ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  1 day ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂਆਂ ਦੀ ਸੁਚੱਜੀ ਕਾਸ਼ਤ

ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਖੁਰਾਕੀ ਫ਼ਸਲ ਹੈ। ਪੰਜਾਬ ਵਿਚ ਤਕਰੀਬਨ 1 ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ। ਆਲੂ ਇਕ ਠੰਢੇ ਮੌਸਮ ਦੀ ਫ਼ਸਲ ਹੈ। ਆਲੂ ਦੀ ਫ਼ਸਲ ਉਸ ਮੌਕੇ ਪੈਦਾ ਕੀਤੀ ਜਾਂਦੀ ਹੈ, ਜਦੋਂ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਹੋਵੇ ਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ। ਦਿਨ ਨੂੰ ਧੁੱਪ ਤੇ ਰਾਤਾਂ ਠੰਢੀਆਂ ਫ਼ਸਲ ਲਈ ਚੰਗੀਆਂ ਹਨ। ਜਿਥੇ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਆਲੂਆਂ ਦੇ ਬੂਟਿਆਂ ਨੂੰ ਆਲੂ ਨਹੀਂ ਪੈਂਦੇ। ਇਸ ਫ਼ਸਲ ਨੂੰ ਕੋਰਾ ਤੇ ਠੰਢ ਵੀ ਨੁਕਸਾਨ ਕਰਦੀ ਹੈ। ਪੰਜਾਬ ਵਿਚ ਆਲੂ ਦੀ ਅਗੇਤੀ, ਆਮ ਮੌਸਮੀ ਤੇ ਬਹਾਰ ਰੁੱਤ ਦੀ ਫ਼ਸਲ ਲਈ ਜਾਂਦੀ ਹੈ। ਅਗੇਤੀ ਫ਼ਸਲ ਜਿਹੜੀ ਸਤੰਬਰ ਵਿਚ ਬੀਜੀ ਜਾਂਦੀ ਹੈ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਫ਼ਸਲ, ਜਿਹੜੀ ਅਕਤੂਬਰ ਵਿਚ ਬੀਜੀ ਜਾਂਦੀ ਹੈ, ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਨਹੀਂਂ ਕਰਨਾ ਪੈਂਦਾ, ਪਰ ਇਹਨੂੰ ਕੋਰੇ ਦੇ ਨੁਕਸਾਨ ਦਾ ਡਰ ਰਹਿੰਦਾ ਹੈ।
ਜ਼ਮੀਨ ਦੀ ਚੋਣ ਅਤੇ ਤਿਆਰੀ : ਆਲੂ ਦੀ ਕਾਸ਼ਤ ਭਾਵੇਂ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ, ਪ੍ਰੰਤੂ ਚੰਗੇ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁਕਵੀਂ ਹੈ। ਜ਼ਮੀਨ ਦੀ ਪੀ.ਐਚ 5.5 ਤੋਂ 8.0 ਤੱਕ ਹੋਣੀ ਚਾਹੀਦੀ ਹੈ। ਜ਼ਮੀਨ ਦੇ ਹੇਠਾਂ ਕੋਈ ਸਖਤ ਮਿੱਟੀ ਦੀ ਤਹਿ ਨਹੀਂਂ ਹੋਣੀ ਚਾਹੀਦੀ। ਭਾਰੀਆਂ ਜ਼ਮੀਨਾਂ ਵਿਚ ਆਲੂਆਂ ਦੀ ਸ਼ਕਲ ਬੇਢਵੀ ਹੋ ਸਕਦੀ ਹੈੈ।
ਸਮੁੱਚੇ ਤੌਰ 'ਤੇ ਵਹਾਈ ਜ਼ਮੀਨ ਦੀ ਕਿਸਮ 'ਤੇ ਨਿਰਭਰ ਕਰੇਗੀ। ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਓ। ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਘੱਟ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ। ਆਲੂ ਦੀ ਫ਼ਸਲ ਆਮ ਤੌਰ 'ਤੇ ਝੋਨੇ, ਮੱਕੀ ਆਦਿ ਤੋਂ ਬਾਅਦ ਬੀਜੀ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਕੋਈ ਫਲੀਆਂ ਵਾਲੀ ਫ਼ਸਲ ਜਾਂ ਹਰੀ ਖਾਦ ਇਸ ਤੋਂ ਪਹਿਲਾਂ ਆ ਜਾਵੇ। 20 ਕਿਲੋ ਸਣ ਜਾਂ ਜੰਤਰ ਜੂਨ ਦੇ ਅਖੀਰ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਬੀਜੋ। ਜਦ ਇਹ ਫ਼ਸਲ 7-8 ਹਫ਼ਤੇ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ ਤਾਂ ਕਿ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਚੰਗੀ ਤਰ੍ਹਾਂ ਗਲ-ਸੜ ਜਾਵੇ। ਹਰੀ ਖਾਦ ਜ਼ਮੀਨ ਉਲਟਾਵੇ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਧਾਰਨ ਹਲ ਨਾਲ ਵਾਹੋ।
ਬੀਜ ਦੀ ਮਾਤਰਾ, ਗੁਣਵਤਾ ਅਤੇ ਸੁਧਾਈ : ਆਲੂ ਦੀ ਕਾਸ਼ਤ ਵਿਚ ਤਕਰੀਬਨ 50 ਫ਼ੀਸਦੀ ਖਰਚਾ ਆਲੂ ਦੇ ਬੀਜ 'ਤੇ ਆ ਜਾਂਦਾ ਹੈ, ਇਸ ਲਈ ਇਸ ਦੇ ਬੀਜ ਦੀ ਕੁਆਲਟੀ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੀਜ ਸਹੀ ਕਿਸਮ ਦਾ ਹੋਵੇ, ਬਿਮਾਰੀ ਤੋਂ ਰਹਿਤ ਹੋਵੇ ਤੇ ਅਪਣੀ ਉਮਰ ਤੋਂ ਵੱਡਾ ਨਾ ਹੋਵੇ। ਰਸ ਚੂਸਣ ਵਾਲੇ ਕੀੜੇ ਵਿਸ਼ਾਣੂ ਰੋਗ ਫੈਲਾਉਂਦੇ ਹਨ ਤੇ ਇਹ ਕੀੜੇ ਪੱਤਿਆਂ ਤੋਂ ਰਸ ਚੂਸਦੇ ਹਨ ਤੇ ਇਥੋ ਇਹ ਰੋਗ ਆਲੂ ਵਿਚ ਚਲਿਆ ਜਾਂਦਾ ਹੈ। ਜੇਕਰ ਅਸੀਂ ਬਿਮਾਰੀ ਵਾਲੇ ਆਲੂ ਵਰਤਦੇ ਹਾਂ ਤਾਂ ਬੀਮਾਰ ਬੂਟੇ ਉਗਦੇ ਹਨ। ਚੰਗਾ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਬੀਜ ਸਿਹਤਮੰਦ ਹੋਵੇ। ਆਲੂਆਂ ਦਾ ਝਾੜ ਕੁਝ ਸਾਲਾਂ ਬਾਅਦ ਘੱਟ ਜਾਂਦਾ ਹੈ ਇਸ ਕਰਕੇ ਇਸ ਦਾ ਬੀਜ 2-3 ਸਾਲ ਬਾਅਦ ਬਦਲ ਲੈਣਾ ਚਾਹੀਦਾ ਹੈ। ਬੀਜ ਕੋਲਡ ਸਟੋਰ ਵਿਚ ਬਿਜਾਈ ਤੋਂ ਤਕਰੀਬਨ 10 ਦਿਨ ਪਹਿਲਾਂ ਬਾਹਰ ਕੱਢ ਲੈਣਾ ਚਾਹੀਦਾ ਹੈ। ਦਵਾਈ ਲਾ ਕੇ ਬੀਜ ਨੂੰ ਸੁਕਾ ਲਵੋ ਤੇ ਕਿਸੇ ਠੰਢੀ ਛਾਂ ਵਾਲੀ ਥਾਂ ਵਿਚ ਖਿਲਾਰ ਦਿਓ ਤੇ ਇਸ ਨੂੰ ਪੁੰਗਰਨ ਦਿਓ। ਇਸ ਤਰ੍ਹਾਂ ਆਲੂਆਂ ਦੇ ਨਰੋਆ ਫੁਟਾਰ ਆ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ। ਬੀਜ ਵਾਲੇ ਆਲੂਆਂ ਦਾ ਵਾਰ-ਵਾਰ ਨਿਰੀਖਣ ਕਰਨਾ ਚਾਹੀਦਾ ਹੈ ਗਲੇ-ਸੜੇ ਆਲੂ ਨੂੰ ਕੱਢ ਕੇ ਬਾਹਰ ਕਿਸੇ ਡੂੰਘੀ ਥਾਂ ਟੋਆ ਪੁੱਟ ਕੇ ਦੱਬ ਦੇਣਾ ਚਾਹੀਦਾ ਹੈ। 40-50 ਗਰਾਮ ਭਾਰ ਦੇ ਆਲੂ 12-18 ਕੁਇੰਟਲ/ ਏਕੜ ਵਰਤਣੇ ਚਾਹੀਦੇ ਹਨ।
ਬਿਜਾਈ ਦਾ ਸਮਾਂ ਅਤੇ ਢੰਗ : ਪੰਜਾਬ ਦੇ ਉਤਰੀ ਜ਼ਿਲ੍ਹਿਆਂ ਵਿਚ ਆਲੂਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਅਕਤੂਬਰ ਦਾ ਮਹੀਨਾ ਹੈ। ਅਗੇਤੀ ਫ਼ਸਲ ਲੈਣ ਲਈ, ਬਿਜਾਈ ਸਤੰਬਰ ਦੇ ਅਖੀਰ ਵਿਚ ਵੀ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਢੁਕਵਾਂ ਹੈ। ਸਤੰਬਰ ਵਿਚ ਬਿਜਾਈ ਕਰਨ ਵੇਲੇ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਬਹਾਰ ਰੁੱਤ ਦੀ ਫ਼ਸਲ ਦੀ ਬਿਜਾਈ ਵੇਲੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿਤੇ ਉਗ ਰਹੇ ਬੂਟਿਆਂ ਨੂੰ ਕੋਰਾ ਨੁਕਸਾਨ ਨਾ ਕਰ ਜਾਵੇ, ਕਿਉਂਕਿ ਕੋਰਾ ਆਮ ਤੌਰ 'ਤੇ ਜਨਵਰੀ ਵਿਚ ਪੈਂਦਾ ਹੈ। (ਚਲਦਾ)


-ਮੋਬਾਈਲ : 82838-1424


ਖ਼ਬਰ ਸ਼ੇਅਰ ਕਰੋ

ਅਲਸੀ ਦੀ ਕਾਸ਼ਤ ਦੇ ਤਕਨੀਕੀ ਢੰਗ

ਅਲਸੀ ਭਾਰਤ ਦੀ ਮਹੱਤਵਪੂੁਰਨ ਤੇਲ ਬੀਜ ਫ਼ਸਲ ਹੈ। ਪੰਜਾਬ ਵਿਚ ਅਲਸੀ ਦੀ ਕਾਸ਼ਤ ਮੁੱਖ ਤੌਰ 'ਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲਿਆਂ ਵਿਚ ਕੀਤੀ ਜਾਂਦੀ ਹੈ। ਇਸ ਦੀ ਪੈਦਾਵਾਰ ਬੀਜ ਅਤੇ ਰੇਸ਼ੇ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਰੇਸ਼ਿਆਂ ਤੋਂ ਲਿਨੇਨ ਨਾਂਅ ਦਾ ਕੱਪੜਾ ਬਣਦਾ ਹੈ । ਇਸ ਦੇ ਪੌਦੇ ਦਾ ਹਰ ਇਕ ਭਾਗ ਸਿੱਧੇ ਜਾਂ ਅਸਿੱਧੇ ਤੌਰ 'ਤੇ ਵਪਾਰ ਕਰਨ ਲਈ ਵਰਤਿਆ ਜਾਂਦਾ ਹੈ। ਕਿਸਮ ਅਨੁਸਾਰ ਇਸ ਦੇ ਬੀਜਾਂ ਵਿਚ 33-47 ਫ਼ੀਸਦੀ ਤੇਲ ਹੁੰਦਾ ਹੈ। ਇਸਦੇ ਤੇਲ ਵਿਚ 50-60 ਫ਼ੀਸਦੀ ਲਿਨੋਲੇਨਿਕ ਐਸਿਡ ਪਾਇਆ ਜਾਂਦਾ ਹੈ, ਜੋ ਕਲੈਸਟਰੋਲ ਅਤੇ ਖੂਨ ਦਾ ਦਬਾਅ ਘਟਾਉਣ ਵਿਚ ਸਹਾਇਕ ਹੈ, ਨਾਲ ਹੀ ਦਿਲ ਦੀਆਂ ਬਿਮਾਰੀਆਂ, ਸ਼ੂੂੂਗਰ ਤੇ ਜੋੜਾਂ ਦੇ ਦਰਦਾਂ ਵਰਗੀਆਂ ਬਿਮਾਰੀਆਂ ਤੋਂ ਬਚਾਉਦਾਂ ਹੈ। ਇਸਦੀ ਵਰਤੋਂ ਪਸ਼ੂਆਂ ਦੀ ਖੁਰਾਕ,ਪੇਂਟ, ਸਾਬਣ ਤੇ ਇੰਕ ਬਣਾਉਣ ਲਈ ਕੀਤੀ ਜਾਂਦੀ ਹੈ।
ਮੌਸਮ ਤੇ ਜ਼ਮੀਨ
ਅਲਸੀ ਠੰਢੇ ਮੌਸਮ ਦੀ ਫ਼ਸਲ ਹੈ। ਇਹ ਫ਼ਸਲ ਜ਼ਿਆਦਾ ਮੀਂਹ ਵਾਲੇ ਇਲਾਕਿਆਂ ਵਿਚ ਚੰਗੀ ਹੁੰਦੀ ਹੈ। ਇਸ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਤੇ ਚੀਕਣੀ ਜ਼ਮੀਨ ਢੁੱਕਵੀਂ ਹੈ। ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੇ ਹੇਠਾਂ ਦਿੱਤੇ ਢੰਗ ਅਪਣਾ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ।
ਉੱਨਤ ਕਿਸਮਾਂ ਬੀਜੋ
ਐਲ ਸੀ 2063:ਇਹ ਕਿਸਮ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ। ਇਹ ਕਿਸਮ ਪੱਕਣ ਲਈ 158 ਦਿਨ ਲੈਂਦੀ ਹੈ। ਇਸ ਦੇ ਦੇ ਬੀਜਾਂ ਵਿਚ 38.4 ਪ੍ਰਤੀਸ਼ਤ ਤੇਲ ਦੀ ਮਾਤਰਾ ਹੈ। ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ।
ਐਲ ਸੀ 2023 : ਇਹ ਕਿਸਮ ਬਰਾਨੀ ਅਤੇ ਸੇਂਜੂ ਹਾਲਤਾਂ ਲਈ ਸ਼ਿਫਾਰਸ਼ ਕੀਤੀ ਗਈ ਹੈ। ਇਹ ਕਿਸਮ ਲੰਮੀ, ਨੀਲੇ ਫੁੱਲ ਅਤੇ ਵਧੇਰੇ ਘੁੰਡਰਾਂ ਵਾਲੀ ਹੈ । ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੇ ਬੀਜ ਵਿਚ ਤੇਲ ਦੀ ਮਾਤਰਾ 37.4 ਪ੍ਰਤੀਸ਼ਤ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ 158 ਦਿਨ ਬਰਾਨੀ ਹਾਲਤਾਂ ਵਿਚ ਅਤੇ ਸੇਂਜੂ ਹਾਲਤਾਂ ਵਿਚ 163 ਦਿਨ ਲੈਂਦੀ ਹੈ । ਇਹ ਕਿਸਮ ਵੀ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ ।
ਬਿਜਾਈ ਸਮੇਂ ਸਿਰ ਤੇ ਸੁਧਰੇ ਢੰਗ ਨਾਲ਼ ਕਰੋ : ਅਲਸੀ ਦੀ ਬਿਜਾਈ ਅਕਤੂਬਰ ਵਿਚ ਕਰੋ। ਬਿਜਾਈ 23 ਸੈਂਟੀਮੀਟਰ ਵਿੱਥ ਵਾਲੇ ਸਿਆੜਾਂ ਵਿਚ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਇਕ ਏਕੜ ਲਈ 15 ਕਿੱਲੋ ਬੀਜ ਕਾਫੀ ਹੈ। ਅਲਸੀ ਦੀ ਬਿਜਾਈ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ।
ਖਾਦਾਂ ਦੀ ਸੁਚੱਜੀ ਵਰਤੋਂ ਤੇ ਨਦੀਨਾਂ ਦੀ ਰੋਕਥਾਮ ਜ਼ਰੂਰ ਕਰੋ : 55 ਕਿਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਫ਼ਾਸਫ਼ੋਰਸ ਤੱਤ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਰਾਹੀਂ ਪਾਉਣ ਨੂੰ ਤਰਜੀਹ ਦਿਓ। ਅਲਸੀ ਦੀ ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਗੋਡੀ, ਬਿਜਾਈ ਤੋਂ ਛੇ ਹਫ਼ਤੇ ਮਗਰੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ ।
ਸਿੰਚਾਈ ਲੋੜ ਅਨੁਸਾਰ ਕਰੋ : ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ 3 ਤੋਂ 4 ਪਾਣੀ ਕਾਫੀ ਹਨ। ਅਲਸੀ ਨੂੰ ਫੁੱਲ ਨਿੱਕਲਣ ਸਮੇਂ ਇਕ ਪਾਣੀ ਦੇਣਾ ਜ਼ਰੂਰੀ ਹੈ ।
ਬਿਮਾਰੀਆਂ ਤੋਂ ਸੁਰੱਖਿਆ
1. ਕੁੰਗੀ : ਗੁਲਾਬੀ ਰੰਗ ਦੇ ਧੱਬੇ ਅਤੇ ਧਾਰੀਆਂ ਪੱਤਿਆਂ, ਟਾਹਣੀਆਂ ਅਤੇ ਫਲੀਆਂ ਉੱਤੇ ਪੈ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ (ਐਲ ਸੀ 2023 ਅਤੇ ਐਲ ਸੀ 2063) ਬੀਜੋ। ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ।
2. ਉਖੇੜਾ: ਛੋਟੀ ਉਮਰ ਦੀ ਫ਼ਸਲ 'ਤੇ ਹਮਲਾ ਹੋਣ 'ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐਲ ਸੀ 2023 ਅਤੇ ਐਲ ਸੀ 2063 ਬੀਜੋ।
3. ਚਿੱਟਾ ਰੋਗ: ਪੱਤਿਆਂ ਉੱਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਅਤੇ ਫੁੱਲ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ੍ਹ ਜਾਂਦੇ ਹਨ ਅਤੇ ਬੀਜ ਸੁੱਕੜ ਜਾਂਦੇ ਹਨ।
ਸਾਲ 2015-16, 2016-2017 ਤੇ 2017-2018 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 25 ਏਕੜ 'ਤੇ ਅਲਸੀ ਦੀ ਕਿਸਮ ਐਲ ਸੀ 2063 ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਕਿਸਮ ਦਾ ਸਾਲ 2015-16, 2016-2017 ਤੇ 2017-2018 ਵਿਚ ਔਸਤਨ ਝਾੜ 4.8, 4.8 ਤੇ 4.2 ਕੁਇੰਟਲ ਪ੍ਰਤੀ ਏਕੜ ਰਿਹਾ। ਇਸ ਲਈ ਕਿਸਾਨਾਂ ਨੂੰ ਵਧੇਰੇ ਝਾੜ ਤੇ ਆਮਦਨ ਪ੍ਰਾਪਤ ਕਰਨ ਲਈ ਅਲਸੀ ਦੀ ਕਾਸ਼ਤ ਤਕਨੀਕੀ ਢੰਗਾਂ ਨਾਲ ਕਰਨੀ ਚਾਹੀਦੀ ਹੈ।


-ਪੀ ਏ ਯੂ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਪਰਾਲੀ ਦੀ ਸਾਂਭ-ਸੰਭਾਲ ਲਈ ਵਿਦੇਸ਼ੀ ਬੇਲਰ ਹੋਵੇਗਾ ਵਰਦਾਨ ਸਾਬਤ

ਝੋਨੇ ਅਤੇ ਕਣਕ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਵਿਦੇਸ਼ੀ ਤਕਨੀਕ ਮਸ਼ੀਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ ਜੋ ਕਿ ਕਿਸਾਨਾਂ ਲਈ ਕਾਰਗਰ ਸਿੱਧ ਹੋਵੇਗੀ। ਗਰੀਨ ਟ੍ਰਿਬਿਊਨਲ ਵਲੋਂ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦੇਣ ਉਪਰੰਤ ਭਾਰਤ ਅਤੇ ਸੂਬਾ ਸਰਕਾਰਾਂ ਵਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਨਾ ਸਾੜਿਆ ਜਾਵੇ। ਪ੍ਰੰਤੂ ਮਣਾਂ ਮੂਹੀਂ ਪਰਾਲੀ ਦੀ ਸਾਂਭ-ਸੰਭਾਲ ਕਰਨ ਤੋਂ ਬੇਵੱਸ ਕਿਸਾਨਾਂ ਵਲੋਂ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾ ਕੇ ਸੜਿਆ ਜਾਂਦਾ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਦੀਆਂ ਦਲੀਲਾਂ ਵੀ ਕਿਸਾਨਾਂ ਦੇ ਇਸ ਲਈ ਰਾਸ ਨਹੀਂ ਆ ਰਹੀਆਂ ਕਿ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਲਈ ਫਾਲਤੂ ਵੱਡਾ ਖਰਚਾ ਝੱਲਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਪਰਾਲੀ ਦੀਆਂ ਛੋਟੀਆਂ ਗੱਠਾਂ ਬਣਾਉਣ ਲਈ ਆਈ ਮਸ਼ੀਨ ਵੀ ਬਹੁਤੀ ਲਾਹੇਵੰਦ ਨਹੀਂ ਰਹੀ, ਕਿਉਂਕਿ ਇਨ੍ਹਾਂ ਗੱਠਾਂ ਦੀ ਸਾਂਭ-ਸੰਭਾਲ ਕਰਨ ਲਈ ਛੋਟੇ ਕਿਸਾਨਾਂ ਕੋਲ ਜਗ੍ਹਾ ਦੀ ਵੱਡੀ ਸਮੱਸਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਰਾਜਵਾਲਾ ਦੇ ਅਗਾਂਹ ਵਧੂ ਕਿਸਾਨ ਗੁਰਸ਼ਰਨ ਸਿੰਘ ਸਮਾਜੀ ਨੇ ਦੱਸਿਆ ਕਿ ਉਸ ਨੇ ਇਟਲੀ ਦੀ ਤਕਨੀਕ ਨਾਲ ਬਣੀ ਵਿਦੇਸ਼ੀ ਮਸ਼ੀਨ ਲਿਆਂਦੀ ਹੈ। ਪੂਰੇ ਪੰਜਾਬ ਵਿਚ ਆਈਆਂ ਅਜਿਹੀਆਂ ਅੱਠ ਮਸ਼ੀਨਾਂ ਵਿਚੋਂ ਇਹ ਇਕ ਮਸ਼ੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਉਨ੍ਹਾਂ ਪਾਸ ਆਈ ਹੈ। ਇਹ ਮਸ਼ੀਨ ਪਰਾਲੀ ਦਾ ਵੱਡਾ ਰੋਲ ਬਣਾ ਦਿੰਦੀ ਹੈ। ਇਹ ਮਸ਼ੀਨ ਇਕ ਏਕੜ ਵਿਚ ਤਿੰਨ ਜਾਂ ਚਾਰ ਵੱਡੇ ਚਾਰ ਤੋਂ ਪੰਜ ਕੁਇੰਟਲ ਵਜ਼ਨੀ ਰੋਲ ਬਣਾਏਗੀ ਅਤੇ ਅਜਿਹੇ ਰੋਲ ਕਿਸਾਨ ਸਟੋਰ ਵੀ ਅਸਾਨੀ ਨਾਲ ਕਰ ਸਕੇਗਾ। ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗ ਵੀ ਨਹੀਂ ਲਾਏਗਾ। ਇਸ ਦੀ ਦਿਨ ਵਿਚ 40 ਤੋਂ 50 ਏਕੜ ਰਕਬੇ ਵਿਚੋਂ ਪਰਾਲੀ ਦੇ ਰੋਲ ਬਣਾਉਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਉਸ ਵਲੋਂ ਪਰਾਲੀ ਨੂੰ ਇਕੱਠਾ ਕਰਨ ਅਤੇ ਢੋਆ-ਢੁਆਈ ਲਈ ਆਪਣੇ ਪੱਧਰ 'ਤੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਖ਼ਪਤ ਬਾਇਓ ਪਲਾਂਟਾਂ ਵਿਚ ਅਸਾਨੀ ਨਾਲ ਕੀਤੀ ਜਾ ਸਕਦੀ ਹੈ।


-ਪੱਤਰ ਪ੍ਰੇਰਕ ਲੰਬੀ, ਮੋਬਾ :9417343152

ਵਧੇਰੇ ਆਮਦਨ ਲਈ ਕਣਕ ਦੀਆਂ ਸਫ਼ਲ ਕਿਸਮਾਂ ਦੀ ਕਾਸ਼ਤ ਕਰੋ

ਕਣਕ ਪੰਜਾਬ ਵਿਚ ਹਾੜ੍ਹੀ ਦੀ ਹੀ ਨਹੀਂ ਅਨਾਜ ਦੀ ਵੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਪਿਛਲੇ ਸਾਲ 35.20 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ। ਅਜੇ ਸਾਉਣੀ ਦੇ ਝੋਨੇ, ਬਾਸਮਤੀ ਅਤੇ ਨਰਮੇ ਦੀਆਂ ਫ਼ਸਲਾਂ ਦੀ ਵਾਢੀ, ਸਾਂਭ-ਸੰਭਾਲ ਤੇ ਵੱਟਤ ਕਿਸਾਨ ਕਰ ਰਹੇ ਹਨ। ਜਦੋਂ ਕਿ ਕੁਝ ਨਵੀਆਂ ਕਿਸਮਾਂ ਦੀ ਬਿਜਾਈ 10 ਕੁ ਦਿਨਾਂ ਵਿਚ ਸ਼ੁਰੂ ਹੋ ਜਾਣੀ ਹੈ। ਕਿਸਾਨਾਂ ਦੀ ਉਤਸੁਕਤਾ ਅਜਿਹੀਆਂ ਕਿਸਮਾਂ ਬੀਜਣ ਦੀ ਹੈ, ਜੋ ਵੱਧ ਤੋਂ ਵੱਧ ਝਾੜ ਦੇਣ। ਕਣਕ ਦੀ ਸਰਕਾਰੀ ਖਰੀਦ ਹੋਣ ਕਾਰਨ ਹਰ ਕਿਸਮ ਦੀ ਫ਼ਸਲ ਦਾ ਕਿਸਾਨਾਂ ਨੂੰ ਲਗਭਗ ਇੱਕੋ ਭਾਅ ਮਿਲਦਾ ਹੈ, ਜਿਸ ਦਾ ਨਿਰਣਾ ਕੇਂਦਰ ਸਰਕਾਰ ਵਲੋਂ ਐਮ. ਐਸ. ਪੀ. ਦੇ ਮੁਕਰਰ ਕੀਤੇ ਜਾਣ ਨਾਲ ਹੁੰਦਾ ਹੈ। ਪਿਛਲੀ ਸ਼ਤਾਬਦੀ ਦੇ 5ਵੇਂ ਦਹਾਕੇ ਦੌਰਾਨ ਕਣਕ ਦਾ ਪ੍ਰਤੀ ਹੈਕਟੇਅਰ ਝਾੜ 10 ਕੁਇੰਟਲ ਤੋਂ ਵੀ ਥੱਲੇ ਸੀ। ਜਦੋਂ ਸੰਨ 1954 ਵਿਚ ਪ੍ਰੋ: (ਡਾ:) ਐਮ. ਐਸ. ਸਵਾਮੀਨਾਥਨ ਵਲੋਂ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੀ ਖੋਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜੋ ਖਾਦਾਂ ਦੀ ਵਰਤੋਂ ਨਾਲ ਵਧੇਰੇ ਝਾੜ ਦੇਣ ਅਤੇ ਡਿਗਣ ਨਾ। ਫੇਰ ਜਦੋਂ ਡਾ: ਨੋਰਮਨ ਈ-ਬਰਲੋਗ ਨੇ ਭਾਰਤ ਦੀ ਫੇਰੀ ਪਾ ਕੇ ਸੰਨ 1963 ਵਿਚ ਕਣਕ ਦੀਆਂ ਤਿੰਨ ਕਿਸਮਾਂ ਲਰਮਾ ਰੋਜ਼ੋ, ਸਨੌਰਾ 64 ਅਤੇ ਮਾਇਊ 64 ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਨੂੰ ਮੁਹੱਈਆ ਕੀਤੀਆਂ ਅਤੇ ਸਵਰਗੀ ਡਾ. ਅਮਰੀਕ ਸਿੰਘ ਚੀਮਾ ਨੇ ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ ਦੇ ਕਿਸਾਨਾਂ ਨੂੰ ਉਪਲੱਬਧ ਕੀਤਾ, ਇਸ ਨਾਲ ਕਣਕ ਦਾ ਇਨਕਲਾਬ ਸ਼ੁਰੂ ਹੋਇਆ, ਜੋ ਬਾਅਦ ਵਿਚ ਸੰਨ 1967 'ਚ ਸਬਜ਼ ਇਨਕਲਾਬ ਕਹਿਲਾਇਆ। ਇਸ ਤੋਂ ਬਾਅਦ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਾਸ ਸ਼ੁਰੂ ਹੋਇਆ।
ਵਧੇਰੇ ਝਾੜ ਲੈਣ ਲਈ ਸਭ ਤੋਂ ਵੱਧ ਕਣਕ ਦੀ ਯੋਗ ਕਿਸਮ ਚੁਣੇ ਜਾਣ ਦਾ ਯੋਗਦਾਨ ਹੈ। ਜਿਸ ਨੂੰ ਜ਼ਮੀਨ ਅਤੇ ਵਾਤਾਵਰਨ ਅਨੁਸਾਰ ਚੁਣਿਆ ਜਾਣਾ ਚਾਹੀਦਾ ਹੈ। ਇਸ ਨੂੰ ਮੁੱਖ ਰੱਖ ਕੇ ਪੰਜਾਬ ਦੇ ਕਿਸਾਨਾਂ 'ਚ ਉਤਸੁਕਤਾ ਵਧੇਰੇ ਐਚ. ਡੀ. 3226 ਅਤੇ ਡੀ. ਬੀ. ਡਬਲਿਊ. 187 ਕਿਸਮਾਂ ਦੀ ਕਾਸ਼ਤ ਕਰਨ ਦੀ ਹੈ। ਐਚ. ਡੀ. 3226 ਕਿਸਮ ਦਾ ਸੰਭਾਵਕ ਝਾੜ ਜੇ ਖੇਤ ਦਾ ਸਾਰਾ ਕੁਝ ਆਦਰਸ਼ਕ ਹੋਵੇ 31.8 ਕੁਇੰਟਲ ਤੱਕ ਹੈ। ਪ੍ਰੰਤੂ ਵਧੇਰੇ ਲਾਭ ਦੀ ਪ੍ਰਾਪਤੀ ਲਈ ਇਸ ਨੂੰ 25 ਅਕਤੂਬਰ ਤੋਂ 5 ਨਵਬੰਰ ਦੇ ਦਰਮਿਆਨ ਬੀਜਿਆ ਜਾਣਾ ਚਾਹੀਦਾ ਹੈ ਅਤੇ ਨਾਈਟਰੋਜਨ ਦੀ ਪੂਰੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਇਹ ਕਿਸਮ 142 ਦਿਨ 'ਚ ਪੱਕ ਕੇ ਪੂਰਾ ਝਾੜ ਦਿੰਦੀ ਹੈ। ਇਹ ਕਿਸਮ ਸਰਬ-ਭਾਰਤੀ ਫ਼ਸਲਾਂ ਅਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕੇਂਦਰ ਦੀ ਸਬ ਕਮੇਟੀ ਵਲੋਂ ਪੰਜਾਬ ਤੇ ਹਰਿਆਣਾ ਵਿਚ ਕਾਸ਼ਤ ਕਰਨ ਲਈ ਜਾਰੀ ਕਰ ਕੇ ਨੋਟੀਫਾਈ ਕਰ ਦਿੱਤੀ ਗਈ ਹੈ। ਡੀ. ਬੀ. ਡਬਲਿਊ. 187 ਕਿਸਮ ਦੀਆਂ ਅਜ਼ਮਾਇਸ਼ਾਂ ਉਪਰੰਤ ਆਲ ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਪਹਿਚਾਣ ਕਰ ਲਈ ਗਈ ਹੈ। ਇਸ ਦੀ ਪੂਰੀ ਉਤਪਾਦਕਤਾ ਹਾਸਲ ਕਰਨ ਲਈ ਇਸ ਨੂੰ ਅਕਤੂਬਰ ਦੇ ਆਖਰੀ ਹਫ਼ਤੇ 'ਚ ਬੀਜਣਾ ਚਾਹੀਦਾ ਹੈ ਅਤੇ ਕੀਮਿਆਈ ਖਾਦ ਦੀ ਯੂਰੀਆ ਸਣੇ ਵੱਧ ਤੋਂ ਵੱਧ ਖੁਰਾਕ ਦੇ ਦੇਣੀ ਚਾਹੀਦੀ ਹੈ। ਇਸ ਕਿਸਮ ਦਾ ਪੂਰਾ ਝਾੜ ਲੈਣ ਲਈ ਵੀ ਲੀਹੋਸੀਨ ਤੇ ਫੋਲੀਕੋਰ ਦੇ 2 ਛਿੜਕਾਅ ਸਿਫਾਰਸ਼ ਕੀਤੇ ਗਏ ਹਨ। ਇਹ ਦੋਵੇਂ ਕਿਸਮਾਂ ਸਿੰਜਾਈ ਵਾਲੇ ਇਲਾਕਿਆਂ 'ਚ ਕਾਸ਼ਤ ਕਰਨ ਲਈ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਅਜ਼ਮਾਇਸ਼ਾਂ ਦੇ ਆਧਾਰ ਤੇ ਐਚ. ਡੀ. ਸੀ. ਐਸ. ਡਬਲਿਊ. 18 ਕਿਸਮ ਦੀ ਸਿਫਾਰਸ਼ ਹੈ, ਜੋ ਉੱਚੀ ਉਤਪਾਦਕਤਾ ਦਿੰਦੀ ਹੈ। ਇਹ ਕਿਸਮ ਜ਼ੀਰੋ -ਟਿਲ ਤਕਨਾਲੋਜੀ ਹੈਪੀ ਸੀਡਰ ਨਾਲ ਬੀਜਣ ਲਈ ਬੜੀ ਅਨੁਕੂਲ ਹੈ। ਇਸ ਦੀ ਲੰਬਾਈ ਥੋੜ੍ਹੀ ਜਿਹੀ ਜ਼ਿਆਦਾ ਹੈ ਪ੍ਰੰਤੂ ਇਸ 'ਤੇ ਵੀ 2 ਲਿਹੋਸੀਨ ਦੇ ਛਿੜਕਾਅ ਕਰ ਕੇ ਇਸ ਨੂੰ ਢਹਿਣ ਤੋਂ ਬਚਾਅ ਕੇ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨਾਂ ਵਲੋਂ ਕੀਤੀਆਂ ਗਈਆਂ ਅਜਮਾਇਸ਼ਾਂ ਦੇ ਆਧਾਰ ਤੇ ਇਕ ਨਵੀਂ ਕਿਸਮ ਡੀ. ਬੀ. ਡਬਲਿਊ. 173 ਵੀ ਹੈ, ਜੋ ਆਈ. ਸੀ. ਏ. ਆਰ. -ਭਾਰਤੀ ਕਣਕ ਤੇ ਜੌਂਆਂ ਦੀ ਖੋਜ ਸੰਸਥਾਨ ਵਲੋਂ ਵਿਕਸਿਤ ਕੀਤੀ ਗਈ ਹੈ। ਭਾਵੇਂ ਇਹ ਕਿਸਮ ਪਛੇਤੀ ਬਿਜਾਈ ਲਈ ਸਰਬ ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਵਲੋਂ ਸਿਫ਼ਾਰਸ਼ ਕੀਤੀ ਗਈ ਹੈ, ਪ੍ਰੰਤੂ ਕਿਸਾਨਾਂ ਵਲੋਂ ਕੀਤੀਆਂ ਗਈਆਂ ਅਤੇ ਸੰਸਥਾਨ ਵਲੋਂ ਕਰਵਾਈਆਂ ਗਈਆਂ ਹਾਲੀਆ ਅਜਮਾਇਸ਼ਾਂ ਦੇ ਆਧਾਰ 'ਤੇ ਡਾ. ਗਿਆਨਇੰਦਰ ਪ੍ਰਤਾਪ ਸਿੰਘ ਡਾਇਰੈਕਟਰ ਆਈ. ਸੀ. ਏ. ਆਰ.- ਆਈ. ਆਈ. ਡਬਲਿਊ. ਬੀ. ਆਰ. ਅਨੁਸਾਰ ਇਹ ਸਮੇਂ ਸਿਰ ਬਿਜਾਈ ਲਈ ਵੀ ਅਨੁਕੂਲ ਹੈ ਜਦੋਂ ਇਹ ਪੂਰਾ ਝਾੜ ਦੇਣ ਦੀ ਸੰਭਾਵਕਤਾ ਰੱਖਦੀ ਹੈ। ਪੰਜਾਬ ਤੇ ਹਰਿਆਣਾ ਵਿਚ ਪਿਛਲੇ ਸਾਲ ਸਭ ਤੋਂ ਵੱਧ ਰਕਬੇ 'ਤੇ ਕਾਸ਼ਤ ਕੀਤੀਆਂ ਗਈਆਂ ਤਰਤੀਬਵਾਰ ਐਚ. ਡੀ. 3086 ਤੇ ਐਚ. ਡੀ. 2967 ਕਿਸਮਾਂ ਹਨ। ਇਹ ਕਿਸਮਾਂ ਅਜੇ ਵੀ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਦੀ ਪਸੰਦ ਹਨ, ਜੋ ਉਪਰੋਕਤ ਨਵੀਆਂ ਕਿਸਮਾਂ ਦੇ ਬੀਜ ਦੀ ਉਪਲੱਬਧਤਾ ਕੇਵਲ ਸੀਮਾਂਤਕ ਹੋਣ ਕਾਰਨ ਇਸ ਸਾਲ ਵੀ ਵਿਸ਼ਾਲ ਰਕਬੇ 'ਤੇ ਕਾਸ਼ਤ ਕੀਤੀਆਂ ਜਾਣਗੀਆਂ। ਡੀ. ਬੀ. ਡਬਲਿਊ. 222 (ਕਰਣ ਨਰਿੰਦਰਾ) ਕਿਸਮ ਵੀ ਆਈ. ਸੀ. ਏ. ਆਰ.-ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਕੀਤੀ ਗਈ ਹੈ, ਜਿਸ ਦੀ ਪਹਿਚਾਣ ਆਲ -ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਕਰ ਲਈ ਗਈ ਹੈ। ਡਾ. ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਹ ਕਿਸਮ ਹੁਣ ਜਾਰੀ ਤੇ ਨੋਟੀਫਾਈ ਕਰਨ ਲਈ ਬਣੀ ਕੇਂਦਰ ਦੀ ਸਰਬ - ਭਾਰਤੀ ਫ਼ਸਲਾਂ ਦੀ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਕੋਲ ਜਾਰੀ ਕਰਨ ਵਜੋਂ ਵਿਚਾਰ ਕਰਨ ਲਈ ਜਾਵੇਗੀ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਣਕ ਦੀ ਕਿਸਮ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਿਸਮ ਦਾ ਝਾੜ ਅਜਮਾਇਸ਼ਾਂ ਵਿਚ 19.20 ਕੁਇੰਟਲ ਪ੍ਰਤੀ ਏਕੜ ਆਇਆ ਹੈ। ਸਮੇਂ ਸਿਰ ਕਾਸ਼ਤ ਕਰਨ ਲਈ ਉੱਨਤ ਪੀ. ਬੀ. ਡਬਲਿਊ. 343 (ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ), ਉੱਨਤ ਪੀ. ਬੀ. ਡਬਲਿਊ. 550 ਕਿਸਮ (ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ) ਅਤੇ ਬਾਇਓ ਫੋਰਟੀਫਾਈਡ ਪੀ. ਬੀ. ਡਬਲਿਊ. ਜ਼ੈੱਡ. ਐਨ. 1 ਕਿਸਮ (ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ) ਵੀ ਸਮੇਂ ਸਿਰ ਬਿਜਾਈ ਲਈ ਪੰਜਾਬ ਵਿਚ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਗੇਤੀ ਬਿਜਾਈ ਲਈ ਪੀ. ਬੀ. ਡਬਲਿਊ. 725 ਕਿਸਮ ਸਿਫ਼ਾਰਸ਼ ਕੀਤੀ ਗਈ ਹੈ। ਜਿਸ ਦਾ ਔਸਤਨ ਝਾੜ 22 ਕੁਇੰਟਲ 90 ਕਿਲੋਗ੍ਰਾਮ ਪ੍ਰਤੀ ਏਕੜ ਹੈ।
ਕਣਕ ਦੀ ਕਾਸ਼ਤ ਭਾਰਤ ਵਿਚ 29.14 ਮਿਲੀਅਨ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਜਿਸ ਵਿਚੋਂ 3.5 ਮਿਲੀਅਨ ਹੈਕਟੇਅਰ ਰਕਬਾ ਪੰਜਾਬ ਵਿਚ ਇਸ ਫ਼ਸਲ ਦੀ ਕਾਸ਼ਤ ਥੱਲੇ ਹੈ। ਪ੍ਰੰਤੂ ਪੰਜਾਬ ਦਾ ਕੇਂਦਰ ਕਣਕ ਭੰਡਾਰ 'ਚ ਯੋਗਦਾਨ ਉੱਤਰ ਪ੍ਰਦੇਸ਼ ਨੂੰ ਛੱਡ ਕੇ ਪਿਛਲੇ ਸਾਲ ਸਭ ਰਾਜਾਂ ਨਾਲੋਂ ਵੱਧ ਰਿਹਾ ਹੈ। ਉੱਤਰ ਪ੍ਰਦੇਸ਼ 'ਚ ਕਾਸ਼ਤ ਅਧੀਨ ਰਕਬਾ 98.37 ਲੱਖ ਹੈਕਟੇਅਰ ਹੈ, ਜੋ ਪੰਜਾਬ ਤੋਂ ਤਿੰਨ ਗੁਣਾ ਦੇ ਨੇੜੇ ਹੈ।


-ਮੋਬਾਈਲ : 98152-36307

ਮਿੱਠੂ ਤੇਰੀ ਟੌਹਰ ਆ

ਆਮ ਹੀ ਸੁਣਦੇ ਹਾਂ ਕਿ ਪੰਜਾਬ ਵਿਚ ਪੰਛੀ ਘਟ ਗਏ ਹਨ, ਰੁੱਖ ਘਟ ਗਏ ਹਨ, ਜੇ ਇਕ ਬਾਬੇ ਨੇ ਕਹਿ 'ਤਾ, ਬਸ ਸਾਰੇ ਮਗਰ ਲੱਗ ਜਾਂਦੇ ਹਨ। ਇਥੋਂ ਤੱਕ ਕਿ ਪੱਤਰਕਾਰ ਵੀ। ਕੋਈ ਬੰਦਾ ਬਾਹਰ ਖੇਤਾਂ 'ਚ ਜਾ ਕੇ ਨਹੀਂ ਵੇਖਦਾ ਕਿ ਹਾਲਾਤ ਕੀ ਹਨ। ਸਭ ਸੁਣੀਆਂ-ਸੁਣਾਈਆਂ ਅਫ਼ਵਾਹਾਂ ਹੀ ਅੱਗੇ ਵਧਾਈ ਜਾਂਦੇ ਹਨ। ਖਾਸ ਕਰ ਸ਼ਹਿਰਾਂ 'ਚ ਵਸਦੇ ਲੋਕ। ਉਹ ਭਲੇ ਮਾਣਸੋ ਬਾਹਰ ਨਿਕਲ ਕੇ ਵੇਖੋ। ਚਿੱਟੇ ਬਗਲੇ ਐਨੇ ਹੋ ਗਏ ਹਨ ਕਿ ਧਰਤੀ ਦੇ ਮਿੱਤਰ ਡੱਡੂ ਖ਼ਤਮ ਕਰੀ ਜਾ ਰਹੇ ਹਨ। ਤੋਤੇ ਐਨੇ ਹੋ ਗਏ ਹਨ ਕਿ ਤੋਰੀਆ ਤੇ ਮੱਕੀ ਬਚਾਉਣੀ ਮੁਸ਼ਕਿਲ ਹੋ ਗਈ ਹੈ। ਤਿੱਤਰ, ਚਿੜੀ, ਕਾਂ, ਕਬੂਤਰ, ਘੁੱਗੀ, ਸ਼ਾਰਕ ਆਦਿ ਦੀ ਗਿਣਤੀ ਵੀ ਵਧ ਗਈ ਹੈ। ਸੱਪ ਵੀ ਵੱਡੀ ਗਿਣਤੀ 'ਚ ਹੋ ਗਏ ਹਨ। ਇਹ ਸਭ ਰੱਬ ਦੇ ਜੀਅ ਹਨ। ਇਨ੍ਹਾਂ ਦਾ ਬਚਣਾ ਵੀ ਜ਼ਰੂਰੀ ਹੈ ਪਰ ਕਿਸਾਨ ਵਿਚਾਰਾ ਵੀ ਕੀ ਕਰੇ। ਸਾਡੇ ਵਿਗਿਆਨੀਆਂ ਨੂੰ ਇਸ ਦਿਨ-ਬਦਿਨ ਵਧ ਰਹੀ ਸਮੱਸਿਆ ਦਾ ਵੀ ਕੋਈ ਹੱਲ ਲੱਭਣਾ ਪਵੇਗਾ।

ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਾਨਦਾਰ ਬੀਜ ਦੀ ਚੋਣ:ਘਰੇਲੂ ਬਗੀਚੀ ਵਿਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਓ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ, ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਓ ਅਤੇ ਚੁਣੇ ਹੋਏ ਬੀਜਾਂ ਵਿਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।
ਬੀਜ ਸੰਸਕਾਰ:ਘਰੇਲੂ ਬਗੀਚੀ ਵਿਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ ਕੱਚੇ ਦੁੱਧ ਵਿਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿੰਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਓ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਵੇਂ ਸੁਕਾ ਕੇ ਬਿਜਾਈ ਕਰ ਦਿਓ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ।
ਘਰੇਲੂ ਬਗੀਚੀ ਵਿਚ ਹੇਠ ਦਿੱਤੀਆਂ ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ: ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ਼, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ, ਛੋਲੇ, ਮੇਥੀ, ਆਲੂ, ਲਸਣ, ਪਿਆਜ਼, ਸੌਂਫ, ਹਾਲੌਂ, ਅਲਸੀ, ਸਰ੍ਹੋਂ, ਮਸਰ ਆਦਿ।
ਬਿਜਾਈ ਦਾ ਢੰਗ: ਹੇਠਾਂ ਦੱਸੇ ਅਨੁਸਾਰ ਬਿਜਾਈ ਕਰੋ:
* ਕੁਝ ਬੀਜ ਜਿਵੇਂ ਪਾਲਕ, ਮੇਥੇ ਅਤੇ ਸਰ੍ਹੋਂ ਛਿੱਟੇ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਖ਼ੁਸ਼ਕ ਕਿਆਰੀਆਂ ਵਿਚ ਲਗਾ ਕੇ ਪਾਣੀ ਦਿਉ।
* ਕੁਝ ਬੀਜ ਜਿਵੇਂ ਮੂਲੀ, ਗਾਜਰਾਂ ਅਤੇ ਮਟਰ ਚੁਟਕੀ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਕਿਆਰੀਆਂ ਵੱਤਰ ਕਰਕੇ ਫਿਰ ਚੁਟਕੀ ਨਾਲ ਲਗਾਓ।
* ਗੋਭੀ ਅਤੇ ਪਿਆਜ਼ ਦੀ ਪਨੀਰੀ ਤਿਆਰ ਕਰਕੇ ਵੱਟਾ ਉੱਪਰ ਲਗਾਓ। ਪਿਆਜ਼, ਪੁਦੀਨਾ ਅਤੇ ਧਨੀਆ ਵੱਟਾ ਦੇ ਨਾਲ-ਨਾਲ ਲਗਾਏ ਜਾ ਸਕਦੇ ਹਨ।
ਸਹਿਜੀਵੀ ਫਸਲ ਪ੍ਰਣਾਲੀ ਅਪਣਾਓ : ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿਚ ਮੁੱਖ ਫਸਲ ਦੇ ਨਾਲ ਕੁਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿਚ ਮਦਦ ਕਰਦੇ ਹਨ, ਉਸ ਨੂੰ ਕੀਟਾਂ ਤੋਂ ਬਚਾਉਂਦੇ ਹਨ। ਸੋ ਘਰੇਲੂ ਬਗੀਚੀ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਹੇਠ ਲਿਖੇ ਅਨੁਸਾਰ ਕੁਝ ਸਹਾਇਕ ਪੌਦਿਆਂ ਨੂੰ ਬਗੀਚੀ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ।
ਤੁਲਸੀ : ਇਹ ਟਮਾਟਰ ਦਾ ਸਵਾਦ ਵਧਾਉਂਦੀ ਹੈ ਅਤੇ ਨਾਲ ਹੀ ਉਸ ਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਂਦੀ ਹੈ।
ਲਸਣ : ਇਹ ਚੇਪੇ ਨੂੰ ਕਾਬੂ ਕਰਦਾ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿਚ ਸਹਾਇਕ ਹੈ।
ਅਜਵਾਇਣ : ਜੇ ਇਸ ਨੂੰ ਬੰਦ ਗੋਭੀ ਦੇ ਨੇੜੇ ਬੀਜਿਆ ਜਾਵੇ ਤਾਂ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋਂ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿਚ ਮੱਦਦ ਮਿਲਦੀ ਹੈ।
ਗੇਂਦਾ : ਜੜ੍ਹ ਵਿਚੋਂ ਇਕ ਤਰਲ ਪੈਦਾ ਕਰਦਾ ਹੈ ਜੋ ਕਿ ਜੜ੍ਹਾਂ ਨੂੰ ਖਾਣ ਵਾਲੇ ਕੀੜਿਆਂ ਨੂੰ ਨਸ਼ਟ ਕਰਦਾ ਹੈ। ਇਹ ਅਮਰੀਕਨ ਸੁੰਡੀ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ। (ਸਮਾਪਤ)


-ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ : 97810-00909.

ਜੱਟ ਦੀ ਜੂਨ ਬੁਰੀ

ਕਰੇ ਮਿਹਨਤਾਂ ਵੰਡੇ ਖੁਸ਼ਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।
ਦਿਨ ਰਾਤ ਕੰਮ ਏਹਨੂੰ, ਮਿਲਦੀ ਨਾ ਵੇਹਲ ਏ,
ਫਿਰ ਵੀ ਇਹ ਅੰਨਦਾਤਾ, ਹਰ ਪੱਖੋਂ ਫੇਲ ਏ।
ਦਾਤਾ ਦੁਨੀਆ ਦਾ ਬਣਿਆ ਸਵਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ....।
ਸੋਚਾਂ ਵਿਚ ਦਿਨ ਚੜ੍ਹੇ, ਫਿਕਰਾਂ 'ਚ ਸ਼ਾਮ ਬਈ,
ਵੇਖ ਲਓ ਜ਼ਮੀਨਾਂ ਵਾਲਾ, ਬਣਿਆ ਗੁਲਾਮ ਬਈ।
ਭੁੱਖਾ ਮਰਦੈ ਬਾਗ਼ ਦਾ ਮਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...।
ਸਮੇਂ ਦਿਆਂ ਹਾਕਮਾਂ ਨੇ, ਮੂੰਹ ਏਹਤੋਂ ਫੇਰਿਆ,
ਦੇਸ਼ ਨੂੰ ਰਜਾਉਣ ਵਾਲਾ, ਕਰਜ਼ੇ ਨੇ ਘੇਰਿਆ।
ਕੀਤੀ ਰੇਹਾਂ-ਸਪਰੇਆਂ, ਜੇਬ ਖਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...
ਪੁੱਤਾਂ ਵਾਂਗ ਫ਼ਸਲਾਂ ਦੀ ਰਾਖੀ ਜੱਟ ਕਰਦਾ,
ਭਾਦੋਂ ਦੇ ਦੁਪਹਿਰੇ ਮੱਚੇ, ਪੋਹ ਵਿਚ ਠਰਦਾ।
ਏਹਦੀ ਫੇਰ ਵੀ, 'ਘੜੈਲੀ' ਮੰਦਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।


-ਮਨਜੀਤ ਸਿੰਘ ਘੜੈਲੀ
-ਪਿੰਡ ਘੜੈਲੀ (ਬਠਿੰਡਾ)। ਮੋਬਾਈਲ : 98153-91625.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX