ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਦੀਵਾਲੀ 'ਤੇ ਚਮਕਾਓ ਘਰ

* ਕ੍ਰਿਸਟਲ ਵਾਸ ਨੂੰ ਚਮਕਾਉਣ ਲਈ ਸਰ੍ਹੋਂ ਪਾਊਡਰ ਅਤੇ ਕਿਸੇ ਵੀ ਬਨਸਪਤੀ ਤੇਲ ਨੂੰ ਮਿਲਾ ਕੇ ਪੇਸਟ ਬਣਾਓ ਅਤੇ ਉਸ 'ਤੇ ਮਲ ਦਿਓ। ਫਿਰ ਸਾਫ਼ ਕੱਪੜੇ ਨਾਲ ਸਾਫ਼ ਕਰੋ।
* ਬਲਬ, ਟਿਊਬ ਲਾਈਟ ਨੂੰ ਸਾਫ਼ ਕਰਨ ਲਈ ਹਲਕੇ ਗਿੱਲੇ ਕੱਪੜੇ ਨਾਲ ਪੂੰਝ ਕੇ ਫਿਰ ਸੁੱਕੇ-ਸਾਫ਼ ਕੱਪੜੇ ਨਾਲ ਸਾਫ਼ ਕਰੋ। ਅਜਿਹਾ ਕਰਨ ਨਾਲ ਸਫ਼ਾਈ ਦੇ ਨਾਲ-ਨਾਲ ਉਨ੍ਹਾਂ ਦੀ ਰੌਸ਼ਨੀ ਵਿਚ ਵੀ ਫਰਕ ਦਿਖਾਈ ਦੇਵੇਗਾ।
* ਬਾਥਰੂਮ, ਰਸੋਈ ਦੀਆਂ ਟਾਇਲਾਂ ਸਾਫ਼ ਕਰਨ ਲਈ ਇਕ ਛੋਟੇ ਚਮਚ ਫਿਨਾਇਲ ਵਿਚ ਇਕ ਨਿੰਬੂ ਦਾ ਰਸ ਮਿਲਾ ਦਿਓ। ਇਸ ਮਿਸ਼ਰਣ ਨਾਲ ਟਾਇਲਾਂ ਸਾਫ਼ ਕਰੋ। ਟਾਇਲਾਂ ਚਮਕ ਜਾਣਗੀਆਂ।
* ਮਾਰਬਲ ਫਰਸ਼ ਨੂੰ ਸਾਫ਼ ਕਰਨ ਲਈ ਜਿਥੇ-ਜਿਥੇ ਨਿਸ਼ਾਨ ਹੋਣ, ਉਸ 'ਤੇ ਟੂਥਪੇਸਟ ਮਲੋ ਅਤੇ ਸੁੱਕਣ ਤੱਕ ਛੱਡ ਦਿਓ। ਫਿਰ ਉਸ ਨੂੰ ਸਾਫ਼ ਕਰੋ। ਫਰਸ਼ 'ਤੇ ਪਏ ਦਾਗ ਦਿਖਾਈ ਨਹੀਂ ਦੇਣਗੇ।
* ਖਿੜਕੀ ਅਤੇ ਡ੍ਰੈਸਿੰਗ ਟੇਬਲ ਦੇ ਸ਼ੀਸ਼ੇ ਨੂੰ ਚਮਕਾਉਣ ਲਈ ਉਸ 'ਤੇ ਨਿੰਬੂ ਰਗੜੋ। ਫਿਰ ਸਾਫ਼ ਨਰਮ ਕੱਪੜੇ ਨਾਲ ਸਾਫ਼ ਕਰੋ। ਸ਼ੀਸ਼ਾ ਚਮਕ ਜਾਵੇਗਾ।
* ਨਵੇਂ ਡਾਇਨਿੰਗ ਟੇਬਲ ਮੈਟਸ ਲਿਆ ਰਹੇ ਹੋ ਤਾਂ ਪੁਰਾਣੇ ਸੁੱਟੋ ਨਾ। ਉਨ੍ਹਾਂ ਨੂੰ ਰਸੋਈ ਦੀਆਂ ਸੈਲਫਾਂ ਅਤੇ ਫਰਿੱਜ ਸੈਲਫ 'ਤੇ ਵਿਛਾਓ।
* ਸਵਿਚਬੋਰਡ ਅਤੇ ਰਸੋਈ ਦੀਆਂ ਅਲਮਾਰੀਆਂ ਨੂੰ ਸਾਫ਼ ਕਰਨ ਲਈ ਮੁਲਾਇਮ ਕੱਪੜੇ 'ਤੇ ਥੋੜ੍ਹਾ ਥਿਨਰ ਲਗਾ ਕੇ ਸਾਫ਼ ਕਰੋ।
* ਲੱਕੜੀ ਦੇ ਫਰਨੀਚਰ 'ਤੇ ਪਾਲਿਸ਼ ਕਰਾਉਣ ਦਾ ਸਮਾਂ ਨਹੀਂ ਹੈ ਤਾਂ ਵਰਤੋਂ ਵਿਚ ਲਿਆਂਦੀ ਚਾਹ-ਪੱਤੀ ਨੂੰ ਸੁਕਾ ਕੇ ਉਸ ਵਿਚ 5-6 ਬੂੰਦਾਂ ਸਰ੍ਹੋਂ ਦਾ ਤੇਲ ਮਿਲਾ ਕੇ ਇਕ ਪੋਟਲੀ ਬਣਾ ਕੇ ਫਰਨੀਚਰ 'ਤੇ ਰਗੜੋ। ਫਰਨੀਚਰ ਚੰਗਾ ਲੱਗੇਗਾ।
* ਦੀਵਾਲੀ ਦੇ ਦਿਨਾਂ ਵਿਚ ਘਰ ਵਿਚ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪੋਚੇ ਲਗਵਾਉਂਦੇ ਸਮੇਂ ਉਸ ਵਿਚ ਕੁਝ ਬੂੰਦਾਂ ਯੂ.ਡੀ. ਕੋਲੋਨ ਦੀਆਂ ਪਾ ਦਿਓ। ਦਿਨ ਭਰ ਘਰ ਮਹਿਕਦਾ ਰਹੇਗਾ ਅਤੇ ਤਾਜ਼ਗੀ ਵੀ ਬਣੀ ਰਹੇਗੀ।
* ਕਾਲੀਨ ਨੂੰ ਚਮਕਾਉਣ ਲਈ ਗਰਮ ਪਾਣੀ ਵਿਚ ਤਾਰਪੀਨ ਦਾ ਤੇਲ ਮਿਲਾ ਕੇ ਰਗੜੋ। ਕਾਰਪੈਟ ਡ੍ਰਾਈਕਲੀਨ ਕੀਤਾ ਹੋਇਆ ਲੱਗੇਗਾ।
* ਪੂਜਾ ਦੇ ਸਿੱਕੇ ਅਤੇ ਮੂਰਤੀਆਂ ਕਾਲੀਆਂ ਪੈ ਜਾਣ 'ਤੇ ਵੇਸਣ ਵਿਚ ਨਿੰਬੂ ਦਾ ਰਸ ਮਿਲਾ ਕੇ ਰਗੜਨ ਨਾਲ ਸਾਫ਼ ਹੋ ਜਾਣਗੀਆਂ।
* ਦੀਵਾਲੀ ਤੋਂ ਇਕ ਮਹੀਨਾ ਪਹਿਲਾਂ ਤੋਂ ਹਰ ਹਫ਼ਤੇ ਦੇ ਅਖੀਰ 'ਤੇ ਥੋੜ੍ਹੀ-ਥੋੜ੍ਹੀ ਸਫ਼ਾਈ ਕਰੋ ਅਤੇ ਜੋ ਸਾਮਾਨ ਬੇਕਾਰ ਹੈ, ਉਸ ਨੂੰ ਕਬਾੜੀਏ ਨੂੰ ਦੇ ਦਿਓ, ਤਾਂ ਕਿ ਦੀਵਾਲੀ 'ਤੇ ਘਰ ਸਾਫ਼-ਸੁਥਰਾ ਬਣਿਆ ਰਹਿ ਸਕੇ।
* ਪਿੱਤਲ ਵਾਲੇ ਫੁਲਦਾਨ, ਦਰਵਾਜ਼ਿਆਂ ਦੇ ਹੈਂਡਲ ਆਦਿ ਨਿੰਬੂ, ਬ੍ਰਾਸੋ ਜਾਂ ਇਮਲੀ ਦੇ ਪਾਣੀ ਨਾਲ ਰਗੜ ਕੇ ਸਾਫ਼ ਕੀਤੇ ਜਾ ਸਕਦੇ ਹਨ, ਜੋ ਫਿਰ ਤੋਂ ਨਵੇਂ ਲੱਗਣਗੇ ਅਤੇ ਦੀਵਾਲੀ ਦੀ ਜਗਮਗਾਹਟ ਵਿਚ ਉਨ੍ਹਾਂ ਦੀ ਚਮਕ ਹੋਰ ਜ਼ਿਆਦਾ ਲੱਗੇਗੀ।


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਤਿਉਹਾਰਾਂ ਨਾਲ ਜੋੜੋ

ਅੱਜ ਦੇ ਯੁੱਗ ਵਿਚ ਆਪਣੇ ਬੱਚਿਆਂ ਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਨਾਲ-ਨਾਲ ਤਿਉਹਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਦੀ ਮਹੱਤਤਾ ਦੱਸਣੀ ਹਰ ਮਾਂ-ਬਾਪ ਦੀ ਜ਼ਿੰਮੇਵਾਰੀ ਹੈ। ਪੜ੍ਹਾਈ ਦੇ ਬੋਝ ਨੇ ਅਤੇ ਭਾਰੂ ਹੋ ਰਹੇ ਸੋਸ਼ਲ ਮੀਡੀਆ ਨੇ ਬੱਚਿਆਂ ਕੋਲੋਂ ਤਿਉਹਾਰਾਂ ਦੀਆਂ ਖੁਸ਼ੀਆਂ ਸ਼ਾਇਦ ਖੋਹ ਲਈਆਂ ਹਨ। ਬਹੁਤ ਸਾਰੇ ਬੱਚਿਆਂ ਦੀ ਤਿਉਹਾਰਾਂ ਪ੍ਰਤੀ ਕੋਈ ਰੁਚੀ ਨਹੀਂ ਰਹਿ ਗਈ, ਜ਼ਿਆਦਾ ਕਿਸੇ ਨਾਲ ਮਿਲਣਾ-ਜੁਲਣਾ ਪਸੰਦ ਨਹੀਂ ਕਰਦੇ। ਤਿਉਹਾਰ ਜ਼ਿੰਦਗੀ ਵਿਚੋਂ ਉਦਾਸੀ ਅਤੇ ਆਲਮ ਨੂੰ ਦੂਰ ਕਰ ਕੇ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੰਦੇ ਹਨ। ਇਸ ਲਈ ਬੱਚੇ ਤਿਉਹਾਰਾਂ ਤੋਂ ਦੂਰ ਨਾ ਰਹਿਣ, ਸਗੋਂ ਇਸ ਦਾ ਹਿੱਸਾ ਬਣ ਕੇ ਹਰ ਤਿਉਹਾਰ ਨੂੰ ਖੁਸ਼ੀ ਅਤੇ ਚਾਅ ਨਾਲ ਮਨਾਉਣ ਅਤੇ ਹਮੇਸ਼ਾ ਇਨ੍ਹਾਂ ਨਾਲ ਜੁੜੇ ਰਹਿਣ।
ਸਭ ਤਿਉਹਾਰਾਂ ਬਾਰੇ ਸਾਡੇ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਦਾ ਹਿੱਸਾ ਬਣ ਕੇ ਹੀ ਉਹ ਆਪਣੀ ਜਾਣਕਾਰੀ ਨੂੰ ਵਧਾ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਘਰ-ਪਰਿਵਾਰ ਦੇ ਨਾਲ-ਨਾਲ ਸਮਾਜ ਵਿਚ ਵੀ ਵਿਚਰਨ ਦਾ ਮੌਕਾ ਮਿਲਦਾ ਹੈ। ਲੋਕਾਂ ਨਾਲ ਮੇਲ-ਮਿਲਾਪ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਂਦਾ ਹੈ। ਉਨ੍ਹਾਂ ਵਿਚੋਂ ਇਕੱਲੇਪਨ ਦੇ ਡਰ ਨੂੰ ਵੀ ਦੂਰ ਕਰਨ ਵਿਚ ਮਦਦ ਕਰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਜਦੋਂ ਕਿਸੇ ਘਰ ਜਾਓ, ਆਪਣੇ ਬੱਚਿਆਂ ਨੂੰ ਵੀ ਨਾਲ ਜ਼ਰੂਰ ਲੈ ਕੇ ਜਾਓ, ਤਾਂ ਕਿ ਉਹ ਵੀ ਉਨ੍ਹਾਂ ਦੇ ਸੰਪਰਕ ਵਿਚ ਰਹਿਣ ਅਤੇ ਮਾਂ-ਬਾਪ ਦੀ ਗ਼ੈਰ-ਹਾਜ਼ਰੀ ਵਿਚ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਲੈ ਸਕਣ।
ਹਰ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਜੁੜੀ ਹੁੰਦੀ ਹੈ। ਉਸ ਦੀ ਮਹੱਤਤਾ ਅਤੇ ਸੰਦੇਸ਼ ਬਾਰੇ ਬੱਚਿਆਂ ਨਾਲ ਗੱਲਬਾਤ ਕਰੋ। ਇਸ ਤਰ੍ਹਾਂ ਬੱਚੇ ਆਪਣੇ ਇਤਿਹਾਸ ਨੂੰ ਜਾਣਨਗੇ ਅਤੇ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਜਦੋਂ ਵੀ ਮਾਂ-ਬਾਪ ਤਿਉਹਾਰ ਆਦਿ ਲਈ ਕੋਈ ਖਰੀਦਦਾਰੀ ਕਰਨ ਜਾਂ ਰੰਗੋਲੀ ਆਦਿ ਦੀ ਸਜਾਵਟ ਕਰਨ ਤਾਂ ਬੱਚਿਆਂ ਨੂੰ ਉਸ ਦਾ ਹਿੱਸਾ ਜ਼ਰੂਰ ਬਣਾਉਣ। ਉਨ੍ਹਾਂ ਦੀ ਵੀ ਤਿਉਹਾਰਾਂ ਪ੍ਰਤੀ ਰੁਚੀ ਵਿਚ ਵਾਧਾ ਹੋਵੇ। ਉਨ੍ਹਾਂ ਨੂੰ ਤਿਉਹਾਰਾਂ ਲਈ ਖ਼ਰੀਦਦਾਰੀ ਕਰਨ ਦਾ ਮੌਕਾ ਜ਼ਰੂਰ ਦਿਓ। ਇਸ ਤਰ੍ਹਾਂ ਉਨ੍ਹਾਂ ਦਾ ਵੀ ਹੌਸਲਾ ਵਧੇਗਾ। ਸਕੂਲਾਂ-ਕਾਲਜਾਂ ਵਿਚ ਤਿਉਹਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਆਪਣੇ ਬੱਚਿਆਂ ਨੂੰ ਉਨ੍ਹਾਂ ਦਾ ਹਿੱਸਾ ਬਣਨ ਲਈ ਜ਼ਰੂਰ ਪ੍ਰੇਰਿਤ ਕਰੋ। ਉਨ੍ਹਾਂ ਦਾ ਹੋਰ ਰੁਝਾਨ ਵਧੇ। ਬੱਚਿਆਂ ਨੂੰ ਸਿੱਧੇ ਤੌਰ 'ਤੇ ਜੋੜਨ ਲਈ ਕਦੇ-ਕਦੇ ਕੁਝ ਖਾਣ-ਪੀਣ ਦਾ ਜਾਂ ਸਟੇਸ਼ਨਰੀ ਆਦਿ ਦਾ ਸਾਮਾਨ ਲੈ ਕੇ ਝੱਗੀ-ਝੌਂਪੜੀ ਵਾਲਿਆਂ ਦੇ ਬੱਚਿਆਂ ਨਾਲ ਤਿਉਹਾਰ ਮਨਾਓ। ਇਸ ਤਰ੍ਹਾਂ ਬੱਚਿਆਂ ਨੂੰ ਹੋਰ ਵੀ ਸਿੱਖਣ ਨੂੰ ਮਿਲੇਗਾ ਅਤੇ ਗਰੀਬਾਂ ਦੀ ਮਦਦ ਕਰਨ ਦੀ ਆਦਤ ਬਣੇਗੀ। ਬੱਚੇ ਸ਼ੇਅਰਿੰਗ ਕਰਨਾ ਸਿੱਖਣਗੇ, ਚੀਜ਼ਾਂ ਦੀ ਕੀਮਤ ਸਮਝਣਗੇ। ਇਹ ਤਿਉਹਾਰ ਉਨ੍ਹਾਂ ਦੇ ਜੀਵਨ ਵਿਚੋਂ ਨੀਰਸਤਾ ਨੂੰ ਦੂਰ ਕਰ ਕੇ ਰੰਗ ਭਰਨ ਦਾ ਕੰਮ ਕਰਨਗੇ।
ਤਿਉਹਾਰ ਤਾਂ ਅੱਜ ਵੀ ਉਹ ਹਨ, ਪਰ ਅੱਜ ਬਚਪਨ ਉਹ ਨਹੀਂ ਜਿਸ ਤਰ੍ਹਾਂ ਕੁਝ ਦਹਾਕੇ ਪਹਿਲਾਂ ਅਸੀਂ ਤਿਉਹਾਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਾਂ। ਅੱਜ ਬਚਪਨ ਕੋਲ ਸਮਾਂ ਹੀ ਨਹੀਂ, ਹਰ ਸਮੇਂ ਪੜ੍ਹਾਈ ਦਾ ਬੋਝ ਉਨ੍ਹਾਂ ਕੋਲੋਂ ਖੁਸ਼ੀਆਂ ਖੋਹ ਰਿਹਾ ਹੈ। ਇਨ੍ਹਾਂ ਖੁਸ਼ੀਆਂ ਨੂੰ ਬਣਾਈ ਰੱਖਣ ਲਈ ਆਓ ਆਪਣੇ ਬੱਚਿਆਂ ਨੂੰ ਪੁਰਾਣੇ ਤੀਜ-ਤਿਉਹਾਰਾਂ ਨਾਲ ਜੋੜੀਏ। ਇਨ੍ਹਾਂ ਮੌਕਿਆਂ 'ਤੇ ਇਸ ਤਰ੍ਹਾਂ ਦੀ ਖੁਸ਼ੀ ਦਾ ਮਾਹੌਲ ਬਣਾਈਏ ਕਿ ਬੱਚੇ ਇਨ੍ਹਾਂ ਤਿਉਹਾਰਾਂ ਨੂੰ ਮਨਾਏ ਬਿਨਾਂ ਨਾ ਰਹਿ ਸਕਣ। ਤਿਉਹਾਰ ਦੀ ਮਹੱਤਤਾ ਅਨੁਸਾਰ ਬੱਚਿਆਂ ਨੂੰ ਨਵੇਂ ਕੱਪੜੇ ਅਤੇ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਦਿੱਤੀਆਂ ਜਾਣ, ਤਾਂ ਕਿ ਉਨ੍ਹਾਂ ਦਾ ਉਤਸ਼ਾਹ ਹੋਰ ਵਧੇ। ਜਦੋਂ ਮਾਂ-ਬਾਪ ਤਿਉਹਾਰ ਸਬੰਧੀ ਕੋਈ ਉਪਹਾਰ ਆਦਿ ਦੇਣ ਜਾਣ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣ, ਉਨ੍ਹਾਂ ਨੂੰ ਚੰਗਾ ਲੱਗੇਗਾ।
ਮਾਂ-ਬਾਪ ਦੀ ਛੋਟੀ ਜਿਹੀ ਕੋਸ਼ਿਸ਼ ਬੱਚਿਆਂ ਦੇ ਰੋਜ਼ਾਨਾ ਜੀਵਨ ਵਿਚ ਬਦਲਾਅ ਲਿਆਏਗੀ। ਬੱਚਿਆਂ ਨੂੰ ਉਨ੍ਹਾਂ ਦੀ ਸੰਸਕ੍ਰਿਤ ਅਤੇ ਦੇਸ਼ ਦੀਆਂ ਜੜ੍ਹਾਂ ਨਾਲ ਜੋੜੀ ਰੱਖੇਗੀ। ਨੈਤਿਕ, ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਵੀ ਹੁੰਦਾ ਹੈ। ਇਹ ਤਿਉਹਾਰ ਬੱਚਿਆਂ ਨੂੰ ਆਦਰਸ਼ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਇਸ ਦੇ ਨਾਲ-ਨਾਲ ਬੱਚੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਮਾਣ ਮਹਿਸੂਸ ਕਰਦੇ ਹਨ। ਇਹ ਤਿਉਹਾਰ ਹੀ ਸਾਡੀ ਸੰਸਕ੍ਰਿਤ ਦੀ ਅਸਲੀ ਪਛਾਣ ਹੈ, ਜਿਸ ਕਾਰਨ ਭਾਰਤ ਦੀ ਦੁਨੀਆ ਵਿਚ ਅਲੱਗ ਪਛਾਣ ਹੈ।


-ਮੋਬਾ: 98782-49944

ਦੀਵਾਲੀ ਬਜਟ ਵਿਚ ਮਨਾਓ

ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਲੋਕ ਮਨਾਉਂਦੇ ਤਾਂ ਬਹੁਤ ਉਤਸ਼ਾਹ ਨਾਲ ਹਨ ਪਰ ਇਸ ਦੇ ਲੰਘ ਜਾਣ 'ਤੇ ਅਕਸਰ ਇਹ ਸੁਣਨ ਵਿਚ ਆਉਂਦਾ ਹੈ ਕਿ ਦੀਵਾਲੀ ਤਾਂ ਨਿਕਲ ਗਈ ਪਰ ਸਾਡਾ ਦੀਵਾਲਾ ਕੱਢ ਗਈ ਪਰ ਜੇ ਅਸੀਂ ਚਾਹੀਏ ਤਾਂ ਦੀਵਾਲੀ ਨੂੰ ਇਸ ਤਰ੍ਹਾਂ ਵੀ ਮਨਾ ਸਕਦੇ ਹਾਂ ਕਿ ਨਾ ਬਜਟ ਤੋਂ ਜ਼ਿਆਦਾ ਖਰਚ ਹੋਵੇ ਅਤੇ ਨਾ ਹੀ ਦੀਵਾਲੀ ਦੀ ਰੌਣਕ ਘੱਟ ਲੱਗੇ।
ਇਸ ਦਿਨ ਲੋਕ ਘਰ ਦੀ ਸਾਫ਼-ਸਫ਼ਾਈ ਕਰ ਕੇ ਪਟਾਕੇ ਚਲਾ ਕੇ, ਦੀਵੇ ਜਗਾ ਕੇ, ਮਾਂ ਲੱਛਮੀ ਦੀ ਪੂਜਾ-ਅਰਚਨਾ ਕਰ ਕੇ ਉਨ੍ਹਾਂ ਦੇ ਆਉਣ ਦੀ ਉਡੀਕ ਕਰਦੇ ਹਨ, ਕਿਉਂਕਿ ਕਿਹਾ ਜਾਂਦਾ ਹੈ ਕਿ ਲੱਛਮੀ ਗੰਦਗੀ ਅਤੇ ਹਨੇਰੇ ਤੋਂ ਦੂਰ ਭੱਜਦੀ ਹੈ। ਇਹ ਸਭ ਕਾਰਨ ਹਨ ਕਿ ਇਸ ਤਿਉਹਾਰ ਨੂੰ ਸਾਰੇ ਵਿਅਕਤੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਅਤੇ ਵੱਧ ਤੋਂ ਵੱਧ ਆਤਿਸ਼ਬਾਜ਼ੀ ਕਰ ਕੇ ਮਨਾਉਣਾ ਚਾਹੁੰਦੇ ਹਨ ਪਰ ਜੇ ਅਸੀਂ ਦੀਵਾਲੀ ਨੂੰ ਚੰਗੀ ਤਰ੍ਹਾਂ ਅਤੇ ਬਜਟ ਤੋਂ ਬਾਹਰ ਹੋਏ ਬਿਨਾਂ ਮਨਾਉਣਾ ਚਾਹੁੰਦੇ ਹਾਂ ਤਾਂ ਇਸ ਦੀ ਤਿਆਰੀ ਸਾਨੂੰ ਸਾਲ ਦੇ ਆਰੰਭ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਰ ਸਾਲ ਦੇ ਸ਼ੁਰੂ ਤੋਂ ਹੀ ਕੁਝ ਰੁਪਏ ਦੀਵਾਲੀ ਲਈ ਅਲੱਗ ਕੱਢ ਕੇ ਰੱਖਣ ਲੱਗੀਏ ਤਾਂ ਦੀਵਾਲੀ ਆਉਣ ਤੱਕ ਕੁਝ ਰਕਮ ਤਾਂ ਇਕੱਠੀ ਹੋ ਜਾਵੇਗੀ, ਜੋ ਉਸ ਸਮੇਂ ਦੇ ਖਰਚੇ ਵਿਚ ਸਾਨੂੰ ਸਹਿਯੋਗ ਦੇਵੇਗੀ।
ਜ਼ਿਆਦਾ ਆਤਿਸ਼ਬਾਜ਼ੀ ਨਾਲ ਜਿਥੇ ਸ਼ੋਰ ਜ਼ਿਆਦਾ ਪੈਦਾ ਹੋਵੇਗਾ, ਉਥੇ ਜ਼ਿਆਦਾ ਦੇਰ ਤੱਕ ਇਸ ਦੇ ਚੱਲਣ ਨਾਲ ਦੁਰਘਟਨਾ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇਸ ਲਈ ਆਤਿਸ਼ਬਾਜ਼ੀ ਵੀ ਜ਼ਰੂਰ ਕਰੋ ਪਰ ਸੀਮਤ ਮਾਤਰਾ ਵਿਚ। ਇਸ ਨਾਲ ਜਿਥੇ ਜ਼ਿਆਦਾ ਦੇਰ ਤੱਕ ਚੱਲਣ ਵਾਲੇ ਸ਼ੋਰ ਤੋਂ ਬਚੋਗੇ, ਉਥੇ ਘੱਟ ਮਾਤਰਾ ਵਿਚ ਪਟਾਕੇ, ਫੁਲਝੜੀਆਂ ਲੈਣ ਨਾਲ ਵੀ ਬੱਚਤ ਹੋਵੇਗੀ ਅਤੇ ਦੁਰਘਟਨਾਵਾਂ ਤੋਂ ਵੀ ਬਚਾਅ ਹੋਵੇਗਾ।
ਮਠਿਆਈ ਦੀ ਵਿਕਰੀ ਵੀ ਦੀਵਾਲੀ ਦੇ ਦਿਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਸ ਲਈ ਇਸ ਦਿਨ ਮਠਿਆਈ ਜਿਥੇ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਉਥੇ ਇਸ ਵਿਚ ਮਿਲਾਵਟ ਵੀ ਹੁੰਦੀ ਹੈ ਜੋ ਨੁਕਸਾਨ ਵੀ ਕਰ ਸਕਦੀ ਹੈ। ਇਸ ਲਈ ਬਾਜ਼ਾਰ ਦੀ ਮਠਿਆਈ ਓਨੀ ਹੀ ਲੈਣੀ ਚਾਹੀਦੀ ਹੈ, ਜਿੰਨੀ ਜ਼ਰੂਰੀ ਹੋਵੇ। ਬਾਜ਼ਾਰ ਤੋਂ ਮਠਿਆਈ ਲੈਣ ਦੀ ਬਜਾਏ ਘਰ ਵਿਚ ਹੀ ਮਠਿਆਈ ਬਣਾਉਣੀ ਚੰਗੀ ਹੁੰਦੀ ਹੈ। ਇਸ ਨਾਲ ਬੱਚਤ ਦੇ ਨਾਲ-ਨਾਲ ਅਸੀਂ ਆਪਣੀ ਇੱਛਾ ਅਨੁਸਾਰ ਮਠਿਆਈ ਵੀ ਬਣਾ ਸਕਦੇ ਹਾਂ।
ਇਸੇ ਤਰ੍ਹਾਂ ਇਕ-ਦੂਜੇ ਨਾਲੋਂ ਜ਼ਿਆਦਾ ਆਪਣੇ ਘਰ ਵਿਚ ਰੌਸ਼ਨੀ ਕਰਨ ਦੀ ਹੋੜ ਲੋਕਾਂ ਵਿਚ ਲੱਗੀ ਰਹਿੰਦੀ ਹੈ। ਇੰਜ ਹੀ ਇਕ ਵਾਰ ਇਸੇ ਹੋੜ ਵਿਚ ਇਕ ਵਿਅਕਤੀ ਨੇ ਆਪਣੇ ਘਰ 40 ਵਾਟ ਦੇ 25-30 ਬਲਬਾਂ ਨਾਲ ਸਜਾਵਟ ਕੀਤੀ ਸੀ, ਜੋ ਬਿਲਕੁਲ ਵੀ ਉਚਿਤ ਨਹੀਂ ਸੀ।
ਇਸੇ ਤਰ੍ਹਾਂ ਦੀਵਾਲੀ ਦੇ ਸਮੇਂ ਕੱਪੜੇ, ਗਹਿਣੇ ਆਦਿ ਖਰੀਦਣ ਨਾਲੋਂ ਚੰਗਾ ਹੈ ਕਿ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਹੀ ਇਨ੍ਹਾਂ ਕੰਮਾਂ ਨੂੰ ਨਿਪਟਾ ਲਿਆ ਜਾਵੇ। ਸੋਫਾਸੈੱਟ ਦਾ ਕਵਰ ਹੋਵੇ ਜਾਂ ਪਰਦੇ, ਆਪਣੀ ਸਾੜ੍ਹੀ, ਸੂਟ ਹੋਵੇ ਜਾਂ ਬੱਚਿਆਂ ਦੇ ਕੱਪੜੇ, ਸਾਰਿਆਂ ਦੀ ਖ਼ਰੀਦਦਾਰੀ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਕ ਮਹੀਨਾ ਪਹਿਲਾਂ ਤੱਕ ਜਿਥੇ ਦੁਕਾਨਾਂ ਵਿਚ ਨਵਾਂ ਮਾਲ ਆ ਜਾਂਦਾ ਹੈ, ਉਥੇ ਤਿਉਹਾਰ ਆਉਣ ਵਿਚ ਇਕ ਮਹੀਨਾ ਹੋਣ ਕਾਰਨ ਘੱਟ ਕੀਮਤ 'ਤੇ ਮਿਲ ਵੀ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਤਿਉਹਾਰਾਂ ਦੇ ਸਮੇਂ ਹੀ ਜ਼ਿਆਦਾ ਖ਼ਰਚ ਕਰਦੇ ਹਨ ਅਤੇ ਤਿਉਹਾਰ ਨੂੰ ਚੰਗੀ ਤਰ੍ਹਾਂ ਮਨਾਉਣਾ ਚਾਹੁੰਦੇ ਹਨ, ਬਾਅਦ ਵਿਚ ਫਿਰ ਚਾਹੇ ਆਰਥਿਕ ਤੰਗੀ ਹੋਣ ਕਾਰਨ ਕਰਜ਼ਾ ਕਿਉਂ ਨਾ ਲੈਣਾ ਪਵੇ। ਸੋ, ਇਸ ਤਰ੍ਹਾਂ ਖੁਦ ਹੀ ਦੀਵਾਲੀ ਦੇ ਸਮੇਂ ਦੀਵਾਲਾ ਕੱਢ ਲੈਣਾ ਕਿਥੋਂ ਦੀ ਸਮਝਦਾਰੀ ਹੈ?
ਸਭ ਤੋਂ ਚੰਗਾ ਤਰੀਕਾ ਤਾਂ ਦੀਵਾਲੀ ਮਨਾਉਣ ਦਾ ਇਹ ਹੈ ਕਿ ਅਸੀਂ ਘਰ ਦੀ ਸਾਫ਼-ਸਫਾਈ ਕਰਕੇ ਘਰ ਨੂੰ ਚਮਕਾਈਏ ਅਤੇ ਆਪਣੇ ਮਨ ਦੇ ਹਨੇਰੇ ਨੂੰ ਦੂਰ ਕਰਕੇ ਉਸ ਵਿਚ ਰੌਸ਼ਨੀ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਘਰ ਇਕ ਦੀਵਾ ਵੀ ਮੁਸ਼ਕਿਲ ਨਾਲ ਜਗਦਾ ਹੈ, ਦੀ ਮਦਦ ਕਰ ਕੇ ਆਪਣਾ ਖਰਚ ਸੀਮਤ ਕਰਦੇ ਹੋਏ ਦੀਵਾਲੀ ਮਨਾਈਏ ਤਾਂ ਇਹ ਤਿਉਹਾਰ ਸਾਨੂੰ ਨਿਸਚਿਤ ਹੀ ਆਨੰਦ ਅਤੇ ਉਤਸ਼ਾਹ ਦੇਵੇਗਾ ਅਤੇ ਅਸੀਂ ਇਸ ਚਿੰਤਾ ਤੋਂ ਬਚਾਂਗੇ ਕਿ ਅੱਜ ਪੂਰੇ ਪੈਸੇ ਖਰਚ ਹੋ ਗਏ ਤਾਂ ਕੱਲ੍ਹ ਕੀ ਹੋਵੇਗਾ?

ਫਲਾਂ ਨਾਲ ਸੁੰਦਰਤਾ

ਫਲ ਗ੍ਰਹਿਣ ਕਰਨ ਨਾਲ ਬਾਹਰੀ ਅਤੇ ਅੰਦਰੂਨੀ ਦੋਵੇਂ ਸੁੰਦਰਤਾਵਾਂ ਵਿਚ ਨਿਖਾਰ ਆਉਂਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਬਦਲ ਕੇ ਲਾਲ ਅਤੇ ਪੀਲੀ ਹੋ ਜਾਂਦੀ ਹੈ ਅਤੇ ਚਮੜੀ ਵਿਚ ਜ਼ਬਰਦਸਤ ਆਕਰਸ਼ਣ ਪੈਦਾ ਹੁੰਦਾ ਹੈ। ਹੇਠਾਂ ਦੱਸੇ ਗਏ ਫਲਾਂ ਦੇ ਨਿਯਮਤ ਸੇਵਨ ਨਾਲ ਤੁਸੀਂ ਤੰਦਰੁਸਤ ਚਮੜੀ ਪ੍ਰਾਪਤ ਕਰ ਸਕਦੇ ਹੋ।
ਨਿੰਬੂ
ਨਿੰਬੂ ਵਿਟਾਮਿਨ 'ਸੀ' ਅਤੇ ਖਣਿਜ ਦਾ ਸਰੋਤ ਮੰਨਿਆ ਜਾਂਦਾ ਹੈ। ਨਿੰਬੂ ਨੂੰ ਪਾਣੀ ਵਿਚ ਮਿਲਾ ਕੇ ਹੀ ਵਰਤਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਹਾਲਾਂਕਿ ਗੋਡਿਆਂ, ਕੂਹਣੀਆਂ ਵਿਚ ਨਿੰਬੂ ਦੀਆਂ ਛਿੱਲਾਂ ਨੂੰ ਸਿੱਧਾ ਰਗੜ ਕੇ ਬਾਅਦ ਵਿਚ ਪਾਣੀ ਨਾਲ ਧੋਤਾ ਜਾ ਸਕਦਾ ਹੈ। ਨਿੰਬੂ ਦੇ ਲਗਾਤਾਰ ਵਰਤੋਂ ਨਾਲ ਚਮੜੀ ਸਾਫ਼ ਅਤੇ ਗੋਰੀ ਬਣ ਜਾਂਦੀ ਹੈ ਅਤੇ ਰੰਗਤ ਵਿਚ ਨਿਖਾਰ ਆਉਂਦਾ ਹੈ। ਹਲਕੇ ਨਿੰਬੂ ਰਸ ਨੂੰ ਗੁਲਾਬ ਜਲ ਵਿਚ ਮਿਲਾ ਕੇ ਹੱਥਾਂ ਦੀ ਚਮੜੀ ਨਾਲ ਮਲੋ। ਖੁਰਦਰੇ ਹੱਥਾਂ ਲਈ ਨਿੰਬੂ ਜੂਸ ਅਤੇ ਦਾਣੇਦਾਰ ਖੰਡ ਦੇ ਮਿਸ਼ਰਣ ਨੂੰ ਹੱਥਾਂ ਦੀ ਚਮੜੀ 'ਤੇ ਉਦੋਂ ਤੱਕ ਮਲੋ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੱਥਾਂ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਸੰਤਰਾ
ਸੰਤਰੇ ਦਾ ਰਸ ਅਤੇ ਛਿੱਲ ਦੋਵੇਂ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਦੋ ਸੰਤਰਿਆਂ ਦੀਆਂ ਛਿੱਲਾਂ, ਇਕ ਚਮਚ ਦੁੱਧ ਅਤੇ ਭੁੰਨੀ ਮਸੂਰ ਦਾਲ ਨੂੰ ਮਿਲਾ ਕੇ ਬਣੇ ਪੇਸਟ ਨੂੰ ਚਿਹਰੇ ਅਤੇ ਖੁੱਲ੍ਹੀ ਚਮੜੀ 'ਤੇ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਿਹਰੇ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਇਕ ਗਿਲਾਸ ਸੰਤਰੇ ਦੇ ਰਸ ਦੇ ਨਿਯਮਤ ਸੇਵਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਜਵਾਨੀ ਬਰਕਰਾਰ ਰਹਿੰਦੀ ਹੈ। ਸੰਤਰੇ ਦੀਆਂ ਛਿੱਲਾਂ ਵਿਚ ਸਾਈਟ੍ਰਿਕ ਐਸਿਡ ਹੁੰਦਾ ਹੈ ਜੋ ਕਿ ਚਮੜੀ ਦੇ ਬੰਦ ਮੁਸਾਮਾਂ ਨੂੰ ਖੋਲ੍ਹ ਕੇ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਸੰਤਰੇ ਦੇ ਰਸ ਨੂੰ ਸਿੱਧੇ ਵੀ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ।
ਪੱਕਿਆ ਪਪੀਤਾ
ਪਪੀਤਾ ਵਿਟਾਮਿਨ ਏ, ਬੀ, ਜੀ, ਪੋਟਾਸ਼ੀਅਮ, ਕਾਪਰ, ਮੈਗਨੀਸ਼ੀਅਮ ਨਾਲ ਭਰਪੂਰ ਐਂਟੀਆਕਸੀਡੈਂਟ ਹੁੰਦਾ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਪੱਕੇ ਪਪੀਤੇ ਦੇ ਗੁੱਦੇ ਨੂੰ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਪਪੀਤੇ ਦੇ ਗੁੱਦੇ ਨੂੰ ਜੈਈ ਦੇ ਆਟੇ, ਦਹੀਂ ਅਤੇ ਸ਼ਹਿਦ ਵਿਚ ਮਿਲਾ ਕੇ ਫੇਸ ਮਾਸਕ ਤਿਆਰ ਕੀਤਾ ਜਾਂਦਾ ਹੈ। ਇਸ ਫੇਸ ਮਾਸਕ ਨੂੰ ਚਿਹਰੇ 'ਤੇ ਲਗਾਉਣ ਤੋਂ 20-30 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਪਪੀਤੇ ਦੇ ਗੁੱਦੇ ਨੂੰ ਦਹੀਂ ਵਿਚ ਮਿਲਾ ਕੇ ਇਸ ਨੂੰ ਸਰੀਰ 'ਤੇ ਵੀ ਲਗਾਇਆ ਜਾ ਸਕਦਾ ਹੈ।
2 ਚਮਚ ਪਪੀਤੇ ਦੇ ਗੁੱਦੇ ਵਿਚ ਇਕ ਚਮਚ ਗਲਿਸਰੀਨ ਅਤੇ ਮਿਲਕ ਪਾਊਡਰ ਅਤੇ 2 ਚਮਚ ਪਾਈਨਐਪਲ ਰਸ ਮਿਲਾ ਕੇ ਪੈਕ ਬਣਾ ਲਓ ਅਤੇ ਇਸ ਪੈਕ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਕੋਸੇ ਪਾਣੀ ਨਾਲ ਧੋ ਦਿਓ। ਇਹ ਚਿਹਰੇ ਦੀ ਰੰਗਤ ਵਿਚ ਨਿਖਾਰ ਅਤੇ ਆਕਰਸ਼ਣ ਪੈਦਾ ਕਰੇਗਾ ਅਤੇ ਤੁਹਾਡੀ ਚਮੜੀ ਨੂੰ ਕੁਦਰਤੀ ਪੋਸ਼ਣ ਪ੍ਰਦਾਨ ਕਰਦੇ ਹੋਏ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹੋਏ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦ ਕਰੇਗਾ।
ਕੇਲਾ
ਕੇਲਾ ਚਮੜੀ ਅਤੇ ਵਾਲ ਦੋਵਾਂ ਦੀ ਸੁੰਦਰਤਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਕੇਲੇ ਵਿਚ ਮੌਜੂਦ ਪੋਟਾਸ਼ੀਅਮ ਤੱਤ ਵਾਲਾਂ ਅਤੇ ਚਮੜੀ ਦੋਵਾਂ ਨੂੰ ਮੁਲਾਇਮ ਬਣਾਉਂਦੇ ਹਨ। ਕੇਲੇ ਦਾ ਗੁੱਦਾ ਬਣਾ ਕੇ ਇਸ ਨੂੰ ਫੇਸ ਅਤੇ ਹੇਅਰ ਪੈਕ ਦੋਵਾਂ ਵਿਚ ਵਰਤਿਆ ਜਾ ਸਕਦਾ ਹੈ। ਵਾਰ-ਵਾਰ ਵਾਲਾਂ ਨੂੰ ਰੰਗਣ ਨਾਲ, ਹੋਰ ਰਸਾਇਣਾਂ ਕਾਰਨ ਵਾਲਾਂ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਵਿਚ ਕੇਲਾ ਅਹਿਮ ਭੂਮਿਕਾ ਨਿਭਾਉਂਦਾ ਹੈ। ਕੇਲੇ ਦਾ ਗੁੱਦਾ ਜਾਂ ਲੁਗਦੀ ਨੂੰ ਪੈਕ ਵਾਂਗ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ। ਕੇਲੇ ਦੀ ਲੁਗਦੀ ਵਿਚ ਆਂਡੇ ਦਾ ਪੀਲਾ ਹਿੱਸਾ ਜਾਂ ਦਹੀਂ ਮਿਲਾਉਣ ਨਾਲ ਇਸ ਨੂੰ ਹੇਅਰ ਪੈਕ ਵਾਂਗ ਵਰਤਿਆ ਜਾ ਸਕਦਾ ਹੈ।
ਜਾਮਣ ਦਾ ਫੇਸ ਪੈਕ
ਜਾਮਣ ਦੇ ਬੀਜ ਅਤੇ ਅੰਬ ਦੇ ਪੱਤੇ ਪੀਸ ਕੇ ਬਣਾਏ ਪੇਸਟ ਨੂੰ ਚਿਹਰੇ 'ਤੇ 20 ਮਿੰਟ ਤੱਕ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋਣ ਨਾਲ ਦਾਗ, ਧੱਬਿਆਂ ਅਤੇ ਮੁਹਾਸਿਆਂ ਦੀ ਸਮੱਸਿਆ ਖ਼ਤਮ ਹੁੰਦੀ ਹੈ।

ਸਾੜ੍ਹੀਆਂ ਦੀ ਉਚਿਤ ਦੇਖਭਾਲ ਕਰੋ

* ਚਾਹੇ ਸਾੜ੍ਹੀ ਕਾਟਨ ਦੀ ਹੋਵੇ ਜਾਂ ਫਿਰ ਜਰੀ ਵਾਲੀ ਹੋਵੇ, ਸ਼ਿਫਾਨ ਦੀ ਹੋਵੇ ਜਾਂ ਕਢਾਈ ਵਾਲੀ ਹੋਵੇ, ਹਰ ਸਾੜ੍ਹੀ ਨੂੰ ਤੁਸੀਂ ਫਾਲ ਲਗਾ ਕੇ ਹੀ ਪਹਿਨੋ। ਜਦੋਂ ਕਦੇ ਵੀ ਤੁਸੀਂ ਫਾਲ ਖਰੀਦਣ ਲਈ ਜਾਓ ਤਾਂ ਇਸ ਦੀ ਚੋਣ ਧਿਆਨ ਨਾਲ ਕਰੋ। ਤੁਸੀਂ ਦੇਖਿਆ ਹੋਵੇਗਾ ਕਿ ਕੱਚੇ ਰੰਗ ਵਾਲੀ ਫਾਲ ਸਾੜ੍ਹੀ ਨੂੰ ਨਸ਼ਟ ਕਰ ਦਿੰਦੀ ਹੈ।
* ਤੁਸੀਂ ਜਦੋਂ ਵੀ ਸਾੜ੍ਹੀ ਪਹਿਨੋ ਤਾਂ ਏਨੀ ਨੀਵੀਂ ਨਾ ਪਹਿਨੋ ਕਿ ਜ਼ਮੀਨ 'ਤੇ ਘਿਸੜਨ ਲੱਗੇ। ਵਾਰ-ਵਾਰ ਹੇਠਾਂ ਰਗੜਨ ਹੋਣ ਨਾਲ ਸਾੜ੍ਹੀ ਫਟਣ ਦਾ ਡਰ ਰਹਿੰਦਾ ਹੈ।
* ਸਾੜ੍ਹੀ ਕਿਤਿਓਂ ਫਟ ਗਈ ਹੋਵੇ ਤਾਂ ਉਸ ਨੂੰ ਰਫੂ ਕਰਨ ਤੋਂ ਬਾਅਦ ਹੀ ਸਾੜ੍ਹੀ ਧੋਵੋ, ਪ੍ਰੈੱਸ ਕਰਵਾਓ ਅਤੇ ਪਹਿਨੋ। * ਸਾੜ੍ਹੀ 'ਤੇ ਕੋਈ ਤੇਲ ਆਦਿ ਵਰਗੇ ਤਰਲ ਪਦਾਰਥ ਡਿਗ ਜਾਣ ਤਾਂ ਤੁਸੀਂ ਬਲਾਟਿੰਗ ਪੇਪਰ ਦੀ ਸਹਾਇਤਾ ਨਾਲ ਉਸ ਨੂੰ ਸੋਕ ਲਓ ਅਤੇ ਉਸ ਵਿਚ ਟੈਲਕਮ ਪਾਊਡਰ ਛਿੜਕ ਦਿਓ।
* ਬਾਹਰੋਂ ਆਉਣ ਤੋਂ ਬਾਅਦ ਤੁਸੀਂ ਆਪਣੀ ਸਾੜ੍ਹੀ ਨੂੰ ਜ਼ਰੂਰ ਕੁਝ ਦੇਰ ਤੱਕ ਟੰਗ ਕੇ ਹਵਾ ਲੱਗਣ ਦਿਓ। ਫਿਰ ਚਾਹੇ ਤੁਸੀਂ ਇਸ ਦੀ ਤਹਿ ਲਗਾ ਸਕਦੇ ਹੋ।
* ਸੂਤੀ ਸਾੜ੍ਹੀਆਂ ਵਿਚ ਕਲਫ ਲਗਾ ਕੇ ਪਹਿਨੋ। ਇਸ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਵੱਖਰਾ ਨਿਖਾਰ ਆਵੇਗਾ। ਕਲਫ ਲੱਗੀਆਂ ਸਾੜ੍ਹੀਆਂ ਨੂੰ ਜ਼ਿਆਦਾ ਦਿਨ ਤੱਕ ਰੱਖਣ ਦੀ ਗ਼ਲਤੀ ਨਾ ਕਰੋ। ਇਸ ਵਿਚ ਝੀਂਗਰ ਲੱਗਣ ਦੀ ਸੰਭਾਵਨਾ ਰਹਿੰਦੀ ਹੈ।
* ਕੁਝ ਦਾਗ-ਧੱਬੇ ਲੱਗ ਜਾਣ ਨਾਲ ਤੁਸੀਂ ਦੁਨੀਆ ਭਰ ਦੀਆਂ ਚੀਜ਼ਾਂ ਉਸ 'ਤੇ ਨਾ ਵਰਤੋ। ਉਸ ਨੂੰ ਛੇਤੀ ਨਾਲ ਡਰਾਈਕਲੀਨ ਲਈ ਦਿਓ। ਪੁਰਾਣੇ ਦਾਗ ਹੋ ਜਾਣ 'ਤੇ ਇਨ੍ਹਾਂ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
* ਜਰੀ ਵਾਲੀਆਂ ਸਾੜ੍ਹੀਆਂ ਨੂੰ ਤੁਸੀਂ ਪਾਲੀਥੀਨ ਵਿਚ ਕਦੇ ਨਾ ਰੱਖੋ। ਇਸ ਨਾਲ ਜਰੀ ਕਾਲੀ ਹੋਣ ਦਾ ਖਤਰਾ ਰਹਿੰਦਾ ਹੈ। ਬਿਹਤਰ ਹੋਵੇਗਾ ਕਿ ਤੁਸੀਂ ਉਸ ਨੂੰ ਪੁਰਾਣੀ ਸੂਤੀ ਦੀ ਸਾੜ੍ਹੀ ਵਿਚ ਲਪੇਟ ਕੇ ਰੱਖੋ। ਅਜਿਹਾ ਕਰਨ ਨਾਲ ਜਰੀ ਦੀ ਚਮਕ ਬਰਕਰਾਰ ਰਹੇਗੀ।
* ਨਿੰਮ ਦੀ ਪੋਟਲੀ ਬਣਾ ਕੇ ਤੁਸੀਂ ਆਪਣੇ ਬਕਸੇ ਵਿਚ ਰੱਖੋ। ਇਸ ਨਾਲ ਕੀੜੇ ਨਹੀਂ ਲੱਗਣਗੇ, ਨਾਲ ਹੀ ਸਿੱਲ੍ਹ ਦੀ ਗੰਧ ਵੀ ਨਹੀਂ ਰਹੇਗੀ। ਆਪਣੀਆਂ ਜਰੀ ਵਾਲੀਆਂ ਸਾੜ੍ਹੀਆਂ 'ਤੇ ਇਤਰ ਨਾ ਲਗਾਓ। ਇਸ ਨਾਲ ਨਿਸ਼ਾਨ ਤਾਂ ਪੈਂਦੇ ਹੀ ਹਨ, ਨਾਲ ਹੀ ਜਰੀ ਕਾਲੀ ਵੀ ਪੈ ਜਾਂਦੀ ਹੈ। * ਰੇਸ਼ਮੀ ਸਾੜ੍ਹੀਆਂ ਨੂੰ ਨਮਕ ਦੇ ਪਾਣੀ ਵਿਚ ਭਿਉਂ ਕੇ ਹਲਕੇ ਸਾਬਣ ਨਾਲ ਵੀ ਤੁਸੀਂ ਧੋ ਸਕਦੇ ਹੋ।
* ਰੰਗੀਨ ਸਾੜ੍ਹੀਆਂ ਨੂੰ ਧੁੱਪ ਵਿਚ ਨਾ ਸੁਕਾਓ। ਰੰਗੀਨ ਕੱਪੜਿਆਂ ਵਿਚ ਜਦੋਂ ਕਲਫ ਦਿੰਦੇ ਹੋ ਤਾਂ ਸੁੱਕਣ ਤੋਂ ਤੁਰੰਤ ਬਾਅਦ ਹੀ ਧੁੱਪ ਵਿਚੋਂ ਲੈ ਆਓ। ਰੰਗ ਫਿੱਕਾ ਹੋਣ ਦੀ ਸੰਭਾਵਨਾ ਰਹਿੰਦੀ ਹੈ। * ਹਲਕੀਆਂ ਸਾੜ੍ਹੀਆਂ ਉੱਤੇ ਠੰਢੀ ਪ੍ਰੈੱਸ ਜਾਂ ਹਲਕੀ ਗਰਮ ਪ੍ਰੈੱਸ ਫੇਰੋ।
* ਬਰਸਾਤ ਦੇ ਮੌਸਮ ਵਿਚ ਸ਼ਿਫਾਨ ਅਤੇ ਸਿੰਥੈਟਿਕ ਦੀਆਂ ਸਾੜ੍ਹੀਆਂ ਦੀ ਹੀ ਵਰਤੋਂ ਕਰੋ। ਇਹ ਛੇਤੀ ਸੁੱਕ ਜਾਂਦੀਆਂ ਹਨ। ਕਲਫ ਲੱਗੀਆਂ ਸਾੜ੍ਹੀਆਂ, ਜਰੀ ਵਾਲੀਆਂ ਸਾੜ੍ਹੀਆਂ ਦੀ ਵਰਤੋਂ ਨਾ ਹੀ ਕਰੋ ਤਾਂ ਚੰਗਾ ਹੈ।
* ਰੇਸ਼ਮੀ ਸਾੜ੍ਹੀਆਂ ਨੂੰ ਧੋਂਦੇ ਸਮੇਂ ਕੁਝ ਬੂੰਦਾਂ ਗਲਿਸਰੀਨ ਦੀਆਂ ਪਾਓ। ਇਸ ਨਾਲ ਸਿਲਵਟਾਂ ਨਹੀਂ ਪੈਂਦੀਆਂ। ਜਿਥੋਂ ਤੱਕ ਸੰਭਵ ਹੋਵੇ, ਰੇਸ਼ਮੀ ਸਾੜ੍ਹੀਆਂ ਨੂੰ ਵਾਰ-ਵਾਰ ਨਾ ਧੋਵੋ।
* ਬਰਸਾਤ ਆਉਣ ਤੋਂ ਪਹਿਲਾਂ ਹੀ ਸਾੜ੍ਹੀਆਂ ਨੂੰ ਧੁੱਪ ਦਿਖਾ ਕੇ ਨਿੰਮ ਦੇ ਪੱਤਿਆਂ ਸਮੇਤ ਬਕਸੇ ਵਿਚ ਰੱਖੋ।

ਬੱਚਿਆਂ ਨੂੰ ਦਿਓ ਘਰ ਵਿਚ ਚੰਗਾ ਵਾਤਾਵਰਨ

ਬੱਚੇ ਦੇਸ਼ ਅਤੇ ਸਮਾਜ ਦੀ ਅਸਲੀ ਦੌਲਤ ਹਨ। ਉਹ ਰਾਸ਼ਟਰ ਦੇ ਭਵਿੱਖ ਦੇ ਵਾਰਿਸ ਹਨ। ਕੋਈ ਵੀ ਮਾਪੇ ਜੀਵਨ ਵਿਚ ਜਿੰਨਾ ਮਰਜ਼ੀ ਧਨ, ਸ਼ੋਹਰਤ, ਰੁਤਬਾ ਹਾਸਲ ਕਰ ਲੈਣ ਪਰ ਜੇਕਰ ਉਨ੍ਹਾਂ ਦੇ ਬੱਚੇ ਕੁਰਾਹੇ ਪੈ ਗਏ ਤਾਂ ਉਹ ਆਪਣੇ-ਆਪ ਨੂੰ ਹਾਰੇ ਹੋਏ ਹੀ ਸਮਝਣਗੇ। ਬੱਚੇ ਦੇ ਵਿਕਾਸ ਅਤੇ ਪਾਲਣ-ਪੋਸ਼ਣ ਵਿਚ ਸਭ ਤੋਂ ਵੱਡਾ ਯੋਗਦਾਨ ਮਾਪਿਆਂ ਦਾ ਹੈ। ਬੱਚਾ ਜਿਹੋ ਜਿਹੇ ਵਾਤਾਵਰਨ 'ਚ ਪਲ ਰਿਹਾ ਹੈ, ਉਹ ਉਸੇ ਤਰ੍ਹਾਂ ਦੇ ਗੁਣ-ਔਗੁਣ ਗ੍ਰਹਿਣ ਕਰੇਗਾ। ਕੋਈ ਸਮਾਂ ਸੀ ਜਦ ਸਾਂਝੇ ਪਰਿਵਾਰ ਹੁੰਦੇ ਸਨ ਤੇ ਬੱਚਾ ਵੱਖ-ਵੱਖ ਮੈਂਬਰਾਂ ਤੋਂ ਪਲਦਾ-ਪਲਦਾ ਬਹੁਤ ਕੁਝ ਸਿੱਖ ਜਾਂਦਾ ਸੀ। ਇਕ ਤਰ੍ਹਾਂ ਸਾਂਝੇ ਪਰਿਵਾਰ ਉਸ ਲਈ ਮੁੱਢਲੇ ਸਕੂਲ ਹੁੰਦੇ ਸਨ, ਜਿੱਥੇ ਬੱਚਿਆਂ ਦਾ ਚਰਿੱਤਰ ਨਿਰਮਾਣ ਹੁੰਦਾ ਸੀ। ਮਹਿੰਗਾਈ ਅਤੇ ਤੰਗੀਆਂ-ਤੁਰਸ਼ੀਆਂ ਨੇ ਸੰਯੁਕਤ ਪਰਿਵਾਰ ਦੀ ਥਾਂ 'ਤੇ ਇਕਹਿਰੇ ਪਰਿਵਾਰ ਨੂੰ ਸਥਾਪਿਤ ਕੀਤਾ ਹੈ। ਦਿਨੋ-ਦਿਨ ਸੁੰਗੜ ਰਹੇ ਜੀਵਨ ਅਤੇ ਅਰਥਚਾਰੇ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਸੱਟ ਮਾਰੀ ਹੈ। ਅੱਜ ਮਹਿੰਗਾਈ ਦੇ ਯੁੱਗ ਵਿਚ ਜੀਵਿਕਾ ਲਈ ਪਤੀ-ਪਤਨੀ ਦੋਵਾਂ ਨੂੰ ਹੀ ਨੌਕਰੀ ਕਰਨੀ ਪੈਂਦੀ ਹੈ। ਇਸ ਕਰਕੇ ਬੱਚਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।
ਮਾਪਿਆਂ ਦਾ ਨਿੱਘਾ ਪਿਆਰ, ਦੁਲਾਰ ਨਾ ਮਿਲਣ ਕਾਰਨ ਬੱਚੇ ਦੀ ਸ਼ਖ਼ਸੀਅਤ ਦਾ ਵਿਕਾਸ ਅਸਾਵਾਂ ਰਹਿ ਜਾਂਦਾ ਹੈ ਤੇ ਉਹ ਉਲਾਰ ਹੋ ਕੇ ਬਗਾਵਤ ਕਰ ਦਿੰਦੇ ਹਨ ਜਾਂ ਡਰੂ ਹੋ ਕੇ ਆਸ਼ਰਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ। ਭੌਤਿਕ ਸੁੱਖਾਂ ਲਈ ਮਾਪਿਆਂ ਵਲੋਂ ਦੌੜੀ ਜਾ ਰਹੀ ਦੌੜ 'ਚ ਬੱਚਿਆਂ ਦਾ ਬਚਪਨ ਗੁਆਚਦਾ ਜਾ ਰਿਹਾ ਹੈ। ਮਾਪੇ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਰਹੇ ਹਨ। ਉਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਦੇ ਰਹੇ ਹਨ। ਇਸ ਤਰ੍ਹਾਂ ਉਹ ਆਪਣੇ ਫਰਜ਼ਾਂ ਦੀ ਪੂਰਤੀ ਤਾਂ ਕਰ ਹੀ ਰਹੇ ਹਨ। ਪਰ ਬੱਚੇ ਨੂੰ ਸੁੱਖ-ਸੁਵਿਧਾਵਾਂ ਦੇ ਨਾਲ ਮਾਪਿਆਂ ਦੇ ਪਿਆਰ ਅਤੇ ਸਮੇਂ ਦੀ ਵੀ ਚਾਹਤ ਹੁੰਦੀ ਹੈ। ਬੱਚੇ ਚਾਹੁੰਦੇ ਹਨ ਕਿ ਮਾਪੇ ਉਨ੍ਹਾਂ ਨਾਲ ਗੱਲਾਂ ਕਰਨ, ਉਨ੍ਹਾਂ ਨਾਲ ਖੇਡਣ ਪਰ ਜ਼ਿਆਦਾਤਰ ਮਾਪੇ ਆਪਣੀ ਹੀ ਦੁਨੀਆ ਵਿਚ ਗੁਆਚੇ ਹੋਏ ਹਨ। ਕਈ ਘਰਾਂ ਦੀਆਂ ਔਰਤਾਂ ਕਿੱਟੀ ਪਾਰਟੀਆਂ, ਕਲੱਬਾਂ ਵਿਚ ਅਤੇ ਪੁਰਸ਼ ਆਪਣੀਆਂ ਮਿੱਤਰ ਮੰਡਲੀਆਂ ਵਿਚ ਰੁੱਝੇ ਰਹਿੰਦੇ ਹਨ। ਅਜਿਹੇ ਮਾਪੇ ਭੁੱਲ ਜਾਂਦੇ ਹਨ ਕਿ ਬੱਚਿਆਂ ਨੂੰ ਸਹੀ ਦੇਖਭਾਲ ਅਤੇ ਦਿਸ਼ਾ ਲਈ ਉਨ੍ਹਾਂ ਦੀ ਸੁਚੱਜੀ ਅਗਵਾਈ ਦੀ ਲੋੜ ਹੈ। ਮਾਪਿਆਂ ਦੇ ਪਿਆਰ, ਅਪਣੱਤ ਦੀ ਘਾਟ ਉਨ੍ਹਾਂ ਵਿਚ ਬੇਗਾਨਗੀ ਦਾ ਭਾਵ ਪੈਦਾ ਕਰਦੀ ਹੈ। ਦੂਜੇ ਪਾਸੇ ਸਖ਼ਤ ਮਿਹਨਤ ਦੇ ਬਾਵਜੂਦ ਗਰੀਬ ਮਾਪੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਪਾਉਂਦੇ। ਗਰੀਬੀ ਕਾਰਨ ਬੱਚਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਅਤੇ ਉਹ ਵਿੱਦਿਆ ਤੋਂ ਵਿਹੂਣੇ ਰਹਿ ਜਾਂਦੇ ਹਨ। ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾਤਰ ਕਮਜ਼ੋਰ ਬੱਚੇ ਦੇਸ਼ ਦੇ ਵਿਕਾਸ ਵਿਚ ਪੂਰਾ ਯੋਗਦਾਨ ਪਾਉਣ ਤੋਂ ਅਸਮਰੱਥ ਰਹਿੰਦੇ ਹਨ। ਇੰਜ ਪਰਿਵਾਰਾਂ ਦੀ ਗਰੀਬੀ ਜਾਂ ਇਕਹਿਰੇ ਪਰਿਵਾਰ ਬੱਚਿਆਂ ਦੇ ਸਹੀ ਵਿਕਾਸ ਵਿਚ ਰੁਕਾਵਟ ਬਣਦੇ ਜਾ ਰਹੇ ਹਨ।
ਬੱਚੇ ਦੇ ਜੀਵਨ 'ਤੇ ਮਾਤਾ-ਪਿਤਾ ਦੇ ਜੀਵਨ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਘਰੇਲੂ ਲੜਾਈ-ਝਗੜੇ ਵਾਲੇ ਮਾਹੌਲ 'ਚ ਪਲਦੇ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਆਮ ਤੌਰ 'ਤੇ ਅਜਿਹੇ ਮਾਹੌਲ ਵਿਚ ਪਲੇ ਬੱਚੇ ਡਰਪੋਕ, ਝਗੜਾਲੂ, ਹਿੰਸਕ ਆਦਿ ਬਣ ਜਾਂਦੇ ਹਨ। ਅਜਿਹੇ ਬੱਚਿਆਂ ਦੀਆਂ ਭਾਵਨਾਵਾਂ ਕੁਚਲੀਆਂ ਜਾਂਦੀਆਂ ਹਨ ਅਤੇ ਉਹ ਆਪਣੀ ਯੋਗਤਾ ਦਾ ਸਹੀ ਉਪਯੋਗ ਨਹੀਂ ਕਰ ਪਾਉਂਦੇ। ਕਿਸੇ ਵਿਦਵਾਨ ਦੇ ਕਥਨ ਹਨ ਕਿ ਪਤੀ-ਪਤਨੀ ਨੇ ਲੜਨਾ-ਝਗੜਨਾ ਹੈ ਤਾਂ ਬੱਚਿਆਂ ਦੇ ਸੌਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਘਰਾਂ ਵਿਚ ਸ਼ਾਂਤੀ ਦਾ ਵਾਤਾਵਰਨ ਹੁੰਦਾ ਹੈ, ਆਪਸ ਵਿਚ ਪ੍ਰੇਮ ਅਤੇ ਛੋਟੇ-ਵੱਡਿਆਂ ਦਾ ਆਦਰ ਹੁੰਦਾ ਹੈ, ਅਜਿਹੇ ਘਰ ਦੇ ਬੱਚਿਆਂ ਵਿਚ ਚੰਗੇ ਗੁਣ ਪੈਦਾ ਹੋ ਜਾਂਦੇ ਹਨ। ਬੱਚੇ ਨੂੰ ਜ਼ਿਆਦਾ ਨਾ ਹੀ ਲਾਡ-ਪਿਆਰ ਵਿਚ ਵਿਗਾੜਨਾ ਚਾਹੀਦਾ ਹੈ ਅਤੇ ਨਾ ਹੀ ਉਸ ਨੂੰ ਹਰ ਵਕਤ ਆਪਣੇ ਨਾਲ ਚਿਪਕਾ ਕੇ ਰੱਖਣਾ ਚਾਹੀਦਾ ਹੈ। ਲੋੜ ਤੋਂ ਵੱਧ ਸਖ਼ਤੀ ਵੀ ਬੱਚਿਆਂ ਵਿਚ ਵਿਦਰੋਹ ਦੀ ਭਾਵਨਾ ਪੈਦਾ ਕਰਦੀ ਹੈ। ਬੱਚਾ ਮਾਤਾ-ਪਿਤਾ ਦੋਵਾਂ ਦੇ ਲਈ ਆਨੰਦ ਅਤੇ ਖੁਸ਼ੀ ਦਾ ਸੋਮਾ ਹੈ। ਮਾਤਾ-ਪਿਤਾ ਨੂੰ ਆਪਣੀਆਂ ਘਰੇਲੂ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਬੱਚੇ ਦੇ ਵਿਕਾਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਸਾਹਮਣੇ ਖੁਦ ਆਦਰਸ਼ ਵਿਵਹਾਰ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚੇ ਬੁਰੀਆਂ ਆਦਤਾਂ ਤੋਂ ਸਹਿਜੇ ਹੀ ਦੂਰ ਚਲੇ ਜਾਣਗੇ। ਪਰਿਵਾਰਕ ਜੀਵਨ ਵਿਚ ਜੋ ਸਾਧਾਰਨ ਤੋਂ ਸਾਧਾਰਨ ਘਟਨਾ ਵੀ ਵਾਪਰਦੀ ਹੈ, ਇਸ ਦਾ ਵੀ ਨਿਸ਼ਚਿਤ ਰੂਪ ਵਿਚ ਬੱਚੇ ਦੇ ਜੀਵਨ, ਸੁਭਾਅ ਅਤੇ ਵਿਚਾਰਾਂ 'ਤੇ ਪ੍ਰਭਾਵ ਪੈਂਦਾ ਹੈ। ਜੇਕਰ ਨੀਂਹ ਹੀ ਖੋਖਲੀ ਹੋਵੇਗੀ, ਉਸ ਵਿਚ ਘਾਟਾਂ ਹੋਣਗੀਆਂ ਤਾਂ ਅਜਿਹੇ ਬੱਚਿਆਂ ਦਾ ਭਵਿੱਖੀ ਜੀਵਨ ਵੀ ਬੜਾ ਦੁਖਦਾਈ ਹੋਵੇਗਾ।
ਆਦਰਸ਼ ਸੱਭਿਅਕ ਸਮਾਜ ਦੇ ਨਾਗਰਿਕਾਂ ਵਿਚ ਪ੍ਰੇਮ, ਸਹਿਯੋਗ, ਇਮਾਨਦਾਰੀ, ਸੇਵਾ, ਸਹਿਣਸ਼ੀਲਤਾ, ਨਿਮਰਤਾ, ਸਚਾਈ ਆਦਿ ਗੁਣਾਂ ਦੀ ਬਹੁਤਾਤ ਹੁੰਦੀ ਹੈ। ਜਿਸ ਸਮਾਜ ਦੇ ਨਾਗਰਿਕਾਂ ਵਿਚ ਇਸ ਤਰ੍ਹਾਂ ਦੇ ਗੁਣ ਹੋਣ, ਉਹ ਸਮਾਜ ਓਨਾ ਹੀ ਉੱਚਾ ਸਮਝਿਆ ਜਾਂਦਾ ਹੈ। ਇਨ੍ਹਾਂ ਸਾਰਿਆਂ ਗੁਣਾਂ ਦੀ ਨੀਂਹ ਬਚਪਨ ਵਿਚ ਹੀ ਰੱਖੀ ਜਾਂਦੀ ਹੈ। ਇਸ ਲਈ ਸਾਂਝੇ ਪਰਿਵਾਰਾਂ ਨੂੰ ਬਣਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਕਹਿਰੇ ਪਰਿਵਾਰਾਂ ਵਿਚ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਿੱਤਾ ਜਾਵੇ। ਪਤੀ-ਪਤਨੀ ਨੂੰ ਆਪਸੀ ਮਨ-ਮੁਟਾਵ ਦੂਰ ਕਰਕੇ ਘਰ ਵਿਚ ਹਮੇਸ਼ਾ ਵਧੀਆ ਅਤੇ ਪਿਆਰ ਭਰਿਆ ਵਾਤਾਵਰਨ ਸਿਰਜਣਾ ਚਾਹੀਦਾ ਹੈ। ਦਿਨ ਵਿਚ ਘੱਟੋ-ਘੱਟ ਇਕ ਵਾਰ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਵੇ, ਜਿਸ ਵਿਚ ਬੱਚਿਆਂ ਨਾਲ ਦਿਨ ਭਰ ਦੀਆਂ ਕਿਰਿਆਵਾਂ ਬਾਰੇ ਗੱਲਬਾਤ ਕੀਤੀ ਜਾਵੇ। ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨਾ ਅਤੇ ਛੋਟਿਆਂ ਨੂੰ ਪਿਆਰ ਕਰਨਾ ਸਿਖਾਇਆ ਜਾਵੇ। ਮਾਪਿਆਂ ਨੂੰ ਬੱਚਿਆਂ ਦੀਆਂ ਇੱਛਾਵਾਂ, ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਵਿਕਸਤ ਹੋਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਕੁਦਰਤ ਨਾਲ ਅਤੇ ਪੁਸਤਕਾਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣ, ਤਾਂ ਜੋ ਅੱਜ ਦੇ ਮਸ਼ੀਨੀ ਯੁੱਗ ਵਿਚ ਉਨ੍ਹਾਂ ਅੰਦਰ ਸੰਵੇਦਨਾ ਦੀ ਭਾਵਨਾ ਨਾ ਖਤਮ ਹੋ ਜਾਵੇ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰਾਂ ਦੇ ਨਾਲ-ਨਾਲ ਗੈਰ-ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਬਚਪਨ ਨਾ ਖੋਹਿਆ ਜਾਵੇ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਅਹਿਮੀਅਤ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਉਨ੍ਹਾਂ ਭਾਰਤ ਦਾ ਭਵਿੱਖ ਬੱਚਿਆਂ ਦੀਆਂ ਮਾਸੂਮ ਅੱਖਾਂ ਵਿਚੋਂ ਵੇਖਿਆ।

-ਮੋਬਾ: 94780-06050

ਬਦਲਦੇ ਮੌਸਮ ਵਿਚ ਚਮੜੀ ਦੀ ਦੇਖਭਾਲ

ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਰੋਜ਼ਮਰਾ ਦਾ ਤਾਪਮਾਨ ਡਿਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਤਾਪਮਾਨ ਵਿਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜਕਲ੍ਹ ਪੱਖਿਆਂ ਦੀ ਹਵਾ ਵਿਚ ਠੰਢਕ ਵਧ ਗਈ ਹੈ ਅਤੇ ਏ.ਸੀ. ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ। ਵਾਤਾਵਰਨ ਵਿਚ ਅਚਾਨਕ ਬਦਲਾਅ ਨਾਲ ਚਮੜੀ, ਖੋਪੜੀ, ਬੁੱਲ੍ਹ ਅਤੇ ਨਹੁੰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਠੰਢੇ ਮੌਸਮ ਦੇ ਸ਼ੁਰੂਆਤੀ ਦਿਨਾਂ ਵਿਚ ਚਮੜੀ ਨੂੰ ਕ੍ਰੀਮ, ਮਾਇਸਚਰਾਈਜ਼ਰ, ਫਲਾਂ, ਪੀਣ ਵਾਲੇ ਪਦਾਰਥਾਂ ਅਤੇ ਉਚਿਤ ਪੋਸ਼ਾਹਾਰ ਰਾਹੀਂ ਨਮੀ ਦੇਣੀ ਚਾਹੀਦੀ ਹੈ। ਸਰਦੀਆਂ ਦੇ ਮਹੀਨੇ ਦੇ ਸ਼ੁਰੂ ਵਿਚ ਮੌਸਮ ਵਿਚ ਨਮੀ ਦੀ ਕਮੀ ਨਾਲ ਚਮੜੀ ਵਿਚ ਖਿਚਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਵਾਤਾਵਰਨ ਵਿਚ ਇਹ ਨਮੀ ਘੱਟ ਹੋਣੀ ਸ਼ੁਰੂ ਹੁੰਦੀ ਹੈ, ਉਵੇਂ ਹੀ ਖੁਸ਼ਕ ਅਤੇ ਫੋੜੇ, ਫਿੰਸੀਆਂ ਤੋਂ ਪੀੜਤ ਚਮੜੀ ਲਈ ਪ੍ਰੇਸ਼ਾਨੀਆਂ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਆਪਣੀ ਰਸੋਈ ਅਤੇ ਘਰੇਲੂ ਬਗੀਚੀ ਵਿਚ ਕੁਝ ਪਦਾਰਥਾਂ ਦੀ ਸਹੀ ਵਰਤੋਂ ਕਰੋ ਤਾਂ ਚਮੜੇ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਕੁਦਰਤੀ ਤਰੀਕੇ ਨਾਲ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਰਦੀਆਂ ਵਿਚ ਆਮ ਅਤੇ ਖੁਸ਼ਕ ਚਮੜੀ ਨੂੰ ਸਵੇਰੇ ਅਤੇ ਰਾਤ ਨੂੰ ਕਲੀਜਿੰਗ ਕ੍ਰੀਮ ਅਤੇ ਜ਼ੈੱਲ ਨਾਲ ਤਾਜ਼ੇ ਆਮ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਮੌਸਮ ਵਿਚ ਚਮੜੀ ਦੀ ਨਮੀ ਵਾਤਾਵਰਨ ਵਿਚ ਮਿਲ ਜਾਂਦੀ ਹੈ ਅਤੇ ਚਮੜੀ ਨੂੰ ਉਸ ਦੀ ਖੋਈ ਹੋਈ ਨਮੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਚਮੜੀ ਵਿਚ ਗਿੱਲਾਪਣ ਅਤੇ ਨਮੀ ਦੀ ਲਗਾਤਾਰ ਕਮੀ ਨਾਲ ਚਮੜੀ ਵਿਚ ਰੁੱਖਾਪਨ, ਪਪੜੀ, ਖੁਰਦਰਾਪਨ ਅਤੇ ਲਾਲਗੀ ਆਉਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਚਮੜੀ ਤੋਂ ਮੇਕਅੱਪ ਅਤੇ ਪ੍ਰਦੂਸ਼ਣ ਕਾਰਨ ਜੰਮੀ ਗੰਦਗੀ ਨੂੰ ਹਟਾਉਣ ਲਈ ਚਮੜੀ ਦੀ ਕਲੀਂਜ਼ਿੰਗ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਚਮੜੀ 'ਤੇ ਕਲੀਂਜ਼ਰ ਦੀ ਮਦਦ ਨਾਲ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਗਿੱਲੇ ਰੂੰ ਨਾਲ ਸਾਫ਼ ਕਰ ਦਿਓ।
ਸਵੇਰੇ ਚਮੜੀ ਦੀ ਕਲੀਂਜ਼ਿੰਗ ਤੋਂ ਬਾਅਦ ਚਮੜੀ ਨੂੰ ਗੁਲਾਬ ਜਲ ਆਧਾਰਿਤ ਸਕਿਨ ਟਾਨਿਕ ਜਾਂ ਗੁਲਾਬ ਜਲ ਨਾਲ ਰੂੰ ਦੀ ਮਦਦ ਨਾਲ ਟੋਨ ਕਰੋ। ਦਿਨ ਵੇਲੇ ਚਮੜੀ ਨੂੰ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਸਨਸਕ੍ਰੀਨ ਦੀ ਵਰਤੋਂ ਕਰੋ। ਰਾਤ ਨੂੰ ਚਮੜੀ ਨੂੰ ਨਾਈਟਕ੍ਰੀਮ ਨਾਲ ਪੋਸ਼ਿਤ ਕਰਨਾ ਚਾਹੀਦਾ ਹੈ। ਚਮੜੀ 'ਤੇ ਨਾਈਟਕ੍ਰੀਮ ਲਗਾਉਣ ਨਾਲ ਚਮੜੀ ਚਿਕਣੀ ਅਤੇ ਮੁਲਾਇਮ ਹੋ ਜਾਂਦੀ ਹੈ। ਅੱਖਾਂ ਦੀ ਬਾਹਰੀ ਚਮੜੀ ਦੇ ਆਸੇ-ਪਾਸੇ ਕ੍ਰੀਮ ਲਗਾ ਕੇ 10 ਮਿੰਟ ਬਾਅਦ ਇਸ ਨੂੰ ਗਿੱਲੇ ਰੂੰ ਨਾਲ ਧੋ ਦੇਣਾ ਚਾਹੀਦਾ ਹੈ। ਅਕਸਰ ਤੇਲੀ ਚਮੜੀ ਨੂੰ ਸਤਹੀ ਤੌਰ 'ਤੇ ਰੁੱਖੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇਲੀ ਚਮੜੀ ਸਾਫ਼ ਕਰਨ ਤੋਂ ਤੁਰੰਤ ਬਾਅਦ ਰੁੱਖੀ ਬਣ ਜਾਂਦੀ ਹੈ ਪਰ ਜੇ ਇਸ ਚਮੜੀ 'ਤੇ ਕ੍ਰੀਮ ਜਾਂ ਮਾਇਸਚਰਾਈਜ਼ਰ ਦੀ ਮਾਲਿਸ਼ ਕੀਤੀ ਜਾਵੇ ਤਾਂ ਫੋੜੇ, ਫਿੰਨਸੀਆਂ ਆਦਿ ਉੱਭਰ ਆਉਂਦੀਆਂ ਹਨ।
**

ਆਓ ਬਣਾਈਏ ਵੱਖ-ਵੱਖ ਤਰ੍ਹਾਂ ਦੇ ਸੂਪ

ਕੱਦੂ ਦਾ ਸੂਪ
ਕੱਦੂ ਦਾ ਸੂਪ ਬਣਾਉਣ ਦਾ ਬਹੁਤ ਆਸਾਨ ਤਰੀਕਾ। ਪੀਲੇ ਕੱਦੂ ਤੋਂ ਬਣੇਗਾ ਬਹੁਤ ਸਵਾਦਿਸ਼ਟ ਸੂਪ। ਇਹ ਸੂਪ ਯੂਰਪੀ ਤਰਜ਼ 'ਤੇ ਹੈ। ਇਸ ਲਈ ਇਸ ਦਾ ਭਾਰਤੀ ਸੂਪ ਵਰਗੀ ਸੁਗੰਧ ਜਾਂ ਸਵਾਦ ਨਹੀਂ ਹੋਵੇਗਾ। ਇਥੇ ਅਸੀਂ ਇਹ ਸੂਪ ਲੰਬੇ ਕੱਦੂ ਤੋਂ ਬਣਾਉਣਾ ਦੱਸ ਰਹੇ ਹਾਂ। ਇਸ ਨੂੰ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਤੁਸੀਂ ਇਕ ਪੈਨ ਵਿਚ ਕੱਦੂ ਦੇ ਟੁਕੜੇ ਪਕਾ ਸਕਦੇ ਹੋ। ਇਹ ਕੱਦੂ ਦਾ ਸੂਪ ਰਾਤ ਦੇ ਖਾਣੇ ਤੋਂ ਪਹਿਲਾਂ ਗਰਮ ਕੀਤੀ ਬਰੈੱਡ ਦੇ ਟੁਕੜਿਆਂ ਨਾਲ ਲਿਆ ਜਾ ਸਕਦਾ ਹੈ। ਤੁਸੀਂ ਕੁਝ ਵੈੱਜ ਪਾਸਤਾ ਵੀ ਇਸ ਨਾਲ ਪਰੋਸ ਸਕਦੇ ਹੋ। ਪਰੋਸਣ ਤੋਂ ਪਹਿਲਾਂ ਤੁਸੀਂ ਇਸ ਸੂਪ ਨੂੰ ਕੱਦੂਕਸ਼ ਕੀਤੇ ਪਨੀਰ ਜਾਂ ਡਬਲਰੋਟੀ ਦੇ ਟੁਕੜਿਆਂ ਨਾਲ ਜਾਂ ਕਰੀਮ ਨਾਲ ਸਜਾ ਸਕਦੇ ਹੋ। ਤੁਸੀਂ ਇਹ ਸੂਪ ਗਰਮਾ-ਗਰਮ ਦੀ ਬਜਾਏ ਠੰਢਾ ਵੀ ਪਰੋਸ ਸਕਦੇ ਹੋ।
ਕਿਵੇਂ ਬਣਾਈਏ ਕੱਦੂ ਦਾ ਸੂਪ
ਕੱਦੂ ਨੂੰ ਪਕਾਉਣਾ : * 250 ਗ੍ਰਾਮ ਕੱਦੂ ਨੂੰ ਧੋ ਕੇ ਛਿੱਲ ਲਓ ਅਤੇ ਇਸ ਦੇ ਬਰਾਬਰ ਟੁਕੜੇ ਕਰ ਲਓ। * ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ ਇਕ-ਦੋ ਲਸਣ ਦੀਆਂ ਤੁਰੀਆਂ ਵੀ ਬਰੀਕ ਕੱਟ ਕੇ ਰੱਖ ਲਓ। * ਹੁਣ 3/4 ਤੋਂ ਲੈ ਕੇ 1 ਕੱਪ ਤੱਕ ਪਾਣੀ ਕੱਦੂ ਦਾ ਸੂਪ ਬਣਾਉਣ ਲਈ ਪਾਓ। * ਮੀਡੀਅਮ ਅੱਗ 'ਤੇ ਪ੍ਰੈਸ਼ਰ ਕੁੱਕਰ ਵਿਚ ਇਸ ਨੂੰ 8-9 ਮਿੰਟਾਂ ਲਈ ਪਕਾਓ। ਜੇਕਰ ਤੁਹਾਡੇ ਕੋਲ ਪ੍ਰੈਸ਼ਰ ਕੁੱਕਰ ਨਹੀਂ ਹੈ ਤਾਂ ਇਕ ਪੈਨ ਵਿਚ ਵੀ ਲੋੜੀਂਦੀ ਮਾਤਰਾ ਵਿਚ ਪਾਣੀ ਪਾ ਕੇ ਬਣਾ ਸਕਦੇ ਹੋ। * ਜਦੋਂ ਪ੍ਰੈਸ਼ਰ ਠੀਕ ਹੋ ਜਾਵੇ ਤਾਂ ਢੱਕਣ ਖੋਲ੍ਹੋ ਅਤੇ ਕੱਦੂ ਦੀ ਮਿਕਸਚਰ ਨੂੰ ਕੋਸਾ ਹੋਣ ਦਿਓ। * ਇਸ ਮਿਕਸਚਰ ਨੂੰ ਮਿਕਸੀ ਵਿਚ ਪਾ ਕੇ ਬਰੀਕ ਪਿਓਰੀ ਵਾਂਗ ਕਰ ਲਓ। ਇਸ ਨੂੰ ਗਰਮਾ-ਗਰਮ ਨਹੀਂ, ਸਗੋਂ ਥੋੜ੍ਹਾ ਠੰਢਾ ਕਰਕੇ ਮਿਕਸੀ ਵਿਚ ਪਾਉਣਾ ਚਾਹੀਦਾ ਹੈ। * ਪਿਓਰੀ ਇਕੋ ਜਿਹੀ ਹੋਣ ਤੱਕ ਮਿਲਾਓ। ਇਸ ਸੂਪ ਨੂੰ ਤੁਸੀਂ ਥੋੜ੍ਹਾ ਮੋਟਾ-ਪਤਲਾ ਵੀ ਰੱਖ ਸਕਦੇ ਹੋ।
ਸੂਪ ਬਣਾਉਣਾ
* ਹੁਣ ਕੁੱਕਰ ਨੂੰ ਇਕ ਵਾਰ ਫਿਰ ਗੈਸ 'ਤੇ ਰੱਖੋ। ਇਸ ਵਿਚ 2-3 ਚਮਚੇ ਜੈਤੂਨ ਦਾ ਤੇਲ ਪਾਓ। ਜੇਕਰ ਤੁਸੀਂ ਚਾਹੋ ਤਾਂ ਤੇਲ ਨਹੀਂ ਵੀ ਪਾ ਸਕਦੇ, ਤੁਹਾਡੀ ਮਰਜ਼ੀ ਹੈ। ਤੁਸੀਂ ਮੱਖਣ, ਸੂਰਜਮੁਖੀ ਤੇਲ ਜਾਂ ਜੈਤੂਨ ਦਾ ਤੇਲ ਵੀ ਪਾ ਸਕਦੇ ਹੋ। * ਇਸ ਵਿਚ 1/4 ਚਮਚੇ ਅਜਵਾਇਣ ਜਾਂ ਅੱਧਾ ਚਮਚਾ ਅਜ਼ਵਾਇਣ ਦੇ ਫੁੱਲ ਪਾ ਸਕਦੇ ਹੋ। ਖੁਸ਼ਕ ਜਾਂ ਤਾਜ਼ੇ ਪੱਤੇ ਵੀ ਮਿਲਦੇ ਹਨ। * ਸਵਾਦ ਅਨੁਸਾਰ ਨਮਕ ਪਾਓ। * ਚੰਗੀ ਤਰ੍ਹਾਂ ਹਿਲਾਓ। * ਹੁਣ ਇਸ ਵਿਚ 1/2 ਚਮਚਾ ਚੀਨੀ ਪਾਓ। ਜੇਕਰ ਕੱਦੂ ਮਿੱਠਾ ਹੈ ਤਾਂ ਚੀਨੀ ਨਾ ਪਾਓ। * ਸੂਪ ਨੂੰ ਹੌਲੀ-ਹੌਲੀ ਹਿਲਾਉਂਦੇ ਜਾਓ ਅਤੇ ਅੱਗ ਬੰਦ ਕਰ ਦਿਓ। * ਇਸ ਸੂਪ ਨੂੰ ਗਰਮ ਜਾਂ ਕੋਸਾ ਪਰੋਸ ਸਕਦੇ ਹੋ। ਇਸ ਵਿਚ ਥੋੜ੍ਹਾ ਜਿਹਾ ਕੱਦੂਕਸ਼ ਕੀਤਾ ਪਨੀਰ, ਡਬਲਰੋਟੀ ਦੇ ਟੁਕੜੇ ਅਤੇ ਕਰੀਮ ਪਾ ਕੇ ਸਜਾਓ ਜਾਂ ਇਸ ਨੂੰ ਫਰਿੱਜ ਵਿਚ ਠੰਢਾ ਕਰ ਕੇ ਵੀ ਪਰੋਸ ਸਕਦੇ ਹੋ।
ਗਾਜਰ-ਅਦਰਕ ਸੂਪ
ਰਸੀਲੀਆਂ ਅਤੇ ਲਾਲ ਗਾਜਰਾਂ ਬਾਜ਼ਾਰ ਵਿਚ ਮਿਲ ਜਾਂਦੀਆਂ ਹਨ। ਇਨ੍ਹਾਂ ਦਾ ਮੌਸਮ ਹੈ। ਇਨ੍ਹਾਂ ਤੋਂ ਬੜਾ ਮਜ਼ੇਦਾਰ ਸੂਪ ਬਣਾ ਸਕਦੇ ਹਾਂ। ਗਾਜਰ ਅਤੇ ਅਦਰਕ ਤੋਂ ਬਣਿਆ ਇਹ ਮਿੱਠਾ ਸੂਪ ਤੁਸੀਂ ਪਸੰਦ ਕਰੋਗੇ। ਗਾਜਰ ਸੂਪ ਵਿਚ ਕਰੀਮੀ ਸਵਾਦ ਭਰਦੀ ਹੈ। ਇਸ ਲਈ ਇਸ ਨੂੰ ਗਾੜ੍ਹਾ ਕਰਨ ਲਈ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਸੂਪ ਆਪਣੇ-ਆਪ ਹੀ ਗਾੜ੍ਹਾ ਬਣਦਾ ਹੈ। ਤੁਸੀਂ ਲੋੜ ਮੁਤਾਬਿਕ ਇਸ ਵਿਚ ਪਾਣੀ ਜਾਂ ਸਬਜ਼ੀਆਂ ਦਾ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ। ਇਹ ਸੂਪ ਛੋਟੇ ਬੱਚਿਆਂ ਲਈ ਵੀ ਬਣਾਇਆ ਜਾ ਸਕਦਾ ਹੈ। ਇਸ ਵਿਚੋਂ ਅਦਰਕ ਅਤੇ ਕਾਲੀ ਮਿਰਚ ਹਟਾ ਦਿਓ ਜਾਂ ਘੱਟ ਮਾਤਰਾ ਕਰ ਸਕਦੇ ਹੋ। ਗਾਜਰਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਪਾ ਸਕਦੇ ਹੋ। ਗਾਜਰ-ਅਦਰਕ ਸੂਪ ਨੂੰ ਖਾਣੇ ਤੋਂ ਪਹਿਲਾਂ ਪਰੋਸ ਸਕਦੇ ਹੋ।
ਕਿਵੇਂ ਬਣਾਈਏ?
* 350 ਗ੍ਰਾਮ ਗਾਜਰਾਂ ਨੂੰ ਧੋ ਕੇ ਛਿੱਲ ਲਓ। ਇਕ ਦਰਮਿਆਨੇ ਆਕਾਰ ਦਾ ਪਿਆਜ਼ ਅਤੇ 8 ਗ੍ਰਾਮ ਅਦਰਕ ਨੂੰ ਕੱਟ ਲਓ। ਇਕ ਚਮਚਾ ਕੱਟਿਆ ਹੋਇਆ ਅਦਰਕ। * ਪੈਨ ਵਿਚ ਇਕ ਚਮਚਾ ਜੈਤੂਨ ਦਾ ਤੇਲ ਗਰਮ ਕਰੋ। ਇਸ ਵਿਚ ਕੱਟਿਆ ਪਿਆਜ਼ ਭੁੰਨੋ। * ਨਰਮ ਅਤੇ ਭੂਰਾ ਹੋਣ ਤੱਕ ਪਿਆਜ਼ ਅੱਗ 'ਤੇ ਰੱਖੋ। * ਇਸ ਵਿਚ ਅਦਰਕ ਮਿਲਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ। * ਕੁਝ ਮਿੰਟਾਂ ਤੱਕ ਅਦਰਕ ਨੂੰ ਪੱਕਣ ਦਿਓ। * ਇਸ ਵਿਚ ਕੱਟੀ ਹੋਈ ਗਾਜਰ ਪਾ ਦਿਓ। * ਸਵਾਦ ਅਨੁਸਾਰ ਨਮਕ ਪਾ ਕੇ ਥੋੜ੍ਹਾ ਹੋਰ ਪਕਾਓ। * ਜਦੋਂ ਗਾਜਰ ਇਸ ਮਿਕਸਚਰ ਵਿਚ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਇਸ ਵਿਚ ਇਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ। * ਪੈਨ ਨੂੰ ਢੱਕਣ ਨਾਲ ਢਕ ਦਿਓ ਅਤੇ ਦਰਮਿਆਨੀ ਅੱਗ 'ਤੇ ਉਦੋਂ ਤੱਕ ਪਕਾਓ, ਜਦੋਂ ਤੱਕ ਗਾਜਰ ਨਰਮ ਨਾ ਹੋ ਜਾਵੇ। * ਵਿਚ-ਵਿਚ ਚੈੱਕ ਕਰਦੇ ਰਹੋ। * ਗਾਜਰ ਦੇ ਪੱਕਣ 'ਤੇ ਗੈਸ ਬੰਦ ਕਰ ਦਿਓ। * ਪੈਨ ਨੂੰ ਇਕ ਪਾਸੇ ਰੱਖ ਦਿਓ ਅਤੇ ਥੋੜ੍ਹਾ ਠੰਢਾ ਹੋਣ ਦਿਓ। * ਹੁਣ ਇਸ ਮਿਕਸਚਰ ਨੂੰ ਗਰਾਈਂਡਰ ਵਿਚ ਗਰਾਈਂਡ ਕਰੋ। * ਹੁਣ 1/2 ਕੱਪ ਪਾਣੀ ਪਾ ਕੇ ਇਸ ਮਿਕਸਚਰ ਨੂੰ ਪਿਓਰੀ ਬਣਨ ਤੱਕ ਗਰਾਈਂਡ ਕਰੋ। * ਇਸ ਪਿਓਰੀ ਨੂੰ ਪੈਨ ਵਿਚ ਪਾਓ। * 1/2 ਕੱਪ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। * ਪੈਨ ਨੂੰ ਗੈਸ ਉੱਪਰ ਮੁੜ ਰੱਖੋ ਅਤੇ ਗਾਜਰ ਅਦਰਕ ਸੂਪ ਨੂੰ ਮੱਧਿਅਮ ਅੱਗ 'ਤੇ ਥੋੜ੍ਹਾ ਗਾੜ੍ਹਾ ਹੋਣ ਤੱਕ ਪਕਾਓ। ਤੁਸੀਂ ਲੋੜ ਅਨੁਸਾਰ ਹੋਰ ਪਾਣੀ ਵੀ ਪਾ ਸਕਦੇ ਹੋ। * ਜਦੋਂ ਇਹ ਸੂਪ ਗਰਮ ਹੋ ਜਾਵੇ ਤਾਂ ਇਸ ਵਿਚ 1/4 ਚਮਚਾ ਕਾਲੀ ਮਿਰਚ ਪਾਊਡਰ ਪਾਓ। * ਚੰਗੀ ਤਰ੍ਹਾਂ ਮਿਕਸ ਕਰਨ ਪਿੱਛੋਂ ਸੂਪ ਕੌਲੀ ਵਿਚ ਪਾਓ ਅਤੇ ਇਸ ਨੂੰ ਧਨੀਆ, ਪੁਦੀਨਾ ਆਦਿ ਦੇ ਪੱਤਿਆਂ ਨਾਲ ਸਜਾਓ ਅਤੇ ਪਰੋਸੋ।

ਤਿਉਹਾਰਾਂ ਦੇ ਦਿਨਾਂ ਵਿਚ ਕੰਮਕਾਜੀ ਔਰਤਾਂ ਇੰਜ ਕਰਨ ਘਰ ਦੀ ਸਾਫ਼-ਸਫ਼ਾਈ

ਦੁਸਹਿਰਾ ਲੰਘ ਗਿਆ ਹੈ। ਇਸ ਦਾ ਮਤਲਬ ਹੈ ਕਿ ਦੀਵਾਲੀ ਬਿਲਕੁਲ ਸਿਰ 'ਤੇ ਆ ਗਈ ਹੈ। ਪਰ ਸਾਰੇ ਘਰਾਂ ਵਿਚ, ਖਾਸ ਕਰਕੇ ਕੰਮਕਾਜੀ ਔਰਤਾਂ ਦੇ ਘਰਾਂ ਵਿਚ ਸਾਫ਼-ਸਫ਼ਾਈ ਹਾਲੇ ਤੱਕ ਨਹੀਂ ਹੋ ਸਕੀ। ਅਜਿਹਾ ਨਹੀਂ ਹੈ ਕਿ ਉਹ ਗ੍ਰਹਿਣੀਆਂ ਕਮਜ਼ੋਰ ਹਨ। ਨਹੀਂ, ਦਰਅਸਲ ਕੰਮਕਾਜੀ ਔਰਤਾਂ ਨੂੰ ਨਿਯਮਿਤ ਕੰਮਕਾਜੀ ਦਿਨਾਂ ਵਿਚ ਕਿਸੇ ਹੋਰ ਕੰਮ ਲਈ ਮੌਕਾ ਹੀ ਨਹੀਂ ਮਿਲਦਾ। ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਸਭ ਕੁਝ ਬਹੁਤ ਤੇਜ਼ ਜਾਂ ਸਮਾਰਟ ਹੋ ਗਿਆ ਹੈ। ਜੇ ਅੱਜ ਦੀ ਤਾਰੀਖ ਵਿਚ ਅਸੀਂ ਕੋਈ ਵੀ ਕੰਮ ਆਮ ਰਫ਼ਤਾਰ ਨਾਲ ਕਰੀਏ ਤਾਂ ਇੰਨੇ ਸਾਰੇ ਕੰਮਾਂ ਦੇ ਨਾਲ ਜੀਵਨ ਵਿਚ ਤਾਲਮੇਲ ਬਿਠਾਉਣਾ ਹੀ ਮੁਸ਼ਕਿਲ ਹੋ ਜਾਵੇ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਹਰ ਕੰਮ ਨੂੰ ਤੇਜ਼ੀ ਨਾਲ ਜਾਂ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਮਾਰਟ ਤਰੀਕੇ ਨਾਲ ਕਰਨਾ ਪੈਂਦਾ ਹੈ, ਫਿਰ ਚਾਹੇ ਉਹ ਤਿਉਹਾਰਾਂ 'ਤੇ ਘਰ ਦੀ ਸਾਫ਼-ਸਫ਼ਾਈ ਦਾ ਕੰਮ ਹੀ ਕਿਉਂ ਨਾ ਹੋਵੇ?
ਅੰਤਿਮ ਘੰਟਿਆਂ ਵਿਚ ਘਰ ਦੀ ਸਾਫ਼-ਸਫ਼ਾਈ ਕਰਦੇ ਸਮੇਂ ਇਕ ਗੱਲ ਬਿਲਕੁਲ ਆਪਣੇ ਦਿਮਾਗ ਵਿਚ ਬਿਠਾ ਲਓ ਕਿ ਸਫ਼ਾਈ ਨੂੰ ਲੈ ਕੇ ਤੁਹਾਨੂੰ ਬਹੁਤ ਪਰਫੈਕਟਨਿਸਟ ਹੋਣ ਦੀ ਲੋੜ ਨਹੀਂ ਹੈ। ਦੂਜੀ ਗੱਲ ਇਹ ਵੀ ਚੇਤੇ ਰੱਖੋ ਕਿ ਜਦੋਂ ਔਰਤਾਂ ਅੱਜ ਦੀ ਤਾਰੀਖ ਵਿਚ ਹਰ ਕੰਮ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕਰਦੀਆਂ ਹਨ ਤਾਂ ਸਫ਼ਾਈ ਵਰਗਾ ਕੰਮ ਕਿਉਂ ਸਿਰਫ ਉਨ੍ਹਾਂ ਦਾ ਬਣਾ ਦੇਈਏ। ਜਦੋਂ ਔਰਤਾਂ ਨੇ ਸਾਰੇ ਅਜਿਹੇ ਕੰਮ ਵੀ ਆਪਣੇ ਹੱਥ ਵਿਚ ਲੈਣੇ ਸ਼ੁਰੂ ਕਰ ਦਿੱਤੇ ਹਨ, ਜੋ ਪਹਿਲਾਂ ਸਿਰਫ ਅਤੇ ਸਿਰਫ ਮਰਦ ਕਰਦੇ ਸਨ, ਤਾਂ ਕਿਉਂ ਨਾ ਸਫ਼ਾਈ ਵਰਗੇ ਕੰਮ ਵਿਚ ਮਰਦ ਔਰਤਾਂ ਦੀ ਮਦਦ ਕਰਨ। ਕਹਿਣ ਤੋਂ ਭਾਵ ਇਹ ਕਿ ਜਦੋਂ ਤਿਉਹਾਰਾਂ ਦੇ ਮੌਕੇ 'ਤੇ ਘਰ ਦੀ ਸਫ਼ਾਈ ਕਰਨੀ ਹੋਵੇ ਤਾਂ ਆਪਣੇ ਕੰਮ ਵਿਚ ਘਰ ਦੇ ਮਰਦ ਮੈਂਬਰਾਂ ਨੂੰ ਵੀ ਲਗਾਓ। ਇਸ ਲਈ ਹੁਣ ਘਰ ਦੇ ਸਾਰੇ ਕੰਮ ਔਰਤਾਂ 'ਤੇ ਨਹੀਂ ਪਾਏ ਜਾ ਸਕਦੇ। ਪਰ ਸਿਰਫ ਘਰ ਦੇ ਮਰਦਾਂ 'ਤੇ ਵੀ ਨਹੀਂ, ਘਰ ਦੇ ਬੱਚਿਆਂ ਨੂੰ ਵੀ ਘਰ ਦੇ ਸਾਰੇ ਕੰਮਾਂ ਵਿਚ ਆਪਣੇ ਨਾਲ ਲਗਾਓ। ਖਾਸ ਤੌਰ 'ਤੇ ਜਦੋਂ ਬਹੁਤ ਘੱਟ ਸਮੇਂ ਵਿਚ ਸਫਾਈ ਵਰਗਾ ਕੰਮ ਕਰਨਾ ਹੋਵੇ। ਹਾਲਾਂਕਿ ਇਹ ਅਹਿਮ ਲੱਗ ਸਕਦਾ ਹੈ ਪਰ ਧਿਆਨ ਰੱਖੋ, ਜਦੋਂ ਤੁਸੀਂ ਬੇਹੱਦ ਏਕਲ ਅਤੇ ਵਿਅਸਤ ਜੀਵਨਸ਼ੈਲੀ ਜੀ ਰਹੇ ਹੋ ਤਾਂ ਘਰ ਦੀ ਸਫ਼ਾਈ ਵਰਗੇ ਕੰਮ ਲਈ ਤਿਉਹਾਰਾਂ ਦੀ ਉਡੀਕ ਨਾ ਕਰੋ। ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਇਸ ਰੰਗ ਰੂਪ ਵਿਚ ਢਾਲੋ ਕਿ ਹਰ ਦਿਨ ਮਿਲ-ਜੁਲ ਕੇ ਕੰਮ ਕਰਨ ਦੀ ਗੱਲ ਸਾਹਮਣੇ ਆਵੇ। ਇਸ ਲਈ ਰੋਜ਼ ਹੀ ਘਰ ਦੇ ਕੱਪੜੇ ਧੋਣ ਦੀ ਆਦਤ ਪਾ ਲਓ। ਪਰ ਬਦਕਿਸਮਤੀ ਨਾਲ ਜੇ ਅਜਿਹਾ ਨਾ ਕਰ ਸਕੋ ਤਾਂ ਦੀਵਾਲੀ ਦੇ ਦਿਨ ਜਾਂ ਇਕ ਦਿਨ ਦਿਨ ਪਹਿਲਾਂ ਢੇਰ ਸਾਰੇ ਕੱਪੜੇ ਇਕੱਠੇ ਕਰਕੇ ਧੋਣੇ ਨਾ ਸ਼ੁਰੂ ਕਰ ਦਿਓ। ਕੱਪੜਿਆਂ ਦੀ ਧੁਆਈ ਕਰਨੀ ਹੀ ਹੋਵੇ ਤਾਂ ਦੀਵਾਲੀ ਤੋਂ ਬਾਅਦ ਕਰੋ। ਹਾਂ, ਘਰ ਦੀ ਸਫ਼ਾਈ ਕਰਦੇ ਸਮੇਂ ਇਸ ਗੱਲ ਨੂੰ ਜ਼ਰੂਰ ਧਿਆਨ ਵਿਚ ਰੱਖੋ ਕਿ ਤਿਉਹਾਰ ਦੀ ਸਫ਼ਾਈ ਵਿਚ ਰਸੋਈ ਅਤੇ ਬਾਥਰੂਮ ਨੂੰ ਜ਼ਰੂਰ ਸ਼ਾਮਿਲ ਕਰੋ। ਇਕ ਜਾਂ ਦੋ ਘੰਟੇ ਦੀ ਸ਼ਿਫਟ ਲਗਾ ਕੇ ਫਿਰ 5 ਮਿੰਟ ਨੂੰ ਲਈ ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਚਾਹ-ਨਾਸ਼ਤਾ ਕਰੋ ਅਤੇ ਫਿਰ ਸਫ਼ਾਈ ਦੇ ਕੰਮ ਵਿਚ ਲੱਗ ਜਾਓ। ਅਜਿਹਾ ਕਰਨ ਨਾਲ ਤੁਸੀਂ ਥੱਕਦੇ ਨਹੀਂ ਅਤੇ ਸਫ਼ਾਈ ਵੀ ਬਿਹਤਰ ਹੁੰਦੀ ਹੈ।

ਸਮਾਜਿਕ ਰਿਸ਼ਤਿਆਂ ਵਿਚ ਤਣਾਓ ਅਤੇ ਤਰੇੜਾਂ ਕਿਉਂ?

ਅੱਜ ਦਾ ਮਨੁੱਖ ਬੜੀ ਤੇਜ਼ੀ ਨਾਲ ਬਦਲ ਰਹੇ ਯੁੱਗ ਵਿਚ ਵਿਚਰ ਰਿਹਾ ਹੈ। ਵਿਗਿਆਨਕ ਤੇ ਤਕਨੀਕੀ ਖੋਜਾਂ ਦੇ ਵਿਕਾਸ ਨੇ ਜ਼ਿੰਦਗੀ ਦੀਆਂ ਸਹੂਲਤਾਂ ਤੇ ਸੁੱਖਾਂ ਵਿਚ ਬੇਸ਼ੁਮਾਰ ਵਾਧਾ ਕਰ ਦਿੱਤਾ ਹੈ। ਜ਼ਿੰਦਗੀ ਦੀ ਤੇਜ਼ ਗਤੀ ਨੇ ਮਨੁੱਖ ਨੂੰ ਰੁਝੇਵਿਆਂ ਵਿਚ ਏਨਾ ਫਸਾ ਦਿੱਤਾ ਹੈ ਕਿ ਉਸ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਵਾਸਤੇ ਫੁਰਸਤ ਹੀ ਨਹੀਂ ਮਿਲਦੀ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਪਾਸੇ ਤਾਂ ਅਮੀਰੀ-ਗਰੀਬੀ ਵਿਚ ਬਹੁਤ ਹੀ ਪਾੜਾ ਪੈ ਗਿਆ ਹੈ, ਦੂਜੇ ਪਾਸੇ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਅਤੇ ਤਰੇੜਾਂ ਪੈਦਾ ਹੋ ਗਈਆਂ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਪਹਿਲੇ ਸਮਿਆਂ ਵਿਚ ਸਾਂਝੇ ਟੱਬਰ 'ਸ਼ਹਿਦ ਦੇ ਛੱਤਿਆਂ' ਦੀ ਤਰ੍ਹਾਂ ਸਨ। ਸਾਰੇ ਪਰਿਵਾਰ ਦੇ ਮੈਂਬਰ ਆਪਸ ਵਿਚ ਕੰਮ ਵੰਡ ਕੇ ਕਰਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਸੀ ਪਰ ਅੱਜ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਪਰਿਵਾਰਾਂ ਵਿਚ ਝਗੜੇ ਅਤੇ ਨਿੱਤ ਦੇ ਕਲੇਸ਼ ਵਧ ਰਹੇ ਹਨ। ਸਾਂਝੇ ਟੱਬਰ ਟੁੱਟਣ ਦਾ ਸਭ ਤੋਂ ਮਾੜਾ ਪ੍ਰਭਾਵ ਬਜ਼ੁਰਗਾਂ 'ਤੇ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਵਿਚ ਸਭ ਤੋਂ ਵੱਡਾ ਕਾਰਨ ਪੀੜ੍ਹੀ ਦਾ ਪਾੜਾ ਹੈ। ਪਹਿਲੇ ਸਮਿਆਂ ਦੇ ਲੋਕ ਬਹੁਤ ਮਿਹਨਤੀ ਸਨ। ਮਨੁੱਖੀ ਕਦਰਾਂ-ਕੀਮਤਾਂ ਤੇ ਨੈਤਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ। ਉਹ ਮਾਰ-ਧਾੜ ਕਰਕੇ ਧੰਨ-ਦੌਲਤ ਇਕੱਠੀ ਨਹੀਂ ਸਨ ਕਰਦੇ ਪਰ ਅੱਜ ਦੇ ਨੌਜਵਾਨ 'ਆਪਣਾ ਕੰਮ ਕੀਤਾ ਤੇ ਖਸਮਾਂ ਨੂੰ ਖਾਵੇ ਜੀਤਾ' ਦੇ ਸਿਧਾਂਤ 'ਤੇ ਚਲਦੇ ਹਨ। ਇਹ ਨਿੱਜਵਾਦ ਦਾ ਸ਼ਿਕਾਰ ਹੋ ਗਏ ਹਨ। ਪੁਰਾਣੇ ਲੋਕ ਸਿਦਕੀ ਅਤੇ ਸਿਰੜੀ ਸਨ ਪਰ ਅੱਜ ਦਾ ਮਨੁੱਖ ਬਿਨਾਂ ਮਿਹਨਤ ਦੇ ਸਭ ਕੁਝ ਤੁਰੰਤ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ। ਪੀੜ੍ਹੀ ਦਾ ਪਾੜਾ ਹੀ ਸਮਾਜਿਕ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਹੋਣ ਦਾ ਕਾਰਨ ਬਣ ਜਾਂਦਾ ਹੈ।
ਹੇਠਲੀ ਮੱਧਵਰਗੀ ਸ਼੍ਰੇਣੀ ਦੇ ਲੋਕ ਵੀ ਰਾਤੋ-ਰਾਤ ਹੀ ਐਸ਼ੋ-ਆਰਾਮ ਦੇਣ ਵਾਲੀਆਂ ਵਸਤਾਂ ਖਰੀਦ ਲੈਂਦੇ ਹਨ, ਜਦ ਕਿ ਉਨ੍ਹਾਂ ਦੇ ਆਮਦਨ ਦੇ ਸਾਧਨ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹ ਆਪਣੇ ਰਿਸ਼ਤੇਦਾਰਾਂ, ਮਾਪਿਆਂ, ਭੈਣ-ਭਰਾਵਾਂ ਤੋਂ ਆਸਾਂ ਲਾ ਬੈਠਦੇ ਹਨ। ਜਦ ਉਨ੍ਹਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੇ ਸਮਾਜਿਕ ਰਿਸ਼ਤਿਆਂ ਤੋਂ ਪਰ੍ਹੇ ਹਟ ਜਾਂਦੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਸਮਾਜਿਕ ਰਸਮੋ-ਰਿਵਾਜ ਮਹਿੰਗੇ ਤੇ ਪੇਚੀਦਾ ਹੋ ਗਏ ਹਨ। ਰੀਸੋ-ਰੀਸੀ ਆਪਣੀ ਵਿੱਤ ਤੋਂ ਵੱਧ ਖਰਚ ਕਰਨ ਨਾਲ ਬਹੁਤ ਸਾਰੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਂਦੇ ਹਨ। ਜਦ ਲੜਕੀਆਂ ਦੇ ਸਹੁਰੇ ਮੂੰਹੋਂ ਦਾਜ ਮੰਗਣਗੇ ਤਾਂ ਸਮਾਜਿਕ ਰਿਸ਼ਤਿਆਂ ਵਿਚ ਤਣਾਅ ਪੈਦਾ ਜ਼ਰੂਰ ਹੀ ਹੋਵੇਗਾ। ਹਰੇਕ ਮਨੁੱਖ ਦਾ ਸੁਭਾਅ, ਆਦਤਾਂ ਤੇ ਜੀਵਨ ਵਿਚ ਵਿਚਰਨ ਢੰਗ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਕਿਸੇ ਦੀ ਨਾਂਹ-ਪੱਖੀ ਤੇ ਢਹਿੰਦੀਆਂ ਕਲਾਂ ਵਿਚ ਰਹਿਣ ਦੀ ਸੋਚ ਹੁੰਦੀ ਹੈ, ਕੋਈ ਹਮੇਸ਼ਾ ਹਾਂ-ਪੱਖੀ ਸੋਚ ਰੱਖਦਾ ਹੈ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਮਨੁੱਖੀ ਜੀਵਨ ਕੇਵਲ ਇਕ ਵਾਰ ਹੀ ਮਿਲਦਾ ਹੈ। ਇਥੇ ਨਰਕ ਵੀ ਹੈ ਤੇ ਸਵਰਗ ਵੀ। ਇਹ ਦੁਨੀਆ ਖੂਬਸੂਰਤ ਵੀ ਹੈ ਤੇ ਬਦਸੂਰਤ ਵੀ। ਇਸ ਲਈ ਮਨੁੱਖ ਨੂੰ ਜੀਵਨ ਵਿਚ ਸਹੀ ਮਾਰਗ 'ਤੇ ਚਲਦਿਆਂ ਸਮਾਜਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਾਨਸਿਕ ਸਥਿਰਤਾ ਲਿਆ ਕੇ ਇਸ ਦੁਨੀਆ ਦੀ ਖੂਬਸੂਰਤੀ ਦਾ ਆਨੰਦ ਮਾਨਣਾ ਚਾਹੀਦਾ ਹੈ।


-ਈ-49, ਰਣਜੀਤ ਐਵੀਨਿਊ, ਅੰਮ੍ਰਿਤਸਰ-143001. ਮੋਬਾ: 98155-84220

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX