ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੁਦਰਤ ਦੇ ਸਫ਼ਾਈ ਕਰਮਚਾਰੀ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਸਮੇਂ ਗਿੱਧਾਂ ਦੀ ਪ੍ਰਜਾਤੀ ਘੋਰ ਸੰਕਟ ਵਿਚ ਹੈ | ਸਮਾਂ ਹੈ ਅਤੇ ਸਾਡਾ ਫ਼ਰਜ਼ ਵੀ ਕਿ ਅਸੀਂ ਇਸ 'ਕੀ ਸਟੋਨ ਸਪੀਸਿਜ਼' ਨੂੰ ਬਚਾਈਏ | ਇਕ ਰਸਾਇਣ 'ਡਾਈਕਲੋਫਿਨੈਕ' ਦੀ ਵਰਤੋਂ ਨਾਲ ਕਿਵੇਂ ਇਕ ਪ੍ਰਜਾਤੀ ਕੁਝ ਹੀ ਦਹਾਕਿਆਂ ਵਿਚ ਖ਼ਤਮ ਹੋ ਗਈ, ਇਹ ਸਾਡੇ ਸਭ ਦੇ ਸਾਹਮਣੇ ਹੈ | ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਡਾਈਕਲੋਫਿਨੈਕ ਹਿੰਦੁਸਤਾਨ ਵਿਚ ਉਪਲੱਬਧ ਹੈ ਅਤੇ ਇਹ ਵਰਤੀ ਵੀ ਜਾ ਰਹੀ ਹੈ |
ਕੁਝ ਪੰਛੀ ਵਿਗਿਆਨੀ ਇਸ ਪ੍ਰਜਾਤੀ ਦੇ ਅਲੋਪ ਹੋਣ 'ਤੇ ਦੁਖੀ ਹਨ | ਉਨ੍ਹਾਂ ਦੇ ਅਨੁਸਾਰ ਇਨ੍ਹਾਂ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਨਾਲ ਸਾਡੇ ਵਾਤਾਵਰਨ 'ਤੇ ਬਹੁਤ ਬੁਰੇ ਪ੍ਰਭਾਵ ਪੈ ਸਕਦੇ ਹਨ | ਮੁਰਦਾ ਜਾਨਵਰਾਂ ਦਾ ਠੀਕ ਤਰ੍ਹਾਂ ਨਿਪਟਾਰਾ ਨਾ ਹੋਣ ਕਾਰਨ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਡਾ: ਵਿਭੂ ਪ੍ਰਕਾਸ਼, ਡਿਪਟੀ ਡਾਇਰੈਕਟਰ-ਕਮ-ਮੁੱਖ ਵਿਗਿਆਨਕ ਬੰਬੇ ਨੈਸ਼ਨਲ ਹਿਸਟਰੀ ਸੁਸਾਇਟੀ, ਮੁੰਬਈ ਨੇ ਸਭ ਤੋਂ ਪਹਿਲਾਂ ਗਿੱਧਾਂ ਦੀ ਗਿਣਤੀ ਵਿਚ ਲਗਾਤਾਰ ਤੇਜ਼ੀ ਨਾਲ ਕਮੀ ਹੋਣ ਨੂੰ ਗੰਭੀਰਤਾ ਨਾਲ ਲਿਆ | ਸੰਨ 2005 ਵਿਚ ਡਾਈਕਲੋਫਿਨੈਕ ਦੇ ਉਤਪਾਦਨ ਅਤੇ ਵਰਤੋਂ 'ਤੇ ਪਾਬੰਦੀ ਲਗਾਉਣ ਵਿਚ ਵੀ ਡਾ: ਵਿਭੂ ਪ੍ਰਕਾਸ਼ ਨੇ ਅਹਿਮ ਭੂਮਿਕਾ ਨਿਭਾਈ |
ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਨ ਵੇਖ ਕੇ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਅਤੇ ਹਰਿਆਣਾ ਵਣ ਵਿਭਾਗ ਨੇ 2004 ਵਿਚ ਰਲ ਕੇ ਗਿੱਧਾਂ ਦੇ ਪ੍ਰਜਨਣ ਅਤੇ ਸਾਂਭ-ਸੰਭਾਲ ਲਈ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ (ਜੇ.ਸੀ.ਬੀ.ਸੀ.) ਸਥਾਪਿਤ ਕੀਤਾ, ਜਿਸ ਦਾ ਮਕਸਦ ਗਿੱਧਾਂ ਦੀਆਂ ਤਿੰਨ ਨਸਲਾਂ, ਓਰੀਐਾਟਲ ਵਾਈਟ ਬੈਕਡ, ਲੌਾਗ ਬਿਲਡ ਅਤੇ ਸਿਲੰਡਰ ਬਿਲਡ ਦੀ ਪ੍ਰਜਾਤੀ ਨੂੰ ਵਧਾਉਣਾ ਅਤੇ ਫਿਰ ਉਨ੍ਹਾਂ ਨੂੰ ਦੁਬਾਰਾ ਖੁੱਲ੍ਹਾ ਛੱਡਣਾ ਸੀ | ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਅਤੇ ਵੈਟਰਨਰੀ ਡਾਕਟਰਾਂ ਨੂੰ ਡਾਈਕਲੋਫਿਨੈਕ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਣਕਾਰੀ ਦੇਣੀ, ਉਸ ਦੀ ਵਰਤੋਂ ਬੰਦ ਕਰਵਾਉਣੀ ਅਤੇ ਉਸ ਦੇ ਸਥਾਨ 'ਤੇ ਨਵੀਂ ਖੋਜ ਕੀਤੀ ਮੇਲਾਕਸੀਕੈਮ ਦਵਾਈ ਦਾ ਇਸਤੇਮਾਲ ਕਰਨ ਲਈ ਪ੍ਰਚਾਰ ਕਰਨਾ ਵੀ ਇਸ ਦਾ ਉਦੇਸ਼ ਸੀ | ਇਸ ਮਹਾਨ ਕੰਮ ਲਈ ਉਨ੍ਹਾਂ ਦੀ ਪਤਨੀ ਨਿਕੀਤਾ ਪ੍ਰਕਾਸ਼ ਜੋ ਆਪ ਵੀ ਇਕ ਪੰਛੀ ਵਿਗਿਆਨੀ ਹੈ, ਦੇ ਸਹਿਯੋਗ ਨਾਲ ਇਸ ਵੇਲੇ ਇਹ ਸੈਂਟਰ ਸਫ਼ਲਤਾਪੂਰਵਕ ਗਿੱਧਾਂ ਦੀਆਂ ਪ੍ਰਜਾਤੀਆਂ ਦਾ ਪ੍ਰਜਨਣ ਅਤੇ ਇਨ੍ਹਾਂ ਦੀ ਸੰਭਾਲ ਦਾ ਕੰਮ ਕਰ ਰਿਹਾ ਹੈ |
ਇਸ ਉੱਦਮ ਵਿਚ ਭਾਰਤ ਸਰਕਾਰ ਦਾ ਵਾਤਾਵਰਨ ਮੰਤਰਾਲਾ, ਰਾਇਲ ਸੁਸਾਇਟੀ ਫਾਰ ਪ੍ਰੋਟੈਕਸ਼ਨ ਆਫ਼ ਬਰਡਜ਼ (ਯੂ.ਕੇ.), ਇੰਟਰਨੈਸ਼ਨਲ ਸੈਂਟਰ ਫਾਰ ਬਰਡਜ਼ ਆਫ਼ ਪਰੇ (ਯੂ.ਕੇ.), ਜ਼ੁਲੋਜੀਕਲ ਸੁਸਾਇਟੀ ਆਫ਼ ਲੰਡਨ ਅਤੇ ਡਾਰਵਿਨ ਇਨੀਸ਼ਿਏਟਿਵ ਫਾਰ ਸਰਵਾਈਵਲ ਆਫ ਸਪੀਸਿਜ਼ ਵਰਗੀਆਂ ਅਹਿਮ ਸੰਸਥਾਵਾਂ ਨੇ ਵੀ ਇਸ ਸੈਂਟਰ ਦੇ ਖੁੱਲ੍ਹਣ ਵਿਚ ਤਕਨੀਕੀ ਜਾਣਕਾਰੀ ਅਤੇ ਵਿੱਤੀ ਯੋਗਦਾਨ ਪਾਇਆ |
ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਪਿੰਜੌਰ ਸ਼ਹਿਰ ਤੋਂ ਕਰੀਬ ਅੱਠ ਕਿਲੋਮੀਟਰ ਦੀ ਦੂਰੀ 'ਤੇ ਮੋਰਨੀ ਪਹਾੜਾਂ ਦੇ ਨਜ਼ਦੀਕ ਸਥਿਤ, ਬੀੜ ਸ਼ਿਕਾਰਗੜ੍ਹ ਵਾਈਲਡ ਲਾਈਫ਼ ਸੈਂਚਰੀ ਦੇ ਕੋਲ 5 ਏਕੜ ਵਿਚ ਫੈਲਿਆ ਹੋਇਆ ਹੈ | ਇਹ ਨਾਲ ਲਗਦੇ ਰਾਜਾਂ ਅਤੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਵੱਖ-ਵੱਖ ਜਾਨਵਰਾਂ ਅਤੇ ਇਨਸਾਨਾਂ 'ਤੇ ਡਾਈਕਲੋਫਿਨੈਕ ਦੇ ਨੁਕਸਾਨਦਾਇਕ ਪ੍ਰਭਾਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਦਾ ਹੈ | ਇਸ ਵੇਲੇ ਗਿੱਧਾਂ ਨੂੰ ਬਚਾਉਣ ਲਈ ਤਿੰਨ ਹੋਰ ਕੇਂਦਰ ਰਾਣੀ (ਆਸਾਮ) ਵਿਚ, ਬਕਸਾ (ਪੱਛਮੀ ਬੰਗਾਲ) ਵਿਚ ਅਤੇ ਭੋਪਾਲ (ਮੱਧ ਪ੍ਰਦੇਸ਼) ਵਿਚ ਵੀ ਖੋਲ੍ਹੇ ਗਏ ਹਨ ਅਤੇ ਇਸ ਤੋਂ ਇਲਾਵਾ ਜੂਨਾਗੜ੍ਹ (ਗੁਜਰਾਤ), ਨੰਦਨਕਾਨਨ (ਓਡੀਸ਼ਾ), ਹੈਦਰਾਬਾਦ (ਤੇਲੰਗਾਨਾ), ਮੁੱਟਾ (ਝਾਰਖੰਡ) ਵਿਚ ਵੀ ਗਿੱਧਾਂ ਦੀ ਸਾਂਭ-ਸੰਭਾਲ ਲਈ ਕੇਂਦਰ ਖੋਲ੍ਹੇ ਗਏ ਹਨ |
ਜਟਾਯੂ ਕੇਂਦਰ ਪਿੰਜੌਰ ਵਿਚ ਬਣਾਏ ਗਏ ਪੰਜ 'ਪੰਛੀ ਘਰਾਂ' ਵਿਚ ਗਿੱਧਾਂ ਨੂੰ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ, ਜਿਥੇ ਉਹ ਆਮ ਦੀ ਤਰ੍ਹਾਂ ਝੁੰਡਾਂ ਦੇ ਰੂਪ ਵਿਚ ਹੀ ਰਹਿੰਦੀਆਂ ਹਨ | ਗਿੱਧਾਂ ਦੀ ਔਸਤ ਉਮਰ ਲਗਪਗ 40-45 ਸਾਲ ਹੁੰਦੀ ਹੈ | ਵੱਖ-ਵੱਖ ਉਮਰ ਸਮੂਹ ਦੀਆਂ ਗਿੱਧਾਂ ਨੂੰ ਰੱਖਣ ਲਈ ਵੱਖ-ਵੱਖ 'ਪੰਛੀ ਘਰ' ਬਣਾਏ ਗਏ ਹਨ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਪੰਛੀ ਘਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਨਾਲ ਗਿੱਧਾਂ ਦੀਆਂ ਬਿਨਾਂ ਕਿਸੇ ਹਿਲ-ਜੁਲ ਦੇ ਹਰ ਤਰ੍ਹਾਂ ਦੀਆਂ ਹਰਕਤਾਂ ਦਾ ਧਿਆਨ ਰੱਖਿਆ ਜਾਂਦਾ ਹੈ |
ਗਿੱਧਾਂ ਦੀ ਖੁਰਾਕ ਵਿਚ ਬੱਕਰੀ ਦਾ ਮੀਟ ਪਰੋਸਿਆ ਜਾਂਦਾ ਹੈ ਅਤੇ ਹਰੇਕ ਗਿੱਧ ਹਫ਼ਤੇ ਵਿਚ ਕਰੀਬ 3-4 ਕਿਲੋ ਮੀਟ ਖਾ ਜਾਂਦੀ ਹੈ | ਕਾਬਲ-ਏ-ਗ਼ੌਰ ਇਹ ਹੈ ਕਿ ਜਿਨ੍ਹਾਂ ਬੱਕਰੀਆਂ ਦਾ ਮੀਟ ਪਰੋਸਿਆ ਜਾਂਦਾ ਹੈ ਉਨ੍ਹਾਂ 'ਤੇ ਡਾਈਕਲੋਫਿਨੈਕ ਦਵਾਈ ਦੇ ਇਸਤੇਮਾਲ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਕੇਂਦਰ ਵਿਚ ਲਿਆ ਕੇ ਇਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ |
ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਵਿਚ ਮੌਜੂਦਾ ਸਮੇਂ 8 ਗਿੱਧ ਉਡਾਰੀ ਭਰਨ ਲਈ ਤਿਆਰ ਹਨ, ਜਿਨ੍ਹਾਂ ਨੂੰ ਦਸੰਬਰ ਮਹੀਨੇ ਵਿਚ ਖੁੱਲ੍ਹੇ ਅਸਮਾਨ ਵਿਚ ਛੱਡਿਆ ਜਾਵੇਗਾ | ਵਰਨਣਯੋਗ ਗੱਲ ਇਹ ਹੈ ਕਿ ਇਨ੍ਹਾਂ ਸਭ 'ਤੇ ਟਰਾਂਸਮੀਟਰ ਲਗਾਏ ਗਏ ਹਨ, ਜਿਸ ਨਾਲ ਇਨ੍ਹਾਂ 'ਤੇ ਉਡਾਰੀ ਭਰਨ ਤੋਂ ਬਾਅਦ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ |
ਜੇਕਰ ਇਹ ਵਿਲੱਖਣ ਪੰਛੀ ਸਾਡੀ ਧਰਤੀ ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਣ ਤਾਂ ਇਹ ਸਾਡੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੋਵੇਗੀ | ਸਦੀਆਂ ਤੋਂ ਇਹ ਨਾ ਕੇਵਲ ਇਸ ਧਰਤੀ ਬਲਕਿ ਇਸ ਆਸਮਾਨ ਦਾ ਵੀ ਇਕ ਹਿੱਸਾ ਰਹੇ ਹਨ | ਆਓ, ਆਪਾਂ ਸਾਰੇ ਰਲ ਕੇ ਇਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਈਏ |
(ਸਮਾਪਤ)


ਖ਼ਬਰ ਸ਼ੇਅਰ ਕਰੋ

ਵਿਸ਼ਵ ਮੁੱਕੇਬਾਜ਼ੀ ਦੀ ਸਿਖ਼ਰ 'ਤੇ ਪਹੁੰਚੀ ਮੈਰੀਕਾਮ

ਐਮ. ਸੀ. ਮੈਰੀਕਾਮ ਦਾ ਅਰਜਨ ਦੀ ਤਰ੍ਹਾਂ ਬਸ ਟੀਚੇ 'ਤੇ ਨਿਸ਼ਾਨਾ ਸੀ ਅਤੇ ਉਸ ਨੂੰ ਇਸ ਵਿਚ ਸਫਲਤਾ ਵੀ ਮਿਲੀ | ਉਹ ਰਿਕਾਰਡ ਤੋੜ ਅੱਠਵੀਂ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜਿੱਤ ਕੇ ਸਰਬੋਤਮ ਮਹਾਨ ਮੁੱਕੇਬਾਜ਼ ਬਣ ਗਈ | ਉਸ ਜਿੰਨੇ ਤਗਮੇ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਤੱਕ ਕੋਈ ਵੀ ਮੁੱਕੇਬਾਜ਼ ਨਹੀਂ ਹਾਸਲ ਕਰ ਸਕਿਆ | ਫਿਰ ਚਾਹੇ ਉਹ ਮਰਦ ਹੋਵੇ ਜਾਂ ਔਰਤ ਮੁੱਕੇਬਾਜ਼ | ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਰੀਕਾਮ ਨੇ ਇਹ ਸ਼ਾਨਦਾਰ ਪ੍ਰਾਪਤੀ ਤਿੰਨ ਵੱਖ-ਵੱਖ ਭਾਰ ਵਰਗਾਂ ਵਿਚ ਹਾਸਲ ਕੀਤੀ ਹੈ | ਇਨ੍ਹਾਂ ਵਿਚ ਸ਼ਾਮਿਲ ਹਨ ਪਿਨ-ਵੇਟ (45 ਕਿਲੋ), ਲਾਈਟ-ਫਲਾਈਵੇਟ (48 ਕਿਲੋ) ਅਤੇ ਹੁਣ ਫਲਾਈਵੇਟ (51 ਕਿਲੋ) | ਉਂਝ ਉਹ ਜੇਕਰ 12 ਅਕਤੂਬਰ 2019 ਨੂੰ ਰੂਸ ਦੇ ਉਲਾਨ ਉਦੇ ਸ਼ਹਿਰ ਵਿਚ ਉਹ ਕਾਂਸੀ ਦਾ ਤਗਮਾ ਨਾ ਵੀ ਜਿੱਤਦੀ ਤਾਂ ਵੀ ਉਹ ਦੁਨੀਆ ਦੀ ਸਰਬੋਤਮ ਮਹਿਲਾ ਮੁੱਕੇਬਾਜ਼ ਹੀ ਹੁੰਦੀ ਕਿਉਂਕਿ ਉਹ ਆਇਰਿਸ਼ ਮੁਟਿਆਰ ਕੇਟੀ ਟੇਲਰ ਦੇ ਛੇ ਤਗਮਿਆਂ ਦਾ ਰਿਕਾਰਡ ਪਹਿਲਾਂ ਹੀ ਤੋੜ ਚੁੱਕੀ ਸੀ, ਜਦੋਂ ਪਿਛਲੀ ਵਾਰ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿਚ ਆਪਣਾ ਸੱਤਵਾਂ ਤਗਮਾ ਜਿੱਤਿਆ ਸੀ | ਉਲਾਨ ਉਦੇ ਦੀ ਸਫ਼ਲਤਾ ਤੋਂ ਬਾਅਦ ਉਹ ਮਰਦਾਂ ਅਤੇ ਔਰਤਾਂ ਦੋਵਾਂ ਹੀ ਵਰਗਾਂ ਦੀ ਸਰਬੋਤਮ ਮੁੱਕੇਬਾਜ਼ ਬਣ ਗਈ ਹੈ |
ਮੈਰੀਕਾਮ ਤੋਂ ਪਹਿਲਾਂ ਮਰਦਾਂ ਵਿਚ ਕਿਊਬਾ ਦੇ ਹੈਵੀਵੇਟ ਮੁੱਕੇਬਾਜ਼ ਫੇਲਿਕਸ ਸਵੋਨ ਸਰਬੋਤਮ ਸ਼ਿਖਰ 'ਤੇ ਸੀ, ਜਿਨ੍ਹਾਂ ਨੇ ਆਪਣੇ 20 ਸਾਲਾਂ ਦੇ ਗ਼ੈਰ ਪੇਸ਼ੇਵਰ ਮੁੱਕੇਬਾਜ਼ੀ ਕੈਰੀਅਰ ਵਿਚ ਸੱਤ ਤਗਮੇ ਜਿੱਤੇ ਸਨ ਜਦੋਂ ਕਿ ਉਲਾਨ-ਉਦੇ (ਰੂਸ) ਵਿਚ ਹੋਈ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਕਾਂਸੀ ਦੇ ਤਗਮੇ ਦੇ ਰੂਪ ਵਿਚ ਆਪਣਾ ਅੱਠਵਾਂ ਤਗਮਾ ਜਿੱਤਿਆ | ਮੈਰੀਕਾਮ ਦੇ ਅੱਠ ਤਗਮਿਆਂ ਵਿਚੋਂ ਛੇ ਸੋਨ ਤਗਮਿਆਂ ਤੋਂ ਇਲਾਵਾ ਇਕ ਚਾਂਦੀ ਦਾ ਤਗਮਾ ਅਤੇ ਹੁਣ ਇਕ ਕਾਂਸੀ ਤਗਮਾ ਵੀ ਹੋ ਗਿਆ ਹੈ | ਉਂਝ ਮੈਰੀ ਨੇ ਲੰਡਨ ਉਲੰਪਿਕ 2012 ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਉਹ ਉਲੰਪਿਕ ਦਾ ਤਗਮਾ ਸੀ, ਜਿਸ ਦੀ ਗਿਣਤੀ ਵਿਸ਼ਵ ਚੈਂਪੀਅਨਸ਼ਿਪ ਦੇ ਤਗਮਿਆਂ ਦੇ ਨਾਲ ਨਹੀਂ ਹੁੰਦੀ | ਮੈਰੀ ਨੇ ਇਨ੍ਹਾਂ ਤਗਮਿਆਂ ਦੇ ਜਿੱਤਣ ਦਾ ਸਿਲਸਿਲਾ 2001 ਵਿਚ ਆਪਣਾ ਪਹਿਲਾ ਚਾਂਦੀ ਤਗਮਾ ਜਿੱਤ ਕੇ ਸ਼ੁਰੂ ਕੀਤਾ ਸੀ | ਉਹ ਵਿਸ਼ਵ ਚੈਂਪੀਅਨਸ਼ਿਪ ਦਾ ਪਹਿਲਾ ਪੱਧਰ ਸੀ | ਉਸ ਤੋਂ ਬਾਅਦ ਉਸ ਨੇ ਅਗਲੇ ਪੰਜ ਪੱਧਰਾਂ—2002, 2005, 2006, 2008, 2010 ਅਤੇ 2018 ਵਿਚ ਸੋਨ ਤਗਮੇ ਜਿੱਤੇ | ਦਿੱਲੀ ਵਿਚ 2018 ਤੋਂ ਪਹਿਲਾਂ ਉਸ ਦਾ ਆਖਿਰੀ ਸੋਨ ਤਗਮਾ ਬਿ੍ਜਟਾਊਨ 2010 ਵਿਚ ਆਇਆ ਸੀ |
ਵਰਣਨਯੋਗ ਗੱਲ ਇਹ ਹੈ ਕਿ ਉਸ ਦਾ ਨਵਾਂ ਤਗਮਾ 51 ਕਿਲੋ ਵਿਚ ਆਇਆ ਹੈ ਜੋ ਇਕ ਉਲੰਪਿਕ ਕੈਟਾਗਰੀ ਹੈ | ਵਿਸ਼ਵ ਬਾਕਸਿੰਗ ਵਿਚ ਮੈਰੀਕਾਮ ਉਸ ਸਮੇਂ ਤੋਂ ਤਗਮੇ ਜਿੱਤ ਰਹੀ ਹੈ ਜਦੋਂ ਮਹਿਲਾ ਬਾਕਸਿੰਗ ਉਲੰਪਿਕ ਦਾ ਹਿੱਸਾ ਨਹੀਂ ਬਣੀ ਸੀ | ਜਦੋਂ ਇਹ ਉਲੰਪਿਕ ਦਾ ਹਿੱਸਾ ਬਣੀ ਤਾਂ 48 ਕਿਲੋ ਭਾਰ ਵਰਗ ਨੂੰ ਸ਼ਾਮਿਲ ਨਹੀਂ ਸੀ ਕੀਤਾ ਗਿਆ, ਜਿਸ ਵਿਚ ਮੈਰੀਕਾਮ ਦਾ ਰਾਜ ਸੀ ਅਤੇ ਜੋ ਉਸ ਦਾ ਕੁਦਰਤੀ ਭਾਰ ਹੈ | ਹੁਣ ਉਸ ਨੂੰ ਆਪਣੇ ਤੋਂ ਜ਼ਿਆਦਾ ਤਾਕਤਵਰ ਤੇ ਲੰਬੀਆਂ ਔਰਤਾਂ ਦਾ ਮੁਕਾਬਲਾ 51 ਕਿਲੋ ਵਿਚ ਕਰਨਾ ਪਿਆ ਹੈ | ਵਰਣਨਯੋਗ ਹੈ ਕਿ ਭਾਰ ਘੱਟ ਕਰਨ 'ਤੇ ਤਾਂ ਪੰਚ ਦੀ ਤਾਕਤ ਬਰਕਰਾਰ ਰਹਿੰਦੀ ਹੈ, ਪਰ ਭਾਰ ਵਧਾਉਣ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈ | ਖ਼ੈਰ, ਮੈਰੀਕਾਮ ਨੇ ਤਗਮੇ ਉਸ ਸਮੇਂ ਜਿੱਤੇ ਹਨ, ਜਦੋਂ ਉਹ ਅੱਲੜ੍ਹ ਸੀ, ਜੌੜੇ ਬੱਚਿਆਂ ਦੀ ਮਾਂ ਸੀ ਅਤੇ ਹੁਣ 36 ਸਾਲ ਦੀ ਉਮਰ ਵਿਚ ਖੇਡ ਤੋਂ ਕੁਝ ਦਿਨਾਂ ਦੇ ਬ੍ਰੇਕ ਤੋਂ ਬਾਅਦ ਰਿੰਗ ਵਿਚ ਵਾਪਸ ਆਈ ਹੈ ਅਤੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਭਾਵ ਰਾਜ ਸਭਾ ਦੀ ਮੈਂਬਰ ਹੈ |
ਹਾਲਾਂਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਸ਼ਾਨਦਾਰ ਸਫਲਤਾਵਾਂ ਦੇ ਬਾਵਜੂਦ ਮੈਰੀਕਾਮ ਤੋਂ ਇਕ ਵਰਗ ਅਕਸਰ ਇਹ ਕਹਿੰਦਾ ਰਹਿੰਦਾ ਹੈ ਕਿ ਉਹ ਨੌਜਵਾਨ ਦਾਅਵੇਦਾਰਾਂ ਲਈ ਥਾਂ ਛੱਡ ਦੇਵੇ | ਖੇਡ ਨੂੰ ਬਾਇੱਜ਼ਤ ਅਲਵਿਦਾ ਕਹਿ ਦੇਵੇ | ਉਸ ਨੇ ਜੋ ਕੁਝ ਹਾਸਲ ਕੀਤਾ ਹੈ, ਬਸ ਉਸੇ ਵਿਚ ਮਗਨ ਰਹੇ | ਪਰ ਇਸ ਤਾਜ਼ਾ ਤਗਮੇ ਦੇ ਨਾਲ ਮੈਰੀਕਾਮ ਨੇ ਇਸ ਤਰ੍ਹਾਂ ਦੇ ਸਲਾਹਕਾਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ | ਉਸ ਦੇ ਤਗਮੇ ਦੀ ਚਮਕ ਨੇ ਉਸ ਨੂੰ ਅਗਲੇ ਕੁਝ ਦਿਨਾਂ ਲਈ ਦਿਖਾਵੇਬਾਜ਼ਾਂ ਅਤੇ ਉਸ ਦੇ ਟਵਿੱਟਰ ਹਿਮਾਇਤੀਆਂ ਨੂੰ ਲੋਕਾਂ ਵਿਚਾਲੇ ਖੂਬ ਖਰੀਆਂ-ਖਰੀਆਂ ਸੁਣਾਏ ਜਾਣ ਦੀ ਸਥਿਤੀ ਪੈਦਾ ਕਰ ਦਿੱਤੀ ਹੈ | ਫਿਲਹਾਲ ਮੈਰੀਕਾਮ ਦੇ ਸਾਰੇ ਆਲੋਚਕ ਇਸ ਸਥਿਤੀ ਵਿਚ ਨਹੀਂ ਰਹਿ ਗਏ ਕਿ ਉਹ ਕਿਸੇ ਵੀ ਸੰਦਰਭ ਵਿਚ ਮੈਰੀ ਦੀ ਆਲੋਚਨਾ ਕਰ ਸਕਣ | ਐਮ. ਸੀ. ਮੈਰੀਕਾਮ ਨੇ ਉਹ ਕਾਰਨਾਮਾ ਕਰ ਦਿਖਾਇਆ ਹੈ, ਜੋ ਉਸ ਤੋਂ ਪਹਿਲਾਂ ਅੱਜ ਤੱਕ ਦੁਨੀਆ ਦੀ ਕੋਈ ਮਹਿਲਾ ਮੁੱਕੇਬਾਜ਼ ਨਹੀਂ ਕਰ ਸਕੀ ਸੀ |
ਫਿਲਹਾਲ, ਤਿੰਨ ਬੱਚਿਆਂ ਦੀ ਮਾਂ ਮੈਰੀਕਾਮ ਨੇ ਇਸ ਸਫਲਤਾ ਨਾਲ ਟੋਕੀਓ ਉਲੰਪਿਕ 2020 ਲਈ ਵੀ ਕੁਆਲੀਫਾਈ ਕਰ ਲਿਆ ਹੈ | ਇਸ ਤਰ੍ਹਾਂ ਉਸ ਨੂੰ ਉਲੰਪਿਕ ਸੋਨ ਤਗਮਾ ਹਾਸਲ ਕਰਨ ਦਾ ਆਪਣਾ ਸੁਪਨਾ ਸਾਕਾਰ ਕਰਨ ਦਾ ਇਕ ਮੌਕਾ ਹੋਰ ਮਿਲ ਜਾਂਦਾ ਹੈ | ਵਰਣਨਯੋਗ ਹੈ ਕਿ ਉਹ ਰੀਓ 2016 ਲਈ ਕੁਆਲੀਫਾਈ ਨਹੀਂ ਕਰ ਸਕੀ ਸੀ, ਜਿਸ ਦਾ ਅਫ਼ਸੋਸ ਉਸ ਨੂੰ ਅੱਜ ਤੱਕ ਹੈ | ਪਰ ਟੋਕੀਓ ਵਿਚ ਵੀ ਉਸ ਲਈ ਰਾਹ ਸੌਖੀ ਨਹੀਂ ਹੋਵੇਗੀ ਕਿਉਂਕਿ ਉਥੇ 48 ਕਿਲੋਗ੍ਰਾਮ ਵਰਗ ਨਹੀਂ ਹੋਵੇਗਾ ਅਤੇ ਉਸ ਨੂੰ 51 ਕਿਲੋ ਭਾਰ ਵਰਗ ਵਿਚ ਲੜਨਾ ਪਵੇਗਾ | ਮੈਰੀਕਾਮ ਵਿਚ ਹਾਲੇ ਭੁੱਖ ਬਾਕੀ ਹੈ | ਇਸ ਲਈ ਉਸ ਦਾ ਸੁਪਨਾ ਪੂਰਾ ਹੋ ਵੀ ਸਕਦਾ ਹੈ | ਉਹ ਕਹਿੰਦੀ ਹੈ, 'ਮੈਨੂੰ ਸੁਪਨੇ ਆਉਂਦੇ ਹਨ ਕਿ ਮੈਂ 2020 ਵਿਚ ਸੋਨ ਤਗਮਾ ਗਲ 'ਚ ਪਾਈ ਪੋਡੀਅਮ ਉੱਤੇ ਖੜ੍ਹੀ ਹਾਂ ਅਤੇ ਤਿਰੰਗਾ ਉੱਪਰ ਉੱਠਦਾ ਹੋਇਆ ਜਾ ਰਿਹਾ ਹੈ ਅਤੇ ਸਟੇਡੀਅਮ ਵਿਚ ਰਾਸ਼ਟਰੀ ਗੀਤ ਵੱਜ ਰਿਹਾ ਹੈ |'
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਦਮਸ਼੍ਰੀ, ਪਦਮਭੂਸ਼ਣ, ਅਰਜਨ ਪੁਰਸਕਾਰ ਤੇ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਮੈਰੀ ਨੇ ਪੋਲੈਂਡ ਵਿਚ ਹੋਏ 13ਵੇਂ ਸਿਲੇਸੀਅਨ ਓਪਨ ਬਾਕਸਿੰਗ ਟੂਰਨਾਮੈਂਟ ਵਿਚ ਵੀ 48 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ ਸੀ | ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਸਾਲ 2018 ਵਿਚ ਚਾਰ ਸੋਨ ਤਗਮੇ ਜਿੱਤੇ ਸਨ | ਤਿੰਨ ਬੱਚਿਆਂ ਨੂੰ ਜਨਮ ਦੇਣ ਦੇ ਬਾਵਜੂਦ ਉਸ ਦਾ ਬਾਕਸਿੰਗ ਲਈ ਜਨੂੰਨ ਘੱਟ ਨਹੀਂ ਹੋਇਆ ਹੈ | ਇਸ ਦਾ ਸਿਹਰਾ ਉਹ ਆਪਣੇ ਪਤੀ ਤੇ ਪਰਿਵਾਰ ਨੂੰ ਦਿੰਦੀ ਹੈ |
ਮੈਰੀ ਨੇ 2005 ਵਿਚ ਫੁੱਟਬਾਲ ਖਿਡਾਰੀ ਕੇ. ਓਾਲੇਰ ਕਾਮ ਨਾਲ ਵਿਆਹ ਕੀਤਾ ਸੀ | ਰਿੰਗ ਨਾਲੋਂ ਉਸ ਦੀ ਜ਼ਿਆਦਾ ਤਾਕਤ ਘਰਦਿਆਂ ਦੀ ਮਾਨਸਿਕਤਾ 'ਤੇ ਜਿੱਤ ਹਾਸਲ ਕਰਨ ਵਿਚ ਲੱਗੀ ਕਿ ਔਰਤਾਂ ਨੂੰ ਵਿਆਹ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੀਦਾ ਅਤੇ ਵਿਸ਼ੇਸ਼ ਤੌਰ 'ਤੇ ਖੇਡਾਂ ਨੂੰ ਤਾਂ ਬਿਲਕੁਲ ਕੈਰੀਅਰ ਬਣਾਉਣਾ ਹੀ ਨਹੀਂ ਚਾਹੀਦਾ | ਉਸ ਦੀ ਖੇਡ ਮੁੱਕੇਬਾਜ਼ੀ ਹੈ, ਪਰ ਫਿਰ ਵੀ ਇਸ ਨੂੰ ਔਰਤਾਂ ਦੀ ਖੇਡ ਨਹੀਂ ਸਮਝਿਆ ਜਾਂਦਾ | ਮੈਰੀ ਲਈ ਸਾਲ 2007 ਜ਼ਿਆਦਾ ਚੁਣੌਤੀਪੂਰਨ ਹੋ ਗਿਆ ਜਦੋਂ ਉਸ ਨੇ ਆਪਣੇ ਪਹਿਲੇ ਦੋ ਬੇਟਿਆਂ ਨੂੰ ਜਨਮ ਦਿੱਤਾ | ਉਦੋਂ ਉਸ ਨੂੰ ਕਿਹਾ ਜਾਣ ਲੱਗਾ ਕਿ ਇਕ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਿਉਂ ਨਹੀਂ ਕਰਦੀ ਹੈ? ਉਹ ਦੁਨੀਆ ਭਰ ਵਿਚ ਤਗਮੇ ਦੀ ਭਾਲ ਵਿਚ ਕਿਉਂ ਰਹਿੰਦੀ ਹੈ, ਜਦ ਕਿ ਉਸ ਦੇ ਬੱਚੇ ਬਿਨਾਂ ਉਸ ਦੇ ਪਰਵਰਿਸ਼ ਨਾਲ ਪਲ ਰਹੇ ਹਨ?

ਖ਼ੁਸ਼ੀ ਦੀ ਖੋਜ

ਪਿਛਲੇ 200 ਵਰਿ੍ਹਆਂ ਤੋਂ, ਵਿਗਿਆਨ ਦੀ ਪ੍ਰੇਰਨਾ ਅਧੀਨ, ਸੰਸਾਰ ਤੇਜ਼ੀ ਨਾਲ ਬਦਲਦਾ ਰਿਹਾ ਹੈ | ਅਸੀਂ ਵੀ ਪਹਿਲਾਂ ਨਾਲੋਂ ਵੱਧ ਸਹੂਲਤਾਂ ਨਾਲ ਲੈਸ ਜੀਵਨ ਬਿਤਾ ਰਹੇ ਹਾਂ ਅਤੇ ਆਰਥਿਕ ਪੱਖੋਂ ਵੀ ਸੰਸਾਰ ਵਧੇਰੇ ਖ਼ੁਸ਼ਹਾਲ ਹੋਇਆ ਹੈ | ਪਰ ਕੀ ਅਸੀਂ ਪਹਿਲਾਂ ਨਾਲੋਂ ਵੱਧ ਖ਼ੁਸ਼ ਜਾਂ ਸੰਤੁਸ਼ਟ ਜੀਵਨ ਭੋਗ ਰਹੇ ਹਾਂ? ਅਜਿਹਾ ਹੈ ਨਹੀਂ | ਵਿਸ਼ਵ ਦੀ ਅਰੋਗਤਾ ਨਾਲ ਸਬੰਧਤ ਸੰਸਥਾ ਡਬਲਯੂ. ਐਚ. ਓ. ਅਨੁਸਾਰ, ਸੰਸਾਰ ਭਰ ਵਿਚ 30 ਕਰੋੜ ਵਿਅਕਤੀ ਮਨ ਦੀ ਉਦਾਸ ਅਵਸਥਾ ਨਾਲ ਜੂਝ ਰਹੇ ਹਨ | ਅਜਿਹਾ ਹੋਣਾ ਹੀ ਹੋਇਆ, ਜਦ ਕਿ ਖ਼ੁਸ਼ੀ ਪ੍ਰਾਪਤ ਕਰਨ ਦੇ ਸਾਧਨਾਂ ਦੀ ਹੀ ਬਹੁਤਿਆਂ ਨੂੰ ਸਮਝ ਨਹੀਂ | ਬਹੁਤੇ ਅੱਜ ਵੀ ਕੇਵਲ ਆਰਥਿਕ ਖ਼ੁਸ਼ਹਾਲ ਨੂੰ ਖ਼ੁਸ਼ ਰਹਿਣ ਦਾ ਸਾਧਨ ਸਮਝ ਰਹੇ ਹਨ | ਕਈ ਕੌਮਾਂ ਦੀ ਆਰਥਿਕ ਸਥਿਤੀ, ਬੀਤਦੇ ਸਮੇਂ ਨਾਲ, ਸੁਧਰਦੀ ਰਹੀ ਹੈ | ਇਸੇ ਅਨੁਪਾਤ ਨਾਲ ਕੀ ਉਨ੍ਹਾਂ ਦੀਆਂ ਖ਼ੁਸ਼ੀਆਂ 'ਚ ਉਛਾਲ ਆਇਆ ਹੈ? ਅਜਿਹਾ ਲੱਗ ਨਹੀਂ ਰਿਹਾ | ਜਿਵੇਂ ਜਿਵੇਂ ਮਾਨਵੀ ਵਸੋਂ ਵਧ ਰਹੀ ਹੈ, ਤਿਵੇਂ-ਤਿਵੇਂ ਜੀਵਨ ਨੂੰ ਮਧੋਲ ਰਹੀਆਂ ਸਥਿਤੀਆਂ ਦੀ ਸੂਚੀ ਵੀ ਲੰਬੀ ਹੋਈ ਜਾ ਰਹੀ ਹੈ |
ਕਾਸ਼ਤ ਆਰੰਭ ਕਰਨ ਤੋਂ ਪਹਿਲਾਂ ਮਨੁੱਖ ਅੱਜ ਨਾਲੋਂ ਵੱਧ ਸੰਤੁਸ਼ਟ ਜੀਵਨ ਬਿਤਾ ਰਿਹਾ ਸੀ, ਹਾਲਾਂਕਿ ਉਸ ਕੋਲ ਸੀ ਕੁਝ ਵੀ ਨਹੀਂ | ਉਸ ਕੋਲ ਸਿਵਾਏ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ, ਕਰਨ ਨੂੰ ਵੀ ਹੋਰ ਕੁਝ ਨਹੀਂ ਸੀ | ਸ਼ਿਕਾਰ ਕਰਕੇ ਸ਼ਿਕਾਰੀ ਜਦ ਟਿਕਾਣਿਆਂ 'ਤੇ ਪਰਤਦੇ, ਤਦ ਥਕੇਵੇਂ ਨਾਲ ਚੂਰ ਅਤੇ ਭੁੱਖ ਨਾਲ ਨਿਢਾਲ ਹੁੰਦੇ ਸਨ | ਉਨ੍ਹਾਂ ਦੇ ਥੱਕੇ ਸਰੀਰ ਨੂੰ ਜਦ ਆਰਾਮ ਮਿਲਦਾ ਅਤੇ ਖਾਣ ਨੂੰ ਸ਼ਿਕਾਰ ਕੀਤੇ ਜਾਨਵਰ ਦਾ ਭੁੰਨਿਆ ਮਾਸ, ਤਾਂ ਉਹ ਸਵਰਗ 'ਚ ਝੂਟੇ ਲੈਣ ਜਿਹਾ ਮਹਿਸੂਸ ਕਰਨ ਲਗਦੇ ਸਨ | ਅੱਜ, ਅਜਿਹੇ ਅਨੁਭਵ ਦੇ ਅਧਿਕਾਰੀ ਮਿਹਨਤ ਮੁਸ਼ੱਕਤ ਕਰ ਰਹੇ ਕਾਮੇ-ਕਿਸਾਨ ਵੀ ਨਹੀਂ, ਜਿਨ੍ਹਾਂ ਨੂੰ ਥੱਕ-ਟੁੱਟ ਕੇ ਵੀ ਮਨਭਾਉਣਾ ਪੇਟ ਭਰ ਖਾਣ ਨੂੰ ਨਹੀਂ ਮਿਲ ਰਿਹਾ | ਜਿਨ੍ਹਾਂ ਨੂੰ ਮਨ-ਲੁਭਾਉਣੇ ਪੇਟ ਭਰ ਖਾਣ ਨੂੰ ਮਿਲ ਰਿਹਾ ਹੈ, ਉਹ ਹਨ ਉਦਯੋਗਪਤੀ ਸੇਠ ਅਤੇ ਕੁਰਸੀਆਂ 'ਤੇ ਸੁਸ਼ੋਭਿਤ ਆਗੂ ਅਤੇ ਅਧਿਕਾਰੀ, ਜਿਨ੍ਹਾਂ ਕੋਲ ਹੈ ਬਹੁਤ ਕੁਝ, ਪਰ ਜਿਹੜੇ ਮੁੜ੍ਹਕਾ ਵਗਾਉਣੋ ਝਿਜਕਦੇ ਰਹਿੰਦੇ ਹਨ, ਜਿਸ ਕਾਰਨ ਇਹ ਵੀ ਅਜਿਹੇ ਅਨੁਭਵ ਤੋਂ ਵਾਂਝੇ ਹਨ |
ਕਾਸ਼ਤ ਦਾ ਕਿੱਤਾ ਅਪਣਾ ਲੈਣ ਉਪਰੰਤ ਮਨੁੱਖ ਦੇ ਵਿਚਰਨ 'ਚ ਅਨੇਕਾਂ ਤਬਦੀਲੀਆਂ ਅਤੇ ਸਾਡੇ ਆਪਸੀ ਸਬੰਧ ਪਹਿਲਾਂ ਵਾਂਗ ਨਿੱਘੇ ਨਾ ਰਹੇ | ਕਬੀਲਿਆਂ ਅੰਦਰ ਬਣਿਆ ਰਹਿਣ ਵਾਲਾ ਸ਼ਾਂਤ ਵਾਤਾਵਰਨ ਵੀ ਵਾਦ-ਵਿਵਾਦਾਂ ਦੀ ਭੇਟ ਹੋ ਗਿਆ ਅਤੇ ਆਪਸ 'ਚ ਲੜਨਾ-ਝਗੜਨਾ ਵੀ ਵਧ ਗਿਆ | ਮਾਨਵੀ ਵਸੋਂ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਅਤੇ ਹੋ ਰਹੀ ਤਰੱਕੀ ਦੇ ਨਤੀਜੇ ਵੀ ਆਨੰਦ-ਦਾਇਕ ਜੀਵਨ ਭੋਗਣ ਅਨੁਕੂਲ ਨਹੀਂ ਨਿਕਲ ਰਹੇ | ਰੋਗ ਵਧ ਰਹੇ ਹਨ; ਵਾਤਾਵਰਨ ਦੂਸ਼ਿਤ ਹੋਈ ਜਾ ਰਿਹਾ ਹੈ; ਭੁਗੋਲਕ ਤਾਪਮਾਨ ਵਧਦਾ ਜਾ ਰਿਹਾ ਹੈ ਅਤੇ ਸਿੱਟੇ ਵਜੋਂ ਰੁੱਤਾਂ ਅਤੇ ਮੌਸਮ ਸੰਜਮੀ ਨਹੀਂ ਰਹੇ | ਕੁਦਰਤੀ ਸ੍ਰੋਤ ਹੀ ਨਹੀਂ, ਵਰਤੋਂ ਯੋਗ ਪਾਣੀ ਵੀ ਥੁੜ੍ਹਦਾ ਜਾ ਰਿਹਾ ਹੈ ਅਤੇ ਹਰ ਬੀਤਦੇ ਪਲ ਜੀਵ-ਨਸਲਾਂ ਸੰਸਾਰੋਂ ਵਿਦਾ ਹੋਈ ਜਾ ਰਹੀਆਂ ਹਨ | ਅਜਿਹੇ ਹਾਲੀਂ, ਜਿਹੜੇ ਫਿਕਰਮੰਦ ਨਹੀਂ ਅਤੇ ਸੰਤੁਸ਼ਟ ਹਨ, ਖ਼ੁਸ਼ ਹਨ, ਵਾਕਿਆਈ ਕਮਾਲ ਕਰ ਰਹੇ ਹਨ |
ਵਿਅਕਤੀਗਤ ਪੱਧਰ ਤੇ ਖ਼ੁਸ਼ੀ-ਪ੍ਰਾਪਤੀ ਦੀ ਸਮੱਸਿਆ ਸਗੋਂ ਹੋਰ ਵੀ ਗੰਭੀਰ ਹੈ | ਖ਼ੁਸ਼ੀ ਹਾਸਲ ਕਰਨ ਲਈ ਵਿਅਕਤੀ ਨੂੰ ਵਿਆਪਕ ਸਥਿਤੀ ਅਨੁਕੂਲ ਰਾਹ ਚੁਣਨ ਦੀ ਲੋੜ ਹੁੰਦੀ ਹੈ | ਲੋੜਵੰਦ ਵਿਅਕਤੀ ਨੂੰ ਜੇਕਰ ਕਿਧਰੋਂ ਦੌਲਤ ਨਸੀਬ ਹੋ ਜਾਵੇ, ਉਸਨੂੰ ਇਸ ਕਾਰਨ ਖ਼ੁਸ਼ੀ ਮਿਲੇਗੀ ਹੀ ਮਿਲੇਗੀ | ਪਰ, ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੈ, ਉਨ੍ਹਾਂ ਦੇ ਖਾਤੇ 'ਚ ਵਾਧਾ ਉਨ੍ਹਾਂ ਲਈ ਖ਼ੁਸ਼ੀ ਦਾ ਕਾਰਨ ਕੀ ਬਣਨਾ ਹੋਇਆ |
ਟੱਬਰ 'ਚ ਵਿਆਪਕ ਮਾਹੌਲ ਦੇ ਜੀਵਨ ਬਤੀਤ ਕਰਨ ਨਾਲ ਸਿੱਧੇ ਸਬੰਧ ਹਨ | ਟੱਬਰ 'ਚ ਨਿੱਘੇ ਵਾਤਾਵਰਨ ਦਾ ਬਣਿਆ ਰਹਿਣਾ ਮਨ ਦੀ ਸ਼ਾਂਤੀ ਲਈ ਜ਼ਰੂਰੀ ਹੈ | ਜੀਵਨ ਭਰ ਲਈ ਹਮਦਰਦ ਸਾਥ ਦੇ ਮਿਲ ਜਾਣ ਦਾ ਵੀ ਆਪਣਾ ਹੀ, ਵੱਖਰੀ ਤਰ੍ਹਾਂ ਦਾ ਅਨੰਦ ਹੁੰਦਾ ਹੈ | ਜਿਸ ਜਿਸ ਦੇ ਯੋਗ ਵਿਰਸੇ 'ਚ ਮਿਲੇ ਜੀਨਾਂ ਨੇ ਇਕ ਵਿਅਕਤੀ ਨੂੰ ਬਣਾਇਆ ਹੁੰਦਾ ਹੈ, ਉਸ ਦੀਆਂ ਯੋਗਤਾਵਾਂ ਦਾ ਨਿੱਸਰਨਾ ਸਨੇਹਮਈ ਵਾਤਾਵਰਨ 'ਚ ਹੀ ਸੰਭਵ ਹੈ |
ਨਿਰਾਸ਼ ਹੋਣ ਦਾ ਅਤੇ ਦੁਖੀ ਮਹਿਸੂਸ ਕਰਨ ਦਾ ਕਾਰਨ ਇਹ ਵੀ ਹੈ ਕਿ ਸਾਨੂੰ ਇਕ-ਦੂਜੇ ਤੋਂ ਬਹੁਤ ਕੁਝ ਦੀ ਜਿਹੜੀ ਆਸ ਰਹਿੰਦੀ ਹੈ, ਉਹ ਪੂਰੀ ਘੱਟ-ਵੱਧ ਹੀ ਹੁੰਦੀ ਹੈ | ਵਿਆਪਕ ਸਿਆਸਤ ਦਾ ਤਾਂ ਮੰਤਵ ਹੀ ਲੋਕਾਂ ਦੀਆਂ ਆਸਾਂ ਨੂੰ ਮਘਦਿਆਂ ਰੱਖੀ ਰੱਖਣਾ ਹੈ | ਇਨ੍ਹਾਂ ਚੋਂ ਜਿਹੜੀਆਂ ਪੂਰੀਆਂ ਹੋਣ ਯੋਗ ਹਨ, ਉਹ ਵੀ ਜਦ ਪੂਰੀਆਂ ਨਹੀਂ ਹੁੰਦੀਆਂ, ਤਦ ਨਿਰਾਸ਼ਤਾਵਾਂ ਦੇ ਪ੍ਰਛਾਵਿਆਂ ਦਾ ਲੰਬਾ ਹੋ ਜਾਣਾ ਸੁਭਾਵਕ ਹੈ | ਪਰ, ਜਦ ਜਦ ਵੀ ਕਿਸੇ ਦੀ ਕੋਈ ਆਸ-ਉਮੀਦ ਜਾਂ ਝਾਕ, ਸਮਾਜਿਕ ਪੱਧਰ 'ਤੇ ਜਾਂ ਵਿਅਕਤੀਗਤ ਪੱਧਰ ਤੇ ਪੂਰੀ ਹੋ ਜਾਂਦੀ ਹੈ, ਤਦ ਇਹ ਖ਼ੁਸ਼ੀ ਦਾ ਕਾਰਨ ਬਣ ਜਾਂਦੀ ਹੈ | ਬਰਨਾਰਡ ਸ਼ਾਅ ਤਾਂ ਸਗੋਂ ਸਲਾਹ ਹੀ ਇਹ ਦੇ ਰਿਹਾ ਹੈ :
'ਖ਼ੁਸ਼ ਰਹਿਣ ਲਈ, ਹੋਰਨਾਂ ਤੋਂ ਆਸ-ਉਮੀਦ ਰੱਖਣਾ ਫਜ਼ੂਲ ਹੈ |'
ਖ਼ੁਸ਼ ਜੀਵਨ ਬਤੀਤ ਕਰਨ ਲਈ ਅਰੋਗਤਾ ਅਤੇ ਰੁਝੇਵਾਂ ਅਤੀ ਜ਼ਰੂਰੀ ਹਨ, ਜਿਨ੍ਹਾਂ ਦਾ ਉਕਾ ਹੀ ਕੋਈ ਬਦਲ ਨਹੀਂ | ਅਰੋਗਤਾ ਬਹੁਤ ਹੱਦ ਤਕ ਵਿਰਸੇ 'ਚ ਮਿਲੇ ਜੀਨਾਂ ਉਪਰ ਨਿਰਭਰ ਹੁੰਦੀ ਹੈ | ਪਰ, ਇਸ ਨੂੰ ਸੂਝਵਾਨ ਖਾਣ-ਪੀਣ ਅਤੇ ਸੁਅਸਥਕਾਰੀ ਆਦਤਾਂ ਦੁਆਰਾ ਵੀ ਉਤਸ਼ਾਹਿਤ ਕਰਦੇ ਰਹਿਣਾ ਸੰਭਵ ਹੈ | ਅਰੋਗ ਵਿਅਕਤੀ ਵੀ ਸੰਤੁਸ਼ਟ ਜੀਵਨ ਨਹੀਂ ਭੋਗਦੇ ਜੇਕਰ ਉਹ ਵਿਹਲੇ ਹਨ ਅਤੇ ਮੁੜ੍ਹਕਾ ਵਗਾਉਣ ਦੇ ਉਹ ਆਦੀ ਨਹੀਂ | ਉਨ੍ਹਾਂ ਨੂੰ ਸ਼ਾਮ ਦਾ ਸਵੇਰ ਕਰਨਾ ਅਤੇ ਸਵੇਰ ਦਾ ਸ਼ਾਮ ਕਰਨਾ ਦੁੱਭਰ ਲੱਗਣ ਲਗਦਾ ਹੈ | ਅਜਿਹੇ ਵਿਅਕਤੀ, ਆਪਣੇ ਹੁਸੜੇਪਣ ਦਾ ਇਲਾਜ ਮਨਪਸੰਦ ਰੁਝੇਵਾਂ ਅਪਣਾ ਕੇ ਕਰ ਸਕਦੇ ਹਨ | ਜਿਵੇਂ ਹਰਕਤ ਹਰ ਪ੍ਰਕਾਰ ਦੀ ਆਲਸ ਦਾ ਇਲਾਜ ਹੈ, ਇਸੇ ਤਰ੍ਹਾਂ ਰੁਝੇਵਾਂ ਹਰ ਤਰ੍ਹਾਂ ਦੇ ਅਕੇਵੇਂ ਦਾ ਇਲਾਜ ਹੈ | ਬਰਟਰੰਡ ਰੱਸਲ ਨੇ ਇਸ ਸਥਿਤੀ ਦਾ ਇਸ ਢੰਗ ਨਾਲ ਖੁਲਾਸਾ ਕੀਤਾ ਹੈ :
'ਜਦ ਮੈਂ ਵਿਚਾਰਵਾਨ ਜਾਂ ਸੰਤ-ਮਹਾਤਮਾ ਨਾਲ ਖ਼ੁਸ਼ੀ ਪ੍ਰਾਪਤ ਕਰਨ ਬਾਰੇ ਚਰਚਾ ਕਰਦਾ ਹਾਂ, ਤਦ ਲਗਦਾ ਹੈ ਕਿ ਇਸ ਸਮੱਸਿਆ ਦਾ ਸੁਲਝਣਾ ਸੰਭਵ ਨਹੀਂ | ਪਰ, ਜਦ ਮੈਂ ਮਾਲੀ ਨੂੰ ਬਗ਼ੀਚੇ 'ਚ ਰੱੁਝਿਆ ਵੇਖਦਾ ਹਾਂ, ਤਦ ਇਹ ਸਹਿਲ ਪ੍ਰਾਪਤ ਹੋਣ ਯੋਗ ਅਨੁਭਵ ਲੱਗਣ ਲਗਦਾ ਹੈ |'
ਖ਼ੁਸ਼ੀ ਕਲਾਵੇ 'ਚ ਆਉਣ ਯੋਗ ਵਿਵਸਥਾ ਨਹੀਂ; ਇਹ ਰੁਝੇਵਿਆਂ ਚੋਂ ਰਿਸ ਰਿਹਾ ਅਨੁਭਵ ਹੈ | ਇਸ ਦਾ ਕੋਈ ਵੀ ਰੰਗ ਜਾਂ ਰੂਪ ਹੋ ਸਕਦਾ ਹੈ | ਇਹ ਪਲ ਭਰ ਲਈ ਉਮੜਿਆ ਹੁਲਾਸ ਹੋ ਸਕਦਾ ਹੈ ਅਤੇ ਜਾਂ ਫਿਰ ਲੰਬੇ ਸਮੇਂ ਤਕ ਬਣੀ ਰਹਿਣ ਵਾਲੀ ਸੰਤੁਸ਼ਟਤਾ ਸੰਚਾਰੀ ਅਵਸਥਾ | ਵਿਵਾਦਕ ਪ੍ਰਵਚਨਾਂ ਲਈ ਜਾਣੇ ਜਾਣ ਵਾਲੇ ਬਰਨਾਰਡ ਸ਼ਾਅ ਤੋਂ ਇਕ ਪੱਤਰਕਾਰ ਨੇ ਪੁੱਛਿਆ :
'ਕੀ ਤੁਸੀਂ ਆਪਣੇ ਜੀਵਨ ਤੋਂ ਖ਼ੁਸ਼ ਹੋ ?'
ਉਸ ਦਾ ਉ ੱਤਰ ਸੀ :
'ਮੈਂ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਮੈਨੂੰ ਇਹ ਸੋਚਣ ਦੀ ਵੀ ਫੁਰਸਤ ਨਹੀਂ ਕਿ ਮੈਂ ਖ਼ੁਸ਼ ਹਾਂ ਜਾਂ ਨਹੀਂ |'
ਖ਼ੁਸ਼ੀ ਦਾ ਅਨੁਭਵ, ਅਸਲ 'ਚ, ਦਿਮਾਗ਼ ਅੰਦਰਲੀ ਰਸਾਇਣਕ ਉਧੇੜ-ਬੁਣ ਦਾ ਸਿੱਟਾ ਹੁੰਦਾ ਹੈ | ਵਾਪਰੀ ਘਟਨਾ, ਬਣੇ ਸਨੇਹਮਈ ਸਬੰਧ, ਮਨ ਨੂੰ ਲੁਭਾਉਂਦੇ ਦਿ੍ਸ਼ ਅਤੇ ਘਾਲੀ ਘਾਲਣਾ 'ਚ ਮਿਲੀ ਸਫਲਤਾ ਦੇ ਪ੍ਰਭਾਵ ਅਧੀਨ ਦਿਮਾਗ਼ ਅੰਦਰ ਉਤੇਜਨਾਵਾਂ ਦਾ ਸੰਚਾਲਨ ਕਰਦੇ ਅਣੂ ਰਿਸਣਾ ਆਰੰਭ ਕਰ ਦਿੰਦੇ ਹਨ | ਦਿਮਾਗ਼ ਅੰਦਰ ਰਿਸਦੇ ਐਾਡਾਰਫਨ ਮਨ ਨੂੰ ਖ਼ੁਸ਼ੀ ਦਾ ਅਨੁਭਵ ਕਰਵਾਉਂਦੇ ਹਨ | ਇਹ ਅਣੂ ਜਦ ਤੱਕ ਦਿਮਾਗ਼ ਵਿਚ ਰਹਿੰਦੇ ਹਨ, ਮਨ ਖੀਵਾ ਹੋਇਆ ਮਹਿਸੂਸ ਕਰਦਾ ਹੈ | ਇਨ੍ਹਾਂ ਦੇ ਖਰਚ ਹੋ ਜਾਣ ਉਪਰੰਤ ਮਨ ਦੀ ਪਹਿਲਾਂ ਵਾਲੀ ਦਸ਼ਾ ਪਰਤ ਆਉਂਦੀ ਹੈ |
ਮਨ ਨੂੰ ਖ਼ੁਸ਼ੀ ਦਾ ਅਨੁਭਵ ਕਰਵਾਉਂਦੇ ਅਣੂਆਂ ਨੂੰ ਜੀਨ ਉਪਜਾਉਂਦੇ ਹਨ | ਜਿਨ੍ਹਾਂ ਨੂੰ ਇਹ ਜੀਨ ਵਿਰਸੇ 'ਚ ਮਿਲੇ ਹੁੰਦੇ ਹਨ, ਉਹ ਮਿਲਣਸਾਰ ਸੁਭਾਓ ਸਹਿਤ ਵਧੀਆ ਦਿਨ ਕੱਟਦੇ ਹਨ | ਇਹ ਵਿਅਕਤੀ ਜੇਕਰ ਨੀਰਸ ਅਵਸਥਾ 'ਚ ਘਿਰਦੇ ਵੀ ਹਨ, ਤਦ ਇਸ ਚੋਂ ਉਭਰਨ 'ਚ ਇਨ੍ਹਾਂ ਨੂੰ ਸਮਾਂ ਨਹੀਂ ਲਗਦਾ | ਜੀਵਨ, ਇਨ੍ਹਾਂ ਲਈ, ਸਾਕਾਰਾਤਮਿਕ ਤਜਰਬਾ ਬਣਿਆ ਬੀਤਦਾ ਹੈ | ਜਿਹੜੇ, ਜੀਨ-ਵਿਰਸੇ ਪੱਖੋਂ ਇਨ੍ਹਾਂ ਜਿਹੇ ਸੁਭਾਗੇ ਨਹੀਂ, ਉਹ ਨੀਰਸਤਾ ਸਮੋਇਆ ਹੁਸੜਿਆ ਜੀਵਨ ਬਤੀਤ ਕਰਦੇ ਹਨ | ਇਹ ਜੋ ਕੁਝ ਵੀ ਕਰ ਰਹੇ ਹੁੰਦੇ ਹਨ, ਉਸ ਨਾਲੋਂ ਵੱਖਰਾ ਕੁਝ ਕਰਨ ਲਈ ਉਤਾਵਲੇ ਰਹਿੰਦੇ ਹਨ | ਜਦ ਜਦ ਵੀ ਇਨ੍ਹਾਂ ਨੂੰ ਜੋ ਚਾਹ ਰਹੇ ਹੁੰਦੇ ਹਨ, ਮਿਲ ਜਾਂਦਾ ਹੈ, ਉਸ ਤੋਂ ਵੀ ਇਹ ਉਪਰਾਮ ਹੋਣ 'ਚ ਸਮਾਂ ਨਹੀਂ ਲੈਂਦੇ | ਸਾਡੇ ਮਨਾਂ ਦੀ ਦਸ਼ਾ, ਇਸ ਤਰ੍ਹਾਂ ਨਾ ਸਹੂਲਤਾਂ ਨਾਲ ਲੈਸ ਰਹਿਣ-ਟਿਕਾਣੇ ਨਿਰਧਾਰਤ ਕਰਦੇ ਹਨ ਅਤੇ ਨਾ ਕਸ਼ਮੀਰ ਦੀਆਂ ਵਾਦੀਆਂ | ਇਸ ਨੂੰ ਨਿਰਧਾਰਤ ਕਰਦੇ ਹਨ ਦਿਮਾਗ਼ ਅੰਦਰ ਰਿਸਦੇ ਰਸ | ਮਿਲੀਆਂ ਸਫਲਤਾਵਾਂ ਜਾਂ ਵਾਪਰੀਆਂ ਘਟਨਾਵਾਂ, ਇਨ੍ਹਾਂ ਦੇ ਰਿਸਣ ਲਈ ਪ੍ਰੇਰਣਾ ਬਣਦੀਆਂ ਹਨ |
350 ਵਰਿ੍ਹਆਂ ਤੋਂ ਅਸੀਂ ਕੀਟਾਣੂਆ ਬਾਰੇ ਜਾਣਕਾਰ ਹਾਂ | ਇਨ੍ਹਾਂ ਨੂੰ ਅਸੀਂ ਰੋਗਾਂ ਦਾ ਕਾਰਨ ਹੀ ਸਮਝਦੇ ਰਹੇ | ਪਰ ਹੁਣ, ਇਨ੍ਹਾਂ ਦੀ ਅਰੋਗਤਾ ਅਤੇ ਮਨ ਨੂੰ ਖ਼ੁਸ਼ ਰੱਖਣ ਦੇ ਪ੍ਰਸੰਗ 'ਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਸਹਿਜੇ ਸਹਿਜੇ ਜਾਣਕਾਰੀ ਪ੍ਰਾਪਤ ਹੋ ਰਹੀ ਹੈ | ਸਾਡੀਆਂ ਆਂਦਰਾਂ 'ਚ ਪਲ ਰਹੇ ਕੀਟਾਣੂ ਸਾਡੇ ਲਈ ਵਿਟਾਮਿਨ ਉਪਜਾ ਰਹੇ ਹਨ, ਨਾ ਪਚਾਏ ਜਾਣ ਯੋਗ ਖਾਣ-ਪਦਾਰਥਾਂ ਨੂੰ ਪਚਾਏ ਜਾਣ ਯੋਗ ਰੂਪ ਅਰਪਣ ਕਰ ਰਹੇ ਹਨ ਅਤੇ ਰੋਗਾਂ ਦਾ ਕਾਰਨ ਬਣਦੇ ਕੀਟਾਣੂਆਂ ਨੂੰ ਸਰੀਰ ਅੰਦਰ ਟਿਕਣ ਨਹੀਂ ਦੇ ਰਹੇ | ਹੁਣ ਤਾਂ ਇਹ ਭੇਦ ਵੀ ਖੁੱਲ੍ਹ ਰਿਹਾ ਹੈ ਕਿ ਆਂਦਰਾਂ ਵਿਚ ਘਰ ਕਰੀ ਬੈਠੇ ਕੀਟਾਣੂ ਮਨ ਦੀ ਦਸ਼ਾ ਨੂੰ ਵੀ ਪ੍ਰਭਾਵਿਤ ਕਰਨ ਯੋਗ ਹਨ | ਇਹ ਜੀਵਾਣੂ ਦਿਮਾਗ਼ 'ਚ ਰਿਸਦੇ ਹਰ ਤਰ੍ਹਾਂ ਦੇ ਸੰਚਾਲਕ ਰਸ ਨੂੰ ਉਪਜਾ ਸਕਣ ਯੋਗ ਹਨ, ਜਿਨ੍ਹਾਂ ਦੁਆਰਾ ਇਹ ਮਨ ਦੇ ਨੀਰਸ ਅਵਸਥਾ ਚੋਂ ਉਭਰ ਆਉਣ 'ਚ ਸਹਾਈ ਸਿੱਧ ਹੋ ਰਹੇ ਹਨ |
ਖ਼ੁਸ਼ੀ ਦਾ ਅਜਿਹਾ ਸੁਭਾਓ ਹੈ ਕਿ ਜਦ ਇਸ ਦੀ ਚਾਹ ਹੁੰਦੀ ਹੈ, ਇਹ ਨਹੀਂ ਮਿਲਦੀ ਅਤੇ ਮਿਲਦੀ ਹੈ ਤਾਂ ਅਛੋਪਲੇ, ਚਾਹਿਆਂ ਬਿਨਾਂ:
'ਯਿਹ ਜ਼ਿੱਦ ਕਿ ਆਜ ਨਾ ਆਵੇ ਔਰ ਆਏ ਬਿਨ ਨਾ ਰਹੇ,
ਖ਼ੁਸ਼ੀ ਸੇ ਸ਼ਿਕਵਾ ਹਮੇਂ ਕਿਸ ਕਦਰ ਹੈ, ਕਿਆ ਕਹੀਏ |'
ਗ਼ਾਲਿਬ ਦੇ ਇਸ ਸ਼ਿਅਰ 'ਚ 'ਕਜ਼ਾ' ਦਾ 'ਖ਼ੁਸ਼ੀ' ਸ਼ਬਦ ਨਾਲ ਪ੍ਰਤਿਸਥਾਪਨ ਕਰਨ ਦੀ ਗੁਸਤਾਖ਼ੀ ਕਰ ਰਿਹਾ ਹਾਂ |

-ਫੋਨ : 98775-47971

ਭੁੱਲੀਆਂ ਵਿਸਰੀਆਂ ਯਾਦਾਂ

ਸੰਨ 2002 ਵਿਚ ਚੰਡੀਗੜ੍ਹ ਵਿਸ਼ਵ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਕਾਨਫਰੰਸ ਵਿਚ ਇਹ ਸਾਰੇ ਸਾਹਿਤਕਾਰ ਸ਼ਾਮਿਲ ਹੋਏ ਸਨ | ਸ਼ਾਮ ਦੇ ਸਮੇਂ ਕੁਝ ਸਾਹਿਤਕਾਰ ਆਪਣੇ ਖ਼ੁਸ਼ੀ ਦੇ ਮੂਡ ਵਿਚ ਸਨ | ਜਸਟਿਸ ਸ: ਅਜੀਤ ਸਿੰਘ ਬੈਂਸ ਵੀ ਆਪਣੇ ਰੰਗ ਵਿਚ ਸਨ | ਫਿਰ ਡਾ: ਜੋਗਿੰਦਰ ਸਿੰਘ ਕੈਰੋਂ ਦੇ ਕਹਿਣ 'ਤੇ ਇਨ੍ਹਾਂ ਸਾਰਿਆਂ ਦੀ ਇਹ ਤਸਵੀਰ ਬੈਂਸ ਜੀ ਨਾਲ ਖਿੱਚੀ ਗਈ ਸੀ |

-ਮੋਬਾਈਲ : 98767-41231

ਕਿੱਸੇ ਅੰਗੂਠਾ ਛਾਪਾਂ ਦੇ

ਬੜੇ ਸਾਲ ਪਹਿਲਾਂ ਮੈਂ ਅੰਗੇਰਜ਼ੀ 'ਚ ਲਿਖੀ ਇਕ ਕਹਾਣੀ ਪੜ੍ਹੀ ਸੀ ਜੋ ਮੈਨੂੰ ਅੱਜ ਤੱਕ ਯਾਦ ਹੈ | ਇਕ ਸੋਲਾਂ ਸਾਲ ਦਾ ਲੜਕਾ ਚਰਚ ਦਾ ਘੜਿਆਲ ਵਜਾਉਣ ਦੀ ਨੌਕਰੀ ਕਰਦਾ ਸੀ | ਉਹ ਬੜੀ ਸ਼ਿੱਦਤ ਨਾਲ ਆਪਣੀ ਡਿਊਟੀ ਕਰਦਾ ਸੀ | ਇਕ ਦਿਨ ਵੱਡਾ ਪਾਦਰੀ ਚਰਚ ਦੇ ਦੌਰੇ 'ਤੇ ਆਇਆ | ਉਸ ਨੇ ਲੜਕੇ ਦਾ ਕੰਮ ਵੇਖਿਆ ਤੇ ਉਸ ਨੂੰ ਆਖਿਆ, 'ਬੇਟਾ ਤੂੰ ਕੰਮ ਬਹੁਤ ਵਧੀਆ ਕਰਦਾ ਹੈਾ, ਕਿੰਨਾ ਪੜਿ੍ਹਆ ਹੈਾ?
'ਸਰ ਮੈਂ ਤਾਂ ਬਿਲਕੁਲ ਅਨਪੜ੍ਹ ਹਾਂ |'
'ਹੈਾ, ਬਿਲਕੁਲ ਅਨਪੜ੍ਹ | ਫਿਰ ਤਾਂ ਤੂੰ ਇਸ ਨੌਕਰੀ 'ਤੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਚਰਚ ਵਿਚ ਕੋਈ ਵੀ ਨੌਕਰੀ ਕਰਨ ਲਈ ਦਸਵੀਂ ਪਾਸ ਹੋਣਾ ਜ਼ਰੂਰੀ ਹੈ |'
ਲੜਕੇ ਨੇ ਬੜੇ ਤਰਲੇ ਕੀਤੇ | ਪਰ ਉਸ ਦੀ ਇਕ ਨਾ ਸੁਣੀ ਗਈ | ਉਸ ਦੀ ਬਣਦੀ ਤਨਖਾਹ ਦੇ ਪੈਸੇ ਦੇ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ | ਲਾਚਾਰ ਤੇ ਉਦਾਸ ਲੜਕੇ ਨੇ ਆਤਮ-ਹੱਤਿਆ ਕਰਨ ਦੀ ਸੋਚੀ ਤੇ ਰੋਂਦਾ-ਰੋਂਦਾ ਸਮੰੁਦਰ ਵੱਲ ਤੁਰ ਪਿਆ | ਉਸ ਨੂੰ ਖਿਆਲ ਆਇਆ ਕਿ ਮਰਨ ਤੋਂ ਪਹਿਲਾਂ ਇਕ ਸਿਗਰਟ ਪੀ ਲਈ ਜਾਵੇ | ਸਿਗਰਟ ਖਰੀਦਣ ਦੀ ਤਲਾਸ਼ ਵਿਚ ਇਕ ਗਲੀ ਵਿਚ ਫਿਰ ਦੂਜੀ ਵਿਚ ਕਈ ਮੀਲ ਪੈਦਲ ਤੁਰਿਆ, ਪਰ ਇਕ ਵੀ ਸਿਗਰਟ ਦੀ ਦੁਕਾਨ ਨਾ ਮਿਲੀ | ਉਸ ਨੇ ਸੋਚਿਆ ਮੇਰੀ ਤਰ੍ਹਾਂ ਕਿਨੇ ਹੀ ਲਾਚਾਰ ਤੇ ਉਦਾਸ ਲੋਕਾਂ ਨੂੰ ਸਿਗਰਟ ਪੀਣ ਦੀ ਤਲਬ ਹੁੰਦੀ ਹੋਵੇਗੀ ਪਰ ਕੋਈ ਦੁਕਾਨ ਨਹੀਂ | ਸੋ, ਉਸ ਨੇ ਆਤਮ-ਹੱਤਿਆ ਦਾ ਵਿਚਾਰ ਛੱਡ ਕੇ ਗਲੀ ਵਿਚ ਸਿਗਰਟਾਂ ਵੇਚਣ ਦਾ ਫੈਸਲਾ ਕਰ ਲਿਆ | ਇਕ ਦੁਕਾਨਦਾਰ ਤੋਂ ਥੋੜ੍ਹੀ ਜਿਹੀ ਜਗ੍ਹਾ ਲੈ ਕੇ ਸਿਗਰਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ | ਥੋੜ੍ਹੇ ਸਮੇਂ ਬਾਅਦ ਉਸ ਨੇ ਆਪਣੀ ਦੁਕਾਨ ਖਰੀਦ ਲਈ | ਆਪਣੀ ਮਿਹਨਤ, ਸ਼ਿੱਦਤ ਤੇ ਸੂਝ-ਬੂਝ ਦੇ ਬਲ 'ਤੇ ਉਹ ਕਈ ਦੁਕਾਨਾਂ ਦਾ ਮਾਲਕ ਤੇ ਇਕ ਵੱਡਾ ਤੇ ਸਫਲ ਅਮੀਰ ਬਿਜ਼ਨੈਸਮੈਨ ਬਣ ਗਿਆ | ਲਿਖਣ-ਪੜ੍ਹਨ ਦਾ ਕੰਮ ਕਰਨ ਲਈ ਬੰਦੇ ਰੱਖ ਲਏ | ਬੈਂਕ ਦਾ ਕੰਮਕਾਜ ਉਹ ਹੀ ਕਰਦੇ ਸੀ ਤੇ ਉਹ ਆਪ ਕਦੇ ਬੈਂਕ ਨਹੀਂ ਸੀ ਗਿਆ | ਇਕ ਵਾਰ ਬੈਂਕ ਦੇ ਨਵੇਂ ਮੈਨੇਜਰ ਨੇ ਉਸ ਦਾ ਸਨਮਾਨ ਕਰਨ ਲਈ ਸੱਦਾ ਦਿੱਤਾ | ਬੈਂਕ ਵਿਚ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਬੈਂਕ ਮੈਨੇਜਰ ਨੇ ਉਸ ਨੂੰ ਵਿਜ਼ਿਟਰ ਬੁੱਕ ਵਿਚ ਕੁਝ ਸ਼ਬਦ ਲਿਖਣ ਲਈ ਬੇਨਤੀ ਕੀਤੀ | ਉਸ ਨੇ ਕਿਹਾ, 'ਮੈਂ ਲਿਖ ਨਹੀਂ ਸਕਦਾ ਮੈਂ ਤਾਂ ਬਿਲਕੁਲ ਅਨਪੜ੍ਹ ਹਾਂ |'
ਬੈਂਕ ਮੈਨੇਜਰ ਹੈਰਾਨ ਹੋ ਗਿਆ ਤੇ ਬੋਲਿਆ, 'ਸਰ ਤੁਸੀਂ ਅਨਪੜ੍ਹ ਹੋ ਕੇ ਵੀ ਏਨੇ ਕਾਮਯਾਬ ਹੋ, ਜੇ ਤੁਸੀਂ ਪੜ੍ਹੇ-ਲਿਖੇ ਹੁੰਦੇ ਤਾਂ ਕੀ ਹੁੰਦਾ |'
ਉਸ ਨੇ ਮੁਸਕਰਾ ਕੇ ਕਿਹਾ, 'ਤਾਂ ਮੈਂ ਅੱਜ ਵੀ ਚਰਚ ਦਾ ਘੜਿਆਲ ਵਜਾ ਰਿਹਾ ਹੁੰਦਾ |'
ਇਸ ਕਹਾਣੀ ਦਾ ਹੀਰੋ ਮੈਨੂੰ ਫਿਲਮ 'ਥ੍ਰੀ ਇਡੀਅਟਸ' ਵਿਚ ਸ਼ਿਮਲੇ ਦੇ ਅਮੀਰ ਪਰ ਅਨਪੜ੍ਹ ਬਿਜ਼ਨੈਸਮੈਨ ਰਣਚੋਰਦਾਸ ਜੋ ਆਪਣੇ ਲੜਕੇ ਲਈ ਕਿਸੇ ਵੀ ਕੀਮਤ ਤੇ ਡਿਗਰੀ ਹਾਸਲ ਕਰਨੀ ਚਾਹੁੰਦਾ ਹੈ, ਵਲੋਂ ਸਕੂਲ ਮਾਸਟਰ ਨਾਲ ਬੋਲਿਆ ਡਾਇਲਾਗ ਯਾਦ ਕਰਾਉਂਦਾ ਹੈ | 'ਮੈਂ ਇਸ ਆਲੀਸ਼ਾਨ ਬੰਗਲੇ ਤੇ ਵੱਡੀ ਅਸਟੇਟ ਦਾ ਮਾਲਕ ਹਾਂ, ਸਭ ਮੇਰਾ ਮਾਨ-ਸਨਮਾਨ ਕਰਦੇ ਹਨ ਪਰ ਮੇਰੀ ਪਿੱਠ ਪਿਛੇ ਮੈਨੂੰ 'ਅੰਗੂਠਾ ਛਾਪ' ਕਹਿੰਦੇ ਹਨ |'
ਕਹਾਣੀ ਤੇ ਫਿਲਮੀ ਡਾਇਲਾਗ ਦਾ ਸਬਕ ਇਹ ਹੈ ਕਿ ਜੋ ਬੰਦਾ ਨਾ ਵੀ ਪੜਿ੍ਹਆ-ਲਿਖਿਆ ਹੋਵੇ, ਨਾ ਹੀ ਉਸ ਕੋਲ ਵੱਡੀਆਂ-ਵੱਡੀਆਂ ਡਿਗਰੀਆਂ ਹੋਣ ਪਰ ਜੇ ਉਸ ਵਿਚ ਕੋਈ ਵੀ ਕੰਮ ਕਰਨ ਦਾ ਜਜ਼ਬਾ ਹੈ, ਸੂਝ-ਬੂਝ ਹੈ, ਸਿਆਣਪ ਹੈ ਤੇ ਰਿਸਕ ਲੈਣ ਦੀ ਹਿੰਮਤ ਹੈ ਤਾਂ ਉਹ ਕਿਤੇ ਤੋਂ ਕਿਤੇ ਪਹੁੰਚ ਸਕਦਾ ਹੈ | ਮਹਾਰਾਜਾ ਰਣਜੀਤ ਸਿੰਘ, ਬਾਦਸ਼ਾਹ ਅਕਬਰ, ਛਤਰਪਤੀ ਸ਼ਿਵਾ ਜੀ ਮਹਾਰਾਜ ਅਨਪੜ੍ਹ ਮੰਨੇ ਜਾਂਦੇ ਹਨ ਪਰ ਇਨ੍ਹਾਂ ਨੇ ਸਹੀ ਤੇ ਬੁੱਧੀਮਾਨ ਨੀਤੀਆਂ ਬਣਾਈਆਂ ਤੇ ਮਹਾਨ ਸਫਲ ਸ਼ਾਸਕ ਮੰਨੇ ਗਏ | ਨਾਲ ਦੀ ਨਾਲ ਦਿੱਲੀ ਦਾ ਸੁਲਤਾਨ ਮੁਹੰਮਦ ਤੁਗਲਕ ਪੜਿ੍ਹਆ-ਲਿਖਿਆ ਸੀ, ਪਰ ਉਸ ਦੀਆਂ ਸਾਰੀਆਂ ਨੀਤੀਆਂ ਫੇਲ੍ਹ ਹੋ ਗਈਆਂ | ਅੱਜ ਵੀ ਸਰਕਾਰ ਦੇ ਗ਼ਲਤ ਫੈਸਲੇ ਜਾਂ ਆਦੇਸ਼ ਨੂੰ 'ਤੁਗਲਕੀ ਫੁਰਮਾਨ' ਕਹਿ ਕੇ ਨਿੰਦਿਆ ਜਾਂਦਾ ਹੈ |
ਮੈਂ ਪੜ੍ਹਾਈ ਦੇ ਖਿਲਾਫ਼ ਨਹੀਂ ਹਾਂ | ਪੜ੍ਹਾਈ ਤਾਂ ਸੂਝ-ਬੂਝ ਤੇ ਬੁੱਧੀਮਾਨੀ ਨੂੰ ਚਾਰ ਚੰਨ ਲਗਾ ਦਿੰਦੀ ਹੈ | ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ | ਪਰ ਅੱਜ ਵੀ ਜਦੋਂ ਲੋਕੀਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਉਣ ਤੇ ਡਿਗਰੀਆਂ ਹਾਸਲ ਕਰਨ ਲਈ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ, ਕਈ ਲੋਕਾਂ ਦੇ ਬੱਚੇ ਆਮ ਸਕੂਲਾਂ ਵਿਚ ਪੜ੍ਹ ਕੇ ਜਾਂ ਕੋਈ ਵੱਡੀ ਡਿਗਰੀ ਨਾ ਹਾਸਲ ਕਰਕੇ ਵੀ ਜ਼ਿੰਦਗੀ ਵਿਚ ਸਫਲ ਹੋ ਜਾਂਦੇ ਹਨ |
ਪਰ ਜਿਹੜੀ ਗੱਲ ਨੇ ਮੈਨੂੰ ਸ਼ਸ਼ੋਪੰਜ ਵਿਚ ਪਾਇਆ ਹੈ, ਉਹ ਹੈ ਕਿ ਅੱਜ ਦੇ ਸਮੇਂ ਇਕ ਪਾਸੇ ਤਾਂ ਅਸੀਂ 'ਅੰਗੂਠਾ ਛਾਪਾਂ' ਦਾ ਮਜ਼ਾਕ ਉਡਾਉਂਦੇ ਹਾਂ, ਉਨ੍ਹਾਂ ਨੂੰ ਨਕਾਰਦੇ ਹਾਂ ਪਰ ਦੂਜੇ ਪਾਸੇ ਜੇਕਰ ਰਾਸ਼ਨ ਕਾਰਡ ਬਣਾਉਣਾ ਹੋਵੇ, ਅਧਾਰ ਕਾਰਡ ਬਣਾਉਣਾ ਹੋਵੇ, ਬੈਂਕ ਵਿਚ ਖਾਤਾ ਖੋਲ੍ਹਣਾ ਹੋਵੇ, ਮੁਲਕ ਤੋਂ ਬਾਹਰ ਜਾਣ ਲਈ ਵੀਜ਼ਾ ਲਗਾਉਣਾ ਹੋਵੇ, ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣੀ ਹੋਵੇ, ਸਭ ਥਾਂ 'ਤੇ ਸਾਡੀ ਫੋਟੋ ਤੇ ਦਸਤਖਤਾਂ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਅੰਗੂਠੇ ਦੀ ਛਾਪ | ਸੋ, ਅਸੀਂ ਸਾਰੇ ਬਣ ਗਏ ਹਾਂ ਪੜ੍ਹੇ-ਲਿਖੇ 'ਅੰਗੂਠਾ ਛਾਪ' | ਇਸ ਦੇ ਕਾਰਨ ਤਾਂ ਵੱਖ-ਵੱਖ ਦੱਸੇ ਜਾ ਰਹੇ ਹਨ, ਕਿਹਾ ਜਾ ਰਿਹਾ ਹੈ ਬੰਦੇ ਦੀ ਹੋਂਦ ਸਥਾਪਤ ਕਰਨ ਲਈ ਉਸ ਦੀ ਪਹਿਚਾਣ ਜਾਨਣ ਲਈ, ਦੇਸ਼ ਦੀ ਸੁਰੱਖਿਆ ਲਈ, ਨਾਗਰਿਕਾਂ ਦੀ ਛਾਣਬੀਣ ਕਰਨ ਲਈ ਅੰਗੂਠੇ ਦੀ ਛਾਪ ਜ਼ਰੂਰੀ ਹੈ | ਜੇਕਰ ਵਧੀ ਹੋਈ ਉਮਰ ਦੇ ਕਾਰਨ ਜਾਂ ਫਿਰ ਮਿਹਨਤ ਮੁਸ਼ੱਕਤ ਕਰਨ ਦੇ ਕਾਰਨ ਮਸ਼ੀਨ ਤੇ ਸਾਡੇ ਅੰਗੂਠੇ ਦੀ ਛਾਪ ਨਹੀਂ ਆਉਂਦੀ ਤਾਂ ਕੰਮ ਅਧੂਰਾ ਰਹਿ ਜਾਂਦਾ ਹੈ | ਲਗਦਾ ਹੈ ਸਾਨੂੰ ਸਾਰੇ ਪੜ੍ਹੇ-ਲਿਖੇ 'ਅੰਗੂਠਾ ਛਾਪਾਂ' ਨੂੰ ਪੜ੍ਹਾਈ ਦੇ ਨਾਲ-ਨਾਲ ਆਪਣਿਆਂ ਅੰਗੂਠਿਆਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਮਸ਼ੀਨ ਤੇ ਇਨ੍ਹਾਂ ਦੀ ਛਾਪ ਸਹੀ ਆ ਸਕੇ |

-46 ਕਰਤਾਰਪੁਰ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.

ਪਾਲੀਵੁੱਡ ਝਰੋਖਾ ਸਿਰਮੌਰ ਪੰਜਾਬੀ ਨਾਇਕਾ : ਸ਼ਿਆਮਾ

ਸ਼ਿਆਮਾ ਬਾਰੇ ਇਹ ਮਸ਼ਹੂਰ ਸੀ ਕਿ ਜਿਸ ਤਰ੍ਹਾਂ ਹਿੰਦੀ ਫ਼ਿਲਮਾਂ 'ਚ ਸ਼ੰਮੀ ਕਪੂਰ ਫ਼ਿਲਮੀ ਗੀਤਾਂ ਨੂੰ ਪਰਦੇ 'ਤੇ ਜੀਵਤ ਕਰ ਸਕਦਾ ਹੈ, ਉਸੇ ਹੀ ਤਰ੍ਹਾਂ ਸ਼ਿਆਮਾ ਵੀ ਸੰਗੀਤ ਜਾਂ ਗੀਤ ਦੀ ਪ੍ਰਵਿਰਤੀ ਦੇ ਅਨੁਸਾਰ ਅਦਾਕਾਰੀ ਕਰ ਸਕਦੀ ਸੀ | ਇਸ ਸਬੰਧ 'ਚ ਉਸ ਦੀਆਂ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਦੇ ਗੀਤ ਇਸ ਦਿ੍ਸ਼ਟੀਕੋਣ ਦੀ ਪ੍ਰੋੜਤਾ ਕਰਦੇ ਹਨ | 'ਆਰ ਪਾਰ', 'ਭਾਬੀ' ਅਤੇ 'ਬਰਸਾਤ ਕੀ ਰਾਤ' ਵਰਗੀਆਂ ਕਲਾਸੀਕਲ ਫ਼ਿਲਮਾਂ ਨੂੰ ਸਦੀਵੀ ਸੰਗੀਤਕ ਰੂਪ ਦੇਣ ਵਿਚ ਸ਼ਿਆਮਾ ਦਾ ਬਹੁਤ ਵੱਡਾ ਯੋਗਦਾਨ ਸੀ |
ਸ਼ਿਆਮਾ ਦਾ ਅਸਲੀ ਨਾਂਅ ਖ਼ੁਰਸ਼ੀਦ ਅਖ਼ਤਰ ਸੀ | ਉਸ ਦਾ ਜਨਮ 7 ਜੂਨ, 1935 ਨੂੰ ਲਾਹੌਰ 'ਚ ਹੋਇਆ ਸੀ | ਸ਼ਿਆਮਾ ਵਾਲਾ ਨਾਂਅ ਉਸ ਨੂੰ ਨਿਰਦੇਸ਼ਕ ਵਿਜੈ ਭੱਟ ਨੇ ਦਿੱਤਾ ਸੀ | ਲਾਹੌਰ ਤੋਂ ਹੀ ਸ਼ਿਆਮਾ ਨੇ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ ਸੀ | ਇਸ ਦਿ੍ਸ਼ਟੀਕੋਣ ਤੋਂ ਹੀ ਉਸ ਨੇ ਆਪਣਾ ਨਾਤਾ ਪੰਜਾਬੀ ਫ਼ਿਲਮਾਂ ਦੇ ਨਾਲ ਵੀ ਜੋੜਿਆ ਸੀ | ਇਸ ਸਬੰਧ 'ਚ ਉਸ ਦੀਆਂ ਦੋ ਫ਼ਿਲਮਾਂ 'ਕੌਡੇ ਸ਼ਾਹ', 'ਪੋਸਤੀ' ਸਦਾ ਹੀ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਦਰਜ ਰਹਿਣਗੀਆਂ |
ਜਦੋਂ ਸ਼ਿਆਮਾ ਨੇ ਪੰਜਾਬੀ ਸਿਨੇਮਾ ਦੇ ਖ਼ੇਤਰ 'ਚ ਪ੍ਰਵੇਸ਼ ਕੀਤਾ ਸੀ ਤਾਂ ਉਸ ਸਮੇਂ ਨੂਰਜਹਾਂ ਵੀ ਰਜਤਪਟ 'ਤੇ ਦਸਤਕ ਦੇ ਰਹੀ ਸੀ | ਦੋਵਾਂ ਨੇ ਹੀ ਪੰਜਾਬੀ ਸਿਨੇਮਾ ਤੋਂ ਜਲਦੀ ਕਿਨਾਰਾ ਕਰ ਕੇ ਉਰਦੂ-ਹਿੰਦੀ ਫ਼ਿਲਮਾਂ ਦਾ ਪੱਲਾ ਫੜ ਲਿਆ ਸੀ | ਲਿਹਾਜ਼ਾ, ਸ਼ਿਆਮਾ ਵੀ ਲਾਹੌਰ ਤੋਂ ਮੰੁਬਈ ਆ ਗਈ ਸੀ | ਪੰਜਾਬੀ ਫ਼ਿਲਮਾਂ 'ਚ ਉਸ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਬਣੀਆਂ ਕਿਰਤਾਂ 'ਚ ਹੀ ਭਾਗ ਲਿਆ ਸੀ | ਕਿਉਂਕਿ ਉਸ ਸਮੇਂ ਭਾਰਤੀ ਸਿਨੇਮਾ ਦਾ ਵਿਸਤਾਰ ਹੋ ਰਿਹਾ ਸੀ | ਇਸ ਲਈ ਸ਼ਿਆਮਾ ਨੇ ਪ੍ਰਾਂਤਿਕ ਸਿਨੇਮਾ ਤੋਂ ਬਾਅਦ ਰਾਸ਼ਟਰੀ ਸਿਨੇਮਾ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਨੇ 200 ਦੇ ਕਰੀਬ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਸੀ |
ਭਾਵੇਂ ਸ਼ਿਆਮਾ ਨੇ ਪੰਜਾਬੀ ਸਿਨੇਮਾ ਨਾਲ ਬਹੁਤਾ ਜਾਂ ਨਿਰੰਤਰ ਸੰਪਰਕ ਨਹੀਂ ਰੱਖਿਆ ਸੀ ਪਰ ਉਸ ਨੇ ਪਾਲੀਵੁੱਡ ਦੀਆਂ ਨਾਇਕਾਵਾਂ ਲਈ ਇਕ ਮਾਰਗ-ਦਰਸ਼ਕ ਦਾ ਕੰਮ ਕੀਤਾ ਸੀ | ਜਿਸ ਵੇਲੇ ਉਸ ਨੇ ਪੰਜਾਬੀ ਫ਼ਿਲਮਾਂ ਲਈ ਨਾਇਕਾ ਬਣਨਾ ਸਵੀਕਾਰ ਕੀਤਾ, ਉਸ ਵੇਲੇ ਬਹੁਤ ਘੱਟ ਅਭਿਨੇਤਰੀਆਂ ਇਸ ਪ੍ਰਾਂਤਿਕ ਸਿਨੇਮਾ ਲਈ ਪ੍ਰਤੀਬੱਧ ਸਨ |
ਇਕ ਦੂਜੀ ਪ੍ਰਾਪਤੀ ਸ਼ਿਆਮਾ ਦੀ ਇਹ ਵੀ ਰਹੀ ਕਿ ਉਸ ਨੇ ਰੁਮਾਂਟਿਕ ਕਾਮੇਡੀ ਨੂੰ ਲੱਚਰਪੁਣੇ ਤੋਂ ਦੂਰ ਰੱਖਿਆ | ਸ਼ਿਆਮਾ ਨੇ 'ਪੋਸਤੀ' ਵਿਚਲੇ ਗਾਣੇ ਇਸ ਲਹਿਜ਼ੇ 'ਚ ਪੇਸ਼ ਕੀਤੇ ਕਿ ਦਰਸ਼ਕ ਹਰ ਆਉਣ ਵਾਲੀ ਫ਼ਿਲਮ 'ਚੋਂ ਉਸ ਦਾ ਅਕਸ ਲੱਭਣ ਲੱਗ ਪਏ ਸਨ |
ਸ਼ਿਆਮਾ ਦਾ ਪੰਜਾਬੀ ਸਿਨੇਮਾ ਤੋਂ ਦੂਰ ਜਾਣਾ ਇਕ ਵਪਾਰਕ ਮਜਬੂਰੀ ਜ਼ਰੂਰ ਹੋ ਸਕਦਾ ਹੈ ਪਰ ਉਹ ਪੰਜਾਬ ਤੋਂ ਕਦੇ ਵੀ ਦੂਰ ਨਹੀਂ ਸੀ ਹੋਈ | ਨਿਰਮਾਤਾ-ਨਿਰਦੇਸ਼ਕ ਜੁਗਲ ਕਿਸ਼ੋਰ ਅਕਸਰ ਆਪਣੀਆਂ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ਜਾਂ ਹਿਮਾਚਲ ਆ ਕੇ ਕਰਦਾ ਹੁੰਦਾ ਸੀ | ਸ਼ਿਆਮਾ ਉਚੇਚੇ ਤੌਰ 'ਤੇ ਆਪਣੇ ਲਈ ਉਸ ਕੋਲ ਕਿਸੇ ਰੋਲ ਦੀ ਮੰਗ ਕਰਨ ਜਾਂਦੀ ਹੁੰਦੀ ਸੀ ਤਾਂ ਕਿ ਉਹ ਇਸੇ ਬਹਾਨੇ ਪੰਜਾਬ ਆ ਸਕੇ |
ਆਪਣੀਆਂ ਭੂਮਿਕਾਵਾਂ ਦੀ ਤਰ੍ਹਾਂ ਸ਼ਿਆਮਾ ਨਿੱਜੀ ਜੀਵਨ 'ਚ ਵੀ ਬਹੁਤ ਹੀ ਬਿੰਦਾਸ ਸੀ | ਉਸ ਨੇ ਇਕ ਪਾਰਸੀ (ਫਾਲੀ ਮਿਸਤਰੀ) ਨਾਲ ਸ਼ਾਦੀ ਕੀਤੀ ਸੀ | ਬੇਸ਼ੱਕ ਉਸ ਦੀ ਆਪਣੀ ਹੀ ਬਿਰਾਦਰੀ ਦਿਆਂ ਲੋਕਾਂ ਨੇ ਇਸ ਸ਼ਾਦੀ ਦੀ ਵਿਰੋਧਤਾ ਕੀਤੀ ਸੀ ਪਰ ਸ਼ਿਆਮਾ ਨੇ ਉਦੋਂ ਵੀ ਕਿਹਾ ਸੀ ਕਿ 'ਮੈਂ ਸਿਰਫ਼ ਇਨਸਾਨੀਅਤ 'ਚ ਵਿਸ਼ਵਾਸ ਰੱਖਦੀ ਹਾਂ, ਧਾਰਮਿਕ ਬੰਧਨ ਮੈਨੂੰ ਸਵੀਕਾਰ ਨਹੀਂ |'
ਸ਼ਿਆਮਾ ਨੇ ਆਪਣੇ ਫਲੈਟ 'ਚ ਆਪਣੇ ਦੋ ਪੁੱਤਰਾਂ ਨਾਲ ਰਿਟਾਇਰਡ ਜੀਵਨ ਸਫਲਤਾਪੂਰਵਕ ਬਤੀਤ ਕੀਤਾ ਸੀ | ਉਸ ਦੀ ਇਕ ਬੇਟੀ ਵੀ ਹੈ ਜੋ ਕਿ ਇੰਗਲੈਂਡ ਵਿਆਹੀ ਹੋਈ ਹੈ |
ਕੁਝ ਸਮਾਂ ਪਹਿਲਾਂ ਆਪਣੇ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਦੀਆਂ ਕੁਝ ਚਰਚਿਤ ਨਾਇਕਾਵਾਂ ਸ਼ਿਆਮਾ ਦੇ 80ਵੇਂ ਜਨਮ ਦਿਨ 'ਤੇ ਇਕੱਠੀਆਂ ਹੋਈਆਂ ਸਨ | ਇਨ੍ਹਾਂ 'ਚੋਂ ਜ਼ਬੀਨ ਅਤੇ ਨਿਸ਼ੀ ਦੇ ਨਾਂਅ ਵਿਸ਼ੇਸ਼ ਤੌਰ 'ਤੇ ਲਏ ਜਾ ਸਕਦੇ ਹਨ | ਵੈਸੇ ਤਾਂ ਉਸ ਪਾਰਟੀ 'ਚ ਬੇਗ਼ਮ ਪਾਰਾ, ਅਜ਼ਰਾ ਅਤੇ ਸ਼ਕੀਲਾ ਵਰਗੀਆਂ ਪੁਰਾਣੀਆਂ ਅਦਾਕਾਰਾ ਵੀ ਮੌਜੂਦ ਸਨ ਪਰ ਜਿਸ ਤਰ੍ਹਾਂ ਉਸ ਪਾਰਟੀ 'ਚ ਸ਼ਿਆਮਾ ਨੇ ਆਪਣੀਆਂ ਪੰਜਾਬਣ ਸਹੇਲੀਆਂ ਨਾਲ ਗਿੱਧਾ ਪਾਇਆ ਉਹ ਇਸ ਗੱਲ ਦਾ ਸੂਚਕ ਸੀ ਕਿ ਸ਼ਿਆਮਾ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਸੀ | ਲਿਹਾਜ਼ਾ, ਇਸ ਗਿੱਧੇ 'ਚ ਇਹ ਗੀਤ ਵੀ ਸ਼ਾਮਿਲ ਸਨ:
ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ...
(ਕੌਡੇ ਸ਼ਾਹ)
ਦੁਪੱਟਾ ਪਤਲਾ ਗੰਢੇ ਦੀ ਛਿੱਲ ਵਰਗਾ...
(ਪੋਸਤੀ)
ਬਹੁਮੁਖੀ ਪ੍ਰਤਿਭਾ ਵਾਲੀ ਇਸ ਸ਼ਿਆਮਾ ਦਾ ਨਵੰਬਰ 2017 ਵਿਚ ਦਿਹਾਂਤ ਹੋ ਗਿਆ ਸੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਜਦੋਂ ਇਤਿਹਾਸ 'ਚੋਂ 11 ਦਿਨ ਗਵਾਚੇ

ਅਸੀਂ ਸਭ ਸਾਲ ਦਾ ਕਲੰਡਰ ਖ਼ਰੀਦਣ ਵਿਚ ਬੜਾ ਹੀ ਉਤਸ਼ਾਹ ਦਿਖਾਉਂਦੇ ਹਾਂ¢ ਖ਼ਰੀਦਣ ਤੋਂ ਬਾਅਦ ਪਹਿਲਾ ਕੰਮ ਹੁੰਦਾ ਹੈ ਉਸਨੂੰ ਚੰਗੀ ਤਰ੍ਹਾਂ ਨਾਲ ਦੇਖਣਾ ਜਿਸ ਵਿਚ ਅਸੀਂ ਤਿਉਹਾਰ, ਮਹੀਨੇ ਅਤੇ ਉਸ ਮਹੀਨੇ ਵਿਚ ਕਿਹੜੀ ਤਰੀਕ ਨੂੰ ਕਿਹੜਾ ਤਿਉਹਾਰ ਜਾਂ ਕੀ ਕੁਝ ਖ਼ਾਸ ਹੈ, ਦੇਖਣਾ ਕਦੇ ਨਹੀਂ ਭੁੱਲਦੇ¢ ਇਸ ਤੋਂ ਇਲਾਵਾ ਉਹ ਖ਼ਾਸ ਦਿਨ ਜਦੋਂ ਸਾਡਾ ਜਨਮ ਦਿਨ ਹੁੰਦਾ ਹੈ, ਅਸੀਂ ਬੜੇ ਹੀ ਚਾਵਾਂ ਨਾਲ ਯਾਦ ਰੱਖਦੇ ਹਾਂ¢ ਹੁਣ ਸੋਚੋ ਜੇਕਰ ਤੁਹਾਨੂੰ ਕਿਸੇ ਖਾਸ ਸਾਲ ਦੇ ਕਲੰਡਰ ਵਿਚ ਕਈ ਦਿਨ ਦਿਖਾਈ ਹੀ ਨਾ ਦੇਣ ਤਾਂ ਤੁਹਾਡਾ ਉਸ ਬਾਰੇ ਕੀ ਵਿਵਹਾਰ ਹੋਵੇਗਾ? ਇਸ ਗੱਲ ਨੂੰ ਸੁਣ ਕੇ ਸਾਹਮਣੇ ਵਾਲੇ ਨੂੰ ਪਾਗਲ ਜਾਂ ਕਲੰਡਰ ਪਿ੍ੰਟ ਕਰਨ ਵਾਲੇ ਨੂੰ ਪਿ੍ੰਟਿੰਗ ਵਿਚ ਗ਼ਲਤੀ ਜਾਂ ਇਥੋਂ ਤੱਕ ਕਿ ਮੂਰਖ ਵੀ ਸਮਝੋਗੇ¢ ਤੁਸੀਂ ਸ਼ਾਇਦ ਪਹਿਲਾਂ ਵਿਸ਼ਵਾਸ ਹੀ ਨਾ ਕਰੋ, ਕਿਉਂਕਿ ਇਹੋ ਜਿਹਾ ਅਸੰਭਵ ਹੀ ਜਾਪਦਾ ਹੈ ਪਰੰਤੂ ਇਹ ਬਿਲਕੁੱਲ ਸੱਚ ਹੈ¢ ਜੇਕਰ ਅਸੀਂ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਕੁਝ ਇਹੋ ਜਿਹਾ ਹੀ ਦੇਖਣ ਨੂੰ ਮਿਲਦਾ ਹੈਂ¢ ਜਿਵੇਂ ਸਾਨੂੰ ਪਤਾ ਹੈ ਕਿ ਸਤੰਬਰ ਮਹੀਨੇ ਵਿਚ 30 ਦਿਨ ਹੁੰਦੇ ਹਨ | ਜੇਕਰ ਕਿਹਾ ਜਾਵੇ ਕਿ ਇਸ ਸਾਲ 30 ਦਿਨਾਂ ਵਿਚੋਂ 11 ਦਿਨ ਘਟਾ ਦਿੱਤੇ ਗਏ ਹਨ ਤਾਂ ਸ਼ਾਇਦ ਅਸੀਂ ਹੈਰਾਨ ਹੋ ਜਾਵਾਂਗੇ , ਪਰੰਤੂ ਇਹ ਸੱਚ ਹੈ¢ ਜੇਕਰ ਅਸੀਂ ਸਤੰਬਰ 1752 ਦਾ ਇਤਿਹਾਸ ਪੜ੍ਹੀਏ ਤਾਂ ਅਸੀਂ ਦੇਖਾਂਗੇ ਕਿ ਇਸ ਸਾਲ ਦੇ ਕਲੰਡਰ ਵਿਚ 2 ਤਰੀਕ ਤੋਂ ਬਾਦ 14 ਤਰੀਕ ਦਿਖਾਈ ਦੇਵੇਗੀ ਭਾਵ ਕਿ ਕਲੰਡਰ ਵਿਚ ਇਹ ਦਿਨ ਗਾਇਬ ਹਨ¢ ਇਸਦਾ ਇਹ ਅਰਥ ਨਹੀਂ ਕਿ ਕਲੰਡਰ ਗ਼ਲਤ ਪਿ੍ੰਟ ਹੋ ਗਿਆ ਜਾਂ ਇਹ ਕਲੰਡਰ ਗ਼ਲਤ ਛਪ ਗਿਆ, ਬਲਕਿ ਇਹ ਇਕ ਤੱਥ ਹੈ, ਇਹ ਕੋਈ ਗ਼ਲਤੀ ਨਾ ਹੋ ਕੇ ਰੌਚਕ ਇਤਿਹਾਸ ਹੈ | ਦਰਅਸਲ ਸਤੰਬਰ 1752 ਤੋਂ ਪਹਿਲਾਂ ਇੰਗਲੈਂਡ ਵਿਚ ਤਰੀਕਾਂ ਨੂੰ ਨਿਰਧਾਰਿਤ ਕਰਨ ਲਈ ਰੋਮਨ ਜੂਲੀਅਨ ਕਲੰਡਰ (Roman •ulian 3alendar) ਦਾ ਪ੍ਰਚਲਣ ਸੀ¢ ਰੋਮਨ ਜੂਲੀਅਨ ਕਲੰਡਰ ਰੋਮਨ ਲੋਕਾਂ ਰਾਹੀਂ ਬਣਾਇਆ ਗਿਆ ਕਲੰਡਰ ਸੀ, ਜੋ ਕਈ ਸਾਲਾਂ ਤੱਕ ਯੂਰਪ ਅਤੇ ਰੋਮਨ ਰਾਜਾਂ ਅਧੀਨ ਆਉਣ ਵਾਲੇ ਦੇਸ਼ਾਂ ਦੇ ਸਮੇਂ ਦੀ ਗਣਨਾ ਦਾ ਜ਼ਰੀਆ ਬਣਿਆ ਰਿਹਾ¢ ਬਾਅਦ ਵਿਚ ਇਸ ਤੋਂ ਵੀ ਜ਼ਿਆਦਾ ਪ੍ਰਮਾਣਿਕ ਕਲੰਡਰ ਹੋਂਦ ਵਿਚ ਆਇਆ ਜਿਸਨੂੰ ਗਰੈਗੋਰੀਅਨ ਕਲੰਡਰ (7regorian calendar) ਦੇ ਨਾਮ ਨਾਲ ਜਾਣਿਆ ਗਿਆ¢ ਸੰਨ 1752 ਦਾ ਸਤੰਬਰ ਉਹ ਮਹੀਨਾ ਸੀ ਜਦੋਂ ਬਿ੍ਟੇਨ ਦੇ ਰਾਜੇ ਨੇ ਜੂਲੀਅਨ ਕਲੰਡਰ ਤੋਂ ਗਰੈਗੋਰੀਅਨ ਕਲੰਡਰ ਵਿਚ ਸ਼ਿਫਟ ਕੀਤਾ¢ ਹੁਣ ਕਿਉਂਕਿ ਰੋਮਨ ਜੂਲੀਅਨ ਦਾ ਉਹ ਸਾਲ ਗਰੈਗੋਰੀਅਨ ਕਲੰਡਰ ਤੋਂ 11 ਦਿਨ ਲੰਬਾ ਸੀ¢ ਇਸ ਲਈ ਇੰਗਲੈਂਡ ਦੇ ਰਾਜੇ ਨੇ ਸਤੰਬਰ 1752 ਕਲੰਡਰ ਤੋਂ 11 ਦਿਨ ਘੱਟ ਕਰਨ ਦੇ ਆਦੇਸ਼ ਦੇ ਦਿੱਤੇ ਜਿਸ ਸਦਕਾ ਇਸ ਮਹੀਨੇ ਕਰਮਚਾਰੀਆਂ ਦੇ ਮਜ਼ੇ ਆ ਗਏ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ 11 ਦਿਨ ਘੱਟ ਕੰਮ ਕੀਤਾ ਪਰੰਤੂ ਉਨ੍ਹਾਂ ਨੂੰ ਇਨ੍ਹਾਂ 11 ਦਿਨਾਂ ਦੀ ਤਨਖ਼ਾਹ ਵੀ ਪ੍ਰਾਪਤ ਹੋਈ | ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਇਨ੍ਹਾਂ 11 ਦਿਨਾਂ ਵਿਚ ਨਾ ਹੀ ਕੋਈ ਪੈਦਾ ਹੋਇਆ ਅਤੇ ਨਾ ਹੀ ਕੋਈ ਮਰਿਆ¢
ਪਰੰਤੂ ਕਈ ਲਾਭਾਂ ਦੇ ਬਾਵਜੂਦ ਕਈ ਲੋਕਾਂ ਨੂੰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ¢ ਕੁਝ ਦਿਨਾਂ ਬਾਅਦ ਵੱਡੀ ਸਮੱਸਿਆ ਆ ਖਲੋਤੀ¢ ਦਰਅਸਲ, ਰੋਮਨ ਕਲੰਡਰ ਅਨੁਸਾਰ ਨਵਾਂ ਸਾਲ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਸੀ ਹੁਣ ਕਿਉਂਕਿ ਗਰੈਗੋਰੀਅਨ ਕਲੰਡਰ ਲਾਗੂ ਕੀਤਾ ਗਿਆ ਸੀ, ਜਿਸ ਅਨੁਸਾਰ ਨਵਾਂ ਸਾਲ ਜਨਵਰੀ ਮਹੀਨੇ ਤੋਂ ਸ਼ੁਰੂ ਹੁੰਦਾ ਸੀ¢ ਹੁਣ ਲੋਕਾਂ ਸਾਹਮਣੇ ਇਹ ਇਕ ਵੱਡੀ ਸਮੱਸਿਆ ਸੀ¢ ਉਨ੍ਹਾਂ ਨੇ ਜਿੱਥੇ ਇਸ ਕਲੰਡਰ ਨੂੰ ਆਪਣਾ ਤਾਂ ਲਿਆ ਪਰੰਤੂ ਉਨ੍ਹਾਂ ਨੇ ਨਵਾਂ ਸਾਲ 1 ਅਪ੍ਰੈਲ ਨੂੰ ਹੀ ਮੰਨਿਆ¢ ਇਸ ਘਟਨਾ ਦਾ ਜਦੋਂ ਰਾਜੇ ਨੂੰ ਪਤਾ ਲੱਗਿਆ ਤਾਂ ਉਸ ਲਈ ਇਹ ਇਕ ਹੋਰ ਵੱਡੀ ਸਮੱਸਿਆ ਆ ਖਲੋਤੀ¢ ਰਾਜੇ ਦੇ ਸਮਝਾਉਣ ਤੇ ਜਦੋਂ ਲੋਕ ਨਹੀਂ ਮੰਨੇ ਤਾਂ ਇਸ ਸੱਮਸਿਆ ਤੋਂ ਬਾਹਰ ਨਿਕਲਣ ਲਈ ਰਾਜਾ ਨੇ ਇਹ ਘੋਸ਼ਣਾ ਕੀਤੀ ਕਿ ਜੋ ਲੋਕ 1 ਅਪ੍ਰੈਲ ਨੂੰ ਨਵਾਂ ਸਾਲ ਮੰਨਣਗੇ ਉਨ੍ਹਾਂ ਲੋਕਾਂ ਨੂੰ ਮੂਰਖਾਂ ਵਜੋਂ ਜਾਣਿਆ ਜਾਵੇਗਾ¢ ਸਿੱਟੇ ਵਜੋਂ 1 ਅਪ੍ਰੈਲ ਇਕ ਇਤਿਹਾਸਕ ਦਿਨ ਬਣ ਗਿਆ, ਜਿਸ ਬਾਰੇ ਅਸੀਂ ਸਾਰੇ ਹੀ ਜਾਣੂ ਹਾਂ ਕਿ ਅੱਜ ਵੀ 1 ਅਪ੍ਰੈਲ ਨੂੰ 'ਮੂਰਖ ਦਿਵਸ' ਦੇ ਦਿਨ ਵਜੋਂ ਮੰਨਿਆ ਜਾਂਦਾ ਹੈ¢ ਗਰੈਗੋਰੀਅਨ ਕਲੰਡਰ ਦੇ ਹੋਂਦ ਵਿਚ ਆਉਣ ਦੇ ਕਈ ਸਾਲਾਂ ਬਾਅਦ ਵੱਖ-ਵੱਖ ਦੇਸ਼ਾਂ ਦੁਆਰਾ ਇਸ ਨੂੰ ਅਪਣਾਇਆ ਗਿਆ¢ ਵਰਤਮਾਨ ਸਮੇਂ ਵਿਚ ਇਹ ਕਲੰਡਰ ਹੀ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ¢ ਵਿਸ਼ਵ ਦੇ ਜਿਸ ਦੇਸ਼ ਵਲੋਂ ਇਸ ਕਲੰਡਰ ਨੂੰ ਸਭ ਨਾਲੋਂ ਬਾਅਦ, ਅਪਣਾਇਆ ਗਿਆ, ਉਹ ਤੁਰਕੀ ਸੀ ਜਿਸ ਨੇ ਇਸ ਨੂੰ 1 ਜਨਵਰੀ 1927 ਈ: ਤੋਂ ਅਪਣਾਇਆ¢ ਇਕ ਤੱਥ ਜੋ ਬਾਕੀ ਬਚਿਆ ਹੈ, ਉਹ ਇਹ ਹੈ ਕਿ ਇਨ੍ਹਾਂ ਦੋਵੇਂ ਕਲੰਡਰਾਂ ਵਿਚੋਂ ਪ੍ਰਮਾਣਿਕ ਕਲੰਡਰ ਕਿਹੜਾ ਹੈ, ਰੋਮਨ ਜੂਲੀਅਨ ਕਲੰਡਰ ਜਾਂ ਗਰੈਗੋਰੀਅਨ ਕਲੰਡਰ? ਤਾਂ ਦੱਸ ਦੇਈਏ ਕਿ ਕਲੰਡਰ ਦੀ ਪ੍ਰਮਾਣਿਕਤਾ, ਧਰਤੀ ਦੁਆਰਾ ਸੂਰਜ ਦੇ ਚੱਕਰ ਲਗਾਉਣ ਦੇ ਸਮੇਂ ਦੇ ਸੰਬੰਧ ਵਿਚ ਨਿਸ਼ਚਿਤ ਕੀਤੀ ਜਾਂਦੀ ਹੈ¢ ਸੋ, ਰੋਮਨ ਜੂਲੀਅਨ ਕਲੰਡਰ ਧਰਤੀ ਦੁਆਰਾ ਸੂਰਜ ਦੇ ਦੁਆਲੇ ਚੱਕਰ ਲਗਾਉਣ ਦੀ ਠੀਕ ਗਣਨਾ ਕਰਨ ਦੇ ਅਸਮਰੱਥ ਹੈ ਜੋ ਲੀਪ ਸਾਲ ਦੀ ਸਹੀ ਵਿਆਖਿਆ ਨਹੀਂ ਕਰਦਾ ਜਦਕਿ ਗਰੈਗੋਰੀਅਨ ਕਲੰਡਰ ਲੀਪ ਸਾਲ ਦੀ ਵਿਆਖਿਆ ਇਸ ਨਾਲੋਂ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ¢ ਅੰਤ ਇਤਿਹਾਸ ਵਿਚੋਂ ਗ਼ਾਇਬ ਇਹ 11 ਦਿਨ ਗ਼ਾਇਬ ਹੀ ਰਹੇ¢ 

-ਮੋਬਾਈਲ : 62396-00623.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX