ਤਾਜਾ ਖ਼ਬਰਾਂ


ਚੱਲਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਧਾਰੀਵਾਲ, 17 ਨਵੰਬਰ (ਜੇਮਸ ਨਾਹਰ) - ਅੱਜ ਦੇਰ ਸ਼ਾਮ ਕਰੀਬ 7 ਵਜੇ ਕੌਮੀ ਸ਼ਾਹ ਮਾਰਗ ਬਟਾਲਾ-ਪਠਾਨਕੋਟ ਜੀ.ਟੀ ਰੋਡ 'ਤੇ ਇਕ ਚਲਦੀ ਕਾਰ ਨੂੰ ਕਿਸੇ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਭਿਆਨਕ ਅੱਗ ਲੱਗ ਜਾਣ ਅਤੇ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਜਾਣ ਦੀ...
ਬਟਾਲਾ 'ਚ ਮਾਮੇ ਨੇ ਭਣੇਵੀਂ ਨੂੰ ਗੋਲੀ ਮਾਰ ਆਪ ਕੀਤੀ ਆਤਮ ਹੱਤਿਆ
. . .  1 day ago
ਬਟਾਲਾ, 17 ਨਵੰਬਰ (ਕਾਹਲੋਂ) - ਬਟਾਲਾ ਦੇ ਇੱਕ ਮੁਹੱਲੇ 'ਚ ਇੱਕ ਵਿਅਕਤੀ ਵੱਲੋਂ ਇੱਕ ਲੜਕੀ ਨੂੰ ਗੋਲੀ ਮਾਰਨ ਦੀ ਖ਼ਬਰ ਹੈ। ਬਾਅਦ 'ਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ...
ਆਈ.ਈ.ਡੀ ਧਮਾਕੇ 'ਚ ਹੌਲਦਾਰ ਸ਼ਹੀਦ
. . .  1 day ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ 'ਚ ਅੱਤਵਾਦੀਆਂ ਵੱਲੋਂ ਕੀਤੇ ਆਈ.ਈ.ਡੀ ਧਮਾਕੇ 'ਚ ਹੌਲਦਾਰ ਸੰਤੋਸ਼ ਕੁਮਾਰ ਸ਼ਹੀਦ ਹੋ...
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ, ਨੌਕਰੀ ਤੇ ਪੈਨਸ਼ਨ ਦੇਣ ਦਾ ਐਲਾਨ
. . .  1 day ago
ਲਹਿਰਾਗਾਗਾ, 17 ਨਵੰਬਰ (ਸੂਰਜ ਭਾਨ ਗੋਇਲ,ਅਸ਼ੋਕ ਗਰਗ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿਚ...
ਕੈਨੇਡਾ-ਸੁਲਤਾਨਪੁਰ ਲੋਧੀ ਬੱਸ ਦਾ ਭਾਰਤ ਪਹੁੰਚਣ ਤੇ ਨਿੱਘਾ ਸਵਾਗਤ
. . .  1 day ago
ਅਟਾਰੀ, 17 ਨਵੰਬਰ (ਰੁਪਿੰਦਰਜੀਤ ਸਿੰਘ ਭਕਨਾ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਕੈਨੇਡਾ ਦੇ ਇੱਕ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ...
ਪਿੰਡ ਮਸਤਗੜ੍ਹ 'ਚ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ, ਤਿੰਨ ਗੰਭੀਰ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 17 ਨਵੰਬਰ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਸਤਗੜ੍ਹ ਵਿਖੇ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ 'ਚ ਦੋ ਬਜ਼ੁਰਗ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ...
ਸਰਦੀਆਂ ਦੇ ਮੌਸਮ ਕਾਰਨ ਬੰਦ ਬਦਰੀਨਾਥ ਮੰਦਰ ਦੇ ਕਪਾਟ
. . .  1 day ago
ਦੇਹਰਾਦੂਨ, 17 ਨਵੰਬਰ- ਬਦਰੀਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਕਾਰਨ ਅੱਜ 6 ਮਹੀਨਿਆਂ ਲਈਂ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਮੰਦਰ...
ਸ਼ੱਕੀ ਹਾਲਤਾਂ 'ਚ 26 ਸਾਲਾਂ ਨੌਜਵਾਨ ਦੀ ਹੋਈ ਮੌਤ
. . .  1 day ago
ਗੁਰੂ ਹਰਸਹਾਏ, 17 ਨਵੰਬਰ (ਕਪਿਲ ਕੰਧਾਰੀ)- ਅੱਜ ਗੁਰੂ ਹਰ ਸਹਾਏ ਵਿਖੇ ਸ਼ੱਕੀ ਹਾਲਤਾਂ 'ਚ ਇਕ 26 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ...
ਨਸ਼ਾ ਕਰਨ ਵਾਲੇ ਥਾਣੇਦਾਰ ਸਮੇਤ ਦੋ ਪੁਲਿਸ ਮੁਲਾਜ਼ਮ ਕੀਤੇ ਗਏ ਨੌਕਰੀ ਤੋਂ ਬਰਖ਼ਾਸਤ
. . .  1 day ago
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)- ਕੁੱਝ ਦਿਨ ਪਹਿਲਾਂ ਥਾਣਾ ਪੱਟੀ ਵਿਖੇ ਤਾਇਨਾਤ ਇਕ ਏ.ਐੱਸ.ਆਈ. ਅਤੇ ਹਵਾਲਦਾਰ ਦੇ ਜਵਾਨ ਦੀ ਨਸ਼ੇ ਦੀ ਵਰਤੋਂ ਕਰਦਿਆਂ...
ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ 'ਚ ਧਮਾਕਾ, ਤਿੰਨ ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਪੈਂਦੇ ਅਖਨੂਰ ਸੈਕਟਰ 'ਚ ਅੱਜ ਹੋਏ ਇੱਕ ਸ਼ੱਕੀ ਧਮਾਕੇ 'ਚ ਫੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫੌਜ ਦੇ ਸੂਤਰਾਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ: ਪਹਿਲੀ ਵਾਰ ਸੌ ਦਾ ਨੋਟ ਵੇਖਿਆ

ਪਾਕਿਸਤਾਨ ਬਣਨ ਤੋਂ ਪਹਿਲਾਂ ਵਾਲੇ ਪੰਜਾਬ ਵਿਚ ਦਸ ਰੁਪਏ ਦਾ ਨੋਟ ਬੜੀ ਕੀਮਤ ਰੱਖਦਾ ਸੀ | ਜੇਕਰ ਦਸ ਦਾ ਨੋਟ ਤੁੜਾਣਾ ਹੋਵੇ ਤਾਂ ਪੂਰੇ ਪਿੰਡ ਦੀਆਂ ਹੱਟੀਆਂ ਦੇ ਗੇੜੇ ਮਾਰਨੇ ਪੈਂਦੇ ਸੀ | ਅਸੀਂ ਸਕੂਲ ਦੀ ਫੀਸ ਪੈਸਿਆਂ ਨਾਲ ਅਦਾ ਕਰਦੇ ਹੁੰਦੇ ਸੀ | ਉਦੋਂ ਇਕ ਰੁਪਏ ਦੀਆਂ ਦੋ ਅਠਿਆਨੀਆਂ ਹੁੰਦੀਆਂ ਸਨ | ਚਾਰ ਚਵਾਨੀਆਂ, ਅੱਠ ਦਵਾਨੀਆਂ, ਇਕ ਦਵਾਨੀ ਦੇ ਦੋ ਆਨੇ, ਇਕ ਆਨੇ ਦੋ ਦੋ ਟਕੇ, ਇਕ ਟਕੇ ਦੇ ਦੋ ਪੈਸੇ, ਇਕ ਪੈਸੇ ਦੇ ਦੋ ਧੇਲੇ, ਅੱਗੋਂ ਪਾਈਆਂ ਸਾਡੇ ਸਰਕਾਰੀ ਸਕੂਲ ਦੀ ਫੀਸ ਦੇ ਪੈਸੇ ਮਹੀਨਾ ਹੁੰਦੀ ਸੀ | ਪੰਜਵੀਂ ਤੋਂ ਫੀਸ ਵਧ ਜਾਂਦੀ ਸੀ | ਏਨੀ ਘੱਟ ਫੀਸ ਹੋਣ ਦੇ ਬਾਵਜੂਦ ਕਈ ਮੰੁਡੇ ਫੀਸ ਨਹੀਂ ਸਨ ਦੇ ਸਕਦੇ | ਉਹ ਕਦੇ ਦਾਣੇ ਲੈ ਆਉਂਦੇ, ਸਾਡੇ ਮਾਸਟਰ ਸਾਹਬ ਕੋਈ ਨਾ ਕੋਈ ਜੁਗਾੜ ਕਰਕੇ ਫੀਸ ਪੂਰੀ ਕਰ ਦਿੰਦੇ ਸੀ, ਗਰੀਬ ਮੁੰਡਿਆਂ ਦੀ | ਮੈਂ ਪੰਜ ਰੁਪਏ ਦਾ ਨੋਟ ਵੇਖਿਆ ਸੀ ਪਰ ਸੌ ਰੁਪਏ ਦਾ ਨੋਟ ਹੁੰਦਾ ਹੈ, ਇਹ ਸੁਣਿਆ ਤਾਂ ਸੀ ਪਰ ਵੇਖਿਆ ਨਹੀਂ ਸੀ | ਸੌ ਦਾ ਨੋਟ ਮੈਂ ਕਦੋਂ ਵੇਖਿਆ ਪੂਰੀ ਤਫਸੀਲ ਨਾਲ ਦੱਸਦਾ ਹਾਂ | ਪਾਕਿਸਤਾਨ ਤੋਂ ਆ ਕੇ ਅਸੀਂ ਅਲਵਰ ਜ਼ਿਲ੍ਹੇ ਦੇ ਕਾਰੋਲੀ ਖ਼ਾਲਸਾ ਨਾਂਅ ਦੇ ਪਿੰਡ ਵਸ ਗਏ | ਜ਼ਮੀਨ ਪਥਰੀਲੀ ਹੋਣ ਕਰਕੇ ਖੇਤੀ ਦਾ ਕੰਮ ਛੱਡ ਕੇ ਅਸੀਂ ਕਰਨਾਲ (ਹੁਣ ਹਰਿਆਣਾ) ਆ ਕੇ ਵਸ ਗਏ |
ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀ | ਅੱਜ ਦਾ ਹਿਮਾਚਲ, ਹਰਿਆਣਾ ਪੰਜਾਬ ਦਾ ਹਿੱਸਾ ਹੁੰਦੇ ਸਨ | ਪੰਜਾਬ ਸਰਕਾਰ ਵਲੋਂ ਕਵਿਤਾ ਮੁਕਾਬਲੇ ਕਰਵਾਏ ਜਾਂਦੇ ਸੀ | ਇਹ ਕਵਿਤਾ ਮੁਕਾਬਲੇ ਆਪ ਰਚੀ ਕਵਿਤਾ ਦੇ ਮੁਕਾਬਲੇ | ਪਹਿਲਾਂ ਜ਼ਿਲ੍ਹਾ ਪੱਧਰ ਦੇ ਹੁੰਦੇ, ਜਿਨ੍ਹਾਂ ਵਿਚ ਪਹਿਲੀ ਪੁਜ਼ੀਸ਼ਨ ਦਾ ਜੇਤੂ ਡਵੀਜ਼ਨ ਪੱਧਰ ਦੇ ਕਵਿਤਾ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਡਵੀਜ਼ਨ ਪੱਧਰ ਦਾ ਪਹਿਲੀ ਪੁਜ਼ੀਸ਼ਨ ਵਾਲਾ ਜੇਤੂ ਸਟੇਟ ਲੈਵਲ ਦੇ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਇਹ ਗੱਲ 1960 ਦੀ ਹੈ | ਉਦੋਂ ਮੈਂ ਕਰਨੈਲ ਸਿੰਘ ਪੰਛੀ ਦੇ ਨਾਂਅ ਹੇਠ ਲਿਖਦਾ ਹੁੰਦਾ ਸੀ | ਮੈਂ ਕਰਨਾਲ ਜ਼ਿਲ੍ਹੇ 'ਚੋਂ ਅੱਵਲ, ਅੰਬਾਲਾ ਡਵੀਜ਼ਨ ਵਿਚੋਂ ਅੱਵਲ ਅਤੇ ਫਿਰ ਸਟੇਟ ਲੈਵਲ ਦੇ ਮੁਕਾਬਲੇ ਵਿਚ ਚੰਡੀਗੜ੍ਹ ਵਿਚ ਵੀ ਪਹਿਲਾ ਇਨਾਮ ਪ੍ਰਾਪਤ ਕੀਤਾ | ਜ਼ਿਲ੍ਹਾ ਪੱਧਰ ਦਾ ਇਨਾਮ ਵੀਹ ਰੁਪਏ, ਡਵੀਜ਼ਨ ਪੱਧਰ ਦਾ ਚਾਲੀ ਰੁਪਏ ਅਤੇ ਸਟੇਟ ਲੈਵਲ ਦੇ ਇਨਾਮ ਦੀ ਰਕਮ ਸੌ ਰੁਪਏ ਮਿਲੀ | ਰੇਸ਼ਮ ਦੀ ਥੈਲੀ ਵਿਚ ਸੌ ਦਾ ਨੋਟ ਪਿਆ ਹੋਇਆ ਸੀ | 100 ਰੁਪਏ ਦਾ ਨੋਟ ਮੈਂ ਜੀਵਨ ਵਿਚ ਪਹਿਲੀ ਵਾਰ ਵੇਖਿਆ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਹੰਝੂਆਂ ਦੀ ਜ਼ਬਾਨ

'ਹੰਝੂਆਂ ਦੀ ਜੇਕਰ ਕੋਈ ਜ਼ਬਾਨ ਹੁੰਦੀ ਤਾਂ ਕਿੰਨੀ ਉਦਾਸੀ ਭਰੀ ਹੁੰਦੀ |'
ਕਾਫ਼ੀ ਹਾਊਸ 'ਚ ਬੈਠੀ ਮੈਂ ਕਾਫ਼ੀ ਦੇ ਘੁੱਟਾਂ ਦੇ ਨਾਲ-ਨਾਲ ਆਪਣੇ ਹੀ ਵਿਚਾਰਾਂ ਦੇ ਬੇਤਰਤੀਬ ਵਹਾਅ ਨੂੰ ਸਮਝਣ ਦੀ ਜੱਦੋਜਹਿਦ ਕਰ ਰਹੀ ਸੀ ਕਿ ਅਚਾਨਕ ਪਿਛੋਂ ਕਿਤੋਂ ਇਕ ਆਵਾਜ਼ ਸੁਣਾਈ ਦਿੱਤੀ | ਸ਼ਿਸ਼ਟਾਚਾਰ ਨਿਭਾਉਂਦਿਆਂ ਮੈਂ ਬਿਨਾਂ ਪਿਛੇ ਮੁੜੇ ਇਸ ਸਵਾਲ-ਨੁਮਾ ਵਾਕ ਦੇ ਜਵਾਬ ਦੀ ਉਡੀਕ ਕਰਨ ਲੱਗੀ | ਪਰ ਜਵਾਬ 'ਚ ਸਿਰਫ਼ ਇਕ ਖ਼ਾਮੋਸ਼ੀ ਹੀ ਕੰਨਾਂ ਤੱਕ ਪਹੁੰਚੀ |
ਸ਼ਾਇਦ ਗੱਲ ਕਰ ਰਹੇ ਦੋਵੇਂ ਜਣੇ ਕਿਸੇ ਔਖੇ ਜਜ਼ਬਾਤੀ ਸਮੇਂ ਵਿਚੀਂ ਲੰਘ ਰਹੇ ਸੀ | ਦੋਵੇਂ ਹੀ ਇਕ-ਦੂਜੇ ਤੋਂ ਸਹਾਰਾ ਭਾਲ ਰਹੇ ਸੀ | ਪਰ ਸਹੀ ਲਫ਼ਜ਼ ਸਾਥ ਨਹੀਂ ਦੇ ਰਹੇ ਸੀ ਜਾਂ ਇੰਜ ਕਹੋ ਕਿ ਸਮਾਂ ਸਹੀ ਸਾਥ ਨਹੀਂ ਨਿਭਾਅ ਰਿਹਾ ਸੀ |
ਇਹ ਭਿੱਜੀ ਆਵਾਜ਼ ਕਿਸੇ ਦੀ ਵੀ ਹੋ ਸਕਦੀ ਹੈ, ਤੁਹਾਡੀ, ਮੇਰੀ ਜਾਂ ਕਿਸੇ ਵੀ ਹੋਰ ਸ਼ਖ਼ਸ ਦੀ | ਜ਼ਿੰਦਗੀ ਦੇ ਉਤਰਾਅ-ਚੜ੍ਹਾਅ 'ਚ ਲਾਜ਼ਮੀ ਜਿਹੇ ਅਹਿਸਾਸਾਂ 'ਚ ਇਕ ਨਾਂਅ ਹੰਝੂਆਂ ਦਾ ਵੀ ਸ਼ਾਮਿਲ ਹੈ | ਜ਼ਿਆਦਾਤਰ ਅੱਖਾਂ ਦੇ ਪਰਾਂ ਅੰਦਰ ਲੁਕੇ ਇਹ ਖਜ਼ਾਨੇ ਕਦੇ ਨਾ ਕਦੇ ਤਾਂ ਬਾਹਰ ਆਉਂਦੇ ਹੀ ਹਨ | ਪਰ ਇਨ੍ਹਾਂ ਦੀ ਜ਼ਬਾਨ ਦਾ ਕੀ?
ਬਚਪਨ ਦੇ ਕਈ ਸਬਕ ਸਾਡੇ ਦਿਮਾਗ 'ਤੇ ਇੰਜ ਉਕਰ ਜਾਂਦੇ ਹਨ ਜਿਵੇਂ ਹਮੇਸ਼ਾ ਤੋਂ ਹੀ ਉਥੇ ਲਿਖੇ ਹੋਏ ਹੋਣ | ਨਿੱਕੇ ਹੁੰਦਿਆਂ ਤੋਂ ਹੀ ਸਿਖਾਏ ਜਾਂਦੇ ਵਿਪਰੀਤਾਰਥਕ ਸ਼ਬਦਾਂ 'ਚ ਹੰਝੂਆਂ ਦਾ ਉਲਟ ਸ਼ਬਦ ਮੁਸਕਾਨ ਸਿਖਾਇਆ ਜਾਂਦਾ ਹੈ ਜਾਂ ਰੋਣਾ ਦਾ ਉਲਟ ਸ਼ਬਦ ਹੱਸਣਾ | ਪਰ ਇਹ ਸ਼ਾਇਦ ਇੰਜ ਹੀ ਹੋਏਗਾ ਜਿਵੇਂ ਤਸਵੀਰ ਦੇ ਅੱਧੇ ਹਿੱਸੇ ਨੂੰ ਵੇਖਣਾ ਜਾਂ ਫਿਰ ਸ਼ੇਅਰ ਦੇ ਇਕ ਮਿਸਰੇ ਨੂੰ ਪੜ੍ਹਨਾ | ਦੋਵੇਂ ਹੀ ਸੂਰਤਾਂ 'ਚ ਅਰਥ ਬੇਮਾਨੀ ਹੋ ਜਾਣਗੇ |
ਇਹ ਇਕ ਤੱਥ ਜਾਂ ਕਹੋ ਮੰਦਭਾਗਾ ਤੱਥ ਹੈ ਕਿ ਅਸੀਂ ਹੰਝੂਆਂ ਨੂੰ ਦਰਦ, ਉਦਾਸੀ, ਨਾਕਾਮੀ ਜਾਂ ਅਜਿਹੇ ਹੀ ਨਾਂਹ-ਪੱਖੀ ਅਹਿਸਾਸਾਂ ਨਾਲ ਜੋੜ ਕੇ ਵੇਖਦੇ ਹਾਂ | ਕਿਸੇ ਅਜ਼ੀਜ਼ ਦੇ ਦੁਨੀਆ ਤੋਂ ਵਿਛੋੜੇ ਦਾ ਦਰਦ, ਪ੍ਰੀਖਿਆ 'ਚੋਂ ਉਮੀਦ ਤੋਂ ਘੱਟ ਨੰਬਰ ਆਉਣੇ ਜਾਂ ਫਿਰ ਲੰਮੇ ਸੰਘਰਸ਼ ਤੋਂ ਬਾਅਦ ਵੀ ਉਲਟ ਨਤੀਜੇ ਆਉਣਾ, ਜਿਹੇ ਕਈ ਕਾਰਨਾਂ ਜਾਂ ਮੌਕਿਆਂ ਸਮੇਂ ਹੰਝੂ ਬਿਨਾਂ ਸੱਦੇ ਮਹਿਮਾਨ ਵਾਂਗ ਆ ਜਾਂਦੇ ਹਨ |
ਯਾਦ ਕਰੋ ਜਦੋਂ ਖ਼ੁਸ਼ੀਆਂ ਸਾਰੇ ਬੰਨ੍ਹ ਤੋੜ ਕੇ ਤੁਹਾਡੀ ਕਿਸਮਤ ਦੇ ਦਰਵਾਜ਼ੇ 'ਤੇ ਦਸਤਕ ਦਿੰਦੀਆਂ ਹਨ ਤਾਂ ਤੁਹਾਡੇ ਮਨ ਦੀ ਕੀ ਕੈਫ਼ੀਅਤ ਹੁੰਦੀ ਹੈ? ਪਹਿਲੀ ਨੌਕਰੀ ਲੱਗਣ ਦੀ ਚਿੱਠੀ ਹੋਵੇ ਜਾਂ ਫਿਰ ਘਰ 'ਚ ਗੰੂਜੀ ਕਿਲਕਾਰੀ ਜਾਂ ਫਿਰ ਤਾਂਘ ਨਾਲ ਸਾਂਭ ਕੇ ਰੱਖੀ ਕਿਸੇ ਸੱਧਰ ਦਾ ਪੂਰਾ ਹੋਣਾ | ਅਜਿਹੇ ਸਮੇਂ 'ਤੇ ਸ਼ਬਦ ਐਨ ਮੌਕੇ 'ਤੇ ਦਗ਼ਾ ਕਰ ਜਾਂਦੇ ਹਨ ਅਤੇ ਖ਼ਾਮੋਸ਼ ਅਹਿਸਾਸਾਂ ਦੇ ਲੁਕੇ ਸੋਮੇ, ਇਹ ਹੰਝੂ, ਸਾਡੀਆਂ ਭਾਵਨਾਵਾਂ ਨੂੰ ਜ਼ਬਾਨ ਦੇਣ ਆ ਜਾਂਦੇ ਹਨ |
ਇਕ ਛੋਟਾ ਜਿਹਾ ਕਿੱਸਾ ਹੈ | ਕੁਝ ਦੋਸਤ ਆਪੋ-ਆਪਣੇ ਪਰਿਵਾਰ ਨਾਲ ਇਕੱਠੇ ਬੈਠੇ ਹਲਕੀਆਂ-ਫੁਲਕੀਆਂ ਗੱਲਾਂ ਕਰ ਰਹੇ ਸੀ | ਪਰਿਵਾਰ ਤੋਂ ਹੁੰਦੀ ਗੱਲ ਬੱਚਿਆਂ ਤੱਕ ਜਾ ਪਹੁੰਚੀ | ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਤਜਰਬੇ ਸਭ ਵਾਰੋ-ਵਾਰੀ ਸੁਣਾ ਰਹੇ ਸੀ | ਸਭ ਆਪੋ-ਆਪਣੇ ਬੱਚਿਆਂ ਦੀ ਕਾਮਯਾਬੀ ਦੀ ਲੰਮੀ ਦਾਸਤਾਂ ਪੂਰੇ ਸਰੂਰ 'ਚ ਸੁਣਾ ਰਹੇ ਸੀ | ਉਨ੍ਹਾਂ 'ਚੋਂ ਇਕ ਨੇ ਕਿਹਾ ਕਿ ਉਸ ਦਾ ਬੱਚਾ ਪੰਜਵੀਂ 'ਚ ਹੈ | ਸਟੇਜ 'ਤੇ ਥੋੜ੍ਹਾ ਘਬਰਾਉਂਦਾ ਵੀ ਹੈ ਪਰ ਹਰ ਸਾਲ ਕੁਝ ਨਾ ਕੁਝ ਕਰਨ ਲਈ ਉਹ ਸਟੇਜ 'ਤੇ ਜਾਂਦਾ ਵੀ ਜ਼ਰੂਰ ਹੈ | ਪਰ ਉਹ (ਗੱਲ ਸੁਣਾ ਰਿਹਾ ਪਿਤਾ) ਕਦੇ ਵੀ ਢੰਗ ਨਾਲ ਉਸ ਦੀ ਪ੍ਰੋਫਾਰਮੈਂਸ ਨਹੀਂ ਦੇਖ ਸਕਿਆ |
ਭਾਵੁਕ ਹੋਏ ਦੋਸਤ ਦੀ ਗੱਲ ਸਭ ਗਹੁ ਨਾਲ ਸੁਣਨ ਲੱਗੇ | ਉਸ ਨੇ ਕਿਹਾ ਕਿ ਜਿਵੇਂ ਹੀ ਉਸ ਦਾ ਬੇਟਾ ਸਟੇਜ 'ਤੇ ਆਉਂਦਾ ਹੈ ਤਾਂ ਉਸ ਦੀਆਂ ਅੱਖਾਂ ਖੁਸ਼ੀ ਨਾਲ ਭਿੱਜ ਜਾਂਦੀਆਂ ਹਨ | ਉਸ ਨੂੰ ਸਿਰਫ਼ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਉਸ ਦਾ ਬੇਟਾ ਕੋਸ਼ਿਸ਼ ਕਰ ਰਿਹਾ ਹੈ, ਆਪਣੇ ਡਰ ਨੂੰ ਹਰਾਉਣ ਦੀ | ਜੋ ਉਸ ਲਈ ਸਭ ਤੋਂ ਵੱਡਾ ਤਗਮਾ ਹੈ |
ਇਹੀ ਉਹ ਖ਼ੁਸ਼ੀ ਹੈ ਜਿਸ ਨੂੰ ਸੰਭਾਲਣ ਤੋਂ ਜਦ ਸ਼ਬਦ ਇਨਕਾਰੀ ਹੋ ਜਾਂਦੇ ਹਨ ਤਾਂ ਹੰਝੂ ਉਸ ਨੂੰ ਆਪਣੀ ਪਨਾਹ 'ਚ ਲੈ ਲੈਂਦੇ ਹਨ |
ਇਕ ਹੋਰ ਵੀ ਗਲਤਫਹਿਮੀ ਬਚਪਨ ਤੋਂ ਸਾਡੇ ਨਾਲ-ਨਾਲ ਪਲਦੀ ਹੈ ਅਤੇ ਵੱਡੀ ਹੁੰਦੀ ਜਾਂਦੀ ਹੈ | ਸਾਨੂੰ ਸਿਖਾਇਆ ਜਾਂਦਾ ਹੈ ਕਿ ਰੋਣਾ ਕਮਜ਼ੋਰ ਸ਼ਖ਼ਸੀਅਤਾਂ ਦੀ ਨਿਸ਼ਾਨੀ ਹੈ |
ਸ਼ਖ਼ਸੀਅਤ ਜਿਹੇ ਭਾਰੀ ਭਰਕਮ ਸ਼ਬਦ ਦਾ ਬੋਝ ਚੁੱਕੀ ਅਸੀਂ ਆਪਣਾ ਸਾਰਾ ਜ਼ੋਰ ਹੰਝੂਆਂ ਨੂੰ ਆਪਣੇ ਤੋਂ ਦੂਰ ਰੱਖਣ 'ਚ ਲਾ ਦਿੰਦੇ ਹਾਂ | ਪਰ ਕੀ ਹੰਝੂਆਂ ਦੀ ਨਮੀ 'ਚ ਏਨੀ ਤਾਕਤ ਹੁੰਦੀ ਹੈ ਕਿ ਉਹ ਸ਼ਖ਼ਸੀਅਤ ਦੀ ਮਜ਼ਬੂਤ ਬੁਨਿਆਦ ਨੂੰ ਗਿੱਲੀ ਕਰ ਸਕੇ?
ਆਪਣੇ-ਆਪ ਨੂੰ ਪ੍ਰਗਟਾਉਣ ਦਾ ਸਭ ਤੋਂ ਸੁੱਚਾ ਤਰੀਕਾ ਰੋਣਾ ਹੀ ਹੈ | ਮਨੋਵਿਗਿਆਨੀ ਵੀ ਕਹਿੰਦੇ ਹਨ ਕਿ ਮਨ 'ਚ ਖ਼ੁਸ਼ੀ ਅਤੇ ਗ਼ਮੀ ਦੇ ਭਾਵ ਜੇਕਰ ਹੰਝੂਆਂ ਰਾਹੀਂ ਪ੍ਰਗਟਾਏ ਜਾਣ ਤਾਂ ਉਹ (ਮਨ) ਸੁਰਖਰੂ ਹੋ ਜਾਂਦਾ ਹੈ | ਸੁਰਖਰੂ ਮਨ ਨਾਲ ਕੋਈ ਵੀ ਕਮਜ਼ੋਰ ਨਹੀਂ, ਸਗੋਂ ਹੋਰ ਮਜ਼ਬੂਤ ਹੋ ਕੇ ਉੱਭਰਦਾ ਹੈ |
ਇਕ ਹੋਰ ਸ਼ਖ਼ਸ ਹਨ, ਉਨ੍ਹਾਂ ਦਾ ਇਕਲੌਤਾ ਬੇਟਾ ਦਿਮਾਗ਼ ਦਾ ਲਕਵਾ (3erebral Palsy) ਨਾਲ ਪੀੜਤ ਹੈ | ਬੇਟੇ ਨਾਲ ਉਸ ਦੇ ਮੋਹ ਨੂੰ ਪੁਰਾਣੀ ਦੰਦਕਥਾ ਦੇ ਉਸ ਵਾਕ ਨਾਲ ਪ੍ਰਗਟਾਇਆ ਜਾ ਸਕਦਾ ਹੈ, ਜਿਸ 'ਚ ਕਿਹਾ ਜਾਂਦਾ ਹੈ ਕਿ ਰਾਜੇ ਦੀ ਜਾਨ ਤੋਤੇ 'ਚ ਵਸਦੀ ਸੀ | ਉਸ ਦਾ ਬੇਟਾ ਉਹ ਤੋਤਾ ਸੀ | ਸੀਮਤ ਵਸੀਲਿਆਂ ਵਾਲਾ ਇਹ ਪਿਤਾ ਬਚਪਨ ਤੋਂ ਬੇਟੇ ਦੇ ਇਲਾਜ ਲਈ ਕਿਥੇ-ਕਿਥੇ ਤੇ ਕਿਵੇਂ ਗਿਆ, ਇਹ ਇਥੇ ਦਰਜ ਕਰਨਾ ਸੰਭਵ ਨਹੀਂ ਹੈ | ਖ਼ੈਰ! ਇਕ ਦਿਨ ਫ਼ੋਨ 'ਤੇ ਕੰਬਦੀ ਆਵਾਜ਼ ਨਾਲ ਹੱਸ ਕੇ ਪੁੱਛਿਆ ਕਿ ਜੇਕਰ ਤੁਸੀਂ ਘਰ ਹੋ ਤਾਂ ਉਹ ਮਿਲਣਾ ਚਾਹੁੰਦਾ ਹੈ | ਕੁਝ ਸਮੇਂ ਬਾਅਦ ਸਾਹਮਣੇ ਬੈਠੇ ਅਤੇ ਚਾਵਾਂ ਨਾਲ ਭਰੇ ਉਸ ਸ਼ਖ਼ਸ ਨੇ ਕਿਹਾ ਉਸ ਦੇ ਬੇਟੇ ਨੇ ਅੱਜ ਦੀਵਾਰ ਫੜ ਕੇ ਪੂਰੇ ਬਰਾਂਡੇ 'ਚ ਚਲ ਕੇ ਵਿਖਾਇਆ |
ਥਕੇਵੇਂ ਵਾਲੀ ਉਮਰ 'ਚ ਦਾਖ਼ਲ ਹੋ ਚੁੱਕਾ ਇਹ ਪਿਤਾ ਹਾਲੇ ਤੱਕ ਉਸ ਨੂੰ ਕੰਧਾੜੇ 'ਤੇ ਚੁੱਕ ਕੇ ਹੀ ਕਿਤੇ ਲੈ ਜਾਂਦਾ ਸੀ | ਬੇਟੇ ਦੇ ਇਹ ਕਦਮ ਉਸ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਸਨ | ਇਹ ਖ਼ਬਰ ਸੁਣਾਉਂਦਿਆਂ ਕਦ ਅੱਖਾਂ ਦੇ ਪੋਰਾਂ 'ਚੋਂ ਹੰਝੂ ਤਗਮੇ ਬਣ ਕੇ ਉਸ ਦੀ ਕਮੀਜ਼ 'ਤੇ ਸਜ ਗਏ, ਇਸ ਦਾ ਅਹਿਸਾਸ ਉਸ ਨੂੰ ਹੋਇਆ ਹੀ ਨਹੀਂ |
ਓਸ਼ੋ ਨੇ ਵੀ ਕਿਹਾ ਹੈ ਕਿ ਹੰਝੂ ਅਜਿਹੀ ਜ਼ਬਾਨ ਹੈ, ਜੋ ਦਿਮਾਗ਼ ਤੋਂ ਨਹੀਂ, ਸਗੋਂ ਦਿਲ ਤੋਂ ਨਿਕਲਦੀ ਹੈ | ਕਿੰਨਾ ਸੱਚ ਹੈ ਨਾ | ਦਿਮਾਗ ਸਾਡੇ ਲਈ ਉਹ ਪੂਰਨੇ ਪਾਉਂਦਾ ਹੈ, ਜਿਸ 'ਚ ਮੁਸਤਕਬਿਲ ਦੀ ਬੁਨਿਆਦ ਪਾਈ ਜਾ ਸਕੇ ਅਤੇ ਉਹ ਪੂਰਨੇ ਸਾਨੂੰ ਇਕ ਰਾਹ ਵੱਲ ਤੋਰਦੇ ਹਨ | ਪਰ ਕਦੇ ਕਿਸੇ ਨੂੰ ਸੋਚ-ਵਿਚਾਰ ਕੇ ਰੋਂਦਿਆਂ ਸੁਣਿਆ ਦੇਖਿਆ ਹੈ?
ਜਦੋਂ ਸਾਡਾ ਦਿਲ ਸਰੋਬਾਰ ਹੋ ਜਾਂਦਾ ਹੈ ਅਤੇ ਉਹ ਪਰਮ ਆਨੰਦ ਨੂੰ ਆਪਣੇ-ਆਪ ਤੱਕ ਸੀਮਤ ਰੱਖਣ 'ਚ ਅਸਮਰੱਥ ਹੋ ਜਾਂਦਾ ਹੈ, ਉਸ ਵੇਲੇ ਸ਼ਬਦ ਅਰਥਹੀਣ ਹੋ ਜਾਂਦੇ ਹਨ ਅਤੇ ਨਾਕਾਫ਼ੀ ਵੀ | ਫਿਰ ਅਚਾਨਕ ਦਿਲ ਨੂੰ ਚੇਤੇ ਆਉਂਦਾ ਹੈ ਕਿ ਇਕ ਅਜਿਹੀ ਜ਼ਬਾਨ ਹੈ ਜੋ ਬੋਲਦੀ ਨਹੀਂ ਹੈ ਪਰ ਫਿਰ ਵੀ ਆਪਣਾ-ਆਪ ਜ਼ਾਹਿਰ ਕਰ ਸਕਦੀ ਹੈ, 'ਹੰਝੂਆਂ ਦੀ ਜ਼ਬਾਨ |'

ਈਮੇਲ : upma.dagga@gmail.com

ਲੂਣ ਰੋਟੀ ਖਾਓ

ਸਰਕਾਰ ਦੇ ਗੁਣ ਗਾਓ
ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ |
ਜ਼ਿੰਦਗੀ ਦਾ ਸਾਰ ਕੀ ਹੈ?
'ਰੋਟੀ'
ਬੱਚਾ ਜਦ ਜਨਮ ਲੈਂਦਾ ਹੈ ਤਾਂ ਪਹਿਲਾ ਸਾਹ ਲੈਂਦਿਆਂ ਹੀ ਉਹ ਚੀਕਾਂ ਮਾਰਨ ਲਗਦਾ ਹੈ | ਉਹਨੂੰ ਕੀ ਚਾਹੀਦਾ ਹੈ? ਪੇਟ ਭਰਨ ਲਈ, ਭੁੱਖ ਮਿਟਾਉਣ ਲਈ ਮਾਂ ਦਾ ਦੁੱਧ, ਮਾਂ ਉਹਨੂੰ ਛਾਤੀ ਨਾਲ ਲਾ ਲੈਂਦੀ ਹੈ-ਬੱਚਾ ਮਾਂ ਦਾ ਦੁੱਧ ਚੰੁਘ-ਚੰੁਘ ਕੇ ਜਦ ਉਹਦੀ ਭੁੱਖ ਮਿਟ ਜਾਂਦੀ ਹੈ ਤਾਂ ਭੁੱਖ ਤੋਂ ਨਿਸ਼ੰਗ ਹੋ ਕੇ ਬੜੇ ਚੈਨ ਦੀ ਨੀਂਦ ਸੌਾ ਜਾਂਦਾ ਹੈ, ਜਦ ਤਾੲੀਂ ਦੂਜੀ ਵਾਰ ਭੁੱਖ ਨਾ ਲੱਗੇ, ਉਹ ਸੌ ਕੇ ਮਾਤਾ-ਪਿਤਾ, ਭੈਣ-ਭਰਾਵਾਂ ਦੇ ਹੱਥਾਂ 'ਚ ਖੇਡਦਾ ਰਹਿੰਦਾ ਹੈ | ਫਿਰ ਭੁੱਖ ਦਾ ਅਲਾਰਮ ਦੇ ਦਿੰਦਾ ਹੈ | ਮਾਂ ਨੂੰ ਵੀ ਪਤਾ ਲੱਗ ਜਾਂਦਾ ਹੈ | ਇਸੇ ਤਰ੍ਹਾਂ ਉਹਦੀ ਉਮਰ ਵਧਦੀ ਜਾਂਦੀ ਹੈ, ਹੌਲੀ-ਹੌਲੀ ਦੁੱਧ ਦੀ ਥਾਂ ਉਹਨੂੰ ਰੋਟੀ ਵਾਲੀ ਖੁਰਾਕ, ਜਿਸ ਦਾ ਮਾਵਾਂ ਨੂੰ ਪੂਰਾ ਅਹਿਸਾਸ ਹੁੰਦਾ ਹੈ, ਉਹਨੂੰ ਪਰੰਪਰਾਗਤ, ਦਾਲ-ਰੋਟੀ ਵਾਲਾ ਪੌਸ਼ਟਿਕ ਭੋਜਨ ਮਿਲਣਾ ਸ਼ੁਰੂ ਹੋ ਜਾਂਦਾ ਹੈ | ਇਸੇ ਤਰ੍ਹਾਂ ਇਕ ਦਿਨ ਉਹ ਐਨੀ ਉਮਰ ਵਾਲਾ ਹੋ ਜਾਂਦਾ ਹੈ ਕਿ ਉਹ ਸਕੂਲ ਜਾਣ ਲਈ ਵਿੱਦਿਆ ਪ੍ਰਾਪਤ ਕਰਨ ਲਈ ਤਿਆਰ ਹੋ ਜਾਂਦਾ ਹੈ, ਮਾਪੇ ਆਪਣੀ ਵਿੱਤ ਅਨੁਸਾਰ ਉਹਨੂੰ ਸਰਕਾਰੀ ਸਕੂਲ 'ਚ ਪ੍ਰਾਇਮਰੀ ਸਿੱਖਿਆ ਲੈਣ ਲਈ ਦਖਲ ਕਰਵਾ ਦਿੰਦੇ ਹਨ, ਸਾਡੀ ਸਰਕਾਰ ਤੇ ਖਾਸ ਕਰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਉਨ੍ਹਾਂ ਲਈ ਪੂਰੀ-ਪੂਰੀ ਤਰ੍ਹਾਂ ਦੁਪਹਿਰ ਦਾ ਭੋਜਨ ਖਵਾਉਣ ਲਈ ਭੋਜਨ ਲਈ ਅਨੁਦਾਨ ਵਿਚ ਉਨ੍ਹਾਂ ਨੂੰ ਪੂਰੀ ਪੈਸੇ ਦੀ ਯੋਗ ਵਿਵਸਥਾ ਕਰ ਦਿੰਦੀ ਹੈ, ਲੋੜੀਂਦਾ ਅਨਾਜ ਤੇ ਦਾਲਾਂ ਆਦਿ ਦਾ ਪ੍ਰਬੰਧ ਕਰ ਦਿੰਦੀ ਹੈ |
ਚਲੋ ਸਰਕਾਰ ਦਾ ਫ਼ਰਜ਼ ਪੂਰਾ ਕਰ ਦਿੱਤਾ | ਹਰੇਕ ਕੇਂਦਰੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ, ਆਪਣੀ ਸ਼ੋਭਾ ਲਈ, ਅਖ਼ਬਾਰਾਂ ਵਿਚ, ਮੁੱਖ ਮੰਤਰੀ ਤੇ ਅਨਾਜ ਬਾਰੇ ਮੰਤਰੀ ਇਸ ਪ੍ਰਤੀ ਖ਼ਬਰਾਂ ਤੇ ਇਸ਼ਤਿਹਾਰ ਵੀ ਅਖ਼ਬਾਰਾਂ 'ਚ ਦਿੰਦੇ ਹਨ ਤੇ ਆਪਣੀਆਂ ਤਕਰੀਰਾਂ ਵਿਚ ਵੀ, ਇਸ ਦਾ ਰੱਜ ਕੇ ਜ਼ਿਕਰ ਕਰਦੇ ਹਨ |
ਲਓ, ਸਾਰਾ ਅਨਾਜ ਤੇ ਦਾਲਾਂ ਸਕੂਲ ਵਿਚ ਬੱਚਿਆਂ ਨੂੰ ਦੇਣ ਲਈ ਸਕੂਲਾਂ ਦੇ ਹੈੱਡਮਾਸਟਰ ਲਈ ਖਾਸ ਰਸੋਈ ਵੀ ਫਿਕਸ ਕਰ ਦਿੰਦੀ ਹੈ | ਦੁਪਹਿਰ ਵੇਲੇ ਬੱਚਿਆਂ ਨੂੰ ਇਕ ਲਾਈਨ ਵਿਚ ਬਿਠਾ ਕੇ ਉਨ੍ਹਾਂ ਨੂੰ ਥਾਲੀਆਂ ਵਿਚ ਰੋਟੀਆਂ ਜਾਂ ਚੌਲ ਪਰੋਸ ਦਿੱਤੇ ਜਾਂਦੇ ਹਨ |
ਲਓ ਹੁਣ ਵਾਸਵਿਕਤਾ ਸੁਣੋ,
ਯੂ.ਪੀ. ਦੇ ਇਕ ਜਰਨਲਿਸਟ ਨੇ ਇਕ ਸਰਕਾਰੀ ਸਕੂਲ ਵਿਚ ਦੁਪਹਿਰ ਦੇ ਮੁਫ਼ਤ ਭੋਜਨ ਦੀ ਅਸਲੀਅਤ ਦਾ ਐਨ ਮੌਕੇ 'ਤੇ ਜਾ ਕੇ ਇਕ ਵੀਡੀਓ ਰਾਹੀਂ, ਕੈਮਰੇ ਰਾਹੀਂ ਫ਼ਿਲਮਾਅ ਕੇ ਉਹਦੀ ਹਕੀਕਤ, ਵਾਇਰਲ ਕਰ ਦਿੱਤੀ ਹੈ |
ਅਸਲੀਅਤ ਕੀ ਹੈ, ਦੁਪਹਿਰ ਦੇ ਭੋਜਨ 'ਚ ਬੱਚੇ ਰੋਟੀ ਸਿਰਫ਼ 'ਲੂਣ' ਨਾਲ ਖਾ ਰਹੇ ਸਨ | ਦਾਲ-ਦੂਲ, ਸਬਜ਼ੀ ਭਾਜੀ ਦਾ ਨਾਮੋ-ਨਿਸ਼ਾਨ ਕੋਈ ਨਹੀਂ ਸੀ |
ਇਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ, ਸੱਚ ਵਾਲੀ ਹਕੀਕਤ ਸਾਹਮਣੇ ਆ ਗਈ | ਮਿਰਜ਼ਾਪੁਰ ਦੀ ਪੁਲਿਸ ਨੇ ਇਸ ਦੀ ਝਟ ਖ਼ਬਰ ਲਈ ਤੇ ਪੱਤਰਕਾਰ ਵਿਰੁੱਧ ਕੇਸ ਦਰਜ ਕਰਕੇ ਉਹਨੂੰ ਥਾਣੇ 'ਚ ਬੰਦ ਕਰ ਦਿੱਤਾ |
ਇਸ 'ਤੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਐਨਾ ਰੋਸ ੳੱੁਠਿਆ ਕਿ ਵਕੀਲਾਂ ਨੇ ਇਸ ਮਾਮਲੇ ਪ੍ਰਤੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ |
ਸੁਪਰੀਮ ਕੋਰਟ ਦੇ ਹੁਕਮ ਨਾਲ ਪੱਤਰਕਾਰ ਨੂੰ ਥਾਣੇ 'ਚ ਡਕੇ ਨੂੰ ਬਾਇੱਜ਼ਤ ਰਿਹਾਅ ਕਰਨਾ ਪਿਆ | ਕਿਉਂਕਿ ਸਰਕਾਰਾਂ ਨੂੰ ਹਦਾਇਤ ਹੈ ਕਿ ਮੀਡੀਆ ਦੀ ਬੋਲਣ ਦੀ ਆਜ਼ਾਦੀ ਦਾ ਖਿਆਲ ਰੱਖਣਾ ਚਾਹੀਦਾ ਹੈ |
ਇਹ ਕੋਈ ਨਵੀਂ ਗੱਲ ਨਹੀਂ, ਆਪਣੇ ਹੀ ਇਸ ਭਾਰਤ ਮਹਾਨ ਵਿਚ ਗ਼ਰੀਬ ਆਪ ਤੇ ਉਨ੍ਹਾਂ ਦੇ ਬੱਚੇ ਪੇਟ ਭਰਨ ਲਈ ਕੀ-ਕੀ ਖਾਂਦੇ ਸਨ?
ਆਪਣੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਵੀ ਬੜੇ ਗ਼ਰੀਬ ਪਰਿਵਾਰ 'ਚੋਂ ਸਨ | ਉਨ੍ਹਾਂ ਖੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਆਪ ਤੇ ਆਪਣੇ ਬੱਚਿਆਂ ਦਾ ਪੇਟ ਗਰੀਬੀ ਦੇ ਦਿਨਾਂ 'ਚ ਕਿੱਦਾਂ ਦਾ ਭੋਜਨ ਖਾ ਕੇ ਭਰਿਆ ਸੀ | ਪਿਛਲੇ ਦਿਨੀਂ ਵੀ ਜਦ ਬਿਹਾਰ ਤੇ ਦੇਸ਼ ਦੇ ਕਈ ਇਲਾਕਿਆਂ ਵਿਚ ਆਏ ਹੜ੍ਹਾਂ ਨੇ, ਜਿਹੜਾ ਕਹਿਰ ਮਚਾਇਆ, ਉਨ੍ਹਾਂ 'ਚ ਕਈ-ਕਈ ਪਿੰਡਾਂ ਦੇ ਪਿੰਡ ਡੁੱਬ ਗਏ, ਸਰਕਾਰੀ ਅਦਾਰਿਆਂ ਨੇ ਤੇ ਕਈ ਸੇਵਾ ਸੁਸਾਇਟੀਆਂ ਨੇ ਬੇੜੀਆਂ ਰਾਹੀਂ ਵੀ ਉਨ੍ਹਾਂ ਨੂੰ ਭੋਜਨ ਪਹੁੰਚਾਉਣ ਦਾ ਭਰਪੂਰ ਯਤਨ ਕੀਤਾ, ਪਰ ਉਨ੍ਹਾਂ ਦੇ ਘਰਾਂ ਤੱਕ ਉਹ ਨਹੀਂ ਪਹੁੰਚ ਸਕੇ?
ਕਿੰਨੇ ਦਿਨ ਗ਼ਰੀਬ ਭੁੱਖ ਕੱਟ ਸਕਦੇ ਸਨ | ਉਨ੍ਹਾਂ ਵੀ ਜੀਵ-ਜੰਤੂ ਫੜ ਕੇ ਅੱਗ 'ਚ ਭੰੁਨ-ਭੰੁਨ ਕੇ ਉਨ੍ਹਾਂ ਦੇ ਮਾਸ ਦਾ ਭੋਜਨ ਛਕਿਆ |
ਲੂਣ ਤੇ ਰੋਟੀ... ਲੂਣ ਦਾ ਬੜਾ ਮਹੱਤਵ ਹੈ |
ਪਤੈ... ਮਹਾਰਾਸ਼ਟਰ ਵਿਚ ਐਸ ਵੇਲੇ ਮਰਾਠੀ 'ਚ ਵੀ ਲੂਣ ਦਾ ਨਾਂਅ ਕੀ ਹੈ?
'ਮੀਟ'
ਲੂਣ ਨੂੰ ਇਥੇ ਲੋਕੀਂ ਆਮ ਬੋਲੀ ਵਿਚ ਰੋਟੀ ਖਾਂਦਿਆਂ ਜੇਕਰ ਲੂਣ ਘੱਟ ਹੋਵੇ ਤਾਂ ਘਰਵਾਲੀ ਜਾਂ ਮਾਂ ਨੂੰ ਕੀ ਕਹਿੰਦੇ ਹਨ, ਬਹੁਤ ਕਮ ਡਾਲਾ ਹੈ, ਮੀਟ ਡਾਲ ਮੀਟ |
ਮੀਟ ਤਾਂ ਸ਼ਕਤੀ, ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਨੂੰ | ਗੁਜਰਾਤ ਵਿਚ ਲੂਣ ਨਾਲੋਂ ਮਿੱਠੇ ਦਾ ਵਧੇਰੇ ਇਸਤੇਮਾਲ ਹੁੰਦਾ ਹੈ, ਜਿਹੜੀ ਵੀ ਇਨ੍ਹਾਂ ਦੇ ਘਰਾਂ 'ਚ ਦਾਲ, ਸਬਜ਼ੀ, ਭਾਜੀ ਖਾਓ, ਹਰੇਕ 'ਚ ਗੁੜ ਜ਼ਰੂਰ ਪਾਇਆ ਜਾਂਦਾ ਹੈ | ਇਕ ਦਿਨ ਇਕ ਗੁਜਰਾਤੀ ਸੱਜਣ ਮਿੱਤਰ ਨੇ ਸਾਨੂੰ ਪੰਜਾਬੀ ਦੋਸਤਾਂ ਮਿੱਤਰਾਂ ਨੂੰ ਇਕ ਖਾਸ ਅਵਸਰ 'ਤੇ ਆਪਣੇ ਘਰ ਭੋਜਨ 'ਤੇ ਬੁਲਾਇਆ ਸੀ, ਪਹਿਲਾਂ ਉਨ੍ਹਾਂ ਪਤੌੜ ਦੇ ਪਕੌੜੇ ਗਰਮਾ-ਗਰਮ ਸਾਨੂੰ ਪਰੋਸੇ | ਅਸੀਂ ਸਭੇ ਦੋਸਤਾਂ, ਮਿੱਤਰਾਂ ਨੇ ਜਿਉਂ ਹੀ ਪਲੇਟ ਵਿਚ ਉਨ੍ਹਾਂ ਨੇ ਮਿੱਠੀ ਚੱਟਣੀ ਪਾ ਕੇ, ਕੁਝ ਪਕੌੜੇ ਰੱਖੇ ਤਾਂ ਸਭਨਾਂ ਦੇ ਦਿਲ ਖ਼ੁਸ਼ੀ ਨਾਲ ਖਿੜ ਪਏ | ਸਾਨੂੰ ਪਰੋਸ ਰਹੇ ਮਿੱਤਰ ਨੇ ਚਹਿਕ ਕੇ ਪੁੱਛਿਆ, 'ਔਰ ਡਾਲੰੂ?' ਅਸਾਂ ਸਭਨਾਂ ਨੇ ਆਖਿਆ ਹਾਂ ਡਾਲ ਦੇ, ਡਾਲ ਦੇ, ਯੇਹ ਹਮ ਲੋਗੋਂ ਕੀ ਖਾਸ ਪਸੰਦ ਹੈ | ਉਹ ਪੰਜ-ਪੰਜ ਪਤੌੜੇ, ਸਾਡੀਆਂ ਪਲੇਟਾਂ 'ਚ ਪਾ ਕੇ, ਖ਼ੁਸ਼ੀ ਨਾਲ ਅੱਗੇ ਵਧ ਗਿਆ | ਅਸਾਂ ਸਭਨਾਂ ਨੇ ਜਦ-ਜਦ ਇਕ ਪਤੌੜੇ ਨੂੰ ਚੁੱਕ ਕੇ ਮੰੂਹ ਲਾਇਆ ਤਾਂ ਸਭਨਾਂ ਦੇ ਮੰੂਹ ਲੱਥ ਗਏ, ਅਸਾਂ ਵੇਖਿਆ ਅਸੀਂ ਘਰ ਦੇ ਬਾਹਰ ਲੱਗੀ ਇਕ ਵਾੜ ਦੇ ਅੱਗੇ ਬੈਠੇ ਸਾਂ | ਉਹ ਬੂਟੇ ਬੜੇ ਉੱਚੇ ਸਨ | ਅਸਾਂ ਚੁੱਪ ਕਰਕੇ ਵਿਖਾਵੇ ਲਈ ਇਕ ਅੱਧਾ ਪਤੌੜ ਪਕੌੜਾ ਆਪਣੇ ਕੋਲ ਰੱਖ ਕੇ ਬਾਕੀ ਸਭੇ ਇਕ-ਇਕ ਕਰਕੇ ਬੂਟਿਆਂ ਪਿੱਛੇ ਸੁੱਟ ਦਿੱਤੇ ਤੇ ਨਿਸ਼ੰਗ ਹੋ ਗਏ, ਬਾਕੀ ਰਹੀ ਰੋਟੀ ਸਿਰਫ਼ ਲੂਣ ਨਾਲ ਖਾਣ ਦੀ, ਸ਼ਾਇਦ ਉਨ੍ਹਾਂ 'ਚੋਂ ਇਕ ਅੱਧੇ ਬੰਦੇ ਨੂੰ ਲੂਣ ਦਾ ਮਹੱਤਵ ਨਹੀਂ ਪਤਾ, ਇਕ ਚੋਰ ਰਾਤੀਂ ਕਿਸੇ ਦੇ ਘਰ ਹਨੇਰੇ 'ਚ ਲੁੱਟ ਕਰਨ ਦੇ ਮਨ ਨਾਲ ਇਕ ਖੁੱਲ੍ਹੀ ਖਿੜਕੀ ਟੱਪ ਕੇ ਘਰ ਦੇ ਅੰਦਰ ਵੜ ਗਿਆ, ਇਹ ਰਸੋਈ ਸੀ, ਉਹ ਅੰਦਰ ਗਿਆ, ਉਹਨੂੰ ਲੱਗਾ ਉਥੇ ਰੱਖੀ ਇਕ ਪਲੇਟ 'ਚ ਖੰਡ ਪਈ ਹੋਈ ਹੈ, ਉਹਨੇ ਦੋ ਉਂਗਲਾਂ ਨਾਲ ਚਖਣ ਲਈ ਖੰਡ ਚੁੱਕ ਕੇ ਮੰੂਹ 'ਚ ਪਾਈ ਤਾਂ ਅਹਿਸਾਸ ਹੋ ਗਿਆ ਇਹ ਤਾਂ ਲੂਣ ਸੀ |
ਕਿਸੇ ਦੇ ਘਰ ਦਾ ਲੂਣ ਖਾਣ ਵਾਲਾ ਉਨ੍ਹਾਂ ਦਾ ਲੂਣ ਛੱਕ ਕੇ, ਕਿਸੇ ਤਰ੍ਹਾਂ ਦਾ ਧੋਖਾ-ਗੁਨਾਹ ਨਹੀਂ ਕਰਦਾ | ਆਮ ਕਹਾਵਤ ਹੈ, 'ਕਿਸੇ ਦਾ ਲੂਣ ਖਾਣ ਵਾਲਾ, ਇਹ ਗੁਨਾਹ ਨਹੀਂ ਕਰਦਾ |'
ਇਕ ਵੱਡੇ, ਅਮੀਰ ਲੀਡਰ ਦਾ ਇਕ ਦਿਨ ਚਮਚਾ ਉਹਨੂੰ ਆਖ ਰਿਹਾ ਸੀ, 'ਹਜ਼ੂਰ ਹਮ ਤੋ ਹਰ ਵਕਤ ਜ਼ਬਾਨ ਪਰ ਆਪ ਕਾ ਨਮਕ ਰਖਤੇ ਹੈਾ |'

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਤੋਂ ਨਾ ਅੱਕੋ, ਨਾ ਥੱਕੋ, ਮੰਜ਼ਲ ਤੁਹਾਡੀ ਹੈ |
• ਜੋ ਕੰਮ ਤੁਸੀਂ ਆਪਣੇ ਲਈ ਕਰਦੇ ਹੋ, ਉਹ ਤੁਹਾਡੇ ਨਾਲ ਹੀ ਚਲੇ ਜਾਂਦੇ ਹਨ | ਦੂਸਰਿਆਂ ਲਈ ਕੀਤੇ ਕੰਮ ਆਪ ਦੀ ਵਿਰਾਸਤ ਬਣਦੇ ਹਨ |
• ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਸਲਾਹ ਸਾਰਿਆਂ ਦੀ ਲੈਣੀ ਚਾਹੀਦੀ ਹੈ ਪਰ ਫ਼ੈਸਲਾ ਖੁਦ ਲੈਣਾ ਚਾਹੀਦਾ ਹੈ |
• ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਧਾਉਂਦਾ ਹੈ, ਪਰ ਹੱਸ ਕੇ ਕੀਤਾ ਗਿਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ |
• ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮਰਦੇ ਸਾਰ ਹੀ ਭੁੱਲ ਨਾ ਜਾਣ ਤਾਂ ਪੜ੍ਹਨਯੋਗ ਰਚਨਾ ਕਰੋ ਜਾਂ ਫਿਰ ਵਰਨਣਯੋਗ ਕੰਮ ਕਰੋ |
• ਜੇ ਕੰਮ ਸਾਡੇ ਕਾਬੂ ਵਿਚ ਹੋਣ, ਉਹ ਤਾਂ ਹੀ ਨਿਬੜਦੇ ਹਨ |
• ਮਜਬੂਰੀ-ਵਸ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੇਗੀ, ਖੁਸ਼ ਹੋ ਕੇ ਕੰਮ ਕਰੋਗੇ ਤਾਂ ਖ਼ੁਸ਼ੀ ਜ਼ਰੂਰ ਮਿਲੇਗੀ |
• ਤੁਹਾਡਾ ਕੋਈ ਕੰਮ ਮਹੱਤਵਹੀਨ ਹੋ ਸਕਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੁਝ ਕਰੋ |
• ਆਪਣੇ ਕੰਮ ਦੀ ਯੋਜਨਾ ਬਣਾਓ ਤੇ ਯੋਜਨਾ ਮੁਤਾਬਿਕ ਕੰਮ ਕਰੋ |
• ਕੰਮ ਵਿਚ ਖੁਸ਼ ਰਹਿਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ-ਇਕ ਬੰਦਾ ਇਸ ਦੇ ਫਿੱਟ ਹੋਵੇ, ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਕੀਤਾ ਜਾਵੇ, ਸਫ਼ਲਤਾ ਲਈ ਗਿਆਨ ਹੋਵੇ |
• ਇਹ ਸੋਚ ਕੇ ਕਦੇ ਨਾਰਾਜ਼ ਨਾ ਹੋਣਾ ਕਿ ਕੰਮ ਮੇਰਾ ਅਤੇ ਨਾ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਇਥੇ ਸਦੀਆਂ ਤੋਂ ਬਲਦੇ ਤਾਂ 'ਘਿਓ ਤੇ ਰੰੂ' ਹਨ ਪਰ ਲੋਕ ਕਹਿੰਦੇ ਹਨ ਕਿ ਦੀਵਾ ਬਲ ਰਿਹਾ ਹੈ |
• ਜੇ ਅਸੀਂ ਘੱਟ ਸਮੇਂ ਵਿਚ ਜ਼ਿਆਦਾ ਕੰਮ ਕਰਾਂਗੇ ਤਾਂ ਸਮਾਂ ਫੈਲ ਜਾਵੇਗਾ ਤੇ ਉਸ ਨਿਰਧਾਰਤ ਸਮੇਂ ਵਿਚ ਅਸੀਂ ਕੰਮ ਨੂੰ ਪੂਰਾ ਕਰ ਲਵਾਂਗੇ ਪਰ ਜੇ ਕੰਮ ਨੂੰ ਟਾਲਦੇ ਰਹਾਂਗੇ ਤਾਂ ਇਸ ਨੂੰ ਸਮਾਂ ਵੀ ਵਧੇਰੇ ਲੱਗੇਗਾ ਤੇ ਕੰਮ ਵੀ ਮਿਆਰੀ ਨਹੀਂ ਹੋਵੇਗਾ |
• ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਹੀ ਸਾਰੇ ਪਾਸਿਉਂ ਸ਼ਾਬਾਸ਼ ਮਿਲਦੀ ਹੈ | ਹੱਸ ਕੇ ਕੀਤਾ ਕੰਮ ਹੀ ਸਾਰਥਿਕ ਹੁੰਦਾ ਹੈ | ਰੋਂਦੇ ਕੁਰਲਾਉਂਦੇ ਕੀਤਾ ਕੰਮ ਕਦੇ ਵੀ ਸਫਲ ਨਹੀਂ ਹੁੰਦਾ |
• ਜਿਥੇ ਵੀ ਕੰਮ ਕਰੋ, ਇੰਨੀ ਜ਼ਿੰਮੇਵਾਰੀ ਚੁੱਕ ਲਵੋ ਕਿ ਤੁਹਾਡੇ ਬਿਨਾਂ ਸਰੇ ਹੀ ਨਾ ਤੇ ਪਰਿਵਾਰਕ ਮੈਂਬਰਾਂ ਨੂੰ ਇਹ ਅਹਿਸਾਸ ਜਿਹਾ ਹੋਵੇ ਕਿ ਪਰਿਵਾਰ ਦੀ ਮਹਾਨਤਾ ਹੀ ਤੁਹਾਡੇ ਨਾਲ ਜੁੜੀ ਹੋਈ ਹੈ ਤੇ ਜੇਕਰ ਤੁਸੀਂ ਮੁਲਾਜ਼ਮ ਹੋ ਤਾਂ ਤੁਹਾਨੂੰ ਤਨਖਾਹ ਵਧਾਉਣ ਲਈ ਕਿਸੇ ਨੂੰ ਕਹਿਣਾ ਹੀ ਨਾ ਪਵੇ |
• ਚੰਗੀ ਕਲਾ ਜਾਂ ਚੰਗਾ ਕੰਮ ਉਹ ਹੀ ਹੈ ਜਿਸ ਵਿਚ ਆਦਮੀ ਦਾ ਹੱਥ, ਸਿਰ ਤੇ ਦਿਲ ਇਕੱਠੇ ਕੰਮ ਕਰਦੇ ਹਨ |
• ਹਮੇਸ਼ਾ ਯਾਦ ਰੱਖੋ ਕਿ ਕੀ ਕਦੋਂ ਕਿਵੇਂ ਕਿਥੇ ਅਤੇ ਕਿਉਂ ਕਰਨਾ ਹੈ |
• ਕਾਮੇ ਤਿੰਨ ਤਰ੍ਹਾਂ ਦੇ ਹੁੰਦੇ ਹਨ : 1. ਕੰਮ ਕਰਨ ਵਾਲੇ, 2. ਦੂਜਿਆਂ ਨੂੰ ਕੰਮ ਕਰਦਿਆਂ ਵੇਖਣ ਵਾਲੇ, 3. ਕੀਤੇ ਕੰਮਾਂ ਵਿਚ ਨੁਕਸ ਕੱਢਣ ਵਾਲੇ | ਇਸ ਤਰ੍ਹਾਂ ਦੇ ਬਣੋ ਕਿ ਸਮਾਜ/ਪਰਿਵਾਰ ਤੁਹਾਡੇ ਅਨੁਸਾਰ ਚੱਲੇ |
• ਲੋਕ ਦੋ ਕਿਸਮ ਦੇ ਹੁੰਦੇ ਹਨ : 1. ਉਹ ਲੋਕ ਜੋ ਕੰਮ ਕਰਦੇ ਹਨ, 2. ਉਹ ਲੋਕ ਜੋ ਕ੍ਰੈਡਿਟ ਲੈਣ ਵਾਲੇ ਹੁੰਦੇ ਹਨ, ਪਹਿਲੇ ਗਰੁੱਪ ਵਿਚ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਥੇ ਕੰਪੀਟੀਸ਼ਨ ਘੱਟ ਹੁੰਦਾ ਹੈ |
• ਕੰਮ ਨੂੰ ਕਰਨ ਤੋਂ ਪਹਿਲਾਂ ਪਹਿਲਾਂ ਉਸ ਕੰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਹੀ ਉਸ ਕੰਮ ਨੂੰ ਕਰਨ ਵਿਚ ਕਾਮਯਾਬੀ ਮਿਲਦੀ ਹੈ | ਜਿਵੇਂ ਪਲੰਬਰ ਦਾ ਕੋਰਸ, ਇਲੈਟ੍ਰੀਸ਼ਨ ਦਾ ਕੋਰਸ ਤੇ ਮਕੈਨੀਕਲ ਦਾ ਕੋਰਸ ਕਰਕੇ ਹੀ ਅਜਿਹੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ |
• ਸੁਤੰਤਰ ਕੇਵਲ ਉਹੀ ਹੋ ਸਕਦਾ ਹੈ ਜੋ ਆਪਣਾ ਕੰਮ ਆਪਣੇ-ਆਪ ਕਰ ਲੈਂਦਾ ਹੈ |
• ਸੋਚ ਵਿਚਾਰ ਕੇ ਕੀਤੇ ਕੰਮਾਂ ਨਾਲੋਂ, ਆਦਤ ਵੱਸ ਕੀਤੇ ਕੰਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਹੈ ਨੀ
ਮੈਂ ਅਜੇ ਘਰੋਂ ਨਿਕਲਿਆ ਹੀ ਸੀ, ਮੇਰੇ ਅੱਗੇ ਇਕ ਮਾਸੂਮ ਤੇ ਭੋਲੇ ਜਿਹੇ ਬੱਚੇ ਨੇ ਦੋਵੇਂ ਹੱਥ ਕਰ ਦਿੱਤੇ | ਮੈਂ ਕਿਹਾ ਕਿ, 'ਕੀ ਚਾਹੀਦਾ ਹੈ?' ਤਾਂ ਉਸ ਨੇ ਪਿਆਰੀ ਜਿਹੀ ਆਵਾਜ਼ ਵਿਚ ਕਿਹਾ, 'ਪੈਸੇ' | ਮੈਂ ਪੁੱਛਿਆ, 'ਪੈਸੇ ਕੀ ਕਰੇਂਗਾ', ਤਾਂ ਉਹ ਫੇਰ ਬੋਲਿਆ, 'ਪਾਪਾ ਦੀ ਦਵਾਈ', ਮੈਂ ਕਿਹਾ, 'ਤੇਰੀ ਮਾਂ ਕਿੱਥੇ ਹੈ?' ਉਸ ਨੇ ਕਿਹਾ, 'ਉਹ ਚਲੀ ਗਈ |' ਮੈਂ ਕਿਹਾ 'ਕਿੱਥੇ |' ਤੇ ਉਸ ਨੇ ਕਿਹਾ 'ਰੱਬ ਕੋਲ |' ਮੈਂ ਕਿਹਾ ਤੇਰਾ ਪਾਪਾ ਤਾਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਨਿਕਲ ਆਏ, ਜਿਵੇਂ ਕਹਿ ਰਹੇ ਹੋਣ ਮੈਂ 'ਪਾਪਾ ਨੂੰ ਉਥੇ ਨਹੀਂ ਜਾਣ ਦੇਣਾ |'
ਮੈਂ ਉਸ ਨਾਲ ਉਸ ਦੇ ਘਰ ਚਲਾ ਗਿਆ ਤਾਂ ਵੇਖਿਆ ਕਿ ਇਕ ਤੀਹ-ਪੈਂਤੀ ਸਾਲ ਦਾ ਨੌਜਵਾਨ ਮੰਜੇ 'ਤੇ ਪਿਆ ਇੰਜ ਲੱਗ ਰਿਹਾ ਸੀ, ਜਿਵੇਂ ਪੈਂਹਠ-ਸੱਤਰ ਸਾਲ ਦਾ ਹੋਵੇ | ਮੈਂ ਉਸ ਨੂੰ ਪੁੱਛਿਆ, 'ਕੀ ਬਿਮਾਰੀ ਹੈ?' ਉਹ ਖੰਘ ਕੇ ਬੋਲਿਆ, 'ਟੀ.ਬੀ. |'
ਮੈਂ ਦੋਵਾਂ ਨੂੰ ਕਾਰ ਵਿਚ ਬਿਠਾ ਕੇ ਟੀ.ਬੀ. ਦੇ ਹਸਪਤਾਲ ਲਿਜਾ ਕੇ ਦਾਖਲ ਕਰਵਾ ਕੇ ਬੱਚੇ ਨੂੰ ਆਖਿਆ ਕਿ ਇਥੇ ਦਵਾਈਆਂ ਅਤੇ ਖਾਣਾ ਫ੍ਰੀ ਮਿਲੂਗਾ | ਪਰ ਫੇਰ ਵੀ ਤੂੰ ਆਹ ਦੋ ਸੌ ਰੁਪਿਆ ਲੈ ਲੈ ਕਿਤੇ ਲੋੜ ਪੈ ਜਾਂਦੀ ਹੈ ਅਤੇ ਜੇ ਫਿਰ ਵੀ ਕਿਤੇ ਪੈਸਿਆਂ ਦੀ ਜਾਂ ਮੇਰੀ ਲੋੜ ਪਵੇ ਤਾਂ ਐਹ ਲੈ ਮੇਰਾ ਫੋਨ ਨੰਬਰ, ਮੈਨੂੰ ਫੋਨ ਕਰ ਦੇਵੀਂ | ਬੱਚੇ ਨੇ ਫੋਨ ਨੰਬਰ ਫੜਦੇ ਹੋਏ ਹੌਲੀ ਜਿਹੀ ਪੁੱਛਿਆ, 'ਤੁਹਾਨੂੰ ਕਿਹੜੇ ਰੱਬ ਨੇ ਭੇਜਿਆ |' ਮੈਂ ਕਿਹਾ 'ਉਸੇ ਨੇ ਜਿਹੜਾ ਸਾਰਿਆਂ ਨੂੰ ਭੇਜਦੈ |' 'ਪਰ ਬਾਕੀ ਤਾਂ ਤੁਹਾਡੇ ਵਰਗੇ ਹੈਨੀ?'

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ ਮਕਾਨ ਨੰ: 155, ਸੈਕਟਰ-2ਪੁੱਤਰ ਮਿੱਠੜੇ ਮੇਵੇ
ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਲਈ ਤੀਰਥ ਯਾਤਰਾ 'ਤੇ ਜਾਣ ਦਾ ਪ੍ਰਬੰਧ ਕੀਤਾ | ਉਹ ਰਾਤ ਨੂੰ ਦੇਰ ਤੱਕ ਯਾਤਰਾ ਦੀਆਂ ਗੱਲਾਂ ਕਰਦੇ ਰਹੇ | ਸਵੇਰੇ ਜਲਦੀ ਉਠੇ, ਇਸ਼ਨਾਨ ਕਰਕੇ ਸਾਫ਼ ਕੱਪੜੇ ਪਾਏ, ਚਾਹ ਨਾਸ਼ਤਾ ਕੀਤਾ | ਸਹੀ ਸਮੇਂ 'ਤੇ ਗੱਡੀ ਆਸ਼ਰਮ ਦੇ ਮੁੱਖ ਦਰਵਾਜ਼ੇ 'ਤੇ ਪਹੁੰਚ ਗਈ |
ਹੱਥਾਂ ਵਿਚ ਖੰੂਡੀਆਂ 'ਤੇ ਇਕ-ਦੂਜੇ ਦੇ ਆਸਰੇ ਨਾਲ ਸਾਰੇ ਗੱਡੀ ਵਿਚ ਬੈਠ ਗਏ | ਪਹਿਲੀ ਸੀਟ 'ਤੇ ਬੈਠ ਬਚਨ ਸਿਹੰੁ ਨੇ ਪਰਨੇ ਨਾਲ ਐਨਕਾਂ ਸਾਫ਼ ਕਰਨ ਤੋਂ ਬਾਅਦ ਨਮ ਹੋਈਆਂ ਅੱਖਾਂ ਸਾਫ਼ ਕੀਤੀਆਂ | ਉਹ ਗੱਡੀ ਦੇ ਸ਼ੀਸ਼ੇ 'ਤੇ ਮੋਟੇ ਅੱਖਰਾਂ ਵਿਚ ਲਿਖਿਆ ਵਾਰ-ਵਾਰ ਪੜ੍ਹ ਰਿਹਾ ਸੀ, 'ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ |'

ਤਰੇੜ
ਦੋਵਾਂ ਭੈਣਾਂ ਦਾ ਵਿਆਹ ਸਕੇ ਭਰਾਵਾਂ ਨਾਲ ਹੋ ਗਿਆ | ਮੰੁਡੇ ਅਤੇ ਕੁੜੀ ਵਾਲੇ ਦੋਵੇਂ ਪਰਿਵਾਰ ਬੜੇ ਖੁਸ਼ ਸਨ | ਕੁੜੀਆਂ ਦੇ ਮਾਪੇ ਸੋਚ ਰਹੇ ਸਨ, ਇਕੱਠੀਆਂ ਜੰਮੀਆਂ ਤੇ ਇਕੋ ਘਰ ਵਿਆਹੀਆਂ, ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਥ ਦੇਣਗੀਆਂ | ਥੋੜ੍ਹੇ ਸਮੇਂ ਬਾਅਦ ਭਤੀਜੇ ਦੀ ਲੋਹੜੀ ਵੰਡਣ ਲਈ ਇਕ ਤਾਂ ਆਪਣੇ ਪਤੀ ਨਾਲ ਬੱਸ ਰਾਹੀਂ ਤੇ ਦੂਜੀ ਕਾਰ ਵਿਚ ਪੇਕੇ ਪਹੁੰਚ ਗਈ | ਪ੍ਰੋਗਰਾਮ ਖਤਮ ਹੋਣ ਤੋਂ ਪਿਛੋਂ ਮਾਂ-ਬਾਪ ਨੇ ਦੋਵਾਂ ਨੂੰ ਰਾਤ ਰਹਿਣ ਲਈ ਕਿਹਾ ਤਾਂ ਦੂਰ-ਦੂਰ ਖੜ੍ਹੀਆਂ ਦੋਵੇਂ ਭੈਣਾਂ ਦਾ ਇਕੋ ਜਵਾਬ ਸੀ, 'ਘਰ ਜਾ ਕੇ ਧਾਰਾਂ ਵੀ ਚੋਣੀਆਂ ਨੇ | ਸਵੇਰੇ ਬੱਚਿਆਂ ਨੂੰ ਸਕੂਲ ਤੋਰਨੈ | ਇਕੱਲੇ ਕਲਾਪਿਆਂ ਲਈ ਰਾਤ ਰਹਿਣਾ ਮੁਸ਼ਕਿਲ ਹੈ |' ਇਹ ਗੱਲ ਕਹਿੰਦਿਆਂ ਛੋਟੀ ਨੇ ਝੋਲਾ ਚੁੱਕਿਆ ਤੇ ਬੱਸ ਅੱਡੇ ਵੱਲ ਨੂੰ ਤੁਰ ਪਈ ਤੇ ਵੱਡੀ ਕਾਰ ਵਿਚ ਬੈਠੀ ਤੇ ਔਹ ਗਈ |

-ਦਵਿੰਦਰ ਜੀਤ ਬੁਜਰਗ
ਮੋਬਾਈਲ : 98551-27254.

ਉਲਝਣ

'ਕੀ ਹੋਇਆ ਨਾਜ਼ਰਾ, ਬਹੁਤ ਉਦਾਸ ਬੈਠਾਂ, ਅੱਜ ਤਾਂ ਦੇਸ਼ ਆਜ਼ਾਦ ਹੋਇਆ ਸੀ, ਖ਼ੁਸ਼ੀ ਮਨਾ', ਜੀਤਾ ਆਉਂਦਿਆਂ ਹੋਇਆਂ ਬੋਲਿਆ |
ਨਾਜ਼ਰ ਕਹਿਣ ਲੱਗਾ, 'ਆਜ਼ਾਦੀ ਨਹੀਂ, ਉਹ ਤਾਂ ਉਜਾੜਾ ਸੀ, ਮੇਰੇ ਚਾਚੇ ਹੁਰੀਂ ਮਾਰੇ ਗਏ | ਓਦਾਂ ਵੀ ਪੰਜਾਬ ਵਿਚ ਚਾਹੇ ਸਿੱਖ ਮਰੇ ਸੀ, ਚਾਹੇ ਮੁਸਲਮਾਨ ਪਰ ਮਰੇ ਪੰਜਾਬੀ ਸੀ, ਹੁਣ ਸਮਝ ਨਹੀਂ ਆ ਰਿਹਾ ਕਿ ਉਜਾੜੇ ਲਈ ਦੁਖੀ ਹੋਵਾਂ ਜਾਂ ਖ਼ੁਸ਼ੀ ਮਨਾਵਾਂ |'
ਹੁਣ ਜੀਤਾ ਵੀ ਸੋਚੀਂ ਪੈ ਗਿਆ |

-ਪਿੰਡ ਤੇ ਡਾਕ: ਨੰਗਲ, ਜ਼ਿਲ੍ਹਾ ਬਰਨਾਲਾ-148109.
ਮੋਬਾਈਲ : 95019-04088.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX