ਤਾਜਾ ਖ਼ਬਰਾਂ


ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀ ਅਦਾਲਤ 'ਚ ਕੀਤੇ ਪੇਸ਼
. . .  5 minutes ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  14 minutes ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ...
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  21 minutes ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  22 minutes ago
ਐੱਸ.ਏ.ਐੱਸ ਨਗਰ, 6 ਦਸੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ ਮੁਹਾਲੀ ...
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  29 minutes ago
ਨਵੀਂ ਦਿੱਲੀ, 6 ਦਸੰਬਰ- ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਾਥ ਨੇ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  45 minutes ago
ਜਲੰਧਰ, 6 ਦਸੰਬਰ- ਥਾਣਾ ਸ਼ਾਹਕੋਟ ਜਲੰਧਰ ਦਿਹਾਤੀ ਪੁਲਿਸ ਅਤੇ ਸੀ.ਆਈ.ਏ ਸਟਾਫ਼ ਜਲੰਧਰ ਦੀ ਪੁਲਿਸ 4 ਨਸ਼ਾ ਤਸਕਰਾ ਨੂੰ ਕਾਬੂ ਕੀਤਾ। ਪੁਲਿਸ ਨੇ ਇਨ੍ਹਾਂ ਪਾਸੋਂ 1 ਕਿੱਲੋ 100 ਗਰਾਮ, 50 ਗ੍ਰਾਮ ਹੈਰੋਇਨ...
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  54 minutes ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  about 1 hour ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਯੂਥ ਕਾਂਗਰਸ ਦੀਆਂ ਹੋ ਰਹੀਆਂ ਜਥੇਬੰਦਕ ਚੋਣਾਂ ਦੇ ਅੱਜ ਦੂਸਰੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਛੇ ਵਿਧਾਨ ...
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  about 1 hour ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ...
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  about 1 hour ago
ਪਟਿਆਲਾ, 6 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਆਸਟ੍ਰੇਲੀਆ ਦੀ ਟੀਮ ਨੇ ਸ੍ਰੀਲੰਕਾ ਨੂੰ 14...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਮੋਟੀ ਕਮਾਈ

ਕਮਾਲ ਹੈ ਦੋ ਮਿੰਟ 16 ਸੈਕਿੰਡ ਦੇ ਗਾਣੇ ਲਈ ਜੈਕਲਿਨ ਫਰਨਾਂਡਿਜ਼ ਨੇ ਦੋ ਕਰੋੜ ਦੀ ਫੀਸ ਪ੍ਰਾਪਤ ਕੀਤੀ ਹੈ। 'ਸਾਹੋ' ਦੇ ਇਸ ਗਾਣੇ 'ਚ ਕੰਮ ਕਰ ਕੇ ਮੋਟੇ ਪੈਸੇ ਪ੍ਰਾਪਤ ਕਰ ਕੇ ਜੈਕੀ ਨੇ ਦਰਸਾ ਦਿੱਤਾ ਹੈ ਕਿ ਉਸ ਦਾ ਆਕਰਸ਼ਣ ਬਰਕਰਾਰ ਹੈ। ਇਧਰ ਨਵੇਂ ਵੀਡੀਓ, ਜਿਸ 'ਚ ਜੈਕੀ ਨੇ ਟੈਟੂ ਬਣਵਾਇਆ ਹੈ, ਨਾਲ ਫਿਰ ਉਹ ਚਰਚਾ ਲੈ ਰਹੀ ਹੈ। 'ਮਿੱਤਰਾਂ ਦੀ ਟੋਲੀ' ਨਾਲ ਜੈਕੀ ਆਪਣਾ ਟੈਟੂ ਬਣਵਾ ਰਹੀ ਹੈ। 'ਅਲਾਦੀਨ' ਤੋਂ 'ਕਿੱਕ' ਤੱਕ ਕਾਮਯਾਬ ਇਹ ਨਾਇਕਾ ਚਾਹੇ ਇਸ ਸਮੇਂ 'ਡਰਾਈਵ' ਫ਼ਿਲਮ 'ਤੇ ਵੀ ਨਿਰਭਰ ਹੈ ਪਰ ਦੋ ਸੈਕਿੰਡ ਦੇ ਗਾਣੇ ਲਈ 2 ਕਰੋੜ ਦੀ ਕਮਾਈ ਸਬੂਤ ਹੈ ਕਿ ਹਾਲੇ ਉਸ 'ਚ ਬਹੁਤ ਦਮ-ਖਮ ਹੈ। 'ਡਰਾਈਵ' ਦੀ ਰਿਲੀਜ਼ ਤਰੀਕ ਵੀ ਲਾਗੇ ਆ ਗਈ ਹੈ। ਫ਼ਿਲਮ ਦਾ ਪਹਿਲਾ ਗਾਣਾ 'ਮੱਖਣਾ' ਆ ਗਿਆ ਹੈ। ਜੈਕੀ ਅਨੁਸਾਰ ਇਹ ਇਕ ਮਜ਼ੇਦਾਰ ਗੀਤ ਹੈ। 'ਡਰਾਈਵ' ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ। ਸੈਲਫ਼ੀ ਕੈਮਰਾ ਅੰਦਾਜ਼ 'ਚ ਫ਼ਿਲਮਾਇਆ ਇਹ ਗਾਣਾ 'ਮੱਖਣਾ' ਜ਼ਰੂਰ 'ਬੈਡ ਬੁਆਏ' ਦੀ ਤਰ੍ਹਾਂ ਜੈਕਲਿਨ ਨੂੰ ਉਚਾਈਆਂ 'ਤੇ ਪਹੁੰਚਾਏਗਾ। ਨੈਟਫਲਿਕਸ 'ਤੇ ਜੈਕਲਿਨ ਨੂੰ ਮਾਣ ਹੈ ਕਿ ਉਹ 'ਡਰਾਈਵ' ਦੀ ਸ਼ਾਨਦਾਰ ਰਿਲੀਜ਼ ਕਰੇਗੀ। ਯੂ-ਟਿਊਬ ਦੀ ਸਨਸਨੀ ਲਿੱਲੀ ਸਿੰਘ ਨਾਲ ਜੈਕੀ ਨੇ ਖਾਸ ਤੌਰ 'ਤੇ ਮੁਲਾਕਾਤ ਕੀਤੀ। ਜੈਕੀ ਨੇ ਉਸ ਦਾ ਨਾਂਅ 'ਸੁਪਰ ਵੋਮੈਨ' ਪਾਇਆ ਹੈ। ਇਧਰ ਸਲਮਾਨ ਖ਼ਾਨ ਨਾਲ ਉਸ ਦੀ ਹੋਰ ਫ਼ਿਲਮ ਆਉਣ ਨੂੰ ਤਿਆਰ ਹੈ। 'ਮਿਸਿਜ਼ ਸੀਰੀਅਲ ਕਿਲਰ' ਡਿਜੀਟਲ ਲੜੀ ਵੀ ਜੈਕਲਿਨ ਨੇ ਕੀਤੀ ਹੈ। ਸੋਸ਼ਲ ਮੀਡੀਆ 'ਤੇ ਬਲਾਗ ਉਹ ਨਿਰੰਤਰ ਲਿਖ ਰਹੀ ਹੈ। 'ਟਰੈਵਲ ਲੰਕਾਜ਼' ਵੀਡੀਓ ਯੂ-ਟਿਊਬ 'ਤੇ ਪਾ ਕੇ ਜੈਕੀ ਨੇ ਆਪਣੇ 'ਮੁਲਕ ਪਿਆਰ' ਦੀ ਝਲਕ ਦਿਖਾਈ ਹੈ। ਆਪਣੇ-ਆਪ ਨੂੰ 'ਜਲ ਪਰੀ' ਕਹਾ ਰਹੀ ਮਿਸ ਜੈਕਲਿਨ ਫਰਨਾਡਿਜ਼ 'ਕਿੱਕ-2' ਨਾਲ ਫਿਰ ਸਲਮਾਨ ਦੀ ਜੋੜੀ ਦਾਰ ਬਣ ਕੇ ਸਾਹਮਣੇ ਵੀ ਆ ਰਹੀ ਹੈ। ਜੈਕਲਿਨ ਫਰਨਾਡਿਜ਼ ਵਿਹਲੀ ਨਹੀਂ ਹੈ।


ਖ਼ਬਰ ਸ਼ੇਅਰ ਕਰੋ

ਨੁਸਰਤ ਭਰੁਚਾ

'ਤੁੱਰਮ ਖ਼ਾਨ' ਦੀ 'ਡਰੀਮ ਗਰਲ'

ਹੰਸਲ ਮਹਿਤਾ ਦੀ ਫ਼ਿਲਮ 'ਤੁੱਰਮ ਖ਼ਾਨ' ਨੂੰ 31 ਜਨਵਰੀ, 2020 ਰਿਲੀਜ਼ ਦੀ ਮਿਤੀ ਮਿਲੀ ਹੈ। ਇਸ ਫ਼ਿਲਮ 'ਚ ਨੁਸਰਤ ਭਰੁਚਾ ਦੇ ਨਾਲ ਰਾਜਕੁਮਾਰ ਰਾਵ ਹੈ। 'ਲਵ ਸੈਕਸ ਔਰ ਧੋਖਾ' ਫ਼ਿਲਮ 'ਚ ਨੁਸਰਤ ਪਹਿਲੀ ਵਾਰ ਰਾਜਕੁਮਾਰ ਰਾਵ ਨਾਲ ਆਈ ਸੀ। 'ਡਰੀਮ ਗਰਲ' ਫ਼ਿਲਮ ਦੀ ਸਫ਼ਲਤਾ ਨੇ ਨੁਸਰਤ ਨੂੰ ਉਤਸ਼ਾਹਿਤ ਕੀਤਾ ਹੈ। ਇਸ ਤੋਂ ਖ਼ੁਸ਼ ਨੁਸਰਤ 10 ਦਿਨ ਦੀਆਂ ਛੁੱਟੀਆਂ ਮਨਾਉਣ ਥਾਈਲੈਂਡ ਆਪਣੀਆਂ ਸਹੇਲੀਆਂ ਨਾਲ ਗਈ ਹੈ। ਥਾਈਲੈਂਡ 'ਚ ਨੁਸਰਤ ਨੇ ਫੁਕੇਟ ਦਾ ਪੁਰਾਣਾ ਸ਼ਹਿਰ ਵੀ ਦੇਖਿਆ। ਕਾਫ਼ੀ ਦੀਆਂ ਦੁਕਾਨਾਂ 'ਤੇ ਮਸਤੀ ਵੀ ਕੀਤੀ। ਹਰ ਰਾਤ ਉਹ ਉਥੇ ਪਾਰਟੀ ਕਰ ਰਹੀ ਹੈ। ਨੁਸਰਤ ਨੇ ਆਪਣੇ ਗਰੁੱਪ ਦੀ ਪ੍ਰਧਾਨਗੀ ਕੀਤੀ ਹੈ ਤੇ ਨਿਯਮ ਬਣਾਇਆ ਹੈ ਕਿ ਥਾਈਲੈਂਡ 'ਚ ਜਾਗਣਾ ਜ਼ਿਆਦਾ ਤੇ ਸੌਣਾ ਘੱਟ ਹੈ। ਸਮੁੰਦਰ ਕਿਨਾਰੇ ਰੋਜ਼ ਜਾ ਕੇ ਉਹ ਆਪਣੇ ਮਨ ਨੂੰ ਤਾਜ਼ਗੀ ਦੇ ਰਹੀ ਹੈ। ਲਹਿਰਾਂ 'ਤੇ ਪਾਣੀ ਦੀ ਖੇਡ ਦੇਖ ਕੇ ਉਹ ਰੁਮਾਂਟਿਕ ਹੋ ਰਹੀ ਹੈ। ਬਾਕੀ 'ਡਰੀਮ ਗਰਲ' ਹਿੱਟ ਹੈ ਤੇ ਅਗਾਂਹ 'ਤੁੱਰਮ ਖ਼ਾਨ' ਚੰਗੀ ਫ਼ਿਲਮ ਬਣ ਰਹੀ ਹੈ। 'ਸੋਨੂੰ ਕੇ ਟੀਟੂ ਕੀ ਸਵੀਟੀ' ਫ਼ਿਲਮ ਨਾਲ ਉਹ ਲੋਕਾਂ ਵਿਚਕਾਰ ਵਿਚਰੀ ਪਰ ਉਹ ਮਹਿਸੂਸ ਕਰਦੀ ਹੈ ਕਿ ਇਥੇ ਆਪਣੀ 'ਦਿਖ ਬਦਲ ਲੈਣੀ' ਸਭ ਤੋਂ ਔਖਾ ਕੰਮ ਹੈ। 1990 ਦੇ ਸਮੇਂ ਨੂੰ ਦਰਸਾਉਂਦੀ ਇਕ ਹੋਰ ਫ਼ਿਲਮ 'ਹੁੜਦੰਗ' ਵੀ ਨੁਸਰਤ ਨੂੰ ਮਿਲ ਗਈ ਹੈ। 'ਤੁੱਰਮ ਖ਼ਾਨ', 'ਹੁੜਦੰਗ' ਨਾਲ ਲਗਦਾ ਹੈ ਕਿ ਨੁਸਰਤ ਦਾ ਸਟਾਰ ਹੀਰੋਇਨ ਬਣਨ ਦਾ ਸੁਪਨਾ ਸੱਚ ਹੋਣ ਜਾ ਰਿਹਾ ਹੈ। 'ਪਿਆਰ ਕਾ ਪੰਚਨਾਮਾ' ਫ਼ਿਲਮ ਸਮੇਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਵੀ 'ਡਰੀਮ ਗਰਲ' ਬੀ-ਟਾਊਨ ਦੀ ਬਣੇਗੀ। 'ਸਲੱਮ ਡਾਗ ਲਿੀਅਨੇਅਰ' ਫ਼ਿਲਮ ਪਹਿਲਾਂ ਉਹ ਕਰ ਰਹੀ ਸੀ ਪਰ ਫਿਰ ਨਹੀਂ ਮਿਲੀ, ਕਾਰਨ ਉਹ ਨਹੀਂ ਦੱਸ ਰਹੀ ਪਰ ਇਹ ਸਾਬਤ ਹੋ ਗਿਆ ਹੈ ਕਿ ਨੁਸਰਤ ਨੇ ਸਾਰੀ ਕਸਰ ਪੂਰੀ ਕਰ ਦਿੱਤੀ ਹੈ ਤੇ ਚੰਗੇ ਸਥਾਨ 'ਤੇ ਆ ਗਈ ਹੈ।
**

ਰਿਤਿਕ ਰੌਸ਼ਨ

ਕਮਾਊ ਪੁੱਤਰ

'ਬਿਹਾਰੀ' ਬਣ ਕੇ ਸਧਾਰਨ ਕਿਰਦਾਰ ਤੇ 'ਵਾਰ' 'ਚ ਇਕਦਮ ਉਲਟ ਕੰਮ ਬਹੁਤ ਔਖਾ ਸੀ ਰਿਤਿਕ ਰੌਸ਼ਨ ਲਈ ਤਾਲਮੇਲ ਬਿਠਾਉਣਾ ਪਰ ਉਸ ਨੇ ਪ੍ਰਵਾਹ ਨਹੀਂ ਕੀਤੀ ਤੇ ਪਿੱਠ ਦੀ ਦਰਦ ਦੇ ਬਾਵਜੂਦ ਸਰੀਰਕ ਤੌਰ 'ਤੇ ਆਪਣੇ-ਆਪ ਨੂੰ ਫਿੱਟ ਕਰਕੇ 'ਸੁਪਰ-30' ਵਾਲਾ ਰਿਤਿਕ 'ਵਾਰ' 'ਚ 'ਕਬੀਰ' ਬਣ ਕੇ ਅਜਿਹਾ ਜਚਿਆ ਕਿ ਦੇਸ਼-ਵਿਦੇਸ਼ ਵਿਚ 'ਵਾਰ' ਦੀ ਕਮਾਈ ਦਾ ਅੰਕੜਾ 300 ਕਰੋੜ ਦੇ ਕਰੀਬ ਪਹੁੰਚਣ ਵਾਲਾ ਹੈ। ਰਿਤਿਕ ਦੀ 'ਵਾਰ' ਵਾਲੀ ਦਿੱਖ ਤੋਂ ਉਸ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਵੀ ਪ੍ਰਭਾਵਿਤ ਹੋਈ ਹੈ। ਇੰਸਟਾਗ੍ਰਾਮ 'ਤੇ ਸੁਜ਼ੈਨ ਨੇ ਰਿਤਿਕ ਲਈ ਉਫ...ਉਫ... ਦਾ ਸ਼ਾਨਦਾਰ ਪ੍ਰਤੀਕਰਮ ਦਿੱਤਾ, ਜਿਸ ਨੂੰ ਰਿਤਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕੀਤਾ। ਰਿਤਿਕ ਚਾਹੇ ਸੁਜ਼ੈਨ ਨਾਲੋਂ ਅੱਡ ਹੋ ਚੁੱਕਾ ਹੈ ਪਰ ਸੁਜ਼ੈਨ ਨਾਲ ਉਸ ਦੀ ਦੋਸਤੀ ਬਰਕਰਾਰ ਹੈ ਤੇ ਰਿਤਿਕ ਆਪਣੇ ਬੱਚਿਆਂ ਦੀਆਂ ਛੁੱਟੀਆਂ ਸਮੇਂ ਸੁਜ਼ੈਨ ਨਾਲ ਹੀ ਵਿਦੇਸ਼ ਗਿਆ। 'ਸੁਪਰ-30' ਤੇ 'ਵਾਰ' ਫ਼ਿਲਮਾਂ ਨੇ ਰਿਤਿਕ ਦੀ ਤਕਦੀਰ ਦਾ ਸਿਤਾਰਾ ਹੀ ਬੁਲੰਦ ਕਰ ਦਿੱਤੀ ਹੈ। ਹੁਣ ਉਹ 'ਕ੍ਰਿਸ਼-4' ਦੀ ਤਿਆਰੀ ਕਰੇਗਾ? ਯਕੀਨ ਕੀਤਾ ਜਾਵੇ ਇਕ ਰਿਪੋਰਟ 'ਤੇ ਤਾਂ ਰਾਕੇਸ਼ ਰੌਸ਼ਨ ਨੇ 'ਕ੍ਰਿਸ਼-4' ਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ। 'ਕ੍ਰਿਸ਼-4' ਵਿਚ ਵੀ 'ਹਾਈ ਐਕਸ਼ਨ' ਹੋਵੇਗਾ ਕਿਉਂਕਿ ਇਹ ਐਕਸ਼ਨ ਰਿਤਿਕ ਨੂੰ ਰਾਸ ਆਇਆ ਹੈ। 'ਕ੍ਰਿਸ਼-4' ਪਹਿਲਾਂ 250 ਕਰੋੜ 'ਚ ਬਣਦੀ ਸੀ ਹੁਣ ਰਿਤਿਕ ਦੀ ਇਹ ਫ਼ਿਲਮ 300 ਕਰੋੜ ਦੇ ਬਜਟ ਨਾਲ ਬਣੇਗੀ। 'ਕ੍ਰਿਸ਼-4' ਦਾ ਅੰਗੇਰਜ਼ੀ ਭਾਗ ਵੀ ਬਣੇਗਾ। ਵਿਦੇਸ਼ਾਂ ਲਈ ਰਿਤਿਕ ਦੀ ਅੰਤਰਰਾਸ਼ਟਰੀ ਦਿਖ ਬਣਾਈ ਜਾਵੇਗੀ। ਰਿਤਿਕ 'ਕ੍ਰਿਸ਼-4' ਤੋਂ ਪਹਿਲਾਂ ਇਕ ਹੋਰ ਫ਼ਿਲਮ ਵੀ ਕਰੇਗਾ। 'ਕ੍ਰਿਸ਼-3' ਨੇ 240 ਕਰੋੜ ਦਾ ਵਪਾਰ ਕੀਤਾ ਸੀ। ਇਹ ਰਿਤਿਕ ਰੌਸ਼ਨ ਦੀ ਸਭ ਤੋਂ ਵੱਧ ਕਮਾਈ ਵਾਲੀ ਫ਼ਿਲਮ ਸੀ।

ਪਰਣੀਤੀ ਚੋਪੜਾ

ਸਾਇਨਾ ਦਾ ਜਾਦੂ ਸਿਰ ਚੜ੍ਹਿਆ

ਅਮਰੀਕਾ ਦੇਸ਼ ਦੀ ਨੂੰਹ ਰਾਣੀ ਪ੍ਰਿਅੰਕਾ ਚੋਪੜਾ ਦੀ ਰਿਸ਼ਤੇਦਾਰੀ 'ਚੋਂ ਦੀਦੀ ਲੱਗਦੀ ਪਰਣੀਤੀ ਚੋਪੜਾ ਨੇ ਹਿੰਦੀ ਫ਼ਿਲਮ ਨਗਰੀ 'ਚ ਆਪਣੀ ਅਲੱਗ ਤੇ ਚੰਗੀ ਪਛਾਣ ਕਾਇਮ ਕੀਤੀ ਹੈ। ਚਾਹੇ ਟਿਕਟ ਖਿੜਕੀ 'ਤੇ ਪਰਣੀਤੀ ਦੇ ਕਰਮ ਹੌਲੇ ਹੀ ਹਨ ਪਰ ਇਹ ਗੱਲ ਸੌਲਾਂ ਆਨੇ ਸੱਚ ਹੈ ਕਿ ਉਹ ਇਕ ਪ੍ਰਤਿਭਾਵਾਨ ਤੇ ਲਾਜਵਾਬ ਅਭਿਨੇਤਰੀ ਹੈ। ਹਾਲੀਵੁੱਡ ਫ਼ਿਲਮ 'ਦਾ ਗਰਲ ਆਨ ਦਾ ਟਰੇਨ' ਦੇ ਹਿੰਦੀ ਭਾਗ 'ਚ ਪਰੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਲੰਡਨ ਜਾ ਕੇ ਉਹ ਇਸ ਫ਼ਿਲਮ ਦੇ ਫ਼ਿਲਮਾਂਕਣ 'ਚ ਰੁੱਝੀ ਹੋਣ ਦੇ ਬਾਵਜੂਦ ਫ਼ਿਲਮ ਸਬੰਧੀ ਤੇ ਹੋਰ ਵੇਰਵੇ ਆਪਣੇ 'ਇੰਸਟਾ' ਵਾਲੇ ਖਾਤੇ 'ਚ ਨਿੱਤ ਦਰਜ ਕਰਕੇ ਪ੍ਰਸੰਸਕਾਂ ਸਨਮੁਖ ਹਾਜ਼ਰ ਹੁੰਦੀ ਹੈ। ਫ਼ਿਲਮ ਦੇ ਡਾਇਰੈਕਟਰ ਆਫ਼ ਫੋਟੋਗ੍ਰਾਫੀ ਤ੍ਰਿਭਵਨ ਬਾਬੂ ਨਾਲ ਉਸ ਦੀ ਦੋਸਤੀ ਗਹਿਰੀ ਹੈ ਤੇ ਕੈਮਰਾਮੈਨ ਬਾਬੂ ਜੀ ਪਰੀ ਲਈ ਹਰ ਫੋਟੋ ਖਿੱਚ ਰਹੇ ਹਨ, ਜੋ ਪ੍ਰਸੰਸਕਾਂ ਤੱਕ ਪਹੁੰਚ ਰਹੀ ਹੈ। ਇਹ ਪਰੀ ਦੀ 'ਸਸਪੈਂਸ ਥ੍ਰਿਲਰ' ਫ਼ਿਲਮ ਹੋਵੇਗੀ। 'ਕੇਸਰੀ', 'ਜਬਰੀਆ ਜੋੜੀ' ਦਾ ਲਾਭ ਉਸ ਨੂੰ ਘੱਟ ਹੀ ਮਿਲਿਆ ਪਰ 'ਦਾ ਗਰਲ ਆਨ ਦਾ ਟਰੇਨ', 'ਦਾ ਭੁਜ ਪ੍ਰਾਈਡ ਆਫ ਇੰਡੀਆ' ਫ਼ਿਲਮ ਤੋਂ ਪਰੀ ਨੂੰ ਪੂਰੀਆਂ ਆਸਾਂ ਉਮੀਦਾਂ ਹਨ। 'ਖੜਕੇ ਗਲਾਸੀ' ਇਹ ਪੰਜਾਬੀ ਗੀਤ ਅੱਜ ਤੱਕ ਪਰਣੀਤੀ ਦੀਆਂ ਬੁੱਲ੍ਹੀਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ ਤੇ ਹਾਂ, ਪਰੀ ਦੀ ਜਨਰਲ ਨਾਲਜ਼ ਕਮਜ਼ੋਰ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਦੀ ਲਾਹ-ਪਾਹ ਬਹੁਤ ਹੁੰਦੀ ਹੈ। ਹੁਣ ਆਜ਼ਾਦੀ ਦਿਨ ਉਹ 16 ਅਗਸਤ ਤੇ ਗਣਤੰਤਰ ਦਿਵਸ ਨੂੰ ਆਜ਼ਾਦੀ ਦਿਨ ਕਹਿ ਕੇ ਵਧਾਈ ਦਿੰਦੀ ਹੈ ਤਾਂ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ। ਸਾਇਨਾ ਨੇਹਵਾਲ ਦੀ ਬਾਇਓਪਿਕ ਕਰ ਰਹੀ ਹੈ ਤਾਂ ਸਾਇਨਾ ਉਸ ਦਾ ਹੌਸਲਾ ਵਧਾ ਰਹੀ ਹੈ। ਪਰੀ ਵੀ ਮੈਂ, ਅੱਜ, ਦਿਨ-ਰਾਤ ਤੇ 24 ਘੰਟੇ ਸਾਇਨਾ ਸਬੰਧੀ ਸੋਚਣਾ ਕਹਿ ਕੇ ਫ਼ਿਲਮ ਨਾਲ ਜੁੜ ਰਹੀ ਹੈ। ਚਾਹੇ ਜਨਰਲ ਨਾਲਜ ਪੱਖੋਂ ਕੋਰੀ ਹੈ ਪਰ ਅਭਿਨੇਤਰੀ ਉਹ ਜ਼ਬਰਦਸਤ ਹੈ।


-ਸੁਖਜੀਤ ਕੌਰ

ਗੂੰਗੀ ਕੁੜੀ ਦੀ ਭੂਮਿਕਾ ਕਰੇਗੀ ਤਾਰਾ ਸੁਤਾਰੀਆ

ਜਦੋਂ ਤਾਰਾ ਸੁਤਾਰੀਆ ਨੇ 'ਸਟੂਡੈਂਟ ਆਫ਼ ਦ ਯੀਅਰ-2' ਰਾਹੀਂ ਬਾਲੀਵੁੱਡ ਵਿਚ ਦਾਖ਼ਲਾ ਲਿਆ ਤਾਂ ਉਦੋਂ ਕੁਝ ਆਲੋਚਕਾਂ ਨੇ ਇਹ ਕਿਹਾ ਸੀ ਕਿ ਤਾਰਾ ਦੇ ਰੂਪ ਵਿਚ ਇਕ ਹੋਰ ਗਲੈਮਰ ਕੁੜੀ ਦਾ ਆਗਮਨ ਹੋਇਆ ਹੈ। ਫ਼ਿਲਮ ਵਿਚ ਤਾਰਾ ਦੇ ਕਿਰਦਾਰ ਨੂੰ ਦੇਖ ਕੇ ਇਹ ਟਿੱਪਣੀ ਕੀਤੀ ਗਈ ਸੀ। ਹੁਣ ਤਾਰਾ ਦੀ 'ਮਰਜਾਵਾਂ' ਆ ਰਹੀ ਹੈ ਅਤੇ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਤਾਰਾ ਨੂੰ ਗੂੰਗੀ ਕੁੜੀ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਹੈ। ਆਪਣੇ ਕੈਰੀਅਰ ਦੀ ਦੂਜੀ ਫ਼ਿਲਮ ਵਿਚ ਇਸ ਤਰ੍ਹਾਂ ਦੀ ਚੁਣੌਤੀਪੂਰਨ ਭੂਮਿਕਾ ਲਈ ਤਾਰਾ ਨੂੰ ਚੰਗੀ ਮਿਹਨਤ ਕਰਨੀ ਪਈ ਅਤੇ ਇਸ ਲਈ ਉਸ ਨੂੰ ਸਾਈਨ ਭਾਸ਼ਾ ਵੀ ਸਿੱਖਣੀ ਪਈ। ਸਾਈਨ ਭਾਸ਼ਾ ਦੀ ਅਧਿਆਪਕਾ ਸੰਗੀਤਾ ਗਾਲਾ ਤੋਂ ਉਸ ਨੇ ਗੂੰਗਿਆਂ ਦੇ ਇਸ਼ਾਰੇ ਵਾਲੀ ਭਾਸ਼ਾ ਸਿੱਖੀ ਅਤੇ ਇਹ ਭਾਸ਼ਾ ਸਿੱਖਣ ਵਿਚ ਉਸ ਨੂੰ ਦੋ ਮਹੀਨੇ ਲੱਗੇ ਸਨ।
ਫ਼ਿਲਮ ਵਿਚ ਤਾਰਾ ਦੇ ਕਿਰਦਾਰ ਦਾ ਨਾਂਅ ਜ਼ੋਇਆ ਹੈ ਅਤੇ ਤਾਰਾ ਦਾ ਕਹਿਣਾ ਹੈ ਕਿ ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਉਸ ਦੀ ਗੂੰਗੇ-ਬੋਲੇ ਲੋਕਾਂ ਪ੍ਰਤੀ ਹਮਦਰਦੀ ਹੋਰ ਵਧ ਗਈ ਹੈ।
ਉਮੀਦ ਹੈ ਕਿ ਗੂੰਗੀ ਕੁੜੀ ਦੇ ਇਸ ਕਿਰਦਾਰ ਜ਼ਰੀਏ ਤਾਰਾ ਆਪਣੇ ਆਲੋਚਕਾਂ ਦੀ ਬੋਲਤੀ ਬੰਦ ਕਰ ਦੇਵੇਗੀ।

'ਬਾਲਾ', 'ਉਜੜਾ ਚਮਨ' ਵਿਚ ਟੱਕਰ

ਦਿਨੇਸ਼ ਵਿਜ਼ਨ ਵਲੋਂ ਬਣਾਈ 'ਬਾਲਾ' ਅਤੇ ਕੁਮਾਰ ਮੰਗਤ ਵਲੋਂ ਬਣਾਈ ਜਾ ਰਹੀ ਫ਼ਿਲਮ 'ਉਜੜਾ ਚਮਨ' ਵਿਚ ਸਮਾਨਤਾ ਇਹ ਹੈ ਕਿ ਦੋਵਾਂ ਵਿਚ ਗੰਜੇ ਕਿਰਦਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਵਿਸ਼ੇ ਵਿਚ ਸਮਾਨਤਾ ਹੋਣ ਦੀ ਵਜ੍ਹਾ ਕਰਕੇ ਹੁਣ ਬਾਲੀਵੁੱਡ ਦੀਆਂ ਇਨ੍ਹਾਂ ਦੋ ਫ਼ਿਲਮਾਂ ਦੀ ਟੱਕਰ ਪ੍ਰਤੀ ਰੁਚੀ ਵਧ ਗਈ ਹੈ। ਦੋਵੇਂ ਫ਼ਿਲਮਾਂ ਇਕ ਹਫ਼ਤੇ ਦੇ ਫਰਕ ਨਾਲ ਪ੍ਰਦਰਸ਼ਿਤ ਹੋ ਰਹੀਆਂ ਹਨ। 'ਉਜੜਾ ਚਮਨ' ਅੱਠ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ 'ਬਾਲਾ' 15 ਨਵੰਬਰ ਨੂੰ। ਉਂਜ ਇਕੋ ਜਿਹੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਦੀ ਆਪਸੀ ਟੱਕਰ ਵਾਲੀ ਗੱਲ ਬਾਲੀਵੁੱਡ ਲਈ ਨਵੀਂ ਨਹੀਂ ਹੈ। ਪਹਿਲਾਂ ਸ਼ਹੀਦ ਭਗਤ ਸਿੰਘ 'ਤੇ ਬਣੀਆਂ ਤਿੰਨ ਫ਼ਿਲਮਾਂ ਆਪਸ ਵਿਚ ਟਕਰਾਈਆਂ ਸਨ ਤੇ ਹੀਰੋ ਵਲੋਂ ਭ੍ਰਿਸ਼ਟ ਨੇਤਾਵਾਂ ਦੇ ਖ਼ਿਲਾਫ਼ ਲੜੀ ਗਈ ਲੜਾਈ ਦੇ ਵਿਸ਼ੇ 'ਤੇ ਬਣੀ 'ਇਨਕਲਾਬ', 'ਯੇ ਦੇਸ਼' ਤੇ 'ਆਜ ਕਾ ਐਮ. ਐਲ. ਏ. ਰਾਮ ਅਵਤਾਰ' ਵੀ ਆਪਸ ਵਿਚ ਟਕਰਾਈਆਂ ਸਨ। 'ਜਯੋਤੀ ਬਨੇ ਜਵਾਲਾ' ਤੇ 'ਜਵਾਲਾਮੁਖੀ' ਦੀ ਟੱਕਰ ਨੇ ਵੀ ਆਪਣੇ ਜ਼ਮਾਨੇ ਵਿਚ ਕਾਫ਼ੀ ਉਤਸੁਕਤਾ ਪੈਦਾ ਕੀਤੀ ਸੀ।

ਕੈਟਰੀਨਾ ਕੈਫ਼

ਮਜ਼ਦੂਰ!

ਕਰਨ ਜੌਹਰ ਤੇ ਰੋਹਿਤ ਸ਼ੈਟੀ ਨੂੰ 'ਟੈਗ' ਕਰਕੇ ਕੈਟਰੀਨਾ ਕੈਫ਼ ਨੇ ਆਪਣੀ ਨਵੀਂ ਫ਼ਿਲਮ 'ਸੂਰਯਾਵੰਸ਼ੀ' ਦੀ ਇਕ ਝਲਕ ਲੋਕਾਂ ਤੱਕ ਪਹੁੰਚਾਈ ਹੈ। 'ਭਾਰਤ' ਤੋਂ ਬਾਅਦ ਕੈਟੀ ਦੀ ਇਹ ਵੱਡੀ ਫ਼ਿਲਮ ਹੈ, ਜੋ ਆਉਂਦੇ ਸਾਲ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਮਾਰਚ 'ਚ ਆਏਗੀ। ਇਧਰ ਵਿੱਕੀ ਕੌਸ਼ਲ ਨਾਲ ਨਾਂਅ ਜੁੜਨ 'ਤੇ ਕੈਟੀ ਨੇ ਕਿਹਾ ਹੈ ਕਿ 16 ਸਾਲ ਤੋਂ ਸਾਡੀ ਮਿੱਤਰਤਾ ਪਾਕਿ-ਪਵਿੱਤਰ ਹੋਣ ਦੀ ਤਰ੍ਹਾਂ ਤੁਸੀਂ ਲੋਕ ਕਿਉਂ ਨਹੀਂ ਸਮਝਦੇ? ਸੱਲੂ ਉਸ ਲਈ ਰਾਹ-ਦਸੇਰਾ ਹੈ, ਮਦਦਗਾਰ ਹੈ ਤੇ ਨੇਕ-ਇਨਸਾਨ ਹੈ। 'ਆਈਫਾ ਐਵਾਰਡ' ਸਮੇਂ ਨੱਚਣ 'ਤੇ ਜ਼ੋਰ ਕੈਟੀ ਦਾ ਲਗਦਾ ਹੈ ਤੇ ਤਾੜੀਆਂ ਮਾਰ-ਮਾਰ ਹੱਥ ਸਲਮਾਨ ਮੀਆਂ ਦੇ ਹੰਭ ਜਾਂਦੇ ਹਨ। ਇਹੀ ਤਾਂ ਫਿਰ ਖਾਸ ਮਿੱਤਰਤਾ ਹੈ। ਕਦੇ ਸਲਮਾਨ ਤੇ ਹੁਣ ਵਿੱਕੀ ਕੌਸ਼ਲ ਇਹ ਕਿੱਤਾ ਹੀ ਨਾਂਅ ਜੁੜਨ, ਜੋੜਨ, ਅਫ਼ਵਾਹਾਂ ਉਡਾਉਣ-ਫੈਲਾਉਣ ਤੇ ਬਾਤਾਂ ਦੇ ਬਤੰਗੜ ਬਣਾਉਣ ਦਾ ਹੈ। ਤਿੰਨ ਸਾਲ ਪਹਿਲਾਂ ਕੈਟੀ ਤਾਂ 'ਕਪੂਰ ਖਾਨਦਾਨ' ਦੀ ਨੂੰਹ ਬਣਨ ਵਾਲੀ ਸੀ। ਰਣਬੀਰ ਕਪੂਰ ਉਸ ਦੀ ਹਰ ਸਾਹ 'ਚ ਧੜਕਦਾ ਸੀ ਪਰ ਫਿਰ ਦਿਨ ਨਹੀਂ ਚੜ੍ਹਿਆ ਕਿ ਨੂੰਹ ਬਣਦੀ-ਬਣਦੀ ਉਹ 'ਕਪੂਰ ਖਾਨਦਾਨ' ਦੀ 'ਦੁਸ਼ਮਣ' ਬਣ ਗਈ। ਰਣਬੀਰ ਨੇ ਵੀ ਕੈਟੀ ਨਾਲ ਫ਼ਿਲਮਾਂ ਤੋਂ ਨਾਂਹ ਕੀਤੀ ਪਰ 3 ਸਾਲ ਬਾਅਦ ਇਕ ਮੋਬਾਈਲ ਫੋਨ ਦੀ ਮਸ਼ਹੂਰੀ 'ਚ ਕੈਟੀ-ਰਣਬੀਰ ਨਾਲ ਆ ਰਹੀ ਹੈ। ਰਿਤਿਕ ਰੌਸ਼ਨ ਦੀ ਨਜ਼ਰ 'ਚ ਮਿਸ ਕੈਫ਼ 'ਮਜ਼ਦੂਰ' ਹੈ ਤੇ ਉਸ ਦੀ ਮੰਨੀਏ ਤਾਂ ਇਹ ਵਲੈਤਣ ਬਾਹਰੋਂ ਦਿਲਖਿਚਵੀਂ/ਆਕਰਸ਼ਕ ਲਗਦੀ ਹੈ ਪਰ ਅੰਦਰੋਂ ਉਹ ਮਜ਼ਦੂਰ ਹੈ।

ਲਘੂ ਫ਼ਿਲਮ 'ਲੁਤਫ਼' ਵਿਚ ਮੋਨਾ ਸਿੰਘ

ਪਹਿਲਾਂ ਉਹ ਵੈੱਬ ਸੀਰੀਜ਼ 'ਕਹਿਨੇ ਕੋ ਹਮਸਫ਼ਰ ਹੈ', 'ਯੇ ਮੇਰੀ ਫੈਮਿਲੀ' ਤੇ 'ਮੋਮ-ਮਿਸ਼ਨ ਓਵਰ ਮਾਰਸ' ਵਿਚ ਅਭਿਨੈ ਕਰਨ ਵਾਲੀ ਮੋਨਾ ਸਿੰਘ ਹੁਣ ਲਘੂ ਫ਼ਿਲਮ 'ਲੁਤਫ਼' ਵਿਚ ਨਜ਼ਰ ਆਵੇਗੀ।
ਕਦੀ ਜੱਸੀ ਬਣ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਮੋਨਾ ਸਿੰਘ ਨੇ ਇਸ ਲਘੂ ਫ਼ਿਲਮ ਵਿਚ 'ਹਾਊਸਵਾਈਫ਼' ਦੀ ਭੂਮਿਕਾ ਨਿਭਾਈ ਹੈ। ਇਕ ਇਸ ਤਰ੍ਹਾਂ ਦੀ ਗ੍ਰਹਿਣੀ, ਜਿਸ ਦੇ ਕੋਲ ਜ਼ਿੰਦਗੀ ਵਿਚ ਸਭ ਕੁਝ ਹੈ ਪਰ ਫਿਰ ਵੀ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੀ ਹੈ।
ਇਸ ਵੱਖਰੀ ਜਿਹੀ ਭੂਮਿਕਾ ਬਾਰੇ ਮੋਨਾ ਕਹਿੰਦੀ ਹੈ, 'ਅੱਜ ਲੋਕ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਇਸ ਵਜ੍ਹਾ ਨਾਲ ਤਣਾਅ ਦਾ ਸ਼ਿਕਾਰ ਹੋ ਜਾਣਾ ਆਮ ਗੱਲ ਹੈ। ਇਸ ਬਿਮਾਰੀ ਦੀ ਇਕ ਖ਼ਾਸ ਗੱਲ ਇਹ ਹੈ ਕਿ ਕਈ ਵਾਰ ਤਾਂ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਤਣਾਅ ਦੀ ਬਿਮਾਰੀ ਨਾਲ ਪੀੜਤ ਹੈ, ਕਿਉਂਕਿ ਇਹ ਮਾਨਸਿਕ ਬਿਮਾਰੀ ਹੈ ਨਾ ਕਿ ਸਰੀਰਕ। 'ਥ੍ਰੀ ਇਡੀਅਟਸ' ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਕੁਝ ਹੋਰ ਇਸ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਜਾਣ, ਜਿਸ ਵਿਚ ਮਨੋਰੰਜਨ ਦੇ ਨਾਲ ਕੁਝ ਸੰਦੇਸ਼ ਵੀ ਹੋਵੇ। 'ਲੁਤਫ਼' ਵਿਚ ਮਾਨਸਿਕ ਬਿਮਾਰੀ ਦੀ ਗੱਲ ਕਹੀ ਗਈ ਹੈ ਅਤੇ ਘਰੇਲੂ ਔਰਤਾਂ ਤੱਕ ਇਸ ਬਿਮਾਰੀ ਬਾਰੇ ਜਾਗਰੂਕਤਾ ਲਿਆਉਣ ਦੇ ਇਰਾਦੇ ਨਾਲ ਮੈਂ ਇਹ ਫ਼ਿਲਮ ਵਿਚ ਕੰਮ ਕੀਤਾ ਹੈ।'


-ਮੁੰਬਈ ਪ੍ਰਤੀਨਿਧ

ਹਾਲੀਵੁੱਡ ਫ਼ਿਲਮਾਂ ਦਾ ਪੰਜਾਬੀ ਸਟਾਰ-ਸੰਨੀ ਸਿੰਘ ਕੋਹਲੀ

ਪੰਜਾਬੀ ਦੁਨੀਆ ਵਿਚ ਕਿਤੇ ਵੀ ਵਸੇ ਹੋਣ ਪਰ ਆਪਣੀ ਮਾਂ-ਬੋਲੀ ਅਤੇ ਵਤਨ ਦਾ ਮੋਹ ਨਹੀਂ ਛੱਡਦੇ। ਇਸ ਦੀ ਮਿਸਾਲ ਹੈ, ਪੰਜਾਹ ਤੋਂ ਵੱਧ ਹਾਲੀਵੁੱਡ ਫ਼ਿਲਮਾਂ ਵਿਚ ਅਦਾਕਾਰੀ ਕਰਨ ਵਾਲਾ ਅਮਰਪਾਲ ਸਿੰਘ ਉਰਫ਼ ਸੰਨੀ ਸਿੰਘ ਕੋਹਲੀ, ਜੋ ਕਿ ਕੈਨੇਡਾ ਦਾ ਸਾਬਕਾ ਲਾਅ ਐਨਫੋਰਸਮੈਂਟ ਅਫ਼ਸਰ ਹੈ। ਸ: ਤਰਲੋਚਨ ਸਿੰਘ ਕੋਹਲੀ ਅਤੇ ਮਾਤਾ ਸਤਨਾਮ ਕੌਰ ਦੇ ਇਸ ਲਾਡਲੇ ਸਪੁੱਤਰ ਦਾ ਬਚਪਨ ਲੁਧਿਆਣਾ ਸ਼ਹਿਰ ਵਿਚ ਗੁਜ਼ਰਿਆ। ਜਵਾਨੀ ਦੀ ਦਹਿਲੀਜ਼ ਉੱਪਰ ਪੈਰ ਰੱਖਦਿਆਂ ਹੀ ਸੰਨੀ ਇੰਗਲੈਂਡ ਚਲਾ ਗਿਆ, ਜਿਥੇ ਉਸ ਨੇ ਮਾਰਸ਼ਲ ਆਰਟਸ ਦੀ ਗੇਮ ਤਾਈਕਵਾਂਡੋ ਖੇਡਣੀ ਸ਼ੁਰੂ ਕੀਤੀ। ਫਿਰ 150 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲਿਆ। 2005 ਵਿਚ ਆਪਣੀ ਗੇਮ ਨੂੰ ਹੋਰ ਖਿਾਰਨ ਲਈ ਉਹ ਕੈਨੇਡਾ ਚਲਾ ਗਿਆ। ਕੈਨੇਡਾ ਦੇ ਕੈਲਗਰੀ ਵਿਚ ਪੁਲਿਸ ਮੁੱਖ ਅਧਿਕਾਰੀ ਵਜੋਂ ਨੌਕਰੀ ਕਰਦਿਆਂ ਤਿੰਨ ਵਾਰ ਵਿਸ਼ਵ ਪੁਲਿਸ ਖੇਡਾਂ ਵਿਚ ਗੋਲਡ ਮੈਡਲ ਜਿੱਤੇ। ਉਸ ਕੋਲ ਕੈਨੇਡਾ ਅਤੇ ਇੰਗਲੈਂਡ ਦੀ ਦੋਹਰੀ ਨਾਗਰਿਕਤਾ ਹੈ। ਇਸ ਤੋਂ ਇਲਾਵਾ ਅਮਰੀਕਾ, ਸਵਿਟਜ਼ਰਲੈਂਡ, ਯੂਰਪ, ਨਿਊਜ਼ੀਲੈਂਡ, ਸਿੰਗਾਪੁਰ ਤੇ ਥਾਈਲੈਂਡ ਆਦਿ ਦੀ ਉਹ ਯਾਤਰਾ ਕਰ ਚੁੱਕਾ ਹੈ। ਉਸ ਨੇ ਹਾਲੀਵੁੱਡ ਐਕਸ਼ਨ ਫ਼ਿਲਮਾਂ ਵਿਚ ਸਟੰਟ ਪੇਸ਼ਕਾਰ ਅਤੇ ਫਾਈਟ ਕੋਰੀਓਗ੍ਰਾਫਰ ਵਜੋਂ ਸ਼ੁਰੂਆਤ ਕੀਤੀ। ਫ਼ਿਲਮਾਂ 'ਜਨ' ਅਤੇ 'ਰੈਪਲਿਕਨ' ਵਿਚ ਦਮਦਾਰ ਭੂਮਿਕਾ ਨਿਭਾਈ। ਮਾਰਸ਼ਲ ਆਰਟਸ ਦੇ ਸੱਤ ਸਟਾਈਲਾਂ ਤਾਈਕਵਾਂਡੋ, ਕਰਾਟੇ, ਕੁੰਗਫੂ, ਨੌਰਥ ਸਾਊਲਿਨ ਵੁਸ਼ੂ ਆਦਿ ਵਿਚ ਬਲੈਕ ਬੈਲਟ ਹੋਣ ਕਾਰਨ ਉਸ ਦੇ ਐਕਸ਼ਨ ਸਟੰਟਾਂ ਦੀ ਮੰਗ ਅਤੇ ਪ੍ਰਸਿੱਧੀ ਬਹੁਤ ਵਧ ਗਈ। ਉਸ ਨੂੰ ਕੈਲੀਫੋਰਨੀਆ ਵਿਚ 'ਲੀਜੇਂਡ ਆਫ਼ ਦਾ ਮਾਰਸ਼ਲ ਆਰਟ ਆਫ ਈਅਰ' ਅਤੇ ਓਬਾਮਾ ਪ੍ਰਸ਼ਾਸਨ ਵਲੋਂ 'ਲਾਈਫ਼ ਟਾਈਮ ਅਚੀਵਮੈਂਟ' ਸਨਮਾਨ ਮਿਲਿਆ। ਹਾਲੀਵੁੱਡ ਵਿਚ 'ਡਰੈਗਨ ਲੇਡੀ' ਦੇ ਨਾਂਅ ਨਾਲ ਮਸ਼ਹੂਰ ਸਿੰਥੀਆ ਰੋਥਰੌਕ ਦੀ ਫ਼ਿਲਮ 'ਟੂ ਡੇਜ਼ ਐਂਡ ਟੂ ਕਿਲ' ਵਿਚ ਸੰਨੀ ਸਿੰਘ ਉਸ ਦੇ ਮੁੱਖ ਬਾਡੀਗਾਰਡ ਦਾ ਕਿਰਦਾਰ ਨਿਭਾਅ ਰਿਹਾ ਹੈ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਦਾ ਲਾਸਟ ਵਿਸ਼, ਅਮਰੀਕਨ, ਗੁਨਲਿੰਨਗਰਸ, ਓਵਰ ਦਾ ਬਾਰਡਰ, ਰਾਈਜ਼ ਆਫ਼ ਕਿੱਟ ਬਾਕਸਰ, ਅਨਟਾਰਿਸ, ਉਪਰੇਸ਼ਨ ਲੋਨੀ ਬਿਨ, ਵੌਰਟੈਕਸ ਇੰਫੈਕਟ, ਜਿਨ ਜੰਗ ਐਂਡ ਦਾ ਟੀਜ਼ਰ, ਵਿਲੈਨਟੀਕਾ, ਹੌਨਰੈਬਲ ਸੀਨਜ਼ ਆਦਿ ਹਨ। ਚੰਡੀਗੜ੍ਹ ਵਿਚ ਉਹ ਪੰਜਾਬੀ ਫ਼ਿਲਮਾਂ 'ਗੁਰਮੁਖ' ਦੀ ਸ਼ੂਟਿੰਗ ਲਈ ਆਏ ਸਨ, ਜਿਸ ਵਿਚ ਉਹ ਪਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਨਾਲ ਐਕਸ਼ਨ ਕਰਦੇ ਨਜ਼ਰ ਆਉਣਗੇ। ਅਮ੍ਰਿਤਜੀਤ ਸਿੰਘ ਸਰ੍ਹਾ ਦੀ ਇਕ ਨਵੀਂ ਫ਼ਿਲਮ, ਜੋ ਕਿ ਆਪਣਾ ਹੈਰੀਟੇਜ਼ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਹੈ, ਦੀ ਸ਼ੂਟਿੰਗ ਲਈ ਫਿਰ ਇੰਡੀਆ ਆਉਣਗੇ ਅਤੇ ਬਾਲੀਵੁੱਡ ਦੀਆਂ ਕੁਝ ਫ਼ਿਲਮਾਂ ਵਿਚ ਅਦਾਕਾਰੀ ਲਈ ਮੁੰਬਈ ਜਾਣਗੇ। ਉਹ ਪੰਜਾਬ ਵਿਚ ਤਾਈਕਵਾਂਡੋ ਅਕੈਡਮੀ ਖੋਲ੍ਹਣਾ ਚਾਹੁੰਦੇ ਹਨ, ਤਾਂ ਜੋ ਇੰਡੀਆ ਨੂੰ ਉਲੰਪਿਕਸ ਵਿਚੋਂ ਮੈਡਲ ਦਿਵਾ ਸਕਣ। ਉਹ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਨ ਲਈ ਆਪਣੇ ਦੋਸਤਾਂ ਦਲਜੀਤ ਰੇੜਵਾਂ ਆਦਿ ਨਾਲ ਹਮੇਸ਼ਾ ਸੰਪਰਕ 'ਚ ਰਹਿੰਦੇ ਹਨ। ਉਹ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਹਨ। ਪਰਮਾਤਮਾ ਇਸ ਦੁਨੀਆ 'ਤੇ ਵਿਲੱਖਣ ਕਲਾਕਾਰ ਨੂੰ ਹੋਰ ਤਰੱਕੀ ਬਖ਼ਸ਼ੇ।


-ਗੁਰਸਿਮਰਨ ਸਿੰਘ

ਇਟਲੀ 'ਚ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਤਨਦੇਹੀ ਨਾਲ ਸਮਰਪਿਤ ਹੈ ਮੰਚ ਸੰਚਾਲਕ : ਰਾਜੂ ਚਮਕੌਰ ਵਾਲਾ

ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਵਾਲੇ ਮਾਣਮੱਤੇ ਕਲਾਕਾਰਾਂ ਵਿਚ ਮੰਚ ਸੰਚਾਲਕ ਰਾਜੂ ਚਮਕੌਰ ਵਾਲਾ ਇਕ ਅਜਿਹਾ ਸ਼ਖ਼ਸ ਹੈ ਜੋ ਕਿ ਪ੍ਰਭਾਵਸ਼ਾਲੀ ਤੇ ਦਮਦਾਰ ਮੰਚ ਸੰਚਾਲਨਾ ਕਰਕੇ ਪੂਰੇ ਯੂਰਪ ਭਰ ਦੇ ਸਰੋਤਿਆਂ ਦੇ ਦਿਲਾਂ ਵਿਚ ਇਕ ਸਤਿਕਾਰਯੋਗ ਸਥਾਨ ਰੱਖਦਾ ਹੈ। ਇਟਲੀ ਦੇ ਸ਼ਹਿਰ ਤਰਵੀਜੋ ਵਿਖੇ ਰਹਿਣ ਵਾਲਾ ਰਾਜੂ ਜਿੱਥੇ ਪੰਜਾਬ ਦੇ ਅਨੇਕਾਂ ਪ੍ਰਮੁੱਖ ਕਲਾਕਾਰਾਂ ਨਾਲ ਮੰਚ ਸੰਚਾਲਨ ਕਰ ਚੁੱਕਾ ਹੈ, ਉੱਥੇ ਉਹ ਇਟਲੀ 'ਚ ਹੋਣ ਵਾਲੇ ਸੱਭਿਆਚਾਰਕ ਤੇ ਸਾਹਿਤਕ ਸਮਾਗਮਾਂ ਤੇ ਮੇਲਿਆਂ ਵਿਚ ਵੀ ਸਟੇਜ ਸੰਚਾਲਕ ਦੇ ਤੌਰ 'ਤੇ ਵਿਚਰਦਿਆਂ ਦੇਖਿਆ ਗਿਆ ਹੈ। ਪੰਜਾਬ ਯੂਥ ਕਲੱਬਾਂ ਆਰਗੇਨਾਈਜੇਸ਼ਨ ਇਟਲੀ ਵਲੋਂ ਕਰਵਾਏ ਜਾਂਦੇ ਸਾਲਾਨਾ ਸਵ: ਢਾਡੀ ਅਮਰ ਸਿੰਘ ਸ਼ੌਕੀ ਮੇਲੇ 'ਤੇ ਉਹ ਕਈ ਸਾਲਾਂ ਤੋਂ ਲਗਾਤਾਰ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਾ ਆ ਰਿਹਾ ਹੈ। ਸ਼ਾਇਰੋ-ਸ਼ਾਇਰੀ, ਹਾਸਿਆਂ, ਟੋਟਕਿਆਂ ਤੇ ਮੁਹਾਵਰਿਆਂ ਨਾਲ ਭਰਪੂਰ ਤੁਕਬੰਦੀ ਕਰਕੇ ਰਾਜੂ ਸਟੇਜ ਨੂੰ ਚਾਰ ਚੰਨ ਲਗਾ ਦਿੰਦਾ ਹੈ ਅਤੇ ਸਰੋਤਿਆਂ ਨੂੰ ਅਖੀਰ ਤੱਕ ਸਮਾਗਮ ਨਾਲ ਜੋੜੀ ਰੱਖਦਾ ਹੈ। ਸਟੇਜ ਉੱਤੇ ਉਸ ਦੁਆਰਾ ਬੋਲੇ ਗਏ ਅਲਫਾਜ਼ ਮਨੋਰੰਜਨ ਦੇ ਨਾਲ-ਨਾਲ ਜੀਵਨ ਦੀਆਂ ਸੱਚਾਈਆਂ ਨਾਲ ਵੀ ਪੂਰੇ ਸਬੰਧਿਤ ਹੁੰਦੇ ਹਨ। ਉਹ ਆਪਣੇ ਸ਼ੇਅਰਾਂ ਵਿਚ ਪੇਸ਼ ਕਰਨ ਵਾਲੇ ਕਲਾਕਾਰਾਂ ਦੀ ਸ਼ਬਦਾਂ ਦੇ ਨਾਲ ਅਜਿਹੀ ਤਸਵੀਰ ਬਣਾ ਦਿੰਦਾ ਹੈ ਕਿ ਸਰੋਤੇ ਅੱਡੀਆਂ ਚੁੱਕ ਕੇ ਕਲਾਕਾਰ ਦਾ ਇੰਤਜ਼ਾਰ ਕਰਦੇ ਹਨ। ਸਟੇਜ ਤੋਂ ਉਹ ਸਮਾਜਿਕ ਬੁਰਾਈਆਂ ਨਸ਼ਿਆਂ, ਦਾਜ-ਦਹੇਜ ਆਦਿ ਦੇ ਖਿਲਾਫ਼ ਵੀ ਇਕ ਸੁਨੇਹਾ ਦੇਣਾ ਆਪਣਾ ਫਰਜ਼ ਸਮਝਦਾ ਹੈ। ਰਾਜੂ ਚਮਕੌਰ ਵਾਲਾ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਨਾਲ ਸਬੰਧਿਤ ਹੈ ਤੇ ਪਿਛਲੇ ਲਗਪਗ 14 ਸਾਲ ਤੋਂ ਇਟਲੀ 'ਚ ਪੱਕੇ ਤੌਰ 'ਤੇ ਰਹਿ ਰਿਹਾ ਹੈ। ਸੰਗੀਤ ਨਾਲ਼ ਰੱਜ ਕੇ ਪ੍ਰੇਮ ਕਰਨ ਵਾਲਾ ਰਾਜੂ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਨੂੰ ਆਪਣਾ ਆਦਰਸ਼ ਮੰਨਦਾ ਹੈ, ਜਿਨ੍ਹਾਂ ਨੇ ਉਸ ਦੀ ਬਾਂਹ ਫੜ ਕੇ ਸਟੇਜ ਸੰਚਾਲਨਾ ਵੱਲ ਪ੍ਰੇਰਿਤ ਕੀਤਾ। ਆਪਣੀ ਸਟੇਜੀ ਕਲਾ ਸਦਕਾ ਜਿੱਥੇ ਰਾਜੂ ਅੱਜ ਯੂਰਪ ਭਰ ਦੇ ਪੰਜਾਬੀਆਂ ਵਿਚ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ, ਉੱਥੇ ਸੁਭਾਅ ਪੱਖੋਂ ਵੀ ਉਹ ਅਤਿ ਮਿਲਾਪੜੇ ਤੇ ਚੰਗੇ ਸੁਭਾਅ ਦਾ ਮਾਲਕ ਹੈ।


-ਹਰਦੀਪ ਸਿੰਘ ਕੰਗ 'ਠੌਣਾ'
ਪੱਤਰਕਾਰ ਅਜੀਤ ਵੀਨਸ ਇਟਲੀ

ਦੋਸਤੀ 'ਤੇ ਬਣੀ ਇਕ ਹੋਰ ਫ਼ਿਲਮ ਯਾਰਮ

ਦੋਸਤੀ ਇਕ ਇਸ ਤਰ੍ਹਾਂ ਦਾ ਵਿਸ਼ਾ ਹੈ, ਜੋ ਬਾਲੀਵੁੱਡ ਦੇ ਕਾਹਣੀ ਲੇਖਕਾਂ ਨੂੰ ਬਹੁਤ ਆਕਰਸ਼ਿਤ ਕਰਦਾ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਇਸ ਵਿਸ਼ੇ 'ਤੇ ਸਮੇਂ-ਸਮੇਂ 'ਤੇ ਫ਼ਿਲਮਾਂ ਬਣਦੀਆਂ ਰਹੀਆਂ ਹਨ। ਉਂਜ ਤਾਂ ਹੁਣ ਬਾਲੀਵੁੱਡ ਵਿਚ ਵੀ ਬਦਲਾਅ ਆਉਣ ਲੱਗਿਆ ਹੈ ਪਰ ਦੋਸਤੀ ਦੇ ਵਿਸ਼ੇ 'ਤੇ ਇਸ ਦਾ ਅਸਰ ਨਹੀਂ ਪਿਆ ਹੈ। ਹਾਲ ਹੀ ਵਿਚ ਪ੍ਰਦਰਸ਼ਿਤ ਹੋਈ 'ਛਿਛੋਰੇ' ਵਿਚ ਦੋਸਤਾਂ ਦੀ ਕਹਾਣੀ ਪੇਸ਼ ਕੀਤੀ ਗਈ ਸੀ। ਹੁਣ 'ਯਾਰਮ' ਵਿਚ ਵੀ ਇਹ ਵਿਸ਼ਾ ਲਿਆ ਗਿਆ ਹੈ। ਔਵੈਸ ਖਾਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਪ੍ਰਤੀਕ ਬੱਬਰ, ਸਿਧਾਂਤ ਕਪੂਰ, ਸ਼ੁਭਾ ਰਾਜਪੂਤ, ਇਸ਼ਿਤਾ ਰਾਜ, ਅਨੀਤਾ ਰਾਜ ਨੇ ਅਭਿਨੈ ਕੀਤਾ ਅਤੇ ਫ਼ਿਲਮ ਦੀ ਸ਼ੂਟਿੰਗ ਮੁੱਖ ਰੂਪ ਨਾਲ ਮਾਰੀਸ਼ੀਅਸ ਵਿਚ ਕੀਤੀ ਗਈ ਹੈ।
ਫ਼ਿਲਮ ਵਿਚ ਦੋ ਇਸ ਤਰ੍ਹਾਂ ਦੇ ਦੋਸਤਾਂ ਦੀ ਕਹਾਣੀ ਹੈ, ਜੋ ਬਚਪਨ ਦੇ ਦੋਸਤ ਹਨ। ਦੋਵਾਂ ਨੇ ਪੜ੍ਹਾਈ ਵੀ ਇਕੱਠੇ ਕੀਤੀ ਹੈ। ਜਵਾਨੀ ਵਿਚ ਕਦਮ ਰੱਖਣ ਤੋਂ ਬਾਅਦ ਇਕ ਕੁੜੀ ਦੀ ਵਜ੍ਹਾ ਕਰਕੇ ਦੋਵੇਂ ਦੋਸਤਾਂ ਵਿਚਾਲੇ ਕਿਵੇਂ ਦੀਵਾਰ ਖੜ੍ਹੀ ਹੋ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਕਹਾਣੀ ਨੂੰ ਹੋਰ ਰੌਚਕ ਬਣਾਉਣ ਲਈ ਤੇ ਇਸ ਨੂੰ ਅੱਜ ਦੇ ਜ਼ਮਾਨੇ ਨਾਲ ਜੋੜਨ ਲਈ ਇਸ ਵਿਚ ਲਵ ਜਿਹਾਦ ਦਾ ਕੋਣ ਵੀ ਪੇਸ਼ ਕੀਤਾ ਗਿਆ ਹੈ।
ਫ਼ਿਲਮ ਵਿਚ ਪ੍ਰਤੀਕ ਤੇ ਸਿਧਾਂਤ ਨੂੰ ਬਚਪਨ ਦੇ ਦੋਸਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸੰਯੋਗ ਦੀ ਗੱਲ ਇਹ ਹੈ ਕਿ ਪ੍ਰਤੀਕ ਦੇ ਪਿਤਾ ਰਾਜ ਬੱਬਰ ਤੇ ਸਿਧਾਂਤ ਦੇ ਪਿਤਾ ਸ਼ਕਤੀ ਕਪੂਰ ਸਾਲਾਂ ਤੋਂ ਅਭਿਨੈ ਕਰ ਰਹੇ ਹਨ। ਦੋਵਾਂ ਨੇ ਕਈ ਫ਼ਿਲਮਾਂ ਵਿਚ ਇਕੱਠਿਆਂ ਕੰਮ ਵੀ ਕੀਤਾ ਹੈ ਅਤੇ ਇਸ ਵਜ੍ਹਾ ਕਰਕੇ ਪ੍ਰਤੀਕ ਤੇ ਸਿਧਾਂਤ ਵਿਚਾਲੇ ਵੀ ਬਚਪਨ ਤੋਂ ਦੋਸਤੀ ਰਹੀ ਹੈ। ਇਹੀ ਵਜ੍ਹਾ ਸੀ ਕਿ ਇਥੇ ਕੰਮ ਕਰਦੇ ਸਮੇਂ ਦੋਵਾਂ ਨੂੰ ਲੱਗਿਆ ਹੀ ਨਹੀਂ ਕਿ ਉਹ ਸਾਥੀ ਕਲਾਕਾਰ ਨਾਲ ਕੰਮ ਕਰ ਰਹੇ ਹਨ। ਬਲਕਿ ਇਹੀ ਲੱਗਿਆ ਕਿ ਉਹ ਜ਼ਿੰਦਗੀ ਦੇ ਅਸਲ ਦੋਸਤ ਦੇ ਨਾਲ ਕੰਮ ਕਰ ਰਹੇ ਹਨ। ਇਸ ਵਜ੍ਹਾ ਕਰਕੇ ਦੋਵਾਂ ਦੀ ਆਪਸੀ ਕੈਮਿਸਟਰੀ ਵਿਚ ਬਹੁਤ ਨਿਖਾਰ ਆਇਆ ਹੈ ਅਤੇ ਇਸ ਦਾ ਫਾਇਦਾ ਫ਼ਿਲਮ ਨੂੰ ਕਾਫੀ ਮਿਲਿਆ ਹੈ।
ਸ਼ੁਭਾ ਰਾਜਪੂਤ ਨੂੰ ਇਥੇ ਅਹਿਮ ਭੂਮਿਕਾ ਨਿਭਾਉਣ ਨੂੰ ਮਿਲੀ ਹੈ ਤੇ ਇਸ਼ਤਾ ਰਾਜ ਦੇ ਹਿੱਸੇ ਇਥੇ ਮੁਸਲਿਮ ਕੁੜੀ ਜ਼ੋਇਆ ਦਾ ਕਿਰਦਾਰ ਆਇਆ ਹੈ, ਕਿਉਂਕਿ ਇਹ ਮੁਸਲਿਮ ਪਿੱਠਭੂਮੀ ਦੀ ਕਹਾਣੀ ਨਹੀਂ ਹੈ ਤੇ ਕਾਲਜ ਦੇ ਦੋਸਤਾਂ ਦੀ ਕਹਾਣੀ ਹੈ। ਸੋ, ਇਸ ਕਿਰਦਾਰ ਲਈ ਇਸ਼ਿਤਾ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਸੀ। ਅੱਜ ਦੇ ਜ਼ਮਾਨੇ ਦੇ ਰੂਪ ਨਾਲ ਬਣੀ ਇਹ ਫ਼ਿਲਮ 18 ਅਕਤੂਬਰ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ।


-ਮੁੰਬਈ ਪ੍ਰਤੀਨਿਧ

'ਲਵਲੀ ਦਾ ਢਾਬਾ' ਵਿਚ ਈਸ਼ਾ ਕੋਪੀਕਰ

'ਪਿਆਰ ਇਸ਼ਕ ਔਰ ਮੁਹੱਬਤ', 'ਪਿੰਜਰ', 'ਦਿਲ ਕਾ ਰਿਸ਼ਤਾ' ਸਮੇਤ ਹੋਰ ਕਈ ਫ਼ਿਲਮਾਂ ਵਿਚ ਚਮਕਣ ਵਾਲੀ ਈਸ਼ਾ ਕੋਪੀਕਰ ਨੇ ਹੋਟਲ ਕਾਰੋਬਾਰੀ ਟਿੰਮੀ ਨਾਰੰਗ ਨਾਲ ਵਿਆਹ ਕਰਾਇਆ ਹੈ। ਵਿਆਹ ਦੀ ਵਜ੍ਹਾ ਨਾਲ ਈਸ਼ਾ ਨੂੰ ਕਾਫੀ ਸਮੇਂ ਤੱਕ ਅਭਿਨੈ ਤੋਂ ਦੂਰ ਰਹਿਣਾ ਪਿਆ ਅਤੇ ਹੁਣ ਜਦ ਉਹ ਦੁਬਾਰਾ ਅਭਿਨੈ ਵਿਚ ਰੁਝੇਵੇਂ ਵਧਾ ਰਹੀ ਹੈ ਤਾਂ ਸੰਯੋਗ ਦੇਖੋ ਕਿ ਹੋਟਲ ਮਾਲਕ ਦੀ ਬੀਵੀ ਨੂੰ ਢਾਬੇ ਦੀ ਮਾਲਕਣ ਦਾ ਕਿਰਦਾਰ ਨਿਭਾਉਣਾ ਹਿੱਸੇ ਆਇਆ ਹੈ।
ਨਿਰਦੇਸ਼ਕ ਕੇਨੀ ਛਾਬੜਾ ਵਲੋਂ ਨਿਰਦੇਸ਼ਿਤ ਵੈੱਬ ਸੀਰੀਜ਼ 'ਲਵਲੀ ਦਾ ਢਾਬਾ' ਵਿਚ ਈਸ਼ਾ ਨੂੰ ਢਾਬੇ ਦੀ ਮਾਲਕਣ ਲਵਲੀ ਕੌਰ ਢਿੱਲੋਂ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਈਸ਼ਾ ਦੀ ਇਹ ਪਹਿਲੀ ਵੈੱਬ ਸੀਰੀਜ਼ ਹੈ। ਇਸ ਭੂਮਿਕਾ ਬਾਰੇ ਈਸ਼ਾ ਕਹਿੰਦੀ ਹੈ, 'ਇਹ ਜੋ ਲਵਲੀ ਹੈ, ਉਹ ਆਪਣਾ ਪਤੀ ਗਵਾ ਚੁੱਕੀ ਹੈ ਅਤੇ ਉਸ ਦੇ ਪਤੀ ਕੈਪਟਨ ਰੁਪਿੰਦਰ ਸਿੰਘ ਫ਼ੌਜ ਵਿਚ ਸਨ ਅਤੇ ਦੇਸ਼ ਲਈ ਸ਼ਹੀਦ ਹੋ ਗਏ ਸਨ। ਲਵਲੀ ਨੂੰ ਖਾਲੀ ਦਿਨ ਬਿਤਾਉਣਾ ਪਸੰਦ ਨਹੀਂ ਹੈ। ਇਸ ਵਜ੍ਹਾ ਕਰਕੇ ਉਹ ਆਪਣਾ ਢਾਬਾ ਖੋਲ੍ਹ ਲੈਂਦੀ ਹੈ ਤਾਂ ਕਿ ਇਸੇ ਬਹਾਨੇ ਭੁੱਖਿਆਂ ਦਾ ਪੇਟ ਭਰਿਆ ਜਾ ਸਕੇ ਤੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਉਹ ਆਪਣੀ ਪਕਾਉਣ ਕਲਾ ਦੇ ਕੌਸ਼ਲ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਬਿਖੇਰਨਾ ਚਾਹੁੰਦੀ ਹੈ। ਮੈਂ ਖ਼ੁਦ ਮਹਾਰਾਸ਼ਟਰੀਅਨ ਹਾਂ, ਜਦ ਕਿ ਲਵਲੀ ਪੰਜਾਬਣ ਹੈ। ਸੋ, ਇਥੇ ਅਭਿਨੈ ਕਰਦੇ ਸਮੇਂ ਕਾਫੀ ਸਾਵਧਾਨੀ ਵਰਤਣੀ ਪਈ ਹੈ। ਖ਼ਾਸ ਕਰਕੇ ਸੰਵਾਦ ਬੋਲਦੇ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਕਿਤੇ ਮਰਾਠੀ ਟੋਨ ਨਾ ਆ ਜਾਵੇ। ਸੱਚ ਕਹਾਂ ਤਾਂ ਲਵਲੀ ਦਾ ਕਿਰਦਾਰ ਕਾਫੀ ਹੱਦ ਤੱਕ ਮੇਰੇ ਨਾਲ ਮੇਲ ਖਾਂਦਾ ਹੈ। ਮੇਰੀ ਤਰ੍ਹਾਂ ਉਹ ਵੀ ਜ਼ਿੰਦਾਦਿਲ ਸੁਭਾਅ ਦੀ ਹੈ ਅਤੇ ਉਹ ਵੀ ਹੌਸਪਿਟਾਲਿਟੀ ਸਨਅਤ ਦਾ ਹਿੱਸਾ ਬਣੀ ਹੋਈ ਹੈ। ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਸਮੇਂ ਇਹੀ ਲਗਦਾ ਹੈ ਕਿ ਮੈਂ ਖ਼ੁਦ ਨੂੰ ਹੀ ਕੈਮਰੇ ਸਾਹਮਣੇ ਦੁਹਰਾ ਰਹੀ ਹਾਂ।'


-ਮੁੰਬਈ ਪ੍ਰਤੀਨਿਧ

ਪ੍ਰਿਆਂਸ਼ੂ ਚੈਟਰਜੀ ਦੀ

ਆਫ਼ਿਸਰ ਅਰੁਜਨ ਸਿੰਘ ਆਈ. ਪੀ. ਐਸ.

ਹਿੰਦੀ ਸਿਨੇਮਾ ਦੇ ਕਈ ਇਸ ਤਰ੍ਹਾਂ ਦੇ ਹੀਰੋ ਹਨ, ਜਿਨ੍ਹਾਂ ਨੂੰ ਪੁਲਿਸ ਦੀ ਵਰਦੀ ਬਹੁਤ ਫਲੀ ਹੈ। 'ਜ਼ੰਜੀਰ' ਵਿਚ ਅਮਿਤਾਭ ਨੇ ਵਰਦੀ ਪਾਈ ਤਾਂ ਉਹ ਸਟਾਰ ਬਣ ਗਏ। ਅਜੇ ਦੇਵਗਨ 'ਸਿੰਘਮ' ਵਿਚ ਵਰਦੀ ਪਾ ਕੇ ਆਪਣੇ ਕੈਰੀਅਰ ਵਿਚ ਨਵੀਂ ਜਾਨ ਫੂਕਣ ਵਿਚ ਕਾਮਯਾਬ ਰਹੇ ਤੇ ਐਕਸ਼ਨ ਫ਼ਿਲਮਾਂ ਦੇ ਦੌਰ ਦੌਰਾਨ ਵਿਨੋਦ ਖੰਨਾ, ਜੈਕੀ ਸ਼ਰਾਫ, ਸੁਨੀਲ ਸ਼ੈਟੀ, ਅਕਸ਼ੇ ਕੁਮਾਰ ਆਦਿ ਸਮੇਂ-ਸਮੇਂ 'ਤੇ ਵਰਦੀ ਵਿਚ ਨਜ਼ਰ ਆਏ ਸਨ। ਹੁਣ ਆਪਣੇ ਫ਼ਿਲਮੀ ਕੈਰੀਅਰ ਵਿਚ ਉਭਾਰ ਲਿਆਉਣ ਲਈ ਪ੍ਰਿਆਂਸ਼ੂ ਚੈਟਰਜੀ ਨੇ ਵੀ ਖਾਕੀ ਵਰਦੀ ਪਾ ਲਈ ਹੈ। 'ਤੁਮ ਬਿਨ' ਤੋਂ ਪੇਸ਼ ਹੋਏ ਪ੍ਰਿਆਂਸ਼ੂ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਨੇ ਵਰਦੀ ਪਾਈ ਹੈ ਅਤੇ ਉਨ੍ਹਾਂ ਨੂੰ ਪੁਲਿਸ ਅਫ਼ਸਰ ਵਜੋਂ ਚਮਕਾਉਂਦੀ ਫ਼ਿਲਮ ਦਾ ਨਾਂਅ ਹੈ 'ਆਫ਼ਿਸਰ ਅਰੁਜਨ ਸਿੰਘ ਆਈ. ਪੀ. ਐਸ.'।
ਅਰਸ਼ਦ ਸਿਦੀਕੀ ਵਲੋਂ ਲਿਖੀ ਤੇ ਨਿਰਦੇਸ਼ਿਤ ਇਸ ਫ਼ਿਲਮ ਵਿਚ ਇਮਾਨਦਾਰ ਤੇ ਫ਼ਰਜ਼ ਨਿਭਾਉਣ ਵਾਲੇ ਪੁਲਿਸ ਅਧਿਕਾਰੀ ਤੇ ਭ੍ਰਿਸ਼ਟ ਨੇਤਾਵਾਂ ਦੀ ਟੱਕਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਅਰਜੁਨ ਸਿੰਘ (ਪ੍ਰਿਆਂਸ਼ੂ ਚੈਟਰਜੀ) ਪੁਲਿਸ ਅਧਿਕਾਰੀ ਹੈ ਅਤੇ ਉਸ ਦਾ ਤਬਾਦਲਾ ਪ੍ਰਯਾਗ ਰਾਜ ਕਰ ਦਿੱਤਾ ਜਾਂਦਾ ਹੈ। ਇਸ ਸ਼ਹਿਰ ਦੇ ਨਾਰੀ ਨਿਕੇਤਨ ਤੋਂ ਇਕ ਕੁੜੀ ਮਾਇਆ (ਰੀਟਾ ਜੋਸ਼ੀ) ਗਵਾਚ ਜਾਂਦੀ ਹੈ ਅਤੇ ਅਰਜੁਨ ਸਿੰਘ ਉਸ ਦੀ ਭਾਲ ਵਿਚ ਲੱਗ ਜਾਂਦਾ ਹੈ। ਇਹ ਭਾਲ ਉਸ ਨੂੰ ਭ੍ਰਿਸ਼ਟ ਨੇਤਾ ਬਾਲਕ ਨਾਥ ਚੌਧਰੀ (ਗੋਵਿੰਦ ਨਾਮਦੇਵ) ਤੇ ਉਸ ਦੇ ਬੇਟੇ ਕੁੰਦਨ (ਵਿਜੇ ਰਾਜ) ਤੱਕ ਲੈ ਜਾਂਦੀ ਹੈ। ਇਸ ਦੌਰਾਨ ਅਰਜੁਨ ਦੀ ਮੁਲਾਕਾਤ ਦੁਰਗਾ (ਰਾਏ ਲਕਸ਼ਮੀ) ਨਾਲ ਹੁੰਦੀ ਹੈ ਅਤੇ ਉਹ ਮਾਇਆ ਦੇ ਕੇਸ ਵਿਚ ਬਾਲਕ ਨਾਥ ਤੇ ਕੁੰਦਨ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੋ ਜਾਂਦੀ ਹੈ। ਆਪਣੀ ਸੱਤਾ ਨਾਲ ਪਾਲੇ ਹੋਏ ਗੁੰਡਿਆਂ ਦੇ ਜ਼ਰੀਏ ਬਾਲਕ ਨਾਥ ਅਰਜੁਨ ਨੂੰ ਤਬਾਹ ਕਰ ਦੇਣਾ ਚਾਹੁੰਦਾ ਹੈ ਪਰ ਕਾਨੂੰਨੀ ਤਾਕਤ ਦੀ ਮਦਦ ਨਾਲ ਕਿਸ ਤਰ੍ਹਾਂ ਅਰਜੁਨ ਇਨ੍ਹਾਂ ਤੋਂ ਛੁਟਕਾਰਾ ਪਾਉਂਦਾ ਹੈ, ਇਹ ਇਸ ਦੀ ਕਹਾਣੀ ਹੈ।
ਪੂਰੀ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਨਾਇਕਾ ਰਾਏ ਲਕਸ਼ਮੀ ਹੈ। ਪਹਿਲਾਂ 'ਅਕੀਰਾ' ਤੇ ਜੂਲੀ-2' ਵਿਚ ਅਭਿਨੈ ਕਰ ਚੁੱਕੀ ਇਹ ਉਹੀ ਰਾਏ ਲਕਸ਼ਮੀ ਹੈ, ਜਿਸ ਦਾ ਨਾਂਅ ਕਦੀ ਕ੍ਰਿਕਟਰ ਧੋਨੀ ਦੇ ਨਾਲ ਜੋੜਿਆ ਗਿਆ ਸੀ। ਉਸ ਦੇ ਨਾਲ ਇਸ ਫ਼ਿਲਮ ਵਿਚ ਦੀਪਰਾਜ ਰਾਣਾ, ਅਹਿਸਾਨ ਖਾਨ, ਐਸ. ਐਮ. ਜ਼ਹੀਰ, ਸ਼ਬਨਮ ਕਪੂਰ, ਗਿਆਨ ਪ੍ਰਕਾਸ਼ ਤੇ ਲਕਸ਼ਮੀ ਕਾਂਤ ਪਾਂਡੇ ਨੇ ਅਭਿਨੈ ਕੀਤਾ ਹੈ।


-ਮੁੰਬਈ ਪ੍ਰਤੀਨਿਧ

ਸਲਮਾਨ-ਪ੍ਰਭੂਦੇਵਾ ਦੀ ਹੈਟ੍ਰਿਕ

ਬਤੌਰ ਨਿਰਦੇਸ਼ਕ ਪ੍ਰਭੂ ਦੇਵਾ ਨੇ ਸਲਮਾਨ ਖਾਨ ਦੇ ਨਾਲ ਫ਼ਿਲਮ 'ਵਾਂਟੇਡ' ਵਿਚ ਕੰਮ ਕੀਤਾ ਸੀ। ਸਲਮਾਨ ਨੂੰ ਪ੍ਰਭੂ ਦੇਵਾ ਦਾ ਕੰਮ ਕਰਨ ਦਾ ਅੰਦਾਜ਼ ਪਸੰਦ ਆਇਆ ਸੀ। ਸੋ, 'ਦਬੰਗ-3' ਦੇ ਨਿਰਦੇਸ਼ਨ ਦੀ ਵਾਗਡੋਰ ਉਨ੍ਹਾਂ ਨੂੰ ਹੀ ਫੜਾਈ ਗਈ। ਹੁਣ ਬਤੌਰ ਨਿਰਮਾਤਾ ਸਲਮਾਨ ਨੇ ਇਕ ਕੋਰੀਆਈ ਫ਼ਿਲਮ 'ਦ ਆਊਟਰਲਾ' ਦੇ ਹਿੰਦੀ ਰੀਮੇਕ ਹੱਕ ਖਰੀਦ ਲਏ ਹਨ। ਇਨ੍ਹੀਂ ਦਿਨੀਂ ਇਸ ਫ਼ਿਲਮ ਦੀ ਪਟਕਥਾ ਨੂੰ ਹਿੰਦੀ ਦਰਸ਼ਕਾਂ ਦੀ ਪਸੰਦ ਮੁਤਾਬਿਕ ਦੁਬਾਰਾ ਲਿਖਿਆ ਜਾ ਰਿਹਾ ਹੈ। ਭਾਵ ਕੋਰੀਆਈ ਕਹਾਣੀ ਦਾ ਭਾਰਤੀਕਰਨ ਕੀਤਾ ਜਾ ਰਿਹਾ ਹੈ। ਹਿੰਦੀ ਵਰਸ਼ਨ ਦਾ ਟਾਈਟਲ 'ਰਾਧੇ' ਰੱਖਿਆ ਗਿਆ ਹੈ ਅਤੇ ਇਸ ਨੂੰ ਵੀ ਪ੍ਰਭੂ ਦੇਵਾ ਹੀ ਨਿਰਦੇਸ਼ਿਤ ਕਰਨਗੇ ਅਤੇ ਇਹ ਸਲਮਾਨ-ਪ੍ਰਭੂ ਦੇਵਾ ਦੇ ਇਕੱਠਿਆਂ ਤੀਜੀ ਫ਼ਿਲਮ ਹੋਵੇਗੀ। ਫ਼ਿਲਮ ਦੇ ਟਾਈਟਲ 'ਰਾਧੇ' ਦੀ ਚੋਣ ਸਲਮਾਨ ਵਲੋਂ ਨਿਭਾਏ 'ਤੇਰੇ ਨਾਮ' ਤੋਂ ਕੀਤੀ ਗਈ ਹੈ। ਉਸ ਫ਼ਿਲਮ ਵਿਚ ਸਲਮਾਨ ਦੇ ਕਿਰਦਾਰ ਦਾ ਨਾਂਅ ਰਾਧੇ ਸੀ ਅਤੇ ਇਹ ਹਿਟ ਫ਼ਿਲਮ ਸੀ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX