ਤਾਜਾ ਖ਼ਬਰਾਂ


ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  3 minutes ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  11 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ ਕਨਟੇਨਰ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  10 minutes ago
ਲੰਡਨ, 23 ਅਕਤੂਬਰ- ਬ੍ਰਿਟਿਸ਼ ਪੁਲਿਸ ਨੇ ਅੱਜ ਦੱਸਿਆ ਕਿ ਦੱਖਣੀ-ਪੂਰਬੀ ਇੰਗਲੈਂਡ 'ਚ ਪੈਂਦੇ ਐਸੈਕਸ 'ਚ ਅੱਜ ਇੱਕ ਟਰੱਕ ਕਨਟੇਨਰ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  38 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  58 minutes ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮ

ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਕਿਉਂਕਿ ਗੁਰੂ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਇਸੇ ਸ਼ਹਿਰ ਵਿਚ ਗੁਜ਼ਾਰੇ ਤੇ ਮਨੁੱਖਤਾ ਨੂੰ 'ਨਾ ਕੋ ਹਿੰਦੂ, ਨ ਮੁਸਲਮਾਨ' ਦਾ ਸੰਦੇਸ਼ ਦਿੱਤਾ। ਇਤਿਹਾਸਕਾਰਾਂ ਅਨੁਸਾਰ ਪਹਿਲੀ ਸਦੀ ਤੋਂ 6ਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦਾ ਪ੍ਰਮੁੱਖ ਕੇਂਦਰ ਰਿਹਾ। ਸੁਲਤਾਨਪੁਰ ਲੋਧੀ ਉੱਤਰੀ ਭਾਰਤ ਦੇ ਉੱਘੇ ਵਪਾਰਕ ਸ਼ਹਿਰਾਂ ਵਿਚੋਂ ਇਕ ਸੀ। ਇਹ ਸ਼ਹਿਰ ਉਚੇਰੀ ਇਸਲਾਮਿਕ ਤਾਲੀਮ ਦਾ ਵੀ ਪ੍ਰਮੁੱਖ ਕੇਂਦਰ ਰਿਹਾ ਹੈ। ਉਸ ਸਮੇਂ ਬਹੁਤ ਸਾਰੇ ਮਦਰੱਸੇ ਇਸ ਸ਼ਹਿਰ ਵਿਚ ਸਨ। ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਤੇ ਉਨ੍ਹਾਂ ਦੇ ਭਰਾ ਦਾਰਾ ਸ਼ਿਕੋਹ ਨੇ ਆਪਣੀ ਉਚੇਰੀ ਇਸਲਾਮਿਕ ਤਾਲੀਮ ਇੱਥੋਂ ਹੀ ਪ੍ਰਾਪਤੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਨਾਲ ਸਾਂਝ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਸਦਕਾ ਹੋਈ, ਜੋ ਭਾਈ ਜੈਰਾਮ ਨਾਲ ਵਿਆਹੇ ਹੋਏ ਸਨ। ਉਸ ਸਮੇਂ ਭਾਈ ਜੈਰਾਮ ਨਵਾਬ ਦੌਲਤ ਖਾਂ ਦੇ ਪ੍ਰਮੁੱਖ ਮੁਲਾਜ਼ਮਾਂ ਵਿਚੋਂ ਇਕ ਸਨ।
ਗੁਰੂ ਜੀ ਬਚਪਨ ਤੋਂ ਹੀ ਸੰਸਾਰਕ ਕਾਰਜਾਂ ਤੋਂ ਉਪਰਾਮ ਸਨ ਤੇ ਉਨ੍ਹਾਂ ਦੇ ਮਾਪਿਆਂ ਨੇ ਗੁਰੂ ਜੀ ਦੀ ਇਸ ਦ੍ਰਿਸ਼ਟੀ ਨੂੰ ਦੇਖਦਿਆਂ ਭਾਈ ਜੈਰਾਮ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਗੁਰੂ ਜੀ ਲਈ ਕੋਈ ਨੌਕਰੀ ਲੱਭਣ ਲਈ ਕਿਹਾ। ਭਾਈ ਜੈਰਾਮ ਦੇ ਸੱਦੇ 'ਤੇ ਹੀ ਗੁਰੂ ਨਾਨਕ ਦੇਵ ਜੀ 1484 ਈ: ਵਿਚ ਸੁਲਤਾਨਪੁਰ ਲੋਧੀ ਆਏ। ਉਨ੍ਹਾਂ ਦੇ ਭਣਵਈਆ ਭਾਈ ਜੈਰਾਮ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਲੈ ਕੇ ਗਏ। ਨਵਾਬ ਦੌਲਤ ਖਾਂ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਮੋਦੀਖ਼ਾਨੇ ਵਿਚ ਮੋਦੀ ਦੀ ਨੌਕਰੀ ਦੇ ਦਿੱਤੀ। ਗੁਰੂ ਜੀ ਨੇ ਮੋਦੀਖ਼ਾਨੇ ਵਿਚ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ। ਉਹ ਮੋਦੀਖ਼ਾਨੇ ਤੋਂ ਮਿਲਦੀ ਤਨਖ਼ਾਹ ਦਾ ਬਹੁਤ ਸਾਰਾ ਹਿੱਸਾ ਲੋੜਵੰਦਾਂ ਤੇ ਸਾਧੂ-ਫ਼ਕੀਰਾਂ ਨੂੰ ਤਕਸੀਮ ਕਰ ਦਿੰਦੇ। ਬਹੁਤ ਥੋੜ੍ਹੇ ਸਮੇਂ ਵਿਚ ਹੀ ਗੁਰੂ ਜੀ ਦੀ ਸੁਲਤਾਨਪੁਰ ਲੋਧੀ ਵਿਚ ਮਹਿਮਾ ਹੋਣ ਲੱਗੀ। ਇਸੇ ਸਮੇਂ ਦੌਰਾਨ ਹੀ ਉਨ੍ਹਾਂ ਦਾ ਵਿਆਹ ਬਟਾਲੇ ਵਿਚ ਮਾਤਾ ਸੁਲੱਖਣੀ ਨਾਲ ਹੋਇਆ। 1494 ਈ: ਤੋਂ 1497 ਈ: ਦੌਰਾਨ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਨੇ ਜਨਮ ਲਿਆ। ਜਨਮ ਸਾਖੀਆਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਵੇਈਂ ਵਿਚ ਇਸ਼ਨਾਨ ਕਰਦੇ ਤੇ ਲੰਮਾ ਸਮਾਂ ਪਰਮਾਤਮਾ ਦੀ ਭਗਤੀ ਵਿਚ ਗੁਜ਼ਾਰਦੇ ਤੇ ਭਜਨ ਬੰਦਗੀ ਉਪਰੰਤ ਮੋਦੀਖ਼ਾਨੇ ਵਿਚ ਆਪਣੇ ਕੰਮ 'ਤੇ ਪਰਤ ਜਾਂਦੇ। ਨੌਕਰੀ ਦੇ ਰੁਝੇਵਿਆਂ ਦੇ ਦੌਰਾਨ ਅਤੇ ਬਾਅਦ ਵੀ ਉਨ੍ਹਾਂ ਦੀ ਲਿਵ ਅਕਾਲ ਪੁਰਖ਼ ਨਾਲ ਜੁੜੀ ਰਹਿੰਦੀ।
ਇਸੇ ਪਾਵਨ ਸਥਾਨ ਤੋਂ ਗੁਰੂ ਜੀ ਨੇ ਚਾਰ ਉਦਾਸੀਆਂ ਸ਼ੁਰੂ ਕਰਕੇ ਲੋਕਾਈ ਦੇ ਭਲੇ ਲਈ ਸੱਚ ਦੇ ਧਰਮ ਦਾ ਪ੍ਰਚਾਰ ਆਰੰਭਿਆ, ਜਿਸ ਕਾਰਨ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ਵਿਚ ਮਹਾਨ ਪਵਿੱਤਰ ਸਥਾਨ ਦਾ ਰੁਤਬਾ ਹਾਸਲ ਹੋਇਆ। ਸ਼ਹਿਰ ਵਿਚ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਅੱਧੀ ਦਰਜਨ ਦੇ ਕਰੀਬ ਪਾਵਨ ਯਾਦਗਾਰਾਂ ਸੁਭਾਏਮਾਨ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੈ, ਜਿੱਥੇ ਬੇਰੀ ਦਾ ਦਰੱਖ਼ਤ ਅਜੇ ਵੀ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵੇਈਂ ਵਿਚ ਅਲੋਪ ਹੋਣ ਦੀ ਘਟਨਾ ਇਸੇ ਅਸਥਾਨ ਨਾਲ ਜੁੜੀ ਹੋਈ ਹੈ। ਭੋਰਾ ਸਾਹਿਬ ਵੀ ਇਸੇ ਅਸਥਾਨ 'ਤੇ ਸਥਿਤ ਹੈ, ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਕਰਦੇ। ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ ਵੀ ਮੌਜੂਦ ਹੈ, ਜਿੱਥੇ ਗੁਰੂ ਜੀ ਬਿਰਾਜਦੇ ਸਨ। ਅਲੋਪ ਹੋਣ ਤੋਂ 72 ਘੰਟਿਆਂ ਬਾਅਦ ਗੁਰੂ ਜੀ ਜਿਸ ਅਸਥਾਨ 'ਤੇ ਬਿਰਾਜੇ, ਉਹ ਅਸਥਾਨ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਇਸੇ ਅਸਥਾਨ 'ਤੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ।
ਇਸ ਵਰ੍ਹੇ ਸਮੁੱਚਾ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਮਨਾ ਰਿਹਾ ਹੈ ਤੇ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਬਾਅਦ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੇ ਮੁੱਖ ਮਾਰਗਾਂ 'ਤੇ ਸਿੱਖ ਧਰਮ ਨਾਲ ਸਬੰਧਿਤ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦੇ ਨਾਂਅ 'ਤੇ ਗੇਟ ਬਣਵਾਏ ਗਏ ਹਨ ਤੇ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਂਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਹ ਅਸਥਾਨ ਸਿੱਖ ਧਰਮ ਲਈ ਵਿਲੱਖਣ ਯਾਦਗਾਰ ਹੋਵੇਗੀ। ਦੂਜੇ ਪਾਸੇ ਸਰਕਾਰ ਵਲੋਂ ਸੜਕਾਂ ਦੀ ਮੁਰੰਮਤ, ਦੋ ਪੁਲਾਂ ਦੀ ਉਸਾਰੀ, ਨਵਾਂ ਬੱਸ ਅੱਡਾ ਬਣਾਉਣ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਵਿਲੱਖਣ ਕਾਰਜ ਨਹੀਂ ਕੀਤਾ ਜਾ ਰਿਹਾ। ਇੱਥੇ ਵਰਨਣਯੋਗ ਹੈ ਕਿ ਉੱਘੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਵੇਈਂ ਨੂੰ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਜਿੱਥੇ ਖ਼ੂਬਸੂਰਤ ਦਿੱਖ ਪ੍ਰਦਾਨ ਕੀਤੀ ਹੈ, ਉੱਥੇ ਵੇਈਂ 'ਤੇ ਘਾਟ ਵੀ ਬਣਾਏ ਗਏ ਹਨ। ਵੇਈਂ ਦੇ ਦੋਵਾਂ ਕਿਨਾਰਿਆਂ 'ਤੇ ਖ਼ੂਬਸੂਰਤ ਦਰੱਖ਼ਤ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਬਾਬਾ ਸੀਚੇਵਾਲ ਵਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦਰੱਖ਼ਤ ਲਗਾ ਕੇ ਇਸ ਖੇਤਰ ਦੀ ਨੁਹਾਰ ਬਦਲੀ ਗਈ ਹੈ। ਹੇਠਾਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਬਾਰੇ ਸੰਖੇਪ ਵਿਚ ਜਾਣਕਾਰੀ ਦੇ ਰਹੇ ਹਾਂ।
ਗੁਰਦੁਆਰਾ ਸ੍ਰੀ ਹੱਟ ਸਾਹਿਬ
ਇਹ ਗੁਰਦੁਆਰਾ ਸਾਹਿਬ ਕਿਲ੍ਹੇ ਦੇ ਦੱਖਣ ਵੱਲ ਸਰਕਾਰੀ ਸਰਾਏ ਦੇ ਪਿੱਛੇ ਸਥਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਤੌਰ ਮੋਦੀ ਵਜੋਂ ਕੰਮ ਕੀਤਾ। ਇੱਥੇ ਗੁਰੂ ਜੀ ਲੋੜਵੰਦਾਂ ਨੂੰ ਅਨਾਜ ਵੰਡਦੇ ਤੇ ਤੇਰਾ-ਤੇਰਾ ਉਚਾਰਦੇ ਰਹਿੰਦੇ। ਉਨ੍ਹਾਂ ਦੀ ਦਿਨ-ਬਾ-ਦਿਨ ਵਧਦੀ ਮਹਿਮਾ ਤੋਂ ਕਿਸੇ ਵਿਅਕਤੀ ਨੇ ਈਰਖਾਵੱਸ ਨਵਾਬ ਦੌਲਤ ਖਾਂ ਕੋਲ ਸ਼ਿਕਾਇਤ ਕੀਤੀ ਕਿ ਤੇਰਾ ਮੋਦੀ (ਸ੍ਰੀ ਗੁਰੂ ਨਾਨਕ ਦੇਵ ਜੀ) ਲੋਕਾਂ ਨੂੰ ਮੋਦੀਖਾਨਾ ਲੁਟਾ ਰਿਹਾ ਹੈ। ਸ਼ਿਕਾਇਤ ਮਿਲਣ ਉਪਰੰਤ ਨਵਾਬ ਦੌਲਤ ਖਾਂ ਨੇ ਗੁਰੂ ਜੀ ਦੇ ਭਣਵਈਏ ਜੈਰਾਮ ਨੂੰ ਬੁਲਾਇਆ ਤੇ ਮੋਦੀਖਾਨੇ ਦਾ ਹਿਸਾਬ ਕਰਨ ਲਈ ਕਿਹਾ। ਮੋਦੀਖ਼ਾਨੇ ਦੇ ਹਿਸਾਬ ਦੌਰਾਨ ਕਿਸੇ ਵੀ ਕਿਸਮ ਦਾ ਘਾਟਾ ਸਾਹਮਣੇ ਆਉਣ ਦੀ ਬਜਾਏ ਗੁਰੂ ਸਾਹਿਬ ਦਾ ਬਕਾਇਆ ਸਰਕਾਰ ਵੱਲ ਨਿਕਲਿਆ ਤਾਂ ਨਵਾਬ ਦੌਲਤ ਖਾਂ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ। ਪਰ ਗੁਰੂ ਜੀ ਨੇ ਇਨਾਮ ਵਜੋਂ ਦਿੱਤਾ ਧਨ ਲੈਣ ਦੀ ਬਜਾਏ ਲੋੜਵੰਦਾਂ ਨੂੰ ਵੰਡਣ ਲਈ ਕਿਹਾ। ਇਸੇ ਪਾਵਨ ਅਸਥਾਨ ਦੇ ਕਮਰੇ ਵਿਚ 14 ਵੱਟੇ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਜੀ ਮੋਦੀਖ਼ਾਨੇ ਵਿਚ ਨਾਪ-ਤੋਲ ਕਰਦੇ ਸਨ।
ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ
ਜਿੱਥੇ ਇਸ ਸਮੇਂ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਸ਼ੋਭਿਤ ਹੈ, ਇਸੇ ਪਾਵਨ ਅਸਥਾਨ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇਤਿਹਾਸ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਉਦਾਸੀ ਮਹੰਤਾਂ ਦੇ ਹੱਥਾਂ ਵਿਚ ਚਲਾ ਗਿਆ। ਹੜ੍ਹ ਕਾਰਨ ਗੁਰਦੁਆਰਾ ਸਾਹਿਬ ਢਹਿ ਗਿਆ, ਜਿਸ ਦਾ ਬਾਅਦ ਵਿਚ ਸੰਤ ਸਾਧੂ ਸਿੰਘ ਨਿਰਮਲਾ, ਜਥੇਦਾਰ ਸੰਤਾ ਸਿੰਘ ਲਸੂੜੀ ਤੇ ਸੰਤ ਊਧਮ ਸਿੰਘ ਦੇ ਯਤਨਾਂ ਸਦਕਾ ਮੁੜ ਨਿਰਮਾਣ ਹੋਇਆ। ਇਸੇ ਅਸਥਾਨ ਨੇੜੇ ਬਾਬਾ ਮਹਿੰਦਰ ਸਿੰਘ ਯੂ.ਕੇ. ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਹੋਰ ਸੰਤ-ਮਹਾਂਪੁਰਸ਼ਾਂ ਦੇ ਸਹਿਯੋਗ ਲਾਲ ੴ ਮੂਲ ਮੰਤਰ ਅਸਥਾਨ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਇਹ ਉਹ ਅਸਥਾਨ ਹੈ ਜਿੱਥੇ ਗੁਰੂ ਜੀ ਦੇ ਮੋਦੀਖਾਨਾ ਲੁਟਾਉਣ ਦੀ ਸ਼ਿਕਾਇਤ ਉਪਰੰਤ ਨਵਾਬ ਦੌਲਤ ਖਾਂ ਵਲੋਂ ਮੋਦੀਖ਼ਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕਰਵਾਈ ਗਈ। ਗੁਰੂ ਸਾਹਿਬ ਨੂੰ ਰਾਏਮਸੂਦੀ (ਅਕਾਊਂਟੈਂਟ ਜਨਰਲ) ਦੇ ਘਰ ਹਿਸਾਬ ਲਈ ਸੱਦਿਆ ਗਿਆ। ਜਾਂਚ-ਪੜਤਾਲ ਤੋਂ ਬਾਅਦ ਘਾਟੇ ਦੀ ਬਜਾਏ ਗੁਰੂ ਜੀ ਦਾ ਸਰਕਾਰ ਵੱਲ ਵਾਧਾ ਨਿਕਲਿਆ। ਇਸੇ ਪਾਵਨ ਅਸਥਾਨ 'ਤੇ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਸ੍ਰੀ ਗੁਰੂ ਕਾ
ਬਾਗ਼ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਨਾਲ ਵਿਆਹ ਉਪਰੰਤ ਇਸ ਅਸਥਾਨ 'ਤੇ ਰਹੇ ਤੇ ਇੱਥੇ ਹੀ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ। ਗੁਰੂ ਕਾ ਬਾਗ਼ ਵਜੋਂ ਜਾਣੇ ਜਾਂਦੇ ਇਸ ਪਾਵਨ ਅਸਥਾਨ 'ਤੇ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਪਹਿਲਾਂ ਗੁਰਦੁਆਰਾ ਸਾਹਿਬ ਦੀ ਬਹੁਤ ਛੋਟੀ ਇਮਾਰਤ ਸੀ। ਹੁਣ ਕਾਰ ਸੇਵਾ ਵਾਲੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵਨਿਰਮਾਣ ਕੀਤਾ ਹੈ। ਇੱਥੇ ਉਨ੍ਹਾਂ ਬੇਬੇ ਨਾਨਕੀ ਦੀ ਪੁਰਾਤਨ ਖੂਹੀ ਵੀ ਤਾਮੀਰ ਕਰਵਾਈ ਹੈ ਤੇ ਹੁਣ ਦਰਸ਼ਨੀ ਡਿਉੜੀ ਤੇ ਜੋੜਾ-ਘਰ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ
ਸੁਲਤਾਨਪੁਰ ਲੋਧੀ ਦੇ ਬੱਸ ਸਟੈਂਡ ਨੇੜੇ ਸਥਿਤ ਗੁਰਦੁਆਰਾ ਸ੍ਰੀ ਅੰਤਰਯਾਮਤਾ ਉਸ ਅਸਥਾਨ 'ਤੇ ਸਥਿਤ ਹੈ, ਜਿੱਥੇ ਈਦਗਾਹ ਵਿਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਸੀ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਪਿਛਲੇ ਅਰਸੇ ਦੌਰਾਨ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ ਗਈ ਹੈ।
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਲਗਭਗ 10 ਕਿੱਲੋਮੀਟਰ ਦੀ ਦੂਰੀ 'ਤੇ ਪੱਛਮ ਵਾਲੇ ਪਾਸੇ ਪਿੰਡ ਭਰੋਆਣਾ ਵਿਚ ਸਥਿਤ ਹੈ। ਇਸੇ ਅਸਥਾਨ 'ਤੇ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਨੇ ਭਾਈ ਫ਼ਰਜ਼ੰਦਾ ਤੋਂ ਰਬਾਬ ਪ੍ਰਾਪਤ ਕੀਤੀ ਸੀ।


-ਕਪੂਰਥਲਾ।
ਮੋਬਾਈਲ : 98159-49153


ਖ਼ਬਰ ਸ਼ੇਅਰ ਕਰੋ

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 27, 28, 29 ਸਤੰਬਰ, 2019 ਨੂੰ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ (ਕਪੂਰਥਲਾ) ਪੰਜਾਬ ਵਿਖੇ ਕੀਤੀ ਜਾ ਰਹੀ ਹੈ। ਇਸ ਤਿੰਨ ਰੋਜ਼ਾ ਕਾਨਫ਼ਰੰਸ ਦੇ ਮਿਥੇ ਪ੍ਰੋਗਰਾਮਾਂ ਤੇ ਟੀਚਿਆਂ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਦੀ ਵਿੱਦਿਅਕ ਖੇਤਰ 'ਚ ਭੂਮਿਕਾ ਅਤੇ ਦੀਵਾਨ ਦੇ ਇਤਿਹਾਸ ਬਾਰੇ ਪਾਠਕਾਂ ਨਾਲ ਸੰਖੇਪ ਜਿਹੀ ਸਾਂਝ ਕਰ ਲਈਏ। ਸਿੱਖ ਰਾਜ ਦੇ ਪਤਨ ਪਿੱਛੋਂ ਅੰਗਰੇਜ਼ਾਂ ਨੇ ਰਾਜਨੀਤਕ ਖਲਾਅ ਦੇ ਆਪਣੀ ਇੱਛਾ ਅਨੁਸਾਰ ਨਕਸ਼ ਘੜੇ। ਸਿੱਖਾਂ ਦੀ ਨਸਲਕੁਸ਼ੀ ਲਈ ਕਈ ਯਤਨ ਕੀਤੇ ਗਏ। ਮਹੰਤਗਿਰੀ ਤੇ ਪੁਜਾਰੀਆਂ ਨੂੰ ਦਿੱਤੀ ਖੁੱਲ੍ਹ ਨੇ ਗੁਰਦੁਆਰਿਆਂ ਦੀ ਫਿਜ਼ਾ ਵੀ ਗੰਧਲੀ ਕਰ ਦਿੱਤੀ। ਅੰਗਰੇਜ਼ਾਂ ਦੀ ਹਕੂਮਤ ਦੇ ਪ੍ਰਭਾਵ ਥੱਲੇ ਈਸਾਈ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਦਿਲੀ ਨਾਲ ਦਿੱਤੀ ਜਾਂਦੀ ਆਰਥਿਕ ਸਹਾਇਤਾ ਕਾਰਨ ਸਿੱਖ ਧਰਮ 'ਤੇ ਵੱਡਾ ਪ੍ਰਭਾਵ ਪਿਆ। ਇਸੇ ਪ੍ਰਭਾਵ ਅਧੀਨ ਅੰਮ੍ਰਿਤਸਰ ਦੇ ਹੀ ਚਾਰ ਪੜ੍ਹਾਕੂਆਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਨੇ ਈਸਾਈ ਧਰਮ ਅਪਣਾਉਣ ਦੀ ਇੱਛਾ ਜ਼ਾਹਰ ਕਰ ਦਿੱਤੀ, ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਇਕ ਰੋਸ ਤੇ ਗ਼ਮ ਦਾ ਗੁਬਾਰ ਬਣ ਗਿਆ। ਕੁਝ ਸੂਝਵਾਨ ਸ਼ਖ਼ਸੀਅਤਾਂ ਦੇ ਸਮਝਾਉਣ 'ਤੇ ਇਹ ਵਿਦਿਆਰਥੀ ਆਖੇ ਤਾਂ ਲੱਗ ਗਏ ਪਰ ਸਿੱਖ ਆਗੂਆਂ ਨੂੰ ਇਸ ਘਟਨਾ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸੇ ਸੋਚ ਵਿਚੋਂ 1873 ਵਿਚ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਹੋਈ, ਜਿਸ ਦੇ ਪਹਿਲੇ ਆਗੂਆਂ ਵਿਚ ਭਾਈ ਹਰਸਾ ਸਿੰਘ ਧੂਪੀਆ, ਭਾਈ ਬੂੜ ਸਿੰਘ, ਭਾਈ ਆਗਿਆ ਸਿੰਘ, ਹਕੀਮ ਗਿਆਨੀ ਹਜ਼ਾਰਾ ਸਿੰਘ, ਸ: ਠਾਕਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ, ਬਾਬਾ ਸਰ ਖੇਮ ਸਿੰਘ ਬੇਦੀ ਅਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਦੇ ਨਾਂਅ ਵਿਸ਼ੇਸ਼ ਹਨ। ਸ: ਠਾਕਰ ਸਿੰਘ ਪਹਿਲੇ ਪ੍ਰਧਾਨ ਤੇ ਗਿਆਨੀ ਗਿਆਨ ਸਿੰਘ ਸਕੱਤਰ ਬਣੇ।
ਸਿੰਘ ਸਭਾ ਦਾ ਮੂਲ ਉਦੇਸ਼ ਬ੍ਰਾਹਮਣਵਾਦ ਤੋਂ ਸਿੱਖਾਂ ਨੂੰ ਖ਼ਬਰਦਾਰ ਕਰਨਾ ਅਤੇ ਅਜਿਹੇ ਸਾਧਨ ਘੜਨੇ ਸੀ, ਜਿਸ ਨਾਲ ਸਿੱਖਾਂ ਅੰਦਰ ਧਰਮ ਦੀ ਜਾਗ੍ਰਿਤੀ ਪੈਦਾ ਹੋਵੇ। ਉਸ ਵਿਚ ਮੁੱਖ ਤੌਰ 'ਤੇ ਸਿੱਖ ਵਿੱਦਿਆਲੇ ਸਥਾਪਤ ਕਰਨੇ ਵੀ ਸ਼ਾਮਲ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਇਸੇ ਕੜੀ ਦਾ ਪਹਿਲਾ ਹਿੱਸਾ ਹੈ। ਸਿੰਘ ਸਭਾ ਅਤੇ ਖ਼ਾਲਸਾ ਕਾਲਜ ਸਥਾਪਨਾ ਕਮੇਟੀ ਦੇ ਬਹੁਤੇ ਮੁਢਲੇ ਮੈਂਬਰਾਂ ਦੇ ਗੁਰਪੁਰੀ ਸਿਧਾਰ ਜਾਣ ਕਾਰਨ ਕੰਮ ਵਿਚ ਅਵੇਸਲਾਪਨ ਤੇ ਢਿਲਮੱਠ ਆ ਗਈ। ਸ: ਸੁੰਦਰ ਸਿੰਘ ਮਜੀਠੀਆ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ ਲਾਹੌਰ ਨੂੰ ਸਮਿਲਤ ਕਰਨ ਦੀ ਯੋਜਨਾ ਨਾਲ ਇਨ੍ਹਾਂ ਦੇ ਆਗੂਆਂ ਨੂੰ ਇਕੱਠਿਆਂ ਕੀਤਾ ਤੇ 'ਚੀਫ਼ ਖ਼ਾਲਸਾ ਦੀਵਾਨ' ਦਾ ਸੰਕਲਪ ਲਿਆ। 'ਚੀਫ਼ ਖ਼ਾਲਸਾ ਦੀਵਾਨ' ਦੀ ਸਥਾਪਨਾ ਬਾਰੇ ਭਾਈ ਜੋਧ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ 'ਸਾਰੇ ਪੰਥ ਦੀ ਸੰਮਤੀ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਵਿਖੇ ਸੰਨ 1901 ਦੀ ਵਿਸਾਖੀ ਪੁਰ ਪੰਥ ਦਾ ਇਕ ਵੱਡਾ ਪ੍ਰਤੀਨਿਧ ਇਕੱਠ ਹੋਇਆ। ਇਸ ਇਕੱਠ ਵਿਚ ਸਰਬ-ਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਪੰਥ ਦਾ ਇਕ ਸ਼੍ਰੋਮਣੀ ਜਥਾ ਬਣਾਉਣਾ ਜ਼ਰੂਰੀ ਹੈ, ਜੋ ਕੌਮ ਅੰਦਰ ਆਏ ਨਿਘਾਰ ਤੇ ਅਵੇਸਲਤਾ ਨੂੰ ਦੂਰ ਕਰਕੇ ਕੌਮਪ੍ਰਸਤੀ ਪੈਦਾ ਕਰਨ ਲਈ ਹੰਭਲਾ ਮਾਰ ਸਕੇ। ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ 22 ਸੱਜਣਾਂ ਦੀ ਇਕ ਕਮੇਟੀ ਬਣਾਈ ਗਈ। ਸ: ਸੁੰਦਰ ਸਿੰਘ ਮਜੀਠੀਆ, ਜੋ ਅਸਥਾਪਨ ਕਮੇਟੀ ਦੇ ਮੈਂਬਰ ਸਨ, ਨੇ ਆਪਣੀ ਤਬੀਅਤ ਕੁਝ ਢਿੱਲੀ ਹੋਣ ਕਰਕੇ ਨਿਯਮ, ਉਪ-ਨਿਯਮ ਬਣਾਉਣ ਵਾਲੀ ਕਮੇਟੀ ਦੀ ਕਾਰਵਾਈ ਨਿਭਾਉਣ ਲਈ ਭਾਈ ਜੋਧ ਸਿੰਘ ਨੂੰ ਭੇਜਿਆ। ਗਿਆਨੀਆਂ ਦੇ ਬੁਰਜ ਵਿਚਲੀ ਆਖਰੀ ਮੀਟਿੰਗ ਵਿਚ ਸ: ਗੱਜਣ ਸਿੰਘ ਵਕੀਲ ਆਦਿ ਸੱਜਣਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੀਵਾਨ ਦਾ ਮੈਂਬਰ ਉਹ ਬਣੇ ਜੋ ਅੰਮ੍ਰਿਤ ਛਕਣ ਸਮੇਂ ਦੀ ਦੱਸੀ ਰਹਿਤ ਦਾ ਪੂਰਾ ਧਾਰਨੀ ਹੋਵੇ। ਇਸ ਕਰੜੇ ਨਿਯਮ ਨੇ ਕਈ ਪੇਤਲੇ ਤੇ ਢਿੱਲੜ ਸੱਜਣਾਂ ਦੀਆਂ ਆਸ਼ਾਵਾਂ ਉੱਤੇ ਪਾਣੀ ਫੇਰ ਦਿੱਤਾ।
ਉਕਤ ਕਮੇਟੀ ਦੇ ਸਕੱਤਰ ਗਿਆਨੀ ਗੁਰਬਖਸ਼ ਸਿੰਘ ਬੈਰਿਸਟਰ ਅੰਮ੍ਰਿਤਸਰ ਨੂੰ ਲਿਆ ਗਿਆ। ਇਸ ਸਬ-ਕਮੇਟੀ ਨੇ ਸ਼੍ਰੋਮਣੀ ਜਥੇ ਦੇ ਨਿਯਮਾਂ-ਉਪਨਿਯਮਾਂ ਦਾ ਖਰੜਾ ਤਿਆਰ ਕਰਕੇ ਖ਼ਾਲਸਾ ਦੀਵਾਨ ਅੰਮ੍ਰਿਤਸਰ, ਖ਼ਾਲਸਾ ਦੀਵਾਨ ਲਾਹੌਰ, ਸਾਰੀਆਂ ਸਿੰਘ ਸਭਾਵਾਂ ਅਤੇ ਸਿੱਖ ਵਿਦਵਾਨਾਂ ਨੂੰ ਵਿਚਾਰ ਅਤੇ ਰਾਏ ਘੱਲਣ ਲਈ ਭੇਜਿਆ। ਇਸ ਸਾਰੇ ਮਾਮਲੇ ਅਤੇ ਨਿਯਮਾਂ-ਉਪਨਿਯਮਾਂ 'ਤੇ ਆਈਆਂ ਰਾਵਾਂ ਨੂੰ ਵਿਚਾਰਨ ਲਈ 9 ਤੇ 10 ਨਵੰਬਰ, 1901 ਨੂੰ ਸਵੇਰੇ ਬੁੰਗਾ ਰਾਮਗੜ੍ਹੀਆ ਅੰਮ੍ਰਿਤਸਰ ਵਿਖੇ ਵੱਡਾ ਪੰਥਕ ਇਕੱਠ ਹੋਇਆ। ਆਏ ਸੱਜਣਾਂ ਵਿਚੋਂ 33 ਮੁਖੀ ਸਿੰਘਾਂ ਦੀ ਇਕ ਸਬ-ਕਮੇਟੀ ਬਣਾਈ ਗਈ। ਇਸ ਸਬ-ਕਮੇਟੀ ਨੇ ਮੀਟਿੰਗ ਕਰਕੇ ਸਰਬ-ਸੰਮਤੀ ਨਾਲ ਪਾਸ ਕੀਤਾ, 'ਪੰਥ ਨੂੰ ਇਕ ਐਸੇ ਜਥੇ ਦੀ ਲੋੜ ਹੈ ਜਿਸ ਨੂੰ ਪੰਥ ਆਪਣਾ ਸ਼੍ਰੋਮਣੀ ਜਥਾ ਪ੍ਰਵਾਨ ਕਰੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਹਵਾ ਅਤੇ ਹਰਿਆਵਲ ਦੇ ਲੰਗਰਾਂ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ

ਅੱਠ ਗੁਰੂ ਸਾਹਿਬਾਨਾਂ ਦਾ ਵਰਸੋਇਆ ਮਾਝੇ ਦਾ ਇਤਿਹਾਸਕ ਨਗਰ ਖਡੂਰ ਸਾਹਿਬ। ਖਡੂਰ ਸਾਹਿਬ ਨੂੰ ਜਾਂਦੀਆਂ ਪੰਜ ਸੜਕਾਂ। ਇਨ੍ਹਾਂ ਸੜਕਾਂ ਦੇ ਦੋਹੀਂ ਪਾਸੀਂ ਫੁੱਲਦਾਰ ਅਤੇ ਫਲਦਾਰ ਦਰੱਖ਼ਤਾਂ ਦੀ ਸੰਘਣੀ ਛਾਂ। ਚਾਰੇ ਪਾਸੇ ਹਰਿਆਵਲ ਦਾ ਪਸਾਰਾ। ਪੰਜਾਬ ਦੀ ਧਰਤੀ ਤੋਂ ਅਲੋਪ ਹੋ ਰਹੇ ਬਿਰਖ਼ਾਂ ਨੂੰ ਮੁੜ ਪਰਤ ਆਉਣ ਦਾ ਸੁਨੇਹਾ। ਖੇਤਾਂ ਅਤੇ ਘਰਾਂ ਵਿਚੋਂ ਪ੍ਰਵਾਸ ਕਰ ਚੁੱਕੇ ਪਰਿੰਦਿਆਂ ਨੂੰ ਇਨ੍ਹਾਂ ਬਿਰਖ਼ਾਂ 'ਤੇ ਆਪਣਾ ਘਰ ਬਣਾਉਣ ਦਾ ਸੁੱਖਦ ਸੁਨੇਹਾ। ਕੁਦਰਤ ਨਾਲ ਗਵਾਚ ਰਹੀ ਇਕਸਾਰਤਾ ਨੂੰ ਪੁਨਰ-ਸੁਰਜੀਤ ਕਰਨ ਹਿੱਤ ਇਕ ਸੁਯੋਗ ਹੰਭਲਾ। ਪਹਿਲੀ ਵਾਰ ਇਨ੍ਹਾਂ ਰਾਹਾਂ 'ਤੇ ਜਾ ਰਹੇ ਰਾਹੀ ਦੇ ਮਨ ਵਿਚ ਇਕ ਹੁਲਾਸ ਉਪਜਦਾ ਅਤੇ ਉਹ ਭੁਚੱਕਾ ਹੀ ਰਹਿ ਜਾਂਦਾ ਹੈ ਕਿ ਕਿਹੜੇ ਕਰਮਯੋਗੀ ਨੇ ਮਾਝੇ ਦੀ ਧਰਤੀ ਨੂੰ ਜਾਗ ਲਾਏ ਹਨ ਕਿ ਗੁਰੂਆਂ ਦੀ ਵਰਸੋਈ ਇਹ ਧਰਤੀ ਹਰਿਆਵਾਲ ਨਾਲ ਲਬਰੇਜ਼ ਹੈ।
ਮਨੱਖ ਦੀ ਕੁਦਰਤ ਨਾਲ ਸਦੀਵੀ ਸਾਂਝ ਹੈ ਅਤੇ ਕੁਦਰਤ ਤੋਂ ਟੁੱਟ ਕੇ ਮਨੁੱਖ ਦਾ ਜੀਵਤ ਰਹਿਣਾ ਨਾ-ਮੁਮਕਿਨ ਹੈ। ਅਜੋਕੀਆਂ ਬਹੁਤੀਆਂ ਅਲਾਮਤਾਂ ਦੀ ਜੜ੍ਹ ਹੈ ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ। ਕੁਦਰਤ ਕਦੇ ਵੀ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਦਾ ਸਿੱਟਾ ਹੈ ਕਿ ਅਜੋਕਾ ਮਨੁੱਖ ਬਿਮਾਰੀਆਂ ਨਾਲ ਜੂਝਦਾ, ਆਪਣੀ ਪਾਲਣਹਾਰੀ ਕੁਦਰਤ ਤੋਂ ਦੂਰੀ ਵਧਾਈ ਜਾ ਰਿਹਾ ਹੈ। ਇਸ ਦੂਰੀ ਨੂੰ ਘਟਾਉਣ ਦੇ ਨੇਕ ਕਾਰਜ ਵਿਚ ਯਤਨਸ਼ੀਲ ਹਨ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ।
ਜੀਵਨ ਦਾ ਕਿੰਨਾ ਗੂੜ੍ਹ ਸੱਚ ਹੈ ਬਾਬਾ ਜੀ ਦੇ ਬਚਨਾਂ ਵਿਚ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ। ਹਰ ਇਕ ਨੂੰ ਪੇਟ ਭਰ ਕੇ ਖਾਣਾ ਮਿਲੇ ਅਤੇ ਕਿਸੇ ਨੂੰ ਆਪਣੀਆਂ ਆਂਦਰਾਂ ਨੂੰ ਲਪੇਟ ਕੇ ਸੌਣਾ ਨਾ ਪਵੇ, ਕਿਉਂਕਿ ਦੁਨੀਆ ਵਿਚ ਜਦ ਇਕ ਵਿਅਕਤੀ ਭੁੱਖਾ ਸੌਂਦਾ ਹੈ ਤਾਂ ਇਕ ਸੰਵੇਦਨਸ਼ੀਲ ਵਿਅਕਤੀ ਦੀ ਆਤਮਾ ਤੜਫਦੀ ਰਹਿੰਦੀ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ ਸਾਡੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਸੀ। ਅਸੀਂ ਗਿਆਨ ਦੀ ਜੋਤਿ ਹਰ ਮਸਤਕ ਵਿਚ ਧਰਨ ਲਈ ਵਿੱਦਿਅਕ ਅਦਾਰੇ ਵੀ ਖੋਲ੍ਹ ਰਹੇ ਹਾਂ ਤਾਂ ਕਿ ਹਰ ਵਿਅਕਤੀ ਸੁਚੇਤ ਹੋਵੇ ਅਤੇ ਉਸ ਨੂੰ ਮਹਾਂਪੁਰਸ਼ਾਂ, ਗੁਰੂਆਂ ਅਤੇ ਪੀਰਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਮਝਣ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਜਾਣਨ, ਸਮਾਜਿਕ ਸਰੋਕਾਰਾਂ ਨੂੰ ਪਛਾਣਨ ਅਤੇ ਇਨ੍ਹਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਸੋਝੀ ਮਿਲੇ। ਇਕ ਸਿੱਖਿਅਤ ਵਿਅਕਤੀ ਸਹੀ/ਗਲਤ ਦੀ ਪਛਾਣ ਕਰਕੇ ਹੀ ਸੱਚੇ ਮਾਰਗ 'ਤੇ ਚਲਦਿਆਂ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਅਸੀਂ ਕਿਸੇ ਦੀ ਪੀੜ ਨੂੰ ਘਟਾਉਣ ਅਤੇ ਬਿਮਾਰ ਮਨੁੱਖਤਾ ਲਈ ਹਸਪਤਾਲ ਵੀ ਖੋਲ੍ਹ ਰਹੇ ਹਾਂ, ਤਾਂ ਕਿ ਹਰ ਬਿਮਾਰੀ ਦਾ ਇਲਾਜ ਸਭਨਾਂ ਦੀ ਪਹੁੰਚ ਵਿਚ ਹੋਵੇ ਅਤੇ ਹਰ ਇਕ ਬਿਮਾਰੀ ਦਾ ਇਲਾਜ ਹੋ ਸਕੇ। ਪਰ ਕੀ ਅਸੀਂ ਸੋਚਿਆ ਹੈ ਕਿ ਇਹ ਬਿਮਾਰੀਆਂ ਕਿਉਂ ਲੱਗ ਰਹੀਆਂ ਅਤੇ ਬਿਮਾਰਾਂ ਦੀ ਗਿਣਤੀ ਵਿਚ ਇਹ ਵਾਧਾ ਕਿਉਂ ਹੋ ਰਿਹਾ ਏ? ਅਸੀਂ ਰੋਟੀ ਦਾ ਲੰਗਰ, ਵਿੱਦਿਆ ਦਾ ਲੰਗਰ, ਦਵਾਈਆਂ ਦਾ ਲੰਗਰ ਅਤੇ ਪ੍ਰਵਚਨਾਂ ਦਾ ਲੰਗਰ ਤਾਂ ਲਾ ਰਹੇ ਹਾਂ ਪਰ ਕੀ ਅਸੀਂ ਹਵਾ ਅਤੇ ਹਰਿਆਵਲ ਦਾ ਲੰਗਰ ਲਾਉਣ ਬਾਰੇ ਕਦੇ ਸੋਚਿਆ ਹੈ ਜੋ ਇਕ ਮਨੁੱਖ ਦੇ ਸਾਹ ਲੈਣ ਲਈ ਜ਼ਰੂਰੀ ਹੈ ਅਤੇ ਇਸ ਤੋਂ ਬਗੈਰ ਤਾਂ ਮਨੁੱਖ ਘੜੀ-ਪਲ ਵੀ ਜਿਊਂਦਾ ਨਹੀਂ ਰਹਿ ਸਕਦਾ। ਜਦ ਸ਼ਤਾਬਦੀਆਂ ਦਾ ਵਰ੍ਹਾ ਮਨਾਉਣ ਦੀ ਗੱਲ ਚੱਲੀ ਤਾਂ ਬਹੁਤ ਹੀ ਸਿਆਣੇ ਮਹਾਂਪੁਰਖਾਂ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਸਭ ਮਨੁੱਖਾਂ ਲਈ ਹਵਾ ਅਤੇ ਹਰਿਆਵਲ ਦਾ ਲੰਗਰ ਲਾਇਆ ਜਾਵੇ, ਤਾਂ ਕਿ ਇਹ ਹਵਾ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਨਾਂ, ਹੱਦਾਂ-ਸਰਹੱਦਾਂ ਉਲੰਘ ਕੇ ਹਰ ਇਕ ਨੂੰ ਜੀਵਨ ਦਾਨ ਬਖਸ਼ੇ ਅਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ 1999 ਤੋਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਰੁੱਖ ਲਾਉਣ ਦਾ ਕਾਰਜ ਆਰੰਭਿਆ ਗਿਆ, ਜੋ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੱਕ ਜਾਰੀ ਹੈ।
ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਬਹੁਤ ਹੀ ਸੁੰਦਰ ਫੁੱਲਦਾਰ ਬਗੀਚੀ। ਫੁੱਲ ਬੂਟਿਆਂ ਵਿਚ ਪਾਏ ਸੁੰਦਰ ਡਿਜ਼ਾਈਨ। ਖਿੜੇ ਹੋਏ ਫੁੱਲਾਂ ਨਾਲ ਮਹਿਕਾਇਆ ਚੌਗਿਰਦਾ। ਰੰਗਾਂ ਅਤੇ ਮਹਿਕਾਂ ਦੀ ਹੱਟ ਵਿਚ ਨਾਮ-ਰਸਲੀਨਤਾ ਦਾ ਚੱਲ ਰਿਹਾ ਪ੍ਰਵਾਹ। ਗੁਰਦੁਆਰਾ ਤਪਿਆਣਾ ਸਾਹਿਬ ਦੀ ਪਰਿਕਰਮਾ ਵਿਚ ਲਾਏ ਹੋਏ ਸੁੰਦਰ ਬੂਟੇ। ਕੁਦਰਤ ਅਤੇ ਪਰਮਾਤਮਾ ਦੀ ਇਕਸੁਰਤਾ ਤੇ ਇਕਸਾਰਤਾ ਦੀ ਸੁੰਦਰ ਕਲਾ-ਨਿਕਾਸ਼ੀ। ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਕੁਦਰਤ ਦੇ ਆਗੋਸ਼ ਦਾ ਸਰੂਰ, ਹਰ ਸ਼ਰਧਾਲੂ ਦੀ ਜਗਿਆਸਾ ਸੰਪੂਰਨ ਕਰਦਾ ਅਤੇ ਉਸ ਦੀ ਸੋਚ ਵਿਚ ਕੁਦਰਤ ਦੀ ਅਸੀਮਤਾ ਅਤੇ ਧਾਰਮਿਕ ਲਬਰੇਜ਼ਤਾ ਧਰਦਾ।
ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਹੀ 3 ਏਕੜ ਵਿਚ ਫਲਦਾਰ ਬੂਟਿਆਂ ਦਾ ਬਹਿਸ਼ਤੀ ਬਾਗ। ਸਮੁੱਚੀ ਮਨੁੱਖਤਾ ਲਈ ਇਕ ਮਾਰਗ ਦਰਸ਼ਕ। ਲਗਪਗ 36 ਕਿਸਮ ਦੇ ਫਲਾਂ ਦੇ ਬੂਟੇ ਜਿਵੇਂ ਅਮਰੂਦ, ਅੰਬ, ਲੁਗਾਠਾਂ, ਚੀਕੂ, ਅਨਾਨਾਸ, ਆੜੂ ਤੇ ਬੇਰ ਆਦਿ। ਬਿਨਾਂ ਕਿਸੇ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈਆਂ ਦੇ ਤਿਆਰ ਕੀਤੇ ਅਤੇ ਕੁਦਰਤੀ ਰੂਪ ਨਾਲ ਪੱਕਣ ਵਾਲੇ ਇਨ੍ਹਾਂ ਫਲਾਂ ਵਿਚ ਸਮੋਏ ਹੋਏ ਕੁਦਰਤੀ ਤੱਤ ਅਤੇ ਸਵਾਦ। ਇਨ੍ਹਾਂ ਬੂਟਿਆਂ ਦੀਆਂ ਲਾਈਨਾਂ ਵਿਚ ਪਈ ਖ਼ਾਲੀ ਜਗ੍ਹਾ 'ਤੇ ਕੁਦਰਤੀ ਤਰੀਕੇ ਨਾਲ ਪੈਦਾ ਹੁੰਦੀਆਂ ਸਬਜ਼ੀਆਂ। ਜ਼ਹਿਰ ਤੋਂ ਰਹਿਤ ਫਲਾਂ ਅਤੇ ਸਬਜ਼ੀਆਂ ਦਾ ਇਹ ਲੰਗਰ, ਮਨੁੱਖੀ ਸੋਚ ਨੂੰ ਜ਼ਹੀਨ ਕਰਦਾ ਅਤੇ ਉਸ ਦੀ ਲੰਮੇਰੀ ਉਮਰ ਦੀ ਕਾਮਨਾ ਵੀ ਕਰਦਾ। ਸਿਆਣੇ ਕਹਿੰਦੇ ਹਨ ਖਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਜਿਹੀ ਸਵੱਛ ਅਤੇ ਸੰਪੂਰਨ ਖੁਰਾਕ ਖਾਣ ਵਾਲਾ ਵਿਅਕਤੀ ਨਿਰਸੰਦੇਹ ਸੱਚੀ-ਸੁੱਚੀ ਸੋਚ ਦਾ ਮਾਲਕ ਬਣ ਕੇ ਜੀਵਨ ਮਾਰਗ ਨੂੰ ਭਾਗ ਹੀ ਲਾਵੇਗਾ ਅਤੇ ਇਸੇ ਕਰਕੇ ਹੀ ਇਸ ਬਾਗ ਵਿਚ ਪੈਦਾ ਹੋਣ ਵਾਲੀ ਹਰ ਸਬਜ਼ੀ ਅਤੇ ਤਿਆਰ ਹੋਣ ਵਾਲਾ ਹਰ ਫਲ, ਲੰਗਰ ਵਿਚ ਜਾਂਦਾ ਏ, ਜਿਸ ਨਾਲ ਸਮੁੱਚੀ ਸੰਗਤ ਦੀ ਸੋਚ ਨੂੰ ਇਕ ਨਵੀਂ ਸੇਧ ਮਿਲਦੀ ਹੈ।
ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਕਰਨ ਹਿੱਤ ਹੀ ਬਾਬਾ ਜੀ ਵਲੋਂ ਦਰੱਖਤ ਲਗਾਉਣ ਦਾ ਇਹ ਪ੍ਰੋਜੈਕਟ 300 ਸਾਲਾ ਖ਼ਾਲਸਾ ਸਿਰਜਣਾ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਸੀ, ਤਾਂ ਕਿ ਹਵਾ ਅਤੇ ਹਰਿਆਵਲ ਦਾ ਸਦੀਵੀ ਲੰਗਰ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਾਂ ਦੀ ਗਤੀਸ਼ੀਲਤਾ ਵਿਚ ਨਿਰੰਤਰ ਵਾਧਾ ਕੀਤਾ ਜਾ ਸਕੇ। ਗੁਰੂ ਸਾਹਿਬਾਨ ਦਾ ਫੁਰਮਾਨ ਹੈ, 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਬਾਣੀ ਵਿਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਸਮਿਆਂ ਦੀ ਕੇਹੀ ਹੋਣੀ ਹੈ ਕਿ ਅਸੀਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ਵਿਚ ਆਪਣੀ ਜੀਵਨਦਾਤੀ ਨੂੰ ਹੀ ਖਤਮ ਕਰਨ ਲਈ ਰੁਚਿਤ ਹੋ ਰਹੇ ਹਾਂ। ਬਾਬਾ ਸੇਵਾ ਸਿੰਘ ਜੀ ਵਲੋਂ ਸ਼ੁੱਧ ਹਵਾ ਦਾ ਅਟੁੱਟ ਲੰਗਰ ਚਲਾਉਣ ਅਤੇ ਹਰਿਆਵਲ ਤੋਂ ਸੱਖਣੀ ਧਰਤੀ ਨੂੰ ਹਰਿਆਵਲ ਦਾ ਕੱਜਣ ਪਹਿਨਾਉਣ ਲਈ ਦਰੱਖਤ ਲਾਉਣ ਦਾ ਟੀਚਾ ਮਿਥਿਆ ਗਿਆ ਹੈ, ਤਾਂ ਕਿ ਸੈਂਕੜੇ ਸਾਲਾਂ ਤੱਕ ਚੱਲਣ ਵਾਲੇ ਇਸ ਹਵਾ ਦੇ ਲੰਗਰ ਲਈ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਉਪਰਾਲਿਆਂ ਸਦਕਾ ਹੀ ਹੁਣ ਤੱਕ ਬਾਬਾ ਜੀ ਦੀ ਸੁਯੋਗ ਰਹਿਨੁਮਾਈ ਹੇਠ ਸੈਂਕੜੇ ਕਿਲੋਮੀਟਰ ਸੜਕਾਂ 'ਤੇ ਹਰ ਕਿਸਮ ਦੇ ਦਰੱਖਤ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹਨ ਖਡੂਰ ਸਾਹਿਬ ਨੂੰ ਜਾਂਦੀਆਂ ਪੰਜੇ ਸੜਕਾਂ 'ਤੇ ਫੁੱਲਦਾਰ ਅਤੇ ਫੱਲਦਾਰ ਬੂਟੇ, ਜੀ.ਟੀ. ਰੋਡ 'ਤੇ ਬਿਰਖ, ਮਕਰਾਨਾ (ਰਾਜਸਥਾਨ) ਵਿਚ ਕਈ ਕਿਲੋਮੀਟਰ ਤੱਕ ਨਿੰਮ ਦੇ ਦਰੱਖਤ, ਨਰੈਣਾ (ਜੈਪੁਰ) ਵਿਚ ਨਿੰਮ ਦੇ ਦਰੱਖਤ, ਗਵਾਲੀਅਰ ਵਿਚ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਹਸਪਤਾਲ ਦੇ ਨੇੜੇ ਦਰੱਖਤ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਹਰੇਕ ਘਰ ਵਿਚ ਅਤੇ ਫਿਰਨੀਆਂ 'ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਹੁਣ ਵੀ ਜਾਰੀ ਹਨ। ਜਿਵੇਂ ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟ ਅਤੇ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਉਣਾ ਸ਼ਾਮਿਲ ਹੈ, ਹੁਣ ਤੱਕ ਲਗਪਗ 3 ਲੱਖ 15 ਹਜ਼ਾਰ ਰੁੱਖ ਲਗਾਏ ਜਾ ਚੁੱਕੇ ਹਨ।
ਬਾਬਾ ਜੀ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੂਬੇਦਾਰ ਬਲਬੀਰ ਸਿੰਘ ਵਲੋਂ ਜਿਥੇ ਖਡੂਰ ਸਾਹਿਬ ਦੇ ਗੁਰਦੁਆਰੇ ਵਿਚਲੀ ਬਾਗ-ਬਗੀਚੀ ਦੀ ਸੇਵਾ-ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ, ਉਥੇ ਉਨ੍ਹਾਂ ਵਲੋਂ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ 3 ਏਕੜ ਦਾ ਬਾਗ ਅਤੇ ਖਡੂਰ ਸਾਹਿਬ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਹਰ ਕਿਸਮ ਦੇ ਬੂਟਿਆਂ ਦੀ ਪਨੀਰੀ ਨੂੰ ਸਫਲਤਾਪੂਰਵਕ ਤਿਆਰ ਕਰਨਾ, ਸੂਬੇਦਾਰ ਸਾਹਿਬ ਦੀ ਨਿਸ਼ਕਾਮ ਸੇਵਾ ਦਾ ਪ੍ਰਤੱਖ ਪ੍ਰਮਾਣ ਹੈ।
ਬਹੁਤ ਹੀ ਸੱਚੀ-ਸੁੱਚੀ ਸੋਚ ਦੇ ਧਾਰਨੀ ਬਾਬਾ ਸੇਵਾ ਸਿੰਘ ਦੀ ਮਾਨਵਵਾਦੀ ਸੋਚ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ਦਰੱਖਤਾਂ ਨੂੰ ਇਸ ਧਰਤੀ ਵਿਚ ਉਗਾ ਕੇ ਜਿਥੇ ਅਸੀਂ ਧਰਤੀ ਦੇ ਸੁਹੱਪਣ ਵਿਚ ਵਾਧਾ ਕਰਦੇ ਹਾਂ, ਉਥੇ ਇਹ ਬਿਰਖ ਸਾਨੂੰ ਸਾਡੇ ਲਈ ਅਤਿਅੰਤ ਲੋੜੀਂਦੀ ਆਕਸੀਜਨ ਦਾ ਅਟੁੱਟ ਪ੍ਰਵਾਹ ਬਖਸ਼ਦੇ ਹਨ, ਵਾਯੂਮੰਡਲ ਵਿਚੋਂ ਕਾਰਬਨ ਡਾਇਆਕਸਾਈਡ ਆਦਿ ਗਰੀਨ ਹਾਊਸ ਗੈਸਾਂ ਨੂੰ ਖਤਮ ਕਰਦੇ ਹਨ, ਜਿਸ ਨਾਲ ਵਾਤਾਵਰਨ ਵਿਚ ਪੈਦਾ ਹੋ ਰਿਹਾ ਵਿਗਾੜ ਘਟਦਾ ਹੈ। ਇਸ ਨਾਲ ਬਹੁਤ ਤੇਜ਼ੀ ਨਾਲ ਰੁੱਤਾਂ ਵਿਚ ਪੈਦਾ ਹੋ ਰਹੀ ਅਣਸੁਖਾਵੀਂ ਤਬਦੀਲੀ ਨੂੰ ਵੀ ਕੁਝ ਰਾਹਤ ਮਿਲਦੀ ਹੈ। ਮੀਂਹ ਪੈਣ ਦਾ ਸਬੱਬ ਵੀ ਇਹ ਦਰੱਖਤ ਹੀ ਬਣਦੇ ਹਨ। ਇਹ ਦਰੱਖਤ ਹੀ ਹੁੰਦੇ ਹਨ ਜੋ ਜੇਠ-ਹਾੜ੍ਹ ਦੇ ਮਹੀਨੇ ਵਿਚ ਥੱਕੇ ਰਾਹੀਆਂ ਲਈ ਠੰਢੀ ਛਾਂ ਬਣਦੇ ਹਨ ਅਤੇ ਮੀਂਹ-ਕਣੀ ਦੇ ਦਿਨੀਂ ਛਤਰੀ ਵੀ ਤਣਦੇ ਹਨ। ਇਨ੍ਹਾਂ ਬਾਬੇ ਬੋਹੜਾਂ ਹੇਠ ਹੀ ਸਾਡੇ ਬਾਬਿਆਂ ਦੀਆਂ ਮਜਲੱਸਾਂ ਮੁੜ ਜੁੜਨਗੀਆਂ। ਜਦ ਸਾਡੀ ਧਰਤੀ ਬਿਰਖਾਂ ਨਾਲ ਹਰੀ ਭਰੀ ਹੋਵੇਗੀ ਤਾਂ ਸਾਡੇ ਤੋਂ ਦੂਰ ਤੁਰ ਗਏ ਪਰਿੰਦੇ ਫਿਰ ਪਰਤ ਆਉਣਗੇ ਆਪਣੇ ਘਰੀਂ। ਬਿਰਖਾਂ 'ਤੇ ਮੁਰਕੀਆਂ ਵਾਂਗ ਲਟਕਦੇ ਬਿਜੜਿਆਂ ਅਤੇ ਹੋਰ ਪੰਛੀਆਂ ਦੇ ਆਲ੍ਹਣਿਆਂ ਵਿਚ ਚਹਿਕਦੇ ਪਰਿੰਦੇ ਸਾਡੀ ਧਰਤੀ ਨੂੰ ਭਾਗ ਲਾਉਣਗੇ। ਬੋਟਾਂ ਦੀ ਚਹਿਕਣੀ, ਪਰਿੰਦਿਆਂ ਦਾ ਅੰਮ੍ਰਿਤ ਵੇਲੇ ਦਾ ਅਲਾਪ ਅਤੇ ਚਿੜੀਆਂ ਦੀ ਚੀਂ-ਚੀਂ ਇਸ ਧਰਤ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦੇਣਗੀਆਂ। ਕੁਦਰਤੀ ਜੀਵਾਂ ਦਾ ਸਮੂਹ ਸੰਸਾਰ ਮਨੁੱਖੀ ਸੋਚ ਦੇ ਸਦਕੇ ਜਾਂਦਾ, ਮਾਨਵ ਦੀ ਸਦੀਵਤਾ ਦਾ ਗੁਣਗਾਣ ਕਰਦਾ ਰਹੇਗਾ। ਇਨ੍ਹਾਂ ਬਿਰਖਾਂ ਸਦਕਾ ਹੀ ਕੁਦਰਤ ਦਾ ਵਿਗੜ ਰਿਹਾ ਸੰਤੁਲਨ ਫਿਰ ਕਾਇਮ ਹੋ ਜਾਵੇਗਾ ਅਤੇ ਇਹ ਧਰਤੀ ਸਭਨਾਂ ਜੀਵਾਂ ਦੀ ਜਨਮਦਾਤੀ ਦਾ ਰੁਤਬਾ ਗ੍ਰਹਿਣ ਕਰਕੇ ਆਪਣੇ ਪਹਿਲੇ ਸਰੂਪ ਵਿਚ ਜੀਵਾਂ ਦੀਆਂ ਸਭਨਾਂ ਜਾਤੀਆਂ ਦੀ ਨਿੱਘੀ ਗੋਦ ਬਣ ਜਾਵੇਗੀ। ਇਹ ਬਿਰਖ ਹੀ ਹਨ ਜਿਹੜੇ ਜੀਵਾਂ ਦੇ ਸ਼ੁੱਭ-ਚਿੰਤਕ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਸਭਨਾਂ ਦੀ ਭਲਾਈ ਦਾ ਕਰਮ ਜਾਗਦਾ ਰਹਿੰਦਾ ਹੈ। ਇਹ ਬਿਰਖ ਹੀ ਹੁੰਦੇ ਨੇ, ਜੋ ਸਾਡੇ ਜਨਮ ਤੋਂ ਸਾਡੇ ਮਰਨ ਤੱਕ ਸਾਡੇ ਜੀਵਨ ਦੀਆਂ ਤਮਾਮ ਲੋੜਾਂ ਪੂਰੀਆਂ ਕਰਦੇ, ਆਖਰ ਨੂੰ ਸਾਡੇ ਮਿੱਟੀ ਰੂਪੀ ਸਰੀਰ ਨੂੰ ਮਿੱਟੀ ਦੇ ਲੇਖੇ ਲਾਉਂਦੇ ਹਨ। ਸੋ ਲੋੜ ਹੈ ਕਿ ਇਨ੍ਹਾਂ ਪ੍ਰਿਤਪਾਲਕ ਬਿਰਖਾਂ ਨੂੰ ਲਾਈਏ, ਇਨ੍ਹਾਂ ਦੀ ਸੰਭਾਲ ਕਰੀਏ ਅਤੇ ਇਨ੍ਹਾਂ ਦੀ ਚਿਰੰਜੀਵਤਾ ਵਿਚੋਂ ਹੀ ਆਪਣੀ ਸਦੀਵਤਾ ਨੂੰ ਕਿਆਸੀਏ। ਬਾਬਾ ਜੀ ਨੇ ਦੱਸਿਆ ਕਿ ਜਦ ਵੀ ਮੈਂ ਸਵੇਰੇ-ਸਵੇਰੇ ਸੈਰ ਕਰਕੇ ਪਰਤਦਾ ਹਾਂ ਤਾਂ ਡੇਰੇ ਦੀ ਬਾਹਰਲੀ ਕੰਧ 'ਤੇ ਫੈਲੀ ਹੋਈ ਵੇਲ ਵਿਚ ਅਣਗਿਣਤ ਚਿੜੀਆਂ ਦੇ ਚਹਿਚਹਾਉਣ ਦਾ ਅਲੌਕਿਕ ਅਨੰਦ ਮਾਣਨ ਲਈ ਜ਼ਰੂਰ ਰੁਕਦਾ ਹਾਂ ਅਤੇ ਇਨ੍ਹਾਂ ਚਿੜੀਆਂ ਦੀ ਚਹਿਕਣੀ ਵਿਚ ਇਉਂ ਲੱਗਦਾ ਹੈ ਜਿਵੇਂ ਸਮੁੱਚੀ ਕਾਇਨਾਤ ਇਸ ਧਰਤੀ 'ਤੇ ਉਤਰ ਆਈ ਹੋਵੇ ਅਤੇ ਆਪਣੇ ਇਲਾਹੀ ਨਾਦ ਨੂੰ ਇਸ ਧਰਤੀ ਦੇ ਕਣ-ਕਣ ਦੇ ਨਾਂਅ ਲਾ ਰਹੀ ਹੋਵੇ।
ਕੁਦਰਤ ਨੂੰ ਮੁਹੱਬਤ ਕਰਨ ਵਾਲੇ, ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ, ਵਿਲੱਖਣ, ਨਰੋਈ ਤੇ ਨਿਰਾਲੀ ਪਛਾਣ ਦੇ ਮਾਲਕ, ਬਿਰਖਾਂ ਵਿਚੋਂ ਸਮੁੱਚੀ ਲੋਕਾਈ ਦਾ ਭਲਾ ਅਤੇ ਸਦੀਵਤਾ ਚਿਤਵਣ ਵਾਲੇ ਅੱਖਰਾਂ ਦੀ ਜਨਮਦਾਤੀ ਖਡੂਰ ਸਾਹਿਬ ਦੀ ਧਰਤੀ 'ਤੇ ਕੁਦਰਤ ਦਾ ਚਿਰਾਗ ਜਗਾਉਣ ਵਾਲੇ, ਸਿੱਖਾਂ ਦੇ ਪਹਿਲੇ ਆਡੀਓ ਵਿਜ਼ੂਅਲ ਮਿਊਜ਼ੀਅਮ ਦੇ ਸੰਸਥਾਪਕ ਅਤੇ 21ਵੀਂ ਸਦੀ ਦੇ ਅਜੂਬੇ 'ਨਿਸ਼ਾਨ-ਏ-ਸਿੱਖੀ' ਦੇ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਦੁੱਤੀ ਘਾਲਣਾ 'ਤੇ ਬਲਿਹਾਰ ਜਾਣ ਨੂੰ ਜੀਅ ਕਰਦਾ ਹੈ। ਬਹੁਤ ਹੀ ਨਿਸ਼ਕਾਮ ਤੇ ਉੱਚਤਮ ਹੈ ਉਨ੍ਹਾਂ ਦੀ ਸੇਵਾ। ਬਹੁਤ ਹੀ ਨੇਕ ਹੈ ਉਨ੍ਹਾਂ ਦੀ ਸੋਚ ਦਾ ਦਾਇਰਾ, ਜਿਸ ਸਦਕਾ ਹੋ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ 'ਤੇ ਚੰਗਿਆਈ ਦਾ ਫੈਲਾਅ।
ਪਰਮਾਤਮਾ ਸਾਨੂੰ ਸਧਾਰਨ ਜੀਵਾਂ ਨੂੰ ਉਨ੍ਹਾਂ ਦੇ ਮਾਰਗ ਚਿੰਨ੍ਹਾਂ 'ਤੇ ਚੱਲਣ ਦੀ ਸੁਮੱਤ ਬਖਸ਼ੇ ਤਾਂ ਕਿ ਅਸੀਂ ਉਨ੍ਹਾਂ ਵਲੋਂ ਚਲਾਏ ਜਾ ਰਹੇ ਹਵਾ ਅਤੇ ਹਰਿਆਵਲ ਦੇ ਅਤੁੱਟ ਲੰਗਰ ਵਿਚ ਬਣਦਾ-ਸਰਦਾ ਯੋਗਦਾਨ ਪਾ ਸਕੀਏ, ਕਿਉਂਕਿ ਸਾਡੇ ਆਖਰੀ ਸਾਹਾਂ ਤੱਕ ਨਿਭਣਾ ਹੈ ਹਵਾ ਅਤੇ ਹਰਿਆਵਲ ਦਾ ਇਹ ਅਤੁੱਟ ਲੰਗਰ।

ਜਵੱਦੀ ਟਕਸਾਲ ਦੀ ਗੁਰਮਤਿ ਸੰਗੀਤ ਨੂੰ ਦੇਣ

'ਰਾਗ ਨਾਦ ਸਬਦਿ ਸੋਹਣੇ', ਗੁਰਬਾਣੀ ਦੀ ਇਸ ਪਾਵਨ ਤੁਕ ਵਿਚਲੇ ਰੂਹਾਨੀ ਸੁਨੇਹੇ ਨੂੰ ਸਾਕਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਤੰਤੀ ਸਾਜ਼ਾਂ ਨਾਲ ਸੰਗਤ ਦੀ ਝੋਲੀ ਪਾਈ ਕੀਰਤਨ ਦੀ ਪਰੰਪਰਾ ਦੀ ਬਹਾਲੀ ਲਈ ਲੁਧਿਆਣਾ ਦੇ ਨਾਲ ਲਗਦੇ ਇਤਿਹਾਸਕ ਪਿੰਡ ਜਵੱਦੀ ਕਲਾਂ ਵਿਚ ਸਥਿਤ ਜਵੱਦੀ ਟਕਸਾਲ ਦੀ ਦੇਣ ਉੱਤੇ ਸਮੁੱਚੇ ਕੀਰਤਨ ਅਤੇ ਸੰਗੀਤ ਪ੍ਰੇਮੀਆਂ ਨੂੰ ਮਾਣ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਭੂਮੀ ਉੱਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਸੱਚਖੰਡ ਵਾਸੀ ਸੰਤ ਸੁੱਚਾ ਸਿੰਘ ਨੇ 1985 ਵਿਚ ਸੇਵਾ ਆਰੰਭ ਕੀਤੀ। ਸੰਨ 1991 ਵਿਚ ਉਨ੍ਹਾਂ ਨੇ 'ਵਿਸਮਾਦੁ ਨਾਦ' ਸੰਸਥਾ ਬਣਾਈ। ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ।
ਗੁਰਮਤਿ ਸੰਗੀਤ ਸੰਮੇਲਨਾਂ ਦਾ ਆਗਾਜ਼ : ਸੰਤ ਸੁੱਚਾ ਸਿੰਘ ਵਲੋਂ ਜਵੱਦੀ ਕਲਾਂ ਵਿਚ 1991 ਵਿਚ ਆਰੰਭ ਕੀਤੇ ਗਏ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਉਨ੍ਹਾਂ ਦੇ ਸੱਚਖੰਡ ਜਾ ਬਿਰਾਜਣ ਮਗਰੋਂ ਵੀ ਉਨ੍ਹਾਂ ਦੇ ਗੱਦੀਨਸ਼ੀਨ ਸੰਤ ਅਮੀਰ ਸਿੰਘ ਨਿਰੰਤਰ ਜਾਰੀ ਰੱਖ ਰਹੇ ਹਨ। ਪਲੇਠਾ ਗੁਰਮਤਿ ਸੰਗੀਤ ਸੰਮੇਲਨ 10 ਅਕਤੂਬਰ ਤੋਂ 13 ਅਕਤੂਬਰ ਤੱਕ ਹੋਇਆ। ਇਸ ਪਹਿਲੇ ਸੰਮੇਲਨ ਵਿਚ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਕਰਤਾਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਹਰਚੰਦ ਸਿੰਘ, ਸਿੰਘ ਬੰਧੂ ਦਿੱਲੀ, ਗੀਤਾ ਪੇਂਤਲ, ਡਾਕਟਰ ਜਸਬੀਰ ਕੌਰ ਪਟਿਆਲਾ, ਸ਼੍ਰੋਮਣੀ ਰਾਗੀ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ, ਪ੍ਰਿੰਸੀਪਲ ਚੰਨਣ ਸਿੰਘ ਮਜਬੂਰ, ਡਾਕਟਰ ਨਿਵੇਦਿਤਾ ਸਿੰਘ ਪਟਿਆਲਾ ਅਤੇ ਹੋਰ ਰਾਗੀਆਂ ਨੇ ਗੁਰਮਤਿ ਸ਼ੈਲੀ ਰਾਹੀਂ ਸਮਾਂ ਬੰਨ੍ਹ ਦਿੱਤਾ। ਇਸ ਤੋਂ ਬਾਅਦ ਦੇ ਸੰਗੀਤ ਸੰਮੇਲਨਾਂ ਵਿਚ ਪਦਮਸ੍ਰੀ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਸਵਰਗੀ ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਪਿਰਥੀਪਾਲ ਸਿੰਘ, ਮੋਹਨ ਪਾਲ ਸਿੰਘ ਪਟਿਆਲਾ, ਭਾਈ ਰਣਧੀਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸੰਤ ਸਤਨਾਮ ਸਿੰਘ ਕਿਸ਼ਨਗੜ੍ਹ, ਉਸਤਾਦ ਕਾਲੇ ਰਾਮ (ਤਬਲਾ), ਅਸ਼ਵਿਨੀ ਕੁਮਾਰ (ਤਾਨਪੁਰਾ), ਓਮ ਪ੍ਰਕਾਸ਼ ਅਤੇ ਭਾਈ ਚਤਰ ਸਿੰਘ (ਦਿਲਰੁਬਾ). ਜਸਵੰਤ ਸਿੰਘ ਦਿੱਲੀ ਅਤੇ ਕਸਤੂਰੀ ਲਾਲ (ਵਾਇਲਨ) ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਤਾਰ ਸ਼ਹਿਨਾਈ, ਤਾਊਸ ਅਤੇ ਸਾਰੰਦੇ ਸਾਜ਼ ਦੀ ਵੀ ਕਲਾਤਮਕ ਵਰਤੋਂ ਕੀਤੀ ਗਈ। ਇਸ ਦੌਰਾਨ ਤਾਲ ਕਹਿਰਵਾ ਅਤੇ ਦਾਦਰਾ ਵਜਾਉਣ ਦੀ ਆਗਿਆ ਨਹੀਂ ਸੀ, ਬਲਕਿ ਸਿਰਫ ਪ੍ਰਵਾਨਤ ਬਿਖਰੇ ਤਾਲਾਂ ਵਿਚ ਹੀ ਗਾਇਨ ਪੇਸ਼ ਕੀਤਾ ਗਿਆ।
ਸੰਤ ਸੁੱਚਾ ਸਿੰਘ ਨੇ ਪੰਜਾਬ ਤੋਂ ਬਾਹਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਇਲਾਵਾ ਬੰਬਈ, ਪੂਨਾ, ਇੰਦੌਰ, ਗਵਾਲੀਅਰ ਤੇ ਆਗਰਾ ਸਮੇਤ ਵੱਖ-ਵੱਖ ਥਾਵਾਂ ਉੱਤੇ ਵੀ ਗੁਰਮਤਿ ਸੰਗੀਤ ਸੰਮੇਲਨ ਕਰਵਾਏ। ਉਸ ਤੋਂ ਬਾਅਦ ਇਹ ਸੰਮੇਲਨ ਸੰਤ ਸੁੱਚਾ ਸਿੰਘ ਨੇ ਨਿਰੰਤਰ ਤੌਰ 'ਤੇ 27 ਅਗਸਤ, 2002 ਨੂੰ ਆਪਣੇ ਸੱਚਖੰਡ ਪਿਆਨੇ ਤੱਕ ਪੂਰੀ ਚੜ੍ਹਦੀ ਕਲਾ ਨਾਲ ਜਾਰੀ ਰੱਖਿਆ। ਉਨ੍ਹਾਂ ਤੋਂ ਉਪਰੰਤ ਸੰਤ ਅਮੀਰ ਸਿੰਘ ਨੂੰ ਇਸ ਟਕਸਾਲ ਦੇ ਮੁਖੀ ਦੀ ਸੇਵਾ ਸਮੁੱਚੇ ਪੰਥ ਵਲੋਂ ਸੌਂਪੀ ਗਈ।
ਸੰਤ ਅਮੀਰ ਸਿੰਘ ਨੇ ਸਾਲ 2016 ਵਿਚ ਵੱਡੇ ਪੱਧਰ 'ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਸਿਲਵਰ ਜੁਬਲੀ ਮਨਾਈ, ਜਿਸ ਵਿਚ ਇਸ ਮਹਾਨ ਸੰਗੀਤ ਕੁੰਭ ਨਾਲ ਜੁੜੀਆਂ 25 ਸ਼ਖ਼ਸੀਅਤਾਂ ਨੂੰ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸੇ ਸਬੰਧ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 25 ਰਾਗ ਦਰਬਾਰ ਸੰਤ ਅਮੀਰ ਸਿੰਘ ਵਲੋਂ ਕਰਵਾਏ ਗਏ। ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਦੀ ਸਿੱਖਿਆ ਉਨ੍ਹਾਂ ਦੀ ਅਗਵਾਈ ਹੇਠ ਇਸ ਵੇਲੇ ਪ੍ਰੋਫੈਸਰ ਜਤਿੰਦਰ ਪਾਲ ਸਿੰਘ, ਪੰਡਿਤ ਰਮਾਂਕਾਂਤ, ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਚਰਨਜੀਤ ਕੌਰ, ਪ੍ਰੋਫੈਸਰ ਤਜਿੰਦਰ ਸਿੰਘ ਜਲੰਧਰ, ਪ੍ਰੋਫੈਸਰ ਇੰਦਰਜੀਤ ਸਿੰਘ ਬਿੰਦੂ ਜਲੰਧਰ, ਪ੍ਰੋਫੈਸਰ ਮਨਿੰਦਰ ਸਿੰਘ ਤਬਲਾਵਾਦਕ, ਉਸਤਾਦ ਸਵਰਨ ਸਿੰਘ ਸਮੇਂ-ਸਮੇਂ ਉੱਤੇ ਕੀਰਤਨ ਦੀ ਸਿੱਖਿਆ ਦੇ ਰਹੇ ਹਨ।
ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਾਗੀ ਸਿੰਘਾਂ ਨਾਲ ਜਿੰਨੇ ਵੀ ਤੰਤੀ ਸਾਜ਼ ਵਜਾਉਣ ਵਾਲੇ ਫਨਕਾਰ ਸੰਗਤ ਕਰਦੇ ਹਨ, ਉਹ ਸਾਰੇ ਜਵੱਦੀ ਟਕਸਾਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਥੇ ਸੇਵਾ ਨਿਭਾਅ ਰਹੇ ਹਨ। ਧਰਮ ਪ੍ਰਚਾਰ ਕਾਰਜਾਂ ਤਹਿਤ ਲਗਪਗ 30 ਹਜ਼ਾਰ ਵਿਦਿਆਰਥੀ ਗੁਰਮਤਿ ਸੰਗੀਤ ਗੁਰਬਾਣੀ ਸੰਥਿਆ ਤੇ ਵਾਦਨ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ।
ਪ੍ਰਕਾਸ਼ਨਾਵਾਂ : ਰਾਗ ਨਾਦੁ ਸਬਦਿ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ, ਮਨ ਦਾ ਸੰਕਲਪ, ਦੇਹੀ ਦਾ ਸੰਕਲਪ, ਮੌਤ ਦਾ ਸੰਕਲਪ, ਰਾਗ ਨਾਦੁ ਸਬਦਿ ਸੋਹਣੇ, ਮਿਲਬੇ ਕੀ ਮਹਿਮਾ, ਗੁਰੂ ਨਾਲ ਸੰਗੀਤ ਪੱਧਤੀ ਭਾਗ ਪਹਿਲਾ ਅਤੇ ਦੂਜਾ ਸਮੇਤ ਅਨੇਕ ਪ੍ਰਕਾਸ਼ਨਾਵਾਂ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਲਈ ਮਾਰਗਦਰਸ਼ਕ ਦਾ ਕੰਮ ਕਰ ਰਹੀਆਂ ਹਨ।
ਆਡੀਓ-ਵੀਡੀਓ ਕੈਸਿਟਾਂ : 1991 ਤੋਂ ਲੈ ਕੇ ਹੁਣ ਤੱਕ ਹੋਏ ਸੰਗੀਤ ਸੰਮੇਲਨ ਦੀਆਂ ਆਡੀਓ-ਵੀਡੀਓ ਕੈਸਿਟਾਂ ਟਕਸਾਲ ਕੋਲ ਉਪਲਬਧ ਹਨ ਅਤੇ ਨਾਲ ਹੀ ਇਨ੍ਹਾਂ ਨੂੰ ਯੂ-ਟਿਊਬ ਉੱਤੇ ਵੀ ਪਾਇਆ ਗਿਆ ਹੈ।
ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ : ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ 14 ਜਥਿਆਂ ਨੂੰ ਹੁਣ ਤੱਕ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਲੱਖਣ ਗੱਲ ਇਹ ਹੈ ਕਿ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਜਿਥੇ ਪੰਥ ਦੇ ਮਹਾਨ ਕਥਾਵਾਚਕ ਹਨ, ਉਥੇ ਨਾਲ ਹੀ ਪੁਰਾਤਨ ਗੁਰਮਤਿ ਸ਼ੈਲੀ ਅਨੁਸਾਰ ਖੁਦ ਵੀ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਧਰਮ-ਕਰਮ ਵਿਚ ਪ੍ਰਪੱਕਤਾ ਦੀ ਅਨੋਖੀ ਮਿਸਾਲ ਸਨ-ਸੰਤ ਬਾਬਾ ਵਿਸਾਖਾ ਸਿੰਘ

ਸਿੱਖ ਧਰਮ ਵਿਚ ਉਨ੍ਹਾਂ ਸੰਤਾਂ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਤਿਕਾਰ ਹੈ, ਜਿਨ੍ਹਾਂ ਦੀ ਬਦੌਲਤ ਸਿੱਖ ਪੰਥ ਨੇ ਧਾਰਮਿਕ ਹੀ ਨਹੀਂ, ਸਮਾਜਿਕ ਅਤੇ ਦੇਸ਼ ਸੇਵਾ ਦੇ ਅਜਿਹੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ, ਜੋ ਸਮੁੱਚੇ ਜਗਤ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਏ। ਅਜਿਹੀ ਹੀ ਸਤਿਕਾਰਯੋਗ ਸ਼ਖ਼ਸੀਅਤ ਹੋਏ ਹਨ ਸੰਤ ਬਾਬਾ ਵਿਸਾਖਾ ਸਿੰਘ, ਜਿਨ੍ਹਾਂ ਨੇ 13 ਵਿਸਾਖ, 1905 ਈ: ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਵਿਚ ਪਿਤਾ ਕਰਮ ਸਿੰਘ, ਮਾਤਾ ਕਾਹਨ ਕੌਰ ਦੇ ਘਰ ਜਨਮ ਲਿਆ। ਮੁਢਲੀ ਸਿੱਖਿਆ ਸੰਤ ਮੋਹਣ ਸਿੰਘ ਜੀ ਤੋਂ ਪ੍ਰਾਪਤ ਕਰਕੇ ਗੁਰਬਾਣੀ ਦੇ ਸ਼ੁੱਧ ਪਾਠ, ਕਥਾ ਕੀਰਤਨ, ਅਰਥ ਬੋਧ ਦੀ ਦਾਤ ਉਪਰੰਤ ਉਦਾਸੀ ਭੇਖ ਦੇ ਧਾਰਨੀ ਹੋ ਗਏ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਆਪ ਅੰਮ੍ਰਿਤਪਾਨ ਕਰਕੇ ਕੌਮੀ ਸੇਵਾ ਵਿਚ ਜੁਟ ਗਏ। ਕੌਮੀ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ 'ਚ ਜੇਲ੍ਹਾਂ ਕੱਟੀਆਂ ਅਤੇ ਗੁਰੂ ਉਪਦੇਸ਼ ਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਸਰਬੱਤ ਦੇ ਭਲੇ ਲਈ ਲੋਕ ਸੇਵਾ ਦੇ ਕਾਰਜਾਂ ਰਾਹੀਂ ਜ਼ਿਲ੍ਹਾ ਮੋਗਾ ਦੇ ਬੇਟ ਇਲਾਕੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਕਰੀਬ 32 ਸਾਲ ਰਹਿ ਕੇ ਇਸ ਪਛੜੇ ਇਲਾਕੇ ਅੰਦਰ ਗੁਰਮਤਿ ਪ੍ਰਚਾਰ ਸਭਾ ਤਿਹਾੜਾ ਕਾਇਮ ਕੀਤੀ।
ਪਿੰਡ ਸੋਢੀਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ, ਜਗਤਸਰ ਸਾਹਿਬ, ਸ਼ੇਰਪੁਰ ਕਲਾਂ, ਸ਼ੇਖ ਦੌਲਤ, ਮਲਸੀਹਾਂ ਬਾਜਣ, ਦਾਇਆ ਕਲਾਂ, ਕੋਕਰੀ ਬੁੱਟਰਾਂ, ਕਾਕੜ ਤਿਹਾੜਾ ਤੇ ਕਿਸ਼ਨਪੁਰਾ ਕਲਾਂ ਵਿਖੇ ਗੁਰੂ-ਘਰਾਂ ਦੀ ਸੇਵਾ ਕਰਵਾਈ ਤੇ ਇਲਾਕੇ ਦੇ ਪਾਣੀ ਦੇ ਨਿਕਾਸ ਲਈ ਸੇਮਾਂ, ਬਿਜਲੀ ਸਪਲਾਈ ਤੇ ਸੜਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਈਆਂ ਤੇ ਧਰਮ ਪ੍ਰਚਾਰ ਲਈ ਪ੍ਰੈੱਸ ਅਤੇ ਅਖਬਾਰ ਸ਼ੁਰੂ ਕੀਤੀ। ਉਨ੍ਹਾਂ ਦੀ ਲਿਖਤ 'ਮਾਲਵੇ ਦਾ ਇਤਿਹਾਸ' ਰਾਜੇ-ਮਹਾਰਾਜਿਆਂ, ਪ੍ਰਸਿੱਧ ਵਿਦਵਾਨਾਂ, ਸੰਤਾਂ-ਮਹੰਤਾਂ, ਮਹਾਂ ਪੰਡਿਤਾਂ, ਯੋਧਿਆਂ, ਸ਼ਹੀਦਾਂ, ਰਾਗੀ-ਢਾਡੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਯਾਦਗਾਰੀ ਤੇ ਦੁਰਲੱਭ ਤੱਥਾਂ ਦਾ ਖਜ਼ਾਨਾ ਦੁਨੀਆ ਲਈ ਇਤਿਹਾਸਕ ਚਾਨਣ ਮੁਨਾਰਾ ਹੈ। ਅਣਗਿਣਤ ਪ੍ਰਾਣੀਆਂ ਨੂੰ ਗੁਰੂ ਪਾਤਸ਼ਾਹ ਜੀ ਦੀ ਮੋਹਰ ਅੰਮ੍ਰਿਤ ਦੀ ਦਾਤ ਅਤੇ ਗੁਰਬਾਣੀ ਮਹੱਤਵ ਨਾਲ ਦੁਨੀਆਵੀ ਲੋਕਾਂ ਨੂੰ ਸਾਰੀ ਜ਼ਿੰਦਗੀ ਵਹਿਮਾਂ-ਭਰਮਾਂ, ਊਚ-ਨੀਚ, ਜਾਤ-ਪਾਤ ਦੇ ਭਰਮਾਂ ਨੂੰ ਛੱਡਣ ਦਾ ਉਪਦੇਸ਼ ਦੇਣ ਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਵਾਲੀ ਇਹ ਪਵਿੱਤਰ ਰੂਹ 15 ਸਤੰਬਰ, 1968 ਨੂੰ ਗੁਰੁੂ ਚਰਨਾਂ ਵਿਚ ਜਾ ਬਿਰਾਜੀ। ਪਿੰਡ ਕਿਸ਼ਨਪੁਰਾ ਕਲਾਂ ਸਮੇਤ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਉਨ੍ਹਾਂ ਦੀ 51ਵੀਂ ਸਾਲਾਨਾ ਬਰਸੀ 'ਤੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕਿਸ਼ਨਪੁਰਾ ਕਲਾਂ (ਮੋਗਾ) ਵਿਖੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਜਾਣਗੇ, ਰਾਗੀ, ਢਾਡੀ, ਕਥਾਵਾਚਕ, ਸੰਤ-ਮਹਾਂਪੁਰਸ਼ ਹਾਜ਼ਰੀਆਂ ਲਗਵਾਉਣਗੇ।


-ਕਿਸ਼ਨਪੁਰਾ ਕਲਾਂ (ਮੋਗਾ)।
ਮੋਬਾ: 98764-74365

ਸ਼ਬਦ ਵਿਚਾਰ

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥

ਜਪੁ-ਪਉੜੀ ਦੂਜੀ
ਹੁਕਮੀ ਹੋਵਨਿ ਆਕਾਰ
ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ
ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ
ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ
ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ
ਤ ਹਉਮੈ ਕਹੈ ਨ ਕੋਇ॥ ੨॥ (ਅੰਗ 1)
ਪਦ ਅਰਥ : ਹੁਕਮੀ-ਪਰਮਾਤਮਾ ਦੇ ਹੁਕਮ ਦੁਆਰਾ। ਆਕਾਰ-ਸਰੂਪ, ਸਰੀਰ, ਜਗਤ ਰਚਨਾ। ਹੁਕਮੁ-ਪਰਮਾਤਮਾ ਦਾ ਹੁਕਮ। ਜੀਅ-ਜੀਵ ਜੰਤ। ਹੋਵਨਿ-ਪੈਦਾ ਹੁੰਦੇ ਹਨ, ਜੰਮਦੇ ਹਨ। ਉਤਮੁ ਨੀਚੁ-ਸ੍ਰੇਸ਼ਟ, ਚੰਗੇ ਅਤੇ ਬੁਰੇ। ਹੁਕਮਿ-ਪਰਮਾਤਮਾ ਦੇ ਹੁਕਮ ਅਨੁਸਾਰ। ਲਿਖਿ-(ਕਰਮਾਂ ਅਨੁਸਾਰ) ਲਿਖੇ। ਪਾਈਅਹਿ-ਪਾਉਂਦੇ ਹਨ, ਭੋਗਦੇ ਹਨ। ਇਕਨਾ-ਕਈਆਂ ਨੂੰ। ਬਖਸੀਸ-ਬਖਸ਼ਿਸ਼। ਭਵਾਈਅਹਿ-ਭਵਾਏ ਜਾਂਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ। ਹੁਕਮੈ ਅੰਦਰਿ-(ਪਰਮਾਤਮਾ ਦੇ) ਹੁਕਮ ਵਿਚ ਹੀ। ਬਾਹਰਿ ਹੁਕਮ-ਹੁਕਮ ਤੋਂ ਬਾਹਰ, ਹੁਕਮ ਤੋਂ ਆਕੀ।
'ਜਪੁ' ਜੀ ਦੀ ਇਸ ਦੂਜੀ ਪਉੜੀ ਵਿਚ ਪਰਮਾਤਮਾ ਦੇ ਹੁਕਮ ਦੀ ਵਿਆਖਿਆ ਕੀਤੀ ਗਈ ਹੈ। ਉਸ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਹੋਂਦ ਵਿਚ ਆਈ ਭਾਵ ਜੀਵ-ਜੰਤ ਪੈਦਾ ਹੋਏ। ਉਸ ਦੇ ਹੁਕਮ ਵਿਚ ਜੀਵ ਆਪਣੇ ਕਰਮਾਂ ਅਨੁਸਾਰ ਸੁਖ-ਦੁੱਖ ਭੋਗਦੇ ਹਨ, ਚੰਗੇ-ਮੰਦੇ ਬਣਦੇ ਹਨ ਅਰਥਾਤ ਜੋ ਕੁਝ ਵੀ ਜਗਤ ਵਿਚ ਹੋ ਰਿਹਾ ਹੈ, ਪਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਜੋ ਮਨੁੱਖ ਉਸ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਹਉਮੈ ਅਤੇ ਹੰਕਾਰ ਰੂਪੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
ਰਾਗੁ ਸੂਹੀ ਕੀ ਵਾਰ ਮਹਲਾ ੩ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ ਕਿ ਜਿਸ ਪ੍ਰਭੂ ਨੇ ਇਹ ਜਗਤ ਆਪਣੇ ਹੁਕਮ ਅਨੁਸਾਰ ਕਈ ਤਰ੍ਹਾਂ ਦਾ ਬਣਾਇਆ ਹੈ, ਉਸ ਅਲਖ ਅਤੇ ਬੇਅੰਤ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ-
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥
ਤੇਰਾ ਹੁਕਮੁ ਨ ਜਾਪੀ ਕੇਤੜਾ
ਸਚੇ ਅਲਖ ਅਪਾਰਾ॥ (ਅੰਗ 786)
ਸ੍ਰਿਸਟਿ-(ਸ੍ਰਿਸ਼ਟੀ) ਜਗਤ, ਸੰਸਾਰ। ਸਾਜੀਅਨੁ-ਬਣਾਇਆ ਹੈ, ਪੈਦਾ ਕੀਤਾ ਹੈ। ਬਹੁ ਭਿਤਿ-ਕਈ ਭਾਂਤ ਦਾ, ਕਈ ਪ੍ਰਕਾਰ ਦਾ। ਕੇਤੜਾ-ਕਿੰਨਾ ਵੱਡਾ ਹੈ। ਅਲਖ-ਜੋ ਲਖਿਆ ਨਾ ਜਾ ਸਕੇ। ਅਪਾਰਾ-ਬੇਅੰਤ।
ਹੇ ਪ੍ਰਭੂ, ਇਹ ਜੀਵ ਜੰਤ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਸਾਡੇ ਜੀਵਾਂ ਦੀ ਜੀਵਨ ਦੀ ਡੋਰ ਤੇਰੇ ਹੱਥ ਵਿਚ ਹੀ ਹੈ। ਪੰਚਮ ਗੁਰਦੇਵ ਦੇ ਰਾਗੁ ਸੋਰਠਿ ਵਿਚ ਪਾਵਨ ਬਚਨ ਹਨ-
ਜੀਅ ਜੰਤ ਤੇਰੇ ਧਾਰੇ॥
ਪ੍ਰਭ ਡੋਰੀ ਹਾਥਿ ਤੁਮਾਰੇ॥ (ਅੰਗ 626)
ਧਾਰੇ-ਸਹਾਰੇ।
ਰਾਗੁ ਮਾਰੂ ਸੋਲਹੇ ਵਿਚ ਗੁਰੂ ਅਮਰਦਾਸ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਰੀ ਵਡਿਆਈ ਪ੍ਰਭੂ ਦੇ ਹੱਥ ਵਿਚ ਹੀ ਹੈ, ਜਿਸ ਨੂੰ ਦਿੰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ-
ਤੇਰੈ ਹਥਿ ਹੈ ਸਭ ਵਡਿਆਈ
ਜਿਸੁ ਦੇਵਹਿ ਸੋ ਪਾਇਦਾ॥ (ਅੰਗ 1063)
ਆਪ ਜੀ ਰਾਗੁ ਗੂਜਰੀ ਕੀ ਵਾਰ ਮਹਲਾ ੩ ਵਿਚ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਹੁੰਦੀ ਹੈ, ਮਾਲਕ ਪ੍ਰਭੂ ਉਨ੍ਹਾਂ ਪਾਸੋਂ ਆਪਣਾ ਹੁਕਮ ਆਪ ਮਨਾਉਂਦਾ ਹੈ। ਜੋ ਉਸ ਦਾ ਹੁਕਮ ਮੰਨ ਕੇ ਸੁੱਖਾਂ ਨੂੰ ਪ੍ਰਾਪਤ ਹੁੰਦੇ ਹਨ, ਉਹ ਪ੍ਰੇਮੀ ਜਨ ਮਾਲਕ ਪ੍ਰਭੂ ਵਾਲੇ ਬਣ ਜਾਂਦੇ ਹਨ-
ਹੁਕਮੁ ਭੀ ਤਿਨ੍ਰਾ ਮਨਾਇਸੀ
ਜਿਨ੍ਰ ਕਉ ਨਦਰਿ ਕਰੇਇ॥
ਹੁਕਮੁ ਮੰਨਿ ਸੁਖੁ ਪਾਇਆ
ਪ੍ਰੇਮ ਸੁਹਾਗਣਿ ਹੋਇ॥ (ਅੰਗ 510)
ਨਦਰਿ-ਨਜ਼ਰ, ਸਵੱਲੀ ਨਜ਼ਰ। ਸੁਹਾਗਣਿ-ਮਾਲਕ ਵਾਲੀ, ਮਾਲਕ ਪ੍ਰਭੂ ਵਾਲੀ।
ਜਿਨ੍ਹਾਂ ਪਾਸੋਂ ਪਰਮਾਤਮਾ ਆਪਣਾ ਹੁਕਮ ਮਨਾਉਂਦਾ ਹੈ, ਆਪਣੀ ਰਜ਼ਾ ਵਿਚ ਤੋਰਦਾ ਹੈ, ਅਜਿਹੇ ਸੇਵਕ ਜਨ ਫਿਰ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ। ਰਾਗੁ ਆਸਾ ਦੀ ਵਾਰ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਸੋ ਸੇਵਕੁ ਸੇਵਾ ਕਰੇ
ਜਿਸ ਨੋ ਹੁਕਮੁ ਮਨਾਇਸੀ॥ (ਅੰਗ 471)
ਪਰਮਾਤਮਾ ਦਾ ਹੁਕਮ ਮੰਨਣ ਨਾਲ, ਉਸ ਦੀ ਰਜ਼ਾ ਵਿਚ ਰਹਿਣ ਨਾਲ ਸੇਵਕ ਪਰਮਾਤਮਾ ਦੇ ਦਰ 'ਤੇ ਪਰਵਾਨ ਚੜ੍ਹ ਜਾਂਦਾ ਹੈ ਅਤੇ ਉਹ ਮਾਲਕ ਪ੍ਰਭੂ ਦਾ ਦਰ-ਘਰ ਲੱਭ ਲੈਂਦਾ ਹੈ-
ਹੁਕਮਿ ਮੰਨਿਐ ਹੋਵੈ ਪਰਵਾਣੁ
ਤਾ ਖਸਮੈ ਕਾ ਮਹਲੁ ਪਾਇਸੀ॥ (ਅੰਗ 471)
ਖਸਮੈ-ਮਾਲਕ ਪ੍ਰਭੂ। ਮਾਹਲੁ-ਘਰ।
ਜਦੋਂ ਸੇਵਕ ਉਹੀ ਕਰਮ ਕਰਦਾ ਹੈ ਜੋ ਪ੍ਰਭੂ ਨੂੰ ਚੰਗਾ ਲਗਦਾ ਹੈ ਤਾਂ ਉਸ ਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਉਹ ਇੱਜ਼ਤ ਤੇ ਮਾਣ ਨਾਲ ਜਾਂਦਾ ਹੈ-
ਖਸਮੈ ਭਾਵੈ ਸੋ ਕਰੇ
ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਦਾ ਦਰਗਹ ਪੈਧਾ ਜਾਇਸੀ॥ (ਅੰਗ 471)
ਪੈਧਾ-ਇੱਜ਼ਤ ਮਾਣ ਨਾਲ।
ਜੋ ਮਨਮਾਨੀਆਂ ਕਰਦੇ ਹਨ ਭਾਵ ਪ੍ਰਭੂ ਦੀ ਰਜ਼ਾ ਵਿਚ ਨਹੀਂ ਵਿਚਰਦੇ, ਉਨ੍ਹਾਂ ਨੂੰ ਭੀੜੇ ਮਾਰਗ ਵਿਚੋਂ ਹੋ ਕੇ ਜਾਣਾ ਪਵੇਗਾ ਭਾਵ ਬੁਰੇ ਕਰਮਾਂ ਦਾ ਫਲ ਭੁਗਤਣਾ ਪਵੇਗਾ-
ਹੁਕਮ ਕੀਏ ਮਨਿ ਭਾਵਦੇ
ਰਾਹਿ ਭੀੜੈ ਅਗੈ ਜਾਵਣਾ॥ (ਅੰਗ 470-71)
ਪਰਮਾਤਮਾ ਅਜਿਹੇ ਮਨੁੱਖਾਂ ਨੂੰ ਦੋਜ਼ਕ (ਨਰਕਾਂ) ਵਿਚ ਸੁੱਟ ਕੇ ਉਸ ਦੇ ਕੀਤੇ ਕੁਕਰਮਾਂ ਦੇ ਚਿੱਠਿਆਂ ਨੂੰ ਖੋਲ੍ਹ ਕੇ ਜਦੋਂ ਉਸ ਦੇ ਅੱਗੇ ਰੱਖਦਾ ਹੈ ਤਾਂ ਉਸ ਨੂੰ ਆਪਣਾ-ਆਪ ਬੜਾ ਡਰਾਉਣਾ ਦਿਸਦਾ ਹੈ ਭਾਵ ਉਸ ਨੂੰ ਆਪਣੇ-ਆਪ 'ਤੇ ਬੜੀ ਘਿਰਣਾ ਹੁੰਦੀ ਹੈ-
ਨੰਗਾ ਦੋਜਕਿ ਚਲਿਆ
ਤਾ ਦਿਸੈ ਖਰਾ ਡਰਾਵਣਾ॥ (ਅੰਗ 471)
ਨੰਗਾ-ਨੰਗਾ ਕਰਕੇ, ਖੋਲ੍ਹ ਕੇ। ਖਰਾ-ਬੜਾ, ਬਹੁਤ।
ਇੰਜ ਬੁਰੇ ਕਰਮ ਕਰਨ ਨਾਲ ਅੰਤ ਵੇਲੇ ਪਛਤਾਉਣਾ ਹੀ ਪੈਂਦਾ ਹੈ-
ਕਰਿ ਆਉਗਣ ਪਛੋਤਾਵਣਾ॥ (ਅੰਗ 471)
ਅਉਗਣ-ਬੁਰੇ ਕਰਮ।
ਮਨਮਾਨੀਆਂ ਕਰਨ ਨਾਲ ਮਨ ਅੰਦਰ ਹਉਮੈ ਉਪਜਦੀ ਹੈ। ਨਾਮ ਅਤੇ ਹਉਮੈ ਦੋ ਪਰਸਪਰ ਵਿਰੋਧੀ ਸ਼ਕਤੀਆਂ ਹਨ, ਜੋ ਕਦੇ ਇਕ ਥਾਂ ਇਕੱਠਿਆਂ ਨਹੀਂ ਬੈਠ ਸਕਦੀਆਂ। ਹਉਮੈ ਵਿਚ ਪ੍ਰਭੂ ਦੀ ਸੇਵਾ ਭਗਤੀ ਕੀਤੀ ਨਹੀਂ ਜਾ ਸਕਦੀ ਭਾਵ ਪ੍ਰਭੂ ਦਰ 'ਤੇ ਕਬੂਲ ਨਹੀਂ ਹੁੰਦੀ, ਸਭ ਵਿਅਰਥ ਹੀ ਜਾਂਦੀ ਹੈ। ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥
ਹਉਮੈ ਵਿਚਿ ਸੇਵਾ ਨ ਹੋਵਈ
ਤਾ ਮਨੁ ਬਿਰਥਾ ਜਾਇ॥ (ਅੰਗ 560)
ਦੋਇ-ਦੋਨੋਂ। ਇਕ ਠਾਇ-ਇਕ ਥਾਂ।
ਪਰਮਾਤਮਾ ਦੇ ਹੁਕਮ ਅਨੁਸਾਰ ਕੋਈ ਜੀਵ ਸ੍ਰੇਸ਼ਟ (ਬੜੀ ਚੰਗੀ) ਪਦਵੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੋਈ ਬੁਰਾ ਬਣ ਜਾਂਦਾ ਹੈ, ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਸੁਖ-ਦੁਖ ਭੋਗਦੇ ਹਨ।
ਸਾਰੇ ਜੀਵ ਪਰਮਾਤਮਾ ਦੇ ਹੁਕਮ ਵਿਚ ਵਿਚਰ ਰਹੇ ਹਨ, ਉਸ ਦੇ ਹੁਕਮ ਤੋਂ ਕੋਈ ਬਾਹਰ ਨਹੀਂ ਭਾਵ ਉਸ ਦੇ ਹੁਕਮ ਤੋਂ ਕੋਈ ਆਕੀ ਨਹੀਂ। ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਪ੍ਰਾਣੀ ਨੂੰ ਪਰਮਾਤਮਾ ਦੇ ਹੁਕਮ (ਰਜ਼ਾ) ਦੀ ਸੋਝੀ ਪੈ ਜਾਂਦੀ ਹੈ, ਉਹ ਫਿਰ ਕੋਈ ਹਉਮੈ ਦੀਆਂ ਗੱਲਾਂ ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਧਾਰਮਿਕ ਸਾਹਿਤ

ਗੁਰੂ ਅਮਰਦਾਸ-ਯੂਅਰ ਪ੍ਰੇਜ਼ ਬਿਲੌਂਗ ਓਨਲੀ ਟੂ ਯੂ (ਹਿਸਟਰੀ ਐਂਡ ਹੈਰੀਟੇਜ) (ਅੰਗਰੇਜ਼ੀ)
ਲੇਖਕ : ਸ: ਮੱਖਣ ਸਿੰਘ
(ਨਵੀਂ ਦਿੱਲੀ)
ਪ੍ਰਕਾਸ਼ਕ : ਪਰਫੈਕਟ ਆਰਟ ਪਬਲੀਕੇਸ਼ਨ
(ਨਵੀਂ ਦਿੱਲੀ)
ਪੰਨੇ : 168, ਕੀਮਤ : 300
ਸੰਪਰਕ : 011-25220940


ਉੱਘੇ ਸਿੱਖ ਵਿਦਵਾਨ/ਸਾਬਕਾ ਉੱਚ ਬੈਂਕ ਅਧਿਕਾਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਸ: ਮੱਖਣ ਸਿੰਘ ਦਾ ਨਾਂਅ ਸਿੱਖ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੌਕਰੀ ਦੌਰਾਨ ਵੀ ਕੀਰਤਨ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ, ਕਈ ਲੇਖ ਅਤੇ ਪੁਸਤਕਾਂ ਲਿਖੀਆਂ ਅਤੇ ਸੇਵਾਮੁਕਤੀ ਤੋਂ ਉਪਰੰਤ ਹੋਰ ਵੀ ਲਗਨ ਨਾਲ ਸੇਵਾ 'ਚ ਜੁਟੇ ਹੋਏ ਹਨ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੁਭਾਗੇ ਅਵਸਰ 'ਤੇ ਇਹ ਪੁਸਤਕ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕੀਤੀ ਹੈ। ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਹੈ।
ਇਸ ਪੁਸਤਕ ਦੇ 18 ਨਾਯਾਬ ਲੇਖਾਂ ਰਾਹੀਂ ਗੁਰੂ ਅਮਰਦਾਸ ਜੀ ਦੀ ਅਜ਼ਮਤ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸਾਬਕਾ ਆਈ.ਏ.ਐਸ. ਸ: ਸਰਨ ਸਿੰਘ, ਸਾਬਕਾ ਐਮ. ਪੀ. ਤਰਲੋਚਨ ਸਿੰਘ, ਪਾਂਡੀਚੇਰੀ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਪ੍ਰੋ: ਗੁਰਮੀਤ ਸਿੰਘ, ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ: ਜਸਪਾਲ ਸਿੰਘ, ਡਾ: ਹਰਪ੍ਰੀਤ ਕੌਰ ਤੇ ਰਜਿੰਦਰ ਸਿੰਘ ਜੌਲੀ (ਅਮਰੀਕਾ) ਵਰਗੇ ਵਿਦਵਾਨਾਂ ਨੇ ਪੁਸਤਕ ਬਾਰੇ ਲਿਖਿਆ ਹੈ।
ਪੁਸਤਕ ਦੇ ਪ੍ਰਥਮ ਭਾਗ 'ਲੈਗੇਸੀ ਆਫ਼ ਗੁਰੂ ਅਮਰਦਾਸ' ਵਿਚ ਤੀਜੇ ਪਾਤਸ਼ਾਹ ਬਾਰੇ ਖੰਡ (Advent of Guru Nanak) ਪੜ੍ਹਨਯੋਗ ਹੈ।
ਨਾਨਕ ਕੁਲਿ ਨਿੰਮਲ ਅਵਤਾਰਿਉ। ਅੰਗਦ ਲਹਣੇ ਸੰਗਿ ਹੂਅ॥
ਗੁਰ ਅਮਰਦਾਸ ਤਾਰਣ ਤਰਣ। ਜਨਮ ਜਨਮ ਪਾ ਸਰਣਿ ਤੁਅ॥' (ਪੰਨਾ 38)
ਗੁਰੂ ਅਮਰਦਾਸ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਉਨ੍ਹਾਂ ਦੀ ਖਡੂਰ ਸਾਹਿਬ ਆਮਦ, ਗੁਰਬਾਣੀ ਸੁਣ ਕੇ, ਜੀਵਨ ਪਲਟਣਾ, ਗੋਇੰਦਵਾਲ ਦੀ ਸਥਾਪਨਾ, ਗੁਰਗੱਦੀ ਦੀ ਪ੍ਰਾਪਤੀ, ਬਾਣੀ ਰਚਨਾ, ਇਸਤਰੀ ਜਾਤੀ ਨੂੰ ਉਨ੍ਹਾਂ ਦੀ ਲਾਸਾਨੀ ਦੇਣ, ਭਾਈ ਹਿਦਾਲ, ਗੰਗੂ ਤੇ ਮੱਥੋ ਮੁਰਾਰੀ, ਅਕਬਰ ਦਾ ਦਰਸ਼ਨਾਂ ਲਈ ਆਉਣਾ, ਧਾਰਮਿਕ ਯਾਤਰਾਵਾਂ, ਪ੍ਰਚਾਰ ਹਿਤ ਮੰਜੀ ਪ੍ਰਥਾ ਚਲਾਉਣਾ, ਗੁਰੂ ਜੀ ਦੇ 23 ਪ੍ਰਿਯ ਸਿੱਖਾਂ ਬਾਰੇ ਜਾਣਕਾਰੀ, ਬਾਬਾ ਸੁੰਦਰ ਜੀ ਵਲੋਂ ਰਾਮਕਲੀ ਸਦ ਦਾ ਉਲੇਖ, 11 ਭੱਟ ਸਾਹਿਬਾਨ ਦੀ ਦੇਣ, ਇਹ ਸਾਰੇ ਲੇਖ ਡੂੰਘੀ ਖੋਜ ਦਾ ਸਿੱਟਾ ਹਨ। ਲੇਖਕ ਦੀ ਅੰਗਰੇਜ਼ੀ ਭਾਸ਼ਾ ਉੱਤੇ ਪੂਰੀ ਪਕੜ ਹੈ। ਅੰਗਰੇਜ਼ੀ ਦੇ ਨਾਲ-ਨਾਲ ਪਾਵਨ ਤੁਕਾਂ ਪੰਜਾਬੀ ਵਿਚ ਵੀ ਹਨ। ÒGuru Amar Dass Ji At A GlanceÓ ਉਨਵਾਨ ਹੇਠ ਉਨ੍ਹਾਂ ਨਾਲ ਸਬੰਧਿਤ 14 ਇਤਿਹਾਸਕ ਰੰਗੀਨ ਚਿੱਤਰ (ਵੇਰਵੇ ਸਮੇਤ) ਪੁਸਤਕ ਨੂੰ ਚਾਰ ਚੰਨ ਲਾਉਂਦੇ ਹਨ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੋ, ਜਦੋਂ ਤੱਕ ਵਿਸ਼ਵ ਦੇਸ਼ ਅਤੇ ਮਾਨਵ ਸੱਭਿਅਤਾ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਲੋਕ ਕੁਦਰਤਮੁਖੀ ਸਮਾਜਿਕ ਪ੍ਰਬੰਧ ਨੂੰ ਨਹੀਂ ਅਪਣਾਉਂਦੇ ਅਤੇ ਉਸ ਦੀਆਂ ਲੀਹਾਂ ਉੱਤੇ ਆਪਣੀ ਰਾਜ ਵਿਵਸਥਾ ਨਹੀਂ ਚਲਾਉਂਦੇ, ਉਦੋਂ ਤੱਕ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਦੇ ਸੰਕਟਾਂ ਦਾ ਨਿਵਾਰਨ ਨਹੀਂ ਕੀਤਾ ਜਾ ਸਕਦਾ। ਯਕੀਨਨ ਮਾਨਵ ਜਾਤੀ ਕੁਦਰਤ ਅਨੁਸਾਰ ਜੀਵਨ ਜੀਊ ਕੇ ਹੀ ਆਪਣਾ ਬਚਾਅ ਕਰ ਸਕਦੀ ਹੈ।
ਸੋ ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੁਦਰਤਮੁਖੀ ਸਮਾਜਿਕ ਪ੍ਰਬੰਧ ਕਿਵੇਂ ਸਥਾਪਤ ਕੀਤਾ ਜਾਵੇ? ਗੁਰੂ ਨਾਨਕ ਦੇਵ ਜੀ ਵਲੋਂ ਕਰਤਾਰਪੁਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਵਿਕਾਸ ਮਾਡਲ ਨੂੰ ਅੱਜ ਦੇ ਸੰਕਟਮਈ ਹਾਲਾਤ ਵਿਚ ਹੋਰ ਪਾਸਾਰ ਕਿਵੇਂ ਦਿੱਤੇ ਜਾਣ ਕਿ ਇਤਿਹਾਸ ਦਾ ਇਕ ਮਹੱਤਵਪੂਰਨ ਵਰਤਾਰਾ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਇਕ ਨਵਾਂ ਵਿਕਸਿਤ, ਸੁਰੱਖਿਅਤ, ਸਿਰਜਣਾਤਮਿਕ ਅਤੇ ਅਨੰਦਮਈ ਸਮਾਜ ਅਥਵਾ ਵਿਵਸਥਾ ਸਿਰਜ ਸਕੇ। ਅੱਜ ਸਿੱਖ ਪੰਥ ਭਾਰਤ ਅਤੇ ਪਾਕਿਸਤਾਨ ਸਮੇਤ ਵਿਸ਼ਵ ਦੇਸ਼ਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿਚ ਮਨਾਉਣ ਜਾ ਰਿਹਾ ਹੈ। ਇਸ ਸਬੰਧੀ ਨਗਰ ਕੀਰਤਨਾਂ, ਵੱਡੀਆਂ ਇਮਾਰਤਾਂ, ਸੜਕਾਂ, ਲੰਗਰਾਂ, ਸੁਲਤਾਨਪੁਰ ਲੋਧੀ ਨੂੰ ਸਫ਼ੈਦ ਰੰਗਤ ਦੇਣ, ਸੈਮੀਨਾਰ ਕਰਵਾਉਣ ਆਦਿ ਵਰਗੇ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ। ਸਾਡੇ ਸਾਹਮਣੇ 1999 ਤੋਂ ਵਰਤਮਾਨ ਤੱਕ ਇਸੇ ਹੀ ਢੰਗ ਨਾਲ ਮਨਾਈਆਂ ਗਈਆਂ ਵੱਡੀਆਂ ਸ਼ਤਾਬਦੀਆਂ ਦੇ ਤਜਰਬਿਆਂ ਦਾ ਇਤਿਹਾਸ ਹੈ। ਇਕ ਅਨੁਮਾਨ ਅਨੁਸਾਰ 1999 ਤੋਂ ਵਰਤਮਾਨ ਤੱਕ ਮਨਾਈਆਂ ਗਈਆਂ ਸ਼ਤਾਬਦੀਆਂ ਉੱਤੇ 10 ਅਰਬ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪਰ ਕੀ ਸਿੱਖ ਪੰਥ ਅਤੇ ਵਿਸ਼ਵ ਲਈ ਅਜਿਹੇ ਉਪਰਾਲਿਆਂ ਨਾਲ ਕੋਈ ਸਾਰਥਿਕ ਨਤੀਜੇ ਨਿਕਲੇ ਹਨ? ਜਵਾਬ ਸਪੱਸ਼ਟ''ਨਾਂਹ' ਵਿਚ ਹੈ। ਇਸੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਹਰ ਸੰਜੀਦਾ ਸਿੱਖ ਲੀਹ ਤੋਂ ਹਟ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਜਥੇਬੰਦ ਕਰਨਾ ਚਾਹੁੰਦੇ ਹਨ।
ਅੱਜ ਵਿਸ਼ਵ ਸਥਿਤੀਆਂ ਦਾ ਇਕ ਵੱਡਾ ਸੱਚ ਹੈ ਕਿ ਪੂੰਜੀਵਾਦੀ, ਸਮਾਜਵਾਦੀ, ਕਮਿਊਨਿਜ਼ਮ, ਇਸਲਾਮਿਕ ਅਤੇ ਸਥਾਨਕ ਪੱਧਰ ਦੇ ਸਮੁੱਚੇ ਸੰਸਾਰ ਪ੍ਰਬੰਧ ਅਜਿਹੀ 'ਦਾਰਸ਼ਨਿਕ ਥਕਾਵਟ ਅਤੇ ਅਸਪੱਸ਼ਟਤਾ' ਦੇ ਘੇਰੇ ਵਿਚ ਆ ਗਏ ਹਨ ਕਿ ਵਿਸ਼ਵ ਨੂੰ ਇਕ 'ਨਵੇਂ ਸੰਸਾਰ ਪ੍ਰਬੰਧ' ਦੀ ਲੋੜ ਆ ਪਈ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਦੇ ਅਜਿਹੇ ਤਨਾਅਪੂਰਨ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਵਾਲੇ ਅਜੋਕੇ ਸਮਾਜਿਕ ਪ੍ਰਬੰਧ ਦੀ ਥਾਂ 'ਤੇ ਇਕ ਨਵਾਂ ਸੰਸਾਰ ਪ੍ਰਬੰਧ ਸਿਰਜਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਇਨ੍ਹਾਂ ਸਥਿਤੀਆਂ ਵਿਚ ਸਿੱਖ ਪੰਥ ਦੀਆਂ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸੰਸਥਾਵਾਂ, ਸਮਾਜੋ-ਰਾਜਨੀਤਕ-ਧਾਰਮਿਕ-ਰਾਜਨੀਤਕ ਆਗੂ ਅਤੇ ਵਿਸ਼ਵ ਭਰ ਵਿਚ ਫੈਲੀ ਸਿੱਖ ਪ੍ਰਤਿਭਾ ਮਾਨਵ ਜਾਤੀ ਦੀ ਅਜਿਹੀ ਲੋੜ ਨੂੰ ਕਿਵੇਂ ਪੂਰਾ ਕਰ ਸਕਦੇ ਹਨ, ਇਹ ਸਮੁੱਚੇ ਸਿੱਖ ਪੰਥ ਦੀ ਇਕ ਵੱਡੀ ਜ਼ਿੰਮੇਵਾਰੀ ਅਥਵਾ ਚਿੰਤਾ ਹੋਣੀ ਜ਼ਰੂਰੀ ਹੈ।
ਇਹ ਇਥੇ ਹੀ ਹੈ ਕਿ ਮੇਰੀ ਨਵੀਂ ਰਚਨਾ 'ਵਿਸਮਾਦੀ ਵਿਸ਼ਵ ਆਰਡਰ' (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ) ਨਾ ਕੇਵਲ ਭਾਰਤ ਸਗੋਂ ਵਿਸ਼ਵ ਦੇਸ਼ਾਂ ਨੂੰ ਇਕ ਨਵਾਂ ਵਿਸਮਾਦੀ ਸਮਾਜ ਅਤੇ ਸਮਾਜਿਕ ਪ੍ਰਬੰਧ ਸਿਰਜਣ ਲਈ ਰਾਹ-ਦਸੇਰਾ ਸਾਬਤ ਹੋ ਸਕਦੀ ਹੈ। ਵਿਸ਼ਾਲ ਵਿਸ਼ਵ ਕੈਨਵਸ ਵਾਲੀ ਇਹ ਪੁਸਤਕ ਅਸਲ ਵਿਚ ਉਹ ਪੰਥਕ ਏਜੰਡਾ ਵੀ ਨਿਰਧਾਰਤ ਕਰਦੀ ਹੈ, ਜਿਸ ਦੀ ਪੰਥ ਨੂੰ ਅੱਜ ਵੱਡੀ ਲੋੜ ਹੈ। ਇਸ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਨੂੰ ਕਰਵਾਏ ਜਾਣ ਵਾਲੇ ਸੈਮੀਨਾਰਾਂ ਅਤੇ ਹੋਰ ਸਮਾਗਮਾਂ ਦਾ ਜੇਕਰ ਕੇਂਦਰੀ ਵਿਸ਼ਾ ਬਣਾ ਲਿਆ ਜਾਏ ਤਾਂ ਪਿਛਲੀਆਂ ਸ਼ਤਾਬਦੀਆਂ ਤੋਂ ਉਲਟ ਵੱਡੇ ਪ੍ਰਸੰਗਿਕ ਅਤੇ ਸਾਰਥਿਕ ਨਤੀਜੇ ਨਿਕਲ ਸਕਦੇ ਹਨ।
ਅਜਿਹੇ ਹਾਲਾਤ ਵਿਚ ਪ੍ਰਤਿਭਾਵਾਨ ਸਿੱਖਾਂ ਦਾ ਵੱਡਾ ਫਰਜ਼ ਬਣ ਜਾਂਦਾ ਹੈ ਕਿ ਉਹ ਸਿੱਖ ਫਿਲਾਸਫੀ ਦੀਆਂ ਅੰਤਰ-ਦ੍ਰਿਸ਼ਟੀਆਂ ਆਧਾਰਿਤ ਸਮਾਜਿਕ-ਸ਼ਾਸਕੀ ਪ੍ਰਬੰਧ ਬਾਰੇ ਮਾਨਵ ਸੱਭਿਅਤਾ ਨੂੰ ਨਾ ਕੇਵਲ ਜਾਣੂੰ ਕਰਵਾਉਣ, ਸਗੋਂ ਇਸ ਨੂੰ ਮਾਨਵ ਜੀਵਨ ਦਾ ਹਿੱਸਾ ਬਣਾਉਣ ਲਈ ਖੁਦ ਵੱਡੀ ਪਹਿਕਦਮੀ ਕਰਨ, ਜਿਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਰੱਖ ਦਿੱਤੀ ਸੀ। ਸਮਾਜਿਕ ਪ੍ਰਬੰਧ ਦਾ 'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ ਹੈ। (ਸਮਾਪਤ)


-ਮੋਬਾ: 98725-91713

ਸੰਤ ਸਮਾਗਮ 'ਤੇ ਵਿਸ਼ੇਸ਼

ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੀ ਚਰਨ ਛੋਹ ਪ੍ਰਾਪਤ ਨਾਨਕਸਰ ਠਾਠ ਮਹਿਲ ਕਲਾਂ (ਬਰਨਾਲਾ)

ਨਾਨਕਸਰ ਠਾਠ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾਇ ਨਾਲ ਸਬੰਧਿਤ ਠਾਠ ਹੈ, ਨਾਨਕਸਰ ਮਹਿਲ ਕਲਾਂ (ਬਰਨਾਲਾ), ਜਿਸ ਨੂੰ 13ਵੇਂ ਠਾਠ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਬਹੁਤ ਸਮਾਂ ਪਹਿਲਾਂ ਨਿਰਮਲੇ ਸੰਪਰਦਾਇ ਦਾ ਡੇਰਾ ਹੁੰਦਾ ਸੀ, ਜਿਸ ਦੀ ਸੇਵਾ ਸੰਭਾਲ ਬਾਬਾ ਸੁੰਦਰ ਸਿੰਘ ਕਰ ਰਹੇ ਸਨ। 20ਵੀਂ ਸਦੀ ਦੇ ਮਹਾਨ ਤਪੱਸਵੀ ਅਤੇ ਮਹਾਨ ਤਿਆਗੀ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੇ ਇਸ ਅਸਥਾਨ ਨੂੰ ਅਪ੍ਰੈਲ, 1940 ਵਿਚ ਆਪਣੀ ਚਰਨ ਛੋਹ ਬਖਸ਼ੀ। ਉਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ 1960-61 ਵਿਚ ਇਸ ਅਸਥਾਨ ਨੂੰ ਹੈੱਡਕੁਆਰਟਰ ਵਜੋਂ ਵਰਤਦੇ ਰਹੇ। ਇਸ ਇਲਾਕੇ 'ਚ ਉਨ੍ਹਾਂ ਦੇ ਦੀਵਾਨਾਂ ਦਾ ਸਮਾਂ ਇੱਥੋਂ ਨਿਸ਼ਚਿਤ ਹੁੰਦਾ ਹੈ। ਉਹ ਦਿਨ ਦੇ ਦੀਵਾਨ ਨੇੜਲੇ ਪਿੰਡ 'ਚ ਅਤੇ ਰਾਤ ਸਮੇਂ ਇੱਥੇ ਦੀਵਾਨ ਸਜਾਉਂਦੇ, ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋ ਕੇ ਜਨਮ ਸਫ਼ਲਾ ਕਰਦੀਆਂ। ਇਸ ਸਮੇਂ ਦੌਰਾਨ ਉਨ੍ਹਾਂ ਵੱਡੀ ਗਿਣਤੀ 'ਚ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ।
ਸੰਤ ਬਾਬਾ ਈਸ਼ਰ ਸਿੰਘ ਦੇ ਚਰਨ ਸੇਵਕ ਸ਼ਹੀਦ ਬਾਬਾ ਜੰਗ ਸਿੰਘ, ਬਾਬਾ ਚੰਨਣ ਸਿੰਘ ਸਲੰਘ ਵਾਲੇ ਅਤੇ ਨੰਬਰਦਾਰ ਘੁਮੰਡ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਵਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਇਸ ਅਸਥਾਨ ਦੇ ਮੁੱਖ ਸੇਵਾਦਾਰ ਵਜੋਂ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਆਪਣੇ ਸਾਥੀ ਬਾਬਾ ਜੰਗ ਸਿੰਘ, ਬਾਬਾ ਬਿੱਕਰ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਨੂੰ ਠਾਠ ਨਾਨਕਸਰ ਦਾ ਨਾਂਅ ਦੇ ਕੇ ਪੰਜ ਪਿਆਰਿਆਂ ਨੇ ਇਸ ਦੀ ਨੀਂਹ 30 ਦਸੰਬਰ, 1965, 16 ਪੋਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੱਖੀ। ਇੱਥੇ 50 ਸਾਲ ਦੇ ਕਰੀਬ ਸੇਵਾ ਕਰਦਿਆਂ ਸੰਤ ਬਾਬਾ ਹਰਨਾਮ ਸਿੰਘ ਨੇ ਗੁਰਮਤਿ ਸਮਾਗਮ, ਨਗਰ ਕੀਰਤਨ ਕਰਵਾ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਇੱਥੇ ਚਲਾਏ ਜਾ ਰਹੇ ਗੁਰਮਤਿ ਸੰਗੀਤ ਵਿਦਿਆਲਾ 'ਚ ਪਹਿਲਾਂ ਹਜ਼ੂਰੀ ਰਾਗੀ ਭਾਈ ਹਰੀ ਸਿੰਘ, ਗਿਆਨੀ ਕਰਨੈਲ ਸਿੰਘ ਕੰਵਲ, ਹੁਣ ਮਹੰਤ ਗੁਰਪ੍ਰੀਤ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਗੁਰਮਤਿ ਅਤੇ ਸੰਗੀਤ ਦੀ ਵਿੱਦਿਆ ਦਿੱਤੀ ਜਾ ਰਹੀ ਹੈ। ਅਪ੍ਰੈਲ, 2017 'ਚ ਮੁੱਖ ਸੇਵਾਦਾਰ ਸੰਤ ਹਰਨਾਮ ਸਿੰਘ ਦੇ ਗੁਰੂ ਚਰਨਾਂ 'ਚ ਚਲੇ ਜਾਣ ਤੋਂ ਬਾਅਦ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਵਲੋਂ ਆਪਣੇ ਸਹਿਯੋਗੀ ਸਾਥੀਆਂ ਸੰਤ ਗੁਰਦੀਪ ਸਿੰਘ, ਮਹੰਤ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਇਸ ਅਸਥਾਨ ਉੱਪਰ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੇ ਆਗਮਨ ਦਿਵਸ ਨੂੰ ਸਮਰਪਿਤ 54ਵੇਂ ਸਾਲਾਨਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ, ਜਿਨ੍ਹਾਂ ਦੇ ਸਮਾਪਤੀ ਸਮਾਰੋਹ 17 ਸਤੰਬਰ ਦਿਨ ਮੰਗਲਵਾਰ ਨੂੰ ਹੋਣਗੇ। ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ-ਮਹਾਂਪੁਰਸ਼, ਕਥਾਵਾਚਕ, ਕੀਰਤਨੀ ਜਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।


ਮਹਿਲ ਕਲਾਂ (ਬਰਨਾਲਾ)। ਮੋਬਾ: 98765-01118
Email: avtarankhi@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX