ਤਾਜਾ ਖ਼ਬਰਾਂ


ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  12 minutes ago
ਸ੍ਰੀਨਗਰ, 13 ਨਵੰਬਰ- ਪਾਕਿਸਤਾਨ ਨੇ ਅੱਜ ਸਵੇਰੇ 7 ਵਜੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੇਰੀ ਪਿੰਡ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  28 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਨੇ ਕਰਨਾਟਕ ਦੇ ਅਯੋਗ ਕਰਾਰੇ ਗਏ 17 ਬਾਗ਼ੀ ਵਿਧਾਇਕਾਂ 'ਤੇ ਅੱਜ ਫ਼ੈਸਲਾ ਦੇ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੀਕਰ ਵਲੋਂ ਵਿਧਾਇਕਾਂ ਨੂੰ...
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  37 minutes ago
ਕਾਬੁਲ, 13 ਨਵੰਬਰ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇੱਕ ਕਾਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋਏ ਹਨ। ਅਫ਼ਗ਼ਾਨਿਸਤਾਨ ਦੇ ਗ੍ਰਹਿ...
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  about 1 hour ago
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ)- ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਪਿੰਡ ਵਾਸੀਆਂ ਵਲੋਂ ਮਨਾਇਆ ਜਾ...
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  about 2 hours ago
ਅਜਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ ਨੇ ਦੇਸ਼ ਵਿਦੇਸ਼ ਤੋਂ ਪੁੱਜੀ ਸੰਗਤ ਦਾ ਮਨ ਮੋਹ...
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  about 2 hours ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਹੋਰ ਖ਼ਬਰਾਂ..

ਲੋਕ ਮੰਚ

ਵਿੱਦਿਆ ਨੂੰ ਸਮਰਪਿਤ ਅਧਿਆਪਕ-ਪ੍ਰੇਮ ਲਾਲ ਔਜਲਾ

ਜਿੱਥੇ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਵਿੱਦਿਅਕ ਅਦਾਰੇ ਕਈ ਊਣਤਾਈਆਂ ਤੇ ਘਾਟਾਂ ਨਾਲ ਜੂਝ ਰਹੇ ਹਨ, ਉਥੇ ਹੀ ਕੁਝ ਅਧਿਆਪਕ ਆਪਣੀ ਲਗਨ, ਮਿਹਨਤ, ਦੂਰਅੰਦੇਸ਼ੀ ਅਤੇ ਪਿਆਰ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਨਾਲ ਉਨ੍ਹਾਂ ਹੀ ਸਕੂਲਾਂ ਵਿਚ ਵੱਖਰੇ ਮੁਕਾਮ ਹਾਸਲ ਕਰਕੇ ਮਾਣ-ਸਨਮਾਨ ਪਾ ਰਹੇ ਹਨ। ਅਜਿਹੀ ਹੀ ਇਕ ਵਿੱਦਿਆ ਨੂੰ ਸਮਰਪਿਤ ਸ਼ਖ਼ਸੀਅਤ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ (ਜਲੰਧਰ) ਦੇ ਅਧਿਆਪਕ ਪ੍ਰੇਮ ਲਾਲ ਔਜਲਾ। ਪ੍ਰੇਮ ਲਾਲ ਔਜਲਾ ਗਣਿਤ ਦੇ ਲੈਕਚਰਾਰ ਹਨ ਅਤੇ ਉਨ੍ਹਾਂ ਨੇ ਸਾਲ 2014 ਤੋਂ ਦਸੰਬਰ, 2017 ਤੱਕ ਸਰਕਾਰੀ ਸਕੂਲ ਪਾਸਲਾ ਦੇ ਕਾਰਜਕਾਰੀ ਪ੍ਰਿੰਸੀਪਲ ਦੇ ਤੌਰ 'ਤੇ ਸੇਵਾ ਨਿਭਾਉਂਦੇ ਹੋਏ ਖਸਤਾ ਹਾਲਤ ਹੋ ਚੁੱਕੇ ਸਕੂਲ ਨੂੰ ਪਿੰਡ ਦੇ ਪ੍ਰਵਾਸੀ ਵੀਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰੀਬ 54 ਲੱਖ ਦੀ ਲਾਗਤ ਨਾਲ ਸਕੂਲ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਬਦਲਿਆ। ਬਿਨਾਂ ਸ਼ੱਕ ਪਾਸਲਾ ਸਕੂਲ ਦੀ ਇਮਾਰਤ ਨਿੱਜੀ ਸਕੂਲਾਂ ਦੀਆਂ ਇਮਾਰਤਾਂ ਦਾ ਮੁਕਾਬਲਾ ਕਰਦੀ ਹੈ ਅਤੇ ਸਹੂਲਤਾਂ ਦੇ ਪੱਖ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚੋਂ ਮੋਹਰਲੀ ਕਤਾਰ ਦਾ ਸਕੂਲ ਹੈ। ਸਕੂਲ ਦੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਕੀਤਾ। ਸਕੂਲ ਸਟਾਫ ਦੀ ਘਾਟ ਨੂੰ ਦੇਖਦੇ ਹੋਏ ਆਪਣੇ ਉੱਦਮਾਂ ਨਾਲ 6 ਅਧਿਆਪਕ ਅਤੇ 2 ਨਾਨ-ਟੀਚਿੰਗ ਸਟਾਫ ਰੱਖਿਆ। ਇਨ੍ਹਾਂ ਹੀ ਕੋਸ਼ਿਸ਼ਾਂ ਦਾ ਸਦਕਾ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਬਹੁਤ ਵਧੀਆ ਆਉਂਦਾ ਹੈ। ਸ੍ਰੀ ਪ੍ਰੇਮ ਲਾਲ ਔਜਲਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਅਤੇ ਵਿੱਦਿਆ ਦੇ ਖੇਤਰ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਸਾਲ 2019 ਵਿਚ ਉਨ੍ਹਾਂ ਦਾ ਤਿੰਨ ਵਾਰ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਹਿਲੀ ਵਾਰ 26 ਜਨਵਰੀ, 2019 ਨੂੰ ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਸਰੀ ਵਾਰ 15 ਅਗਸਤ, 2019 ਨੂੰ ਐਸ.ਡੀ.ਐੱਮ ਫਿਲੌਰ ਸ੍ਰੀ ਰਜੇਸ਼ ਕੁਮਾਰ ਸ਼ਰਮਾ ਅਤੇ ਡੀ.ਐਸ.ਪੀ. ਸ: ਦਵਿੰਦਰ ਸਿੰਘ ਅੱਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਇੰਦਰਜੀਤ ਡੀ.ਪੀ.ਆਈ. ਵਲੋਂ ਡੀ.ਜੀ.ਐਸ.ਈ. ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਸਨਮਾਨਿਤ ਕੀਤਾ ਗਿਆ। ਹੱਸਮੁਖ ਅਤੇ ਮਿਲਣਸਾਰ ਸ੍ਰੀ ਪ੍ਰੇਮ ਲਾਲ ਔਜਲਾ ਇਨ੍ਹਾਂ ਮਾਣ-ਸਨਮਾਨਾਂ ਤੇ ਪ੍ਰਾਪਤੀਆਂ ਦਾ ਸਿਹਰਾ ਸਾਥੀ ਸਟਾਫ ਮੈਂਬਰਾਂ ਅਤੇ ਸਮੂਹ ਪ੍ਰਵਾਸੀ ਵੀਰਾਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਪਾਸਲਾ ਸਕੂਲ ਦੀ ਨੁਹਾਰ ਬਦਲਣ ਵਿਚ ਵਡਮੁੱਲਾ ਯੋਗਦਾਨ ਅਦਾ ਕੀਤਾ।

-ਰੁੜਕਾ ਕਲਾਂ (ਜਲੰਧਰ)।


ਖ਼ਬਰ ਸ਼ੇਅਰ ਕਰੋ

ਬਾਲ ਮਜ਼ਦੂਰੀ, ਜੁਰਮ ਜਾਂ ਮਜਬੂਰੀ?

ਦੇਸ਼ ਦੀ ਤ੍ਰਾਸਦੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੂਰਨ ਤੌਰ 'ਤੇ ਪਾਬੰਦੀ ਦੇ ਬਾਵਜੂਦ ਬਾਲ ਮਜ਼ਦੂਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਸਮੇਂ-ਸਮੇਂ ਸਿਰ ਛਾਪੇ ਮਾਰ ਕੇ ਕੁਝ ਕਸੂਰਵਾਰ ਲੋਕਾਂ ਨੂੰ ਫੜ ਵੀ ਲਿਆ ਜਾਂਦਾ ਹੈ ਅਤੇ ਕਈ ਵਾਰ ਜੁਰਮਾਨਾ ਲਗਾ ਕੇ ਛੱਡ ਦਿੱਤਾ ਜਾਂਦਾ ਹੈ। ਇਹ ਫੜੋ-ਫੜਾਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਪਰ ਇਸ ਦੇ ਨਾਲ-ਨਾਲ ਬਾਲ ਮਜ਼ਦੂਰੀ ਵੀ ਬਰਾਬਰ ਚਲਦੀ ਆ ਰਹੀ ਹੈ। ਫਿਰ ਕੀ ਕਾਰਨ ਹੈ ਕਿ ਦੇਸ਼ ਵਿਚੋਂ ਬਾਲ ਮਜ਼ਦੂਰੀ ਖ਼ਤਮ ਨਹੀਂ ਹੋ ਰਹੀ? ਕੀ ਕਿਤੇ ਬਾਲ ਮਜ਼ਦੂਰੀ ਜੁਰਮ ਨਾ ਹੋ ਕੇ ਮਜਬੂਰੀ ਤਾਂ ਨਹੀਂ ਬਣ ਚੁੱਕਾ? ਕੀ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਦੇ ਘਰਾਂ ਦੀ ਹਾਲਤ ਠੀਕ ਹੈ? ਕੀ ਉਨ੍ਹਾਂ ਦੇ ਘਰਾਂ ਵਿਚ ਉਨ੍ਹਾਂ ਦੀ ਪੜ੍ਹਾਈ, ਰਾਸ਼ਨ, ਕੱਪੜੇ, ਮਕਾਨ, ਦਵਾਈਆਂ, ਨਮਕ, ਮਿਰਚ, ਤੇਲ, ਗੰਢਾ, ਸਬਜ਼ੀ, ਦਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਯੋਗ ਕਮਾਈ ਹੈ? ਇਸ ਸਭ ਨੂੰ ਦੇਖਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ। ਬਾਲ ਮਜ਼ਦੂਰੀ ਲਈ ਛਾਪੇ ਮਾਰਨ ਵਾਲੀ ਟੀਮ ਛਾਪਾ ਮਾਰਨ ਤੋਂ ਬਾਅਦ ਜਦੋਂ ਕਿਸੇ ਆਪਣੇ ਚਹੇਤੇ ਦੇ ਹੋਟਲ 'ਤੇ ਚਾਹ ਪੀਣ ਰੁਕਦੀ ਹੈ ਤਾਂ ਆਵਾਜ਼ ਮਾਰਦੇ ਹਨ, 'ਓਏ ਛੋਟੂ, ਪਾਣੀ ਲੈ ਕੇ ਆ!' ਉਹ 'ਛੋਟੂ' ਵੀ ਬਾਲ ਮਜ਼ਦੂਰ ਹੀ ਹੁੰਦਾ ਹੈ ਜਨਾਬ! ਮੈਂ ਸਮਝਦਾ ਹਾਂ ਕਿ ਸਾਡੇ ਦੇਸ਼ ਅੰਦਰ ਬਾਲ ਮਜ਼ਦੂਰੀ ਜੁਰਮ ਨਾ ਹੋ ਕੇ ਸਗੋਂ ਮਜਬੂਰੀ ਬਣਿਆ ਹੋਇਆ ਹੈ। ਜੇ ਇਸ ਤਰ੍ਹਾਂ ਹੈ ਤਾਂ ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ, ਹਾਂ ਬਿਲਕੁਲ। ਮੈਂ ਸਮਝਦਾਂ ਹਾਂ ਕਿ ਸਰਕਾਰ ਦੀਆਂ ਨੀਤੀਆਂ ਅਤੇ ਦੇਸ਼ ਅੰਦਰ ਫੈਲਿਆ ਭ੍ਰਿਸ਼ਟਾਚਾਰ ਇਸ ਸਭ ਲਈ ਜ਼ਿੰਮੇਵਾਰ ਹੈ। ਇਥੇ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੇਸ਼ ਅੰਦਰ ਫੈਲਾਇਆ ਭ੍ਰਿਸ਼ਟਾਚਾਰ ਖਾ ਜਾਂਦਾ ਹੈ। ਗਰੀਬ ਲੋਕਾਂ ਦੇ ਹੱਕ ਉਨ੍ਹਾਂ ਤਾਈਂ ਨਹੀਂ ਪਹੁੰਚਦੇ। ਹਰੇਕ ਸਿਆਸੀ ਲੀਡਰ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡ ਕੇ, ਵਾਅਦੇ ਕਰਕੇ ਵੋਟਾਂ ਲੈ ਕੇ ਪਤਲੀ ਗਲੀ ਨਿਕਲ ਜਾਂਦਾ ਹੈ ਪਰ ਉਨ੍ਹਾਂ ਦੇ ਹਾਲਾਤ ਉਥੇ ਦੇ ਉਥੇ ਹੀ ਖੜ੍ਹੇ ਹਨ। ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਕਿਸੇ ਵੀ ਵਸਤੂ ਦੀ ਪੈਦਾਵਾਰ ਬੰਦ ਨਹੀਂ ਕੀਤੀ ਜਾਂਦੀ, ਸਗੋਂ ਉਸ ਨੂੰ ਵਰਤਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਂਦਾ ਹੈ ਤੇ ਉਨ੍ਹਾਂ ਕੋਲੋਂ ਮੋਟਾ ਟੈਕਸ ਅਤੇ ਜੁਰਮਾਨਾ ਲੈ ਕੇ ਉਨ੍ਹਾਂ ਦਾ ਖੂਨ ਚੂਸਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਲ ਮਜ਼ਦੂਰੀ ਨੂੰ ਘਟਾਉਣ ਵਾਸਤੇ ਬਾਲਾਂ ਨੂੰ ਹਟਾ ਕੇ ਉਨ੍ਹਾਂ ਦੇ ਘਰਾਂ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਅਤੇ ਘਰ ਦੀ ਕਮਾਈ ਬੰਦ ਹੋ ਜਾਂਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਸਰਕਾਰ ਦੇਸ਼ ਵਿਚੋਂ ਬਾਲ ਮਜ਼ਦੂਰੀ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਬਾਲ ਮਜ਼ਦੂਰਾਂ ਦੇ ਘਰਾਂ ਦੀ ਸਥਿਤੀ ਦਾ ਜਾਇਜ਼ਾ ਲਵੇ ਕਿ ਘਰ ਵਿਚ ਕੋਈ ਕਮਾਉਣ ਵਾਲਾ ਹੈ ਕਿ ਨਹੀਂ, ਘਰ 'ਚ ਰੋਟੀ ਪੱਕਦੀ ਹੈ ਕਿ ਨਹੀਂ, ਫਿਰ ਸ਼ਾਇਦ ਇਸ ਦਾ ਕੋਈ ਹੱਲ ਹੋ ਸਕੇ। ਨਹੀਂ ਤਾਂ 'ਬਾਲ ਮਜ਼ਦੂਰੀ' ਜੁਰਮ ਨਾ ਹੋ ਕੇ ਮਜਬੂਰੀ ਹੀ ਬਣੀ ਰਹੇਗੀ ਅਤੇ ਇਸੇ ਤਰ੍ਹਾਂ ਫੜੋ-ਫੜਾਈ ਦੇ ਬਰਾਬਰ ਬਾਲ ਮਜ਼ਦੂਰੀ ਵੀ ਹੁੰਦੀ ਰਹੇਗੀ।

-ਮੋਬਾ: 99140-66002

 

ਗ੍ਰੇਟਾ ਧੁਨਬਰਗ ਤੇ ਪੰਜਾਬੀ ਨੌਜਵਾਨ

ਮੋਬਾਈਲ ਫੋਨਾਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਬਹੁਤ ਹੀ ਜ਼ਿਆਦਾ ਵਧ ਗਿਆ ਹੈ। ਅਸੀਂ ਟੈਕਨਾਲੋਜੀ ਨੂੰ ਹੀ ਵੱਡੀ ਕਾਮਯਾਬੀ ਮੰਨ ਕੇ ਚੱਲ ਰਹੇ ਹਾਂ ਪਰ ਸਾਡੀ ਜ਼ਿੰਦਗੀ ਦੀ ਅਸਲ ਤਸਵੀਰ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਨੇ ਦਿਖਾ ਦਿੱਤੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਥੇ ਲਿਆ ਖੜ੍ਹਾ ਕੀਤਾ ਹੈ। ਅੱਜ ਦੇ ਸਮੇਂ ਨਾ ਤਾਂ ਸਾਡੇ ਕੋਲ ਸਾਫ਼ ਪੀਣਯੋਗ ਪਾਣੀ ਹੈ, ਨਾ ਜ਼ਹਿਰਾਂ ਰਹਿਤ ਖਾਣ ਵਾਸਤੇ ਅਨਾਜ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਅਸੀਂ ਸੋਚ ਰਹੇ ਆਪਣੇ ਆਲੇ-ਦੁਆਲੇ ਬਾਰੇ। ਪੰਜਾਬ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਿਥੇ ਕਿਸੇ ਚੀਜ਼ ਦੀ ਥੋੜ ਨਹੀਂ ਸੀ ਕੁਦਰਤੀ ਸਾਧਨਾਂ ਪੱਖੋਂ ਪਰ ਅੱਜ ਸ਼ਾਇਦ ਸਾਡੇ ਕੋਲ ਕੁਦਰਤੀ ਸਾਧਨਾਂ ਨੂੰ ਛੱਡ, ਬਾਕੀ ਸਭ ਕੁਝ ਹੈ। ਸਾਡੇ ਕੋਲ ਪਾਣੀ ਖਰਾਬ ਕਰਨ ਨੂੰ ਉਦਯੋਗ ਹਨ, ਅਨਾਜਾਂ 'ਚ ਜ਼ਹਿਰਾਂ ਭਰਨ ਲਈ ਰੇਹਾਂ-ਸਪਰੇਆਂ ਹਨ, ਹੋਰ ਕੀ ਚਾਹੀਦਾ? ਆਪਣੇ ਪੰਜਾਬੀ ਨੌਜਵਾਨਾਂ ਵਿਚੋਂ ਸ਼ਾਇਦ ਕਿਸੇ ਟਾਵੇਂ-ਟਾਵੇਂ ਨੇ ਹੀ 16 ਸਾਲਾ ਕੁੜੀ ਗ੍ਰੇਟਾ ਥੁਨਬਰਗ ਦੀ ਸੰਯੁਕਤ ਰਾਸ਼ਟਰ ਸੰਘ 'ਚ ਬੋਲੀ ਤਕਰੀਰ ਸੁਣੀ ਹੋਵੇ। ਵਾਤਾਵਰਨ ਸਬੰਧੀ ਦਿੱਤੀ ਇਸ ਤਕਰੀਰ 'ਚ ਗ੍ਰੇਟਾ ਨੇ ਸਰਕਾਰਾਂ ਨੂੰ ਉਨ੍ਹਾਂ ਦੀਆਂ ਨੀਤੀਆਂ ਲਈ ਰੱਜ ਕੇ ਲਾਹਣਤਾਂ ਪਾਈਆਂ ਪਰ ਅਸੀਂ ਤਾਂ ਪੰਜਾਬੀ ਹਾਂ, ਸਾਨੂੰ ਕੀ ਵਾਹ-ਵਾਸਤਾ ਕਿ ਅਮਰੀਕਾ ਕੀ ਕਰਦਾ ਤੇ 16 ਸਾਲਾ ਕੁੜੀ ਗ੍ਰੇਟਾ ਕੀ ਕਹਿੰਦੀ ਆ। ਸਾਡਾ ਵਾਤਾਵਰਨ ਅੱਜ ਵੱਡੀ ਬਿਮਾਰੀ ਵੱਲ ਵਧ ਰਿਹਾ ਹੈ, ਜਿਸ ਨੂੰ ਅੰਗਰੇਜ਼ੀ ਵਿਚ 'ਕਲਾਈਮੇਟ ਚੇਂਜ' ਵੀ ਕਿਹਾ ਜਾਂਦਾ ਹੈ। ਅੱਜ ਜਿਥੇ ਵੱਡੇ-ਵੱਡੇ ਦੇਸ਼ ਆਪਣੀ ਡਿਗ ਰਹੀ ਆਰਥਿਕਤਾ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ, ਉਥੇ ਗ੍ਰੇਟਾ ਥੁਨਬਰਗ ਅਤੇ ਪੰਜਾਬ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੇ ਵਾਤਾਵਰਨ ਪ੍ਰੇਮੀ ਵਾਤਾਵਰਨ ਦੀ ਵਿਗੜ ਰਹੀ ਸਿਹਤ ਠੀਕ ਕਰਨ ਲੱਗੇ ਹੋਏ ਹਨ ਪਰ ਇਹ ਕੰਮ ਇਕੱਲੀ ਗ੍ਰੇਟਾ ਜਾਂ ਇਕੱਲੇ ਸੀਚੇਵਾਲ ਦੇ ਵੱਸ ਦਾ ਨਹੀਂ। ਇਸ ਲਈ ਸਾਨੂੰ ਸਭ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ, ਇਸ ਦੀ ਸੰਭਾਲ ਲਈ ਵਚਨਬੱਧ ਹੋਣਾ ਪਵੇਗਾ। ਪੰਜਾਬ 'ਚ ਆਏ ਸਾਲ ਝੋਨੇ ਦੀ ਵਾਢੀ ਦੌਰਾਨ ਵੱਡੇ ਪੱਧਰ 'ਤੇ ਪਰਾਲੀ ਨੂੰ ਸਾੜਿਆ ਜਾਂਦਾ ਹੈ। ਇਹ ਇਕ ਗੰਭੀਰ ਸਮੱਸਿਆ ਹੈ। ਕਿਸਾਨਾਂ ਨੂੰ ਇਸ ਦੇ ਹੱਲ ਲਈ ਆਪ ਅੱਗੇ ਆਉਣਾ ਚਾਹੀਦਾ ਹੈ। ਇਥੋਂ ਤੱਕ ਕਿ ਕੁਝ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਹੇ ਹਨ। ਪਰਾਲੀ ਨੂੰ ਸਾੜਨ ਨਾਲੋਂ ਇਸ ਨੂੰ ਜਮ੍ਹਾਂ ਕਰਨ ਜਾਂ ਖੇਤ ਵਿਚ ਵਾਹੁਣ ਦੇ ਉਪਰਾਲੇ ਕਿਸਾਨਾਂ ਅਤੇ ਵਾਤਾਵਰਨ ਦੋਵਾਂ ਲਈ ਲਾਭਦਾਇਕ ਹਨ। ਇਸ ਵਾਰ ਦੀਵਾਲੀ 'ਤੇ ਸਾਨੂੰ ਸਾਰਿਆਂ ਨੂੰ ਪਟਾਕਿਆਂ ਰਹਿਤ ਦੀਵਾਲੀ ਦਾ ਸੰਕਲਪ ਲੈਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਘੱਟੋ-ਘੱਟ ਇਕ ਰੁੱਖ ਦੀਵਾਲੀ ਵਾਲੇ ਦਿਨ ਜ਼ਰੂਰ ਲਗਾਉਣਾ ਚਾਹੀਦਾ ਹੈ। ਸ਼ਾਇਦ ਇਹੀ ਸਮਾਂ ਨੌਜਵਾਨ ਪੀੜ੍ਹੀ ਲਈ ਸੋਸ਼ਲ ਮੀਡੀਆ ਤੋਂ ਬਾਹਰ ਆ ਕੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦਾ, ਜੇਕਰ ਮੌਜੂਦਾ ਨੌਜਵਾਨ ਪੀੜ੍ਹੀ ਇਸ ਵਾਤਾਵਰਨ ਤਬਦੀਲੀ ਨੂੰ ਸਮਾਂ ਰਹਿੰਦੇ ਰੋਕਦੀ ਹੈ ਤਾਂ ਭਵਿੱਖ ਵਿਚ ਵਾਪਰਨ ਵਾਲੀਆਂ ਹੜ੍ਹਾਂ, ਸੋਕੇ ਜਾਂ ਭੁਚਾਲ ਵਰਗੀਆਂ ਕੁਦਰਤੀ ਆਫਤਾਂ ਨੂੰ ਵੱਡੇ ਪੱਧਰ ਤੱਕ ਪਹੁੰਚਣੋਂ ਰੋਕਿਆ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਗ੍ਰੇਟਾ ਵਰਗੀਆਂ ਕਈ ਨੌਜਵਾਨ-ਮੁਟਿਆਰਾਂ ਜਾਂ ਗੱਭਰੂ ਵਾਤਾਵਰਨ ਪ੍ਰਤੀ ਚਿੰਤਤ ਹੋਣਗੇ ਜੋ ਇਕ ਨਾ ਇਕ ਦਿਨ ਜ਼ਰੂਰ ਵੱਡਾ ਹੰਭਲਾ ਮਾਰਨਗੇ।

prabhmangatt786@gmail.com

ਪੰਜਾਬ ਵਿਚ ਵਧ ਰਹੇ ਸੜਕ ਹਾਦਸੇ-ਕਾਰਨ ਤੇ ਉਪਾਅ

ਸੜਕਾਂ 'ਤੇ ਵਧ ਰਹੀ ਮੋਟਰ ਗੱਡੀਆਂ ਦੀ ਗਿਣਤੀ ਕਾਰਨ ਆਏ ਦਿਨ ਹਾਦਸਿਆਂ ਦਾ ਗਰਾਫ ਵੀ ਉੱਚਾ ਹੁੰਦਾ ਜਾ ਰਿਹਾ ਹੈ। ਜੇਕਰ ਸਿਰਫ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ-ਰੋਜ਼ 10 ਤੋਂ 15 ਵਿਅਕਤੀ ਸੜਕ ਹਾਦਸਿਆਂ ਵਿਚ ਜਾਨਾਂ ਗੁਆਉਂਦੇ ਹਨ ਅਤੇ ਲਗਪਗ 20 ਤੋਂ 25 ਵਿਅਕਤੀ ਗੰਭੀਰ ਫੱਟੜ ਹੁੰਦੇ ਹਨ। ਸੜਕ ਹਾਦਸਿਆਂ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਨਸ਼ਾ ਕਰਕੇ ਗੱਡੀ ਚਲਾਉਣੀ, ਸੜਕੀ ਨਿਯਮਾਂ ਦਾ ਪਾਲਣ ਨਾ ਕਰਨਾ, ਮੋਬਾਈਲ ਫੋਨ ਦੀ ਵਰਤੋਂ, ਉਨੀਂਦਰੇ ਵਿਚ ਗੱਡੀ ਚਲਾਉਣਾ, ਅਵਾਰਾ ਪਸ਼ੂ ਦਾ ਅੱਗੇ ਆ ਜਾਣਾ ਤੇ ਕਾਹਲ ਵਿਚ ਗੱਡੀ ਚਲਾਉਣਾ ਆਦਿ ਪ੍ਰਮੁੱਖ ਹਨ। ਛੋਟੀਆਂ-ਛੋਟੀਆਂ ਗਲਤੀਆਂ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ। ਆਮ ਲੋਕ ਵੀ ਇਸ ਪਾਸੇ ਕੋਈ ਬਹੁਤੇ ਸੰਜੀਦਾ ਨਜ਼ਰ ਨਹੀਂ ਆ ਰਹੇ। ਸ਼ਹਿਰਾਂ ਅਤੇ ਪਿੰਡਾਂ ਵਿਚ ਛੋਟੇ-ਛੋਟੇ ਮੁੰਡੇ-ਕੁੜੀਆਂ ਬਿਨਾਂ ਗਿਅਰੋਂ ਸਕੂਟਰੀਆਂ ਚੁੱਕੀ ਫਿਰਦੇ ਆਮ ਹੀ ਨਜ਼ਰੀਂ ਪੈਂਦੇ ਹਨ। ਕੀ ਇਨ੍ਹਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਇਹ ਹਾਦਸੇ ਦੇ ਜੋਖਮ ਤੋਂ ਬੇਖ਼ਬਰ ਹੋ ਖਿਡੌਣਿਆਂ ਵਾਂਗ ਵਾਹਨ ਚੁੱਕੀ ਫਿਰਦੇ ਹਨ? ਪੰਜਾਬ ਦੇ ਵਸਨੀਕ ਚੰਡੀਗੜ੍ਹ ਦੀ ਹਦੂਦ ਵਿਚ ਦਾਖਲ ਹੁੰਦਿਆਂ ਹੀ ਬੀਬੇ ਰਾਣੇ ਬਣ ਕੇ ਸੀਟ ਬੈਲਟਾਂ ਕੱਸ ਲੈਂਦੇ ਹਨ। ਸਾਨੂੰ ਆਪਣੀ ਹੀ ਜ਼ਿੰਦਗੀ ਦੀ ਸੁਰੱਖਿਆ ਲਈ ਬਾਹਰੀ ਸਖ਼ਤੀ ਦੀ ਲੋੜ ਕਿਉਂ ਪੈਂਦੀ ਹੈ? ਕੀ ਸਾਨੂੰ ਆਪਣੀ ਜਾਨ ਦੀ ਕੀਮਤ ਨਹੀਂ ਪਤਾ, ਜੋ ਅਸੀਂ ਡੰਡੇ ਦੇ ਡਰੋਂ ਅਜਿਹਾ ਕਰਦੇ ਹਾਂ? ਸਰਕਾਰ ਵਲੋਂ ਪਾਸ ਕੀਤੇ ਸੋਧੇ ਹੋਏ ਮੋਟਰ ਵਹੀਕਲ ਐਕਟ ਨਾਲ ਹਾਦਸਿਆਂ ਨੂੰ ਕੁਝ ਠੱਲ੍ਹ ਪਵੇਗੀ ਜਾਂ ਨਹੀਂ? ਇਸ ਸਵਾਲ ਦਾ ਜਵਾਬ ਤਾਂ ਅਜੇ ਭਵਿੱਖ ਦੀ ਕੁੱਖ ਵਿਚ ਹੈ। ਪਰ ਸਰਕਾਰ ਵਲੋਂ ਸੋਧੇ ਐਕਟ ਦੀਆਂ ਕੁਝ ਮਦਾਂ ਅਸਰਦਾਰ ਸਾਬਤ ਹੋਣ ਦੀ ਧਰਵਾਸ ਜ਼ਰੂਰ ਬੱਝੀ ਹੈ। ਜਿਵੇਂ ਹਾਦਸੇ ਦੌਰਾਨ ਪੀੜਤਾਂ ਦੀ ਮਦਦ ਕਰਨ ਵਾਲੇ ਨੂੰ ਪੁਲਿਸ ਕੇਸ ਵਿਚ ਨਹੀਂ ਉਲਝਾਇਆ ਜਾਵੇਗਾ। ਥਰਡ ਪਾਰਟੀ ਦਾ ਬੀਮਾ ਖਤਮ ਕਰਕੇ ਫਸਟ ਪਾਰਟੀ ਦਾ ਲਾਜ਼ਮੀ ਕਰਨਾ, ਸੜਕਾਂ ਦੀ ਮਾੜੀ ਹਾਲਤ ਲਈ ਠੇਕੇਦਾਰ, ਇੰਜੀਨੀਅਰ ਜਾਂ ਅਫਸਰ ਦੀ ਜ਼ਿੰਮੇਵਾਰੀ ਤੈਅ ਕਰਨਾ, ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਜੁਰਮਾਨੇ ਦੀ ਰਕਮ ਦੋ ਹਜ਼ਾਰ ਤੋਂ ਵਧਾ ਕੇ ਦਸ ਹਜ਼ਾਰ ਕਰਨਾ ਆਦਿ। ਸਭ ਤੋਂ ਅਹਿਮ ਗੱਲ ਕਿ ਨਾਬਾਲਗ ਵਲੋਂ ਵਾਹਨ ਚਲਾਉਂਦਿਆਂ ਜੇਕਰ ਹਾਦਸਾ ਹੁੰਦਾ ਹੈ ਤਾਂ ਉਸ ਦੇ ਮਾਪੇ ਸਜ਼ਾ ਦੇ ਭਾਗੀਦਾਰ ਹੋਣਗੇ। ਉਪਰੋਕਤ ਮਦਾਂ ਨਾਲ ਹਾਦਸਿਆਂ ਵਿਚ ਗਿਰਾਵਟ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਸਰਕਾਰ ਵਲੋਂ ਦੋ-ਪਹੀਆ ਤੇ ਹਲਕੇ ਵਾਹਨਾਂ ਲਈ ਲਾਇਸੰਸ ਜਾਰੀ ਕਰਨ ਸਮੇਂ ਪਾਰਦਰਸ਼ੀ ਤਰੀਕੇ ਨਾਲ ਬਾਕਾਇਦਾ ਟੈਸਟ ਲੈ ਕੇ ਹੀ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਜਾਵੇ। ਕਿਉਂਕਿ ਬਿਨਾਂ ਟੈਸਟ ਦਿੱਤਿਆਂ ਅਤੇ ਨਿਯਮਾਂ ਤੋਂ ਅਣਜਾਣ ਕੱਚ-ਘਰੜ ਡਰਾਈਵਰ ਹਾਦਸੇ ਹੀ ਕਰਨਗੇ, ਜੋ ਕਈ ਵਾਰ ਆਪਣੇ ਨਾਲ-ਨਾਲ ਦੂਜਿਆਂ ਦੀ ਜਾਨ ਦਾ ਵੀ ਖੌਅ ਬਣ ਜਾਂਦੇ ਹਨ। ਸਕੂਲਾਂ ਵਿਚ ਸੈਕੰਡਰੀ ਪੱਧਰ 'ਤੇ ਅਤੇ ਕਾਲਜਾਂ ਵਿਚ ਸਾਰੇ ਹੀ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਪ੍ਰਸ਼ਾਸਨ ਵਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੜਕੀ ਨਿਯਮਾਂ ਦਾ ਸੰਜੀਦਗੀ ਨਾਲ ਪਾਲਣ ਕਰਨ ਤਾਂ ਕਿ ਨਿੱਤ ਦਿਨ ਵਧ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪੈ ਸਕੇ।

-ਪੰਜਾਬੀ ਅਧਿਆਪਕਾ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)।
ਮੋਬਾ: 90565-26703

ਕੁਪੋਸ਼ਣ ਖ਼ਿਲਾਫ਼ ਦੇਸ਼ ਵਿਆਪੀ ਜਨ ਅੰਦੋਲਨ ਦੀ ਜ਼ਰੂਰਤ

ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਕਹਿ ਰਹੇ ਕਿ 2022 ਤੱਕ ਭਾਰਤ ਕੁਪੋਸ਼ਣ ਤੋਂ ਮੁਕਤ ਹੋ ਜਾਵੇਗਾ। 'ਸਹੀ ਪੋਸ਼ਣ ਦੇਸ਼ ਰੋਸ਼ਨ' ਦੇ ਨਾਅਰੇ ਦੇ ਤਹਿਤ ਪੋਸ਼ਣ ਮਹੀਨਾ ਮਨਾਇਆ ਗਿਆ। ਕੁਪੋਸ਼ਣ ਕੀ ਹੈ? ਸਰੀਰ ਲਈ ਜ਼ਰੂਰੀ ਸੰਤੁਲਿਤ ਭੋਜਨ ਲੰਮੇ ਸਮੇਂ ਤੱਕ ਨਾ ਮਿਲਣਾ ਹੀ ਕੁਪੋਸ਼ਣ ਹੈ। ਕੁਪੋਸ਼ਣ ਨਾਲ ਬੱਚਿਆਂ ਅਤੇ ਮਹਿਲਾਵਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ, ਜਿਸ ਕਰਕੇ ਉਹ ਅਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ। ਬਿਨਾਂ ਸ਼ੱਕ ਕੁਪੋਸ਼ਣ ਜਾਨਲੇਵਾ ਹੈ। ਮਹਾਂਮਾਰੀ ਹੈ। 2019 ਵਿਚ ਵੀ ਕੁਪੋਸ਼ਣ ਸਾਡੇ ਭਾਰਤੀਆਂ ਲਈ ਲਈ ਇਸ ਕਦਰ ਜ਼ੋਖਮ ਬਣ ਚੁੱਕਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ ਵਿਚੋਂ 68 ਫੀਸਦੀ ਮੌਤਾਂ ਲਈ ਕੁਪੋਸ਼ਣ ਜ਼ਿੰਮੇਵਾਰ ਹੈ। ਆਈ.ਸੀ.ਐਮ.ਆਰ. ਦੀ ਰਿਪੋਰਟ ਅਨੁਸਾਰ ਕੁਪੋਸ਼ਣ ਭਾਰਤ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜੜ੍ਹ ਹੈ। ਦੇਸ਼ 'ਚ ਬੱਚਿਆਂ ਦੇ ਬੌਣੇਪਨ (ਉਮਰ ਅਨੁਸਾਰ ਲੰਬਾਈ ਨਾ ਹੋਣਾ) ਵੱਡਾ ਕਾਰਨ ਹੈ। ਬੱਚਿਆਂ ਦਾ ਘੱਟ ਭਾਰ ਇਕ ਜਟਿਲ ਮੁੱਦਾ ਹੈ ਅਤੇ ਇਸ ਦੀ ਜ਼ਿਆਦਾਤਰ ਵਜ੍ਹਾ ਬੱਚਿਆਂ ਦੀਆਂ ਮਾਵਾਂ ਨਾਲ ਜੁੜੀ ਹੈ। ਦੇਸ਼ ਵਿਚ 15 ਤੋਂ 49 ਸਾਲ ਦੀਆਂ 54 ਫੀਸਦੀ ਮਹਿਲਾਵਾਂ ਵਿਚ ਖੂਨ ਦੀ ਕਮੀ ਹੈ, ਕਿਉਂਕਿ ਗਰਭ ਧਾਰਨ ਤੋਂ ਪਹਿਲਾਂ ਮਾਵਾਂ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਨਾ ਮਿਲਣਾ, ਬਚਪਨ 'ਚ ਭੋਜਨ ਦੀ ਘਾਟ ਕਾਰਨ ਬੱਚੇ ਦੇ ਘੱਟ ਵਜ਼ਨ ਲਈ ਜ਼ਿੰਮੇਵਾਰ ਹੈ। ਬੱਚੇ ਦੀ ਤੰਦਰੁਸਤੀ ਲਈ ਜਨਮ ਦੇ ਇਕ ਘੰਟੇ ਅੰਦਰ ਉਸ ਨੂੰ ਮਾਂ ਦਾ ਦੁੱਧ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਪਰ ਦੇਸ਼ ਵਿਚ 41 ਫੀਸਦੀ ਬੱਚੇ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਕੁਪੋਸ਼ਣ ਤੋਂ ਮੁਕਤੀ ਕਦੋਂ? ਕੇਂਦਰ ਸਰਕਾਰ ਨੇ 2022 ਤੱਕ ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ ਹੈ ਪਰ ਮੌਜੂਦਾ ਹਾਲਾਤ 'ਚ ਇਸ ਨੂੰ ਹਾਸਲ ਕਰਨਾ ਆਸਾਨ ਨਹੀਂ ਲਗਦਾ ਹੈ। ਇਸ ਲਈ ਇਕ ਵਿਆਪਕ ਪੋਸ਼ਣ ਨੀਤੀ ਬਣਾਉਣ ਅਤੇ ਉਸ 'ਤੇ ਸੰਜੀਦਗੀ ਨਾਲ ਪ੍ਰਭਾਵੀ ਅਮਲ ਦੀ ਵੀ ਲੋੜ ਹੈ। ਕੁਪੋਸ਼ਣ ਖਿਲਾਫ ਦੇਸ਼ ਵਿਆਪੀ ਚੇਤਨਤਾ ਫੈਲਾਉਣ ਲਈ ਜਨ ਅੰਦੋਲਨ ਦੀ ਜ਼ਰੂਰਤ ਹੈ।

-ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-98217

ਸਾਵਧਾਨ! ਮਾਈਕ੍ਰੋਵੇਵ ਦਾ ਖਾਣਾ ਹੈ ਜ਼ਹਿਰ

ਰਸੋਈ ਵਿਚ ਮਾਈਕ੍ਰੋਵੇਵ ਦੀ ਵਰਤੋਂ ਨਾਲ ਖਾਣੇ ਦੇ ਸਿਹਤ ਲਈ ਲੋੜੀਂਦੇ ਤੱਤ ਨਸ਼ਟ ਹੋ ਜਾਂਦੇ ਹਨ। ਖਾਣਾ ਜ਼ਹਿਰ ਬਣ ਜਾਂਦਾ ਹੈ। ਜਦੋਂ ਅਸੀਂ ਵਾਰ ਬੀ ਕਿਊ ਕਰਦੇ ਹਾਂ ਤਾਂ ਮੀਟ ਵਿਚੋਂ ਜਿਹੜੀ ਫੈਟ ਹੇਠਾਂ ਡਿਗਦੀ ਹੈ, ਉਹ ਸਿਹਤ ਲਈ ਹੋਰ ਵੀ ਖ਼ਤਰਨਾਕ ਹੁੰਦੀ ਹੈ। ਜਿਸ ਵੇਲੇ ਉਹ ਅੱਗ ਉੱਪਰ ਡਿੱਗ ਕੇ ਮੱਚਦੀ ਹੈ, ਮਚਣ ਉਪਰੰਤ ਜੋ ਧੂੰਆਂ ਨਿਕਲਦਾ ਹੈ, ਉਹ ਦੁਬਾਰਾ ਉਸੇ ਮੀਟ ਨਾਲ ਛੁਹ ਕੇ ਉਸ ਨੂੰ ਹੋਰ ਜ਼ਹਿਰੀਲਾ ਬਣਾ ਦਿੰਦਾ ਹੈ। ਅਜਿਹਾ 100 ਗ੍ਰਾਮ ਮੀਟ ਖਾਣ ਨਾਲ ਤਕਰੀਬਨ 800 ਸਿਗਰਟਾਂ ਪੀਣ ਜਿੰਨਾ ਨੁਕਸਾਨ ਸਿਹਤ ਨੂੰ ਹੁੰਦਾ ਹੈ। ਮਾਈਕ੍ਰੋਵੇਵ ਓਵਨ ਦੇ ਸੂਖਮ ਤਰੰਗੀ ਵਿਕਰਨ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ : ਮਾਈਕ੍ਰੋਵੇਵ ਓਵਨ ਵਿਚ ਮਾਸ ਪਕਾਉਣ ਨਾਲ ਉਸ ਵਿਚ 4-D– NITROSODIETHANOLAMINES ਨਾਮਕ ਇਕ ਕੈਂਸਰ ਪੈਦਾ ਕਰਨ ਵਾਲਾ ਤੱਤ ਬਣਦਾ ਹੈ। ਦੁੱਧ ਅਤੇ ਅਨਾਜ ਮਾਈਕ੍ਰੋਵੇਵ ਓਵਨ ਵਿਚ ਗਰਮ ਕਰਨ ਜਾਂ ਪਕਾਉਣ ਨਾਲ ਉਨ੍ਹਾਂ ਦੇ ਕੁਝ ਅਮੀਨੋ ਐਸਿਡ ਵਿਚ ਬਦਲ ਕੇ ਕੈਂਸਰ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ। ਬੱਚਿਆਂ ਦੇ ਭੋਜਨ ਨੂੰ ਮਾਈਕ੍ਰੋਵੇਵ ਓਵਨ ਵਿਚ ਗਰਮ ਕਰਨ ਨਾਲ ਉਸ ਵਿਚ ਇਕ ਅਜਿਹਾ ਤੱਤ ਬਣਦਾ ਹੈ ਜੋ ਬੱਚੇ ਦੀ ਤੰਤਰਿਕਾ ਤੰਤਰ ਅਤੇ ਗੁਰਦੇ ਲਈ ਜ਼ਹਿਰ ਹੁੰਦਾ ਹੈ। ਰੂਸੀ ਖੋਜਕਾਰਾਂ ਨੇ ਮਾਈਕ੍ਰੋਵੇਵ ਓਵਨ ਦੀ ਪ੍ਰੀਖਿਆ ਵਿਚ ਸਾਰੇ ਖਾਧ ਪਦਾਰਥਾਂ ਵਿਚ 60 ਫੀਸਦੀ ਤੋਂ 90 ਫੀਸਦੀ ਵੈਲਿਊ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਓਵਨ ਵਿਚ ਪੱਕੇ ਸਾਰੇ ਖਾਧ ਪਦਾਰਥਾਂ ਵਿਚ ਵਿਟਾਮਿਨ 'ਬੀ ਕੰਪਲੈਕਸ', ਵਿਟਾਮਿਨ 'ਸੀ', ਵਿਟਾਮਿਨ 'ਈ', ਜ਼ਰੂਰੀ ਖਣਿਜ ਅਤੇ ਲਾਈਪੋਰਟ੍ਰੋਪਿਕ ਕਾਰਕਾਂ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਵਿਚ ਪੱਕੇ ਖਾਧ ਪਦਾਰਥਾਂ ਨੂੰ ਖਾਣ ਵਾਲੇ ਲੋਕਾਂ ਵਿਚ ਪੈਥੋਜੇਨਿਕ ਤਬਦੀਲੀ ਪਾਈ ਗਈ ਹੈ, ਜਿਵੇਂ : ਲਸੀਕਾ ਸਬੰਧੀ ਵਿਕਾਰ ਪਾਇਆ ਗਿਆ, ਜੋ ਕੁਝ ਪ੍ਰਕਾਰ ਦੇ ਕੈਂਸਰ ਰੋਕਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ। ਖੂਨ ਵਿਚ ਕੈਂਸਰ ਸੈੱਲ ਬਣਨ ਦੀ ਦਰ ਵਿਚ ਵਾਧਾ ਹੋਇਆ। ਢਿੱਡ ਅਤੇ ਅੰਤੜੀਆਂ ਦੇ ਕੈਂਸਰ ਹੋਣ ਦੀ ਦਰ ਵਿਚ ਵਾਧਾ ਹੋਇਆ। ਪਾਚਣ ਵਿਕਾਰ ਦੀ ਉੱਚ ਦਰ ਅਤੇ ਉਨਮੂਲਨ ਪ੍ਰਣਾਲੀਆਂ ਦੇ ਟੁੱਟਣ ਦਾ ਕ੍ਰਮ ਵੇਖਿਆ ਗਿਆ। 1950 ਵਿਚ ਰਡਾਰ ਦੇ ਵਿਕਾਸ ਦੇ ਦੌਰਾਨ ਰੂਸੀਆਂ ਨੇ ਹਜ਼ਾਰਾਂ ਸੈਨਿਕਾਂ ਦੇ ਉੱਤੇ ਮਾਈਕ੍ਰੋਵੇਵ ਦੇ ਸੰਪਰਕ ਵਿਚ ਆਉਣ ਉੱਤੇ ਜਾਂਚ ਕੀਤੀ ਸੀ। ਉਸ ਜਾਂਚ ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਦਾ ਪਹਿਲਾ ਲੱਛਣ ਖੂਨ ਦਾ ਦਬਾਅ ਘਟਣਾ ਅਤੇ ਨਬਜ਼ ਦਾ ਹੌਲੀ ਚੱਲਣਾ, ਬਾਅਦ ਵਿਚ ਸੰਵੇਦਨਿਕ ਤੰਤਰਿਕਾ ਪ੍ਰਣਾਲੀ ਵਿਚ ਉਤੇਜਨਾ ਅਤੇ ਉੱਚ ਖੂਨ ਦਬਾਅ ਹੈ। ਇਸ ਪੜਾਅ ਵਿਚ ਅਕਸਰ ਸਿਰਦਰਦ, ਚੱਕਰ ਆਉਣੇ, ਅੱਖ ਵਿਚ ਦਰਦ, ਉਨੀਂਦਰਾ, ਚਿੜਚਿੜਾਪਨ, ਚਿੰਤਾ, ਢਿੱਡ ਦਰਦ, ਤੰਤਰਿਕਾ ਤਣਾਵ, ਧਿਆਨ ਲਗਾਉਣ ਵਿਚ ਮੁਸ਼ਕਿਲ, ਵਾਲਾਂ ਦੇ ਝੜਨ, ਪੱਥਰੀ, ਮੋਤੀਆਬਿੰਦ, ਪ੍ਰਜਨਨ ਸਮੱਸਿਆਵਾਂ ਅਤੇ ਕੈਂਸਰ ਦੇ ਵਾਧੇ ਦੀ ਘਟਨਾ ਵੀ ਸ਼ਾਮਿਲ ਹੈ। ਬਾਅਦ ਵਿਚ ਥਕਾਵਟ ਅਤੇ ਹਿਰਦੇ ਰੋਗ ਜਿਵੇਂ ਕੋਰੋਨਰੀ ਧਮਨੀਆਂ ਦੀ ਰੁਕਾਵਟ ਅਤੇ ਦਿਲ ਦਾ ਦੌਰਾ ਪੈਣਾ ਵੀ ਸ਼ਾਮਿਲ ਹੈ।

-ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਮੋਬਾ: 97810-00909

ਨਸ਼ਿਆਂ ਦਾ ਸਥਾਈ ਹੱਲ ਕੀ ਹੋਵੇ?

ਅੱਜ ਦੀ ਜਵਾਨੀ ਜਿਵੇਂ-ਕਿਵੇਂ ਕਹਿ ਲਵੋ, ਚਿੱਟੇ ਦੀ ਲਪੇਟ ਵਿਚ ਆ ਰਹੀ ਹੈ। ਇਸ ਚਿੱਟੇ ਨੇ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ। ਆਖਰ ਇਹ ਚਿੱਟਾ ਹੈ ਕੀ ਚੀਜ਼? ਐਸਾ ਕੀ ਸਰੂਰ ਹੈ ਇਸ ਨਸ਼ੇ ਵਿਚ ਕਿ ਅੱਜ ਦੀ ਨੌਜਵਾਨ ਪੀੜ੍ਹੀ ਬੜੀ ਆਸਾਨੀ ਨਾਲ ਇਸ ਦੀ ਲਪੇਟ ਵਿਚ ਆ ਰਹੀ ਹੈ? ਇਸ ਚਿੱਟੇ ਨੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ ਤੇ ਨਿੱਕੇ, ਨਿੱਕੇ ਬੱਚਿਆਂ ਦੇ ਬਾਪ ਖੋਹਣੇ ਨੇ? ਕਿਉਂ ਇਹ ਚਿੱਟੇ ਦੇ ਨਸ਼ੇ ਦਾ ਧੰਦਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਖਰ ਬੰਦ ਕਿਉਂ ਨਹੀਂ ਹੋ ਰਿਹਾ? ਮੇਰੇ ਦੇਸ਼ ਦੇ ਨੌਜਵਾਨੋ, ਸੰਭਲ ਜਾਓ! ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ, ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾਂ ਦਾ ਕੋਈ ਨੁਕਸਾਨ ਨਹੀਂ। ਪੂਰੇ ਦਾ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਹੈ। ਨਸ਼ਾ ਤੁਹਾਡੀ ਜਾਇਦਾਦ ਵਿਕਾ ਦਿੰਦਾ ਹੈ, ਤੁਹਾਡੀ ਜ਼ਿੰਦਗੀ ਖਰਾਬ ਕਰਦਾ ਹੈ ਤੇ ਨਾਲ-ਨਾਲ ਤੁਹਾਡੀ ਬਣੀ-ਬਣਾਈ ਇੱਜ਼ਤ ਵੀ ਮਿੱਟੀ ਵਿਚ ਮਿਲਾ ਦਿੰਦਾ ਹੈ। ਤੇ ਫਿਰ ਇਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿਚ ਲੈ ਜਾਂਦਾ ਹੈ। ਕੀ ਸਮੇਂ ਦੀਆਂ ਸਰਕਾਰਾਂ ਹਰ ਤਰ੍ਹਾਂ ਦੇ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਅੰਦਰ ਨਹੀਂ ਡੱਕ ਸਕਦੀਆਂ। ਸਰਕਾਰ ਵੀ ਇਸ ਪਾਸੇ ਧਿਆਨ ਦੇਵੇ। ਮੈਂ ਆਪਣੇ ਪਿਆਰੇ ਬੱਚਿਆਂ ਨੂੰ ਕਹਾਂਗੀ ਕਿ ਬੱਚਿਓ ਜੇਕਰ ਤੁਸੀਂ ਹੀ ਆਪਣੇ ਮਨ 'ਤੇ ਕੰਟਰੋਲ ਕਰ ਲਵੋ ਤੇ ਆਪਣੇ ਦਿਮਾਗ ਦੀ ਸਹੀ ਢੰਗ ਨਾਲ ਵਰਤੋਂ ਕਰੋ ਤੇ ਫਿਰ ਨਸ਼ਿਆਂ ਦੀ ਲਪੇਟ ਵਿਚ ਆਉਣਾ ਤਾਂ ਬਹੁਤ ਦੂਰ ਦੀ ਗੱਲ, ਕੋਈ ਨਸ਼ੇ ਵੇਚਣ ਵਾਲਾ ਤੁਹਾਡੇ ਨੇੜੇ ਦੀ ਵੀ ਨਹੀਂ ਲੰਘੇਗਾ। ਅਖੀਰ ਵਿਚ ਮੇਰੀ ਬੇਨਤੀ ਸਾਰੇ ਸੂਝਵਾਨ ਮਾਪਿਆਂ ਨੂੰ ਹੈ ਜੇਕਰ ਆਪਾਂ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰੂ ਘਰ ਜਾਣ ਦੀ ਆਦਤ ਪਾਈਏ, ਗੁਰਬਾਣੀ ਪੜ੍ਹਨ, ਸੁਣਨ ਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਣਾਉਣ ਦੀ ਆਦਤ ਪਾਈਏ ਤਾਂ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਹਨ ਸਾਡੇ 'ਤੇ ਅਤੇ ਸਾਡੇ ਬੱਚਿਆਂ 'ਤੇ ਅਤੇ ਮਾੜੀ ਸੰਗਤ ਤੋਂ, ਨਸ਼ੇ ਤੋਂ ਹਮੇਸ਼ਾ-ਹਮੇਸ਼ਾ ਲਈ ਬਚਿਆ ਰਹਿੰਦਾ ਹੈ ਸਾਡਾ ਬੱਚਾ। ਆਪਣੇ ਬੱਚੇ ਨਾਲ ਮਾਪੇ ਹਮੇਸ਼ਾ ਦੋਸਤਾਨਾ ਸਬੰਧ ਬਣਾ ਕੇ ਰੱਖਣ, ਤਾਂ ਜੋ ਬੱਚਾ ਸਾਰੀ ਗੱਲ ਮਾਪਿਆਂ ਨਾਲ ਬੇਝਿਜਕ ਕਰ ਸਕੇ। ਪੜ੍ਹਾਈ ਦੇ ਨਾਲ-ਨਾਲ ਉਸਾਰੂ ਸੇਧਾਂ ਦੇਣ ਵਾਲਾ ਸਾਹਿਤ ਵੀ ਪੜ੍ਹਾਓ, ਆਤਮ-ਵਿਸ਼ਵਾਸੀ, ਸਹਿਣਸ਼ੀਲਤਾ, ਦਇਆ, ਨੇਕ ਕਮਾਈ ਤੇ ਵੰਡ ਕੇ ਛਕਣ ਦੀ ਆਦਤ ਬਣਾਓ। ਇਸ ਤਰ੍ਹਾਂ ਤੁਹਾਡਾ ਬੱਚਾ ਚੰਗੇ ਮਾਹੌਲ ਵਿਚ ਪਲ ਕੇ ਵੱਡਾ ਹੋਵੇਗਾ ਤੇ ਨਸ਼ੇ ਤੋਂ, ਮਾੜੀ ਸੰਗਤ ਤੋਂ, ਵਧ ਰਹੇ ਅਪਰਾਧਾਂ ਤੋਂ ਤੇ ਨਾਕਾਰਾਤਮਿਕ ਸੋਚ ਤੋਂ ਦੂਰ ਰਹੇਗਾ।

-ਭਗਤਾ ਭਾਈ ਕਾ। ਮੋਬਾ: 94786-58384

ਵਾਰ-ਵਾਰ ਬਦਲ ਰਹੀਆਂ ਸਿੱਖਿਆ ਨੀਤੀਆਂ ਸਿੱਖਿਆ ਨਾਲ ਖਿਲਵਾੜ

ਭਾਰਤ ਦੀ ਇਹੀ ਬਦਕਿਸਮਤੀ ਰਹੀ ਹੈ ਕਿ ਪਿਛਲੇ 70-72 ਸਾਲਾਂ ਵਿਚ ਅਸੀਂ ਕੋਈ ਠੋਸ ਸਿੱਖਿਆ ਨੀਤੀ ਹੀ ਨਹੀਂ ਅਪਣਾ ਸਕੇ। ਸਰਕਾਰਾਂ ਬਦਲਦੀਆਂ ਗਈਆਂ ਅਤੇ ਉਨ੍ਹਾਂ ਦੇ ਨਾਲ ਹੀ ਬਦਲ ਜਾਂਦੀਆਂ ਰਹੀਆਂ ਸਿੱਖਿਆ ਨੀਤੀਆਂ। ਪਹਿਲੀ ਸਿੱਖਿਆ ਨੀਤੀ ਅਜੇ ਚੰਗੀ ਤਰ੍ਹਾਂ ਲਾਗੂ ਵੀ ਨਹੀਂ ਹੁੰਦੀ ਕਿ ਉਸ ਨੂੰ ਬਦਲ ਕੇ ਨਵੀਂ ਨੀਤੀ ਘੜ ਦਿੱਤੀ ਜਾਂਦੀ ਹੈ। ਸਾਡੇ ਦੇਸ਼ ਵਿਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਕੋਠਾਰੀ ਕਮਿਸ਼ਨ, ਚਟੋਪਾਧਿਆ ਕਮਿਸ਼ਨ ਜਾਂ ਲਾਜ਼ਮੀ ਸਿੱਖਿਆ ਕਾਨੂੰਨ ਜਿਹੇ ਬਹੁਤ ਚੰਗੇ ਸੁਝਾਅ ਪਹਿਲਾਂ ਹੀ ਮੌਜੂਦ ਹਨ ਪਰ ਕਦੇ ਵੀ ਉਨ੍ਹਾਂ ਨੂੰ 100 ਫ਼ੀਸਦੀ ਲਾਗੂ ਨਹੀਂ ਕੀਤਾ ਜਾਂਦਾ। ਕਦੇ ਧੋਖੇ ਵਾਲੇ ਵਧੀਆ ਨਤੀਜੇ ਦਿਖਾਉਣ ਲਈ ਬੱਚਿਆਂ ਨੂੰ ਫੇਲ੍ਹ ਨਹੀਂ ਕਰਨਾ, ਕਦੇ ਬੋਰਡਾਂ ਦੁਆਰਾ ਲਏ ਜਾਣ ਵਾਲੇ ਇਮਤਿਹਾਨਾਂ ਨੂੰ ਰੱਦ ਕਰਨਾ ਜਾਂ ਕਈ ਹੋਰ ਨੀਤੀਆਂ ਅਪਣਾ ਕੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਉਲਝਾਈ ਰੱਖਣਾ ਤਾਂ ਹੀ ਸਰਕਾਰਾਂ ਕਰਦੀਆਂ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਦੇ ਅੰਗਰੇਜ਼ੀ ਪਹਿਲੀ ਤੋਂ, ਕਦੇ ਤੀਜੀ ਤੋਂ ਅਤੇ ਕਦੇ ਛੇਵੀਂ ਤੋਂ ਵਾਰ-ਵਾਰ ਬਦਲਣ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਵਿਚ ਖੁੰਬਾਂ ਦੀ ਤਰ੍ਹਾਂ ਨਿੱਜੀ ਅੰਗਰੇਜ਼ੀ ਮਾਧਿਅਮ ਸਕੂਲ ਖੁੱਲ੍ਹ ਗਏ ਅਤੇ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਖਤਰਾ ਬਣ ਗਿਆ। ਇਸ ਦੇ ਨਾਲ ਹੀ ਫੇਲ੍ਹ ਹੋ ਗਈਆਂ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀਆਂ ਨੀਤੀਆਂ। ਹੁਣ ਭਾਵੇਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਪਰ ਸਮਾਜ ਵਿਚ ਵਿਤਕਰੇ ਵਾਲੀ ਭਾਵਨਾ ਉਤਪੰਨ ਹੋ ਚੁੱਕੀ ਹੈ। ਹੁਣ ਅੱਜਕਲ੍ਹ ਕੇਂਦਰ ਸਰਕਾਰ ਵਲੋਂ ਨਵੀਂ ਵਿੱਦਿਆ ਨੀਤੀ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਸਿੱਖਿਆ ਦੀਆਂ ਬਹੁਤ ਚੰਗੀਆਂ ਗੱਲਾਂ ਨੂੰ ਤਿਲਾਂਜਲੀ ਦਿੱਤੀ ਜਾਵੇਗੀ। ਇਹੀ ਕਾਰਨ ਹੈ ਕਿ ਇਸ ਦਾ ਵੱਡੇ ਪੱਧਰ 'ਤੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਸਿੱਖਿਆ ਲਈ ਸਰਕਾਰ ਦੁਆਰਾ ਰਾਜਨੀਤਕ ਲਾਭ ਲੈਣ ਲਈ ਕੀਤੇ ਢੰਗਾਂ ਦਾ ਬੁੱਧੀਜੀਵੀ ਜਾਂ ਸਿੱਖਿਆ ਸ਼ਾਸਤਰੀ ਵੱਡੀ ਗਿਣਤੀ ਵਿਚ ਵਿਰੋਧ ਕਰ ਰਹੇ ਹਨ। ਇਸ ਲਈ ਕੋਈ ਵੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਤੋਂ ਪਹਿਲਾਂ, ਪਹਿਲਾਂ ਅਪਣਾਈਆਂ ਗਈਆਂ ਨੀਤੀਆਂ ਦੀਆਂ ਚੰਗੀਆਂ ਗੱਲਾਂ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸਿੱਖਿਆ ਨਾਲ ਖਿਲਵਾੜ ਬਣ ਕੇ ਹੀ ਰਹਿ ਜਾਵੇਗੀ। ਕਿਸੇ ਵੀ ਨੀਤੀ ਰਾਹੀਂ ਸਿੱਖਿਆ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਗਰੀਬਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਦੇਣ ਦਾ ਉਪਰਾਲਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਲਜ ਸਿੱਖਿਆ ਨੂੰ ਵੀ ਸਸਤੀ ਅਤੇ ਅਸਰਦਾਰ ਬਣਾਉਣ ਦੀ ਲੋੜ ਹੈ, ਤਾਂ ਕਿ ਪੇਂਡੂ ਗਰੀਬ ਬੱਚੇ ਵੀ ਕਾਲਜਾਂ ਵੱਲ ਰੁਖ਼ ਕਰ ਸਕਣ ਅਤੇ ਘੱਟੋ-ਘੱਟ ਗ੍ਰੈਜੂਏਸ਼ਨ ਪੱਧਰ ਤੱਕ ਸਿੱਖਿਆ ਪ੍ਰਾਪਤ ਕਰਕੇ ਉੱਚ ਕੋਟੀ ਦੀਆਂ ਅਫ਼ਸਰਾਂ ਦੀਆਂ ਅਸਾਮੀਆਂ ਲਈ ਮੁਕਾਬਲੇ ਲਈ ਅੱਗੇ ਆ ਸਕਣ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

ਉਮਰ ਭਰ ਰਹਿਣੀ ਚਾਹੀਦੀ ਹੈ ਮਾਪਿਆਂ ਤੇ ਬੱਚਿਆਂ ਦੀ ਸਾਂਝ

ਇਹ ਇਕ ਸੱਚਾਈ ਹੈ ਕਿ ਇਕ ਬੱਚੇ ਦੀ ਆਪਣੀ ਮਾਂ ਨਾਲ ਸਰੀਰਕ ਤੇ ਭਾਵਨਾਤਮਕ ਸਾਂਝ ਜਨਮ ਲੈਣ ਤੋਂ ਪਹਿਲਾਂ ਹੀ ਗਰਭਕਾਲ ਸਮੇਂ ਹੋ ਜਾਂਦੀ ਹੈ ਤੇ ਜਨਮ ਪਿੱਛੋਂ ਸ਼ੁਰੂਆਤੀ ਮਹੀਨਿਆਂ ਵਿਚ ਬੱਚਾ ਖ਼ੁਰਾਕ ਅਤੇ ਹੋਰ ਲੋੜਾਂ ਲਈ ਕੇਵਲ ਮਾਂ 'ਤੇ ਹੀ ਨਿਰਭਰ ਕਰਦਾ ਹੈ, ਜਿਸ ਕਰਕੇ ਉਨ੍ਹਾਂ ਵਿਚਕਾਰ ਸਾਂਝ ਹੋਰ ਗੂੜ੍ਹੀ ਹੋ ਜਾਂਦੀ ਹੈ। ਮਾਂ ਦੇ ਹੱਥਾਂ ਵਿਚ ਬੱਚਾ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਮਾਂ ਵੀ ਬੱਚੇ ਦੀ ਹਰ ਹਰਕਤ ਤੇ ਸੈਨਤ ਤੋਂ ਉਸ ਦੀ ਹਰ ਗੱਲ ਸਮਝ ਲੈਂਦੀ ਹੈ। ਦੋਵਾਂ ਦਰਮਿਆਨ ਸਾਂਝ ਦੀਆਂ ਗੰਢਾਂ ਇਸ ਕਦਰ ਪੀਡੀਆਂ ਹੋ ਜਾਂਦੀਆਂ ਹਨ ਕਿ ਜੀਵਨ ਦੇ ਅੰਤ ਤੱਕ ਵੀ ਉਸ ਬੱਚੇ ਨੂੰ ਹਰ ਦੁੱਖ ਤੇ ਤਕਲੀਫ਼ ਦੀ ਘੜੀ 'ਚ ਮਾਂ ਹੀ ਚੇਤੇ ਆਉਂਦੀ ਹੈ ਤੇ ਉਸ ਦੇ ਮੂੰਹ 'ਚੋਂ ਆਪ ਮੁਹਾਰੇ ਹੀ 'ਹਾਏ ਮਾਂ' ਜਿਹੇ ਸ਼ਬਦ ਨਿਕਲ ਆਉਂਦੇ ਹਨ। ਚੱਲਣਾ ਸਿੱਖਣ ਉਪਰੰਤ ਬੱਚੇ ਦੀ ਸਾਂਝ ਆਪਣੇ ਪਿਤਾ ਨਾਲ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸਕੂਲ ਛੱਡਣ ਜਾਣਾ ਤੇ ਲੈ ਕੇ ਆਉਣਾ, ਬਾਹਰ ਘੁਮਾ ਕੇ ਲਿਆਉਣਾ, ਖਿਡੌਣੇ ਤੇ ਖਾਣ-ਪੀਣ ਦੇ ਪਦਾਰਥ ਲਿਆ ਕੇ ਦੇਣਾ ਤੇ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਆਦਿ ਗਤੀਵਿਧੀਆਂ ਕਰਕੇ ਬੱਚੇ ਦੀ ਆਪਣੇ ਪਿਤਾ ਨਾਲ ਨੇੜਤਾ ਹੋਰ ਵਧ ਜਾਂਦੀ ਹੈ। ਮਾਪੇ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬੱਚੇ ਦੀ ਪਰਵਰਿਸ਼ ਕਰਦੇ ਹਨ ਤੇ ਉਸ ਦੇ ਸਾਹ ਨਾਲ ਸਾਹ ਲੈਂਦੇ ਹਨ। ਇਕ ਵਿਦਵਾਨ ਦਾ ਕਥਨ ਹੈ-'ਹੋ ਸਕਦਾ ਹੈ ਕਿ ਇਕ ਬੱਚਾ ਵੱਡਾ ਹੋ ਕੇ ਆਪਣੇ ਮਾਪਿਆਂ ਨੂੰ ਭੁੱਲ ਜਾਵੇ ਪਰ ਦਿਲਟੁੰਬਵਾਂ ਸੱਚ ਇਹ ਹੈ ਕਿ ਮਾਪੇ ਆਪਣੇ ਬੱਚੇ ਨੂੰ ਕਦੇ ਨਹੀਂ ਭੁੱਲਦੇ ਹਨ।' ਬਚਪਨ ਤੋਂ ਬਾਅਦ ਹਰੇਕ ਬੱਚੇ ਦੇ ਜੀਵਨ 'ਚ ਜਵਾਨੀ ਦਾ ਪੜਾਅ ਆਉਂਦਾ ਹੈ ਤੇ ਇਸ ਸਮੇਂ ਦੌਰਾਨ ਬੱਚੇ ਦੀ ਸਾਂਝ ਪਰਿਵਾਰ ਤੋਂ ਬਾਹਰ ਨਿਕਲ ਕੇ ਦੋਸਤਾਂ, ਅਧਿਆਪਕਾਂ ਤੇ ਹੋਰ ਲੋਕਾਂ ਨਾਲ ਵਧ ਜਾਂਦੀ ਹੈ। ਵੱਡਾ ਹੋ ਕੇ ਬੱਚਾ ਜ਼ਿਆਦਾ ਸਮਾਂ ਉਕਤ ਲੋਕਾਂ ਨਾਲ ਬਿਤਾਉਣ ਲੱਗ ਜਾਂਦਾ ਹੈ ਤੇ ਨੌਕਰੀਪੇਸ਼ਾ ਜਾਂ ਕਾਰੋਬਾਰੀ ਬਣਨ ਦੇ ਨਾਲ-ਨਾਲ ਵਿਆਹ ਹੋ ਜਾਣ 'ਤੇ ਉਸ ਦਾ ਧਿਆਨ ਮਾਪਿਆਂ ਵੱਲ ਘੱਟ, ਦੋਸਤਾਂ, ਸਹਿਕਰਮੀਆਂ, ਪਤਨੀ ਤੇ ਬੱਚਿਆਂ ਵੱਲ ਵੱਧ ਹੋ ਜਾਂਦਾ ਹੈ। ਆਪਣੇ ਰੁਝੇਵਿਆਂ ਕਰਕੇ ਉਸ ਦੀ ਮਾਪਿਆਂ ਨਾਲ ਸਾਂਝ ਦੀ ਡੋਰ ਢਿੱਲੀ ਪੈ ਜਾਂਦੀ ਹੈ। ਉਹ ਆਤਮਨਿਰਭਰ ਹੋ ਜਾਂਦਾ ਹੈ ਤੇ ਆਪਣੇ-ਆਪ ਨੂੰ ਜ਼ਿੰਦਗੀ ਦੇ ਵੱਡੇ ਫ਼ੈਸਲੇ ਲੈਣ ਦੇ ਸਮਰੱਥ ਸਮਝਣ ਲੱਗ ਜਾਂਦਾ ਹੈ। ਇਸ ਦੇ ਬਾਵਜੂਦ ਵੀ ਉਸ ਦੇ ਮਾਪੇ ਉਸ ਦੀ ਤਰੱਕੀ, ਸਿਹਤ, ਸੁਰੱਖਿਆ ਤੇ ਖ਼ੁਸ਼ੀ ਨੂੰ ਲੈ ਕੇ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। ਉਨ੍ਹਾਂ ਲਈ ਉਨ੍ਹਾਂ ਦੀ ਔਲਾਦ ਉਨ੍ਹਾਂ ਦੀ ਆਂਦਰ ਜਾਂ ਉਨ੍ਹਾਂ ਦੇ ਜਿਗਰ ਦਾ ਟੋਟਾ ਹੀ ਰਹਿੰਦੀ ਹੈ। ਉਮਰ ਵੱਡੀ ਹੋ ਜਾਣ ਕਰਕੇ ਬੱਚੇ ਦੀ ਮਾਪਿਆਂ ਨਾਲ ਸਾਂਝ ਹੌਲੀ-ਹੌਲੀ ਖੁਰਨ ਲੱਗ ਜਾਂਦੀ ਹੈ। ਬਹੁਤੀ ਵਾਰ ਬੱਚੇ ਆਪਣੇ ਬਜ਼ੁਰਗ ਹੋ ਚੁੱਕੇ ਮਾਪਿਆਂ ਦੀਆਂ ਸਿਹਤ ਜਾਂ ਆਰਥਿਕਤਾ ਨਾਲ ਜੁੜੀਆਂ ਲੋੜਾਂ ਤਾਂ ਪੂਰੀਆਂ ਕਰ ਦਿੰਦੇ ਹਨ ਪਰ ਉਨ੍ਹਾਂ ਦੀਆਂ ਭਾਵਨਾਤਮਿਕ ਲੋੜਾਂ ਪੂਰੀਆਂ ਕਰਨ ਵਿਚ ਕਮੀ ਰਹਿ ਹੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਮਾਪਿਆਂ ਦੇ ਮਨਾਂ ਵਿਚ ਆਪਣੀ ਔਲਾਦ ਦੇ ਪ੍ਰਤੀ ਸਾਂਝ ਵਿਚ ਰਤਾ ਜਿੰਨਾ ਵੀ ਫ਼ਰਕ ਨਹੀਂ ਆਉਂਦਾ ਹੈ। ਸੋ ਔਲਾਦ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਉਹ ਸਾਂਝ ਹਮੇਸ਼ਾ ਰੱਖੇ, ਜਿਹੜੀ ਸਾਂਝ ਉਸ ਦੇ ਪ੍ਰਤੀ ਆਪਣੇ ਮਨ ਵਿਚ ਲੈ ਕੇ ਮਾਪੇ ਆਖ਼ਰੀ ਸਾਹ ਤੱਕ ਸਾਹ ਲੈਂਦੇ ਹਨ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾ: 62842-20595

ਪੱਛਮੀ ਸੱਭਿਅਤਾ ਦੇ ਰੰਗ 'ਚ ਰੰਗੀ ਅਜੋਕੀ ਪੀੜ੍ਹੀ

ਦੁਨੀਆ ਦੇ ਕਿਸੇ ਵੀ ਖੇਤਰ ਦੀ ਜਾਣ-ਪਛਾਣ ਉਸ ਦੇ ਸੱਭਿਆਚਾਰਕ ਪਿਛੋਕੜ ਤੋਂ ਹੁੰਦੀ ਹੈ। ਹਰੇਕ ਦੇਸ਼ ਦਾ ਆਪੋ-ਆਪਣਾ ਸੱਭਿਆਚਾਰ ਹੈ। ਜਿਸ 'ਤੇ ਉਸ ਕਬੀਲੇ ਜਾਂ ਦੇਸ਼ ਦੇ ਲੋਕ ਅਨੰਦ ਮਾਣਦੇ ਹੋਏ ਆਪਣੇ ਸੱਭਿਆਚਾਰ 'ਤੇ ਮਾਣ ਕਰਦੇ ਹਨ। ਸੱਭਿਆਚਾਰਕ ਵਿਰਸਾ ਕਿਸੇ ਵੀ ਖਿੱਤੇ 'ਚ ਵਸਣ ਵਾਲੇ ਲੋਕਾਂ ਦੀ ਰੂਹ ਦੀ ਖੁਰਾਕ ਹੁੰਦਾ ਹੈ। ਸੱਭਿਆਚਾਰਕ ਵਿਰਸਾ ਉਨ੍ਹਾਂ ਦੇ ਦਿਲਾਂ ਦੀ ਤਰਜਮਾਨੀ ਕਰਦਾ ਹੈ। ਇਹ ਉਨ੍ਹਾਂ ਦੇ ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ ਦੀ ਬਾਤ ਪਾਉਂਦਾ ਹੋਇਆ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦਾ ਹੈ। ਪੰਜਾਬ ਦੇ ਸੱਭਿਆਚਾਰ ਦੀ ਤਾਂ ਪਛਾਣ ਹੀ ਸਤਰੰਗੀ ਪੀਂਘ ਵਰਗੀ ਹੈ। ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ-ਪੈਗੰਬਰਾਂ ਦੀ ਇਹ ਚਰਨ ਛੋਹ ਧਰਤੀ, ਪੰਜਾਂ ਦਰਿਆਵਾਂ ਦੀ ਇਹ ਧਰਤੀ, ਗਿੱਧੇ, ਭੰਗੜੇ ਤੇ ਲੋਕ-ਗੀਤਾਂ ਦੀ ਇਸ ਧਰਤੀ ਦੇ ਸੱਭਿਆਚਾਰ ਵਿਰਸੇ ਨੂੰ ਅਮੀਰ ਹੋਣ ਦਾ ਮਾਣ ਹਾਸਲ ਹੈ। ਕੱਚੇ ਕੋਠਿਆਂ ਦੇ ਖੁੱਲ੍ਹੇ ਵਿਹੜੇ ਦੀਆਂ ਰੌਣਕਾਂ, ਖੇਤਾਂ ਵਿਚ ਹਲ ਵਾਹੁੰਦੇ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਟਣਕਾਰ, ਦੁੱਧ ਰਿੜਕਦੀਆਂ ਮਧਾਣੀਆਂ ਦੀ ਗੂੰਜ, ਅੰਮ੍ਰਿਤ ਵੇਲੇ ਮੁਰਗੇ ਦੀ ਬਾਂਗ ਆਦਿ ਗੱਲਾਂ ਵਿਰਸੇ ਨਾਲ ਜੁੜੇ ਲੋਕ-ਮਨਾਂ ਅੰਦਰ ਇਕ ਟੇਪ ਦੀ ਰੀਲ੍ਹ ਵਾਂਗ ਰਿਕਾਰਡ ਹਨ। ਪਰ ਅਜੋਕੀ ਪੀੜ੍ਹੀ ਇਸ ਤੋਂ ਕੋਹਾਂ ਦੂਰ ਚਲੀ ਗਈ ਹੈ। ਦੇਸ਼ ਕੌਮ ਲਈ ਜਾਨਾਂ ਵਾਰਨ ਵਾਲੇ ਸੂਰਬੀਰ ਅਣਖੀਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਸੀਂ ਪੱਛਮੀ ਸੱਭਿਅਤਾ ਨੂੰ ਗਲਵਕੜੀ ਪਾ ਲਈ ਹੈ। ਸੋਨੇ ਦੀ ਚਿੜੀ ਨੂੰ ਰਾਜਨੀਤੀ ਨੇ ਉੱਡਣੋ ਹਟਾ ਦਿੱਤਾ। ਸ਼ਰਮ ਕਿਤੇ ਖੰਭ ਲਾ ਕੇ ਉੱਡ ਗਈ। ਸਾਡਾ ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ ਪੱਛਮੀ ਰੰਗ ਵਿਚ ਰੰਗਿਆ ਗਿਆ। ਰਿਵਾਇਤੀ ਪਹਿਰਾਵੇ ਨੂੰ ਛੱਡ ਅਜੋਕੀ ਪੀੜ੍ਹੀ ਲਈ ਬਰਾਂਡਡ ਕੱਪੜੇ ਤਨ ਦਾ ਸ਼ਿੰਗਾਰ ਬਣ ਗਏ ਹਨ। ਹੁਣ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਲਈ ਡੈਪਰ, ਸ਼ੌਟਸ, ਟੀ-ਸ਼ਰਟ, ਕੈਪਰੀ, ਪਲਾਜ਼ੋ, ਪਾਟੀਆਂ ਪੈਂਟਾਂ ਆਦਿ ਮਹਿੰਗੇ ਕੱਪੜੇ ਪਾ ਕੇ ਆਪਣੇ-ਆਪ ਨੂੰ ਸੋਹਣਾ ਦਿਖਾਉਣ ਵਾਲੀ ਦੌੜ 'ਚ ਸ਼ਾਮਿਲ ਹੈ ਅੱਜ ਸਾਡਾ ਸਮਾਜ। ਪਾਟੇ ਕੱਪੜਿਆਂ ਨੂੰ ਗ਼ਰੀਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਰਿਹਾ ਹੈ।
ਅਸੀਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਭੁੱਲ ਗਏ ਹਾਂ, ਹਰੀ ਸਿੰਘ ਨਲੂਆ ਨੂੰ ਭੁੱਲ ਗਏ ਹਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਭੁੱਲ ਗਏ, ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਨੂੰ ਵਿਰਾਸਤ ਨਾਲ ਜੋੜ ਕੇ ਅਣਖ ਨਾਲ ਜਿਊਣਾ ਸਿਖਾਇਆ। ਕਿਸੇ ਨੂੰ ਨਿੰਦਣ ਦੀ ਲੋੜ ਨਹੀਂ, ਅਸੀਂ ਖੁਦ ਦੋਸ਼ੀ ਹਾਂ। ਵੱਡੇ-ਵੱਡੇ ਸੈਮੀਨਾਰਾਂ 'ਚ ਫੋਟੋਆਂ ਖਿਚਵਾਉਣ ਦੀ ਜ਼ਰੂਰਤ ਨਹੀਂ ਹੈ। ਲੋੜ ਹੈ ਆਪਣੇ ਘਰਾਂ ਅੰਦਰ ਝਾਤੀ ਮਾਰਨ ਦੀ। ਆਪਣੀ ਸੋਚ 'ਤੇ ਪਈ ਧੂੜ ਨੂੰ ਸਾਫ ਕਰਦੇ ਹੋਏ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਪਿਆਰ ਕਰੀਏ।

-56, ਸਵਰਾਜ ਨਗਰ, ਖਰੜ, ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੋਹਾਲੀ)। ਮੋਬਾ: 98767-20402

ਕਿਰਤ ਹੀ ਹੈ ਮਨੁੱਖ ਦੀ ਅਸਲੀ ਪਛਾਣ

ਬਹੁਗਿਣਤੀ ਲੋਕ ਨਾਂਅ ਜਾਂ ਪ੍ਰਸਿੱਧੀ ਦੇ ਚਾਹਵਾਨ ਹੁੰਦੇ ਹਨ, ਪਰ ਜੀਵਨ ਦੀ ਇਹ ਇਕ ਅਟੱਲ ਸੱਚਾਈ ਹੈ ਕਿ ਜਦ ਤੱਕ ਤੁਸੀਂ ਆਪਣੇ ਕੰਮ ਜਾਂ ਪੇਸ਼ੇ ਵਿਚ ਅੱਵਲ ਦਰਜੇ ਦੀ ਮੁਹਾਰਤ ਹਾਸਲ ਨਹੀਂ ਕਰ ਲੈਂਦੇ, ਤੁਹਾਡਾ ਨਾਂਅ ਨਹੀਂ ਬਣੇਗਾ। ਤੁਹਾਡਾ ਕੰਮ ਹੀ ਤੁਹਾਨੂੰ ਭੀੜ ਨਾਲੋਂ ਨਿਖੇੜਦਾ ਹੈ। ਤੁਹਾਡਾ ਖੇਤਰ ਭਾਵੇਂ ਕੋਈ ਵੀ ਹੋਵੇ, ਪਰ ਪ੍ਰਸਿੱਧ ਉਹੀ ਹੋਵੇਗਾ, ਜਿਸ ਨੂੰ ਦੂਜਿਆਂ ਨਾਲੋਂ ਆਪਣੇ ਕੰਮ ਵਿਚ ਵਧੇਰੇ ਯੋਗਤਾ ਉਪਜਾਈ ਹੋਵੇ, ਲੋੜ ਨਾਲੋਂ ਵੱਧ ਕੰਮ ਕੀਤਾ ਹੋਵੇ, ਨਵੇਂ ਅਵਸਰ ਉਸਾਰੇ ਹੋਣ ਅਤੇ ਉਨ੍ਹਾਂ ਦਾ ਪੂਰਾ ਲਾਭ ਉਠਾਇਆ ਹੋਵੇ। ਮਾਹਿਰ ਬਣਨ ਲਈ ਖ਼ੁਦ ਨੂੰ ਮਿਹਨਤ ਦੀ ਭੱਠੀ ਵਿਚ ਲਗਾਤਾਰ ਤਪਾਉਣਾ ਪੈਂਦਾ ਹੈ, ਜਗਰਾਤੇ ਕੱਟਣੇ ਪੈਂਦੇ ਹਨ, ਫਿਰ ਹੀ ਕਿਤੇ ਜਾ ਕੇ ਸਫਲਤਾ ਦੀਆਂ ਸੁਨਹਿਰੀ ਕਿਰਨਾਂ ਤੁਹਾਡੇ ਜੀਵਨ ਨੂੰ ਰੁਸ਼ਨਾਉਂਦੀਆਂ ਹਨ। ਅਜਿਹਾ ਵਿਅਕਤੀ ਹੀ ਪ੍ਰਸੰਸਾ ਅਤੇ ਪ੍ਰਸਿੱਧੀ ਦਾ ਅਸਲ ਹੱਕਦਾਰ ਹੁੰਦਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜੋ ਵਿਅਕਤੀ ਪਹਿਲਾਂ ਤੁਹਾਡੀ ਨਿੰਦਿਆ ਕਰਦੇ ਸਨ, ਤੁਹਾਡੀਆਂ ਲੱਤਾਂ ਖਿੱਚਦੇ ਸਨ, ਤੁਹਾਡੀ ਸਫਲਤਾ ਪਿੱਛੋਂ ਉਹ ਹੀ ਵਧਾਈ ਦੇਣ ਵਾਲਿਆਂ ਦੀ ਪਹਿਲੀ ਕਤਾਰ ਵਿਚ ਸ਼ਾਮਿਲ ਹੁੰਦੇ ਹਨ। ਕੰਮਕਾਜੀ ਸੰਸਥਾਵਾਂ, ਦਫ਼ਤਰਾਂ ਵਿਚ ਬਹੁਗਿਣਤੀ ਅਜਿਹੇ ਕਰਮਚਾਰੀਆਂ ਦੀ ਹੁੰਦੀ ਹੈ, ਜੋ ਆਪਣੇ ਕੰਮ ਦੇ ਸਮੇਂ ਦੀ ਵਰਤੋਂ ਦੂਜਿਆਂ ਦੀ ਚੁਗਲੀ-ਨਿੰਦਿਆ ਕਰਨ, ਗੱਪਾਂ ਮਾਰਨ ਜਾਂ ਫਿਰ ਲੱਤਾਂ ਖਿੱਚਣ ਵਿਚ ਬਤੀਤ ਕਰਦੇ ਹਨ। ਅਜਿਹੇ ਲੋਕ ਆਕ੍ਰਿਤਘਣ ਹੁੰਦੇ ਹਨ, ਪਰ ਆਪਣੇ ਅਫ਼ਸਰਾਂ ਜਾਂ ਮੁਖੀ ਦੀ ਚਾਪਲੂਸੀ ਕਰਕੇ ਆਪਣੇ-ਆਪ ਨੂੰ ਕੰਮ ਤੋਂ ਬਚਾਅ ਕੇ ਰੱਖਣਾ ਜਾਂ ਆਪਣਾ ਕੰਮ ਕਿਸੇ ਹੋਰ ਕਰਮਚਾਰੀ ਦੇ ਸਿਰ ਪਾ ਦੇਣ ਨੂੰ ਆਪਣੀ ਸਫਲਤਾ ਸਮਝਦੇ ਹਨ। ਅਜਿਹਾ ਕਰਕੇ ਖੁਦ ਨੂੰ ਇਕ ਚੰਗਾ ਮੈਨੇਜਰ ਜਾਂ ਕਰਮਚਾਰੀ ਕਹਾਉਂਦੇ ਹਨ ਅਤੇ ਆਪਣੇ-ਆਪ ਨੂੰ ਸਨਮਾਨਯੋਗ ਸ਼ਖ਼ਸੀਅਤ ਦਾ ਦਰਜਾ ਦਿੰਦੇ ਹਨ, ਜਦ ਕਿ ਅਸਲੀਅਤ ਇਹ ਹੁੰਦੀ ਹੈ ਕਿ ਅਜਿਹੇ ਲੋਕਾਂ ਦੀ ਨਾ ਤਾਂ ਉਨ੍ਹਾਂ ਦੇ ਦਫ਼ਤਰ ਵਿਚ ਕੋਈ ਇੱਜ਼ਤ ਹੁੰਦੀ ਹੈ ਅਤੇੇ ਨਾ ਹੀ ਸਮਾਜ ਵਿਚ ਕੋਈ ਰੁਤਬਾ ਹੁੰਦਾ ਹੈ। ਕੰਮ ਅਤੇ ਕਾਮਾ ਜਦੋਂ ਇਕਸੁਰ ਹੋ ਜਾਣ ਤਾਂ ਕਲਾ ਦਾ ਜਨਮ ਹੁੰਦਾ ਹੈ। ਜਦੋਂ ਤੁਹਾਡਾ ਕੰਮ ਤੁਹਾਡਾ ਸ਼ੌਕ ਬਣ ਜਾਵੇ ਤਾਂ ਨਿਸਚਿਤ ਹੀ ਕੰਮ ਅਕਾਊ ਨਹੀਂ ਰਹੇਗਾ ਅਤੇ ਯਕੀਨਨ ਹੀ ਤੁਸੀਂ ਉਸ ਵਿਚ ਵਧੇਰੇ ਸਫਲ ਵੀ ਹੋਵੋਗੇ ਅਤੇ ਖੁਸ਼ਹਾਲ ਵੀ ਬਣੋਗੇ। ਔਸਤ ਪੱਧਰ ਦੇ ਕੰਮ ਕਰਕੇ, ਔਸਤ ਦਰਜੇ ਦੀ ਮਿਹਨਤ ਕਰਕੇ ਤੁਸੀਂ ਔਸਤ ਪੱਧਰ ਦਾ ਜੀਵਨ ਹੀ ਬਸਰ ਕਰੋਗੇ। ਸਿਰਫ 6 ਜਾਂ 7 ਘੰਟੇ ਕੰਮ ਕਰਨ ਨਾਲ ਤੁਸੀਂ ਖੁਸ਼ਹਾਲ ਨਹੀਂ ਬਣ ਸਕਦੇ। ਮਿਹਨਤ ਅਤੇ ਸੰਘਰਸ਼ ਰੂਪੀ ਗੁੜ ਜ਼ਿੰਦਗੀ ਵਿਚ ਜਿੰਨਾ ਜ਼ਿਆਦਾ ਮਾਤਰਾ ਵਿਚ ਘੋਲੋਗੇ, ਜੀਵਨ ਦਾ ਰਸ ਓਨਾ ਹੀ ਮਿੱਠਾ ਨਿਕਲੇਗਾ। ਸੋ, ਆਪਣੇ ਕੰਮ ਵਿਚ ਆਉਣ ਵਾਲੀ ਔਖ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਔਖੇ ਸਮਝੇ ਜਾਣ ਵਾਲੇ ਕੰਮ ਆਪ ਕਰਨੇ ਚਾਹੀਦੇ ਹਨ, ਕਿਉਂਕਿ ਜਿੰਨਾ ਔਖਾ ਕੰਮ ਕਰੋਗੇ, ਉਸ ਤੋਂ ਮਿਲਣ ਵਾਲਾ ਤਜਰਬਾ ਵੀ ਓਨਾ ਹੀ ਡੂੰਘਾ ਹੋਵੇਗਾ ਅਤੇੇ ਸਫ਼ਲਤਾ ਅਤੇ ਸਨਮਾਨ ਦਾ ਪੱਧਰ ਵੀ ਓਨਾ ਹੀ ਉੱਚਾ ਹੋਵੇਗਾ, ਕਿਉਂਕਿ ਕੁਠਾਲੀ ਵਿਚ ਪੈ ਕੇ ਹੀ ਸੋਨਾ ਕੁੰਦਨ ਬਣਦਾ ਹੈ।

-ਅੰਗਰੇਜ਼ੀ ਮਾਸਟਰ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)। ਮੋਬਾ: 98762-30959

ਕਿਵੇਂ ਸੁਧਰੇਗੀ ਦੇਸ਼ ਦੇ ਕਿਸਾਨਾਂ ਦੀ ਸਥਿਤੀ?

ਭਾਰਤ ਵਿਚ ਜਿਥੇ ਲਗਪਗ 75 ਫੀਸਦੀ ਲੋਕ ਸਿੱਧੇ ਤੌਰ 'ਤੇ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਹਨ, ਉਥੇ ਕਿਸਾਨਾਂ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਦੇਸ਼ ਜਦ ਗੁਲਾਮ ਸੀ, ਤਦ ਵੀ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਅਤੇ ਕੁਦਰਤੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਹਾਲਾਤ ਸੁਧਰੇ ਨਹੀਂ, ਸਗੋਂ ਕਿਸਾਨਾਂ ਦੀ ਹਾਲਤ ਕਈ ਪੱਖਾਂ ਤੋਂ ਉਸ ਸਮੇਂ ਨਾਲੋਂ ਵੀ ਮਾੜੀ ਹੋਈ ਹੈ। ਕਿਸਾਨਾਂ ਦੀ ਇਸ ਦੁਰਦਸ਼ਾ ਦੀ ਗਵਾਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਖੁਦਕੁਸ਼ੀਆਂ ਦੀਆਂ ਆਉਂਦੀਆਂ ਖ਼ਬਰਾਂ ਹਨ। ਜਿਥੇ ਕੇਂਦਰੀ ਸਰਕਾਰ ਦੇਸ਼ ਦੀ ਵਿਕਾਸ ਦਰ ਨੂੰ 10 ਫੀਸਦੀ ਤੱਕ ਲੈ ਕੇ ਜਾਣ ਦੀਆਂ ਯੋਜਨਾਵਾਂ ਬਣਾ ਰਹੀ ਹੈ, ਉਥੇ ਹੀ ਖੇਤੀ ਖੇਤਰ ਦੀ ਵਿਕਾਸ ਦਰ 3 ਫੀਸਦੀ ਵੀ ਨਹੀਂ ਹੈ। ਇਸ ਅਸਾਵੇਂਪਣ ਦੇ ਸ਼ਿਕਾਰ ਦੇਸ਼ ਦੇ 'ਅੰਨਦਾਤੇ' ਕਿਸਾਨ ਹੋ ਰਹੇ ਹਨ। ਕਰਜ਼ੇ ਦੇ ਬੋਝ ਹੇਠੋਂ ਨਿਕਲਣ ਦਾ ਦੇਸ਼ ਦੇ ਕਿਸੇ ਵੀ ਹਿੱਸੇ ਦੇ ਕਿਸਾਨਾਂ ਕੋਲ ਕੋਈ ਰਸਤਾ ਨਹੀਂ ਹੈ। ਜਿਥੇ ਸਰਕਾਰੀ ਨੀਤੀਆਂ ਨੇ ਕਿਸਾਨਾਂ ਦਾ ਲੱਕ ਤੋੜਿਆ ਹੈ, ਉਥੇ ਪਿਛਲੇ ਕੁਝ ਸਮੇਂ ਤੋਂ ਆ ਰਹੀਆਂ ਮੌਸਮੀ ਤਬਦੀਲੀਆਂ ਵੀ ਕਿਸਾਨਾਂ ਲਈ ਹੀ ਘਾਤਕ ਸਿੱਧ ਹੋਈਆਂ ਹਨ। ਖੇਤੀ ਜਿਥੇ ਸਿੱਧੇ ਤੌਰ 'ਤੇ ਕੁਦਰਤ ਤੇ ਮੌਸਮ ਨਾਲ ਜੁੜੀ ਹੋਈ ਹੈ, ਉਥੇ ਹੀ 'ਗਲੋਬਲ ਵਰਮਿੰਗ' ਵਰਗੀਆਂ ਮੌਸਮੀ ਤਬਦੀਲੀਆਂ ਖੇਤੀ ਲਈ ਅਤਿ ਮਾਰੂ ਸਿੱਧ ਹੋ ਰਹੀਆਂ ਹਨ। ਕਦੇ ਸੋਕਾ, ਕਦੇ ਡੋਬਾ ਅਤੇ ਜ਼ਮੀਨ ਦੇ ਉਪਜਾਊਪਨ ਵਿਚ ਆਈ ਗਿਰਾਵਟ ਖੇਤੀ ਨੂੰ ਹੋਰ ਘਾਟੇਵੰਦ ਅਤੇ ਮਹਿੰਗੀ ਬਣਾ ਰਹੇ ਹਨ। ਅੱਜ ਦੇ ਤਕਨੀਕੀ ਯੁੱਗ ਦਾ ਫਾਇਦਾ ਵੀ ਖੇਤੀ ਖੇਤਰ ਨੂੰ ਨਹੀਂ ਹੋਇਆ, ਉਲਟਾ ਸਗੋਂ ਕਈ ਪੱਖਾਂ ਤੋਂ ਨੁਕਸਾਨ ਹੋਇਆ ਹੈ। ਉਦਾਹਰਨ ਵਜੋਂ ਇਸ ਸਮੇਂ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਪਰ ਖੇਤੀ ਖੇਤਰ ਅਤੇ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੈ, ਸਗੋਂ ਨੁਕਸਾਨ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਉੱਡੀ ਕੋਈ ਵੀ ਅਫ਼ਵਾਹ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਦਿੰਦੀ ਹੈ। ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿਚ ਫੈਲੇ 'ਚਮਕੀ ਬੁਖਾਰ' ਨੂੰ ਬਿਨਾਂ ਕਿਸੇ ਠੋਸ ਤੱਥ ਦੇ 'ਲੀਚੀ' ਦੇ ਫਲ ਨਾਲ ਜੋੜਨ ਕਾਰਨ ਦੇਸ਼ ਭਰ ਦੇ ਤੇ ਖਾਸ ਕਰਕੇ ਪੰਜਾਬ ਦੇ ਲੀਚੀ ਉਤਪਾਦਕ ਕਿਸਾਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਗਿਆ ਹੈ ਪਰ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਵਿਚ ਕੋਈ ਆਵਾਜ਼ ਨਹੀਂ ਉਠਾਈ। ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਕਿਸਾਨਾਂ ਦੀ ਸਾਰ ਕਿਸੇ ਨੇ ਨਹੀਂ ਲਈ। ਨਾ ਤਾਂ ਫ਼ਸਲਾਂ ਦੇ ਸਮਰਥਨ ਮੁੱਲ ਕਿਸਾਨਾਂ ਨੂੰ ਕਦੇ ਸਹੀ ਮਿਲੇ, ਨਾ ਕਦੇ ਫ਼ਸਲਾਂ ਦੇ ਬੀਮੇ ਵਰਗੀ ਕੋਈ ਯੋਜਨਾ ਸਹੀ ਢੰਗ ਨਾਲ ਲਾਗੂ ਹੋਈ, ਨਾ ਹੀ ਸਵਾਮੀਨਾਥਨ ਕਮਿਸ਼ਨ ਵਰਗੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਲਾਗੂ ਕੀਤਾ ਗਿਆ ਅਤੇ ਨਾ ਹੀ ਕਿਸਾਨਾਂ ਨੂੰ ਵੀ ਉਦਯੋਗਾਂ ਵਾਂਗ ਸੁਰੱਖਿਆ ਅਤੇ ਕਰਜ਼ੇ ਦੇ ਜਾਲ ਤੋਂ ਬਚਣ ਅਤੇ ਨਿਕਲਣ ਦੇ ਪ੍ਰਬੰਧ ਕੀਤੇ ਗਏ। ਇਸ ਸਮੇਂ ਦੇਸ਼ ਦੀ ਆਬਾਦੀ 130 ਕਰੋੜ ਤੋਂ ਵੱਧ ਹੋ ਗਈ ਹੈ। ਇਸ ਬੇਹਿਸਾਬ ਵਸੋਂ ਲਈ ਅਨਾਜ ਅਤੇ ਹੋਰ ਲੋੜਾਂ ਨੂੰ ਖੇਤੀ ਰਾਹੀਂ ਕਿਸਾਨਾਂ ਨੇ ਹੀ ਪੂਰਾ ਕਰਨਾ ਹੈ। ਸਰਕਾਰਾਂ ਹਰੇਕ ਫ਼ਸਲ ਦਾ ਜਾਇਜ਼ ਸਮਰਥਨ ਮੁੱਲ ਐਲਾਨ ਕਰੇ। ਖੇਤੀ ਖਰਚ ਘੱਟ ਕਰਨ ਲਈ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਤੇ ਖੇਤੀ ਸੰਦ ਸਸਤੇ ਕਰੇ। ਮੀਡੀਆ ਵੀ ਕਿਸਾਨਾਂ ਦੇ ਹੱਕ ਵਿਚ ਨਿਤਰੇ। ਵੱਡੇ ਤੇ ਇਨਕਲਾਬੀ ਯਤਨ ਹੀ ਖੇਤੀ ਤੇ ਕਿਸਾਨੀ ਨੂੰ ਬਚਾਅ ਸਕਦੇ ਹਨ। ਕਿਸਾਨ ਸਨਮਾਨ ਯੋਜਨਾ ਵਰਗੀਆਂ ਯੋਜਨਾਵਾਂ ਦੇ ਹੋਰ ਵਿਕਾਸ ਦੀ ਲੋੜ ਹੈ।

-ਪਿੰਡ ਪੀਰ ਦੀ ਸੈਨ, ਡਾਕ: ਬੱਬਰੀ ਨੰਗਲ (ਗੁਰਦਾਸਪੁਰ)-143529. ਮੋਬਾ: 98768-56311

ਬੱਚਿਆਂ ਦੀ ਪੜ੍ਹਾਈ ਵਿਚ ਕਰੋ ਮਦਦ

ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਮਾਪਿਆਂ ਲਈ ਇਕ ਵੱਡੀ ਜ਼ਿੰਮੇਵਾਰੀ ਬਣੀ ਹੋਈ ਹੈ। ਜ਼ਿਆਦਾਤਰ ਮਾਪਿਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਕੂਲ ਵਲੋਂ ਮਿਲਿਆ ਕੰਮ ਕਰਨ ਸਮੇਂ ਜਾਂ ਮਾਪਿਆਂ ਵਲੋਂ ਬੱਚਿਆਂ ਨੂੰ ਪੜ੍ਹਨ ਲਈ ਕਹਿਣ ਸਮੇਂ ਬੱਚੇ ਕੋਈ ਨਾ ਕੋਈ ਬਹਾਨਾ ਲਗਾ ਕੇ ਪੜ੍ਹਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਬੱਚਿਆਂ ਦੇ ਰੋਜ਼ਾਨਾ ਦੇ ਇਸ ਪ੍ਰਕਾਰ ਦੇ ਵਿਵਹਾਰ ਤੋਂ ਮਾਪੇ ਦੁਖੀ ਹੋ ਜਾਂਦੇ ਹਨ ਕਿ ਮਹਿੰਗੇ ਸਕੂਲਾਂ ਵਿਚ ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਧਿਆਨ ਨਹੀਂ ਦੇ ਰਹੇ, ਆਖਰ ਅਜਿਹਾ ਕਿਉਂ ਹੋ ਰਿਹਾ ਹੈ? ਇਸ ਮੁਸ਼ਕਿਲ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ? ਮਾਪਿਆਂ ਲਈ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਬੱਚੇ ਦੇ ਪੜ੍ਹਨ ਲਈ ਇਕ ਅਜਿਹੀ ਥਾਂ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਕਿ ਬਿਲਕੁਲ ਵੀ ਸ਼ੋਰ-ਸ਼ਰਾਬਾ ਨਾ ਹੋਵੇ ਅਤੇ ਬਾਹਰ ਦੀ ਆਵਾਜ਼ ਉਸ ਕਮਰੇ ਤੱਕ ਨਾ ਪਹੁੰਚ ਰਹੀ ਹੋਵੇ। ਅਜਿਹਾ ਕਰਨ ਨਾਲ ਬੱਚਾ ਇਕਾਗਰ ਚਿੱਤ ਹੋ ਕੇ ਆਪਣੀ ਪੜ੍ਹਾਈ ਕਰ ਸਕੇਗਾ, ਨਾਲੋ-ਨਾਲ ਉਸ ਕਮਰੇ ਵਿਚ ਪੜ੍ਹਾਈ ਲਈ ਮੇਜ਼ ਅਤੇ ਕੁਰਸੀ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ ਹੈ, ਜਿਸ ਉੱਤੇ ਸਹੀ ਢੰਗ ਨਾਲ ਬੈਠ ਕੇ ਬੱਚਾ ਆਪਣੀ ਪੜ੍ਹਾਈ ਕਰ ਸਕੇ। ਜਿਸ ਪ੍ਰਕਾਰ ਸਕੂਲ ਵਿਚ ਪੜ੍ਹਾਈ ਕਰਵਾਉਂਦੇ ਸਮੇਂ ਸਮਾਂ ਸਾਰਣੀ ਬਣਾਈ ਜਾਂਦੀ ਹੈ, ਤਾਂ ਜੋ ਹਰ ਕੰਮ ਇਕ ਮਿੱਥੇ ਸਮੇਂ ਅਨੁਸਾਰ ਹੋ ਸਕੇ, ਠੀਕ ਉਸੇ ਪ੍ਰਕਾਰ ਦੀ ਸਮਾਂ ਸਾਰਣੀ ਮਾਪਿਆਂ ਵਲੋਂ ਘਰ ਵਿਚ ਵੀ ਬਣਾ ਲੈਣੀ ਚਾਹੀਦੀ ਹੈ ਅਤੇ ਇਕ ਨਿਸਚਿਤ ਸਮੇਂ 'ਤੇ ਬੱਚੇ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਜਿਸ ਵਿਸ਼ੇ ਨਾਲ ਸਬੰਧਿਤ ਪੜ੍ਹਾਈ ਕਰਨੀ ਹੈ, ਉਸ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ। ਕਈ ਵਾਰ ਮਾਪੇ ਬੱਚਿਆਂ ਨੂੰ ਲੋੜ ਤੋਂ ਵੱਧ ਸਮਾਂ ਪੜ੍ਹਨ ਲਈ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪ੍ਰਕਾਰ ਬੱਚੇ ਜ਼ਿਆਦਾ ਸਿੱਖ ਸਕਦੇ ਹਨ ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਬੱਚੇ ਦੇ ਦਿਮਾਗ ਦੀ ਚੀਜ਼ਾਂ ਨੂੰ ਗ੍ਰਹਿਣ ਕਰਨ ਦੀ ਇਕ ਸੀਮਾ ਹੈ ਅਤੇ ਇਕ ਨਿਸਚਿਤ ਸਮੇਂ ਤੱਕ ਪੜ੍ਹਾਈ ਕਰਨ ਦਾ ਹੀ ਲਾਭ ਹੁੰਦਾ ਹੈ, ਨਾ ਕਿ ਲੋੜ ਤੋਂ ਵੱਧ ਸਮਾਂ ਬੈਠ ਕੇ ਪੜ੍ਹਨ ਦਾ। ਇਹ ਸੰਭਵ ਨਹੀਂ ਹੈ ਕਿ ਸਾਰੇ ਬੱਚੇ ਹੀ ਜਮਾਤ ਵਿਚੋਂ ਪਹਿਲੇ ਸਥਾਨ 'ਤੇ ਆਉਣ। ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਬਹੁਤ ਜ਼ਰੂਰੀ ਹੈ ਅਤੇ ਨਾਲ ਹੀ ਇਹ ਕਹਿਣਾ ਚਾਹੀਦਾ ਹੈ ਕਿ ਅਗਲੀ ਵਾਰ ਜ਼ਿਆਦਾ ਮਿਹਨਤ ਕੋਸ਼ਿਸ਼ ਕਰਨੀ ਹੈ। ਬੱਚਿਆਂ ਨੂੰ ਇਸ ਗੱਲ ਦੀ ਆਦਤ ਪਾਉਣੀ ਚਾਹੀਦੀ ਹੈ ਕਿ ਰੋਜ਼ਾਨਾ ਕੀਤੀ ਥੋੜ੍ਹੀ-ਥੋੜ੍ਹੀ ਪੜ੍ਹਾਈ ਭਵਿੱਖ ਵਿਚ ਆਪਣੇ ਕੰਮ ਆਵੇਗੀ ਅਤੇ ਚੰਗੀ ਤਿਆਰੀ ਹੋਣ ਕਰਕੇ ਪੇਪਰਾਂ ਵੇਲੇ ਕਿਸੇ ਪ੍ਰਕਾਰ ਦਾ ਤਣਾਅ ਨਹੀਂ ਰਹੇਗਾ। ਮਾਤਾ-ਪਿਤਾ ਵਲੋਂ ਬੱਚਿਆਂ ਦੀ ਇਸ ਪ੍ਰਕਾਰ ਕੀਤੀ ਮਦਦ ਜਿੱਥੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਹੀ ਪੜ੍ਹ-ਲਿਖ ਕੇ ਬੱਚੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।

-ਮਲੌਦ (ਲੁਧਿਆਣਾ)।
ਮੋਬਾ: 98554-83000

 

ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਹਨ ਗ਼ਰੀਬ ਲੋਕ

'ਭਾਰਤ ਇਕ ਅਮੀਰ ਦੇਸ਼ ਹੈ ਪਰ ਇੱਥੋਂ ਦੇ ਲੋਕ ਗ਼ਰੀਬ ਹਨ।' ਇਕ ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਦੇ ਇਸ ਵਾਕ ਦਾ ਭਾਵ ਇਹ ਹੈ ਕਿ ਕੁਦਰਤੀ ਸਰੋਤਾਂ ਅਤੇ ਮਨੁੱਖੀ ਤਾਕਤ ਪੱਖੋਂ ਭਾਰਤ ਇਕ ਮਾਲਾਮਾਲ ਦੇਸ਼ ਹੈ ਪਰ ਇਨ੍ਹਾਂ ਦੋਵਾਂ ਮਹੱਤਵਪੂਰਨ ਤੱਤਾਂ ਦਾ ਸਹੀ ਇਸਤੇਮਾਲ ਨਾ ਹੋਣ ਕਰਕੇ ਇੱਥੋਂ ਦੇ ਲੋਕਾਂ ਦੀ ਆਮਦਨੀ ਘੱਟ ਹੈ ਤੇ ਇਥੇ ਗ਼ਰੀਬੀ ਪਸਰੀ ਪਈ ਹੈ। ਸੱਚਾਈ ਇਹੋ ਹੀ ਹੈ ਕਿ ਅੱਜ ਭਾਰਤ ਦੀ ਕੁੱਲ ਵਸੋਂ ਦਾ ਇਕ ਵੱਡਾ ਹਿੱਸਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹੈ ਤੇ ਅੱਜ ਵੀ ਭਾਰਤ 'ਚ ਲੱਖਾਂ ਲੋਕ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ। ਭੁੱਖੇ ਢਿੱਡ ਸੌਣ ਪਿੱਛੇ ਜਿੱਥੇ ਅਨਪੜ੍ਹਤਾ, ਗ਼ਰੀਬੀ ਅਤੇ ਬੇਰੁਜ਼ਗਾਰੀ ਜਿਹੇ ਤੱਤ ਜ਼ਿੰਮੇਵਾਰ ਹਨ, ਉੱਥੇ ਹੀ ਵਧਦੀ ਮਹਿੰਗਾਈ ਵੀ ਇਕ ਵੱਡਾ ਕਾਰਨ ਹੈ। ਸਮੂਹ ਭਾਰਤੀਆਂ ਦੀ ਖੁਰਾਕ ਦੇ ਮੁੱਖ ਤੱਤਾਂ 'ਚ ਆਟਾ, ਚੌਲ, ਦਾਲ, ਸਬਜ਼ੀ ਤੇ ਦੁੱਧ ਆਦਿ ਸ਼ਾਮਿਲ ਹਨ। ਅੱਜ ਮਹਿੰਗਾਈ ਦਾ ਇਹ ਆਲਮ ਹੈ ਕਿ ਆਟਾ 20 ਤੋਂ 30 ਰੁਪਏ, ਦੁੱਧ 40 ਤੋਂ 50 ਰੁਪਏ, ਸਬਜ਼ੀਆਂ 40 ਤੋਂ 80 ਰੁਪਏ ਅਤੇ ਦਾਲਾਂ 100 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਚੁੱਕੀਆਂ ਹਨ ਤੇ ਗ਼ਰੀਬ ਵਰਗ ਤਾਂ ਕੀ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਵੀ ਮੁਹਾਲ ਹੋਈ ਜਾ ਰਿਹਾ ਹੈ। ਨਤੀਜਾ ਇਹ ਹੈ ਕਿ ਭਿਖਾਰੀਆਂ ਦੀ ਸੰਖਿਆ ਵਧ ਰਹੀ ਹੈ, ਲੁੱਟਾਂ-ਖੋਹਾਂ ਵਧ ਰਹੀਆਂ ਹਨ ਤੇ ਵਿੱਤੀ ਕਾਰਨਾਂ ਕਰਕੇ ਖੁਦਕੁਸ਼ੀਆਂ ਦੀ ਸੰਖਿਆ ਵੀ ਨਿਰੰਤਰ ਵਧ ਰਹੀ ਹੈ। ਵਧਦੀ ਮਹਿੰਗਾਈ ਕਾਰਨ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਤੇ ਦੇਸ਼ ਦੇ ਸਿਹਤਮੰਦ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲਗਦਾ ਜਾ ਰਿਹਾ ਹੈ। ਸਰਕਾਰਾਂ ਮਹਿੰਗਾਈ ਦੀ ਮੂਲ ਜੜ੍ਹ ਨੂੰ ਫੜ ਕੇ ਪੁੱਟਣ ਦੀ ਥਾਂ ਸਰਮਾਏਦਾਰ ਵਪਾਰੀਆਂ ਦਾ ਪੱਖ ਪੂਰਨ 'ਚ ਲੱਗੀਆਂ ਹੋਈਆਂ ਹਨ। ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਜ਼ਖੀਰੇਬਾਜ਼ਾਂ ਤੇ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਣ ਤੇ ਥੁੜ੍ਹ ਵਾਲੀਆਂ ਖੁਰਾਕੀ ਵਸਤਾਂ ਦੀ ਦਰਾਮਦ ਕਰਕੇ ਮੰਗ ਅਤੇ ਸਪਲਾਈ ਦਰਮਿਆਨ ਸੰਤੁਲਨ ਬਣਾਉਣ। 300 ਰੁਪਏ ਦਿਹਾੜੀ ਅਤੇ ਓਨਾ ਵੀ ਰੋਜ਼ ਨਾ ਕਮਾਉਣ ਵਾਲਾ ਗ਼ਰੀਬ ਮਜ਼ਦੂਰ ਦੁੱਧ, ਆਟਾ, ਦਾਲ, ਸਬਜ਼ੀ ਆਦਿ ਖਰੀਦਣ 'ਚ ਹੀ ਆਪਣੀ ਸਾਰੀ ਆਮਦਨ ਖਪਾ ਲੈਂਦਾ ਹੈ ਅਤੇ ਫਿਰ ਉਹ ਕੱਪੜੇ, ਦਵਾਈਆਂ ਅਤੇ ਬੱਚਿਆਂ ਦੀ ਸਿੱਖਿਆ ਆਦਿ ਉੱਤੇ ਖਰਚ ਕਿੱਥੋਂ ਕਰ ਸਕਦਾ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ-ਨਾਲ ਸਰਕਾਰੀ ਤੇ ਨਿੱਜੀ ਖੇਤਰ 'ਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇ, ਤਾਂ ਜੋ ਲੋਕ ਮਿਹਨਤ ਨਾਲ ਪੈਸਾ ਕਮਾ ਕੇ ਸਸਤਾ ਅੰਨ ਖ਼ਰੀਦ ਸਕਣ ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।

-ਹਵੇਲੀ ਪੂਰਨ ਸ਼ਾਹ, ਫ਼ਤਹਿਗੜ੍ਹ ਚੂੜੀਆਂ।

ਵਿਆਹ-ਸ਼ਾਦੀਆਂ ਵਿਚ ਵਿਖਾਵੇ ਤਿਆਗਣ ਅਤੇ ਸਾਦਗੀ ਅਪਣਾਉਣ ਦੀ ਲੋੜ

ਸਾਦੇ ਵਿਆਹ ਦੀ ਗੱਲ ਕਰਨਾ ਸੌਖਾ ਹੈ ਪਰ ਉਸ ਨੂੰ ਅਮਲੀ ਜਾਮਾ ਪਾਉਣਾ ਇਕ ਫੌਜੀ ਦੇ ਜੰਗ ਵਿਚ ਉਤਰਨ ਦੇ ਬਰਾਬਰ ਹੈ, ਕਿਉਂਕਿ ਅੱਜਕਲ੍ਹ ਦੇ ਮਾਹੌਲ ਵਿਚ ਲੋਕ ਦਿਖਾਵੇ ਵਿਚ ਵਿਸ਼ਵਾਸ ਰੱਖਦੇ ਹਨ। ਸਮਾਜ ਵਿਚ ਆਪਣੀ ਝੂਠੀ ਠੁੱਕ ਬਣਾਉਣ ਲਈ ਵਿਆਹਾਂ ਵਿਚ ਵਿਤੋਂ ਵੱਧ ਖਰਚ ਕਰਨਾ ਹੁਣ ਆਮ ਜਿਹੀ ਗੱਲ ਹੈ। ਇਸ ਸਭ ਦੇ ਪਿੱਛੇ ਲੋਕਾਂ ਦੀ ਇਹ ਸੋਚ ਕਿ 'ਲੋਕ ਕੀ ਕਹਿਣਗੇ' ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਗ਼ਰੀਬ ਤੇ ਮੱਧ ਵਰਗ ਦੇ ਲੋਕ ਸਿਰਫ਼ ਲੋਕ ਦਿਖਾਵੇ ਲਈ ਕਰਜ਼ੇ ਲੈ-ਲੈ ਕੇ ਵਿਆਹ ਸਮਾਗਮਾਂ 'ਤੇ ਫ਼ਜ਼ੂਲ ਖਰਚੀ ਕਰ ਰਹੇ ਹਨ, ਜੋ ਬਾਅਦ ਵਿਚ ਉਨ੍ਹਾਂ ਦੀ ਆਰਥਿਕ ਹਾਲਤ ਦੇ ਨਿਘਰਨ ਦਾ ਕਾਰਨ ਬਣਦੀ ਹੈ। ਇਸ ਸਭ ਵਿਚ ਪੰਜਾਬ ਸੂਬਾ ਬਾਕੀਆਂ ਨਾਲੋਂ ਮੋਹਰੀ ਹੈ, ਕਿਉਂਕਿ ਪਿਛਲੇ ਕੁਝ ਕੁ ਦਹਾਕਿਆਂ ਵਿਚ (ਖਾਸ ਤੌਰ 'ਤੇ ਹਰੀ ਕ੍ਰਾਂਤੀ ਤੋਂ ਬਾਅਦ ਵਾਲੇ ਸਮੇਂ ਵਿਚ) ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਵਿਚ ਤਾਂ ਸੁਧਾਰ ਹੋਇਆ ਹੈ ਪਰ ਆਰਥਿਕ ਪੱਧਰ 'ਤੇ ਲੋਕ ਦੁਖੀ ਪਹਿਲਾਂ ਨਾਲੋਂ ਜ਼ਿਆਦਾ ਹੋਏ ਹਨ। ਇਸ ਦਾ ਕਾਰਨ ਸ਼ਾਇਦ ਇਹੀ ਹੈ ਕਿ ਅਸੀਂ ਆਪਣੀ ਸੁਧਰੀ ਹੋਈ ਆਰਥਿਕਤਾ ਦਾ ਫ਼ਾਇਦਾ ਆਤਮ ਸੰਤੁਸ਼ਟੀ ਲਈ ਨਹੀਂ ਲਿਆ, ਬਲਕਿ ਆਪਣੀ ਪੂੰਜੀ ਨੂੰ ਦਿਖਾਵੇਬਾਜ਼ੀ ਦੀ ਭੇਟ ਚੜ੍ਹਾ ਦਿੱਤਾ। ਕਈ ਕੇਸ ਤਾਂ ਅਜਿਹੇ ਵੀ ਸਾਹਮਣੇ ਆਉਂਦੇ ਹਨ ਕਿ ਇਨ੍ਹਾਂ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਬੰਦਾ ਆਪਣੇ ਜੀਵਨ ਨੂੰ ਸਮਾਪਤ ਕਰਨ ਵਰਗੇ ਗਲਤ ਫ਼ੈਸਲੇ ਹੀ ਕਰ ਬੈਠਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਮੇਤ ਦੋ ਹੋਰ ਯੂਨੀਵਰਸਿਟੀਆਂ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਪੰਜਾਬ ਵਿਚ ਖੁਦਕੁਸ਼ੀਆਂ ਵਾਲੇ ਕੇਸਾਂ ਦਾ ਸਬੰਧ ਅਸਿੱਧੇ ਤੌਰ 'ਤੇ ਕਰਜ਼ਿਆਂ ਨਾਲ ਜੁੜਦਾ ਹੈ ਅਤੇ ਕਰਜ਼ਿਆਂ ਦਾ ਸਿੱਧਾ ਸਬੰਧ ਲੋਕ ਦਿਖਾਵਿਆਂ ਨਾਲ ਜੁੜਦਾ ਹੈ, ਕਿਉਂਕਿ ਬਹੁਤ ਸਾਰੇ ਕੇਸਾਂ ਵਿਚ ਲੋਕ ਕਰਜ਼ਾ ਲੈਂਦੇ ਤਾਂ ਖੇਤੀਬਾੜੀ ਜਾਂ ਹੋਰ ਉਸਾਰੂ ਕੰਮਾਂ ਲਈ ਹਨ ਪਰ ਇਸ ਨੂੰ ਖਰਚ ਇਨ੍ਹਾਂ ਲੋਕ ਦਿਖਾਵਿਆਂ 'ਤੇ ਕੀਤਾ ਜਾਂਦਾ ਹੈ। ਸਾਡੇ ਸਮਾਜ ਵਿਚ ਤਾਂ ਇਹ ਤ੍ਰਾਸਦੀ ਹੀ ਬਣ ਗਈ ਹੈ ਕਿ ਸਾਦਾ ਜੀਵਨ ਬਤੀਤ ਕਰਨ ਵਾਲੇ ਬੰਦੇ ਨੂੰ ਆਮ ਲੋਕਾਂ ਨਾਲੋਂ ਊਣਾ ਸਮਝਿਆ ਜਾਂਦਾ ਹੈ। ਅਜਿਹੇ ਮਾਹੌਲ ਵਿਚ ਪਹਿਲੀ ਗੱਲ ਤਾਂ ਕੋਈ ਸਾਦੇ ਵਿਆਹ ਕਰਾਉਣ ਬਾਰੇ ਸੋਚ ਹੀ ਨਹੀਂ ਸਕਦਾ। ਜੇ ਕੋਈ ਗਲਤੀ ਨਾਲ ਏਦਾਂ ਦੀ ਸੋਚ ਅਪਣਾ ਹੀ ਲਵੇ ਤਾਂ ਉਸ ਦੇ ਦੋਸਤ-ਮਿੱਤਰ, ਰਿਸ਼ਤੇਦਾਰ ਤੇ ਸਕੇ-ਸੰਬੰਧੀ ਤਾਅਨੇ-ਮਿਹਣੇ ਦੇ-ਦੇ ਕੇ ਉਸ ਨੂੰ ਆਪਣੀ ਇਸ ਸੋਚ ਨੂੰ ਤਿਆਗਣ ਲਈ ਮਜਬੂਰ ਕਰ ਦਿੰਦੇ ਹਨ। ਇਕ ਨੌਜਵਾਨ ਹੋਣ ਦੇ ਨਾਤੇ ਮੈਂ ਇਸ ਗੱਲ ਦਾ ਦਾਅਵਾ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਆਦਰਸ਼ ਸੋਚ ਰੱਖਣ ਵਾਲਾ ਅਤੇ ਇਸ ਨੂੰ ਸਿਰੇ ਚਾੜ੍ਹਨ ਵਾਲਾ ਕੋਈ ਵਿਰਲਾ ਹੀ ਹੋ ਸਕਦਾ ਹੈ। ਅਖੀਰ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੇ ਪੂਰਾ ਸਮਾਜ ਮੁੰਕਮਲ ਤੌਰ 'ਤੇ ਇਨ੍ਹਾਂ ਬੇਸਮਝ, ਬੇਅਰਥ, ਖੋਖਲੇ ਰੀਤੀ-ਰਿਵਾਜਾਂ ਨੂੰ ਪਾਰ ਲੰਘ ਕੇ ਜਾਂ ਪਿੱਛੇ ਛੱਡ ਕੇ ਅਜਿਹੀ ਸਿਰਜਣਾ ਕਰੀਏ ਕਿ ਚਾਰੇ ਪਾਸੇ, ਹਰ ਪਾਸੇ, ਦੂਰ ਤੱਕ, ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਸੁੱਚਮਤਾ, ਪਵਿੱਤਰਤਾ, ਸਰਲਤਾ, ਬਸ ਇਹੀ ਨਜ਼ਰ ਆਵੇ। ਕੋਸ਼ਿਸ਼ ਕਰਿਓ ਕਿ ਇਹ ਨੇਪਰੇ ਚਾੜ੍ਹਿਆ ਜਾਵੇ।

-ਮੋਬਾ: 97802-74741

ਕੁਦਰਤ ਅਤੇ ਵਿਗਿਆਨ ਵਿਚਾਲੇ ਸੰਤੁਲਨ ਬਣਾਉਣ ਦੀ ਲੋੜ

ਕੁਦਰਤ, ਕੁਦਰਤੀ ਜੀਵਾਂ, ਕੁਦਰਤੀ ਘਟਨਾਵਾਂ ਅਤੇ ਵਿਗਿਆਨ ਦਾ ਆਪਸ ਵਿਚ ਬਹੁਤ ਹੀ ਗਹਿਰਾ ਸਬੰਧ ਹੈ। ਵਿਗਿਆਨ ਕੀ ਹੈ? ਇਸ ਦਾ ਜਵਾਬ ਹੈ ਕਿ ਲੋੜਾਂ ਦੀ ਪੂਰਤੀ ਲਈ ਹਰ ਜੀਵ-ਨਿਰਜੀਵ, ਕੁਦਰਤੀ ਜਾਂ ਬਨਾਵਟੀ ਸ਼ੈਅ ਦੀ ਘੋਖ-ਪੜਤਾਲ ਕਰਨੀ, ਕਾਰਨਾਂ, ਘਟਨਾਵਾਂ ਤੇ ਨਤੀਜਿਆਂ ਤੱਕ ਪਹੁੰਚਣਾ ਵਿਗਿਆਨ ਹੀ ਹੈ। ਵਿਗਿਆਨ ਦੇ ਅਰਥਾਂ ਦੀ ਜੇ ਗੱਲ ਕਰੀਏ ਤਾਂ ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਜਿਵੇਂ ਕੁਦਰਤ ਦਾ ਕੋਈ ਅੰਤ ਨਹੀਂ ਠੀਕ ਉਸੇ ਤਰ੍ਹਾਂ ਹੀ ਵਿਗਿਆਨ ਕਣ-ਕਣ ਵਿਚ ਹੈ ਅਤੇ ਇਸ ਦਾ ਵੀ ਕੋਈ ਅੰਤ ਨਹੀਂ, ਕਿਉਂਕਿ ਇਹ ਜੀਵਨ ਵਿਚ ਹਰ ਪਹਿਲੂ ਨਾਲ ਸਬੰਧ ਰੱਖਦਾ ਹੈ। ਵਿਗਿਆਨ ਕੁਦਰਤ ਦੇ ਹਰ ਕਣ-ਕਣ 'ਤੇ ਨਿਰਭਰ ਕਰਦਾ ਹੈ ਤੇ ਹਰ ਕਣ ਬਾਰੇ ਜਾਣਕਾਰੀ ਹਾਸਲ ਕਰਨਾ ਸਾਇੰਸ ਹੈ। ਵਿਗਿਆਨ ਦੀ ਹੋਂਦ ਉਦੋਂ ਤੋਂ ਹੀ ਹੈ ਜਦੋਂ ਮਨੁੱਖ ਹੋਂਦ ਵਿਚ ਆਇਆ। ਆਦਿ ਕਾਲ ਤੋਂ ਅਜੋਕੇ ਯੁੱਗ ਤੱਕ ਇਹ ਦੋਵੇਂ ਨਾਲ-ਨਾਲ ਚੱਲਦੇ ਆ ਰਹੇ ਹਨ। ਜਦੋਂ ਮਨੁੱਖ ਨੇ ਸੋਚਣਾ ਸ਼ੁਰੂ ਕੀਤਾ, ਉਦੋਂ ਵਿਗਿਆਨ ਦਾ ਜਨਮ ਹੋਇਆ। ਮਨੁੱਖੀ ਜੀਵਨ ਦੀਆਂ ਲੋੜਾਂ ਨੇ ਮਨੁੱਖ ਨੂੰ ਸੋਚਣ ਲਾਇਆ, ਜਿਸ ਨਾਲ ਵਿਗਿਆਨ ਦਾ ਜਨਮ ਹੋਇਆ। ਆਦਿ ਮਾਨਵ ਹੀ ਸਭ ਤੋਂ ਪਹਿਲਾ ਵਿਗਿਆਨੀ ਸੀ, ਜਿਸ ਨੇ ਹੌਲੀ-ਹੌਲੀ ਸੋਚਣਾ ਸ਼ੁਰੂ ਕੀਤਾ, ਫਿਰ ਅੱਗ, ਪਹੀਏ, ਬਰਤਨਾਂ ਅਤੇ ਹਥਿਆਰਾਂ ਦੀ ਖੋਜ ਕੀਤੀ। ਇਹੀ ਵਿਗਿਆਨ ਦੀ ਬੁਨਿਆਦ ਸੀ, ਜਿਸ ਨੇ ਅੱਗੇ ਚੱਲ ਕੇ ਬਹੁਤ ਦੂਰ ਤੱਕ ਵਿਕਾਸ ਕੀਤਾ। ਵਿਗਿਆਨ ਨੇ ਮਨੁੱਖ ਦੇ ਸੋਚਣ-ਸਮਝਣ ਦੀ ਸਮਰੱਥਾ ਦਾ ਬਹੁਤ ਵਿਸਥਾਰ ਕੀਤਾ ਹੈ, ਸੋਚ ਤੋਂ ਪਰ੍ਹੇ ਦੀਆਂ ਪ੍ਰਾਪਤੀਆਂ ਇਨਸਾਨ ਨੇ ਹਾਸਲ ਕੀਤੀਆਂ ਹਨ। ਇਹ ਸਭ ਖੋਜਾਂ-ਕਾਢਾਂ ਇਨਸਾਨ ਦੀ ਜ਼ਿੰਦਗੀ ਨੂੰ ਸਾਰਥਕ ਅਤੇ ਸੁਖਾਲਾ ਬਣਾਉਣ ਵਿਚ ਸਹਾਇਕ ਹਨ। ਪਰ ਕਈ ਸ਼ੈਤਾਨੀ ਦਿਮਾਗ ਜਦ ਇਸ ਦੀ ਗਲਤ ਮਨਸੂਬਿਆਂ ਨਾਲ ਵਰਤੋਂ ਕਰਦੇ ਹਨ ਤਾਂ ਇਹ ਵਰ ਦੀ ਥਾਂ ਸਰਾਪ ਬਣ ਜਾਂਦਾ ਹੈ। ਦੁਰਵਰਤੋਂ ਦੇ ਕਾਰਨ ਮਨੁੱਖੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਢਾਅ ਲੱਗੀ ਹੈ। ਇਨਸਾਨ ਸਵਾਰਥੀ ਹੋ ਚੁੱਕਾ ਹੈ ਅਤੇ ਕੁਦਰਤੀ ਸਾਧਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਰ ਚੀਜ਼ ਦੀ ਬਹੁਤੀ ਵਰਤੋਂ ਵੀ ਸਾਡੇ ਲਈ ਹਾਨੀਕਾਰਕ ਹੁੰਦੀ ਹੈ ਪਰ ਮਨੁੱਖ ਇਸ ਗੱਲ ਨੂੰ ਨਜ਼ਰਅੰਦਾਜ ਕਰ ਰਿਹਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਨਸ਼ਟ ਕਰ ਰਿਹਾ ਹੈ। ਵਿਗਿਆਨ ਦੀ ਦੁਰਵਰਤੋਂ ਦੇ ਜੋ ਘਾਤਕ ਨਤੀਜੇ ਹਨ ਉਨ੍ਹਾਂ ਦਾ ਕੋਈ ਹੱਲ ਨਹੀਂ। ਸੋ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਸੰਜਮ ਦੀ ਵਰਤੋਂ ਕਰਦੇ ਹੋਏ ਇਸ ਦੇ ਲਾਭ ਲੈਣੇ ਚਾਹੀਦੇ ਹਨ। ਕਿਉਂਕਿ ਵਿਗਿਆਨ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਇਸ ਦਾ ਕੋਈ ਅੰਤ ਨਹੀਂ ਪਰ ਸੰਸਕਾਰਾਂ, ਨੈਤਿਕਤਾ ਅਤੇ ਭਾਵਨਾਵਾਂ ਦੇ ਖੇਤਰ ਵਿਚ ਇਸ ਨੇ ਕੋਈ ਹੱਲ ਸਾਨੂੰ ਨਹੀਂ ਦਿੱਤੇ। ਇਸ ਦਾ ਕਾਰਨ ਇਹ ਹੈ ਕਿ ਇਸ ਅਧਿਆਤਮਿਕ ਅਤੇ ਨੈਤਿਕ ਖੇਤਰ ਵਿਚ ਚੰਗਾ ਜਾਂ ਬੁਰਾ ਸੋਚਣਾ ਸਾਡਾ ਖੁਦ ਦਾ ਫ਼ਰਜ਼ ਹੈ। ਕੁਦਰਤ ਤੇ ਵਿਗਿਆਨ ਵਿਚ ਇਹ ਵੀ ਗੁਣ ਇਕੋ ਜਿਹਾ ਹੈ ਕਿ ਕੁਦਰਤ ਅਤੇ ਵਿਗਿਆਨ ਦੇ ਨਿਯਮਾਂ ਨਾਲ ਛੇੜ-ਛਾੜ ਕਰਨ ਨਾਲ ਇਸ ਦੇ ਨਤੀਜੇ ਭੁਗਤਣੇ ਹੀ ਪੈਂਦੇ ਹਨ।

-ਸ: ਸ: ਅਧਿਆਪਕਾ, ਸ: ਸੀ: ਸੈ: ਸਕੂਲ, ਰੱਲੀ (ਮਾਨਸਾ)। ਮੋਬਾ: 82838-32839





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX