ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੱਚਿਆਂ ਨੂੰ ਦਿਓ ਘਰ ਵਿਚ ਚੰਗਾ ਵਾਤਾਵਰਨ

ਬੱਚੇ ਦੇਸ਼ ਅਤੇ ਸਮਾਜ ਦੀ ਅਸਲੀ ਦੌਲਤ ਹਨ। ਉਹ ਰਾਸ਼ਟਰ ਦੇ ਭਵਿੱਖ ਦੇ ਵਾਰਿਸ ਹਨ। ਕੋਈ ਵੀ ਮਾਪੇ ਜੀਵਨ ਵਿਚ ਜਿੰਨਾ ਮਰਜ਼ੀ ਧਨ, ਸ਼ੋਹਰਤ, ਰੁਤਬਾ ਹਾਸਲ ਕਰ ਲੈਣ ਪਰ ਜੇਕਰ ਉਨ੍ਹਾਂ ਦੇ ਬੱਚੇ ਕੁਰਾਹੇ ਪੈ ਗਏ ਤਾਂ ਉਹ ਆਪਣੇ-ਆਪ ਨੂੰ ਹਾਰੇ ਹੋਏ ਹੀ ਸਮਝਣਗੇ। ਬੱਚੇ ਦੇ ਵਿਕਾਸ ਅਤੇ ਪਾਲਣ-ਪੋਸ਼ਣ ਵਿਚ ਸਭ ਤੋਂ ਵੱਡਾ ਯੋਗਦਾਨ ਮਾਪਿਆਂ ਦਾ ਹੈ। ਬੱਚਾ ਜਿਹੋ ਜਿਹੇ ਵਾਤਾਵਰਨ 'ਚ ਪਲ ਰਿਹਾ ਹੈ, ਉਹ ਉਸੇ ਤਰ੍ਹਾਂ ਦੇ ਗੁਣ-ਔਗੁਣ ਗ੍ਰਹਿਣ ਕਰੇਗਾ। ਕੋਈ ਸਮਾਂ ਸੀ ਜਦ ਸਾਂਝੇ ਪਰਿਵਾਰ ਹੁੰਦੇ ਸਨ ਤੇ ਬੱਚਾ ਵੱਖ-ਵੱਖ ਮੈਂਬਰਾਂ ਤੋਂ ਪਲਦਾ-ਪਲਦਾ ਬਹੁਤ ਕੁਝ ਸਿੱਖ ਜਾਂਦਾ ਸੀ। ਇਕ ਤਰ੍ਹਾਂ ਸਾਂਝੇ ਪਰਿਵਾਰ ਉਸ ਲਈ ਮੁੱਢਲੇ ਸਕੂਲ ਹੁੰਦੇ ਸਨ, ਜਿੱਥੇ ਬੱਚਿਆਂ ਦਾ ਚਰਿੱਤਰ ਨਿਰਮਾਣ ਹੁੰਦਾ ਸੀ। ਮਹਿੰਗਾਈ ਅਤੇ ਤੰਗੀਆਂ-ਤੁਰਸ਼ੀਆਂ ਨੇ ਸੰਯੁਕਤ ਪਰਿਵਾਰ ਦੀ ਥਾਂ 'ਤੇ ਇਕਹਿਰੇ ਪਰਿਵਾਰ ਨੂੰ ਸਥਾਪਿਤ ਕੀਤਾ ਹੈ। ਦਿਨੋ-ਦਿਨ ਸੁੰਗੜ ਰਹੇ ਜੀਵਨ ਅਤੇ ਅਰਥਚਾਰੇ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਸੱਟ ਮਾਰੀ ਹੈ। ਅੱਜ ਮਹਿੰਗਾਈ ਦੇ ਯੁੱਗ ਵਿਚ ਜੀਵਿਕਾ ਲਈ ਪਤੀ-ਪਤਨੀ ਦੋਵਾਂ ਨੂੰ ਹੀ ਨੌਕਰੀ ਕਰਨੀ ਪੈਂਦੀ ਹੈ। ਇਸ ਕਰਕੇ ਬੱਚਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।
ਮਾਪਿਆਂ ਦਾ ਨਿੱਘਾ ਪਿਆਰ, ਦੁਲਾਰ ਨਾ ਮਿਲਣ ਕਾਰਨ ਬੱਚੇ ਦੀ ਸ਼ਖ਼ਸੀਅਤ ਦਾ ਵਿਕਾਸ ਅਸਾਵਾਂ ਰਹਿ ਜਾਂਦਾ ਹੈ ਤੇ ਉਹ ਉਲਾਰ ਹੋ ਕੇ ਬਗਾਵਤ ਕਰ ਦਿੰਦੇ ਹਨ ਜਾਂ ਡਰੂ ਹੋ ਕੇ ਆਸ਼ਰਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ। ਭੌਤਿਕ ਸੁੱਖਾਂ ਲਈ ਮਾਪਿਆਂ ਵਲੋਂ ਦੌੜੀ ਜਾ ਰਹੀ ਦੌੜ 'ਚ ਬੱਚਿਆਂ ਦਾ ਬਚਪਨ ਗੁਆਚਦਾ ਜਾ ਰਿਹਾ ਹੈ। ਮਾਪੇ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਰਹੇ ਹਨ। ਉਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਦੇ ਰਹੇ ਹਨ। ਇਸ ਤਰ੍ਹਾਂ ਉਹ ਆਪਣੇ ਫਰਜ਼ਾਂ ਦੀ ਪੂਰਤੀ ਤਾਂ ਕਰ ਹੀ ਰਹੇ ਹਨ। ਪਰ ਬੱਚੇ ਨੂੰ ਸੁੱਖ-ਸੁਵਿਧਾਵਾਂ ਦੇ ਨਾਲ ਮਾਪਿਆਂ ਦੇ ਪਿਆਰ ਅਤੇ ਸਮੇਂ ਦੀ ਵੀ ਚਾਹਤ ਹੁੰਦੀ ਹੈ। ਬੱਚੇ ਚਾਹੁੰਦੇ ਹਨ ਕਿ ਮਾਪੇ ਉਨ੍ਹਾਂ ਨਾਲ ਗੱਲਾਂ ਕਰਨ, ਉਨ੍ਹਾਂ ਨਾਲ ਖੇਡਣ ਪਰ ਜ਼ਿਆਦਾਤਰ ਮਾਪੇ ਆਪਣੀ ਹੀ ਦੁਨੀਆ ਵਿਚ ਗੁਆਚੇ ਹੋਏ ਹਨ। ਕਈ ਘਰਾਂ ਦੀਆਂ ਔਰਤਾਂ ਕਿੱਟੀ ਪਾਰਟੀਆਂ, ਕਲੱਬਾਂ ਵਿਚ ਅਤੇ ਪੁਰਸ਼ ਆਪਣੀਆਂ ਮਿੱਤਰ ਮੰਡਲੀਆਂ ਵਿਚ ਰੁੱਝੇ ਰਹਿੰਦੇ ਹਨ। ਅਜਿਹੇ ਮਾਪੇ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਸਹੀ ਦੇਖਭਾਲ ਅਤੇ ਦਿਸ਼ਾ ਲਈ ਉਨ੍ਹਾਂ ਦੀ ਸੁਚੱਜੀ ਅਗਵਾਈ ਦੀ ਲੋੜ ਹੈ। ਮਾਪਿਆਂ ਦੇ ਪਿਆਰ, ਅਪਣੱਤ ਦੀ ਘਾਟ ਉਨ੍ਹਾਂ ਵਿਚ ਬੇਗਾਨਗੀ ਦਾ ਭਾਵ ਪੈਦਾ ਕਰਦੀ ਹੈ। ਦੂਜੇ ਪਾਸੇ ਸਖ਼ਤ ਮਿਹਨਤ ਦੇ ਬਾਵਜੂਦ ਗਰੀਬ ਮਾਪੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਪਾਉਂਦੇ। ਗਰੀਬੀ ਕਾਰਨ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਅਤੇ ਉਹ ਵਿੱਦਿਆ ਤੋਂ ਵਿਹੂਣੇ ਰਹਿ ਜਾਂਦੇ ਹਨ। ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾਤਰ ਕਮਜ਼ੋਰ ਬੱਚੇ ਦੇਸ਼ ਦੇ ਵਿਕਾਸ ਵਿਚ ਪੂਰਾ ਯੋਗਦਾਨ ਪਾਉਣ ਤੋਂ ਅਸਮਰੱਥ ਰਹਿੰਦੇ ਹਨ। ਇੰਜ ਪਰਿਵਾਰਾਂ ਦੀ ਗਰੀਬੀ ਜਾਂ ਇਕਹਿਰੇ ਪਰਿਵਾਰ ਬੱਚਿਆਂ ਦੇ ਸਹੀ ਵਿਕਾਸ ਵਿਚ ਰੁਕਾਵਟ ਬਣਦੇ ਜਾ ਰਹੇ ਹਨ।
ਬੱਚੇ ਦੇ ਜੀਵਨ 'ਤੇ ਮਾਤਾ-ਪਿਤਾ ਦੇ ਜੀਵਨ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਘਰੇਲੂ ਲੜਾਈ-ਝਗੜੇ ਵਾਲੇ ਮਾਹੌਲ 'ਚ ਪਲਦੇ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਆਮ ਤੌਰ 'ਤੇ ਅਜਿਹੇ ਮਾਹੌਲ ਵਿਚ ਪਲੇ ਬੱਚੇ ਡਰਪੋਕ, ਝਗੜਾਲੂ, ਹਿੰਸਕ ਆਦਿ ਬਣ ਜਾਂਦੇ ਹਨ। ਅਜਿਹੇ ਬੱਚਿਆਂ ਦੀਆਂ ਭਾਵਨਾਵਾਂ ਕੁਚਲੀਆਂ ਜਾਂਦੀਆਂ ਹਨ ਅਤੇ ਉਹ ਆਪਣੀ ਯੋਗਤਾ ਦਾ ਸਹੀ ਉਪਯੋਗ ਨਹੀਂ ਕਰ ਪਾਉਂਦੇ। ਕਿਸੇ ਵਿਦਵਾਨ ਦੇ ਕਥਨ ਹਨ ਕਿ ਪਤੀ-ਪਤਨੀ ਨੇ ਲੜਨਾ-ਝਗੜਨਾ ਹੈ ਤਾਂ ਬੱਚਿਆਂ ਦੇ ਸੌਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਘਰਾਂ ਵਿਚ ਸ਼ਾਂਤੀ ਦਾ ਵਾਤਾਵਰਨ ਹੁੰਦਾ ਹੈ, ਆਪਸ ਵਿਚ ਪ੍ਰੇਮ ਅਤੇ ਛੋਟੇ-ਵੱਡਿਆਂ ਦਾ ਆਦਰ ਹੁੰਦਾ ਹੈ, ਅਜਿਹੇ ਘਰ ਦੇ ਬੱਚਿਆਂ ਵਿਚ ਚੰਗੇ ਗੁਣ ਪੈਦਾ ਹੋ ਜਾਂਦੇ ਹਨ। ਬੱਚੇ ਨੂੰ ਜ਼ਿਆਦਾ ਨਾ ਹੀ ਲਾਡ-ਪਿਆਰ ਵਿਚ ਵਿਗਾੜਨਾ ਚਾਹੀਦਾ ਹੈ ਅਤੇ ਨਾ ਹੀ ਉਸ ਨੂੰ ਹਰ ਵਕਤ ਆਪਣੇ ਨਾਲ ਚਿਪਕਾ ਕੇ ਰੱਖਣਾ ਚਾਹੀਦਾ ਹੈ। ਲੋੜ ਤੋਂ ਵੱਧ ਸਖ਼ਤੀ ਵੀ ਬੱਚਿਆਂ ਵਿਚ ਵਿਦਰੋਹ ਦੀ ਭਾਵਨਾ ਪੈਦਾ ਕਰਦੀ ਹੈ। ਬੱਚਾ ਮਾਤਾ-ਪਿਤਾ ਦੋਵਾਂ ਦੇ ਲਈ ਆਨੰਦ ਅਤੇ ਖੁਸ਼ੀ ਦਾ ਸੋਮਾ ਹੈ। ਮਾਤਾ-ਪਿਤਾ ਨੂੰ ਆਪਣੀਆਂ ਘਰੇਲੂ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਬੱਚੇ ਦੇ ਵਿਕਾਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਸਾਹਮਣੇ ਖੁਦ ਆਦਰਸ਼ ਵਿਵਹਾਰ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚੇ ਬੁਰੀਆਂ ਆਦਤਾਂ ਤੋਂ ਸਹਿਜੇ ਹੀ ਦੂਰ ਚਲੇ ਜਾਣਗੇ। ਪਰਿਵਾਰਕ ਜੀਵਨ ਵਿਚ ਜੋ ਸਾਧਾਰਨ ਤੋਂ ਸਾਧਾਰਨ ਘਟਨਾ ਵੀ ਵਾਪਰਦੀ ਹੈ, ਇਸ ਦਾ ਵੀ ਨਿਸ਼ਚਿਤ ਰੂਪ ਵਿਚ ਬੱਚੇ ਦੇ ਜੀਵਨ, ਸੁਭਾਅ ਅਤੇ ਵਿਚਾਰਾਂ 'ਤੇ ਪ੍ਰਭਾਵ ਪੈਂਦਾ ਹੈ। ਜੇਕਰ ਨੀਂਹ ਹੀ ਖੋਖਲੀ ਹੋਵੇਗੀ, ਉਸ ਵਿਚ ਘਾਟਾਂ ਹੋਣਗੀਆਂ ਤਾਂ ਅਜਿਹੇ ਬੱਚਿਆਂ ਦਾ ਭਵਿੱਖੀ ਜੀਵਨ ਵੀ ਬੜਾ ਦੁਖਦਾਈ ਹੋਵੇਗਾ।
ਆਦਰਸ਼ ਸੱਭਿਅਕ ਸਮਾਜ ਦੇ ਨਾਗਰਿਕਾਂ ਵਿਚ ਪ੍ਰੇਮ, ਸਹਿਯੋਗ, ਇਮਾਨਦਾਰੀ, ਸੇਵਾ, ਸਹਿਣਸ਼ੀਲਤਾ, ਨਿਮਰਤਾ, ਸਚਾਈ ਆਦਿ ਗੁਣਾਂ ਦੀ ਬਹੁਤਾਤ ਹੁੰਦੀ ਹੈ। ਜਿਸ ਸਮਾਜ ਦੇ ਨਾਗਰਿਕਾਂ ਵਿਚ ਇਸ ਤਰ੍ਹਾਂ ਦੇ ਗੁਣ ਹੋਣ, ਉਹ ਸਮਾਜ ਓਨਾ ਹੀ ਉੱਚਾ ਸਮਝਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਗੁਣਾਂ ਦੀ ਨੀਂਹ ਬਚਪਨ ਵਿਚ ਹੀ ਰੱਖੀ ਜਾਂਦੀ ਹੈ। ਇਸ ਲਈ ਸਾਂਝੇ ਪਰਿਵਾਰਾਂ ਨੂੰ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਕਹਿਰੇ ਪਰਿਵਾਰਾਂ ਵਿਚ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿੱਤਾ ਜਾਵੇ। ਪਤੀ-ਪਤਨੀ ਨੂੰ ਆਪਸੀ ਮਨ-ਮੁਟਾਵ ਦੂਰ ਕਰਕੇ ਘਰ ਵਿਚ ਹਮੇਸ਼ਾ ਵਧੀਆ ਅਤੇ ਪਿਆਰ ਭਰਿਆ ਵਾਤਾਵਰਨ ਸਿਰਜਣਾ ਚਾਹੀਦਾ ਹੈ। ਦਿਨ ਵਿਚ ਘੱਟੋ-ਘੱਟ ਇਕ ਵਾਰ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਵੇ, ਜਿਸ ਵਿਚ ਬੱਚਿਆਂ ਨਾਲ ਦਿਨ ਭਰ ਦੀਆਂ ਕਿਰਿਆਵਾਂ ਬਾਰੇ ਗੱਲਬਾਤ ਕੀਤੀ ਜਾਵੇ। ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨਾ ਅਤੇ ਛੋਟਿਆਂ ਨੂੰ ਪਿਆਰ ਕਰਨਾ ਸਿਖਾਇਆ ਜਾਵੇ। ਮਾਪਿਆਂ ਨੂੰ ਬੱਚਿਆਂ ਦੀਆਂ ਇੱਛਾਵਾਂ, ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਵਿਕਸਤ ਹੋਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਕੁਦਰਤ ਨਾਲ ਅਤੇ ਪੁਸਤਕਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ, ਤਾਂ ਜੋ ਅੱਜ ਦੇ ਮਸ਼ੀਨੀ ਯੁੱਗ ਵਿਚ ਉਨ੍ਹਾਂ ਅੰਦਰ ਸੰਵੇਦਨਾ ਦੀ ਭਾਵਨਾ ਨਾ ਖਤਮ ਹੋ ਜਾਵੇ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰਾਂ ਦੇ ਨਾਲ-ਨਾਲ ਗੈਰ-ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਬਚਪਨ ਨਾ ਖੋਹਿਆ ਜਾਵੇ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਅਹਿਮੀਅਤ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਭਾਰਤ ਦਾ ਭਵਿੱਖ ਬੱਚਿਆਂ ਦੀਆਂ ਮਾਸੂਮ ਅੱਖਾਂ ਵਿਚੋਂ ਵੇਖਿਆ।

-ਮੋਬਾ: 94780-06050


ਖ਼ਬਰ ਸ਼ੇਅਰ ਕਰੋ

ਬਦਲਦੇ ਮੌਸਮ ਵਿਚ ਚਮੜੀ ਦੀ ਦੇਖਭਾਲ

ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਰੋਜ਼ਮਰਾ ਦਾ ਤਾਪਮਾਨ ਡਿਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਤਾਪਮਾਨ ਵਿਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜਕਲ੍ਹ ਪੱਖਿਆਂ ਦੀ ਹਵਾ ਵਿਚ ਠੰਢਕ ਵਧ ਗਈ ਹੈ ਅਤੇ ਏ.ਸੀ. ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ। ਵਾਤਾਵਰਨ ਵਿਚ ਅਚਾਨਕ ਬਦਲਾਅ ਨਾਲ ਚਮੜੀ, ਖੋਪੜੀ, ਬੁੱਲ੍ਹ ਅਤੇ ਨਹੁੰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਠੰਢੇ ਮੌਸਮ ਦੇ ਸ਼ੁਰੂਆਤੀ ਦਿਨਾਂ ਵਿਚ ਚਮੜੀ ਨੂੰ ਕ੍ਰੀਮ, ਮਾਇਸਚਰਾਈਜ਼ਰ, ਫਲਾਂ, ਪੀਣ ਵਾਲੇ ਪਦਾਰਥਾਂ ਅਤੇ ਉਚਿਤ ਪੋਸ਼ਾਹਾਰ ਰਾਹੀਂ ਨਮੀ ਦੇਣੀ ਚਾਹੀਦੀ ਹੈ। ਸਰਦੀਆਂ ਦੇ ਮਹੀਨੇ ਦੇ ਸ਼ੁਰੂ ਵਿਚ ਮੌਸਮ ਵਿਚ ਨਮੀ ਦੀ ਕਮੀ ਨਾਲ ਚਮੜੀ ਵਿਚ ਖਿਚਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਵਾਤਾਵਰਨ ਵਿਚ ਇਹ ਨਮੀ ਘੱਟ ਹੋਣੀ ਸ਼ੁਰੂ ਹੁੰਦੀ ਹੈ, ਉਵੇਂ ਹੀ ਖੁਸ਼ਕ ਅਤੇ ਫੋੜੇ, ਫਿੰਸੀਆਂ ਤੋਂ ਪੀੜਤ ਚਮੜੀ ਲਈ ਪ੍ਰੇਸ਼ਾਨੀਆਂ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਆਪਣੀ ਰਸੋਈ ਅਤੇ ਘਰੇਲੂ ਬਗੀਚੀ ਵਿਚ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰੋ ਤਾਂ ਚਮੜੇ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੁਦਰਤੀ ਤਰੀਕੇ ਨਾਲ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਰਦੀਆਂ ਵਿਚ ਆਮ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਜਿੰਗ ਕ੍ਰੀਮ ਅਤੇ ਜ਼ੈੱਲ ਨਾਲ ਤਾਜ਼ੇ ਆਮ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ ਵਿਚ ਚਮੜੀ ਦੀ ਨਮੀ ਵਾਤਾਵਰਨ ਵਿਚ ਮਿਲ ਜਾਂਦੀ ਹੈ ਅਤੇ ਚਮੜੀ ਨੂੰ ਉਸ ਦੀ ਖੋਈ ਹੋਈ ਨਮੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਚਮੜੀ ਵਿਚ ਗਿੱਲਾਪਣ ਅਤੇ ਨਮੀ ਦੀ ਲਗਾਤਾਰ ਕਮੀ ਨਾਲ ਚਮੜੀ ਵਿਚ ਰੁੱਖਾਪਨ, ਪਪੜੀ, ਖੁਰਦਰਾਪਨ ਅਤੇ ਲਾਲਗੀ ਆਉਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਚਮੜੀ ਤੋਂ ਮੇਕਅੱਪ ਅਤੇ ਪ੍ਰਦੂਸ਼ਣ ਕਾਰਨ ਜੰਮੀ ਗੰਦਗੀ ਨੂੰ ਹਟਾਉਣ ਲਈ ਚਮੜੀ ਦੀ ਕਲੀਂਜ਼ਿੰਗ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਚਮੜੀ 'ਤੇ ਕਲੀਂਜ਼ਰ ਦੀ ਮਦਦ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਗਿੱਲੇ ਰੂੰ ਨਾਲ ਸਾਫ਼ ਕਰ ਦਿਓ।
ਸਵੇਰੇ ਚਮੜੀ ਦੀ ਕਲੀਂਜ਼ਿੰਗ ਤੋਂ ਬਾਅਦ ਚਮੜੀ ਨੂੰ ਗੁਲਾਬ ਜਲ ਆਧਾਰਿਤ ਸਕਿਨ ਟਾਨਿਕ ਜਾਂ ਗੁਲਾਬ ਜਲ ਨਾਲ ਰੂੰ ਦੀ ਮਦਦ ਨਾਲ ਟੋਨ ਕਰੋ। ਦਿਨ ਵੇਲੇ ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕ੍ਰੀਨ ਦੀ ਵਰਤੋਂ ਕਰੋ। ਰਾਤ ਨੂੰ ਚਮੜੀ ਨੂੰ ਨਾਈਟਕ੍ਰੀਮ ਨਾਲ ਪੋਸ਼ਿਤ ਕਰਨਾ ਚਾਹੀਦਾ ਹੈ। ਚਮੜੀ 'ਤੇ ਨਾਈਟਕ੍ਰੀਮ ਲਗਾਉਣ ਨਾਲ ਚਮੜੀ ਚਿਕਣੀ ਅਤੇ ਮੁਲਾਇਮ ਹੋ ਜਾਂਦੀ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਆਸੇ-ਪਾਸੇ ਕ੍ਰੀਮ ਲਗਾ ਕੇ 10 ਮਿੰਟ ਬਾਅਦ ਇਸ ਨੂੰ ਗਿੱਲੇ ਰੂੰ ਨਾਲ ਧੋ ਦੇਣਾ ਚਾਹੀਦਾ ਹੈ। ਅਕਸਰ ਤੇਲੀ ਚਮੜੀ ਨੂੰ ਸਤਹੀ ਤੌਰ 'ਤੇ ਰੁੱਖੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲੀ ਚਮੜੀ ਸਾਫ਼ ਕਰਨ ਤੋਂ ਤੁਰੰਤ ਬਾਅਦ ਰੁੱਖੀ ਬਣ ਜਾਂਦੀ ਹੈ ਪਰ ਜੇ ਇਸ ਚਮੜੀ 'ਤੇ ਕ੍ਰੀਮ ਜਾਂ ਮਾਇਸਚਰਾਈਜ਼ਰ ਦੀ ਮਾਲਿਸ਼ ਕੀਤੀ ਜਾਵੇ ਤਾਂ ਫੋੜੇ, ਫਿੰਨਸੀਆਂ ਆਦਿ ਉੱਭਰ ਆਉਂਦੀਆਂ ਹਨ।
**

ਆਓ ਬਣਾਈਏ ਵੱਖ-ਵੱਖ ਤਰ੍ਹਾਂ ਦੇ ਸੂਪ

ਕੱਦੂ ਦਾ ਸੂਪ
ਕੱਦੂ ਦਾ ਸੂਪ ਬਣਾਉਣ ਦਾ ਬਹੁਤ ਆਸਾਨ ਤਰੀਕਾ। ਪੀਲੇ ਕੱਦੂ ਤੋਂ ਬਣੇਗਾ ਬਹੁਤ ਸਵਾਦਿਸ਼ਟ ਸੂਪ। ਇਹ ਸੂਪ ਯੂਰਪੀ ਤਰਜ਼ 'ਤੇ ਹੈ। ਇਸ ਲਈ ਇਸ ਦਾ ਭਾਰਤੀ ਸੂਪ ਵਰਗੀ ਸੁਗੰਧ ਜਾਂ ਸਵਾਦ ਨਹੀਂ ਹੋਵੇਗਾ। ਇਥੇ ਅਸੀਂ ਇਹ ਸੂਪ ਲੰਬੇ ਕੱਦੂ ਤੋਂ ਬਣਾਉਣਾ ਦੱਸ ਰਹੇ ਹਾਂ। ਇਸ ਨੂੰ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਤੁਸੀਂ ਇਕ ਪੈਨ ਵਿਚ ਕੱਦੂ ਦੇ ਟੁਕੜੇ ਪਕਾ ਸਕਦੇ ਹੋ। ਇਹ ਕੱਦੂ ਦਾ ਸੂਪ ਰਾਤ ਦੇ ਖਾਣੇ ਤੋਂ ਪਹਿਲਾਂ ਗਰਮ ਕੀਤੀ ਬਰੈੱਡ ਦੇ ਟੁਕੜਿਆਂ ਨਾਲ ਲਿਆ ਜਾ ਸਕਦਾ ਹੈ। ਤੁਸੀਂ ਕੁਝ ਵੈੱਜ ਪਾਸਤਾ ਵੀ ਇਸ ਨਾਲ ਪਰੋਸ ਸਕਦੇ ਹੋ। ਪਰੋਸਣ ਤੋਂ ਪਹਿਲਾਂ ਤੁਸੀਂ ਇਸ ਸੂਪ ਨੂੰ ਕੱਦੂਕਸ਼ ਕੀਤੇ ਪਨੀਰ ਜਾਂ ਡਬਲਰੋਟੀ ਦੇ ਟੁਕੜਿਆਂ ਨਾਲ ਜਾਂ ਕਰੀਮ ਨਾਲ ਸਜਾ ਸਕਦੇ ਹੋ। ਤੁਸੀਂ ਇਹ ਸੂਪ ਗਰਮਾ-ਗਰਮ ਦੀ ਬਜਾਏ ਠੰਢਾ ਵੀ ਪਰੋਸ ਸਕਦੇ ਹੋ।
ਕਿਵੇਂ ਬਣਾਈਏ ਕੱਦੂ ਦਾ ਸੂਪ
ਕੱਦੂ ਨੂੰ ਪਕਾਉਣਾ : * 250 ਗ੍ਰਾਮ ਕੱਦੂ ਨੂੰ ਧੋ ਕੇ ਛਿੱਲ ਲਓ ਅਤੇ ਇਸ ਦੇ ਬਰਾਬਰ ਟੁਕੜੇ ਕਰ ਲਓ। * ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ ਇਕ-ਦੋ ਲਸਣ ਦੀਆਂ ਤੁਰੀਆਂ ਵੀ ਬਰੀਕ ਕੱਟ ਕੇ ਰੱਖ ਲਓ। * ਹੁਣ 3/4 ਤੋਂ ਲੈ ਕੇ 1 ਕੱਪ ਤੱਕ ਪਾਣੀ ਕੱਦੂ ਦਾ ਸੂਪ ਬਣਾਉਣ ਲਈ ਪਾਓ। * ਮੀਡੀਅਮ ਅੱਗ 'ਤੇ ਪ੍ਰੈਸ਼ਰ ਕੁੱਕਰ ਵਿਚ ਇਸ ਨੂੰ 8-9 ਮਿੰਟਾਂ ਲਈ ਪਕਾਓ। ਜੇਕਰ ਤੁਹਾਡੇ ਕੋਲ ਪ੍ਰੈਸ਼ਰ ਕੁੱਕਰ ਨਹੀਂ ਹੈ ਤਾਂ ਇਕ ਪੈਨ ਵਿਚ ਵੀ ਲੋੜੀਂਦੀ ਮਾਤਰਾ ਵਿਚ ਪਾਣੀ ਪਾ ਕੇ ਬਣਾ ਸਕਦੇ ਹੋ। * ਜਦੋਂ ਪ੍ਰੈਸ਼ਰ ਠੀਕ ਹੋ ਜਾਵੇ ਤਾਂ ਢੱਕਣ ਖੋਲ੍ਹੋ ਅਤੇ ਕੱਦੂ ਦੀ ਮਿਕਸਚਰ ਨੂੰ ਕੋਸਾ ਹੋਣ ਦਿਓ। * ਇਸ ਮਿਕਸਚਰ ਨੂੰ ਮਿਕਸੀ ਵਿਚ ਪਾ ਕੇ ਬਰੀਕ ਪਿਓਰੀ ਵਾਂਗ ਕਰ ਲਓ। ਇਸ ਨੂੰ ਗਰਮਾ-ਗਰਮ ਨਹੀਂ, ਸਗੋਂ ਥੋੜ੍ਹਾ ਠੰਢਾ ਕਰਕੇ ਮਿਕਸੀ ਵਿਚ ਪਾਉਣਾ ਚਾਹੀਦਾ ਹੈ। * ਪਿਓਰੀ ਇਕੋ ਜਿਹੀ ਹੋਣ ਤੱਕ ਮਿਲਾਓ। ਇਸ ਸੂਪ ਨੂੰ ਤੁਸੀਂ ਥੋੜ੍ਹਾ ਮੋਟਾ-ਪਤਲਾ ਵੀ ਰੱਖ ਸਕਦੇ ਹੋ।
ਸੂਪ ਬਣਾਉਣਾ
* ਹੁਣ ਕੁੱਕਰ ਨੂੰ ਇਕ ਵਾਰ ਫਿਰ ਗੈਸ 'ਤੇ ਰੱਖੋ। ਇਸ ਵਿਚ 2-3 ਚਮਚੇ ਜੈਤੂਨ ਦਾ ਤੇਲ ਪਾਓ। ਜੇਕਰ ਤੁਸੀਂ ਚਾਹੋ ਤਾਂ ਤੇਲ ਨਹੀਂ ਵੀ ਪਾ ਸਕਦੇ, ਤੁਹਾਡੀ ਮਰਜ਼ੀ ਹੈ। ਤੁਸੀਂ ਮੱਖਣ, ਸੂਰਜਮੁਖੀ ਤੇਲ ਜਾਂ ਜੈਤੂਨ ਦਾ ਤੇਲ ਵੀ ਪਾ ਸਕਦੇ ਹੋ। * ਇਸ ਵਿਚ 1/4 ਚਮਚੇ ਅਜਵਾਇਣ ਜਾਂ ਅੱਧਾ ਚਮਚਾ ਅਜ਼ਵਾਇਣ ਦੇ ਫੁੱਲ ਪਾ ਸਕਦੇ ਹੋ। ਖੁਸ਼ਕ ਜਾਂ ਤਾਜ਼ੇ ਪੱਤੇ ਵੀ ਮਿਲਦੇ ਹਨ। * ਸਵਾਦ ਅਨੁਸਾਰ ਨਮਕ ਪਾਓ। * ਚੰਗੀ ਤਰ੍ਹਾਂ ਹਿਲਾਓ। * ਹੁਣ ਇਸ ਵਿਚ 1/2 ਚਮਚਾ ਚੀਨੀ ਪਾਓ। ਜੇਕਰ ਕੱਦੂ ਮਿੱਠਾ ਹੈ ਤਾਂ ਚੀਨੀ ਨਾ ਪਾਓ। * ਸੂਪ ਨੂੰ ਹੌਲੀ-ਹੌਲੀ ਹਿਲਾਉਂਦੇ ਜਾਓ ਅਤੇ ਅੱਗ ਬੰਦ ਕਰ ਦਿਓ। * ਇਸ ਸੂਪ ਨੂੰ ਗਰਮ ਜਾਂ ਕੋਸਾ ਪਰੋਸ ਸਕਦੇ ਹੋ। ਇਸ ਵਿਚ ਥੋੜ੍ਹਾ ਜਿਹਾ ਕੱਦੂਕਸ਼ ਕੀਤਾ ਪਨੀਰ, ਡਬਲਰੋਟੀ ਦੇ ਟੁਕੜੇ ਅਤੇ ਕਰੀਮ ਪਾ ਕੇ ਸਜਾਓ ਜਾਂ ਇਸ ਨੂੰ ਫਰਿੱਜ ਵਿਚ ਠੰਢਾ ਕਰ ਕੇ ਵੀ ਪਰੋਸ ਸਕਦੇ ਹੋ।
ਗਾਜਰ-ਅਦਰਕ ਸੂਪ
ਰਸੀਲੀਆਂ ਅਤੇ ਲਾਲ ਗਾਜਰਾਂ ਬਾਜ਼ਾਰ ਵਿਚ ਮਿਲ ਜਾਂਦੀਆਂ ਹਨ। ਇਨ੍ਹਾਂ ਦਾ ਮੌਸਮ ਹੈ। ਇਨ੍ਹਾਂ ਤੋਂ ਬੜਾ ਮਜ਼ੇਦਾਰ ਸੂਪ ਬਣਾ ਸਕਦੇ ਹਾਂ। ਗਾਜਰ ਅਤੇ ਅਦਰਕ ਤੋਂ ਬਣਿਆ ਇਹ ਮਿੱਠਾ ਸੂਪ ਤੁਸੀਂ ਪਸੰਦ ਕਰੋਗੇ। ਗਾਜਰ ਸੂਪ ਵਿਚ ਕਰੀਮੀ ਸਵਾਦ ਭਰਦੀ ਹੈ। ਇਸ ਲਈ ਇਸ ਨੂੰ ਗਾੜ੍ਹਾ ਕਰਨ ਲਈ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਸੂਪ ਆਪਣੇ-ਆਪ ਹੀ ਗਾੜ੍ਹਾ ਬਣਦਾ ਹੈ। ਤੁਸੀਂ ਲੋੜ ਮੁਤਾਬਿਕ ਇਸ ਵਿਚ ਪਾਣੀ ਜਾਂ ਸਬਜ਼ੀਆਂ ਦਾ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ। ਇਹ ਸੂਪ ਛੋਟੇ ਬੱਚਿਆਂ ਲਈ ਵੀ ਬਣਾਇਆ ਜਾ ਸਕਦਾ ਹੈ। ਇਸ ਵਿਚੋਂ ਅਦਰਕ ਅਤੇ ਕਾਲੀ ਮਿਰਚ ਹਟਾ ਦਿਓ ਜਾਂ ਘੱਟ ਮਾਤਰਾ ਕਰ ਸਕਦੇ ਹੋ। ਗਾਜਰਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਪਾ ਸਕਦੇ ਹੋ। ਗਾਜਰ-ਅਦਰਕ ਸੂਪ ਨੂੰ ਖਾਣੇ ਤੋਂ ਪਹਿਲਾਂ ਪਰੋਸ ਸਕਦੇ ਹੋ।
ਕਿਵੇਂ ਬਣਾਈਏ?
* 350 ਗ੍ਰਾਮ ਗਾਜਰਾਂ ਨੂੰ ਧੋ ਕੇ ਛਿੱਲ ਲਓ। ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ 8 ਗ੍ਰਾਮ ਅਦਰਕ ਨੂੰ ਕੱਟ ਲਓ। ਇਕ ਚਮਚਾ ਕੱਟਿਆ ਹੋਇਆ ਅਦਰਕ। * ਪੈਨ ਵਿਚ ਇਕ ਚਮਚਾ ਜੈਤੂਨ ਦਾ ਤੇਲ ਗਰਮ ਕਰੋ। ਇਸ ਵਿਚ ਕੱਟਿਆ ਪਿਆਜ਼ ਭੁੰਨੋ। * ਨਰਮ ਅਤੇ ਭੂਰਾ ਹੋਣ ਤੱਕ ਪਿਆਜ਼ ਅੱਗ 'ਤੇ ਰੱਖੋ। * ਇਸ ਵਿਚ ਅਦਰਕ ਮਿਲਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ। * ਕੁਝ ਮਿੰਟਾਂ ਤੱਕ ਅਦਰਕ ਨੂੰ ਪੱਕਣ ਦਿਓ। * ਇਸ ਵਿਚ ਕੱਟੀ ਹੋਈ ਗਾਜਰ ਪਾ ਦਿਓ। * ਸਵਾਦ ਅਨੁਸਾਰ ਨਮਕ ਪਾ ਕੇ ਥੋੜ੍ਹਾ ਹੋਰ ਪਕਾਓ। * ਜਦੋਂ ਗਾਜਰ ਇਸ ਮਿਕਸਚਰ ਵਿਚ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਇਸ ਵਿਚ ਇਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ। * ਪੈਨ ਨੂੰ ਢੱਕਣ ਨਾਲ ਢਕ ਦਿਓ ਅਤੇ ਦਰਮਿਆਨੀ ਅੱਗ 'ਤੇ ਉਦੋਂ ਤੱਕ ਪਕਾਓ, ਜਦੋਂ ਤੱਕ ਗਾਜਰ ਨਰਮ ਨਾ ਹੋ ਜਾਵੇ। * ਵਿਚ-ਵਿਚ ਚੈੱਕ ਕਰਦੇ ਰਹੋ। * ਗਾਜਰ ਦੇ ਪੱਕਣ 'ਤੇ ਗੈਸ ਬੰਦ ਕਰ ਦਿਓ। * ਪੈਨ ਨੂੰ ਇਕ ਪਾਸੇ ਰੱਖ ਦਿਓ ਅਤੇ ਥੋੜ੍ਹਾ ਠੰਢਾ ਹੋਣ ਦਿਓ। * ਹੁਣ ਇਸ ਮਿਕਸਚਰ ਨੂੰ ਗਰਾਈਂਡਰ ਵਿਚ ਗਰਾਈਂਡ ਕਰੋ। * ਹੁਣ 1/2 ਕੱਪ ਪਾਣੀ ਪਾ ਕੇ ਇਸ ਮਿਕਸਚਰ ਨੂੰ ਪਿਓਰੀ ਬਣਨ ਤੱਕ ਗਰਾਈਂਡ ਕਰੋ। * ਇਸ ਪਿਓਰੀ ਨੂੰ ਪੈਨ ਵਿਚ ਪਾਓ। * 1/2 ਕੱਪ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। * ਪੈਨ ਨੂੰ ਗੈਸ ਉੱਪਰ ਮੁੜ ਰੱਖੋ ਅਤੇ ਗਾਜਰ ਅਦਰਕ ਸੂਪ ਨੂੰ ਮੱਧਿਅਮ ਅੱਗ 'ਤੇ ਥੋੜ੍ਹਾ ਗਾੜ੍ਹਾ ਹੋਣ ਤੱਕ ਪਕਾਓ। ਤੁਸੀਂ ਲੋੜ ਅਨੁਸਾਰ ਹੋਰ ਪਾਣੀ ਵੀ ਪਾ ਸਕਦੇ ਹੋ। * ਜਦੋਂ ਇਹ ਸੂਪ ਗਰਮ ਹੋ ਜਾਵੇ ਤਾਂ ਇਸ ਵਿਚ 1/4 ਚਮਚਾ ਕਾਲੀ ਮਿਰਚ ਪਾਊਡਰ ਪਾਓ। * ਚੰਗੀ ਤਰ੍ਹਾਂ ਮਿਕਸ ਕਰਨ ਪਿੱਛੋਂ ਸੂਪ ਕੌਲੀ ਵਿਚ ਪਾਓ ਅਤੇ ਇਸ ਨੂੰ ਧਨੀਆ, ਪੁਦੀਨਾ ਆਦਿ ਦੇ ਪੱਤਿਆਂ ਨਾਲ ਸਜਾਓ ਅਤੇ ਪਰੋਸੋ।

ਤਿਉਹਾਰਾਂ ਦੇ ਦਿਨਾਂ ਵਿਚ ਕੰਮਕਾਜੀ ਔਰਤਾਂ ਇੰਜ ਕਰਨ ਘਰ ਦੀ ਸਾਫ਼-ਸਫ਼ਾਈ

ਦੁਸਹਿਰਾ ਲੰਘ ਗਿਆ ਹੈ। ਇਸ ਦਾ ਮਤਲਬ ਹੈ ਕਿ ਦੀਵਾਲੀ ਬਿਲਕੁਲ ਸਿਰ 'ਤੇ ਆ ਗਈ ਹੈ। ਪਰ ਸਾਰੇ ਘਰਾਂ ਵਿਚ, ਖਾਸ ਕਰਕੇ ਕੰਮਕਾਜੀ ਔਰਤਾਂ ਦੇ ਘਰਾਂ ਵਿਚ ਸਾਫ਼-ਸਫ਼ਾਈ ਹਾਲੇ ਤੱਕ ਨਹੀਂ ਹੋ ਸਕੀ। ਅਜਿਹਾ ਨਹੀਂ ਹੈ ਕਿ ਉਹ ਗ੍ਰਹਿਣੀਆਂ ਕਮਜ਼ੋਰ ਹਨ। ਨਹੀਂ, ਦਰਅਸਲ ਕੰਮਕਾਜੀ ਔਰਤਾਂ ਨੂੰ ਨਿਯਮਿਤ ਕੰਮਕਾਜੀ ਦਿਨਾਂ ਵਿਚ ਕਿਸੇ ਹੋਰ ਕੰਮ ਲਈ ਮੌਕਾ ਹੀ ਨਹੀਂ ਮਿਲਦਾ। ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਸਭ ਕੁਝ ਬਹੁਤ ਤੇਜ਼ ਜਾਂ ਸਮਾਰਟ ਹੋ ਗਿਆ ਹੈ। ਜੇ ਅੱਜ ਦੀ ਤਾਰੀਖ ਵਿਚ ਅਸੀਂ ਕੋਈ ਵੀ ਕੰਮ ਆਮ ਰਫ਼ਤਾਰ ਨਾਲ ਕਰੀਏ ਤਾਂ ਇੰਨੇ ਸਾਰੇ ਕੰਮਾਂ ਦੇ ਨਾਲ ਜੀਵਨ ਵਿਚ ਤਾਲਮੇਲ ਬਿਠਾਉਣਾ ਹੀ ਮੁਸ਼ਕਿਲ ਹੋ ਜਾਵੇ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਹਰ ਕੰਮ ਨੂੰ ਤੇਜ਼ੀ ਨਾਲ ਜਾਂ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਮਾਰਟ ਤਰੀਕੇ ਨਾਲ ਕਰਨਾ ਪੈਂਦਾ ਹੈ, ਫਿਰ ਚਾਹੇ ਉਹ ਤਿਉਹਾਰਾਂ 'ਤੇ ਘਰ ਦੀ ਸਾਫ਼-ਸਫ਼ਾਈ ਦਾ ਕੰਮ ਹੀ ਕਿਉਂ ਨਾ ਹੋਵੇ?
ਅੰਤਿਮ ਘੰਟਿਆਂ ਵਿਚ ਘਰ ਦੀ ਸਾਫ਼-ਸਫ਼ਾਈ ਕਰਦੇ ਸਮੇਂ ਇਕ ਗੱਲ ਬਿਲਕੁਲ ਆਪਣੇ ਦਿਮਾਗ ਵਿਚ ਬਿਠਾ ਲਓ ਕਿ ਸਫ਼ਾਈ ਨੂੰ ਲੈ ਕੇ ਤੁਹਾਨੂੰ ਬਹੁਤ ਪਰਫੈਕਟਨਿਸਟ ਹੋਣ ਦੀ ਲੋੜ ਨਹੀਂ ਹੈ। ਦੂਜੀ ਗੱਲ ਇਹ ਵੀ ਚੇਤੇ ਰੱਖੋ ਕਿ ਜਦੋਂ ਔਰਤਾਂ ਅੱਜ ਦੀ ਤਾਰੀਖ ਵਿਚ ਹਰ ਕੰਮ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕਰਦੀਆਂ ਹਨ ਤਾਂ ਸਫ਼ਾਈ ਵਰਗਾ ਕੰਮ ਕਿਉਂ ਸਿਰਫ ਉਨ੍ਹਾਂ ਦਾ ਬਣਾ ਦੇਈਏ। ਜਦੋਂ ਔਰਤਾਂ ਨੇ ਸਾਰੇ ਅਜਿਹੇ ਕੰਮ ਵੀ ਆਪਣੇ ਹੱਥ ਵਿਚ ਲੈਣੇ ਸ਼ੁਰੂ ਕਰ ਦਿੱਤੇ ਹਨ, ਜੋ ਪਹਿਲਾਂ ਸਿਰਫ ਅਤੇ ਸਿਰਫ ਮਰਦ ਕਰਦੇ ਸਨ, ਤਾਂ ਕਿਉਂ ਨਾ ਸਫ਼ਾਈ ਵਰਗੇ ਕੰਮ ਵਿਚ ਮਰਦ ਔਰਤਾਂ ਦੀ ਮਦਦ ਕਰਨ। ਕਹਿਣ ਤੋਂ ਭਾਵ ਇਹ ਕਿ ਜਦੋਂ ਤਿਉਹਾਰਾਂ ਦੇ ਮੌਕੇ 'ਤੇ ਘਰ ਦੀ ਸਫ਼ਾਈ ਕਰਨੀ ਹੋਵੇ ਤਾਂ ਆਪਣੇ ਕੰਮ ਵਿਚ ਘਰ ਦੇ ਮਰਦ ਮੈਂਬਰਾਂ ਨੂੰ ਵੀ ਲਗਾਓ। ਇਸ ਲਈ ਹੁਣ ਘਰ ਦੇ ਸਾਰੇ ਕੰਮ ਔਰਤਾਂ 'ਤੇ ਨਹੀਂ ਪਾਏ ਜਾ ਸਕਦੇ। ਪਰ ਸਿਰਫ ਘਰ ਦੇ ਮਰਦਾਂ 'ਤੇ ਵੀ ਨਹੀਂ, ਘਰ ਦੇ ਬੱਚਿਆਂ ਨੂੰ ਵੀ ਘਰ ਦੇ ਸਾਰੇ ਕੰਮਾਂ ਵਿਚ ਆਪਣੇ ਨਾਲ ਲਗਾਓ। ਖਾਸ ਤੌਰ 'ਤੇ ਜਦੋਂ ਬਹੁਤ ਘੱਟ ਸਮੇਂ ਵਿਚ ਸਫਾਈ ਵਰਗਾ ਕੰਮ ਕਰਨਾ ਹੋਵੇ। ਹਾਲਾਂਕਿ ਇਹ ਅਹਿਮ ਲੱਗ ਸਕਦਾ ਹੈ ਪਰ ਧਿਆਨ ਰੱਖੋ, ਜਦੋਂ ਤੁਸੀਂ ਬੇਹੱਦ ਏਕਲ ਅਤੇ ਵਿਅਸਤ ਜੀਵਨਸ਼ੈਲੀ ਜੀ ਰਹੇ ਹੋ ਤਾਂ ਘਰ ਦੀ ਸਫ਼ਾਈ ਵਰਗੇ ਕੰਮ ਲਈ ਤਿਉਹਾਰਾਂ ਦੀ ਉਡੀਕ ਨਾ ਕਰੋ। ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਇਸ ਰੰਗ ਰੂਪ ਵਿਚ ਢਾਲੋ ਕਿ ਹਰ ਦਿਨ ਮਿਲ-ਜੁਲ ਕੇ ਕੰਮ ਕਰਨ ਦੀ ਗੱਲ ਸਾਹਮਣੇ ਆਵੇ। ਇਸ ਲਈ ਰੋਜ਼ ਹੀ ਘਰ ਦੇ ਕੱਪੜੇ ਧੋਣ ਦੀ ਆਦਤ ਪਾ ਲਓ। ਪਰ ਬਦਕਿਸਮਤੀ ਨਾਲ ਜੇ ਅਜਿਹਾ ਨਾ ਕਰ ਸਕੋ ਤਾਂ ਦੀਵਾਲੀ ਦੇ ਦਿਨ ਜਾਂ ਇਕ ਦਿਨ ਦਿਨ ਪਹਿਲਾਂ ਢੇਰ ਸਾਰੇ ਕੱਪੜੇ ਇਕੱਠੇ ਕਰਕੇ ਧੋਣੇ ਨਾ ਸ਼ੁਰੂ ਕਰ ਦਿਓ। ਕੱਪੜਿਆਂ ਦੀ ਧੁਆਈ ਕਰਨੀ ਹੀ ਹੋਵੇ ਤਾਂ ਦੀਵਾਲੀ ਤੋਂ ਬਾਅਦ ਕਰੋ। ਹਾਂ, ਘਰ ਦੀ ਸਫ਼ਾਈ ਕਰਦੇ ਸਮੇਂ ਇਸ ਗੱਲ ਨੂੰ ਜ਼ਰੂਰ ਧਿਆਨ ਵਿਚ ਰੱਖੋ ਕਿ ਤਿਉਹਾਰ ਦੀ ਸਫ਼ਾਈ ਵਿਚ ਰਸੋਈ ਅਤੇ ਬਾਥਰੂਮ ਨੂੰ ਜ਼ਰੂਰ ਸ਼ਾਮਿਲ ਕਰੋ। ਇਕ ਜਾਂ ਦੋ ਘੰਟੇ ਦੀ ਸ਼ਿਫਟ ਲਗਾ ਕੇ ਫਿਰ 5 ਮਿੰਟ ਨੂੰ ਲਈ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਚਾਹ-ਨਾਸ਼ਤਾ ਕਰੋ ਅਤੇ ਫਿਰ ਸਫ਼ਾਈ ਦੇ ਕੰਮ ਵਿਚ ਲੱਗ ਜਾਓ। ਅਜਿਹਾ ਕਰਨ ਨਾਲ ਤੁਸੀਂ ਥੱਕਦੇ ਨਹੀਂ ਅਤੇ ਸਫ਼ਾਈ ਵੀ ਬਿਹਤਰ ਹੁੰਦੀ ਹੈ।

ਸਮਾਜਿਕ ਰਿਸ਼ਤਿਆਂ ਵਿਚ ਤਣਾਓ ਅਤੇ ਤਰੇੜਾਂ ਕਿਉਂ?

ਅੱਜ ਦਾ ਮਨੁੱਖ ਬੜੀ ਤੇਜ਼ੀ ਨਾਲ ਬਦਲ ਰਹੇ ਯੁੱਗ ਵਿਚ ਵਿਚਰ ਰਿਹਾ ਹੈ। ਵਿਗਿਆਨਕ ਤੇ ਤਕਨੀਕੀ ਖੋਜਾਂ ਦੇ ਵਿਕਾਸ ਨੇ ਜ਼ਿੰਦਗੀ ਦੀਆਂ ਸਹੂਲਤਾਂ ਤੇ ਸੁੱਖਾਂ ਵਿਚ ਬੇਸ਼ੁਮਾਰ ਵਾਧਾ ਕਰ ਦਿੱਤਾ ਹੈ। ਜ਼ਿੰਦਗੀ ਦੀ ਤੇਜ਼ ਗਤੀ ਨੇ ਮਨੁੱਖ ਨੂੰ ਰੁਝੇਵਿਆਂ ਵਿਚ ਏਨਾ ਫਸਾ ਦਿੱਤਾ ਹੈ ਕਿ ਉਸ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਵਾਸਤੇ ਫੁਰਸਤ ਹੀ ਨਹੀਂ ਮਿਲਦੀ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਪਾਸੇ ਤਾਂ ਅਮੀਰੀ-ਗਰੀਬੀ ਵਿਚ ਬਹੁਤ ਹੀ ਪਾੜਾ ਪੈ ਗਿਆ ਹੈ, ਦੂਜੇ ਪਾਸੇ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਅਤੇ ਤਰੇੜਾਂ ਪੈਦਾ ਹੋ ਗਈਆਂ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਪਹਿਲੇ ਸਮਿਆਂ ਵਿਚ ਸਾਂਝੇ ਟੱਬਰ 'ਸ਼ਹਿਦ ਦੇ ਛੱਤਿਆਂ' ਦੀ ਤਰ੍ਹਾਂ ਸਨ। ਸਾਰੇ ਪਰਿਵਾਰ ਦੇ ਮੈਂਬਰ ਆਪਸ ਵਿਚ ਕੰਮ ਵੰਡ ਕੇ ਕਰਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਸੀ ਪਰ ਅੱਜ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਪਰਿਵਾਰਾਂ ਵਿਚ ਝਗੜੇ ਅਤੇ ਨਿੱਤ ਦੇ ਕਲੇਸ਼ ਵਧ ਰਹੇ ਹਨ। ਸਾਂਝੇ ਟੱਬਰ ਟੁੱਟਣ ਦਾ ਸਭ ਤੋਂ ਮਾੜਾ ਪ੍ਰਭਾਵ ਬਜ਼ੁਰਗਾਂ 'ਤੇ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਵਿਚ ਸਭ ਤੋਂ ਵੱਡਾ ਕਾਰਨ ਪੀੜ੍ਹੀ ਦਾ ਪਾੜਾ ਹੈ। ਪਹਿਲੇ ਸਮਿਆਂ ਦੇ ਲੋਕ ਬਹੁਤ ਮਿਹਨਤੀ ਸਨ। ਮਨੁੱਖੀ ਕਦਰਾਂ-ਕੀਮਤਾਂ ਤੇ ਨੈਤਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ। ਉਹ ਮਾਰ-ਧਾੜ ਕਰਕੇ ਧੰਨ-ਦੌਲਤ ਇਕੱਠੀ ਨਹੀਂ ਸਨ ਕਰਦੇ ਪਰ ਅੱਜ ਦੇ ਨੌਜਵਾਨ 'ਆਪਣਾ ਕੰਮ ਕੀਤਾ ਤੇ ਖਸਮਾਂ ਨੂੰ ਖਾਵੇ ਜੀਤਾ' ਦੇ ਸਿਧਾਂਤ 'ਤੇ ਚਲਦੇ ਹਨ। ਇਹ ਨਿੱਜਵਾਦ ਦਾ ਸ਼ਿਕਾਰ ਹੋ ਗਏ ਹਨ। ਪੁਰਾਣੇ ਲੋਕ ਸਿਦਕੀ ਅਤੇ ਸਿਰੜੀ ਸਨ ਪਰ ਅੱਜ ਦਾ ਮਨੁੱਖ ਬਿਨਾਂ ਮਿਹਨਤ ਦੇ ਸਭ ਕੁਝ ਤੁਰੰਤ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ। ਪੀੜ੍ਹੀ ਦਾ ਪਾੜਾ ਹੀ ਸਮਾਜਿਕ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਹੋਣ ਦਾ ਕਾਰਨ ਬਣ ਜਾਂਦਾ ਹੈ।
ਹੇਠਲੀ ਮੱਧਵਰਗੀ ਸ਼੍ਰੇਣੀ ਦੇ ਲੋਕ ਵੀ ਰਾਤੋ-ਰਾਤ ਹੀ ਐਸ਼ੋ-ਆਰਾਮ ਦੇਣ ਵਾਲੀਆਂ ਵਸਤਾਂ ਖਰੀਦ ਲੈਂਦੇ ਹਨ, ਜਦ ਕਿ ਉਨ੍ਹਾਂ ਦੇ ਆਮਦਨ ਦੇ ਸਾਧਨ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹ ਆਪਣੇ ਰਿਸ਼ਤੇਦਾਰਾਂ, ਮਾਪਿਆਂ, ਭੈਣ-ਭਰਾਵਾਂ ਤੋਂ ਆਸਾਂ ਲਾ ਬੈਠਦੇ ਹਨ। ਜਦ ਉਨ੍ਹਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੇ ਸਮਾਜਿਕ ਰਿਸ਼ਤਿਆਂ ਤੋਂ ਪਰ੍ਹੇ ਹਟ ਜਾਂਦੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਸਮਾਜਿਕ ਰਸਮੋ-ਰਿਵਾਜ ਮਹਿੰਗੇ ਤੇ ਪੇਚੀਦਾ ਹੋ ਗਏ ਹਨ। ਰੀਸੋ-ਰੀਸੀ ਆਪਣੀ ਵਿੱਤ ਤੋਂ ਵੱਧ ਖਰਚ ਕਰਨ ਨਾਲ ਬਹੁਤ ਸਾਰੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਂਦੇ ਹਨ। ਜਦ ਲੜਕੀਆਂ ਦੇ ਸਹੁਰੇ ਮੂੰਹੋਂ ਦਾਜ ਮੰਗਣਗੇ ਤਾਂ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਪੈਦਾ ਜ਼ਰੂਰ ਹੀ ਹੋਵੇਗਾ। ਹਰੇਕ ਮਨੁੱਖ ਦਾ ਸੁਭਾਅ, ਆਦਤਾਂ ਤੇ ਜੀਵਨ ਵਿਚ ਵਿਚਰਨ ਢੰਗ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਕਿਸੇ ਦੀ ਨਾਂਹ-ਪੱਖੀ ਤੇ ਢਹਿੰਦੀਆਂ ਕਲਾਂ ਵਿਚ ਰਹਿਣ ਦੀ ਸੋਚ ਹੁੰਦੀ ਹੈ, ਕੋਈ ਹਮੇਸ਼ਾ ਹਾਂ-ਪੱਖੀ ਸੋਚ ਰੱਖਦਾ ਹੈ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਮਨੁੱਖੀ ਜੀਵਨ ਕੇਵਲ ਇਕ ਵਾਰ ਹੀ ਮਿਲਦਾ ਹੈ। ਇਥੇ ਨਰਕ ਵੀ ਹੈ ਤੇ ਸਵਰਗ ਵੀ। ਇਹ ਦੁਨੀਆ ਖੂਬਸੂਰਤ ਵੀ ਹੈ ਤੇ ਬਦਸੂਰਤ ਵੀ। ਇਸ ਲਈ ਮਨੁੱਖ ਨੂੰ ਜੀਵਨ ਵਿਚ ਸਹੀ ਮਾਰਗ 'ਤੇ ਚਲਦਿਆਂ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਾਨਸਿਕ ਸਥਿਰਤਾ ਲਿਆ ਕੇ ਇਸ ਦੁਨੀਆ ਦੀ ਖੂਬਸੂਰਤੀ ਦਾ ਆਨੰਦ ਮਾਨਣਾ ਚਾਹੀਦਾ ਹੈ।


-ਈ-49, ਰਣਜੀਤ ਐਵੀਨਿਊ, ਅੰਮ੍ਰਿਤਸਰ-143001. ਮੋਬਾ: 98155-84220

ਸਹਿਣਸ਼ੀਲਤਾ ਔਰਤ ਦਾ ਅਸਲੀ ਗਹਿਣਾ

ਸਹਿਣਸ਼ੀਲਤਾ ਇਕ ਅਜਿਹਾ ਸ਼ਬਦ ਹੈ, ਜਿਸ ਬਾਰੇ ਮਨ ਵਿਚ ਕੁਝ ਸੋਚਦੇ ਹਾਂ ਤਾਂ ਠੰਢਕ ਜਿਹੀ ਮਹਿਸੂਸ ਹੁੰਦੀ ਹੈ। ਇਹ ਇਕ ਉੱਤਮ ਨੈਤਿਕ ਗੁਣ ਹੈ। ਇਸ ਦਾ ਭਾਵ ਹੈ ਕਿਸੇ ਗੱਲ ਨੂੰ ਸਹਾਰਨ ਦੀ ਸ਼ਕਤੀ। ਅੱਜ ਸਾਡੇ ਨਿੱਕੇ-ਮੋਟੇ ਝਗੜਿਆਂ ਦਾ ਕਾਰਨ ਸ਼ਾਇਦ ਇਹੀ ਹੈ ਕਿ ਸਾਡੇ ਅੰਦਰ ਸਹਾਰਨ ਸ਼ਕਤੀ ਘਟ ਗਈ ਹੈ। ਅਸੀਂ ਆਪਣੇ-ਆਪ ਨੂੰ ਉੱਚਾ ਸਮਝਦੇ ਹਾਂ। ਹਉਮੈ ਤੇ ਹੰਕਾਰ ਨੇ ਮਨੁੱਖੀ ਮਨਾਂ ਨੂੰ ਕੁਰਾਹੇ ਪਾ ਦਿੱਤਾ ਹੈ। ਨਿਮਰਤਾ ਤੇ ਮਿਠਾਸ ਦੂਰ ਦੀ ਗੱਲ ਹੋ ਗਈ ਹੈ।
ਸਹਿਣਸ਼ੀਲਤਾ ਪੁਰਸ਼ ਅਤੇ ਨਾਰੀ ਦੋਵਾਂ ਲਈ ਬਹੁਤ ਜ਼ਰੂਰੀ ਹੈ। ਦੋਵੇਂ ਸਮਾਜ ਦੇ ਥੰਮ੍ਹ ਹਨ, ਜਿਨ੍ਹਾਂ ਆਸਰੇ ਸਮਾਜ ਮਜ਼ਬੂਤ ਹੈ ਪਰ ਫਿਰ ਵੀ ਇੰਜ ਲਗਦਾ ਹੈ ਕਿ ਨਾਰੀ ਸਮਾਜ ਦੀ ਜਣਨੀ ਹੋਣ ਕਰਕੇ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਵਧੇਰੇ ਜ਼ਿੰਮੇਵਾਰ ਹੈ। ਇਹ ਜ਼ਿੰਮੇਵਾਰੀ ਤਾਂ ਹੀ ਨਿਭਾਈ ਜਾ ਸਕਦੀ ਹੈ ਜੇ ਔਰਤ ਸਹਿਣਸ਼ੀਲ ਹੋਵੇ। ਔਰਤ ਘਰ ਦੀ ਨੀਂਹ ਵੀ ਹੈ। ਸਬਰ, ਸੰਤੋਖ, ਪਿਆਰ, ਮੁਹੱਬਤ ਅਜਿਹੇ ਗੁਣ ਹਨ, ਜੋ ਇਸ ਨੂੰ ਸਹਿਣਸ਼ੀਲ ਬਣਾਉਂਦੇ ਹਨ।
ਇਕਹਿਰੀ ਪਰਿਵਾਰ ਪ੍ਰਣਾਲੀ ਦਾ ਪ੍ਰਚਲਨ ਅਸਹਿਣਸ਼ੀਲਤਾ ਕਰਕੇ ਹੈ। ਪਰਿਵਾਰਕ ਜੀਅ ਇਕ-ਦੂਜੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ। ਪੈਸੇ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ।
ਬਜ਼ੁਰਗਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਜਵਾਨ ਪੀੜ੍ਹੀ ਬਰਦਾਸ਼ਤ ਨਹੀਂ ਕਰਦੀ। ਬੱਚਿਆਂ ਨੂੰ ਆਪਣੇ ਪੜ੍ਹੇ-ਲਿਖੇ ਹੋਣ ਤੇ ਨਵੀਂ ਤਕਨੀਕ ਤੋਂ ਜਾਣੂ ਹੋਣ ਦਾ ਮਾਣ ਹੈ। ਟੋਕਾ-ਟਾਕੀ ਬਿਲਕੁਲ ਪਸੰਦ ਨਹੀਂ। ਮਾਪੇ ਟੋਕਾ-ਟਾਕੀ ਨਹੀਂ ਕਰਦੇ, ਸਗੋਂ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਤੋਂ ਜਾਣੂ ਕਰਾਉਂਦੇ ਹਨ। ਮਾਂ, ਭੈਣ, ਪਤਨੀ, ਔਰਤ ਦੇ ਵੱਖ-ਵੱਖ ਰੂਪ ਹਨ। ਇਨ੍ਹਾਂ ਸਾਰੇ ਰੂਪਾਂ ਵਿਚ ਹੀ ਔਰਤ ਸਹਿਜਤਾ ਨਾਲ, ਠਰ੍ਹੰਮੇ ਨਾਲ ਘਰ-ਪਰਿਵਾਰ ਚਲਾਉਣ ਦਾ ਯਤਨ ਕਰਦੀ ਹੈ।
ਔਰਤ ਨੂੰ ਪਰਮਾਤਮਾ ਦੀ ਸਭ ਤੋਂ ਖੂਬਸੂਰਤ ਰਚਨਾ ਮੰਨਿਆ ਗਿਆ ਹੈ। ਇਹ ਇਕ ਵੱਡੀ ਸ਼ਕਤੀ ਵੀ ਹੈ ਤੇ ਕੋਮਲ-ਭਾਵੀ ਵੀ ਹੈ। ਬੱਚੇ ਨੂੰ ਜਨਮ ਦੇਣਾ, ਪਾਲਣਾ, ਆਪ ਭੁੱਖੇ ਰਹਿ ਕੇ ਬੱਚੇ ਦਾ ਢਿੱਡ ਭਰਨਾ, ਗਿੱਲੇ 'ਤੇ ਸੌਂ ਕੇ ਸੁੱਕੇ ਥਾਂ ਬੱਚੇ ਨੂੰ ਪਾਉਣਾ, ਬਜ਼ੁਰਗ ਮਾਂ-ਬਾਪ, ਸੱਸ-ਸਹੁਰੇ ਦੀ ਸੇਵਾ ਕਰਨੀ, ਵੱਡਿਆਂ ਅੱਗੇ ਸਖਤ ਸ਼ਬਦ ਨਾ ਬੋਲਣਾ ਬਹੁਤ ਸਾਰੀਆਂ ਸਹਿਣਸ਼ੀਲ ਔਰਤਾਂ ਦੇ ਹਿੱਸੇ ਆਉਂਦਾ ਹੈ। ਅਜਿਹੇ ਘਰਾਂ ਵਿਚ ਕਲੇਸ਼ ਨਹੀਂ ਹੁੰਦਾ। ਸੁਖ-ਸ਼ਾਂਤੀ ਰਹਿੰਦੀ ਹੈ। ਘਰ-ਪਰਿਵਾਰ ਉਨਤੀ ਦੇ ਰਾਹ ਤੁਰਦੇ ਹਨ। ਜੀਵਨ ਖੁਸ਼ਹਾਲ ਤੇ ਸੁਖਾਵਾਂ ਬਣਦਾ ਹੈ। ਅਸਹਿਣਸ਼ੀਲ ਔਰਤਾਂ ਦੇ ਘਰਾਂ ਵਿਚ ਸੁਖ-ਚੈਨ ਨਹੀਂ ਹੁੰਦਾ। ਪਰਿਵਾਰਕ ਮਾਹੌਲ ਕਦੇ ਸੁਖਾਵਾਂ ਨਹੀਂ ਰਹਿੰਦਾ। 'ਕਲਾ ਕਲੇਸ਼ ਵੱਸੇ ਤੇ ਘੜਿਓਂ ਪਾਣੀ ਨੱਸੇ' ਵਾਲੀ ਗੱਲ ਹੋ ਨਿਬੜਦੀ ਹੈ।
ਜੇ ਔਰਤ ਸਹਿਣਸ਼ੀਲਤਾ ਦਾ ਪੱਲਾ ਫੜਨਾ ਚਾਹੁੰਦੀ ਹੈ ਤਾਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਦਾ ਖਿਆਲ ਰੱਖੇ। ਬਿਮਾਰ ਤੇ ਦੁਖੀ ਇਨਸਾਨ ਬਹੁਤਾ ਸਹਿਣਸ਼ੀਲ ਨਹੀਂ ਰਹਿ ਸਕਦਾ। ਚੰਗਾ ਭੋਜਨ, ਨਿਯਮਤ ਕਸਰਤ ਮਾਨਸਿਕ ਤੇ ਸਰੀਰਕ ਸਿਹਤ ਲਈ ਬਹੁਤ ਉਪਯੋਗੀ ਹਨ। ਖੁਸ਼ ਰਹਿਣ ਨਾਲ ਸ਼ਖ਼ਸੀਅਤ ਨੂੰ ਚਾਰ ਚੰਨ ਲਗਦੇ ਹਨ। ਪਰਿਵਾਰ ਵਿਚ ਖੁਸ਼ੀਆਂ ਤੇ ਖੇੜਿਆਂ ਦਾ ਨਿਵਾਸ ਹੁੰਦਾ ਹੈ। ਸਹਿਣਸ਼ੀਲਤਾ ਦਾ ਗੁਣ ਧਾਰਨ ਲਈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ।
ਪਰਮਾਤਮਾ ਨੇ ਔਰਤ ਨੂੰ ਬਹੁਤ ਵੱਡਾ ਦਿਲ ਦਿੱਤਾ ਹੈ। ਹਰ ਤਰ੍ਹਾਂ ਦਾ ਦੁੱਖ-ਸੁੱਖ ਸਹਾਰਨ ਦੀ ਸ਼ਕਤੀ ਦਿੱਤੀ ਹੈ। ਸਹਿਣਸ਼ੀਲਤਾ ਦਾ ਭਾਵ ਸਭ ਕੁਝ ਮਾੜਾ-ਚੰਗਾ ਸਹਾਰਨਾ ਹੀ ਨਹੀਂ, ਆਪਣੇ ਹੱਕਾਂ ਦੀ ਰਾਖੀ ਕਰਨੀ, ਖੁਦ ਲਈ ਜਿਊਣਾ ਵੀ ਹੈ, ਤਾਂ ਹੀ ਸਹਿਣਸ਼ੀਲਤਾ ਨੂੰ ਔਰਤ ਦਾ ਗਹਿਣਾ ਮੰਨਿਆ ਜਾ ਸਕਦਾ ਹੈ।

ਬੱਚਿਆਂ ਦੇ ਜਜ਼ਬਾਤਾਂ ਦੀ ਕਰੋ ਕਦਰ

ਬੱਚੇ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਹਨ। ਉਨ੍ਹਾਂ ਨੂੰ ਮਾਪੇ ਜਿਸ ਤਰ੍ਹਾਂ ਦਾ ਰੂਪ ਦੇਣਾ ਚਾਹੁਣ, ਦੇ ਸਕਦੇ ਹਨ। ਹਰ ਇਨਸਾਨ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਉਸ ਦੇ ਬੱਚੇ ਜ਼ਿੰਦਗੀ ਵਿਚ ਵਧੀਆ ਇਨਸਾਨ ਬਣਨ ਅਤੇ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮੇ। ਕਈ ਵਾਰ ਮਾਪੇ ਆਪਣੇ ਬੱਚਿਆਂ ਤੋਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਰੱਖ ਲੈਂਦੇ ਹਨ, ਜੋ ਸਪਨੇ ਉਹ ਖੁਦ ਕਿਸੇ ਕਾਰਨ ਪੂਰੇ ਨਹੀਂ ਕਰ ਸਕੇ ਸਨ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰ ਇਕ ਇਨਸਾਨ ਦਾ ਸੋਚਣ, ਸਮਝਣ ਅਤੇ ਜ਼ਿੰਦਗੀ ਜਿਊਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਜੋ ਮਾਪਿਆਂ ਨੂੰ ਪਸੰਦ ਹੋਵੇ, ਉਹ ਹੀ ਬੱਚਿਆਂ ਨੂੰ ਵੀ ਪਸੰਦ ਆਵੇ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਮਰਜ਼ੀ ਦੇ ਵਿਸ਼ੇ ਪੜ੍ਹਨ, ਰੁਜ਼ਗਾਰ ਚੁਣਨ ਅਤੇ ਆਪਣੀ ਮਰਜ਼ੀ ਦੇ ਕੰਮ ਕਰਨ ਲਈ ਮਜਬੂਰ ਕਰਦੇ ਹਨ, ਜਿਸ ਦੇ ਨਤੀਜੇ ਵਿਚ ਬੱਚੇ ਵਧੀਆ ਨਹੀਂ ਕਰ ਪਾਉਂਦੇ, ਕਿਉਂਕਿ ਉਨ੍ਹਾਂ ਦੀ ਦਿਲਚਸਪੀ ਉਸ ਕੰਮ ਵਿਚ ਨਹੀਂ ਹੁੰਦੀ। ਕਈ ਵਾਰ ਮਾਪੇ ਦੂਜੇ ਬੱਚਿਆਂ ਦੀ ਤਰੱਕੀ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਬੁਰਾ-ਭਲਾ ਕਹਿੰਦੇ ਹਨ, ਜਿਸ ਦਾ ਉਨ੍ਹਾਂ ਦੇ ਕੋਮਲ ਮਨ ਉੱਤੇ ਬੁਰਾ ਅਸਰ ਪੈਂਦਾ ਹੈ।
ਇਹ ਇਕ ਸੱਚਾਈ ਹੈ ਕਿ ਕੋਈ ਵੀ ਦੋ ਬੱਚੇ ਇਕੋ ਪ੍ਰਕਾਰ ਦੇ ਨਹੀਂ ਹੁੰਦੇ, ਫਿਰ ਭਾਵੇਂ ਉਹ ਸਕੇ ਭੈਣ-ਭਰਾ ਹੀ ਕਿਉਂ ਨਾ ਹੋਣ। ਹਰ ਇਕ ਦੀ ਕੰਮ ਕਰਨ ਦੀ ਆਪਣੀ ਤਾਕਤ ਹੁੰਦੀ ਹੈ। ਸਾਨੂੰ ਆਪਣੇ ਬੱਚਿਆਂ ਦੇ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਸਕਣ। ਬੱਚੇ ਕਿਸੇ ਵੀ ਪਰਿਵਾਰ ਲਈ ਖੁਸ਼ੀਆਂ ਦਾ ਖਜ਼ਾਨਾ ਹੁੰਦੇ ਹਨ। ਮਾਪੇ ਜਦ ਕੰਮ ਤੋਂ ਥੱਕ-ਟੁੱਟ ਕੇ ਘਰ ਆਉਂਦੇ ਹਨ ਤਾਂ ਬੱਚਿਆਂ ਦੇ ਹੱਸਦੇ ਚਿਹਰੇ ਦੇਖ ਕੇ ਉਨ੍ਹਾਂ ਦੀ ਥਕਾਵਟ ਉੱਤਰ ਜਾਂਦੀ ਹੈ। ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਰੁਝੇਵਿਆਂ ਵਿਚੋਂ ਕੁਝ ਸਮਾਂ ਜ਼ਰੂਰ ਆਪਣੇ ਬੱਚਿਆਂ ਨਾਲ ਬਿਤਾਉਣ। ਨਾਲੋ-ਨਾਲ ਮਾਪਿਆਂ ਨੂੰ ਆਪਣੇ ਫੈਸਲੇ ਆਪਣੇ ਬੱਚਿਆਂ ਉੱਤੇ ਥੋਪਣੇ ਨਹੀਂ ਚਾਹੀਦੇ, ਸਗੋਂ ਬੱਚਿਆਂ ਦੀ ਦਿਲਚਸਪੀ ਅਨੁਸਾਰ ਉਨ੍ਹਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਜ਼ਿੰਦਗੀ ਵਿਚ ਕੁਝ ਵਧੀਆ ਪ੍ਰਾਪਤੀ ਕਰ ਸਕਣ। ਜ਼ਿਆਦਾਤਰ ਬੱਚੇ ਘਰ ਵਿਚ ਸ਼ਰਾਰਤਾਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਕਈ ਵਾਰ ਮਾਪਿਆਂ ਨੂੰ ਗੁੱਸਾ ਵੀ ਆਉਂਦਾ ਹੈ ਪਰ ਕਈ ਵਾਰ ਮਾਪੇ ਬੱਚਿਆਂ ਉੱਤੇ ਲੋੜ ਤੋਂ ਵੱਧ ਸਖਤੀ ਵਿਖਾਉਂਦੇ ਹਨ, ਜਿਸ ਨਾਲ ਬੱਚਿਆਂ ਦਾ ਮਨ ਟੁੱਟ ਜਾਂਦਾ ਹੈ ਅਤੇ ਉਹ ਚਿੜਚਿੜੇ ਹੋ ਜਾਂਦੇ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿਚ ਮਾਪਿਆਂ ਨੂੰ ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।
ਅੱਜ ਦੇ ਭੱਜ-ਦੌੜ ਦੇ ਯੁੱਗ ਵਿਚ ਇਨਸਾਨ ਕੋਲ ਆਪਣੇ ਬੱਚਿਆਂ ਤੱਕ ਲਈ ਸਮਾਂ ਨਹੀਂ ਹੈ। ਕਈ ਵਾਰ ਮਾਪੇ ਇਹ ਸੋਚ ਲੈਂਦੇ ਹਨ ਕਿ ਪੈਸੇ ਨਾਲ ਖਰੀਦੀ ਜਾ ਸਕਣ ਵਾਲੀ ਹਰ ਸੁੱਖ ਸਹੂਲਤ ਬੱਚਿਆਂ ਨੂੰ ਦੇ ਰੱਖੀ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਮਾਂ-ਬਾਪ ਦੇ ਪਿਆਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਕੋਈ ਵੀ ਦੁਨਿਆਵੀ ਚੀਜ਼ ਉਸ ਦੀ ਭਰਪਾਈ ਨਹੀਂ ਕਰ ਸਕਦੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।
ਮਾਪਿਆਂ ਨੂੰ ਬੱਚੇ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਮਾਪਿਆਂ ਨੂੰ ਇਸ ਗੱਲ ਦੀ ਕਾਹਲੀ ਹੁੰਦੀ ਹੈ ਕਿ ਬੱਚੇ ਜਲਦੀ-ਜਲਦੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲੈਣ ਅਤੇ ਉਹ ਕਈ ਵਾਰ ਉਨ੍ਹਾਂ ਦੀ ਉਮਰ ਤੋਂ ਵੱਡੀਆਂ ਜ਼ਿੰਮੇਵਾਰੀਆਂ ਥੋਪ ਦਿੰਦੇ ਹਨ, ਜਿਸ ਨਾਲ ਬੱਚੇ ਪ੍ਰੇਸ਼ਾਨੀ ਦੇ ਆਲਮ ਵਿਚ ਆ ਜਾਂਦੇ ਹਨ। ਮਾਪਿਆਂ ਨੂੰ ਬੱਚਿਆਂ ਨੂੰ ਪਹਿਲਾਂ ਛੋਟੀਆਂ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਬੱਚੇ ਜ਼ਿਆਦਾਤਰ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ ਪਰ ਮਾਪਿਆਂ ਦੇ ਰੁਝੇਵਿਆਂ ਕਰਕੇ ਅਕਸਰ ਸਮਾਂ ਨਹੀਂ ਮਿਲ ਪਾਉਂਦਾ। ਮਾਪਿਆਂ ਨੂੰ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਪਰਿਵਾਰ ਨਾਲ ਘੁੰਮਣ ਜ਼ਰੂਰ ਜਾਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਮਾਪਿਆਂ ਨਾਲ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣ ਸਕਣ। ਇਸ ਪ੍ਰਕਾਰ ਦੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰ ਸਕਦੇ ਹਾਂ ਅਤੇ ਮਾਪਿਆਂ ਵਲੋਂ ਮਿਲੇ ਸਹਿਯੋਗ ਦੇ ਸਦਕਾ ਇਹੀ ਬੱਚੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਲੈਂਦੇ ਹਨ। ਆਓ, ਅਸੀਂ ਮਿਲ ਕੇ ਬੱਚਿਆਂ ਦੇ ਜਜ਼ਬਾਤਾਂ ਦੀ ਕਦਰ ਕਰੀਏ।


-ਮਲੌਦ (ਲੁਧਿਆਣਾ)।
ਮੋਬਾ: 98554-83000

ਜਦੋਂ ਯਾਤਰਾ 'ਤੇ ਜਾਓ

ਜੇ ਤੁਸੀਂ ਕਿਤੇ ਯਾਤਰਾ 'ਤੇ ਜਾ ਰਹੇ ਹੋ ਤਾਂ ਯਾਤਰਾ ਦੇ ਸਮੇਂ ਆਪਣੇ ਨਾਲ ਕੁਝ ਜ਼ਰੂਰੀ ਸਾਮਾਨ ਲੈ ਕੇ ਚੱਲਣ ਨਾਲ ਤੁਹਾਡੀ ਯਾਤਰਾ ਆਰਾਮਦਾਇਕ ਅਤੇ ਸਫਲ ਬਣੇਗੀ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ-
* ਜਿਸ ਜਗ੍ਹਾ 'ਤੇ ਤੁਸੀਂ ਜਾ ਰਹੇ ਹੋ, ਉਸੇ ਦੇ ਅਨੁਸਾਰ ਬੈਗ ਚੁਣੋ। ਇਸ ਵਿਚ ਏਨੀਆਂ ਜੇਬਾਂ ਹੋਣ, ਜਿਨ੍ਹਾਂ ਵਿਚ ਤੁਸੀਂ ਪਾਣੀ ਦੀ ਬੋਤਲ, ਪਰਸ ਅਤੇ ਖਾਣੇ ਦੇ ਪੈਕੇਟ ਵੱਖ-ਵੱਖ ਰੱਖ ਸਕੋ।
* ਅਜਿਹੀ ਟ੍ਰੈਵਲ ਗਾਈਡ ਲਓ, ਜਿਸ ਵਿਚ ਰੈਸਤਰਾਂ, ਨਕਸ਼ਾ, ਖ਼ਰੀਦਦਾਰੀ ਕਰਨ ਦੀ ਜਗ੍ਹਾ ਸਾਫ਼ ਦਿਖਾਈ ਗਈ ਹੋਵੇ। ਵੱਖ-ਵੱਖ ਜੇਬਾਂ ਵਿਚ ਖੁੱਲ੍ਹੇ ਪੈਸੇ ਪਾ ਕੇ ਚੱਲਣਾ ਠੀਕ ਰਹੇਗਾ।
* ਫਸਟ ਏਡ ਬਾਕਸ ਆਪਣੇ ਨਾਲ ਰੱਖਣਾ ਨਾ ਭੁੱਲੋ। ਇਸ ਵਿਚ ਤੁਸੀਂ ਬੈਂਡੇਡ, ਐਂਟੀਸੈਪਟਿਕ, ਸਿਰਦਰਦ, ਪੇਟ ਖਰਾਬ ਅਤੇ ਉਲਟੀ ਦੀਆਂ ਗੋਲੀਆਂ ਨਾਲ ਰੱਖੋ। ਸਨਸਕ੍ਰੀਨ ਅਤੇ ਮਾਸਕੀਟੋ ਰੇਪਲੇਂਟ ਵੀ ਨਾਲ ਰੱਖ ਲਓ।
* ਹਲਕੀ ਜੈਕਟ ਅਤੇ ਆਰਾਮਦਾਇਕ ਜੁੱਤੀ ਪਹਿਨੋ। ਇਸ ਨਾਲ ਤੁਹਾਨੂੰ ਯਾਤਰਾ ਦੌਰਾਨ ਠੰਢ ਨਹੀਂ ਲੱਗੇਗੀ ਅਤੇ ਥਕਾਨ ਨਹੀਂ ਹੋਵੇਗੀ।
* ਫੋਨ, ਲੈਪਟਾਪ, ਟਾਰਚ, ਬੈਟਰੀ, ਚਾਰਜਰ, ਕ੍ਰੈਡਿਟ ਕਾਰਡ ਅਤੇ ਆਪਣਾ ਆਈ.ਡੀ. ਸਬੂਤ ਵਗੈਰਾ ਆਪਣੇ ਹੈਂਡਬੈਗ ਵਿਚ ਰੱਖ ਕੇ ਚੱਲੋ।
* ਬੈਗ ਨੂੰ ਹਲਕਾ ਕਰਨ ਲਈ ਜੋ ਜ਼ਰੂਰੀ ਸਾਮਾਨ ਹੋਵੇ, ਉਹੀ ਰੱਖੋ। ਤੁਹਾਡੇ ਹੋਟਲ ਵਿਚ ਤੁਹਾਨੂੰ ਤੌਲੀਆ, ਸਾਬਣ, ਬਾਥਰੂਮ, ਸਲੀਪਰ ਦੀ ਸਹੂਲਤ ਹੈ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਨਾਲ ਨਾ ਲਓ।
* ਫਿੱਟ ਰਹਿਣ ਲਈ ਕਸਰਤ ਦਾ ਵੀ ਧਿਆਨ ਰੱਖੋ ਅਤੇ ਇਸ ਲਈ ਆਪਣੀ ਟ੍ਰੈਕ ਪੈਂਟ ਅਤੇ ਜੋਗਿੰਗ ਬੂਟ ਨਾਲ ਲੈ ਕੇ ਜਾਓ।


-ਗੋਪਾਲ ਥਾਪਾ

ਦਾਗ ਹਟਾਉਣ ਦੇ ਆਸਾਨ ਨੁਸਖੇ

ਦਾਗ ਚੰਗੇ ਹੋਣ ਜਾਂ ਬੁਰੇ, ਕੱਪੜਿਆਂ 'ਤੇ ਕਿਸੇ ਚੀਜ਼ ਦਾ ਦਾਗ ਲੱਗ ਜਾਵੇ ਤਾਂ ਹੁਣ ਘਬਰਾਉਣ ਵਾਲੀ ਗੱਲ ਨਹੀਂ। ਤੁਹਾਨੂੰ ਦਾਗ ਸਾਫ ਕਰਨ ਦੇ ਕੁਝ ਕਾਮਯਾਬ, ਆਸਾਨ ਨੁਸਖੇ ਦੱਸਣ ਜਾ ਰਹੇ ਹਾਂ।
ਮਾਮੂਲੀ ਦਾਗ ਲਈ : ਤੁਹਾਡੀ ਕਮੀਜ਼ 'ਤੇ ਸਿਆਹੀ, ਕੋਲਡ ਡ੍ਰਿੰਕ ਆਦਿ ਦਾ ਕੋਈ ਮਾਮੂਲੀ ਦਾਗ ਲੱਗ ਗਿਆ ਹੋਵੇ ਤਾਂ ਉਸ ਨੂੰ ਹਟਾਉਣ ਲਈ ਦਾਗ 'ਤੇ ਸਫੈਦ ਸਿਰਕਾ ਪਾਓ ਅਤੇ ਕੁਝ ਦੇਰ ਇੰਜ ਹੀ ਛੱਡ ਦਿਓ। ਉਸ ਤੋਂ ਬਾਅਦ ਗਰਮ ਪਾਣੀ ਨਾਲ ਕਮੀਜ਼ ਨੂੰ ਧੋ ਲਓ।
ਅਲਕੋਹਲ : ਕੱਪੜਿਆਂ 'ਤੇ ਅਲਕੋਹਲ ਦਾ ਦਾਗ ਹੋਵੇ ਤਾਂ ਇਸ ਨੂੰ ਅੱਧੇ ਘੰਟੇ ਲਈ ਠੰਢੇ ਪਾਣੀ ਵਿਚ ਡੁਬੋ ਕੇ ਰੱਖੋ। ਚਾਹੋ ਤਾਂ ਪਾਣੀ ਵਿਚ ਭਿਉਣ ਤੋਂ ਪਹਿਲਾਂ ਦਾਗ 'ਤੇ ਸਟੇਨ ਰਿਮੂਵਰ ਵੀ ਲਗਾ ਸਕਦੇ ਹੋ।
ਚਿਉਂਗਮ : ਦੰਦਾਂ ਵਾਲੇ ਬੁਰਸ਼ ਦੀ ਸਹਾਇਤਾ ਨਾਲ ਆਂਡੇ ਦਾ ਸਫੈਦ ਹਿੱਸਾ ਲੈ ਕੇ ਚਿਉਂਗਮ 'ਤੇ ਰਗੜੋ। 15 ਮਿੰਟ ਬਾਅਦ ਸਾਬਣ ਨਾਲ ਧੋ ਲਓ।
ਗ੍ਰੀਸ : ਗ੍ਰੀਸ ਦੇ ਦਾਗ 'ਤੇ ਕਾਰਨ ਸਟਾਰਚ ਜਾਂ ਬੇਬੀ ਪਾਊਡਰ ਛਿੜਕੋ। ਪਾਊਡਰ ਥੋੜ੍ਹੀ ਦੇਰ ਵਿਚ ਗ੍ਰੀਸ ਨੂੰ ਸੋਖ ਲੈਂਦਾ ਹੈ।
ਮੱਖਣ : ਕਿਚਨ ਵਿਚ ਕੰਮ ਕਰਦੇ ਸਮੇਂ ਅਕਸਰ ਹੀ ਕੱਪੜਿਆਂ 'ਤੇ ਮੱਖਣ ਡਿਗ ਜਾਂਦਾ ਹੈ ਅਤੇ ਫਿਰ ਉਹ ਦਾਗ ਸਿਰਫ ਧੋਣ ਨਾਲ ਨਹੀਂ ਜਾਂਦਾ। ਇਸ ਵਾਸਤੇ ਤੁਸੀਂ ਦਾਗ 'ਤੇ ਸਟੇਨ ਰਿਮੂਵਰ ਲਗਾਓ ਅਤੇ ਬਾਅਦ ਵਿਚ ਗਰਮ ਪਾਣੀ ਨਾਲ ਧੋ ਲਓ।
ਚਾਕਲੇਟ : ਬੱਚਿਆਂ ਦੇ ਕੱਪੜਿਆਂ 'ਤੇ ਆਮ ਤੌਰ 'ਤੇ ਚਾਕਲੇਟ ਦੇ ਦਾਗ ਲੱਗ ਹੀ ਜਾਂਦੇ ਹਨ। ਉਨ੍ਹਾਂ ਨੂੰ ਹਟਾਉਣ ਲਈ ਕੱਪੜੇ 'ਤੇ ਸਟੇਨ ਰਿਮੂਵਰ ਲਗਾਓ। ਫਿਰ ਵੀ ਦਾਗ ਨਾ ਨਿਕਲੇ ਤਾਂ ਇਕ ਵਾਰ ਹੋਰ ਧੋਵੋ ਅਤੇ ਇਸ ਨੂੰ ਬਲੀਚ ਕਰੋ।
ਕੌਫੀ ਜਾਂ ਚਾਹ : ਤਰਲ ਡਿਟਰਜੈਂਟ ਵਿਚ ਇਕ ਚਮਚ ਬਲੀਚ ਪਾ ਕੇ ਘੋਲ ਬਣਾਓ ਅਤੇ ਚਾਹ ਜਾਂ ਕੌਫੀ ਦੇ ਦਾਗ ਲੱਗੇ ਕੱਪੜੇ ਨੂੰ ਇਸ ਵਿਚ ਪਾਓ। ਕੁਝ ਦੇਰ ਬਾਅਦ ਇਨ੍ਹਾਂ ਨੂੰ ਗਰਮ ਪਾਣੀ ਵਿਚ ਧੋਵੋ।
ਰਸੋਈ ਦਾ ਤੇਲ : ਕੱਪੜਿਆਂ 'ਤੇ ਪੇਪਰ ਰੱਖ ਕੇ ਵਾਧੂ ਤੇਲ ਸੁਕਾ ਲਓ। ਕੁਝ ਦੇਰ ਸਟੇਨ ਰਿਮੂਵਰ ਲੱਗਾ ਰਹਿਣ ਤੋਂ ਬਾਅਦ ਗਰਮ ਪਾਣੀ ਨਾਲ ਧੋ ਲਓ।
ਲਿਪਸਟਿਕ : ਲਿਪਸਟਿਕ ਦੇ ਦਾਗ 'ਤੇ ਪੈਟਰੋਲੀਅਮ ਜੈਲੀ ਲਗਾਓ ਅਤੇ ਸਾਧਾਰਨ ਧੁਲਾਈ ਕਰ ਲਓ। ਦਾਗ ਨਿਕਲ ਜਾਵੇਗਾ।

ਘਰੇਲੂ ਨੁਸਖਿਆਂ ਨਾਲ ਸੁੰਦਰਤਾ ਬਣਾਓ

ਸੁੰਦਰ ਦਿਸਣ ਲਈ ਔਰਤਾਂ ਮਹਿੰਗੇ ਸੁੰਦਰਤਾ ਪ੍ਰਸਾਧਨਾਂ 'ਤੇ ਜ਼ਿਆਦਾ ਭਰੋਸਾ ਕਰਦੀਆਂ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਮਹਿੰਗੇ ਸੁੰਦਰਤਾ ਪ੍ਰਸਾਧਨਾਂ ਦੀ ਬਜਾਏ ਘਰ ਦੀ ਰਸੋਈ ਵਿਚ ਵਰਤੇ ਜਾ ਰਹੇ ਘਰੇਲੂ ਪਦਾਰਥਾਂ ਦੀ ਵਰਤੋਂ ਨਾਲ ਬਿਹਤਰ ਸੁੰਦਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਔਰਤਾਂ ਆਪਣੀ ਰਸੋਈ ਵਿਚ ਰੱਖੇ ਪਦਾਰਥਾਂ ਨੂੰ ਹਰ ਰੋਜ਼ ਚਮੜੀ, ਅੱਖਾਂ, ਹੱਥ, ਪੈਰਾਂ, ਫੇਸਮਾਸਕ, ਬਾਡੀ ਸਕਰੱਬ ਅਤੇ ਹੇਅਰ ਕੰਡੀਸ਼ਨਿੰਗ ਦੀ ਵਰਤੋਂ ਵਿਚ ਲਿਆ ਸਕਦੀਆਂ ਹਨ।
ਚਮੜੀ ਦੀ ਰੋਜ਼ਾਨਾ ਖੁਰਾਕ ਲਈ ਇਕ ਚਮਚ ਸੰਤਰੇ ਦੇ ਰਸ ਵਿਚ ਸ਼ਹਿਦ ਮਿਲਾ ਕੇ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ ਅਤੇ ਇਸ ਨਾਲ ਚਮੜੀ ਮੁਲਾਇਮ ਅਤੇ ਕੋਮਲ ਬਣ ਜਾਵੇਗੀ। ਸ਼ਹਿਦ ਸਾਰੇ ਤਰ੍ਹਾਂ ਦੀ ਚਮੜੀ ਲਈ ਫਾਇਦੇਮੰਦ ਸਾਬਤ ਹੁੰਦਾ ਹੈ।
ਤੇਲੀ ਅਤੇ ਕਿੱਲ-ਮੁਹਾਸਿਆਂ ਤੋਂ ਪ੍ਰਭਾਵਿਤ ਚਮੜੀ ਲਈ ਇਕ ਚਮਚ ਸ਼ਹਿਦ ਵਿਚ ਇਕ ਚਮਚ ਨਿੰਬੂ ਰਸ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਉਸ ਦਾ ਮਿਸ਼ਰਣ ਬਣਾ ਲਓ ਅਤੇ ਉਸ ਮਿਸ਼ਰਣ ਨੂੰ ਚਮੜੀ 'ਤੇ 20 ਮਿੰਟ ਲੱਗਾ ਰਹਿਣ ਤੋਂ ਬਾਅਦ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਅੱਖਾਂ ਦੀ ਸੁੰਦਰਤਾ ਦੀ ਹਰ ਰੋਜ਼ ਦੇਖਭਾਲ ਲਈ ਸ਼ੁੱਧ ਬਦਾਮ ਤੇਲ ਨੂੰ ਅੱਖਾਂ ਦੇ ਉੱਪਰ-ਥੱਲੇ ਚਮੜੀ 'ਤੇ ਹਲਕਾ-ਹਲਕਾ ਗੋਲਾਕਾਰ ਰੂਪ ਵਿਚ ਲਗਾਓ। ਹਰੇਕ ਅੱਖਾਂ ਦੀ ਚਮੜੀ 'ਤੇ ਵਿਚਕਾਰਲੀ (ਲੰਬੀ) ਉਂਗਲੀ ਦੁਆਰਾ ਇਕ ਮਿੰਟ ਤੱਕ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਉਸ ਨੂੰ 15 ਮਿੰਟ ਬਾਅਦ ਗਿੱਲੇ ਰੂੰ ਨਾਲ ਸਾਫ਼ ਕਰ ਦਿਓ। ਹੱਥਾਂ ਅਤੇ ਪੈਰਾਂ ਦੀ ਸੁੰਦਰਤਾ ਦੀ ਹਰ ਰੋਜ਼ ਦੇਖਭਾਲ ਲਈ 3 ਚਮਚ ਗੁਲਾਬ ਜਲ, 2 ਚਮਚ ਨਿੰਬੂ ਰਸ ਅਤੇ 1 ਚਮਚ ਸ਼ਹਿਦ ਦਾ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਣ ਨੂੰ ਹੱਥਾਂ ਅਤੇ ਪੈਰਾਂ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ।
ਨਹੁੰਆਂ ਅਤੇ ਬਾਹਰੀ ਚਮੜੀ ਨੂੰ ਮੁਲਾਇਮ ਕਰਨ ਲਈ ਬਦਾਮ ਤੇਲ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿਚ ਮਿਲਾਓ ਅਤੇ ਉਸ ਨਾਲ ਨਹੁੰਆਂ, ਹੱਥਾਂ ਅਤੇ ਬਾਹਰੀ ਚਮੜੀ 'ਤੇ ਮਾਲਿਸ਼ ਕਰੋ। ਇਸ ਮਿਸ਼ਰਣ ਨੂੰ 20 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ। ਵਾਲਾਂ ਦੀ ਸੁੰਦਰਤਾ ਲਈ ਆਪਣੇ ਵਾਲਾਂ ਨੂੰ ਹਰੇਕ ਸ਼ੈਂਪੂ ਤੋਂ ਪਹਿਲਾਂ ਕੰਡੀਸ਼ਨਿੰਗ ਉਪਚਾਰ ਪ੍ਰਦਾਨ ਕਰੋ। ਇਕ ਚਮਚ ਸਿਰਕਾ, ਸ਼ੁੱਧ ਗਲਿਸਰੀਨ ਅਤੇ ਆਂਡੇ ਦਾ ਮਿਸ਼ਰਣ ਬਣਾਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਇਸ ਮਿਸ਼ਰਣ ਨੂੰ ਖੋਪੜੀ ਦੀ ਖੱਲ 'ਤੇ ਲਗਾਓ। ਇਸ ਤੋਂ ਬਾਅਦ ਖੋਪੜੀ ਨੂੰ 20 ਮਿੰਟ ਤੱਕ ਗਰਮ ਤੌਲੀਏ ਨਾਲ ਲਪੇਟ ਲਓ ਅਤੇ ਬਾਅਦ ਵਿਚ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਤੁਹਾਡੇ ਵਾਲਾਂ ਨੂੰ ਪੌਸ਼ਟਿਕਤਾ ਮਿਲੇਗੀ ਅਤੇ ਵਾਲਾਂ ਵਿਚ ਚਮਕ ਅਤੇ ਸੁੰਦਰਤਾ ਦਾ ਨਿਖਾਰ ਹੋਵੇਗਾ। ਖੁਸ਼ਕ, ਟੁੱਟੇ ਹੋਏ ਅਤੇ ਘੁੰਗਰਾਲੇ ਵਾਲਾਂ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ 2 ਬੂੰਦਾਂ ਹਲਕੇ ਬਨਸਪਤੀ ਤੇਲ ਨੂੰ ਲੈ ਕੇ ਆਪਣੀ ਹਥੇਲੀ 'ਤੇ ਰੱਖੋ ਅਤੇ ਦੋਵਾਂ ਹਥੇਲੀਆਂ ਨੂੰ ਹਲਕੇ-ਹਲਕੇ ਜਿਹੇ ਮਾਲਿਸ਼ ਕਰੋ ਤਾਂ ਕਿ ਤੇਲ ਦੋਵੇਂ ਹਥੇਲੀਆਂ 'ਤੇ ਬਰਾਬਰ ਰੂਪ ਵਿਚ ਸਮਾ ਜਾਵੇ ਅਤੇ ਦੋਵੇਂ ਹਥੇਲੀਆਂ ਨਾਲ ਸਿਰ ਨੂੰ ਹੌਲੀ-ਹੌਲੀ ਮਾਲਿਸ਼ ਕਰ ਲਓ। ਇਸ ਨੁਸਖੇ ਨਾਲ ਖੁਸ਼ਕ ਵਾਲਾਂ ਨੂੰ ਕਾਫੀ ਫਾਇਦਾ ਹੁੰਦਾ ਹੈ।

ਸਬਜ਼ੀ ਦੇ ਬੇਕਾਰ ਹਿੱਸੇ ਤੋਂ ਉਗਾਓ ਨਵੀਆਂ ਸਬਜ਼ੀਆਂ

ਪਿਆਜ਼, ਸ਼ਿਮਲਾ ਮਿਰਚ, ਲਸਣ, ਗਾਜਰ, ਸ਼ਲਗਮ ਇਸ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਅਸੀਂ ਬਣਾਉਣ ਲਈ ਜਦੋਂ ਚੀਰਦੇ ਹਾਂ ਤਾਂ ਇਨ੍ਹਾਂ ਦੇ ਸਿਰਿਆਂ ਅਤੇ ਬੀਜਾਂ ਨੂੰ ਕੱਢ ਕੇ ਅਸੀਂ ਕੂੜਾਦਾਨ ਵਿਚ ਸੁੱਟ ਦਿੰਦੇ ਹਾਂ। ਤੁਹਾਨੂੰ ਇਹ ਪਤਾ ਨਹੀਂ ਹੈ ਕਿ ਸਬਜ਼ੀਆਂ ਦੇ ਇਨ੍ਹਾਂ ਸਿਰਿਆਂ ਅਤੇ ਬੀਜਾਂ ਨਾਲ ਕਿਵੇਂ ਘਰ ਦੀ ਹਰਿਆਲੀ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਆਲੂ : ਆਲੂ ਨੂੰ ਅਸੀਂ ਲੰਬੇ ਸਮੇਂ ਤੱਕ ਨਾ ਵਰਤੋਂ ਕਰੀਏ ਤਾਂ ਇਸ ਦੀਆਂ ਅੱਖਾਂ ਦੀ ਜਗ੍ਹਾ ਨਵੇਂ ਪੌਦੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਬੇਕਾਰ ਸਮਝ ਕੇ ਅਸੀਂ ਅਕਸਰ ਇਨ੍ਹਾਂ ਨੂੰ ਸੁੱਟ ਦਿੰਦੇ ਹਾਂ ਜਾਂ ਉਸ ਹਿੱਸੇ ਨੂੰ ਕੱਟ ਕੇ ਬਾਕੀ ਹਿੱਸੇ ਦੀ ਵਰਤੋਂ ਕਰ ਲੈਂਦੇ ਹਾਂ। ਹੁਣ ਇਸ ਵਾਰ ਉਸ ਨੂੰ ਸੁੱਟੋ ਨਾ, ਆਲੂ ਦੇ ਜਿਸ ਹਿੱਸੇ ਵਿਚ ਅੱਖ ਨਿਕਲਦੀ ਨਜ਼ਰ ਆਵੇ, ਉਨ੍ਹਾਂ ਟੁਕੜਿਆਂ ਨੂੰ ਚੰਗੀ ਤਰ੍ਹਾਂ ਧੁੱਪ ਵਿਚ ਸੁਕਾਓ। ਆਲੂ ਦੇ ਇਨ੍ਹਾਂ ਟੁਕੜਿਆਂ ਨੂੰ ਮਿੱਟੀ ਅਤੇ ਖਾਦ ਦਾ ਮਿਸ਼ਰਣ ਬਣਾ ਕੇ ਗਮਲੇ ਵਿਚ 8 ਇੰਚ ਡੂੰਘਾ ਬੀਜ ਦਿਓ। ਅੱਖ ਦਾ ਹਿੱਸਾ ਉੱਪਰ ਵੱਲ ਰੱਖੋ। ਜਿਵੇਂ ਹੀ ਆਲੂ ਦੀ ਉਪਰਲੀ ਸਤਹ ਵਿਚ ਵਧਦੀ ਹੋਈ ਜੜ੍ਹ ਦਿਸਣੀ ਸ਼ੁਰੂ ਹੋਵੇ, ਉਸ 'ਤੇ ਥੋੜ੍ਹੀ ਹੋਰ ਮਿੱਟੀ ਪਾ ਕੇ ਹਲਕੇ ਹੱਥਾਂ ਨਾਲ ਇਸ ਨੂੰ ਦਬਾਅ ਦਿਓ।
ਪੁਦੀਨਾ : ਪੁਦੀਨੇ ਦੇ ਪੱਤਿਆਂ ਨੂੰ ਵਰਤਣ ਤੋਂ ਬਾਅਦ ਅਸੀਂ ਇਨ੍ਹਾਂ ਦੀਆਂ ਡੰਡੀਆਂ ਨੂੰ ਸੁੱਟ ਦਿੰਦੇ ਹਾਂ। ਇਸ ਵਾਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਇਕ ਛੋਟੇ ਗਮਲੇ ਵਿਚ ਖਾਦ ਅਤੇ ਮਿੱਟੀ ਮਿਲਾ ਕੇ ਭਰ ਕੇ ਇਨ੍ਹਾਂ ਡੰਢਲਾਂ ਨੂੰ ਇਨ੍ਹਾਂ ਦੇ ਸ਼ੂਟ ਵੱਲ ਮਿੱਟੀ ਵਿਚ ਥੋੜ੍ਹਾ ਗੱਡ ਕੇ ਖੜ੍ਹਾ ਰੱਖੋ ਅਤੇ ਇਨ੍ਹਾਂ 'ਤੇ ਪਾਣੀ ਪਾ ਕੇ ਇਨ੍ਹਾਂ ਨੂੰ ਘੱਟ ਧੁੱਪ ਅਤੇ ਰੌਸ਼ਨੀ ਵਾਲੀ ਜਗ੍ਹਾ 'ਤੇ ਰੱਖੋ।
ਪਿਆਜ਼ : ਹਰਾ ਪਿਆਜ਼ ਕੱਟਣ ਤੋਂ ਬਾਅਦ ਉਸ ਦੇ ਪੱਤਿਆਂ ਨੂੰ ਵਰਤੋਂ ਵਿਚ ਲਿਆ ਕੇ ਹੇਠਲੇ ਸਿਰੇ ਨੂੰ ਅਸੀਂ ਅਕਸਰ ਕੂੜੇ ਵਿਚ ਹੀ ਸੁੱਟਦੇ ਹਾਂ। ਇਨ੍ਹਾਂ ਦੀ ਵੀ ਵਰਤੋਂ ਹੋ ਸਕਦੀ ਹੈ। ਹੇਠਲੇ ਸਿਰਿਆਂ ਨੂੰ ਪਾਣੀ ਨਾਲ ਭਰੇ ਕੱਚ ਦੇ ਭਾਂਡੇ ਵਿਚ ਰੱਖ ਕੇ ਇਨ੍ਹਾਂ ਤੋਂ ਨਵੇਂ ਪਿਆਜ਼ ਪ੍ਰਾਪਤ ਕਰ ਸਕਦੇ ਹਾਂ। ਬਸ ਧਿਆਨ ਇਹ ਰੱਖਣਾ ਹੈ ਕਿ ਹੇਠਲਾ ਸਿਰਾ ਪਾਣੀ ਵਿਚ ਤੈਰਦਾ ਰਹੇ, ਪਾਣੀ ਨੂੰ ਹਰ 2-3 ਦਿਨ ਬਾਅਦ ਬਦਲਦੇ ਰਹੋ। ਵਿਚ-ਵਿਚ ਇਸ ਨੂੰ ਧੁੱਪ ਨੂੰ ਲਵਾਉਂਦੇ ਰਹੋ। ਕੁਝ ਹੀ ਦਿਨਾਂ ਬਾਅਦ ਇਨ੍ਹਾਂ ਦੀਆਂ ਜੜ੍ਹਾਂ ਵਿਚੋਂ ਨਵੇਂ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਤਾਜ਼ੇ, ਮਹਿਕਦੇ, ਘਰ ਦੇ ਬਣੇ ਪਿਆਜ਼ ਦੇ ਪੱਤਿਆਂ ਦੀ ਵਰਤੋਂ ਸਬਜ਼ੀ, ਸਲਾਦ ਅਤੇ ਚਾਈਨੀਜ਼ ਡਿਸ਼ ਵਿਚ ਕੀਤੀ ਜਾ ਸਕਦੀ ਹੈ।
ਲਸਣ : ਲਸਣ ਦੀਆਂ ਸਾਬਤ ਕਲੀਆਂ ਨੂੰ ਬਿਨਾਂ ਛਿੱਲੇ ਇਕ ਗਮਲੇ ਵਿਚ ਜੇ ਗੱਡ ਦਿੱਤਾ ਜਾਵੇ ਤਾਂ ਇਸ ਨਾਲ ਲਸਣ ਦੇ ਹਰੇ ਪੱਤਿਆਂ ਦੀ ਵਰਤੋਂ ਤਾਂ ਕੀਤੀ ਹੀ ਜਾ ਸਕਦੀ ਹੈ, ਨਾਲ ਹੀ ਘਰ ਦੀ ਹਰਿਆਲੀ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਇਨ੍ਹਾਂ ਕਲੀਆਂ ਨੂੰ 2-2 ਇੰਚ ਦੀ ਦੂਰੀ 'ਤੇ ਗੱਡ ਦਿਓ ਅਤੇ ਮਿੱਟੀ ਵਿਚ ਸਿੰਚਾਈ ਕਰਕੇ ਧੁੱਪ ਵਾਲੀ ਜਗ੍ਹਾ 'ਤੇ ਰੱਖ ਦਿਓ।
ਅਦਰਕ : ਅਦਰਕ ਵਿਚ ਜਦੋਂ ਅੱਖ ਨਿਕਲਦੀ ਦਿਖਾਈ ਦੇਵੇ ਤਾਂ ਇਸ ਨੂੰ ਗਮਲੇ ਵਿਚ ਗੱਡ ਕੇ ਗਮਲੇ ਨੂੰ ਧੁੱਪ ਵਾਲੀ ਜਗ੍ਹਾ 'ਤੇ ਰੱਖ ਦੇਣਾ ਚਾਹੀਦਾ ਹੈ। ਕੁਝ ਹੀ ਦਿਨਾਂ ਵਿਚ ਸੁੰਦਰ ਪੌਦਾ ਉੱਗ ਜਾਂਦਾ ਹੈ। ਪੈਦਾ ਹੋਏ ਅਦਰਕ ਨਾਲ ਦੁਬਾਰਾ ਅਦਰਕ ਉਗਾਇਆ ਜਾ ਸਕਦਾ ਹੈ।
ਸ਼ਿਮਲਾ ਮਿਰਚ : ਅਕਸਰ ਅਸੀਂ ਸ਼ਿਮਲਾ ਮਿਰਚ ਨੂੰ ਕੱਟਣ ਤੋਂ ਬਾਅਦ ਉਸ ਦੇ ਬੀਜ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਬੇਕਾਰ ਸਮਝ ਕੇ ਕੂੜੇ ਵਿਚ ਸੁੱਟ ਦਿੰਦੇ ਹਾਂ। ਇਨ੍ਹਾਂ ਬੀਜਾਂ ਨੂੰ ਜੇ ਗਮਲੇ ਵਿਚ ਬੀਜ ਦਿੱਤਾ ਜਾਵੇ ਤਾਂ ਇਸ ਵਿਚੋਂ ਨਿਕਲੇ ਪੌਦੇ ਸੁੰਦਰ ਲਗਦੇ ਹਨ। ਹਾਲਾਂਕਿ ਇਨ੍ਹਾਂ ਨੂੰ ਗਮਲੇ ਵਿਚ ਲਗਾਉਣ ਤੋਂ ਬਾਅਦ ਜ਼ਿਆਦਾ ਵਧੀਆ, ਉੱਤਮ, ਕਵਾਲਿਟੀ ਦੀ ਮਿਰਚ ਨਹੀਂ ਮਿਲਦੀ ਪਰ ਘਰ ਵਿਚ ਹਰਿਆਲੀ ਜ਼ਰੂਰ ਹੁੰਦੀ ਹੈ।
ਟਮਾਟਰ : ਸੜੇ ਹੋਏ ਟਮਾਟਰ ਨੂੰ ਸੁੱਟਣ ਦੀ ਬਜਾਏ ਉਸ ਦੇ ਗੁੱਦੇ ਨੂੰ ਕੱਢ ਕੇ ਧੁੱਪ ਵਿਚ ਸੁਕਾਓ ਅਤੇ ਇਨ੍ਹਾਂ ਨੂੰ ਗਮਲੇ ਵਿਚ ਬੀਜ ਦਿਓ। ਟਮਾਟਰ ਉਗਾਉਣ ਲਈ ਵੈਸੇ ਵੀ ਇਨ੍ਹਾਂ ਦੇ ਟੁਕੜਿਆਂ ਨੂੰ ਜ਼ਮੀਨ ਵਿਚ ਦੱਬ ਕੇ ਸਹੀ ਖਾਦ, ਪਾਣੀ ਅਤੇ ਦੇਖਭਾਲ ਨਾਲ ਟਮਾਟਰ ਦੇ ਪੌਦੇ ਉਗਾਏ ਜਾ ਸਕਦੇ ਹਨ।


-ਅਨੁ ਆਰ.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX