ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  1 day ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਜਿਥੇ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਵਜੋਂ ਮੰਨਿਆ ਜਾਂਦਾ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦੇਣ ਲਈ ਦੇਸ਼-ਦੇਸ਼ਾਂਤਰਾਂ ਦਾ ਭਰਮਣ ਕੀਤਾ ਅਤੇ ਜਿਥੇ ਵੀ ਗਏ, ਉਥੋਂ ਦੀ ਭੁੱਲੀ-ਭਟਕੀ ਲੋਕਾਈ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਲੰਕਾ ਤੱਕ, ਪੂਰਬ ਵਿਚ ਚੀਨ ਤੱਕ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਵੱਖੋ-ਵੱਖ ਖਿੱਤਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਤੇ ਤਿੱਬਤ ਵਿਚ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ।
ਗੁਰੂ ਨਾਨਕ ਦੇਵ ਜੀ ਦਾ ਸੁਮੇਰ ਪਰਬਤ ਦੀ ਚੋਟੀ ਉੱਪਰ ਪਹੁੰਚਣ ਦਾ ਮਨੋਰਥ ਕੁਝ ਹੋਰ ਸੀ ਤੇ ਸਿੱਕਮ, ਭੂਟਾਨ ਅਤੇ ਪੂਰਬੀ ਤਿੱਬਤ ਵੱਲ ਜਾਣ ਦਾ ਮਕਸਦ ਕੁਝ ਹੋਰ ਸੀ। ਸੁਮੇਰ ਪਰਬਤ ਵਿਖੇ ਉੱਚ ਦਰਜੇ ਦੇ ਮਹਾਨ ਤਪੱਸਵੀ ਜੋਗੀ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਕਿ ਇਨ੍ਹਾਂ ਜੋਗੀਆਂ ਨੂੰ ਮਿਲ ਕੇ ਆਪਣੇ ਸ਼ਬਦ ਸਿਧਾਂਤ ਦਾ ਪ੍ਰਭਾਵ ਇਨ੍ਹਾਂ 'ਤੇ ਇਸ ਤਰ੍ਹਾਂ ਪਾ ਕੇ ਪ੍ਰੇਰਿਆ ਜਾਵੇ ਕਿ ਉਹ ਆਪਣੇ ਤਪ ਤੇਜ਼ ਤੇ ਉੱਚ ਆਚਰਣ ਨੂੰ ਸਮਾਜ ਵਿਚ ਤਬਦੀਲੀ ਲਿਆਉਣ ਲਈ ਵਰਤਣ। ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਲਈ ਹਿਮਾਚਲ ਤੇ ਕਸ਼ਮੀਰ ਵਿਚੋਂ ਦੀ ਹੋ ਕੇ ਗਏ ਅਤੇ ਪੂਰਬੀ ਤਿੱਬਤ ਨੂੰ ਨਿਪਾਲ, ਸਿੱਕਮ, ਭੂਟਾਨ ਵਿਚੋਂ ਦੀ ਹੋ ਕੇ ਗਏ ਸਨ।
ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਕਹਿ ਕੇ ਅੱਜ ਵੀ ਗੁਰੂ ਨਾਨਕ ਨਾਮ ਲੇਵਾ ਲੋਕ ਯਾਦ ਕਰਦੇ ਹਨ। ਇਹ ਗੱਲ ਪੰਜਾਬੀਆਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਬੜੀ ਅਜੀਬ ਅਤੇ ਹੈਰਾਨੀਜਨਕ ਲਗਦੀ ਹੈ ਕਿ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਵੱਡਾ ਹਿੱਸਾ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਦੇ ਨਾਂਅ ਨਾਲ ਜਾਣਦਾ ਤੇ ਪੂਜਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਤਿੱਬਤ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਭੂਟਾਨ ਦੇ ਜਿਨ੍ਹਾਂ ਸਥਾਨਾਂ 'ਤੇ ਗਏ, ਉਨ੍ਹਾਂ ਇਲਾਕਿਆਂ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਲਾਮਾ ਦੇ ਰੂਪ ਵਿਚ ਜਾਣਦੇ ਹਨ, ਜਦਕਿ ਉਨ੍ਹਾਂ ਲੋਕਾਂ ਦਾ ਧਰਮ ਬੁੱਧ ਧਰਮ ਹੈ। ਪੂਰਬੀ ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਈ ਬੋਧੀ ਮੰਦਰਾਂ ਵਿਚ ਹੁੰਦੀ ਹੈ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਤਿੱਬਤ ਵਿਚ ਗਏ, ਉਸ ਸਮੇਂ ਤਿੱਬਤ ਵਿਚ ਦੋ ਮੁੱਖ ਫਿਰਕੇ ਸਨ, ਕਰਮਾ-ਪਾ (ਲਾਲ ਟੋਪੀ ਵਾਲੇ) ਅਤੇ ਗੈਲੂ-ਪਾ (ਪੀਲੀ ਟੋਪੀ ਵਾਲੇ)। ਇਨ੍ਹਾਂ ਦੋਵਾਂ ਫਿਰਕਿਆਂ ਵਿਚ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਬੜੀ ਜੱਦੋ-ਜਹਿਦ ਹੋ ਰਹੀ ਸੀ। ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਕਰਮਾ-ਪਾ ਫਿਰਕੇ ਨੇ ਅਪਣਾਇਆ, ਜੋ ਲਾਲ ਟੋਪੀ ਪਹਿਨਦੇ ਸਨ ਪਰ ਗੈਲੂ-ਪਾ (ਪੀਲੀ ਟੋਲੀ ਵਾਲੇ) ਫਿਰਕੇ ਨੇ ਗੁਰੂ ਨਾਨਕ ਦੇਵ ਜੀ ਦੇ ਮਤ ਦੀ ਵਿਰੋਧਤਾ ਕੀਤੀ। ਤਿੱਬਤ ਵਿਚ ਤਕਰੀਬਨ ਇਕ ਹਜ਼ਾਰ ਦੇ ਕਰੀਬ ਅਜਿਹੇ ਮੱਠ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਜੀਵਨ ਤਿੱਬਤੀ ਭਾਸ਼ਾ ਵਿਚ ਸੰਭਾਲ ਕੇ ਰੱਖੇ ਹੋਏ ਹਨ।
ਸਿੱਕਮ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਨੇਕਾਂ ਯਾਦਗਾਰਾਂ ਹਨ ਪਰ ਕੇਂਦਰੀ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ, ਸਿੱਖ ਧਰਮ ਵਿਚ ਬਹੁਤ ਮਹੱਤਵਰੱਖਦਾ ਹੈ। ਇਸ ਪਾਵਨ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਸੌ ਮੀਲ ਉੱਤਰ ਵੱਲ ਇਕ ਮੱਠ ਹੈ, ਜਿਥੇ ਤਿੱਬਤ ਨੂੰ ਜਾਂਦਿਆਂ ਗੁਰੂ ਨਾਨਕ ਦੇਵ ਜੀ ਠਹਿਰੇ ਸਨ, ਉਥੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਯਾਦਾਂ ਅਜੇ ਤੱਕ ਕਾਇਮ ਹਨ। ਰਾਜਧਾਨੀ ਗੰਗਟੋਕ ਤੋਂ ਇਸ ਥਾਂ ਤੱਕ ਜਿਸ ਨੂੰ ਚੁੰਗਟਾਂਗ ਕਹਿੰਦੇ ਹਨ, ਪੱਕੀ ਸੜਕ ਬਣੀ ਹੋਈ ਹੈ। ਇਥੋਂ ਦੇ ਲੋਕ ਇਸ ਅਸਥਾਨ ਨੂੰ ਨਾਨਕ-ਟਾਂਗ ਕਹਿੰਦੇ ਹਨ। ਇਸ ਨਗਰ ਵਿਚ ਮਹਾਰਾਜ ਨੇ ਦੋ ਰਾਤਾਂ ਵਿਸ਼ਰਾਮ ਕੀਤਾ।
ਇਸ ਵਾਦੀ ਦੇ ਮੱਧ ਵਿਚ ਇਕ 30 ਫੁੱਟ ਉੱਚਾ ਤੇ 200 ਫੁੱਟ ਘੇਰੇ ਦਾ ਪੱਥਰ ਹੈ, ਜਿਸ ਉੱਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਹਨ। ਇਸ ਪੱਥਰ ਨੂੰ ਪੂਜਣਯੋਗ ਸਮਝ ਕੇ ਇਸ ਦੇ ਆਲੇ-ਦੁਆਲੇ 4 ਫੁੱਟ ਉੱਚੀ ਦੀਵਾਰ ਬਣਾਈ ਗਈ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਦ ਚੁੰਗਟਾਂਗ (ਕਈ ਲੋਕ ਇਸ ਨੂੰ ਚੁੰਗਥਾਂਗ ਵੀ ਕਹਿੰਦੇ ਹਨ) ਆ ਰਹੇ ਸਨ ਤਾਂ ਰਸਤੇ ਵਿਚ ਇਕ ਰਾਕਸ਼ ਨੇ ਗੁਰੂ ਮਹਾਰਾਜ ਅਤੇ ਮਰਦਾਨੇ ਨੂੰ ਰੋਕਣਾ ਚਾਹਿਆ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਹੱਥ ਵਿਚ ਜੋ ਖੂੰਡੀ ਫੜੀ ਹੋਈ ਸੀ, ਉਸ ਖੂੰਡੀ ਦੇ ਇਸ਼ਾਰੇ ਨਾਲ ਰਾਕਸ਼ ਨੂੰ ਪਾਸੇ ਹਟ ਜਾਣ ਦਾ ਇਸ਼ਾਰਾ ਕੀਤਾ। ਕਿਹਾ ਜਾਂਦਾ ਹੈ ਕਿ ਉਹ ਰਾਕਸ਼ ਗੁੱਸੇ ਵਿਚ ਆ ਕੇ ਪਹਾੜੀ 'ਤੇ ਚੜ੍ਹ ਗਿਆ। ਗੁਰੂ ਨਾਨਕ ਦੇਵ ਜੀ ਚੁੰਗਟਾਂਗ ਦੀ ਖੁੱਲ੍ਹੀ ਜਗ੍ਹਾ ਜਿਥੇ ਹੁਣ ਗੁਰੂ ਪੰਥ ਦਾ ਨਿਸ਼ਾਨ ਝੂਲਦਾ ਹੈ, ਜ਼ਮੀਨ 'ਤੇ ਆ ਬੈਠੇ ਅਤੇ ਅਲਾਹੀ ਕੀਰਤਨ ਗਾਇਨ ਕਰਨ ਲੱਗੇ। ਉਹ ਰਾਕਸ਼ ਤਾਂ ਗੁੱਸੇ ਵਿਚ ਹੈ ਸੀ ਤਾਂ ਉਸ ਨੇ ਇਸ ਤਰ੍ਹਾਂ ਬੈਠਿਆਂ ਦੇਖ ਕੇ ਇਕ ਬਹੁਤ ਵੱਡਾ ਪੱਥਰ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ। ਇਸ ਤਰ੍ਹਾਂ ਪੱਥਰ ਨੂੰ ਰਿੜ੍ਹਦੇ ਆਉਂਦਿਆਂ ਦੇਖ ਕੇ ਮਰਦਾਨਾ ਕੁਝ ਘਬਰਾਇਆ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਰਦਾਨਿਆ, ਘਬਰਾ ਨਾ, ਇਹ ਤਾਂ ਬੈਠਣ ਲਈ ਆਸਨ ਆ ਰਿਹਾ ਹੈ। ਇਹ ਪੱਥਰ ਗੁਰੂ ਸਾਹਿਬ ਦੇ ਚਰਨਾਂ ਕੋਲ ਆ ਡਿਗਿਆ। ਜਦ ਗੁਰੂ ਪਾਤਸ਼ਾਹ ਉਸ ਪੱਥਰ 'ਤੇ ਬੈਠਣ ਲਈ ਚੜ੍ਹਨ ਲੱਗੇ ਤਾਂ ਉਹ ਪੱਥਰ ਨਰਮ ਹੋਣ ਕਾਰਨ ਗੁਰੂ ਸਾਹਿਬ ਦੇ ਚਰਨਾਂ ਦੇ ਨਿਸ਼ਾਨ ਉਸ ਉੱਪਰ ਪੈ ਗਏ, ਜੋ ਅੱਜ ਵੀ ਨਜ਼ਰ ਆਉਂਦੇ ਹਨ।
ਗੁਰੂ ਪਾਤਸ਼ਾਹ ਨੂੰ ਕੀਰਤਨ ਕਰਦਾ ਸੁਣ ਕੇ ਉਸ ਇਲਾਕੇ ਦੇ ਕੁਝ ਲੋਕ ਆ ਇਕੱਠੇ ਹੋਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੇ ਛਕਣ ਲਈ ਕਈ ਤਰ੍ਹਾਂ ਦੇ ਪਦਾਰਥ ਭੇਟ ਕੀਤੇ। ਮਰਦਾਨਾ ਜੀ ਨੇ ਪੀਣ ਵਾਲੇ ਪਾਣੀ ਦੀ ਇੱਛਾ ਪ੍ਰਗਟ ਕੀਤੀ। ਉਸ ਸਮੇਂ ਉਸ ਵਾਦੀ ਵਿਚ ਵਗਦੀ ਨਦੀ ਦਾ ਪਾਣੀ ਬੜਾ ਗੰਧਲਾ ਸੀ। ਗੁਰੂ ਪਾਤਸ਼ਾਹ ਦੇ ਇਥੇ ਪੀਣ ਲਈ ਨਿਰਮਲ ਜਲ ਦਾ ਪ੍ਰਬੰਧ ਕੀਤਾ ਸੀ।
ਜਦ ਗੁਰੂ ਨਾਨਕ ਦੇਵ ਜੀ ਇਥੇ ਆਏ ਤਾਂ ਉਹ ਆਪਣੇ ਖਾਣ ਲਈ ਚੌਲ ਤੇ ਕੇਲੇ ਨਾਲ ਲਿਆਏ। ਇਸ ਇਲਾਕੇ ਵਿਚ ਪਹਿਲਾਂ ਨਾ ਕਦੇ ਚੌਲ ਹੁੰਦੇ ਸਨ, ਨਾ ਕੇਲੇ। ਗੁਰੂ ਸਾਹਿਬ ਨੇ ਉਥੋਂ ਦੇ ਲੋਕਾਂ ਨੂੰ ਚੌਲ ਤੇ ਕੇਲਾ ਬੀਜਣ ਲਈ ਦਿੱਤਾ। ਉਸ ਸਮੇਂ ਤੋਂ ਬਾਅਦ ਚੁੰਗਟਾਂਗ ਇਕ ਅਜਿਹੀ ਜਗ੍ਹਾ ਹੈ, ਜਿਸ ਦੇ 100 ਕਿਲੋਮੀਟਰ ਦੇ ਦਾਇਰੇ ਵਿਚ ਚੌਲਾਂ ਦੀ ਫਸਲ ਅਤੇ ਕੇਲੇ ਦੀ ਫਸਲ ਖੂਬ ਹੁੰਦੀ ਹੈ। ਪਹਿਲਾ ਬੀਜ ਗੁਰੂ ਸਾਹਿਬ ਨੇ ਉਸ ਅਸਥਾਨ ਦੇ ਅਹਾਤੇ ਵਿਚ ਆਪ ਬੀਜਿਆ ਸੀ। ਹੁਣ ਤੱਕ ਹਰ ਇਕ ਦੇ ਹਿਰਦੇ ਵਿਚ ਸ਼ੁਕਰਾਨਾ ਭਰੀ ਰਵਾਇਤ ਕਾਇਮ ਹੈ ਕਿ ਚੌਲ ਤੇ ਕੇਲਾ ਇਸ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸਨ। ਇਥੋਂ ਦੇ ਲਾਮੇ ਗੁਰੂ ਸਾਹਿਬ ਦੇ ਸ਼ਰਧਾਲੂ ਤੇ ਪੁਜਾਰੀ ਹਨ। ਇਹ ਸਿੱਖ ਲਾਮੇ ਖੁੱਲ੍ਹਾ ਦਾੜ੍ਹਾ ਰੱਖਦੇ ਹਨ। ਸਿਰ 'ਤੇ ਕੇਸ ਹਨ ਤੇ ਪਿੱਛੇ ਕੇਸਾਂ ਦੀ ਇਕ ਗੁੱਤ ਹੁੰਦੀ ਹੈ।
ਹਿਮਾਲਿਆ ਦੀ ਐਵਰੈਸਟ ਚੋਟੀ ਦਾ ਜਿਥੇ ਆਖਰੀ ਪੜਾਅ ਹੈ, ਉਥੇ ਇਕ ਥਿਆਂਗ ਬੋਚੇ ਨਾਂਅ ਦਾ ਮੱਠ ਹੈ। ਇਸ ਤਿੱਬਤੀ ਲਾਮਿਆਂ ਦੇ ਮੱਠ ਵਿਚ ਗੁਰੂ ਨਾਨਕ ਦੇਵ ਜੀ ਸਬੰਧੀ ਲਿਖਤਾਂ ਤੇ ਪ੍ਰਾਚੀਨ ਤਸਵੀਰਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਇਸ ਮੱਠ ਦੇ ਲਾਮਾ ਦਾ ਵਿਸ਼ਵਾਸ ਹੈ ਕਿ ਇਹ ਲਿਖਤਾਂ ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਹਸਤ ਲਿਖਤਾਂ ਹਨ। ਐਵਰੈਸਟ 'ਤੇ ਜਾਣ ਵਾਲੀ ਟੀਮ ਦੇ ਮੈਂਬਰਾਂ ਨੂੰ ਉਸ ਲਾਮਾ ਨੇ ਇਨ੍ਹਾਂ ਹਸਤ ਲਿਖਤਾਂ ਦੇ ਦਰਸ਼ਨ ਕਰਵਾਏ। ਐਵਰੈਸਟ 'ਤੇ ਜਾਣ ਵਾਲੀ ਟੀਮ ਦਾ ਆਗੂ ਲਿਖਦਾ ਹੈ ਕਿ ਇਹ ਲਿਖਤਾਂ ਕੀਮਤੀ ਕੱਪੜਿਆਂ ਵਿਚ ਲਪੇਟ ਕੇ ਉਸ ਨੇ ਅਲਮਾਰੀ ਦੇ ਖਾਨਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਸਨ। ਉਹ ਲਿਖਦੇ ਹਨ ਕਿ 'ਇਸ ਲਾਮਾ ਦੇ ਮੰਦਰ ਵਿਚ ਵਾਯੂ ਮੰਡਲ ਬੜਾ ਸ਼ਾਂਤੀ, ਗੰਭੀਰਤਾ ਭਰਿਆ ਤੇ ਰਹੱਸਮਈ ਸੀ। ਕੰਧਾਂ ਉੱਤੇ ਰੰਗਦਾਰ ਤਸਵੀਰਾਂ ਲਟਕਦੀਆਂ ਸਨ। ਛੱਤ ਉੱਤੇ ਮਿਥਿਹਾਸਕ ਚਿੱਤਰ ਸਨ। ਅਨੇਕਾਂ ਬੁੱਤ ਕਈ ਧਾਤਾਂ ਵਿਚ ਚਿੱਤਰੇ ਹੋਏ ਪਏ ਸਨ। ਅਲਮਾਰੀ ਦੇ ਖਾਨਿਆਂ ਵਿਚ ਅਨੇਕਾਂ ਹੱਥ-ਲਿਖਤਾਂ ਮੌਜੂਦ ਸਨ। ਬੁੱਤ ਉਸ ਮੱਠ ਦੇ ਗੁਜ਼ਰ ਚੁੱਕੇ ਲਾਮਿਆਂ ਦੇ ਸਨ। ਉਨ੍ਹਾਂ ਵਿਚੋਂ ਇਕ ਬੁੱਤ ਰਿਪੰਚੋ ਗੁਰੂ ਨਾਨਕ ਦਾ ਸੀ। ਤਿੱਬਤੀ ਗੁਰੂ ਨਾਨਕ ਨੂੰ ਰਿੰਪੋਚੇ ਗੁਰੂ ਕਹਿੰਦੇ ਹਨ।'
ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਰਿਪੰਚੋ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਇਕ ਤਿੱਬਤੀ ਗ੍ਰੰਥ ਵਿਚ ਗੁਰੂ ਨਾਨਕ ਜੀ ਬਾਰੇ ਵੇਰਵਾ ਦਿੱਤਾ ਮਿਲਦਾ ਹੈ, 'ਮਹਾਨ ਸਿੰਧਾਚਾਰੀਆ, ਜਿਸ ਨੇ ਬੁੱਧ ਧਰਮ ਤਿੱਬਤ ਤੇ ਚੀਨ ਵਿਚ ਫੈਲਾਇਆ, ਗੁਰੂ ਰਿਪੰਚੇ ਭਾਵ ਅਨਮੋਲ ਅਧਿਆਪਕ ਹੈ, ਉਹ ਕੇਵਲ ਉਪਜ ਹੈ ਅਤੇ ਉਸ ਦਾ ਆਤਮਕ ਜਨਮ ਸੋਨ ਮੰਦਰ ਅੰਮ੍ਰਿਤਸਰ ਦੇ ਮਹਾਨ ਸਰੋਵਰ ਨਾਲ ਸਬੰਧਤ ਹੈ... ਇਸ ਕਰਕੇ ਤਿੱਬਤੀਆਂ ਦਾ ਇਹ ਫਿਰਕਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਇਸ਼ਨਾਨ ਲਈ ਔਖੇ ਪੈਂਡੇ ਤੈਅ ਕਰਕੇ ਪਹੁੰਚਦਾ ਰਿਹਾ ਹੈ। ਤਿੱਬਤੀ ਗੁਰੂ ਨਾਨਕ ਦੇਵ ਜੀ ਨੂੰ ਮਹਾਤਮਾ ਬੁੱਧ ਦਾ ਅੱਠਵਾਂ ਅਵਤਾਰ ਸਮਝਦੇ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਆਪਣੇ ਇਸ਼ਟ ਦਾ ਆਤਮਿਕ ਜਨਮਦਾਤਾ ਮੰਨਦੇ ਹਨ।'
ਡਾ: ਤਰਲੋਚਨ ਸਿੰਘ ਆਪਣੀ ਲਿਖਤ 'ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ' ਵਿਚ ਲਿਖਦੇ ਹਨ, 'ਉਸ ਨੇ 1960 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੁਝ ਤਿੱਬਤੀ ਬੈਠੇ ਦੇਖੇ। ਉਨ੍ਹਾਂ ਵਿਚੋਂ ਇਕ ਕਿਸੇ ਹੱਥਲਿਖਤ ਗ੍ਰੰਥ ਦਾ ਪਾਠ ਕਰ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਕਿਸ ਚੀਜ਼ ਦਾ ਪਾਠ ਕਰ ਰਿਹਾ ਹੈ? ਪਰ ਉਸ ਨੂੰ ਹਿੰਦੁਸਤਾਨੀ ਨਹੀਂ ਸੀ ਆਉਂਦੀ। ਉਸ ਨੇ ਹੱਥ ਨਾਲ ਇਸ ਗੱਲ ਦਾ ਇਸ਼ਾਰਾ ਕੀਤਾ। ਨੇੜੇ ਬੈਠਾ ਇਕ ਤਿੱਬਤੀ ਚੰਗੀ ਅੰਗਰੇਜ਼ੀ ਜਾਣਦਾ ਸੀ। ਜਦ ਉਸ ਰਾਹੀਂ ਮੈਂ ਪੁੱਛਿਆ ਕਿ ਉਸ ਪੁਸਤਕ ਵਿਚ ਕੀ ਲਿਖਿਆ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਇਸ ਵਿਚ ਦਸਾਂ ਹੀ ਗੁਰੂ ਸਾਹਿਬਾਨ ਦੀ ਮਹਿਮਾ ਤੇ ਇਤਿਹਾਸ ਲਿਖੇ ਹੋਏ ਹਨ। ਉਸ ਨੇ ਸਮਝਾਇਆ ਕਿ ਤਿੱਬਤੀ ਭਾਸ਼ਾ ਵਿਚ ਹਰ ਗੁਰੂ ਸਾਹਿਬ ਦਾ ਅਸਲੀ ਨਾਂਅ ਵੀ ਹੈ ਤੇ ਨਾਲ ਹੀ ਉਨ੍ਹਾਂ ਦਾ ਗੁਣ-ਪ੍ਰਗਟਾਵਲ ਨਾਂਅ ਵੀ ਹੈ।'
'ਮੈਂ ਉਸ ਤਿੱਬਤੀ ਤੋਂ ਉਹ ਗ੍ਰੰਥ ਖਰੀਦਣਾ ਚਾਹਿਆ। ਪਰ ਉਹ ਪੰਜ ਗ੍ਰੰਥੀ ਜਿੰਨੀ ਹੱਥਲਿਖਤ ਪੋਥੀ 500 ਰੁਪਏ ਨੂੰ ਵੀ ਦੇਣ ਨੂੰ ਤਿਆਰ ਨਹੀਂ ਸੀ। ਉਸ ਫਟੇ ਚੀਥੜੇ ਕੱਪੜੇ ਪਹਿਰਾਵੇ ਵਾਲੇ ਪੋਥੀ ਦੇ ਮਾਲਕ ਤਿੱਬਤੀ ਨੇ ਉੱਤਰ ਦਿੱਤਾ, 'ਇਹ ਪੋਥੀ ਮੇਰੇ ਲਈ ਮੇਰੀ ਜ਼ਿੰਦਗੀ ਜਿੰਨੀ ਹੀ ਕੀਮਤੀ ਹੈ।' ਉਸ ਸਮੇਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਉਸ ਸ਼ਾਮ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਚੱਕਰ ਲਾ ਰਹੇ ਰੰਗੀਲੇ, ਭੜਕੀਲੇ, ਸ਼ਾਹੀ ਠਾਠ ਨਾਲ ਫਿਰ ਰਹੇ ਪੰਜਾਬੀਆਂ ਨਾਲੋਂ ਇਹ ਫਟੇ-ਚੀਥੜੇ ਕੱਪੜਿਆਂ ਵਾਲਾ ਤਿੱਬਤੀ ਸਭ ਤੋਂ ਦੌਲਤਮੰਦ ਤੇ ਸਵੈਮਾਣ ਨਾਲ ਅਮੀਰ ਪੁਰਸ਼ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਉਸ ਨੂੰ ਉਸ ਪੋਥੀ ਦਾ 500 ਰੁਪਿਆ ਪੇਸ਼ ਕਰਕੇ ਨਾ ਸਿਰਫ ਉਸ ਦੇਵਤਾ ਸਰੂਪ ਤਿੱਬਤੀ ਦਾ, ਬਲਕਿ ਉਸ ਦੇ ਪਿਆਰੇ ਇਸ਼ਟ ਦਾ ਵੀ ਨਿਰਾਦਰ ਕੀਤਾ ਹੈ।'
ਭੂਟਾਨ ਦੀ ਪਾਰੋ ਵਾਦੀ ਵਿਚ ਉੱਚੀ ਪਹਾੜੀ ਦੀ ਵੱਖੀ ਉੱਤੇ ਇਕ ਐਸਾ ਮੱਠ ਹੈ, ਜਿਸ ਨੂੰ ਸ਼ੇਰ ਦਾ ਆਲ੍ਹਣਾ ਕਿਹਾ ਜਾਂਦਾ ਹੈ। ਇਹ ਗੁਰੂ ਰਿਪੰਚੇ ਨਾਨਕ ਦਾ ਬੈਕੁੰਠ ਭਵਨ ਮੰਨਿਆ ਜਾਂਦਾ ਹੈ। ਹੋ ਸਕਦਾ ਕਿ ਇਥੇ ਪਹਿਲਾਂ ਹੀ ਕੋਈ ਮੱਠ ਸੀ। ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਤੇ ਇਥੋਂ ਦੇ ਲਾਮਿਆਂ ਨਾਲ ਗਿਆਨ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਤਿੱਬਤ ਦੇ ਅਨੇਕਾਂ ਥਾਵਾਂ 'ਤੇ ਗਏ। ਗੁਰੂ ਪਾਤਸ਼ਾਹ ਦਾ ਇਤਿਹਾਸ ਤੇ ਉਨ੍ਹਾਂ ਦੇ ਬਚਨ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਕਈ ਮੱਠਾਂ ਵਿਚ ਉਨ੍ਹਾਂ ਨੇ ਸੰਭਾਲੇ ਹੋਏ ਹਨ। ਉੱਤਰ-ਪੂਰਬੀ ਖਿੱਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਉਨ੍ਹਾਂ ਲੋਕਾਂ ਨੇ ਵਧੀਆ ਢੰਗ ਨਾਲ ਸਾਂਭੀ ਹੋਈ ਹੈ। ਉਨ੍ਹਾਂ ਦੇ ਇਤਿਹਾਸ ਅਤੇ ਸੱਭਿਆਚਾਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਦਿਖਾਈ ਦਿੰਦਾ ਹੈ।


-ਬਠਿੰਡਾ। ਮੋਬਾ: 98155-33725


ਖ਼ਬਰ ਸ਼ੇਅਰ ਕਰੋ

ਸਿਦਕ, ਹਲੀਮੀ ਅਤੇ ਰਜ਼ਾ ਦੀ ਮੂਰਤ ਸਨ ਮਾਤਾ ਸੁਲੱਖਣੀ

ਇਸ ਵਕਤ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸੁਲਤਾਨਪੁਰ 'ਤੇ ਕੇਂਦਰਿਤ ਹਨ। 550 ਸਾਲਾ ਸ਼ਤਾਬਦੀ ਦੇ ਅਵਸਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਫਲਸਫ਼ੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਪਾਤਰਾਂ ਵਿਚੋਂ ਜਗਤ ਮਾਤਾ, ਮਾਤਾ ਸੁਲੱਖਣੀ ਦੇਵੀ ਦਾ ਅਹਿਮ ਸਥਾਨ ਹੈ, ਜਿਸ ਨੇ ਪੂਰੀ ਹਯਾਤੀ ਵਿਚੋਂ ਲਗਪਗ 52 ਸਾਲ ਇਕ ਧਰਮ ਸੁਪਤਨੀ ਵਜੋਂ ਗੁਰੂ ਜੀ ਦੇ ਮਿਸ਼ਨ ਨੂੰ ਭੇਟ ਕੀਤੇ। ਇਸ ਮਹਾਨ ਦੇਵੀ ਦਾ ਜਨਮ ਮੂਲ ਚੰਦ ਪਟਵਾਰੀ ਦੇ ਗ੍ਰਹਿ ਵਿਖੇ ਮਾਤਾ ਚੰਦੋ ਦੇਵੀ ਦੀ ਕੁੱਖ ਤੋਂ ਅਕਤੂਬਰ, 1472 ਈ: ਨੂੰ ਹੋਇਆ।
ਕਿਸ਼ੋਰ ਅਵਸਥਾ ਨੂੰ ਪਾਰ ਕਰਦਿਆਂ ਹੀ ਜਦ ਸੁਲੱਖਣੀ ਨੇ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਿਆ ਤਾਂ ਉਸ ਦੀ ਮੰਗਣੀ ਗੁਰੂ ਨਾਨਕ ਜੀ ਨਾਲ ਕਰ ਦਿੱਤੀ ਗਈ। ਵਿਚੋਲਗੀ ਦਾ ਸੁਭਾਗ ਹਜ਼ੂਰ ਦੇ ਜੀਜੇ ਜੈ ਰਾਮ ਉੱਪਲ ਖੱਤਰੀ ਨੂੰ ਨਸੀਬ ਹੋਇਆ। ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਨ ਦੇ ਸ਼ਹਿਰ ਸੁਲਤਾਨਪੁਰ ਵਿਖੇ ਬਤੌਰ ਮੋਦੀ ਦੀ ਡਿਊਟੀ ਕਰਦਿਆਂ ਮੋਦੀਖਾਨਾ ਸੰਭਾਲ ਰਹੇ ਸਨ। ਉਨ੍ਹਾਂ ਦੀ ਰੂਹਾਨੀ ਸੋਭਾ ਦਾ ਜੱਸ ਚਾਰੇ ਪਾਸੇ ਤੇਜ਼ੀ ਨਾਲ ਹੋ ਰਿਹਾ ਸੀ। ਮੰਗਣੀ ਤੋਂ ਇਕ ਸਾਲ ਬਾਅਦ ਵਿਆਹ ਦੀ ਤਾਰੀਕ 12 ਸਤੰਬਰ, 1487 ਈ: ਨੂੰ ਮਿੱਥ ਕੇ ਤਿਆਰੀਆਂ ਆਰੰਭ ਹੋਈਆਂ। ਆਖਰ ਉਹ ਦਿਨ ਵੀ ਆਇਆ ਜਦੋਂ ਗੁਰੂ ਨਾਨਕ ਦੇਵ ਜੀ 18 ਸਾਲ ਦੇ ਗੱਭਰੂ ਦੇ ਰੂਪ ਵਿਚ ਲਾੜਾ ਬਣ ਕੇ ਬਾਰਾਤ ਲੈ ਕੇ ਬਟਾਲੇ ਆਣ ਢੁੱਕੇ। ਦੋਵੇਂ ਪਾਸੀਂ ਪਟਵਾਰੀ, ਕਾਨੂੰਗੋ ਅਤੇ ਵੱਡੇ-ਵੱਡੇ ਲੋਕ ਵਿਆਹ ਵਿਚ ਸ਼ਾਮਿਲ ਹੋਏ। ਬਟਾਲਾ ਸ਼ਹਿਰ ਵਿਆਹ ਦੇ ਰੰਗ ਵਿਚ ਰੰਗਿਆ ਗਿਆ। ਵਿਆਹ ਦੀਆਂ ਰਸਮਾਂ ਪ੍ਰਚੱਲਿਤ ਰੀਤੀ ਤੋਂ ਹਟ ਕੇ ਗੁਰਬਾਣੀ ਦੇ ਸ਼ਬਦ ਦੁਆਲੇ ਪੂਰਨ ਹੋਈਆਂ। ਗੁਰੂ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਅੱਜ ਵੀ ਬਟਾਲੇ ਦੀ ਧਰਤੀ ਉੱਤੇ ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹਨ, ਜਿਥੇ ਹਰ ਸਾਲ ਬੜੀ ਧੂਮਧਾਮ ਨਾਲ ਵਿਆਹ ਪੁਰਬ ਮਨਾਇਆ ਜਾਂਦਾ ਹੈ। ਮਾਪਿਆਂ ਦੇ ਵਿਹੜੇ ਇਕ ਮੁਟਿਆਰ ਦੇ ਰੂਪ ਵਿਚ ਕਲੋਲਾਂ ਕਰਨ ਵਾਲੀ ਸੁਲੱਖਣੀ ਹੁਣ ਪਟਵਾਰੀਆਂ ਦੀ ਨੂੰਹ ਬਣ ਕੇ ਸਿਫ਼ਤਾਂ ਬਟੋਰਨ ਲੱਗੀ। ਵੇਖਣ ਆਏ ਲੋਕ ਜਿੱਥੇ ਉਸ ਦੇ ਸੁਹੱਪਣ ਦੀ ਤਾਰੀਫ਼ ਕਰਦੇ, ਉਥੇ ਉਸ ਦੇ ਮੁਹੱਬਤ ਭਰੇ ਨੇਕ ਗੁਣਾਂ ਦੀ ਚਰਚਾ ਵੀ ਚਲਦੀ।
ਜਲਦੀ ਹੀ ਸੁਲੱਖਣੀ ਸੁਲਤਾਨਪੁਰ ਪਹੁੰਚ ਕੇ ਬੀਬੀ ਨਾਨਕੀ ਦੇ ਘਰ ਰਹਿਣ ਲੱਗ ਪਈ। ਦੋਵਾਂ ਦਾ ਪਿਆਰ ਸਕੀਆਂ ਭੈਣਾਂ ਵਾਂਗ ਪ੍ਰਵਾਨ ਚੜ੍ਹਿਆ। ਬੀਬੀ ਨਾਨਕੀ ਨੇ ਗੁਰੂ ਨਾਨਕ ਦੇਵ ਨੂੰ ਭਰਾ ਵਜੋਂ ਨਹੀਂ, ਸਗੋਂ ਦਰਵੇਸ਼ ਦੇ ਰੂਪ ਵਿਚ ਵੇਖਿਆ ਤੇ ਮੰਨਿਆ ਸੀ। ਉਸ ਨੇ ਸੁਲੱਖਣੀ ਨੂੰ ਵੀ ਗੁਰੂ ਸਾਹਿਬ ਦਾ ਦਿਲ ਜਿੱਤਣ ਲਈ ਉਨ੍ਹਾਂ ਦੀ ਰਜ਼ਾ ਵਿਚ ਰਹਿਣ ਦਾ ਢੰਗ ਸਿਖਾਇਆ।
ਸੁਲੱਖਣੀ ਵਾਸਤੇ ਇਹ ਸਮਾਂ ਦਿਲ ਦੀਆਂ ਸੱਧਰਾਂ ਪੂੁਰੀਆਂ ਕਰਨ ਦਾ ਸੀ ਤੇ ਹਰ ਤਰ੍ਹਾਂ ਸੰਤੁਸ਼ਟ ਜੀਵਨ ਜੀਅ ਰਹੀ ਸੀ। ਪ੍ਰਮੇਸ਼ਰ ਦੀ ਕਿਰਪਾ ਸਦਕਾ ਜੇਠੀ ਸੰਤਾਨ ਦੇ ਰੂਪ ਵਿਚ 1494 ਈ: ਨੂੰ ਬਾਬਾ ਸ੍ਰੀ ਚੰਦ ਦਾ ਜਨਮ ਹੋਇਆ। 2 ਕੁ ਸਾਲ ਬਾਅਦ ਛੋਟੇ ਪੁੱਤਰ ਬਾਬਾ ਲਖਮੀ ਦਾਸ ਜੀ ਪ੍ਰਗਟ ਹੋਏ। ਅਚਾਨਕ ਇਕ ਦਿਨ ਗੁਰੂ ਜੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤੇ ਸੁਲੱਖਣੀ ਸੋਚਾਂ ਦੇ ਸਾਗਰ ਵਿਚ ਜਾ ਡੁੱਬੀ। ਹਰ ਪਾਸੇ ਹਾਹਾਕਾਰ ਮਚ ਗਈ। ਕੋਈ ਯਕੀਨ ਨਹੀਂ ਸੀ ਕਰ ਰਿਹਾ ਕਿ ਗੁਰੂ ਜੀ ਜ਼ਿੰਦਾ ਵਾਪਸ ਆਉਣਗੇ, ਪਰ ਤੀਸਰੇ ਦਿਨ ਗੁਰੂ ਜੀ 'ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ' ਦਾ ਨਾਅਰਾ ਗਜਾਉਂਦੇ ਆ ਪ੍ਰਗਟ ਹੋਏ।
ਇਸ ਘਟਨਾ ਤੋਂ ਤੁਰੰਤ ਬਾਅਦ ਇਨਕਲਾਬੀ ਗੁਰੂ ਨੇ ਜਗਤ ਨੂੰ ਗੁਰ ਉਪਦੇਸ਼ ਵੰਡਣ ਹਿਤ ਉਦਾਸੀਆਂ ਦਾ ਫ਼ੈਸਲਾ ਲਿਆ। ਆਪਣੇ ਪਿਆਰੇ ਸਾਥੀ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰਨ ਲੱਗੇ ਤਾਂ ਨਾਨਕੀ ਅਤੇ ਸੁਲੱਖਣੀ ਤਾਂ ਸਬਰ ਦੀ ਮੂਰਤ ਬਣ ਕੇ ਚੁੱਪ ਹੋ ਗਈਆਂ, ਪਰ ਬਟਾਲੇ ਤੋਂ ਗਈ ਮਾਤਾ ਚੰਦੋ ਰਾਣੀ ਨੇ ਕਈ ਕੌੜੀਆਂ, ਕੁਸੈਲੀਆਂ ਗੱਲਾਂ ਕਹਿ ਦਿੱਤੀਆਂ, ਪਰ ਗੁਰੂ ਜੀ ਆਪਣੇ ਅਕੀਦੇ 'ਤੇ ਅਟੱਲ ਰਹਿ ਕੇ ਸੁਲਤਾਨਪੁਰ ਤੋਂ ਰਵਾਨਾ ਹੋ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਥੋੜ੍ਹੇ-ਥੋੜ੍ਹੇ ਵਕਫ਼ੇ ਤੋਂ ਬਾਅਦ ਤਿੰਨ ਹੋਰ ਉਦਾਸੀਆਂ ਕੀਤੀਆਂ। ਪਿੱਛੋਂ ਸੁਲੱਖਣੀ ਨੇ ਆਪਣੇ ਦੋਵਾਂ ਬੱਚਿਆਂ ਬਾਬਾ ਲਖਮੀ ਦਾਸ ਤੇ ਸ੍ਰੀ ਚੰਦ ਦਾ ਪਾਲਣ-ਪੋਸ਼ਣ ਕੀਤਾ ਅਤੇ ਪੂਰੇ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਤੇ ਗੁਰੂ ਨਾਨਕ ਦੇਵ ਜੀ ਦੀ ਜੁਦਾਈ ਦਾ ਦਰਦ ਵੀ ਸਹਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਸਮੇਤ ਪੂਰਾ ਪਰਿਵਾਰ ਆਖਰ ਕਰਤਾਰਪੁਰ ਸਾਹਿਬ ਵਿਖੇ ਹੀ ਇਕੱਠਾ ਹੋਇਆ, ਜਿਥੇ ਗੁਰੂ ਜੀ ਨੇ ਲਗਪਗ 18 ਸਾਲ ਪਰਿਵਾਰ ਨਾਲ ਬਿਤਾਏ।
1522 ਈ: ਦੇ ਲਗਪਗ ਮਹਿਤਾ ਕਲਿਆਣ ਚੰਦ ਅਤੇ ਮਾਤਾ ਤ੍ਰਿਪਤਾ ਜੀ ਦਾ ਦਿਹਾਂਤ ਹੋ ਗਿਆ। ਇਸ ਧਰਤੀ 'ਤੇ ਕਿਰਤ ਕਰਦਿਆਂ ਗੁਰੂ ਸਾਹਿਬ ਦਾ ਮਿਲਾਪ ਭਾਈ ਲਹਿਣਾ ਜੀ ਨਾਲ ਹੋਇਆ। ਲਹਿਣਾ ਜੀ ਨੇ ਦੇਵੀ ਪੂਜਾ ਛੱਡ ਕੇ ਗੁਰੂ ਜੀ ਨੂੰ ਕਾਮਿਲ ਮੁਰਸ਼ਦ ਮੰਨ ਕੇ ਕਰੜੀ ਘਾਲਣਾ ਘਾਲੀ ਅਤੇ ਹਜ਼ੂਰ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹ ਗਏ। ਹੁਣ ਕਰਤਾਰਪੁਰ ਸਾਹਿਬ ਸਿੱਖ ਧਰਮ ਦਾ ਤੀਰਥ ਸੀ, ਜਿੱਥੇ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਸੋ ਦਰ ਦੀ ਧੁੰਨੀ ਗੂੰਜਦੀ ਸੀ।
1539 ਈ: ਨੂੰ ਸਤਿਗੁਰ ਜੀ ਨੇ ਆਪਣੀ ਸਾਰੀ ਬਾਣੀ ਅਤੇ ਵੱਖ-ਵੱਖ ਦੇਸ਼ਾਂ ਤੋਂ ਭਗਤਾਂ ਅਤੇ ਸੂਫ਼ੀ-ਫ਼ਕੀਰਾਂ ਦੀ ਇਕੱਠੀ ਕੀਤੀ ਰੱਬੀ ਰਚਨਾ ਭਾਈ ਲਹਿਣਾ ਜੀ ਦੇ ਹਵਾਲੇ ਕਰ ਦਿੱਤੀ। ਦੇਹ ਰੂਪੀ ਚੋਲਾ ਤਿਆਗਣ ਤੋਂ ਪਹਿਲਾਂ ਆਪਣੀ ਜਗ੍ਹਾ ਭਾਈ ਲਹਿਣਾ ਜੀ ਨੂੰ ਬਿਠਾ ਕੇ ਗੁਰੂ ਅੰਗਦ ਦਾ ਰੂਪ ਦੇ ਕੇ ਰੱਬੀ ਜੋਤ ਉਨ੍ਹਾਂ ਦੇ ਹਿਰਦੇ ਵਿਚ ਟਿਕਾ ਕੇ ਦੂਸਰੇ ਗੁਰੂ ਥਾਪ ਦਿੱਤਾ।
ਆਖਰ ਇਕ ਦਿਨ ਗੁਰੂ ਜੀ ਸਭਨਾਂ ਨੂੰ ਉਪਦੇਸ਼ ਦੇ ਕੇ ਆਪਣੇ ਤਨ 'ਤੇ ਚਾਦਰ ਲੈ ਕੇ ਲੇਟ ਗਏ ਤੇ ਫਿਰ ਉੱਠੇ ਨਾ। ਚਾਦਰ ਚੁੱਕ ਕੇ ਵੇਖਿਆ ਤਾਂ ਹੇਠਾਂ ਕੇਵਲ ਫੁੱਲ ਹੀ ਨਜ਼ਰ ਆਏ। ਸੁਲੱਖਣੀ ਦਾ ਸੰਸਾਰ ਸੁੰਨਾ ਹੋ ਗਿਆ, ਉਹ ਧਰਮਸਾਲਾ ਬੈਠਦੀ, ਪਰ ਮਨ ਨਾ ਟਿਕਦਾ। ਦਿਨ-ਰਾਤ ਵੈਰਾਗ ਦਾ ਨੀਰ ਨੈਣਾਂ 'ਚੋਂ ਵਗਦਾ ਰਹਿੰਦਾ। ਗੁਰੂ ਜੀ ਤੋਂ 15 ਦਿਨ ਬਾਅਦ ਮਾਤਾ ਸੁਲੱਖਣੀ ਵੀ ਸਰੀਰ ਤਿਆਗ ਕੇ ਆਪਣੇ ਮਾਲਕ ਦੇ ਵਤਨ ਜਾ ਵੱਸੀ। ਇਸ ਤਰ੍ਹਾਂ ਸਿਦਕ, ਹਲੀਮੀ, ਰਜ਼ਾ ਦੀ ਮੂਰਤ ਬਣ ਕੇ ਗੁਰੂ ਜੀ ਦੀ ਧਰਮ ਸੁਪਤਨੀ ਵਜੋਂ ਯਾਦਗਾਰੀ ਪੈੜਾਂ ਸਿਰਜ ਕੇ ਸੁਲੱਖਣੀ ਸਦਾ ਲਈ ਅਮਰ ਹੋ ਗਈ।


-ਇੰਚਾਰਜ, ਉਪ-ਦਫ਼ਤਰ, ਬਟਾਲਾ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਹਨੂਮਾਨ ਸਿੰਘ

ਨਿਹੰਗ ਸਿੰਘਾਂ ਨੂੰ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਹੋਣ ਦਾ ਮਾਣ ਪ੍ਰਾਪਤ ਹੈ। ਧਰਮ ਯੁੱਧਾਂ ਅਤੇ ਆਜ਼ਾਦੀ ਦੇ ਸੰਗਰਾਮ ਵਿਚ ਇਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਨੀਲੇ ਬਾਣਿਆਂ ਅਤੇ ਅਸਤਰਾਂ-ਸ਼ਸਤਰਾਂ ਨਾਲ ਸਜੇ, ਮਹਾਨ ਪਵਿੱਤਰ ਜੀਵਨ ਵਾਲੇ ਇਨ੍ਹਾਂ ਸਿੰਘਾਂ ਨੇ ਲੋੜ ਪੈਣ 'ਤੇ ਸਿਰ ਤਲੀਆਂ 'ਤੇ ਰੱਖ ਦਿੱਤੇ ਅਤੇ ਆਪਣੀਆਂ ਕੀਮਤੀ ਜਿੰਦਾਂ ਅਣਖ, ਸੱਚ, ਇਨਸਾਫ਼ ਅਤੇ ਆਜ਼ਾਦੀ ਲਈ ਵਾਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨਿਹੰਗ ਸਿੰਘਾਂ ਦੀ ਟੁਕੜੀ ਨੂੰ ਅਕਾਲ ਰੈਜਮੈਂਟ ਕਿਹਾ ਜਾਂਦਾ ਸੀ। ਬੁੱਢਾ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜਦੋਂ ਨੌਸ਼ਹਿਰੇ ਦੀ ਜੰਗ ਵਿਚ ਸ਼ਹੀਦ ਹੋ ਗਏ ਤਾਂ ਦਲ ਦੀ ਕਮਾਂਡ ਬਾਬਾ ਹਨੂਮਾਨ ਸਿੰਘ ਨੇ ਸੰਭਾਲੀ। ਇਨ੍ਹਾਂ ਦਾ ਜਨਮ 1756 ਈ: ਵਿਚ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਹੋਇਆ, ਜੋ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਚ ਸਥਿਤ ਹੈ। ਬਾਬਾ ਜੀ ਦਾ ਜੀਵਨ ਸੇਵਾ ਅਤੇ ਸਿਮਰਨ ਦਾ ਮੁਜੱਸਮਾ ਸੀ। ਉਨ੍ਹਾਂ ਦੀ ਆਤਮਾ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸੀ। ਇਕ ਸੱਚੇ ਸੰਤ ਸਿਪਾਹੀ ਵਾਂਗ ਉਹ ਆਪਣੇ ਅੰਦਰਲੇ ਵਿਕਾਰਾਂ ਅਤੇ ਬਾਹਰਲੇ ਦੁਸ਼ਮਣਾਂ ਨਾਲ ਜੂਝ ਕੇ ਫਤਹਿ ਪਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਡੋਗਰਿਆਂ, ਦੇਸ਼ਧ੍ਰੋਹੀਆਂ ਅਤੇ ਧੋਖੇਬਾਜ਼ਾਂ ਦੇ ਕੁਕਰਮਾਂ ਕਾਰਨ ਸਿੱਖ ਰਾਜ ਦਾ ਸੂਰਜ ਡੁੱਬਣ ਲੱਗਾ। ਇਨ੍ਹਾਂ ਗਦਾਰਾਂ ਨੇ ਅੰਗਰੇਜ਼ਾਂ ਨਾਲ ਗੁਪਤ ਸੰਧੀ ਕਰ ਲਈ। ਮਹਾਰਾਣੀ ਜਿੰਦ ਕੌਰ ਨੇ ਸਿੱਖ ਰਾਜ ਨੂੰ ਬਚਾਉਣ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਬਾਬਾ ਹਨੂਮਾਨ ਸਿੰਘ ਨੂੰ ਚਿੱਠੀਆਂ ਲਿਖੀਆਂ।
ਖਾਲਸਾ ਫੌਜ ਅਤੇ ਅੰਗਰੇਜ਼ਾਂ ਵਿਚਕਾਰ 13 ਦਸੰਬਰ, 1845 ਨੂੰ ਮੁਦਕੀ ਦੇ ਸਥਾਨ 'ਤੇ ਜੰਗ ਹੋਈ। ਬਾਬਾ ਜੀ ਇਸ ਜੰਗ ਵਿਚ ਸ਼ਾਮਿਲ ਹੋਏ ਅਤੇ ਭੜਥੂ ਪਾ ਦਿੱਤਾ। ਆਪ ਨੇ ਬਰਤਾਨਵੀ ਸੈਨਾ ਨੂੰ ਭਜਾ ਕੇ ਟੁੰਡੇ ਲਾਟ ਨੂੰ ਹਰਾਇਆ। ਆਪ ਦੀ ਕਮਾਨ ਵਿਚ ਸਿੱਖ ਸੈਨਾ ਨੇ 4000 ਅੰਗਰੇਜ਼ ਸੈਨਿਕ ਮਾਰ ਕੇ ਡਟ ਕੇ ਮੁਕਾਬਲਾ ਕੀਤਾ ਪਰ ਗਦਾਰ ਸੈਨਾਪਤੀਆਂ ਨੇ ਬਹੁਤ ਵੱਡਾ ਧੋਖਾ ਕੀਤਾ। ਪਟਿਆਲਾ, ਜੀਂਦ, ਫਰੀਦਕੋਟ ਅਤੇ ਕੈਥਲ ਦੀਆਂ ਰਿਆਸਤਾਂ ਅੰਗਰੇਜ਼ਾਂ ਨਾਲ ਰਲ ਗਈਆਂ। ਪਹਾੜਾ ਸਿੰਘ ਫਰੀਦਕੋਟੀਏ ਦੀ ਮਦਦ ਨਾਲ ਟੁੰਡੇ ਲਾਟ ਫੌਜਾਂ ਲੈ ਕੇ ਲਾਹੌਰ ਵੱਲ ਵਧਿਆ। ਬਾਬਾ ਜੀ ਆਪਣੇ ਜਥੇ ਸਮੇਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚੇ, ਜਿਸ ਨੂੰ ਪਹਿਲਾਂ ਨਿਹੰਗਾਂ ਦਾ ਟੋਭਾ ਕਿਹਾ ਜਾਂਦਾ ਸੀ। ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ਾਂ ਤੋਂ ਡਰਦਿਆਂ ਅਕਾਲੀ ਸਿੰਘਾਂ 'ਤੇ ਤੋਪਾਂ ਬੀੜ ਦਿੱਤੀਆਂ। ਆਪਣੇ ਹੀ ਸਿੱਖ ਰਾਜੇ ਵਲੋਂ 1500 ਨਿਹੰਗ ਸਿੰਘ ਸ਼ਹੀਦ ਕਰ ਦਿੱਤੇ ਗਏ। ਘੁੜਾਮ ਤੱਕ ਬਾਬਾ ਜੀ ਲੜਦੇ ਗਏ, ਜਿਥੇ ਇਕ ਤੋਪ ਦਾ ਗੋਲਾ ਲੱਗਣ ਨਾਲ ਆਪ ਸਖ਼ਤ ਜ਼ਖਮੀ ਹੋ ਗਏ। ਫਿਰ ਵੀ ਆਪ ਲਗਾਤਾਰ ਜੂਝਦੇ ਰਹੇ ਅਤੇ ਕੁੰਭੜਾ-ਸੋਹਾਣਾ ਤੱਕ ਜੰਗ ਕਰਦੇ ਰਹੇ। ਅੰਤ ਇਸ ਮਹਾਂਬਲੀ ਸੂਰਮੇ ਨੇ 500 ਸਿੰਘਾਂ ਸਮੇਤ ਆਜ਼ਾਦੀ ਦੀ ਵੇਦੀ ਤੋਂ ਆਪਾ ਕੁਰਬਾਨ ਕਰ ਦਿੱਤਾ। 11 ਸਾਲ ਬੁੱਢਾ ਦਲ ਦੇ ਮੁਖੀ ਰਹਿ ਕੇ, ਬਿਰਧ ਅਵਸਥਾ ਵਿਚ ਵੀ ਕਮਾਲ ਦੀ ਬੀਰਤਾ ਦਿਖਾ ਕੇ ਆਪ ਸ਼ਹਾਦਤ ਨੂੰ ਚਾਰ ਚੰਨ ਲਾ ਗਏ। ਅੱਜ ਆਪ ਜੀ ਦੀ ਯਾਦ ਵਿਚ ਸੋਹਾਣੇ ਵਿਖੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਸਿੰਘਾਂ ਜਿਉਣਾ ਸਿੱਖਿਆ ਦੁੱਖਾਂ, ਦਰਦਾਂ, ਜ਼ੁਲਮਾਂ, ਪੀੜਾਂ ਤੋਂ,
ਝੁਰਮਟ ਮੋਏ ਲੋਕਾਂ ਦੇ ਪਰ ਵੱਖਰੇ ਨੇ ਇਹ ਭੀੜਾਂ ਤੋਂ।
ਭੱਠੀਆਂ ਦੀ ਅੱਗ ਪੱਕ ਗਏ ਜੁੱਸੇ, ਤੇਜ਼ ਚੱਲੇ ਇਹ ਤੀਰਾਂ ਤੋਂ,
ਸਬਰ, ਸਿਦਕ ਤੇ ਭਾਣਾ ਮੰਨਣਾ ਸਿੱਖਿਆ ਉੱਚ ਦੇ ਪੀਰਾਂ ਤੋਂ।

ਕੀ ਰਾਜ਼ ਹੈ ਸੁਲਤਾਨਪੁਰ ਲੋਧੀ ਦੀ ਇਸ ਇਮਾਰਤ ਦਾ?

ਸੁਲਤਾਨਪੁਰ ਲੋਧੀ ਪ੍ਰਾਚੀਨ ਸਮਿਆਂ ਤੋਂ ਪੰਜਾਬ ਦਾ ਬਹੁਤ ਮਹੱਤਵਪੂਰਨ ਸ਼ਹਿਰ ਰਿਹਾ ਹੈ। ਹਿਊਨ ਸਾਂਗ ਦੇ ਦੱਸਣ ਅਨੁਸਾਰ ਉਹ ਜਦੋਂ 634 ਈ: ਦੇ ਕਰੀਬ ਇਥੇ ਆਇਆ ਤਾਂ ਉਸ ਵੇਲੇ ਇਹ ਤਮਸਵਨ ਦੇ ਨਾਂਅ ਨਾਲ ਘੁੱਗ ਵਸਦਾ ਸ਼ਹਿਰ ਸੀ। ਹਿਊਨ ਸਾਂਗ ਕਿਉਂਕਿ ਆਪ ਇਕ ਵੱਡਾ ਬੋਧੀ ਸ਼ਰਧਾਲੂ ਸੀ, ਇਸ ਲਈ ਉਸ ਦੀ ਦਿਲਚਸਪੀ ਉਨ੍ਹਾਂ ਸ਼ਹਿਰਾਂ ਵਿਚ ਸੀ, ਜਿੱਥੇ ਬੋਧੀ ਕੇਂਦਰ ਸਨ। ਉਸ ਦੇ ਦੱਸਣ ਮੁਤਾਬਕ ਉਸ ਸਮੇਂ ਇੱਥੇ ਕਾਫੀ ਵੱਡਾ ਬੋਧੀ ਕੇਂਦਰ ਸੀ, ਜਿੱਥੇ 300 ਦੇ ਕਰੀਬ ਬੋਧੀ ਭਿਕਸ਼ੂ ਬੁੱਧ ਧਰਮ ਦੇ ਅਧਿਐਨ ਅਤੇ ਪ੍ਰਸਾਰ ਦੇ ਕਾਰਜ ਵਿਚ ਲੱਗੇ ਹੋਏ ਸਨ। ਇੱਥੇ ਸਮਰਾਟ ਅਸ਼ੋਕ ਨੇ ਇਕ ਸਤੂਪਾ ਵੀ ਬਣਵਾਇਆ ਸੀ। ਮਹਿਮੂਦ ਗਜ਼ਨਵੀ ਦੇ ਹੱਲਿਆਂ ਨੇ ਤਮਸਵਨ ਨੂੰ ਤਹਿਸ-ਨਹਿਸ ਕਰ ਦਿੱਤਾ। ਲੋਧੀ ਸਲਤਨਤ ਦੇ ਅਧੀਨ ਜਲੰਧਰ-ਦੁਆਬ ਦੀ ਰਾਜਧਾਨੀ ਹੁੰਦਿਆਂ ਨਵਾਬ ਦੌਲਤ ਖਾਨ ਲੋਧੀ ਨੇ ਇਸ ਨੂੰ ਆਪਣਾ ਸਦਰੇ ਮੁਕਾਮ ਬਣਾਇਆ ਅਤੇ ਇਕ ਵਾਰੀ ਫਿਰ ਇਸ ਦਾ ਬਹੁ-ਪੱਖੀ ਵਿਕਾਸ ਕਰਕੇ ਇਸ ਨੂੰ ਪ੍ਰਸਿੱਧੀ ਦੀ ਬੁਲੰਦੀ 'ਤੇ ਲੈ ਆਂਦਾ। ਮੁਗਲ ਕਾਲ ਦੇ ਦਰਮਿਆਨ ਵੀ ਇਸ ਦਾ ਜਾਹੋ-ਜਲਾਲ ਕਾਇਮ ਰਿਹਾ। ਲਾਹੌਰ-ਦਿੱਲੀ ਸ਼ਾਹ ਮਾਰਗ 'ਤੇ ਵੱਡਾ ਅਤੇ ਮਹੱਤਵਪੂਰਨ ਸ਼ਹਿਰ ਹੋਣ ਕਰਕੇ ਇੱਥੇ ਰਾਜਿਆਂ-ਰਾਣਿਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਦਾਰਾ ਸ਼ਿਕੋਹ ਵਰਗੇ ਸ਼ਾਹਜਾਦੇ ਇੱਥੇ ਮੌਲਾਨਾ ਅਬਦੁੱਲਾ ਸੁਲਤਾਨਪੁਰੀ ਵਰਗੇ ਉਸਤਾਦਾਂ ਕੋਲੋਂ ਵਿੱਦਿਆ-ਪ੍ਰਾਪਤੀ ਲਈ ਆਉਂਦੇ ਸਨ।
ਮੌਜੂਦਾ ਸੁਲਤਾਨਪੁਰ ਲੋਧੀ ਨਾ ਬੋਧੀਆਂ ਕਰਕੇ ਜਾਣਿਆ ਜਾਂਦਾ ਹੈ, ਨਾ ਹੀ ਲੋਧੀਆਂ ਕਰਕੇ ਅਤੇ ਨਾ ਹੀ ਮੁਗਲਾਂ ਕਰਕੇ। ਅੱਜ ਇਹ ਸਾਰੇ ਵਿਸ਼ਵ 'ਤੇ ਗੁਰੂ ਨਾਨਕ ਦੇਵ ਜੀ ਕਰਕੇ ਮਸ਼ਹੂਰ ਹੈ। ਗੁਰੂ ਜੀ ਦੇ ਇੱਥੇ ਭੈਣ ਨਾਨਕੀ ਕੋਲ ਠਹਿਰਾਅ ਸਮੇਂ ਦੀਆਂ ਅਹਿਮ ਘਟਨਾਵਾਂ ਨੂੰ ਚਿਰੰਜੀਵ ਕਰਨ ਲਈ ਥਾਂ-ਥਾਂ 'ਤੇ ਗੁਰਦੁਆਰੇ ਤਾਮੀਰ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ ਗੁਰਦੁਆਰਾ ਬੇਰ ਸਾਹਿਬ, ਜਿੱਥੇ ਗੁਰੂ ਜੀ ਨਿਤਾਪ੍ਰਤੀ ਇਸ਼ਨਾਨ, ਚਿੰਤਨ ਤੇ ਨਾਮ-ਚਰਚਾ ਕਰਦੇ ਸਨ। ਬੇਰ ਸਾਹਿਬ ਨੂੰ ਜਾਂਦਿਆਂ ਕੁਝ ਸਾਲ ਪਹਿਲਾਂ ਤੱਕ ਸ਼ਰਧਾਲੂਆਂ ਦੀ ਨਜ਼ਰੇ ਖੇਤਾਂ ਵਿਚ ਸਥਿਤ ਇਕ ਅਸ਼ਟ-ਭੁਜਾ ਪੁਰਤਾਨ ਇਮਾਰਤ ਕੱਲ-ਮ-ਕੱਲੀ ਮਯੂਸ ਖੜ੍ਹੀ ਨਜ਼ਰ ਆਉਂਦੀ ਹੁੰਦੀ ਸੀ। ਪੁਰਾਤਨ ਪੁਲ ਦੇ ਸਾਹਮਣੇ ਵੇਈਂ ਤੋਂ ਕੁਝ ਹਟਵੀਂ ਜਗ੍ਹਾ 'ਤੇ ਇਹ ਅੱਜ ਵੀ ਉਂਜ ਹੀ ਕਾਇਮ ਹੈ, ਭਾਵੇਂ ਕਿ ਸੜਕ 'ਤੇ ਬਹੁਤ ਸਾਰੀਆਂ ਇਮਾਰਤਾਂ ਦਾ ਘੜਮੱਸ ਖੜ੍ਹਾ ਹੋ ਜਾਣ ਕਾਰਨ ਹੁਣ ਇਹ ਵੇਈਂ ਦੇ ਦੂਜੇ ਪਾਸੇ ਗਿਆਂ ਹੀ ਨਜ਼ਰੇ ਪੈਂਦੀ ਹੈ। ਪੁਰਾਤਨ ਪੁਲ ਨੂੰ ਸਥਾਨਕ ਲੋਕ ਜਹਾਂਗੀਰੀ ਪੁਲ, ਪੁਰਾਤਨ ਪੁਲ ਜਾਂ ਕੰਜਰੀ ਪੁਲ ਕਹਿੰਦੇ ਰਹੇ ਹਨ ਤੇ ਇਸ ਸਮਾਰਕ-ਨੁਮਾ ਇਮਾਰਤ ਨੂੰ ਹਦੀਰਾ ਜਾਂ ਹਜ਼ੀਰਾ। ਉਂਜ ਸਾਡੀ ਜਾਚੇ ਇਹ ਹਜ਼ੀਰਾ ਨਹੀਂ ਹੈ।
ਲਗਪਗ 25 ਫੁੱਟ ਉੱਚੀ, 220 ਫੁੱਟ ਦੇ ਕਰੀਬ ਘੇਰੇ ਵਾਲੀ ਇਸ ਇਮਾਰਤ ਉੱਪਰ 10 ਕੁ ਫੁੱਟ ਉੱਚਾ ਅੰਡਾਕਾਰ ਸ਼ਕਲ ਦਾ ਗੁੰਬਦ ਹੈ, ਜੋ ਬਿਨਾਂ ਕਿਸੇ ਮਮਟੀ ਤੋਂ ਹੈ। ਇਸ ਦੀਆਂ 8 ਭੁਜਾਵਾਂ ਵਿਚੋਂ 4 ਭੁਜਾਵਾਂ ਵਿਚੋ ਹਰੇਕ ਤਕਰੀਬਨ 18 ਫੁੱਟ ਹੈ ਅਤੇ ਦੂਜੀਆਂ ਚਾਰ 36-36 ਫੁੱਟ ਦੀਆਂ ਹਨ। ਚਾਰੇ ਦਿਸ਼ਾਵਾਂ ਵਿਚ ਵੱਡੇ ਦੁਆਰ ਅਤੇ ਦਰੀਚੇ ਹਨ। ਭਾਵੇਂ ਕਿ ਇਹ ਇਮਾਰਤ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਅਧੀਨ ਹੈ ਪਰ ਇਸ ਬਾਰੇ ਨਾ ਤਾਂ ਕੋਈ ਖੋਜ ਕੀਤੀ ਗਈ ਹੈ ਤੇ ਨਾ ਹੀ ਕੋਈ ਪ੍ਰਮਾਣਕ ਦਸਤਾਵੇਜ਼ ਤਿਆਰ ਕੀਤਾ ਗਿਆ ਹੈ। ਵਿਭਾਗ ਵਲੋਂ ਕਈ ਸਾਲਾਂ ਤੋਂ ਲੱਗਾ ਇਕ ਨਿੱਕਚੂ ਜਿਹਾ ਬੋਰਡ ਇਹ ਸੂਚਨਾ ਦੇਣ ਦਾ ਆਪਣਾ ਬੌਣਾ ਜਿਹਾ ਫਰਜ਼ ਨਿਭਾਈ ਜਾਂਦਾ ਹੈ ਕਿ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ ਦੇ ਐਕਟ 1964 ਅਧੀਨ ਸੁਰੱਖਿਅਤ ਹੈ। ਸੰਨ 2015 ਵਿਚ ਪਰਮਾਨੈਂਟ ਡੈਲੀਗੇਸ਼ਨ ਆਫ ਇੰਡੀਆ ਵਲੋਂ ਇਸ ਨੂੰ ਵਰਲਡ ਹੈਰੀਟੇਜ ਦੀ ਮਾਨਤਾ ਪ੍ਰਾਪਤੀ ਲਈ ਯੁਨੈਸਕੋ ਨੂੰ ਵੀ ਬੇਨਤੀ ਕੀਤੀ ਗਈ ਸੀ।
ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਹਦੀਰਾ ਸ਼ਬਦ ਅਰਬੀ-ਮੂਲਕ ਹੈ ਅਤੇ 'ਹਜ਼ੀਰੇ' ਤੋਂ ਹੀ ਬਣਿਆ ਲਗਦਾ ਹੈ। ਹਜ਼ੀਰੇ ਦਾ ਅਰਥ ਹੈ ਚਾਰੇ ਪਾਸਿਓਂ ਘਿਰਿਆ ਹੋਇਆ, ਵਲਿਆ ਹੋਇਆ, ਵਾੜਾ, ਅਹਾਤਾ ਆਦਿ। ਹਿਬਰੂ ਭਾਸ਼ਾ ਦੇ ਗਿਆਤਾ ਇਹ ਮੰਨਦੇ ਹਨ ਕਿ 'ਹਦੀਰਾ' ਸ਼ਬਦ ਜਾਂ ਤਾਂ ਹਜ਼ੀਰਾ ਤੋਂ ਬਣਿਆ ਹੈ ਜਾਂ ਇਸ ਦਾ ਮੂਲ ਹਿਬਰੂ ਭਾਸ਼ਾ ਦੇ ਲਫਜ਼ 'ਹਜ਼ਾਰਾ' ਜਾਂ 'ਹਸਾਰਾ' ਨਾਲ ਜੁੜਦਾ ਹੈ। ਹਸਾਰਾ ਦਾ ਅਰਥ ਵੀ 'ਚਾਰੇ ਪਾਸਿਓਂ ਘਿਰਿਆ' ਹੀ ਹੁੰਦਾ ਹੈ। ਹਿਬਰੂ ਦਾ ਇਕ ਹੋਰ ਸ਼ਬਦ ਵੀ 'ਹਦੀਰਾ' ਨਾਲ ਰਲਦਾ-ਮਿਲਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਹਰਿਆਲਾ ਜਾਂ ਹਰਿਆਲੀ ਪੈਦਾ ਕਰਨੀ ਜਾਂ ਵਲੀ ਹੋਈ ਜ਼ਰਖੇਜ਼ ਜ਼ਮੀਨ।
ਮੁਗਲ ਕਾਲ ਦੌਰਾਨ ਬਣੀਆਂ ਇਮਾਰਤਾਂ ਵਿਚ 'ਹਜ਼ੀਰਾ' ਲਫਜ਼ ਬਹੁਤੀ ਵਾਰ ਮਕਬਰੇ, ਮਜ਼ਾਰ, ਦਰਗਾਹ, ਸਮਾਧ ਆਦਿ ਦੇ ਅਰਥ ਸੰਚਾਰਦਾ ਹੈ। ਪਰ ਜਿਸ ਕਾਲ ਦੌਰਾਨ ਸੁਲਤਾਨਪੁਰ ਲੋਧੀ ਦੀ ਇਹ ਅਸ਼ਟ-ਭੁਜਾ ਇਮਾਰਤ ਬਣਾਈ ਗਈ, ਉਸ ਸਮੇਂ ਕੋਈ ਵੀ ਐਡੀ ਵੱਡੀ ਮਹੱਤਵਪੂਰਨ ਸ਼ਖ਼ਸੀਅਤ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਨਹੀਂ ਸੀ, ਜਿਸ ਦਾ ਅਜਿਹਾ ਮਕਬਰਾ ਬਣਾਇਆ ਜਾਂਦਾ। ਮੁਗਲ ਕਾਲ ਦੇ ਸਮਾਰਕਾਂ ਦੀ ਨਿਰਖ-ਪਰਖ ਕਰਨ ਵਾਲੇ ਸ੍ਰੀ ਸੁਭਾਸ਼ ਪਰਿਹਾਰ ਦਾ ਮੰਨਣਾ ਹੈ ਕਿ ਇਹ ਸਮਾਰਕ ਉਸ ਸਮੇਂ ਦੇ ਮਕਬੂਲ ਉਸਤਾਦ ਅਬਦੁੱਲਾ ਸੁਲਤਾਨਪੁਰੀ ਦਾ ਮਕਬਰਾ ਹੋ ਸਕਦਾ ਹੈ ਪਰ ਇਸ ਦੇ ਅੰਦਰਲਾ ਮਾਹੌਲ ਅਤੇ ਵਿਉਂਤਬੰਦੀ ਇਸ ਗੱਲ ਦੀ ਗਵਾਹੀ ਨਹੀਂ ਭਰਦੀ। ਅੰਦਰਲੀਆਂ ਸਾਰੀਆਂ ਗਵਾਹੀਆਂ ਇਸ ਦੇ ਖਵਾਬਗਾਹ ਹੋਣ ਨਾਲੋਂ ਹਦੀਰਾ ਹੋਣ ਦੇ ਹੱਕ ਵਿਚ ਹਨ। ਨਾ ਤਾਂ ਇਥੇ ਕੋਈ ਕਬਰ ਨਜ਼ਰ ਆਉਂਦੀ ਹੈ ਤੇ ਨਾ ਹੀ ਦੀਵਾਰਾਂ ਉੱਪਰ ਜ਼ਿੰਦਗੀ ਦੇ ਨਾਸ਼ਵਾਨ ਹੋਣ ਬਾਰੇ ਕੁਰਾਨ 'ਚੋਂ ਕੋਈ ਆਇਤਾਂ ਵਗੈਰਾ ਨਜ਼ਰ ਆਉਂਦੀਆਂ ਹਨ। ਇਮਾਰਤਸਾਜ਼ੀ ਦੀ ਦੁਨੀਆ ਵਿਚ ਹਦੀਰਾ ਜਾਂ ਹਜ਼ੀਰਾ ਕਹਿਲਾਉਂਦੀਆਂ ਇਮਾਰਤਾਂ ਆਮ ਤੌਰ 'ਤੇ ਚੌਰਸ ਜਾਂ ਬਹੁ-ਭੁਜਾਵੀ, ਬੈਠਵੀਆਂ ਅਤੇ ਗੁੰਬਦ ਵਾਲੀਆਂ ਹੁੰਦੀਆਂ ਹਨ (ਗੁੰਬਦ ਕਰਕੇ ਆਵਾਜ਼ ਘੱਟ ਗੂੰਜਦੀ ਹੈ)। 'ਹਦੀਰਾ' ਕਹਿਲਾਉਂਦੀਆਂ ਇਮਾਰਤਾਂ ਆਮ ਤੌਰ 'ਤੇ ਚੁਣਵੇਂ ਲੋਕਾਂ ਲਈ ਨਾਚ-ਘਰ ਜਾਂ ਗੀਤ-ਸੰਗੀਤ ਮਹਿਫਲਾਂ ਲਈ ਵਰਤੀਆਂ ਜਾਂਦੀਆਂ ਸਨ। ਇਨ੍ਹਾਂ ਦੇ ਆਲੇ-ਦੁਆਲੇ ਆਮ ਤੌਰ 'ਤੇ ਹਰਿਆਵਲ ਜਾਂ ਬਾਗ-ਬਗੀਚੇ ਹੁੰਦੇ ਸਨ। ਇਹ ਲਫਜ਼ ਅੱਜ ਵੀ ਇਸਲਾਮੀ ਦੁਨੀਆ ਵਿਚ ਵੱਡੇ ਮੌਜ-ਮੇਲੇ ਜਾਂ ਖੇਡ-ਤਮਾਸ਼ੇ ਵਾਲੇ ਹੋਟਲਾਂ, ਰੈਸਟੋਰੈਂਟਾਂ, ਰਿਜ਼ੋਰਟਾਂ ਆਦਿ ਲਈ ਵਰਤਿਆ ਜਾਂਦਾ ਹੈ।
ਸੁਲਤਾਨਪੁਰ ਦੇ ਇਸ ਹਦੀਰੇ ਦੇ ਚਾਰੋਂ ਪਾਸੇ 4 ਵੱਡੇ ਦੁਆਰਾਂ ਤੋਂ ਬਿਨਾਂ ਇਸ ਦੇ ਬਾਹਰਵਾਰੋਂ ਹਰ ਪਾਸਿਓਂ ਇਕ-ਇਕ ਤੰਗ ਜਿਹੀ ਪੌੜੀ ਉੱਪਰ ਚੜ੍ਹਦੀ ਹੈ, ਜੋ ਅੱਗੋਂ ਜਾ ਕੇ ਖੱਬੇ-ਸੱਜੇ ਬਣੀਆਂ ਬਾਲਕੋਨੀਆਂ ਤੱਕ ਪਹੁੰਚ ਕਰਦੀ ਹੈ। ਇਨ੍ਹਾਂ ਬਾਲਕੋਨੀਆਂ ਤੱਕ ਅੰਦਰੋਂ ਉੱਤਰਨ-ਚੜ੍ਹਨ ਦਾ ਕੋਈ ਜ਼ਰੀਹਾ ਨਹੀਂ ਤੇ ਨਾ ਹੀ 2 ਤੋਂ ਵੱਧ ਬਾਲਕੋਨੀਆਂ ਆਪਸ ਵਿਚ ਜੁੜੀਆਂ ਹੋਈਆਂ ਹਨ। ਇਸ ਵਿਉਂਤਬੰਦੀ ਨੂੰ ਘੋਖਣ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਇਹ ਇਮਾਰਤ ਮੁਗਲ ਨਵਾਬਾਂ-ਖਾਨਜ਼ਾਦਿਆਂ ਦੀ ਐਸ਼ਗਾਹ ਵੀ ਹੋ ਸਕਦੀ ਹੈ ਅਤੇ ਮਹਿਮਾਨਗਾਹ ਵੀ; ਵਿਸ਼ੇਸ਼ ਮਸ਼ਵਰਿਆਂ ਲਈ ਕਬੀਨਾ-ਗਾਹ ਵੀ ਹੋ ਸਕਦੀ ਹੈ ਅਤੇ ਜ਼ਨਾਨਾ-ਆਰਾਮਗਾਹ ਵੀ। ਇਸ ਜਗ੍ਹਾ 'ਤੇ ਨਵਾਬ ਦੌਲਤ ਖਾਨ ਲੋਧੀ ਨੇ ਬਾਗ-ਬਗੀਚੇ ਪਹਿਲਾਂ ਹੀ ਵਿਕਸਤ ਕੀਤੇ ਹੋਏ ਸਨ। ਪੁਰਾਣੇ ਪੁਲ ਦੀਆਂ ਮੌਜੂਦਾ ਮਹਿਰਾਬਾਂ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ ਇਹ ਹਦੀਰਾ ਦਰਿਆ-ਨੁਮਾ ਵੇਈਂ ਨਜ਼ਦੀਕ ਸ਼ਾਹ ਮਾਰਗ ਦੀ ਬਗਲ ਵਿਚ ਬੜੀ ਰਮਣੀਕ ਜਗ੍ਹਾ ਸਥਿਤ ਸੀ। ਉਂਜ ਐਸ਼-ਗਾਹ ਦਾ ਸ਼ਾਹ ਮਾਰਗ ਦੇ ਏਨੇ ਨਜ਼ਦੀਕ ਹੋਣਾ ਗੈਰ-ਸੁਭਾਵਿਕ ਲਗਦਾ ਹੈ।
ਕਦੋਂ ਬਣਿਆ ਹੋਵੇਗਾ ਇਹ ਹਦੀਰਾ? ਜਦੋਂ ਕਦੇ ਵੀ ਬਣਿਆ ਹੋਵੇ, ਇਕ ਗੱਲ ਸਪੱਸ਼ਟ ਹੈ ਕਿ ਇਹ ਇਮਾਰਤ ਗੁਰੂ ਨਾਨਕ ਜੀ ਤੋਂ ਢੇਰ ਚਿਰ ਬਾਅਦ ਵਿਚ ਤਾਮੀਰ ਹੋਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਸ਼ਟ-ਭੁਜਾ ਆਰਕੀਟੈਕਚੂਰਲ ਸ਼ੈਲੀ ਦੀ ਸਭ ਤੋਂ ਪਹਿਲੀ ਇਮਾਰਤ ਹਿਮਾਂਯੂੰ ਨੇ 1555 ਦੇ ਕਰੀਬ ਸੌਰ-ਮੰਡਲ ਦਿੱਲੀ ਵਿਚ ਬਣਵਾਈ। ਇਸ ਲਈ ਯਕੀਨਨ ਤੌਰ 'ਤੇ ਕਿਹਾ ਜਾ ਸਕਦੈ ਕਿ ਇਹ ਹਦੀਰਾ 1555 ਤੋਂ ਬਾਅਦ ਵਿਚ ਹੀ ਹੋਂਦ ਆਇਆ ਹੋਵੇਗਾ, ਹਾਲਾਂਕਿ ਇਹ ਜਾਣ ਸਕਣਾ ਖੋਜ ਦਾ ਵਿਸ਼ਾ ਹੈ ਕਿ ਇਹ ਕਿਸ ਨੇ ਬਣਵਾਇਆ ਅਤੇ ਕਦੋਂ ਬਣਵਾਇਆ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਪੰਜਾਬ ਸਰਕਾਰ ਵਲੋਂ ਇਸ ਇਤਿਹਾਸਕ ਇਮਾਰਤ ਦੀ ਦਿੱਖ ਵੀ ਸੰਵਾਰੀ ਜਾ ਰਹੀ ਹੈ। ਇਹ ਸ਼ਲਾਘਾਯੋਗ ਹੈ, ਪਰ ਸ਼ਿੰਗਾਰਨ-ਸੰਵਾਰਨ-ਸੰਭਾਲਣ ਦੀ ਇਸ ਪ੍ਰਕਿਰਿਆ ਵਿਚ ਇਸ ਦੀ ਖੁਸ ਰਹੀ ਕਦੀਮੀ-ਮਾਲੀਅਤ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ।


-ਨਡਾਲਾ (ਕਪੂਰਥਲਾ)। ਮੋਬਾ: 97798-53245

ਸੁਰੱਖਿਅਤ ਹਨ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਦਸਤਾਵੇਜ਼

ਸੰਨ 1971 ਵਿਚ ਅਜਾਇਬ-ਘਰ ਵਿਚ ਤਬਦੀਲ ਕੀਤੇ ਗਏ ਅੰਮ੍ਰਿਤਸਰ ਦੇ ਰਾਮ ਬਾਗ਼ (ਕੰਪਨੀ ਬਾਗ) ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਵਿਚ ਸਿੱਖ ਦਰਬਾਰ ਤੇ ਵਿਸ਼ੇਸ਼ ਤੌਰ 'ਤੇ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਕੁਲ 712 ਵਸਤੂਆਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ਗਿਆ। ਲਗਪਗ 14 ਵਰ੍ਹੇ ਪਹਿਲਾਂ ਸਮਰ ਪੈਲੇਸ ਦੇ ਸ਼ੁਰੂ ਕੀਤੇ ਨਵਨਿਰਮਾਣ ਦੇ ਚਲਦਿਆਂ ਇਨ੍ਹਾਂ ਇਤਿਹਾਸਕ ਵਸਤੂਆਂ ਨੂੰ ਰਾਮ ਬਾਗ਼ ਵਿਚ ਹੀ ਨਵੰਬਰ, 2001 ਵਿਚ ਉਸਾਰੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੀ ਛੱਤ 'ਤੇ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ। ਸੁਰੱਖਿਆ ਦੀ ਕਮੀ ਦੇ ਚਲਦਿਆਂ ਉਪਰੋਕਤ ਕਮਰੇ ਵਿਚੋਂ ਮਹਾਰਾਜਾ ਦੇ ਦੁਰਲੱਭ ਖ਼ੰਜਰ ਚੋਰੀ ਹੋਣ 'ਤੇ ਇਨ੍ਹਾਂ ਵਸਤੂਆਂ ਨੂੰ ਹੇਠਲੀ ਮੰਜ਼ਲ 'ਚ ਸਾਦੇ ਫ਼ਰਸ਼ 'ਤੇ ਬਿਨਾਂ ਸਜਾਵਟ ਵਾਲੇ ਸਾਧਾਰਨ ਜਿਹੇ ਹਾਲ ਵਿਚ ਤਬਦੀਲ ਕਰ ਦਿੱਤਾ ਗਿਆ। ਜਗ੍ਹਾ ਦੀ ਕਮੀ ਦੇ ਚਲਦਿਆਂ ਮੌਜੂਦਾ ਸਮੇਂ ਉਪਰੋਕਤ ਇਤਿਹਾਸਕ ਵਸਤੂਆਂ ਵਿਚੋਂ ਕੁਝ ਵਸਤੂਆਂ ਅਤੇ ਦਸਤਾਵੇਜ਼ ਹੀ ਪੈਨੋਰਮਾ ਦੇ ਹਾਲ 'ਚ ਲਗਾਈ ਅਸਥਾਈ ਪ੍ਰਦਰਸ਼ਨੀ 'ਚ ਸ਼ਾਮਲ ਕੀਤੇ ਗਏ ਹਨ, ਜਦਕਿ ਸਮਰ ਪੈਲੇਸ ਦੀ ਛੱਤ 'ਤੇ ਪੌੜੀਆਂ ਦੇ ਹੇਠਾਂ ਤੋਂ ਉਤਾਰੀ ਗਈ ਮੀਨਾਕਾਰੀ ਕੀਤੀ ਅਖਰੋਟ ਦੀ ਲੱਕੜ ਸਮੇਤ ਬਹੁਤ ਸਾਰੇ ਮਹੱਤਵਪੂਰਨ ਦਸਤਾਵੇਜ਼ ਤੇ ਕਈ ਹੋਰ ਅਨਮੋਲ ਵਸਤੂਆਂ ਸਟੋਰ ਵਿਚ ਰੱਖੀਆਂ ਗਈਆਂ ਹਨ।
ਸਟੋਰ ਵਿਚ ਰੱਖੀਆਂ ਗਈਆਂ ਵਸਤੂਆਂ ਵਿਚ ਲਾਹੌਰ ਦਰਬਾਰ ਵਲੋਂ ਹੋਰਨਾਂ ਸਿੱਖ ਰਿਆਸਤਾਂ, ਮਿਸਲਾਂ ਦੇ ਸਰਦਾਰਾਂ ਅਤੇ ਈਸਟ ਇੰਡੀਆ ਕੰਪਨੀ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਸਮੇਤ ਕੁਝ ਮਹੱਤਵਪੂਰਨ ਵਸਤੂਆਂ ਸ਼ਾਮਿਲ ਹਨ, ਜਦੋਂ ਕਿ ਸਿੱਖ ਦਰਬਾਰ ਦੇ ਰਵਾਇਤੀ ਜੰਗੀ ਸ਼ਸਤਰਾਂ, ਤਸਵੀਰਾਂ, ਦਸਤਾਵੇਜ਼ਾਂ ਆਦਿ ਨੂੰ ਉਪਰੋਕਤ ਅਸਥਾਈ ਮਿਊਜ਼ੀਅਮ ਵਿਚ ਦਰਸ਼ਕਾਂ ਦੇ ਵੇਖਣ ਹਿਤ ਸਜਾਇਆ ਗਿਆ ਹੈ। ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਵਸਤੂਆਂ ਵਿਚ ਲਾਹੌਰ ਦਰਬਾਰ ਦੇ ਸ਼ਸਤਰ; ਚਾਰ ਨਾਲੀ, ਦੋ ਨਾਲੀ ਤੇ ਇਕ ਨਾਲੀ ਬੰਦੂਕਾਂ, ਜੰਬੂਰਾ ਗੰਨ, ਸੋਨੇ ਦੇ ਪੱਤਰੇ ਚੜ੍ਹੀਆਂ ਤੋੜੇਦਾਰ ਬੰਦੂਕਾਂ, ਇੰਗਲੈਂਡ ਤੋਂ ਮੰਗਵਾਈਆਂ ਗਈਆਂ ਕਾਰਬਾਈਨਾਂ, ਨੇਜ਼ੇ, ਸਜਾਵਟੀ ਢਾਲਾਂ, ਕਿਰਚਾਂ, ਖੰਡੇ, ਤੇਗ਼ਾਂ, ਡਾਂਗਰੇ, ਜ਼ੰਜੀਰੀ ਗੋਲੇ, ਜੰਜਾਲ ਗੰਨ, ਚਾਰ-ਆਈਨਾ ਸੈਟ (ਜੰਗ ਵਿਚ ਛਾਤੀ, ਮੋਢਿਆਂ, ਬਾਹਵਾਂ ਅਤੇ ਸਿਰ ਦੀ ਹਿਫ਼ਾਜ਼ਤ ਲਈ ਜੂੜੇ ਵਾਲੀ ਲੋਹੇ ਦੀ ਟੋਪੀ), ਟੋਪੀਦਾਰ ਬੰਦੂਕਾਂ, ਛੜੀਦਾਰ ਬੰਦੂਕ, ਸੰਜੋਅ, ਤੀਰ ਤੇ ਕਮਾਨ, ਪੇਸ਼ਕਬਾਜ਼ (ਖ਼ੰਜਰ) ਤੇ ਕੁਹਾੜੀਆਂ ਆਦਿ ਮੌਜੂਦ ਹਨ। ਉਪਰੋਕਤ ਦੇ ਇਲਾਵਾ ਲਾਹੌਰ ਸ਼ਾਹੀ ਕਿਲ੍ਹੇ, ਅੱਠਦਰਾਂ, ਲਾਹੌਰ ਕਿਲ੍ਹੇ 'ਚ ਲਗਾਏ ਗਏ ਸਿੱਖ ਦਰਬਾਰ, ਗੁਲਗਸ਼ਤ-ਏ-ਪੰਜਾਬ ਵਿਚੋਂ ਲਿਆ ਗਿਆ ਰਾਮ ਬਾਗ਼ (ਕੰਪਨੀ ਬਾਗ਼) ਦਾ ਪੁਰਾਤਨ ਨਕਸ਼ਾ ਸਹਿਤ ਮਹਾਰਾਜਾ ਰਣਜੀਤ ਸਿੰਘ ਤੇ ਸ਼ਹਿਜ਼ਾਦਾ ਖੜਕ ਸਿੰਘ, ਕੰਵਰ ਸ਼ੇਰ ਸਿੰਘ ਤੇ ਨੌਨਿਹਾਲ ਸਿੰਘ, ਕਸ਼ਮੀਰ ਸਿੰਘ ਤੇ ਪਿਸ਼ੌਰਾ ਸਿੰਘ, ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰਾ, ਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਆਦਿ ਦੀਆਂ ਪਾਣੀ ਤੇ ਤੇਲ ਵਾਲੇ ਰੰਗਾਂ ਦੀਆਂ ਬਣੀਆਂ ਦੁਰਲੱਭ ਤਸਵੀਰਾਂ ਮੌਜੂਦ ਹਨ। ਇਨ੍ਹਾਂ ਇਤਿਹਾਸਕ ਵਸਤੂਆਂ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਤੇ ਕੋਹੇਨੂਰ ਹੀਰੇ ਦਾ ਮਾਡਲ ਅਤੇ ਅਖਰੋਟ ਦੀ ਲੱਕੜੀ ਦੀ ਬਣੀ ਕੁਰਸੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇ ਹਾਲ ਵਿਚ ਅਸਥਾਈ ਤੌਰ 'ਤੇ ਸਥਾਪਿਤ ਕੀਤੇ ਹਾਲ ਵਿਚ ਪ੍ਰਦਰਸ਼ਨੀ ਹਿਤ ਰੱਖੀ ਗਈ ਮਹਾਰਾਜਾ ਰਣਜੀਤ ਸਿੰਘ ਵਲੋਂ ਕੈਪਟਨ ਬੀ. ਰੋਬਟਰਸ ਨੂੰ ਭੇਟ ਕੀਤੀ ਤਲਵਾਰ, ਜਿਸ ਦਾ ਮੁੱਠਾ ਘੋੜੇ ਦੀ ਸ਼ਕਲ ਦਾ ਅਤੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦਾ ਲਘੂ ਚਿੱਤਰ ਬਣਿਆ ਹੋਇਆ ਹੈ, ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਇਹ ਤਲਵਾਰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੁਆਰਾ ਲੰਡਨ ਤੋਂ ਖ਼ਰੀਦੀ ਗਈ ਸੀ ਅਤੇ ਅਗਾਂਹ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਪੰਜਾਬ ਸਟੇਟ ਅਜਾਇਬਘਰ ਨੂੰ ਬਤੌਰ ਤੋਹਫ਼ੇ ਦੇ ਭੇਟ ਕੀਤੀ ਸੀ। ਇਸ ਦੇ ਇਲਾਵਾ ਅਸਦਉੱਲਾ ਦੁਆਰਾ ਤਿਆਰ ਕੀਤੀ ਗਈ ਸਜਾਵਟੀ ਢਾਲ, ਜਿਸ 'ਤੇ ਮਹਾਰਾਜਾ ਰਣਜੀਤ ਸਿੰਘ, ਸ਼ਹਿਜ਼ਾਦਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦਾ ਚਿੱਤਰ ਚਿਤਰਿਤ ਹੈ, ਵੀ ਦਰਸ਼ਕਾਂ ਨੂੰ ਕਾਫ਼ੀ ਲੁਭਾ ਰਹੀ ਹੈ।


-ਅੰਮ੍ਰਿਤਸਰ। ਮੋਬਾ: 93561-27771

ਜਨਮ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ-ਘਰ ਦੀ ਸੇਵਾ ਵਜੋਂ ਹਰਫ ਲਿਖਾਉਣ ਵਾਲੇ, 6 ਗੁਰੂ ਸਾਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ ਦੀਦਾਰੇ ਕਰਨ ਵਾਲੇ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ਬਿਕਰਮੀ ਸੰਮਤ ਨੂੰ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ ਹੋਇਆ। ਆਪ ਜੀ ਦੀ ਮਾਤਾ ਗੌਰਾਂ ਜੀ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ 'ਤੇ ਵੀ ਪਿਆ। ਜਨਮ ਵਿਚ ਆਪ ਦਾ ਨਾਂਅ 'ਬੂੜਾ' ਰੱਖਿਆ ਅਤੇ ਕੁਝ ਚਿਰ ਮਗਰੋਂ ਆਪ ਦੇ ਮਾਪੇ ਪਿੰਡ ਰਮਦਾਸ ਆ ਵਸੇ। ਜਦ ਆਪ 12 ਵਰ੍ਹਿਆਂ ਦੇ ਸਨ, ਤਦ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਦਾ ਉਦਾਰ ਕਰਨ ਲਈ ਰਮਦਾਸ ਪਿੰਡ ਦੀ ਜੂਹ ਵਿਚ ਆ ਟਿਕੇ, ਜਿਥੇ 'ਬੂੜਾ ਜੀ' ਮੱਝਾਂ ਚਾਰਦੇ ਹੋਏ ਉੱਥੇ ਆ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸੁਣਿਆ। ਬਾਅਦ ਵਿਚ ਉਹ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਅਤੇ ਇਸ ਮਗਰੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਨੇ ਹੀ ਕੀਤੀ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਥਾਪਿਆ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ 3 ਪੁਰਾਤਨ ਬੇਰੀਆਂ-ਦੁਖ ਭੰਜਨੀ ਬੇਰੀ, ਲਾਚੀ ਬੇਰੀ ਅਤੇ ਬੇਰ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ ਅਤੇ ਇਸ ਬੇਰੀ ਥੱਲੇ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਧੰਨ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿੱਦਿਆ, ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਈਆਂ।


-ਰਵਿੰਦਰਪਾਲ ਸਿੰਘ ਲੁਗਾਣਾ, ਇੰਦਰਜੀਤ ਸਿੰਘ ਲੁਗਾਣਾ
ਮੋਬਾ: 98154-48043

ਦਮਦਮੀ ਟਕਸਾਲ ਦੇ ਹੈੱਡ ਕੁਆਰਟਰ

ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ 20ਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ। ਇਥੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਨੇ ਸਿੱਖੀ ਪ੍ਰਚਾਰ-ਪ੍ਰਸਾਰ ਲਈ ਲਹਿਰ ਆਰੰਭ ਕੀਤੀ। ਸਮੇਂ ਦੀ ਹਕੂਮਤ ਵਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਵਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 37 ਵੱਡੇ ਨਗਰ ਕੀਰਤਨ ਪੂਰੇ ਦੇਸ਼ 'ਚ ਕੱਢੇ ਗਏ। ਇਸੇ ਅਸਥਾਨ ਤੋਂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਪੰਥ ਅਤੇ ਸਿੱਖ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਜੂਨ '84 ਵਿਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦਾ ਹੈੱਡ ਕੁਆਟਰ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ, ਦੂਜੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਸਮੇਂ ਸ੍ਰੀ ਅਨੰਦਪੁਰ ਸਾਹਿਬ, ਤੀਸਰੇ ਮੁਖੀ ਸੰਤ ਗਿਆਨੀ ਸੂਰਤ ਸਿੰਘ ਨੇ ਚੰਨਯੋਟ (ਪਾਕਿਸਤਾਨ) ਅਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੇਂਦਰੀ ਅਸਥਾਨ ਬਣਾਇਆ, ਜਿੱਥੇ ਨੌਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਬੇਦੀ ਤੱਕ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਕੇਂਦਰ ਰੱਖਿਆ। ਜਥੇਬੰਦੀ ਦੇ ਦਸਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਦਾ ਪ੍ਰਚਾਰ ਕੇਂਦਰ 'ਮੁਰਾਲੇ' (ਗੁ: ਸੰਤਪੁਰਾ) ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਰਿਹਾ। ਗਿਆਰ੍ਹਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਅਤੇ ਬਾਹਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਅਖੰਡ ਪ੍ਰਕਾਸ਼ 'ਭਿੰਡਰ ਕਲਾਂ' ਜ਼ਿਲ੍ਹਾ ਮੋਗਾ ਨੂੰ ਕੇਂਦਰੀ ਅਸਥਾਨ ਬਣਾਈ ਰੱਖਿਆ, ਜਿਸ ਕਾਰਨ ਉਨ੍ਹਾਂ ਅਤੇ ਬਾਅਦ 'ਚ ਆਉਣ ਵਾਲੇ ਮੁਖੀਆਂ ਦੇ ਨਾਂਅ ਨਾਲ 'ਭਿੰਡਰਾਂਵਾਲਾ' ਲਕਬ ਚੱਲਿਆ।
ਮੌਜੂਦਾ ਅਸਥਾਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਸੱਚਖੰਡ ਗਮਨ ਦਾ ਅਸਥਾਨ ਹੈ, ਜਿਸ ਨੂੰ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਹੈੱਡ ਕੁਆਟਰ ਵਜੋਂ ਸਥਾਪਿਤ ਕੀਤਾ। ਮਹਿਤਾ ਨਗਰ ਵਿਚ 13 ਜੂਨ ਤੋਂ ਲੈ ਕੇ 28 ਜੂਨ, 1969 ਤੱਕ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਜਥੇ ਸਮੇਤ ਗੁਰਮਤਿ ਦੇ ਪ੍ਰਚਾਰ ਹਿਤ ਹਰ ਸਾਲ ਦੀ ਤਰ੍ਹਾਂ ਆਏ ਹੋਏ ਸਨ। ਉਨ੍ਹਾਂ ਦਾ ਉਤਾਰਾ ਬਾਬਾ ਭਾਨ ਸਿੰਘ 'ਚੀਨੀਆ' ਦੇ ਗ੍ਰਹਿ ਵਿਖੇ ਕੀਤਾ ਹੋਇਆ ਸੀ, ਜਿੱਥੇ 28 ਜੂਨ ਨੂੰ ਉਹ ਸੱਚਖੰਡ ਪਿਆਨਾ ਕਰ ਗਏ। ਉਪਰੰਤ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਵਲੋਂ ਮਹਿਤੇ ਨਗਰ ਵਿਚ ਮਹਾਂਪੁਰਖਾਂ ਦੀ ਯਾਦ 'ਚ 110 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਦੇ ਭਾਰੀ ਇਕੱਠ 'ਚ ਸਮੁੱਚੀਆਂ ਜਥੇਬੰਦੀਆਂ ਵਲੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ ਦਸਤਾਰਬੰਦੀ ਕੀਤੀ ਗਈ।
ਆਪ ਵਲੋਂ ਇੱਥੇ ਇਕ ਸੁੰਦਰ ਆਲੀਸ਼ਾਨ ਗੁਰਦੁਆਰਾ ਤਾਮੀਰ ਕਰਨ ਦਾ ਫ਼ੈਸਲਾ ਲਿਆ, ਜਿਸ ਦਾ ਨਕਸ਼ਾ ਠੇਕੇਦਾਰ ਸ: ਨਿਰਮਲ ਸਿੰਘ ਤੋਂ ਤਿਆਰ ਕਰਾਇਆ ਗਿਆ ਅਤੇ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਵਾਲੇ ਅਤੇ ਸੰਤ ਬਾਬਾ ਸੋਹਣ ਸਿੰਘ ਸੁਰਸਿੰਘ ਵਾਲਿਆਂ ਦੀ ਰਾਏ ਨਾਲ ਪਾਸ ਕੀਤਾ ਗਿਆ।
ਸਮੇਂ-ਸਮੇਂ ਦੇ ਮੁਖੀ ਮਹਾਂਪੁਰਖਾਂ ਵਲੋਂ ਇਸ ਕੇਂਦਰੀ ਅਸਥਾਨ ਦਾ ਵਿਸਥਾਰ ਕੀਤਾ ਗਿਆ ਅਤੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਪ੍ਰੋਫੈਸ਼ਨਲ ਕਾਲਜ ਆਫ਼ ਗੁਰਮਤਿ ਦਮਦਮੀ ਟਕਸਾਲ ਵਿਦਿਆਲਾ ਅਤੇ ਹੁਣ ਬਾਬਾ ਦੀਪ ਸਿੰਘ ਸ਼ਹੀਦ ਦੀ ਯਾਦ ਵਿਚ ਛੇ ਮੰਜ਼ਲੀ ਸ਼ਾਨਦਾਰ ਦਰਸ਼ਨੀ ਡਿਉੜੀ ਦੀ ਉਸਾਰੀ ਕਰਾਈ ਗਈ। ਸੰਤ ਕਰਤਾਰ ਸਿੰਘ ਖ਼ਾਲਸਾ ਦੇ ਸੱਚਖੰਡ ਪਿਆਨੇ ਉਪਰੰਤ 25 ਅਗਸਤ, 1977 ਨੂੰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਇਸੇ ਅਸਥਾਨ 'ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਵਜੋਂ ਦਸਤਾਰਬੰਦੀ ਕੀਤੀ ਗਈ। ਸੰਤ ਬਾਬਾ ਠਾਕੁਰ ਸਿੰਘ ਨੇ ਦਮਦਮੀ ਟਕਸਾਲ ਦੇ ਪੰਦ੍ਹਰਵੇਂ ਮੁਖੀ ਵਜੋਂ 21 ਸਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਖ਼ਾਸ ਉਪਰਾਲੇ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦੀ ਕਾਰਸੇਵਾ ਕਰਵਾਈ। ਉਨ੍ਹਾਂ ਦੇ ਸੱਚਖੰਡ ਪਿਆਨੇ ਉਪਰੰਤ ਸਮੁੱਚੀ ਜਥੇਬੰਦੀ ਅਤੇ ਸਮੁੱਚੇ ਖ਼ਾਲਸਾ ਪੰਥ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ 16ਵੇਂ ਮੁਖੀ ਵਜੋਂ 2 ਜਨਵਰੀ, 2005 ਨੂੰ ਦਸਤਾਰਬੰਦੀ ਕੀਤੀ ਗਈ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਦੇ ਸਿਰਤੋੜ ਯਤਨ ਵਜੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸੰਤ ਭਿੰਡਰਾਂਵਾਲਿਆਂ ਸਮੇਤ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਉਸਾਰੀ ਕਰਾਈ ਅਤੇ ਹੁਣ ਸ਼ਹੀਦੀ ਗੈਲਰੀ ਦਾ ਕੰਮ ਜਾਰੀ ਹੈ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ 50 ਸਾਲਾ ਸਥਾਪਨਾ ਦਿਹਾੜਾ 23, 24 ਅਤੇ 25 ਅਕਤੂਬਰ, 2019 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।


-ਦਮਦਮੀ ਟਕਸਾਲ ਜਥਾ ਭਿੰਡਰਾਂਵਾਲਾ (ਮਹਿਤਾ)। ਮੋਬਾ: 97813-55522

ਸ਼ਬਦ ਵਿਚਾਰ

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥

'ਜਪੁ'-ਪਉੜੀ ਸੱਤਵੀਂ
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ
ਨਾਲਿ ਚਲੈ ਸਭੁ ਕੋਇ॥
ਚੰਗਾ ਨਾਉ ਰਖਾਇ ਕੈ
ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨ ਆਵਈ
ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਨਾਨਕ ਨਿਰਗੁਣਿ ਗੁਣੁ ਕਰੇ
ਗੁਣਵੰਤਿਆ ਗੁਣੁ ਦੇ॥
ਤੇਹਾ ਕੋਇ ਨ ਸੁਝਈ
ਜਿ ਤਿਸੁ ਗੁਣੁ ਕੋਇ ਕਰੇ॥ ੭॥ (ਅੰਗ 2)
ਪਦ ਅਰਥ : ਜੇ-ਜੇਕਰ। ਜੁਗ ਚਾਰੇ-ਚਾਰ ਜੁਗਾਂ ਜਿੰਨੀ (ਸਤਿਜੁਗ, ਤ੍ਰੇਤਾਜੁਗ, ਦੁਆਪਰਜੁਗ ਅਤੇ ਕਲਿਜੁਗ)। ਦਸੂਣੀ-ਦਸ ਗੁਣਾ। ਨਵਾ ਖੰਡਾ-ਨੌ ਖੰਡ ਭਾਵ ਸਾਰੀ ਸ੍ਰਿਸ਼ਟੀ। ਨਾਲਿ ਚਲੈ-ਨਾਲ ਚੱਲਣ, ਸਾਥ ਦੇਣ। ਆਰਜਾ-ਉਮਰ। ਚੰਗਾ ਨਾਉ ਰਖਾਇ ਕੈ-ਨਾਮ ਉੱਘਾ ਕਰਕੇ। ਜਸੁ-ਸੋਭਾ, ਵਡਿਆਈ। ਕੀਰਤਿ-ਜਸ, ਨੇਕਨਾਮੀ। ਜਗਿ ਲੇਇ-ਜਗਤ ਵਿਚ ਪ੍ਰਾਪਤ ਹੋਵੇ। ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ। ਵਾਤ-ਖ਼ਬਰ, ਪੁੱਛਗਿੱਛ। ਨ ਪੁਛੈ ਕੇ-ਕਿਧਰੇ ਪੁੱਛ ਪ੍ਰਤੀਤ ਨਹੀਂ ਹੁੰਦੀ। ਕੀਟਾ-ਕੀੜਾ। ਕੀਟਾ ਅੰਦਰਿ ਕੀਟੁ-ਕੀੜੇ ਤੋਂ ਵੀ ਮਾੜਾ ਕੀੜਾ। ਦੋਸੀ ਦੋਸੁ-ਦੋਸ਼ੀਆਂ ਦਾ ਦੋਸ਼ੀ, ਮਹਾਂਦੋਸ਼ੀ। ਧਰੇ-ਸਮਝਿਆ ਜਾਂਦਾ ਹੈ।
ਨਿਰਗੁਣਿ-ਗੁਣਹੀਣ, ਗੁਣਾਂ ਤੋਂ ਸੱਖਣਾ। ਗੁਣੁ ਕਰੇ-ਗੁਣ ਪੈਦਾ ਕਰ ਦਿੰਦਾ ਹੈ, ਗੁਣਾਂ ਵਾਲਾ ਬਣਾ ਦਿੰਦਾ ਹੈ। ਗੁਣਵੰਤਿਆ-ਗੁਣੀ ਮਨੁੱਖ ਨੂੰ, ਨਾਮ ਜਪਣ ਵਾਲੇ ਨੂੰ। ਤੇਹਾ-ਇਹੋ ਜਿਹਾ, ਐਸਾ ਕੋਈ। ਨ ਸੁਝਈ-ਨਹੀਂ ਦਿਸਦਾ। ਕੋਈ ਨ ਸੁਝਈ-ਹੋਰ ਕੋਈ ਨਹੀਂ ਦਿਸਦਾ। ਗੁਣ ਕੋਇ ਕਰੇ-ਕੋਈ ਗੁਣਵਾਨ ਬਣਾ ਸਕਦਾ ਹੋਵੇ।
ਪੰਜਵੀਂ ਅਤੇ ਛੇਵੀਂ ਪਉੜੀਆਂ ਵਿਚ ਜਗਤ ਗੁਰੂ ਬਾਬੇ ਨੇ ਕਾਮਨਾ ਕੀਤੀ ਹੈ ਕਿ ਸਭਨਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਪ੍ਰਭੂ ਮੈਨੂੰ ਕਦੇ ਵਿਸਰੇ ਨਾ। ਇਸ ਸੱਤਵੀਂ ਪਉੜੀ ਵਿਚ ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਕਿੰਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਉਸ ਦੀ ਸੰਸਾਰ ਵਿਚ ਕਿੰਨੀ ਵੀ ਮਹਿਮਾ ਜਾਂ ਵਡਿਆਈ ਕਿਉਂ ਨਾ ਹੁੰਦੀ ਹੋਵੇ ਪਰ ਜੇਕਰ ਉਸ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਨਹੀਂ ਹੁੰਦੀ ਤਾਂ ਉਹ ਪ੍ਰਭੂ ਦੀਆਂ ਨਜ਼ਰਾਂ ਵਿਚ ਕੀੜੇ ਤੋਂ ਵੀ ਮਾੜਾ ਕੀੜਾ ਹੈ। ਤਾਂ ਤੇ ਹੇ ਭਾਈ, ਜੇਕਰ ਤੂੰ ਲੱਖਾਂ ਫੌਜਾਂ ਦਾ ਮਾਲਕ ਹੋਵੇਂ, ਜਿਨ੍ਹਾਂ ਵਿਚ ਲੱਖਾਂ ਵਾਜੇ ਵਜਾਉਣ ਵਾਲੇ ਹੋਣ, ਲੱਖਾਂ ਹੀ ਨੇਜ਼ੇਬਾਜ਼ ਹੋਣ ਅਤੇ ਲੱਖਾਂ ਹੀ ਤੈਨੂੰ ਸਲਾਮ ਕਰਨ ਵਾਲੇ ਹੋਣ ਅਥਵਾ ਤੇਰੀ ਜੇਕਰ ਲੱਖਾਂ 'ਤੇ ਹਕੂਮਤ ਹੋਵੇ, ਲੱਖਾਂ ਹੀ ਆਦਰ ਵਜੋਂ ਖਲੋ ਕੇ ਤੇਰਾ ਆਦਰ-ਸਤਿਕਾਰ ਕਰਦੇ ਹੋਣ ਪਰ ਜੇਕਰ ਤੇਰੀ ਪੱਤ (ਇੱਜ਼ਤ) ਪਰਮਾਤਮਾ ਦੀ ਦਰਗਾਹੇ ਪ੍ਰਵਾਨ ਨਹੀਂ ਚੜ੍ਹੀ ਤਾਂ ਜਗਤ ਵਿਚ ਕੀਤੇ ਸਾਰੇ ਕੰਮ-ਧੰਦੇ ਭਾਵ ਤੇਰੀਆਂ ਇਹ ਵਡਿਆਈਆਂ ਕਿਸੇ ਕੰਮ ਨਹੀਂ, ਸਭ ਵਿਅਰਥ ਹੈ-
ਲਖ ਲਸਕਰ ਲਖ ਵਾਜੇ ਨੇਜੇ
ਲਖ ਉਠਿ ਕਰਹਿ ਸਲਾਮੁ॥
ਲਖਾ ਉਪਰਿ ਫੁਰਮਾਇਸਿ ਤੇਰੀ
ਲਖ ਉਠਿ ਰਾਖਹਿ ਮਾਨੁ॥
ਜਾਂ ਪਤਿ ਲੇਖੈ ਨ ਪਵੈ
ਤਾਂ ਸਭਿ ਨਿਰਾਫਲ ਕਾਮ॥
(ਰਾਗੁ ਆਸਾ ਮਹਲਾ ੧, ਅੰਗ 358)
ਲਸਕਰ-ਫੌਜਾਂ। ਨੇਜੇ-ਨੇਜ਼ੇਬਾਜ਼। ਵਾਜੇ-ਵਾਜੇ ਵਜਾਉਣ ਵਾਲੇ। ਫੁਰਮਾਇਸਿ ਤੇਰੀ-ਤੇਰੀ ਹਕੂਮਤ ਹੋਵੇ। ਪਤਿ-ਇੱਜ਼ਤ। ਲੇਖੈ ਨ ਪਵੈ-ਦਰਗਾਹੇ ਪਰਵਾਨ ਨਹੀਂ ਚੜ੍ਹੀ। ਨਿਰਾਫਲ-ਸਭ ਵਿਅਰਥ ਹੈ।
ਇੱਜ਼ਤ ਤਾਂ ਵਾਸਤਵਿਕ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਮਿਲਦੀ ਹੈ ਅਤੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਉਸ ਦੀ ਮਿਹਰ ਸਦਕਾ ਹੁੰਦੀ ਹੈ-
ਸਚ ਨਾਮਿ ਪਤਿ ਊਪਜੈ
ਕਰਮਿ ਨਾਮੁ ਕਰਤਾਰੁ॥ (ਅੰਗ 358)
ਕਰਮਿ-ਮਿਹਰ ਸਦਕਾ।
ਜੇਕਰ ਹਰ ਵੇਲੇ ਹਿਰਦੇ ਵਿਚ ਕਰਤਾਰ ਦਾ ਨਾਮ ਵਸਦਾ ਰਹੇ ਤਾਂ ਉਸ ਦੀ ਮਿਹਰ ਸਦਕਾ ਸੰਸਾਰ ਸਮੁੰਦਰ 'ਚੋਂ ਪਾਰ ਲੰਘ ਜਾਈਦਾ ਹੈ-
ਅਹਿਨਿਸਿ ਹਿਰਦੈ ਜੇ ਵਸੈ
ਨਾਨਕ ਨਦਰੀ ਪਾਰੁ॥ (ਅੰਗ 358)
ਅਹਿਨਿਸਿ-ਦਿਨ ਰਾਤ, ਹਰ ਵੇਲੇ।
ਪਰ ਜੇਕਰ ਪ੍ਰਭੂ ਦੀ ਮਿਹਰ ਉਲਟੀ ਪੈ ਜਾਵੇ ਭਾਵ ਉਹ ਨਜ਼ਰ ਨੂੰ ਫੇਰ ਲਵੇ ਤਾਂ ਬਾਦਸ਼ਾਹਾਂ ਨੂੰ ਵੀ ਕੱਖੋਂ ਹੌਲੇ ਕਰ ਦਿੰਦਾ ਹੈ, ਜਿਨ੍ਹਾਂ ਨੂੰ ਫਿਰ ਘਰਾਂ 'ਤੇ ਜਾ ਕੇ ਮੰਗਣ 'ਤੇ ਕੋਈ ਖੈਰ ਤੱਕ ਨਹੀਂ ਪਾਉਂਦਾ। ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਨਦਰਿ ਉਪਠੀ ਜੇ ਕਰੇ
ਸੁਲਤਾਨਾ ਘਾਹੁ ਕਰਾਇਦਾ॥
ਦਰਿ ਮੰਗਨਿ ਭਿਖ ਨ ਪਾਇਦਾ॥ (ਅੰਗ 472)
ਘਾਹੁ ਕਰਾਇਦਾ-ਕੱਖਾਂ ਤੋਂ ਵੀ ਹੌਲੇ ਕਰ ਦਿੰਦਾ ਹੈ। ਭਿਖ-ਖੈਰ।
ਦਾਤਾਰ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਸਾਡੇ ਗੁਣਹੀਣਾਂ 'ਤੇ ਸਦਾ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ। ਅਸੀਂ ਨਿਤ ਬੇਅੰਤ ਭੁੱਲਾਂ ਕਰਦੇ ਹਾਂ, ਅਪਰਾਧ ਕਰਦੇ ਹਾਂ ਪਰ ਗੁਣਾਂ ਦਾ ਖਜ਼ਾਨਾ ਪਰਮਾਤਮਾ ਸਾਡੇ ਔਗੁਣਾਂ ਨੂੰ ਨਾ ਚਿਤਾਰਦਾ ਹੋਇਆ ਸਾਨੂੰ ਗੁਣਹੀਣਾਂ ਨੂੰ ਦਾਤਾਂ ਦੇਈ ਜਾਂਦਾ ਹੈ-
ਹਮ ਅਪਰਾਧੀ ਸਦ ਭੂਲਤੇ
ਤੁਮ੍ਰ ਬਖਸਨਹਾਰੇ॥
ਹਮ ਅਵਗਨ ਕਰਹ ਅਸੰਖ ਨੀਤਿ
ਤੁਮ੍ਰ ਨਿਰਗੁਨ ਦਾਤਾਰੇ॥
(ਰਾਗੁ ਬਿਲਾਵਲੁ ਮਹਲਾ ੫, ਅੰਗ 809)
ਅਵਗੁਣ-ਔਗੁਣ। ਅਸੰਖ-ਕਰੋੜਾਂ, ਬੇਅੰਤ। ਨੀਤਿ-ਨਿਤ, ਰੋਜ਼।
ਹੇ ਪ੍ਰਭੂ, ਅਸੀਂ ਜੀਵ ਨਾਸ਼ੁਕਰੇ ਹਾਂ ਪਰ ਫਿਰ ਵੀ ਤੂੰ ਸਾਡੇ 'ਤੇ ਦਇਆ ਕਰਦਾ ਹੈਂ ਅਤੇ ਸਾਨੂੰ ਸਭ ਪਦਾਰਥ ਦੇ ਰਿਹਾ ਹੈਂ-
ਤੁਮ੍ਰ ਦੇਵਹੁ ਸਭੁ ਕਿਛੁ ਦਇਆ ਧਾਰਿ
ਹਮ ਅਕਿਰਤਘਨਾਰੇ॥ (ਅੰਗ 809)
ਅਕਿਰਤਘਨਾਰੇ-ਨਾਸ਼ੁਕਰੇ। ਧਾਰਿ-ਕਰਦਾ ਹੈਂ। ਸਭ ਕਿਛੁ-ਸਭ ਪਦਾਰਥ।
ਹੇ ਪ੍ਰਭੂ, ਤੇਰੇ ਕਿਹੜੇ-ਕਿਹੜੇ ਗੁਣਾਂ ਨੂੰ ਗਾਵੀਏ, ਤੇਰੇ ਕਿਹੜੇ-ਕਿਹੜੇ ਗੁਣਾਂ ਦਾ ਵਰਨਣ ਕਰੀਏ, ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈਂ। ਅਸੀਂ ਤੇਰੀ ਵਡਿਆਈ ਨੂੰ ਵਰਨਣ ਨਹੀਂ ਕਰ ਸਕਦੇ, ਤੇਰਾ ਸਥਾਨ ਸਭ ਤੋਂ ਉੱਚਾ ਹੈ। ਗੁਰਵਾਕ ਹੈ-
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨ ਸਾਕਉ
ਤੂੰ ਠਾਕੁਰ ਊਚ ਭਗਵਾਨਾ॥
(ਰਾਗੁ ਸੂਹੀ ਮਹਲਾ ੪, ਅੰਗ 735)
ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਥਾਨ ਵੀ ਤਾਂ ਨਹੀਂ, ਜਿਥੇ ਜਾ ਕੇ ਆਪਣੇ ਮਨ ਦੀ ਵੇਦਨਾ ਦੱਸ ਸਕੀਏ। ਹੇ ਮਾਲਕ ਪ੍ਰਭੂ, ਅਸੀਂ ਆਪਣਾ ਦੁੱਖ-ਸੁੱਖ ਸਭ ਤੇਰੇ ਪਾਸ ਹੀ ਦੱਸ ਸਕਦੇ ਹਾਂ-
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸੇ॥ (ਅੰਗ 735)
ਇਸ ਲਈ ਹੇ ਗੁਣਹੀਣ ਅਤੇ ਅੰਞਾਣ ਜੀਵ, ਉਸ ਮਾਲਕ ਪ੍ਰਭੂ ਨੂੰ ਸਦਾ ਚੇਤੇ ਰੱਖ, ਜਿਸ ਨੇ ਤੈਨੂੰ ਜੀਵਨ ਦਿੱਤਾ ਹੈ, ਤੈਨੂੰ ਪੈਦਾ ਕੀਤਾ ਹੈ। ਅੰਤ ਨੂੰ ਉਸ ਨੇ ਹੀ ਤੇਰੇ ਨਾਲ ਨਿਭਣਾ ਹੈ-
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥
ਜਿਨਿ ਕੀਆ ਤਿਸੁ ਚੀਤਿ ਰਖੁ
ਨਾਨਕ ਨਿਬਹੀ ਨਾਲਿ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 266)
ਨਿਰਗੁਨੀਆਰ-ਗੁਣਹੀਣ ਜੀਵ। ਇਆਨਿਆ-ਹੇ ਅੰਞਾਣ। ਸਮਾਲਿ-ਚੇਤੇ ਰੱਖ। ਨਿਬਹੀ-ਨਿਭਣਾ ਹੈ।
ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਗੁਣਹੀਣਾਂ ਨੂੰ ਵੀ ਗੁਣਾਂ ਵਾਲੇ ਬਣਾ ਦਿੰਦਾ ਹੈ ਅਤੇ ਗੁਣਾਂ ਵਾਲਿਆਂ ਨੂੰ ਹੋਰ ਗੁਣਾਂ ਵਾਲੇ। ਇਸ ਸੰਸਾਰ ਵਿਚ ਹੋਰ ਕੋਈ ਅਜਿਹਾ ਨਹੀਂ ਦਿਸਦਾ, ਜੋ ਉਸ ਵਾਂਗ ਨਿਰਗੁਣਾਂ ਨੂੰ ਕੋਈ ਗੁਣ ਦੇ ਸਕਦਾ ਹੋਵੇ, ਗੁਣਾਂ ਵਾਲਾ ਬਣਾ ਸਕਦਾ ਹੋਵੇ।


-217-ਆਰ, ਮਾਡਲ ਟਾਊਨ, ਜਲੰਧਰ।

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਕਤਾ ਸੀਹੁ ਮਾਰੇ ਪੈ
ਵਗੈ ਖਸਮੇ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਇ
ਕੁਤੀ ਮੁਇਆ ਸਾਰ ਨਾ ਕਾਈ॥
ਆਪੇ ਜੋੜਿ ਵਿਛੋੜੇ ਆਪੇ ਵੇਖੁ
ਤੇਰੀ ਵਡਿਆਈ॥ ੨॥
ਜੇ ਕੋ ਨਾਉ ਧਰਾਏ ਵਡਾ
ਸਾਦ ਕਰੇ ਮਨਿ ਭਾਣੇ॥
ਖਸਮੈ ਨਦਰੀ ਕੀੜਾ ਆਵੈ
ਜੇਤੇ ਚੁਗੈ ਦਾਣੇ॥
ਮਰਿ ਮਰਿ ਜੀਵੈ ਤਾ ਕਿਛੁ ਪਾਏ,
ਨਾਨਕ ਨਾਮ ਵਖਾਣੇ॥ ੩॥ ੫॥ ੩੯॥
(ਆਸਾ ਮਹਲਾ ੧, ਪੰਨਾ 360)
ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਕੁਝ ਦਿਨ ਸੈਦਪੁਰ ਠਹਿਰੇ ਅਤੇ ਲੋਕਾਂ ਨੂੰ ਹੌਸਲਾ ਤੇ ਸੱਚ ਦਾ ਉਪਦੇਸ਼ ਦਿੱਤਾ। ਗੁਰੂ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਸੈਦਪੁਰੀਆਂ ਦੀ ਜ਼ਿੰਦਗੀ ਆਮ ਵਾਂਗੂੰ ਹੋ ਗਈ ਹੈ ਤਾਂ ਆਪ ਸੈਦਪੁਰ ਤੋਂ ਚੱਲ ਪਏ ਅਤੇ ਕਰਤਾਰਪੁਰ ਪਹੁੰਚੇ।
ਗੁਰੂ ਨਾਨਕ ਪਾਤਸ਼ਾਹ ਦਾ ਜਿਸ ਸਮੇਂ ਪ੍ਰਕਾਸ਼ ਹੋਇਆ, ਉਸ ਸਮੇਂ ਸਮਾਜ ਦੇ ਚਾਰੇ ਪਾਸੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ। ਗੁਰੂ ਪਾਤਸ਼ਾਹ ਨੇ ਜਲ, ਸੜ ਰਹੀ ਧਰਤੀ ਨੂੰ ਧਿਆਨ ਲਗਾ ਕੇ ਦੇਖਿਆ ਅਤੇ ਆਪਣੀਆਂ ਉਦਾਸੀਆਂ ਰਾਹੀਂ ਭਰਮਣ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ ਅਤੇ ਸਤਿਨਾਮ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਲ ਜੋੜਿਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਸ੍ਰੀਲੰਕਾ ਤੱਕ, ਪੂਰਬ ਵਿਚ ਚੀਨ ਤੱਕ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਭਾਵ ਵੱਖ-ਵੱਖ ਖਿੱਤਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਤੇ ਤਿੱਬਤ ਵਿਚ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀ ਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ। ਸਮਾਜ ਦੇ ਹਰ ਵਰਗ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਹੀ ਪੱਕਾ ਟਿਕਾਣਾ ਕੀਤਾ। ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ, 'ਆਤਮਿਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕੀਂ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਜਲਵਾ ਤੇ ਨੂਰਾਨੀ ਚਮਕ ਆ ਜਾਂਦੀ।'
ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਦੀਆਂ ਪ੍ਰਚਲਤ ਗ਼ਲਤ ਰਸਮਾਂ-ਰਿਵਾਜਾਂ ਨੂੰ ਨਿੰਦਿਆ, ਮਨੁੱਖ-ਵਿਰੋਧੀ ਰਾਜਨੀਤੀ 'ਤੇ ਸਿਰਫ ਟੀਕਾ-ਟਿੱਪਣੀ ਹੀ ਨਹੀਂ ਕੀਤੀ, ਸਗੋਂ ਨਿਡਰ ਹੋ ਕੇ ਭੰਡਿਆ। ਸਮਾਜ ਵਿਚਲੇ ਸਮੁੱਚੇ ਪਾਖੰਡਾਂ ਅਤੇ ਅੰਨ੍ਹੇ ਵਿਸ਼ਵਾਸਾਂ ਦਾ ਖੰਡਨ ਕਰਦਿਆਂ ਆਮ ਮਨੁੱਖ ਨੂੰ ਖੇੜਿਆਂ ਭਰਿਆ ਹੌਸਲਾ ਦੁਆਇਆ-
ਨਾਨਕ ਸਤਿਗੁਰੂ ਭੇਟੀਐ,
ਪੂਰੀ ਹੋਵੇ ਜੁਗਤ,
ਹਸੰਦਿਆਂ, ਖੇਡੰਦਿਆਂ
ਪਹਿਨੰਦਿਆਂ ਵਿਚੇ ਹੋਵੇ ਮੁਕਤ।
(ਸਮਾਪਤ)


-ਹ. ਸ. ਖ਼ਾਲਸਾ

ਧਾਰਮਿਕ ਸਾਹਿਤ

ਸੋਚੋ ਤੇ ਵਿਚਾਰੋ
(ਲੇਖ ਸੰਗ੍ਰਹਿ)
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ।
ਪੰਨੇ : 56, ਮੁੱਲ : ਭੇਟਾ ਰਹਿਤ
ਸੰਪਰਕ : 98159-26489


ਪੁਸਤਕ 'ਸੋਚੋ ਤੇ ਵਿਚਾਰੋ' ਅਮਰ ਕੌਰ ਬੇਦੀ ਦੀ ਪਲੇਠੀ ਪੁਸਤਕ ਹੈ। ਲੇਖਿਕਾ ਜੀਵਨ ਭਰ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਹੈ। ਧਾਰਮਿਕ ਸੇਵਾ ਤੋਂ ਇਲਾਵਾ ਨਾਟਕ ਅਤੇ ਕਵਿਤਾ ਖੇਤਰ ਵਿਚ ਡੂੰਘੀ ਦਿਲਚਸਪੀ ਰੱਖਦੀ ਰਹੀ ਹੈ। ਆਪਣੇ ਤਜਰਬੇ ਅਤੇ ਚੰਗੇ ਗੁਣਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਲੇਖ ਲੜੀ ਪਾਠਕਾਂ ਦੇ ਰੂਬਰੂ ਕੀਤੀ ਹੈ। ਪੁਸਤਕ ਵਿਚ ਡੇਢ ਦਰਜਨ ਦੇ ਕਰੀਬ ਲੇਖ ਪ੍ਰੇਰਨਾ ਅਤੇ ਅਗਵਾਈ ਦੇਣ ਵਾਲੇ ਹਨ। ਇਨ੍ਹਾਂ 'ਚ ਧਾਰਮਿਕ ਦੇ ਨਾਲ-ਨਾਲ ਸਮਾਜਿਕ ਵਿਸ਼ਿਆਂ 'ਤੇ ਵੀ ਬਹੁਮੁੱਲੇ ਵਿਚਾਰ ਦਿੱਤੇ ਗਏ ਹਨ। ਬਿਨਾਂ ਸ਼ੱਕ ਥੋੜ੍ਹੇ ਸ਼ਬਦਾਂ ਵਿਚ ਦਿੱਤੇ ਇਹ ਵਿਚਾਰ ਬੜੇ ਮਹੱਤਵਪੂਰਨ ਹਨ।
ਪਹਿਲਾ ਲੇਖ ਅੱਜ ਦੀ ਮਹੱਤਵਪੂਰਨ ਸਮੱਸਿਆ ਸਾਫ਼ ਵਾਤਾਵਰਨ ਸਬੰਧੀ ਹੈ, ਜਿਸ ਵਿਚੋਂ ਅੱਜ ਸਾਡੇ ਦੇਸ਼ ਨੂੰ ਬਾਹਰ ਨਿਕਲਣ ਦੀ ਵੱਡੀ ਲੋੜ ਹੈ। ਲੇਖਿਕਾ ਨੇ ਇਸ ਵਿਚ ਲੋਕਾਂ ਦੀ ਸ਼ਮੂਲੀਅਤ ਦੀ ਲੋੜ 'ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਦਾ ਯਤਨ ਕੀਤਾ ਹੈ।
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ-ਨਾਲ ਦਸਮੇਸ਼ ਪਿਤਾ ਦੇ ਜੀਵਨ ਸਬੰਧੀ ਬਹੁਤ ਅਹਿਮ ਗੱਲਾਂ ਨੂੰ ਯਾਦ ਕਰਵਾਇਆ ਹੈ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਬਣਦੀਆਂ ਹਨ। ਅਖੀਰ 'ਤੇ 'ਸੋਚੋ ਅਤੇ ਵਿਚਾਰੋ' ਦੇ ਸਿਰਲੇਖ ਹੇਠ ਦੋ ਲੇਖ ਪਾਠਕਾਂ ਦੇ ਸੋਚਣ ਅਤੇ ਵਿਚਾਰਨ ਲਈ ਲਿਖੇ ਹਨ। ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ।
ਪੁਸਤਕ ਭਾਵੇਂ ਆਕਾਰ ਵਿਚ ਛੋਟੀ ਹੈ ਪਰ ਇਸ ਵਿਚਲੇ ਲੇਖਾਂ ਦੇ ਵਿਸ਼ੇ ਵਸਤੂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਨ੍ਹਾਂ ਗੱਲਾਂ ਨੂੰ ਅਪਣਾ ਕੇ ਜੀਵਨ ਨੂੰ ਉੱਚਾ-ਸੁੱਚਾ ਬਣਾਇਆ ਜਾ ਸਕਦਾ ਹੈ। ਲੇਖਿਕਾ ਆਪਣੇ ਵਲੋਂ ਕੀਤੇ ਇਸ ਉੱਦਮ ਲਈ ਵਧਾਈ ਦੀ ਪਾਤਰ ਹੈ। ਉਮੀਦ ਹੈ ਕਿ ਉਹ ਅੱਗੋਂ ਵੀ ਆਪਣੇ ਸਿਰਜਣਾਤਮਕ ਕਾਰਜ ਨੂੰ ਜਾਰੀ ਰੱਖਣਗੇ।


-ਹਰਜਿੰਦਰ ਸਿੰਘ


ਗੁਰਮਤਿ ਮੋਤੀ

ਲੇਖਕ : ਅਮਰੀਕ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਪੰਨੇ : 392, ਮੁੱਲ : 400 ਰੁਪਏ
ਸੰਪਰਕ : 0161-6540738


ਭਾਈ ਅਮਰੀਕ ਸਿੰਘ ਜੋਸ਼ੀਲੇ ਕਥਾਕਾਰ ਤੇ ਗੁਰਬਾਣੀ ਦੇ ਵਿਆਖਿਆਕਾਰ ਹਨ। ਸਿੱਖਾਂ ਦੇ ਲਹੂ ਵੀਟਵੇਂ ਸੰਘਰਸ਼ਾਂ, ਸਿੱਖ ਸ਼ਹੀਦਾਂ, ਸਿੱਖਾਂ ਉੱਤੇ ਹੋਏ ਅੱਤਿਆਚਾਰ ਤੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਵਲਵਲੇ ਤੇ ਭਾਵਨਾ ਨਾਲ ਓਤਪੋਤ ਉਨ੍ਹਾਂ ਦੀ ਕਥਾ ਵਿਚ ਗੁਰਮਤਿ ਤੇ ਗੁਰਬਾਣੀ ਦੀ ਵਿਦਵਤਾ ਭਰੀ ਪ੍ਰਭਾਵਸ਼ਾਲੀ ਵਿਆਖਿਆ ਹੁੰਦੀ ਹੈ। ਉਨ੍ਹਾਂ ਦੀ ਵਿਲੱਖਣਤਾ ਕੋਸ਼ਿਸ਼ ਕਰ ਕੇ ਨਵਾਂ ਗਿਆਨ ਹਾਸਲ ਕਰ ਕੇ ਆਪਣੀ ਕਥਾ ਸ਼ੈਲੀ ਨੂੰ ਦਿਨੋ-ਦਿਨ ਹੋਰ ਡੂੰਘਾਈ ਤੇ ਵਿਸਥਾਰ ਦੇਣ ਦੀ ਨਿਰੰਤਰ ਇੱਛਾ ਹੈ। ਉਹ ਆਪਣੇ ਵਿਚਾਰਾਂ ਨੂੰ ਨਿੱਕੇ-ਨਿੱਕੇ ਨਿਬੰਧਾਂ ਵਿਚ ਅੰਕਿਤ ਕਰ ਕੇ ਪ੍ਰਕਾਸ਼ਿਤ ਵੀ ਕਰਦੇ ਰਹਿੰਦੇ ਹਨ। ਗੁਰਮਤਿ ਮੋਤੀ ਉਨ੍ਹਾਂ ਦੇ ਗੁਰਮਤਿ ਚਿੰਤਨ ਦੇ ਬਾਰੇ 38 ਨਿਬੰਧਾਂ ਦਾ ਵੱਡਆਕਾਰੀ ਸੰਗ੍ਰਹਿ ਹੈ। ਔਸਤਨ ਹਰ ਨਿਬੰਧ 10 ਪੰਨੇ ਦਾ ਹੈ, ਜਿਸ ਕਾਰਨ ਉਹ ਛੋਹੇ ਵਿਸ਼ੇ ਦੀ ਪਰਿਭਾਸ਼ਾ, ਸਰੂਪ ਤੋਂ ਆਰੰਭ ਹੋ ਕੇ ਉਸ ਨੂੰ ਇਤਿਹਾਸ, ਸਮਾਜ, ਸੱਭਿਆਚਾਰ, ਮਨੋਵਿਗਿਆਨ ਤੇ ਅਜੋਕੇ ਯੁਗ ਚਿੰਤਨ ਤੱਕ ਫੈਲਾਉਂਦੇ ਹਨ। ਗੁਰਮਤਿ ਦੇ ਜਗਿਆਸੂ, ਗੁਰਬਾਣੀ ਦੇ ਵਿਆਖਿਆਕਾਰ ਅਤੇ ਨਵੇਂ ਪ੍ਰਚਾਰਕ ਇਨ੍ਹਾਂ ਨਿਬੰਧਾਂ ਦੇ ਪਾਠ ਨਾਲ ਆਪਣੇ ਗਿਆਨ ਨੂੰ ਅਮੀਰ ਕਰਨ ਦੇ ਸਮਰੱਥ ਹੋਣਗੇ।
ਵਿਚਾਰ ਅਧੀਨ ਪੁਸਤਕ ਵਿਚਲੇ ਨਿਬੰਧਾਂ ਦੇ ਸ਼ੀਰਸ਼ਕ ਦੋ ਹਰਫੀ, ਅਤਿ ਸੰਖੇਪ ਅਤੇ ਸੰਕਲਪੀ ਰੁਚੀ ਵਾਲੇ ਹਨ। ਉਦਾਹਰਨ ਲਈ ਕੁਝ ਸਿਰਲੇਖ ਵੇਖੋ : ਪਾਪ ਪੁੰਨ, ਪਤਿ, ਪੰਥ, ਪਾਖੰਡ, ਪੰਚ ਸ਼ਬਦ, ਪੂਜਾ, ਬੰਦਾ, ਬੰਦਗੀ, ਬਿਰਹਾ, ਬੈਸ਼ਨੋ, ਮਨ, ਮਨਮੁਖ, ਮੌਤ, ਮਾਇਆ, ਮੋਹ, ਭਰਮ, ਭੁੱਖ, ਮੁਕਤੀ, ਮੂਰਖ, ਮਿੱਤਰ, ਭਾਣਾ, ਭਗਤੀ। ਲੇਖਕ ਨੇ ਗੁਰਬਾਣੀ ਦੀ ਸੰਕਲਪੀ ਵਿਆਖਿਆ ਅਤੇ ਇਤਿਹਾਸਕ ਪ੍ਰਮਾਣਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ, ਭਾਈ ਨੰਦ ਲਾਲ, ਭਾਈ ਸੰਤੋਖ ਸਿੰਘ, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼ ਆਦਿ ਮੁਕਹਲੇ ਸਰੋਤ ਖੂਬ ਵਰਤੇ ਹਨ। ਦੁਜੈਲੇ ਸਰੋਤਾਂ ਵਜੋਂ ਡਾ: ਵੀਰ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ, ਪਿਆਰਾ ਸਿੰਘ ਪਦਮ, ਡਾ: ਗੁਰਦੇਵ ਸਿੰਘ, ਜੀਤ ਸਿੰਘ ਸੀਤਲ, ਡਾ: ਰਤਨ ਸਿੰਘ ਜੱਗੀ, ਡਾ: ਨਰਿੰਦਰ ਸਿੰਘ ਕਪੂਰ ਤੱਕ ਇਤਿਹਾਸ, ਸੂਫ਼ੀ ਚਿੰਤਨ, ਪੰਜਾਬੀ ਸਾਹਿਤ, ਮਨੋਵਿਗਿਆਨ ਦੇ ਕਈ ਖੇਤਰਾਂ ਦੇ ਵਿਦਵਾਨਾਂ ਦੀਆਂ ਲਿਖਤਾਂ ਦੀ ਵਰਤੋਂ ਕੀਤੀ ਹੈ। ਇਹ ਪੁਸਤਕ ਗੁਰਮਤਿ ਮੋਤੀ ਨਾਂਅ ਦੀ ਪੁਸਤਕ ਲੜੀ ਦਾ ਤੀਜਾ ਮਣਕਾ ਹੈ। ਪੰਜਾਬੀ ਪਾਠਕ ਇਹ ਪੁਸਤਕ ਪੜ੍ਹ ਕੇ ਦੂਜੇ ਦੋ ਭਾਗ ਵੀ ਪੜ੍ਹਨ ਵੱਲ ਰੁਚਿਤ ਹੋਣਗੇ। ਲੇਖਕ ਨੇ ਇਹ 3 ਕਿਤਾਬਾਂ 9 ਸਾਲ ਦੀ ਲੰਬੀ ਮਿਹਨਤ, ਖੋਜ ਤੇ ਅਧਿਐਨ ਨਾਲ ਲਿਖ ਕੇ ਪ੍ਰਕਾਸ਼ਿਤ ਕਰਵਾਈਆਂ ਹਨ। ਮੂਲ ਰੂਪ ਵਿਚ ਪ੍ਰਚਾਰਕ/ਕਥਾਕਾਰ ਹੋਣ ਕਰਕੇ ਲੇਖਕ ਦੀ ਸ਼ੈਲੀ ਸਰਲ, ਸੰਬੋਧਨਮਈ ਅਤੇ ਵਿਆਖਿਆਮਈ ਹੈ। ਉਸ ਦੇ ਵਿਚਾਰ ਕੱਟੜਤਾ ਮੁਕਤ ਤੇ ਤਾਜ਼ਗੀ ਭਰਪੂਰ ਹਨ। ਵਾਰਤਕ ਰਸਮਈ ਤੇ ਰੌਚਕ ਹੈ। ਆਮ ਆਦਮੀ ਵੀ ਇਸ ਤੋਂ ਲਾਭ ਉਠਾ ਸਕਦਾ ਹੈ ਅਤੇ ਪ੍ਰਚਾਰਕ, ਕਥਾਕਾਰ ਵੀ।


-ਡਾ: ਕੁਲਦੀਪ ਸਿੰਘ ਧੀਰ

ਨਾਗਣੀ ਮਾਤਾ ਮੰਦਰ 'ਕੰਢਵਾਲ' ਕਾਂਗੜਾ

ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਵੀ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਉਨ੍ਹਾਂ ਨੂੰ ਸ਼ਰਧਾਪੂਰਵਕ ਸਾਕਾਰਾਤਮਕ ਬਲ ਪ੍ਰਦਾਨ ਕਰ ਰਹੀਆਂ ਹਨ। ਆਸਥਾ ਕਾਰਨ ਹੀ ਸ਼ਰਧਾਲੂ ਹੇਮਕੁੰਟ ਸਾਹਿਬ ਤੇ ਅਮਰਨਾਥ ਵਰਗੀਆਂ ਕਠਿਨ ਯਾਤਰਾਵਾਂ ਵੀ ਸਹਿਜ ਹੀ ਕਰ ਲੈਂਦੇ ਹਨ। ਅਜਿਹੀ ਹੀ ਇਕ ਆਸਥਾ ਹੈ ਨਾਗਣੀ ਮਾਤਾ ਮੰਦਰ ਜੋ ਕਾਂਗੜਾ ਜ਼ਿਲ੍ਹੇ ਵਿਚ ਪਠਾਨਕੋਟ ਤੋਂ 13 ਕਿਲੋਮੀਟਰ ਦੂਰ ਪੈਂਡੇ ਕੰਢਵਾਲ ਬੈਰੀਅਰ ਦੇ ਨੇੜੇ ਪਿੰਡ ਮੋਰਿੰਡਾ ਵਿਚ ਸਥਿਤ ਹੈ। ਕਹਿੰਦੇ ਹਨ ਕਿ ਸੱਪ ਦੇ ਕੱਟੇ ਕਿਸੇ ਵੀ ਵਿਅਕਤੀ ਨੂੰ ਇਥੇ ਦੀ ਮਿੱਟੀ ਲਗਾਉਣ ਨਾਲ ਆਰਾਮ ਮਿਲ ਜਾਂਦਾ ਹੈ। ਇਸ ਮੰਦਰ ਨੂੰ ਬਹੁਤ ਕਲਾਤਮਕ ਢੰਗ ਨਾਲ ਸਜਾਇਆ ਗਿਆ ਹੈ। ਪਰੰਪਰਾ ਅਨੁਸਾਰ ਸਾਉਣ ਮਹੀਨੇ ਦੇ ਪਹਿਲੇ ਸਨਿਚਰਵਾਰ ਤੋਂ ਲਗਾਤਾਰ ਦੋ ਮਹੀਨੇ ਲਈ ਇਥੇ ਭਾਰੀ ਮੇਲਾ ਲਗਦਾ ਹੈ। ਦੂਰ-ਦੂਰ ਤੋਂ ਸ਼ਰਧਾਲੂ ਨਾਗਣੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਹੁੰਮਹੁਮਾ ਕੇ ਪਹੁੰਚਦੇ ਹਨ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸੁਭਾਇਮਾਨ ਇਸ ਮੰਦਰ ਦੇ ਦਰਸ਼ਨ ਸਾਨੂੰ ਵੀ ਕਰਨੇ ਚਾਹੀਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਕਾਸ਼ ਪੁਰਬ 'ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ...

ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦਗੁਣਾਂ ਨਾਲ ਭਰਪੂਰ ਹੈ। ਆਪ ਜੀ ਨੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ 'ਤੇ ਰੌਸ਼ਨ ਕੀਤਾ ਭਾਵ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ। ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਪਾਵਨ ਗੁਰਬਾਣੀ ਅੰਦਰ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ-
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ
ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ
ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ
ਤੂ ਤੇਰਾ ਅੰਤੁ ਨ ਪਾਰਾਵਾਰਿਆ॥ (ਪੰਨਾ 968)
ਗੁਰੂ ਸਾਹਿਬ ਜੀ ਦਾ ਜੀਵਨ ਸਧਾਰਨ ਪਰਿਵਾਰ ਤੋਂ ਆਰੰਭ ਹੋਇਆ ਅਤੇ ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਕਰਕੇ ਗੁਰਗੱਦੀ 'ਤੇ ਬਿਰਾਜਮਾਨ ਹੋਏ। ਆਪ ਜੀ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਕਾਰਜ ਕੀਤੇ। ਸ੍ਰੀ ਗੁਰੂ ਰਾਮਦਾਸ ਜੀ ਸੰਨ 1534 ਵਿਚ ਪਿਤਾ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਸਮੇਂ ਦੀ ਪਰੰਪਰਾ ਅਨੁਸਾਰ ਵੱਡੇ ਪੁੱਤਰ ਨੂੰ 'ਜੇਠਾ' ਕਿਹਾ ਜਾਂਦਾ ਸੀ, ਜਿਸ ਕਰਕੇ ਪ੍ਰਾਰੰਭਕ ਰੂਪ ਵਿਚ ਆਪ ਜੀ 'ਭਾਈ ਜੇਠਾ ਜੀ' ਦੇ ਨਾਂਅ ਨਾਲ ਜਾਣੇ ਜਾਂਦੇ ਰਹੇ। ਛੋਟੀ ਉਮਰ ਵਿਚ ਹੀ ਆਪ ਜੀ ਦੇ ਮਾਤਾ-ਪਿਤਾ ਸਾਥ ਛੱਡ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਪਰਿਵਾਰਕ ਨਿਰਬਾਹ ਲਈ ਆਪ ਨੂੰ ਘੁੰਗਣੀਆਂ ਵੇਚਣੀਆਂ ਪਈਆਂ। ਇਤਿਹਾਸ ਅਨੁਸਾਰ ਆਪ ਜੀ ਦੇ ਨਾਨੀ ਆਪ ਨੂੰ ਬਾਸਰਕੇ ਲੈ ਆਏ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ-ਲਾਜ ਦੀ ਪ੍ਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ। ਸੰਖੇਪ ਵਿਚ ਵਾਕਿਆਤ ਇਸ ਤਰ੍ਹਾਂ ਹੈ ਕਿ ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਬਾਉਲੀ ਦੀ ਕਾਰ ਵਿਚ ਤਨੋਂ-ਮਨੋਂ ਖੁੱਭੇ ਹੋਏ ਸਨ। ਲਾਹੌਰ ਤੋਂ ਕੁਝ ਸ਼ਰੀਕੇ ਵਾਲੇ ਸ੍ਰੀ ਗੋਇੰਦਵਾਲ ਸਾਹਿਬ ਆਏ। ਆਪ ਨੂੰ ਟੋਕਰੀ ਢੋਂਦੇ ਅਤੇ ਬਸਤਰ ਚਿੱਕੜ ਨਾਲ ਲਿੱਬੜੇ ਹੋਏ ਵੇਖ ਕੇ ਉਨ੍ਹਾਂ ਨੇ ਬੁਰਾ ਮਨਾਇਆ। ਜਦੋਂ ਗੱਲ ਸ੍ਰੀ ਗੁਰੂ ਅਮਰਦਾਸ ਜੀ ਪਾਸ ਪਹੁੰਚੀ ਤਾਂ ਪਾਤਸ਼ਾਹ ਬਖਸ਼ਿਸ਼ਾਂ ਦੇ ਘਰ ਵਿਚ ਆ ਗਏ। ਤੀਸਰੇ ਸਤਿਗੁਰੂ ਜੀ ਦੇ ਮੂੰਹੋਂ ਨਿਕਲਿਆ, 'ਇਹ ਚਿੱਕੜ ਨਹੀਂ ਵਡਿਆਈ ਦਾ ਕੇਸਰ ਤੇ ਗੁਲਾਲ ਹੈ। ਸਿਰ 'ਤੇ ਆਮ ਟੋਕਰੀ ਨਹੀਂ, ਸਗੋਂ ਪਾਤਸ਼ਾਹੀ ਛਤਰ ਝੂਲਣ ਦਾ ਨਿਸ਼ਾਨ ਹੈ।'
ਇਸ ਤਰ੍ਹਾਂ ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪ ਦਿੱਤੀ। ਗੁਰਗੱਦੀ 'ਤੇ ਸੁਭਾਇਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਅਨੇਕਾਂ ਕਾਰਜ ਕੀਤੇ, ਜਿਸ ਨਾਲ ਗੁਰੂ-ਘਰ ਦੀ ਵਡਿਆਈ ਚੁਫੇਰੇ ਫੈਲੀ। ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਆਪ ਜੀ ਦਾ ਇਕ ਅਹਿਮ ਕਾਰਜ ਹੈ। ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ ਇਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਇਹ ਸਰੋਵਰ ਸੰਤੋਖਸਰ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਇਸੇ ਦੌਰਾਨ ਆਪ ਨੇ ਨਗਰ 'ਗੁਰੂ ਕਾ ਚੱਕ' ਵਸਾਇਆ, ਜੋ ਬਾਅਦ ਵਿਚ 'ਰਾਮਦਾਸਪੁਰ/ਚੱਕ ਰਾਮਦਾਸ' ਦੇ ਨਾਂਅ ਨਾਲ ਜਾਣਿਆ ਗਿਆ ਅਤੇ ਫਿਰ 'ਸ੍ਰੀ ਅੰਮ੍ਰਿਤਸਰ' ਵਜੋਂ ਮਸ਼ਹੂਰ ਹੋਇਆ। ਆਪ ਨੇ ਇਥੇ ਵਸਣ ਲਈ ਸੰਗਤਾਂ ਨੂੰ ਪ੍ਰੇਰਿਆ। ਇਸ ਨਗਰ ਨੂੰ ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰਾਂ ਦੇ ਕਿਰਤੀਆਂ ਨੂੰ ਇਥੇ ਵਸਾਇਆ। ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ 52 ਕਿੱਤਿਆਂ ਨਾਲ ਸਬੰਧਤ ਲੋਕ ਸਨ। ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਇਕ ਮਿਸਾਲ ਬਣਿਆ। ਆਪ ਨੇ ਇਥੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਵਸਾਏ ਸਨ। 'ਮਸੰਦ' ਪ੍ਰਣਾਲੀ ਦਾ ਆਰੰਭ ਵੀ ਆਪ ਦਾ ਇਕ ਅਹਿਮ ਫੈਸਲਾ ਸੀ। ਮਸੰਦਾਂ ਨੇ ਗੁਰੂ-ਘਰ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ। ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ, ਜੋ ਸੰਗਤਾਂ ਤੋਂ ਗੁਰੂ-ਘਰ ਲਈ ਭੇਟਾ ਇਕੱਠੀ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੀਆਂ ਪਰੰਪਰਾਵਾਂ ਦੇ ਪਾਲਣ ਲਈ ਸੰਗਤਾਂ ਨੂੰ ਪ੍ਰੇਰਿਆ ਅਤੇ ਸਿੱਖੀ ਮਰਿਆਦਾ ਨੂੰ ਹੋਰ ਪੱਕਿਆਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੀ ਗਈ ਲੰਗਰ ਦੀ ਮਰਿਆਦਾ ਨੂੰ ਅੱਗੇ ਤੋਰਨ ਵਿਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ।
ਆਪ ਜੀ ਨੇ ਧੁਰ ਕੀ ਬਾਣੀ ਦੀ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਗੁਰੂ ਪਾਤਸ਼ਾਹ ਦੀ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਅਨੰਦ ਪ੍ਰਦਾਨ ਕਰਨ ਵਾਲੀ ਹੈ। ਇਸ ਵਿਚ ਮਨੁੱਖ ਮਾਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਸਾਡੀ ਅਧਿਆਤਮਿਕ ਤੇ ਸਮਾਜਿਕ ਅਗਵਾਈ ਕਰਦੀ ਹੋਈ ਚੰਗੇ ਜੀਵਨ ਜਿਊਣ ਲਈ ਮਾਰਗ ਦਰਸ਼ਨ ਦਿੰਦੀ ਹੈ। ਆਪ ਜੀ ਦੀ ਸੁਖਦਾਈ ਗੁਰਬਾਣੀ ਦੀ ਵਡਿਆਈ ਕਰਦੇ ਹੋਏ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਅੰਦਰ ਲਿਖਦੇ ਹਨ-
ਗੁਰ ਉਚਰੈਂ ਬਾਨੀ ਅਮ੍ਰਤ ਸਾਂਨੀ
ਬੇਦ ਅਧਕਾਨੀ ਸੁਖਦਾਨੀ।
ਜੋ ਸੁਨ ਨਰ ਨਾਰੀ ਕਟੈਂ ਬਿਕਾਰੀ
ਲਹਿ ਫਲ ਚਾਰੀ ਮੁਦ ਖਾਨੀ। (ਪੰਥ ਪ੍ਰਕਾਸ਼)
ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ। ਜੇਕਰ ਅਸੀਂ ਆਪ ਜੀ ਦੀ ਬਾਣੀ ਦੇ ਸੁਨੇਹੇ ਦਾ ਸਹੀ ਬੋਧ ਪ੍ਰਾਪਤ ਕਰ ਕੇ ਅਮਲ ਵਿਚ ਲਿਆਉਣ ਲਈ ਯਤਨਸ਼ੀਲ ਹੋਵਾਂਗੇ ਤਾਂ ਯਕੀਨਨ ਸਾਡੀ ਜੀਵਨ ਯਾਤਰਾ ਸਫ਼ਲ ਹੋ ਸਕਦੀ ਹੈ।


-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਮੂਲ ਮੰਤਰ ਅਤੇ ਪਰਮਾਤਮਾ ਦਾ ਸਰੂਪ

ਕਿਸੇ ਵੀ ਸਿੱਖ ਗੁਰੂ ਸਾਹਿਬ ਨੇ ਨਾ ਤਾਂ ਪਰਮਾਤਮਾ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਿਲਣ ਦਾ ਅਤੇ ਨਾ ਹੀ ਉਸ ਨੂੰ ਦੇਖਣ ਦਾ ਦਾਅਵਾ ਕੀਤਾ ਹੈ। ਸਿੱਖ ਚਿੰਤਨ ਅਨੁਸਾਰ ਉਹ ਹਰ ਜੀਵ ਅਤੇ ਹਰ ਵਸਤ ਦਾ ਸਿਰਜਣਹਾਰ ਹੈ ਪਰ ਉਸ ਨੂੰ ਕਿਸੇ ਨੇ ਨਹੀਂ ਸਿਰਜਿਆ। ਆਪਣੀ ਅਮਰ ਬਾਣੀ ਜਪੁ ਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ :
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥ (ਅੰਗ 2)
ਭਾਵੇਂ ਉਹ ਹਰ ਜੀਵ ਅਤੇ ਹਰ ਵਸਤ ਵਿਚ ਮੌਜੂਦ ਹੈ ਪਰ ਫਿਰ ਵੀ ਦਿਖਾਈ ਨਹੀਂ ਦਿੰਦਾ। ਉਹ ਸਰਬ-ਸ਼ਕਤੀਮਾਨ, ਸਰਬ-ਵਿਆਪਕ ਅਤੇ ਸਰਬ-ਗਿਆਤਾ ਹੈ ਪਰ ਮਨੁੱਖ ਫਿਰ ਵੀ ਉਸ ਨੂੰ ਪਹਿਚਾਣਨ ਵਿਚ ਅਸਮਰੱਥ ਰਹਿੰਦਾ ਹੈ। ਉਸ ਦਾ ਵਰਣਨ ਕਰਨਾ ਤਾਂ ਇਕ ਪਾਸੇ ਰਿਹਾ, ਮਨੁੱਖ ਤਾਂ ਉਸ ਦੀ ਤਿਲ-ਮਾਤਰ ਉਪਮਾ ਵੀ ਨਹੀਂ ਕਰ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਹੀ ਦਿੱਤੇ ਅਤੇ ਇਸ ਵਿਚ ਕੁੱਲ 21 ਵਾਰ ਦੁਹਰਾਏ ਗਏ 'ਮੂਲ-ਮੰਤਰ' ਵਿਚ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦਾ ਜੋ ਸਰੂਪ ਚਿਤਵਿਆ ਹੈ, ਉਹ ਇਸ ਪ੍ਰਕਾਰ ਹੈ :
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ੴ ਦੀ ਵਿਆਖਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ੴ ਨਾਲ ਹੁੰਦੀ ਹੈ ਅਤੇ ਇਹ ਸ਼ਬਦ ਹਰ ਸਿੱਖ ਦੁਆਰਾ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਇਹ ਅਕਾਲ ਪੁਰਖ ਬਾਰੇ ਇਕ ਅਜਿਹਾ ਸੰਕਲਪ ਹੈ, ਜਿਸ ਦੁਆਲੇ ਸਮੁੱਚਾ ਸਿੱਖ ਚਿੰਤਨ ਘੁੰਮਦਾ ਹੈ ਅਤੇ ਸਾਡਾ ਮਾਰਗ ਦਰਸ਼ਨ ਕਰਦਾ ਹੈ। ਇਸ ਦੀ ਵਿਆਖਿਆ ਕਰਦੇ ਹੋਏ ਗੁਰਬਾਣੀ ਦੇ ਪ੍ਰਸਿੱਧ ਵਿਦਵਾਨ ਅਤੇ ਟੀਕਾਕਾਰ ਪ੍ਰੋ: ਸਾਹਿਬ ਸਿੰਘ ਲਿਖਦੇ ਹਨ : ਇਸ ਸ਼ਬਦ ਦੇ ਤਿੰਨ ਹਿੱਸੇ ਹਨ-ਗੁਰਮੁਖੀ ਦਾ ਅੰਕ ਇਕ (੧); ਗੁਰਮੁਖੀ ਲਿਪੀ ਦਾ ਪਹਿਲਾ ਅੱਖਰ 'ੳ' ਜੋ ਖੁੱਲ੍ਹੇ ਮੂੰਹ ਵਾਲਾ 'ਓ' ਹੈ; ਅਤੇ ਕਾਰ ()। ਅੰਕ '੧' ਅਕਾਲ ਪੁਰਖ ਦੇ ਇਕ ਹੋਣ ਦਾ ਬੋਧਕ ਹੈ ਜਦ ਕਿ ਖੁੱਲ੍ਹੇ ਮੁੂੰਹ ਵਾਲਾ 'ਓ' ਓਅੰ ਦਾ ਬੋਧਕ ਹੈ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ 'ਓਅੰ' ਸਭ ਦੀ ਰੱਖਿਆ ਕਰਨ ਵਾਲੇ ਕਰਤਾਰ ਲਈ ਵਰਤਿਆ ਗਿਆ ਹੈ। ਇਸ ਤਰ੍ਹਾਂ ਨਾਲ ਜਦ 'ਓਅੰ ਨਮ', 'ਓਅੰ ਨਮਹ' ਜਾਂ 'ਓਅੰਨਮੋ' ਕਿਹਾ ਜਾਂਦਾ ਹੈ ਤਾਂ ਉਸ ਦਾ ਭਾਵ ਸਭ ਦੀ ਰੱਖਿਆ ਕਰਨ ਵਾਲੇ ਕਰਤਾਰ ਨੂੰ ਨਮਸਕਾਰ ਕਰਨਾ ਹੁੰਦਾ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਅੱਖਰਾਂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਮੰਨ ਕੇ 'ਓਅੰ' ਨੂੰ ਤਿੰਨੋਂ ਦੇਵਤਿਆਂ ਦਾ ਰੂਪ ਕਲਪਿਆ ਹੈ। ਇਸ ਤਰ੍ਹਾਂ ਪ੍ਰਸਿੱਧ ਹਿੰਦੂ ਪੰਚਾਕਸ਼ਰ ਮੰਤਰ ਓਮ ਨਮੋ ਸ਼ਿਵਾ ਦਾ ਅਰਥ ਹੈ ਭਗਵਾਨ ਸ਼ਿਵ ਨੂੰ ਨਮਸਕਾਰ। ਪਰ ਗੁਰਮਤ ਵਿਚ ਇਸ ਅੱਗੇ ਅੰਕ ਇਕ '੧' ਲਿਖ ਕੇ ਸਪੱਸ਼ਟ ਕੀਤਾ ਹੈ ਕਿ ਸਾਡਾ ਰੱਖਿਅਕ ਕਰਤਾਰ ਇਕ ਹੀ ਹੈ। ਕਾਰ () ਸੰਸਕ੍ਰਿਤ ਦਾ ਇਕ ਪਿਛੇਤਰ ਹੈ, ਜਿਸ ਦਾ ਅਰਥ 'ਇਕ-ਰਸ, ਜਿਸ ਵਿਚ ਤਬਦੀਲੀ ਨਾ ਆਵੇ' ਹੁੰਦਾ ਹੈ।
ੴ ਦਾ ਸਹੀ ਉਚਾਰਣ 'ਇਕ ਓਅੰਕਾਰ' ਹੈ, ਏਕਮਕਾਰ ਨਹੀਂ, ਜਿਵੇਂ ਕਿ ਕੁਝ ਲੋਕਾਂ ਦੁਆਰਾ ਬੋਲਿਆ ਜਾਂਦਾ ਹੈ। ਇਸ ਦਾ ਸੰਖੇਪ ਅਤੇ ਸਰਲ ਅਰਥ ਇਹ ਹੈ ਕਿ ਅਕਾਲ ਪੁਰਖ ਇਕ ਹੈ ਅਤੇ ਉਹ ਹਰ ਥਾਂ ਇਕ-ਰਸ ਵਿਆਪਕ ਹੈ। ਭਾਰਤ ਵਿਚ ਭੂਦਾਨ ਲਹਿਰ ਦੇ ਮੋਢੀ ਅਤੇ ਪ੍ਰਸਿੱਧ ਸਰਵੋਦਿਆ ਨੇਤਾ ਵਿਨੋਵਾ ਭਾਬੇ ਜਪੁ ਜੀ ਸਾਹਿਬ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ-ੴ ਇਕ ਨਾਦਾਤਮਿਕ ਚਿੰਨ੍ਹ ਅਤੇ ਨਾਦ-ਰੂਪੀ ਧੁਨੀ ਹੈ। ਇਸ ਪ੍ਰਕਾਰ ਦੇ ਸ਼ਬਦ ਨਾਲ ਚਿੰਤਨ ਵਿਚ ਸਹਾਇਤਾ ਮਿਲਦੀ ਹੈ। ਓਅੰਕਾਰ ਨੂੰ ਵੇਦਾਂ ਦਾ ਸਾਰ ਮੰਨਿਆ ਜਾਂਦਾ ਹੈ। ਉਪਨਿਸ਼ਦ ਅਤੇ ਗੀਤਾ ਵਿਚ ਵੀ ਇਸੇ ਦਾ ਹੀ ਉਪਯੋਗ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਪੁਰਾਣੇ ਵਿਚਾਰ ਦਾ ਆਧਾਰ ਲੈ ਕੇ ਇਕ ਨਵਾਂ ਵਿਚਾਰ ਦਿੱਤਾ ਹੈ ਅਤੇ ਪ੍ਰੰਪਰਾ ਵਿਚ ਨਵੀਨਤਾ ਸ਼ਾਮਲ ਕਰਕੇ ਇਸ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ।
ਵਿਦਵਾਨ ਖੁੱਲ੍ਹੇ ਮੂੰਹ ਵਾਲੇ 'ਓ' ਅਤੇ ਇਸ ਅੱਗੇ ਲੱਗੀ ਕਾਰ ਦਾ ਅਰਥ ਇਹ ਵੀ ਕਰਦੇ ਹਨ ਕਿ ਇਸ ਕਾਇਨਾਤ ਦੀ ਹਰ ਦਿਖਾਈ ਜਾਂ ਨਾ-ਦਿਖਾਈ ਦੇਣ ਵਾਲੀ ਸ਼ੈਅ ਇਸ ਅੰਦਰ ਸਮਾਈ ਹੋਈ ਹੈ ਅਤੇ ਕੁਝ ਵੀ ਇਸ ਤੋਂ ਬਾਹਰ ਨਹੀਂ ਹੈ। ਇਸ ਤਰ੍ਹਾਂ ਨਾਲ ੴ ਜਿੱਥੇ ਅਕਾਲ ਪੁਰਖ ਦਾ ਸੂਚਕ ਬਣਦਾ ਹੈ, ਉੱਥੇ ਹੀ ਇਹ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਮੂਹ ਸ੍ਰਿਸ਼ਟੀ ਦੇ ਰੱਖਿਅਕ ਹੋਣ ਦਾ ਲਖਾਇਕ ਵੀ ਬਣਦਾ ਹੈ।
ਮੂਲ ਮੰਤਰ ਦੀ ਵਿਆਖਿਆ
ਪਰਮਾਤਮਾ ਇਕ ਹੈ। ਉਸ ਦਾ ਨਾਮ ਸੱਚਾ ਅਰਥਾਤ ਸਦੀਵੀ ਹੋਂਦ ਵਾਲਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਸ ਵਿਚ ਇਕ-ਰਸ ਵਿਆਪਕ ਹੈ। ਉਹ ਭੈਅ ਅਤੇ ਵੈਰ ਤੋਂ ਮੁਕਤ ਹੈ। ਉਹ ਕਾਲ ਤੋਂ ਬਾਹਰ ਹੈ ਅਰਥਾਤ ਉਸ ਉੱਪਰ ਨਾ ਤਾਂ ਸਮੇਂ ਦਾ ਕੋਈ ਅਸਰ ਹੁੰਦਾ ਹੈ ਤੇ ਨਾ ਹੀ ਉਸ ਨੂੰ ਕਾਲ (ਮੌਤ) ਛੂਹ ਸਕਦਾ ਹੈ। ਉਹ ਜੂਨਾਂ ਤੋਂ ਰਹਿਤ ਹੈ ਅਰਥਾਤ ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਉਹ ਆਪਣੇ-ਆਪ ਹੀ ਹੋਂਦ ਵਿਚ ਆਇਆ ਹੈ ਅਰਥਾਤ ਉਹ ਕਿਸੇ ਹੋਰ ਸ਼ਕਤੀ ਦੁਆਰਾ ਨਹੀਂ ਸਿਰਜਿਆ ਗਿਆ। ਅਜਿਹੇ ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਅਤੇ ਮਿਹਰ ਸਦਕਾ ਹੀ ਹੋ ਸਕਦੀ ਹੈ।
ਜਪੁ ਜੀ ਸਾਹਿਬ ਦੇ ਆਰੰਭ ਵਿਚ ਹੀ ਅੰਕਿਤ ਮੰਗਲਾਚਰਣ ਰੂਪੀ ਸਲੋਕ ਵਿਚ ਪਰਮਾਤਮਾ ਦੇ ਸਰੂਪ ਬਾਰੇ ਹੋਰ ਸਪੱਸ਼ਟ ਕਰਦੇ ਹੋਏ ਗੁਰੂ ਸਾਹਿਬ ਲਿਖਦੇ ਹਨ ਕਿ ਉਹ ਆਦਿ ਕਾਲ ਅਰਥਾਤ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਮੌਜੂਦ ਸੀ, ਉਹ ਹਰ ਯੁੱਗ ਵਿਚ ਵੀ ਮੌਜੂਦ ਰਿਹਾ ਹੈ, ਉਹ ਹੁਣ ਵੀ ਮੌਜੂਦ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਮੌਜੂਦ ਰਹੇਗਾ (ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ)।
ਵੱਖ-ਵੱਖ ਨਾਂਅ ਅਤੇ ਰੂਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਭੂ-ਪਰਮਾਤਮਾ ਲਈ ਬਹੁਤ ਸਾਰੇ ਨਾਵਾਂ ਅਤੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਉਸ ਲਈ ਜੋ ਵੱਖ-ਵੱਖ ਨਾਂਅ ਵਰਤੇ ਗਏ ਹਨ, ਉਨ੍ਹਾਂ ਵਿਚ ਹਰੀ, ਰਾਮ, ਪ੍ਰਭੂ, ਗੋਪਾਲ, ਪਰਮਾਤਮਾ, ਕਰਤਾ, ਠਾਕੁਰ, ਦਾਤਾ, ਪ੍ਰਮੇਸ਼ਰ, ਨਾਰਾਇਣ, ਅੰਤਰਜਾਮੀ, ਮੁਰਾਰੀ, ਜਗਦੀਸ਼, ਸਤਿਨਾਮ, ਅੱਲ੍ਹਾ, ਮੋਹਨ, ਭਗਵਾਨ, ਨਿਰੰਕਾਰ, ਵਾਹਿਗੁਰੂ ਆਦਿ ਸ਼ਾਮਲ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ (8000 ਤੋਂ ਵੀ ਵੱਧ ਵਾਰ) ਵਰਤਿਆ ਜਾਣ ਵਾਲਾ ਸ਼ਬਦ ਹਰੀ ਜਾਂ ਹਰਿ ਹੈ ਜਦ ਕਿ ਰਾਮ ਸ਼ਬਦ ਨੂੰ 2500 ਦੇ ਕਰੀਬ ਵਾਰ ਵਰਤਿਆ ਗਿਆ ਹੈ।
ਪਰਮਾਤਮਾ ਰੂਪੀ ਸਰਬ-ਉੱਚ ਸ਼ਕਤੀ ਲਈ ਜੋ ਵਿਸ਼ੇਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ ਉਨ੍ਹਾਂ ਵਿਚ ਆਦਿ, ਅਨੀਲ (ਸ਼ੁੱਧ, ਪਵਿੱਤਰ), ਅਨਾਹਦ (ਰੂਹਾਨੀ ਨਾਦ), ਅਗਮ (ਅਪਹੁੰਚ), ਅਗੋਚਰ, ਅਨੂਪ (ਜਿਸ ਦੀ ਉਪਮਾ ਕਰਨੀ ਸੰਭਵ ਨਾ ਹੋਵੇ), ਅਪਾਰ, ਬੇਅੰਤ, ਅਕਾਲ, ਅਜੂਨੀ, ਸੈਭੰ, ਨਿਰਭਉ, ਨਿਰਵੈਰ, ਪਾਤਸ਼ਾਹਾਂ ਦਾ ਪਾਤਸ਼ਾਹ, ਦਾਤਾ, ਦਾਤਾਰ ਆਦਿ ਸ਼ਾਮਲ ਹਨ। ਉਹ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ ਅਤੇ ਪ੍ਰਕਾਸ਼ਵਾਨ ਹੈ ਪਰ ਉਸ ਨੂੰ ਦੇਖਣਾ ਜਾਂ ਸਮਝਣਾ ਮਨੁੱਖੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਨੂੰ ਕੇਵਲ ਅਹਿਸਾਸਿਆ ਹੀ ਜਾ ਸਕਦਾ ਹੈ। ਉਹ ਕਰਤਾ ਵੀ ਹੈ ਤੇ ਕਰਤਾਰ ਵੀ ਹੈ, ਦਾਤਾ ਵੀ ਹੈ ਅਤੇ ਦਾਤਾਰ ਵੀ ਹੈ, ਰਹਿਮਵਾਨ ਵੀ ਹੈ ਅਤੇ ਬਖ਼ਸ਼ਣਹਾਰ ਵੀ ਹੈ। ਇੰਨਾ ਕੁਝ ਕਹੇ ਜਾਣ ਦੇ ਬਾਵਜੂਦ ਨਾ ਤਾਂ ਉਸ ਦੇ ਗੁਣਾਂ ਦਾ, ਨਾ ਉਸ ਦੀ ਸ਼ਕਤੀ ਦਾ ਅਤੇ ਨਾ ਹੀ ਉਸ ਦੇ ਸਰੂਪ ਦਾ ਵਰਣਨ ਕਰਨਾ ਸੰਭਵ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਜਾਪੁ ਸਾਹਿਬ ਵਿਚ ਇਸ ਗੱਲ ਦਾ ਨਿਬੇੜਾ ਕਰਦੇ ਹੋਏ ਕਹਿੰਦੇ ਹਨ:
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ॥
ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ॥
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਸੋ ਦਰ' ਵਿਚ ਵੀ ਸਪੱਸ਼ਟ ਕੀਤਾ ਹੈ ਕਿ ਲੱਖ ਯਤਨ ਕਰਨ 'ਤੇ ਵੀ ਉਸ ਦੀ ਤਿਲ ਮਾਤਰ ਵਡਿਆਈ ਨਹੀਂ ਕੀਤੀ ਜਾ ਸਕਦੀ-
ਵਡੇ ਮੇਰੇ ਸਾਹਿਬਾ
ਗਹਿਰ ਗੰਭੀਰਾ ਗੁਣੀ ਗਹੀਰਾ॥
ਕੋਇ ਨਾ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ਰਹਾਉ॥
ਸਭ ਸੁਰਤੀ ਮਿਲਿ ਸੁਰਤਿ ਕਮਾਈ॥
ਸਭ ਕੀਮਤਿ ਮਿਲਿ ਕੀਮਤਿ ਪਾਈ॥
ਗਿਆਨੀ ਧਿਆਨੀ ਗੁਰ ਗੁਰਹਾਈ॥
ਕਹਣੁ ਨਾ ਜਾਈ ਤੇਰੀ ਤਿਲੁ ਵਡਿਆਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 9)
ਅਸਲ ਵਿਚ ਉਹ ਗੁਣਾਂ ਦਾ ਏਨਾ ਵਿਸ਼ਾਲ, ਗਹਿਰਾ ਅਤੇ ਗੰਭੀਰ ਸਮੁੰਦਰ ਹੈ ਕਿ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਉਸ ਦਾ ਚੀਰਾ ਅਰਥਾਤ ਪਸਾਰਾ ਜਾਂ ਵਿਸਥਾਰ ਕਿੰਨਾ ਵੱਡਾ ਹੈ। ਉਸ ਬਾਰੇ ਤਾਂ ਅਸੀਂ ਕੇਵਲ ਇਕ ਹੀ ਗੱਲ ਯਕੀਨ ਨਾਲ ਕਹਿ ਸਕਦੇ ਹਾਂ ਅਤੇ ਉਹ ਹੈ ਗੁਰੂ ਨਾਨਕ ਸਾਹਿਬ ਦੁਆਰਾ ਰਾਗ ਧਨਾਸਰੀ ਵਿਚ ਉਚਾਰੀ ਗਈ ਬਾਣੀ ਦੀਆਂ ਇਹ ਤੁਕਾਂ-
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣ ਸਭ ਮਹਿ ਚਾਨਣ ਹੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 13)
ਉਹ ਇਕ ਹੈ ਅਤੇ ਸਭ ਉਸ ਦਾ ਪਸਾਰਾ ਹੈ। ਉਸ ਦੇ ਅਨੇਕਾਂ ਰੂਪ ਹਨ ਅਤੇ ਲੋਕ ਉਸ ਨੂੰ ਅਣਗਿਣਤ ਨਾਵਾਂ ਨਾਲ ਪੁਕਾਰ ਰਹੇ ਹਨ :
ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨਾ ਜਾਹੀ ਤੇਰੇ ਗੁਣ ਕੇਤੇ॥
(ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 358)
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦਾ ਸਰੂਪ ਸਮਝਣ ਲਈ ਸਾਨੂੰ ਮੂਲ-ਮੰਤਰ ਦੀ ਭਾਵਨਾ ਨੂੰ ਸਮਝਣਾ ਅਤੇ ਆਪਣਾਉਣਾ ਪਵੇਗਾ। ਉਹ ਇਕ ਹੈ, ਸਾਡਾ ਸਭ ਦਾ ਸਿਰਜਣਹਾਰ ਅਤੇ ਪ੍ਰਿਤਪਾਲਕ ਹੈ ਪਰ ਅਸੀਂ ਉਸ ਦਾ ਕਿਸੇ ਤਰ੍ਹਾਂ ਵੀ ਭੇਦ ਨਹੀਂ ਪਾ ਸਕਦੇ। ਉਸ ਦੇ ਨਾਂਅ 'ਤੇ ਕੋਈ ਲੜਾਈ-ਝਗੜਾ ਕਰਨਾ ਕੇਵਲ ਅਗਿਆਨਤਾ ਅਤੇ ਮੂਰਖਤਾ ਹੈ। ਉਸ ਨੇ ਸਾਨੂੰ ਸਭ ਨੂੰ ਸਮਾਨ ਰੂਪ ਵਿਚ ਸਿਰਜਿਆ ਹੈ ਅਤੇ ਸਾਡੇ ਦੁਆਰਾ ਕਿਸੇ ਨਾਲ ਭੇਦ-ਭਾਵ ਕੀਤੇ ਜਾਣ ਜਾਂ ਨਫ਼ਰਤ ਕੀਤੇ ਜਾਣ ਦਾ ਭਾਵ ਹੈ ਆਪਣੇ ਹੀ ਸਿਰਜਣਹਾਰ ਨਾਲ ਭੇਦ-ਭਾਵ ਜਾਂ ਨਫ਼ਰਤ ਕਰਨਾ। ਸਾਨੂੰ ਹਮੇਸ਼ਾ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ, ਉਸ ਨੂੰ ਆਪਣੇ ਅੰਗ-ਸੰਗ ਸਮਝਣਾ ਚਾਹੀਦਾ ਹੈ ਅਤੇ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਪਰਮਾਤਮਾ ਦਾ ਅਪਮਾਨ ਹੁੰਦਾ ਹੋਵੇ ਜਾਂ ਉਹ ਸਾਡੇ ਨਾਲ ਨਾਰਾਜ਼ ਹੁੰਦਾ ਹੋਵੇ।


-(ਸ਼੍ਰੋਮਣੀ ਸਾਹਿਤਕਾਰ)
292, ਸੋਹਜ ਵਿਲਾ, ਹਮਾਯੂੰਪੁਰ, ਸਰਹਿੰਦ (ਫ਼ਤਹਿਗੜ੍ਹ ਸਾਹਿਬ)। ਮੋਬਾ: 98155-01381

ਗੁਰਦੁਆਰਾ ਰਬਾਬਸਰ, ਭਰੋਆਣਾ

ਰਬਾਬ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਡਾਢਾ ਗਹਿਰਾ ਸੰਬੰਧ ਹੈ। ਜਿਉਂ ਹੀ ਧੁਰ ਕੀ ਬਾਣੀ ਉਤਰਦੀ, ਗੁਰੂ ਜੀ ਮਰਦਾਨੇ ਨੂੰ ਆਖਦੇ, 'ਮਰਦਾਨਿਆਂ ਰਬਾਬ ਵਜਾਇ, ਬਾਣੀ ਆਈ ਆ'। ਮਰਦਾਨੇ ਦੀ ਰਬਾਬ ਤੇ ਗੁਰੂ ਜੀ ਦੇ ਸ਼ਬਦ ਇਕ ਅਲੌਕਿਕ ਸੰਗੀਤਕ ਮਾਹੌਲ ਸਿਰਜ ਦਿੰਦੇ। ਦੋਵਾਂ ਨੂੰ ਗੈਬੀ ਰੱਬੀ ਦਾਤਾਂ ਪ੍ਰਾਪਤ ਸਨ। ਐਸਾ ਠਾਟ ਬੱਝਦਾ ਜੋ ਸੁਣਦਾ, ਨਿਹਾਲ ਹੋ ਜਾਂਦਾ। ਕਲਯੁੱਗ ਦਾ ਪਹਿਰਾ ਟਲ ਜਾਂਦਾ, ਮਨਾਂ ਦੀ ਕਾਲਖ ਧੋ ਹੋ ਜਾਂਦੀ। ਸੱਜਣ ਠੱਗ ਵਰਗਿਆਂ ਦੀ ਅੰਦਰੂਨੀ ਸੱਜਣਤਾਈ ਬੁਰਾਈ ਨੂੰ ਪਿਛਾਂਹ ਧਕੇਲ ਦਿੰਦੀ। ਕੌਡੇ ਰਾਖਸ਼ ਦੀ ਚੰਡਾਲ ਬਿਰਤੀ ਵੀ ਸੋਚੀਂ ਪੈ ਜਾਂਦੀ।
ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਦੋਵੇਂ ਇਕੋ ਪਿੰਡ ਦੇ ਸਨ। ਮਰਦਾਨਾ ਮਿਰਾਸੀ ਜਾਤ ਨਾਲ ਸਬੰਧਤ ਸੀ। ਉਸ ਦੇ ਪਿਤਾ ਦਾ ਨਾਂਅ ਮੀਰ ਬਾਦਰਾ ਸੀ ਅਤੇ ਮਾਂ ਦਾ ਨਾਂਅ ਸੀ ਮਾਈ ਲੱਖੋ। ਇਥੇ ਜਾਣ ਲੈਣਾ ਜ਼ਰੂਰੀ ਹੈ ਕਿ ਮਿਰਾਸੀ ਭਾਵੇਂ ਛੋਟੀ ਜਾਤ ਗਿਣੀ ਜਾਂਦੀ ਹੈ ਪਰ ਮਿਰਾਸੀਆਂ ਵਿਚ ਮੀਰ ਮਿਰਾਸੀ ਆਪਣੇ ਸਮਾਜਿਕ ਭਾਈਚਾਰੇ ਵਿਚ ਉੱਚਾ ਸਥਾਨ ਰੱਖਦੇ ਹਨ। ਮੀਰ ਸਨਮਾਨ-ਸੂਚਿਤ ਸ਼ਬਦ ਹੈ। ਮੀਰ-ਮਿਰਾਸੀਆਂ ਦਾ ਮੁੱਖ ਕੰਮ ਹੁੰਦਾ ਹੈ ਆਪਣੇ ਜਜਮਾਨਾਂ ਦੀ ਸਿਫਤ ਸਲਾਹ ਵਿਚ ਗਾਉਣਾ, ਖਾਸ ਤੌਰ 'ਤੇ ਖੁਸ਼ੀ ਦੇ ਮੌਕਿਆਂ 'ਤੇ। ਉਨ੍ਹਾਂ ਦੀ ਬੰਸਾਵਲੀ ਦਾ ਹਿਸਾਬ-ਕਿਤਾਬ ਰੱਖਣਾ ਅਤੇ ਕਵਿਤਾ ਵਿਚ ਬੰਸਾਵਲੀ ਦੀਆਂ ਸਿਫਤਾਂ ਉਚਾਰਨੀਆਂ। ਮੌਕੇ-ਬ-ਮੌਕੇ ਆਪ ਦੇ ਜਜਮਾਨਾਂ ਦੀ ਟਹਿਲ ਸੇਵਾ ਕਰਨੀ।
ਮਰਦਾਨਾ ਗੁਰੂ ਜੀ ਤੋਂ ਕੋਈ 9-10 ਸਾਲ ਵੱਡਾ ਸੀ। ਸੋਹਣਾ ਗਾ ਲੈਂਦਾ ਸੀ, ਬਿਨਾਂ ਕਿਸੇ ਵਾਜੇ, ਗਾਜੇ ਤੋਂ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਮਰਦਾਨੇ ਨੂੰ ਗੁਰੂ ਜੀ ਨੇ ਕਾਨਿਆਂ ਦਾ ਇਕ ਸਾਜ਼ ਬਣਾ ਕੇ ਦਿੱਤਾ ਅਤੇ ਗਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਮਰਦਾਨੇ ਨੂੰ ਸਮਝਾਇਆ: ਇਨ੍ਹਾਂ ਦੁਨਿਆਵੀ ਜਜਮਾਨਾਂ ਦੀ ਕਸੀਦੇ ਗਾਉਣ ਨਾਲੋਂ ਉਸ ਸੱਚੇ ਪਰਮਾਤਮਾ ਦੇ ਗੁਣ ਗਾਇਨ ਕੀਤੇ ਜਾਣ ਜੋ ਸਭ ਦਾ ਮਾਲਕ-ਖਾਲਕ ਹੈ। ਸਿੱਧਾ ਉਸ ਦਾਤੇ ਤੋਂ ਮੰਗੀਏ, ਜਿਸ ਤੋਂ ਇਹ ਵੀ ਮੰਗਦੇ ਨੇ। ਮਰਦਾਨੇ ਦੇ ਗੱਲ ਖਾਨੇ ਪਈ ਤਾਂ ਉਸ ਨੇ ਕਬੀਰ, ਤਰਲੋਚਨ, ਰਵਿਦਾਸ, ਧੰਨੇ ਅਤੇ ਬੈਣੀ ਦੇ ਦੋਹੇ ਗਾਉਣੇ ਸ਼ੁਰੂ ਕਰ ਦਿੱਤੇ। ਗੁਰੂ ਜੀ ਦੀਆਂ ਰਚਨਾਵਾਂ ਵੀ ਉਹ ਬਹੁਤ ਹੁੱਬ ਕੇ ਗਾਉਂਦਾ।
ਗੁਰੂ ਜੀ ਦੀ ਨਜ਼ਰ ਵਿਚ ਰਬਾਬ ਬਹੁਤ ਪਿਆਰਾ ਸਾਜ਼ ਸੀ। ਅਫਗਾਨੀ ਕਿਹਾ ਜਾਂਦਾ ਇਹ ਸਾਜ਼ 12ਵੀਂ-13ਵੀਂ ਸਦੀ ਤੋਂ ਹਿੰਦੁਸਤਾਨ ਵਿਚ ਵੀ ਬਹੁਤ ਮਕਬੂਲ ਹੋ ਗਿਆ ਸੀ। ਹੌਲੀ-ਹੌਲੀ ਮਰਦਾਨਾ ਰਬਾਬ-ਨੁਮਾ ਸਾਜ਼ ਵਜਾਉਣ ਵਿਚ ਪ੍ਰਪੱਕ ਹੋਣ ਲੱਗਾ ਅਤੇ ਗੁਰੂ ਜੀ ਦੇ ਨਾਲ ਅਲਾਹੀ ਕੀਰਤਨ ਕਰਨ ਵਿਚ ਨਿਪੁੰਨ ਹੋਈ ਗਿਆ। ਮਰਦਾਨੇ ਅਤੇ ਰਬਾਬ ਦਾ ਰਿਸ਼ਤਾ ਮਾਨੋਂ ਰੂਹ-ਕਲਬੂਤ ਵਰਗਾ ਬਣਦਾ ਗਿਆ। ਗੁਰੂ ਬਾਬੇ ਨੂੰ ਇੰਜ ਮਹਿਸੂਸ ਹੋਣ ਲੱਗਾ, ਜਿਵੇਂ ਅਨਹਦ ਸ਼ਬਦ ਦਾ ਸੰਬੰਧ ਰਬਾਬ ਤੋਂ ਬਿਨਾਂ ਸੰਭਵ ਨਹੀਂ ਸੀ-
ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸਬਦ ਵਜਾਵੈ।
ਭਾਈ ਗੁਰਦਾਸ ਜੀ ਵੀ ਮਰਦਾਨੇ ਅਤੇ ਰਬਾਬ ਦਾ ਅਟੁੱਟ ਸੰਬੰਧ ਦਰਸਾਉਂਦੇ ਹਨ-
ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ।
ਮਰਦਾਨਾ ਰਬਾਬ ਵਜਾਉਣ ਵਿਚ ਕਿੰਨਾ ਪਰਵੀਨ ਸੀ, ਇਹ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਗੁਰੂ ਜੀ ਦੀ 19 ਰਾਗਾਂ ਵਿਚ ਗਾਈ ਹੋਈ ਬਾਣੀ ਨਾਲ ਉਹ ਸੰਗੀਤ ਦਿੰਦਾ ਰਿਹਾ।
ਗੁਰੂ ਜੀ ਕਦੋਂ ਸੁਲਤਾਨਪੁਰ ਪਹੁੰਚੇ, ਇਸ ਬਾਰੇ ਨਿਸ਼ਚੈ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਯਕੀਨਨ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਉਦਾਸੀਆਂ 'ਤੇ ਚੱਲਣ ਦਾ ਫੈਸਲਾ ਲਿਆ, ਉਸ ਸਮੇਂ ਉਨ੍ਹਾਂ ਦੀ ਉਮਰ 35 ਕੁ ਸਾਲ ਸੀ ਅਤੇ ਮਰਦਾਨਾ ਉਨ੍ਹਾਂ ਦਾ ਪੱਕਾ ਸਾਥੀ ਸੀ। ਹੁਣ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਫਲਸਫੇ ਨੂੰ ਅਤਿ ਸੋਹਣੇ ਸ਼ਬਦਾਂ ਅਤੇ ਕਲਾ ਵਿਚ ਉਤਾਰ ਕੇ, ਗਾਇਨ ਕਰਕੇ ਉਨ੍ਹਾਂ ਨੂੰ ਸਰਵਣ ਕਰਾਉਣਾ ਪਹਿਲਾਂ ਤੋਂ ਵੀ ਜ਼ਰੂਰੀ ਸੀ। ਪਹਿਲਾਂ ਸ਼ਾਇਦ ਕੀਰਤੀ ਦਾ ਅਮਲ ਇਕ ਸਵੈ-ਪ੍ਰਗਟਾਵੇ ਅਤੇ ਸਵੈ-ਅਨੰਦ ਤੱਕ ਸੀਮਤ ਹੋਵੇ। ਇਸ ਲਈ ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਮਰਦਾਨੇ ਨੂੰ ਇਕ-ਦੋ ਵਧੀਆ ਰਬਾਬਾਂ ਪ੍ਰਾਪਤ ਕਰਨ ਲਈ ਕਿਹਾ। ਉਸ ਸਮੇਂ ਸੁਲਤਾਨਪੁਰ ਇਕ ਵਿਸ਼ਾਲ ਕਸਬਾ ਸੀ ਅਤੇ ਉਥੇ 32 ਬਾਜ਼ਾਰਾਂ ਵਿਚੋਂ ਇਕ ਬਾਜ਼ਾਰ 'ਬਜ਼ਾਰ ਨਗਮਾਂ-ਸਾਜ਼ਾਂ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪਰ ਇੱਥੋਂ ਲਿਆਂਦੀ ਰਬਾਬ ਗੁਰੂ ਜੀ ਨੂੰ ਪਸੰਦ ਨਾ ਆਈ। ਭਾਈ ਬਾਲੇ ਵਾਲੀ ਜਨਮ-ਸਾਖੀ ਅਨੁਸਾਰ, 'ਗੁਰੂ ਨਾਨਕ ਜੀ ਆਖਿਆ ਮਰਦਾਨਾ ਜੰਗਲ ਵਿਚ ਗਿਰਾਓ ਜਟ ਦਾ ਹੈਈ। ਦੁਹਾਂ ਨਦੀਆਂ ਦੇ ਵਿਚ। ਗਿਰਾਓ ਦਾ ਨਾਂ ਆਸਿਕਪੁਰ ਹੈ। ਉਸ ਵਿਚਿ ਏਕ ਰਬਾਬੀ ਰਹਿੰਦਾ ਹਈ। ਨਾਉ ਉਸਦਾ ਫਿਰੰਦਾ ਹਿੰਦੂ ਸੱਦਦੇ ਹੈਨਿ। ਅਤੇ ਨਾਲੇ ਫੇਰੂ ਭੀ ਸਦੀਂਦਾ ਹੈਣ। ਤੂ ਉਥੇ ਜਾਇਕੇ ਸਾਡਾ ਨਾਉ ਲਏ...।'
ਸੁਆਲ ਪੈਦਾ ਹੁੰਦਾ ਹੈ ਕਿ ਇਹ ਦੋ ਨਦੀਆਂ ਕਿਹੜੀਆਂ ਹੋਣਗੀਆਂ ਅਤੇ ਪਿੰਡ ਆਸਿਕਪੁਰ ਕਿਹੜਾ ਹੋਵੇਗਾ? ਪੁਰਾਤਨ ਜਨਮ ਸਾਖੀਆਂ ਵਿਚ ਕਾਲੀ ਵੇਈਂ ਲਈ ਲਫਜ਼ 'ਦਰਿਆਓ' ਜਾਂ 'ਵੇਈਂ' ਵਰਤਿਆ ਹੈ। ਇਥੇ ਦੋ ਨਦੀਆਂ ਸਤਲੁਜ ਅਤੇ ਬਿਆਸ ਦਰਿਆ ਹੋ ਸਕਦੇ ਹਨ ਪਰ ਜਾਣਕਾਰ ਜਾਣਦੇ ਹਨ ਕਿ ਗੁਰੂ ਜੀ ਦੇ ਸਮੇਂ ਸਤਲੁਜ ਸੁਲਤਾਨਪੁਰ ਤੋਂ ਬਹੁਤ ਦੂਰ ਵਹਿੰਦਾ ਸੀ, ਸ਼ਾਇਦ ਘੱਗਰ ਵਿਚ ਹੀ ਵਹਿੰਦਾ ਸੀ। ਇਸ ਲਈ ਇਹ ਦੋ ਨਦੀਆਂ ਬਿਆਸ ਅਤੇ ਵੇਂਈਂ ਹੀ ਹੋ ਸਕਦੀਆਂ ਹਨ। ਪਰ ਮੌਜੂਦਾ ਸਮਿਆਂ ਵਿਚ ਇਨ੍ਹਾਂ ਵਿਚਕਾਰ ਆਸਿਕਪੁਰ ਨਾਂਅ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਇਸ ਨਾਂਅ ਦਾ ਕੋਈ ਬੇ-ਚਿਰਾਗ ਪਿੰਡ ਮਾਲ ਰਿਕਾਰਡ ਵਿਚ ਮੌਜੂਦ ਮਿਲਦਾ ਹੈ। ਹਾਂ ਸਥਿਤੀ ਤਕਰੀਬਨ ਭਰੋਆਣਾ ਵਾਲੀ ਹੀ ਬਣਦੀ ਹੈ।
ਭਾਈ ਫਰਿੰਦਾ ਭਾਵੇਂ ਇਸ ਪਿੰਡ ਨਾਲ ਸਬੰਧਿਤ ਸਨ ਪਰ ਜਿਵੇਂ ਕਿ ਉਨ੍ਹਾਂ ਦੇ ਨਾਂਅ ਤੋਂ ਲਗਦਾ ਹੈ, ਉਹ ਅਲਮਸਤ ਬੰਦੇ ਸਨ ਅਤੇ ਰਬਾਬ ਵਜਾਉਂਦੇ ਭਰਮਣ ਕਰਦੇ ਰਹਿੰਦੇ ਹੋਣਗੇ। ਇਹੀ ਵਜ੍ਹਾ ਹੈ ਕਿ ਭਾਈ ਫਰਿੰਦੇ ਨੂੰ ਲੱਭਦਿਆਂ ਭਾਈ ਮਰਦਾਨੇ ਨੂੰ ਕਈ ਦਿਨ ਲੱਗ ਗਏ। ਜਦ ਉਹ ਮਿਲੇ ਤਾਂ ਭਾਈ ਫਰਿੰਦਾ ਗੁਰੂ ਜੀ ਦਾ ਨਾਂਅ ਸੁਣ ਕੇ ਨਿਹਾਲ ਹੋ ਗਿਆ ਅਤੇ ਖੁਦ ਰਬਾਬ ਸੁਗਾਤ ਵਜੋਂ ਭੇਟ ਕਰਨ ਲਈ ਮਰਦਾਨੇ ਦੇ ਨਾਲ ਹੀ ਸੁਲਤਾਨਪੁਰ ਨੂੰ ਚੱਲ ਪਿਆ। ਖੁਦ ਆ ਕੇ ਗੁਰੂ ਜੀ ਦੇ ਚਰਨਾਂ ਵਿਚ ਇਕ ਵਿਲੱਖਣ ਕਿਸਮ ਦੀ ਰਬਾਬ ਭੇਟ ਕੀਤੀ। ਰਬਾਬ ਇੰਨੀ ਸੁਰੀਲੀ ਸੀ ਕਿ ਜਦ ਮਰਦਾਨੇ ਵਜਾਈ ਤਾਂ ਇਲਾਹੀ ਮਾਹੌਲ ਸਿਰਜਿਆ ਗਿਆ। ਸਭ ਪਸ਼ੂ-ਪੰਛੀ ਮੋਹੇ ਗਏ-
ਤਰਵਰ ਤੇ ਰਸ ਨਿਚਰਨ ਲਾਗਯੋ
ਵਿਸਰਾ ਸਭਨ ਅਪਾਨਾ
ਇਹ ਰਬਾਬ 'ਚੜਿਆ ਸੋਧਣਿ ਧਰਤ ਲੋਕਾਈ' ਦੇ ਪ੍ਰਯੋਜਨ ਵਿਚ ਭਾਈ ਮਰਦਾਨੇ ਤੇ ਗੁਰੂ ਜੀ ਦੇ ਸੰਦੇਸ਼ ਦਾ ਮਾਧਿਅਮ ਬਣੀ ਅਤੇ ਕਈ ਦੇਸ਼ਾਂ-ਦੇਸ਼ਾਂਤਰਾਂ ਵਿਚ ਭਰਮਣ ਕਰਦੀ ਰਹੀ। ਇਸ ਤਰ੍ਹਾਂ ਦੁਨੀਆ ਦੇ ਇਤਿਹਾਸ ਵਿਚ ਭਾਈ ਫਰਿੰਦੇ ਨਾਂਅ ਵੀ ਅਮਰ ਹੋ ਗਿਆ। ਬਾਅਦ ਵਿਚ ਰਬਾਬੀ ਭਾਈ ਫਰਿੰਦੇ ਦੇ ਖਾਨਦਾਨ ਵਿਚੋਂ ਹੀ ਪ੍ਰਸਿੱਧ ਰਬਾਬੀ ਭਾਈ ਅਮਰ ਬਖਸ਼ ਹੋਏ ਅਤੇ ਅੱਗੋਂ ਇਨ੍ਹਾਂ ਦੇ ਪੁੱਤਰ ਭਾਈ ਮਹਿਬੂਬ ਅਲੀ 19ਵੀਂ ਸਦੀ ਦੇ ਪ੍ਰਸਿੱਧ ਸਿਤਾਰ ਵਾਦਕ ਹੋਏ ਹਨ।
ਗੁਰਦੁਆਰਾ ਰਬਾਬਸਰ ਭਰੋਆਣਾ ਭਾਈ ਬਾਲੇ ਦੀ ਜਨਮ ਸਾਖੀ ਵਿਚ ਆਈ ਰਬਾਬ ਸਬੰਧੀ ਸਾਖੀ ਨੂੰ ਰੂਪਮਾਨ ਕਰਦਾ ਹੈ।


-ਨਡਾਲਾ (ਕਪੂਰਥਲਾ)। ਮੋਬਾ: 97798-53245

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ

ਸਭ ਨੂੰ ਹੋਣ ਵਧਾਈਆਂ ਪੁਰਬ ਮਹਾਨ ਦੀਆਂ,
ਖੁਸ਼ਬੂਆਂ ਆਈਆਂ ਸੋਢੀ ਸੁਲਤਾਨ ਦੀਆਂ।
ਸੁਧਾ ਸਰੋਵਰ ਯਾਦ ਤੇਰੀ ਵਿਚ ਝੂਮ ਰਿਹਾ,
ਕੁਦਰਤ ਘੋੜੀਆਂ ਗਾਈਆਂ ਤੇਰੀ ਸ਼ਾਨ ਦੀਆਂ।
ਹੱਥ ਜੋੜ ਕੇ ਵਕਤ ਖੜ੍ਹਾ ਹੈ ਸਰਦਲ 'ਤੇ,
ਦਰ 'ਤੇ ਖੁਸ਼ੀਆਂ ਆਈਆਂ ਕੁੱਲ ਜਹਾਨ ਦੀਆਂ।
ਹਰਿਮੰਦਰ ਨੂੰ ਕਰਨ ਸਲਾਮਾਂ ਰੌਸ਼ਨੀਆਂ,
ਵੱਡੀਆਂ ਵਡਿਆਈਆਂ ਤੇਰੇ ਅਸਥਾਨ ਦੀਆਂ।
ਧਰਤੀ ਵਿਚ ਹੈ ਕੰਬਣੀ ਅਰਸ਼ੀ ਛੋਹਾਂ ਦੀ,
ਅੱਖੀਆਂ ਭਰ-ਭਰ ਆਈਆਂ ਨੇ ਅਸਮਾਨ ਦੀਆਂ।
ਹੰਸਾਂ ਨੇ ਚੁਗ ਮੋਤੀ ਤੇਰੇ ਸ਼ਬਦਾਂ ਦੇ,
ਉੱਡ-ਉੱਡ ਝੁੰਮਰਾਂ ਪਾਈਆਂ ਨੇ ਗੁਣਗਾਨ ਦੀਆਂ।
ਤੀਹ ਰਾਗਾਂ ਵਿਚ ਬਾਣੀ ਰਚੀ ਵੈਰਾਗਮਈ,
ਅਰਸ਼ੀ ਰਮਜ਼ਾਂ ਪਾਈਆਂ ਗਿਆਨ ਧਿਆਨ ਦੀਆਂ।
ਦੁਖਭੰਜਨ ਤੀਰਥ ਰਚ ਕੇ ਪੀੜਾਂ ਹਰੀਆਂ,
ਕੀ ਰੀਸਾਂ ਇਸ ਅੰਮ੍ਰਿਤ ਦੇ ਇਸ਼ਨਾਨ ਦੀਆਂ।
ਹੁਕਮ, ਰਜ਼ਾ, ਸੇਵਾ ਦੀ ਜਾਚ ਸਿਖਾਈ ਤੂੰ,
ਘਰ-ਘਰ ਬਾਤਾਂ ਪੈਣ ਤੇਰੇ ਅਹਿਸਾਨ ਦੀਆਂ।
ਹਰ ਇਕ ਹਿਰਦਾ ਬਣਿਆ ਹੋਇਆ ਤਖ਼ਤ ਤੇਰਾ,
ਪੌਣਾਂ ਵਿਚ ਮਹਿਕਾਂ ਤੇਰੇ ਸਨਮਾਨ ਦੀਆਂ।
ਭੋਲੇ ਸੁੱਚੇ ਜਜ਼ਬੇ ਨੂੰ ਪ੍ਰਵਾਨ ਕਰੀਂ,
ਇਹ ਸ਼ਰਧਾਂਜਲੀਆਂ ਤੈਨੂੰ ਦਿਲਜਾਨ ਦੀਆਂ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਅੰਮ੍ਰਿਤਸਰ ਵਿਚਲੇ ਸਮਾਰਕ

(ਲੜੀ ਜੋੜਨ ਲਈ 24 ਸਤੰਬਰੇ ਦਾ ਧਰਮ
ਤੇ ਵਿਰਸਾ ਅੰਕ ਦੇਖੋ)
ਜਲ੍ਹਿਆਂਵਾਲਾ ਬਾਗ਼
ਜਲ੍ਹਿਆਂਵਾਲਾ ਬਾਗ਼ ਦੇਸ਼ ਦੀ ਆਜ਼ਾਦੀ ਨਾਲ ਸਬੰਧਿਤ ਸਮਾਰਕਾਂ ਵਿਚੋਂ ਪ੍ਰਮੁੱਖ ਹੈ। ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਨੇ ਇਸ ਬਾਗ਼ ਦੀ ਭੂਮੀ 'ਤੇ 13 ਅਪ੍ਰੈਲ, 1919 ਨੂੰ ਬੇਦੋਸ਼ੇ ਅਤੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਕੇ ਭਾਰਤ ਦੇ ਸਵਾਧੀਨਤਾ ਅੰਦੋਲਨ ਦੇ ਇਤਿਹਾਸ ਵਿਚ ਇਕ ਨਵੇਂ ਅਧਿਆਇ ਨੂੰ ਆਰੰਭ ਕੀਤਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਕਈ ਵਰ੍ਹੇ ਬਾਅਦ ਤੱਕ ਵੀ ਹਰ ਵਰ੍ਹੇ ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਨੂੰ 'ਰਾਸ਼ਟਰੀ ਹਫ਼ਤੇ' ਵਜੋਂ ਜਲ੍ਹਿਆਂਵਾਲਾ ਬਾਗ਼ ਵਿਚ ਮਨਾਇਆ ਜਾਂਦਾ ਸੀ ਅਤੇ ਬਕਾਇਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਸੀ, ਪਰ ਹੁਣ ਇਹ ਪ੍ਰਥਾ ਬੰਦ ਹੋ ਚੁੱਕੀ ਹੈ।
13 ਅਪ੍ਰੈਲ ਨੂੰ ਇਸ ਸਥਾਨ 'ਤੇ ਮਾਰੇ ਜਾਣ ਵਾਲੇ ਸੈਂਕੜੇ ਦੇਸ਼-ਭਗਤਾਂ ਨੂੰ ਉਸ ਕਾਂਡ ਦੇ ਲੰਬੇ ਸਮੇਂ ਬਾਅਦ ਭਾਰਤ ਸਰਕਾਰ ਨੇ ਸੁਤੰਤਰਤਾ ਸੈਨਾਨੀ ਦਾ ਦਰਜਾ ਦੇਣਾ ਸਵੀਕਾਰ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ 'ਚੋਂ ਵੱਡੀ ਸੰਖਿਆ 'ਚ ਸ਼ਰਧਾਲੂ ਤੇ ਹੋਰ ਯਾਤਰੂ ਇੱਥੇ ਵੀ ਨਤਮਸਤਕ ਹੋਣ ਲਈ ਜ਼ਰੂਰ ਪੁੱਜਦੇ ਹਨ।
ਗੋਲ ਬਾਗ਼ (ਐਚੀਸਨ ਪਾਰਕ)
ਗੋਲ ਬਾਗ਼ ਦੇ ਸਥਾਨ 'ਤੇ ਪਹਿਲਾਂ ਨਰਾਇਣ ਸਿੰਘ ਵਕੀਲ ਦਾ ਬਾਗ਼ ਹੋਇਆ ਕਰਦਾ ਸੀ। ਗੋਲ ਬਾਗ਼ ਨੂੰ ਪਹਿਲਾਂ ਐਚੀਸਨ ਪਾਰਕ ਕਿਹਾ ਜਾਂਦਾ ਸੀ। ਇਹ ਨਾਂਅ ਸੰਨ 1882 'ਚ ਸਰ ਚਾਰਲਸ ਐਚੀਸਨ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ। ਬਾਗ਼ ਗੁਲਾਈ ਵਿਚ ਬਣਿਆ ਹੋਣ ਕਰਕੇ ਇਸ ਨੂੰ ਗੋਲ ਬਾਗ਼ ਕਿਹਾ ਜਾਣ ਲੱਗਾ। ਦਸੰਬਰ, 1919 ਵਿਚ ਗੋਲ ਬਾਗ਼ ਵਿਚ ਅਖਿਲ ਭਾਰਤੀ ਕਾਂਗਰਸ ਦਾ ਮਹੱਤਵਪੂਰਨ ਤੇ ਵਿਸ਼ਾਲ ਇਜਲਾਸ ਹੋਣ ਤੋਂ ਬਾਅਦ ਗੋਲ ਬਾਗ਼ ਦੀ ਮਹੱਤਤਾ ਸਿਖਰ ਤੱਕ ਪਹੁੰਚ ਗਈ। ਉਸ ਇਜਲਾਸ ਵਿਚ ਮਹਾਤਮਾ ਗਾਂਧੀ, ਲੋਕ ਮਾਨਯ ਤਿਲਕ, ਬਿਪਨ ਚੰਦਰਪਾਲ, ਸੀ.ਆਰ. ਦਾਸ, ਮਦਨ ਮੋਹਨ ਮਾਲਵੀਆ, ਮੁਹੰਮਦ ਅਲੀ ਜਿਨਾਹ, ਪੰਡਿਤ ਮੋਤੀ ਲਾਲ ਨਹਿਰੂ ਅਤੇ ਸ੍ਰੀਮਤੀ ਏਨੀ ਬੇਸੰਤ ਜਿਹੇ ਕਈ ਰਾਸ਼ਟਰੀ ਪੱਧਰ ਦੇ ਨੇਤਾ ਸ਼ਾਮਿਲ ਸਨ।
ਵੰਦੇ ਮਾਤਰਮ ਹਾਲ
ਸੰਨ 1905 ਵਿਚ ਸਵਦੇਸ਼ੀ ਲਹਿਰ ਅਤੇ ਬਾਈਕਾਟ ਦੀ ਤਹਿਰੀਕ ਵਿਚ ਅੰਮ੍ਰਿਤਸਰ ਸਭ ਤੋਂ ਮੋਢੀ ਸ਼ਹਿਰ ਸੀ। ਬਾਬੂ ਕਨ੍ਹਈਆ ਲਾਲ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਜਾਣ ਵਾਲੀਆਂ ਪਬਲਿਕ ਮੀਟਿੰਗਾਂ ਲਈ ਆਪਣੀ ਕੋਠੀ ਨੂੰ ਵੰਦੇ ਮਾਤਰਮ ਹਾਲ ਵਿਚ ਤਬਦੀਲ ਕਰ ਦਿੱਤਾ। ਉਸੇ ਦੌਰਾਨ ਪ੍ਰਸਿੱਧ ਕ੍ਰਾਂਤੀਕਾਰੀ ਬਾਬੂ ਸੁਰਿੰਦਰ ਨਾਥ ਬੈਨਰਜੀ ਅੰਮ੍ਰਿਤਸਰ ਆਏ ਅਤੇ ਵੰਦੇ ਮਾਤਰਮ ਹਾਲ ਦਾ ਉਦਘਾਟਨ ਕੀਤਾ। ਇਹ ਹਾਲ ਜਲਦੀ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਮੌਜੂਦਾ ਸਮੇਂ ਇਹ ਹਾਲ ਰੀਜੈਂਟ ਸਿਨੇਮਾ (ਕਟੜਾ ਸ਼ੇਰ ਸਿੰਘ) ਵਿਚ ਤਬਦੀਲ ਹੋ ਚੁੱਕਿਆ ਹੈ।


-ਮੋਬਾ: 93561-27771

ਸੰਗੀਤ ਸਮਰਾਟ ਬੈਜੂ ਬਾਵਰਾ ਦੇ ਨਾਂਅ 'ਤੇ ਵਸਿਆ ਪਿੰਡ

ਬਜਵਾੜਾ ਸਾਂਭੀ ਬੈਠਾ ਹੈ ਮਹਾਨ ਇਤਿਹਾਸਕ ਵਿਰਸਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਤਾ ਸੰਦਰੀ ਜੀ
ਮਾਤਾ ਜੀਤੋ ਜੀ ਉਰਫ ਮਾਤਾ ਸੁੰਦਰੀ ਜੀ, ਬਜਵਾੜਾ ਵਾਸੀ ਭਾਈ ਰਾਮਸਰਨ (ਇਕ ਕੁਮਾਰਣ ਖੱਤਰੀ) ਦੀ ਸਪੁੱਤਰੀ ਸਨ। ਉਨ੍ਹਾਂ ਦਾ ਵਿਆਹ 4 ਅਪ੍ਰੈਲ, 1684 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ। ਫਿਰ ਪੰਜਾਬੀ ਰਸਮੋ-ਰਿਵਾਜ ਮੁਤਾਬਕ ਵਿਆਹ ਮਗਰੋਂ ਉਨ੍ਹਾਂ ਦਾ ਨਾਂਅ ਮਾਤਾ ਜੀਤੋ ਤੋਂ ਬਦਲ ਕੇ ਮਾਤਾ ਸੁੰਦਰੀ ਰੱਖ ਦਿੱਤਾ ਗਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦੀ ਸਿਰਜਣਾ ਕੀਤੀ, ਮਾਤਾ ਸੁੰਦਰੀ ਜੀ ਪਹਿਲੀ ਖ਼ਾਲਸਾ ਮਹਿਲਾ ਸਾਜੇ ਗਏ ਸਨ। ਮਾਤਾ ਸੁੰਦਰੀ ਦੀ ਪਵਿੱਤਰ ਕੁੱਖ 'ਚੋਂ ਚਾਰ ਮਹਾਨ ਸਪੁੱਤਰਾਂ ਅਜੀਤ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ ਅਤੇ ਫ਼ਤਹਿ ਸਿੰਘ ਨੇ ਜਨਮ ਲਿਆ ਸੀ। ਮਾਤਾ ਸੁੰਦਰੀ ਨੇ ਆਪਣੇ ਚਾਰੇ ਪੁੱਤਰਾਂ ਨੂੰ ਉਨ੍ਹਾਂ ਦੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਵੀਰ-ਗਾਥਾਵਾਂ ਸੁਣਾਈਆਂ ਸਨ। ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ ਕਿ ਸੱਚਾ ਸਿੱਖ ਕਦੇ ਮੈਦਾਨ ਛੱਡ ਕੇ ਨਹੀਂ ਭੱਜਦਾ ਅਤੇ ਨਾ ਹੀ ਕਦੇ ਆਪਣਾ ਧਰਮ ਹਾਰਦਾ ਹੈ। ਮਾਤਾ ਸੁੰਦਰੀ ਜੀ ਦੀਆਂ ਇਨ੍ਹਾਂ ਸਿੱਖਿਆਵਾਂ ਕਰਕੇ ਹੀ 17 ਸਾਲ ਦੀ ਉਮਰ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ 15 ਸਾਲਾਂ ਦੀ ਉਮਰ ਵਿਚ ਜੁਝਾਰ ਸਿੰਘ ਨੇ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਨਾਲ ਲੜਦਿਆਂ ਸ਼ਹੀਦੀ ਦਾ ਜਾਮ ਪੀਤਾ ਸੀ। ਜ਼ੋਰਾਵਰ ਸਿੰਘ (9 ਸਾਲ) ਅਤੇ ਫ਼ਤਹਿ ਸਿੰਘ (6 ਸਾਲ) ਨੂੰ ਬਾਲ ਉਮਰੇ ਹੀ ਸਰਹਿੰਦ ਦੇ ਵਜ਼ੀਰ ਖਾਨ ਨੇ ਆਪਣਾ ਧਰਮ ਬਦਲ ਕੇ ਇਸਲਾਮ ਨਾ ਕਬੂਲਣ ਕਰਕੇ ਜਿਊਂਦਿਆਂ ਕੰਧਾਂ ਵਿਚ ਚਿਣਵਾ ਦਿੱਤਾ ਸੀ। ਅਕਤੂਬਰ, 1708 ਵਿਚ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਰਗਵਾਸ ਮਗਰੋਂ ਮਾਤਾ ਸੁੰਦਰੀ ਨੇ ਹੀ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਸੀ। ਉਨ੍ਹਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੱਥ-ਲਿਖਤਾਂ ਨੂੰ ਇਕੱਤਰ ਕੀਤਾ। ਆਪਣੀ ਮੋਹਰ ਹੇਠ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ। ਸੰਨ 1747 ਵਿਚ ਦਿੱਲੀ ਵਿਚ ਉਨ੍ਹਾਂ ਦਾ ਵੀ ਸਵਰਗਵਾਸ ਹੋ ਗਿਆ। ਉਨ੍ਹਾਂ ਦੀ ਸਮਰਿਤੀ ਵਿਚ ਪਿੰਡ ਬਜਵਾੜਾ ਵਿਖੇ ਇਕ ਵੱਡਅਕਾਰੀ ਖੂਬਸੂਰਤ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ, ਜਿੱਥੇ ਹਰ ਵਰ੍ਹੇ ਦਸੰਬਰ ਮਹੀਨੇ ਮਾਤਾ ਸੁੰਦਰੀ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ।
ਮਹਾਤਮਾ ਹੰਸਰਾਜ
ਬਜਵਾੜਾ ਦੇ ਹੀ ਇਕ ਬਹੁਤ ਹੀ ਸਧਾਰਨ ਪਰਿਵਾਰ ਵਿਚ 19 ਅਪ੍ਰੈਲ, 1864 ਨੂੰ ਲਾਲਾ ਹੰਸਰਾਜ ਦਾ ਜਨਮ ਪਿਤਾ ਚੂਨੀ ਲਾਲ ਅਤੇ ਮਾਤਾ ਗਣੇਸ਼ੀ ਦੇਵੀ ਦੇ ਘਰ ਹੋਇਆ। ਦੋ ਭਰਾਵਾਂ ਵਿਚੋਂ ਛੋਟੇ ਹੰਸਰਾਜ ਦੇ ਸਿਰੋਂ ਪਿਤਾ ਦਾ ਸਾਇਆ ਸਿਰਫ 12 ਸਾਲਾਂ ਦੀ ਉਮਰੇ ਹੀ ਉੱਠ ਗਿਆ ਸੀ। ਪਿਤਾ ਦੀ ਬੇਵਕਤੀ ਮੌਤ ਮਗਰੋਂ ਉਹ ਪਰਿਵਾਰ ਬਹੁਤ ਹੀ ਬੇਵਸੀ ਦੀ ਹਾਲਤ ਵਿਚ ਆ ਗਿਆ ਸੀ। ਹੰਸਰਾਜ ਨੇ ਪਿੰਡ ਬਜਵਾੜਾ ਵਿਖੇ ਹੀ ਸਕੂਲੀ ਸਿੱਖਿਆ ਹਾਸਲ ਕੀਤੀ। ਸਿਰਫ 12 ਸਾਲ ਦੀ ਬਾਲ ਉਮਰੇ ਹੀ ਉਨ੍ਹਾਂ ਦਾ ਵਿਆਹ ਠਾਕੁਰ ਦੇਵੀ ਨਾਲ ਹੋ ਗਿਆ। ਵੱਡੇ ਭਾਈ ਮੁਲਖ ਰਾਜ ਦਾ ਮਾਈਕ ਸਹਿਯੋਗ ਉਨ੍ਹਾਂ ਨੂੰ ਤਾਉਮਰ ਰਿਹਾ। ਉਹ 1877 ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਲਾਹੌਰ ਗਏ। ਲਾਹੌਰ ਵਿਚ ਹੀ ਉਨ੍ਹਾਂ ਦੀ ਨੇੜਤਾ ਦੇਸ਼-ਭਗਤ ਲਾਲਾ ਲਾਜਪਤ ਰਾਏ ਨਾਲ ਹੋਈ। ਲਾਜਪਤ ਰਾਏ ਆਪਣੀਆਂ ਗਰਮਾ-ਗਰਮ ਤਕਰੀਰਾਂ ਨਾਲ ਲੋਕਾਂ ਵਿਚ ਦੇਸ਼-ਭਗਤੀ ਦਾ ਜੋਸ਼ ਭਰਦੇ ਸਨ। ਉਧਰ ਹੰਸਰਾਜ ਆਪਣੇ ਭਾਸ਼ਨਾਂ ਰਾਹੀਂ ਲੋਕਾਂ ਨੂੰ ਸ਼ਾਂਤੀ ਦਾ ਪਾਠ ਪੜ੍ਹਾਉਂਦੇ ਸਨ। ਫਿਰ 1877 ਵਿਚ ਉਹ ਆਰੀਆ ਸਮਾਜ ਦੇ ਮੋਢੀ ਸੁਆਮੀ ਦਇਆਨੰਦ ਸਰਸਵਤੀ ਦੇ ਸੰਪਰਕ ਵਿਚ ਆ ਗਏ ਅਤੇ ਆਰੀਆ ਸਮਾਜ ਦੇ ਕੱਟੜ ਸਮਰਥਕ ਹੋ ਗਏ। ਉਨ੍ਹਾਂ ਨੇ ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਦਾ ਪ੍ਰਧਾਨ ਹੋਣ ਕਰਕੇ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਉਚੇਚਾ ਧਿਆਨ ਦਿੱਤਾ। ਇੰਜ ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਪਨਪੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ।
ਉਨ੍ਹਾਂ ਨੇ ਆਪਣੇ ਜੀਵਨ ਦੇ 25 ਵਰ੍ਹੇ ਸਿੱਖਿਆ ਖੇਤਰ ਅਤੇ 51 ਵਰ੍ਹੇ ਆਰੀਆ ਸਮਾਜ ਦੇ ਉਪਦੇਸ਼ਕ ਦੇ ਰੂਪ ਵਿਚ ਨਿਸ਼ਕਾਮ ਭਾਵ ਨਾਲ ਅਰਪਿਤ ਕੀਤੇ। 7 ਜੁਲਾਈ, 1914 ਨੂੰ ਉਨ੍ਹਾਂ ਦੀ ਧਰਮਪਤਨੀ ਦਾ ਸਵਰਗਵਾਸ ਹੋ ਗਿਆ। ਇਸ ਮਗਰੋਂ ਉਨ੍ਹਾਂ ਦੇ ਪੁੱਤਰ ਬਲਰਾਜ ਨੂੰ ਅੰਗਰੇਜ਼ ਸਰਕਾਰ ਨੇ ਰਾਜ ਧਰੋਹ ਦੇ ਜੁਰਮ ਵਿਚ ਸਖ਼ਤ ਸਜ਼ਾ ਦੇ ਦਿੱਤੀ। ਆਰੀਆ ਸਮਾਜ ਪ੍ਰਤੀ ਸਮਰਪਣ ਅਤੇ ਉਨ੍ਹਾਂ ਦੀ ਤਪੱਸਵੀ ਜੀਵਨ ਸ਼ੈਲੀ ਨੂੰ ਵੇਖਦਿਆਂ ਲੋਕਾਂ ਨੇ ਉਨ੍ਹਾਂ ਨੂੰ ਮਹਾਤਮਾ ਕਹਿਣਾ ਸ਼ੁਰੂ ਕਰ ਦਿੱਤਾ। ਜੀਵਨ ਦੇ ਆਖਰੀ ਦਿਨਾਂ ਵਿਚ ਉਹ ਆਪਣੀ ਮਾਤਾ ਵਾਂਗ ਹੀ ਆਪਣੀ ਦ੍ਰਿਸ਼ਟੀ ਗੁਆ ਬੈਠੇ ਸਨ। 1886 ਵਿਚ ਲਾਹੌਰ ਵਿਚ ਡੀ.ਏ.ਵੀ. (ਦਇਆਨੰਦ ਐਂਗਲੋ ਵੈਦਿਕ) ਸਕੂਲ ਸਿਸਟਮ ਦੀ ਸਥਾਪਨਾ ਕੀਤੀ। 25 ਵਰ੍ਹੇ ਡੀ.ਏ.ਵੀ. ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ। ਉਨ੍ਹਾਂ ਦੇ ਉਪਰਾਲਿਆਂ ਕਰਕੇ ਹੰਸਰਾਜ ਮਹਾਂਵਿਦਿਆਲੇ ਜਲੰਧਰ ਸਹਿਤ ਦੇਸ਼ ਭਰ ਵਿਚ ਡੀ.ਏ.ਵੀ. ਦੀਆਂ ਹਜ਼ਾਰਾਂ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ। 15 ਨਵੰਬਰ, 1938 ਨੂੰ ਇਹ ਪ੍ਰਸਿੱਧ ਸਿੱਖਿਆ ਸ਼ਾਸਤਰੀ, ਆਰੀਆ ਸਮਾਜੀ ਅਤੇ ਸਮਾਜ ਸੁਧਾਰਕ ਮਹਾਤਮਾ ਹੰਸਰਾਜ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਬਜਵਾੜਾ ਵਿਚ ਉਨ੍ਹਾਂ ਦੇ ਜਨਮ ਸਥਾਨ 'ਤੇ ਇਕ ਸੁੰਦਰ ਮਹਾਤਮਾ ਹੰਸਰਾਜ ਸਮਰਿਤੀ ਭਵਨ ਅਤੇ ਪੁਸਤਕਾਲਾ ਉਸਾਰਿਆ ਹੋਇਆ ਹੈ।
ਅੰਬਿਕਾ ਸੋਨੀ
ਬਜਵਾੜਾ ਪਿੰਡ ਭਾਰਤੀ ਰਾਜਨੀਤੀ ਦੀ ਇਕ ਸਿਰਕੱਢ ਮਹਿਲਾ ਸਿਆਸੀ ਹਸਤੀ ਅੰਬਿਕਾ ਸੋਨੀ ਦਾ ਸਹੁਰਾ ਪਿੰਡ ਹੋਣ ਕਾਰਨ ਉਸ ਦੀ ਕਲਗੀ ਵਿਚ ਇਕ ਹੋਰ ਖੰਭ ਲੱਗ ਜਾਣ ਵਾਂਗ ਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੀ ਹੋਣ ਕਾਰਨ ਉਨ੍ਹਾਂ ਨੇ ਕਾਂਗਰਸ ਦੇ ਰਾਜ ਵਿਚ, ਸੂਚਨਾ-ਪ੍ਰਸਾਰਣ ਮੰਤਰਾਲੇ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰਾਲੇ ਦੀ ਮੰਤਰੀ ਦਾ ਮਾਣਯੋਗ ਰੁਤਬਾ ਹਾਸਲ ਕੀਤਾ ਹੈ। ਰਾਜ ਸਭਾ ਮੈਂਬਰ ਵਜੋਂ ਵੀ ਪੰਜਾਬ ਵਲੋਂ ਪ੍ਰਤੀਨਿਧਤਾ ਕੀਤੀ ਹੈ। ਲਾਹੌਰ ਵਿਚ 1942 ਨੂੰ ਪੈਦਾ ਹੋਈ, ਦੇਸ਼-ਵਿਦੇਸ਼ ਦੇ ਵਿਸ਼ਵ ਵਿਦਿਆਲਿਆਂ ਤੋਂ ਉੱਚ ਸਿੱਖਿਆ ਪ੍ਰਾਪਤ ਅੰਬਿਕਾ ਸੋਨੀ ਦਾ ਵਿਆਹ 1961 ਵਿਚ ਬਜਵਾੜਾ ਦੇ ਆਈ. ਐਫ. ਐਸ. ਅਫ਼ਸਰ ਉਦੈ ਸੋਨੀ ਨਾਲ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਦੇ ਨੇੜਲੇ ਰਿਸ਼ਤਿਆਂ ਦੇ ਹੁੰਦਿਆਂ ਅੰਬਿਕਾ ਸੋਨੀ ਨੇ 1969 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਜੁਆਇਨ ਕੀਤੀ ਅਤੇ 1975 ਵਿਚ ਇੰਡੀਅਨ ਯੂਥ ਕਾਂਗਰਸ ਦੀ ਕੌਮੀ ਪ੍ਰਧਾਨ ਚੁਣੀ ਗਈ। 1998 ਵਿਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਵੀ ਰਾਸ਼ਟਰੀ ਪ੍ਰਧਾਨ ਬਣਾਈ ਗਈ। ਭਾਰਤ ਦੀ ਲੰਮਾ ਸਮਾਂ ਰਾਜ ਕਰਨ ਵਾਲੀ ਪ੍ਰਮੁੱਖ ਰਾਜਨੀਤਕ ਪਾਰਟੀ ਦੇ ਸਿਖਰਲੇ ਅਹੁਦਿਆਂ 'ਤੇ ਰਹਿੰਦਿਆਂ ਅਤੇ ਭਾਰਤ ਸਰਕਾਰ ਦੇ ਮਹੱਤਵਪੂਰਨ ਮੰਤਰਾਲਿਆਂ 'ਤੇ ਸੁਸ਼ੋਭਿਤ ਹੋਣ ਵਾਲੀ ਅੰਬਿਕਾ ਸੋਨੀ ਦੀ ਸਿਆਸੀ ਸੂਝ-ਬੂਝ ਅਤੇ ਯੋਗਤਾ ਨਾਲ ਪਿੰਡ ਬਜਵਾੜਾ ਦਾ ਨਾਂਅ ਵਿਸ਼ਵ ਭਰ ਵਿਚ ਪ੍ਰਸਿੱਧ ਹੋਇਆ ਹੈ। ਅੱਜ ਵੀ ਬਜਵਾੜਾ ਵਿਖੇ ਕਈ ਵਿੱਦਿਅਕ ਸੰਸਥਾਵਾਂ ਇਸ ਪਰਉਪਕਾਰੀ ਪਰਿਵਾਰ ਦੇ ਮਾਈਕ ਸਹਿਯੋਗ ਨਾਲ ਚਲਦੀਆਂ ਪਈਆਂ ਹਨ।
ਇੰਨੀ ਮਾਣਮੱਤੀ ਇਤਿਹਾਸਕ ਪਿੱਠ ਭੂਮੀ ਹੋਣ ਦੇ ਬਾਵਜੂਦ ਪਿੰਡ ਬਜਵਾੜਾ ਅਜੇ ਵੀ ਪ੍ਰਮੁੱਖ ਟੂਰਿਸਟ ਪੁਆਇੰਟ ਦਾ ਦਰਜਾ ਪ੍ਰਾਪਤ ਕਰਨ ਦੀ ਉਡੀਕ ਵਿਚ ਹੈ।
(ਸਮਾਪਤ)


-ਪੰਚਵਟ, ਏਕਤਾ ਇਨਕਲੇਵ, ਲੇਨ-2, ਬੂਲਾਂਬਾੜੀ, ਹੁਸ਼ਿਆਰਪੁਰ-146001. ਮੋਬਾ: 98761-56964

ਪ੍ਰਾਚੀਨ ਬਜਰੇਸ਼ਵਰੀ ਮੰਦਰ ਕਾਂਗੜਾ (ਹਿਮਾਚਲ ਪ੍ਰਦੇਸ਼)

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਪਹਾੜੀ ਉੱਪਰ ਸਥਿਤ ਪ੍ਰਸਿੱਧ ਪ੍ਰਾਚੀਨ ਬਜਰੇਸ਼ਵਰੀ ਮੰਦਰ ਹਿੰਦੂ ਧਰਮ ਦੇ ਸ਼ਰਧਾਲੂਆਂ ਦੁਆਰਾ ਵੱਡੀ ਗਿਣਤੀ ਵਿਚ ਯਾਤਰਾ ਕਰਨ ਵਾਲਾ ਮੰਦਰ ਹੈ। ਇਥੇ ਹਮੇਸ਼ਾ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਹ ਮੰਦਰ ਆਦਿ ਸ਼ਕਤੀ ਦੇ 51 ਸ਼ਕਤੀਪੀਠਾਂ ਵਿਚੋਂ ਇਕ ਹੈ, ਜਿਸ ਨੂੰ ਪੂਰੇ ਹਿਮਾਚਲ ਪ੍ਰਦੇਸ਼ ਦਾ ਮੁੱਖ ਆਕਰਸ਼ਣ ਮੰਨਿਆ ਜਾਂਦਾ ਹੈ। ਇਸ ਦੇਵੀ ਨੂੰ ਬਜਦੇਵੀ ਅਤੇ ਬਜਯੋਗਨੀ ਦੇਵੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਵਿਚ ਦੇਵੀ ਨੂੰ ਦੁਰਗਾ ਮਾਤਾ ਦੇ ਰੂਪ ਵਿਚ ਵੀ ਪੂਜਿਆ ਜਾਂਦਾ ਹੈ। ਲਗਪਗ 15ਵੀਂ ਸਦੀ ਵਿਚ ਸਥਾਪਿਤ ਕੀਤੇ ਗਏ ਇਸ ਮੰਦਰ ਦਾ ਇਤਿਹਾਸ ਦੱਸਦਾ ਹੈ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਦੀ ਤਰ੍ਹਾਂ ਇਸ ਨੂੰ ਵੀ ਹਮਲਾਵਰਾਂ ਨੇ ਵਾਰ-ਵਾਰ ਲੁੱਟਿਆ ਸੀ ਅਤੇ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। 1905 ਵਿਚ ਆਏ ਇਕ ਸ਼ਕਤੀਸ਼ਾਲੀ ਭੁਚਾਲ ਨਾਲ ਵੀ ਇਸ ਨੂੰ ਭਾਰੀ ਨੁਕਸਾਨ ਪੁੱਜਾ ਸੀ। ਅੰਗਰੇਜ਼ ਸਰਕਾਰ ਦੁਆਰਾ 1920 ਵਿਚ ਇਸ ਮੰਦਰ ਦਾ ਪੁਨਰਨਿਰਮਾਣ ਕਰਵਾਇਆ ਗਿਆ ਸੀ। ਵਰਤਮਾਨ ਮੰਦਰ ਨਾਂਗਰਾ ਸ਼ੈਲੀ ਵਿਚ ਬਣਾਇਆ ਗਿਆ ਹੈ। ਇਹ ਇਕ ਉੱਚ ਕੋਟੀ ਦੀ ਕਲਾ ਹੈ, ਜਿਸ ਦੀ ਸੰਰਚਨਾ ਪੱਥਰ ਦੀਆਂ ਦੀਵਾਰਾਂ ਨਾਲ ਕੀਤੀ ਗਈ ਹੈ। ਚਿੱਟੇ ਰੰਗ ਦੇ ਪੱਥਰ ਨਾਲ ਬਣਿਆ ਇਹ ਮੰਦਰ ਦੂਰ ਤੋਂ ਚਮਕਦਾ ਦਿਖਾਈ ਦਿੰਦਾ ਹੈ। ਮੰਦਰ ਦੇ ਅੰਦਰ ਦੇਵੀ ਬਜਰੇਸ਼ਵਰੀ ਦੀ ਹੀ ਮੂਰਤੀ ਹੈ।
ਇਥੋਂ ਦੇ ਸਥਾਨਕ ਲੋਕ ਇਸ ਨੂੰ ਆਪਣੀ ਕੁੱਲ ਦੇਵੀ ਦੇ ਰੂਪ ਵਿਚ ਮੰਨਦੇ ਹਨ। ਨਵਰਾਤਰੀ ਤੇ ਮਕਰਸੰਕਰਾਂਤੀ ਦੇ ਤਿਉਹਾਰ ਇਥੇ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥

'ਜਪੁ' ਪਉੜੀ ਛੇਵੀਂ
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥ ੬॥ (ਅੰਗ 2)
ਪਦ ਅਰਥ : ਤੀਰਥਿ ਨਾਵਾ-ਤੀਰਥਾਂ 'ਤੇ ਜਾ ਕੇ ਤਾਂ ਇਸ਼ਨਾਨ ਕਰਾਂ। ਜੇ-ਜੇਕਰ। ਤਿਸੁ-ਉਸ ਪ੍ਰਭੂ ਨੂੰ। ਭਾਵਾ-ਚੰਗਾ ਲੱਗਾਂ। ਵਿਣੁ ਭਾਣੇ-ਚੰਗਾ ਲੱਗਣ ਤੋਂ ਬਿਨਾਂ। ਕਿ-ਕੀ। ਕਿ ਨਾਇ ਕਰੀ-ਇਸ਼ਨਾਨ ਕਰਕੇ ਹੀ ਕਰਾਂ। ਜੇਤੀ-ਜਿੰਨੀ ਵੀ। ਸਿਰਠਿ-ਸ੍ਰਿਸ਼ਟੀ। ਉਪਾਈ-ਪੈਦਾ ਕੀਤੀ ਹੋਈ ਹੈ। ਵਿਣੁ ਕਰਮਾ-ਮਿਹਰ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ। ਕਿ ਮਿਲੈ ਲਈ-ਕੀ ਮਿਲਦਾ ਹੈ ਭਾਵ ਕੁਝ ਵੀ ਨਹੀਂ ਮਿਲਦਾ। ਮਾਣਿਕ-ਮੋਤੀ। ਸਿਖ ਸੁਣੀ-ਸਿੱਖਿਆ ਸੁਣਨ ਨਾਲ, ਸਿੱਖਿਆ ਗ੍ਰਹਿਣ ਕਰਨ ਨਾਲ। ਗੁਰਾ-ਹੇ ਗੁਰੂ ਜੀ। ਦੇਹਿ ਬੁਝਾਈ-ਮੈਨੂੰ ਸੋਝੀ ਬਖਸ਼ੋ। ਸੋ-ਉਸ ਪ੍ਰਭੂ ਨੂੰ। ਵਿਸਰਿ ਨ ਜਾਈ-ਭੁੱਲ ਨ ਜਾਵਾਂ।
ਸਾਡੇ ਦੇਸ਼ ਵਿਚ ਇਹ ਪ੍ਰਥਾ ਚਲੀ ਆ ਰਹੀ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਕੀਤੇ ਪਾਪਾਂ ਦੀ ਮੈਲ ਧੋ ਹੋ ਜਾਂਦੀ ਹੈ, ਜਿਸ ਕਾਰਨ ਮਨੁੱਖ ਅਸਲ ਤੀਰਥ (ਨਾਮ) ਨੂੰ ਛੱਡ ਕੇ ਕਰਮ ਕਾਂਡਾਂ ਵਿਚ ਫਸਿਆ ਰਹਿੰਦਾ ਹੈ ਪਰ ਜੇਕਰ ਨਾਮ ਦਾ ਸਿਮਰਨ ਨਹੀਂ ਕੀਤਾ, ਸ਼ੁਭ ਕਰਮ ਨਹੀਂ ਕੀਤੇ, ਬੁਰੇ ਕਰਮ ਹੀ ਕਰਦੇ ਰਹੇ ਤਾਂ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਮਨੁੱਖ ਦੀ ਗਤੀ ਨਹੀਂ ਹੋ ਸਕਦੀ, ਮਨੁੱਖ ਦਾ ਕਲਿਆਣ ਨਹੀਂ ਹੋ ਸਕਦਾ। ਜਗਤ ਗੁਰੂ ਬਾਬਾ ਪਉੜੀ ਦੇ ਆਰੰਭ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਾਂ ਜੇਕਰ ਇਸ ਤਰ੍ਹਾਂ ਕਰਨ ਨਾਲ ਮੈਂ ਪ੍ਰਭੂ ਨੂੰ ਰਿਝਾ ਸਕਾਂ, ਉਸ ਨੂੰ ਖੁਸ਼ ਕਰ ਸਕਾਂ। ਜੇਕਰ ਇੰਜ ਕਰਨ ਨਾਲ ਮੇਰਾ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਤਾਂ ਫਿਰ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਕੀ ਫਾਇਦਾ?
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਆਪ ਜੀ ਦੇ ਰਾਗੁ ਧਨਾਸਰੀ ਵਿਚ ਵੀ ਪਾਵਨ ਬਚਨ ਹਨ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਕਿਉਂ ਜਾਵਾਂ, ਜਦੋਂ ਕਿ ਪਰਮਾਤਮਾ ਦਾ ਨਾਮ ਹੀ ਮੇਰੇ ਲਈ ਤੀਰਥ ਹੈ-
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ (ਅੰਗ 687)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਮਨ ਅੰਦਰ ਵਸਾਉਣਾ ਮੇਰੇ ਲਈ ਇਹੋ ਤੀਰਥ ਇਸ਼ਨਾਨ ਹੈ, ਕਿਉਂਕਿ ਇਸ ਨਾਲ ਪਰਮਾਤਮਾ ਦੇ ਗੁਣਾਂ ਦੀ ਸੋਝੀ ਮਨ ਅੰਦਰ ਪੈਦਾ ਹੁੰਦੀ ਹੈ-
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (ਅੰਗ 687)
ਅੰਤਰਿ-ਮਨ ਅੰਦਰ। ਗਿਆਨੁ-ਪਰਮਾਤਮਾ ਦੇ ਗੁਣਾਂ ਦੀ ਸੋਝੀ।
ਆਪ ਜੀ ਰਾਗੁ ਰਾਮਕਲੀ ਵਿਚ ਵੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਮਨ ਨਿਰਮਲ ਨਹੀਂ, ਵਿਕਾਰਾਂ ਦੀ ਮੈਲ ਨਾਲ ਭਰਿਆ ਹੋਇਆ ਹੈ ਤਾਂ ਤੀਰਥਾਂ ਦੇ ਭਰਮਣ ਕਰਨ ਦਾ ਕੋਈ ਲਾਭ ਨਹੀਂ। ਇਸ ਤਰ੍ਹਾਂ ਮਨ ਕਦੇ ਸੁੱਚਾ ਜਾਂ ਨਿਰਮਲ ਨਹੀਂ ਹੋ ਸਕਦਾ-
ਅੰਤਰਿ ਮੈਲੁ ਤੀਰਥ ਭਰਮੀਜੈ॥
ਮਨੁ ਨਹੀਂ ਸੂਚਾ ਕਿਆ ਸੋਚ ਕਰੀਜੈ॥ (ਅੰਗ 905)
ਸੂਚਾ-ਨਿਰਮਲ, ਪਵਿੱਤਰ।
ਪੰਜਵੀਂ ਪਉੜੀ ਵਿਚ ਗੁਰੂ ਬਾਬਾ ਨੇ ਸਮਝਾਇਆ ਹੈ ਕਿ ਪ੍ਰਭੂ ਦੀ ਕਿਸੇ ਨੇ ਸਥਾਪਨਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕਿਸੇ ਨੇ ਬਣਾਇਆ ਹੈ, ਉਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ। ਵਿਚਾਰ ਅਧੀਨ 6ਵੀਂ ਪਉੜੀ ਦੀ ਅਗਲੀ ਤੁਕ ਵਿਚ ਜਗਤ ਗੁਰੂ ਬਾਬਾ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਪਰਮਾਤਮਾ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖ ਰਿਹਾ ਹਾਂ, ਇਸ ਵਿਚ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਕੀ ਮਿਲ ਸਕਦਾ ਹੈ ਜਾਂ ਕੋਈ ਕੀ ਲੈ ਸਕਦਾ ਹੈ ਭਾਵ ਉਸ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ-
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਪਰਮਾਤਮਾ ਦੇ ਚੋਜਾਂ ਨੂੰ ਸਮਝਿਆ ਨਹੀਂ ਜਾ ਸਕਦਾ, ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਆਪ ਜੀਵਾਂ ਨੂੰ ਪੈਦਾ ਕਰਕੇ, ਫਿਰ ਆਪ ਹੀ ਉਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜੋ ਜੀਵ ਉਸ ਨੂੰ ਭਾਅ ਜਾਂਦੇ ਹਨ, ਉਨ੍ਹਾਂ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖਸ਼ਦਾ ਹੈ। ਰਾਗੁ ਮਾਰੂ ਵਿਚ ਤੀਜੀ ਨਾਨਕ ਜੋਤਿ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਆਪੇ ਸ੍ਰਿਸਟਿ ਸਭ ਸਾਜੀਅਨੁ
ਆਪੇ ਨਦਰਿ ਕਰੇਇ॥
ਨਾਨਕ ਨਾਮਿ ਵਡਿਆਈਆ
ਜੈ ਭਾਵੈ ਤੈ ਦੇਇ॥ (ਅੰਗ 994)
ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ।
ਹੇ ਪ੍ਰਭੂ, ਤੇਰੀ ਮਿਹਰ ਸਦਕਾ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ-
ਜਿਸ ਨੋ ਕਰਮਿ ਪ੍ਰਾਪਤਿ ਹੋਵੈ
ਸੋ ਜਨੁ ਨਿਰਮਲੁ ਥੀਵੈ॥
(ਰਾਗੁ ਸੋਰਠਿ ਮਹਲਾ ੫, ਅੰਗ 616)
ਕਰਮਿ-ਮਿਹਰ, ਬਖਸ਼ਿਸ਼। ਜਨੁ-ਜੀਵ, ਮਨੁੱਖ। ਨਿਰਮਲੁ-ਪਵਿੱਤਰ ਜੀਵਨ ਵਾਲਾ। ਥੀਵੈ-ਬਣ ਜਾਂਦਾ ਹੈ। ਸੋ-ਉਹ।
ਰਾਗੁ ਸੋਰਠਿ ਵਿਚ ਹੀ ਆਪ ਜੀ ਦੇ ਹੋਰ ਬਚਨ ਹਨ ਕਿ ਦਇਆਵਾਨ ਅਤੇ ਕਿਰਪਾਲੂ ਮਾਲਕ ਪ੍ਰਭੂ ਜਿਸ ਮਨੁੱਖ ਦੀ ਬੇਨਤੀ ਨੂੰ ਸੁਣ ਲੈਂਦਾ ਹੈ, ਉਸ ਨੂੰ ਉਹ ਪੂਰਾ ਗੁਰੂ ਮਿਲਾ ਦਿੰਦਾ ਹੈ, ਜਿਸ ਸਦਕਾ ਮਨੁੱਖ ਦੇ ਮਨ ਦੀ ਫਿਰ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ-
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ
ਆਪੇ ਸੁਣੈ ਬੇਨੰਤੀ॥
ਪੂਰਾ ਸਤਿਗੁਰੁ ਮੇਲਿ ਮਿਲਾਵੈ
ਸਭ ਚੂਕੇ ਮਨ ਕੀ ਚਿੰਤੀ॥ (ਅੰਗ 625)
ਚੂਕੈ-ਮੁੱਕ ਜਾਂਦੀ ਹੈ। ਚਿੰਤੀ-ਚਿੰਤਾ।
ਇਸ ਪ੍ਰਕਾਰ ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ, ਗ੍ਰਹਿਣ ਕਰਦਾ ਹੈ ਭਾਵ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਮਨੁੱਖ ਦੀ ਬੁੱਧੀ ਵਿਚ ਰਤਨ, ਲਾਲ ਜਵਾਹਰ ਅਤੇ ਮੋਤੀ ਆਦਿ ਜਿਹੇ ਕੀਮਤੀ ਦੈਬੀ ਗੁਣ ਉਪਜ ਪੈਂਦੇ ਹਨ ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ-
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਰਾਗੁ ਆਸਾ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਭੰਡਾਰ ਭਰ ਜਾਂਦੇ ਹਨ, ਉਨ੍ਹਾਂ ਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਦੇ ਸਮਾਨ ਹੋਰ ਕੋਈ ਚੀਜ਼ ਨਹੀਂ-
ਹਰਿ ਹਰਿ ਨਾਮੁ ਅਤੋਲਕੁ ਪਾਇਆ
ਤੇਰੀ ਭਗਤਿ ਭਰੇ ਭੰਡਾਰਾ॥ (ਅੰਗ 442)
ਅਤੋਲਕੁ-ਜਿਸ ਨੂੰ ਤੋਲਿਆ ਨਾ ਜਾ ਸਕੇ, ਜਿਸ ਦੇ ਸਮਾਨ ਹੋਰ ਕੋਈ ਚੀਜ਼ ਨਹੀਂ।
ਇੰਜ ਜਿਸ ਮਨੁੱਖ ਨੂੰ ਪੂਰਾ ਗੁਰੂ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ, ਉਹ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿਚ ਜੋੜੀ ਰੱਖਦਾ ਹੈ-
ਜੀਅ ਦਾਨੁ ਗੁਰਿ ਪੂਰੈ ਦੀਆ
ਰਾਮ ਨਾਮਿ ਚਿਤੁ ਲਾਏ॥ (ਅੰਗ 443)
ਜੀਅ ਦਾਨੁ-ਆਤਮਿਕ ਜੀਵਨ ਦੀ ਦਾਤ।
ਵਿਚਾਰ ਅਧੀਨ ਪਉੜੀ ਦੇ ਅੰਤ ਵਿਚ ਗੁਰੂ ਬਾਬਾ ਪੰਜਵੀਂ ਪਉੜੀ ਦੀਆਂ ਅੰਤਲੀਆਂ ਤੁਕਾਂ ਨੂੰ ਦੁਹਰਾ ਰਹੇ ਹਨ ਕਿ ਹੇ ਸਤਿਗੁਰੂ, ਮੈਨੂੰ ਇਹ ਸੋਝੀ ਬਖਸ਼ ਕਿ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ, ਮੈਨੂੰ ਕਦੀ ਮਨੋ ਵਿਸਰੇ ਨਾ, ਕਦੇ ਭੁੱਲੇ ਨਾ-
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਕਰਮ ਕਰੋ

ਭਗਤੀ ਅਤੇ ਜੀਵਨ ਨੂੰ ਪਵਿੱਤਰ ਅਤੇ ਅਧਿਆਤਮਕ ਬਣਾਉਣ ਦੀ ਸ਼ਕਤੀ ਅਜਿਹੇ ਤੱਤ ਹਨ, ਜੋ ਨੀਚ ਤੋਂ ਨੀਚ ਅਤੇ ਭੈੜੇ ਤੋਂ ਭੈੜੇ ਵਿਅਕਤੀ ਨੂੰ ਵੀ ਮਹਾਨ ਬਣਾ ਦਿੰਦੇ ਹਨ। ਜੇ ਅਸੀਂ ਬੀਤੇ ਸਮੇਂ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਅਜਿਹੇ ਕਈ ਉਦਾਹਰਨ ਮਿਲਦੇ ਹਨ ਜਦ ਭਗਤੀ ਅਤੇ ਪਵਿੱਤਰਤਾ ਦੇ ਸਹਾਰੇ ਅਪਰਾਧੀ ਵੀ ਈਸ਼ਵਰ ਦੀ ਸ਼ਰਨ ਵਿਚ ਆ ਗਏ ਅਤੇ ਉਨ੍ਹਾਂ ਵਿਚ ਅਜਿਹੇ ਪਰਿਵਰਤਨ ਆਏ ਕਿ ਉਹ ਮਹਾਨ ਬਣ ਗਏ। ਸਾਰੇ ਵਿਅਕਤੀ ਅਜਿਹੀ ਕਿਰਪਾ ਜਾਂ ਅਸ਼ੀਰਵਾਦ ਦੇ ਪਾਤਰ ਹੋ ਸਕਦੇ ਹਨ। ਹਰ ਜੀਵ ਵਿਚ ਦੈਵੀ ਸ਼ਕਤੀ ਹੁੰਦੀ ਹੈ, ਜਿਸ ਦੇ ਆਧਾਰ 'ਤੇ ਉਹ ਪੂਰਣਤਾ ਪ੍ਰਾਪਤ ਕਰ ਸਕਦਾ ਹੈ। ਅਸੀਂ ਵਰਤਮਾਨ ਵਿਚ ਜੋ ਕੁਝ ਵੀ ਹਾਂ, ਉਹ ਭੂਤਕਾਲ ਦੇ ਵਿਚਾਰਾਂ ਅਤੇ ਕਰਮਾਂ ਦਾ ਸਿੱਟਾ ਹਾਂ ਅਤੇ ਜੋ ਅਸੀਂ ਭਵਿੱਖ ਵਿਚ ਹੋਵਾਂਗੇ, ਉਸ ਨੂੰ ਸਾਡੇ ਵਰਤਮਾਨ ਦੇ ਵਿਚਾਰ ਅਤੇ ਕਰਮ ਨਿਰਧਾਰਤ ਕਰਨਗੇ। ਇਸ ਸੰਸਾਰ ਦੀ ਕੋਈ ਵੀ ਸਜੀਵ ਜਾਂ ਨਿਰਜੀਵ ਵਸਤੂ ਸਥਾਈ ਨਹੀਂ ਹੈ, ਨਾ ਹੀ ਕੋਈ ਸਬੰਧ ਸਥਾਈ ਹੈ। ਇਸ ਲਈ ਇਨ੍ਹਾਂ ਪ੍ਰਤੀ ਲਗਾਵ ਨਹੀਂ ਹੋਣਾ ਚਾਹੀਦਾ। ਅਸਲ ਆਨੰਦ ਦੀ ਪ੍ਰਾਪਤੀ ਲਈ ਸਾਨੂੰ ਆਪਣੀ ਮਾਨਸਿਕਤਾ ਨੂੰ ਸੰਸਾਰਿਕ ਸਥੂਲ ਪਦਾਰਥਾਂ ਤੋਂ ਮੋੜ ਕੇ ਪਰਮਾਤਮਾ ਵੱਲ ਕਰਨਾ ਚਾਹੀਦਾ ਹੈ। ਤੁਹਾਡਾ ਅਤੀਤ (ਭੂਤਕਾਲ) ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਰਿਹਾ ਹੋਵੇ, ਤੁਸੀਂ ਵਰਤਮਾਨ ਵਿਚ ਪਵਿੱਤਰਤਾ ਅਤੇ ਅਧਿਆਤਮਿਕਤਾ ਪ੍ਰਾਪਤ ਕਰ ਸਕਦੇ ਹੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇੰਗਲੈਂਡ ਵਿਚ ਸਥਾਪਤ 'ਪੰਜਾਬੀ ਥੀਏਟਰ ਅਕੈਡਮੀ, ਯੂ.ਕੇ.' ਦੇ ਡਾਇਰੈਕਟਰ ਸ: ਟੀ. ਪੀ. ਸਿੰਘ ਨੇ ਇਕ ਪ੍ਰੋਜੈਕਟ 'ਨਾਨਕ ਆਇਆ, ਨਾਨਕ ਆਇਆ, ਕੁਲ ਦੁਨੀਆਂ ਨੂੰ ਤਾਰਨ ਆਇਆ' ਨਾਟਕ ਤਿਆਰ ਕੀਤਾ ਹੈ, ਜਿਸ ਵਿਚ ਗੁਰੂ ਨਾਨਕ ਪਾਤਸ਼ਾਹ ਦੀ 1469-1539 ਤੱਕ ਦੀ ਜੀਵਨ ਯਾਤਰਾ ਦੀਆਂ ਝਾਕੀਆਂ ਹਨ, ਜੋ 140 ਮਿੰਟ ਦਾ ਸਟੇਜ ਨਾਟਕ ਹੈ। ਉਸ ਨੇ ਇਹ ਨਾਟਕ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਅਟਾਰੀ ਦਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਇਕ ਧਨਾਢ ਵਿਅਕਤੀ ਨੇ ਕੈਨੇਡਾ ਵਿਚ ਚੀਫ਼ ਖ਼ਾਲਸਾ ਦੀਵਾਨ ਦਾ ਸਬ ਆਫਿਸ ਖੋਲ੍ਹਣ ਲਈ ਆਪਣਾ ਘਰ ਦੇਣ ਅਤੇ ਗੁਰਦੁਆਰਾ ਰਾਮਗੜ੍ਹੀਆ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਖੋਲ੍ਹਣ ਲਈ 4 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਪ੍ਰਧਾਨ ਸ: ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਉੱਤਰ ਦਿੱਤਾ ਕਿ ਦੀਵਾਨ ਦਾ ਮੁੱਖ ਕਾਰਜ ਇਸ ਦੇ ਮੋਢੀ ਭਾਈ ਵੀਰ ਸਿੰਘ, ਸ: ਹਰਬੰਸ ਸਿੰਘ ਅਟਾਰੀ, ਸ: ਅਰਜਨ ਸਿੰਘ ਬਾਗੜੀਆਂ, ਸ: ਤਰਲੋਚਨ ਸਿੰਘ ਅਤੇ ਸ: ਸੁੰਦਰ ਸਿੰਘ ਮਜੀਠੀਆ ਦੀਆਂ ਭਾਵਨਾਵਾਂ ਅਨੁਸਾਰ ਸਿੱਖੀ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
ਸ: ਨਿਰਮਲ ਸਿੰਘ ਨੇ ਦੀਵਾਨ ਦੇ ਮਨਸੂਬੇ ਸਪੱਸ਼ਟ ਕਰਦਿਆਂ ਕਿਹਾ ਕਿ ਦੀਵਾਨ ਦੇ ਸਕੂਲਾਂ ਵਿਚ ਪੜ੍ਹ ਰਹੇ ਪਤਿਤ ਸਿੱਖ ਬੱਚਿਆਂ ਨੂੰ ਫੀਸ ਮੁਆਫੀ ਜਾਂ ਕਿਸੇ ਹੋਰ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਭਵਿੱਖ ਵਿਚ ਕੋਈ ਪਤਿਤ ਸਿੱਖ ਬੱਚਾ ਦੀਵਾਨ ਦੇ ਸਕੂਲਾਂ ਵਿਚ ਦਾਖਲ ਨਹੀਂ ਕੀਤਾ ਜਾਵੇਗਾ। ਦੀਵਾਨ ਦੇ ਸਕੂਲਾਂ ਦੇ +2 ਕਰਨ ਸਮੇਂ ਜਿਹੜੇ ਗੁਰਸਿੱਖ ਬੱਚੇ 90 ਫੀਸਦੀ ਦੇ ਲਗਪਗ ਨੰਬਰ ਲੈ ਕੇ ਪਾਸ ਹੁੰਦੇ ਹਨ ਅਤੇ ਅੱਗੋਂ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਇਛੁੱਕ ਹਨ ਪਰ ਆਰਥਿਕ ਤੰਗੀ ਕਾਰਨ ਆਪਣੀ ਇੱਛਾ ਪੂਰੀ ਨਹੀਂ ਕਰ ਸਕਦੇ, ਦੀਵਾਨ ਉਨ੍ਹਾਂ ਗੁਰਸਿੱਖ ਬੱਚਿਆਂ ਦੀ ਲੋੜੀਂਦੀ ਆਰਥਿਕ ਮਦਦ ਕਰਦਾ ਹੈ। ਦੀਵਾਨ ਆਪਣੇ ਖਰਚੇ 'ਤੇ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਚ ਅਨਾਥ ਬੱਚਿਆਂ ਨੂੰ +2 ਤੱਕ ਵਿੱਦਿਆ, ਲੰਗਰ, ਰਿਹਾਇਸ਼ ਆਦਿ ਦੀ ਸੁਵਿਧਾ ਦੇ ਰਿਹਾ ਹੈ ਅਤੇ ਜਿਹੜੇ ਏਥੇ ਪੜ੍ਹਨ ਵਾਲੇ ਬੱਚੇ +2 ਕਰਨ ਉਪਰੰਤ ਉੱਚ ਵਿੱਦਿਆ ਲੈਣ ਦੇ ਇਛੁੱਕ ਹਨ, ਉਨ੍ਹਾਂ ਨੂੰ ਖ਼ਾਲਸਾ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾਖਲਾ ਪ੍ਰਾਪਤ ਕਰਨ ਵਿਚ ਸਹਾਇਤਾ ਤੇ ਆਰਥਿਕ ਮਦਦ ਕਰਦਾ ਹੈ। ਦੀਵਾਨ ਵਲੋਂ ਅੰਮ੍ਰਿਤਸਰ ਤੇ ਤਰਨ ਤਾਰਨ ਵਿਚ ਇਕ-ਇਕ ਬਿਰਧ ਘਰ, ਹਸਪਤਾਲ, ਸੂਰਮਾ ਸਿੰਘ ਆਸ਼ਰਮ ਤੇ ਗੁਰਮਤਿ ਵਿੱਦਿਆਲਾ ਚਲਾਇਆ ਜਾ ਰਿਹਾ ਹੈ, ਜਿਸ ਦਾ ਸਾਰਾ ਖਰਚ ਦੀਵਾਨ ਕਰਦਾ ਹੈ।
ਬੱਚਿਆਂ ਵਿਚ ਖੇਡਾਂ ਦਾ ਰੁਝਾਨ ਪੈਦਾ ਕਰਨ ਅਤੇ ਉਨ੍ਹਾਂ ਨੂੰ ਰਾਜ ਪੱਧਰੀ, ਕੌਮ ਪੱਧਰੀ ਅਤੇ ਵਿਸ਼ਵ ਪੱਧਰੀ ਮੱਲਾਂ ਮਾਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਦੀਵਾਨ ਦੀ ਕੋਸ਼ਿਸ਼ ਹੈ ਕਿ ਦੀਵਾਨ ਦੀ ਆਪਣੀ ਸਿੱਖੀ ਸਰੂਪ ਵਾਲੇ ਬੱਚਿਆਂ ਦੀ ਹਾਕੀ ਆਦਿ ਦੀ ਟੀਮ ਤਿਆਰ ਹੋਵੇ, ਜੋ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਸਥਾਪਤ ਕਰੇ। ਇਸ ਕਾਰਜ ਲਈ ਦੀਵਾਨ ਨੇ ਰਣਜੀਤ ਐਵੀਨਿਊ ਵਿਚ 'ਹਾਕੀ ਅਕੈਡਮੀ' ਸਥਾਪਤ ਕੀਤੀ ਹੈ। ਇਸ ਦਾ ਸਟੈਂਡਰਡ ਵਿਸ਼ਵ ਪੱਧਰ ਦਾ ਹੋਵੇਗਾ। ਪਰ ਸਿੱਖੀ ਸਰੂਪ ਵਾਲੇ ਖੇਡ ਕੋਚ ਨਹੀਂ ਮਿਲ ਰਹੇ।
ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਨੇ ਅੰਤ ਵਿਚ ਸਮੂਹ ਸਿੱਖ ਪਰਿਵਾਰਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਪਹਿਲਾਂ ਉਹ ਆਪ ਸਿੱਖੀ ਸਰੂਪ ਵਿਚ ਪਰਤਣ ਅਤੇ ਫੇਰ ਬੱਚਿਆਂ ਨੂੰ ਪ੍ਰੇਰਨਾ ਕਰਨ। ਸਿੱਖੀ ਸਰੂਪ ਸਾਨੂੰ ਦਸਮ ਪਿਤਾ ਨੇ ਸਰਬੰਸ ਕੁਰਬਾਨ ਕਰਕੇ ਬਖਸ਼ਿਸ਼ ਕੀਤਾ ਹੈ, ਜਿਸ ਕਰਕੇ ਸਾਨੂੰ ਇਹ ਅਨਮੋਲ ਦਾਤ ਸਾਂਭਣ ਦੀ ਵਧੇਰੇ ਲੋੜ ਹੈ, ਤਾਂ ਜੋ ਸਾਡੇ ਬੱਚੇ ਚੰਗੇ ਨਾਗਰਿਕ ਬਣ ਸਕਣ।
ਸਮੁੱਚੇ ਰੂਪ ਵਿਚ ਨਜ਼ਰ ਮਾਰੀਏ ਤਾਂ ਜੋ ਤਸਵੀਰ ਉੱਘੜ ਕੇ ਸਾਹਮਣੇ ਆਉਂਦੀ ਹੈ, ਉਸ ਤੋਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਸਿੱਖ ਕੌਮ ਆਪਣੇ ਧਰਮ ਵਲੋਂ ਅੱਜ ਵੀ ਅਵੇਸਲੀ ਹੋ ਰਹੀ ਹੈ। ਸਮੁੱਚੀ ਕੌਮ ਕਈ ਪਾਰਟੀਆਂ (ਦਲਾਂ) ਵਿਚ ਵੰਡੀ ਪਈ ਹੈ। ਪੰਥਕ ਏਕਤਾ ਅੱਕ ਦੇ ਪਪੋਲਿਆਂ ਵਾਂਗ ਖਿੰਡ ਰਹੀ ਹੈ। ਰਾਜ ਪ੍ਰਬੰਧ ਸਾਂਭਣ ਦੀ ਯੋਗਤਾ ਰੱਖਣ ਦੇ ਬਾਵਜੂਦ ਵੀ ਕੌਮੀ ਫੁੱਟ ਕਾਰਨ ਦੂਜਿਆਂ ਦੀ ਦਬੇਲ ਤੇ ਮੁਹਤਾਜ ਬਣੇ ਜਾ ਰਹੇ ਹਨ। ਉਪਰੋਕਤ ਕਾਨਫ਼ਰੰਸਾਂ ਦੇ ਮੂਲ ਮਨੋਰਥਾਂ ਅਨੁਸਾਰ ਅੱਜ ਸਿੱਖ ਕੌਮ ਦਾ ਜੀਵਨ ਧਾਰਮਿਕ ਤੌਰ 'ਤੇ ਸੰਪੂਰਨ ਨਹੀਂ ਕਿਹਾ ਜਾ ਸਕਦਾ। ਪੰਜਾਬ ਦੀਆਂ ਵਰਤਮਾਨ ਗੁੰਝਲਦਾਰ ਸਮੱਸਿਆਵਾਂ ਨੂੰ ਸਰਲ ਕਰਨ ਲਈ ਪੰਥਕ ਸ਼ਕਤੀ ਦਾ ਇਕ ਪਲੇਟਫਾਰਮ 'ਤੇ ਆਉਣਾ ਜ਼ਰੂਰੀ ਹੋ ਗਿਆ ਹੈ ਤੇ ਇਹ ਵੀ ਆਸ ਕਰਨੀ ਚਾਹੀਦੀ ਹੈ ਕਿ ਅਜਿਹਾ ਕੋਈ ਪਲੇਟਫਾਰਮ ਬਣਾਇਆ ਜਾਵੇ, ਜਿਸ 'ਤੇ ਪੰਥਕ ਏਕਤਾ ਨੂੰ ਇਕਮੁੱਠ ਕਰਦਿਆਂ ਕੌਮੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। (ਸਮਾਪਤ)

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸੈਦਪੁਰ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਕੈਦੀਆਂ ਅੱਗੇ ਚੱਕੀਆਂ ਰੱਖੀਆਂ ਗਈਆਂ। ਬਾਬਰ ਦੀਆਂ ਫੌਜਾਂ ਦੇ ਅੱਤਿਆਚਾਰਾਂ ਤੋਂ ਸਹਿਮੇ ਹੋਏ ਕੈਦੀ ਨਾਲੇ ਭੁੱਬਾਂ ਮਾਰ ਕੇ ਰੋ ਰਹੇ ਸਨ ਅਤੇ ਨਾਲੇ ਚੱਕੀਆਂ ਪੀਂਹਦੇ ਸਨ ਪਰ ਗੁਰੂ ਨਾਨਕ ਪਾਤਸ਼ਾਹ, ਭਾਈ ਮਰਦਾਨਾ ਜੀ ਇਹ ਸਭ ਕੁਝ ਪ੍ਰਭੂ ਦੀ ਰਜ਼ਾ ਜਾਣ ਕੇ ਪੂਰੀ ਹਿੰਮਤ ਅਤੇ ਗੰਭੀਰਤਾ ਨਾਲ ਕੈਦੀਆਂ ਵਾਲੀ ਕਾਰ ਕਰ ਰਹੇ ਸਨ। ਬਾਬਰ ਦੇ ਹਾਕਮ ਅਤੇ ਕਰਿੰਦੇ ਇਹ ਸਭ ਕੁਝ ਦੇਖ ਕੇ ਹੈਰਾਨ ਸਨ। ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਬਾਬਰ ਨੂੰ ਦੱਸਿਆ। ਬਾਬਰ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ। ਗੁਰੂ ਪਾਤਸ਼ਾਹ ਨੇ ਦਲੇਰੀ ਨਾਲ ਮਨੁੱਖਤਾ ਦੀ ਗੱਲ ਕਰਦਿਆਂ ਹੋਇਆਂ ਸੱਚ ਦਾ ਮਾਰਗ ਦਿਖਾਇਆ। ਗੁਰੂ ਪਾਤਸ਼ਾਹ ਤੋਂ ਉਪਦੇਸ਼ ਗ੍ਰਹਿਣ ਕਰਕੇ ਬਾਬਰ ਨੇ ਸਾਰੇ ਕੈਦੀ ਰਿਹਾਅ ਕਰ ਦਿੱਤੇ। ਸੈਦਪੁਰ ਵਾਸੀਆਂ ਨੂੰ ਆਪਣੇ ਹੀ ਲੁੱਟੇ-ਪੁੱਟੇ ਸ਼ਹਿਰ ਤੋਂ ਡਰ ਮਹਿਸੂਸ ਹੋ ਰਿਹਾ ਸੀ ਅਤੇ ਸੈਦਪੁਰ ਵਾਪਸ ਜਾਣ ਤੋਂ ਘਬਰਾਉਂਦੇ ਸਨ। ਗੁਰੂ ਨਾਨਕ ਪਾਤਸ਼ਾਹ ਪਿੰਡ ਅਵਾਣ ਤੋਂ ਫਿਰ ਉਨ੍ਹਾਂ ਮੁਸੀਬਤ ਮਾਰੇ, ਦੁਖੀ ਲੋਕਾਂ ਨਾਲ ਐਮਨਾਬਾਦ ਵਾਪਸ ਆਏ। ਦੂਜੇ ਪਾਸੇ ਬਾਬਰ ਨੂੰ ਸੁਨੇਹਾ ਮਿਲਿਆ ਕਿ ਸ਼ਾਹ ਬੇਗ ਨੇ ਕੰਧਾਰ ਉੱਤੇ ਹਮਲਾ ਕਰ ਦਿੱਤਾ ਹੈ। ਬਾਬਰ ਅਵਾਣ ਪਿੰਡ ਤੋਂ ਹੀ ਵਾਪਸ ਕਾਬਲ ਨੂੰ ਚਲਾ ਗਿਆ। ਬਾਬਰ ਦੀ ਹਕੂਮਤ ਹਿੰਦੁਸਤਾਨ ਵਿਚ ਦਰਿਆ ਰਾਵੀ ਦੇ ਕੰਢੇ ਤੱਕ ਪੱਕੀ ਹੋ ਗਈ।
ਬਾਬਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਸੈਦਪੁਰ ਨਿਵਾਸੀ ਸਹਿਮੇ ਹੋਏ, ਡਰਦੇ-ਡਰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੈਦਪੁਰ ਨੂੰ ਜਾ ਰਹੇ ਸਨ। ਉਸ ਸਮੇਂ ਭਾਈ ਮਰਦਾਨਾ ਜੀ ਵੀ ਨਾਲ ਸਨ। ਸ਼ਹਿਰ ਵਿਚ ਸੜੇ ਹੋਏ ਘਰਾਂ ਵਿਚੋਂ ਨਿਕਲ ਰਿਹਾ ਧੂੰਆਂ ਦੂਰੋਂ ਹੀ ਨਜ਼ਰ ਆ ਰਿਹਾ ਸੀ। ਜਦ ਉਹ ਸੈਦਪੁਰ ਸ਼ਹਿਰ ਪਹੁੰਚੇ ਤਾਂ ਕੀ ਦੇਖਦੇ ਹਨ, ਜਵਾਨ ਧੀਆਂ ਦੀਆਂ ਲਾਸ਼ਾਂ ਘਰਾਂ ਦੇ ਅੰਦਰ ਪਈਆਂ ਸਨ, ਜੋ ਮੁਗ਼ਲ ਜਰਵਾਣਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਚੁੱਕੀਆਂ ਸਨ। ਸੈਦਪੁਰ ਦੀਆਂ ਗਲੀਆਂ, ਬਾਜ਼ਾਰਾਂ, ਮੁਹੱਲਿਆਂ ਵਿਚ ਕਤਲ ਕੀਤੇ ਗਏ ਜਵਾਨ ਪੁੱਤਾਂ ਦੀਆਂ ਲਾਸ਼ਾਂ ਰੁਲਦੀਆਂ ਫਿਰਦੀਆਂ ਸਨ ਅਤੇ ਜਿਨ੍ਹਾਂ ਨੂੰ ਗਿਰਝਾਂ, ਕਾਂ, ਕੁੱਤੇ ਅਤੇ ਬਘਿਆੜ ਖਾ ਰਹੇ ਸਨ। ਇਹ ਸਾਰਾ ਕੁਝ ਦੇਖ ਕੇ ਸੈਦਪੁਰੀਆਂ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਹਰ ਪਾਸੇ ਕੁਰਲਾਟ ਮਚ ਗਿਆ।
ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਨੂੰ ਆਪਣੀ ਅੱਖੀਂ ਦੇਖਿਆ ਅਤੇ ਹੁਣ ਬਿਪਤਾ ਮਾਰੇ ਸੈਦਪੁਰੀਆਂ ਨੂੰ ਹੌਸਲਾ ਦੇਣ ਲਈ ਅਤੇ ਦੁੱਖ ਸਾਂਝਾ ਕਰਦੇ ਹੋਏ ਘਰ-ਘਰ ਪਹੁੰਚੇ। ਮੁਗ਼ਲ ਜਰਵਾਣਿਆਂ ਵਲੋਂ ਕੀਤਾ ਕਹਿਰ ਇਹ ਆਮ ਕਹਿਰ ਨਹੀਂ ਸੀ। ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫ਼ਤ ਸਾਲਾਹ ਵਿਚ ਗਾਇਨ ਹੀ ਨਹੀਂ ਕੀਤਾ, ਸਗੋਂ ਕਰਤਾਰ ਨੂੰ ਵੀ ਬੜੇ ਗੁੱਸੇ ਨਾਲ ਤਾਹਨਾ ਮਾਰਿਆ। ਜਿਥੇ ਗੁਰੂ ਪਾਤਸ਼ਾਹ ਨੇ ਨਿਧੜਕ ਹੋ ਕੇ ਰਾਜਿਆਂ ਨੂੰ ਸ਼ੀਂਹ, ਕਸਾਈ ਤੇ ਉਨ੍ਹਾਂ ਦੇ ਮੁਕੱਦਮਾਂ ਨੂੰ ਕੁੱਤੇ ਕਹਿਣ ਤੋਂ ਗੁਰੇਜ਼ ਨਹੀਂ ਕੀਤਾ, ਉਥੇ ਉਸੇ ਕਰਤਾਰ ਨੂੰ ਜਿਸ ਦਾ ਉਹ ਸਿਮਰਨ ਕਰਦੇ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਕਰਦੇ ਸਨ, ਉਥੇ ਜ਼ਾਲਮ ਦਰਿੰਦਿਆਂ ਵਲੋਂ ਭੋਲੀ-ਭਾਲੀ ਜਨਤਾ ਉੱਪਰ ਕੀਤੇ ਜ਼ੁਲਮਾਂ ਲਈ ਕਰਤਾਰ ਨੂੰ ਵੀ ਆਪਣੇ ਦਿਲ ਦੀ ਗੱਲ ਕਹਿਣ ਤੋਂ ਨਹੀਂ ਝਿਜਕੇ ਅਤੇ ਦਿਲੀ ਰੋਸ ਪ੍ਰਗਟ ਕਰਦੇ ਹੋਏ ਗਾਇਨ ਕੀਤਾ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲ ਚੜ੍ਹਾਇਆ॥
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦੁ ਨਾ ਆਇਆ॥ ੧॥
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸ ਨ ਹੋਈ॥ ਰਹਾਉ॥
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਧਾਰਮਿਕ ਸਾਹਿਤ

ਗੁਰੂ ਸਾਹਿਬਾਨ ਤੇ ਰਬਾਬੀ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 96, ਮੁੱਲ : 200 ਰੁਪਏ
ਸੰਪਰਕ : 98551-05665


ਬਹੁ-ਵਿਧਾਈ ਲੇਖਿਕਾ ਹਰਸਿਮਰਨ ਕੌਰ ਦੀ ਇਹ ਸੱਜਰੀ ਪੁਸਤਕ ਇਕ ਨਿਵੇਕਲੇ ਵਿਸ਼ੇ ਨੂੰ ਛੋਂਹਦੀ ਹੈ। ਗੁਰੂ-ਘਰ ਵਿਚ ਕੀਰਤਨ ਪਰੰਪਰਾ ਦੇ ਮੋਢੀ, ਰਬਾਬੀਆਂ ਨੂੰ ਤਸਲੀਮ ਕੀਤਾ ਜਾਂਦਾ ਹੈ, ਜਿਹੜੇ ਰਬਾਬ ਨਾਲ ਕੀਰਤਨ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਭਾਈ ਮਰਦਾਨਾ ਪਹਿਲੇ ਰਬਾਬੀ ਸਨ। ਭਾਵੇਂ ਦੇਸ਼ ਦੀ ਵੰਡ ਤੋਂ ਬਾਅਦ ਰਬਾਬੀ ਪਰੰਪਰਾ ਨੂੰ ਡਾਢਾ ਖੋਰਾ ਲੱਗਾ ਹੈ ਪਰ ਫਿਰ ਵੀ ਇਹ ਮਾਣਮੱਤੀ ਪਰੰਪਰਾ ਹਾਲੇ ਜਿਊਂਦੀ-ਜਾਗਦੀ ਹੈ। ਵਿਚਾਰ-ਗੋਚਰੀ ਪੁਸਤਕ ਵਿਚ 6 ਗੁਰੂ ਸਾਹਿਬਾਨ ਦੇ ਸੰਖੇਪ ਜੀਵਨ ਬਿਰਤਾਂਤ, ਬਾਣੀ ਰਚਨਾ ਦੇ ਨਾਲ-ਨਾਲ ਤੇ ਉਨ੍ਹਾਂ ਦੇ ਰਬਾਬੀਆਂ ਨਾਲ ਮੇਲ-ਮਿਲਾਪ ਦਾ ਵਰਨਣ ਕੀਤਾ ਗਿਆ ਹੈ। ਪੁਸਤਕ ਵਿਚਲੇ ਲੇਖਾਂ ਦੀ ਗਿਣਤੀ 16 ਹੈ। ਪਹਿਲੇ ਭਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੇ ਰਾਜਸੀ/ਸਮਾਜੀ/ਧਾਰਮਿਕ ਤੇ ਮਾਲੀ ਹਾਲਾਤ ਦੀ ਚਰਚਾ ਕੀਤੀ ਗਈ ਹੈ। ਉਸ ਵੇਲੇ 'ਧਰਮ ਪੰਖ ਕਰ ਉਡਰਿਆ' ਵਾਲੇ ਹਾਲਾਤ ਸਨ। ਹਰੇਕ ਲੇਖ ਵਿਚ ਬਾਣੀ ਦੇ ਢੁਕਵੇਂ ਪ੍ਰਮਾਣ ਤੇ ਇਤਿਹਾਸਕ ਹਵਾਲੇ ਦਿੱਤੇ ਗਏ ਨੇ। ਦੂਜੇ ਭਾਗ ਵਿਚ ਤਿੰਨ ਪ੍ਰਮੁੱਖ ਰਬਾਬੀਆਂ ਭਾਈ ਮਰਦਾਨਾ, ਸੱਤਾ ਤੇ ਬਲਵੰਡ ਅਤੇ ਬਾਬੀ ਸੁੰਦਰ ਜੀ (ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ 'ਚੋਂ) ਸਬੰਧੀ ਵਿਸਤ੍ਰਿਤ ਜਾਣਕਾਰੀ ਹੈ। 'ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ 10 ਸਾਲ ਵੱਡੇ ਸਨ। ਉਨ੍ਹਾਂ ਦੇ ਪਿਤਾ ਦਾ ਨਾਂਅ ਸੀ ਮਰਾਸੀ ਭਾਈ ਬਾਦਰੇ ਤੇ ਮਾਤਾ ਦਾ ਨਾਂਅ ਲੱਖੋ।' (ਪੰਨਾ 84) ਭਾਈ ਮਰਦਾਨੇ ਤੋਂ ਉਪਰੰਤ ਉਨ੍ਹਾਂ ਦੇ ਦੋ ਸਪੁੱਤਰ ਭਾਈ ਰਜਾਦਾ ਤੇ ਭਾਈ ਸਜ਼ਾਦਾ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਰਹੇ। ਭਾਈ ਸੱਤਾ ਤੇ ਭਾਈ ਬਲਵੰਤ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ। ਪੰਜਵੇਂ ਪਾਤਸ਼ਾਹ ਨੇ ਭਾਈ ਬਲਵੰਡ ਨੂੰ ਰਾਏ ਦਾ ਲਕਬ ਦੇ ਕੇ ਨਿਵਾਜਿਆ। ਪੁਸਤਕ ਦਾ ਅੰਤਲਾ ਲੇਖ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਬਾਰੇ ਹੈ, ਜਿਨ੍ਹਾਂ ਦੀ ਰਚਿਤ ਰਾਮਕਲੀ ਸਦ (ਵੈਰਾਗਮਈ ਰਚਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX