ਤਾਜਾ ਖ਼ਬਰਾਂ


ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  10 minutes ago
ਸ੍ਰੀਨਗਰ, 13 ਨਵੰਬਰ- ਪਾਕਿਸਤਾਨ ਨੇ ਅੱਜ ਸਵੇਰੇ 7 ਵਜੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੇਰੀ ਪਿੰਡ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  26 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਨੇ ਕਰਨਾਟਕ ਦੇ ਅਯੋਗ ਕਰਾਰੇ ਗਏ 17 ਬਾਗ਼ੀ ਵਿਧਾਇਕਾਂ 'ਤੇ ਅੱਜ ਫ਼ੈਸਲਾ ਦੇ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੀਕਰ ਵਲੋਂ ਵਿਧਾਇਕਾਂ ਨੂੰ...
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  35 minutes ago
ਕਾਬੁਲ, 13 ਨਵੰਬਰ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇੱਕ ਕਾਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋਏ ਹਨ। ਅਫ਼ਗ਼ਾਨਿਸਤਾਨ ਦੇ ਗ੍ਰਹਿ...
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  about 1 hour ago
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ)- ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਪਿੰਡ ਵਾਸੀਆਂ ਵਲੋਂ ਮਨਾਇਆ ਜਾ...
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  about 2 hours ago
ਅਜਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ ਨੇ ਦੇਸ਼ ਵਿਦੇਸ਼ ਤੋਂ ਪੁੱਜੀ ਸੰਗਤ ਦਾ ਮਨ ਮੋਹ...
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  about 2 hours ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਹੋਰ ਖ਼ਬਰਾਂ..

ਨਾਰੀ ਸੰਸਾਰ

ਲਾੜੀਆਂ ਲਈ ਸੁੰਦਰਤਾ ਟਿਪਸ

ਗਰਮੀਆਂ ਦੇ ਮੌਸਮ ਨੂੰ ਸਾਲ ਭਰ ਵਿਚ ਵਿਆਹ-ਸ਼ਾਦੀਆਂ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਵਿਆਹ ਦੇ ਦਿਨ ਸੁੰਦਰ ਦਿਸਣ ਲਈ ਤੁਹਾਨੂੰ ਕਈ ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਅਤੇ ਆਪਣੇ ਖਾਣ-ਪੀਣ, ਜੀਵਨ ਸ਼ੈਲੀ ਸਹਿਤ ਅਨੇਕ ਪਹਿਲੂਆਂ 'ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਭਾਰਤ ਵਿਚ ਗਰਮੀਆਂ ਦੇ ਮੌਸਮ ਵਿਚ ਪਸੀਨੇ ਕਾਰਨ ਲਾੜੀਆਂ ਦੀ ਸੁੰਦਰਤਾ ਅਤੇ ਨਿਖਾਰ ਵਿਚ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ। ਇਸ ਸਮੱਸਿਆ 'ਤੇ ਕੁਝ ਘਰੇਲੂ ਆਯੁਰਵੈਦਿਕ ਨੁਸਖਿਆਂ ਨਾਲ ਕਾਬੂ ਪਾਇਆ ਜਾ ਸਕਦਾ ਹੈ। ਗਰਮੀਆਂ ਵਿਚ ਤਪਸ਼ ਕਾਰਨ ਪਸੀਨੇ ਅਤੇ ਤੇਲੀ ਰਸਾਵ ਵਿਚ ਵੀ ਵਾਧਾ ਹੁੰਦਾ ਹੈ ਜੋ ਚਮੜੀ 'ਤੇ ਜੰਮ ਜਾਂਦੇ ਹਨ, ਜਿਸ ਨਾਲ ਚਮੜੀ ਵਿਚ ਚਿਕਨਾਹਟ ਆ ਜਾਂਦੀ ਹੈ ਅਤੇ ਇਹ ਧੂੜ ਅਤੇ ਪ੍ਰਦੂਸ਼ਣ ਨੂੰ ਆਕਰਸ਼ਤ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਚਮੜੀ ਆਪਣਾ ਆਕਰਸ਼ਣ ਗੁਆ ਦਿੰਦੀ ਹੈ ਅਤੇ ਨਿਰਜੀਵ ਹੋ ਜਾਂਦੀ ਹੈ। ਗਰਮੀਆਂ ਵਿਚ ਸੁੰਦਰਤਾ ਲਈ ਗਿੱਲਾ ਅਤੇ ਪਾਊਡਰ ਆਧਾਰਿਤ ਸ਼ਿੰਗਾਰ ਬਿਹਤਰ ਮੰਨਿਆ ਜਾਂਦਾ ਹੈ। ਗਰਮੀਆਂ ਵਿਚ 'ਕੋਮਲ, ਨਾਜ਼ੁਕ, ਸਰਲ ਅਤੇ ਸਾਦਾ' ਸੁੰਦਰਤਾ ਦਾ ਸਭ ਤੋਂ ਵਧੀਆ ਨਿਯਮ ਹੈ। ਇਸ ਦੌਰਾਨ ਗਿੱਲੇ ਅਤੇ ਵਾਟਰਪਰੂਫ ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕ੍ਰੀਮੀ ਆਧਾਰਿਤ ਸੁੰਦਰਤਾ ਦੀ ਬਜਾਏ ਪਾਊਡਰ ਆਧਾਰਿਤ ਸੁੰਦਰਤਾ ਬਿਹਤਰ ਅਤੇ ਸਾਰਥਿਕ ਸਾਬਤ ਹੁੰਦੀ ਹੈ।
ਗਰਮੀਆਂ ਦੌਰਾਨ ਦਿਨ ਦੇ ਸਮੇਂ ਦਾ ਮੇਕਅਪ ਹਲਕਾ, ਸਰਲ ਅਤੇ ਅਤਿ ਸੂਖਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਅਸਟ੍ਰਿੰਜੰਟ ਲੋਸ਼ਨ ਨੂੰ ਬਰਾਬਰ ਮਾਤਰਾ ਵਿਚ ਗੁਲਾਬ ਜਲ ਵਿਚ ਮਿਲਾ ਕੇ ਫਰਿੱਜ ਵਿਚ ਰੱਖ ਦਿਓ ਅਤੇ ਚਮੜੀ ਦੀ ਸਫ਼ਾਈ ਤੋਂ ਬਾਅਦ ਠੰਢੇ ਲੋਸ਼ਨ ਨੂੰ ਸੂਤੀ ਕੱਪੜਿਆਂ ਦੇ ਪੈਡ ਨਾਲ ਚਮੜੀ ਨੂੰ ਰੰਗਤ ਦੇਣ ਲਈ ਵਰਤੋਂ ਕਰੋ। ਇਸ ਨਾਲ ਨਾ ਸਿਰਫ ਚਮੜੀ ਨੂੰ ਤਾਜ਼ਗੀ ਮਿਲੇਗੀ, ਸਗੋਂ ਇਸ ਨਾਲ ਚਮੜੀ ਦੇ ਮੁਸਾਮ ਬੰਦ ਕਰਨ ਵਿਚ ਵੀ ਮਦਦ ਮਿਲੇਗੀ। ਇਕ ਆਈਸ ਕਿਊਬ ਨੂੰ ਸਾਫ਼ ਕੱਪੜੇ ਵਿਚ ਲਪੇਟ ਕੇ ਇਸ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਓ। ਇਸ ਨਾਲ ਚਿਹਰੇ ਦੇ ਮੁਸਾਮ ਬੰਦ ਕਰਨ ਵਿਚ ਮਦਦ ਮਿਲੇਗੀ। ਜਦੋਂ ਤੁਸੀਂ ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਪੂਰੇ ਚਿਹਰੇ ਅਤੇ ਧੌਣ 'ਤੇ ਲਗਾਓ, ਜਿਸ ਨਾਲ ਇਹ ਚਮੜੀ 'ਤੇ ਜੰਮ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ। ਕੰਪੈਕਟ ਪਾਊਡਰ ਲੂਜ਼ ਪਾਊਡਰ ਦੇ ਮੁਕਾਬਲੇ ਜ਼ਿਆਦਾ ਚਿਰ ਸਥਾਈ ਰਹਿੰਦਾ ਹੈ ਅਤੇ ਕੋਮਲ ਸਜਾਵਟ ਦਿੰਦਾ ਹੈ। ਵਾਟਰਪਰੂਫ ਮਸਕਾਰਾ ਅਤੇ ਆਈ ਲਾਈਨਰ ਨਾਲ ਅੱਖਾਂ ਦੇ ਮੇਕਅਪ ਨੂੰ ਗਰਮ ਰੁੱਤ ਵਿਚ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਇਸ ਸਮੇਂ ਬਾਜ਼ਾਰ ਵਿਚ ਵਾਟਰਪਰੂਫ ਅਤੇ ਵਾਟਰ ਰੋਧਕ ਲਿਪ ਕਲਰਸ ਅਤੇ ਲਿਪ ਲਾਈਨਰ ਵੀ ਮਿਲਦੇ ਹਨ। ਆਪਣੀਆਂ ਪਲਕਾਂ ਨੂੰ ਭੂਰੇ ਜਾਂ ਸਲੇਟੀ ਰੰਗ ਦੀ ਲਾਈਨ ਨਾਲ ਢਕੋ ਅਤੇ ਇਹ ਦਿਨ ਭਰ ਤੁਹਾਨੂੰ ਸੌਮਯ ਸੁਭਾਅ ਪ੍ਰਦਾਨ ਕਰਨਗੇ। ਲਿਪਸਟਿਕ ਦੀ ਵਰਤੋਂ ਕਰਦੇ ਸਮੇਂ ਹਲਕੇ ਗੁਲਾਬੀ ਰੰਗ, ਭੂਰੇ ਅਤੇ ਬੈਂਗਣੀ ਰੰਗ ਵਰਗੇ ਹਲਕੇ ਰੰਗਾਂ ਦੀ ਵਰਤੋਂ ਕਰੋ। ਬਸ਼ਰਤੇ ਇਹ ਤੁਹਾਡੀ ਚਮੜੀ ਦੇ ਰੰਗ ਦੇ ਅਨੁਕੂਲ ਹੋਵੇ। ਜੇ ਤੁਹਾਡੀ ਚਮੜੀ ਦਾ ਰੰਗ ਪੀਲਾ ਹੈ ਤਾਂ ਨਾਰੰਗੀ ਸ਼ੇਡ ਦੀ ਬਜਾਏ ਗੁਲਾਬੀ ਸ਼ੇਡ ਅਪਣਾਓ। ਯਾਦ ਰੱਖੋ ਕਿ ਰੰਗ ਬਹੁਤ ਚਮਕੀਲਾ ਨਹੀਂ ਹੋਣਾ ਚਾਹੀਦਾ।
ਗਰਮੀਆਂ ਵਿਚ ਮਲਾਈਦਾਰ ਅਤੇ ਤੇਲੀ ਪਦਾਰਥਾਂ ਤੋਂ ਬਣੇ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸ਼ੁੱਧ ਗਲਿਸਰੀਨ ਅਤੇ ਸ਼ਹਿਦ ਦੀ ਵਰਤੋਂ ਨਾਲ ਜ਼ਿਆਦਾ ਪਸੀਨਾ ਆ ਸਕਦਾ ਹੈ। ਮਲਾਈਦਾਰ ਫਾਊਂਡੇਸ਼ਨ ਅਤੇ ਆਈ ਸ਼ੈਡੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਾਊਡਰ ਸ਼ੇਡ ਅਤੇ ਬਲਸ਼ਰ ਜ਼ਿਆਦਾ ਸਾਰਥਿਕ ਹੁੰਦੇ ਹਨ। ਪ੍ਰਸਾਧਨ ਸਮੱਗਰੀ ਵਿਚ ਹਲਦੀ ਦੀ ਭਿੰਨੀ ਸੁਗੰਧ ਹੋਣੀ ਚਾਹੀਦੀ ਹੈ।
ਗਰਮੀਆਂ ਦੀ ਰੁੱਤ ਦੌਰਾਨ ਕੁਦਰਤੀ ਉਤਪਾਦਾਂ ਵਿਚ ਗੁਲਾਬ ਜਲ ਅਤੇ ਗੁਲਾਬ ਆਧਾਰਿਤ ਚਮੜੀ ਟਾਨਿਕ ਫਾਇਦੇਮੰਦ ਕਹੇ ਜਾ ਸਕਦੇ ਹਨ। ਗੁਲਾਬ ਕੁਦਰਤੀ ਤੌਰ 'ਤੇ ਠੰਢਕ ਵਰਧਕ ਮੰਨਿਆ ਜਾਂਦਾ ਹੈ। ਖੀਰਾ, ਪਪੀਤਾ, ਨਿੰਬੂ ਰਸ ਤੋਂ ਬਣੇ ਸੁੰਦਰਤਾ ਉਤਪਾਦਾਂ ਨੂੰ ਗਰਮੀ ਦੌਰਾਨ ਸੁੰਦਰਤਾ ਸਬੰਧੀ ਸਮੱਸਿਆਵਾਂ ਲਈ ਵਰਤਿਆ ਜਾ ਸਕਦਾ ਹੈ।
ਸੁੰਦਰਤਾ ਸ਼ਿੰਗਾਰ ਨੂੰ ਸ਼ੁੱਭ ਦਿਨ ਤੋਂ 3 ਹਫ਼ਤੇ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ। ਵਿਭਿੰਨ ਤਰੀਕਿਆਂ 'ਤੇ ਡੂੰਘੇ ਅਧਿਐਨ ਤੋਂ ਬਾਅਦ ਜੋ ਤੁਹਾਨੂੰ ਪਸੰਦ ਆਵੇ, ਉਸ ਨੂੰ ਅਪਣਾਉਣਾ ਚਾਹੀਦਾ ਹੈ। ਜੇ ਤੁਹਾਡਾ ਵਿਆਹ ਰਾਤ ਦੇ ਸਮੇਂ ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਗੂੜ੍ਹੇ ਰੰਗ ਦੀ ਵਰਤੋਂ ਕਰੋ, ਕਿਉਂਕਿ ਚਮਕਦਾਰ ਰੰਗਾਂ ਨਾਲ ਤੁਸੀਂ ਫਿੱਕੇ ਦਿਖਾਈ ਦਿਓਗੇ। ਵਿਆਹ ਦੌਰਾਨ ਮੱਥੇ ਦੀ ਬਿੰਦੀ ਸੁੰਦਰਤਾ ਦਾ ਅਨਿੱਖੜਵਾਂ ਅੰਗ ਮੰਨੀ ਜਾਂਦੀ ਹੈ। ਆਪਣੀ ਪੌਸ਼ਾਕ ਨਾਲ ਮਿਲਦੇ-ਜੁਲਦੇ ਰੰਗ ਦੀ ਚਮਕਦਾਰ ਬਿੰਦੀ ਦੀ ਵਰਤੋਂ ਕਰੋ। ਛੋਟੇ, ਚਮਕੀਲੇ ਅਤੇ ਰਤਨਾਂ ਨਾਲ ਜੜੇ ਚਮਕਦਾਰ ਰੰਗਾਂ ਦੀ ਬਿੰਦੀ ਸੁੰਦਰਤਾ ਵਿਚ ਚਾਰ ਚੰਨ ਲਗਾ ਦਿੰਦੀ ਹੈ।
ਚਮੜੀ ਨੂੰ ਹਾਈਡ੍ਰੇਟ ਕਰਨ ਲਈ ਦਿਨ ਭਰ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਚਮੜੀ ਵਿਚ ਕੁਦਰਤੀ ਨਿਖਾਰ ਬਾਹਰ ਆ ਸਕੇ।
ਗਰਮੀਆਂ ਦੌਰਾਨ ਚਿਹਰੇ ਅਤੇ ਚਮੜੀ ਤੋਂ ਮ੍ਰਿਤ ਚਮੜੀ ਸੈੱਲਾਂ ਨੂੰ ਹਟਾਉਣ ਲਈ ਕਲੀਨਜ਼ਿੰਗ, ਟੋਨਿੰਗ ਬਹੁਤ ਜ਼ਰੂਰੀ ਹੁੰਦੀ ਹੈ। ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਅਤੇ ਘਰ ਵਾਪਸ ਆਉਣ ਤੋਂ ਬਾਅਦ ਚਮੜੀ ਦੀ ਕਲੀਨਜ਼ਿੰਗ, ਟੋਨਿੰਗ ਨਿਯਮਤ ਰੂਪ ਨਾਲ ਕਰੋ। ਇਹ ਤੁਸੀਂ ਵਿਆਹ ਤੋਂ 3 ਮਹੀਨੇ ਪਹਿਲਾਂ ਸ਼ੁਰੂ ਕਰ ਦਿਓ ਅਤੇ ਇਸ ਨਾਲ ਚਮੜੀ ਨੂੰ ਆਕਰਸ਼ਕ ਅਤੇ ਖੂਬਸੂਰਤ ਬਣਾਉਣ ਵਿਚ ਮਦਦ ਮਿਲੇਗੀ। ਗਰਮੀਆਂ ਵਿਚ ਤੇਜ਼ ਧੁੱਪ ਨਾਲ ਚਮੜੀ ਦੀ ਉੱਪਰਲੀ ਪਰਤ ਸੜ ਜਾਂਦੀ ਹੈ, ਜਿਸ ਨੂੰ ਟੈਨਿੰਗ ਕਹਿੰਦੇ ਹਨ। ਇਸ ਨਾਲ ਚਮੜੀ ਦੇ ਉੱਪਰਲੇ ਭਾਗ ਵਿਚ ਮ੍ਰਿਤ ਚਮੜੀ ਸੈੱਲ ਬਣ ਜਾਂਦੇ ਹਨ। ਇਨ੍ਹਾਂ ਮ੍ਰਿਤ ਚਮੜੀ ਸੈੱਲਾਂ ਨੂੰ ਪੀਲਿੰਗ ਨਾਲ ਹਟਾ ਕੇ ਚਮੜੀ ਨੂੰ ਮੁਲਾਇਮ, ਆਕਰਸ਼ਕ, ਚਮਕਦਾਰ ਬਣਾਇਆ ਜਾ ਸਕਦਾ ਹੈ। ਵਿਆਹ ਤੋਂ ਇਕ ਮਹੀਨਾ ਪਹਿਲਾਂ 10 ਦਿਨ ਦੇ ਫ਼ਰਕ ਨਾਲ ਪੀਲਿੰਗ ਕਰਨ ਨਾਲ ਵਿਆਹ ਵਾਲੇ ਦਿਨ ਤੁਹਾਡਾ ਚਿਹਰਾ ਜਗਮਗਾਉਣ ਲੱਗ ਜਾਵੇਗਾ।
ਸਕਿੱਨ ਬ੍ਰਾਈਟਨਿੰਗ ਰਾਹੀਂ ਚਮੜੀ 'ਤੇ ਚਮਕ ਲਿਆਉਣ ਦਾ ਕੰਮ ਕੀਤਾ ਜਾਂਦਾ ਹੈ। ਇਸ ਵਿਚ ਵੱਖ-ਵੱਖ ਸੁੰਦਰਤਾ ਪ੍ਰਸਾਧਨਾਂ ਰਾਹੀਂ ਚਮੜੀ ਦੇ ਕੁਦਰਤੀ ਗਲੋਅ ਨੂੰ ਨਿਖਾਰਿਆ ਜਾਂਦਾ ਹੈ, ਜਿਸ ਦਾ ਲੰਬੇ ਸਮੇਂ ਤੱਕ ਅਸਰ ਦੇਖਣ ਨੂੰ ਮਿਲਦਾ ਹੈ। ਇਸ ਟ੍ਰੀਟਮੈਂਟ ਨੂੰ ਸਾਰੇ ਤਰ੍ਹਾਂ ਦੀ ਚਮੜੀ 'ਤੇ ਵਰਤਿਆ ਜਾ ਸਕਦਾ ਹੈ। ਵਿਆਹ ਵਾਲੇ ਦਿਨ ਅੱਖਾਂ ਦਾ ਮੇਕਅਪ ਪੂਰੇ ਚਿਹਰੇ ਦੀ ਸੁੰਦਰਤਾ ਵਿਚ ਚਾਰ ਚੰਦ ਲਗਾ ਦਿੰਦਾ ਹੈ। ਵਿਆਹ ਵਾਲੇ ਦਿਨ ਜੇ ਅੱਖਾਂ ਦੇ ਹੇਠਾਂ ਅਤੇ ਉੱਪਰ ਚਮੜੀ ਵਿਚ ਢਿੱਲਾਪਨ ਹੈ ਤਾਂ ਉਸ ਨਾਲ ਤੁਹਾਡਾ ਮੇਕਅਪ ਖਰਾਬ ਹੋ ਜਾਵੇਗਾ। ਆਈ ਟ੍ਰੀਟਮੈਂਟ ਵਿਆਹ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਜ਼ਰੂਰ ਲਓ ਅਤੇ ਜੇ ਸੰਭਵ ਹੋਵੇ ਤਾਂ ਮਹੀਨੇ ਵਿਚ ਦੋ ਵਾਰ ਲੈ ਲਓ, ਜਿਸ ਨਾਲ ਤੁਹਾਡੀਆਂ ਅੱਖਾਂ ਆਕਰਸ਼ਕ ਲੱਗਣਗੀਆਂ ਅਤੇ ਮੇਕਅਪ ਵੀ ਜਚੇਗਾ।
ਵਿਆਹ ਵਾਲੇ ਦਿਨ ਜੇ ਅੱਖਾਂ 'ਤੇ ਮੇਕਅਪ ਚੰਗਾ ਹੋਵੇ ਤਾਂ ਪੂਰਾ ਚਿਹਰਾ ਹੀ ਸੁੰਦਰ ਦਿਸਣ ਲੱਗਦਾ ਹੈ ਪਰ ਜੇ ਤੁਹਾਡੀਆਂ ਅੱਖਾਂ ਦੇ ਉੱਪਰ ਅਤੇ ਹੇਠਾਂ ਦੀ ਚਮੜੀ ਵਿਚ ਢਿੱਲਾਪਨ ਜ਼ਿਆਦਾ ਹੋਵੇਗਾ ਤਾਂ ਇਹ ਮੇਕਅਪ ਵੀ ਕੁਝ ਨਹੀਂ ਕਰ ਸਕੇਗਾ। ਇਸ ਲਈ ਆਈ ਟ੍ਰੀਟਮੈਂਟ ਨਾਲ ਇਸ ਨੂੰ ਠੀਕ ਕਰੋ। ਇਹ ਟ੍ਰੀਟਮੈਂਟ ਵਿਆਹ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਲਓ, ਬਿਲੁਕਲ ਨੇੜੇ ਜਾ ਕੇ ਨਾ ਕਰਾਓ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਉਲਟ ਪ੍ਰਭਾਵ ਨੂੰ ਠੀਕ ਕਰਨ ਲਈ ਤੁਹਾਨੂੰ ਸਮਾਂ ਮਿਲ ਸਕੇ।


ਖ਼ਬਰ ਸ਼ੇਅਰ ਕਰੋ

ਸੁੰਦਰਤਾ ਤੇ ਤੰਦਰੁਸਤੀ ਵਧਾਉਣ ਲਈ ਨੁਕਤੇ

ਸਵੇਰੇ ਛੇਤੀ ਉੱਠੋ: ਸੂਰਜ ਦੀ ਪਹਿਲੀ ਕਿਰਨ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਬਿਸਤਰ ਛੱਡ ਦਿਓ। ਜੋ ਸਵੇਰੇ ਉੱਠ ਕੇ ਫਿਰ ਸੌਂ ਜਾਂਦੇ ਹਨ, ਉਨ੍ਹਾਂ ਨੂੰ ਦਿਨ ਭਰ ਆਲਸ ਅਤੇ ਥਕਾਨ ਮਹਿਸੂਸ ਹੁੰਦੀ ਹੈ। ਇਸ ਲਈ ਸਵੇਰੇ ਛੇਤੀ ਉੱਠਣ ਦੀ ਕੋਸ਼ਿਸ਼ ਕਰੋ।
ਕਸਰਤ ਕਰੋ : ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਸਵੇਰੇ ਟਹਿਲਣ ਜ਼ਰੂਰ ਜਾਓ। ਇਹ ਸਰੀਰ ਲਈ ਲਾਭਦਾਇਕ ਹੈ। ਜੇ ਘੁੰਮਣ ਨਾ ਜਾਓ ਤਾਂ ਘੱਟ ਤੋਂ ਘੱਟ 5 ਮਿੰਟ ਰੱਸੀ ਟੱਪੋ ਜਾਂ ਕੋਈ ਵੀ ਹਲਕੀ-ਫੁਲਕੀ ਕਸਰਤ ਕਰੋ। ਸਾਰੇ ਰੋਗ ਅਸਾਨੀ ਨਾਲ ਦੂਰ ਹੋ ਜਾਣਗੇ, ਨਾਲ ਹੀ ਸਰੀਰ ਵੀ ਫਿੱਟ ਰਹੇਗਾ।
ਪੌਸ਼ਟਿਕ ਪਦਾਰਥ ਖਾਓ : ਹੱਥ-ਮੂੰਹ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾਸ਼ਤੇ ਵਿਚ ਫਲ ਜ਼ਰੂਰ ਲਓ। ਜ਼ਿਆਦਾ ਤਲੇ, ਭੁੰਨੇ, ਚਟਪਟੇ ਖਾਧ ਪਦਾਰਥਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਰਸਦਾਰ ਫਲ ਜਿਵੇਂ ਸੰਤਰਾ, ਅੰਗੂਰ ਆਦਿ ਖਾਓ।
ਸੁਖਦ ਇਸ਼ਨਾਨ : ਠੰਢੇ ਪਾਣੀ ਵਿਚ ਯੂਡੀਕੋਲੋਨ ਜਾਂ ਹੋਰ ਸੁਗੰਧਿਤ ਪਦਾਰਥ ਪਾ ਕੇ ਇਸ਼ਨਾਨ ਕਰੋ। ਪਾਣੀ ਸਭ ਤੋਂ ਪਹਿਲਾਂ ਸਿਰ 'ਤੇ ਪਾਓ। ਇਸ ਨਾਲ ਦਿਮਾਗ ਵਿਚ ਠੰਢਕ ਪਹੁੰਚਦੀ ਹੈ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਪੂਰੇ ਸਰੀਰ ਦੀ ਸਫਾਈ ਕਰੋ। ਹੋ ਸਕੇ ਤਾਂ ਮੁਲਤਾਨੀ ਮਿੱਟੀ, ਸ਼ਹਿਦ, ਦਹੀਂ ਦਾ ਫੇਸਪੈਕ ਚਿਹਰੇ 'ਤੇ ਲਗਾਓ। ਗਰਮੀ ਵਿਚ ਇਹ ਫੇਸਪੈਕ ਠੰਢਕ ਪਹੁੰਚਾਉਂਦੇ ਹਨ। ਨਹਾਉਣ ਤੋਂ ਬਾਅਦ ਤੁਸੀਂ ਆਪਣੇ-ਆਪ ਨੂੰ ਤਰੋਤਾਜ਼ਾ ਮਹਿਸੂਸ ਕਰੋਗੇ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਨਜ਼ਰ ਆਓਗੇ।
ਵਿਹੜੇ ਵਿਚ ਨਿਹਾਰੋ : ਆਪਣੇ-ਆਪ ਨੂੰ ਵਿਹੜੇ ਵਿਚ ਨਿਹਾਰੋ। ਆਪਣੀ ਯੋਗਤਾ, ਗੁਣਾਂ ਅਤੇ ਸਫਲਤਾ 'ਤੇ ਨਾਜ਼ ਕਰੋ। ਔਗੁਣਾਂ ਅਤੇ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਸੁਖਦ ਮਹਿਸੂਸ ਹੋਵੇਗਾ।
ਮੇਕਅਪ : ਹਲਕਾ ਮੇਕਅਪ ਕਰੋ, ਕ੍ਰੀਮ ਦੀ ਬਜਾਏ ਪਾਊਡਰ ਲਗਾਉਣਾ ਬਿਹਤਰ ਹੋਵੇਗਾ, ਲਿਪਸਟਿਕ ਵੀ ਕੁਦਰਤੀ ਰੰਗ ਦੀ ਹੀ ਲਗਾਓ।
ਗਹਿਣੇ ਵੀ ਹਲਕੇ ਪਹਿਨੋ। ਸੁੰਦਰ, ਸਾਫ਼, ਪ੍ਰੈੱਸ ਕੀਤੇ ਕੱਪੜਿਆਂ ਨਾਲ ਮੇਲ ਖਾਂਦੇ ਗਹਿਣੇ ਪਹਿਨੋ। ਤੁਹਾਡੀ ਸ਼ਖ਼ਸੀਅਤ ਹੋਰ ਖਿੜ ਜਾਵੇਗੀ।
ਹੁਣ ਤੁਸੀਂ ਬਿਲਕੁਲ ਤਿਆਰ ਹੋ। ਜੇ ਘਰੇਲੂ ਮਹਿਲਾ ਹੋ ਤਾਂ ਘਰੇਲੂ ਕੰਮਕਾਜ ਨੂੰ ਨਿਪਟਾ ਕੇ ਰਚਨਾਤਮਕ ਕੰਮਾਂ ਵਿਚ ਸਮਾਂ ਬਤੀਤ ਕਰ ਸਕਦੀ ਹੋ। ਜੇ ਕੰਮਕਾਜੀ ਹੋ ਤਾਂ ਖਿੜੇ ਚਿਹਰੇ ਦੇ ਨਾਲ ਆਤਮਵਿਸ਼ਵਾਸ ਭਰ ਕੇ ਦਫ਼ਤਰ ਜਾਓ। ਯਕੀਨ ਕਰੋ, ਇਸ ਉਪਯੋਗੀ ਸੁੰਦਰਤਾ ਯੋਜਨਾ ਨਾਲ ਤੁਸੀਂ ਦਿਨ ਭਰ ਚੁਸਤ ਰਹੋਗੇ ਅਤੇ ਸਰੀਰ ਦੀ ਤੰਦਰੁਸਤੀ ਤੇ ਸੁੰਦਰਤਾ ਵਧੇਗੀ। ਅਮਲ ਕਰੋ, ਫਿਰ ਦੇਖੋ ਇਸ ਦਾ ਕਮਾਲ। **

ਕਰੋ ਘਰ ਦਾ ਖ਼ਿਆਲ

* ਕਰੰਟ ਤੋਂ ਬਚਣ ਲਈ ਜੇ ਘਰ ਵਿਚ ਅਰਥਿੰਗ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦਾ ਪ੍ਰਬੰਧ ਕਰੋ।
* ਘਰ ਦੇ ਰੰਗ, ਖਾਸ ਕਰਕੇ ਘਰ ਦੇ ਬਾਹਰਲੇ ਪਾਸੇ ਵਾਟਰਪਰੂਫ ਰੰਗ ਕਰਵਾਓ।
* ਜੇ ਬਾਹਰ ਬਾਲਕੋਨੀ ਆਦਿ ਵਿਚ ਮਾਰਬਲ ਲੱਗਾ ਹੈ ਤਾਂ ਉਸ ਦੀ ਸਫਾਈ 'ਤੇ ਵਿਸ਼ੇਸ਼ ਧਿਆਨ ਦਿਓ। ਮਾਰਬਲ ਦਾ ਰੰਗ ਬਦਲ ਸਕਦਾ ਹੈ। ਜੇ ਟਾਇਲਾਂ ਲੱਗੀਆਂ ਹਨ ਤਾਂ ਟੁੱਟੀਆਂ ਟਾਇਲਾਂ ਨੂੰ ਬਦਲਵਾ ਲਓ, ਨਹੀਂ ਤਾਂ ਪਾਣੀ ਟੁੱਟੀਆਂ ਟਾਇਲਾਂ ਵਿਚ ਜਮ੍ਹਾਂ ਹੋ ਸਕਦਾ ਹੈ, ਜੋ ਬਾਕੀ ਟਾਇਲਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
* ਘਰ ਵਿਚ ਕੋਈ ਟੁੱਟਿਆ ਡੱਬਾ, ਗਮਲਾ ਅਜਿਹਾ ਨਾ ਹੋਵੇ, ਜਿਸ ਵਿਚ ਪਾਣੀ ਰੁਕਿਆ ਰਹੇ ਅਤੇ ਉਥੇ ਡੇਂਗੂ ਦੇ ਮੱਛਰ ਆਪਣਾ ਘਰ ਬਣਾ ਲੈਣ।
* ਘਰ ਵਿਚ ਸਵਿੱਚ, ਤਾਰਾਂ, ਪਲੱਗ ਜੇ ਠੀਕ ਨਾ ਹੋਣ ਤਾਂ ਪਹਿਲਾਂ ਹੀ ਠੀਕ ਕਰਵਾ ਲਓ।
* ਘਰ ਵਿਚ ਕਿਤੇ ਕੋਈ ਸੁਰਾਖ ਦਿਖਾਈ ਦੇਵੇ ਤਾਂ ਤੁਰੰਤ ਸੀਮੈਂਟ ਨਾਲ ਉਸ ਨੂੰ ਭਰਵਾ ਲਓ ਤਾਂ ਕਿ ਬਰਸਾਤੀ ਕੀੜੇ ਨਾ ਆ ਸਕਣ।
* ਜੇ ਘਰ ਵਿਚ ਗਲੀਚਾ ਵਿਛਿਆ ਹੋਵੇ ਤਾਂ ਉਸ ਨੂੰ ਬਰਸਾਤਾਂ ਤੋਂ ਪਹਿਲਾਂ ਇਕੱਠਾ ਕਰਕੇ ਪਲਾਸਟਿਕ ਦੀ ਸ਼ੀਟ ਨਾਲ ਢਕ ਦਿਓ ਤਾਂ ਕਿ ਨਮੀ ਨਾ ਆ ਸਕੇ।
* ਜੇ ਤੁਹਾਡੇ ਘਰ ਲੈਦਰ ਸੋਫਾ ਹੈ ਤਾਂ ਹਰ 15 ਦਿਨਾਂ ਬਾਅਦ ਕਵਰ ਨੂੰ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
* ਪਰਦਿਆਂ ਨੂੰ ਮੋੜ ਕੇ ਡੋਰੀ ਨਾਲ ਬੰਨ੍ਹ ਦਿਓ। ਧੂੜ-ਮਿੱਟੀ ਜੰਮਣ 'ਤੇ ਉਨ੍ਹਾਂ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰੋ। ਬਰਸਾਤਾਂ ਵਿਚ ਪਰਦੇ ਧੋਣ 'ਤੇ ਉਨ੍ਹਾਂ ਨੂੰ ਸੁਕਾਉਣਾ ਮੁਸ਼ਕਿਲ ਹੁੰਦਾ ਹੈ।
* ਜੁੱਤੀਆਂ ਵਿਚ ਅਖ਼ਬਾਰ ਤੁੰਨ ਦਿਓ ਤਾਂ ਕਿ ਨਮੀ ਤੋਂ ਬਚੀਆਂ ਰਹਿਣ। ਗਿੱਲੀ ਜੁੱਤੀ ਪਹਿਨਣ ਨਾਲ ਪੈਰਾਂ ਵਿਚ ਸੰਕ੍ਰਮਣ ਹੋ ਸਕਦਾ ਹੈ।
* ਜੁੱਤੀਆਂ ਵਾਲੇ ਰੈਕ ਵਿਚ ਘੱਟ ਪਾਵਰ ਵਾਲਾ ਬਲਬ ਲਗਾਓ, ਜਿਸ ਨਾਲ ਉਸ ਵਿਚ ਨਮੀ ਨਹੀਂ ਰਹੇਗੀ।
* ਕੂਲਰ ਦਾ ਪਾਣੀ ਹਫਤੇ ਵਿਚ ਇਕ ਵਾਰ ਕੱਢ ਕੇ, ਸਾਫ਼ ਕਰਕੇ ਉਸ ਵਿਚ ਮਿੱਟੀ ਦਾ ਤੇਲ ਜਾਂ ਤਾਰਪੀਨ ਦਾ ਤੇਲ ਪਾਓ ਤਾਂ ਕਿ ਮੱਛਰ ਨਾ ਪਣਪ ਸਕੇ।

ਮਾਪਿਆਂ ਵਲੋਂ ਬੱਚਿਆਂ ਦੇ ਉੱਜਵਲ ਭਵਿੱਖ ਪ੍ਰਤੀ ਸੰਜੋਏ ਸੁਪਨੇ ਸਾਰਥਿਕ ਹੋਣ ਕਿਵੇਂ?

ਅਕਸਰ ਹਰ ਮਾਂ-ਬਾਪ ਨੇ ਦਿਲੀ ਸੁਪਨੇ ਸੰਜੋਏ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਤੰਦਰੁਸਤ, ਸੂਝਵਾਨ, ਆਗਿਆਕਾਰੀ ਹੋਣ। ਚੰਗਾ ਪੜ੍ਹ-ਲਿਖ ਕੇ ਅਫਸਰ, ਡਾਕਟਰ ਜਾਂ ਸਫ਼ਲ ਬਿਜ਼ਨੈਸਮੈਨ ਬਣਨ। ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ ਅਤੇ ਉਹ ਮਾਪਿਆਂ ਦੇ ਬੁਢਾਪੇ ਦੀ ਮਜ਼ਬੂਤ ਲਾਠੀ ਵਾਲਾ ਰੋਲ ਵੀ ਭਲੀਭਾਂਤ ਅਦਾ ਕਰਨ। ਜੇ ਦੇਖਿਆ ਜਾਵੇ ਤਾਂ ਘਰ ਵਿਚ ਬੱਚਿਆਂ ਦੇ ਸਭ ਤੋਂ ਪਹਿਲੇ ਅਤੇ ਪ੍ਰਪੱਕ ਰੋਲ ਮਾਡਲ ਮਾਪੇ ਹੀ ਹੁੰਦੇ ਹਨ। ਜੋ ਮਾਪੇ ਆਪਣਾ ਇਹ ਰੋਲ ਸਹੀ ਤਰੀਕੇ ਨਾਲ ਨਿਭਾਅ ਪਾਉਂਦੇ ਹਨ, ਉਨ੍ਹਾਂ ਦੇ ਬੱਚੇ ਜਿਥੇ ਸਫਲਤਾ ਦੀਆਂ ਮੰਜ਼ਿਲਾਂ ਸਹਿਜੇ ਹੀ ਸਰ ਕਰ ਜਾਂਦੇ ਹਨ, ਉਥੇ ਹੀ ਸਭ ਦੇ ਦਿਲਾਂ 'ਤੇ ਰਾਜ ਵੀ ਕਰਦੇ ਹਨ। ਆਦਰਸ਼ ਮਾਪਿਆਂ ਦੇ ਬੱਚਿਆਂ ਪ੍ਰਤੀ ਕੀ ਫਰਜ਼ ਹਨ? ਚੰਗੀ ਤਰ੍ਹਾਂ ਜਾਨਣ-ਸਮਝਣ ਦੀ ਲੋੜ ਹੈ।
ਮੰਨ ਲਵੋ... ਤੁਹਾਡਾ ਬੱਚਾ ਛੋਟਾ ਹੈ ਯਾਨੀ ਕਿ ਜਨਮ ਤੋਂ 5 ਸਾਲ ਦੀ ਉਮਰ ਵਿਚਾਲੇ ਹੈ ਤਾਂ ਉਸ ਨੂੰ ਖੂਬ ਲਾਡ-ਪਿਆਰ ਦੀ ਲੋੜ ਹੁੰਦੀ ਹੈ। 5 ਤੋਂ 10 ਸਾਲ ਉਮਰ ਵਿਚ ਹੈ ਤਾਂ ਉਸ ਵਲੋਂ ਕੀਤੀ ਗ਼ਲਤੀ ਦਾ ਪਿਆਰ ਪੂਰਵਕ ਅਹਿਸਾਸ ਕਰਵਾਉਂਦਿਆਂ ਹਰ ਗੱਲ ਸਮਝਾਓ। ਬੱਚਾ 10 ਤੋਂ 20 ਸਾਲ ਦੀ ਉਮਰ ਵਿਚ ਹੈ ਤਾਂ ਚੰਗੇ ਦੋਸਤ ਬਣ ਕੇ ਉਸ ਦਾ ਸਾਥ ਨਿਭਾਓ। ਕਈ ਘਰਾਂ ਵਿਚ ਤਾਂ ਬੱਚੇ ਦੇ ਮਨ ਵਿਚ ਪਿਤਾ ਦਾ ਡਰ ਹਊਆ ਬਣਾ ਕੇ ਹੀ ਰੱਖਿਆ ਜਾਂਦਾ ਹੈ, ਜੋ ਕਿ ਗ਼ਲਤ ਹੈ, ਕਿਉਂਕਿ ਜੇਕਰ ਬੱਚੇ ਦੇ ਮਨ ਵਿਚ ਇਹ ਡਰ ਇਕ ਵਾਰੀ ਬੈਠ ਗਿਆ ਤਾਂ ਉਹ ਆਪਣੇ ਪਿਤਾ ਨਾਲ ਨਜ਼ਰਾਂ ਮਿਲਾਉਣ ਅਤੇ ਦਿਲ ਦੀ ਕੋਈ ਵੀ ਗੱਲ ਸਾਂਝੀ ਕਰਨ ਤੋਂ ਕੰਨੀ ਕਤਰਾਉਂਦਾ ਹੀ ਰਹੇਗਾ। ਇਥੇ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਕਾਮਯਾਬ ਸ਼ਖ਼ਸੀਅਤ ਬਣਾਉਣ ਅਤੇ ਉੱਜਵਲ ਭਵਿੱਖ ਸਿਰਜਣ ਪ੍ਰਤੀ ਜੋ ਸੁਪਨੇ ਆਪਣੇ ਮਨਾਂ 'ਚ ਸੰਜੋਏ ਹੁੰਦੇ ਹਨ, ਉਨ੍ਹਾਂ ਦਾ ਬੱਚਿਆਂ 'ਤੇ ਕੀ ਅਸਰ ਹੁੰਦਾ ਹੈ? ਅਤੇ ਮਾਪੇ ਆਪਣਾ ਬਣਦਾ ਰੋਲ ਕਿਵੇਂ ਨਿਭਾਉਣ? ਦਰਅਸਲ ਅੱਜ ਜਿਸ ਸੁਪਰ ਸਟਾਰ, ਸਫਲ ਡਾਕਟਰ, ਇੰਜੀਨੀਅਰ ਜਾਂ ਕਿਸੇ ਵਿਸ਼ੇਸ਼ ਸ਼ਖ਼ਸੀਅਤ ਦੀ ਛਵੀ ਮਨ ਵਿਚ ਰੱਖਦਿਆਂ ਤੁਸੀਂ ਆਪਣੇ ਬੱਚੇ ਨੂੰ ਉਸ ਵਰਗਾ ਬਣਾਉਣਾ ਲੋਚ ਰਹੇ ਹੋ ਤਾਂ ਇਕ ਗੱਲ ਯਾਦ ਰੱਖੋ ਕਿ ਉਹ ਆਪਣੇ ਬਚਪਨ ਤੋਂ ਹੀ ਤਾਂ ਸਟਾਰ ਨਹੀਂ ਸੀ, ਬਲਕਿ ਉਸ ਦੇ ਮਾਪਿਆਂ ਨੇ ਆਪਣੇ ਬੱਚੇ ਪ੍ਰਤੀ ਸਾਰਥਿਕ ਰੋਲ ਮਾਡਲ ਵਾਲਾ ਫਰਜ਼ ਨਿਭਾਉਂਦਿਆਂ ਹੀ ਉਸ ਦੇ ਉੱਜਵਲ ਭਵਿੱਖ, ਕਾਮਯਾਬੀ ਵਾਸਤੇ ਰਾਹ ਪੱਧਰੇ ਕੀਤੇ ਸਨ।
ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਲਈ ਲੋੜੀਂਦਾ ਸਮਾਂ ਕੱਢਦਿਆਂ ਉਨ੍ਹਾਂ ਸਮੇਤ ਘੁੰਮਣ-ਫਿਰਨ, ਖ਼ਰੀਦਦਾਰੀ ਅਤੇ ਛੁੱਟੀਆਂ ਮਨਾਉਣ ਲਈ ਜਾਣ ਅਤੇ ਉਨ੍ਹਾਂ ਦੀ ਪਸੰਦ-ਨਾ ਪਸੰਦ ਦਾ ਖਿਆਲ ਰੱਖਣ। ਇਸ ਤਰ੍ਹਾਂ ਜਿਥੇ ਬੱਚਿਆਂ ਦਾ ਤੁਹਾਡੇ ਨਾਲ ਮੋਹ-ਪਿਆਰ ਦਾ ਰਿਸ਼ਤਾ ਗੂੜ੍ਹਾ ਹੋਵੇਗਾ, ਉਥੇ ਹੀ ਉਨ੍ਹਾਂ ਦੇ ਦਿਲਾਂ ਵਿਚ ਸਮਾਜ ਅਤੇ ਤੁਹਾਡੇ ਪ੍ਰਤੀ ਪ੍ਰਤੀਬੱਧਤਾ ਵੀ ਪੈਦਾ ਹੋਵੇਗੀ। ਬੱਚਿਆਂ ਦੀ ਦਿਲਚਸਪੀ, ਅੰਦਰੂਨੀ ਯੋਗਤਾ ਅਤੇ ਰੁਝਾਨ ਦੀ ਪਰਖ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚਲੀਆਂ ਕਮੀਆਂ-ਕਮਜ਼ੋਰੀਆਂ ਤਲਾਸ਼ਣ ਦੀ ਲੋੜ ਹੈ। ਮੌਕੇ ਮੁਤਾਬਿਕ ਬੱਚਿਆਂ ਨੂੰ ਉਕਤ ਕਮੀਆਂ-ਗ਼ਲਤੀਆਂ ਦਾ ਅਹਿਸਾਸ ਕਰਵਾਉਂਦਿਆਂ ਪਿਆਰ ਨਾਲ ਸੇਧ ਦੇਣੀ ਅਤੇ ਗੱਲ ਸਮਝਾਉਣੀ ਚਾਹੀਦੀ ਹੈ।
ਕਈ ਵਾਰ ਤਾਂ ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਦੀ ਅੰਦਰੂਨੀ ਸਮਰੱਥਾ, ਯੋਗਤਾ ਤੋਂ ਕਈ ਗੁਣਾ ਵਧੇਰੇ ਆਸ ਕਰਦਿਆਂ ਪੜ੍ਹਾਈ 'ਚੋਂ ਪਹਿਲੇ ਨੰਬਰ, ਮੈਰਿਟ 'ਚ ਆਉਣ ਜਾਂ ਖੇਡਾਂ 'ਚੋਂ ਪੁਜ਼ੀਸ਼ਨ ਹਾਸਲ ਕਰਨ ਆਦਿ ਸਬੰਧੀ ਬੇਲੋੜਾ ਦਬਾਅ ਬਣਾ ਕੇ ਰੱਖਦੇ ਹਨ, ਜਿਸ ਸਦਕਾ ਜਿਥੇ ਬੱਚਾ ਸਹਿਮਿਆ, ਤਣਾਅ, ਹੀਣਭਾਵਨਾ ਗ੍ਰਸਤ, ਚਿੜਚਿੜਾ ਅਤੇ ਚੁੱਪਚਾਪ ਜਿਹਾ ਰਹਿਣ ਲਗਦਾ ਹੈ, ਉਥੇ ਹੀ ਇਹ ਅਗਿਆਨਤਾਵੱਸ ਪਾਇਆ ਜਾ ਰਿਹਾ ਦਬਾਅ ਬੱਚੇ ਦੇ ਪੈਰਾਂ ਲਈ ਇਕ ਤਰ੍ਹਾਂ ਦੀ ਬੇੜੀ ਵੀ ਬਣ ਸਕਦਾ ਹੈ। ਮੁੱਕਦੀ ਗੱਲ ਹੈ ਕਿ ਮਾਪੇ ਬੱਚਿਆਂ ਲਈ ਮੁਢਲੇ ਅਤੇ ਭਰੋਸੇਯੋਗ ਰਾਹ ਦਸੇਰੇ ਹਨ। ਜੇ ਉਹ ਆਪਣਾ ਇਹ ਰੋਲ ਸਿਆਣਪ ਨਾਲ ਨਿਭਾਉਣ ਵਿਚ ਸਫਲ ਹੁੰਦੇ ਹਨ ਤਾਂ ਆਪਣੇ ਮਨਾਂ ਵਿਚ ਬੱਚਿਆਂ ਦੇ ਉਜਵਲ ਭਵਿੱਖ ਪ੍ਰਤੀ ਸੰਜੋਏ ਸੁਪਨੇ ਇੰਨ-ਬਿੰਨ ਸਿਰਜ ਅਤੇ ਸਾਕਾਰ ਕਰ ਲੈਂਦੇ ਹਨ।


-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 70870-48140

ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਸੁਹਾਨਾ ਬਣਾਉਣ ਲਈ ਕੁਝ ਧਿਆਨ ਦੇਣ ਯੋਗ ਗੱਲਾਂ

ਪਤੀ-ਪਤਨੀ ਇਕ ਗੱਡੀ ਦੇ ਦੋ ਪਹੀਏ ਹਨ। ਇਸ ਲਈ ਸਬੰਧਾਂ ਵਿਚ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਦੋਵਾਂ ਨੂੰ ਇਕ-ਦੂਜੇ ਪ੍ਰਤੀ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਸਾਥੀ ਤੋਂ ਪੂਰੇ ਸੰਤੁਸ਼ਟ ਰਹੋ। ਜਿੰਨਾ ਭਰੋਸਾ ਤੁਹਾਡਾ ਪਰਮਾਤਮਾ 'ਤੇ ਹੈ, ਓਨਾ ਹੀ ਭਰੋਸਾ ਆਪਣੇ ਜੀਵਨ ਸਾਥੀ 'ਤੇ ਕਰੋ, ਕਿਉਂਕਿ ਪਤੀ-ਪਤਨੀ ਵਿਚ ਵਿਸ਼ਵਾਸ ਬਹੁਤ ਜ਼ਰੂਰੀ ਹੈ। ਪਤੀ-ਪਤਨੀ ਦੋਵੇਂ ਹੀ ਇਕ-ਦੂਜੇ ਦੇ ਰਿਸ਼ਤੇਦਾਰ ਮਾਤਾ-ਪਿਤਾ ਦੀ ਇੱਜ਼ਤ ਕਰਨ ਤੇ ਬਣਦਾ ਸਤਿਕਾਰ ਦੇਣ। ਇਸ ਨਾਲ ਵੀ ਪਤੀ-ਪਤਨੀ ਦੇ ਸਬੰਧਾਂ ਵਿਚ ਗੂੜ੍ਹਾ ਪਿਆਰ ਬਣਦਾ ਹੈ। ਨਾਲ-ਨਾਲ ਲੰਬਾ ਸਮਾਂ ਨਿਭਣ ਵਾਲੇ ਚੰਗੇ ਸਬੰਧ ਵੀ ਸਥਾਪਿਤ ਹੁੰਦੇ ਹਨ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਬਣ ਜਾਂਦੇ ਹਨ। ਜਦੋਂ ਕਿਤੇ ਜਾਣਾ ਹੋਵੇ, ਪਤੀ-ਪਤਨੀ ਪਹਿਲਾਂ ਇਕ-ਦੂਜੇ ਦੀ ਰਾਇ ਲੈਣ, ਨਾ ਕਿ ਆਪਣਾ ਫੈਸਲਾ ਇਕ-ਦੂਜੇ 'ਤੇ ਥੋਪਣ। ਜੇਕਰ ਪਤੀ-ਪਤਨੀ ਘਰ ਦੇ ਸਾਰੇ ਕੰਮ ਰਲ-ਮਿਲ ਕੇ ਕਰਨ ਤਾਂ ਕੋਈ ਮਾੜੀ ਗੱਲ ਨਹੀਂ। ਇਸ ਨਾਲ ਤੁਹਾਡੇ ਸਬੰਧਾਂ ਵਿਚ ਨੇੜਤਾ ਵਧੇਗੀ। ਜੇਕਰ ਪਤੀ-ਪਤਨੀ ਇਕ-ਦੂਜੇ ਨਾਲ ਨਾਰਾਜ਼ ਹੋਣ ਤਾਂ ਇਹ ਨਾਰਾਜ਼ਗੀ ਜ਼ਿਆਦਾ ਦੇਰ ਨਹੀਂ ਰਹਿਣੀ ਚਾਹੀਦੀ, ਛੇਤੀ ਹੀ ਇਕ-ਦੂਜੇ ਨੂੰ ਮਨਾ ਲੈਣਾ ਚਾਹੀਦਾ ਹੈ, 'ਸੌਰੀ' ਸ਼ਬਦ ਵਰਤਣ ਵਿਚ ਕੰਜੂਸੀ ਨਾ ਕਰੋ। ਅਕਸਰ ਹੀ ਪਤੀ-ਪਤਨੀ ਦੇ ਸਬੰਧਾਂ ਵਿਚ ਲੜਾਈ ਦਾ ਕਾਰਨ ਬਣਦਾ ਹੈ ਵਿਸ਼ਵਾਸ ਦਾ ਡਗਮਗਾਉਣਾ। ਕਦੇ ਵੀ ਅਜਿਹਾ ਕੰਮ ਨਾ ਕਰੋ, ਜਿਹੜਾ ਤੁਹਾਨੂੰ ਤੁਹਾਡੇ ਸਾਥੀ ਦੀਆਂ ਨਜ਼ਰਾਂ 'ਚੋਂ ਗਿਰਾ ਦੇਵੇ, ਜਿਵੇਂ ਝੂਠ ਬੋਲਣਾ, ਚੋਰੀ ਕਰਨਾ, ਬਿਨਾਂ ਗੱਲੋਂ ਆਪਣੇ ਸਾਥੀ 'ਤੇ ਸ਼ੱਕ ਕਰਨਾ।
ਇਨ੍ਹਾਂ ਗੱਲਾਂ ਨੂੰ ਜ਼ਿੰਦਗੀ ਵਿਚੋਂ ਹਮੇਸ਼ਾ ਲਈ ਕੱਢ ਦਿਓ ਤੇ ਜਦੋਂ ਕਿਤੇ ਟਾਈਮ ਲੱਗੇ, ਬਾਹਰ ਘੁੰਮਣ ਜਾਓ। ਇਕਾਂਤ ਵਿਚ ਬੈਠ ਕੇ ਹੁਸੀਨ ਵਾਦੀਆਂ ਦਾ ਆਨੰਦ ਮਾਣੋ। ਫਿਰ ਦੇਖੋ ਕਿਵੇਂ ਤੁਹਾਡਾ ਪਿਆਰ ਅੰਬਰ ਵੇਲ ਵਾਂਗ ਵਧੇਗਾ ਤੇ ਤੁਸੀਂ ਹਰ ਪੱਖੋਂ ਬੁਲੰਦੀਆਂ ਨੂੰ ਛੂਹੋਗੇ। ਇਥੇ ਮੈਂ ਇਹੀ ਕਹਾਂਗੀ ਕਿ ਪਤਨੀ ਦਾ ਫਰਜ਼ ਬਣਦਾ ਹੈ ਕਿ ਘਰ ਦੇ ਮਾਹੌਲ ਨੂੰ ਹਰ ਪੱਖੋਂ ਸ਼ਾਂਤ ਬਣਾ ਕੇ ਰੱਖੇ, ਕੰਮ ਤੋਂ ਆਏ ਪਤੀ ਨੂੰ ਪਹਿਲਾਂ ਮੌਸਮ ਮੁਤਾਬਿਕ ਕੁਝ ਖਾਣ ਲਈ ਦੇਵੇ ਤੇ ਜੇਕਰ ਕੋਈ ਊਚ-ਨੀਚ ਹੋ ਵੀ ਜਾਵੇ ਤਾਂ ਸਾਰੇ ਪਰਿਵਾਰ ਨਾਲ ਸਹਿਜਤਾ ਨਾਲ ਪੇਸ਼ ਆਵੇ। ਹਰ ਗੱਲ ਆਪਣੇ ਪੇਕਿਆਂ ਕੋਲ ਨਾ ਦੱਸੇ, ਸਗੋਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਵੇ। ਇਸ ਨਾਲ ਵੀ ਪਤੀ-ਪਤਨੀ ਦੇ ਪਿਆਰ ਵਿਚ ਵਾਧਾ ਹੋਵੇਗਾ। ਪਤੀ ਨੂੰ ਵੀ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਪੂਰਾ ਮਾਣ-ਸਨਮਾਨ ਦੇਵੇ ਤੇ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਲਿਆ ਕੇ ਦੇਵੇ। ਪਤਨੀ ਨੂੰ ਹਮੇਸ਼ਾ ਘਰ ਦਾ ਮੈਂਬਰ ਸਮਝੇ ਤੇ ਆਪਣੇ ਹਰ ਫੈਸਲੇ ਵਿਚ ਉਸ ਦੀ ਰਾਏ ਜਾਣੇ। ਇਸ ਨਾਲ ਵੀ ਪਤੀ-ਪਤਨੀ ਦੇ ਸਬੰਧਾਂ ਵਿਚ ਨੇੜਤਾ ਵਧੇਗੀ ਤੇ ਘਰ ਵਿਚ ਖੁਸ਼ਹਾਲੀ ਆਵੇਗੀ। ਸੋ ਦੋਸਤੋ, ਜੇਕਰ ਹਰ ਪਤੀ-ਪਤਨੀ ਇਸੇ ਤਰ੍ਹਾਂ ਇਕ-ਦੂਜੇ ਦਾ ਸਾਥ ਦੇਣਗੇ, ਸਹਿਣਸ਼ੀਲਤਾ, ਨਿਮਰਤਾ ਅਤੇ ਵਫਾਦਾਰੀ ਨਾਲ ਰਿਸ਼ਤੇ ਨੂੰ ਨਿਭਾਉਣ ਤਾਂ ਇਸ ਰਿਸ਼ਤੇ ਜਿਹਾ ਨਿੱਘਾ ਤੇ ਪਿਆਰਾ ਕੋਈ ਹੋਰ ਰਿਸ਼ਤਾ ਬਣ ਹੀ ਨਹੀਂ ਸਕਦਾ ਅਤੇ ਘਰ ਸਵਰਗ ਬਣ ਜਾਂਦਾ ਹੈ। ਇਸ ਲਈ ਉਪਰੋਕਤ ਗੱਲਾਂ ਵੱਲ ਧਿਆਨ ਦਿਓ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਲੰਬਾ ਸਮਾਂ ਮਾਨਣ ਵਾਲਾ ਬਣਾ ਕੇ ਆਪਣਾ ਘਰ ਖੁਸ਼ਹਾਲ ਬਣਾਓ।


-ਭਗਤਾ ਭਾਈ ਕਾ। ਮੋਬਾ: 94786-58384

ਅਚਾਰ ਨੂੰ ਜ਼ਿਆਦਾ ਦਿਨਾਂ ਤੱਕ ਸੁਰੱਖਿਅਤ ਕਿਵੇਂ ਰੱਖੀਏ?

ਅੱਜਕਲ੍ਹ ਵੱਖ-ਵੱਖ ਤਰ੍ਹਾਂ ਦੇ ਅਚਾਰ ਪਾਏ ਜਾਂਦੇ ਹਨ। ਜੇ ਤੁਸੀਂ ਅਚਾਰ ਪਾ ਰਹੇ ਹੋ ਤਾਂ ਹੇਠ ਲਿਖੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ। ਇਸ ਨਾਲ ਤੁਹਾਡਾ ਅਚਾਰ ਜ਼ਿਆਦਾ ਸਮੇਂ ਤੱਕ ਚੱਲੇਗਾ ਅਤੇ ਖਰਾਬ ਹੋਣ ਦਾ ਡਰ ਨਹੀਂ ਰਹੇਗਾ।
* ਜਿਸ ਚੀਜ਼ ਦਾ ਅਚਾਰ ਪਾ ਰਹੇ ਹੋ, ਉਸ ਚੀਜ਼ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਧੋਵੋ। 2-3 ਵਾਰ ਪਾਣੀ ਨਾਲ ਧੋਵੋ। ਇਸ ਨਾਲ ਉਹ ਖਾਧ ਪਦਾਰਥ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ। ਉਸ ਸਮੱਗਰੀ ਨੂੰ ਸਾਫ਼ ਪਾਣੀ ਵਿਚੋਂ ਕੱਢ ਕੇ ਛਲਣੀ ਵਿਚ ਰੱਖ ਦਿਓ ਤਾਂ ਕਿ ਪਾਣੀ ਨਿਕਲ ਜਾਵੇ।
* ਹੁਣ ਇਕ ਸਾਫ਼ ਕੱਪੜਾ ਲਓ। ਉਸ ਕੱਪੜੇ ਨਾਲ ਖਾਧ ਸਮੱਗਰੀ ਨੂੰ ਪੂੰਝ ਲਓ, ਫਿਰ ਕੱਟੋ। * ਜਿਸ ਭਾਂਡੇ ਵਿਚ ਅਚਾਰ ਪਾਉਣਾ ਹੋਵੇ, ਉਸ ਭਾਂਡੇ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ। ਧੁੱਪ ਵਿਚ ਸੁੱਕਣ ਲਈ ਰੱਖ ਦਿਓ।
* ਅਚਾਰ ਕੱਟਣ ਸਮੇਂ ਹੱਥ ਪੂਰੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ। ਜੇ ਦੂਜਾ ਵਿਅਕਤੀ ਅਚਾਰ ਪਵਾਉਣ ਵਿਚ ਤੁਹਾਡੀ ਮਦਦ ਕਰਦਾ ਹੈ ਤਾਂ ਉਸ ਦੇ ਹੱਥ ਵੀ ਸਾਬਣ ਨਾਲ ਧੁਆ ਲਓ। ਅਚਾਰ ਪਾਉਣ ਸਮੇਂ ਧਿਆਨ ਰੱਖੋ ਕਿ ਭੋਜਨ ਉਸ ਦੇ ਆਸ-ਪਾਸ ਨਾ ਪਿਆ ਹੋਵੇ। ਪੂਰੀ ਤਰ੍ਹਾਂ ਇਹ ਜਗ੍ਹਾ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਤਾਂ ਕਿ ਮੱਖੀ ਆਉਣ ਦੀ ਸੰਭਾਵਨਾ ਨਾ ਰਹੇ।
* ਅਚਾਰ ਦਿਨ ਦੇ ਸਮੇਂ ਹੀ ਪਾਉਣਾ ਚਾਹੀਦਾ ਹੈ ਤਾਂ ਕਿ ਮੱਖੀ, ਮੱਛਰ ਆਦਿ ਡਿਗਣ ਦੀ ਸੰਭਾਵਨਾ ਨਾ ਰਹੇ। ਅਚਾਰ ਦੇ ਮਸਾਲੇ ਸਾਬਤ ਹੀ ਮੰਗਵਾ ਲਓ, ਉਨ੍ਹਾਂ ਨੂੰ ਘਰ ਹੀ ਸਾਫ਼ ਕਰੋ ਤਾਂ ਕਿ ਗੰਦਗੀ ਦੀ ਸੰਭਾਵਨਾ ਅਚਾਰ ਵਿਚ ਨਾ ਰਹੇ। ਮਸਾਲੇ ਵਿਚ ਤੁਹਾਨੂੰ ਕੁਝ ਨਮੀ ਜਿਹੀ ਲੱਗੇ ਤਾਂ ਕੜਾਹੀ ਵਿਚ ਗਰਮ ਕਰ ਲਓ। ਭਾਵੇਂ ਸੁੱਕੇ ਹੀ ਮਸਾਲੇ ਕਿਉਂ ਨਾ ਹੋਣ, ਧੁੱਪ ਵਿਚ ਜ਼ਰੂਰ ਸੁਕਾਓ। ਫਿਰ ਕੁੱਟ-ਪੀਸ ਕੇ ਅਚਾਰ ਲਈ ਮਸਾਲੇ ਤਿਆਰ ਕਰੋ।
* ਅਚਾਰ ਨੂੰ ਭਰ ਕੇ ਉਸ ਭਾਂਡੇ ਨੂੰ ਸਾਫ਼ ਕੱਪੜੇ ਨਾਲ ਬੰਨ੍ਹ ਕੇ ਫਿਰ ਢੱਕਣ ਲਗਾ ਕੇ ਬੰਦ ਕਰੋ। ਅਚਾਰ ਨੂੰ 2 ਡੱਬਿਆਂ ਵਿਚ ਪਾਉਣਾ ਚਾਹੀਦਾ ਹੈ। ਇਕ ਡੱਬਾ ਚੁੱਕ ਕੇ ਰੱਖ ਦਿਓ ਅਤੇ ਦੂਜਾ ਖਾਣੇ ਲਈ ਕੱਢੋ।
* ਅਚਾਰ ਤੇਲ ਵਿਚ ਪੂਰਾ ਡੁੱਬਿਆ ਹੋਣਾ ਚਾਹੀਦਾ ਹੈ ਤਾਂ ਹੀ ਅਚਾਰ ਸੁਰੱਖਿਅਤ ਰਹੇਗਾ।
ਅਚਾਰ ਕੱਢਦੇ ਸਮੇਂ ਸਾਵਧਾਨੀ
* ਅਚਾਰ ਦਿਨ ਦੇ ਸਮੇਂ ਹੀ ਕੱਢੋ ਤਾਂ ਕਿ ਮੱਖੀ ਜਾਂ ਮੱਛਰ ਉਸ ਵਿਚ ਨਾ ਡਿਗੇ। ਅਚਾਰ ਕੱਢਣ ਲਈ ਅਚਾਰ ਵਾਲੇ ਚਮਚ ਦੀ ਹੀ ਵਰਤੋਂ ਕਰੋ। ਉਸ ਨਾਲ ਅਚਾਰ ਦਾ ਤੇਲ ਬਾਹਰ ਨਹੀਂ ਨਿਕਲਦਾ। * ਅਚਾਰ ਕੱਢਦੇ ਸਮੇਂ ਇਕ ਸਾਫ਼ ਕੱਪੜਾ ਵੀ ਰੱਖੋ ਤਾਂ ਕਿ ਅਚਾਰ ਕੱਢਦੇ ਸਮੇਂ ਜੇ ਕਿਨਾਰੇ 'ਤੇ ਮਸਾਲਾ ਲੱਗਿਆ ਹੋਵੇ ਤਾਂ ਉਸ ਨੂੰ ਕੱਪੜੇ ਨਾਲ ਪੂੰਝ ਦਿਓ, ਕਿਉਂਕਿ ਕਿਨਾਰੇ 'ਤੇ ਲੱਗੇ ਮਸਾਲੇ ਨਾਲ ਹੀ ਅਚਾਰ ਵਿਚ ਉੱਲੀ ਲੱਗਣ ਲਗਦੀ ਹੈ ਅਤੇ ਅਚਾਰ ਖਰਾਬ ਹੋਣ ਲਗਦਾ ਹੈ।
* ਬਰਸਾਤ ਦੇ ਸਮੇਂ ਧੁੱਪ ਨਿਕਲਣ 'ਤੇ ਅਚਾਰ ਨੂੰ ਧੁੱਪ ਲਵਾਉਂਦੇ ਰਹੋ, ਤਾਂ ਹੀ ਅਚਾਰ ਜ਼ਿਆਦਾ ਦਿਨ ਤੱਕ ਸੁਰੱਖਿਅਤ ਰਹੇਗਾ। ਬਰਸਾਤ ਦੇ ਮੌਸਮ ਵਿਚ ਜੇ ਧੁੱਪ ਨਹੀਂ ਲਵਾਓਗੇ ਤਾਂ ਅਚਾਰ ਛੇਤੀ ਖਰਾਬ ਹੋ ਜਾਵੇਗਾ।
ਜੇ ਤੁਸੀਂ ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖੋਗੇ ਤਾਂ ਤੁਹਾਡਾ ਅਚਾਰ ਸੁਰੱਖਿਅਤ ਰਹੇਗਾ।


-ਨੀਲਮ ਗੁਪਤਾ

ਧੀਆਂ : ਸੁਪਨਿਆਂ ਵਿਚ ਜਾਨ, ਦੇਸ਼ ਦਾ ਮਾਣ

22 ਸਤੰਬਰ ਨੂੰ ਧੀ ਦਿਵਸ 'ਤੇ ਵਿਸ਼ੇਸ਼
ਧੀ ਇਕ ਪਾਸੇ ਸਾਕਸ਼ੀ ਮਲਿਕ ਜਾਂ ਪੀ. ਵੀ. ਸਿੰਧੂ ਦੇ ਰੂਪ ਵਿਚ ਦੇਸ਼ ਦਾ ਮਾਣ ਵਧਾਉਂਦੀ ਹੈ, ਦੇਸ਼ ਦੀ ਪਹਿਲੀ ਔਰਤ ਸੈਨਿਕ ਬਣ ਕੇ ਸੀਮਾ 'ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੰਦੀ ਹੈ, ਪੈਰਾ-ਉਲੰਪਿਕ ਵਿਚ ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਅਪੰਗ ਹੋਣ ਦੇ ਬਾਵਜੂਦ ਵੀ ਦੇਸ਼ ਦੀ ਚਾਂਦੀ ਕਰ ਦਿੰਦੀ ਹੈ ਅਤੇ ਦੂਜੀ ਪਾਸੇ ਕਿੰਨੇ ਹੀ ਕਾਨੂੰਨਾਂ ਅਤੇ ਨਿਯਮਾਂ ਦੇ ਬਾਵਜੂਦ ਉਹ ਬੰਦ ਦਰਵਾਜ਼ੇ ਦੇ ਪਿੱਛੇ ਹੀ ਨਹੀਂ, ਖੁੱਲ੍ਹੇਆਮ ਅਤੇ ਸੜਕ ਵਿਚ ਵੀ ਅਪਮਾਨ ਦਾ ਘੁੱਟ ਪੀਣ ਲਈ ਮਜਬੂਰ ਹੁੰਦੀ ਰਹਿੰਦੀ ਹੈ। ਉਸ ਦੀ ਸੁੰਦਰਤਾ ਦਾ ਉਪਭੋਗ ਨਾ ਕਰਨ ਦੇਣ ਦੇ ਅਪਰਾਧ ਵਿਚ ਤੇਜ਼ਾਬ ਨਾਲ ਨੁਹਾ ਦਿੱਤੀ ਜਾਂਦੀ ਹੈ। ਅਜਿਹੇ ਵਿਚ ਕਈ ਵਾਰ ਤਾਂ ਬੇਟੀ ਦਿਵਸ ਵਰਗੇ ਆਯੋਜਨ ਬੇਮਾਇਨੇ ਅਤੇ ਝੂਠ ਦੇ ਪੁਲੰਦੇ ਲੱਗਣ ਲਗਦੇ ਹਨ।
ਪਰ ਬੇਟੀ ਜਾਂ ਲੜਕੀ ਨਾਂਅ ਦੀ ਇਹ ਜੀਵਨ ਦੀ ਧਨੀ ਪ੍ਰਾਣੀ ਡਰਦੀ ਹੈ ਨਾ ਮਰਦੀ ਹੈ ਸਗੋਂ ਸਾਰੇ ਬੰਧਨਾਂ, ਬੰਦਸ਼ਾਂ ਅਤੇ ਪ੍ਰਤੀਬੰਧਾਂ ਅਤੇ ਨਿਰਉਤਸ਼ਾਹਤ ਕਰ ਦੇਣ ਵਾਲੇ ਮਾਹੌਲ ਨਾਲ ਆਪਣੀ ਉਡਾਣ ਨੂੰ ਉੱਚਾ ਹੋਰ ਉੱਚਾ ਹੀ ਨਹੀਂ ਕਰਦੀ, ਸਗੋਂ ਬੱਦਲਾਂ ਤੋਂ ਪਾਰ ਜਾਣ ਦੇ ਹੁਸੀਨ ਸੁਪਨੇ ਪਾਲਦੀ ਹੈ ਅਤੇ ਪਾਲਦੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਯਥਾਰਥ ਵਿਚ ਤਬਦੀਲ ਵੀ ਕਰਦੀ ਹੈ, ਥੋੜ੍ਹਾ ਜਿਹਾ ਮੌਕਾ ਮਿਲਦੇ ਹੀ।
ਸੱਚ ਹੈ ਕਿ ਸਾਡੀ ਵਜ੍ਹਾ ਨਾਲ ਨਹੀਂ, ਸਗੋਂ ਆਪਣੀ ਤਾਕਤ ਅਤੇ ਯੋਗਤਾ ਦੇ ਚਲਦਿਆਂ ਲੜਕੀਆਂ ਨੇ ਆਸਮਾਨ ਛੂਹੇ ਹਨ। ਹਾਲਾਂਕਿ ਸਰਕਾਰ ਨੇ ਕਾਫੀ ਕੁਝ ਕੀਤਾ ਵੀ ਹੈ ਪਰ ਉਹ ਅੰਕੜਿਆਂ ਵਿਚ ਜ਼ਿਆਦਾ ਅਤੇ ਧਰਾਤਲ 'ਤੇ ਤੁਲਨਾਤਮਕ ਘੱਟ ਹੈ।
ਦੂਰ-ਦਰਾਜ ਦੇ ਪਿੰਡਾਂ ਵਿਚ ਅੱਜ ਵੀ ਲੜਕੀ ਦੀ ਹਾਲਤ ਦਿਲ ਦਹਿਲਾਉਣ ਵਾਲੀ ਹੈ। ਵਧਦੇ ਅਨਾਚਾਰ ਅਤੇ ਟੁੱਟਦੀਆਂ-ਬਿਖਰਦੀਆਂ ਮਰਿਆਦਾਵਾਂ ਦੀ ਸਭ ਤੋਂ ਜ਼ਿਆਦਾ ਮਾਰ ਦੀ ਸ਼ਿਕਾਰ ਲੜਕੀ ਹੀ ਬਣਦੀ ਹੈ। ਬੇਟੇ ਨੂੰ ਬੇਟੀ 'ਤੇ ਤਰਜੀਹ ਦੇਣੀ ਬਹੁਤ ਹੀ ਆਮ ਗੱਲ ਹੈ, ਅੱਜ ਦੇ ਭਾਰਤ ਦੇ ਵੀ ਇਕ ਬਹੁਤ ਵੱਡੇ ਹਿੱਸੇ ਵਿਚ।
ਪਰ ਕਵੀ ਦੁਸ਼ਯੰਤ ਦੀਆਂ ਸਤਰਾਂ 'ਮੰਜ਼ਿਲੇਂ ਵਹੀਂ ਪਾਤੇ ਹੈਂ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ। ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੋਂ ਸੇ ਉੜਾਨ ਹੋਤੀ ਹੈ' ਵੀ ਸਭ ਤੋਂ ਸਟੀਕ ਲੜਕੀ ਭਾਵ ਧੀ 'ਤੇ ਹੀ ਹੁੰਦੀਆਂ ਹਨ। ਹਰ ਹਨੇਰੇ ਨੂੰ ਚੀਰ, ਹਰ ਪਹਾੜ ਨਾਲ ਟਕਰਾਅ ਕੇ ਉਸ ਨੇ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਬੁਲੰਦੀਆਂ ਨੂੰ ਛੂਹਿਆ ਹੈ।
ਭਾਵੇਂ ਲੜਕੀ ਨੇ ਨਵੇਂ ਤੋਂ ਨਵੇਂ ਮੁਕਾਮ ਹਾਸਲ ਕੀਤੇ ਹੋਣ ਪਰ ਕਈ ਮਾਇਨਿਆਂ ਅਤੇ ਖੇਤਰਾਂ ਵਿਚ ਉਹ ਅੱਜ ਵੀ ਬਹੁਤ ਪਿੱਛੇ ਹੈ। ਸੱਚ ਹੈ ਕਿ ਪੜ੍ਹੀਆਂ-ਲਿਖੀਆਂ ਲੜਕੀਆਂ ਨੇ ਬਹੁਤ ਕੁਝ ਪਾਇਆ ਹੈ ਪਰ ਅਜਿਹੇ ਬਹੁਤ ਕੁਝ ਤੋਂ ਵੀ ਜ਼ਿਆਦਾ ਗਵਾਇਆ ਵੀ ਹੈ, ਜੋ ਸ਼ਾਇਦ ਉਸ ਦੇ ਲਈ ਕਿਤੇ ਜ਼ਿਆਦਾ ਜ਼ਰੂਰੀ ਹੈ। ਆਪਣੇ ਅਧਿਕਾਰਾਂ ਵੱਲ ਕਦਮ ਰੱਖਣ ਦੀ ਕੀਮਤ ਲੜਕੀਆਂ ਨੂੰ ਆਪਣੇ ਸਹਿਜ ਕੋਮਲ ਭਾਵ ਗੁਆ ਕੇ ਚੁਕਾਉਣੀ ਪਈ ਹੈ।
ਪਰ ਇਹ ਸਭ ਕੁਝ ਹੋਣ 'ਤੇ ਵੀ ਸਿੱਖਿਆ ਵਿਚ ਲੜਕੀਆਂ ਨਾਲੋਂ ਲੜਕੀਆਂ ਮੀਲਾਂ ਅੱਗੇ ਹਨ, ਗੁਣਵੱਤਾ ਵਿਚ ਸਦਾ ਹੀ ਭਾਰੀ, ਆਗਿਆਕਾਰਤਾ ਵਿਚ ਸੋਨੇ 'ਤੇ ਸੁਹਾਗਾ, ਮਾਂ-ਬਾਪ ਦੇ ਪ੍ਰਤੀ ਸਮਰਪਣ ਵਿਚ ਅਤੁਲਨੀਯ, ਕਰਤੱਵ ਪਾਲਣ ਵਿਚ ਸਦਾ ਸਜਗ ਅਤੇ ਤਿਆਰ, ਪਰ ਪਰਾ ਅਤੇ ਸੰਸਕਾਰਾਂ ਵਿਚ ਉਸ ਦਾ ਜਵਾਬ ਨਹੀਂ, ਕਮਾਉਣ 'ਤੇ ਆਵੇ ਤਾਂ ਇਕੱਲੀ ਪਰਿਵਾਰ ਪਾਲ ਦੇਵੇ, ਬੱਚੇ ਦੇ ਪਾਲਣ-ਪੋਸ਼ਣ ਵਿਚ ਮਹਾਰਥੀ, ਭਰਾ ਨੂੰ ਪੜ੍ਹਾ ਦੇਵੇ, ਭੈਣ ਨੂੰ ਹੌਸਲਾ ਦੇਵੇ ਭਾਵ ਜਿੰਨਾ ਕਹੋ, ਘੱਟ ਹੈ।
ਸਮਾਂ ਰਹਿੰਦੇ ਸੋਚਣ ਅਤੇ ਸਹੀ ਸੋਚ ਵਿਕਸਿਤ ਕਰਨ ਦੇ ਨਾਲ ਉਸ 'ਤੇ ਅਮਲ ਕਰਨ ਦੀ ਲੋੜ ਹੈ। ਜੇ ਅਸੀਂ ਪੁਰਾਣੀ ਸੋਚ ਵਿਚੋਂ ਨਿਕਲ ਆਈਏ ਤਾਂ ਅੱਜ ਦੀ ਲੜਕੀ ਦੇਸ਼, ਘਰ ਅਤੇ ਸਮਾਜ ਨੂੰ ਕਿਤੇ ਤੋਂ ਕਿਤੇ ਲਿਜਾ ਸਕਦੀ ਹੈ। ਹੁਣ ਸਾਨੂੰ ਲੜਕੀ ਨੂੰ ਦੂਜੇ ਦਰਜੇ 'ਚ ਮੰਨਣ, ਉਸ ਨੂੰ ਕਮਜ਼ੋਰ ਸਮਝਣ, ਉਸ ਨਾਲ ਭੇਦ-ਭਾਵ ਕਰਨ, ਬੇਟੇ 'ਤੇ ਜਾਨ ਦੇਣ ਅਤੇ ਬੇਟੀ ਦੀ ਜਾਨ ਲੈ ਲੈਣ ਦੀ ਰੋਗੀ ਮਾਨਸਿਕਤਾ ਹਰ ਹਾਲਤ ਵਿਚ ਛੱਡਣੀ ਪਵੇਗੀ ਅਤੇ ਲੜਕੀ ਨੂੰ ਖੁੱਲ੍ਹੇ ਆਸਮਾਨ ਵਿਚ ਉਡਾਣ ਭਰਨ, ਆਪਣੀ ਮਰਜ਼ੀ ਨਾਲ ਜਿਊਣ ਅਤੇ ਕੰਮ ਕਰਨ ਦਾ ਹੱਕ ਦੇਣਾ ਪਵੇਗਾ। ਉਸ ਨੂੰ ਆਪਣੇ ਸੁਪਨਿਆਂ ਨੂੰ ਸਜਾਉਣ ਦਾ ਵਾਤਾਵਰਨ ਬਣਾਉਣਾ ਪਵੇਗਾ। ਬਸ, ਥੋੜ੍ਹਾ ਜਿਹਾ ਬਦਲ ਕੇ ਦੇਖੋ। ਲੜਕੀ ਮਾਣ ਨਾਲ ਸਿਰ ਉੱਚਾ ਕਰ ਦੇਵੇਗੀ ਦੇਸ਼ ਅਤੇ ਹਰ ਮਾਂ-ਬਾਪ ਦਾ।

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਨੁਕਤੇ

ਵਾਲਾਂ ਦੀ ਸਮੱਸਿਆ ਤਾਂ ਹਰ ਮੌਸਮ ਵਿਚ ਬਣੀ ਰਹਿੰਦੀ ਹੈ ਪਰ ਖਾਸ ਕਰਕੇ ਬਰਸਾਤ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ, ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ, ਜਦੋਂ ਵਾਲਾਂ ਵਿਚ ਆਲਿੰਗ ਕਰੋ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਤੋਂ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦੇ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸੁੰਦਰ ਦਿਸਣ ਲਈ ਮੇਕਅਪ, ਗਹਿਣੇ, ਸੁੰਦਰਤਾ ਪ੍ਰਸਾਧਨਾਂ ਤੋਂ ਇਲਾਵਾ ਵਾਲਾਂ ਦੀ ਦੇਖਭਾਲ ਵੀ ਜ਼ਰੂਰੀ ਮੰਨੀ ਜਾਂਦੀ ਹੈ। ਸੁੰਦਰ ਅਤੇ ਸੰਘਣੇ ਵਾਲਾਂ ਲਈ ਔਰਤਾਂ ਤੇਲ ਮਾਲਿਸ਼, ਮਹਿੰਗੇ ਸ਼ੈਂਪੂ, ਸਪਾ ਟ੍ਰੀਟਮੈਂਟ ਵਰਗੇ ਕਈ ਯਤਨ ਕਰਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਔਰਤਾਂ ਸ਼ੈਂਪੂ ਕਰਨ ਦੇ ਸਹੀ ਤਰੀਕੇ ਦੀ ਉਲਝਣ ਵਿਚ ਰਹਿੰਦੀਆਂ ਹਨ। ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗਿੱਲਾ ਕਰਨਾ ਚਾਹੀਦਾ ਹੈ। ਸੁੱਕੇ ਵਾਲਾਂ ਵਿਚ ਸ਼ੈਂਪੂ ਲਗਾਉਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਕਈ ਵਾਰ ਸ਼ੈਂਪੂ ਤੋਂ ਬਾਅਦ ਵੀ ਵਾਲ ਉਲਝੇ ਰਹਿੰਦੇ ਹਨ, ਤਾਂ ਅਜਿਹੇ ਵਿਚ ਤੁਹਾਨੂੰ ਸ਼ੈਂਪੂ ਜਾਂ ਕੰਡੀਸ਼ਨਰ ਬਦਲਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਵਾਲਾਂ ਵਿਚ ਸ਼ੈਂਪੂ ਲਗਾਉਣ ਤੋਂ ਬਾਅਦ 2-3 ਮਿੰਟ ਤੱਕ ਵਾਲਾਂ ਦੀ ਮਸਾਜ ਕਰੋ ਅਤੇ ਉਸ ਤੋਂ ਬਾਅਦ ਹੀ ਤਾਜ਼ੇ-ਠੰਢੇ ਪਾਣੀ ਨਾਲ ਧੋਵੋ। ਸ਼ੈਂਪੂ ਦੀ ਵਰਤੋਂ ਖੋਪੜੀ 'ਤੇ ਹੌਲੀ-ਹੌਲੀ ਮਾਲਿਸ਼ ਕਰਕੇ ਕਰਨੀ ਚਾਹੀਦੀ ਹੈ। ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਤੇਲ ਮਾਲਿਸ਼ ਕਰੋ।
ਵਾਲਾਂ ਨੂੰ ਗਰਮ ਪਾਣੀ ਨਾਲ ਕਦੇ ਨਾ ਧੋਵੋ। ਇਸ ਨਾਲ ਤੁਹਾਡੇ ਵਾਲ ਰੁੱਖੇ ਹੋ ਜਾਣਗੇ। ਹਮੇਸ਼ਾ ਸਹੀ ਮਾਤਰਾ ਵਿਚ ਹੀ ਸ਼ੈਂਪੂ ਦੀ ਵਰਤੋਂ ਕਰੋ, ਕਿਉਂਕਿ ਸ਼ੈਂਪੂ ਦੀ ਜ਼ਿਆਦਾ ਵਰਤੋਂ ਵੀ ਵਾਲਾਂ ਨੂੰ ਖਰਾਬ ਕਰ ਦੇਵੇਗੀ। ਇਸ ਵਾਸਤੇ ਜ਼ਰੂਰੀ ਹੈ ਕਿ ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਮਾਲਿਸ਼ ਕਰੋ ਤਾਂ ਕਿ ਵਾਲਾਂ ਨੂੰ ਪੋਸ਼ਣ ਮਿਲ ਸਕੇ। ਸ਼ੈਂਪੂ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਘੋਲ ਕੇ ਲਗਾਉਣ ਨਾਲ ਵਧੀਆ ਨਤੀਜਾ ਮਿਲਣਗੇ ਅਤੇ ਉਹ ਅੰਦਰ ਤੱਕ ਪਹੁੰਚ ਕੇ ਸਫ਼ਾਈ ਕਰ ਸਕੇਗਾ।
ਤੁਸੀਂ ਜਦੋਂ ਵੀ ਵਾਲ ਧੋਂਦੇ ਹੋ ਤਾਂ ਕੁਝ ਖਾਸ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਤੁਹਾਡੇ ਵਾਲ ਤੇਲੀ ਹਨ ਜਾਂ ਖੁਸ਼ਕ? ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਬਾਜ਼ਾਰ ਵਿਚ ਤੁਹਾਨੂੰ ਕਈ ਅਜਿਹੇ ਸ਼ੈਂਪੂ ਮਿਲ ਜਾਣਗੇ, ਜੋ ਰਸਾਇਣਾਂ ਨਾਲ ਬਣੇ ਹੁੰਦੇ ਹਨ ਅਤੇ ਇਹ ਸ਼ੈਂਪੂ ਤੁਹਾਡੇ ਵਾਲਾਂ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਤੁਹਾਡੇ ਸਕੈਲਪ ਦਾ ਐਸਿਡ ਅਲਕਾਲਾਈਨ ਸੰਤੁਲਨ ਵਿਗੜਦਾ ਹੈ ਅਤੇ ਨਤੀਜੇ ਵਜੋਂ ਵਾਲ ਟੁੱਟਦੇ ਅਤੇ ਡੈਮੇਜ ਹੁੰਦੇ ਹਨ। ਤੇਲੀ ਵਾਲਾਂ ਲਈ ਹਿਨਾ ਅਤੇ ਖੁਸ਼ਕ ਵਾਲਾਂ ਲਈ ਔਲੇ ਵਾਲੇ ਸ਼ੈਂਪੂ ਚੁਣੋ।
ਹਫ਼ਤੇ ਵਿਚ ਕਿੰਨੀ ਵਾਰ ਕਰੀਏ ਸ਼ੈਂਪੂ?
ਇਹ ਸਵਾਲ ਹਰ ਕਿਸੇ ਦੇ ਮਨ ਵਿਚ ਉੱਠਦਾ ਹੈ। ਕਿਸੇ ਨੇ ਤੁਹਾਨੂੰ ਹਫ਼ਤੇ ਵਿਚ 2 ਵਾਰ ਤੇ ਕਿਸੇ ਨੇ 3 ਵਾਰ ਧੋਣ ਦੀ ਸਲਾਹ ਦਿੱਤੀ ਹੋਵੇਗੀ ਪਰ ਵੱਖ-ਵੱਖ ਵਾਲਾਂ ਦੀਆਂ ਕਿਸਮਾਂ ਦੀ ਲੋੜ ਵੱਖ-ਵੱਖ ਹੁੰਦੀ ਹੈ। ਜਿਥੇ ਤੇਲੀ ਵਾਲਾਂ ਨੂੰ ਹਫ਼ਤੇ ਵਿਚ 3 ਵਾਰ ਧੋਣ ਦੀ ਲੋੜ ਹੁੰਦੀ ਹੈ, ਉਥੇ ਖੁਸ਼ਕ ਵਾਲਾਂ ਨੂੰ 2 ਵਾਰ ਧੋਣ ਦੀ ਲੋੜ ਹੁੰਦੀ ਹੈ। ਪਰ ਹੁੰਮਸ ਭਰੇ ਮੌਸਮ ਵਿਚ ਤੁਹਾਡੇ ਵਾਲਾਂ ਦੀ ਕਿਸਮ ਜਿਹੜੀ ਮਰਜ਼ੀ ਹੋਵੇ, ਇਨ੍ਹਾਂ ਨੂੰ 3 ਵਾਰ ਧੋਵੋ। ਅਜਿਹੇ ਮੌਸਮ ਵਿਚ ਪਸਨੇ ਦੀ ਵਜ੍ਹਾ ਨਾਲ ਧੂੜ, ਗੰਦਗੀ ਤੁਹਾਡੀ ਚਮੜੀ ਵਿਚ ਚਿਪਕ ਕੇ ਵਾਲਾਂ ਨੂੰ ਕਾਫੀ ਗੰਦਾ ਕਰਦੇ ਹਨ।
ਸ਼ੈਂਪੂ ਕਰਨ ਤੋਂ ਬਾਅਦ
ਇਸ ਤੋਂ ਬਾਅਦ ਪੂਰੇ ਵਾਲਾਂ ਨੂੰ ਤੌਲੀਏ ਵਿਚ ਚੰਗੀ ਤਰ੍ਹਾਂ ਲਪੇਟੋ। ਇਸ ਨਾਲ ਵਾਧੂ ਪਾਣੀ ਨਿਕਲ ਜਾਵੇਗਾ। ਵਾਲਾਂ ਨੂੰ ਸੁਕਾਉਣ ਲਈ ਇਨ੍ਹਾਂ ਨੂੰ ਰਗੜਨ ਦੀ ਗ਼ਲਤੀ ਨਾ ਕਰੋ। ਜਦੋਂ ਵਾਲ ਸੁੱਕ ਜਾਣ ਜਾਂ ਬਿਲਕੁਲ ਘੱਟ ਗਿੱਲੇ ਹੋਣ ਤਾਂ ਇਨ੍ਹਾਂ ਨੂੰ ਚੌੜੇ ਦੰਦਾਂ ਵਾਲੀ ਕੰਘੀ ਨਾਲ ਚੰਗੀ ਤਰ੍ਹਾਂ ਸੁਲਝਾਓ। ਇਨ੍ਹਾਂ ਨੂੰ ਸੁਲਝਾਉਣ ਲਈ ਪਤਲੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਦੇ ਵੀ ਨਾ ਕਰੋ। ਇਸ ਨਾਲ ਇਹ ਟੁੱਟ ਕੇ ਝੜਨ ਲਗਦੇ ਹਨ। ਇਨ੍ਹਾਂ ਨੂੰ ਖੁਦ ਹੀ ਸੁੱਕਣ ਦਿਓ। ਸੁਕਾਉਣ ਲਈ ਹਮੇਸ਼ਾ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ। ਨਾਲ ਹੀ ਜੇ ਇਸ ਦੀ ਵਰਤੋਂ ਕਰੋ ਤਾਂ ਹਮੇਸ਼ਾ 10 ਇੰਚ ਦੀ ਦੂਰੀ 'ਤੇ ਰੱਖੋ।

ਗਹਿਣਿਆਂ ਦੀ ਕਰੋ ਸਹੀ ਦੇਖਭਾਲ

ਧਿਆਨ ਦਿਓ ਗਹਿਣੇ ਪਹਿਨਦੇ ਸਮੇਂ
* ਬਾਹਰ ਸਫ਼ਰ 'ਤੇ ਜਾਂਦੇ ਸਮੇਂ ਗਹਿਣੇ ਨਾ ਤਾਂ ਨਾਲ ਲੈ ਕੇ ਜਾਓ, ਨਾ ਜ਼ਿਆਦਾ ਪਹਿਨ ਕੇ ਜਾਓ। ਬਸ ਇਕ ਅੰਗੂਠੀ ਅਤੇ ਛੋਟੇ ਕਰਣਫੁਲ ਹੀ ਪਹਿਨੋ। ਚੂੜੀਆਂ, ਚੈਨ, ਹਾਰ, ਲੰਬੇ ਕਰਣਫੁਲ, ਵਾਲੀਆਂ ਪਹਿਨ ਕੇ ਨਾ ਜਾਓ।
* ਚੇਨ ਪਹਿਨਣ ਤੋਂ ਪਹਿਲਾਂ ਉਸ ਦੇ ਹੁਕ 'ਤੇ ਧਿਆਨ ਦਿਓ ਕਿ ਕਿਤੇ ਉਹ ਢਿੱਲੀ ਜਾਂ ਘਸੀ ਹੋਈ ਤਾਂ ਨਹੀਂ ਹੈ। ਇਸੇ ਤਰ੍ਹਾਂ ਕੰਨਾਂ ਵਿਚ ਪਹਿਨਣ ਵਾਲੇ ਗਹਿਣਿਆਂ ਦੇ ਪੇਚ 'ਤੇ ਵੀ ਧਿਆਨ ਦਿਓ ਕਿ ਉਹ ਸਹੀ ਤਰ੍ਹਾਂ ਬੰਦ ਹੋ ਰਹੇ ਹਨ। ਜੇ ਥੋੜ੍ਹੀ ਜਿਹੀ ਗੜਬੜੀ ਲੱਗੇ ਤਾਂ ਉਸ ਨੂੰ ਉਤਾਰ ਕੇ ਸੰਭਾਲ ਦਿਓ।
* ਜਦੋਂ ਵੀ ਕੋਈ ਗਹਿਣਾ ਪਹਿਨੋ ਤਾਂ ਆਰਾਮ ਨਾਲ ਬਿਸਤਰ 'ਤੇ ਬੈਠ ਕੇ ਪਹਿਨੋ ਤਾਂ ਕਿ ਡਿਗ ਕੇ ਗੁਆਚਣ ਦਾ ਖ਼ਤਰਾ ਨਾ ਰਹੇ।
* ਕੁਝ ਔਰਤਾਂ ਸਮਾਰੋਹਾਂ ਵਿਚ ਬਹੁਤ ਜ਼ਿਆਦਾ ਗਹਿਣੇ ਪਹਿਨ ਲੈਂਦੀਆਂ ਹਨ, ਚਾਹੇ ਉਹ ਉਨ੍ਹਾਂ ਦੀ ਪੁਸ਼ਾਕ ਨਾਲ ਮੇਲ ਖਾਂਦੇ ਹੋਣ ਜਾਂ ਨਾ। ਜ਼ਿਆਦਾ ਗਹਿਣੇ ਅਤੇ ਬੇਮੇਲ ਗਹਿਣੇ ਸ਼ਖ਼ਸੀਅਤ ਨੂੰ ਨਿਖਾਰਦੇ ਨਹੀਂ, ਸਗੋਂ ਸ਼ਖ਼ਸੀਅਤ ਨੂੰ ਵਿਗਾੜਦੇ ਹਨ। ਬਸ ਓਨੇ ਹੀ ਪਹਿਨੋ, ਜਿੰਨੇ ਜ਼ਰੂਰੀ ਅਤੇ ਮੇਲ ਖਾਂਦੇ ਹੋਣ।
ਘਰ ਵਿਚ ਨਾ ਰੱਖੋ ਗਹਿਣੇ,
ਲਾਕਰ ਹਨ ਸੁਰੱਖਿਅਤ
* ਮਹਿੰਗੇ ਗਹਿਣਿਆਂ ਨੂੰ ਘਰ ਵਿਚ ਰੱਖਣਾ ਅਸੁਰੱਖਿਅਤ ਹੈ। ਜੇ ਉਨ੍ਹਾਂ ਨੂੰ ਲਾਕਰ ਵਿਚ ਰੱਖਿਆ ਜਾਵੇ ਤਾਂ ਉਹ ਜ਼ਿਆਦਾ ਸੁਰੱਖਿਅਤ ਰਹਿਣਗੇ। ਗਹਿਣਿਆਂ ਦੀ ਸੁਰੱਖਿਆ ਦੇ ਨਾਲ ਅਸੀਂ ਖੁਦ ਹੀ ਸੁਰੱਖਿਅਤ ਰਹਾਂਗੇ। ਘਰ ਵਿਚ 2-3 ਜੋੜੀਆਂ ਈਅਰਰਿੰਗਸ, 1-2 ਅੰਗੂਠੀਆਂ ਅਤੇ ਹਲਕੀ ਚੇਨ ਜਾਂ ਛੋਟਾ ਹਲਕਾ ਮੰਗਲਸੂਤਰ ਹੀ ਕਾਫੀ ਹੈ।
* ਲਾਕਰ ਵਿਚ ਗਹਿਣੇ ਉਨ੍ਹਾਂ ਦੀ ਕਿਸਮ ਅਨੁਸਾਰ ਰੱਖੋ। ਹੀਰੇ, ਸੋਨੇ, ਮੋਤੀ, ਸਟੋਨਸ ਨਾਲ ਬਣੇ ਗਹਿਣੇ ਵੱਖ-ਵੱਖ ਪੈਕੇਟ ਵਿਚ ਰੱਖੋ। ਸਭ ਨੂੰ ਇਕੱਠੇ ਮਿਲਾ ਕੇ ਰੱਖਣ ਨਾਲ ਉਨ੍ਹਾਂ ਦੀ ਚਮਕ ਖਰਾਬ ਹੋ ਸਕਦੀ ਹੈ। ਈਅਰਰਿੰਗਸ, ਅੰਗੂਠੀ ਅਤੇ ਚੇਨ ਨੂੰ ਵੀ ਇਕੱਠੇ ਨਾ ਰੱਖੋ। ਆਪਸ ਵਿਚ ਉਲਝ ਕੇ ਟੁੱਟ ਸਕਦੇ ਹਨ ਅਤੇ ਡਿਗ ਵੀ ਸਕਦੇ ਹਨ। ਵੱਖ-ਵੱਖ ਥੈਲੀਆਂ ਵਿਚ ਰੱਖੋ।
* ਜਦੋਂ ਵੀ ਲਾਕਰ ਆਪ੍ਰੇਟ ਕਰਨ ਜਾਓ ਤਾਂ ਵੱਡਾ ਸਫੈਦ ਰੁਮਾਲ ਲੈ ਕੇ ਜਾਓ, ਤਾਂ ਕਿ ਕੁਝ ਵੀ ਡਿਗੇ ਤਾਂ ਆਰਾਮ ਨਾਲ ਲੱਭਿਆ ਜਾ ਸਕੇ।
* ਲਾਕਰ ਬੰਦ ਕਰਦੇ ਸਮੇਂ ਚੰਗੀ ਤਰ੍ਹਾਂ ਜਾਂਚ ਲਓ ਕਿ ਕੁਝ ਬਾਹਰ ਤਾਂ ਨਹੀਂ ਰਹਿ ਗਿਆ ਅਤੇ ਲਾਕਰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਹੈ।
* ਕਦੇ ਵੀ ਗਹਿਣੇ ਸ਼ਹਿਰ ਤੋਂ ਬਾਹਰ ਜਾਂਦੇ ਸਮੇਂ ਨਾ ਤਾਂ ਨਾਲ ਲਿਜਾਓ, ਨਾ ਕਿਸੇ ਜਾਣਕਾਰ ਜਾਂ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰੱਖੋ। ਲਾਕਰ ਵਿਚ ਰੱਖਣਾ ਜ਼ਿਆਦਾ ਸਮਝਦਾਰੀ ਹੈ।
ਚਮਕ ਅਤੇ ਸਫ਼ਾਈ ਦਾ
ਵੀ ਰੱਖੋ ਧਿਆਨ

* ਕਾਸਮੈਟਿਕਸ, ਪਰਫਿਊਮ, ਡਿਓ ਆਦਿ ਸੋਨੇ, ਚਾਂਦੀ, ਹੀਰੇ ਅਤੇ ਨਕਲੀ ਗਹਿਣਿਆਂ ਦੀ ਚਮਕ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰੋ। ਸਾਲ ਵਿਚ ਇਕ ਵਾਰ ਕਿਸੇ ਪ੍ਰੋਫੈਸ਼ਨਲ ਕੋਲੋਂ ਇਨ੍ਹਾਂ ਨੂੰ ਧੁਆ ਲਓ ਤਾਂ ਕਿ ਚਮਕ ਬਣੀ ਰਹੇ।
* ਘਰ ਵਿਚ ਵੀ ਸੋਨੇ ਦੇ ਗਹਿਣੇ ਸਾਫ਼ ਕਰ ਸਕਦੇ ਹੋ। ਪਾਣੀ ਵਿਚ ਚੰਗੀ ਕੁਆਲਿਟੀ ਦਾ ਤਰਲ ਡਿਟਰਜੈਂਟ ਮਿਲਾਓ, ਗਹਿਣੇ ਉਸ ਵਿਚ ਭਿਉਂ ਕੇ ਹਲਕੇ ਬੁਰਸ਼ ਨਾਲ ਉਨ੍ਹਾਂ ਨੂੰ ਰਗੜ ਲਓ, ਫਿਰ ਸਾਫ਼ ਪਾਣੀ ਨਾਲ ਧੋ ਕੇ ਨਰਮ ਕੱਪੜੇ ਨਾਲ ਸੁਕਾ ਕੇ ਵੈਲਵੈਟ ਦੇ ਕੱਪੜਿਆਂ ਵਿਚ ਜਾਂ ਫਲਾਲੇਨ ਦੀਆਂ ਥੈਲੀਆਂ ਵਿਚ ਸੰਭਾਲ ਕੇ ਰੱਖੋ।
* ਕਲਰਡ ਗੋਲਡ ਦੀ ਸਫ਼ਾਈ ਬਹੁਤ ਮੁਸ਼ਕਿਲ ਹੈ। ਕੁਝ ਸਮੇਂ ਬਾਅਦ ਇਨ੍ਹਾਂ ਦੀ ਚਮਕ ਖਰਾਬ ਹੋ ਜਾਂਦੀ ਹੈ। ਇਨ੍ਹਾਂ ਨੂੰ ਨਾ ਹੀ ਖਰੀਦੋ ਤਾਂ ਚੰਗਾ ਹੈ।

ਬੱਚਿਆਂ ਨੂੰ ਗੁੱਸੇ ਨਾਲ ਨਹੀਂ, ਪਿਆਰ ਨਾਲ ਸਮਝਾਓ

ਅੱਜ ਦੇ ਦੌਰ ਵਿਚ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰਨਾ ਮਾਤਾ-ਪਿਤਾ ਲਈ ਇਕ ਵੱਡੀ ਜ਼ਿੰਮੇਵਾਰੀ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਛੋਟੀ ਉਮਰ ਦੇ ਬੱਚੇ ਆਪਣੀ ਗੱਲ ਮੰਨਵਾਉਣ ਲਈ ਜ਼ਿੱਦ ਕਰਦੇ ਹਨ। ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਜਾਵੇ ਤਾਂ ਠੀਕ ਹੈ, ਨਹੀਂ ਤਾਂ ਉਹ ਆਨੇ-ਬਹਾਨੇ ਆਪਣੀ ਗੱਲ ਮੰਨਵਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ, ਜਿਸ ਵਿਚ ਉੱਚੀ-ਉੱਚੀ ਰੋਣਾ, ਧਰਤੀ 'ਤੇ ਲਿਟਣਾ, ਘਰ ਦਾ ਸਾਮਾਨ ਸੁੱਟਣਾ, ਕੀਮਤੀ ਚੀਜ਼ਾਂ ਨੂੰ ਤੋੜਨਾ, ਗੱਲ-ਗੱਲ 'ਤੇ ਰੁੱਸਣਾ ਆਦਿ ਸ਼ਾਮਿਲ ਹਨ। ਅੱਜਕਲ੍ਹ ਬੱਚਿਆਂ ਦਾ ਇਸ ਤਰ੍ਹਾਂ ਦਾ ਵਿਵਹਾਰ ਮਾਪਿਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਬੱਚਿਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਦੁਖੀ ਹੋ ਕੇ ਕਈ ਵਾਰ ਮਾਪੇ ਗੁੱਸੇ ਵਿਚ ਆ ਕੇ ਬੱਚਿਆਂ ਨੂੰ ਥੱਪੜ ਲਾ ਦਿੰਦੇ ਹਨ ਜਾਂ ਘੂਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਾਤਾ-ਪਿਤਾ ਵਲੋਂ ਇਸ ਤਰ੍ਹਾਂ ਦਾ ਵਿਵਹਾਰ ਕਰਨ ਨਾਲ ਬੱਚਿਆਂ ਉੱਤੇ ਲੰਬੇ ਸਮੇਂ ਲਈ ਕੋਈ ਖਾਸ ਅਸਰ ਨਹੀਂ ਹੁੰਦਾ। ਇਕਲਾਪੇ ਨੂੰ ਭੁਲਾਉਣ ਲਈ ਬੱਚੇ ਗ਼ਲਤ ਸੰਗਤ ਵਿਚ ਪੈ ਕੇ ਸਮਾਜ-ਵਿਰੋਧੀ ਕੰਮਾਂ ਵਿਚ ਪੈ ਜਾਂਦੇ ਹਨ ਅਤੇ ਮਾਪਿਆਂ ਦਾ ਗੁੱਸੇ ਵਾਲਾ ਵਿਵਹਾਰ ਬੱਚਿਆਂ ਨੂੰ ਹਿੰਸਕ ਵੀ ਬਣਾ ਦਿੰਦਾ ਹੈ। ਬੱਚੇ ਜੇਕਰ ਮਾਤਾ-ਪਿਤਾ ਦੀ ਗੱਲ ਸੁਣਨ ਤੋਂ ਇਨਕਾਰੀ ਹਨ ਤਾਂ ਅਜਿਹੀ ਸਥਿਤੀ ਵਿਚ ਮਾਪਿਆਂ ਨੂੰ ਬੱਚਿਆਂ 'ਤੇ ਗੁੱਸਾ ਕਰਨ ਦੀ ਥਾਂ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਅਤੇ ਬੱਚੇ ਦੇ ਗੁੱਸਾ ਕਰਨ ਦਾ ਕਾਰਨ ਪਤਾ ਲਗਾਉਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦੇ ਵਿਵਹਾਰ ਵਿਚ ਤਬਦੀਲੀ ਲਿਆਂਦੀ ਜਾ ਸਕੇ। ਜ਼ਿਆਦਾਤਰ ਬੱਚਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਮਾਪੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਰਹੇ ਅਤੇ ਰੁਝੇਵਿਆਂ ਵਿਚ ਰੁੱਝੇ ਹੋਣ ਕਾਰਨ ਉਨ੍ਹਾਂ ਦਾ ਖਿਆਲ ਨਹੀਂ ਰੱਖ ਪਾ ਰਹੇ। ਬੱਚਿਆਂ ਦੇ ਨਾਲ ਖਾਸ ਮੌਕਿਆਂ ਉੱਤੇ ਵੀ ਮਾਤਾ-ਪਿਤਾ ਆਪਣੇ ਰੁਝੇਵਿਆਂ ਕਰਕੇ ਸਮਾਂ ਨਹੀਂ ਦੇ ਪਾਉਂਦੇ। ਇਨ੍ਹਾਂ ਸਭ ਕਾਰਨਾਂ ਕਰਕੇ ਕਈ ਵਾਰ ਬੱਚਿਆਂ ਦਾ ਵਿਵਹਾਰ ਮਾਤਾ-ਪਿਤਾ ਪ੍ਰਤੀ ਨਕਾਰਾਤਮਕ ਹੋ ਜਾਂਦਾ ਹੈ, ਜਦਕਿ ਮਾਪੇ ਇਸ ਗੱਲ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਆਖਰ ਬੱਚੇ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੇ ਹਨ। ਮਾਪਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਵੇਂ ਉਨ੍ਹਾਂ ਕੋਲ ਕਿੰਨੇ ਵੀ ਰੁਝੇਵੇਂ ਹੋਣ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ਲਈ ਸਮਾਂ ਕੱਢਣਾ ਹੀ ਚਾਹੀਦਾ ਹੈ, ਫਿਰ ਭਾਵੇਂ ਉਹ ਸਕੂਲ ਵਿਚ ਕੋਈ ਪ੍ਰੋਗਰਾਮ ਹੋਵੇ ਜਾਂ ਫਿਰ ਕੋਈ ਫੰਕਸ਼ਨ ਪਾਰਟੀ। ਮਾਪਿਆਂ ਨੂੰ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਦੇ ਪੂਰੀ ਤਰ੍ਹਾਂ ਨਾਲ ਹਨ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਅਤੇ ਵਿਵਹਾਰ ਵਿਚ ਤਬਦੀਲੀ ਲਈ ਮਾਤਾ-ਪਿਤਾ ਉਨ੍ਹਾਂ ਨੂੰ ਬਹੁਤ ਟੋਕਦੇ ਹਨ। ਬਿਨਾਂ ਸ਼ੱਕ ਬੱਚਿਆਂ ਦੇ ਚੰਗੇ ਭਵਿੱਖ ਲਈ ਇਹ ਇਕ ਚੰਗੀ ਗੱਲ ਹੈ ਪਰ ਪੜ੍ਹਾਈ ਵਿਚ ਵਧੀਆ ਹੋਣ ਲਈ ਅਤੇ ਵਿਵਹਾਰ ਤਬਦੀਲੀ ਲਈ ਸਮੇਂ ਦੀ ਬਹੁਤ ਲੋੜ ਹੁੰਦੀ ਹੈ ਪਰ ਕਈ ਵਾਰ ਮਾਤਾ-ਪਿਤਾ ਇਸ ਕੰਮ ਲਈ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦਿੰਦੇ ਅਤੇ ਉਹ ਚਾਹੁੰਦੇ ਹਨ ਕਿ ਬੱਚੇ ਪੜ੍ਹਾਈ ਅਤੇ ਵਿਵਹਾਰ ਵਿਚ ਫਟਾਫਟ ਤਬਦੀਲੀ ਕਰਕੇ ਦਿਖਾਉਣ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਠਰੰਮਾ ਰੱਖਦੇ ਹੋਏ ਬੱਚਿਆਂ ਨੂੰ ਪੂਰਾ ਸਮਾਂ ਦੇਣ, ਤਾਂ ਜੋ ਉਹ ਕੁਝ ਵਧੀਆ ਕਰਕੇ ਦਿਖਾ ਸਕਣ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਉੱਪਰ ਗੁੱਸੇ ਹੋਣ ਦੀ ਜਗ੍ਹਾ ਪਿਆਰ ਨਾਲ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਕਾਰਵਾਈ ਕਰਨ, ਤਾਂ ਜੋ ਬੱਚੇ ਪਰਿਵਾਰ ਅਤੇ ਦੇਸ਼ ਲਈ ਕੁਝ ਵਧੀਆ ਕਰ ਸਕਣ। ਜੇਕਰ ਮਾਤਾ-ਪਿਤਾ ਪਿਆਰ ਨਾਲ ਬੱਚਿਆਂ ਨਾਲ ਗੱਲ ਕਰਦੇ ਹਨ, ਤਾਂ ਬੱਚੇ ਵੀ ਆਪਣੀ ਪ੍ਰੇਸ਼ਾਨੀ ਖੁੱਲ੍ਹ ਕੇ ਮਾਤਾ-ਪਿਤਾ ਨਾਲ ਸਾਂਝੀ ਕਰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਹੀ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਾਤਾ-ਪਿਤਾ ਵਲੋਂ ਬੱਚਿਆਂ ਪ੍ਰਤੀ ਅਪਣਾਇਆ ਗਿਆ ਨਰਮ ਰਵੱਈਆ ਜਿਥੇ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਸਾਬਤ ਹੁੰਦਾ ਹੈ, ਉਥੇ ਹੀ ਪਰਿਵਾਰ ਵਿਚ ਇਕ-ਦੂਜੇ ਪ੍ਰਤੀ ਪਿਆਰ ਅਤੇ ਅਪਣੱਤ ਦੀ ਭਾਵਨਾ ਕਾਇਮ ਰਹਿੰਦੀ ਹੈ।

-ਮੋਬਾ: 98554-83000

ਘਰ ਹੀ ਬਣਾਓ ਕੁਝ ਸਵਾਦੀ ਅਤੇ ਸਿਹਤਦਾਇਕ ਚੀਜ਼ਾਂ

* ਘਰ ਹੀ ਟੋਮੈਟੋ ਸਾਸ ਬਣਾਓ। ਤੇਲ ਵਿਚ ਥੋੜ੍ਹੀ ਰਾਈ ਪਾਓ। ਫੁੱਟਣ 'ਤੇ ਕਰੀ ਪੱਤਾ, ਹਰੀ ਮਿਰਚ, ਲਸਣ ਭੁੰਨੋ। ਉਸ ਵਿਚ ਹਲਦੀ, ਨਮਕ ਪਾਓ ਅਤੇ ਟਮਾਟਰ ਛੋਟਾ ਕੱਟ ਕੇ ਗਲਣ ਤੱਕ ਪਕਾਓ। ਠੰਢਾ ਕਰਕੇ ਉਸ ਨੂੰ ਮਿਕਸਰ ਗਰਾਇੰਡਰ ਵਿਚ ਪੀਸ ਲਓ। ਇਹ ਹੈਲਥੀ ਵੀ ਹੋਵੇਗੀ ਅਤੇ ਸਨੈਕਸ ਦੇ ਨਾਲ ਸਵਾਦੀ ਵੀ।
* ਫਲਾਂ ਦੀ ਚਟਣੀ ਲਈ ਟਮਾਟਰ, ਪਿਆਜ਼ ਬਰੀਕ ਕੱਟੋ ਅਤੇ ਕੜਾਹੀ ਵਿਚ ਪਾਓ। ਉਸ ਵਿਚ ਸੇਬ, ਕਿਸ਼ਮਿਸ਼ ਵੀ ਪਾਓ। ਗਲਣ ਤੱਕ ਪਕਾਓ। ਉਸ ਵਿਚ ਕਾਲੀ ਮਿਰਚ ਇਕ ਛੋਟਾ ਚਮਚ, ਛੋਟਾ ਚਮਚ ਸਿਰਕਾ ਅਤੇ ਨਮਕ ਮਿਲਾਓ। ਇਸ ਦੀ ਵਰਤੋਂ ਬ੍ਰੈੱਡ ਜਾਂ ਪਰੌਂਠੇ 'ਤੇ ਸਪ੍ਰੈਡ ਦੀ ਤਰ੍ਹਾਂ ਕਰੋ।
* ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਨੂੰ ਮਨ ਕਰੇ ਤਾਂ ਥੋੜ੍ਹਾ ਜਿਹਾ ਗੁੜ ਦਾ ਟੁਕੜਾ, ਮਿਸ਼ਰੀ, ਸੌਂਫ ਮੂੰਹ ਵਿਚ ਪਾਓ ਜਾਂ ਫਿਰ ਦਹੀਂ ਵਿਚ ਖਜੂਰ, ਕਿਸ਼ਮਿਸ਼, ਅਨਾਰ ਪਾ ਕੇ ਰਾਇਤੇ ਦੀ ਤਰ੍ਹਾਂ ਖਾਓ। ਇਹ ਹੈਲਥੀ ਬਦਲ ਹੈ।
* ਵਿਸ਼ੇਸ਼ ਚਟਣੀ ਲਈ 50 ਗ੍ਰਾਮ ਲਸਣ, 50 ਗ੍ਰਾਮ ਅਨਾਰਦਾਣਾ, 50 ਗ੍ਰਾਮ ਪੁਦੀਨਾ, ਥੋੜ੍ਹੀ ਕਾਲੀ ਮਿਰਚ, ਨਮਕ ਸਵਾਦ ਅਨੁਸਾਰ ਮਿਲਾ ਕੇ ਗਰਾਇੰਡਰ ਵਿਚ ਗਰਾਇੰਡ ਕਰੋ। ਚੀਲੇ, ਪਕੌੜੇ ਦੇ ਨਾਲ ਖਾਓ।
* ਸਨੈਕਸ ਲਈ ਮੁਰਮੁਰੇ ਵਿਚ ਸਪਰਾਊਟਸ, ਪਿਆਜ਼, ਹਰੀ ਮਿਰਚ, ਹਰਾ ਧਨੀਆ ਮਿਲਾਓ। ਉਸ 'ਤੇ ਹਲਕਾ ਜਿਹਾ ਕਾਲਾ ਲੂਣ ਅਤੇ ਚਾਟ ਮਸਾਲਾ ਮਿਲਾ ਕੇ ਖਾਓ।
* ਪਰੌਂਠੇ ਦੀ ਜਗ੍ਹਾ ਭਰਵੀਂ ਰੋਟੀ ਬਣਾਓ। ਚਾਹੋ ਤਾਂ ਗਰਮ ਭਰਵਾਂ ਰੋਟੀ 'ਤੇ ਸਫੈਦ ਮੱਖਣ ਲਗਾ ਕੇ ਖਾਓ।
* ਦਹੀਂ ਵਿਚ ਮਨਪਸੰਦ ਮੌਸਮੀ ਫਲ, ਇਲਾਇਚੀ, ਸੁੱਕੇ ਮੇਵੇ ਪਾ ਕੇ ਸਮੂਦੀ ਬਣਾਓ। ਮਿੱਠੇ ਦੀ ਜਗ੍ਹਾ ਸ਼ਹਿਦ ਮਿਲਾਓ। ਜੇ ਸਮੂਦੀ ਦੀ ਜਗ੍ਹਾ ਸ਼ੇਕ ਬਣਾਉਣਾ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਪਤਲਾ ਕਰ ਲਓ।
* ਆਲੂ ਦੀ ਟਿੱਕੀ ਬਣਾਉਂਦੇ ਸਮੇਂ ਮੈਸ਼ਡ ਆਲੂ ਦੇ ਨਾਲ ਸਟੀਮਡ ਮਟਰ, ਗੋਭੀ, ਗਾਜਰ, ਬੀਨਸ ਪਾ ਕੇ ਮੈਸ਼ ਕਰੋ ਅਤੇ ਚਾਹੋ ਤਾਂ ਏਅਰਫ੍ਰਾਇਰ ਵਿਚ ਸੇਕ ਕੇ ਖਾਓ ਜਾਂ ਨਾਨਸਟਿਕ 'ਤੇ ਘੱਟ ਤੇਲ ਵਿਚ ਬਣਾਓ।
* ਜੇ ਸਮੋਸਾ ਖਾਣ ਨੂੰ ਮਨ ਕਰੇ ਤਾਂ ਦੁਕਾਨਦਾਰ ਕੋਲੋਂ ਕੱਚੇ ਸਮੋਸੇ ਲਿਆਓ। ਉਨ੍ਹਾਂ ਨੂੰ ਏਅਰਫ੍ਰਾਇਰ ਵਿਚ ਸੇਕੋ। ਘੱਟ ਤੇਲ ਵਿਚ ਬੇਕਡ ਸਮੋਸਾ ਖਾ ਕੇ ਸਮੋਸੇ ਦਾ ਅਨੰਦ ਲਓ।
* ਸਾਫਟ ਡ੍ਰਿੰਕਸ ਦੀ ਜਗ੍ਹਾ ਨਿੰਬੂ ਪਾਣੀ ਵਿਚ ਕਾਲਾ ਲੂਣ, ਭੁੰਨਿਆ ਜ਼ੀਰਾ, ਪੁਦੀਨੇ ਦੇ ਪੱਤੇ ਮਸਲ ਕੇ ਬਰਫ ਬਿਊਬਸ ਪਾ ਕੇ ਪੀਓ।
* ਘਰ ਹੀ ਮੌਸਮੀ ਫਲਾਂ ਦਾ ਜੈਮ ਤਿਆਰ ਕਰੋ। ਉਸ ਵਿਚ ਖੰਡ ਦੀ ਮਾਤਰਾ ਘੱਟ ਰੱਖੋ, ਜਿਸ ਦੀ ਵਰਤੋਂ ਪਰਾਉਂਠੇ ਅਤੇ ਬ੍ਰੈੱਡ ਸਪ੍ਰੈਡ ਦੇ ਰੂਪ ਵਿਚ ਕਰ ਸਕਦੇ ਹੋ।
* ਨੂਡਲਸ ਆਟੇ ਵਾਲੇ ਖਰੀਦੋ ਅਤੇ ਖੂਬ ਸਬਜ਼ੀ ਪਾ ਕੇ ਬਣਾਓ। ਇਸੇ ਤਰ੍ਹਾਂ ਪਾਸਤੇ ਵਿਚ ਵੀ ਖੂਬ ਸਬਜ਼ੀਆਂ ਪਾਓ ਤਾਂ ਕਿ ਸ਼ੌਕ ਵੀ ਪੂਰਾ ਹੋ ਜਾਵੇ ਅਤੇ ਸਿਹਤ ਨੂੰ ਵੀ ਨੁਕਸਾਨ ਨਾ ਪਹੁੰਚੇ।
* ਬਰਗਰ ਖਾਣਾ ਹੋਵੇ ਤਾਂ ਹੋਲਵਹੀਟ ਆਟੇ ਦਾ ਬਰਗਰ ਖਰੀਦੋ। ਉਸ ਵਿਚ ਪਿਆਜ਼, ਟਮਾਟਰ, ਪਨੀਰ ਦੀ ਲੇਅਰ ਲਗਾਓ। ਬਰਗਰ ਨੂੰ ਵਿਚਕਾਰੋਂ ਕੱਟ ਕੇ ਘਰ ਹੀ ਹਰੀ ਚਟਣੀ ਅਤੇ ਸਾਸ ਲਗਾਓ। ਸਬਜ਼ੀਆਂ ਦਾ ਨਾਨਸਟਿਕ 'ਤੇ ਹਲਕਾ ਜਿਹਾ ਤੇਲ ਲਗਾ ਕੇ ਸੇਕ ਲਓ।
* ਕੋਫਤੇ ਜਾਂ ਪਕੌੜੇ ਵਾਲੀ ਕੜ੍ਹੀ ਨੂੰ ਮਨ ਕਰੇ ਤਾਂ ਬੇਸਣ ਵਿਚ ਸਬਜ਼ੀ ਕੱਦੂਕਸ਼ ਕਰਕੇ ਉਸ ਦੇ ਬਾਲਸ ਬਣਾ ਕੇ ਨਾਨਸਟਿਕ ਤਵੇ 'ਤੇ ਹਲਕਾ ਜਿਹਾ ਬੁਰਸ਼ ਨਾਲ ਤੇਲ ਲਗਾ ਕੇ ਸੇਕੋ। ਬੇਸਣ ਵਿਚ ਪਿਆਜ਼, ਆਲੂ, ਮਿਰਚ, ਧਨੀਆ ਬਰੀਕ ਕੱਟ ਕੇ ਪਕੌੜਿਆਂ ਦਾ ਆਕਾਰ ਦੇ ਕੇ ਨਾਨਸਟਿਕ 'ਤੇ ਸੇਕੋ। ਸ਼ੌਕ ਪੂਰਾ ਹੋ ਜਾਵੇਗਾ।
* ਸਬਜ਼ੀਆਂ ਅਤੇ ਪਰਾਉਂਠਿਆਂ ਵਿਚ ਤੇਲ ਦੀ ਮਾਤਰਾ ਨੂੰ ਸੀਮਤ ਕਰਨ ਲਈ ਤੇਲ ਅਜਿਹੀ ਨੋਜਲ ਵਾਲੀ ਬੋਤਲ ਵਿਚ ਪਾਓ, ਜਿਸ ਨਾਲ ਪਤਲੀ ਧਾਰ ਹੀ ਨਿਕਲੇ।
* ਮੁਰਮੁਰੇ, ਭੁੱਜੇ ਛੋਲੇ, ਭੁੱਜੀ ਹੋਈ ਮੂੰਗਫਲੀ ਦਾ ਨਮਕੀਨ ਘਰ ਵਿਚ ਹੀ ਬਣਾਓ। ਵੱਖ-ਵੱਖ ਇਨ੍ਹਾਂ ਨੂੰ ਦੁਬਾਰਾ ਥੋੜ੍ਹਾ ਭੁੰਨ ਲਓ। ਫਿਰ ਮਿਕਸ ਕਰਕੇ ਥੋੜ੍ਹੇ ਜਿਹੇ ਤੇਲ ਵਿਚ ਕੜੀ ਪੱਤਾ, ਨਮਕ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਚਾਟ ਮਸਾਲਾ ਪਾ ਕੇ ਤਕੜਾ ਦਿਓ।
* ਸੁੱਕੀਆਂ ਸਬਜ਼ੀਆਂ ਵਿਚ ਆਲੂ ਘੱਟ ਅਤੇ ਸਬਜ਼ੀ ਜ਼ਿਆਦਾ ਪਾ ਕੇ ਪਕਾਓ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX