਿਆ ਕਿ ਜੇਕਰ ਤੁਸੀਂ ਘਰ ਹੋ ਤਾਂ ਉਹ ਮਿਲਣਾ ਚਾਹੁੰਦਾ ਹੈ | ਕੁਝ ਸਮੇਂ ਬਾਅਦ ਸਾਹਮਣੇ ਬੈਠੇ ਅਤੇ ਚਾਵਾਂ ਨਾਲ ਭਰੇ ਉਸ ਸ਼ਖ਼ਸ ਨੇ ਕਿਹਾ ਉਸ ਦੇ ਬੇਟੇ ਨੇ ਅੱਜ ਦੀਵਾਰ ਫੜ ਕੇ ਪੂਰੇ ਬਰਾਂਡੇ 'ਚ ਚਲ ਕੇ ਵਿਖਾਇਆ |
ਥਕੇਵੇਂ ਵਾਲੀ ਉਮਰ 'ਚ ਦਾਖ਼ਲ ਹੋ ਚੁੱਕਾ ਇਹ ਪਿਤਾ ਹਾਲੇ ਤੱਕ ਉਸ ਨੂੰ ਕੰਧਾੜੇ 'ਤੇ ਚੁੱਕ ਕੇ ਹੀ ਕਿਤੇ ਲੈ ਜਾਂਦਾ ਸੀ | ਬੇਟੇ ਦੇ ਇਹ ਕਦਮ ਉਸ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਸਨ | ਇਹ ਖ਼ਬਰ ਸੁਣਾਉਂਦਿਆਂ ਕਦ ਅੱਖਾਂ ਦੇ ਪੋਰਾਂ 'ਚੋਂ ਹੰਝੂ ਤਗਮੇ ਬਣ ਕੇ ਉਸ ਦੀ ਕਮੀਜ਼ 'ਤੇ ਸਜ ਗਏ, ਇਸ ਦਾ ਅਹਿਸਾਸ ਉਸ ਨੂੰ ਹੋਇਆ ਹੀ ਨਹੀਂ |
ਓਸ਼ੋ ਨੇ ਵੀ ਕਿਹਾ ਹੈ ਕਿ ਹੰਝੂ ਅਜਿਹੀ ਜ਼ਬਾਨ ਹੈ, ਜੋ ਦਿਮਾਗ਼ ਤੋਂ ਨਹੀਂ, ਸਗੋਂ ਦਿਲ ਤੋਂ ਨਿਕਲਦੀ ਹੈ | ਕਿੰਨਾ ਸੱਚ ਹੈ ਨਾ | ਦਿਮਾਗ ਸਾਡੇ ਲਈ ਉਹ ਪੂਰਨੇ ਪਾਉਂਦਾ ਹੈ, ਜਿਸ 'ਚ ਮੁਸਤਕਬਿਲ ਦੀ ਬੁਨਿਆਦ ਪਾਈ ਜਾ ਸਕੇ ਅਤੇ ਉਹ ਪੂਰਨੇ ਸਾਨੂੰ ਇਕ ਰਾਹ ਵੱਲ ਤੋਰਦੇ ਹਨ | ਪਰ ਕਦੇ ਕਿਸੇ ਨੂੰ ਸੋਚ-ਵਿਚਾਰ ਕੇ ਰੋਂਦਿਆਂ ਸੁਣਿਆ ਦੇਖਿਆ ਹੈ?
ਜਦੋਂ ਸਾਡਾ ਦਿਲ ਸਰੋਬਾਰ ਹੋ ਜਾਂਦਾ ਹੈ ਅਤੇ ਉਹ ਪਰਮ ਆਨੰਦ ਨੂੰ ਆਪਣੇ-ਆਪ ਤੱਕ ਸੀਮਤ ਰੱਖਣ 'ਚ ਅਸਮਰੱਥ ਹੋ ਜਾਂਦਾ ਹੈ, ਉਸ ਵੇਲੇ ਸ਼ਬਦ ਅਰਥਹੀਣ ਹੋ ਜਾਂਦੇ ਹਨ ਅਤੇ ਨਾਕਾਫ਼ੀ ਵੀ | ਫਿਰ ਅਚਾਨਕ ਦਿਲ ਨੂੰ ਚੇਤੇ ਆਉਂਦਾ ਹੈ ਕਿ ਇਕ ਅਜਿਹੀ ਜ਼ਬਾਨ ਹੈ ਜੋ ਬੋਲਦੀ ਨਹੀਂ ਹੈ ਪਰ ਫਿਰ ਵੀ ਆਪਣਾ-ਆਪ ਜ਼ਾਹਿਰ ਕਰ ਸਕਦੀ ਹੈ, 'ਹੰਝੂਆਂ ਦੀ ਜ਼ਬਾਨ |'

ਈਮੇਲ : upma.dagga@gmail.com

ਲੂਣ ਰੋਟੀ ਖਾਓ

ਸਰਕਾਰ ਦੇ ਗੁਣ ਗਾਓ
ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ |
ਜ਼ਿੰਦਗੀ ਦਾ ਸਾਰ ਕੀ ਹੈ?
'ਰੋਟੀ'
ਬੱਚਾ ਜਦ ਜਨਮ ਲੈਂਦਾ ਹੈ ਤਾਂ ਪਹਿਲਾ ਸਾਹ ਲੈਂਦਿਆਂ ਹੀ ਉਹ ਚੀਕਾਂ ਮਾਰਨ ਲਗਦਾ ਹੈ | ਉਹਨੂੰ ਕੀ ਚਾਹੀਦਾ ਹੈ? ਪੇਟ ਭਰਨ ਲਈ, ਭੁੱਖ ਮਿਟਾਉਣ ਲਈ ਮਾਂ ਦਾ ਦੁੱਧ, ਮਾਂ ਉਹਨੂੰ ਛਾਤੀ ਨਾਲ ਲਾ ਲੈਂਦੀ ਹੈ-ਬੱਚਾ ਮਾਂ ਦਾ ਦੁੱਧ ਚੰੁਘ-ਚੰੁਘ ਕੇ ਜਦ ਉਹਦੀ ਭੁੱਖ ਮਿਟ ਜਾਂਦੀ ਹੈ ਤਾਂ ਭੁੱਖ ਤੋਂ ਨਿਸ਼ੰਗ ਹੋ ਕੇ ਬੜੇ ਚੈਨ ਦੀ ਨੀਂਦ ਸੌਾ ਜਾਂਦਾ ਹੈ, ਜਦ ਤਾੲੀਂ ਦੂਜੀ ਵਾਰ ਭੁੱਖ ਨਾ ਲੱਗੇ, ਉਹ ਸੌ ਕੇ ਮਾਤਾ-ਪਿਤਾ, ਭੈਣ-ਭਰਾਵਾਂ ਦੇ ਹੱਥਾਂ 'ਚ ਖੇਡਦਾ ਰਹਿੰਦਾ ਹੈ | ਫਿਰ ਭੁੱਖ ਦਾ ਅਲਾਰਮ ਦੇ ਦਿੰਦਾ ਹੈ | ਮਾਂ ਨੂੰ ਵੀ ਪਤਾ ਲੱਗ ਜਾਂਦਾ ਹੈ | ਇਸੇ ਤਰ੍ਹਾਂ ਉਹਦੀ ਉਮਰ ਵਧਦੀ ਜਾਂਦੀ ਹੈ, ਹੌਲੀ-ਹੌਲੀ ਦੁੱਧ ਦੀ ਥਾਂ ਉਹਨੂੰ ਰੋਟੀ ਵਾਲੀ ਖੁਰਾਕ, ਜਿਸ ਦਾ ਮਾਵਾਂ ਨੂੰ ਪੂਰਾ ਅਹਿਸਾਸ ਹੁੰਦਾ ਹੈ, ਉਹਨੂੰ ਪਰੰਪਰਾਗਤ, ਦਾਲ-ਰੋਟੀ ਵਾਲਾ ਪੌਸ਼ਟਿਕ ਭੋਜਨ ਮਿਲਣਾ ਸ਼ੁਰੂ ਹੋ ਜਾਂਦਾ ਹੈ | ਇਸੇ ਤਰ੍ਹਾਂ ਇਕ ਦਿਨ ਉਹ ਐਨੀ ਉਮਰ ਵਾਲਾ ਹੋ ਜਾਂਦਾ ਹੈ ਕਿ ਉਹ ਸਕੂਲ ਜਾਣ ਲਈ ਵਿੱਦਿਆ ਪ੍ਰਾਪਤ ਕਰਨ ਲਈ ਤਿਆਰ ਹੋ ਜਾਂਦਾ ਹੈ, ਮਾਪੇ ਆਪਣੀ ਵਿੱਤ ਅਨੁਸਾਰ ਉਹਨੂੰ ਸਰਕਾਰੀ ਸਕੂਲ 'ਚ ਪ੍ਰਾਇਮਰੀ ਸਿੱਖਿਆ ਲੈਣ ਲਈ ਦਖਲ ਕਰਵਾ ਦਿੰਦੇ ਹਨ, ਸਾਡੀ ਸਰਕਾਰ ਤੇ ਖਾਸ ਕਰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਉਨ੍ਹਾਂ ਲਈ ਪੂਰੀ-ਪੂਰੀ ਤਰ੍ਹਾਂ ਦੁਪਹਿਰ ਦਾ ਭੋਜਨ ਖਵਾਉਣ ਲਈ ਭੋਜਨ ਲਈ ਅਨੁਦਾਨ ਵਿਚ ਉਨ੍ਹਾਂ ਨੂੰ ਪੂਰੀ ਪੈਸੇ ਦੀ ਯੋਗ ਵਿਵਸਥਾ ਕਰ ਦਿੰਦੀ ਹੈ, ਲੋੜੀਂਦਾ ਅਨਾਜ ਤੇ ਦਾਲਾਂ ਆਦਿ ਦਾ ਪ੍ਰਬੰਧ ਕਰ ਦਿੰਦੀ ਹੈ |
ਚਲੋ ਸਰਕਾਰ ਦਾ ਫ਼ਰਜ਼ ਪੂਰਾ ਕਰ ਦਿੱਤਾ | ਹਰੇਕ ਕੇਂਦਰੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ, ਆਪਣੀ ਸ਼ੋਭਾ ਲਈ, ਅਖ਼ਬਾਰਾਂ ਵਿਚ, ਮੁੱਖ ਮੰਤਰੀ ਤੇ ਅਨਾਜ ਬਾਰੇ ਮੰਤਰੀ ਇਸ ਪ੍ਰਤੀ ਖ਼ਬਰਾਂ ਤੇ ਇਸ਼ਤਿਹਾਰ ਵੀ ਅਖ਼ਬਾਰਾਂ 'ਚ ਦਿੰਦੇ ਹਨ ਤੇ ਆਪਣੀਆਂ ਤਕਰੀਰਾਂ ਵਿਚ ਵੀ, ਇਸ ਦਾ ਰੱਜ ਕੇ ਜ਼ਿਕਰ ਕਰਦੇ ਹਨ |
ਲਓ, ਸਾਰਾ ਅਨਾਜ ਤੇ ਦਾਲਾਂ ਸਕੂਲ ਵਿਚ ਬੱਚਿਆਂ ਨੂੰ ਦੇਣ ਲਈ ਸਕੂਲਾਂ ਦੇ ਹੈੱਡਮਾਸਟਰ ਲਈ ਖਾਸ ਰਸੋਈ ਵੀ ਫਿਕਸ ਕਰ ਦਿੰਦੀ ਹੈ | ਦੁਪਹਿਰ ਵੇਲੇ ਬੱਚਿਆਂ ਨੂੰ ਇਕ ਲਾਈਨ ਵਿਚ ਬਿਠਾ ਕੇ ਉਨ੍ਹਾਂ ਨੂੰ ਥਾਲੀਆਂ ਵਿਚ ਰੋਟੀਆਂ ਜਾਂ ਚੌਲ ਪਰੋਸ ਦਿੱਤੇ ਜਾਂਦੇ ਹਨ |
ਲਓ ਹੁਣ ਵਾਸਵਿਕਤਾ ਸੁਣੋ,
ਯੂ.ਪੀ. ਦੇ ਇਕ ਜਰਨਲਿਸਟ ਨੇ ਇਕ ਸਰਕਾਰੀ ਸਕੂਲ ਵਿਚ ਦੁਪਹਿਰ ਦੇ ਮੁਫ਼ਤ ਭੋਜਨ ਦੀ ਅਸਲੀਅਤ ਦਾ ਐਨ ਮੌਕੇ 'ਤੇ ਜਾ ਕੇ ਇਕ ਵੀਡੀਓ ਰਾਹੀਂ, ਕੈਮਰੇ ਰਾਹੀਂ ਫ਼ਿਲਮਾਅ ਕੇ ਉਹਦੀ ਹਕੀਕਤ, ਵਾਇਰਲ ਕਰ ਦਿੱਤੀ ਹੈ |
ਅਸਲੀਅਤ ਕੀ ਹੈ, ਦੁਪਹਿਰ ਦੇ ਭੋਜਨ 'ਚ ਬੱਚੇ ਰੋਟੀ ਸਿਰਫ਼ 'ਲੂਣ' ਨਾਲ ਖਾ ਰਹੇ ਸਨ | ਦਾਲ-ਦੂਲ, ਸਬਜ਼ੀ ਭਾਜੀ ਦਾ ਨਾਮੋ-ਨਿਸ਼ਾਨ ਕੋਈ ਨਹੀਂ ਸੀ |
ਇਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ, ਸੱਚ ਵਾਲੀ ਹਕੀਕਤ ਸਾਹਮਣੇ ਆ ਗਈ | ਮਿਰਜ਼ਾਪੁਰ ਦੀ ਪੁਲਿਸ ਨੇ ਇਸ ਦੀ ਝਟ ਖ਼ਬਰ ਲਈ ਤੇ ਪੱਤਰਕਾਰ ਵਿਰੁੱਧ ਕੇਸ ਦਰਜ ਕਰਕੇ ਉਹਨੂੰ ਥਾਣੇ 'ਚ ਬੰਦ ਕਰ ਦਿੱਤਾ |
ਇਸ 'ਤੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਐਨਾ ਰੋਸ ੳੱੁਠਿਆ ਕਿ ਵਕੀਲਾਂ ਨੇ ਇਸ ਮਾਮਲੇ ਪ੍ਰਤੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ |
ਸੁਪਰੀਮ ਕੋਰਟ ਦੇ ਹੁਕਮ ਨਾਲ ਪੱਤਰਕਾਰ ਨੂੰ ਥਾਣੇ 'ਚ ਡਕੇ ਨੂੰ ਬਾਇੱਜ਼ਤ ਰਿਹਾਅ ਕਰਨਾ ਪਿਆ | ਕਿਉਂਕਿ ਸਰਕਾਰਾਂ ਨੂੰ ਹਦਾਇਤ ਹੈ ਕਿ ਮੀਡੀਆ ਦੀ ਬੋਲਣ ਦੀ ਆਜ਼ਾਦੀ ਦਾ ਖਿਆਲ ਰੱਖਣਾ ਚਾਹੀਦਾ ਹੈ |
ਇਹ ਕੋਈ ਨਵੀਂ ਗੱਲ ਨਹੀਂ, ਆਪਣੇ ਹੀ ਇਸ ਭਾਰਤ ਮਹਾਨ ਵਿਚ ਗ਼ਰੀਬ ਆਪ ਤੇ ਉਨ੍ਹਾਂ ਦੇ ਬੱਚੇ ਪੇਟ ਭਰਨ ਲਈ ਕੀ-ਕੀ ਖਾਂਦੇ ਸਨ?
ਆਪਣੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਵੀ ਬੜੇ ਗ਼ਰੀਬ ਪਰਿਵਾਰ 'ਚੋਂ ਸਨ | ਉਨ੍ਹਾਂ ਖੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਆਪ ਤੇ ਆਪਣੇ ਬੱਚਿਆਂ ਦਾ ਪੇਟ ਗਰੀਬੀ ਦੇ ਦਿਨਾਂ 'ਚ ਕਿੱਦਾਂ ਦਾ ਭੋਜਨ ਖਾ ਕੇ ਭਰਿਆ ਸੀ | ਪਿਛਲੇ ਦਿਨੀਂ ਵੀ ਜਦ ਬਿਹਾਰ ਤੇ ਦੇਸ਼ ਦੇ ਕਈ ਇਲਾਕਿਆਂ ਵਿਚ ਆਏ ਹੜ੍ਹਾਂ ਨੇ, ਜਿਹੜਾ ਕਹਿਰ ਮਚਾਇਆ, ਉਨ੍ਹਾਂ 'ਚ ਕਈ-ਕਈ ਪਿੰਡਾਂ ਦੇ ਪਿੰਡ ਡੁੱਬ ਗਏ, ਸਰਕਾਰੀ ਅਦਾਰਿਆਂ ਨੇ ਤੇ ਕਈ ਸੇਵਾ ਸੁਸਾਇਟੀਆਂ ਨੇ ਬੇੜੀਆਂ ਰਾਹੀਂ ਵੀ ਉਨ੍ਹਾਂ ਨੂੰ ਭੋਜਨ ਪਹੁੰਚਾਉਣ ਦਾ ਭਰਪੂਰ ਯਤਨ ਕੀਤਾ, ਪਰ ਉਨ੍ਹਾਂ ਦੇ ਘਰਾਂ ਤੱਕ ਉਹ ਨਹੀਂ ਪਹੁੰਚ ਸਕੇ?
ਕਿੰਨੇ ਦਿਨ ਗ਼ਰੀਬ ਭੁੱਖ ਕੱਟ ਸਕਦੇ ਸਨ | ਉਨ੍ਹਾਂ ਵੀ ਜੀਵ-ਜੰਤੂ ਫੜ ਕੇ ਅੱਗ 'ਚ ਭੰੁਨ-ਭੰੁਨ ਕੇ ਉਨ੍ਹਾਂ ਦੇ ਮਾਸ ਦਾ ਭੋਜਨ ਛਕਿਆ |
ਲੂਣ ਤੇ ਰੋਟੀ... ਲੂਣ ਦਾ ਬੜਾ ਮਹੱਤਵ ਹੈ |
ਪਤੈ... ਮਹਾਰਾਸ਼ਟਰ ਵਿਚ ਐਸ ਵੇਲੇ ਮਰਾਠੀ 'ਚ ਵੀ ਲੂਣ ਦਾ ਨਾਂਅ ਕੀ ਹੈ?
'ਮੀਟ'
ਲੂਣ ਨੂੰ ਇਥੇ ਲੋਕੀਂ ਆਮ ਬੋਲੀ ਵਿਚ ਰੋਟੀ ਖਾਂਦਿਆਂ ਜੇਕਰ ਲੂਣ ਘੱਟ ਹੋਵੇ ਤਾਂ ਘਰਵਾਲੀ ਜਾਂ ਮਾਂ ਨੂੰ ਕੀ ਕਹਿੰਦੇ ਹਨ, ਬਹੁਤ ਕਮ ਡਾਲਾ ਹੈ, ਮੀਟ ਡਾਲ ਮੀਟ |
ਮੀਟ ਤਾਂ ਸ਼ਕਤੀ, ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਨੂੰ | ਗੁਜਰਾਤ ਵਿਚ ਲੂਣ ਨਾਲੋਂ ਮਿੱਠੇ ਦਾ ਵਧੇਰੇ ਇਸਤੇਮਾਲ ਹੁੰਦਾ ਹੈ, ਜਿਹੜੀ ਵੀ ਇਨ੍ਹਾਂ ਦੇ ਘਰਾਂ 'ਚ ਦਾਲ, ਸਬਜ਼ੀ, ਭਾਜੀ ਖਾਓ, ਹਰੇਕ 'ਚ ਗੁੜ ਜ਼ਰੂਰ ਪਾਇਆ ਜਾਂਦਾ ਹੈ | ਇਕ ਦਿਨ ਇਕ ਗੁਜਰਾਤੀ ਸੱਜਣ ਮਿੱਤਰ ਨੇ ਸਾਨੂੰ ਪੰਜਾਬੀ ਦੋਸਤਾਂ ਮਿੱਤਰਾਂ ਨੂੰ ਇਕ ਖਾਸ ਅਵਸਰ 'ਤੇ ਆਪਣੇ ਘਰ ਭੋਜਨ 'ਤੇ ਬੁਲਾਇਆ ਸੀ, ਪਹਿਲਾਂ ਉਨ੍ਹਾਂ ਪਤੌੜ ਦੇ ਪਕੌੜੇ ਗਰਮਾ-ਗਰਮ ਸਾਨੂੰ ਪਰੋਸੇ | ਅਸੀਂ ਸਭੇ ਦੋਸਤਾਂ, ਮਿੱਤਰਾਂ ਨੇ ਜਿਉਂ ਹੀ ਪਲੇਟ ਵਿਚ ਉਨ੍ਹਾਂ ਨੇ ਮਿੱਠੀ ਚੱਟਣੀ ਪਾ ਕੇ, ਕੁਝ ਪਕੌੜੇ ਰੱਖੇ ਤਾਂ ਸਭਨਾਂ ਦੇ ਦਿਲ ਖ਼ੁਸ਼ੀ ਨਾਲ ਖਿੜ ਪਏ | ਸਾਨੂੰ ਪਰੋਸ ਰਹੇ ਮਿੱਤਰ ਨੇ ਚਹਿਕ ਕੇ ਪੁੱਛਿਆ, 'ਔਰ ਡਾਲੰੂ?' ਅਸਾਂ ਸਭਨਾਂ ਨੇ ਆਖਿਆ ਹਾਂ ਡਾਲ ਦੇ, ਡਾਲ ਦੇ, ਯੇਹ ਹਮ ਲੋਗੋਂ ਕੀ ਖਾਸ ਪਸੰਦ ਹੈ | ਉਹ ਪੰਜ-ਪੰਜ ਪਤੌੜੇ, ਸਾਡੀਆਂ ਪਲੇਟਾਂ 'ਚ ਪਾ ਕੇ, ਖ਼ੁਸ਼ੀ ਨਾਲ ਅੱਗੇ ਵਧ ਗਿਆ | ਅਸਾਂ ਸਭਨਾਂ ਨੇ ਜਦ-ਜਦ ਇਕ ਪਤੌੜੇ ਨੂੰ ਚੁੱਕ ਕੇ ਮੰੂਹ ਲਾਇਆ ਤਾਂ ਸਭਨਾਂ ਦੇ ਮੰੂਹ ਲੱਥ ਗਏ, ਅਸਾਂ ਵੇਖਿਆ ਅਸੀਂ ਘਰ ਦੇ ਬਾਹਰ ਲੱਗੀ ਇਕ ਵਾੜ ਦੇ ਅੱਗੇ ਬੈਠੇ ਸਾਂ | ਉਹ ਬੂਟੇ ਬੜੇ ਉੱਚੇ ਸਨ | ਅਸਾਂ ਚੁੱਪ ਕਰਕੇ ਵਿਖਾਵੇ ਲਈ ਇਕ ਅੱਧਾ ਪਤੌੜ ਪਕੌੜਾ ਆਪਣੇ ਕੋਲ ਰੱਖ ਕੇ ਬਾਕੀ ਸਭੇ ਇਕ-ਇਕ ਕਰਕੇ ਬੂਟਿਆਂ ਪਿੱਛੇ ਸੁੱਟ ਦਿੱਤੇ ਤੇ ਨਿਸ਼ੰਗ ਹੋ ਗਏ, ਬਾਕੀ ਰਹੀ ਰੋਟੀ ਸਿਰਫ਼ ਲੂਣ ਨਾਲ ਖਾਣ ਦੀ, ਸ਼ਾਇਦ ਉਨ੍ਹਾਂ 'ਚੋਂ ਇਕ ਅੱਧੇ ਬੰਦੇ ਨੂੰ ਲੂਣ ਦਾ ਮਹੱਤਵ ਨਹੀਂ ਪਤਾ, ਇਕ ਚੋਰ ਰਾਤੀਂ ਕਿਸੇ ਦੇ ਘਰ ਹਨੇਰੇ 'ਚ ਲੁੱਟ ਕਰਨ ਦੇ ਮਨ ਨਾਲ ਇਕ ਖੁੱਲ੍ਹੀ ਖਿੜਕੀ ਟੱਪ ਕੇ ਘਰ ਦੇ ਅੰਦਰ ਵੜ ਗਿਆ, ਇਹ ਰਸੋਈ ਸੀ, ਉਹ ਅੰਦਰ ਗਿਆ, ਉਹਨੂੰ ਲੱਗਾ ਉਥੇ ਰੱਖੀ ਇਕ ਪਲੇਟ 'ਚ ਖੰਡ ਪਈ ਹੋਈ ਹੈ, ਉਹਨੇ ਦੋ ਉਂਗਲਾਂ ਨਾਲ ਚਖਣ ਲਈ ਖੰਡ ਚੁੱਕ ਕੇ ਮੰੂਹ 'ਚ ਪਾਈ ਤਾਂ ਅਹਿਸਾਸ ਹੋ ਗਿਆ ਇਹ ਤਾਂ ਲੂਣ ਸੀ |
ਕਿਸੇ ਦੇ ਘਰ ਦਾ ਲੂਣ ਖਾਣ ਵਾਲਾ ਉਨ੍ਹਾਂ ਦਾ ਲੂਣ ਛੱਕ ਕੇ, ਕਿਸੇ ਤਰ੍ਹਾਂ ਦਾ ਧੋਖਾ-ਗੁਨਾਹ ਨਹੀਂ ਕਰਦਾ | ਆਮ ਕਹਾਵਤ ਹੈ, 'ਕਿਸੇ ਦਾ ਲੂਣ ਖਾਣ ਵਾਲਾ, ਇਹ ਗੁਨਾਹ ਨਹੀਂ ਕਰਦਾ |'
ਇਕ ਵੱਡੇ, ਅਮੀਰ ਲੀਡਰ ਦਾ ਇਕ ਦਿਨ ਚਮਚਾ ਉਹਨੂੰ ਆਖ ਰਿਹਾ ਸੀ, 'ਹਜ਼ੂਰ ਹਮ ਤੋ ਹਰ ਵਕਤ ਜ਼ਬਾਨ ਪਰ ਆਪ ਕਾ ਨਮਕ ਰਖਤੇ ਹੈਾ |'

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਤੋਂ ਨਾ ਅੱਕੋ, ਨਾ ਥੱਕੋ, ਮੰਜ਼ਲ ਤੁਹਾਡੀ ਹੈ |
• ਜੋ ਕੰਮ ਤੁਸੀਂ ਆਪਣੇ ਲਈ ਕਰਦੇ ਹੋ, ਉਹ ਤੁਹਾਡੇ ਨਾਲ ਹੀ ਚਲੇ ਜਾਂਦੇ ਹਨ | ਦੂਸਰਿਆਂ ਲਈ ਕੀਤੇ ਕੰਮ ਆਪ ਦੀ ਵਿਰਾਸਤ ਬਣਦੇ ਹਨ |
• ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਸਲਾਹ ਸਾਰਿਆਂ ਦੀ ਲੈਣੀ ਚਾਹੀਦੀ ਹੈ ਪਰ ਫ਼ੈਸਲਾ ਖੁਦ ਲੈਣਾ ਚਾਹੀਦਾ ਹੈ |
• ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਧਾਉਂਦਾ ਹੈ, ਪਰ ਹੱਸ ਕੇ ਕੀਤਾ ਗਿਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ |
• ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮਰਦੇ ਸਾਰ ਹੀ ਭੁੱਲ ਨਾ ਜਾਣ ਤਾਂ ਪੜ੍ਹਨਯੋਗ ਰਚਨਾ ਕਰੋ ਜਾਂ ਫਿਰ ਵਰਨਣਯੋਗ ਕੰਮ ਕਰੋ |
• ਜੇ ਕੰਮ ਸਾਡੇ ਕਾਬੂ ਵਿਚ ਹੋਣ, ਉਹ ਤਾਂ ਹੀ ਨਿਬੜਦੇ ਹਨ |
• ਮਜਬੂਰੀ-ਵਸ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੇਗੀ, ਖੁਸ਼ ਹੋ ਕੇ ਕੰਮ ਕਰੋਗੇ ਤਾਂ ਖ਼ੁਸ਼ੀ ਜ਼ਰੂਰ ਮਿਲੇਗੀ |
• ਤੁਹਾਡਾ ਕੋਈ ਕੰਮ ਮਹੱਤਵਹੀਨ ਹੋ ਸਕਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੁਝ ਕਰੋ |
• ਆਪਣੇ ਕੰਮ ਦੀ ਯੋਜਨਾ ਬਣਾਓ ਤੇ ਯੋਜਨਾ ਮੁਤਾਬਿਕ ਕੰਮ ਕਰੋ |
• ਕੰਮ ਵਿਚ ਖੁਸ਼ ਰਹਿਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ-ਇਕ ਬੰਦਾ ਇਸ ਦੇ ਫਿੱਟ ਹੋਵੇ, ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਕੀਤਾ ਜਾਵੇ, ਸਫ਼ਲਤਾ ਲਈ ਗਿਆਨ ਹੋਵੇ |
• ਇਹ ਸੋਚ ਕੇ ਕਦੇ ਨਾਰਾਜ਼ ਨਾ ਹੋਣਾ ਕਿ ਕੰਮ ਮੇਰਾ ਅਤੇ ਨਾ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਇਥੇ ਸਦੀਆਂ ਤੋਂ ਬਲਦੇ ਤਾਂ 'ਘਿਓ ਤੇ ਰੰੂ' ਹਨ ਪਰ ਲੋਕ ਕਹਿੰਦੇ ਹਨ ਕਿ ਦੀਵਾ ਬਲ ਰਿਹਾ ਹੈ |
• ਜੇ ਅਸੀਂ ਘੱਟ ਸਮੇਂ ਵਿਚ ਜ਼ਿਆਦਾ ਕੰਮ ਕਰਾਂਗੇ ਤਾਂ ਸਮਾਂ ਫੈਲ ਜਾਵੇਗਾ ਤੇ ਉਸ ਨਿਰਧਾਰਤ ਸਮੇਂ ਵਿਚ ਅਸੀਂ ਕੰਮ ਨੂੰ ਪੂਰਾ ਕਰ ਲਵਾਂਗੇ ਪਰ ਜੇ ਕੰਮ ਨੂੰ ਟਾਲਦੇ ਰਹਾਂਗੇ ਤਾਂ ਇਸ ਨੂੰ ਸਮਾਂ ਵੀ ਵਧੇਰੇ ਲੱਗੇਗਾ ਤੇ ਕੰਮ ਵੀ ਮਿਆਰੀ ਨਹੀਂ ਹੋਵੇਗਾ |
• ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਹੀ ਸਾਰੇ ਪਾਸਿਉਂ ਸ਼ਾਬਾਸ਼ ਮਿਲਦੀ ਹੈ | ਹੱਸ ਕੇ ਕੀਤਾ ਕੰਮ ਹੀ ਸਾਰਥਿਕ ਹੁੰਦਾ ਹੈ | ਰੋਂਦੇ ਕੁਰਲਾਉਂਦੇ ਕੀਤਾ ਕੰਮ ਕਦੇ ਵੀ ਸਫਲ ਨਹੀਂ ਹੁੰਦਾ |
• ਜਿਥੇ ਵੀ ਕੰਮ ਕਰੋ, ਇੰਨੀ ਜ਼ਿੰਮੇਵਾਰੀ ਚੁੱਕ ਲਵੋ ਕਿ ਤੁਹਾਡੇ ਬਿਨਾਂ ਸਰੇ ਹੀ ਨਾ ਤੇ ਪਰਿਵਾਰਕ ਮੈਂਬਰਾਂ ਨੂੰ ਇਹ ਅਹਿਸਾਸ ਜਿਹਾ ਹੋਵੇ ਕਿ ਪਰਿਵਾਰ ਦੀ ਮਹਾਨਤਾ ਹੀ ਤੁਹਾਡੇ ਨਾਲ ਜੁੜੀ ਹੋਈ ਹੈ ਤੇ ਜੇਕਰ ਤੁਸੀਂ ਮੁਲਾਜ਼ਮ ਹੋ ਤਾਂ ਤੁਹਾਨੂੰ ਤਨਖਾਹ ਵਧਾਉਣ ਲਈ ਕਿਸੇ ਨੂੰ ਕਹਿਣਾ ਹੀ ਨਾ ਪਵੇ |
• ਚੰਗੀ ਕਲਾ ਜਾਂ ਚੰਗਾ ਕੰਮ ਉਹ ਹੀ ਹੈ ਜਿਸ ਵਿਚ ਆਦਮੀ ਦਾ ਹੱਥ, ਸਿਰ ਤੇ ਦਿਲ ਇਕੱਠੇ ਕੰਮ ਕਰਦੇ ਹਨ |
• ਹਮੇਸ਼ਾ ਯਾਦ ਰੱਖੋ ਕਿ ਕੀ ਕਦੋਂ ਕਿਵੇਂ ਕਿਥੇ ਅਤੇ ਕਿਉਂ ਕਰਨਾ ਹੈ |
• ਕਾਮੇ ਤਿੰਨ ਤਰ੍ਹਾਂ ਦੇ ਹੁੰਦੇ ਹਨ : 1. ਕੰਮ ਕਰਨ ਵਾਲੇ, 2. ਦੂਜਿਆਂ ਨੂੰ ਕੰਮ ਕਰਦਿਆਂ ਵੇਖਣ ਵਾਲੇ, 3. ਕੀਤੇ ਕੰਮਾਂ ਵਿਚ ਨੁਕਸ ਕੱਢਣ ਵਾਲੇ | ਇਸ ਤਰ੍ਹਾਂ ਦੇ ਬਣੋ ਕਿ ਸਮਾਜ/ਪਰਿਵਾਰ ਤੁਹਾਡੇ ਅਨੁਸਾਰ ਚੱਲੇ |
• ਲੋਕ ਦੋ ਕਿਸਮ ਦੇ ਹੁੰਦੇ ਹਨ : 1. ਉਹ ਲੋਕ ਜੋ ਕੰਮ ਕਰਦੇ ਹਨ, 2. ਉਹ ਲੋਕ ਜੋ ਕ੍ਰੈਡਿਟ ਲੈਣ ਵਾਲੇ ਹੁੰਦੇ ਹਨ, ਪਹਿਲੇ ਗਰੁੱਪ ਵਿਚ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਥੇ ਕੰਪੀਟੀਸ਼ਨ ਘੱਟ ਹੁੰਦਾ ਹੈ |
• ਕੰਮ ਨੂੰ ਕਰਨ ਤੋਂ ਪਹਿਲਾਂ ਪਹਿਲਾਂ ਉਸ ਕੰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਹੀ ਉਸ ਕੰਮ ਨੂੰ ਕਰਨ ਵਿਚ ਕਾਮਯਾਬੀ ਮਿਲਦੀ ਹੈ | ਜਿਵੇਂ ਪਲੰਬਰ ਦਾ ਕੋਰਸ, ਇਲੈਟ੍ਰੀਸ਼ਨ ਦਾ ਕੋਰਸ ਤੇ ਮਕੈਨੀਕਲ ਦਾ ਕੋਰਸ ਕਰਕੇ ਹੀ ਅਜਿਹੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ |
• ਸੁਤੰਤਰ ਕੇਵਲ ਉਹੀ ਹੋ ਸਕਦਾ ਹੈ ਜੋ ਆਪਣਾ ਕੰਮ ਆਪਣੇ-ਆਪ ਕਰ ਲੈਂਦਾ ਹੈ |
• ਸੋਚ ਵਿਚਾਰ ਕੇ ਕੀਤੇ ਕੰਮਾਂ ਨਾਲੋਂ, ਆਦਤ ਵੱਸ ਕੀਤੇ ਕੰਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਹੈ ਨੀ
ਮੈਂ ਅਜੇ ਘਰੋਂ ਨਿਕਲਿਆ ਹੀ ਸੀ, ਮੇਰੇ ਅੱਗੇ ਇਕ ਮਾਸੂਮ ਤੇ ਭੋਲੇ ਜਿਹੇ ਬੱਚੇ ਨੇ ਦੋਵੇਂ ਹੱਥ ਕਰ ਦਿੱਤੇ | ਮੈਂ ਕਿਹਾ ਕਿ, 'ਕੀ ਚਾਹੀਦਾ ਹੈ?' ਤਾਂ ਉਸ ਨੇ ਪਿਆਰੀ ਜਿਹੀ ਆਵਾਜ਼ ਵਿਚ ਕਿਹਾ, 'ਪੈਸੇ' | ਮੈਂ ਪੁੱਛਿਆ, 'ਪੈਸੇ ਕੀ ਕਰੇਂਗਾ', ਤਾਂ ਉਹ ਫੇਰ ਬੋਲਿਆ, 'ਪਾਪਾ ਦੀ ਦਵਾਈ', ਮੈਂ ਕਿਹਾ, 'ਤੇਰੀ ਮਾਂ ਕਿੱਥੇ ਹੈ?' ਉਸ ਨੇ ਕਿਹਾ, 'ਉਹ ਚਲੀ ਗਈ |' ਮੈਂ ਕਿਹਾ 'ਕਿੱਥੇ |' ਤੇ ਉਸ ਨੇ ਕਿਹਾ 'ਰੱਬ ਕੋਲ |' ਮੈਂ ਕਿਹਾ ਤੇਰਾ ਪਾਪਾ ਤਾਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਨਿਕਲ ਆਏ, ਜਿਵੇਂ ਕਹਿ ਰਹੇ ਹੋਣ ਮੈਂ 'ਪਾਪਾ ਨੂੰ ਉਥੇ ਨਹੀਂ ਜਾਣ ਦੇਣਾ |'
ਮੈਂ ਉਸ ਨਾਲ ਉਸ ਦੇ ਘਰ ਚਲਾ ਗਿਆ ਤਾਂ ਵੇਖਿਆ ਕਿ ਇਕ ਤੀਹ-ਪੈਂਤੀ ਸਾਲ ਦਾ ਨੌਜਵਾਨ ਮੰਜੇ 'ਤੇ ਪਿਆ ਇੰਜ ਲੱਗ ਰਿਹਾ ਸੀ, ਜਿਵੇਂ ਪੈਂਹਠ-ਸੱਤਰ ਸਾਲ ਦਾ ਹੋਵੇ | ਮੈਂ ਉਸ ਨੂੰ ਪੁੱਛਿਆ, 'ਕੀ ਬਿਮਾਰੀ ਹੈ?' ਉਹ ਖੰਘ ਕੇ ਬੋਲਿਆ, 'ਟੀ.ਬੀ. |'
ਮੈਂ ਦੋਵਾਂ ਨੂੰ ਕਾਰ ਵਿਚ ਬਿਠਾ ਕੇ ਟੀ.ਬੀ. ਦੇ ਹਸਪਤਾਲ ਲਿਜਾ ਕੇ ਦਾਖਲ ਕਰਵਾ ਕੇ ਬੱਚੇ ਨੂੰ ਆਖਿਆ ਕਿ ਇਥੇ ਦਵਾਈਆਂ ਅਤੇ ਖਾਣਾ ਫ੍ਰੀ ਮਿਲੂਗਾ | ਪਰ ਫੇਰ ਵੀ ਤੂੰ ਆਹ ਦੋ ਸੌ ਰੁਪਿਆ ਲੈ ਲੈ ਕਿਤੇ ਲੋੜ ਪੈ ਜਾਂਦੀ ਹੈ ਅਤੇ ਜੇ ਫਿਰ ਵੀ ਕਿਤੇ ਪੈਸਿਆਂ ਦੀ ਜਾਂ ਮੇਰੀ ਲੋੜ ਪਵੇ ਤਾਂ ਐਹ ਲੈ ਮੇਰਾ ਫੋਨ ਨੰਬਰ, ਮੈਨੂੰ ਫੋਨ ਕਰ ਦੇਵੀਂ | ਬੱਚੇ ਨੇ ਫੋਨ ਨੰਬਰ ਫੜਦੇ ਹੋਏ ਹੌਲੀ ਜਿਹੀ ਪੁੱਛਿਆ, 'ਤੁਹਾਨੂੰ ਕਿਹੜੇ ਰੱਬ ਨੇ ਭੇਜਿਆ |' ਮੈਂ ਕਿਹਾ 'ਉਸੇ ਨੇ ਜਿਹੜਾ ਸਾਰਿਆਂ ਨੂੰ ਭੇਜਦੈ |' 'ਪਰ ਬਾਕੀ ਤਾਂ ਤੁਹਾਡੇ ਵਰਗੇ ਹੈਨੀ?'

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ ਮਕਾਨ ਨੰ: 155, ਸੈਕਟਰ-2



ਪੁੱਤਰ ਮਿੱਠੜੇ ਮੇਵੇ
ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਲਈ ਤੀਰਥ ਯਾਤਰਾ 'ਤੇ ਜਾਣ ਦਾ ਪ੍ਰਬੰਧ ਕੀਤਾ | ਉਹ ਰਾਤ ਨੂੰ ਦੇਰ ਤੱਕ ਯਾਤਰਾ ਦੀਆਂ ਗੱਲਾਂ ਕਰਦੇ ਰਹੇ | ਸਵੇਰੇ ਜਲਦੀ ਉਠੇ, ਇਸ਼ਨਾਨ ਕਰਕੇ ਸਾਫ਼ ਕੱਪੜੇ ਪਾਏ, ਚਾਹ ਨਾਸ਼ਤਾ ਕੀਤਾ | ਸਹੀ ਸਮੇਂ 'ਤੇ ਗੱਡੀ ਆਸ਼ਰਮ ਦੇ ਮੁੱਖ ਦਰਵਾਜ਼ੇ 'ਤੇ ਪਹੁੰਚ ਗਈ |
ਹੱਥਾਂ ਵਿਚ ਖੰੂਡੀਆਂ 'ਤੇ ਇਕ-ਦੂਜੇ ਦੇ ਆਸਰੇ ਨਾਲ ਸਾਰੇ ਗੱਡੀ ਵਿਚ ਬੈਠ ਗਏ | ਪਹਿਲੀ ਸੀਟ 'ਤੇ ਬੈਠ ਬਚਨ ਸਿਹੰੁ ਨੇ ਪਰਨੇ ਨਾਲ ਐਨਕਾਂ ਸਾਫ਼ ਕਰਨ ਤੋਂ ਬਾਅਦ ਨਮ ਹੋਈਆਂ ਅੱਖਾਂ ਸਾਫ਼ ਕੀਤੀਆਂ | ਉਹ ਗੱਡੀ ਦੇ ਸ਼ੀਸ਼ੇ 'ਤੇ ਮੋਟੇ ਅੱਖਰਾਂ ਵਿਚ ਲਿਖਿਆ ਵਾਰ-ਵਾਰ ਪੜ੍ਹ ਰਿਹਾ ਸੀ, 'ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ |'

ਤਰੇੜ
ਦੋਵਾਂ ਭੈਣਾਂ ਦਾ ਵਿਆਹ ਸਕੇ ਭਰਾਵਾਂ ਨਾਲ ਹੋ ਗਿਆ | ਮੰੁਡੇ ਅਤੇ ਕੁੜੀ ਵਾਲੇ ਦੋਵੇਂ ਪਰਿਵਾਰ ਬੜੇ ਖੁਸ਼ ਸਨ | ਕੁੜੀਆਂ ਦੇ ਮਾਪੇ ਸੋਚ ਰਹੇ ਸਨ, ਇਕੱਠੀਆਂ ਜੰਮੀਆਂ ਤੇ ਇਕੋ ਘਰ ਵਿਆਹੀਆਂ, ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਥ ਦੇਣਗੀਆਂ | ਥੋੜ੍ਹੇ ਸਮੇਂ ਬਾਅਦ ਭਤੀਜੇ ਦੀ ਲੋਹੜੀ ਵੰਡਣ ਲਈ ਇਕ ਤਾਂ ਆਪਣੇ ਪਤੀ ਨਾਲ ਬੱਸ ਰਾਹੀਂ ਤੇ ਦੂਜੀ ਕਾਰ ਵਿਚ ਪੇਕੇ ਪਹੁੰਚ ਗਈ | ਪ੍ਰੋਗਰਾਮ ਖਤਮ ਹੋਣ ਤੋਂ ਪਿਛੋਂ ਮਾਂ-ਬਾਪ ਨੇ ਦੋਵਾਂ ਨੂੰ ਰਾਤ ਰਹਿਣ ਲਈ ਕਿਹਾ ਤਾਂ ਦੂਰ-ਦੂਰ ਖੜ੍ਹੀਆਂ ਦੋਵੇਂ ਭੈਣਾਂ ਦਾ ਇਕੋ ਜਵਾਬ ਸੀ, 'ਘਰ ਜਾ ਕੇ ਧਾਰਾਂ ਵੀ ਚੋਣੀਆਂ ਨੇ | ਸਵੇਰੇ ਬੱਚਿਆਂ ਨੂੰ ਸਕੂਲ ਤੋਰਨੈ | ਇਕੱਲੇ ਕਲਾਪਿਆਂ ਲਈ ਰਾਤ ਰਹਿਣਾ ਮੁਸ਼ਕਿਲ ਹੈ |' ਇਹ ਗੱਲ ਕਹਿੰਦਿਆਂ ਛੋਟੀ ਨੇ ਝੋਲਾ ਚੁੱਕਿਆ ਤੇ ਬੱਸ ਅੱਡੇ ਵੱਲ ਨੂੰ ਤੁਰ ਪਈ ਤੇ ਵੱਡੀ ਕਾਰ ਵਿਚ ਬੈਠੀ ਤੇ ਔਹ ਗਈ |

-ਦਵਿੰਦਰ ਜੀਤ ਬੁਜਰਗ
ਮੋਬਾਈਲ : 98551-27254.

ਉਲਝਣ

'ਕੀ ਹੋਇਆ ਨਾਜ਼ਰਾ, ਬਹੁਤ ਉਦਾਸ ਬੈਠਾਂ, ਅੱਜ ਤਾਂ ਦੇਸ਼ ਆਜ਼ਾਦ ਹੋਇਆ ਸੀ, ਖ਼ੁਸ਼ੀ ਮਨਾ', ਜੀਤਾ ਆਉਂਦਿਆਂ ਹੋਇਆਂ ਬੋਲਿਆ |
ਨਾਜ਼ਰ ਕਹਿਣ ਲੱਗਾ, 'ਆਜ਼ਾਦੀ ਨਹੀਂ, ਉਹ ਤਾਂ ਉਜਾੜਾ ਸੀ, ਮੇਰੇ ਚਾਚੇ ਹੁਰੀਂ ਮਾਰੇ ਗਏ | ਓਦਾਂ ਵੀ ਪੰਜਾਬ ਵਿਚ ਚਾਹੇ ਸਿੱਖ ਮਰੇ ਸੀ, ਚਾਹੇ ਮੁਸਲਮਾਨ ਪਰ ਮਰੇ ਪੰਜਾਬੀ ਸੀ, ਹੁਣ ਸਮਝ ਨਹੀਂ ਆ ਰਿਹਾ ਕਿ ਉਜਾੜੇ ਲਈ ਦੁਖੀ ਹੋਵਾਂ ਜਾਂ ਖ਼ੁਸ਼ੀ ਮਨਾਵਾਂ |'
ਹੁਣ ਜੀਤਾ ਵੀ ਸੋਚੀਂ ਪੈ ਗਿਆ |

-ਪਿੰਡ ਤੇ ਡਾਕ: ਨੰਗਲ, ਜ਼ਿਲ੍ਹਾ ਬਰਨਾਲਾ-148109.
ਮੋਬਾਈਲ : 95019-04088.

ਨਹਿਲੇ 'ਤੇ ਦਹਿਲਾ: ਕਿੰਨੇ ਪੈਸੇ ਲੈ ਕੇ ਆਵਾਂ

ਅੱਜਕਲ੍ਹ ਬੱਚਿਆਂ, ਔਰਤਾਂ, ਨੌਜਵਾਨਾਂ ਨੂੰ ਅਗਵਾ ਕਰਕੇ ਮੋਟੀਆਂ-ਮੋਟੀਆਂ ਰਕਮਾਂ ਵਸੂਲਣ ਦਾ ਸਿਲਸਿਲਾ ਜ਼ੋਰਾਂ 'ਤੇ ਹੈ | ਅਗਵਾਕਾਰ ਅਮੀਰ ਘਰਾਂ ਦੇ ਬੱਚਿਆਂ ਨੂੰ ਅਗਵਾ ਕਰਕੇ ਮੰੂਹ ਮੰਗੀ ਰਕਮ ਪ੍ਰਾਪਤ ਕਰ ਲੈਂਦੇ ਹਨ | ਔਰਤਾਂ ਅਤੇ ਨੌਜਵਾਨਾਂ ਦੇ ਅਗਵਾ ਦਾ ਸਿਲਸਿਲਾ ਵੀ ਏਸੇ ਕਰਕੇ ਚੱਲ ਰਿਹਾ ਹੈ | ਜੇਕਰ ਅਗਵਾ ਹੋਏ ਬੱਚੇ, ਨੌਜਵਾਨ ਜਾਂ ਔਰਤ ਦਾ ਘਰ ਵਾਲਾ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਅਗਵਾ ਹੋਏ ਦੀ ਮੌਤ ਯਕੀਨੀ ਹੋ ਜਾਂਦੀ ਹੈ | ਕਈ ਵਾਰੀ ਅਗਵਾ ਦੀ ਘਟਨਾ ਅਜੀਬ ਰੰਗ ਲੈ ਲੈਂਦੀ ਹੈ |
ਸਾਡੇ ਮੁਹੱਲੇ ਵਿਚ ਰਹਿੰਦੇ ਇਕ ਪਤੀ-ਪਤਨੀ ਦੀ ਆਪਸ ਵਿਚ ਨਹੀਂ ਬਣਦੀ ਸੀ | ਹਮੇਸ਼ਾ ਦੋਵਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ ਸੀ | ਉਨ੍ਹਾਂ ਦੀ ਖਹਿਬੜ ਏਨੀ ਵਧ ਚੁੱਕੀ ਸੀ ਕਿ ਉਨ੍ਹਾਂ ਦੀ ਆਪਸੀ ਤੂੰ-ਤੂੰ, ਮੈਂ-ਮੈਂ ਦਾ ਗੁਆਂਢੀਆਂ 'ਤੇ ਵੀ ਕੋਈ ਅਸਰ ਨਹੀਂ ਸੀ ਹੁੰਦਾ | ਉਹ ਇਸ ਤਕਰਾਰ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਜ਼ਰੂਰੀ ਅੰਗ ਸਮਝਣ ਲੱਗ ਪਏ ਸਨ |
ਇਕ ਦਿਨ ਉਹ ਔਰਤ ਸਵੇਰੇ-ਸਵੇਰੇ ਇਕੱਲੀ ਸੈਰ ਕਰਨ ਗਈ ਤਾਂ ਦੁਪਹਿਰ ਤੱਕ ਘਰ ਨਾ ਪਰਤੀ | ਪਤੀ 'ਤੇ ਇਸ ਦਾ ਕੋਈ ਅਸਰ ਨਾ ਹੋਇਆ | ਉਹ ਆਪਣੇ ਰੁਝੇਵਿਆਂ ਵਿਚ ਡੁੱਬਾ ਰਿਹਾ | ਸ਼ਾਮ ਹੋਈ ਤਾਂ ਉਹਦੇ ਮੋਬਾਈਲ ਦੀ ਘੰਟੀ ਵੱਜੀ | ਉਸ ਨੇ ਬਟਨ ਦੱਬਿਆ ਅਤੇ ਹੈਲੋ ਕਿਹਾ | ਦੂਜੇ ਪਾਸੇ ਤੋਂ ਧਮਕੀ ਭਰੇ ਲਹਿਜ਼ੇ ਵਿਚ ਆਵਾਜ਼ ਆਈ, 'ਮੈਂ ਤੇਰੀ ਪਤਨੀ ਨੂੰ ਅਗਵਾ ਕਰਕੇ ਬੰਧਕ ਬਣਾਇਆ ਹੈ, ਤੂੰ ਜਲਦੀ ਤੋਂ ਜਲਦੀ ਨੋਟਾਂ ਦਾ ਬੰਡਲ ਲੈ ਕੇ ਆ, ਨਹੀਂ ਤਾਂ ਤੇਰੀ ਪਤਨੀ ਦਾ ਕਤਲ ਕਰ ਦਿਆਂਗਾ |'
ਔਰਤ ਦੇ ਪਤੀ ਨੇ ਜਵਾਬ ਵਿਚ ਕਿਹਾ, 'ਮੇਰੇ ਕੋਲ ਪੈਸੇ ਹੈ ਨਹੀਂ' ਅਤੇ ਫੋਨ ਰੱਖ ਦਿੱਤਾ | ਦੂਜੇ ਦਿਨ ਫਿਰ ਫੋਨ ਆਇਆ ਅਤੇ ਔਰਤ ਦੇ ਪਤੀ ਨੇ ਕਿਹਾ, 'ਮੇਰੇ ਕੋਲ ਪੈਸੇ ਹੈ ਨਹੀਂ |'
ਤੀਜੇ ਦਿਨ ਅਗਵਾਕਾਰ ਨੇ ਫਿਰ ਫੋਨ ਕੀਤਾ ਅਤੇ ਆਖਿਆ, 'ਤੂੰ ਜਲਦੀ ਤੋਂ ਜਲਦੀ ਨੋਟਾਂ ਦਾ ਬੰਡਲ ਲੈ ਕੇ ਮੇਰੀ ਦੱਸੀ ਥਾਂ 'ਤੇ ਆ ਨਹੀਂ ਤਾਂ ਮੈਂ ਤੇਰੀ ਪਤਨੀ ਨੂੰ ਤੇਰੇ ਘਰ ਛੱਡ ਦਿਆਂਗਾ |' ਇਹ ਸੁਣ ਕੇ ਔਰਤ ਦਾ ਪਤੀ ਘਬਰਾਇਆ ਅਤੇ ਕਹਿਣ ਲੱਗਾ, 'ਕਿੰਨੇ ਪੈਸੇ ਲੈ ਕੇ ਆਵਾਂ?'

--ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ: ਸੱਚਾ ਪਿਆਰ

'ਤੁਸੀਂ ਰੋਜ਼ ਮੇਰਾ ਪਿੱਛਾ ਕਿਉਂ ਕਰਦੇ ਹੋ' ਸੁਨੀਤਾ ਨੇ ਇਕ ਦਿਨ ਲੜਕੇ ਨੂੰ ਪੁੱਛ ਹੀ ਲਿਆ | ਉਸ ਨੇ ਬੜੇ ਸਹਿਜ ਨਾਲ ਕਿਹਾ ਕਿ ਉਹ ਉਸ ਦਾ ਪਿੱਛਾ ਨਹੀਂ ਕਰਦਾ, ਬਲਕਿ ਉਹ ਵੀ ਉਸੇ ਗੱਡੀ ਵਿਚ ਜਾਂਦਾ ਹੈ, ਜਿਸ ਵਿਚ ਉਹ ਜਾਂਦੀ ਹੈ | ਅਕਸਰ ਕੁਝ ਦਿਨਾਂ ਬਾਅਦ ਉਹ ਆਹਮਣੇ-ਸਾਹਮਣੇ ਹੋ ਜਾਂਦੇ | ਇਕ ਦਿਨ ਸੁਨੀਤਾ ਆਪਣੀ ਸੀਟ 'ਤੇ ਬੈਠੀ ਅਖ਼ਬਾਰ ਪੜ੍ਹ ਰਹੀ ਸੀ ਤਾਂ ਅਚਾਨਕ ਇਕ ਲੜਕੇ ਨੇ ਸੀਟ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਕੀ ਇਥੇ ਕੋਈ ਬੈਠਾ ਹੈ ਜਾਂ ਨਹੀਂ | ਸੁਨੀਤਾ ਨੇ ਬਿਨਾਂ ਵੇਖੇ ਨਾਂਹ ਵਿਚ ਜਵਾਬ ਦੇ ਦਿੱਤਾ | ਜਦੋਂ ਕੁਝ ਦੇਰ ਬਾਅਦ ਉਸ ਨੇ ਅਖ਼ਬਾਰ ਪਰ੍ਹੇ ਹਟਾਈ ਤਾਂ ਉਹ ਹੀ ਲੜਕਾ ਬੈਠਾ ਹੋਇਆ ਸੀ | ਦੋਵੇਂ ਇਕ-ਦੂਜੇ ਬਾਰੇ ਜਾਨਣ ਲਈ ਉਤਸੁਕ ਸਨ, ਪਰ ਪਹਿਲ ਕਰਨ ਤੋਂ ਡਰਦੇ ਸਨ | ਮਨ ਹੀ ਮਨ ਵਿਚ ਜਜ਼ਬਾਤ ਛੁਪਾਏ ਬੈਠੇ ਰਹੇ ਅਤੇ ਸਟੇਸ਼ਨ ਆਉਣ 'ਤੇ ਉੱਤਰ ਗਏ | ਇਸ ਤਰ੍ਹਾਂ ਸਿਲਸਿਲਾ ਕਈ ਦਿਨਾਂ ਤੱਕ ਚਲਦਾ ਰਿਹਾ ਪਰ ਵਿਚੋਂ ਵਿਚ ਖਿੱਚ ਇਕ-ਦੂਜੇ ਲਈ ਵਧਦੀ ਜਾ ਰਹੀ ਸੀ |
ਇਕ ਦਿਨ ਗੱਡੀ ਕੁਝ ਲੇਟ ਹੋ ਗਈ | ਸੁਨੀਤਾ ਬੈਂਚ 'ਤੇ ਬੈਠੀ ਗੱਡੀ ਦੀ ਉਡੀਕ ਕਰ ਰਹੀ ਸੀ | ਅਚਾਨਕ ਉਹ ਹੀ ਲੜਕਾ ਮੋਹਨ ਉਸ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਉਹ ਪਤਾ ਕਰਕੇ ਆਇਆ ਹੈ, ਗੱਡੀ ਅੱਧਾ ਘੰਟ ਲੇਟ ਹੈ | ਮੋਹਨ ਨੇ ਹੌਸਲਾ ਕਰਕੇ ਸੁਨੀਤਾ ਨੂੰ ਪੁੱਛ ਹੀ ਲਿਆ ਕਿ ਉਹ ਕਿਥੇ ਨੌਕਰੀ ਕਰਦੀ ਹੈ ਅਤੇ ਘਰ ਵਿਚ ਕੌਣ-ਕੌਣ ਹਨ | ਮੋਹਨ ਨੇ ਬਿਨਾਂ ਪੁੱਛਿਆਂ ਹੀ ਦੱਸ ਦਿੱਤਾ ਕਿ ਬੈਂਕ ਵਿਚ ਕੰਮ ਕਰਦਾ ਹਾਂ ਅਤੇ ਘਰ ਵਿਚ ਉਸ ਦੀ ਇਕੱਲੀ ਮਾਂ ਹੈ | ਹੌਲੀ-ਹੌਲੀ ਦੋਵਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ ਅਤੇ ਪਿਆਰ ਵਿਚ ਬਦਲ ਗਈਆਂ | ਪਰ ਦੋਵੇਂ ਇਹ ਗੱਲ ਇਕ-ਦੂਜੇ ਨੂੰ ਕਹਿਣ ਤੋਂ ਡਰਦੇ ਸਨ | ਇਕ ਦਿਨ ਮੋਹਨ ਨੇ ਉਸ ਨੂੰ ਦੱਸਿਆ ਕਿ ਉਹ ਬੈਂਕ ਵਲੋਂ ਕੁਝ ਸਮੇਂ ਲਈ ਵਿਦੇਸ਼ ਜਾ ਰਿਹਾ ਹੈ | ਸੁਨੀਤਾ ਨੇ ਕਿਹਾ ਕਿ ਉਹ ਉਥੇ ਜਾ ਕੇ ਕਿਸੇ ਗੋਰੀ ਨਾਲ ਵਿਆਹ ਤਾਂ ਨਹੀਂ ਕਰਵਾ ਲਵੇਗਾ | ਉਸ ਨੇ ਕਿਹਾ ਕਿ ਇਸ ਗੱਲ ਨਾਲ ਉਸ ਨੂੰ ਕੀ ਫਰਕ ਪੈਂਦਾ ਹੈ | ਪਰ ਮਨ ਹੀ ਮਨ ਮੋਹਨ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਰਿਹਾ ਸੀ | ਸੁਨੀਤਾ ਨੇ ਨੀਵੀਂ ਪਾਉਂਦਿਆਂ ਹੋਇਆਂ ਕਿਹਾ ਕਿ ਜਾਣ ਤੋਂ ਪਹਿਲਾਂ ਮੇਰੇ ਘਰਦਿਆਂ ਨਾਲ ਵਿਆਹ ਦੀ ਗੱਲ ਕਰਕੇ ਜਾਓ | ਮੋਹਨ ਨੂੰ ਤਾਂ ਆਪਣੇ ਸਵਾਲ ਦਾ ਜਵਾਬ ਬਿਨਾਂ ਕੋਸ਼ਿਸ਼ ਕੀਤਿਆਂ ਹੀ ਮਿਲ ਗਿਆ | ਉਹ ਮਨ ਹੀ ਮਨ ਰੱਬ ਦਾ ਸ਼ੁਕਰ ਮਨਾ ਰਿਹਾ ਸੀ | ਸਟੇਸ਼ਨ ਆਉਣ 'ਤੇ ਮਨ ਵਿਚ ਬਹੁਤ ਸਾਰੇ ਸੁਪਨੇ ਲੈ ਕੇ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਮੰਜ਼ਲ ਵੱਲ ਚਲ ਪਏ |
ਮੋਹਨ ਨੂੰ ਤਾਂ ਕਾਹਲੀ ਪੈ ਰਹੀ ਸੀ ਕਿ ਉਹ ਕਦੋਂ ਘਰ ਪਹੁੰਚੇ ਤੇ ਇਹ ਖ਼ੁਸ਼ਖ਼ਬਰੀ ਆਪਣੀ ਮਾਂ ਨੂੰ ਦੱਸੇ, ਜਿਹੜੀ ਰੋਜ਼ ਉਸ ਨੂੰ ਕਹਿੰਦੀ ਸੀ ਕਿ ਪੁੱਤ ਮੈਨੂੰ ਜਿਊਾਦਿਆਂ ਨੂੰ ਹ ਲਿਆ ਦੇ | ਮੋਹਨ ਨੇ ਆਪਣੀ ਮਾਂ ਨੂੰ ਘਰ ਆਉਂਦਿਆਂ ਗਲਵੱਕੜੀ ਵਿਚ ਲਿਆ ਤੇ ਕਹਿਣ ਲੱਗਾ, 'ਮਾਂ ਜੇ ਤੰੂ ਕਹਿੰਦੀ ਏ ਤਾਂ ਮੈਂ ਤੈਨੂੰ ਨੂੰ ਹ ਲਿਆ ਹੀ ਦੇਂਦਾ ਹਾਂ |' ਮਾਂ ਬੜੀ ਖੁਸ਼ ਹੋਈ ਅਤੇ ਨੂੰ ਹ ਦੇ ਸੁਪਨੇ ਵੇਖਣ ਲੱਗੀ | ਐਤਵਾਰ ਮੋਹਨ ਆਪਣੀ ਮਾਂ ਨੂੰ ਲੈ ਕੇ ਸੁਨੀਤਾ ਦੇ ਘਰ ਚਲਾ ਗਿਆ | ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਜਾਤ-ਬਰਾਦਰੀ ਦੀਵਾਰ ਵਾਂਗ ਵਿਚ ਆ ਕੇ ਖੜ੍ਹੀ ਹੋ ਗਈ | ਸੁਨੀਤਾ ਦਾ ਪਿਓ ਇਸ ਰਿਸ਼ਤੇ ਵਾਸਤੇ ਰਾਜ਼ੀ ਨਹੀਂ ਸੀ | ਖੁਸ਼ੀ ਦਾ ਮਾਹੌਲ ਪ੍ਰੇਸ਼ਾਨੀ ਵਿਚ ਬਦਲ ਗਿਆ | ਪਿਓ ਨੇ ਸੁਨੀਤਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫ਼ੈਸਲੇ 'ਤੇ ਚੱਟਾਨ ਵਾਂਗ ਅਡਿੱਗ ਸੀ | ਅੰਤ ਵਿਚ ਫ਼ੈਸਲਾ ਬੱਚਿਆਂ ਦੇ ਪੱਖ ਵਿਚ ਹੋਇਆ ਅਤੇ ਰਿਸ਼ਤਾ ਪੱਕਾ ਹੋ ਗਿਆ | ਮੋਹਨ ਨੇ ਕਿਹਾ ਕਿ ਉਹ ਬਿਨਾਂ ਦਹੇਜ ਤੋਂ ਸਾਦੇ ਢੰਗ ਨਾਲ ਵਿਆਹ ਦੇ ਹੱਕ ਵਿਚ ਹੈ | ਕੁੜੀ ਵਾਲੇ ਇਹ ਗੱਲ ਸੁਣ ਕੇ ਹੋਰ ਵੀ ਖੁਸ਼ ਹੋਏ ਕਿ ਉਨ੍ਹਾਂ ਦੀ ਧੀ ਕਿੱਡੇ ਉੱਚੇ ਵਿਚਾਰਾਂ ਵਾਲੇ ਲੋਕਾਂ ਦੇ ਘਰ ਜਾ ਰਹੀ ਹੈ | ਅਗਲੇ ਹਫ਼ਤੇ ਸਾਦੇ ਢੰਗ ਨਾਲ ਦੋਵਾਂ ਦੀ ਕੁੜਮਾਈ ਦੀ ਰਸਮ ਹੋਈ ਤੇ ਮੋਹਨ ਵਿਦੇਸ਼ ਚਲਾ ਗਿਆ | ਮੋਹਨ ਅਤੇ ਸੁਨੀਤਾ ਅਕਸਰ ਆਪਸ ਵਿਚ ਰੋਜ਼ ਗੱਲਬਾਤ ਕਰਦੇ ਸਨ | ਦੋਵੇਂ ਆਪਸ ਵਿਚ ਬਹੁਤ ਖੁਸ਼ ਸਨ |
ਪਰ ਇਹ ਖ਼ੁਸ਼ੀ ਕੁਝ ਹੀ ਦਿਨਾਂ ਬਾਅਦ ਗ਼ਮ ਵਿਚ ਬਦਲ ਗਈ ਜਦੋਂ ਖਿਆਲਾਂ ਵਿਚ ਖੋਈ ਹੋਈ ਸੁਨੀਤਾ ਗੱਡੀ ਵਿਚੋਂ ਉਤਰਨ ਲੱਗੀ ਤਾਂ ਉਸ ਦਾ ਪੈਰ ਪਲੇਟਫਾਰਮ 'ਤੇ ਰੱਖਣ ਦੀ ਬਜਾਏ ਲਾਈਨਾਂ ਵਿਚ ਫਸ ਗਿਆ | ਲੋਕਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤਦ ਤੱਕ ਉਸ ਦਾ ਪੈਰ ਲੱਤ ਨਾਲੋਂ ਵੱਖਰਾ ਹੋ ਚੁੱਕਾ ਸੀ | ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਦੱਸਿਆ ਕਿ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਦਾ ਡਰ ਹੈ ਇਸ ਲਈ ਉਸ ਦੀ ਲੱਤ ਕੱਟਣੀ ਪਵੇਗੀ | ਇਹ ਸੁਣਦਿਆਂ ਹੀ ਉਸ ਦੀ ਮਾਂ ਬੇਹੋਸ਼ ਹੋ ਗਈ | ਸਾਰੇ ਪਰਿਵਾਰ ਨੂੰ ਇਹ ਚਿੰਤਾ ਸੀ ਕਿ ਜਾਨ ਤਾਂ ਬਚ ਗਈ, ਪਰ ਹੁਣ ਉਸ ਦੇ ਵਿਆਹ ਦਾ ਕੀ ਬਣੇਗਾ? ਮੋਹਨ ਤਾਂ ਹੁਣ ਅਪੰਗ ਨਾਲ ਵਿਆਹ ਨਹੀਂ ਕਰਵਾਏਗਾ | ਕਿਸੇ ਦੀ ਵੀ ਹਿੰਮਤ ਨਹੀਂ ਸੀ ਪੈ ਰਹੀ, ਜੋ ਇਸ ਘਟਨਾ ਦੀ ਜਾਣਕਾਰੀ ਮੋਹਨ ਨੂੰ ਦੇ ਸਕੇ | ਅੰਤ ਵਿਚ ਮੋਹਨ ਦੀ ਮਾਂ ਨੂੰ ਇਸ ਦਰਦਨਾਕ ਹਾਦਸੇ ਬਾਰੇ ਦੱਸਿਆ ਗਿਆ |
ਮੋਹਨ ਦੀ ਮਾਂ ਨੇ ਇਸ ਘਟਨਾ ਬਾਰੇ ਦੱਸਦਿਆਂ ਉਸ ਨੂੰ ਜਲਦੀ ਵਾਪਸ ਆਉਣ ਲਈ ਕਿਹਾ | ਕੁਝ ਹੀ ਦਿਨਾਂ 'ਚ ਮੋਹਨ ਆ ਗਿਆ ਅਤੇ ਕੁਝ ਸਮੇਂ ਬਾਅਦ ਹੀ ਦੋਵੇਂ ਹਸਪਤਾਲ ਪਹੁੰਚ ਗਏ | ਦੋਵੇਂ ਬੜੇ ਹੌਸਲੇ ਵਿਚ ਸਨ ਤੇ ਦੂਜੇ ਪਾਸੇ ਕੁੜੀ ਵਾਲੇ ਡੰੂਘੇ ਸਦਮੇ ਵਿਚ ਸਨ ਕਿ ਪਤਾ ਨਹੀਂ ਕਦੋਂ ਇਨ੍ਹਾਂ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਸੁਣਾ ਦੇਣਾ ਹੈ | ਮੋਹਨ ਨੇ ਸੁਨੀਤਾ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਹੌਸਲਾ ਰੱਖ ਸਭ ਠੀਕ ਹੋ ਜਾਵੇਗਾ | ਉਹ ਉਸ ਦਾ ਹੈ ਅਤੇ ਹਮੇਸ਼ਾ ਉਸ ਦਾ ਰਹੇਗਾ | ਇਹ ਸੁਣ ਕੇ ਇੰਜ ਲੱਗ ਰਿਹਾ ਸੀ, ਜਿਵੇਂ ਉਹ ਸਾਰਾ ਆਪਣਾ ਦੁੱਖ ਭੁੱਲ ਗਈ ਹੋਵੇ | ਉਸ ਦੇ ਚਿਹਰੇ ਦਾ ਤਾਂ ਰੰਗ ਹੀ ਬਦਲ ਗਿਆ ਸੀ | ਮੋਹਨ ਦੀ ਮਾਂ ਨੇ ਕਿਹਾ ਕਿ ਉਹ ਆਪਣੀ ਨੂੰ ਹ ਨੂੰ ਇਸ ਹਾਲਤ ਵਿਚ ਆਪਣੇ ਨਾਲ ਰੱਖੇਗੀ, ਇਸ ਕਰਕੇ ਤੁਸੀਂ ਸ਼ਾਦੀ ਦਾ ਇੰਤਜ਼ਾਮ ਕਰੋ, ਅਸੀਂ ਹਸਪਤਾਲ ਤੋਂ ਹੀ ਆਪਣੀ ਨੂੰ ਹ ਘਰ ਲੈ ਕੇ ਜਾਵਾਂਗੇ | ਮੋਹਨ ਨੇ ਆਪਣੀ ਮਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ਸ਼ੁਕਰ ਹੈ ਉਸ ਵਾਹਿਗੁਰੂ ਦਾ ਜਿਸ ਨੇ ਉਸ ਦੀ ਜਾਨ ਤਾਂ ਬਚਾ ਦਿੱਤੀ, ਹੁਣ ਉਹ ਉਸ ਤੋਂ ਦੂਰ ਨਹੀਂ ਰਹਿ ਸਕਦਾ, ਕਿਉਂਕਿ ਦੋਵਾਂ ਨੂੰ ਇਕ-ਦੂਜੇ ਦੀ ਬਹੁਤ ਲੋੜ ਹੈ | ਇਹ ਗੱਲ ਸੁਣ ਕੇ ਸੁਨੀਤਾ ਦਾ ਪਿਓ ਮੋਹਨ ਦੇ ਪੈਰੀਂ ਪੈ ਗਿਆ | ਮੋਹਨ ਨੇ ਸਤਿਕਾਰ ਨਾਲ ਹੱਥ ਜੋੜਦਿਆਂ ਕਿਹਾ, 'ਤੁਸੀਂ ਆਪਣੀ ਕੁੜੀ ਨੂੰ ਪੁੱਛੋ, ਜੇ ਮੇਰੀ ਲੱਤ ਕੱਟੀ ਜਾਂਦੀ ਤਾਂ ਉਹ ਮੈਨੂੰ ਛੱਡ ਦੇਂਦੀ |' ਸਾਡਾ ਪਿਆਰ ਸੱਚਾ ਹੈ, ਜਿਹੜਾ ਧਰਮ, ਜਾਤ, ਬਰਾਦਰੀ, ਦਾਜ ਅਤੇ ਸਰੀਰਕ ਸੰੁਦਰਤਾ ਤੋਂ ਬਹੁਤ ਉੱਪਰ ਹੈ | ਗਮ-ਖੁਸ਼ੀ ਵਿਚ ਬਦਲ ਗਿਆ, ਸੁਨੀਤਾ ਹਸਪਤਾਲ ਤੋਂ ਡੋਲੀ ਵਿਚ ਬੈਠ ਕੇ ਸਹੁਰੇ ਘਰ ਚਲੀ ਗਈ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਉਹ ਕਿੰਨੀ ਕਿਸਮਤ ਵਾਲੀ ਹੈ, ਜਿਸ ਨੂੰ ਮੋਹਨ ਵਰਗਾ ਪਤੀ ਮਿਲਿਆ ਹੈ, ਇੰਨੇ ਨੂੰ ਮੋਹਨ ਨੇ ਕਿਹਾ ਮੈਂ ਵੀ ਬਹੁਤ ਕਿਸਮਤ ਵਾਲਾ ਹਾਂ, ਜਿਸ ਨੂੰ ਤੇਰੇ ਵਰਗੀ ਪਤਨੀ ਮਿਲੀ ਹੈ, ਸੁਨੀਤਾ ਨੇ ਸ਼ਰਮਾ ਕੇ ਨੀਵੀਂ ਪਾ ਲਈ |

-ਮੋਬਾਈਲ : 98782-49944.

'ਆਂਡਾ' ਗੋਲ ਕਿਉਂ ਹੈ?


ਆਂਡਾ... ਇਹ ਕੁੱਕੜੀ ਦੇਂਦੀ ਹੈ, ਇਹ ਸਵਾਲ ਸਦੀਆਂ ਤੋਂ ਚਲਦਾ ਆ ਰਿਹਾ ਹੈ... ਪਹਿਲਾਂ ਕੁਕੜੀ ਆਈ ਕਿ ਆਂਡਾ? ਇਹ ਇਕ ਉਲਝਣ ਬਣੀ ਹੋਈ ਹੈ, ਅੜੌਣੀ, ਇਸ ਦਾ ਸਹੀ ਜਵਾਬ ਅੱਜ ਤਾੲੀਂ ਕੋਈ ਨਹੀਂ ਦੇ ਸਕਿਆ | ਹਾਂ, ਊਟ-ਪਟਾਂਗ, ਹਾਸੋਹੀਣੀਆਂ ਦਲੀਲਾਂ ਕਈਆਂ ਨੇ ਦਿੱਤੀਆਂ ਹਨ | ਕੱੁਕੜ ਨੂੰ ਬੜੀ ਤਕਲੀਫ ਹੋਈ ਹੈ, ਮੈਨੂੰ ਕੋਈ ਪੁੱਛਦਾ ਹੀ ਨਹੀਂ | ਭਲਾ ਮੇਰੇ ਬਿਨਾਂ ਕੁੱਕੜੀ ਆਂਡਾ ਦੇ ਸਕਦੀ ਹੈ?
ਪਰ ਬੰਦਾ ਬੜਾ ਤੇਜ਼ ਬੁੱਧੀ ਵਾਲਾ ਹੈ, ਇਹਨੇ ਮੁਰਗੀਖਾਨੇ ਖੋਲੇ ਹੋਏ ਹਨ, ਜਿਨ੍ਹਾਂ 'ਚ ਇਨ੍ਹਾਂ ਨੇ ਟੀਕੇ ਤੋਂ ਬਹੁਤ ਮੁਰਗੀਆਂ ਤੋਂ ਆਂਡੇ ਲੈ ਲਏ ਹਨ |
ਜੇਕਰ ਬੈਲ, ਢੱਗਿਆਂ, ਭੇਡ-ਬੱਕਰੀਆਂ ਤੋਂ ਬਿਨਾਂ ਇਹ ਇਕ-ਦੂਜੇ ਦੀ ਉਮੰਗ-ਕੁਦਰਤ ਦੇ ਸਾਜੇ ਨਿਯਮ ਅਨੁਸਾਰ ਸਿੱਧਾ ਮੇਲ ਕਰਾਏ ਬਿਨਾਂ ਬਸ ਟੀਕੇ ਦੁਆਰਾ ਉਨ੍ਹਾਂ ਤੋਂ ਬੱਚੇ ਪੈਦਾ ਕਰਵਾ ਸਕਦੇ ਹਨ ਤਾਂ ਇਹ ਕੁੱਕੜ-ਕੁੱਕੜੀਆਂ ਕੀ ਚੀਜ਼ ਹਨ | ਖੈਰ, ਗੱਲ 'ਆਂਡੇ' ਦੀ ਕਰੀਏ, ਇਹ ਵੈੱਜ (ਵੈਜੀਟੇਰੀਅਨ) ਵੀ ਹੈ, ਨਾਨ ਵੈੱਜ ਵੀ ਹੈ |
ਇਹਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ | ਇਹ ਸਾਰੇ ਸੰਸਾਰ 'ਚ, ਸਭੇ ਸ਼ਹਿਰਾਂ 'ਚ, ਸਭੇ ਪਿੰਡਾਂ ਵਿਚ, ਸਵੇਰ ਦੇ ਨਾਸ਼ਤੇ 'ਚ ਤਾਂ ਖੂਬ ਵਰਤਿਆ ਜਾਂਦਾ ਹੈ | ਜਿਥੇ ਵੇਖੋ, ਬ੍ਰੈੱਡ ਤੇ ਆਂਡਾ | ਆਮਲੇਟ ਬਣਾਓ, ਭਾਵੇਂ ਉਬਲਿਆ, ਹਾਫ਼-ਉਬਲਿਆ ਆਂਡਾ ਭਾਵੇਂ ਭੁਰਜੀ... ਬ੍ਰੈੱਡ ਯਾਨਿ ਡਬਲ ਰੋਟੀ, ਇਨ੍ਹਾਂ ਦੋਵਾਂ ਦਾ ਮੇਲ ਖੂਬ ਹੈ | ਕਈ ਤਾਂ ਆਂਡੇ ਨੂੰ ਕੱਚਾ ਹੀ ਪੀ ਜਾਂਦੇ ਹਨ, ਆਂਡੇ ਤੋਂ ਇਕ ਨਿੱਕਾ ਜਿਹਾ ਛਿਲਕਾ ਲਾਹ ਕੇ ਉਹਨੂੰ ਸਿੱਧਾ ਮੰੂਹ ਵਿਚ ਉਲੱਦ ਦਿੰਦੇ ਹਨ |
ਆਂਡੇ ਖਾਓ, ਸਿਹਤਾਂ ਬਣਾਓ |
ਪਰ ਇਕ ਸਾਇੰਸਦਾਨ ਨੇ ਇਹ ਨਵੀਂ ਖੋਜ ਪੇਸ਼ ਕੀਤੀ ਕਿ ਆਂਡਾ ਬਿਲਕੁਲ ਹੀ ਸਿਹਤ ਵਰਧਕ ਨਹੀਂ ਹੈ, ਇਹ ਕਈ-ਕਈ ਵਿਕਾਰਾਂ ਨੂੰ ਸਰੀਰ 'ਚ ਪੈਦਾ ਕਰਦਾ ਹੈ | ਪਰ ਲੋਕਾਂ ਨੇ ਇਸ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ, ਡਰੇ ਵੀ ਨਹੀਂ, ਖਾਈ ਜਾਂਦੇ ਹਨ ਤੇ ਖਾਈ ਜਾਂਦੇ ਹਨ |
ਅੱਜਕਲ੍ਹ ਆਂਡਾ ਵੀ ਬਹੁਤ ਮਹਿੰਗਾ ਹੋ ਗਿਆ ਹੈ | ਕਿਤੇ ਅਠੱਨੀ 'ਚ ਇਕ ਮਿਲ ਜਾਂਦਾ ਸੀ, ਅੱਜਕਲ੍ਹ ਤਾਂ ਇਥੇ 7 ਤੋਂ 10 ਰੁਪਏ ਦਾ ਇਕ ਮਿਲ ਰਿਹਾ ਹੈ | ਲੋਕੀਂ ਫਿਰ ਵੀ ਖਰੀਦੀ ਜਾਂਦੇ ਹਨ | ਆਂਡਾ ਸੜ ਜਾਏ, ਪੁਰਾਣਾ ਹੋ ਜਾਏ ਤਾਂ ਉਸ ਤੋਂ ਬੜੀ ਬਦਬੂ ਆਉਂਦੀ ਹੈ | ਉਹ ਵੀ ਬੜੇ ਕੰਮ ਦੀ ਚੀਜ਼ ਜੇ, ਭਿ੍ਸ਼ਟ, ਗੰਦੇ ਨੇਤਾਵਾਂ ਵਿਰੁੱਧ ਪ੍ਰੋਟੈਸਟ ਕਰਨ ਵਾਲਿਆਂ ਦੇ, ਜਿਉਂ ਹੀ ਨੇਤਾ ਜੀ ਸਾਹਮਣੇ ਜ਼ਾਹਰ ਹੁੰਦੇ ਹਨ, ਇਹ ਪ੍ਰੋਟੈਸਟਰ ਉਨ੍ਹਾਂ 'ਤੇ ਗੰਦੇ ਆਂਡੇ ਤੇ ਸੜੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੰਦੇ ਹਨ, ਘਰੋਂ ਨ੍ਹਾ-ਧੋ ਕੇ ਚਿੱਟੇ ਕੱਪੜਿਆਂ 'ਚ ਤਿਆਰ ਹੋ ਕੇ, ਨੇਤਾ ਜੀ, ਸੜੇ ਆਂਡਿਆਂ, ਗਲੇ ਟਮਾਟਰਾਂ ਦੀ ਦੁਰਗੰਧ ਨਾਲ ਮੰੂਹ ਤੋਂ ਲੈ ਕੇ, ਕੱਪੜਿਆਂ ਤੱਕ ਭਰ ਜਾਂਦੇ ਹਨ |
ਇਕੋ ਵੇਲੇ ਇਕ ਬੰਦਾ ਉੱਪਰਥਲੀ ਕਿੰਨੇ ਆਂਡੇ ਖਾ ਸਕਦਾ ਹੈ, ਇਹਦੇ ਵੀ ਮੁਕਾਬਲੇ ਲਗਦੇ ਹਨ |
ਪਤੈ, ਸਪੇਨ ਵਿਚ ਹਰ ਸਾਲ, ਟਮਾਟਰਾਂ ਦੀ ਮਿਝ ਕੱਢਣ ਦਾ ਇਕ ਆਮ ਮੇਲਾ ਲਗਦਾ ਹੈ | ਢੇਰ ਕਿੱਲੋ ਟਮਾਟਰਾਂ 'ਤੇ ਲੋਕੀਂ ਨੰਗੇ ਪਿੰਡੇ, ਨੰਗੇ ਪੈਰੀਂ ਖੜ੍ਹੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਇਕੱਠੇ ਖੁਸ਼ੀ ਨਾਲ ਮਿੱਧਣ ਲਗਦੇ ਹਨ | ਮੁਆਫ਼ ਕਰਨਾ ਸਾਡੇ ਇਥੇ ਕਈ ਵੱਡੇ ਹੋਟਲਾਂ 'ਚ, ਢਾਬਿਆਂ 'ਚ ਆਟਾ ਵੀ ਇਸੇ ਤਰ੍ਹਾਂ ਮਿੱਧਿਆ (ਗੰੁਨਿਆ) ਜਾਂਦਾ ਹੈ | ਹਾਂ ਸਪੇਨ ਦੇ ਲੋਕੀਂ ਵੀ ਇਕ-ਦੂਜੇ 'ਤੇ ਟਮਾਟਰ ਸੁੱਟਦੇ ਹਨ | ਹਾਏ ਭਾਰਤ ਤੇ ਪਾਕਿਸਤਾਨ ਦੀ ਜਨਤਾ | ਅੱਜਕਲ੍ਹ ਭਾਰਤ 'ਚ ਅਚਾਨਕ ਟਮਾਟਰ 30 ਤੋਂ 40 ਰੁਪਏ ਕਿਲੋ ਹਨ ਤੇ ਪਾਕਿਸਤਾਨ ਵਿਚ 150 ਰੁਪਏ ਕਿਲੋ |
ਖ਼ੈਰ, ਸਾਡਾ ਮੁੱਖ ਵਿਸ਼ਾ ਹੈ ਆਂਡਿਆਂ ਦਾ | ਪੰਜਾਬੀ ਫ਼ਿਲਮ 'ਮਾਮਾ ਜੀ' ਵਿਚ ਗੋਪਾਲ ਸਹਿਗਲ ਦਾ ਰੋਲ ਭੋਲੇ ਭਾਲੇ ਗੁਪਾਲੇ ਦਾ ਸੀ, ਉਹ ਆਪਣੀ ਭੈਣ ਦੇ ਘਰ ਹੀ ਰਹਿੰਦਾ ਸੀ, ਮਾਤਾ-ਪਿਤਾ ਖੁਣੋਂ ਯਤੀਮ ਸੀ, ਉਹਨੂੰ ਸਭੇ ਝੱਲਾ ਸਮਝਦੇ ਸਨ | ਇਕ ਦਿਨ ਸਵੇਰੇ-ਸਵੇਰੇ ਉਹਦੀ ਭੈਣ ਨੇ ਉਹਨੂੰ ਇਕ ਰੁਪਿਆ ਦੇ ਕੇ, ਕਿਹਾ ਗੋਪਾਲਿਆ ਤੇਰੇ ਜੀਜਾ ਜੀ ਨੇ ਕੰਮ 'ਤੇ ਜਾਣਾ ਹੈ, ਉਹਨੂੰ ਇਕ ਰੁਪਏ ਦੇ ਦੋ ਸਿੱਕੇ ਦੇ ਕੇ ਕਿਹਾ, ਜਾਹ ਇਕ ਰੁਪਏ ਦੇ ਆਂਡੇ ਤੇ ਇਕ ਰੁਪਏ ਦੀ ਡਬਲ ਰੋਟੀ ਲੈ ਆ |
ਗੋਪਾਲਾ, ਜੀ ਭੈਣ ਜੀ ਕਹਿ ਕੇ ਚਲਾ ਗਿਆ | ਕਾਫੀ ਦੇਰ ਹੋ ਗਈ, ਉਹ ਮੁੜਿਆ ਨਾ | ਭੈਣ ਵੀ ਕਾਹਲੀ ਪੈ ਗਈ, ਵੇਖਿਆ ਗੋਪਾਲਾ ਲੱਥੇ ਮੰੂਹ ਨਾਲ ਖਾਲੀ ਹੱਥ ਵਾਪਸ ਆ ਗਿਆ | ਭੈਣ ਨੇ ਪੁੱਛਿਆ ਵੇ ਕੀ ਹੋਇਆ ਈ |
ਉਹਨੇ ਜਵਾਬ ਦਿੱਤਾ, 'ਭੈਣ ਜੀ, ਮੈਨੂੰ ਸਮਝ ਹੀ ਨਹੀਂ ਆਈ...ਕਿਹੜੇ ਰੁਪਏ ਦੇ ਆਂਡੇ ਲੈਣੇ ਹਨ ਤੇ ਕਿਹੜੇ ਦੀ ਡਬਲ ਰੋਟੀ |'
ਭੈਣ ਵਿਚਾਰੀ ਕੀ ਕਰੇ |
'ਆਂਡਾ ਇਕ ਹੋਰ ਤਰ੍ਹਾਂ ਵੀ ਬੜਾ ਮਸ਼ਹੂਰ ਹੈ |'
ਇਕ ਮਾਸਟਰ ਜੀ, ਵਿਦਿਆਰਥੀਆਂ ਵਲੋਂ ਲਿਖੇ ਗਏ ਲੇਖ ਦੇ ਪੇਪਰ ਪੜ੍ਹ ਰਹੇ ਸਨ | ਵਿਸ਼ਾ ਇਹ ਸੀ 'ਫੱੁਟਬਾਲ 'ਤੇ ਲੇਖ ਲਿਖੋ |'
ਇਕ ਵਿਦਿਆਰਥੀ ਨੇ ਲੇਖ ਬਸ ਇਕ ਦੋ ਪੈਰਾਗ੍ਰਾਫ਼ 'ਚ ਹੀ ਇਉਂ ਲਿਖਿਆ ਸੀ, 'ਫੱੁਟਬਾਲ ਕਿਉਂ ਗੋਲ ਹੈ? ਕਿਉਂਕਿ ਧਰਤੀ ਵੀ ਗੋਲ ਹੈ | ਬੰਦੇ ਦਾ ਸਿਰ ਵੀ ਗੋਲ ਹੈ, ਡੰਡਾ ਵੀ ਗੋਲ ਹੈ, ਇਸੇ ਲਈ ਫੁੱਟਬਾਲ ਵੀ ਗੋਲ ਹੈ |'
ਮਾਸਟਰ ਜੀ ਨੇ ਉਹਦੇ ਥੱਲੇ ਹੀ ਲਿਖ ਦਿੱਤਾ, 'ਚੰਗੀ ਤਰ੍ਹਾਂ ਵੇਖ, ਸਿਫਰ ਵੀ ਗੋਲ ਹੈ... ਤੈਨੂੰ ਮਿਲਿਆ ਨੰਬਰ ਵੀ ਗੋਲ ਹੈ |'
ਮਾਸਟਰ ਜੀ ਨੇ ਨੰਬਰ ਲਿਖਿਆ ਸੀ, ਸਿਫਰ, ਯਾਨਿ ਜ਼ੀਰੋ... |
* ਇਕ ਭਾਈ ਥੜ੍ਹੀ 'ਤੇ ਦੁਕਾਨ ਲਾਈ ਆਂਡੇ ਵੇਚ ਰਿਹਾ ਸੀ | ਇਕ ਬੜਾ ਚਲਾਕ ਬੁੱਧੀ ਵਾਲਾ ਗਾਹਕ ਆਇਆ, ਉਸ ਨੇ ਭਾਅ ਪੁੱਛਿਆ, ਉਹਨੇ ਕਿਹਾ, '6 ਰੁਪਏ ਦਾ ਇਕ |'
ਉਸ ਨੇ ਇਕ ਆਂਡਾ ਚੁੱਕ ਕੇ ਵੇਖਿਆ, ਉਹਨੇ ਭਾਈ ਨੂੰ ਤਨਜ਼ ਕਰਦਿਆਂ ਆਖਿਆ, 'ਲੈ...ਅ...ਤੇਰਾ ਆਂਡਾ ਤਾਂ ਬਹੁਤ ਛੋਟਾ ਹੈ, ਉਹ ਦੂਜਾ ਆਂਡੇ ਵਾਲਾ ਤਾਂ ਐਨਾ ਮੋਟਾ-ਮੋਟਾ ਆਂਡਾ ਛੇ ਰੁਪਿਆਂ 'ਚ ਵੇਚ ਰਿਹਾ ਹੈ... ਇਸ ਤੋਂ ਡਬਲ |'
ਆਂਡੇ ਵਾਲੇ ਨੇ ਵੀ ਉਸੇ ਲਹਿਜ਼ੇ ਵਿਚ ਜਵਾਬ ਦਿੱਤਾ, 'ਲੈ...ਅ... ਅਸਾਂ ਇਕ ਰੁਪਏ ਬਦਲੇ ਵਿਚਾਰੀ ਕੁੱਕੜੀ ਨੂੰ ਦੁੱਖ ਜ਼ਰੂਰ ਦੇਣਾ ਹੈ |'

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸਰੀਰ ਸਿਹਤਮੰਦ ਤੇ ਅਰੋਗ ਹੋਵੇ ਤਾਂ ਹੀ ਵਿਅਕਤੀ ਰੁਟੀਨ ਠੀਕ ਢੰਗ ਨਾਲ ਨਿਭਾਅ ਸਕਦਾ ਹੈ | ਆਪਣੇ ਕੰਮ ਤੇ ਮਿਹਨਤ ਕਰ ਸਕਦਾ ਹੈ |
• ਖ਼ੁਸ਼ੀ ਦਾ ਸੰਕਲਪ ਸਿਰਜਣਾ ਵਿਚ ਹੈ ਤੇ ਸਿਰਜਣਾ ਕੰਮ ਤੋਂ ਬਿਨਾਂ ਸੰਭਵ ਹੀ ਨਹੀਂ |
• ਅਧਿਆਪਕ ਰਾਹ ਦਿਖਾਉਣ ਦਾ ਕੰਮ ਕਰਦੇ ਹਨ ਪਰ ਚਲਣਾ ਸਾਨੂੰ ਖੁਦ ਹੀ ਪੈਂਦਾ ਹੈ |
• ਆਰਥਿਕ ਮਾਹਿਰਾਂ ਅਨੁਸਾਰ ਜੇ ਕੋਈ ਕੰਮ ਮਨਪ੍ਰਚਾਵੇ, ਸੇਵਾ ਜਾਂ ਸ਼ੌਕ ਨਾਲ ਕੀਤਾ ਜਾਵੇ ਅਤੇ ਉਸ ਰਾਹੀਂ ਧਨ ਦੀ ਪ੍ਰਾਪਤੀ ਨਾ ਹੋਵੇ ਤਾਂ ਉਸ ਨੂੰ ਕੰਮ ਨਹੀਂ ਕਿਹਾ ਜਾਂਦਾ ਪਰ ਜਿਸ ਕੰਮ ਵਿਚ ਮਨਪ੍ਰਚਾਵੇ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਹੋਵੇ ਤਾਂ ਉਹ ਕੰਮ ਬਣ ਜਾਂਦਾ ਹੈ |
• ਮਨੁੱਖ ਦੇ ਸਾਰੇ ਕਾਰਜ ਇਨ੍ਹਾਂ ਸੱਤਾਂ ਵਿਚੋਂ ਕਿਸੇ ਇਕ ਵਜ੍ਹਾ ਕਾਰਨ ਹੁੰਦੇ ਹਨ : ਮੌਕਾ, ਪ੍ਰਕ੍ਰਿਤੀ, ਮਜਬੂਰੀ, ਆਦਤ, ਕਾਰਨ, ਜਨੂੰਨ ਤੇ ਇੱਛਾ |
• ਆਪਣੇ ਕੰਮ ਨੂੰ ਜਲਦੀ ਪੂਰਾ ਕਰਨ ਦੀ ਇੱਛਾ ਵਾਲਾ ਵਿਅਕਤੀ ਨਛੱਤਰਾਂ ਦੀ ਉਡੀਕ ਨਹੀਂ ਕਰਦਾ |
• ਕੰਮ ਕਦੇ ਵੀ ਵੱਧ ਨਹੀਂ ਹੁੰਦਾ | ਚਿੰਤਾ ਉਸ ਨੂੰ ਵੱਧ ਤੋਂ ਵੱਧ ਬਣਾ ਦਿੰਦੀ ਹੈ |
• ਕੋਈ ਵਿਅਕਤੀ ਆਪਣੇ ਕੰਮ ਨਾਲ ਮਹਾਨ ਬਣਦਾ ਹੈ, ਜਨਮ ਤੋਂ ਮਹਾਨ ਨਹੀਂ ਹੁੰਦਾ | • ਸਹੀ ਕੰਮ ਉਹ ਕਲਾ ਹੈ ਜੋ ਸਿਖਲਾਈ ਤੇ ਆਦਤ ਨਾਲ ਆਉਂਦੀ ਹੈ |
• ਆਪਣਾ ਕੰਮ ਸਮੇਂ ਸਿਰ ਕਰਦੇ ਰਹੋ, ਜਿੰਨਾ ਅਸੀਂ ਕਿਸੇ ਕੰਮ ਦੇ ਪ੍ਰਤੀ ਗਹਿਰਾਈ ਵਿਚ ਜਾਂਦੇ ਜਾਵਾਂਗੇ, ਓਨਾ ਹੀ ਅਸੀਂ ਉੱਪਰ ਉਠਦੇ ਜਾਵਾਂਗੇ |
• ਤੁਹਾਡਾ ਅਧਿਕਾਰ ਕਰਮ ਉਤੇ ਹੈ, ਫਲ ਦੀ ਪ੍ਰਾਪਤੀ ਉਤੇ ਬਿਲਕੁਲ ਨਹੀਂ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਕਹਾਣੀ ਜਾਦੂਗਰੀ

 (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਜ ਨਾਜ਼ਰ ਫ਼ੌਜੀ ਨੂੰ ਤਨਖਾਹ ਮਿਲੀ ਸੀ। ਉਸ ਨੇ ਮੈਨੇਜਰ ਤੋਂ ਇਕ ਘੰਟਾ ਪਹਿਲਾਂ ਛੁੱਟੀ ਲੈ ਲਈ ਸੀ। ਸਾਈਕਲ 'ਤੇ ਛਾਉਣੀ ਵਿਚ ਸਿੱਧਾ ਫ਼ੌਜੀ ਕੰਟੀਨ ਵਿਚ ਗਿਆ। ਘਰ ਦਾ ਸਾਰਾ ਸੌਦਾ ਖਰੀਦਿਆ। ਦੋ ਬੋਤਲਾਂ ਰੰਮ ਦੀਆਂ ਖਰੀਦੀਆਂ। ਕੰਟੀਨ ਕੋਲ ਬਣੀ ਬੀਅਰ ਬਾਰ ਵਿਚ ਗਿਆ। ਬੀਅਰ ਬਾਰ ਵਿਚ ਬੈਠ ਕੇ ਇਕ ਪੈੱਗ ਰੰਮ ਦਾ ਲਾਇਆ ਤੇ ਅੰਡਿਆਂ ਦੀ ਭੁਰਜੀ ਖਾਧੀ। ਬਾਰ ਵਿਚ ਪਏ ਟੱਬ 'ਚੋਂ ਖਾਲੀ ਅਧੀਆ ਚੁੱਕਿਆ। ਫਿਰ ਬੋਤਲ ਵਿਚੋਂ ਅਧੀਆ ਭਰ ਲਿਆ। ਸਾਈਕਲ 'ਤੇ ਲੱਤ ਦੇ ਕੇ ਪਿੰਡ ਨੂੰ ਤੁਰ ਪਿਆ। ਦਿਨ ਅਜੇ ਚਲਕੋਰੀ ਖੜ੍ਹਾ ਸੀ। ਮਿੱਠੂ ਤੇ ਉਸ ਦੇ ਨਾਲ ਦੋ ਛੋਹਰ ਅਜੇ ਇੱਜੜ ਬਹਾਈ ਬੈਠੇ ਸਨ, ਬਸ ਤੁਰਨ ਦੀ ਤਿਆਰੀ ਕਰੀ ਜਾਂਦੇ ਸਨ। ਨਾਜ਼ਰ ਫ਼ੌਜੀ ਵੀ ਉਨ੍ਹਾਂ ਕੋਲ ਆ ਕੇ ਸਾਈਕਲ ਤੋਂ ਉੱਤਰ ਖੜ੍ਹਾ ਹੋ ਗਿਆ। ਮਿੱਠੂ ਨੂੰ ਬੋਲਿਆ, 'ਸੁਣਾ ਬਈ ਮਿੱਠੂ ਭਤੀਜ ਕਿਵੇਂ ਆਂ?'
'ਠੀਕ ਐ ਫ਼ੌਜੀ ਚਾਚਾ, ਸਾਸਰੀ ਕਾਲ।'
'ਸਾਸਰੀ ਕਾਲ! ਉਰ੍ਹੇ ਆ। ਐਥੇ ਬੈਠ ਤੈਨੂੰ ਤੋਹਫ਼ਾ ਦੇਵਾਂ।'
ਫ਼ੌਜੀ ਨੇ ਰੰਮ ਦਾ ਅਧੀਆ ਕੱਢ ਕੇ ਮਿੱਠੂ ਨੂੰ ਫੜਾਇਆ। ਮਿੱਠੂ ਬਾਗੋ-ਬਾਗ ਹੋ ਗਿਆ। ਫ਼ੌਜੀ ਨੂੰ ਆਖਣ ਲੱਗਾ, 'ਇਹ ਕਿੰਨੀ ਕੀਮਤ ਦਾ ਐ ਚਾਚਾ ਜੀ।'
'ਓਏ ਏਹੋ ਜਿਹੀਆਂ ਚੀਜ਼ਾਂ ਦੀ ਕੀਮਤ ਨਹੀਂ ਪੁੱਛੀਦੀ ਹੁੰਦੀ। ਤੂੰ ਜਿੰਨੇ ਖ਼ੁਸ਼ੀ ਨਾਲ ਦੇਵੇਂਗੇ, ਓਨੇ ਹੀ ਲੈ ਲਵਾਂਗਾ।'
'ਨਹੀਂ ਫੇਰ ਵੀ ਕਿੰਨੇ ਦਾ ਹੈ?'
'ਯਾਰ, ਬੰਦੇ ਦੀ ਜ਼ਬਾਨ ਹੁੰਦੀ ਐ। ਜਦੋਂ ਤੈਨੂੰ ਆਖ ਈ ਦਿੱਤਾ। ਤੂੰ ਜਿੰਨੇ ਦੇਵੇਂਗਾ ਲੈ ਲਵਾਂਗਾ। ਜਦ ਤੇਰੇ ਕੋਲ ਹੋਏ ਦੇ ਦੇਵੀਂ। ਯਾਰੀ ਐ ਯਾਰ ਕੋਈ ਛੋਲਿਆਂ ਦਾ ਵੱਢ ਐ।'
ਮਿੱਠੂ ਨੂੰ ਕੋਈ ਅਨੂਠੀ ਖ਼ੁਸ਼ੀ ਚੜ੍ਹ ਗਈ। ਉਹ ਆਪਣੇ ਨਾਲ ਦੇ ਛੋਹਰ ਨੂੰ ਬੋਲਿਆ, 'ਓ ਬਚੀ। ਔ ਨਲਕੇ ਤੋਂ ਨਾਲੇ ਬਾਟੀ ਧੋ ਲਿਆ, ਨਾਲੇ ਪਤੀਲੀ ਠੰਢੇ ਪਾਣੀ ਦੀ ਭਰ ਲਿਆ।'
'ਮੁੰਡੇ ਨੇ ਕੁੰਡੇ ਵਾਲੀ ਪਤੀਲੀ ਠੰਢੇ ਪਾਣੀ ਦੀ ਭਰ ਲਿਆਂਦੀ। ਨਲਕਾ ਨਹਿਰ ਦੇ ਕਿਨਾਰੇ ਲੱਗਿਆ ਹੋਣ ਕਰਕੇ ਪਾਣੀ ਬਰਫ਼ ਤੋਂ ਵੀ ਠੰਢਾ ਨਿਕਲਦਾ ਸੀ। ਮਿੱਠੂ ਨੇ ਜਦ ਰੰਮ ਦਾ ਅਧੀਆ ਖੋਲ੍ਹਿਆ ਤਾਂ ਰੰਮ ਦੀ ਖੁਸ਼ਬੂ ਨਾਲ ਹੀ ਖਿੜ੍ਹ ਗਿਆ। ਫ਼ੌਜੀ ਥੱਲੇ ਹੀ ਘਾਹ 'ਤੇ ਬੈਠ ਗਿਆ ਸੀ। ਮਿੱਠੂ ਨੇ ਜਦ ਬਾਟੀ 'ਚ ਪਾ ਕੇ ਪੈੱਗ ਪੀ ਲਿਆ ਤਾਂ ਬੋਲਿਆ, 'ਚਾਚਾ ਫ਼ੌਜੀਆ ਜਿਊਂਦਾ ਰਹਿ। ਇਹ ਸ਼ਿਵ ਜੀ ਮਹਾਰਾਜ ਦਾ ਸੋਮਰਸ ਤਾਂ ਅੱਜ ਬੜੇ ਚਿਰਾਂ ਮਗਰੋਂ ਮਿਲਿਆ ਹੈ। ਤੇਰਾ ਬੱਚਾ ਜਿਊਂਦਾ ਰਹੇ।'
ਦੂਜੇ ਪੈੱਗ ਨਾਲ ਜਦ ਮਿੱਠੂ ਝੂਮਣ ਲੱਗ ਪਿਆ ਤਾਂ ਨਾਜ਼ਰ ਫ਼ੌਜੀ ਸਾਈਕਲ 'ਤੇ ਲੱਤ ਦੇ ਕੇ ਪਿੰਡ ਨੂੰ ਚਲਦਾ ਬਣਿਆ।
ਹੁਣ ਜੇ ਕਦੇ ਨਾਜ਼ਰ ਫ਼ੌਜੀ ਨੂੰ ਡਿਊਟੀ 'ਤੇ ਜਾਂਦੇ ਨੂੰ ਮਿੱਠੂ ਇੱਜੜ ਲਈ ਜਾਂਦਾ ਮਿਲ ਪੈਂਦਾ ਤਾਂ ਉਹ ਉਸ ਨੂੰ ਰਸਮੀ ਬੁਲਾ ਕੇ ਲੰਘ ਜਾਂਦਾ। ਤੀਜੇ-ਚੌਥੇ ਦਿਨ ਸ਼ਾਮ ਨੂੰ ਨਾਜ਼ਰ ਸਾਈਕਲ ਭਜਾਈ ਪਿੰਡ ਨੂੰ ਆਉਂਦਾ ਸੀ। ਪਟੜੀ ਤੋਂ ਹਟਵਾਂ ਮਿੱਠੂ ਤੇ ਉਸ ਦਾ ਚੇਲਾ ਇੱਜੜ ਖੜ੍ਹਾਈ ਖੜ੍ਹੇ ਸਨ। ਕੋਲ ਮੋਪਡ ਦੇ ਮਗਰ ਲੱਕੜ ਦੀ ਪੇਟੀ ਬੰਨ੍ਹੀ ਰਾਜੂ ਕਸਾਈ ਖੜ੍ਹਾ ਸੀ। ਰਾਜੂ ਕਸਾਈ, ਮਿੱਠੂ ਨਾਲ ਇਕ ਬੱਕਰੇ ਦਾ ਸੌਦਾ ਕਰੀ ਜਾਂਦਾ ਸੀ। ਸਾਈਕਲ ਤੋਂ ਉੱਤਰ ਕੇ ਨਾਜ਼ਰ ਫ਼ੌਜੀ ਵੀ ਉਨ੍ਹਾਂ ਕੋਲ ਖੜ੍ਹ ਗਿਆ। ਮਿੱਠੂ ਨੇ ਫ਼ੌਜੀ ਨੂੰ ਫਤਹਿ ਕਹੀ, ਮਗਰੇ ਹੀ ਰਾਜੂ ਕਸਾਈ ਨੇ ਵੀ ਉਸ ਨੂੰ ਫਤਹਿ ਕਹੀ। ਮਿੱਠੂ ਤੇ ਰਾਜੂ ਕਸਾਈ ਬੱਕਰੇ ਦਾ ਸੌਦਾ ਕਰਦੇ ਝਗੜ ਰਹੇ ਸਨ। ਮਿੱਠੂ ਨੇ ਬੱਕਰੇ ਦਾ ਮੁੱਲ 4 ਹਜ਼ਾਰ ਰੁਪਿਆ ਕੀਤਾ ਸੀ। ਰਾਜੂ ਕਸਾਈ ਨੇ ਬੱਕਰੇ ਦਾ ਢਾਈ ਹਜ਼ਾਰ ਲਾਇਆ ਸੀ। ਹੌਲੀ-ਹੌਲੀ ਸਵਾ ਤਿੰਨ ਹਜ਼ਾਰ 'ਤੇ ਆ ਗਿਆ ਤੇ ਰਾਜੂ ਕਸਾਈ ਨੇ ਬੱਕਰੇ ਦਾ ਪੌਣੇ ਤਿੰਨ ਹਜ਼ਾਰ ਰੁਪਿਆ ਲਾ ਦਿੱਤਾ। ਹੁਣ ਦੋਵੇਂ ਆਪਣੀ-ਆਪਣੀ ਥਾਂ ਅੜ ਗਏ। ਫਿਰ ਕੋਲ ਖੜ੍ਹਾ ਨਾਜ਼ਰ ਫ਼ੌਜੀ ਬੋਲਿਆ, 'ਅਰੇ ਓ ਬਾਤ ਸੁਨੋ ਮੁੰਡਿਓ। ਮੈਂ ਕਰਾਂ ਫੈਸਲਾ ਜੋ ਮੰਨੋਗੇ?'
ਦੋਵੇਂ ਆਖਣ ਲੱਗੇ ਕਿ ਹਾਂ ਜੀ ਮੰਨ ਲਵਾਂਗੇ। ਨਾਜ਼ਰ ਫ਼ੌਜੀ ਰਾਜੂ ਕਸਾਈ ਨੂੰ ਬੋਲਿਆ, 'ਦੇਖ ਬਈ, ਮੈਨੂੰ ਦੋਵੇਂ ਇਕੋ ਜਿਹੇ ਹੋ। ਮਿੱਠੂ ਤੂੰ ਆ ਗਿਐ ਸਵਾ ਤਿੰਨ ਹਜ਼ਾਰ 'ਤੇ ਅਤੇ ਰਾਜੂ ਤੂੰ ਪੌਣੇ ਤਿੰਨ ਹਜ਼ਾਰ ਦਿੰਦਾ ਹੈਂ। ਐਂ ਕਰ ਰਾਜੂ ਲਿਆ ਪੂਰਾ ਤਿੰਨ ਹਜ਼ਾਰ ਫੜਾ। ਹੁਣ ਦੋਵੇਂ ਬੋਲਿਓ ਨਾ-ਠੀਕ ਐ?'
ਦੋਵੇਂ ਚੁੱਪ ਕਰ ਗਏ। ਰਾਜੂ ਨੇ ਤਿੰਨ ਹਜ਼ਾਰ ਰੁਪਏ ਦੇ ਨੋਟ ਗਿਣ ਕੇ ਫ਼ੌਜੀ ਨੂੰ ਫੜਾ ਦਿੱਤੇ। ਉਸ ਨੇ ਗਿਣ ਕੇ ਜੇਬ ਵਿਚ ਪਾ ਲਏ। ਰਾਜੂ ਨੇ ਬੱਕਰਾ ਫੜ ਕੇ ਨੂੜ ਕੇ ਮੋਪਡ ਦੇ ਮਗਰ ਪੇਟੀ ਵਿਚ ਰੱਖ ਕੇ ਰੱਸਿਆਂ ਨਾਲ ਬੰਨ੍ਹ ਲਿਆ ਅਤੇ ਮੋਪਡ ਸਟਾਰਟ ਕਰ ਕੇ ਚਲਦਾ ਬਣਿਆ। ਨਾਜ਼ਰ ਫ਼ੌਜੀ, ਮਿੱਠੂ ਨੂੰ ਬੋਲਿਆ, 'ਦੇਖ ਐਸਾ ਕਰ ਮਿੱਠੂ ਸਿੰਘ। ਇਹ ਰੁਪਏ ਮੈਨੂੰ ਚਾਹੀਦੇ ਹਨ, ਮੇਰਾ ਇਕ ਕੰਮ ਖੜ੍ਹਾ ਹੈ। ਅੱਜ ਉਨੱਤੀ ਤਰੀਕ ਹੈ। ਤੇਰਾ ਇਕ ਤਰੀਕ ਸ਼ਾਮ ਨੂੰ ਮੈਂ ਇਹ ਤਿੰਨ ਹਜ਼ਾਰ ਰੁਪਿਆ ਵਾਪਸ ਕਰ ਦੇਵਾਂਗਾ। ਪਹਿਲੀ ਤਰੀਕ ਨੂੰ ਮੈਨੂੰ ਤਨਖਾਹ ਮਿਲ ਜਾਂਦੀ ਹੈ। ਇਕੱਤੀ ਦਾ ਮਹੀਨਾ ਹੈ, ਸਮਝ ਤਿੰਨ ਦਿਨ ਹੀ ਰਹਿ ਗਏ ਹਨ।'
ਮਿੱਠੂ ਢਿੱਲੇ ਜੇ ਬੁੱਲ੍ਹ ਕਰਕੇ ਕਹਿੰਦਾ, 'ਚੰਗਾ ਜੀ।'
ਤਿੰਨ ਦਿਨ ਤਾਂ ਫ਼ੌਜੀ ਪਟੜੀ-ਪਟੜੀ ਲੰਘਦਾ ਮਿੱਠੂ ਨੂੰ ਬੁਲਾ ਕੇ ਲੰਘਦਾ ਰਿਹਾ। ਜਦ ਪਹਿਲੀ ਤਰੀਕ ਆਈ ਤਾਂ ਫ਼ੌਜੀ ਰਾਹ ਬਦਲ ਕੇ ਕਿਸੇ ਹੋਰ ਪਿੰਡ ਵਿਚਦੀ ਵਿੰਗ ਪਾ ਕੇ ਸ਼ਹਿਰ ਡਿਊਟੀ 'ਤੇ ਜਾਣ ਲੱਗ ਪਿਆ। ਜਦ ਤਿੰਨ-ਚਾਰ ਤਰੀਕ ਆ ਗਈ ਤਾਂ ਫ਼ੌਜੀ, ਮਿੱਠੂ ਨੂੰ ਨਾ ਟੱਕਰਿਆ। ਮਿੱਠੂ ਨੂੰ ਪਿੱਸੂ ਪੈ ਗਏ। ਉਹ ਸ਼ਾਮ ਨੂੰ ਹਨੇਰੇ ਹੋਏ ਇੱਜੜ ਵਾੜੀ ਵਿਚ ਵਾੜ ਕੇ ਨਾਜ਼ਰ ਫ਼ੌਜੀ ਦੇ ਘਰ ਆਇਆ। ਮਿੱਠੂ ਨੇ ਕੁੰਡਾ ਖੜਕਾਇਆ। ਫ਼ੌਜੀ ਨੇ ਬਾਰ ਖੋਲ੍ਹਿਆ। ਅੱਗੇ ਮਿੱਠੂ ਖੜ੍ਹਾ ਸੀ। ਫ਼ੌਜੀ ਥੋੜ੍ਹਾ ਰੁੱਖਾ ਬੋਲਿਆ, 'ਆ ਬਈ ਮਿੱਠੂ?'
'ਚਾਚਾ ਜੀ ਸਾਸਰੀਕਾਲ! ਤੂੰ ਅਧੀਏ ਦਾਰੂ ਦੇ ਪੈਸੇ ਕੱਟ ਕੇ ਬਾਕੀ ਰੁਪਈਏ ਮੈਨੂੰ ਦੇ ਦੇ।'
'ਇਸ ਵਕਤ ਮਿੱਠੂ ਮੇਰੇ ਪਾਸ ਨਹੀਂ ਹਨ। ਕਈ ਗੱਲਾਂ ਹੁੰਦੀਆਂ ਹਨ, ਤੂੰ ਸੁਬ੍ਹਾ ਲੈ ਜਾਵੀਂ।'
'ਸੁਬ੍ਹਾ ਤਾਂ ਜੀ ਮੈਂ ਮਾਲ ਲੈ ਕੇ ਜਾਣਾ ਹੁੰਦਾ ਹੈ।'
'ਤੋ ਐਸਾ ਕਰੀਂ ਆਪਣੀ ਪਤਨੀ ਮੇਰੀ ਨੂੰਹ ਨੂੰ ਭੇਜ ਦੇਵੀਂ, ਮੈਂ ਪੈਸੇ ਦੇ ਦੇਵਾਂਗਾ।'
ਮਿੱਠੂ ਢਿੱਲਾ ਜੇਹਾ ਹੋ ਕੇ ਮੁੜ ਗਿਆ।
ਸੁਬ੍ਹਾ ਸਦੇਹਾਂ ਹੀ ਮਿੱਠੂ ਦੀ ਘਰਵਾਲੀ ਕਰਮੋ ਭਖੀ ਭਖਾਈ ਆਈ। ਫ਼ੌਜੀ ਦਾ ਬਾਰ ਖੜਕਾਇਆ। ਕੁੱਤਾ ਭੌਂਕਦਾ ਸੁਣ ਕੇ ਬਾਰ ਵਿਚ ਹੀ ਖੜ੍ਹ ਗਈ। ਫ਼ੌਜੀ ਡਿਊਟੀ 'ਤੇ ਜਾਣ ਲਈ ਤਿਆਰ ਹੋਈ ਜਾਂਦਾ ਸੀ। ਉਹ ਬਾਰ ਵਿਚ ਆਇਆ ਤੇ ਬਾਰ ਖੋਲ੍ਹਿਆ। ਸਾਹਮਣੇ ਕਰਮੋ ਖੜ੍ਹੀ ਸੀ। ਫ਼ੌਜੀ ਬੋਲਿਆ, 'ਆ ਭਾਈ ਕਿਵੇਂ ਆਈਂ?'
'ਚਾਚਾ, ਤੂੰ ਪੰਜ ਸੌ ਰੁਪਿਆ ਕੱਟ ਕੇ ਢਾਈ ਹਜ਼ਾਰ ਰੁਪਿਆ ਮੈਨੂੰ ਦੇ ਦੇ। ਉਹ ਪੰਜ ਸੌ ਮੈਂ ਚਾਚੀ ਦੇ ਦੇਣਾ ਸੀ।'
'ਔਰ ਭਾਈ ਬੋਤਲ ਰੰਮ ਕੀ ਨਹੀਂ ਯਾਦ? ਜੁ ਮੈਂ ਮਿੱਠੂ ਨੂੰ ਦਿੱਤੀ ਸੀ?'
ਕਰਮੋ ਗੁੱਸੇ ਨਾਲ ਬੋਲੀ, 'ਬੋਤਲ ਕਦੋਂ ਸੀ ਚਾਚਾ। ਕਿਉਂ ਝੂਠ ਮਾਰਦੈਂ। ਮਿੱਠੂ ਤਾਂ ਮੈਨੂੰ ਅਧੀਆ ਆਖਦਾ ਸੀ।'
'ਠੀਕ ਹੈ, ਮੰਨ ਗਈ ਨਾ। ਚਾਚੀ ਦੇ ਪੈਸਿਆਂ ਨਾਲ ਇਹ ਨਾ ਕਿਹਾ ਕਿ ਚਾਚਾ ਅਧੀਏ ਦੇ ਪੈਸੇ ਕੱਟ ਲੈ?'
ਹੁਣ ਕਰਮੋ ਗੱਲ ਬਦਲ ਗਈ ਤੇ ਲੋਹੀ-ਲਾਖੀ ਹੋਈ ਬੋਲੀ, 'ਤੂੰ ਚਾਚਾ ਸਾਡੇ ਨਾਲ ਚੰਗੀ ਕੀਤੀ। ਤੂੰ ਉਹਨੂੰ ਪਹਿਲੀ ਤਰੀਕ ਨੂੰ ਕਿਹਾ ਸੀ ਤੇ ਅੱਜ ਪੰਜ ਤਾਰੀਕ ਆ ਗਈ ਹੈ।'
'ਔਰ ਤੁਮਨੇ ਆਪਨੀ ਚਾਚੀ ਕੇ ਸਾਥ ਕਿਆ ਕੀਤੀ ਸੀ?'
ਕਰਮੋ ਬੁੜਬੁੜ ਕਰਦੀ ਰਹੀ। ਫਿਰ ਫ਼ੌਜੀ ਬੋਲਿਆ, 'ਯਹਾਂ ਪਰ ਰੁਕੋ। ਮੈਂ ਰੁਪਏ ਲੇ ਕਰ ਆਤਾ ਹੂੰ।'
ਕਰਮੋ ਢਿੱਲੇ ਜੇ ਬੁੱਲ੍ਹ ਕਰੀ ਖੜ੍ਹੀ ਸੀ।
ਫ਼ੌਜੀ ਅੰਦਰ ਗਿਆ ਤੇ ਦੋ ਹਜ਼ਾਰ ਦੇ ਨੋਟ ਲੈ ਆਇਆ। ਕਰਮੋ ਨੂੰ ਬੋਲਿਆ, 'ਲੇ ਦੋ ਹਜ਼ਾਰ ਰੁਪਿਆ। ਪੰਜ ਸੌ ਤੇਰੀ ਚਾਚੀ ਵਾਲਾ ਕੱਟ ਲਿਆ ਤੇ ਸੌ ਰੁਪਏ ਦਾ ਅਧੀਆ ਰੰਮ ਦਾ ਹੈ। ਰਹਿ ਗਿਆ ਚਾਰ ਸੌ ਰੁਪਿਆ। ਉਹ ਤੈਨੂੰ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਮਿਲ ਜਾਵੇਗਾ।'
ਕਰਮੋ ਔਖੀ ਜੇਹੀ ਬੋਲਣ ਲੱਗੀ। ਲੜਨ ਦੀ ਕੋਸ਼ਿਸ਼ ਕਰਨ ਲੱਗੀ। ਫ਼ੌਜੀ ਆਖਣ ਲੱਗਾ, 'ਓ ਲੜਕੀ! ਵਧ ਘਟ ਨਾ ਬੋਲੀਂ, ਮੈਂ ਮਿਲਟਰੀਮੈਨ ਹੂੰ। ਥਾਣੇ ਫੜਾ ਦੇਵਾਂਗਾ। ਔਰ ਜ਼ਮਾਨਤ ਨਹੀਂ ਹੋਨੇ ਦੂੰਗਾ, ਸਮਝੀ?'
ਕਰਮੋ ਬੁੜਬੁੜ ਕਰਦੀ ਵੀਹੀ ਵਿਚ ਮੁੜੀ ਜਾਂਦੀ ਸੀ। ਫ਼ੌਜੀ ਨੇ ਆਪਣਾ ਗੇਟ ਬੰਦ ਕਰ ਲਿਆ। ਜਦ ਉਹ ਵਿਹੜੇ ਵਿਚ ਆਇਆ ਤਾਂ ਸੰਤੀ ਖੂੰਡੀ ਦੇ ਸਹਾਰੇ ਖੜ੍ਹੀ ਮੁਸਕਰਾ ਰਹੀ ਸੀ। ਨਾਜ਼ਰ ਫ਼ੌਜੀ ਆਪਣੀ ਘਰਵਾਲੀ ਸੰਤੀ ਨੂੰ ਮੁਖਾਤਿਬ ਹੋਇਆ, 'ਅਰੇ ਓ ਅਨਪੜ੍ਹ ਖਾਤੂਨ! ਤੇਰੇ ਕੋ ਸਾਰੀ ਉਮਰ ਜਾਦੂਗਰੀ ਨਹੀਂ ਆਈ।'
(ਸਮਾਪਤ)

-ਪਿੰਡ ਤੇ ਡਾਕ: ਪੂਹਲਾ, ਰਾਹੀਂ ਨਥਾਣਾ, ਜ਼ਿਲ੍ਹਾ ਬਠਿੰਡਾ।
ਮੋਬਾਈਲ : 81969-35531.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX