ਤਾਜਾ ਖ਼ਬਰਾਂ


ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  12 minutes ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਹਿੰਸਾ 'ਤੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੋਵੇ। ਉਹ ਇਸ 'ਤੇ ਕਾਫੀ ਮਿਹਨਤ ਕਰ ਚੁੱਕੇ ਹਨ। ਉਨ੍ਹਾਂ ਨੇ ਹਿੰਸਾ ਬਾਰੇ ਸੁਣਿਆ...
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  21 minutes ago
ਬੰਗਾ, 25 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਇੱਕ ਹੋਟਲ 'ਚ ਪੁਲਸ ਨੇ ਅਚਾਨਕ ਵੱਡੀ ਗਿਣਤੀ 'ਚ ਛਾਪਾਮਾਰੀ ਕਰ ਕੇ ਪੰਜ ਜਣਿਆਂ ਨੂੰ ਹਿਰਾਸਤ 'ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸੰਬੰਧ ਗੈਂਗਸਟਰਾਂ ਨਾਲ...
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  24 minutes ago
ਨਵੀਂ ਦਿੱਲੀ, 25 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਆਪਣੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਬਹੁਤ ਚੰਗੇ...
ਹਵਾਰਾ ਕਮੇਟੀ 29 ਫ਼ਰਵਰੀ ਨੂੰ ਦੇਵੇਗੀ ਨਾਭਾ ਜੇਲ੍ਹ ਅੱਗੇ ਧਰਨਾ
. . .  38 minutes ago
ਨਾਭਾ, 25 ਫਰਵਰੀ, (ਕਰਮਜੀਤ ਸਿੰਘ) - ਨਾਭਾ ਸਿਕਿਓਰਟੀ ਜੇਲ੍ਹ ਵਿਚ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀਆਂ ਦੀ ਕੀਤੀ ਬੇਅਦਬੀਆਂ ਦਾ ਇੰਨਸਾਫ ਲੈਣ ਲਈ ਬੰਦੀ ਸਿੰਘਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਜੇਲ੍ਹ ਵਿਚ ਅਰੰਭੀ ਭੁੱਖ ਹੜਤਾਲ਼ ਦਾ ਸਮਰਥਨ ਕਰਦਿਆਂ...
ਲੰਗਰ ਨੂੰ ਬੰਦ ਕਰਨ ਦਾ ਮਾਮਲਾ : ਮੁੱਖ ਮੰਤਰੀ ਰਾਜਸਥਾਨ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਪੱਤਰ
. . .  about 1 hour ago
ਤਲਵੰਡੀ ਸਾਬੋ, 25 ਫਰਵਰੀ (ਰਣਜੀਤ ਸਿੰਘ ਰਾਜੂ) - ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਦੇ ਮੁੱਦੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਦਿੱਲੀ ਹਿੰਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 9
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦੇ ਚੱਲਦਿਆਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ, 135 ਜ਼ਖਮੀ ਹਨ। ਅੱਜ ਚਾਰ ਤੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ...
ਦਿੱਲੀ ਦੇ ਵੱਖ ਵੱਖ ਸਥਾਨਾਂ 'ਚ ਲਗਾਈ ਗਈ ਧਾਰਾ 144 ਤੇ ਕੱਢਿਆ ਫਲੈਗ ਮਾਰਚ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਫਲੈਗ ਮਾਰਚ ਕੱਢਿਆ...
ਜ਼ਖਮੀਆਂ ਨੂੰ ਮਿਲੇ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਗੁਰੂ ਤੇਗ ਬਹਾਦੁਰ...
ਦਿੱਲੀ ਹਿੰਸਾ : ਮੌਜਪੁਰ ਤੇ ਭਜਨਾਪੁਰ ਵਿਚ ਹਿੰਸਾ
. . .  about 2 hours ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ...
ਅਕਾਲੀ ਦਲ ਨੇ ਕੀਤੀ ਹਜ਼ਾਰਾਂ ਦੇ ਇਕੱਠ ਵਾਲੀ ਵਿਸ਼ਾਲ ਰੈਲੀ
. . .  about 2 hours ago
ਫ਼ਿਰੋਜ਼ਪੁਰ 25 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਪੰਜਾਬ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ , ਅਕਾਲੀ ਵਰਕਰਾਂ ਨਾਲ ਸਿਆਸੀ ਬਦਲਾ ਖੋਰੀ ਅਧੀਨ ਵਧੀਕੀਆਂ ਕਰਨ , ਪਿਛਲੀ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਮੂਹ ਸਹੂਲਤਾਂ ਖੋਹਣ ਦੇ ਖਿਲਾਫ਼ ਦਾਣਾ ਮੰਡੀ...
ਹੋਰ ਖ਼ਬਰਾਂ..

ਲੋਕ ਮੰਚ

ਬਜ਼ੁਰਗਾਂ ਨੂੰ ਨਿਰਾਸ਼ ਨਾ ਕਰੋ

ਮੇਰੇ ਪਿੰਡ ਦੇ ਇਕ ਸਵਰਗਵਾਸੀ ਬਜ਼ੁਰਗ ਮੇਰੇ ਕਰੀਬੀ ਰਿਸ਼ਤੇਦਾਰ ਵੀ ਸਨ। ਉਨ੍ਹਾਂ ਨੇ ਸਹੁੰ ਖਾਧੀ ਹੋਈ ਸੀ ਕਿ ਚਾਹੇ ਜਿੰਨਾ ਮਰਜ਼ੀ ਬਿਮਾਰ ਹੋ ਜਾਵਾਂ ਦਵਾਈ ਨਹੀਂ ਖਾਣੀ ਅਤੇ ਘਰ 'ਚ ਆਏ ਮਹਿਮਾਨ ਲਈ ਜਾਂ ਅੱਗੋਂ ਪਿੱਛੋਂ ਵੀ ਕੋਈ ਮਿੱਠੀ ਚੀਜ਼ ਬਣੇ ਭਾਵ ਸਵੀਟ ਡਿਸ਼ ਨਹੀਂ ਖਾਣੀ ਅਤੇ ਇਹ ਪ੍ਰਣ ਉਨ੍ਹਾਂ ਅੱਸੀ-ਨੱਬੇ ਸਾਲ ਦੀ ਉਮਰ ਤੱਕ ਨਿਭਾਇਆ, ਮੇਰੇ ਲੱਖ ਪੁੱਛਣ 'ਤੇ ਵੀ ਉਨ੍ਹਾਂ ਮੈਨੂੰ ਇਸ ਦਾ ਕਾਰਨ ਨਹੀਂ ਦੱਸਿਆ। ਮੇਰਾ ਆਪਣਾ ਅੰਦਾਜ਼ਾ ਸੀ ਕਿ ਕਿਸੇ ਸਮੇਂ ਉਨ੍ਹਾਂ ਨੂੰ ਬਿਮਾਰ ਹੋਣ 'ਤੇ ਦਵਾਈ ਨਹੀਂ ਦਿੱਤੀ ਗਈ ਅਤੇ ਦੂਸਰਾ ਕਿਸੇ ਮਹਿਮਾਨ ਦੇ ਆਉਣ 'ਤੇ ਕੋਈ ਸਵੀਟਡਿਸ਼ ਬਣੀ ਪਰ ਉਸ ਬਜ਼ੁਰਗ ਨੂੰ ਉਹ ਦਿੱਤੀ ਨਹੀਂ ਗਈ ਪਰ ਉਨ੍ਹਾਂ ਨੂੰ ਪਤਾ ਲੱਗ ਗਿਆ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਇਹ ਫ਼ੈਸਲੇ ਲਏ ਅਤੇ ਤਾਉਮਰ ਆਖਰੀ ਦਮ ਤੱਕ ਨਿਭਾਏ। ਵਿਆਹ-ਸ਼ਾਦੀਆਂ ਜਾਂ ਹੋਰ ਸਮਾਗਮਾਂ ਵਿਚ ਬਜ਼ੁਰਗਾਂ ਦੀ ਸਲਾਹ ਨਾ ਲੈਣੀ। ਉਨ੍ਹਾਂ ਦੀ ਪ੍ਰੇਸ਼ਾਨੀ ਅਤੇ ਨਿਰਾਸ਼ਾ ਦਾ ਕਾਰਨ ਬਣਦੀ ਹੈ। ਬਜ਼ੁਰਗਾਂ ਦਾ ਤਜਰਬਾ ਹੁੰਦਾ ਹੈ ਅਤੇ ਉਹ ਸਾਡੇ ਸਾਹਮਣੇ ਪੇਸ਼ ਸਮੱਸਿਆਵਾਂ ਦਾ ਹੱਲ ਬੜੀ ਆਸਾਨੀ ਨਾਲ ਦੱਸ ਸਕਦੇ ਹਨ ਪਰ ਅਸੀਂ ਆਪਣੇ-ਆਪ ਨੂੰ ਬਜ਼ੁਰਗਾਂ ਤੋਂ ਸੁਪਰ ਸਮਝਦੇ ਹਾਂ ਅਤੇ ਕਈ ਵਾਰ ਵੱਡੇ-ਵੱਡੇ ਘਾਟੇ ਵੀ ਖਾਂਦੇ ਹਾਂ। ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਬਜ਼ੁਰਗ ਮੇਰੇ ਸਿਰ 'ਤੇ ਨਹੀਂ ਸਨ ਇਸੇ ਕਾਰਨ ਮੈਨੂੰ ਜ਼ਿੰਦਗੀ ਦੇ ਸਫ਼ਰ ਵਿਚ ਕਈ ਵਾਰ ਕਸਰ ਲੱਗੀ। ਸਿਰਫ਼ ਇਕ ਘਟਨਾ ਦਾ ਜ਼ਿਕਰ ਜ਼ਰੂਰ ਕਰਾਂਗਾ। ਮੇਰੇ ਆਪਣੇ ਵਿਆਹ ਵਿਚ ਬਰਾਤੀ ਵੱਧ ਹੋਣ ਕਾਰਨ ਅਸੀਂ ਵਾਪਸੀ 'ਤੇ ਆਪਣੇ ਵਿਚੋਲੇ ਨੂੰ ਗੱਡੀ ਵਿਚ ਲਿਫਟ ਨਾ ਦੇ ਸਕੇ, ਹਨੇਰਾ ਹੋਣ ਕਾਰਨ ਉਸ ਨੂੰ ਗਰਮੀ ਦੀ ਰਾਤ ਬੱਸ ਅੱਡੇ 'ਤੇ ਗੁਜ਼ਾਰਨੀ ਪਈ ਅਤੇ ਸਵੇਰੇ ਉਹ ਪਹਿਲੀ ਬੱਸ 'ਤੇ ਚੜ੍ਹ ਕੇ ਆਪਣੇ ਘਰ ਪੁੱਜਾ। ਵਿਚੋਲੇ ਦੀ ਘਰ ਵਾਲੀ ਵੀ ਬਹੁਤ ਤੇਜ਼ਤਰਾਰ ਸੀ। ਨਤੀਜੇ ਦੇ ਤੌਰ 'ਤੇ ਸਾਰੀ ਉਮਰ ਲਈ ਬੋਲਚਾਲ ਬੰਦ ਹੋ ਗਈ। ਜੇਕਰ ਬਜ਼ੁਰਗ ਸਾਡੇ ਸਿਰ 'ਤੇ ਹੁੰਦੇ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਊਂਦਾ ਰਹੇ ਹਰ ਮਨੁੱਖ ਨੇ ਬਜ਼ੁਰਗੀ ਦੇ ਆਲਮ ਵਿਚੋਂ ਗੁਜ਼ਰਨਾ ਹੈ। ਉਸ ਦੀ ਸਰੀਰਕ ਬਣਤਰ ਵਿਚ ਬਹੁਤ ਬਦਲਾਵ ਆ ਜਾਂਦਾ ਹੈ। ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਗਿੱਟੇ-ਗੋਡੇ ਦਰਦ ਕਰਨ ਲੱਗ ਜਾਂਦੇ ਹਨ, ਤੁਰਨ-ਫਿਰਨ ਦੀ ਸ਼ਕਤੀ ਜਵਾਬ ਦੇ ਜਾਂਦੀ ਹੈ।ਕਹਿਣ ਤੋਂ ਭਾਵ ਇਹ ਕਿ ਬਜ਼ੁਰਗ ਪੂਰੀ ਤਰ੍ਹਾਂ ਆਪਣੀ ਔਲਾਦ 'ਤੇ ਨਿਰਭਰ ਹੋ ਜਾਂਦੇ ਹਨ। ਉਨ੍ਹਾਂ ਨੂੰ ਚੌਵੀ ਘੰਟੇ ਤੁਹਾਡੀ ਜ਼ਰੂਰਤ ਰਹਿੰਦੀ ਹੈ। ਪਰ ਬੜੇ ਅਫ਼ਸੋਸ ਅਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਕੁਝ ਘਰਾਂ 'ਚ ਬਜ਼ੁਰਗ ਅਣਗੌਲੇ ਜਾ ਰਹੇ ਹਨ, ਸਿਰਫ਼ ਏਨਾ ਹੀ ਨਹੀਂ ਕੁਝ ਬਜ਼ੁਰਗਾਂ ਨੂੰ ਤਾਂ ਘਰ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਊਂਦੇ ਜੀਅ ਘਰ ਛੱਡਣਾ ਮੌਤ ਨਾਲੋਂ ਬਦਤਰ ਹੈ। ਸੱਧਰਾਂ ਅਤੇ ਰੀਝਾਂ ਨਾਲ ਬਣਾਇਆ ਘਰ ਪਰਿਵਾਰ ਛੱਡ ਕੇ ਬਿਰਧ ਘਰ 'ਚ ਜ਼ਿੰਦਗੀ ਦੇ ਆਖਰੀ ਸਾਹ ਲੈਣਾ ਨਰਕ ਸਮਾਨ ਹੈ। ਆਓ, ਬਜ਼ੁਰਗਾਂ ਨੂੰ ਰੱਬ ਸਮਾਨ ਸਮਝ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰੀਏ ਅਤੇ ਉਨ੍ਹਾਂ ਦੀਆਂ ਅਸੀਸਾਂ ਮਾਣੀਏ।

-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 99157-31345.

 


ਖ਼ਬਰ ਸ਼ੇਅਰ ਕਰੋ

ਮਾਸੂਮ ਜਿੰਦੜੀਆਂ ਨਾਲ ਕਿਉਂ ਖਿਲਵਾੜ ਕਰ ਰਹੇ ਹਨ ਸਕੂਲੀ ਵਾਹਨ?

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੇ ਹੁਕਮਾਂ ਤਹਿਤ ਰਾਜ ਸਰਕਾਰ ਵਲੋਂ ਬੱਚਿਆਂ ਦੇ ਸਕੂਲੀ ਵਾਹਨ, ਵਹੀਕਲਾਂ ਵਿਚ ਸੁਰੱਖਿਆ ਯਕੀਨੀ ਬਣਾਉਣ (ਸੇਫ਼ ਸਕੂਲ ਵਾਹਨ ਸਕੀਮ ਬਣਾਈ ਗਈ ਸੀ), ਜਿਸ ਦੀ ਜਨਤਕ, ਸਕੂਲਾਂ, ਅਖ਼ਬਾਰਾਂ ਰਾਹੀਂ ਸਕੂਲੀ ਵਾਹਨ ਮਾਲਕਾਂ, ਸਕੂਲੀ ਬੱਚਿਆਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾੜ ਕਰਦਾ ਹੈ ਜਾਂ ਨਾ ਚੱਲਣ ਯੋਗ ਵਹੀਕਲ ਨਾਲ ਖਤਰਾ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਸਬੰਧਿਤ ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਜਾਂ ਸਕੱਤਰ ਆਰ.ਟੀ.ਏ. ਜਾਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਪਰ ਇਥੇ ਅਸੀਂ ਆਪਣੇ ਫ਼ਰਜ਼ ਪਛਾਨਣ ਤੋਂ ਭਟਕੇ ਹਾਂ, ਜਿਸ ਦਾ ਖਮਿਆਜ਼ਾ ਮਾਸੂਮ ਜਿੰਦੜੀਆਂ ਭੋਗ ਰਹੀਆਂ ਹਨ। ਜਿਨ੍ਹਾਂ ਹੋਣਹਾਰ ਧੀਆਂ, ਪੁੱਤਾਂ ਨੇ ਭਵਿੱਖ 'ਚ ਮੇਰੇ ਦੇਸ਼ ਦੀ ਵਾਗ-ਡੋਰ ਸੰਭਾਲਣੀ ਹੈ, ਜਿਸ ਵਿਚ ਵਿਗਿਆਨੀ, ਡਾਕਟਰ, ਵੱਡੇ ਅਹੁਦੇ ਮਾਨਣ ਤੋਂ ਪਹਿਲਾਂ ਹੀ ਅਸੀਂ ਸਦਾ ਦੀ ਨੀਂਦ ਸੁਆ ਰਹੇ ਹਾਂ, ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ਼ ਸਾਡੀ ਜ਼ਬਾਨ ਕਿਉਂ ਬੰਦ ਹੋ ਜਾਂਦੀ ਹੈ। ਸਕੂਲੀ ਵਾਹਨਾਂ ਦੀ ਸੁਰੱਖਿਆ ਸਬੰਧੀ ਹੇਠ ਲਿਖੇ ਨਿਯਮ ਬਣਾਏ ਗਏ ਹਨ-
* ਸਕੂਲੀ ਵਹੀਕਲ ਦਾ ਰੰਗ ਸੁਨਹਿਰੀ ਪੀਲਾ ਹੋਵੇ ਅਤੇ ਵਾਹਨ ਦੀ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਾ ਹੋਵੇ। * 150 ਐਮ.ਐਮ. ਦੀ ਸੁਨਹਿਰੀ ਭੂਰੀ ਪੱਟੀ ਵਾਹਨ ਦੇ ਦੋਵੇਂ ਪਾਸੇ ਵਾਹਨ ਦੀਆਂ ਖਿੜਕੀਆਂ ਦੇ ਹੇਠਾਂ ਲੱਗੀ ਹੋਵੇ, ਜਿਸ ਉੱਪਰ ਸਕੂਲ ਦਾ ਨਾਂਅ ਅਤੇ ਸੰਪਰਕ ਨੰਬਰ ਲਿਖਿਆ ਹੋਵੇ। * ਵਾਹਨ ਅੰਦਰ ਫਸਟ ਏਡ, ਬਾਕਸ, ਅੱਗ ਬੁਝਾਊ ਯੰਤਰ, ਲੱਗਾ ਹੋਵੇ, ਇਸ ਦੀ ਵਰਤੋਂ ਬਾਰੇ ਡਰਾਈਵਰ ਅਤੇ ਅਟੈਂਡੈਂਟ (ਹੈਲਪਰ) ਨੂੰ ਪੂਰਨ ਜਾਣਕਾਰੀ ਹੋਣੀ ਚਾਹੀਦੀ ਹੈ। * ਵਾਹਨ ਅੰਦਰ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ ਅਤੇ ਮੁਸ਼ਕਿਲ ਸਥਿਤੀ 'ਚ ਬਾਹਰ ਨਿਕਲਣ ਲਈ ਸੰਕਟ ਦਰਵਾਜ਼ਾ ਹੋਣਾ ਚਾਹੀਦਾ ਹੈ। * ਸਕੂਲੀ ਵਾਹਨ ਦੇ ਅੱਗੇ-ਪਿੱਛੇ ਸਕੂਲ ਬੱਸ ਲਿਖਿਆ ਹੋਵੇ ਜੇਕਰ ਠੇਕੇਦਾਰੀ ਸਿਸਟਮ ਹੈ ਤਾਂ ਸਕੂਲ ਆਨ ਡਿਊਟੀ ਲਿਖਿਆ ਹੋਵੇ। * ਡਰਾਈਵਰ ਕੋਲ ਵਾਹਨ ਸਬੰਧਿਤ ਲਾਇਸੈਂਸ ਹੋਵੇ ਅਤੇ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਵੇ, ਡਰਾਈਵਰ ਅਤੇ ਹੈਲਪਰ ਦੀ ਵਰਦੀ ਹੋਣੀ ਚਾਹੀਦੀ ਹੈ ਅਤੇ ਵਰਦੀ 'ਤੇ ਨਾਂਅ ਦੀ ਪਲੇਟ ਲੱਗੀ ਹੋਵੇ। * ਹਰੇਕ ਸਕੂਲੀ ਵਾਹਨ ਪਿੱਛੇ ਚਾਈਲਡ ਹੈਲਪਾਈਨ ਨੰਬਰ (1098) ਲਿਖਿਆ ਹੋਵੇ ਅਤੇ ਡਰਾਈਵਰ ਅਤੇ ਹੈਲਪਰ ਨੂੰ ਪੁਲਿਸ ਵੈਰੀਫਿਕੇਸ਼ਨ ਕਰਾਉਣ ਉਪਰੰਤ ਹੀ ਰੱਖਿਆ ਜਾਵੇ। * ਜੇਕਰ ਬੱਸ ਅੰਦਰ ਲੜਕੀਆਂ ਹਨ ਤਾਂ ਹੈਲਪਰ ਔਰਤ ਹੋਣੀ ਚਾਹੀਦੀ ਹੈ। * ਸਕੂਲੀ ਵਾਹਨ ਦੇ ਡਰਾਈਵਰ ਦਾ ਸਮੇਂ-ਸਮੇਂ 'ਤੇ ਮੈਡੀਕਲ ਚੈਕਅੱਪ ਕਰਾਉਣਾ ਚਾਹੀਦਾ ਹੈ। * ਸਕੂਲੀ ਵਾਹਨ ਦੇ ਵਿਚ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕੀਤੀ ਹੋਵੇ। * ਜੇਕਰ ਕੋਈ ਵਹੀਕਲ ਡਰਾਈਵਰ ਅਣਗਹਿਲੀ ਵਰਤਦਾ ਹੈ ਤਾਂ ਤੁਰੰਤ ਪੁਲਿਸ ਜਾਂ ਸਕੂਲੀ ਮੈਨੇਜਮੈਂਟ ਕਮੇਟੀ, ਨੂੰ ਸੂਚਿਤ ਕੀਤਾ ਜਾਵੇ, ਅਸੀਂ ਫੇਰ ਹੀ ਸਮਾਜਿਕ ਤਬਦੀਲੀ ਲਿਆ ਸਕਦੇ ਹਾਂ।

-ਪਿੰਡ ਤੇ ਡਾਕ: ਜਲਾਲਦੀਵਾਲ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98141-11305.

ਮੁੱਕ ਗਿਆ ਹੈ ਪਿਆਰ ਅੱਜਕਲ੍ਹ

ਮੁੱਕ ਗਿਆ ਹੈ ਪਿਆਰ ਅੱਜਕਲ੍ਹ ਸਭ ਇਨਸਾਨਾਂ ਦਾ,
ਫ਼ਰਕ ਕੋਈ ਨਾ ਰਹਿ ਗਿਆ ਇਨਸਾਨਾਂ ਤੇ ਹੈਵਾਨਾਂ ਦਾ।
ਖ਼ੂਨ ਚੂਸ ਲਿਆ ਸਾਰਾ ਜੋਕਾਂ ਵਾਂਗੂੰ ਨਸ਼ਿਆਂ ਨੇ,
ਪਹਿਲਾਂ ਵਾਲਾ ਜੁੱਸਾ ਨਹੀਂ ਪੰਜਾਬ ਦੇ ਅੱਜ ਜਵਾਨਾਂ ਦਾ।
ਰਿਸ਼ਤੇ-ਨਾਤੇ ਕੋਈ ਨਹੀਂ ਲੋਕ-ਲੱਜਾ ਦੇ ਮਾਰੇ ਹੀ,
ਇਕੋ ਵਿਹੜਾ ਰੱਖਿਆ ਭਾਈਆਂ ਨੇ ਮਕਾਨਾਂ ਦਾ।
ਫੈਸ਼ਨ ਪਿਛੇ ਲੱਗ ਕੇ ਆਪਣੀ ਸ਼ਕਲ ਵਿਗਾੜ ਲਈ,
ਪੰਜਾਬਣ ਵਾਲਾ ਰੂਪ ਨਾ ਅੱਜ ਦੀਆਂ ਰਕਾਨਾਂ ਦਾ।
ਖਾ-ਖਾ ਘਟੀਆ ਰਾਸ਼ਨ 'ਕੁੰਦੀ' ਬੰਦੇ ਹੋ ਗਏ ਬੋਦੇ ਸਭ,
ਕਿਹੋ ਜਿਹਾ ਵਪਾਰ ਹੈ ਦੇਖੋ ਸਾਡੀਆਂ ਸਭ ਦੁਕਾਨਾਂ ਦਾ।

-ਮਨਦੀਪ ਕੁੰਦੀ ਤਖਤੂਪੁਰਾ
ਪਿੰਡ ਤਖਤੂਪੁਰਾ, ਜ਼ਿਲ੍ਹਾ ਮੋਗਾ। ਮੋਬਾਈਲ : 98140-68614.

ਪੰਜਾਬ 'ਚ ਠੇਕਿਆਂ ਦੀ ਥਾਂ ਲਾਇਬ੍ਰੇਰੀਆਂ ਦੀ ਲੋੜ

ਪੰਜਾਬ 'ਚ ਪਿੰਡਾਂ ਨੂੰ ਜੋੜਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਚੌਰਸਤਾ ਹੋਵੇਗਾ ਜਿੱਥੇ ਸ਼ਰਾਬ ਦਾ ਠੇਕਾ ਨਾ ਹੋਵੇ। ਸਥਾਨ ਅਤੇ ਟਿਕਾਣਾ ਚੁਣ ਕੇ ਠੇਕਾ ਖੋਲ੍ਹਿਆ ਜਾਂਦਾ ਹੈ ਤਾਂ ਜੋ ਕੋਈ ਕੋਲੋਂ ਪ੍ਰਭਾਵਿਤ ਹੋਏ ਬਿਨਾਂ ਨਾ ਲੰਘ ਜਾਵੇ, ਇਹ ਦੁਖਾਂਤ ਹੈ ਬਾਬਿਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਪੰਜਾਬ ਦਾ ਜਿੱਥੇ ਅੱਜ ਪਰਿਵਾਰਾਂ 'ਚ ਪੜ੍ਹਨ ਵਾਲੇ ਘੱਟ ਪਰ ਸ਼ਰਾਬ ਪੀਣ ਵਾਲੇ ਜ਼ਿਆਦਾ ਮਿਲਦੇ ਹਨ। ਬੱਚਿਆਂ ਦੀ ਫੀਸ ਲੇਟ ਹੋ ਸਕਦੀ ਹੈ ਲੇਕਿਨ ਰਾਤ ਨੂੰ ਸ਼ਰਾਬ ਦਾ ਹੋਣਾ ਜ਼ਿਆਦਾ ਜ਼ਰੂਰੀ ਹੈ, ਇਹ ਸੋਚ ਉਸ ਖਿੱਤੇ ਦੇ ਲੋਕਾਂ ਦੀ ਹੈ ਜਿਨ੍ਹਾਂ ਦੀ ਬਹਾਦਰੀ ਦੇ ਕਿੱਸੇ ਦੁਨੀਆ ਇਤਿਹਾਸ ਦੀਆਂ ਕਿਤਾਬਾਂ 'ਚੋਂ ਬੜੇ ਫਖ਼ਰ ਨਾਲ ਪੜ੍ਹਦੀ ਹੈ। ਇੰਗਲੈਂਡ ਜਾ ਕੇ ਵੈਰੀ ਨੂੰ ਮੁਕਾਉਣ ਵਾਲੇ ਅਣਖੀ ਜਰਨੈਲ ਸ਼ਹੀਦ ਊਧਮ ਸਿੰਘ ਦੇ ਵਾਰਿਸ ਅੱਜ ਨਸ਼ਿਆਂ ਦੇ ਜਾਲ 'ਚ ਫਸ ਕੇ ਆਪਣੇ ਵੈਰੀ ਆਪ ਹੀ ਬਣ ਬੈਠੇ ਹਨ। ਸਰਕਾਰਾਂ ਦੀਆਂ ਪੈਸਾ ਕਮਾਉਣ ਦੀਆਂ ਨੀਤੀਆਂ ਨੇ ਪੰਜਾਬ ਦੀ ਲਸ ਲਸ ਕਰਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਸਭ ਤੋਂ ਜ਼ਿਆਦਾ ਪੈਸਾ ਸਰਕਾਰ ਨੂੰ ਸ਼ਰਾਬ ਦੀ ਵਿਕਰੀ 'ਚੋਂ ਬਣਦਾ ਹੈ, ਇਸ ਲਈ ਠੇਕਿਆਂ ਦੀਆਂ ਕਤਾਰਾਂ ਲਾ ਦਿੱਤੀਆਂ। ਕਿਤਾਬ ਪੜ੍ਹ ਕੇ ਵਿਅਕਤੀ ਗਿਆਨਵਾਨ ਹੁੰਦਾ ਹੈ ਅਤੇ ਉਸ ਨੂੰ ਆਪਣੇ ਆਲੇ ਦੁਆਲੇ ਅਤੇ ਹੱਕਾਂ ਬਾਰੇ ਜਾਣਕਾਰੀ ਮਿਲਦੀ ਹੈ ਪਰ ਸ਼ਾਇਦ ਸਰਕਾਰ ਨਹੀਂ ਚਾਹੁੰਦੀ ਕਿ ਸੁੱਤੀ ਜਨਤਾ ਨੂੰ ਜਗਾ ਕੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਜੇ ਇਹੀ ਹਾਲ ਰਿਹਾ ਇਕ ਦਿਨ ਪੰਜਾਬ 'ਚ ਸ਼ਰਾਬ ਦੇ ਠੇਕੇ ਅਤੇ ਸ਼ਰਾਬੀ ਹੀ ਦਿਸਣਗੇ ਕਿਉਂਕਿ ਅਜਿਹੇ ਮਾਹੌਲ 'ਚ ਬੱਚਿਆਂ 'ਤੇ ਵੀ ਮਾੜਾ ਪ੍ਰਭਾਵ ਪਏਗਾ ਅਤੇ ਉਹ ਵੀ ਅਜਿਹੀਆਂ ਗਲਤੀਆਂ ਕਰਨ ਤੋਂ ਪਿੱਛੇ ਨਹੀ ਹਟਣਗੇ। ਅੱਜ ਪੰਜਾਬ ਦਾ ਬਚਪਨ ਅਤੇ ਜਵਾਨੀ ਹੱਥਾਂ 'ਚ ਕਿਤਾਬਾਂ ਮੰਗਦੀ ਹੈ, ਸ਼ਰਾਬ ਦੀ ਬੋਤਲ ਨਹੀਂ, ਘਰ 'ਚ ਰੋਟੀ ਪਕਾਉਣ ਨੂੰ ਆਟਾ ਚਾਹੀਦੈ, ਸ਼ਰਾਬ ਦਾ ਅਧੀਆ ਜਾਂ ਪਊਆ ਨਹੀਂ। ਕੋਈ ਪੜ੍ਹ-ਲਿਖ ਜਾਊ ਤਾਂ ਚੰਗਾ ਰੁਜ਼ਗਾਰ ਮਿਲਣ ਦੀ ਆਸ ਬੱਝਦੀ ਹੈ, ਸ਼ਰਾਬ ਪੀਣ ਨਾਲ ਤਾਂ ਹੁਣ ਤੱਕ ਘਰ ਹੀ ਉਜੜੇ ਨੇ। ਇਹ ਸਰਕਾਰ ਅਤੇ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਠੇਕਿਆਂ ਦੀ ਗਿਣਤੀ ਘਟਾ ਕੇ ਲਾਇਬ੍ਰੇਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਹੌਲ਼ੀ ਹੌਲ਼ੀ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਜਿਵੇਂ ਠੇਕੇ ਦੀ ਤਾਕੀ 'ਚੋਂ ਲੋਕ ਸ਼ਰਾਬ ਦੀਆਂ ਬੋਤਲਾਂ ਖਰੀਦਣ ਲਈ ਕਤਾਰਾਂ 'ਚ ਖੜਦੇ ਨੇ ਉਵੇਂ ਹੀ ਪਿੰਡਾਂ ਅਤੇ ਸ਼ਹਿਰਾਂ 'ਚ ਲੋਕ ਲਾਇਬ੍ਰੇਰੀਆਂ ਅੱਗੇ ਕਿਤਾਬਾਂ ਲੈਣ ਲਈ ਖੜ੍ਹੇ ਹੋਇਆ ਕਰਨ, ਫਿਰ ਕਿਸੇ ਵੱਡੀ ਸਮਾਜਿਕ ਤਬਦੀਲੀ ਦੀ ਆਸ ਕੀਤੀ ਜਾ ਸਕਦੀ ਹੈ।

-ਸ੍ਰੀ ਫ਼ਤਿਹਗੜ ਸਾਹਿਬ।
ਮੋਬਾਈਲ : 9478460084

ਅਧਿਆਪਕਾਂ ਦੇ ਮਨੋਬਲ ਨੂੰ ਉੱਚਾ ਚੁੱਕੇ ਸਰਕਾਰ

ਸਿੱਖਿਆ ਜਿਸ ਨੂੰ 'ਰਸਮੀ' ਅਤੇ ਗ਼ੈਰ-ਰਸਮੀ' ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਇਸ ਤੋਂ ਬਿਨਾਂ ਹਰ ਵਿਅਕਤੀ ਇਸ ਦੇ ਅਰਥ ਆਪਣੀ ਬੁੱਧੀ ਜਾਂ ਤਜਰਬੇ ਦੇ ਹਿਸਾਬ ਨਾਲ ਕੱਢਦੇ ਹਨ। ਬੀ.ਐੱਡ ਦੇ ਦੌਰਾਨ ਜਿਥੇ ਵਿਦਿਆਰਥੀਆਂ ਨੂੰ ਚੌਮਸਕੀ, ਜੀਨ ਪਿਆਜੇ, ਵਿਗੋਸਕੀ ਆਦਿ ਵਰਗੇ ਮਨੋਵਿਗਿਆਨੀਆਂ ਦੇ ਵਿਚਾਰ ਨੂੰ ਪੜ੍ਹਾਇਆ ਜਾਂਦਾ ਹੈ, ਤਾਂ ਜੋ ਉਹ ਬੱਚਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਪੜ੍ਹਾ ਸਕਣ ਨਾ ਕਿ ਵੰਡ ਦੇ ਆਧਾਰ 'ਤੇ। ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵਸੋਂ ਆਉਂਦੇ ਸਾਲ ਪੀ.ਟੀ.ਈ.ਟੀ. ਲਿਆ ਜਾਂਦਾ ਹੈ ਜੋ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਕੀ 2.30 ਘੰਟਿਆਂ ਵਿਚ ਇਕ ਅਧਿਆਪਕ ਦੀ ਯੋਗਤਾ ਨੂੰ ਪਰਖਿਆ ਜਾ ਸਕਦਾ ਹੈ? ਕੁਝ ਵਿਅਕਤੀ ਚੰਗੀ ਲਿਖਤ ਦੇ ਧਨੀ ਹੁੰਦੇ ਹਨ, ਕੁਝ ਚੰਗੇ ਵਕਤਾ ਤੇ ਕੁਝ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ। ਪਰ ਅਜਿਹਾ ਕਹਿਣਾ ਬਹੁਤ ਔਖਾ ਹੈ ਕਿ ਸਾਰੇ ਕੌਸਲਾਂ ਨੂੰ ਇਕ ਟੈਸਟ ਦੁਆਰਾ ਪਰਖਿਆ ਜਾ ਸਕਦਾ ਹੈ। ਅਜਿਹੇ ਟੈਸਟ ਸਿਰਫ਼ ਸਰਕਾਰੀ ਨੌਕਰੀ ਲੈਣ ਦਾ ਮਾਧਿਅਮ ਬਣ ਕੇ ਸਾਹਮਣੇ ਆ ਰਹੇ ਹਨ, ਨਾ ਕਿ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ। ਸੋਚਣ ਵਾਲੀ ਗੱਲ ਇਹ ਹੈ ਕਿ ਇਹੀ ਅਧਿਆਪਕ ਪ੍ਰਾਈਵੇਟ ਸਕੂਲਾਂ ਵਿਚ ਆਪਣੀ ਯੋਗਤਾ ਦਾ 100 ਫ਼ੀਸਦੀ ਯੋਗਦਾਨ ਦੇ ਕੇ ਬੱਚਿਆਂ ਦਾ ਵਿਦਿਅਕ ਪੱਧਰ ਉੱਚਾ ਚੁੱਕ ਰਹੇ ਹਨ ਤੇ ਫਿਰ ਸਰਕਾਰ ਅਜਿਹੇ ਟੈਸਟ ਨੂੰ ਕਰਵਾ ਕੇ ਸਿਰਫ਼ ਆਪਣੇ ਖਾਲੀ ਖਜ਼ਾਨੇ ਭਰਨ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ।ਵਿਚਾਰਨ ਯੋਗ ਗੱਲ ਇਹ ਹੈ ਕਿ ਅੰਗਰੇਜ਼ੀ ਦੀ ਐਮ.ਏ. ਕਰਨ ਲਈ ਅੰਗਰੇਜ਼ੀ ਦੇ ਸਾਹਿਤਕਾਰ ਸ਼ੈਕਸਪੀਅਰ ਨੂੰ ਪੜ੍ਹਨਾ ਅਤਿ ਜ਼ਰੂਰੀ ਹੈ ਪਰ ਉਸ ਨੇ ਆਪ. ਐਮ.ਏ. ਕੀਤੀ ਹੀ ਨਹੀਂ ਸੀ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਅਧਿਆਪਕਾਂ ਨੂੰ ਵਾਰ-ਵਾਰ ਪਰਖਣਾ ਬੰਦ ਕਰੇ। ਅਧਿਆਪਕਾਂ ਨੂੰ ਸਮਾਜ ਵਿਚ ਸਤਿਕਾਰ ਦਾ ਦਰਜਾ ਦੇਵੇ ਨਾ ਕਿ ਹੀਨਭਾਵਨਾ ਦਾ।

-ਗਾਲੋਵਾਲੀ, ਚੇਤਨਪੁਰਾ, ਮਜੀਠਾ।

ਵਿਦਿਆਰਥੀਆਂ ਨੂੰ ਰੁਚੀ ਅਨੁਸਾਰ ਕਿੱਤਾ ਚੁਣਨ ਵੱਲ ਸੇਧਿਤ ਕਰਨਾ ਅਤਿ ਜ਼ਰੂਰੀ

ਕੋਈ ਵੇਲਾ ਸੀ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਬਣਾਉਣ ਨੂੰ ਹੀ ਪਹਿਲ ਦਿੰਦੇ ਸਨ। ਮਾਪਿਆਂ ਦੀ ਅਜਿਹੀ ਸੋਚ ਦੇ ਚੱਲਦੇ ਕੋਚਿੰਗ ਸੰਸਥਾਵਾਂ ਖੁੰਬਾਂ ਵਾਂਗ ਉੱਗੀਆਂ ਤੇ ਉਹਨਾਂ ਵੱਡੇ ਸ਼ਹਿਰਾਂ ਤੋਂ ਅਗਾਂਹ ਵੱਧ ਛੋਟੇ ਛੋਟੇ ਕਸਬਿਆਂ ਤੱਕ ਵੀ ਪੈਰ ਪਸਾਰ ਲਏ। ਅਜਿਹੀ ਪਹੁੰਚ ਦੇ ਚੱਲਦੇ ਗਿਆਰਵੀਂ, ਬਾਰ੍ਹਵੀਂ ਦੀ ਸਕੂਲੀ ਸਿੱਖਿਆ ਦੋਇਮ ਹੋ ਕੇ ਰਹਿ ਗਈ। ਮਾਪੇ ਦਸਵੀਂ ਉਪਰੰਤ ਆਪਣੇ ਬੱਚੇ ਨੂੰ ਕਿਸੇ ਨਾਮੀ ਕੋਚਿੰਗ ਸੰਸਥਾ ਵਿਚ ਦਾਖਲ ਕਰਵਾ, ਡੰਮੀ ਸਕੂਲੀ ਦਾਖਲੇ ਕਰਵਾਉਣ ਲੱਗੇ। ਦਹਾਕੇ ਤੋਂ ਵੱਧ ਸਮੇਂ ਤੋਂ ਚੱਲਿਆ ਇਹ ਵਰਤਾਰਾ, ਹੁਣ ਗਿਆਰਵੀਂ ਦੀ ਬਜਾਏ , ਛੇਵੀਂ ਜਮਾਤ ਤੋਂ ਹੀ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਸਕੂਲ ਉਪਰੰਤ ਜਦੋਂ ਇਨ੍ਹਾਂ ਕੋਚਿੰਗ ਸੰਸਥਾਵਾਂ ਦੀਆਂ ਪੌੜੀਆਂ ਚੜ੍ਹਦੇ ਉਤਰਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ਉੱਤੇ ਥਕਾਵਟ, ਮਾਪਿਆਂ ਦੀਆਂ ਇੱਛਾਵਾਂ ਪੂਰਤੀ ਦਾ ਤਣਾਅ ਸਪੱਸ਼ਟ ਝਲਕ ਰਿਹਾ ਰਿਹਾ ਹੁੰਦਾ ਹੈ। ਕੋਚਿੰਗ ਦੌਰਾਨ ਤਣਾਅ ਦੇ ਚੱਲਦੇ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕਰਨ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਚੁੱਕਿਆ ਹੈ। ਆਪਣੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਬਣਾਉਣ ਦੀ ਇੱਛਾ ਪੂਰੀ ਨਾ ਹੋਣ ਦੀ ਸੂਰਤ ਵਿਚ ਹੁਣ ਬਾਰਵੀਂ ਉਪਰੰਤ ਆਈਲਟਸ ਦਾ ਪੇਪਰ ਪਾਸ ਕਰਕੇ ਵਿਦੇਸ਼ ਖਾਸ ਕਰ ਕੈਨੇਡਾ ਭੇਜਣ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਣ ਲੱਗੀ ਹੈ। ਇਸ ਸਮੁੱਚੇ ਵਰਤਾਰੇ ਦੌਰਾਨ ਵਿਦਿਆਰਥੀ ਦਾ ਮਨੋਵਿਗਿਆਨਕ ਪੱਖ ਪੂਰੀ ਤਰ੍ਹਾਂ ਅਣਗੌਲਿਆ ਜਾ ਰਿਹਾ ਹੈ। ਵਿਕਸਤ ਦੇਸ਼ਾਂ ਦੇ ਵਿੱਦਿਅਕ ਢਾਂਚੇ ਅੰਦਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਮਿਡਲ ਸਕੂਲ ਪੱਧਰ ਤੋਂ ਹੀ ਵਿਦਿਆਰਥੀ ਦੀ ਮਨੋਵਿਗਿਆਨਕ, ਸਰੀਰਕ, ਸਮਾਜਿਕ ਸਮੱਰਥਾ ਦੇ ਵਿਕਾਸ ਲਈ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੰਗੀਤ, ਕੋਮਲ ਕਲਾਵਾਂ ਦੇ ਭਰਪੂਰ ਮੌਕੇ ਦਿੱਤੇ ਜਾਂਦੇ ਹਨ। ਦੱਸਵੀਂ ਜਮਾਤ ਤੱਕ ਅਪੜਦਾ ਵਿਦਿਆਰਥੀ ਆਪਣੀ ਸਮੱਰਥਾ ਤੇ ਸੀਮਾਵਾਂ ਅਨੁਸਾਰ ਭਵਿੱਖੀ ਕਿੱਤਾ ਚੁਣਨ ਲਈ ਆਪ-ਮੁਹਾਰੇ ਤਿਆਰ ਹੋ ਜਾਂਦਾ ਹੈ। ਇਸ ਤੋਂ ਐਨ ਉਲਟ ਸਾਡੇ ਬਹੁਤਾਤ ਪੰਜਾਬੀ ਵਿਦਿਆਰਥੀ ਨੂੰ ਦਸਵੀਂ ਪਾਸ ਕਰਨ ਉਪਰੰਤ ਅਗਲੇਰੇ ਵਿਸ਼ੇ ਚੁਣਨ ਸਬੰਧੀ ਵੀ ਪਰੱਪਕਤਾ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਵਿਕਸਿਤ ਦੇਸ਼ ਦੇ ਖਿਡਾਰੀ ਏਸ਼ੀਆ, ਉਲਪਿੰਕ ਖੇਡਾਂ ਵਿਚ ਮੈਡਲਾਂ ਦੀਆਂ ਝੜੀਆਂ ਲਗਾ ਦਿੰਦੇ ਹਨ ਤੇ ਸਾਡੇ ਮੁਲਕ ਦੇ ਖਿਡਾਰੀਆਂ ਲਈ ਖਾਤਾ ਖੋਲ੍ਹਣਾ ਵੀ ਵੱਡੀ ਚੁਣੌਤੀ ਹੋ ਨਿਬੜਦਾ ਹੈ। ਇਸ ਸਮੁੱਚੇ ਵਰਤਾਰੇ ਲਈ ਪ੍ਰਮੁੱਖ ਤੌਰ 'ਤੇ ਸਾਡਾ ਸਿਆਸੀ ਪ੍ਰਬੰਧ ਜ਼ਿੰਮੇਵਾਰ ਹੈ। ਭਾਵੇਂ ਕਿ ਵਿੱਦਿਆ ਨੂੰ ਸਾਡੇ ਮੁਲਕ ਅੰਦਰ ਸੰਵਿਧਾਨਿਕ ਅਧਿਕਾਰ ਦੇ ਤੌਰ 'ਤੇ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਪ੍ਰੰਤੂ ਇਹ ਕਦੇ ਵੀ ਦੇਸ਼ ਦੀਆਂ ਰਵਾਇਤੀ ਸਿਆਸੀ ਹਾਕਮ ਜਮਾਤਾਂ ਦਾ ਤਰਜੀਹੀ ਏਜੰਡਾ ਨਹੀਂ ਰਿਹਾ ਹੈ। ਅਜੋਕੇ ਮੁਕਾਬਲੇ ਦੇ ਦੌਰ ਵਿਚ ਭਾਰਤੀ ਵਿੱਦਿਅਕ ਪ੍ਰਬੰਧ ਉੱਤੇ ਪਿਛਾਂਹਖਿਚੂ ਤਾਕਤਾਂ ਭਾਰੂ ਹੋ ਰਹੀਆਂ ਹਨ। ਕਾਲਪਨਿਕ ਧਾਰਨਾਵਾਂ ਨੂੰ ਮਿੱਥ ਕੇ ਪਾਠਕ੍ਰਮ ਵਿਚ ਪਰੋਸਣ ਦੀ ਨੀਤੀਬੱਧ ਸ਼ੁਰੂਆਤ ਹੋ ਚੁੱਕੀ ਹੈ। ਅਜਿਹਾ ਵਰਤਾਰਾ ਸਮੁੱਚੇ ਤੌਰ 'ਤੇ ਨਿਰੋਏ ਸਮਾਜ ਦੇ ਰਸਤੇ ਵਿਚ ਵਿਚ ਰੁਕਾਵਟ ਬਣਨਾ ਤੈਅ ਨਜ਼ਰ ਆ ਰਿਹਾ ਹੈ। ਸੋ ਅੱਜ ਸੌ ਲੋੜਾਂ ਦੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਪਣੀ ਰੁਚੀ ਅਨੁਸਾਰ ਕਿੱਤਾ ਚੁਣਨ ਲਈ ਸੇਧਿਤ ਕੀਤਾ ਜਾ ਸਕੇ, ਤਾਂ ਜੋ ਉਹ ਸਮਾਜ ਦਾ ਨਿਰੋਆ ਅੰਗ ਬਣ ਸਕਣ।

-ਮੋਬਾਈਲ : 9646002556

ਗ਼ਲਤੀਆਂ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ

ਮਨੁੱਖੀ ਜੀਵਨ ਕੁਦਰਤ ਦੀ ਵਡਮੁੱਲੀ ਤੇ ਅਨਮੋਲ ਦਾਤ ਹੈ। ਮਨੁੱਖ ਆਪਣੇ ਚੰਗੇ ਕੰਮਾਂ ਕਰਕੇ ਦੂਜਿਆਂ ਲਈ ਪ੍ਰੇਰਨਾਦਾਇਕ ਬਣਦਾ ਹੈ। ਮਨੁੱਖ ਆਪਣੇ ਸੁਭਾਅ ਦਾ ਪ੍ਰਭਾਵ ਦੂਜਿਆਂ 'ਤੇ ਛੱਡਦਾ ਹੈ, ਜਿਸ ਨਾਲ ਉਹ ਸਮਾਜ ਦੇ ਲੋਕਾਂ ਵਿਚ ਚੰਗਾ ਜਾਂ ਮਾੜਾ ਸਾਬਤ ਹੁੰਦਾ। ਇਕ ਇਨਸਾਨ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਸ ਤੋਂ ਗ਼ਲਤੀਆਂ ਦਾ ਹੋਣਾ ਸੁਭਾਵਿਕ ਹੈ ਕਿਉਂਕਿ ਜੇ ਅਸੀਂ ਆਪਣਾ ਕੰਮ ਕਰਾਂਗੇ ਤਾਂ ਗ਼ਲਤੀਆਂ ਵੀ ਹੋਣਗੀਆਂ ਇਸ ਲਈ ਕਿਹਾ ਜਾਂਦਾ ਹੈ ਕਿ ਬੰਦਾ ਗ਼ਲਤੀਆਂ ਦਾ ਪੁਤਲਾ ਹੈ। ਜੇਕਰ ਅਸੀਂ ਆਪਣੇ ਦੁਆਰਾ ਕੀਤੇ ਕੰਮਾਂ ਦਾ ਵਿਸ਼ਲੇਸ਼ਣ ਕਰਾਂਗੇ ਤਾਂ ਸਾਨੂੰ ਕੁਝ ਗ਼ਲਤੀਆਂ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਆਪਣੀ ਗ਼ਲਤੀ ਨੂੰ ਮੰਨਣ ਵਾਲਾ ਵਿਅਕਤੀ 'ਮਹਾਨ' ਸ਼ਬਦ ਦੀ ਸ਼੍ਰੇਣੀ ਆਉਂਦਾ ਹੈ। ਮਨੁੱਖ ਆਪਣੀਆਂ ਗ਼ਲਤੀਆਂ ਤੋਂ ਬਹੁਤ ਕੁਝ ਸਿੱਖਦਾ ਹੈ, ਪਰ ਸਿੱਖੇਗਾ ਉਦੋਂ ਜਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇਗਾ। ਕਈ ਵਾਰ ਅਸੀਂ ਜ਼ਿੰਦਗੀ ਵਿਚ ਵਾਰ-ਵਾਰ ਗ਼ਲਤੀ ਕਰਦੇ ਹਾਂ। ਸਾਨੂੰ ਪਤਾ ਨਹੀਂ ਲਗਦਾ ਕਿ ਗ਼ਲਤੀ ਕਿੱਥੇ ਹੋ ਰਹੀ ਹੈ? ਗਿਆਨ ਕੇਵਲ ਪੁਸਤਕਾਂ ਪੜ੍ਹਨ ਨਾਲ ਨਹੀਂ ਆਉਂਦਾ ਬਲਕਿ ਗ਼ਲਤੀਆਂ ਤੋਂ ਪੈਦਾ ਹੋਏ ਤਜਰਬਿਆਂ ਨਾਲ ਵੀ ਆਉਂਦਾ ਹੈ। ਕਈ ਵਾਰ ਅਗਿਆਨਤਾ ਦੇ ਕਾਰਨ ਵੀ ਕੁਝ ਗ਼ਲਤੀਆਂ ਹੁੰਦੀਆਂ ਹਨ। ਜਿਨ੍ਹਾਂ ਦਾ ਪਤਾ ਕੰਮ ਹੋਣ ਤੋਂ ਬਾਅਦ ਲਗਦਾ ਹੈ। ਮਨੁੱਖੀ ਜ਼ਿੰਦਗੀ ਨੇੇ ਆਪਣੇ ਸਫ਼ਰ ਦੌਰਾਨ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਨਾ ਹੁੰਦਾ ਹੈ ਅਤੇ ਹਰੇਕ ਪੜਾਅ ਇਕ ਨਵੇਂ ਸਮੇਂ ਦੀ ਸ਼ੁਰੂਆਤ ਕਰਦਾ ਹੈ। ਜੀਵਨ ਵਿਚ ਬਹੁਤ ਵਾਰ ਇਸ ਤਰ੍ਹਾਂ ਦੇ ਹਲਾਤ ਪੈਦਾ ਹੁੰਦੇ ਹਨ ਜਿੱਥੇ ਸਾਡੀ ਬੁੱਧੀ, ਸੋਚਣ ਸ਼ਕਤੀ, ਹੌਸਲਾ, ਡਰ ਆਦਿ ਦੀ ਪਰਖ ਹੁੰਦੀ ਹੈ। ਜੀਵਨ ਵਿਚ ਗ਼ਲਤੀਆਂ ਨੂੰ ਵਾਰ-ਵਾਰ ਦੁਹਰਾਉਣਾ ਨਹੀਂ ਚਾਹੀਦਾ। ਫਿਰ ਉਹ ਗ਼ਲਤੀ ਸਾਡੀ ਮੂਰਖਤਾ ਅਖਵਾਉਂਦੀ ਹੈ। ਕਈ ਵਾਰ ਸਾਡੇ ਵਲੋਂ ਕੀਤੀ ਗ਼ਲਤੀ ਦਾ ਖਮਿਆਜ਼ਾ ਸਾਡੇ ਨਾਲ-ਨਾਲ ਸਾਡੇ ਪਰਿਵਾਰਕ ਜੀਆਂ ਨੂੰ ਵੀ ਭੁਗਤਣਾ ਪੈਂਦਾ ਹੈ। ਵਿਦਿਆਰਥੀ ਜੀਵਨ ਵਿਚ ਅਸੀਂ ਬਹੁਤ ਗ਼ਲਤੀਆਂ ਕਰਦੇ ਹਾਂ, ਜਿਸ ਦਾ ਸਾਡੀ ਜ਼ਿੰਦਗੀ ਅਤੇ ਕੈਰੀਅਰ 'ਤੇ ਸਿੱਧਾ ਅਤੇ ਗਹਿਰਾ ਅਸਰ ਪੈਂਦਾ ਹੈ। ਆਦਮੀ ਨੂੰ ਜ਼ਿੰਦਗੀ ਵਿਚ ਜੋ ਸਫ਼ਲਤਾ ਜਾਂ ਅਸਫ਼ਲਤਾ ਮਿਲਦੀ ਹੈ, ਉਹ ਉਸਦੀ ਬੁੱਧੀ ਅਤੇ ਮਨ ਦੀ ਚੇਤਨਾ ਤੇ ਜ਼ਿਆਦਾ ਨਿਰਭਰ ਕਰਦੀ ਹੈ। ਇਸ ਲਈ ਮਾਨਵ ਨੂੰ ਹਮੇਸ਼ਾ ਆਪਣੀਆਂ ਕੀਤੀਆਂ ਹੋਈਆਂ ਗ਼ਲਤੀਆਂ ਤੋਂ ਸਿੱਖਦੇ ਰਹਿਣਾ ਚਾਹੀਦਾ ਅਤੇ ਕਿਸੇ ਵੀ ਹਾਲਤ ਵਿਚ ਇਸ ਦਾ ਦੋਸ਼ ਦੂਜਿਆਂ ਦੇ ਸਿਰ ਨਹੀਂ ਮੜ੍ਹਨਾ ਚਾਹੀਦਾ।

-ਨੇੜੇ ਪਾਰਕ, ਜੈਤੋ(ਫਰੀਦਕੋਟ)
ਮੋਬਾਈਲ : 9463024455

ਦੁਰਲਭ ਪ੍ਰਜਾਤੀਆਂ ਨੂੰ ਅਲੋਪ ਕਰ ਰਹੇ ਜ਼ਹਿਰੀਲੇ ਰਸਾਇਣ

ਥੋੜ੍ਹੀ ਜਿਹੀ ਸਰੀਰਕ ਢਿੱਲ-ਮੱਠ ਹੋਣ 'ਤੇ ਮਨੁੱਖ ਡਾਕਟਰਾਂ ਵੱਲ ਭੱਜਦੇ ਹਨ ਤੇ ਡਾਕਟਰ ਦਰਦ ਨਿਵਾਰਕ ਦਵਾਈ ਝੱਟਪਟ ਦੇ ਦਿੰਦੇ ਹਨ। ਇਸ ਦਰਦ ਨਿਵਾਰਕ ਦਵਾਈ ਵਿਚ ਇਕ ਤੱਤ 'ਡਾਈਕਲੋਫੈਨਿਕ' ਹੁੰਦਾ ਹੈ, ਜੋ ਸਰੀਰ ਦੀਆਂ ਉਸਾਰੂ ਕਿਰਿਆਵਾਂ ਨੂੰ ਢਾਹ ਲਾਉਂਦਾ ਹੈ ਅਤੇ ਮਨੁੱਖੀ ਤੇ ਪਸ਼ੂ-ਪੰਛੀਆਂ ਦੇ ਜਣਨ-ਅੰਗਾਂ ਤੇ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਭ ਇਕ ਖੋਜ ਤੋਂ ਸਪੱਸ਼ਟ ਹੋ ਗਿਆ ਹੈ। ਅੱਜ ਤੋਂ ਕਰੀਬ 40-50 ਸਾਲ ਪਹਿਲਾਂ ਆਸਮਾਨ ਵਿਚ ਹਜ਼ਾਰਾਂ ਗਿੱਧਾਂ (ਗਿਰਝਾਂ) ਦਾ ਕਾਫ਼ਲਾ ਉਡਦਾ ਰਹਿੰਦਾ ਸੀ। ਤਿੱਖੀ ਨਜ਼ਰ ਨਾਲ ਹਮੇਸ਼ਾ ਜ਼ਮੀਨ 'ਤੇ ਨਜ਼ਰ ਰੱਖਦਾ ਸੀ। ਜਦੋਂ ਵੀ ਕਿਸੇ ਪਿੰਡ, ਸ਼ਹਿਰ ਦੇ ਨਜ਼ਦੀਕ ਕਿਸੇ ਮਰੇ ਹੋਏ ਪਸ਼ੂ 'ਤੇ ਨਜ਼ਰ ਪੈਂਦੀ ਤਾਂ ਇਹ ਕਾਫਲਾ ਹੈਰਾਨੀਜਨਕ ਤਰੀਕੇ ਨਾਲ ਜ਼ਮੀਨ ਵੱਲ ਸ਼ੂਟ ਵੱਟ ਲੈਂਦਾ ਤੇ ਸਮਾਜ ਨੂੰ ਬਦਬੂ ਤੋਂ ਬਚਾਉਣ ਲਈ ਆਪਣਾ ਪੇਟ ਭਰ ਕੇ ਕੁਝ ਹੀ ਘੰਟਿਆਂ ਵਿਚ ਮੁਰਦਾਰ ਨੂੰ 'ਟਿਕਾਣੇ' ਲਾ ਦਿੰਦਾ। ਇਨ੍ਹਾਂ ਗਿੱਧਾਂ ਦੇ ਅਚਾਨਕ ਗੁੰਮ ਹੋਣ ਨਾਲ ਪਸ਼ੂ-ਪੰਛੀ ਵਿਗਿਆਨੀਆਂ ਨੂੰ ਚਿੰਤਾ ਹੋਈ ਤਾਂ ਉਨ੍ਹਾਂ ਨੇ ਕੁਝ ਮਰੀਆਂ ਗਿੱਧਾਂ ਦੇ ਸਰੀਰ ਦਾ ਪੋਸਟ ਮਾਰਟਮ (ਨਿਰੀਖਣ) ਕਰਕੇ ਪਤਾ ਲਗਾਇਆ ਕਿ ਇਨ੍ਹਾਂ ਦੇ ਸਰੀਰਾਂ ਵਿਚ ਡਿਕਲੋਫਿਨੈਲਿਕ ਦੀ ਮਾਤਰਾ ਜ਼ਿਆਦਾ ਪਾਈ ਗਈ। ਮਤਲਬ ਸਾਫ਼ ਹੈ ਕਿ ਡਿਕਲੋਫਿਨੈਲਿਕ ਦਵਾਈ ਮਨੁੱਖਾਂ ਦੇ ਨਾਲ ਪਸ਼ੂ ਡਾਕਟਰਾਂ ਵਲੋਂ ਜਾਨਵਰਾਂ ਨੂੰ ਦਿੱਤੀ ਜਾਂਦੀ ਸੀ। ਕੁਝ ਹੀ ਸਾਲਾਂ ਵਿਚ ਗਿੱਧਾਂ ਅਸਮਾਨ ਵਿਚੋਂ ਦਿਸਣੋਂ ਹਟ ਗਈਆਂ। ਦੂਸਰਾ ਤੱਤ ਹੈ ਸਰਕਾਰੀ ਹਸਪਤਾਲਾਂ ਵਿਚ ਔਰਤ ਦੇ ਬੱਚਾ ਜਣਨ ਸਮੇਂ ਪ੍ਰਸੂਤਾ ਮੌਕੇ ਵਰਤਿਆ ਜਾਂਦਾ ਟੀਕਾ ਆਕਸੀਟੋਇਸਨ। ਜਿਸ ਦੀ ਵਰਤੋਂ ਕੇਵਲ ਤੇ ਕੇਵਲ ਸਰਕਾਰੀ ਹਸਪਤਾਲਾਂ ਵਿਚ ਹੀ ਹੋਣੀ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਟੀਕੇ ਡੱਬਿਆਂ ਦੇ ਡੱਬੇ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ਤੋਂ ਸ਼ਰੇਆਮ ਮਿਲਦੇ ਰਹੇ ਹਨ ਤੇ ਹੁਣ ਵੀ ਮਿਲਦੇ ਹਨ। ਇਹ ਟੀਕਾ ਉਤੇਜਨਾ ਭਰਪੂਰ ਹੁੰਦਾ ਹੈ। ਅਨਪੜ੍ਹ ਪਸ਼ੂ ਪਾਲਕ ਵਧੇਰੇ ਦੁੱਧ ਤੇ ਅੱਖੜ ਪਸ਼ੂਆਂ ਤੋਂ ਤੁਰੰਤ ਦੁੱਧ ਪ੍ਰਾਪਤ ਕਰਨ ਲਈ ਘਰੇ ਹੀ ਡਾਕਟਰੀ ਕਰਕੇ ਦਿਨ ਵਿਚ ਇਕ ਵਾਰ ਮਹੀਨਿਆਂ ਬੱਧੀ ਇਹ ਟੀਕੇ ਲਗਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਇਸ ਨਾਲ ਗੱਭਣ ਪਸ਼ੂਆਂ ਦਾ ਗਰਭਪਾਤ ਹੋ ਜਾਂਦਾ ਹੈ। ਕਈ ਵਾਰੀ ਵਿਚਾਰੇ ਕਿਸਾਨਾਂ ਨੂੰ ਲੈਣੇ ਦੇ ਦੇਣੇ ਪੈ ਜਾਣ ਕਰਕੇ ਆਰਥਿਕ ਨੁਕਸਾਨ ਹੋ ਜਾਂਦਾ ਹੈ। ਅਜਿਹੇ ਵਿਚ ਡਾ: ਵਿਭੂ ਪ੍ਰਸਾਦਿ ਗਿੱਧ ਪ੍ਰਜਾਤੀ ਦੇ ਅਲੋਪ ਹੋਣ ਤੇ ਉਸ ਨੂੰ ਬਚਾਉਣ ਦਾ ਪਿੰਜੌਰ ਵਿਚ ਕੈਂਪ ਲਗਾ ਕੇ ਅਹਿਮ ਕਾਰਜ ਕਰ ਰਿਹਾ ਹੈ। 2005 ਤੋਂ ਡਾ: ਵਿਭੂ ਪ੍ਰਸਾਦਿ ਨੇ ਡਿਕਲੋਫਿਨੈਲਿਕ ਦਵਾਈ 'ਤੇ ਪਾਬੰਦੀ ਲਗਾਈ ਹੈ ਪਰ ਇਹ ਅੱਜ ਵੀ ਭਾਰਤ ਵਿਚ ਮਿਲਦੀ ਹੈ ਤੇ ਵਰਤੀ ਜਾ ਰਹੀ ਹੈ। ਇਸ ਦਾ ਪ੍ਰਯੋਗ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ਵੈਟਰਨਰੀ ਡਾਕਟਰਾਂ ਤੇ ਮਨੁੱਖੀ ਡਾਕਟਰਾਂ ਨੂੰ ਡਾਈਕਲੋਫੈਨਿਕ ਤੇ ਆਕਸੀਟੋਇਸਨ ਦਵਾਈ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਣਕਾਰੀ ਜ਼ਰੂਰੀ ਦੇਣੀ ਚਾਹੀਦੀ ਹੈ। ਸਾਡੀ ਨੌਜਵਾਨ ਪੀੜ੍ਹੀ ਵੀ ਅਜਿਹੇ ਰਸਾਇਣਾਂ ਕਰਕੇ ਜਣਨ ਸ਼ਕਤੀ ਗੁਆਉਂਦੀ ਜਾ ਰਹੀ ਹੈ। ਆਕਸੀਟੋਇਸਨ ਦਾ ਪੇਂਡੂ ਦੁਕਾਨਾਂ 'ਤੇ ਸ਼ਰੇਆਮ ਮਿਲਣਾ ਗੰਭੀਰ ਮਾਮਲਾ ਹੈ। ਅਜਿਹੇ ਰਸਾਇਣਾਂ ਦੀ ਵਰਤੋਂ ਸਿਰਫ਼ ਐਮਰਜੈਂਸੀ ਹਾਲਤਾਂ ਵਿਚ ਹੀ ਹੋਣੀ ਚਾਹੀਦੀ ਹੈ ਨਾ ਕਿ ਸ਼ਰੇਆਮ।

-ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲਾ, ਗੁਰਦਾਸਪੁਰ-143514.

ਔਰਤਾਂ ਦਾ ਰਾਜਨੀਤੀ ਵਿਚ ਰਾਖਵਾਂਕਰਨ

ਸੰਵਿਧਾਨ ਅਨੁਸਾਰ ਹਰ ਭਾਰਤੀ ਨਾਗਰਿਕ ਚਾਹੇ ਉਹ ਪੁਰਸ਼ ਹੈ ਜਾਂ ਔਰਤ, ਸਭ ਦੇ ਹੱਕ ਬਰਾਬਰ ਹਨ, ਜੋ ਹੋਣੇ ਵੀ ਚਾਹੀਦੇ ਹਨ। ਪਿਛਲੇ ਕੁਝ ਦਹਾਕਿਆਂ ਤਂੋ ਔਰਤਾਂ ਲਈ ਰਾਜਨੀਤੀ ਵਿਚ ਰਾਖਵੀਆਂ ਸੀਟਾਂ ਰੱਖੀਆਂ ਜਾਂਦੀਆਂ ਹਨ। ਜਿਸ ਦੇ ਤਹਿਤ ਹੇਠਲੇ ਪੱਧਰ 'ਤੇ ਔਰਤਾਂ ਪੰਚਾਇਤ ਮੈਂਬਰ, ਪੰਚਾਇਤ ਜਾਇਦਾਦ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਚੋਣਾਂ ਲੜਦੀਆਂ ਹਨ। ਇਨ੍ਹਾਂ ਵਿਚ ਲਗਪਗ 90 ਫੀਸਦੀ ਔਰਤਾਂ ਉਹ ਹਨ ਜਿਨ੍ਹਾਂ ਦੀ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ, ਜ਼ਿਆਦਾਤਰ ਹੁੰਦਾ ਇਹ ਹੈ ਕਿ ਜਦੋਂ ਕੋਈ ਸੀਟ ਔਰਤਾਂ ਲਈ ਰਾਖਵੀਂ ਹੋ ਜਾਂਦੀ ਹੈ ਫਿਰ ਉਥੇ ਕਿਸੇ ਚਾਹਵਾਨ ਪੁਰਸ਼ ਦੀ ਪਤਨੀ ਚੋਣ ਲੜਦੀ ਹੈ ਤਾਂ ਕਿ ਉਹ ਪੁਰਸ਼ ਰਾਜਨੀਤੀ ਵਿਚ ਅਸਿੱਧੇ ਤੌਰ 'ਤੇ ਹਿੱਸੇਦਾਰ ਬਣੇ। ਇਸੇ ਤਰ੍ਹਾਂ ਵੋਟ ਦੇ ਹੱਕ ਦੀ ਵਰਤੋਂ ਵੀ ਜ਼ਿਆਦਾ ਔਰਤਾਂ ਆਪਣੇ ਪਤੀ ਅਤੇ ਪਰਿਵਾਰ ਦੀ ਖੁਸ਼ੀ ਲਈ ਹੀ ਇਸਤੇਮਾਲ ਕਰਦੀਆਂ ਹਨ, ਉਨ੍ਹਾਂ ਦੀ ਆਪਣੀ ਕੋਈ ਰਾਇ ਨਹੀਂ ਹੁੰਦੀ। ਔਰਤਾਂ ਨੂੰ ਇਸ ਗੱਲ ਦੀ ਸਮਝ ਜ਼ਰੂਰੀ ਹੈ ਕਿ ਇੰਗਲੈਂਡ ਵਰਗੇ ਲੋਕਤੰਤਰੀ ਦੇਸ਼ ਵਿਚ ਬੜੀ ਮੁਸ਼ਕਿਲ ਨਾਲ ਕੁਝ ਕੁ ਜਾਗਰੂਕ ਇਸਤਰੀਆਂ ਦੇ ਸੰਘਰਸ਼ ਸਦਕਾ 20ਵੀਂ ਸਦੀ ਵਿਚ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਸੋ, ਵੋਟ ਦੇ ਅਧਿਕਾਰ ਤੋਂ ਰਾਜਨੀਤੀ 'ਚ ਭਾਗ ਲੈਣ ਦੀ ਪ੍ਰਕਿਰਿਆ ਤੱਕ ਬਹੁਤ ਜ਼ਰੂਰੀ ਹੈ ਤਾਂ ਕਿ ਔਰਤਾਂ ਖੁਦ ਰਾਜਨੀਤਕ ਅਤੇ ਸਮਾਜਿਕ ਵਿਸ਼ਿਆਂ ਤੋਂ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਤੋਂ ਵਿਸ਼ਵ ਪੱਧਰੀ ਹੱਲ ਤੱਕ ਜਾਗਰੂਕ ਹੋਣ। ਇਥੇ ਇਕ ਉਦਾਹਰਨ ਦੇਣੀ ਬਣਦੀ ਹੈ ਕਿ ਕੁਝ ਕੁ ਸਮਾਂ ਪਹਿਲਾਂ ਪੰਜਾਬ ਦੀ ਕਿਸੇ ਔਰਤ ਕੈਬਨਿਟ ਮੰਤਰੀ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਕਿਉਂਕਿ ਉਸ ਦਾ ਪਤੀ ਉਸਦੇ ਹਰ ਰਾਜਨੀਤਕ ਕੰਮ ਵਿਚ ਜ਼ਿਆਦਾ ਹੀ ਦਖਲਅੰਦਾਜ਼ੀ ਕਰਦਾ ਸੀ। ਸੋ ਔਰਤਾਂ ਨੂੰ ਰਾਜਨੀਤਕ ਖੇਤਰ ਵਿਚ ਆਉਣ ਤੋਂ ਪਹਿਲਾਂ ਸਮਾਜ ਅਤੇ ਰਾਜਨੀਤੀ ਦੇ ਹਰ ਪਹਿਲੂ ਤੋਂ ਚੇਤੰਨ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਅਹੁਦੇ ਦੀ ਯੋਗ ਵਰਤੋਂ ਕਰ ਕੇ ਰਾਜਨੀਤਕ ਖੇਤਰ ਵਿਚ ਸਾਰਥਕ ਅਤੇ ਉਸਾਰੂ ਭੂਮਿਕਾ ਨਿਭਾਅ ਸਕਣ।

grewal2271@gmail.com

 

 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX