ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਵਧੀਆ ਸਿਹਤ ਲਈ ਖਾਓ ਵਧੀਆ ਭੋਜਨ

ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਦਾ ਸਾਨੂੰ ਕੁਦਰਤ ਵਲੋਂ ਅਨਮੋਲ ਵਰਦਾਨ ਮਿਲਿਆ ਹੋਇਆ ਹੈ। ਇਨ੍ਹਾਂ ਫਲਾਂ ਅਤੇ ਸਬਜ਼ੀਆਂ ਦਾ ਸਹੀ ਮਾਤਰਾ ਵਿਚ ਸੇਵਨ ਆਦਿ ਬਾਰੇ ਜੇਕਰ ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਵੇ ਤਾਂ ਸ਼ਾਇਦ ਸਾਨੂੰ ਕਦੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਾ ਪਵੇ ਪਰ ਇਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਅਸੀਂ ਫਲ ਅਤੇ ਸਬਜ਼ੀਆਂ ਨੂੰ ਆਪਣੇ ਨਿਯਮਤ ਨਿੱਤ ਦੇ ਭੋਜਨ ਵਿਚ ਸ਼ਾਮਿਲ ਨਹੀਂ ਕਰਦੇ ਹਾਂ।
ਡਾਕਟਰ ਨੂੰ ਰੱਖਣਾ ਹੈ ਦੂਰ ਤਾਂ ਰੋਜ਼ ਖਾਓ ਇਕ ਸੇਬ : ਸੇਬ ਸੌਖਿਆਂ ਹਜ਼ਮ ਹੋਣ ਵਾਲਾ ਫਲ ਹੈ। ਇਸ ਦੇ ਛਿਲਕੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਸ ਵਿਚ ਪਾਇਆ ਜਾਣ ਵਾਲਾ ਪੈਕਟਿਨ ਅੰਤੜੀਆਂ ਵਿਚ ਜਾ ਕੇ ਜੈੱਲ ਦਾ ਕੰਮ ਕਰਦਾ ਹੈ, ਜਿਸ ਨਾਲ ਸਰੀਰ ਵਿਚੋਂ ਹਾਨੀਕਾਰਕ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਸੇਬ ਵਿਚ ਪੋਟਾਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਗੁਰਦੇ ਲਈ ਫਾਇਦੇਮੰਦ ਹੈ। ਇਹ ਪੇਟ ਨੂੰ ਠੰਢਾ ਰੱਖਦਾ ਹੈ। ਇਸ ਵਿਚ ਮੌਜੂਦ ਕੁਦਰਤੀ ਸ਼ਰਕਰਾ ਲਾਰ ਦਾ ਨਿਰਮਾਣ ਕਰਦੀ ਹੈ ਜਿਸ ਨਾਲ ਪਾਚਣ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ। ਇਸ ਵਿਚ ਕੈਲੋਰੀ ਅਤੇ ਕੋਲੈਸਟਰਾਲ ਬਹੁਤ ਘੱਟ ਪਾਇਆ ਜਾਂਦਾ ਹੈ।
ਬਦਾਮ ਖਾਓ, ਨਿਰੋਗੀ ਸਰੀਰ ਪਾਓ : ਬਦਾਮ ਕੁਦਰਤ ਵਲੋਂ ਦਿੱਤਾ ਇਕ ਗੁਣਕਾਰੀ ਫਲ ਹੈ। ਬਦਾਮ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਿਕਸਤ ਹੁੰਦੀ ਹੈ ਅਤੇ ਦਿਮਾਗ਼ ਨੂੰ ਤਣਾਅ ਸਹਿਣ ਕਰਨ ਦੀ ਤਾਕਤ ਪ੍ਰਦਾਨ ਕਰਦਾ ਹੈ। ਇਹ ਵਿਟਾਮਿਨ ਦਾ ਬਿਹਤਰੀਨ ਸਰੋਤ ਹੈ। ਬਦਾਮ ਖਾਣ ਨਾਲ ਸਰੀਰ ਨੂੰ ਅਨੇਕ ਤਰ੍ਹਾਂ ਦੇ ਬੈਕਟੀਰੀਆ ਨਾਲ ਲੜਨ ਦੀ ਤਾਕਤ ਮਿਲਦੀ ਹੈ। ਇਸ ਦੇ ਨਿਯਮਤ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ ਕੇਲਾ : ਕੇਲੇ ਨੂੰ ਪੋਸ਼ਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ਵਿਚ ਸਾਰੇ ਵਿਟਾਮਿਨ, ਮਿਨਰਲ, ਆਇਰਨ ਪਾਏ ਜਾਂਦੇ ਹਨ। ਕੇਲੇ ਨੂੰ ਸੰਤੁਲਿਤ ਆਹਾਰ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਹ ਪੇਟ ਦਾ ਅਲਸਰ ਤੇ ਐਸਿਡੀਟੀ ਨੂੰ ਦੂਰ ਕਰਦਾ ਹੈ। ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਾਰਨ ਸਰੀਰ 'ਤੇ ਲੱਗੀ ਸੱਟ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਯੋਗਿਕ ਕਿਰਿਆਵਾਂ ਕਰਨ ਤੋਂ ਬਾਅਦ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਿਟਾਮਿਨ ਸੀ ਨਾਲ ਭਰਪੂਰ ਆਂਵਲਾ : ਆਂਵਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ ਜੋ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਆਂਵਲਾ ਖੂਨ ਵਿਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਖੂਨ ਵਹਿਣੀਆਂ ਲਚੀਲੀਆਂ ਬਣਦੀਆਂ ਹਨ। ਖੂਨ ਦਾ ਦੌਰਾ ਠੀਕ ਰਹਿੰਦਾ ਹੈ। ਆਂਵਲਾ ਖਾਣ ਨਾਲ ਨਾ ਹੀ ਖੂਨ ਦਾ ਥੱਕਾ ਬਣਦਾ ਹੈ ਅਤੇ ਨਾ ਹੀ ਦਿਮਾਗ ਦੀਆਂ ਧਮਣੀਆਂ ਫਟਣ ਦੇ ਕੰਢੇ ਪਹੁੰਚਦੀਆਂ ਹਨ। ਇਸ ਨਾਲ ਗਹਿਰੀ ਨੀਂਦ ਆਉਂਦੀ ਹੈ, ਦੰਦ ਮਜ਼ਬੂਤ ਹੁੰਦੇ ਹਨ। ਆਂਵਲੇ ਨੂੰ ਸੁਕਾ ਕੇ ਉਸ ਦਾ ਚੂਰਨ ਬਣਾ ਕੇ ਵਾਲ ਧੋਣ ਨਾਲ ਵਾਲ ਸੰਘਣੇ, ਕਾਲੇ ਤੇ ਚਮਕਦਾਰ ਬਣਦੇ ਹਨ। ਇਸ ਦੇ ਐਂਟੀਆਕਸੀਡੈਂਟ ਤੱਤ ਬਿਮਾਰੀਆਂ ਨੂੰ ਦੂਰ ਰੱਖ ਕੇ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ।
ਸਿਹਤ ਦਾ ਖਜ਼ਾਨਾ ਖੁਬਾਨੀ : ਖੁਬਾਨੀ ਇਕ ਪਹਾੜੀ ਫਲ ਹੈ ਜਿਸ ਅੰਦਰ ਇਕ ਗੁਠਲੀ ਹੁੰਦੀ ਹੈ। ਇਹ ਥੋੜ੍ਹਾ ਮਿੱਠੇ ਖੱਟੇ ਦਾ ਸਵਾਦ ਵਾਲਾ ਹੁੰਦਾ ਹੈ। ਇਸ ਫਲ ਵਿਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੇ ਨਾਲ-ਨਾਲ ਆਇਰਨ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਟੈਮਿਨਾ ਵਧਾਉਣ ਵਿਚ ਭਰਪੂਰ ਮਦਦ ਕਰਦਾ ਹੈ। ਇਹ ਵਿਟਾਮਿਨ ਬੀ-17 ਦਾ ਸਭ ਤੋਂ ਚੰਗਾ ਸਰੋਤ ਹੈ ਜੋ ਕੈਂਸਰ ਖ਼ਤਮ ਕਰਨ ਵਿਚ ਸਹਾਇਕ ਮੰਨਿਆ ਜਾਂਦਾ ਹੈ। ਸੁੱਕੀ ਖੁਬਾਨੀ ਵਿਚ ਆਇਰਨ, ਰੇਸ਼ਾ ਅਤੇ ਵਿਟਾਮਿਨ-ਏ ਦੀ ਮਾਤਰਾ ਤਾਜ਼ਾ ਖੁਬਾਨੀ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ।
ਮੌਸਮੀ ਬਿਮਾਰੀਆਂ ਨੂੰ ਦੂਰ ਕਰਨ ਵਿਚ ਸਹਾਇਕ ਨਿੰਬੂ : ਨਿੰਬੂ ਵਿਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਨਿੰਬੂ ਇਕ ਖੱਟਾ ਫਲ ਹੈ। ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਵਿਚ ਨਿੰਬੂ ਸਹਾਇਕ ਹੁੰਦਾ ਹੈ। ਕਿਡਨੀ ਤੇ ਬਲੈਡਰ ਸਿਸਟਮ ਨੂੰ ਠੀਕ ਕਰਨ ਵਿਚ ਵੀ ਇਹ ਸਹਾਇਕ ਹੁੰਦਾ ਹੈ। ਨਿੰਬੂ ਦਾ ਰਸ ਵਾਲਾਂ ਵਿਚ ਲਗਾਉਣ ਨਾਲ ਰੂਸੀ ਖ਼ਤਮ ਹੋ ਜਾਂਦੀ ਹੈ। ਇਸ ਦੇ ਨਾਲ ਵਾਲਾਂ ਲਈ ਇਸ ਦੀ ਥੋੜ੍ਹੀ ਮਾਤਰਾ ਵਿਚ ਪਾਣੀ ਵਿਚ ਮਿਲਾ ਕੇ ਲਗਾਉਣ ਨਾਲ ਇਹ ਕੰਡੀਸ਼ਨਰ ਦਾ ਕੰਮ ਕਰਦਾ ਹੈ।
ਲਸਣ ਇਕ ਦਵਾ ਦੇ ਰੂਪ ਵਿਚ : ਲਸਣ ਸਿਹਤ ਲਈ ਅਤਿਅੰਤ ਲਾਭਕਾਰੀ ਹੈ। ਗੈਸ ਲਈ, ਜੋੜਾਂ ਦੇ ਦਰਦ ਲਈ ਉੱਚ ਖੂਨ ਦਬਾਅ ਆਦਿ ਵਿਚ ਲਸਣ ਬਹੁਤ ਵਧੀਆ ਦਵਾਈ ਹੈ। ਅੱਜਕਲ੍ਹ ਸਾਰੇ ਤਰ੍ਹਾਂ ਦੀਆਂ ਇਲਾਜ ਪੱਧਤੀਆਂ ਵਿਚ ਇਸ ਦੀ ਵਰਤੋਂ ਹੋ ਰਹੀ ਹੈ। ਇਹ ਜ਼ਿਆਦਾ ਐਂਟੀਆਕਸੀਡੈਂਟ ਬਣਾਉਂਦਾ ਹੈ। ਲਸਣ ਦਾ ਨਿਯਮਤ ਸੇਵਨ ਕਰਨ ਨਾਲ ਟੀ.ਬੀ. ਨਾਮੀ ਰੋਗ ਨਹੀਂ ਹੁੰਦਾ। ਲਸਣ ਵਿਚ ਭਰਪੂਰ ਕੀਟਾਣੂਨਾਸ਼ਕ ਗੁਣ ਹੁੰਦੇ ਹਨ, ਜਿਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਿਚ ਵਾਧਾ ਹੁੰਦਾ ਹੈ। ਇਸ ਦਾ ਸੇਵਨ ਪੇਟ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਗੰਭੀਰ ਰੋਗਾਂ ਤੋਂ ਦੂਰ ਰਹਿਣ ਵਿਚ ਸਹਿਯੋਗ ਕਰਦਾ ਹੈ।
ਪਾਲਕ ਵਿਚ ਹੈ ਸਿਹਤ ਦੇ ਗੁਣ :ਹਰੀ ਪੱਤੇਦਾਰ ਸਬਜ਼ੀਆਂ ਵਿਚ ਪਾਲਕ ਦਾ ਨਾਂਅ ਸਭ ਤੋਂ ਉੱਪਰ ਰਹਿੰਦਾ ਹੈ। ਇਸ ਪੱਤੇਦਾਰ ਸਬਜ਼ੀ 'ਚ ਪੋਸ਼ਕ ਤੱਤ ਭਰੇ ਪਏ ਹਨ। ਪਾਲਕ ਵਿਚ ਮੌਜੂਦ ਵਿਟਾਮਿਨ-ਬੀ ਦਿਲ ਲਈ ਫਾਇਦੇਮੰਦ ਹੈ। ਪਾਲਕ ਵਿਚ ਵਿਟਾਮਿਨ-ਏ ਦੀ ਮਾਤਰਾ ਭਰਪੂਰ ਹੁੰਦੀ ਹੈ। ਜੋ ਅੱਖਾਂ ਲਈ ਫਾਇਦੇਮੰਦ ਹੈ। ਇਹ ਐਂਟੀਆਕਸੀਡੈਂਟ ਤਾਂ ਹੈ ਹੀ ਇਸ ਵਿਚ ਆਇਰਨ ਅਤੇ ਵਿਟਾਮਿਨ-ਸੀ ਦੀ ਮਾਤਰਾ ਵੀ ਪਾਈ ਜਾਂਦੀ ਹੈ।
ਰੋਗਾਂ ਨਾਲ ਲੜਨ ਵਿਚ ਭਰਪੂਰ ਮਸ਼ਰੂਮ : ਮਸ਼ਰੂਮ ਸਾਡੇ ਸਰੀਰ ਵਿਚ ਚਿੱਟੇ ਖੂਨ ਕਿਟਾਣੂਆਂ ਨੂੰ ਸਰਗਰਮ ਕਰਦਾ ਹੈ। ਇਸ ਵਿਚ ਵਿਟਾਮਿਨ-ਬੀ, ਐਂਟੀਆਕਸੀਡੈਂਟ ਤੱਤ, ਸੇਲੇਨੀਅਮ, ਖਣਿਜ ਵੀ ਪਾਏ ਜਾਂਦੇ ਹਨ। ਇਸ ਲਈ ਇਸ ਵਿਚ ਐਂਟੀ ਵਾਇਰਲ, ਐਂਟੀ ਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਮਸ਼ਰੂਮ ਦਾ ਨਿਯਮਤ ਸੇਵਨ ਕਰਨ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ।
-0-


ਖ਼ਬਰ ਸ਼ੇਅਰ ਕਰੋ

ਉੱਚ ਖੂਨ ਦਬਾਅ : ਕਾਰਨ ਅਤੇ ਇਲਾਜ

ਸੱਭਿਅਤਾ ਦੇ ਪੀੜ੍ਹੀ-ਦਰ-ਪੀੜ੍ਹੀ ਵਿਕਾਸ ਦੇ ਨਾਲ ਹੀ ਭਾਰਤ ਸਮੇਤ ਅੱਜ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਉੱਚ ਖੂਨ ਦਬਾਅ ਜਾਂ ਹਾਈ ਬਲੱਡ ਪ੍ਰੈਸ਼ਰ ਦਾ ਵਿਆਪਕ ਰੂਪ ਨਾਲ ਪ੍ਰਸਾਰ ਹੋ ਗਿਆ ਹੈ। ਉੱਚ ਖੂਨ ਦਬਾਅ ਕਿਉਂ ਹੁੰਦਾ ਹੈ? ਇਸ ਸੰਦਰਭ ਵਿਚ ਮੈਂ ਵਿਸਥਾਰ ਵਿਚ ਚਰਚਾ ਨਾ ਕਰ ਕੇ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਰੋਗ ਉਨ੍ਹਾਂ ਲੋਕਾਂ ਨੂੰ ਹੀ ਹੁੰਦਾ ਹੈ, ਜੋ ਦਿਨ ਭਰ ਵੇਲੇ-ਕੁਵੇਲੇ ਜੋ ਮਨ ਵਿਚ ਆਵੇ, ਉਹੀ ਖਾਂਦੇ ਰਹਿੰਦੇ ਹਨ। ਉੱਚ ਖੂਨ ਦਬਾਅ ਦੇ ਬਹੁਤ ਜ਼ਿਆਦਾ ਵਧਣ ਨਾਲ ਲਕਵਾ ਜਾਂ ਅਧਰੰਗ ਹੋ ਜਾਂਦਾ ਹੈ ਜਾਂ ਦਿਮਾਗ ਦੀਆਂ ਬਰੀਕ ਰਗਾਂ ਦੇ ਫਟਣ ਨਾਲ ਬ੍ਰੇਨ ਹੈਮਰੇਜ ਹੋਣ 'ਤੇ ਮੌਤ ਤੱਕ ਹੋ ਜਾਂਦੀ ਹੈ। ਉੱਚ ਖੂਨ ਦਬਾਅ ਦੇ ਰੋਗੀ ਨੂੰ ਹਰ ਸਮੇਂ ਘਬਰਾਹਟ ਹੁੰਦੀ ਰਹਿੰਦੀ ਹੈ ਅਤੇ ਦਿਲ ਦੀ ਧੜਕਣ ਵੀ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਉਸ ਨੂੰ ਚੱਕਰ ਆਉਂਦੇ ਹਨ। ਉਸ ਦਾ ਦਿਲ ਸਦਾ ਬੇਚੈਨ ਅਤੇ ਦੁਖੀ ਰਹਿੰਦਾ ਹੈ। ਬਿਨਾਂ ਕਾਰਨ ਹੀ ਹਮੇਸ਼ਾ ਡਰ ਦਾ ਭੂਤ ਉਸ 'ਤੇ ਸਵਾਰ ਰਹਿੰਦਾ ਹੈ। ਨੀਂਦ ਨਹੀਂ ਆਉਂਦੀ ਅਤੇ ਪਾਚਣ ਕਿਰਿਆ ਵਿਗੜਨ ਨਾਲ ਉਸ ਨੂੰ ਭੁੱਖ ਵੀ ਨਹੀਂ ਲਗਦੀ। ਪੇਟ ਵਿਚ ਹਰ ਸਮੇਂ ਗੈਸ ਭਰੀ ਰਹਿੰਦੀ ਹੈ ਅਤੇ ਬਹੁਤ ਮੁਸ਼ਕਿਲ ਨਾਲ ਹੀ ਪਾਸ ਹੁੰਦੀ ਹੈ। ਉਸ ਨੂੰ ਹਮੇਸ਼ਾ ਕਬਜ਼ ਰਹਿੰਦੀ ਹੈ, ਜਿਸ ਕਾਰਨ ਗੈਸ ਟ੍ਰਬਲ ਅਤੇ ਅਮਲ ਪਿੱਤ ਵੀ ਹੋ ਜਾਂਦੀ ਹੈ। ਖੱਟੇ ਡਕਾਰ ਆਉਂਦੇ ਹਨ। ਅਮਲਪਿੱਤ ਦੇ ਕਾਰਨ ਰੋਜ਼ ਸਵੇਰੇ ਦੀਆਂ ਸ਼ੰਕਾ-ਕੁਸ਼ੰਕਾਵਾਂ ਨਾਲ ਉਹ ਸਦਾ ਘਿਰਿਆ ਰਹਿੰਦਾ ਹੈ। ਪੇਟ ਵਿਚ ਵਧੀ ਹੋਈ ਗੈਸ ਸਿੱਧਾ ਦਿਲ 'ਤੇ ਦਬਾਅ ਪਾਉਂਦੀ ਹੈ। ਫਿਰ ਜੀ ਘਬਰਾਉਂਦਾ ਹੈ। ਰੋਗੀ ਛੋਟੀ-ਛੋਟੀ ਗੱਲ 'ਤੇ ਗੁੱਸੇ ਵਿਚ ਆਉਂਦਾ ਹੈ। ਉਸ ਦਾ ਸੁਭਾਅ ਚਿੜਚਿੜਾ ਬਣ ਜਾਂਦਾ ਹੈ।
ਕੀ ਖਾਈਏ : ਬਿਨਾਂ ਨਮਕ ਵਾਲੀ ਰੋਟੀ, ਮੂੰਗੀ ਅਤੇ ਤੁਵਰ (ਅਰਹਰ) ਦੀ ਦਾਲ, ਕਕੜੀ (ਤਰ), ਪਾਲਕ, ਬਾਥੂ, ਲੌਕੀ (ਬੱਡ), ਟਿੰਡਾ, ਪਰਵਲ, ਚੌਲਾਈ, ਮੇਥੀ, ਪੱਤਾਗੋਭੀ, ਸਾਰੀਆਂ ਹਰੀਆਂ ਸਬਜ਼ੀਆਂ, ਗਾਜਰ, ਮੂਲੀ, ਪਿਆਜ਼, ਲਸਣ, ਹਰਾ ਅਤੇ ਸੁੱਕਾ ਧਨੀਆ, ਪੱਕਾ ਹੋਇਆ ਨਿੰਬੂ, ਲਾਲ ਟਮਾਟਰ, ਲੱਸੀ, ਜੀਰਾ, ਘੱਟ ਨਮਕ-ਮਿਰਚ, ਔਲੇ ਦੀ ਚਟਣੀ, ਅਚਾਰ ਅਤੇ ਮੁਰੱਬਾ, ਮਿੱਠੇ ਸੇਬ ਅਤੇ ਉਨ੍ਹਾਂ ਦਾ ਮੁਰੱਬਾ, ਪੇਠੇ ਦੀ ਮਠਿਆਈ, ਪਪੀਤਾ, ਕੇਲਾ, ਅਨਾਨਾਸ, ਅੰਗੂਰ, ਚੀਕੂ, ਅਨਾਰ ਆਦਿ ਫਲ, ਮਿੱਠੀ ਮੌਸੰਮੀ, ਗਾਂ ਦਾ ਦੁੱਧ, ਸਬਜ਼ੀਆਂ ਅਤੇ ਦਾਲ ਆਦਿ ਦਾ ਸੇਵਨ ਕਰੋ। ਬਨਸਪਤੀ ਘਿਓ ਦਾ ਸੇਵਨ ਮਨ੍ਹਾ ਹੈ।
ਕੀ ਨਾ ਖਾਈਏ : ਆਲੂ, ਅਰਬੀ, ਚੌਲ, ਦਹੀਂ, ਘਿਓ, ਸੋਇਆਬੀਨ ਅਤੇ ਸਰ੍ਹੋਂ ਤਿੱਲੀ ਦੇ ਤੇਲ, ਬੈਂਗਣ, ਅੰਬ, ਇਮਲੀ, ਮਾਵਾ, ਮੈਦਾ-ਵੇਸਣ, ਡਾਲਡੇ ਤੋਂ ਬਣੇ ਪਕਵਾਨ, ਆਈਸਕ੍ਰੀਮ, ਪੂੜੀ ਪਰਾਉਂਠਾ, ਪਕੌੜੇ, ਛੋਲੇ-ਭਟੂਰੇ, ਮਸੂਰ, ਮਟਰ, ਮੱਕਾ, ਕੋਲਡ ਡ੍ਰਿੰਕ ਵਰਗੇ ਪੀਣ ਵਾਲੇ ਪਦਾਰਥ, ਫੁੱਲਗੋਭੀ, ਪਾਨ, ਜਰਦਾ ਮਸਾਲੇ, ਤੇਜ਼ ਮਿਰਚ, ਤੇਜ਼ ਨਮਕ, ਆਂਡਾ, ਮਾਸ, ਮੱਛੀ, ਮੁਰਗਾ, ਬੇਹਾ ਅੰਨ, ਮੱਝ ਦਾ ਦੁੱਧ, ਸਾਰੇ ਮਾਦਕ ਤਰਲ, ਚਾਹ, ਕੌਫੀ, ਸਾਰੇ ਤਲੇ ਭੋਜਨ, ਰਾਤ ਨੂੰ ਜਾਗਣਾ, ਚਿੰਤਾ, ਤਣਾਅ, ਕ੍ਰੋਧ, ਗ਼ਮ ਆਦਿ ਤੋਂ ਬਚੋ, ਖੁਸ਼ ਰਹੋ, ਆਸ਼ਾਵਾਦੀ ਬਣੋ, ਧਿਆਨ ਰੱਖੋ ਕਿ ਪਤੇ ਤੋਂ ਬਿਨਾਂ ਦਵਾਈਆਂ ਦਾ ਸੇਵਨ ਵਿਅਰਥ ਹੈ, ਲਾਭ ਨਹੀਂ ਹੁੰਦਾ।


-ਵੈਦ ਠਾਕੁਰ, ਬਨਵੀਰ ਸਿੰਘ

ਤਣਾਅ ਤੋਂ ਦੂਰ ਹੀ ਰਹਿਣਾ ਬਿਹਤਰ ਹੈ

ਥੋੜ੍ਹਾ ਸਮਾਂ ਰਿਹਾ ਤਣਾਅ ਵੀ ਸਾਡੇ ਦਿਮਾਗ ਦੇ ਊਤਕਾਂ ਨੂੰ ਏਨਾ ਨੁਕਸਾਨ ਪਹੁੰਚਾ ਸਕਦਾ ਹੈ ਕਿ ਉਹ ਕਈ ਹਫ਼ਤੇ ਤੱਕ ਸੰਵੇਦਨਸ਼ੀਲ ਹੋ ਜਾਂਦੇ ਹਨ। ਅਕਸਰ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਤਣਾਅ ਦਾ ਝਟਕਾ ਲੱਗਣ ਨਾਲ ਅਸੀਂ ਬਹੁਤ ਛੇਤੀ ਨਰਵਸ ਹੋ ਜਾਂਦੇ ਹਾਂ। ਇਸ ਤਰ੍ਹਾਂ ਕੁਦਰਤ ਸਾਨੂੰ ਵੱਡੇ ਝਟਕਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਕਈ ਲੋਕਾਂ ਵਿਚ ਇਹ ਕੁਝ ਜ਼ਿਆਦਾ ਹੀ ਹੋ ਜਾਂਦਾ ਹੈ ਅਤੇ ਉਹ ਲਗਾਤਾਰ ਤਣਾਅ ਅਤੇ ਚਿੰਤਾ ਨਾਲ ਘਿਰ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਦਿਮਾਗੀ ਕਾਰਜ ਸਮਰੱਥਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਤਣਾਅ ਤੋਂ ਦੂਰ ਹੀ ਰਹੀਏ ਤਾਂ ਠੀਕ ਹੈ।

ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਟੀਕਾਕਰਨ

ਜਦੋਂ ਬੱਚਾ ਇਸ ਦੁਨੀਆ ਵਿਚ ਜਨਮ ਲੈਂਦਾ ਹੈ ਤਾਂ ਮਾਤਾ-ਪਿਤਾ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਹੁੰਦਾ ਪਰ ਉਸ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬਾਲ ਮਾਹਿਰ ਦੇ ਸੰਪਰਕ ਵਿਚ ਰਹਿ ਕੇ ਉਸ ਨੂੰ ਸਮੇਂ-ਸਮੇਂ 'ਤੇ ਗੰਭੀਰ ਬਿਮਾਰੀਆਂ ਦੇ ਟੀਕੇ ਲਗਵਾਉਂਦੇ ਰਹੋ, ਤਾਂ ਕਿ ਬੱਚੇ ਸਿਹਤਮੰਦ ਰਹਿ ਸਕਣ ਅਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਅਸਾਨੀ ਨਾਲ ਨਾ ਹੋਣ। ਟੀਕਾਕਰਨ ਕੀ ਹੈ? ਟੀਕਾਕਰਨ ਦਾ ਉਦੇਸ਼ ਹੈ ਕਿਸੇ ਰੋਗ ਪ੍ਰਤੀ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਿਤ ਕਰਨਾ। ਸਮੇਂ-ਸਮੇਂ 'ਤੇ ਲੱਗੇ ਟੀਕੇ ਸਰੀਰ ਵਿਚ ਆਏ ਟਾਕਸਿੰਸ ਨੂੰ ਕਿਰਿਆਹੀਣ ਕਰਦੇ ਹਨ ਅਤੇ ਵਾਇਰਸ ਨੂੰ ਰੋਕ ਕੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਉਂਦੇ ਹਨ।
ਇਨ੍ਹਾਂ ਵੈਕਸੀਨੇਸ਼ਨ ਦਾ ਨਤੀਜਾ ਹੈ ਪੋਲੀਓ ਅਤੇ ਸਮਾਲ ਪਾਕਸ ਵਰਗੇ ਗੰਭੀਰ ਰੋਗਾਂ ਨੂੰ ਕਾਬੂ ਕੀਤਾ ਜਾ ਸਕਿਆ ਹੈ। ਇਸ ਤੋਂ ਇਲਾਵਾ ਮੀਜ਼ਲਸ, ਰੂਬੈਲਾ, ਡਿਪਥੀਰੀਆ ਵਰਗੇ ਰੋਗਾਂ ਵਿਚ ਵੀ ਕਮੀ ਆਈ ਹੈ। ਵੈਕਸੀਨ ਕਿਸ ਉਮਰ ਵਿਚ ਲਗਵਾਉਣਾ ਹੈ, ਉਸ ਦੀ ਪੂਰੀ ਜਾਣਕਾਰੀ ਮਾਤਾ-ਪਿਤਾ ਨੂੰ ਹੋਣੀ ਚਾਹੀਦੀ ਹੈ। ਆਓ ਜਾਣੀਏ ਕਿਹੜਾ ਟੀਕਾ ਕਦੋਂ ਲਗਵਾਈਏ।
ਜਨਮ ਦੇ ਸਮੇਂ : ਜੇ ਬੱਚੇ ਦਾ ਜਨਮ ਹਸਪਤਾਲ ਵਿਚ ਹੁੰਦਾ ਹੈ ਤਾਂ ਹਸਪਤਾਲ ਵਾਲੇ ਬੱਚੇ ਅਤੇ ਮਾਂ ਦੀ ਛੁੱਟੀ ਤੋਂ ਪਹਿਲਾਂ 3 ਤਰ੍ਹਾਂ ਦੇ ਟੀਕੇ ਬੱਚੇ ਨੂੰ ਲਗਾਉਂਦੇ ਹਨ-ਬੀ.ਸੀ.ਜੀ., ਹੈਪੇਟਾਇਟਿਸ ਬੀ ਅਤੇ ਪੋਲੀਓ ਡ੍ਰਾਪਸ ਦੀ ਪਹਿਲੀ ਖੁਰਾਕ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ। ਬੀ.ਸੀ.ਜੀ. ਬੱਚੇ ਨੂੰ ਤਪਦਿਕ ਤੋਂ ਸੁਰੱਖਿਆ ਕਵਚ ਦਿੰਦਾ ਹੈ, ਹੈਪੇਟਾਇਟਿਸ ਬੀ ਪੀਲੀਆ ਰੋਗ ਤੋਂ ਬੱਚੇ ਨੂੰ ਬਚਾਉਂਦਾ ਹੈ ਅਤੇ ਪੋਲੀਓ ਬੂੰਦਾਂ ਬੱਚੇ ਨੂੰ ਪੋਲੀਓ ਤੋਂ ਸੁਰੱਖਿਆ ਦਿੰਦਾ ਹੈ। ਜੇ ਬੱਚਾ ਘਰ ਵਿਚ ਪੈਦਾ ਹੋਇਆ ਹੈ ਤਾਂ ਪਹਿਲੇ-ਦੂਜੇ ਦਿਨ ਹਸਪਤਾਲ ਜਾ ਕੇ ਟੀਕਾ ਲਗਵਾ ਦਿਓ ਅਤੇ ਪੋਲੀਓ ਦੀਆਂ ਬੂੰਦਾਂ ਪਿਲਵਾ ਦਿਓ। ਅਗਲਾ ਟੀਕਾ ਕਦੋਂ ਲਗਵਾਉਣਾ ਹੈ, ਇਸ ਬਾਰੇ ਵੀ ਹਸਪਤਾਲ ਵਾਲੇ ਤੁਹਾਨੂੰ ਦੱਸ ਦੇਣਗੇ। ਕਿਹੜਾ ਟੀਕਾ ਲੱਗਣਾ ਹੈ ਜਾਂ ਕਦੋਂ ਟੀਕਾ ਲਗਵਾਇਆ, ਉਹ ਉਸ ਵਿਚ ਲਿਖ ਦਿੰਦੇ ਹਨ ਅਤੇ ਬੁਕਲੇਟ ਡਾਕਟਰ ਆਪਣੇ ਕੋਲ ਰੱਖ ਲੈਂਦੇ ਹਨ ਜਾਂ ਮਾਤਾ-ਪਿਤਾ ਨੂੰ ਦੇ ਦਿੰਦੇ ਹਨ।
ਡੇਢ ਮਹੀਨੇ ਦੇ ਬੱਚੇ ਨੂੰ : ਡੇਢ ਮਹੀਨੇ ਦੇ ਬੱਚੇ ਨੂੰ ਵੀ ਟੀਕੇ ਲਗਾਏ ਜਾਂਦੇ ਹਨ, ਜਿਵੇਂ ਡੀ.ਪੀ.ਟੀ., ਹੈਪੇਟਾਇਟਿਸ ਬੀ, ਐਚ.ਆਈ.ਵੀ., ਆਈ.ਵੀ.ਪੀ., ਰੋਟੋਵਾਇਰਸ, ਨਿਊਮੋ ਕੋਕਲ ਵੈਕਸੀਨ ਦੇ ਟੀਕੇ ਲਗਾਏ ਜਾਂਦੇ ਹਨ। ਡੀ.ਟੀ.ਪੀ. ਬੱਚੇ ਨੂੰ ਡਿਪਥੀਰੀਆ, ਪਰਟਿਊਸਿਸ ਅਤੇ ਟੈਟਨੈਸ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਏ.ਆਈ.ਬੀ. ਕਾਨ, ਨਿਮੋਨੀਆ, ਮੇਨਿਨਜ਼ਾਇਟਿਸ ਤੋਂ ਸੁਰੱਖਿਆ ਦਿੰਦਾ ਹੈ। ਡੇਢ ਮਹੀਨੇ ਦੀ ਉਮਰ ਵਿਚ ਇਨ੍ਹਾਂ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾਂਦੀ ਹੈ।
ਢਾਈ ਮਹੀਨੇ ਦੇ ਬੱਚੇ ਲਈ : ਡੇਢ ਮਹੀਨੇ ਵਾਲੇ ਵੈਕਸੀਨ ਦੀ ਦੂਜੀ ਖੁਰਾਕ ਢਾਈ ਮਹੀਨੇ ਦੇ ਬੱਚੇ ਨੂੰ ਦਿੱਤੀ ਜਾਂਦੀ ਹੈ।
ਸਾਢੇ ਤਿੰਨ ਮਹੀਨੇ ਦੇ ਬੱਚੇ ਲਈ : ਪੋਲੀਓ ਬੂੰਦਾਂ ਅਤੇ ਹੈਪੇਟਾਇਟਿਸ ਦੀ ਤੀਜੀ ਖੁਰਾਕ ਦਿੱਤੀ ਜਾਂਦੀ ਹੈ।
6 ਮਹੀਨੇ ਦੇ ਬੱਚੇ ਲਈ : ਇਸ ਉਮਰ ਤੱਕ ਬੱਚਾ ਗੰਦਾ ਹੱਥ ਮੂੰਹ ਵਿਚ ਪਾਉਂਦਾ ਹੈ, ਹਰ ਚੀਜ਼ ਮੂੰਹ ਦੇ ਕੋਲ ਲੈ ਜਾਂਦਾ ਹੈ। ਇਸ ਉਮਰ ਵਿਚ ਮੀਜ਼ਲਸ ਦਾ ਟੀਕਾ ਲਗਾਇਆ ਜਾਂਦਾ ਹੈ ਅਤੇ ਪੋਲੀਓ ਬੂੰਦਾਂ ਦਿੱਤੀਆਂ ਜਾਂਦੀਆਂ ਹਨ।
ਇਕ ਸਾਲ ਦੇ ਬੱਚੇ ਨੂੰ :ਇਕ ਸਾਲ ਦੇ ਬੱਚੇ ਨੂੰ ਜਾਂਡਿਸ ਤੋਂ ਬਚਾਉਣ ਲਈ ਹੈਪੇਟਾਇਟਿਸ 'ਏ' ਦਾ ਟੀਕਾ ਲਗਾਇਆ ਜਾਂਦਾ ਹੈ।
15 ਮਹੀਨੇ ਦੇ ਬੱਚੇ ਨੂੰ : ਇਸ ਉਮਰ ਵਿਚ ਬੱਚੇ ਨੂੰ ਐਮ.ਐਮ.ਆਰ. ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾਂਦੀ ਹੈ। ਚਿਕਨ ਪਾਕਸ ਤੋਂ ਬਚਾਉਣ ਲਈ ਵੈਰਿਸੇਲਾ ਦੀ ਪਹਿਲੀ ਡੋਜ਼ ਅਤੇ ਪੀ.ਸੀ.ਵੀ. ਦਾ ਬੂਸਟਰ ਡੋਜ਼ ਲਗਾਇਆ ਜਾਂਦਾ ਹੈ।
18 ਮਹੀਨੇ ਦੇ ਬੱਚੇ ਨੂੰ : 18 ਮਹੀਨੇ ਦੀ ਉਮਰ ਵਿਚ ਬੱਚੇ ਨੂੰ ਡੀ.ਟੀ.ਪੀ. ਦੀ ਪਹਿਲੀ ਬੂਸਟਰ ਡੋਜ਼, ਐਚ.ਆਈ.ਬੀ. ਦੀ ਬੂਸਟਰ ਡੋਜ਼, ਆਈ.ਪੀ.ਬੀ. ਦੀ ਬੂਸਟਰ ਡੋਜ਼ ਦਿੱਤੀ ਜਾਂਦੀ ਹੈ। ਹੈਪੇਟਾਇਟਿਸ ਏ ਦੀ ਦੂਜੀ ਡੋਜ਼ ਵੀ ਦਿੱਤੀ ਜਾਂਦੀ ਹੈ।
2 ਸਾਲ ਦੇ ਬੱਚੇ ਨੂੰ : 2 ਸਾਲ ਪੂਰੇ ਕਰਨ 'ਤੇ ਬੱਚੇ ਨੂੰ ਟਾਇਫਾਇਡ ਦਾ ਟੀਕਾ ਲਗਾਇਆ ਜਾਂਦਾ ਹੈ। ਟਾਇਫਾਇਡ ਦਾ ਟੀਕਾ ਹਰ 3 ਸਾਲ ਬਾਅਦ ਦੁਬਾਰਾ ਲਗਵਾਉਣਾ ਹੁੰਦਾ ਹੈ।
ਸਾਢੇ ਚਾਰ ਸਾਲ ਤੋਂ 5 ਸਾਲ ਦੇ ਬੱਚੇ ਨੂੰ : ਇਸ ਉਮਰ ਦੇ ਬੱਚੇ ਦੀ ਡੀ.ਟੀ., ਓ.ਪੀ.ਵੀ. 3, ਐਮ.ਐਮ.ਆਰ.2, ਵੈਰਿਸੇਲਾ ਦੇ ਟੀਕੇ ਲਗਵਾਏ ਜਾਂਦੇ ਹਨ। ਬੱਚਿਆਂ ਦੀ ਚਿਕਨਪਾਕਸ ਤੋਂ ਸੁਰੱਖਿਆ ਹੁੰਦੀ ਹੈ। ਇਸੇ ਤਰ੍ਹਾਂ ਸਹੀ ਉਮਰ ਵਿਚ ਸਹੀ ਟੀਕਾਕਰਨ ਬੱਚਿਆਂ ਨੂੰ ਵੱਡੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ।

ਸ਼ਾਕਾਹਾਰੀ ਭੋਜਨ ਕਿੰਨਾ ਪੌਸ਼ਟਿਕ

ਸ਼ਾਕਾਹਾਰੀ ਭੋਜਨ ਅਤੇ ਮਾਸਾਹਾਰੀ ਭੋਜਨ ਦੇ ਫਾਇਦੇ-ਨੁਕਸਾਨ ਬਾਰੇ ਲੋਕ ਵੱਖ-ਵੱਖ ਵਿਚਾਰ ਰੱਖਦੇ ਹਨ ਪਰ ਸ਼ਾਕਾਹਾਰੀ ਭੋਜਨ ਅਤੇ ਵਿਟਾਮਿਨ ਬੀ-12 ਦੇ ਪ੍ਰੰਪਰਿਕ ਸਬੰਧ ਵਿਚ ਇਕ ਰੌਚਕ ਜਾਣਕਾਰੀ ਸ਼ਾਕਾਹਾਰੀਆਂ 'ਤੇ ਕੀਤੇ ਗਏ ਇਕ ਅਧਿਐਨ ਦੌਰਾਨ ਕੁਝ ਸਮਾਂ ਪਹਿਲਾਂ ਸਾਹਮਣੇ ਆਈ ਹੈ।
ਸਰੀਰ ਲਈ ਵਿਟਾਮਿਨ ਬੀ-12 ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਨਾਲ ਅਨੀਮੀਆ ਅਤੇ ਕਦੇ-ਕਦੇ ਹੋਰ ਮਾਨਸਿਕ ਬਿਮਾਰੀਆਂ ਹੋ ਜਾਂਦੀਆਂ ਹਨ। ਅਧਿਐਨ ਨਾਲ ਪਤਾ ਲੱਗਾ ਹੈ ਕਿ ਖੂਨ ਸੀਰਮ ਦੀ ਮਾਤਰਾ ਮਾਸਾਹਾਰੀ ਲੋਕਾਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਭੇਦ ਹਾਲੇ ਵੀ ਬਣਿਆ ਹੋਇਆ ਹੈ ਕਿ ਕੀ ਸ਼ਾਕਾਹਾਰੀਆਂ ਵਿਚ ਵਿਟਾਮਿਨ ਦੀ ਇਸ ਕਮੀ ਨੂੰ ਵੀ ਮੰਨਿਆ ਜਾਵੇ?
ਪੱਛਮੀ ਜਰਮਨੀ ਦੀ ਸਿਹਤ ਏਜੰਸੀ ਦੀ 1986 ਦੀ ਰਿਪੋਰਟ ਅਨੁਸਾਰ 333 ਸ਼ਾਕਾਹਾਰੀ ਅਤੇ ਇੰਨੇ ਹੀ ਮਾਸਾਹਾਰੀ ਲੋਕਾਂ 'ਤੇ ਕੀਤੇ ਗਏ ਇਸ ਅਧਿਐਨ ਦਾ ਮੂਲ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਕੀ ਸ਼ਾਕਾਹਾਰੀ ਭੋਜਨ ਨਾਲ ਦਿਲ ਦੀਆਂ ਬਿਮਾਰੀਆਂ ਸ਼ਾਕਾਹਾਰੀਆਂ ਵਿਚ ਘੱਟ ਹੁੰਦੀਆਂ ਹਨ?
ਜਿਥੋਂ ਤੱਕ ਵਿਟਾਮਿਨ ਦਾ ਸਵਾਲ ਹੈ, ਇਸ ਅਧਿਐਨ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਸ਼ਾਕਾਹਾਰੀਆਂ ਵਿਚ ਮਾਸਾਹਾਰੀ ਲੋਕਾਂ ਦੀ ਤੁਲਨਾ ਵਿਚ ਵਿਟਾਮਿਨ ਬੀ-12 ਦੀ ਮਾਤਰਾ ਘੱਟ ਹੁੰਦੀ ਹੈ।
ਇਸ ਅਧਿਐਨ ਦੌਰਾਨ ਡਾਕਟਰਾਂ ਦੁਆਰਾ ਇਹ ਵੀ ਪਾਇਆ ਗਿਆ ਕਿ ਸ਼ਾਕਾਹਾਰੀ ਮਰਦਾਂ ਵਿਚ 25 ਫੀਸਦੀ ਵਿਚ ਅਤੇ ਔਰਤਾਂ ਵਿਚੋਂ 12 ਫੀਸਦੀ ਵਿਚ ਵਿਟਾਮਿਨ ਦੀ ਮਾਤਰਾ ਘੱਟ ਸੀ, ਜਦੋਂ ਕਿ ਮਾਸਾਹਾਰੀਆਂ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ ਮਰਦਾਂ ਵਿਚ 5 ਫੀਸਦੀ ਅਤੇ ਔਰਤਾਂ ਵਿਚ 4 ਫੀਸਦੀ ਸੀ।
**

ਸਹੀ ਉੱਠਣਾ-ਬੈਠਣਾ ਜ਼ਰੂਰੀ ਹੈ ਸਰੀਰਕ ਤੰਦਰੁਸਤੀ ਲਈ

ਸਹੀ ਉੱਠਣਾ-ਬੈਠਣਾ (ਪੋਸਚਰ) ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਉਂਦਾ ਹੈ ਸਗੋਂ ਤੁਹਾਡੇ ਸਰੀਰ ਦੇ ਅੰਗਾਂ ਨੂੰ ਤੰਦਰੁਸਤ ਬਣਾਉਣ ਲਈ ਜ਼ਰੂਰੀ ਹੈ। ਤੁਹਾਡਾ ਸਰੀਰ ਫਿਟ ਰਹੇ ਤੇ ਤੰਦਰੁਸਤ ਢੰਗ ਨਾਲ ਆਪਣੇ ਕੰਮ ਕਰੇ, ਇਸ ਲਈ ਜ਼ਰੂਰੀ ਹੈ ਸਹੀ ਪੋਸਚਰ ਅਤੇ ਇਸ ਲਈ ਤੁਹਾਨੂੰ ਆਪਣੀਆਂ ਗ਼ਲਤ ਆਦਤਾਂ ਨੂੰ ਜੋ ਤੁਹਾਡੇ ਉੱਠਣ-ਬੈਠਣ ਨਾਲ ਸਬੰਧਿਤ ਹਨ, ਵਿਚ ਸੁਧਾਰ ਲਿਆਉਣਾ ਜ਼ਰੂਰੀ ਹੈ।
ਸਹੀ ਬੈਠਣਾ ਤੁਹਾਡੀ ਪਿੱਠ 'ਤੇ ਪੈਣ ਵਾਲੇ ਭਾਰ ਨੂੰ ਘੱਟ ਕਰਦਾ ਹੈ ਅਤੇ ਤੁਹਾਡੀਆਂ ਮਾਸਪੇਸ਼ੀਆਂ, ਹੱਡੀਆਂ ਤੇ ਹੋਰ ਸਹਾਇਕ ਅੰਗ ਆਪਣੇ ਸਹੀ ਥਾਂ 'ਤੇ ਰਹਿੰਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜੋ ਵਿਅਕਤੀ ਦਫ਼ਤਰ ਵਿਚ ਕੰਮ ਕਰਦਾ ਹੈ ਜਾਂ ਫੀਲਡ ਨੌਕਰੀ ਵਿਚ ਹੈ, ਉਨ੍ਹਾਂ ਨੂੰ ਪਿੱਠ ਸਬੰਧੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਫ਼ਤਰ ਦੀ ਕੁਰਸੀ 'ਤੇ ਕੰਮ ਕਰਦੇ ਸਮੇਂ ਵਿਅਕਤੀ ਆਪਣਾ ਸਿਰ ਤੇ ਗਰਦਨ ਅੱਗੇ ਵਲ ਝੁਕਾ ਕੇ ਰੱਖਦਾ ਹੈ। ਇਸ ਕਾਰਨ ਗਰਦਨ ਤੇ ਪਿੱਠ ਦੇ ਉੱਪਰੀ ਹਿੱਸੇ ਵਿਚ ਦਰਦ ਹੋ ਜਾਂਦਾ ਹੈ।
* ਸਰੀਰ ਦਾ ਸਹੀ ਪੋਸਚਰ ਤੁਹਾਡੇ ਆਤਮ-ਵਿਸ਼ਵਾਸ, ਚੰਗੇ ਸਰੀਰਕ ਤੇ ਮਾਨਸਿਕ ਸਿਹਤ ਦੀ ਝਲਕ ਪੇਸ਼ ਕਰਦਾ ਹੈ। ਇਸ ਨਾਲ ਤੁਹਾਡਾ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਤੁਹਾਡੀ ਸ਼ਖ਼ਸੀਅਤ ਤੋਂ ਲੋਕ ਪ੍ਰਭਾਵਿਤ ਹੁੰਦੇ ਹਨ। * ਤੁਹਾਡੇ ਫੇਫੜਿਆਂ ਦੀ ਤਾਕਤ ਵਿਚ ਸੁਧਾਰ ਲਿਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਫੈਲਣ ਲਈ ਸਹੀ ਥਾਂ ਮਿਲਦਾ ਹੈ ਅਤੇ ਜ਼ਿਆਦਾ ਆਕਸੀਜਨ ਗ੍ਰਹਿਣ ਕਰਨ ਨਾਲ ਤੁਹਾਡੇ ਸਰੀਰ ਨੂੰ ਆਕਸੀਜਨ ਯੁਕਤ ਖੂਨ ਦੀ ਅਪੂਰਤੀ ਜ਼ਿਆਦਾ ਹੁੰਦੀ ਹੈ। ਸਾਡਾ ਸਰੀਰ ਜ਼ਿਆਦਾ ਚੁਸਤੀ ਨਾਲ ਕੰਮ ਕਰਦਾ ਹੈ।
* ਜੇਕਰ ਤੁਹਾਡਾ ਪੋਸਚਰ ਸਹੀ ਹੈ ਤਾਂ ਤੁਹਾਡਾ ਵਜ਼ਨ ਕੁਝ ਜ਼ਿਆਦਾ ਹੋਣ 'ਤੇ ਵੀ ਤੁਸੀਂ ਪਤਲੇ ਦਿਸਦੇ ਹੋ। ਚੰਗਾ ਪੋਸਚਰ ਤੁਹਾਡੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਂਦਾ ਹੈ।
* ਗ਼ਲਤ ਪੋਸਚਰ ਤੁਹਾਡੀਆਂ ਮਾਸਪੇਸ਼ੀਆਂ ਵਿਚ ਤਣਾਅ ਪੈਦਾ ਕਰਦਾ ਹੈ ਅਤੇ ਤੁਹਾਨੂੰ ਮਾਸਪੇਸ਼ੀਆਂ ਸਬੰਧੀ ਮੁਸ਼ਕਿਲਾਂ ਦਿੰਦਾ ਹੈ।
* ਤੁਹਾਡਾ ਸਹੀ ਪੋਸਚਰ ਤੁਹਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸੁਰੱਖਿਆ ਦਿੰਦਾ ਹੈ ਅਤੇ ਸਹੀ ਪੋਸਚਰ ਦੇ ਕਾਰਨ ਸਾਡੇ ਅੰਦਰੂਨੀ ਅੰਗ, ਅੰਤੜੀਆਂ ਆਦਿ ਸੁਚਾਰੂ ਢੰਗ ਨਾਲ ਕੰਮ ਕਰਦੀਆਂ ਹਨ।
ਹੁਣ ਜਾਣਦੇ ਹਾਂ ਸਹੀ ਪੋਸਚਰ ਰੱਖਣ ਦੇ ਕੁਝ ਸੌਖੇ ਨੁਕਤੇ। ਅਜਿਹਾ ਨਹੀਂ ਹੈ ਕਿ ਤੁਸੀਂ ਆਪਣੇ ਗ਼ਲਤ ਪੋਸਚਰ ਵਿਚ ਕੋਈ ਸੁਧਾਰ ਨਹੀਂ ਲਿਆ ਸਕਦੇ। ਥੋੜ੍ਹੇ ਜਿਹੇ ਯਤਨਾਂ ਤੇ ਸਹੀ ਜਾਣਕਾਰੀ ਨਾਲ ਤੁਸੀਂ ਆਪਣੇ ਪੋਸਚਰ ਵਿਚ ਸੁਧਾਰ ਲਿਆ ਸਕਦੇ ਹੋ, ਆਓ ਜਾਣਦੇ ਹਾਂ :-
* ਲਗਾਤਾਰ ਬੈਠੇ ਰਹਿਣਾ ਤੁਹਾਡੇ ਪੋਸਚਰ ਨੂੰ ਵਿਗਾੜਨ ਵਿਚ ਮਦਦ ਕਰਦਾ ਹੈ ਇਸ ਲਈ ਲਗਾਤਾਰ ਬਹੁਤ ਦੇਰ ਤੱਕ ਬੈਠੇ ਨਾ ਰਹੋ। ਕੰਮ ਕਰਦੇ ਸਮੇਂ ਆਪਣੀ ਸਰੀਰਕ ਸਥਿਤੀ ਬਦਲਦੇ ਰਹੋ ਭਾਵ ਇਸ ਦੌਰਾਨ ਖੜ੍ਹੇ ਹੋ ਕੇ ਇਧਰ-ਉਧਰ ਘੁੰਮ ਲਓ। ਘਰ 'ਚ ਹੋ ਤਾਂ ਥੋੜ੍ਹੀ ਦੇਰ ਲੰਮੇ ਪੈ ਜਾਓ।
* ਜੇਕਰ ਤੁਹਾਡੀਆਂ ਮਾਸਪੇਸ਼ੀਆਂ ਲਚੀਲੀਆਂ ਹਨ ਤਾਂ ਤੁਹਾਡਾ ਪੋਸਚਰ ਸਹੀ ਰਹਿੰਦਾ ਹੈ। ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਸਰੀਰ ਦੀ ਮਾਲਿਸ਼ ਕਰੋ ਜਿਸ ਨਾਲ ਮਾਸਪੇਸ਼ੀਆਂ ਵਿਚ ਖੂਨ ਸੰਚਾਰ ਵਧੇਗਾ ਅਤੇ ਮਾਸਪੇਸ਼ੀਆਂ ਵਿਚ ਲਚੀਲਾਪਨ ਆਏਗਾ, ਮਾਸਪੇਸ਼ੀਆਂ ਤਣਾਅ-ਮੁਕਤ ਰਹਿਣਗੀਆਂ ਅਤੇ ਤੁਸੀਂ ਚੰਗਾ ਮਹਿਸੂਸ ਕਰੋਗੇ।
* ਜਦੋਂ ਵੀ ਤੁਸੀਂ ਪਿੱਠ ਦੇ ਭਾਰ ਸੌਂ ਰਹੇ ਹੋਵੋ ਤਾਂ ਆਪਣੇ ਸਿਰ ਤੇ ਮੋਢਿਆਂ ਦੇ ਹੇਠਾਂ ਸਰਹਾਣਾ ਰੱਖ ਕੇ ਆਪਣੀ ਰੀੜ੍ਹ ਦੀ ਹੱਡੀ ਨੂੰ ਸਹਾਇਤਾ ਦਿਓ ਤੇ ਇਕ ਤੌਲੀਆ ਗੋਲ ਕਰਕੇ ਗਰਦਨ ਦੇ ਹੇਠਾਂ ਰੱਖੋ ਅਤੇ ਗੋਡੇ ਦੇ ਹੇਠਾਂ ਵੀ ਇਕ ਤੌਲੀਆ ਰੱਖੋ। ਜੇਕਰ ਤੁਸੀਂ ਇਕ ਪਾਸੇ ਸੌਂ ਰਹੇ ਹੋ ਤਾਂ ਵੀ ਸਿਰ ਦੇ ਹੇਠਾਂ ਸਿਰਹਾਣਾ ਰੱਖੋ ਅਤੇ ਧਿਆਨ ਰਹੇ ਕਿ ਤੁਹਾਡੀ ਗਰਦਨ ਨੂੰ ਸਹਾਰਾ ਮਿਲੇ ਅਤੇ ਤੁਹਾਡੇ ਸਿਰ ਤੇ ਰੀੜ੍ਹ ਦੀ ਹੱਡੀ ਵਿਚ ਸੰਤੁਲਨ ਰਹੇ। ਕਦੀ ਵੀ ਪੇਟ ਦੇ ਭਾਰ ਨਾ ਸੌਂਵੋ। ਇਸ ਨਾਲ ਪੇਟ ਤੇ ਪਿੱਠ ਦੋਵਾਂ ਦੀਆਂ ਮਾਸਪੇਸ਼ੀਆਂ ਪ੍ਰਭਾਵਿਤ ਹੁੰਦੀਆਂ ਹਨ।
* ਕੋਈ ਵੀ ਚੀਜ਼ ਹੇਠਾਂ ਤੋਂ ਚੁੱਕਦੇ ਸਮੇਂ ਆਪਣੀ ਪਿੱਠ ਨੂੰ ਕਸ਼ਟ ਨਾ ਦਿਓ। ਆਪਣੇ ਗੋਡਿਆਂ ਦੇ ਭਾਰ 'ਤੇ ਬੈਠੋ ਅਤੇ ਆਪਣੀਆਂ ਲੱਤਾਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਦੀ ਸਹਾਇਤਾ ਨਾਲ ਵਸਤੂ ਚੁੱਕੋ।
* ਫੋਨ 'ਤੇ ਗੱਲ ਕਰਦੇ ਸਮੇਂ ਸਪੀਕਰ ਫੋਨ ਹਮੇਸ਼ਾ ਹੱਥ ਵਿਚ ਫੜਨਾ ਚਾਹੀਦਾ ਨਾ ਕਿ ਤੁਹਾਡੇ ਸਿਰ ਅਤੇ ਮੋਢਿਆਂ ਦੇ ਵਿਚਾਲੇ ਅਟਕਿਆ ਹੋਵੇ।
* ਕੋਈ ਵੀ ਕਸਰਤ ਕਰਦੇ ਸਮੇਂ ਆਪਣੇ ਸਰੀਰ ਦੇ ਦੋਵੇਂ ਪਾਸਿਆਂ ਦੀ ਵਰਤੋਂ ਕਰੋ। ਇਹ ਨਹੀਂ ਕਿ ਇਕ ਹਿੱਸੇ 'ਤੇ ਜ਼ਿਆਦਾ ਜ਼ੋਰ ਹੋਵੇ ਅਤੇ ਦੂਜੇ ਪਾਸੇ ਦੀ ਵਰਤੋਂ ਨਾ ਹੋਵੇ। ਸੰਤੁਲਨ ਬਣਾਈ ਰੱਖੋ।
* ਚਲਦੇ ਸਮੇਂ ਤੁਹਾਡਾ ਸਿਰ ਉੱਚਾ, ਮੋਢੇ ਤਣੇ ਹੋਏ ਹੋਣੇ ਚਾਹੀਦੇ।
* ਡ੍ਰਾਈਵਿੰਗ ਕਰਦੇ ਸਮੇਂ ਸੀਟ 'ਤੇ ਤਣ ਕੇ ਬੈਠੋ। ਆਪਣੀ ਸੀਟ ਨੂੰ ਇਸ ਤਰ੍ਹਾਂ ਐਡਜਸਟ ਕਰੋ ਕਿ ਨਾ ਤਾਂ ਤੁਹਾਡੇ ਸਰੀਰ ਨੂੰ ਖਿਚਾਅ ਪਵੇ ਅਤੇ ਨਾ ਹੀ ਅੱਗੇ ਵਲ ਝੁਕਣਾ ਪਵੇ।
* ਚੰਗਾ ਦਿਸਣ ਤੇ ਸਹੀ ਪੋਸਚਰ ਲਈ ਆਰਾਮ ਬਹੁਤ ਜ਼ਰੂਰੀ ਹੈ ਅਤੇ ਚੰਗਾ ਭੋਜਨ ਵੀ, ਇਸ ਲਈ ਚੰਗੀ ਨੀਂਦ ਲਓ ਤਾਂ ਕਿ ਤੁਹਾਡੇ ਥੱਕੇ ਹੋਏ ਸਰੀਰ ਨੂੰ ਅਰਾਮ ਮਿਲੇ। ਪੋਸ਼ਕ ਭੋਜਨ ਤੁਹਾਡੇ ਸਰੀਰ ਤੇ ਮਾਨਸਿਕ ਸਿਹਤ ਦੋਵਾਂ ਲਈ ਜ਼ਰੂਰੀ ਹੈ ਅਤੇ ਸਹੀ ਪੋਸਚਰ ਦੇ ਲਈ ਮਨ ਅਤੇ ਸਰੀਰ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ।

ਸਿਹਤ ਖ਼ਬਰਨਾਮਾ

ਕੋਲੈਸਟ੍ਰੋਲ ਬਨਾਮ ਅਲਜ਼ੀਮਰਸ

ਸੇਨ ਫ੍ਰਾਂਸਿਸਕੋ ਵੇਟਰਨਜ਼ ਅਫੇਅਰਸ ਮੈਡੀਕਲ ਸੈਂਟਰ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਕੋਲੈਸਟ੍ਰੋਲ ਘੱਟ ਕਰਨ ਵਾਲੀਆਂ ਦਵਾਈਆਂ ਦਾ ਇਕ ਲਾਭ ਇਹ ਵੀ ਪਾਇਆ ਗਿਆ ਕਿ ਇਸ ਨਾਲ ਅਲਜ਼ੀਮਰਸ ਰੋਗ ਨੂੰ ਦੂਰ ਰੱਖਣ ਵਿਚ ਸਹਾਇਤਾ ਮਿਲਦੀ ਹੈ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦਵਾਈਆਂ ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਦਿਮਾਗੀ ਥਕਾਨ ਘੱਟ ਪਾਈ ਗਈ।
ਮੂਡ ਸੁਧਾਰਦੀ ਹੈ ਐਰੋਬਿਕ ਕਸਰਤ

ਬ੍ਰਿਟੇਨ ਵਿਚ ਹੋਈ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਇਕ ਘੰਟਾ ਐਰੋਬਿਕ ਕਸਰਤ ਕਰਨ ਨਾਲ ਮਨੁੱਖ ਵਿਚ ਤਣਾਅ, ਗੁੱਸਾ ਅਤੇ ਥਕਾਨ ਦੂਰ ਹੁੰਦੀ ਹੈ। ਖੋਜ ਕਰਤਾਵਾਂ ਨੇ ਪਾਇਆ ਕਿ ਇਨ੍ਹਾਂ ਲਾਭਾਂ ਦਾ ਆਰੰਭ ਕਸਰਤ ਦਾ ਪੱਧਰ ਪੂਰਾ ਹੁੰਦੇ ਹੀ ਹੋ ਜਾਂਦਾ ਹੈ, ਕਿਉਂਕਿ ਇਸ ਨਾਲ ਮਨ ਵਿਚ ਇਕ ਉਪਲਬਧੀ ਦੀ ਭਾਵਨਾ ਜਾਗਦੀ ਹੈ। ਲਗਾਤਾਰ ਕਸਰਤ ਕਰਨ ਨਾਲ ਉਦਾਸੀ ਦੇ ਪੁਰਾਣੇ ਰੋਗੀ ਵੀ ਠੀਕ ਹੋ ਸਕਦੇ ਹਨ।
ਆਪਣਾ ਗੁੱਸਾ ਨਾ ਦਬਾਓ

ਜੇ ਤੁਹਾਨੂੰ ਕਿਸੇ ਗੱਲ 'ਤੇ ਗੁੱਸਾ ਆਉਂਦਾ ਹੈ ਤਾਂ ਉਸ ਨੂੰ ਨਾ ਦਬਾਓ, ਨਹੀਂ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਗੁੱਸਾ ਆਵੇਗਾ। ਬ੍ਰਿਟੇਨ ਵਿਚ ਹੋਈ ਇਕ ਖੋਜ ਵਿਚ ਦੇਖਿਆ ਗਿਆ ਕਿ ਔਰਤਾਂ ਵਿਚ ਗੁੱਸਾ ਦਬਾਉਣ 'ਤੇ ਬਾਅਦ ਵਿਚ ਹੋਰ ਜ਼ਿਆਦਾ ਗੁੱਸਾ ਆਉਣਾ ਸ਼ੁਰੂ ਹੋ ਗਿਆ। ਇਸ ਲਈ ਗੁੱਸਾ ਆਵੇ ਤਾਂ ਦਬਾਓ ਨਾ। ਪਰ ਹਾਂ, ਗੁੱਸੇ ਵਿਚ ਪਾਗਲ ਨਾ ਹੋ ਜਾਓ।

ਅੱਖਾਂ ਦੀ ਦੇਖਭਾਲ ਕਿਵੇਂ ਕਰੀਏ?

ਕੁਦਰਤ ਨੇ ਸਾਨੂੰ ਜਿਨ੍ਹਾਂ ਤੋਹਫ਼ਿਆਂ ਨਾਲ ਨਿਵਾਜਿਆ ਹੈ, ਉਨ੍ਹਾਂ ਵਿਚ ਅੱਖਾਂ ਸਰਵਸ੍ਰੇਸ਼ਠ ਹਨ। ਸੁੰਦਰ ਅੱਖਾਂ ਕੁਦਰਤ ਅਤੇ ਮਨੁੱਖ ਦੀ ਸੁੰਦਰਤਾ ਨੂੰ ਦਿਖਾਉਣ ਵਿਚ ਸਹਾਇਕ ਹੁੰਦੀਆਂ ਹਨ। ਅੱਖਾਂ ਦਾ ਮਹੱਤਵ ਸਾਰਿਆਂ ਲਈ ਇਕੋ ਜਿਹਾ ਹੈ, ਚਾਹੇ ਤੁਸੀਂ ਗੋਰੇ ਹੋ ਜਾਂ ਕਾਲੇ। ਕੁਦਰਤ ਦੀ ਇਸ ਅਨਮੋਲ ਦੇਣ ਨੂੰ ਤੰਦਰੁਸਤ ਅਤੇ ਤਰੋਤਾਜ਼ਾ ਬਣਾਈ ਰੱਖਣ ਲਈ ਵਿਸ਼ੇਸ਼ ਕੁਝ ਨਹੀਂ ਕਰਨਾ ਪੈਂਦਾ, ਬਸ ਥੋੜ੍ਹੀ ਜਿਹੀ ਸਾਵਧਾਨੀ ਵਰਤਣੀ ਪੈਂਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਵਿਟਾਮਿਨ 'ਏ' ਅੱਖਾਂ ਲਈ ਬਹੁਤ ਜ਼ਰੂਰੀ ਤੱਤ ਹੈ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਨਿਗ੍ਹਾ ਵਧਦੀ ਹੈ, ਨਾਲ ਹੀ ਇਹ ਤੰਦਰੁਸਤ ਵੀ ਰਹਿੰਦੀਆਂ ਹਨ। ਇਹ ਵਿਟਾਮਿਨ ਕੁਦਰਤ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਗਾਜਰ ਅਤੇ ਟਮਾਟਰ ਇਸ ਦੇ ਮੁੱਖ ਸਰੋਤ ਹਨ। ਸਰੀਰ ਨੂੰ ਲੋੜੀਂਦੀ ਮਾਤਰਾ ਵਿਚ ਵਿਟਾਮਿਨ 'ਏ' ਮਿਲਦਾ ਰਹਿਣ ਲਈ ਗਾਜਰ, ਅੰਬ, ਟਮਾਟਰ, ਦੁੱਧ, ਮੱਖਣ, ਪਪੀਤਾ, ਹਰੀਆਂ ਸਬਜ਼ੀਆਂ ਅਤੇ ਮੱਛੀ ਲੋੜੀਂਦੀ ਮਾਤਰਾ ਵਿਚ ਲੈਂਦੇ ਰਹਿਣਾ ਚਾਹੀਦਾ ਹੈ।
ਅੱਖਾਂ ਨੂੰ ਤੰਦਰੁਸਤ ਬਣਾਈ ਰੱਖਣ ਲਈ ਲੋੜੀਂਦੀ ਮਾਤਰਾ ਵਿਚ ਠੰਢਾ ਪਾਣੀ ਪੀਣਾ ਚਾਹੀਦਾ ਹੈ। ਠੰਢੇ ਪਾਣੀ ਨਾਲ ਅੱਖਾਂ ਦੀ ਨਿਗ੍ਹਾ ਵਧਦੀ ਹੈ ਅਤੇ ਜ਼ਿਆਦਾ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਸਹਾਇਕ ਹੁੰਦਾ ਹੈ। ਸਵੇਰੇ ਸੌਂ ਕੇ ਉੱਠਣ 'ਤੇ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਣਾ ਜ਼ਿਆਦਾ ਲਾਭਦਾਇਕ ਹੁੰਦਾ ਹੈ।
ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਅਤੇ ਨੰਗੇ ਪੈਰ ਘਾਹ 'ਤੇ ਚੱਲਣਾ ਅੱਖਾਂ ਲਈ ਅੰਮ੍ਰਿਤ ਬਰਾਬਰ ਹੁੰਦਾ ਹੈ। ਅਜਿਹਾ ਕਰਨ ਨਾਲ ਅੱਖਾਂ ਦੀ ਨਿਗ੍ਹਾ ਤਾਂ ਵਧਦੀ ਹੀ ਹੈ, ਕਦੇ-ਕਦੇ ਨਜ਼ਰ ਦਾ ਚਸ਼ਮਾ ਵੀ ਲੱਥ ਜਾਂਦਾ ਹੈ। ਨਾਲ ਹੀ ਸੌਂਫ ਦੇ ਸੇਵਨ ਨਾਲ ਵੀ ਫਾਇਦਾ ਹੁੰਦਾ ਹੈ।
ਅੱਖਾਂ ਵਿਚ ਕਦੇ-ਕਦੇ ਕੂੜਾ ਵਗੈਰਾ ਪੈ ਜਾਂਦਾ ਹੈ। ਅਜਿਹੀ ਹਾਲਤ ਵਿਚ ਅਕਸਰ ਲੋਕ ਉਂਗਲੀਆਂ ਨਾਲ ਅੱਖਾਂ ਨੂੰ ਮਸਲਦੇ ਹਨ, ਜੋ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇ ਤੁਹਾਡੀਆਂ ਅੱਖਾਂ ਵਿਚ ਕੁਝ ਪੈ ਜਾਂਦਾ ਹੈ ਤਾਂ ਤੁਰੰਤ ਦੂਜੀ ਅੱਖ, ਜਿਸ ਵਿਚ ਕੁਝ ਨਾ ਪਿਆ ਹੋਵੇ, ਨੂੰ ਮਸਲੋ। ਇਸ ਨਾਲ ਅੱਖਾਂ ਦਾ ਕੂੜਾ ਬਾਹਰ ਆ ਜਾਂਦਾ ਹੈ। ਇਸ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ।
ਅਕਸਰ ਗਰਮੀ ਦੇ ਦਿਨਾਂ ਵਿਚ ਧੂੜ ਭਰੀਆਂ ਗਰਮ ਹਵਾਵਾਂ ਚਲਦੀਆਂ ਹਨ। ਇਨ੍ਹਾਂ ਹਵਾਵਾਂ ਤੋਂ ਬਚਣਾ ਚਾਹੀਦਾ ਹੈ। ਅੱਖਾਂ 'ਤੇ ਧੁੱਪ ਦਾ ਚਸ਼ਮਾ ਲਗਾਉਣਾ ਨਾ ਭੁੱਲੋ। ਧੁੱਪ ਵਿਚੋਂ ਆਉਣ ਤੋਂ ਤੁਰੰਤ ਬਾਅਦ ਠੰਢਾ ਪਾਣੀ ਸਰੀਰ 'ਤੇ ਨਾ ਪਾਓ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਹੀ ਅਜਿਹਾ ਕਰੋ।
ਕੁਝ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਪੜ੍ਹਨ ਬੈਠ ਜਾਂਦੇ ਹਨ, ਜੋ ਗ਼ਲਤ ਹੈ। ਖਾਣੇ ਤੋਂ ਬਾਅਦ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਹੀ ਪੜ੍ਹਨਾ ਚਾਹੀਦਾ ਹੈ। ਜੇ ਤੁਸੀਂ ਯਾਤਰਾ ਕਰ ਰਹੇ ਹੋ ਤਾਂ ਚਲਦੀ ਟ੍ਰੇਨ ਜਾਂ ਬੱਸ ਵਿਚ ਨਾ ਪੜ੍ਹੋ। ਲਗਾਤਾਰ ਬਹੁਤ ਦੇਰ ਤੱਕ ਪੜ੍ਹਦੇ ਰਹਿਣ ਨਾਲ ਅੱਖਾਂ ਥੱਕ ਜਾਂਦੀਆਂ ਹਨ। ਇਸ ਲਈ ਕੁਝ ਪਲ ਅੱਖਾਂ ਨੂੰ ਬੰਦ ਕਰਕੇ ਲੰਮੇ ਪੈਣਾ ਚਾਹੀਦਾ ਹੈ। ਇਸ ਨਾਲ ਥਕਾਵਟ ਦੂਰ ਹੋ ਜਾਂਦੀ ਹੈ।
ਜੇ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈ ਗਏ ਹਨ ਤਾਂ ਉਸ 'ਤੇ ਖੀਰੇ ਦੇ ਟੁਕੜੇ ਨੂੰ ਮਲੋ। ਅਜਿਹਾ ਕਰਨ 'ਤੇ ਕੁਝ ਦਿਨਾਂ ਵਿਚ ਧੱਬੇ ਸਾਫ਼ ਹੋ ਜਾਂਦੇ ਹਨ। ਟੈਲੀਵਿਜ਼ਨ ਵਿਚ 24 ਘੰਟੇ ਪ੍ਰੋਗਰਾਮ ਚੱਲਣ ਕਾਰਨ ਬਹੁਤ ਸਾਰੇ ਲੋਕ ਲਗਾਤਾਰ ਟੀ. ਵੀ. ਦੇਖਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਵਿਚ ਭਾਰੀਪਨ ਆ ਜਾਂਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਕਾਲੇ ਦਾਗ-ਧੱਬੇ ਪੈਣ ਲਗਦੇ ਹਨ। ਇਸ ਨਾਲ ਸਿਰਦਰਦ ਤਾਂ ਆਮ ਗੱਲ ਹੋ ਗਈ ਹੈ। ਇਸ ਲਈ ਟੈਲੀਵਿਜ਼ਨ ਘੱਟ ਤੋਂ ਘੱਟ ਦੇਖੋ। ਕੁਝ ਸਮਾਂ ਹੀ ਦੇਖੋ ਅਤੇ ਲੋੜੀਂਦੀ ਦੂਰੀ ਤੋਂ ਦੇਖੋ।
ਜੇ ਤੁਹਾਡੀਆਂ ਅੱਖਾਂ ਵਿਚ ਤਕਲੀਫ ਹੋਵੇ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਅੱਖਾਂ ਵਿਚ ਨਾ ਪਾਓ।
ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਤਾਂ ਹੀ ਤੁਹਾਡੀਆਂ ਅੱਖਾਂ ਤੰਦਰੁਸਤ ਅਤੇ ਚਮਕ ਵਾਲੀਆਂ ਹੋਣਗੀਆਂ, ਕਿਉਂਕਿ ਜਦੋਂ ਤੱਕ ਅੱਖਾਂ ਦੀ ਅੰਦਰੂਨੀ ਸੁੰਦਰਤਾ ਠੀਕ ਨਹੀਂ ਹੋਵੇਗੀ, ਉਦੋਂ ਤੱਕ ਅੱਖਾਂ ਦੀ ਬਾਹਰੀ ਸੁੰਦਰਤਾ ਆਕਰਸ਼ਕ ਨਹੀਂ ਹੋਵੇਗੀ।
**

ਪਾਓ ਐਸਿਡਿਟੀ ਤੋਂ ਛੁਟਕਾਰਾ

ਐਸਿਡਿਟੀ ਭਾਵ ਖੱਟੇ ਡਕਾਰ, ਜਦੋਂ ਵੀ ਪੇਟ ਵਿਚ ਗੈਸਟ੍ਰਿਕ ਗਲੈਂਡਸ ਵਿਚ ਐਸਿਡ ਦਾ ਰਿਸਾਵ ਆਮ ਨਾਲੋਂ ਜ਼ਿਆਦਾ ਹੁੰਦਾ ਹੈ ਤਾਂ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਉਂ ਹੁੰਦੀ ਹੈ ਐਸਿਡਿਟੀ
ਜਦੋਂ ਵੀ ਅਸੀਂ ਭੁੱਖ ਨਾਲੋਂ ਜ਼ਿਆਦਾ ਖਾਂਦੇ ਹਾਂ। ਨਿਯਮਤ ਕਸਰਤ ਨਹੀਂ ਕਰਦੇ, ਸਿਗਰਟਨੋਸ਼ੀ ਅਤੇ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਹਾਂ। ਅਨਿਯਮਤ ਖਾਣ-ਪੀਣ, ਜ਼ਿਆਦਾ ਤਲੇ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਾਂ, ਚਾਹ-ਕੌਫੀ ਦਾ ਸੇਵਨ ਵੀ ਜ਼ਿਆਦਾ ਕਰਦੇ ਹਾਂ ਤਾਂ ਇਨ੍ਹਾਂ ਸਭ ਖਾਣ ਅਤੇ ਪੀਣ ਵਾਲੇ ਪਦਾਰਥਾਂ ਨੂੰ ਸਾਡਾ ਪੇਟ ਸਵੀਕਾਰ ਨਹੀਂ ਕਰ ਸਕਦਾ ਤਾਂ ਉਸ ਦਾ ਨਤੀਜਾ ਪੇਟ ਵਿਚ ਤੇਜ਼ਾਬ ਦਾ ਜ਼ਿਆਦਾ ਜਮ੍ਹਾਂ ਹੋਣਾ ਹੋ ਜਾਂਦਾ ਹੈ।
ਬਚਣਾ ਹੈ ਤਾਂ ਰੱਖੋ ਕੁਝ ਗੱਲਾਂ ਦਾ ਧਿਆਨ
* ਖਾਣਾ ਖਾਣ ਤੋਂ ਤੁਰੰਤ ਬਾਅਦ ਬਿਸਤਰ 'ਤੇ ਨਾ ਜਾਓ।
* ਮੁੱਖ ਖਾਣੇ ਨੂੰ ਬਹੁਤਾ ਤੁੰਨ ਕੇ ਨਾ ਲਓ, ਸਗੋਂ ਉਸ ਨੂੰ ਦਿਨ ਵਿਚ 4 ਤੋਂ 5 ਵਾਰ ਕਰ ਕੇ ਖਾਓ।
* ਖਾਣੇ ਵਿਚ ਤਿੱਖੇ ਮਸਾਲੇ ਦੀ ਵਰਤੋਂ ਨਾ ਕਰੋ।
* ਖਾਣਾ ਨਿਯਮਤ ਸਮੇਂ 'ਤੇ ਖੂਬ ਚਬਾ-ਚਬਾ ਕੇ ਖਾਓ।
* ਖਾਣੇ ਦੇ ਨਾਲ ਅਤੇ ਤੁਰੰਤ ਬਾਅਦ ਪਾਣੀ ਦਾ ਸੇਵਨ ਨਾ ਕਰੋ। ਪਾਣੀ ਇਕ ਹੀ ਵਾਰ ਵਿਚ ਇਕੱਠਾ ਨਾ ਪੀਓ, ਦਿਨ ਭਰ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ।
* ਆਪਣੇ ਭਾਰ 'ਤੇ ਕਾਬੂ ਰੱਖੋ।
* ਆਪਣੇ ਸਾਰੇ ਦਿਨ ਦੇ ਖਾਣੇ ਵਿਚ 10 ਫੀਸਦੀ ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਹੀ ਲਓ। ਰੇਸ਼ੇਦਾਰ ਭੋਜਨ ਦੀ ਮਾਤਰਾ 5 ਫੀਸਦੀ ਰੱਖੋ। ਉਨ੍ਹਾਂ ਵਿਚ ਦਲੀਆ, ਸਲਾਦ, ਹੋਲਗ੍ਰੇਨ ਬ੍ਰੈੱਡ, ਸਾਬਤ ਦਾਲਾਂ, ਪੁੰਗਰੀਆਂ ਦਾਲਾਂ, ਓਟਸ ਅਤੇ ਓਟਸ ਬ੍ਰਾਨ ਆਟੇ ਵਿਚ ਮਿਲਾ ਕੇ ਉਸ ਦੀ ਰੋਟੀ ਆਦਿ ਦਾ ਸੇਵਨ ਕਰੋ। 40 ਫੀਸਦੀ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਨਿਯਮਤ ਕਰੋ ਅਤੇ 15 ਫੀਸਦੀ ਮਾਤਰਾ ਹੀ ਤੇਲ, ਆਂਡੇ ਅਤੇ ਮਾਸਾਹਾਰੀ ਚੀਜ਼ਾਂ ਦੀ ਲਓ।
* ਰਾਤ ਨੂੰ ਦਾਲਾਂ ਦਾ ਸੇਵਨ ਘੱਟ ਕਰੋ।
* ਹਰਬਲ ਚਾਹ ਦਾ ਸੇਵਨ ਕਰੋ।
* ਨਾਰੀਅਲ ਪਾਣੀ ਦਾ ਨਿਯਮਤ ਸੇਵਨ ਕਰੋ।
* ਸਬਜ਼ੀ ਬਣਾਉਂਦੇ ਸਮੇਂ ਕੁਝ ਮਸਾਲਿਆਂ ਦੀ ਵਰਤੋਂ ਕਰੋ, ਜਿਵੇਂ ਅਦਰਕ, ਲਸਣ, ਪਿਆਜ਼, ਕਾਲੀ ਮਿਰਚ, ਲਾਲ ਮਿਰਚ ਦਾ ਪਾਊਡਰ, ਹਲਦੀ, ਸੌਂਫ, ਪੀਸੀ ਮੇਥੀ ਦਾਣਾ ਦੀ ਵਰਤੋਂ ਜ਼ਰੂਰ ਕਰੋ।
* ਟਮਾਟਰ, ਅਚਾਰ, ਖੱਟੇ ਫਲ, ਟਮਾਟਰ, ਤਿੱਖੀ ਚਟਣੀ, ਤੇਲ ਪਾਪੜ, ਕੌਫੀ, ਚਾਹ, ਚਾਕਲੇਟ ਦਾ ਸੇਵਨ ਘੱਟ ਤੋਂ ਘੱਟ ਕਰੋ।
* ਸ਼ਰਾਬ, ਸਿਗਰਟਨੋਸ਼ੀ ਦਾ ਸੇਵਨ ਵੀ ਘੱਟ ਤੋਂ ਘੱਟ ਕਰੋ।
* ਰਾਤ ਦੇ ਖਾਣੇ ਤੋਂ ਬਾਅਦ ਹਲਕਾ ਟਹਿਲੋ। ਇਕਦਮ ਬਿਸਤਰ 'ਤੇ ਨਾ ਜਾਓ। ਰਾਤ ਨੂੰ ਹਲਕੇ ਭੋਜਨ ਦਾ ਸੇਵਨ ਕਰੋ।


-ਸੁਨੀਤਾ ਗਾਬਾ

ਆਪਣੀ ਉਮਰ ਤੋਂ ਘੱਟ ਦਿਖਾਈ ਦੇਣ ਲਈ...

ਕੁਝ ਲੋਕ ਆਪਣੀ ਉਮਰ ਦੱਸਦੇ ਹਨ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ। ਉਨ੍ਹਾਂ ਦੀ ਸਿਹਤ ਅਤੇ ਚਿਹਰੇ ਦੀ ਚਮਕ ਉਨ੍ਹਾਂ ਨੂੰ ਆਪਣੀ ਉਮਰ ਤੋਂ ਬਹੁਤ ਘੱਟ ਦਿਖਾਉਂਦੀ ਹੈ। ਜਦੋਂ ਅਜਿਹੇ ਲੋਕਾਂ ਦੀ ਜੀਵਨ ਸ਼ੈਲੀ ਦਾ ਅਧਿਐਨ ਕੀਤਾ ਗਿਆ ਤਾਂ ਉਨ੍ਹਾਂ ਵਿਚ ਕੁਝ ਇਕੋ ਜਿਹੀਆਂ ਗੱਲਾਂ ਪਾਈਆਂ ਗਈਆਂ। ਖੋਜ ਕਰਤਾਵਾਂ ਨੇ ਲਗਪਗ 10 ਸਾਲ ਤੱਕ ਅਜਿਹੇ ਲੋਕਾਂ ਦੀ ਜੀਵਨ ਸ਼ੈਲੀ ਦਾ ਅਧਿਐਨ ਕੀਤਾ। ਇਨ੍ਹਾਂ ਲੋਕਾਂ ਵਿਚ ਲਗਪਗ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ-
* ਅਕਸਰ ਅਜਿਹੇ ਲੋਕ ਰੋਮਾਂਟਿਕ ਸੁਭਾਅ ਦੇ ਹੁੰਦੇ ਹਨ ਅਤੇ ਬਹੁਤ ਸਰਗਰਮ ਤੇ ਚੁਸਤੀ ਭਰਿਆ ਜੀਵਨ ਜਿਊਂਦੇ ਹਨ।
* ਅਜਿਹੇ ਲੋਕ ਹਰ ਉਮਰ ਵਰਗ ਦੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ।
* ਅਜਿਹੇ ਲੋਕ ਜਾਂ ਤਾਂ ਨਿਰਸੰਤਾਨ ਹੁੰਦੇ ਹਨ ਜਾਂ ਉਨ੍ਹਾਂ ਦੇ ਬਹੁਤ ਛੋਟੇ ਪਰਿਵਾਰ ਹੁੰਦੇ ਹਨ।
* ਅਜਿਹੇ ਲੋਕ ਬਾਹਰ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਅਕਸਰ ਸਰੀਰਕ ਕਸਰਤ ਦੇ ਸ਼ੌਕੀਨ ਹੁੰਦੇ ਹਨ।
* ਅਜਿਹੇ ਲੋਕ ਗੂੜ੍ਹੀ ਨੀਂਦ ਸੌਂਦੇ ਹਨ ਅਤੇ ਸਵੇਰੇ ਤਰੋਤਾਜ਼ਾ ਉੱਠਦੇ ਹਨ।
* ਅਜਿਹੇ ਲੋਕ ਸਿੱਧੇ ਬੈਠਦੇ ਅਤੇ ਤੁਰਦੇ ਹਨ।
* ਉਨ੍ਹਾਂ ਵਿਚ ਅਕਸਰ ਸੈਰ-ਸਪਾਟਾ ਕਰਨ ਦਾ ਕਾਫੀ ਸ਼ੌਕ ਹੁੰਦਾ ਹੈ।
* ਅਜਿਹੇ ਲੋਕਾਂ ਦਾ ਖੂਨ ਦਾ ਦਬਾਅ ਅਕਸਰ ਆਮ ਜਾਂ ਉਸ ਤੋਂ ਘੱਟ ਹੁੰਦਾ ਹੈ।
* ਅਜਿਹੇ ਲੋਕ ਟੈਲੀਵਿਜ਼ਨ ਦੇਖਣ ਵਰਗੇ ਆਸਾਨ ਕੰਮਾਂ ਦੀ ਬਜਾਏ ਪੜ੍ਹਨ ਵਰਗੇ ਔਖੇ ਦਿਮਾਗੀ ਕੰਮ ਕਰਨਾ ਪਸੰਦ ਕਰਦੇ ਹਨ। ਅਕਸਰ ਅਜਿਹੇ ਲੋਕਾਂ ਦੇ ਮਾਂ-ਬਾਪ ਦੀ ਉਮਰ ਵੀ ਲੰਮੀ ਹੀ ਹੁੰਦੀ ਹੈ।
ਜਵਾਨ ਦਿਸਣ ਵਾਲੇ ਲੋਕਾਂ ਵਿਚ ਵੀ ਲਗਪਗ 15 ਫੀਸਦੀ ਲੋਕ ਸ਼ਾਕਾਹਾਰੀ ਸਨ ਅਤੇ ਬਹੁਤੇ ਲੋਕ ਸ਼ਰਾਬ ਕਦੇ-ਕਦੇ ਹੀ ਪੀਂਦੇ ਸਨ। ਸਿਰਫ 5 ਫੀਸਦੀ ਲੋਕ ਹੀ ਸਿਗਰਟਨੋਸ਼ੀ ਕਰਦੇ ਸਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਖੋਜ ਕਰਤਾਵਾਂ ਨੇ ਹੇਠ ਲਿਖੇ ਨਤੀਜੇ ਕੱਢੇ ਹਨ-
ਕਸਰਤ : ਜਵਾਨ ਦਿਸਣ ਲਈ ਨਿਯਮਿਤ ਕਸਰਤ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਚੁਸਤ ਅਤੇ ਜਵਾਨ ਬਣਦਾ ਹੈ, ਸਗੋਂ ਦਿਮਾਗੀ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ। ਨਿਯਮਿਤ ਕਸਰਤ ਕਰਨ ਵਾਲੇ ਲੋਕ ਜੀਵਨ ਦੇ ਪ੍ਰਤੀ ਹਾਂ-ਪੱਖੀ ਦ੍ਰਿਸ਼ਟੀਕੋਣ ਰੱਖਦੇ ਹਨ।
ਜੇ ਤੁਸੀਂ ਸਰੀਰਕ ਤੌਰ 'ਤੇ ਗਤੀਸ਼ੀਲ ਨਹੀਂ ਹੋ ਤਾਂ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਮਾਤਰਾ ਵਿਚ ਅਤੇ ਜ਼ਿਆਦਾ ਗਤੀ ਨਾਲ ਸੈਰ ਕਰਨੀ ਸ਼ੁਰੂ ਕਰੋ। ਲਗਪਗ 20-30 ਮਿੰਟ ਦੀ ਤੇਜ਼ ਸੈਰ ਨਾਲ ਤੁਹਾਡੀ ਸਰੀਰਕ ਸਮਰੱਥਾ ਵਧਦੀ ਹੈ। ਜੇ ਇਸ ਤੋਂ ਇਲਾਵਾ ਆਪਣੇ ਘਰ ਜਾਂ ਕੰਮ ਵਾਲੀ ਜਗ੍ਹਾ ਦੇ ਨੇੜੇ-ਤੇੜੇ ਕੋਈ ਸਰੀਰਕ ਸਰਗਰਮੀ ਚੁਣ ਸਕੋ ਤਾਂ ਬਿਹਤਰ ਹੋਵੇਗਾ।
ਨਿਯਮਿਤ ਕਸਰਤ ਨੂੰ ਆਪਣੇ ਜੀਵਨ ਦਾ ਇਕ ਅੰਗ ਬਣਾ ਲਓ, ਜਿਸ ਨੂੰ ਤੁਸੀਂ ਸਾਰੀ ਜ਼ਿੰਦਗੀ ਨਿਭਾਉਣਾ ਹੈ। ਤੁਸੀਂ ਨਾਚ, ਏਰੋਬਿਕਸ, ਤੈਰਨਾ, ਤੁਰਨਾ ਜਾਂ ਦੌੜਨਾ, ਆਪਣੀ ਸਮਰੱਥਾ ਅਨੁਸਾਰ ਕੁਝ ਵੀ ਚੁਣ ਸਕਦੇ ਹੋ ਅਤੇ ਇਹ ਸਭ ਤੁਹਾਡੇ ਲਈ ਲਾਭਦਾਇਕ ਹੈ। ਨਿਯਮਿਤ ਕਸਰਤ ਨਾਲ ਨਾ ਸਿਰਫ ਕੈਲੋਰੀ ਖਰਚ ਹੁੰਦੀ ਹੈ, ਸਗੋਂ ਸਰੀਰ ਦੀ ਪਾਚਣ ਕਿਰਿਆ ਵੀ ਤੇਜ਼ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਭੁੱਖ ਵੀ ਦੱਬਦੀ ਹੈ ਅਤੇ ਸਾਡੇ ਸਰੀਰ ਵਿਚ ਚਰਬੀ ਦੀ ਮਾਤਰਾ ਘੱਟ ਹੋ ਕੇ ਮਾਸਪੇਸ਼ੀਆਂ ਵਧਦੀਆਂ ਹਨ।
ਭੋਜਨ : ਜਵਾਨ ਦਿਸਣ ਵਾਲਿਆਂ ਵਿਚ ਇਕ ਖਾਸੀਅਤ ਇਹ ਵੀ ਸੀ ਕਿ ਉਹ ਭੋਜਨ ਵਿਚ ਵਿਭਿੰਨਤਾ ਬਣਾਈ ਰੱਖਣ ਵੱਲ ਜ਼ਿਆਦਾ ਧਿਆਨ ਦਿੰਦੇ ਸੀ, ਕਿਉਂਕਿ ਡਾਇਟਿੰਗ ਕਰਨ ਨਾਲ ਜੀਵਨ ਦੇ ਤਣਾਵਾਂ ਵਿਚ ਵਾਧਾ ਹੁੰਦਾ ਹੈ ਅਤੇ ਭੋਜਨ ਵਿਚ ਵਿਵਿਧਤਾ ਨਾਲ ਕੁਪੋਸ਼ਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਦੇ ਭੋਜਨ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਹੇਠ ਲਿਖੇ ਨਤੀਜੇ ਕੱਢੇ ਗਏ-
* ਆਪਣੇ ਭੋਜਨ ਵਿਚ 60 ਫੀਸਦੀ ਭਾਗ ਦਾਲਾਂ ਅਤੇ ਅਨਾਜ ਖਾਓ। ਦਿਨ ਵਿਚ ਘੱਟ ਤੋਂ ਘੱਟ 5 ਵਾਰ ਫਲ ਅਤੇ ਸਬਜ਼ੀਆਂ ਖਾਓ। 15 ਤੋਂ 20 ਫੀਸਦੀ ਭਾਗ ਪ੍ਰੋਟੀਨ ਅਤੇ ਸਿਰਫ 5 ਫੀਸਦੀ ਤੋਂ 10 ਫੀਸਦੀ ਭਾਗ ਚਰਬੀ ਹੋਣੀ ਚਾਹੀਦੀ ਹੈ।
* ਇਕ ਵਾਰ ਵਿਚ ਸਿਰਫ ਏਨਾ ਹੀ ਖਾਓ, ਜਿਸ ਨਾਲ ਤੁਹਾਡੀ ਭੁੱਖ ਸੰਤੁਸ਼ਟ ਹੋ ਜਾਵੇ। ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਜਿਉਂ ਹੀ ਸੰਤੁਸ਼ਟੀ ਹੋਵੇ, ਖਾਣਾ ਬੰਦ ਕਰ ਦਿਓ।
* ਭੋਜਨ ਵਿਚ ਖੰਡ ਅਤੇ ਨਮਕ ਦੀ ਮਾਤਰਾ ਘੱਟ ਤੋਂ ਘੱਟ ਰੱਖੋ।
* ਵਿਟਾਮਿਨ 'ਸੀ' ਵਾਲੇ ਫਲ ਅਤੇ ਸਬਜ਼ੀਆਂ ਆਦਿ ਜ਼ਿਆਦਾ ਖਾਓ।
* ਸਿਗਰਟ, ਕੌਫੀ ਅਤੇ ਸ਼ਰਾਬ ਆਦਿ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ।
* ਮੀਟ ਦੀ ਜਗ੍ਹਾ ਮੁਰਗੇ, ਮੱਛੀ ਦਾ ਮਾਸ ਖਾਓ।
ਮਾਨਸਿਕ ਸ਼ਕਤੀ
ਮਾਨਸਿਕ ਸ਼ਕਤੀ ਦੇ ਵਿਕਾਸ ਲਈ ਆਪਣੇ ਦਿਮਾਗ ਦੀ ਵਰਤੋਂ ਨਿਯਮਿਤ ਰੂਪ ਨਾਲ ਕਰਦੇ ਰਹੋ। ਪੁਸਤਕਾਂ ਅਤੇ ਅਖ਼ਬਾਰਾਂ ਨਿਯਮਿਤ ਪੜ੍ਹੋ। ਟੈਲੀਵਿਜ਼ਨ ਘੱਟ ਦੇਖੋ, ਕਿਉਂਕਿ ਇਹ ਇਕ ਅਜਿਹਾ ਕੰਮ ਹੈ, ਜਿਸ ਵਿਚ ਦਿਮਾਗ ਦੀ ਘੱਟ ਵਰਤੋਂ ਹੁੰਦੀ ਹੈ। ਨਿਯਮਿਤ ਸੰਗੀਤ ਸੁਣਨਾ ਵੀ ਮਾਨਸਿਕ ਸ਼ਕਤੀ ਦੇ ਵਿਕਾਸ ਵਿਚ ਸਹਾਇਕ ਹੁੰਦਾ ਹੈ। ਇਹ ਯਾਦ ਰੱਖੋ ਕਿ ਤੁਹਾਡਾ ਜਵਾਨ ਦਿਸਣਾ ਤੁਹਾਡੀ ਉਮਰ 'ਤੇ ਨਹੀਂ, ਸਗੋਂ ਤੁਹਾਡੀਆਂ ਸਰਗਰਮੀਆਂ 'ਤੇ ਨਿਰਭਰ ਕਰਦਾ ਹੈ।

ਗੁਣਕਾਰੀ ਤੁਲਸੀ

ਭਾਰਤੀ ਘਰਾਂ ਵਿਚ ਪਾਇਆ ਜਾਣ ਵਾਲਾ ਤੁਲਸੀ ਦਾ ਪੌਦਾ ਸਿਰਫ ਪਵਿੱਤਰ ਪੌਦਾ ਹੀ ਨਹੀਂ ਹੈ, ਸਗੋਂ ਰੋਗਾਂ ਨਾਲ ਲੜਨ ਦੀ ਸ਼ਕਤੀ ਨਾਲ ਭਰਪੂਰ ਇਕ ਦਵਾਈ ਵੀ ਹੈ। ਇਸ ਦੀ ਵਰਤੋਂ ਕਰਕੇ ਅਨੇਕਾਂ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੀ ਜੜ੍ਹ, ਪੱਤੇ, ਫੁੱਲ ਆਦਿ ਹੀ ਨਹੀਂ, ਇਸ ਦੀਆਂ ਜੜ੍ਹਾਂ ਨਾਲ ਚਿਪਕੀ ਮਿੱਟੀ ਵਿਚ ਵੀ ਰੋਗਨਾਸ਼ਕ ਸ਼ਕਤੀ ਹੁੰਦੀ ਹੈ। ਹੇਠਾਂ ਤੁਲਸੀ ਦੇ ਕੁਝ ਫਾਇਦੇ ਦਿੱਤੇ ਜਾ ਰਹੇ ਹਨ-
ਤੁਲਸੀ ਦੇ ਦਵਾਈ ਵਜੋਂ ਫਾਇਦੇ
* ਕਿੱਲ-ਮੁਹਾਸੇ : ਕਿੱਲ-ਮੁਹਾਸੇ ਨੌਜਵਾਨਾਂ-ਮੁਟਿਆਰਾਂ ਦੀ ਇਕ ਆਮ ਸਮੱਸਿਆ ਹੈ। ਜੇ ਤੁਸੀਂ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਤੁਲਸੀ ਦੇ ਪੱਤਿਆਂ ਦੇ ਅਰਕ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਕਿੱਲ-ਮੁਹਾਸੇ ਦੂਰ ਹੋ ਜਾਣਗੇ।
* ਕੁਸ਼ਠ ਰੋਗ : ਤੁਲਸੀ ਦੀ ਜੜ੍ਹ ਦਾ ਚੂਰਨ ਅਤੇ ਸੁੰਢ ਦਾ ਚੂਰਨ ਗਰਮ ਪਾਣੀ ਵਿਚ ਲੈਣ ਨਾਲ ਕੁਸ਼ਠ ਰੋਗ ਠੀਕ ਹੁੰਦਾ ਹੈ। ਤੁਲਸੀ ਦੇ ਪੱਤੇ ਖਾਣ ਅਤੇ ਉਸ ਦਾ ਰਸ ਕੁਸ਼ਠ ਦੇ ਜ਼ਖਮ 'ਤੇ ਲਗਾਉਣ ਨਾਲ ਰੋਗ ਹਟਦਾ ਹੈ।
* ਤੁਲਸੀ ਦੀ ਜੜ੍ਹ ਨਾਲ ਚਿਪਕੀ ਮਿੱਟੀ ਚਿਹਰੇ ਜਾਂ ਸਰੀਰ ਦੇ ਸਫੈਦ ਦਾਗ 'ਤੇ ਮਲਣ ਨਾਲ ਸਫੈਦ ਦਾਗ ਮਿਟਦਾ ਹੈ।
* ਨਿੰਬੂ ਦੇ ਰਸ ਵਿਚ ਤੁਲਸੀ ਦੇ ਪੱਤੇ ਪੀਸ ਕੇ ਲੇਪ ਬਣਾ ਕੇ ਦਾਦ-ਖਾਜ 'ਤੇ ਲੇਪ ਕਰਨ ਨਾਲ ਦਾਦ-ਖਾਜ ਤੋਂ ਛੁਟਕਾਰਾ ਮਿਲਦਾ ਹੈ।
* ਬੱਚੇ ਦੀ ਛਾਤੀ ਵਿਚ ਕਫ ਭਰ ਗਈ ਹੋਵੇ ਤਾਂ ਤੁਲਸੀ ਦੇ ਪੱਤਿਆਂ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 2-3 ਵਾਰ ਪਿਲਾਉਣ ਨਾਲ ਲਾਭ ਹੁੰਦਾ ਹੈ। ਤੁਲਸੀ ਦਾ ਰਸ ਕੋਸਾ ਕਰਕੇ ਛਾਤੀ, ਨੱਕ ਅਤੇ ਮੱਥੇ 'ਤੇ ਲਗਾਉਣਾ ਚਾਹੀਦਾ ਹੈ।
* ਤੁਲਸੀ ਦੇ ਪੱਤੇ ਦੇ ਰਸ ਵਿਚ ਸ਼ਹਿਦ ਜਾਂ ਮਿਸ਼ਰੀ ਮਿਲਾ ਕੇ ਪਿਲਾਉਣ ਨਾਲ ਆਮ ਬੁਖਾਰ ਜਾਂ ਸਰਦੀ-ਜ਼ੁਕਾਮ ਦੇ ਕਾਰਨ ਹੋਣ ਵਾਲਾ ਬੁਖਾਰ ਠੀਕ ਹੁੰਦਾ ਹੈ।
* ਕਾਲੀ ਮਿਰਚ, ਤੁਲਸੀ ਦੇ ਪੱਤੇ ਅਤੇ ਸੁੰਢ ਦਾ ਚੂਰਨ ਬਰਾਬਰ ਮਾਤਰਾ ਵਿਚ ਲੈ ਕੇ ਸ਼ਹਿਦ ਨਾਲ ਦੇਣ ਨਾਲ ਪੁਰਾਣਾ ਬੁਖਾਰ ਠੀਕ ਹੁੰਦਾ ਹੈ।
* ਤੁਲਸੀ ਅਤੇ ਸੂਰਜਮੁਖੀ ਦੇ ਪੱਤੇ ਪੀਸ ਕੇ ਉਸ ਦਾ ਰਸ ਪੀਣ ਨਾਲ ਸਾਰੇ ਤਰ੍ਹਾਂ ਦਾ ਬੁਖਾਰ ਠੀਕ ਹੁੰਦਾ ਹੈ।
* ਤੁਲਸੀ ਦੇ ਤਾਜ਼ਾ ਪੱਤਿਆਂ ਦਾ ਰਸ ਕੋਸਾ ਕਰ ਕੇ ਕੰਨ ਵਿਚ ਪਾਉਣ ਨਾਲ ਕੰਨ ਦਰਦ ਹਟਦਾ ਹੈ।
* ਤੁਲਸੀ ਦੇ ਪੱਤਿਆਂ ਦਾ ਰਸ ਪਾਣੀ ਵਿਚ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ।

ਸਮੱਸਿਆ ਨਜ਼ਲਾ-ਜ਼ੁਕਾਮ ਦੀ

ਨਜ਼ਲਾ-ਜ਼ੁਕਾਮ ਵੈਸੇ ਤਾਂ ਇਕ ਅਤੀ ਸਾਧਾਰਨ ਬਿਮਾਰੀ ਹੈ ਪਰ ਪ੍ਰਦੂਸ਼ਤ ਵਾਤਾਵਰਨ ਨੇ ਇਸ ਆਮ ਬਿਮਾਰੀ ਨੂੰ ਸਮੱਸਿਆ ਪ੍ਰਧਾਨ ਬਿਮਾਰੀ ਬਣਾ ਦਿੱਤਾ ਹੈ। ਚਾਰੇ ਪਾਸੇ ਪ੍ਰਦੂਸ਼ਣ ਦੇ ਕਾਰਨ ਬਹੁਤੇ ਲੋਕ ਇਸ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜੋ ਲੋਕ ਕੁਝ ਕਮਜ਼ੋਰ ਪ੍ਰਵਿਰਤੀ ਦੇ ਹੁੰਦੇ ਹਨ, ਉਹ ਇਸ ਨੂੰ ਛੇਤੀ ਗ੍ਰਹਿਣ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਖੁਦ ਨੂੰ ਅਤੇ ਬੱਚਿਆਂ ਨੂੰ ਤੁਸੀਂ ਇਸ ਤੋਂ ਬਚਾਅ ਕੇ ਰੱਖ ਸਕਦੇ ਹੋ।
* ਜਿਨ੍ਹਾਂ ਕਮਰਿਆਂ ਵਿਚ ਜ਼ਿਆਦਾ ਨਮੀ ਬਣੀ ਰਹਿੰਦੀ ਹੋਵੇ, ਉਥੇ ਨਹੀਂ ਸੌਣਾ ਚਾਹੀਦਾ।
* ਜਿਨ੍ਹਾਂ ਦਿਨਾਂ ਵਿਚ ਜ਼ਿਆਦਾ ਤੇਜ਼ ਹਵਾਵਾਂ ਚੱਲ ਰਹੀਆਂ ਹੋਣ, ਉਨ੍ਹਾਂ ਦਿਨਾਂ ਵਿਚ ਜ਼ਿਆਦਾ ਬਾਹਰ ਨਾ ਨਿਕਲੋ।
* ਜ਼ਿਆਦਾ ਗਰਮੀ ਵਿਚ ਘੁੰਮ ਕੇ ਆਉਣ 'ਤੇ ਇਕਦਮ ਠੰਢਾ ਪਾਣੀ ਨਾ ਪੀਓ।
* ਜ਼ਿਆਦਾ ਸਰਦੀ ਵਿਚ ਬਾਹਰ ਜਾਂਦੇ ਸਮੇਂ ਉਚਿਤ ਕੱਪੜੇ ਪਹਿਨ ਕੇ ਸਰੀਰ, ਸਿਰ ਢਕ ਕੇ ਨਿਕਲੋ। ਆਉਂਦੇ ਹੀ ਜ਼ੁਰਾਬਾਂ, ਟੋਪੀ ਇਕਦਮ ਨਾ ਲਾਹੋ।
* ਅਜਿਹੇ ਕਮਰਿਆਂ ਵਿਚ ਸੌਵੋਂ ਜਿਥੇ ਧੁੱਪ ਅਤੇ ਹਵਾ ਦਾ ਆਉਣਾ-ਜਾਣਾ ਠੀਕ ਹੋਵੇ, ਜਿਸ ਨਾਲ ਕਮਰਿਆਂ ਦਾ ਤਾਪਮਾਨ ਸਾਧਾਰਨ ਬਣਿਆ ਰਹੇ।
* ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰੋ। ਖੰਘ ਹੋਣ 'ਤੇ ਪਾਣੀ ਵਿਚ ਕੁਝ ਤੁਲਸੀ ਦੇ ਪੱਤੇ ਉਬਾਲ ਕੇ ਉਸ ਪਾਣੀ ਨਾਲ ਗਰਾਰੇ ਕਰੋ।
* ਨੱਕ ਨੂੰ ਜ਼ੋਰ ਲਗਾ ਕੇ ਸਾਫ਼ ਨਾ ਕਰੋ, ਕਿਉਂਕਿ ਨੱਕ ਦੇ ਬੈਕਟੀਰੀਆ ਕੰਨਾਂ ਵਿਚ ਜਾ ਕੇ ਇਨਫੈਕਸ਼ਨ ਪੈਦਾ ਕਰ ਸਕਦੇ ਹਨ। ਨੱਕ ਹਮੇਸ਼ਾ ਗਰਮ ਹੱਥਾਂ ਨਾਲ, ਸਾਫ਼ ਰੁਮਾਲ ਨਾਲ ਨਰਮੀ ਵਰਤ ਕੇ ਸਾਫ਼ ਕਰੋ। * ਵਿਟਾਮਿਨ 'ਸੀ' ਦਾ ਸੇਵਨ ਡਾਕਟਰ ਦੀ ਸਲਾਹ ਨਾਲ ਨਿਯਮਿਤ ਕਰੋ।
* ਨਜ਼ਲਾ-ਜ਼ੁਕਾਮ ਵਾਲੇ ਰੋਗੀ ਦਾ ਰੁਮਾਲ, ਤੌਲੀਆ ਵੱਖਰੇ ਤੌਰ 'ਤੇ ਗਰਮ ਪਾਣੀ ਵਿਚ ਭਿਉਂ ਕੇ ਧੋਵੋ।
* ਖੰਘ ਨੂੰ ਸ਼ਾਂਤ ਕਰਨ ਲਈ ਘਰ ਵਿਚ ਕਫ ਮਿਕਸਚਰ ਤਿਆਰ ਕਰੋ। ਚਾਹ ਵਾਲੇ 3 ਚਮਚ ਸ਼ਹਿਦ, ਚਾਹ ਵਾਲੇ 2 ਚਮਚ ਨਿੰਬੂ ਦਾ ਰਸ, ਚਾਹ ਵਾਲਾ 1 ਚਮਚ ਬ੍ਰਾਂਡੀ ਮਿਲਾ ਕੇ ਕਫ ਸਿਰਪ ਤਿਆਰ ਕਰੋ। ਦਿਨ ਵਿਚ 2-3 ਵਾਰ ਉਸ ਮਿਕਸਚਰ ਦੇ 2 ਚਾਹ ਵਾਲੇ ਚਮਚ ਪੀਓ। ਇਸ ਸਿਰਪ ਨੂੰ ਇਕੱਠਾ ਬਣਾ ਕੇ ਨਾ ਰੱਖੋ। ਹਰ ਰੋਜ਼ ਤਾਜ਼ਾ ਤਿਆਰ ਕਰ ਕੇ ਵਰਤੋ।
* ਨੱਕ ਬੰਦ ਹੋਣ 'ਤੇ 8 ਔਂਸ ਪਾਣੀ ਵਿਚ ਇਕ ਚਮਚ ਨਮਕ ਪਾ ਕੇ ਉਬਾਲੋ। ਠੰਢਾ ਹੋਣ 'ਤੇ ਉਸ ਨੂੰ 'ਨੇਜ਼ਲ ਡ੍ਰਾਪਸ' ਵਾਂਗ ਵਰਤੋਂ ਵਿਚ ਲਿਆ ਸਕਦੇ ਹੋ। ਡਰਾਪਰ ਦੀ ਮਦਦ ਨਾਲ 2-2 ਬੂੰਦਾਂ ਨੱਕ ਵਿਚ ਪਾ ਸਕਦੇ ਹੋ।
* ਨੱਕ ਅਤੇ ਉਸ ਦੇ ਆਸ-ਪਾਸ ਹਲਕਾ ਗਰਮ ਟਕੋਰ ਕਰਨ ਨਾਲ ਵੀ ਆਰਾਮ ਮਿਲਦਾ ਹੈ। ਸਾਫ਼, ਨਰਮ ਕੱਪੜੇ ਨੂੰ ਤਵੇ 'ਤੇ ਗਰਮ ਕਰ ਕੇ ਨੱਕ ਦੇ ਆਸ-ਪਾਸ ਰੱਖੋ। ਦੂਜਾ, ਇਕ ਵੱਡਾ ਚਮਚ ਅਜ਼ਵਾਇਣ ਨੂੰ ਤਵੇ 'ਤੇ ਭੁੰਨ ਲਓ। ਗਰਮ ਅਜ਼ਵਾਇਣ ਨੂੰ ਸਾਫ਼ ਰੁਮਾਲ ਵਿਚ ਬੰਨ੍ਹ ਕੇ ਨੱਕ ਦੇ ਛਿਦਰਾਂ ਦੇ ਕੋਲ ਹਲਕਾ-ਹਲਕਾ ਸੇਕੋ। * ਖੰਘ ਹੋਣ 'ਤੇ ਅੱਧਾ ਕੱਪ ਗਰਮ ਦੁੱਧ ਵਿਚ ਚੁਟਕੀ ਕੁ ਹਲਦੀ ਮਿਲਾ ਕੇ ਪੀਓ।
* ਗਰਮੀਆਂ ਵਿਚ ਠੰਢੇ ਪਾਣੀ ਦੀ ਵਰਤੋਂ ਨਾ ਕਰੋ, ਤਾਜ਼ੇ ਪਾਣੀ ਦਾ ਸੇਵਨ ਕਰੋ। * ਡੱਬਾਬੰਦ ਖਾਧ ਸਮੱਗਰੀ, ਠੰਢੇ ਪੀਣ ਵਾਲੇ ਪਦਾਰਥਾਂ ਆਦਿ ਤੋਂ ਪ੍ਰਹੇਜ਼ ਕਰੋ।
* ਤੇਜ਼ ਸੁਗੰਧ ਵਾਲੀਆਂ ਚੀਜ਼ਾਂ ਤੋਂ ਖੁਦ ਨੂੰ ਦੂਰ ਰੱਖੋ।

ਸਿਹਤ ਖ਼ਬਰਨਾਮਾ

ਮਿੱਠੇ ਪੀਣ ਵਾਲੇ ਪਦਾਰਥ ਵਧਾ ਸਕਦੇ ਹਨ ਕੈਂਸਰ ਦਾ ਖ਼ਤਰਾ

ਜੋ ਲੋਕ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥ ਜਿਵੇਂ ਸੋਢਾ, ਰਸ ਆਦਿ ਜ਼ਿਆਦਾ ਪੀਂਦੇ ਹਨ, ਉਨ੍ਹਾਂ ਕਈ ਤਰ੍ਹਾਂ ਦੇ ਕੈਂਸਰ, ਖਾਸ ਕਰਕੇ ਛਾਤੀ ਦਾ ਕੈਂਸਰ ਹੋਣ ਾ ਖ਼ਤਰਾ ਵਧ ਜਾਂਦਾ ਹੈ। ਇਕ ਫ੍ਰੈਂਚ ਅਧਿਐਨ ਵਿਚ ਔਸਤ 42 ਸਾਲ ਉਮਰ ਦੀਆਂ ਔਰਤਾਂ ਅਤੇ ਮਰਦਾਂ ਦਾ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿਚ 21 ਫੀਸਦੀ ਮਰਦ ਅਤੇ 79 ਫੀਸਦੀ ਔਰਤਾਂ ਸਨ। ਅਧਿਐਨ ਵਿਚ ਭਾਗ ਲੈਣ ਵਾਲਿਆਂ ਤੋਂ ਉਨ੍ਹਾਂ ਦੇ ਰੋਜ਼ਾਨਾ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਜਾਣਕਾਰੀ ਲਈ ਗਈ। ਇਹ ਪਾਇਆ ਗਿਆ ਕਿ ਮਰਦ ਔਰਤਾਂ ਨਾਲੋਂ ਜ਼ਿਆਦਾ ਮਿੱਠੇ ਪਦਾਰਥ ਪੀਂਦੇ ਹਨ। ਇਨ੍ਹਾਂ 101257 ਲੋਕਾਂ ਦਾ 9 ਸਾਲ ਤੱਕ ਅਧਿਐਨ ਕੀਤਾ ਗਿਆ ਅਤੇ ਕੈਂਸਰ ਦੇ 2193 ਮਾਮਲੇ ਪਾਏ ਗਏ। ਇਹ ਪਾਇਆ ਗਿਆ ਕਿ ਜੋ ਲੋਕ 100 ਮਿ: ਲਿ: ਮਿੱਠੇ ਪੀਣ ਵਾਲੇ ਪਦਾਰਥ ਰੋਜ਼ ਪੀਂਦੇ ਸਨ, ਉਨ੍ਹਾਂ ਵਿਚ ਕੈਂਸਰ ਦਾ 18 ਫੀਸਦੀ ਜ਼ਿਆਦਾ ਖ਼ਤਰਾ ਪਾਇਆ ਗਿਆ ਅਤੇ 22 ਫੀਸਦੀ ਔਰਤਾਂ ਵਿਚ ਛਾਤੀ ਦੇ ਕੈਂਸਰ ਦਾ ਖ਼ਤਰਾ ਪਾਇਆ ਗਿਆ। ਇਨ੍ਹਾਂ ਮਿੱਠੇ ਪੀਣ ਵਾਲੇ ਪਦਾਰਥਾਂ ਵਿਚ ਸ਼ੁੱਧ ਫਲਾਂ ਦਾ ਰਸ ਵੀ ਸ਼ਾਮਿਲ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਆਪਣੀ ਨਿਯਮਿਤ ਆਦਤ ਨਾ ਬਣਾਓ।
ਛੇਤੀ ਸੌਣ ਵਾਲੇ ਬੱਚੇ ਤੰਦਰੁਸਤ ਹੁੰਦੇ ਹਨ

ਜੋ ਸਕੂਲ ਜਾਣ ਵਾਲੇ ਬੱਚੇ ਰਾਤ 9 ਵਜੇ ਤੱਕ ਸੌਂ ਜਾਂਦੇ ਹਨ, ਉਹ ਨਾ ਸਿਰਫ ਪ੍ਰੀਖਿਆ ਵਿਚ, ਸਗੋਂ ਖੇਡ ਦੇ ਮੈਦਾਨ ਵਿਚ ਵੀ ਬਿਹਤਰ ਨਤੀਜੇ ਦਿਖਾਉਂਦੇ ਹਨ। ਅਮਰੀਕਨ ਸਾਈਕੋਸੋਮੇਟਿਕ ਸੁਸਾਇਟੀ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ 138 ਬੱਚਿਆਂ ਦਾ ਅਧਿਐਨ ਕੀਤਾ ਗਿਆ ਅਤੇ ਪਾਇਆ ਗਿਆ ਕਿ ਜੋ ਬੱਚੇ 9 ਵਜੇ ਤੋਂ ਬਾਅਦ ਜਾਗਦੇ ਸੀ, ਉਹ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਸਨ ਅਤੇ ਉਨ੍ਹਾਂ ਦੇ ਨਤੀਜੇ ਚੰਗੇ ਨਹੀਂ ਸਨ। ਇਸ ਲਈ ਆਪਣੇ ਬੱਚਿਆਂ ਨੂੰ ਰਾਤ 9 ਵਜੇ ਤੱਕ ਸੌਣ ਦੀ ਆਦਤ ਪਾ ਦਿਓ ਤਾਂ ਉਨ੍ਹਾਂ ਲਈ ਬਿਹਤਰ ਹੋਵੇਗਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX