ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕਾਸ਼ ਪੁਰਬ 'ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ...

ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦਗੁਣਾਂ ਨਾਲ ਭਰਪੂਰ ਹੈ। ਆਪ ਜੀ ਨੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ 'ਤੇ ਰੌਸ਼ਨ ਕੀਤਾ ਭਾਵ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ। ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਪਾਵਨ ਗੁਰਬਾਣੀ ਅੰਦਰ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ-
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ
ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ
ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ
ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ 968)
ਗੁਰੂ ਸਾਹਿਬ ਜੀ ਦਾ ਜੀਵਨ ਸਧਾਰਨ ਪਰਿਵਾਰ ਤੋਂ ਆਰੰਭ ਹੋਇਆ ਅਤੇ ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਕਰਕੇ ਗੁਰਗੱਦੀ 'ਤੇ ਬਿਰਾਜਮਾਨ ਹੋਏ। ਆਪ ਜੀ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ ਕੀਤੇ। ਸ੍ਰੀ ਗੁਰੂ ਰਾਮਦਾਸ ਜੀ ਸੰਨ 1534 ਵਿਚ ਪਿਤਾ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਸਮੇਂ ਦੀ ਪਰੰਪਰਾ ਅਨੁਸਾਰ ਵੱਡੇ ਪੁੱਤਰ ਨੂੰ 'ਜੇਠਾ' ਕਿਹਾ ਜਾਂਦਾ ਸੀ, ਜਿਸ ਕਰਕੇ ਪ੍ਰਾਰੰਭਕ ਰੂਪ ਵਿਚ ਆਪ ਜੀ 'ਭਾਈ ਜੇਠਾ ਜੀ' ਦੇ ਨਾਂਅ ਨਾਲ ਜਾਣੇ ਜਾਂਦੇ ਰਹੇ। ਛੋਟੀ ਉਮਰ ਵਿਚ ਹੀ ਆਪ ਜੀ ਦੇ ਮਾਤਾ-ਪਿਤਾ ਸਾਥ ਛੱਡ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਪਰਿਵਾਰਕ ਨਿਰਬਾਹ ਲਈ ਆਪ ਨੂੰ ਘੁੰਗਣੀਆਂ ਵੇਚਣੀਆਂ ਪਈਆਂ। ਇਤਿਹਾਸ ਅਨੁਸਾਰ ਆਪ ਜੀ ਦੇ ਨਾਨੀ ਆਪ ਨੂੰ ਬਾਸਰਕੇ ਲੈ ਆਏ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ-ਲਾਜ ਦੀ ਪ੍ਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ। ਸੰਖੇਪ ਵਿਚ ਵਾਕਿਆਤ ਇਸ ਤਰ੍ਹਾਂ ਹੈ ਕਿ ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਬਾਉਲੀ ਦੀ ਕਾਰ ਵਿਚ ਤਨੋਂ-ਮਨੋਂ ਖੁੱਭੇ ਹੋਏ ਸਨ। ਲਾਹੌਰ ਤੋਂ ਕੁਝ ਸ਼ਰੀਕੇ ਵਾਲੇ ਸ੍ਰੀ ਗੋਇੰਦਵਾਲ ਸਾਹਿਬ ਆਏ। ਆਪ ਨੂੰ ਟੋਕਰੀ ਢੋਂਦੇ ਅਤੇ ਬਸਤਰ ਚਿੱਕੜ ਨਾਲ ਲਿੱਬੜੇ ਹੋਏ ਵੇਖ ਕੇ ਉਨ੍ਹਾਂ ਨੇ ਬੁਰਾ ਮਨਾਇਆ। ਜਦੋਂ ਗੱਲ ਸ੍ਰੀ ਗੁਰੂ ਅਮਰਦਾਸ ਜੀ ਪਾਸ ਪਹੁੰਚੀ ਤਾਂ ਪਾਤਸ਼ਾਹ ਬਖਸ਼ਿਸ਼ਾਂ ਦੇ ਘਰ ਵਿਚ ਆ ਗਏ। ਤੀਸਰੇ ਸਤਿਗੁਰੂ ਜੀ ਦੇ ਮੂੰਹੋਂ ਨਿਕਲਿਆ, 'ਇਹ ਚਿੱਕੜ ਨਹੀਂ ਵਡਿਆਈ ਦਾ ਕੇਸਰ ਤੇ ਗੁਲਾਲ ਹੈ। ਸਿਰ 'ਤੇ ਆਮ ਟੋਕਰੀ ਨਹੀਂ, ਸਗੋਂ ਪਾਤਸ਼ਾਹੀ ਛਤਰ ਝੂਲਣ ਦਾ ਨਿਸ਼ਾਨ ਹੈ।'
ਇਸ ਤਰ੍ਹਾਂ ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪ ਦਿੱਤੀ। ਗੁਰਗੱਦੀ 'ਤੇ ਸੁਭਾਇਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਅਨੇਕਾਂ ਕਾਰਜ ਕੀਤੇ, ਜਿਸ ਨਾਲ ਗੁਰੂ-ਘਰ ਦੀ ਵਡਿਆਈ ਚੁਫੇਰੇ ਫੈਲੀ। ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਆਪ ਜੀ ਦਾ ਇਕ ਅਹਿਮ ਕਾਰਜ ਹੈ। ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ ਇਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਇਹ ਸਰੋਵਰ ਸੰਤੋਖਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਇਸੇ ਦੌਰਾਨ ਆਪ ਨੇ ਨਗਰ 'ਗੁਰੂ ਕਾ ਚੱਕ' ਵਸਾਇਆ, ਜੋ ਬਾਅਦ ਵਿਚ 'ਰਾਮਦਾਸਪੁਰ/ਚੱਕ ਰਾਮਦਾਸ' ਦੇ ਨਾਂਅ ਨਾਲ ਜਾਣਿਆ ਗਿਆ ਅਤੇ ਫਿਰ 'ਸ੍ਰੀ ਅੰਮ੍ਰਿਤਸਰ' ਵਜੋਂ ਮਸ਼ਹੂਰ ਹੋਇਆ। ਆਪ ਨੇ ਇਥੇ ਵਸਣ ਲਈ ਸੰਗਤਾਂ ਨੂੰ ਪ੍ਰੇਰਿਆ। ਇਸ ਨਗਰ ਨੂੰ ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰਾਂ ਦੇ ਕਿਰਤੀਆਂ ਨੂੰ ਇਥੇ ਵਸਾਇਆ। ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ 52 ਕਿੱਤਿਆਂ ਨਾਲ ਸਬੰਧਤ ਲੋਕ ਸਨ। ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਇਕ ਮਿਸਾਲ ਬਣਿਆ। ਆਪ ਨੇ ਇਥੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਵਸਾਏ ਸਨ। 'ਮਸੰਦ' ਪ੍ਰਣਾਲੀ ਦਾ ਆਰੰਭ ਵੀ ਆਪ ਦਾ ਇਕ ਅਹਿਮ ਫੈਸਲਾ ਸੀ। ਮਸੰਦਾਂ ਨੇ ਗੁਰੂ-ਘਰ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ। ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ, ਜੋ ਸੰਗਤਾਂ ਤੋਂ ਗੁਰੂ-ਘਰ ਲਈ ਭੇਟਾ ਇਕੱਠੀ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀਆਂ ਪਰੰਪਰਾਵਾਂ ਦੇ ਪਾਲਣ ਲਈ ਸੰਗਤਾਂ ਨੂੰ ਪ੍ਰੇਰਿਆ ਅਤੇ ਸਿੱਖੀ ਮਰਿਆਦਾ ਨੂੰ ਹੋਰ ਪੱਕਿਆਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੀ ਗਈ ਲੰਗਰ ਦੀ ਮਰਿਆਦਾ ਨੂੰ ਅੱਗੇ ਤੋਰਨ ਵਿਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ।
ਆਪ ਜੀ ਨੇ ਧੁਰ ਕੀ ਬਾਣੀ ਦੀ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਪਾਤਸ਼ਾਹ ਦੀ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਹੈ। ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਸਾਡੀ ਅਧਿਆਤਮਿਕ ਤੇ ਸਮਾਜਿਕ ਅਗਵਾਈ ਕਰਦੀ ਹੋਈ ਚੰਗੇ ਜੀਵਨ ਜਿਊਣ ਲਈ ਮਾਰਗ ਦਰਸ਼ਨ ਦਿੰਦੀ ਹੈ। ਆਪ ਜੀ ਦੀ ਸੁਖਦਾਈ ਗੁਰਬਾਣੀ ਦੀ ਵਡਿਆਈ ਕਰਦੇ ਹੋਏ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਅੰਦਰ ਲਿਖਦੇ ਹਨ-
ਗੁਰ ਉਚਰੈਂ ਬਾਨੀ ਅਮ੍ਰਤ ਸਾਂਨੀ
ਬੇਦ ਅਧਕਾਨੀ ਸੁਖਦਾਨੀ।
ਜੋ ਸੁਨ ਨਰ ਨਾਰੀ ਕਟੈਂ ਬਿਕਾਰੀ
ਲਹਿ ਫਲ ਚਾਰੀ ਮੁਦ ਖਾਨੀ। (ਪੰਥ ਪ੍ਰਕਾਸ਼)
ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ। ਜੇਕਰ ਅਸੀਂ ਆਪ ਜੀ ਦੀ ਬਾਣੀ ਦੇ ਸੁਨੇਹੇ ਦਾ ਸਹੀ ਬੋਧ ਪ੍ਰਾਪਤ ਕਰ ਕੇ ਅਮਲ ਵਿਚ ਲਿਆਉਣ ਲਈ ਯਤਨਸ਼ੀਲ ਹੋਵਾਂਗੇ ਤਾਂ ਯਕੀਨਨ ਸਾਡੀ ਜੀਵਨ ਯਾਤਰਾ ਸਫ਼ਲ ਹੋ ਸਕਦੀ ਹੈ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।


ਖ਼ਬਰ ਸ਼ੇਅਰ ਕਰੋ

ਮੂਲ ਮੰਤਰ ਅਤੇ ਪਰਮਾਤਮਾ ਦਾ ਸਰੂਪ

ਕਿਸੇ ਵੀ ਸਿੱਖ ਗੁਰੂ ਸਾਹਿਬ ਨੇ ਨਾ ਤਾਂ ਪਰਮਾਤਮਾ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਿਲਣ ਦਾ ਅਤੇ ਨਾ ਹੀ ਉਸ ਨੂੰ ਦੇਖਣ ਦਾ ਦਾਅਵਾ ਕੀਤਾ ਹੈ। ਸਿੱਖ ਚਿੰਤਨ ਅਨੁਸਾਰ ਉਹ ਹਰ ਜੀਵ ਅਤੇ ਹਰ ਵਸਤ ਦਾ ਸਿਰਜਣਹਾਰ ਹੈ ਪਰ ਉਸ ਨੂੰ ਕਿਸੇ ਨੇ ਨਹੀਂ ਸਿਰਜਿਆ। ਆਪਣੀ ਅਮਰ ਬਾਣੀ ਜਪੁ ਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ :
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਅੰਗ 2)
ਭਾਵੇਂ ਉਹ ਹਰ ਜੀਵ ਅਤੇ ਹਰ ਵਸਤ ਵਿਚ ਮੌਜੂਦ ਹੈ ਪਰ ਫਿਰ ਵੀ ਦਿਖਾਈ ਨਹੀਂ ਦਿੰਦਾ। ਉਹ ਸਰਬ-ਸ਼ਕਤੀਮਾਨ, ਸਰਬ-ਵਿਆਪਕ ਅਤੇ ਸਰਬ-ਗਿਆਤਾ ਹੈ ਪਰ ਮਨੁੱਖ ਫਿਰ ਵੀ ਉਸ ਨੂੰ ਪਹਿਚਾਣਨ ਵਿਚ ਅਸਮਰੱਥ ਰਹਿੰਦਾ ਹੈ। ਉਸ ਦਾ ਵਰਣਨ ਕਰਨਾ ਤਾਂ ਇਕ ਪਾਸੇ ਰਿਹਾ, ਮਨੁੱਖ ਤਾਂ ਉਸ ਦੀ ਤਿਲ-ਮਾਤਰ ਉਪਮਾ ਵੀ ਨਹੀਂ ਕਰ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਹੀ ਦਿੱਤੇ ਅਤੇ ਇਸ ਵਿਚ ਕੁੱਲ 21 ਵਾਰ ਦੁਹਰਾਏ ਗਏ 'ਮੂਲ-ਮੰਤਰ' ਵਿਚ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦਾ ਜੋ ਸਰੂਪ ਚਿਤਵਿਆ ਹੈ, ਉਹ ਇਸ ਪ੍ਰਕਾਰ ਹੈ :
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ੴ ਦੀ ਵਿਆਖਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ੴ ਨਾਲ ਹੁੰਦੀ ਹੈ ਅਤੇ ਇਹ ਸ਼ਬਦ ਹਰ ਸਿੱਖ ਦੁਆਰਾ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਇਹ ਅਕਾਲ ਪੁਰਖ ਬਾਰੇ ਇਕ ਅਜਿਹਾ ਸੰਕਲਪ ਹੈ, ਜਿਸ ਦੁਆਲੇ ਸਮੁੱਚਾ ਸਿੱਖ ਚਿੰਤਨ ਘੁੰਮਦਾ ਹੈ ਅਤੇ ਸਾਡਾ ਮਾਰਗ ਦਰਸ਼ਨ ਕਰਦਾ ਹੈ। ਇਸ ਦੀ ਵਿਆਖਿਆ ਕਰਦੇ ਹੋਏ ਗੁਰਬਾਣੀ ਦੇ ਪ੍ਰਸਿੱਧ ਵਿਦਵਾਨ ਅਤੇ ਟੀਕਾਕਾਰ ਪ੍ਰੋ: ਸਾਹਿਬ ਸਿੰਘ ਲਿਖਦੇ ਹਨ : ਇਸ ਸ਼ਬਦ ਦੇ ਤਿੰਨ ਹਿੱਸੇ ਹਨ-ਗੁਰਮੁਖੀ ਦਾ ਅੰਕ ਇਕ (੧); ਗੁਰਮੁਖੀ ਲਿਪੀ ਦਾ ਪਹਿਲਾ ਅੱਖਰ 'ੳ' ਜੋ ਖੁੱਲ੍ਹੇ ਮੂੰਹ ਵਾਲਾ 'ਓ' ਹੈ; ਅਤੇ ਕਾਰ ()। ਅੰਕ '੧' ਅਕਾਲ ਪੁਰਖ ਦੇ ਇਕ ਹੋਣ ਦਾ ਬੋਧਕ ਹੈ ਜਦ ਕਿ ਖੁੱਲ੍ਹੇ ਮੁੂੰਹ ਵਾਲਾ 'ਓ' ਓਅੰ ਦਾ ਬੋਧਕ ਹੈ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ 'ਓਅੰ' ਸਭ ਦੀ ਰੱਖਿਆ ਕਰਨ ਵਾਲੇ ਕਰਤਾਰ ਲਈ ਵਰਤਿਆ ਗਿਆ ਹੈ। ਇਸ ਤਰ੍ਹਾਂ ਨਾਲ ਜਦ 'ਓਅੰ ਨਮ', 'ਓਅੰ ਨਮਹ' ਜਾਂ 'ਓਅੰਨਮੋ' ਕਿਹਾ ਜਾਂਦਾ ਹੈ ਤਾਂ ਉਸ ਦਾ ਭਾਵ ਸਭ ਦੀ ਰੱਖਿਆ ਕਰਨ ਵਾਲੇ ਕਰਤਾਰ ਨੂੰ ਨਮਸਕਾਰ ਕਰਨਾ ਹੁੰਦਾ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਅੱਖਰਾਂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਮੰਨ ਕੇ 'ਓਅੰ' ਨੂੰ ਤਿੰਨੋਂ ਦੇਵਤਿਆਂ ਦਾ ਰੂਪ ਕਲਪਿਆ ਹੈ। ਇਸ ਤਰ੍ਹਾਂ ਪ੍ਰਸਿੱਧ ਹਿੰਦੂ ਪੰਚਾਕਸ਼ਰ ਮੰਤਰ ਓਮ ਨਮੋ ਸ਼ਿਵਾ ਦਾ ਅਰਥ ਹੈ ਭਗਵਾਨ ਸ਼ਿਵ ਨੂੰ ਨਮਸਕਾਰ। ਪਰ ਗੁਰਮਤ ਵਿਚ ਇਸ ਅੱਗੇ ਅੰਕ ਇਕ '੧' ਲਿਖ ਕੇ ਸਪੱਸ਼ਟ ਕੀਤਾ ਹੈ ਕਿ ਸਾਡਾ ਰੱਖਿਅਕ ਕਰਤਾਰ ਇਕ ਹੀ ਹੈ। ਕਾਰ () ਸੰਸਕ੍ਰਿਤ ਦਾ ਇਕ ਪਿਛੇਤਰ ਹੈ, ਜਿਸ ਦਾ ਅਰਥ 'ਇਕ-ਰਸ, ਜਿਸ ਵਿਚ ਤਬਦੀਲੀ ਨਾ ਆਵੇ' ਹੁੰਦਾ ਹੈ।
ੴ ਦਾ ਸਹੀ ਉਚਾਰਣ 'ਇਕ ਓਅੰਕਾਰ' ਹੈ, ਏਕਮਕਾਰ ਨਹੀਂ, ਜਿਵੇਂ ਕਿ ਕੁਝ ਲੋਕਾਂ ਦੁਆਰਾ ਬੋਲਿਆ ਜਾਂਦਾ ਹੈ। ਇਸ ਦਾ ਸੰਖੇਪ ਅਤੇ ਸਰਲ ਅਰਥ ਇਹ ਹੈ ਕਿ ਅਕਾਲ ਪੁਰਖ ਇਕ ਹੈ ਅਤੇ ਉਹ ਹਰ ਥਾਂ ਇਕ-ਰਸ ਵਿਆਪਕ ਹੈ। ਭਾਰਤ ਵਿਚ ਭੂਦਾਨ ਲਹਿਰ ਦੇ ਮੋਢੀ ਅਤੇ ਪ੍ਰਸਿੱਧ ਸਰਵੋਦਿਆ ਨੇਤਾ ਵਿਨੋਵਾ ਭਾਬੇ ਜਪੁ ਜੀ ਸਾਹਿਬ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ-ੴ ਇਕ ਨਾਦਾਤਮਿਕ ਚਿੰਨ੍ਹ ਅਤੇ ਨਾਦ-ਰੂਪੀ ਧੁਨੀ ਹੈ। ਇਸ ਪ੍ਰਕਾਰ ਦੇ ਸ਼ਬਦ ਨਾਲ ਚਿੰਤਨ ਵਿਚ ਸਹਾਇਤਾ ਮਿਲਦੀ ਹੈ। ਓਅੰਕਾਰ ਨੂੰ ਵੇਦਾਂ ਦਾ ਸਾਰ ਮੰਨਿਆ ਜਾਂਦਾ ਹੈ। ਉਪਨਿਸ਼ਦ ਅਤੇ ਗੀਤਾ ਵਿਚ ਵੀ ਇਸੇ ਦਾ ਹੀ ਉਪਯੋਗ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਪੁਰਾਣੇ ਵਿਚਾਰ ਦਾ ਆਧਾਰ ਲੈ ਕੇ ਇਕ ਨਵਾਂ ਵਿਚਾਰ ਦਿੱਤਾ ਹੈ ਅਤੇ ਪ੍ਰੰਪਰਾ ਵਿਚ ਨਵੀਨਤਾ ਸ਼ਾਮਲ ਕਰਕੇ ਇਸ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ।
ਵਿਦਵਾਨ ਖੁੱਲ੍ਹੇ ਮੂੰਹ ਵਾਲੇ 'ਓ' ਅਤੇ ਇਸ ਅੱਗੇ ਲੱਗੀ ਕਾਰ ਦਾ ਅਰਥ ਇਹ ਵੀ ਕਰਦੇ ਹਨ ਕਿ ਇਸ ਕਾਇਨਾਤ ਦੀ ਹਰ ਦਿਖਾਈ ਜਾਂ ਨਾ-ਦਿਖਾਈ ਦੇਣ ਵਾਲੀ ਸ਼ੈਅ ਇਸ ਅੰਦਰ ਸਮਾਈ ਹੋਈ ਹੈ ਅਤੇ ਕੁਝ ਵੀ ਇਸ ਤੋਂ ਬਾਹਰ ਨਹੀਂ ਹੈ। ਇਸ ਤਰ੍ਹਾਂ ਨਾਲ ੴ ਜਿੱਥੇ ਅਕਾਲ ਪੁਰਖ ਦਾ ਸੂਚਕ ਬਣਦਾ ਹੈ, ਉੱਥੇ ਹੀ ਇਹ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਮੂਹ ਸ੍ਰਿਸ਼ਟੀ ਦੇ ਰੱਖਿਅਕ ਹੋਣ ਦਾ ਲਖਾਇਕ ਵੀ ਬਣਦਾ ਹੈ।
ਮੂਲ ਮੰਤਰ ਦੀ ਵਿਆਖਿਆ
ਪਰਮਾਤਮਾ ਇਕ ਹੈ। ਉਸ ਦਾ ਨਾਮ ਸੱਚਾ ਅਰਥਾਤ ਸਦੀਵੀ ਹੋਂਦ ਵਾਲਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਸ ਵਿਚ ਇਕ-ਰਸ ਵਿਆਪਕ ਹੈ। ਉਹ ਭੈਅ ਅਤੇ ਵੈਰ ਤੋਂ ਮੁਕਤ ਹੈ। ਉਹ ਕਾਲ ਤੋਂ ਬਾਹਰ ਹੈ ਅਰਥਾਤ ਉਸ ਉੱਪਰ ਨਾ ਤਾਂ ਸਮੇਂ ਦਾ ਕੋਈ ਅਸਰ ਹੁੰਦਾ ਹੈ ਤੇ ਨਾ ਹੀ ਉਸ ਨੂੰ ਕਾਲ (ਮੌਤ) ਛੂਹ ਸਕਦਾ ਹੈ। ਉਹ ਜੂਨਾਂ ਤੋਂ ਰਹਿਤ ਹੈ ਅਰਥਾਤ ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਉਹ ਆਪਣੇ-ਆਪ ਹੀ ਹੋਂਦ ਵਿਚ ਆਇਆ ਹੈ ਅਰਥਾਤ ਉਹ ਕਿਸੇ ਹੋਰ ਸ਼ਕਤੀ ਦੁਆਰਾ ਨਹੀਂ ਸਿਰਜਿਆ ਗਿਆ। ਅਜਿਹੇ ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਅਤੇ ਮਿਹਰ ਸਦਕਾ ਹੀ ਹੋ ਸਕਦੀ ਹੈ।
ਜਪੁ ਜੀ ਸਾਹਿਬ ਦੇ ਆਰੰਭ ਵਿਚ ਹੀ ਅੰਕਿਤ ਮੰਗਲਾਚਰਣ ਰੂਪੀ ਸਲੋਕ ਵਿਚ ਪਰਮਾਤਮਾ ਦੇ ਸਰੂਪ ਬਾਰੇ ਹੋਰ ਸਪੱਸ਼ਟ ਕਰਦੇ ਹੋਏ ਗੁਰੂ ਸਾਹਿਬ ਲਿਖਦੇ ਹਨ ਕਿ ਉਹ ਆਦਿ ਕਾਲ ਅਰਥਾਤ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਮੌਜੂਦ ਸੀ, ਉਹ ਹਰ ਯੁੱਗ ਵਿਚ ਵੀ ਮੌਜੂਦ ਰਿਹਾ ਹੈ, ਉਹ ਹੁਣ ਵੀ ਮੌਜੂਦ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਮੌਜੂਦ ਰਹੇਗਾ (ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ)।
ਵੱਖ-ਵੱਖ ਨਾਂਅ ਅਤੇ ਰੂਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਭੂ-ਪਰਮਾਤਮਾ ਲਈ ਬਹੁਤ ਸਾਰੇ ਨਾਵਾਂ ਅਤੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਉਸ ਲਈ ਜੋ ਵੱਖ-ਵੱਖ ਨਾਂਅ ਵਰਤੇ ਗਏ ਹਨ, ਉਨ੍ਹਾਂ ਵਿਚ ਹਰੀ, ਰਾਮ, ਪ੍ਰਭੂ, ਗੋਪਾਲ, ਪਰਮਾਤਮਾ, ਕਰਤਾ, ਠਾਕੁਰ, ਦਾਤਾ, ਪ੍ਰਮੇਸ਼ਰ, ਨਾਰਾਇਣ, ਅੰਤਰਜਾਮੀ, ਮੁਰਾਰੀ, ਜਗਦੀਸ਼, ਸਤਿਨਾਮ, ਅੱਲ੍ਹਾ, ਮੋਹਨ, ਭਗਵਾਨ, ਨਿਰੰਕਾਰ, ਵਾਹਿਗੁਰੂ ਆਦਿ ਸ਼ਾਮਲ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ (8000 ਤੋਂ ਵੀ ਵੱਧ ਵਾਰ) ਵਰਤਿਆ ਜਾਣ ਵਾਲਾ ਸ਼ਬਦ ਹਰੀ ਜਾਂ ਹਰਿ ਹੈ ਜਦ ਕਿ ਰਾਮ ਸ਼ਬਦ ਨੂੰ 2500 ਦੇ ਕਰੀਬ ਵਾਰ ਵਰਤਿਆ ਗਿਆ ਹੈ।
ਪਰਮਾਤਮਾ ਰੂਪੀ ਸਰਬ-ਉੱਚ ਸ਼ਕਤੀ ਲਈ ਜੋ ਵਿਸ਼ੇਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ ਉਨ੍ਹਾਂ ਵਿਚ ਆਦਿ, ਅਨੀਲ (ਸ਼ੁੱਧ, ਪਵਿੱਤਰ), ਅਨਾਹਦ (ਰੂਹਾਨੀ ਨਾਦ), ਅਗਮ (ਅਪਹੁੰਚ), ਅਗੋਚਰ, ਅਨੂਪ (ਜਿਸ ਦੀ ਉਪਮਾ ਕਰਨੀ ਸੰਭਵ ਨਾ ਹੋਵੇ), ਅਪਾਰ, ਬੇਅੰਤ, ਅਕਾਲ, ਅਜੂਨੀ, ਸੈਭੰ, ਨਿਰਭਉ, ਨਿਰਵੈਰ, ਪਾਤਸ਼ਾਹਾਂ ਦਾ ਪਾਤਸ਼ਾਹ, ਦਾਤਾ, ਦਾਤਾਰ ਆਦਿ ਸ਼ਾਮਲ ਹਨ। ਉਹ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ ਅਤੇ ਪ੍ਰਕਾਸ਼ਵਾਨ ਹੈ ਪਰ ਉਸ ਨੂੰ ਦੇਖਣਾ ਜਾਂ ਸਮਝਣਾ ਮਨੁੱਖੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਨੂੰ ਕੇਵਲ ਅਹਿਸਾਸਿਆ ਹੀ ਜਾ ਸਕਦਾ ਹੈ। ਉਹ ਕਰਤਾ ਵੀ ਹੈ ਤੇ ਕਰਤਾਰ ਵੀ ਹੈ, ਦਾਤਾ ਵੀ ਹੈ ਅਤੇ ਦਾਤਾਰ ਵੀ ਹੈ, ਰਹਿਮਵਾਨ ਵੀ ਹੈ ਅਤੇ ਬਖ਼ਸ਼ਣਹਾਰ ਵੀ ਹੈ। ਇੰਨਾ ਕੁਝ ਕਹੇ ਜਾਣ ਦੇ ਬਾਵਜੂਦ ਨਾ ਤਾਂ ਉਸ ਦੇ ਗੁਣਾਂ ਦਾ, ਨਾ ਉਸ ਦੀ ਸ਼ਕਤੀ ਦਾ ਅਤੇ ਨਾ ਹੀ ਉਸ ਦੇ ਸਰੂਪ ਦਾ ਵਰਣਨ ਕਰਨਾ ਸੰਭਵ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਜਾਪੁ ਸਾਹਿਬ ਵਿਚ ਇਸ ਗੱਲ ਦਾ ਨਿਬੇੜਾ ਕਰਦੇ ਹੋਏ ਕਹਿੰਦੇ ਹਨ:
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ॥
ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਸੋ ਦਰ' ਵਿਚ ਵੀ ਸਪੱਸ਼ਟ ਕੀਤਾ ਹੈ ਕਿ ਲੱਖ ਯਤਨ ਕਰਨ 'ਤੇ ਵੀ ਉਸ ਦੀ ਤਿਲ ਮਾਤਰ ਵਡਿਆਈ ਨਹੀਂ ਕੀਤੀ ਜਾ ਸਕਦੀ-
ਵਡੇ ਮੇਰੇ ਸਾਹਿਬਾ
ਗਹਿਰ ਗੰਭੀਰਾ ਗੁਣੀ ਗਹੀਰਾ॥
ਕੋਇ ਨਾ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ਰਹਾਉ॥
ਸਭ ਸੁਰਤੀ ਮਿਲਿ ਸੁਰਤਿ ਕਮਾਈ॥
ਸਭ ਕੀਮਤਿ ਮਿਲਿ ਕੀਮਤਿ ਪਾਈ॥
ਗਿਆਨੀ ਧਿਆਨੀ ਗੁਰ ਗੁਰਹਾਈ॥
ਕਹਣੁ ਨਾ ਜਾਈ ਤੇਰੀ ਤਿਲੁ ਵਡਿਆਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 9)
ਅਸਲ ਵਿਚ ਉਹ ਗੁਣਾਂ ਦਾ ਏਨਾ ਵਿਸ਼ਾਲ, ਗਹਿਰਾ ਅਤੇ ਗੰਭੀਰ ਸਮੁੰਦਰ ਹੈ ਕਿ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਉਸ ਦਾ ਚੀਰਾ ਅਰਥਾਤ ਪਸਾਰਾ ਜਾਂ ਵਿਸਥਾਰ ਕਿੰਨਾ ਵੱਡਾ ਹੈ। ਉਸ ਬਾਰੇ ਤਾਂ ਅਸੀਂ ਕੇਵਲ ਇਕ ਹੀ ਗੱਲ ਯਕੀਨ ਨਾਲ ਕਹਿ ਸਕਦੇ ਹਾਂ ਅਤੇ ਉਹ ਹੈ ਗੁਰੂ ਨਾਨਕ ਸਾਹਿਬ ਦੁਆਰਾ ਰਾਗ ਧਨਾਸਰੀ ਵਿਚ ਉਚਾਰੀ ਗਈ ਬਾਣੀ ਦੀਆਂ ਇਹ ਤੁਕਾਂ-
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣ ਸਭ ਮਹਿ ਚਾਨਣ ਹੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 13)
ਉਹ ਇਕ ਹੈ ਅਤੇ ਸਭ ਉਸ ਦਾ ਪਸਾਰਾ ਹੈ। ਉਸ ਦੇ ਅਨੇਕਾਂ ਰੂਪ ਹਨ ਅਤੇ ਲੋਕ ਉਸ ਨੂੰ ਅਣਗਿਣਤ ਨਾਵਾਂ ਨਾਲ ਪੁਕਾਰ ਰਹੇ ਹਨ :
ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨਾ ਜਾਹੀ ਤੇਰੇ ਗੁਣ ਕੇਤੇ॥
(ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 358)
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦਾ ਸਰੂਪ ਸਮਝਣ ਲਈ ਸਾਨੂੰ ਮੂਲ-ਮੰਤਰ ਦੀ ਭਾਵਨਾ ਨੂੰ ਸਮਝਣਾ ਅਤੇ ਆਪਣਾਉਣਾ ਪਵੇਗਾ। ਉਹ ਇਕ ਹੈ, ਸਾਡਾ ਸਭ ਦਾ ਸਿਰਜਣਹਾਰ ਅਤੇ ਪ੍ਰਿਤਪਾਲਕ ਹੈ ਪਰ ਅਸੀਂ ਉਸ ਦਾ ਕਿਸੇ ਤਰ੍ਹਾਂ ਵੀ ਭੇਦ ਨਹੀਂ ਪਾ ਸਕਦੇ। ਉਸ ਦੇ ਨਾਂਅ 'ਤੇ ਕੋਈ ਲੜਾਈ-ਝਗੜਾ ਕਰਨਾ ਕੇਵਲ ਅਗਿਆਨਤਾ ਅਤੇ ਮੂਰਖਤਾ ਹੈ। ਉਸ ਨੇ ਸਾਨੂੰ ਸਭ ਨੂੰ ਸਮਾਨ ਰੂਪ ਵਿਚ ਸਿਰਜਿਆ ਹੈ ਅਤੇ ਸਾਡੇ ਦੁਆਰਾ ਕਿਸੇ ਨਾਲ ਭੇਦ-ਭਾਵ ਕੀਤੇ ਜਾਣ ਜਾਂ ਨਫ਼ਰਤ ਕੀਤੇ ਜਾਣ ਦਾ ਭਾਵ ਹੈ ਆਪਣੇ ਹੀ ਸਿਰਜਣਹਾਰ ਨਾਲ ਭੇਦ-ਭਾਵ ਜਾਂ ਨਫ਼ਰਤ ਕਰਨਾ। ਸਾਨੂੰ ਹਮੇਸ਼ਾ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ, ਉਸ ਨੂੰ ਆਪਣੇ ਅੰਗ-ਸੰਗ ਸਮਝਣਾ ਚਾਹੀਦਾ ਹੈ ਅਤੇ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਪਰਮਾਤਮਾ ਦਾ ਅਪਮਾਨ ਹੁੰਦਾ ਹੋਵੇ ਜਾਂ ਉਹ ਸਾਡੇ ਨਾਲ ਨਾਰਾਜ਼ ਹੁੰਦਾ ਹੋਵੇ।


-(ਸ਼੍ਰੋਮਣੀ ਸਾਹਿਤਕਾਰ)
292, ਸੋਹਜ ਵਿਲਾ, ਹਮਾਯੂੰਪੁਰ, ਸਰਹਿੰਦ (ਫ਼ਤਹਿਗੜ੍ਹ ਸਾਹਿਬ)। ਮੋਬਾ: 98155-01381

ਗੁਰਦੁਆਰਾ ਰਬਾਬਸਰ, ਭਰੋਆਣਾ

ਰਬਾਬ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਡਾਢਾ ਗਹਿਰਾ ਸੰਬੰਧ ਹੈ। ਜਿਉਂ ਹੀ ਧੁਰ ਕੀ ਬਾਣੀ ਉਤਰਦੀ, ਗੁਰੂ ਜੀ ਮਰਦਾਨੇ ਨੂੰ ਆਖਦੇ, 'ਮਰਦਾਨਿਆਂ ਰਬਾਬ ਵਜਾਇ, ਬਾਣੀ ਆਈ ਆ'। ਮਰਦਾਨੇ ਦੀ ਰਬਾਬ ਤੇ ਗੁਰੂ ਜੀ ਦੇ ਸ਼ਬਦ ਇਕ ਅਲੌਕਿਕ ਸੰਗੀਤਕ ਮਾਹੌਲ ਸਿਰਜ ਦਿੰਦੇ। ਦੋਵਾਂ ਨੂੰ ਗੈਬੀ ਰੱਬੀ ਦਾਤਾਂ ਪ੍ਰਾਪਤ ਸਨ। ਐਸਾ ਠਾਟ ਬੱਝਦਾ ਜੋ ਸੁਣਦਾ, ਨਿਹਾਲ ਹੋ ਜਾਂਦਾ। ਕਲਯੁੱਗ ਦਾ ਪਹਿਰਾ ਟਲ ਜਾਂਦਾ, ਮਨਾਂ ਦੀ ਕਾਲਖ ਧੋ ਹੋ ਜਾਂਦੀ। ਸੱਜਣ ਠੱਗ ਵਰਗਿਆਂ ਦੀ ਅੰਦਰੂਨੀ ਸੱਜਣਤਾਈ ਬੁਰਾਈ ਨੂੰ ਪਿਛਾਂਹ ਧਕੇਲ ਦਿੰਦੀ। ਕੌਡੇ ਰਾਖਸ਼ ਦੀ ਚੰਡਾਲ ਬਿਰਤੀ ਵੀ ਸੋਚੀਂ ਪੈ ਜਾਂਦੀ।
ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਦੋਵੇਂ ਇਕੋ ਪਿੰਡ ਦੇ ਸਨ। ਮਰਦਾਨਾ ਮਿਰਾਸੀ ਜਾਤ ਨਾਲ ਸਬੰਧਤ ਸੀ। ਉਸ ਦੇ ਪਿਤਾ ਦਾ ਨਾਂਅ ਮੀਰ ਬਾਦਰਾ ਸੀ ਅਤੇ ਮਾਂ ਦਾ ਨਾਂਅ ਸੀ ਮਾਈ ਲੱਖੋ। ਇਥੇ ਜਾਣ ਲੈਣਾ ਜ਼ਰੂਰੀ ਹੈ ਕਿ ਮਿਰਾਸੀ ਭਾਵੇਂ ਛੋਟੀ ਜਾਤ ਗਿਣੀ ਜਾਂਦੀ ਹੈ ਪਰ ਮਿਰਾਸੀਆਂ ਵਿਚ ਮੀਰ ਮਿਰਾਸੀ ਆਪਣੇ ਸਮਾਜਿਕ ਭਾਈਚਾਰੇ ਵਿਚ ਉੱਚਾ ਸਥਾਨ ਰੱਖਦੇ ਹਨ। ਮੀਰ ਸਨਮਾਨ-ਸੂਚਿਤ ਸ਼ਬਦ ਹੈ। ਮੀਰ-ਮਿਰਾਸੀਆਂ ਦਾ ਮੁੱਖ ਕੰਮ ਹੁੰਦਾ ਹੈ ਆਪਣੇ ਜਜਮਾਨਾਂ ਦੀ ਸਿਫਤ ਸਲਾਹ ਵਿਚ ਗਾਉਣਾ, ਖਾਸ ਤੌਰ 'ਤੇ ਖੁਸ਼ੀ ਦੇ ਮੌਕਿਆਂ 'ਤੇ। ਉਨ੍ਹਾਂ ਦੀ ਬੰਸਾਵਲੀ ਦਾ ਹਿਸਾਬ-ਕਿਤਾਬ ਰੱਖਣਾ ਅਤੇ ਕਵਿਤਾ ਵਿਚ ਬੰਸਾਵਲੀ ਦੀਆਂ ਸਿਫਤਾਂ ਉਚਾਰਨੀਆਂ। ਮੌਕੇ-ਬ-ਮੌਕੇ ਆਪ ਦੇ ਜਜਮਾਨਾਂ ਦੀ ਟਹਿਲ ਸੇਵਾ ਕਰਨੀ।
ਮਰਦਾਨਾ ਗੁਰੂ ਜੀ ਤੋਂ ਕੋਈ 9-10 ਸਾਲ ਵੱਡਾ ਸੀ। ਸੋਹਣਾ ਗਾ ਲੈਂਦਾ ਸੀ, ਬਿਨਾਂ ਕਿਸੇ ਵਾਜੇ, ਗਾਜੇ ਤੋਂ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਮਰਦਾਨੇ ਨੂੰ ਗੁਰੂ ਜੀ ਨੇ ਕਾਨਿਆਂ ਦਾ ਇਕ ਸਾਜ਼ ਬਣਾ ਕੇ ਦਿੱਤਾ ਅਤੇ ਗਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਮਰਦਾਨੇ ਨੂੰ ਸਮਝਾਇਆ: ਇਨ੍ਹਾਂ ਦੁਨਿਆਵੀ ਜਜਮਾਨਾਂ ਦੀ ਕਸੀਦੇ ਗਾਉਣ ਨਾਲੋਂ ਉਸ ਸੱਚੇ ਪਰਮਾਤਮਾ ਦੇ ਗੁਣ ਗਾਇਨ ਕੀਤੇ ਜਾਣ ਜੋ ਸਭ ਦਾ ਮਾਲਕ-ਖਾਲਕ ਹੈ। ਸਿੱਧਾ ਉਸ ਦਾਤੇ ਤੋਂ ਮੰਗੀਏ, ਜਿਸ ਤੋਂ ਇਹ ਵੀ ਮੰਗਦੇ ਨੇ। ਮਰਦਾਨੇ ਦੇ ਗੱਲ ਖਾਨੇ ਪਈ ਤਾਂ ਉਸ ਨੇ ਕਬੀਰ, ਤਰਲੋਚਨ, ਰਵਿਦਾਸ, ਧੰਨੇ ਅਤੇ ਬੈਣੀ ਦੇ ਦੋਹੇ ਗਾਉਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਦੀਆਂ ਰਚਨਾਵਾਂ ਵੀ ਉਹ ਬਹੁਤ ਹੁੱਬ ਕੇ ਗਾਉਂਦਾ।
ਗੁਰੂ ਜੀ ਦੀ ਨਜ਼ਰ ਵਿਚ ਰਬਾਬ ਬਹੁਤ ਪਿਆਰਾ ਸਾਜ਼ ਸੀ। ਅਫਗਾਨੀ ਕਿਹਾ ਜਾਂਦਾ ਇਹ ਸਾਜ਼ 12ਵੀਂ-13ਵੀਂ ਸਦੀ ਤੋਂ ਹਿੰਦੁਸਤਾਨ ਵਿਚ ਵੀ ਬਹੁਤ ਮਕਬੂਲ ਹੋ ਗਿਆ ਸੀ। ਹੌਲੀ-ਹੌਲੀ ਮਰਦਾਨਾ ਰਬਾਬ-ਨੁਮਾ ਸਾਜ਼ ਵਜਾਉਣ ਵਿਚ ਪ੍ਰਪੱਕ ਹੋਣ ਲੱਗਾ ਅਤੇ ਗੁਰੂ ਜੀ ਦੇ ਨਾਲ ਅਲਾਹੀ ਕੀਰਤਨ ਕਰਨ ਵਿਚ ਨਿਪੁੰਨ ਹੋਈ ਗਿਆ। ਮਰਦਾਨੇ ਅਤੇ ਰਬਾਬ ਦਾ ਰਿਸ਼ਤਾ ਮਾਨੋਂ ਰੂਹ-ਕਲਬੂਤ ਵਰਗਾ ਬਣਦਾ ਗਿਆ। ਗੁਰੂ ਬਾਬੇ ਨੂੰ ਇੰਜ ਮਹਿਸੂਸ ਹੋਣ ਲੱਗਾ, ਜਿਵੇਂ ਅਨਹਦ ਸ਼ਬਦ ਦਾ ਸੰਬੰਧ ਰਬਾਬ ਤੋਂ ਬਿਨਾਂ ਸੰਭਵ ਨਹੀਂ ਸੀ-
ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸਬਦ ਵਜਾਵੈ।
ਭਾਈ ਗੁਰਦਾਸ ਜੀ ਵੀ ਮਰਦਾਨੇ ਅਤੇ ਰਬਾਬ ਦਾ ਅਟੁੱਟ ਸੰਬੰਧ ਦਰਸਾਉਂਦੇ ਹਨ-
ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ।
ਮਰਦਾਨਾ ਰਬਾਬ ਵਜਾਉਣ ਵਿਚ ਕਿੰਨਾ ਪਰਵੀਨ ਸੀ, ਇਹ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਗੁਰੂ ਜੀ ਦੀ 19 ਰਾਗਾਂ ਵਿਚ ਗਾਈ ਹੋਈ ਬਾਣੀ ਨਾਲ ਉਹ ਸੰਗੀਤ ਦਿੰਦਾ ਰਿਹਾ।
ਗੁਰੂ ਜੀ ਕਦੋਂ ਸੁਲਤਾਨਪੁਰ ਪਹੁੰਚੇ, ਇਸ ਬਾਰੇ ਨਿਸ਼ਚੈ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਯਕੀਨਨ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਉਦਾਸੀਆਂ 'ਤੇ ਚੱਲਣ ਦਾ ਫੈਸਲਾ ਲਿਆ, ਉਸ ਸਮੇਂ ਉਨ੍ਹਾਂ ਦੀ ਉਮਰ 35 ਕੁ ਸਾਲ ਸੀ ਅਤੇ ਮਰਦਾਨਾ ਉਨ੍ਹਾਂ ਦਾ ਪੱਕਾ ਸਾਥੀ ਸੀ। ਹੁਣ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਫਲਸਫੇ ਨੂੰ ਅਤਿ ਸੋਹਣੇ ਸ਼ਬਦਾਂ ਅਤੇ ਕਲਾ ਵਿਚ ਉਤਾਰ ਕੇ, ਗਾਇਨ ਕਰਕੇ ਉਨ੍ਹਾਂ ਨੂੰ ਸਰਵਣ ਕਰਾਉਣਾ ਪਹਿਲਾਂ ਤੋਂ ਵੀ ਜ਼ਰੂਰੀ ਸੀ। ਪਹਿਲਾਂ ਸ਼ਾਇਦ ਕੀਰਤੀ ਦਾ ਅਮਲ ਇਕ ਸਵੈ-ਪ੍ਰਗਟਾਵੇ ਅਤੇ ਸਵੈ-ਅਨੰਦ ਤੱਕ ਸੀਮਤ ਹੋਵੇ। ਇਸ ਲਈ ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਮਰਦਾਨੇ ਨੂੰ ਇਕ-ਦੋ ਵਧੀਆ ਰਬਾਬਾਂ ਪ੍ਰਾਪਤ ਕਰਨ ਲਈ ਕਿਹਾ। ਉਸ ਸਮੇਂ ਸੁਲਤਾਨਪੁਰ ਇਕ ਵਿਸ਼ਾਲ ਕਸਬਾ ਸੀ ਅਤੇ ਉਥੇ 32 ਬਾਜ਼ਾਰਾਂ ਵਿਚੋਂ ਇਕ ਬਾਜ਼ਾਰ 'ਬਜ਼ਾਰ ਨਗਮਾਂ-ਸਾਜ਼ਾਂ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪਰ ਇੱਥੋਂ ਲਿਆਂਦੀ ਰਬਾਬ ਗੁਰੂ ਜੀ ਨੂੰ ਪਸੰਦ ਨਾ ਆਈ। ਭਾਈ ਬਾਲੇ ਵਾਲੀ ਜਨਮ-ਸਾਖੀ ਅਨੁਸਾਰ, 'ਗੁਰੂ ਨਾਨਕ ਜੀ ਆਖਿਆ ਮਰਦਾਨਾ ਜੰਗਲ ਵਿਚ ਗਿਰਾਓ ਜਟ ਦਾ ਹੈਈ। ਦੁਹਾਂ ਨਦੀਆਂ ਦੇ ਵਿਚ। ਗਿਰਾਓ ਦਾ ਨਾਂ ਆਸਿਕਪੁਰ ਹੈ। ਉਸ ਵਿਚਿ ਏਕ ਰਬਾਬੀ ਰਹਿੰਦਾ ਹਈ। ਨਾਉ ਉਸਦਾ ਫਿਰੰਦਾ ਹਿੰਦੂ ਸੱਦਦੇ ਹੈਨਿ। ਅਤੇ ਨਾਲੇ ਫੇਰੂ ਭੀ ਸਦੀਂਦਾ ਹੈਣ। ਤੂ ਉਥੇ ਜਾਇਕੇ ਸਾਡਾ ਨਾਉ ਲਏ...।'
ਸੁਆਲ ਪੈਦਾ ਹੁੰਦਾ ਹੈ ਕਿ ਇਹ ਦੋ ਨਦੀਆਂ ਕਿਹੜੀਆਂ ਹੋਣਗੀਆਂ ਅਤੇ ਪਿੰਡ ਆਸਿਕਪੁਰ ਕਿਹੜਾ ਹੋਵੇਗਾ? ਪੁਰਾਤਨ ਜਨਮ ਸਾਖੀਆਂ ਵਿਚ ਕਾਲੀ ਵੇਈਂ ਲਈ ਲਫਜ਼ 'ਦਰਿਆਓ' ਜਾਂ 'ਵੇਈਂ' ਵਰਤਿਆ ਹੈ। ਇਥੇ ਦੋ ਨਦੀਆਂ ਸਤਲੁਜ ਅਤੇ ਬਿਆਸ ਦਰਿਆ ਹੋ ਸਕਦੇ ਹਨ ਪਰ ਜਾਣਕਾਰ ਜਾਣਦੇ ਹਨ ਕਿ ਗੁਰੂ ਜੀ ਦੇ ਸਮੇਂ ਸਤਲੁਜ ਸੁਲਤਾਨਪੁਰ ਤੋਂ ਬਹੁਤ ਦੂਰ ਵਹਿੰਦਾ ਸੀ, ਸ਼ਾਇਦ ਘੱਗਰ ਵਿਚ ਹੀ ਵਹਿੰਦਾ ਸੀ। ਇਸ ਲਈ ਇਹ ਦੋ ਨਦੀਆਂ ਬਿਆਸ ਅਤੇ ਵੇਂਈਂ ਹੀ ਹੋ ਸਕਦੀਆਂ ਹਨ। ਪਰ ਮੌਜੂਦਾ ਸਮਿਆਂ ਵਿਚ ਇਨ੍ਹਾਂ ਵਿਚਕਾਰ ਆਸਿਕਪੁਰ ਨਾਂਅ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਇਸ ਨਾਂਅ ਦਾ ਕੋਈ ਬੇ-ਚਿਰਾਗ ਪਿੰਡ ਮਾਲ ਰਿਕਾਰਡ ਵਿਚ ਮੌਜੂਦ ਮਿਲਦਾ ਹੈ। ਹਾਂ ਸਥਿਤੀ ਤਕਰੀਬਨ ਭਰੋਆਣਾ ਵਾਲੀ ਹੀ ਬਣਦੀ ਹੈ।
ਭਾਈ ਫਰਿੰਦਾ ਭਾਵੇਂ ਇਸ ਪਿੰਡ ਨਾਲ ਸਬੰਧਿਤ ਸਨ ਪਰ ਜਿਵੇਂ ਕਿ ਉਨ੍ਹਾਂ ਦੇ ਨਾਂਅ ਤੋਂ ਲਗਦਾ ਹੈ, ਉਹ ਅਲਮਸਤ ਬੰਦੇ ਸਨ ਅਤੇ ਰਬਾਬ ਵਜਾਉਂਦੇ ਭਰਮਣ ਕਰਦੇ ਰਹਿੰਦੇ ਹੋਣਗੇ। ਇਹੀ ਵਜ੍ਹਾ ਹੈ ਕਿ ਭਾਈ ਫਰਿੰਦੇ ਨੂੰ ਲੱਭਦਿਆਂ ਭਾਈ ਮਰਦਾਨੇ ਨੂੰ ਕਈ ਦਿਨ ਲੱਗ ਗਏ। ਜਦ ਉਹ ਮਿਲੇ ਤਾਂ ਭਾਈ ਫਰਿੰਦਾ ਗੁਰੂ ਜੀ ਦਾ ਨਾਂਅ ਸੁਣ ਕੇ ਨਿਹਾਲ ਹੋ ਗਿਆ ਅਤੇ ਖੁਦ ਰਬਾਬ ਸੁਗਾਤ ਵਜੋਂ ਭੇਟ ਕਰਨ ਲਈ ਮਰਦਾਨੇ ਦੇ ਨਾਲ ਹੀ ਸੁਲਤਾਨਪੁਰ ਨੂੰ ਚੱਲ ਪਿਆ। ਖੁਦ ਆ ਕੇ ਗੁਰੂ ਜੀ ਦੇ ਚਰਨਾਂ ਵਿਚ ਇਕ ਵਿਲੱਖਣ ਕਿਸਮ ਦੀ ਰਬਾਬ ਭੇਟ ਕੀਤੀ। ਰਬਾਬ ਇੰਨੀ ਸੁਰੀਲੀ ਸੀ ਕਿ ਜਦ ਮਰਦਾਨੇ ਵਜਾਈ ਤਾਂ ਇਲਾਹੀ ਮਾਹੌਲ ਸਿਰਜਿਆ ਗਿਆ। ਸਭ ਪਸ਼ੂ-ਪੰਛੀ ਮੋਹੇ ਗਏ-
ਤਰਵਰ ਤੇ ਰਸ ਨਿਚਰਨ ਲਾਗਯੋ
ਵਿਸਰਾ ਸਭਨ ਅਪਾਨਾ
ਇਹ ਰਬਾਬ 'ਚੜਿਆ ਸੋਧਣਿ ਧਰਤ ਲੋਕਾਈ' ਦੇ ਪ੍ਰਯੋਜਨ ਵਿਚ ਭਾਈ ਮਰਦਾਨੇ ਤੇ ਗੁਰੂ ਜੀ ਦੇ ਸੰਦੇਸ਼ ਦਾ ਮਾਧਿਅਮ ਬਣੀ ਅਤੇ ਕਈ ਦੇਸ਼ਾਂ-ਦੇਸ਼ਾਂਤਰਾਂ ਵਿਚ ਭਰਮਣ ਕਰਦੀ ਰਹੀ। ਇਸ ਤਰ੍ਹਾਂ ਦੁਨੀਆ ਦੇ ਇਤਿਹਾਸ ਵਿਚ ਭਾਈ ਫਰਿੰਦੇ ਨਾਂਅ ਵੀ ਅਮਰ ਹੋ ਗਿਆ। ਬਾਅਦ ਵਿਚ ਰਬਾਬੀ ਭਾਈ ਫਰਿੰਦੇ ਦੇ ਖਾਨਦਾਨ ਵਿਚੋਂ ਹੀ ਪ੍ਰਸਿੱਧ ਰਬਾਬੀ ਭਾਈ ਅਮਰ ਬਖਸ਼ ਹੋਏ ਅਤੇ ਅੱਗੋਂ ਇਨ੍ਹਾਂ ਦੇ ਪੁੱਤਰ ਭਾਈ ਮਹਿਬੂਬ ਅਲੀ 19ਵੀਂ ਸਦੀ ਦੇ ਪ੍ਰਸਿੱਧ ਸਿਤਾਰ ਵਾਦਕ ਹੋਏ ਹਨ।
ਗੁਰਦੁਆਰਾ ਰਬਾਬਸਰ ਭਰੋਆਣਾ ਭਾਈ ਬਾਲੇ ਦੀ ਜਨਮ ਸਾਖੀ ਵਿਚ ਆਈ ਰਬਾਬ ਸਬੰਧੀ ਸਾਖੀ ਨੂੰ ਰੂਪਮਾਨ ਕਰਦਾ ਹੈ।


-ਨਡਾਲਾ (ਕਪੂਰਥਲਾ)। ਮੋਬਾ: 97798-53245

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ

ਸਭ ਨੂੰ ਹੋਣ ਵਧਾਈਆਂ ਪੁਰਬ ਮਹਾਨ ਦੀਆਂ,
ਖੁਸ਼ਬੂਆਂ ਆਈਆਂ ਸੋਢੀ ਸੁਲਤਾਨ ਦੀਆਂ।
ਸੁਧਾ ਸਰੋਵਰ ਯਾਦ ਤੇਰੀ ਵਿਚ ਝੂਮ ਰਿਹਾ,
ਕੁਦਰਤ ਘੋੜੀਆਂ ਗਾਈਆਂ ਤੇਰੀ ਸ਼ਾਨ ਦੀਆਂ।
ਹੱਥ ਜੋੜ ਕੇ ਵਕਤ ਖੜ੍ਹਾ ਹੈ ਸਰਦਲ 'ਤੇ,
ਦਰ 'ਤੇ ਖੁਸ਼ੀਆਂ ਆਈਆਂ ਕੁੱਲ ਜਹਾਨ ਦੀਆਂ।
ਹਰਿਮੰਦਰ ਨੂੰ ਕਰਨ ਸਲਾਮਾਂ ਰੌਸ਼ਨੀਆਂ,
ਵੱਡੀਆਂ ਵਡਿਆਈਆਂ ਤੇਰੇ ਅਸਥਾਨ ਦੀਆਂ।
ਧਰਤੀ ਵਿਚ ਹੈ ਕੰਬਣੀ ਅਰਸ਼ੀ ਛੋਹਾਂ ਦੀ,
ਅੱਖੀਆਂ ਭਰ-ਭਰ ਆਈਆਂ ਨੇ ਅਸਮਾਨ ਦੀਆਂ।
ਹੰਸਾਂ ਨੇ ਚੁਗ ਮੋਤੀ ਤੇਰੇ ਸ਼ਬਦਾਂ ਦੇ,
ਉੱਡ-ਉੱਡ ਝੁੰਮਰਾਂ ਪਾਈਆਂ ਨੇ ਗੁਣਗਾਨ ਦੀਆਂ।
ਤੀਹ ਰਾਗਾਂ ਵਿਚ ਬਾਣੀ ਰਚੀ ਵੈਰਾਗਮਈ,
ਅਰਸ਼ੀ ਰਮਜ਼ਾਂ ਪਾਈਆਂ ਗਿਆਨ ਧਿਆਨ ਦੀਆਂ।
ਦੁਖਭੰਜਨ ਤੀਰਥ ਰਚ ਕੇ ਪੀੜਾਂ ਹਰੀਆਂ,
ਕੀ ਰੀਸਾਂ ਇਸ ਅੰਮ੍ਰਿਤ ਦੇ ਇਸ਼ਨਾਨ ਦੀਆਂ।
ਹੁਕਮ, ਰਜ਼ਾ, ਸੇਵਾ ਦੀ ਜਾਚ ਸਿਖਾਈ ਤੂੰ,
ਘਰ-ਘਰ ਬਾਤਾਂ ਪੈਣ ਤੇਰੇ ਅਹਿਸਾਨ ਦੀਆਂ।
ਹਰ ਇਕ ਹਿਰਦਾ ਬਣਿਆ ਹੋਇਆ ਤਖ਼ਤ ਤੇਰਾ,
ਪੌਣਾਂ ਵਿਚ ਮਹਿਕਾਂ ਤੇਰੇ ਸਨਮਾਨ ਦੀਆਂ।
ਭੋਲੇ ਸੁੱਚੇ ਜਜ਼ਬੇ ਨੂੰ ਪ੍ਰਵਾਨ ਕਰੀਂ,
ਇਹ ਸ਼ਰਧਾਂਜਲੀਆਂ ਤੈਨੂੰ ਦਿਲਜਾਨ ਦੀਆਂ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਅੰਮ੍ਰਿਤਸਰ ਵਿਚਲੇ ਸਮਾਰਕ

(ਲੜੀ ਜੋੜਨ ਲਈ 24 ਸਤੰਬਰੇ ਦਾ ਧਰਮ
ਤੇ ਵਿਰਸਾ ਅੰਕ ਦੇਖੋ)
ਜਲ੍ਹਿਆਂਵਾਲਾ ਬਾਗ਼
ਜਲ੍ਹਿਆਂਵਾਲਾ ਬਾਗ਼ ਦੇਸ਼ ਦੀ ਆਜ਼ਾਦੀ ਨਾਲ ਸਬੰਧਿਤ ਸਮਾਰਕਾਂ ਵਿਚੋਂ ਪ੍ਰਮੁੱਖ ਹੈ। ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਨੇ ਇਸ ਬਾਗ਼ ਦੀ ਭੂਮੀ 'ਤੇ 13 ਅਪ੍ਰੈਲ, 1919 ਨੂੰ ਬੇਦੋਸ਼ੇ ਅਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਭਾਰਤ ਦੇ ਸਵਾਧੀਨਤਾ ਅੰਦੋਲਨ ਦੇ ਇਤਿਹਾਸ ਵਿਚ ਇਕ ਨਵੇਂ ਅਧਿਆਇ ਨੂੰ ਆਰੰਭ ਕੀਤਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਕਈ ਵਰ੍ਹੇ ਬਾਅਦ ਤੱਕ ਵੀ ਹਰ ਵਰ੍ਹੇ ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਨੂੰ 'ਰਾਸ਼ਟਰੀ ਹਫ਼ਤੇ' ਵਜੋਂ ਜਲ੍ਹਿਆਂਵਾਲਾ ਬਾਗ਼ ਵਿਚ ਮਨਾਇਆ ਜਾਂਦਾ ਸੀ ਅਤੇ ਬਕਾਇਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਸੀ, ਪਰ ਹੁਣ ਇਹ ਪ੍ਰਥਾ ਬੰਦ ਹੋ ਚੁੱਕੀ ਹੈ।
13 ਅਪ੍ਰੈਲ ਨੂੰ ਇਸ ਸਥਾਨ 'ਤੇ ਮਾਰੇ ਜਾਣ ਵਾਲੇ ਸੈਂਕੜੇ ਦੇਸ਼-ਭਗਤਾਂ ਨੂੰ ਉਸ ਕਾਂਡ ਦੇ ਲੰਬੇ ਸਮੇਂ ਬਾਅਦ ਭਾਰਤ ਸਰਕਾਰ ਨੇ ਸੁਤੰਤਰਤਾ ਸੈਨਾਨੀ ਦਾ ਦਰਜਾ ਦੇਣਾ ਸਵੀਕਾਰ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ 'ਚੋਂ ਵੱਡੀ ਸੰਖਿਆ 'ਚ ਸ਼ਰਧਾਲੂ ਤੇ ਹੋਰ ਯਾਤਰੂ ਇੱਥੇ ਵੀ ਨਤਮਸਤਕ ਹੋਣ ਲਈ ਜ਼ਰੂਰ ਪੁੱਜਦੇ ਹਨ।
ਗੋਲ ਬਾਗ਼ (ਐਚੀਸਨ ਪਾਰਕ)
ਗੋਲ ਬਾਗ਼ ਦੇ ਸਥਾਨ 'ਤੇ ਪਹਿਲਾਂ ਨਰਾਇਣ ਸਿੰਘ ਵਕੀਲ ਦਾ ਬਾਗ਼ ਹੋਇਆ ਕਰਦਾ ਸੀ। ਗੋਲ ਬਾਗ਼ ਨੂੰ ਪਹਿਲਾਂ ਐਚੀਸਨ ਪਾਰਕ ਕਿਹਾ ਜਾਂਦਾ ਸੀ। ਇਹ ਨਾਂਅ ਸੰਨ 1882 'ਚ ਸਰ ਚਾਰਲਸ ਐਚੀਸਨ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ। ਬਾਗ਼ ਗੁਲਾਈ ਵਿਚ ਬਣਿਆ ਹੋਣ ਕਰਕੇ ਇਸ ਨੂੰ ਗੋਲ ਬਾਗ਼ ਕਿਹਾ ਜਾਣ ਲੱਗਾ। ਦਸੰਬਰ, 1919 ਵਿਚ ਗੋਲ ਬਾਗ਼ ਵਿਚ ਅਖਿਲ ਭਾਰਤੀ ਕਾਂਗਰਸ ਦਾ ਮਹੱਤਵਪੂਰਨ ਤੇ ਵਿਸ਼ਾਲ ਇਜਲਾਸ ਹੋਣ ਤੋਂ ਬਾਅਦ ਗੋਲ ਬਾਗ਼ ਦੀ ਮਹੱਤਤਾ ਸਿਖਰ ਤੱਕ ਪਹੁੰਚ ਗਈ। ਉਸ ਇਜਲਾਸ ਵਿਚ ਮਹਾਤਮਾ ਗਾਂਧੀ, ਲੋਕ ਮਾਨਯ ਤਿਲਕ, ਬਿਪਨ ਚੰਦਰਪਾਲ, ਸੀ.ਆਰ. ਦਾਸ, ਮਦਨ ਮੋਹਨ ਮਾਲਵੀਆ, ਮੁਹੰਮਦ ਅਲੀ ਜਿਨਾਹ, ਪੰਡਿਤ ਮੋਤੀ ਲਾਲ ਨਹਿਰੂ ਅਤੇ ਸ੍ਰੀਮਤੀ ਏਨੀ ਬੇਸੰਤ ਜਿਹੇ ਕਈ ਰਾਸ਼ਟਰੀ ਪੱਧਰ ਦੇ ਨੇਤਾ ਸ਼ਾਮਿਲ ਸਨ।
ਵੰਦੇ ਮਾਤਰਮ ਹਾਲ
ਸੰਨ 1905 ਵਿਚ ਸਵਦੇਸ਼ੀ ਲਹਿਰ ਅਤੇ ਬਾਈਕਾਟ ਦੀ ਤਹਿਰੀਕ ਵਿਚ ਅੰਮ੍ਰਿਤਸਰ ਸਭ ਤੋਂ ਮੋਢੀ ਸ਼ਹਿਰ ਸੀ। ਬਾਬੂ ਕਨ੍ਹਈਆ ਲਾਲ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਜਾਣ ਵਾਲੀਆਂ ਪਬਲਿਕ ਮੀਟਿੰਗਾਂ ਲਈ ਆਪਣੀ ਕੋਠੀ ਨੂੰ ਵੰਦੇ ਮਾਤਰਮ ਹਾਲ ਵਿਚ ਤਬਦੀਲ ਕਰ ਦਿੱਤਾ। ਉਸੇ ਦੌਰਾਨ ਪ੍ਰਸਿੱਧ ਕ੍ਰਾਂਤੀਕਾਰੀ ਬਾਬੂ ਸੁਰਿੰਦਰ ਨਾਥ ਬੈਨਰਜੀ ਅੰਮ੍ਰਿਤਸਰ ਆਏ ਅਤੇ ਵੰਦੇ ਮਾਤਰਮ ਹਾਲ ਦਾ ਉਦਘਾਟਨ ਕੀਤਾ। ਇਹ ਹਾਲ ਜਲਦੀ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਮੌਜੂਦਾ ਸਮੇਂ ਇਹ ਹਾਲ ਰੀਜੈਂਟ ਸਿਨੇਮਾ (ਕਟੜਾ ਸ਼ੇਰ ਸਿੰਘ) ਵਿਚ ਤਬਦੀਲ ਹੋ ਚੁੱਕਿਆ ਹੈ।


-ਮੋਬਾ: 93561-27771

ਸੰਗੀਤ ਸਮਰਾਟ ਬੈਜੂ ਬਾਵਰਾ ਦੇ ਨਾਂਅ 'ਤੇ ਵਸਿਆ ਪਿੰਡ

ਬਜਵਾੜਾ ਸਾਂਭੀ ਬੈਠਾ ਹੈ ਮਹਾਨ ਇਤਿਹਾਸਕ ਵਿਰਸਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਤਾ ਸੰਦਰੀ ਜੀ
ਮਾਤਾ ਜੀਤੋ ਜੀ ਉਰਫ ਮਾਤਾ ਸੁੰਦਰੀ ਜੀ, ਬਜਵਾੜਾ ਵਾਸੀ ਭਾਈ ਰਾਮਸਰਨ (ਇਕ ਕੁਮਾਰਣ ਖੱਤਰੀ) ਦੀ ਸਪੁੱਤਰੀ ਸਨ। ਉਨ੍ਹਾਂ ਦਾ ਵਿਆਹ 4 ਅਪ੍ਰੈਲ, 1684 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ। ਫਿਰ ਪੰਜਾਬੀ ਰਸਮੋ-ਰਿਵਾਜ ਮੁਤਾਬਕ ਵਿਆਹ ਮਗਰੋਂ ਉਨ੍ਹਾਂ ਦਾ ਨਾਂਅ ਮਾਤਾ ਜੀਤੋ ਤੋਂ ਬਦਲ ਕੇ ਮਾਤਾ ਸੁੰਦਰੀ ਰੱਖ ਦਿੱਤਾ ਗਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦੀ ਸਿਰਜਣਾ ਕੀਤੀ, ਮਾਤਾ ਸੁੰਦਰੀ ਜੀ ਪਹਿਲੀ ਖ਼ਾਲਸਾ ਮਹਿਲਾ ਸਾਜੇ ਗਏ ਸਨ। ਮਾਤਾ ਸੁੰਦਰੀ ਦੀ ਪਵਿੱਤਰ ਕੁੱਖ 'ਚੋਂ ਚਾਰ ਮਹਾਨ ਸਪੁੱਤਰਾਂ ਅਜੀਤ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ ਅਤੇ ਫ਼ਤਹਿ ਸਿੰਘ ਨੇ ਜਨਮ ਲਿਆ ਸੀ। ਮਾਤਾ ਸੁੰਦਰੀ ਨੇ ਆਪਣੇ ਚਾਰੇ ਪੁੱਤਰਾਂ ਨੂੰ ਉਨ੍ਹਾਂ ਦੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਵੀਰ-ਗਾਥਾਵਾਂ ਸੁਣਾਈਆਂ ਸਨ। ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ ਕਿ ਸੱਚਾ ਸਿੱਖ ਕਦੇ ਮੈਦਾਨ ਛੱਡ ਕੇ ਨਹੀਂ ਭੱਜਦਾ ਅਤੇ ਨਾ ਹੀ ਕਦੇ ਆਪਣਾ ਧਰਮ ਹਾਰਦਾ ਹੈ। ਮਾਤਾ ਸੁੰਦਰੀ ਜੀ ਦੀਆਂ ਇਨ੍ਹਾਂ ਸਿੱਖਿਆਵਾਂ ਕਰਕੇ ਹੀ 17 ਸਾਲ ਦੀ ਉਮਰ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ 15 ਸਾਲਾਂ ਦੀ ਉਮਰ ਵਿਚ ਜੁਝਾਰ ਸਿੰਘ ਨੇ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਨਾਲ ਲੜਦਿਆਂ ਸ਼ਹੀਦੀ ਦਾ ਜਾਮ ਪੀਤਾ ਸੀ। ਜ਼ੋਰਾਵਰ ਸਿੰਘ (9 ਸਾਲ) ਅਤੇ ਫ਼ਤਹਿ ਸਿੰਘ (6 ਸਾਲ) ਨੂੰ ਬਾਲ ਉਮਰੇ ਹੀ ਸਰਹਿੰਦ ਦੇ ਵਜ਼ੀਰ ਖਾਨ ਨੇ ਆਪਣਾ ਧਰਮ ਬਦਲ ਕੇ ਇਸਲਾਮ ਨਾ ਕਬੂਲਣ ਕਰਕੇ ਜਿਊਂਦਿਆਂ ਕੰਧਾਂ ਵਿਚ ਚਿਣਵਾ ਦਿੱਤਾ ਸੀ। ਅਕਤੂਬਰ, 1708 ਵਿਚ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਰਗਵਾਸ ਮਗਰੋਂ ਮਾਤਾ ਸੁੰਦਰੀ ਨੇ ਹੀ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਸੀ। ਉਨ੍ਹਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੱਥ-ਲਿਖਤਾਂ ਨੂੰ ਇਕੱਤਰ ਕੀਤਾ। ਆਪਣੀ ਮੋਹਰ ਹੇਠ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ। ਸੰਨ 1747 ਵਿਚ ਦਿੱਲੀ ਵਿਚ ਉਨ੍ਹਾਂ ਦਾ ਵੀ ਸਵਰਗਵਾਸ ਹੋ ਗਿਆ। ਉਨ੍ਹਾਂ ਦੀ ਸਮਰਿਤੀ ਵਿਚ ਪਿੰਡ ਬਜਵਾੜਾ ਵਿਖੇ ਇਕ ਵੱਡਅਕਾਰੀ ਖੂਬਸੂਰਤ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ, ਜਿੱਥੇ ਹਰ ਵਰ੍ਹੇ ਦਸੰਬਰ ਮਹੀਨੇ ਮਾਤਾ ਸੁੰਦਰੀ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ।
ਮਹਾਤਮਾ ਹੰਸਰਾਜ
ਬਜਵਾੜਾ ਦੇ ਹੀ ਇਕ ਬਹੁਤ ਹੀ ਸਧਾਰਨ ਪਰਿਵਾਰ ਵਿਚ 19 ਅਪ੍ਰੈਲ, 1864 ਨੂੰ ਲਾਲਾ ਹੰਸਰਾਜ ਦਾ ਜਨਮ ਪਿਤਾ ਚੂਨੀ ਲਾਲ ਅਤੇ ਮਾਤਾ ਗਣੇਸ਼ੀ ਦੇਵੀ ਦੇ ਘਰ ਹੋਇਆ। ਦੋ ਭਰਾਵਾਂ ਵਿਚੋਂ ਛੋਟੇ ਹੰਸਰਾਜ ਦੇ ਸਿਰੋਂ ਪਿਤਾ ਦਾ ਸਾਇਆ ਸਿਰਫ 12 ਸਾਲਾਂ ਦੀ ਉਮਰੇ ਹੀ ਉੱਠ ਗਿਆ ਸੀ। ਪਿਤਾ ਦੀ ਬੇਵਕਤੀ ਮੌਤ ਮਗਰੋਂ ਉਹ ਪਰਿਵਾਰ ਬਹੁਤ ਹੀ ਬੇਵਸੀ ਦੀ ਹਾਲਤ ਵਿਚ ਆ ਗਿਆ ਸੀ। ਹੰਸਰਾਜ ਨੇ ਪਿੰਡ ਬਜਵਾੜਾ ਵਿਖੇ ਹੀ ਸਕੂਲੀ ਸਿੱਖਿਆ ਹਾਸਲ ਕੀਤੀ। ਸਿਰਫ 12 ਸਾਲ ਦੀ ਬਾਲ ਉਮਰੇ ਹੀ ਉਨ੍ਹਾਂ ਦਾ ਵਿਆਹ ਠਾਕੁਰ ਦੇਵੀ ਨਾਲ ਹੋ ਗਿਆ। ਵੱਡੇ ਭਾਈ ਮੁਲਖ ਰਾਜ ਦਾ ਮਾਈਕ ਸਹਿਯੋਗ ਉਨ੍ਹਾਂ ਨੂੰ ਤਾਉਮਰ ਰਿਹਾ। ਉਹ 1877 ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਲਾਹੌਰ ਗਏ। ਲਾਹੌਰ ਵਿਚ ਹੀ ਉਨ੍ਹਾਂ ਦੀ ਨੇੜਤਾ ਦੇਸ਼-ਭਗਤ ਲਾਲਾ ਲਾਜਪਤ ਰਾਏ ਨਾਲ ਹੋਈ। ਲਾਜਪਤ ਰਾਏ ਆਪਣੀਆਂ ਗਰਮਾ-ਗਰਮ ਤਕਰੀਰਾਂ ਨਾਲ ਲੋਕਾਂ ਵਿਚ ਦੇਸ਼-ਭਗਤੀ ਦਾ ਜੋਸ਼ ਭਰਦੇ ਸਨ। ਉਧਰ ਹੰਸਰਾਜ ਆਪਣੇ ਭਾਸ਼ਨਾਂ ਰਾਹੀਂ ਲੋਕਾਂ ਨੂੰ ਸ਼ਾਂਤੀ ਦਾ ਪਾਠ ਪੜ੍ਹਾਉਂਦੇ ਸਨ। ਫਿਰ 1877 ਵਿਚ ਉਹ ਆਰੀਆ ਸਮਾਜ ਦੇ ਮੋਢੀ ਸੁਆਮੀ ਦਇਆਨੰਦ ਸਰਸਵਤੀ ਦੇ ਸੰਪਰਕ ਵਿਚ ਆ ਗਏ ਅਤੇ ਆਰੀਆ ਸਮਾਜ ਦੇ ਕੱਟੜ ਸਮਰਥਕ ਹੋ ਗਏ। ਉਨ੍ਹਾਂ ਨੇ ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਦਾ ਪ੍ਰਧਾਨ ਹੋਣ ਕਰਕੇ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਉਚੇਚਾ ਧਿਆਨ ਦਿੱਤਾ। ਇੰਜ ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਪਨਪੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ।
ਉਨ੍ਹਾਂ ਨੇ ਆਪਣੇ ਜੀਵਨ ਦੇ 25 ਵਰ੍ਹੇ ਸਿੱਖਿਆ ਖੇਤਰ ਅਤੇ 51 ਵਰ੍ਹੇ ਆਰੀਆ ਸਮਾਜ ਦੇ ਉਪਦੇਸ਼ਕ ਦੇ ਰੂਪ ਵਿਚ ਨਿਸ਼ਕਾਮ ਭਾਵ ਨਾਲ ਅਰਪਿਤ ਕੀਤੇ। 7 ਜੁਲਾਈ, 1914 ਨੂੰ ਉਨ੍ਹਾਂ ਦੀ ਧਰਮਪਤਨੀ ਦਾ ਸਵਰਗਵਾਸ ਹੋ ਗਿਆ। ਇਸ ਮਗਰੋਂ ਉਨ੍ਹਾਂ ਦੇ ਪੁੱਤਰ ਬਲਰਾਜ ਨੂੰ ਅੰਗਰੇਜ਼ ਸਰਕਾਰ ਨੇ ਰਾਜ ਧਰੋਹ ਦੇ ਜੁਰਮ ਵਿਚ ਸਖ਼ਤ ਸਜ਼ਾ ਦੇ ਦਿੱਤੀ। ਆਰੀਆ ਸਮਾਜ ਪ੍ਰਤੀ ਸਮਰਪਣ ਅਤੇ ਉਨ੍ਹਾਂ ਦੀ ਤਪੱਸਵੀ ਜੀਵਨ ਸ਼ੈਲੀ ਨੂੰ ਵੇਖਦਿਆਂ ਲੋਕਾਂ ਨੇ ਉਨ੍ਹਾਂ ਨੂੰ ਮਹਾਤਮਾ ਕਹਿਣਾ ਸ਼ੁਰੂ ਕਰ ਦਿੱਤਾ। ਜੀਵਨ ਦੇ ਆਖਰੀ ਦਿਨਾਂ ਵਿਚ ਉਹ ਆਪਣੀ ਮਾਤਾ ਵਾਂਗ ਹੀ ਆਪਣੀ ਦ੍ਰਿਸ਼ਟੀ ਗੁਆ ਬੈਠੇ ਸਨ। 1886 ਵਿਚ ਲਾਹੌਰ ਵਿਚ ਡੀ.ਏ.ਵੀ. (ਦਇਆਨੰਦ ਐਂਗਲੋ ਵੈਦਿਕ) ਸਕੂਲ ਸਿਸਟਮ ਦੀ ਸਥਾਪਨਾ ਕੀਤੀ। 25 ਵਰ੍ਹੇ ਡੀ.ਏ.ਵੀ. ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ। ਉਨ੍ਹਾਂ ਦੇ ਉਪਰਾਲਿਆਂ ਕਰਕੇ ਹੰਸਰਾਜ ਮਹਾਂਵਿਦਿਆਲੇ ਜਲੰਧਰ ਸਹਿਤ ਦੇਸ਼ ਭਰ ਵਿਚ ਡੀ.ਏ.ਵੀ. ਦੀਆਂ ਹਜ਼ਾਰਾਂ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ। 15 ਨਵੰਬਰ, 1938 ਨੂੰ ਇਹ ਪ੍ਰਸਿੱਧ ਸਿੱਖਿਆ ਸ਼ਾਸਤਰੀ, ਆਰੀਆ ਸਮਾਜੀ ਅਤੇ ਸਮਾਜ ਸੁਧਾਰਕ ਮਹਾਤਮਾ ਹੰਸਰਾਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਬਜਵਾੜਾ ਵਿਚ ਉਨ੍ਹਾਂ ਦੇ ਜਨਮ ਸਥਾਨ 'ਤੇ ਇਕ ਸੁੰਦਰ ਮਹਾਤਮਾ ਹੰਸਰਾਜ ਸਮਰਿਤੀ ਭਵਨ ਅਤੇ ਪੁਸਤਕਾਲਾ ਉਸਾਰਿਆ ਹੋਇਆ ਹੈ।
ਅੰਬਿਕਾ ਸੋਨੀ
ਬਜਵਾੜਾ ਪਿੰਡ ਭਾਰਤੀ ਰਾਜਨੀਤੀ ਦੀ ਇਕ ਸਿਰਕੱਢ ਮਹਿਲਾ ਸਿਆਸੀ ਹਸਤੀ ਅੰਬਿਕਾ ਸੋਨੀ ਦਾ ਸਹੁਰਾ ਪਿੰਡ ਹੋਣ ਕਾਰਨ ਉਸ ਦੀ ਕਲਗੀ ਵਿਚ ਇਕ ਹੋਰ ਖੰਭ ਲੱਗ ਜਾਣ ਵਾਂਗ ਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੀ ਹੋਣ ਕਾਰਨ ਉਨ੍ਹਾਂ ਨੇ ਕਾਂਗਰਸ ਦੇ ਰਾਜ ਵਿਚ, ਸੂਚਨਾ-ਪ੍ਰਸਾਰਣ ਮੰਤਰਾਲੇ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰਾਲੇ ਦੀ ਮੰਤਰੀ ਦਾ ਮਾਣਯੋਗ ਰੁਤਬਾ ਹਾਸਲ ਕੀਤਾ ਹੈ। ਰਾਜ ਸਭਾ ਮੈਂਬਰ ਵਜੋਂ ਵੀ ਪੰਜਾਬ ਵਲੋਂ ਪ੍ਰਤੀਨਿਧਤਾ ਕੀਤੀ ਹੈ। ਲਾਹੌਰ ਵਿਚ 1942 ਨੂੰ ਪੈਦਾ ਹੋਈ, ਦੇਸ਼-ਵਿਦੇਸ਼ ਦੇ ਵਿਸ਼ਵ ਵਿਦਿਆਲਿਆਂ ਤੋਂ ਉੱਚ ਸਿੱਖਿਆ ਪ੍ਰਾਪਤ ਅੰਬਿਕਾ ਸੋਨੀ ਦਾ ਵਿਆਹ 1961 ਵਿਚ ਬਜਵਾੜਾ ਦੇ ਆਈ. ਐਫ. ਐਸ. ਅਫ਼ਸਰ ਉਦੈ ਸੋਨੀ ਨਾਲ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਦੇ ਨੇੜਲੇ ਰਿਸ਼ਤਿਆਂ ਦੇ ਹੁੰਦਿਆਂ ਅੰਬਿਕਾ ਸੋਨੀ ਨੇ 1969 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਜੁਆਇਨ ਕੀਤੀ ਅਤੇ 1975 ਵਿਚ ਇੰਡੀਅਨ ਯੂਥ ਕਾਂਗਰਸ ਦੀ ਕੌਮੀ ਪ੍ਰਧਾਨ ਚੁਣੀ ਗਈ। 1998 ਵਿਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਵੀ ਰਾਸ਼ਟਰੀ ਪ੍ਰਧਾਨ ਬਣਾਈ ਗਈ। ਭਾਰਤ ਦੀ ਲੰਮਾ ਸਮਾਂ ਰਾਜ ਕਰਨ ਵਾਲੀ ਪ੍ਰਮੁੱਖ ਰਾਜਨੀਤਕ ਪਾਰਟੀ ਦੇ ਸਿਖਰਲੇ ਅਹੁਦਿਆਂ 'ਤੇ ਰਹਿੰਦਿਆਂ ਅਤੇ ਭਾਰਤ ਸਰਕਾਰ ਦੇ ਮਹੱਤਵਪੂਰਨ ਮੰਤਰਾਲਿਆਂ 'ਤੇ ਸੁਸ਼ੋਭਿਤ ਹੋਣ ਵਾਲੀ ਅੰਬਿਕਾ ਸੋਨੀ ਦੀ ਸਿਆਸੀ ਸੂਝ-ਬੂਝ ਅਤੇ ਯੋਗਤਾ ਨਾਲ ਪਿੰਡ ਬਜਵਾੜਾ ਦਾ ਨਾਂਅ ਵਿਸ਼ਵ ਭਰ ਵਿਚ ਪ੍ਰਸਿੱਧ ਹੋਇਆ ਹੈ। ਅੱਜ ਵੀ ਬਜਵਾੜਾ ਵਿਖੇ ਕਈ ਵਿੱਦਿਅਕ ਸੰਸਥਾਵਾਂ ਇਸ ਪਰਉਪਕਾਰੀ ਪਰਿਵਾਰ ਦੇ ਮਾਈਕ ਸਹਿਯੋਗ ਨਾਲ ਚਲਦੀਆਂ ਪਈਆਂ ਹਨ।
ਇੰਨੀ ਮਾਣਮੱਤੀ ਇਤਿਹਾਸਕ ਪਿੱਠ ਭੂਮੀ ਹੋਣ ਦੇ ਬਾਵਜੂਦ ਪਿੰਡ ਬਜਵਾੜਾ ਅਜੇ ਵੀ ਪ੍ਰਮੁੱਖ ਟੂਰਿਸਟ ਪੁਆਇੰਟ ਦਾ ਦਰਜਾ ਪ੍ਰਾਪਤ ਕਰਨ ਦੀ ਉਡੀਕ ਵਿਚ ਹੈ।
(ਸਮਾਪਤ)


-ਪੰਚਵਟ, ਏਕਤਾ ਇਨਕਲੇਵ, ਲੇਨ-2, ਬੂਲਾਂਬਾੜੀ, ਹੁਸ਼ਿਆਰਪੁਰ-146001. ਮੋਬਾ: 98761-56964

ਪ੍ਰਾਚੀਨ ਬਜਰੇਸ਼ਵਰੀ ਮੰਦਰ ਕਾਂਗੜਾ (ਹਿਮਾਚਲ ਪ੍ਰਦੇਸ਼)

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਪਹਾੜੀ ਉੱਪਰ ਸਥਿਤ ਪ੍ਰਸਿੱਧ ਪ੍ਰਾਚੀਨ ਬਜਰੇਸ਼ਵਰੀ ਮੰਦਰ ਹਿੰਦੂ ਧਰਮ ਦੇ ਸ਼ਰਧਾਲੂਆਂ ਦੁਆਰਾ ਵੱਡੀ ਗਿਣਤੀ ਵਿਚ ਯਾਤਰਾ ਕਰਨ ਵਾਲਾ ਮੰਦਰ ਹੈ। ਇਥੇ ਹਮੇਸ਼ਾ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਹ ਮੰਦਰ ਆਦਿ ਸ਼ਕਤੀ ਦੇ 51 ਸ਼ਕਤੀਪੀਠਾਂ ਵਿਚੋਂ ਇਕ ਹੈ, ਜਿਸ ਨੂੰ ਪੂਰੇ ਹਿਮਾਚਲ ਪ੍ਰਦੇਸ਼ ਦਾ ਮੁੱਖ ਆਕਰਸ਼ਣ ਮੰਨਿਆ ਜਾਂਦਾ ਹੈ। ਇਸ ਦੇਵੀ ਨੂੰ ਬਜਦੇਵੀ ਅਤੇ ਬਜਯੋਗਨੀ ਦੇਵੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਵਿਚ ਦੇਵੀ ਨੂੰ ਦੁਰਗਾ ਮਾਤਾ ਦੇ ਰੂਪ ਵਿਚ ਵੀ ਪੂਜਿਆ ਜਾਂਦਾ ਹੈ। ਲਗਪਗ 15ਵੀਂ ਸਦੀ ਵਿਚ ਸਥਾਪਿਤ ਕੀਤੇ ਗਏ ਇਸ ਮੰਦਰ ਦਾ ਇਤਿਹਾਸ ਦੱਸਦਾ ਹੈ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਦੀ ਤਰ੍ਹਾਂ ਇਸ ਨੂੰ ਵੀ ਹਮਲਾਵਰਾਂ ਨੇ ਵਾਰ-ਵਾਰ ਲੁੱਟਿਆ ਸੀ ਅਤੇ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। 1905 ਵਿਚ ਆਏ ਇਕ ਸ਼ਕਤੀਸ਼ਾਲੀ ਭੁਚਾਲ ਨਾਲ ਵੀ ਇਸ ਨੂੰ ਭਾਰੀ ਨੁਕਸਾਨ ਪੁੱਜਾ ਸੀ। ਅੰਗਰੇਜ਼ ਸਰਕਾਰ ਦੁਆਰਾ 1920 ਵਿਚ ਇਸ ਮੰਦਰ ਦਾ ਪੁਨਰਨਿਰਮਾਣ ਕਰਵਾਇਆ ਗਿਆ ਸੀ। ਵਰਤਮਾਨ ਮੰਦਰ ਨਾਂਗਰਾ ਸ਼ੈਲੀ ਵਿਚ ਬਣਾਇਆ ਗਿਆ ਹੈ। ਇਹ ਇਕ ਉੱਚ ਕੋਟੀ ਦੀ ਕਲਾ ਹੈ, ਜਿਸ ਦੀ ਸੰਰਚਨਾ ਪੱਥਰ ਦੀਆਂ ਦੀਵਾਰਾਂ ਨਾਲ ਕੀਤੀ ਗਈ ਹੈ। ਚਿੱਟੇ ਰੰਗ ਦੇ ਪੱਥਰ ਨਾਲ ਬਣਿਆ ਇਹ ਮੰਦਰ ਦੂਰ ਤੋਂ ਚਮਕਦਾ ਦਿਖਾਈ ਦਿੰਦਾ ਹੈ। ਮੰਦਰ ਦੇ ਅੰਦਰ ਦੇਵੀ ਬਜਰੇਸ਼ਵਰੀ ਦੀ ਹੀ ਮੂਰਤੀ ਹੈ।
ਇਥੋਂ ਦੇ ਸਥਾਨਕ ਲੋਕ ਇਸ ਨੂੰ ਆਪਣੀ ਕੁੱਲ ਦੇਵੀ ਦੇ ਰੂਪ ਵਿਚ ਮੰਨਦੇ ਹਨ। ਨਵਰਾਤਰੀ ਤੇ ਮਕਰਸੰਕਰਾਂਤੀ ਦੇ ਤਿਉਹਾਰ ਇਥੇ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥

'ਜਪੁ' ਪਉੜੀ ਛੇਵੀਂ
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥ ੬॥ (ਅੰਗ 2)
ਪਦ ਅਰਥ : ਤੀਰਥਿ ਨਾਵਾ-ਤੀਰਥਾਂ 'ਤੇ ਜਾ ਕੇ ਤਾਂ ਇਸ਼ਨਾਨ ਕਰਾਂ। ਜੇ-ਜੇਕਰ। ਤਿਸੁ-ਉਸ ਪ੍ਰਭੂ ਨੂੰ। ਭਾਵਾ-ਚੰਗਾ ਲੱਗਾਂ। ਵਿਣੁ ਭਾਣੇ-ਚੰਗਾ ਲੱਗਣ ਤੋਂ ਬਿਨਾਂ। ਕਿ-ਕੀ। ਕਿ ਨਾਇ ਕਰੀ-ਇਸ਼ਨਾਨ ਕਰਕੇ ਹੀ ਕਰਾਂ। ਜੇਤੀ-ਜਿੰਨੀ ਵੀ। ਸਿਰਠਿ-ਸ੍ਰਿਸ਼ਟੀ। ਉਪਾਈ-ਪੈਦਾ ਕੀਤੀ ਹੋਈ ਹੈ। ਵਿਣੁ ਕਰਮਾ-ਮਿਹਰ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ। ਕਿ ਮਿਲੈ ਲਈ-ਕੀ ਮਿਲਦਾ ਹੈ ਭਾਵ ਕੁਝ ਵੀ ਨਹੀਂ ਮਿਲਦਾ। ਮਾਣਿਕ-ਮੋਤੀ। ਸਿਖ ਸੁਣੀ-ਸਿੱਖਿਆ ਸੁਣਨ ਨਾਲ, ਸਿੱਖਿਆ ਗ੍ਰਹਿਣ ਕਰਨ ਨਾਲ। ਗੁਰਾ-ਹੇ ਗੁਰੂ ਜੀ। ਦੇਹਿ ਬੁਝਾਈ-ਮੈਨੂੰ ਸੋਝੀ ਬਖਸ਼ੋ। ਸੋ-ਉਸ ਪ੍ਰਭੂ ਨੂੰ। ਵਿਸਰਿ ਨ ਜਾਈ-ਭੁੱਲ ਨ ਜਾਵਾਂ।
ਸਾਡੇ ਦੇਸ਼ ਵਿਚ ਇਹ ਪ੍ਰਥਾ ਚਲੀ ਆ ਰਹੀ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਕੀਤੇ ਪਾਪਾਂ ਦੀ ਮੈਲ ਧੋ ਹੋ ਜਾਂਦੀ ਹੈ, ਜਿਸ ਕਾਰਨ ਮਨੁੱਖ ਅਸਲ ਤੀਰਥ (ਨਾਮ) ਨੂੰ ਛੱਡ ਕੇ ਕਰਮ ਕਾਂਡਾਂ ਵਿਚ ਫਸਿਆ ਰਹਿੰਦਾ ਹੈ ਪਰ ਜੇਕਰ ਨਾਮ ਦਾ ਸਿਮਰਨ ਨਹੀਂ ਕੀਤਾ, ਸ਼ੁਭ ਕਰਮ ਨਹੀਂ ਕੀਤੇ, ਬੁਰੇ ਕਰਮ ਹੀ ਕਰਦੇ ਰਹੇ ਤਾਂ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਮਨੁੱਖ ਦੀ ਗਤੀ ਨਹੀਂ ਹੋ ਸਕਦੀ, ਮਨੁੱਖ ਦਾ ਕਲਿਆਣ ਨਹੀਂ ਹੋ ਸਕਦਾ। ਜਗਤ ਗੁਰੂ ਬਾਬਾ ਪਉੜੀ ਦੇ ਆਰੰਭ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਾਂ ਜੇਕਰ ਇਸ ਤਰ੍ਹਾਂ ਕਰਨ ਨਾਲ ਮੈਂ ਪ੍ਰਭੂ ਨੂੰ ਰਿਝਾ ਸਕਾਂ, ਉਸ ਨੂੰ ਖੁਸ਼ ਕਰ ਸਕਾਂ। ਜੇਕਰ ਇੰਜ ਕਰਨ ਨਾਲ ਮੇਰਾ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਤਾਂ ਫਿਰ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਕੀ ਫਾਇਦਾ?
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਆਪ ਜੀ ਦੇ ਰਾਗੁ ਧਨਾਸਰੀ ਵਿਚ ਵੀ ਪਾਵਨ ਬਚਨ ਹਨ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਕਿਉਂ ਜਾਵਾਂ, ਜਦੋਂ ਕਿ ਪਰਮਾਤਮਾ ਦਾ ਨਾਮ ਹੀ ਮੇਰੇ ਲਈ ਤੀਰਥ ਹੈ-
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ (ਅੰਗ 687)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਮਨ ਅੰਦਰ ਵਸਾਉਣਾ ਮੇਰੇ ਲਈ ਇਹੋ ਤੀਰਥ ਇਸ਼ਨਾਨ ਹੈ, ਕਿਉਂਕਿ ਇਸ ਨਾਲ ਪਰਮਾਤਮਾ ਦੇ ਗੁਣਾਂ ਦੀ ਸੋਝੀ ਮਨ ਅੰਦਰ ਪੈਦਾ ਹੁੰਦੀ ਹੈ-
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (ਅੰਗ 687)
ਅੰਤਰਿ-ਮਨ ਅੰਦਰ। ਗਿਆਨੁ-ਪਰਮਾਤਮਾ ਦੇ ਗੁਣਾਂ ਦੀ ਸੋਝੀ।
ਆਪ ਜੀ ਰਾਗੁ ਰਾਮਕਲੀ ਵਿਚ ਵੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਮਨ ਨਿਰਮਲ ਨਹੀਂ, ਵਿਕਾਰਾਂ ਦੀ ਮੈਲ ਨਾਲ ਭਰਿਆ ਹੋਇਆ ਹੈ ਤਾਂ ਤੀਰਥਾਂ ਦੇ ਭਰਮਣ ਕਰਨ ਦਾ ਕੋਈ ਲਾਭ ਨਹੀਂ। ਇਸ ਤਰ੍ਹਾਂ ਮਨ ਕਦੇ ਸੁੱਚਾ ਜਾਂ ਨਿਰਮਲ ਨਹੀਂ ਹੋ ਸਕਦਾ-
ਅੰਤਰਿ ਮੈਲੁ ਤੀਰਥ ਭਰਮੀਜੈ॥
ਮਨੁ ਨਹੀਂ ਸੂਚਾ ਕਿਆ ਸੋਚ ਕਰੀਜੈ॥ (ਅੰਗ 905)
ਸੂਚਾ-ਨਿਰਮਲ, ਪਵਿੱਤਰ।
ਪੰਜਵੀਂ ਪਉੜੀ ਵਿਚ ਗੁਰੂ ਬਾਬਾ ਨੇ ਸਮਝਾਇਆ ਹੈ ਕਿ ਪ੍ਰਭੂ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕਿਸੇ ਨੇ ਬਣਾਇਆ ਹੈ, ਉਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ। ਵਿਚਾਰ ਅਧੀਨ 6ਵੀਂ ਪਉੜੀ ਦੀ ਅਗਲੀ ਤੁਕ ਵਿਚ ਜਗਤ ਗੁਰੂ ਬਾਬਾ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਪਰਮਾਤਮਾ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖ ਰਿਹਾ ਹਾਂ, ਇਸ ਵਿਚ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਕੀ ਮਿਲ ਸਕਦਾ ਹੈ ਜਾਂ ਕੋਈ ਕੀ ਲੈ ਸਕਦਾ ਹੈ ਭਾਵ ਉਸ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ-
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਪਰਮਾਤਮਾ ਦੇ ਚੋਜਾਂ ਨੂੰ ਸਮਝਿਆ ਨਹੀਂ ਜਾ ਸਕਦਾ, ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਆਪ ਜੀਵਾਂ ਨੂੰ ਪੈਦਾ ਕਰਕੇ, ਫਿਰ ਆਪ ਹੀ ਉਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜੋ ਜੀਵ ਉਸ ਨੂੰ ਭਾਅ ਜਾਂਦੇ ਹਨ, ਉਨ੍ਹਾਂ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖਸ਼ਦਾ ਹੈ। ਰਾਗੁ ਮਾਰੂ ਵਿਚ ਤੀਜੀ ਨਾਨਕ ਜੋਤਿ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਆਪੇ ਸ੍ਰਿਸਟਿ ਸਭ ਸਾਜੀਅਨੁ
ਆਪੇ ਨਦਰਿ ਕਰੇਇ॥
ਨਾਨਕ ਨਾਮਿ ਵਡਿਆਈਆ
ਜੈ ਭਾਵੈ ਤੈ ਦੇਇ॥ (ਅੰਗ 994)
ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ।
ਹੇ ਪ੍ਰਭੂ, ਤੇਰੀ ਮਿਹਰ ਸਦਕਾ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ-
ਜਿਸ ਨੋ ਕਰਮਿ ਪ੍ਰਾਪਤਿ ਹੋਵੈ
ਸੋ ਜਨੁ ਨਿਰਮਲੁ ਥੀਵੈ॥
(ਰਾਗੁ ਸੋਰਠਿ ਮਹਲਾ ੫, ਅੰਗ 616)
ਕਰਮਿ-ਮਿਹਰ, ਬਖਸ਼ਿਸ਼। ਜਨੁ-ਜੀਵ, ਮਨੁੱਖ। ਨਿਰਮਲੁ-ਪਵਿੱਤਰ ਜੀਵਨ ਵਾਲਾ। ਥੀਵੈ-ਬਣ ਜਾਂਦਾ ਹੈ। ਸੋ-ਉਹ।
ਰਾਗੁ ਸੋਰਠਿ ਵਿਚ ਹੀ ਆਪ ਜੀ ਦੇ ਹੋਰ ਬਚਨ ਹਨ ਕਿ ਦਇਆਵਾਨ ਅਤੇ ਕਿਰਪਾਲੂ ਮਾਲਕ ਪ੍ਰਭੂ ਜਿਸ ਮਨੁੱਖ ਦੀ ਬੇਨਤੀ ਨੂੰ ਸੁਣ ਲੈਂਦਾ ਹੈ, ਉਸ ਨੂੰ ਉਹ ਪੂਰਾ ਗੁਰੂ ਮਿਲਾ ਦਿੰਦਾ ਹੈ, ਜਿਸ ਸਦਕਾ ਮਨੁੱਖ ਦੇ ਮਨ ਦੀ ਫਿਰ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ-
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ
ਆਪੇ ਸੁਣੈ ਬੇਨੰਤੀ॥
ਪੂਰਾ ਸਤਿਗੁਰੁ ਮੇਲਿ ਮਿਲਾਵੈ
ਸਭ ਚੂਕੇ ਮਨ ਕੀ ਚਿੰਤੀ॥ (ਅੰਗ 625)
ਚੂਕੈ-ਮੁੱਕ ਜਾਂਦੀ ਹੈ। ਚਿੰਤੀ-ਚਿੰਤਾ।
ਇਸ ਪ੍ਰਕਾਰ ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ, ਗ੍ਰਹਿਣ ਕਰਦਾ ਹੈ ਭਾਵ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਮਨੁੱਖ ਦੀ ਬੁੱਧੀ ਵਿਚ ਰਤਨ, ਲਾਲ ਜਵਾਹਰ ਅਤੇ ਮੋਤੀ ਆਦਿ ਜਿਹੇ ਕੀਮਤੀ ਦੈਬੀ ਗੁਣ ਉਪਜ ਪੈਂਦੇ ਹਨ ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ-
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਰਾਗੁ ਆਸਾ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਭੰਡਾਰ ਭਰ ਜਾਂਦੇ ਹਨ, ਉਨ੍ਹਾਂ ਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਦੇ ਸਮਾਨ ਹੋਰ ਕੋਈ ਚੀਜ਼ ਨਹੀਂ-
ਹਰਿ ਹਰਿ ਨਾਮੁ ਅਤੋਲਕੁ ਪਾਇਆ
ਤੇਰੀ ਭਗਤਿ ਭਰੇ ਭੰਡਾਰਾ॥ (ਅੰਗ 442)
ਅਤੋਲਕੁ-ਜਿਸ ਨੂੰ ਤੋਲਿਆ ਨਾ ਜਾ ਸਕੇ, ਜਿਸ ਦੇ ਸਮਾਨ ਹੋਰ ਕੋਈ ਚੀਜ਼ ਨਹੀਂ।
ਇੰਜ ਜਿਸ ਮਨੁੱਖ ਨੂੰ ਪੂਰਾ ਗੁਰੂ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ, ਉਹ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿਚ ਜੋੜੀ ਰੱਖਦਾ ਹੈ-
ਜੀਅ ਦਾਨੁ ਗੁਰਿ ਪੂਰੈ ਦੀਆ
ਰਾਮ ਨਾਮਿ ਚਿਤੁ ਲਾਏ॥ (ਅੰਗ 443)
ਜੀਅ ਦਾਨੁ-ਆਤਮਿਕ ਜੀਵਨ ਦੀ ਦਾਤ।
ਵਿਚਾਰ ਅਧੀਨ ਪਉੜੀ ਦੇ ਅੰਤ ਵਿਚ ਗੁਰੂ ਬਾਬਾ ਪੰਜਵੀਂ ਪਉੜੀ ਦੀਆਂ ਅੰਤਲੀਆਂ ਤੁਕਾਂ ਨੂੰ ਦੁਹਰਾ ਰਹੇ ਹਨ ਕਿ ਹੇ ਸਤਿਗੁਰੂ, ਮੈਨੂੰ ਇਹ ਸੋਝੀ ਬਖਸ਼ ਕਿ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ, ਮੈਨੂੰ ਕਦੀ ਮਨੋ ਵਿਸਰੇ ਨਾ, ਕਦੇ ਭੁੱਲੇ ਨਾ-
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਕਰਮ ਕਰੋ

ਭਗਤੀ ਅਤੇ ਜੀਵਨ ਨੂੰ ਪਵਿੱਤਰ ਅਤੇ ਅਧਿਆਤਮਕ ਬਣਾਉਣ ਦੀ ਸ਼ਕਤੀ ਅਜਿਹੇ ਤੱਤ ਹਨ, ਜੋ ਨੀਚ ਤੋਂ ਨੀਚ ਅਤੇ ਭੈੜੇ ਤੋਂ ਭੈੜੇ ਵਿਅਕਤੀ ਨੂੰ ਵੀ ਮਹਾਨ ਬਣਾ ਦਿੰਦੇ ਹਨ। ਜੇ ਅਸੀਂ ਬੀਤੇ ਸਮੇਂ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਅਜਿਹੇ ਕਈ ਉਦਾਹਰਨ ਮਿਲਦੇ ਹਨ ਜਦ ਭਗਤੀ ਅਤੇ ਪਵਿੱਤਰਤਾ ਦੇ ਸਹਾਰੇ ਅਪਰਾਧੀ ਵੀ ਈਸ਼ਵਰ ਦੀ ਸ਼ਰਨ ਵਿਚ ਆ ਗਏ ਅਤੇ ਉਨ੍ਹਾਂ ਵਿਚ ਅਜਿਹੇ ਪਰਿਵਰਤਨ ਆਏ ਕਿ ਉਹ ਮਹਾਨ ਬਣ ਗਏ। ਸਾਰੇ ਵਿਅਕਤੀ ਅਜਿਹੀ ਕਿਰਪਾ ਜਾਂ ਅਸ਼ੀਰਵਾਦ ਦੇ ਪਾਤਰ ਹੋ ਸਕਦੇ ਹਨ। ਹਰ ਜੀਵ ਵਿਚ ਦੈਵੀ ਸ਼ਕਤੀ ਹੁੰਦੀ ਹੈ, ਜਿਸ ਦੇ ਆਧਾਰ 'ਤੇ ਉਹ ਪੂਰਣਤਾ ਪ੍ਰਾਪਤ ਕਰ ਸਕਦਾ ਹੈ। ਅਸੀਂ ਵਰਤਮਾਨ ਵਿਚ ਜੋ ਕੁਝ ਵੀ ਹਾਂ, ਉਹ ਭੂਤਕਾਲ ਦੇ ਵਿਚਾਰਾਂ ਅਤੇ ਕਰਮਾਂ ਦਾ ਸਿੱਟਾ ਹਾਂ ਅਤੇ ਜੋ ਅਸੀਂ ਭਵਿੱਖ ਵਿਚ ਹੋਵਾਂਗੇ, ਉਸ ਨੂੰ ਸਾਡੇ ਵਰਤਮਾਨ ਦੇ ਵਿਚਾਰ ਅਤੇ ਕਰਮ ਨਿਰਧਾਰਤ ਕਰਨਗੇ। ਇਸ ਸੰਸਾਰ ਦੀ ਕੋਈ ਵੀ ਸਜੀਵ ਜਾਂ ਨਿਰਜੀਵ ਵਸਤੂ ਸਥਾਈ ਨਹੀਂ ਹੈ, ਨਾ ਹੀ ਕੋਈ ਸਬੰਧ ਸਥਾਈ ਹੈ। ਇਸ ਲਈ ਇਨ੍ਹਾਂ ਪ੍ਰਤੀ ਲਗਾਵ ਨਹੀਂ ਹੋਣਾ ਚਾਹੀਦਾ। ਅਸਲ ਆਨੰਦ ਦੀ ਪ੍ਰਾਪਤੀ ਲਈ ਸਾਨੂੰ ਆਪਣੀ ਮਾਨਸਿਕਤਾ ਨੂੰ ਸੰਸਾਰਿਕ ਸਥੂਲ ਪਦਾਰਥਾਂ ਤੋਂ ਮੋੜ ਕੇ ਪਰਮਾਤਮਾ ਵੱਲ ਕਰਨਾ ਚਾਹੀਦਾ ਹੈ। ਤੁਹਾਡਾ ਅਤੀਤ (ਭੂਤਕਾਲ) ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਰਿਹਾ ਹੋਵੇ, ਤੁਸੀਂ ਵਰਤਮਾਨ ਵਿਚ ਪਵਿੱਤਰਤਾ ਅਤੇ ਅਧਿਆਤਮਿਕਤਾ ਪ੍ਰਾਪਤ ਕਰ ਸਕਦੇ ਹੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇੰਗਲੈਂਡ ਵਿਚ ਸਥਾਪਤ 'ਪੰਜਾਬੀ ਥੀਏਟਰ ਅਕੈਡਮੀ, ਯੂ.ਕੇ.' ਦੇ ਡਾਇਰੈਕਟਰ ਸ: ਟੀ. ਪੀ. ਸਿੰਘ ਨੇ ਇਕ ਪ੍ਰੋਜੈਕਟ 'ਨਾਨਕ ਆਇਆ, ਨਾਨਕ ਆਇਆ, ਕੁਲ ਦੁਨੀਆਂ ਨੂੰ ਤਾਰਨ ਆਇਆ' ਨਾਟਕ ਤਿਆਰ ਕੀਤਾ ਹੈ, ਜਿਸ ਵਿਚ ਗੁਰੂ ਨਾਨਕ ਪਾਤਸ਼ਾਹ ਦੀ 1469-1539 ਤੱਕ ਦੀ ਜੀਵਨ ਯਾਤਰਾ ਦੀਆਂ ਝਾਕੀਆਂ ਹਨ, ਜੋ 140 ਮਿੰਟ ਦਾ ਸਟੇਜ ਨਾਟਕ ਹੈ। ਉਸ ਨੇ ਇਹ ਨਾਟਕ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਅਟਾਰੀ ਦਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਇਕ ਧਨਾਢ ਵਿਅਕਤੀ ਨੇ ਕੈਨੇਡਾ ਵਿਚ ਚੀਫ਼ ਖ਼ਾਲਸਾ ਦੀਵਾਨ ਦਾ ਸਬ ਆਫਿਸ ਖੋਲ੍ਹਣ ਲਈ ਆਪਣਾ ਘਰ ਦੇਣ ਅਤੇ ਗੁਰਦੁਆਰਾ ਰਾਮਗੜ੍ਹੀਆ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਖੋਲ੍ਹਣ ਲਈ 4 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਪ੍ਰਧਾਨ ਸ: ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਉੱਤਰ ਦਿੱਤਾ ਕਿ ਦੀਵਾਨ ਦਾ ਮੁੱਖ ਕਾਰਜ ਇਸ ਦੇ ਮੋਢੀ ਭਾਈ ਵੀਰ ਸਿੰਘ, ਸ: ਹਰਬੰਸ ਸਿੰਘ ਅਟਾਰੀ, ਸ: ਅਰਜਨ ਸਿੰਘ ਬਾਗੜੀਆਂ, ਸ: ਤਰਲੋਚਨ ਸਿੰਘ ਅਤੇ ਸ: ਸੁੰਦਰ ਸਿੰਘ ਮਜੀਠੀਆ ਦੀਆਂ ਭਾਵਨਾਵਾਂ ਅਨੁਸਾਰ ਸਿੱਖੀ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਸ: ਨਿਰਮਲ ਸਿੰਘ ਨੇ ਦੀਵਾਨ ਦੇ ਮਨਸੂਬੇ ਸਪੱਸ਼ਟ ਕਰਦਿਆਂ ਕਿਹਾ ਕਿ ਦੀਵਾਨ ਦੇ ਸਕੂਲਾਂ ਵਿਚ ਪੜ੍ਹ ਰਹੇ ਪਤਿਤ ਸਿੱਖ ਬੱਚਿਆਂ ਨੂੰ ਫੀਸ ਮੁਆਫੀ ਜਾਂ ਕਿਸੇ ਹੋਰ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਭਵਿੱਖ ਵਿਚ ਕੋਈ ਪਤਿਤ ਸਿੱਖ ਬੱਚਾ ਦੀਵਾਨ ਦੇ ਸਕੂਲਾਂ ਵਿਚ ਦਾਖਲ ਨਹੀਂ ਕੀਤਾ ਜਾਵੇਗਾ। ਦੀਵਾਨ ਦੇ ਸਕੂਲਾਂ ਦੇ +2 ਕਰਨ ਸਮੇਂ ਜਿਹੜੇ ਗੁਰਸਿੱਖ ਬੱਚੇ 90 ਫੀਸਦੀ ਦੇ ਲਗਪਗ ਨੰਬਰ ਲੈ ਕੇ ਪਾਸ ਹੁੰਦੇ ਹਨ ਅਤੇ ਅੱਗੋਂ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਇਛੁੱਕ ਹਨ ਪਰ ਆਰਥਿਕ ਤੰਗੀ ਕਾਰਨ ਆਪਣੀ ਇੱਛਾ ਪੂਰੀ ਨਹੀਂ ਕਰ ਸਕਦੇ, ਦੀਵਾਨ ਉਨ੍ਹਾਂ ਗੁਰਸਿੱਖ ਬੱਚਿਆਂ ਦੀ ਲੋੜੀਂਦੀ ਆਰਥਿਕ ਮਦਦ ਕਰਦਾ ਹੈ। ਦੀਵਾਨ ਆਪਣੇ ਖਰਚੇ 'ਤੇ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਚ ਅਨਾਥ ਬੱਚਿਆਂ ਨੂੰ +2 ਤੱਕ ਵਿੱਦਿਆ, ਲੰਗਰ, ਰਿਹਾਇਸ਼ ਆਦਿ ਦੀ ਸੁਵਿਧਾ ਦੇ ਰਿਹਾ ਹੈ ਅਤੇ ਜਿਹੜੇ ਏਥੇ ਪੜ੍ਹਨ ਵਾਲੇ ਬੱਚੇ +2 ਕਰਨ ਉਪਰੰਤ ਉੱਚ ਵਿੱਦਿਆ ਲੈਣ ਦੇ ਇਛੁੱਕ ਹਨ, ਉਨ੍ਹਾਂ ਨੂੰ ਖ਼ਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾਖਲਾ ਪ੍ਰਾਪਤ ਕਰਨ ਵਿਚ ਸਹਾਇਤਾ ਤੇ ਆਰਥਿਕ ਮਦਦ ਕਰਦਾ ਹੈ। ਦੀਵਾਨ ਵਲੋਂ ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਇਕ-ਇਕ ਬਿਰਧ ਘਰ, ਹਸਪਤਾਲ, ਸੂਰਮਾ ਸਿੰਘ ਆਸ਼ਰਮ ਤੇ ਗੁਰਮਤਿ ਵਿੱਦਿਆਲਾ ਚਲਾਇਆ ਜਾ ਰਿਹਾ ਹੈ, ਜਿਸ ਦਾ ਸਾਰਾ ਖਰਚ ਦੀਵਾਨ ਕਰਦਾ ਹੈ।
ਬੱਚਿਆਂ ਵਿਚ ਖੇਡਾਂ ਦਾ ਰੁਝਾਨ ਪੈਦਾ ਕਰਨ ਅਤੇ ਉਨ੍ਹਾਂ ਨੂੰ ਰਾਜ ਪੱਧਰੀ, ਕੌਮ ਪੱਧਰੀ ਅਤੇ ਵਿਸ਼ਵ ਪੱਧਰੀ ਮੱਲਾਂ ਮਾਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਦੀਵਾਨ ਦੀ ਕੋਸ਼ਿਸ਼ ਹੈ ਕਿ ਦੀਵਾਨ ਦੀ ਆਪਣੀ ਸਿੱਖੀ ਸਰੂਪ ਵਾਲੇ ਬੱਚਿਆਂ ਦੀ ਹਾਕੀ ਆਦਿ ਦੀ ਟੀਮ ਤਿਆਰ ਹੋਵੇ, ਜੋ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਸਥਾਪਤ ਕਰੇ। ਇਸ ਕਾਰਜ ਲਈ ਦੀਵਾਨ ਨੇ ਰਣਜੀਤ ਐਵੀਨਿਊ ਵਿਚ 'ਹਾਕੀ ਅਕੈਡਮੀ' ਸਥਾਪਤ ਕੀਤੀ ਹੈ। ਇਸ ਦਾ ਸਟੈਂਡਰਡ ਵਿਸ਼ਵ ਪੱਧਰ ਦਾ ਹੋਵੇਗਾ। ਪਰ ਸਿੱਖੀ ਸਰੂਪ ਵਾਲੇ ਖੇਡ ਕੋਚ ਨਹੀਂ ਮਿਲ ਰਹੇ।
ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਨੇ ਅੰਤ ਵਿਚ ਸਮੂਹ ਸਿੱਖ ਪਰਿਵਾਰਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਪਹਿਲਾਂ ਉਹ ਆਪ ਸਿੱਖੀ ਸਰੂਪ ਵਿਚ ਪਰਤਣ ਅਤੇ ਫੇਰ ਬੱਚਿਆਂ ਨੂੰ ਪ੍ਰੇਰਨਾ ਕਰਨ। ਸਿੱਖੀ ਸਰੂਪ ਸਾਨੂੰ ਦਸਮ ਪਿਤਾ ਨੇ ਸਰਬੰਸ ਕੁਰਬਾਨ ਕਰਕੇ ਬਖਸ਼ਿਸ਼ ਕੀਤਾ ਹੈ, ਜਿਸ ਕਰਕੇ ਸਾਨੂੰ ਇਹ ਅਨਮੋਲ ਦਾਤ ਸਾਂਭਣ ਦੀ ਵਧੇਰੇ ਲੋੜ ਹੈ, ਤਾਂ ਜੋ ਸਾਡੇ ਬੱਚੇ ਚੰਗੇ ਨਾਗਰਿਕ ਬਣ ਸਕਣ।
ਸਮੁੱਚੇ ਰੂਪ ਵਿਚ ਨਜ਼ਰ ਮਾਰੀਏ ਤਾਂ ਜੋ ਤਸਵੀਰ ਉੱਘੜ ਕੇ ਸਾਹਮਣੇ ਆਉਂਦੀ ਹੈ, ਉਸ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਸਿੱਖ ਕੌਮ ਆਪਣੇ ਧਰਮ ਵਲੋਂ ਅੱਜ ਵੀ ਅਵੇਸਲੀ ਹੋ ਰਹੀ ਹੈ। ਸਮੁੱਚੀ ਕੌਮ ਕਈ ਪਾਰਟੀਆਂ (ਦਲਾਂ) ਵਿਚ ਵੰਡੀ ਪਈ ਹੈ। ਪੰਥਕ ਏਕਤਾ ਅੱਕ ਦੇ ਪਪੋਲਿਆਂ ਵਾਂਗ ਖਿੰਡ ਰਹੀ ਹੈ। ਰਾਜ ਪ੍ਰਬੰਧ ਸਾਂਭਣ ਦੀ ਯੋਗਤਾ ਰੱਖਣ ਦੇ ਬਾਵਜੂਦ ਵੀ ਕੌਮੀ ਫੁੱਟ ਕਾਰਨ ਦੂਜਿਆਂ ਦੀ ਦਬੇਲ ਤੇ ਮੁਹਤਾਜ ਬਣੇ ਜਾ ਰਹੇ ਹਨ। ਉਪਰੋਕਤ ਕਾਨਫ਼ਰੰਸਾਂ ਦੇ ਮੂਲ ਮਨੋਰਥਾਂ ਅਨੁਸਾਰ ਅੱਜ ਸਿੱਖ ਕੌਮ ਦਾ ਜੀਵਨ ਧਾਰਮਿਕ ਤੌਰ 'ਤੇ ਸੰਪੂਰਨ ਨਹੀਂ ਕਿਹਾ ਜਾ ਸਕਦਾ। ਪੰਜਾਬ ਦੀਆਂ ਵਰਤਮਾਨ ਗੁੰਝਲਦਾਰ ਸਮੱਸਿਆਵਾਂ ਨੂੰ ਸਰਲ ਕਰਨ ਲਈ ਪੰਥਕ ਸ਼ਕਤੀ ਦਾ ਇਕ ਪਲੇਟਫਾਰਮ 'ਤੇ ਆਉਣਾ ਜ਼ਰੂਰੀ ਹੋ ਗਿਆ ਹੈ ਤੇ ਇਹ ਵੀ ਆਸ ਕਰਨੀ ਚਾਹੀਦੀ ਹੈ ਕਿ ਅਜਿਹਾ ਕੋਈ ਪਲੇਟਫਾਰਮ ਬਣਾਇਆ ਜਾਵੇ, ਜਿਸ 'ਤੇ ਪੰਥਕ ਏਕਤਾ ਨੂੰ ਇਕਮੁੱਠ ਕਰਦਿਆਂ ਕੌਮੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। (ਸਮਾਪਤ)

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸੈਦਪੁਰ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਕੈਦੀਆਂ ਅੱਗੇ ਚੱਕੀਆਂ ਰੱਖੀਆਂ ਗਈਆਂ। ਬਾਬਰ ਦੀਆਂ ਫੌਜਾਂ ਦੇ ਅੱਤਿਆਚਾਰਾਂ ਤੋਂ ਸਹਿਮੇ ਹੋਏ ਕੈਦੀ ਨਾਲੇ ਭੁੱਬਾਂ ਮਾਰ ਕੇ ਰੋ ਰਹੇ ਸਨ ਅਤੇ ਨਾਲੇ ਚੱਕੀਆਂ ਪੀਂਹਦੇ ਸਨ ਪਰ ਗੁਰੂ ਨਾਨਕ ਪਾਤਸ਼ਾਹ, ਭਾਈ ਮਰਦਾਨਾ ਜੀ ਇਹ ਸਭ ਕੁਝ ਪ੍ਰਭੂ ਦੀ ਰਜ਼ਾ ਜਾਣ ਕੇ ਪੂਰੀ ਹਿੰਮਤ ਅਤੇ ਗੰਭੀਰਤਾ ਨਾਲ ਕੈਦੀਆਂ ਵਾਲੀ ਕਾਰ ਕਰ ਰਹੇ ਸਨ। ਬਾਬਰ ਦੇ ਹਾਕਮ ਅਤੇ ਕਰਿੰਦੇ ਇਹ ਸਭ ਕੁਝ ਦੇਖ ਕੇ ਹੈਰਾਨ ਸਨ। ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਬਾਬਰ ਨੂੰ ਦੱਸਿਆ। ਬਾਬਰ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ। ਗੁਰੂ ਪਾਤਸ਼ਾਹ ਨੇ ਦਲੇਰੀ ਨਾਲ ਮਨੁੱਖਤਾ ਦੀ ਗੱਲ ਕਰਦਿਆਂ ਹੋਇਆਂ ਸੱਚ ਦਾ ਮਾਰਗ ਦਿਖਾਇਆ। ਗੁਰੂ ਪਾਤਸ਼ਾਹ ਤੋਂ ਉਪਦੇਸ਼ ਗ੍ਰਹਿਣ ਕਰਕੇ ਬਾਬਰ ਨੇ ਸਾਰੇ ਕੈਦੀ ਰਿਹਾਅ ਕਰ ਦਿੱਤੇ। ਸੈਦਪੁਰ ਵਾਸੀਆਂ ਨੂੰ ਆਪਣੇ ਹੀ ਲੁੱਟੇ-ਪੁੱਟੇ ਸ਼ਹਿਰ ਤੋਂ ਡਰ ਮਹਿਸੂਸ ਹੋ ਰਿਹਾ ਸੀ ਅਤੇ ਸੈਦਪੁਰ ਵਾਪਸ ਜਾਣ ਤੋਂ ਘਬਰਾਉਂਦੇ ਸਨ। ਗੁਰੂ ਨਾਨਕ ਪਾਤਸ਼ਾਹ ਪਿੰਡ ਅਵਾਣ ਤੋਂ ਫਿਰ ਉਨ੍ਹਾਂ ਮੁਸੀਬਤ ਮਾਰੇ, ਦੁਖੀ ਲੋਕਾਂ ਨਾਲ ਐਮਨਾਬਾਦ ਵਾਪਸ ਆਏ। ਦੂਜੇ ਪਾਸੇ ਬਾਬਰ ਨੂੰ ਸੁਨੇਹਾ ਮਿਲਿਆ ਕਿ ਸ਼ਾਹ ਬੇਗ ਨੇ ਕੰਧਾਰ ਉੱਤੇ ਹਮਲਾ ਕਰ ਦਿੱਤਾ ਹੈ। ਬਾਬਰ ਅਵਾਣ ਪਿੰਡ ਤੋਂ ਹੀ ਵਾਪਸ ਕਾਬਲ ਨੂੰ ਚਲਾ ਗਿਆ। ਬਾਬਰ ਦੀ ਹਕੂਮਤ ਹਿੰਦੁਸਤਾਨ ਵਿਚ ਦਰਿਆ ਰਾਵੀ ਦੇ ਕੰਢੇ ਤੱਕ ਪੱਕੀ ਹੋ ਗਈ।
ਬਾਬਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਸੈਦਪੁਰ ਨਿਵਾਸੀ ਸਹਿਮੇ ਹੋਏ, ਡਰਦੇ-ਡਰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੈਦਪੁਰ ਨੂੰ ਜਾ ਰਹੇ ਸਨ। ਉਸ ਸਮੇਂ ਭਾਈ ਮਰਦਾਨਾ ਜੀ ਵੀ ਨਾਲ ਸਨ। ਸ਼ਹਿਰ ਵਿਚ ਸੜੇ ਹੋਏ ਘਰਾਂ ਵਿਚੋਂ ਨਿਕਲ ਰਿਹਾ ਧੂੰਆਂ ਦੂਰੋਂ ਹੀ ਨਜ਼ਰ ਆ ਰਿਹਾ ਸੀ। ਜਦ ਉਹ ਸੈਦਪੁਰ ਸ਼ਹਿਰ ਪਹੁੰਚੇ ਤਾਂ ਕੀ ਦੇਖਦੇ ਹਨ, ਜਵਾਨ ਧੀਆਂ ਦੀਆਂ ਲਾਸ਼ਾਂ ਘਰਾਂ ਦੇ ਅੰਦਰ ਪਈਆਂ ਸਨ, ਜੋ ਮੁਗ਼ਲ ਜਰਵਾਣਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਚੁੱਕੀਆਂ ਸਨ। ਸੈਦਪੁਰ ਦੀਆਂ ਗਲੀਆਂ, ਬਾਜ਼ਾਰਾਂ, ਮੁਹੱਲਿਆਂ ਵਿਚ ਕਤਲ ਕੀਤੇ ਗਏ ਜਵਾਨ ਪੁੱਤਾਂ ਦੀਆਂ ਲਾਸ਼ਾਂ ਰੁਲਦੀਆਂ ਫਿਰਦੀਆਂ ਸਨ ਅਤੇ ਜਿਨ੍ਹਾਂ ਨੂੰ ਗਿਰਝਾਂ, ਕਾਂ, ਕੁੱਤੇ ਅਤੇ ਬਘਿਆੜ ਖਾ ਰਹੇ ਸਨ। ਇਹ ਸਾਰਾ ਕੁਝ ਦੇਖ ਕੇ ਸੈਦਪੁਰੀਆਂ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਹਰ ਪਾਸੇ ਕੁਰਲਾਟ ਮਚ ਗਿਆ।
ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਨੂੰ ਆਪਣੀ ਅੱਖੀਂ ਦੇਖਿਆ ਅਤੇ ਹੁਣ ਬਿਪਤਾ ਮਾਰੇ ਸੈਦਪੁਰੀਆਂ ਨੂੰ ਹੌਸਲਾ ਦੇਣ ਲਈ ਅਤੇ ਦੁੱਖ ਸਾਂਝਾ ਕਰਦੇ ਹੋਏ ਘਰ-ਘਰ ਪਹੁੰਚੇ। ਮੁਗ਼ਲ ਜਰਵਾਣਿਆਂ ਵਲੋਂ ਕੀਤਾ ਕਹਿਰ ਇਹ ਆਮ ਕਹਿਰ ਨਹੀਂ ਸੀ। ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫ਼ਤ ਸਾਲਾਹ ਵਿਚ ਗਾਇਨ ਹੀ ਨਹੀਂ ਕੀਤਾ, ਸਗੋਂ ਕਰਤਾਰ ਨੂੰ ਵੀ ਬੜੇ ਗੁੱਸੇ ਨਾਲ ਤਾਹਨਾ ਮਾਰਿਆ। ਜਿਥੇ ਗੁਰੂ ਪਾਤਸ਼ਾਹ ਨੇ ਨਿਧੜਕ ਹੋ ਕੇ ਰਾਜਿਆਂ ਨੂੰ ਸ਼ੀਂਹ, ਕਸਾਈ ਤੇ ਉਨ੍ਹਾਂ ਦੇ ਮੁਕੱਦਮਾਂ ਨੂੰ ਕੁੱਤੇ ਕਹਿਣ ਤੋਂ ਗੁਰੇਜ਼ ਨਹੀਂ ਕੀਤਾ, ਉਥੇ ਉਸੇ ਕਰਤਾਰ ਨੂੰ ਜਿਸ ਦਾ ਉਹ ਸਿਮਰਨ ਕਰਦੇ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਕਰਦੇ ਸਨ, ਉਥੇ ਜ਼ਾਲਮ ਦਰਿੰਦਿਆਂ ਵਲੋਂ ਭੋਲੀ-ਭਾਲੀ ਜਨਤਾ ਉੱਪਰ ਕੀਤੇ ਜ਼ੁਲਮਾਂ ਲਈ ਕਰਤਾਰ ਨੂੰ ਵੀ ਆਪਣੇ ਦਿਲ ਦੀ ਗੱਲ ਕਹਿਣ ਤੋਂ ਨਹੀਂ ਝਿਜਕੇ ਅਤੇ ਦਿਲੀ ਰੋਸ ਪ੍ਰਗਟ ਕਰਦੇ ਹੋਏ ਗਾਇਨ ਕੀਤਾ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲ ਚੜ੍ਹਾਇਆ॥
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦੁ ਨਾ ਆਇਆ॥ ੧॥
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸ ਨ ਹੋਈ॥ ਰਹਾਉ॥
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਧਾਰਮਿਕ ਸਾਹਿਤ

ਗੁਰੂ ਸਾਹਿਬਾਨ ਤੇ ਰਬਾਬੀ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 96, ਮੁੱਲ : 200 ਰੁਪਏ
ਸੰਪਰਕ : 98551-05665


ਬਹੁ-ਵਿਧਾਈ ਲੇਖਿਕਾ ਹਰਸਿਮਰਨ ਕੌਰ ਦੀ ਇਹ ਸੱਜਰੀ ਪੁਸਤਕ ਇਕ ਨਿਵੇਕਲੇ ਵਿਸ਼ੇ ਨੂੰ ਛੋਂਹਦੀ ਹੈ। ਗੁਰੂ-ਘਰ ਵਿਚ ਕੀਰਤਨ ਪਰੰਪਰਾ ਦੇ ਮੋਢੀ, ਰਬਾਬੀਆਂ ਨੂੰ ਤਸਲੀਮ ਕੀਤਾ ਜਾਂਦਾ ਹੈ, ਜਿਹੜੇ ਰਬਾਬ ਨਾਲ ਕੀਰਤਨ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਭਾਈ ਮਰਦਾਨਾ ਪਹਿਲੇ ਰਬਾਬੀ ਸਨ। ਭਾਵੇਂ ਦੇਸ਼ ਦੀ ਵੰਡ ਤੋਂ ਬਾਅਦ ਰਬਾਬੀ ਪਰੰਪਰਾ ਨੂੰ ਡਾਢਾ ਖੋਰਾ ਲੱਗਾ ਹੈ ਪਰ ਫਿਰ ਵੀ ਇਹ ਮਾਣਮੱਤੀ ਪਰੰਪਰਾ ਹਾਲੇ ਜਿਊਂਦੀ-ਜਾਗਦੀ ਹੈ। ਵਿਚਾਰ-ਗੋਚਰੀ ਪੁਸਤਕ ਵਿਚ 6 ਗੁਰੂ ਸਾਹਿਬਾਨ ਦੇ ਸੰਖੇਪ ਜੀਵਨ ਬਿਰਤਾਂਤ, ਬਾਣੀ ਰਚਨਾ ਦੇ ਨਾਲ-ਨਾਲ ਤੇ ਉਨ੍ਹਾਂ ਦੇ ਰਬਾਬੀਆਂ ਨਾਲ ਮੇਲ-ਮਿਲਾਪ ਦਾ ਵਰਨਣ ਕੀਤਾ ਗਿਆ ਹੈ। ਪੁਸਤਕ ਵਿਚਲੇ ਲੇਖਾਂ ਦੀ ਗਿਣਤੀ 16 ਹੈ। ਪਹਿਲੇ ਭਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੇ ਰਾਜਸੀ/ਸਮਾਜੀ/ਧਾਰਮਿਕ ਤੇ ਮਾਲੀ ਹਾਲਾਤ ਦੀ ਚਰਚਾ ਕੀਤੀ ਗਈ ਹੈ। ਉਸ ਵੇਲੇ 'ਧਰਮ ਪੰਖ ਕਰ ਉਡਰਿਆ' ਵਾਲੇ ਹਾਲਾਤ ਸਨ। ਹਰੇਕ ਲੇਖ ਵਿਚ ਬਾਣੀ ਦੇ ਢੁਕਵੇਂ ਪ੍ਰਮਾਣ ਤੇ ਇਤਿਹਾਸਕ ਹਵਾਲੇ ਦਿੱਤੇ ਗਏ ਨੇ। ਦੂਜੇ ਭਾਗ ਵਿਚ ਤਿੰਨ ਪ੍ਰਮੁੱਖ ਰਬਾਬੀਆਂ ਭਾਈ ਮਰਦਾਨਾ, ਸੱਤਾ ਤੇ ਬਲਵੰਡ ਅਤੇ ਬਾਬੀ ਸੁੰਦਰ ਜੀ (ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ 'ਚੋਂ) ਸਬੰਧੀ ਵਿਸਤ੍ਰਿਤ ਜਾਣਕਾਰੀ ਹੈ। 'ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ 10 ਸਾਲ ਵੱਡੇ ਸਨ। ਉਨ੍ਹਾਂ ਦੇ ਪਿਤਾ ਦਾ ਨਾਂਅ ਸੀ ਮਰਾਸੀ ਭਾਈ ਬਾਦਰੇ ਤੇ ਮਾਤਾ ਦਾ ਨਾਂਅ ਲੱਖੋ।' (ਪੰਨਾ 84) ਭਾਈ ਮਰਦਾਨੇ ਤੋਂ ਉਪਰੰਤ ਉਨ੍ਹਾਂ ਦੇ ਦੋ ਸਪੁੱਤਰ ਭਾਈ ਰਜਾਦਾ ਤੇ ਭਾਈ ਸਜ਼ਾਦਾ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਰਹੇ। ਭਾਈ ਸੱਤਾ ਤੇ ਭਾਈ ਬਲਵੰਤ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ। ਪੰਜਵੇਂ ਪਾਤਸ਼ਾਹ ਨੇ ਭਾਈ ਬਲਵੰਡ ਨੂੰ ਰਾਏ ਦਾ ਲਕਬ ਦੇ ਕੇ ਨਿਵਾਜਿਆ। ਪੁਸਤਕ ਦਾ ਅੰਤਲਾ ਲੇਖ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਬਾਰੇ ਹੈ, ਜਿਨ੍ਹਾਂ ਦੀ ਰਚਿਤ ਰਾਮਕਲੀ ਸਦ (ਵੈਰਾਗਮਈ ਰਚਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਵਿਚਾਰਨ ਦਾ ਏਜੰਡਾ ਕੀ ਹੋਵੇ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ, 2019 ਨੂੰ ਮਨਾਉਣ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਉਸੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਹੋਰ ਜਥੇਬੰਦੀਆਂ ਸਮੇਤ ਪੰਜਾਬ ਤੋਂ ਵਿਸ਼ਵ ਭਰ ਵਿਚ ਸਰਗਰਮ ਜਥੇਬੰਦੀਆਂ, ਸਕੂਲਾਂ, ਕਾਲਜਾਂ ਅਤੇ ਵਿਅਕਤੀਗਤ ਪੱਧਰ 'ਤੇ ਕੀਤੇ ਜਾਣ ਵਾਲੇ ਸਮਾਗਮਾਂ ਅਤੇ ਸੈਮੀਨਾਰਾਂ ਆਦਿ ਵਿਚ ਤੇਜ਼ੀ ਆ ਰਹੀ ਹੈ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਕਾਂ ਨੇ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਸਮੇਂ ਬਣਦੇ ਆਪਣੇ ਫ਼ਰਜ਼ ਨਿਭਾਉਣੇ ਹਨ। ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਅਤੇ ਗੁਰਮਤਿ ਪ੍ਰਚਾਰਕ ਸੰਤ ਸਭਾ ਵਲੋਂ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਡੀ ਪੱਧਰ 'ਤੇ ਮਨਾਏ ਜਾਣ ਵਾਲੇ ਸਮਾਗਮ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਹੋਣਗੇ। ਅੰਤਰਰਾਸ਼ਟਰੀ ਨਗਰ ਕੀਰਤਨ, ਸਥਾਨਕ ਪੱਧਰ 'ਤੇ ਨਗਰ ਕੀਰਤਨ, ਲੰਗਰ, ਰਿਹਾਇਸ਼ੀ ਸਥਾਨਾਂ ਦੀ ਉਸਾਰੀ, ਸੁਲਤਾਨਪੁਰ ਲੋਧੀ ਦੀਆਂ ਇਮਾਰਤਾਂ ਨੂੰ ਚਿੱਟਾ ਰੰਗ ਕਰਨ ਦੀ ਕਵਾਇਦ, ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਕੀਤੇ ਜਾਣ ਵਾਲੇ ਸੈਮੀਨਾਰ, ਖ਼ੂਨਦਾਨ ਕੈਂਪ, ਪ੍ਰਕਾਸ਼ਨਾਵਾਂ ਅਤੇ ਹੋਰ ਅਜਿਹੇ ਯਤਨ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਤੇ ਜਾ ਰਹੇ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ ਵੀ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਇਸ ਦਾ ਉਦਘਾਟਨ ਇਕੱਠੇ ਕਰਨਗੇ ਜਾਂ ਰਾਜਨੀਤਿਕ ਕਾਰਨਾਂ ਕਰਕੇ ਅਲੱਗ-ਅਲੱਗ ਕਰਨਗੇ, ਇਸ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ। ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਤਾਂ ਤਨੋ-ਮਨੋ ਇਨ੍ਹਾਂ ਸਮਾਗਮਾਂ ਵਿਚ ਆਪਣੇ ਫ਼ਰਜ਼ ਨਿਭਾਉਣਗੇ, ਪਰ ਜਿਵੇਂ ਇਨ੍ਹਾਂ ਸਮਾਗਮਾਂ ਦਾ ਰਾਜਨੀਤੀਕਰਨ ਹੋ ਗਿਆ ਹੈ, ਉਸ ਨਾਲ ਸਰਕਾਰ ਅਤੇ ਅਕਾਲੀ ਦਲ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਸਿਹਰਾ ਲੈਣ ਦੀ ਹੋੜ ਵੀ ਲੱਗੀ ਹੋਈ ਹੈ।
ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾ ਰਹੇ ਅਜਿਹੇ ਯਤਨਾਂ ਨੂੰ ਵੇਖਦਿਆਂ ਗੁਰੂ ਨਾਨਕ ਸਾਹਿਬ ਨੂੰ ਦਿਲੋਂ ਪਿਆਰ ਕਰਨ ਵਾਲਾ ਅਤੇ ਪੰਥ ਦੀ ਹੋਣੀ ਲਈ ਫ਼ਿਕਰਮੰਦ ਇਕ ਬੇਚੈਨ ਸਿੱਖ ਇਹ ਸੋਚਣ ਲਈ ਮਜਬੂਰ ਹੈ ਕਿ ਜਿਸ ਢੰਗ ਨਾਲ ਪਿਛਲੀਆਂ ਸ਼ਤਾਬਦੀਆਂ ਵਾਂਗ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਕੀ ਇਸ ਨਾਲ ਉਜਵਲ ਭਵਿੱਖ ਲਈ ਕੋਈ ਵੱਡੀ ਦਿਸ਼ਾ ਮਿਲ ਸਕੇਗੀ? ਵਰਤਮਾਨ ਸਮੇਂ ਵਿਚ ਸਿੱਖ ਪੰਥ ਦੇ ਸੰਕਟ ਕੀ ਹਨ ਅਤੇ ਉਨ੍ਹਾਂ ਦੇ ਨਿਵਾਰਣ ਕਿਵੇਂ ਹੋ ਸਕਦੇ ਹਨ? ਸਟੇਜਾਂ ਤੋਂ ਹਰ ਕੋਈ ਬੁਲੰਦ ਆਵਾਜ਼ ਵਿਚ ਕਹਿ ਰਿਹਾ ਹੈ ਕਿ ਗੁਰੂ ਨਾਨਕ ਫ਼ਿਲਾਸਫ਼ੀ-ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਚੰਗਾ ਜੀਵਨ, ਆਦਰਸ਼ਕ ਸਮਾਜ ਅਤੇ ਵਿਵਸਥਾ ਸਿਰਜਣ ਦੇ ਸਮਰੱਥ ਹਨ, ਪਰ ਇਕ ਨੁੱਕਰ ਵਿਚ ਖੜ੍ਹਾ ਇਹ ਸਿੱਖ ਅਤੇ ਹੋਰ ਲੋਕ ਜ਼ਰੂਰ ਇਹ ਜਾਣਨਾ ਚਾਹੁੰਦੇ ਹਨ ਕਿ ਵਰਤਮਾਨ ਦੇ ਸੰਕਟਮਈ ਪੰਜਾਬ, ਭਾਰਤ ਅਤੇ ਵਿਸ਼ਵ ਨੂੰ ਬਚਾਉਣ ਅਤੇ ਕੋਈ ਨਵੀਂ ਦਿਸ਼ਾ ਦੇਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸੰਸਥਾਵਾਂ ਕੋਲ ਕੋਈ ਕਾਰਗਰ ਕਾਰਜ ਯੋਜਨਾ ਹੈ? ਇਤਿਹਾਸਕ ਦਿਹਾੜੇ ਜੋ ਸੁਨੇਹਾ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਠੀਕ ਭਾਵਨਾ ਵਿਚ ਸਮਝਣ ਦੀ ਲੋੜ ਹੁੰਦੀ ਹੈ। ਅਜਿਹੇ ਦਿਨ 'ਕਿਆ ਤੈ ਖਟਿਆ ਕਹਾ ਗਵਾਇਆ' ਦੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਪਿਛਲੇ ਸਮੇਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਅਸਫ਼ਲਤਾਵਾਂ ਦੀ ਸਮੁੱਚੀ ਪੜਚੋਲ ਕਰਕੇ ਭਵਿੱਖ ਦੀ ਨਵੀਂ ਦਿਸ਼ਾ ਵੱਲ ਨਵੀਂ ਸਪੱਸ਼ਟਤਾ ਨਾਲ ਅੱਗੇ ਵਧਣ ਦਾ ਸਮਾਂ ਵੀ ਹੁੰਦਾ ਹੈ। ਪਰ ਕੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਗੁਰਮਤਿ ਪ੍ਰਚਾਰਕ ਸੰਤ ਸਭਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਵਿਸ਼ਵ ਵਿਚ ਯਤਨਸ਼ੀਲ ਜਥੇਬੰਦੀਆਂ ਅਤੇ ਪਤਵੰਤੇ ਸਿੱਖ ਇਸ ਸਬੰਧੀ ਕੁਝ ਵੱਡੇ ਯਤਨ ਕਰ ਰਹੇ ਹਨ? ਜਾਂ ਇਸ ਸਬੰਧੀ ਕੁਝ ਸੋਚ ਵੀ ਰਹੇ ਹਨ? ਪੰਥ ਦਾ ਦਰਦ ਰੱਖਣ ਵਾਲੇ ਅਜਿਹੇ ਸਿੱਖ ਜ਼ਰੂਰ ਜਾਣਨਾ ਚਾਹੁੰਦੇ ਹਨ ਕਿ ਆਖ਼ਰ ਇਨ੍ਹਾਂ ਸਮਾਗਮਾਂ ਵਿਚ ਕੀ ਵਿਚਾਰਿਆ ਜਾਵੇਗਾ? ਅਜਿਹਾ ਕੁਝ ਜਾਣਨਾ ਅਤੇ ਪੰਥ ਦੇ ਆਗੂਆਂ ਨੂੰ ਇਸ ਸਬੰਧੀ ਸੁਚੇਤ ਕਰਨਾ ਅਜਿਹੇ ਸਿੱਖਾਂ ਨੂੰ ਗੁਰੂ ਵਲੋਂ ਦਿੱਤਾ ਗਿਆ ਅਧਿਕਾਰ ਵੀ ਹੈ।
ਵਿਸ਼ਵ ਇਤਿਹਾਸ ਸਾਨੂੰ ਦੱਸ ਪਾਉਂਦਾ ਹੈ ਕਿ ਵਿਸ਼ਵ ਕੌਮਾਂ-ਸੱਭਿਆਚਾਰਾਂ ਦੇ ਪਰਿਵਾਰ ਵਿਚ ਆਪਣੀ ਮਜ਼ਬੂਤ ਵਿਚਾਰਧਾਰਾ ਅਤੇ ਅਭਿਲਾਸ਼ਾਵਾਂ ਦੇ ਬਲ 'ਤੇ ਆਪਣਾ ਵਿਸ਼ਵ ਸਥਾਨ ਹਾਸਲ ਕਰਨ ਲਈ ਭੂਮਿਕਾ ਨਿਭਾਉਣ ਵਾਲੇ ਇਹ ਲੋਕ ਹਮੇਸ਼ਾ ਕਿਸੇ ਨਾ ਕਿਸੇ ਸੰਕਟਮਈ ਸਥਿਤੀ ਵਿਚ ਰਹਿੰਦੇ ਹਨ। ਸੰਕਟਾਂ ਦੀ ਅਜਿਹੀ ਸਥਿਤੀ ਵਰਤਮਾਨ ਵਿਚ ਵੀ ਜਾਰੀ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗੀ। ਹਰ ਸਮਕਾਲ ਦੇ ਆਗੂਆਂ ਨੂੰ ਅਜਿਹੇ ਸੰਕਟਾਂ ਦਾ ਸਾਹਮਣਾ ਕਰਨ ਅਤੇ ਆਪਣੇ ਲੋਕਾਂ ਦੀ ਸਫ਼ਲ ਅਗਵਾਈ ਕਰਨ ਲਈ ਆਪਣੇ ਸਮੇਂ ਦੇ ਮੁੱਦਿਆਂ ਨੂੰ ਸੰਬੋਧਨ ਹੋਣਾ ਹੁੰਦਾ ਹੈ। ਪਰ ਇਕ ਵਿਚਾਰ ਸਪੱਸ਼ਟ ਹੈ ਕਿ ਸਬੰਧਿਤ ਕੌਮ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਜਿੰਨੀਆਂ ਸ਼ਕਤੀਸ਼ਾਲੀ ਹੋਣਗੀਆਂ, ਓਨੀਆਂ ਹੀ ਉਹ ਸਪੱਸ਼ਟਤਾ ਅਤੇ ਤਾਕਤ ਨਾਲ ਅੱਗੇ ਵਧ ਸਕਦੀਆਂ ਹਨ।
ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨਿ ਤਖ਼ਤ ਜਥੇਬੰਦੀ ਦੀ ਸੰਸਥਾ ਸਮੇਤ ਗੁਰਦੁਆਰਾ ਸੰਸਥਾ, ਸਿੱਖ ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ, ਸਿੱਖ ਸ਼ਾਸਕੀ ਮਾਡਲ ਅਤੇ ਸਮੁੱਚੇ ਸਿੱਖ ਵਿਸ਼ਵ ਦ੍ਰਿਸ਼ਟੀਕੋਣ ਦੀਆਂ ਸੰਸਥਾਵਾਂ ਆਦਿ ਜਿਵੇਂ ਕਮਜ਼ੋਰ ਹੋ ਗਈਆਂ ਹਨ ਜਾਂ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਨਵੇਂ ਰੂਪ ਵਿਚ ਸੰਗਠਿਤ ਕਰਨ ਅਤੇ ਸ਼ਕਤੀਸ਼ਾਲੀ ਕਰਨ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸੰਕਟ ਪੈਦਾ ਕਰਨ ਲਈ ਕੌਣ ਲੋਕ ਜ਼ਿੰਮੇਵਾਰ ਸਨ (ਹਨ)? ਇਹ ਇਤਿਹਾਸ ਦੇ ਵਿਸ਼ਲੇਸ਼ਣ ਦਾ ਵਿਸ਼ਾ ਹੈ। ਪਰ ਸਿੱਖ ਪੰਥ ਦੇ ਭਵਿੱਖ ਲਈ ਪੰਜਾਬ ਅਤੇ ਵਿਸ਼ਵ ਭਰ ਵਿਚ ਵਸਦੇ ਸੰਵੇਦਨਸ਼ੀਲ ਸਿੱਖਾਂ ਦੀ ਇਹ ਮੁੱਢਲੀ ਚਿੰਤਾ ਅਤੇ ਚਿੰਤਨ ਦੇ ਵਿਸ਼ੇ ਬਣਨੇ ਚਾਹੀਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸਮੇਂ ਸਿੱਖ ਸੰਸਥਾਵਾਂ ਨੂੰ ਕਿਵੇਂ ਸ਼ਕਤੀਸ਼ਾਲੀ ਕੀਤਾ ਜਾਏ ਅਤੇ ਇਨ੍ਹਾਂ ਦੀ ਨਵੀਂ ਭੂਮਿਕਾ ਕੀ ਹੋਵੇ? ਇਸ ਮੌਕੇ ਨੂੰ ਅੱਗੇ ਵਧਣ ਲਈ ਕਿਵੇਂ ਇਕ ਵੱਡੇ ਸਾਧਨ ਵਜੋਂ ਵਰਤਿਆ ਜਾਏ? ਸਪੱਸ਼ਟ ਹੈ ਕਿ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਇਸੇ ਕੇਂਦਰੀ ਵਿਸ਼ੇ ਅਥਵਾ ਏਜੰਡੇ ਉੱਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ।
ਸਿੱਖ ਜੀਵਨ ਅਤੇ ਪੰਥ ਨੂੰ ਮੂਲ ਤੌਰ 'ਤੇ ਗੁਰਦੁਆਰਾ ਪ੍ਰਬੰਧ, ਮਨੁੱਖੀ ਸਰੋਤ ਘੜਨ ਵਾਲੀ ਅਕਾਦਮਿਕ-ਧਾਰਮਿਕ ਵਿੱਦਿਆ, ਆਰਥਿਕਤਾ, ਸਿਹਤ ਸੰਭਾਲ, ਰੁਜ਼ਗਾਰ ਸਮੇਤ ਸਮੁੱਚੀ ਜੀਵਨ ਸੁਰੱਖਿਆ, ਸਿੱਖ ਸੱਭਿਆਚਾਰ, ਸਿੱਖ ਰਾਜਨੀਤੀ-ਪ੍ਰੇਰਿਤ ਜਾਂ ਕੇਂਦਰ-ਪ੍ਰੇਰਿਤ ਪੰਜਾਬ ਦੀ ਸ਼ਾਸਨ ਵਿਵਸਥਾ, ਸਿੱਖ ਆਗੂ, ਭਾਰਤ ਦੇ ਹਾਲਾਤ ਅਤੇ ਵਿਸ਼ਵ ਵਿਚ ਸਿੱਖਾਂ ਦੇ ਹੋ ਚੁੱਕੇ ਫੈਲਾਅ ਨਾਲ ਸਬੰਧਿਤ ਸੰਸਥਾਵਾਂ ਪ੍ਰਭਾਵਿਤ ਕਰਦੀਆਂ ਹਨ। ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਸਮੁੱਚੀਆਂ ਸੰਸਥਾਵਾਂ ਆਪਣੇ ਮੂਲ ਮਕਸਦਾਂ ਨੂੰ ਪੂਰਾ ਕਰਨ ਵਿਚ ਕਮਜ਼ੋਰ ਹੋ ਰਹੀਆਂ ਹਨ। ਪੰਜਾਬ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਬਣ ਚੁੱਕੇ ਬਹੁਤੇ ਗੁਰਦੁਆਰੇ ਮਹਿਜ਼ ਇਮਾਰਤਾਂ ਹੀ ਬਣ ਕੇ ਰਹਿ ਗਏ ਹਨ। ਇਨ੍ਹਾਂ ਵਿਚੋਂ ਸਿੱਖੀ ਦਾ ਮੂਲ ਸੁਨੇਹਾ ਅਤੇ ਮਕਸਦ ਮਨਫ਼ੀ ਹਨ। ਗੁਰਦੁਆਰਾ ਕੇਂਦਰ ਅਤੇ ਸੰਸਥਾ ਦੀ ਲੋਕ ਭਲਾਈ ਅਥਵਾ ਸਮਾਜਿਕ ਭੂਮਿਕਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗੁਰਦੁਆਰਾ ਕੇਂਦਰ ਜੇਕਰ ਸਮਾਜਿਕ ਭਲਾਈ ਪ੍ਰਥਾਇ ਵਿੱਦਿਅਕ ਸਿਖਲਾਈ ਕੇਂਦਰ, ਸਿਹਤ ਸੰਭਾਲ ਕਲੀਨਿਕ, ਕੰਪਿਊਟਰ ਸਿੱਖਿਆ, ਜਿੰਮ, ਮਾਰਸ਼ਲ ਆਰਟਸ, ਲਾਇਬ੍ਰੇਰੀ ਅਤੇ ਗੁਰਮਤਿ ਸਿੱਖਿਆ ਆਦਿ ਦੇ ਕਾਰਜ ਸ਼ੁਰੂ ਕਰ ਦੇਣ ਤਾਂ ਪੰਜਾਬ ਦੇ ਲੋਕਾਂ, ਵਿਸ਼ੇਸ਼ ਕਰਕੇ ਗਰੀਬ ਤਬਕੇ ਲਈ ਇਕ ਵੱਡਾ ਵਰਦਾਨ ਸਾਬਤ ਹੋ ਸਕਦੇ ਹਨ। ਇਕ ਅਨੁਮਾਨ ਅਨੁਸਾਰ ਗੁਰਦੁਆਰਿਆਂ ਦੇ ਤਾਲਮੇਲ ਨਾਲ ਲਗਭਗ 2 ਲੱਖ ਦੇ ਕਰੀਬ ਨੌਕਰੀਆਂ ਪੈਦਾ ਹੋ ਜਾਣਗੀਆਂ, ਜਿਨ੍ਹਾਂ ਦਾ ਪ੍ਰਬੰਧ ਸਰਕਾਰ ਉੱਤੇ ਨਿਰਭਰ ਰਹਿ ਕੇ ਨਹੀਂ, ਸਗੋਂ ਸਿੱਖਾਂ ਦੇ ਦਸਵੰਧ ਨਾਲ ਹੀ ਹੋ ਸਕੇਗਾ। ਇਨ੍ਹਾਂ ਹੀ ਲੀਹਾਂ ਉੱਤੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਸਾਰੀਆਂ ਨਾਮਵਰ ਪ੍ਰਬੰਧਕ ਕਮੇਟੀਆਂ ਵਿਚ ਵੱਡੀ ਪੱਧਰ 'ਤੇ ਬਹੁ-ਪਰਤੀ ਸੁਧਾਰ ਲਿਆਉਣ ਦੇ ਵੱਡੇ ਕਾਰਜ ਕਰਨ ਦੀ ਪਹਿਲਕਦਮੀ ਕੀਤੀ ਜਾ ਸਕਦੀ ਹੈ। ਗੁਰਦੁਆਰਾ ਸੰਸਥਾ ਦੀ ਨਵੀਂ ਸਮਾਜ ਭਲਾਈ ਭੂਮਿਕਾ ਇਨ੍ਹਾਂ ਸਮਾਗਮਾਂ ਵਿਚ ਵਿਚਾਰੇ ਜਾਣ ਦਾ ਏਜੰਡਾ ਬਣਨਾ ਚਾਹੀਦਾ ਹੈ।
ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦੇ ਬੱਚਿਆਂ ਨੂੰ ਸਫ਼ਲ ਮਨੁੱਖੀ ਸਰੋਤ ਘੜਨ ਵਜੋਂ ਭਾਰਤੀ ਵਿੱਦਿਅਕ ਸਿਸਟਮ ਦੇ ਨਾਲ-ਨਾਲ ਸਿੱਖ ਵਿੱਦਿਅਕ ਪ੍ਰਣਾਲੀ ਕੀ ਹੋਵੇ? ਪੰਜਾਬ ਦੇ ਆਰਥਿਕ ਵਿਕਾਸ ਦੇ ਅੰਤਰਗਤ ਕਿਸਾਨੀ, ਵਪਾਰ, ਉਦਯੋਗਿਕ ਅਤੇ ਸਮੁੱਚੇ ਤੌਰ 'ਤੇ ਆਰਥਿਕ ਵਿਕਾਸ ਦਾ ਨਵਾਂ ਪੰਜਾਬ ਮਾਡਲ ਕੀ ਹੋਵੇ? ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਦੇਣ ਪ੍ਰਥਾਇ ਨਵਾਂ ਸਿਹਤ ਸੰਭਾਲ ਸਿਸਟਮ ਕਿਵੇਂ ਉਸਾਰਿਆ ਜਾਏ? ਨਸ਼ਿਆਂ ਤੋਂ ਮੁਕਤ, ਪਰਿਵਾਰਕ-ਸਮਾਜੀ ਰਿਸ਼ਤਿਆਂ ਵਿਚ ਪਵਿੱਤਰਤਾ ਅਤੇ ਰੁਜ਼ਗਾਰ-ਕੇਂਦਰਿਤ ਨਵਾਂ ਸਮਾਜਿਕ ਸੁਰੱਖਿਅਤ ਜੀਵਨ ਕਿਵੇਂ ਉਸਾਰਿਆ ਜਾਏ? ਭ੍ਰਿਸ਼ਟਾਚਾਰ-ਮੁਕਤ, ਪਾਰਦਰਸ਼ੀ ਅਤੇ ਆਦਰਸ਼ਕ ਸ਼ਾਸਨ ਦਾ ਸਿੱਖ ਫ਼ਿਲਾਸਫ਼ੀ ਅਨੁਸਾਰ ਕਿਹੜਾ ਮਾਡਲ ਵਿਕਸਿਤ ਕੀਤਾ ਜਾਵੇ ਕਿ ਭਵਿੱਖ ਦਾ ਸਿੱਖ ਸ਼ਾਸਕ ਪੰਜਾਬ ਅਤੇ ਇਸ ਤੋਂ ਬਾਹਰ ਵੀ ਸਫ਼ਲ ਸ਼ਾਸਨ ਚਲਾਉਣ ਦੇ ਸਮਰੱਥ ਹੋ ਸਕੇ? ਭਾਰਤ ਅਤੇ ਵਿਸ਼ਵ ਵਿਚ ਵਸਦਾ ਸਿੱਖ ਭਾਈਚਾਰਾ ਇਕ ਕਾਮਨਵੈਲਥ ਵਜੋਂ ਕਿਵੇਂ ਆਪਣੀ ਵਿਸ਼ਵ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਸਕੇ? ਸਿੱਖ ਫ਼ਿਲਾਸਫ਼ੀ ਅਨੁਸਾਰ ਆਦਰਸ਼ਕ ਵਿਸਮਾਦੀ ਵਿਸ਼ਵ ਆਰਡਰ ਕਿਵੇਂ ਸਿਰਜਿਆ ਜਾਏ ਅਤੇ ਸੰਕਟਗ੍ਰਸਤ ਮਾਨਵ ਸੱਭਿਅਤਾ ਨੂੰ ਦਰਪੇਸ਼ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਕਿਵੇਂ ਨਵੀਂ ਦਿਸ਼ਾ ਦਿੱਤੀ ਜਾ ਸਕੇ? ਇਹ ਅਤੇ ਹੋਰ ਅਜਿਹੇ ਕਈ ਵਿਸ਼ੇ ਹਨ, ਜਿਨ੍ਹਾਂ ਦੀ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਚਰਚਾ ਕਰਕੇ ਵੱਡਾ ਨੀਤੀ ਪ੍ਰੋਗਰਾਮ ਬਣਾਉਣ ਦੀ ਲੋੜ ਹੈ।


-ਮੋਬਾ: 98725-91713

ਸੰਗੀਤ ਸਮਰਾਟ ਬੈਜੂ ਬਾਵਰਾ ਦੇ ਨਾਂਅ 'ਤੇ ਵਸਿਆ ਪਿੰਡ

ਬਜਵਾੜਾ ਸਾਂਭੀ ਬੈਠਾ ਹੈ ਮਹਾਨ ਇਤਿਹਾਸਕ ਵਿਰਸਾ

ਪੰਜਾਬ ਦੇ ਹੁਿਸ਼ਆਰਪੁਰ ਸ਼ਹਿਰ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ 'ਤੇ (ਹਿਮਾਚਲ ਦੀ ਸੀਮਾ 'ਤੇ) ਊਨਾ ਮਾਰਗ ਦੇ ਕੰਢੇ 'ਤੇ ਵਸਿਆ ਹੈ ਪੁਰਾਤਨ ਇਤਿਹਾਸਕ ਪਿੰਡ ਬਜਵਾੜਾ। ਲਗਪਗ 10 ਹਜ਼ਾਰ ਦੀ ਵਸੋਂ ਵਾਲੇ ਇਸ ਕੰਢੀ ਦੇ ਪਿੰਡ ਬਜਵਾੜਾ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਪੰਜਾਬ ਦਾ ਸਭ ਤੋਂ ਸਮਰਿੱਧ ਪਿੰਡ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਪਿੰਡ ਨਾਲ ਜਿੰਨੀਆਂ ਮਹਾਨ ਇਤਿਹਾਸਕ ਸ਼ਖ਼ਸੀਅਤਾਂ ਵਾਬਸਤਾ ਹਨ, ਓਨੀਆਂ ਸ਼ਾਇਦ ਪੰਜਾਬ ਦੇ ਕਿਸੇ ਹੋਰ ਪਿੰਡ ਨਾਲ ਨਹੀਂ। ਕਿਸੇ ਸਮੇਂ ਇਸ ਥਾਂ ਨੂੰ ਕਾਂਗੜਾ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਲੰਮੇ ਸਮੇਂ ਤੱਕ ਇਸ ਥਾਂ 'ਤੇ ਅਫ਼ਗਾਨ ਸ਼ਾਸਕਾਂ ਦਾ ਕਬਜ਼ਾ ਰਿਹਾ। ਅਠਾਰ੍ਹਵੀਂ ਸਦੀ ਵਿਚ ਪਹਾੜੀ ਰਾਜਾ ਸੰਸਾਰ ਚੰਦ ਨੇ ਇਸ ਥਾਂ ਇਕ ਕਿਲ੍ਹੇ ਦਾ ਨਿਰਮਾਣ ਕੀਤਾ, ਜਿਸ ਨੂੰ ਬਜਵਾੜਾ ਕਿਲ੍ਹਾ ਕਿਹਾ ਗਿਆ। ਇਸ ਨੂੰ ਪਹਿਲਾਂ ਮੁਗ਼ਲ ਬਾਦਸ਼ਾਹ ਸ਼ੇਰਸ਼ਾਹ ਸੂਰੀ ਅਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਰੱਖਿਆ। ਹੁਣ ਇਸ ਕਿਲ੍ਹੇ ਦੇ ਸਿਰਫ ਖੰਡਰਾਤ ਹੀ ਨਜ਼ਰ ਆਉਂਦੇ ਹਨ। ਹੁਸ਼ਿਆਰਪੁਰ ਨੂੰ ਆਉਣ ਵਾਲੀਆਂ ਸੜਕਾਂ 'ਤੇ ਪੁਰਾਤਤਵ ਵਿਭਾਗ ਵਲੋਂ ਲਾਏ ਸ਼ੇਰ ਸ਼ਾਹ ਫੋਰਟ ਦੇ ਬੋਰਡ ਲੱਗੇ ਵਿਖਾਈ ਦਿੰਦੇ ਹਨ।
ਬਜਵਾੜਾ ਪਿੰਡ ਦਾ ਨਾਮਕਰਣ ਮਹਾਨ ਸੰਗੀਤ ਸਮਰਾਟ ਬੈਜੂ ਬਾਵਰਾ ਦੇ ਨਾਂਅ 'ਤੇ ਕੀਤਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਥਾਂ ਮੁਗ਼ਲ ਸਮਰਾਟ ਸ਼ੇਰ ਸ਼ਾਹ ਸੂਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਪਤਨੀ ਮਾਤਾ ਸੁੰਦਰੀ ਜੀ ਦੇ ਜਨਮ ਸਥਾਨ, ਆਰੀਆ ਸਮਾਜ ਦੇ ਪ੍ਰਬਲ ਸਮਰਥਕ ਅਤੇ ਵਿਸ਼ਵ ਪ੍ਰਸਿੱਧ ਸਿੱਖਿਆ ਸ਼ਾਸਤਰੀ ਮਹਾਤਮਾ ਹੰਸ ਰਾਜ ਦੇ ਜਨਮ ਸਥਾਨ ਕਰਕੇ ਤਾਂ ਪ੍ਰਸਿੱਧ ਹੈ ਹੀ, ਸਗੋਂ ਭਾਰਤੀ ਸਿਆਸਤ ਦੀ ਇਕ ਮਾਣਮੱਤੀ ਸ਼ਖ਼ਸੀਅਤ ਕੌਮੀ ਨੇਤਾ ਅੰਬਿਕਾ ਸੋਨੀ ਦਾ ਸਹੁਰਾ ਪਿੰਡ ਹੋਣ ਕਰਕੇ ਵੀ ਬਜਵਾੜਾ ਪਿੰਡ ਦੀ ਪ੍ਰਸਿੱਧੀ ਵਿਚ ਅਸੀਮ ਵਾਧਾ ਹੋਇਆ ਹੈ। ਹਾਲਾਂਕਿ ਸਰਕਾਰੀ ਦਸਤਾਵੇਜ਼ਾਂ ਵਿਚ ਪਿੰਡ ਬਜਵਾੜਾ ਦਾ ਨਾਮਕਰਣ ਬੈਜੂ ਬਾਵਰਾ ਦੇ ਨਾਂਅ 'ਤੇ ਰੱਖਿਆ ਦੱਸਿਆ ਜਾਂਦਾ ਹੈ ਪਰ ਇਸ ਪਿੰਡ ਵਿਚ ਲੱਭਣ 'ਤੇ ਵੀ ਇਸ ਮਹਾਨ ਸ਼ਖ਼ਸੀਅਤ ਨਾਲ ਜੁੜਿਆ ਕੋਈ ਪ੍ਰਮਾਣ ਨਹੀਂ ਮਿਲਦਾ ਹੈ।
ਬੈਜੂ ਬਾਵਰਾ
ਇਕ ਦੰਦ ਕਥਾ ਮੁਤਾਬਕ 15ਵੀਂ ਅਤੇ 16ਵੀਂ ਸਦੀ ਵਿਚਕਾਰ ਇਥੋਂ ਦੇ ਇਕ ਗਰੀਬ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਏ ਬੈਜਨਾਥ ਮਿਸ਼ਰਾ ਜਿਹੜੇ ਮਗਰੋਂ ਬੈਜੂ ਬਾਵਰਾ ਦੇ ਨਾਂਅ ਨਾਲ ਪ੍ਰਸਿੱਧ ਹੋਏ ਅਤੇ ਬਾਅਦ ਵਿਚ ਗਵਾਲੀਅਰ ਦੇ ਮਹਾਰਾਜਾ ਮਾਨ ਸਿੰਘ ਤੋਮਰ ਦੇ ਦਰਬਾਰੀ ਸੰਗੀਤਕਾਰ ਰਹੇ। ਉਨ੍ਹਾਂ ਨੇ ਸੰਗੀਤ ਗੁਰੂ ਸੁਆਮੀ ਹਰੀਦਾਸ ਤੋਂ ਗੁਰੂਕੁਲ ਵਿਚ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ। ਬੈਜੂ ਨੇ ਇਕ ਪੁੱਤਰ ਗੋਦ ਲਿਆ ਸੀ, ਜਿਸ ਦਾ ਨਾਂਅ ਗੋਪਾਲ ਰੱਖਿਆ ਸੀ। ਬੈਜੂ ਨੇ ਉਸ ਨੂੰ ਵੀ ਸੰਗੀਤ ਦੀ ਤਾਲੀਮ ਦਿੱਤੀ। ਸੁਆਮੀ ਹਰੀਦਾਸ ਦੇ ਇਕ ਹੋਰ ਹੋਣਹਾਰ ਸ਼ਾਗਿਰਦ ਤਾਨਸੇਨ ਨੇ ਸੁਆਮੀ ਜੀ ਤੋਂ ਬੈਜੂ ਬਾਵਰਾ ਦੀ ਪ੍ਰਸੰਸਾ ਸੁਣੀ। ਰੀਵਾ ਦੇ ਮਹਾਰਾਜਾ ਰਾਮ ਚੰਦ ਬਘੇਲਾ ਵਲੋਂ ਆਯੋਜਿਤ ਇਕ ਸੰਗੀਤ ਮੁਕਾਬਲੇ ਵਿਚ ਬੈਜੂ ਬਾਵਰਾ ਅਤੇ ਤਾਨਸੇਨ ਦਾ ਆਹਮਣਾ-ਸਾਹਮਣਾ ਹੋਇਆ। ਉਥੇ ਬੈਜੂ ਬਾਵਰਾ ਨੇ ਰਾਗ਼ ਮ੍ਰਿਗਾਂਜਲੀ ਗਾ ਕੇ ਮਿਰਗਾਂ ਨੂੰ ਸੰਮੋਹਿਤ ਕੀਤਾ। ਰਾਗ ਮਲਹਾਰ ਗਾ ਕੇ ਵਰਖਾ ਕਰਾ ਦਿੱਤੀ। ਰਾਗ ਮਾਲਕੌਂਸ ਗਾ ਕੇ ਪੱਥਰ ਪਿਘਲਾ ਦਿੱਤੇ।
ਬੈਜੂ ਬਾਵਰਾ ਦਾ ਇਹ ਕ੍ਰਿਸ਼ਮਾ ਵੇਖ ਕੇ ਤਾਨਸੇਨ ਨੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ। ਪੁਸਤਕ 'ਜੈ ਵਿਲਾਸ' ਮੁਤਾਬਕ ਬੈਜੂ ਬਾਵਰਾ ਨੇ ਰਾਗ਼ ਦੀਪਕ ਗਾ ਕੇ ਦੀਪਕ ਜਲਾ ਦਿੱਤੇ। ਰਾਗ ਬਹਾਰ ਗਾ ਕੇ ਫੁੱਲਾਂ ਨੂੰ ਖਿੜਾ ਕੇ ਸੰਗੀਤ ਦੇ ਚਮਤਕਾਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸੰਨ 1952 ਵਿਚ ਨਿਰਦੇਸ਼ਕ ਵਿਜੈ ਭੱਟ ਨੇ ਬੈਜੂ ਬਾਵਰਾ ਨਾਂਅ ਦੀ ਮਹਾਨ ਸੰਗੀਤਕ ਫ਼ਿਲਮ ਦਾ ਨਿਰਮਾਣ ਕੀਤਾ ਸੀ, ਜਿਸ ਦੇ ਸੰਗੀਤਕਾਰ ਨੌਸ਼ਾਦ ਅਤੇ ਗੀਤਕਾਰ ਸ਼ਕੀਲ ਬੰਦਾਯੂਨੀ ਸਨ। ਇਨ੍ਹਾਂ ਗੀਤਾਂ ਨੂੰ ਮੁਹੰਮਦ ਰਫੀ ਵਰਗੇ ਮਹਾਨ ਗਾਇਕਾਂ ਨੇ ਆਪਣੀ ਆਵਾਜ਼ ਨਾਲ ਚਾਰ ਚੰਨ ਲਾਏ ਸਨ। ਇਸ ਫ਼ਿਲਮ ਵਿਚ ਭਾਰਤ ਭੂਸ਼ਣ ਨੇ ਬੈਜੂ, ਮੀਨਾ ਕੁਮਾਰੀ ਨੇ ਗੌਰੀ ਅਤੇ ਸੁਰਿੰਦਰ ਨੇ ਤਾਨਸੇਨ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੂੰ ਹਿੰਦੀ ਦੀਆਂ ਕਲਾਸਿਕ ਫ਼ਿਲਮਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਬਜਵਾੜਾ ਬੈਜੂ ਬਾਵਰਾ ਦਾ ਜਨਮ ਸਥਾਨ ਜ਼ਰੂਰ ਦੱਸਿਆ ਜਾਂਦਾ ਹੈ ਪਰ ਇੱਥੇ ਬੈਜਨਾਥ ਮਿਸ਼ਰਾ ਉਰਫ ਬੈਜੂ ਬਾਵਰਾ ਨਾਲ ਸਬੰਧਿਤ ਕੋਈ ਸਮਰਿਤੀ ਚਿੰਨ੍ਹ ਨਹੀਂ ਮਿਲਦਾ।
(ਬਾਕੀ ਅਗਲੇ ਅੰਕ 'ਚ)


-ਪੰਚਵਟ, ਏਕਤਾ ਇਨਕਲੇਵ, ਲੇਨ-2, ਬੂਲਾਂਬਾੜੀ, ਹੁਸ਼ਿਆਰਪੁਰ-146001.
ਮੋਬਾ: 98761-56964

ਨਾਮਧਾਰੀ ਪੰਥ ਦਾ ਗੁਰਮਤਿ ਸੰਗੀਤ ਪ੍ਰਤੀ ਯੋਗਦਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਨ੍ਹਾਂ ਨੇ ਸੰਗੀਤ ਆਚਾਰਿਆ ਪ੍ਰੋ: ਕਿਰਪਾਲ ਸਿੰਘ ਜੰਡੂ ਜਲੰਧਰ ਕੋਲੋਂ ਵੀ ਵਿਦਿਆਰਥੀਆਂ ਨੂੰ ਸੰਗੀਤ ਅਤੇ ਕੀਰਤਨ ਦੀ ਤਾਲੀਮ ਦਿਵਾਈ। ਉਹ ਏਨੇ ਉੱਚ ਕੋਟੀ ਦੇ ਸੰਗੀਤਕਾਰ ਸਨ ਕਿ ਵੱਡੇ-ਵੱਡੇ ਉਸਤਾਦ ਜਦੋਂ ਉਨ੍ਹਾਂ ਕੋਲ ਆਉਂਦੇ ਤਾਂ ਉਨ੍ਹਾਂ ਕੋਲੋਂ ਬਹੁਤ ਕੁਝ ਪ੍ਰਾਪਤ ਕਰਦੇ। ਉਨ੍ਹਾਂ ਨੇ ਅਨੇਕ ਸੰਗੀਤਕ ਬੰਦਿਸ਼ਾਂ ਦੀ ਰਚਨਾ ਕੀਤੀ। ਸੰਗੀਤ ਦੀ ਦੁਨੀਆ ਦੇ ਧੁਰੰਤਰ ਕਲਾਕਾਰ ਪੰਡਿਤ ਰਵੀ ਸ਼ੰਕਰ, ਉਸਤਾਦ ਵਲੈਤ ਖਾਂ, ਉਸਤਾਦ ਅੱਲਾ ਰੱਖਾ ਖਾਂ, ਉਸਤਾਦ ਅਲੀ ਅਕਬਰ ਖਾਂ, ਉਸਤਾਦ ਅਮਜ਼ਦ ਅਲੀ, ਰਾਜਨ ਮਿਸ਼ਰਾ-ਸਾਜਨ ਮਿਸ਼ਰਾ, ਪਦਮਸ੍ਰੀ ਸੋਹਣ ਸਿੰਘ, ਉਸਤਾਦ ਫਿਆਜ਼ ਖਾਨ ਅਤੇ ਹੋਰ ਅਨੇਕਾਂ ਮੰਨੇ-ਪ੍ਰਮੰਨੇ ਕਲਾਕਾਰ ਗਾਹੇ-ਬਗਾਹੇ ਉਨ੍ਹਾਂ ਦੀ ਸੰਗਤ ਮਾਣਦੇ ਰਹੇ। ਉੱਘੇ ਸੰਗੀਤਕਾਰ ਬਿਰਜੂ ਮਹਾਰਾਜ ਨੇ ਉਨ੍ਹਾਂ ਤੋਂ ਦਸਮ ਪਾਤਸ਼ਾਹ ਦੀ ਇਸ ਰਚਨਾ ਨੂੰ ਹੋਰੀ ਰੰਗ ਵਿਚ ਸੁਣ ਕੇ ਅੱਗੋਂ ਅਨੇਕਾਂ ਵਾਰ ਗਾਇਆ :
'ਮਾਘ ਬਤੀਤ ਭਈ ਰੁੱਤ ਫਾਗਨ, ਆਇ ਗਈ ਸਭ ਖੇਰਤ ਹੋਰੀ'
ਉਨ੍ਹਾਂ ਦੇ ਗਾਏ ਸ਼ਬਦ 'ਹਊ ਭਈ ਦੀਵਾਨੀ ਆਵਲ ਬਾਵਲ' ਦੀ ਖਾਸ ਗੱਲ ਇਹ ਕਿ ਇਸ ਸ਼ਬਦ ਦੇ ਸਥਾਈ ਅਤੇ ਅੰਤਰੇ ਦੌਰਾਨ ਦਿਲਰੁਬਾ, ਸਿਤਾਰ, ਤਾਊਸ, ਤਬਲਾ ਪਖਾਵਜ, ਸਾਰੰਗੀ, ਤਾਰ ਸ਼ਹਿਨਾਈ ਸੰਤੂਰ ਬਾਂਸੁਰੀ ਆਦਿ ਅਨੇਕ ਸਾਜ਼ਾਂ ਦਾ ਵਾਦਨ ਮਨ ਬਿਰਤੀ ਨੂੰ ਖੇੜਾ ਪ੍ਰਦਾਨ ਕਰਦਾ ਹੈ। ਕਮਾਲ ਦੀ ਗੱਲ ਇਹ ਕਿ ਜਿਨ੍ਹਾਂ ਦੇ ਖਾਨਦਾਨ ਵਿਚ ਸੰਗੀਤ ਨਾਂਅ ਦੀ ਕੋਈ ਚੀਜ਼ ਹੀ ਨਹੀਂ ਸੀ, ਉਨ੍ਹਾਂ ਨੂੰ ਉਨ੍ਹਾਂ ਨੇ ਜਗਤ ਪ੍ਰਸਿੱਧ ਕਲਾਕਾਰ ਅਤੇ ਕੀਰਤਨੀਏ ਬਣਾ ਦਿੱਤਾ।
ਇਥੇ ਅਸੀਂ ਉਨ੍ਹਾਂ ਦੀ ਦੇਣ ਵਜੋਂ ਤਿਆਰ ਕੀਤੇ ਜਥਿਆਂ ਦਾ 3 ਹਿੱਸਿਆਂ ਵਿਚ ਵਰਗੀਕਰਨ ਕਰਦੇ ਹਾਂ। ਪਹਿਲੀ ਪੀੜ੍ਹੀ ਵਿਚ ਉਸਤਾਦ ਹਰਭਜਨ ਸਿੰਘ, ਉਸਤਾਦ ਗੁਰਦੇਵ ਸਿੰਘ, ਦੂਜੀ ਪੀੜ੍ਹੀ ਵਿਚ ਉਸਤਾਦ ਬਲਜੀਤ ਸਿੰਘ, ਮੋਹਨ ਸਿੰਘ, ਸੁਖਦੇਵ ਸਿੰਘ ਅਤੇ ਨਾਮਵਰ ਤਬਲਾਵਾਦਕ ਸੁਖਵਿੰਦਰ ਸਿੰਘ ਪਿੰਕੀ ਅਤੇ ਤੀਜੀ ਪੀੜ੍ਹੀ ਵਿਚ ਭਾਈ ਬਲਜੀਤ ਸਿੰਘ, ਗੁਰਦੀਪ ਸਿੰਘ, ਭਾਈ ਬਲਵੰਤ ਸਿੰਘ ਘੁੱਲਾ, ਭਾਈ ਹਰਿੰਦਰ ਸਿੰਘ ਅਤੇ ਭਾਈ ਦਵਿੰਦਰ ਸਿੰਘ ਆਉਂਦੇ ਹਨ। ਪ੍ਰਸਿੱਧ ਕੀਰਤਨਕਾਰ ਅਤੇ ਲੋਕ-ਸੰਗੀਤ ਦੇ ਉੱਚ ਕੋਟੀ ਦੇ ਕਲਾਕਾਰ ਗੁਰਦੇਵ ਸਿੰਘ ਕੋਇਲ ਵੀ ਸ੍ਰੀ ਭੈਣੀ ਸਾਹਿਬ ਦੀ ਦੇਣ ਹਨ।
ਅੱਜ ਦੇ ਸਮੇਂ ਦੌਰਾਨ ਉਪਰੋਕਤ ਸਾਰੇ ਨਾਮਧਾਰੀ ਜਥੇ ਜੀਵਨ ਦੀਆਂ ਸਭੇ ਸੁੱਖ ਸਹੂਲਤਾਂ, ਇੱਜ਼ਤ ਅਤੇ ਸ਼ੁਹਰਤ ਮਾਣ ਰਹੇ ਹਨ। ਨਾਮਧਾਰੀ ਗੁਰਮਤਿ ਸੰਗੀਤ ਵਿਦਿਆਲੇ ਤੋਂ ਸਿੱਖਿਅਤ ਅਨੇਕਾਂ ਵਿਦਿਆਰਥੀਆਂ ਨੇ ਗੁਰਮਤਿ ਸੰਗੀਤ ਵਿਚ ਉਚੇਰੀਆਂ ਡਿਗਰੀਆਂ ਹਾਸਲ ਕੀਤੀਆਂ ਅਤੇ ਚੰਗੀ ਗੱਲ ਇਹ ਕਿ ਗੁਰੂ ਦੀ ਕੀਰਤੀ ਨੂੰ ਵੀ ਗਾਇਨ ਕਰਨਾ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਇਆ ਹੋਇਆ ਹੈ। ਅੱਜ ਜਦੋਂ ਕਿ ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਨੂੰ ਬਹੁਤ ਢਾਅ ਲੱਗ ਰਹੀ ਹੈ ਅਤੇ ਇਕੋ ਢਾਲ, ਕਹਿਰਵੇ ਦਾ ਹੀ ਬੋਲਬਾਲਾ ਹੈ, ਤਾਂ ਤਸੱਲੀ ਵਾਲੀ ਗੱਲ ਇਹ ਹੈ ਕਿ ਨਾਮਧਾਰੀ ਸਿੰਘਾਂ ਦੇ ਰਾਗੀ ਜਥੇ ਉਸ ਮਾਣਮੱਤੀ ਪਰੰਪਰਾ ਉੱਤੇ ਪੂਰੀ ਸਾਬਤ ਕਦਮੀ, ਭੈਅ-ਭਾਵਨਾ ਅਤੇ ਗੁਰੂ-ਘਰ ਨੂੰ ਸਮਰਪਿਤ ਹੋ ਕੇ ਪਹਿਰਾ ਦੇ ਰਹੇ ਹਨ। ਨਾਮਧਾਰੀ ਜਥੇ ਆਸਾ ਦੀ ਵਾਰ ਨੂੰ ਗੁਰੂ ਪਰੰਪਰਾ ਮੁਤਾਬਕ ਟੁੰਡੇ ਅਸਰਾਜੇ ਕੀ ਧੁਨੀ ਉੱਪਰ ਹੀ ਗਾਇਨ ਕਰਦੇ ਹਨ। ਮੌਜੂਦਾ ਗੱਦੀਨਸ਼ੀਨ ਬਾਬਾ ਉਦੈ ਸਿੰਘ ਵੀ ਗੁਰਮਤਿ ਸੰਗੀਤ ਪ੍ਰਤੀ ਬਹੁਤ ਸੰਜੀਦਾ ਉਪਰਾਲੇ ਕਰ ਰਹੇ ਹਨ।
(ਇਤਿਹਾਸਕ ਹਵਾਲਾ : ਸੰਤ ਹਰਪਾਲ ਸਿੰਘ (ਸੇਵਕ ਸ੍ਰੀ ਭੈਣੀ ਸਾਹਿਬ) ਨਾਲ ਵਿਸ਼ੇ ਸਬੰਧੀ ਗੱਲਬਾਤ) (ਸਮਾਪਤ)


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਜਥੇਦਾਰ ਸ਼ਹੀਦ ਮਹਾਂ ਸਿੰਘ

ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਦੌਰਾਨ ਭੁੱਖ ਦੇ ਦੁੱਖ ਤੋਂ ਤੰਗ ਆ ਕੇ 40 ਸਿੰਘ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਘਰੋ-ਘਰੀ ਪਹੁੰਚ ਗਏ ਸਨ। ਜਦੋਂ ਮਾਈ ਭਾਗੋ ਅਤੇ ਸਿੰਘਾਂ ਦੇ ਪਰਿਵਾਰਾਂ ਨੇ ਇਨ੍ਹਾਂ ਬੇਦਾਵੀਏ ਸਿੰਘਾਂ ਨੂੰ ਫਿਟਕਾਰ ਪਾਈ ਤਾਂ ਇਹ ਆਪਣੀ ਭੁੱਲ ਬਖਸ਼ਾਉਣ ਲਈ ਮਰਨ ਜੂਝਣ ਦਾ ਚਾਅ ਲੈ ਕੇ ਖਿਦਰਾਣੇ ਦੀ ਢਾਬ 'ਤੇ ਪੁੱਜੇ, ਜਿਥੇ ਵੈਰੀ ਦਲ ਮਹਾਰਾਜ ਜੀ ਦਾ ਪਿੱਛਾ ਕਰਦਾ ਚੜ੍ਹ ਆਇਆ ਸੀ। ਇਨ੍ਹਾਂ ਦੇ ਜਥੇਦਾਰ ਮਹਾਂ ਸਿੰਘ ਦੇ ਦਿਲ ਵਿਚ ਪਛਤਾਵੇ ਦਾ ਭਾਰ ਸੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਿਮ ਸਾਹਾਂ ਤੱਕ ਸਾਥ ਨਿਭਾਉਣ ਦੀ ਸਿੱਕ ਸੀ। ਮਾਝੇ ਦੇ 40 ਸਿੰਘਾਂ ਨੇ ਮੁਗ਼ਲਾਂ ਨਾਲ ਜੂਝ ਕੇ ਸ਼ਹੀਦੀਆਂ ਦਿੱਤੀਆਂ। ਗੁਰੂ ਮਹਾਰਾਜ ਜੀ ਸ਼ਹੀਦਾਂ ਦੇ ਮੁੱਖ ਆਪਣੇ ਰੁਮਾਲ ਨਾਲ ਪੂੰਝਦੇ ਹੋਏ ਸਿਸਕ ਰਹੇ ਭਾਈ ਮਹਾਂ ਸਿੰਘ ਕੋਲ ਪੁੱਜੇ ਤਾਂ ਆਪ ਜੀ ਨੇ ਭਾਈ ਸਾਹਿਬ ਦਾ ਸੀਸ ਆਪਣੀ ਗੋਦ ਵਿਚ ਰੱਖ ਕੇ ਕੁਝ ਮੰਗਣ ਲਈ ਕਿਹਾ। ਭਾਈ ਸਾਹਿਬ ਨੇ ਨੇਤਰ ਖੋਲ੍ਹ ਕੇ ਜਦੋਂ ਪਾਤਸ਼ਾਹ ਜੀ ਦਾ ਦੀਦਾਰ ਕੀਤਾ ਤਾਂ ਗਦਗਦ ਹੋ ਗਏ। ਸਾਹਿਬੇ ਕਮਾਲ ਨੇ ਜ਼ਿੰਦਗੀ, ਰਾਜ ਭਾਗ ਜਾਂ ਕੁਝ ਵੀ ਮੰਗਣ ਲਈ ਕਿਹਾ ਤਾਂ ਪਛਤਾਵੇ ਦੇ ਹੰਝੂਆਂ ਨਾਲ ਭਰੇ ਭਾਈ ਮਹਾਂ ਸਿੰਘ ਨੇ ਕਿਹਾ ਕਿ ਪਾਤਸ਼ਾਹ ਜੀ, ਬਸ ਇਕੋ ਬੇਨਤੀ ਹੈ ਕਿ ਸਾਡੇ ਵਲੋਂ ਲਿਖੇ ਬੇਦਾਵੇ ਨੂੰ ਪਾੜ ਕੇ ਸਾਨੂੰ ਖਿਮਾ ਕਰ ਦਿਓ। ਟੁੱਟੀ ਹੋਈ ਸੰਗਤ ਨੂੰ ਕਿਰਪਾ ਕਰਕੇ ਆਪਣੇ ਨਾਲ ਮੇਲ ਲਓ ਅਤੇ ਸਾਡੀ ਟੁੱਟੀ ਗੰਢ ਦਿਓ। ਕਲਗੀਧਰ ਪਾਤਸ਼ਾਹ ਨੇ ਪਿਆਰ ਭਰੀ ਜੋਦੜੀ ਨੂੰ ਸੁਣ ਕੇ ਹੁਣ ਤੱਕ ਸੰਭਾਲ ਕੇ ਰੱਖੇ ਬੇਦਾਵੇ ਨੂੰ ਪਾੜ ਦਿੱਤਾ-
ਸੁਨਿ ਸਤਿਗੁਰ ਤਤਕਾਲ ਨਿਕਾਸਾ। ਮਹਾਂ ਸਿੰਘ ਸੋਂ ਵਾਕ ਪ੍ਰਕਾਸਾ।
ਜਾਹੁ ਮਹਾਂ ਸਿੰਘ ਜਾਹਿ ਮਮ ਲੋਕ। ਬਸਹੁ ਸਦਾ ਕਬਿ ਨਹਿਂ ਦਿਹਂ ਸ਼ੋਕ।
ਭਾਈ ਮਹਾਂ ਸਿੰਘ ਨੇ ਸੰਤੁਸ਼ਟ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਰੀਰ ਤਿਆਗ ਦਿੱਤਾ। ਆਪ ਨੇ ਪਰਉਪਕਾਰ ਦਾ ਇਹ ਕਾਰਜ ਵੈਸਾਖ ਸੰਮਤ 1762 ਬਿਕਰਮੀ ਵਿਚ ਕੀਤਾ, ਜਿਸ ਦੀ ਯਾਦ ਵਿਚ ਗੁਰਦੁਆਰਾ ਸੀਸਗੰਜ ਸਾਹਿਬ, ਮੁਕਤਸਰ ਵਿਖੇ ਹਰ ਸਾਲ 21 ਵਿਸਾਖ ਨੂੰ ਭਾਰੀ ਦੀਵਾਨ ਸਜਾਏ ਜਾਂਦੇ ਹਨ। ਭਾਈ ਸਾਹਿਬ ਪਿੰਡ ਰਟੌਲ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਇਸ ਲਈ ਰਟੌਲ ਵਿਖੇ ਵੀ ਆਪ ਦੀ ਸਾਲਾਨਾ ਯਾਦ ਮਨਾਈ ਜਾਂਦੀ ਹੈ। ਭਾਈ ਮਹਾਂ ਸਿੰਘ ਨੂੰ ਸਾਥੀ ਸਿੰਘਾਂ ਸਮੇਤ ਮਹਾਰਾਜ ਜੀ ਨੇ ਮੁਕਤਿਆਂ ਦੀ ਮਹਾਨ ਪਦਵੀ ਬਖਸ਼ੀ ਅਤੇ ਸ਼ਹੀਦ ਸਿੰਘਾਂ ਦਾ ਆਪ ਸਸਕਾਰ ਕੀਤਾ। ਇਸੇ ਬਖਸ਼ਿਸ਼ ਸਦਕਾ ਖਿਦਰਾਣੇ ਦੀ ਢਾਬ ਦਾ ਨਾਂਅ ਸ੍ਰੀ ਮੁਕਤਸਰ ਸਾਹਿਬ ਹੋ ਗਿਆ। ਮਾਘੀ ਦੇ ਮੌਕੇ ਬੇਅੰਤ ਸੰਗਤਾਂ ਪਹੁੰਚ ਕੇ ਚਾਲੀ ਮੁਕਤਿਆਂ ਨੂੰ ਯਾਦ ਕਰਦੀਆਂ ਹਨ। ਇਨ੍ਹਾਂ ਵਿਚੋਂ ਕੇਵਲ ਮਾਈ ਭਾਗੋ ਬਚੇ ਸਨ, ਜੋ ਅੰਤ ਤੱਕ ਮਹਾਰਾਜ ਜੀ ਦੀ ਸੇਵਾ ਵਿਚ ਰਹੇ। ਮੁਕਤਸਰ ਸਾਹਿਬ ਵਿਖੇ ਭਾਈ ਸਾਹਿਬ ਦੀ ਯਾਦ ਵਿਚ ਭਾਈ ਮਹਾਂ ਸਿੰਘ ਦੀਵਾਨ ਹਾਲ ਵੀ ਉਸਾਰਿਆ ਗਿਆ ਹੈ, ਜਿਥੇ ਦੀਵਾਨ ਸਜਾਏ ਜਾਂਦੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿਚ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦਗੰਜ ਸਾਹਿਬ ਅਤੇ ਸ੍ਰੀ ਮੁਕਤ ਸਰੋਵਰ ਸੁਸ਼ੋਭਿਤ ਹਨ।

ਬਰਸੀ 'ਤੇ ਵਿਸ਼ੇਸ਼

ਸ਼ਹੀਦ ਬਾਬਾ ਜੰਗ ਸਿੰਘ ਨੂੰ ਯਾਦ ਕਰਦਿਆਂ

ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲ ਕਲਾਂ ਵਿਖੇ ਸ: ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਬੀਬੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਸੰਤ ਜੰਗ ਸਿੰਘ ਅਜਿਹੇ ਮਹਾਨ ਤਿਆਗੀ, ਤਪੱਸਵੀ ਅਤੇ ਨਾਮ ਦੇ ਰਸੀਏ ਹੋਏ ਹਨ, ਜਿਨ੍ਹਾਂ ਦਾ ਨਾਂਅ ਸਿੱਖ ਇਤਿਹਾਸ ਵਿਚ ਦਰਜ ਸ਼ਹੀਦਾਂ ਦੀ ਸੂਚੀ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸੰਤ ਬਾਬਾ ਨੰਦ ਸਿੰਘ ਅਤੇ ਸੰਤ ਬਾਬਾ ਈਸ਼ਰ ਸਿੰਘ 'ਕਲੇਰਾਂ ਵਾਲਿਆਂ' ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸੰਤ ਬਾਬਾ ਜੰਗ ਸਿੰਘ ਨੇ ਹਜ਼ਾਰਾਂ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜਿਆ। ਉਨ੍ਹਾਂ ਕਰਨਾਲ ਵਿਖੇ ਸੰਗਤ ਦੀ ਮੰਗ 'ਤੇ ਗੁਰਦੁਆਰਾ ਨਾਨਕਸਰ ਸੀਂਘੜਾ, ਨਾਨਕਸਰ ਪੁੂੰਡਰੀ ਅਤੇ ਨਾਨਕਸਰ ਲੰਗਰ ਮਾਤਾ ਸਾਹਿਬ ਦੇਵਾਂ ਦਾ ਨਿਰਮਾਣ ਕਰਵਾਇਆ।
ਸੰਨ 1982 ਵਿਚ ਪੰਜਾਬ ਵਿਚ ਆਰੰਭੇ ਧਰਮ ਯੁੱਧ ਮੋਰਚੇ ਦੇ ਦੌਰਾਨ ਪੰਜਾਬ ਪੁਲਿਸ ਵਲੋਂ ਜਦੋਂ 34 ਸਿੱਖਾਂ ਨੂੰ ਬੱਸ 'ਚ ਬਿਠਾ ਕੇ ਲਿਜਾਇਆ ਜਾ ਰਿਹਾ ਸੀ ਤਾਂ ਤਰਨਤਾਰਨ ਦਾ ਰੇਲਵੇ ਫਾਟਕ ਪਾਰ ਕਰਨ ਲੱਗਿਆਂ ਬੱਸ ਦੀ ਟੱਕਰ ਰੇਲ ਗੱਡੀ ਨਾਲ ਹੋ ਗਈ, ਜਿਸ ਦੌਰਾਨ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਦਿਲ-ਕੰਬਾਊ ਘਟਨਾ ਦੇ ਬਾਅਦ ਗੁਸਾਈ ਸਿੱਖ ਸੰਗਤ ਨੇ ਸ਼ਹੀਦਾਂ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਰੋਸ ਪ੍ਰਗਟ ਕਰਨ ਹਿਤ ਅੰਮ੍ਰਿਤਸਰ ਤੋਂ ਦਿੱਲੀ ਤੱਕ ਸ਼ਰਧਾਂਜਲੀ ਜਲੂਸ ਕੱਢਿਆ। ਬਾਬਾ ਜੰਗ ਸਿੰਘ ਦੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਰਸਤੇ 'ਚ ਰੁਕਾਵਟ ਬਣਦੇ ਵੇਖ ਪੁਲਿਸ ਨੇ ਬਾਬਾ ਜੀ 'ਤੇ ਗੋਲੀ ਚਲਾ ਦਿੱਤੀ। ਇਸ 'ਤੇ ਸਿੱਖ ਸੰਗਤ ਵਿਰੁੱਧ ਕੀਤੀ ਜਾ ਰਹੀ ਸਰਕਾਰੀ ਵਧੀਕੀ ਵਿਰੁੱਧ ਹਾਅ ਦਾ ਨਾਅਰਾ ਮਾਰਦੇ ਹੋਏ ਸੰਤ ਬਾਬਾ ਜੰਗ ਸਿੰਘ ਸ਼ਹੀਦੀਆਂ ਪਾ ਗਏ।
ਸੰਤ ਸ਼ਹੀਦ ਬਾਬਾ ਜੰਗ ਸਿੰਘ ਦੇ ਸੇਵਕ ਸੰਤ ਬਾਬਾ ਕਸ਼ਮੀਰ ਸਿੰਘ ਵਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸੰਨ 1995 'ਚ ਉਸਾਰੇ ਗਏ ਗੁਰਦੁਆਰਾ ਨਾਨਕਸਰ, ਨੰਦ ਨਗਰ, ਕਰਨਾਲ ਵਿਖੇ 8, 9 ਅਤੇ 10 ਅਕਤੂਬਰ ਨੂੰ ਬਾਬਾ ਜੰਗ ਸਿੰਘ ਦੀ 37ਵੀਂ ਸ਼ਹੀਦੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ 'ਤੇ 8 ਤੇ 9 ਅਕਤੂਬਰ ਨੂੰ ਵਿਸ਼ੇਸ਼ ਕੀਰਤਨ ਦਰਬਾਰ ਦੇ ਚੱਲਦਿਆਂ ਸੰਤ ਬਾਬਾ ਰਾਮ ਸਿੰਘ ਸੀਂਘੜਾ ਵਾਲੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਨਾਨਕਸਰ ਪਟਿਆਲਾ ਵਾਲੇ, ਬਾਬਾ ਗੁਰਮੀਤ ਸਿੰਘ, ਸੰਤ ਅਮਰਜੀਤ ਸਿੰਘ ਭੋਲਾ ਤੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਬੁੱਢਣਵਾਲ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਰਾਗੀ ਜਥਾ ਮੀਰੀ ਪੀਰੀ ਖ਼ਾਲਸਾ ਜਗਾਧਰੀ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣਾ ਤੇ ਭਾਈ ਭਗਤ ਸਿੰਘ ਕਰਨਾਲ ਕਥਾ, ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।

-ਅੰਮ੍ਰਿਤਸਰ।

ਸਿੱਖੀ ਦੀ ਪ੍ਰਪੱਕਤਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ

ਭਾਈ ਜਗਮੇਲ ਸਿੰਘ ਛਾਜਲਾ

ਜਦੋਂ ਬਿਰਤੀ ਧਾਰਮਿਕ ਪਾਸੇੇ ਵੱਲ ਲੱਗ ਜਾਵੇ ਤਾਂ ਫਿਰ ਹੋਰ ਕੁਝ ਵੀ ਕਰਨ ਨੂੰ ਮਨ ਨਹੀਂ ਕਰਦਾ, ਜਿਸ ਕਰਕੇ ਹੀ ਪ੍ਰਸਿੱਧ ਰਾਗੀ ਭਾਈ ਜਗਮੇਲ ਸਿੰੰਘ ਛਾਜਲਾ ਨੇ ਪੁਲਿਸ ਦੀ ਨੌਕਰੀ ਛੱਡ ਕੇ ਆਪਣਾ ਸਾਰਾ ਧਿਆਨ ਧਾਰਮਿਕ ਪਾਸੇ ਵੱਲ ਹੀ ਕੇਂਦਰਿਤ ਕਰ ਲਿਆ। ਉਹ ਪੜ੍ਹਾਈ ਕਰਨ ਉਪਰੰਤ ਪੁਲਿਸ 'ਚ ਭਰਤੀ ਹੋ ਗਏ ਸਨ ਪਰ ਉਨ੍ਹਾਂ ਜਲਦੀ ਹੀ ਆਪਣੀ ਇਹ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਦੇ ਸਿਰ ਤੋਂ ਪਿਤਾ ਜੀ ਦਾ ਸਾਇਆ ਬਚਪਨ 'ਚ ਹੀ ਉੱਠ ਜਾਣ ਕਰਕੇ ਪਾਲਣ-ਪੋਸ਼ਣ ਮਾਤਾ ਜੀ ਨੇ ਹੀ ਕੀਤਾ, ਜਿਸ ਕਰਕੇ ਉਹ ਜਦੋਂ ਆਪਣੇ ਨਾਨਕਾ ਪਿੰਡ ਰਹਿੰਦੇ ਸਨ ਤਾਂ ਉਹ ਆਪਣੇ ਧਾਰਮਿਕ ਵਿਚਾਰਾਂ ਦੇ ਧਾਰਨੀ ਨੇਤਰਹੀਣ ਨਾਨਾ ਜੀ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਅਤੇ ਲੈ ਕੇ ਆਉਂਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਵੀ ਗੁਰਮਤਿ ਦੀ ਲਗਨ ਲੱਗ ਗਈ। ਉਹ ਜਿੱਥੇ ਪਿੰਡ ਛਾਜਲਾ ਦੇ ਸਪੋਰਟਸ ਕਲੱਬ ਦੇ ਪ੍ਰਧਾਨ ਰਹੇ, ਉਥੇ ਨਾਲ ਹੀ ਕਾਫੀ ਸਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਛਾਜਲਾ ਦੇ ਵੀ ਜਨਰਲ ਸਕੱਤਰ ਬਣੇ ਰਹੇ ਅਤੇ ਸੰਨ 2014 'ਚ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਥੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ 'ਮਾਲਵਾ ਵੈੱਲਫੇਅਰ' ਸੁਸਾਇਟੀ ਦਾ ਬਤੌਰ ਪ੍ਰਧਾਨ ਅਹਿਮ ਕਾਰਜ ਕੀਤੇ, ਉਥੇ ਨਾਲ ਹੀ ਉਹ ਸੰਨ 1962 ਤੋਂ ਹੋਂਦ 'ਚ ਆਈ 'ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ' ਜਿਸ ਦੇ ਸਰਪ੍ਰਸਤ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ, ਦੇ ਸੰਨ 2012 'ਚ ਪੰਜਵੇਂ ਪ੍ਰਧਾਨ ਨਿਯੁਕਤ ਹੋਏ।
ਇਸ ਸੰਸਥਾ ਦੇ ਮੁੱਖ ਸੇਵਾਦਾਰ ਵਜੋਂ ਉਹ ਧਾਰਮਿਕ ਖੇਤਰ 'ਚ ਅਨੇਕਾਂ ਕਾਰਜ ਕਰ ਰਹੇ ਹਨ। ਇਸ ਸੰਸਥਾ ਦੇ ਨਾਲ ਉਨ੍ਹਾਂ ਨੇ ਗੁਆਂਢੀ ਰਾਜਾਂ ਤੋਂ ਵੀ ਸਿੱਖ ਹਸਤੀਆਂ ਨੂੰ ਜੋੜਿਆ ਅਤੇ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਧੀਨ ਅਕਾਲ ਅਕੈਡਮੀਆਂ 'ਚ ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ, ਜਿਸ ਦੇ ਲਈ ਉਹ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਅਮ੍ਰਿਤਸਰ ਦੀ ਸਰਪ੍ਰਸਤੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਬੱਚਿਆਂ ਅਤੇ ਨੌਜਵਾਨਾਂ ਦੇ ਗੁਰਮਤਿ ਮੁਕਾਬਲੇ ਕਰਵਾਉਣੇ ਸ਼ੁਰੂ ਕੀਤੇ ਹੋਏ ਹਨ, ਜਿਨ੍ਹਾਂ ਦਾ ਫਾਈਨਲ ਮੁਕਾਬਲਾ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਹੀ ਕਰਵਾਇਆ ਜਾਵੇਗਾ। ਉਹ ਹਮੇਸ਼ਾ ਹੀ ਸਿੱਖੀ ਦੀ ਪ੍ਰਪੱਕਤਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਰਹਿੰਦੇ ਹਨ।


-ਗੁਰਜੀਤ ਸਿੰਘ ਚਹਿਲ,
ਧਰਮਗੜ੍ਹ। ਮੋਬਾ: 95014-07381
chahalajit333@rediffmail.com

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਲੌਂਗੋਵਾਲ

ਸਿੱਖ ਇਤਿਹਾਸ ਦੀ ਅਨਮੋਲ ਵਿਰਾਸਤ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਸੰਗਰੂਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਲੌਂਗੋਵਾਲ ਦੇ ਐਨ ਵਿਚਕਾਰ ਸੰਘਣੀ ਆਬਾਦੀ ਵਿਚ ਸਥਿਤ ਹੈ। ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਦੇ ਹੱਥੋਂ ਬਿਕਰਮੀ 1789 ਨੂੰ ਅੰਮ੍ਰਿਤਪਾਨ ਕਰਨ ਵਾਲੇ ਮਹਾਨ ਸਿੱਖ ਯੋਧੇ ਬਾਬਾ ਆਲਾ ਸਿੰਘ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਮੁਸਲਮਾਨ ਸ਼ਾਸਕਾਂ ਦੇ ਜ਼ੁਲਮਾਂ ਦੇ ਸ਼ਿਕਾਰ ਹਿੰਦੂਆਂ ਲਈ ਮਸੀਹਾ ਬਣੇ, ਉੱਥੇ ਮਾਲਵਾ ਖੇਤਰ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਵੀ ਪਾਇਆ। ਉਨ੍ਹਾਂ ਸ਼ਹੀਦਾਂ ਦੀ ਧਰਤੀ ਦੇ ਨਾਂਅ ਨਾਲ ਜਾਣੇ ਜਾਂਦੇ ਕਸਬਾ ਲੌਂਗੋਵਾਲ ਦੀ ਮੋਹੜੀ ਗੱਡੀ ਅਤੇ ਲੌਂਗੋਵਾਲ ਨੂੰ ਦੁਬਾਰਾ ਆਬਾਦ ਕੀਤਾ। ਇਸ ਇਲਾਕੇ 'ਚ ਬਾਬਾ ਆਲਾ ਸਿੰਘ ਦੀਆਂ ਜੰਗੀ ਮੁਹਿੰਮਾਂ ਦਾ ਲੌਂਗੋਵਾਲ ਮਹੱਤਵਪੂਰਨ ਕੇਂਦਰ ਰਿਹਾ ਅਤੇ ਉਹ ਇਸੇ ਸਥਾਨ 'ਤੇ ਠਹਿਰਦੇ ਸਨ, ਜਿੱਥੇ ਅੱਜਕਲ੍ਹ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਹੈ। ਉਸ ਵੇਲੇ ਇਸ ਸਥਾਨ ਨੂੰ ਰਾਜਾ ਆਲਾ ਸਿੰਘ ਦਾ ਕੱਚਾ ਕਿਲ੍ਹਾ ਅਤੇ ਰਾਜਾ ਆਲਾ ਸਿੰਘ ਦੀ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ। ਜਦੋਂ 1803 ਬਿਕਰਮੀ ਸੰਮਤ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਅਲੀ ਮੁਹੰਮਦ ਖ਼ਾਨ ਨੇ ਧੋਖੇ ਨਾਲ ਬਾਬਾ ਆਲਾ ਸਿੰਘ ਨੂੰ ਕੈਦ ਕਰ ਲਿਆ ਸੀ, ਉਸ ਵੇਲੇ ਬਾਬਾ ਆਲਾ ਸਿੰਘ ਦੀ ਸੁਪਤਨੀ ਮਾਈ ਫੱਤੋ ਨੇ ਆਪਣੇ ਸਮਰਥਕ ਸਿੱਖਾਂ ਨਾਲ ਇੱਥੇ ਹੀ ਡੇਰਾ ਲਾਇਆ ਹੋਇਆ ਸੀ। ਸੁਨਾਮ 'ਚ ਕੈਦ ਕੀਤੇ ਮਹਾਨ ਯੋਧੇ ਬਾਬਾ ਆਲਾ ਸਿੰਘ ਲਈ ਲੰਗਰ ਮਾਈ ਫੱਤੋ ਵਲੋਂ ਇੱਥੋਂ ਹੀ ਤਿਆਰ ਕਰ ਕੇ ਭੇਜਿਆ ਜਾਂਦਾ ਸੀ।
ਮੁਸਲਮਾਨ ਸ਼ਾਸਕਾਂ ਨਾਲ ਲੋਹਾ ਲੈਂਦੇ ਹੋਏ ਸਿੱਖਾਂ ਨੇ ਬਾਬਾ ਆਲਾ ਸਿੰਘ ਨੂੰ ਛੁਡਾ ਕੇ ਲੌਂਗੋਵਾਲ ਵਿਖੇ ਇਸੇ ਸਥਾਨ 'ਤੇ ਲਿਆਂਦਾ ਅਤੇ ਇੱਥੇ ਹੀ ਬਾਬਾ ਆਲਾ ਸਿੰਘ ਦੀ ਰਿਹਾਈ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਮਾਂ ਬੀਤ ਜਾਣ 'ਤੇ ਇਤਿਹਾਸ ਅਤੇ ਧਰਮ ਦਾ ਸੁਮੇਲ ਹੋ ਗਿਆ ਅਤੇ ਇਸ ਥਾਂ 'ਤੇ ਗੁ: ਚੁੱਲ੍ਹੇ ਬਾਬਾ ਆਲਾ ਸਿੰਘ ਤਾਮੀਰ ਹੋ ਗਿਆ। ਜਿਨ੍ਹਾਂ ਚੁੱਲ੍ਹਿਆਂ 'ਤੇ ਮਾਈ ਫੱਤੋ ਲੰਗਰ ਬਣਾਉਂਦੀ ਹੁੰਦੀ ਸੀ, ਉਹ ਚੁੱਲ੍ਹੇ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿਚ ਇਤਿਹਾਸਕ ਵਿਰਾਸਤ ਵਜੋਂ ਸੰਭਾਲ ਕੇ ਰੱਖੇ ਹੋਏ ਹਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਮੇਜਰ ਸਿੰਘ ਭੈਣੀ ਦੱਸਦੇ ਹਨ ਕਿ ਕਰੀਬ 2 ਏਕੜ ਵਿਚ ਬਣੇ ਇਸ ਗੁਰਦੁਆਰਾ ਸਾਹਿਬ ਦਾ ਕਬਜ਼ਾ 1965 'ਚ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਗਠਿਤ ਕੀਤੀ ਸਥਾਨਕ ਕਮੇਟੀ ਨੇ ਮਹੰਤਾਂ ਕੋਲੋਂ ਲਿਆ। 1987 ਤੋਂ ਇਸ ਅਸਥਾਨ ਦੀ ਸੇਵਾ ਸੰਭਾਲ ਦਾ ਕਾਰਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਸੰਤ ਜੀ ਤੋਂ ਬਾਅਦ ਉਨ੍ਹਾਂ ਦੇ ਜਾਨਸ਼ੀਨ ਸਾਬਕਾ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਉਦੇ ਸਿੰਘ ਅਤੇ ਨਗਰ ਨਿਵਾਸੀਆਂ ਦਾ ਇਸ ਅਸਥਾਨ ਦੀ ਸੇਵਾ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ। ਇੱਥੇ ਹਰ ਸਾਲ ਦੁਸਹਿਰੇ ਮੌਕੇ ਤਿੰਨ ਰੋਜ਼ਾ ਭਾਰੀ ਜੋੜ ਮੇਲਾ ਭਰਦਾ ਹੈ ਅਤੇ ਇਸ ਵਾਰ ਦਾ ਜੋੜ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਮੌਕੇ ਮਹਾਨ ਗੁਰਮਤਿ ਸਮਾਗਮਾਂ ਤੋਂ ਇਲਾਵਾ ਦੁਸਹਿਰੇ ਵਾਲੇ ਦਿਨ ਮਹਾਨ ਅੰਮ੍ਰਿਤ ਸੰਚਾਰ ਵੀ ਹੋਵੇਗਾ।


-ਲੌਂਗੋਵਾਲ। ਮੋਬਾ: 98156-43452

ਇਕੋਤਰੀ ਸਮਾਗਮ 'ਤੇ ਵਿਸ਼ੇਸ਼

ਬਾਬਾ ਬਲਵੰਤ ਸਿੰਘ ਵਲੋਂ ਚਲਾਈ ਇਕੋਤਰੀ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ ਬਾਬਾ ਗੁਰਦਿਆਲ ਸਿੰਘ

ਸੰਤ ਬਾਬਾ ਬਲਵੰਤ ਸਿੰਘ ਦਾ ਜਨਮ 90 ਚੱਕ ਬੀਕਾਨੇਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਲੋਹੜੀ ਵਾਲੇ ਦਿਹਾੜੇ ਮਾਤਾ ਸੰਤੀ ਦੀ ਕੁੱਖੋਂ ਪਿਤਾ ਸ੍ਰੀ ਬੰਸੀ ਲਾਲ ਦੇ ਘਰ ਹੋਇਆ। ਆਪ ਜੀ ਦੇ ਮਾਤਾ-ਪਿਤਾ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ। ਜਨਮ ਦੇ ਡੇਢ ਸਾਲ ਮਗਰੋਂ ਹੀ ਚੇਚਕ ਰੂਪੀ ਬਿਮਾਰੀ ਨੇ ਆਪ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖੋਹ ਲਿਆ, ਪਰ ਮਹਾਂਪੁਰਸ਼ਾਂ ਦੇ ਅੰਤਰੀਵ ਨੇਤਰ ਖੁੱਲ੍ਹੇ ਸਨ। ਆਪ ਦੇ ਮਾਤਾ-ਪਿਤਾ ਨੇ ਆਪ ਨੂੰ ਸੰਤ ਬਾਬਾ ਨੰਦ ਸਿੰਘ ਭੋਰਲਾ ਵਾਲਿਆਂ ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਆਪ ਨੂੰ ਅੰਮ੍ਰਿਤਪਾਨ ਕਰਵਾ ਕੇ ਆਪ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਸੰਗੀਤਮਈ ਸਾਜ਼ਾਂ ਦਾ ਗੂੜ੍ਹ ਗਿਆਨ, ਬਾਣੀ ਕੰਠ, ਨਿੱਤਨੇਮ, ਸਿਮਰਨ ਦੇ ਧਨੀ ਹੋਣ ਉਪਰੰਤ ਆਪ ਜੇਠੂਵਾਲ ਚਲੇ ਗਏ। ਗ੍ਰਹਿਸਥ ਦੀ ਮਰਯਾਦਾ ਨੂੰ ਕਾਇਮ ਰੱਖਦਿਆਂ ਆਪ ਬੀਬੀ ਰਣਜੀਤ ਕੌਰ ਨਾਲ ਸ਼ਾਦੀ ਕਰਕੇ ਟਾਂਡਾ ਉੜਮੁੜ ਆ ਗਏ।
ਇਸ ਅਸਥਾਨ 'ਤੇ ਪੂਰਨਮਾਸ਼ੀ ਅਤੇ ਹਰ ਰੋਜ਼ ਸਵੇਰੇ-ਸ਼ਾਮ ਭਾਰੀ ਸੰਗਤ ਮਹਾਂਪੁਰਸ਼ਾਂ ਦੇ ਕੀਰਤਨ ਨਾਲ ਜੁੜਨ ਲੱਗੀ। ਇਸ ਅਸਥਾਨ ਦਾ ਨਾਂਅ ਗੁਰੂ ਨਾਨਕ ਦੁੱਖ ਭੰਜਨ ਸਤਿਸੰਗ ਘਰ ਰੱਖਿਆ ਗਿਆ। ਆਪ ਨੇ ਆਪਣੇ ਜੀਵਨ ਕਾਲ ਦੌਰਾਨ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਵੀ ਕਰਵਾਇਆ। ਆਪ ਜਦ ਬਲਾਚੌਰ ਵਿਖੇ 1990 ਵਿਚ ਕੀਰਤਨ ਕਰ ਰਹੇ ਸਨ ਤਾਂ ਕੁਝ ਅਣਪਛਾਤਿਆਂ ਨੇ ਮਹਾਂਪੁਰਸ਼ਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਉਨ੍ਹਾਂ ਤੋਂ ਮਗਰੋਂ ਸੰਤ ਬਾਬਾ ਗੁਰਦਿਆਲ ਸਿੰਘ ਇਸ ਵੇਲੇ ਮਹਾਂਪੁਰਸ਼ਾਂ ਦੀ ਚਲਾਈ ਪਰੰਪਰਾ ਨੂੰ ਅੱਗੇ ਚਲਾ ਰਹੇ ਹਨ।
24 ਅਗਸਤ, 1944 ਨੂੰ ਮਾਤਾ ਅਮਰ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਭਾਗ ਮੱਲ ਦੇ ਘਰ ਜਨਮੇ ਸੰਤ ਗੁਰਦਿਆਲ ਸਿੰਘ ਬਚਪਨ ਤੋਂ ਹੀ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਸਨ। 1969 ਵਿਚ ਸੰਤ ਬਾਬਾ ਬਲਵੰਤ ਸਿੰਘ ਦੀ ਸੰਗਤ ਵਿਚ ਅੰਮ੍ਰਿਤਪਾਨ ਕਰਕੇ ਗੁਰੂ-ਘਰ ਦੇ ਕੂਕਰ ਬਣ ਗਏ। 1990 ਵਿਚ ਸੰਤ ਬਾਬਾ ਬਲਵੰਤ ਸਿੰਘ ਦੀ ਸ਼ਹਾਦਤ ਤੋਂ ਐਨ ਪਹਿਲਾਂ ਉਨ੍ਹਾਂ ਬਾਬਾ ਗੁਰਦਿਆਲ ਸਿੰਘ ਨੂੰ ਕਥਾ ਕੀਰਤਨ ਦੀ ਗੁੜ੍ਹਤੀ ਦਿੱਤੀ, ਜਿਸ ਉਪਰੰਤ ਉਨ੍ਹਾਂ ਦੇਸ਼-ਵਿਦੇਸ਼ਾਂ ਵਿਚ ਬਾਣੀ ਤੇ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਹੁਣ ਤੱਕ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਦੀ ਪ੍ਰੇਰਨਾ ਦੇ ਕੇ ਗੁਰੂ ਵਾਲੇ ਬਣਾਇਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿਥੇ ਮਹਾਂਪੁਰਸ਼ਾਂ ਦੀ ਯਾਦ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਚੈਰੀਟੇਬਲ ਹਸਪਤਾਲ ਬਣਾਇਆ, ਨਾਲ ਹੀ ਲੋੜਵੰਦ ਲੜਕੀਆਂ ਦੀ ਸ਼ਾਦੀ, ਲੋੜਵੰਦ ਬੱਚਿਆਂ ਦੀ ਪੜ੍ਹਾਈ, ਗਰੀਬਾਂ ਨੂੰ ਸਿਹਤ ਸਹੂਲਤਾਂ ਲਈ ਪਰਉਪਕਾਰੀ ਕਾਰਜ ਕੀਤੇ। ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੇ ਬਾਬਾ ਅਮਰਜੀਤ ਸਿੰਘ ਵਲੋਂ ਚਲਾਈ ਜਾਂਦੀ ਇਸ ਇਕੋਤਰੀ ਪਰੰਪਰਾ ਨੂੰ ਅੱਗੇ ਚਲਾ ਰਹੇ ਹਨ। ਇਸ ਵਾਰ ਇਕੋਤਰੀ ਸਮਾਗਮਾਂ ਦੀ ਸੰਪੂਰਨਤਾ 13 ਅਕਤੂਬਰ ਨੂੰ ਅਤੇ ਨਗਰ ਕੀਰਤਨ 12 ਅਕਤੂਬਰ ਨੂੰ ਸਜਾਏ ਜਾਣਗੇ।


-ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ।

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਸਾਡੇ ਦੇਸ਼ ਦੇ ਇਤਿਹਾਸ ਵਿਚ ਬਹੁਤ ਉਚੇਰੀ ਮਹੱਤਤਾ ਰੱਖਦਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਦੇਸ਼ ਦਾ ਧਾਰਮਿਕ, ਰਾਜਨੀਤਕ, ਸਮਾਜਿਕ ਦ੍ਰਿਸ਼ ਕੁਝ ਵੱਖਰੇ ਹੀ ਕਿਸਮ ਦਾ ਸੀ। ਅਫ਼ਗਾਨ ਤੁਰਕਾਂ ਨੇ ਗਜ਼ਨੀ ਵਿਚ ਇਕ ਸੁਤੰਤਰ ਰਾਜ ਕਾਇਮ ਕਰਨ ਉਪਰੰਤ ਹਿੰਦੂ ਖਾਨਦਾਨ ਉੱਪਰ ਜਿੱਤ ਪ੍ਰਾਪਤ ਕੀਤੀ ਜੋ ਕਈ ਪੀੜ੍ਹੀਆਂ ਤੋਂ ਉੱਤਰ-ਪੱਛਮੀ ਪੰਜਾਬ ਅਤੇ ਅਫ਼ਗਾਨਿਸਤਾਨ ਦੇ ਕੁਝ ਭਾਗਾਂ ਉੱਤੇ ਰਾਜ ਕਰਦਾ ਰਿਹਾ ਸੀ। ਇਸ ਦੇ ਨਾਲ ਹੀ ਧਾੜਵੀ ਜਰਵਾਣਿਆਂ ਲਈ ਪਹਾੜੀ ਰਸਤੇ ਫਿਰ ਖੁੱਲ੍ਹ ਗਏ। ਮਹਿਮੂਦ ਗਜ਼ਨਵੀ ਨੇ ਭਾਰਤ ਉੱਪਰ 998 ਈ: ਤੋਂ 17 ਹਮਲੇ ਕੀਤੇ। ਮਹਿਮੂਦ ਗਜ਼ਨਵੀ ਤੋਂ ਡੇਢ ਸਦੀ ਪਿੱਛੋਂ ਮੁਹੰਮਦ ਗੌਰੀ ਆਇਆ। ਉਸ ਨੇ ਭਾਰਤ ਉੱਤੇ ਹਮਲਾ ਕਰਕੇ ਪੱਕਾ ਰਾਜ ਸਥਾਪਿਤ ਕਰਨ ਦੀ ਹਿੰਮਤ ਕੀਤੀ। ਉਸ ਦੀ ਮੌਤ 1206 ਈ: ਨੂੰ ਹੋਈ ਅਤੇ ਉਸ ਦੀ ਮੌਤ ਉਪਰੰਤ ਕੁਤਬ-ਉਦ-ਦੀਨ ਐਬਕ ਜੋ ਇਕ ਸਾਬਕਾ ਗੁਲਾਮ ਸੀ, ਨੇ ਦਿੱਲੀ ਵਿਚ ਇਸਲਾਮੀ ਹਕੂਮਤ ਕਾਇਮ ਕਰ ਲਈ ਅਤੇ ਇਸ ਤੋਂ ਪਿੱਛੋਂ ਵਾਰੀ-ਵਾਰੀ ਖਿਲਜੀ, ਤੁਗਲਕ, ਸੱਯਦ ਅਤੇ ਲੋਧੀ ਖਾਨਦਾਨਾਂ ਨੇ ਰਾਜ ਕੀਤਾ। ਤੈਮੂਰ ਨੇ 1398 ਈ: ਨੂੰ ਹਮਲਾ ਕਰਕੇ ਦੇਸ਼ ਦੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ। ਅਖੀਰ ਬਾਬਰ ਦੀਆਂ ਫੌਜਾਂ ਨੇ 1526 ਈ: ਵਿਚ ਲੋਧੀ ਸੁਲਤਾਨ ਤੇ ਇਬਰਾਹੀਮ ਨੂੰ ਪਾਣੀਪਤ ਦੇ ਅਸਥਾਨ 'ਤੇ ਹਰਾ ਕੇ ਭਾਰਤ 'ਤੇ ਕਬਜ਼ਾ ਕਰ ਲਿਆ ਅਤੇ ਮੁਗ਼ਲ ਹਕੂਮਤ ਦੀ ਨੀਂਹ ਰੱਖੀ।
ਬਾਬਰ ਦੀ ਭਾਰਤ ਵਿਚ ਹਕੂਮਤ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੀ ਸਥਿਤੀ ਇਹੋ ਜਿਹੀ ਸੀ ਕਿ ਰਾਜੇ ਸੀਂਹ ਅਤੇ ਉਨ੍ਹਾਂ ਦੇ ਮੁਕੱਦਮ ਕੁੱਤਿਆਂ ਵਾਂਗ ਪਾੜ ਖਾਣਿਆਂ ਦਾ ਰੂਪ ਧਾਰ ਚੁੱਕੇ ਸਨ। ਹਰ ਪਾਸੇ ਧਰਮ ਰੂਪੀ ਪਾਖੰਡ ਦਾ ਬੋਲਬਾਲਾ ਸੀ। ਹਿੰਦੂ, ਮੁਸਲਮਾਨ ਸਭ 'ਸੱਚ' 'ਸੱਚ' ਕੂਕਦੇ ਸਨ ਪਰ ਸੱਚ ਚੰਦਰਮਾ ਕਿਸੇ ਪਾਸੇ ਚੜ੍ਹਿਆ ਨਜ਼ਰ ਨਹੀਂ ਆਉਂਦਾ ਸੀ। ਚਾਰੇ ਪਾਸੇ ਕੂੜ ਦਾ ਪਸਾਰਾ ਅਤੇ ਹਨੇਰਾ ਹੀ ਹਨੇਰਾ ਸੀ। ਹਿੰਦੂ, ਮੁਸਲਮਾਨ ਤਾਂ ਆਮ ਝਗੜਦੇ ਹੀ ਸਨ, ਹਿੰਦੂਆਂ ਵਿਚ ਵੀ ਪਾਟੋਧਾੜ ਹੋਈ ਪਈ ਸੀ। ਕੋਈ ਬ੍ਰਹਮ ਦਾ ਰੂਪ ਅਖਵਾਉਂਦਾ, ਕਿਸੇ ਨੂੰ ਨੀਚ, ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਇਸਤਰੀ ਦੀ ਦਸ਼ਾ ਏਨੀ ਮਾੜੀ ਸੀ ਕਿ ਉਸ ਨੂੰ ਪਾਪਣ, ਨਾਗਿਨ, ਬਘਿਆੜਨੀ, ਨਰਕ ਦਾ ਦੁਆਰ ਆਖ ਕੇ ਨਿੰਦਿਆ ਜਾਂਦਾ। ਸਮੁੱਚਾ ਸਮਾਜ ਪੱਥਰ, ਪਸ਼ੂ ਅਤੇ ਮਨੁੱਖਾਂ ਦੀ ਪੂਜਾ ਵਿਚ ਪੈ ਕੇ ਤੀਰਥਾਂ ਤੇ ਵਰਤਾਂ ਦੇ ਚੱਕਰਾਂ ਵਿਚ ਪਿਆ ਹੋਇਆ ਸੀ। ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਸੀ। ਕੋਈ ਬ੍ਰਹਮ, ਕੋਈ ਚੰਡਾਲ, ਕੋਈ ਧਨੀ, ਕੋਈ ਕੰਗਾਲ ਇਸੇ ਚੱਕਰਾਂ ਵਿਚ ਬੇਪਛਾਣ ਹੋਏ ਫਿਰਦੇ ਸਨ।
ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ 550 ਸਾਲ ਪਹਿਲਾਂ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ 1469 ਈ: ਨੂੰ ਰਾਇ ਭੋਇੰ ਦੀ ਤਲਵੰਡੀ (ਹੁਣ ਪਾਕਿਸਤਾਨ) ਵਿਚ ਹੋਇਆ। ਉਸ ਸਮੇਂ ਸਮਾਜ ਦੇ ਚਾਰੇ ਪਾਸੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ ਅਤੇ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਹੋਣ ਸਮੇਂ ਤੱਕ ਸਾਰੇ ਉੱਤਰੀ ਹਿੰਦੁਸਤਾਨ ਅਤੇ ਦੱਖਣ ਵਿਚ ਵੀ ਇਸਲਾਮੀ ਹਕੂਮਤ ਸਥਾਪਤ ਹੋ ਚੁੱਕੀ ਸੀ। ਉਸ ਸਮੇਂ ਪੰਜਾਬ ਦੀ ਹਾਲਤ ਸਭ ਤੋਂ ਮਾੜੀ ਸੀ। ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਪੰਜਾਬ ਰਾਜ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਅਸਰ ਹੇਠ ਆਇਆ। ਦੂਜਾ ਇਹ ਦਿੱਲੀ ਅਤੇ ਕਾਬਲ ਵਿਚਕਾਰ ਹੋਣ ਕਰਕੇ ਇਥੇ ਇਸਲਾਮੀ ਹਕੂਮਤ ਦੀ ਪਕੜ ਬਹੁਤ ਮਜ਼ਬੂਤ ਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਤੇ ਰਾਜਸੀ ਸਥਿਤੀ ਡਾ: ਹਰੀ ਰਾਮ ਗੁਪਤਾ ਅਨੁਸਾਰ ਇਸ ਤਰ੍ਹਾਂ ਸੀ-
'ਜਾਤ-ਪਾਤ ਵਧੇਰੇ ਪਕਿਆਈ ਫੜ ਗਈ ਸੀ ਅਤੇ ਹੋਰ ਕਈ ਉਪ-ਜਾਤਾਂ ਹੋਂਦ ਵਿਚ ਆ ਗਈਆਂ ਸਨ। ਹਿੰਦੂ ਧਰਮ ਦੀ ਸੱਚੀ ਆਤਮਾ ਖੰਭ ਲਾ ਉੱਡ ਚੁੱਕੀ ਸੀ ਅਤੇ ਜੋ ਵੀ ਇਸ ਵੱਲ ਮੂੰਹ ਕਰਦਾ ਸੀ, ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਕਰਮਕਾਂਡ ਅਤੇ ਪੂਜਾ ਅਰਚਨਾ ਦਾ ਹੀ ਸਭ ਪਾਸੇ ਪਸਾਰਾ ਸੀ, ਜਿਸ ਤੋਂ ਬ੍ਰਾਹਮਣੀ ਜਮਾਤ ਲਾਭ ਪ੍ਰਾਪਤ ਕਰ ਰਹੀ ਸੀ। ਇਸੇ ਤਰ੍ਹਾਂ ਦੀ ਹੀ ਕੁਝ ਇਸਲਾਮ ਦੀ ਸਥਿਤੀ ਸੀ।'
'ਦੀ ਰੀਲਿਜਿਸ ਪਾਲਿਸੀ ਆਫ ਮੁਗ਼ਲ ਐਂਪਰਰਜ਼' ਵਿਚ ਵਿਦਵਾਨ ਲੇਖਕ ਸ੍ਰੀ ਰਾਮ ਜੀ ਲਿਖਦੇ ਹਨ ਕਿ, 'ਅਕਬਰ ਬਾਦਸ਼ਾਹ ਦੇ ਰਾਜ ਵਿਚ ਹੁਸੈਨ ਕੁਲੀ ਖਾਨ ਲਾਹੌਰ ਦੇ ਗਵਰਨਰ ਨੇ ਇਹ ਐਲਾਨ ਕੀਤਾ ਸੀ ਕਿ ਹਿੰਦੂੁ ਆਪਣੇ ਮੋਢਿਆਂ ਉੱਤੇ (ਕਮੀਜ਼ ਦੀਆਂ ਬਾਹਾਂ ਦੇ ਇਕ ਕੋਨੇ ਉੱਤੇ ਨਹੀਂ) ਵੱਖ-ਵੱਖ ਰੰਗਾਂ ਦੇ ਬਿੱਲੇ ਲਗਾਉਣ ਤਾਂ ਕਿ ਕਿਸੇ ਮੁਸਲਮਾਨ ਦਾ ਗ਼ਲਤੀ ਨਾਲ ਉਨ੍ਹਾਂ ਨੂੰ ਸਲਾਮ ਕਰਕੇ ਨਿਰਾਦਰ ਨਾ ਹੋਵੇ। ਉਸ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਕੋਈ ਹਿੰਦੂ ਆਪਣੇ ਘੋੜਿਆਂ ਉੱਤੇ ਕਾਠੀ ਨਹੀਂ ਸੀ ਰੱਖ ਸਕਦਾ, ਉਹ ਕਾਠੀ ਬਿਨਾਂ ਹੀ ਘੋੜੇ ਦੀ ਸਵਾਰੀ ਕਰਨ।'
'ਤਵਾਰੀਖ ਫ਼ਰਿਸਤਾ' ਦਾ ਲੇਖਕ ਫਰਿਸਤਾ ਲਿਖਦਾ ਹੈ, 'ਡੇਰਾ ਗ਼ਾਜ਼ੀਖ਼ਾਨ ਜ਼ਿਲ੍ਹੇ ਵਿਚ ਹਿੰਦੂ ਕੇਵਲ ਖੋਤੇ ਦੀ ਹੀ ਸਵਾਰੀ ਕਰ ਸਕਦਾ ਸੀ। ਕੁਫ਼ਰ ਤੋਲਣ ਵਿਰੁੱਧ ਬਣਾਏ ਇਕ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਸੀ। ਇਸਲਾਮ ਧਰਮ ਦੀ ਆਲੋਚਨਾ ਕਰਨ ਵਾਲਿਆਂ ਲਈ ਉਮਰ ਕੈਦ ਦੀ ਸਜ਼ਾ ਨੀਯਤ ਕੀਤੀ ਗਈ। ਬੋਧਨ ਬ੍ਰਾਹਮਣ ਨੂੰ ਸਿਕੰਦਰ ਲੋਧੀ ਨੇ ਇਸ ਕਰਕੇ ਫਾਂਸੀ ਦੇ ਤਖ਼ਤ ਉੱਤੇ ਚੜ੍ਹਾ ਦਿੱਤਾ ਸੀ ਕਿ ਉਸ ਨੇ ਹਿੰਦੂ ਧਰਮ ਨੂੰ ਇਸਲਾਮ ਧਰਮ ਵਾਂਗ ਇਕ ਚੰਗਾ ਧਰਮ ਕਹਿਣ ਦੀ ਹਿੰਮਤ ਕੀਤੀ ਸੀ।'
'ਸਿਕੰਦਰ ਲੋਧੀ ਬਾਦਸ਼ਾਹ ਬਣਨ ਤੋਂ ਪਹਿਲਾਂ ਸ਼ਹਿਜ਼ਾਦੇ ਦੇ ਰੂਪ ਵਿਚ ਵੀ ਬੜਾ ਕੱਟੜ ਸੀ। ਇਕ ਵਾਰੀ ਥਾਨੇਸਰ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਆਈ ਸਾਰੀ ਹਿੰਦੂ ਜਨਤਾ ਨੂੰ ਉਸ ਨੇ ਮਾਰ ਮੁਕਾਉਣ ਲਈ ਇਕ ਵਿਉਂਤ ਬਣਾਈ ਸੀ। 'ਤਾਰੀਖੇ ਦਾਉਦੀ' ਦਾ ਕਰਤਾ ਅਬਦੁਲਾ ਸਿਕੰਦਰ ਲੋਧੀ ਦੀ ਉਸਤਤ ਕਰਦਾ ਲਿਖਦਾ ਹੈ ਕਿ ਵੱਖ-ਵੱਖ ਧਰਮ ਅਸਥਾਨ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਅਤੇ ਉਨ੍ਹਾਂ ਦਾ ਨਾਂਅ-ਨਿਸ਼ਾਨ ਬਾਕੀ ਨਾ ਰਹਿਣ ਦਿੱਤਾ। ਉਸ ਨੇ ਮਥਰਾ ਦੇ ਮੰਦਰਾਂ ਨੂੰ ਮੂਲੋਂ ਹੀ ਉਜਾੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਦੇ ਪ੍ਰਮੁੱਖ ਪੂਜਾ ਅਸਥਾਨਾਂ ਨੂੰ ਕਾਫਲਿਆਂ ਦੇ ਠਹਿਰਨ ਲਈ ਸਰਾਵਾਂ ਤੇ ਮਦਰੱਸਿਆਂ ਵਿਚ ਬਦਲ ਦਿੱਤਾ।'
(ਇਲੀਅਟ ਐਂਡ ਡਾਸਨ, ਅਬਦੁਲਾ ਤਾਰੀਖੇ ਡਾਂਡੀ-1872, ਜਿਲਦ 4)
ਸਰ ਐਡਵਰਡ ਮੈਕਲਾਗਨ ਨੇ ਆਪਣੀ ਪੁਸਤਕ 'ਦੀ ਜੀਸਜ਼ ਐਂਡ ਦੀ ਗਰੇਟ ਮੁਗ਼ਲ' ਵਿਚ ਲਿਖਿਆ ਹੈ-
'ਮੇਰੀ ਸਮੁੰਦਰੀ ਕਿਨਾਰੇ 'ਤੇ ਫ਼ਤਹਿਪੁਰ ਦੀ ਸਾਰੀ ਯਾਤਰਾ ਵਿਚ ਪਾਦਰੀਆਂ ਨੇ ਦੇਖਿਆ ਕਿ ਮੁਸਲਮਾਨਾਂ ਨੇ ਸਾਰੇ ਹਿੰਦੂ ਮੰਦਰਾਂ ਨੂੰ ਢਹਿ-ਢੇਰੀ ਕਰ ਦਿੱਤਾ ਸੀ, ਪੱਛਮ ਤੇ ਉੱਤਰ-ਪੱਛਮ ਵਿਚ ਇਹ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਸੀ।'
ਫਰਿਸ਼ਤਾ ਲਿਖਦਾ ਹੈ ਕਿ, 'ਸਿਕੰਦਰ ਇਸਲਾਮ ਨਾਲ ਪੱਕੀ ਤਰ੍ਹਾਂ ਬੱਝਾ ਹੋਇਆ ਸੀ ਅਤੇ ਸਾਰੇ ਹਿੰਦੂ ਮੰਦਰਾਂ ਨੂੰ ਢਾਹੁਣ 'ਤੇ ਤੁਲਿਆ ਹੋਇਆ ਸੀ।'
ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਮਾਜ ਵਿਚ ਚਾਰੇ ਪਾਸੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ। ਗੁਰੂ ਪਾਤਸ਼ਾਹ ਨੇ ਜਲ-ਸੜ ਰਹੀ ਧਰਤੀ ਨੂੰ ਦੇਖਿਆ। ਭਾਈ ਗੁਰਦਾਸ ਜੀ ਲਿਖਦੇ ਹਨ-
'ਚੜ੍ਹਿਆ ਸੋਧਣ ਧਰਤ ਲੋਕਾਈ।'
ਗੁਰੂ ਪਾਤਸ਼ਾਹ ਨੇ ਆਪਣੀਆਂ ਉਦਾਸੀਆਂ ਰਾਹੀਂ ਭਰਮਣ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਸਤਿਨਾਮ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਲ ਜੋੜਿਆ।
ਗੁਰੂ ਨਾਨਕ ਪਾਤਸ਼ਾਹ ਜੀ ਹਸਨ ਅਬਦਾਲ ਤੋਂ ਡਿੱਗਾ ਹੋ ਕੇ ਪੰਜਾਬ ਵਾਪਸ ਆ ਰਹੇ ਸਨ। ਆਪ ਜੀ ਜਦੋਂ ਸੈਦਪੁਰ ਪਹੁੰਚੇ ਤਾਂ ਬਾਬਰ ਵੀ ਮਾਰੋ-ਮਾਰ ਕਰਦਾ ਕਾਬਲ ਵਲੋਂ ਫੌਜ ਲੈ ਕੇ ਚੜ੍ਹੀ ਆ ਰਿਹਾ ਸੀ। ਸੈਦਪੁਰ, ਜਿਸ ਨੂੰ ਅੱਜਕਲ੍ਹ ਐਮਨਾਬਾਦ ਆਖਦੇ ਹਨ, ਗੁਰੂ ਨਾਨਕ ਪਾਤਸ਼ਾਹ ਤੀਜੀ ਉਦਾਸੀ ਸਮੇਂ ਜੂਨ-ਜੁਲਾਈ, 1521 ਈ: ਨੂੰ ਭਾਈ ਮਰਦਾਨਾ ਜੀ ਨਾਲ ਇਥੇ ਪਹੁੰਚੇ ਸਨ। ਬਾਬਰ ਨੇ ਸਿਆਲਕੋਟ ਤੋਂ ਸੈਦਪੁਰ (ਐਮਨਾਬਾਦ) ਹੱਲਾ ਬੋਲਿਆ। ਸੈਦਪੁਰ ਦੇ ਪਠਾਣ ਹਾਕਮਾਂ ਨੇ ਬਾਬਰ ਦਾ ਟਾਕਰਾ ਕਰਨ ਦੀ ਥਾਂ ਬਹੁਤ ਸਾਰੇ ਮੁਲਾਣੇ ਲਿਆ ਬਿਠਾਏ, ਜਿਨ੍ਹਾਂ ਨੇ ਕਲਾਮਾਂ ਪੜ੍ਹਨ 'ਤੇ ਹੀ ਜ਼ੋਰ ਦਿੱਤਾ। ਹੋਣਾ ਕੀ ਸੀ? ਬਾਬਰ ਦੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਚਲਾ ਕੇ ਮੁਲਾਣੇ ਤੇ ਪਠਾਣਾਂ ਨੂੰ ਦਾਣਿਆਂ ਵਾਂਗ ਭੁੰਨ ਦਿੱਤਾ। ਬਾਬਰ ਦੀ ਜਿੱਤ ਹੋਈ। ਇਹ ਤਾਂ ਹੋਣੀ ਹੀ ਸੀ। ਸ਼ਰਾਬ ਵਿਚ ਮਸਤ ਰਹਿਣ ਵਾਲੇ ਹਾਕਮਾਂ ਨੇ ਆਪਣੇ ਸ਼ਹਿਰ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਾ ਕੀਤਾ। ਜਿੱਤ ਦੀ ਖੁਸ਼ੀ ਵਿਚ ਬਾਬਰ ਦੀਆਂ ਫੌਜਾਂ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹ ਮਿਲ ਗਈ। ਬਾਬਰ ਦੀਆਂ ਫੌਜਾਂ ਨੇ ਹਨੇਰੀ ਲਿਆ ਦਿੱਤੀ। ਲੁੱਟ, ਕਤਲ, ਸਾੜ-ਫੂਕ, ਇਸਤਰੀਆਂ ਉੱਪਰ ਅੱਤਿਆਚਾਰ, ਚਾਰੇ ਪਾਸੇ ਹਾਹਾਕਾਰ ਮਚ ਗਈ। ਦੇਖਦਿਆਂ ਹੀ ਦੇਖਦਿਆਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਸ਼ਹਿਰ ਤਬਾਹ ਹੋ ਗਿਆ। ਜਿਹੜੇ ਮਰਦ, ਔਰਤਾਂ ਜਾਨੋਂ ਬਚ ਗਈਆਂ, ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਇਸੇ ਚੱਕਰ ਸਮੇਂ ਗੁਰੂ ਨਾਨਕ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਰ ਨੇ ਆਪਣਾ ਲਾਹੋ ਲਸ਼ਕਰ ਅਤੇ ਗ੍ਰਿਫ਼ਤਾਰ ਕੀਤੇ ਮਰਦਾਂ, ਔਰਤਾਂ ਨੂੰ ਨਾਲ ਲੈ ਕੇ ਸੈਦਪੁਰ ਤੋਂ ਅਵਾਣ ਪਿੰਡ ਦੇ ਨੇੜੇ ਜਾ ਡੇਰਾ ਲਾਇਆ। ਅਵਾਣ ਪਿੰਡ ਦਰਿਆ ਰਾਵੀ ਦੇ ਕੰਢੇ ਜ਼ਿਲ੍ਹਾ ਸਿਆਲਕੋਟ ਵਿਚ ਹੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
1967 ਵਿਚ ਚੀਫ਼ ਖ਼ਾਲਸਾ ਦੀਵਾਨ ਨੇ ਸਿੱਖ ਕੌਮ ਦੀ ਪਨੀਰੀ ਨੂੰ ਸਮੇਂ ਦੀਆਂ ਆਧੁਨਿਕ ਚੁਣੌਤੀਆਂ ਦੇ ਹਾਣ ਦੀ ਬਣਾਉਣ ਲਈ ਨਵੇਂ ਪਬਲਿਕ ਸਕੂਲ ਸਥਾਪਤ ਕਰਕੇ ਵਿੱਦਿਅਕ ਖੇਤਰ ਵਿਚ ਪ੍ਰਵੇਸ਼ ਕੀਤਾ। ਪਹਿਲਾ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਥਾਪਤ ਹੋਇਆ। ਇਸੇ ਪ੍ਰਸੰਗ ਵਿਚ ਹੁਣ 50 ਦੇ ਕਰੀਬ ਸਕੂਲ ਚੀਫ਼ ਖ਼ਾਲਸਾ ਦੀਵਾਨ ਚਲਾ ਰਿਹਾ ਹੈ, ਜਿਨ੍ਹਾਂ ਵਿਚ 3 ਆਦਰਸ਼ ਸਕੂਲ, 2 ਹਸਪਤਾਲ, 2 ਬਿਰਧ ਘਰ, ਇਕ ਯਤੀਮਖਾਨਾ ਸ਼ਾਮਲ ਹੈ। ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਖੜਕ ਸਿੰਘ, ਸੰਤ ਕਰਤਾਰ ਸਿੰਘ ਕਮਾਲੀਆ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਸੰਤ ਤੇਜਾ ਸਿੰਘ, ਪ੍ਰੋ: ਪੂਰਨ ਸਿੰਘ, ਬਾਬਾ ਪ੍ਰੇਮ ਸਿੰਘ ਹੋਤੀ, ਡਾ: ਇੰਦਰਜੀਤ ਸਿੰਘ ਰੂਹ-ਏ ਰਵਾਂ ਪੰਜਾਬ ਐਂਡ ਸਿੰਧ ਬੈਂਕ, ਸੰਤ ਸੰਗਤ ਸਿੰਘ ਕਮਾਲੀਆ, ਮਾਸਟਰ ਤਾਰਾ ਸਿੰਘ, ਸ: ਉੱਜਲ ਸਿੰਘ, ਗਿਆਨੀ ਜ਼ੈਲ ਸਿੰਘ, ਸ: ਪ੍ਰਤਾਪ ਸਿੰਘ ਕੈਰੋਂ ਵਰਗੀਆਂ ਮਹਾਨ ਆਤਮਾਵਾਂ, ਜਿਨ੍ਹਾਂ ਦੇ ਅਸ਼ੀਰਵਾਦ ਤੇ ਮਿਹਨਤ ਸਦਕਾ ਸਰਬ-ਹਿੰਦ ਵਿੱਦਿਅਕ ਕਾਨਫ਼ਰੰਸਾਂ ਦੀ ਕਾਮਯਾਬੀ ਦਾ ਮੁਕਟ ਚੀਫ਼ ਖ਼ਾਲਸਾ ਦੀਵਾਨ ਦੇ ਸਿਰ 'ਤੇ ਸਜਦਾ ਰਿਹਾ ਹੈ।
ਚੀਫ਼ ਖ਼ਾਲਸਾ ਦੀਵਾਨ ਨੂੰ ਹੋਂਦ ਵਿਚ ਆਇਆਂ 117 ਸਾਲ ਹੋ ਗਏ ਹਨ। ਇਸ ਦੇ ਯਤਨਾਂ ਨਾਲ ਸਿੱਖ-ਸਮਾਜ ਦੀ ਹੈਰਾਨ ਕਰਨ ਵਾਲੀ ਤਰੱਕੀ ਹੋਈ ਹੈ। ਹਰ ਖੇਤਰ ਵਿਚ ਇਹ ਦੇਸ਼ ਦੀਆਂ ਬਾਕੀ ਕੌਮਾਂ/ਜਾਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ। ਹਰ ਖੇਤਰ ਵਿਚ ਇਸ ਦੀ ਧਾਂਕ ਸਾਰੀ ਦੁਨੀਆ ਵਿਚ ਬੈਠ ਚੁੱਕੀ ਹੈ। ਹੁਣ ਚੀਫ਼ ਖ਼ਾਲਸਾ ਦੀਵਾਨ ਦੀ ਵਾਗਡੋਰ ਸ: ਨਿਰਮਲ ਸਿੰਘ ਕੋਲ ਹੈ। ਸ: ਨਿਰਮਲ ਸਿੰਘ ਜਿਥੇ ਪੂਰਨ ਗੁਰਸਿੱਖ ਤੇ ਗੁਰੂ ਦੀ ਭਾਉ ਭਾਵਨੀ ਵਾਲੀ ਜੀਵਨਸ਼ੈਲੀ ਦੇ ਅਨੁਸਾਰੀ ਹਨ, ਉਥੇ ਉਹ ਦੀਵਾਨ ਨਾਲ ਲੰਬੇ ਅਰਸੇ ਤੋਂ ਜੁੜੇ ਹੋਏ ਹੋਣ ਕਾਰਨ ਇਸ ਸੰਸਥਾ ਨਾਲ ਸਬੰਧਤ ਸਮੁੱਚੇ ਕਾਰਜਾਂ ਨੂੰ ਭਲੀਭਾਂਤ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੂੰ ਹਰ ਕਾਰਜ ਬਾਰੇ ਨਿੱਜ-ਤਜਬਰਾ ਅਤੇ ਗੁਰੂ ਦੀ ਬਖਸ਼ਿਸ਼ ਨਾਲ ਇਮਾਨਦਾਰੀ ਉਨ੍ਹਾਂ ਦੀ ਰਗ-ਰਗ ਵਿਚ ਪ੍ਰਵਾਹ ਕਰਦੀ ਹੈ। ਖੂਬਸੂਰਤੀ ਇਹ ਹੈ ਕਿ ਉਹ ਠੰਢੀ ਸੀਰਤ ਵਾਲੇ ਹੋਣ ਕਾਰਨ ਹਰੇਕ ਨੂੰ ਨਾਲ ਲੈ ਕੇ ਚੱਲਣ ਦੀ ਜੁਗਤ ਰੱਖਦੇ ਹਨ। ਜਿਸ ਤਰ੍ਹਾਂ ਥੋੜ੍ਹੇ ਸਮੇਂ ਵਿਚ ਸ: ਨਿਰਮਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਚੀਫ਼ ਖ਼ਾਲਸਾ ਦੀਵਾਨ ਦੀ ਧੁੰਦਲੀ ਹੋਈ ਛਵੀ ਨੂੰ ਮੁੜ ਰੌਸ਼ਨ ਕੀਤਾ ਹੈ, ਉਸ ਦੇ ਸਨਮੁਖ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੀਵਾਨ ਦਾ ਭਵਿੱਖ ਆਪਣੀ ਮੁਢਲੀ ਆਨ-ਸ਼ਾਨ ਕਾਇਮ ਕਰੇਗਾ।
ਚੀਫ਼ ਖ਼ਾਲਸਾ ਦੀਵਾਨ ਦੇ ਕਾਰ-ਵਿਹਾਰ ਨੂੰ ਵਿਦੇਸ਼ੀ ਸੰਗਤਾਂ ਨੇ ਪਿਆਰ-ਸਤਿਕਾਰ ਵਜੋਂ ਲਿਆ ਹੈ। ਇੰਗਲੈਂਡ ਦੇ ਪ੍ਰਸਿੱਧ ਵਪਾਰਕ ਅਦਾਰੇ ਡਾਇਮੰਡ ਗਰੁਪ ਲੰਡਨ ਦੇ ਚੈਅਰਮੈਨ ਸ: ਗੁਰਦੀਪ ਸਿੰਘ ਸਿੰਘ ਢਿੱਲੋਂ ਅਤੇ ਆਰ.ਕੇ. ਗਰੁੱਪ ਕੰਪਨੀਜ਼ ਦੇ ਚੇਅਰਮੈਨ ਸ: ਰਣਜੀਤ ਸਿੰਘ ਵਲੋਂ ਦਸੂਹੇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਖੋਲ੍ਹਣ ਲਈ 2 ਏਕੜ ਜ਼ਮੀਨ ਅਤੇ ਲੋੜੀਂਦੀ ਧਨ ਰਾਸ਼ੀ ਦੀ ਪੇਸ਼ਕਸ਼ ਕੀਤੀ ਹੈ। ਕੈਨੇਡਾ ਵਿਚ ਬਹੁਤ ਸਾਰੇ ਪਰਿਵਾਰ ਜੋ ਆਰਥਿਕ ਪੱਖੋਂ ਬਹੁਤ ਖ਼ੁਸ਼ਹਾਲ ਹਨ, ਉਹ ਦੀਵਾਨ ਵਲੋਂ ਚਲਾਈ 'ਸਿੱਖੀ ਸਿੱਖਿਆ' ਦੀ ਲਹਿਰ ਦਾ ਹਿੱਸਾ ਬਣਨ ਲਈ ਅਤੇ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਕੈਨੇਡਾ ਵਿਚ ਕਰਾਉਣ ਵਾਸਤੇ ਉਤਾਵਲੇ ਹਨ। ਗੁਰਦੁਆਰਾ ਰਾਮਗੜ੍ਹੀਆ ਦੀ ਕਮੇਟੀ ਨੇ ਤਾਂ ਕੈਨੇਡਾ ਵਿਚ 'ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ' ਖੋਲ੍ਹਣ ਲਈ 4 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸ਼ਬਦ ਵਿਚਾਰ

ਥਾਪਿਆ ਨ ਜਾਇ ਕੀਤਾ ਨ ਹੋਇ॥

'ਜਪੁ' ਪਉੜੀ ਪੰਜਵੀਂ
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
ਨਾਨਕ ਗਾਵੀਐ ਗੁਣੀ ਨਿਧਾਨੁ॥
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ
ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ
ਗੁਰੁ ਪਾਰਬਤੀ ਮਾਈ॥
ਜੇ ਹਉ ਜਾਣਾ ਆਖਾ ਨਾਹੀ
ਕਹਣਾ ਕਥਨੁ ਨ ਜਾਈ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥ ੫॥ (ਅੰਗ 2)
ਪਦ ਅਰਥ : ਥਾਪਿਆ ਨ ਜਾਇ-ੴ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ। ਕੀਤਾ ਨ ਹੋਇ-ਨਾ ਹੀ ਕਿਸੇ ਤੋਂ ਬਣਾਇਆ ਬਣਦਾ ਹੈ। ਆਪੇ ਆਪਿ-ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਭਾਵ ਸੈਭੰ ਹੈ। ਨਿਰੰਜਨੁ-ਨਿਰ+ਅੰਜਨ (ਬਿਨਾਂ ਸੁਰਮਾ, ਕਾਲਖ, ਵਿਕਾਰਾਂ ਤੋਂ) ਮਾਇਆ ਦੇ ਪ੍ਰਭਾਵ ਤੋਂ ਬਿਨਾਂ, ਮਾਇਆ ਦਾ ਪ੍ਰਭਾਵ ਨਹੀਂ ਹੈ। ਸੋਇ-ਉਸ 'ਤੇ। ਜਿਨਿ ਸੇਵਿਆ-ਜਿਨ੍ਹਾਂ ਨੇ ਉਸ ਦੀ ਸੇਵਾ ਭਗਤੀ ਕੀਤੀ ਹੈ। ਗਾਵੀਐ-ਸਿਫਤ ਸਾਲਾਹ ਕਰੀਏ। ਗੁਣੀ ਨਿਧਾਨੁ-ਗੁਣਾਂ ਦੇ ਖਜ਼ਾਨੇ ਦੀ। ਭਾਉ-ਪ੍ਰੇਮ। ਪਰਹਰਿ-ਦੂਰ ਕਰਕੇ। ਘਰਿ ਲੈ ਜਾਇ-ਹਿਰਦੇ ਘਰ ਵਿਚ ਵਸਾ ਲੈਂਦਾ ਹੈ।
ਗੁਰਮੁਖਿ-ਜਿਸ ਦਾ ਮੂੰਹ ਗੁਰੂ ਵੱਲ ਹੈ, ਗੁਰੂ ਦੁਆਰਾ। ਨਾਦੰ-ਆਵਾਜ਼, ਸ਼ਬਦ, ਨਾਮ। ਵੇਦੰ-ਗਿਆਨ। ਰਹਿਆ ਸਮਾਈ-ਸਰਬ ਵਿਆਪਕ ਹੈ। ਇਸਰੁ-ਸ਼ਿਵ ਜੀ। ਬਰਮਾ-ਬ੍ਰਹਮਾ। ਪਾਰਬਤੀ ਮਾਈ-ਮਾਈ ਪਾਰਵਤੀ। ਹਉ-ਮੈਂ। ਜਾਣਾ-ਸੋਝੀ ਪੈ ਜਾਏ। ਆਖਾ ਨਾਹੀ-ਆਖ ਨਹੀਂ ਸਕਦਾ, ਦੱਸ ਨਹੀਂ ਸਕਦਾ, ਵਰਣਨ ਨਹੀਂ ਕਰ ਸਕਦਾ। ਕਹਣਾ ਕਥਨੁ ਨ ਜਾਈ-ਕੁਝ ਕਹਿਣ ਤੋਂ ਅਸਮਰੱਥ ਹਾਂ। ਇਕ ਦੇਹਿ ਬੁਝਾਈ-ਮੈਨੂੰ ਇਹ ਸੋਝੀ ਬਖਸ਼ੋ। ਸੋ-ਉਸ ਨੂੰ। ਵਿਸਰਿ ਨ ਜਾਈ-ਭੁੱਲ ਨਾ ਜਾਵਾਂ।
ਇਸ ੫ਵੀਂ ਪਉੜੀ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ੴ ਜੋ ਜੁਗਾਂ ਦੇ ਆਦਿ ਤੋਂ ਹੈ ਅਤੇ ਸਦਾ ਅੱਗੇ ਲਈ ਵੀ ਸਦਾ ਕਾਇਮ ਰਹੇਗਾ। ਉਸ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕਿਸੇ ਨੇ ਬਣਾਇਆ ਹੈ, ਉਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ ਭਾਵ ਸੈਭੰ ਹੈ, ਅਜੂਨੀ ਹੈ, ਜੋ ਜੂਨਾਂ ਵਿਚ ਨਹੀਂ ਪੈਂਦਾ। ਮਾਇਆ ਉਸ 'ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਜਿਨ੍ਹਾਂ-ਜਿਨ੍ਹਾਂ ਨੇ ਵੀ ਉਸ ਦੀ ਸੇਵਾ ਭਗਤੀ ਕੀਤੀ ਹੈ, ਉਨ੍ਹਾਂ ਨੂੰ ਸੋਭਾ ਅਤੇ ਵਡਿਆਈ ਮਿਲੀ ਹੈ। ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਅਜਿਹੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਉਸ ਦੇ ਗੁਣ ਗਾਉਣ, ਸੁਣਨ ਅਤੇ ਉਸ ਨਾਲ ਪ੍ਰੇਮ ਪਾਉਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਹਿਰਦੇ ਘਰ ਅੰਦਰ ਸੁਖ ਆ ਵਸਦਾ ਹੈ-
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
ਨਾਨਕ ਗਾਵੀਐ ਗੁਣੀ ਨਿਧਾਨੁ॥
ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖ ਘਰਿ ਲੈ ਜਾਇ॥
ਪਰਮਾਤਮਾ ਕਿਹੋ ਜਿਹਾ ਹੈ, ਕਿੰਨਾ ਕੁ ਵੱਡਾ ਹੈ, ਇਹ ਤਾਂ ਉਹ ਆਪ ਹੀ ਜਾਣਦਾ ਹੈ, ਆਪਣੀ ਕੀਮਤ ਉਹ ਆਪ ਹੀ ਪਾ ਸਕਦਾ ਹੈ। ਰਾਗੁ ਮਲਾਰ ਕੀ ਵਾਰ ਮਹਲਾ ੧ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਤੇਰੀ ਗਤਿ ਮਿਤਿ ਤੂਹੈ ਜਾਣਦਾ
ਤੁਧੁ ਕੀਮਤਿ ਪਾਈ॥ (ਅੰਗ 1291)
ਜਿਸ-ਜਿਸ ਨੇ ਵੀ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਉਸ ਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਅਜਿਹੇ ਪ੍ਰਾਣੀ ਫਿਰ ਆਤਮਿਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ। ਗੁਰਵਾਕ ਹੈ-
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥
ਸਹਜੇ ਹੀ ਹਰਿ ਨਾਮਿ ਸਮਾਇਆ॥
(ਰਾਗੁ ਆਸਾ ਮਹਲਾ ੪, ਅੰਗ 365)
ਦੁੱਖ ਤਾਂ ਮਨੁੱਖ ਨੂੰ ਉਦੋਂ ਹੀ ਵਿਆਪਦਾ ਹੈ ਜਦੋਂ ਉਹ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਮਾਇਆ ਦੀ ਭੁੱਖ ਉਸ 'ਤੇ ਜ਼ੋਰ ਪਾਈ ਰੱਖਦੀ ਹੈ, ਜਿਸ ਨਾਲ ਮਨੁੱਖ ਇਧਰ-ਉਧਰ ਭਟਕਦਾ ਰਹਿੰਦਾ ਹੈ ਪਰ ਜਿਸ ਨੂੰ ਦਇਆਲ ਪੁਰਖ ਪ੍ਰਭੂ ਨਾਮ ਦੀ ਦਾਤ ਬਖਸ਼ਦਾ ਹੈ, ਉਹ ਨਾਮ ਸਿਮਰ-ਸਿਮਰ ਕੇ ਸਦਾ ਸੁਖੀ ਰਹਿੰਦਾ ਹੈ। ਗੁਰਵਾਕ ਹੈ-
ਦੁਖੁ ਤਦੇ ਜਾ ਵਿਸਰਿ ਜਾਵੈ॥
ਭੁਖ ਵਿਆਪੈ ਬਹੁ ਬਿਧਿ ਧਾਵੈ॥
ਸਿਮਰਤ ਨਾਮੁ ਸਦਾ ਸੁਹੇਲਾ
ਜਿਸੁ ਦੇਵੈ ਦੀਨ ਦਇਆਲਾ ਜੀਉ॥
(ਰਾਗੁ ਮਾਝ ਮਹਲਾ ੫, ਅੰਗ 98)
ਤਦੇ-ਤਦੋਂ ਹੀ, ਉਦੋਂ ਹੀ। ਬਹੁ ਬਿਧਿ-ਕਈ ਤਰ੍ਹਾਂ ਨਾਲ। ਧਾਵੈ-ਭਟਕਦਾ ਰਹਿੰਦਾ ਹੈ।
ਪਰਮਾਤਮਾ ਦਾ ਨਾਮ ਅਤੇ ਗਿਆਨ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੁਆਰਾ ਹੀ ਇਸ ਗੱਲ ਦੀ ਸੋਝੀ ਪੈਂਦੀ ਹੈ ਕਿ ਪ੍ਰਭੂ ਹਰ ਥਾਂ ਸਮਾਇਆ ਹੋਇਆ ਹੈ ਭਾਵ ਸਰਬ-ਵਿਆਪਕ ਹੈ। ਇਸ ਲਈ ਵਿਸ਼ਨੂੰ, ਗੋਰਖ, ਬ੍ਰਹਮਾ ਜਾਂ ਮਾਈ ਪਾਰਵਤੀ ਆਦਿ ਦੇਵੀ-ਦੇਵਤਿਆਂ ਦੀ ਥਾਂ ਸਾਡੇ ਲਈ ਗੁਰੂ ਹੀ ਪੂਜਣਯੋਗ ਹੈ-
ਗੁਰਮੁਖਿ ਨਾਦੰ ਗੁਰਮੁਖਿ ਵੇਦੰ
ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ
ਗੁਰੁ ਪਾਰਬਤੀ ਮਾਈ॥
ਆਪ ਜੀ ਦੇ ਰਾਗੁ ਸੋਰਠਿ ਵਿਚ ਵੀ ਪਾਵਨ ਬਚਨ ਹਨ ਕਿ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਸਾਧ ਸੰਗਤ ਵਿਚੋਂ ਹੁੰਦੀ ਹੈ। ਜੇਕਰ ਸਾਧ ਸੰਗਤ ਵਿਚੋਂ ਗੁਰੂ ਮਿਲ ਪਏ ਤਾਂ ਮਨ ਵਿਚੋਂ ਜਮ ਦਾ ਡਰ ਵੀ ਦੂਰ ਹੋ ਜਾਂਦਾ ਹੈ-
ਸਾਧ ਸੰਗਤਿ ਮਹਿ ਹਰਿ ਰਸੁ ਪਾਈਐ
ਗੁਰਿ ਮਿਲਿਐ ਜਮ ਭਉ ਭਾਗਾ॥ (ਅੰਗ 598)
ਭਉ-ਡਰ। ਭਾਗਾ-ਦੂਰ ਹੋ ਜਾਂਦਾ ਹੈ।
ਪਰ ਜਿਸ ਦਾ ਗੁਰੂ ਆਪ ਅੰਨ੍ਹਾ ਅਰਥਾਤ ਅਗਿਆਨੀ ਹੋਵੇ, ਉਸ ਦੇ ਸਿੱਖ ਵੀ ਅੰਨ੍ਹਿਆਂ ਵਾਲੇ ਹੀ ਕੰਮ ਕਰਦੇ ਹਨ। ਉਹ ਮਨਮਰਜ਼ੀ ਕਰਦੇ ਹਨ, ਝੂਠ 'ਤੇ ਝੂਠ ਬੋਲਦੇ ਹਨ, ਠੱਗੀਆਂ ਮਾਰਦੇ ਹਨ ਅਤੇ ਦੂਜਿਆਂ ਦੀ ਨਿੰਦਾ-ਚੁਗਲੀ ਕਰਦੇ ਹਨ, ਜਿਸ ਨਾਲ ਉਹ ਆਪ ਹੀ ਸੰਸਾਰ ਸਾਗਰ ਵਿਚ ਨਹੀਂ ਡੁੱਬਦੇ, ਸਗੋਂ ਆਪਣੀਆਂ ਕੁਲਾਂ ਨੂੰ ਵੀ ਡੋਬ ਲੈਂਦੇ ਹਨ। ਗੁਰਵਾਕ ਹੈ-
ਗੁਰੂ ਜਿਨਾ ਕਾ ਅੰਧੁਲਾ
ਸਿਖ ਭੀ ਅੰਧੇ ਕਰਮ ਕਰੇਨਿ॥
ਓਇ ਭਾਣੈ ਚਲਨਿ ਆਪਣੈ
ਨਿਤ ਝੂਠੋ ਝੂਠੁ ਬੋਲੇਨਿ॥
ਕੂੜੁ ਕੁਸਤੁ ਕਮਾਵਦੇ
ਪਰ ਨਿੰਦਾ ਸਦਾ ਕਰੇਨਿ॥
(ਰਾਗੁ ਰਾਮਕਲੀ ਕੀ ਵਾਰ ਮਹਲਾ ੩, ਅੰਗ 951)
ਕੂੜੁ ਕੁਸਤੁ ਕਮਾਵਦੇ-ਠੱਗੀਆਂ ਮਾਰਦੇ ਹਨ।
ਵਿਚਾਰ ਅਧੀਨ ਪਉੜੀ ਦੀਆਂ ਅੰਤਲੀਆਂ ਤੁਕਾਂ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਜੇਕਰ ਮੈਂ ਪਰਮਾਤਮਾ ਦੇ ਹੁਕਮ ਨੂੰ ਜਾਣ ਵੀ ਲਵਾਂ ਭਾਵ ਉਸ ਦੇ ਹੁਕਮ ਦੀ ਮੈਨੂੰ ਸੋਝੀ ਵੀ ਪੈ ਜਾਵੇ ਤਾਂ ਵੀ ਉਸ ਬਾਰੇ ਕੁਝ ਆਖ ਨਹੀਂ ਸਕਦਾ, ਉਸ ਦਾ ਵਰਨਣ ਨਹੀਂ ਕਰ ਸਕਦਾ, ਕਿਉਂਕਿ ਉਸ ਦੇ ਗੁਣਾਂ ਨੂੰ ਕਥਿਆ ਨਹੀਂ ਜਾ ਸਕਦਾ, ਉਹ ਅਕੱਥ ਹੈ। ਹੇ ਸਤਿਗੁਰੂ, ਮੈਨੂੰ ਇਹ ਸੋਝੀ ਬਖਸ਼ ਕਿ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ, ਮੈਨੂੰ ਕਦੇ ਵਿਸਰੇ ਨਾ, ਕਦੇ ਭੁੱਲੇ ਨਾ-
ਜੇ ਹਉ ਜਾਣਾ ਆਖਾ ਨਾਹੀ
ਕਹਣਾ ਕਥਨੁ ਨ ਜਾਈ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥


-17-ਆਰ, ਮਾਡਲ ਟਾਊਨ, ਜਲੰਧਰ।

ਬਰਸੀ 'ਤੇ ਵਿਸ਼ੇਸ਼

ਨਾਮ ਵਿਚ ਰੰਗੀ ਰੂਹ ਸਨ-ਸੰਤ ਅਤਰ ਸਿੰਘ ਘੁੰਨਸ

ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਇਕ ਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਪਹਿਲੂ ਇਹ ਵੀ ਸੀ ਕਿ ਸੰਗਤਾਂ ਵਿਚੋਂ ਜਿਹੜੇ ਵਿਅਕਤੀ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਿਰ ਕਰਦੇ, ਉਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਕਰਨ ਲਈ ਕਹਿੰਦੇ। ਇਸ ਤਰ੍ਹਾਂ ਇਕ-ਇਕ ਸਾਲ ਬਾਅਦ ਪ੍ਰਪੱਕ ਹੋਏ ਵਿਅਕਤੀਆਂ ਨੂੰ ਹੀ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਂਦੇ। ਆਪ ਘੱਟ ਬੋਲਦੇ ਸਨ, ਨੇਕ ਸੁਭਾਅ, ਉੱਚੀ ਸੋਚ ਦੇ ਮਾਲਕ, ਕਦੇ ਗੁੱਸੇ ਨਾ ਹੋਣ ਵਾਲੇ, ਨਿਮਰਤਾ ਦੇ ਮਾਲਕ, ਮਿੱਠਬੋਲੜੇ ਸਨ, ਜਿਸ ਕਰਕੇ ਉਨ੍ਹਾਂ ਦੀ ਆਭਾ ਦੂਰ-ਦੂਰ ਤੱਕ ਫੈਲੀ ਹੋਈ ਸੀ। ਉਨ੍ਹਾਂ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ। ਇਥੇ ਰਹਿੰਦਿਆਂ ਜਿਥੇ ਉਹ ਨਾਮ-ਬਾਣੀ ਵੰਡਣ ਦੇ ਨਾਲ-ਨਾਲ ਦੁਖੀ ਲੋਕਾਂ ਨੂੰ ਦੇਸੀ ਦਵਾਈਆਂ ਰਾਹੀਂ ਸਰੀਰਕ ਤੌਰ 'ਤੇ ਨਿਰੋਗ ਕਰਦੇ, ਉਥੇ ਨਾਮ-ਬਾਣੀ ਦੇ ਛਿੱਟੇ ਨਾਲ ਅੰਤਰ ਆਤਮਾ ਨੂੰ ਅਕਾਲ ਪੁਰਖ ਨਾਲ ਜੋੜਦੇ ਸਨ। 1927 ਈਸਵੀ ਨੂੰ 29 ਅੱਸੂ ਦੇ ਪਹਿਲੇ ਨਰਾਤੇ ਵਾਲੇ ਦਿਨ ਆਪ ਨੂੰ ਮਾਮੂਲੀ ਬੁਖਾਰ ਹੋਇਆ ਅਤੇ ਆਪ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਪਿੱਛੋਂ ਸੰਤ ਈਸ਼ਰ ਸਿੰਘ, ਸੰਤ ਬਚਨ ਸਿੰਘ ਜਟਾਣਾ, ਸੰਤ ਨਾਹਰ ਸਿੰਘ ਨੇ ਗੁਰੂ-ਘਰ ਦੀ ਸੇਵਾ ਸੰਭਾਲ ਕੀਤੀ। ਹੁਣ ਉਨ੍ਹਾਂ ਦੇ ਪੰਜਵੇਂ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ। ਹਰੇਕ ਦੁਸਹਿਰੇ ਵਾਲੇ ਦਿਨ ਦੀ ਤਰ੍ਹਾਂ ਇਸ ਵਾਰ ਵੀ ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਬਰਸੀ ਮੌਕੇ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ ਜ਼ਿਲ੍ਹਾ ਬਰਨਾਲਾ ਵਿਖੇ 8 ਅਕਤੂਬਰ, 2019 ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਧਾਰਮਿਕ, ਰਾਜਨੀਤਕ ਆਗੂਆਂ ਦੇ ਨਾਲ-ਨਾਲ ਸੰਤ ਸਮਾਜ ਦੇ ਆਗੂ ਅਤੇ ਸੰਗਤਾਂ ਨਤਮਸਤਕ ਹੋਣਗੀਆਂ।


-ਪਿੰਡ ਖੁੱਡੀ ਖ਼ੁਰਦ (ਬਰਨਾਲਾ)।
ਮੋਬਾ: 98725-45131

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX