ਤਾਜਾ ਖ਼ਬਰਾਂ


ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  about 3 hours ago
ਫ਼ਤਿਹਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)- ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇਕ ਵਿਆਹੁਤਾ ਔਰਤ ਦੇ ਬਿਆਨਾ ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਉੱਤੇ ਜਬਰ ਜਨਾਹ ਅਤੇ ਪਤੀ ਸਮੇਤ ...
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  about 4 hours ago
ਜ਼ੀਰਕਪੁਰ,20 ਨਵੰਬਰ { ਹੈਪੀ ਪੰਡਵਾਲਾ} -ਨੇੜਲੇ ਪਿੰਡ ਛੱਤ ਵਿਖੇ ਵਾਪਰੀ ਦਰਦਨਾਕ ਸੜਕ ਹਾਦਸੇ 'ਚ ਅੱਜ ਵਿਆਹੁਣ ਜਾਣ ਵਾਲੇ ਮੁੰਡੇ ਦੀ ਮੌਤ ਹੋ ਗਈ, ਜਿਸ ਨਾਲ ਸਮੁੱਚੇ ਇਲਾਕੇ 'ਚ ਸੋਗ ਪਾਇਆ ਜਾ ਰਿਹਾ ...
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  about 4 hours ago
ਖੰਨਾ ,20 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰਾਂ ਦੇ ਦੱਬ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ...
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  about 4 hours ago
ਐੱਸ. ਏ. ਐੱਸ. ਨਗਰ, 2੦ ਨਵੰਬਰ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਇਸ ਮਾਮਲੇ 'ਚ ਪਾਰਟੀ ਬਣਨ ਵਾਲੀ ...
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  about 4 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿੱਲ 2019 ਪਾਸ ਕਰ ਦਿੱਤਾ ਗਿਆ...
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 minute ago
ਕੋਲੰਬੋ, 20 ਨਵੰਬਰ - ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਨਾਮਜ਼ਦ ਕੀਤਾ...
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  about 5 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਮੈਂਬਰਾਂ ਦੀ ਸਿਹਤ ਦੀ ਜਾਂਚ ਲਈ ਸੰਸਦ 'ਚ ਸਿਹਤ ਜਾਂਚ ਕੇਂਦਰ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਕੀਤਾ। ਇਸ ਮੌਕੇ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 20 ਨਵੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਵੱਲੋਂ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  about 6 hours ago
ਪਠਾਨਕੋਟ, 20 ਨਵੰਬਰ (ਸੰਧੂ)- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਅੱਜ ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਇੱਕ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਡੀ. ਐੱਸ. ਪੀ. ਸਿਟੀ...
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  about 6 hours ago
ਨਵੀਂ ਦਿੱਲੀ, 20 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੇ ਵਿਦਿਆਰਥੀਆਂ ਨੂੰ ਆਪਣੇ ਅੰਦੋਲਨ ਨੂੰ ਬੰਦ ਕਰਨ, ਕਲਾਸਾਂ 'ਚ ਵਾਪਸ ਪਰਤਣ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕਰੀਨਾ

'ਗੁੱਡ ਨਿਊਜ਼' ਤਿਆਰ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਜਨਮ ਦਿਨ ਇਸ ਵਾਰ 'ਪਟੌਦੀ ਮਹਿਲ' 'ਚ ਇਤਿਹਾਸਕ ਦਿਨ ਬਣਦਾ ਨਜ਼ਰ ਆਇਆ ਸੀ। ਕਰੀਨਾ ਇਨ੍ਹਾਂ ਦਿਨਾਂ 'ਚ ਰਿਆਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ' ਦੀ ਜੱਜ ਬਣ ਕੇ ਲੋਕਾਂ ਦੇ ਸਾਹਮਣੇ ਆ ਰਹੀ ਹੈ। 'ਬੇਬੋ' ਲਈ ਇਹ ਇਕ ਤਰ੍ਹਾਂ ਦਾ ਟੀ.ਵੀ. 'ਤੇ ਸ਼ਾਨਦਾਰ ਪ੍ਰਵੇਸ਼ ਹੈ। 39 ਸਾਲ ਨੂੰ ਢੁਕ ਚੁੱਕੀ 'ਬੇਬੋ' ਨੇ ਆਪਣੇ ਜਨਮ ਦਿਨ 'ਤੇ ਬਾਸਮਤੀ ਦੇ ਚੌਲਾਂ ਦੇ ਡੇਢ ਕੱਪ ਨੂੰ ਡੇਢ ਘੰਟੇ ਲਈ ਪਾਣੀ 'ਚ ਭਿਉਂ ਕੇ ਇਸ ਵਿਚ ਦਾਲਚੀਨੀ ਦਾ ਚਮਚਾ ਪਾ ਕੇ ਦੋ-ਚਾਰ ਲੌਂਗ ਪਾ ਕੇ, ਜ਼ੀਰਾ, ਗਾਜਰ, ਫੁੱਲ ਗੋਭੀ, ਫਰਾਂਸ ਬੀਨਜ਼ ਤੇ ਦੋ ਹਰੀਆਂ ਮਿਰਚਾਂ ਨਾਲ ਲੋੜ ਅਨੁਸਾਰ ਲੂਣ ਤੇ ਸਭ ਦਾ ਸੂਪ (ਬਰਾਊਨੀਜ਼ ਦੇ ਨਾਂਅ ਨਾਲ ਜਾਣਿਆ ਜਾਂਦਾ ਸੂਪ) ਉਹ ਪੀਂਦੀ ਹੈ। ਕਰੀਨਾ ਕਪੂਰ ਅੱਜਕਲ੍ਹ ਜਿਮ ਵੀ ਜਾ ਰਹੀ ਹੈ। ਉਹ 'ਅੰਗਰੇਜ਼ੀ ਮੀਡੀਅਮ' ਫ਼ਿਲਮ ਇਰਫਾਨ ਖਾਨ ਨਾਲ ਕਰ ਰਹੀ ਹੈ। ਇਸ ਦੌਰਾਨ ਜਿਮ 'ਚ ਕਸਰਤ ਸਮੇਂ ਸਾਹ ਲੈਣ ਸਮੇਂ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਉਸ ਨੇ ਆਪਣੀ ਭਣੇਵੀਂ ਸਮਾਇਰਾ ਨੂੰ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਘੱਟ ਕਰੇ, ਕਿਉਂਕਿ ਇਹ ਵੀ ਇਕ ਮਿੱਠੀ, ਨਾਮੁਰਾਦ ਬਿਮਾਰੀ ਹੈ। ਸਮਾਇਰਾ ਅਜੇ 14 ਸਾਲ ਦੀ ਹੈ। ਕਰੀਨਾ ਜਿਸ ਨੂੰ 'ਸੈਫੀਨਾ' ਵੀ ਕਹਿੰਦੇ ਹਨ, ਦੀ ਇਕ ਫ਼ਿਲਮ 'ਗੁੱਡ ਨਿਊਜ਼' ਤਿਆਰ ਹੈ। 'ਗੁੱਡ ਨਿਊਜ਼' ਕਰੀਨਾ ਦੇ ਕੈਰੀਅਰ ਲਈ ਇਹ ਵੀ ਹੈ ਕਿ ਜਿਮ ਤੇ ਬਰਾਊਨੀਜ਼ ਦੇ ਸੂਪ ਨੇ ਉਸ ਦਾ ਚਿਹਰਾ ਹੋਰ ਆਕਰਸ਼ਕ ਬਣਾ ਦਿੱਤਾ ਹੈ। ਇਸ ਦੌਰਾਨ ਇਕ ਹੋਰ ਭੇਦ ਉਸ ਨੇ ਆਪ ਖੋਲ੍ਹਿਆ ਹੈ ਕਿ ਸ਼ਾਹਿਦ ਤੋਂ ਇਲਾਵਾ ਇਕ ਹੋਰ ਸੀ, ਜਿਸ ਨਾਲ ਵਿਆਹ ਕਰਵਾਉਣ ਦੀ ਸੋਚ ਉਸ ਅੰਦਰ ਪਿਆਰ ਨਾਲ ਆਈ ਸੀ ਤੇ ਉਹ ਸੀ ਰਿਤਿਕ ਰੌਸ਼ਨ। ਦਿਲ ਦੀ ਸਾਫ਼ ਕਰੀਨਾ ਦੀ ਸਾਫ਼ਗੋਈ ਹੀ ਉਸ ਦੇ ਜੀਵਨ ਤੇ ਕੈਰੀਅਰ ਲਈ ਹਮੇਸ਼ਾ 'ਗੁੱਡ ਨਿਊਜ਼' ਲੈ ਕੇ ਆਉਂਦੀ ਹੈ ਤੇ 'ਗੁੱਡ ਨਿਊਜ਼' ਇਹ ਵੀ ਹੈ ਕਿ ਭਣੇਵੀਂ ਸਮਾਇਰਾ ਨੇ ਮਾਸੀ ਕਰੀਨਾ ਦੀ ਗੱਲ ਮੰਨ ਲਈ ਹੈ।


ਖ਼ਬਰ ਸ਼ੇਅਰ ਕਰੋ

ਡੇਜ਼ੀ ਸ਼ਾਹ ਕੋਚ ਬਣੀ

ਡੇਜ਼ੀ ਸ਼ਾਹ ਮੁੰਬਈ ਨਗਰੀ ਦੀ ਵਸਨੀਕ ਹੈ। ਉਸ ਨੂੰ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸ਼ੌਕ ਸੀ ਜੋ ਹੌਲੀ-ਹੌਲੀ ਉਸ ਨੂੰ ਫ਼ਿਲਮਾਂ ਦੇ ਖੇਤਰ 'ਚ ਖਿੱਚ ਲਿਆਇਆ। ਸ਼ੁਰੂ-ਸ਼ੁਰੂ ਵਿਚ ਉਹ ਇਕ ਗਰੁੱਪ ਵਿਚ ਬੈਕ ਡਾਂਸਰ ਦੇ ਰੂਪ 'ਚ ਕੰਮ ਕਰਦੀ ਸੀ। ਇਕ ਦਿਨ ਮਸ਼ਹੂਰ ਕੋਰੀਓਗ੍ਰਾਫ਼ਰ ਗਣੇਸ਼ ਅਚਾਰੀਆ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਆਪਣੇ ਡਾਂਸਿੰਗ ਗਰੁੱਪ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰ ਦਿੱਤੀ। ਉਹ ਇਸ ਗਰੁੱਪ ਵਿਚ ਦੋ ਸਾਲ ਤਕ ਰਹੀ ਤੇ ਉਸ ਦੀ ਮਦਦ ਕਰਨ ਲੱਗੀ। ਫਿਰ ਫ਼ਿਲਮਾਂ 'ਬਾਡੀਗਾਰਡ' ਵਿਚ ਉਸ ਨੂੰ ਕਰੀਨਾ ਕਪੂਰ ਦੀ ਸਹੇਲੀ ਦੇ ਰੋਲ ਦੀ ਪੇਸ਼ਕਸ਼ ਹੋਈ ਤਾਂ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਪਰ ਉਹ ਦੱਖਣ ਭਾਰਤ ਦੀਆਂ ਫ਼ਿਲਮਾਂ ਕਰਨ ਲਗ ਪਈ। ਉਸ ਤੋਂ ਬਾਅਦ ਉਸ ਸਾਲ 2014 ਵਿਚ ਸਲਮਾਨ ਖਾਨ ਦੀ ਫ਼ਿਲਮ 'ਜੈ ਹੋ' ਵਿਚ ਕੰਮ ਕੀਤਾ। ਫ਼ਿਲਮ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਪਰ ਡੇਜ਼ੀ ਦੇ ਕੰਮ ਦੀ ਪ੍ਰਸੰਸਾ ਹੋਈ। ਉਹ 'ਰੇਸ-3', 'ਰਾਮ ਰਤਨ', 'ਜੈ ਹੋ', 'ਬੱਚਨ', 'ਹੇਟ ਸਟੋਰੀ' ਆਦਿ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਤਾਮਿਲ, ਕੰਨੜ ਅਤੇ ਮਲਿਆਲਮ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਹੁਣ ਉਹ ਇਕ ਗੁਜਰਾਤੀ ਫ਼ਿਲਮ 'ਗੁਜਰਾਤ-11' ਜੋ ਖੇਡਾਂ 'ਤੇ ਆਧਾਰਿਤ ਫ਼ਿਲਮ ਹੈ, ਵਿਚ ਕੰਮ ਕਰ ਰਹੀ ਹੈ। ਉਹ ਇਸ ਫ਼ਿਲਮ ਵਿਚ ਫੁੱਟਬਾਲ ਕੋਚ ਦੀ ਭੂਮਿਕਾ ਵਿਚ ਨਜ਼ਰ ਆਵੇਗੀ ਜੋ 17 ਸਾਲ ਤੋਂ ਘੱਟ ਉਮਰ ਦੀ ਫੁੱਟਬਾਲ ਟੀਮ ਨੂੰ ਕੋਚਿੰਗ ਦਿੰਦੀ ਹੈ। ਨਿਰਦੇਸ਼ਕ ਜੈਅੰਤ ਗਿਲਾਟਰ ਦੀ ਇਹ ਫ਼ਿਲਮ ਇਸ ਸਾਲ ਨਵੰਬਰ ਦੇ ਅੰਤ 'ਚ ਸਿਨੇਮਾ ਘਰਾਂ 'ਚ ਆਵੇਗੀ। ਡੇਜ਼ੀ ਨੂੰ 'ਗੁਜਰਾਤ-11' ਤੋਂ ਬੜੀਆਂ ਆਸਾਂ ਹਨ। ਇਸ ਤੋਂ ਪਹਿਲਾਂ ਉਹ ਨਿਸ਼ਾਨੇਬਾਜ਼ੀ ਦਾ ਸ਼ੌਕ ਵੀ ਪੂਰਾ ਕਰ ਚੁੱਕੀ ਹੈ।

ਦਿਸ਼ਾ ਪਟਾਨੀ

ਬਦਲਦੇ ਰਿਸ਼ਤੇ

ਯੂ-ਟਿਊਬ 'ਤੇ 'ਦਿਸ਼ਾ ਪਟਾਨੀ ਚੈਨਲ' ਹਰ ਸਮੇਂ ਦਿਸ਼ਾ ਦੀਆਂ ਫ਼ਿਲਮੀ ਦਿਸ਼ਾਵਾਂ ਤੋਂ ਉਸ ਦੇ ਚਹੇਤਿਆਂ ਨੂੰ ਵੀਡੀਓ ਦਿਖਾਉਂਦਾ ਰਹਿੰਦਾ ਹੈ। ਦਿਸ਼ਾ ਨੇ ਇਕ ਵੀਡੀਓ 'ਚ ਦੱਸਿਆ ਕਿ ਦਬਾਅ-ਰਹਿਤ ਹੋ ਕੇ ਉਹ ਫ਼ਿਲਮਾਂ ਦੀ ਚੋਣ ਕਰਦੀ ਹੈ। ਅਦਿਤਿਆ ਰਾਏ ਕਪੂਰ ਨਾਲ ਮੋਹਿਤ ਸੂਰੀ ਦੇ ਨਿਰਦੇਸ਼ਨ ਵਿਚ ਬਣੀ ਦਿਸ਼ਾ ਦੀ ਨਵੀਂ ਫ਼ਿਲਮ 'ਮਲੰਗ' ਮੁਕੰਮਲ ਹੋਣ ਦੇ ਨੇੜੇ ਹੈ। ਇਧਰ ਖਾਸ ਖ਼ਬਰ ਸੁਣੋ ਕਿ ਦਿਸ਼ਾ ਇਸ ਸਮੇਂ ਮਾਨਸਿਕ ਪ੍ਰੇਸ਼ਾਨੀ ਨਾਲ ਘਿਰ ਗਈ ਹੈ ਤੇ ਇਹ ਪ੍ਰੇਸ਼ਾਨੀ ਪ੍ਰੇਮ ਰੋਗ ਤੋਂ ਪੈਦਾ ਹੋਈ ਹੈ ਤੇ ਟਾਈਗਰ ਸ਼ਰਾਫ਼ ਦੀ ਭੈਣ ਕ੍ਰਿਸ਼ਨਾ ਸ਼ਰਾਫ਼ ਤੋਂ ਝਿੜਕਾਂ ਖਾ ਕੇ ਬੁਰੇ ਹਾਲ ਬਾਂਕੇ ਦਿਹਾੜੇ ਦੇ ਦੌਰ 'ਚ ਦਿਸ਼ਾ ਦਾ ਪੈਰ ਪੈ ਗਿਆ ਹੈ। ਦਿਸ਼ਾ ਟਾਈਗਰ ਦੀ ਜੋੜੀ ਪਰਦੇ 'ਤੇ ਸੁਪਰ ਹੈ ਤੇ ਨਿੱਜੀ ਜੀਵਨ 'ਚ ਇਹ ਪ੍ਰੇਮੀ ਜੋੜੀ ਕਾਫੀ ਪਸੰਦ ਕੀਤੀ ਜਾ ਰਹੀ ਸੀ ਪਰ ਦਿਸ਼ਾ ਦੇ ਪਿਆਰ ਨੂੰ ਸ਼ਾਇਦ ਚੰਦਰੀ ਨਜ਼ਰ ਖਾ ਗਈ ਹੈ। ਦਿਸ਼ਾ ਦਾ ਪਿਆਰ ਟਾਈਗਰ ਨਾਲ ਸਿਰੇ ਉਸ ਦੀ ਦੀਦੀ ਕ੍ਰਿਸ਼ਨਾ ਕਾਰਨ ਨਹੀਂ ਚੜ੍ਹਿਆ, ਬਲਕਿ ਸੱਚ ਤਾਂ ਇਹ ਹੈ ਕਿ ਦਿਸ਼ਾ ਦੀ ਜ਼ਿੰਦਗੀ 'ਚ ਸ਼ਿਵ ਸੈਨਾ ਨੇਤਾ ਆਦਿਤਯ ਠਾਕਰੇ ਆ ਗਿਆ ਤੇ ਟਾਈਗਰ ਦੇ ਪਰਿਵਾਰ ਨੇ ਅੱਖੀਂ ਦੇਖ ਜ਼ਹਿਰ ਪੀਣ ਨਾਲੋਂ ਟਾਈਗਰ ਨੂੰ ਕਿਹਾ ਕਿ ਹੁਣ ਗੱਲ 'ਦੋਸਤੀ' ਸ਼ਬਦ ਤੱਕ ਉਹ ਦਿਸ਼ਾ ਨਾਲ ਸਬੰਧਿਤ ਸੀਮਤ ਕਰ ਲਏ ਤਾਂ ਚੰਗਾ ਰਹੇਗਾ। ਜਿਮਨਾਸਟਿਕ ਦੀ ਖਿਡਾਰਨ ਰਹੀ ਦਿਸ਼ਾ ਪਟਾਨੀ ਦਾ ਦਿਲ, ਰੰਗ ਸਭ ਬਦਲ ਗਿਆ ਹੈ। ਦੋ ਸਾਲ ਪਹਿਲਾਂ ਸਟੰਟ ਕਰਦੀ ਡਿਗ ਪਈ ਸੀ ਤੇ 6 ਮਹੀਨੇ ਸੱਟ ਕਾਰਨ ਹੋਸ਼-ਹਵਾਸ ਵੀ ਉਹ ਗੁਆ ਬੈਠੀ ਸੀ। ਹੁਣ ਅਦਿਤਯ ਨਾਲ ਨਵਾਂ ਰਿਸ਼ਤਾ ਕਾਇਮ ਕਰ ਕੇ ਦਿਸ਼ਾ ਨੇ ਟਾਈਗਰ ਦੇ ਹੋਸ਼ ਭੁਲਾ ਦਿੱਤੇ ਹਨ। ਦਿਸ਼ਾ ਪਟਾਨੀ ਦੇ ਮਚਲਦੇ ਦਿਲ ਨੇ ਟਾਈਗਰ ਦੀ ਥਾਂ ਅਦਿਤਯ ਨੂੰ ਪ੍ਰੇਮ ਪੰਛੀ ਤਾਂ ਬਣਾਇਆ ਹੈ ਪਰ ਦਿਸ਼ਾ ਦਾ ਇਸ ਤਰ੍ਹਾਂ 'ਬਾਗ਼ੀ' ਹੋਣਾ ਇਕ ਦਿਨ ਉਸ ਨੂੰ ਹੀ 'ਡਿਪਰੈਸ਼ਨ' ਦੇ ਡੂੰਘੇ ਦੌਰ 'ਚ ਲਿਜਾ ਸਕਦਾ ਹੈ।

ਟਾਈਗਰ ਸ਼ਰਾਫ਼

'ਖਲਨਾਇਕ' ਦੀ 'ਵਾਰ'

ਫ਼ਿਲਮ 'ਵਾਰ' ਦੇ ਗੀਤ 'ਜੈ-ਜੈ ਸ਼ਿਵਸ਼ੰਕਰ' ਦੇ ਆਉਣ ਦੀ ਦੇਰ ਹੀ ਸੀ ਕਿ ਆਉਂਦੇ ਸਾਰ ਹੀ ਇਸ ਗੀਤ ਨੇ ਟਾਈਗਰ ਸ਼ਰਾਫ਼ ਦੀ ਚਰਚਾ ਐਨੀ ਕਰਵਾਈ ਹੈ ਕਿ ਪਿਛਲੇ ਚਰਚਾ ਦੇ ਸਾਰੇ ਰਿਕਾਰਡ ਮਾਤ ਹੋ ਗਏ। ਚਾਰ ਲੱਖ ਤੋਂ ਵੱਧ 'ਲਾਈਕਸ' ਘੰਟਿਆਂ 'ਚ ਹੀ ਮਿਲ ਗਏ। ਟਾਈਗਰ 'ਵਾਰ' ਦੇ 'ਜੈ-ਜੈ ਸ਼ਿਵਸ਼ੰਕਰ' ਗਾਣੇ ਵਿਚ ਰਿਤਿਕ ਰੌਸ਼ਨ ਨਾਲ ਅਜਿਹਾ ਨੱਚਿਆ ਹੈ ਕਿ ਧਰਤ ਹਿੱਲਣ ਵਾਲੀ ਗੱਲ। 'ਵਾਰ' ਦੇ ਟ੍ਰੇਲਰ ਤੋਂ ਵੀ ਟਾਈਗਰ ਖੁਸ਼ ਹੈ ਤੇ ਗਾਂਧੀ ਜੈਅੰਤੀ-ਸ਼ਾਸਤਰੀ ਜੀ ਦੀ ਜੈਅੰਤੀ 'ਤੇ ਟਾਈਗਰ ਦੀ ਇਹ ਫ਼ਿਲਮ ਆ ਰਹੀ ਹੈ। 'ਬਾਗ਼ੀ-3' 'ਚ ਟਾਈਗਰ ਨਾਲ ਇਸ ਵਾਰ 'ਪਵਿੱਤਰ ਰਿਸ਼ਤਾ' ਲੜੀਵਾਰ ਵਾਲੀ ਅੰਕਿਤਾ ਲੋਖੰਡੇ ਨਾਇਕਾ ਹੋਵੇਗੀ। ਸ਼ਰਧਾ ਕਪੂਰ ਦੀ ਫ਼ਿਲਮ 'ਚ ਹੈ। ਹਾਲਾਂਕਿ ਸਮੇਂ ਦੀ ਘਾਟ ਕਾਰਨ 'ਵਾਰ' ਦੇ ਪ੍ਰਚਾਰ 'ਤੇ ਟਾਈਗਰ ਤੇ ਰਿਤਿਕ ਇਕੱਠੇ ਨਹੀਂ ਹੋਏ ਪਰ 'ਵਾਰ' 'ਚ ਦੋਵਾਂ ਦੀ ਜੋੜੀ 'ਘੁੰਗਰੂ' ਦੀ ਤਾਲ 'ਤੇ ਨਚਾਏਗੀ ਤੇ ਦਰਸ਼ਕ 'ਜੈ-ਜੈ ਸ਼ਿਵਸ਼ੰਕਰ' ਗੀਤ 'ਤੇ ਝੂਮਣਗੇ। 1993 ਦੀ 'ਖਲਨਾਇਕ' ਫਿਰ ਨਵੇਂ ਰੂਪ 'ਚ ਆਏਗੀ ਤੇ ਇਸ ਵਿਚ ਸੰਜੇ ਦੱਤ ਵਾਲਾ ਰੋਲ ਟਾਈਗਰ ਕਰੇਗਾ ਅਜਿਹੀ ਸੰਭਾਵਨਾ ਹੈ। 'ਮੂਡ ਹੈ ਭਿਅੰਕਰ ਜੈ-ਜੈ ਸ਼ਿਵਸ਼ੰਕਰ'। ਟਾਈਗਰ ਚਾਹੇ ਰਿਤਿਕ ਨੂੰ ਆਪਣਾ ਉਸਤਾਦ ਮੰਨਦਾ ਹੈ ਪਰ ਕਦੇ-ਕਦੇ ਗੁਰੂ ਚੇਲੇ ਦੀ ਜ਼ਬਾਨੀ ਜੰਗ ਕਮਾਲ ਦੀ ਹੁੰਦੀ ਹੈ। 2 ਅਕਤੂਬਰ ਨੂੰ ਟਾਈਗਰ ਤੈਨੂੰ ਦੇਖ ਲਵਾਂਗਾ ਤੇ ਇਹ ਗੱਲ ਰਿਤਿਕ ਨੇ ਟਾਈਗਰ ਨੂੰ ਕਹੀ ਤੇ ਟਾਈਗਰ ਨੇ ਜਵਾਬ ਦਿੱਤਾ ਹੈ ਕਿ ਯੁੱਧ 'ਚ ਇਕ ਹੀ ਜਿੱਤਦਾ ਹੈ ਤੇ ਉਹ ਦੋ-ਦੋ ਹੱਥ ਲਈ ਤਿਆਰ ਹੈ। ਜਨਾਬ ਇਹ ਸੱਚ ਦੀ ਜੰਗ ਨਹੀਂ, ਫ਼ਿਲਮ 'ਵਾਰ' ਦੇ ਪ੍ਰਚਾਰ ਲਈ ਟਾਈਗਰ-ਰਿਤਿਕ ਦਾ ਵਾਕ ਯੁੱਧ ਹੈ। ਐਸਿਕਸ ਦੇ 'ਬਰਾਂਡ ਅੰਬੈਸਡਰ' ਬਣੇ ਟਾਈਗਰ ਸ਼ਰਾਫ਼ ਨੂੰ 'ਬਾਗ਼ੀ' ਕਹੋ ਜਾਂ ਭਿਅੰਕਰ ਮੂਡ ਵਾਲਾ ਰਿਤਿਕ ਦਾ ਚੇਲਾ ਤੇ ਜਾਂ 'ਖਲਨਾਇਕ' ਫ਼ਿਲਮੀ ਹੈ ਤੇ ਉਹ ਛੇਤੀ ਕਿਤੇ ਹਾਰਨ ਵਾਲਾ ਨਹੀਂ ਹੈ।


-ਸੁਖਜੀਤ ਕੌਰ

ਨਵੀਂ ਪਛਾਣ ਬਣੀ

ਕੁਬਰਾ ਸੈਤ

ਕ੍ਰਾਈਮ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਵਿਚ ਸੈਫ਼ ਅਲੀ ਖਾਨ, ਨਿਵਾਜੂਦੀਨ ਸਿਦੀਕੀ, ਪੰਕਜ ਤ੍ਰਿਪਾਠੀ, ਰਣਵੀਰ ਸ਼ੌਰੀ ਸਮੇਤ ਹੋਰ ਵੀ ਕਈ ਨਾਮੀ ਕਲਾਕਾਰਾਂ ਨੂੰ ਚਮਕਾਇਆ ਗਿਆ ਹੈ। ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਵੈੱਬ ਸੀਰੀਜ਼ ਦੀ ਬਦੌਲਤ ਸਭ ਤੋਂ ਜ਼ਿਆਦਾ ਫਾਇਦਾ ਕੁਬਰਾ ਸੈਤ ਨੂੰ ਮਿਲਿਆ ਹੈ। ਜਦੋਂ ਕੁਬਰਾ ਨੂੰ ਇਹ ਸੀਰੀਜ਼ ਦੀ ਪੇਸ਼ਕਸ਼ ਕੀਤੀ ਗਈ ਸੀ ਉਦੋਂ ਉਹ ਇਸ ਵਿਚ ਕੰਮ ਕਰਨ ਨੂੰ ਲੈ ਕੇ ਦੁਬਿਧਾ ਵਿਚ ਸੀ। ਇਸ ਤਰ੍ਹਾਂ ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ 'ਤੇ ਭਰੋਸਾ ਰੱਖ ਕੇ ਕੁਬਰਾ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਈ। ਕੁਬਰਾ ਵਲੋਂ ਇਸ ਵਿਚ ਕੁੱਕੂ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਕਿ ਕਿੰਨਰ ਹੈ। ਇਸ ਕਿਰਦਾਰ ਲਈ ਹਾਂ ਕਹਿਣ ਬਾਰੇ ਉਹ ਕਹਿੰਦੀ ਹੈ, 'ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਮੈਂ ਟੀ. ਵੀ. ਹੋਸਟ ਤੇ ਆਰ.ਜੇ. ਸੀ। ਇਸ ਵਜ੍ਹਾ ਕਰਕੇ ਮੈਨੂੰ ਇਸੇ ਤਰ੍ਹਾਂ ਦੀਆਂ ਭੂਮਿਕਾਵਾਂ ਦੀ ਪੇਸ਼ਕਸ਼ ਹੋ ਰਹੀ ਸੀ। 'ਸੁਲਤਾਨ' ਵਿਚ ਵੀ ਮੈਨੂੰ ਐਂਕਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਮੈਂ 'ਗਲੀ ਬੁਆਏ', 'ਰੈਡੀ' ਆਦਿ ਵੱਡੀਆਂ ਫ਼ਿਲਮਾਂ ਵੀ ਕੀਤੀਆਂ ਪਰ ਜੋ ਨਾਂਅ ਕਮਾਉਣ ਦੀ ਖਵਾਹਿਸ਼ ਲੈ ਕੇ ਮੈਂ ਇਥੇ ਆਈ ਸੀ, ਉਹ ਖਵਾਇਸ਼ ਪੂਰੀ ਨਹੀਂ ਹੋ ਸਕੀ ਸੀ। ਆਖ਼ਿਰ 'ਸੈਕ੍ਰੇਡ ਗੇਮਸ' ਦੀ ਬਦੌਲਤ ਮੇਰੀ ਇਹ ਇੱਛਾ ਪੂਰੀ ਹੋਈ ਹੈ। ਇਸ ਵੈੱਬ ਸੀਰੀਜ਼ ਨੇ ਮੈਨੂੰ ਨਵੀਂ ਪਛਾਣ ਦਿੱਤੀ ਹੈ। ਪਹਿਲਾਂ ਤਾਂ ਲੱਗ ਰਿਹਾ ਸੀ ਕਿ ਇਸ ਵਿਚ ਕਈ ਵੱਡੇ ਨਾਂਅ ਵਾਲੇ ਕਲਾਕਾਰ ਹਨ ਤੇ ਉਨ੍ਹਾਂ ਦੀ ਭੀੜ ਵਿਚ ਮੈਂ ਗਵਾਚ ਜਾਵਾਂਗੀ ਅਤੇ ਮੇਰਾ ਕੰਮ ਕਿਸੇ ਦੇ ਧਿਆਨ ਵਿਚ ਨਹੀਂ ਆਵੇਗਾ। ਪਰ ਮੇਰੀ ਇਹ ਸੋਚ ਗ਼ਲਤ ਨਿਕਲੀ ਅਤੇ ਜਿਸ ਤਰ੍ਹਾਂ ਦਾ ਹੁੰਗਾਰਾ ਮੈਨੂੰ ਮਿਲਿਆ ਇਹ ਦੇਖ ਕੇ ਕਹਿਣਾ ਹੋਵੇਗਾ ਕਿ ਇਹ ਵੈੱਬ ਸੀਰੀਜ਼ ਮੇਰੇ ਲਈ ਜੈਕਪਾਟ ਸਾਬਿਤ ਹੋਈ। ਉਂਝ, ਕੁੱਕੂ ਦੀ ਭੂਮਿਕਾ ਲਈ ਚੰਗੀ ਮਿਹਨਤ ਕਰਨੀ ਪਈ ਸੀ ਅਤੇ ਇਸ ਮਿਹਨਤ ਦਾ ਮਿੱਠਾ ਫਲ ਮਿਲਣ 'ਤੇ ਚੰਗਾ ਲੱਗ ਰਿਹਾ ਹੈ।' 'ਸੈਕ੍ਰੇਡ ਗੇਮਸ' ਦੀ ਬਦੌਲਤ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਕੁਬਰਾ ਨੇ ਹੁਣ ਇਕ ਹੋਰ ਵੈੱਬ ਸੀਰੀਜ਼ 'ਰਿਜੈਕਟਸ' ਵਿਚ ਕੰਮ ਕੀਤਾ ਹੈ ਅਤੇ ਇਹ ਗੋਲਡੀ ਬਹਿਲ ਵਲੋਂ ਬਣਾਈ ਗਈ ਹੈ। ਅਤੇ ਹਾਂ, ਇਸ ਵਿਚ ਕੁਬਰਾ ਨੂੰ ਗਲੈਮਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਨਾ ਕਿ ਕਿੰਨਰ ਬਣਾ ਕੇ।

ਬਾਲੀਵੁੱਡ ਵਿਚ ਰੁੱਝੀ

ਐਂਜੇਲਾ

ਐਂਜੇਲਾ ਕ੍ਰਿਸਲਿਨਕੀ। ਨਾਂਅ ਸੁਣ ਕੇ ਲੱਗੇਗਾ ਕਿ ਇਹ ਵਿਦੇਸ਼ੀ ਕੁੜੀ ਹੋਵੇਗੀ। ਪਰ ਇਹ ਭਾਰਤੀ ਸੁੰਦਰੀ ਹੈ ਅਤੇ ਹੁਣ ਬਾਲੀਵੁੱਡ ਦੀ ਬਦੌਲਤ ਜਲਦੀ ਹੀ ਸਿਨੇ ਪ੍ਰੇਮੀ ਲੋਕ ਇਸ ਨਾਂਅ ਤੋਂ ਜਾਣੂ ਹੋ ਜਾਣਗੇ। ਉਹ ਇਸ ਲਈ, ਕਿਉਂਕਿ ਹਿੰਦੀ ਫ਼ਿਲਮ ਇੰਡਸਟਰੀ ਵਿਚ ਆਉਂਦਿਆਂ ਹੀ ਐਂਜੇਲਾ ਨੂੰ ਕਈ ਵੱਡੇ ਪ੍ਰਾਜੈਕਟ ਮਿਲ ਗਏ ਹਨ।
ਬਾਲੀਵੁੱਡ ਵਿਚ ਐਂਜੇਲਾ ਦੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਉਸ ਨੇ ਰਿਤਿਕ ਰੌਸ਼ਨ ਨਾਲ ਇਕ ਐਡ ਫ਼ਿਲਮ ਵਿਚ ਕੰਮ ਕੀਤਾ। ਰਿਤਿਕ ਵਰਗੇ ਸਟਾਰ ਦੇ ਨਾਲ ਐਡ ਫ਼ਿਲਮ ਵਿਚ ਕੰਮ ਮਿਲਣਾ ਆਪਣੇ-ਆਪ ਵਿਚ ਪ੍ਰਾਪਤੀ ਹੈ। ਹੁਣ ਉਹ ਸ਼ਾਦ ਅਲੀ ਅਤੇ ਸਿਧਾਰਥ ਮਲਹੋਤਰਾ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਵੈੱਬ ਸੀਰੀਜ਼ 'ਪਵਨ ਐਂਡ ਪੂਜਾ' ਵਿਚ ਕੰਮ ਕਰ ਰਹੀ ਹੈ। ਇਸ ਵਿਚ ਉਹ ਪੂਜਾ ਦਾ ਕਿਰਦਾਰ ਨਿਭਾਅ ਰਹੀ ਹੈ ਤੇ ਪਵਨ ਬਣੇ ਹਨ ਸ਼ਰਮਨ ਜੋਸ਼ੀ। ਤੇਲਗੂ ਫ਼ਿਲਮ ਇੰਡਸਟਰੀ ਤੋਂ ਆਈ ਐਂਜੇਲਾ ਇਕ ਵੀਡੀਓ ਐਲਬਮ ਵਿਚ ਵੀ ਚਮਕ ਰਹੀ ਹੈ। ਗਾਇਕਾ ਜਯੋਤਿਕਾ ਟੰਗਰੀ ਦੀ ਆਵਾਜ਼ ਨਾਲ ਸਜੇ ਇਸ ਗੀਤ ਦੇ ਵੀਡੀਓ ਵਿਚ ਐਂਜੇਲਾ ਦੇ ਨਾਲ ਵਿਨ ਰਾਣਾ ਹੈ ਅਤੇ ਇਹ ਵੀਡੀਓ ਦੇ ਨਿਰਦੇਸ਼ਕ ਹਨ ਅਸਲਮ ਖਾਨ। ਐਂਜੇਲਾ ਨੂੰ ਦੋ ਫ਼ਿਲਮਾਂ ਵੀ ਮਿਲ ਗਈਆਂ ਹਨ। ਇਨ੍ਹਾਂ ਵਿਚੋਂ ਇਕ ਵਿਚ ਉਸ ਦੇ ਨਾਇਕ ਹਨ ਸ਼੍ਰੇਅਸ ਤਲਪੜੇ ਅਤੇ ਦੂਜੀ ਫ਼ਿਲਮ 'ਮਲੰਗ' ਦੇ ਨਿਰਦੇਸ਼ਕ ਹਨ ਮੋਹਿਤ ਸੂਰੀ। ਐਂਜੇਲਾ ਅਨੁਸਾਰ ਇਨ੍ਹਾਂ ਫ਼ਿਲਮਾਂ ਬਾਰੇ ਅਧਿਕਾਰਕ ਜਾਣਕਾਰੀ ਨਿਰਮਾਤਾ ਵਲੋਂ ਦਿੱਤੀ ਜਾਵੇਗੀ।

ਕੰਗਨਾ ਰਣੌਤ

ਜਯਾ ਦੀ ਸ਼ਰਧਾ

ਬਾਲੀਵੁੱਡ ਦੀ ਰਾਣੀ ਕੰਗਨਾ ਰਣੌਤ ਇਸ ਸਮੇਂ ਪੂਰਾ ਸਮਾਂ ਤਾਮਿਲਨਾਡੂ ਦੀ ਸਵਰਗੀ ਮੁੱਖ ਮੰਤਰੀ ਜੈਲਲਿਤਾ 'ਤੇ ਬਣ ਰਹੀ ਬਾਇਓਪਿਕ 'ਜਯਾ' ਲਈ ਦੇ ਰਹੀ ਹੈ। ਪਹਿਲੀ ਵਾਰ ਕੰਗਨਾ ਦੀ ਦਿੱਖ, ਰੂਪ, ਸੂਰਤ ਤੇ ਸੀਰਤ 'ਚ 'ਜਯਾ' ਲਈ ਬਦਲਾਓ ਹੋਵੇਗਾ। ਭੈਣ ਰੰਗੋਲੀ ਨਾਲ ਮੰਦਰ ਜਾ ਕੇ ਪੂਜਾ ਤੋਂ ਪਰਤੀ ਕੰਗਨਾ ਨੇ ਕਿਹਾ ਕਿ ਲੋਕ ਦੇਖ ਹੈਰਾਨ ਹੋਣਗੇ, ਇਹ ਕੰਗਨਾ ਹੈ। ਬਿਹਤਰੀਨ ਅਹਿਸਾਸ ਹੈ ਜੈਲਲਿਤਾ ਬਣਨਾ। ਨਿਰਸਵਾਰਥ ਹੋ ਕੇ ਕੰਗਨਾ ਰਣੌਤ 'ਜਯਾ' ਦੇ ਕਿਰਦਾਰ 'ਚ ਜਾਨ ਪਾਉਣ ਲਈ ਤਿਆਰ ਹੈ। 'ਜਯਾ' ਤਾਮਿਲ ਤੇ ਹਿੰਦੀ ਦੋਵਾਂ ਭਾਸ਼ਾਵਾਂ 'ਚ ਬਣੇਗੀ। ਏ.ਐਲ. ਵਿਜੈ ਦੀ ਡਾਇਰੈਕਸ਼ਨ ਹੇਠ 'ਮਿਸ ਪਹਾੜਨ', 'ਜਯਾ' ਬਣਨ ਲਈ ਆਪਣੇ ਵਲੋਂ 100 ਫ਼ੀਸਦੀ ਤਿਆਰ ਹੈ। ਅਧਿਆਤਮਿਕ ਗੁਰੂ ਜੱਗੀ ਵਾਸੂਦੇਵ ਦੇ ਸਤਿਸੰਗ 'ਚ ਅੱਜਕਲ੍ਹ ਕੰਗਨਾ ਸ਼ਾਮਿਲ ਹੋ ਰਹੀ ਹੈ। ਲਾਸ ਏਂਜਲਸ ਤੋਂ 'ਥਲਾਇਵੀ' ਦੀ ਟੀਨਾ ਨਾਲ ਹਾਲੀਵੁੱਡ ਦੇ ਐਕਸਪਰਟ ਜੈਸਨ ਤੋਂ ਕਈ ਤਰ੍ਹਾਂ ਦੇ 'ਲੁੱਕ ਟੈਸਟ' ਉਸ ਨੇ ਕਰਵਾਏ ਹਨ। ਇਹ ਸਭ ਕੁਝ ਫ਼ਿਲਮ 'ਜਯਾ' ਲਈ ਹੀ ਹੋ ਰਿਹਾ ਹੈ। ਕੰਗਨਾ ਸਮਰਪਿਤ ਹੈ ਆਪਣੇ ਅਭਿਨੈ ਨੂੰ ਕਿਰਦਾਰ ਦਾ ਅਸਲ ਬਣ ਪਰਦੇ 'ਤੇ ਵਿਚਰਨਾ ਉਸ ਦੀ ਖਾਹਿਸ਼ ਹੈ ਤੇ ਇਹੀ 'ਜਯਾ' ਕੰਗਨਾ ਦੀ ਕਾਮਯਾਬੀ ਦਾ ਰਾਜ਼ ਹੈ।

'ਗਿਲਟੀ' ਵਿਚ ਕਿਆਰਾ ਅਡਵਾਨੀ

ਫ਼ਿਲਮ 'ਕਬੀਰ ਸਿੰਘ' ਦੀ ਸਫ਼ਲਤਾ ਤੋਂ ਬਾਅਦ ਕਿਆਰਾ ਅਡਵਾਨੀ ਦੀ ਬੱਲੇ-ਬੱਲੇ ਹੈ। ਬਾਲੀਵੁੱਡ ਵਿਚ ਉਸ ਦੀ ਮੰਗ ਬਹੁਤ ਵਧ ਗਈ ਹੈ। ਇਸ ਤਰ੍ਹਾਂ ਭਲਾ ਕਿਆਰਾ ਦੇ ਨਾਂਅ ਦਾ ਲਾਹਾ ਲੈਣ ਵਿਚ ਕਰਨ ਜੌਹਰ ਕਿੱਥੇ ਪਿੱਛੇ ਰਹਿਣ ਵਾਲੇ ਸਨ। ਹੁਣ ਕਰਨ ਨੇ ਇਸ ਨਵੀਂ ਸਟਾਰ ਨੂੰ ਆਪਣੀ ਫ਼ਿਲਮ 'ਗਿਲਟੀ' ਲਈ ਕਰਾਰਬੱਧ ਕਰ ਲਿਆ ਹੈ। ਇਸ ਫ਼ਿਲਮ ਦਾ ਨਿਰਮਾਣ ਨੈਟਫਿਲਕਸ ਲਈ ਕੀਤਾ ਜਾ ਰਿਹਾ ਹੈ। ਕਿਆਰਾ ਨੇ ਪਹਿਲਾਂ ਨੈਟਫਿਲਕਸ ਲਈ 'ਲਸਟ ਸਟੋਰੀਜ਼' ਵਿਚ ਕੰਮ ਕੀਤਾ ਸੀ ਅਤੇ ਹੁਣ ਉਸ ਨੂੰ ਵੱਡੀ ਕੀਮਤ 'ਤੇ ਸਾਈਨ ਕੀਤਾ ਗਿਆ ਹੈ। ਕਿਆਰਾ ਦੀ ਕੀਮਤ ਵਿਚ ਵਾਧੇ ਦਾ ਸਿਹਰਾ 'ਕਬੀਰ ਸਿੰਘ' ਨੂੰ ਜਾਂਦਾ ਹੈ।
'ਗਿਲਟੀ' ਦੀ ਨਿਰਦੇਸ਼ਿਕਾ ਹੈ ਰੁਚੀ ਨਾਰਾਇਣ ਅਤੇ ਇਸ ਵਿਚ ਕਿਆਰਾ ਨੂੰ ਛੋਟੇ ਸ਼ਹਿਰ ਦੀ ਕੁੜੀ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ। 'ਕਬੀਰ ਸਿੰਘ' ਦੀ ਤਰ੍ਹਾਂ ਇਥੇ ਵੀ ਕਿਆਰਾ ਦੇ ਹਿੱਸੇ ਕਾਲਜ ਦੀ ਵਿਦਿਆਰਥਣ ਦੀ ਭੂਮਿਕਾ ਆਈ ਹੈ ਅਤੇ ਇਥੇ ਉਸ ਨੂੰ ਆਏ ਇਕ ਹਾਦਸੇ ਲਈ ਕਾਲਜ ਦੇ ਮਸ਼ਹੂਰ ਮੁੰਡੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਦਿਖਾਇਆ ਜਾਵੇਗਾ। ਅਖੀਰ ਵਿਚ ਇਹ ਸਾਹਮਣੇ ਆਵੇਗਾ ਕਿ ਕੀ ਸੱਚ ਸੀ ਅਤੇ ਕੀ ਝੂਠ।
'ਕਬੀਰ ਸਿੰਘ' ਵਿਚ ਜਿਥੇ ਉਹ ਸਹਿਮੀ ਹੋਈ ਕੁੜੀ ਦੀ ਭੂਮਿਕਾ ਵਿਚ ਪੇਸ਼ ਹੋਈ ਸੀ, ਉਸ ਤੋਂ ਉਲਟ 'ਗਿਲਟੀ' ਵਿਚ ਉਸ ਨੂੰ ਬੋਲਡ ਅਵਤਾਰ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਉਸ ਦੀ ਦਿੱਖ 'ਤੇ ਕੰਮ ਚੱਲ ਰਿਹਾ ਹੈ ਤਾਂ ਕਿ ਪਰਦੇ 'ਤੇ ਉਸ ਦੀ ਧਾਕੜ ਦਿੱਖ ਪੇਸ਼ ਹੋਵੇ।


-ਮੁੰਬਈ ਪ੍ਰਤੀਨਿਧ

ਆ ਗਈ ਕੈਟਰੀਨਾ ਦੀ ਹਮਸ਼ਕਲ

ਬਾਲੀਵੁੱਡ ਵਿਚ ਹੀਰੋ ਦੇ ਹਮਸ਼ਕਲ ਨੂੰ ਅਕਸਰ ਆਉਂਦੇ ਦੇਖਿਆ ਗਿਆ ਹੈ। ਇਨ੍ਹਾਂ ਹਮਸ਼ਕਲ ਕਲਾਕਾਰਾਂ ਨੂੰ ਲੈ ਕੇ ਫ਼ਿਲਮਾਂ ਵੀ ਬਣਦੀਆਂ ਦੇਖੀਆਂ ਗਈਆਂ ਹਨ। ਨਾਮੀ ਕਾਮੇਡੀਅਨ ਆਈ. ਐਸ. ਜੌਹਰ ਨੇ 'ਨਸਬੰਦੀ' ਵਿਚ ਦੇਵ ਆਨੰਦ, ਅਮਿਤਾਭ ਬੱਚਨ, ਸ਼ਸ਼ੀ ਕਪੂਰ, ਸ਼ਤਰੂਘਨ ਸਿਨ੍ਹਾ, ਰਾਜੇਸ਼ ਖੰਨਾ ਤੇ ਮਨੋਜ ਕੁਮਾਰ ਦੇ ਹਮਸ਼ਕਲ ਕਲਾਕਾਰਾਂ ਨੂੰ ਚਮਕਾਇਆ ਸੀ ਤੇ ਨਿਰਦੇਸ਼ਕ ਅਜੀਤ ਦੇਵਾਨੀ ਨੇ ਦੇਵ ਆਨੰਦ, ਅਮਿਤਾਭ ਬੱਚਨ, ਗੋਵਿੰਦਾ ਤੇ ਅਨਿਲ ਕਪੂਰ ਦੇ ਹਮਸ਼ਕਲਾਂ ਨੂੰ ਲੈ ਕੇ 'ਰਾਮਗੜ੍ਹ ਕੇ ਸ਼ੋਅਲੇ' ਬਣਾਈ ਸੀ। ਦੇਵ ਆਨੰਦ ਦੇ ਹਮਸ਼ਕਲ ਕਿਸ਼ੋਰ ਭਾਨੁਸ਼ਾਲੀ ਅੱਜ ਵੀ ਫ਼ਿਲਮ ਜਾਂ ਲੜੀਵਾਰ ਵਿਚ ਦੇਖੇ ਜਾਂਦੇ ਹਨ।
ਭਾਵ ਹੀਰੋ ਦੇ ਹਮਸ਼ਕਲ ਨੂੰ ਪਰਦੇ 'ਤੇ ਦੇਖਣਾ ਨਵੀਂ ਗੱਲ ਨਹੀਂ ਹੈ। ਹਾਂ, ਹੀਰੋਇਨ ਦੀ ਹਮਸ਼ਕਲ ਸਾਲਾਂ ਬਾਅਦ ਕਦੀ ਕਦੀ ਦੇਖਣ ਨੂੰ ਮਿਲ ਜਾਂਦੀ ਹੈ। ਇਸ ਤਰ੍ਹਾਂ ਹੁਣ ਐਲੀਨਾ ਰਾਏ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਇਸ ਲਈ ਕਿਉਂਕਿ ਉਹ ਕੈਟਰੀਨਾ ਦੀ ਹਮਸ਼ਕਲ ਲਗਦੀ ਹੈ। ਨਿਰਦੇਸ਼ਕ ਵਿਜੇ ਪਾਲ ਨੇ 'ਲਖਨਊ ਜੰਕਸ਼ਨ' ਵਿਚ ਐਲੀਨਾ ਨੂੰ ਮੌਕਾ ਦਿੱਤਾ ਹੈ ਅਤੇ ਕਹਿਣਾ ਹੋਵੇਗਾ ਕਿ ਐਲੀਨਾ ਦੀ ਵਜ੍ਹਾ ਕਰਕੇ ਇਹ ਫ਼ਿਲਮ ਵੀ ਚਰਚਾ ਵਿਚ ਆ ਗਈ ਹੈ।
ਐਲੀਨਾ ਅਨੁਸਾਰ ਇਹ ਸਿਰਫ਼ ਸੰਯੋਗ ਹੀ ਹੈ ਕਿ ਉਸ ਦੀ ਸ਼ਕਲ ਕੈਟਰੀਨਾ ਨਾਲ ਮਿਲਦੀ ਹੈ ਅਤੇ ਇਸੇ ਸੰਯੋਗ ਦੀ ਵਜ੍ਹਾ ਨਾਲ ਉਸ ਨੂੰ ਇਹ ਫ਼ਿਲਮ ਮਿਲੀ ਹੈ।
ਉਂਝ, ਸੱਤਰ ਦੇ ਦਹਾਕੇ ਵਿਚ ਸੋਨਾ ਨਾਮੀ ਇਕ ਹੀਰੋਇਨ ਆਈ ਸੀ ਜਿਸ ਦੀ ਸ਼ਕਲ ਮਧੂਬਾਲਾ ਨਾਲ ਮਿਲਦੀ ਸੀ। ਉਦੋਂ ਉਸ ਨੇ 'ਕੱਚੇ ਧਾਗੇ' ਸਮੇਤ ਕੁਝ ਫ਼ਿਲਮਾਂ ਕੀਤੀਆਂ ਸਨ। ਬਾਅਦ ਵਿਚ ਉਹ ਆਪਣੀ ਸ਼ਕਲ ਦੀ ਵਜ੍ਹਾ ਕਰਕੇ ਨਹੀਂ ਸਗੋਂ ਸਮੱਗਲਰ ਹਾਜੀ ਮਸਤਾਨ ਨਾਲ ਆਪਣੇ ਸਬੰਧਾਂ ਦੀ ਵਜ੍ਹਾ ਕਰਕੇ ਚਰਚਾ ਵਿਚ ਰਹੀ ਸੀ।


-ਮੁੰਬਈ ਪ੍ਰਤੀਨਿਧ

ਅਦਾਕਾਰੀ ਅਤੇ ਕਾਰੋਬਾਰ ਦਾ ਸੁਮੇਲ ਅਵਤਾਰ ਸਿੰਘ ਅਰੋੜਾ

ਪਟਿਆਲਾ ਸ਼ਹਿਰ ਨਾਲ ਸੰਬੰਧਤ ਅਵਤਾਰ ਸਿੰਘ ਅਰੋੜਾ ਕਿੱਤੇ ਵਜੋਂ ਹੋਟਲ, ਹਸਪਤਾਲ ਅਤੇ ਸਿੱਖਿਆ ਸੰਸਥਾਵਾਂ ਦਾ ਮਾਲਕ ਹੈ। ਪਟਿਆਲਾ ਵਿਖੇ ਦਸਵੀਂ ਜਮਾਤ ਤੋਂ ਬਾਅਦ ਹਰਪਾਲ ਟਿਵਾਣਾ ਦੇ ਸੰਪਰਕ ਵਿਚ ਆ ਕੇ ਉਹ ਨਾਟਕਾਂ ਵਿਚ ਭਾਗ ਲੈਣ ਲੱਗ ਪਿਆ। ਉਸ ਨੇ ਭਾਵੇਂ ਕਾਰੋਬਾਰੀ ਖੇਤਰ ਵਿਚ ਵੀ ਆਪਣੀ ਪਛਾਣ ਬਣਾਈ ਹੈ ਪਰੰਤੂ ਰੰਗਮੰਚ ਅਤੇ ਫ਼ਿਲਮੀ ਅਦਾਕਾਰ ਵਜੋਂ ਆਪਣੇ ਸ਼ੌਕ ਨੂੰ ਮੱਠਾ ਨਹੀਂ ਪੈਣ ਦਿੱਤਾ। ਰਾਜ ਬੱਬਰ ਨੇ ਪਟਿਆਲਾ ਆ ਕੇ ਉਸ ਨੂੰ 'ਮਹਾਰਾਜਾ ਰਣਜੀਤ ਸਿੰਘ' ਸੀਰੀਅਲ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੋਤਰੇ ਦੀ ਭੂਮਿਕਾ ਨਿਭਾਉਣ ਲਈ ਅਵਸਰ ਦਿੱਤਾ। ਅਰੋੜਾ ਨੇ ਇਸ ਸੀਰੀਅਲ ਦੇ ਪਹਿਲੇ ਅੱਠ ਐਪੀਸੋਡਾਂ ਵਿਚ ਭੂਮਿਕਾ ਨਿਭਾਈ। ਉਪਰੰਤ ਉਸ ਨੇ 'ਆਪਣੀ ਬੋਲੀ ਆਪਣਾ ਦੇਸ' ਫ਼ਿਲਮ ਵਿਚ ਵੀ ਕੰਮ ਕੀਤਾ ਅਤੇ ਗੁੱਡੂ ਧਨੋਆ ਦੀ ਪੰਜਾਬੀ ਫ਼ਿਲਮ 'ਕਬੱਡੀ ਇਕ ਮੁਹੱਬਤ' ਵਿਚ ਸਰਪੰਚ ਵਜੋਂ ਪਰਦੇ 'ਤੇ ਆਇਆ। ਧਨੋਆ ਦੁਆਰਾ ਹੀ ਨਿਰਦੇਸ਼ਤ ਇਕ ਹੋਰ ਪੰਜਾਬੀ ਫ਼ਿਲਮ 'ਦ ਲਾਇਨਜ਼ ਆਫ ਪੰਜਾਬ' ਵਿਚ ਵੀ ਅਰੋੜਾ ਨੇ ਦਲਜੀਤ ਦੁਸਾਂਝ, ਵਿੰਦੂ ਦਾਰਾ ਸਿੰਘ ਅਤੇ ਪੂਜਾ ਟੰਡਨ ਆਦਿ ਅਦਾਕਾਰਾਂ ਨਾਲ ਕੰਮ ਕੀਤਾ। ਉਸ ਨੇ 'ਅੱਖੀਆਂ ਤੋਂ ਦੂਰ ਜਾਈਂ ਨਾ' ਅਤੇ 'ਫੈਸਲੇ' ਵਿਚ ਅਦਾਕਾਰੀ ਵਿਖਾਈ ਅਤੇ ਫਿਰ ਮਲਟੀ ਇਮੇਜ਼ ਗ੍ਰਾਫ਼ਿਕਸ ਐਂਡ ਪਬਲੀਕੇਸ਼ਨਜ਼, ਪਟਿਆਲਾ ਦੇ ਬੈਨਰ ਹੇਠ ਮਨਵਿੰਦਰਜੀਤ ਸਿੰਘ ਦੁਆਰਾ ਨਿਰਮਿਤ ਪੰਜਾਬੀ ਵੀਡੀਓ ਦੁਖਾਂਤਕ ਫ਼ਿਲਮ 'ਚਮਨ ਪਰੀਨਾ' ਵਿਚ ਉਸ ਨੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ਉਹ ਯੂ.ਐਸ.ਏ., ਯੂ.ਕੇ., ਕੈਨੇਡਾ, ਫਰਾਂਸ, ਇਟਲੀ ਅਤੇ ਸਵਿਟਜ਼ਰਲੈਂਡ ਆਦਿ ਮੁਲਕਾਂ ਦਾ ਵੀ ਦੌਰਾ ਕਰ ਆਇਆ ਹੈ। ਉਸ ਦੀ ਧਾਰਮਿਕ ਖ਼ਿਆਲਾਂ ਵਾਲੀ ਸੁਪਤਨੀ ਤੇਜਿੰਦਰ ਕੌਰ ਅਰੋੜਾ ਉਸ ਦੀਆਂ ਰੰਗਮੰਚੀ ਸਰਗਰਮੀਆਂ ਲਈ ਉਤਸ਼ਾਹ ਦਿੰਦੀ ਹੈ। ਕਾਰਡੀਆਲੋਜਿਸਟ ਬੇਟੇ ਦਲਜੀਤ ਸਿੰਘ ਅਰੋੜਾ ਅਤੇ ਵਿੱਦਿਅਕ ਸੰਸਥਾ ਦਾ ਪ੍ਰਬੰਧਕੀ ਕਾਰਜ ਨਿਭਾਉਣ ਵਾਲੀ ਬੇਟੀ ਸ਼ਵਿੰਦਰ ਕੌਰ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਰੰਗਮੰਚ ਅਤੇ ਫ਼ਿਲਮੀ ਜਗਤ ਨੂੰ ਇਸ ਅਦਾਕਾਰ 'ਤੇ ਫ਼ਖ਼ਰ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ.)
ਪੰਜਾਬੀ ਯੂਨੀਵਰਸਿਟੀ ਕੈਂਪਸ , ਪਟਿਆਲਾ-147 002
dsaasht@yahoo.co.in

ਫ਼ਿਲਮੀ ਖ਼ਬਰਾਂ

ਸ਼ਕੁੰਤਲਾ ਦੇਵੀ ਦੀ ਭੂਮਿਕਾ ਵਿਚ ਵਿੱਦਿਆ ਬਾਲਨ

ਪਹਿਲਾਂ 'ਦ ਡਰਟੀ ਪਿਕਚਰ' ਵਿਚ ਦੱਖਣ ਦੀਆਂ ਫ਼ਿਲਮਾਂ ਦੀ ਅਦਾਕਾਰਾ ਸਿਲਕ ਸਮਿਤਾ ਦੇ ਕਿਰਦਾਰ ਨੂੰ ਪਰਦੇ 'ਤੇ ਨਿਭਾਉਣ ਵਾਲੀ ਵਿੱਦਿਆ ਬਾਲਨ ਹੁਣ ਨਾਮੀ ਗਣਿਤ ਸ਼ਾਸਤਰੀ ਸ਼ਕੁੰਤਲਾ ਦੇਵੀ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਕੋਈ ਰਸਮੀ ਸਿੱਖਿਆ ਨਾ ਹੋਣ ਦੇ ਬਾਵਜੂਦ ਸ਼ਕੁੰਤਲਾ ਦੇਵੀ ਨੇ ਗਣਿਤ ਸ਼ਾਸਤਰੀ ਦੇ ਤੌਰ 'ਤੇ ਬਹੁਤ ਨਾਂਅ ਕਮਾਇਆ ਸੀ ਅਤੇ ਗਣਿਤ ਵਿਚ ਉਨ੍ਹਾਂ ਦੀ ਮੁਹਾਰਤ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਨਾਂਅ ਗਿਨੀਜ਼ ਬੁੱਕ ਵਿਚ ਦਰਜ ਕੀਤਾ ਗਿਆ ਸੀ। ਉਨ੍ਹਾਂ ਦੀ ਜ਼ਿੰਦਗੀ 'ਤੇ ਬਣ ਰਹੀ ਇਸ ਫ਼ਿਲਮ ਦਾ ਟਾਈਟਲ 'ਸ਼ਕੁੰਤਲਾ ਦੇਵੀ' ਰੱਖਿਆ ਗਿਆ ਹੈ ਅਤੇ ਇਹ ਅਨੂ ਮੈਨਨ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ।
ਦੰਗਲ ਚੈਨਲ 'ਤੇ 'ਸੀ ਆਈ ਐਫ'

ਕ੍ਰਾਈਮ ਲੜੀਵਾਰ 'ਸੀ. ਆਈ. ਡੀ.' ਦੀ ਬਦੌਲਤ ਆਦਿਤਿਆ ਸ੍ਰੀਵਾਸਤਵ ਅਤੇ ਦਇਆਨੰਦ ਸ਼ੈਟੀ ਘਰ-ਘਰ ਵਿਚ ਪ੍ਰਸਿੱਧ ਹੋ ਗਏ ਹਨ। ਹੁਣ ਜਦੋਂ 'ਸੀ ਆਈ ਡੀ' ਦਾ ਪ੍ਰਸਾਰਨ ਬੰਦ ਹੋ ਗਿਆ ਹੈ ਤਾਂ ਕਈ ਲੋਕ ਇਨ੍ਹਾਂ ਦੀ ਕਮੀ ਮਹਿਸੂਸ ਕਰਨ ਲੱਗੇ ਸਨ। ਇਸ ਤਰ੍ਹਾਂ ਇਕ ਚੰਗੀ ਖ਼ਬਰ ਇਹ ਹੈ ਕਿ ਦੰਗਲ ਚੈਨਲ 'ਤੇ 'ਸੀ ਆਈ ਐਫ' ਭਾਵ ਕ੍ਰਾਈਮ ਇਨਵੈਸਟੀਗੇਸ਼ਨ ਫੋਰਸ ਨਾਮੀ ਨਵਾਂ ਸ਼ੋਅ ਸ਼ੁਰੂ ਹੋਇਆ ਹੈ ਅਤੇ ਇਸ ਦਾ ਨਿਰਮਾਣ 'ਸੀ ਆਈ ਡੀ' ਦੀ ਤਰਜ਼ 'ਤੇ ਕੀਤਾ ਗਿਆ ਹੈ। ਇਸ ਵਿਚ ਆਦਿਤਿਆ ਸ੍ਰੀਵਾਸਤਵ ਤੇ ਦਇਆਨੰਦ ਸ਼ੈਟੀ ਅਪਰਾਧ ਦੀ ਗੁੱਥੀ ਸੁਲਝਾਉਂਦੇ ਦਿਖਾਈ ਦੇਣਗੇ।


-ਮੁੰਬਈ ਪ੍ਰਤੀਨਿਧ

ਫਲੈਸ਼ ਬੈਕ

ਸਤਲੁਜ ਦੇ ਕੰਢੇ

ਪੰਜਾਬੀ ਫ਼ਿਲਮ 'ਸਤਲੁਜ ਦੇ ਕੰਢੇ' ਬਲਰਾਜ ਸਾਹਨੀ ਤੇ ਨਿਸ਼ੀ ਦੀ 1964 'ਚ ਰਿਲੀਜ਼ ਹੋਈ ਫ਼ਿਲਮ ਸੀ। ਫ਼ਿਲਮ ਦਾ ਨਿਰਦੇਸ਼ਨ ਐਮ.ਐਮ. ਬਿੱਲੂ ਮਹਿਰਾ ਤੇ ਨਿਰਮਾਣ ਪਦਮ ਪ੍ਰਕਾਸ਼ ਮਹੇਸ਼ਵਰੀ ਦਾ ਸੀ। ਨੈਸ਼ਨਲ ਐਵਾਰਡ ਪ੍ਰਾਪਤ ਇਹ ਫ਼ਿਲਮ ਦੂਰਦਰਸ਼ਨ ਦਾ ਸ਼ਿੰਗਾਰ ਕਈ ਵਾਰ ਬਣੀ ਹੈ। ਹੰਸ ਰਾਜ ਬਹਿਲ ਦੇ ਸੰਗੀਤ 'ਚ ਬਹੁਤ ਹੀ ਵਧੀਆ ਗੀਤ ਹਨ। ਸਭ ਤੋਂ ਪਹਿਲਾਂ 'ਮਾਤਾ ਦੀ ਭੇਟ', 'ਸੁਣ ਮੇਰੇ ਮਾਹੀ', 'ਕਿਥੇ ਤੁਰ ਜਾਵਾਂ' ਆਦਿ ਗੀਤ ਹਨ।
ਫ਼ਿਲਮ ਦਾ ਵਿਸ਼ਾ ਵਧੀਆ ਹੈ। ਬਲਰਾਜ ਸਾਹਨੀ ਦੀ ਕਮਾਂਡ ਡੈਮ ਬਣਾਉਣ ਦੀ ਹੈ, ਪਰ ਠੇਕੇਦਾਰ ਮਟੀਰੀਅਲ 'ਚ ਹੇਰਾ-ਫੇਰੀ ਕਰਦਾ ਹੈ। ਬਲਰਾਜ ਸਾਹਨੀ ਬਹੁਤ ਸਮਝਾਉਂਦਾ ਹੈ ਕਿ ਡੈਮ ਬਣੇਗਾ ਤਾਂ ਦੇਸ਼ ਤਰੱਕੀ ਕਰੇਗਾ, ਫਸਲਾਂ ਹੋਣਗੀਆਂ, ਦੇਸ਼ 'ਚ ਅੰਨ ਦਾ ਭੰਡਾਰ ਹੋਵੇਗਾ। ਨਿਸ਼ੀ ਦਾ ਬੜਾ ਵਧੀਆ ਰੋਲ ਹੈ, ਉਸ ਨੇ ਫ਼ਿਲਮ 'ਚ ਬਲਰਾਜ ਸਾਹਨੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਬਲਰਾਜ ਸਾਹਨੀ ਹਰੇਕ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਫ਼ਿਲਮ ਦੀ ਕਹਾਣੀ ਦੀ ਗਹਿਰਾਈ ਤੱਕ ਜਾਂਦੇ ਸਨ ਕਿ ਇਸ ਫ਼ਿਲਮ ਦਾ ਆਮ ਜਨਤਾ 'ਤੇ ਕੀ ਪ੍ਰਭਾਵ ਪਏਗਾ ਇਸ ਫ਼ਿਲਮ ਦੇ ਰਿਕਾਰਡਿਸਟ ਬੀ.ਐਨ. ਸ਼ਰਮਾ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੇ ਬਹੁਤੇ ਸੀਨ ਦੁਬਾਰਾ ਫ਼ਿਲਮਾਏ ਗਏ ਕਿਉਂਕਿ ਬਲਰਾਜ ਸਾਹਨੀ ਨੂੰ ਸੀਨ ਪਸੰਦ ਨਹੀਂ ਸਨ। ਇਕ ਹਾਦਸੇ 'ਚ ਨਿਸ਼ੀ ਦੀ ਮੌਤ ਹੋ ਜਾਂਦੀ ਹੈ, ਬੱਚਾ ਉਸ ਦਾ ਮਾਂ-ਮਾਂ ਕਰਦਾ ਰਹਿੰਦਾ ਹੈ। ਫਿਰ ਇਕ ਹੋਰ ਚਿਹਰਾ ਨਿਸ਼ੀ ਦਾ ਸਾਹਮਣੇ ਆਉਂਦਾ ਹੈ ਤੇ ਬੱਚਾ ਨਿਸ਼ੀ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ।
ਗੋਪਾਲ ਸਹਿਗਲ ਰੁਲਦੂ ਦੇ ਰੋਲ 'ਚ ਵਧੀਆ ਨਿਭਿਆ ਹੈ। ਵੈਸੇ ਵੀ ਉਸ ਵੇਲੇ ਦੀਆਂ ਫ਼ਿਲਮਾਂ 'ਚ ਗੋਪਾਲ ਸਹਿਗਲ ਆਦਿ ਨਾ ਹੋਣ ਤਾਂ ਫ਼ਿਲਮ ਅਧੂਰੀ ਲਗਦੀ ਸੀ।
ਇਸ ਫ਼ਿਲਮ ਦਾ ਵਿਸ਼ਾ ਦੇਸ਼ ਦੀ ਤਰੱਕੀ ਵਾਲਾ ਹੈ। ਇਹ ਵੀ ਦੱਸਿਆ ਗਿਆ ਕਿ ਕਿਵੇਂ ਲੋਕ ਵਹਿਮਾਂ ਦੇ ਮਾਰੇ ਹਨ, ਕਰਮ ਕਰਨ ਨੂੰ ਪਹਿਲ ਦਿੰਦੇ ਹਨ, ਸੱਚ ਦੇ ਮਾਰਗ 'ਤੇ ਚਲਦੇ ਹਨ। ਸ਼ਹੀਦਾਂ ਦੀ ਧਰਤੀ ਹੈ ਜਿਥੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਸੂਰਮਿਆਂ ਦਾ ਜਨਮ ਹੋਇਆ। ਪੀਰਾਂ-ਫਕੀਰਾਂ ਤੇ ਕਿਸਾਨਾਂ ਦੀ ਜ਼ਮੀਨ ਕਹਾਉਂਦੀ ਹੈ।
ਬਲਰਾਜ ਸਾਹਨੀ ਦੇ ਚੰਗੇ ਕੀਤੇ ਕੰਮਾਂ 'ਚ ਬਹੁਤ ਸਾਰੀਆਂ ਮੁਸੀਬਤਾਂ ਵੀ ਆਉਂਦੀਆਂ ਹਨ। ਇਸ ਰੁਮਾਂਟਿਕ ਫ਼ਿਲਮ 'ਚ ਬਲਰਾਜ ਸਾਹਨੀ, ਨਿਸ਼ੀ, ਮਿਰਜ਼ਾ ਮੁਸ਼ੱਰਫ਼, ਵਾਸਤੀ ਅਤੇ ਗੋਪਾਲ ਸਹਿਗਲ ਦੀਆਂ ਭੂਮਿਕਾਵਾਂ ਵਧੀਆ ਰਹੀਆਂ। ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਆਸਾ ਸਿੰਘ ਮਸਤਾਨਾ ਦੇ ਗੀਤ ਅੱਜ ਵੀ ਬੜੇ ਪਿਆਰੇ ਲਗਦੇ ਹਨ। ਬਲਰਾਜ ਸਾਹਨੀ ਦੀ ਇਹ ਫ਼ਿਲਮ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਇਕ ਮੀਲ ਪੱਥਰ ਹੈ। ਅਜਿਹੀਆਂ ਫ਼ਿਲਮਾਂ ਸਾਡੇ ਸਮਾਜ ਦਾ ਉਹ ਅੰਗ ਹਨ, ਜਿਨ੍ਹਾਂ ਦੀ ਸਾਡੇ ਸਮਾਜ ਨੂੰ ਬੜੀ ਲੋੜ ਹੈ। ਕਿਤੇ ਅੱਜ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਹੋਵੇ ਤਾਂ ਕਿੰਨਾ ਚੰਗਾ ਹੋਵੇ।


-ਤਰਸੇਮ ਬੱਧਣ

'ਕੁਲਫੀ ਕੁਮਾਰ ਬਾਜੇਵਾਲਾ' ਨੇ ਜਗਤ ਮਾਮਾ ਬਣਾ ਦਿੱਤਾ: ਰੋਮਾਂਚ ਮਹਿਤਾ

ਲੜੀਵਾਰ 'ਕੁਲਫੀ ਕੁਮਾਰ ਬਾਜੇਵਾਲਾ' ਵਿਚ ਰੋਮਾਂਚ ਮਹਿਤਾ ਵਲੋਂ ਸਿੱਤੂ ਮਾਮਾ ਦਾ ਕਿਰਦਾਰ ਨਿਭਾਇਆ ਗਿਆ ਹੈ। ਨੈਨੀਤਾਲ ਤੋਂ ਬਾਲੀਵੁੱਡ ਵਿਚ ਨਾਂਅ ਕਮਾਉਣ ਦੇ ਇਰਾਦੇ ਨਾਲ ਆਏ ਰੋਮਾਂਚ ਹੁਣ ਤੱਕ ਤਕਰੀਬਨ ਪੱਚੀ ਲੜੀਵਾਰਾਂ ਵਿਚ ਅਭਿਨੈ ਕਰ ਚੁੱਕੇ ਹਨ ਪਰ ਨਾਂਅ ਕਮਾਉਣ ਦੀ ਜੋ ਇੱਛਾ ਉਨ੍ਹਾਂ ਦੇ ਦਿਲ ਵਿਚ ਸੀ, ਉਹ ਇਸ ਲੜੀਵਾਰ ਰਾਹੀਂ ਪੂਰੀ ਹੋਈ ਹੈ।
ਆਪਣੇ ਅਭਿਨੈ ਦੇ ਸਫ਼ਰ ਬਾਰੇ ਉਹ ਕਹਿੰਦੇ ਹਨ, 'ਜਦੋਂ ਮੈਂ ਇਥੇ ਆਇਆ ਤਾਂ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕਿਥੋਂ ਸ਼ੁਰੂਆਤ ਕੀਤੀ ਜਾਵੇ। ਦਿੱਲੀ ਵਿਚ ਰੰਗਮੰਚ ਦਾ ਅਨੁਭਵ ਲਿਆ ਸੀ। ਸੋ, ਇਹ ਵਿਸ਼ਵਾਸ ਤਾਂ ਸੀ ਕਿ ਜੋ ਵੀ ਕੰਮ ਮਿਲੇਗਾ ਉਸ ਨੂੰ ਸਹੀ ਢੰਗ ਨਾਲ ਅੰਜਾਮ ਦੇ ਸਕਾਂਗਾ। ਸ਼ੁਰੂ ਵਿਚ ਮੈਂ ਕਈ ਲੜੀਵਾਰਾਂ ਵਿਚ ਛੋਟੇ-ਛੋਟੇ ਰੋਲ ਕੀਤੇ। ਇਸ ਮਹਾਂਨਗਰ ਵਿਚ ਆਪਣੀ ਹੋਂਦ ਬਣਾਈ ਰੱਖਣ ਲਈ ਮੈਂ ਜੋ ਵੀ ਭੂਮਿਕਾ ਮਿਲਦੀ, ਕਰਦਾ ਚਲਾ ਗਿਆ। ਬਾਅਦ ਵਿਚ ਜਦੋਂ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਤਾਂ ਛੋਟੀਆਂ ਭੂਮਿਕਾਵਾਂ ਨੂੰ ਨਾਂਹ ਕਹਿਣ ਲੱਗਿਆ। ਫਿਰ ਮੈਨੂੰ ਲੜੀਵਾਰ 'ਵਿਜੈ-ਦੇਸ਼ ਕੀ ਆਂਖੇਂ' 'ਚ ਮੁੱਖ ਭੂਮਿਕਾ ਮਿਲੀ। ਇਸ ਲੜੀਵਾਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਕ ਚੰਗੀ ਭੂਮਿਕਾ ਨੂੰ ਕਰਦੇ ਦੇਖ ਕੇ ਪਾਪਾ ਦੀ ਨਾਰਾਜ਼ਗੀ ਦੂਰ ਹੋ ਗਈ। ਉਹ ਖ਼ੁਦ ਡਾਕਟਰ ਹਨ ਅਤੇ ਉਹ ਮੈਨੂੰ ਵੀ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਜਦੋਂ ਮੈਂ ਐਕਟਰ ਬਣਨ ਬਾਰੇ ਦੱਸਿਆ ਤਾਂ ਉਹ ਨਰਾਜ਼ ਹੋ ਗਏ ਸਨ। ਪਿਤਾ ਦੇ ਚਿਹਰੇ 'ਤੇ ਆਪਣੇ ਬਾਰੇ ਫ਼ਖ਼ਰ ਉਦੋਂ ਦੇਖਿਆ ਜਦੋਂ ਮੈਂ ਪਿਛਲੇ ਦਿਨੀਂ ਨੈਨੀਤਾਲ ਗਿਆ ਸੀ। ਉਥੇ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਸਮਾਰੋਹ ਵਿਚ ਭਾਰੀ ਭੀੜ ਆਈ ਸੀ। ਮੈਨੂੰ ਦੱਸਿਆ ਗਿਆ ਕਿ ਇਹ ਭੀੜ 'ਕੁਲਫੀ ਕੁਮਾਰ' ਦੇ ਸਿੱਤੂ ਨੂੰ ਦੇਖਣ ਆਈ ਹੈ। ਇਕ ਸਫ਼ਲ ਲੜੀਵਾਰ ਆਪਣੇ ਕਲਾਕਾਰ ਦੀ ਲੋਕਪ੍ਰਿਅਤਾ ਕਿਥੇ ਤੱਕ ਫੈਲਾਅ ਦਿੰਦਾ ਹੈ, ਇਸ ਦਾ ਅਨੁਭਵ ਮੈਨੂੰ ਉਦੋਂ ਹੋਇਆ।'
'ਕੁਲਫੀ ਕੁਮਾਰ' ਬਾਰੇ ਉਹ ਕਹਿੰਦੇ ਹਨ, 'ਜਦੋਂ ਮੈਨੂੰ ਇਸ ਲੜੀਵਾਰ ਦੀ ਪੇਸ਼ਕਸ਼ ਹੋਈ ਅਤੇ ਇਸ ਦਾ ਨਾਂਅ ਦੱਸਿਆ ਗਿਆ ਤਾਂ ਮੈਨੂੰ ਇਹ ਨਾਂਅ ਅਨੋਖਾ ਜਿਹਾ ਲੱਗਿਆ। ਬਾਅਦ ਵਿਚ ਦੱਸਿਆ ਗਿਆ ਕਿ ਇਹ ਇਕ ਬੰਗਲਾ ਲੜੀਵਾਰ ਤੋਂ ਪ੍ਰੇਰਿਤ ਹੈ। ਮੈਂ ਉਸ ਲੜੀਵਾਰ ਦੀਆਂ ਕੁਝ ਕਿਸ਼ਤਾਂ ਦੇਖੀਆਂ ਤਾਂ ਕਿ ਆਪਣੇ ਕਿਰਦਾਰ ਨੂੰ ਸਮਝ ਸਕਾਂ। ਹਾਲਾਂਕਿ ਇਸ ਲੜੀਵਾਰ ਤੋਂ ਪਹਿਲਾਂ 'ਗੰਗਾ' ਵਿਚ ਮੈਂ ਮਾਮਾ ਦਾ ਕਿਰਦਾਰ ਨਿਭਾਇਆ ਸੀ ਪਰ ਇਥੇ ਸਿੱਤੂ ਮਾਮਾ ਦਾ ਕਿਰਦਾਰ ਨਿਭਾ ਕੇ ਬੱਚਿਆਂ ਵਿਚ ਲੋਕਪ੍ਰਿਆ ਹੋ ਗਿਆ ਹਾਂ। ਜਿਥੇ ਕਿਤੇ ਜਾਂਦਾ ਹਾਂ, ਬੱਚੇ ਮੈਨੂੰ ਦੇਖ ਕੇ ਸਿੱਤੂ ਮਾਮਾ ਕਹਿੰਦੇ ਹਨ। ਸੱਚ ਕਹਾਂ ਤਾਂ ਇਸ ਲੜੀਵਾਰ ਨੇ ਮੈਨੂੰ ਜਗਤ ਮਾਮਾ ਬਣਾ ਦਿੱਤਾ ਹੈ।'


-ਮੁੰਬਈ ਪ੍ਰਤੀਨਿਧ

ਦੀਪਿਕਾ ਪਾਦੂਕੋਨ ਹਰ ਪਾਸੇ ਤੇਰਾ ਜਲਵਾ

ਬਹੁਤ ਹੀ ਧਾਰਮਿਕ ਕੁੜੀ ਏ ਦੀਪੀ ਤੇ ਇਸ ਦਾ ਸਬੂਤ ਉਸ ਦਾ ਨੰਗੇ ਪੈਰੀਂ ਬੱਪਾ ਦੇ ਮੰਦਰ ਜਾਣਾ ਸੀ। ਪ੍ਰਕਾਸ਼ ਪਾਦੂਕੋਨ ਦੀ ਇਸ ਪਿਆਰੀ ਬੇਟੀ ਨੇ ਸ਼ਰਧਾ ਲਈ ਮੰਦਰ ਜਾ ਕੇ ਗ਼ਰੀਬ-ਗੁਰਬਿਆਂ ਨੂੰ ਪੈਸੇ, ਫਲ ਤੇ ਕੱਪੜੇ ਵੀ ਵੰਡੇ। ਦੀਪਿਕਾ ਪਾਦੂਕੋਨ ਹਿੰਦੁਸਤਾਨ ਦੀ ਸਟਾਰ ਨਾਇਕਾ ਹੈ ਤੇ ਇਸ ਦਾ ਪ੍ਰਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਚਿਨ ਤੇਂਦੁਲਕਰ ਤੱਕ ਕਈ ਖੇਤਰਾਂ ਦੀਆਂ ਹਸਤੀਆਂ ਉੱਪਰ ਵੀ ਹੈ। ਹੁਣ ਇਕ ਹੋਰ ਸੋਨ ਤਗਮਾ ਜੇਤੂ ਪੀ.ਵੀ. ਸਿੰਧੂ ਵੀ ਦੀਪੀ ਦੀ ਦੀਵਾਨੀ ਹੋਈ ਨਜ਼ਰ ਆਈ ਹੈ ਤੇ ਸਿੰਧੂ ਨੇ ਕਿਹਾ ਕਿ ਉਸ ਦੀ ਬਾਇਓਪਿਕ ਤਿਆਰ ਕਰਨ ਵਾਲਾ ਨਿਰਮਾਤਾ ਦੀਪਿਕਾ ਪਾਦੂਕੋਨ ਨੂੰ ਨਾਇਕਾ ਵਜੋਂ ਫ਼ਿਲਮ 'ਚ ਲਏ।
ਜਦ ਐਨਾ ਆਕਰਸ਼ਣ ਹੋਏ ਤਾਂ ਫ਼ਖਰ ਨਾਲ ਇਨਸਾਨ ਉੱਡਦਾ ਫਿਰਦਾ ਹੈ, ਦੀਪੀ ਇਸ ਮਾਣ ਵਿਚ ਭੁੱਲ ਗਈ ਕਿ ਉਹ ਵਿਆਹੀ ਹੋਈ ਹੈ।
ਇਕ ਸ਼ੋਅ ਵਿਚ ਪੇਸ਼ਕਾਰ ਨੂੰ ਦੀਪੀ ਨੇ ਕਿਹਾ, 'ਉਹ ਬੇਟੀ ਹੈ, ਅਭਿਨੇਤਰੀ ਹੈ, ਦੀਦੀ ਹੈ' ਤਾਂ ਪੇਸ਼ ਕਰਨ ਵਾਲੀ ਹੱਸ ਕੇ ਬੋਲੀ, 'ਪਤਨੀ ਵੀ ਹੈ।' ਦੀਪੀ ਹੱਸ ਪਈ ਤੇ ਜਵਾਬ ਦਿੱਤਾ ਕਿ, 'ਓ ਮੇਰੇ ਅੱਬਾ, ਓ ਮੇਰੇ ਰੱਬਾ, ਮੈਂ ਤਾਂ ਭੁੱਲ ਹੀ ਗਈ ਸੀ ਕਿ ਹੁਣ ਮੈਂ ਕੁਆਰੀ ਨਹੀਂ, ਵਿਆਹੁਤਾ ਹਾਂ।' ਯਾਦ ਰਹੇ ਇਹ ਲਿਵ, ਲਾਫ਼, ਲਵ ਨਾਮ ਦੀ ਸੰਸਥਾ ਚਲਾ ਰਹੀ ਹੈ।
ਇਸ ਸਮੇਂ ਉਸ ਨੇ ਫ਼ਿਲਮ '83' ਸ਼ੂਟ ਕੀਤੀ ਹੈ ਤੇ 'ਐਸਿਡ ਅਟੈਕ' ਫ਼ਿਲਮ ਵਿਚ ਵੀ ਆ ਰਹੀ ਹੈ।
ਦੀਪੀ ਦਾ ਜਦ ਦਾ ਵਿਆਹ ਹੋਇਆ ਹੈ, ਦੀਪੀ ਹੱਸਮੁੱਖ ਬਾਹਲੀ ਹੋ ਗਈ ਹੈ ਤੇ ਪਤਨੀ ਦੇ ਤੌਰ 'ਤੇ ਪਤੀ ਨੂੰ ਮਜ਼ਾਕ ਤੇ ਇਹ ਸਭ ਕੁਝ ਲੋਕਾਂ ਤੱਕ ਸੋਸ਼ਲ ਮੰਚ ਰਾਹੀਂ ਉਹ ਭੇਜ ਰਹੀ ਹੈ। ਇੰਸਟਾਗ੍ਰਾਮ 'ਤੇ ਪਤੀ-ਪਤਨੀ ਦੇ ਚੁਟਕਲੇ ਉਹ ਰੋਜ਼ ਪਾ ਰਹੀ ਹੈ, ਨਾਲ ਕਾਰਟੂਨ ਆਪਣਾ ਤੇ ਰਣਵੀਰ ਦਾ।

ਮ੍ਰਿਣਾਲ ਠਾਕੁਰ ਗੋਲੀ ਵਾਂਗ ਫ਼ੁਰਤੀਲੀ

ਇਕ ਕੰਪਨੀ ਦੇ ਫੈਸ਼ਨ ਸ਼ੋਅ ਹਰ ਹਫ਼ਤੇ ਮੁੰਬਈ 'ਚ ਹੋ ਰਹੇ ਨੇ ਤੇ ਇਸ ਹਫ਼ਤੇ ਇਨ੍ਹਾਂ 'ਚ ਮੁੱਖ ਆਕਰਸ਼ਣ ਮ੍ਰਿਣਾਲ ਠਾਕਰ ਸੀ। ਡਿਜ਼ਾਈਨਰ ਅਲਕਾ ਸ਼ਰਮਾ ਲਈ ਮ੍ਰਿਣਾਲ ਰੈਂਪ 'ਤੇ ਚਲਦੀ ਨਜ਼ਰ ਆਈ। ਰਿਤਿਕ ਰੌਸ਼ਨ ਨਾਲ 'ਸੁਪਰ-30' ਕਰ ਚੁੱਕੀ ਇਹ ਅਭਿਨੇਤਰੀ ਜਾਨ ਅਬਰਾਹਮ ਨਾਲ 'ਬਾਟਲਾ ਹਾਊਸ' 'ਚ ਨਜ਼ਰ ਆਈ ਸੀ। ਟੀ.ਵੀ. ਦੇ ਸਭ ਤੋਂ ਚਰਚਿਤ ਲੜੀਵਾਰ 'ਕੁਮ ਕੁਮ ਭਾਗਿਆ' ਨੇ ਮ੍ਰਿਣਾਲ ਦੀ ਤਕਦੀਰ ਦੇ ਪਾਸੇ ਪਲਟੇ ਹਨ। ਚਾਹੇ ਉਸ ਦੀ ਫ਼ਿਲਮ 'ਲਵ ਯੂ ਸੋਨੀਆ' ਨਹੀਂ ਸੀ ਚਲ ਸਕੀ ਪਰ ਲੋਕਾਂ ਨੇ ਤਕਰੀਬਨ ਮ੍ਰਿਣਾਲ ਦੇ ਕੰਮ ਦੀ ਸ਼ਲਾਘਾ ਹੀ ਕੀਤੀ। ਬੀ. ਟੈੱਕ ਤੇ ਪੱਤਕਾਰਿਤਾ ਦੇ ਦੋ ਦੋ ਕੋਰਸ ਉਸ ਨੇ ਕੀਤੇ ਹਨ ਪਰ ਕਿੱਤਾ ਉਸ ਨੇ ਫ਼ਿਲਮੀ ਦੁਨੀਆ ਤੇ ਟੀ.ਵੀ. ਦਾ ਹੀ ਚੁਣਿਆ ਹੈ। ਮਰਾਠੀ ਪਰਿਵਾਰ ਨਾਲ ਸਬੰਧਿਤ ਇਹ ਟੀ.ਵੀ. ਤੋਂ ਸਫਲ ਹੋ ਕੇ ਫ਼ਿਲਮਾਂ ਦਾ ਹਿੱਸਾ ਬਣੀ ਹੈ। ਮ੍ਰਿਣਾਲ ਦੱਸਦੀ ਹੈ ਕਿ ਉਸ ਦਾ ਘਰ ਦਾ ਨਾਂਅ 'ਗੋਲੀ' ਹੈ ਤੇ 'ਗੋਲੀ' ਦੀ ਤਰ੍ਹਾਂ ਹੀ ਉਹ ਤੇਜ਼-ਤਰਾਰ ਦੌੜਨ 'ਚ ਵਿਸ਼ਵਾਸ ਰੱਖਦੀ ਹੈ ਕਿਉਂਕਿ ਅੱਜ ਦੇ ਸਮੇਂ 'ਚ 'ਆਰਾਮ ਹੈ ਹਰਾਮ', 'ਜੋ ਜੀਤਾ ਵੋਹੀ ਸਿਕੰਦਰ', 'ਜੋ ਰਹਿ ਗਿਆ, ਸੋ ਰਹਿ ਗਿਆ।' ਇੰਡੋਨੇਸ਼ੀਅਨ ਟੀ.ਵੀ. 'ਤੇ ਵੀ ਉਸ ਨੇ ਕੰਮ ਕੀਤਾ ਹੈ। ਉਥੇ ਉਸ ਦੇ ਲੱਖਾਂ ਪ੍ਰਸੰਸਕ ਹਨ। ਮ੍ਰਿਣਾਲ ਨੇ ਮਰਾਠੀ ਸਿਨੇਮਾ 'ਚ ਆਪਣਾ 'ਵੱਕਾਰ' ਬਣਾਇਆ ਹੈ। ਤਿੰਨ ਸਾਲ ਪਹਿਲਾਂ ਟੈਲੀਵਿਜ਼ਨ ਨੂੰ ਅਲਵਿਦਾ ਕਹਿਣ ਵਾਲੀ ਮ੍ਰਿਣਾਲ ਹੁਣ ਕਿਸੇ ਵੀ ਕੀਮਤ 'ਤੇ ਲੜੀਵਾਰ ਨਹੀਂ ਕਰੇਗੀ। ਮਿਊਜ਼ਿਕ ਵੀਡੀਓਜ਼ ਉਹ ਜ਼ਰੂਰ ਕਰਦੀ ਰਹੇਗੀ। ਮ੍ਰਿਣਾਲ ਨਾਲ ਜ਼ੀ ਟੀ.ਵੀ. ਨੇ ਸੰਪਰਕ ਕਰ ਕੇ 'ਮੋਟੀ ਰਕਮ' ਵੀ ਦੇਣੀ ਚਾਹੀ ਪਰ ਮ੍ਰਿਣਾਲ ਪਿੱਛੇ ਮੁੜ ਕੇ ਦੇਖਣ 'ਚ ਵਿਸ਼ਵਾਸ ਨਹੀਂ ਰੱਖਦੀ। ਮ੍ਰਿਣਾਲ ਠਾਕੁਰ 'ਚ ਅਗਾਂਹ ਵਧਣ ਦੇ ਗੁਣ ਹਨ ਤੇ ਇਨ੍ਹਾਂ ਦਾ ਪ੍ਰਯੋਗ ਉਹ ਸਹੀ ਕਰ ਰਹੀ ਹੈ।

ਵਿੱਕੀ ਕੌਸ਼ਲ ਮੈਂ ਸ਼ਰਾਬੀ...?

ਚਾਰ ਸਾਲ ਦੇ ਕੈਰੀਅਰ 'ਚ ਕਾਮਯਾਬੀਆਂ ਦੇ ਪਰਚਮ ਵਿੱਕੀ ਕੌਸ਼ਲ ਨੇ ਲਹਿਰਾਅ ਕੇ ਦਰਸਾ ਦਿੱਤਾ ਹੈ ਕਿ ਸਵਰਗੀ ਐਕਸ਼ਨ ਮਾਸਟਰ ਸ਼ਾਮ ਕੌਸ਼ਲ ਦੇ ਇਸ ਪੁੱਤ 'ਚ ਕੁਝ ਕਰ ਦਿਖਾਉਣ ਦੀ ਸਮਰੱਥਾ ਹੱਦੋਂ ਵੱਧ ਹੈ। ਅਸੁਰੱਖਿਆ ਵਿਚੀਂ ਗੁਜ਼ਰਨਾ ਸੁਭਾਵਿਕ ਹੈ ਪਰ ਇਸ ਨੂੰ ਇਨਸਾਨੀ ਗੁਣ ਸਮਝ ਵਿੱਕੀ ਨੇ ਆਪਣਾ ਕੰਮ ਜਾਰੀ ਰੱਖਿਆ ਹੈ। ਜਿਹੜੇ ਬੰਦੇ ਇਨਸਾਨ ਦੇ ਗੁਣ ਰੱਖਦੇ ਨੇ ਵਿੱਕੀ ਦਾ ਹੌਸਲਾ ਸੂਤਰ ਰਹੇ ਹਨ। 2015 ਦੀ 'ਮਸਾਣ' ਤੋਂ ਲੈ ਕੇ 31 ਸਾਲ ਦੇ ਕੌਸ਼ਲ ਨੇ ਜ਼ਿੰਦਗੀ ਦੇ ਸਬਕ ਇਸ ਇੰਡਸਟਰੀ ਤੋਂ ਹੀ ਸਿੱਖੇ ਹਨ। 'ਉੜੀ : ਦਾ ਸਰਜੀਕਲ ਸਟਰਾਈਕ' ਨੇ ਪਾਈਆਂ ਧੁੰਮਾਂ ਤੇ ਵਿੱਕੀ ਦੀ ਹੋਈ ਪੂਰੀ ਚੜ੍ਹਤ। ਇਥੋਂ ਤੱਕ ਕਿ ਫੇਸਬੁੱਕ 'ਤੇ ਵਿੱਕੀ ਕੌਸ਼ਲ ਨਾਲ ਗੱਲਾਂ ਕਰਦੀ ਇਕ ਔਰਤ ਵਿੱਕੀ ਦੇ ਘਰੇ ਮੁੰਬਈ ਪਹੁੰਚ ਗਈ। ਵਿੱਕੀ ਨੇ ਦੱਸਿਆ ਕਿ ਫੇਸਬੁੱਕ 'ਤੇ ਨਕਲੀ ਖਾਤਾ ਉਸ ਦੇ ਨਾਂਅ 'ਤੇ ਕਿਸੇ ਨੇ ਬਣਾ ਕੇ ਔਰਤ ਦੇ ਅਰਮਾਨਾਂ ਨੂੰ ਲੁੱਟਿਆ ਪਰ ਸ਼ੁਕਰ ਹੈ ਕਿ ਉਹ ਉਸ ਨੂੰ ਮਿਲੀ ਤੇ ਉਸ ਨੇ ਨਕਲੀ ਖਾਤਾ ਬੰਦ ਕਰਵਾ ਕੇ ਆਪਣਾ 'ਵੈਰੀਫਾਈਰ ਖਾਤਾ' ਬਣਾਇਆ। ਅਰਿਜੀਤ ਸਿੰਘ ਦੇ ਸਿੰਗਲ ਗਾਣੇ 'ਪਛਤਾਉਗੇ' 'ਚ ਆਏ ਵਿੱਕੀ ਨੇ ਹੁਣ ਸੋਸ਼ਲ ਮੀਡੀਆ ਵੱਲ ਪੂਰਾ ਧਿਆਨ ਲਾਇਆ ਹੈ। ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਕਰ ਰਹੇ ਵਿੱਕੀ ਨੂੰ ਮਾਣ ਹੈ ਕਿ ਉਹ ਮਹਾਨ ਸ਼ਹੀਦ ਦਾ ਕਿਰਦਾਰ ਨਿਭਾਅ ਰਿਹਾ ਹੈ। ਕਰਨ ਜੌਹਰ ਦੀ 'ਭੂਤ ਪਾਰਟ ਵੰਨ: ਦਾ ਹਾਂਟੇਡਸ਼ਿਪ' ਵੀ ਵਿੱਕੀ ਕੌਸ਼ਲ ਕੋਲ ਹੈ। ਖੈਰ ਕਰਨ ਦੀ ਪਾਰਟੀ 'ਚ ਨਿੰਬੂ ਪਾਣੀ ਪੀ ਰਹੇ ਵਿੱਕੀ (ਉਸ ਅਨੁਸਾਰ) 'ਤੇ ਆਰੋਪ ਹੈ ਕਿ ਉਸ ਨੇ 'ਡਰੱਗਜ਼' ਲਈ ਤੇ ਮਾਮਲਾ ਅਦਾਲਤ ਤੱਕ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਲੈ ਕੇ ਗਏ ਹਨ ਜਦ ਕਿ ਪਾਕਿ ਸਾਫ਼ ਹੋਣ ਦੀਆਂ ਦੁਹਾਈਆਂ ਵਿੱਕੀ ਕੌਸ਼ਲ ਦੇ ਰਿਹਾ ਹੈ ਕਿ ਉਹ ਸ਼ਰਾਬੀ ਨਹੀਂ ਹੈ। ਲੋਕ ਵਾਇਰਲ ਵੀਡੀਓ ਦੇ ਆਧਾਰ 'ਤੇ ਉਸ ਨੂੰ ਬਦਨਾਮ ਹੀਰੋ ਸਮਝ ਰਹੇ ਹਨ ਪਰ ਇਸ ਸੱਚ ਨਹੀਂ ਹੈ।
-ਸੁਖਜੀਤ ਕੌਰ

ਨੋਰਾ ਫਤੇਹੀ ਪਊ ਪਛਤਾਉਣਾ

ਤਹਿਲਕਾ ਤੇ ਤਹਿਲਕਾ। ਰੋਜ਼ ਹੀ ਤਹਿਲਕਾ ਨੋਰਾ ਫਤੇਹੀ ਮਚਾ ਰਹੀ ਹੈ। ਇੰਸਟਾਗ੍ਰਾਮ ਉਸ ਦੇ ਡਾਂਸ ਵੀਡੀਓਜ਼ ਨਾਲ ਭਰੇ ਪਏ ਹਨ। 4 ਲੱਖ 89 ਹਜ਼ਾਰ ਤੋਂ ਜ਼ਿਆਦਾ ਵਾਰ ਉਸ ਦਾ ਨਵਾਂ ਡਾਂਸ ਵੀਡੀਓ ਦੇਖਿਆ ਗਿਆ ਹੈ। ਧਮਾਕੇਦਾਰ ਨਾਚ ਦੇ ਕਦਮ ਦੇਖਣਯੋਗ ਹਨ। 'ਪੇਪੇਟਾ' ਗੀਤ ਯੂ-ਟਿਊਬ 'ਤੇ ਪਹਿਲਾਂ ਹੀ ਕੋਹਰਾਮ ਮਚਾ ਰਿਹਾ ਹੈ। 'ਬਿੱਗ ਬੌਸ' ਤੋਂ ਪਛਾਣ ਮਿਲੀ ਨੋਰਾ ਨੂੰ ਤੇ 'ਭਾਰਤ', 'ਬਾਟਲਾ ਹਾਊਸ' ਫ਼ਿਲਮਾਂ 'ਚ ਵੀ ਉਹ ਆਈ। 'ਸਟਰੀਟ ਡਾਂਸਰ' 'ਚ ਵੀ ਨੋਰਾ ਹੈ ਤੇ ਨਾਲ ਸ਼ਰਧਾ ਕਪੂਰ-ਵਰੁਣ ਧਵਨ ਹਨ। ਪ੍ਰੱਗਿਆ ਕਪੂਰ ਨੇ 'ਸਵੱਛ ਭਾਰਤ' ਲਹਿਰ ਹੇਠ ਬੀਚ 'ਤੇ ਇਕ ਸਮਾਰੋਹ ਕਰਵਾਇਆ। ਨੋਰਾ ਉਥੇ ਝਾੜੂ ਫੜ ਕੇ ਸਫਾਈ ਕਰ ਰਹੀ ਸੀ, ਨਾਲ ਹੀ ਕਦਮ ਥਿਰਕ ਰਹੇ ਸਨ ਤੇ ਹਰ ਕੋਈ ਮਜ਼ੇਦਾਰ ਮਾਹੌਲ 'ਚ ਬੀਚ ਦੀ ਸਫਾਈ ਕਰ ਰਿਹਾ ਸੀ। ਇਥੇ ਹੀ ਨੇਹਾ ਧੂਪੀਆ ਦੇ ਨਾਲ ਉਸ ਦਾ ਪਤੀ ਅੰਗਦ ਬੇਦੀ ਆਇਆ। ਅੰਗਦ ਨਾਲ ਨੋਰਾ ਦਾ ਪ੍ਰੇਮ ਸੀ, ਕਈਆਂ ਨੂੰ ਪਤਾ ਹੈ ਤੇ ਅੰਗਦ ਦੇ ਆਉਂਦੇ ਹੀ ਨੋਰਾ ਹੱਥੋਂ ਝਾੜੂ ਡਿੱਗ ਪਿਆ, ਤੀਲੇ ਖਿਲਰ ਗਏ ਤੇ ਖਿਲਰੀਆਂ ਯਾਦਾਂ ਨਾਲ ਨੋਰਾ ਉਥੋਂ ਚੁੱਪ-ਚਾਪ ਹੌਲੀ ਜਿਹੀ ਖਿਸਕ ਗਈ। ਇਧਰ 'ਬੜਾ ਪਛਤਾਉਗੇ' ਸਿੰਗਲ ਗੀਤ ਦੇ ਵੀਡੀਓ 'ਚ ਵਿੱਕੀ ਕੌਸ਼ਲ ਨਾਲ ਨੋਰਾ ਫਤੇਹੀ ਦਾ ਕੰਮ ਲੋਕ ਪਸੰਦ ਕਰ ਰਹੇ ਹਨ। ਇਕ ਪੱਤਰਕਾਰ ਵਾਰਤਾ 'ਚ ਵਿੱਕੀ ਕੌਸ਼ਲ 'ਤੇ ਇਸ ਗੀਤ 'ਤੇ ਨੱਚਣ ਦਾ ਫੁਰਮਾਨ ਆਇਆ ਤਾਂ ਉਹ ਤਿਆਰ ਸੀ ਪਰ ਨੋਰਾ ਦਾ ਪਹਿਰਾਵਾ ਤੇ ਸੰਗ ਇਸ ਕਾਰਨ ਨੋਰਾ ਦਾ ਕੰਮ ਹੀ ਵਿਚਾਲੇ ਰੁਕ ਗਿਆ। ਵਿੱਕੀ ਨੇ ਨੋਰਾ ਨੂੰ ਇਸ ਸਭ ਲਈ ਝਿੜਕਿਆ ਵੀ ਤੇ ਨੋਰਾ ਨੇ ਸਭ ਸਹਿਜ 'ਚ ਲੈ ਕੇ ਆਪਣੇ-ਆਪ ਨੂੰ ਸੰਭਾਲਿਆ। ਨੋਰਾ ਦੇ ਆਪਣੇ ਯੂ-ਟਿਊਬ ਚੈਨਲ 'ਤੇ ਅੰਤਰਰਾਸ਼ਟਰੀ ਉਸ ਦਾ ਗੀਤ 'ਪੇਪੇਟਾ' ਜੋ ਅੰਗਰੇਜ਼ੀ ਹੈ, ਸਫਲ ਹੈ। 'ਬੇਬੀ ਡਾਲ' ਦਾ ਤਮਗਾ ਇਸ ਗੀਤ ਨੇ ਨੋਰਾ ਨੂੰ ਦੇ ਦਿੱਤਾ ਹੈ। ਸਟਰੀਟ ਡਾਂਸਰ ਨੂੰ ਲੈ ਕੇ ਜ਼ਿਆਦਾ ਹੀ ਆਸ ਰੱਖੀ ਹੈ, ਨੋਰਾ ਨੇ। ਗੀਤ ਹੀ ਨਹੀਂ, ਨਾਚ ਹੀ ਨਹੀਂ, ਉਹ ਅਭਿਨੈ ਦੇ ਮੈਦਾਨ 'ਚ ਵੀ ਜਿੱਤ ਹੀ ਪ੍ਰਾਪਤ ਕਰੇਗੀ।

ਆਮਿਰ ਦੀ 'ਮੋਗੁਲ' ਵਿਚ ਵਾਪਸੀ

ਸੰਗੀਤ ਦੇ ਨਾਲ-ਨਾਲ ਫ਼ਿਲਮ ਨਿਰਮਾਣ ਵਿਚ ਰੁੱਝੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਕੁਝ ਸਾਲ ਪਹਿਲਾਂ ਆਪਣੇ ਪਿਤਾ ਗੁਲਸ਼ਨ ਕੁਮਾਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਦਾ ਨਾਂਅ 'ਮੋਗੁਲ' ਰੱਖਿਆ ਗਿਆ ਸੀ। ਉਦੋਂ ਟੀ-ਸੀਰੀਜ਼ ਦੀਆਂ ਦੀਵਾਰਾਂ 'ਤੇ ਵੀ ਇਸ ਦੇ ਪੋਸਟਰ ਲਗਾ ਦਿੱਤੇ ਗਏ ਸਨ ਅਤੇ ਫ਼ਿਲਮ ਲਈ ਉਨ੍ਹਾਂ ਵਲੋਂ ਦਿੱਤੀ ਜਾਂਦੀ ਸਲਾਹ ਤੇ ਸੁਝਾਅ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਸੀ। ਫ਼ਿਲਮ ਦੇ ਨਿਰੇਦਸ਼ਨ ਦੀ ਵਾਗਡੋਰ 'ਜੌਲੀ ਐਲ ਐਲ ਬੀ' ਰਾਹੀਂ ਪ੍ਰਸਿੱਧ ਨਿਰਦੇਸ਼ਕ ਸੁਭਾਸ਼ ਕੁਮਾਰ ਨੂੰ ਸੌਂਪੀ ਗਈ ਸੀ ਅਤੇ ਇਹ ਤੈਅ ਹੋਇਆ ਸੀ ਕਿ ਇਸ ਵਿਚ ਗੁਲਸ਼ਨ ਕੁਮਾਰ ਦੀ ਭੂਮਿਕਾ ਅਕਸ਼ੈ ਕੁਮਾਰ ਵਲੋਂ ਨਿਭਾਈ ਜਾਵੇਗੀ। ਹੁਣ ਇੰਤਜ਼ਾਰ ਸੀ ਤਾਂ ਸ਼ੂਟਿੰਗ ਸ਼ੁਰੂ ਹੋਣ ਦਾ।
ਇਸ ਤੋਂ ਪਹਿਲਾਂ ਕਿ ਸ਼ੂਟਿੰਗ ਸ਼ੁਰੂ ਹੋਵੇ ਨਿਰਦੇਸ਼ਕ ਸੁਭਾਸ਼ ਕੁਮਾਰ ਮੀ ਟੂ ਮੂਵਮੈਂਟ ਦੀ ਬਲੀ ਚੜ੍ਹ ਗਏ। ਐਂਕਰ ਤੇ ਟੀ. ਵੀ. ਅਭਿਨੇਤਰੀ ਗੀਤਿਕਾ ਤਿਆਗੀ ਨੇ ਉਨ੍ਹਾਂ 'ਤੇ ਸੋਸ਼ਣ ਦਾ ਦੋਸ਼ ਲਗਾਇਆ ਅਤੇ ਉਹ ਵੀਡੀਓ ਵੀ ਬਹੁਤ ਵਾਇਰਲ ਹੋਈ ਜਿਸ ਵਿਚ ਗੀਤਿਕਾ ਉਨ੍ਹਾਂ ਨੂੰ ਥੱਪੜ ਮਾਰਦੀ ਦਿਖਾਈ ਦਿੰਦੀ ਹੈ। ਸੁਭਾਸ਼ ਦਾ ਅਸਲੀ ਚਿਹਰਾ ਸਾਹਮਣੇ ਆਇਆ ਦੇਖ ਕੇ ਆਮਿਰ ਨੇ ਫ਼ਿਲਮ ਦੇ ਨਿਰਮਾਣ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਫ਼ਿਲਮ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ।
ਹੁਣ ਆਮਿਰ ਨੇ ਫ਼ਿਲਮ ਵਿਚ ਆਪਣੀ ਵਾਪਸੀ ਕਰ ਲਈ ਹੈ ਅਤੇ ਉਹ ਹੀ ਇਸ ਵਿਚ ਗੁਲਸ਼ਨ ਕੁਮਾਰ ਦੀ ਭੂਮਿਕਾ ਨਿਭਾਉਣਗੇ। ਭਾਵ ਫ਼ਿਲਮ ਤੋਂ ਅਕਸ਼ੈ ਦੀ ਛੁੱਟੀ ਹੋ ਗਈ ਹੈ। ਜਦੋਂ ਇਸ ਫ਼ਿਲਮ ਦਾ ਨਿਰਮਾਣ ਹਨ੍ਹੇਰੇ ਵਿਚ ਲਟਕ ਗਿਆ ਸੀ ਤਾਂ ਅਕਸ਼ੈ ਨੇ ਹੋਰ ਫ਼ਿਲਮਾਂ ਹੱਥ ਵਿਚ ਲੈ ਲਈਆਂ ਅਤੇ ਹੁਣ ਉਨ੍ਹਾਂ ਲਈ 'ਮੋਗੁਲ' ਲਈ ਸਮਾਂ ਕੱਢ ਪਾਉਣਾ ਅਸੰਭਵ ਸੀ। ਇਸ ਤਰ੍ਹਾਂ ਗੁਲਸ਼ਨ ਕੁਮਾਰ ਦੀ ਭੂਮਿਕਾ ਲਈ ਕਪਿਲ ਸ਼ਰਮਾ ਦੇ ਨਾਂਅ 'ਤੇ ਵੀ ਸੋਚ-ਵਿਚਾਰ ਕੀਤਾ ਗਿਆ ਪਰ ਭੂਸ਼ਣ ਕੁਮਾਰ ਨੂੰ ਲੱਗਿਆ ਕਿ ਕਪਿਲ ਦੇ ਆਉਣ ਨਾਲ ਫ਼ਿਲਮ 'ਤੇ ਕਾਮੇਡੀ ਫ਼ਿਲਮ ਦਾ ਠੱਪਾ ਲੱਗ ਜਾਵੇਗਾ ਜਦਕਿ ਇਹ ਸੰਵੇਦਨਸ਼ੀਲ ਫ਼ਿਲਮ ਹੈ। ਫ਼ਿਲਮ ਪ੍ਰਤੀ ਆਮਿਰ ਦਾ ਕ੍ਰਇਏਟਿਵ ਯੋਗਦਾਨ ਦੇਖ ਕੇ ਭੂਸ਼ਣ ਨੇ ਆਮਿਰ ਨੂੰ ਗੁਲਸ਼ਨ ਕੁਮਾਰ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਅਤੇ ਆਪਣੇ ਪਿਤਾ ਦੀ ਫ਼ਿਲਮ ਪ੍ਰਤੀ ਭੂਸ਼ਣ ਦਾ ਸੰਵੇਦਨਾਤਮਕ ਨਾਤਾ ਦੇਖ ਕੇ ਆਮਿਰ ਇਸ ਵਿਚ ਕੰਮ ਕਰਨ ਨੂੰ ਤਿਆਰ ਹੋ ਗਿਆ। ਇਹ ਫ਼ਿਲਮ ਸੁਭਾਸ਼ ਵਲੋਂ ਵੀ ਨਿਰਦੇਸ਼ਿਤ ਕੀਤੀ ਜਾਵੇਗੀ ਅਤੇ ਆਮਿਰ ਦਾ ਕਹਿਣਾ ਹੈ ਕਿ ਕਿਉਂਕਿ ਨਿਰਦੇਸ਼ਕ ਦੇ ਖਿਲਾਫ਼ ਕਿਸੇ ਫ਼ਿਲਮ ਐਸੋਸੀਏਸ਼ਨ ਵਿਚ ਸ਼ਿਕਾਇਤ ਦਰਜ ਨਹੀਂ ਹੋਈ ਹੈ, ਸੋ, ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ ਹਨ।
ਇਸ ਨੂੰ ਕਹਿੰਦੇ ਹਨ 'ਅੰਤ ਭਲਾ, ਸੋ ਸਭ ਭਲਾ।'

ਕਾਜੋਲ ਨਾਇਕਾ ਬਣੀ ਪਰ ਗ੍ਰੈਜੂਏਟ ਨਹੀਂ

ਬਿਲਕੁਲ ਮੀਨਾ ਕੁਮਾਰੀ, ਨੂਰਜਹਾਂ, ਨਰਗਿਸ, ਮਧੂਬਾਲਾ ਦੀ ਤਰ੍ਹਾਂ ਸਦਾਬਹਾਰ ਨਾਇਕਾ ਕਾਜੋਲ ਧਰਮਪਤਨੀ ਸ੍ਰੀਮਾਨ ਅਜੈ ਦੇਵਗਨ 45 ਸਾਲ ਦੀ ਹੋ ਗਈ ਹੈ। ਇਹ ਉਸ ਨੂੰ ਦੇਖ ਕੇ ਲਗਦਾ ਹੀ ਨਹੀਂ ਹੈ। ਪਤਾ ਜੇ ਕਾਜੋਲ ਵੇਦ ਪ੍ਰਕਾਸ਼ ਸ਼ਰਮਾ ਦੇ ਲਿਖੇ ਨਾਵਲਾਂ ਦੀ ਬੁਹਤ ਵੱਡੀ ਪ੍ਰਸੰਸਕਾ ਹੈ। ਕਾਜੋਲ ਫਿਰ ਵੱਡੇ ਪਰਦੇ 'ਤੇ, ਇਹ ਖ਼ਬਰ ਸੁਣ ਕੇ ਇੰਡਸਟਰੀ ਦੇ ਪੰਡਿਤ ਖੁਸ਼ ਹਨ। ਪਰਿਵਾਰਕ ਫ਼ਿਲਮਾਂ ਦੇ ਦੀਵਾਨੇ ਖ਼ੁਸ਼ ਹਨ। 'ਤਾਨਾ ਜੀ' ਦੀ ਇਹ ਅਜੈ-ਕਾਜੋਲ ਦੀ ਜੋੜੀ ਹੁਣ ਇਹ ਹਾਸਰਸ ਫ਼ਿਲਮ ਕਰਨ ਜਾ ਰਹੀ ਹੈ। 'ਧੋਖਾ-ਅਰਾਊਂਡ ਦਾ ਕਾਰਨਰ' ਪਹਿਲਾਂ ਇਸ ਫ਼ਿਲਮ ਦਾ ਟਾਈਟਲ ਰੱਖਿਆ ਗਿਆ ਸੀ। ਹੋ ਸਕਦਾ ਹੈ 'ਰਾਜੂ ਚਾਚਾ', 'ਇਸ਼ਕ', 'ਗੁੰਡਾਰਾਜ' ਦੀ ਤਰ੍ਹਾਂ ਕਾਜੋਲ ਦੀ ਇਹ ਨਵੀਂ ਫ਼ਿਲਮ 2020 ਸ਼ੁਰੂ ਹੁੰਦਿਆਂ ਹੀ ਸੈੱਟ 'ਤੇ ਚਲੀ ਜਾਏ। ਆਪਣੀ ਨਾਨੀ ਸ਼ੋਭਨਾ ਸਮਰੱਥ ਦੇ ਪਿਆਰ ਨੂੰ ਹੀ ਆਪਣੀ ਕਾਮਯਾਬੀ ਦਾ ਰਾਜ਼ ਸਮਝਣ ਵਾਲੀ ਕਾਜੋਲ ਨੇ ਸੋਲਵੇਂ ਸਾਲ 'ਚ ਹੀਰੋਇਨ ਬਣਨ ਦਾ ਸੁਪਨਾ ਤਾਂ ਪੂਰਾ ਕਰ ਲਿਆ ਪਰ ਅਫ਼ਸੋਸ ਉਹ ਗ੍ਰੈਜੂਏਟ ਨਹੀਂ ਬਣ ਸਕੀ। ਭਗਵਾਨ ਸ਼ਿਵ ਦੀ ਉਹ ਅਥਾਹ ਭਗਤਣੀ ਹੈ ਤੇ ਸ਼ਿਵ ਦੀ ਅਰਾਧਨਾ ਉਸ ਲਈ ਜ਼ਰੂਰੀ ਹੈ। 'ਓਮ' ਜਿਸ ਅੰਗੂਠੀ 'ਤੇ ਲਿਖਿਆ ਹੈ, ਉਹ ਕਾਜੋਲ ਪਹਿਨਦੀ ਹੈ 16 ਸਾਲ ਦੀ ਉਮਰ ਤੋਂ ਅੱਜ 45 ਸਾਲ ਦੀ ਹੋਣ ਤੱਕ। 'ਕਲਰਜ਼ ਚੈਨਲ' ਦੇ 'ਡਾਂਸ ਦੀਵਾਨੇ' ਸ਼ੋਅ 'ਚ 'ਯੇ ਕਾਲੀ ਕਾਲੀ ਜੁਲਫੇਂ' 'ਤੇ ਕਾਜੋਲ ਦੇ ਨਾਚ ਨੇ ਤਾਂ ਅੱਜ ਦੀਆਂ ਕੈਟਰੀਨਾ-ਕਰੀਨਾਵਾਂ ਤੇ ਅਨੁਸ਼ਕਾਵਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।

ਆ ਰਹੀ ਨਵੀਂ ਫ਼ਿਲਮ 'ਜੰਕਸ਼ਨ ਵਾਰਾਣਸੀ'

ਅਦਾਕਾਰ ਤੋਂ ਨਿਰਦੇਸ਼ਕ ਬਣੇ ਧੀਰਜ ਪੰਡਿਤ ਨੇ ਫ਼ਿਲਮ 'ਜੰਕਸ਼ਨ ਵਾਰਾਣਸੀ' ਦੇ ਨਿਰਦੇਸ਼ਨ ਦੀ ਵਾਗਡੋਰ ਆਪਣੇ ਹੱਥ ਵਿਚ ਫੜ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਅਮਰ (ਦੇਵ ਸ਼ਰਮਾ) ਤੇ ਬਿੰਦੂ ਪ੍ਰੇਮ (ਧੀਰਜ ਪੰਡਿਤ) ਵਾਰਾਣਸੀ ਨਾਲ ਲਗਦੇ ਛੋਟੇ ਜਿਹੇ ਪਿੰਡ ਪਿੰਪਰੀ ਵਿਚ ਰਹਿੰਦੇ ਹੁੰਦੇ ਹਨ। ਇਨ੍ਹਾਂ ਦੇ ਪਰਿਵਾਰ ਦੀ ਸਾਧੂ ਚਰਨ (ਅਨੁਪਮ ਸ਼ਿਆਮ ਓਝਾ) ਨਾਲ ਪੁਰਾਣੀ ਦੁਸ਼ਮਣੀ ਹੈ ਅਤੇ ਇਕ ਦਿਨ ਸਾਧੂ ਚਰਨ ਵਲੋਂ ਰਚੇ ਗਏ ਪ੍ਰਪੰਚ ਦਾ ਸ਼ਿਕਾਰ ਬਿੰਦੂ ਪ੍ਰੇਮ ਹੋ ਜਾਂਦਾ ਹੈ ਪਰ ਉਹ ਆਪਣੇ ਭਰਾ ਅਮਰ ਨੂੰ ਬਚਾਅ ਲੈਣ ਵਿਚ ਕਾਮਯਾਬ ਰਹਿੰਦਾ ਹੈ। ਇਸ ਪ੍ਰਪੰਚ ਦੀ ਵਜ੍ਹਾ ਨਾਲ ਬਿੰਦੂ ਪ੍ਰੇਮ ਨੂੰ ਦਿਮਾਗ਼ੀ ਠੇਸ ਪਹੁੰਚਦੀ ਹੈ ਅਤੇ ਉਹ ਸੋਚਣ ਤੇ ਸਮਝਣ ਦੀ ਸ਼ਕਤੀ ਗਵਾ ਬੈਠਦਾ ਹੈ। ਬਿੰਦੂ ਪ੍ਰੇਮ ਦੀ ਇਸ ਕਮਜ਼ੋਰੀ ਦੀ ਵਜ੍ਹਾ ਕਰਕੇ ਸਾਧੂ ਚਰਨ ਉਸ ਨੂੰ ਸ਼ਰਾਬ ਤੇ ਜੂਏ ਦੀ ਆਦਤ ਲਗਾ ਦਿੰਦਾ ਹੈ, ਤਾਂ ਕਿ ਉਹ ਆਪਣੇ ਪਰਿਵਾਰ ਨੂੰ ਬਰਬਾਦ ਕਰ ਦੇਵੇ। ਵਿਗੜੇ ਬੇਟੇ ਨੂੰ ਸਹੀ ਰਸਤੇ ਲਿਆਉਣ ਲਈ ਮਾਂ (ਜ਼ਰੀਨਾ ਵਹਾਬ) ਉਸ ਦਾ ਵਿਆਹ ਅੰਜਲੀ (ਅੰਜਲੀ ਅਬਰੋਲ) ਨਾਲ ਕਰਵਾ ਦਿੰਦੀ ਹੈ। ਅਸਲ ਵਿਚ ਅੰਜਲੀ ਨੂੰ ਅਮਰ ਨਾਲ ਪਿਆਰ ਹੈ ਅਤੇ ਅਮਰ ਵੀ ਉਸ ਨੂੰ ਚਾਹੁੰਦਾ ਹੁੰਦਾ ਹੈ ਪਰ ਜਦੋਂ ਅਮਰ ਨੂੰ ਮਾਂ ਵਲੋਂ ਤੈਅ ਕੀਤੇ ਗਏ ਰਿਸ਼ਤੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਖ਼ੁਦ 'ਤੇ ਆਪਣੇ ਭਰਾ ਦਾ ਪੁਰਾਣਾ ਅਹਿਸਾਨ ਦੇਖ ਕੇ ਆਪਣੇ ਪਿਆਰ ਦੀ ਕੁਰਬਾਨੀ ਦੇਣਾ ਠੀਕ ਸਮਝਦਾ ਹੈ। ਇਸ ਦਾ ਨਤੀਜਾ ਕੀ ਆਉਂਦਾ ਹੈ, ਇਹ ਇਸ ਦੀ ਕਹਾਣੀ ਹੈ। ਪੂਰੀ ਤਰ੍ਹਾਂ ਨਾਲ ਵਾਰਾਣਸੀ ਭਾਵ ਬਨਾਰਸ ਤੇ ਇਸ ਦੇ ਆਲੇ-ਦੁਆਲੇ ਫ਼ਿਲਮਾਈ ਗਈ ਇਸ ਫ਼ਿਲਮ ਵਿਚ ਉਥੋਂ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ।

-ਮੁੰਬਈ ਪ੍ਰਤੀਨਿਧ

ਮੁੜ ਹੋਈ ਸਰਗਰਮ ਆਰਤੀ ਨਾਗਪਾਲ

ਬਾਲੀਵੁੱਡ ਵਿਚ ਆਰਤੀ ਨਾਗਪਾਲ ਦੀ ਪਛਾਣ ਦੇਵ ਆਨੰਦ ਦੀ ਖੋਜ ਦੇ ਤੌਰ 'ਤੇ ਹੁੰਦੀ ਹੈ। ਉਸ ਨੂੰ ਦੇਵ ਆਨੰਦ ਵਲੋਂ ਫ਼ਿਲਮ 'ਗੈਂਗਸਟਰ' ਵਿਚ ਮੌਕਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਆਰਤੀ ਨੇ 'ਵਜ੍ਹਾ', 'ਏਕ ਥਾ ਰਾਜਾ', 'ਹੋਲੀਡੇ', 'ਖੁੱਦਾਰ' (ਗੋਵਿੰਦਾ) ਸਮੇਤ ਕਈ ਫ਼ਿਲਮਾਂ ਕੀਤੀਆਂ ਤੇ ਲੜੀਵਾਰਾਂ ਵਿਚ ਵੀ ਕੰਮ ਕੀਤਾ। ਪਹਿਲਾਂ ਉਸ ਦਾ ਨਾਂਅ ਆਕ੍ਰਿਤੀ ਸੀ ਜੋ ਬਾਅਦ ਵਿਚ ਬਦਲ ਕੇ ਆਰਤੀ ਕਰ ਦਿੱਤਾ।
ਹੁਣ ਆਰਤੀ ਨੇ ਇਕ ਗੀਤ 'ਐਲੀਫੈਂਟ ਹੈੱਡ' ਲਈ ਬਣੇ ਵੀਡੀਓ ਵਿਚ ਕੰਮ ਕੀਤਾ ਹੈ। ਇਹ ਗੀਤ ਗਣੇਸ਼ ਜੀ 'ਤੇ ਬਣਾਇਆ ਗਿਆ ਹੈ ਅਤੇ ਆਰਤੀ ਦੇ ਬੇਟੇ ਵੇਦਾਂਤ ਇਸ ਗੀਤ ਦੇ ਰਚੇਤਾ, ਗਾਇਕ ਤੇ ਸੰਗੀਤਕਾਰ ਹਨ। ਬੇਟੇ ਦੀ ਇਸ ਰਚਨਾ ਤੋਂ ਮਾਂ ਕਾਫੀ ਖ਼ੁਸ਼ ਹੈ ਅਤੇ ਉਹ ਕਹਿੰਦੀ ਹੈ, 'ਵੇਦਾਂਤ ਦੀ ਫ਼ਿਲਮ ਮੇਕਿੰਗ ਵੱਲ ਰੁਚੀ ਸ਼ੁਰੂ ਤੋਂ ਰਹੀ ਹੈ। ਜਦੋਂ ਉਹ 18 ਸਾਲ ਦਾ ਸੀ ਉਦੋਂ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਇਕ ਲਘੂ ਫ਼ਿਲਮ 'ਸਟਾਪ ਰਨਿੰਗ' ਬਣਾਈ ਸੀ ਅਤੇ ਇਸ ਵਿਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜਣ ਦਾ ਸੰਦੇਸ਼ ਦਿੱਤਾ ਗਿਆ ਸੀ। ਫਿਰ ਉਸ ਨੇ ਇਕ ਹੋਰ ਲਘੂ ਫ਼ਿਲਮ 'ਡਜ਼ ਇਟ ਹਰਟ' ਬਣਾਈ ਸੀ ਅਤੇ ਇਸ ਦੀ ਖ਼ਾਸ ਗੱਲ ਇਹ ਸੀ ਕਿ ਤਿੰਨ ਮਿੰਟ ਦੀ ਇਹ ਲਘੂ ਫ਼ਿਲਮ ਇਕ ਹੀ ਸ਼ਾਟ ਵਿਚ ਫ਼ਿਲਮਾਈ ਗਈ ਸੀ। ਇਹ ਗੀਤ 'ਐਲੀਫੰਟ ਹੈੱਡ' ਵੀ ਉਸ ਦੀ ਕਲਪਨਾ ਹੈ। ਮੈਂ ਵਰਸੋਵਾ ਵਿਚ ਰਹਿੰਦੀ ਹਾਂ ਅਤੇ ਸਾਹਮਣੇ ਸਮੁੰਦਰ ਹੈ ਜਿਥੇ ਗਣਪਤੀ ਦੀਆਂ ਮੂਰਤੀਆਂ ਨੂੰ ਵਿਸਰਜਿਤ ਕੀਤਾ ਜਾਂਦਾ ਹੈ। ਵਿਸਰਜਨ ਦੇ ਦੂਜੇ ਦਿਨ ਹਜ਼ਾਰਾਂ ਮੂਰਤੀਆਂ ਮਾੜੀ ਹਾਲਤ ਵਿਚ ਸਮੁੰਦਰ ਕਿਨਾਰੇ ਪਾਈਆਂ ਜਾਂਦੀਆਂ ਹਨ। ਇਹ ਦੇਖ ਕੇ ਵੇਦਾਂਤ ਦਾ ਦਿਲ ਦੁਖੀ ਹੋ ਉੱਠਦਾ ਹੈ ਅਤੇ ਆਪਣਾ ਦਰਦ ਉਸ ਨੇ ਗੀਤ ਜ਼ਰੀਏ ਪੇਸ਼ ਕੀਤਾ ਹੈ।'
ਇਸ ਵੀਡੀਓ ਵਿਚ ਆਰਤੀ ਨੂੰ ਕਾਲੇ ਕੱਪੜੇ ਪਾਈ ਨ੍ਰਿਤ ਕਰਦੇ ਦਿਖਾਇਆ ਗਿਆ ਹੈ। ਕਾਲੇ ਕੱਪੜੇ ਪਾਉਣ ਦੀ ਵਜ੍ਹਾ ਬਾਰੇ ਉਹ ਕਹਿੰਦੀ ਹੈ ਕਿ ਉਹ ਵੀਡੀਓ ਵਿਚ ਮਾਨਵ ਜਾਤੀ ਦੀ ਅਗਵਾਈ ਕਰ ਰਹੀ ਹੈ। ਕਾਲੇ ਕੱਪੜੇ ਨਾਂਹਪੱਖੀ ਐਨਰਜੀ ਦਾ ਪ੍ਰਤੀਕ ਹਨ ਅਤੇ ਗਣੇਸ਼ ਜੀ ਦੀ ਮੂਰਤੀ ਸਾਹਮਣੇ ਨ੍ਰਿਤ ਕਰ ਕੇ ਇਹ ਦਿਖਾਇਆ ਗਿਆ ਹੈ ਕਿ ਆਪਣੇ ਸਵਾਰਥ ਲਈ ਮਾਨਵ ਜਾਤੀ ਭਗਵਾਨ ਨੂੰ ਵੀ ਠੱਗ ਰਹੀ ਹੈ। ਆਰਤੀ ਦੇ ਕਈ ਜਾਣੂ ਨਿਰਮਾਤਾ ਤੇ ਨਿਰਦੇਸ਼ਕਾਂ ਨੇ ਇਸ ਵੀਡੀਓ ਦੀ ਤਾਰੀਫ਼ ਕੀਤੀ ਹੈ ਅਤੇ ਇਸ ਤਾਰੀਫ਼ ਦੀ ਬਦੌਲਤ ਮਾਂ-ਬੇਟੇ ਦਾ ਹੌਸਲਾ ਵਧਣਾ ਸੁਭਾਵਿਕ ਹੀ ਹੈ।
-ਮੁੰਬਈ ਪ੍ਰਤੀਨਿਧ

ਗੌਰਵ ਡਾਗਰ ਦਾ ਵੱਡੇ ਪਰਦੇ ਦਾ ਸਫ਼ਰ ਸ਼ੁਰੂ

ਮੇਰਠ ਵਾਸੀ ਗੌਰਵ ਡਾਗਰ ਜਦੋਂ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਉਦੋਂ ਹੀ ਸੋਚ ਲਿਆ ਸੀ ਕਿ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਹੈ। ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਫ਼ੌਜ ਵਿਚ ਹਨ। ਸੋ, ਘਰਵਾਲਿਆਂ ਦੀ ਇੱਛਾ ਸੀ ਕਿ ਬੇਟਾ ਵੀ ਫ਼ੌਜ ਵਿਚ ਜਾਵੇ ਪਰ ਕੁਝ ਵੱਡਾ ਕਰਨ ਦੀ ਇੱਛਾ ਗੌਰਵ ਨੂੰ ਫ਼ੌਜ ਵਿਚ ਜਾਣ ਤੋਂ ਰੋਕ ਰਹੀ ਸੀ ਅਤੇ ਇਹੀ ਇੱਛਾ ਉਸ ਨੂੰ ਅਭਿਨੈ ਦੀ ਦੁਨੀਆ ਵਿਚ ਲੈ ਆਈ। ਇਥੇ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਉਸ ਦੇ ਹੌਸਲੇ ਪਸਤ ਨਹੀਂ ਹੋਏ। ਇਸ ਮਹਾਨਗਰ ਦੀਆਂ ਕਾਫ਼ੀ ਸੜਕਾਂ ਨਾਪ ਲੈਣ ਤੋਂ ਬਾਅਦ ਉਸ ਨੂੰ ਲੜੀਵਾਰ 'ਪੇਸ਼ਵਾ ਬਾਜੀਰਾਓ' ਵਿਚ ਮੁਗ਼ਲ ਸੈਨਾਪਤੀ ਦੀ ਭੂਮਿਕਾ ਮਿਲੀ। ਇਸ ਭੂਮਿਕਾ ਨਾਲ ਉਹ ਨਿਆਂ ਕਰਨ ਵਿਚ ਸਫ਼ਲ ਰਿਹਾ ਤਾਂ ਅਤੇ ਲੜੀਵਾਰ ਮਿਲੇ ਅਤੇ ਹੁਣ ਤੱਕ ਉਹ ਪੰਜਾਹ ਤੋਂ ਜ਼ਿਆਦਾ ਲੜੀਵਾਰ ਕਰ ਚੁੱਕਿਆ ਹੈ ਅਤੇ ਇਨ੍ਹਾਂ ਵਿਚ 'ਏਕਲਵਿਆ', 'ਇਸ਼ਕ ਮੇਂ ਮਰਜਾਵਾਂ', 'ਸ਼ਕਤੀ ਅਹਿਸਾਸ ਕੀ', 'ਮੁਸਕਾਨ', 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਮੁੱਖ ਹਨ। ਜੁਰਮ 'ਤੇ ਆਧਾਰਿਤ ਸ਼ੋਅ 'ਕ੍ਰਾਈਮ ਪੈਟਰੋਲ' ਦੇ ਵੀ ਕਈ ਐਪੀਸੋਡ ਕੀਤੇ ਹਨ ਅਤੇ ਜ਼ਿਆਦਾਤਰ ਵਿਚ ਉਹ ਪੁਲਿਸ ਦੀ ਵਰਦੀ ਵਿਚ ਨਜ਼ਰ ਆਏ ਸਨ। ਹੁਣ ਕੁਝ ਵੱਡਾ ਕਰਨ ਦੀ ਇੱਛਾ ਉਸ ਨੂੰ ਵੱਡੇ ਪਰਦੇ 'ਤੇ ਲੈ ਆਈ ਹੈ ਅਤੇ ਉਹ ਦੋ ਫ਼ਿਲਮਾਂ ਰਾਹੀਂ ਵੱਡੇ ਪਰਦੇ 'ਤੇ ਆਪਣਾ ਆਗਮਨ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਹੈ-'ਗੁਲ ਮਕਾਹ' ਜੋ ਪਾਕਿਸਤਾਨੀ ਲੜਕੀ ਮਲਾਲਾ ਯੂਸਫ਼ਜ਼ਈ ਦੇ ਜੀਵਨ 'ਤੇ ਆਧਾਰਿਤ ਹੈ। ਇਸ ਵਿਚ ਗੌਰਵ ਦੇ ਹਿੱਸੇ ਪਾਕਿਸਤਾਨੀ ਪੁਲਿਸ ਅਧਿਕਾਰੀ ਦੀ ਭੂਮਿਕਾ ਆਈ ਹੈ ਅਤੇ ਗੌਰਵ ਅਨੁਸਾਰ 'ਕ੍ਰਾਈਮ ਪੈਟਰੋਲ' ਵਿਚ ਪੁਲਸੀਆ ਵਰਦੀ ਪਾਉਣ ਦਾ ਅਨੁਭਵ ਇਥੇ ਕਾਫ਼ੀ ਕੰਮ ਆਇਆ ਸੀ। ਉਸ ਦੀ ਦੂਜੀ ਫ਼ਿਲਮ ਹੈ 'ਫ਼ੌਜੀ ਕਾਲਿੰਗ' ਅਤੇ ਇਸ ਵਿਚ ਸ਼ਰਮਨ ਜੋਸ਼ੀ, ਮੁਗਧਾ ਗੋਡਸੇ, ਜ਼ਰੀਨਾ ਵਹਾਬ ਵੀ ਹਨ। ਗੌਰਵ ਨੂੰ ਮਨੋਜ ਵਾਜਪਾਈ ਦੀ ਵੈੱਬ ਸੀਰੀਜ਼ 'ਫੈਮਲੀ ਮੈਨ' ਵਿਚ ਵੀ ਲਿਆ ਗਿਆ ਹੈ ਅਤੇ ਇਹ ਐਮਾਜ਼ੋਨ ਲਈ ਬਣਾਈ ਗਈ ਹੈ। ਗੌਰਵ ਨੇ ਆਪਣਾ ਬੈਨਰ ਸਥਾਪਿਤ ਕਰ ਕੇ ਫ਼ਿਲਮ ਨਿਰਮਾਣ ਵੱਲ ਵੀ ਆਪਣਾ ਰੁਖ਼ ਕੀਤਾ ਹੈ। ਉਸ ਦੇ ਬੈਨਰ ਦਾ ਨਾਂਅ ਹੈ ਕਲਾਕਾਰਜ਼ ਐਂਟਰਟੇਨਮੈਂਟ ਅਤੇ ਇਸ ਰਾਹੀਂ ਲਘੂ ਫ਼ਿਲਮ 'ਜਾਨਿਬ-ਏ-ਮੰਝਿਲ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਕੌਮਾਂਤਰੀ ਐਵਾਰਡ ਹਾਸਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ। ਉਹ ਕਹਿੰਦੇ ਹਨ, 'ਸਾਡੇ ਦੇਸ਼ ਕੋਲ ਦੋ ਕ੍ਰਿਕਟ ਵਰਲਡ ਕੱਪ ਹਨ ਪਰ ਕੋਈ ਦੋ ਨਾਮੀ ਕੌਮਾਂਤਰੀ ਐਵਾਰਡ ਨਹੀਂ ਹੈ। ਇਹੀ ਦਿਖਾਉਂਦਾ ਹੈ ਕਿ ਮਿਆਰੀ ਫ਼ਿਲਮਾਂ ਬਣਾਉਣ ਵਿਚ ਅਸੀਂ ਹੁਣ ਵੀ ਪਿੱਛੇ ਹਾਂ। ਮੇਰੀ ਇੱਛਾ ਵੱਡੇ ਐਵਾਰਡ ਜਿੱਤਣ ਲਾਇਕ ਫ਼ਿਲਮਾਂ ਬਣਾਉਣ ਦੀ ਹੈ।'
ਉਮੀਦ ਹੈ ਕਿ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਮਕਸਦ ਵਿਚ ਉਹ ਜ਼ਰੂਰ ਕਾਮਯਾਬ ਹੋਣਗੇ।

ਟੀਨਾ ਆਹੂਜਾ ਕੰਮ ਦੇਖ ਭਾਵੁਕ ਹੋਏ ਗੋਵਿੰਦਾ

ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨੇ ਫ਼ਿਲਮ 'ਸੈਕਿੰਡ ਹੈਂਡ ਹਸਬੈਂਡ' ਰਾਹੀਂ ਅਭਿਨੈ ਦੀ ਦੁਨੀਆ ਵਿਚ ਦਾਖ਼ਲਾ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਹ ਫ਼ਿਲਮ ਟੀਨਾ ਦਾ ਫ਼ਿਲਮੀ ਕੈਰੀਅਰ ਸੰਵਾਰਨ ਵਿਚ ਨਾਕਾਮਯਾਬ ਰਹੀ ਅਤੇ ਟੀਨਾ ਬਤੌਰ ਅਭਿਨੇਤਰੀ ਰੁੱਝੀ ਨਹੀਂ ਰਹਿ ਸਕੀ।
ਹੁਣ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦੀ ਯਾਦ ਦਿਵਾਉਂਦੇ ਹੋਏ ਟੀਨਾ ਨੇ ਇਕ ਗੀਤ 'ਮਿਲੋ ਨਾ ਤੁਮ' ਦੇ ਵੀਡੀਓ ਵਿਚ ਕੰਮ ਕੀਤਾ ਹੈ। ਫ਼ਿਲਮ 'ਹੀਰ ਰਾਂਝਾ' ਦੇ ਇਸ ਗੀਤ ਨੂੰ ਗਾਇਕ-ਸੰਗੀਤਕਾਰ ਗਜੇਂਦਰ ਵਰਮਾ ਵਲੋਂ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਉਹ ਹੀ ਟੀਨਾ ਦੇ ਨਾਲ ਇਸ ਵੀਡੀਓ ਵਿਚ ਚਮਕੇ ਹਨ।
ਖਰਚੀਲੇ ਫ਼ਿਲਮਾਂਕਣ ਵਾਲੇ ਇਸ ਵੀਡੀਓ ਦਾ ਨਿਰਮਾਣ ਹਿਤੇਂਦਰ ਕਪੋਪਾਰਾ ਵਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਤੇ ਵੀਡੀਓ ਦੇ ਉਦਘਾਟਨ ਲਈ ਕੀਤੇ ਗਏ ਸਮਾਰੋਹ ਵਿਚ ਗੋਵਿੰਦਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਸਨ।
ਉਥੇ ਜਦੋਂ ਸਕਰੀਨ 'ਤੇ ਵੀਡੀਓ ਦਿਖਾਇਆ ਗਿਆ ਤਾਂ ਪਰਦੇ 'ਤੇ ਬੇਟੀ ਨੂੰ ਦੇਖ ਕੇ ਗੋਵਿੰਦਾ ਭਾਵੁਕ ਹੋ ਗਏ ਸਨ। ਵੀਡੀਓ ਬਾਰੇ ਉਹ ਕਹਿਣ ਲੱਗੇ, 'ਮੈਂ ਗਜੇਂਦਰ ਵਰਮਾ ਤੇ ਹਿਤੇਂਦਰ ਕਪੋਪਾਰਾ ਨੂੰ ਪਹਿਲਾਂ ਤੋਂ ਜਾਣਦਾ ਹਾਂ। ਜਦੋਂ ਉਹ ਆਪਣੇ ਵੀਡੀਓ ਵਿਚ ਟੀਨਾ ਨੂੰ ਚਮਕਾਉਣ ਦੀ ਪੇਸ਼ਕਸ਼ ਲੈ ਕੇ ਮੇਰੇ ਕੋਲ ਆਏ ਤਾਂ ਇਹ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਸ ਦੇ ਫ਼ਿਲਮਾਂਕਣ ਵਿਚ ਕੋਈ ਘਾਟ ਨਹੀਂ ਰਹਿਣ ਦੇਣਗੇ ਅਤੇ ਹੁਣ ਜਦੋਂ ਇਹ ਵੀਡੀਓ ਦੇਖਿਆ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਮੇਰੀਆਂ ਉਮੀਦਾਂ ਤੋਂ ਵੀ ਜ਼ਿਆਦਾ ਚੰਗਾ ਬਣਿਆ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ਵਿਚ ਨੌਜਵਾਨ ਅਪੀਲ ਹੈ ਪਰ ਕਿਤੇ ਵੀ ਸਸਤਾਪਣ ਨਹੀਂ ਹੈ। ਟੀਨਾ ਨੂੰ ਇਸ ਵਿਚ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਉਸ ਦੇ ਕੰਮ ਤੋਂ ਮੈਂ ਬਹੁਤ ਖੁਸ਼ ਹਾਂ।'
ਉਂਝ ਪਹਿਲਾਂ ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਇਕ ਵੀਡੀਓ ਦੀ ਬਦੌਲਤ ਕਲਾਕਾਰ ਦਾ ਕੈਰੀਅਰ ਸੰਵਰ ਜਾਂਦਾ ਹੈ। ਹੁਣ ਇਹ ਵੀਡੀਓ ਟੀਨਾ ਦਾ ਕੈਰੀਅਰ ਸੰਵਾਰਨ ਵਿਚ ਕਿੰਨਾ ਸਫ਼ਲ ਰਹਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਲੱਚਰ ਗਾਇਕੀ ਤੋਂ ਦੂਰ ਰਹਿਣ ਵਾਲੀ ਦੋਗਾਣਾ ਜੋੜੀ ਵੀਰ ਸਤਵੰਤ ਤੇ ਸ਼ੈਲੀ ਸਾਜਨ

'ਮੁੰਡਾ ਦੁਬਈ ਚੱਲਿਆ', 'ਬਾਰਾਂ ਬੋਰ ਦੋਨਾਲੀ', 'ਪੁੱਤ ਅਣਖੀ ਜੱਟਾਂ ਦੇ', 'ਸੁਭਾਅ ਦਾ ਸਾਧੂ' ਆਦਿ ਦੋਗਾਣਾ ਕੈਸੇਟਾਂ ਨਾਲ ਸੰਗੀਤ ਪ੍ਰੇਮੀਆਂ ਦਾ ਮੋਹ ਪਿਆਰ ਹਾਸਲ ਕਰਨ ਵਾਲੀ ਗਾਇਕ ਜੋੜੀ ਵੀਰ ਸਤਵੰਤ ਸਾਜਨ ਤੇ ਸ਼ੈਲੀ ਸਾਜਨ ਪਿਛਲੇ ਦੋ ਦਹਾਕਿਆਂ ਤੋਂ ਗਾਇਕੀ ਖੇਤਰ ਵਿਚ ਛਾਈ ਹੋਈ ਹੈ। ਵੀਰ ਸਤਵੰਤ ਸਾਜਨ ਨੇ ਕਰੀਬ ਪੰਝੀ ਸਾਲ ਪਹਿਲਾਂ ਉਸਤਾਦ ਸ੍ਰੀ ਪ੍ਰੇਮ ਅਣਜਾਣ ਪਾਸੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ 'ਸੋਨੇ ਦਾ ਹਾਰ', 'ਲਲਕਾਰਾ ਜੱਟ ਦਾ' ਤੋਂ ਇਲਾਵਾ ਮਾਤਾ ਦੀਆਂ ਭੇਟਾਂ ਦੇ ਸਿੰਗਲ ਟਰੈਕ ਵੀ ਰਿਕਾਰਡ ਕਰਵਾਏ।
ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੰਗਲ ਟਰੈਕ 'ਮੇਰੇ ਬਾਬਾ ਨਾਨਕ ਜੀ' ਵੀ ਸਰੋਤਿਆਂ ਵਿਚ ਪ੍ਰਵਾਨ ਹੋ ਰਿਹਾ ਹੈ। ਵੀਰ ਸਤਵੰਤ ਸਾਜਨ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਠੱਠੀਆਂ ਵਿਚ ਮਾਤਾ ਸੇਵਾ ਕੌਰ ਦੀ ਕੁੱਖੋਂ ਪਿਤਾ ਸਰਦਾਰ ਠਾਕਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਪਾਲਣ ਵਾਲੇ ਵੀਰ ਸਾਜਨ ਦੀ ਰੋਜ਼ੀ-ਰੋਟੀ ਦਾ ਵਸੀਲਾ ਵੀ ਗਾਇਕੀ ਹੀ ਬਣੀ ਹੈ। 100 ਦੇ ਕਰੀਬ ਗੀਤ ਰਿਕਾਰਡ ਕਰਵਾ ਚੁੱਕੀ ਇਸ ਮਾਝੇ ਦੀ ਮਸ਼ਹੂਰ ਗਾਇਕ ਜੋੜੀ ਦੇ ਅਨੇਕਾਂ ਗੀਤ ਦੂਰਦਰਸ਼ਨ ਸਮੇਤ ਕਈ ਚੈਨਲਾਂ ਦਾ ਸ਼ਿੰਗਾਰ ਵੀ ਬਣੇ ਹਨ।
ਸੰਗੀਤਕਾਰ ਗੌਤਮ, ਸਰਦਾਰ ਗੁਰਮੀਤ ਸਿੰਘ ਦੇ ਸੰਗੀਤ ਵਿਚ ਗੀਤ ਰਿਕਾਰਡ ਕਰਵਾਉਣ ਵਾਲੀ ਇਸ ਗਾਇਕ ਜੋੜੀ ਨੇ ਹੁਣ ਤੱਕ ਨਿਸ਼ਾਨ ਕਲੇਰ, ਝਿਰਮਲ ਘੁੱਕੇਵਾਲੀ, ਪੰਛੀ ਰਣਗੜ੍ਹ, ਪਰਿੰਦਾ ਬਰਵਾਲਾ, ਬਾਗਾ ਲੱਧੜ, ਮਨਜੀਤ ਕਲੇਰ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਅਨੇਕਾਂ ਸੱਭਿਆਚਾਰਕ ਮੇਲਿਆਂ 'ਚੋਂ ਮਾਣ-ਸਨਮਾਨ ਪ੍ਰਾਪਤ ਕਰ ਚੁੱਕੀ ਇਸ ਦੋਗਾਣਾ ਗਾਇਕ ਜੋੜੀ ਨੇ ਹਮੇਸ਼ਾ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨੂੰ ਪਹਿਲ ਦਿੱਤੀ ਹੈ। ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੀ ਗਾਇਕੀ ਦੀ ਆਲੋਚਨਾ ਕਰਦਿਆਂ ਵੀਰ ਸਾਜਨ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ, ਇਸ ਵਾਸਤੇ ਸਾਰੇ ਸਮਾਜ, ਲੇਖਕਾਂ, ਗਾਇਕਾਂ ਅਤੇ ਗੀਤਕਾਰਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਪਾਉਣ।
-ਪ੍ਰਤੀਨਿਧ, ਰਾਮ ਤੀਰਥ (ਅੰਮ੍ਰਿਤਸਰ)

ਕ੍ਰਿਕਟ ਦੀ ਰਾਜਨੀਤੀ ਨੂੰ ਉਜਾਗਰ ਕਰਦੀ ਫ਼ਿਲਮ ਕਿਰਕੇਟ

ਸਾਬਕਾ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਤੇ ਅਜ਼ਹਰ ਦੇ ਜੀਵਨ ਪ੍ਰਸੰਗਾਂ 'ਤੇ ਆਧਾਰਿਤ ਫ਼ਿਲਮਾਂ ਬਣੀਆਂ। ਹੁਣ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਆਜ਼ਾਦ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਕਿਰਕੇਟ' ਆ ਰਹੀ ਹੈ ਅਤੇ ਇਸ ਵਿਚ ਕੀਰਤੀ ਆਜ਼ਾਦ ਦੇ ਨਾਲ-ਨਾਲ ਸਾਬਕਾ ਕ੍ਰਿਕਟ ਖਿਡਾਰੀ ਅਤੁਲ ਵਾਸਨ, ਮਨੋਜ ਪ੍ਰਭਾਕਰ, ਮਨਿੰਦਰ ਸਿੰਘ ਤੇ ਵਿਵੇਕ ਰਾਜਦਾਨ ਨੇ ਵੀ ਅਭਿਨੈ ਕੀਤਾ ਹੈ ਅਤੇ ਇਹ ਸਾਰੇ ਖ਼ੁਦ ਦਾ ਹੀ ਕਿਰਦਾਰ ਨਿਭਾਅ ਰਹੇ ਹਨ।
ਯੋਗੇਂਦਰ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਬਾਰੇ ਕੀਰਤੀ ਆਜ਼ਾਦ ਪਹਿਲਾਂ ਹੀ ਇਹ ਸਫਾਈ ਦੇ ਦਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਨਹੀਂ ਹੈ। ਫ਼ਿਲਮ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਹ ਕਹਿੰਦੇ ਹਨ, 'ਪਹਿਲੀ ਗੱਲ ਤਾਂ ਇਹ ਕਿ ਫ਼ਿਲਮ ਵਿਚ ਪੇਸ਼ ਕੀਤਾ ਗਿਆ ਵਿਸ਼ਾ ਮੇਰੇ ਦਿਮਾਗ਼ ਦੀ ਉਪਜ ਨਹੀਂ ਹੈ। ਇਸ ਫ਼ਿਲਮ ਦੇ ਇਕ ਨਿਰਮਾਤਾ ਸੋਨੂੰ ਝਾਅ ਵਿਸਥਾਰ ਨਾਲ ਦੱਸਦੇ ਹਨ ਕਿ ਬਿਹਾਰ ਵਿਚ ਕ੍ਰਿਕਟ ਦੇ ਵਿਕਾਸ ਲਈ ਮੈਨੂੰ ਕਿਸ ਤਰ੍ਹਾਂ ਦੀ ਲੜਾਈ ਲੜਨੀ ਪਈ ਹੈ। ਉਨ੍ਹਾਂ ਨੇ ਮੇਰੇ ਇਸ ਸੰਘਰਸ਼ ਨੂੰ ਮੁੱਖ ਰੱਖ ਕੇ ਕਹਾਣੀ ਲਿਖੀ ਅਤੇ ਮੇਰੇ ਨਾਲ ਸੰਪਰਕ ਕੀਤਾ। ਗੱਲਾਂ-ਗੱਲਾਂ ਵਿਚ ਸੋਨੂੰ ਨੇ ਦੱਸਿਆ ਕਿ ਉਹ ਫ਼ਿਲਮ ਵਿਚ ਜਿਨ੍ਹਾਂ ਕਲਾਕਾਰਾਂ ਨੂੰ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਈਨ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ ਤੇ ਮੈਂ ਕਿਹਾ ਕਿ ਮੇਰੀ ਭੂਮਿਕਾ ਲਈ ਮੈਨੂੰ ਹੀ ਲਿਆ ਜਾ ਜਾਵੇ ਅਤੇ ਇਸ ਤਰ੍ਹਾਂ ਫ਼ਿਲਮ ਵਿਚ ਮੇਰਾ ਦਾਖਲਾ ਹੋ ਗਿਆ।
ਇਸ ਫ਼ਿਲਮ ਵਿਚ ਬਿਹਾਰ ਵਿਚ ਕ੍ਰਿਕਟ ਦੀ ਮਾਲੀ ਹਾਲਤ ਬਾਰੇ ਦਿਖਾਇਆ ਗਿਆ ਹੈ। ਅੱਜ ਵੀ ਨਾ ਤਾਂ ਬਿਹਾਰ ਵਿਚ ਕ੍ਰਿਕਟ ਸਟੇਡੀਅਮ ਹੈ ਤੇ ਨਾ ਹੀ ਬਿਹਾਰ ਦਾ ਕੋਈ ਖਿਡਾਰੀ ਕ੍ਰਿਕਟ ਵਿਚ ਆਪਣਾ ਨਾਂਅ ਰੌਸ਼ਨ ਕਰ ਸਕਣ ਵਿਚ ਸਫ਼ਲ ਰਿਹਾ ਹੈ। ਕ੍ਰਿਕਟ ਦੀ ਖੇਡ ਵਿਚ ਪਰਦੇ ਦੇ ਪਿੱਛੇ ਖੇਡੀ ਜਾਂਦੀ ਰਾਜਨੀਤੀ ਦੀ ਵਜ੍ਹਾ ਕਰਕੇ ਬਿਹਾਰ ਵਿਚ ਕ੍ਰਿਕਟ ਦਾ ਵਿਕਾਸ ਨਹੀਂ ਹੋ ਸਕਿਆ ਹੈ।

-ਮੁੰਬਈ ਪ੍ਰਤੀਨਿਧ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX