ਤਾਜਾ ਖ਼ਬਰਾਂ


ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  about 1 hour ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  about 1 hour ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  about 1 hour ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  about 2 hours ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  about 2 hours ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  about 2 hours ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  about 3 hours ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  about 3 hours ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  about 3 hours ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਹੋਰ ਖ਼ਬਰਾਂ..

ਲੋਕ ਮੰਚ

ਉਮਰ ਭਰ ਰਹਿਣੀ ਚਾਹੀਦੀ ਹੈ ਮਾਪਿਆਂ ਤੇ ਬੱਚਿਆਂ ਦੀ ਸਾਂਝ

ਇਹ ਇਕ ਸੱਚਾਈ ਹੈ ਕਿ ਇਕ ਬੱਚੇ ਦੀ ਆਪਣੀ ਮਾਂ ਨਾਲ ਸਰੀਰਕ ਤੇ ਭਾਵਨਾਤਮਕ ਸਾਂਝ ਜਨਮ ਲੈਣ ਤੋਂ ਪਹਿਲਾਂ ਹੀ ਗਰਭਕਾਲ ਸਮੇਂ ਹੋ ਜਾਂਦੀ ਹੈ ਤੇ ਜਨਮ ਪਿੱਛੋਂ ਸ਼ੁਰੂਆਤੀ ਮਹੀਨਿਆਂ ਵਿਚ ਬੱਚਾ ਖ਼ੁਰਾਕ ਅਤੇ ਹੋਰ ਲੋੜਾਂ ਲਈ ਕੇਵਲ ਮਾਂ 'ਤੇ ਹੀ ਨਿਰਭਰ ਕਰਦਾ ਹੈ, ਜਿਸ ਕਰਕੇ ਉਨ੍ਹਾਂ ਵਿਚਕਾਰ ਸਾਂਝ ਹੋਰ ਗੂੜ੍ਹੀ ਹੋ ਜਾਂਦੀ ਹੈ। ਮਾਂ ਦੇ ਹੱਥਾਂ ਵਿਚ ਬੱਚਾ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਮਾਂ ਵੀ ਬੱਚੇ ਦੀ ਹਰ ਹਰਕਤ ਤੇ ਸੈਨਤ ਤੋਂ ਉਸ ਦੀ ਹਰ ਗੱਲ ਸਮਝ ਲੈਂਦੀ ਹੈ। ਦੋਵਾਂ ਦਰਮਿਆਨ ਸਾਂਝ ਦੀਆਂ ਗੰਢਾਂ ਇਸ ਕਦਰ ਪੀਡੀਆਂ ਹੋ ਜਾਂਦੀਆਂ ਹਨ ਕਿ ਜੀਵਨ ਦੇ ਅੰਤ ਤੱਕ ਵੀ ਉਸ ਬੱਚੇ ਨੂੰ ਹਰ ਦੁੱਖ ਤੇ ਤਕਲੀਫ਼ ਦੀ ਘੜੀ 'ਚ ਮਾਂ ਹੀ ਚੇਤੇ ਆਉਂਦੀ ਹੈ ਤੇ ਉਸ ਦੇ ਮੂੰਹ 'ਚੋਂ ਆਪ ਮੁਹਾਰੇ ਹੀ 'ਹਾਏ ਮਾਂ' ਜਿਹੇ ਸ਼ਬਦ ਨਿਕਲ ਆਉਂਦੇ ਹਨ। ਚੱਲਣਾ ਸਿੱਖਣ ਉਪਰੰਤ ਬੱਚੇ ਦੀ ਸਾਂਝ ਆਪਣੇ ਪਿਤਾ ਨਾਲ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸਕੂਲ ਛੱਡਣ ਜਾਣਾ ਤੇ ਲੈ ਕੇ ਆਉਣਾ, ਬਾਹਰ ਘੁਮਾ ਕੇ ਲਿਆਉਣਾ, ਖਿਡੌਣੇ ਤੇ ਖਾਣ-ਪੀਣ ਦੇ ਪਦਾਰਥ ਲਿਆ ਕੇ ਦੇਣਾ ਤੇ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਆਦਿ ਗਤੀਵਿਧੀਆਂ ਕਰਕੇ ਬੱਚੇ ਦੀ ਆਪਣੇ ਪਿਤਾ ਨਾਲ ਨੇੜਤਾ ਹੋਰ ਵਧ ਜਾਂਦੀ ਹੈ। ਮਾਪੇ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬੱਚੇ ਦੀ ਪਰਵਰਿਸ਼ ਕਰਦੇ ਹਨ ਤੇ ਉਸ ਦੇ ਸਾਹ ਨਾਲ ਸਾਹ ਲੈਂਦੇ ਹਨ। ਇਕ ਵਿਦਵਾਨ ਦਾ ਕਥਨ ਹੈ-'ਹੋ ਸਕਦਾ ਹੈ ਕਿ ਇਕ ਬੱਚਾ ਵੱਡਾ ਹੋ ਕੇ ਆਪਣੇ ਮਾਪਿਆਂ ਨੂੰ ਭੁੱਲ ਜਾਵੇ ਪਰ ਦਿਲਟੁੰਬਵਾਂ ਸੱਚ ਇਹ ਹੈ ਕਿ ਮਾਪੇ ਆਪਣੇ ਬੱਚੇ ਨੂੰ ਕਦੇ ਨਹੀਂ ਭੁੱਲਦੇ ਹਨ।' ਬਚਪਨ ਤੋਂ ਬਾਅਦ ਹਰੇਕ ਬੱਚੇ ਦੇ ਜੀਵਨ 'ਚ ਜਵਾਨੀ ਦਾ ਪੜਾਅ ਆਉਂਦਾ ਹੈ ਤੇ ਇਸ ਸਮੇਂ ਦੌਰਾਨ ਬੱਚੇ ਦੀ ਸਾਂਝ ਪਰਿਵਾਰ ਤੋਂ ਬਾਹਰ ਨਿਕਲ ਕੇ ਦੋਸਤਾਂ, ਅਧਿਆਪਕਾਂ ਤੇ ਹੋਰ ਲੋਕਾਂ ਨਾਲ ਵਧ ਜਾਂਦੀ ਹੈ। ਵੱਡਾ ਹੋ ਕੇ ਬੱਚਾ ਜ਼ਿਆਦਾ ਸਮਾਂ ਉਕਤ ਲੋਕਾਂ ਨਾਲ ਬਿਤਾਉਣ ਲੱਗ ਜਾਂਦਾ ਹੈ ਤੇ ਨੌਕਰੀਪੇਸ਼ਾ ਜਾਂ ਕਾਰੋਬਾਰੀ ਬਣਨ ਦੇ ਨਾਲ-ਨਾਲ ਵਿਆਹ ਹੋ ਜਾਣ 'ਤੇ ਉਸ ਦਾ ਧਿਆਨ ਮਾਪਿਆਂ ਵੱਲ ਘੱਟ, ਦੋਸਤਾਂ, ਸਹਿਕਰਮੀਆਂ, ਪਤਨੀ ਤੇ ਬੱਚਿਆਂ ਵੱਲ ਵੱਧ ਹੋ ਜਾਂਦਾ ਹੈ। ਆਪਣੇ ਰੁਝੇਵਿਆਂ ਕਰਕੇ ਉਸ ਦੀ ਮਾਪਿਆਂ ਨਾਲ ਸਾਂਝ ਦੀ ਡੋਰ ਢਿੱਲੀ ਪੈ ਜਾਂਦੀ ਹੈ। ਉਹ ਆਤਮਨਿਰਭਰ ਹੋ ਜਾਂਦਾ ਹੈ ਤੇ ਆਪਣੇ-ਆਪ ਨੂੰ ਜ਼ਿੰਦਗੀ ਦੇ ਵੱਡੇ ਫ਼ੈਸਲੇ ਲੈਣ ਦੇ ਸਮਰੱਥ ਸਮਝਣ ਲੱਗ ਜਾਂਦਾ ਹੈ। ਇਸ ਦੇ ਬਾਵਜੂਦ ਵੀ ਉਸ ਦੇ ਮਾਪੇ ਉਸ ਦੀ ਤਰੱਕੀ, ਸਿਹਤ, ਸੁਰੱਖਿਆ ਤੇ ਖ਼ੁਸ਼ੀ ਨੂੰ ਲੈ ਕੇ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। ਉਨ੍ਹਾਂ ਲਈ ਉਨ੍ਹਾਂ ਦੀ ਔਲਾਦ ਉਨ੍ਹਾਂ ਦੀ ਆਂਦਰ ਜਾਂ ਉਨ੍ਹਾਂ ਦੇ ਜਿਗਰ ਦਾ ਟੋਟਾ ਹੀ ਰਹਿੰਦੀ ਹੈ। ਉਮਰ ਵੱਡੀ ਹੋ ਜਾਣ ਕਰਕੇ ਬੱਚੇ ਦੀ ਮਾਪਿਆਂ ਨਾਲ ਸਾਂਝ ਹੌਲੀ-ਹੌਲੀ ਖੁਰਨ ਲੱਗ ਜਾਂਦੀ ਹੈ। ਬਹੁਤੀ ਵਾਰ ਬੱਚੇ ਆਪਣੇ ਬਜ਼ੁਰਗ ਹੋ ਚੁੱਕੇ ਮਾਪਿਆਂ ਦੀਆਂ ਸਿਹਤ ਜਾਂ ਆਰਥਿਕਤਾ ਨਾਲ ਜੁੜੀਆਂ ਲੋੜਾਂ ਤਾਂ ਪੂਰੀਆਂ ਕਰ ਦਿੰਦੇ ਹਨ ਪਰ ਉਨ੍ਹਾਂ ਦੀਆਂ ਭਾਵਨਾਤਮਿਕ ਲੋੜਾਂ ਪੂਰੀਆਂ ਕਰਨ ਵਿਚ ਕਮੀ ਰਹਿ ਹੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਮਾਪਿਆਂ ਦੇ ਮਨਾਂ ਵਿਚ ਆਪਣੀ ਔਲਾਦ ਦੇ ਪ੍ਰਤੀ ਸਾਂਝ ਵਿਚ ਰਤਾ ਜਿੰਨਾ ਵੀ ਫ਼ਰਕ ਨਹੀਂ ਆਉਂਦਾ ਹੈ। ਸੋ ਔਲਾਦ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਉਹ ਸਾਂਝ ਹਮੇਸ਼ਾ ਰੱਖੇ, ਜਿਹੜੀ ਸਾਂਝ ਉਸ ਦੇ ਪ੍ਰਤੀ ਆਪਣੇ ਮਨ ਵਿਚ ਲੈ ਕੇ ਮਾਪੇ ਆਖ਼ਰੀ ਸਾਹ ਤੱਕ ਸਾਹ ਲੈਂਦੇ ਹਨ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾ: 62842-20595


ਖ਼ਬਰ ਸ਼ੇਅਰ ਕਰੋ

ਪੱਛਮੀ ਸੱਭਿਅਤਾ ਦੇ ਰੰਗ 'ਚ ਰੰਗੀ ਅਜੋਕੀ ਪੀੜ੍ਹੀ

ਦੁਨੀਆ ਦੇ ਕਿਸੇ ਵੀ ਖੇਤਰ ਦੀ ਜਾਣ-ਪਛਾਣ ਉਸ ਦੇ ਸੱਭਿਆਚਾਰਕ ਪਿਛੋਕੜ ਤੋਂ ਹੁੰਦੀ ਹੈ। ਹਰੇਕ ਦੇਸ਼ ਦਾ ਆਪੋ-ਆਪਣਾ ਸੱਭਿਆਚਾਰ ਹੈ। ਜਿਸ 'ਤੇ ਉਸ ਕਬੀਲੇ ਜਾਂ ਦੇਸ਼ ਦੇ ਲੋਕ ਅਨੰਦ ਮਾਣਦੇ ਹੋਏ ਆਪਣੇ ਸੱਭਿਆਚਾਰ 'ਤੇ ਮਾਣ ਕਰਦੇ ਹਨ। ਸੱਭਿਆਚਾਰਕ ਵਿਰਸਾ ਕਿਸੇ ਵੀ ਖਿੱਤੇ 'ਚ ਵਸਣ ਵਾਲੇ ਲੋਕਾਂ ਦੀ ਰੂਹ ਦੀ ਖੁਰਾਕ ਹੁੰਦਾ ਹੈ। ਸੱਭਿਆਚਾਰਕ ਵਿਰਸਾ ਉਨ੍ਹਾਂ ਦੇ ਦਿਲਾਂ ਦੀ ਤਰਜਮਾਨੀ ਕਰਦਾ ਹੈ। ਇਹ ਉਨ੍ਹਾਂ ਦੇ ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ ਦੀ ਬਾਤ ਪਾਉਂਦਾ ਹੋਇਆ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦਾ ਹੈ। ਪੰਜਾਬ ਦੇ ਸੱਭਿਆਚਾਰ ਦੀ ਤਾਂ ਪਛਾਣ ਹੀ ਸਤਰੰਗੀ ਪੀਂਘ ਵਰਗੀ ਹੈ। ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ-ਪੈਗੰਬਰਾਂ ਦੀ ਇਹ ਚਰਨ ਛੋਹ ਧਰਤੀ, ਪੰਜਾਂ ਦਰਿਆਵਾਂ ਦੀ ਇਹ ਧਰਤੀ, ਗਿੱਧੇ, ਭੰਗੜੇ ਤੇ ਲੋਕ-ਗੀਤਾਂ ਦੀ ਇਸ ਧਰਤੀ ਦੇ ਸੱਭਿਆਚਾਰ ਵਿਰਸੇ ਨੂੰ ਅਮੀਰ ਹੋਣ ਦਾ ਮਾਣ ਹਾਸਲ ਹੈ। ਕੱਚੇ ਕੋਠਿਆਂ ਦੇ ਖੁੱਲ੍ਹੇ ਵਿਹੜੇ ਦੀਆਂ ਰੌਣਕਾਂ, ਖੇਤਾਂ ਵਿਚ ਹਲ ਵਾਹੁੰਦੇ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਟਣਕਾਰ, ਦੁੱਧ ਰਿੜਕਦੀਆਂ ਮਧਾਣੀਆਂ ਦੀ ਗੂੰਜ, ਅੰਮ੍ਰਿਤ ਵੇਲੇ ਮੁਰਗੇ ਦੀ ਬਾਂਗ ਆਦਿ ਗੱਲਾਂ ਵਿਰਸੇ ਨਾਲ ਜੁੜੇ ਲੋਕ-ਮਨਾਂ ਅੰਦਰ ਇਕ ਟੇਪ ਦੀ ਰੀਲ੍ਹ ਵਾਂਗ ਰਿਕਾਰਡ ਹਨ। ਪਰ ਅਜੋਕੀ ਪੀੜ੍ਹੀ ਇਸ ਤੋਂ ਕੋਹਾਂ ਦੂਰ ਚਲੀ ਗਈ ਹੈ। ਦੇਸ਼ ਕੌਮ ਲਈ ਜਾਨਾਂ ਵਾਰਨ ਵਾਲੇ ਸੂਰਬੀਰ ਅਣਖੀਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਸੀਂ ਪੱਛਮੀ ਸੱਭਿਅਤਾ ਨੂੰ ਗਲਵਕੜੀ ਪਾ ਲਈ ਹੈ। ਸੋਨੇ ਦੀ ਚਿੜੀ ਨੂੰ ਰਾਜਨੀਤੀ ਨੇ ਉੱਡਣੋ ਹਟਾ ਦਿੱਤਾ। ਸ਼ਰਮ ਕਿਤੇ ਖੰਭ ਲਾ ਕੇ ਉੱਡ ਗਈ। ਸਾਡਾ ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ ਪੱਛਮੀ ਰੰਗ ਵਿਚ ਰੰਗਿਆ ਗਿਆ। ਰਿਵਾਇਤੀ ਪਹਿਰਾਵੇ ਨੂੰ ਛੱਡ ਅਜੋਕੀ ਪੀੜ੍ਹੀ ਲਈ ਬਰਾਂਡਡ ਕੱਪੜੇ ਤਨ ਦਾ ਸ਼ਿੰਗਾਰ ਬਣ ਗਏ ਹਨ। ਹੁਣ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਲਈ ਡੈਪਰ, ਸ਼ੌਟਸ, ਟੀ-ਸ਼ਰਟ, ਕੈਪਰੀ, ਪਲਾਜ਼ੋ, ਪਾਟੀਆਂ ਪੈਂਟਾਂ ਆਦਿ ਮਹਿੰਗੇ ਕੱਪੜੇ ਪਾ ਕੇ ਆਪਣੇ-ਆਪ ਨੂੰ ਸੋਹਣਾ ਦਿਖਾਉਣ ਵਾਲੀ ਦੌੜ 'ਚ ਸ਼ਾਮਿਲ ਹੈ ਅੱਜ ਸਾਡਾ ਸਮਾਜ। ਪਾਟੇ ਕੱਪੜਿਆਂ ਨੂੰ ਗ਼ਰੀਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਰਿਹਾ ਹੈ।
ਅਸੀਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਭੁੱਲ ਗਏ ਹਾਂ, ਹਰੀ ਸਿੰਘ ਨਲੂਆ ਨੂੰ ਭੁੱਲ ਗਏ ਹਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਭੁੱਲ ਗਏ, ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਨੂੰ ਵਿਰਾਸਤ ਨਾਲ ਜੋੜ ਕੇ ਅਣਖ ਨਾਲ ਜਿਊਣਾ ਸਿਖਾਇਆ। ਕਿਸੇ ਨੂੰ ਨਿੰਦਣ ਦੀ ਲੋੜ ਨਹੀਂ, ਅਸੀਂ ਖੁਦ ਦੋਸ਼ੀ ਹਾਂ। ਵੱਡੇ-ਵੱਡੇ ਸੈਮੀਨਾਰਾਂ 'ਚ ਫੋਟੋਆਂ ਖਿਚਵਾਉਣ ਦੀ ਜ਼ਰੂਰਤ ਨਹੀਂ ਹੈ। ਲੋੜ ਹੈ ਆਪਣੇ ਘਰਾਂ ਅੰਦਰ ਝਾਤੀ ਮਾਰਨ ਦੀ। ਆਪਣੀ ਸੋਚ 'ਤੇ ਪਈ ਧੂੜ ਨੂੰ ਸਾਫ ਕਰਦੇ ਹੋਏ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਪਿਆਰ ਕਰੀਏ।

-56, ਸਵਰਾਜ ਨਗਰ, ਖਰੜ, ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੋਹਾਲੀ)। ਮੋਬਾ: 98767-20402

ਕਿਰਤ ਹੀ ਹੈ ਮਨੁੱਖ ਦੀ ਅਸਲੀ ਪਛਾਣ

ਬਹੁਗਿਣਤੀ ਲੋਕ ਨਾਂਅ ਜਾਂ ਪ੍ਰਸਿੱਧੀ ਦੇ ਚਾਹਵਾਨ ਹੁੰਦੇ ਹਨ, ਪਰ ਜੀਵਨ ਦੀ ਇਹ ਇਕ ਅਟੱਲ ਸੱਚਾਈ ਹੈ ਕਿ ਜਦ ਤੱਕ ਤੁਸੀਂ ਆਪਣੇ ਕੰਮ ਜਾਂ ਪੇਸ਼ੇ ਵਿਚ ਅੱਵਲ ਦਰਜੇ ਦੀ ਮੁਹਾਰਤ ਹਾਸਲ ਨਹੀਂ ਕਰ ਲੈਂਦੇ, ਤੁਹਾਡਾ ਨਾਂਅ ਨਹੀਂ ਬਣੇਗਾ। ਤੁਹਾਡਾ ਕੰਮ ਹੀ ਤੁਹਾਨੂੰ ਭੀੜ ਨਾਲੋਂ ਨਿਖੇੜਦਾ ਹੈ। ਤੁਹਾਡਾ ਖੇਤਰ ਭਾਵੇਂ ਕੋਈ ਵੀ ਹੋਵੇ, ਪਰ ਪ੍ਰਸਿੱਧ ਉਹੀ ਹੋਵੇਗਾ, ਜਿਸ ਨੂੰ ਦੂਜਿਆਂ ਨਾਲੋਂ ਆਪਣੇ ਕੰਮ ਵਿਚ ਵਧੇਰੇ ਯੋਗਤਾ ਉਪਜਾਈ ਹੋਵੇ, ਲੋੜ ਨਾਲੋਂ ਵੱਧ ਕੰਮ ਕੀਤਾ ਹੋਵੇ, ਨਵੇਂ ਅਵਸਰ ਉਸਾਰੇ ਹੋਣ ਅਤੇ ਉਨ੍ਹਾਂ ਦਾ ਪੂਰਾ ਲਾਭ ਉਠਾਇਆ ਹੋਵੇ। ਮਾਹਿਰ ਬਣਨ ਲਈ ਖ਼ੁਦ ਨੂੰ ਮਿਹਨਤ ਦੀ ਭੱਠੀ ਵਿਚ ਲਗਾਤਾਰ ਤਪਾਉਣਾ ਪੈਂਦਾ ਹੈ, ਜਗਰਾਤੇ ਕੱਟਣੇ ਪੈਂਦੇ ਹਨ, ਫਿਰ ਹੀ ਕਿਤੇ ਜਾ ਕੇ ਸਫਲਤਾ ਦੀਆਂ ਸੁਨਹਿਰੀ ਕਿਰਨਾਂ ਤੁਹਾਡੇ ਜੀਵਨ ਨੂੰ ਰੁਸ਼ਨਾਉਂਦੀਆਂ ਹਨ। ਅਜਿਹਾ ਵਿਅਕਤੀ ਹੀ ਪ੍ਰਸੰਸਾ ਅਤੇ ਪ੍ਰਸਿੱਧੀ ਦਾ ਅਸਲ ਹੱਕਦਾਰ ਹੁੰਦਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜੋ ਵਿਅਕਤੀ ਪਹਿਲਾਂ ਤੁਹਾਡੀ ਨਿੰਦਿਆ ਕਰਦੇ ਸਨ, ਤੁਹਾਡੀਆਂ ਲੱਤਾਂ ਖਿੱਚਦੇ ਸਨ, ਤੁਹਾਡੀ ਸਫਲਤਾ ਪਿੱਛੋਂ ਉਹ ਹੀ ਵਧਾਈ ਦੇਣ ਵਾਲਿਆਂ ਦੀ ਪਹਿਲੀ ਕਤਾਰ ਵਿਚ ਸ਼ਾਮਿਲ ਹੁੰਦੇ ਹਨ। ਕੰਮਕਾਜੀ ਸੰਸਥਾਵਾਂ, ਦਫ਼ਤਰਾਂ ਵਿਚ ਬਹੁਗਿਣਤੀ ਅਜਿਹੇ ਕਰਮਚਾਰੀਆਂ ਦੀ ਹੁੰਦੀ ਹੈ, ਜੋ ਆਪਣੇ ਕੰਮ ਦੇ ਸਮੇਂ ਦੀ ਵਰਤੋਂ ਦੂਜਿਆਂ ਦੀ ਚੁਗਲੀ-ਨਿੰਦਿਆ ਕਰਨ, ਗੱਪਾਂ ਮਾਰਨ ਜਾਂ ਫਿਰ ਲੱਤਾਂ ਖਿੱਚਣ ਵਿਚ ਬਤੀਤ ਕਰਦੇ ਹਨ। ਅਜਿਹੇ ਲੋਕ ਆਕ੍ਰਿਤਘਣ ਹੁੰਦੇ ਹਨ, ਪਰ ਆਪਣੇ ਅਫ਼ਸਰਾਂ ਜਾਂ ਮੁਖੀ ਦੀ ਚਾਪਲੂਸੀ ਕਰਕੇ ਆਪਣੇ-ਆਪ ਨੂੰ ਕੰਮ ਤੋਂ ਬਚਾਅ ਕੇ ਰੱਖਣਾ ਜਾਂ ਆਪਣਾ ਕੰਮ ਕਿਸੇ ਹੋਰ ਕਰਮਚਾਰੀ ਦੇ ਸਿਰ ਪਾ ਦੇਣ ਨੂੰ ਆਪਣੀ ਸਫਲਤਾ ਸਮਝਦੇ ਹਨ। ਅਜਿਹਾ ਕਰਕੇ ਖੁਦ ਨੂੰ ਇਕ ਚੰਗਾ ਮੈਨੇਜਰ ਜਾਂ ਕਰਮਚਾਰੀ ਕਹਾਉਂਦੇ ਹਨ ਅਤੇ ਆਪਣੇ-ਆਪ ਨੂੰ ਸਨਮਾਨਯੋਗ ਸ਼ਖ਼ਸੀਅਤ ਦਾ ਦਰਜਾ ਦਿੰਦੇ ਹਨ, ਜਦ ਕਿ ਅਸਲੀਅਤ ਇਹ ਹੁੰਦੀ ਹੈ ਕਿ ਅਜਿਹੇ ਲੋਕਾਂ ਦੀ ਨਾ ਤਾਂ ਉਨ੍ਹਾਂ ਦੇ ਦਫ਼ਤਰ ਵਿਚ ਕੋਈ ਇੱਜ਼ਤ ਹੁੰਦੀ ਹੈ ਅਤੇੇ ਨਾ ਹੀ ਸਮਾਜ ਵਿਚ ਕੋਈ ਰੁਤਬਾ ਹੁੰਦਾ ਹੈ। ਕੰਮ ਅਤੇ ਕਾਮਾ ਜਦੋਂ ਇਕਸੁਰ ਹੋ ਜਾਣ ਤਾਂ ਕਲਾ ਦਾ ਜਨਮ ਹੁੰਦਾ ਹੈ। ਜਦੋਂ ਤੁਹਾਡਾ ਕੰਮ ਤੁਹਾਡਾ ਸ਼ੌਕ ਬਣ ਜਾਵੇ ਤਾਂ ਨਿਸਚਿਤ ਹੀ ਕੰਮ ਅਕਾਊ ਨਹੀਂ ਰਹੇਗਾ ਅਤੇ ਯਕੀਨਨ ਹੀ ਤੁਸੀਂ ਉਸ ਵਿਚ ਵਧੇਰੇ ਸਫਲ ਵੀ ਹੋਵੋਗੇ ਅਤੇ ਖੁਸ਼ਹਾਲ ਵੀ ਬਣੋਗੇ। ਔਸਤ ਪੱਧਰ ਦੇ ਕੰਮ ਕਰਕੇ, ਔਸਤ ਦਰਜੇ ਦੀ ਮਿਹਨਤ ਕਰਕੇ ਤੁਸੀਂ ਔਸਤ ਪੱਧਰ ਦਾ ਜੀਵਨ ਹੀ ਬਸਰ ਕਰੋਗੇ। ਸਿਰਫ 6 ਜਾਂ 7 ਘੰਟੇ ਕੰਮ ਕਰਨ ਨਾਲ ਤੁਸੀਂ ਖੁਸ਼ਹਾਲ ਨਹੀਂ ਬਣ ਸਕਦੇ। ਮਿਹਨਤ ਅਤੇ ਸੰਘਰਸ਼ ਰੂਪੀ ਗੁੜ ਜ਼ਿੰਦਗੀ ਵਿਚ ਜਿੰਨਾ ਜ਼ਿਆਦਾ ਮਾਤਰਾ ਵਿਚ ਘੋਲੋਗੇ, ਜੀਵਨ ਦਾ ਰਸ ਓਨਾ ਹੀ ਮਿੱਠਾ ਨਿਕਲੇਗਾ। ਸੋ, ਆਪਣੇ ਕੰਮ ਵਿਚ ਆਉਣ ਵਾਲੀ ਔਖ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਔਖੇ ਸਮਝੇ ਜਾਣ ਵਾਲੇ ਕੰਮ ਆਪ ਕਰਨੇ ਚਾਹੀਦੇ ਹਨ, ਕਿਉਂਕਿ ਜਿੰਨਾ ਔਖਾ ਕੰਮ ਕਰੋਗੇ, ਉਸ ਤੋਂ ਮਿਲਣ ਵਾਲਾ ਤਜਰਬਾ ਵੀ ਓਨਾ ਹੀ ਡੂੰਘਾ ਹੋਵੇਗਾ ਅਤੇੇ ਸਫ਼ਲਤਾ ਅਤੇ ਸਨਮਾਨ ਦਾ ਪੱਧਰ ਵੀ ਓਨਾ ਹੀ ਉੱਚਾ ਹੋਵੇਗਾ, ਕਿਉਂਕਿ ਕੁਠਾਲੀ ਵਿਚ ਪੈ ਕੇ ਹੀ ਸੋਨਾ ਕੁੰਦਨ ਬਣਦਾ ਹੈ।

-ਅੰਗਰੇਜ਼ੀ ਮਾਸਟਰ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)। ਮੋਬਾ: 98762-30959

ਕਿਵੇਂ ਸੁਧਰੇਗੀ ਦੇਸ਼ ਦੇ ਕਿਸਾਨਾਂ ਦੀ ਸਥਿਤੀ?

ਭਾਰਤ ਵਿਚ ਜਿਥੇ ਲਗਪਗ 75 ਫੀਸਦੀ ਲੋਕ ਸਿੱਧੇ ਤੌਰ 'ਤੇ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਹਨ, ਉਥੇ ਕਿਸਾਨਾਂ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਦੇਸ਼ ਜਦ ਗੁਲਾਮ ਸੀ, ਤਦ ਵੀ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਅਤੇ ਕੁਦਰਤੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਹਾਲਾਤ ਸੁਧਰੇ ਨਹੀਂ, ਸਗੋਂ ਕਿਸਾਨਾਂ ਦੀ ਹਾਲਤ ਕਈ ਪੱਖਾਂ ਤੋਂ ਉਸ ਸਮੇਂ ਨਾਲੋਂ ਵੀ ਮਾੜੀ ਹੋਈ ਹੈ। ਕਿਸਾਨਾਂ ਦੀ ਇਸ ਦੁਰਦਸ਼ਾ ਦੀ ਗਵਾਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਖੁਦਕੁਸ਼ੀਆਂ ਦੀਆਂ ਆਉਂਦੀਆਂ ਖ਼ਬਰਾਂ ਹਨ। ਜਿਥੇ ਕੇਂਦਰੀ ਸਰਕਾਰ ਦੇਸ਼ ਦੀ ਵਿਕਾਸ ਦਰ ਨੂੰ 10 ਫੀਸਦੀ ਤੱਕ ਲੈ ਕੇ ਜਾਣ ਦੀਆਂ ਯੋਜਨਾਵਾਂ ਬਣਾ ਰਹੀ ਹੈ, ਉਥੇ ਹੀ ਖੇਤੀ ਖੇਤਰ ਦੀ ਵਿਕਾਸ ਦਰ 3 ਫੀਸਦੀ ਵੀ ਨਹੀਂ ਹੈ। ਇਸ ਅਸਾਵੇਂਪਣ ਦੇ ਸ਼ਿਕਾਰ ਦੇਸ਼ ਦੇ 'ਅੰਨਦਾਤੇ' ਕਿਸਾਨ ਹੋ ਰਹੇ ਹਨ। ਕਰਜ਼ੇ ਦੇ ਬੋਝ ਹੇਠੋਂ ਨਿਕਲਣ ਦਾ ਦੇਸ਼ ਦੇ ਕਿਸੇ ਵੀ ਹਿੱਸੇ ਦੇ ਕਿਸਾਨਾਂ ਕੋਲ ਕੋਈ ਰਸਤਾ ਨਹੀਂ ਹੈ। ਜਿਥੇ ਸਰਕਾਰੀ ਨੀਤੀਆਂ ਨੇ ਕਿਸਾਨਾਂ ਦਾ ਲੱਕ ਤੋੜਿਆ ਹੈ, ਉਥੇ ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਮੌਸਮੀ ਤਬਦੀਲੀਆਂ ਵੀ ਕਿਸਾਨਾਂ ਲਈ ਹੀ ਘਾਤਕ ਸਿੱਧ ਹੋਈਆਂ ਹਨ। ਖੇਤੀ ਜਿਥੇ ਸਿੱਧੇ ਤੌਰ 'ਤੇ ਕੁਦਰਤ ਤੇ ਮੌਸਮ ਨਾਲ ਜੁੜੀ ਹੋਈ ਹੈ, ਉਥੇ ਹੀ 'ਗਲੋਬਲ ਵਰਮਿੰਗ' ਵਰਗੀਆਂ ਮੌਸਮੀ ਤਬਦੀਲੀਆਂ ਖੇਤੀ ਲਈ ਅਤਿ ਮਾਰੂ ਸਿੱਧ ਹੋ ਰਹੀਆਂ ਹਨ। ਕਦੇ ਸੋਕਾ, ਕਦੇ ਡੋਬਾ ਅਤੇ ਜ਼ਮੀਨ ਦੇ ਉਪਜਾਊਪਨ ਵਿਚ ਆਈ ਗਿਰਾਵਟ ਖੇਤੀ ਨੂੰ ਹੋਰ ਘਾਟੇਵੰਦ ਅਤੇ ਮਹਿੰਗੀ ਬਣਾ ਰਹੇ ਹਨ। ਅੱਜ ਦੇ ਤਕਨੀਕੀ ਯੁੱਗ ਦਾ ਫਾਇਦਾ ਵੀ ਖੇਤੀ ਖੇਤਰ ਨੂੰ ਨਹੀਂ ਹੋਇਆ, ਉਲਟਾ ਸਗੋਂ ਕਈ ਪੱਖਾਂ ਤੋਂ ਨੁਕਸਾਨ ਹੋਇਆ ਹੈ। ਉਦਾਹਰਨ ਵਜੋਂ ਇਸ ਸਮੇਂ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਪਰ ਖੇਤੀ ਖੇਤਰ ਅਤੇ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੈ, ਸਗੋਂ ਨੁਕਸਾਨ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਉੱਡੀ ਕੋਈ ਵੀ ਅਫ਼ਵਾਹ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਦਿੰਦੀ ਹੈ। ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿਚ ਫੈਲੇ 'ਚਮਕੀ ਬੁਖਾਰ' ਨੂੰ ਬਿਨਾਂ ਕਿਸੇ ਠੋਸ ਤੱਥ ਦੇ 'ਲੀਚੀ' ਦੇ ਫਲ ਨਾਲ ਜੋੜਨ ਕਾਰਨ ਦੇਸ਼ ਭਰ ਦੇ ਤੇ ਖਾਸ ਕਰਕੇ ਪੰਜਾਬ ਦੇ ਲੀਚੀ ਉਤਪਾਦਕ ਕਿਸਾਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਗਿਆ ਹੈ ਪਰ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਵਿਚ ਕੋਈ ਆਵਾਜ਼ ਨਹੀਂ ਉਠਾਈ। ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਕਿਸਾਨਾਂ ਦੀ ਸਾਰ ਕਿਸੇ ਨੇ ਨਹੀਂ ਲਈ। ਨਾ ਤਾਂ ਫ਼ਸਲਾਂ ਦੇ ਸਮਰਥਨ ਮੁੱਲ ਕਿਸਾਨਾਂ ਨੂੰ ਕਦੇ ਸਹੀ ਮਿਲੇ, ਨਾ ਕਦੇ ਫ਼ਸਲਾਂ ਦੇ ਬੀਮੇ ਵਰਗੀ ਕੋਈ ਯੋਜਨਾ ਸਹੀ ਢੰਗ ਨਾਲ ਲਾਗੂ ਹੋਈ, ਨਾ ਹੀ ਸਵਾਮੀਨਾਥਨ ਕਮਿਸ਼ਨ ਵਰਗੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਲਾਗੂ ਕੀਤਾ ਗਿਆ ਅਤੇ ਨਾ ਹੀ ਕਿਸਾਨਾਂ ਨੂੰ ਵੀ ਉਦਯੋਗਾਂ ਵਾਂਗ ਸੁਰੱਖਿਆ ਅਤੇ ਕਰਜ਼ੇ ਦੇ ਜਾਲ ਤੋਂ ਬਚਣ ਅਤੇ ਨਿਕਲਣ ਦੇ ਪ੍ਰਬੰਧ ਕੀਤੇ ਗਏ। ਇਸ ਸਮੇਂ ਦੇਸ਼ ਦੀ ਆਬਾਦੀ 130 ਕਰੋੜ ਤੋਂ ਵੱਧ ਹੋ ਗਈ ਹੈ। ਇਸ ਬੇਹਿਸਾਬ ਵਸੋਂ ਲਈ ਅਨਾਜ ਅਤੇ ਹੋਰ ਲੋੜਾਂ ਨੂੰ ਖੇਤੀ ਰਾਹੀਂ ਕਿਸਾਨਾਂ ਨੇ ਹੀ ਪੂਰਾ ਕਰਨਾ ਹੈ। ਸਰਕਾਰਾਂ ਹਰੇਕ ਫ਼ਸਲ ਦਾ ਜਾਇਜ਼ ਸਮਰਥਨ ਮੁੱਲ ਐਲਾਨ ਕਰੇ। ਖੇਤੀ ਖਰਚ ਘੱਟ ਕਰਨ ਲਈ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਤੇ ਖੇਤੀ ਸੰਦ ਸਸਤੇ ਕਰੇ। ਮੀਡੀਆ ਵੀ ਕਿਸਾਨਾਂ ਦੇ ਹੱਕ ਵਿਚ ਨਿਤਰੇ। ਵੱਡੇ ਤੇ ਇਨਕਲਾਬੀ ਯਤਨ ਹੀ ਖੇਤੀ ਤੇ ਕਿਸਾਨੀ ਨੂੰ ਬਚਾਅ ਸਕਦੇ ਹਨ। ਕਿਸਾਨ ਸਨਮਾਨ ਯੋਜਨਾ ਵਰਗੀਆਂ ਯੋਜਨਾਵਾਂ ਦੇ ਹੋਰ ਵਿਕਾਸ ਦੀ ਲੋੜ ਹੈ।

-ਪਿੰਡ ਪੀਰ ਦੀ ਸੈਨ, ਡਾਕ: ਬੱਬਰੀ ਨੰਗਲ (ਗੁਰਦਾਸਪੁਰ)-143529. ਮੋਬਾ: 98768-56311

ਬੱਚਿਆਂ ਦੀ ਪੜ੍ਹਾਈ ਵਿਚ ਕਰੋ ਮਦਦ

ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਮਾਪਿਆਂ ਲਈ ਇਕ ਵੱਡੀ ਜ਼ਿੰਮੇਵਾਰੀ ਬਣੀ ਹੋਈ ਹੈ। ਜ਼ਿਆਦਾਤਰ ਮਾਪਿਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਕੂਲ ਵਲੋਂ ਮਿਲਿਆ ਕੰਮ ਕਰਨ ਸਮੇਂ ਜਾਂ ਮਾਪਿਆਂ ਵਲੋਂ ਬੱਚਿਆਂ ਨੂੰ ਪੜ੍ਹਨ ਲਈ ਕਹਿਣ ਸਮੇਂ ਬੱਚੇ ਕੋਈ ਨਾ ਕੋਈ ਬਹਾਨਾ ਲਗਾ ਕੇ ਪੜ੍ਹਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਬੱਚਿਆਂ ਦੇ ਰੋਜ਼ਾਨਾ ਦੇ ਇਸ ਪ੍ਰਕਾਰ ਦੇ ਵਿਵਹਾਰ ਤੋਂ ਮਾਪੇ ਦੁਖੀ ਹੋ ਜਾਂਦੇ ਹਨ ਕਿ ਮਹਿੰਗੇ ਸਕੂਲਾਂ ਵਿਚ ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਧਿਆਨ ਨਹੀਂ ਦੇ ਰਹੇ, ਆਖਰ ਅਜਿਹਾ ਕਿਉਂ ਹੋ ਰਿਹਾ ਹੈ? ਇਸ ਮੁਸ਼ਕਿਲ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ? ਮਾਪਿਆਂ ਲਈ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਬੱਚੇ ਦੇ ਪੜ੍ਹਨ ਲਈ ਇਕ ਅਜਿਹੀ ਥਾਂ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਕਿ ਬਿਲਕੁਲ ਵੀ ਸ਼ੋਰ-ਸ਼ਰਾਬਾ ਨਾ ਹੋਵੇ ਅਤੇ ਬਾਹਰ ਦੀ ਆਵਾਜ਼ ਉਸ ਕਮਰੇ ਤੱਕ ਨਾ ਪਹੁੰਚ ਰਹੀ ਹੋਵੇ। ਅਜਿਹਾ ਕਰਨ ਨਾਲ ਬੱਚਾ ਇਕਾਗਰ ਚਿੱਤ ਹੋ ਕੇ ਆਪਣੀ ਪੜ੍ਹਾਈ ਕਰ ਸਕੇਗਾ, ਨਾਲੋ-ਨਾਲ ਉਸ ਕਮਰੇ ਵਿਚ ਪੜ੍ਹਾਈ ਲਈ ਮੇਜ਼ ਅਤੇ ਕੁਰਸੀ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ ਹੈ, ਜਿਸ ਉੱਤੇ ਸਹੀ ਢੰਗ ਨਾਲ ਬੈਠ ਕੇ ਬੱਚਾ ਆਪਣੀ ਪੜ੍ਹਾਈ ਕਰ ਸਕੇ। ਜਿਸ ਪ੍ਰਕਾਰ ਸਕੂਲ ਵਿਚ ਪੜ੍ਹਾਈ ਕਰਵਾਉਂਦੇ ਸਮੇਂ ਸਮਾਂ ਸਾਰਣੀ ਬਣਾਈ ਜਾਂਦੀ ਹੈ, ਤਾਂ ਜੋ ਹਰ ਕੰਮ ਇਕ ਮਿੱਥੇ ਸਮੇਂ ਅਨੁਸਾਰ ਹੋ ਸਕੇ, ਠੀਕ ਉਸੇ ਪ੍ਰਕਾਰ ਦੀ ਸਮਾਂ ਸਾਰਣੀ ਮਾਪਿਆਂ ਵਲੋਂ ਘਰ ਵਿਚ ਵੀ ਬਣਾ ਲੈਣੀ ਚਾਹੀਦੀ ਹੈ ਅਤੇ ਇਕ ਨਿਸਚਿਤ ਸਮੇਂ 'ਤੇ ਬੱਚੇ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਸ ਵਿਸ਼ੇ ਨਾਲ ਸਬੰਧਿਤ ਪੜ੍ਹਾਈ ਕਰਨੀ ਹੈ, ਉਸ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ। ਕਈ ਵਾਰ ਮਾਪੇ ਬੱਚਿਆਂ ਨੂੰ ਲੋੜ ਤੋਂ ਵੱਧ ਸਮਾਂ ਪੜ੍ਹਨ ਲਈ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪ੍ਰਕਾਰ ਬੱਚੇ ਜ਼ਿਆਦਾ ਸਿੱਖ ਸਕਦੇ ਹਨ ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਬੱਚੇ ਦੇ ਦਿਮਾਗ ਦੀ ਚੀਜ਼ਾਂ ਨੂੰ ਗ੍ਰਹਿਣ ਕਰਨ ਦੀ ਇਕ ਸੀਮਾ ਹੈ ਅਤੇ ਇਕ ਨਿਸਚਿਤ ਸਮੇਂ ਤੱਕ ਪੜ੍ਹਾਈ ਕਰਨ ਦਾ ਹੀ ਲਾਭ ਹੁੰਦਾ ਹੈ, ਨਾ ਕਿ ਲੋੜ ਤੋਂ ਵੱਧ ਸਮਾਂ ਬੈਠ ਕੇ ਪੜ੍ਹਨ ਦਾ। ਇਹ ਸੰਭਵ ਨਹੀਂ ਹੈ ਕਿ ਸਾਰੇ ਬੱਚੇ ਹੀ ਜਮਾਤ ਵਿਚੋਂ ਪਹਿਲੇ ਸਥਾਨ 'ਤੇ ਆਉਣ। ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਬਹੁਤ ਜ਼ਰੂਰੀ ਹੈ ਅਤੇ ਨਾਲ ਹੀ ਇਹ ਕਹਿਣਾ ਚਾਹੀਦਾ ਹੈ ਕਿ ਅਗਲੀ ਵਾਰ ਜ਼ਿਆਦਾ ਮਿਹਨਤ ਕੋਸ਼ਿਸ਼ ਕਰਨੀ ਹੈ। ਬੱਚਿਆਂ ਨੂੰ ਇਸ ਗੱਲ ਦੀ ਆਦਤ ਪਾਉਣੀ ਚਾਹੀਦੀ ਹੈ ਕਿ ਰੋਜ਼ਾਨਾ ਕੀਤੀ ਥੋੜ੍ਹੀ-ਥੋੜ੍ਹੀ ਪੜ੍ਹਾਈ ਭਵਿੱਖ ਵਿਚ ਆਪਣੇ ਕੰਮ ਆਵੇਗੀ ਅਤੇ ਚੰਗੀ ਤਿਆਰੀ ਹੋਣ ਕਰਕੇ ਪੇਪਰਾਂ ਵੇਲੇ ਕਿਸੇ ਪ੍ਰਕਾਰ ਦਾ ਤਣਾਅ ਨਹੀਂ ਰਹੇਗਾ। ਮਾਤਾ-ਪਿਤਾ ਵਲੋਂ ਬੱਚਿਆਂ ਦੀ ਇਸ ਪ੍ਰਕਾਰ ਕੀਤੀ ਮਦਦ ਜਿੱਥੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਹੀ ਪੜ੍ਹ-ਲਿਖ ਕੇ ਬੱਚੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।

-ਮਲੌਦ (ਲੁਧਿਆਣਾ)।
ਮੋਬਾ: 98554-83000

 

ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਹਨ ਗ਼ਰੀਬ ਲੋਕ

'ਭਾਰਤ ਇਕ ਅਮੀਰ ਦੇਸ਼ ਹੈ ਪਰ ਇੱਥੋਂ ਦੇ ਲੋਕ ਗ਼ਰੀਬ ਹਨ।' ਇਕ ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਦੇ ਇਸ ਵਾਕ ਦਾ ਭਾਵ ਇਹ ਹੈ ਕਿ ਕੁਦਰਤੀ ਸਰੋਤਾਂ ਅਤੇ ਮਨੁੱਖੀ ਤਾਕਤ ਪੱਖੋਂ ਭਾਰਤ ਇਕ ਮਾਲਾਮਾਲ ਦੇਸ਼ ਹੈ ਪਰ ਇਨ੍ਹਾਂ ਦੋਵਾਂ ਮਹੱਤਵਪੂਰਨ ਤੱਤਾਂ ਦਾ ਸਹੀ ਇਸਤੇਮਾਲ ਨਾ ਹੋਣ ਕਰਕੇ ਇੱਥੋਂ ਦੇ ਲੋਕਾਂ ਦੀ ਆਮਦਨੀ ਘੱਟ ਹੈ ਤੇ ਇਥੇ ਗ਼ਰੀਬੀ ਪਸਰੀ ਪਈ ਹੈ। ਸੱਚਾਈ ਇਹੋ ਹੀ ਹੈ ਕਿ ਅੱਜ ਭਾਰਤ ਦੀ ਕੁੱਲ ਵਸੋਂ ਦਾ ਇਕ ਵੱਡਾ ਹਿੱਸਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹੈ ਤੇ ਅੱਜ ਵੀ ਭਾਰਤ 'ਚ ਲੱਖਾਂ ਲੋਕ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ। ਭੁੱਖੇ ਢਿੱਡ ਸੌਣ ਪਿੱਛੇ ਜਿੱਥੇ ਅਨਪੜ੍ਹਤਾ, ਗ਼ਰੀਬੀ ਅਤੇ ਬੇਰੁਜ਼ਗਾਰੀ ਜਿਹੇ ਤੱਤ ਜ਼ਿੰਮੇਵਾਰ ਹਨ, ਉੱਥੇ ਹੀ ਵਧਦੀ ਮਹਿੰਗਾਈ ਵੀ ਇਕ ਵੱਡਾ ਕਾਰਨ ਹੈ। ਸਮੂਹ ਭਾਰਤੀਆਂ ਦੀ ਖੁਰਾਕ ਦੇ ਮੁੱਖ ਤੱਤਾਂ 'ਚ ਆਟਾ, ਚੌਲ, ਦਾਲ, ਸਬਜ਼ੀ ਤੇ ਦੁੱਧ ਆਦਿ ਸ਼ਾਮਿਲ ਹਨ। ਅੱਜ ਮਹਿੰਗਾਈ ਦਾ ਇਹ ਆਲਮ ਹੈ ਕਿ ਆਟਾ 20 ਤੋਂ 30 ਰੁਪਏ, ਦੁੱਧ 40 ਤੋਂ 50 ਰੁਪਏ, ਸਬਜ਼ੀਆਂ 40 ਤੋਂ 80 ਰੁਪਏ ਅਤੇ ਦਾਲਾਂ 100 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਚੁੱਕੀਆਂ ਹਨ ਤੇ ਗ਼ਰੀਬ ਵਰਗ ਤਾਂ ਕੀ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਵੀ ਮੁਹਾਲ ਹੋਈ ਜਾ ਰਿਹਾ ਹੈ। ਨਤੀਜਾ ਇਹ ਹੈ ਕਿ ਭਿਖਾਰੀਆਂ ਦੀ ਸੰਖਿਆ ਵਧ ਰਹੀ ਹੈ, ਲੁੱਟਾਂ-ਖੋਹਾਂ ਵਧ ਰਹੀਆਂ ਹਨ ਤੇ ਵਿੱਤੀ ਕਾਰਨਾਂ ਕਰਕੇ ਖੁਦਕੁਸ਼ੀਆਂ ਦੀ ਸੰਖਿਆ ਵੀ ਨਿਰੰਤਰ ਵਧ ਰਹੀ ਹੈ। ਵਧਦੀ ਮਹਿੰਗਾਈ ਕਾਰਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਤੇ ਦੇਸ਼ ਦੇ ਸਿਹਤਮੰਦ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਗਦਾ ਜਾ ਰਿਹਾ ਹੈ। ਸਰਕਾਰਾਂ ਮਹਿੰਗਾਈ ਦੀ ਮੂਲ ਜੜ੍ਹ ਨੂੰ ਫੜ ਕੇ ਪੁੱਟਣ ਦੀ ਥਾਂ ਸਰਮਾਏਦਾਰ ਵਪਾਰੀਆਂ ਦਾ ਪੱਖ ਪੂਰਨ 'ਚ ਲੱਗੀਆਂ ਹੋਈਆਂ ਹਨ। ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਜ਼ਖੀਰੇਬਾਜ਼ਾਂ ਤੇ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਣ ਤੇ ਥੁੜ੍ਹ ਵਾਲੀਆਂ ਖੁਰਾਕੀ ਵਸਤਾਂ ਦੀ ਦਰਾਮਦ ਕਰਕੇ ਮੰਗ ਅਤੇ ਸਪਲਾਈ ਦਰਮਿਆਨ ਸੰਤੁਲਨ ਬਣਾਉਣ। 300 ਰੁਪਏ ਦਿਹਾੜੀ ਅਤੇ ਓਨਾ ਵੀ ਰੋਜ਼ ਨਾ ਕਮਾਉਣ ਵਾਲਾ ਗ਼ਰੀਬ ਮਜ਼ਦੂਰ ਦੁੱਧ, ਆਟਾ, ਦਾਲ, ਸਬਜ਼ੀ ਆਦਿ ਖਰੀਦਣ 'ਚ ਹੀ ਆਪਣੀ ਸਾਰੀ ਆਮਦਨ ਖਪਾ ਲੈਂਦਾ ਹੈ ਅਤੇ ਫਿਰ ਉਹ ਕੱਪੜੇ, ਦਵਾਈਆਂ ਅਤੇ ਬੱਚਿਆਂ ਦੀ ਸਿੱਖਿਆ ਆਦਿ ਉੱਤੇ ਖਰਚ ਕਿੱਥੋਂ ਕਰ ਸਕਦਾ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ-ਨਾਲ ਸਰਕਾਰੀ ਤੇ ਨਿੱਜੀ ਖੇਤਰ 'ਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇ, ਤਾਂ ਜੋ ਲੋਕ ਮਿਹਨਤ ਨਾਲ ਪੈਸਾ ਕਮਾ ਕੇ ਸਸਤਾ ਅੰਨ ਖ਼ਰੀਦ ਸਕਣ ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।

-ਹਵੇਲੀ ਪੂਰਨ ਸ਼ਾਹ, ਫ਼ਤਹਿਗੜ੍ਹ ਚੂੜੀਆਂ।

ਵਿਆਹ-ਸ਼ਾਦੀਆਂ ਵਿਚ ਵਿਖਾਵੇ ਤਿਆਗਣ ਅਤੇ ਸਾਦਗੀ ਅਪਣਾਉਣ ਦੀ ਲੋੜ

ਸਾਦੇ ਵਿਆਹ ਦੀ ਗੱਲ ਕਰਨਾ ਸੌਖਾ ਹੈ ਪਰ ਉਸ ਨੂੰ ਅਮਲੀ ਜਾਮਾ ਪਾਉਣਾ ਇਕ ਫੌਜੀ ਦੇ ਜੰਗ ਵਿਚ ਉਤਰਨ ਦੇ ਬਰਾਬਰ ਹੈ, ਕਿਉਂਕਿ ਅੱਜਕਲ੍ਹ ਦੇ ਮਾਹੌਲ ਵਿਚ ਲੋਕ ਦਿਖਾਵੇ ਵਿਚ ਵਿਸ਼ਵਾਸ ਰੱਖਦੇ ਹਨ। ਸਮਾਜ ਵਿਚ ਆਪਣੀ ਝੂਠੀ ਠੁੱਕ ਬਣਾਉਣ ਲਈ ਵਿਆਹਾਂ ਵਿਚ ਵਿਤੋਂ ਵੱਧ ਖਰਚ ਕਰਨਾ ਹੁਣ ਆਮ ਜਿਹੀ ਗੱਲ ਹੈ। ਇਸ ਸਭ ਦੇ ਪਿੱਛੇ ਲੋਕਾਂ ਦੀ ਇਹ ਸੋਚ ਕਿ 'ਲੋਕ ਕੀ ਕਹਿਣਗੇ' ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਗ਼ਰੀਬ ਤੇ ਮੱਧ ਵਰਗ ਦੇ ਲੋਕ ਸਿਰਫ਼ ਲੋਕ ਦਿਖਾਵੇ ਲਈ ਕਰਜ਼ੇ ਲੈ-ਲੈ ਕੇ ਵਿਆਹ ਸਮਾਗਮਾਂ 'ਤੇ ਫ਼ਜ਼ੂਲ ਖਰਚੀ ਕਰ ਰਹੇ ਹਨ, ਜੋ ਬਾਅਦ ਵਿਚ ਉਨ੍ਹਾਂ ਦੀ ਆਰਥਿਕ ਹਾਲਤ ਦੇ ਨਿਘਰਨ ਦਾ ਕਾਰਨ ਬਣਦੀ ਹੈ। ਇਸ ਸਭ ਵਿਚ ਪੰਜਾਬ ਸੂਬਾ ਬਾਕੀਆਂ ਨਾਲੋਂ ਮੋਹਰੀ ਹੈ, ਕਿਉਂਕਿ ਪਿਛਲੇ ਕੁਝ ਕੁ ਦਹਾਕਿਆਂ ਵਿਚ (ਖਾਸ ਤੌਰ 'ਤੇ ਹਰੀ ਕ੍ਰਾਂਤੀ ਤੋਂ ਬਾਅਦ ਵਾਲੇ ਸਮੇਂ ਵਿਚ) ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਵਿਚ ਤਾਂ ਸੁਧਾਰ ਹੋਇਆ ਹੈ ਪਰ ਆਰਥਿਕ ਪੱਧਰ 'ਤੇ ਲੋਕ ਦੁਖੀ ਪਹਿਲਾਂ ਨਾਲੋਂ ਜ਼ਿਆਦਾ ਹੋਏ ਹਨ। ਇਸ ਦਾ ਕਾਰਨ ਸ਼ਾਇਦ ਇਹੀ ਹੈ ਕਿ ਅਸੀਂ ਆਪਣੀ ਸੁਧਰੀ ਹੋਈ ਆਰਥਿਕਤਾ ਦਾ ਫ਼ਾਇਦਾ ਆਤਮ ਸੰਤੁਸ਼ਟੀ ਲਈ ਨਹੀਂ ਲਿਆ, ਬਲਕਿ ਆਪਣੀ ਪੂੰਜੀ ਨੂੰ ਦਿਖਾਵੇਬਾਜ਼ੀ ਦੀ ਭੇਟ ਚੜ੍ਹਾ ਦਿੱਤਾ। ਕਈ ਕੇਸ ਤਾਂ ਅਜਿਹੇ ਵੀ ਸਾਹਮਣੇ ਆਉਂਦੇ ਹਨ ਕਿ ਇਨ੍ਹਾਂ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਬੰਦਾ ਆਪਣੇ ਜੀਵਨ ਨੂੰ ਸਮਾਪਤ ਕਰਨ ਵਰਗੇ ਗਲਤ ਫ਼ੈਸਲੇ ਹੀ ਕਰ ਬੈਠਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਮੇਤ ਦੋ ਹੋਰ ਯੂਨੀਵਰਸਿਟੀਆਂ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਪੰਜਾਬ ਵਿਚ ਖੁਦਕੁਸ਼ੀਆਂ ਵਾਲੇ ਕੇਸਾਂ ਦਾ ਸਬੰਧ ਅਸਿੱਧੇ ਤੌਰ 'ਤੇ ਕਰਜ਼ਿਆਂ ਨਾਲ ਜੁੜਦਾ ਹੈ ਅਤੇ ਕਰਜ਼ਿਆਂ ਦਾ ਸਿੱਧਾ ਸਬੰਧ ਲੋਕ ਦਿਖਾਵਿਆਂ ਨਾਲ ਜੁੜਦਾ ਹੈ, ਕਿਉਂਕਿ ਬਹੁਤ ਸਾਰੇ ਕੇਸਾਂ ਵਿਚ ਲੋਕ ਕਰਜ਼ਾ ਲੈਂਦੇ ਤਾਂ ਖੇਤੀਬਾੜੀ ਜਾਂ ਹੋਰ ਉਸਾਰੂ ਕੰਮਾਂ ਲਈ ਹਨ ਪਰ ਇਸ ਨੂੰ ਖਰਚ ਇਨ੍ਹਾਂ ਲੋਕ ਦਿਖਾਵਿਆਂ 'ਤੇ ਕੀਤਾ ਜਾਂਦਾ ਹੈ। ਸਾਡੇ ਸਮਾਜ ਵਿਚ ਤਾਂ ਇਹ ਤ੍ਰਾਸਦੀ ਹੀ ਬਣ ਗਈ ਹੈ ਕਿ ਸਾਦਾ ਜੀਵਨ ਬਤੀਤ ਕਰਨ ਵਾਲੇ ਬੰਦੇ ਨੂੰ ਆਮ ਲੋਕਾਂ ਨਾਲੋਂ ਊਣਾ ਸਮਝਿਆ ਜਾਂਦਾ ਹੈ। ਅਜਿਹੇ ਮਾਹੌਲ ਵਿਚ ਪਹਿਲੀ ਗੱਲ ਤਾਂ ਕੋਈ ਸਾਦੇ ਵਿਆਹ ਕਰਾਉਣ ਬਾਰੇ ਸੋਚ ਹੀ ਨਹੀਂ ਸਕਦਾ। ਜੇ ਕੋਈ ਗਲਤੀ ਨਾਲ ਏਦਾਂ ਦੀ ਸੋਚ ਅਪਣਾ ਹੀ ਲਵੇ ਤਾਂ ਉਸ ਦੇ ਦੋਸਤ-ਮਿੱਤਰ, ਰਿਸ਼ਤੇਦਾਰ ਤੇ ਸਕੇ-ਸੰਬੰਧੀ ਤਾਅਨੇ-ਮਿਹਣੇ ਦੇ-ਦੇ ਕੇ ਉਸ ਨੂੰ ਆਪਣੀ ਇਸ ਸੋਚ ਨੂੰ ਤਿਆਗਣ ਲਈ ਮਜਬੂਰ ਕਰ ਦਿੰਦੇ ਹਨ। ਇਕ ਨੌਜਵਾਨ ਹੋਣ ਦੇ ਨਾਤੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਆਦਰਸ਼ ਸੋਚ ਰੱਖਣ ਵਾਲਾ ਅਤੇ ਇਸ ਨੂੰ ਸਿਰੇ ਚਾੜ੍ਹਨ ਵਾਲਾ ਕੋਈ ਵਿਰਲਾ ਹੀ ਹੋ ਸਕਦਾ ਹੈ। ਅਖੀਰ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੇ ਪੂਰਾ ਸਮਾਜ ਮੁੰਕਮਲ ਤੌਰ 'ਤੇ ਇਨ੍ਹਾਂ ਬੇਸਮਝ, ਬੇਅਰਥ, ਖੋਖਲੇ ਰੀਤੀ-ਰਿਵਾਜਾਂ ਨੂੰ ਪਾਰ ਲੰਘ ਕੇ ਜਾਂ ਪਿੱਛੇ ਛੱਡ ਕੇ ਅਜਿਹੀ ਸਿਰਜਣਾ ਕਰੀਏ ਕਿ ਚਾਰੇ ਪਾਸੇ, ਹਰ ਪਾਸੇ, ਦੂਰ ਤੱਕ, ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਸੁੱਚਮਤਾ, ਪਵਿੱਤਰਤਾ, ਸਰਲਤਾ, ਬਸ ਇਹੀ ਨਜ਼ਰ ਆਵੇ। ਕੋਸ਼ਿਸ਼ ਕਰਿਓ ਕਿ ਇਹ ਨੇਪਰੇ ਚਾੜ੍ਹਿਆ ਜਾਵੇ।

-ਮੋਬਾ: 97802-74741

ਕੁਦਰਤ ਅਤੇ ਵਿਗਿਆਨ ਵਿਚਾਲੇ ਸੰਤੁਲਨ ਬਣਾਉਣ ਦੀ ਲੋੜ

ਕੁਦਰਤ, ਕੁਦਰਤੀ ਜੀਵਾਂ, ਕੁਦਰਤੀ ਘਟਨਾਵਾਂ ਅਤੇ ਵਿਗਿਆਨ ਦਾ ਆਪਸ ਵਿਚ ਬਹੁਤ ਹੀ ਗਹਿਰਾ ਸਬੰਧ ਹੈ। ਵਿਗਿਆਨ ਕੀ ਹੈ? ਇਸ ਦਾ ਜਵਾਬ ਹੈ ਕਿ ਲੋੜਾਂ ਦੀ ਪੂਰਤੀ ਲਈ ਹਰ ਜੀਵ-ਨਿਰਜੀਵ, ਕੁਦਰਤੀ ਜਾਂ ਬਨਾਵਟੀ ਸ਼ੈਅ ਦੀ ਘੋਖ-ਪੜਤਾਲ ਕਰਨੀ, ਕਾਰਨਾਂ, ਘਟਨਾਵਾਂ ਤੇ ਨਤੀਜਿਆਂ ਤੱਕ ਪਹੁੰਚਣਾ ਵਿਗਿਆਨ ਹੀ ਹੈ। ਵਿਗਿਆਨ ਦੇ ਅਰਥਾਂ ਦੀ ਜੇ ਗੱਲ ਕਰੀਏ ਤਾਂ ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਜਿਵੇਂ ਕੁਦਰਤ ਦਾ ਕੋਈ ਅੰਤ ਨਹੀਂ ਠੀਕ ਉਸੇ ਤਰ੍ਹਾਂ ਹੀ ਵਿਗਿਆਨ ਕਣ-ਕਣ ਵਿਚ ਹੈ ਅਤੇ ਇਸ ਦਾ ਵੀ ਕੋਈ ਅੰਤ ਨਹੀਂ, ਕਿਉਂਕਿ ਇਹ ਜੀਵਨ ਵਿਚ ਹਰ ਪਹਿਲੂ ਨਾਲ ਸਬੰਧ ਰੱਖਦਾ ਹੈ। ਵਿਗਿਆਨ ਕੁਦਰਤ ਦੇ ਹਰ ਕਣ-ਕਣ 'ਤੇ ਨਿਰਭਰ ਕਰਦਾ ਹੈ ਤੇ ਹਰ ਕਣ ਬਾਰੇ ਜਾਣਕਾਰੀ ਹਾਸਲ ਕਰਨਾ ਸਾਇੰਸ ਹੈ। ਵਿਗਿਆਨ ਦੀ ਹੋਂਦ ਉਦੋਂ ਤੋਂ ਹੀ ਹੈ ਜਦੋਂ ਮਨੁੱਖ ਹੋਂਦ ਵਿਚ ਆਇਆ। ਆਦਿ ਕਾਲ ਤੋਂ ਅਜੋਕੇ ਯੁੱਗ ਤੱਕ ਇਹ ਦੋਵੇਂ ਨਾਲ-ਨਾਲ ਚੱਲਦੇ ਆ ਰਹੇ ਹਨ। ਜਦੋਂ ਮਨੁੱਖ ਨੇ ਸੋਚਣਾ ਸ਼ੁਰੂ ਕੀਤਾ, ਉਦੋਂ ਵਿਗਿਆਨ ਦਾ ਜਨਮ ਹੋਇਆ। ਮਨੁੱਖੀ ਜੀਵਨ ਦੀਆਂ ਲੋੜਾਂ ਨੇ ਮਨੁੱਖ ਨੂੰ ਸੋਚਣ ਲਾਇਆ, ਜਿਸ ਨਾਲ ਵਿਗਿਆਨ ਦਾ ਜਨਮ ਹੋਇਆ। ਆਦਿ ਮਾਨਵ ਹੀ ਸਭ ਤੋਂ ਪਹਿਲਾ ਵਿਗਿਆਨੀ ਸੀ, ਜਿਸ ਨੇ ਹੌਲੀ-ਹੌਲੀ ਸੋਚਣਾ ਸ਼ੁਰੂ ਕੀਤਾ, ਫਿਰ ਅੱਗ, ਪਹੀਏ, ਬਰਤਨਾਂ ਅਤੇ ਹਥਿਆਰਾਂ ਦੀ ਖੋਜ ਕੀਤੀ। ਇਹੀ ਵਿਗਿਆਨ ਦੀ ਬੁਨਿਆਦ ਸੀ, ਜਿਸ ਨੇ ਅੱਗੇ ਚੱਲ ਕੇ ਬਹੁਤ ਦੂਰ ਤੱਕ ਵਿਕਾਸ ਕੀਤਾ। ਵਿਗਿਆਨ ਨੇ ਮਨੁੱਖ ਦੇ ਸੋਚਣ-ਸਮਝਣ ਦੀ ਸਮਰੱਥਾ ਦਾ ਬਹੁਤ ਵਿਸਥਾਰ ਕੀਤਾ ਹੈ, ਸੋਚ ਤੋਂ ਪਰ੍ਹੇ ਦੀਆਂ ਪ੍ਰਾਪਤੀਆਂ ਇਨਸਾਨ ਨੇ ਹਾਸਲ ਕੀਤੀਆਂ ਹਨ। ਇਹ ਸਭ ਖੋਜਾਂ-ਕਾਢਾਂ ਇਨਸਾਨ ਦੀ ਜ਼ਿੰਦਗੀ ਨੂੰ ਸਾਰਥਕ ਅਤੇ ਸੁਖਾਲਾ ਬਣਾਉਣ ਵਿਚ ਸਹਾਇਕ ਹਨ। ਪਰ ਕਈ ਸ਼ੈਤਾਨੀ ਦਿਮਾਗ ਜਦ ਇਸ ਦੀ ਗਲਤ ਮਨਸੂਬਿਆਂ ਨਾਲ ਵਰਤੋਂ ਕਰਦੇ ਹਨ ਤਾਂ ਇਹ ਵਰ ਦੀ ਥਾਂ ਸਰਾਪ ਬਣ ਜਾਂਦਾ ਹੈ। ਦੁਰਵਰਤੋਂ ਦੇ ਕਾਰਨ ਮਨੁੱਖੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਢਾਅ ਲੱਗੀ ਹੈ। ਇਨਸਾਨ ਸਵਾਰਥੀ ਹੋ ਚੁੱਕਾ ਹੈ ਅਤੇ ਕੁਦਰਤੀ ਸਾਧਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਰ ਚੀਜ਼ ਦੀ ਬਹੁਤੀ ਵਰਤੋਂ ਵੀ ਸਾਡੇ ਲਈ ਹਾਨੀਕਾਰਕ ਹੁੰਦੀ ਹੈ ਪਰ ਮਨੁੱਖ ਇਸ ਗੱਲ ਨੂੰ ਨਜ਼ਰਅੰਦਾਜ ਕਰ ਰਿਹਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਨਸ਼ਟ ਕਰ ਰਿਹਾ ਹੈ। ਵਿਗਿਆਨ ਦੀ ਦੁਰਵਰਤੋਂ ਦੇ ਜੋ ਘਾਤਕ ਨਤੀਜੇ ਹਨ ਉਨ੍ਹਾਂ ਦਾ ਕੋਈ ਹੱਲ ਨਹੀਂ। ਸੋ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਸੰਜਮ ਦੀ ਵਰਤੋਂ ਕਰਦੇ ਹੋਏ ਇਸ ਦੇ ਲਾਭ ਲੈਣੇ ਚਾਹੀਦੇ ਹਨ। ਕਿਉਂਕਿ ਵਿਗਿਆਨ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਇਸ ਦਾ ਕੋਈ ਅੰਤ ਨਹੀਂ ਪਰ ਸੰਸਕਾਰਾਂ, ਨੈਤਿਕਤਾ ਅਤੇ ਭਾਵਨਾਵਾਂ ਦੇ ਖੇਤਰ ਵਿਚ ਇਸ ਨੇ ਕੋਈ ਹੱਲ ਸਾਨੂੰ ਨਹੀਂ ਦਿੱਤੇ। ਇਸ ਦਾ ਕਾਰਨ ਇਹ ਹੈ ਕਿ ਇਸ ਅਧਿਆਤਮਿਕ ਅਤੇ ਨੈਤਿਕ ਖੇਤਰ ਵਿਚ ਚੰਗਾ ਜਾਂ ਬੁਰਾ ਸੋਚਣਾ ਸਾਡਾ ਖੁਦ ਦਾ ਫ਼ਰਜ਼ ਹੈ। ਕੁਦਰਤ ਤੇ ਵਿਗਿਆਨ ਵਿਚ ਇਹ ਵੀ ਗੁਣ ਇਕੋ ਜਿਹਾ ਹੈ ਕਿ ਕੁਦਰਤ ਅਤੇ ਵਿਗਿਆਨ ਦੇ ਨਿਯਮਾਂ ਨਾਲ ਛੇੜ-ਛਾੜ ਕਰਨ ਨਾਲ ਇਸ ਦੇ ਨਤੀਜੇ ਭੁਗਤਣੇ ਹੀ ਪੈਂਦੇ ਹਨ।

-ਸ: ਸ: ਅਧਿਆਪਕਾ, ਸ: ਸੀ: ਸੈ: ਸਕੂਲ, ਰੱਲੀ (ਮਾਨਸਾ)। ਮੋਬਾ: 82838-32839

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX