ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  15 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  47 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  56 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 2 hours ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 2 hours ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੱਚਿਆਂ ਨੂੰ ਦਿਓ ਘਰ ਵਿਚ ਚੰਗਾ ਵਾਤਾਵਰਨ

ਬੱਚੇ ਦੇਸ਼ ਅਤੇ ਸਮਾਜ ਦੀ ਅਸਲੀ ਦੌਲਤ ਹਨ। ਉਹ ਰਾਸ਼ਟਰ ਦੇ ਭਵਿੱਖ ਦੇ ਵਾਰਿਸ ਹਨ। ਕੋਈ ਵੀ ਮਾਪੇ ਜੀਵਨ ਵਿਚ ਜਿੰਨਾ ਮਰਜ਼ੀ ਧਨ, ਸ਼ੋਹਰਤ, ਰੁਤਬਾ ਹਾਸਲ ਕਰ ਲੈਣ ਪਰ ਜੇਕਰ ਉਨ੍ਹਾਂ ਦੇ ਬੱਚੇ ਕੁਰਾਹੇ ਪੈ ਗਏ ਤਾਂ ਉਹ ਆਪਣੇ-ਆਪ ਨੂੰ ਹਾਰੇ ਹੋਏ ਹੀ ਸਮਝਣਗੇ। ਬੱਚੇ ਦੇ ਵਿਕਾਸ ਅਤੇ ਪਾਲਣ-ਪੋਸ਼ਣ ਵਿਚ ਸਭ ਤੋਂ ਵੱਡਾ ਯੋਗਦਾਨ ਮਾਪਿਆਂ ਦਾ ਹੈ। ਬੱਚਾ ਜਿਹੋ ਜਿਹੇ ਵਾਤਾਵਰਨ 'ਚ ਪਲ ਰਿਹਾ ਹੈ, ਉਹ ਉਸੇ ਤਰ੍ਹਾਂ ਦੇ ਗੁਣ-ਔਗੁਣ ਗ੍ਰਹਿਣ ਕਰੇਗਾ। ਕੋਈ ਸਮਾਂ ਸੀ ਜਦ ਸਾਂਝੇ ਪਰਿਵਾਰ ਹੁੰਦੇ ਸਨ ਤੇ ਬੱਚਾ ਵੱਖ-ਵੱਖ ਮੈਂਬਰਾਂ ਤੋਂ ਪਲਦਾ-ਪਲਦਾ ਬਹੁਤ ਕੁਝ ਸਿੱਖ ਜਾਂਦਾ ਸੀ। ਇਕ ਤਰ੍ਹਾਂ ਸਾਂਝੇ ਪਰਿਵਾਰ ਉਸ ਲਈ ਮੁੱਢਲੇ ਸਕੂਲ ਹੁੰਦੇ ਸਨ, ਜਿੱਥੇ ਬੱਚਿਆਂ ਦਾ ਚਰਿੱਤਰ ਨਿਰਮਾਣ ਹੁੰਦਾ ਸੀ। ਮਹਿੰਗਾਈ ਅਤੇ ਤੰਗੀਆਂ-ਤੁਰਸ਼ੀਆਂ ਨੇ ਸੰਯੁਕਤ ਪਰਿਵਾਰ ਦੀ ਥਾਂ 'ਤੇ ਇਕਹਿਰੇ ਪਰਿਵਾਰ ਨੂੰ ਸਥਾਪਿਤ ਕੀਤਾ ਹੈ। ਦਿਨੋ-ਦਿਨ ਸੁੰਗੜ ਰਹੇ ਜੀਵਨ ਅਤੇ ਅਰਥਚਾਰੇ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਸੱਟ ਮਾਰੀ ਹੈ। ਅੱਜ ਮਹਿੰਗਾਈ ਦੇ ਯੁੱਗ ਵਿਚ ਜੀਵਿਕਾ ਲਈ ਪਤੀ-ਪਤਨੀ ਦੋਵਾਂ ਨੂੰ ਹੀ ਨੌਕਰੀ ਕਰਨੀ ਪੈਂਦੀ ਹੈ। ਇਸ ਕਰਕੇ ਬੱਚਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।
ਮਾਪਿਆਂ ਦਾ ਨਿੱਘਾ ਪਿਆਰ, ਦੁਲਾਰ ਨਾ ਮਿਲਣ ਕਾਰਨ ਬੱਚੇ ਦੀ ਸ਼ਖ਼ਸੀਅਤ ਦਾ ਵਿਕਾਸ ਅਸਾਵਾਂ ਰਹਿ ਜਾਂਦਾ ਹੈ ਤੇ ਉਹ ਉਲਾਰ ਹੋ ਕੇ ਬਗਾਵਤ ਕਰ ਦਿੰਦੇ ਹਨ ਜਾਂ ਡਰੂ ਹੋ ਕੇ ਆਸ਼ਰਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ। ਭੌਤਿਕ ਸੁੱਖਾਂ ਲਈ ਮਾਪਿਆਂ ਵਲੋਂ ਦੌੜੀ ਜਾ ਰਹੀ ਦੌੜ 'ਚ ਬੱਚਿਆਂ ਦਾ ਬਚਪਨ ਗੁਆਚਦਾ ਜਾ ਰਿਹਾ ਹੈ। ਮਾਪੇ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਰਹੇ ਹਨ। ਉਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਦੇ ਰਹੇ ਹਨ। ਇਸ ਤਰ੍ਹਾਂ ਉਹ ਆਪਣੇ ਫਰਜ਼ਾਂ ਦੀ ਪੂਰਤੀ ਤਾਂ ਕਰ ਹੀ ਰਹੇ ਹਨ। ਪਰ ਬੱਚੇ ਨੂੰ ਸੁੱਖ-ਸੁਵਿਧਾਵਾਂ ਦੇ ਨਾਲ ਮਾਪਿਆਂ ਦੇ ਪਿਆਰ ਅਤੇ ਸਮੇਂ ਦੀ ਵੀ ਚਾਹਤ ਹੁੰਦੀ ਹੈ। ਬੱਚੇ ਚਾਹੁੰਦੇ ਹਨ ਕਿ ਮਾਪੇ ਉਨ੍ਹਾਂ ਨਾਲ ਗੱਲਾਂ ਕਰਨ, ਉਨ੍ਹਾਂ ਨਾਲ ਖੇਡਣ ਪਰ ਜ਼ਿਆਦਾਤਰ ਮਾਪੇ ਆਪਣੀ ਹੀ ਦੁਨੀਆ ਵਿਚ ਗੁਆਚੇ ਹੋਏ ਹਨ। ਕਈ ਘਰਾਂ ਦੀਆਂ ਔਰਤਾਂ ਕਿੱਟੀ ਪਾਰਟੀਆਂ, ਕਲੱਬਾਂ ਵਿਚ ਅਤੇ ਪੁਰਸ਼ ਆਪਣੀਆਂ ਮਿੱਤਰ ਮੰਡਲੀਆਂ ਵਿਚ ਰੁੱਝੇ ਰਹਿੰਦੇ ਹਨ। ਅਜਿਹੇ ਮਾਪੇ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਸਹੀ ਦੇਖਭਾਲ ਅਤੇ ਦਿਸ਼ਾ ਲਈ ਉਨ੍ਹਾਂ ਦੀ ਸੁਚੱਜੀ ਅਗਵਾਈ ਦੀ ਲੋੜ ਹੈ। ਮਾਪਿਆਂ ਦੇ ਪਿਆਰ, ਅਪਣੱਤ ਦੀ ਘਾਟ ਉਨ੍ਹਾਂ ਵਿਚ ਬੇਗਾਨਗੀ ਦਾ ਭਾਵ ਪੈਦਾ ਕਰਦੀ ਹੈ। ਦੂਜੇ ਪਾਸੇ ਸਖ਼ਤ ਮਿਹਨਤ ਦੇ ਬਾਵਜੂਦ ਗਰੀਬ ਮਾਪੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਪਾਉਂਦੇ। ਗਰੀਬੀ ਕਾਰਨ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਅਤੇ ਉਹ ਵਿੱਦਿਆ ਤੋਂ ਵਿਹੂਣੇ ਰਹਿ ਜਾਂਦੇ ਹਨ। ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾਤਰ ਕਮਜ਼ੋਰ ਬੱਚੇ ਦੇਸ਼ ਦੇ ਵਿਕਾਸ ਵਿਚ ਪੂਰਾ ਯੋਗਦਾਨ ਪਾਉਣ ਤੋਂ ਅਸਮਰੱਥ ਰਹਿੰਦੇ ਹਨ। ਇੰਜ ਪਰਿਵਾਰਾਂ ਦੀ ਗਰੀਬੀ ਜਾਂ ਇਕਹਿਰੇ ਪਰਿਵਾਰ ਬੱਚਿਆਂ ਦੇ ਸਹੀ ਵਿਕਾਸ ਵਿਚ ਰੁਕਾਵਟ ਬਣਦੇ ਜਾ ਰਹੇ ਹਨ।
ਬੱਚੇ ਦੇ ਜੀਵਨ 'ਤੇ ਮਾਤਾ-ਪਿਤਾ ਦੇ ਜੀਵਨ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਘਰੇਲੂ ਲੜਾਈ-ਝਗੜੇ ਵਾਲੇ ਮਾਹੌਲ 'ਚ ਪਲਦੇ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਆਮ ਤੌਰ 'ਤੇ ਅਜਿਹੇ ਮਾਹੌਲ ਵਿਚ ਪਲੇ ਬੱਚੇ ਡਰਪੋਕ, ਝਗੜਾਲੂ, ਹਿੰਸਕ ਆਦਿ ਬਣ ਜਾਂਦੇ ਹਨ। ਅਜਿਹੇ ਬੱਚਿਆਂ ਦੀਆਂ ਭਾਵਨਾਵਾਂ ਕੁਚਲੀਆਂ ਜਾਂਦੀਆਂ ਹਨ ਅਤੇ ਉਹ ਆਪਣੀ ਯੋਗਤਾ ਦਾ ਸਹੀ ਉਪਯੋਗ ਨਹੀਂ ਕਰ ਪਾਉਂਦੇ। ਕਿਸੇ ਵਿਦਵਾਨ ਦੇ ਕਥਨ ਹਨ ਕਿ ਪਤੀ-ਪਤਨੀ ਨੇ ਲੜਨਾ-ਝਗੜਨਾ ਹੈ ਤਾਂ ਬੱਚਿਆਂ ਦੇ ਸੌਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਘਰਾਂ ਵਿਚ ਸ਼ਾਂਤੀ ਦਾ ਵਾਤਾਵਰਨ ਹੁੰਦਾ ਹੈ, ਆਪਸ ਵਿਚ ਪ੍ਰੇਮ ਅਤੇ ਛੋਟੇ-ਵੱਡਿਆਂ ਦਾ ਆਦਰ ਹੁੰਦਾ ਹੈ, ਅਜਿਹੇ ਘਰ ਦੇ ਬੱਚਿਆਂ ਵਿਚ ਚੰਗੇ ਗੁਣ ਪੈਦਾ ਹੋ ਜਾਂਦੇ ਹਨ। ਬੱਚੇ ਨੂੰ ਜ਼ਿਆਦਾ ਨਾ ਹੀ ਲਾਡ-ਪਿਆਰ ਵਿਚ ਵਿਗਾੜਨਾ ਚਾਹੀਦਾ ਹੈ ਅਤੇ ਨਾ ਹੀ ਉਸ ਨੂੰ ਹਰ ਵਕਤ ਆਪਣੇ ਨਾਲ ਚਿਪਕਾ ਕੇ ਰੱਖਣਾ ਚਾਹੀਦਾ ਹੈ। ਲੋੜ ਤੋਂ ਵੱਧ ਸਖ਼ਤੀ ਵੀ ਬੱਚਿਆਂ ਵਿਚ ਵਿਦਰੋਹ ਦੀ ਭਾਵਨਾ ਪੈਦਾ ਕਰਦੀ ਹੈ। ਬੱਚਾ ਮਾਤਾ-ਪਿਤਾ ਦੋਵਾਂ ਦੇ ਲਈ ਆਨੰਦ ਅਤੇ ਖੁਸ਼ੀ ਦਾ ਸੋਮਾ ਹੈ। ਮਾਤਾ-ਪਿਤਾ ਨੂੰ ਆਪਣੀਆਂ ਘਰੇਲੂ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਬੱਚੇ ਦੇ ਵਿਕਾਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਸਾਹਮਣੇ ਖੁਦ ਆਦਰਸ਼ ਵਿਵਹਾਰ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚੇ ਬੁਰੀਆਂ ਆਦਤਾਂ ਤੋਂ ਸਹਿਜੇ ਹੀ ਦੂਰ ਚਲੇ ਜਾਣਗੇ। ਪਰਿਵਾਰਕ ਜੀਵਨ ਵਿਚ ਜੋ ਸਾਧਾਰਨ ਤੋਂ ਸਾਧਾਰਨ ਘਟਨਾ ਵੀ ਵਾਪਰਦੀ ਹੈ, ਇਸ ਦਾ ਵੀ ਨਿਸ਼ਚਿਤ ਰੂਪ ਵਿਚ ਬੱਚੇ ਦੇ ਜੀਵਨ, ਸੁਭਾਅ ਅਤੇ ਵਿਚਾਰਾਂ 'ਤੇ ਪ੍ਰਭਾਵ ਪੈਂਦਾ ਹੈ। ਜੇਕਰ ਨੀਂਹ ਹੀ ਖੋਖਲੀ ਹੋਵੇਗੀ, ਉਸ ਵਿਚ ਘਾਟਾਂ ਹੋਣਗੀਆਂ ਤਾਂ ਅਜਿਹੇ ਬੱਚਿਆਂ ਦਾ ਭਵਿੱਖੀ ਜੀਵਨ ਵੀ ਬੜਾ ਦੁਖਦਾਈ ਹੋਵੇਗਾ।
ਆਦਰਸ਼ ਸੱਭਿਅਕ ਸਮਾਜ ਦੇ ਨਾਗਰਿਕਾਂ ਵਿਚ ਪ੍ਰੇਮ, ਸਹਿਯੋਗ, ਇਮਾਨਦਾਰੀ, ਸੇਵਾ, ਸਹਿਣਸ਼ੀਲਤਾ, ਨਿਮਰਤਾ, ਸਚਾਈ ਆਦਿ ਗੁਣਾਂ ਦੀ ਬਹੁਤਾਤ ਹੁੰਦੀ ਹੈ। ਜਿਸ ਸਮਾਜ ਦੇ ਨਾਗਰਿਕਾਂ ਵਿਚ ਇਸ ਤਰ੍ਹਾਂ ਦੇ ਗੁਣ ਹੋਣ, ਉਹ ਸਮਾਜ ਓਨਾ ਹੀ ਉੱਚਾ ਸਮਝਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਗੁਣਾਂ ਦੀ ਨੀਂਹ ਬਚਪਨ ਵਿਚ ਹੀ ਰੱਖੀ ਜਾਂਦੀ ਹੈ। ਇਸ ਲਈ ਸਾਂਝੇ ਪਰਿਵਾਰਾਂ ਨੂੰ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਕਹਿਰੇ ਪਰਿਵਾਰਾਂ ਵਿਚ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿੱਤਾ ਜਾਵੇ। ਪਤੀ-ਪਤਨੀ ਨੂੰ ਆਪਸੀ ਮਨ-ਮੁਟਾਵ ਦੂਰ ਕਰਕੇ ਘਰ ਵਿਚ ਹਮੇਸ਼ਾ ਵਧੀਆ ਅਤੇ ਪਿਆਰ ਭਰਿਆ ਵਾਤਾਵਰਨ ਸਿਰਜਣਾ ਚਾਹੀਦਾ ਹੈ। ਦਿਨ ਵਿਚ ਘੱਟੋ-ਘੱਟ ਇਕ ਵਾਰ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਵੇ, ਜਿਸ ਵਿਚ ਬੱਚਿਆਂ ਨਾਲ ਦਿਨ ਭਰ ਦੀਆਂ ਕਿਰਿਆਵਾਂ ਬਾਰੇ ਗੱਲਬਾਤ ਕੀਤੀ ਜਾਵੇ। ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨਾ ਅਤੇ ਛੋਟਿਆਂ ਨੂੰ ਪਿਆਰ ਕਰਨਾ ਸਿਖਾਇਆ ਜਾਵੇ। ਮਾਪਿਆਂ ਨੂੰ ਬੱਚਿਆਂ ਦੀਆਂ ਇੱਛਾਵਾਂ, ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਵਿਕਸਤ ਹੋਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਕੁਦਰਤ ਨਾਲ ਅਤੇ ਪੁਸਤਕਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ, ਤਾਂ ਜੋ ਅੱਜ ਦੇ ਮਸ਼ੀਨੀ ਯੁੱਗ ਵਿਚ ਉਨ੍ਹਾਂ ਅੰਦਰ ਸੰਵੇਦਨਾ ਦੀ ਭਾਵਨਾ ਨਾ ਖਤਮ ਹੋ ਜਾਵੇ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰਾਂ ਦੇ ਨਾਲ-ਨਾਲ ਗੈਰ-ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਬਚਪਨ ਨਾ ਖੋਹਿਆ ਜਾਵੇ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਅਹਿਮੀਅਤ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਭਾਰਤ ਦਾ ਭਵਿੱਖ ਬੱਚਿਆਂ ਦੀਆਂ ਮਾਸੂਮ ਅੱਖਾਂ ਵਿਚੋਂ ਵੇਖਿਆ।

-ਮੋਬਾ: 94780-06050


ਖ਼ਬਰ ਸ਼ੇਅਰ ਕਰੋ

ਬਦਲਦੇ ਮੌਸਮ ਵਿਚ ਚਮੜੀ ਦੀ ਦੇਖਭਾਲ

ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਰੋਜ਼ਮਰਾ ਦਾ ਤਾਪਮਾਨ ਡਿਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਤਾਪਮਾਨ ਵਿਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜਕਲ੍ਹ ਪੱਖਿਆਂ ਦੀ ਹਵਾ ਵਿਚ ਠੰਢਕ ਵਧ ਗਈ ਹੈ ਅਤੇ ਏ.ਸੀ. ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ। ਵਾਤਾਵਰਨ ਵਿਚ ਅਚਾਨਕ ਬਦਲਾਅ ਨਾਲ ਚਮੜੀ, ਖੋਪੜੀ, ਬੁੱਲ੍ਹ ਅਤੇ ਨਹੁੰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਠੰਢੇ ਮੌਸਮ ਦੇ ਸ਼ੁਰੂਆਤੀ ਦਿਨਾਂ ਵਿਚ ਚਮੜੀ ਨੂੰ ਕ੍ਰੀਮ, ਮਾਇਸਚਰਾਈਜ਼ਰ, ਫਲਾਂ, ਪੀਣ ਵਾਲੇ ਪਦਾਰਥਾਂ ਅਤੇ ਉਚਿਤ ਪੋਸ਼ਾਹਾਰ ਰਾਹੀਂ ਨਮੀ ਦੇਣੀ ਚਾਹੀਦੀ ਹੈ। ਸਰਦੀਆਂ ਦੇ ਮਹੀਨੇ ਦੇ ਸ਼ੁਰੂ ਵਿਚ ਮੌਸਮ ਵਿਚ ਨਮੀ ਦੀ ਕਮੀ ਨਾਲ ਚਮੜੀ ਵਿਚ ਖਿਚਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਵਾਤਾਵਰਨ ਵਿਚ ਇਹ ਨਮੀ ਘੱਟ ਹੋਣੀ ਸ਼ੁਰੂ ਹੁੰਦੀ ਹੈ, ਉਵੇਂ ਹੀ ਖੁਸ਼ਕ ਅਤੇ ਫੋੜੇ, ਫਿੰਸੀਆਂ ਤੋਂ ਪੀੜਤ ਚਮੜੀ ਲਈ ਪ੍ਰੇਸ਼ਾਨੀਆਂ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਆਪਣੀ ਰਸੋਈ ਅਤੇ ਘਰੇਲੂ ਬਗੀਚੀ ਵਿਚ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰੋ ਤਾਂ ਚਮੜੇ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੁਦਰਤੀ ਤਰੀਕੇ ਨਾਲ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਰਦੀਆਂ ਵਿਚ ਆਮ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਜਿੰਗ ਕ੍ਰੀਮ ਅਤੇ ਜ਼ੈੱਲ ਨਾਲ ਤਾਜ਼ੇ ਆਮ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ ਵਿਚ ਚਮੜੀ ਦੀ ਨਮੀ ਵਾਤਾਵਰਨ ਵਿਚ ਮਿਲ ਜਾਂਦੀ ਹੈ ਅਤੇ ਚਮੜੀ ਨੂੰ ਉਸ ਦੀ ਖੋਈ ਹੋਈ ਨਮੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਚਮੜੀ ਵਿਚ ਗਿੱਲਾਪਣ ਅਤੇ ਨਮੀ ਦੀ ਲਗਾਤਾਰ ਕਮੀ ਨਾਲ ਚਮੜੀ ਵਿਚ ਰੁੱਖਾਪਨ, ਪਪੜੀ, ਖੁਰਦਰਾਪਨ ਅਤੇ ਲਾਲਗੀ ਆਉਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਚਮੜੀ ਤੋਂ ਮੇਕਅੱਪ ਅਤੇ ਪ੍ਰਦੂਸ਼ਣ ਕਾਰਨ ਜੰਮੀ ਗੰਦਗੀ ਨੂੰ ਹਟਾਉਣ ਲਈ ਚਮੜੀ ਦੀ ਕਲੀਂਜ਼ਿੰਗ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਚਮੜੀ 'ਤੇ ਕਲੀਂਜ਼ਰ ਦੀ ਮਦਦ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਗਿੱਲੇ ਰੂੰ ਨਾਲ ਸਾਫ਼ ਕਰ ਦਿਓ।
ਸਵੇਰੇ ਚਮੜੀ ਦੀ ਕਲੀਂਜ਼ਿੰਗ ਤੋਂ ਬਾਅਦ ਚਮੜੀ ਨੂੰ ਗੁਲਾਬ ਜਲ ਆਧਾਰਿਤ ਸਕਿਨ ਟਾਨਿਕ ਜਾਂ ਗੁਲਾਬ ਜਲ ਨਾਲ ਰੂੰ ਦੀ ਮਦਦ ਨਾਲ ਟੋਨ ਕਰੋ। ਦਿਨ ਵੇਲੇ ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕ੍ਰੀਨ ਦੀ ਵਰਤੋਂ ਕਰੋ। ਰਾਤ ਨੂੰ ਚਮੜੀ ਨੂੰ ਨਾਈਟਕ੍ਰੀਮ ਨਾਲ ਪੋਸ਼ਿਤ ਕਰਨਾ ਚਾਹੀਦਾ ਹੈ। ਚਮੜੀ 'ਤੇ ਨਾਈਟਕ੍ਰੀਮ ਲਗਾਉਣ ਨਾਲ ਚਮੜੀ ਚਿਕਣੀ ਅਤੇ ਮੁਲਾਇਮ ਹੋ ਜਾਂਦੀ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਆਸੇ-ਪਾਸੇ ਕ੍ਰੀਮ ਲਗਾ ਕੇ 10 ਮਿੰਟ ਬਾਅਦ ਇਸ ਨੂੰ ਗਿੱਲੇ ਰੂੰ ਨਾਲ ਧੋ ਦੇਣਾ ਚਾਹੀਦਾ ਹੈ। ਅਕਸਰ ਤੇਲੀ ਚਮੜੀ ਨੂੰ ਸਤਹੀ ਤੌਰ 'ਤੇ ਰੁੱਖੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲੀ ਚਮੜੀ ਸਾਫ਼ ਕਰਨ ਤੋਂ ਤੁਰੰਤ ਬਾਅਦ ਰੁੱਖੀ ਬਣ ਜਾਂਦੀ ਹੈ ਪਰ ਜੇ ਇਸ ਚਮੜੀ 'ਤੇ ਕ੍ਰੀਮ ਜਾਂ ਮਾਇਸਚਰਾਈਜ਼ਰ ਦੀ ਮਾਲਿਸ਼ ਕੀਤੀ ਜਾਵੇ ਤਾਂ ਫੋੜੇ, ਫਿੰਨਸੀਆਂ ਆਦਿ ਉੱਭਰ ਆਉਂਦੀਆਂ ਹਨ।
**

ਆਓ ਬਣਾਈਏ ਵੱਖ-ਵੱਖ ਤਰ੍ਹਾਂ ਦੇ ਸੂਪ

ਕੱਦੂ ਦਾ ਸੂਪ
ਕੱਦੂ ਦਾ ਸੂਪ ਬਣਾਉਣ ਦਾ ਬਹੁਤ ਆਸਾਨ ਤਰੀਕਾ। ਪੀਲੇ ਕੱਦੂ ਤੋਂ ਬਣੇਗਾ ਬਹੁਤ ਸਵਾਦਿਸ਼ਟ ਸੂਪ। ਇਹ ਸੂਪ ਯੂਰਪੀ ਤਰਜ਼ 'ਤੇ ਹੈ। ਇਸ ਲਈ ਇਸ ਦਾ ਭਾਰਤੀ ਸੂਪ ਵਰਗੀ ਸੁਗੰਧ ਜਾਂ ਸਵਾਦ ਨਹੀਂ ਹੋਵੇਗਾ। ਇਥੇ ਅਸੀਂ ਇਹ ਸੂਪ ਲੰਬੇ ਕੱਦੂ ਤੋਂ ਬਣਾਉਣਾ ਦੱਸ ਰਹੇ ਹਾਂ। ਇਸ ਨੂੰ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਤੁਸੀਂ ਇਕ ਪੈਨ ਵਿਚ ਕੱਦੂ ਦੇ ਟੁਕੜੇ ਪਕਾ ਸਕਦੇ ਹੋ। ਇਹ ਕੱਦੂ ਦਾ ਸੂਪ ਰਾਤ ਦੇ ਖਾਣੇ ਤੋਂ ਪਹਿਲਾਂ ਗਰਮ ਕੀਤੀ ਬਰੈੱਡ ਦੇ ਟੁਕੜਿਆਂ ਨਾਲ ਲਿਆ ਜਾ ਸਕਦਾ ਹੈ। ਤੁਸੀਂ ਕੁਝ ਵੈੱਜ ਪਾਸਤਾ ਵੀ ਇਸ ਨਾਲ ਪਰੋਸ ਸਕਦੇ ਹੋ। ਪਰੋਸਣ ਤੋਂ ਪਹਿਲਾਂ ਤੁਸੀਂ ਇਸ ਸੂਪ ਨੂੰ ਕੱਦੂਕਸ਼ ਕੀਤੇ ਪਨੀਰ ਜਾਂ ਡਬਲਰੋਟੀ ਦੇ ਟੁਕੜਿਆਂ ਨਾਲ ਜਾਂ ਕਰੀਮ ਨਾਲ ਸਜਾ ਸਕਦੇ ਹੋ। ਤੁਸੀਂ ਇਹ ਸੂਪ ਗਰਮਾ-ਗਰਮ ਦੀ ਬਜਾਏ ਠੰਢਾ ਵੀ ਪਰੋਸ ਸਕਦੇ ਹੋ।
ਕਿਵੇਂ ਬਣਾਈਏ ਕੱਦੂ ਦਾ ਸੂਪ
ਕੱਦੂ ਨੂੰ ਪਕਾਉਣਾ : * 250 ਗ੍ਰਾਮ ਕੱਦੂ ਨੂੰ ਧੋ ਕੇ ਛਿੱਲ ਲਓ ਅਤੇ ਇਸ ਦੇ ਬਰਾਬਰ ਟੁਕੜੇ ਕਰ ਲਓ। * ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ ਇਕ-ਦੋ ਲਸਣ ਦੀਆਂ ਤੁਰੀਆਂ ਵੀ ਬਰੀਕ ਕੱਟ ਕੇ ਰੱਖ ਲਓ। * ਹੁਣ 3/4 ਤੋਂ ਲੈ ਕੇ 1 ਕੱਪ ਤੱਕ ਪਾਣੀ ਕੱਦੂ ਦਾ ਸੂਪ ਬਣਾਉਣ ਲਈ ਪਾਓ। * ਮੀਡੀਅਮ ਅੱਗ 'ਤੇ ਪ੍ਰੈਸ਼ਰ ਕੁੱਕਰ ਵਿਚ ਇਸ ਨੂੰ 8-9 ਮਿੰਟਾਂ ਲਈ ਪਕਾਓ। ਜੇਕਰ ਤੁਹਾਡੇ ਕੋਲ ਪ੍ਰੈਸ਼ਰ ਕੁੱਕਰ ਨਹੀਂ ਹੈ ਤਾਂ ਇਕ ਪੈਨ ਵਿਚ ਵੀ ਲੋੜੀਂਦੀ ਮਾਤਰਾ ਵਿਚ ਪਾਣੀ ਪਾ ਕੇ ਬਣਾ ਸਕਦੇ ਹੋ। * ਜਦੋਂ ਪ੍ਰੈਸ਼ਰ ਠੀਕ ਹੋ ਜਾਵੇ ਤਾਂ ਢੱਕਣ ਖੋਲ੍ਹੋ ਅਤੇ ਕੱਦੂ ਦੀ ਮਿਕਸਚਰ ਨੂੰ ਕੋਸਾ ਹੋਣ ਦਿਓ। * ਇਸ ਮਿਕਸਚਰ ਨੂੰ ਮਿਕਸੀ ਵਿਚ ਪਾ ਕੇ ਬਰੀਕ ਪਿਓਰੀ ਵਾਂਗ ਕਰ ਲਓ। ਇਸ ਨੂੰ ਗਰਮਾ-ਗਰਮ ਨਹੀਂ, ਸਗੋਂ ਥੋੜ੍ਹਾ ਠੰਢਾ ਕਰਕੇ ਮਿਕਸੀ ਵਿਚ ਪਾਉਣਾ ਚਾਹੀਦਾ ਹੈ। * ਪਿਓਰੀ ਇਕੋ ਜਿਹੀ ਹੋਣ ਤੱਕ ਮਿਲਾਓ। ਇਸ ਸੂਪ ਨੂੰ ਤੁਸੀਂ ਥੋੜ੍ਹਾ ਮੋਟਾ-ਪਤਲਾ ਵੀ ਰੱਖ ਸਕਦੇ ਹੋ।
ਸੂਪ ਬਣਾਉਣਾ
* ਹੁਣ ਕੁੱਕਰ ਨੂੰ ਇਕ ਵਾਰ ਫਿਰ ਗੈਸ 'ਤੇ ਰੱਖੋ। ਇਸ ਵਿਚ 2-3 ਚਮਚੇ ਜੈਤੂਨ ਦਾ ਤੇਲ ਪਾਓ। ਜੇਕਰ ਤੁਸੀਂ ਚਾਹੋ ਤਾਂ ਤੇਲ ਨਹੀਂ ਵੀ ਪਾ ਸਕਦੇ, ਤੁਹਾਡੀ ਮਰਜ਼ੀ ਹੈ। ਤੁਸੀਂ ਮੱਖਣ, ਸੂਰਜਮੁਖੀ ਤੇਲ ਜਾਂ ਜੈਤੂਨ ਦਾ ਤੇਲ ਵੀ ਪਾ ਸਕਦੇ ਹੋ। * ਇਸ ਵਿਚ 1/4 ਚਮਚੇ ਅਜਵਾਇਣ ਜਾਂ ਅੱਧਾ ਚਮਚਾ ਅਜ਼ਵਾਇਣ ਦੇ ਫੁੱਲ ਪਾ ਸਕਦੇ ਹੋ। ਖੁਸ਼ਕ ਜਾਂ ਤਾਜ਼ੇ ਪੱਤੇ ਵੀ ਮਿਲਦੇ ਹਨ। * ਸਵਾਦ ਅਨੁਸਾਰ ਨਮਕ ਪਾਓ। * ਚੰਗੀ ਤਰ੍ਹਾਂ ਹਿਲਾਓ। * ਹੁਣ ਇਸ ਵਿਚ 1/2 ਚਮਚਾ ਚੀਨੀ ਪਾਓ। ਜੇਕਰ ਕੱਦੂ ਮਿੱਠਾ ਹੈ ਤਾਂ ਚੀਨੀ ਨਾ ਪਾਓ। * ਸੂਪ ਨੂੰ ਹੌਲੀ-ਹੌਲੀ ਹਿਲਾਉਂਦੇ ਜਾਓ ਅਤੇ ਅੱਗ ਬੰਦ ਕਰ ਦਿਓ। * ਇਸ ਸੂਪ ਨੂੰ ਗਰਮ ਜਾਂ ਕੋਸਾ ਪਰੋਸ ਸਕਦੇ ਹੋ। ਇਸ ਵਿਚ ਥੋੜ੍ਹਾ ਜਿਹਾ ਕੱਦੂਕਸ਼ ਕੀਤਾ ਪਨੀਰ, ਡਬਲਰੋਟੀ ਦੇ ਟੁਕੜੇ ਅਤੇ ਕਰੀਮ ਪਾ ਕੇ ਸਜਾਓ ਜਾਂ ਇਸ ਨੂੰ ਫਰਿੱਜ ਵਿਚ ਠੰਢਾ ਕਰ ਕੇ ਵੀ ਪਰੋਸ ਸਕਦੇ ਹੋ।
ਗਾਜਰ-ਅਦਰਕ ਸੂਪ
ਰਸੀਲੀਆਂ ਅਤੇ ਲਾਲ ਗਾਜਰਾਂ ਬਾਜ਼ਾਰ ਵਿਚ ਮਿਲ ਜਾਂਦੀਆਂ ਹਨ। ਇਨ੍ਹਾਂ ਦਾ ਮੌਸਮ ਹੈ। ਇਨ੍ਹਾਂ ਤੋਂ ਬੜਾ ਮਜ਼ੇਦਾਰ ਸੂਪ ਬਣਾ ਸਕਦੇ ਹਾਂ। ਗਾਜਰ ਅਤੇ ਅਦਰਕ ਤੋਂ ਬਣਿਆ ਇਹ ਮਿੱਠਾ ਸੂਪ ਤੁਸੀਂ ਪਸੰਦ ਕਰੋਗੇ। ਗਾਜਰ ਸੂਪ ਵਿਚ ਕਰੀਮੀ ਸਵਾਦ ਭਰਦੀ ਹੈ। ਇਸ ਲਈ ਇਸ ਨੂੰ ਗਾੜ੍ਹਾ ਕਰਨ ਲਈ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਸੂਪ ਆਪਣੇ-ਆਪ ਹੀ ਗਾੜ੍ਹਾ ਬਣਦਾ ਹੈ। ਤੁਸੀਂ ਲੋੜ ਮੁਤਾਬਿਕ ਇਸ ਵਿਚ ਪਾਣੀ ਜਾਂ ਸਬਜ਼ੀਆਂ ਦਾ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ। ਇਹ ਸੂਪ ਛੋਟੇ ਬੱਚਿਆਂ ਲਈ ਵੀ ਬਣਾਇਆ ਜਾ ਸਕਦਾ ਹੈ। ਇਸ ਵਿਚੋਂ ਅਦਰਕ ਅਤੇ ਕਾਲੀ ਮਿਰਚ ਹਟਾ ਦਿਓ ਜਾਂ ਘੱਟ ਮਾਤਰਾ ਕਰ ਸਕਦੇ ਹੋ। ਗਾਜਰਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਪਾ ਸਕਦੇ ਹੋ। ਗਾਜਰ-ਅਦਰਕ ਸੂਪ ਨੂੰ ਖਾਣੇ ਤੋਂ ਪਹਿਲਾਂ ਪਰੋਸ ਸਕਦੇ ਹੋ।
ਕਿਵੇਂ ਬਣਾਈਏ?
* 350 ਗ੍ਰਾਮ ਗਾਜਰਾਂ ਨੂੰ ਧੋ ਕੇ ਛਿੱਲ ਲਓ। ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ 8 ਗ੍ਰਾਮ ਅਦਰਕ ਨੂੰ ਕੱਟ ਲਓ। ਇਕ ਚਮਚਾ ਕੱਟਿਆ ਹੋਇਆ ਅਦਰਕ। * ਪੈਨ ਵਿਚ ਇਕ ਚਮਚਾ ਜੈਤੂਨ ਦਾ ਤੇਲ ਗਰਮ ਕਰੋ। ਇਸ ਵਿਚ ਕੱਟਿਆ ਪਿਆਜ਼ ਭੁੰਨੋ। * ਨਰਮ ਅਤੇ ਭੂਰਾ ਹੋਣ ਤੱਕ ਪਿਆਜ਼ ਅੱਗ 'ਤੇ ਰੱਖੋ। * ਇਸ ਵਿਚ ਅਦਰਕ ਮਿਲਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ। * ਕੁਝ ਮਿੰਟਾਂ ਤੱਕ ਅਦਰਕ ਨੂੰ ਪੱਕਣ ਦਿਓ। * ਇਸ ਵਿਚ ਕੱਟੀ ਹੋਈ ਗਾਜਰ ਪਾ ਦਿਓ। * ਸਵਾਦ ਅਨੁਸਾਰ ਨਮਕ ਪਾ ਕੇ ਥੋੜ੍ਹਾ ਹੋਰ ਪਕਾਓ। * ਜਦੋਂ ਗਾਜਰ ਇਸ ਮਿਕਸਚਰ ਵਿਚ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਇਸ ਵਿਚ ਇਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ। * ਪੈਨ ਨੂੰ ਢੱਕਣ ਨਾਲ ਢਕ ਦਿਓ ਅਤੇ ਦਰਮਿਆਨੀ ਅੱਗ 'ਤੇ ਉਦੋਂ ਤੱਕ ਪਕਾਓ, ਜਦੋਂ ਤੱਕ ਗਾਜਰ ਨਰਮ ਨਾ ਹੋ ਜਾਵੇ। * ਵਿਚ-ਵਿਚ ਚੈੱਕ ਕਰਦੇ ਰਹੋ। * ਗਾਜਰ ਦੇ ਪੱਕਣ 'ਤੇ ਗੈਸ ਬੰਦ ਕਰ ਦਿਓ। * ਪੈਨ ਨੂੰ ਇਕ ਪਾਸੇ ਰੱਖ ਦਿਓ ਅਤੇ ਥੋੜ੍ਹਾ ਠੰਢਾ ਹੋਣ ਦਿਓ। * ਹੁਣ ਇਸ ਮਿਕਸਚਰ ਨੂੰ ਗਰਾਈਂਡਰ ਵਿਚ ਗਰਾਈਂਡ ਕਰੋ। * ਹੁਣ 1/2 ਕੱਪ ਪਾਣੀ ਪਾ ਕੇ ਇਸ ਮਿਕਸਚਰ ਨੂੰ ਪਿਓਰੀ ਬਣਨ ਤੱਕ ਗਰਾਈਂਡ ਕਰੋ। * ਇਸ ਪਿਓਰੀ ਨੂੰ ਪੈਨ ਵਿਚ ਪਾਓ। * 1/2 ਕੱਪ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। * ਪੈਨ ਨੂੰ ਗੈਸ ਉੱਪਰ ਮੁੜ ਰੱਖੋ ਅਤੇ ਗਾਜਰ ਅਦਰਕ ਸੂਪ ਨੂੰ ਮੱਧਿਅਮ ਅੱਗ 'ਤੇ ਥੋੜ੍ਹਾ ਗਾੜ੍ਹਾ ਹੋਣ ਤੱਕ ਪਕਾਓ। ਤੁਸੀਂ ਲੋੜ ਅਨੁਸਾਰ ਹੋਰ ਪਾਣੀ ਵੀ ਪਾ ਸਕਦੇ ਹੋ। * ਜਦੋਂ ਇਹ ਸੂਪ ਗਰਮ ਹੋ ਜਾਵੇ ਤਾਂ ਇਸ ਵਿਚ 1/4 ਚਮਚਾ ਕਾਲੀ ਮਿਰਚ ਪਾਊਡਰ ਪਾਓ। * ਚੰਗੀ ਤਰ੍ਹਾਂ ਮਿਕਸ ਕਰਨ ਪਿੱਛੋਂ ਸੂਪ ਕੌਲੀ ਵਿਚ ਪਾਓ ਅਤੇ ਇਸ ਨੂੰ ਧਨੀਆ, ਪੁਦੀਨਾ ਆਦਿ ਦੇ ਪੱਤਿਆਂ ਨਾਲ ਸਜਾਓ ਅਤੇ ਪਰੋਸੋ।

ਤਿਉਹਾਰਾਂ ਦੇ ਦਿਨਾਂ ਵਿਚ ਕੰਮਕਾਜੀ ਔਰਤਾਂ ਇੰਜ ਕਰਨ ਘਰ ਦੀ ਸਾਫ਼-ਸਫ਼ਾਈ

ਦੁਸਹਿਰਾ ਲੰਘ ਗਿਆ ਹੈ। ਇਸ ਦਾ ਮਤਲਬ ਹੈ ਕਿ ਦੀਵਾਲੀ ਬਿਲਕੁਲ ਸਿਰ 'ਤੇ ਆ ਗਈ ਹੈ। ਪਰ ਸਾਰੇ ਘਰਾਂ ਵਿਚ, ਖਾਸ ਕਰਕੇ ਕੰਮਕਾਜੀ ਔਰਤਾਂ ਦੇ ਘਰਾਂ ਵਿਚ ਸਾਫ਼-ਸਫ਼ਾਈ ਹਾਲੇ ਤੱਕ ਨਹੀਂ ਹੋ ਸਕੀ। ਅਜਿਹਾ ਨਹੀਂ ਹੈ ਕਿ ਉਹ ਗ੍ਰਹਿਣੀਆਂ ਕਮਜ਼ੋਰ ਹਨ। ਨਹੀਂ, ਦਰਅਸਲ ਕੰਮਕਾਜੀ ਔਰਤਾਂ ਨੂੰ ਨਿਯਮਿਤ ਕੰਮਕਾਜੀ ਦਿਨਾਂ ਵਿਚ ਕਿਸੇ ਹੋਰ ਕੰਮ ਲਈ ਮੌਕਾ ਹੀ ਨਹੀਂ ਮਿਲਦਾ। ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਸਭ ਕੁਝ ਬਹੁਤ ਤੇਜ਼ ਜਾਂ ਸਮਾਰਟ ਹੋ ਗਿਆ ਹੈ। ਜੇ ਅੱਜ ਦੀ ਤਾਰੀਖ ਵਿਚ ਅਸੀਂ ਕੋਈ ਵੀ ਕੰਮ ਆਮ ਰਫ਼ਤਾਰ ਨਾਲ ਕਰੀਏ ਤਾਂ ਇੰਨੇ ਸਾਰੇ ਕੰਮਾਂ ਦੇ ਨਾਲ ਜੀਵਨ ਵਿਚ ਤਾਲਮੇਲ ਬਿਠਾਉਣਾ ਹੀ ਮੁਸ਼ਕਿਲ ਹੋ ਜਾਵੇ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਹਰ ਕੰਮ ਨੂੰ ਤੇਜ਼ੀ ਨਾਲ ਜਾਂ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਮਾਰਟ ਤਰੀਕੇ ਨਾਲ ਕਰਨਾ ਪੈਂਦਾ ਹੈ, ਫਿਰ ਚਾਹੇ ਉਹ ਤਿਉਹਾਰਾਂ 'ਤੇ ਘਰ ਦੀ ਸਾਫ਼-ਸਫ਼ਾਈ ਦਾ ਕੰਮ ਹੀ ਕਿਉਂ ਨਾ ਹੋਵੇ?
ਅੰਤਿਮ ਘੰਟਿਆਂ ਵਿਚ ਘਰ ਦੀ ਸਾਫ਼-ਸਫ਼ਾਈ ਕਰਦੇ ਸਮੇਂ ਇਕ ਗੱਲ ਬਿਲਕੁਲ ਆਪਣੇ ਦਿਮਾਗ ਵਿਚ ਬਿਠਾ ਲਓ ਕਿ ਸਫ਼ਾਈ ਨੂੰ ਲੈ ਕੇ ਤੁਹਾਨੂੰ ਬਹੁਤ ਪਰਫੈਕਟਨਿਸਟ ਹੋਣ ਦੀ ਲੋੜ ਨਹੀਂ ਹੈ। ਦੂਜੀ ਗੱਲ ਇਹ ਵੀ ਚੇਤੇ ਰੱਖੋ ਕਿ ਜਦੋਂ ਔਰਤਾਂ ਅੱਜ ਦੀ ਤਾਰੀਖ ਵਿਚ ਹਰ ਕੰਮ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕਰਦੀਆਂ ਹਨ ਤਾਂ ਸਫ਼ਾਈ ਵਰਗਾ ਕੰਮ ਕਿਉਂ ਸਿਰਫ ਉਨ੍ਹਾਂ ਦਾ ਬਣਾ ਦੇਈਏ। ਜਦੋਂ ਔਰਤਾਂ ਨੇ ਸਾਰੇ ਅਜਿਹੇ ਕੰਮ ਵੀ ਆਪਣੇ ਹੱਥ ਵਿਚ ਲੈਣੇ ਸ਼ੁਰੂ ਕਰ ਦਿੱਤੇ ਹਨ, ਜੋ ਪਹਿਲਾਂ ਸਿਰਫ ਅਤੇ ਸਿਰਫ ਮਰਦ ਕਰਦੇ ਸਨ, ਤਾਂ ਕਿਉਂ ਨਾ ਸਫ਼ਾਈ ਵਰਗੇ ਕੰਮ ਵਿਚ ਮਰਦ ਔਰਤਾਂ ਦੀ ਮਦਦ ਕਰਨ। ਕਹਿਣ ਤੋਂ ਭਾਵ ਇਹ ਕਿ ਜਦੋਂ ਤਿਉਹਾਰਾਂ ਦੇ ਮੌਕੇ 'ਤੇ ਘਰ ਦੀ ਸਫ਼ਾਈ ਕਰਨੀ ਹੋਵੇ ਤਾਂ ਆਪਣੇ ਕੰਮ ਵਿਚ ਘਰ ਦੇ ਮਰਦ ਮੈਂਬਰਾਂ ਨੂੰ ਵੀ ਲਗਾਓ। ਇਸ ਲਈ ਹੁਣ ਘਰ ਦੇ ਸਾਰੇ ਕੰਮ ਔਰਤਾਂ 'ਤੇ ਨਹੀਂ ਪਾਏ ਜਾ ਸਕਦੇ। ਪਰ ਸਿਰਫ ਘਰ ਦੇ ਮਰਦਾਂ 'ਤੇ ਵੀ ਨਹੀਂ, ਘਰ ਦੇ ਬੱਚਿਆਂ ਨੂੰ ਵੀ ਘਰ ਦੇ ਸਾਰੇ ਕੰਮਾਂ ਵਿਚ ਆਪਣੇ ਨਾਲ ਲਗਾਓ। ਖਾਸ ਤੌਰ 'ਤੇ ਜਦੋਂ ਬਹੁਤ ਘੱਟ ਸਮੇਂ ਵਿਚ ਸਫਾਈ ਵਰਗਾ ਕੰਮ ਕਰਨਾ ਹੋਵੇ। ਹਾਲਾਂਕਿ ਇਹ ਅਹਿਮ ਲੱਗ ਸਕਦਾ ਹੈ ਪਰ ਧਿਆਨ ਰੱਖੋ, ਜਦੋਂ ਤੁਸੀਂ ਬੇਹੱਦ ਏਕਲ ਅਤੇ ਵਿਅਸਤ ਜੀਵਨਸ਼ੈਲੀ ਜੀ ਰਹੇ ਹੋ ਤਾਂ ਘਰ ਦੀ ਸਫ਼ਾਈ ਵਰਗੇ ਕੰਮ ਲਈ ਤਿਉਹਾਰਾਂ ਦੀ ਉਡੀਕ ਨਾ ਕਰੋ। ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਇਸ ਰੰਗ ਰੂਪ ਵਿਚ ਢਾਲੋ ਕਿ ਹਰ ਦਿਨ ਮਿਲ-ਜੁਲ ਕੇ ਕੰਮ ਕਰਨ ਦੀ ਗੱਲ ਸਾਹਮਣੇ ਆਵੇ। ਇਸ ਲਈ ਰੋਜ਼ ਹੀ ਘਰ ਦੇ ਕੱਪੜੇ ਧੋਣ ਦੀ ਆਦਤ ਪਾ ਲਓ। ਪਰ ਬਦਕਿਸਮਤੀ ਨਾਲ ਜੇ ਅਜਿਹਾ ਨਾ ਕਰ ਸਕੋ ਤਾਂ ਦੀਵਾਲੀ ਦੇ ਦਿਨ ਜਾਂ ਇਕ ਦਿਨ ਦਿਨ ਪਹਿਲਾਂ ਢੇਰ ਸਾਰੇ ਕੱਪੜੇ ਇਕੱਠੇ ਕਰਕੇ ਧੋਣੇ ਨਾ ਸ਼ੁਰੂ ਕਰ ਦਿਓ। ਕੱਪੜਿਆਂ ਦੀ ਧੁਆਈ ਕਰਨੀ ਹੀ ਹੋਵੇ ਤਾਂ ਦੀਵਾਲੀ ਤੋਂ ਬਾਅਦ ਕਰੋ। ਹਾਂ, ਘਰ ਦੀ ਸਫ਼ਾਈ ਕਰਦੇ ਸਮੇਂ ਇਸ ਗੱਲ ਨੂੰ ਜ਼ਰੂਰ ਧਿਆਨ ਵਿਚ ਰੱਖੋ ਕਿ ਤਿਉਹਾਰ ਦੀ ਸਫ਼ਾਈ ਵਿਚ ਰਸੋਈ ਅਤੇ ਬਾਥਰੂਮ ਨੂੰ ਜ਼ਰੂਰ ਸ਼ਾਮਿਲ ਕਰੋ। ਇਕ ਜਾਂ ਦੋ ਘੰਟੇ ਦੀ ਸ਼ਿਫਟ ਲਗਾ ਕੇ ਫਿਰ 5 ਮਿੰਟ ਨੂੰ ਲਈ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਚਾਹ-ਨਾਸ਼ਤਾ ਕਰੋ ਅਤੇ ਫਿਰ ਸਫ਼ਾਈ ਦੇ ਕੰਮ ਵਿਚ ਲੱਗ ਜਾਓ। ਅਜਿਹਾ ਕਰਨ ਨਾਲ ਤੁਸੀਂ ਥੱਕਦੇ ਨਹੀਂ ਅਤੇ ਸਫ਼ਾਈ ਵੀ ਬਿਹਤਰ ਹੁੰਦੀ ਹੈ।

ਸਮਾਜਿਕ ਰਿਸ਼ਤਿਆਂ ਵਿਚ ਤਣਾਓ ਅਤੇ ਤਰੇੜਾਂ ਕਿਉਂ?

ਅੱਜ ਦਾ ਮਨੁੱਖ ਬੜੀ ਤੇਜ਼ੀ ਨਾਲ ਬਦਲ ਰਹੇ ਯੁੱਗ ਵਿਚ ਵਿਚਰ ਰਿਹਾ ਹੈ। ਵਿਗਿਆਨਕ ਤੇ ਤਕਨੀਕੀ ਖੋਜਾਂ ਦੇ ਵਿਕਾਸ ਨੇ ਜ਼ਿੰਦਗੀ ਦੀਆਂ ਸਹੂਲਤਾਂ ਤੇ ਸੁੱਖਾਂ ਵਿਚ ਬੇਸ਼ੁਮਾਰ ਵਾਧਾ ਕਰ ਦਿੱਤਾ ਹੈ। ਜ਼ਿੰਦਗੀ ਦੀ ਤੇਜ਼ ਗਤੀ ਨੇ ਮਨੁੱਖ ਨੂੰ ਰੁਝੇਵਿਆਂ ਵਿਚ ਏਨਾ ਫਸਾ ਦਿੱਤਾ ਹੈ ਕਿ ਉਸ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਵਾਸਤੇ ਫੁਰਸਤ ਹੀ ਨਹੀਂ ਮਿਲਦੀ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਪਾਸੇ ਤਾਂ ਅਮੀਰੀ-ਗਰੀਬੀ ਵਿਚ ਬਹੁਤ ਹੀ ਪਾੜਾ ਪੈ ਗਿਆ ਹੈ, ਦੂਜੇ ਪਾਸੇ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਅਤੇ ਤਰੇੜਾਂ ਪੈਦਾ ਹੋ ਗਈਆਂ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਪਹਿਲੇ ਸਮਿਆਂ ਵਿਚ ਸਾਂਝੇ ਟੱਬਰ 'ਸ਼ਹਿਦ ਦੇ ਛੱਤਿਆਂ' ਦੀ ਤਰ੍ਹਾਂ ਸਨ। ਸਾਰੇ ਪਰਿਵਾਰ ਦੇ ਮੈਂਬਰ ਆਪਸ ਵਿਚ ਕੰਮ ਵੰਡ ਕੇ ਕਰਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਸੀ ਪਰ ਅੱਜ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਪਰਿਵਾਰਾਂ ਵਿਚ ਝਗੜੇ ਅਤੇ ਨਿੱਤ ਦੇ ਕਲੇਸ਼ ਵਧ ਰਹੇ ਹਨ। ਸਾਂਝੇ ਟੱਬਰ ਟੁੱਟਣ ਦਾ ਸਭ ਤੋਂ ਮਾੜਾ ਪ੍ਰਭਾਵ ਬਜ਼ੁਰਗਾਂ 'ਤੇ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਵਿਚ ਸਭ ਤੋਂ ਵੱਡਾ ਕਾਰਨ ਪੀੜ੍ਹੀ ਦਾ ਪਾੜਾ ਹੈ। ਪਹਿਲੇ ਸਮਿਆਂ ਦੇ ਲੋਕ ਬਹੁਤ ਮਿਹਨਤੀ ਸਨ। ਮਨੁੱਖੀ ਕਦਰਾਂ-ਕੀਮਤਾਂ ਤੇ ਨੈਤਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ। ਉਹ ਮਾਰ-ਧਾੜ ਕਰਕੇ ਧੰਨ-ਦੌਲਤ ਇਕੱਠੀ ਨਹੀਂ ਸਨ ਕਰਦੇ ਪਰ ਅੱਜ ਦੇ ਨੌਜਵਾਨ 'ਆਪਣਾ ਕੰਮ ਕੀਤਾ ਤੇ ਖਸਮਾਂ ਨੂੰ ਖਾਵੇ ਜੀਤਾ' ਦੇ ਸਿਧਾਂਤ 'ਤੇ ਚਲਦੇ ਹਨ। ਇਹ ਨਿੱਜਵਾਦ ਦਾ ਸ਼ਿਕਾਰ ਹੋ ਗਏ ਹਨ। ਪੁਰਾਣੇ ਲੋਕ ਸਿਦਕੀ ਅਤੇ ਸਿਰੜੀ ਸਨ ਪਰ ਅੱਜ ਦਾ ਮਨੁੱਖ ਬਿਨਾਂ ਮਿਹਨਤ ਦੇ ਸਭ ਕੁਝ ਤੁਰੰਤ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ। ਪੀੜ੍ਹੀ ਦਾ ਪਾੜਾ ਹੀ ਸਮਾਜਿਕ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਹੋਣ ਦਾ ਕਾਰਨ ਬਣ ਜਾਂਦਾ ਹੈ।
ਹੇਠਲੀ ਮੱਧਵਰਗੀ ਸ਼੍ਰੇਣੀ ਦੇ ਲੋਕ ਵੀ ਰਾਤੋ-ਰਾਤ ਹੀ ਐਸ਼ੋ-ਆਰਾਮ ਦੇਣ ਵਾਲੀਆਂ ਵਸਤਾਂ ਖਰੀਦ ਲੈਂਦੇ ਹਨ, ਜਦ ਕਿ ਉਨ੍ਹਾਂ ਦੇ ਆਮਦਨ ਦੇ ਸਾਧਨ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹ ਆਪਣੇ ਰਿਸ਼ਤੇਦਾਰਾਂ, ਮਾਪਿਆਂ, ਭੈਣ-ਭਰਾਵਾਂ ਤੋਂ ਆਸਾਂ ਲਾ ਬੈਠਦੇ ਹਨ। ਜਦ ਉਨ੍ਹਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੇ ਸਮਾਜਿਕ ਰਿਸ਼ਤਿਆਂ ਤੋਂ ਪਰ੍ਹੇ ਹਟ ਜਾਂਦੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਸਮਾਜਿਕ ਰਸਮੋ-ਰਿਵਾਜ ਮਹਿੰਗੇ ਤੇ ਪੇਚੀਦਾ ਹੋ ਗਏ ਹਨ। ਰੀਸੋ-ਰੀਸੀ ਆਪਣੀ ਵਿੱਤ ਤੋਂ ਵੱਧ ਖਰਚ ਕਰਨ ਨਾਲ ਬਹੁਤ ਸਾਰੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਂਦੇ ਹਨ। ਜਦ ਲੜਕੀਆਂ ਦੇ ਸਹੁਰੇ ਮੂੰਹੋਂ ਦਾਜ ਮੰਗਣਗੇ ਤਾਂ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਪੈਦਾ ਜ਼ਰੂਰ ਹੀ ਹੋਵੇਗਾ। ਹਰੇਕ ਮਨੁੱਖ ਦਾ ਸੁਭਾਅ, ਆਦਤਾਂ ਤੇ ਜੀਵਨ ਵਿਚ ਵਿਚਰਨ ਢੰਗ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਕਿਸੇ ਦੀ ਨਾਂਹ-ਪੱਖੀ ਤੇ ਢਹਿੰਦੀਆਂ ਕਲਾਂ ਵਿਚ ਰਹਿਣ ਦੀ ਸੋਚ ਹੁੰਦੀ ਹੈ, ਕੋਈ ਹਮੇਸ਼ਾ ਹਾਂ-ਪੱਖੀ ਸੋਚ ਰੱਖਦਾ ਹੈ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਮਨੁੱਖੀ ਜੀਵਨ ਕੇਵਲ ਇਕ ਵਾਰ ਹੀ ਮਿਲਦਾ ਹੈ। ਇਥੇ ਨਰਕ ਵੀ ਹੈ ਤੇ ਸਵਰਗ ਵੀ। ਇਹ ਦੁਨੀਆ ਖੂਬਸੂਰਤ ਵੀ ਹੈ ਤੇ ਬਦਸੂਰਤ ਵੀ। ਇਸ ਲਈ ਮਨੁੱਖ ਨੂੰ ਜੀਵਨ ਵਿਚ ਸਹੀ ਮਾਰਗ 'ਤੇ ਚਲਦਿਆਂ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਾਨਸਿਕ ਸਥਿਰਤਾ ਲਿਆ ਕੇ ਇਸ ਦੁਨੀਆ ਦੀ ਖੂਬਸੂਰਤੀ ਦਾ ਆਨੰਦ ਮਾਨਣਾ ਚਾਹੀਦਾ ਹੈ।


-ਈ-49, ਰਣਜੀਤ ਐਵੀਨਿਊ, ਅੰਮ੍ਰਿਤਸਰ-143001. ਮੋਬਾ: 98155-84220

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX