ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਲੋਕ ਮੰਚ

ਫਿਲਟਰਾਂ ਵਿਚੋਂ ਨਿਕਲਦੇ ਪਾਣੀ ਨੂੰ ਵਿਅਰਥ ਨਾ ਗਵਾਈਏ

ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਸਾਰੀਆਂ ਮਨੁੱਖੀ ਕਿਰਿਆਵਾਂ ਦਾ ਆਧਾਰ ਹੈ। ਪ੍ਰਾਚੀਨ ਕਾਲ ਤੋਂ ਹੀ ਪਾਣੀ ਦੇ ਸੋਮੇ ਮਨੁੱਖ ਦੀ ਖਿੱਚ ਦਾ ਕੇਂਦਰ ਰਹੇ ਹਨ। ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ, ਧਰਤੀ ਹੇਠੋਂ ਪਾਣੀ ਕੱਢਣ ਦੇ ਨਵੇਂ-ਨਵੇਂ ਤਰੀਕੇ ਤੇ ਤਕਨੀਕਾਂ ਹੋਂਦ ਵਿਚ ਆਈਆਂ। ਵਧੇ ਉਦਯੋਗੀਕਰਨ, ਸ਼ਹਿਰੀਕਰਨ ਤੇ ਹੋਰ ਕਈ ਕਾਰਨਾਂ ਕਰਕੇ ਪਾਣੀ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਤੇ ਦੂਸ਼ਿਤ ਪਾਣੀ ਪੀਣ ਨਾਲ ਮਨੁੱਖੀ ਜ਼ਿੰਦਗੀ ਭਿਆਨਕ ਬਿਮਾਰੀਆਂ ਨਾਲ ਘਿਰਨ ਲੱਗੀ ਤਾਂ 'ਲੋੜ ਕਾਢ ਦੀ ਮਾਂ' ਵਾਲੀ ਪੰਜਾਬੀ ਕਹਾਵਤ ਅਨੁਸਾਰ ਪਾਣੀ ਨੂੰ ਸ਼ੁੱਧ ਕਰਨ ਲਈ ਫਿਲਟਰ ਜਾਂ ਆਰ. ਓ. ਦੀ ਕਾਢ ਕੱਢੀ ਗਈ, ਜਿਹੜੇ ਕਿ ਪਾਣੀ ਵਿਚੋਂ ਅਸ਼ੁੱਧੀਆਂ ਕੱਢ-ਕੱਢ ਕੇ ਸ਼ੁੱਧ ਪੀਣ ਯੋਗ ਪਾਣੀ ਸਾਨੂੰ ਪ੍ਰਦਾਨ ਕਰਦੇ ਹਨ। ਅੱਜਕਲ੍ਹ ਕੋਈ ਵਿਰਲਾ ਘਰ ਹੀ ਹੋਵੇਗਾ, ਜਿਸ ਵਿਚ ਪਾਣੀ ਫਿਲਟਰ ਨਾ ਲੱਗਿਆ ਹੋਵੇ। ਇਕ ਲਿਟਰ ਪਾਣੀ ਨੂੰ ਸ਼ੁੱਧ ਕਰਨ ਲਈ 3 ਲਿਟਰ ਪਾਣੀ ਫਾਲਤੂ ਫਿਲਟਰ ਵਿਚੋਂ ਨਿਕਲਦਾ ਹੈ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ 25 ਫੀਸਦੀ ਪਾਣੀ ਹੀ ਫਿਲਟਰ ਹੁੰਦਾ ਹੈ ਤੇ 75 ਫੀਸਦੀ ਪਾਣੀ ਫਾਲਤੂ ਹੀ ਵੇਸਟ ਪਾਈਪ ਰਾਹੀਂ ਨਾਲੀਆਂ ਰਾਹੀਂ ਵਹਿ ਜਾਂਦਾ ਹੈ, ਜਿਹੜਾ ਕਿਸੇ ਵਰਤੋਂ ਵਿਚ ਨਹੀਂ ਆਉਂਦਾ। ਅੱਜ ਜਦੋਂ ਕਿ ਪੂਰੇ ਵਿਸ਼ਵ ਵਿਚ ਪਾਣੀ ਦਾ ਸੰਕਟ ਵਧ ਰਿਹਾ ਹੈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਲਈ ਸਾਨੂੰ ਇਸ ਫਾਲਤੂ ਪਾਣੀ ਨੂੰ ਵੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ, ਫਿਲਟਰ 'ਚੋਂ ਬੇਕਾਰ ਨਿਕਲਣ ਵਾਲੇ ਪਾਣੀ ਨੂੰ ਅਸੀਂ ਵਿਅਰਥ ਹੋਣ ਤੋਂ ਬਚਾ ਸਕਦੇ ਹਾਂ ਜਿਵੇਂ ਕਿ ਫਾਲਤੂ ਪਾਣੀ ਨੂੰ ਵੱਡੇ ਬਰਤਨ ਵਿਚ ਇਕੱਠਾ ਕਰਕੇ ਬਾਅਦ ਵਿਚ ਆਪਣੇ ਵਾਹਨਾਂ ਨੂੰ ਧੋਤਾ ਜਾ ਸਕਦਾ ਹੈ। ਫਿਲਟਰ ਵਿਚੋਂ ਨਿਕਲਦੇ ਫਾਲਤੂ ਪਾਣੀ ਨੂੰ ਘਰਾਂ ਵਿਚ ਬੂਟਿਆਂ ਤੇ ਪੌਦਿਆਂ ਨੂੰ ਦੇਣ ਲਈ ਵਰਤ ਲਿਆ ਜਾਵੇ। ਇਸ ਪਾਣੀ ਨੂੰ ਘਰਾਂ ਦੀ ਸਫ਼ਾਈ ਜਿਵੇਂ ਕਿ ਫ਼ਰਸ਼ ਧੋਣ ਤੇ ਪੋਚਾ ਵਗੈਰਾ ਲਗਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਰਸੋਈ ਵਿਚ ਜੂਠੇ ਭਾਂਡੇ ਮਾਂਜਣ ਤੇ ਧੋਣ ਲਈ ਇਸ ਪਾਣੀ ਨੂੰ ਵਰਤਿਆ ਜਾ ਸਕਦਾ ਹੈ। ਬਾਥਰੂਮ ਤੇਫ਼ਲੱਸ਼ ਧੋਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਉਪਰੋਕਤ ਕੰਮਾਂ ਲਈ ਫਿਲਟਰ ਦੇ ਫਾਲਤੂ ਪਾਣੀ ਨੂੰ ਵਰਤ ਕੇ ਹੋ ਰਹੀ ਇਸ ਪਾਣੀ ਦੀ ਦੁਰਵਰਤੋਂ ਨੂੰ ਰੋਕ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੋਣ ਵਾਲਾ ਹੈ। ਇਸ ਲਈ ਆਓ ਧਰਤੀ ਦੇ ਇਕ ਜ਼ਿੰਮੇਵਾਰ ਵਾਸੀ ਹੋਣ ਦਾ ਫਰਜ਼ ਨਿਭਾਈਏ ਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰੀਏ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

-ਪਿੰਡ ਤੇ ਡਾਕ: ਮਲੌਦ (ਲੁਧਿਆਣਾ)।
ਮੋਬਾ: 78887-61607


ਖ਼ਬਰ ਸ਼ੇਅਰ ਕਰੋ

ਆਪਣਾ ਪੰਜਾਬ ਹੋਵੇ, ਹੱਥਾਂ ਵਿਚ ਕਿਤਾਬ ਹੋਵੇ

ਕਿਤਾਬਾਂ ਦਾ ਮਨੁੱਖੀ ਜੀਵਨ ਵਿਚ ਇਕ ਮਹੱਤਵਪੂਰਨ ਸਥਾਨ ਹੈ, ਇਹ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ। ਜੇਕਰ ਗੱਲ ਕਰੀਏ ਪੰਜਾਬੀਆਂ ਦੀ ਤਾਂ ਅਸੀਂ ਪੰਜਾਬੀ ਵਰਤਮਾਨ ਸਮੇਂ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਹਾਂ। ਅਜਿਹੇ ਹਾਲਾਤ ਵਿਚ ਇਕ ਚਿੰਤਨ ਵਰਗ ਦੀ ਸਾਡੇ ਸਮਾਜ ਨੂੰ ਘਾਟ ਮਹਿਸੂਸ ਹੋ ਰਹੀ ਹੈ, ਖ਼ਾਸਕਰ ਨੌਜਵਾਨ ਵਰਗ ਦੀ ਰੁਚੀ ਸਾਹਿਤ ਵਿਚ ਨਾ-ਮਾਤਰ ਹੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਸਕੂਲਾਂ ਵਿਚ ਕਿਤਾਬ ਮੇਲੇ ਲਗਾਉਣਾ ਵੀ ਇਕ ਸ਼ਲਾਘਾਯੋਗ ਕਦਮ ਹੈ। ਜਿਸ ਦੇ ਫਲਸਰੂਪ ਵਿਦਿਆਰਥੀ ਵਰਗ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਗਿਆਨ ਹੋਵੇਗਾ ਅਤੇ ਉਨ੍ਹਾਂ ਵਿਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਚਿਣਗ ਪੈਦਾ ਹੋਵੇਗੀ। ਅਧਿਆਪਕ ਵਰਗ ਨੂੰ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਲਾਇਬ੍ਰੇਰੀ ਨੂੰ ਕਿਸੇ ਵੀ ਸੰਸਥਾ ਜਾਂ ਘਰ ਦਾ ਦਿਲ ਅਤੇ ਆਤਮਾ ਕਿਹਾ ਜਾ ਸਕਦਾ ਹੈ। ਜਿਸ ਇਨਸਾਨ ਨੇ ਆਪਣੇ ਘਰ ਲਾਇਬ੍ਰੇਰੀ ਬਣਾ ਲਈ, ਸਮਝੋ ਉਸ ਦੇ ਘਰ ਆਤਮਾ ਧੜਕਣ ਲੱਗ ਪਈ ਹੈ। ਅੱਜ ਦੇ ਸਮੇਂ ਲੋੜ ਹੈ ਬੱਚਿਆਂ ਨੂੰ ਮੋਬਾਈਲ ਦੀ ਥਾਂ ਕਿਤਾਬ ਹੱਥ ਵਿਚ ਫੜਾਉਣ ਦੀ, ਤਾਂ ਜੋ ਉਹ ਸਾਹਿਤ ਨਾਲ ਜੁੜ ਕੇ ਇਕ ਚੰਗੇ ਇਖ਼ਲਾਕ ਦੇ ਧਾਰਨੀ ਬਣ ਸਕਣ। ਚੰਗੀ ਸਾਹਿਤਕ ਕਿਤਾਬ ਦਾ ਹਰ ਪੰਨਾ ਸਾਨੂੰ ਜ਼ਿੰਦਗੀ ਦੇ ਸਫ਼ਰ ਵਿਚ ਕੁਝ ਨਾ ਕੁਝ ਨਵਾਂ ਸਿਖਾਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਪ੍ਰਸਿੱਧ ਕਿਤਾਬ ਖੋਲ੍ਹਦੇ ਹੋ, ਤਾਂ ਤੁਸੀਂ ਇਕ ਨਵੀਂ ਦੁਨੀਆ ਖੋਲ੍ਹਦੇ ਹੋ। ਦੁਨੀਆ ਦੀਆਂ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਸੰਘਰਸ਼ ਉੱਪਰ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਜੀਵਨ ਵਿਚ ਇਕ ਚੰਗੀ ਸੇਧ ਲਈ ਜਾ ਸਕਦੀ ਹੈ। ਉਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ ਸੰਘਰਸ਼ ਦੇ ਤਜਰਬਿਆਂ ਤੋਂ ਅਸੀ ਸਿੱਖ ਸਕਦੇ ਹਾਂ ਕਿ ਕਿਵੇਂ ਔਖੇ ਤੋਂ ਔਖੇ ਸਮੇਂ ਵਿਚ ਦ੍ਰਿੜ੍ਹ ਇਰਾਦੇ, ਆਤਮਵਿਸ਼ਵਾਸ, ਹਿੰਮਤ, ਮਿਹਨਤ, ਸਬਰ, ਸੰਤੋਖ ਨਾਲ ਵੱਡੇ ਤੋਂ ਵੱਡੇ ਟੀਚੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਕਿਤਾਬਾਂ ਕਿਸੇ ਵੀ ਕੌਮ ਜਾਂ ਸੱਭਿਅਤਾ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਸੱਭਿਆਚਾਰ ਦਾ ਦਰਪਣ ਹੁੰਦੀਆਂ ਹਨ, ਅੱਜ ਸਾਡੀ ਨੌਜਵਾਨੀ ਦਾ ਵਿਰਸੇ ਨਾਲੋਂ ਟੁੱਟਣਾ ਵੀ ਇਸੇ ਹੀ ਕੜੀ ਦਾ ਹਿੱਸਾ ਹੈ ਕਿ ਉਹ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਬਸ ਇੰਟਰਨੈੱਟ 'ਤੇ ਗੈਰ-ਇਖ਼ਲਾਕੀ ਪੋਸਟਾਂ ਵੇਖਣ-ਸੁਣਨ ਵਿਚ ਹੀ ਆਪਣਾ ਕੀਮਤੀ ਸਮਾਂ ਅਜਾਈਂ ਗਵਾਈ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਪਿੰਡਾਂ-ਸ਼ਹਿਰਾਂ ਵਿਚ ਲਾਇਬ੍ਰੇਰੀਆਂ ਖੋਲ੍ਹ ਕੇ ਕਿਤਾਬ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਸਾਰਥਿਕ ਕਦਮ ਉਠਾ ਰਹੀਆਂ ਹਨ। ਹਰ ਹਫ਼ਤੇ ਜਾਂ ਹਰ ਮਹੀਨੇ ਕਿਸੇ ਨਾਮਵਰ ਲੇਖਤ, ਚਿੰਤਕ, ਵਿਦਵਾਨ ਜਾਂ ਕਿਸੇ ਦਾਰਸ਼ਨਿਕ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾਇਆ ਜਾਵੇ, ਜੋ ਆਪਣੇ ਜੀਵਨ ਅਨੁਭਵ ਅਤੇ ਸੰਘਰਸ਼ ਦੀ ਸਾਂਝ ਪਾਠਕਾਂ ਨਾਲ ਪਾ ਸਕੇ। ਫੀਡ ਬੈਕ ਰਜਿਸਟਰ ਲਗਾਏ ਜਾਣ, ਤਾਂ ਜੋ ਉਹ ਲਾਇਬ੍ਰੇਰੀ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਅਤੇ ਵਿਚਾਰ ਦਰਜ ਕਰਵਾ ਸਕਣ। ਸਮੇਂ-ਸਮੇਂ 'ਤੇ ਕਿਤਾਬ ਮੇਲੇ ਲਗਵਾਉਣੇ ਚਾਹੀਦੇ ਹਨ। ਜੇ ਅਜਿਹੀ ਮੁਹਿੰਮ ਕਾਮਯਾਬ ਹੁੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇਕ ਕਿਤਾਬ ਸੱਭਿਆਚਾਰ ਸਿਰਜਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ।

-ਸ: ਹਾ: ਸਕੂਲ, ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 94655-76022

 

ਅਧਿਆਪਨ ਕਿੱਤੇ ਵਿਚ ਪ੍ਰਸੰਸਾ ਪੱਤਰ ਦਾ ਮਹੱਤਵ

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇਣ ਦੇ ਚਲਦੇ ਦੌਰ ਵਿਚ ਅਧਿਆਪਕ ਵਰਗ ਦਰਮਿਆਨ ਖੁਸ਼ੀ ਦੀ ਲਹਿਰ ਆਉਂਦੀ ਲੱਗ ਰਹੀ ਹੈ। ਸਮਾਰਟ ਸਕੂਲ, ਚੰਗੇ ਨਤੀਜੇ, ਸਹਿ-ਵਿੱਦਿਅਕ ਕਿਰਿਆਵਾਂ ਵਿਚ ਅਧਿਆਪਕਾਂ ਦੇ ਯੋਗਦਾਨ ਦੇ ਚਲਦਿਆਂ ਇਹ ਪ੍ਰਸੰਸਾ ਪੱਤਰ ਅੱਜ ਦੇ ਸਮੇਂ ਦੀ ਲੋੜ ਜਾਪਦੀ ਸੀ। ਅਧਿਆਪਕ ਸਕੂਲਾਂ ਵਿਚ ਮਿਹਨਤ ਅਤੇ ਲਗਨ ਨਾਲ ਪੜ੍ਹਾਉਂਦੇ ਹਨ। ਇਕ ਜਮਾਤ ਵਿਚ ਵੱਖ-ਵੱਖ ਮਾਨਸਿਕ ਪੱਧਰ ਦੇ ਵਿਦਿਆਰਥੀ ਹੁੰਦੇ ਹਨ। ਕੋਈ ਵਿਦਿਆਰਥੀ ਔਖੇ ਤੋਂ ਔਖਾ ਵਿਸ਼ਾ-ਵਸਤੂ ਜਲਦ ਸਮਝ ਜਾਂਦਾ ਹੈ ਤੇ ਕਿਸੇ ਨੂੰ ਵੱਧ ਸਮਾਂ ਲਗਦਾ ਹੈ। ਇਕ ਹੀ ਵਿਸ਼ਾ-ਵਸਤੂ ਨੂੰ ਵੱਖ-ਵੱਖ ਮਾਨਸਿਕ ਪੱਧਰ ਦੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਸਿੱਖਣ-ਨਤੀਜੇ ਹਾਸਲ ਕਰਨਾ, ਮਿੱਥੇ ਸਮੇਂ ਵਿਚ ਰਜਿਸਟਰ ਰਿਕਾਰਡ ਤਿਆਰ ਕਰਨਾ ਆਦਿ ਇਕ ਚੁਣੌਤੀ ਹੀ ਹੁੰਦੀ ਹੈ, ਜਿਸ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਧੀਆ ਢੰਗ ਨਾਲ ਨਿਭਾਉਂਦੇ ਆ ਰਹੇ ਹਨ। ਅਧਿਆਪਨ ਕਿੱਤੇ ਵਿਚ ਮਿਹਨਤੀ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਆਸ ਬੱਝ ਰਹੀ ਹੈ। ਬਹੁਤ ਸਾਰੇ ਅਧਿਆਪਕਾਂ ਵਿਚ ਖੁਸ਼ੀ ਅਤੇ ਸੰਤੁਸ਼ਟੀ ਸੁਭਾਵਿਕ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਅਣਗੌਲਿਆਂ ਨਹੀਂ ਕੀਤਾ ਗਿਆ। ਅਧਿਕਾਰੀ ਵਲੋਂ ਕੀਤੀ ਸ਼ਲਾਘਾ, ਅਧਿਕਾਰੀ-ਅਧਿਆਪਕ ਸਬੰਧਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੀ ਹੈ। ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕਾਂ ਲਈ ਆਨਲਾਈਨ-ਤਬਾਦਲਾ ਨੀਤੀ, ਅਧਿਆਪਕਾਂ ਦੀ ਮਿਹਨਤ ਦਾ ਮੁੱਲ ਪਾਉਣ ਲਈ ਇਕ ਪਾਰਦਰਸ਼ੀ ਮਾਧਿਅਮ ਹੈ, ਜਿਸ ਨਾਲ ਅਧਿਆਪਕ ਆਪਣੇ ਚੰਗੇ ਨਤੀਜਿਆਂ, ਆਪਣੇ ਕੀਤੇ ਯਤਨਾਂ ਦੇ ਕਾਰਨ ਮਨਭਾਉਂਦੇ ਖਾਲੀ ਸਟੇਸ਼ਨ 'ਤੇ ਆਪਣੀ ਬਦਲੀ ਕਰਵਾ ਸਕਦੇ ਹਨ। ਸਕੂਲ ਸਿੱਖਿਆ ਵਿਭਾਗ ਦਾ ਇਹ ਕਦਮ ਵੀ ਬਹੁਤੇ ਅਧਿਆਪਕਾਂ ਵਿਚ ਖੁਸ਼ੀ ਦੀ ਲਹਿਰ ਲਿਆਉਣ ਦੇ ਸਮਰੱਥ ਰਿਹਾ ਹੈ। ਸ਼ਲਾਘਾ ਇਕ ਸੂਰਜ ਦੇ ਸਮਾਨ ਹੁੰਦੀ ਹੈ, ਜਿਸ ਤੋਂ ਬਿਨਾਂ ਬੂਟੇ ਰੂਪੀ ਮਨੁੱਖੀ ਰੂਹ ਤੇ ਫੁੱਲਾਂ ਦਾ ਖਿੜਨਾ ਸੰਭਵ ਨਹੀਂ ਹੁੰਦਾ। ਸ਼ਾਲਾ! ਅਧਿਆਪਕਾਂ ਦੀ ਸ਼ਲਾਘਾ ਦੀ ਰੀਤ ਸਦਾ ਬਣੀ ਰਹੇ, ਪੰਜਾਬ ਤਰੱਕੀ ਦੇ ਰਾਹ 'ਤੇ ਤੁਰਦਾ ਰਹੇ ਅਤੇ ਸਾਖਰਤਾ ਦੀਆਂ ਸਿਖਰਾਂ 'ਤੇ ਪਹੁੰਚੇ।

-ਸਾਇੰਸ ਅਧਿਆਪਕਾ, ਸ: ਮਿ: ਸਕੂਲ, ਧਰੇੜੀ ਜੱਟਾਂ (ਪਟਿਆਲਾ)। ਮੋਬਾ: 98776-87374

ਸੁਧਾਰ ਘਰਾਂ ਦੀ ਤ੍ਰਾਸਦੀ

ਜੇਲ੍ਹਾਂ ਦਾ ਨਾਂਅ ਸੁਧਾਰ ਘਰ ਰੱਖਣ ਦਾ ਮੁੱਖ ਉਦੇਸ਼ ਕੈਦੀਆਂ/ਹਵਾਲਾਤੀਆਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਸਹੂਲਤਾਂ ਦੇਣ, ਉਨ੍ਹਾਂ ਦੀ ਬਿਮਾਰ ਮਾਨਸਿਕਤਾ ਨੂੰ ਹਿੰਸਕ, ਖੂਨੀ ਪ੍ਰਵਿਰਤੀਆਂ ਤੋਂ ਮੁੱਖ ਮੋੜ ਕੇ ਸੁਹਿਰਦ ਸ਼ਹਿਰੀ ਬਣਾਉਣਾ ਹੈ, ਬੰਦੀਆਂ ਦੀ ਜ਼ਿੰਦਗੀ ਦੀ ਕਾਇਆ ਕਲਪ ਕਰਨਾ ਹੈ ਪਰ ਜੇਲ੍ਹ ਪ੍ਰਸ਼ਾਸਨ ਦੇ ਰੁੱਖੇ, ਨਿਰਦਈ, ਪੱਖਪਾਤੀ, ਗ਼ੈਰ-ਇਨਸਾਨੀ ਵਤੀਰੇ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਬੰਦੀਆਂ ਨੂੰ ਜੇਲ੍ਹ ਮੈਨੂਅਲ ਦੇ ਨਿਯਮਾਂ ਅਨੁਸਾਰ ਸਹੂਲਤਾਂ ਤੋਂ ਵਾਂਝੇ ਕਰਨ ਕਰਕੇ ਤੇ ਭ੍ਰਿਸ਼ਟਾਚਾਰ ਦੀ ਗੁੱਡੀ ਚੜ੍ਹਨ ਕਰਕੇ ਸੁਧਾਰ ਘਰਾਂ ਦਾ ਮਿਆਰੀ ਉਦੇਸ਼ ਸਰਕਾਰਾਂ ਦੀ ਸੰਵੇਦਨਹੀਣਤਾ, ਜੇਲ੍ਹ ਪ੍ਰਸ਼ਾਸਨ ਦੇ ਆਪਹੁਦਰੇਪਣ ਦੀ ਪੋਲ ਖੋਲ੍ਹਦੀ ਹੈ। ਮਿਲੀਭੁਗਤ ਕਰਕੇ ਦਬੰਗ ਕੈਦੀ ਜੇਲ੍ਹ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਫਿਕਰੀ ਵਿਚ ਵਕਤ ਗੁਜ਼ਾਰਦੇ ਹਨ। ਸੁਧਾਰ ਘਰਾਂ ਵਿਚ ਡਾਕਟਰੀ ਸਹੂਲਤਾਂ ਦਾ ਗੰਭੀਰ ਸੰਕਟ ਹੋਣ ਕਰਕੇ, ਡਾਕਟਰਾਂ ਦੀ ਘਾਟ ਕਰਕੇ ਇਲਾਜ ਲਈ ਬੰਦੀ ਤਰਸਦੇ ਰਹਿੰਦੇ ਹਨ। ਜੇਲ੍ਹ ਅਧਿਕਾਰੀਆਂ ਵਲੋਂ ਸਮੇਂ ਸਿਰ ਇਲਾਜ ਨਾ ਕਰਾਉਣ ਕਰਕੇ ਬੰਦੀ ਮਰੀਜ਼ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਮਿਆਰੋਂ ਗਿਰੀ ਚਾਹ, ਘਟੀਆ ਖਾਣਾ ਬੰਦੀਆਂ ਦੀ ਮਜਬੂਰੀ ਬਣੇ ਹੋਏ ਹਨ। ਨਵੇਂ ਹਵਾਲਾਤੀ ਦੇ ਪੇਟ ਵਿਚ ਰੋਟੀ ਗੜਬੜ ਪੈਦਾ ਕਰਦੀ ਹੈ। ਚਾਹ ਵੀ ਨੱਕ ਮਾਰ ਕੇ ਪੀਣੀ ਪੈਂਦੀ ਹੈ। ਸਾਫ਼-ਸੁਥਰਾ ਪਾਣੀ ਨਸੀਬ ਨਾ ਹੋਣ ਕਰਕੇ, ਘਟੀਆ ਰੋਟੀ ਕਰਕੇ ਸਿਹਤ ਨਾਲ ਖਿਲਵਾੜ ਹੁੰਦਾ ਹੈ। ਜੇਲ੍ਹ ਅੰਦਰ ਕਿਸੇ ਬੰਦੀ ਦੀ ਗ਼ੈਰ-ਕੁਦਰਤੀ ਮੌਤ ਹੋਣ ਕਰਕੇ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ। ਜਦ ਭੰਨ-ਤੋੜ ਦੀ ਨੌਬਤ ਆ ਜਾਂਦੀ ਹੈ ਤਾਂ ਜੇਲ੍ਹ ਅਧਿਕਾਰੀਆਂ ਵਲੋਂ ਜਲਾਦ ਦਾ ਰੂਪ ਧਾਰਨ ਕਰਕੇ ਬੰਦੀਆਂ 'ਤੇ ਕੁਟਾਪਾ ਚਾੜ੍ਹਿਆ ਜਾਂਦਾ ਹੈ। ਜੇਲ੍ਹਾਂ ਵਿਚ ਨਸ਼ਿਆਂ ਦੇ ਧੰਦੇ ਅਤੇ ਮੋਬਾਈਲ ਬਰਾਮਦ ਹੋਣ ਦੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਸੁਧਾਰ ਘਰਾਂ ਵਿਚ ਮਾਡਲ ਦਾ ਰੂਪ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇ ਜੇਲ੍ਹਾਂ ਵਿਚ ਸੁਧਾਰ ਕਰਨ ਦੀ ਸੁਹਿਰਦ ਨੀਤੀ ਅਪਣਾਈ ਜਾਵੇ। ਜੇਲ੍ਹਾਂ ਦੇ ਮੈਨੂਅਲ ਵਿਚ ਉਸਾਰੂ, ਮਾਨਵ ਪੱਖੀ ਤਬਦੀਲੀਆਂ ਕਰਨ ਵਿਚ ਸਰਕਾਰ ਆਪਣਾ ਫਰਜ਼ ਅਦਾ ਕਰੇ। ਡਾਕਟਰੀ ਸਹੂਲਤਾਂ ਪੱਖੋਂ ਕੋਈ ਕਸਰ ਨਾ ਰਹਿਣ ਦਿੱਤੀ ਜਾਵੇ। ਡਾਕਟਰਾਂ ਦੀ ਭਰਤੀ, ਦਵਾਈਆਂ ਦੀ ਹੋਂਦ ਯਕੀਨੀ ਬਣਾਈ ਜਾਵੇ। ਲੋੜ ਸਮੇਂ ਬੰਦੀ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਵਿਚ ਦਾਖਲ ਕਰਾਇਆ ਜਾਵੇ। ਡਾਕਟਰੀ ਜਾਂਚ ਵੀ ਬੰਦੀਆਂ ਦੀ ਕਰਾਉਣੀ ਜ਼ਰੂਰੀ ਬਣਦੀ ਹੈ। ਜੇਲ੍ਹ ਮੰਤਰੀ, ਪੁਲਿਸ ਅਫਸਰਾਂ ਨੂੰ ਜੇਲ੍ਹਾਂ ਅੰਦਰ ਅਚਾਨਕ ਦੌਰਿਆਂ ਨੂੰ ਆਪਣੀ ਨੌਕਰੀ ਦਾ ਅੰਗ ਹਰ ਹਾਲਤ ਵਿਚ ਬਣਾਉਣਾ ਚਾਹੀਦਾ ਹੈ। ਬੰਦੀਆਂ ਦੀਆਂ ਬੈਰਕਾਂ ਵਿਚ ਜਾ ਕੇ ਉਨ੍ਹਾਂ ਦੇ ਦੁੱਖ-ਦਰਦ, ਮੁਸ਼ਕਿਲਾਂ ਸੁਣਨੀਆਂ ਅਤੇ ਦੂਰ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਅਹਿਮ ਸੁਝਾਵਾਂ ਤੇ ਠੋਸ ਉਪਰਾਲਿਆਂ ਨੂੰ ਅਮਲੀ ਰੂਪ ਦੇਣ ਕਰਕੇ ਸੁਧਾਰ ਘਰਾਂ ਨੂੰ ਤ੍ਰਾਸਦੀ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।

ਸਵੱਛਤਾ ਇਕੱਲੀ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ

ਨਮੂਨਾ ਹੁੰਦਾ ਹੈ। ਅਸੀਂ ਆਪਣੀ ਗਲੀ, ਆਪਣੇ ਮੁਹੱਲੇ, ਆਪਣੇ ਪਿੰਡ ਅਤੇ ਸ਼ਹਿਰ ਨੂੰ ਸਾਫ਼ ਰੱਖਣ ਦਾ ਫਰਜ਼ ਦੂਜੇ ਲੋਕਾਂ ਅਤੇ ਸਫ਼ਾਈ ਸੇਵਕਾਂ ਦਾ ਹੀ ਸਮਝਦੇ ਹਾਂ, ਜਦੋਂ ਕਿ ਸਵੱਛਤਾ ਦੀ ਮੁਹਿੰਮ ਨੂੰ ਸਫਲ ਬਣਾਉਣਾ ਸਮੂਹਿਕ ਕਾਰਜ ਹੈ। ਅਸੀਂ ਆਪਣੇ ਘਰ ਦਾ ਕੂੜਾ ਗਲੀ, ਮੁਹੱਲੇ ਵਿਚ ਸੁੱਟਣ ਲੱਗਿਆਂ ਇਹ ਕਿਉਂ ਨਹੀਂ ਸੋਚਦੇ ਕਿ ਇਹ ਕੂੜਾ ਗੰਦਗੀ ਫੈਲਾਉਣ ਦਾ ਕਾਰਨ ਬਣੇਗਾ, ਇਸ ਨਾਲ ਵਾਤਾਵਰਨ ਖਰਾਬ ਹੋਵੇਗਾ, ਬਿਮਾਰੀਆਂ ਫੈਲਣਗੀਆਂ। ਸਾਨੂੰ ਸਵੱਛ ਭਾਰਤ ਦਾ ਸੁਨੇਹਾ ਆਪਣੇ ਘਰ ਤੋਂ ਸ਼ੁਰੂ ਕਰਨਾ ਪਵੇਗਾ।
ਵਿਦੇਸ਼ੀ ਮੁਲਕ ਸਵੱਛਤਾ ਪੱਖੋਂ ਇਸ ਲਈ ਧਨੀ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਕੁਤਾਹੀ ਕਰਨ ਦੀ ਆਦਤ ਨਹੀਂ ਹੁੰਦੀ। ਉਹ ਆਪਣੇ ਫਰਜ਼ਾਂ ਤੋਂ ਜਾਣੂ ਹੀ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਵੀ ਹਨ। ਸਵੱਛ ਭਾਰਤ ਦਾ ਸੁਪਨਾ ਉਦੋਂ ਹੀ ਪੂਰਾ ਹੋਵੇਗਾ, ਜਦੋਂ ਦੇਸ਼ ਦਾ ਹਰ ਬੱਚਾ, ਬੁੱਢਾ, ਜਵਾਨ, ਔਰਤਾਂ ਸਰਕਾਰ ਦੀ ਆਲੋਚਨਾ ਕਰਨ ਦੀ ਬਜਾਏ ਆਪਣੇ ਫਰਜ਼ਾਂ ਨੂੰ ਨਿਭਾਉਣ ਲੱਗ ਪੈਣਗੇ। ਜਦੋਂ ਦੇਸ਼ ਸਵੱਛ ਹੋ ਜਾਵੇਗਾ ਤਾਂ ਉਸ ਦਾ ਲਾਭ ਦੇਸ਼ ਵਾਸੀਆਂ ਨੂੰ ਹੀ ਪਹੁੰਚੇਗਾ। ਸਾਫ਼-ਸੁਥਰਾ ਵਾਤਾਵਰਨ ਹੋਵੇਗਾ, ਬਿਮਾਰੀਆਂ ਦਾ ਅੰਤ ਹੋਵੇਗਾ, ਵਾਤਾਵਰਨ ਸ਼ੁੱਧ ਹੋਵੇਗਾ। ਅਸੀਂ ਸਾਰੇ ਸਿਹਤਮੰਦ ਹੋਵਾਂਗੇ।

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ)। ਮੋਬਾ: 98726-27136

ਬੀਤ ਗਿਆ ਸਿਹਤ ਵਧਾਊ ਖਾਧ ਪਦਾਰਥਾਂ ਨਾਲ ਭੁੱਖ ਮਿਟਾਉਣ ਦਾ ਦੌਰ

ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਸਮੇਂ ਦੇ ਬਦਲਣ ਨਾਲ ਇਨਾਸਨੀ ਆਦਤਾਂ ਵੀ ਤਬਦੀਲ ਹੋ ਰਹੀਆਂ ਹਨ। ਇਨਸਾਨਾਂ ਦੇ ਖਾਣ-ਪੀਣ, ਪਹਿਨਣ ਅਤੇ ਬੋਲ-ਚਾਲ ਦੇ ਤਰੀਕਿਆਂ ਤੋਂ ਲੈ ਕੇ ਰਹਿਣ-ਸਹਿਣ ਸਭ ਕੁਝ ਤਬਦੀਲ ਹੋ ਗਿਆ ਹੈ। ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਚਲੀ ਤਬਦੀਲੀ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਕਦੇ ਬੱਚੇ ਆਪਣੀ ਭੁੱਖ ਬਿਨਾਂ ਫਾਸਟ-ਫੂਡ ਤੋਂ ਵੀ ਮਿਟਾਉਂਦੇ ਹੋਣਗੇ। ਫਾਸਟ-ਫੂਡ ਦੇ ਪ੍ਰਚਲਨ ਦਾ ਬੱਚਿਆਂ ਦੀਆਂ ਆਦਤਾਂ 'ਤੇ ਜਾਦੂਮਈ ਅਸਰ ਹੋਇਆ ਹੈ। ਬੱਚੇ ਘਰ ਦੇ ਬਣੇ ਖਾਧ ਪਦਾਰਥਾਂ ਨੂੰ ਨੱਕ ਮਾਰਨ ਲੱਗੇ ਹਨ। ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਤਾਂ ਮੂਲੋਂ ਹੀ ਬੱਚਿਆਂ ਦੇ ਸਵਾਦ 'ਚੋਂ ਮਨਫੀ ਹੋ ਗਏ ਹਨ। ਇਹ ਪਸਾਰਾ ਸਿਰਫ ਸ਼ਹਿਰਾਂ ਤੱਕ ਮਹਿਦੂਦ ਨਹੀਂ, ਅੱਜਕਲ੍ਹ ਪਿੰਡਾਂ 'ਚ ਵੀ ਫਾਸਟ-ਫੂਡ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਸ਼ਾਮ ਦੇ ਸਮੇਂ ਰੇਹੜੀਆਂ ਦੀ ਭਰਮਾਰ ਅਕਸਰ ਵੇਖੀ ਜਾ ਸਕਦੀ ਹੈ। ਬੱਚੇ ਫਾਸਟ ਫੂਡ ਨਾਲ ਪੇਟ ਭਰ ਕੇ ਹੀ ਘਰ ਵੜਦੇ ਹਨ। ਕੋਈ ਸਮਾਂ ਸੀ ਜਦੋਂ ਬਚਪਨ ਇਨ੍ਹਾਂ ਖਾਧ ਪਦਾਰਥਾਂ ਦਾ ਦੀਵਾਨਾ ਨਹੀਂ ਸੀ। ਫਾਸਟ-ਫੂਡ ਦੀ ਤਾਂ ਗੱਲ ਹੀ ਛੱਡੋ, ਸਮੋਸਾ ਖਾਣ ਦਾ ਵੀ ਰੁਝਾਨ ਨਹੀਂ ਸੀ। ਪਿੰਡਾਂ 'ਚ ਤਾਂ ਹਲਵਾਈਆਂ ਦੀਆਂ ਦੁਕਾਨਾਂ ਤੱਕ ਨਹੀਂ ਸਨ ਹੁੰਦੀਆਂ। ਸ਼ਹਿਰ ਗਏ ਵੱਡਿਆਂ ਨੇ ਕਦੇ-ਕਦਾਈਂ ਕੋਈ ਚੀਜ਼ ਬਾਜ਼ਾਰ 'ਚੋਂ ਲੈ ਜਾਣੀ ਤਾਂ ਚਾਅ ਨਾ ਚੱਕਿਆ ਜਾਣਾ। ਸ਼ਾਮ ਦੇ ਸਮੇਂ ਜਦੋਂ ਵੀ ਭੁੱਖ ਲੱਗਣੀ ਤਾਂ ਮਾਵਾਂ ਨੇ ਕਾੜ੍ਹਨੀ ਵਾਲੇ ਦੁੱਧ ਵਿਚ ਘਿਓ ਪਾ ਕੇ ਪੀਣ ਲਈ ਦੇਣਾ। ਕਾੜ੍ਹਨੀ ਦੇ ਦੁੱਧ 'ਤੇ ਆਈ ਖਲੇਪੜ ਵਰਗੀ ਮੋਟੀ ਮਲਾਈ ਅਤੇ ਵਿਚ ਗੁੜ ਧਰ ਕੇ ਰੋਟੀ ਖਾਣ ਦਾ ਅਨੰਦ ਹੀ ਵੱਖਰਾ ਸੀ। ਜੇਕਰ ਕਦੇ-ਕਦਾਈਂ ਦੁੱਧ ਪੀਣ ਨੂੰ ਦਿਲ ਨਾ ਕਰਨਾ ਤਾਂ ਮਾਵਾਂ ਨੇ ਮੱਕੀ, ਛੋਲਿਆਂ ਅਤੇ ਕਣਕ ਦੇ ਦਾਣੇ ਕੱਪੜੇ 'ਚ ਬੰਨ੍ਹ ਕੇ ਹੱਥ ਫੜਾ ਦੇਣੇ। ਘਰ ਦੇ ਸਾਰੇ ਨਿਆਣਿਆਂ ਨੇ ਕਿਸੇ ਸਿਆਣੇ-ਨਿਆਣੇ ਦੀ ਅਗਵਾਈ 'ਚ ਦਾਣੇ ਭੁੰਨਣ ਵਾਲੀ ਭੱਠੀ ਵੱਲ ਚਾਲੇ ਪਾ ਦੇਣੇ। ਭੱਠੀ ਵਾਲੀ ਨੇ ਕੱਪੜੇ 'ਚ ਬੰਨ੍ਹੇ ਦਾਣਿਆਂ 'ਚੋਂ ਕੁਝ ਦੀ ਚੁੰਗ ਕੱਢ ਲੈਣੀ ਅਤੇ ਬਾਕੀ ਦੇ ਭੁੰਨ ਕੇ ਮੁੜ ਕੱਪੜੇ 'ਚ ਬੰਨ੍ਹ ਕੇ ਫੜਾ ਦੇਣੇ। ਭੱਠੀ ਵਾਲੀ ਨੇ ਜਦੋਂ ਦਾਣੇ ਭੁੰਨਣੇ ਤਾਂ ਤਿੜਕ-ਤਿੜਕ ਕੇ ਬਾਹਰ ਡਿੱਗਣ ਵਾਲੇ ਦਾਣੇ ਚੁਗ-ਚੁਗ ਕੇ ਖਾਣ ਦਾ ਨਜ਼ਾਰਾ ਅੱਜ ਵੀ ਚੇਤੇ ਹੈ। ਦਾਣੇ ਭੁਨਾ ਕੇ ਸਾਰੇ ਨਿਆਣਿਆਂ ਨੇ ਘਰ ਵੱਲ ਚਾਲੇ ਪਾ ਦੇਣੇ ਅਤੇ ਮਾਵਾਂ ਨੇ ਹੀ ਘਰ ਆਇਆਂ ਨੂੰ ਵੰਡ ਕੇ ਖਾਣ ਲਈ ਦਾਣੇ ਦੇਣੇ। ਮਾਵਾਂ ਨੇ ਭੁੰਨੀ ਕਣਕ 'ਚ ਗੁੜ ਰਲਾ ਕੇ ਪਿੰਨੀਆਂ ਵੱਟ ਦੇਣੀਆਂ ਅਤੇ ਖੇਡਦੇ-ਖੇਡਦੇ ਉਹ ਪਿੰਨੀਆਂ ਛਕ ਜਾਣੀਆਂ। ਗਲੀਆਂ 'ਚ ਖੇਡ-ਖੇਡ ਸ਼ਾਮ ਦੀ ਰੋਟੀ ਤੱਕ ਮੁੜ ਪੇਟ ਖਾਲੀ ਕਰ ਲੈਣਾ। ਭਾਈਚਾਰਾ ਇੰਨਾ ਜ਼ਿਆਦਾ ਮਜ਼ਬੂਤ ਸੀ ਕਿ ਆਂਢ-ਗੁਆਂਢ 'ਚੋਂ ਮੰਗ ਕੇ ਰੋਟੀ ਖਾਣ ਦਾ ਰਿਵਾਜ ਆਮ ਸੀ।
ਪੁਰਾਤਨ ਸਮਿਆਂ ਦੀਆਂ ਖੁਰਾਕਾਂ ਜਿੱਥੇ ਸਿਹਤ ਵਰਧਕ ਸਨ ਉੱਥੇ ਅੱਜਕਲ੍ਹ ਦੇ ਫਾਸਟ-ਫੂਡ ਸਿਹਤ ਦੇ ਦੁਸ਼ਮਣ ਹਨ। ਫਾਸਟ-ਫੂਡ ਦੇ ਸਿਹਤ 'ਤੇ ਪੈਣ ਵਾਲੇ ਮੰਦ ਪ੍ਰਭਾਵਾਂ ਦਾ ਇਲਮ ਹੋਣ ਦੇ ਬਾਵਜੂਦ ਇਨ੍ਹਾਂ ਦੇ ਪ੍ਰਚਲਨ 'ਚ ਕੋਈ ਕਮੀ ਨਹੀਂ ਆ ਰਹੀ। ਸਮੇਂ ਦੇ ਪਰਿਵਰਤਨ ਅੱਗੇ ਕਿਸੇ ਦਾ ਜ਼ੋਰ ਨਹੀਂ। ਰੋਜ਼ਮਰ੍ਹਾ ਜ਼ਿੰਦਗੀ ਦੇ ਪਰਿਵਰਤਨ ਹੀ ਹੌਲੀ-ਹੌਲੀ ਸੱਭਿਆਚਾਰਕ ਤਬਦੀਲੀ ਦਾ ਕਾਰਨ ਬਣਦੇ ਹਨ। ਜੀਵਨ ਵਿਚ ਆ ਰਹੀ ਬਿਨਾਂ ਵਜ੍ਹਾ ਦੀ ਤੇਜ਼ੀ ਨੇ ਵੀ ਫਾਸਟ-ਫੂਡ ਦੇ ਪ੍ਰਚਲਨ ਵਿਚ ਇਜ਼ਾਫਾ ਕੀਤਾ ਹੈ। ਅੱਜਕਲ੍ਹ ਨਾ ਤਾਂ ਦੁੱਧ ਰਹੇ ਹਨ ਅਤੇ ਨਾ ਹੀ ਦੁੱਧ ਪੀਣ ਵਾਲੇ। ਨਾ ਰਹੀਆਂ ਹਨ ਦਾਣੇ ਭੁੰਨਣ ਵਾਲੀਆਂ ਭੱਠੀਆਂ ਅਤੇ ਨਾ ਰਹੇ ਹਨ ਦਾਣੇ ਖਾਣ ਵਾਲੇ ਨਿਆਣੇ। ਮੇਰੇ ਵਰਗਿਆਂ ਨੂੰ ਦਾਣਿਆਂ ਦਾ ਸਵਾਦ ਪੂਰਾ ਕਰਨ ਲਈ ਬਾਜ਼ਾਰ 'ਚੋਂ ਭੁੱਜੇ ਦਾਣੇ ਮਿਲਣ ਲੱਗੇ ਹਨ। ਤੁਰਨਾ ਪੈ ਰਿਹਾ ਹੈ ਸਮੇਂ ਦੇ ਪਰਿਵਰਤਨ ਨਾਲ ਪਰ ਭੁਲਾਇਆਂ ਵੀ ਨਹੀਂ ਭੁਲਦਾ ਉਹ ਸਿਹਤ ਵਰਧਕ ਪਦਾਰਥਾਂ ਨਾਲ ਭੁੱਖ ਮਿਟਾਉਣ ਦਾ ਦੌਰ।

-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।
ਮੋਬਾ: 98786-05965

ਵਿਗਿਆਨ ਮੇਲਿਆਂ 'ਚ ਆਮ ਲੋਕਾਂ ਦੀ ਸ਼ਮੂਲੀਅਤ ਸ਼ੁੱਭ ਸ਼ਗਨ

ਸਿੱਖਿਆ ਵਿਭਾਗ ਪੰਜਾਬ ਵਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਕੀਮ ਅਧੀਨ ਸਰਕਾਰੀ ਸਕੂਲਾਂ ਵਿਚ ਵਿਗਿਆਨ (ਸਾਇੰਸ) ਮੇਲੇ ਕਰਵਾਏ ਜਾ ਰਹੇ ਹਨ, ਜਿਸ ਵਿਚ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਅਤੇ ਨੌਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀ ਦੋ ਵਰਗਾਂ ਹੇਠ ਭਾਗ ਲੈ ਰਹੇ ਹਨ। ਵਿਗਿਆਨ ਮੇਲੇ ਵਿਚ ਵਿਦਿਆਰਥੀ ਆਪਣੇ ਗਾਈਡ ਸਾਇੰਸ ਅਧਿਆਪਕਾਂ ਦੀ ਅਗਵਾਈ ਅਤੇ ਸਹਿਯੋਗ ਨਾਲ ਵਿਗਿਆਨ ਵਿਸ਼ੇ 'ਤੇ ਆਧਾਰਿਤ ਵੱਖ-ਵੱਖ ਵਿਗਿਆਨਕ ਕਿਰਿਆਵਾਂ, ਨਿਯਮਾਂ, ਸਿਧਾਂਤਾਂ, ਵਿਗਿਆਨਕ ਗਤੀਵਿਧੀਆਂ ਨੂੰ ਵਰਕਿੰਗ ਮਾਡਲਾਂ, ਸਟਿਲ ਮਾਡਲਾਂ, ਚਾਰਟਾਂ ਅਤੇ ਪ੍ਰੋਜੈਕਟਾਂ ਰਾਹੀਂ ਆਪਣੇ ਹੱਥੀਂ ਤਿਆਰ ਕਰਕੇ ਪ੍ਰਦਰਸ਼ਿਤ ਕਰਦੇ ਹਨ। ਰਸਾਇਣਕ ਪਦਾਰਥਾਂ ਨੂੰ ਵਰਤ ਕੇ ਮੌਕੇ 'ਤੇ ਰਸਾਇਣਕ ਕਿਰਿਆਵਾਂ ਕੀ ਹੁੰਦੀਆਂ ਹਨ ਅਤੇ ਕਿਵੇਂ ਵਾਪਰਦੀਆਂ ਹਨ, ਪ੍ਰਯੋਗ ਰਾਹੀਂ ਦਿਖਾਈਆਂ ਜਾਂਦੀਆਂ ਹਨ। ਇਨ੍ਹਾਂ ਵਿਗਿਆਨ ਮੇਲਿਆਂ ਦਾ ਵਿਦਿਆਰਥੀ ਵਰਗ ਨੂੰ ਬਹੁਤ ਲਾਭ ਹੈ, ਕਿਉਂਕਿ ਵਿਗਿਆਨ ਵਿਸ਼ੇ ਵਿਚ ਪ੍ਰਯੋਗੀ ਕੰਮ ਦੀ ਬਹੁਤ ਅਹਿਮੀਅਤ ਹੈ। ਪ੍ਰਯੋਗ ਰਾਹੀਂ ਵਿਗਿਆਨ ਦੇ ਨਿਯਮਾਂ, ਸਿਧਾਂਤਾਂ ਅਤੇ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਅਤੇ ਸਰਲਤਾ ਨਾਲ ਸਮਝਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਆਪਣੇ ਵਿਵਹਾਰਕ ਜੀਵਨ ਵਿਚ ਵਿਗਿਆਨ ਦੇ ਸਿਧਾਂਤ ਕੀ, ਕਿਉਂ ਤੇ ਕਿਵੇਂ ਨੂੰ ਸਮਝਣ ਦੀ ਜਾਂਚ ਵੀ ਇਨ੍ਹਾਂ ਵਿਗਿਆਨ ਮੇਲਿਆਂ ਵਿਚੋਂ ਹੀ ਮਿਲਦੀ ਹੈ। ਵਿਦਿਆਰਥੀ ਜਦੋਂ ਨਿਰੀਖਣ ਟੀਮਾਂ, ਮਾਪਿਆਂ, ਆਮ ਲੋਕਾਂ ਨੂੰ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ, ਉਨ੍ਹਾਂ ਵਿਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ। ਬੋਲਚਾਲ ਵਿਚ ਨਿਖਾਰ ਆਉਂਦਾ ਹੈ, ਬੋਲਣ ਦੀ ਝਕ ਖੁੱਲ੍ਹਦੀ ਹੈ। ਮੇਲਿਆਂ ਵਿਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜਨਤਕ ਅਤੇ ਧਾਰਮਿਕ ਸਥਾਨਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਸਕੂਲ ਪ੍ਰਬੰਧਕੀ ਕਮੇਟੀਆਂ ਰਾਹੀਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਜਨਤਾ ਨੂੰ ਮੇਲਿਆਂ ਵਿਚ ਸੱਦਾ-ਪੱਤਰ ਭੇਜ ਕੇ ਮੇਲਿਆਂ ਦੇ ਭਾਗੀਦਾਰ ਬਣਾਇਆ ਜਾਂਦਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਉਸਾਰੂ ਉਪਰਾਲਾ ਅਤੇ ਸ਼ੁੱਭ ਸ਼ਗਨ ਹੈ। ਮਾਪੇ ਅਤੇ ਆਮ ਲੋਕ ਮੇਲਿਆਂ ਵਿਚ ਵਿਗਿਆਨ ਅਧਿਆਪਕਾਂ ਦੇ ਸਹਿਯੋਗ ਨਾਲ ਮੇਲਿਆਂ ਵਿਚ ਉਤਸ਼ਾਹ ਨਾਲ ਜਾ ਕੇ ਆਪਣੇ ਬੱਚਿਆਂ ਰਾਹੀਂ ਤਿਆਰ ਕੀਤੇ ਮਾਡਲਾਂ, ਚਾਰਟਾਂ ਅਤੇ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ, ਬੱਚਿਆਂ ਤੋਂ ਪ੍ਰਸ਼ਨਾਂ-ਉੱਤਰਾਂ ਰਾਹੀਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਮਾਪੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹਨ ਅਤੇ ਸਕਰੈਪ ਬੁੱਕਸ ਦੇ ਮੇਲੇ ਸਬੰਧੀ ਆਪਣਾ ਅਨੁਭਵ ਅਤੇ ਵਿਚਾਰਾਂ ਸਬੰਧੀ ਨੋਟ ਦਿੰਦੇ ਹਨ। ਵਿਗਿਆਨ ਮੇਲਿਆਂ ਰਾਹੀਂ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਵਿਚ ਵਿਗਿਆਨਕ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਤਰਕ ਨਾਲ ਸੋਚਣ ਦੇ ਗੁਣ ਪੈਦਾ ਹੁੰਦੇ ਹਨ। ਸੋ, ਹਰ ਸਕੂਲ ਪੱਧਰ 'ਤੇ ਵਿਗਿਆਨ ਮੇਲੇ ਲਗਾਉਣ ਵਾਲਾ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ (ਬਰਨਾਲਾ)-148100.
ਮੋਬਾ: 98765-28579

ਔਰਤਾਂ ਨਾਲ ਹੁੰਦੇ ਜੁਰਮਾਂ ਦੀਆਂ ਸਜ਼ਾਵਾਂ ਸਖ਼ਤ ਹੋਣ

ਉਰਦੂ ਦੀ ਇਕ ਲਾਈਨ ਹੈ 'ਮਰਜ਼ ਬੜ੍ਹਤਾ ਗਿਆ ਜੂੰ ਜੂੰ ਦਵਾ ਕੀ', ਭਾਵ ਜਿਵੇਂ-ਜਿਵੇਂ ਬਿਮਾਰੀ ਦਾ ਇਲਾਜ ਹੁੰਦਾ ਗਿਆ, ਬਿਮਾਰੀ ਹੋਰ ਵਧਦੀ ਗਈ। ਇਹੀ ਹਾਲ ਔਰਤਾਂ ਨਾਲ ਹੁੰਦੇ ਜੁਰਮਾਂ ਦਾ ਹੋ ਰਿਹਾ ਹੈ। ਪਿੰਡ ਮੌੜ ਦੀ ਇਕ ਨਾਬਾਲਗ ਲੜਕੀ ਨਾਲ ਹੋਏ ਘਿਨਾਉਣੇ ਕਰਮ ਦੀ ਖ਼ਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਆਖਰ ਇਸ ਤਰ੍ਹਾਂ ਦੀਆਂ ਜ਼ੋਰ-ਜ਼ਬਰਦਸਤੀ ਦੀਆਂ ਘਟਨਾਵਾਂ ਬੰਦ ਕਿਉਂ ਨਹੀਂ ਹੋ ਰਹੀਆਂ। ਭਾਵੇਂ ਕਾਨੂੰਨ ਵਿਚ ਕੁਝ ਸਖ਼ਤੀ ਆਈ ਹੈ ਪਰ ਫਿਰ ਵੀ ਇਨ੍ਹਾਂ ਮੰਦਭਾਗੀ ਕਾਰਵਾਈਆਂ ਵਿਚ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇੰਜ ਲਗਦਾ ਹੈ ਕਿ ਮੁਜਰਮਾਂ ਨੂੰ ਨਾ ਤਾਂ ਪੁਲਿਸ ਦਾ ਡਰ ਹੈ ਅਤੇ ਨਾ ਹੀ ਅਦਾਲਤਾਂ ਦਾ। ਬਹੁਤ ਸਾਰੇ ਲੋਕ ਅਦਾਲਤਾਂ ਦੇ ਚੱਕਰ ਵਿਚ ਪੈਣਾ ਹੀ ਨਹੀਂ ਚਾਹੁੰਦੇ। ਕਈ ਵਾਰ ਤਾਂ ਇਸ ਤਰ੍ਹਾਂ ਦੇ ਕੇਸਾਂ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਧਰਨੇ-ਮੁਜ਼ਾਹਰੇ ਅਤੇ ਸੜਕਾਂ 'ਤੇ ਜਾਮ ਲਗਾਉਣੇ ਪੈਂਦੇ ਹਨ। ਪੀੜਤਾਂ ਨੂੰ ਧਮਕੀਆਂ ਵੀ ਮਿਲਦੀਆਂ ਹਨ। ਜੇ ਅਦਾਲਤ ਵਿਚ ਕੇਸ ਚਲਾ ਵੀ ਜਾਵੇ ਤਾਂ ਇਨਸਾਫ ਮਿਲਣ ਤੱਕ ਕਈ ਸਾਲ ਲੱਗ ਜਾਂਦੇ ਹਨ। ਖੱਜਲ-ਖੁਆਰੀ ਵੱਖਰੀ ਅਤੇ ਨਾਲ ਹੀ ਪੈਸੇ ਦਾ ਉਜਾੜਾ। ਆਮ ਕਿਹਾ ਜਾਂਦਾ ਹੈ ਕਿ ਦੇਰ ਨਾਲ ਮਿਲਿਆ ਇਨਸਾਫ ਵੀ ਬੇਇਨਸਾਫੀ ਦੇ ਬਰਾਬਰ ਹੀ ਹੁੰਦਾ ਹੈ। ਲੜਕੀ ਦਾ ਪੱਖ ਦੇਖਿਆ ਜਾਵੇ ਤਾਂ ਬਦਨਾਮੀ ਤੋਂ ਇਲਾਵਾ ਉਸ ਦੀ ਅਗਲੀ ਆਉਣ ਵਾਲੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ। ਇਸ ਮੀਨ ਮੇਖ ਕਰਨ ਵਾਲੇ ਅਤੇ ਨੁਕਤਾਚੀਨੀ ਕਰਨ ਵਾਲੇ ਸਮਾਜ ਵਿਚ ਜਿਊਣਾ ਵੀ ਦੁੱਭਰ ਹੋ ਜਾਂਦਾ ਹੈ। ਮੁਜਰਮਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਜਿਥੇ ਪੁਲਿਸ ਕਾਰਵਾਈ ਤੇਜ਼ੀ ਨਾਲ ਕਰਨ ਦੀ ਲੋੜ ਹੈ, ਉਥੇ ਅਦਾਲਤਾਂ ਵਿਚ ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਹੋਣਾ ਚਾਹੀਦਾ ਹੈ, ਤਾਂ ਜੋ ਪੀੜਤਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ। ਕਈ ਵਾਰ ਬਾਹਰਲੇ ਦੇਸ਼ਾਂ ਤੋਂ ਆਈਆਂ ਸੈਲਾਨੀ ਔਰਤਾਂ ਵੀ ਇਸ ਤਰ੍ਹਾਂ ਦੇ ਮੁਜਰਮਾਂ ਦਾ ਸ਼ਿਕਾਰ ਬਣ ਜਾਂਦੀਆਂ ਹਨ। ਇਸ ਨਾਲ ਜਿਥੇ ਦੇਸ਼ ਦੀ ਬਦਨਾਮੀ ਹੁੰਦੀ ਹੈ, ਉਥੇ ਦੇਸ਼ ਦੇ ਲੋਕਾਂ ਪ੍ਰਤੀ ਵੀ ਨਫਰਤ ਦਾ ਜਜ਼ਬਾ ਪੈਦਾ ਹੁੰਦਾ ਹੈ, ਜੋ ਕਿ ਬਹੁਤ ਹੀ ਬੁਰੀ ਗੱਲ ਹੈ। ਸੁਣਿਆ ਹੈ ਕਿ ਆਪਣੇ ਦੇਸ਼ ਵਿਚ ਵੀ ਕੁਝ ਇਸ ਤਰ੍ਹਾਂ ਦੀਆਂ ਥਾਵਾਂ ਹਨ, ਜਿਥੇ ਔਰਤਾਂ ਜਿੰਨੇ ਮਰਜ਼ੀ ਸੋਨੇ ਦੇ ਗਹਿਣੇ ਪਾ ਕੇ ਬੇਖੌਫ ਦਿਨ-ਰਾਤ ਤੁਰੀਆਂ-ਫਿਰਦੀਆਂ ਹਨ। ਕੀ ਮਜ਼ਾਲ ਕੋਈ ਅੱਖ ਭਰ ਕੇ ਵੀ ਦੇਖ ਸਕੇ। ਇਥੇ ਸਾਡਾ ਅਤੇ ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਕੇ ਚੰਗੇ ਸ਼ਹਿਰੀ ਬਣਨ ਦੀ ਪ੍ਰੇਰਨਾ ਦੇਈਏ।

-ਪਿੰਡ ਮਸੀਤਾਂ (ਕਪੂਰਥਲਾ)।
ਮੋਬਾ: 99157-31345

ਵਿੱਦਿਆ ਨੂੰ ਸਮਰਪਿਤ ਅਧਿਆਪਕ-ਪ੍ਰੇਮ ਲਾਲ ਔਜਲਾ

ਜਿੱਥੇ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਵਿੱਦਿਅਕ ਅਦਾਰੇ ਕਈ ਊਣਤਾਈਆਂ ਤੇ ਘਾਟਾਂ ਨਾਲ ਜੂਝ ਰਹੇ ਹਨ, ਉਥੇ ਹੀ ਕੁਝ ਅਧਿਆਪਕ ਆਪਣੀ ਲਗਨ, ਮਿਹਨਤ, ਦੂਰਅੰਦੇਸ਼ੀ ਅਤੇ ਪਿਆਰ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਨਾਲ ਉਨ੍ਹਾਂ ਹੀ ਸਕੂਲਾਂ ਵਿਚ ਵੱਖਰੇ ਮੁਕਾਮ ਹਾਸਲ ਕਰਕੇ ਮਾਣ-ਸਨਮਾਨ ਪਾ ਰਹੇ ਹਨ। ਅਜਿਹੀ ਹੀ ਇਕ ਵਿੱਦਿਆ ਨੂੰ ਸਮਰਪਿਤ ਸ਼ਖ਼ਸੀਅਤ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ (ਜਲੰਧਰ) ਦੇ ਅਧਿਆਪਕ ਪ੍ਰੇਮ ਲਾਲ ਔਜਲਾ। ਪ੍ਰੇਮ ਲਾਲ ਔਜਲਾ ਗਣਿਤ ਦੇ ਲੈਕਚਰਾਰ ਹਨ ਅਤੇ ਉਨ੍ਹਾਂ ਨੇ ਸਾਲ 2014 ਤੋਂ ਦਸੰਬਰ, 2017 ਤੱਕ ਸਰਕਾਰੀ ਸਕੂਲ ਪਾਸਲਾ ਦੇ ਕਾਰਜਕਾਰੀ ਪ੍ਰਿੰਸੀਪਲ ਦੇ ਤੌਰ 'ਤੇ ਸੇਵਾ ਨਿਭਾਉਂਦੇ ਹੋਏ ਖਸਤਾ ਹਾਲਤ ਹੋ ਚੁੱਕੇ ਸਕੂਲ ਨੂੰ ਪਿੰਡ ਦੇ ਪ੍ਰਵਾਸੀ ਵੀਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰੀਬ 54 ਲੱਖ ਦੀ ਲਾਗਤ ਨਾਲ ਸਕੂਲ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਬਦਲਿਆ। ਬਿਨਾਂ ਸ਼ੱਕ ਪਾਸਲਾ ਸਕੂਲ ਦੀ ਇਮਾਰਤ ਨਿੱਜੀ ਸਕੂਲਾਂ ਦੀਆਂ ਇਮਾਰਤਾਂ ਦਾ ਮੁਕਾਬਲਾ ਕਰਦੀ ਹੈ ਅਤੇ ਸਹੂਲਤਾਂ ਦੇ ਪੱਖ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚੋਂ ਮੋਹਰਲੀ ਕਤਾਰ ਦਾ ਸਕੂਲ ਹੈ। ਸਕੂਲ ਦੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਕੀਤਾ। ਸਕੂਲ ਸਟਾਫ ਦੀ ਘਾਟ ਨੂੰ ਦੇਖਦੇ ਹੋਏ ਆਪਣੇ ਉੱਦਮਾਂ ਨਾਲ 6 ਅਧਿਆਪਕ ਅਤੇ 2 ਨਾਨ-ਟੀਚਿੰਗ ਸਟਾਫ ਰੱਖਿਆ। ਇਨ੍ਹਾਂ ਹੀ ਕੋਸ਼ਿਸ਼ਾਂ ਦਾ ਸਦਕਾ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਬਹੁਤ ਵਧੀਆ ਆਉਂਦਾ ਹੈ। ਸ੍ਰੀ ਪ੍ਰੇਮ ਲਾਲ ਔਜਲਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਅਤੇ ਵਿੱਦਿਆ ਦੇ ਖੇਤਰ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਸਾਲ 2019 ਵਿਚ ਉਨ੍ਹਾਂ ਦਾ ਤਿੰਨ ਵਾਰ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਹਿਲੀ ਵਾਰ 26 ਜਨਵਰੀ, 2019 ਨੂੰ ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਸਰੀ ਵਾਰ 15 ਅਗਸਤ, 2019 ਨੂੰ ਐਸ.ਡੀ.ਐੱਮ ਫਿਲੌਰ ਸ੍ਰੀ ਰਜੇਸ਼ ਕੁਮਾਰ ਸ਼ਰਮਾ ਅਤੇ ਡੀ.ਐਸ.ਪੀ. ਸ: ਦਵਿੰਦਰ ਸਿੰਘ ਅੱਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਇੰਦਰਜੀਤ ਡੀ.ਪੀ.ਆਈ. ਵਲੋਂ ਡੀ.ਜੀ.ਐਸ.ਈ. ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਸਨਮਾਨਿਤ ਕੀਤਾ ਗਿਆ। ਹੱਸਮੁਖ ਅਤੇ ਮਿਲਣਸਾਰ ਸ੍ਰੀ ਪ੍ਰੇਮ ਲਾਲ ਔਜਲਾ ਇਨ੍ਹਾਂ ਮਾਣ-ਸਨਮਾਨਾਂ ਤੇ ਪ੍ਰਾਪਤੀਆਂ ਦਾ ਸਿਹਰਾ ਸਾਥੀ ਸਟਾਫ ਮੈਂਬਰਾਂ ਅਤੇ ਸਮੂਹ ਪ੍ਰਵਾਸੀ ਵੀਰਾਂ ਨੂੰ ਦਿੰਦੇ ਹਨ, ਜਿਨ੍ਹਾਂ ਨੇ ਪਾਸਲਾ ਸਕੂਲ ਦੀ ਨੁਹਾਰ ਬਦਲਣ ਵਿਚ ਵਡਮੁੱਲਾ ਯੋਗਦਾਨ ਅਦਾ ਕੀਤਾ।

-ਰੁੜਕਾ ਕਲਾਂ (ਜਲੰਧਰ)।

ਬਾਲ ਮਜ਼ਦੂਰੀ, ਜੁਰਮ ਜਾਂ ਮਜਬੂਰੀ?

ਦੇਸ਼ ਦੀ ਤ੍ਰਾਸਦੀ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੂਰਨ ਤੌਰ 'ਤੇ ਪਾਬੰਦੀ ਦੇ ਬਾਵਜੂਦ ਬਾਲ ਮਜ਼ਦੂਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਸਮੇਂ-ਸਮੇਂ ਸਿਰ ਛਾਪੇ ਮਾਰ ਕੇ ਕੁਝ ਕਸੂਰਵਾਰ ਲੋਕਾਂ ਨੂੰ ਫੜ ਵੀ ਲਿਆ ਜਾਂਦਾ ਹੈ ਅਤੇ ਕਈ ਵਾਰ ਜੁਰਮਾਨਾ ਲਗਾ ਕੇ ਛੱਡ ਦਿੱਤਾ ਜਾਂਦਾ ਹੈ। ਇਹ ਫੜੋ-ਫੜਾਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਪਰ ਇਸ ਦੇ ਨਾਲ-ਨਾਲ ਬਾਲ ਮਜ਼ਦੂਰੀ ਵੀ ਬਰਾਬਰ ਚਲਦੀ ਆ ਰਹੀ ਹੈ। ਫਿਰ ਕੀ ਕਾਰਨ ਹੈ ਕਿ ਦੇਸ਼ ਵਿਚੋਂ ਬਾਲ ਮਜ਼ਦੂਰੀ ਖ਼ਤਮ ਨਹੀਂ ਹੋ ਰਹੀ? ਕੀ ਕਿਤੇ ਬਾਲ ਮਜ਼ਦੂਰੀ ਜੁਰਮ ਨਾ ਹੋ ਕੇ ਮਜਬੂਰੀ ਤਾਂ ਨਹੀਂ ਬਣ ਚੁੱਕਾ? ਕੀ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਦੇ ਘਰਾਂ ਦੀ ਹਾਲਤ ਠੀਕ ਹੈ? ਕੀ ਉਨ੍ਹਾਂ ਦੇ ਘਰਾਂ ਵਿਚ ਉਨ੍ਹਾਂ ਦੀ ਪੜ੍ਹਾਈ, ਰਾਸ਼ਨ, ਕੱਪੜੇ, ਮਕਾਨ, ਦਵਾਈਆਂ, ਨਮਕ, ਮਿਰਚ, ਤੇਲ, ਗੰਢਾ, ਸਬਜ਼ੀ, ਦਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਯੋਗ ਕਮਾਈ ਹੈ? ਇਸ ਸਭ ਨੂੰ ਦੇਖਣ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ। ਬਾਲ ਮਜ਼ਦੂਰੀ ਲਈ ਛਾਪੇ ਮਾਰਨ ਵਾਲੀ ਟੀਮ ਛਾਪਾ ਮਾਰਨ ਤੋਂ ਬਾਅਦ ਜਦੋਂ ਕਿਸੇ ਆਪਣੇ ਚਹੇਤੇ ਦੇ ਹੋਟਲ 'ਤੇ ਚਾਹ ਪੀਣ ਰੁਕਦੀ ਹੈ ਤਾਂ ਆਵਾਜ਼ ਮਾਰਦੇ ਹਨ, 'ਓਏ ਛੋਟੂ, ਪਾਣੀ ਲੈ ਕੇ ਆ!' ਉਹ 'ਛੋਟੂ' ਵੀ ਬਾਲ ਮਜ਼ਦੂਰ ਹੀ ਹੁੰਦਾ ਹੈ ਜਨਾਬ! ਮੈਂ ਸਮਝਦਾ ਹਾਂ ਕਿ ਸਾਡੇ ਦੇਸ਼ ਅੰਦਰ ਬਾਲ ਮਜ਼ਦੂਰੀ ਜੁਰਮ ਨਾ ਹੋ ਕੇ ਸਗੋਂ ਮਜਬੂਰੀ ਬਣਿਆ ਹੋਇਆ ਹੈ। ਜੇ ਇਸ ਤਰ੍ਹਾਂ ਹੈ ਤਾਂ ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ, ਹਾਂ ਬਿਲਕੁਲ। ਮੈਂ ਸਮਝਦਾਂ ਹਾਂ ਕਿ ਸਰਕਾਰ ਦੀਆਂ ਨੀਤੀਆਂ ਅਤੇ ਦੇਸ਼ ਅੰਦਰ ਫੈਲਿਆ ਭ੍ਰਿਸ਼ਟਾਚਾਰ ਇਸ ਸਭ ਲਈ ਜ਼ਿੰਮੇਵਾਰ ਹੈ। ਇਥੇ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੇਸ਼ ਅੰਦਰ ਫੈਲਾਇਆ ਭ੍ਰਿਸ਼ਟਾਚਾਰ ਖਾ ਜਾਂਦਾ ਹੈ। ਗਰੀਬ ਲੋਕਾਂ ਦੇ ਹੱਕ ਉਨ੍ਹਾਂ ਤਾਈਂ ਨਹੀਂ ਪਹੁੰਚਦੇ। ਹਰੇਕ ਸਿਆਸੀ ਲੀਡਰ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡ ਕੇ, ਵਾਅਦੇ ਕਰਕੇ ਵੋਟਾਂ ਲੈ ਕੇ ਪਤਲੀ ਗਲੀ ਨਿਕਲ ਜਾਂਦਾ ਹੈ ਪਰ ਉਨ੍ਹਾਂ ਦੇ ਹਾਲਾਤ ਉਥੇ ਦੇ ਉਥੇ ਹੀ ਖੜ੍ਹੇ ਹਨ। ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਕਿਸੇ ਵੀ ਵਸਤੂ ਦੀ ਪੈਦਾਵਾਰ ਬੰਦ ਨਹੀਂ ਕੀਤੀ ਜਾਂਦੀ, ਸਗੋਂ ਉਸ ਨੂੰ ਵਰਤਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਂਦਾ ਹੈ ਤੇ ਉਨ੍ਹਾਂ ਕੋਲੋਂ ਮੋਟਾ ਟੈਕਸ ਅਤੇ ਜੁਰਮਾਨਾ ਲੈ ਕੇ ਉਨ੍ਹਾਂ ਦਾ ਖੂਨ ਚੂਸਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਲ ਮਜ਼ਦੂਰੀ ਨੂੰ ਘਟਾਉਣ ਵਾਸਤੇ ਬਾਲਾਂ ਨੂੰ ਹਟਾ ਕੇ ਉਨ੍ਹਾਂ ਦੇ ਘਰਾਂ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਅਤੇ ਘਰ ਦੀ ਕਮਾਈ ਬੰਦ ਹੋ ਜਾਂਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ। ਜੇਕਰ ਸਰਕਾਰ ਦੇਸ਼ ਵਿਚੋਂ ਬਾਲ ਮਜ਼ਦੂਰੀ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਬਾਲ ਮਜ਼ਦੂਰਾਂ ਦੇ ਘਰਾਂ ਦੀ ਸਥਿਤੀ ਦਾ ਜਾਇਜ਼ਾ ਲਵੇ ਕਿ ਘਰ ਵਿਚ ਕੋਈ ਕਮਾਉਣ ਵਾਲਾ ਹੈ ਕਿ ਨਹੀਂ, ਘਰ 'ਚ ਰੋਟੀ ਪੱਕਦੀ ਹੈ ਕਿ ਨਹੀਂ, ਫਿਰ ਸ਼ਾਇਦ ਇਸ ਦਾ ਕੋਈ ਹੱਲ ਹੋ ਸਕੇ। ਨਹੀਂ ਤਾਂ 'ਬਾਲ ਮਜ਼ਦੂਰੀ' ਜੁਰਮ ਨਾ ਹੋ ਕੇ ਮਜਬੂਰੀ ਹੀ ਬਣੀ ਰਹੇਗੀ ਅਤੇ ਇਸੇ ਤਰ੍ਹਾਂ ਫੜੋ-ਫੜਾਈ ਦੇ ਬਰਾਬਰ ਬਾਲ ਮਜ਼ਦੂਰੀ ਵੀ ਹੁੰਦੀ ਰਹੇਗੀ।

-ਮੋਬਾ: 99140-66002

 

ਗ੍ਰੇਟਾ ਧੁਨਬਰਗ ਤੇ ਪੰਜਾਬੀ ਨੌਜਵਾਨ

ਮੋਬਾਈਲ ਫੋਨਾਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਬਹੁਤ ਹੀ ਜ਼ਿਆਦਾ ਵਧ ਗਿਆ ਹੈ। ਅਸੀਂ ਟੈਕਨਾਲੋਜੀ ਨੂੰ ਹੀ ਵੱਡੀ ਕਾਮਯਾਬੀ ਮੰਨ ਕੇ ਚੱਲ ਰਹੇ ਹਾਂ ਪਰ ਸਾਡੀ ਜ਼ਿੰਦਗੀ ਦੀ ਅਸਲ ਤਸਵੀਰ ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਨੇ ਦਿਖਾ ਦਿੱਤੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਥੇ ਲਿਆ ਖੜ੍ਹਾ ਕੀਤਾ ਹੈ। ਅੱਜ ਦੇ ਸਮੇਂ ਨਾ ਤਾਂ ਸਾਡੇ ਕੋਲ ਸਾਫ਼ ਪੀਣਯੋਗ ਪਾਣੀ ਹੈ, ਨਾ ਜ਼ਹਿਰਾਂ ਰਹਿਤ ਖਾਣ ਵਾਸਤੇ ਅਨਾਜ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਅਸੀਂ ਸੋਚ ਰਹੇ ਆਪਣੇ ਆਲੇ-ਦੁਆਲੇ ਬਾਰੇ। ਪੰਜਾਬ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਿਥੇ ਕਿਸੇ ਚੀਜ਼ ਦੀ ਥੋੜ ਨਹੀਂ ਸੀ ਕੁਦਰਤੀ ਸਾਧਨਾਂ ਪੱਖੋਂ ਪਰ ਅੱਜ ਸ਼ਾਇਦ ਸਾਡੇ ਕੋਲ ਕੁਦਰਤੀ ਸਾਧਨਾਂ ਨੂੰ ਛੱਡ, ਬਾਕੀ ਸਭ ਕੁਝ ਹੈ। ਸਾਡੇ ਕੋਲ ਪਾਣੀ ਖਰਾਬ ਕਰਨ ਨੂੰ ਉਦਯੋਗ ਹਨ, ਅਨਾਜਾਂ 'ਚ ਜ਼ਹਿਰਾਂ ਭਰਨ ਲਈ ਰੇਹਾਂ-ਸਪਰੇਆਂ ਹਨ, ਹੋਰ ਕੀ ਚਾਹੀਦਾ? ਆਪਣੇ ਪੰਜਾਬੀ ਨੌਜਵਾਨਾਂ ਵਿਚੋਂ ਸ਼ਾਇਦ ਕਿਸੇ ਟਾਵੇਂ-ਟਾਵੇਂ ਨੇ ਹੀ 16 ਸਾਲਾ ਕੁੜੀ ਗ੍ਰੇਟਾ ਥੁਨਬਰਗ ਦੀ ਸੰਯੁਕਤ ਰਾਸ਼ਟਰ ਸੰਘ 'ਚ ਬੋਲੀ ਤਕਰੀਰ ਸੁਣੀ ਹੋਵੇ। ਵਾਤਾਵਰਨ ਸਬੰਧੀ ਦਿੱਤੀ ਇਸ ਤਕਰੀਰ 'ਚ ਗ੍ਰੇਟਾ ਨੇ ਸਰਕਾਰਾਂ ਨੂੰ ਉਨ੍ਹਾਂ ਦੀਆਂ ਨੀਤੀਆਂ ਲਈ ਰੱਜ ਕੇ ਲਾਹਣਤਾਂ ਪਾਈਆਂ ਪਰ ਅਸੀਂ ਤਾਂ ਪੰਜਾਬੀ ਹਾਂ, ਸਾਨੂੰ ਕੀ ਵਾਹ-ਵਾਸਤਾ ਕਿ ਅਮਰੀਕਾ ਕੀ ਕਰਦਾ ਤੇ 16 ਸਾਲਾ ਕੁੜੀ ਗ੍ਰੇਟਾ ਕੀ ਕਹਿੰਦੀ ਆ। ਸਾਡਾ ਵਾਤਾਵਰਨ ਅੱਜ ਵੱਡੀ ਬਿਮਾਰੀ ਵੱਲ ਵਧ ਰਿਹਾ ਹੈ, ਜਿਸ ਨੂੰ ਅੰਗਰੇਜ਼ੀ ਵਿਚ 'ਕਲਾਈਮੇਟ ਚੇਂਜ' ਵੀ ਕਿਹਾ ਜਾਂਦਾ ਹੈ। ਅੱਜ ਜਿਥੇ ਵੱਡੇ-ਵੱਡੇ ਦੇਸ਼ ਆਪਣੀ ਡਿਗ ਰਹੀ ਆਰਥਿਕਤਾ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ, ਉਥੇ ਗ੍ਰੇਟਾ ਥੁਨਬਰਗ ਅਤੇ ਪੰਜਾਬ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੇ ਵਾਤਾਵਰਨ ਪ੍ਰੇਮੀ ਵਾਤਾਵਰਨ ਦੀ ਵਿਗੜ ਰਹੀ ਸਿਹਤ ਠੀਕ ਕਰਨ ਲੱਗੇ ਹੋਏ ਹਨ ਪਰ ਇਹ ਕੰਮ ਇਕੱਲੀ ਗ੍ਰੇਟਾ ਜਾਂ ਇਕੱਲੇ ਸੀਚੇਵਾਲ ਦੇ ਵੱਸ ਦਾ ਨਹੀਂ। ਇਸ ਲਈ ਸਾਨੂੰ ਸਭ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ, ਇਸ ਦੀ ਸੰਭਾਲ ਲਈ ਵਚਨਬੱਧ ਹੋਣਾ ਪਵੇਗਾ। ਪੰਜਾਬ 'ਚ ਆਏ ਸਾਲ ਝੋਨੇ ਦੀ ਵਾਢੀ ਦੌਰਾਨ ਵੱਡੇ ਪੱਧਰ 'ਤੇ ਪਰਾਲੀ ਨੂੰ ਸਾੜਿਆ ਜਾਂਦਾ ਹੈ। ਇਹ ਇਕ ਗੰਭੀਰ ਸਮੱਸਿਆ ਹੈ। ਕਿਸਾਨਾਂ ਨੂੰ ਇਸ ਦੇ ਹੱਲ ਲਈ ਆਪ ਅੱਗੇ ਆਉਣਾ ਚਾਹੀਦਾ ਹੈ। ਇਥੋਂ ਤੱਕ ਕਿ ਕੁਝ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਹੇ ਹਨ। ਪਰਾਲੀ ਨੂੰ ਸਾੜਨ ਨਾਲੋਂ ਇਸ ਨੂੰ ਜਮ੍ਹਾਂ ਕਰਨ ਜਾਂ ਖੇਤ ਵਿਚ ਵਾਹੁਣ ਦੇ ਉਪਰਾਲੇ ਕਿਸਾਨਾਂ ਅਤੇ ਵਾਤਾਵਰਨ ਦੋਵਾਂ ਲਈ ਲਾਭਦਾਇਕ ਹਨ। ਇਸ ਵਾਰ ਦੀਵਾਲੀ 'ਤੇ ਸਾਨੂੰ ਸਾਰਿਆਂ ਨੂੰ ਪਟਾਕਿਆਂ ਰਹਿਤ ਦੀਵਾਲੀ ਦਾ ਸੰਕਲਪ ਲੈਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਘੱਟੋ-ਘੱਟ ਇਕ ਰੁੱਖ ਦੀਵਾਲੀ ਵਾਲੇ ਦਿਨ ਜ਼ਰੂਰ ਲਗਾਉਣਾ ਚਾਹੀਦਾ ਹੈ। ਸ਼ਾਇਦ ਇਹੀ ਸਮਾਂ ਨੌਜਵਾਨ ਪੀੜ੍ਹੀ ਲਈ ਸੋਸ਼ਲ ਮੀਡੀਆ ਤੋਂ ਬਾਹਰ ਆ ਕੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦਾ, ਜੇਕਰ ਮੌਜੂਦਾ ਨੌਜਵਾਨ ਪੀੜ੍ਹੀ ਇਸ ਵਾਤਾਵਰਨ ਤਬਦੀਲੀ ਨੂੰ ਸਮਾਂ ਰਹਿੰਦੇ ਰੋਕਦੀ ਹੈ ਤਾਂ ਭਵਿੱਖ ਵਿਚ ਵਾਪਰਨ ਵਾਲੀਆਂ ਹੜ੍ਹਾਂ, ਸੋਕੇ ਜਾਂ ਭੁਚਾਲ ਵਰਗੀਆਂ ਕੁਦਰਤੀ ਆਫਤਾਂ ਨੂੰ ਵੱਡੇ ਪੱਧਰ ਤੱਕ ਪਹੁੰਚਣੋਂ ਰੋਕਿਆ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਗ੍ਰੇਟਾ ਵਰਗੀਆਂ ਕਈ ਨੌਜਵਾਨ-ਮੁਟਿਆਰਾਂ ਜਾਂ ਗੱਭਰੂ ਵਾਤਾਵਰਨ ਪ੍ਰਤੀ ਚਿੰਤਤ ਹੋਣਗੇ ਜੋ ਇਕ ਨਾ ਇਕ ਦਿਨ ਜ਼ਰੂਰ ਵੱਡਾ ਹੰਭਲਾ ਮਾਰਨਗੇ।

prabhmangatt786@gmail.com

ਪੰਜਾਬ ਵਿਚ ਵਧ ਰਹੇ ਸੜਕ ਹਾਦਸੇ-ਕਾਰਨ ਤੇ ਉਪਾਅ

ਸੜਕਾਂ 'ਤੇ ਵਧ ਰਹੀ ਮੋਟਰ ਗੱਡੀਆਂ ਦੀ ਗਿਣਤੀ ਕਾਰਨ ਆਏ ਦਿਨ ਹਾਦਸਿਆਂ ਦਾ ਗਰਾਫ ਵੀ ਉੱਚਾ ਹੁੰਦਾ ਜਾ ਰਿਹਾ ਹੈ। ਜੇਕਰ ਸਿਰਫ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਰ-ਰੋਜ਼ 10 ਤੋਂ 15 ਵਿਅਕਤੀ ਸੜਕ ਹਾਦਸਿਆਂ ਵਿਚ ਜਾਨਾਂ ਗੁਆਉਂਦੇ ਹਨ ਅਤੇ ਲਗਪਗ 20 ਤੋਂ 25 ਵਿਅਕਤੀ ਗੰਭੀਰ ਫੱਟੜ ਹੁੰਦੇ ਹਨ। ਸੜਕ ਹਾਦਸਿਆਂ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਨਸ਼ਾ ਕਰਕੇ ਗੱਡੀ ਚਲਾਉਣੀ, ਸੜਕੀ ਨਿਯਮਾਂ ਦਾ ਪਾਲਣ ਨਾ ਕਰਨਾ, ਮੋਬਾਈਲ ਫੋਨ ਦੀ ਵਰਤੋਂ, ਉਨੀਂਦਰੇ ਵਿਚ ਗੱਡੀ ਚਲਾਉਣਾ, ਅਵਾਰਾ ਪਸ਼ੂ ਦਾ ਅੱਗੇ ਆ ਜਾਣਾ ਤੇ ਕਾਹਲ ਵਿਚ ਗੱਡੀ ਚਲਾਉਣਾ ਆਦਿ ਪ੍ਰਮੁੱਖ ਹਨ। ਛੋਟੀਆਂ-ਛੋਟੀਆਂ ਗਲਤੀਆਂ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ। ਆਮ ਲੋਕ ਵੀ ਇਸ ਪਾਸੇ ਕੋਈ ਬਹੁਤੇ ਸੰਜੀਦਾ ਨਜ਼ਰ ਨਹੀਂ ਆ ਰਹੇ। ਸ਼ਹਿਰਾਂ ਅਤੇ ਪਿੰਡਾਂ ਵਿਚ ਛੋਟੇ-ਛੋਟੇ ਮੁੰਡੇ-ਕੁੜੀਆਂ ਬਿਨਾਂ ਗਿਅਰੋਂ ਸਕੂਟਰੀਆਂ ਚੁੱਕੀ ਫਿਰਦੇ ਆਮ ਹੀ ਨਜ਼ਰੀਂ ਪੈਂਦੇ ਹਨ। ਕੀ ਇਨ੍ਹਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਇਹ ਹਾਦਸੇ ਦੇ ਜੋਖਮ ਤੋਂ ਬੇਖ਼ਬਰ ਹੋ ਖਿਡੌਣਿਆਂ ਵਾਂਗ ਵਾਹਨ ਚੁੱਕੀ ਫਿਰਦੇ ਹਨ? ਪੰਜਾਬ ਦੇ ਵਸਨੀਕ ਚੰਡੀਗੜ੍ਹ ਦੀ ਹਦੂਦ ਵਿਚ ਦਾਖਲ ਹੁੰਦਿਆਂ ਹੀ ਬੀਬੇ ਰਾਣੇ ਬਣ ਕੇ ਸੀਟ ਬੈਲਟਾਂ ਕੱਸ ਲੈਂਦੇ ਹਨ। ਸਾਨੂੰ ਆਪਣੀ ਹੀ ਜ਼ਿੰਦਗੀ ਦੀ ਸੁਰੱਖਿਆ ਲਈ ਬਾਹਰੀ ਸਖ਼ਤੀ ਦੀ ਲੋੜ ਕਿਉਂ ਪੈਂਦੀ ਹੈ? ਕੀ ਸਾਨੂੰ ਆਪਣੀ ਜਾਨ ਦੀ ਕੀਮਤ ਨਹੀਂ ਪਤਾ, ਜੋ ਅਸੀਂ ਡੰਡੇ ਦੇ ਡਰੋਂ ਅਜਿਹਾ ਕਰਦੇ ਹਾਂ? ਸਰਕਾਰ ਵਲੋਂ ਪਾਸ ਕੀਤੇ ਸੋਧੇ ਹੋਏ ਮੋਟਰ ਵਹੀਕਲ ਐਕਟ ਨਾਲ ਹਾਦਸਿਆਂ ਨੂੰ ਕੁਝ ਠੱਲ੍ਹ ਪਵੇਗੀ ਜਾਂ ਨਹੀਂ? ਇਸ ਸਵਾਲ ਦਾ ਜਵਾਬ ਤਾਂ ਅਜੇ ਭਵਿੱਖ ਦੀ ਕੁੱਖ ਵਿਚ ਹੈ। ਪਰ ਸਰਕਾਰ ਵਲੋਂ ਸੋਧੇ ਐਕਟ ਦੀਆਂ ਕੁਝ ਮਦਾਂ ਅਸਰਦਾਰ ਸਾਬਤ ਹੋਣ ਦੀ ਧਰਵਾਸ ਜ਼ਰੂਰ ਬੱਝੀ ਹੈ। ਜਿਵੇਂ ਹਾਦਸੇ ਦੌਰਾਨ ਪੀੜਤਾਂ ਦੀ ਮਦਦ ਕਰਨ ਵਾਲੇ ਨੂੰ ਪੁਲਿਸ ਕੇਸ ਵਿਚ ਨਹੀਂ ਉਲਝਾਇਆ ਜਾਵੇਗਾ। ਥਰਡ ਪਾਰਟੀ ਦਾ ਬੀਮਾ ਖਤਮ ਕਰਕੇ ਫਸਟ ਪਾਰਟੀ ਦਾ ਲਾਜ਼ਮੀ ਕਰਨਾ, ਸੜਕਾਂ ਦੀ ਮਾੜੀ ਹਾਲਤ ਲਈ ਠੇਕੇਦਾਰ, ਇੰਜੀਨੀਅਰ ਜਾਂ ਅਫਸਰ ਦੀ ਜ਼ਿੰਮੇਵਾਰੀ ਤੈਅ ਕਰਨਾ, ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਜੁਰਮਾਨੇ ਦੀ ਰਕਮ ਦੋ ਹਜ਼ਾਰ ਤੋਂ ਵਧਾ ਕੇ ਦਸ ਹਜ਼ਾਰ ਕਰਨਾ ਆਦਿ। ਸਭ ਤੋਂ ਅਹਿਮ ਗੱਲ ਕਿ ਨਾਬਾਲਗ ਵਲੋਂ ਵਾਹਨ ਚਲਾਉਂਦਿਆਂ ਜੇਕਰ ਹਾਦਸਾ ਹੁੰਦਾ ਹੈ ਤਾਂ ਉਸ ਦੇ ਮਾਪੇ ਸਜ਼ਾ ਦੇ ਭਾਗੀਦਾਰ ਹੋਣਗੇ। ਉਪਰੋਕਤ ਮਦਾਂ ਨਾਲ ਹਾਦਸਿਆਂ ਵਿਚ ਗਿਰਾਵਟ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਸਰਕਾਰ ਵਲੋਂ ਦੋ-ਪਹੀਆ ਤੇ ਹਲਕੇ ਵਾਹਨਾਂ ਲਈ ਲਾਇਸੰਸ ਜਾਰੀ ਕਰਨ ਸਮੇਂ ਪਾਰਦਰਸ਼ੀ ਤਰੀਕੇ ਨਾਲ ਬਾਕਾਇਦਾ ਟੈਸਟ ਲੈ ਕੇ ਹੀ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਜਾਵੇ। ਕਿਉਂਕਿ ਬਿਨਾਂ ਟੈਸਟ ਦਿੱਤਿਆਂ ਅਤੇ ਨਿਯਮਾਂ ਤੋਂ ਅਣਜਾਣ ਕੱਚ-ਘਰੜ ਡਰਾਈਵਰ ਹਾਦਸੇ ਹੀ ਕਰਨਗੇ, ਜੋ ਕਈ ਵਾਰ ਆਪਣੇ ਨਾਲ-ਨਾਲ ਦੂਜਿਆਂ ਦੀ ਜਾਨ ਦਾ ਵੀ ਖੌਅ ਬਣ ਜਾਂਦੇ ਹਨ। ਸਕੂਲਾਂ ਵਿਚ ਸੈਕੰਡਰੀ ਪੱਧਰ 'ਤੇ ਅਤੇ ਕਾਲਜਾਂ ਵਿਚ ਸਾਰੇ ਹੀ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਪ੍ਰਸ਼ਾਸਨ ਵਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੜਕੀ ਨਿਯਮਾਂ ਦਾ ਸੰਜੀਦਗੀ ਨਾਲ ਪਾਲਣ ਕਰਨ ਤਾਂ ਕਿ ਨਿੱਤ ਦਿਨ ਵਧ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪੈ ਸਕੇ।

-ਪੰਜਾਬੀ ਅਧਿਆਪਕਾ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ)।
ਮੋਬਾ: 90565-26703

ਕੁਪੋਸ਼ਣ ਖ਼ਿਲਾਫ਼ ਦੇਸ਼ ਵਿਆਪੀ ਜਨ ਅੰਦੋਲਨ ਦੀ ਜ਼ਰੂਰਤ

ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਕਹਿ ਰਹੇ ਕਿ 2022 ਤੱਕ ਭਾਰਤ ਕੁਪੋਸ਼ਣ ਤੋਂ ਮੁਕਤ ਹੋ ਜਾਵੇਗਾ। 'ਸਹੀ ਪੋਸ਼ਣ ਦੇਸ਼ ਰੋਸ਼ਨ' ਦੇ ਨਾਅਰੇ ਦੇ ਤਹਿਤ ਪੋਸ਼ਣ ਮਹੀਨਾ ਮਨਾਇਆ ਗਿਆ। ਕੁਪੋਸ਼ਣ ਕੀ ਹੈ? ਸਰੀਰ ਲਈ ਜ਼ਰੂਰੀ ਸੰਤੁਲਿਤ ਭੋਜਨ ਲੰਮੇ ਸਮੇਂ ਤੱਕ ਨਾ ਮਿਲਣਾ ਹੀ ਕੁਪੋਸ਼ਣ ਹੈ। ਕੁਪੋਸ਼ਣ ਨਾਲ ਬੱਚਿਆਂ ਅਤੇ ਮਹਿਲਾਵਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ, ਜਿਸ ਕਰਕੇ ਉਹ ਅਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦੇ ਹਨ। ਬਿਨਾਂ ਸ਼ੱਕ ਕੁਪੋਸ਼ਣ ਜਾਨਲੇਵਾ ਹੈ। ਮਹਾਂਮਾਰੀ ਹੈ। 2019 ਵਿਚ ਵੀ ਕੁਪੋਸ਼ਣ ਸਾਡੇ ਭਾਰਤੀਆਂ ਲਈ ਲਈ ਇਸ ਕਦਰ ਜ਼ੋਖਮ ਬਣ ਚੁੱਕਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ ਵਿਚੋਂ 68 ਫੀਸਦੀ ਮੌਤਾਂ ਲਈ ਕੁਪੋਸ਼ਣ ਜ਼ਿੰਮੇਵਾਰ ਹੈ। ਆਈ.ਸੀ.ਐਮ.ਆਰ. ਦੀ ਰਿਪੋਰਟ ਅਨੁਸਾਰ ਕੁਪੋਸ਼ਣ ਭਾਰਤ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜੜ੍ਹ ਹੈ। ਦੇਸ਼ 'ਚ ਬੱਚਿਆਂ ਦੇ ਬੌਣੇਪਨ (ਉਮਰ ਅਨੁਸਾਰ ਲੰਬਾਈ ਨਾ ਹੋਣਾ) ਵੱਡਾ ਕਾਰਨ ਹੈ। ਬੱਚਿਆਂ ਦਾ ਘੱਟ ਭਾਰ ਇਕ ਜਟਿਲ ਮੁੱਦਾ ਹੈ ਅਤੇ ਇਸ ਦੀ ਜ਼ਿਆਦਾਤਰ ਵਜ੍ਹਾ ਬੱਚਿਆਂ ਦੀਆਂ ਮਾਵਾਂ ਨਾਲ ਜੁੜੀ ਹੈ। ਦੇਸ਼ ਵਿਚ 15 ਤੋਂ 49 ਸਾਲ ਦੀਆਂ 54 ਫੀਸਦੀ ਮਹਿਲਾਵਾਂ ਵਿਚ ਖੂਨ ਦੀ ਕਮੀ ਹੈ, ਕਿਉਂਕਿ ਗਰਭ ਧਾਰਨ ਤੋਂ ਪਹਿਲਾਂ ਮਾਵਾਂ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਨਾ ਮਿਲਣਾ, ਬਚਪਨ 'ਚ ਭੋਜਨ ਦੀ ਘਾਟ ਕਾਰਨ ਬੱਚੇ ਦੇ ਘੱਟ ਵਜ਼ਨ ਲਈ ਜ਼ਿੰਮੇਵਾਰ ਹੈ। ਬੱਚੇ ਦੀ ਤੰਦਰੁਸਤੀ ਲਈ ਜਨਮ ਦੇ ਇਕ ਘੰਟੇ ਅੰਦਰ ਉਸ ਨੂੰ ਮਾਂ ਦਾ ਦੁੱਧ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਪਰ ਦੇਸ਼ ਵਿਚ 41 ਫੀਸਦੀ ਬੱਚੇ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਕੁਪੋਸ਼ਣ ਤੋਂ ਮੁਕਤੀ ਕਦੋਂ? ਕੇਂਦਰ ਸਰਕਾਰ ਨੇ 2022 ਤੱਕ ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ ਹੈ ਪਰ ਮੌਜੂਦਾ ਹਾਲਾਤ 'ਚ ਇਸ ਨੂੰ ਹਾਸਲ ਕਰਨਾ ਆਸਾਨ ਨਹੀਂ ਲਗਦਾ ਹੈ। ਇਸ ਲਈ ਇਕ ਵਿਆਪਕ ਪੋਸ਼ਣ ਨੀਤੀ ਬਣਾਉਣ ਅਤੇ ਉਸ 'ਤੇ ਸੰਜੀਦਗੀ ਨਾਲ ਪ੍ਰਭਾਵੀ ਅਮਲ ਦੀ ਵੀ ਲੋੜ ਹੈ। ਕੁਪੋਸ਼ਣ ਖਿਲਾਫ ਦੇਸ਼ ਵਿਆਪੀ ਚੇਤਨਤਾ ਫੈਲਾਉਣ ਲਈ ਜਨ ਅੰਦੋਲਨ ਦੀ ਜ਼ਰੂਰਤ ਹੈ।

-ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-98217

ਸਾਵਧਾਨ! ਮਾਈਕ੍ਰੋਵੇਵ ਦਾ ਖਾਣਾ ਹੈ ਜ਼ਹਿਰ

ਰਸੋਈ ਵਿਚ ਮਾਈਕ੍ਰੋਵੇਵ ਦੀ ਵਰਤੋਂ ਨਾਲ ਖਾਣੇ ਦੇ ਸਿਹਤ ਲਈ ਲੋੜੀਂਦੇ ਤੱਤ ਨਸ਼ਟ ਹੋ ਜਾਂਦੇ ਹਨ। ਖਾਣਾ ਜ਼ਹਿਰ ਬਣ ਜਾਂਦਾ ਹੈ। ਜਦੋਂ ਅਸੀਂ ਵਾਰ ਬੀ ਕਿਊ ਕਰਦੇ ਹਾਂ ਤਾਂ ਮੀਟ ਵਿਚੋਂ ਜਿਹੜੀ ਫੈਟ ਹੇਠਾਂ ਡਿਗਦੀ ਹੈ, ਉਹ ਸਿਹਤ ਲਈ ਹੋਰ ਵੀ ਖ਼ਤਰਨਾਕ ਹੁੰਦੀ ਹੈ। ਜਿਸ ਵੇਲੇ ਉਹ ਅੱਗ ਉੱਪਰ ਡਿੱਗ ਕੇ ਮੱਚਦੀ ਹੈ, ਮਚਣ ਉਪਰੰਤ ਜੋ ਧੂੰਆਂ ਨਿਕਲਦਾ ਹੈ, ਉਹ ਦੁਬਾਰਾ ਉਸੇ ਮੀਟ ਨਾਲ ਛੁਹ ਕੇ ਉਸ ਨੂੰ ਹੋਰ ਜ਼ਹਿਰੀਲਾ ਬਣਾ ਦਿੰਦਾ ਹੈ। ਅਜਿਹਾ 100 ਗ੍ਰਾਮ ਮੀਟ ਖਾਣ ਨਾਲ ਤਕਰੀਬਨ 800 ਸਿਗਰਟਾਂ ਪੀਣ ਜਿੰਨਾ ਨੁਕਸਾਨ ਸਿਹਤ ਨੂੰ ਹੁੰਦਾ ਹੈ। ਮਾਈਕ੍ਰੋਵੇਵ ਓਵਨ ਦੇ ਸੂਖਮ ਤਰੰਗੀ ਵਿਕਰਨ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ : ਮਾਈਕ੍ਰੋਵੇਵ ਓਵਨ ਵਿਚ ਮਾਸ ਪਕਾਉਣ ਨਾਲ ਉਸ ਵਿਚ 4-D– NITROSODIETHANOLAMINES ਨਾਮਕ ਇਕ ਕੈਂਸਰ ਪੈਦਾ ਕਰਨ ਵਾਲਾ ਤੱਤ ਬਣਦਾ ਹੈ। ਦੁੱਧ ਅਤੇ ਅਨਾਜ ਮਾਈਕ੍ਰੋਵੇਵ ਓਵਨ ਵਿਚ ਗਰਮ ਕਰਨ ਜਾਂ ਪਕਾਉਣ ਨਾਲ ਉਨ੍ਹਾਂ ਦੇ ਕੁਝ ਅਮੀਨੋ ਐਸਿਡ ਵਿਚ ਬਦਲ ਕੇ ਕੈਂਸਰ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ। ਬੱਚਿਆਂ ਦੇ ਭੋਜਨ ਨੂੰ ਮਾਈਕ੍ਰੋਵੇਵ ਓਵਨ ਵਿਚ ਗਰਮ ਕਰਨ ਨਾਲ ਉਸ ਵਿਚ ਇਕ ਅਜਿਹਾ ਤੱਤ ਬਣਦਾ ਹੈ ਜੋ ਬੱਚੇ ਦੀ ਤੰਤਰਿਕਾ ਤੰਤਰ ਅਤੇ ਗੁਰਦੇ ਲਈ ਜ਼ਹਿਰ ਹੁੰਦਾ ਹੈ। ਰੂਸੀ ਖੋਜਕਾਰਾਂ ਨੇ ਮਾਈਕ੍ਰੋਵੇਵ ਓਵਨ ਦੀ ਪ੍ਰੀਖਿਆ ਵਿਚ ਸਾਰੇ ਖਾਧ ਪਦਾਰਥਾਂ ਵਿਚ 60 ਫੀਸਦੀ ਤੋਂ 90 ਫੀਸਦੀ ਵੈਲਿਊ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਓਵਨ ਵਿਚ ਪੱਕੇ ਸਾਰੇ ਖਾਧ ਪਦਾਰਥਾਂ ਵਿਚ ਵਿਟਾਮਿਨ 'ਬੀ ਕੰਪਲੈਕਸ', ਵਿਟਾਮਿਨ 'ਸੀ', ਵਿਟਾਮਿਨ 'ਈ', ਜ਼ਰੂਰੀ ਖਣਿਜ ਅਤੇ ਲਾਈਪੋਰਟ੍ਰੋਪਿਕ ਕਾਰਕਾਂ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਵਿਚ ਪੱਕੇ ਖਾਧ ਪਦਾਰਥਾਂ ਨੂੰ ਖਾਣ ਵਾਲੇ ਲੋਕਾਂ ਵਿਚ ਪੈਥੋਜੇਨਿਕ ਤਬਦੀਲੀ ਪਾਈ ਗਈ ਹੈ, ਜਿਵੇਂ : ਲਸੀਕਾ ਸਬੰਧੀ ਵਿਕਾਰ ਪਾਇਆ ਗਿਆ, ਜੋ ਕੁਝ ਪ੍ਰਕਾਰ ਦੇ ਕੈਂਸਰ ਰੋਕਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ। ਖੂਨ ਵਿਚ ਕੈਂਸਰ ਸੈੱਲ ਬਣਨ ਦੀ ਦਰ ਵਿਚ ਵਾਧਾ ਹੋਇਆ। ਢਿੱਡ ਅਤੇ ਅੰਤੜੀਆਂ ਦੇ ਕੈਂਸਰ ਹੋਣ ਦੀ ਦਰ ਵਿਚ ਵਾਧਾ ਹੋਇਆ। ਪਾਚਣ ਵਿਕਾਰ ਦੀ ਉੱਚ ਦਰ ਅਤੇ ਉਨਮੂਲਨ ਪ੍ਰਣਾਲੀਆਂ ਦੇ ਟੁੱਟਣ ਦਾ ਕ੍ਰਮ ਵੇਖਿਆ ਗਿਆ। 1950 ਵਿਚ ਰਡਾਰ ਦੇ ਵਿਕਾਸ ਦੇ ਦੌਰਾਨ ਰੂਸੀਆਂ ਨੇ ਹਜ਼ਾਰਾਂ ਸੈਨਿਕਾਂ ਦੇ ਉੱਤੇ ਮਾਈਕ੍ਰੋਵੇਵ ਦੇ ਸੰਪਰਕ ਵਿਚ ਆਉਣ ਉੱਤੇ ਜਾਂਚ ਕੀਤੀ ਸੀ। ਉਸ ਜਾਂਚ ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਦਾ ਪਹਿਲਾ ਲੱਛਣ ਖੂਨ ਦਾ ਦਬਾਅ ਘਟਣਾ ਅਤੇ ਨਬਜ਼ ਦਾ ਹੌਲੀ ਚੱਲਣਾ, ਬਾਅਦ ਵਿਚ ਸੰਵੇਦਨਿਕ ਤੰਤਰਿਕਾ ਪ੍ਰਣਾਲੀ ਵਿਚ ਉਤੇਜਨਾ ਅਤੇ ਉੱਚ ਖੂਨ ਦਬਾਅ ਹੈ। ਇਸ ਪੜਾਅ ਵਿਚ ਅਕਸਰ ਸਿਰਦਰਦ, ਚੱਕਰ ਆਉਣੇ, ਅੱਖ ਵਿਚ ਦਰਦ, ਉਨੀਂਦਰਾ, ਚਿੜਚਿੜਾਪਨ, ਚਿੰਤਾ, ਢਿੱਡ ਦਰਦ, ਤੰਤਰਿਕਾ ਤਣਾਵ, ਧਿਆਨ ਲਗਾਉਣ ਵਿਚ ਮੁਸ਼ਕਿਲ, ਵਾਲਾਂ ਦੇ ਝੜਨ, ਪੱਥਰੀ, ਮੋਤੀਆਬਿੰਦ, ਪ੍ਰਜਨਨ ਸਮੱਸਿਆਵਾਂ ਅਤੇ ਕੈਂਸਰ ਦੇ ਵਾਧੇ ਦੀ ਘਟਨਾ ਵੀ ਸ਼ਾਮਿਲ ਹੈ। ਬਾਅਦ ਵਿਚ ਥਕਾਵਟ ਅਤੇ ਹਿਰਦੇ ਰੋਗ ਜਿਵੇਂ ਕੋਰੋਨਰੀ ਧਮਨੀਆਂ ਦੀ ਰੁਕਾਵਟ ਅਤੇ ਦਿਲ ਦਾ ਦੌਰਾ ਪੈਣਾ ਵੀ ਸ਼ਾਮਿਲ ਹੈ।

-ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਮੋਬਾ: 97810-00909

ਨਸ਼ਿਆਂ ਦਾ ਸਥਾਈ ਹੱਲ ਕੀ ਹੋਵੇ?

ਅੱਜ ਦੀ ਜਵਾਨੀ ਜਿਵੇਂ-ਕਿਵੇਂ ਕਹਿ ਲਵੋ, ਚਿੱਟੇ ਦੀ ਲਪੇਟ ਵਿਚ ਆ ਰਹੀ ਹੈ। ਇਸ ਚਿੱਟੇ ਨੇ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਵਿਚ ਵੀ ਆਪਣੇ ਪੈਰ ਪਸਾਰ ਲਏ ਹਨ। ਆਖਰ ਇਹ ਚਿੱਟਾ ਹੈ ਕੀ ਚੀਜ਼? ਐਸਾ ਕੀ ਸਰੂਰ ਹੈ ਇਸ ਨਸ਼ੇ ਵਿਚ ਕਿ ਅੱਜ ਦੀ ਨੌਜਵਾਨ ਪੀੜ੍ਹੀ ਬੜੀ ਆਸਾਨੀ ਨਾਲ ਇਸ ਦੀ ਲਪੇਟ ਵਿਚ ਆ ਰਹੀ ਹੈ? ਇਸ ਚਿੱਟੇ ਨੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ ਤੇ ਨਿੱਕੇ, ਨਿੱਕੇ ਬੱਚਿਆਂ ਦੇ ਬਾਪ ਖੋਹਣੇ ਨੇ? ਕਿਉਂ ਇਹ ਚਿੱਟੇ ਦੇ ਨਸ਼ੇ ਦਾ ਧੰਦਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਖਰ ਬੰਦ ਕਿਉਂ ਨਹੀਂ ਹੋ ਰਿਹਾ? ਮੇਰੇ ਦੇਸ਼ ਦੇ ਨੌਜਵਾਨੋ, ਸੰਭਲ ਜਾਓ! ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ, ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾਂ ਦਾ ਕੋਈ ਨੁਕਸਾਨ ਨਹੀਂ। ਪੂਰੇ ਦਾ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਹੈ। ਨਸ਼ਾ ਤੁਹਾਡੀ ਜਾਇਦਾਦ ਵਿਕਾ ਦਿੰਦਾ ਹੈ, ਤੁਹਾਡੀ ਜ਼ਿੰਦਗੀ ਖਰਾਬ ਕਰਦਾ ਹੈ ਤੇ ਨਾਲ-ਨਾਲ ਤੁਹਾਡੀ ਬਣੀ-ਬਣਾਈ ਇੱਜ਼ਤ ਵੀ ਮਿੱਟੀ ਵਿਚ ਮਿਲਾ ਦਿੰਦਾ ਹੈ। ਤੇ ਫਿਰ ਇਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿਚ ਲੈ ਜਾਂਦਾ ਹੈ। ਕੀ ਸਮੇਂ ਦੀਆਂ ਸਰਕਾਰਾਂ ਹਰ ਤਰ੍ਹਾਂ ਦੇ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਅੰਦਰ ਨਹੀਂ ਡੱਕ ਸਕਦੀਆਂ। ਸਰਕਾਰ ਵੀ ਇਸ ਪਾਸੇ ਧਿਆਨ ਦੇਵੇ। ਮੈਂ ਆਪਣੇ ਪਿਆਰੇ ਬੱਚਿਆਂ ਨੂੰ ਕਹਾਂਗੀ ਕਿ ਬੱਚਿਓ ਜੇਕਰ ਤੁਸੀਂ ਹੀ ਆਪਣੇ ਮਨ 'ਤੇ ਕੰਟਰੋਲ ਕਰ ਲਵੋ ਤੇ ਆਪਣੇ ਦਿਮਾਗ ਦੀ ਸਹੀ ਢੰਗ ਨਾਲ ਵਰਤੋਂ ਕਰੋ ਤੇ ਫਿਰ ਨਸ਼ਿਆਂ ਦੀ ਲਪੇਟ ਵਿਚ ਆਉਣਾ ਤਾਂ ਬਹੁਤ ਦੂਰ ਦੀ ਗੱਲ, ਕੋਈ ਨਸ਼ੇ ਵੇਚਣ ਵਾਲਾ ਤੁਹਾਡੇ ਨੇੜੇ ਦੀ ਵੀ ਨਹੀਂ ਲੰਘੇਗਾ। ਅਖੀਰ ਵਿਚ ਮੇਰੀ ਬੇਨਤੀ ਸਾਰੇ ਸੂਝਵਾਨ ਮਾਪਿਆਂ ਨੂੰ ਹੈ ਜੇਕਰ ਆਪਾਂ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰੂ ਘਰ ਜਾਣ ਦੀ ਆਦਤ ਪਾਈਏ, ਗੁਰਬਾਣੀ ਪੜ੍ਹਨ, ਸੁਣਨ ਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਣਾਉਣ ਦੀ ਆਦਤ ਪਾਈਏ ਤਾਂ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਹਨ ਸਾਡੇ 'ਤੇ ਅਤੇ ਸਾਡੇ ਬੱਚਿਆਂ 'ਤੇ ਅਤੇ ਮਾੜੀ ਸੰਗਤ ਤੋਂ, ਨਸ਼ੇ ਤੋਂ ਹਮੇਸ਼ਾ-ਹਮੇਸ਼ਾ ਲਈ ਬਚਿਆ ਰਹਿੰਦਾ ਹੈ ਸਾਡਾ ਬੱਚਾ। ਆਪਣੇ ਬੱਚੇ ਨਾਲ ਮਾਪੇ ਹਮੇਸ਼ਾ ਦੋਸਤਾਨਾ ਸਬੰਧ ਬਣਾ ਕੇ ਰੱਖਣ, ਤਾਂ ਜੋ ਬੱਚਾ ਸਾਰੀ ਗੱਲ ਮਾਪਿਆਂ ਨਾਲ ਬੇਝਿਜਕ ਕਰ ਸਕੇ। ਪੜ੍ਹਾਈ ਦੇ ਨਾਲ-ਨਾਲ ਉਸਾਰੂ ਸੇਧਾਂ ਦੇਣ ਵਾਲਾ ਸਾਹਿਤ ਵੀ ਪੜ੍ਹਾਓ, ਆਤਮ-ਵਿਸ਼ਵਾਸੀ, ਸਹਿਣਸ਼ੀਲਤਾ, ਦਇਆ, ਨੇਕ ਕਮਾਈ ਤੇ ਵੰਡ ਕੇ ਛਕਣ ਦੀ ਆਦਤ ਬਣਾਓ। ਇਸ ਤਰ੍ਹਾਂ ਤੁਹਾਡਾ ਬੱਚਾ ਚੰਗੇ ਮਾਹੌਲ ਵਿਚ ਪਲ ਕੇ ਵੱਡਾ ਹੋਵੇਗਾ ਤੇ ਨਸ਼ੇ ਤੋਂ, ਮਾੜੀ ਸੰਗਤ ਤੋਂ, ਵਧ ਰਹੇ ਅਪਰਾਧਾਂ ਤੋਂ ਤੇ ਨਾਕਾਰਾਤਮਿਕ ਸੋਚ ਤੋਂ ਦੂਰ ਰਹੇਗਾ।

-ਭਗਤਾ ਭਾਈ ਕਾ। ਮੋਬਾ: 94786-58384

ਵਾਰ-ਵਾਰ ਬਦਲ ਰਹੀਆਂ ਸਿੱਖਿਆ ਨੀਤੀਆਂ ਸਿੱਖਿਆ ਨਾਲ ਖਿਲਵਾੜ

ਭਾਰਤ ਦੀ ਇਹੀ ਬਦਕਿਸਮਤੀ ਰਹੀ ਹੈ ਕਿ ਪਿਛਲੇ 70-72 ਸਾਲਾਂ ਵਿਚ ਅਸੀਂ ਕੋਈ ਠੋਸ ਸਿੱਖਿਆ ਨੀਤੀ ਹੀ ਨਹੀਂ ਅਪਣਾ ਸਕੇ। ਸਰਕਾਰਾਂ ਬਦਲਦੀਆਂ ਗਈਆਂ ਅਤੇ ਉਨ੍ਹਾਂ ਦੇ ਨਾਲ ਹੀ ਬਦਲ ਜਾਂਦੀਆਂ ਰਹੀਆਂ ਸਿੱਖਿਆ ਨੀਤੀਆਂ। ਪਹਿਲੀ ਸਿੱਖਿਆ ਨੀਤੀ ਅਜੇ ਚੰਗੀ ਤਰ੍ਹਾਂ ਲਾਗੂ ਵੀ ਨਹੀਂ ਹੁੰਦੀ ਕਿ ਉਸ ਨੂੰ ਬਦਲ ਕੇ ਨਵੀਂ ਨੀਤੀ ਘੜ ਦਿੱਤੀ ਜਾਂਦੀ ਹੈ। ਸਾਡੇ ਦੇਸ਼ ਵਿਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਕੋਠਾਰੀ ਕਮਿਸ਼ਨ, ਚਟੋਪਾਧਿਆ ਕਮਿਸ਼ਨ ਜਾਂ ਲਾਜ਼ਮੀ ਸਿੱਖਿਆ ਕਾਨੂੰਨ ਜਿਹੇ ਬਹੁਤ ਚੰਗੇ ਸੁਝਾਅ ਪਹਿਲਾਂ ਹੀ ਮੌਜੂਦ ਹਨ ਪਰ ਕਦੇ ਵੀ ਉਨ੍ਹਾਂ ਨੂੰ 100 ਫ਼ੀਸਦੀ ਲਾਗੂ ਨਹੀਂ ਕੀਤਾ ਜਾਂਦਾ। ਕਦੇ ਧੋਖੇ ਵਾਲੇ ਵਧੀਆ ਨਤੀਜੇ ਦਿਖਾਉਣ ਲਈ ਬੱਚਿਆਂ ਨੂੰ ਫੇਲ੍ਹ ਨਹੀਂ ਕਰਨਾ, ਕਦੇ ਬੋਰਡਾਂ ਦੁਆਰਾ ਲਏ ਜਾਣ ਵਾਲੇ ਇਮਤਿਹਾਨਾਂ ਨੂੰ ਰੱਦ ਕਰਨਾ ਜਾਂ ਕਈ ਹੋਰ ਨੀਤੀਆਂ ਅਪਣਾ ਕੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਉਲਝਾਈ ਰੱਖਣਾ ਤਾਂ ਹੀ ਸਰਕਾਰਾਂ ਕਰਦੀਆਂ ਹਨ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਦੇ ਅੰਗਰੇਜ਼ੀ ਪਹਿਲੀ ਤੋਂ, ਕਦੇ ਤੀਜੀ ਤੋਂ ਅਤੇ ਕਦੇ ਛੇਵੀਂ ਤੋਂ ਵਾਰ-ਵਾਰ ਬਦਲਣ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਵਿਚ ਖੁੰਬਾਂ ਦੀ ਤਰ੍ਹਾਂ ਨਿੱਜੀ ਅੰਗਰੇਜ਼ੀ ਮਾਧਿਅਮ ਸਕੂਲ ਖੁੱਲ੍ਹ ਗਏ ਅਤੇ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਖਤਰਾ ਬਣ ਗਿਆ। ਇਸ ਦੇ ਨਾਲ ਹੀ ਫੇਲ੍ਹ ਹੋ ਗਈਆਂ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀਆਂ ਨੀਤੀਆਂ। ਹੁਣ ਭਾਵੇਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਪਰ ਸਮਾਜ ਵਿਚ ਵਿਤਕਰੇ ਵਾਲੀ ਭਾਵਨਾ ਉਤਪੰਨ ਹੋ ਚੁੱਕੀ ਹੈ। ਹੁਣ ਅੱਜਕਲ੍ਹ ਕੇਂਦਰ ਸਰਕਾਰ ਵਲੋਂ ਨਵੀਂ ਵਿੱਦਿਆ ਨੀਤੀ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਸਿੱਖਿਆ ਦੀਆਂ ਬਹੁਤ ਚੰਗੀਆਂ ਗੱਲਾਂ ਨੂੰ ਤਿਲਾਂਜਲੀ ਦਿੱਤੀ ਜਾਵੇਗੀ। ਇਹੀ ਕਾਰਨ ਹੈ ਕਿ ਇਸ ਦਾ ਵੱਡੇ ਪੱਧਰ 'ਤੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਸਿੱਖਿਆ ਲਈ ਸਰਕਾਰ ਦੁਆਰਾ ਰਾਜਨੀਤਕ ਲਾਭ ਲੈਣ ਲਈ ਕੀਤੇ ਢੰਗਾਂ ਦਾ ਬੁੱਧੀਜੀਵੀ ਜਾਂ ਸਿੱਖਿਆ ਸ਼ਾਸਤਰੀ ਵੱਡੀ ਗਿਣਤੀ ਵਿਚ ਵਿਰੋਧ ਕਰ ਰਹੇ ਹਨ। ਇਸ ਲਈ ਕੋਈ ਵੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਤੋਂ ਪਹਿਲਾਂ, ਪਹਿਲਾਂ ਅਪਣਾਈਆਂ ਗਈਆਂ ਨੀਤੀਆਂ ਦੀਆਂ ਚੰਗੀਆਂ ਗੱਲਾਂ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸਿੱਖਿਆ ਨਾਲ ਖਿਲਵਾੜ ਬਣ ਕੇ ਹੀ ਰਹਿ ਜਾਵੇਗੀ। ਕਿਸੇ ਵੀ ਨੀਤੀ ਰਾਹੀਂ ਸਿੱਖਿਆ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਗਰੀਬਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਦੇਣ ਦਾ ਉਪਰਾਲਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਲਜ ਸਿੱਖਿਆ ਨੂੰ ਵੀ ਸਸਤੀ ਅਤੇ ਅਸਰਦਾਰ ਬਣਾਉਣ ਦੀ ਲੋੜ ਹੈ, ਤਾਂ ਕਿ ਪੇਂਡੂ ਗਰੀਬ ਬੱਚੇ ਵੀ ਕਾਲਜਾਂ ਵੱਲ ਰੁਖ਼ ਕਰ ਸਕਣ ਅਤੇ ਘੱਟੋ-ਘੱਟ ਗ੍ਰੈਜੂਏਸ਼ਨ ਪੱਧਰ ਤੱਕ ਸਿੱਖਿਆ ਪ੍ਰਾਪਤ ਕਰਕੇ ਉੱਚ ਕੋਟੀ ਦੀਆਂ ਅਫ਼ਸਰਾਂ ਦੀਆਂ ਅਸਾਮੀਆਂ ਲਈ ਮੁਕਾਬਲੇ ਲਈ ਅੱਗੇ ਆ ਸਕਣ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX