ਤਾਜਾ ਖ਼ਬਰਾਂ


ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  13 minutes ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  16 minutes ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  26 minutes ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  27 minutes ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  38 minutes ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  54 minutes ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  about 1 hour ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  about 2 hours ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  about 2 hours ago
ਹੋਰ ਖ਼ਬਰਾਂ..

ਖੇਡ ਜਗਤ

ਟੋਕੀਓ ਉਲੰਪਿਕ 2020

ਨੌਜਵਾਨ ਖਿਡਾਰੀਆਂ ਤੋਂ ਸਰਬੋਤਮ ਪ੍ਰਦਰਸ਼ਨ ਦੀ ਉਮੀਦ

ਅੱਜ ਦੇਸ਼ ਵਿਚ ਹਰ ਪਾਸੇ ਕ੍ਰਿਕਟ ਦਾ ਬੋਲਬਾਲਾ ਹੈ। ਗਲੀਆਂ-ਬਜ਼ਾਰਾਂ ਵਿਚ ਬੱਚੇ ਬਾਲ-ਬੈਟ ਚੁੱਕੀ ਇਸ ਦੀ ਲੋਕਪ੍ਰਿਅਤਾ ਦੀ ਗਵਾਹੀ ਭਰਦੇ ਹਨ। ਕ੍ਰਿਕਟ ਤੋਂ ਪਹਿਲਾਂ ਹਾਕੀ 'ਚ ਭਾਰਤ ਦਾ ਦਬਦਬਾ ਸੀ। ਵਿਸ਼ਵ ਪੱਧਰ 'ਤੇ ਸਾਡੇ ਖਿਡਾਰੀ ਜ਼ਿਆਦਾ ਪ੍ਰਭਾਵਿਤ ਕਰਦੇ ਨਜ਼ਰ ਨਹੀਂ ਸਨ ਆਉਂਦੇ। ਪਰ ਪਿਛਲੇ ਕੁਝ ਸਾਲਾਂ ਵਿਚ ਰੁਝਾਨ/ਟ੍ਰੈਂਡ 'ਚ ਬਹੁਤ ਤਬਦੀਲੀ ਨਜ਼ਰ ਆ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜਕਲ੍ਹ ਕਈ ਵਾਰ ਸਾਡੇ ਪਹਿਲਵਾਨ ਤੇ ਮੁੱਕੇਬਾਜ਼ ਕ੍ਰਿਕਟਰਾਂ ਤੋਂ ਜ਼ਿਆਦਾ ਸੁਰਖੀਆਂ ਬਟੋਰਦੇ ਵੇਖੇ ਗਏ ਹਨ। ਇਹ ਇਕ ਸਕਾਰਾਤਮਕ ਬਦਲਾਅ ਹੈ। ਦੀਪਕ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਕੇ ਦਿਵਾਇਆ ਟੋਕੀਓ ਉਲੰਪਿਕ ਕੋਟਾ।
ਇਕ ਦਹਾਕਾ ਪਹਿਲਾਂ ਸਾਡੇ ਖਿਡਾਰੀ ਉਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪਾਂ ਵਿਚ ਭਾਗ ਲੈਣ ਲਈ ਜਾਂਦੇ ਸਨ। ਖਾਲੀ ਹੱਥ ਪਰਤਦੇ ਸੀ। ਜੇ ਕੋਈ ਖਿਡਾਰੀ ਕਾਂਸੀ ਦਾ ਤਗਮਾ ਜਿੱਤ ਲਿਆਉਂਦਾ ਸੀ ਤਾਂ ਇਹ ਉਸ ਖੇਡ ਦੀ ਵੱਡੀ ਪ੍ਰਾਪਤੀ ਹੁੰਦੀ ਸੀ। ਪਰ ਹੁਣ ਸਾਡੇ ਯੁਵਾ ਖਿਡਾਰੀ ਦਿੱਗਜ ਖਿਡਾਰੀਆਂ ਨੂੰ ਟੱਕਰ ਦੇਣ ਲੱਗੇ ਹਨ। ਇਹ ਗੱਲ ਸਾਨੂੰ ਪਿਛਲੇ ਦਿਨੀਂ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਦੀਪਕ ਪੂਨੀਆ ਵਲੋਂ ਚਾਂਦੀ ਅਤੇ ਰਾਹੁਲ ਅਵਾਰੇ, ਬਜਰੰਗ ਪੂਨੀਆ ਅਤੇ ਦਿਨੇਯ ਫੋਗਾਟ ਵਲੋਂ ਕਾਂਸੀ ਦੇ ਤਗਮੇ ਜਿੱਤਣ ਦੌਰਾਨ ਵੇਖਣ ਨੂੰ ਮਿਲੀ। ਪਹਿਲਵਾਨ ਦੀਪਕ ਪੂਨੀਆ ਗੋਡੇ ਦੀ ਸੱਟ ਲੱਗਣ ਕਰਕੇ ਫਾਈਨਲ 'ਚ ਇਰਾਨ ਦੇ ਪਹਿਲਵਾਨ ਖਿਲਾਫ ਨਹੀਂ ਖੇਡ ਸਕਿਆ। ਇਸੇ ਬਜਰੰਗ ਪੂਨੀਆ ਨੂੰ ਸੈਮੀ ਫਾਈਨਲ ਵਿਚ ਵਿਵਾਦੀ ਢੰਗ ਨਾਲ ਹਰਾ ਦਿੱਤਾ। ਬਜਰੰਗ ਨਾਲ ਹੋਈ ਬੇਇਨਸਾਫੀ ਵਿਰੁੱਧ ਕੁਸ਼ਤੀ ਮਹਾਂ ਸੰਘ ਨੇ ਸ਼ਿਕਾਇਤ ਭੇਜੀ ਹੈ। ਦੀਪਕ ਤੋਂ ਇਲਾਵਾ ਬਜਰੰਗ ਪੂਨੀਆ, ਰਵੀ ਦਹੀਆ, ਵਿਨੇਸ਼ ਫੋਗਾਟ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਉਲੰਪਿਕ ਚੈਂਪੀਅਨ ਤੋਂ ਹਾਰ ਕੇ ਅਮਿਤ ਪੰਗਾਲ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਇਹ ਯੁਵਾ ਭਾਰਤੀ ਟੀਮ 3 ਤਗਮਿਆਂ ਨਾਲ ਘਰ ਪਰਤੀ ਸੀ। ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਨੇ ਹੁਣ ਤੱਕ ਕੁਲ ਇਕ ਸੋਨ, 3 ਚਾਂਦੀ ਦੇ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਯਾਨੀ ਕਿ ਵਿਸ਼ਵ ਕੁਸ਼ਤੀ 'ਚ ਸਾਡਾ ਪ੍ਰਦਰਸ਼ਨ ਹੋਰ ਵੀ ਬਿਹਤਰ ਹੋ ਸਕਦਾ ਸੀ।
ਨਿਸ਼ਾਨੇਬਾਜ਼ੀ, ਵੇਟ ਲਿਫਟਿੰਗ, ਟੇਬਲ ਟੈਨਿਸ ਅਤੇ ਬੈਡਮਿੰਟਨ ਵਿਚ ਵੀ ਜ਼ਿਆਦਾ ਸ਼ਾਨਦਾਰ ਨਤੀਜੇ ਵੇਖਣ ਨੂੰ ਮਿਲੇ। ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਇਸੇ ਬੀ ਸਾਈ ਪ੍ਰਣੀਤ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪਹਿਲੀ ਵਾਰ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ। ਭਾਰਤ ਨੇ ਪਿਛਲੇ 33 ਸਾਲਾਂ ਵਿਚ ਵਿਸ਼ਵ ਕੱਪ 'ਚ 12 ਸੋਨ ਤਗਮੇ ਜਿੱਤੇ ਸਨ ਪਰ ਯੁਵਾ ਖਿਡਾਰੀਆਂ ਨੇ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਸਾਡੇ ਨਿਸ਼ਾਨੇਬਾਜ਼ਾਂ ਨੇ 16 ਸੋਨ ਤਗਮਿਆਂ ਸਮੇਤ 22 ਤਗਮਿਆਂ 'ਤੇ ਨਿਸ਼ਾਨਾ ਲਾਇਆ। ਵਿਸ਼ਵ ਕੱਪ ਫਾਈਨਲ ਲਈ 14 ਭਾਰਤੀ ਨਿਸ਼ਾਨੇਬਾਜ਼ ਕੁਆਲੀਫਾਈ ਕਰ ਚੁੱਕੇ ਹਨ ਅਤੇ 9 ਨਿਸ਼ਾਨੇਬਾਜ਼ ਅਗਲੇ ਸਾਲ ਹੋਣ ਵਾਲੇ ਟੋਕੀਓ ਉਲੰਪਿਕ ਦੀ ਟਿਕਟ ਕਟਾ ਚੁੱਕੇ ਹਨ। ਨਿਸ਼ਾਨੇਬਾਜ਼ੀ ਵਿਚ ਸੌਰਭ ਚੌਧਰੀ ਅਤੇ ਮਨੂੰ ਭਾਕਰ ਨੇ ਝੰਡੇ ਗੱਡੇ ਅਤੇ ਵੇਟ ਲਿਫਟਿੰਗ 'ਚ 16 ਸਾਲ ਦੇ ਜੇਰੇਮੀਕਲੀਨ ਅਤੇ ਜਰਕ ਵਿਚ 163 ਕਿਲੋ ਤੇ ਸਨੈਚ 'ਚ 134 ਕਿਲੋ ਦੇ ਨਾਲ ਕੁਲ ਵਜ਼ਨ 297 ਕਿਲੋ ਦਾ ਰਿਕਾਰਡ ਬਣਾ ਦਿੱਤਾ। ਜੂਨੀਅਰ ਉਲੰਪਿਕ ਦੇ ਗੋਲਡ ਮੈਡਲਿਸਟ ਜੇਰੇਮੀ ਨੇ ਇਸ ਪ੍ਰਦਰਸ਼ਨ ਦੌਰਾਨ 15 ਨਵੇਂ ਰਿਕਾਰਡ ਬਣਾਏ, ਜਿਨ੍ਹਾਂ ਵਿਚ 6 ਅੰਤਰਰਾਸ਼ਟਰੀ, 3 ਵਿਸ਼ਵ ਯੂਥ, 3 ਏਸ਼ੀਆਈ ਅਤੇ 3 ਰਾਸ਼ਟਰੀ ਰਿਕਾਰਡ ਹਨ।
ਖੈਰ, ਖੇਡਾਂ ਦੇ ਇਸ ਬਦਲੇ ਰੁਝਾਨ/ਟ੍ਰੈਂਡ ਦੀ ਮੁੱਖ ਵਜ੍ਹਾ ਯੁਵਾ ਜੋਸ਼ ਦਾ ਉੱਭਰਨਾ ਹੈ। ਪਿਛਲੇ ਦਿਨੀਂ ਭਾਰਤ ਨੂੰ ਵਿਸ਼ਵ ਪੱਧਰੀ ਸਫਲਤਾਵਾਂ ਦਿਵਾਉਣ ਵਾਲੇ ਜ਼ਿਆਦਾਤਰ ਖਿਡਾਰੀ 17 ਤੋਂ 20 ਸਾਲ ਦੇ ਹਨ। ਇਨ੍ਹਾਂ ਯੁਵਾ ਪੀੜ੍ਹੀ ਦੇ ਖਿਡਾਰੀਆਂ ਦਾ ਪ੍ਰਮੁੱਖ ਨਿਸ਼ਾਨਾ/ਟੀਚਾ ਟੋਕੀਓ ਉਲੰਪਿਕ 2020 ਵਿਚ ਤਗਮਾ ਜਿੱਤਣਾ ਹੈ। ਸਾਡੀਆਂ ਸ਼ੁੱਭ ਕਾਮਨਾਵਾਂ ਇਨ੍ਹਾਂ ਯੁਵਾ ਖਿਡਾਰੀਆਂ ਦੇ ਨਾਲ ਹਨ।


-ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-82217


ਖ਼ਬਰ ਸ਼ੇਅਰ ਕਰੋ

ਭਾਰਤੀ ਕ੍ਰਿਕਟ ਟੀਮ ਵਿਚ ਹਮੇਸ਼ਾ ਰਿਹਾ ਹੈ ਸ਼ੁਰੂਆਤੀ ਸੰਕਟ

ਹੁਣ ਤੱਕ ਦੇ ਲਗਪਗ 83-84 ਸਾਲਾਂ ਦੇ ਕ੍ਰਿਕਟ ਟੈਸਟ ਦੇ ਇਤਿਹਾਸ ਵਿਚ ਭਾਰਤੀ ਕ੍ਰਿਕਟ ਟੀਮ 88 ਓਪਨਰਾਂ ਨੂੰ ਅਜ਼ਮਾ ਚੁੱਕੀ ਹੈ ਅਤੇ ਭਾਰਤੀ ਓਪਨਰ ਕਿਸ ਤਰ੍ਹਾਂ ਆਪਣੀ ਭੂਮਿਕਾ ਵਿਚ ਅਕਸਰ ਅਸਫ਼ਲ ਰਹੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਦੋ ਓਪਨਰਾਂ ਨੂੰ ਛੱਡ ਕੇ ਕੋਈ ਵੀ ਓਪਨਰ 5000 ਦੌੜਾਂ ਓਪਨਿੰਗ ਕਰਦੇ ਹੋਏ ਨਹੀਂ ਬਣਾ ਸਕਿਆ। ਸਿਰਫ਼ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਹੀ ਦੋ ਇਸ ਤਰ੍ਹਾਂ ਦੇ ਭਾਰਤੀ ਓਪਨਰ ਹਨ ਜਿਨ੍ਹਾਂ ਦੇ ਖਾਤੇ ਵਿਚ 5000 ਜਾਂ ਉਸ ਤੋਂ ਜ਼ਿਆਦਾ ਦੌੜਾਂ ਓਪਨਿੰਗ ਕਰਦੇ ਹੋਏ ਜੁੜੀਆਂ ਹਨ। ਸੁਨੀਲ ਗਾਵਸਕਰ ਤਾਂ ਓਪਨਿੰਗ ਕਰਦੇ ਹੋਏ ਚਮਤਕਾਰ ਦੀ ਹੱਦ ਤੱਕ ਸ਼ਾਨਦਾਰ ਖਿਡਾਰੀ ਰਹੇ ਹਨ। ਉਨ੍ਹਾਂ ਨੇ ਉਸ ਦੌਰ ਵਿਚ ਓਪਨਿੰਗ ਕਰਦੇ ਹੋਏ, ਜ਼ਬਰਦਸਤ ਦੌੜਾਂ ਬਣਾਈਆਂ ਹਨ, ਜਿਸ ਦੌਰ ਵਿਚ ਵੈਸਟਇੰਡੀਜ਼ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਸਾਹਮਣੇ ਵੱਡੇ ਤੋਂ ਵੱਡੇ ਓਪਨ ਦੇ ਦੌੜਾਂ ਦੇ ਲਾਲੇ ਪਿਆ ਕਰਦੇ ਸਨ।
ਸੁਨੀਲ ਗਾਵਸਕਰ ਨੇ 1971 ਵਿਚ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ 1987 ਤੱਕ ਉਹ ਟੈਸਟ ਕ੍ਰਿਕਟ ਖੇਡੇ ਜਿਸ ਵਿਚ ਲਗਾਤਾਰ ਓਪਨਿੰਗ ਕਰਦੇ ਰਹੇ। 119 ਮੈਚਾਂ ਵਿਚ ਉਨ੍ਹਾਂ ਨੇ 50.29 ਦੌੜਾਂ ਦੀ ਔਸਤ ਨਾਲ 9,607 ਦੌੜਾਂ ਬਣਾਈਆਂ, ਜਿਸ ਵਿਚ 33 ਸੈਂਕੜੇ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਸਕੋਰ 221 ਦੌੜਾਂ ਹਨ। ਉਨ੍ਹਾਂ ਦੇ ਬਾਅਦ ਓਪਨਿੰਗ ਵਿਚ ਭਾਰਤ ਨੂੰ ਮਜਬੂਤੀ ਦੇਣ ਦਾ ਸਿਹਰਾ ਵਰਿੰਦਰ ਸਹਿਵਾਗ ਦੇ ਖੇਤ ਵਿਚ ਰਿਹਾ। ਸਾਲ 2002 ਤੋਂ ਲੈ ਕੇ 2013 ਤੱਕ ਸਹਿਵਾਗ ਨੇ 98 ਟੈਸਟ ਮੈਚਾਂ ਵਿਚ ਓਪਨਿੰਗ ਕੀਤੀ, ਜਿਸ ਵਿਚ 50.14 ਦੀ ਔਸਤ ਨਾਲ 8,124 ਦੌੜਾਂ ਬਣਾਈਆਂ। ਹਾਲਾਂਕਿ ਉਨ੍ਹਾਂ ਦੇ ਸੈਂਕੜਿਆਂ ਦੀ ਗਿਣਤੀ ਗਾਵਸਕਰ ਦੇ ਮੁਕਾਬਲੇ 11 ਘੱਟ ਹੈ, ਉਨ੍ਹਾਂ ਨੇ ਗਾਵਸਕਰ ਤੋਂ 21 ਮੈਚ ਘੱਟ ਖੇਡ ਕੇ 11 ਸੈਂਕੜੇ ਘੱਟ ਭਾਵ ਕੁੱਲ 22 ਸੈਂਕੜੇ ਬਣਾਏ ਹਨ। ਪਰ ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ 319 ਹਨ।
ਪਰ ਜੇਕਰ ਇਨ੍ਹਾਂ ਦੋ ਖਿਡਾਰੀਆਂ ਨੂੰ ਛੱਡ ਦਈਏ ਤਾਂ ਭਾਰਤ ਦੇ ਜੋ ਉੱਚ ਚੋਟੀ ਦੇ 10 ਵਧੀਆ ਓਪਨਰ ਹਨ, ਉਨ੍ਹਾਂ ਵਿਚੋਂ ਕਿਸੇ ਦੇ ਵੀ ਖਾਤੇ ਵਿਚ 5000 ਦੌੜਾਂ ਨਹੀਂ ਹਨ ਅਤੇ ਨਾ ਹੀ ਗਾਵਸਕਰ ਅਤੇ ਸਹਿਵਾਗ ਦੇ ਜਿੰਨੀ ਔਸਤ ਹੈ। ਗਾਵਸਕਰ ਅਤੇ ਸਹਿਵਾਗ ਤੋਂ ਬਾਅਦ ਤੀਜੇ ਸਭ ਤੋਂ ਸਫ਼ਲ ਓਪਨਰ ਗੌਤਮ ਗੰਭੀਰ ਹਨ, ਜਿਨ੍ਹਾਂ ਨੇ 57 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 42.90 ਦੀ ਔਸਤ ਨਾਲ 4,119 ਦੌੜਾਂ ਬਣਾਈਆਂ ਹਨ ਜਿਸ ਵਿਚੋਂ 9 ਸੈਂਕੜੇ ਸ਼ਾਮਿਲ ਹਨ। ਗੰਭੀਰ ਦਾ ਸਰਬੋਤਮ ਦੌੜਾਂ 206 ਹਨ। ਗੰਭੀਰ ਤੋਂ ਇਲਾਵਾ ਮੁਰਲੀ ਵਿਜੇ ਨੇ 3,890 ਦੌੜਾਂ 39.19 ਦੀ ਔਸਤ ਨਾਲ ਬਣਾਈਆਂ। 12 ਸੈਂਕੜੇ ਮਾਰੇ ਜਦ ਕਿ ਨਵਜੋਤ ਸਿੰਘ ਸਿੱਧੂ ਨੇ 45 ਟੈਸਟ ਮੈਚਾਂ ਵਿਚ 42.80 ਦੀ ਔਸਤ ਨਾਲ ਦੌੜਾਂ ਬਣਾਉਂਦੇ ਹੋਏ 2,911 ਦੌੜਾਂ ਬਣਾਈਆਂ ਹਨ ਅਤੇ 8 ਸੈਂਕੜੇ ਜੋੜੇ ਹਨ। ਸਿੱਧੂ ਤੋਂ ਇਲਾਵਾ ਸ਼ਿਖਰ ਧਵਨ ਨੇ 34 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 40.61 ਦੀ ਔਸਤ ਨਾਲ 2,315 ਦੌੜਾਂ, 7 ਸੈਂਕੜਿਆਂ ਦੇ ਨਾਲ ਤੇ ਪੰਕਜ ਰਾਏ 1991 ਤੋਂ 1960 ਦੇ ਵਿਚਾਲੇ 41 ਟੈਸਟ ਮੈਚਾਂ ਵਿਚ ਓਪਨਿੰਗ ਕਰਦੇ ਹੋਏ 2220 ਦੌੜਾਂ ਬਣਾਈਆਂ ਜਿਨ੍ਹਾਂ ਵਿਚੋਂ 4 ਸੈਂਕੜੇ ਵੀ ਸ਼ਾਮਿਲ ਹਨ, ਉਨ੍ਹਾਂ ਦਾ ਸਰਬੋਤਮ ਨਿੱਜੀ ਦੌੜਾਂ ਓਪਨਿੰਗ ਕਰਦੇ ਹੋਏ 173 ਦੌੜਾਂ ਹੈ।
ਇਹ ਏਨੀ ਲੰਬੀ ਅੰਕੜੇਬਾਜ਼ੀ ਇਸ ਲਈ ਦਰਜ ਕਰਨੀ ਪਈ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖ਼ਿਰ ਭਾਰਤੀ ਕ੍ਰਿਕਟ ਵਿਚ ਓਪਨਿੰਗ ਦੀ ਸਮੱਸਿਆ ਕਿੰਨੀ ਵੱਡੀ ਹੈ। ਦਰਅਸਲ ਘਰੇਲੂ ਟੈਸਟ ਮੈਚਾਂ ਵਿਚ ਤਾਂ ਸਾਡੇ ਓਪਨਰ ਕਿਸੇ ਹੱਦ ਤੱਕ ਚੰਗਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹਿੰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ੀ ਦੌਰੇ 'ਤੇ ਜਾਂਦੇ ਹਨ, ਉਨ੍ਹਾਂ ਦੀ ਸਾਰੀ ਔਸਤ ਗੜਬੜਾ ਜਾਂਦੀ ਹੈ ਕਿਉਂਕਿ ਵਿਦੇਸ਼ਾਂ ਵਿਚ ਭਾਰਤੀ ਓਪਨਰ ਆਮ ਤੌਰ 'ਤੇ ਘਰੇਲੂ ਮੈਚਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਫ਼ਲ ਰਹਿੰਦੇ ਹਨ। ਸਵਾਲ ਹੈ ਕਿ ਇਸ ਦੀ ਵਜ੍ਹਾ ਕੀ ਹੈ? ਲੰਬੇ ਸਮੇਂ ਤੋਂ ਇਸ ਸਵਾਲ 'ਤੇ ਸਭ ਤਰ੍ਹਾਂ ਦੇ ਵਿਚਾਰ ਕਰਦੇ ਹੋਏ ਜਾਣ ਕੇ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਭਾਰਤੀ ਪਿੱਚਾਂ ਹਨ। ਅਸਲ ਵਿਚ ਭਾਰਤੀ ਪਿੱਚਾਂ ਕਾਫ਼ੀ ਸਪਾਟ ਹਨ, ਜਿਸ ਕਾਰਨ ਇਥੇ ਗੇਂਦ ਉੱਠ ਕੇ ਆਉਂਦੀ ਹੈ ਅਤੇ ਸਾਡੇ ਸਾਰੇ ਬੱਲੇਬਾਜ਼ ਬਹੁਤ ਹਿਟ ਕਰਦੇ ਹਨ ਪਰ ਜਿਵੇਂ ਹੀ ਉਹ ਵਿਦੇਸ਼ ਜਾਂਦੇ ਹਨ, ਭਾਰਤੀ ਪਿੱਚਾਂ ਦਾ ਇਹ ਅਭਿਆਸ ਉਨ੍ਹਾਂ ਨੂੰ ਲੈ ਡੁੱਬਦਾ ਹੈ। ਇਸ ਲਈ ਜੇਕਰ ਲਗਪਗ ਇਕ ਸਦੀ ਪੁਰਾਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਭਾਰਤ ਵਿਚ ਤੇਜ਼ ਪਿੱਚਾਂ ਬਣਾਉਣੀਆਂ ਹੀ ਪੈਣਗੀਆਂ।

ਅਥਲੈਟਿਕਸ ਦੀ ਰਿਕਾਰਡ ਹੋਲਡਰ ਐਲੀਸਨ ਮਿਸ਼ੇਲ ਫੇਲਿਕਸ

ਦੁਨੀਆ ਵਿਚ ਜਿੱਥੇ ਪੁਰਸ਼ਾਂ ਨੇ ਵੱਖ-ਵੱਖ ਖੇਡਾਂ ਵਿਚ ਰਿਕਾਰਡ ਬਣਾਏ ਹਨ, ਉੱਥੇ ਹੀ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਖੇਤਰ ਵਿਚ ਔਰਤਾਂ ਨੇ ਮਰਦਾਂ ਨਾਲੋਂ ਵੱਧ ਮਿਹਨਤ ਕੀਤੀ ਹੈ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ। ਪੂਰੀ ਦੁਨੀਆ ਵਿਚ ਮਹਿਲਾਵਾਂ ਨੇ ਆਪਣਾ ਨਾਂਅ ਚਮਕਾਇਆ ਹੈ। ਭਾਰਤੀ ਮਹਿਲਾ ਖਿਡਾਰਨਾਂ ਨੇ ਵੀ ਪਿਛਲੇ ਸਮੇਂ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਖੇਡਾਂ ਵਿਚ ਸੋਨ ਤਗਮੇ ਜਿੱਤ ਅਨੇਕ ਰਿਕਰਡ ਬਣਾਏ। ਅੱਜ ਗੱਲ ਕਰਨ ਲੱਗੇ ਹਾਂ ਖੇਡਾਂ ਦੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀ ਉਲੰਪੀਅਨ ਅਥਲੀਟ ਐਲੀਸਨ ਮਿਸ਼ੇਲ ਫੇਲਿਕਸ ਦੀ, ਜਿਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅਥਲੈਟਿਕ ਖੇਡ ਤੋਂ ਕੀਤੀ। ਐਲੀਸਨ ਮਿਸ਼ੇਲ ਫੇਲਿਕਸ ਦਾ ਜਨਮ ਅਮਰੀਕਾ ਵਿਚ 18 ਨਵੰਬਰ, 1985 ਨੂੰ ਹੋਇਆ। ਐਲੀਸਨ ਮਿਸ਼ੇਲ ਫੇਲਿਕਸ ਅਮਰੀਕੀ ਟਰੈਕ ਅਤੇ ਫੀਲਡ ਸਪ੍ਰਿੰਟਰ ਖਿਡਾਰਨ ਹੈ। ਫੇਲਿਕਸ 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਹੈ। ਫੇਲਿਕਸ ਨੇ 2012 ਉਲੰਪਿਕ ਖੇਡਾਂ ਵਿਚ 3 ਸੋਨ ਤਗਮੇ ਜਿੱਤੇ। ਫੇਲਿਕਸ ਨੇ ਮਹਿਲਾ ਸਾਲ 2008 ਤੇ 2016 ਦੀਆਂ ਉਲੰਪਿਕ ਖੇਡਾਂ ਵਿਚ 5 ਸੋਨ ਤਗਮੇ ਜਿੱਤੇ ਹਨ ਅਤੇ ਵਿਸ਼ਵ ਰਿਕਾਰਡ ਵੀ ਬਣਾਏ ਹਨ, ਜੋ ਅਜੇ ਵੀ ਸਥਾਪਿਤ ਹਨ। ਫੇਲਿਕਸ ਇਕਲੌਤੀ ਟ੍ਰੈਕ ਅਤੇ ਫੀਲਡ ਦੀ ਅਥਲੀਟ ਹੈ, ਜਿਸ ਨੇ 6 ਉਲੰਪਿਕ ਸੋਨ ਤਗਮੇ ਜਿੱਤੇ ਹਨ। ਫੇਲਿਕਸ ਆਈ.ਏ.ਏ.ਐਫ. ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ 16 ਤਗਮੇ ਜਿੱਤਣ ਵਾਲੀ ਪਹਿਲੀ ਅਥਲੀਟ ਬਣੀ। ਸਾਲ 2019 ਫੇਲਿਕਸ ਨੇ ਦੋਹਾ, ਕਤਰ ਵਿਚ ਵਰਲਡ ਚੈਂਪੀਅਨਸ਼ਿਪ ਵਿਚ ਯੂਸੇਨ ਬੋਲਟ ਦਾ ਸਭ ਤੋਂ ਵੱਧ ਤਗਮਿਆਂ ਦਾ ਰਿਕਾਰਡ ਤੋੜਿਆ। ਅਥਲੈਟਿਕਸ ਖੇਡ ਲਈ ਐਲੀਸਨ ਮਿਸ਼ੇਲ ਫੇਲਿਕਸ ਨੇ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਖੇਡ ਨਾਲ ਜੁੜਦੇ ਹੋਏ ਕਈ ਇਤਿਹਾਸਕ ਤਗਮੇ ਜਿੱਤੇ। ਐਲੀਸਨ ਨੇ ਬਹੁਤ ਐਵਾਰਡ ਵੀ ਪ੍ਰਾਪਤ ਕੀਤੇ, ਜਿਸ ਵਿਚ 'ਅਥਲੀਟ ਆਫ ਦਾ ਈਅਰ' ਐਵਾਰਡ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ। ਸਾਲ 2005, 2007, 2010, 2015 ਵਿਚ ਇਸ ਖਿਡਾਰਨ ਨੇ ਇਹ ਐਵਾਰਡ ਆਪਣੇ ਨਾਂਅ ਕੀਤਾ। ਇਹ ਸੱਚ ਹੈ ਕਿ ਮਿਹਨਤ ਜੇਕਰ ਕੋਈ ਵੀ, ਕਿਸੇ ਵੀ ਖੇਤਰ ਵਿਚ ਕਰਦਾ ਹੈ, ਉਸ ਨੂੰ ਸਫਲਤਾ ਹਾਸਲ ਜ਼ਰੂਰ ਹੰਦੀ ਹੈ। ਆਸ ਕਰਦੇ ਹਾਂ ਕਿ ਐਲੀਸਨ ਮਿਸ਼ੇਲ ਫੇਲਿਕਸ ਵਾਂਗ ਭਾਰਤੀ ਖਿਡਾਰਨਾਂ ਵੀ ਮਿਹਨਤ ਕਰਨ ਤੇ ਉਲੰਪਿਕ ਖੇਡਾਂ ਤੇ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਲਈ ਤਗਮੇ ਜਿੱਤਣ।


-ਮੋਬਾ: 82888-47042

ਸੱਜੇ ਹੱਥ ਤੋਂ ਅਪਾਹਜ ਪਰ ਕ੍ਰਿਕਟ ਦਾ ਸਿਤਾਰਾ ਹੈ ਕੁਲਦੀਪ ਕੁਮਾਰ ਕਨੌਜੀਆ ਲਖਨਊ

ਕੁਲਦੀਪ ਕੁਮਾਰ ਕਨੌਜੀਆ ਸੱਜੇ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਉਹ ਸਿਤਾਰਾ ਹੈ, ਜਿਸ ਦੀ ਚਮਕ ਇਕੱਲੇ ਯੂ.ਪੀ. ਪ੍ਰਾਂਤ ਵਿਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੀ ਇਕ ਅਲੱਗ ਪਹਿਚਾਣ ਹੈ। ਇਸ ਕ੍ਰਿਕਟ ਦੇ ਖਿਡਾਰੀ ਦਾ ਜਨਮ ਪਿਤਾ ਰਾਮ ਅਵਤਾਰ ਕਨੌਜੀਆ ਦੇ ਘਰ ਮਾਤਾ ਸੁਨੀਤਾ ਕਨੌਜੀਆ ਦੀ ਕੁੱਖੋਂ 12 ਅਗਸਤ, 1987 ਨੂੰ ਲਖਨਊ ਦੇ ਰਾਜਾਜੀ ਪੁਰਮ ਵਿਖੇ ਹੋਇਆ। ਕੁਲਦੀਪ ਕੁਮਾਰ ਨੇ ਜਦ ਜਨਮ ਲਿਆ ਤਾਂ ਉਸ ਦਾ ਸੱਜਾ ਹੱਥ ਜਨਮ ਤੋਂ ਹੀ ਛੋਟਾ ਸੀ ਜਾਣੀ ਸੁੰਗੜਿਆ ਹੋਇਆ ਸੀ ਅਤੇ ਮਾਂ-ਬਾਪ ਸੋਚਦੇ ਸਨ ਕਿ ਹੋ ਸਕਦਾ ਹੈ ਕੁਲਦੀਪ ਜਦ ਵੱਡਾ ਹੋਵੇਗਾ ਤਾਂ ਉਸ ਦਾ ਹੱਥ ਠੀਕ ਹੋ ਜਾਵੇਗਾ। ਕੁਲਦੀਪ ਵੱਡਾ ਤਾਂ ਹੋ ਗਿਆ ਪਰ ਉਸ ਦਾ ਹੱਥ ਉਵੇਂ ਦਾ ਉਂਵੇ ਹੀ ਰਿਹਾ। ਕੁਲਦੀਪ ਨੇ ਇਸ ਨੂੰ ਸਵੀਕਾਰ ਕਰਕੇ ਜ਼ਿੰਦਗੀ ਦੀ ਮੰਜ਼ਿਲ 'ਤੇ ਅਜਿਹਾ ਕਦਮ ਰੱਖਿਆ ਕਿ ਉਸ ਦੀ ਮੰਜ਼ਿਲ ਦੀ ਵਾਟ ਨਾ ਹੀ ਕਦੇ ਮੁੱਕੀ ਅਤੇ ਨਾ ਹੀ ਕਦੇ ਰੁਕੀ। ਉਸ ਨੇ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਕੇ ਆਪਣੇ-ਆਪ ਨੂੰ ਉੱਚ ਸਿੱਖਿਅਕ ਵਿਦਿਆਰਥੀਆਂ ਵਿਚ ਖੜ੍ਹਾ ਕਰ ਲਿਆ।
ਕੁਲਦੀਪ ਨੇ ਭਾਵੇਂ ਪੈਰਾ ਅਥਲੈਟਿਕ ਕਰਨੀ ਸ਼ੁਰੂ ਕੀਤੀ ਪਰ ਉਸ ਦਾ ਮੁੱਖ ਸ਼ੌਕ ਕ੍ਰਿਕਟਰ ਬਣਨ ਦਾ ਸੀ ਅਤੇ ਉਹ ਪੈਰਾ ਕ੍ਰਿਕਟ ਦੇ ਮੈਦਾਨ ਵਿਚ ਉਤਰਿਆ ਅਤੇ ਅੱਜ ਉਹ ਰਾਸ਼ਟਰੀ ਅਤੇ ਅੰਤਰਰਸ਼ਟਰੀ ਪੱਧਰ ਦਾ ਖਿਡਾਰੀ ਹੈ ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ। ਸਾਲ 2011-12 ਤੋਂ ਇੰਡੀਅਨ ਕ੍ਰਿਕਟ ਫੈਡਰੇਸ਼ਨ ਫਾਰ ਦਾ ਡਿਸਏਬਲ ਵਲੋਂ ਟੀ-20 ਮੈਚ ਲਗਾਤਾਰ ਖੇਡ ਰਿਹਾ ਹੈ ਅਤੇ ਸਾਲ 2014 ਵਿਚ ਉਹ ਪੈਰਾ ਫੁੱਟਬਾਲ ਟੂਰਨਾਮੈਂਟ ਵਿਚ ਵੀ ਭਾਗ ਲੈ ਚੁੱਕਾ ਹੈ। ਸਾਲ 2015 ਵਿਚ ਉਸ ਨੇ ਬੈਡਮਿੰਟਨ ਵਿਚ ਵੀ ਡਬਲ ਪੁਰਸ਼ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2008 ਵਿਚ ਯੂ.ਪੀ. ਵਿਚ ਹੋਈ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ 1500 ਮੀਟਰ ਦੌੜ ਵਿਚ ਤੀਜਾ ਸਥਾਨ ਅਤੇ 200 ਮੀਟਰ ਦੌੜ ਵਿਚ ਪਹਿਲੇ ਸਥਾਨ 'ਤੇ ਰਿਹਾ। ਕੁਲਦੀਪ ਕੁਮਾਰ ਇਕ ਪੈਰਾ ਖਿਡਾਰੀ ਹੀ ਨਹੀਂ, ਸਗੋਂ ਇਕ ਸਮਾਜ ਸੇਵੀ ਵੀ ਹੈ ਅਤੇ ਉਹ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਸਮਾਜਿਕ ਕੰਮ ਵੀ ਨਾਲੋ-ਨਾਲ ਕਰ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਨੂੰ ਲੈ ਕੇ ਉਹ ਹਮੇਸ਼ਾ ਹੀ ਚਿੰਤਾ ਵਿਚ ਹੈ। ਉਸ ਨੇ ਲਖਨਊ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਇਕ ਮੁਹਿੰਮ ਵੀ ਵਿੱਢੀ ਹੋਈ ਹੈ ਅਤੇ ਉਹ ਅਕਸਰ ਲੰਮੀਆਂ ਸਾਈਕਲ ਯਾਤਰਾਵਾਂ ਕਰਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦਾ ਹੋਕਾ ਵੀ ਦਿੰਦਾ ਹੈ। ਕੁਲਦੀਪ ਕੁਮਾਰ ਕਨੌਜੀਆ ਆਖਦਾ ਹੈ ਕਿ, 'ਉਸ ਨੇ ਹਮੇਸ਼ਾ ਆਪਣੇ-ਆਪ ਨੂੰ ਹੋਰ ਅੱਗੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਸ ਨੂੰ ਬੀਤੇ ਹੋਏ ਪਲ ਦੀ ਨਹੀਂ, ਆਉਣ ਵਾਲੇ ਕੱਲ੍ਹ ਦੀ ਫਿਕਰ ਹੈ।


-ਮੋਬਾ: 98551-14484

ਉਲੰਪਿਕ ਹਾਕੀ ਕੁਆਲੀਫਾਇਰ

ਭੁਵਨੇਸ਼ਵਰ ਵਿਖੇ ਘਰੇਲੂ ਮੈਦਾਨ 'ਚ ਸਾਡੀਆਂ ਕੌਮੀ ਟੀਮਾਂ ਲਈ ਪਰਖ ਦੀਆਂ ਘੜੀਆਂ

ਸਾਡੀਆਂ ਪੁਰਸ਼ ਵਰਗ ਅਤੇ ਮਹਿਲਾ ਵਰਗ ਦੀਆਂ ਕੌਮੀ ਹਾਕੀ ਟੀਮਾਂ ਦਾ ਨਿਸ਼ਾਨਾ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਲਈ ਬਾਇੱਜ਼ਤ ਕੁਆਲੀਫਾਈ ਕਰਨਾ ਹੈ। ਖਿਡਾਰੀਆਂ-ਖਿਡਾਰਨਾਂ ਨੂੰ ਚਿਤਾਵਨੀ ਹੈ ਆਪਣੀ ਵਿਅਕਤੀਗਤ ਖੇਡ ਨੂੰ ਬਿਹਤਰ ਬਣਾਉਣ ਦੀ। ਟੀਮਾਂ ਨੂੰ ਹਮੇਸ਼ਾ ਇਹ ਯਾਦ ਰੱਖਣ ਦੀ ਲੋੜ ਹੈ ਕਿ ਕੁਆਲੀਫਾਈ ਕਰਨ ਲਈ ਕਿੰਨੇ ਦਿਨ ਬਚੇ ਹਨ। ਇਸੇ ਤਹਿਤ ਹੀ ਸਾਡੀ ਕੌਮੀ ਹਾਕੀ ਟੀਮ ਦਾ ਬੈਲਜ਼ੀਅਮ ਦੌਰਾ ਸੀ, ਜਿਸ ਵਿਚ ਸਾਡੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਕ ਆਸ ਪੈਦਾ ਕੀਤੀ ਹੈ ਸਾਡਾ ਦੇਸ਼ ਹਾਕੀ ਦੀ ਦੁਨੀਆ 'ਚ ਉੱਪਰ ਉੱਠਣ ਲਈ ਸਹੀ ਕਦਮ ਪੁੱਟ ਰਿਹਾ ਹੈ। ਇਥੇ ਸਾਡੀ ਜਾਚੇ ਸਭ ਤੋਂ ਮਹੱਤਵਪੂਰਨ ਇਹ ਵੀ ਹੈ ਕਿ ਸਾਡੇ ਖਿਡਾਰੀ ਗੰਭੀਰ ਸੱਟਾਂ ਦਾ ਬਚਾਅ ਵੀ ਰੱਖਣ। 8 ਵਾਰੀ ਸੋਨੇ ਦਾ ਤਗਮਾ ਜਿੱਤ ਚੁੱਕੇ ਇਸ ਦੇਸ਼ ਲਈ ਉਲੰਪਿਕ ਖੇਡਾਂ ਲਈ ਨਾ ਕੁਆਲੀਫਾਈ ਕਰਨਾ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੋਈ ਸੀ 2008 'ਚ ਬੀਜਿੰਗ ਉਲੰਪਿਕ ਖੇਡਾਂ ਦੌਰਾਨ। ਦੂਜੇ ਪਾਸੇ ਉਲੰਪਿਕ ਖੇਡਾਂ 'ਚ ਸਾਡੀ ਹਾਕੀ ਨੂੰ ਕੋਈ ਤਗਮਾ ਜਿੱਤੇ ਦਹਾਕੇ ਹੋ ਚੱਲੇ ਹਨ। ਤੁਹਾਨੂੰ ਯਾਦ ਹੋਵੇਗਾ ਕਿ 1980 ਦੇ ਮਾਸਕੋ (ਰੂਸ) 'ਚ ਉਲੰਪਿਕ ਖੇਡਾਂ ਦੌਰਾਨ ਭਾਰਤ ਨੇ ਤਗਮਾ ਜਿੱਤਿਆ ਸੀ।
ਦੱਸਦੇ ਚੱਲੀਏ ਕਿ ਜਿਸ ਦੇਸ਼ ਵਿਚ ਅਸੀਂ ਆਖਰੀ ਵਾਰ ਤਗਮਾ ਜਿੱਤਿਆ, ਉਸ ਦੇਸ਼ ਦੇ ਖਿਲਾਫ ਹੀ ਅਸੀਂ ਭੁਵਨੇਸ਼ਵਰ ਵਿਖੇ 1, 2 ਨਵੰਬਰ ਨੂੰ ਉਲੰਪਿਕ ਦੇ ਕੁਆਲੀਫਾਈ ਗੇੜ ਦਾ ਅਹਿਮ ਮੈਚ ਖੇਡਣ ਜਾ ਰਹੇ ਹਾਂ, ਬੈਕ ਟੂ-ਬੈਟ ਮੈਚ। ਰੂਸ ਦੇ ਕੌਮੀ ਚੀਫ਼ ਕੋਚ ਵਲਾਦੀਮੀਰ ਕੋਕਿਨ ਅਤੇ ਉਸ ਦੇ ਜੁਝਾਰੂ ਖਿਡਾਰੀਆਂ ਡੈਨਿਸ ਸਚੀਪਾਚੇਵ, ਮਿਖਾਟਿਲ ਕੂਰੀਕੋਵ, ਜਾਹਜਆਈ ਅਰੂਸੀਆ, ਵੀਰਜ ਮੈਟਕੋਵਸਕੀ, ਮਰਾਤ ਖੈਰਲਿਨ, ਪਵੇਲ ਗੋਲੂਬੇਵ ਆਦਿ ਖਿਡਾਰੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ। ਇਤਿਹਾਸ ਗਵਾਹ ਹੈ ਕਿ ਭਾਵੇਂ ਰੂਸ ਨੇ ਕਦੇ ਵੀ ਵਿਸ਼ਵ ਕੱਪ ਜਾਂ ਉਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ, ਉਨ੍ਹਾਂ ਨੇ ਯੂਰੋ ਹਾਕੀ ਚੈਂਪੀਅਨਸ਼ਿਪ ਵਿਚ 4 ਵਾਰ ਮੁਕਾਬਲਾ ਕੀਤਾ ਹੈ ਜਿਥੇ ਉਨ੍ਹਾਂ ਦਾ ਸਰਬੋਤਮ ਨਤੀਜਾ 2011 'ਚ ਸੱਤਵਾਂ ਸਥਾਨ ਰਿਹਾ। ਮਹਿਲਾ ਵਰਗ 'ਚ ਸਾਡੀ ਟੀਮ ਦਾ ਮੁਕਾਬਲਾ ਯੂ.ਐਸ.ਏ. ਨਾਲ ਹੈ, ਜੋ ਕਿ ਬਹੁਤ ਮੁਸ਼ਕਿਲ ਵਿਰੋਧੀ ਬੈਕ-ਟੂ-ਬੈਕ ਮੈਚ ਹੈ। ਐਫ.ਆਈ.ਐਚ. ਦੀ ਵਿਸ਼ਵ ਰੈਂਕਿੰਗ ਵਿਚ ਰੂਸ ਦਾ 22ਵਾਂ ਸਥਾਨ ਹੈ ਅਤੇ ਯੂ.ਐਸ.ਏ. ਦੀ ਮਹਿਲਾ ਹਾਕੀ ਟੀਮ 13ਵੇਂ ਸਥਾਨ 'ਤੇ ਹੈ ਅਤੇ ਭਾਰਤੀ ਟੀਮ ਨੌਵੇਂ ਸਥਾਨ 'ਤੇ ਹੈ। ਲੰਡਨ 'ਚ ਮਹਿਲਾ ਵਰਲਡ ਕੱਪ ਵਿਚ ਆਖਰੀ ਬੈਠਕ 'ਚ ਭਾਰਤ ਨੇ ਯੂ.ਐਸ.ਏ. ਦੇ ਖਿਲਾਫ 1-1 ਨਾਲ ਬਰਾਬਰੀ ਕੀਤੀ ਸੀ ਪਰ ਰੂਸ ਨੂੰ ਪੁਰਸ਼ ਵਰਗ ਵਿਚ ਭੁਵਨੇਸ਼ਵਰ ਵਿਚ ਐਫ.ਆਈ.ਐਚ. ਸੀਰੀਜ਼ ਦੇ ਫਾਈਨਲ ਦੌਰਾਨ ਰੂਸ ਨੂੰ 10-0 ਨਾਲ ਹਰਾਇਆ ਸੀ। ਮਹਿਲਾ ਕਪਤਾਨ ਰਾਣੀ ਰਾਮਪਾਲ ਬਹੁਤ ਬੁਲੰਦ ਇਰਾਦਿਆਂ 'ਚ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਟੀਮ ਯਕੀਨਨ ਟੋਕੀਓ ਉਲੰਪਿਕ ਹਾਕੀ ਲਈ ਕੁਆਲੀਫਾਈ ਕਰੇਗੀ। ਪੁਰਸ਼ ਅਤੇ ਮਹਿਲਾ ਟੀਮਾਂ ਦੇ ਕੋਚ ਗ੍ਰਾਹਮ ਰੀਡ ਅਤੇ ਸਜੋਰਡ ਮਾਰੀਜਿਨ ਦੋਵੇਂ ਆਸ਼ਾਵਾਦੀ ਹਨ ਪਰ ਸਾਡੀਆਂ ਕੌਮੀ ਟੀਮਾਂ ਨੂੰ ਭੁਵਨੇਸ਼ਵਰ ਵਿਖੇ ਕਿਸੇ ਵੀ ਟੀਮ ਨੂੰ ਘੱਟ ਸਮਝਣ ਦੀ ਲੋੜ ਨਹੀਂ। ਰੂਸ ਦੀ ਰੱਖਿਆਤਮਕ ਪੰਕਤੀ ਜ਼ਬਰਦਸਤ ਹੈ, ਯੂ.ਐਸ.ਏ. ਦੀ ਹਮਲਾਵਰ ਪੰਕਤੀ ਲਾਜਵਾਬ ਹੈ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕ੍ਰਿਕਟ ਵਿਚ ਦੋ ਕੁਸ਼ਲ ਮੁਟਿਆਰਾਂ

ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ਦਾ ਸ਼ੁਭ ਆਗਮਨ

ਅੱਜਕਲ੍ਹ ਜਦੋਂ ਕੋਈ ਦੋ ਕ੍ਰਿਕਟ ਪ੍ਰੇਮੀ ਮਿਲਦੇ ਹਨ ਤੇ ਭਾਰਤੀ ਮਹਿਲਾ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਕ੍ਰਿਕਟ ਵਿਚ ਦੋ ਵਿਸ਼ੇਸ਼ ਕਰਕੇ ਨੌਜਵਾਨ ਮੁਟਿਆਰਾਂ ਦੀ ਸਿਫਤ ਕਰਨ ਤੋਂ ਬਿਨਾਂ ਰਹਿ ਨਹੀ ਸਕਦੇ। ਇਹ ਦੋ ਮੁਟਿਆਰਾਂ ਸ਼ਿਫਾਲੀ ਵਰਮਾ ਤੇ ਪ੍ਰੀਆ ਪੁਨੀਆ ਹਨ, ਜਿਨ੍ਹਾਂ ਨੇ ਮਹਿਲਾ ਕ੍ਰਿਕਟ ਵਿਚ ਇਤਿਹਾਸ ਰਚ ਦਿੱਤਾ ਹੈ ਜੋ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਕੇਵਲ 15 ਸਾਲ ਦੀ ਬਾਲੜੀ ਸ਼ਿਫਾਲੀ ਵਰਮਾ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਲੜਕੀ ਬਣ ਗਈ ਹੈ, ਜਿਸ ਨੇ ਭਾਰਤੀ ਕ੍ਰਿਕਟ ਵਿਚ ਪ੍ਰਵੇਸ਼ ਪਾ ਲਿਆ ਹੈ। ਦੂਸਰੀ ਲੜਕੀ ਪ੍ਰੀਆ ਪੁਨੀਆ ਹੈ, ਜਿਸ ਨੇ ਆਪਣੇ ਪਹਿਲੇ ਹੀ ਇਕ ਦਿਨਾ ਮੈਚ ਵਿਚ ਪਲੇਅਰ ਆਫ ਦਾ ਮੈਚ ਖਿਤਾਬ 75 ਦੌੜਾਂ ਪ੍ਰਾਪਤ ਕਰਕੇ ਪ੍ਰਾਪਤ ਕਰ ਲਿਆ ਹੈ ਤੇ ਉਸ ਨੂੰ ਇਕ ਲੱਖ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਹੋਈ ਹੈ। ਇਸ ਸਮੇਂ ਉਨ੍ਹਾਂ ਛੋਟੀ ਉਮਰ ਦੇ ਖਿਡਾਰੀਆਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਨੇ ਘੱਟ ਉਮਰ ਵਿਚ ਮਾਅਰਕੇ ਮਾਰੇ ਹਨ। ਇਨ੍ਹਾਂ ਵਿਚੋਂ ਸਚਿਨ ਤੇਂਦੁਲਕਰ ਦਾ ਨਾਂਅ ਵਿਸ਼ੇਸ਼ ਵਰਨਣ ਦਾ ਹੱਕਦਾਰ ਹੈ। ਇਹ ਗੱਲ ਵੀ ਬਹੁਤ ਦਿਲਚਸਪ ਹੈ ਕਿ ਸਚਿਨ ਸ਼ਿਫਾਲੀ ਤੇ ਪੂਨੀਆ ਦਾ ਰੋਲ ਮਾਡਲ ਬਣਿਆ ਹੈ। ਇਨ੍ਹਾਂ ਦੋਵਾਂ ਨਾਲ ਸ਼ਿਫਾਲੀ ਤੇ ਪ੍ਰੀਆ ਨਾਲ ਜੀਵਨ ਦੀਆਂ ਪ੍ਰੇਰਿਤ ਕਰਨ ਵਾਲੀਆਂ ਬਹੁਤ ਦਿਲਚਸਪ ਗੱਲਾਂ ਜੋ ਸਭ ਨੂੰ ਪ੍ਰਭਾਵਿਤ ਕਰਦੀਆਂ ਹਨ, ਉਨ੍ਹਾਂ ਦਾ ਸੰਖੇਪ ਵਿਚ ਵਰਨਣ ਜ਼ਿੰਦਗੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ, ਜੋ ਇਸ ਪ੍ਰਕਾਰ ਹੈ। ਰੋਹਤਕ ਦੀ ਸ਼ਿਫਾਲੀ ਵਰਮਾ ਨੂੰ ਜਦੋਂ ਰੋਹਤਕ ਸ਼ਹਿਰ ਵਿਚ ਕ੍ਰਿਕਟ ਦੀ ਟ੍ਰੇਨਿੰਗ ਲਈ ਕੋਈ ਸੰਸਥਾ ਨਾ ਮਿਲੀ ਤਾਂ ਦੂਸਰੇ ਸ਼ਹਿਰ ਵਿਚ ਮੁੰਡਿਆਂ ਨਾਲ ਟ੍ਰੇਨਿੰਗ ਲੈਣੀ ਪਈ। ਦਿਲਚਸਪ ਗੱਲ ਇਹ ਹੈ ਕਿ ਉਸ ਬਾਰੇ ਪਤਾ ਹੀ ਨਾ ਲੱਗਿਆ ਕਿ ਸ਼ਿਫਾਲੀ ਮੁੰਡਾ ਹੈ ਜਾਂ ਕੁੜੀ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਸਾਂਝੇ ਪੰਜਾਬ ਸਮੇਂ ਸਰਕਾਰੀ ਕਾਲਜ ਰੋਹਤਕ ਵਿਚ ਇਕ ਲੈਕਚਰਾਰ ਵਜੋਂ ਕੰਮ ਕੀਤਾ ਹੈ। ਉਸ ਸਮੇਂ ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਭਰੀ ਹੋਈ ਸੀ ਕਿ ਦੁੱਧ-ਘਿਓ ਖਾਣ ਵਾਲਿਆਂ ਦੀ ਖੇਡ ਕਬੱਡੀ ਅਤੇ ਕੁਸ਼ਤੀ ਹੋ ਸਕਦੀ ਹੈ, ਕ੍ਰਿਕਟ ਨਹੀਂ। ਕ੍ਰਿਕਟ ਜੋ ਪੈਂਟਾਂ ਪਾ ਕੇ ਖੇਡੀ ਜਾਂਦੀ ਹੈ, ਉਹ ਕਾਹਦੀ ਖੇਡ ਹੋਈ, ਲੋਕ ਇਸ ਗੱਲ 'ਤੇ ਹੱਸਦੇ। ਇਸ ਕਿਸਮ ਦੇ ਲੋਕਾਂ ਦੀ ਮਨਪਸੰਦ ਵਿਚ ਜੇ ਹੁਣ ਸ਼ਿਫਾਲੀ ਕਰਕੇ ਪਰਿਵਰਤਨ ਆ ਗਿਆ ਹੈ ਤਾਂ ਇਹ ਖੇਡ ਲਈ ਸ਼ੁੱਭ ਸ਼ਗਨ ਹੈ। ਪਰ ਹੁਣ ਜਦੋਂ ਕਿ ਇਸ ਪੁਰਾਤਨ ਸੋਚ ਵਾਲੇ ਲੋਕ, ਮੁਹੱਲੇ ਵਾਲੇ ਸ਼ਿਫਾਲੀ ਦੇ ਲੜਕੀ ਹੋਣ ਕਰਕੇ ਮੁੰਡਿਆਂ ਨਾਲ ਖੇਡਣ ਕਰਕੇ ਸ਼ਿਫਾਲੀ ਦੇ ਪਿਤਾ ਨਾਲ ਨਾਰਾਜ਼ ਹੋ ਗਏ ਤੇ ਕਈ ਤਾਅਨੇ-ਮਿਹਣੇ ਦਿੰਦੇ ਰਹੇ ਤੇ ਉਸ ਦੇ ਪਿਤਾ ਸੁਣਦੇ ਰਹੇ। ਇਕ ਵਾਰ ਤਾਂ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਕੇ ਲੜਨ ਲਈ ਆ ਗਏ।
ਉਸ ਦਾ ਪਿਤਾ ਸਦਾ ਇਹ ਹੀ ਕਹਿੰਦਾ ਕਿ ਉਹ ਕੇਵਲ ਕ੍ਰਿਕਟ ਲਈ ਇਹ ਸਾਰਾ ਕੁਝ ਕਰ ਰਿਹਾ ਹੈ, ਰੋਹਤਕ ਵਿਚ ਕ੍ਰਿਕਟ ਦੀਆਂ ਸਹੂਲਤਾਂ ਨਾਂਹ ਦੇ ਬਰਾਬਰ ਹਨ। ਉਸ ਦਾ ਪਿਤਾ ਆਪਣੇ ਹੱਠ 'ਤੇ ਕਾਇਮ ਰਿਹਾ। ਉਹ ਮੁੰਡਿਆਂ ਵਾਂਗ ਹੀ ਖੇਡਦੀ ਰਹੀ ਤੇ ਉਸ ਦੀ ਖੇਡ ਵਿਚ ਕੋਈ ਵੀ ਨੁਕਸ ਨਾ ਦੇਖਣ ਵਿਚ ਆਇਆ। ਫਿਰ ਇਕ ਸਮਾਂ ਆਇਆ ਜਦੋਂ ਮੁੰਡਿਆਂ ਦੀ ਟੀਮ ਦੀ ਚੋਣ ਕਰਨੀ ਸੀ। ਇਸ ਸਮੇਂ ਸ਼ਿਫਾਲੀ ਨੂੰ ਇਹ ਕਹਿਣਾ ਪਿਆ ਕਿ 'ਉਹ ਤਾਂ ਕੁੜੀ ਹੈ, ਉਸ ਨੂੰ ਮੁੰਡਿਆਂ ਦੀ ਟੀਮ ਵਿਚ ਕਿਵੇਂ ਚੁਣਿਆ ਜਾ ਸਕਦਾ ਹੈ?' ਗੱਲ ਮੀਡੀਆ ਤੱਕ ਪਹੁੰਚ ਗਈ ਤੇ ਲੋਕ ਇਸ ਘਟਨਾ ਨੂੰ ਇਕ-ਦੂਜੇ ਕੋਲ ਦੁਹਰਾਉਂਦੇ ਰਹੇ। ਸ਼ਿਫਾਲੀ ਵਰਮਾ ਨੇ ਆਪਣੇ ਪਹਿਲੇ ਹੀ ਮੈਚ ਵਿਚ ਸੰਕਟ ਦੀ ਘੜੀ ਸਮੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਤੇ 36 ਦੌੜਾਂ ਦਾ ਯੋਗਦਾਨ ਦੇ ਕੇ ਸਭ ਦਾ ਮੂੰਹ ਬੰਦ ਕਰਾ ਦਿੱਤਾ।
ਦੂਸਰੀ ਮਾਣਮੱਤੀ ਮੁਟਿਆਰ 6 ਅਗਸਤ, 1996 ਵਿਚ ਜੈਪੁਰ ਵਿਚ ਜਨਮੀ ਰਾਜਸਥਾਨ ਦੀ ਪ੍ਰੀਆ ਪੁਨੀਆ ਹੈ, ਜੋ ਦਿੱਲੀ ਦੀ ਖੇਡ ਸ਼ੁਰੂ ਕਰਨ ਵਾਲੀ ਹੈ। ਇਸ ਨੇ ਸਾਊਥ ਅਫਰੀਕਾ ਨਾਲ ਮਹਿਲਾ ਕ੍ਰਿਕਟ ਇਕ ਦਿਨਾ ਮੈਚ ਵਿਚ ਦੋਵਾਂ ਟੀਮਾਂ ਵਿਚੋਂ ਸਭ ਤੋਂ ਸਰਬੋਤਮ 75 ਦੌੜਾਂ ਬਣਾ ਕੇ ਪਲੇਅਰ ਆਫ ਦੀ ਮੈਚ ਖਿਡਾਰੀ ਬਣ ਕੇ ਆਪਣਾ ਨਾਂਅ ਰੌਸ਼ਨ ਕੀਤਾ ਹੈ।
ਇਸ ਦੇ ਜੀਵਨ ਬਾਰੇ ਇਹ ਗੱਲ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ ਕਿ ਉਹ ਇਕ ਮੱਧ ਵਰਗੀ ਪਰਿਵਾਰ ਵਿਚੋਂ ਹੈ। ਉਸ ਦੇ ਪਿਤਾ ਸੁਰਿੰਦਰ ਪੁਨੀਆ ਜੋ ਕਿ ਇਕ ਕਲਰਕ ਹੈ, ਨੇ ਪ੍ਰੀਆ ਦੀ ਖੇਡ ਨੂੰ ਚਮਕਾਉਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਤੇ ਬੈਂਕ ਤੋਂ ਕਰਜ਼ਾ ਵੀ ਲਿਆ। ਖਾਸ ਗੱਲ, ਉਸ ਦੀ ਕ੍ਰਿਕਟ ਨੂੰ ਸ਼ਿੱਦਤ ਨਾਲ ਪਿਆਰ ਕਰਨ ਦੀ ਇਹ ਹੈ ਕਿ ਉਸ ਨੇ ਇਕ ਕ੍ਰਿਕਟ ਦਾ ਮੈਦਾਨ ਬਣਾਉਣ ਲਈ ਕਿਸੇ ਮੈਦਾਨ ਬਣਾਉਣ ਵਾਲੇ ਨੂੰ ਕਿਹਾ ਤੇ ਉਸ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ। ਸੁਰਿੰਦਰ ਨੇ ਇਸ ਨੂੰ ਪ੍ਰਵਾਨ ਨਾ ਕੀਤਾ ਤੇ ਆਪਣੀ ਧੀ ਲਈ ਆਪ ਮੈਦਾਨ ਸਿਰਜਿਆ। 5 ਫੁੱਟ 4 ਇੰਚ ਦੀ 57 ਕਿਲੋ ਭਾਰੀ ਸਰੀਰ ਵਾਲੀ ਕ੍ਰਿਕਟਰ ਨੇ ਬੀ. ਕਾਮ. ਦੀ ਡਿਗਰੀ ਕੀਤੀ ਹੋਈ ਹੈ। ਉਸ ਨੇ ਆਪਣੇ ਪਹਿਲੇ ਹੀ ਮੈਚ ਵਿਚ ਇਤਿਹਾਸ ਰਚ ਦਿੱਤਾ ਹੈ ਤੇ ਪਿਤਾ ਦੀਆਂ ਇੱਛਾਵਾਂ ਪੂਰੀਆਂ ਕੀਤੀਆ ਹਨ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਸਮਝਦਾਰੀ ਨਹੀਂ ਹੋਵੇਗੀ ਰਾਸ਼ਟਰਮੰਡਲ ਖੇਡਾਂ ਨੂੰ ਤਿਆਗਣਾ

2002 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾਇਆ ਅਤੇ ਫਿਰ ਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਇਹ ਬਹੁਤ ਵੱਡੀ ਉਪਲਬਧੀ ਸੀ, ਪਰ ਇਸ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਗਿਆ। ਇਸ ਦੇ ਪੰਜ ਸਾਲ ਬਾਅਦ ਸ਼ਾਹਰੁਖ ਖਾਨ ਦੀ ਫ਼ਿਲਮ 'ਚੱਕ ਦੇ ਇੰਡੀਆ' (2007) ਆਈ ਅਤੇ ਉਸ ਦੀ ਸਫ਼ਲਤਾ ਦੇ ਕਾਰਨ ਹੀ ਸੂਰਜ ਲਤਾ ਦੇਵੀ ਤੇ ਮਮਤਾ ਖਰਬ 'ਤੇ ਧਿਆਨ ਆਕਰਸ਼ਿਤ ਹੋ ਸਕਿਆ, ਉਨ੍ਹਾਂ ਨੂੰ 2002 ਦਾ 'ਹੀਰੋ' ਮੰਨਿਆ ਗਿਆ।
ਪਰ ਹੁਣ ਭਾਰਤੀ ਉਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਰਾਸ਼ਟਰਮੰਡਲ ਖੇਡਾਂ ਨੂੰ 'ਸਮੇਂ ਦੀ ਬਰਬਾਦੀ' ਮੰਨਦੇ ਹਨ, ਕਿਉਂਕਿ ਮੁਕਾਬਲੇਬਾਜ਼ਾਂ ਦਾ ਪੱਧਰ ਉੱਚਾ ਨਹੀਂ ਹੈ। ਉਨ੍ਹਾਂ ਦੀ ਸ਼ਿਕਾਇਤ ਇਹ ਹੈ ਕਿ ਭਾਰਤ ਰਾਸ਼ਟਰਮੰਡਲ ਖੇਡਾਂ ਵਿਚ 70 ਤੋਂ 100 ਤਗਮੇ ਵਿਚਾਲੇ ਜਿੱਤਦਾ ਹੈ, ਪਰ ਉਲੰਪਿਕ ਵਿਚ ਸਿਰਫ਼ ਦੋ, ਇਸ ਲਈ ਬਦਲਾਅ ਬਹੁਤ ਜ਼ਰੂਰੀ ਹੈ। ਰਾਸ਼ਟਰਮੰਡਲ ਖੇਡਾਂ ਵਿਚ ਹਿੱਸੇਦਾਰੀ 'ਤੇ ਰੋਕ ਲਗਾਉਣ ਦਾ ਜੇਕਰ ਇਹੀ ਤਰਕ ਹੈ ਤਾਂ ਏਸ਼ੀਅਨ ਖੇਡਾਂ 'ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ। ਸਾਲ 2016 ਦੇ ਰੀਓ ਉਲੰਪਿਕ ਤੋਂ ਪਹਿਲਾਂ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ, ਜਦ ਕਿ ਰੀਓ ਵਿਚ ਉਸ ਨੂੰ ਸਿਰਫ਼ ਦੋ ਤਗਮੇ (ਬੈਡਮਿੰਟਨ ਵਿਚ ਪੀ. ਵੀ. ਸਿੰਧੂ ਨੂੰ ਚਾਂਦੀ ਤੇ ਕੁਸ਼ਤੀ ਵਿਚ ਸਾਕਸ਼ੀ ਮਲਿਕ ਨੂੰ ਕਾਂਸੀ) ਮਿਲੇ ਸਨ। ਧਿਆਨ ਰਹੇ ਕਿ ਉਲੰਪਿਕ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਕੁੱਲ ਛੇ ਤਗਮੇ ਹਾਸਲ ਕਰਨ ਦਾ ਰਿਹਾ ਹੈ, ਜੋ ਉਸ ਨੂੰ 2012 ਲੰਡਨ ਵਿਚ ਮਿਲੇ ਸਨ। ਇਹ ਸਭ 'ਮਿਸ਼ਨ ਪੋਡੀਅਮ' ਆਦਿ ਯੋਜਨਾਵਾਂ ਦੇ ਚਲਦਿਆਂ ਹੋਇਆ।
ਹੁਣ ਸਵਾਲ ਇਹ ਹੈ ਕਿ ਨਰਿੰਦਰ ਬੱਤਰਾ ਨੇ ਉਕਤ ਬਿਆਨ ਕਿਉਂ ਦਿੱਤਾ? ਦਰਅਸਲ, ਸ਼ੂਟਿੰਗ, ਕੁਸ਼ਤੀ, ਵੇਟ ਲਿਫਟਿੰਗ ਅਤੇ ਕਾਫੀ ਹੱਦ ਤਕ ਬੈਡਮਿੰਟਨ ਤੇ ਟੇਬਲ ਟੈਨਿਸ ਰਾਸ਼ਟਰਮੰਡਲ ਖੇਡਾਂ ਵਿਚ ਹੇਠ ਲਟਕੇ ਹੋਏ ਫਲ ਹਨ। ਇਨ੍ਹਾਂ ਖੇਡਾਂ ਤੋਂ ਭਾਰਤ ਨੂੰ ਜ਼ਿਆਦਾਤਰ ਤਗਮੇ ਹਾਸਲ ਹੁੰਦੇ ਹਨ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖਿਡਾਰੀਆਂ ਨੂੰ ਫਲ ਤੋੜਨ ਲਈ ਫਿਰ ਵੀ ਕੋਸ਼ਿਸ਼ ਕਰਨੀ ਪੈਂਦੀ ਹੈ। ਬੱਤਰਾ ਨੂੰ ਇਹ ਗੱਲ ਸਮਝਣੀ ਚਾਹੀਦੀ। ਉਨ੍ਹਾਂ ਨੂੰ ਇਸ ਕੌੜੇ ਸੱਚ ਦਾ ਵੀ ਸਾਹਮਣਾ ਕਰਨਾ ਚਾਹੀਦਾ ਕਿ ਉਲੰਪਿਕ ਦੇ ਜੋ ਤਿੰਨ ਵੱਡੀਆਂ ਖੇਡਾਂ ਮੰਨੀਆਂ ਜਾਂਦੀਆਂ ਹਨ-ਟ੍ਰੈਕ ਐਂਡ ਫੀਲਡ, ਤੈਰਾਕੀ ਤੇ ਜਿਮਨਾਸਿਟਕਸ ਉਨ੍ਹਾਂ ਵਿਚੋਂ ਭਾਰਤ ਨੂੰ ਨਾਮਾਤਰ ਦੀ ਹੀ ਸਫ਼ਲਤਾ ਮਿਲਦੀ ਹੈ। ਉੱਚ ਕੋਟੀ ਦੇ ਮੁਕਾਬਲੇ ਵਿਚ ਭਾਰਤੀ ਹਾਕੀ ਦੀ ਕਮਜ਼ੋਰੀ ਲਗਾਤਾਰ ਉਜਾਗਰ ਹੋ ਰਹੀ ਹੈ। ਮੁੱਕੇਬਾਜ਼ੀ ਦਾ ਤਗਮਾ ਮਿਲਣਾ ਸੌਖਾ ਨਹੀਂ ਹੈ। ਨੈੱਟਬਾਲ, ਬਾਸਕਟਬਾਲ, ਬੀਚ ਵਾਲੀਬਾਲ ਤੇ ਰਗਬੀ ਸੇਵੈਂਸ ਵਰਗੇ ਟੀਮ ਖੇਡਾਂ ਵਿਚ ਭਾਰਤ ਦੀ ਦਿਲਚਸਪੀ ਨਹੀਂ ਹੈ।
ਇਹ ਸਾਰੇ ਸੱਚ ਉਲੰਪਿਕ ਵਿਚ ਅਸਫ਼ਲਤਾ ਦੇ ਸੰਕੇਤ ਹਨ, ਨਾ ਕਿ ਰਾਸ਼ਟਰਮੰਡਲ ਖੇਡਾਂ ਵਿਚ ਉਪਲਬਧ ਮੁਕਾਬਲੇ ਦਾ ਪੱਧਰ। ਏਸ਼ੀਅਨ ਖੇਡਾਂ ਵਿਚ ਮੁਕਾਬਲੇ ਦਾ ਪੱਧਰ ਕਮਜ਼ੋਰ ਹੋਣ ਦੇ ਕਾਰਨ ਭਾਰਤ ਅਥਲੈਟਿਕਸ ਵਿਚ ਦਰਜਨਾਂ ਤਗਮੇ ਹਾਸਲ ਕਰਦਾ ਹੈ ਅਤੇ ਫਿਰ ਉਲੰਪਿਕ ਵਿਚ ਜ਼ੀਰੋ ਹੋ ਜਾਂਦਾ ਹੈ। ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਮੁਕਾਬਲਾ ਕਰਨਾ ਹੀ ਛੱਡ ਦਈਏ, ਵਿਸ਼ੇਸ਼ ਕਰਕੇ ਜਦੋਂ ਬੈਡਮਿੰਟਨ ਤੇ ਟੈਨਿਸ ਨੂੰ ਛੱਡ ਕੇ ਭਾਰਤੀ ਅਥਲੀਟ ਪੂਰੇ ਸਾਲ ਮੁਕਾਬਲਿਆਂ ਤੋਂ ਦੂਰ ਰਹਿੰਦੇ ਹਨ ਅਤੇ ਮੌਕਾ ਮਿਲੇ ਤਾਂ ਟ੍ਰਾਇਲਸ ਨੂੰ ਵੀ ਛੱਡ ਦੇਣ। ਕਬੱਡੀ ਵਿਚ ਭਾਰਤ ਦੇ ਮੁਕਾਬਲੇ 'ਤੇ ਕੋਈ ਨਹੀਂ ਆਉਂਦਾ ਸੀ, ਪਰ ਪਿਛਲੇ ਸਾਲ ਏਸ਼ੀਅਨ ਖੇਡਾਂ ਵਿਚ ਈਰਾਨ ਨੇ ਇਸ ਭਰਮ ਨੂੰ ਵੀ ਤੋੜ ਦਿੱਤਾ ਤੇ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਏਸ਼ੀਅਨ ਖੇਡਾਂ ਵਿਚ ਵੀ ਜਾਣਾ ਛੱਡ ਦਈਏ।
ਦਰਅਸਲ, ਰਾਸ਼ਟਰਮੰਡਲ ਖੇਡਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਗਣ ਦੇ ਵਿਚਾਰ ਦੇ ਕੇਂਦਰ ਵਿਚ ਇਹ ਤੱਥ ਹੈ ਕਿ 2022 ਦੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਸ਼ੂਟਿੰਗ ਨੂੰ ਛੱਡ ਦਿੱਤਾ ਗਿਆ ਹੈ, ਜੋ ਭਾਰਤ ਲਈ ਦੁਧਾਰੂ ਗਾਂ ਸੀ ਇਨ੍ਹਾਂ ਖੇਡਾਂ ਵਿਚ। ਇਸ ਵਜ੍ਹਾ ਨਾਲ ਭਾਰਤ ਦੀ ਤਗਮਾ ਗਿਣਤੀ ਡਿਗ ਜਾਵੇਗੀ। ਸ਼ੂਟਿੰਗ ਨੂੰ ਹਟਾਏ ਜਾਣ ਦਾ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਮੰਡਲ ਖੇਡਾਂ ਦੀਆਂ 13 ਕਮੇਟੀਆਂ ਵਿਚੋਂ ਇਕ ਵੀ ਭਾਰਤੀ ਨਹੀਂ ਹੈ, ਜਦ ਕਿ ਤੱਥ ਇਹ ਹੈ ਕਿ ਸ਼ੂਟਿੰਗ ਮਹਿੰਗੀ ਤੇ ਪੁਰਾਤਨ ਖੇਡ ਹੈ ਅਤੇ ਟੀ. ਵੀ. ਦੇ ਲਾਇਕ ਖੇਡ ਨਹੀਂ ਹੈ, ਜਦ ਕਿ ਅੱਜਕਲ੍ਹ ਖੇਡਾਂ ਵਿਚ ਜ਼ਿਆਦਾਤਰ ਪੈਸਾ ਟੀ. ਵੀ. ਤੋਂ ਹੀ ਆਉਂਦਾ ਹੈ। ਧਿਆਨ ਰਹੇ ਕਿ ਗਲਾਸਗੋ, ਜਿਥੇ ਐਂਡੀ ਮਰਰੇ ਦਾ ਜਨਮ ਹੋਇਆ, ਨੇ ਆਪਣੇ 2014 ਦੇ ਰਾਸ਼ਟਰਮੰਡਲ ਖੇਡਾਂ ਵਿਚ ਟੈਨਿਸ ਨੂੰ ਛੱਡ ਦਿੱਤਾ ਸੀ, ਜਦ ਕਿ ਮੇਜ਼ਬਾਨ ਦੇਸ਼ਾਂ ਨੂੰ ਆਪਣੀ ਖੇਡ ਸ਼ਾਮਿਲ ਕਰਨ ਦਾ ਅਧਿਕਾਰ ਹੈ।

ਖੇਡਾਂ ਵਿਚ ਭਾਰਤ ਦਾ ਮਾਣ ਵਧਾ ਰਹੇ ਖਿਡਾਰੀ

ਵੱਡੀਆਂ ਖੇਡਾਂ ਦੀ ਚਰਚਾ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਕਈ ਖਿਡਾਰੀਆਂ ਨੇ ਘੱਟ ਚਰਚਾ ਪ੍ਰਾਪਤ ਖੇਡਾਂ ਅਤੇ ਕਈ ਖਿਡਾਰੀਆਂ ਨੇ ਨਿੱਜੀ ਪੱਧਰ ਉੱਤੇ ਪਿਛਲੇ ਇਕ ਹਫਤੇ ਦੇ ਅੰਦਰ-ਅੰਦਰ ਭਾਰਤ ਦਾ ਕਾਫ਼ੀ ਮਾਣ ਵਧਾਇਆ ਹੈ। ਅਜਿਹੇ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਭਾਰਤ ਦੇ ਬਿਲੀਅਰਡਜ਼/ਸਨੂਕਰ ਖੇਡ ਦੇ ਸਟਾਰ ਖਿਡਾਰੀ ਪੰਕਜ ਅਡਵਾਨੀ ਦਾ, ਜਿਸ ਨੇ ਲੰਘੇ ਦਿਨੀਂ ਚੌਥੇ ਆਈ.ਬੀ.ਐੱਸ.ਐੱਫ. ਵਿਸ਼ਵ ਬਿਲੀਅਰਡਜ਼ ਦਾ ਖਿਤਾਬ ਜਿੱਤਿਆ ਹੈ ਅਤੇ ਇਸ ਜਿੱਤ ਦੇ ਨਾਲ ਆਪਣੇ ਖੇਡ ਜੀਵਨ ਦਾ ਕੁੱਲ 22ਵਾਂ ਵਿਸ਼ਵ ਖਿਤਾਬ ਜਿੱਤਿਆ, ਜੋ ਆਪਣੇ-ਆਪ ਵਿਚ ਇਕ ਬੇਹੱਦ ਵੱਡੀ ਪ੍ਰਾਪਤੀ ਹੈ। ਇਥੇ ਹੀ ਬਸ ਨਹੀਂ, 34 ਸਾਲ ਦੇ ਪੰਕਜ ਅਡਵਾਨੀ ਦਾ ਪਿਛਲੇ 6 ਸਾਲ ਵਿਚ ਇਹ 5ਵਾਂ ਖਿਤਾਬ ਹੈ। ਬੈਂਗਲੁਰੂ ਦੇ ਅਡਵਾਨੀ ਤੋਂ ਵੱਧ ਵਿਸ਼ਵ ਖਿਤਾਬ ਕਿਸੇ ਖਿਡਾਰੀ ਨੇ ਨਹੀਂ ਜਿੱਤੇ ਹਨ। ਅਡਵਾਨੀ ਦੇ 22ਵਾਂ ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਸਪੱਸ਼ਟ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਹਰੇਕ ਵਾਰ ਜਦੋਂ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦਾ ਹੈ ਤਾਂ ਇਕ ਚੀਜ਼ ਸਪੱਸ਼ਟ ਹੁੰਦੀ ਹੈ ਕਿ ਉਸ ਦੀ ਪ੍ਰੇਰਨਾ ਵਿਚ ਕੋਈ ਕਮੀ ਨਹੀਂ ਹੁੰਦੀ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਖਿਤਾਬ-ਦਰ-ਖਿਤਾਬ ਜਿੱਤ ਕੇ ਵੀ ਉਸ ਦੀ ਭੁੱਖ ਅਤੇ ਅੰਦਰ ਦੀ ਅੱਗ ਬਰਕਰਾਰ ਹੈ। ਅਡਵਾਨੀ ਨੇ ਹੁਣ ਅੱਗੇ ਆਈ.ਬੀ.ਐੱਸ.ਐੱਫ. ਵਿਸ਼ਵ 6 ਰੈੱਡ ਸਨੂਕਰ ਅਤੇ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਹੈ ਅਤੇ ਉਥੇ ਵੀ ਉਹ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਹੈ।
ਸ਼ਤਰੰਜ ਦੀ ਖੇਡ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਵੀ ਲੰਘੇ ਦਿਨੀਂ ਭਾਰਤ ਦਾ ਮਾਣ ਵਧਾਇਆ ਹੈ ਅਤੇ ਫਿਡੇ ਵੂਮੈਨ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਵਿਚ ਵੱਕਾਰੀ ਖਿਤਾਬ ਜਿੱਤਿਆ ਹੈ। ਆਖਰੀ ਰਾਊਂਡ ਵਿਚ ਉਸ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਡਰਾਅ ਉੱਤੇ ਰੋਕਦੇ ਹੋਏ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਕੋਨੇਰੂ ਹੰਪੀ ਬਾਬਤ ਖਾਸ ਗੱਲ ਇਹ ਵੀ ਸੀ ਕਿ ਇਸ ਜਿੱਤ ਲਈ ਉਸ ਨੇ ਮਹਿਲਾ ਸ਼ਤਰੰਜ ਦੀਆਂ ਜ਼ਬਰਦਸਤ ਖਿਡਾਰਨਾਂ ਵਿਸ਼ਵ ਚੈਂਪੀਅਨ ਜੂ ਵੇਂਜੂਨ ਅਤੇ ਰੂਸ ਦੀ ਅਲੈਕਜ਼ਾਂਦ੍ਰਾ ਗੋਰਯਾਚਿਕਨਾ ਨਾਲ ਸਖਤ ਟੱਕਰ ਲੈਂਦੇ ਹੋਏ ਇਹ ਖਿਤਾਬ ਜਿੱਤ ਕੇ ਭਾਰਤ ਲਿਆਂਦਾ ਹੈ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸਫਰ ਚਾਂਦੀ ਤਗਮੇ ਨਾਲ ਖਤਮ ਕੀਤਾ ਅਤੇ ਫ਼ਾਈਨਲ ਵਿਚ ਉਸ ਨੇ ਆਪਣੇ ਤੋਂ ਕਿਤੇ ਮਜ਼ਬੂਤ ਵਿਰੋਧੀ ਵਿਰੁੱਧ ਸਖਤ ਚੁਣੌਤੀ ਪੇਸ਼ ਕੀਤੀ। ਦੂਜੇ ਦਰਜੇ ਦਾ ਪੰਘਾਲ ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਤੇ ਦੇਸ਼ ਨੇ ਇਸ ਵਾਰ 2 ਤਗਮਿਆਂ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ। ਭਾਰਤ ਨੇ ਕਦੇ ਵੀ ਵਿਸ਼ਵ ਚੈਂਪੀਅਨਸ਼ਿਪ ਦੇ ਇਕ ਗੇੜ ਵਿਚ ਇਕ ਤੋਂ ਵੱਧ ਕਾਂਸੀ ਤਗਮਾ ਹਾਸਲ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਵਜਿੰਦਰ ਸਿੰਘ (2009), ਵਿਕਾਸ ਕ੍ਰਿਸ਼ਣਨ (2011), ਸ਼ਿਵ ਥਾਪਾ (2015) ਤੇ ਗੌਰਵ ਬਿਧੂੜੀ (2017) ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਹਾਸਲ ਕੀਤੇ ਸਨ।
ਮੋਟਰਸਾਈਕਲ ਰੇਸਿੰਗ ਦੀ ਖੇਡ ਵਿਚ ਵੀ ਹੁਣ ਭਾਰਤ ਦੀ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਮਲੇਸ਼ੀਆ ਦੇ ਸੇਪਾਂਗ ਇੰਟਰਨੈਸ਼ਨਲ ਸਰਕਟ ਵਿਚ ਛੇਵੇਂ ਰਾਊਂਡ ਦੀ ਫਾਈਨਲ ਰੇਸ ਵਿਚ ਲੰਘੇ ਦਿਨ ਭਾਰਤ ਦੀ ਇਕਲੌਤੀ ਰੇਸਿੰਗ ਟੀਮ ਆਈ. ਡੇਮਿਟਸੂ ਹੋਂਡਾ ਰੇਸਿੰਗ ਇੰਡੀਆ ਨੇ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ-2019 ਵਿਚ ਇਕ ਵਾਰ ਫਿਰ ਤੋਂ ਅੰਕ ਹਾਸਲ ਕੀਤਾ। ਇਸ ਦੌਰਾਨ ਪਿੱਠ ਤੇ ਹੱਥ ਵਿਚ ਸੱਟ ਦੇ ਬਾਵਜੂਦ ਭਾਰਤ ਦੇ ਰੇਸਰ ਰਾਜੀਵ ਨੇ ਇਕ ਹੋਰ ਅੰਕ ਹਾਸਲ ਕੀਤਾ ਅਤੇ ਏ.ਆਰ.ਆਰ.ਸੀ. ਦੇ ਏਸ਼ੀਆਈ ਪ੍ਰੋਡਕਸ਼ਨ 250 ਸੀ.ਸੀ. (ਏ.ਪੀ. 250) ਕਲਾਸ ਵਿਚ ਇਸ ਸੈਸ਼ਨ ਵਿਚ 8 ਵਾਰ ਪਹਿਲੇ 15 ਸਥਾਨਾਂ ਵਿਚ ਆ ਕੇ ਭਾਰਤ ਲਈ ਇਕ ਨਵਾਂ ਮੁਕਾਮ ਹਾਸਲ ਕੀਤਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023 E-mail : sudeepsdhillon@ymail.com

ਕਿਵੇਂ ਵਧਾਈਏ ਕ੍ਰਿਕਟ ਵਾਂਗ ਹੋਰਨਾਂ ਖੇਡਾਂ ਦੀ ਵੁੱਕਤ

ਅਕਸਰ ਹੀ ਬਹੁਤ ਸਾਰੇ ਖੇਡ ਪ੍ਰੇਮੀ ਸੁਆਲ ਉਠਾਉਂਦੇ ਰਹਿੰਦੇ ਹਨ ਕਿ ਕ੍ਰਿਕਟ ਦੇ ਹਰ ਮੈਚ ਦਾ ਪ੍ਰਸਾਰਨ ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਕੀਤਾ ਜਾਂਦਾ ਹੈ ਪਰ ਹੋਰਨਾਂ ਖੇਡਾਂ ਦੇ ਬਹੁਤ ਘੱਟ ਕੌਮਾਂਤਰੀ ਟੂਰਨਾਮੈਂਟ ਟੀ.ਵੀ. 'ਤੇ ਦਿਖਾਏ ਜਾਂਦੇ ਹਨ। ਇਸ ਨੂੰ ਬਹੁਤ ਸਾਰੇ ਖੇਡ ਪ੍ਰੇਮੀ ਵਿਤਕਰੇਬਾਜ਼ੀ ਗਰਦਾਨ ਕੇ ਆਪਣਾ ਗੁੱਸਾ ਠੰਢਾ ਕਰਦੇ ਹਨ ਜਾਂ ਸਬਰ ਦਾ ਘੁੱਟ ਭਰਦੇ ਹਨ। ਵੱਖ-ਵੱਖ ਖੇਡਾਂ ਪ੍ਰਤੀ ਇਲੈਕਟ੍ਰਾਨਿਕ ਮੀਡੀਆ ਦੇ ਵੱਖ-ਵੱਖ ਰਵੱਈਏ ਪਿੱਛੇ ਬਹੁਤ ਸਾਰੇ ਵੱਡੇ ਕਾਰਨ ਛੁਪੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਖੇਡ ਸੰਚਾਲਕ ਦੂਰ ਕਰ ਸਕਦੇ ਹਨ ਅਤੇ ਖੇਡ ਪ੍ਰੇਮੀਆਂ ਦੀਆਂ ਗ਼ਲਤ-ਫਹਿਮੀਆਂ ਵੀ ਦੂਰ ਕਰ ਸਕਦੇ ਹਨ।
ਕੌਮਾਂਤਰੀ ਮੰਚ 'ਤੇ ਸਥਾਪਤ ਖੇਡਾਂ ਦੇ ਇਤਿਹਾਸ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹਰੇਕ ਖੇਡ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ 'ਚ ਸ਼ੁਰੂ ਹੋਈ ਹੈ। ਫਿਰ ਉਸ ਖਿੱਤੇ ਦੇ ਲੋਕਾਂ ਦੀ ਨਿੱਜੀ ਦਿਲਚਸਪੀ ਦੀ ਬਦੌਲਤ ਉਨ੍ਹਾਂ ਦੀ ਖੇਡ ਵਿਸ਼ਵ ਖੇਡ ਮੰਚ 'ਤੇ ਪੁੱਜੀ। ਮਿਸਾਲ ਵਜੋਂ ਇੰਗਲੈਂਡ ਕ੍ਰਿਕਟ ਦਾ ਜਨਮਦਾਤਾ ਦੇਸ਼ ਹੈ। ਇਸ ਦੇਸ਼ ਦੇ ਸ਼ਾਸਕਾਂ ਨੇ ਜਿਸ ਦੇਸ਼ 'ਚ ਵੀ ਰਾਜ ਕੀਤਾ, ਉੱਥੇ ਹੀ ਇਸ ਖੇਡ ਨੂੰ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ, ਆਸਟਰੇਲੀਆ, ਦੱਖਣੀ ਅਫ਼ਰੀਕਾ, ਪਾਕਿਸਤਾਨ, ਬੰਗਲਾਦੇਸ਼ ਤੇ ਵੈੱਸਟ ਇੰਡੀਜ਼ ਦੇ ਦੇਸ਼ਾਂ 'ਚ ਅੰਗਰੇਜ਼ ਲੋਕ ਇਸ ਖੇਡ ਨੂੰ ਸਥਾਪਤ ਕਰਨ 'ਚ ਸਫਲ ਹੋ ਗਏ। ਅੱਜ ਇੰਨ੍ਹਾਂ ਮੁਲਕਾਂ 'ਚ ਇਸ ਖੇਡ ਦਾ ਪੂਰਾ ਬੋਲਬਾਲਾ ਹੈ। ਇਸੇ ਤਰ੍ਹਾਂ ਹੋਰ ਖੇਡਾਂ ਵੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ 'ਚੋਂ ਉੱਭਰ ਕੇ ਸਾਹਮਣੇ ਆਈਆਂ ਹਨ। ਇਹ ਮਿਸਾਲ ਦੇਣ ਦਾ ਮਕਸਦ ਇਹ ਹੈ ਕਿ ਜਿਸ ਖੇਡ ਦੇ ਸੰਚਾਲਕ ਆਪਣੀ ਖੇਡ ਨੂੰ ਮਕਬੂਲ ਬਣਾਉਣ ਲਈ ਵਧੇਰੇ ਯਤਨ ਕਰਦੇ ਹਨ, ਉਸ ਖੇਡ ਦਾ ਪਸਾਰ ਜਲਦੀ ਹੁੰਦਾ ਹੈ। ਇਸ ਦੇ ਨਾਲ ਹੀ ਜਿਸ ਖੇਡ 'ਚ ਵਧੇਰੇ ਐਕਸ਼ਨ ਹੁੰਦਾ ਹੈ, ਉਸ ਖੇਡ ਦਾ ਪਸਾਰ ਵੀ ਜਲਦੀ ਹੁੰਦਾ ਹੈ। ਟੀ.ਵੀ. ਪ੍ਰਸਾਰਨ ਲਈ ਉਕਤ ਦੋ ਮੁਢਲੀਆਂ ਲੋੜਾਂ ਹਨ ਭਾਵ ਖੇਡ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਅਤੇ ਖੇਡ ਟੀ.ਵੀ. ਪ੍ਰਸਾਰਨ ਲਈ ਢੁਕਵੀਂ ਹੋਣੀ। ਫਿਰ ਗੱਲ ਤੁਰਦੀ ਹੈ ਟੀ.ਵੀ. ਪ੍ਰਸਾਰਨ ਲਈ ਹੋਣ ਵਾਲੇ ਖਰਚ ਦੀ, ਜਿਸ ਲਈ ਸਪਾਂਸਰਸ਼ਿਪ ਦੀ ਜ਼ਰੂਰਤ ਪੈਂਦੀ ਹੈ। ਕਿਸੇ ਵੀ ਖੇਡ ਜਾਂ ਈਵੈਂਟ 'ਤੇ ਧਨ ਖਰਚਣ ਤੋਂ ਪਹਿਲਾਂ ਵਪਾਰਕ ਘਰਾਣਾ ਦੇਖਦਾ ਹੈ ਕਿ ਕਿਸ ਖੇਡ ਰਾਹੀਂ ਉਸ ਦੇ ਉਤਪਾਦ ਦੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦੀ ਹੈ। ਜ਼ਿਆਦਾ ਲੋਕਾਂ ਦੁਆਰਾ ਦੇਖੀ ਜਾਣ ਵਾਲੀ ਖੇਡ 'ਤੇ ਵਪਾਰਕ ਘਰਾਣੇ ਵਧੇਰੇ ਧਨ ਖਰਚਦੇ ਹਨ।
ਕਿਸੇ ਖੇਡ ਲਈ ਸਪਾਂਸਰਸ਼ਿਪ ਹਾਸਲ ਕਰਨ ਲਈ ਖੇਡ ਸੰਸਥਾਵਾਂ ਨੂੰ ਵੱਡੇ ਯਤਨ ਕਰਨੇ ਪੈਂਦੇ ਹਨ। ਪਹਿਲੀ ਗੱਲ ਖੇਡ ਨੂੰ ਸਮੇਂ ਦੇ ਹਾਣ ਦੀ ਬਣਾ ਕੇ ਰੱਖਣਾ। ਜਿੱਥੋਂ ਤੱਕ ਸਾਡੇ ਦੇਸ਼ ਦਾ ਸੁਆਲ ਹੈ, ਇੱਥੇ ਕ੍ਰਿਕਟ ਵਾਲਿਆਂ ਨੇ ਇਸ ਖੇਡ ਦੇ ਸਰੂਪ 'ਚ ਸਮੇਂ-ਸਮੇਂ ਵੱਡੇ ਬਦਲਾਅ ਲਿਆਂਦੇ ਹਨ। ਟੈਸਟ ਤੋਂ ਇਕ ਦਿਨਾ, ਇਕ ਦਿਨਾ ਤੋਂ ਟੀ-20 ਵਾਲੇ ਸਰੂਪ ਤੱਕ ਪੁੱਜਣਾ ਇਸ ਖੇਡ ਦੀ ਸਫਲਤਾ ਦਾ ਵੱਡਾ ਰਾਜ਼ ਹੈ। ਤਾਜ਼ਾ ਮਿਸਾਲ ਨੈਸ਼ਨਲ ਸਟਾਈਲ ਕਬੱਡੀ ਦੀ ਹੈ, ਜਿਸ ਨੂੰ ਕਿਸੇ ਸਮੇਂ ਨੀਰਸ ਖੇਡ ਮੰਨਿਆ ਜਾਂਦਾ ਸੀ ਪਰ ਇਸ ਖੇਡ ਦੇ ਨਿਯਮਾਂ 'ਚ ਕੁਝ ਬਦਲਾਅ ਕਰਕੇ ਖੇਡ ਸੰਚਾਲਕਾਂ ਨੇ ਅਜਿਹਾ ਰੰਗ ਚਾੜ੍ਹਿਆ ਕਿ ਅੱਜ ਇਸ ਖੇਡ ਦੀ ਪਰੋ ਕਬੱਡੀ ਲੀਗ ਨੇ ਸੈਂਕੜੇ ਖਿਡਾਰੀ ਮਾਲਾ-ਮਾਲ ਕਰ ਦਿੱਤੇ ਹਨ। ਇਸ ਖੇਡ ਨੂੰ ਵੱਡੇ ਸਪਾਂਸਰ ਵੀ ਮਿਲ ਰਹੇ ਹਨ ਅਤੇ ਟੀ.ਵੀ. 'ਤੇ ਵੀ ਇਸ ਖੇਡ ਦੀਆਂ ਸਰਗਰਮੀਆਂ ਲਗਾਤਾਰ ਦਿਖਾਈਆਂ ਜਾਣ ਲੱਗੀਆਂ ਹਨ। ਇਸ ਤੋਂ ਇਲਾਵਾ ਖੇਡ ਸਮਾਗਮਾਂ ਦਾ ਮਿਆਰੀ ਸੰਚਾਲਨ ਤੇ ਪੇਸ਼ਕਾਰੀ, ਜਿਸ ਵਿਚ ਖਿਡਾਰੀਆਂ ਲਈ ਵਧੀਆ ਸਹੂਲਤਾਂ, ਖੇਡ ਸਮਾਗਮਾਂ 'ਚ ਪਾਰਦਰਸ਼ਤਾ, ਅਨੁਸ਼ਾਸਨ ਤੇ ਸਮਾਂਬੱਧਤਾ, ਦਰਸ਼ਕਾਂ ਲਈ ਵਧੀਆ ਪ੍ਰਬੰਧ, ਖੇਡ ਸਮਾਗਮ ਦਾ ਲੋੜੀਂਦਾ ਪ੍ਰਚਾਰ ਅਤੇ ਮੀਡੀਆ ਦੀ ਸੁਚੱਜੀ ਵਰਤੋਂ ਕਰਨਾ ਵੀ ਸ਼ਾਮਿਲ ਹੈ। ਇਨ੍ਹਾਂ ਸਾਰੇ ਉੱਦਮਾਂ ਦੀ ਬਦੌਲਤ ਖੇਡਾਂ ਲਈ ਸਪਾਂਸਰ ਮਿਲਦੇ ਹਨ ਅਤੇ ਟੀ.ਵੀ. ਪ੍ਰਸਾਰਨ ਲਈ ਲੋੜੀਂਦਾ ਧਨ ਉਪਲਬਧ ਹੁੰਦਾ ਹੈ।
ਇਸ ਤਰ੍ਹਾਂ ਉਪਰੋਕਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਜੋਕੇ ਪਦਾਰਥਵਾਦੀ ਯੁੱਗ 'ਚ ਖੇਡਾਂ ਦਾ ਆਯੋਜਨ ਕਰਨ ਲਈ ਯੋਜਨਾਬੰਦੀ ਤੇ ਮਿਹਨਤ ਦੀ ਬਹੁਤ ਲੋੜ ਹੁੰਦੀ ਹੈ। ਪਹਿਲਾਂ ਖੇਡ ਨੂੰ ਸਮੇਂ ਦੇ ਹਾਣ ਦੇ ਬਣਾ ਕੇ, ਸਥਾਪਿਤ ਰੱਖਣਾ ਪੈਂਦਾ ਹੈ, ਜਿਸ ਨਾਲ ਸਪਾਂਸਰ ਆਕਰਸ਼ਿਤ ਹੁੰਦੇ ਹਨ। ਸਪਾਂਸਰਸ਼ਿਪ ਦੀ ਬਦੌਲਤ ਹੀ ਖੇਡ ਸਮਾਗਮਾਂ ਦਾ ਟੀ.ਵੀ. ਪ੍ਰਸਾਰਨ ਹੁੰਦਾ ਹੈ। ਜਿੱਥੋਂ ਤੱਕ ਸਾਡੇ ਦੇਸ਼ 'ਚ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡਾਂ ਨੂੰ ਪ੍ਰਫ਼ੁੱਲਿਤ ਕਰਨ ਦਾ ਸਵਾਲ ਹੈ, ਇਸ ਸਬੰਧ 'ਚ ਸਰਕਾਰ ਇਕ ਕਦਮ ਉਠਾ ਸਕਦੀ ਹੈ। ਹਰ ਸਾਲ ਕਰੋੜਾਂ ਰੁਪਏ ਦੀ ਕ੍ਰਿਕਟ ਨੂੰ ਸਪਾਂਸਰਸ਼ਿਪ ਦੇਣ ਵਾਲੇ ਅਦਾਰਿਆਂ ਲਈ ਇਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਸਪਾਂਸਰਸ਼ਿਪ ਲਈ ਰੱਖੇ ਬਜਟ ਦਾ 25 ਤੋਂ 50 ਫ਼ੀਸਦੀ ਹਿੱਸਾ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡਾਂ 'ਤੇ ਵੀ ਖ਼ਰਚ ਕਰਨਗੇ। ਅਜਿਹਾ ਕਰਨ ਲਈ ਹੋਰਨਾਂ ਖੇਡਾਂ ਵਾਲਿਆਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਕੋਲ ਆਵਾਜ਼ ਉਠਾਉਣੀ ਚਾਹੀਦੀ ਹੈ।


-ਪਟਿਆਲਾ।
ਮੋਬਾ: 97795-90575

ਹੇਠਲੇ ਪੱਧਰ ਤੋਂ ਦੂਰ ਹੋਣ ਖੇਡਾਂ ਵਿਚਲੀਆਂ ਊਣਤਾਈਆਂ

ਕਹਿਣ ਨੂੰ ਤਾਂ ਸਾਡੇ ਦੇਸ਼ ਦੀ ਆਬਾਦੀ ਇਸ ਸਮੇਂ ਦੁਨੀਆ ਵਿਚ ਦੂਸਰੇ ਨੰਬਰ 'ਤੇ ਹੈ ਅਤੇ ਜਿਸ ਦੇਸ਼ ਕੋਲ ਏਨੀ ਮਨੁੱਖੀ ਸ਼ਕਤੀ ਹੋਵੇ, ਉਸ ਦੀ ਤਾਕਤ ਦਾ ਅੰਦਾਜ਼ਾ ਸਹਿਜੇ ਹੀ ਅਸੀਂ ਲਗਾ ਸਕਦੇ ਹਾਂ ਕਿ ਇਸ ਕੋਲ ਦੁਨੀਆ ਦੇ ਕਿਸੇ ਵੀ ਖੇਤਰ ਵਿਚ ਵਧੀਆ ਨਤੀਜੇ ਦੇਣ ਦੀ ਤਾਕਤ ਹੋਵੇਗੀ। ਪਰ ਏਨੀ ਮਨੁੱਖੀ ਤਾਕਤ ਹੋਣ ਦੇ ਬਾਵਜੂਦ ਅਸੀ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਛੋਟੇ-ਛੋਟੇ ਮੁਲਕਾਂ ਤੋਂ ਵੀ ਪਿੱਛੇ ਹਾਂ, ਜਿਨ੍ਹਾਂ ਦੀ ਆਬਾਦੀ ਸਾਡੇ ਇਕ ਛੋਟੇ ਜਿਹੇ ਰਾਜ ਤੋਂ ਵੀ ਘੱਟ ਹੋਵੇਗੀ। ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਅਜੇ ਵੀ ਤਗਮੇ ਲੈਣ ਲਈ ਹੱਥ-ਪੈਰ ਮਾਰਦੇ ਹੀ ਨਜ਼ਰ ਆਉਂਦੇ ਹਾਂ ਅਤੇ ਆਪਣੀ ਸ਼ਕਤੀ ਦੇ ਅਨੁਸਾਰ ਅਸੀਂ ਵਿਸ਼ਵ ਖੇਡ ਮੈਦਾਨ ਵਿਚ ਫਾਡੀ ਹਾਂ। ਦੁਨੀਆ ਦੇ ਸਾਰੇ ਦਿੱਗਜ ਇਹ ਸੋਚਣ ਲਈ ਮਜਬੂਰ ਹਨ ਕਿ ਜੇਕਰ ਚੀਨ ਆਪਣੀ ਆਬਾਦੀ ਦੀ ਸੁਚੱਜੀ ਵਰਤੋਂ ਕਰਕੇ ਆਪਣੇ-ਆਪ ਨੂੰ ਖੇਡਾਂ ਵਿਚ ਅੱਵਲ ਲਿਆ ਖੜ੍ਹਾ ਕਰ ਸਕਦਾ ਹੈ, ਫਿਰ ਭਾਰਤ ਕੋਲ ਏਨੀਆਂ ਵਿਭਿੰਨਤਾਵਾਂ ਹੁੰਦੇ ਹੋਏ ਅਤੇ ਏਨਾ ਮਨੁੱਖੀ ਬਲ ਹੁੰਦੇ ਹੋਏ ਉਸ ਦੇ ਅਥਲੀਟ ਤਗਮੇ ਲੈਣ ਲਈ ਜੱਦੋ-ਜਹਿਦ ਕਰਦੇ ਹੀ ਕਿਉਂ ਨਜ਼ਰ ਆਂਉਦੇ ਹਨ? ਅਸਲ ਵਿਚ ਭਾਰਤ ਵਿਚ ਅਜੇ ਤੱਕ ਕੋਈ ਸਥਾਈ ਖੇਡ ਨੀਤੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਨਹੀਂ ਬਣ ਸਕੀ ਅਤੇ ਸਭ ਪਾਸੇ ਆਪੋਧਾਪੀ ਹੀ ਚੱਲ ਰਹੀ ਹੈ। ਹਰ ਛੋਟੇ ਟੂਰਨਾਮੈਂਟ ਤੋਂ ਲੈ ਕੇ ਵੱਡੇ ਟੂਰਨਾਮੈਂਟ ਵਿਚ ਊਣਤਾਈਆਂ ਅਤੇ ਪੱਖਪਾਤ ਸਾਹਮਣੇ ਆਉਂਦਾ ਹੀ ਰਹਿੰਦਾ ਹੈ।
ਸਭ ਤੋਂ ਪਹਿਲਾਂ ਤਾਂ ਸਾਡਾ ਖੇਡ ਸਿਸਟਮ ਅਜੇ ਤੱਕ ਖੇਡਾਂ ਦੀਆਂ ਨਰਸਰੀਆਂ ਵਜੋਂ ਜਾਣੇ ਜਾਂਦੇ ਸਕੂਲਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਹੀ ਕੋਈ ਵਿਸ਼ੇਸ਼ ਖੇਡ ਨੀਤੀ ਨਹੀਂ ਘੜ ਸਕਿਆ। ਅਜੇ ਤੱਕ ਸਾਡੀਆਂ ਸਕੂਲਾਂ ਦੀਆਂ ਖੇਡ ਫੈੱਡਰੇਸ਼ਨਾਂ ਹੀ ਬੱਸ ਡੰਗ-ਟਪਾਊ ਨੀਤੀ ਨਾਲ ਖੇਡਾਂ ਦੀਆਂ ਨੀਤੀਆਂ ਨੂੰ ਬਣਾ ਅਤੇ ਚਲਾ ਰਹੀਆਂ ਹਨ। ਪਿੱਛੇ ਜਿਹੇ ਭਾਵੇਂ ਉਲੰਪਿਕ ਤਗਮਾ ਜੇਤੂ ਭਾਰਤ ਦੇ ਖੇਡ ਮੰਤਰੀ ਨੇ 'ਖੇਲੋ ਸਕੂਲ ਇੰਡੀਆ' ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਇਕ ਸਾਰਥਕ ਕਦਮ ਹੈ ਪਰ ਹੁਣ ਦੇਖਣਾ ਇਹ ਹੈ ਕਿ ਨਵੇਂ ਖੇਡ ਮੰਤਰੀ ਸਾਹਿਬ ਇਸ ਸਾਰਥਕ ਪਹਿਲ ਨੂੰ ਕਿੰਨਾ ਅੱਗੇ ਲੈ ਜਾਂਦੇ ਹਨ। ਇਹ ਤਾਂ ਹੈ ਉਪਰਲੇ ਪੱਧਰ ਦੀਆਂ ਗੱਲਾਂ ਪਰ ਹੁਣ ਜੇਕਰ ਇਨ੍ਹਾਂ ਸਕੂਲ ਖੇਡਾਂ ਦੇ ਛੋਟੇ-ਛੋਟੇ ਮੁਕਾਬਲਿਆਂ ਜਿਵੇਂ ਕਿ ਜ਼ੋਨਲ ਅਤੇ ਜ਼ਿਲ੍ਹਾ ਪੱਧਰ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਹੀ ਸਕੂਲ ਅਤੇ ਜ਼ੋਨ ਆਪੋ-ਆਪਣੀ ਚੌਧਰ ਬਰਕਰਾਰ ਰੱਖਣ ਅਤੇ ਆਪੋ-ਆਪਣੇ ਹਿੱਤਾਂ ਦੀ ਪੂਰਤੀ ਲਈ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਦੇ ਆਮ ਨਜ਼ਰ ਆਉਂਦੇ ਹਨ ਅਤੇ ਤੇਰ-ਮੇਰ ਦੀ ਭਾਵਨਾ ਛੋਟੇ-ਛੋਟੇ ਟੂਰਨਾਮੈਂਟਾਂ ਵਿਚ ਹੀ ਵਿਦਿਆਰਥੀਆਂ ਦਾ ਮੂੰਹ ਖੇਡਾਂ ਵਲੋਂ ਮੋੜ ਦਿੰਦੀ ਹੈ। ਇਸ ਤੋਂ ਇਲਾਵਾ ਜਦੋਂ ਮੁਢਲੇ ਪੱਧਰ 'ਤੇ ਹੀ ਖਿਡਾਰੀਆਂ ਨੂੰ ਸਾਰਥਿਕ ਖੇਡ ਵਾਤਾਵਰਨ ਨਹੀਂ ਪ੍ਰਦਾਨ ਕੀਤਾ ਜਾਂਦਾ ਤਾਂ ਵੀ ਖਿਡਾਰੀ ਖੇਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਲਵਿਦਾ ਆਖ ਜਾਂਦੇ ਹਨ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਖਿਡਾਰੀਆਂ ਦੇ ਅਭਿਆਸ ਲਈ ਕੋਈ ਨਾ ਤਾਂ ਵਿਸ਼ੇਸ਼ ਮਾਹੌਲ ਸਿਰਜਿਆ ਜਾਂਦਾ ਹੈ ਅਤੇ ਨਾ ਹੀ ਮੁਕਾਬਲਿਆਂ ਵਿਚ ਉਨ੍ਹਾਂ ਦੇ ਰੱਖ-ਰਖਾਵ ਲਈ ਕੁਝ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਖੇਡ ਮੁਕਾਬਲਿਆਂ ਵਿਚ ਵੀ ਵੈਰ-ਵਿਰੋਧ ਦੀ ਭਾਵਨਾ ਖੇਡ ਭਾਵਨਾ ਨੂੰ ਰੌਂਦਦੀ ਨਜ਼ਰ ਆਉਂਦੀ ਹੈ। ਸੂਬਾ ਪੱਧਰੀ ਅਤੇ ਰਾਸ਼ਟਰੀ ਪੱਧਰ 'ਤੇ ਵੀ ਖਿਡਾਰੀਆਂ ਨੂੰ ਉਨ੍ਹਾਂ ਸਾਰੀਆਂ ਬੁਨਿਆਦੀ ਸਹੂਲਤਾਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਦੀ ਖਿਡਾਰੀਆਂ ਨੂੰ ਮੁਢਲੀ ਲੋੜ ਹੁੰਦੀ ਹੈ।
ਇਹ ਤਾਂ ਸੀ ਸਕੂਲੀ ਖੇਡਾਂ ਦੀ ਗੱਲ, ਜਿਨ੍ਹਾਂ ਰਾਹੀਂ ਸਾਡੇ ਦੇਸ਼ ਨੂੰ ਵਧੀਆ ਖੇਡ ਸਿਤਾਰੇ ਮਿਲਦੇ ਹਨ ਅਤੇ ਦੇਸ਼ ਲਈ ਖੇਡ ਕੌਸ਼ਲ ਸਾਹਮਣੇ ਆਉਂਦਾ ਹੈ ਪਰ ਜੇਕਰ ਗੱਲ ਕਰੀਏ ਪਿੰਡਾਂ ਅਤੇ ਸ਼ਹਿਰਾਂ ਦੀ ਤਾਂ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਛੱਡ ਕੇ ਬਾਕੀ ਜਗ੍ਹਾ ਖੇਡਾਂ ਦੀਆਂ ਸੁਵਿਧਾਵਾਂ ਰੱਬ ਆਸਰੇ ਹੀ ਹਨ। ਦੇਸ਼ ਦੀ ਜ਼ਿਆਦਾ ਆਬਾਦੀ ਪਿੰਡਾਂ ਵਿਚ ਹੈ ਅਤੇ ਜ਼ਿਆਦਾ ਖੇਡ ਕੌਸ਼ਲ ਵੀ ਇਥੇ ਹੀ ਪਾਇਆ ਜਾਂਦਾ ਹੈ ਪਰ ਇਨ੍ਹਾਂ ਪਿੰਡਾਂ ਦੇ ਖਿਡਾਰੀਆਂ ਨੂੰ ਦੂਰ-ਦੁਰਾਡੇ ਖੇਡ ਅਭਿਆਸ ਲਈ ਜਾਣਾ ਪੈਂਦਾ ਹੈ, ਜਿਸ ਨਾਲ ਦੇਸ਼ ਦਾ ਬਹੁਤਾ ਖੇਡ ਕੌਸ਼ਲ ਛੁਪਿਆ ਹੀ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਖੇਡ ਟੂਰਨਾਮੈਂਟਾਂ ਵਿਚ ਹੀ ਆਪਸੀ ਬਦਲਾਖੋਰੀ ਦੀ ਭਾਵਨਾ ਅਤੇ ਪੱਖਪਾਤੀ ਰਵੱਈਏ ਨੇ ਦੇਸ਼ ਦੀ ਖੇਡ ਵਿਵਸਥਾ ਦਾ ਬੇੜਾ ਗਰਕ ਕਰ ਕੇ ਰੱਖਿਆ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਸਾਲ ਕਿਸੇ ਖੇਡ ਦਾ ਟੂਰਨਾਮੈਂਟ ਕਿਸੇ ਵਿਸ਼ੇਸ਼ ਜਗ੍ਹਾ 'ਤੇ ਕਰਵਾਇਆ ਜਾਂਦਾ ਹੈ ਅਤੇ ਵਧ-ਚੜ੍ਹ ਕੇ ਆਪਣੀ ਟੀਮ ਨੂੰ ਜਿਤਾਉਣ ਲਈ ਜ਼ੋਰ ਅਜ਼ਮਾਇਸ਼ ਕੀਤੀ ਜਾਂਦੀ ਹੈ ਅਤੇ ਅਗਲੇ ਸਾਲ ਜਦੋਂ ਉਸੇ ਖੇਡ ਦਾ ਟੂਰਨਾਮੈਂਟ ਕਿਸੇ ਹੋਰ ਥਾਂ 'ਤੇ ਕਰਵਾਇਆ ਜਾਂਦਾ ਹੈ ਤਾਂ ਉਥੋਂ ਦੇ ਖੇਡ ਪ੍ਰਬੰਧਕਾਂ ਵਲੋਂ ਵੀ ਪੂਰੀ ਭਾਜੀ ਮੋੜੀ ਜਾਂਦੀ ਹੈ। ਇਸ ਸਭ ਨਾਲ ਖੇਡ ਭਾਵਨਾ ਦਾ ਜਿੱਥੇ ਘਾਣ ਹੋ ਰਿਹਾ ਹੈ, ਉਥੇ ਹੋਣਹਾਰ ਖਿਡਾਰੀਆਂ ਨੂੰ ਧੱਕੇਸ਼ਾਹੀ ਦਾ ਸ਼ਰੇਆਮ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜਦੋਂ ਤੱਕ ਸਾਡੇ ਖੇਡ ਪ੍ਰਬੰਧਕਾਂ ਅਤੇ ਖਿਡਾਰੀਆਂ ਵਿਚ ਖੇਡ ਭਾਵਨਾ ਅੰਦਰ ਤੱਕ ਘਰ ਨਹੀਂ ਕਰਦੀ, ਉਦੋਂ ਤੱਕ ਖੇਡਾਂ ਦਾ ਭਲਾ ਨਹੀਂ ਹੋ ਸਕਦਾ, ਵੱਡੇ ਪੱਧਰ 'ਤੇ ਸਭ ਠੀਕ-ਠਾਕ ਹੈ ਪਰ ਹੇਠਲੇ ਪੱਧਰ 'ਤੇ ਇਨ੍ਹਾਂ ਹੁੰਦੀਆਂ ਖੇਡ ਊਣਤਾਈਆਂ ਅਤੇ ਪੱਖਪਾਤ ਨੂੰ ਦੂਰ ਕਰਨ ਨਾਲ ਹੀ ਖੇਡ ਵਿਵਸਥਾ ਵਿਚ ਸੁਧਾਰ ਹੋ ਸਕਦਾ ਹੈ।


-ਮੋਬਾ: 94174-79449

ਨਕਲੀ ਪੈਰ ਦੇ ਸਹਾਰੇ ਹੀ ਜਹਾਨ ਜਿੱਤਣ ਦੀ ਖਾਹਿਸ਼ ਰੱਖਣ ਵਾਲਾ-ਸੁਸਾਂਤ ਸ਼ੁਨਾ ਜਮਸ਼ੇਦਪੁਰ

ਸੁਸਾਂਤ ਕੁਮਾਰ ਸ਼ੁਨਾ ਉਹ ਨੌਜਵਾਨ ਹੈ, ਜਿਸ ਨੇ ਇਕ ਪੈਰ ਗਵਾ ਲੈਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ ਅਤੇ ਉਹ ਮਾਣ ਨਾਲ ਆਖਦਾ ਹੈ ਕਿ, 'ਮੈਂ ਦਇਆ ਦਾ ਪਾਤਰ ਨਹੀਂ, ਮੈਂ ਹਿੰਮਤ ਦਾ ਪਾਤਰ ਹਾਂ ਅਤੇ ਮੈਂ ਆਪਣੀ ਹੀ ਜ਼ਿੰਦਗੀ ਸ਼ਾਨ ਨਾਲ ਨਹੀਂ ਜੀਉਂਗਾ, ਸਗੋਂ ਦੂਸਰਿਆਂ ਨੂੰ ਵੀ ਜ਼ਿੰਦਗੀ ਸ਼ਾਨ ਨਾਲ ਜਿਉਣ ਲਈ ਪ੍ਰੇਰਿਤ ਕਰਾਂਗਾ। ਇਹੀ ਮੇਰੀ ਜ਼ਿੰਦਗੀ ਦਾ ਆਕੀਦਾ ਅਤੇ ਨਿਸਚਾ ਹੈ।' ਸੁਸਾਂਤ ਸ਼ੁਨਾ ਦਾ ਜਨਮ ਝਾਰਖੰਡ ਪ੍ਰਾਂਤ ਦੇ ਸ਼ਹਿਰ ਜਮਸ਼ੇਦਪੁਰ ਵਿਚ 29 ਅਕਤੂਬਰ, 1991 ਨੂੰ ਪਿਤਾ ਕਾਂਥਾ ਸ਼ੁਨਾ ਦੇ ਘਰ ਮਾਤਾ ਉਮਾ ਸ਼ੁਨਾ ਦੀ ਕੁੱਖੋਂ ਹੋਇਆ। ਸੁਸਾਂਤ ਸ਼ੁਨਾ ਆਪਣੀ ਜ਼ਿੰਦਗੀ ਦੀ ਡਗਰ ਨੂੰ ਇਸ ਕਦਰ ਤੋਰ ਰਿਹਾ ਸੀ ਕਿ ਉਹ ਸੋਚਦਾ ਸੀ ਕਿ ਜ਼ਿੰਦਗੀ ਵਿਚ ਕੁਝ ਅਜਿਹਾ ਕੀਤਾ ਜਾ ਸਕੇ ਕਿ ਲੋਕ ਮਾਣ ਕਰ ਸਕਣ ਪਰ ਜਦ ਸੁਸਾਂਤ ਸ਼ੁਨਾ 22 ਸਾਲਾਂ ਦਾ ਭਰ ਗੱਭਰੂ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਪਾਣੀ ਵਾਲੇ ਟੈਂਕਰ ਨੇ ਲਪੇਟ ਵਿਚ ਲੈ ਲਿਆ, ਜਿਸ ਦੌਰਾਨ ਉਸ ਦੀ ਖੱਬੀ ਲੱਤ ਟੈਂਕਰ ਦੇ ਹੇਠਾਂ ਆ ਗਈ ਅਤੇ ਵਧੀ ਇਨਫੈਕਸ਼ਨ ਕਾਰਨ ਮਜਬੂਰੀ ਵਸ ਡਾਕਟਰਾਂ ਨੂੰ ਉਸ ਦੀ ਲੱਤ ਕੱਟਣੀ ਪਈ। ਇਸ ਹਾਦਸੇ ਨੇ ਸੁਸਾਂਤ ਦੀ ਪੂਰੀ ਜ਼ਿੰਦਗੀ ਹੀ ਨਹੀਂ ਬਦਲੀ, ਸਗੋਂ ਕੁਝ ਕਰ ਸਕਣ ਦੀ ਚਾਹਤ ਵੀ ਬਿਲਕੁਲ ਖ਼ਤਮ ਕਰ ਦਿੱਤੀ।
ਸੁਸਾਂਤ ਨੇ ਸੋਚਿਆ ਕਿ ਜ਼ਿੰਦਗੀ ਰੁਕਣ ਦਾ ਨਾਂਅ ਨਹੀਂ, ਚੱਲਣ ਦਾ ਨਾਂਅ ਹੈ ਅਤੇ ਉਸ ਨੇ ਆਪਣੀਆਂ ਉਮੀਦਾਂ ਨੂੰ ਫਿਰ ਮਜ਼ਬੂਤ ਬਣਾ ਲਿਆ। ਸਾਲ 2015 ਵਿਚ ਉਸ ਨੇ ਬੂਟ ਬਣਾਉਣ ਵਾਲੀ ਕੰਪਨੀ ਇੰਡੋਲਾਈਟ ਦੇ ਸਹਿਯੋਗ ਨਾਲ ਨਕਲੀ ਪੈਰ ਲਗਵਾਇਆ ਪਰ ਉਸ ਨਾਲ ਉਹ ਚੱਲ ਤਾਂ ਸਕਦਾ ਸੀ ਪਰ ਲੰਮੀ ਦੌੜ ਜਾਂ ਦੂਰ ਤੱਕ ਚੱਲ-ਫਿਰ ਨਹੀਂ ਸੀ ਸਕਦਾ ਪਰ ਇਸ ਦੇ ਬਾਵਜੂਦ ਉਸ ਨੇ ਸਾਲ 2015 ਵਿਚ ਕੋਚੀ ਵਿਖੇ ਪਹਿਲੀ ਵਾਰ ਮੈਰਾਥਨ ਦੌੜ ਵਿਚ ਭਾਗ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਸੁਸਾਂਤ ਸ਼ੁਨਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2016 ਵਿਚ ਉਹ ਟਰੈਕਿੰਗ 'ਤੇ ਵੀ ਗਿਆ ਅਤੇ ਉਹ ਦੂਸਰਿਆਂ ਲਈ ਮਿਸਾਲ ਬਣਿਆ। ਸਾਲ 2019 ਵਿਚ ਹੀ ਉਸੇ ਕੰਪਨੀ ਇੰਡੋਲਾਈਟ ਨੇ ਉਸ ਦੇ ਉੱਚ ਅਤੇ ਹਾਈ ਤਕਨੀਕ ਵਾਲਾ ਬਲੇਡ ਰਨਰ ਲਗਵਾ ਦਿੱਤਾ, ਜਿਸ ਦੇ ਸਹਾਰੇ ਸੁਸਾਂਤ ਹੁਣ ਆਪਣੀਆਂ ਮੰਜ਼ਿਲਾਂ ਤਹਿ ਕਰ ਰਿਹਾ ਹੈ। ਸੁਸਾਂਤ ਹੁਣ ਤੱਕ 2 ਵਾਰ 21 ਕਿਲੋਮੀਟਰ ਮੈਰਾਥਨ, 4 ਵਾਰ 10 ਕਿਲੋਮੀਟਰ, 5 ਵਾਰ 5 ਕਿਲੋਮੀਟਰ ਮੈਰਾਥਨ ਦੌੜਾਂ ਦੌੜ ਚੁੱਕਾ ਹੈ ਅਤੇ ਨਾਲ ਹੀ ਤਾਮਿਲਨਾਡੂ ਵਿਖੇ ਪੈਰਾ ਅਥਲੈਟਿਕ ਖੇਡਾਂ ਵਿਚ 200 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ 100 ਮੀਟਰ ਫਰਾਟਾ ਦੌੜ ਵਿਚ ਦੂਸਰਾ ਸਥਾਨ ਹਾਸਲ ਕਰ ਚੁੱਕਾ ਹੈ।
ਮੈਰਾਥਨ ਦੌੜ ਹੀ ਨਹੀਂ, ਸਗੋਂ ਟਰੈਕਿੰਗ ਕਰਨੀ, ਪਹਾੜ 'ਤੇ ਚੜ੍ਹਨਾ, ਬਾਈਕ ਰਾਈਡਿੰਗ, ਸਕੇਟਿੰਗ ਅਤੇ ਸਾਈਕਲ ਰਾਈਡਿੰਗ ਕਰਨਾ ਉਸ ਦੇ ਮੁੱਖ ਸ਼ੌਕ ਹਨ ਅਤੇ ਉਹ ਨਕਲੀ ਪੈਰ ਹੋਣ ਦੇ ਬਾਵਜੂਦ ਵੀ ਜਹਾਨ ਜਿੱਤਣ ਦੀ ਖ਼ਾਹਿਸ਼ ਰੱਖਣ ਵਾਲਾ ਮਜ਼ਬੂਤ ਇਰਾਦੇ ਅਤੇ ਬੁਲੰਦ ਹੌਸਲੇ ਵਾਲਾ ਨੌਜਵਾਨ ਹੈ। ਸੁਸਾਂਤ ਆਪਣੇ ਸ਼ਹਿਰ ਵਿਚ ਪੈਰ ਤੋਂ ਨਕਾਰਾ ਹੋਰ ਨੌਜਵਾਨਾਂ ਨੂੰ ਵੀ ਜ਼ਿੰਦਗੀ ਵਿਚ ਕੁਝ ਕਰ ਸਕਣ ਦੀ ਚਾਹਤ ਨਾਲ ਪ੍ਰੇਰਦਾ ਆ ਰਿਹਾ ਹੈ ਅਤੇ ਉਹ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਦੂਸਰਿਆਂ ਲਈ ਕੰਮ ਕਰ ਰਿਹਾ ਹੈ। ਸੁਸਾਂਤ ਸ਼ੁਨਾ ਵਰਗੇ ਨੌਜਵਾਨ ਵਾਕਿਆ ਹੀ ਆਪਣੇ ਲਈ ਨਹੀਂ, ਸਗੋਂ ਦੂਸਰਿਆਂ ਲਈ ਇਕ ਵੱਡੀ ਮਿਸਾਲ ਹਨ। ਸੁਸਾਂਤ ਸੱਚਮੁੱਚ ਹੀ ਪੂਰੇ ਝਾਰਖੰਡ ਦਾ ਮਾਣ ਹੈ।


-ਮੋਬਾ: 98551-14484

36 ਵੇਂ ਸੁਰਜੀਤ ਹਾਕੀ ਟੂਰਨਾਮੈਂਟ ਲਈ ਵਿਸ਼ੇਸ਼

ਪੈਨਲਟੀ ਕਾਰਨਰ ਦਾ ਜਾਦੂਗਰ ਸੀ ਸੁਰਜੀਤ

ਵਿਸ਼ਵ ਹਾਕੀ ਜਗਤ ਵਿਚ ਸੁਰਜੀਤ ਨੂੰ ਭੁਲਾਉਣਾ ਔਖਾ ਬਹੁਤ ਹੈ। ਕਿਉਂਕਿ ਸੁਰਜੀਤ, ਸੁਰਜੀਤ ਹੀ ਸੀ। 5 ਫੁੱਟ 11 ਇੰਚ ਲੰਬਾ ਇਹ ਗੱਭਰੂ ਜਦੋਂ 6 ਜਨਵਰੀ, 1984 ਨੂੰ ਜਲੰਧਰ ਬਿਧੀਪੁਰ ਫਾਟਕ ਨੇੜੇ ਦੁਰਘਟਨਾ ਦਾ ਸ਼ਿਕਾਰ ਹੋਇਆ ਤਾਂ ਹੋਣੀ ਸਾਡੇ ਤੋਂ ਹਾਕੀ ਵਾਲਾ ਸੁਰਜੀਤ ਖੋਹ ਕੇ ਲੈ ਗਈ... ਟੁੱਟ ਤਾਂ ਉਹਦੀ ਕਾਰ ਦਾ ਰਾਡ ਗਿਆ ਸੀ ਪਰ... ਅਸਲ 'ਚ ਇਹ ਭਾਰਤੀ ਹਾਕੀ ਜਗਤ ਦਾ ਲੱਕ ਟੁੱਟ ਗਿਆ ਸੀ। ਸੁਰਜੀਤ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਵਿਖੇ 8 ਅਕਤੂਬਰ, 1951 ਨੂੰ ਹੋਇਆ। ਸੁਰਜੀਤ ਖੂਬ ਖੇਡਿਆ ਤੇ ਪੈਨਲਟੀ ਕਾਰਨਰ ਦਾ ਜਾਦੂਗਰ ਹੋਣ ਦੇ ਨਾਤੇ ਵੀ ਅਰਜਨ ਐਵਾਰਡ ਤੋਂ ਪਛੜਿਆ ਰਿਹਾ, ਜੋ ਉਸ ਨਾਲ ਵਿਤਕਰਾ ਜਿਹਾ ਲਗਦਾ ਹੈ। ਸੁਰਜੀਤ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਵਡਾਲਾ ਤੋਂ ਪ੍ਰਾਪਤ ਕੀਤੀ। ਸਕੂਲ ਦੀ ਹਾਕੀ ਟੀਮ ਵਿਚ ਉਹ ਹਾਫ ਖੇਡਣ ਤੋਂ ਬਾਅਦ 1988 ਵਿਚ ਸਪੋਰਟਸ ਕਾਲਜ ਜਲੰਧਰ ਵਿਚ ਦਾਖਲ ਹੋ ਗਿਆ। 1971 ਵਿਚ ਉਹ ਕੰਬਾਈਂਡ ਯੂਨੀਵਰਸਿਟੀ ਦਾ ਮੈਂਬਰ ਬਣ ਕੇ ਆਸਟ੍ਰੇਲੀਆ ਗਿਆ। ਚੰਗਾ ਖਿਡਾਰੀ ਹੋਣ ਦੇ ਨਾਤੇ ਉਸ ਨੂੰ ਰੇਲਵੇ ਵਿਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲ ਗਈ। 1973 ਵਿਚ 22 ਸਾਲਾ ਸੁਰਜੀਤ ਨੇ ਭਾਰਤ ਦੀ ਟੀਮ ਵਿਚ ਦੂਜਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ। ਐਮਸਟਰਡਰਮ ਵਿਚ ਫਾਈਨਲ ਮੈਚ ਵਿਚ ਸੁਰਜੀਤ ਨੇ ਦੋ ਗੋਲ ਦਾਗ ਦਿੱਤੇ ਤੇ ਬਸ ਫਿਰ ਕੀ ਸੀ, ਸੁਰਜੀਤ ਦਾ ਨਾਂਅ ਹਾਕੀ ਪ੍ਰੇਮੀਆਂ ਦੀ ਜ਼ਬਾਨ 'ਤੇ ਚੜ੍ਹ ਗਿਆ। 1973 ਵਿਚ ਤਹਿਰਾਨ ਦੀਆਂ ਏਸ਼ੀਆਈ ਖੇਡਾਂ ਵਿਚ ਸੁਰਜੀਤ ਭਾਰਤੀ ਟੀਮ ਵਲੋਂ ਖੇਡਿਆ। ਆਪਣੀ ਟੀਮ ਦਾ ਮੈਂਬਰ ਰਹਿਣ ਪਿੱਛੋਂ ਉਹ ਏਸ਼ੀਅਨ ਆਲ ਸਟਾਰ ਟੀਮ ਦਾ ਮੈਂਬਰ ਬਣ ਕੇ ਭਾਰਤ ਦੇ ਵਿਰੁੱਧ ਵੀ ਖੇਡਿਆ। 1975 ਵਿਚ ਉਸ ਨੇ ਵਰਲਡ ਕੱਪ ਕੁਆਲਾਲੰਪੁਰ ਵਿਖੇ ਖੇਡਿਆ, ਜਿੱਥੇ ਭਾਰਤ ਨੂੰ ਜਿੱਤ ਨਸੀਬ ਹੋਈ। 1978 ਦੀਆਂ ਬੈਂਕਾਕ ਵਿਚ ਹੋਈਆਂ ਖੇਡਾਂ ਦੌਰਾਨ ਸੁਰਜੀਤ ਭਾਰਤੀ ਟੀਮ ਵਲੋਂ ਖੇਡਿਆ। ਬਹੁਤ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਏਨੀ ਵਧੀਆ ਖੇਡ ਵਿਖਾਈ ਕਿ ਕੁਮੈਂਟਰੀ ਕਰਨ ਵਾਲੇ ਇਹ ਆਖਣ ਲੱਗ ਪਏ ਸਨ ਕਿ ਇਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਸੁਰਜੀਤ ਇਕੱਲਾ ਹੀ ਸਭ ਨੂੰ ਡੱਕੀ ਫਿਰਦਾ ਹੈ। ਇਸ ਪਿੱਛੋਂ ਉਹ ਭਾਰਤੀ ਟੀਮ ਦਾ ਕਪਤਾਨ ਬਣਿਆ। 1980 ਨੂੰ ਛੱਡ ਕੇ 79 ਤੋਂ 82 ਤੱਕ ਕਮਾਨ ਉਸ ਦੇ ਹੱਥ ਰਹੀ। 1982 ਵਿਚ ਉਹ ਵਰਲਡ ਕੱਪ ਟੂਰਨਾਮੈਂਟ ਖੇਡਿਆ। ਸੁਰਜੀਤ ਦੀ ਖੇਡ ਜਗਤ ਨੂੰ ਦੇਣ ਬਾਰੇ ਕਦੇ ਸਿਰ ਨਹੀਂ ਫੇਰਿਆ ਜਾ ਸਕਦਾ। ਸੁਰਜੀਤ, ਜਲੰਧਰ 'ਚ ਤੇਰੀ ਯਾਦ 'ਚ 36ਵਾਂ ਹਾਕੀ ਟੂਰਨਾਮੈਂਟ ਹੋਇਆ ਹੈ। ਤੈਨੂੰ ਚੇਤੇ ਰੱਖਣ ਵਾਲੇ, ਹਾਕੀ ਨੂੰ ਪ੍ਰੇਮ ਕਰਨ ਵਾਲੇ ਇਸ ਟੂਰਨਾਮੈਂਟ ਦਾ ਹਿੱਸਾ ਬਣਦੇ ਹੀ ਰਹਿਣ। ਇਸ ਵਾਰ ਪਹਿਲਾ ਸਾਢੇ ਪੰਜ ਲੱਖ ਰੁਪਏ ਦਾ ਇਨਾਮ ਅਮਰੀਕਾ ਵਸਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਦਿੱਤਾ ਜਾ ਰਿਹਾ ਹੈ।


ashokbhaura@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX