ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  1 day ago
ਅੱਜ ਦਾ ਵਿਚਾਰ
ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਮੁੰਬਈ, 16 ਫਰਵਰੀ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਹਵਾਲੇ...
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਬੂਜਾ, 16 ਫਰਵਰੀ- ਉੱਤਰੀ-ਪੱਛਮੀ ਨਾਈਜੀਰੀਆ ਦੇ ਇੱਕ ਇਲਾਕੇ 'ਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾਂ 'ਚ ਹਮਲਾ ਕਰਕੇ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਅੱਜ ਇਹ ਜਾਣਕਾਰੀ...
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ, 16 ਫਰਵਰੀ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਦਾ ਪ੍ਰਤੀਕ-ਅਨੰਦਪੁਰ ਸਾਹਿਬ

ਅਨੰਦਪੁਰ ਸਾਹਿਬ ਸਿੱਖੀ ਸ਼ਾਨ, ਸਵੈਮਾਨ ਅਤੇ ਖ਼ਾਲਸਾਈ ਮਰਯਾਦਾ ਦਾ ਕੇਂਦਰ ਹੈ। ਇਸ ਨਗਰ ਦੀ ਸ਼ੋਭਾ ਦਾ ਵਰਨਣ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਹੰਸ ਰਾਮ ਕਹਿੰਦਾ ਹੈ ਕਿ ਇਸ ਨਗਰ ਵਿਖੇ ਚਾਰੇ ਵਰਣ ਅਤੇ ਚਾਰੇ ਆਸ਼ਰਮ ਅਨੰਦ ਨਾਲ ਜੀਵਨ ਬਸਰ ਕਰਦੇ ਹਨ। ਅਨੰਦ ਦੀ ਜੜ੍ਹ ਹੋਣ ਕਰਕੇ ਇਸ ਨਗਰ ਦਾ ਨਾਂਅ ਅਨੰਦਪੁਰ ਹੈ। ਇਥੋਂ ਦੇ ਨਿਵਾਸੀ ਸਿੰਘ ਅਤੇ ਮਸੰਦ ਜਿਸ ਨੂੰ ਦੁਖੀ ਦੇਖਦੇ ਹਨ, ਉਸ ਦਾ ਦੁੱਖ ਦੂਰ ਕਰ ਦਿੰਦੇ ਹਨ। ਇਸ ਨਗਰ ਵਿਖੇ ਧਰਮ ਦੇ ਨਾਇਕ ਅਤੇ ਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰ ਰਹੇ ਹਨ:
ਚਾਰ ਬਰਣ ਚਾਰੋਂ ਜਹਾਂ ਆਸ੍ਰਮ ਕਰਤ ਅਨੰਦ।
ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ।
ਸੰਗਤ, ਸਿੰਘ, ਮਸੰਦ ਸਭ ਹੇਰ ਹਰੈ ਪਰ ਪੀਰ।
ਤਹਾਂ ਬਸਤ ਗੋਬਿੰਦ ਸਿੰਘ ਧਰਮ ਧੁਰੰਤਰ ਧੀਰ।
ਇਸ ਨਗਰ ਦੀ ਸ਼ੋਭਾ ਇਥੋਂ ਪੈਦਾ ਹੋਏ ਸੰਦੇਸ਼ ਵਿਚੋਂ ਪ੍ਰਗਟ ਹੁੰਦੀ ਹੈ। ਇਸ ਨਗਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਸਿਖ਼ਰ ਅਤੇ ਸੰਪੂਰਨਤਾ ਦੇ ਦਰਸ਼ਨ ਹੁੰਦੇ ਹਨ। ਖ਼ਾਲਸਾਈ ਰੂਪ ਵਿਚ ਚਾਰ ਵਰਣਾਂ ਦੀ ਇਕਸੁਰਤਾ ਅਤੇ ਇਕਸਾਰਤਾ, ਬਾਣੀ ਅਤੇ ਬਾਣੇ ਦਾ ਸੁਮੇਲ, ਅਣਖ ਅਤੇ ਸਵੈਮਾਨ ਲਈ ਸੰਘਰਸ਼ ਕਰਨ ਦੀ ਬਿਰਤੀ, ਸ਼ਕਤੀਆਂ ਦਾ ਵਿਕੇਂਦਰੀਕਰਨ ਅਤੇ ਵਿਕੇਂਦਰੀਕਰਨ ਵਿਚੋਂ ਪ੍ਰਭੂ-ਮੁਖੀ ਸਾਂਝੀ ਸੁਰ ਪੈਦਾ ਕਰਨ ਅਤੇ ਲੋਕਤੰਤਰੀ ਸੰਸਥਾ ਦੇ ਵਿਕਾਸ ਨੇ ਇਸ ਨਗਰ ਦੇ ਸਿਧਾਤਾਂ ਨੂੰ ਇਤਿਹਾਸ ਵਿਚ ਵਿਸ਼ੇਸ਼ ਥਾਂ ਪ੍ਰਦਾਨ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਇਸ ਨਗਰ ਵਿਖੇ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਨਵਤਾ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਇਕ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਘਟਨਾ ਕਸ਼ਮੀਰੀ ਪੰਡਿਤਾਂ ਦੇ ਧਰਮ ਨੂੰ ਬਚਾਉਣ ਲਈ ਗੁਰੂ ਤੇਗ਼ ਬਹਾਦਰ ਜੀ ਦੁਆਰਾ ਦਿੱਤੀ ਗਈ ਸ਼ਹਾਦਤ ਰਾਹੀਂ ਸੰਸਾਰ ਵਿਚ ਰੂਪਮਾਨ ਹੁੰਦੀ ਹੈ।
ਸਦੀਆਂ ਪਿਛੋਂ ਵੀ ਇਤਿਹਾਸ ਦੀਆਂ ਅਜਿਹੀਆਂ ਘਟਨਾਵਾਂ ਉਸ ਸਮੇਂ ਆਪਣੇ-ਆਪ ਸਾਹਮਣੇ ਆ ਜਾਂਦੀਆਂ ਹਨ ਜਦੋਂ ਸਮਾਜ ਏਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ। ਮੌਜੂਦਾ ਸਮੇਂ ਭਾਰਤ ਵਿਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ ਉਸ ਵਿਚ ਇਕ ਪਾਸੇ ਭਾਰਤ ਦੇ ਮੁਸਲਮਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਅਤੇ ਦੂਜੇ ਪਾਸੇ ਕਸ਼ਮੀਰ ਦੇ ਤਿੰਨ ਲੱਖ ਤੋਂ ਵਧੇਰੇ ਹਿੰਦੂਆਂ ਨੂੰ ਰਫ਼ਿਊਜ਼ੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲਗਪਗ ਤੀਹ ਸਾਲ ਪਹਿਲਾਂ ਮਜਬੂਰੀ ਵੱਸ ਆਪਣੇ ਘਰ ਛੱਡ ਕੇ ਕੈਂਪਾਂ ਵਿਚ ਬੈਠੇ ਇਹ ਹਿੰਦੂ ਭਾਈਚਾਰੇ ਦੇ ਲੋਕ ਆਪਣੇ ਪਿਛੋਕੜ ਨੂੰ ਅਕਸਰ ਯਾਦ ਕਰਦੇ ਰਹਿੰਦੇ ਹਨ। ਇਸੇ ਯਾਦ ਵਿਚੋਂ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ ਜਦੋਂ ਉਨ੍ਹਾਂ ਦੇ ਪੂਰਵਜ ਆਪਣੇ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਆਏ ਸਨ। ਉਸ ਸਮੇਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਆਏ ਕਸ਼ਮੀਰੀ ਪੰਡਿਤਾਂ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ ਸਨਮੁਖ ਜਿਹੜੀ ਬੇਨਤੀ ਕੀਤੀ ਸੀ ਉਸ ਨੂੰ ਭੱੱਟ ਵਹੀਆਂ ਵਿਚ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ:
ਹਾਥ ਜੋਰ ਕਹਿਯੋ ਕਿਰਪਾ ਰਾਮ
ਦੱਤ ਬ੍ਰਾਹਮਣ ਮੱਟਨ ਗ੍ਰਾਮ:
ਹਮਰੋ ਬਲ ਅਬ ਰਹਯੋ ਨਹਿ ਕਾਈ।
ਹੇ ਗੁਰ ਤੇਗ ਬਹਾਦਰ ਰਾਈ।
ਗਜ ਕੇ ਬੰਧਨ ਕਾਟਨ ਹਾਰੇ।
ਤੁਮ ਗੁਰ ਨਾਨਕ ਕੇ ਹੈਂ ਅਵਤਾਰੇ।
ਜਿਮ ਦਰੋਪਤੀ ਰਾਖੀ ਲਾਜ।
ਦਿਯੋ ਸਵਾਰ ਸੁਦਾਮੈ ਕਾਜ।
ਫਿਰਤ ਫਿਰਤ ਪ੍ਰਭ ਆਏ ਥਾਰੈ।
ਥਾਕ ਪਰੈਂ ਹਉਂ ਤਉਂ ਦਰਬਾਰੈ।
ਸੇਵਾ ਹਰੀ ਇਮ ਅਰਜ ਗੁਜ਼ਾਰੀ।
ਤੁਮ ਕਲਜੁਗ ਕੇ ਕ੍ਰਿਸ਼ਨ ਮੁਰਾਰੀ।
ਸ਼ਹੀਦ ਬਿਲਾਸ, ਬੰਦ 35
ਗੁਰੂ ਤੇਗ਼ ਬਹਾਦਰ ਜੀ ਨੇ ਇਸ ਬੇਨਤੀ 'ਤੇ ਵਿਚਾਰ ਕਰਦੇ ਹੋਏ ਜਿਹੜਾ ਫ਼ੈਸਲਾ ਲਿਆ ਉਸ ਵਿਚੋਂ ਅਨੰਦਪੁਰ ਸਾਹਿਬ ਦਾ ਸੰਦੇਸ਼ ਅਤੇ ਭਾਵਨਾ ਪ੍ਰਗਟ ਹੁੰਦੀ ਹੈ। ਧਰਮ ਦੀ ਆਜ਼ਾਦੀ, ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸਵੈਮਾਨ ਭਰਪੂਰ ਜੀਵਨ ਬਸਰ ਕਰਨ ਦੀ ਜਿਹੜੀ ਚੇਤਨਾ ਨੌਵੇਂ ਗੁਰੂ ਜੀ ਨੇ ਪ੍ਰਗਟ ਕੀਤੀ ਸੀ, ਉਸੇ ਦਾ ਵਿਕਸਿਤ ਰੂਪ ਖ਼ਾਲਸੇ ਦੀ ਸਿਰਜਣਾ ਵਿਚੋਂ ਪ੍ਰਗਟ ਹੁੰਦਾ ਹੈ। ਖ਼ਾਲਸੇ ਦੀ ਮਰਯਾਦਾ ਵਿਚ ਕੇਵਲ ਬਾਣੀ ਅਤੇ ਬਾਣਾ ਹੀ ਸ਼ਾਮਲ ਨਹੀਂ ਸੀ ਬਲਕਿ ਸਭ ਤੋਂ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬਾਣੇ ਨੂੰ ਧਾਰਨ ਕਰਨ ਵਾਲਾ ਜਬਰ ਅਤੇ ਜ਼ੁਲਮ ਦੇ ਵਿਰੁੱਧ ਹਮੇਸ਼ਾਂ ਆਪਣਾ ਸੰਘਰਸ਼ ਜਾਰੀ ਰੱਖੇਗਾ ਅਤੇ ਅਨੰਦਪੁਰ ਸਾਹਿਬ ਦੇ ਸੰਦੇਸ਼ ਪ੍ਰਤੀ ਜੂਝਦਾ ਹੋਇਆ ਆਪਣਾ ਜੀਵਨ ਵੀ ਕੁਰਬਾਨ ਕਰ ਦੇਵੇਗਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੈਦਾ ਹੋਏ ਖ਼ਾਲਸੇ ਨੂੰ ਵਿਸ਼ੇਸ਼ ਗੁਣਾਂ ਦਾ ਧਾਰਨੀ ਹੋਣ ਦੇ ਜਿਹੜੇ ਆਦੇਸ਼ ਦਿੱਤੇ ਗਏ ਸਨ ਉਨ੍ਹਾਂ ਦਾ ਵਰਨਨ ਕਰਦੇ ਹੋਏ ਭਾਈ ਨੰਦ ਲਾਲ ਜੀ ਦੱਸਦੇ ਹਨ:
ਖਾਲਸਾ ਸੋਇ ਨਿਰਧਨ ਕੋ ਪਾਲੈ
ਖਾਲਸਾ ਸੋਇ ਦੁਸ਼ਟ ਕੋ ਗਾਲੈ।
ਖਾਲਸਾ ਸੋਇ ਨਾਮ ਜਪ ਕਰੈ
ਖਾਲਸਾ ਸੋਇ ਮਲੇਛ ਪਰ ਚੜ੍ਹੇ।
ਖਾਲਸਾ ਸੋਇ ਨਾਮ ਸਿਉਂ ਜੋੜੈ
ਖਾਲਸਾ ਸੋਇ ਬੰਧਨ ਕੋ ਤੋੜੇ।
ਖਾਲਸਾ ਸੋਇ ਜੋ ਚੜ੍ਹੈ ਤੁਰੰਗ
ਖਾਲਸਾ ਸੋਇ ਜੋ ਕਰੈ ਨਿਤ ਜੰਗ।
ਖਾਲਸਾ ਸੋਇ ਸ਼ਸਤਰ ਕੋ ਧਾਰੇ
ਖਾਲਸਾ ਸੋਇ ਦੁਸ਼ਟ ਕੋ ਮਾਰੇ। (ਤਨਖ਼ਾਹਨਾਮਾ, 50-54)
ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੈਦਾ ਹੋਏ ਅਜਿਹੇ ਗੁਣਾਂ ਵਾਲੇ ਖ਼ਾਲਸੇ ਨੇ ਸਮਾਜ ਵਿਚ ਪ੍ਰੇਮ, ਭਾਈਚਾਰੇ, ਸਾਂਝ ਅਤੇ ਸਹਿਹੋਂਦ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਅਣਖ ਅਤੇ ਸਵੈਮਾਨ ਦੀ ਭਾਵਨਾ ਉਜਾਗਰ ਕਰਨ 'ਤੇ ਜ਼ੋਰ ਦਿੱਤਾ ਹੈ। ਖ਼ਾਲਸੇ ਦੀ ਜੀਵਨਜਾਚ ਸੰਘਰਸ਼ ਦੇ ਮਾਰਗ 'ਚੋਂ ਹੋ ਕੇ ਗੁਜ਼ਰਦੀ ਹੈ ਜਿਹੜੀ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਸਮਾਜ ਲਈ ਨਿਗਾਹਬਾਨ ਵਾਲੀ ਭੂਮਿਕਾ ਨਿਭਾਉਂਦੀ ਹੈ। ਮਾਖੋਵਾਲ ਤੋਂ ਅਨੰਦਪੁਰ ਸਾਹਿਬ ਦੇ ਰੂਪ ਵਿਚ ਪਰਿਵਰਤਿਤ ਹੋਇਆ ਇਹ ਨਗਰ ਦੇਸ-ਦੁਨੀਆ ਨੂੰ ਭਾਈਚਾਰਕ ਸਾਂਝ ਪੈਦਾ ਕਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹਿਣ ਦੀ ਪ੍ਰੇਰਨਾ ਕਰਦਾ ਹੈ।
ਇਸ ਨਗਰ ਵਿਖੇ ਭਾਰਤ ਦੀ ਰਾਜਨੀਤੀ, ਸਮਾਜਿਕ ਹਾਲਤ ਅਤੇ ਧਾਰਮਿਕ ਜੀਵਨ ਸੰਬੰਧੀ ਅਕਸਰ ਵਿਚਾਰ-ਚਰਚਾ ਹੁੰਦੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਹੋਣ ਵਾਲੇ ਸਾਹਿਤਕ ਅਤੇ ਜੁਝਾਰੂ ਕਾਰਜਾਂ ਵਿਚੋਂ ਸਮੇਂ ਦੇ ਸਮਾਜ ਦਾ ਸ਼ੀਸ਼ਾ ਨਜ਼ਰ ਆ ਜਾਂਦਾ ਹੈ ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਧਰਮ ਦੇ ਨਾਂਅ 'ਤੇ ਆਮ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਅੱਖਾਂ ਬੰਦ ਕਰ ਕੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਦੇ ਸੰਘਰਸ਼ ਮੁਗ਼ਲਾਂ ਦੀ ਕੱਟੜਪੰਥੀ ਸੋਚ ਦੇ ਵਿਰੋਧ ਦਾ ਪ੍ਰਗਟਾਵਾ ਕਰਦੇ ਹਨ।
ਮੁਗ਼ਲ ਰਾਜ ਸਮੇਂ ਆਮ ਲੋਕਾਂ ਦੇ ਨਾਲ-ਨਾਲ ਦੂਜੇ ਧਰਮ ਦੇ ਵਿਦਵਾਨਾਂ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਸੀ ਉਸ ਦੀ ਮਿਸਾਲ ਭਾਈ ਨੰਦ ਲਾਲ ਦੇ ਜੀਵਨ ਵਿਚੋਂ ਪ੍ਰਗਟ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰੀ ਬਾਦਸ਼ਾਹ ਔਰੰਗਜ਼ੇਬ ਨੇ ਮੁਸਲਿਮ ਵਿਦਵਾਨਾਂ ਕੋਲੋਂ ਕੁਰਾਨ ਦੀ ਇਕ ਆਇਤ ਦੇ ਅਰਥ ਪੁੱਛੇ। ਕਈਆਂ ਨੇ ਅਰਥ ਦੱਸੇ ਪਰ ਬਾਦਸ਼ਾਹ ਨੂੰ ਤਸੱਲੀ ਨਾ ਹੋਈ। ਬਾਦਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ ਇਸ ਆਇਤ ਦੇ ਅਰਥ ਭਾਈ ਨੰਦ ਲਾਲ ਕੋਲੋਂ ਪੁੱਛ ਕੇ ਦੱਸੇ ਤਾਂ ਬਾਦਸ਼ਾਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਵਿਦਵਾਨ ਨੂੰ ਬੁਲਾ ਕੇ ਇਨਾਮ ਦੇਣਾ ਚਾਹਿਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਇਕ ਹਿੰਦੂ ਵਿਦਵਾਨ ਹੈ ਤਾਂ ਉਸ ਨੇ ਹੈਰਾਨੀ ਪ੍ਰਗਟ ਕੀਤੀ ਕਿ ਹਾਲੇ ਤੱਕ ਇਹ ਇਸਲਾਮ ਦੇ ਘੇਰੇ ਵਿਚ ਕਿਉਂ ਨਹੀਂ ਆਇਆ। ਭਾਈ ਨੰਦ ਲਾਲ ਬਾਦਸ਼ਾਹ ਦੀ ਨੀਅਤ ਤਾੜ ਕੇ ਉਥੋਂ ਸੁਰੱਖਿਅਤ ਨਿਕਲ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆ ਗਿਆ। ਭਾਈ ਨੰਦ ਲਾਲ ਨੂੰ ਉਸ ਸਮੇਂ ਅਨੰਦਪੁਰ ਸਾਹਿਬ ਹੀ ਇਕ ਅਜਿਹਾ ਸੁਤੰਤਰ ਅਤੇ ਸੁਰੱਖਿਅਤ ਸਥਾਨ ਲੱਗ ਰਿਹਾ ਸੀ ਜਿਹੜਾ ਹਕੂਮਤ ਦੇ ਭੈਅ ਤੋਂ ਮੁਕਤ ਸੀ। ਇਥੇ ਆ ਕੇ ਉਸ ਨੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਵਿਚਾਰਧਾਰਾ, ਸਵੈਮਾਨ ਅਤੇ ਖ਼ਾਲਸੇ ਦੀ ਰਹਿਤ ਸੰਬੰਧੀ ਜੋ ਕੁੱਝ ਦੇਖਿਆ, ਉਸ ਨੂੰ ਕਲਮਬੰਦ ਕਰ ਦਿੱਤਾ।
ਭਾਈ ਨੰਦ ਲਾਲ ਵਾਲੀ ਘਟਨਾ ਦੇ ਨਾਲ-ਨਾਲ ਇਤਿਹਾਸ ਵਿਚ ਅਜਿਹੇ ਅਨੇਕਾਂ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਤੋਂ ਮੁਗ਼ਲ ਹਾਕਮਾਂ ਦੀ ਧਾਰਮਿਕ ਅਤੇ ਰਾਜਸੀ ਨੀਤੀ ਦਾ ਗਿਆਨ ਹੁੰਦਾ ਹੈ। ਬਾਦਸ਼ਾਹ ਔਰੰਗਜ਼ੇਬ ਵਲੋਂ ਸਰਕਾਰੀ ਤੌਰ 'ਤੇ ਗ਼ੈਰ-ਮੁਸਲਮਾਨਾਂ 'ਤੇ ਜਜ਼ੀਆ ਨਾਂਅ ਦਾ ਜਿਹੜਾ ਵਿਸ਼ੇਸ਼ ਟੈਕਸ ਲਗਾਇਆ ਗਿਆ ਸੀ ਉਹ ਹਾਕਮਾਂ ਦੀ ਇਕੋ ਧਰਮ ਦੀ ਵਿਸ਼ੇਸ਼ ਰੂਪ ਵਿਚ ਸਥਾਪਤੀ ਵਾਲੀ ਨੀਤੀ ਨੂੰ ਬਿਆਨ ਕਰਦਾ ਸੀ। ਇਹ ਇਕ ਅਜਿਹਾ ਵਿਸ਼ੇਸ਼ ਟੈਕਸ ਸੀ ਜਿਸ ਬਾਰੇ ਉਸ ਤੋਂ ਪਹਿਲੇ ਮੁਗ਼ਲ ਹਾਕਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਜਦੋਂ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਇਸ ਵਿਸ਼ੇਸ਼ ਟੈਕਸ ਲਗਾਉਣ 'ਤੇ ਵਿਰੋਧ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਾਥੀਆਂ ਦੇ ਪੈਰਾਂ ਹੇਠਾਂ ਕੁਚਲਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਇਸ ਨਾਲ ਹੀ ਇਸ ਟੈਕਸ ਦੀ ਜਬਰੀ ਵਸੂਲੀ ਦਾ ਹੁਕਮ ਵੀ ਸੁਣਾ ਦਿੱਤਾ। ਬਾਦਸ਼ਾਹ ਔਰੰਗਜ਼ੇਬ ਨੇ ਗ਼ੈਰ-ਮੁਸਲਿਮ ਲੋਕਾਂ ਨੂੰ ਦਬਾਉਣ ਲਈ ਜਿਹੜਾ ਅਗਲਾ ਕਦਮ ਚੁੱਕਿਆ ਉਹ ਸੀ ਉਨ੍ਹਾਂ ਦੇ ਸੱਭਿਆਚਾਰ ਅਤੇ ਮੇਲਿਆਂ ਨੂੰ ਖ਼ਤਮ ਕਰਨਾ। ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਵਿਚ ਉਸ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕ ਆਪ ਹਿੱਸਾ ਲੈਂਦੇ ਸਨ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਦੇ ਰੀਤੀ-ਰਿਵਾਜ਼ਾਂ ਅਨੁਸਾਰ ਇਹ ਤਿਉਹਾਰ ਮਨਾਉਣ ਦੀ ਖੁੱਲ੍ਹ ਸੀ। ਪਰ ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ ਤਾਂ ਕਿ ਗ਼ੈਰ-ਮੁਸਲਿਮ ਲੋਕ ਇਕ ਜਗ੍ਹਾ 'ਤੇ ਇਕੱਠੇ ਨਾ ਹੋ ਸਕਣ। ਔਰੰਗਜ਼ੇਬੀ ਸੋਚ ਦਾ ਜਿਹੜਾ ਪ੍ਰਭਾਵ ਆਮ ਲੋਕਾਂ ਦੇ ਮਨ ਵਿਚ ਵਸ ਗਿਆ ਸੀ, ਉਸ ਦਾ ਪ੍ਰਤੀਕਰਮ ਇਤਿਹਾਸ ਦੀਆਂ ਲਿਖਤਾਂ ਵਿਚੋਂ ਸਾਹਮਣੇ ਆਉਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਖ਼ਬਰ ਸ਼ੇਅਰ ਕਰੋ

ਕੁਝ ਬੁਰੇ ਕਿਰਦਾਰ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਉਧਾਰ ਕੀਤਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਇਸ ਦੌਰਾਨ ਕਈ ਵਾਰ ਉਨ੍ਹਾਂ ਦਾ ਕੁਝ ਅਜਿਹੇ ਵਿਅਕਤੀਆਂ ਨਾਲ ਸਾਹਮਣਾ ਹੋਇਆ ਜੋ ਘੋਰ ਪਾਪ ਦੇ ਰਸਤੇ 'ਤੇ ਚੱਲ ਰਹੇ ਸਨ। ਗੁਰੂ ਜੀ ਨੇ ਤਰਕ ਨਾਲ ਸਿੱਖਿਆ ਦੇ ਕੇ ਉਨ੍ਹਾਂ ਦਾ ਅਗਿਆਨ ਦੂਰ ਕੀਤਾ ਤੇ ਧਰਮ ਦੇ ਰਸਤੇ 'ਤੇ ਚਲਾਇਆ।
ਵਲੀ ਕੰਧਾਰੀ-ਵਲੀ ਕੰਧਾਰੀ ਇਕ ਸੂਫ਼ੀ ਸੰਤ ਸੀ ਜਿਸ ਦਾ ਜਨਮ 1476 ਈਸਵੀ ਵਿਚ ਕੰਧਾਰ (ਅਫ਼ਗਾਨਿਸਤਾਨ) ਵਿਖੇ ਹੋਇਆ, 1498 ਈਸਵੀ ਵਿਚ ਉਹ ਹਿਜਰਤ ਕਰ ਕੇ ਹਸਨ ਅਬਦਾਲ ਆ ਗਿਆ ਤੇ ਇਕ ਉੱਚੀ ਪਹਾੜੀ (750 ਮੀਟਰ) 'ਤੇ ਨਿਰਮਲ ਚਸ਼ਮੇ ਦੇ ਨਜ਼ਦੀਕ ਆਪਣਾ ਡੇਰਾ ਬਣਾ ਲਿਆ। ਇਸੇ ਚਸ਼ਮੇ ਦਾ ਪਾਣੀ ਥੱਲੇ ਲੋਕਾਂ ਦੀ ਵਰਤੋਂ ਲਈ ਪਹੁੰਚਦਾ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਵਿਚ ਇਸਲਾਮ ਦਾ ਪ੍ਰਚਾਰ ਸ਼ੂਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਵਿਚ ਪ੍ਰਸਿੱਧ ਹੋ ਗਿਆ। ਲੋਕ ਉਸ ਨੂੰ ਪੀਰ ਵਲੀ ਕੰਧਾਰੀ ਕਹਿਣ ਲੱਗ ਪਏ ਜਿਸ ਕਾਰਨ ਉਹ ਕੁਝ ਹੰਕਾਰੀ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ 1521 ਈਸਵੀ ਦੀਆਂ ਗਰਮੀਆਂ ਨੂੰ ਹਸਨ ਅਬਦਾਲ ਪਧਾਰੇ। ਉਨ੍ਹਾਂ ਨੇ ਵਲੀ ਕੰਧਾਰੀ ਵਾਲੀ ਪਹਾੜੀ ਦੇ ਪੈਰਾਂ ਵਿਚ ਆਪਣਾ ਆਸਣ ਜਮਾ ਲਿਆ। ਜਦ ਵਲੀ ਕੰਧਾਰੀ ਨੇ ਵੇਖਿਆ ਕਿ ਲੋਕ ਉਸ ਨੂੰ ਛੱਡ ਕੇ ਗੁਰੂ ਜੀ ਦੇ ਪ੍ਰਵਚਨ ਸੁਣਨ ਲਈ ਇਕੱਠੇ ਹੋ ਰਹੇ ਹਨ ਤਾਂ ਉਸ ਨੇ ਡੇਰੇ ਵਾਲੇ ਚਸ਼ਮੇ ਦਾ ਪਾਣੀ ਬੰਨ੍ਹ ਮਾਰ ਕੇ ਥੱਲੇ ਆਉਣ ਤੋਂ ਰੋਕ ਦਿੱਤਾ।
ਲੋਕ ਪਾਣੀ ਖੁਣੋਂ ਤੜਫਣ ਲੱਗੇ। ਉਨ੍ਹਾਂ ਨੇ ਵਲੀ ਕੰਧਾਰੀ ਨੂੰ ਪਾਣੀ ਛੱਡਣ ਦੀ ਬੇਨਤੀ ਕੀਤੀ ਤਾਂ ਉਸ ਨੇ ਕਿਹਾ ਕਿ ਆਪਣੇ ਗੁਰੂ ਕੋਲ ਜਾਓ, ਉਹ ਹੀ ਤੁਹਾਨੂੰ ਪਾਣੀ ਦੇਵੇਗਾ। ਇਸ 'ਤੇ ਗੁਰੂ ਸਾਹਿਬ ਨੇ ਕਈ ਵਾਰ ਮਰਦਾਨੇ ਨੂੰ ਵਲੀ ਕੰਧਾਰੀ ਵੱਲ ਬੇਨਤੀ ਕਰਨ ਲਈ ਭੇਜਿਆ, ਪਰ ਉਸ ਨੇ ਹਰ ਵਾਰ ਇਨਕਾਰ ਕਰ ਦਿੱਤਾ ਤੇ ਕੌੜੇ ਸ਼ਬਦ ਬੋਲੇ। ਇਸ 'ਤੇ ਗੁਰੂ ਸਾਹਿਬ ਨੇ ਇਕ ਪੱਥਰ ਚੁੱਕਿਆ ਤਾਂ ਸਵੱਛ ਜਲ ਦੀ ਧਾਰਾ ਵਗ ਉੱਠੀ ਤੇ ਵਲੀ ਕੰਧਾਰੀ ਵਾਲਾ ਚਸ਼ਮਾ ਸੁੱਕ ਗਿਆ। ਗੁੱਸੇ ਵਿਚ ਸੜੇ ਬਲੇ ਵਲੀ ਕੰਧਾਰੀ ਨੇ ਇਕ ਵੱਡਾ ਸਾਰਾ ਪੱਥਰ ਥੱਲੇ ਨੂੰ ਰੇੜ੍ਹ ਦਿੱਤਾ, ਜਿਸ ਨੂੰ ਗੁਰੂ ਸਾਹਿਬ ਨੇ ਸੱਜੇ ਹੱਥ ਦੇ ਪੰਜੇ ਨਾਲ ਰੋਕ ਲਿਆ। ਉਸ ਜਗ੍ਹਾ ਤੇ ਹੁਣ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ। ਕੁਝ ਸਾਲ ਬਾਅਦ ਵਲੀ ਕੰਧਾਰੀ ਵਾਪਸ ਕੰਧਾਰ ਚਲਾ ਗਿਆ ਤੇ 1529 ਈਸਵੀ ਵਿਚ ਉਸ ਦੀ ਮੌਤ ਹੋ ਗਈ। ਕੰਧਾਰ ਦੇ ਸਾਬਕਾ ਗਵਰਨਰ ਗੁਲ ਆਗਾ ਸ਼ੇਰਜ਼ਾਈ ਨੇ ਲੱਖਾਂ ਰੁਪਏ ਖਰਚ ਕੇ ਉਸ ਦਾ ਸ਼ਾਨਦਾਰ ਮਜ਼ਾਰ ਕੰਧਾਰ ਦੇ ਨਜ਼ਦੀਕ ਪਿੰਡ ਬਾਬਾ ਵਲੀ ਵਿਖੇ ਬਣਾਇਆ ਹੈ। ਹਸਨ ਅਬਦਾਲ ਵਿਖੇ ਵੀ ਪਹਾੜੀ ਉੱਪਰ ਵਲੀ ਕੰਧਾਰੀ ਦੀ ਯਾਦਗਾਰ ਬਣੀ ਹੋਈ ਹੈ।
ਸੱਜਣ ਠੱਗ-ਸੱਜਣ ਠੱਗ ਜਾਂ ਸ਼ੇਖ਼ ਸੱਜਣ ਤੁਲੰਬਾ ਪਿੰਡ ਵਿਚ ਇਕ ਸਰਾਂ ਦਾ ਮਾਲਕ ਸੀ। ਤੁਲੰਬਾ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਵਿਚ ਪੈਂਦਾ ਸੀ ਪਰ ਹੁਣ 1985 ਤੋਂ ਨਵੇਂ ਬਣੇ ਜ਼ਿਲ੍ਹੇ ਖਾਨੇਵਾਲ ਵਿਚ ਆ ਗਿਆ ਹੈ ਤੇ ਲਾਹੌਰ ਤੋਂ ਤਕਰੀਬਨ 280 ਕਿ.ਮੀ. ਦੂਰ ਹੈ। ਸੱਜਣ ਨੇ ਹਿੰਦੂਆਂ ਅਤੇ ਮੁਸਲਮਾਨਾਂ 'ਤੇ ਪ੍ਰਭਾਵ ਪਾਉਣ ਲਈ ਸਰਾਂ ਵਿਚ ਇਕ ਛੋਟੀ ਜਿਹੀ ਮਸੀਤ ਅਤੇ ਮੰਦਰ ਬਣਾਇਆ ਹੋਇਆ ਸੀ। ਸਰਾਂ ਦੇ ਨੌਕਰ-ਚਾਕਰ ਅਸਲ ਵਿਚ ਕਾਤਲ ਅਤੇ ਲੁਟੇਰੇ ਸਨ ਜੋ ਸ਼ਰੀਫ਼ਾਂ ਵਰਗੇ ਕੱਪੜੇ ਪਹਿਨਦੇ ਤੇ ਮੁਸਾਫਰਾਂ ਦੀ ਟਹਿਲ ਸੇਵਾ ਕਰਦੇ। ਪਰ ਰਾਤ ਦੇ ਹਨੇਰੇ ਵਿਚ ਸੁੱਤੇ ਪਏ ਰਾਹੀਆਂ ਦਾ ਕਤਲ ਕਰ ਕੇ ਮਾਲ ਲੁੱਟ ਲੈਂਦੇ ਤੇ ਲਾਸ਼ਾਂ ਨੂੰ ਰਾਤੋ ਰਾਤ ਗਾਇਬ ਕਰ ਦਿੰਦੇ। ਮੁਸਾਫਰਾਂ ਦੇ ਲੁੱਟੇ ਹੋਏ ਮਾਲ ਨਾਲ ਸੱਜਣ ਅਮੀਰ ਬਣ ਗਿਆ ਤੇ ਲੋਕ ਉਸ ਨੂੰ ਧਰਮਾਤਮਾ ਸਮਝ ਕੇ ਸ਼ੇਖ਼ ਸੱਜਣ ਪੁਕਾਰਨ ਲੱਗੇ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੰਡੋਰੀ ਸਿੱਧਵਾਂ। ਮੋਬਾਈਲ : 9501100062

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਚੁੰਡ ਭਰਵਾਣੇ ਦੇ ਸ਼ਹੀਦ

ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਬਹਾਦਰ ਸਿੱਖ ਕੌਮ ਨੇ ਅਣਗਿਣਤ ਸ਼ਹੀਦ, ਸਿਦਕੀ, ਸੂਰਬੀਰ, ਪਰਉਪਕਾਰੀ, ਅਣਖੀ ਯੋਧੇ ਪੈਦਾ ਕੀਤੇ ਹਨ। ਆਜ਼ਾਦੀ ਸੰਘਰਸ਼ ਵਿਚ ਵੀ ਗ਼ਦਰ ਪਾਰਟੀ, ਕੂਕਾ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰਾਂ ਨੇ ਆਪਣਾ ਖ਼ੂਨ ਡੋਲ੍ਹਿਆ। ਮਹਿੰਗੇ ਭਾਅ ਮਿਲੀ ਆਜ਼ਾਦੀ ਪਿਛੋਂ ਵੀ ਸਭ ਤੋਂ ਜ਼ਿਆਦਾ ਜ਼ੁਲਮੀ ਝੱਖੜ ਇਸ ਕੌਮ ਉਤੇ ਹੀ ਝੁੱਲਿਆ। ਸੰਨ 1947 ਦੇ ਘੱਲੂਘਾਰੇ ਸਮੇਂ ਜ਼ਿਲ੍ਹਾ ਝੰਗ ਦੇ ਇਕ ਕਸਬੇ ਚੁੰਡ ਭਰਵਾਣਾ ਵਿਖੇ ਵੀ ਆਪਣੀ ਆਨ-ਸ਼ਾਨ ਲਈ ਜੂਝਦੇ ਹੋਏ 150 ਸਿੰਘ-ਸਿੰਘਣੀਆਂ ਸ਼ਹੀਦ ਹੋਏ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਦਿੱਲੀ, ਯਮਨਾ ਪਾਰ ਵਿਖੇ ਅਸਥਾਨ ਗੁਰਦੁਆਰਾ ਸ਼ਹੀਦਾਂ ਬਣਾਇਆ ਗਿਆ ਹੈ, ਜਿਥੇ ਹਰ ਸਾਲ 27 ਤੋਂ 29 ਅਗਸਤ ਤੱਕ ਤਿੰਨ ਦਿਨ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਚੁੰਡ ਭਰਵਾਣਾ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਿਲ੍ਹੇ ਵਰਗੀ ਵਿਸ਼ਾਲ ਅਤੇ ਮਜ਼ਬੂਤ ਬਣੀ ਹੋਈ ਸੀ। ਪਾਕਿਸਤਾਨ ਤੋਂ ਭਾਰਤ ਵੱਲ ਆ ਰਹੀਆਂ ਗੱਡੀਆਂ ਵਿਚ ਪੰਜਾਬੀਆਂ ਦੀ ਵੱਢ-ਟੁੱਕ ਕੀਤੀ ਜਾ ਰਹੀ ਸੀ, ਸਿੱਖਾਂ ਦੀਆਂ ਦੁਕਾਨਾਂ ਅਤੇ ਘਰ ਲੁੱਟੇ ਅਤੇ ਫੂਕੇ ਜਾ ਰਹੇ ਸਨ। ਉਸ ਸਮੇਂ ਇਲਾਕੇ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਮਤਾ ਕੀਤਾ ਕਿ ਸਾਰੇ ਹਿੰਦੂ ਸਿੱਖ ਪਰਿਵਾਰ ਗੁਰੂ ਘਰ ਵਿਚ ਆ ਜਾਣ। ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਅਤੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਕੁਝ ਦੇਰ ਬਾਅਦ ਦਸ ਹਜ਼ਾਰ ਭੀੜ ਨੇ ਗੁਰਦੁਆਰੇ ਨੂੰ ਘੇਰ ਲਿਆ। ਫਿਰਕੂ ਟੋਲਿਆਂ ਨੂੰ ਪੁਲਿਸ ਅਤੇ ਬਲੋਚੀ ਮਿਲਟਰੀ ਦੀ ਸ਼ਹਿ ਪ੍ਰਾਪਤ ਸੀ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਜੇ ਤੁਸੀਂ ਸਾਰੇ ਇਸਲਾਮ ਕਬੂਲ ਕਰ ਲਵੋ ਤਾਂ ਬਚ ਸਕਦੇ ਹੋ ਨਹੀਂ ਤਾਂ ਤੁਹਾਡੇ ਤੂੰਬੇ ਉਡਾ ਦਿੱਤੇ ਜਾਣਗੇ। ਸਾਰੀ ਸੰਗਤ ਨੇ ਕਿਹਾ ਕਿ ਅਸੀਂ ਸ਼ਹੀਦੀਆਂ ਪਾਉਣ ਨੂੰ ਤਿਆਰ ਹਾਂ। ਭਾਵੇਂ ਅੰਦਰ ਗਿਣਤੀ ਦੇ ਸੂਰਮੇ ਸਨ ਪਰ ਉਨ੍ਹਾਂ ਨੇ ਮੋਰਚੇ ਬਣਾ ਕੇ ਅਜਿਹਾ ਮੁਕਾਬਲਾ ਕੀਤਾ ਕਿ ਜ਼ਾਲਮਾਂ ਦੇ ਹੋਸ਼ ਟਿਕਾਣੇ ਆ ਗਏ। ਸਿੰਘਣੀਆਂ ਵੀ ਪਿਛੇ ਨਹੀਂ ਰਹੀਆਂ। ਬੀਬੀ ਅਤਰ ਕੌਰ ਅਤੇ ਬੀਬੀ ਕਰਤਾਰ ਕੌਰ ਨੇ ਬੀਬੀਆਂ ਦੇ ਜਥੇ ਬਣਾ ਕੇ ਛੱਤ ਤੋਂ ਇੱਟਾਂ-ਪੱਥਰਾਂ ਦੀ ਬਰਸਾਤ ਕਰ ਦਿੱਤੀ। ਚਾਰ ਦਿਨ ਤੱਕ ਮੁਕਾਬਲਾ ਹੁੰਦਾ ਰਿਹਾ। ਹਾਰ ਕੇ ਜਰਵਾਣੇ ਪਿਛੇ ਹਟ ਗਏ ਅਤੇ ਅਗਲੇ ਦਿਨ ਬਲੋਚ ਫ਼ੌਜੀ ਪਲਟਣ ਨੂੰ ਨਾਲ ਲੈ ਆਏ। ਹਥਿਆਰਾਂ ਨਾਲ ਲੈਸ ਫ਼ੌਜ ਦਾ ਮੁਕਾਬਲਾ ਗਿਣਤੀ ਦੇ ਸਿੰਘ ਹਿੰਮਤ ਨਾਲ ਕਰਦੇ ਰਹੇ। ਜਦੋਂ ਸਿੰਘਾਂ ਕੋਲ ਅਸਲਾ ਮੁੱਕ ਗਿਆ ਤਾਂ ਉਹ ਕਿਰਪਾਨਾਂ ਧੂਹ ਕੇ ਵਾਰੋ-ਵਾਰੀ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਇਉਂ ਜੌਹਰ ਵਿਖਾਉਣ ਲੱਗੇ ਜਿਵੇਂ ਚਮਕੌਰ ਦੀ ਗੜ੍ਹੀ ਵਿਚ ਕਲਾ ਵਰਤੀ ਸੀ। ਭਾਈ ਰਾਮ ਸਿੰਘ, ਭਾਈ ਟਹਿਲ ਸਿੰਘ, ਬੀਬੀ ਕਰਤਾਰ ਕੌਰ ਤੇ ਅਤਰ ਕੌਰ ਜੂਝ ਕੇ ਸ਼ਹੀਦ ਹੋ ਗਏ। ਸਹਿਜਧਾਰੀ ਅਤੇ ਗੁਰਸਿੱਖ ਪਰਿਵਾਰਾਂ ਨੇ ਅੰਦਰ ਜਾ ਕੇ ਅਰਦਾਸ ਕੀਤੀ, ਮਹਾਰਾਜ ਜੀ ਦਾ ਵਾਕ ਲਿਆ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਅਹਾਤੇ ਵਿਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਤੇ ਰੁਮਾਲੇ ਅਗਨ ਭੇਟ ਕਰ ਕੇ ਆਪਣਾ-ਆਪ ਵੀ ਕੁਰਬਾਨ ਕਰ ਦਿੱਤਾ। ਕਈ ਬਿਰਧ ਮਾਤਾਵਾਂ ਅਤੇ ਬੀਬੀਆਂ ਨੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਅੱਗ ਵਿਚ ਛਾਲਾਂ ਮਾਰ ਦਿੱਤੀਆਂ। ਕੁਝ ਬੱਚੇ ਬੱਚੀਆਂ ਨੇ ਗੁਰਦੁਆਰਾ ਸਾਹਿਬ ਦੇ ਖੂਹ ਵਿਚ ਛਾਲਾਂ ਮਾਰ ਕੇ ਪ੍ਰਾਣ ਤਿਆਗ ਦਿੱਤੇ। ਇਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਤਿੰਨ ਦਿਨ ਕੀਰਤਨ ਦਰਬਾਰ, ਕਵੀ ਦਰਬਾਰ ਅਤੇ ਕਥਾ ਦੇ ਪ੍ਰਵਾਹ ਅੱਜ ਵੀ ਚਲਦੇ ਹਨ। ਇਨ੍ਹਾਂ ਪ੍ਰਵਾਨਿਆਂ ਨੇ ਸੱਚ ਕਰ ਵਿਖਾਇਆ:
ਮੌਤ ਸੁੰਦਰ ਸੁਹਾਗਣ ਹੈ ਖ਼ਾਲਸੇ ਦੀ,
ਜਿਊਂਦੀ ਅੰਗ ਬਣ ਕੇ, ਮਰਦੀ ਸੰਗ ਬਣ ਕੇ,
ਅਸੀਂ ਜੰਮੇ ਤਾਂ ਸ਼ਮ੍ਹਾਂ ਤੇ ਰੂਪ ਚੜ੍ਹਿਐ,
ਸੜੀਏ ਕਿਵੇਂ ਨਾ ਅਸੀਂ ਪਤੰਗ ਬਣ ਕੇ।

ਬਟਾਲੇ ਤੋਂ ਲਾਹੌਰ ਤੱਕ ਫ਼ਤਹਿ ਦੀ ਲਲਕਾਰ...

ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਬਣਾਉਣ ਵਾਲੀ ਦਲੇਰ ਸਿੱਖ ਔਰਤ ਸਦਾ ਕੌਰ

ਰਾਣੀ ਸਦਾ ਕੌਰ ਦਾ ਨਾਮ ਸਿੱਖ ਇਤਿਹਾਸ ਵਿਚ ਦਲੇਰ ਔਰਤਾਂ ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ 'ਸਿੱਖ ਇਤਿਹਾਸ ਦੀ ਪਹਿਲੀ ਪ੍ਰਸ਼ਾਸਕ' ਹੋਣ ਦਾ ਮਾਣ ਵੀ ਹਾਸਲ ਹੈ। ਸਦਾ ਕੌਰ ਉਹ ਬਹਾਦਰ ਔਰਤ ਸੀ ਜਿਸ ਨੇ ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਬਣਾਉਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਰਾਣੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਸੀ ਅਤੇ ਰਿਸ਼ਤੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਮਹਾਰਾਣੀ ਮਹਿਤਾਬ ਕੌਰ ਦੀ ਮਾਂ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਨਾਨੀ ਲੱਗਦੇ ਸਨ। ਰਾਣੀ ਸਦਾ ਕੌਰ ਅਤੇ ਉਸ ਦੀ ਕਨ੍ਹਈਆ ਮਿਸਲ ਦਾ ਬਟਾਲਾ ਸ਼ਹਿਰ ਉੱਪਰ ਲੰਮਾ ਸਮਾਂ ਰਾਜ ਰਿਹਾ ਹੈ। ਬਟਾਲਾ ਸ਼ਹਿਰ ਵਿਚ ਅੱਜ ਵੀ ਕਨ੍ਹਈਆ ਮਿਸਲ ਦੇ ਰਾਜ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਸਦਾ ਕੌਰ ਦੇ ਰੂਪ ਵਿਚ ਬਟਾਲਾ ਤੋਂ ਉੱਠੀ ਜਿੱਤ ਦੀ ਲਲਕਾਰ ਜਦੋਂ ਲਾਹੌਰ ਤੱਕ ਪਹੁੰਚੀ ਤਾਂ ਇਸ ਨੇ ਸਾਰੇ ਖਿੱਤੇ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ।
ਦੁਨੀਆ ਦੇ ਸਭ ਤੋਂ ਤਾਕਤਵਰ ਸਾਮਰਾਜਾਂ ਵਿਚੋਂ ਇਕ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਸਥਾਪਤ ਕਰਨ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਦਲੇਰ ਔਰਤ ਸਦਾ ਕੌਰ ਤੋਂ ਭਾਂਵੇ ਬਹੁਤੇ ਲੋਕ ਅਣਜਾਣ ਹੋਣ ਪਰ ਜਦੋਂ ਵੀ ਅਸੀ ਇਤਿਹਾਸ ਦੇ ਪੱਤਰੇ ਫਰੋਲਦੇ ਹਾਂ ਤਾਂ ਰਾਣੀ ਸਦਾ ਕੌਰ ਦੇ ਬਹਾਦਰੀ ਭਰੇ ਕਾਰਨਾਮੇ ਉਸ ਨੂੰ ਬਹੁਤ ਉੱਚਾ ਸਥਾਨ ਦਿੰਦੇ ਹਨ। ਰਾਣੀ ਸਦਾ ਕੌਰ ਦੇ ਸਮੇਂ ਬਟਾਲਾ ਸ਼ਹਿਰ ਜਿਥੇ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਿਆ ਰਿਹਾ ਅਤੇ ਅਮਨ-ਸ਼ਾਂਤੀ ਕਾਇਮ ਹੋਣ ਕਾਰਨ ਇਸ ਸ਼ਹਿਰ ਨੇ ਤਰੱਕੀ ਤੇ ਖੁਸ਼ਹਾਲੀ ਵੀ ਹਾਸਲ ਕੀਤੀ।
ਰਾਣੀ ਸਦਾ ਕੌਰ ਦਾ ਜਨਮ 1762 ਨੂੰ ਫ਼ਿਰੋਜ਼ਪੁਰ ਵਿਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜ਼ਿਲ੍ਹਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਨਾਲ ਹੋਇਆ। ਗੁਰਬਖਸ਼ ਸਿੰਘ ਦੀ ਵਿਆਹ ਵੇਲੇ ਉਮਰ 9 ਸਾਲ ਸੀ ਅਤੇ ਸਦਾ ਕੌਰ ਵੀ ਉਦੋਂ ਨਿਆਣੀ ਹੀ ਸੀ। ਕਨ੍ਹਈਆ ਮਿਸਲ ਉਸ ਸਮੇਂ ਤਾਕਤਵਰ ਮਿਸਲਾਂ 'ਚੋਂ ਇਕ ਸੀ ਅਤੇ ਕਨ੍ਹਈਆ ਮਿਸਲ ਦੀ ਰਾਮਗੜ੍ਹੀਆ ਮਿਸਲ ਅਤੇ ਸ਼ੁਕਰਚੱਕੀਆ ਮਿਸਲ ਨਾਲ ਇਲਾਕਿਆਂ ਉਪਰ ਕਬਜ਼ੇ ਨੂੰ ਲੈ ਕੇ ਦੁਸ਼ਮਣੀ ਸੀ। ਕਨ੍ਹਈਆ ਮਿਸਲ ਮਾਝੇ ਦੇ ਸਭ ਤੋਂ ਅਹਿਮ ਸ਼ਹਿਰ ਬਟਾਲਾ ਉੱਪਰ ਕਾਬਜ਼ ਸੀ। ਸੰਨ 1784 ਨੂੰ ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਅਤੇ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾਂ ਸਿੰਘ ਨੇ ਕਨ੍ਹਈਆ ਮਿਸਲ ਉੱਪਰ ਹਮਲਾ ਕਰ ਦਿੱਤਾ। ਕਨ੍ਹਈਆ ਮਿਸਲ ਦਾ ਮੁਖੀ ਉਸ ਸਮੇਂ ਜੈ ਸਿੰਘ ਸੀ ਅਤੇ ਜੈ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਗੁਰਬਖਸ਼ ਸਿੰਘ ਜੋ ਕਿ ਸਦਾ ਕੌਰ ਦਾ ਪਤੀ ਸੀ, ਨੂੰ ਰਾਮਗੜ੍ਹੀਆ ਅਤੇ ਸ਼ੁਕਰਚੱਕੀਆ ਮਿਸਲ ਨਾਲ ਟਾਕਰਾ ਕਰਨ ਲਈ ਮੈਦਾਨ ਵਿਚ ਭੇਜਿਆ। ਉਸ ਸਮੇਂ ਗੁਰਬਖਸ਼ ਸਿੰਘ ਦੀ ਉਮਰ 25 ਕੁ ਸਾਲ ਦੀ ਸੀ ਅਤੇ ਅੱਚਲ ਸਾਹਿਬ ਨੇੜੇ ਜਾਹਦਪੁਰ ਸੇਖਵਾਂ ਪਿੰਡ ਨਜ਼ਦੀਕ ਹੋਈ ਲੜ੍ਹਾਈ ਵਿਚ ਕਨ੍ਹਈਆ ਮਿਸਲ ਦਾ ਸਰਦਾਰ ਗੁਰਬਖਸ਼ ਸਿੰਘ ਮਾਰਿਆ ਜਾਂਦਾ ਹੈ। ਜਦੋਂ ਜੈ ਸਿੰਘ ਅਤੇ ਸਦਾ ਕੌਰ ਨੂੰ ਬਟਾਲਾ ਵਿਖੇ ਇਹ ਦੁਖਦ ਖਬਰ ਮਿਲਦੀ ਹੈ ਤਾਂ ਕਹਿੰਦੇ ਹਨ ਕਿ ਸਦਾ ਕੌਰ ਤਲਵਾਰ ਲੈ ਕੇ ਘੋੜੇ ਉਪਰ ਸਵਾਰ ਹੋ ਕੇ ਖੁਦ ਜੰਗ ਦੇ ਮੈਦਾਨ ਵਿਚ ਚਲੀ ਜਾਂਦੀ ਹੈ। ਸਦਾ ਕੌਰ ਜੰਗ ਦੇ ਮੈਦਾਨ ਵਿਚ ਬੜੀ ਬਹਾਦਰੀ ਨਾਲ ਲੜਦੀ ਹੈ ਅਤੇ ਆਪਣੀ ਪਤੀ ਗੁਰਬਖਸ਼ ਸਿੰਘ ਦੀ ਲਾਸ਼ ਨੂੰ ਬਟਾਲੇ ਲੈ ਆਉਂਦੀ ਹੈ। ਬਟਾਲਾ ਸ਼ਹਿਰ ਦੇ ਉੱਤਰ ਵਾਲੇ ਪਾਸੇ ਸ਼ੇਰਾਂ ਵਾਲੇ ਦਰਵਾਜ਼ੇ ਤੋਂ ਬਾਹਰ ਹੰਸਲੀ ਨਾਲਾ ਪਾਰ ਕਰਕੇ ਉਸਦੇ ਕੰਢੇ ਹੀ ਗੁਰਬਖਸ਼ ਸਿੰਘ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਉਸ ਦਿਨ ਸਾਰੇ ਬਟਾਲਾ ਸ਼ਹਿਰ ਵਿਚ ਆਪਣੇ ਸਰਦਾਰ ਦੇ ਅਕਾਲ ਚਲਾਣੇ ਦਾ ਸੋਗ ਮਨਾਇਆ ਜਾਂਦਾ ਹੈ। ਸਦਾ ਕੌਰ ਨੇ ਹੰਸਲੀ ਨਾਲੇ ਦੇ ਕੰਢੇ (ਜਿਥੇ ਅੱਜ ਕੱਲ੍ਹ ਭੂਤ ਨਾਥ ਦਾ ਮੰਦਰ ਹੈ) ਗੁਰਬਖਸ਼ ਸਿੰਘ ਦੀ ਸਮਾਧ ਬਣਾ ਦਿੱਤੀ। ਨਾਨਕਸ਼ਾਹੀ ਇੱਟ ਨਾਲ ਬਣੀ ਇਹ ਸਮਾਧ ਅੱਜ ਵੀ ਹੰਸਲੀ ਨਾਲੇ ਦੇ ਕੰਢੇ ਮੌਜੂਦ ਹੈ ਪਰ ਕਿਸੇ ਨੂੰ ਪਤਾ ਨਾ ਹੋਣ ਕਾਰਨ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ।
ਸਰਦਾਰਨੀ ਸਦਾ ਕੌਰ ਜਵਾਨ ਉਮਰੇ ਵਿਧਵਾ ਹੋ ਗਈ। ਉਸ ਸਮੇਂ ਉਸਦੀ ਇਕ ਧੀ ਸੀ ਮਹਿਤਾਬ ਕੌਰ। ਕਨ੍ਹਈਆ ਮਿਸਲ ਨੇ ਸ਼ੁਕਰਚੱਕੀਆ ਮਿਸਲ ਨਾਲ ਝਗੜਾ ਖਤਮ ਕਰਨ ਦੀ ਸੋਚੀ। ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਅਤੇ ਉਸਦੀ ਨੂੰਹ ਸਦਾ ਕੌਰ ਨੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਸੰਨ 1785 ਵਿਚ ਰਣਜੀਤ ਸਿੰਘ ਦੀ ਉਮਰ ਕੇਵਲ ਪੰਜ ਸਾਲ ਸੀ ਅਤੇ ਉਹ ਬਟਾਲਾ ਵਿਖੇ ਮਹਿਤਾਬ ਕੌਰ ਨੂੰ ਵਿਆਹੁਣ ਆਏ ਸਨ। ਰਣਜੀਤ ਸਿੰਘ ਦਾ ਮਹਿਤਾਬ ਕੌਰ ਨਾਲ ਵਿਆਹ ਹੋਣ ਨਾਲ ਦੋਵਾਂ ਮਿਸਲਾਂ ਦੀ ਦੁਸ਼ਮਣੀ ਰਿਸ਼ਤੇਦਾਰੀ ਵਿਚ ਬਦਲ ਜਾਂਦੀ ਹੈ। (ਚਲਦਾ)


-ਪਿੰਡ ਹਰਪੁਰਾ, ਤਹਿਸੀਲ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : 98155-77574

ਸ਼ਾਨਾਂ ਕਾਇਮ ਹਨ ਚੌਧਰੀ ਰਾਇ ਬੁਲਾਰ ਭੱਟੀ ਦੀ ਹਵੇਲੀ ਦੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਪਿੱਛੇ ਵਲ ਇਕ ਥੇਹ ਹੈ ਜਿਸ 'ਤੇ ਰਾਇ ਬੁਲਾਰ ਦੀ ਕਬਰ ਬਣੀ ਹੋਈ ਹੈ। ਇਸ ਨੂੰ ਧੌਲਰ ਥੇਹ ਕਿਹਾ ਜਾਂਦਾ ਹੈ। ਇੱਥੇ ਰਾਇ ਬੁਲਾਰ ਦੇ ਵਾਰਸਾਂ ਰਾਏ ਬੁਲਾਰ ਭੱਟੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਇਕ ਖ਼ੂਬਸੂਰਤ ਪਾਰਕ ਵੀ ਬਣਵਾਇਆ ਹੋਇਆ ਹੈ। ਜਦ ਕਿ ਉਨ੍ਹਾਂ ਦੀ ਕਿਲ੍ਹੇਨੁਮਾ ਹਵੇਲੀ ਸ੍ਰੀ ਨਨਕਾਣਾ ਸਾਹਿਬ ਤੋਂ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਪਿੰਡ ਹੁਸੈਨ ਖ਼ਾਨ 'ਚ ਅੱਜ ਵੀ ਆਪਣੀਆਂ ਸ਼ਾਨਾਂ ਕਾਇਮ ਰੱਖੇ ਹੋਏ ਹੈ। ਇਸ ਹਵੇਲੀ 'ਚ ਦਰਜਨਾਂ ਕਮਰੇ ਅਤੇ ਵੱਡੇ ਹਾਲ ਬਣੇ ਹੋਏ ਹਨ। ਇਸ ਹਵੇਲੀ 'ਚ ਕੁਝ ਪੁਰਾਣੇ ਖੂਹ ਵੀ ਹਨ ਅਤੇ ਇਸ ਦੇ ਸਾਹਮਣੇ ਇਸੇ ਪਰਿਵਾਰ ਦੀ ਇਕ ਹੋਰ ਹਵੇਲੀ ਵੀ ਮੌਜੂਦ ਹੈ। ਜਿਸ ਦਾ ਕਾਫੀ ਹਿੱਸਾ ਢਹਿ ਚੁੱਕਿਆ ਹੈ।
ਰਾਇ ਬੁਲਾਰ ਭੱਟੀ ਦੀ 18ਵੀਂ ਪੀੜ੍ਹੀ 'ਚੋਂ ਰਾਇ ਹਿਦਾਇਤ ਖ਼ਾਂ ਭੱਟੀ ਦੇ ਪੁੱਤਰ ਵਕੀਲ ਰਾਇ ਮੁਹੰਮਦ ਸਲੀਮ ਅਕਰਮ ਭੱਟੀ ਦਾ ਕਹਿਣਾ ਹੈ ਕਿ ਰਾਇ ਬੁਲਾਰ, ਰਾਇ ਭੋਇ ਦੀ ਤਲਵੰਡੀ ਦੀ ਸਾਰੀ ਧਰਤੀ ਦੇ ਮਾਲਕ ਸਨ ਅਤੇ ਉਨ੍ਹਾਂ ਨੇ 1500 ਮੁਰੱਬੇ ਜ਼ਮੀਨ 'ਚੋਂ ਸਾਢੇ ਸੱਤ ਸੋ ਮੁਰੱਬਾ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂਅ ਲਗਾ ਦਿੱਤੀ। ਇਸ ਦੀ ਪੁਸ਼ਟੀ ਫ਼ਰਵਰੀ 1979 ਦਾ ਗੁਰਦੁਆਰਾ ਗਜ਼ਟ ਵੀ ਕਰਦਾ ਹੈ। ਖ਼ੁਰਸ਼ੀਦ ਖ਼ਾਲਸਾ ਦੇ ਪੰਨਾ 36 ਅਤੇ ਵਿਸਾਖ ਨਹੀਂ ਕੱਤਕ ਦੇ ਪੰਨਾ 86 ਦੇ ਅਨੁਸਾਰ ਰਾਇ ਬੁਲਾਰ ਨੇ ਆਪਣੇ ਜਿਉਂਦਿਆਂ ਹੀ ਮਾਲ ਦੇ ਕਾਗ਼ਜ਼ਾਂ 'ਚ ਰਾਇ ਭੋਇ ਦੀ ਤਲਵੰਡੀ ਦਾ ਨਾਂਅ ਗੁਰੂ ਪਿਆਰ ਅੰਦਰ ਸ੍ਰੀ ਨਨਕਾਣਾ ਸਾਹਿਬ ਰੱਖਿਆ ਸੀ। ਗੁਰਧਾਮ ਦੀਦਾਰ, ਪੰਨਾ 126 ਦੇ ਅਨੁਸਾਰ ਸ੍ਰੀ ਨਨਕਾਣਾ ਸਾਹਿਬ ਸਾਰਾ ਹੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਮਲਕੀਅਤ ਹੈ।
ਰਾਇ ਬੁਲਾਰ ਭੱਟੀ ਦੇ ਵਾਰਸਾਂ ਦਾ ਸਿੱਖਾਂ ਦੇ ਪ੍ਰਤੀ ਜੋ ਪਿਆਰ ਅਤੇ ਸਤਿਕਾਰ ਹੈ, ਉਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਗੁਰੂ ਨਾਨਕ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਭਾਰਤੀ ਤੇ ਹੋਰਨਾਂ ਮੁਲਕਾਂ ਦੇ ਸਿੱਖ ਯਾਤਰੂਆਂ ਨੂੰ ਬੜੇ ਅਦਬ ਅਤੇ ਸਤਿਕਾਰ ਨਾਲ ਆਪਣੇ ਘਰ ਲਿਜਾ ਕੇ ਮਾਣ-ਸਤਿਕਾਰ ਕਰਦੇ ਹਨ। ਮੁਹੰਮਦ ਅਕਰਮ ਭੱਟੀ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਜਦੋਂ ਵੀ ਕੋਈ ਬਾਬਾ ਨਾਨਕ ਦੇਵ ਜੀ ਦਾ ਸਿੱਖ ਸਾਡੇ ਘਰ ਚਰਨ ਪਾਉਂਦਾ ਹੈ ਤਾਂ ਸਾਨੂੰ ਇੰਜ ਲਗਦਾ ਹੈ ਕਿ ਜਿਵੇਂ ਬਾਬਾ ਜੀ ਖੁਦ ਸਾਡੇ ਗ਼ਰੀਬ-ਖ਼ਾਨੇ ਵਿਦਮਾਨ ਹੋਏ ਹਨ।


-ਫ਼ੋਨ : 9356127771

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਵਰ੍ਹਾ

ਗ਼ਦਰੀਆਂ ਦਾ ਅਹਿਮ ਰੋਲ ਸੀ ਸ਼੍ਰੋਮਣੀ ਅਕਾਲੀ ਦਲ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਅਰਸੇ ਦੌਰਾਨ ਗੁਰਮੁਖ ਸਿੰਘ ਅਤੇ ਉੱਤਮ ਸਿੰਘ ਦਿੱਲੀ ਜਾ ਕੇ ਅਫ਼ਗਾਨ ਸਰਕਾਰ ਦੇ ਕੌਂਸਲ-ਜਨਰਲ ਨੂੰ ਮਿਲੇ ਅਤੇ ਉਸ ਨਾਲ ਸਾਰੀ ਗੱਲਬਾਤ ਸਾਂਝੀ ਕਰ ਕੇ ਅਫ਼ਗਾਨ ਸਰਕਾਰ ਦੀ ਸਹਾਇਤਾ ਦਾ ਭਰੋਸਾ ਲੈ ਕੇ ਪਰਤੇ। ਸਰਹੱਦੀ ਖੇਤਰ ਵਿਚ ਮੌਲਾਨਿਆਂ ਦੇ ਸਹਿਯੋਗ ਨਾਲ ਗੜਬੜ ਕਰਵਾਉਣ ਦੀ ਯੋਜਨਾ ਲੈ ਕੇ ਊਧਮ ਸਿੰਘ ਅਤੇ ਰਣਜੀਤ ਸਿੰਘ 'ਤਾਜਵਰ' ਰਵਾਨਾ ਹੋਏ ਪਰ 'ਆਜ਼ਾਦ ਇਲਾਕੇ' ਵਿਚ ਦਾਖਲ ਹੋਣ ਸਮੇਂ 'ਤਾਜਵਰ' ਦੀ ਗ੍ਰਿਫ਼ਤਾਰੀ ਹੋ ਜਾਣ ਕਾਰਨ ਗੱਲ ਅੱਗੇ ਨਾ ਵਧ ਸਕੀ।
ਪੜ੍ਹੇ-ਲਿਖੇ ਨੌਜਵਾਨਾਂ ਨੂੰ ਸੈਨਿਕ ਸਿਖਲਾਈ ਲਈ ਵਿਦੇਸ਼ਾਂ ਵਿਚਲੇ ਮਿਲਟਰੀ ਸਕੂਲਾਂ ਵਿਚ ਭੇਜੇ ਜਾਣ ਦੀ ਕਾਰਵਾਈ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਨੂੰ ਸੌਂਪੀ ਗਈ। ਉਨ੍ਹਾਂ ਨੇ ਇਸ ਮਨੋਰਥ ਲਈ ਤਿੰਨ ਨੌਜਵਾਨਾਂ ਤੇਜਾ ਸਿੰਘ 'ਸੁਤੰਤਰ', ਸੋਹਣ ਸਿੰਘ ਅਤੇ ਮਾਨ ਸਿੰਘ ਦੀ ਚੋਣ ਕੀਤੀ। ਇਨ੍ਹਾਂ ਵਿਚੋਂ ਪਿਛਲੇ ਦੋਵਾਂ ਬਾਰੇ ਤਾਂ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਤੇਜਾ ਸਿੰਘ 'ਸੁਤੰਤਰ' ਦੇ ਵਿਦੇਸ਼ ਪ੍ਰਵਾਸ ਬਾਰੇ ਸੂਚਨਾ ਉਪਲਬਧ ਹੈ। ਉਹ ਦੇਸ਼ ਵਿਚੋਂ ਬਾਹਰ ਭੇਜੇ ਜਾਣ ਵਾਲੇ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਵਿਚੋਂ ਸਭ ਤੋਂ ਪਹਿਲਾਂ ਜਾਣ ਵਾਲਾ ਸੀ, ਜੋ 1923 ਦੇ ਮੱਧ ਵਿਚ ਹੀ ਸਿੱਖ ਮਿਸ਼ਨਰੀ ਸੁਸਾਇਟੀ ਦੇ ਇਕ ਪ੍ਰਚਾਰਕ ਵਜੋਂ ਅਫ਼ਗਾਨਿਸਤਾਨ ਪਹੁੰਚ ਗਿਆ। ਕੁਝ ਸਮਾਂ ਇੱਥੇ ਗੁਜ਼ਾਰਨ ਪਿੱਛੋਂ 'ਸੁਤੰਤਰ' ਅਗਲੇ ਸਾਲ ਕਾਬਲ ਵਿਚਲੇ ਤੁਰਕੀ ਦੇ ਪ੍ਰਤੀਨਿਧ ਦੀ ਸਹਾਇਤਾ ਨਾਲ ਤੁਰਕੀ ਦੇ ਸ਼ਹਿਰ ਕੰਸਤੁਨਤੁਨੀਆ ਵਿਚਲੇ ਇਕ ਮਿਲਟਰੀ ਸਕੂਲ ਵਿਚ ਜਾ ਦਾਖਲ ਹੋਇਆ, ਜਿੱਥੋਂ ਉਸ ਨੇ ਜੁਲਾਈ, 1925 ਵਿਚ ਸਿਖਲਾਈ ਦੇ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕੀਤੀ। ਮਿਲਟਰੀ ਸਕੂਲ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਤੇਜਾ ਸਿੰਘ ਇਕ ਪਾਸੇ ਹਿੰਦੁਸਤਾਨ ਅਤੇ ਅਫ਼ਗਾਨਿਸਤਾਨ ਵਿਚਲੇ ਬਾਗੀਆਂ ਅਤੇ ਦੂਜੇ ਪਾਸੇ ਅਮਰੀਕਾ ਪਹੁੰਚ ਚੁੱਕੇ ਰਤਨ ਸਿੰਘ ਦਰਮਿਆਨ ਸੰਪਰਕ ਸੂਤਰ ਵਜੋਂ ਕੰਮ ਕਰਦਾ ਰਿਹਾ। 'ਸੁਤੰਤਰ' ਨੇ ਇਕ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਕਾਲਜ ਪ੍ਰਬੰਧਕਾਂ ਨੇ ਤੁਰਕੀ ਸ਼ਹਿਰੀ ਨਾ ਹੋਣ ਕਾਰਨ ਉਸ ਦਾ ਨਾਂਅ ਕਾਲਜ ਵਿਚੋਂ ਖਾਰਜ ਕਰ ਦਿੱਤਾ। ਮੁੜ ਦਾਖਲੇ ਲਈ ਤੇਜਾ ਸਿੰਘ ਨੂੰ ਆਪਣੇ ਵਾਲ ਕਟਵਾਉਣੇ ਪਏ ਅਤੇ ਤੁਰਕੀ ਦੀ ਨਾਗਰਿਕਤਾ ਲੈਣੀ ਪਈ। ਉਸ ਨੂੰ ਪਹਿਲੀ ਵਾਰ ਦਾਖਲਾ ਦਿਵਾਉਣ ਵਾਲੇ ਤੁਰਕੀ ਪ੍ਰਤੀਨਿਧ ਵਲੋਂ ਵੀ ਉਸ ਦੇ ਮੁੜ ਦਾਖਲੇ ਲਈ ਜ਼ੋਰਦਾਰ ਸਿਫਾਰਸ਼ ਕੀਤੀ ਗਈ।
ਗ਼ਦਰੀ ਆਗੂਆਂ ਅਤੇ ਅਕਾਲੀ ਦਲ ਦੀਆਂ ਸਾਂਝੀਆਂ ਇਨਕਲਾਬੀ ਕਾਰਵਾਈਆਂ ਬਹੁਤੀ ਦੇਰ ਨਾ ਚੱਲ ਸਕੀਆਂ। ਗ਼ਦਰੀ ਅਤੇ ਅਕਾਲੀ ਦੋਵਾਂ ਧਿਰਾਂ ਵਲੋਂ ਉਲੀਕੀ ਸਾਂਝੀ ਨੀਤੀ ਨੂੰ ਅਮਲੀ ਰੂਪ ਦੇਣ ਲਈ ਸਰਗਰਮ ਰਣਜੀਤ ਸਿੰਘ ਤਾਜਵਰ 4 ਜੁਲਾਈ, 1924 ਨੂੰ ਸਰਹੱਦ ਪਾਰ ਕਰਦਾ ਹੋਇਆ ਸ਼ਬਕਦਰ ਦੇ ਸਥਾਨ ਉੱਤੇ ਪੁਲਿਸ ਦੇ ਕਾਬੂ ਆ ਗਿਆ। ਅੰਮ੍ਰਿਤਸਰ ਲਿਆ ਕੇ ਉਸ ਉੱਤੇ ਮੁਕੱਦਮਾ ਚਲਾਉਣ ਪਿੱਛੋਂ ਸਤੰਬਰ, 1924 ਵਿਚ ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਅਕਾਲੀ ਰਾਜਨੀਤੀ ਨੂੰ ਇਨਕਲਾਬੀ ਰੰਗ ਵਿਚ ਢਾਲਣ ਲਈ ਯਤਨਸ਼ੀਲ ਗੁਰਮੁਖ ਸਿੰਘ ਅਤੇ ਊਧਮ ਸਿੰਘ ਵੀ ਅਫ਼ਗਾਨਿਸਤਾਨ ਵਾਪਸ ਚਲੇ ਗਏ। ਰਣਜੀਤ ਸਿੰਘ 'ਤਾਜਵਰ' 5 ਜੂਨ, 1926 ਨੂੰ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਉਸ ਨੇ ਪਿਛਲੇ ਫ਼ੈਸਲੇ ਅਨੁਸਾਰ 'ਸਾਂਝੀਵਾਲ' ਸ਼ੁਰੂ ਕਰਨ ਦਾ ਯਤਨ ਕੀਤਾ ਪਰ ਸਫਲਤਾ ਨਾ ਮਿਲੀ। ਕਾਰਨ ਇਹ ਸੀ ਕਿ ਇਸ ਵੇਲੇ ਤੱਕ ਪੁੱਜਦਿਆਂ ਅਕਾਲੀ ਸਿਆਸਤ ਵਿਚ ਡੂੰਘੀ ਤਬਦੀਲੀ ਆ ਗਈ ਸੀ ਅਤੇ ਆਗੂਆਂ ਦਾ ਧਿਆਨ ਵਡੇਰੇ ਮਸਲਿਆਂ ਦੀ ਥਾਂ ਜਥੇਬੰਦੀ ਵਿਚ ਮੋਹਰੀ ਸਥਾਨ ਉੱਤੇ ਰਹਿਣ ਵੱਲ ਲੱਗ ਗਿਆ। ਫਲਸਰੂਪ ਭਾਵੇਂ ਰਤਨ ਸਿੰਘ ਨੇ ਇਕ ਵਾਰ ਫਿਰ ਸਤੰਬਰ, 1926 ਵਿਚ ਅੰਮ੍ਰਿਤਸਰ ਆ ਕੇ ਅਕਾਲੀ ਆਗੂਆਂ ਨਾਲ ਤਾਲਮੇਲ ਬਿਠਾਉਣ ਦਾ ਯਤਨ ਕੀਤਾ, ਤਾਂ ਵੀ ਅਕਾਲੀ ਆਗੂਆਂ ਨਾਲ ਰਲ ਕੇ ਲਏ ਗਏ ਪੂਰਬਲੇ ਨਿਰਣਿਆਂ ਦੇ ਅਮਲ ਨੂੰ ਅਗਾਂਹ ਤੋਰਨ ਵਿਚ ਉਸ ਦੇ ਯਤਨ ਕੋਈ ਨਤੀਜਾ ਨਾ ਦੇ ਸਕੇ। ਅਜਿਹੇ ਮਾਹੌਲ ਵਿਚ ਰਣਜੀਤ ਸਿੰਘ ਤਾਜਵਰ ਨੇ ਵੀ ਸਾਰਥਿਕ ਕੰਮ ਨਾ ਹੋ ਸਕਣ ਦੀ ਸੰਭਾਵਨਾ ਨੂੰ ਦੇਖ ਲਿਆ। ਉਧਰ ਅਮਰੀਕਾ ਅਤੇ ਕੈਨੇਡਾ ਦੇ ਗ਼ਦਰੀਆਂ ਦੇ ਸਹਿਯੋਗ ਨਾਲ ਕੱਢੇ ਜਾ ਰਹੇ ਮਾਸਿਕ ਪੱਤਰ ਦੇ ਸੰਪਾਦਕਾਂ ਸੋਹਨ ਸਿੰਘ ਜੋਸ਼ ਅਤੇ ਅਰਜਨ ਸਿੰਘ ਗੜਗੱਜ ਨੂੰ ਸਰਕਾਰ ਵਲੋਂ ਅਦਾਲਤੀ ਕਾਰਵਾਈਆਂ ਵਿਚ ਉਲਝਾ ਲੈਣ ਨੂੰ ਦੇਖਦਿਆਂ ਉਹ 'ਕਿਰਤੀ' ਵਿਚ ਚਲਾ ਗਿਆ। ਇਉਂ ਗ਼ਦਰ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਲੀ ਸਾਂਝ ਦਾ ਵੀ 'ਭੋਗ' ਪੈ ਗਿਆ।
ਗ਼ਦਰ ਪਾਰਟੀ ਅਤੇ ਅਕਾਲੀ ਪਾਰਟੀ ਦੀ ਸੋਚ ਦਾ ਤੋੜ-ਵਿਛੋੜਾ ਤਾਂ ਹੋ ਗਿਆ ਪਰ ਅੰਗਰੇਜ਼ ਸਰਕਾਰ ਨੂੰ ਇਸ ਦਾ ਭੂਤ ਪਿੱਛੋਂ ਵੀ ਡਰਾਉਂਦਾ ਰਿਹਾ। ਜਦ ਕਦੇ ਵੀ ਸਰਕਾਰ ਦੇ ਖੁਫੀਆ ਮਹਿਕਮੇ ਨੂੰ ਕਿਸੇ ਇਨਕਲਾਬੀ ਗਤੀਵਿਧੀ ਦੀ ਟੋਹ ਲੱਗਦੀ, ਇਸ ਪਿੱਛੇ ਅਕਾਲੀ ਹੱਥ ਹੋਣ ਦੀ ਗੱਲ ਆਖੀ ਜਾਂਦੀ। ਇਹ ਹੀ ਕਾਰਨ ਸੀ ਕਿ ਜਦ ਸ: ਭਗਤ ਸਿੰਘ ਦੁਆਰਾ ਸਥਾਪਤ 'ਨੌਜਵਾਨ ਭਾਰਤ ਸਭਾ' ਦੀਆਂ ਸਰਗਰਮੀਆਂ ਸਰਕਾਰ ਦੇ ਧਿਆਨ ਵਿਚ ਆਈਆਂ, ਉਸ ਵੇਲੇ ਵੀ ਪੁਲਿਸ ਦੀ 'ਹੋਮ ਪੁਲਿਟੀਕਲ ਫੋਰਟਨਾਈਟਲੀ ਰਿਪੋਰਟ, ਅਪ੍ਰੈਲ 1928' ਰਿਪੋਰਟ ਵਿਚ ਇਹੋ ਦੱਸਿਆ ਗਿਆ, '...ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਦੇ ਕੁਝ ਅੱਤਵਾਦੀ ਮੈਂਬਰਾਂ, ਅਕਾਲੀ ਕਾਰਕੁਨਾਂ, 'ਕਿਰਤੀ' ਅੰਦੋਲਨਕਾਰੀਆਂ ਅਤੇ ਸਿੱਖ ਕਮਿਊਨਿਸਟ ਕਾਰਕੁਨਾਂ ਅਤੇ ਸਿੱਖ ਵਿਦਿਆਰਥੀਆਂ ਦੀ ਇਨਕਲਾਬੀ ਐਸੋਸੀਏਸ਼ਨ ਵਿਚ ਆਪਸੀ ਸੁਰ ਮਿਲਣ ਲੱਗ ਪਈ ਹੈ। ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਸਾਂਝਾ ਉਦੇਸ਼ ਮੁੜ 1919 ਵਾਲੇ ਹਾਲਾਤ ਪੈਦਾ ਕਰਨੇ ਅਤੇ ਜਨ ਸਮੂਹ ਨੂੰ ਹਿੰਸਾ ਲਈ ਭੜਕਾਉਣਾ ਹੈ।'
ਸੱਚ ਹੈ, ਸੱਪ ਤੋਂ ਡਰਿਆ ਰੱਸੀ ਤੋਂ ਵੀ ਤ੍ਰਹਿਣ ਲੱਗਦਾ ਹੈ।
(ਸਮਾਪਤ)


-3154, ਸੈਕਟਰ 71, ਮੋਹਾਲੀ-160071. ਮੋਬਾ: 094170-49417

ਪ੍ਰਾਚੀਨ ਤੇ ਪ੍ਰਸਿੱਧ ਵੀਰੂਪਕਸ਼ਾ ਮੰਦਰ ਕਰਨਾਟਕ

ਦੱਖਣੀ ਭਾਰਤ ਵਿਚ ਸ਼ਿਵਜੀ ਭਗਵਾਨ ਦੇ ਅਨੇਕਾਂ ਪ੍ਰਸਿੱਧ ਤੇ ਪ੍ਰਾਚੀਨ ਮੰਦਰ ਹਨ। ਜਿਨ੍ਹਾਂ ਨੂੰ ਸ਼ਰਧਾਪੂਰਵਕ ਪੂਜਿਆ ਜਾਂਦਾ ਹੈ। ਸ਼ਿਵਜੀ ਭਗਵਾਨ ਨਾਲ ਹੀ ਸਬੰਧਿਤ ਹੈ ਪ੍ਰਾਚੀਨ ਤੇ ਪ੍ਰਸਿੱਧ ਵੀਰੂਪਕਸ਼ਾ ਮੰਦਰ ਕਰਨਾਟਕ ਪ੍ਰਦੇਸ਼ ਜੋ ਕਰਨਾਟਕ ਦੇ 'ਬੈਲਾਰੀ' ਜ਼ਿਲ੍ਹੇ ਵਿਚ ਹੰਮਪੀ ਨਗਰ ਵਿਚ ਤੁੰਗਭੰਦਰਾ ਨਦੀ ਦੇ ਕਿਨਾਰੇ 'ਤੇ ਸੁਸ਼ੋਭਿਤ ਹੈ। ਇਸ ਮੰਦਰ ਦਾ ਪ੍ਰਵੇਸ਼ ਦੁਆਰ ਰਮਣੀਕ ਪਹਾੜੀ ਚੱਟਾਨਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਚਟਾਨਾਂ ਦਾ ਸੁੰਤਲਿਨ ਹੈਰਾਨ ਕਰ ਦੇਣ ਵਾਲਾ ਹੈ। 15ਵੀਂ ਸਦੀ ਵਿਚ ਬਣੇ ਇਸ ਮੰਦਰ ਦਾ ਸਿਖਰ ਜ਼ਮੀਨ ਤੋਂ 50 ਮੀਟਰ ਉੱਚਾ ਹੈ। ਮੰਦਰ ਦੇ ਪੂਰਬੀ ਭਾਗ ਵਿਚ ਵਿਸ਼ਾਲ ਨੰਦੀ ਬੈਲ ਦੀ ਮੂਰਤੀ ਹੈ ਅਤੇ ਦੱਖਣੀ ਭਾਗ ਵਿਚ ਸ੍ਰੀ ਗਣੇਸ਼ ਭਗਵਾਨ ਦੀ ਪ੍ਰਤਿਮਾ ਹੈ। ਮੰਦਰ ਦੇ ਆਂਗਨ ਵਿਚ ਹੀ ਅਰਧ ਨਗਨ ਸ਼ੇਰ ਅਤੇ ਅਰਧ ਮਨੁੱਖ ਦੀ ਦੇਹ ਧਾਰਨ ਕੀਤੀ 6-7 ਮੀਟਰ ਉੱਚੀ ਨਰ ਸਿੰਘ ਦੀ ਮੂਰਤੀ ਵੀ ਸਥਾਪਤ ਹੈ। ਇਸ ਵੱਡੇ ਆਕਾਰ ਦੇ ਮੰਦਰ ਵਿਚ ਅਨੇਕਾਂ ਛੋਟੇ-ਛੋਟੇ ਮੰਦਰ ਵੀ ਹਨ ਜੋ ਇਸ ਪ੍ਰਸਿੱਧ ਮੰਦਰ ਤੋਂ ਵੀ ਪ੍ਰਾਚੀਨ ਹਨ। ਹੰਮਪੀ ਨਗਰ ਨੂੰ ਪ੍ਰਾਚੀਨ ਸਮਾਰਕਾਂ ਦਾ ਨਗਰ ਵੀ ਕਿਹਾ ਜਾਂਦਾ ਹੈ। ਇਸ ਨਗਰ ਦੇ ਬਾਜ਼ਾਰ ਵਿਚ ਇਸ ਮੰਦਰ ਦੇ ਨਾਲ ਕਈ ਪ੍ਰਸਿੱਧ ਅਤੇ ਪ੍ਰਾਚੀਨ ਸਮਾਰਕ ਵੀ ਦੇਖੇ ਜਾ ਸਕਦੇ ਹਨ। ਇਤਿਹਾਸਕ ਹਵਾਲਿਆਂ ਅਨੁਸਾਰ ਇਸ ਮੰਦਰ ਦਾ ਸਬੰਧ ਵਿਜੈ ਨਗਰ ਰਾਜ ਨਾਲ ਵੀ ਰਿਹਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਵਿਜੈ ਨਗਰ ਰਿਆਸਤ ਦੇ ਰਾਜਾ ਨੇ ਇਸ ਮੰਦਰ ਦਾ ਨਿਰਮਾਣ 7ਵੀਂ ਸਦੀ ਵਿਚ ਕਰਵਾਇਆ ਸੀ। ਵਿਦੇਸ਼ੀ ਹਮਲਾਵਰਾਂ ਦੁਆਰਾ ਇਸ ਨੂੰ ਵਾਰ-ਵਾਰ ਤੋੜਿਆ ਵੀ ਗਿਆ ਸੀ ਅਤੇ ਪੂਰਨ ਰੂਪ ਵਿਚ ਇਹ 15ਵੀਂ ਸਦੀ ਵਿਚ ਹੀ ਹੋਂਦ ਵਿਚ ਆਇਆ ਸੀ। ਯੂਨੈਸਕੋ ਵਲੋਂ ਇਸ ਮੰਦਰ ਨੂੰ ਵਰਲਡ ਹੈਰੀਟੇਜ ਦਾ ਦਰਜਾ ਵੀ ਪ੍ਰਾਪਤ ਹੈ। ਇਸ ਮੰਦਰ ਦੀ ਯਾਤਰਾ ਹਰ ਸਾਲ ਅਕਤੂਬਰ ਤੋਂ ਮਾਰਚ ਮਹੀਨਿਆਂ ਦੌਰਾਨ ਕੀਤੀ ਜਾ ਸਕਦੀ ਹੈ। ਹਵਾਈ ਸਫ਼ਰ ਰਾਹੀਂ 'ਬੈਲਾਰੀ' ਹਵਾਈ ਅੱਡੇ 'ਤੇ ਪਹੁੰਚ ਹੰਮਪੀ ਨਗਰ ਤੱਕ ਦਾ ਸਫ਼ਰ ਬੱਸ ਵਿਚ ਕੀਤਾ ਜਾ ਸਕਦਾ ਹੈ। ਰੇਲ ਗੱਡੀ ਰਾਹੀਂ ਵੀ ਸਫ਼ਰ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਸਫ਼ਰ ਰਾਹੀਂ ਸਾਨੂੰ ਹੋਸਪੇਟ ਰੇਲਵੇ ਸਟੇਸ਼ਨ 'ਤੇ ਉਤਰਨਾ ਪੈਂਦਾ ਹੈ। ਅਗਲਾ ਸਫ਼ਰ ਬੱਸ ਜਾਂ ਟੈਕਸੀ ਦੁਆਰਾ ਕੀਤਾ ਜਾ ਸਕਦਾ ਹੈ। ਹੰਮਪੀ ਨਗਰ ਵਿਚ ਰਹਿਣ ਲਈ ਹੋਟਲ ਦਾ ਪ੍ਰਬੰਧ ਆਰਾਮ ਨਾਲ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਦੱਖਣੀ ਭਾਰਤ ਦੀ ਸੈਰ ਕਰ ਰਹੇ ਹਾਂ ਤਾਂ ਸਾਨੂੰ ਸ਼ਰਧਾਪੂਰਵਕ ਪ੍ਰਸਿੱਧ ਵੀਰਪਕਸ਼ਾ ਮੰਦਰ ਕਰਨਾਟਕ ਦੇ ਦਰਸ਼ਨ ਵੀ ਜ਼ਰੂਰ ਕਰਨੇ ਚਾਹੀਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343.

ਸ਼ਬਦ ਵਿਚਾਰ

ਭਰੀਐ ਹਥੁ ਪੈਰੁ ਤਨੁ ਦੇਹ॥ 'ਜਪੁ' ਪਉੜੀ ਵੀਹਵੀਂ

ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥
ਓਹ ਧੋਪੈ ਨਾਵੈ ਕੇ ਰੰਗਿ॥
ਪੁੰਨੀ ਪਾਪੀ ਆਖਣੁ ਨਾਹਿ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹੁ॥
ਨਾਨਕ ਹੁਕਮੀ ਆਵਹੁ ਜਾਹੁ॥੨੦॥ (ਅੰਗ : 4)
ਪਦ ਅਰਥ : ਭਰੀਐ-ਭਰ ਜਾਏ, ਗੰਦਾ ਹੋ ਜਾਏ, ਲਿੱਬੜ ਜਾਏ। ਤਨੁ ਦੇਹ-ਸਰੀਰ ਤੇ ਦੇਹੀ। ਉਤਰਸੁ-ਉੱਤਰ ਜਾਂਦੀ ਹੈ। ਖੇਹ-ਮਿੱਟੀ, ਮੈਲ, ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ (ਪਿਸ਼ਾਬ) ਨਾਲ ਗੰਦਾ ਹੋ ਜਾਏ। ਦੇ ਸਾਬੂਣੁ-ਸਾਬਣ ਲਾ ਕੇ। ਭਰੀਐ ਮਤਿ-ਮਨ ਜੇਕਰ ਮੈਲਾ ਹੋ ਜਾਏ। ਪਾਪਾ ਕੇ ਸੰਗਿ-ਪਾਪਾਂ ਅਰਥਾਤ ਵਿਕਾਰਾਂ ਨਾਲ। ਉਹੁ ਧੋਪੈ-ਉਹ ਧੋਤਾ ਜਾ ਸਕਦਾ ਹੈ। ਨਾਵੈ ਕੇ ਰੰਗਿ-ਪਰਮਾਤਮਾ ਦੇ ਨਾਂਅ ਨਾਲ ਪ੍ਰੇਮ ਕਰਨ ਨਾਲ। ਰੰਗਿ-ਪ੍ਰੇਮ ਕਰਨ ਨਾਲ, ਪੁੰਨੀ ਪਾਪੀ-ਪੁੰਨ ਅਤੇ ਪਾਪ। ਆਖਣੁ ਨਾਹਿ-ਨਿਰਾ ਆਖਣ ਮਾਤਰ ਹੀ ਨਹੀਂ ਹਨ। ਕਰਿ ਕਰਿ ਕਰਣਾ-ਜਿਹੋ ਜਿਹੇ ਕਰਮ ਕਰਾਂਗੇ। ਲਿਖਿ-ਲਿਖ ਕੇ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਲਿਖ ਕੇ। ਜੈ ਜਾਹੁ-(ਆਪਣੇ ਨਾਲ) ਲੈ ਕੇ ਜਾਂਦੇ ਹਾਂ। ਆਪੇ ਬੀਜਿ-ਜੋ ਕੁਝ ਆਪ ਬੀਜਾਂਗੇ।
ਜੇਕਰ ਪ੍ਰਾਣੀ ਦਾ ਮਨ ਮੈਲਾ ਹੈ ਤਾਂ ਉਸ ਦਾ ਸਮਝੋ ਸਭ ਕੁਝ ਮੈਲਾ ਹੈ ਕਿਉਂਕਿ ਸਰੀਰ ਧੋਣ ਨਾਲ ਮਨੁੱਖ ਦੀ ਬਾਹਰਲੀ ਮੈਲ ਤਾਂ ਧੋਤੀ ਜਾਂਦੀ ਹੈ ਪਰ ਉਸ ਦਾ ਅੰਦਰਲਾ ਕਦੀ ਸਵੱਛ ਨਹੀਂ ਹੁੰਦਾ। ਇਸ ਪ੍ਰਥਾਏ ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ:
ਮਨਿ ਮੈਲੈ ਸਭੁ ਕਿਛੁ ਮੈਲਾ
ਤਨਿ ਧੋਤੈ ਮਨੁ ਹਛਾ ਨ ਹੋਇ॥ (ਅੰਗ : 558)
ਹੱਛਾ-ਸਵੱਛ, ਪਵਿੱਤਰ।
ਇਸ ਗੱਲ ਦੀ ਸੋਝੀ ਵਿਰਲੇ ਨੂੰ ਹੀ ਹੈ, ਨਹੀਂ ਤਾਂ ਜਗਤ (ਤੀਰਥ ਇਸ਼ਨਾਨ ਆਦਿ ਦੇ) ਭਰਮ ਭੁਲੇਖਿਆਂ ਵਿਚ ਹੀ ਪਿਆ ਰਹਿੰਦਾ ਹੈ:
ਇਹੁ ਜਗਤੁ ਭਰਮਿ ਭੁਲਾਇਆ॥
ਵਿਰਲਾ ਬੂਝੈ ਕੋਇ॥ (ਅੰਗ : 558)
ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਅੰਦਰੋਂ ਵਿਕਾਰਾਂ ਦੀ ਮੈਲ ਜਾਂਦੀ ਰਹਿੰਦੀ ਹੈ ਅਤੇ ਜਗਿਆਸੂ ਦੇ ਹਿਰਦਾ ਰੂਪੀ ਘਰ ਅੰਦਰ ਪ੍ਰਭੂ ਦਾ ਅੰਮ੍ਰਿਤ ਰੂਪੀ ਨਾਮ ਆ ਵਸਦਾ ਹੈ। ਗੁਰਵਾਕ ਹੈ:
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ : 263)
ਰਿਦ ਮਾਹਿ-ਹਿਰਦੇ ਘਰ ਵਿਚ।
ਆਪ ਜੀ ਦੇ ਹੋਰ ਬਚਨ ਹਨ:
ਗੁਨ ਗਾਵਤ ਤੇਰੀ ਉਤਰਸਿ ਮੈਲੁ॥
ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਅੰਗ : 289)
ਬਿਨਸਿ ਜਾਇ-ਨਾਸ ਹੋ ਜਾਵੇਗੀ। ਬਿਖੁ-ਜ਼ਹਿਰ।
ਭਾਵ ਹੇ ਪ੍ਰਾਣੀ ਪਰਮਾਤਮਾ ਦੇ ਗੁਣ ਗਾਉਣ ਨਾਲ ਤੇਰੇ ਅੰਦਰੋਂ ਵੈਕਾਰਾਂ ਦੀ ਮੈਲ ਉੱਤਰ ਜਾਵੇਗੀ ਅਤੇ ਅੰਦਰ ਫੈਲੀ ਹੋਈ ਹੰਕਾਰ ਰੂਪੀ ਜ਼ਹਿਰ ਦਾ ਵੀ ਨਾਸ ਹੋ ਜਾਵੇਗਾ।
ਹੁਣ ਨਾਮ ਸਦਕਾ ਜਗਿਆਸੂ ਜਦੋਂ ਅੰਮ੍ਰਿਤ ਸਰੋਵਰ ਰੂਪੀ ਤੀਰਥ ਵਿਚ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਅੰਦਰੋਂ ਵਿਕਾਰਾਂ ਦੀ ਸਾਰੀ ਮੈਲ ਧੋਤੀ ਜਾਂਦੀ ਹੈ ਅਤੇ ਮਨ ਪਵਿੱਤਰ ਹੋ ਜਾਂਦਾ ਹੈ। ਵਡਹੰਸ ਕੀ ਵਾਰ ਮਹੱਲਾ ੪ ਦੀ ਚੌਥੀ ਪਉੜੀ ਨਾਲ ਗੁਰੂ ਅਮਰਦਾਸ ਜੀ ਦਾ ਸਲੋਕ ਅੰਕਤ ਹੈ:
ਮੈਲੁ ਗਈ ਮਨੁ ਨਿਰਮਲੁ ਹੋਆ
ਅੰਮ੍ਰਿਤ ਸਰਿ ਤੀਰਥਿ ਨਾਇ॥ (ਅੰਗ : 587)
ਨਿਰਮਲੁ-ਪਵਿੱਤਰ। ਅੰਮ੍ਰਿਤ ਸਰਿ-ਅੰਮ੍ਰਿਤ ਦਾ ਸਰੋਵਰ।
ਪ੍ਰੰਤੂ ਜਦੋਂ ਮਾਇਆ ਦੇ ਮੋਹ ਵਿਚ ਮਨੁੱਖੀ ਮਨ ਭਟਕਣਾ ਵਿਚ ਪੈ ਜਾਂਦਾ ਹੈ ਤਾਂ ਇਸ ਨੂੰ ਪਾਪ ਤੇ ਪੁੰਨ ਦੀ ਸੋਝੀ ਨਹੀਂ ਰਹਿੰਦੀ ਭਾਵ ਮਨੁੱਖ ਨੂੰ ਚੰਗੇ ਮੰਦੇ ਦੀ ਤਮੀਜ਼ ਨਹੀਂ ਰਹਿੰਦੀ ਅਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ ਆਪਣੇ ਜੀਵਨ ਪੰਧ ਤੋਂ ਕੁਰਾਹੇ ਪੈ ਜਾਂਦਾ ਹੈ, ਜਿਸ ਕਾਰਨ ਉਹ ਮੁੜ-ਮੁੜ ਜੰਮਦਾ ਤੇ ਮਰਦਾ ਰਹਿੰਦਾ ਹੈ ਭਾਵ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਗੁਰਵਾਕ ਹੈ:
ਪਾਪ ਪੁੰਨ ਕੀ ਸਾਰ ਨ ਜਾਣੀ॥
ਦੂਜੈ ਲਾਗੀ ਭਰਮਿ ਭੁਲਾਣੀ॥
ਅਗਿਆਨੀ ਅੰਧਾ ਮਗੁ ਨ ਜਣੈ,
ਫਿਰਿ ਫਿਰਿ ਆਵਣ ਜਾਵਣਿਆ॥
(ਰਾਗੁ ਮਾਝ ਮਹਲਾ ੩, ਅੰਗ : 110)
ਸਾਰ-ਸੋਝੀ। ਦੁਜੈ ਲਾਗੀ-ਇਕ ਪ੍ਰਭੂ ਨੂੰ ਛੱਡ ਕੇ ਮਾਇਆ ਨਾਲ ਮੋਹ ਪਾਉਣਾ। ਭਰਮਿ-ਭਟਕਣਾ। ਭੁਲਾਣੀ-ਕੁਰਾਹੇ। ਮਗੁ-ਰਾਹ, ਜੀਵਨ ਮਾਰਗ। ਫਿਰਿ ਫਿਰਿ-ਮੁੜ ਮੁੜ। ਆਵਣ ਜਾਵਣਿਆ-ਜੰਮਦਾ ਤੇ ਮਰਦਾ ਰਹਿੰਦਾ ਹੈ। ਅਗਿਆਨੀ-ਮੂਰਖ ਮਨੁੱਖ।
ਜਗਤ ਗੁਰੂ ਬਾਬਾ ਅਜੇਹੇ ਮਨੁੱਖ ਤੋਂ ਬਲਿਹਾਰ ਜਾਂਦੇ ਹਨ ਜੋ ਵਿਕਾਰਾਂ ਵੱਲ ਜਾਂਦੀ ਸੁਰਤ ਨੂੰ ਪ੍ਰਭੂ ਨਾਮ ਦੀ ਡੋਰੀ ਨਾਲ ਬੰਨ੍ਹੀ ਰੱਖਦਾ ਹੈ। ਪ੍ਰੰਤੂ ਜੋ ਇਸ ਮਾਰਗ ਤੋਂ ਕੁਰਾਹੇ ਪੈ ਕੇ ਪਾਪ ਅਤੇ ਪੁੰਨ ਵਾਲੇ ਭੇਦਾਂ ਨੂੰ ਨਹੀਂ ਸਮਝਦਾ ਉਹ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪੈ ਕੇ ਪਾਪ ਅਤੇ ਪੁੰਨ ਵਾਲੇ ਭੇਦਾਂ ਨੂੰ ਨਹੀਂ ਸਮਝਦਾ ਜਿਸ ਸਦਕਾ ਉਹ ਜੀਵਨ ਦੇ ਮਾਰਗ ਤੋਂ ਖੁੰਝਿਆ ਰਹਿੰਦਾ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
ਦਿਸਟਿ ਬਿਕਾਰੀ ਬੰਧਨਿ ਬਾਂਧੈ
ਹਉ ਤਿਸ ਕੈ ਬਲਿ ਜਾਈ॥
ਪਾਪ ਪੁੰਨ ਕੀ ਸਾਰ ਨ ਜਾਣੈ
ਭੂਲਾ ਫਿਰੈ ਅਜਾਈ॥
(ਰਾਗੁ ਪ੍ਰਭਾਤੀ ਮਹਲਾ ੧, ਅੰਗ : 1329)
ਦਿਸਟ-ਦ੍ਰਿਸ਼ਟੀ, ਸੁਰਤ। ਬਿਕਾਰੀ-ਵਿਕਾਰਾਂ ਵੱਲ। ਬੰਧਨਿ-ਡੋਰੀ ਨਾਲ, ਰੱਸੀ ਨਾਲ। ਬਾਂਧੈ-ਬੰਨ੍ਹੀ ਰੱਖਦਾ ਹੈ। ਬਲਿ ਜਾਈ-ਬਲਿਹਾਰ ਜਾਂਦਾ ਹਾਂ। ਸਾਰ-ਸੋਝੀ, ਤਮੀਜ਼। ਅਜਾਈ-ਵਿਅਰਥ ਹੀ।
ਅਸਲ ਵਿਚ ਮਨੁੱਖੀ ਸਰੀਰ, ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ। ਇਸ ਸਰੀਰ ਰੂਪੀ ਖੇਤ ਵਿਚ ਮਨੁੱਖ ਜੋ ਕੁਝ ਬੀਜਦਾ ਹੈ, ਉਹੀ ਕੁਝ ਵੱਢਦਾ ਹੈ ਭਾਵ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਸੇ ਪ੍ਰਕਾਰ ਉਸ ਨੂੰ ਫਲ ਪ੍ਰਾਪਤ ਹੁੰਦੇ ਹਨ। ਬਾਰਹ ਮਾਹਾ ਮਾਝ ਵਿਚ ਹਜ਼ੂਰ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ:
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
(ਅੰਗ : 134)
ਲੁਣੈ-ਵੱਢਦਾ ਹੈ। ਸੰਦੜਾ-ਦਾ/ ਖੇਤ=ਮਨੁੱਖੀ ਸਰੀਰ।
ਅਥਵਾ
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ : 468)
ਤੇਵੇਹੋ-ਜਿਹੋ ਜਿਹੇ। ਜੇਵੇਹੀ-ਜਿਹੋ ਜਿਹੀ।
ਭਾਵ ਪ੍ਰਾਣੀ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਇਸ ਪ੍ਰਤਾਏ ਬਾਬਾ ਫਰੀਦ ਜੀ ਦਾ ਬੜਾ ਸੁੰਦਰ ਕਥਨ ਹੈ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਜੱਟ ਬੀਜਦਾ ਤਾਂ ਕਿੱਕਰਾਂ ਹੈ ਅਤੇ ਆਸ ਲਈ ਬੈਠਾ ਹੈ ਅੰਗੂਰਾਂ ਦੀ। ਇੰਜ ਹੀ ਉਮਰ ਭਰ ਤਾਂ ਉੱਨ ਕੱਤਦਾ ਰਿਹਾ ਪਰ ਆਸ ਲਾਈ ਬੈਠਾ ਹੈ ਰੇਸ਼ਮ ਪਹਿਨਣ ਦੀ ਭਾਵ ਜੋ ਕੁਝ ਬੀਜੋਗੇ ਉਹੀ ਹੀ ਕੱਟਣਾ ਪੈਂਦਾ ਹੈ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥
(ਸਲੋਕ ਨੰ: 23, ਅੰਗ : 1379)
ਦਾਖ-ਸੌਗੀ, ਕਿਸ਼ਮਿਸ਼। ਬਿਜਉਰੀਆ-ਪਾਕਿਸਤਾਨ ਵਿਚ ਸੂਬਾ ਸਰਹੱਦ ਵਿਚ ਸਵਾਂਤ ਨਦੀ ਦੇ ਨਾਲ ਲਗਦਾ ਬਿਜਨੌਰ ਦਾ ਇਲਾਕਾ ਜਿਥੇ ਅੰਗੂਰ ਬਹੁਤ ਹੁੰਦੇ ਹਨ।
ਪਉੜੀ ਦੇ ਅਖਰੀ ਅਰਥ : ਜੇਕਰ ਹੱਥ ਪੈਰ ਅਤੇ ਸਰੀਰ ਮਿੱਟੀ ਜਾਂ ਮੈਲ ਨਾਲ ਲਿੱਬੜ ਜਾਏ ਤਾਂ ਪਾਣੀ ਨਾਲ ਧੋਤਿਆਂ ਮਿੱਟੀ ਜਾਂ ਮੈਲ ਲੱਥ ਜਾਂਦੀ ਹੈ।
ਇੰਜ ਜੇਕਰ ਪਿਸ਼ਾਬ ਨਾਲ ਕੱਪੜਾ ਗੰਦਾ ਹੋ ਜਾਏ ਤਾਂ ਸਾਬਣ ਨਾਲ ਉਸ ਨੂੰ ਧੋ ਲਈਦਾ ਹੈ। ਇਸੇ ਪ੍ਰਕਾਰ ਜੇਕਰ ਮਨੁੱਖ ਦੀ ਮਤ ਅਥਵਾ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ ਤਾਂ ਪਰਮਾਤਮਾ ਦੇ ਨਾਮ ਵਿਚ ਪ੍ਰੇਮ ਪਾਉਣ ਨਾਲ ਉਸ ਨੂੰ ਧੋਤਾ ਜਾ ਸਕਦਾ ਹੈ।
ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪੁੰਨ ਜਾਂ ਪਾਪ ਅੱਖਰ ਕੇਵਲ ਕਥਨ ਮਾਤਰ ਹੀ ਨਹੀਂ ਹਨ। ਜੀਵ ਇਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹੇ ਸੰਸਕਾਰ ਹੀ ਆਪਣੇ ਮੱਥੇ 'ਤੇ ਲਿਖਵਾ ਕੇ ਇਥੋਂ ਜਾਵੇਗਾ। ਜੋ ਕੁਝ ਅਸੀਂ ਬੀਜਾਂਗੇ, ਉਸ ਦਾ ਫਲ ਹੀ ਆਪ ਖਾਵਾਂਗੇ।
ਇੰਜ ਹੇ ਜੀਵ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ।


-217 ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਾਂਤ ਅਤੇ ਇਕਾਗਰ ਮਨ ਦੀ ਸ਼ਕਤੀ ਕਰਾਉਂਦੀ ਹੈ ਸਤਕਰਮ

ਅਸੀਂ ਲੋਕ ਜਿੰਨੇ ਵਧ ਸ਼ਾਂਤ ਹੁੰਦੇ ਹਾਂ ਓਨਾ ਹੀ ਸਾਡਾ ਕਲਿਆਣ ਹੁੰਦਾ ਹੈ ਅਤੇ ਅਸੀਂ ਕਿਸੇ ਵੀ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਾਂ। ਭਾਵਨਾਵਾਂ ਅਧੀਨ ਹੋ ਕੇ ਅਸੀਂ ਆਪਣੀਆਂ ਸ਼ਕਤੀਆਂ ਨਸ਼ਟ ਕਰਦੇ ਹਾਂ। ਆਪਣੇ ਮਨ ਨੂੰ ਚੰਚਲ ਕਰਦੇ ਹਾਂ, ਕਾਰਜ ਘੱਟ ਕਰਦੇ ਹਾਂ। ਸਵਾਮੀ ਵਿਵੇਕਾਨੰਦ ਜੀ 'ਸਿੱਖਿਆ ਦਾ ਆਦਰਸ਼' ਪੁਸਤਕ ਵਿਚ ਲਿਖਦੇ ਹਨ ਕਿ ਜਦ ਮਨ ਬਹੁਤ ਹੀ ਸ਼ਾਂਤ ਅਤੇ ਇਕਾਗਰ ਹੁੰਦਾ ਹੈ ਤਾਂ ਹੀ ਅਸੀਂ ਆਪਣੀ ਸ਼ਕਤੀ ਸਤਕਰਮ ਵਿਚ ਖਰਚਦੇ ਹਾਂ। ਜੇ ਤੁਸੀਂ ਦੁਨੀਆ ਦੇ ਮਹਾਨ ਕਰਮਯੋਗੀਆਂ ਦੀਆਂ ਜੀਵਨੀਆਂ ਪੜ੍ਹੋ ਤਾਂ ਤੁਹਾਨੂੰ ਇਹ ਪਤਾ ਚੱਲੇਗਾ ਕਿ ਉਹ ਬੁਹਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ। ਕੋਈ ਵੀ ਵਸਤੂ ਜਾਂ ਘਟਨਾ ਉਨ੍ਹਾਂ ਦੀ ਮਾਨਸਿਕ ਅਵਸਥਾ ਜਾਂ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੀ ਸੀ। ਜਿਹੜਾ ਵਿਅਕਤੀ ਛੇਤੀ ਹੀ ਗੁੱਸਾ, ਨਫ਼ਰਤ ਜਾਂ ਜੋਸ਼ ਅਧੀਨ ਹੋ ਜਾਂਦਾ ਹੈ, ਉਹ ਕੋਈ ਵੀ ਕੰਮ ਨਹੀਂ ਕਰ ਸਕਦਾ, ਸਗੋਂ ਆਪਣਾ ਨੁਕਸਾਨ ਕਰਦਾ ਹੈ। ਕੇਵਲ ਸ਼ਾਂਤ, ਖਿਮਾਸ਼ੀਲ, ਸਥਿਰ ਮਨ ਵਾਲੇ ਵਿਅਕਤੀ ਵੱਧ ਕੰਮ ਕਰਦੇ ਹਨ। ਵੇਦਾਂਤ ਦੇ ਆਦਰਸ਼ ਅਨੁਸਾਰ ਅਸਲ ਕਰਮ ਵੀ ਅਨੰਤ ਸ਼ਾਂਤੀ ਨਾਲ ਜੁੜਿਆ ਹੈ। ਜੇ ਕਿਸੇ ਵੀ ਹਾਲਾਤ ਵਿਚ ਇਹ ਸਥਿਰਤਾ ਨਸ਼ਟ ਨਹੀਂ ਹੁੰਦੀ ਤਾਂ ਮਨ ਦਾ ਇਹ ਭਾਵ ਵੀ ਭੰਗ ਨਹੀਂ ਹੁੰਦਾ। ਇਸ ਸੰਸਾਰ ਵਿਚ ਵਿਚਰਨ ਅਤੇ ਬਹੁਤ ਕੁਝ ਦੇਖਣ-ਸੁਣਨ ਤੋਂ ਬਾਅਦ ਸਾਨੂੰ ਇਹ ਸਮਝ ਪੈਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕਾਰਜ ਲਈ ਅਜਿਹੀ ਸ਼ਾਂਤ ਮਨੋਦਸ਼ਾ ਬਹੁਤ ਉਪਯੋਗੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾਈਲ : +9194175-50741.

ਸਾਲਾਨਾ ਬਰਸੀ 'ਤੇ ਵਿਸ਼ੇਸ਼

ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲੇ

ਸੰਤ ਹਰਦੇਵ ਸਿੰਘ ਦਾ ਜਨਮ 1 ਜਨਵਰੀ, 1941 ਨੂੰ ਪਿਤਾ ਸਰਜਾ ਸਿੰਘ ਤੇ ਮਾਤਾ ਪੂਰਨ ਕੌਰ ਦੇ ਗ੍ਰਹਿ ਪਿੰਡ ਲੂਲੋਂ ਵਿਖੇ ਹੋਇਆ। ਸਰਕਾਰੀ ਹਾਈ ਸਕੂਲ ਗੜਾਂਗਾਂ ਤੋਂ ਦਸਵੀਂ ਪਾਸ ਕੀਤੀ ਅਤੇ ਪਿਤਾ ਨਾਲ ਖੇਤੀਬਾੜੀ ਦੇ ਕਾਰੋਬਾਰ ਵਿਚ ਹੱਥ ਵਟਾਉਣ ਲੱਗੇ। ਇਨ੍ਹਾਂ ਦਾ ਵਿਆਹ ਬੀਬੀ ਅਮਰਜੀਤ ਕੌਰ ਨਾਲ ਹੋਇਆ। ਦਾਦਾ ਜੀ ਸੰਤ ਨਰੈਣ ਸਿੰਘ ਦਾ ਨਿਰਮਲੇ ਪੰਥ ਵਿਚ ਅਹਿਮ ਸਥਾਨ ਸੀ, ਇਸ ਕਰਕੇ ਗੁਰਸਿੱਖੀ ਵਿਰਾਸਤ ਵਿਚ ਹੀ ਪ੍ਰਾਪਤ ਹੋਈ। ਸੰਨ 1984 ਵਿਚ ਆਪ ਦੇ ਪਿਤਾ ਸਰਜਾ ਸਿੰਘ ਪਰਲੋਕ ਸਿਧਾਰ ਗਏ ਅਤੇ ਮਹਾਂਪੁਰਖਾਂ ਦੀ ਸਲਾਹ ਨਾਲ ਨਿਰਮਲ ਪੰਥ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਹੋਣਹਾਰ ਸਪੁੱਤਰ ਹਰਦੇਵ ਸਿੰਘ ਨੂੰ ਸੰਭਾਲ ਗਏ। ਆਪ ਨੇ ਗੁਰਬਾਣੀ ਦਾ ਪ੍ਰਚਾਰ ਇਲਾਕੇ ਤੋਂ ਸ਼ੁਰੂ ਕਰਕੇ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾ ਦਿੱਤਾ। ਆਪ ਦੇ ਤਰਕ ਭਰਪੂਰ ਪ੍ਰਚਾਰ ਨਾਲ ਸੰਗਤ ਗੁਰਸਿੱਖੀ ਨਾਲ ਜੁੜਦੀ ਸੀ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਯੋਗਦਾਨ ਪਾਉਣ ਕਾਰਨ ਸੰਤ ਜੀ ਨੂੰ 1998 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਅਤੇ ਆਪ ਨੇ ਕਾਫੀ ਸਮਾਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਸੰਤ ਜੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਦੇਸ਼-ਵਿਦੇਸ਼ਾਂ ਦਾ ਦੌਰਾ ਵੀ ਕੀਤਾ। ਧਾਰਮਿਕ ਦੀਵਾਨ ਸਜਾ ਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਤੋਂ ਇਲਾਵਾ ਇਨ੍ਹਾਂ ਨੇ ਕਈ ਗੁਰਧਾਮਾਂ ਦੀ ਕਾਰਸੇਵਾ ਵੀ ਕਰਵਾਈ। ਧਾਰਮਿਕ ਸੇਵਾ ਦੇ ਨਾਲ-ਨਾਲ ਸੰਤ ਜੀ ਨੇ ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾਇਆ, ਜਿਸ ਵਿਚ ਲੋੜਵੰਦਾਂ ਦੀ ਸੇਵਾ, ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ, ਅੱਖਾਂ ਦੇ ਅਪਰੇਸ਼ਨ ਕੈਂਪ ਤੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਦੇਣਾ ਆਦਿ ਸ਼ਾਮਿਲ ਹਨ। ਇਨ੍ਹਾਂ ਦੇ 2 ਸਪੁੱਤਰ ਤੇ 3 ਸਪੁੱਤਰੀਆਂ ਹਨ। ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਹੋਏ ਸੰਤ ਜੀ 14 ਫਰਵਰੀ, 2016 ਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਤ ਬਾਬਾ ਹਰਦੇਵ ਸਿੰਘ ਲੂਲੋਂ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਅਤੇ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 14 ਫਰਵਰੀ, 2020 ਦਿਨ ਸ਼ੁੱਕਰਵਾਰ ਨੂੰ ਨਿਰਮਲ ਡੇਰਾ ਲੂਲੋਂ ਤਹਿਸੀਲ ਬਸੀ ਪਠਾਣਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸੰਤ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਸ਼ਾਮਿਲ ਹੋਣਗੀਆਂ।


-ਜਰਨੈਲ ਸਿੰਘ ਧੁੰਦਾ
ਪੱਤਰ ਪ੍ਰੇਰਕ, ਨੰਦਪੁਰ ਕਲੌੜ, ਜ਼ਿਲ੍ਹਾ ਫਤਹਿਗੜ੍ਹ ਸਾਹਿਬ
ਮੋ: 9780007848

ਧਾਰਮਿਕ ਸਾਹਿਤ

ਜਿਥੇ ਬਾਬਾ ਪੈਰ ਧਰੇ
ਲੇਖਕ : ਰਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਪੰਨੇ : 79, ਮੁੱਲ : 150 ਰੁਪਏ
ਸੰਪਰਕ : 99151-03490


ਰਵਿੰਦਰ ਸਿੰਘ ਸੋਢੀ ਇਕ ਬਹੁਪੱਖੀ ਲੇਖਕ ਹੈ, ਜਿਸ ਨੇ ਨਾਟਕ, ਕਵਿਤਾ, ਆਲੋਚਨਾ ਅਤੇ ਸਿੱਖ ਧਰਮ ਨਾਲ ਸਬੰਧਿਤ ਕਈ ਪੁਸਤਕਾਂ ਲਿਖੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਨੂੰ ਆਧਾਰ ਬਣਾ ਕੇ ਉਸ ਨੇ ਨਾਟਕ ਰੂਪ ਵਿਚ ਇਸ ਪੁਸਤਕ ਦੀ ਰਚਨਾ ਕੀਤੀ ਹੈ, ਜਿਸ ਤੋਂ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਦੇ ਨਾਲ-ਨਾਲ ਸਾਂਝੀਵਾਲਤਾ ਤੇ ਮਾਨਵਵਾਦੀ ਸੰਦੇਸ਼ ਵੀ ਮਿਲਦਾ ਹੈ। ਲੇਖਕ ਨੇ ਇਸ ਨਾਟਕ ਨੂੰ ਗਿਆਰਾਂ ਦ੍ਰਿਸ਼ਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਗੁਰੂ ਸਾਹਿਬ ਦੀਆਂ ਸਾਖੀਆਂ ਨੂੰ ਲੜੀਵਾਰ ਪੇਸ਼ ਕੀਤਾ ਗਿਆ ਹੈ। ਪ੍ਰਿਸ਼ਟ ਭੂਮੀ ਵਿਚ ਭਾਈ ਗੁਰਦਾਸ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਉਚਾਰਨ ਨਾਟਕ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਪਹਿਲੇ ਦ੍ਰਿਸ਼ ਵਿਚ ਦੋ ਪੇਂਡੂ ਮੁੰਡਿਆਂ ਦੀ, ਪੰਡਤ ਜੀ ਅਤੇ ਭਾਈ ਜੀ ਨਾਲ ਵਾਰਤਾਲਾਪ ਪਾਠਕਾਂ/ਦਰਸ਼ਕਾਂ ਨੂੰ ਰੌਚਕਤਾ ਪ੍ਰਦਾਨ ਕਰਦੀ ਹੈ। ਸੁਲਤਾਨਪੁਰ ਲੋਧੀ ਵਿਖੇ ਰਾਏ ਬੁਲਾਰ, ਮੌਲਵੀ ਕੁਤਬਦੀਨ, ਗੋਪਾਲ ਦਾਸ ਪਾਂਧਾ ਤੇ ਪੰਡਤ ਬ੍ਰਿਜ ਲਾਲ ਪਾਤਰਾਂ ਦੀ ਵਾਰਤਾਲਾਪ ਦੁਆਰਾ ਗੁਰੂ ਸਾਹਿਬ ਦੇ ਬਚਪਨ ਦਾ ਬਿਰਤਾਂਤ ਦੂਜੇ ਦ੍ਰਿਸ਼ ਵਿਚ ਦੱਸਿਆ ਗਿਆ ਹੈ। ਇਸੇ ਤਰ੍ਹਾਂ ਅਗਲੇ ਦ੍ਰਿਸ਼ਾਂ ਵਿਚ ਮਲਿਕ ਭਾਗੋ, ਸੱਜਣ ਠੱਗ, ਹਰਿਦੁਆਰ ਤੇ ਜਗਨਨਾਥ ਦੇ ਪਾਂਡਿਆਂ ਦੇ ਕਰਮਕਾਂਡਾਂ ਤੇ ਦੁਨੀ ਚੰਦ ਦੀਆਂ ਸਾਖੀਆਂ ਦਾ ਵਰਣਨ ਮਿਲਦਾ ਹੈ। ਬਾਬਰ ਦੀ ਅੰਤਰ ਆਤਮਾ ਦਾ ਚਿੱਤਰਣ ਬੜਾ ਮਨੋਵਿਗਿਆਨਕ ਹੈ। ਜੋਗੀਆਂ, ਕਾਜ਼ੀ ਰੁਕੂਨਦੀਨ, ਪੀਰ ਦਸਤਗੀਰ, ਵਲੀ ਕੰਧਾਰੀ ਦੀਆਂ ਸਾਖੀਆਂ ਤੋਂ ਬਾਅਦ ਅਖ਼ੀਰ ਵਿਚ ਕਰਤਾਰਪੁਰ ਸਾਹਿਬ ਵਿਖੇ ਇਕ ਦਰਵੇਸ਼ ਅਤੇ ਦੋ ਆਦਮੀਆਂ ਦੀ ਵਾਰਤਾਲਾਪ ਜਾਤ-ਪਾਤ, ਊਚ-ਨੀਚ ਅਤੇ ਭੇਦ-ਭਾਵ ਦੂਰ ਕਰਨ ਦੇ ਨਾਲ-ਨਾਲ ਔਰਤ ਦੀ ਮਹਾਨਤਾ ਨੂੰ ਪਛਾਣਨ ਦਾ ਉਪਦੇਸ਼ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣ ਦੀ ਅਤੇ ਉਨ੍ਹਾਂ ਦੇ ਅਸੂਲਾਂ ਨੂੰ ਜੀਵਨ ਵਿਚ ਧਾਰਣ ਕਰਨ ਦੀ ਲੋੜ ਦਰਸਾਉਂਦੀ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241.

ਇਕ ਆਦਰਸ਼ਕ ਮਨੁੱਖੀ ਸਮਾਜ ਦੀ ਆਧਾਰਸ਼ਿਲਾ ਦਾ ਨਾਂਅ ਹੈ ਕਰਤਾਰਪੁਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਰਤਾਰਪੁਰ 'ਚ ਉਪਦੇਸ਼ : ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ, 'ਆਤਮਿਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕ ਕਰਤਾਰਪੁਰ 'ਚ ਆ ਕੇ ਗੁਰੂ ਨਾਨਕ ਸਾਹਿਬ ਦੀ ਸੇਵਾ 'ਚ ਹਾਜ਼ਰ ਹੁੰਦੇ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਨੂਰ ਤੇ ਚਮਕ ਆ ਜਾਂਦੀ।' ਆਤਮ-ਜਗਿਆਸੂ ਇਥੇ ਆ ਕੇ ਗੁਰੂ ਜੀ ਤੋਂ ਉਪਦੇਸ਼ ਹਾਸਲ ਕਰਦੇ ਤੇ ਉਨ੍ਹਾਂ ਮੁਤਾਬਕ ਜੀਵਨ-ਜਾਚ ਧਾਰਨ ਕਰਦੇ। ਬੇਅੰਤ ਹੀ ਲੋਕ ਕਰਤਾਰਪੁਰ ਪੁੱਜ ਕੇ ਗੁਰੂ ਜੀ ਕੋਲ ਟਿਕ ਕੇ ਮਨ ਦੇ ਸ਼ੰਕੇ ਨਿਵਾਰਦੇ ਪਰ ਭਾਈ ਗੁਰਦਾਸ ਜੀ ਨੇ 20 ਸਿੱਖਾਂ ਦਾ ਉਚੇਚਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਕਰਤਾਰਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਹਾਸਲ ਕਰਕੇ ਜੀਵਨ ਪਦਵੀ ਹਾਸਲ ਕੀਤੀ। ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲੀ ਥਾਂ ਭਾਈ ਤਾਰੂ ਜੀ ਨੂੰ ਦਿੱਤੀ। ਗੁਰੂ ਜੀ ਨੇ ਤਾਰੂ ਜੀ ਨੂੰ ਕਿਹਾ, 'ਧਰਮ ਦੀ ਕਿਰਤ ਕਰਕੇ ਵੰਡ ਖਾਵਣਾ, ਦੁੱਖ ਵੰਡਿ ਆਉਣਾ। ਸਵਾਸ ਸਵਾਸ ਵਾਹਿਗੁਰੂ ਜਪਣਾ ਰਿਦਾ ਸ਼ੁੱਧ ਰੱਖਣਾ।' ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ, 'ਭਾਈ ਤਾਰੂ ਜੀ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਹੀ ਵਰਤੇ। ਧਰਮ ਦੀ ਕਿਰਤ ਕਰਦੇ, ਭਜਨ ਕਰਦੇ ਤੇ ਆਏ ਸਿੱਖਾਂ ਦੀ ਸੇਵਾ ਕਰਦੇ ਤੇ ਵਾਪਸ ਜਾਣ ਲੱਗਿਆਂ ਮੰਜ਼ਿਲ 'ਤੇ ਛੱਡ ਕੇ ਆਉਂਦੇ। ਕਿਸੇ ਦਾ ਵੀ ਦੁੱਖ-ਦਰਦ ਸਹਿਣ ਨਾ ਕਰਦੇ।' ਇਕ ਵਾਰ ਭਿਆਨਕ ਅੱਗ ਨਾਲ ਲਾਹੌਰ ਸੜਨ ਲੱਗਾ ਤਾਂ ਭਾਈ ਤਾਰੂ ਜੀ ਆਪਣੇ ਘਰੋਂ ਬਾਲਟੀ ਚੁੱਕ ਕੇ ਖੂਹ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਲਈ ਤੁਰ ਪਏ। ਕਿਸੇ ਨੇ ਕਿਹਾ, ਭਾਈ ਜੀ ਇੰਨੀ ਭਿਆਨਕ ਅੱਗ ਤੁਹਾਡੀ ਇਕ ਬਾਲਟੀ ਨਾਲ ਨਹੀਂ ਬੁਝਣ ਲੱਗੀ। ਪਰਉਪਕਾਰੀ ਭਾਈ ਤਾਰੂ ਜੀ ਕਹਿਣ ਲੱਗੇ, ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਮੇਰੀ ਬਾਲਟੀ ਨਾਲ ਅੱਗ ਬੁਝਦੀ ਹੈ ਜਾਂ ਨਹੀਂ ਪਰ ਗੁਰੂ ਨਾਨਕ ਦਾ ਸਿੱਖ ਅੱਗ ਲੱਗੀ ਵੇਖ ਕੇ ਚੁੱਪ ਕਰਕੇ ਆਰਾਮ ਨਾਲ ਨਹੀਂ ਬੈਠ ਸਕਦਾ। ਪ੍ਰਿੰ. ਸਤਿਬੀਰ ਸਿੰਘ ਅਨੁਸਾਰ, 'ਭਾਈ ਤਾਰੂ ਜੀ ਫਾਇਰ ਬ੍ਰਿਗੇਡ ਦੇ ਬਾਨੀ ਕਹੇ ਜਾ ਸਕਦੇ ਹਨ।'
ਇਸੇ ਤਰ੍ਹਾਂ ਕਰਤਾਰਪੁਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਕੇ 'ਜੀਵਨ ਪਦਵੀ' ਪਾਉਣ ਵਾਲੇ ਬਾਕੀ ਸਿੱਖਾਂ 'ਚ ਭਾਈ ਗੁਰਦਾਸ ਜੀ ਕ੍ਰਮਵਾਰ; ਭਾਈ ਮੂਲਾ ਜੀ, ਭਾਈ ਪ੍ਰਿਥਾ ਜੀ, ਭਾਈ ਖੇਡਾ ਜੀ, ਭਾਈ ਮਰਦਾਨਾ ਜੀ, ਭਾਈ ਪ੍ਰਿਥੀ ਮੱਲ ਜੀ, ਭਾਈ ਰਾਮਾ ਡਿਡੀ ਜੀ, ਭਾਈ ਦੌਲਤ ਖ਼ਾਨ ਜੀ, ਭਾਈ ਮਾਲੋ ਜੀ, ਭਾਈ ਮਾਂਗਾ ਜੀ, ਭਾਈ ਕਾਲੂ ਜੀ, ਭਾਈ ਭਗਤਾ ਜੀ, ਭਾਈ ਵੰਸੀ ਜੀ, ਭਾਈ ਸੀਹਾਂ ਜੀ, ਭਾਈ ਗਜਣ ਉਪਲ ਜੀ, ਭਾਈ ਭਗੀਰਥ ਜੀ, ਭਾਈ ਅਜਿਤਾ ਰੰਧਾਵਾ ਜੀ, ਬਾਬਾ ਬੁੱਢਾ ਜੀ, ਭਾਈ ਫਿਰਣਾ ਜੀ ਅਤੇ ਭਾਈ ਜੋਧ ਜੀ ਦੇ ਨਾਂਅ ਲਿਖਦੇ ਹਨ।
ਭਾਈ ਗੁਰਦਾਸ ਜੀ ਨੇ ਇਨ੍ਹਾਂ 20 ਸਿੱਖਾਂ ਦੀ ਸੂਚੀ ਬਣਾ ਕੇ ਇਹ ਦਰਸਾਇਆ ਹੈ ਕਿ ਕਰਤਾਰਪੁਰ ਵਸਾਉਣ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੋਰਥ ਬਿਨਾਂ ਕਿਸੇ ਜਾਤ, ਪਾਤ, ਰੰਗ, ਨਸਲ, ਦੇਸ਼ ਅਤੇ ਮਜ਼੍ਹਬ ਦੇ ਵਿਤਕਰੇ ਤੋਂ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣ ਦਾ ਜੀਵਨ ਅਮਲ ਦ੍ਰਿੜ੍ਹਾਉਣਾ ਸੀ। ਜੋ ਕੁਝ ਕਰਤਾਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਤੇ ਕੀਤਾ, ਉਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਅਤੇ ਆਦਰਸ਼ ਸੀ। ਇਤਿਹਾਸਕਾਰ ਮੁਹਸਨ ਫ਼ਾਨੀ 'ਦਬਿਸਤਾਨਿ ਮਜ਼ਾਹਬ' ਵਿਚ ਲਿਖਦਾ ਹੈ ਕਿ ਜੋ (ਗੁਰੂ) ਨਾਨਕ ਦੇ ਰਾਹ ਤੁਰ ਪੈਂਦੇ ਸਨ, ਉਨ੍ਹਾਂ ਨੂੰ 'ਕਰਤਾਰੀ' ਕਿਹਾ ਜਾਂਦਾ ਸੀ। ਮੰਨਣ ਵਾਲੇ ਇਕ ਤਾਂ ਕਰਤਾਰ ਵਾਹਿਗੁਰੂ ਦੇ ਉਪਾਸ਼ਕ ਹੁੰਦੇ ਹਨ, ਦੂਜੇ ਕਰਤਾਰਪੁਰ ਦੀ ਮਰਯਾਦਾ ਹੀ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਉਂਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਤਾਰੀ ਸੰਗਤ ਨੂੰ 'ਵਾਹਿਗੁਰੂ ਜੀ ਕਾ ਖ਼ਾਲਸਾ' ਬਣਾਇਆ। ਜਿਸ ਫ਼ਸਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘਰ ਲਿਆ ਰਹੇ ਸਨ, ਉਸ ਦੀ ਬਿਜਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ।
ਮਨੁੱਖੀ ਜੀਵਨ 'ਤੇ ਕਰਤਾਰਪੁਰੀ ਆਦਰਸ਼ਾਂ ਦਾ ਅਸਰ : ਪ੍ਰਿੰ. ਸਤਿਬੀਰ ਸਿੰਘ ਲਿਖਦੇ ਹਨ, 'ਕਰਤਾਰਪੁਰ ਦੀ ਮਰਯਾਦਾ ਸਮਝਣੀ ਕੋਈ ਸੌਖਾ ਕੰਮ ਨਹੀਂ ਸੀ।' ਕਈ ਕਰਤਾਰਪੁਰ ਆਉਂਦੇ, ਗੁਰੂ ਜੀ ਨੂੰ ਖੇਤਾਂ ਵਿਚ ਹੱਲ ਵਾਹੁੰਦਿਆਂ ਵੇਖ ਕੇ ਵਾਪਸ ਚਲੇ ਜਾਂਦੇ। ਕਈ ਗੁਰੂ ਜੀ ਨੂੰ ਗ੍ਰਹਿਸਤੀ ਵੇਖ ਕੇ ਨੱਕ ਚੜ੍ਹਾਉਂਦੇ। ਇਕ ਵਾਰੀ ਸਾਧੂਆਂ ਦੀ ਇਕ ਮੰਡਲੀ ਆਈ ਤੇ ਉਨ੍ਹਾਂ ਨੇ ਗੁਰੂ ਜੀ ਦੇ ਮਿੱਟੀ ਵਿਚ ਲਿਬੜੇ ਹੱਥ ਤੇ ਸੇਵਕਾਂ ਨੂੰ ਲੱਕੜਾਂ ਪਾੜਦੇ, ਲੰਗਰ ਤਿਆਰ ਕਰਦੇ ਵੇਖ ਕੇ ਕਿਹਾ, 'ਗੁਰੂ ਨਾਨਕ ਜੀ, ਤੁਸਾਂ ਤਾਂ ਸਾਨ੍ਹ (ਜਾਨਵਰ) ਪਾਲ ਰੱਖੇ ਹਨ। ' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਕੁਝ ਦਿਨ ਕਰਤਾਰਪੁਰ ਰਹਿਣ ਲਈ ਕਿਹਾ। ਉਹ ਜਦ ਕੁਝ ਦਿਨਾਂ ਬਾਅਦ ਜਾਣ ਲੱਗੇ ਤਾਂ ਉਨ੍ਹਾਂ ਦੇ ਮੁਖੀ ਨੇ ਕਿਹਾ, 'ਬਾਬਾ ਜੀ ਤੁਸੀਂ ਤਾਂ ਇਨਸਾਨ ਪਾਲ ਰੱਖੇ ਹਨ।' ਗੁਰੂ ਜੀ ਨੇ ਕੁਝ ਦਿਨ ਹੋਰ ਰੁਕਣ ਲਈ ਕਿਹਾ। ਜਦ ਕੁਝ ਦਿਨਾਂ ਬਾਅਦ ਫਿਰ ਉਹ ਤਿਆਰੀ ਕਰਕੇ ਜਾਣ ਲੱਗੇ ਤਾਂ ਕਹਿਣ ਲੱਗੇ, 'ਗੁਰੂ ਨਾਨਕ ਜੀ, ਤੁਸਾਂ ਤਾਂ ਦੇਵਤੇ ਪਾਲ ਰੱਖੇ ਹਨ।' ਗੁਰੂ ਜੀ ਨੇ ਕੁਝ ਦਿਨ ਹੋਰ ਟਿਕਣ ਲਈ ਕਿਹਾ। ਜਦ ਉਹ ਅਖ਼ੀਰ ਕਈ ਦਿਨ ਕਰਤਾਰਪੁਰ ਰਹਿਣ ਤੋਂ ਬਾਅਦ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਢਹਿ ਪਏ ਤੇ ਇਕੱਠੇ ਬੋਲ ਉਠੇ, 'ਮਹਾਰਾਜ ਤੁਸਾਂ ਤਾਂ ਪਰਮਾਤਮਾ ਦੇ ਰੂਪ ਪਾਲੇ ਹੋਏ ਹਨ।'
ਭਾਈ ਵੀਰ ਸਿੰਘ ਨੇ ਲਿਖਿਆ ਹੈ, 'ਗੁਰੂ ਨਾਨਕ ਜਗਤ ਵਿਚ ਆਇਆ। ਅਸੀਂ ਪਸ਼ੂ ਸਾਂ, ਸਾਨੂੰ ਆਦਮੀ ਬਣਾਇਆ। ਫਿਰ ਆਦਮੀ ਤੋਂ ਉਸ ਨੇ ਸਾਨੂੰ ਦੇਵਤੇ ਬਣਾ ਦਿੱਤਾ। ਸਾਡਾ ਹੁਣ ਧਰਮ ਇਹ ਹੀ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ।'
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੀ ਮੁਕੱਦਸ ਧਰਤੀ 'ਤੇ 17 ਸਾਲ 5 ਮਹੀਨੇ 9 ਦਿਨ ਤੱਕ ਰਹੇ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਇੱਥੇ ਹੀ ਭਾਈ ਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵ ਬਣਾ ਕੇ ਸਿੱਖਾਂ ਦੇ ਦੂਜੇ ਗੁਰੂ ਦੀ ਗੁਰਗੱਦੀ ਦਿੱਤੀ। ਜਦ 1539 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ-ਜੋਤਿ ਸਮਾਏ ਤਾਂ ਹਿੰਦੂ ਅਤੇ ਮੁਸਲਮਾਨ ਦੋਵਾਂ ਨੇ ਗੁਰੂ ਸਾਹਿਬ ਦੀ ਦੇਹ ਦੀਆਂ ਅੰਤਿਮ ਰਸਮਾਂ ਆਪਣੀ-ਆਪਣੀ ਮਰਯਾਦਾ ਅਨੁਸਾਰ ਪੂਰੀਆਂ ਕਰਨ ਦੇ ਦਾਅਵੇ ਰੱਖੇ। ਅਗਲੀ ਸਵੇਰ ਨੂੰ ਜਦੋਂ ਦੋਹਾਂ ਧਿਰਾਂ ਨੇ ਚਾਦਰ ਚੁੱਕ ਕੇ ਵੇਖਿਆ ਤਾਂ ਗੁਰੂ ਸਾਹਿਬ ਦਾ ਸਰੀਰ ਅਲੋਪ ਸੀ। ਦੋਹਾਂ ਭਾਈਚਾਰਿਆਂ ਨੇ ਅਖ਼ੀਰ ਗੁਰੂ ਸਾਹਿਬ ਦੀ ਚਾਦਰ ਦੇ ਹੀ ਦੋ ਹਿੱਸੇ ਕਰ ਲਏ। ਮੁਸਲਮਾਨਾਂ ਨੇ ਇਸ ਨੂੰ ਦਫ਼ਨਾ ਦਿੱਤਾ ਤੇ ਹਿੰਦੂਆਂ ਨੇ ਸਸਕਾਰ ਕਰ ਦਿੱਤਾ। ਇਸ ਲਈ ਉਥੇ ਕਬਰ ਅਤੇ ਸਮਾਧ ਦੋਵੇਂ ਹੀ ਮੌਜੂਦ ਹਨ। ਇਤਿਹਾਸਕਾਰ ਰਾਬਰਟ ਐਨ. ਕਸਟ ਅਨੁਸਾਰ ਸੰਸਾਰ ਵਿਚ ਹੋਰ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣੀ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ। ਇਸ ਤਰ੍ਹਾਂ ਕਰਤਾਰਪੁਰ ਧਾਰਮਿਕ ਤੇ ਸੱਭਿਆਚਾਰਕ ਸਹਿਹੋਂਦ ਦਾ ਵੀ ਰੌਸ਼ਨ ਮੁਨਾਰਾ ਹੈ। (ਸਮਾਪਤ)


# ਸ਼ਹੀਦ ਬਾਬਾ ਦੀਪ ਸਿੰਘ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਫ਼ੋਨ : 98780-70008
e-mail : ts1984buttar@yahoo.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX