ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  about 3 hours ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  about 4 hours ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  about 4 hours ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  about 4 hours ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  about 4 hours ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  about 5 hours ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  about 5 hours ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  about 5 hours ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  about 5 hours ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦੀਪਿਕਾ ਪਾਦੂਕੋਨ ਹਰ ਪਾਸੇ ਤੇਰਾ ਜਲਵਾ

ਬਹੁਤ ਹੀ ਧਾਰਮਿਕ ਕੁੜੀ ਏ ਦੀਪੀ ਤੇ ਇਸ ਦਾ ਸਬੂਤ ਉਸ ਦਾ ਨੰਗੇ ਪੈਰੀਂ ਬੱਪਾ ਦੇ ਮੰਦਰ ਜਾਣਾ ਸੀ। ਪ੍ਰਕਾਸ਼ ਪਾਦੂਕੋਨ ਦੀ ਇਸ ਪਿਆਰੀ ਬੇਟੀ ਨੇ ਸ਼ਰਧਾ ਲਈ ਮੰਦਰ ਜਾ ਕੇ ਗ਼ਰੀਬ-ਗੁਰਬਿਆਂ ਨੂੰ ਪੈਸੇ, ਫਲ ਤੇ ਕੱਪੜੇ ਵੀ ਵੰਡੇ। ਦੀਪਿਕਾ ਪਾਦੂਕੋਨ ਹਿੰਦੁਸਤਾਨ ਦੀ ਸਟਾਰ ਨਾਇਕਾ ਹੈ ਤੇ ਇਸ ਦਾ ਪ੍ਰਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਚਿਨ ਤੇਂਦੁਲਕਰ ਤੱਕ ਕਈ ਖੇਤਰਾਂ ਦੀਆਂ ਹਸਤੀਆਂ ਉੱਪਰ ਵੀ ਹੈ। ਹੁਣ ਇਕ ਹੋਰ ਸੋਨ ਤਗਮਾ ਜੇਤੂ ਪੀ.ਵੀ. ਸਿੰਧੂ ਵੀ ਦੀਪੀ ਦੀ ਦੀਵਾਨੀ ਹੋਈ ਨਜ਼ਰ ਆਈ ਹੈ ਤੇ ਸਿੰਧੂ ਨੇ ਕਿਹਾ ਕਿ ਉਸ ਦੀ ਬਾਇਓਪਿਕ ਤਿਆਰ ਕਰਨ ਵਾਲਾ ਨਿਰਮਾਤਾ ਦੀਪਿਕਾ ਪਾਦੂਕੋਨ ਨੂੰ ਨਾਇਕਾ ਵਜੋਂ ਫ਼ਿਲਮ 'ਚ ਲਏ।
ਜਦ ਐਨਾ ਆਕਰਸ਼ਣ ਹੋਏ ਤਾਂ ਫ਼ਖਰ ਨਾਲ ਇਨਸਾਨ ਉੱਡਦਾ ਫਿਰਦਾ ਹੈ, ਦੀਪੀ ਇਸ ਮਾਣ ਵਿਚ ਭੁੱਲ ਗਈ ਕਿ ਉਹ ਵਿਆਹੀ ਹੋਈ ਹੈ।
ਇਕ ਸ਼ੋਅ ਵਿਚ ਪੇਸ਼ਕਾਰ ਨੂੰ ਦੀਪੀ ਨੇ ਕਿਹਾ, 'ਉਹ ਬੇਟੀ ਹੈ, ਅਭਿਨੇਤਰੀ ਹੈ, ਦੀਦੀ ਹੈ' ਤਾਂ ਪੇਸ਼ ਕਰਨ ਵਾਲੀ ਹੱਸ ਕੇ ਬੋਲੀ, 'ਪਤਨੀ ਵੀ ਹੈ।' ਦੀਪੀ ਹੱਸ ਪਈ ਤੇ ਜਵਾਬ ਦਿੱਤਾ ਕਿ, 'ਓ ਮੇਰੇ ਅੱਬਾ, ਓ ਮੇਰੇ ਰੱਬਾ, ਮੈਂ ਤਾਂ ਭੁੱਲ ਹੀ ਗਈ ਸੀ ਕਿ ਹੁਣ ਮੈਂ ਕੁਆਰੀ ਨਹੀਂ, ਵਿਆਹੁਤਾ ਹਾਂ।' ਯਾਦ ਰਹੇ ਇਹ ਲਿਵ, ਲਾਫ਼, ਲਵ ਨਾਮ ਦੀ ਸੰਸਥਾ ਚਲਾ ਰਹੀ ਹੈ।
ਇਸ ਸਮੇਂ ਉਸ ਨੇ ਫ਼ਿਲਮ '83' ਸ਼ੂਟ ਕੀਤੀ ਹੈ ਤੇ 'ਐਸਿਡ ਅਟੈਕ' ਫ਼ਿਲਮ ਵਿਚ ਵੀ ਆ ਰਹੀ ਹੈ।
ਦੀਪੀ ਦਾ ਜਦ ਦਾ ਵਿਆਹ ਹੋਇਆ ਹੈ, ਦੀਪੀ ਹੱਸਮੁੱਖ ਬਾਹਲੀ ਹੋ ਗਈ ਹੈ ਤੇ ਪਤਨੀ ਦੇ ਤੌਰ 'ਤੇ ਪਤੀ ਨੂੰ ਮਜ਼ਾਕ ਤੇ ਇਹ ਸਭ ਕੁਝ ਲੋਕਾਂ ਤੱਕ ਸੋਸ਼ਲ ਮੰਚ ਰਾਹੀਂ ਉਹ ਭੇਜ ਰਹੀ ਹੈ। ਇੰਸਟਾਗ੍ਰਾਮ 'ਤੇ ਪਤੀ-ਪਤਨੀ ਦੇ ਚੁਟਕਲੇ ਉਹ ਰੋਜ਼ ਪਾ ਰਹੀ ਹੈ, ਨਾਲ ਕਾਰਟੂਨ ਆਪਣਾ ਤੇ ਰਣਵੀਰ ਦਾ।


ਖ਼ਬਰ ਸ਼ੇਅਰ ਕਰੋ

ਮ੍ਰਿਣਾਲ ਠਾਕੁਰ ਗੋਲੀ ਵਾਂਗ ਫ਼ੁਰਤੀਲੀ

ਇਕ ਕੰਪਨੀ ਦੇ ਫੈਸ਼ਨ ਸ਼ੋਅ ਹਰ ਹਫ਼ਤੇ ਮੁੰਬਈ 'ਚ ਹੋ ਰਹੇ ਨੇ ਤੇ ਇਸ ਹਫ਼ਤੇ ਇਨ੍ਹਾਂ 'ਚ ਮੁੱਖ ਆਕਰਸ਼ਣ ਮ੍ਰਿਣਾਲ ਠਾਕਰ ਸੀ। ਡਿਜ਼ਾਈਨਰ ਅਲਕਾ ਸ਼ਰਮਾ ਲਈ ਮ੍ਰਿਣਾਲ ਰੈਂਪ 'ਤੇ ਚਲਦੀ ਨਜ਼ਰ ਆਈ। ਰਿਤਿਕ ਰੌਸ਼ਨ ਨਾਲ 'ਸੁਪਰ-30' ਕਰ ਚੁੱਕੀ ਇਹ ਅਭਿਨੇਤਰੀ ਜਾਨ ਅਬਰਾਹਮ ਨਾਲ 'ਬਾਟਲਾ ਹਾਊਸ' 'ਚ ਨਜ਼ਰ ਆਈ ਸੀ। ਟੀ.ਵੀ. ਦੇ ਸਭ ਤੋਂ ਚਰਚਿਤ ਲੜੀਵਾਰ 'ਕੁਮ ਕੁਮ ਭਾਗਿਆ' ਨੇ ਮ੍ਰਿਣਾਲ ਦੀ ਤਕਦੀਰ ਦੇ ਪਾਸੇ ਪਲਟੇ ਹਨ। ਚਾਹੇ ਉਸ ਦੀ ਫ਼ਿਲਮ 'ਲਵ ਯੂ ਸੋਨੀਆ' ਨਹੀਂ ਸੀ ਚਲ ਸਕੀ ਪਰ ਲੋਕਾਂ ਨੇ ਤਕਰੀਬਨ ਮ੍ਰਿਣਾਲ ਦੇ ਕੰਮ ਦੀ ਸ਼ਲਾਘਾ ਹੀ ਕੀਤੀ। ਬੀ. ਟੈੱਕ ਤੇ ਪੱਤਕਾਰਿਤਾ ਦੇ ਦੋ ਦੋ ਕੋਰਸ ਉਸ ਨੇ ਕੀਤੇ ਹਨ ਪਰ ਕਿੱਤਾ ਉਸ ਨੇ ਫ਼ਿਲਮੀ ਦੁਨੀਆ ਤੇ ਟੀ.ਵੀ. ਦਾ ਹੀ ਚੁਣਿਆ ਹੈ। ਮਰਾਠੀ ਪਰਿਵਾਰ ਨਾਲ ਸਬੰਧਿਤ ਇਹ ਟੀ.ਵੀ. ਤੋਂ ਸਫਲ ਹੋ ਕੇ ਫ਼ਿਲਮਾਂ ਦਾ ਹਿੱਸਾ ਬਣੀ ਹੈ। ਮ੍ਰਿਣਾਲ ਦੱਸਦੀ ਹੈ ਕਿ ਉਸ ਦਾ ਘਰ ਦਾ ਨਾਂਅ 'ਗੋਲੀ' ਹੈ ਤੇ 'ਗੋਲੀ' ਦੀ ਤਰ੍ਹਾਂ ਹੀ ਉਹ ਤੇਜ਼-ਤਰਾਰ ਦੌੜਨ 'ਚ ਵਿਸ਼ਵਾਸ ਰੱਖਦੀ ਹੈ ਕਿਉਂਕਿ ਅੱਜ ਦੇ ਸਮੇਂ 'ਚ 'ਆਰਾਮ ਹੈ ਹਰਾਮ', 'ਜੋ ਜੀਤਾ ਵੋਹੀ ਸਿਕੰਦਰ', 'ਜੋ ਰਹਿ ਗਿਆ, ਸੋ ਰਹਿ ਗਿਆ।' ਇੰਡੋਨੇਸ਼ੀਅਨ ਟੀ.ਵੀ. 'ਤੇ ਵੀ ਉਸ ਨੇ ਕੰਮ ਕੀਤਾ ਹੈ। ਉਥੇ ਉਸ ਦੇ ਲੱਖਾਂ ਪ੍ਰਸੰਸਕ ਹਨ। ਮ੍ਰਿਣਾਲ ਨੇ ਮਰਾਠੀ ਸਿਨੇਮਾ 'ਚ ਆਪਣਾ 'ਵੱਕਾਰ' ਬਣਾਇਆ ਹੈ। ਤਿੰਨ ਸਾਲ ਪਹਿਲਾਂ ਟੈਲੀਵਿਜ਼ਨ ਨੂੰ ਅਲਵਿਦਾ ਕਹਿਣ ਵਾਲੀ ਮ੍ਰਿਣਾਲ ਹੁਣ ਕਿਸੇ ਵੀ ਕੀਮਤ 'ਤੇ ਲੜੀਵਾਰ ਨਹੀਂ ਕਰੇਗੀ। ਮਿਊਜ਼ਿਕ ਵੀਡੀਓਜ਼ ਉਹ ਜ਼ਰੂਰ ਕਰਦੀ ਰਹੇਗੀ। ਮ੍ਰਿਣਾਲ ਨਾਲ ਜ਼ੀ ਟੀ.ਵੀ. ਨੇ ਸੰਪਰਕ ਕਰ ਕੇ 'ਮੋਟੀ ਰਕਮ' ਵੀ ਦੇਣੀ ਚਾਹੀ ਪਰ ਮ੍ਰਿਣਾਲ ਪਿੱਛੇ ਮੁੜ ਕੇ ਦੇਖਣ 'ਚ ਵਿਸ਼ਵਾਸ ਨਹੀਂ ਰੱਖਦੀ। ਮ੍ਰਿਣਾਲ ਠਾਕੁਰ 'ਚ ਅਗਾਂਹ ਵਧਣ ਦੇ ਗੁਣ ਹਨ ਤੇ ਇਨ੍ਹਾਂ ਦਾ ਪ੍ਰਯੋਗ ਉਹ ਸਹੀ ਕਰ ਰਹੀ ਹੈ।

ਵਿੱਕੀ ਕੌਸ਼ਲ ਮੈਂ ਸ਼ਰਾਬੀ...?

ਚਾਰ ਸਾਲ ਦੇ ਕੈਰੀਅਰ 'ਚ ਕਾਮਯਾਬੀਆਂ ਦੇ ਪਰਚਮ ਵਿੱਕੀ ਕੌਸ਼ਲ ਨੇ ਲਹਿਰਾਅ ਕੇ ਦਰਸਾ ਦਿੱਤਾ ਹੈ ਕਿ ਸਵਰਗੀ ਐਕਸ਼ਨ ਮਾਸਟਰ ਸ਼ਾਮ ਕੌਸ਼ਲ ਦੇ ਇਸ ਪੁੱਤ 'ਚ ਕੁਝ ਕਰ ਦਿਖਾਉਣ ਦੀ ਸਮਰੱਥਾ ਹੱਦੋਂ ਵੱਧ ਹੈ। ਅਸੁਰੱਖਿਆ ਵਿਚੀਂ ਗੁਜ਼ਰਨਾ ਸੁਭਾਵਿਕ ਹੈ ਪਰ ਇਸ ਨੂੰ ਇਨਸਾਨੀ ਗੁਣ ਸਮਝ ਵਿੱਕੀ ਨੇ ਆਪਣਾ ਕੰਮ ਜਾਰੀ ਰੱਖਿਆ ਹੈ। ਜਿਹੜੇ ਬੰਦੇ ਇਨਸਾਨ ਦੇ ਗੁਣ ਰੱਖਦੇ ਨੇ ਵਿੱਕੀ ਦਾ ਹੌਸਲਾ ਸੂਤਰ ਰਹੇ ਹਨ। 2015 ਦੀ 'ਮਸਾਣ' ਤੋਂ ਲੈ ਕੇ 31 ਸਾਲ ਦੇ ਕੌਸ਼ਲ ਨੇ ਜ਼ਿੰਦਗੀ ਦੇ ਸਬਕ ਇਸ ਇੰਡਸਟਰੀ ਤੋਂ ਹੀ ਸਿੱਖੇ ਹਨ। 'ਉੜੀ : ਦਾ ਸਰਜੀਕਲ ਸਟਰਾਈਕ' ਨੇ ਪਾਈਆਂ ਧੁੰਮਾਂ ਤੇ ਵਿੱਕੀ ਦੀ ਹੋਈ ਪੂਰੀ ਚੜ੍ਹਤ। ਇਥੋਂ ਤੱਕ ਕਿ ਫੇਸਬੁੱਕ 'ਤੇ ਵਿੱਕੀ ਕੌਸ਼ਲ ਨਾਲ ਗੱਲਾਂ ਕਰਦੀ ਇਕ ਔਰਤ ਵਿੱਕੀ ਦੇ ਘਰੇ ਮੁੰਬਈ ਪਹੁੰਚ ਗਈ। ਵਿੱਕੀ ਨੇ ਦੱਸਿਆ ਕਿ ਫੇਸਬੁੱਕ 'ਤੇ ਨਕਲੀ ਖਾਤਾ ਉਸ ਦੇ ਨਾਂਅ 'ਤੇ ਕਿਸੇ ਨੇ ਬਣਾ ਕੇ ਔਰਤ ਦੇ ਅਰਮਾਨਾਂ ਨੂੰ ਲੁੱਟਿਆ ਪਰ ਸ਼ੁਕਰ ਹੈ ਕਿ ਉਹ ਉਸ ਨੂੰ ਮਿਲੀ ਤੇ ਉਸ ਨੇ ਨਕਲੀ ਖਾਤਾ ਬੰਦ ਕਰਵਾ ਕੇ ਆਪਣਾ 'ਵੈਰੀਫਾਈਰ ਖਾਤਾ' ਬਣਾਇਆ। ਅਰਿਜੀਤ ਸਿੰਘ ਦੇ ਸਿੰਗਲ ਗਾਣੇ 'ਪਛਤਾਉਗੇ' 'ਚ ਆਏ ਵਿੱਕੀ ਨੇ ਹੁਣ ਸੋਸ਼ਲ ਮੀਡੀਆ ਵੱਲ ਪੂਰਾ ਧਿਆਨ ਲਾਇਆ ਹੈ। ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਕਰ ਰਹੇ ਵਿੱਕੀ ਨੂੰ ਮਾਣ ਹੈ ਕਿ ਉਹ ਮਹਾਨ ਸ਼ਹੀਦ ਦਾ ਕਿਰਦਾਰ ਨਿਭਾਅ ਰਿਹਾ ਹੈ। ਕਰਨ ਜੌਹਰ ਦੀ 'ਭੂਤ ਪਾਰਟ ਵੰਨ: ਦਾ ਹਾਂਟੇਡਸ਼ਿਪ' ਵੀ ਵਿੱਕੀ ਕੌਸ਼ਲ ਕੋਲ ਹੈ। ਖੈਰ ਕਰਨ ਦੀ ਪਾਰਟੀ 'ਚ ਨਿੰਬੂ ਪਾਣੀ ਪੀ ਰਹੇ ਵਿੱਕੀ (ਉਸ ਅਨੁਸਾਰ) 'ਤੇ ਆਰੋਪ ਹੈ ਕਿ ਉਸ ਨੇ 'ਡਰੱਗਜ਼' ਲਈ ਤੇ ਮਾਮਲਾ ਅਦਾਲਤ ਤੱਕ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਲੈ ਕੇ ਗਏ ਹਨ ਜਦ ਕਿ ਪਾਕਿ ਸਾਫ਼ ਹੋਣ ਦੀਆਂ ਦੁਹਾਈਆਂ ਵਿੱਕੀ ਕੌਸ਼ਲ ਦੇ ਰਿਹਾ ਹੈ ਕਿ ਉਹ ਸ਼ਰਾਬੀ ਨਹੀਂ ਹੈ। ਲੋਕ ਵਾਇਰਲ ਵੀਡੀਓ ਦੇ ਆਧਾਰ 'ਤੇ ਉਸ ਨੂੰ ਬਦਨਾਮ ਹੀਰੋ ਸਮਝ ਰਹੇ ਹਨ ਪਰ ਇਸ ਸੱਚ ਨਹੀਂ ਹੈ।
-ਸੁਖਜੀਤ ਕੌਰ

ਨੋਰਾ ਫਤੇਹੀ ਪਊ ਪਛਤਾਉਣਾ

ਤਹਿਲਕਾ ਤੇ ਤਹਿਲਕਾ। ਰੋਜ਼ ਹੀ ਤਹਿਲਕਾ ਨੋਰਾ ਫਤੇਹੀ ਮਚਾ ਰਹੀ ਹੈ। ਇੰਸਟਾਗ੍ਰਾਮ ਉਸ ਦੇ ਡਾਂਸ ਵੀਡੀਓਜ਼ ਨਾਲ ਭਰੇ ਪਏ ਹਨ। 4 ਲੱਖ 89 ਹਜ਼ਾਰ ਤੋਂ ਜ਼ਿਆਦਾ ਵਾਰ ਉਸ ਦਾ ਨਵਾਂ ਡਾਂਸ ਵੀਡੀਓ ਦੇਖਿਆ ਗਿਆ ਹੈ। ਧਮਾਕੇਦਾਰ ਨਾਚ ਦੇ ਕਦਮ ਦੇਖਣਯੋਗ ਹਨ। 'ਪੇਪੇਟਾ' ਗੀਤ ਯੂ-ਟਿਊਬ 'ਤੇ ਪਹਿਲਾਂ ਹੀ ਕੋਹਰਾਮ ਮਚਾ ਰਿਹਾ ਹੈ। 'ਬਿੱਗ ਬੌਸ' ਤੋਂ ਪਛਾਣ ਮਿਲੀ ਨੋਰਾ ਨੂੰ ਤੇ 'ਭਾਰਤ', 'ਬਾਟਲਾ ਹਾਊਸ' ਫ਼ਿਲਮਾਂ 'ਚ ਵੀ ਉਹ ਆਈ। 'ਸਟਰੀਟ ਡਾਂਸਰ' 'ਚ ਵੀ ਨੋਰਾ ਹੈ ਤੇ ਨਾਲ ਸ਼ਰਧਾ ਕਪੂਰ-ਵਰੁਣ ਧਵਨ ਹਨ। ਪ੍ਰੱਗਿਆ ਕਪੂਰ ਨੇ 'ਸਵੱਛ ਭਾਰਤ' ਲਹਿਰ ਹੇਠ ਬੀਚ 'ਤੇ ਇਕ ਸਮਾਰੋਹ ਕਰਵਾਇਆ। ਨੋਰਾ ਉਥੇ ਝਾੜੂ ਫੜ ਕੇ ਸਫਾਈ ਕਰ ਰਹੀ ਸੀ, ਨਾਲ ਹੀ ਕਦਮ ਥਿਰਕ ਰਹੇ ਸਨ ਤੇ ਹਰ ਕੋਈ ਮਜ਼ੇਦਾਰ ਮਾਹੌਲ 'ਚ ਬੀਚ ਦੀ ਸਫਾਈ ਕਰ ਰਿਹਾ ਸੀ। ਇਥੇ ਹੀ ਨੇਹਾ ਧੂਪੀਆ ਦੇ ਨਾਲ ਉਸ ਦਾ ਪਤੀ ਅੰਗਦ ਬੇਦੀ ਆਇਆ। ਅੰਗਦ ਨਾਲ ਨੋਰਾ ਦਾ ਪ੍ਰੇਮ ਸੀ, ਕਈਆਂ ਨੂੰ ਪਤਾ ਹੈ ਤੇ ਅੰਗਦ ਦੇ ਆਉਂਦੇ ਹੀ ਨੋਰਾ ਹੱਥੋਂ ਝਾੜੂ ਡਿੱਗ ਪਿਆ, ਤੀਲੇ ਖਿਲਰ ਗਏ ਤੇ ਖਿਲਰੀਆਂ ਯਾਦਾਂ ਨਾਲ ਨੋਰਾ ਉਥੋਂ ਚੁੱਪ-ਚਾਪ ਹੌਲੀ ਜਿਹੀ ਖਿਸਕ ਗਈ। ਇਧਰ 'ਬੜਾ ਪਛਤਾਉਗੇ' ਸਿੰਗਲ ਗੀਤ ਦੇ ਵੀਡੀਓ 'ਚ ਵਿੱਕੀ ਕੌਸ਼ਲ ਨਾਲ ਨੋਰਾ ਫਤੇਹੀ ਦਾ ਕੰਮ ਲੋਕ ਪਸੰਦ ਕਰ ਰਹੇ ਹਨ। ਇਕ ਪੱਤਰਕਾਰ ਵਾਰਤਾ 'ਚ ਵਿੱਕੀ ਕੌਸ਼ਲ 'ਤੇ ਇਸ ਗੀਤ 'ਤੇ ਨੱਚਣ ਦਾ ਫੁਰਮਾਨ ਆਇਆ ਤਾਂ ਉਹ ਤਿਆਰ ਸੀ ਪਰ ਨੋਰਾ ਦਾ ਪਹਿਰਾਵਾ ਤੇ ਸੰਗ ਇਸ ਕਾਰਨ ਨੋਰਾ ਦਾ ਕੰਮ ਹੀ ਵਿਚਾਲੇ ਰੁਕ ਗਿਆ। ਵਿੱਕੀ ਨੇ ਨੋਰਾ ਨੂੰ ਇਸ ਸਭ ਲਈ ਝਿੜਕਿਆ ਵੀ ਤੇ ਨੋਰਾ ਨੇ ਸਭ ਸਹਿਜ 'ਚ ਲੈ ਕੇ ਆਪਣੇ-ਆਪ ਨੂੰ ਸੰਭਾਲਿਆ। ਨੋਰਾ ਦੇ ਆਪਣੇ ਯੂ-ਟਿਊਬ ਚੈਨਲ 'ਤੇ ਅੰਤਰਰਾਸ਼ਟਰੀ ਉਸ ਦਾ ਗੀਤ 'ਪੇਪੇਟਾ' ਜੋ ਅੰਗਰੇਜ਼ੀ ਹੈ, ਸਫਲ ਹੈ। 'ਬੇਬੀ ਡਾਲ' ਦਾ ਤਮਗਾ ਇਸ ਗੀਤ ਨੇ ਨੋਰਾ ਨੂੰ ਦੇ ਦਿੱਤਾ ਹੈ। ਸਟਰੀਟ ਡਾਂਸਰ ਨੂੰ ਲੈ ਕੇ ਜ਼ਿਆਦਾ ਹੀ ਆਸ ਰੱਖੀ ਹੈ, ਨੋਰਾ ਨੇ। ਗੀਤ ਹੀ ਨਹੀਂ, ਨਾਚ ਹੀ ਨਹੀਂ, ਉਹ ਅਭਿਨੈ ਦੇ ਮੈਦਾਨ 'ਚ ਵੀ ਜਿੱਤ ਹੀ ਪ੍ਰਾਪਤ ਕਰੇਗੀ।

ਆਮਿਰ ਦੀ 'ਮੋਗੁਲ' ਵਿਚ ਵਾਪਸੀ

ਸੰਗੀਤ ਦੇ ਨਾਲ-ਨਾਲ ਫ਼ਿਲਮ ਨਿਰਮਾਣ ਵਿਚ ਰੁੱਝੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਕੁਝ ਸਾਲ ਪਹਿਲਾਂ ਆਪਣੇ ਪਿਤਾ ਗੁਲਸ਼ਨ ਕੁਮਾਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਦਾ ਨਾਂਅ 'ਮੋਗੁਲ' ਰੱਖਿਆ ਗਿਆ ਸੀ। ਉਦੋਂ ਟੀ-ਸੀਰੀਜ਼ ਦੀਆਂ ਦੀਵਾਰਾਂ 'ਤੇ ਵੀ ਇਸ ਦੇ ਪੋਸਟਰ ਲਗਾ ਦਿੱਤੇ ਗਏ ਸਨ ਅਤੇ ਫ਼ਿਲਮ ਲਈ ਉਨ੍ਹਾਂ ਵਲੋਂ ਦਿੱਤੀ ਜਾਂਦੀ ਸਲਾਹ ਤੇ ਸੁਝਾਅ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਸੀ। ਫ਼ਿਲਮ ਦੇ ਨਿਰੇਦਸ਼ਨ ਦੀ ਵਾਗਡੋਰ 'ਜੌਲੀ ਐਲ ਐਲ ਬੀ' ਰਾਹੀਂ ਪ੍ਰਸਿੱਧ ਨਿਰਦੇਸ਼ਕ ਸੁਭਾਸ਼ ਕੁਮਾਰ ਨੂੰ ਸੌਂਪੀ ਗਈ ਸੀ ਅਤੇ ਇਹ ਤੈਅ ਹੋਇਆ ਸੀ ਕਿ ਇਸ ਵਿਚ ਗੁਲਸ਼ਨ ਕੁਮਾਰ ਦੀ ਭੂਮਿਕਾ ਅਕਸ਼ੈ ਕੁਮਾਰ ਵਲੋਂ ਨਿਭਾਈ ਜਾਵੇਗੀ। ਹੁਣ ਇੰਤਜ਼ਾਰ ਸੀ ਤਾਂ ਸ਼ੂਟਿੰਗ ਸ਼ੁਰੂ ਹੋਣ ਦਾ।
ਇਸ ਤੋਂ ਪਹਿਲਾਂ ਕਿ ਸ਼ੂਟਿੰਗ ਸ਼ੁਰੂ ਹੋਵੇ ਨਿਰਦੇਸ਼ਕ ਸੁਭਾਸ਼ ਕੁਮਾਰ ਮੀ ਟੂ ਮੂਵਮੈਂਟ ਦੀ ਬਲੀ ਚੜ੍ਹ ਗਏ। ਐਂਕਰ ਤੇ ਟੀ. ਵੀ. ਅਭਿਨੇਤਰੀ ਗੀਤਿਕਾ ਤਿਆਗੀ ਨੇ ਉਨ੍ਹਾਂ 'ਤੇ ਸੋਸ਼ਣ ਦਾ ਦੋਸ਼ ਲਗਾਇਆ ਅਤੇ ਉਹ ਵੀਡੀਓ ਵੀ ਬਹੁਤ ਵਾਇਰਲ ਹੋਈ ਜਿਸ ਵਿਚ ਗੀਤਿਕਾ ਉਨ੍ਹਾਂ ਨੂੰ ਥੱਪੜ ਮਾਰਦੀ ਦਿਖਾਈ ਦਿੰਦੀ ਹੈ। ਸੁਭਾਸ਼ ਦਾ ਅਸਲੀ ਚਿਹਰਾ ਸਾਹਮਣੇ ਆਇਆ ਦੇਖ ਕੇ ਆਮਿਰ ਨੇ ਫ਼ਿਲਮ ਦੇ ਨਿਰਮਾਣ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਫ਼ਿਲਮ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ।
ਹੁਣ ਆਮਿਰ ਨੇ ਫ਼ਿਲਮ ਵਿਚ ਆਪਣੀ ਵਾਪਸੀ ਕਰ ਲਈ ਹੈ ਅਤੇ ਉਹ ਹੀ ਇਸ ਵਿਚ ਗੁਲਸ਼ਨ ਕੁਮਾਰ ਦੀ ਭੂਮਿਕਾ ਨਿਭਾਉਣਗੇ। ਭਾਵ ਫ਼ਿਲਮ ਤੋਂ ਅਕਸ਼ੈ ਦੀ ਛੁੱਟੀ ਹੋ ਗਈ ਹੈ। ਜਦੋਂ ਇਸ ਫ਼ਿਲਮ ਦਾ ਨਿਰਮਾਣ ਹਨ੍ਹੇਰੇ ਵਿਚ ਲਟਕ ਗਿਆ ਸੀ ਤਾਂ ਅਕਸ਼ੈ ਨੇ ਹੋਰ ਫ਼ਿਲਮਾਂ ਹੱਥ ਵਿਚ ਲੈ ਲਈਆਂ ਅਤੇ ਹੁਣ ਉਨ੍ਹਾਂ ਲਈ 'ਮੋਗੁਲ' ਲਈ ਸਮਾਂ ਕੱਢ ਪਾਉਣਾ ਅਸੰਭਵ ਸੀ। ਇਸ ਤਰ੍ਹਾਂ ਗੁਲਸ਼ਨ ਕੁਮਾਰ ਦੀ ਭੂਮਿਕਾ ਲਈ ਕਪਿਲ ਸ਼ਰਮਾ ਦੇ ਨਾਂਅ 'ਤੇ ਵੀ ਸੋਚ-ਵਿਚਾਰ ਕੀਤਾ ਗਿਆ ਪਰ ਭੂਸ਼ਣ ਕੁਮਾਰ ਨੂੰ ਲੱਗਿਆ ਕਿ ਕਪਿਲ ਦੇ ਆਉਣ ਨਾਲ ਫ਼ਿਲਮ 'ਤੇ ਕਾਮੇਡੀ ਫ਼ਿਲਮ ਦਾ ਠੱਪਾ ਲੱਗ ਜਾਵੇਗਾ ਜਦਕਿ ਇਹ ਸੰਵੇਦਨਸ਼ੀਲ ਫ਼ਿਲਮ ਹੈ। ਫ਼ਿਲਮ ਪ੍ਰਤੀ ਆਮਿਰ ਦਾ ਕ੍ਰਇਏਟਿਵ ਯੋਗਦਾਨ ਦੇਖ ਕੇ ਭੂਸ਼ਣ ਨੇ ਆਮਿਰ ਨੂੰ ਗੁਲਸ਼ਨ ਕੁਮਾਰ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਅਤੇ ਆਪਣੇ ਪਿਤਾ ਦੀ ਫ਼ਿਲਮ ਪ੍ਰਤੀ ਭੂਸ਼ਣ ਦਾ ਸੰਵੇਦਨਾਤਮਕ ਨਾਤਾ ਦੇਖ ਕੇ ਆਮਿਰ ਇਸ ਵਿਚ ਕੰਮ ਕਰਨ ਨੂੰ ਤਿਆਰ ਹੋ ਗਿਆ। ਇਹ ਫ਼ਿਲਮ ਸੁਭਾਸ਼ ਵਲੋਂ ਵੀ ਨਿਰਦੇਸ਼ਿਤ ਕੀਤੀ ਜਾਵੇਗੀ ਅਤੇ ਆਮਿਰ ਦਾ ਕਹਿਣਾ ਹੈ ਕਿ ਕਿਉਂਕਿ ਨਿਰਦੇਸ਼ਕ ਦੇ ਖਿਲਾਫ਼ ਕਿਸੇ ਫ਼ਿਲਮ ਐਸੋਸੀਏਸ਼ਨ ਵਿਚ ਸ਼ਿਕਾਇਤ ਦਰਜ ਨਹੀਂ ਹੋਈ ਹੈ, ਸੋ, ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ ਹਨ।
ਇਸ ਨੂੰ ਕਹਿੰਦੇ ਹਨ 'ਅੰਤ ਭਲਾ, ਸੋ ਸਭ ਭਲਾ।'

ਕਾਜੋਲ ਨਾਇਕਾ ਬਣੀ ਪਰ ਗ੍ਰੈਜੂਏਟ ਨਹੀਂ

ਬਿਲਕੁਲ ਮੀਨਾ ਕੁਮਾਰੀ, ਨੂਰਜਹਾਂ, ਨਰਗਿਸ, ਮਧੂਬਾਲਾ ਦੀ ਤਰ੍ਹਾਂ ਸਦਾਬਹਾਰ ਨਾਇਕਾ ਕਾਜੋਲ ਧਰਮਪਤਨੀ ਸ੍ਰੀਮਾਨ ਅਜੈ ਦੇਵਗਨ 45 ਸਾਲ ਦੀ ਹੋ ਗਈ ਹੈ। ਇਹ ਉਸ ਨੂੰ ਦੇਖ ਕੇ ਲਗਦਾ ਹੀ ਨਹੀਂ ਹੈ। ਪਤਾ ਜੇ ਕਾਜੋਲ ਵੇਦ ਪ੍ਰਕਾਸ਼ ਸ਼ਰਮਾ ਦੇ ਲਿਖੇ ਨਾਵਲਾਂ ਦੀ ਬੁਹਤ ਵੱਡੀ ਪ੍ਰਸੰਸਕਾ ਹੈ। ਕਾਜੋਲ ਫਿਰ ਵੱਡੇ ਪਰਦੇ 'ਤੇ, ਇਹ ਖ਼ਬਰ ਸੁਣ ਕੇ ਇੰਡਸਟਰੀ ਦੇ ਪੰਡਿਤ ਖੁਸ਼ ਹਨ। ਪਰਿਵਾਰਕ ਫ਼ਿਲਮਾਂ ਦੇ ਦੀਵਾਨੇ ਖ਼ੁਸ਼ ਹਨ। 'ਤਾਨਾ ਜੀ' ਦੀ ਇਹ ਅਜੈ-ਕਾਜੋਲ ਦੀ ਜੋੜੀ ਹੁਣ ਇਹ ਹਾਸਰਸ ਫ਼ਿਲਮ ਕਰਨ ਜਾ ਰਹੀ ਹੈ। 'ਧੋਖਾ-ਅਰਾਊਂਡ ਦਾ ਕਾਰਨਰ' ਪਹਿਲਾਂ ਇਸ ਫ਼ਿਲਮ ਦਾ ਟਾਈਟਲ ਰੱਖਿਆ ਗਿਆ ਸੀ। ਹੋ ਸਕਦਾ ਹੈ 'ਰਾਜੂ ਚਾਚਾ', 'ਇਸ਼ਕ', 'ਗੁੰਡਾਰਾਜ' ਦੀ ਤਰ੍ਹਾਂ ਕਾਜੋਲ ਦੀ ਇਹ ਨਵੀਂ ਫ਼ਿਲਮ 2020 ਸ਼ੁਰੂ ਹੁੰਦਿਆਂ ਹੀ ਸੈੱਟ 'ਤੇ ਚਲੀ ਜਾਏ। ਆਪਣੀ ਨਾਨੀ ਸ਼ੋਭਨਾ ਸਮਰੱਥ ਦੇ ਪਿਆਰ ਨੂੰ ਹੀ ਆਪਣੀ ਕਾਮਯਾਬੀ ਦਾ ਰਾਜ਼ ਸਮਝਣ ਵਾਲੀ ਕਾਜੋਲ ਨੇ ਸੋਲਵੇਂ ਸਾਲ 'ਚ ਹੀਰੋਇਨ ਬਣਨ ਦਾ ਸੁਪਨਾ ਤਾਂ ਪੂਰਾ ਕਰ ਲਿਆ ਪਰ ਅਫ਼ਸੋਸ ਉਹ ਗ੍ਰੈਜੂਏਟ ਨਹੀਂ ਬਣ ਸਕੀ। ਭਗਵਾਨ ਸ਼ਿਵ ਦੀ ਉਹ ਅਥਾਹ ਭਗਤਣੀ ਹੈ ਤੇ ਸ਼ਿਵ ਦੀ ਅਰਾਧਨਾ ਉਸ ਲਈ ਜ਼ਰੂਰੀ ਹੈ। 'ਓਮ' ਜਿਸ ਅੰਗੂਠੀ 'ਤੇ ਲਿਖਿਆ ਹੈ, ਉਹ ਕਾਜੋਲ ਪਹਿਨਦੀ ਹੈ 16 ਸਾਲ ਦੀ ਉਮਰ ਤੋਂ ਅੱਜ 45 ਸਾਲ ਦੀ ਹੋਣ ਤੱਕ। 'ਕਲਰਜ਼ ਚੈਨਲ' ਦੇ 'ਡਾਂਸ ਦੀਵਾਨੇ' ਸ਼ੋਅ 'ਚ 'ਯੇ ਕਾਲੀ ਕਾਲੀ ਜੁਲਫੇਂ' 'ਤੇ ਕਾਜੋਲ ਦੇ ਨਾਚ ਨੇ ਤਾਂ ਅੱਜ ਦੀਆਂ ਕੈਟਰੀਨਾ-ਕਰੀਨਾਵਾਂ ਤੇ ਅਨੁਸ਼ਕਾਵਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਆ ਰਹੀ ਨਵੀਂ ਫ਼ਿਲਮ 'ਜੰਕਸ਼ਨ ਵਾਰਾਣਸੀ'

ਅਦਾਕਾਰ ਤੋਂ ਨਿਰਦੇਸ਼ਕ ਬਣੇ ਧੀਰਜ ਪੰਡਿਤ ਨੇ ਫ਼ਿਲਮ 'ਜੰਕਸ਼ਨ ਵਾਰਾਣਸੀ' ਦੇ ਨਿਰਦੇਸ਼ਨ ਦੀ ਵਾਗਡੋਰ ਆਪਣੇ ਹੱਥ ਵਿਚ ਫੜ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਅਮਰ (ਦੇਵ ਸ਼ਰਮਾ) ਤੇ ਬਿੰਦੂ ਪ੍ਰੇਮ (ਧੀਰਜ ਪੰਡਿਤ) ਵਾਰਾਣਸੀ ਨਾਲ ਲਗਦੇ ਛੋਟੇ ਜਿਹੇ ਪਿੰਡ ਪਿੰਪਰੀ ਵਿਚ ਰਹਿੰਦੇ ਹੁੰਦੇ ਹਨ। ਇਨ੍ਹਾਂ ਦੇ ਪਰਿਵਾਰ ਦੀ ਸਾਧੂ ਚਰਨ (ਅਨੁਪਮ ਸ਼ਿਆਮ ਓਝਾ) ਨਾਲ ਪੁਰਾਣੀ ਦੁਸ਼ਮਣੀ ਹੈ ਅਤੇ ਇਕ ਦਿਨ ਸਾਧੂ ਚਰਨ ਵਲੋਂ ਰਚੇ ਗਏ ਪ੍ਰਪੰਚ ਦਾ ਸ਼ਿਕਾਰ ਬਿੰਦੂ ਪ੍ਰੇਮ ਹੋ ਜਾਂਦਾ ਹੈ ਪਰ ਉਹ ਆਪਣੇ ਭਰਾ ਅਮਰ ਨੂੰ ਬਚਾਅ ਲੈਣ ਵਿਚ ਕਾਮਯਾਬ ਰਹਿੰਦਾ ਹੈ। ਇਸ ਪ੍ਰਪੰਚ ਦੀ ਵਜ੍ਹਾ ਨਾਲ ਬਿੰਦੂ ਪ੍ਰੇਮ ਨੂੰ ਦਿਮਾਗ਼ੀ ਠੇਸ ਪਹੁੰਚਦੀ ਹੈ ਅਤੇ ਉਹ ਸੋਚਣ ਤੇ ਸਮਝਣ ਦੀ ਸ਼ਕਤੀ ਗਵਾ ਬੈਠਦਾ ਹੈ। ਬਿੰਦੂ ਪ੍ਰੇਮ ਦੀ ਇਸ ਕਮਜ਼ੋਰੀ ਦੀ ਵਜ੍ਹਾ ਕਰਕੇ ਸਾਧੂ ਚਰਨ ਉਸ ਨੂੰ ਸ਼ਰਾਬ ਤੇ ਜੂਏ ਦੀ ਆਦਤ ਲਗਾ ਦਿੰਦਾ ਹੈ, ਤਾਂ ਕਿ ਉਹ ਆਪਣੇ ਪਰਿਵਾਰ ਨੂੰ ਬਰਬਾਦ ਕਰ ਦੇਵੇ। ਵਿਗੜੇ ਬੇਟੇ ਨੂੰ ਸਹੀ ਰਸਤੇ ਲਿਆਉਣ ਲਈ ਮਾਂ (ਜ਼ਰੀਨਾ ਵਹਾਬ) ਉਸ ਦਾ ਵਿਆਹ ਅੰਜਲੀ (ਅੰਜਲੀ ਅਬਰੋਲ) ਨਾਲ ਕਰਵਾ ਦਿੰਦੀ ਹੈ। ਅਸਲ ਵਿਚ ਅੰਜਲੀ ਨੂੰ ਅਮਰ ਨਾਲ ਪਿਆਰ ਹੈ ਅਤੇ ਅਮਰ ਵੀ ਉਸ ਨੂੰ ਚਾਹੁੰਦਾ ਹੁੰਦਾ ਹੈ ਪਰ ਜਦੋਂ ਅਮਰ ਨੂੰ ਮਾਂ ਵਲੋਂ ਤੈਅ ਕੀਤੇ ਗਏ ਰਿਸ਼ਤੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਖ਼ੁਦ 'ਤੇ ਆਪਣੇ ਭਰਾ ਦਾ ਪੁਰਾਣਾ ਅਹਿਸਾਨ ਦੇਖ ਕੇ ਆਪਣੇ ਪਿਆਰ ਦੀ ਕੁਰਬਾਨੀ ਦੇਣਾ ਠੀਕ ਸਮਝਦਾ ਹੈ। ਇਸ ਦਾ ਨਤੀਜਾ ਕੀ ਆਉਂਦਾ ਹੈ, ਇਹ ਇਸ ਦੀ ਕਹਾਣੀ ਹੈ। ਪੂਰੀ ਤਰ੍ਹਾਂ ਨਾਲ ਵਾਰਾਣਸੀ ਭਾਵ ਬਨਾਰਸ ਤੇ ਇਸ ਦੇ ਆਲੇ-ਦੁਆਲੇ ਫ਼ਿਲਮਾਈ ਗਈ ਇਸ ਫ਼ਿਲਮ ਵਿਚ ਉਥੋਂ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ।

-ਮੁੰਬਈ ਪ੍ਰਤੀਨਿਧ

ਮੁੜ ਹੋਈ ਸਰਗਰਮ ਆਰਤੀ ਨਾਗਪਾਲ

ਬਾਲੀਵੁੱਡ ਵਿਚ ਆਰਤੀ ਨਾਗਪਾਲ ਦੀ ਪਛਾਣ ਦੇਵ ਆਨੰਦ ਦੀ ਖੋਜ ਦੇ ਤੌਰ 'ਤੇ ਹੁੰਦੀ ਹੈ। ਉਸ ਨੂੰ ਦੇਵ ਆਨੰਦ ਵਲੋਂ ਫ਼ਿਲਮ 'ਗੈਂਗਸਟਰ' ਵਿਚ ਮੌਕਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਆਰਤੀ ਨੇ 'ਵਜ੍ਹਾ', 'ਏਕ ਥਾ ਰਾਜਾ', 'ਹੋਲੀਡੇ', 'ਖੁੱਦਾਰ' (ਗੋਵਿੰਦਾ) ਸਮੇਤ ਕਈ ਫ਼ਿਲਮਾਂ ਕੀਤੀਆਂ ਤੇ ਲੜੀਵਾਰਾਂ ਵਿਚ ਵੀ ਕੰਮ ਕੀਤਾ। ਪਹਿਲਾਂ ਉਸ ਦਾ ਨਾਂਅ ਆਕ੍ਰਿਤੀ ਸੀ ਜੋ ਬਾਅਦ ਵਿਚ ਬਦਲ ਕੇ ਆਰਤੀ ਕਰ ਦਿੱਤਾ।
ਹੁਣ ਆਰਤੀ ਨੇ ਇਕ ਗੀਤ 'ਐਲੀਫੈਂਟ ਹੈੱਡ' ਲਈ ਬਣੇ ਵੀਡੀਓ ਵਿਚ ਕੰਮ ਕੀਤਾ ਹੈ। ਇਹ ਗੀਤ ਗਣੇਸ਼ ਜੀ 'ਤੇ ਬਣਾਇਆ ਗਿਆ ਹੈ ਅਤੇ ਆਰਤੀ ਦੇ ਬੇਟੇ ਵੇਦਾਂਤ ਇਸ ਗੀਤ ਦੇ ਰਚੇਤਾ, ਗਾਇਕ ਤੇ ਸੰਗੀਤਕਾਰ ਹਨ। ਬੇਟੇ ਦੀ ਇਸ ਰਚਨਾ ਤੋਂ ਮਾਂ ਕਾਫੀ ਖ਼ੁਸ਼ ਹੈ ਅਤੇ ਉਹ ਕਹਿੰਦੀ ਹੈ, 'ਵੇਦਾਂਤ ਦੀ ਫ਼ਿਲਮ ਮੇਕਿੰਗ ਵੱਲ ਰੁਚੀ ਸ਼ੁਰੂ ਤੋਂ ਰਹੀ ਹੈ। ਜਦੋਂ ਉਹ 18 ਸਾਲ ਦਾ ਸੀ ਉਦੋਂ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਇਕ ਲਘੂ ਫ਼ਿਲਮ 'ਸਟਾਪ ਰਨਿੰਗ' ਬਣਾਈ ਸੀ ਅਤੇ ਇਸ ਵਿਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜਣ ਦਾ ਸੰਦੇਸ਼ ਦਿੱਤਾ ਗਿਆ ਸੀ। ਫਿਰ ਉਸ ਨੇ ਇਕ ਹੋਰ ਲਘੂ ਫ਼ਿਲਮ 'ਡਜ਼ ਇਟ ਹਰਟ' ਬਣਾਈ ਸੀ ਅਤੇ ਇਸ ਦੀ ਖ਼ਾਸ ਗੱਲ ਇਹ ਸੀ ਕਿ ਤਿੰਨ ਮਿੰਟ ਦੀ ਇਹ ਲਘੂ ਫ਼ਿਲਮ ਇਕ ਹੀ ਸ਼ਾਟ ਵਿਚ ਫ਼ਿਲਮਾਈ ਗਈ ਸੀ। ਇਹ ਗੀਤ 'ਐਲੀਫੰਟ ਹੈੱਡ' ਵੀ ਉਸ ਦੀ ਕਲਪਨਾ ਹੈ। ਮੈਂ ਵਰਸੋਵਾ ਵਿਚ ਰਹਿੰਦੀ ਹਾਂ ਅਤੇ ਸਾਹਮਣੇ ਸਮੁੰਦਰ ਹੈ ਜਿਥੇ ਗਣਪਤੀ ਦੀਆਂ ਮੂਰਤੀਆਂ ਨੂੰ ਵਿਸਰਜਿਤ ਕੀਤਾ ਜਾਂਦਾ ਹੈ। ਵਿਸਰਜਨ ਦੇ ਦੂਜੇ ਦਿਨ ਹਜ਼ਾਰਾਂ ਮੂਰਤੀਆਂ ਮਾੜੀ ਹਾਲਤ ਵਿਚ ਸਮੁੰਦਰ ਕਿਨਾਰੇ ਪਾਈਆਂ ਜਾਂਦੀਆਂ ਹਨ। ਇਹ ਦੇਖ ਕੇ ਵੇਦਾਂਤ ਦਾ ਦਿਲ ਦੁਖੀ ਹੋ ਉੱਠਦਾ ਹੈ ਅਤੇ ਆਪਣਾ ਦਰਦ ਉਸ ਨੇ ਗੀਤ ਜ਼ਰੀਏ ਪੇਸ਼ ਕੀਤਾ ਹੈ।'
ਇਸ ਵੀਡੀਓ ਵਿਚ ਆਰਤੀ ਨੂੰ ਕਾਲੇ ਕੱਪੜੇ ਪਾਈ ਨ੍ਰਿਤ ਕਰਦੇ ਦਿਖਾਇਆ ਗਿਆ ਹੈ। ਕਾਲੇ ਕੱਪੜੇ ਪਾਉਣ ਦੀ ਵਜ੍ਹਾ ਬਾਰੇ ਉਹ ਕਹਿੰਦੀ ਹੈ ਕਿ ਉਹ ਵੀਡੀਓ ਵਿਚ ਮਾਨਵ ਜਾਤੀ ਦੀ ਅਗਵਾਈ ਕਰ ਰਹੀ ਹੈ। ਕਾਲੇ ਕੱਪੜੇ ਨਾਂਹਪੱਖੀ ਐਨਰਜੀ ਦਾ ਪ੍ਰਤੀਕ ਹਨ ਅਤੇ ਗਣੇਸ਼ ਜੀ ਦੀ ਮੂਰਤੀ ਸਾਹਮਣੇ ਨ੍ਰਿਤ ਕਰ ਕੇ ਇਹ ਦਿਖਾਇਆ ਗਿਆ ਹੈ ਕਿ ਆਪਣੇ ਸਵਾਰਥ ਲਈ ਮਾਨਵ ਜਾਤੀ ਭਗਵਾਨ ਨੂੰ ਵੀ ਠੱਗ ਰਹੀ ਹੈ। ਆਰਤੀ ਦੇ ਕਈ ਜਾਣੂ ਨਿਰਮਾਤਾ ਤੇ ਨਿਰਦੇਸ਼ਕਾਂ ਨੇ ਇਸ ਵੀਡੀਓ ਦੀ ਤਾਰੀਫ਼ ਕੀਤੀ ਹੈ ਅਤੇ ਇਸ ਤਾਰੀਫ਼ ਦੀ ਬਦੌਲਤ ਮਾਂ-ਬੇਟੇ ਦਾ ਹੌਸਲਾ ਵਧਣਾ ਸੁਭਾਵਿਕ ਹੀ ਹੈ।
-ਮੁੰਬਈ ਪ੍ਰਤੀਨਿਧ

ਗੌਰਵ ਡਾਗਰ ਦਾ ਵੱਡੇ ਪਰਦੇ ਦਾ ਸਫ਼ਰ ਸ਼ੁਰੂ

ਮੇਰਠ ਵਾਸੀ ਗੌਰਵ ਡਾਗਰ ਜਦੋਂ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਉਦੋਂ ਹੀ ਸੋਚ ਲਿਆ ਸੀ ਕਿ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ। ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਫ਼ੌਜ ਵਿਚ ਹਨ। ਸੋ, ਘਰਵਾਲਿਆਂ ਦੀ ਇੱਛਾ ਸੀ ਕਿ ਬੇਟਾ ਵੀ ਫ਼ੌਜ ਵਿਚ ਜਾਵੇ ਪਰ ਕੁਝ ਵੱਡਾ ਕਰਨ ਦੀ ਇੱਛਾ ਗੌਰਵ ਨੂੰ ਫ਼ੌਜ ਵਿਚ ਜਾਣ ਤੋਂ ਰੋਕ ਰਹੀ ਸੀ ਅਤੇ ਇਹੀ ਇੱਛਾ ਉਸ ਨੂੰ ਅਭਿਨੈ ਦੀ ਦੁਨੀਆ ਵਿਚ ਲੈ ਆਈ। ਇਥੇ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਉਸ ਦੇ ਹੌਸਲੇ ਪਸਤ ਨਹੀਂ ਹੋਏ। ਇਸ ਮਹਾਨਗਰ ਦੀਆਂ ਕਾਫ਼ੀ ਸੜਕਾਂ ਨਾਪ ਲੈਣ ਤੋਂ ਬਾਅਦ ਉਸ ਨੂੰ ਲੜੀਵਾਰ 'ਪੇਸ਼ਵਾ ਬਾਜੀਰਾਓ' ਵਿਚ ਮੁਗ਼ਲ ਸੈਨਾਪਤੀ ਦੀ ਭੂਮਿਕਾ ਮਿਲੀ। ਇਸ ਭੂਮਿਕਾ ਨਾਲ ਉਹ ਨਿਆਂ ਕਰਨ ਵਿਚ ਸਫ਼ਲ ਰਿਹਾ ਤਾਂ ਅਤੇ ਲੜੀਵਾਰ ਮਿਲੇ ਅਤੇ ਹੁਣ ਤੱਕ ਉਹ ਪੰਜਾਹ ਤੋਂ ਜ਼ਿਆਦਾ ਲੜੀਵਾਰ ਕਰ ਚੁੱਕਿਆ ਹੈ ਅਤੇ ਇਨ੍ਹਾਂ ਵਿਚ 'ਏਕਲਵਿਆ', 'ਇਸ਼ਕ ਮੇਂ ਮਰਜਾਵਾਂ', 'ਸ਼ਕਤੀ ਅਹਿਸਾਸ ਕੀ', 'ਮੁਸਕਾਨ', 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਮੁੱਖ ਹਨ। ਜੁਰਮ 'ਤੇ ਆਧਾਰਿਤ ਸ਼ੋਅ 'ਕ੍ਰਾਈਮ ਪੈਟਰੋਲ' ਦੇ ਵੀ ਕਈ ਐਪੀਸੋਡ ਕੀਤੇ ਹਨ ਅਤੇ ਜ਼ਿਆਦਾਤਰ ਵਿਚ ਉਹ ਪੁਲਿਸ ਦੀ ਵਰਦੀ ਵਿਚ ਨਜ਼ਰ ਆਏ ਸਨ। ਹੁਣ ਕੁਝ ਵੱਡਾ ਕਰਨ ਦੀ ਇੱਛਾ ਉਸ ਨੂੰ ਵੱਡੇ ਪਰਦੇ 'ਤੇ ਲੈ ਆਈ ਹੈ ਅਤੇ ਉਹ ਦੋ ਫ਼ਿਲਮਾਂ ਰਾਹੀਂ ਵੱਡੇ ਪਰਦੇ 'ਤੇ ਆਪਣਾ ਆਗਮਨ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਹੈ-'ਗੁਲ ਮਕਾਹ' ਜੋ ਪਾਕਿਸਤਾਨੀ ਲੜਕੀ ਮਲਾਲਾ ਯੂਸਫ਼ਜ਼ਈ ਦੇ ਜੀਵਨ 'ਤੇ ਆਧਾਰਿਤ ਹੈ। ਇਸ ਵਿਚ ਗੌਰਵ ਦੇ ਹਿੱਸੇ ਪਾਕਿਸਤਾਨੀ ਪੁਲਿਸ ਅਧਿਕਾਰੀ ਦੀ ਭੂਮਿਕਾ ਆਈ ਹੈ ਅਤੇ ਗੌਰਵ ਅਨੁਸਾਰ 'ਕ੍ਰਾਈਮ ਪੈਟਰੋਲ' ਵਿਚ ਪੁਲਸੀਆ ਵਰਦੀ ਪਾਉਣ ਦਾ ਅਨੁਭਵ ਇਥੇ ਕਾਫ਼ੀ ਕੰਮ ਆਇਆ ਸੀ। ਉਸ ਦੀ ਦੂਜੀ ਫ਼ਿਲਮ ਹੈ 'ਫ਼ੌਜੀ ਕਾਲਿੰਗ' ਅਤੇ ਇਸ ਵਿਚ ਸ਼ਰਮਨ ਜੋਸ਼ੀ, ਮੁਗਧਾ ਗੋਡਸੇ, ਜ਼ਰੀਨਾ ਵਹਾਬ ਵੀ ਹਨ। ਗੌਰਵ ਨੂੰ ਮਨੋਜ ਵਾਜਪਾਈ ਦੀ ਵੈੱਬ ਸੀਰੀਜ਼ 'ਫੈਮਲੀ ਮੈਨ' ਵਿਚ ਵੀ ਲਿਆ ਗਿਆ ਹੈ ਅਤੇ ਇਹ ਐਮਾਜ਼ੋਨ ਲਈ ਬਣਾਈ ਗਈ ਹੈ। ਗੌਰਵ ਨੇ ਆਪਣਾ ਬੈਨਰ ਸਥਾਪਿਤ ਕਰ ਕੇ ਫ਼ਿਲਮ ਨਿਰਮਾਣ ਵੱਲ ਵੀ ਆਪਣਾ ਰੁਖ਼ ਕੀਤਾ ਹੈ। ਉਸ ਦੇ ਬੈਨਰ ਦਾ ਨਾਂਅ ਹੈ ਕਲਾਕਾਰਜ਼ ਐਂਟਰਟੇਨਮੈਂਟ ਅਤੇ ਇਸ ਰਾਹੀਂ ਲਘੂ ਫ਼ਿਲਮ 'ਜਾਨਿਬ-ਏ-ਮੰਝਿਲ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਕੌਮਾਂਤਰੀ ਐਵਾਰਡ ਹਾਸਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ। ਉਹ ਕਹਿੰਦੇ ਹਨ, 'ਸਾਡੇ ਦੇਸ਼ ਕੋਲ ਦੋ ਕ੍ਰਿਕਟ ਵਰਲਡ ਕੱਪ ਹਨ ਪਰ ਕੋਈ ਦੋ ਨਾਮੀ ਕੌਮਾਂਤਰੀ ਐਵਾਰਡ ਨਹੀਂ ਹੈ। ਇਹੀ ਦਿਖਾਉਂਦਾ ਹੈ ਕਿ ਮਿਆਰੀ ਫ਼ਿਲਮਾਂ ਬਣਾਉਣ ਵਿਚ ਅਸੀਂ ਹੁਣ ਵੀ ਪਿੱਛੇ ਹਾਂ। ਮੇਰੀ ਇੱਛਾ ਵੱਡੇ ਐਵਾਰਡ ਜਿੱਤਣ ਲਾਇਕ ਫ਼ਿਲਮਾਂ ਬਣਾਉਣ ਦੀ ਹੈ।'
ਉਮੀਦ ਹੈ ਕਿ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਮਕਸਦ ਵਿਚ ਉਹ ਜ਼ਰੂਰ ਕਾਮਯਾਬ ਹੋਣਗੇ।

ਟੀਨਾ ਆਹੂਜਾ ਕੰਮ ਦੇਖ ਭਾਵੁਕ ਹੋਏ ਗੋਵਿੰਦਾ

ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨੇ ਫ਼ਿਲਮ 'ਸੈਕਿੰਡ ਹੈਂਡ ਹਸਬੈਂਡ' ਰਾਹੀਂ ਅਭਿਨੈ ਦੀ ਦੁਨੀਆ ਵਿਚ ਦਾਖ਼ਲਾ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਹ ਫ਼ਿਲਮ ਟੀਨਾ ਦਾ ਫ਼ਿਲਮੀ ਕੈਰੀਅਰ ਸੰਵਾਰਨ ਵਿਚ ਨਾਕਾਮਯਾਬ ਰਹੀ ਅਤੇ ਟੀਨਾ ਬਤੌਰ ਅਭਿਨੇਤਰੀ ਰੁੱਝੀ ਨਹੀਂ ਰਹਿ ਸਕੀ।
ਹੁਣ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦੀ ਯਾਦ ਦਿਵਾਉਂਦੇ ਹੋਏ ਟੀਨਾ ਨੇ ਇਕ ਗੀਤ 'ਮਿਲੋ ਨਾ ਤੁਮ' ਦੇ ਵੀਡੀਓ ਵਿਚ ਕੰਮ ਕੀਤਾ ਹੈ। ਫ਼ਿਲਮ 'ਹੀਰ ਰਾਂਝਾ' ਦੇ ਇਸ ਗੀਤ ਨੂੰ ਗਾਇਕ-ਸੰਗੀਤਕਾਰ ਗਜੇਂਦਰ ਵਰਮਾ ਵਲੋਂ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਉਹ ਹੀ ਟੀਨਾ ਦੇ ਨਾਲ ਇਸ ਵੀਡੀਓ ਵਿਚ ਚਮਕੇ ਹਨ।
ਖਰਚੀਲੇ ਫ਼ਿਲਮਾਂਕਣ ਵਾਲੇ ਇਸ ਵੀਡੀਓ ਦਾ ਨਿਰਮਾਣ ਹਿਤੇਂਦਰ ਕਪੋਪਾਰਾ ਵਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਤੇ ਵੀਡੀਓ ਦੇ ਉਦਘਾਟਨ ਲਈ ਕੀਤੇ ਗਏ ਸਮਾਰੋਹ ਵਿਚ ਗੋਵਿੰਦਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਸਨ।
ਉਥੇ ਜਦੋਂ ਸਕਰੀਨ 'ਤੇ ਵੀਡੀਓ ਦਿਖਾਇਆ ਗਿਆ ਤਾਂ ਪਰਦੇ 'ਤੇ ਬੇਟੀ ਨੂੰ ਦੇਖ ਕੇ ਗੋਵਿੰਦਾ ਭਾਵੁਕ ਹੋ ਗਏ ਸਨ। ਵੀਡੀਓ ਬਾਰੇ ਉਹ ਕਹਿਣ ਲੱਗੇ, 'ਮੈਂ ਗਜੇਂਦਰ ਵਰਮਾ ਤੇ ਹਿਤੇਂਦਰ ਕਪੋਪਾਰਾ ਨੂੰ ਪਹਿਲਾਂ ਤੋਂ ਜਾਣਦਾ ਹਾਂ। ਜਦੋਂ ਉਹ ਆਪਣੇ ਵੀਡੀਓ ਵਿਚ ਟੀਨਾ ਨੂੰ ਚਮਕਾਉਣ ਦੀ ਪੇਸ਼ਕਸ਼ ਲੈ ਕੇ ਮੇਰੇ ਕੋਲ ਆਏ ਤਾਂ ਇਹ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਸ ਦੇ ਫ਼ਿਲਮਾਂਕਣ ਵਿਚ ਕੋਈ ਘਾਟ ਨਹੀਂ ਰਹਿਣ ਦੇਣਗੇ ਅਤੇ ਹੁਣ ਜਦੋਂ ਇਹ ਵੀਡੀਓ ਦੇਖਿਆ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਮੇਰੀਆਂ ਉਮੀਦਾਂ ਤੋਂ ਵੀ ਜ਼ਿਆਦਾ ਚੰਗਾ ਬਣਿਆ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ਵਿਚ ਨੌਜਵਾਨ ਅਪੀਲ ਹੈ ਪਰ ਕਿਤੇ ਵੀ ਸਸਤਾਪਣ ਨਹੀਂ ਹੈ। ਟੀਨਾ ਨੂੰ ਇਸ ਵਿਚ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਉਸ ਦੇ ਕੰਮ ਤੋਂ ਮੈਂ ਬਹੁਤ ਖੁਸ਼ ਹਾਂ।'
ਉਂਝ ਪਹਿਲਾਂ ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਇਕ ਵੀਡੀਓ ਦੀ ਬਦੌਲਤ ਕਲਾਕਾਰ ਦਾ ਕੈਰੀਅਰ ਸੰਵਰ ਜਾਂਦਾ ਹੈ। ਹੁਣ ਇਹ ਵੀਡੀਓ ਟੀਨਾ ਦਾ ਕੈਰੀਅਰ ਸੰਵਾਰਨ ਵਿਚ ਕਿੰਨਾ ਸਫ਼ਲ ਰਹਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਲੱਚਰ ਗਾਇਕੀ ਤੋਂ ਦੂਰ ਰਹਿਣ ਵਾਲੀ ਦੋਗਾਣਾ ਜੋੜੀ ਵੀਰ ਸਤਵੰਤ ਤੇ ਸ਼ੈਲੀ ਸਾਜਨ

'ਮੁੰਡਾ ਦੁਬਈ ਚੱਲਿਆ', 'ਬਾਰਾਂ ਬੋਰ ਦੋਨਾਲੀ', 'ਪੁੱਤ ਅਣਖੀ ਜੱਟਾਂ ਦੇ', 'ਸੁਭਾਅ ਦਾ ਸਾਧੂ' ਆਦਿ ਦੋਗਾਣਾ ਕੈਸੇਟਾਂ ਨਾਲ ਸੰਗੀਤ ਪ੍ਰੇਮੀਆਂ ਦਾ ਮੋਹ ਪਿਆਰ ਹਾਸਲ ਕਰਨ ਵਾਲੀ ਗਾਇਕ ਜੋੜੀ ਵੀਰ ਸਤਵੰਤ ਸਾਜਨ ਤੇ ਸ਼ੈਲੀ ਸਾਜਨ ਪਿਛਲੇ ਦੋ ਦਹਾਕਿਆਂ ਤੋਂ ਗਾਇਕੀ ਖੇਤਰ ਵਿਚ ਛਾਈ ਹੋਈ ਹੈ। ਵੀਰ ਸਤਵੰਤ ਸਾਜਨ ਨੇ ਕਰੀਬ ਪੰਝੀ ਸਾਲ ਪਹਿਲਾਂ ਉਸਤਾਦ ਸ੍ਰੀ ਪ੍ਰੇਮ ਅਣਜਾਣ ਪਾਸੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ 'ਸੋਨੇ ਦਾ ਹਾਰ', 'ਲਲਕਾਰਾ ਜੱਟ ਦਾ' ਤੋਂ ਇਲਾਵਾ ਮਾਤਾ ਦੀਆਂ ਭੇਟਾਂ ਦੇ ਸਿੰਗਲ ਟਰੈਕ ਵੀ ਰਿਕਾਰਡ ਕਰਵਾਏ।
ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਗਲ ਟਰੈਕ 'ਮੇਰੇ ਬਾਬਾ ਨਾਨਕ ਜੀ' ਵੀ ਸਰੋਤਿਆਂ ਵਿਚ ਪ੍ਰਵਾਨ ਹੋ ਰਿਹਾ ਹੈ। ਵੀਰ ਸਤਵੰਤ ਸਾਜਨ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਠੱਠੀਆਂ ਵਿਚ ਮਾਤਾ ਸੇਵਾ ਕੌਰ ਦੀ ਕੁੱਖੋਂ ਪਿਤਾ ਸਰਦਾਰ ਠਾਕਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਪਾਲਣ ਵਾਲੇ ਵੀਰ ਸਾਜਨ ਦੀ ਰੋਜ਼ੀ-ਰੋਟੀ ਦਾ ਵਸੀਲਾ ਵੀ ਗਾਇਕੀ ਹੀ ਬਣੀ ਹੈ। 100 ਦੇ ਕਰੀਬ ਗੀਤ ਰਿਕਾਰਡ ਕਰਵਾ ਚੁੱਕੀ ਇਸ ਮਾਝੇ ਦੀ ਮਸ਼ਹੂਰ ਗਾਇਕ ਜੋੜੀ ਦੇ ਅਨੇਕਾਂ ਗੀਤ ਦੂਰਦਰਸ਼ਨ ਸਮੇਤ ਕਈ ਚੈਨਲਾਂ ਦਾ ਸ਼ਿੰਗਾਰ ਵੀ ਬਣੇ ਹਨ।
ਸੰਗੀਤਕਾਰ ਗੌਤਮ, ਸਰਦਾਰ ਗੁਰਮੀਤ ਸਿੰਘ ਦੇ ਸੰਗੀਤ ਵਿਚ ਗੀਤ ਰਿਕਾਰਡ ਕਰਵਾਉਣ ਵਾਲੀ ਇਸ ਗਾਇਕ ਜੋੜੀ ਨੇ ਹੁਣ ਤੱਕ ਨਿਸ਼ਾਨ ਕਲੇਰ, ਝਿਰਮਲ ਘੁੱਕੇਵਾਲੀ, ਪੰਛੀ ਰਣਗੜ੍ਹ, ਪਰਿੰਦਾ ਬਰਵਾਲਾ, ਬਾਗਾ ਲੱਧੜ, ਮਨਜੀਤ ਕਲੇਰ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਅਨੇਕਾਂ ਸੱਭਿਆਚਾਰਕ ਮੇਲਿਆਂ 'ਚੋਂ ਮਾਣ-ਸਨਮਾਨ ਪ੍ਰਾਪਤ ਕਰ ਚੁੱਕੀ ਇਸ ਦੋਗਾਣਾ ਗਾਇਕ ਜੋੜੀ ਨੇ ਹਮੇਸ਼ਾ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨੂੰ ਪਹਿਲ ਦਿੱਤੀ ਹੈ। ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੀ ਗਾਇਕੀ ਦੀ ਆਲੋਚਨਾ ਕਰਦਿਆਂ ਵੀਰ ਸਾਜਨ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ, ਇਸ ਵਾਸਤੇ ਸਾਰੇ ਸਮਾਜ, ਲੇਖਕਾਂ, ਗਾਇਕਾਂ ਅਤੇ ਗੀਤਕਾਰਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਪਾਉਣ।
-ਪ੍ਰਤੀਨਿਧ, ਰਾਮ ਤੀਰਥ (ਅੰਮ੍ਰਿਤਸਰ)

ਕ੍ਰਿਕਟ ਦੀ ਰਾਜਨੀਤੀ ਨੂੰ ਉਜਾਗਰ ਕਰਦੀ ਫ਼ਿਲਮ ਕਿਰਕੇਟ

ਸਾਬਕਾ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਤੇ ਅਜ਼ਹਰ ਦੇ ਜੀਵਨ ਪ੍ਰਸੰਗਾਂ 'ਤੇ ਆਧਾਰਿਤ ਫ਼ਿਲਮਾਂ ਬਣੀਆਂ। ਹੁਣ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਆਜ਼ਾਦ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਕਿਰਕੇਟ' ਆ ਰਹੀ ਹੈ ਅਤੇ ਇਸ ਵਿਚ ਕੀਰਤੀ ਆਜ਼ਾਦ ਦੇ ਨਾਲ-ਨਾਲ ਸਾਬਕਾ ਕ੍ਰਿਕਟ ਖਿਡਾਰੀ ਅਤੁਲ ਵਾਸਨ, ਮਨੋਜ ਪ੍ਰਭਾਕਰ, ਮਨਿੰਦਰ ਸਿੰਘ ਤੇ ਵਿਵੇਕ ਰਾਜਦਾਨ ਨੇ ਵੀ ਅਭਿਨੈ ਕੀਤਾ ਹੈ ਅਤੇ ਇਹ ਸਾਰੇ ਖ਼ੁਦ ਦਾ ਹੀ ਕਿਰਦਾਰ ਨਿਭਾਅ ਰਹੇ ਹਨ।
ਯੋਗੇਂਦਰ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਬਾਰੇ ਕੀਰਤੀ ਆਜ਼ਾਦ ਪਹਿਲਾਂ ਹੀ ਇਹ ਸਫਾਈ ਦੇ ਦਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਨਹੀਂ ਹੈ। ਫ਼ਿਲਮ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਹ ਕਹਿੰਦੇ ਹਨ, 'ਪਹਿਲੀ ਗੱਲ ਤਾਂ ਇਹ ਕਿ ਫ਼ਿਲਮ ਵਿਚ ਪੇਸ਼ ਕੀਤਾ ਗਿਆ ਵਿਸ਼ਾ ਮੇਰੇ ਦਿਮਾਗ਼ ਦੀ ਉਪਜ ਨਹੀਂ ਹੈ। ਇਸ ਫ਼ਿਲਮ ਦੇ ਇਕ ਨਿਰਮਾਤਾ ਸੋਨੂੰ ਝਾਅ ਵਿਸਥਾਰ ਨਾਲ ਦੱਸਦੇ ਹਨ ਕਿ ਬਿਹਾਰ ਵਿਚ ਕ੍ਰਿਕਟ ਦੇ ਵਿਕਾਸ ਲਈ ਮੈਨੂੰ ਕਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਹੈ। ਉਨ੍ਹਾਂ ਨੇ ਮੇਰੇ ਇਸ ਸੰਘਰਸ਼ ਨੂੰ ਮੁੱਖ ਰੱਖ ਕੇ ਕਹਾਣੀ ਲਿਖੀ ਅਤੇ ਮੇਰੇ ਨਾਲ ਸੰਪਰਕ ਕੀਤਾ। ਗੱਲਾਂ-ਗੱਲਾਂ ਵਿਚ ਸੋਨੂੰ ਨੇ ਦੱਸਿਆ ਕਿ ਉਹ ਫ਼ਿਲਮ ਵਿਚ ਜਿਨ੍ਹਾਂ ਕਲਾਕਾਰਾਂ ਨੂੰ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਈਨ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ ਤੇ ਮੈਂ ਕਿਹਾ ਕਿ ਮੇਰੀ ਭੂਮਿਕਾ ਲਈ ਮੈਨੂੰ ਹੀ ਲਿਆ ਜਾ ਜਾਵੇ ਅਤੇ ਇਸ ਤਰ੍ਹਾਂ ਫ਼ਿਲਮ ਵਿਚ ਮੇਰਾ ਦਾਖਲਾ ਹੋ ਗਿਆ।
ਇਸ ਫ਼ਿਲਮ ਵਿਚ ਬਿਹਾਰ ਵਿਚ ਕ੍ਰਿਕਟ ਦੀ ਮਾਲੀ ਹਾਲਤ ਬਾਰੇ ਦਿਖਾਇਆ ਗਿਆ ਹੈ। ਅੱਜ ਵੀ ਨਾ ਤਾਂ ਬਿਹਾਰ ਵਿਚ ਕ੍ਰਿਕਟ ਸਟੇਡੀਅਮ ਹੈ ਤੇ ਨਾ ਹੀ ਬਿਹਾਰ ਦਾ ਕੋਈ ਖਿਡਾਰੀ ਕ੍ਰਿਕਟ ਵਿਚ ਆਪਣਾ ਨਾਂਅ ਰੌਸ਼ਨ ਕਰ ਸਕਣ ਵਿਚ ਸਫ਼ਲ ਰਿਹਾ ਹੈ। ਕ੍ਰਿਕਟ ਦੀ ਖੇਡ ਵਿਚ ਪਰਦੇ ਦੇ ਪਿੱਛੇ ਖੇਡੀ ਜਾਂਦੀ ਰਾਜਨੀਤੀ ਦੀ ਵਜ੍ਹਾ ਕਰਕੇ ਬਿਹਾਰ ਵਿਚ ਕ੍ਰਿਕਟ ਦਾ ਵਿਕਾਸ ਨਹੀਂ ਹੋ ਸਕਿਆ ਹੈ।

-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX