ਤਾਜਾ ਖ਼ਬਰਾਂ


ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  8 minutes ago
ਸੰਗਰੂਰ, 18 ਫਰਵਰੀ (ਧੀਰਜ ਪਸ਼ੋਰੀਆ)- ਸੰਗਰੂਰ ਪੁਲਿਸ ਥਾਣੇ ਨੇੜੇ ਅੱਜ ਵਾਪਰੇ ਇੱਕ ਸੜਕ ਹਾਦਸੇ 'ਚ 12ਵੀਂ ਜਮਾਤ 'ਚ ਪੜ੍ਹਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ...
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  41 minutes ago
ਦੀਨਾਨਗਰ, 18 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੋਸਾਇਟੀ ਵਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਅਤੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਸਾਂਝੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ...
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  57 minutes ago
ਨਵੀਂ ਦਿੱਲੀ, 18 ਫਰਵਰੀ- ਬੀ. ਸੀ. ਸੀ. ਆਈ. ਨੇ ਅੱਜ ਆਈ. ਪੀ. ਐੱਲ. 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ...
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  about 1 hour ago
ਅਹਿਮਦਾਬਾਦ, 18 ਫਰਵਰੀ- ਗੁਜਰਾਤ ਦੇ ਅਹਿਮਦਾਬਾਦ ਤੋਂ ਬੈਂਗਲੁਰੂ ਜਾਣ ਵਾਲੇ 'ਗੋਏਅਰ' ਦੇ ਇੱਕ ਜਹਾਜ਼ ਦੇ ਸੱਜੇ ਇੰਜਣ 'ਚ ਪੰਛੀ ਨਾਲ ਟਕਰਾਉਣ ਦੇ ਕਾਰਨ ਅੱਗ ਲੱਗ ਗਈ। ਹਾਦਸੇ ਤੋਂ ਬਾਅਦ...
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  about 1 hour ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਮੁਲਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਹੜਤਾਲ 'ਤੇ ਗਏ ਨਿਗਮ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ...
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  about 1 hour ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਪਟਿਆਲਾ ਦੇ ਦੁੱਧਨ ਸਾਧਾਂ ਵਿਖੇ ਸਿਹਤ ਮੇਲੇ ਦੌਰਾਨ ਅੱਜ ਸਿਹਤ ਮੰਤਰੀ ਵਲੋਂ ਇੱਥੋਂ ਦੇ ਹਸਪਤਾਲ ਦੌਰਾ ਕੀਤਾ ਗਿਆ, ਜਿਸ ਦੌਰਾਨ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ...
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  about 1 hour ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੀ ਅਦਾਲਤ ਨੇ ਜਾਮੀਆ-ਨਿਊ-ਫਰੈਂਡਜ਼ ਕਾਲੋਨੀ ਹਿੰਸਾ ਮਾਮਲੇ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ...
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  about 2 hours ago
ਜੰਡਿਆਲਾ ਮੰਜਕੀ, 18 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਚਾਨੀਆਂ 'ਚ ਅੱਜ ਸਵੇਰੇ ਖੇਤਾਂ 'ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਅੱਧਾ ਦਰਜਨ ਬੱਚਿਆਂ ਦੇ ਜ਼ਖਮੀ ਹੋਣ ਦੀ...
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  about 2 hours ago
ਜਲੰਧਰ, 18 ਫਰਵਰੀ (ਜਸਪਾਲ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਅਗਵਾਈ ਹੇਠ ਹੋਈ ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਜਿੱਥੇ ਸਥਾਨਕ ਮੁੱਦੇ ਛਾਏ...
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  about 2 hours ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ, ਰਾਜੇਸ਼ ਸੰਧੂ)- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਪੁਰਾਤਨ ਸ਼ਹਿਰ ਦੇ ਅੰਦਰੋਂ ਤੰਬਾਕੂ, ਮੀਟ, ਸ਼ਰਾਬ ਦੀਆਂ ਦੁਕਾਨਾਂ ਤੇ ਖੋਖਿਆਂ ਨੂੰ ਹਟਾਉਣ ਦੀ ਮੰਗ ਨੂੰ...
ਹੋਰ ਖ਼ਬਰਾਂ..

ਲੋਕ ਮੰਚ

ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ

ਪੇਂਡੂ ਖੇਡ ਮੇਲਿਆਂ ਦੀ ਰੌਣਕ ਰਹੀਆਂ ਬਹੁਤ ਸਾਰੀਆਂ ਵਿਰਾਸਤੀ ਖੇਡਾਂ ਸਮੇਂ ਦੇ ਵਹਾਅ ਵਿਚ ਹੀ ਵਹਿ ਕੇ ਰਹਿ ਗਈਆਂ ਹਨ। ਸਾਡੀ ਮਾਂ-ਖੇਡ ਵਜੋਂ ਜਾਣੀ ਜਾਂਦੀ ਕਬੱਡੀ ਬੇਸ਼ੱਕ ਲੱਖਾਂ ਤੋਂ ਕਰੋੜਾਂ ਦੀ ਬਣ ਗਈ ਹੈ ਪ੍ਰੰਤੂ ਪੇਂਡੂ ਖੇਡ ਮੈਦਾਨਾਂ ਵਿਚ ਇਸ ਦੀ ਗ਼ੈਰ-ਮੌਜੂਦਗੀ ਹੈਰਾਨੀ ਦਾ ਸਬੱਬ ਹੈ। ਸਦੀਆਂ ਪੁਰਾਣੀ ਸਾਡੀ ਖਿੱਦੋ-ਖੂੰਡੀ ਵਾਲੀ ਖੇਡ ਹਾਕੀ ਜਿਸ ਨੂੰ ਕਦੇ ਪਿੰਡ-ਪਿੰਡ ਖੇਡਿਆ ਜਾਂਦਾ ਸੀ, ਅੱਜ ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ। ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਕਬੱਡੀ ਤੇ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੇਂਡੂ ਇਲਾਕੇ ਵਿਚ ਬਲਾਕ ਪੱਧਰ 'ਤੇ ਖੇਡ ਅਕਾਡਮੀਆਂ ਖੋਲ੍ਹੇ। ਸਰਕਾਰ ਚਾਹੇ ਤਾਂ ਪੁਰਾਣੇ ਖਿਡਾਰੀਆਂ ਦੀਆਂ ਸੇਵਾਵਾਂ ਵੀ ਲੈ ਸਕਦੀ ਹੈ। ਪਿੰਡਾਂ ਵਿਚ ਲਗਦੇ ਕੁਸ਼ਤੀ ਦੇ ਅਖਾੜੇ ਦੇਖਣ ਨੂੰ ਤਾਂ ਜਿਵੇਂ ਅੱਖਾਂ ਹੀ ਤਰਸ ਗਈਆਂ ਹਨ। ਨੌਜਵਾਨਾਂ ਦੇ ਲੱਛੇਦਾਰ ਸਰੀਰ ਵੇਖ ਕੇ ਦਰਸ਼ਕਾਂ ਦੀ ਭੁੱਖ ਹੀ ਲਹਿ ਜਾਂਦੀ ਸੀ। ਬੱਚੇ, ਬੁੱਢੇ ਸਭ ਇਸ ਨੂੰ ਬਹੁਤ ਸ਼ੌਕ ਨਾਲ ਵੇਖਦੇ ਸਨ। ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਜਿਵੇਂ ਟਿੱਬਲਾ-ਟਿੱਬਲੀ, ਖੋ-ਖੋ, ਸ਼ੱਕਰ-ਭਿੰਜੀ, ਕਾਣੀ-ਮੀਣੀ, ਲੁਕਣਮਿਚੀ, ਜੰਡ ਪਰ੍ਹਾਂਗਾ, ਗੁੱਲੀ ਡੰਡਾ, ਬਾਂਦਰ ਕਿੱਲਾ, ਬਾਰਾਂ ਟਹਿਣੀ ਜਾਂ ਬਾਰਾਂ ਗੀਟੀ, ਛੂਹਣ-ਸ਼ਲਾਕਾ, ਚੋਰ-ਸਿਪਾਹੀ, ਰੱਸਾ-ਕਸ਼ੀ, ਪਿੱਠੂ ਅਤੇ ਤੀਰਅੰਦਾਜ਼ੀ ਜਿਹੀਆਂ ਬਹੁਮੁੱਲੀਆਂ ਖੇਡਾਂ ਸ਼ਾਮਿਲ ਹਨ ਜੋ ਕੁਝ ਬੀਤੇ ਸਮੇਂ ਦੀ ਗੱਲ ਬਣ ਗਈਆਂ ਹਨ। ਟਿੱਬਲਾ-ਟਿੱਬਲੀ ਦੀ ਖੇਡ ਬਹੁਤ ਹੀ ਰੌਚਕ ਅਤੇ ਜਾਣਕਾਰੀ ਭਰਪੂਰ ਸੀ। ਇਸ ਵਿਚ ਗੇਮ ਕਰਨ ਵਾਲੇ ਖਿਡਾਰੀ ਤੋਂ ਵਿਰੋਧੀ ਟੀਮ ਵਲੋਂ ਪਿੰਡ ਦੇ ਵਸਨੀਕ ਕਿਸੇ ਪਰਿਵਾਰ ਦਾ ਅਤਾ-ਪਤਾ ਦੱਸ ਕੇ ਉਸ ਪਰਿਵਾਰ ਦੇ ਟਿੱਬਲਾ-ਟਿੱਬਲੀਆਂ ਭਾਵ ਲੜਕੇ-ਲੜਕੀਆਂ ਦੀ ਸੰਖਿਆ ਬਾਰੇ ਪੁੱਛਿਆ ਕਰਦੇ ਸਨ। ਸਹੀ ਜਵਾਬ ਨਾ ਦੱਸਣ ਵਾਲਾ ਖਿਡਾਰੀ ਵਿਰੋਧੀ ਟੀਮ ਦੇ ਇਕ ਖਿਡਾਰੀ ਨੂੰ ਆਪਣੇ ਕੰਧੇ ਉੱਪਰ ਬਿਠਾ ਕੇ ਉਸ ਦੱਸੇ ਗਏ ਪਰਿਵਾਰ ਦੇ ਦਰਵਾਜ਼ੇ ਤੱਕ ਤੱਕ ਲੈ ਕੇ ਜਾਂਦਾ ਸੀ। ਇਸ ਤਰ੍ਹਾਂ ਖੇਡ-ਖੇਡ ਵਿਚ ਪਿੰਡਾਂ ਦੇ ਵਸਨੀਕਾਂ ਨੂੰ ਜਾਣਨ ਦਾ ਮੌਕਾ ਮਿਲਦਾ ਸੀ।

-ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 88726-60007.


ਖ਼ਬਰ ਸ਼ੇਅਰ ਕਰੋ

ਪ੍ਰੋ: ਐਸ. ਆਰ. ਮਹਿਰੋਤਰਾ : ਆਧੁਨਿਕ ਭਾਰਤੀ ਇਤਿਹਾਸ ਦੇ ਸੱਚੇ ਸਿਪਾਹੀ

ਇਕ ਪ੍ਰਸੰਸਾਯੋਗ ਇਤਿਹਾਸਕਾਰ, ਅਕਾਦਮਿਕ ਪ੍ਰਤਿਭਾ ਦੇ ਮਾਲਕ, ਮਿਹਨਤੀ ਇਤਿਹਾਸ ਲੇਖਕ, ਯੋਗ ਵਕਤਾ, ਕਿ ਸੱਚੇ ਗੁਰੂ ਅਤੇ ਪੰਡਿਤ ਸ੍ਰੀ ਰਾਮ ਮਹਿਰੋਤਰਾ ਦੇ ਗੁਜ਼ਰ ਜਾਣ ਨਾਲ ਇਕ ਯੁੱਗ ਦਾ ਅੰਤ ਹੋਇਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਦੁੱਖ ਨਾਲ ਭਰ ਦਿੱਤਾ ਜੋ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜਾਂ ਉਨ੍ਹਾਂ ਦੀਆਂ ਮੁੱਲਵਾਨ ਲਿਖਤਾਂ ਦੁਆਰਾ ਜਾਣਦੇ ਸਨ। ਉਹ ਲੰਡਨ ਯੂਨੀਵਰਸਿਟੀ ਵਿਚ 'ਸਕੂਲ ਆਫ਼ ਓਰੀਐਂਟਲ ਐਂਡ ਅਫ਼ਰੀਕਨ ਸਟੱਡੀਜ਼' ਦੇ ਪ੍ਰੋਫ਼ੈਸਰ ਸਨ ਜਿਥੇ ਉਨ੍ਹਾਂ ਨੇ 1960 ਵਿਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਨਾਲ ਹੀ 'ਸੇਟ ਜੋਹਨਸ ਕਾਲਜ ਕੈਮਬ੍ਰਿਜ਼' ਦੇ ਵਿਜ਼ਿਟਿੰਗ ਫੈਲੋ (ਮਹਿਮਾਨ ਮੈਂਬਰ) ਵੀ ਰਹੇ। ਉਹ ਤੇ ਉਨ੍ਹਾਂ ਦੀ ਪਤਨੀ ਇਵਾ ਮਹਿਰੋਤਰਾ ਨੇ ਸ਼ਿਮਲਾ ਵਿਚ ਵਸੇਬਾ ਕਰਨ ਤੋਂ ਬਾਅਦ ਲਗਪਗ ਦੋ ਦਹਾਕੇ (1972-1991) ਹਿਮਾਚਲ ਯੂਨੀਵਰਸਿਟੀ ਵਿਚ ਸੇਵਾ ਨਿਭਾਈ। ਉਹ ਸ਼ਿਮਲਾ ਦੇ 'ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼' (ਆਈ.ਆਈ.ਓ.ਐਸ.) ਦੇ ਮੈਂਬਰ ਵੀ ਸਨ। ਅਧਿਆਪਨ ਉਨ੍ਹਾਂ ਦੀ ਜ਼ਿੰਦਗੀ, ਪਿਆਰ ਅਤੇ ਜਨੂੰਨ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ India and the Commowealth, The Emergence of Indian National Congress, Commonwealth and the Nation, Towards India’s Freedom and Partition, A History of Indian National Congress, Selected Writings of Allan Octavian Hume. A Saint of Shimla and Dadabhai Naroji : Selected Privated papers ਆਪਣੇ ਜੀਵਨ ਕਾਲ ਵਿਚ ਉਨ੍ਹਾਂ ਨੇ ਕਈ ਸਿਧਾਤਾਂ ਨੂੰ ਅੱਗੇ ਵਧਾਇਆ ਜਿਵੇਂ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ, ਉਸ ਦੇ ਹੋਰ ਵਿਭਿੰਨ ਪਹਿਲੂ ਅਤੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਰਾਜਨੀਤਕ ਹਾਲਾਤ। ਆਪਣੀ ਸਮਝਦਾਰੀ ਅਤੇ ਡੂੰਘੀ ਨਿਗਰਾਨੀ ਦੁਆਰਾ ਉਨ੍ਹਾਂ ਨੇ ਆਧੁਨਿਕ ਭਾਰਤੀ ਇਤਿਹਾਸ ਦੇ ਕਈ ਭੁਲੇਖਿਆਂ ਅਤੇ ਗੁੰਝਲਦਾਰ ਮਸਲਿਆਂ ਨੂੰ ਦੂਰ ਕੀਤਾ। ਉਨ੍ਹਾਂ ਦੇ ਮਹਾਨ ਯੋਗਦਾਨ ਸਦਕਾ ਉਨ੍ਹਾਂ ਨੂੰ ਐਚ.ਪੀ.ਯੂ. ਦੁਆਰਾ 2014 ਵਿਚ ਡੀ.ਲਿਟ ਦੀ ਡਿਗਰੀ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਦੀ ਪਤਨੀ ਇਵਾ ਮਹਿਰੋਤਰਾ 1986-87 ਵਿਚ ਮੇਰੀ ਐਮ.ਫਿਲ ਦੀ ਪੜ੍ਹਾਈ ਦੌਰਾਨ ਮੇਰੇ ਖੋਜ ਨਿਬੰਧ ਦੇ ਸੁਪਰਵਾਈਜ਼ਰ ਸਨ। ਦੋਵੇਂ ਪਤੀ-ਪਤਨੀ ਕਾਫ਼ੀ ਪਿਆਰੇ ਅਤੇ ਸਮਾਜਿਕ ਸਨ, ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕਦੇ ਵੀ ਕਿਸੇ ਵਿਦਿਆਰਥੀ ਨੂੰ ਆਪਣੇ ਘਰ ਨਹੀਂ ਆਉਣ ਦਿੱਤਾ। ਭਾਵ ਪ੍ਰੋ: ਮਹਿਰੋਤਰਾ ਮੇਰੇ ਅਧਿਕਾਰਕ ਨਿਗਰਾਨ (ਗਾਈਡ) ਨਹੀਂ ਸਨ ਫਿਰ ਵੀ ਉਨ੍ਹਾਂ ਨੇ ਮੇਰੀ ਪੂਰੀ ਮਦਦ ਕੀਤੀ। ਉਨ੍ਹਾਂ ਨੇ ਮੇਰੇ ਖੋਜ ਕਾਰਜ ਨਾਲ ਸਬੰਧਿਤ ਅਸਲ ਦਸਤਾਵੇਜ਼ ਮੈਨੂੰ ਮੁਹੱਈਆ ਕਰਵਾਏ। ਉਨ੍ਹਾਂ ਦੀ ਮਾਹਿਰ ਨਿਗਰਾਨੀ ਨਾ ਕੇਵਲ ਪੀ.ਐਚ.ਡੀ. ਦੌਰਾਨ ਸਗੋਂ ਮੇਰੇ ਅਧਿਆਪਨ ਪੇਸ਼ੇ ਲਈ ਵੀ ਮਦਦਗਾਰ ਰਹੀ।

-ਫੈਲੋ ਅਤੇ ਸਿੰਡਿਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਮੋਬਾਈਲ : 94172-64182

ਚਿੰਤਾਜਨਕ ਹੈ ਅਮੀਰ ਗ਼ਰੀਬ ਵਿਚਲਾ ਵਧਦਾ ਪਾੜਾ

'ਅਮੀਰ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਦਿਨ ਪ੍ਰਤੀ ਦਿਨ ਗ਼ਰੀਬ ਹੀ ਹੁੰਦਾ ਜਾ ਰਿਹਾ ਹੈ' ਉਪਰੋਕਤ ਕਥਨ ਅਸੀਂ ਸਾਰਿਆਂ ਨੇ ਜੀਵਨ ਵਿਚ ਮਿਹਨਤਕਸ਼ ਲੋਕਾਂ ਦੇ ਮੂੰਹੋਂ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ। ਲੋਕ ਕਹਾਵਤ ਵਾਂਗ ਭਾਵੇਂ ਉਸ ਵਕਤ ਆਪਾਂ ਇਸ ਕਥਨ ਨੂੰ ਓਨੀ ਗੌਰ ਨਾਲ ਨਹੀਂ ਲੈਂਦੇ ਜਿੰਨੇ ਡੂੰਘੇ ਇਸ ਦੇ ਅਰਥ ਹਨ। ਪਰ ਇਸ ਕਥਨ ਵਿਚ ਕਿੰਨੀ ਸਚਾਈ ਹੈ ਇਸ ਗੱਲ ਦੀ ਪੁਸ਼ਟੀ ਹਾਲ ਹੀ ਵਿਚ ਜਾਰੀ ਹੋਈ 'ਔਕਸਫੈਮ' ਦੀ ਰਿਪੋਰਟ ਵਿਚ ਹੋਈ ਹੈ। ਇਸ ਰਿਪੋਰਟ ਮੁਤਾਬਕ ਭਾਰਤ ਦੇ ਇਕ ਫ਼ੀਸਦੀ ਲੋਕਾਂ ਦੀ ਕਮਾਈ ਦੇਸ਼ ਦੇ 70 ਫ਼ੀਸਦੀ ਗ਼ਰੀਬ ਲੋਕਾਂ ਦੀ ਕਮਾਈ ਦੇ ਚਾਰ ਗੁਣਾ ਤੋਂ ਵੀ ਵੱਧ ਹੈ। ਇਹ ਅੰਕੜੇ ਦੇਸ਼ ਅੰਦਰ ਆਮ ਆਦਮੀ ਦੀ ਸਥਿਤੀ ਨੂੰ ਬਾਖ਼ੂਬੀ ਬਿਆਨ ਕਰਦੇ ਹਨ। ਐਨਾ ਹੀ ਨਹੀਂ ਇਸ ਸੰਸਥਾ ਦੀ ਰਿਪੋਰਟ ਨੇ ਹੋਰ ਵੀ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। 'ਔਕਸਫੈਮ' ਦਾ ਆਪਣੀ ਇਕ ਰਿਪੋਰਟ ਵਿਚ ਕਹਿਣਾ ਹੈ ਕਿ ਭਾਰਤ ਦੇ 2153 ਲੋਕ ਅਜਿਹੇ ਹਨ ਜਿਨ੍ਹਾਂ ਕੋਲ ਪੂਰੇ ਦੇਸ਼ ਦੇ 4.6 ਅਰਬ ਲੋਕਾਂ ਦੀ ਆਮਦਨ ਤੋਂ ਵੀ ਵੱਧ ਜਾਇਦਾਦ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ 4.6 ਅਰਬ ਲੋਕ ਦਾ ਅੰਕੜਾ ਪੂਰੇ ਭਾਰਤ ਦੀ ਅਬਾਦੀ ਦਾ 60 ਪ੍ਰਤੀਸ਼ਤ ਹਿੱਸਾ ਬਣਦਾ ਹੈ। ਭਾਵੇਂ ਸਰਕਾਰਾਂ ਗ਼ਰੀਬ ਦੀ ਸੁਖਾਲੀ ਸਥਿਤੀ ਨੂੰ ਬਿਆਨ ਕਰਦੇ ਕਿੰਨੇ ਹੀ ਅੰਕੜੇ ਜਾਰੀ ਕਰਦੀਆਂ ਰਹਿੰਦੀਆਂ ਹਨ ਪਰ ਇਸ ਗੱਲ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਕਿ ਦੇਸ਼ ਅੰਦਰ ਹੇਠਲੇ ਵਰਗ ਦਾ ਜੀਵਨ ਬਹੁਤ ਹੀ ਦਿੱਕਤਾਂ ਭਰਿਆ ਗੁਜ਼ਰ ਰਿਹਾ ਹੈ। ਸਰਕਾਰਾਂ ਦੇ ਕਾਗਜ਼ੀ ਉਪਰਾਲਿਆਂ ਬਾਅਦ ਗ਼ਰੀਬ ਦੀ ਸਥਿਤੀ ਸਾਲਾਂ ਤੋਂ ਜਿਓਂ ਦੀ ਤਿਓਂ ਹੀ ਹੋਣੀ ਸੁਭਾਵਿਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਸਰਕਾਰਾਂ ਹੇਠਲੇ ਵਰਗ ਦੀ ਹਾਲਤ ਸੁਧਾਰਨ ਵਿਚ ਨਾਕਾਮਯਾਬ ਰਹੀਆਂ ਹਨ। ਦੇਸ਼ ਅੰਦਰ ਬਹੁ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਹਾਲੇ ਤੱਕ ਬੁਨਿਆਦੀ ਸੁਖ- ਸਹੂਲਤਾਂ ਤੱਕ ਵੀ ਨਹੀਂ ਅੱਪੜ ਸਕੇ। ਭਾਵੇਂ ਕਿ ਸਰਕਾਰਾਂ ਡਿਜੀਟਲ ਇੰਡੀਆ ਜਿਹੀਆਂ ਸਹੂਲਤਾਂ ਦੇ ਗੁਣਗਾਨ ਕਰਕੇ ਆਪਣੀ ਪਿੱਠ ਥਪਥਪਾਉਂਦੀਆਂ ਹਨ ਪਰ ਇਹ ਸੁਆਲ ਸਿਰ ਕੱਢ ਕੇ ਖੜ੍ਹਾ ਹੁੰਦਾ ਹੈ ਕਿ ਗ਼ਰੀਬੀ ਰੇਖਾ ਹੇਠ ਜੀਵਨ ਬਤੀਤ ਕਰ ਰਹੇ ਵਰਗ ਨੂੰ ਹੁਕਮਰਾਨ ਧਿਰ ਕਿਉਂ ਨਜ਼ਰ ਅੰਦਾਜ਼ ਕਰ ਜਾਂਦੀ ਹੈ। ਇਹ ਬਹੁਤ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ। ਇਕੱਲੇ ਮਜ਼ਦੂਰ ਹੀ ਨਹੀਂ ਦੇਸ਼ ਅੰਦਰ ਕਿਸਾਨ ਦੀ ਸਥਿਤੀ ਵੀ ਇਸ ਸਮੇਂ ਨਾਜ਼ੁਕ ਮੋੜ 'ਤੇ ਹੈ। ਪਿਛਲੇ ਸਮੇਂ ਵਿਚ ਕਿੰਨਿਆਂ ਹੀ ਕਿਸਾਨਾਂ ਨੇ ਆਪਣੀ ਆਰਥਿਕ ਮੰਦਹਾਲੀ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਚੁਣੇ ਹਨ। ਸਰਕਾਰਾਂ ਲਈ ਇਹ ਵੀ ਬਹੁਤ ਨਮੋਸ਼ੀ ਵਾਲੀ ਗੱਲ ਹੈ ਕਿ ਪੂਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਕਿਸਾਨ ਆਪ ਭੁੱਖੇ ਪੇਟ ਕਿਉਂ ਸੌਂਦਾ ਹੈ। ਕਿਸਾਨਾਂ ਦਾ ਪੱਖ ਪੂਰਦੀ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੇ ਵਾਅਦੇ ਤਾਂ ਹਰ ਸਰਕਾਰ ਕਰਦੀ ਹੈ ਪਰ ਪਤਾ ਨਹੀਂ ਕਿਉਂ ਪੂਰੇ ਕਾਰਜਕਾਲ ਦੌਰਾਨ ਵੀ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਮੌਜੂਦਾ ਸਰਕਾਰ ਨੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਏਜੰਡੇ ਵਿਚ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨਾ ਸ਼ਾਮਿਲ ਕੀਤਾ ਹੋਇਆ ਹੈ ਪਰ ਇਸਦੇ ਲਈ ਕੀਤੇ ਜਾ ਰਹੇ ਉਦਮ ਹਾਲੇ ਤੱਕ ਦੇਖਣ ਨੂੰ ਨਹੀਂ ਮਿਲੇ। ਦੇਸ਼ ਅੰਦਰ ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਕਾਲਜਾਂ, ਯੂਨੀਵਰਸਿਟੀਆਂ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਰੁਜ਼ਗਾਰ ਦੀ ਭਾਲ ਵਿਚ ਨਿਕਲਦੇ ਹਨ ਪਰ ਨੌਕਰੀਆਂ ਪੱਖੋਂ ਉਨ੍ਹਾਂ ਹੱਥ ਨਿਰਾਸ਼ਾ ਹੀ ਲਗਦੀ ਹੈ। ਸਾਡੀਆਂ ਸਰਕਾਰਾਂ ਦੀ ਇਹ ਨਾਕਾਮੀ ਹੈ ਕਿ ਉਹ ਪੜ੍ਹਿਆਂ-ਲਿਖਿਆਂ ਲਈ ਵੀ ਯੋਗ ਨੌਕਰੀ ਦਾ ਪ੍ਰਬੰਧ ਨਹੀਂ ਕਰ ਸਕਦੀਆਂ। ਇਸੇ ਨਿਰਾਸ਼ਾ ਦੇ ਆਲਮ ਤੋਂ ਮੁਕਤੀ ਪਾਉਣ ਲਈ ਦੇਸ਼ ਦੇ ਨੌਜਵਾਨਾਂ ਦੀ ਭਾਰੀ ਗਿਣਤੀ ਵਿਦੇਸ਼ਾਂ ਨੂੰ ਰੁਖ਼ ਕਰ ਰਹੀ ਹੈ। ਇਸ ਕਾਰਨ ਫੀਸਾਂ ਰਾਹੀਂ ਦੇਸ਼ ਦਾ ਪੈਸਾ ਬਾਹਰ ਜਾ ਰਿਹਾ ਹੈ ਜਿਸ ਨਾਲ ਭਾਰਤੀ 'ਰੁਪਏ' ਦੀ ਸਥਿਤੀ ਹੋਰ ਕਮਜ਼ੋਰ ਹੋ ਰਹੀ ਹੈ। ਉਪਰੋਕਤ ਸਭ ਕਾਰਨ ਹਨ ਜਿਨ੍ਹਾਂ ਨੇ ਦੇਸ਼ ਅੰਦਰ ਬੇਚੈਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਰਕਾਰਾਂ ਖ਼ਿਲਾਫ਼ ਲੋਕ ਆਪਣੇ ਮੁੱਦਿਆਂ ਨੂੰ ਲੈ ਕੇ ਧਰਨੇ ਦੇ ਰਹੇ ਹਨ ਜਿਸ ਨਾਲ ਕੰਮਕਾਰ ਦੀ ਚਾਲ ਹੋਰ ਪ੍ਰਭਾਵਿਤ ਹੋ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਿਮਨ ਦੀ ਸਥਿਤੀ ਵੱਲ ਗੰਭੀਰਤਾ ਨਾਲ ਧਿਆਨ ਦੇਣ ਅਤੇ ਧਰਨਿਆਂ ਤੇ ਨਿੱਤ ਹੁੰਦੀਆਂ ਇਕੱਤਰਤਾਵਾਂ ਦੀ ਆਵਾਜ਼ ਦੇ ਹੱਲ ਤਲਾਸ਼ਣ।

-ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ। ਮੋਬਾਈਲ : 9781677772

ਆਓ, ਪੰਜਾਬ ਦੀ ਖ਼ੁਸ਼ਹਾਲੀ ਲਈ ਹੰਭਲਾ ਮਾਰੀਏ

ਇਕ ਦਿਨ ਅਖਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖ਼ਬਰ ਪੜ੍ਹੀ ਤਾਂ ਮਨ ਸੋਚਾਂ ਵਿਚ ਪੈ ਗਿਆ ਕਿ ਕੋਈ ਰੱਬ ਦਾ ਬਣਾਇਆ ਇਨਸਾਨ ਇਹ ਪਾਪ ਕਿਵੇਂ ਕਰ ਸਕਦਾ ਹੈ, ਸੋਚਿਆ ਕੋਈ ਨਾਸਤਕ ਜਾਂ ਸ਼ਰਾਬੀ ਇਨਸਾਨ ਹੀ ਏਨੀ ਗਿਰੀ ਹੋਈ ਹਰਕਤ ਕਰ ਸਕਦਾ ਹੈ। ਕੁਝ ਦਿਨਾਂ ਬਾਅਦ ਫਿਰ ਅਖ਼ਬਾਰ ਪੜ੍ਹ ਕੇ ਪਤਾ ਲੱਗਿਆ ਕਿ ਇਹ ਬੇਅਦਬੀ ਕਿਸੇ ਹੋਰ ਨੇ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਪਾਠੀ ਸਿੰਘ ਨੇ ਹੀ ਕੀਤੀ ਸੀ। ਮਨ ਵਿਚ ਬੜਾ ਰੋਸ ਆਇਆ ਕਿ ਪਾਠੀ ਸਿੰਘ ਨੇ ਅਜਿਹਾ ਕਿਉਂ ਕੀਤਾ, ਉਹ ਕਿਵੇਂ ਭਟਕ ਗਿਆ ਹੋਵੇਗਾ, ਫਿਰ ਮਨ ਵਿਚ ਵਿਚਾਰ ਆਇਆ ਕਿ ਪਾਠੀ ਸਿੰਘ ਸਾਡੇ ਹਰ ਪਿੰਡ ਵਿਚ ਮੌਜੂਦ ਨੇ। ਬਿਨਾਂ ਛੁੱਟੀ ਵਾਲੀ ਨੌਕਰੀ ਅਤੇ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਨ ਬਦਲੇ ਉਨ੍ਹਾਂ ਨੂੰ ਸਿਰਫ ਤਿੰਨ ਜਾਂ ਚਾਰ ਹਜ਼ਾਰ ਦੀ ਮਾਮੂਲੀ ਤਨਖਾਹ ਹੀ ਮਿਲਦੀ, ਇੰਨੀ ਘੱਟ ਤਨਖਾਹ 'ਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੋਵੇਗਾ? ਜਦੋਂ ਮਨ ਦੀਆਂ ਸੱਧਰਾਂ ਮਰ ਜਾਣ ਤਾਂ ਨਤੀਜਾ ਮਾੜਾ ਹੀ ਨਿਕਲਦਾ, ਉਹ ਗੁਰੂ ਘਰ ਤੋਂ ਚੋਰੀ ਕਰਨ ਦੀ ਸੋਚਦੇ ਜਾਂ ਹੋਰ ਕੋਈ ਘਟੀਆ ਹਰਕਤ ਕਰ ਬੈਠਦੇ ਹਨ। ਅਸੀਂ ਗੁਰਦੁਆਰੇ ਤਾਂ ਬਹੁਤ ਵੱਡੇ-ਵੱਡੇ ਬਣਾ ਲਏ ਹਨ ਪਰ ਕਿਸੇ ਨੂੰ ਮਿਹਨਤ ਦਾ ਸਹੀ ਮੁੱਲ ਦੇਣ ਲਈ ਸਾਡੇ ਦਿਲ ਅਜੇ ਵੀ ਕਾਫੀ ਛੋਟੇ ਹਨ। ਦੂਜੇ ਪਾਸੇ ਅੱਜਕੱਲ੍ਹ ਲੱਚਰ ਗਾਇਕੀ ਦੇ ਖਿਲਾਫ ਹਰ ਕੋਈ ਬੋਲ ਰਿਹਾ ਹੈ। ਪਰ ਇਸ ਗਾਇਕੀ ਨੂੰ ਸੁਣਦਾ ਕੌਣ ਹੈ? ਗਾਇਕ ਵੀ ਤਾਂ ਹੀ ਗੰਦ ਪਰੋਸ ਰਹੇ ਹਨ ਜੇ ਉਨ੍ਹਾਂ ਦੇ ਗੰਦੇ ਗੀਤ ਵਿਕ ਰਹੇ ਹਨ। ਇਨ੍ਹਾਂ ਗਾਇਕਾਂ ਕਰਕੇ ਸਮਾਜ ਵਿਚ ਜੁਰਮ ਵਧ ਰਿਹਾ ਹੈ । ਸਾਡੇ ਨੌਜਵਾਨ ਵੀ ਇਨ੍ਹਾਂ ਗਾਇਕਾਂ ਨੂੰ ਰੋਲ ਮਾਡਲ ਮੰਨ ਰਹੇ ਹਨ। ਸਾਫ਼-ਸੁਥਰੇ ਪਰਿਵਾਰਕ ਗੀਤ ਗਾਉਣ ਵਾਲੇ ਕਲਾਕਾਰ ਦਾ ਕੋਈ ਨਾਂਅ ਵੀ ਨਹੀਂ ਜਾਣਦਾ ਹੈ। ਅਸੀਂ ਸਮਾਜ ਦਾ ਹਿੱਸਾ ਹਾਂ ਸਾਨੂੰ ਆਪਣੀ ਬਣਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ, ਨਹੀਂ ਤਾਂ ਨਸ਼ਾ ਅਤੇ ਬਦਮਾਸ਼ੀ ਸਾਡੀ ਸਾਰੀ ਨਵੀਂ ਪੀੜ੍ਹੀ ਨੂੰ ਖਾ ਜਾਵੇਗੀ। ਵੋਟਾਂ ਦੇ ਸਮੇਂ ਦਾਰੂ ਦੀ ਬੋਤਲ ਜਾਂ ਮੁਫਤ ਦਾ ਮੋਬਾਈਲ ਲੈਣ ਲਈ ਆਪਣੀ ਵੋਟ ਵੇਚਣ ਵਾਲੇ ਅਸੀਂ ਹਰ ਗੱਲ 'ਤੇ ਸਰਕਾਰ ਨੂੰ ਦੋਸ਼ ਦੇ ਦਿੰਦੇ ਹਾਂ ਪਰ ਕੀ ਸਰਕਾਰ ਸਭ ਗੱਲਾਂ ਲਈ ਇਕੱਲੀ ਹੀ ਜ਼ਿੰਮੇਵਾਰ ਹੁੁੰਦੀ ਹੈ? ਸਰਕਾਰ ਕਿਸੇ ਦੇ ਮੂੰਹ ਵਿਚ ਆਪ ਕੋਈ ਨਸ਼ਾ ਪਾਉਂਦੀ ਵੀ ਨਹੀਂ ਹੈ, ਅਸੀਂ ਆਪ ਜਾ ਕੇ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਨਸ਼ਾ ਖਰੀਦਦੇ ਹਾਂ। ਜੇਕਰ ਨਸ਼ਾ ਆਮ ਵਿਕ ਰਿਹਾ ਹੈ ਤਾਂ ਫਲ਼, ਫਰੂਟ ਅਤੇ ਜੂਸ ਵੀ ਆਮ ਵਿਕ ਰਿਹਾ ਹੈ, ਫਿਰ ਚੰਗੀਆਂ ਚੀਜ਼ਾਂ ਨੂੰ ਛੱਡ ਨਸ਼ਾ ਖਰੀਦਣ ਨੂੰ ਪਹਿਲ ਕਿਉਂ ਦਿੱਤੀ ਜਾਂਦੀ ਹੈ? ਪੰਜਾਬ ਬੜੇ ਮਾੜੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਅਤੇ ਸਾਡਾ ਪੰਜਾਬ ਸਾਡੇ ਤੋਂ ਬਹੁਤ ਚੰਗੀਆਂ ਉਮੀਦਾਂ ਰੱਖਦਾ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਮਾਰੀਏ।

-ਪਿੰਡ ਤੇ ਡਾਕ. ਬਡਾਲੀ ਆਲਾ ਸਿੰਘ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, 140406. ਪੰਜਾਬ। ਮੋਬਾਈਲ : 8284888700
E-Mail: ieit.badali@gmail.com

ਦੁੱਖਾਂ ਨਾਲ ਸੰਘਰਸ਼ ਕਰਦੀ ਨਾਸਾ ਦੇ ਬਰੂਹੇ 'ਤੇ ਪੁੱਜੀ ਜਯਾ ਲਕਸ਼ਮੀ

ਜਿਹੜੇ ਬੱਚੇ ਦੁੱਖਾਂ ਤਕਲੀਫ਼ਾਂ ਤੋਂ ਬੇਪ੍ਰਵਾਹ ਹੋ ਕੇ ਹਿੰਮਤ ਤੇ ਲਗਨ ਨਾਲ ਮਿਹਨਤ ਕਰਦੇ ਹਨ ਤਾਂ ਮਿਹਨਤ ਵੀ ਉਨ੍ਹਾਂ ਦੇ ਪੈਰ ਚੁੰਮਣ ਲਗਦੀ ਹੈ ਅਤੇ ਉਹ ਆਪਣੇ ਨਿਸ਼ਾਨੇ 'ਤੇ ਪਹੁੰਚਣ 'ਚ ਕਾਮਯਾਬ ਹੋ ਜਾਂਦੇ ਹਨ। ਇਬਰਾਹੀਮ ਲਿੰਕਨ, ਲਾਲ ਬਹਾਦਰ ਸ਼ਾਸ਼ਤਰੀ, ਅਬਦੁਲ ਕਲਾਮ ਵਰਗੇ ਦੁਨੀਆ ਦੇ ਮਹਾਨ ਵਿਅਕਤੀ ਇਸ ਤੱਥ ਦੇ ਪੁਖਤਾ ਸਬੂਤ ਹਨ। ਮੌਜੂਦਾ ਸਮੇਂ ਦੀ ਇਕ ਬੱਚੀ ਜਯਾ ਲਕਸ਼ਮੀ, ਜਿਸ ਦੇ ਜਨਮ ਦੇ ਨਾਲ ਹੀ ਦੁੱਖਾਂ ਨੇ ਜਨਮ ਲੈ ਲਿਆ ਸੀ, ਆਪਣੇ ਹੌਂਸਲੇ ਤੇ ਮਿਹਨਤ ਸਦਕਾ ਦੁਨੀਆ ਦੀ ਪ੍ਰਸਿੱਧ ਵਿਗਿਆਨੀ ਸੰਸਥਾ 'ਨਾਸਾ' ਵਿਚ ਪਹੁੰਚਣ ਲਈ ਪ੍ਰੀਖਿਆ ਪਾਸ ਕਰਕੇ ਉਸ ਦੇ ਬਰੂਹੇ 'ਤੇ ਜਾ ਖੜ੍ਹੀ ਹੈ। ਤਾਮਿਲਨਾਡੂ ਦੇ ਸਰਕਾਰੀ ਸਕੂਲ ਵਿਚ ਗਿਆਰ੍ਹਵੀਂ ਦੀ ਵਿਦਿਆਰਥਣ ਜਯਾ ਲਕਸ਼ਮੀ ਅਜੇ ਨੰਨ੍ਹੀ ਬਾਲੜੀ ਹੀ ਸੀ, ਜਦ ਉਸ ਦੇ ਬਾਪ ਦੀ ਮੌਤ ਹੋ ਗਈ। ਇਸ ਉਪਰੰਤ ਉਹ, ਉਸ ਦੀ ਮਾਂ ਤੇ ਛੋਟਾ ਭਰਾ ਹੀ ਪੂਰਾ ਪਰਿਵਾਰ ਰਹਿ ਗਿਆ। ਮਾਂ ਮਾਨਸਿਕ ਰੋਗੀ ਹੋ ਗਈ, ਜਿਸ ਸਦਕਾ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ। ਜਯਾ ਭਾਵੇਂ ਸਕੂਲ 'ਚ ਦਾਖ਼ਲ ਹੋ ਗਈ ਸੀ, ਪਰ ਮਾਂ ਦੀ ਬਿਮਾਰੀ ਤੇ ਭਰਾ ਛੋਟਾ ਹੋਣ ਕਾਰਨ ਸਾਰੀ ਜ਼ਿੰਮੇਵਾਰੀ ਉਸਦੇ ਸਿਰ ਹੀ ਆ ਪਈ। ਜਯਾ ਦਿਨ ਸਮੇਂ ਸਕੂਲ ਜਾ ਕੇ ਵਿਦਿਆ ਹਾਸਲ ਕਰਦੀ, ਛੁੱਟੀ ਹੋਣ ਤੇ ਗਲੀਆਂ ਬਜ਼ਾਰਾਂ ਵਿਚ ਕਾਜੂ ਵੇਚਦੀ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ। ਜ਼ਿੰਦਗੀ ਦੇ ਇਸ ਅਤੀ ਔਖੇ ਸੰਘਰਸ਼ ਨਾਲ ਜੂਝਦੀ ਉਹ ਗਿਆਰ੍ਹਵੀਂ ਜਮਾਤ ਤੱਕ ਪਹੁੰਚ ਗਈ। ਜਯਾ ਨੇ ਇਕ ਦਿਨ ਅਖ਼ਬਾਰ ਵਿਚ ਪੜ੍ਹਿਆ ਕਿ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਨਿਸਟਰੇਸ਼ਨ ਨਾਸਾ ਵਿਚ ਜਾਣ ਲਈ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਜਯਾ ਜੋ ਅਵੁਲ ਪਾਕਿਰ ਜੈਨੂਲਾਬਦੀਨ ਅਬਦੁਲ ਕਲਾਮ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈ ਅਤੇ ਉਨ੍ਹਾਂ ਦੀ ਜੀਵਨੀ ਪੜ੍ਹ ਕੇ ਜੋ ਉਸ ਨੂੰ ਹੌਸਲਾ ਤੇ ਉਤਸ਼ਾਹ ਮਿਲਿਆ ਹੈ, ਉਸ ਦੇ ਆਧਾਰ 'ਤੇ ਉਸ ਨੇ ਇਸ ਪ੍ਰੀਖਿਆ ਵਿਚ ਭਾਗ ਲੈਣ ਦਾ ਫੈਸਲਾ ਕੀਤਾ। ਜਯਾ ਨੇ ਆਪਣਾ ਹੌਂਸਲਾ ਇਕੱਠਾ ਕਰਦਿਆਂ ਤਿਆਰੀ ਆਰੰਭ ਦਿੱਤੀ, ਅੰਗਰੇਜ਼ੀ ਦੀ ਮੁਹਾਰਤ ਘੱਟ ਹੋਣ ਕਾਰਨ ਉਸ ਨੇ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ। ਇਸ ਉਪਰੰਤ ਪ੍ਰੀਖਿਆ ਪਾਸ ਕਰਕੇ ਉਸ ਨੇ ਐਂਟਰੀ ਜਿੱਤ ਲਈ। ਇਸ ਉਪਰੰਤ ਅੱਗੇ ਵਧਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਸੀ, ਘਰੇਲੂ ਹਾਲਾਤ ਇਹ ਖਰਚ ਝੱਲਣ ਦੇ ਕਾਬਲ ਨਹੀਂ ਸੀ, ਪਰ ਸਕੂਲ ਦੇ ਸਟਾਫ਼ ਤੇ ਵਿਦਿਆਰਥੀ ਸਾਥੀਆਂ ਨੇ ਉਸ ਦੀ ਮਿਹਨਤ ਦੀ ਕਦਰ ਕਰਦਿਆਂ ਪਾਸਪੋਰਟ ਬਣਾਉਣ ਲਈ ਮਾਲੀ ਮਦਦ ਕੀਤੀ। ਫੇਰ ਉਸ ਨੂੰ ਦੋ ਲੱਖ ਰੁਪਏ ਦੀ ਫ਼ੀਸ ਭਰਨ ਲਈ ਕਿਹਾ ਗਿਆ। ਜਯਾ ਨੇ ਹੌਸਲਾ ਨਹੀਂ ਛੱਡਿਆ, ਉਸ ਨੇ ਸ਼ੋਸਲ ਮੀਡੀਆ ਤੇ ਸਹਾਇਤਾ ਲਈ ਅਪੀਲ ਕੀਤੀ, ਜਿਸ ਨੂੰ ਲੋਕਾਂ ਵਲੋਂ ਪ੍ਰਵਾਨ ਕਰਨ ਤੇ ਉਸ ਦੀ ਇੱਛਾ ਨੂੰ ਬੂਰ ਪਿਆ। ਰਹਿਮਤ, ਮਿਹਨਤ ਤੇ ਸਹਿਯੋਗ ਸਦਕਾ ਹੁਣ ਉਹ ਨਾਸਾ ਜਾ ਰਹੀ ਹੈ। ਇਸ ਬੱਚੀ ਦੀ ਮਿਹਨਤ ਅੱਗੇ ਸਿਰ ਝੁਕਦਾ ਹੈ, ਮਾਣ ਹੈ ਭਾਰਤ ਦੀ ਇਸ ਬੱਚੀ ਤੇ। ਉਸਦੀ ਮਿਹਨਤ ਤੇ ਪ੍ਰਾਪਤੀ ਤੋਂ ਵਿਦਿਆਰਥੀਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ।

-ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ। ਮੋਬਾਈਲ : 098882-75913

ਕੀ ਅਸੀਂ ਮੁੜ ਗ਼ੁਲਾਮੀ ਵੱਲ ਵਧ ਰਹੇ ਹਾਂ?

ਜੇਕਰ ਦੇਖਿਆ ਜਾਵੇ ਤਾਂ ਗੁਲਾਮੀ ਇਕ ਅਜਿਹਾ ਅਹਿਸਾਸ ਹੈ, ਜਿਹੜਾ ਕਿ ਮਹਿਸੂਸ ਕਰਨ 'ਤੇ ਹੀ ਪ੍ਰਗਟ ਹੁੰਦਾ ਹੈ। ਅਜੋਕੇ ਸਮੇਂ ਦੌਰਾਨ ਭਾਵੇਂ ਕੋਈ ਖੁੱਲ੍ਹੇ ਤੌਰ 'ਤੇ ਇਹ ਅਹਿਸਾਸ ਪ੍ਰਗਟ ਨਾ ਕਰੇ, ਫਿਰ ਵੀ ਜੇਕਰ ਉਸ ਦੇ ਮਨ ਨੂੰ ਅੰਦਰੋ ਫਰੋਲਿਆ ਜਾਵੇ ਤਾਂ ਉਸ ਦੇ ਮਨ ਅੰਦਰ ਗੁਲਾਮੀ ਦੀ ਪੀੜ ਜ਼ਰੂਰ ਦਿਖਾਈ ਦੇਵੇਗੀ। ਇਸ ਪੀੜ ਨੂੰ ਉਜਾਗਰ ਕਰਨ ਲਈ ਹੁਣ ਵੀ ਲੋਕ ਇਕ ਦੂਜੇ ਨੂੰ ਆਮ ਹੀ ਕਹਿ ਦਿੰਦੇ ਹਨ ਕਿ ਅਜਿਹੀ ਗੁਲਾਮੀ ਨਾਲੋਂ ਅੰਗਰੇਜ਼ਾਂ ਦੀ ਗੁਲਾਮੀ ਕਿਤੇ ਚੰਗੀ ਸੀ, ਘੱਟੋ-ਘੱਟ ਉਹ ਇਮਾਨਦਾਰ ਤਾਂ ਸਨ, ਇਹ ਉਨ੍ਹਾਂ ਦੀ ਇਮਾਨਦਾਰੀ ਦਾ ਹੀ ਸਿੱਟਾ ਹੈ ਕਿ ਉਨ੍ਹਾਂ ਵਲੋਂ ਬਣਾਏ ਗਏ ਪੁਲ, ਵਿਛਾਈਆਂ ਗਈਆਂ ਰੇਲਵੇ ਲਾਈਨਾਂ ਅੱਜ ਵੀ ਕਾਇਮ ਹਨ। ਜੇਕਰ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਇਤਿਹਾਸ ਦੱਸਦਾ ਹੈ ਕਿ ਅੰਗਰੇਜ਼ ਇਸ ਦੇਸ਼ ਵਿਚ ਈਸਟ ਇੰਡੀਆ ਕੰਪਨੀ ਦੇ ਰੂਪ ਵਿਚ ਸਿਰਫ ਵਪਾਰ ਕਰਨ ਲਈ ਆਏ ਸਨ, ਪਰ ਜਦੋਂ ਉਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਦੀ ਕਮਜ਼ੋਰੀ ਦੇਖੀ ਤਾਂ ਉਹ ਪੱਕੇ ਪੈਰੀਂ ਇਸ ਦੇਸ਼ ਵਿਚ ਟਿਕ ਗਏ ਅਤੇ ਇਸ ਦਾ ਫਾਇਦਾ ਉਠਾ ਕੇ ਰਾਜ ਕਰਨ ਲੱਗ ਪਏ। ਮੌਜੂਦਾ ਸਮੇਂ ਪਨਪ ਰਹੀ ਇਹ ਗੁਲਾਮੀ ਹਰ ਇਕ ਉਸ ਪੀੜਤ ਨੂੰ ਅੰਦਰੋ-ਅੰਦਰੀ ਖਾ ਰਹੀ ਹੈ, ਜਿਹੜਾ ਇਨ੍ਹਾਂ ਆਪਣਿਆਂ 'ਤੇ ਇਹ ਦੋਸ਼ ਵੀ ਨਹੀਂ ਲਗਾ ਸਕਦਾ ਕਿ ਇਹ ਕਾਲੇ ਲੋਕ ਸਾਨੂੰ ਗੁਲਾਮ ਬਣਾ ਰਹੇ ਹਨ, ਜੇਕਰ ਉਹ ਅਜਿਹਾ ਕਰੇਗਾ ਤਾਂ ਉਸ 'ਤੇ ਦੇਸ਼ ਧ੍ਰੋਹੀ ਦਾ ਦੋਸ਼ ਲਗਾ ਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਨਵੇਂ ਤੋਂ ਨਵੇਂ ਕਾਨੂੰਨ ਬਣ ਰਹੇ ਹਨ ਅਤੇ ਪੁਰਾਣੇ ਕਾਨੂੰਨਾਂ ਵਿਚ ਸੋਧ ਕੀਤੀ ਜਾ ਰਹੀ ਹੈ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਕਿਸੇ ਸਮੇਂ ਸਾਨੂੰ ਸਾਡੀਆਂ ਹੀ ਸੜਕਾਂ 'ਤੇ ਚੱਲਣ ਦੇ ਪੈਸੇ ਦੇਣੇ ਪੈਣਗੇ ਅਤੇ ਵਿਰੋਧ ਕਰਨ 'ਤੇ ਡਾਂਗਾਂ ਖਾਣੀਆਂ ਪੈਣਗੀਆਂ, ਇਹ ਗੁਲਾਮੀ ਨਹੀਂ ਹੈ ਤਾਂ ਹੋਰ ਕੀ ਹੈ? ਜਦੋਂ ਅੰਗਰੇਜ਼ ਕੋਈ ਕਾਨੂੰਨ ਲੈ ਕੇ ਆਉਂਦੇ ਸੀ ਤਾਂ ਉਸ ਨੂੰ ਕਾਲਾ ਕਹਿ ਕੇ ਇਸ ਲਈ ਵਿਰੋਧ ਕੀਤਾ ਜਾਂਦਾ ਸੀ, ਕਿਉਂਕਿ ਉਹ ਗੋਰਿਆਂ ਵਲੋਂ ਬਣਾਇਆ ਜਾਂਦਾ ਸੀ, ਪਰ ਹੁਣ ਇਸ ਕਰਕੇ ਬਹੁਤਾ ਵਿਰੋਧ ਨਹੀਂ ਹੁੰਦਾ ਕਿਉਕਿ ਇਹ ਕਾਨੂੰਨ ਕਾਲਿਆਂ ਵਲੋਂ ਬਣਾਏ ਜਾਂਦੇ ਹਨ। ਅਜਿਹੇ ਕਾਨੂੰਨ ਦੀ ਕਠੋਰਤਾ ਜੇਕਰ ਅੰਗਰੇਜ਼ਾਂ ਦੇ ਕਾਨੂੰਨ ਮੁਤਾਬਕ ਚੈੱਕ ਕੀਤੀ ਜਾਵੇ ਤਾਂ ਇਹ ਕਿਤੇ ਜ਼ਿਆਦਾ ਹੋਵੇਗੀ, ਦੇਸ਼ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਹੜਾ ਕਿਸੇ ਵੀ ਗ਼ਲਤ ਬੰਦੇ ਨੂੰ ਵੋਟਾਂ ਵਿਚ ਖੜ੍ਹਾ ਹੋਣ ਤੋਂ ਰੋਕ ਸਕਦਾ ਹੋਵੇ। ਹੁਣ ਪਿੱਛੇ ਜਿਹੇ ਸੁਪਰੀਮ ਕੋਰਟ ਨੇ ਜ਼ਰੂਰ ਫਿਕਰਮੰਦੀ ਜ਼ਾਹਰ ਕੀਤੀ ਹੈ ਕਿ ਦੇਸ਼ ਵਿਚ ਰਾਜਨੀਤੀ ਦਾ ਅਪਰਾਧੀਕਰਨ ਨਹੀਂ ਰੁਕ ਰਿਹਾ। ਉਧਰ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਟਿਕਟਾਂ ਨਾ ਦੇਣ, ਪਰ ਸਿਆਸੀ ਪਾਰਟੀਆਂ ਦੀ ਬਣੀ ਰੂਪ ਰੇਖਾ ਅਨੁਸਾਰ ਇਹ ਨਹੀਂ ਲੱਗਦਾ ਕਿ ਕੋਈ ਸਿਆਸਦਾਨ ਸੁਪਰੀਮ ਕੋਰਟ ਦੀ ਫ਼ਿਕਰਮੰਦੀ ਦੀ ਪ੍ਰਵਾਹ ਕਰੇਗਾ ਜਾਂ ਚੋਣ ਕਮਿਸ਼ਨ ਦੀ ਕਿਸੇ ਹਦਾਇਤ ਦੀ ਪ੍ਰਵਾਹ ਕਰੇਗਾ, ਕਿਉਂਕਿ ਸਿਆਸੀ ਪਾਰਟੀਆਂ ਦਾ ਅਪਰਾਧੀਕਰਨ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਅਤੇ ਹੁਣ ਨਾ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਘਟਾਇਆ ਜਾ ਸਕਦਾ ਹੈ। ਸੋ ਇਹ ਦੇਸ਼ ਓਨੀ ਦੇਰ ਤੱਕ ਸਿਆਸੀ ਪਾਰਟੀਆਂ ਦੇ ਅਪਰਾਧੀਕਰਨ ਦਾ ਸ਼ਿਕਾਰ ਹੁੰਦਾ ਰਹੇਗਾ, ਜਦੋ ਤੱਕ ਦੂਜੀ ਅੰਦਰੂਨੀ ਆਜ਼ਾਦੀ ਦਾ ਬਿਗਲ ਨਹੀਂ ਵੱਜ ਜਾਂਦਾ।

-ਸੰਪਰਕ-8872321000

ਗਿਆਨ 'ਚ ਵਾਧੇ ਲਈ ਜ਼ਰੂਰੀ ਹਨ ਅਖ਼ਬਾਰਾਂ

ਅਖ਼ਬਾਰ ਨੂੰ ਜੇਕਰ ਗਿਆਨ ਅਤੇ ਸ਼ਖ਼ਸੀਅਤ ਉਸਾਰੀ ਦਾ ਸਭ ਤੋਂ ਬਹੁਪੱਖੀ, ਕਾਰਗਰ, ਭਰੋਸੇਯੋਗ ਅਤੇ ਸਸਤਾ ਸਾਧਨ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਵੈਸੇ ਤਾਂ, ਅਖ਼ਬਾਰ ਹਰ ਇਨਸਾਨ ਨੂੰ ਰੋਜ਼ਾਨਾ ਪੜ੍ਹਨਾ ਚਾਹੀਦਾ ਹੈ, ਪਰੰਤੂ ਵਿਦਿਆਰਥੀ ਜੀਵਨ ਵਿਚ ਤਾਂ ਇਸ ਦੀ ਹੋਰ ਵੀ ਅਹਿਮੀਅਤ ਵਧ ਜਾਂਦੀ ਹੈ। ਜਿਹੜੇ ਵਿਦਿਆਰਥੀ ਰੋਜ਼ਾਨਾ ਅਖ਼ਬਾਰ ਪੜ੍ਹਦੇ ਹਨ, ਉਹ ਹੋਰਨਾਂ ਵਿਦਿਆਰਥੀਆਂ ਦੇ ਮੁਕਾਬਲੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੂਝ-ਬੂਝ ਵਿਚ ਜ਼ਿਆਦਾ ਤੀਖਣ ਬੁੱਧੀ ਦੇ ਮਾਲਕ ਬਣ ਜਾਂਦੇ ਹਨ। ਅਖ਼ਬਾਰਾਂ ਅਲੱਗ-ਅਲੱਗ ਸੈਕਸ਼ਨ ਜਾਂ ਹਫ਼ਤਾਵਾਰੀ ਸਪਲੀਮੈਂਟ ਰਾਹੀ ਵੱਖ-ਵੱਖ ਵਿਸ਼ਿਆਂ ਜਿਵੇਂ ਸਿੱਖਿਆ, ਸਿਹਤ, ਸਮਾਜਿਕ, ਰਾਜਨੀਤਕ, ਆਰਥਿਕ, ਸੂਚਨਾ ਤਕਨੀਕ, ਧਰਮ, ਸਭਿਆਚਾਰ, ਕਲਾ, ਖੇਡਾਂ, ਖੇਤੀ ਆਦਿ ਦੁਆਰਾ ਇਨ੍ਹਾਂ ਵਿਸ਼ਿਆਂ ਉੱਪਰ ਮਾਹਿਰ ਚਿੰਤਕਾਂ ਦੇ ਵਿਚਾਰ ਆਪਣੇ ਪਾਠਕਾਂ ਨੂੰ ਮੁਹੱਈਆ ਕਰਵਾਉਂਦੀਆਂ ਹਨ। ਜਿਨ੍ਹਾਂ ਨਾਲ ਉਨ੍ਹਾਂ ਦੀ ਅਜਿਹੇ ਵਿਸ਼ਿਆਂ ਸਬੰਧੀ ਉਸਾਰੂ ਸੋਚ ਵਿਕਸਤ ਹੁੰਦੀ ਹੈ ਅਤੇ ਉਨ੍ਹਾਂ ਕੋਲ ਇਨ੍ਹਾਂ ਸਬੰਧੀ ਜਾਣਕਾਰੀ ਦਾ ਵਡਮੁੱਲਾ ਭੰਡਾਰ ਸੁਰੱਖਿਅਤ ਹੋ ਜਾਂਦਾ ਹੈ, ਜਿਹੜਾ ਉਨ੍ਹਾਂ ਦੇ ਅਗਾਮੀ ਜੀਵਨ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਜਿਸ ਵਿਦਿਆਰਥੀ ਨੂੰ ਸੰਪਾਦਕੀ ਵਾਲਾ ਪੰਨਾ ਪੜ੍ਹਨ ਦੀ ਚੰਗੀ ਆਦਤ ਪੈ ਜਾਵੇ ਤਾਂ ਉਸ ਦਾ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਣ-ਸੁਣਨ ਪ੍ਰਤੀ ਹਾਂ-ਪੱਖੀ ਅਤੇ ਗਹਿਰੀ ਅਧਿਐਨ ਵਾਲਾ ਨਜ਼ਰੀਆ ਵਿਕਸਤ ਹੋਣ ਲਗਦਾ ਹੈ। ਸਾਰੇ ਵਿੱਦਿਅਕ ਅਦਾਰਿਆਂ ਦੁਆਰਾ ਆਪਣੇ ਵਿਦਿਆਰਥੀਆ ਨੂੰ ਇੱਕ ਜਾਂ ਇੱਕ ਤੋਂ ਵੱਧ ਅਖ਼ਬਾਰਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੋ, ਵਿਦਿਆਰਥੀ ਆਪਣੇ ਵਿੱਦਿਅਕ ਸਮੇਂ ਦੀ ਵੰਡ ਅਨੁਸਾਰ ਲਾਇਬ੍ਰੇਰੀ ਜਾ ਕੇ ਇਨ੍ਹਾਂ ਤੋਂ ਲਾਹਾ ਪ੍ਰਾਪਤ ਕਰ ਸਕਦੇ ਹਨ। ਅਧਿਆਪਕ ਆਪਣੇ ਵਿਦਿਆਰਥੀਆਂ ਅੰਦਰ ਜੇਕਰ ਚੰਗਾ ਸਾਹਿਤ ਜਾਂ ਅਖ਼ਬਾਰ ਪੜ੍ਹਨ ਦੀ ਚਿਣਗ ਅਤੇ ਚੇਟਕ ਲਗਾ ਦੇਵੇ ਤਾਂ ਇਸ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ। ਵਰਤਮਾਨ ਸਮੇਂ ਜਿੱਥੇ ਪੰਜਾਬ ਦੀ ਨੌਜਵਾਨੀ ਆਪਣੇ ਰਸਤੇ ਤੋਂ ਭਟਕ ਰਹੀ ਹੈ ਅਤੇ ਲੱਚਰ ਸਭਿਆਚਾਰ ਦੇ ਨਾਮ ਉੱਪਰ ਉਨ੍ਹਾਂ ਦਾ ਬੌਧਿਕ ਕਤਲ ਕੀਤਾ ਜਾ ਰਿਹਾ ਹੈ, ਇਸ ਲਈ ਨਵੀਂ ਪੀੜ੍ਹੀ ਨੂੰ ਅਖ਼ਬਾਰਾਂ ਜਾਂ ਚੰਗੇ ਸਾਹਿਤ ਨਾਲ ਜੋੜ ਕੇ ਇਕ ਨਰੋਈ ਸੇਧ ਦਿੱਤੀ ਜਾ ਸਕਦੀ ਹੈ। ਜੇਕਰ ਸਾਡੇ ਨੌਜਵਾਨ ਇਸ ਭਰਮ-ਜਾਲ ਵਾਲੇ ਮਾਹੌਲ ਵਿਚੋਂ ਨਿਕਲ ਕੇ ਦੇਸ਼-ਦੁਨੀਆ ਦੇ ਪੱਧਰ ਉੱਪਰ ਹੋ ਰਹੇ ਘਟਨਾਕ੍ਰਮ ਬਾਰੇ ਜਾਗਰੂਕ ਹੋਣਗੇ ਤਾਂ ਹੀ ਸਾਡੇ ਸਮਾਜ ਵਿਚੋਂ ਵੀ ਮਲਾਲਾ ਅਤੇ ਗ੍ਰੇਟਾ ਵਰਗੇ ਵਿਦਿਆਰਥੀ ਅਗਾਂਹ ਨਿਕਲ ਕੇ ਦੁਨੀਆ ਦੇ ਨਕਸ਼ੇ ਉੱਪਰ ਆਪਣੀ ਬਾਖ਼ੂਬੀ ਸਕਾਰਾਤਮਿਕ ਹਾਜ਼ਰੀ ਲਗਵਾ ਸਕਣਗੇ... ਆਮੀਨ !

-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਜ਼ਿਲ੍ਹਾਂ-ਹੁਸ਼ਿਆਰਪੁਰ। ਮੋਬਾਈਲ : 94655-76022

ਵਿਦਿਆਰਥੀ ਜੀਵਨ 'ਚ ਅਧਿਆਪਕ ਦਾ ਮਹੱਤਵ

31 ਅਗਸਤ, 2013 ਨੂੰ ਜਦੋਂ ਮੌਜੂਦਾ ਸਕੂਲ ਵਿਚ ਜੁਆਇਨ ਕੀਤਾ ਤਾਂ ਵੱਡੇ ਹਾਲ ਕਮਰੇ ਵਿਚ ਛੋਟੇ-ਛੋਟੇ ਚੂਚਿਆਂ ਵਰਗੇ ਬਾਲ ਜੋ ਕਿ ਉਸ ਸਮੇਂ ਛੇਵੀਂ ਜਮਾਤ ਵਿਚ ਸਨ, ਬੜੇ ਹੀ ਪਿਆਰੇ ਲੱਗੇ। ਅਗਲੇ ਦਿਨ ਮੈਨੂੰ ਉਸੇ ਜਮਾਤ ਦੀ ਇੰਚਾਰਜ ਬਣਾ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਆਪਣੀ ਪੂਰੀ ਸੂਝ-ਬੂਝ ਅਨੁਸਾਰ ਪੜ੍ਹਾਇਆ ਤੇ ਆਪਣੇ ਆਦਰਸ਼ ਅਧਿਆਪਕਾਂ ਦੇ ਸਿਖਾਏ ਅਨੁਸਾਰ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਜਾਚ ਅਤੇ ਉੱਚੇ-ਸੁੱਚੇ ਆਚਰਣ ਨਿਰਮਾਣ ਵੱਲ ਲਗਾਤਾਰ ਪ੍ਰੇਰਿਤ ਕਰਦੀ ਰਹੀ। ਪੰਜਾਬੀ ਦੇ ਅੱਖਰਾਂ ਦੀ ਜੋ ਬਨਾਵਟ ਉਨ੍ਹਾਂ ਨੂੰ ਛੇਵੀਂ-ਸੱਤਵੀਂ ਵਿਚ ਅਣਥੱਕ ਮਿਹਨਤ ਨਾਲ ਸਿਖਾਈ ਗਈ ਸੀ, ਉਹ ਅੱਠਵੀਂ ਤੱਕ ਪੂਰਨ ਰੂਪ ਵਿਚ ਨਿਖਰ ਕੇ ਸਾਰੇ ਸਕੂਲ ਦੇ ਸਾਹਮਣੇ ਆ ਗਈ ਸੀ। ਅੱਜ ਉਹ ਬੱਚੇ ਬਾਰ੍ਹਵੀਂ ਜਮਾਤ ਵਿਚ ਹੋ ਗਏ ਹਨ। ਉਨ੍ਹਾਂ ਬੱਚਿਆਂ ਦੀ ਵਿਚਾਰਧਾਰਾ 'ਚੋਂ ਝਲਕਦੇ ਅਕਸ ਨੂੰ ਦੇਖ ਕੇ ਐਸ.ਐਲ.ਏ. ਮੈਡਮ ਅਕਸਰ ਮੇਰਾ ਨਾਂਅ ਲੈ ਕੇ (ਮੇਰੇ ਬੱਚੇ) ਕਹਿ ਕੇ ਆਵਾਜ਼ ਮਾਰਦੇ ਹਨ। ਉਨ੍ਹਾਂ 35 ਬੱਚਿਆਂ ਦੀ ਜਮਾਤ ਕੁਝ ਬੱਚੇ ਅਕਸਰ ਹੀ ਅੱਗੇ-ਅੱਗੇ ਹੋ ਕੇ ਗੁੱਡ ਮਾਰਨਿੰਗ ਬੋਲਦੇ ਪਰ ਕੁਝ ਬੱਚੇ ਜੋ ਭਾਵੇਂ ਜ਼ਿਆਦਾ ਨੇੜੇ ਤਾਂ ਨਹੀਂ ਸੀ ਆਉਂਦੇ ਪਰ ਆਪਣਾਪਨ ਤੇ ਸਤਿਕਾਰ ਗੁੱਜੇ ਜਿਹੇ ਅੰਦਾਜ਼ ਨਾਲ ਜਤਾਉਂਦੇ ਜੋ ਕਦੇ ਕਿਸੇ ਕਾਰਡ ਵਿਚ ਲਿਖੀ ਬੇਹੱਦ ਮਨ ਨੂੰ ਛੂਹਣ ਵਾਲੀ ਭਾਵੁਕ ਸ਼ਬਦਾਵਲੀ ਹੁੰਦਾ ਜਾਂ ਅਧਿਆਪਕ ਦਿਵਸ 'ਤੇ ਨਿਭਾਇਆ ਕਿਰਦਾਰ। ਇਹੀ ਅਹਿਸਾਸ ਮੈਂ ਹਮੇਸ਼ਾ ਤੋਂ ਆਪਣੇ ਉਨ੍ਹਾਂ ਦੋ ਅਧਿਆਪਕਾਂ (ਸ੍ਰੀ ਰਾਕੇਸ਼ ਸ਼ਰਮਾ ਅਤੇ ਸ: ਸੁਰਿੰਦਰ ਸਿੰਘ ਜ਼ੀਰਾ) ਨੂੰ ਅਰਪਣ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਬਾਕੀ ਵਿਦਿਆਰਥੀਆਂ ਦੇ ਨਾਲ ਹੀ ਤਾਲੀਮ ਦਿੱਤੀ, ਵਿਚਾਰ ਦਿੱਤੇ, ਜੀਵਨ ਜਾਚ ਸਿਖਾਈ ਤੇ ਇਕ ਪਛੜੇ ਜਿਹੇ ਸਰਹੱਦੀ ਪਿੰਡ ਦੀ ਕੁੜੀ ਨੂੰ ਪਰਮਜੀਤ ਕੌਰ ਤੋਂ ਡਾ: ਪਰਮ ਬਣਾਇਆ।
ਸੋ, ਦੋਸਤੋ! ਸੱਚੇ ਪਿਆਰ ਦੇ ਅਰਥ ਬਹੁਤ ਹੀ ਵਿਸ਼ਾਲ ਹਨ। ਬਸ, ਲੋੜ ਹੈ ਇਸ ਅਹਿਸਾਸ ਨੂੰ ਸਮਝਣ ਦੀ। ਜਦੋਂ ਅਸੀਂ ਇਕ ਦੂਜੇ ਦੀ ਸੋਚ ਦੇ ਹਾਣੀ ਬਣ ਜਾਈਏ, ਇਕ-ਦੂਜੇ ਦੀ ਤਰੱਕੀ ਲਈ ਮਾਰਗਦਰਸ਼ਕ ਬਣੀਏ ਅਤੇ ਅਗਲੇ ਦੀਆਂ ਭਾਵਨਾਵਾਂ ਦੀ ਕਦਰ ਕਰੀਏ... ਇਹੀ ਸੱਚਾ ਪਿਆਰ ਹੈ ਤੇ ਇਹ ਹੀ ਅਸਲ ਇਬਾਦਤ।

-ਸਾਇੰਸ ਮਿਸਟ੍ਰੈੱਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਹੁਕਾ (ਤਰਨ ਤਾਰਨ)।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX