ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂਆਂ ਦੀ ਸੁਚੱਜੀ ਕਾਸ਼ਤ

ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਖੁਰਾਕੀ ਫ਼ਸਲ ਹੈ। ਪੰਜਾਬ ਵਿਚ ਤਕਰੀਬਨ 1 ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ। ਆਲੂ ਇਕ ਠੰਢੇ ਮੌਸਮ ਦੀ ਫ਼ਸਲ ਹੈ। ਆਲੂ ਦੀ ਫ਼ਸਲ ਉਸ ਮੌਕੇ ਪੈਦਾ ਕੀਤੀ ਜਾਂਦੀ ਹੈ, ਜਦੋਂ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਹੋਵੇ ਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ। ਦਿਨ ਨੂੰ ਧੁੱਪ ਤੇ ਰਾਤਾਂ ਠੰਢੀਆਂ ਫ਼ਸਲ ਲਈ ਚੰਗੀਆਂ ਹਨ। ਜਿਥੇ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਆਲੂਆਂ ਦੇ ਬੂਟਿਆਂ ਨੂੰ ਆਲੂ ਨਹੀਂ ਪੈਂਦੇ। ਇਸ ਫ਼ਸਲ ਨੂੰ ਕੋਰਾ ਤੇ ਠੰਢ ਵੀ ਨੁਕਸਾਨ ਕਰਦੀ ਹੈ। ਪੰਜਾਬ ਵਿਚ ਆਲੂ ਦੀ ਅਗੇਤੀ, ਆਮ ਮੌਸਮੀ ਤੇ ਬਹਾਰ ਰੁੱਤ ਦੀ ਫ਼ਸਲ ਲਈ ਜਾਂਦੀ ਹੈ। ਅਗੇਤੀ ਫ਼ਸਲ ਜਿਹੜੀ ਸਤੰਬਰ ਵਿਚ ਬੀਜੀ ਜਾਂਦੀ ਹੈ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਫ਼ਸਲ, ਜਿਹੜੀ ਅਕਤੂਬਰ ਵਿਚ ਬੀਜੀ ਜਾਂਦੀ ਹੈ, ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਨਹੀਂਂ ਕਰਨਾ ਪੈਂਦਾ, ਪਰ ਇਹਨੂੰ ਕੋਰੇ ਦੇ ਨੁਕਸਾਨ ਦਾ ਡਰ ਰਹਿੰਦਾ ਹੈ।
ਜ਼ਮੀਨ ਦੀ ਚੋਣ ਅਤੇ ਤਿਆਰੀ : ਆਲੂ ਦੀ ਕਾਸ਼ਤ ਭਾਵੇਂ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ, ਪ੍ਰੰਤੂ ਚੰਗੇ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁਕਵੀਂ ਹੈ। ਜ਼ਮੀਨ ਦੀ ਪੀ.ਐਚ 5.5 ਤੋਂ 8.0 ਤੱਕ ਹੋਣੀ ਚਾਹੀਦੀ ਹੈ। ਜ਼ਮੀਨ ਦੇ ਹੇਠਾਂ ਕੋਈ ਸਖਤ ਮਿੱਟੀ ਦੀ ਤਹਿ ਨਹੀਂਂ ਹੋਣੀ ਚਾਹੀਦੀ। ਭਾਰੀਆਂ ਜ਼ਮੀਨਾਂ ਵਿਚ ਆਲੂਆਂ ਦੀ ਸ਼ਕਲ ਬੇਢਵੀ ਹੋ ਸਕਦੀ ਹੈੈ।
ਸਮੁੱਚੇ ਤੌਰ 'ਤੇ ਵਹਾਈ ਜ਼ਮੀਨ ਦੀ ਕਿਸਮ 'ਤੇ ਨਿਰਭਰ ਕਰੇਗੀ। ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਓ। ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਘੱਟ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ। ਆਲੂ ਦੀ ਫ਼ਸਲ ਆਮ ਤੌਰ 'ਤੇ ਝੋਨੇ, ਮੱਕੀ ਆਦਿ ਤੋਂ ਬਾਅਦ ਬੀਜੀ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਕੋਈ ਫਲੀਆਂ ਵਾਲੀ ਫ਼ਸਲ ਜਾਂ ਹਰੀ ਖਾਦ ਇਸ ਤੋਂ ਪਹਿਲਾਂ ਆ ਜਾਵੇ। 20 ਕਿਲੋ ਸਣ ਜਾਂ ਜੰਤਰ ਜੂਨ ਦੇ ਅਖੀਰ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਬੀਜੋ। ਜਦ ਇਹ ਫ਼ਸਲ 7-8 ਹਫ਼ਤੇ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ ਤਾਂ ਕਿ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਚੰਗੀ ਤਰ੍ਹਾਂ ਗਲ-ਸੜ ਜਾਵੇ। ਹਰੀ ਖਾਦ ਜ਼ਮੀਨ ਉਲਟਾਵੇ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਧਾਰਨ ਹਲ ਨਾਲ ਵਾਹੋ।
ਬੀਜ ਦੀ ਮਾਤਰਾ, ਗੁਣਵਤਾ ਅਤੇ ਸੁਧਾਈ : ਆਲੂ ਦੀ ਕਾਸ਼ਤ ਵਿਚ ਤਕਰੀਬਨ 50 ਫ਼ੀਸਦੀ ਖਰਚਾ ਆਲੂ ਦੇ ਬੀਜ 'ਤੇ ਆ ਜਾਂਦਾ ਹੈ, ਇਸ ਲਈ ਇਸ ਦੇ ਬੀਜ ਦੀ ਕੁਆਲਟੀ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੀਜ ਸਹੀ ਕਿਸਮ ਦਾ ਹੋਵੇ, ਬਿਮਾਰੀ ਤੋਂ ਰਹਿਤ ਹੋਵੇ ਤੇ ਅਪਣੀ ਉਮਰ ਤੋਂ ਵੱਡਾ ਨਾ ਹੋਵੇ। ਰਸ ਚੂਸਣ ਵਾਲੇ ਕੀੜੇ ਵਿਸ਼ਾਣੂ ਰੋਗ ਫੈਲਾਉਂਦੇ ਹਨ ਤੇ ਇਹ ਕੀੜੇ ਪੱਤਿਆਂ ਤੋਂ ਰਸ ਚੂਸਦੇ ਹਨ ਤੇ ਇਥੋ ਇਹ ਰੋਗ ਆਲੂ ਵਿਚ ਚਲਿਆ ਜਾਂਦਾ ਹੈ। ਜੇਕਰ ਅਸੀਂ ਬਿਮਾਰੀ ਵਾਲੇ ਆਲੂ ਵਰਤਦੇ ਹਾਂ ਤਾਂ ਬੀਮਾਰ ਬੂਟੇ ਉਗਦੇ ਹਨ। ਚੰਗਾ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਬੀਜ ਸਿਹਤਮੰਦ ਹੋਵੇ। ਆਲੂਆਂ ਦਾ ਝਾੜ ਕੁਝ ਸਾਲਾਂ ਬਾਅਦ ਘੱਟ ਜਾਂਦਾ ਹੈ ਇਸ ਕਰਕੇ ਇਸ ਦਾ ਬੀਜ 2-3 ਸਾਲ ਬਾਅਦ ਬਦਲ ਲੈਣਾ ਚਾਹੀਦਾ ਹੈ। ਬੀਜ ਕੋਲਡ ਸਟੋਰ ਵਿਚ ਬਿਜਾਈ ਤੋਂ ਤਕਰੀਬਨ 10 ਦਿਨ ਪਹਿਲਾਂ ਬਾਹਰ ਕੱਢ ਲੈਣਾ ਚਾਹੀਦਾ ਹੈ। ਦਵਾਈ ਲਾ ਕੇ ਬੀਜ ਨੂੰ ਸੁਕਾ ਲਵੋ ਤੇ ਕਿਸੇ ਠੰਢੀ ਛਾਂ ਵਾਲੀ ਥਾਂ ਵਿਚ ਖਿਲਾਰ ਦਿਓ ਤੇ ਇਸ ਨੂੰ ਪੁੰਗਰਨ ਦਿਓ। ਇਸ ਤਰ੍ਹਾਂ ਆਲੂਆਂ ਦੇ ਨਰੋਆ ਫੁਟਾਰ ਆ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ। ਬੀਜ ਵਾਲੇ ਆਲੂਆਂ ਦਾ ਵਾਰ-ਵਾਰ ਨਿਰੀਖਣ ਕਰਨਾ ਚਾਹੀਦਾ ਹੈ ਗਲੇ-ਸੜੇ ਆਲੂ ਨੂੰ ਕੱਢ ਕੇ ਬਾਹਰ ਕਿਸੇ ਡੂੰਘੀ ਥਾਂ ਟੋਆ ਪੁੱਟ ਕੇ ਦੱਬ ਦੇਣਾ ਚਾਹੀਦਾ ਹੈ। 40-50 ਗਰਾਮ ਭਾਰ ਦੇ ਆਲੂ 12-18 ਕੁਇੰਟਲ/ ਏਕੜ ਵਰਤਣੇ ਚਾਹੀਦੇ ਹਨ।
ਬਿਜਾਈ ਦਾ ਸਮਾਂ ਅਤੇ ਢੰਗ : ਪੰਜਾਬ ਦੇ ਉਤਰੀ ਜ਼ਿਲ੍ਹਿਆਂ ਵਿਚ ਆਲੂਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਅਕਤੂਬਰ ਦਾ ਮਹੀਨਾ ਹੈ। ਅਗੇਤੀ ਫ਼ਸਲ ਲੈਣ ਲਈ, ਬਿਜਾਈ ਸਤੰਬਰ ਦੇ ਅਖੀਰ ਵਿਚ ਵੀ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਢੁਕਵਾਂ ਹੈ। ਸਤੰਬਰ ਵਿਚ ਬਿਜਾਈ ਕਰਨ ਵੇਲੇ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਬਹਾਰ ਰੁੱਤ ਦੀ ਫ਼ਸਲ ਦੀ ਬਿਜਾਈ ਵੇਲੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿਤੇ ਉਗ ਰਹੇ ਬੂਟਿਆਂ ਨੂੰ ਕੋਰਾ ਨੁਕਸਾਨ ਨਾ ਕਰ ਜਾਵੇ, ਕਿਉਂਕਿ ਕੋਰਾ ਆਮ ਤੌਰ 'ਤੇ ਜਨਵਰੀ ਵਿਚ ਪੈਂਦਾ ਹੈ। (ਚਲਦਾ)


-ਮੋਬਾਈਲ : 82838-1424


ਖ਼ਬਰ ਸ਼ੇਅਰ ਕਰੋ

ਅਲਸੀ ਦੀ ਕਾਸ਼ਤ ਦੇ ਤਕਨੀਕੀ ਢੰਗ

ਅਲਸੀ ਭਾਰਤ ਦੀ ਮਹੱਤਵਪੂੁਰਨ ਤੇਲ ਬੀਜ ਫ਼ਸਲ ਹੈ। ਪੰਜਾਬ ਵਿਚ ਅਲਸੀ ਦੀ ਕਾਸ਼ਤ ਮੁੱਖ ਤੌਰ 'ਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲਿਆਂ ਵਿਚ ਕੀਤੀ ਜਾਂਦੀ ਹੈ। ਇਸ ਦੀ ਪੈਦਾਵਾਰ ਬੀਜ ਅਤੇ ਰੇਸ਼ੇ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਰੇਸ਼ਿਆਂ ਤੋਂ ਲਿਨੇਨ ਨਾਂਅ ਦਾ ਕੱਪੜਾ ਬਣਦਾ ਹੈ । ਇਸ ਦੇ ਪੌਦੇ ਦਾ ਹਰ ਇਕ ਭਾਗ ਸਿੱਧੇ ਜਾਂ ਅਸਿੱਧੇ ਤੌਰ 'ਤੇ ਵਪਾਰ ਕਰਨ ਲਈ ਵਰਤਿਆ ਜਾਂਦਾ ਹੈ। ਕਿਸਮ ਅਨੁਸਾਰ ਇਸ ਦੇ ਬੀਜਾਂ ਵਿਚ 33-47 ਫ਼ੀਸਦੀ ਤੇਲ ਹੁੰਦਾ ਹੈ। ਇਸਦੇ ਤੇਲ ਵਿਚ 50-60 ਫ਼ੀਸਦੀ ਲਿਨੋਲੇਨਿਕ ਐਸਿਡ ਪਾਇਆ ਜਾਂਦਾ ਹੈ, ਜੋ ਕਲੈਸਟਰੋਲ ਅਤੇ ਖੂਨ ਦਾ ਦਬਾਅ ਘਟਾਉਣ ਵਿਚ ਸਹਾਇਕ ਹੈ, ਨਾਲ ਹੀ ਦਿਲ ਦੀਆਂ ਬਿਮਾਰੀਆਂ, ਸ਼ੂੂੂਗਰ ਤੇ ਜੋੜਾਂ ਦੇ ਦਰਦਾਂ ਵਰਗੀਆਂ ਬਿਮਾਰੀਆਂ ਤੋਂ ਬਚਾਉਦਾਂ ਹੈ। ਇਸਦੀ ਵਰਤੋਂ ਪਸ਼ੂਆਂ ਦੀ ਖੁਰਾਕ,ਪੇਂਟ, ਸਾਬਣ ਤੇ ਇੰਕ ਬਣਾਉਣ ਲਈ ਕੀਤੀ ਜਾਂਦੀ ਹੈ।
ਮੌਸਮ ਤੇ ਜ਼ਮੀਨ
ਅਲਸੀ ਠੰਢੇ ਮੌਸਮ ਦੀ ਫ਼ਸਲ ਹੈ। ਇਹ ਫ਼ਸਲ ਜ਼ਿਆਦਾ ਮੀਂਹ ਵਾਲੇ ਇਲਾਕਿਆਂ ਵਿਚ ਚੰਗੀ ਹੁੰਦੀ ਹੈ। ਇਸ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਤੇ ਚੀਕਣੀ ਜ਼ਮੀਨ ਢੁੱਕਵੀਂ ਹੈ। ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੇ ਹੇਠਾਂ ਦਿੱਤੇ ਢੰਗ ਅਪਣਾ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ।
ਉੱਨਤ ਕਿਸਮਾਂ ਬੀਜੋ
ਐਲ ਸੀ 2063:ਇਹ ਕਿਸਮ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ। ਇਹ ਕਿਸਮ ਪੱਕਣ ਲਈ 158 ਦਿਨ ਲੈਂਦੀ ਹੈ। ਇਸ ਦੇ ਦੇ ਬੀਜਾਂ ਵਿਚ 38.4 ਪ੍ਰਤੀਸ਼ਤ ਤੇਲ ਦੀ ਮਾਤਰਾ ਹੈ। ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ।
ਐਲ ਸੀ 2023 : ਇਹ ਕਿਸਮ ਬਰਾਨੀ ਅਤੇ ਸੇਂਜੂ ਹਾਲਤਾਂ ਲਈ ਸ਼ਿਫਾਰਸ਼ ਕੀਤੀ ਗਈ ਹੈ। ਇਹ ਕਿਸਮ ਲੰਮੀ, ਨੀਲੇ ਫੁੱਲ ਅਤੇ ਵਧੇਰੇ ਘੁੰਡਰਾਂ ਵਾਲੀ ਹੈ । ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੇ ਬੀਜ ਵਿਚ ਤੇਲ ਦੀ ਮਾਤਰਾ 37.4 ਪ੍ਰਤੀਸ਼ਤ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ 158 ਦਿਨ ਬਰਾਨੀ ਹਾਲਤਾਂ ਵਿਚ ਅਤੇ ਸੇਂਜੂ ਹਾਲਤਾਂ ਵਿਚ 163 ਦਿਨ ਲੈਂਦੀ ਹੈ । ਇਹ ਕਿਸਮ ਵੀ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ ।
ਬਿਜਾਈ ਸਮੇਂ ਸਿਰ ਤੇ ਸੁਧਰੇ ਢੰਗ ਨਾਲ਼ ਕਰੋ : ਅਲਸੀ ਦੀ ਬਿਜਾਈ ਅਕਤੂਬਰ ਵਿਚ ਕਰੋ। ਬਿਜਾਈ 23 ਸੈਂਟੀਮੀਟਰ ਵਿੱਥ ਵਾਲੇ ਸਿਆੜਾਂ ਵਿਚ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਇਕ ਏਕੜ ਲਈ 15 ਕਿੱਲੋ ਬੀਜ ਕਾਫੀ ਹੈ। ਅਲਸੀ ਦੀ ਬਿਜਾਈ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ।
ਖਾਦਾਂ ਦੀ ਸੁਚੱਜੀ ਵਰਤੋਂ ਤੇ ਨਦੀਨਾਂ ਦੀ ਰੋਕਥਾਮ ਜ਼ਰੂਰ ਕਰੋ : 55 ਕਿਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਫ਼ਾਸਫ਼ੋਰਸ ਤੱਤ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਰਾਹੀਂ ਪਾਉਣ ਨੂੰ ਤਰਜੀਹ ਦਿਓ। ਅਲਸੀ ਦੀ ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਗੋਡੀ, ਬਿਜਾਈ ਤੋਂ ਛੇ ਹਫ਼ਤੇ ਮਗਰੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ ।
ਸਿੰਚਾਈ ਲੋੜ ਅਨੁਸਾਰ ਕਰੋ : ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ 3 ਤੋਂ 4 ਪਾਣੀ ਕਾਫੀ ਹਨ। ਅਲਸੀ ਨੂੰ ਫੁੱਲ ਨਿੱਕਲਣ ਸਮੇਂ ਇਕ ਪਾਣੀ ਦੇਣਾ ਜ਼ਰੂਰੀ ਹੈ ।
ਬਿਮਾਰੀਆਂ ਤੋਂ ਸੁਰੱਖਿਆ
1. ਕੁੰਗੀ : ਗੁਲਾਬੀ ਰੰਗ ਦੇ ਧੱਬੇ ਅਤੇ ਧਾਰੀਆਂ ਪੱਤਿਆਂ, ਟਾਹਣੀਆਂ ਅਤੇ ਫਲੀਆਂ ਉੱਤੇ ਪੈ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ (ਐਲ ਸੀ 2023 ਅਤੇ ਐਲ ਸੀ 2063) ਬੀਜੋ। ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ।
2. ਉਖੇੜਾ: ਛੋਟੀ ਉਮਰ ਦੀ ਫ਼ਸਲ 'ਤੇ ਹਮਲਾ ਹੋਣ 'ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐਲ ਸੀ 2023 ਅਤੇ ਐਲ ਸੀ 2063 ਬੀਜੋ।
3. ਚਿੱਟਾ ਰੋਗ: ਪੱਤਿਆਂ ਉੱਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਅਤੇ ਫੁੱਲ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ੍ਹ ਜਾਂਦੇ ਹਨ ਅਤੇ ਬੀਜ ਸੁੱਕੜ ਜਾਂਦੇ ਹਨ।
ਸਾਲ 2015-16, 2016-2017 ਤੇ 2017-2018 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 25 ਏਕੜ 'ਤੇ ਅਲਸੀ ਦੀ ਕਿਸਮ ਐਲ ਸੀ 2063 ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਕਿਸਮ ਦਾ ਸਾਲ 2015-16, 2016-2017 ਤੇ 2017-2018 ਵਿਚ ਔਸਤਨ ਝਾੜ 4.8, 4.8 ਤੇ 4.2 ਕੁਇੰਟਲ ਪ੍ਰਤੀ ਏਕੜ ਰਿਹਾ। ਇਸ ਲਈ ਕਿਸਾਨਾਂ ਨੂੰ ਵਧੇਰੇ ਝਾੜ ਤੇ ਆਮਦਨ ਪ੍ਰਾਪਤ ਕਰਨ ਲਈ ਅਲਸੀ ਦੀ ਕਾਸ਼ਤ ਤਕਨੀਕੀ ਢੰਗਾਂ ਨਾਲ ਕਰਨੀ ਚਾਹੀਦੀ ਹੈ।


-ਪੀ ਏ ਯੂ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਪਰਾਲੀ ਦੀ ਸਾਂਭ-ਸੰਭਾਲ ਲਈ ਵਿਦੇਸ਼ੀ ਬੇਲਰ ਹੋਵੇਗਾ ਵਰਦਾਨ ਸਾਬਤ

ਝੋਨੇ ਅਤੇ ਕਣਕ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਵਿਦੇਸ਼ੀ ਤਕਨੀਕ ਮਸ਼ੀਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ ਜੋ ਕਿ ਕਿਸਾਨਾਂ ਲਈ ਕਾਰਗਰ ਸਿੱਧ ਹੋਵੇਗੀ। ਗਰੀਨ ਟ੍ਰਿਬਿਊਨਲ ਵਲੋਂ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦੇਣ ਉਪਰੰਤ ਭਾਰਤ ਅਤੇ ਸੂਬਾ ਸਰਕਾਰਾਂ ਵਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਨਾ ਸਾੜਿਆ ਜਾਵੇ। ਪ੍ਰੰਤੂ ਮਣਾਂ ਮੂਹੀਂ ਪਰਾਲੀ ਦੀ ਸਾਂਭ-ਸੰਭਾਲ ਕਰਨ ਤੋਂ ਬੇਵੱਸ ਕਿਸਾਨਾਂ ਵਲੋਂ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾ ਕੇ ਸੜਿਆ ਜਾਂਦਾ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਦੀਆਂ ਦਲੀਲਾਂ ਵੀ ਕਿਸਾਨਾਂ ਦੇ ਇਸ ਲਈ ਰਾਸ ਨਹੀਂ ਆ ਰਹੀਆਂ ਕਿ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਲਈ ਫਾਲਤੂ ਵੱਡਾ ਖਰਚਾ ਝੱਲਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਪਰਾਲੀ ਦੀਆਂ ਛੋਟੀਆਂ ਗੱਠਾਂ ਬਣਾਉਣ ਲਈ ਆਈ ਮਸ਼ੀਨ ਵੀ ਬਹੁਤੀ ਲਾਹੇਵੰਦ ਨਹੀਂ ਰਹੀ, ਕਿਉਂਕਿ ਇਨ੍ਹਾਂ ਗੱਠਾਂ ਦੀ ਸਾਂਭ-ਸੰਭਾਲ ਕਰਨ ਲਈ ਛੋਟੇ ਕਿਸਾਨਾਂ ਕੋਲ ਜਗ੍ਹਾ ਦੀ ਵੱਡੀ ਸਮੱਸਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਰਾਜਵਾਲਾ ਦੇ ਅਗਾਂਹ ਵਧੂ ਕਿਸਾਨ ਗੁਰਸ਼ਰਨ ਸਿੰਘ ਸਮਾਜੀ ਨੇ ਦੱਸਿਆ ਕਿ ਉਸ ਨੇ ਇਟਲੀ ਦੀ ਤਕਨੀਕ ਨਾਲ ਬਣੀ ਵਿਦੇਸ਼ੀ ਮਸ਼ੀਨ ਲਿਆਂਦੀ ਹੈ। ਪੂਰੇ ਪੰਜਾਬ ਵਿਚ ਆਈਆਂ ਅਜਿਹੀਆਂ ਅੱਠ ਮਸ਼ੀਨਾਂ ਵਿਚੋਂ ਇਹ ਇਕ ਮਸ਼ੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਉਨ੍ਹਾਂ ਪਾਸ ਆਈ ਹੈ। ਇਹ ਮਸ਼ੀਨ ਪਰਾਲੀ ਦਾ ਵੱਡਾ ਰੋਲ ਬਣਾ ਦਿੰਦੀ ਹੈ। ਇਹ ਮਸ਼ੀਨ ਇਕ ਏਕੜ ਵਿਚ ਤਿੰਨ ਜਾਂ ਚਾਰ ਵੱਡੇ ਚਾਰ ਤੋਂ ਪੰਜ ਕੁਇੰਟਲ ਵਜ਼ਨੀ ਰੋਲ ਬਣਾਏਗੀ ਅਤੇ ਅਜਿਹੇ ਰੋਲ ਕਿਸਾਨ ਸਟੋਰ ਵੀ ਅਸਾਨੀ ਨਾਲ ਕਰ ਸਕੇਗਾ। ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗ ਵੀ ਨਹੀਂ ਲਾਏਗਾ। ਇਸ ਦੀ ਦਿਨ ਵਿਚ 40 ਤੋਂ 50 ਏਕੜ ਰਕਬੇ ਵਿਚੋਂ ਪਰਾਲੀ ਦੇ ਰੋਲ ਬਣਾਉਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਉਸ ਵਲੋਂ ਪਰਾਲੀ ਨੂੰ ਇਕੱਠਾ ਕਰਨ ਅਤੇ ਢੋਆ-ਢੁਆਈ ਲਈ ਆਪਣੇ ਪੱਧਰ 'ਤੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਖ਼ਪਤ ਬਾਇਓ ਪਲਾਂਟਾਂ ਵਿਚ ਅਸਾਨੀ ਨਾਲ ਕੀਤੀ ਜਾ ਸਕਦੀ ਹੈ।


-ਪੱਤਰ ਪ੍ਰੇਰਕ ਲੰਬੀ, ਮੋਬਾ :9417343152

ਵਧੇਰੇ ਆਮਦਨ ਲਈ ਕਣਕ ਦੀਆਂ ਸਫ਼ਲ ਕਿਸਮਾਂ ਦੀ ਕਾਸ਼ਤ ਕਰੋ

ਕਣਕ ਪੰਜਾਬ ਵਿਚ ਹਾੜ੍ਹੀ ਦੀ ਹੀ ਨਹੀਂ ਅਨਾਜ ਦੀ ਵੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਪਿਛਲੇ ਸਾਲ 35.20 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ। ਅਜੇ ਸਾਉਣੀ ਦੇ ਝੋਨੇ, ਬਾਸਮਤੀ ਅਤੇ ਨਰਮੇ ਦੀਆਂ ਫ਼ਸਲਾਂ ਦੀ ਵਾਢੀ, ਸਾਂਭ-ਸੰਭਾਲ ਤੇ ਵੱਟਤ ਕਿਸਾਨ ਕਰ ਰਹੇ ਹਨ। ਜਦੋਂ ਕਿ ਕੁਝ ਨਵੀਆਂ ਕਿਸਮਾਂ ਦੀ ਬਿਜਾਈ 10 ਕੁ ਦਿਨਾਂ ਵਿਚ ਸ਼ੁਰੂ ਹੋ ਜਾਣੀ ਹੈ। ਕਿਸਾਨਾਂ ਦੀ ਉਤਸੁਕਤਾ ਅਜਿਹੀਆਂ ਕਿਸਮਾਂ ਬੀਜਣ ਦੀ ਹੈ, ਜੋ ਵੱਧ ਤੋਂ ਵੱਧ ਝਾੜ ਦੇਣ। ਕਣਕ ਦੀ ਸਰਕਾਰੀ ਖਰੀਦ ਹੋਣ ਕਾਰਨ ਹਰ ਕਿਸਮ ਦੀ ਫ਼ਸਲ ਦਾ ਕਿਸਾਨਾਂ ਨੂੰ ਲਗਭਗ ਇੱਕੋ ਭਾਅ ਮਿਲਦਾ ਹੈ, ਜਿਸ ਦਾ ਨਿਰਣਾ ਕੇਂਦਰ ਸਰਕਾਰ ਵਲੋਂ ਐਮ. ਐਸ. ਪੀ. ਦੇ ਮੁਕਰਰ ਕੀਤੇ ਜਾਣ ਨਾਲ ਹੁੰਦਾ ਹੈ। ਪਿਛਲੀ ਸ਼ਤਾਬਦੀ ਦੇ 5ਵੇਂ ਦਹਾਕੇ ਦੌਰਾਨ ਕਣਕ ਦਾ ਪ੍ਰਤੀ ਹੈਕਟੇਅਰ ਝਾੜ 10 ਕੁਇੰਟਲ ਤੋਂ ਵੀ ਥੱਲੇ ਸੀ। ਜਦੋਂ ਸੰਨ 1954 ਵਿਚ ਪ੍ਰੋ: (ਡਾ:) ਐਮ. ਐਸ. ਸਵਾਮੀਨਾਥਨ ਵਲੋਂ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੀ ਖੋਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜੋ ਖਾਦਾਂ ਦੀ ਵਰਤੋਂ ਨਾਲ ਵਧੇਰੇ ਝਾੜ ਦੇਣ ਅਤੇ ਡਿਗਣ ਨਾ। ਫੇਰ ਜਦੋਂ ਡਾ: ਨੋਰਮਨ ਈ-ਬਰਲੋਗ ਨੇ ਭਾਰਤ ਦੀ ਫੇਰੀ ਪਾ ਕੇ ਸੰਨ 1963 ਵਿਚ ਕਣਕ ਦੀਆਂ ਤਿੰਨ ਕਿਸਮਾਂ ਲਰਮਾ ਰੋਜ਼ੋ, ਸਨੌਰਾ 64 ਅਤੇ ਮਾਇਊ 64 ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਨੂੰ ਮੁਹੱਈਆ ਕੀਤੀਆਂ ਅਤੇ ਸਵਰਗੀ ਡਾ. ਅਮਰੀਕ ਸਿੰਘ ਚੀਮਾ ਨੇ ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ ਦੇ ਕਿਸਾਨਾਂ ਨੂੰ ਉਪਲੱਬਧ ਕੀਤਾ, ਇਸ ਨਾਲ ਕਣਕ ਦਾ ਇਨਕਲਾਬ ਸ਼ੁਰੂ ਹੋਇਆ, ਜੋ ਬਾਅਦ ਵਿਚ ਸੰਨ 1967 'ਚ ਸਬਜ਼ ਇਨਕਲਾਬ ਕਹਿਲਾਇਆ। ਇਸ ਤੋਂ ਬਾਅਦ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਾਸ ਸ਼ੁਰੂ ਹੋਇਆ।
ਵਧੇਰੇ ਝਾੜ ਲੈਣ ਲਈ ਸਭ ਤੋਂ ਵੱਧ ਕਣਕ ਦੀ ਯੋਗ ਕਿਸਮ ਚੁਣੇ ਜਾਣ ਦਾ ਯੋਗਦਾਨ ਹੈ। ਜਿਸ ਨੂੰ ਜ਼ਮੀਨ ਅਤੇ ਵਾਤਾਵਰਨ ਅਨੁਸਾਰ ਚੁਣਿਆ ਜਾਣਾ ਚਾਹੀਦਾ ਹੈ। ਇਸ ਨੂੰ ਮੁੱਖ ਰੱਖ ਕੇ ਪੰਜਾਬ ਦੇ ਕਿਸਾਨਾਂ 'ਚ ਉਤਸੁਕਤਾ ਵਧੇਰੇ ਐਚ. ਡੀ. 3226 ਅਤੇ ਡੀ. ਬੀ. ਡਬਲਿਊ. 187 ਕਿਸਮਾਂ ਦੀ ਕਾਸ਼ਤ ਕਰਨ ਦੀ ਹੈ। ਐਚ. ਡੀ. 3226 ਕਿਸਮ ਦਾ ਸੰਭਾਵਕ ਝਾੜ ਜੇ ਖੇਤ ਦਾ ਸਾਰਾ ਕੁਝ ਆਦਰਸ਼ਕ ਹੋਵੇ 31.8 ਕੁਇੰਟਲ ਤੱਕ ਹੈ। ਪ੍ਰੰਤੂ ਵਧੇਰੇ ਲਾਭ ਦੀ ਪ੍ਰਾਪਤੀ ਲਈ ਇਸ ਨੂੰ 25 ਅਕਤੂਬਰ ਤੋਂ 5 ਨਵਬੰਰ ਦੇ ਦਰਮਿਆਨ ਬੀਜਿਆ ਜਾਣਾ ਚਾਹੀਦਾ ਹੈ ਅਤੇ ਨਾਈਟਰੋਜਨ ਦੀ ਪੂਰੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਇਹ ਕਿਸਮ 142 ਦਿਨ 'ਚ ਪੱਕ ਕੇ ਪੂਰਾ ਝਾੜ ਦਿੰਦੀ ਹੈ। ਇਹ ਕਿਸਮ ਸਰਬ-ਭਾਰਤੀ ਫ਼ਸਲਾਂ ਅਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕੇਂਦਰ ਦੀ ਸਬ ਕਮੇਟੀ ਵਲੋਂ ਪੰਜਾਬ ਤੇ ਹਰਿਆਣਾ ਵਿਚ ਕਾਸ਼ਤ ਕਰਨ ਲਈ ਜਾਰੀ ਕਰ ਕੇ ਨੋਟੀਫਾਈ ਕਰ ਦਿੱਤੀ ਗਈ ਹੈ। ਡੀ. ਬੀ. ਡਬਲਿਊ. 187 ਕਿਸਮ ਦੀਆਂ ਅਜ਼ਮਾਇਸ਼ਾਂ ਉਪਰੰਤ ਆਲ ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਪਹਿਚਾਣ ਕਰ ਲਈ ਗਈ ਹੈ। ਇਸ ਦੀ ਪੂਰੀ ਉਤਪਾਦਕਤਾ ਹਾਸਲ ਕਰਨ ਲਈ ਇਸ ਨੂੰ ਅਕਤੂਬਰ ਦੇ ਆਖਰੀ ਹਫ਼ਤੇ 'ਚ ਬੀਜਣਾ ਚਾਹੀਦਾ ਹੈ ਅਤੇ ਕੀਮਿਆਈ ਖਾਦ ਦੀ ਯੂਰੀਆ ਸਣੇ ਵੱਧ ਤੋਂ ਵੱਧ ਖੁਰਾਕ ਦੇ ਦੇਣੀ ਚਾਹੀਦੀ ਹੈ। ਇਸ ਕਿਸਮ ਦਾ ਪੂਰਾ ਝਾੜ ਲੈਣ ਲਈ ਵੀ ਲੀਹੋਸੀਨ ਤੇ ਫੋਲੀਕੋਰ ਦੇ 2 ਛਿੜਕਾਅ ਸਿਫਾਰਸ਼ ਕੀਤੇ ਗਏ ਹਨ। ਇਹ ਦੋਵੇਂ ਕਿਸਮਾਂ ਸਿੰਜਾਈ ਵਾਲੇ ਇਲਾਕਿਆਂ 'ਚ ਕਾਸ਼ਤ ਕਰਨ ਲਈ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਅਜ਼ਮਾਇਸ਼ਾਂ ਦੇ ਆਧਾਰ ਤੇ ਐਚ. ਡੀ. ਸੀ. ਐਸ. ਡਬਲਿਊ. 18 ਕਿਸਮ ਦੀ ਸਿਫਾਰਸ਼ ਹੈ, ਜੋ ਉੱਚੀ ਉਤਪਾਦਕਤਾ ਦਿੰਦੀ ਹੈ। ਇਹ ਕਿਸਮ ਜ਼ੀਰੋ -ਟਿਲ ਤਕਨਾਲੋਜੀ ਹੈਪੀ ਸੀਡਰ ਨਾਲ ਬੀਜਣ ਲਈ ਬੜੀ ਅਨੁਕੂਲ ਹੈ। ਇਸ ਦੀ ਲੰਬਾਈ ਥੋੜ੍ਹੀ ਜਿਹੀ ਜ਼ਿਆਦਾ ਹੈ ਪ੍ਰੰਤੂ ਇਸ 'ਤੇ ਵੀ 2 ਲਿਹੋਸੀਨ ਦੇ ਛਿੜਕਾਅ ਕਰ ਕੇ ਇਸ ਨੂੰ ਢਹਿਣ ਤੋਂ ਬਚਾਅ ਕੇ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨਾਂ ਵਲੋਂ ਕੀਤੀਆਂ ਗਈਆਂ ਅਜਮਾਇਸ਼ਾਂ ਦੇ ਆਧਾਰ ਤੇ ਇਕ ਨਵੀਂ ਕਿਸਮ ਡੀ. ਬੀ. ਡਬਲਿਊ. 173 ਵੀ ਹੈ, ਜੋ ਆਈ. ਸੀ. ਏ. ਆਰ. -ਭਾਰਤੀ ਕਣਕ ਤੇ ਜੌਂਆਂ ਦੀ ਖੋਜ ਸੰਸਥਾਨ ਵਲੋਂ ਵਿਕਸਿਤ ਕੀਤੀ ਗਈ ਹੈ। ਭਾਵੇਂ ਇਹ ਕਿਸਮ ਪਛੇਤੀ ਬਿਜਾਈ ਲਈ ਸਰਬ ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਵਲੋਂ ਸਿਫ਼ਾਰਸ਼ ਕੀਤੀ ਗਈ ਹੈ, ਪ੍ਰੰਤੂ ਕਿਸਾਨਾਂ ਵਲੋਂ ਕੀਤੀਆਂ ਗਈਆਂ ਅਤੇ ਸੰਸਥਾਨ ਵਲੋਂ ਕਰਵਾਈਆਂ ਗਈਆਂ ਹਾਲੀਆ ਅਜਮਾਇਸ਼ਾਂ ਦੇ ਆਧਾਰ 'ਤੇ ਡਾ. ਗਿਆਨਇੰਦਰ ਪ੍ਰਤਾਪ ਸਿੰਘ ਡਾਇਰੈਕਟਰ ਆਈ. ਸੀ. ਏ. ਆਰ.- ਆਈ. ਆਈ. ਡਬਲਿਊ. ਬੀ. ਆਰ. ਅਨੁਸਾਰ ਇਹ ਸਮੇਂ ਸਿਰ ਬਿਜਾਈ ਲਈ ਵੀ ਅਨੁਕੂਲ ਹੈ ਜਦੋਂ ਇਹ ਪੂਰਾ ਝਾੜ ਦੇਣ ਦੀ ਸੰਭਾਵਕਤਾ ਰੱਖਦੀ ਹੈ। ਪੰਜਾਬ ਤੇ ਹਰਿਆਣਾ ਵਿਚ ਪਿਛਲੇ ਸਾਲ ਸਭ ਤੋਂ ਵੱਧ ਰਕਬੇ 'ਤੇ ਕਾਸ਼ਤ ਕੀਤੀਆਂ ਗਈਆਂ ਤਰਤੀਬਵਾਰ ਐਚ. ਡੀ. 3086 ਤੇ ਐਚ. ਡੀ. 2967 ਕਿਸਮਾਂ ਹਨ। ਇਹ ਕਿਸਮਾਂ ਅਜੇ ਵੀ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਦੀ ਪਸੰਦ ਹਨ, ਜੋ ਉਪਰੋਕਤ ਨਵੀਆਂ ਕਿਸਮਾਂ ਦੇ ਬੀਜ ਦੀ ਉਪਲੱਬਧਤਾ ਕੇਵਲ ਸੀਮਾਂਤਕ ਹੋਣ ਕਾਰਨ ਇਸ ਸਾਲ ਵੀ ਵਿਸ਼ਾਲ ਰਕਬੇ 'ਤੇ ਕਾਸ਼ਤ ਕੀਤੀਆਂ ਜਾਣਗੀਆਂ। ਡੀ. ਬੀ. ਡਬਲਿਊ. 222 (ਕਰਣ ਨਰਿੰਦਰਾ) ਕਿਸਮ ਵੀ ਆਈ. ਸੀ. ਏ. ਆਰ.-ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਕੀਤੀ ਗਈ ਹੈ, ਜਿਸ ਦੀ ਪਹਿਚਾਣ ਆਲ -ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਕਰ ਲਈ ਗਈ ਹੈ। ਡਾ. ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਹ ਕਿਸਮ ਹੁਣ ਜਾਰੀ ਤੇ ਨੋਟੀਫਾਈ ਕਰਨ ਲਈ ਬਣੀ ਕੇਂਦਰ ਦੀ ਸਰਬ - ਭਾਰਤੀ ਫ਼ਸਲਾਂ ਦੀ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਕੋਲ ਜਾਰੀ ਕਰਨ ਵਜੋਂ ਵਿਚਾਰ ਕਰਨ ਲਈ ਜਾਵੇਗੀ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਣਕ ਦੀ ਕਿਸਮ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਿਸਮ ਦਾ ਝਾੜ ਅਜਮਾਇਸ਼ਾਂ ਵਿਚ 19.20 ਕੁਇੰਟਲ ਪ੍ਰਤੀ ਏਕੜ ਆਇਆ ਹੈ। ਸਮੇਂ ਸਿਰ ਕਾਸ਼ਤ ਕਰਨ ਲਈ ਉੱਨਤ ਪੀ. ਬੀ. ਡਬਲਿਊ. 343 (ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ), ਉੱਨਤ ਪੀ. ਬੀ. ਡਬਲਿਊ. 550 ਕਿਸਮ (ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ) ਅਤੇ ਬਾਇਓ ਫੋਰਟੀਫਾਈਡ ਪੀ. ਬੀ. ਡਬਲਿਊ. ਜ਼ੈੱਡ. ਐਨ. 1 ਕਿਸਮ (ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ) ਵੀ ਸਮੇਂ ਸਿਰ ਬਿਜਾਈ ਲਈ ਪੰਜਾਬ ਵਿਚ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਗੇਤੀ ਬਿਜਾਈ ਲਈ ਪੀ. ਬੀ. ਡਬਲਿਊ. 725 ਕਿਸਮ ਸਿਫ਼ਾਰਸ਼ ਕੀਤੀ ਗਈ ਹੈ। ਜਿਸ ਦਾ ਔਸਤਨ ਝਾੜ 22 ਕੁਇੰਟਲ 90 ਕਿਲੋਗ੍ਰਾਮ ਪ੍ਰਤੀ ਏਕੜ ਹੈ।
ਕਣਕ ਦੀ ਕਾਸ਼ਤ ਭਾਰਤ ਵਿਚ 29.14 ਮਿਲੀਅਨ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਜਿਸ ਵਿਚੋਂ 3.5 ਮਿਲੀਅਨ ਹੈਕਟੇਅਰ ਰਕਬਾ ਪੰਜਾਬ ਵਿਚ ਇਸ ਫ਼ਸਲ ਦੀ ਕਾਸ਼ਤ ਥੱਲੇ ਹੈ। ਪ੍ਰੰਤੂ ਪੰਜਾਬ ਦਾ ਕੇਂਦਰ ਕਣਕ ਭੰਡਾਰ 'ਚ ਯੋਗਦਾਨ ਉੱਤਰ ਪ੍ਰਦੇਸ਼ ਨੂੰ ਛੱਡ ਕੇ ਪਿਛਲੇ ਸਾਲ ਸਭ ਰਾਜਾਂ ਨਾਲੋਂ ਵੱਧ ਰਿਹਾ ਹੈ। ਉੱਤਰ ਪ੍ਰਦੇਸ਼ 'ਚ ਕਾਸ਼ਤ ਅਧੀਨ ਰਕਬਾ 98.37 ਲੱਖ ਹੈਕਟੇਅਰ ਹੈ, ਜੋ ਪੰਜਾਬ ਤੋਂ ਤਿੰਨ ਗੁਣਾ ਦੇ ਨੇੜੇ ਹੈ।


-ਮੋਬਾਈਲ : 98152-36307

ਮਿੱਠੂ ਤੇਰੀ ਟੌਹਰ ਆ

ਆਮ ਹੀ ਸੁਣਦੇ ਹਾਂ ਕਿ ਪੰਜਾਬ ਵਿਚ ਪੰਛੀ ਘਟ ਗਏ ਹਨ, ਰੁੱਖ ਘਟ ਗਏ ਹਨ, ਜੇ ਇਕ ਬਾਬੇ ਨੇ ਕਹਿ 'ਤਾ, ਬਸ ਸਾਰੇ ਮਗਰ ਲੱਗ ਜਾਂਦੇ ਹਨ। ਇਥੋਂ ਤੱਕ ਕਿ ਪੱਤਰਕਾਰ ਵੀ। ਕੋਈ ਬੰਦਾ ਬਾਹਰ ਖੇਤਾਂ 'ਚ ਜਾ ਕੇ ਨਹੀਂ ਵੇਖਦਾ ਕਿ ਹਾਲਾਤ ਕੀ ਹਨ। ਸਭ ਸੁਣੀਆਂ-ਸੁਣਾਈਆਂ ਅਫ਼ਵਾਹਾਂ ਹੀ ਅੱਗੇ ਵਧਾਈ ਜਾਂਦੇ ਹਨ। ਖਾਸ ਕਰ ਸ਼ਹਿਰਾਂ 'ਚ ਵਸਦੇ ਲੋਕ। ਉਹ ਭਲੇ ਮਾਣਸੋ ਬਾਹਰ ਨਿਕਲ ਕੇ ਵੇਖੋ। ਚਿੱਟੇ ਬਗਲੇ ਐਨੇ ਹੋ ਗਏ ਹਨ ਕਿ ਧਰਤੀ ਦੇ ਮਿੱਤਰ ਡੱਡੂ ਖ਼ਤਮ ਕਰੀ ਜਾ ਰਹੇ ਹਨ। ਤੋਤੇ ਐਨੇ ਹੋ ਗਏ ਹਨ ਕਿ ਤੋਰੀਆ ਤੇ ਮੱਕੀ ਬਚਾਉਣੀ ਮੁਸ਼ਕਿਲ ਹੋ ਗਈ ਹੈ। ਤਿੱਤਰ, ਚਿੜੀ, ਕਾਂ, ਕਬੂਤਰ, ਘੁੱਗੀ, ਸ਼ਾਰਕ ਆਦਿ ਦੀ ਗਿਣਤੀ ਵੀ ਵਧ ਗਈ ਹੈ। ਸੱਪ ਵੀ ਵੱਡੀ ਗਿਣਤੀ 'ਚ ਹੋ ਗਏ ਹਨ। ਇਹ ਸਭ ਰੱਬ ਦੇ ਜੀਅ ਹਨ। ਇਨ੍ਹਾਂ ਦਾ ਬਚਣਾ ਵੀ ਜ਼ਰੂਰੀ ਹੈ ਪਰ ਕਿਸਾਨ ਵਿਚਾਰਾ ਵੀ ਕੀ ਕਰੇ। ਸਾਡੇ ਵਿਗਿਆਨੀਆਂ ਨੂੰ ਇਸ ਦਿਨ-ਬਦਿਨ ਵਧ ਰਹੀ ਸਮੱਸਿਆ ਦਾ ਵੀ ਕੋਈ ਹੱਲ ਲੱਭਣਾ ਪਵੇਗਾ।

ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਾਨਦਾਰ ਬੀਜ ਦੀ ਚੋਣ:ਘਰੇਲੂ ਬਗੀਚੀ ਵਿਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਓ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ, ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਓ ਅਤੇ ਚੁਣੇ ਹੋਏ ਬੀਜਾਂ ਵਿਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।
ਬੀਜ ਸੰਸਕਾਰ:ਘਰੇਲੂ ਬਗੀਚੀ ਵਿਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ ਕੱਚੇ ਦੁੱਧ ਵਿਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿੰਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਓ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਵੇਂ ਸੁਕਾ ਕੇ ਬਿਜਾਈ ਕਰ ਦਿਓ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ।
ਘਰੇਲੂ ਬਗੀਚੀ ਵਿਚ ਹੇਠ ਦਿੱਤੀਆਂ ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ: ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ਼, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ, ਛੋਲੇ, ਮੇਥੀ, ਆਲੂ, ਲਸਣ, ਪਿਆਜ਼, ਸੌਂਫ, ਹਾਲੌਂ, ਅਲਸੀ, ਸਰ੍ਹੋਂ, ਮਸਰ ਆਦਿ।
ਬਿਜਾਈ ਦਾ ਢੰਗ: ਹੇਠਾਂ ਦੱਸੇ ਅਨੁਸਾਰ ਬਿਜਾਈ ਕਰੋ:
* ਕੁਝ ਬੀਜ ਜਿਵੇਂ ਪਾਲਕ, ਮੇਥੇ ਅਤੇ ਸਰ੍ਹੋਂ ਛਿੱਟੇ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਖ਼ੁਸ਼ਕ ਕਿਆਰੀਆਂ ਵਿਚ ਲਗਾ ਕੇ ਪਾਣੀ ਦਿਉ।
* ਕੁਝ ਬੀਜ ਜਿਵੇਂ ਮੂਲੀ, ਗਾਜਰਾਂ ਅਤੇ ਮਟਰ ਚੁਟਕੀ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਕਿਆਰੀਆਂ ਵੱਤਰ ਕਰਕੇ ਫਿਰ ਚੁਟਕੀ ਨਾਲ ਲਗਾਓ।
* ਗੋਭੀ ਅਤੇ ਪਿਆਜ਼ ਦੀ ਪਨੀਰੀ ਤਿਆਰ ਕਰਕੇ ਵੱਟਾ ਉੱਪਰ ਲਗਾਓ। ਪਿਆਜ਼, ਪੁਦੀਨਾ ਅਤੇ ਧਨੀਆ ਵੱਟਾ ਦੇ ਨਾਲ-ਨਾਲ ਲਗਾਏ ਜਾ ਸਕਦੇ ਹਨ।
ਸਹਿਜੀਵੀ ਫਸਲ ਪ੍ਰਣਾਲੀ ਅਪਣਾਓ : ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿਚ ਮੁੱਖ ਫਸਲ ਦੇ ਨਾਲ ਕੁਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿਚ ਮਦਦ ਕਰਦੇ ਹਨ, ਉਸ ਨੂੰ ਕੀਟਾਂ ਤੋਂ ਬਚਾਉਂਦੇ ਹਨ। ਸੋ ਘਰੇਲੂ ਬਗੀਚੀ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਹੇਠ ਲਿਖੇ ਅਨੁਸਾਰ ਕੁਝ ਸਹਾਇਕ ਪੌਦਿਆਂ ਨੂੰ ਬਗੀਚੀ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ।
ਤੁਲਸੀ : ਇਹ ਟਮਾਟਰ ਦਾ ਸਵਾਦ ਵਧਾਉਂਦੀ ਹੈ ਅਤੇ ਨਾਲ ਹੀ ਉਸ ਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਂਦੀ ਹੈ।
ਲਸਣ : ਇਹ ਚੇਪੇ ਨੂੰ ਕਾਬੂ ਕਰਦਾ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿਚ ਸਹਾਇਕ ਹੈ।
ਅਜਵਾਇਣ : ਜੇ ਇਸ ਨੂੰ ਬੰਦ ਗੋਭੀ ਦੇ ਨੇੜੇ ਬੀਜਿਆ ਜਾਵੇ ਤਾਂ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋਂ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿਚ ਮੱਦਦ ਮਿਲਦੀ ਹੈ।
ਗੇਂਦਾ : ਜੜ੍ਹ ਵਿਚੋਂ ਇਕ ਤਰਲ ਪੈਦਾ ਕਰਦਾ ਹੈ ਜੋ ਕਿ ਜੜ੍ਹਾਂ ਨੂੰ ਖਾਣ ਵਾਲੇ ਕੀੜਿਆਂ ਨੂੰ ਨਸ਼ਟ ਕਰਦਾ ਹੈ। ਇਹ ਅਮਰੀਕਨ ਸੁੰਡੀ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ। (ਸਮਾਪਤ)


-ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ : 97810-00909.

ਜੱਟ ਦੀ ਜੂਨ ਬੁਰੀ

ਕਰੇ ਮਿਹਨਤਾਂ ਵੰਡੇ ਖੁਸ਼ਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।
ਦਿਨ ਰਾਤ ਕੰਮ ਏਹਨੂੰ, ਮਿਲਦੀ ਨਾ ਵੇਹਲ ਏ,
ਫਿਰ ਵੀ ਇਹ ਅੰਨਦਾਤਾ, ਹਰ ਪੱਖੋਂ ਫੇਲ ਏ।
ਦਾਤਾ ਦੁਨੀਆ ਦਾ ਬਣਿਆ ਸਵਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ....।
ਸੋਚਾਂ ਵਿਚ ਦਿਨ ਚੜ੍ਹੇ, ਫਿਕਰਾਂ 'ਚ ਸ਼ਾਮ ਬਈ,
ਵੇਖ ਲਓ ਜ਼ਮੀਨਾਂ ਵਾਲਾ, ਬਣਿਆ ਗੁਲਾਮ ਬਈ।
ਭੁੱਖਾ ਮਰਦੈ ਬਾਗ਼ ਦਾ ਮਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...।
ਸਮੇਂ ਦਿਆਂ ਹਾਕਮਾਂ ਨੇ, ਮੂੰਹ ਏਹਤੋਂ ਫੇਰਿਆ,
ਦੇਸ਼ ਨੂੰ ਰਜਾਉਣ ਵਾਲਾ, ਕਰਜ਼ੇ ਨੇ ਘੇਰਿਆ।
ਕੀਤੀ ਰੇਹਾਂ-ਸਪਰੇਆਂ, ਜੇਬ ਖਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...
ਪੁੱਤਾਂ ਵਾਂਗ ਫ਼ਸਲਾਂ ਦੀ ਰਾਖੀ ਜੱਟ ਕਰਦਾ,
ਭਾਦੋਂ ਦੇ ਦੁਪਹਿਰੇ ਮੱਚੇ, ਪੋਹ ਵਿਚ ਠਰਦਾ।
ਏਹਦੀ ਫੇਰ ਵੀ, 'ਘੜੈਲੀ' ਮੰਦਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।


-ਮਨਜੀਤ ਸਿੰਘ ਘੜੈਲੀ
-ਪਿੰਡ ਘੜੈਲੀ (ਬਠਿੰਡਾ)। ਮੋਬਾਈਲ : 98153-91625.

ਛੋਲਿਆਂ ਦੀ ਕਾਸ਼ਤ ਦੇ ਸੁਚੱਜੇ ਢੰਗ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੇ ਹੇਠਾਂ ਦਿੱਤੇ ਢੰਗ ਅਪਨਾ ਕੇ ਕਿਸਾਨ ਵੀਰ ਫ਼ਸਲ ਦਾ ਵਧੇਰਾ ਝਾੜ ਪ੍ਰਾਪਤ ਕਰ ਸਕਦੇ ਹਨ।
ਜ਼ਮੀਨ ਦੀ ਤਿਆਰੀ : ਛੋਲਿਆਂ ਦੀ ਫ਼ਸਲ ਦਾ ਵਧ ਝਾੜ ਲੈਣ ਲਈ ਡੂੰਘੀ ਵਹਾਈ (22.5 ਸੈਟੀਮੀਟਰ ਤੱਕ) ਫਾਇਦੇਮੰਦ ਹੈ। ਪੋਲੀਆਂ ਅਤੇ ਡੂੰਘੀਆਂ ਵਾਹੀਆਂ ਜ਼ਮੀਨਾਂ ਵਿਚ ਉਖੇੜਾ ਰੋਗ ਦੀ ਸਮੱਸਿਆ ਘੱਟ ਜਾਂਦੀ ਹੈ।
ਬਿਜਾਈ ਦਾ ਢੁਕਵਾਂ ਸਮਾਂ : ਫ਼ਸਲ ਨੂੰ ਸਹੀ ਸਮੇਂ 'ਤੇ ਬੀਜਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਬੀਜੀ ਫ਼ਸਲ ਵਧੇਰੇ ਵੱਧ ਜਾਂਦੀ ਹੈ ਅਤੇ ਫਲ ਘੱਟ ਪੈਂਦਾ ਹੈ, ਪਹਿਲਾਂ ਬੀਜੀ ਫ਼ਸਲ ਨੂੰ ਉੱਚ ਤਾਪਮਾਨ ਕਰਕੇ ਉਖੇੜੇ ਰੋਗ ਦੀ ਬੀਮਾਰੀ ਪੈਣ ਦਾ ਵੀ ਡਰ ਹੁੰਦਾ ਹੈ। ਪਿਛੇਤੀ ਬੀਜੀ ਫ਼ਸਲ ਦੀਆਂ ਜੜ੍ਹਾਂ ਅਤੇ ਪਤਰਾਲ ਦਾ ਸਹੀ ਵਾਧਾ ਨਾ ਹੋਣ ਕਰਕੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ 10 ਤੋਂ 25 ਅਕਤੂਬਰ ਹੈ ਜਦੋਂ ਕਿ ਸੇਜ਼ੂ ਹਾਲਤਾਂ ਵਿਚ ਦੇਸੀ ਅਤੇ ਕਾਬਲੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਤੱਕ ਬੀਜਣੇ ਚਾਹੀਦੇ ਹਨ।
ਬੀਜ ਦੀ ਮਾਤਰਾ : ਦੇਸੀ ਛੋਲਿਆਂ ਲਈ 15-18 ਕਿਲੋ ਬੀਜ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ ਬੀਜ ਬੀਜੋ, ਪਰ ਪੀਬੀ ਜੀ 5 ਲਈ 24 ਕਿਲੋ ਬੀਜ ਪ੍ਰਤੀ ਏਕੜ ਵਰਤੋ। ਜੇਕਰ ਦੇਸੀ ਛੋਲਿਆਂ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਕਰਨੀ ਹੋਵੇ ਤਾਂ ਕ੍ਰਮਵਾਰ 27 ਅਤੇ 36 ਕਿਲੋ ਬੀਜ ਪ੍ਰਤੀ ਏਕੜ ਪਾਉ।
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣਾ : ਬਿਜਾਈ ਤੋਂ ਪਹਿਲਾਂ ਜੀਵਾਣੂ ਖਾਦ ਦਾ ਟੀਕਾ ਲਗਾਉਣ ਨਾਲ ਵਧੇਰੇ ਝਾੜ ਮਿਲਦਾ ਹੈ। ਇਕ ਏਕੜ ਦੇ ਬੀਜ ਨੂੰ ਘੱਟੋ ਘੱਟ ਪਾਣੀ ਨਾਲ ਗਿੱਲਾ ਕਰਕੇ ਸਾਫ ਫਰਸ਼ 'ਤੇ ਖਿਲਾਰ ਲਓ, ਬਾਅਦ ਵਿਚ ਜੀਵਾਣੂ ਖਾਦ ਮੀਜ਼ੋਰਾਈਜ਼ੋਬੀਅਮ (ਐਲ ਜੀ ਆਰ 3) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਦੇ ਇਕ-ਇਕ ਪੈਕਟ ਨੂੰ ਬੀਜ ਵਿਚ ਚੰਗੀ ਤਰ੍ਹਾਂ ਰਲਾ ਦਿਓ ਅਤੇ ਛਾਵੇਂ ਸੁਕਾ ਕੇ ਇਕ ਘੰਟੇ ਦੇ ਅੰਦਰ ਬੀਜ ਦਿਓ।
ਬਿਜਾਈ ਦਾ ਢੰਗ : ਫ਼ਸਲ ਦੀ ਬਿਜਾਈ 30 ਸੈਂਟੀਮੀਟਰ ਦੀ ਵਿੱਥ 'ਤੇ ਸਿਆੜਾਂ ਵਿਚ 10 ਤੋਂ 12.5 ਸੈਂਟੀਮੀਟਰ ਡੂੰਘਾਈ ਤੇ ਪੋਰੇ ਨਾਲ ਕਰੋ। ਬਿਜਾਈ ਲਈ ਖਾਦ ਬੀਜ ਡਰਿੱਲ ਵੀ ਵਰਤੀ ਜਾ ਸਕਦੀ ਹੈ, ਪਰ ਬੀਜ ਵਾਲੇ ਖਾਚੇ ਵੱਡੇ ਹੋਏ ਚਾਹੀਦੇ ਹਨ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਛੋਲਿਆਂ ਦੀ ਬੀਜਾਈ ਬੈੱਡ ਪਲਾਟਰ ਨਾਲ 67.5 ਸੈਂਟੀਮੀਟਰ ਦੀ ਵਿੱਥ 'ਤੇ ਬਣੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖਾਲੀ) ਤੇ ਕਰਨੀ ਚਾਹੀਦੀ ਹੈ। ਫ਼ਸਲ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ ਬਾਕੀ ਸਾਰੇ ਕਾਸ਼ਤਕਾਰੀ ਢੰਗ ਉਹੀ ਹਨ,ਜੋ ਆਮ ਬਿਜਾਈ ਲਈ ਸਿਫਾਰਸ਼ ਕੀਤੇ ਗਏ ਹਨ। ਬੈੱਡਾਂ ਉਤੇ ਬੀਜੀ ਗਈ ਫ਼ਸਲ, ਭਾਰੀਆਂ ਜ਼ਮੀਨਾਂ ਵਿਚ ਸਿੰਚਾਈ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੀ ਹੈ।
ਖਾਦਾਂ : ਖਾਦਾਂ ਦੀ ਵਰਤੋਂ ਜ਼ਮੀਨ ਦੀ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਦਰਮਿਆਨੀਆਂ ਉਪਜਾਓ ਜ਼ਮੀਨਾਂ ਵਿਚ ਦੇਸੀ ਛੋਲਿਆਂ ਲਈ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ ਜਦੋਂ ਕਿ ਕਾਬਲੀ ਛੋਲਿਆਂ ਦੀ ਕਾਸ਼ਤ ਲਈ 13 ਕਿਲੋ ਯੂਰੀਆ ਨਾਲ 100 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਦੋਨੋਂ ਖਾਦਾਂ ਬਿਜਾਈ ਸਮੇਂ ਪੋਰ ਦਿਓ। ਸਿਫਾਰਿਸ਼ ਖਾਦਾਂ ਤੋਂ ਇਲਾਵਾ ਫ਼ਸਲ ਦੀ ਬਿਜਾਈ ਤੋਂ 90 ਅਤੇ 110 ਦਿਨਾਂ ਬਾਅਦ 2 ਯੂਰੀਆ( 3 ਕਿਲੋ ਯੂਰੀਆ 150 ਲੀਟਰ ਪਾਣੀ ਵਿਚ ਪ੍ਰਤੀ ਲੀਟਰ) ਛਿੜਕਾਅ ਕਰਕੇ ਵਧੇਰੇ ਝਾੜ ਲਿਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ : ਨਦੀਨਾਂ 'ਤੇ ਕਾਬੂ ਪਾਉਣ ਲਈ ਇਕ ਤੋਂ ਦੋ ਗੋਡੀਆਂ ਬਹੁਤ ਹਨ। ਪਹਿਲੀ ਗੋਡੀ 30 ਦਿਨ ਅਤੇ ਦੂਜੀ 60 ਦਿਨਾਂ ਬਾਅਦ ਕਰਨੀ ਚਾਹੀਦੀ ਹੈ।
ਸਿੰਚਾਈ: ਵਰਖਾ ਅਨੁਸਾਰ ਇਕ ਪਾਣੀ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿਚ ਬਿਜਾਈ ਤੋਂ ਚਾਰ ਹਫਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਪਾਣੀ ਹੋਰ ਪਿਛੇਤਾ ਕਰ ਦਿਓ। ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਤੋਂ ਪਿੱਛੋਂ ਬੀਜੀ ਗਈ ਛੋਲਿਆਂ ਦੀ ਫ਼ਸਲ ਨੂੰ ਪਾਣੀ ਬਿਲਕੁਲ ਨਹੀਂ ਲਗਾਉਣਾ ਚਾਹੀਦਾ, ਜੇਕਰ ਪਾਣੀ ਲਗਾ ਦੇਈਏ ਤਾਂ ਬੂਟੇ ਸੁੱਕ ਜਾਂਦੇ ਹਨ। ਝੋਨੇ ਪਿੱਛੋਂ ਬੈੱਡਾਂ ਉਪਰ ਬੀਜੀ ਗਈ ਫ਼ਸਲ ਨੂੰ ਇਕ ਪਾਣੀ ਡੱਡੇ ਬਣਨ ਸਮੇਂ ਲਗਾਇਆ ਜਾ ਸਕਦਾ ਹੈ।
ਵਾਢੀ : ਜਦੋਂ ਬੂਟੇ ਸੁੱਕ ਜਾਣ ਤੇ ਡੱਡੇ ਪੱਕ ਜਾਣ, ਉਦੋ ਵਾਢੀ ਕਰਨੀ ਚਾਹੀਦੀ ਹੈ।


-ਪੀ. ਏ. ਯੂ., ਖੇਤਰੀ ਖੋਜ ਕੇਂਦਰ, ਗੁਰਦਾਸਪੁਰ।

ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!

ਘਰੇਲੂ ਬਗੀਚੀ ਘਰ ਵਿਚ ਜਾਂ ਘਰ ਦੇ ਨੇੜੇ ਦੀ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ, ਜਿੱਥੇ ਪਰਿਵਾਰ ਦੀ ਲੋੜ ਅਨੁਸਾਰ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਤੋਂ ਰਹਿਤ ਵੱਖ-ਵੱਖ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ, ਜੜ੍ਹੀ-ਬੂਟੀਆਂ ਅਤੇ ਕਈ ਵਾਰ ਕੁਝ ਫਲ ਉਗਾਏ ਜਾਂਦੇ ਹਨ।
ਘਰੇਲੂ ਬਗੀਚੀ ਦਾ ਮਹੱਤਵ ਸਿਰਫ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਸ ਤੋਂ ਕਿਤੇ ਵੱਧ ਹੈ। ਇਹ ਨਾਂ ਸਿਰਫ ਸਾਨੂੰ ਜ਼ਹਿਰ ਮੁਕਤ ਸਬਜ਼ੀਆਂ ਦਿੰਦੀ ਹੈ, ਬਲਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਉਸ ਕੁਦਰਤ ਨਾਲ ਵੀ ਜੋੜਦੀ ਹੈ, ਜਿਸ ਨਾਲ ਕਦੇ ਸਾਡਾ ਮਾਂ-ਪੁੱਤ ਵਾਲਾ ਰਿਸ਼ਤਾ ਹੁੰਦਾ ਸੀ। ਘਰੇਲੂ ਬਗੀਚੀ ਦੀ ਲੋੜ ਕਿਉਂ? ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮਰੱਥਾ ਵੀ ਸਾਡੀ ਖ਼ੁਰਾਕ ਲੜੀ ਵਿਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ। ਔਰਤਾਂ ਵਿਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬਸ ਨਹੀਂ ਅੱਜ ਪੰਜਾਬ ਵਿਚ ਵੱਡੀ ਗਿਣਤੀ ਵਿਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਨ੍ਹਾਂ ਵਿਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੀ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹ ਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ।
ਆਓ! ਘਰੇਲੂ ਬਗੀਚੀ ਬਣਾਈਏ:ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿਚ ਉਪਲਬਧ ਜਗ੍ਹਾ ਨੂੰ ਘਰੇਲੂ ਬਗੀਚੀ ਵਜੋਂ ਵਿਕਸਿਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ, ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲਭਧ ਹੋ ਸਕਦੀਆਂ ਹਨ।
ਜਗ੍ਹਾ ਦੀ ਚੋਣ ਅਤੇ ਆਕਾਰ:ਘਰੇਲੂ ਬਗੀਚੀ ਲਈ ਪਿੰਡਾਂ ਵਿਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ, ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲਬਧ ਜਗ੍ਹਾ ਤੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ 'ਤੇ ਨਿਰਭਰ ਕਰਦਾ ਹੈ। ਸੋ, ਬਗੀਚੀ ਦੇ ਆਕਾਰ ਸਬੰਧੀ ਕੋਈ ਨਿਰਧਾਰਤ ਮਾਨਦੰਡ ਨਹੀਂ ਹਨ। ਫਿਰ ਵੀ ਤਿੰਨ- ਚਾਰ ਮਰਲੇ ਜਗ੍ਹਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸਬੰਧੀ ਲਗਪਗ ਸਾਰੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਕਾਫੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ : 97810-00909.

ਖੁੱਲ੍ਹੇ ਡੁੱਲ੍ਹੇ ਪੰਜਾਬੀ

ਪੰਜਾਬੀਆਂ ਦੇ ਰੰਗ ਵੀ ਨਿਆਰੇ ਹਨ। ਜੋ ਵੀ ਕਰਨਗੇ ਖੁੱਲ੍ਹ ਕੇ ਕਰਨਗੇ। ਖਾਣਾ-ਪੀਣਾ, ਨੱਚਣਾ-ਗਾਉਣਾ, ਕੰਮ-ਘੜੰਮ, ਦੋਸਤੀ-ਦੁਸ਼ਮਣੀ, ਪਿਆਰ-ਨਫ਼ਰਤ, ਖਰਚ-ਖੇਚਲ, ਤਰਸ-ਆਕੜ, ਕੰਜੂਸੀ ਜਾਂ ਲੁਟਾਈ, ਲਈ ਪੰਜਾਬੀ ਕਿਸੇ ਹੱਦਾਂ ਵਿਚ ਨਹੀਂ ਬੰਨ੍ਹੇ ਹੋਏ। ਹੁਣ ਵਿਦੇਸ਼ਾਂ ਵਿਚ ਨੂੰ ਆਉਂਦੇ-ਜਾਂਦੇ ਜਹਾਜ਼ਾਂ ਦੀ ਗੱਲ ਲੈ ਲਵੋ। ਚੀਨ ਦੇ ਜਹਾਜ਼ਾਂ ਵਿਚ ਨਾ ਭੋਜਨ ਸਾਡੇ ਅਨੁਸਾਰ ਹੁੰਦਾ ਹੈ ਤੇ ਨਾ ਹੀ ਹਵਾਈ ਮਾਈਆਂ ਦੀ ਬੋਲੀ ਸਮਝ ਲਗਦੀ ਹੈ। ਇਸੇ ਲਈ ਸ਼ਾਕਾਹਾਰੀ ਪੰਜਾਬਣਾਂ ਨੇ 12-12 ਆਲੂ ਜ਼ੀਰੇ ਵਾਲੇ ਪਰੌਠੇ ਅੰਬ ਦੇ ਆਚਾਰ ਨਾਲ ਲੈ ਕੇ ਆਂਦੇ ਹੁੰਦੇ ਹਨ। ਬਸ ਜਹਾਜ਼ ਇਕ ਵਾਰ ਤਾਂ ਪਿੰਡ ਦਾ ਦਲਾਨ ਹੀ ਬਣ ਜਾਂਦਾ ਹੈ। ਖੁਸ਼ਬੂ ਦੇ ਅੰਬਾਰ ਲੱਗ ਜਾਂਦੇ ਹਨ। ਜਹਾਜ਼ ਦੇ ਪੈਰ ਭੁੰਜੇ ਲਗਦੇ ਹੀ, ਮਾਈਆਂ ਦੇ ਰੋਕਣ ਦੇ ਬਾਵਜੂਦ ਬੈਲਟਾਂ ਖੋਲ੍ਹ ਲੈਂਦੇ ਹਨ ਤੇ ਉੱਚੀ-ਉੱਚੀ ਫੋਨ 'ਤੇ ਗੱਲਾਂ ਕਰਨ ਲੱਗ ਪੈਂਦੇ ਹਨ। ਕਈ ਤਾਂ ਐਡੀ ਉੱਚੀ ਬੋਲਦੇ ਹਨ ਕਿ ਬਿਨਾਂ ਫੋਨ ਤੋਂ ਵੀ ਆਵਾਜ਼ ਪਿੰਡ ਪਹੁੰਚਦੀ ਹੋਊ। ਇਹ ਧੱਕੜ ਪੁਣਾ ਹੀ ਪੰਜਾਬੀਆਂ ਦੀ ਤਰੱਕੀ ਦਾ ਰਾਜ਼ ਹੈ। ਇਹੋ ਜਿਹਾ ਸੁਭਾਅ ਵੀ ਕਿਸੇ ਕਿਸੇ ਵਿਰਲੀ ਕੌਮ ਦੇ ਹੀ ਹਿੱਸੇ ਆਉਂਦਾ ਹੈ।


-ਮੋਬਾ: 98159-45018

ਬਾਸਮਤੀ ਦਾ ਰੌਸ਼ਨ ਭਵਿੱਖ

ਭਾਰਤ ਦੇ ਜੀ ਆਈ (ਭੁਗੋਲਿਕ ਇੰਡੀਕੇਟਰ) ਜ਼ੋਨ ਵਿਚ ਇਸ ਸਾਲ ਬਾਸਮਤੀ ਕਿਸਮਾਂ ਦੀ ਕਾਸ਼ਤ 19 ਲੱਖ ਹੈਕਟੇਅਰ ਰਕਬੇ 'ਤੇ ਹੋਈ ਹੈ। ਲੰਮੇ ਚੌਲਾਂ ਵਾਲੀ, ਖੁਸ਼ਬੂਦਾਰ ਅਤੇ ਖਾਣ ਲਈ ਸਵਾਦਲੀ ਕਿਸਮ ਪੂਸਾ ਬਾਸਮਤੀ-1121, ਜਿਸ ਨੂੰ ਆਮ ਕਿਸਾਨ ਬੀਜਦੇ ਹਨ, ਦੀ ਕਾਸ਼ਤ ਲਗਭਗ 11 ਲੱਖ ਹੈਕਟੇਅਰ ਰਕਬੇ 'ਤੇ ਹੋਈ ਹੈ। ਘੱਟ ਸਮੇਂ 'ਚ 115-120 ਦਿਨਾਂ ਵਿਚ ਪੱਕਣ ਵਾਲੀ ਥੋੜ੍ਹੇ ਸਮੇਂ ਦੀ ਕਿਸਮ ਪੂਸਾ ਬਾਸਮਤੀ - 1509 ਦੀ ਕਾਸ਼ਤ ਥੱਲੇ ਵਧ ਕੇ ਰਕਬਾ 6 ਲੱਖ ਹੈਕਟੇਅਰ ਹੋ ਗਿਆ। ਪੂਸਾ ਬਾਸਮਤੀ-1401 (ਪੂਸਾ ਬਾਸਮਤੀ - 6) ਕਿਸਮ ਦੀ ਕਾਸ਼ਤ 1.15 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਪੂਸਾ ਬਾਸਮਤੀ-1 ਕਿਸਮ 50 ਕੁ ਹਜ਼ਾਰ ਹੈਕਟੇਅਰ ਰਕਬੇ 'ਤੇ ਬੀਜੀ ਗਈ ਹੈ। ਬਾਕੀ 50 ਕੁ ਹਜ਼ਾਰ ਹੈਕਟੇਅਰ ਰਕਬਾ ਤਰੌੜੀ, ਸੀ ਐਸ ਆਰ-30 ਅਤੇ ਪੰਜਾਬ ਬਾਸਮਤੀ ਕਿਸਮਾਂ ਦੀ ਕਾਸ਼ਤ ਥੱਲੇ ਹੈ। ਬਾਸਮਤੀ ਕਿਸਮਾਂ ਵਿਚ ਪਕਾਉਣ ਅਤੇ ਖਾਣ ਵਾਲੇ ਵਿਸ਼ੇਸ਼ ਗੁਣ ਤਾਂ ਹੀ ਆ ਸਕਦੇ ਹਨ ਜੇ ਇਹ ਕਿਸਮਾਂ ਠੰਢੇ ਤਾਪਮਾਨ ਵਿਚ ਪੱਕਣ। ਇਸ ਲਈ ਸਿਫਾਰਸ਼ ਕੀਤੇ ਗਏ ਸਮੇਂ ਅਨੁਸਾਰ ਬਿਜਾਈ ਕਰਨੀ ਜ਼ਰੂਰੀ ਹੈ। ਦਾਣੇ ਪੈਣ ਸਮੇਂ ਜੇ ਤਾਪਮਾਨ ਵੱਧ ਹੋਵੇ ਤਾਂ ਬਾਸਮਤੀ ਦੇ ਵਿਸ਼ੇਸ਼ ਗੁਣ ਜਿਵੇਂ ਕਿ ਚੌਲਾਂ ਦਾ ਪੱਕਣਾ, ਪੱਕਣ ਉਪਰੰਤ ਲੰਮੇ ਹੋ ਜਾਣਾ ਅਤੇ ਜੁੜਨਾ ਨਾ, ਘੱਟ ਜਾਂਦੇ ਹਨ। ਬਾਸਮਤੀ ਦੀ ਫ਼ਸਲ ਨੂੰ ਝੰਡਾ ਰੋਗ (ਪੈਰ ਗਲਣ) ਦੀ ਬਿਮਾਰੀ ਦਾ ਹਮਲਾ ਹੁੰਦਾ ਹੈ। ਪ੍ਰੰਤੂ ਪੂਸਾ ਬਾਸਮਤੀ-1509 ਦੀ ਪਨੀਰੀ ਜਦੋਂ 25 ਦਿਨ ਦੀ ਹੋ ਜਾਵੇ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ। ਇਸ ਫ਼ਸਲ ਨੂੰ ਪ੍ਰਤੀ ਏਕੜ 54 ਕਿਲੋ ਯੂਰੀਆ ਨੂੰ ਵੰਡ ਕੇ 3, 6 ਅਤੇ 9 ਹਫਤਿਆਂ ਬਾਅਦ ਛੱਟੇ ਨਾਲ ਪਾ ਦੇਣਾ ਚਾਹੀਦਾ ਹੈ। ਜੇ ਕਣਕ ਵਿਚ ਫਾਸਫੋਰਸ ਦੀ ਪੂਰੀ ਖੁਰਾਕ ਦਿੱਤੀ ਗਈ ਹੋਵੇ ਤਾਂ ਇਹ ਤੱਤ ਬਾਸਮਤੀ ਦੀ ਫ਼ਸਲ ਵਿਚ ਨਹੀਂ ਪਾਉਣਾ ਚਾਹੀਦਾ। ਬਾਸਮਤੀ ਦੀ ਫ਼ਸਲ ਜਦੋਂ ਪੱਕ ਜਾਵੇ ਯਾਨੀ ਸਿੱਟੇ ਤਕਰੀਬਨ ਪੱਕ ਜਾਣ ਅਤੇ ਪਰਾਲੀ ਪੀਲੇ ਰੰਗ ਦੀ ਹੋ ਜਾਵੇ, ਵਾਢੀ ਕਰ ਲੈਣੀ ਚਾਹੀਦੀ ਹੈ। ਵਾਢੀ ਦੇਰ ਨਾਲ ਕਰਨ ਉਪਰੰਤ ਦਾਣੇ ਕਿਰਨ ਲੱਗ ਪੈਣਗੇ ਅਤੇ ਝਾੜ ਵਿਚ ਕਮੀ ਆਵੇਗੀ। ਫੇਰ ਵੱਢੀ ਹੋਈ ਫ਼ਸਲ, ਉਸੇ ਦਿਨ ਜਾਂ ਦੂਜੇ ਦਿਨ ਝਾੜ ਲੈਣੀ ਚਾਹੀਦੀ ਹੈ।
ਪਿਛਲੇ ਸਾਲ ਭਾਰਤ ਤੋਂ 32800 ਕਰੋੜ ਰੁਪਏ ਦੀ ਮਾਲੀਅਤ ਦੀ 48 ਲੱਖ ਟਨ ਬਾਸਮਤੀ ਵੱਖੋ ਵੱਖ ਮੁਲਕਾਂ ਨੂੰ ਬਰਾਮਦ ਕੀਤੀ ਗਈ ਸੀ। ਮਾਹਿਰਾਂ ਅਨੁਸਾਰ ਇਸ ਸਾਲ ਬਾਸਮਤੀ ਦੀ ਬਰਾਮਦ ਵਿਚ ਕਮੀ ਵਾਪਰਨ ਦੀ ਸੰਭਾਵਨਾ ਹੈ। ਈਰਾਨ, ਭਾਰਤ ਦੀ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਾਰ ਹੈ। ਦੂਜੇ ਨੰਬਰ 'ਤੇ ਸਾਉਦੀ ਅਰਬ ਹੈ। ਈਰਾਨ ਵਿਚ ਅਮਰੀਕਾ ਵੱਲੋਂ ਰੁਕਾਵਟਾਂ ਦਾਇਰ ਕਰਨ ਉਪਰੰਤ ਸਰਮਾਏ ਦੀ ਕਮੀ ਹੋ ਗਈ ਹੈ। ਈਰਾਨ ਦੇ ਤੇਲ ਦੀ ਵਿਕਰੀ ਵੀ ਉਸ ਤੇਜ਼ੀ ਨਾਲ ਨਹੀਂ ਹੋ ਰਹੀ। ਭਾਰਤ ਦੇ ਬਾਸਮਤੀ ਐਕਸਪੋਰਟਰਾਂ ਦਾ ਕਾਫ਼ੀ ਸਰਮਾਇਆ ਈਰਾਨ ਵਿਚ ਬਕਾਇਆ ਪਿਆ ਹੈ। ਇਸ ਸਾਲ ਹੁਣ ਤੱਕ ਪਿਛਲੇ ਸਾਲ ਨਾਲੋਂ ਬਾਸਮਤੀ ਕਾਫੀ ਘੱਟ ਬਰਾਮਦ ਹੋਈ ਹੈ। ਇਸ ਦੇ ਬਾਵਜੂਦ ਉਤਪਾਦਕਾਂ ਨੂੰ ਬਾਸਮਤੀ ਦਾ ਭਾਅ ਉੱਤਮ ਮਿਲ ਰਿਹਾ ਹੈ। ਪੂਸਾ ਬਾਸਮਤੀ - 1509 ਕਿਸਮ ਹਰਿਆਣਾ- ਪੰਜਾਬ ਦੀਆਂ ਮੰਡੀਆਂ ਵਿਚ 2700 ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਸ ਕਿਸਮ ਦੇ ਉਤਪਾਦਕਾਂ ਨੂੰ 2300 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲਿਆ ਸੀ। ਪੂਸਾ ਬਾਸਮਤੀ-6 (ਪੀ ਬੀ-1401) ਕਿਸਮ 3300 ਤੋਂ ਲੈ ਕੇ 3500 ਰੁਪਏ ਪ੍ਰਤੀ ਕੁਇੰਟਲ ਤੱਕ ਵਿੱਕ ਰਹੀ ਹੈ। ਪਿਛਲੇ ਸਾਲ ਉਤਪਾਦਕਾਂ ਨੂੰ 2600-2700 ਰੁਪਏ ਪ੍ਰਤੀ ਕੁਇੰਟਲ ਮੁੱਲ ਵਸੂਲ ਹੋਇਆ ਸੀ। ਪੂਸਾ ਬਾਸਮਤੀ -1121 ਕਿਸਮ ਜੋ ਪੱਕਣ ਨੂੰ ਲੰਮਾ ਸਮਾਂ ਲੈਂਦੀ ਹੈ ਅਜੇ ਮੰਡੀਆਂ ਵਿਚ ਨਹੀਂ ਆਈ। ਇਸ ਦੀ ਫ਼ਸਲ 15 ਅਕਤੂਬਰ ਤੱਕ ਮੰਡੀਕਰਨ ਲਈ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਅਨੁਮਾਨ ਲਾਇਆ ਹੈ ਕਿ ਇਸ ਸਾਲ ਉਤਪਾਦਕਾਂ ਨੂੰ ਇਸ ਕਿਸਮ ਦਾ ਵੀ ਵਧੀਆ ਭਾਅ ਮਿਲਣ ਦੀ ਸੰਭਾਵਨਾ ਹੈ। ਉਤਪਾਦਕਾਂ ਨੂੰ ਬਰਾਮਦ ਘੱਟ ਹੋਣ ਦੇ ਬਾਵਜੂਦ ਵੀ ਵਧੀਆ ਮੁੱਲ ਇਸ ਲਈ ਮਿਲ ਰਿਹਾ ਹੈ ਕਿ ਬਾਸਮਤੀ ਦੀ ਖਪਤ ਘਰੇਲੂ ਆਪਣੇ ਮੁਲਕ ਵਿਚ ਵੀ ਵਧ ਗਈ ਹੈ। ਦੱਖਣੀ ਰਾਜਾਂ ਦੇ ਲੋਕ ਵੀ ਹੁਣ ਬਾਸਮਤੀ ਖਾਣ ਲੱਗ ਗਏ ਹਨ। ਉੱਤਰੀ ਰਾਜਾਂ ਵਿਚ ਵੀ ਖਪਤਕਾਰਾਂ ਦੀ ਰੁਚੀ ਹੁਣ ਚੌਲ ਖਾਣ ਵੱਲ ਵਧੇਰੇ ਹੈ।
ਪੰਜਾਬ ਵਿਚ ਇਸ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਕੇ 6.5 ਲੱਖ ਹੈਕਟੇਅਰ ਹੋ ਗਿਆ ਹੈ। ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਤੇ ਡਾਇਰੈਕਟਰ ਖੇਤੀਬਾੜੀ ਸੁਤੰਤਰ ਕੁਮਾਰ ਐਰੀ ਦੇ ਉਪਰਾਲਿਆਂ ਨਾਲ ਪੰਜਾਬ ਦੀ ਬਾਸਮਤੀ ਦੀ ਫ਼ਸਲ ਕੀਟਨਾਸ਼ਕਾਂ ਦੀ ਰਹਿੰਦ-ਖੁਹੰਦ ਤੋਂ ਤਕਰੀਬਨ ਮੁਕਤ ਹੈ। ਇਸ ਲਈ ਐਕਸਪੋਰਟਰਜ਼ ਪੰਜਾਬ ਦੀਆਂ ਮੰਡੀਆਂ 'ਚ ਬਾਸਮਤੀ ਖ਼ਰੀਦਣ ਦੀ ਰੁਚੀ ਰੱਖਦੇ ਹਨ। ਖੇਤੀਬਾੜੀ ਵਿਭਾਗ ਨੇ ਬਾਸਮਤੀ ਉਤਪਾਦਕਾਂ ਨਾਲ ਆਪਣਾ ਸੰਪਰਕ ਬਣਾਈ ਰੱਖਿਆ ਅਤੇ ਉਹਨਾਂ ਨੂੰ ਅਜਿਹੇ ਕੀਟਨਾਂਸ਼ਕ ਜਿਹਨਾਂ ਦੀ ਰਹਿੰਦ-ਖੁਹੰਦ ਬਾਸਮਤੀ ਦੀ ਫ਼ਸਲ ਵਿਚ ਰਹਿ ਜਾਵੇ, ਵਰਤਣ ਤੋਂ ਗੁਰੇਜ਼ ਕਰਵਾਉਣ 'ਚ ਸਫ਼ਲ ਹੋ ਗਏ। ਪੰਜਾਬ ਦੇ ਫ਼ਸਲੀ - ਵਿਭਿੰਨਤਾ ਪ੍ਰੋਗਰਾਮ 'ਚ ਵੀ ਬਾਸਮਤੀ ਦੀ ਸਫ਼ਲਤਾ ਸਾਹਮਣੇ ਆਈ ਹੈ। ਸ਼ੁਰੂ - ਸ਼ੁਰੂ ਵਿਚ ਰਾਜ ਦੇ ਫ਼ਸਲੀ - ਵਿਭਿੰਨਤਾ ਪ੍ਰੋਗਰਾਮ ਵਿਚ ਬਾਸਮਤੀ ਨੂੰ ਕੁਝ ਅਣਗੌਲਿਆ ਜਿਹਾ ਕੀਤਾ ਗਿਆ ਭਾਂਪਦਾ ਸੀ। ਝੋਨੇ ਦੇ ਮੁਕਾਬਲੇ ਬਾਸਮਤੀ ਦੀ ਪਾਣੀ ਦੀ ਲੋੜ ਘੱਟ ਹੈ ਅਤੇ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਪੂਸਾ ਬਾਸਮਤੀ-1509 ਕਿਸਮ ਤਾਂ ਮੋਨਸੂਨ ਦੀ ਬਾਰਿਸ਼ ਦੇ ਪਾਣੀ ਨਾਲ ਹੀ ਪਲ ਜਾਂਦੀਆਂ ਹਨ।
ਬਾਸਮਤੀ ਦੇ ਪ੍ਰਸਿੱਧ ਬਰੀਡਰ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਸੰਯੁਕਤ ਡਾਇਰੈਕਟਰ (ਖੋਜ) ਅਤੇ ਜੈਨੇਟਿਕਸ ਡਵੀਜ਼ਨ ਦੇ ਮੁਖੀ ਡਾ: ਅਸ਼ੋਕ ਕੁਮਾਰ ਸਿੰਘ ਅਨੁਸਾਰ ਹੁਣ ਬਾਸਮਤੀ 'ਤੇ ਖੋਜ ਇਸ ਨੂੰ ਝੁਲਸ ਰੋਗ ਅਤੇ ਭੁਰੜ ਰੋਗ ਤੋਂ ਮੁਕਤ ਕਰਨ 'ਤੇ ਕੀਤੀ ਜਾ ਰਹੀ ਹੈ। ਬਾਸਮਤੀ ਕਿਸਮਾਂ ਵਿਚ ਬੀ ਐਲ ਬੀ ਅਤੇ ਬਲਾਸਟ ਤੋਂ ਮੁਕਤ ਕਰਨ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ। ਉਪਰਾਲਿਆਂ ਉਪਰੰਤ ਹੀ ਪੂਸਾ ਬਾਸਮਤੀ-1718 ਅਤੇ ਪੂਸਾ ਬਾਸਮਤੀ -1728 ਜਿਹੀਆਂ ਕਿਸਮਾਂ ਵਿਕਸਿਤ ਹੋਈਆ ਹਨ। ਬਾਸਮਤੀ ਕਿਸਮਾਂ ਨੂੰ ਬੀ ਐਲ ਬੀ ਅਤੇ ਭੁਰੜ ਰੋਗ ਵਧੇਰੇ ਲਗਦੇ ਹਨ। ਸ਼ਾਖਾਂ ਫੁੱਟਣ ਸਮੇਂ ਪੱਤਿਆਂ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੁੰਦੇ ਹਨ। ਮੁੰਜਰਾਂ ਨਿਕਲਣ ਵਾਲੀ ਥਾਂ 'ਤੇ ਕਾਲੇ ਦਾਗ਼ ਵੀ ਪੈ ਜਾਂਦੇ ਹਨ ਜਿਸ ਨਾਲ ਮੁੰਜਰਾਂ ਡਿੱਗ ਪੈਂਦੀਆਂ ਹਨ।


-ਮੋਬਾਈਲ : 98152-36307

ਪਾ ਲੈ ਖੇਤੀ ਨਾਲ ਪਿਆਰ...

ਸੰਭਲ ਸੰਭਲ ਓਇ ਜੱਟਾ ਭੋਲਿਆ, ਤੂੰ ਹੱਥ ਅਕਲ ਨੂੰ ਮਾਰ।
ਤੈਨੂੰ ਅੰਨ ਦਾਤਾ ਨੇ ਆਖਦੇ, ਸਭ ਦੇ ਭਰਦਾ ਰਹੇਂ ਭੰਡਾਰ।
ਰਸਤੇ ਖੁਦਕੁਸ਼ੀਆਂ ਦੇ ਪੈ ਗਿਆ, ਕਿਹੜੀ ਭੁਲ ਗਈ ਤੈਨੂੰ ਮਾਰ।
ਤੂੰ ਤਾਂ ਜੱਟ ਪੰਜਾਬੀ ਸੂਰਮਾ, ਕਾਹਤੋਂ ਬੈਠਾ ਹਿੰਮਤ ਹਾਰ।
ਲੱਸੀ, ਦੁੱਧ, ਘਿਓ, ਮੱਖਣ ਛੱਡ ਕੇ, ਤੈਂ ਨਸ਼ੇ ਬਣਾ ਲਏ ਯਾਰ।
ਮੁਧਕਰ ਚੁੱਕਣੇ, ਮੂੰਗਲੀਆਂ ਫੇਰਨੀਆਂ, ਦਿੱਤੇ ਸ਼ੌਕ ਤੂੰ ਮਨੋ ਵਿਸਾਰ।
ਲੀਹ ਪਿਓ ਦਾਦੇ ਦੀ ਸੋਹਣਿਆ, ਕਿਉਂ ਦਿੱਤੀ ਮਨੋ ਵਿਸਾਰ।
ਤੇਰੀ ਦਸਾਂ ਨਹੁੰਆਂ ਦੀ ਕਿਰਤ ਤੇ, ਸਾਰਾ ਪਲਦਾ ਹੈ ਸੰਸਾਰ।
ਮਿੱਟੀ ਦੇ ਨਾਲ ਮਿੱਟੀ ਹੋ ਕੇ ਦਿਨ ਰਾਤੀਂ ਕਰਦੈਂ ਕਾਰ।
ਮਾਂ ਹੁੰਦੀ ਪੈਲੀ ਜੱਟ ਦੀ, ਵਿਚ ਸਿੱਟਾ ਮਿਹਨਤ ਦਾ ਮਾਰ।
ਤੂੰ ਨਾ ਦਿਲ ਦਿਲਗੀਰੀ ਧਾਰ ਲਈਂ, ਕੰਮ ਵਿਊਂਤ ਦੇ ਨਾਲ ਸੰਵਾਰ।
ਮਾੜੀ ਆਦਤ ਨਹੀਂ ਸਹੇੜਨੀ, ਸੁੱਚੀ ਹੱਥੀਂ ਕਰ ਲਈਂ ਕਾਰ।
ਵਾਹ ਲੈ ਦੱਬ ਕੇ, ਖਾ ਲੈ ਰੱਜ ਕੇ, ਪਾ ਲੈ ਖੇਤੀ ਨਾਲ ਪਿਆਰ।


-ਪ੍ਰੋ: ਸ਼ਫੀ ਮੁਹੰਮਦ ਮੂੰਗੋ
(ਰਾਸ਼ਟਰਪਤੀ ਐਵਾਰਡੀ), ਮੁਹੱਲਾ ਕਰਤਾਰਪੁਰਾ (ਕਹੂਟਾ),
ਨਾਭਾ-147201, ਜ਼ਿਲ੍ਹਾ ਪਟਿਆਲਾ। ਮੋਬਾਈਲ : 9501117772

ਫੁੱਲਾਂ ਦੀ ਕਾਸ਼ਤ ਕਰਨ ਵਾਲਾ ਸਿਮਰਾਨ ਰੰਗ

ਪਟਿਆਲਾ ਨਾਭਾ ਸੜਕ 'ਤੇ ਸਥਿਤ ਪਿੰਡ ਧਬਲਾਨ ਵਿਖੇ ਫੁੱਲਾਂ ਦੀ ਸ਼ੌਕ ਨਾਲ ਖੇਤੀ ਕਰਨ ਵਾਲੇ ਪੜ੍ਹੇ ਲਿਖੇ ਨੌਜਵਾਨ ਸਿਮਰਾਨ ਰੰਗ ਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਉਸ ਨੂੰ ਦੇਸ਼ ਤੇ ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿਚ ਖੜ੍ਹਾ ਕਰ ਦੇਵੇਗੀ ਅਤੇ ਉਸ ਦਾ ਇਹ ਸ਼ੌਕ ਉਸ ਦੀ ਆਰਥਿਕ ਪੱਖੋਂ ਖੁਸ਼ਹਾਲੀ ਤੇ ਹੋਰਨਾਂ ਸੈਂਕੜੇ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇਗਾ।
ਮਾਰਕੀਟਿੰਗ ਮੈਨੇਜਮੈਂਟ ਵਿਚ ਪੋਸਟ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ, ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ 'ਤੇ ਕਰਨ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਉਨ੍ਹਾਂ ਦੇ ਪਿਤਾ ਡਾ: ਅੱਲਾ ਰੰਗ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਦਾ ਮਾਰਗ-ਦਰਸ਼ਨ ਕੀਤਾ। ਸਿਮਰਾਨ ਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵਲੋਂ ਤਕਨੀਕੀ ਜਾਣਕਾਰੀ ਤੇ ਵਿੱਤੀ ਸਹਾਇਤਾ ਲੈ ਕੇ ਉਸ ਵਲੋਂ 7 ਏਕੜ ਰਕਬੇ 'ਚ ਫੁੱਲਾਂ ਦੇ ਬੀਜ ਤਿਆਰ ਕਰਨ ਲਈ ਸ਼ੁਰੂ ਕੀਤੀ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ 'ਚ 850 ਏਕੜ ਤੱਕ ਪੁੱਜ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਖੁਦ 80 ਏਕੜ ਜ਼ਮੀਨ 'ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ 'ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜ਼ੀ, ਪਟੂਨਿਆ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਦੁਰਲੱਭ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿਚ ਲਿਆ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਵਲੋਂ ਧਬਲਾਨ ਫਾਰਮ 'ਚ ਸੋਲਰ ਪਾਵਰ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਡਰਿੱਪ ਤੇ ਮਿਲਚਿੰਗ ਪ੍ਰਣਾਲੀ ਅਪਣਾਅ ਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਵਿਸ਼ਵ ਪੱਧਰ ਦੀ ਗਰੇਡਿੰਗ, ਸਟੋਰੇਜ ਤੇ ਪੈਕਿੰਗ ਤਕਨੀਕ ਅਪਣਾਅ ਕੇ 95 ਫੀਸਦੀ ਦੇ ਕਰੀਬ ਉਪਜ ਵਿਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਫਾਰਮ 'ਤੇ ਲਗਾਏ 43 ਕਿੱਲੋਵਾਟ ਦੇ ਸੋਲਰ ਪਾਵਰ ਸਿਸਟਮ ਤੋਂ ਰੋਜ਼ਾਨਾ ਤਕਰੀਬਨ 225 ਯੂਨਿਟਾਂ ਨਾਲ ਉਹ ਆਪਣੇ ਫਾਰਮ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ। ਜਗਜੀਵਨ ਰਾਮ ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।
ਸਿਮਰਾਨ ਰੰਗ ਨੇ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਫੁੱਲਾਂ ਦੇ ਭਾਰਤ ਵਿਚ ਪੈਦਾ ਕੀਤੇ ਬੀਜਾਂ ਦੀ ਪੂਰੀ ਦੁਨੀਆ ਵਿਚ ਸਰਦਾਰੀ ਰਹੇ। ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਆਰਥਿਕ ਦਸ਼ਾ ਮਜ਼ਬੂਤ ਕਰਨ ਲਈ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।


-ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
ਮੋਬਾਈਲ : 9876101698

ਵਿਰਸੇ ਦੀਆਂ ਬਾਤਾਂ

ਰੁੱਖਾਂ ਦੀ ਤਪੱਸਿਆ ਨੂੰ ਜਾਣਦਾ ਨਾ ਕੋਈ

ਮਨੁੱਖ ਹੋਵੇ ਜਾਂ ਰੁੱਖ, ਉਹਦੀ ਤਪੱਸਿਆ ਬਹੁਤ ਘੱਟ ਲੋਕਾਂ ਨੂੰ ਦਿਸਦੀ ਹੈ। ਕਾਮਯਾਬ ਬੰਦੇ ਬਾਰੇ ਅਕਸਰ ਸਾਡੀ ਧਾਰਨਾ ਹੁੰਦੀ ਹੈ ਕਿ ਇਹ ਰਾਤੋ-ਰਾਤ ਇਸ ਥਾਂ ਤੱਕ ਪਹੁੰਚ ਗਿਆ, ਪਰ ਉਸ ਵਲੋਂ ਕੀਤੇ ਅਸਲ ਸੰਘਰਸ਼ ਬਾਰੇ ਨਹੀਂ ਜਾਣਦੇ ਹੁੰਦੇ। ਇਵੇਂ ਹੀ ਦਰੱਖਤ ਦੀ ਛਾਂ ਦੇਖ ਅਸੀਂ ਇਹ ਨਹੀਂ ਸਮਝਦੇ ਕਿ ਉਹਨੇ ਕਿੰਨੀਆਂ ਪਤਝੜਾਂ ਜਾਂ ਬਹਾਰਾਂ ਪਿੰਡੇ 'ਤੇ ਹੰਢਾਈਆਂ। ਕਿੰਨਿਆਂ ਨੇ ਉਸ ਨੂੰ ਟੱਕ ਲਾਏ, ਕਿੰਨੀਆਂ ਪੀਂਘਾਂ ਨੇ ਉਸ ਦੇ ਅੰਗ ਤੋੜੇ ਜਾਂ ਤੋੜਨ ਦੀ ਕੋਸ਼ਿਸ਼ ਕੀਤੀ, ਕਿੰਨੀ ਵਾਰ ਉਸ ਨੇ ਆਰੀ ਦਾ ਸਾਹਮਣਾ ਕੀਤਾ।
ਇਸ ਦਰੱਖਤ ਨੂੰ ਦੇਖ ਇੰਜ ਲਗਦਾ ਜਿਵੇਂ ਸਾਡਾ ਬਜ਼ੁਰਗ ਹੋਵੇ। ਇਹ ਬੁੱਢਾ ਹੋ ਗਿਆ, ਪਰ ਅੱਜ ਵੀ ਆਪਣੇ ਪੁੱਤਾਂ-ਧੀਆਂ ਬਾਰੇ ਸੋਚਦਾ। ਲਿਫ਼ ਗਿਆ, ਕੁੱਬ ਪੈ ਗਿਆ, ਪਰ ਆਪਣੇ ਫ਼ਰਜ਼ ਨਿਭਾਅ ਰਿਹਾ। ਕੱਲ੍ਹ ਨੂੰ ਕੋਈ ਇਹਦੇ ਦੁਆਲੇ ਆਰੀ ਜਾਂ ਕੁਹਾੜੀ ਲੈ ਕੇ ਹੋ ਜਾਵੇ ਤਾਂ ਇਹਦਾ ਕੋਈ ਕਸੂਰ ਨਹੀਂ ਹੋਣਾ, ਇਹ ਤਾਂ ਵਿਚਾਰਾ ਲੰਮਿਆਂ ਪੈ ਕੇ ਫ਼ਰਜ਼ ਨਿਭਾਅ ਰਿਹਾ।
ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਦਿਹਾੜੇ ਦੇ ਸੰਦਰਭ ਵਿਚ ਰੁੱਖ ਲਾਓ ਮੁਹਿੰਮ ਚੱਲ ਰਹੀ ਹੈ। ਪਿੰਡਾਂ, ਸ਼ਹਿਰਾਂ ਦੇ ਲੋਕ ਸਰਗਰਮ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਲਾਉਣ ਤੋਂ ਬਾਅਦ ਅਗਲਾ ਵੱਡਾ ਸਵਾਲ ਉਨ੍ਹਾਂ ਨੂੰ ਪਾਲਣ ਦਾ ਹੈ। ਉਨ੍ਹਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ।
ਇਕ ਵੇਲ਼ੇ ਪਿੰਡਾਂ ਵਿਚ ਪਿੱਪਲ, ਬੋਹੜ ਵਰਗੇ ਦਰੱਖਤ ਆਮ ਮਿਲ ਜਾਂਦੇ ਸਨ। ਇਨ੍ਹਾਂ ਥੱਲੇ ਸੱਥਾਂ ਲੱਗਦੀਆਂ, ਤਖ਼ਤਪੋਸ਼ ਰੱਖੇ ਹੁੰਦੇ, ਠੰਢੇ ਪਾਣੀ ਵਾਲੇ ਨਲਕੇ ਹੁੰਦੇ। ਪਰ ਕੁਹਾੜੀਆਂ ਤੇ ਆਰੀਆਂ ਨੇ ਵੱਡੀ ਗਿਣਤੀ ਦਰੱਖਤ ਮੁਕਾ ਦਿੱਤੇ। ਅੱਜ ਲਾਏ ਜਾਣ ਵਾਲੇ ਦਰੱਖਤਾਂ ਦੀ ਜੇ ਸਹੀ ਤਰੀਕੇ ਨਾਲ ਦੇਖਭਾਲ ਹੋਵੇ ਤਾਂ ਦਹਾਕਿਆਂ ਬਾਅਦ ਉਹ ਉਨ੍ਹਾਂ ਦਰੱਖਤਾਂ ਵਰਗੇ ਹੋਣਗੇ, ਜਿਨ੍ਹਾਂ ਦਾ ਅਸੀਂ ਕਤਲ ਕੀਤਾ। ਦਰੱਖਤਾਂ ਦੇ ਨਾਂ 'ਤੇ ਪੰਜਾਬ 'ਚ ਸਫ਼ੈਦਾ ਦਿਸ ਰਿਹਾ, ਜਿਸ ਦਾ ਫ਼ਾਇਦਾ ਘੱਟ ਤੇ ਨੁਕਸਾਨ ਵੱਧ ਹੈ। ਪਿਛਲੇ ਦਿਨੀਂ ਪੁਣੇ ਵੱਲ ਦੇ ਇਕ ਸ਼ਖ਼ਸ ਦੀ ਖ਼ਬਰ ਪੜ੍ਹੀ। ਉਹਦੀ ਧੀ ਨੇ ਉਸ ਨੂੰ ਕਿਹਾ, 'ਪਾਪਾ, ਦਰੱਖਤਾਂ ਨਾਲ ਸਾਡੀ ਕੀ ਦੁਸ਼ਮਣੀ, ਇਨ੍ਹਾਂ ਨੂੰ ਮਾਰ ਕੇ ਕੀ ਮਿਲਦਾ।'
ਉਸ ਨੇ ਇਕ ਸੰਸਥਾ ਬਣਾਈ ਅਤੇ ਦਰੱਖਤਾਂ ਵਿਚ ਗੱਡੀਆਂ ਮੇਖਾਂ, ਕਿੱਲ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਉਹ ਹਜ਼ਾਰਾਂ ਦਰੱਖਤਾਂ ਵਿਚ ਵੱਖ-ਵੱਖ ਕਾਰਨਾਂ ਕਰਕੇ ਗੱਡੇ ਕਿੱਲ ਕੱਢ ਚੁੱਕਾ। ਉਹ ਕਹਿੰਦਾ, 'ਜੇ ਸਾਡੇ ਸਰੀਰ ਵਿਚ ਕੋਈ ਕਿੱਲ ਠੋਕੇ ਤਾਂ ਕਿੰਨਾ ਦੁੱਖ ਲੱਗੇ।'
ਗੱਲ ਸਿਰਫ਼ ਸੰਵੇਦਨਸ਼ੀਲ ਹੋਣ ਦੀ ਹੈ। ਜੇ ਦਰੱਖਤ ਤਿੱਖੜ ਦੁਪਹਿਰਾਂ ਝੱਲ ਸਾਨੂੰ ਛਾਂ, ਫ਼ਲ ਤੇ ਹੋਰ ਬੜਾ ਕੁਝ ਦਿੰਦੇ ਹਨ ਤਾਂ ਸੋਚੋ ਬਦਲੇ ਵਿਚ ਅਸੀਂ ਇਨ੍ਹਾਂ ਨੂੰ ਕੀ ਦੇ ਰਹੇ ਹਾਂ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX