ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  5 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  30 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  47 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 1 hour ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ ਚੈਂਪੀਅਨਜ਼ ਲੀਗ ਦਾ ਆਗਾਜ਼

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ, ਯੂਏਫਾ ਚੈਂਪੀਅਨਜ਼ ਲੀਗ ਦੇ ਮੁਕਾਬਲੇ ਮੰਗਲਵਾਰ 17 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਿਰਫ ਚੈਂਪੀਅਨ ਟੀਮਾਂ ਯਾਨੀ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਯੂਰਪੀ ਫੁੱਟਬਾਲ ਜਥੇਬੰਦੀ 'ਯੂਏਫਾ' ਵਲੋਂ ਕਰਵਾਈ ਜਾਂਦੀ ਯੂਏਫਾ ਚੈਂਪੀਅਨਜ਼ ਲੀਗ ਵਿਚ ਹਰ ਸਾਲ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 32 ਕਲੱਬ ਟੀਮਾਂ ਖੇਡਦੀਆਂ ਹਨ। ਆਪੋ-ਆਪਣੇ ਦੇਸ਼ ਦੀ ਘਰੇਲੂ ਲੀਗ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੀ ਯਾਨੀ ਉਸ ਦੇਸ਼ ਦੀ ਚੈਂਪੀਅਨ ਟੀਮ ਨੂੰ ਇਸ ਮੁਕਾਬਲੇ ਵਿਚ ਸਿੱਧਾ ਦਾਖਲਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਵੱਡੇ ਦੇਸ਼ ਦੀਆਂ 'ਰਨਰ-ਅੱਪ' ਯਾਨੀ ਦੂਜੇ ਅਤੇ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚੋਣਵੀਆਂ ਟੀਮਾਂ ਨੂੰ ਵੀ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ। ਇੰਗਲੈਂਡ ਦੀ ਇਤਿਹਾਸਕ ਟੀਮ ਲਿਵਰਪੂਲ ਇਸ ਵੱਕਾਰੀ ਮੁਕਾਬਲੇ ਦੀ ਮੌਜੂਦਾ ਜੇਤੂ ਟੀਮ ਹੈ, ਜੋ ਰਿਆਲ ਮੈਡ੍ਰਿਡ ਅਤੇ ਏ.ਸੀ. ਮਿਲਾਨ ਤੋਂ ਬਾਅਦ ਇਸ ਟੂਰਨਾਮੈਂਟ ਦੀ ਤੀਜੀ ਸਭ ਤੋਂ ਸਫਲ ਟੀਮ ਵੀ ਹੈ। ਇਸ ਵੱਕਾਰੀ ਖਿਤਾਬ ਲਈ ਕੁੱਲ 32 ਟੀਮਾਂ ਨੂੰ ਇਕ ਡ੍ਰਾਅ ਰਾਹੀਂ 4-4 ਕਰਕੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ। ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੇ ਸਭ ਤੋਂ ਮੁਸ਼ਕਿਲ ਗਰੁੱਪ ਯਾਨੀ ਗਰੁੱਪ 'ਐਫ' ਦੀ, ਜਿਸ ਵਿਚ ਵਿਸ਼ਵ ਪ੍ਰਸਿੱਧ ਟੀਮ ਬਾਰਸੀਲੋਨਾ, ਜਰਮਨੀ ਦਾ ਪ੍ਰਤਿਭਾਵਾਨ ਕਲੱਬ ਬਰੂਸ਼ੀਆ ਡਾਰਟਮੰਡ, ਇਟਲੀ ਦਾ ਵੱਡਾ ਕਲੱਬ ਇੰਟਰ ਮਿਲਾਨ ਅਤੇ ਸਲਾਵਿਆ ਪਰਾਗ ਕਲੱਬ ਵੀ ਆ ਫਸੇ ਹਨ। ਇਸ ਗਰੁੱਪ ਵਿਚ ਪਹਿਲੀਆਂ 3 ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ ਪਰ ਕੋਈ 2 ਹੀ ਅਗਲੇ ਦੌਰ ਵਿਚ ਅੱਪੜਨਗੀਆਂ। ਸਭ ਤੋਂ ਪਹਿਲਾ ਗਰੁੱਪ, ਯਾਨੀ ਗਰੁੱਪ 'ਏ' ਵਿਚ ਫਰਾਂਸ ਦੀ ਤਾਕਤਵਰ ਟੀਮ ਪੀ.ਐੱਸ.ਜੀ., ਸਾਬਕਾ ਜੇਤੂ ਟੀਮ ਰਿਆਲ ਮੈਡ੍ਰਿਡ, ਤੁਰਕੀ ਤੋਂ ਗੈਲਾਟਾਸਾਰਾਏ ਅਤੇ ਬੈਲਜ਼ੀਅਮ ਦੇਸ਼ ਦਾ ਕਲੱਬ ਬਰੂਜ ਸ਼ਾਮਿਲ ਹਨ। ਗਰੁੱਪ 'ਬੀ' ਵਿਚ ਇਤਿਹਾਸਕ ਜਰਮਨ ਕਲੱਬ ਬਾਇਰਨ ਮਿਊਨਿਖ, ਇੰਗਲੈਂਡ ਦਾ ਨੌਜਵਾਨ ਜੋਸ਼ ਵਾਲਾ ਅਤੇ ਪਿਛਲੇ ਸੀਜ਼ਨ ਦਾ ਉੱਪ-ਜੇਤੂ ਕਲੱਬ ਟੌਟੇਨਹਮ ਹੌਟਸਪਰ, ਗ੍ਰੀਸ ਦੇਸ਼ ਤੋਂ ਉਲੰਪੀਆਕੋਸ ਕਲੱਬ ਅਤੇ ਸਰਬੀਆ ਦੀ ਟੀਮ ਰੈੱਡ ਸਟਾਰ ਬੇਲਗ੍ਰੇਡ ਸ਼ਾਮਲ ਹੈ। ਇਹ ਗਰੁੱਪ ਵੀ ਫਸਵਾਂ ਸਾਬਤ ਹੋ ਸਕਦਾ ਹੈ। ਇੰਗਲੈਂਡ ਦੇ ਕਲੱਬ ਮਾਨਚੈਸਟਰ ਸਿਟੀ ਨੂੰ ਡ੍ਰਾਅ ਨਿਕਲਣ ਵਾਲੇ ਦਿਨ ਫੇਰ ਸਿਤਾਰੇ ਚੰਗੇ ਹੋਣ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਦੇ ਗਰੁੱਪ 'ਸੀ' ਵਿਚ ਬਾਕੀ ਦੀਆਂ ਤਿੰਨੋਂ ਟੀਮਾਂ ਉਨ੍ਹਾਂ ਮੁਕਾਬਲੇ ਘੱਟ ਹੀ ਹਨ। ਗਰੁੱਪ 'ਡੀ' ਵਿਚ ਇਟਲੀ ਦੇ ਜੂਵੈਂਟਸ ਕਲੱਬ ਅਤੇ ਸਪੇਨ ਦੇ ਅਟਲੈਟਿਕੋ ਮੈਡ੍ਰਿਡ ਦਾ ਭੇੜ ਹੋਵੇਗਾ, ਜਦਕਿ ਗਰੁੱਪ 'ਈ' ਵਿਚ ਮੌਜੂਦਾ ਜੇਤੂ ਲਿਵਰਪੂਲ ਨੂੰ ਪਿਛਲੇ ਸਾਲਾ ਵਾਂਗ ਫਿਰ ਇਟਲੀ ਤੋਂ ਨਾਪੋਲੀ ਕਲੱਬ ਦੀ ਚੁਣੌਤੀ ਪੇਸ਼ ਹੋਵੇਗੀ।
ਗਰੁੱਪ 'ਜੀ' ਵਿਚ ਸਾਰੀਆਂ ਟੀਮਾਂ ਇਕੋ ਜਿਹੀਆਂ ਹਨ, ਜਿੱਥੇ ਬੈਨਫੀਕਾ (ਪੁਰਤਗਾਲ), ਜ਼ੈਨਿਟ (ਰੂਸ), ਲਾਇਪਜ਼ਿਗ (ਜਰਮਨੀ) ਅਤੇ ਲਿਓਨ (ਫਰਾਂਸ) ਦੇ ਆਪਸੀ ਮੁਕਾਬਲੇ ਫਸਵੇਂ ਹੋਣਗੇ, ਜਿਨ੍ਹਾਂ ਵਿਚੋਂ ਕੋਈ ਵੀ ਜਿੱਤ ਸਕਦਾ ਹੈ। ਆਖਰੀ ਗਰੁੱਪ 'ਐਚ' ਵਿਚ ਇੰਗਲੈਂਡ ਦੇ ਕਲੱਬ ਚੈਲਸੀ ਨੂੰ, ਪਿਛਲੇ ਸਾਲ ਦੇ ਸੈਮੀਫ਼ਾਈਨਲ ਤੱਕ ਪਹੁੰਚੇ ਹਾਲੈਂਡ ਦੇ ਕਲੱਬ ਆਈਜੈਕਸ ਅਤੇ ਸਪੇਨ ਦੀ ਟੀਮ ਵਾਲੇਂਸੀਆ ਅਤੇ ਫਰਾਂਸ ਦੀ ਟੀਮ ਲੀਅਲ ਕੋਲੋਂ ਵੀ ਟੱਕਰ ਮਿਲੇਗੀ। ਪਹਿਲੇ ਦੌਰ ਯਾਨੀ ਗਰੁੱਪ ਮੁਕਾਬਲੇ ਸਤੰਬਰ ਤੋਂ ਸ਼ੁਰੂ ਹੋ ਕੇ ਦਸੰਬਰ ਤੱਕ ਚਲਣਗੇ, ਜਿਨ੍ਹਾਂ ਦੌਰਾਨ ਪਹਿਲੀਆਂ 2 ਟੀਮਾਂ ਅਗਲੇ ਦੌਰ ਯਾਨੀ ਨਾਕਆਊਟ ਦੌਰ ਵਿਚ ਪਹੁੰਚ ਜਾਣਗੀਆਂ। ਇੰਜ 32 ਤੋਂ ਸ਼ੁਰੂ ਹੋ ਕੇ 8 ਮਹੀਨੇ ਦੇ ਸਫਰ ਦੇ ਬਾਅਦ ਸਿਰਫ 2 ਟੀਮਾਂ ਜੂਨ, 2020 ਵਿਚ ਫਾਈਨਲ ਮੁਕਾਬਲਾ ਖੇਡਣਗੀਆਂ, ਜਿਸ ਉੱਤੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ, ਇਹ ਵੇਖਣ ਲਈ ਕਿ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ ਦਾ ਜੇਤੂ ਕੌਣ ਬਣਦਾ ਹੈ। ਖੇਡ ਚੈਨਲ ਸੋਨੀ-ਟੈਨ ਨੈੱਟਵਰਕ ਉੱਤੇ ਇਨ੍ਹਾਂ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਹੋਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਖੇਡ ਜਗਤ ਦੀ ਜਵਾਨੀ ਪਿੰਡਾਂ 'ਚ ਦਮ ਨਾ ਤੋੜੇ

ਭਾਰਤੀ ਖੇਡ ਜਗਤ ਦੇ ਭੂਗੋਲ ਨੂੰ ਜੇ ਡੂੰਘੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਾਡੇ ਮੁਲਕ ਦੀ ਕੁਲ ਆਬਾਦੀ ਦਾ ਇਕ ਨਿੱਕਾ ਜਿਹਾ ਸ਼ਹਿਰੀ ਹਿੱਸਾ ਹੀ ਖੇਡਾਂ 'ਚ ਜ਼ਿਆਦਾ ਭਾਗ ਲੈਂਦਾ ਹੈ, ਜਦ ਕਿ ਪਿੰਡਾਂ ਦੇ ਲੋਕਾਂ ਦੀ ਇਕ ਵੱਡੀ ਗਿਣਤੀ ਭਾਰਤੀ ਖੇਡ ਜਗਤ ਦਾ ਹਿੱਸਾ ਬਣਨ ਤੋਂ ਵਾਂਝਿਆਂ ਰਹਿ ਜਾਂਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਪੇਂਡੂ ਖਿਡਾਰੀਆਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ। ਉਹ ਅਣਗੌਲੇ ਹੀ ਰਹਿ ਜਾਂਦੇ ਹਨ। ਦੂਜੇ ਪਾਸੇ ਹਕੀਕਤ ਇਹ ਹੈ ਕਿ ਸਾਡਾ ਮੁਲਕ ਖੇਤੀ ਪ੍ਰਧਾਨ ਹੈ, ਕੁੱਲ ਆਬਾਦੀ ਦਾ 75 ਫੀਸਦੀ ਹਿੱਸਾ ਲਗਪਗ ਪਿੰਡਾਂ ਵਿਚ ਵਸਦਾ ਹੈ। ਇਸ ਲਈ ਪਿੰਡਾਂ ਦੇ ਖਿਡਾਰੀਆਂ ਦਾ ਸਹੀ ਮਾਰਗ ਦਰਸ਼ਨ ਕਰਨਾ ਅਤੇ ਹੌਸਲਾ ਅਫ਼ਜ਼ਾਈ ਕਰਨੀ ਭਾਰਤੀ ਖੇਡ ਜਗਤ ਦੇ ਭਲੇ ਲਈ ਜ਼ਰੂਰੀ ਹੈ। ਸਾਡੇ ਪ੍ਰਾਂਤਾਂ ਦੀਆਂ ਸਰਕਾਰਾਂ ਵਲੋਂ ਪੇਂਡੂ ਖਿਡਾਰੀਆਂ ਦੇ ਵੱਖ-ਵੱਖ ਖੇਡਾਂ ਦੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਪੇਂਡੂ ਖੇਡ ਮੁਕਾਬਲੇ ਕਰਵਾਏ ਜਾਣੇ ਜ਼ਰੂਰੀ ਹਨ, ਉਹ ਵੀ ਜੂਨੀਅਰ ਪੱਧਰ ਦੇ। ਪਿੰਡਾਂ ਦੀਆਂ ਪੰਚਾਇਤਾਂ ਮਹਿਮਾਨ ਨਿਵਾਜ਼ੀ ਕਰਨ।
ਦੂਜੇ ਪਾਸੇ ਸ਼ਹਿਰੀ ਖਿਡਾਰੀ ਜਦੋਂ ਪੇਂਡੂ ਖਿਡਾਰੀਆਂ ਦਾ ਪੇਂਡੂ ਟੂਰਨਾਮੈਂਟਾਂ 'ਚ ਸ਼ਿਰਕਤ ਕਰਕੇ ਹੱਕ ਮਾਰ ਦਿੰਦੇ ਹਨ ਤਾਂ ਪੇਂਡੂ ਖਿਡਾਰੀਆਂ ਦਾ ਮਨੋਬਲ ਡਿਗਦਾ ਹੈ। ਇਸ ਲਈ ਪੰਚਾਇਤੀ ਖੇਡ ਟੂਰਨਾਮੈਂਟਾਂ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ। ਇਸ ਨਾਲ ਪਿੰਡਾਂ ਵਿਚ ਚੱਲ ਰਹੀ ਖੇਡਾਂ ਦੀ ਮੁਹਿੰਮ ਵਿਚ ਖੜੋਤ ਨਹੀਂ ਆਵੇਗੀ। ਸਰਕਾਰ ਨੂੰ ਪਿੰਡ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਨਵੀਂ ਨੁਹਾਰ ਦੇਣ ਦੀ ਜ਼ਰੂਰਤ ਹੈ। ਪਿੰਡਾਂ 'ਚ ਕਰਵਾਏ ਜਾਣ ਵਾਲੇ ਖੇਡ ਮੇਲਿਆਂ 'ਚ ਆਧੁਨਿਕ ਖੇਡ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਪੇਂਡੂ ਖਿਡਾਰੀਆਂ ਨੂੰ ਉਤਸ਼ਾਹ ਮਿਲੇ। ਜ਼ਿਆਦਾ ਟੂਰਨਾਮੈਂਟ ਸ਼ਹਿਰਾਂ ਦੀ ਬਜਾਏ ਪਿੰਡਾਂ 'ਚ ਹੀ ਕਰਵਾਏ ਜਾਣ, ਤਾਂ ਕਿ ਨੌਨਿਹਾਲ ਖਿਡਾਰੀ ਖੇਡਾਂ ਨਾਲ ਜੁੜ ਸਕਣ ਅਤੇ ਵੱਧ ਤੋਂ ਵੱਧ ਪੇਂਡੂ ਲੋਕ ਖੇਡਾਂ ਨੂੰ ਸਮਰਪਿਤ ਬਣਨ। ਸਰਕਾਰ ਹਰ ਪੰਚਾਇਤੀ ਰਕਬੇ 'ਚ ਇਕ ਪਿੰਡ ਪੱਧਰ ਦਾ ਅਤੇ ਬਲਾਕ 'ਚ ਇਕ ਬਲਾਕ ਪੱਧਰ ਦਾ ਖੇਡ ਮੈਦਾਨ ਜ਼ਰੂਰ ਉਸਾਰੇ। ਪਿੰਡਾਂ 'ਚ ਮੈਦਾਨ ਬਣਾਉਣ ਲਈ ਪਿੰਡ ਦੀਆਂ ਪੰਚਾਇਤਾਂ ਨੂੰ ਹਰ ਤਰ੍ਹਾਂ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ। ਵੱਖ-ਵੱਖ ਪ੍ਰਾਂਤ ਦੀਆਂ ਸਰਕਾਰਾਂ ਨੂੰ ਕੇਂਦਰੀ ਸਰਕਾਰ ਤੋਂ, ਖੇਡ ਵਿਭਾਗ ਅਤੇ ਪੰਚਾਇਤਾਂ ਨੂੰ ਖੇਡ ਸਹੂਲਤਾਂ ਅਤੇ ਖੇਡ ਮੈਦਾਨ ਉਸਾਰਨ ਲਈ ਖਰਚਾ ਗ੍ਰਾਂਟ ਦੀ ਸ਼ਕਲ ਵਿਚ ਦਿੱਤਾ ਜਾਵੇ।
ਪਿੰਡਾਂ ਵਿਚ ਖੇਡਾਂ ਦੇ ਸੁਚੇਰੇ ਪ੍ਰਬੰਧਾਂ ਲਈ ਦਿਹਾਤੀ ਯੁਵਕ ਖੇਡ ਕਲੱਬਾਂ ਸਥਾਪਿਤ ਕੀਤੀਆਂ ਜਾਣ। ਬਲਾਕ ਪੱਧਰ 'ਤੇ ਖੇਡ ਸੰਸਥਾਵਾਂ ਸਥਾਪਿਤ ਕਰਕੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਵੇ। ਸੰਗਠਿਤ ਦਿਹਾਤੀ ਵਿਕਾਸ ਪ੍ਰੋਗਰਾਮ 'ਚ ਪੇਂਡੂ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ 'ਚ ਖੇਡਾਂ ਦੇ ਪੂਰਨ ਵਿਕਾਸ ਲਈ ਨਿਰੀ ਸਰਕਾਰ 'ਤੇ ਨਿਰਭਰਤਾ ਵੀ ਠੀਕ ਗੱਲ ਨਹੀਂ। ਇਸ ਪਾਸੇ ਪਿੰਡ ਵਾਸੀਆਂ ਤੋਂ ਪਿੰਡ ਦੇ ਸਰਪੰਚਾਂ ਦੇ ਸਹਿਯੋਗ ਦੀ ਵੀ ਬਹੁਤ ਵੱਡੀ ਲੋੜ ਹੈ। ਕਈ ਪਿੰਡਾਂ ਦੇ ਸਰਪੰਚਾਂ ਅਤੇ ਨੌਜਵਾਨ ਖੇਡ ਪ੍ਰੇਮੀਆਂ ਨੇ ਇਸ ਪੱਖੋਂ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਬਲ ਦੇ ਜ਼ੋਰ 'ਤੇ ਪਿੰਡਾਂ 'ਚ ਕਈ ਅਹਿਮ ਪੇਂਡੂ ਖੇਡ ਮੇਲੇ ਆਯੋਜਿਤ ਕੀਤੇ ਹਨ। ਦੇਸ਼ ਦਾ ਸਭ ਤੋਂ ਵੱਡਾ ਖੇਡ ਮੇਲਾ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਇਸ ਦੀ ਮਿਸਾਲ ਹਨ। ਜਿਸ ਦਿਨ ਇਸ ਤਰ੍ਹਾਂ ਦੇ ਖੇਡ ਮੇਲੇ ਪੂਰੇ ਭਾਰਤ ਵਿਚ ਆਯੋਜਿਤ ਹੋਣੇ ਸ਼ੁਰੂ ਹੋ ਗਏ, ਉਸ ਦਿਨ ਪਿੰਡਾਂ 'ਚ ਭਾਰਤੀ ਖੇਡਾਂ ਦੀ ਜਵਾਨੀ ਵੀ ਦਮ ਤੋੜਨ ਤੋਂ ਬਚ ਜਾਵੇਗੀ। ਬਸ, ਸਾਰਿਆਂ ਪਿੰਡਾਂ ਨੂੰ ਇਕ-ਦੂਜੇ ਦੀ ਰੀਸੇ ਇਕ ਹੰਭਲਾ ਮਾਰਨ ਦੀ ਜ਼ਰੂਰਤ ਹੈ।

-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਭਾਰਤੀ ਖਿਡਾਰਨਾਂ ਨੇ ਰਚਿਆ ਇਤਿਹਾਸ

ਪਦਮ ਐਵਾਰਡ ਲਈ ਪਹਿਲੀ ਵਾਰ 9 ਖਿਡਾਰਨਾਂ ਨਾਮਜ਼ਦ

ਪਹਿਲੀ ਵਾਰ ਖੇਡ ਮੰਤਰਾਲੇ ਨੇ ਸਰਬੋਤਮ ਨਾਗਰਿਕ ਪੁਰਸਕਾਰਾਂ ਲਈ 9 ਨਾਂਅ ਨਾਮਜ਼ਦ ਕੀਤੇ ਹਨ ਤੇ ਇਹ ਸਾਰੀਆਂ ਔਰਤਾਂ ਹੀ ਹਨ।
ਇਸ ਸੂਚੀ ਵਿਚ 6ਵੀਂ ਵਾਰ ਦੀ ਜੇਤੂ ਮੈਰੀ ਕਾਮ ਦਾ ਨਾਂਅ ਵੀ ਹੈ, ਜਿਸ ਨੂੰ 2006 ਵਿਚ ਪਦਮਸ੍ਰੀ ਅਤੇ 2013 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ, ਜਿਸ ਨੇ ਬੀਤੀ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ, ਨੂੰ ਪਦਮ ਭੂਸ਼ਨ ਦੇਣ ਦੀ ਤਜਵੀਜ਼ ਪੇਸ਼ ਕੀਤੀ ਜਾ ਚੁੱਕੀ ਹੈ। ਹਾਲਾਂਕਿ 2017 ਵਿਚ ਵੀ ਖੇਡ ਮੰਤਰਾਲੇ ਵਲੋਂ ਉਸ ਨੂੰ ਪਦਮ ਭੂਸ਼ਨ ਦੇਣ ਦੀ ਤਜਵੀਜ਼ ਰੱਖੀ ਗਈ ਸੀ ਪਰ ਉਸ ਸਮੇਂ ਉਸ ਨੂੰ ਇਹ ਪੁਰਸਕਾਰ ਨਹੀਂ ਸੀ ਮਿਲਿਆ ਜਦਕਿ 2015 ਵਿਚ ਉਸ ਨੂੰ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
ਇਸ ਤੋਂ ਇਲਾਵਾ ਆਦਰਸ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਦੀ ਪਦਮਸ੍ਰੀ ਪੁਰਸਕਾਰ ਲਈ ਨਾਮਜ਼ਦਗੀ ਹੋ ਚੁੱਕੀ ਹੈ। ਵਿਨੇਸ਼ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਔਰਤ ਹੈ ਅਤੇ ਲਾਉਰੀਅਸ ਵਿਸ਼ਵ ਖੇਡ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ।
ਟੇਬਲ ਟੈਨਿਸ ਦੀ ਭਾਰਤੀ ਸਿਤਾਰਾ ਅਤੇ ਵਿਸ਼ਵ ਵਿਚ 47ਵੇਂ ਸਥਾਨ 'ਤੇ ਸੁਭਾਇਮਾਨ ਮਾਨੀਕਾ ਬੱਤਰਾ ਦੀ ਵੀ ਖੇਡ ਮੰਤਰਾਲੇ ਵਲੋਂ ਪਦਮਸ੍ਰੀ ਲਈ ਨਾਮਜ਼ਦਗੀ ਕੀਤੀ ਗਈ ਹੈ। ਸਾਲ 2018 ਵਿਚ ਆਸਟ੍ਰੇਲੀਆ ਵਿਚ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਔਰਤਾਂ ਦੀ ਟੀਮ ਨੇ ਮਾਨੀਕਾ ਦੀ ਅਗਵਾਈ ਵਿਚ ਹੀ ਸਿੰਗਾਪੁਰ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ।
30 ਸਾਲਾ ਟੀ-20-ਆਈ ਸਕਿਪਰ ਅਤੇ ਅਰਜਨ ਪੁਰਸਕਾਰ ਜੇਤੂ ਹਰਮਨਪ੍ਰੀਤ ਕੌਰ ਦੀ ਵੀ ਪਦਮਸ੍ਰੀ ਲਈ ਨਾਮਜ਼ਦਗੀ ਕੀਤੀ ਗਈ ਹੈ। ਨਵੰਬਰ, 2018 ਦੌਰਾਨ ਟੀ-20 ਅੰਤਰਰਾਸ਼ਟਰੀ ਮੁਕਾਬਲੇ ਵਿਚ ਸੈਂਕੜਾ ਮਾਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ।
ਔਰਤਾਂ ਦੀ ਹਾਕੀ ਟੀਮ ਦੀ ਕਪਤਾਨ ਰਾਨੀ ਰਮਪਾਲ ਦਾ ਨਾਂਅ ਵੀ ਪਦਮਸ੍ਰੀ ਤਜਵੀਜ਼ ਵਾਲੀ ਸੂਚੀ ਵਿਚ ਦਰਜ ਹੈ। 2010 ਦੇ ਵਿਸ਼ਵ ਕੱਪ ਦੌਰਾਨ ਰਾਸ਼ਟਰੀ ਟੀਮ ਵਿਚ ਉਹ 15 ਸਾਲ ਦੀ ਉਮਰ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ। 2018 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਉਸ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।
ਸਾਬਕਾ ਭਾਰਤੀ ਨਿਸ਼ਾਨੇਬਾਜ਼ ਸੁਮਾ ਸ਼ੀਰੂ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ 10 ਐਮ.ਐਮ. ਏਅਰ ਰਾਈਫ਼ਲ ਈਵੈਂਟ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਉਸ ਦੇ ਖੇਡ ਨੂੰ ਦਿੱਤੇ ਯੋਗਦਾਨ ਨੂੰ ਸਨਮਾਨ ਦਿੰਦਿਆਂ ਖੇਡ ਮੰਤਰਾਲੇ ਵਲੋਂ ਪਦਮਸ੍ਰੀ ਲਈ ਉਨ੍ਹਾਂ ਦੇ ਨਾਂਅ ਦੀ ਤਜਵੀਜ਼ ਰੱਖੀ ਗਈ ਹੈ।
ਜੌੜੀਆਂ ਭੈਣਾਂ ਤਸ਼ੀ ਅਤੇ ਨੁੰਗਸ਼ੀ ਮਲਿਕ ਆਪਣੀ ਕਿਸਮ ਦੀਆਂ ਪਹਿਲੀਆਂ ਹਨ, ਜਿਨ੍ਹਾਂ ਨੇ 7 ਸਿਖਰ ਚੋਟੀਆਂ ਨੂੰ ਫ਼ਤਹਿ ਕੀਤਾ ਅਤੇ ਉੱਤਰੀ ਅਤੇ ਦੱਖਣੀ ਧੁਰੇ ਦੀ ਯਾਤਰਾ ਕੀਤੀ ਅਤੇ 'ਗਰੈਂਡ ਸਲੈਮ' ਅਤੇ 'ਥ੍ਰੀ ਪੋਲਜ਼ ਚੈਲੰਜ' ਨੂੰ ਪੂਰਾ ਕੀਤਾ। ਹਿਮਾਲਿਆ ਦੀ ਚੜ੍ਹਾਈ ਕਰਨ ਵਾਲੀਆਂ ਪਹਿਲੀਆਂ ਜੌੜੀਆਂ ਭੈਣਾਂ ਹੋਣ ਕਾਰਨ ਉਨ੍ਹਾਂ ਨੂੰ ਵੀ ਪਦਮ ਪੁਰਸਕਾਰ ਦੀ ਇਸ ਸੂਚੀ ਵਿਚ ਰੱਖਿਆ ਗਿਆ ਹੈ।
ਇਹ ਸਾਰੀਆਂ ਤਜਵੀਜ਼ਾਂ ਅਤੇ ਸਲਾਹਾਂ ਗ੍ਰਹਿ ਮੰਤਰਾਲੇ ਦੀ ਪਦਮ ਪੁਰਸਕਾਰ ਕਮੇਟੀ ਨੂੰ ਭੇਜ ਦਿੱਤੀਆਂ ਗਈਆਂ ਹਨ। ਐਵਾਰਡ ਜੇਤੂਆਂ ਦੇ ਨਾਂਅ ਅਗਲੇ ਸਾਲ ਗਣਤੰਤਰ ਦਿਵਸ ਵਾਲੇ ਦਿਨ ਐਲਾਨੇ ਜਾਣਗੇ।

ਕਬੱਡੀ ਨੂੰ ਡੋਪ ਮੁਕਤ ਕਰਨ ਲਈ ਨਿਵੇਕਲੀ ਪਹਿਲਕਦਮੀ

ਪੰਜਾਬੀਆਂ ਦੇ ਖੁੂਨ 'ਚ ਰਚੀ ਖੇਡ ਕਬੱਡੀ 'ਚ ਵਾਪਰਨ ਵਾਲੀ ਛੋਟੀ-ਵੱਡੀ ਨਕਾਰਾਤਮਕ ਘਟਨਾ ਨੂੰ ਕੁਝ ਖੇਡ ਪ੍ਰੇਮੀ ਬਹੁਤ ਵਧਾਅ-ਚੜ੍ਹਾਅ ਕੇ ਪੇਸ਼ ਕਰ ਦਿੰਦੇ ਹਨ, ਜਿਸ ਤੋਂ ਇਕ ਵਾਰ ਤਾਂ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਕਬੱਡੀ ਤਾਂ ਜਲਦੀ ਹੀ ਨਿਘਾਰ ਵੱਲ ਚਲੀ ਜਾਵੇਗੀ। ਪਰ ਅਜਿਹੀ ਆਲੋਚਨਾਤਮਕ ਹਨੇਰੀ 'ਚ ਕੁਝ ਸ਼ਖ਼ਸੀਅਤਾਂ ਨੇ ਉਸਾਰੂ ਸੇਧ ਦੇਣ ਵਾਲਾ ਦੀਵਾ ਬਾਲ ਕੇ ਦਾਇਰੇ ਵਾਲੀ ਕਬੱਡੀ ਨੂੰ ਸਾਫ਼-ਸੁਥਰੀ ਖੇਡ ਬਣਾਉਣ ਲਈ ਮੁਹਿੰਮ ਦਾ ਅਗਾਜ਼ ਕੀਤਾ ਹੈ, ਜਿਨ੍ਹਾਂ ਦਾ ਟੀਚਾ ਕਬੱਡੀ ਨੂੰ ਡੋਪ ਮੁਕਤ ਬਣਾਉਣਾ ਹੈ ਅਤੇ ਨਵੇਂ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨਾ ਹੈ।
ਕਬੱਡੀ ਦੇ ਕੌਮਾਂਤਰੀ ਬੁਲਾਰੇ ਰੁਪਿੰਦਰ ਜਲਾਲ ਦੀ ਅਗਵਾਈ 'ਚ ਕੁਝ ਖੇਡ ਪ੍ਰਮੋਟਰਾਂ ਨੇ ਕਬੱਡੀ ਨੂੰ ਡੋਪ ਮੁਕਤ ਕਰਨ ਲਈ ਇਕ ਮੁਹਿੰਮ ਚਲਾਈ ਹੈ। ਸ੍ਰੀ ਜਲਾਲ ਹੁਰਾਂ ਨੇ ਨਵੀਂ ਪਨੀਰੀ ਨੂੰ ਸਾਫ਼-ਸੁਥਰੀ ਕਬੱਡੀ ਖਿਡਾਉਣ ਦੇ ਮਨਸੂਬੇ ਨਾਲ ਕੁਝ ਹਫ਼ਤੇ ਪਹਿਲਾਂ ਪੰਜਾਬ ਭਰ 'ਚੋਂ 21 ਸਾਲ ਤੋਂ ਘੱਟ ਉਮਰ ਦੇ 150 ਦੇ ਕਰੀਬ ਖਿਡਾਰੀਆਂ ਨੂੰ ਡੋਪ ਮੁਕਤ ਕਬੱਡੀ ਖੇਡਣ ਲਈ ਪ੍ਰੇਰਿਆ ਅਤੇ ਉਨ੍ਹਾਂ 'ਚੋਂ ਚੋਣਵੇਂ 40 ਖਿਡਾਰੀਆਂ 'ਤੇ ਆਧਾਰਤ 4 ਟੀਮਾਂ ਬਣਾਈਆਂ। ਆਮ ਤੌਰ 'ਤੇ ਕਬੱਡੀ 'ਚ ਵਜ਼ਨ ਦੇ ਆਧਾਰ 'ਤੇ ਟੀਮਾਂ ਬਣਦੀਆਂ ਹਨ ਪਰ ਰੁਪਿੰਦਰ ਜਲਾਲ ਹੁਰਾਂ ਨੇ ਉਮਰ ਦੇ ਹਿਸਾਬ ਨਾਲ ਅੰਡਰ-21 ਸਾਲ ਦੇ ਖਿਡਾਰੀਆਂ ਨੂੰ ਚੁਣਿਆ। ਇਨ੍ਹਾਂ ਖਿਡਾਰੀਆਂ 'ਤੇ ਆਧਾਰਿਤ 4 ਮਰਹੂਮ ਖਿਡਾਰੀਆਂ ਦੇ ਨਾਂਅ 'ਤੇ ਕਲੱਬ ਬਣਾਏ ਗਏ ਹਨ, ਜਿਨ੍ਹਾਂ ਦੇ ਨਾਂਅ ਗਗਨ ਜਲਾਲ ਕਬੱਡੀ ਕਲੱਬ, ਬਿੱਟੂ ਦੁਗਾਲ ਕਬੱਡੀ ਕਲੱਬ, ਹਰਜੀਤ ਬਾਜਾਖਾਨਾ ਕਬੱਡੀ ਕਲੱਬ ਤੇ ਸੁਖਮਨ ਚੋਹਲਾ ਸਾਹਿਬ ਕਬੱਡੀ ਕਲੱਬ ਰੱਖੇ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਇਨ੍ਹਾਂ 150 ਦੇ ਕਰੀਬ ਖਿਡਾਰੀਆਂ ਦਾ ਸਾਬਕਾ ਕਬੱਡੀ ਤੇ ਫੁੱਟਬਾਲ ਖਿਡਾਰੀ ਮਨੀ ਜਲਾਲ ਸਿਖਲਾਈ ਕੈਂਪ ਲਗਾ ਰਹੇ ਹਨ। ਇਨ੍ਹਾਂ 4 ਟੀਮਾਂ ਦੇ ਹਫਤੇ 'ਚ ਇਕ ਜਾਂ ਦੋ ਜਗ੍ਹਾ ਮੈਚ ਕਰਵਾਏ ਜਾਂਦੇ ਹਨ। ਇਨ੍ਹਾਂ ਖਿਡਾਰੀਆਂ ਨੂੰ ਆਰੰਭ ਵਿਚ ਬਦਾਮ ਅਤੇ ਹੋਰ ਸੁੱਕੇ ਮੇਵੇ ਇਨਾਮ ਵਜੋਂ ਦੇਣੇ ਸ਼ੁਰੂ ਕੀਤੇ ਅਤੇ ਹੁਣ ਇਨ੍ਹਾਂ ਨੂੰ ਨਕਦ ਇਨਾਮ ਵੀ ਦਿੱਤੇ ਜਾਣ ਲੱਗੇ ਹਨ।
ਇਨ੍ਹਾਂ ਟੀਮਾਂ ਦੇ ਹੁਣ ਤੱਕ 6 ਸਫਲ ਮੁਕਾਬਲੇ ਕਰਵਾਉਣ 'ਚ ਪ੍ਰਵਾਸੀ ਪੰਜਾਬੀ ਕਬੱਡੀ ਪ੍ਰਮੋਟਰ ਤੇ ਸਾਬਕਾ ਖਿਡਾਰੀ ਬਲਜਿੰਦਰ ਭਿੰਡਰ ਇੰਗਲੈਂਡ, ਅਜਮੇਰ ਜਲਾਲ ਕੈਨੇਡਾ, ਰਮਨਾ ਸਾਈਪਰਸ, ਇੰਦਰਜੀਤ ਸਿੰਘ ਧੁੱਗਾ ਬ੍ਰਦਰਜ਼, ਬੱਬਲ ਸੰਗਰੂਰ, ਇੰਦਰਜੀਤ ਸਿੰਘ, ਰਮਨਾ ਸਾਈਪਰਸ, ਜੈਜੀ ਲਾਂਡਰਾਂ, ਦੀਪੀ ਸਿੱਧੂ ਰਕਬਾ, ਲੱਭੀ ਨੰਗਲ ਕੈਨੇਡਾ, ਗੁਰਜੀਤ ਮਾਂਗਟ ਕੈਨੇਡਾ, ਹਰਦੀਪ ਫੂਲ, ਦੀਪ ਢਿੱਲੋਂ (ਹਰਜੀਤ ਐਂਡ ਤਲਵਾਰ ਕਲੱਬ ਕੈਨੇਡਾ), ਸੁਰਜੀਤ ਸਿੱਧੂ ਤੇ ਰਿੰਕਾ ਸਿੱਧੂ ਤੇ ਮਾ: ਗੁਲਜ਼ਾਰ ਸਿੰਘ ਭਾਈਰੂਪਾ ਵੱਡਾ ਸਹਿਯੋਗ ਦੇ ਚੁੱਕੇ ਹਨ ਅਤੇ ਭਵਿੱਖ 'ਚ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਤੱਤਪਰ ਹਨ। ਕਬੱਡੀ ਦੇ ਮੈਚਾਂ 'ਚ ਸਟਾਰ ਸਪੋਰਟਸ ਚੈਨਲ ਵਾਲਾ ਰੁਤਬਾ ਪ੍ਰਾਪਤ ਕਬੱਡੀ 365 ਡਾਟ ਕਾਮ ਵਾਲੇ ਉਕਤ ਟੀਮਾਂ ਦੇ ਮੁਕਾਬਲਿਆਂ ਦਾ ਆਪਣੇ ਵੈੱਬ ਟੀ.ਵੀ. 'ਤੇ ਮੁਫਤ ਪ੍ਰਸਾਰਨ ਕਰ ਰਹੇ ਹਨ। ਰੁਪਿੰਦਰ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਨਵੇਂ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਕਰਨਾ ਹੈ ਅਤੇ ਉਨ੍ਹਾਂ 'ਚ ਇੰਨਾ ਕੁ ਵਿਸ਼ਵਾਸ ਭਰ ਦੇਣਾ ਹੈ ਕਿ ਉਹ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਵੱਲ ਮੂੰਹ ਹੀ ਨਾ ਕਰਨ। ਜਲਾਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੇ ਮੈਚਾਂ ਦੌਰਾਨ ਦਰਸ਼ਕ ਡੋਪ ਮੁਕਤ ਕਬੱਡੀ ਦੇਖ ਕੇ ਬਹੁਤ ਹੱਲਾਸ਼ੇਰੀ ਦਿੰਦੇ ਹਨ, ਜਿਸ ਸਦਕਾ ਉਨ੍ਹਾਂ ਦੀ ਮੁਹਿੰਮ ਜ਼ਰੂਰ ਸਫਲ ਹੋਵੇਗੀ। ਰੁਪਿੰਦਰ ਜਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਅੰਡਰ-21 ਖਿਡਾਰੀਆਂ ਦੀਆਂ 8 ਟੀਮਾਂ ਬਣਾ ਕੇ ਇਨ੍ਹਾਂ ਦੇ ਵੀ ਕੱਪ ਕਰਵਾਉਣਾ ਹੈ, ਜਿਨ੍ਹਾਂ ਨਾਲ ਸਿਹਤ ਲਈ ਘਾਤਕ ਭਾਰ ਕਾਬੂ 'ਚ ਰੱਖਣ ਵਾਲੀਆਂ ਦਵਾਈਆਂ ਤੋਂ ਵੀ ਖਿਡਾਰੀ ਬਚਣਗੇ। ਇਸ ਦੇ ਨਾਲ ਹੀ ਉਨ੍ਹਾਂ ਜਲਦ ਅੰਡਰ-21 ਸਾਲ ਦੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਸ਼ੁਰੂਆਤ ਕਰਨ ਦਾ ਵੀ ਦਾਅਵਾ ਕੀਤਾ ਹੈ।


-ਪਟਿਆਲਾ। ਮੋਬਾ: 97795-90575

ਬਿਹਾਰ ਪ੍ਰਾਂਤ ਨੂੰ ਮਾਣ ਹੈ ਆਪਣੇ ਪੈਰਾ ਤੈਰਾਕ ਅਮਰਜੀਤ ਸਿੰਘ 'ਤੇ

ਦੇਸ਼ ਦੇ ਬਿਹਾਰ ਪ੍ਰਾਂਤ ਨੂੰ ਮਾਣ ਹੈ ਆਪਣੇ ਮਾਣਮੱਤੇ ਅਥਲੀਟ ਅਮਰਜੀਤ ਸਿੰਘ 'ਤੇ, ਜਿਸ ਨੇ ਅਪਾਹਜ ਹੁੰਦਿਆਂ ਵੀ ਆਪਣੀ ਕੁਸ਼ਲਤਾ ਨਾਲ ਤੈਰਾਕੀ ਦੇ ਖੇਤਰ ਵਿਚ ਸਨਮਾਨਯੋਗ ਪ੍ਰਾਪਤੀਆਂ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਉੱਚਾ ਕੀਤਾ ਹੈ। ਇਸੇ ਲਈ ਤਾਂ ਬਿਹਾਰ ਸਰਕਾਰ ਨੇ ਉਸ ਨੂੰ ਸਾਲ 2017 ਵਿਚ ਸਟੇਟ ਐਵਾਰਡ ਅਜਾਤਸਤਰੂ ਨਾਲ ਸਨਮਾਨਿਆ ਹੈ। ਅਮਰਜੀਤ ਸਿੰਘ ਦਾ ਜਨਮ 20 ਅਗਸਤ, 1982 ਨੂੰ ਬਿਹਾਰ ਦੇ ਜ਼ਿਲ੍ਹਾ ਆਰਾ ਦੇ ਪਿੰਡ ਸੋਹਰਾ ਵਿਖੇ ਪਿਤਾ ਪ੍ਰਦੀਪ ਸਿੰਘ ਦੇ ਘਰ ਮਾਤਾ ਮਧੂਸੀ ਦੀ ਕੁੱਖੋਂ ਹੋਇਆ। ਪੜ੍ਹਾਈ ਅਤੇ ਖੇਡਾਂ ਦਾ ਸ਼ੌਕ ਰੱਖਣ ਵਾਲੇ ਅਮਰਜੀਤ ਸਿੰਘ ਨੂੰ ਜ਼ਿੰਦਗੀ ਵਿਚ ਇਹ ਇਲਮ ਨਹੀਂ ਸੀ ਕਿ ਇਕ ਦਿਨ ਉਸ ਦੀ ਹੱਸਦੀ-ਵਸਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਟਿਕੇਗੀ। ਸਾਲ 2009 ਵਿਚ ਉਹ ਆਪਣੇ ਕੰਮ ਲਈ ਦਿੱਲੀ ਜਾ ਰਿਹਾ ਸੀ ਤਾਂ ਗਾਜ਼ੀਆਬਾਦ ਵਿਖੇ ਉਹ ਚਲਦੀ ਰੇਲ ਗੱਡੀ ਵਿਚੋਂ ਹੇਠਾਂ ਆ ਡਿਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਉਸ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਜ਼ਖਮਾਂ ਦਾ ਇਲਾਜ ਤਾਂ ਹੋ ਗਿਆ ਪਰ ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ ਅਤੇ ਉਸ ਦਾ ਇਲਾਜ ਅਸੰਭਵ ਸੀ ਅਤੇ ਅਮਰਜੀਤ ਸਿੰਘ ਸਾਰੀ ਜ਼ਿੰਦਗੀ ਵੀਲ੍ਹਚੇਅਰ 'ਤੇ ਜ਼ਿੰਦਗੀ ਕੱਢਣ ਲਈ ਮਜਬੂਰ ਹੋ ਗਿਆ।
ਅਮਰਜੀਤ ਸਿੰਘ ਬਚਪਨ ਵਿਚ ਹੀ ਤੈਰਨ ਦਾ ਸ਼ੌਕੀਨ ਸੀ ਅਤੇ ਉਹ ਪੈਰਾ ਸਪੋਰਟਸ ਵੱਲ ਮੁੜਿਆ ਅਤੇ ਡਿਸਏਬਲ ਸਪੋਰਟਸ ਅਕੈਡਮੀ ਵਲੋਂ ਤੈਰਾਕੀ ਦੇ ਦਾਅ-ਪੇਚ ਸਿੱਖਣ ਲੱਗਿਆ। ਸਾਲ 2017 ਵਿਚ ਬਿਹਾਰ ਵਿਖੇ ਹੀ ਤੈਰਾਕੀ ਦੇ ਸਟੇਟ ਮੁਕਾਬਲਿਆਂ ਵਿਚ ਅਮਰਜੀਤ ਸਿੰਘ ਨੇ 50 ਮੀਟਰ, 100 ਮੀਟਰ ਫਰੀਸਟਾਈਲ ਅਤੇ ਬੈਕ ਸਟਰੋਕ ਵਿਚ 3 ਸੋਨ ਤਗਮੇ ਆਪਣੇ ਨਾਂਅ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਉੱਚਾ ਕਰ ਦਿੱਤਾ।
ਸਾਲ 2018 ਵਿਚ ਬਿਹਾਰ ਪ੍ਰਾਂਤ ਵਿਚ ਹੀ ਹੋਈ ਨੈਸ਼ਨਲ ਪੈਰਾ ਤੈਰਾਕੀ ਵਿਚ ਉਸ ਨੇ 3 ਸੋਨ ਤਗਮੇ ਆਪਣੇ ਨਾਂਅ ਕਰ ਲਏ ਅਤੇ ਉਸ ਦਾ ਸਫਰ ਇਸੇ ਤਰ੍ਹਾਂ ਲਗਾਤਾਰ ਜਾਰੀ ਹੈ। ਉਸ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਸਾਲ 2017 ਵਿਚ ਉਸ ਨੂੰ ਐਕਸੀਲੈਂਸ ਐਵਾਰਡ ਨਾਲ ਅਤੇ ਸਾਲ 2018 ਵਿਚ ਖੇਲ ਸਨਮਾਨ ਨਾਲ ਸਨਮਾਨਿਆ ਗਿਆ। ਇਕ ਪੈਰਾ ਤੈਰਾਕ ਹੋਣ ਦੇ ਨਾਲ-ਨਾਲ ਸਰਕਾਰੀ ਅਧਿਆਪਾਕ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਸਕੂਲੀ ਵਿੱਦਿਆ ਵੀ ਦਿੰਦਾ ਹੈ ਅਤੇ ਆਪਣੀਆਂ ਦੋਵੇਂ ਹੀ ਜ਼ਿੰਮੇਵਾਰੀਆਂ ਨੂੰ ਉਹ ਤਨਦੇਹੀ ਨਾਲ ਨਿਭਾਉਂਦਾ ਹੈ। ਤੈਰਾਕੀ ਦੇ ਖੇਤਰ ਵਿਚ ਉਹ ਸਦਾ ਰਿਣੀ ਹੈ ਆਪਣੇ ਕੋਚ ਸਸਾਂਕ ਕੁਮਾਰ ਪਟਨਾ ਦਾ, ਜਿਸ ਦੀ ਰਹਿਨੁਮਾਈ ਵਿਚ ਉਹ ਲਗਾਤਾਰ ਤੈਰਾਕੀ ਦੇ ਖੇਤਰ ਵਿਚ ਪ੍ਰਾਪਤੀਆਂ ਕਰ ਰਿਹਾ ਹੈ। ਅਮਰਜੀਤ ਸਿੰਘ ਆਖਦਾ ਹੈ ਕਿ, 'ਵੀਲ੍ਹਚੇਅਰ ਉਸ ਦੀ ਸੱਚੀ ਮਿੱਤਰ ਹੈ, ਜਿਸ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਨੂੰ ਬੁਲੰਦ ਹੌਸਲੇ ਨਾਲ ਬਤੀਤ ਕਰ ਰਿਹਾ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਭੁੱਲ ਗਿਆ ਹੈ ਕਿ ਉਹ ਅਪਾਹਜ ਹੈ।' ਅਮਰਜੀਤ ਸੱਚਮੁੱਚ ਹੀ ਹੌਸਲੇ ਦੀ ਮਿਸਾਲ ਹੈ।


-ਮੋਬਾ: 98551-14484

ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਕੌਮੀ ਅਥਲੈਟਿਕਸ ਟੀਮ ਦੀ ਕੋਚ ਨਵਪ੍ਰੀਤ ਕੌਰ

ਪੰਜਾਬ ਪੁਲਿਸ ਦੀ ਨਵਪ੍ਰੀਤ ਕੌਰ ਨੇ ਬਤੌਰ ਅਥਲੀਟ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰਨ ਤੋਂ ਬਾਅਦ ਹੁਣ ਕੋਚਿੰਗ ਵੱਲ ਰੁਖ਼ ਕੀਤਾ ਹੈ, ਜਿੱਥੇ ਉਸ ਨੂੰ ਭਾਰਤੀ ਅਥਲੈਟਿਕਸ ਟੀਮ ਦੀ ਕੋਚਿੰਗ ਕਰਨ ਦਾ ਮਾਣ ਹਾਸਲ ਹੋਇਆ ਹੈ। ਮਾਲਵੇ ਦੇ ਇਤਿਹਾਸਕ ਪਿੰਡ ਭਾਈਰੂਪਾ (ਬਠਿੰਡਾ ਜ਼ਿਲ੍ਹਾ) ਵਿਖੇ ਪਿਤਾ ਬਲੌਰ ਸਿੰਘ ਤੇ ਮਾਤਾ ਮੋਹਨੀ ਕੌਰ ਦੇ ਘਰ ਜਨਮੀ ਪ੍ਰਿੰਸ ਪ੍ਰੀਤ ਸਿੰਘ ਦੀ ਭੈਣ ਨਵਪ੍ਰੀਤ ਕੌਰ ਨੂੰ ਸਕੂਲੀ ਪੱਧਰ 'ਤੇ ਡੀ.ਪੀ.ਈ. ਹਰਮੰਦਰ ਸਿੰਘ, ਅਮਰਜੀਤ ਕੌਰ ਤੇ ਸੁਰਜੀਤ ਸਿੰਘ ਦੀ ਦੇਖ-ਰੇਖ ਵਿਚ ਖੇਡਾਂ ਦੀ ਜਾਗ ਲੱਗੀ। ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਪੜ੍ਹਦਿਆਂ ਉਸ ਨੇ ਅਥਲੈਟਿਕਸ ਵੱਲ ਹੋਰ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ। ਯੂਨੀਵਰਸਿਟੀ ਕੋਚ ਖੁਸ਼ਵਿੰਦਰ ਸਿੰਘ ਵਿਰਕ ਤੇ ਭਾਰਤੀ ਟੀਮ ਦੇ ਕੋਚ ਸੰਜੇ ਗਰਨਾਇਕ ਨੇ ਉਸ ਦੀ ਖੇਡ ਨੂੰ ਹੋਰ ਤਰਾਸ਼ਿਆ। 2008 ਵਿਚ ਉਹ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋ ਗਈ। 2009 ਵਿਚ ਉਸ ਨੇ ਨੈਸ਼ਨਲ ਸਪਰਿੰਟ ਮੀਟ ਵਿਚ ਸੋਨੇ ਦਾ ਤਗਮਾ, ਅੰਤਰਰਾਜ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਅਤੇ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ।
2010 ਵਿਚ ਨਵੀਂ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਨਵਪ੍ਰੀਤ ਕੌਰ ਨੇ ਹੈਪਟੈਥਲਨ ਵਿਚ ਕੁੱਲ 5022 ਅੰਕ ਲੈਂਦਿਆਂ ਸੱਤਵਾਂ ਸਥਾਨ ਹਾਸਲ ਕੀਤਾ। ਫੈਡਰੇਸ਼ਨ ਕੱਪ ਵਿਚ ਚਾਂਦੀ ਦਾ ਤਗਮਾ ਅਤੇ ਅੰਤਰ ਰਾਜ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। 2011 ਵਿਚ ਝਾਰਖੰਡ ਵਿਖੇ ਹੋਈਆਂ 34ਵੀਆਂ ਕੌਮੀ ਖੇਡਾਂ ਵਿਚ ਪੰਜਾਬ ਵਲੋਂ ਖੇਡਦਿਆਂ ਨਵਪ੍ਰੀਤ ਨੇ ਹੈਪਟੈਥਲਨ ਵਿਚ ਸੋਨੇ ਦਾ ਤਗਮਾ ਅਤੇ 4×100 ਮੀਟਰ ਰਿਲੇਅ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਪੰਜਾਬ ਪੁਲਿਸ ਵਿਚ ਏ.ਐਸ.ਆਈ. ਵਜੋਂ ਤਾਇਨਾਤ ਨਵਪ੍ਰੀਤ ਕੌਰ ਨੇ ਵੈਨਕੂਵਰ ਵਿਖੇ ਹੋਈਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ ਵਿਚ 4 ਸੋਨੇ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ। 100 ਮੀਟਰ ਹਰਡਲਜ਼, ਉੱਚੀ ਛਾਲ, 4×10 ਮੀਟਰ ਰਿਲੇਅ ਦੌੜ ਤੇ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਗਮੇ ਅਤੇ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਹੁਣ ਤੱਕ ਉਹ ਸਰਬ ਭਾਰਤੀ ਪੁਲਿਸ ਖੇਡਾਂ ਵਿਚ ਨਵੇਂ ਮੀਟ ਰਿਕਾਰਡ ਨਾਲ ਇਕ ਸੋਨੇ, 2 ਚਾਂਦੀ ਤੇ 5 ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। 100 ਮੀਟਰ ਵਿਚ ਉਸ ਨੇ 14.12 ਸਕਿੰਟ, 200 ਮੀਟਰ ਵਿਚ 25.60 ਸਕਿੰਟ, 800 ਮੀਟਰ ਵਿਚ 2.17.03, 100 ਮੀਟਰ ਹਰਡਲਜ਼ ਵਿਚ 14.50 ਸਕਿੰਟ, ਉੱਚੀ ਛਾਲ ਵਿਚ 1.72 ਮੀਟਰ, ਲੰਬੀ ਛਾਲ ਵਿਚ 5.64 ਮੀਟਰ, ਸ਼ਾਟਪੁੱਟ ਵਿਚ 10.97 ਮੀਟਰ, ਜੈਵਲਿਨ ਥਰੋਅ ਵਿਚ 36.88 ਮੀਟਰ ਅਤੇ 4×100 ਮੀਟਰ ਰਿਲੇਅ ਦੌੜ ਵਿਚ 47.53 ਸਕਿੰਟ ਦਾ ਸਰਬੋਤਮ ਪ੍ਰਦਰਸ਼ਨ ਦਿਖਾਇਆ ਹੈ। ਖੇਡਾਂ ਦੇ ਨਾਲ-ਨਾਲ ਉਹ ਪੜ੍ਹਾਈ ਦੇ ਖੇਤਰ ਵਿਚ ਵੀ ਮੱਲਾਂ ਮਾਰ ਰਹੀ ਹੈ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਇਤਿਹਾਸ ਵਿਸ਼ੇ ਵਿਚ ਐਮ.ਏ. ਤੋਂ ਇਲਾਵਾ ਉਸ ਨੇ ਅਥਲੈਟਿਕਸ ਵਿਚ 'ਏ' ਗਰੇਡ ਵਿਚ ਐਨ.ਆਈ.ਐਸ. ਡਿਪਲੋਮਾ, ਆਈ.ਏ.ਏ.ਐਫ. ਦੇ ਸੀ.ਈ.ਸੀ.ਐਸ. ਲੈਵਲ ਕੋਰਸ ਅਤੇ ਲੈਵਲ-2 ਦਾ ਕੋਰਸ ਪਾਸ ਕੀਤਾ ਹੈ। ਚੰਗੀ ਅਥਲੀਟ ਹੋਣ ਦੇ ਨਾਲ-ਨਾਲ ਚੰਗੀ ਕੋਚਿੰਗ ਸਕਿੱਲ ਨੂੰ ਦੇਖਦਿਆਂ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਉਹ ਹੁਣ ਐਨ.ਆਈ.ਐਸ. ਪਟਿਆਲਾ ਵਿਖੇ ਭਾਰਤੀ ਟੀਮ ਦੇ ਕੈਂਪ ਵਿਚ ਨਵੀਂ ਉਮਰ ਦੇ ਅਥਲੀਟਾਂ ਨੂੰ ਕੌਮਾਂਤਰੀ ਮੰਚ ਲਈ ਤਿਆਰ ਕਰ ਰਹੀ ਹੈ। ਹੈਪਟੈਥਲਨ ਦੀ ਅਥਲੀਟ ਰਹੀ ਹੋਣ ਕਰਕੇ ਉਸ ਨੂੰ ਟਰੈਕ ਤੇ ਫੀਲਡ ਦੇ ਸਾਰੇ ਈਵੈਂਟਾਂ ਦਾ ਪ੍ਰੈਕਟੀਕਲ ਤਜਰਬਾ ਹੈ ਜੋ ਉਸ ਦੇ ਸ਼ਾਗਿਰਦ ਅਥਲੀਟਾਂ ਦੇ ਕੰਮ ਆ ਰਿਹਾ ਹੈ।


-ਮੋਬਾ: 97800-36216

ਬੈਡਮਿੰਟਨ ਕੁਈਨ-ਪੀ.ਵੀ. ਸਿੰਧੂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
2014 ਵਿਚ ਉਸ ਨੇ ਰਾਸ਼ਟਰ ਮੰਡਲ ਖੇਡਾਂ ਅਤੇ ਵਰਲਡ ਬੈਡਮਿੰਟਨ ਚੈਪੀਂਅਨਸ਼ਿਪ ਵਿਚ ਕਾਂਸੀ ਦੇ ਤਗਮੇ ਜਿੱਤੇ। ਇਸੇ ਸਾਲ ਹੀ ਉਸ ਨੇ ਏਸ਼ੀਅਨ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ। 2015 ਦੇ ਡੈਨਮਾਰਕ ਓਪਨ ਵਿਚ ਉਸ ਨੇ ਚਾਂਦੀ ਦਾ ਤਗਮਾ ਤੇ 2016 ਦੇ ਮਲੇਸ਼ੀਆ ਮਾਸਟਰ ਗ੍ਰੈਂਡ ਪ੍ਰਿਕਸ ਵਿਚ ਸੋਨ ਤਗਮਾ ਜਿੱਤਿਆ। 2016 ਦੀਆ ਲੰਡਨ ਰੀਓ ਉਲੰਪਿਕ ਵਿਚ ਉਸ ਨੇ ਦਿੱਗਜ਼ ਪ੍ਰਾਪਤੀ ਕਰਦਿਆਂ ਇਤਿਹਾਸ ਸਿਰਜ ਦਿੱਤਾ ਅਤੇ ਚਾਂਦੀ ਦਾ ਤਗਮਾ ਫੁੰਡਿਆ। 2017-18 ਦੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਉਸ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। 2017 ਵਿਚ ਕੋਰੀਅਨ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। 2017 ਵਿਚ ਹੀ ਉਸ ਨੇ ਦੁਬਈ ਵਰਲਡ ਸੁਪਰ ਸੀਰੀਜ਼ ਵਿਚ ਚਾਂਦੀ ਦਾ ਤਗਮਾ ਜਿੱਤਿਆ। 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਡਬਲ ਵਰਗ ਵਿਚ ਸੋਨੇ ਤੇ ਸਿੰਗਲ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। 2018 ਵਿਚ ਹੀ ਨਵਾਂ ਇਤਿਹਾਸ ਸਿਰਜਦਿਆਂ ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। 2019 ਵਿਚ ਉਸ ਨੇ ਇੰਡੋਨੇਸ਼ੀਆ ਓਪਨ ਵਿਚ ਚਾਂਦੀ ਦਾ ਤਗਮਾ ਦੇਸ਼ ਦੀ ਝੋਲੀ ਪਾਇਆ।
ਅਗਸਤ, 2019 'ਚ ਸਵਿਟਜ਼ਰਲੈਂਡ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵੱਲ ਧਿਆਨ ਦੇਣ ਲਈ ਥਾਈਲੈਂਡ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ। ਇਸ ਮਹਾਂ-ਮੁਕਾਬਲੇ 'ਚ ਉਸ ਨੇ ਜਪਾਨ ਦੀ ਖਿਡਾਰਨ ਨਜ਼ੋਮੀ ਓਕੂਹਾਰਾ ਨੂੰ 21-7, 21-7 ਦੇ ਇਕਪਾਸੜ ਪ੍ਰਦਰਸ਼ਨ ਨਾਲ ਹਰਾ ਕੇ ਧਮਾਕੇਦਾਰ ਜਿੱਤ ਦਰਜ ਕੀਤੀ। ਸਿੰਧੂ ਦੀ ਇਸ ਪ੍ਰਾਪਤੀ ਨੇ ਜਿੱਥੇ ਉਸ ਤੋਂ 2020 ਦੀਆਂ ਟੋਕੀਓ ਉਲੰਪਿਕ 'ਚ ਸੋਨ ਤਗਮਾ ਜਿਤਣ ਦੀਆਂ ਆਸਾਂ ਜਗਾ ਦਿੱਤੀਆਂ ਹਨ, ਉੱਥੇ ਮਿਸ਼ਨ ਉਲੰਪਿਕ 'ਚ ਜੁਟੇ ਸੈਂਕੜੇ ਭਾਰਤੀ ਖਿਡਾਰੀਆਂ, ਕੋਚਾਂ ਤੇ ਖੇਡ ਪ੍ਰਬੰਧਕਾਂ 'ਚ ਨਵੀਂ ਰੂਹ ਫੂਕੀ ਹੈ।
ਸਿੰਧੂ ਦੀ ਲੱਚਕਦਾਰ ਤੇ ਮਜ਼ਬੂਤ ਕਲਾਈ 'ਤੇ ਸਜੇ ਸੈਂਕੜੇ ਤਗਮੇ ਉਸ ਨੂੰ ਬੈਡਮਿੰਟਨ ਦੀ ਮਲਿਕਾ ਭਾਵ ਰਾਣੀ ਦਾ ਸਰਵਸ੍ਰੇਸ਼ਟ ਦਰਜਾ ਪ੍ਰਦਾਨ ਕਰ ਚੁੱਕੇ ਹਨ। ਸਿੰਧੂ ਦੀਆਂ ਕ੍ਰਿਸ਼ਮਈ ਖੇਡ ਪ੍ਰਾਪਤੀਆਂ ਦੇ ਸਨਮਾਨ ਵਜੋਂ ਭਾਰਤ ਸਰਕਾਰ ਵਲੋਂ ਉਸ ਨੂੰ 2013 'ਚ ਅਰਜਨ ਪੁਰਸਕਾਰ, 2015 'ਚ ਪਦਮ ਸ੍ਰੀ ਪੁਰਸਕਾਰ ਤੇ 2016 'ਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜ਼ਿਆ ਗਿਆ।
ਸਿੰਧੂ ਦੀ ਕਾਮਯਾਬੀ ਪਿੱਛੇ ਜਿੱਥੇ ਉਸ ਦੀ ਮਿਹਨਤ ਹੈ, ਉੱਥੇ ਉਸ ਦੇ ਕੋਚ ਪੁੁਲੇਲਾ ਗੋਪੀਚੰਦ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਗੋਪੀਚੰਦ ਨੇ ਸਿੰਧੂ ਤੋਂ ਬਿਨਾਂ ਸਾਇਨਾ ਨੇਹਵਾਲ, ਸ੍ਰੀਕਾਂਤ ਕਿਦੰਬੀ, ਪੀ. ਕਸ਼ਿਅਪ, ਐੱਚ.ਐੱਸ. ਪ੍ਰਣਾਇ, ਸਾਈ ਪ੍ਰਣੀਤ ਆਦਿ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਿਆ, ਜੋ ਸੰਸਾਰ ਖੇਡ ਜਗਤ 'ਚ ਭਾਰਤ ਦਾ ਨਾਂਅ ਚਮਕਾ ਰਹੇ ਹਨ।
ਇਸ ਖੇਡ 'ਚ ਕਦੇ ਕੇਵਲ ਚੀਨ, ਜਪਾਨ, ਥਾਈਲੈਂਡ ਤੇ ਮਲੇਸ਼ੀਆ ਦੇ ਖਿਡਾਰੀਆਂ ਦੀ ਤੂਤੀ ਬੋਲਦੀ ਸੀ ਪਰ ਸਿੰਧੂ ਨੇ ਵਿਸ਼ਵ ਚੈਂਪੀਅਨ ਬਣ ਕੇ ਇਨ੍ਹਾਂ ਦੇਸ਼ਾਂ ਵਿਰੁੱਧ ਹੀ ਨਹੀਂ, ਬਲਕਿ ਵਿਸ਼ਵ ਬੈਡਮਿੰਟਨ ਦੇ ਅੰਬਰ ਵਿਚ ਸੂਰਜ ਦੀ ਰੌਸ਼ਨੀ ਵਾਂਗ ਅੱਖਾਂ ਚੁੰਧਿਆ ਦੇਣ ਵਾਲੀ ਐਂਟਰੀ ਕੀਤੀ ਹੈ। ਸਿੰਧੂ ਦੀ ਇਸ ਜਿੱਤ ਨੇ ਭਾਰਤ ਦੀ ਯੁਵਾ ਪੀੜ੍ਹੀ ਲਈ ਬੈਡਮਿੰਟਨ ਪ੍ਰਤੀ ਰਮਣੀਕ ਰੁਚੀ, ਸੱਜਰੀ ਸੰਭਾਵਨਾ ਤੇ ਪ੍ਰਗਤੀਸ਼ੀਲ ਪ੍ਰੇਰਨਾ ਦੀ ਸਿਰਜਨਾ ਕੀਤੀ ਹੈ। ਇਸ ਖੇਡ 'ਚੋਂ ਭਵਿੱਖੀ ਤਗਮੇ ਜਿੱਤਣ ਲਈ ਭਾਰਤ 'ਚ ਹੁਨਰ ਦੀ ਕੋਈ ਕਮੀ ਨਹੀਂ। ਇਸ ਹੁਨਰ ਨੂੰ ਸੰਭਾਲਣ, ਤਰਾਸ਼ਣ ਤੇ ਨਿਖਾਰਨ ਲਈ ਆਧੁਨਿਕ ਇੰਡੋਰ ਕੋਰਟਾਂ ਤੇ ਗੋਪੀਚੰਦ ਵਰਗੇ ਦਰੋਣਾਚਾਰੀਆ ਕੋਚਾਂ ਦੀ ਕਵਾਇਦ ਹੈ।
ਇਹ ਸਿੰਧੂ ਦੇ ਪਸੀਨੇ ਦੀ ਮਿਹਨਤ ਹੀ ਹੈ ਕਿ ਉਹ ਕ੍ਰਿਕਟਰ ਵਿਰਾਟ ਕੋਹਲੀ ਤੋਂ ਬਾਅਦ ਬਰਾਂਡ ਅੰਬੈਸਡਰ ਵਜੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਖਿਡਾਰਨ ਹੈ। ਮਸ਼ਹੂਰ ਚੀਨੀ ਕੰਪਨੀ ਲੀਨਿੰਗ ਨੇ ਆਪਣੇ ਉਤਪਾਦਾਂ ਦੀ ਵਰਤੋਂ ਤੇ ਮਸ਼ਹੂਰੀ ਲਈ ਫਰਵਰੀ, 2019 'ਚ ਸਿੰਧੂ ਨੂੰ 50 ਕਰੋੜ ਰੁਪਏ ਦੀ ਸਪਾਂਸਰਸ਼ਿਪ ਦਿੱਤੀ ਹੈ।
ਸਿੰਧੂ ਦੀ ਸਾਹਸ ਭਰੀ ਖੇਡ-ਗਾਥਾ ਇਸ ਗੱਲ ਦੀ ਪ੍ਰਤੀਕ ਹੈ ਕਿ ਧੀਆਂ ਨੂੰ ਖੁੱਲ੍ਹੀ ਪਰਵਾਜ਼ ਦਾ ਮੌਕਾ ਦੇਣ ਨਾਲ ਉਹ ਮਾਪਿਆਂ ਤੇ ਸਮੁੱਚੇ ਵਤਨ ਦਾ ਨਾਂਅ ਰੁਸ਼ਨਾਉਣ ਦਾ ਹੀਆ ਰੱਖਦੀਆਂ ਹਨ। ਬੱਸ ਲੋੜ ਹੈ ਇਨ੍ਹਾਂ ਲਈ ਸਾਜਗਾਰ, ਸੁਰੱਖਿਅਤ ਤੇ ਸਹੂਲਤਾਂ ਭਰਪੂਰ ਖੇਡ ਵਾਤਾਵਰਨ ਦੇ ਪ੍ਰਬੰਧਨ ਦੀ। (ਸਮਾਪਤ)


-ਪਿੰਡ ਬੋੜਾਵਾਲ, ਤਹਿ: ਬੁਢਲਾਡਾ, ਜ਼ਿਲ੍ਹਾ ਮਾਨਸਾ-151502. ਮੋਬਾ: 98721-77666

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX