ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਮੂਰਖਤਾ

ਮਾਂ ਦੇ ਗਲ 'ਗੂਠਾ ਦੇ ਕੇ ਪੰਮੇ ਨੇ ਪੈਸੇ ਲਏ ਤੇ ਕੇਕ-ਸਮੋਸੇ ਲਿਆ ਕੇ ਘਰੋਂ ਬਾਹਰ ਪਿੰਡ ਦੇ ਚੌਕ ਵਿਚ ਜਾ ਕੇ ਆਪਣੇ ਯਾਰਾਂ-ਬੇਲੀਆਂ ਨਾਲ ਜਨਮ ਦਿਨ ਮਨਾਇਆ ਤੇ ਮੰੂਹ ਹਨੇਰੇ ਤੱਕ ਖੱਪਖਾਨਾ ਕਰਦੇ ਰਹੇ | ਆਉਂਦੇ-ਜਾਂਦੇ ਲੋਕ ਉਨ੍ਹਾਂ ਦਾ ਇਹ ਡਰਾਮਾ ਦੇਖ ਕੇ ਆਪੋ ਵਿਚ ਘੁਸਰ-ਮੁਸਰ ਕਰਦਿਆਂ ਉਨ੍ਹਾਂ ਦੇ ਘਰ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਉਸ ਦੀ ਇਸ ਮੂਰਖਤਾ 'ਤੇ ਵਿਅੰਗ ਕੱਸ ਰਹੇ ਸਨ ਕਿ 'ਘਰ ਵਿਚ ਭੰਗ ਭੱੁਜਦੀ ਆ ਤੇ ਇਹਨੂੰ ਅੱਗ ਲੱਗੀ ਆ ਜਨਮ ਦਿਨ ਮਨਾਉਣ ਦੀ, ਵੱਡੇ ਸ਼ਹਿਨਸ਼ਾਹ ਨੂੰ , ਇਨ੍ਹਾਂ ਦੀ ਬੁੜ੍ਹੀ ਸਾਰਾ ਦਿਨ ਲੋਕਾਂ ਦੇ ਘਰੇ ਝਾੜੂ-ਪੋਚੇ ਕਰ-ਕਰ ਕੇ ਇਨ੍ਹਾਂ ਦਾ ਢਿੱਡ ਭਰਦੀ ਆ ਤੇ ਇਹ ਆਪਣੇ-ਆਪ ਨੂੰ ਨਾਢੂ ਖਾਂ ਸਮਝ ਰਹੇ ਆ |' ਅਮਲੀ ਬੰਤੇ ਨੇ ਟੌਣਾ ਲਾਉਂਦਿਆਂ ਕਿਹਾ | 'ਆਹੋ ਚਾਚਾ, ਇਹ ਆਪ ਤਾਂ ਸਾਰੇ ਭਰਾ ਡੱਕਾ ਨਹੀਂ ਤੋੜਦੇ ਤੇ ਇਨ੍ਹਾਂ ਦਾ ਪਿਓ ਸਾਰਾ-ਸਾਰਾ ਦਿਨ ਇੱਟਾਂ, ਸੀਮੈਂਟ ਢੋਂਦਿਆਂ ਕੱੁਬਾ ਹੋ ਚੱਲਿਆ ਪਰ ਇਨ੍ਹਾਂ ਨੂੰ ਜ਼ਰਾ ਸ਼ਰਮ ਨਹੀਂ |' ਆਖ ਜੀਤੇ ਨੇ ਦਿਲ ਦੀ ਭੜਾਸ ਕੱਢੀ |
ਓਧਰ ਪੰਮਾ ਮਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਮਿੰਟਾਂ ਵਿਚ ਖੂਹ ਵਿਚ ਪਾ ਕੇ ਅੱਧੀ ਰਾਤ ਘਰ ਆ ਵੜਿਆ | ਅਗਲੀ ਸਵੇਰ ਘਰ ਵਿਚ ਮਿੱਠਾ-ਪੱਤੀ ਨਾ ਹੋਣ ਕਰਕੇ ਉਸ ਦੀ ਮਾਂ ਅਗਲੇ ਦਿਨ ਮੱਸਿਆ 'ਤੇ ਗੁਰਦੁਆਰਾ ਸਾਹਿਬ ਵਿਖੇ ਡੋਲੂ ਲੈ ਕੇ ਚਾਹ ਲੈਣ ਲਈ ਸੇਵਾਦਾਰਾਂ ਦੇ ਤਰਲੇ ਕੱਢ ਰਹੀ ਸੀ ਤੇ ਨਾਲੇ ਆਪਣੇ ਨਿਕੰਮੇ ਪੱੁਤ ਨੂੰ ਕੋਸ ਰਹੀ ਸੀ, ਜਿਸ ਨੇ ਰਾਸ਼ਨ ਲਿਆਉਣ ਲਈ ਰੱਖੇ ਪੈਸੇ ਜ਼ਬਰਦਸਤੀ ਉਸ ਤੋਂ ਲੈ ਕੇ ਰਾਤੀਂ ਜਨਮ ਦਿਨ 'ਤੇ ਫੂਕ ਦਿੱਤੇ ਸਨ ਤੇ ਹੁਣ ਉਨ੍ਹਾਂ ਦਾ ਸਾਰਾ ਟੱਬਰ ਸਵੇਰੇ ਠੰਢੇ ਚੱੁਲ੍ਹੇ ਵੱਲ ਬਿਟਰ-ਬਿਟਰ ਤੱਕ ਰਿਹਾ ਸੀ ਤੇ ਠੰਢਾ ਚੱੁਲ੍ਹਾ ਉਨ੍ਹਾਂ ਵੱਲ |
ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ | ਐਵੇਂ ਦੂਜਿਆਂ ਵੱਲ ਦੇਖ ਕੇ ਆਪਣਾ ਕੂੰਡਾ ਨਹੀਂ ਕਰਵਾਉਣਾ ਚਾਹੀਦਾ, ਆਪਣੇ ਪਰਿਵਾਰ ਦੀ ਆਰਥਿਕ ਹਾਲਤ ਦੇਖਣੀ ਚਾਹੀਦੀ ਹੈ |

-ਹਰਮੇਸ਼ ਬਸਰਾ ਮੁਫਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348


ਖ਼ਬਰ ਸ਼ੇਅਰ ਕਰੋ

ਸਾਵਧਾਨ ਬੱਚਿਓ, ਦੀਵਾਲੀ ਆ ਗਈ ਹੈ

ਪਿਆਰੇ ਬੱਚਿਓ, ਦੀਵਾਲੀ ਦਾ ਤਿਉਹਾਰ ਆ ਗਿਆ ਹੈ | ਅਸੀਂ ਸਾਰੇ ਦੀਵਾਲੀ ਦੇ ਤਿਉਹਾਰ ਨੂੰ ਬੜੀ ਬੇਸਬਰੀ ਨਾਲ ਉਡੀਕਦੇ ਹਾਂ | ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਬਾਜ਼ਾਰ ਦੁਲਹਨ ਵਾਂਗ ਸਜ ਜਾਂਦੇ ਹਨ | ਹਲਵਾਈਆਂ ਦੀਆਂ ਦੁਕਾਨਾਂ 'ਤੇ ਸਜਾ ਕੇ ਰੱਖੀਆਂ ਮਠਿਆਈਆਂ, ਫਲਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ 'ਤੇ ਸਜਾਏ ਹੋਏ ਫਲ ਦੇਖ ਕੇ ਸਾਡੇ ਮੰੂਹ ਵਿਚ ਪਾਣੀ ਆ ਜਾਂਦਾ ਹੈ | ਜੀਅ ਕਰਦਾ ਹੈ ਸਾਰਾ ਕੁਝ ਅੱਜ ਹੀ ਖਾ ਜਾਈਏ |
ਪਰ ਬੱਚਿਓ, ਸਾਵਧਾਨ! ਦੀਵਾਲੀ ਦੇ ਦਿਨਾਂ ਵਿਚ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਲਾਗਤ ਵੱਡੀ ਮਾਤਰਾ ਵਿਚ ਹੁੰਦੀ ਹੈ | ਇਸ ਲਈ ਇਨ੍ਹਾਂ ਮਠਿਆਈਆਂ ਵਿਚ ਮਿਲਾਵਟ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਜਦੋਂ ਅਸੀਂ ਬਾਜ਼ਾਰ ਵਿਚੋਂ ਮਠਿਆਈ ਖਰੀਦ ਰਹੇ ਹੁੰਦੇ ਹਾਂ ਤਾਂ ਜਾਣੇ-ਅਣਜਾਣੇ ਵਿਚ ਬਿਮਾਰੀਆਂ ਹੀ ਖਰੀਦ ਰਹੇ ਹੁੰਦੇ ਹਾਂ |
ਪਿਆਰੇ ਬੱਚਿਓ, ਦੇਸ਼ ਹਿਤ ਲਈ ਤੁਹਾਡਾ ਸਿਹਤਮੰਦ ਰਹਿਣਾ ਬਹੁਤ ਹੀ ਜ਼ਰੂਰੀ ਹੈ | ਇਸ ਲਈ ਕੋਸ਼ਿਸ਼ ਕਰੋ, ਆਪਣੇ ਮਨਪਸੰਦ ਦੀਆਂ ਚੀਜ਼ਾਂ ਆਪਣੀ ਮੰਮੀ ਜੀ ਨੂੰ ਕਹਿ ਕੇ ਘਰ ਵਿਚ ਹੀ ਬਣਵਾਓ ਅਤੇ ਰੱਜ-ਰੱਜ ਕੇ ਖਾਓ | ਜੇਕਰ ਬਾਜ਼ਾਰੂ ਮਠਿਆਈ ਖਾਣ ਨੂੰ ਤੁਹਾਡਾ ਬਾਹਲਾ ਹੀ ਜੀਅ ਕਰਦਾ ਹੋਵੇ ਤਾਂ ਪੜਤਾਲ ਕਰ ਕੇ ਕਿਸੇ ਤਸੱਲੀ ਵਾਲੀ ਦੁਕਾਨ ਤੋਂ ਹੀ ਖਰੀਦੋ ਤਾਂ ਕਿ ਸਾਨੂੰ ਬਾਅਦ ਵਿਚ ਪਛਤਾਉਣਾ ਨਾ ਪਵੇ | ਦੀਵਾਲੀ ਦਾ ਤਿਉਹਾਰ ਹੋਵੇ ਅਤੇ ਪਟਾਕਿਆਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ | ਪਟਾਕਿਆਂ ਦੀਆਂ ਰੰਗ-ਬਿਰੰਗੀਆਂ ਰੌਸ਼ਨੀਆਂ ਬੱਚਿਆਂ ਨੂੰ ਬਹੁਤ ਚੰਗੀਆਂ ਲਗਦੀਆਂ ਹਨ ਪਰ ਬੱਚਿਓ, ਹੁਣ ਹਾਲਾਤ ਬਹੁਤ ਬਦਲ ਗਏ ਹਨ | ਸਾਡਾ ਵਾਤਾਵਰਨ ਬਹੁਤ ਹੀ ਪ੍ਰਦੂਸ਼ਿਤ ਹੋ ਚੱੁਕਾ ਹੈ | ਜਦੋਂ ਅਸੀਂ ਇਨ੍ਹਾਂ ਤਿਉਹਾਰਾਂ 'ਤੇ ਪਟਾਕੇ ਚਲਾਉਂਦੇ ਹਾਂ ਤਾਂ ਵੱਡੀ ਮਾਤਰਾ ਵਿਚ ਜ਼ਹਿਰੀਲੀਆਂ ਗੈਸਾਂ ਹਵਾ ਵਿਚ ਰਲ ਜਾਂਦੀਆਂ ਹਨ, ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੁੰਦੀਆਂ ਹਨ | ਹਰ ਸਾਲ ਦੀਵਾਲੀ 'ਤੇ ਅਨੇਕਾਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ | ਪਿਆਰੇ ਬੱਚਿਓ, ਕਈ ਵਾਰ ਤੁਹਾਡੇ ਵੱਡੇ ਭੈਣ-ਭਰਾ ਤੁਹਾਡੇ ਨਾਲ ਰਲ ਕੇ ਵੱਡੇ-ਵੱਡੇ ਪਟਾਕੇ ਚਲਾਉਂਦੇ ਹਨ, ਜਿਨ੍ਹਾਂ ਦੀ ਤੇਜ਼ ਰੌਸ਼ਨੀ ਛੋਟੇ ਬੱਚਿਆਂ ਦੀਆਂ ਕੋਮਲ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ | ਇਸ ਤਰ੍ਹਾਂ ਵੱਡੇ ਬੰਬਾਂ ਨਾਲ ਤੁਹਾਡੇ ਕੰਨਾਂ ਦੇ ਕੋਮਲ ਪਰਦੇ ਵੀ ਫਟ ਸਕਦੇ ਹਨ | ਕਈ ਬੱਚੇ ਏਨੀ ਅਣਗਹਿਲੀ ਵਰਤਦੇ ਹਨ ਕਿ ਪਟਾਕਾ ਹੱਥ ਵਿਚ ਫੜ ਕੇ ਹੀ ਚਲਾਉਣ ਲੱਗ ਜਾਂਦੇ ਹਨ ਅਤੇ ਪਟਾਕਾ ਹੱਥ ਵਿਚ ਹੀ ਫਟ ਜਾਂਦਾ ਹੈ, ਜੋ ਕਿ ਬਾਅਦ ਵਿਚ ਬੜਾ ਪਛਤਾਉਂਦੇ ਹਨ | ਸੋ, ਕੁਝ ਸਮੇਂ ਦੇ ਮਨੋਰੰਜਨ ਬਦਲੇ ਵੱਡਾ ਨੁਕਸਾਨ ਝੱਲਣ ਨਾਲੋਂ ਚੰਗਾ ਹੈ ਕਿ ਪਟਾਕੇ ਚਲਾਉਣ ਤੋਂ ਬਚਿਆ ਹੀ ਜਾਵੇ | ਤੁਹਾਡੇ ਅਤੇ ਦੇਸ਼ ਦੇ ਭਵਿੱਖ ਲਈ ਇਹੀ ਬਿਹਤਰ ਹੋਵੇਗਾ |

-ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਆਓ ਜਾਣੀਏ ਚੱਕੀਰਾਹਾ ਪੰਛੀ ਬਾਰੇ

ਪਿਆਰੇ ਬੱਚਿਓ, ਸਾਡੇ ਆਲੇ-ਦੁਆਲੇ ਅਨੇਕਾਂ ਹੀ ਪ੍ਰਕਾਰ ਦੇ ਪਸ਼ੂ, ਪੰਛੀ ਪਾਏ ਜਾਂਦੇ ਹਨ | ਇਹ ਸਾਰੇ ਜੀਵ-ਜੰਤੂ ਮਨੱੁਖ ਦੀ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਕਰਦੇ ਹਨ | ਆਓ, ਅੱਜ ਅਲੋਪ ਹੋ ਰਹੇ ਪੰਛੀ ਚੱਕੀਰਾਹਾ ਬਾਰੇ ਜਾਣਕਾਰੀ ਪ੍ਰਾਪਤ ਕਰੀਏ |
ਬੱਚਿਓ, ਚੱਕੀਰਾਹਾ ਇਕ ਰੰਗਦਾਰ ਪੰਛੀ ਹੈ, ਜਿਸ ਦੇ ਸਿਰ ਉੱਪਰ ਗੂੜ੍ਹੇ ਪੀਲੇ ਤੇ ਕਾਲੇ ਰੰਗ ਦੀ ਕਲਗੀ ਹੁੰਦੀ ਹੈ | ਇਸ ਦਾ ਭਾਰ 45 ਤੋਂ 80 ਗ੍ਰਾਮ ਤੱਕ ਅਤੇ ਕੱਦ ਤਕਰੀਬਨ 20 ਤੋਂ 30 ਸੈਂਟੀਮੀਟਰ ਹੁੰਦਾ ਹੈ | ਇਸ ਦੀ ਗਰਦਨ ਦਾ ਰੰਗ ਬਿਸਕੁਟੀ ਅਤੇ ਇਸ ਦੀ ਚੁੰਝ ਬਹੁਤ ਹੀ ਤਿੱਖੀ ਹੁੰਦੀ ਹੈ | ਇਹ ਪੰਛੀ ਕੀੜੇ-ਮਕੌੜੇ ਫੜ ਕੇ ਖਾਂਦਾ ਹੈ | ਇਸ ਦੇ ਖੰਭਾਂ ਦਾ ਆਕਾਰ ਕਾਫੀ ਵੱਡਾ ਹੁੰਦਾ ਹੈ | ਚੱਕੀਰਾਹਾ ਆਪਣਾ ਆਲ੍ਹਣਾ ਟਹਿਣੀਆਂ ਅਤੇ ਰੱੁਖਾਂ ਦੀਆਂ ਖੱੁਡਾਂ ਵਿਚ ਬਣਾਉਂਦਾ ਹੈ | ਮਾਦਾ ਚੱਕੀਰਾਹਾ 5 ਤੋਂ 7 ਆਂਡੇ ਦਿੰਦੀ ਹੈ | ਇਨ੍ਹਾਂ ਆਂਡਿਆਂ ਵਿਚੋਂ ਤਕਰੀਬਨ 20 ਦਿਨਾਂ ਬਾਅਦ ਬੱਚੇ ਨਿਕਲ ਆਉਂਦੇ ਹਨ |
ਬੱਚਿਓ, ਚੱਕੀਰਾਹੇ ਅਫਰੀਕਾ, ਯੂਰਪ ਅਤੇ ਏਸ਼ੀਆ ਵਿਚ ਪਾਏ ਜਾਂਦੇ ਹਨ | ਇਸ ਦੀਆਂ 9 ਜਾਤੀਆਂ ਹਨ ਪਰ ਪੰਜਾਬ ਵਿਚ ਯੋਪੋਪਾ ਇਪੋਪਸ ਨਾਂਅ ਦੀ ਜਾਤੀ ਪਾਈ ਜਾਂਦੀ ਹੈ | 1987 ਤੋਂ ਪਹਿਲਾਂ ਚੱਕੀਰਾਹਾ ਪੰਜਾਬ ਦਾ ਰਾਜ ਪੰਛੀ ਸੀ ਪਰ ਸਮੇਂ ਦੇ ਬੀਤਣ ਨਾਲ ਪੰਜਾਬ ਵਿਚੋਂ ਜੰਗਲਾਤ ਦਾ ਹਿੱਸਾ ਘਟਣ ਕਾਰਨ ਹੁਣ ਇਹ ਪੰਛੀ ਅਲੋਪ ਹੋਣਾ ਸ਼ੁਰੂ ਹੋ ਗਿਆ ਹੈ | ਦੂਜਾ ਮੱੁਖ ਕਾਰਨ ਪੰਜਾਬ ਵਿਚ ਰਸਾਇਣਕ ਖਾਦਾਂ ਦੀ ਵੱਧ ਵਰਤੋਂ ਹੋਣ ਕਾਰਨ ਵੀ ਪੰਜਾਬ ਦੀ ਧਰਤੀ ਚੱਕੀਰਾਹਾ ਪੰਛੀ ਦੇ ਅਨੁਕੂਲ ਨਹੀਂ ਰਹੀ | ਆਓ, ਇਸ ਪੰਛੀ ਦੀ ਹੋਂਦ ਕਾਇਮ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਈਏ |

-ਮੋਗਾ | ਮੋਬਾ: 82838-00190

ਚੁਟਕਲੇ

• ਸਮੁੰਦਰ ਦੇ ਕਿਨਾਰੇ ਬੈਠੇ ਆਦਮੀ ਨੇ ਗੱੁਸੇ ਵਿਚ ਇਕ ਔਰਤ ਨੂੰ ਕਿਹਾ, 'ਕੀ ਤੁਹਾਡਾ ਲੜਕਾ ਹੈ, ਜਿਹੜਾ ਮੇਰੇ ਕੱਪੜਿਆਂ 'ਤੇ ਰੇਤਾ ਪਾ ਰਿਹਾ ਹੈ?'
ਔਰਤ ਨੇ ਉੱਤਰ ਦਿੱਤਾ, 'ਜੀ ਨਹੀਂ, ਇਹ ਮੇਰਾ ਭਤੀਜਾ ਹੈ | ਮੇਰਾ ਲੜਕਾ ਤਾਂ ਤੁਹਾਡੀ ਛਤਰੀ ਤੋੜ ਰਿਹਾ ਹੈ |'
• ਰਾਜੂ-ਤੁਹਾਡੇ ਹੋਟਲ ਵਿਚ ਮੱਛਰ-ਖਟਮਲ ਬਹੁਤ ਜ਼ਿਆਦਾ ਹਨ | ਮੈਂ ਤਾਂ ਕੀ, ਸਾਰੇ ਹੀ ਕਹਿੰਦੇ ਹਨ |
ਹੋਟਲ ਦਾ ਮਾਲਕ-ਜੀ ਹਾਂ, ਸ਼ਹਿਰ ਦਾ ਸਭ ਤੋਂ ਸਸਤਾ ਹੋਟਲ ਹੋਣ ਕਾਰਨ ਸਾਰੇ ਇਥੇ ਆਉਣਾ ਚਾਹੁੰਦੇ ਹਨ |
• ਅਮਨਦੀਪ ਰੋਂਦਾ ਹੋਇਆ ਆਇਆ ਅਤੇ ਪਿਤਾ ਜੀ ਨੂੰ ਕਹਿਣ ਲੱਗਾ, 'ਮੈਨੂੰ ਮੰਮੀ ਨੇ ਬਹੁਤ ਕੱੁਟਿਆ ਹੈ |'
ਪਿਤਾ-ਬੇਟਾ, ਹਾਈ ਕੋਰਟ ਵਿਚ ਸੁਪਰੀਮ ਕੋਰਟ ਦੇ ਵਿਰੱੁਧ ਅਪੀਲ ਨਹੀਂ ਹੋ ਸਕਦੀ |
• ਮਾਸਟਰ ਭੂਸ਼ਣ (ਭਾਵਿਕਾ ਨੂੰ )-ਗਰਮੀਆਂ ਵਿਚ ਫੈਲਣ ਦੀ ਅਤੇ ਸਰਦੀਆਂ ਵਿਚ ਸੁੰਗੜਨ ਦੀ ਕੋਈ ਉਦਾਹਰਨ ਦਿਓ |
ਭਾਵਿਕਾ-ਜੀ ਗਰਮੀਆਂ ਵਿਚ ਛੱੁਟੀਆਂ ਫੈਲ ਕੇ ਦੋ ਮਹੀਨੇ ਦੀਆਂ ਹੋ ਜਾਂਦੀਆਂ ਹਨ ਅਤੇ ਸਰਦੀਆਂ ਵਿਚ ਸੁੰਗੜ ਕੇ 10 ਦਿਨ ਦੀਆਂ ਰਹਿ ਜਾਂਦੀਆਂ ਹਨ |

-ਅਜੇਸ਼ ਗੋਇਲ ਬਿੱਟੂ,
ਸਾਹਮਣੇ ਸਿਡਾਨਾ ਟੈਲੀਕਾਮ, ਗਿੱਦੜਬਾਹਾ | ਮੋਬਾ: 98140-97917

ਬਾਲ ਨਾਵਲ-3 : ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਆਪਣੇ ਵੱਡੇ ਘਰ ਵਿਚ ਛੁੱਟੀ ਵਾਲੇ ਦਿਨ ਲੇਟ ਉੱਠਣਾ | ਖਾਣੇ ਵਾਲੇ ਮੇਜ਼ 'ਤੇ ਡਬਲਰੋਟੀ ਅਤੇ ਬਾਜ਼ਾਰ ਦੇ ਪੀਲੇ ਮੱਖਣ ਦਾ ਨਾਸ਼ਤਾ ਕਰਨਾ | ਸਾਰਾ ਦਿਨ ਵੀਡੀਓ ਗੇਮਜ਼, ਮੋਬਾਈਲ ਜਾਂ ਟੀ.ਵੀ. 'ਤੇ ਕਾਰਟੂਨ ਵੇਖਣ ਅਤੇ ਰਾਤ ਨੂੰ ਕਿਸੇ ਵੱਡੇ ਰੈਸਤਰਾਂ ਵਿਚ ਰੋਟੀ ਖਾਣ ਨਾਲੋਂ ਉਨ੍ਹਾਂ ਨੂੰ ਨਾਨਕਿਆਂ ਦੇ ਪਿੰਡ ਜਾ ਕੇ ਜ਼ਿਆਦਾ ਮਜ਼ਾ ਆਉਂਦਾ | ਉਥੇ ਸਵੇਰੇ ਤੜਕੇ ਉੱਠ ਕੇ ਨਾਨਾ ਜੀ ਨਾਲ ਸੈਰ ਕਰਦਿਆਂ ਗੱਲਾਂ ਹੀ ਗੱਲਾਂ ਵਿਚ ਕਿੰਨਾ ਕੁਝ ਨਵਾਂ ਸਿੱਖਣਾ | ਸੈਰ ਤੋਂ ਆ ਕੇ ਨਾਨੀ ਜੀ ਦੇ ਕੋਲ ਰਸੋਈ ਵਿਚ ਹੀ ਚਟਾਈ 'ਤੇ ਬੈਠ ਕੇ ਗਰਮਾ-ਗਰਮ ਪਰਾਉਂਠੇ, ਦਹੀਂ ਅਤੇ ਘਰ ਦੇ ਕੱਢੇ ਚਿੱ ਟੇ ਮੱਖਣ ਨਾਲ ਖਾਣੇ | ਸ਼ਾਮੀਂ ਪੜ੍ਹਾਈ ਤੋਂ ਬਾਅਦ ਨਾਨੀ ਜੀ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ ਅਤੇ ਉਨ੍ਹਾਂ ਨੂੰ ਰਾਤ ਵਾਸਤੇ ਕਦੀ ਖੀਰ ਅਤੇ ਕਦੀ ਗੁੜ ਵਾਲੇ ਚੌਲ ਬਣਾਉਣ ਦੀ ਫ਼ਰਮਾਇਸ਼ ਕਰਨੀ | ਰਾਤੀਂ ਆਪਣੀ ਫ਼ਰਮਾਇਸ਼ ਵਾਲੀ ਚੀਜ਼ ਖਾਣ ਤੋਂ ਬਾਅਦ ਨਾਨਾ ਜੀ ਕੋਲੋਂ ਰੋਜ਼ ਨਵੀਂ ਕਹਾਣੀ ਸੁਣਨੀ ਬੜੀ ਚੰਗੀ ਲੱਗਦੀ ਸੀ | ਇਨ੍ਹਾਂ ਗੱਲਾਂ ਕਰਕੇ ਹੀ ਪਿੰਡ ਉਨ੍ਹਾਂ ਨੂੰ ਜ਼ਿਆਦਾ ਨਿੱਘਾਪਣ ਅਤੇ ਅਪਣੱਤ ਮਹਿਸੂਸ ਹੁੰਦੀ | ਉਥੇ ਜਾ ਕੇ ਉਹ ਮੋਬਾਈਲ 'ਤੇ ਗੇਮਾਂ, ਵੀਡੀਓ ਗੇਮਜ਼ ਆਦਿ ਸਭ ਕੁਝ ਭੱਲ ਜਾਂਦੇ |
                                     ...  ...  ...
'ਪਾਪਾ ਆ ਗਏ, ਪਾਪਾ ਆ ਗਏ', ਬਾਹਰਲੇ ਗੇਟ 'ਚੋਂ ਕਾਰ ਅੰਦਰ ਆਉਂਦੀ ਵੇਖ ਕੇ ਬੱਚੇ ਬਾਹਰ ਵੱਲ ਦੌੜਦੇ ਹੋਏ ਬੋਲੇ |
'ਸੁਣਾਓ ਬਈ ਬੱ ਚਿਓ, ਕੀ ਹਾਲ-ਚਾਲ ਹੈ ਤੁਹਾਡਾ?' ਸੁਖਮਨੀ ਅਤੇ ਨਵਰਾਜ ਦੇ ਪਾਪਾ ਨੇ ਬੱ ਚਿਆਂ ਨੂੰ ਜੱਫੀ ਵਿਚ ਲੈਂਦਿਆਂ ਪੁੁੱ ਛਿਆ |
'ਠੀਕ ਐ ਪਾਪਾ', ਸੁਖਮਨੀ ਨੇ ਜਵਾਬ ਦਿੱਤਾ |
'ਮੰਮੀ ਕਿਥੇੇ ਹੈ ਤੁਹਾਡੀ?' ਚਾਰੇ ਪਾਸੇ ਨਜ਼ਰ ਮਾਰਦਿਆਂ ਇੰਦਰਪ੍ਰੀਤ ਨੇ ਸੁਖਮਨੀ ਨੂੰ ਪੁੱ ਛਿਆ |
'ਅਸੀਂ ਦੋਵੇਂ ਹੋਮ-ਵਰਕ ਕਰਦੇ ਪਏ ਸਾਂ, ਉਸ ਵਕਤ ਮੰਮੀ ਤਿਆਰ ਹੋ ਕੇ ਗਏ ਸੀ | ਕਹਿੰਦੇ ਸੀ, 'ਹੁਣੇ ਥੋੜ੍ਹੀ ਦੇਰ ਵਿਚ ਆ ਜਾਵਾਂਗੀ |'
'ਚਲੋ, ਆ ਜਾਏਗੀ ਹੁਣੇ | ਹੱਛਾ, ਤੁਸੀਂ ਦੱ ਸੋ ਕਿ ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ ਕਦੋਂ ਹੋ ਰਹੀਆਂ ਨੇ?'
'ਸਾਡੀ ਮੈਡਮ ਕਹਿ ਰਹੀ ਸੀ ਕਿ ਦਸ ਕੁ ਦਿਨਾਂ ਤੀਕ ਛੁੱਟੀਆਂ ਹੋ ਜਾਣਗੀਆਂ |'
'ਮੈਂ ਸੋਚ ਰਿਹਾਂ ਕਿ ਐਦਕੀਂ ਤੁਹਾਡੀਆਂ ਛੁੱਟੀਆਂ ਵਿਚ ਥੋੜ੍ਹੇ ਦਿਨ ਕਿਸੇ ਪਹਾੜ ਦਾ ਪ੍ਰੋਗਰਾਮ ਬਣਾਇਆ ਜਾਵੇ | ਸਾਰਿਆਂ ਦੀ ਕੁਝ ਦਿਨ ਤਬਦੀਲੀ ਵੀ ਹੋ ਜਾਏਗੀ ਅਤੇ ਗਰਮੀ ਤੋਂ ਵੀ ਬਚਾਅ ਹੋ ਜਾਏਗਾ |'
'ਪਰ ਪਾਪਾ, ਅਸੀਂ ਤੇ ਆਪਣਾ ਪ੍ਰੋਗਰਾਮ ਬਣਾ ਚੁੱਕੇ ਹਾਂ | ਮੰਮੀ ਨੇ ਤੁਹਾਨੂੰ ਦੱ ਸਿਆ ਨਹੀਂ?'

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
ਮੋਬਾਈਲ : 98889-24664

ਬੁਝਾਰਤਾਂ

1. ਵੱਡੀ ਨੇ ਟੋਕਾ ਕੀਤਾ,
ਛੋਟੀ ਨੇ ਇਕੱਠਾ ਕੀਤਾ |
2. ਹਿੱਲੇ ਨਾ ਜੱੁਲੇ,
ਦਿਨ ਰਾਤ ਚੱਲੇ |
3. ਉਹ ਕਿਹੜੀ ਚੀਜ਼ ਹੈ,
ਖਾ ਸਕਦੇ ਹਾਂ
ਪਰ ਦੇਖ ਨਹੀਂ ਸਕਦੇ |
4. ਏਨੀ ਕੁ ਹੱਡੀ,
ਧਰਤੀ 'ਚ ਗੱਡੀ |
5. ਤਿੰਨ ਅੱਖਰਾਂ ਦਾ ਮੇਰਾ ਨਾਮ,
ਉਲਟਾ-ਸਿੱਧਾ ਇਕ ਸਮਾਨ |
6. ਘਰ ਨੂੰ ਸੋਹਣਾ ਬਣਾਉਂਦਾ ਹਾਂ,
ਕੰਧਾਂ ਨਾਲ ਮਿਲ ਜਾਂਦਾ ਹਾਂ |
ਉੱਤਰ : (1) ਕੈਂਚੀ ਅਤੇ ਸੂਈ, (2) ਸੜਕ, (3) ਸਹੁੰ, (4) ਮੂਲੀ, (5) ਕਣਕ, (6) ਰੰਗ-ਰੋਗਨ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 82838-00190

ਬਾਲ ਸਾਹਿਤ

ਦਿਆਲਤਾ ਦੀ ਭਾਵਨਾ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ |
ਸਫੇ : 44, ਮੱੁਲ : 80 ਰੁਪਏ
ਸੰਪਰਕ : 099588-31357

ਡਾ: ਬਲਦੇਵ ਸਿੰਘ 'ਬੱਦਨ' ਪੰਜਾਬੀ ਸਾਹਿਤ ਵਿਚ ਸਥਾਪਿਤ ਤੇ ਚਰਚਿਤ ਲੇਖਕ ਹੈ | ਉਹ ਪੰਜਾਬੀ ਬਾਲ ਸਾਹਿਤ ਵੀ ਲਗਾਤਾਰ ਲਿਖ ਰਿਹਾ ਹੈ | ਹਥਲੀ ਪੁਸਤਕ 'ਦਿਆਲਤਾ ਦੀ ਭਾਵਨਾ' ਬਾਲ ਕਹਾਣੀਆਂ ਨਾਲ ਸ਼ਿੰਗਾਰੀ ਹੋਈ ਹੈ | ਇਸ ਵਿਚ ਪੰਜ ਕਹਾਣੀਆਂ ਹਨ | ਸਾਰੀਆਂ ਕਹਾਣੀਆਂ ਦਾ ਉਦੇਸ਼ ਬਾਲਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਹੈ | ਲੇਖਕ ਸਾਹਿਤ ਦੀ ਰਚਨਾ ਹੀ ਇਸੇ ਕਰਕੇ ਕਰਦਾ ਹੈ ਕਿ ਇਹ ਸਮਾਜ ਸੋਹਣਾ ਤੇ ਸੁਚੱਜਾ ਬਣ ਜਾਵੇ | ਲੋਕਾਂ ਵਿਚ ਪਿਆਰ, ਅਮਨ-ਸ਼ਾਂਤੀ ਤੇ ਸਦਭਾਵਨਾ ਬਣੀ ਰਹੇ |
'ਦਸਤਖ਼ਤ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਹਰ ਇਨਸਾਨ ਨੂੰ ਅੱਖਰ ਗਿਆਨ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ, ਨਹੀਂ ਤਾਂ ਕੋਈ ਵੀ ਚਲਾਕ ਆਦਮੀ ਉਨ੍ਹਾਂ ਨੂੰ ਧੋਖਾ ਦੇ ਸਕਦਾ ਹੈ | 'ਮੰੂਹ ਮੰਗੀ ਮੁਰਾਦ' ਇਨਸਾਨੀ ਪਿਆਰ ਤੇ ਵਿਸ਼ਵਾਸ ਦੀ ਕਥਾ ਹੈ | 'ਮਾਂ ਦਾ ਫਰਜ਼' ਕਹਾਣੀ ਅਹਿਸਾਸ ਕਰਾਉਂਦੀ ਹੈ ਕਿ ਇਕ ਮਾਂ ਆਪਣੇ ਬੱਚਿਆਂ ਖਾਤਰ ਕੋਈ ਵੀ ਕੁਰਬਾਨੀ ਕਰ ਸਕਦੀ ਹੈ | ਉਹ ਆਪਣੀ ਔਲਾਦ ਨੂੰ ਹਮੇਸ਼ਾ ਖ਼ੁਸ਼ ਦੇਖਣਾ ਚਾਹੁੰਦੀ ਹੈ | 'ਜ਼ਖਮੀ ਚਿੜੀ' ਕਹਾਣੀ ਸਾਨੂੰ ਨਵਾਂ ਸਬਕ ਦਿੰਦੀ ਹੈ | ਪੰਛੀਆਂ ਨੂੰ ਇਨਸਾਨ ਵਾਂਗ ਦੱੁਖ-ਦਰਦ ਹੁੰਦਾ ਹੈ | ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਛੀਆਂ ਪ੍ਰਤੀ ਸੁਹਿਰਦ ਹੋਈਏ, ਦੱੁਖ ਵੇਲੇ ਉਨ੍ਹਾਂ ਦੀ ਮਦਦ ਕਰੀਏ | 'ਦਿਆਲਤਾ ਦੀ ਭਾਵਨਾ' ਸਾਨੂੰ ਨੇਕ ਬਣਨ ਅਤੇ ਦੂਜਿਆਂ ਦੀ ਸਹਾਇਤਾ ਕਰਨ ਲਈ ਪ੍ਰੇਰਦੀ ਹੈ |
ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਦਾ ਉਦੇਸ਼ ਬਾਲਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ | ਸਾਰੀਆਂ ਕਹਾਣੀਆਂ ਦੀ ਭਾਸ਼ਾ ਬੜੀ ਹੀ ਸਰਲ ਹੈ | ਕਹਾਣੀਆਂ ਰੌਚਕ ਤੇ ਸਿੱਖਿਆ ਭਰਪੂਰ ਹਨ | ਇਸ ਤਰ੍ਹਾਂ ਦੀਆਂ ਪੁਸਤਕਾਂ ਹਰ ਸਕੂਲ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਨ | ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ | ਪੰਜਾਬੀ ਬਾਲ ਸਾਹਿਤ ਵਿਚ 'ਦਿਆਲਤਾ ਦੀ ਭਾਵਨਾ' ਦਾ ਸਵਾਗਤ ਹੈ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਬਾਲ ਗੀਤ: ਦੀਵਾਲੀ ਇਉਂ ਮਨਾਵਾਂਗੇ

ਆਈ ਦੀਵਾਲੀ, ਆਈ ਦੀਵਾਲੀ,
ਢੇਰਾਂ ਖੁਸ਼ੀਆਂ ਲਿਆਈ ਦੀਵਾਲੀ |
ਖੂਬ ਮਠਿਆਈਆਂ ਸਜੀਆਂ ਨੇ,
ਰੰਗਾਂ ਨਾਲ ਵੀ ਫਬੀਆਂ ਨੇ |
ਪਰ ਦਾਦਾ ਜੀ ਸਮਝਾਇਆ ਏ,
ਮਿਲਾਵਟ ਨਾਲ ਇਹ ਭਰੀਆਂ ਨੇ |
ਫੇਰ ਸੋਚਿਆ... ਪਟਾਕੇ ਖੂਬ ਲਿਆਵਾਂਗੇ,
ਰਾਤ ਨੂੰ ਸਭ ਚਲਾਵਾਂਗੇ |
ਪਾਪਾ ਨੂੰ ਮਨਾਇਆ ਏ,
ਪਾਪਾ ਫੇਰ ਸਮਝਾਇਆ ਏ |
ਪਟਾਕਾ ਨਹੀਂ ਚਲਾਉਣਾ ਏ,
ਪ੍ਰਦੂਸ਼ਣ ਨਹੀਂ ਫੈਲਾਉਣਾ ਏ |
ਸ਼ੋਰ ਨਹੀਂ ਮਚਾਉਣਾ ਏ,
ਬਿਮਾਰ ਨੂੰ ਨਹੀਂ ਸਤਾਉਣਾ ਏ |
ਦੱਸੋ ਫਿਰ? ਦੀਵਾਲੀ ਨੂੰ ਕਿਵੇਂ ਮਨਾਉਣਾ ਏ |
ਬੱਚਿਓ! ਦੀਵਾਲੀ ਜ਼ਰੂਰ ਮਨਾਵਾਂਗੇ,
ਘਰ ਨੂੰ ਖੂਬ ਚਮਕਾਵਾਂਗੇ |
ਤੇ ਘਰ ਦਾ ਖਾਣਾ ਖਾਵਾਂਗੇ |
ਸਭ ਘਰ ਹੀ ਬਣਾਵਾਂਗੇ |

-ਜਸਬੀਰ ਸਡਾਨਾ,
ਅੰਮਿ੍ਤਸਰ | ਮੋਬਾ: 80540-87750

ਅਨਮੋਲ ਬਚਨ

• ਜੋ ਤੁਹਾਡੀ ਖੁਸ਼ੀ ਦੇ ਲਈ ਆਪਣੀ ਹਾਰ ਮੰਨ ਲੈਂਦਾ ਹੈ, ਉਸ ਤੋਂ ਤੁਸੀਂ ਕਦੇ ਵੀ ਜਿੱਤ ਨਹੀਂ ਸਕਦੇ |
• ਬਸ ਦਿਲ ਜਿੱਤਣ ਦਾ ਮਕਸਦ ਰੱਖੋ, ਦੁਨੀਆ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ |
• ਦੂਜਿਆਂ ਵੱਲ ਉਂਗਲੀ ਕਰਨ ਤੋਂ ਪਹਿਲਾਂ ਸੋਚ ਲਵੋ ਕਿ ਤਿੰਨ ਉਂਗਲੀਆਂ ਤੁਹਾਡੇ ਵੱਲ ਹੀ ਹਨ |
• ਜਿਸ ਮਾਂ ਦੀ ਪ੍ਰਵਾਹ ਉਸ ਦਾ ਬੇਟਾ ਕਰਦਾ ਹੋਵੇ, ਉਸ ਮਾਂ ਤੋਂ ਜ਼ਿਆਦਾ ਅਮੀਰ ਤਾਂ ਕੋਈ ਰਾਜ-ਮਾਤਾ ਵੀ ਨਹੀਂ ਹੋਵੇਗੀ |
• ਕੱਪੜੇ ਤੇ ਚਿਹਰੇ ਅਕਸਰ ਝੂਠ ਬੋਲਦੇ ਹਨ, ਇਨਸਾਨ ਦੀ ਅਸਲੀਅਤ ਤਾਂ ਵਕਤ ਹੀ ਦੱਸਦਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) |
ਮੋਬਾ: 95018-10181

ਦੀਵਾਲੀ ਦਾ ਤਿਉਹਾਰ

ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ,
ਹਰ ਘਰ ਕਰੇ ਜਗਮਗ ਦੀਵਿਆਂ ਦੀ ਕਤਾਰ |
ਇਸ ਦਿਨ ਘਰ ਸ੍ਰੀ ਰਾਮ ਚੰਦਰ ਜੀ ਆਏ,
ਮਾਤਾ ਸੀਤਾ ਸੰਗ ਵੀਰ ਲਛਮਣ ਲਿਆਏ |
ਬਨਵਾਸ ਪਿੱਛੋਂ ਮੁੜ ਇਕ ਹੋਇਆ ਪਰਿਵਾਰ,
ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ |
ਬੰਦੀਛੋੜ ਦਾਤਾ ਛੇਵੇਂ ਪਾਤਸ਼ਾਹ ਜੀ ਅਖਵਾਏ,
ਬਵੰਜਾ ਰਾਜੇ ਕੈਦ 'ਚੋਂ ਆਜ਼ਾਦ ਸੀ ਕਰਵਾਏ |
ਬੰਦੀ ਛੋੜ ਦਿਵਸ ਵਜੋਂ ਸੰਗਤ ਦੇਵੇ ਸਤਿਕਾਰ,
ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ |
ਖੁਸ਼ੀ-ਖੁਸ਼ੀ ਲੋਕ ਇਹ ਤਿਉਹਾਰ ਨੇ ਮਨਾਉਂਦੇ,
ਬੱਚੇ ਵੀ ਘਰਾਂ ਨੂੰ ਬਹੁਤ ਸੋਹਣਾ ਨੇ ਸਜਾਉਂਦੇ |
ਗੁਰਕੀਰਤ ਨੂੰ ਹੈ ਰਹਿੰਦਾ ਹਰ ਸਾਲ ਇੰਤਜ਼ਾਰ,
ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ |
ਲੋਕ ਘਰਾਂ ਵਿਚ ਮਠਿਆਈਆਂ ਨੇ ਬਣਾਉਂਦੇ,
ਗੁਰੂ-ਘਰ ਜਾ ਕੇ ਸ਼ੁਕਰ ਰੱਬ ਦਾ ਮਨਾਉਂਦੇ |
ਪਟਾਕੇ ਨਹੀਂ ਚਲਾਉਣੇ ਆਓ ਕਰੋ ਇਕਰਾਰ,
ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ |
ਦੀਵਿਆਂ ਦੀ ਲੋਅ ਕਰੇ ਰੌਸ਼ਨ ਚਾਰ ਚੁਫੇਰਾ,
ਵਿੱਦਿਆ ਦੀ ਲੋਅ ਕਰੇ ਦੂਰ ਮਨ ਦਾ ਹਨੇਰਾ |
ਅਮਰਪ੍ਰੀਤ ਵੰਡੀਏ ਇਕ-ਦੂਜੇ 'ਚ ਪਿਆਰ,
ਆਇਆ ਹੈ ਮਿੱਤਰੋ! ਦੀਵਾਲੀ ਦਾ ਤਿਉਹਾਰ |
ਸਭ ਲਈ ਖੁਸ਼ਹਾਲੀ ਲਿਆਵੇ ਹਰ ਵਾਰ |

-ਅਮਰਪ੍ਰੀਤ ਸਿੰਘ ਝੀਤਾ,
ਨੰਗਲ ਅੰਬੀਆਂ (ਸ਼ਾਹਕੋਟ) |
ਮੋਬਾ: 97791-91447

ਬਾਲ ਕਹਾਣੀ

ਪੀਲੀਆਂ ਭਰਿੰਡਾਂ

ਬੰਤਾ ਸਿਹੁੰ ਸਵੇਰ ਦੀ ਸ਼ਾਂਤਮਈ ਕੁਦਰਤ ਨੂੰ ਨਿਹਾਰਦਾ ਖੇਤਾਂ ਤੋਂ ਚਰੀ ਦੀ ਇਕ ਪੰਡ ਆਪਣੇ ਸਾਈਕਲ 'ਤੇ ਰੱਖ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਪਿੰਡ ਨੂੰ ਜਾਂਦੀ ਛੋਟੀ ਜਿਹੀ ਸੜਕ 'ਤੇ ਤੁਰਦਿਆਂ ਉਸ ਨੇ ਆਪਣਾ ਸਾਈਕਲ ਬਿਲਕੁਲ ਖੱਬੇ ਹੱਥ ਤੋਰਿਆ ਹੋਇਆ ਸੀ ਕਿ ਅਚਾਨਕ ਪਿੱਛਿਓਂ ਆਉਂਦੀ ਇਕ ਸਕੂਲ ਬੱਸ ਦੇ ਤਿੱਖੇ ਹਾਰਨ ਨੇ ਉਸ ਦੀਆਂ ਲੱਤਾਂ-ਬਾਹਾਂ 'ਚ ਕੰਬਣੀ ਛੇੜ ਦਿੱਤੀ। 60 ਵਰ੍ਹਿਆਂ ਨੂੰ ਢੁਕੇ ਬੰਤਾ ਸਿਹੁੰ ਨੇ ਕੰਬਦੇ ਹੱਥਾਂ ਨਾਲ ਆਪਣਾ ਸਾਈਕਲ ਹੋਰ ਕੱਚੇ ਵੱਲ ਨੂੰ ਕਰ ਲਿਆ। ਇਸ ਤੋਂ ਪਹਿਲਾਂ ਕਿ ਉਹ ਆਪਣਾ ਸਾਈਕਲ ਪੂਰੀ ਤਰ੍ਹਾਂ ਨਾਲ ਕੱਚੇ 'ਤੇ ਲਾਹ ਲੈਂਦਾ, ਬੱਸ ਦਾ ਡਰਾਈਵਰ ਚਲਾਕੀ ਨਾਲ ਖਸਿਆਨੀ ਹਾਸੀ ਹੱਸਦਾ, ਉਸ ਨੂੰ ਤੇਜ਼ੀ ਨਾਲ ਕੱਟ ਮਾਰ ਅਗਾਂਹ ਲੰਘ ਗਿਆ। ਬੰਤਾ ਸਿਹੁੰ ਦਾ ਸਾਈਕਲ ਝੋਲ ਖਾ ਕੇ ਝੋਨੇ ਦੇ ਖੇਤ ਵੱਲ ਪਲਟਣ ਹੀ ਲੱਗਾ ਸੀ ਕਿ ਉਸ ਦੇ ਪਿੱਛੇ-ਪਿੱਛੇ ਸਵੇਰ ਦੀ ਸੈਰ ਤੋਂ ਮੁੜਦੇ ਸ਼ਾਮ ਲਾਲ ਨੇ ਫ਼ੁਰਤੀ ਨਾਲ ਹੱਥ ਪਾ ਕੇ ਉਸ ਨੂੰ ਡਿਗਣ ਤੋਂ ਬਚਾ ਲਿਆ। ਘਬਰਾਏ ਬੰਤਾ ਸਿਹੁੰ ਨੇ ਸ਼ਾਮ ਲਾਲ ਦਾ ਧੰਨਵਾਦ ਕੀਤਾ ਤੇ ਦੋਵੇਂ ਆਪਸ ਵਿਚ ਦੁੱਖ-ਸੁੱਖ ਕਰਦੇ ਹੌਲੀ-ਹੌਲੀ ਪਿੰਡ ਵੱਲ ਵਧਣ ਲੱਗੇ। ਛੇਤੀ ਹੀ ਇਕ ਹੋਰ ਸਕੂਲ ਵੈਨ ਤੇਜ਼ੀ ਨਾਲ ਉਨ੍ਹਾਂ ਦੇ ਸਾਹਮਣੇ ਤੋਂ ਦੂਜੇ ਪਾਸੇ ਵੱਲ ਲੰਘੀ ਤਾਂ ਡੌਰ-ਭੌਰ ਹੋਇਆ ਬੰਤਾ ਸਿਹੁੰ ਸ਼ਾਮ ਲਾਲ ਨੂੰ ਬੋਲਿਆ, 'ਦੇਖ ਲੈ ਭਰਾਵਾ, ਕਿੰਨੀ ਦੌੜ ਲੱਗੀ ਇਨ੍ਹਾਂ ਨੂੰ ਸਵੇਰੇ-ਸਵੇਰੇ, ਹੈ ਕੋਈ ਕਾਇਦਾ-ਕਾਨੂੰਨ?' 'ਸਹੀ ਗੱਲ ਆ, ਇਨ੍ਹਾਂ 'ਚ ਬੈਠੇ ਜੁਆਕਾਂ ਵੀ ਤਾਂ ਇਨ੍ਹਾਂ ਵੱਲ ਵੇਖ ਇਹੋ ਜਿਹੇ ਹੀ ਬਣਨਾ।' ਸ਼ਾਮ ਲਾਲ ਨੇ ਵੀ ਉਸ ਦੀ ਗੱਲ ਨਾਲ ਹਾਮੀ ਭਰੀ। ਦੋਵੇਂ ਆਪਣੇ ਇਲਾਕੇ ਵਿਚ ਖੁੱਲ੍ਹੇ ਵੱਖ-ਵੱਖ ਰੰਗ-ਬਿਰੰਗੇ ਸਕੂਲਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲੱਗੇ। ਸਿੱਖਿਆ ਦੇ ਖੇਤਰ 'ਚ ਫ਼ੈਲੇ ਇਸ ਵਪਾਰ ਨੇ ਉਨ੍ਹਾਂ ਦੋਵਾਂ ਨੂੰ ਚਿੰਤਾਤੁਰ ਕਰ ਦਿੱਤਾ। ਸ਼ਾਮ ਲਾਲ ਨੇ ਹੋਰ ਨਜ਼ਲਾ ਝਾੜਿਆ, 'ਐਨੇ ਸਾਲ ਹੋ ਗਏ, ਹਾਲੇ ਤੱਕ ਸਾਡੇ ਪਿੰਡ ਨੂੰ ਕੋਈ ਪੱਕਾ ਰੂਟ 'ਨੀ ਕਿਸੇ ਬੱਸ ਦਾ ਤੇ ਐਹ ਸਕੂਲਾਂ ਵਾਲੀਆਂ ਬੱਸਾਂ ਹਰ ਢਾਣੀ ਤੱਕ ਜਾ ਪੁੱਜੀਆਂ।' ਇਕ-ਇਕ ਬੱਚੇ ਖ਼ਾਤਰ ਲੱਗਦੀ ਇਹ ਦੌੜ ਉਹ ਰੋਜ਼ ਹੀ ਤੱਕਦੇ ਸਨ। ਚਾਣਚੱਕ ਬੰਤਾ ਸਿਹੁੰ ਨੂੰ ਸ਼ਾਮ ਲਾਲ ਦੇ ਗੁਆਂਢੀ ਪ੍ਰੀਤਮ ਦੀ ਪੋਤੀ ਦਾ ਖਿਆਲ ਆਇਆ, ਜਿਸ ਨੂੰ ਪਿਛਲੇ ਵਰ੍ਹੇ ਇਕ ਨਾਮੀ ਸਕੂਲ ਦੀ ਬੱਸ ਸਵੇਰੇ-ਸਵੇਰੇ ਹੀ ਫ਼ੇਟ ਮਾਰ ਗਈ ਸੀ। ਜਦੋਂ ਸ਼ਾਮ ਲਾਲ ਨੇ ਦੱਸਿਆ ਕਿ ਉਹ ਵਿਚਾਰੀ ਤਾਂ ਰੀੜ੍ਹ ਦੀ ਹੱਡੀ ਨਕਾਰਾ ਹੋ ਜਾਣ ਕਾਰਨ ਹੁਣ ਸਦਾ ਲਈ ਮੰਜੇ 'ਤੇ ਹੀ ਹੈ ਤਾਂ ਸ਼ਾਮ ਲਾਲ ਦੇ ਨਾਲ-ਨਾਲ ਬੰਤਾ ਸਿਹੁੰ ਦੀਆਂ ਵੀ ਅੱਖਾਂ ਭਰ ਆਈਆਂ। ਗ਼ਮਗੀਨ ਹੋਏ ਉਹ ਦੋਵੇਂ ਚੁੱਪ ਕਰ ਗਏ। ਅਖ਼ਬਾਰਾਂ 'ਚ ਅਜਿਹੀਆਂ ਹੀ ਵਾਪਰਦੀਆਂ, ਕੁਝ ਹੋਰ ਘਟਨਾਵਾਂ ਦੀਆਂ ਸੁਰਖੀਆਂ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ। ਤੁਰਦੇ-ਤੁਰਦੇ ਉਹ ਪਿੰਡ ਦੀ ਫ਼ਿਰਨੀ ਕੋਲ ਹੀ ਪੁੱਜੇ ਸਨ ਕਿ ਅੱਗਿਓਂ ਇਕ ਹੋਰ ਕਾਲਜ ਦੀ ਬੱਸ ਮੋੜ ਕੱਟ ਰਹੀ ਸੀ। ਉਸ ਦਾ ਵੀ ਪੀਲਾ ਰੰਗ ਵੇਖ ਕੇ ਬੰਤਾ ਸਿਹੁੰ ਨੂੰ ਸਵੇਰੇ ਚਰੀ ਵੱਢਦਿਆਂ ਉੱਥੇ ਲੱਗਾ ਭਰਿੰਡਾਂ ਦਾ ਖੱਖਰ ਯਾਦ ਆ ਗਿਆ। ਆਪਣੇ ਦੁਆਲੇ ਘੁੰਮਦੀਆਂ ਇਨ੍ਹਾਂ ਭਰਿੰਡਾਂ ਕੋਲੋਂ ਉਸ ਨੇ ਮਸਾਂ ਹੀ ਆਪਣੇ ਸਾਫ਼ੇ ਨਾਲ ਬਚਾਅ ਕੀਤਾ ਸੀ। ਜਿਉਂ ਹੀ ਇਹ ਬੱਸ ਮੋੜ ਕੱਟ ਕੇ ਉਨ੍ਹਾਂ ਦੇ ਕੋਲੋਂ ਲੰਘਣ ਲੱਗੀ ਤਾਂ ਆਪਣੇ ਸਾਥੀ ਨੂੰ ਹੱਥ ਦੇ ਇਸ਼ਾਰੇ ਨਾਲ ਪਾਸੇ ਕਰਦਿਆਂ ਬੰਤਾਂ ਸਿਹੁੰ ਤਾਂ ਜਿਵੇਂ ਫ਼ਿੱਸ ਹੀ ਪਿਆ, 'ਬਚ ਲੈ ਭਰਾਵਾ, ਇਹ ਤਾਂ ਚਲਦੀਆਂ-ਫ਼ਿਰਦੀਆਂ ਭਰਿੰਡਾਂ, ਪਤਾ 'ਨੀ ਕਿਹੜੇ ਵੇਲੇ ਕਿਸ ਨੂੰ ਡੰਗ ਲੈਣ।'
ਚਿੰਤਾਤੁਰ ਸ਼ਾਮ ਲਾਲ ਨੂੰ ਬੰਤਾ ਸਿਹੁੰ ਦੀ ਇਹ ਟਿੱਪਣੀ ਸੋਲਾਂ ਆਨੇ ਸੱਚ ਜਾਪ ਰਹੀ ਸੀ।

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ)।
ਮੋਬਾ: 98550-24495

ਪਰੰਪਰਾਗਤ ਆਟਾ ਪੀਸਣ ਦਾ ਪੁਰਾਣਾ ਯੰਤਰ ਘਰਾਟ

ਪਿਆਰੇ ਬੱਚਿਓ, ਤੁਸੀਂ ਆਪਣੇ ਦਾਦਾ ਜੀ ਜਾਂ ਦਾਦੀ ਜੀ ਤੋਂ 'ਘਰਾਟ' ਬਾਰੇ ਸੁਣਿਆ ਹੋਵੇਗਾ। 'ਘਰਾਟ' ਪੁਰਾਣੇ ਸਮੇਂ ਦਾ ਆਟਾ ਪੀਹਣ ਵਾਲਾ ਇਕ ਪਰੰਪਰਾਗਤ ਯੰਤਰ ਜਾਂ ਮਸ਼ੀਨ ਹੈ, ਜਿਸ ਨੂੰ ਪਣਚੱਕੀ ਵੀ ਕਿਹਾ ਜਾਂਦਾ ਹੈ। ਚੱਕੀ ਦੇ ਦੋ ਪੁੜਾਂ ਦੀ ਮਦਦ ਨਾਲ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਨਦੀ, ਨਾਲਿਆਂ ਅਤੇ ਪਹਾੜੀ ਝਰਨਿਆਂ ਦੇ ਪਾਣੀ ਨਾਲ ਇਸ ਨੂੰ ਚਲਾਇਆ ਜਾਂਦਾ ਹੈ। ਆਟਾ ਪੀਸਣ ਵਾਲੀ ਚੱਕੀ ਦੇ ਦੋ ਪੁੜਾਂ ਵਿਚੋਂ ਹੇਠਲੇ ਪੁੜ ਨੂੰ ਸਥਿਰ ਰੱਖ ਕੇ ਉਪਰਲੇ ਪੁੜ ਜਾਂ ਪੱਥਰ ਨੂੰ ਜਲ ਸ਼ਕਤੀ ਨਾਲ ਘੁਮਾਇਆ ਜਾਂਦਾ ਹੈ। ਉਪਰਲੇ ਪੁੜ ਦੇ ਘੁੰਮਣ ਨਾਲ ਸਮੁੱਚੇ ਯੰਤਰ ਵਿਚ ਕੰਪਣ ਪੈਦਾ ਹੁੰਦੀ ਹੈ ਅਤੇ ਗਰੂਤਾ ਦੇ ਅਸਰ ਅਧੀਨ ਪਰਨਾਲੇ ਰਾਹੀਂ ਕਣਕ ਜਾਂ ਮੱਕੀ ਦੇ ਦਾਣੇ ਨਿਸਚਿਤ ਦਰ ਨਾਲ ਡਿਗਦੇ ਰਹਿੰਦੇ ਹਨ। ਉਪਰਲੇ ਪੁੜ ਨੂੰ ਘੁਮਾਉਣ ਲਈ ਵਗਦੇ ਪਾਣੀ ਦਾ ਵੇਗ ਜਾਂ ਡਿਗ ਰਹੇ ਪਾਣੀ ਦੀ ਗਤਿਜ ਊਰਜਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਕ ਧੁਰੇ ਦੇ ਉਪਰਲੇ ਸਿਰੇ ਨਾਲ ਘੁੰਮਣ ਵਾਲੇ ਪੁੜ ਨੂੰ ਕੱਸਿਆ ਹੁੰਦਾ ਹੈ ਅਤੇ ਦੂਜੇ ਸਿਰੇ 'ਤੇ ਪੱਖਿਆਂ ਵਾਲੇ ਇਕ ਪਹੀਏ ਨੂੰ ਕੱਸਿਆ ਹੁੰਦਾ ਹੈ। ਗਤੀਸ਼ੀਲ ਪਾਣੀ ਜਦੋਂ ਇਸ ਪਹੀਏ ਦੇ ਪੱਖਿਆਂ ਨੂੰ ਘੁਮਾਉਂਦਾ ਹੈ ਤਾਂ ਉਪਰਲਾ ਪੁੜ ਵੀ ਗਤੀ ਵਿਚ ਆ ਜਾਂਦਾ ਹੈ, ਜਿਸ ਨਾਲ ਰਗੜ ਪੈਦਾ ਹੁੰਦੀ ਹੈ ਅਤੇ ਕਣਕ ਜਾਂ ਮੱਕੀ ਦੇ ਦਾਣੇ ਪੀਸੇ ਜਾਂਦੇ ਹਨ। ਇਕ 'ਘਰਾਟ' ਦਿਨ-ਰਾਤ ਵਿਚ ਲਗਪਗ 10 ਕੁਇੰਟਲ ਪੀਹਣ ਪੀਹ ਸਕਦਾ ਹੈ। 'ਘਰਾਟ' ਦੁਆਰਾ ਪੀਸਿਆ ਆਟਾ ਮਨੁੱਖੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ। ਇਸ ਵਿਚ ਫਾਈਬਰ ਵੱਡੀ ਮਾਤਰਾ ਵਿਚ ਪਾਈ ਜਾਂਦੀ ਹੈ। ਆਧੁਨਿਕ ਵਿਗਿਆਨ ਦੀ ਤਰੱਕੀ ਕਾਰਨ ਪਿੰਡਾਂ ਤੇ ਸ਼ਹਿਰਾਂ ਵਿਚ ਬਿਜਲਈ ਚੱਕੀਆਂ ਲੱਗ ਜਾਣ ਕਾਰਨ ਸਾਡੀ ਵਿਰਾਸਤ ਦਾ ਅੰਗ 'ਘਰਾਟ' ਅੱਜ ਅਲੋਪ ਹੋ ਗਏ ਹਨ। ਪਰ ਹਿਮਾਚਲ ਪ੍ਰਦੇਸ਼ ਵਿਚ ਉੱਚੇ ਪਹਾੜੀ ਪਿੰਡਾਂ ਦੇ ਝਰਨਿਆਂ 'ਤੇ ਵਿਰਲੇ-ਵਿਰਲੇ ਘਰਾਟ ਅੱਜ ਵੀ ਦੇਖਣ ਨੂੰ ਮਿਲਦੇ ਹਨ। ਆਪਣੇ ਸੱਭਿਆਚਾਰ ਦੀ ਪਹਿਚਾਣ ਲਈ 'ਘਰਾਟ' ਸਬੰਧੀ ਜਾਣਕਾਰੀ ਸਾਡੇ ਗਿਆਨ ਵਿਚ ਵਾਧਾ ਕਰੇਗੀ। ਆਓ, ਕਿਸੇ ਪਹਾੜੀ ਸੈਰਗਾਹ ਦਾ ਆਨੰਦ ਮਾਣਦੇ ਹੋਏ 'ਘਰਾਟ' ਦੇ ਦਰਸ਼ਨ ਕਰੀਏ।

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94175-87207

ਹਵਾਈ ਜਹਾਜ਼ਾਂ ਦੀਆਂ ਕਿਸਮਾਂ

ਬੱਚਿਓ, ਕੋਈ ਵੀ ਵਾਹਨ, ਜੋ ਹਵਾ ਵਿਚ ਉੱਡਦਾ ਹੈ, ਨੂੰ ਹਵਾਈ ਜਹਾਜ਼ ਕਹਿੰਦੇ ਹਨ। ਇਹ ਸਮੁੰਦਰਾਂ ਅਤੇ ਪਰਬਤਾਂ ਵਰਗੀਆਂ ਔਕੜਾਂ ਨੂੰ ਕੁਝ ਹੀ ਸਮੇਂ ਵਿਚ ਪਾਰ ਕਰ ਜਾਂਦੇ ਹਨ। ਫੌਜ ਵਿਚ ਵਰਤੇ ਜਾਣ ਵਾਲੇ ਏਅਰ ਕਰਾਫਟ ਇਕ ਗੁੰਝਲਦਾਰ ਮਸ਼ੀਨ ਹੁੰਦੇ ਹਨ, ਜਿਨ੍ਹਾਂ ਦਾ ਢਾਂਚਾ ਐਲੂਮੀਨੀਅਮ ਵਰਗੀ ਭਾਰੀ ਧਾਤ ਅਤੇ ਉੱਚ ਦਰਜੇ ਦੀ ਪਲਾਸਟਿਕ ਦਾ ਬਣਿਆ ਹੁੰਦਾ ਹੈ। ਕਿਸਮਾਂ :
* ਦੋਹਰੇ ਖੰਭਾਂ ਵਾਲੇ : ਇਸ ਕਿਸਮ ਦੇ ਏਅਰ ਕਰਾਫਟ ਦੇ ਢਾਂਚੇ ਦੇ ਦੋਵੇਂ ਪਾਸੇ 2-2 ਖੰਭ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਦੂਜੇ ਸੰਸਾਰ ਯੁੱਧ (1939 ਤੋਂ 1945) ਵਿਚ ਕੀਤੀ ਜਾਂਦੀ ਸੀ।
* ਆਵਾਜਾਈ ਕਰਨ ਵਾਲੇ : ਲੜਾਈ ਦੇ ਦਿਨਾਂ ਵਿਚ ਫੌਜੀ ਜਵਾਨ ਅਤੇ ਸਾਮਾਨ ਇਨ੍ਹਾਂ ਵਿਚ ਭੇਜਿਆ ਜਾਂਦਾ ਹੈ। ਅੱਜਕਲ੍ਹ ਭਾਰੇ ਏਅਰ ਕਰਾਫਟ ਵੀ ਤਿਆਰ ਹੋਣ ਲੱਗ ਪਏ ਹਨ, ਜਿਨ੍ਹਾਂ ਵਿਚ ਟੈਂਕਾਂ ਨੂੰ ਵੀ ਢੋਇਆ ਜਾਂਦਾ ਹੈ।
* ਗੁਬਾਰੇ : ਇਹ ਹਵਾ ਨਾਲੋਂ ਹਲਕੇ ਹੁੰਦੇ ਹਨ। ਇਨ੍ਹਾਂ ਵਿਚ ਗੈਸ ਜਾਂ ਗਰਮ ਹਵਾ ਭਰੀ ਜਾਂਦੀ ਹੈ, ਜਿਸ ਦੀ ਮਦਦ ਨਾਲ ਇਹ ਆਕਾਸ਼ ਵਿਚ ਉੱਡ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਮਨੋਰੰਜਨ ਅਤੇ ਖੇਡਾਂ ਲਈ ਕੀਤੀ ਜਾਂਦੀ ਹੈ।
* ਗਲਾਈਡਰਜ਼ : ਇਹ ਵੀ ਮਨੋਰੰਜਨ ਅਤੇ ਖੇਡਾਂ ਖੇਡਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਵਿਚ ਕੋਈ ਇੰਜਣ ਨਹੀਂ ਹੁੰਦਾ, ਸਗੋਂ ਇਹ ਹਵਾ ਦੇ ਪ੍ਰਭਾਵ ਨਾਲ ਹੀ ਉੱਡਦੇ ਹਨ।
* ਕੋਨਕੋਰਡੇ : ਇਹ ਆਧੁਨਿਕ ਏਅਰ ਕਰਾਫ਼ਟ ਹਨ, ਜੋ ਆਵਾਜ਼ ਦੀ ਰਫ਼ਤਾਰ (1240 ਕਿ: ਮੀ:/ਘੰਟਾ) ਤੋਂ ਵੀ ਤੇਜ਼ ਉੱਡ ਸਕਦੇ ਹਨ। ਉੱਡਣ ਸਮੇਂ ਇਹ ਸ਼ੋਰ ਬਹੁਤ ਕਰਦੇ ਹਨ ਅਤੇ ਈਂਧਣ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ।

-ਨਿਊ ਕੁੰਦਨਪੁਰੀ, ਲੁਧਿਆਣਾ।

ਬਾਲ ਗੀਤ

ਚੰਗੇ ਗੁਣ

ਨਿਮਰਤਾ ਦੇ ਵਿਚ ਰਹਿਣਾ ਸਿੱਖੋ,
ਜੀ-ਜੀ ਬੱਚਿਓ ਕਹਿਣਾ ਸਿੱਖੋ।
ਮਾਪੇ ਹੁੰਦੇ ਰੂਪ ਰੱਬ ਦਾ,
ਇਨ੍ਹਾਂ ਦੇ ਪੈਰੀਂ ਪੈਣਾ ਸਿੱਖੋ।
ਮਾਪੇ ਨਹੀਂ ਮਿਲਦੇ ਫੇਰ ਦੁਬਾਰਾ,
ਇਨ੍ਹਾਂ ਦਾ ਲਾਹਾ ਲੈਣਾ ਸਿੱਖੋ।
ਮਾੜੀ ਸੰਗਤ ਕਦੇ ਨਹੀਂ ਕਰਨੀ,
ਚੰਗਿਆਂ ਦੇ ਵਿਚ ਬਹਿਣਾ ਸਿੱਖੋ।
ਝੂਠ ਬੋਲਣਾ ਮਾੜੀ ਆਦਤ,
ਸੱਚ 'ਤੇ ਪਹਿਰਾ ਦੇਣਾ ਸਿੱਖੋ।
ਮੋਬਾਈਲਾਂ ਨਾਲ ਨਾ ਚੁੰਬੜੇ ਰਹਿਣਾ,
ਮਾਪਿਆਂ ਕੋਲ ਵੀ ਬਹਿਣਾ ਸਿੱਖੋ।
ਮਾਪੇ ਸਦਾ ਹੀ ਭਲਾ ਨੇ ਚਾਹੁੰਦੇ,
ਇਨ੍ਹਾਂ ਦਾ ਮੰਨਣਾ ਕਹਿਣਾ ਸਿੱਖੋ।

-ਮਨਪ੍ਰੀਤ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)। ਮੋਬਾ: 97790-43348

ਬਾਲ ਗੀਤ

ਪੁਸਤਕ ਕਹਿੰਦੀ

ਪੁਸਤਕ ਕਹਿੰਦੀ ਸੁਣ ਲਵੋ ਬਾਤ,
ਅੱਖਰਾਂ ਵਿਚ ਚਮਕੇ ਪ੍ਰਭਾਤ।
ਮੇਰੇ ਕੋਲ ਆਓ ਮੇਰੇ ਦੋਸਤੋ,
ਹਨੇਰੇ ਨੂੰ ਦੂਰ ਭਜਾਓ ਦੋਸਤੋ।
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ,
ਪੁਸਤਕ ਕਹਿੰਦੀ......।
ਦੁਨੀਆ ਵਾਲੀ ਕਦੇ ਸਮਝ ਨਾ ਆਈ,
ਨਾ ਇਹ ਆਪਣੀ, ਨਾ ਇਹ ਪਰਾਈ।
ਕਿਤਾਬ 'ਚੋਂ ਲੱਭੇ ਜੀਵਨ ਸੌਗਾਤ,
ਪੁਸਤਕ ਕਹਿੰਦੀ........।
ਸ਼ਬਦਾਂ ਦਾ ਜੋ ਸਾਥ ਨਿਭਾਉਂਦੇ,
ਝੋਲੀ ਹੀਰੇ-ਮੋਤੀ ਉਹ ਪਾਉਂਦੇ।
ਹੁੰਦੀ ਕਿਰਨਾਂ ਨਾਲ ਮੁਲਾਕਾਤ,
ਪੁਸਤਕ ਕਹਿੰਦੀ........।
ਤੁਰਦੀ ਜ਼ਿੰਦਗੀ ਜਦ ਰੁਕ ਜਾਵੇ,
'ਵਿਵੇਕ' ਕੁਝ ਵੀ ਨਜ਼ਰ ਨਾ ਆਵੇ।
ਪੜ੍ਹੋ ਕਿਤਾਬਾਂ ਫਿਰ ਦਿਨ-ਰਾਤ,
ਪੁਸਤਕ ਕਹਿੰਦੀ ਸੁਣ ਲਵੋ ਬਾਤ।

-ਵਿਵੇਕ,
ਕੋਟ ਈਸੇ ਖਾਂ (ਮੋਗਾ)।
ਮੋਬਾ: 94633-84051

ਬਾਲ ਨਾਵਲ-2

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ
ਸਨਿਚਰਵਾਰ ਦਾ ਅੰਕ ਦੇਖੋ)

'ਨਵਰਾਜ', ਸੁਖਮਨੀ ਨੇ ਛੋਟੇ ਭਰਾ ਨੂੰ ਆਵਾਜ਼ ਦਿੱਤੀ।
'ਆ ਗਿਆ, ਦੀਦੀ।'
'ਚਲੋ, ਕਿਤਾਬਾਂ ਲੈ ਆਓ, ਹੋਮ ਵਰਕ ਕਰਨ ਦਾ ਵਕਤ ਹੋ ਗਿਐ', ਕਹਿੰਦਿਆਂ ਸੁਖਮਨੀ ਆਪਣੀਆਂ ਕਿਤਾਬਾਂ-ਕਾਪੀਆਂ ਲੈ ਕੇ ਮੇਜ਼ ਕੋਲ ਪਈ ਕੁਰਸੀ 'ਤੇ ਬੈਠ ਗਈ। ਨਵਰਾਜ ਆਪਣਾ ਪੂਰਾ ਬਸਤਾ ਲੈ ਕੇ ਹੀ ਦੀਦੀ ਦੇ ਨੇੜੇ ਆ ਕੇ ਬੈਠ ਗਿਆ। ਹੁਣ ਉਹ ਦੋਵੇਂ ਆਪੋ-ਆਪਣਾ ਹੋਮ-ਵਰਕ ਕਰਨ ਲੱਗੇ।
ਸੁਖਮਨੀ ਛੇਵੀਂ ਕਲਾਸ ਵਿਚ ਪੜ੍ਹਦੀ ਸੀ ਅਤੇ ਉਸ ਦਾ ਛੋਟਾ ਭਰਾ ਨਵਰਾਜ ਤੀਸਰੀ ਕਲਾਸ ਵਿਚ। ਸੁਖਮਨੀ ਪੜ੍ਹਾਈ ਵਿਚ ਹੁਸ਼ਿਆਰ ਸੀ। ਉਹ ਸਕੂਲੋਂ ਆ ਕੇ, ਖਾਣਾ ਖਾ ਕੇ ਥੋੜ੍ਹਾ ਆਰਾਮ ਕਰਦੀ ਅਤੇ ਫੇਰ ਉੱਠ ਕੇ ਆਪਣਾ ਹੋਮ ਵਰਕ ਕਰਨ ਲੱਗ ਪੈਂਦੀ। ਨਵਰਾਜ ਪੜ੍ਹਾਈ ਵਲੋਂ ਥੋੜ੍ਹਾ ਲਾਪ੍ਰਵਾਹ ਸੀ। ਉਸ ਦਾ ਬਹੁਤਾ ਧਿਆਨ ਮੋਬਾਈਲ ਉੱਪਰ ਖੇਡਾਂ ਵੱਲ, ਟੀ. ਵੀ. ਵੱਲ ਜਾਂ ਸ਼ਰਾਰਤਾਂ ਵੱਲ ਹੁੰਦਾ। ਉਹ ਹੋਮਵਰਕ ਵੀ ਕਦੀ ਕਰ ਲੈਂਦਾ ਅਤੇ ਕਦੀ ਨਾਗਾ ਪਾ ਜਾਂਦਾ। ਪਿਛਲੇ ਕੁਝ ਦਿਨਾਂ ਤੋਂ ਸੁਖਮਨੀ ਜਦੋਂ ਆਪਣੇ ਸਕੂਲ ਦਾ ਕੰਮ ਕਰਨ ਲਗਦੀ ਤਾਂ ਉਹ ਨਵਰਾਜ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਲੈਂਦੀ ਅਤੇ ਉਸ ਨੂੰ ਸਕੂਲ ਦਾ ਕੰਮ ਕਰਨ ਲਈ ਕਹਿੰਦੀ। ਚਾਰ-ਪੰਜ ਦਿਨ ਤਾਂ ਨਵਰਾਜ ਬੜਾ ਔਖਾ ਹੋਇਆ ਪਰ ਹੁਣ ਉਹ ਚੁੱਪ-ਚਾਪ ਆਪੇ ਭੈਣ ਕੋਲ ਬੈਠ ਕੇ ਸਕੂਲ ਦਾ ਕੰਮ ਕਰਨ ਲਗਦਾ। ਜੇ ਕਿਸੇ ਚੀਜ਼ ਦੀ ਉਸ ਨੂੰ ਸਮਝ ਨਾ ਲੱਗਦੀ ਤਾਂ ਉਹ ਭੈਣ ਕੋਲੋਂ ਪੁੱਛ ਲੈਂਦਾ।
.........
ਸੁਖਮਨੀ ਅਤੇ ਨਵਰਾਜ ਸ਼ਹਿਰ ਦੇ ਵਧੀਆ ਸਕੂਲ ਵਿਚ ਪੜ੍ਹਦੇ ਸਨ। ਉਹ ਆਪਣੇ ਮਾਂ-ਪਿਓ ਦੇ ਲਾਡਲੇ ਬੱਚੇ ਸਨ। ਪਰ ਉਨ੍ਹਾਂ ਦੇ ਮਾਂ-ਪਿਓ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਵਹਿ ਗਏ ਲਗਦੇ ਸਨ। ਉਨ੍ਹਾਂ ਦੇ ਪਾਪਾ ਇੰਦਰਪ੍ਰੀਤ ਸ਼ਹਿਰ ਦੇ ਬਾਹਰਵਾਰ ਬਣੇ ਫ਼ੋਕਲ ਪੁਆਇੰਟ ਵਿਚ ਇਕ ਫੈਕਟਰੀ ਚਲਾ ਰਿਹਾ ਸੀ। ਉਸ ਦੇ ਕੰਮਾਂ ਦਾ ਖਿਲਾਰਾ ਕਾਫ਼ੀ ਵੱਡਾ ਸੀ ਪਰ ਉਹ, ਉਸ ਨੂੰ ਹੋਰ ਵਡੇਰਾ ਕਰਨ ਦੇ ਚੱਕਰ ਵਿਚ ਪਿਆ ਰਹਿੰਦਾ। ਉਹ ਸ਼ਹਿਰ ਦਾ ਜੰਮ-ਪਲ ਹੋਣ ਕਰਕੇ, ਉਸ ਦਾ ਪਿੰਡਾਂ ਨਾਲ ਲਗਾਓ ਕਾਫ਼ੀ ਘੱਟ ਸੀ। ਉਸ ਨੂੰ ਸ਼ਹਿਰ ਦੀ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਜ਼ਿਆਦਾ ਪਸੰਦ ਸੀ।
ਬੱਚਿਆਂ ਦੀ ਮੰਮੀ, ਰਹਿਮਤ ਭਾਵੇਂ ਪਿੰਡ ਦੀ ਜੰਮ-ਪਲ ਸੀ ਪਰ ਸ਼ਹਿਰ ਵਿਆਹੀ ਜਾਣ ਕਰਕੇ ਉਹ ਵੀ ਆਪਣੇ ਪਤੀ ਇੰਦਰਪ੍ਰੀਤ ਦੇ ਰੰਗ ਵਿਚ ਰੰਗੀ ਜਾਣ ਲੱਗੀ ਸੀ। ਉਸ ਨੂੰ ਸ਼ਹਿਰ ਦੀ ਮਾਡਰਨ ਸੁਸਾਇਟੀ ਦਾ ਹਿੱਸਾ ਬਣਨ ਦਾ ਬੇਹੱਦ ਸ਼ੌਕ ਜਾਗ ਪਿਆ ਸੀ। ਇਸੇ ਕਰਕੇ ਉਸ ਕੋਲ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਵੱਲ ਧਿਆਨ ਦੇਣ ਲਈ ਬਹੁਤਾ ਵਕਤ ਨਹੀਂ ਸੀ ਬਚਦਾ।
ਸੁਖਮਨੀ ਅਤੇ ਨਵਰਾਜ ਕਾਫ਼ੀ ਸਮਾਂ ਪੜ੍ਹਾਈ ਵਿਚ, ਮੋਬਾਈਲ ਵਿਚ ਜਾਂ ਟੀ.ਵੀ. ਵਿਚ ਰੁੱਝੇ ਰਹਿੰਦੇ ਪਰ ਇਸ ਦੇ ਬਾਵਜੂਦ ਉਹ ਕਈ ਵਾਰੀ ਬੜਾ ਇਕੱਲਾਪਣ ਮਹਿਸੂਸ ਕਰਦੇ। ਇਸੇ ਕਰਕੇ ਉਨ੍ਹਾਂ ਨੂੰ ਆਪਣੇ ਵੱਡੇ ਅਤੇ ਆਧੁਨਿਕ ਸਹੂਲਤਾਂ ਵਾਲੇ ਘਰ ਨਾਲੋਂ ਨਾਨਾ ਜੀ-ਨਾਨੀ ਜੀ ਦੇ ਸਾਦ-ਮੁਰਾਦੇ ਘਰ ਨਾਲ ਜ਼ਿਆਦਾ ਮੋਹ ਸੀ। ਸਕੂਲੋਂ ਕੋਈ ਵੀ ਛੁੱਟੀਆਂ ਹੋਣ 'ਤੇ ਉਹ ਉੱਡ ਕੇ ਨਾਨਾ ਜੀ-ਨਾਨੀ ਜੀ ਕੋਲ ਪਹੁੰਚਣਾ ਚਾਹੁੰਦੇ ਸਨ।

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

ਤੇਜ਼ ਬਣਨ ਦੀ ਲੋੜ

ਇਕ ਦਿਨ ਇਕ ਸਕੂਲ ਅਧਿਆਪਕ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲੈਣੀ ਚਾਹੀ। ਉਸ ਨੇ ਆਪਣੀ ਕਲਾਸ ਦੇ ਤਿੰਨ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਚੁਣਿਆ, ਜੋ ਤਿੰਨੇ ਹੀ ਇਕ-ਦੂਜੇ ਤੋਂ ਵੱਧ ਹੁਸ਼ਿਆਰ ਸਨ। ਅਧਿਆਪਕ ਨੇ ਕਿਹਾ ਕਿ ਤੁਸੀਂ ਤਿੰਨਾਂ ਨੇ ਇਕ ਦੌੜ ਲਗਾਉਣੀ ਹੈ। ਅਧਿਆਪਕ ਉਨ੍ਹਾਂ ਨੂੰ ਇਕ ਖਾਲੀ ਸੜਕ ਉੱਤੇ ਲੈ ਗਏ। ਉਥੇ ਉਨ੍ਹਾਂ ਨੇ ਬੱਚਿਆਂ ਨੂੰ ਦੌੜ ਲਗਾਉਣ ਲਈ ਦੋ ਸਾਈਕਲਾਂ ਦੇ ਦਿੱਤੀਆਂ। ਬੱਚੇ ਤਿੰਨ ਸੀ ਪਰ ਸਾਈਕਲ ਦੋ ਸਨ। ਅਧਿਆਪਕ ਨੇ ਬੱਚਿਆਂ ਨੂੰ ਸਾਈਕਲ ਚੁਣਨ ਲਈ ਕਿਹਾ ਤਾਂ ਦੋ ਬੱਚਿਆਂ ਨੇ ਸਾਈਕਲਾਂ ਲੈ ਲਈਆਂ ਪਰ ਇਕ ਨੇ ਸਾਈਕਲ ਨਾ ਲਈ। ਉਹ ਦੋਵੇਂ ਖੁਸ਼ ਸਨ ਕਿ ਸਾਈਕਲ 'ਤੇ ਰੇਸ ਲਗਾ ਕੇ ਤਾਂ ਉਹ ਹੀ ਅੱਵਲ ਆਉਣਗੇ। ਹੁਣ ਦੌੜ ਸ਼ੁਰੂ ਹੋਣ ਵਾਲੀ ਸੀ। ਤਿੰਨੇ ਬੱਚੇ ਲਾਈਨ ਵਿਚ ਖੜ੍ਹ ਗਏ। ਸੀਟੀ ਵੱਜਣ 'ਤੇ ਦੌੜ ਸ਼ੁਰੂ ਹੋ ਗਈ। ਸਾਈਕਲ ਵਾਲੇ ਬੱਚੇ ਖੁਸ਼ੀ-ਖੁਸ਼ੀ ਅੱਗੇ ਜਾ ਰਹੇ ਸੀ ਪਰ ਪੈਦਲ ਦੌੜਨ ਵਾਲਾ ਵਿਦਿਆਰਥੀ ਪਿੱਛੇ ਸੀ। ਸਾਈਕਲ ਵਾਲਾ ਇਕ ਬੱਚਾ ਥੋੜ੍ਹੀ ਹੀ ਦੂਰ ਗਿਆ ਸੀ ਕਿ ਉਸ ਦੀ ਸਾਈਕਲ ਖਰਾਬ ਹੋ ਗਈ। ਉਸ ਨੂੰ ਚਿੰਤਾ ਹੋ ਗਈ। ਉਹ ਆਪਣੀ ਸਾਈਕਲ ਠੀਕ ਕਰਨ ਲੱਗ ਪਿਆ। ਦੂਜਾ ਵਿਦਿਆਰਥੀ ਉਸ ਦੇ ਕੋਲੋਂ ਦੀ ਉਸ ਨੂੰ ਚਿੜ੍ਹਾ ਕੇ ਅੱਗੇ ਲੰਘ ਗਿਆ ਤੇ ਪੈਦਲ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਸੀ। ਪਰ ਹੋਇਆ ਇਹ ਕਿ ਦੂਜੇ ਵਿਦਿਆਰਥੀ ਦੀ ਸਾਈਕਲ ਵੀ ਥੋੜ੍ਹੀ ਦੂਰ ਜਾ ਕੇ ਖਰਾਬ ਹੋ ਗਈ। ਤੀਜਾ ਵਿਦਿਆਰਥੀ ਦੌੜਦਾ ਹੋਇਆ ਉਨ੍ਹਾਂ ਦੋਵਾਂ ਦੇ ਕੋਲੋਂ ਦੀ ਅੱਗੇ ਲੰਘ ਗਿਆ। ਜਦੋਂ ਤੱਕ ਸਾਈਕਲ ਵਾਲੇ ਵਿਦਿਆਰਥੀ ਉਥੇ ਪਹੁੰਚੇ, ਉਦੋਂ ਤੱਕ ਪੈਦਲ ਦੌੜਨ ਵਾਲਾ ਵਿਦਿਆਰਥੀ ਨਿਸ਼ਾਨੇ 'ਤੇ ਪਹੁੰਚ ਚੁੱਕਾ ਸੀ। ਦੌੜ ਸਮਾਪਤ ਹੋਣ ਤੋਂ ਬਾਅਦ ਅਧਿਆਪਕ ਨੇ ਬੱਚਿਆਂ ਨੂੰ ਕੋਲ ਬੁਲਾਇਆ ਤੇ ਸਮਝਾਇਆ ਕਿ ਬੱਚਿਓ, ਸਾਨੂੰ ਸਫ਼ਲ ਬਣਾਉਣ ਲਈ ਸਾਧਨ ਸੀਮਤ ਹਨ ਤੇ ਉਨ੍ਹਾਂ ਦਾ ਵੀ ਕੋਈ ਭਰੋਸਾ ਨਹੀਂ। ਜ਼ਿੰਦਗੀ ਵਿਚ ਅੱਵਲ ਆਉਣ ਨਾਲੋਂ ਤੇਜ਼ ਬਣਨਾ ਕਿਤੇ ਵਧੇਰੇ ਜ਼ਰੂਰੀ ਹੈ। ਕਿਉਂਕਿ ਪਹਿਲੇ ਨੰਬਰ ਵਾਲਾ ਕਦੇ ਵੀ ਪਿੱਛੇ ਰਹਿ ਸਕਦਾ ਹੈ ਪਰ ਸਭ ਤੋਂ ਤੇਜ਼ (ਫਾਸਟਰ) ਹਮੇਸ਼ਾ ਅੱਗੇ ਵਾਲੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

-ਜ਼ਿਲ੍ਹਾ ਸੰਗਰੂਰ।

ਬਾਲ ਸਾਹਿਤ

ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼
ਲੇਖਕ : ਮਨਜੀਤ ਸਿੰਘ ਘੜੈਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਸਫੇ : 24, ਮੁੱਲ : 75 ਰੁਪਏ
ਸੰਪਰਕ : 98153-91625

ਮਨਜੀਤ ਸਿੰਘ ਘੜੈਲੀ ਵਲੋਂ ਲਿਖੀ ਪਲੇਠੀ ਬਾਲ ਪੁਸਤਕ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼' ਵਿਚ ਦੋ ਕਾਵਿ-ਕਹਾਣੀਆਂ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼', 'ਤਿੱਤਲੀ ਤੇ ਸ਼ਹਿਦ ਦੀ ਮੱਖੀ' ਤੋਂ ਇਲਾਵਾ 8 ਹੋਰ ਕਵਿਤਾਵਾਂ ਹਨ। ਦੋਵੇਂ ਕਾਵਿ-ਕਹਾਣੀਆਂ ਬੜੀਆਂ ਹੀ ਰੌਚਕ ਤੇ ਸਿੱਖਿਆਦਾਇਕ ਹਨ। ਛੋਟੇ-ਛੋਟੇ ਵਾਕਾਂ ਨੂੰ ਬੜੇ ਹੀ ਕਾਵਿਮਈ ਢੰਗ ਨਾਲ ਕਹਾਣੀ ਦਾ ਰੂਪ ਦਿੱਤਾ ਹੈ। ਬਾਲਾਂ ਦੀ ਨਜ਼ਰ ਵਿਚ ਖ਼ਰਗੋਸ਼ ਬੜਾ ਹੀ ਭੋਲਾ ਤੇ ਮਾਸੂਮ ਜਾਨਵਰ ਹੈ ਪਰ ਲੇਖਕ ਨੇ ਕਾਵਿ-ਕਹਾਣੀ ਵਿਚ ਖ਼ਰਗੋਸ਼ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਦੂਜੀ ਕਾਵਿ-ਕਹਾਣੀ ਵੀ ਨਵੇਂ ਢੰਗ ਨਾਲ ਪੇਸ਼ ਕੀਤੀ ਹੈ, ਅੰਤ ਬਾਲਾਂ ਨੂੰ ਸਿੱਖਿਆ ਵੀ ਦਿੱਤੀ ਹੈ।
'ਕਹਿਣ ਲੱਗੀ ਹੁਣ ਭੈਣ ਮੇਰੀਏ,
ਆਪਾਂ ਮੁੜ ਕਦੇ ਨਹੀਂ ਲੜਨਾ।
ਪਹਿਲਾਂ ਵਾਂਗ ਹੀ ਪਿਆਰ ਵਧਾ ਕੇ,
ਸਬਕ ਏਕਤਾ ਵਾਲਾ ਪੜ੍ਹਨਾ।'... (ਤਿੱਤਲੀ ਤੇ ਸ਼ਹਿਦ ਦੀ ਮੱਖੀ)
ਕਵਿਤਾਵਾਂ ਵਿਚ 'ਘੁੱਗੀਏ ਨੀ ਘੁੱਗੀਏ', 'ਤਿੱਤਲੀ', 'ਰਮਨ ਦੀ ਪੀਂਘ', 'ਰੁੱਤ ਗਰਮੀ ਦੀ ਆਈ', 'ਮੇਲਾ ਦੇਖਣ ਜਾਵਾਂਗੇ', ਇਹ ਸਾਰੀਆਂ ਰਚਨਾਵਾਂ ਬਾਲ ਪਾਠਕਾਂ ਨੂੰ ਪਸੰਦ ਆਉਣਗੀਆਂ। ਕਵਿਤਾਵਾਂ ਵਿਚ ਜ਼ਬਰਦਸਤ ਲੈਅ ਹੈ, ਇਸ ਖੂਬੀ ਕਾਰਨ ਬਾਲ ਪਾਠਕ ਇਨ੍ਹਾਂ ਨੂੰ ਖੁਸ਼ ਹੋ ਕੇ ਗਾਉਣਗੇ। ਭਾਵੇਂ ਇਹ ਲੇਖਕ ਦੀ ਪਲੇਠੀ ਪੁਸਤਕ ਹੈ ਪਰ ਸਾਰੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਅਹਿਸਾਸ ਹੁੰਦਾ ਹੈ ਕਿ ਲੇਖਕ ਨੂੰ ਪੰਜਾਬੀ ਬਾਲ ਸਾਹਿਤ ਦੀ ਪੂਰੀ ਸੂਝ-ਬੂਝ ਹੈ। ਉਸ ਦਾ ਪਹਿਲਾ ਯਤਨ ਹੀ ਸ਼ਲਾਘਾਯੋਗ ਹੈ। ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ। ਆਸ ਹੈ, ਲੇਖਕ ਮਨਜੀਤ ਸਿੰਘ ਘੜੈਲੀ ਹੋਰ ਵਧੀਆ ਪੁਸਤਕਾਂ ਪੰਜਾਬੀ ਬਾਲ ਸਾਹਿਤ ਦੇ ਖਜ਼ਾਨੇ ਵਿਚ ਪਾਏਗਾ। ਪੁਸਤਕ 'ਭੋਲੀ ਗਿੱਦੜੀ ਤੇ ਚੁਗਲ ਖ਼ਰਗੋਸ਼' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ।

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਚੁਟਕਲੇ

* ਮੁੰਡਾ (ਆਪਣੇ ਬਾਪ ਨੂੰ)-ਪਾਪਾ, ਮੈਂ ਵੱਡਾ ਹੋ ਕੇ ਅਜਿਹਾ ਆਦਮੀ ਬਣਾਂਗਾ ਕਿ ਮੇਰੇ ਆਸੇ-ਪਾਸੇ ਗੱਡੀਆਂ ਭੱਜੀਆਂ ਫਿਰਨਗੀਆਂ।
ਬਾਪ-ਤੂੰ ਐਸਾ ਕੀ ਕਰੇਂਗਾ?
ਮੁੰਡਾ-ਟ੍ਰੈਫਿਕ ਵਿਚ ਸਿਪਾਹੀ ਭਰਤੀ ਹੋਵਾਂਗਾ।
* ਚਿੰਟੂ-ਸ਼ਰਟ ਲਈ ਕੋਈ ਵਧੀਆ ਕੱਪੜਾ ਦਿਖਾਵੀਂ।
ਦੁਕਾਨਦਾਰ-ਪਲੇਨ 'ਚ ਦਿਖਾਵਾਂ?
ਚਿੰਟੂ-ਨਹੀਂ, ਹੈਲੀਕਾਪਟਰ 'ਚ ਦਿਖਾ ਦੇ।
* ਪਤੀ-ਮੇਰੇ ਸੀਨੇ ਵਿਚ ਤੇਜ਼ ਦਰਦ ਹੋ ਰਿਹਾ, ਜਲਦੀ ਨਾਲ ਐਂਬੂਲੈਂਸ ਨੂੰ ਬੁਲਾ।
ਪਤਨੀ-ਮੈਂ ਫੋਨ ਕਰਦੀ ਹਾਂ, ਤੁਸੀਂ ਆਪਣੇ ਫੋਨ ਦਾ ਪਾਸਵਰਡ ਦੱਸੋ।
ਪਤੀ-ਰਹਿਣ ਦੇ, ਹੁਣ ਕੁਝ ਠੀਕ ਲੱਗ ਰਿਹਾ ਹੈ।

-ਸ਼ੰਕਰ ਮੋਗਾ
ਮੋਬਾ: 96469-27646

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX