ਤਾਜਾ ਖ਼ਬਰਾਂ


ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  5 minutes ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  6 minutes ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  17 minutes ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  33 minutes ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 minute ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਵਿਸ਼ਵ ਕਬੱਡੀ ਕੱਪ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
. . .  about 1 hour ago
ਗੁਰੂ ਹਰ ਸਹਾਏ, 22 ਨਵੰਬਰ (ਕਪਿਲ ਕੰਧਾਰੀ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਦੋ ਮੈਚ 4 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਹਰ ਸਹਾਏ ਦੇ ਗੁਰੂ ਰਾਮ ਦਾਸ ਸਟੇਡੀਅਮ ਵਿਚ ਕਰਵਾਏ...
ਫ਼ੌਜ ਨੇ ਆਪਣੇ ਸਟਾਫ਼ ਨੂੰ ਵਟਸ ਐਪ ਸਬੰਧੀ ਕੀਤਾ ਸੁਚੇਤ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਵਟਸ ਐਪ ਦੇ ਇਸਤੇਮਾਲ 'ਤੇ ਚੱਲ ਰਹੀ ਬਹਿਸ ਵਿਚਕਾਰ ਫ਼ੌਜ ਨੇ ਆਪਣੇ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਿਕ ਪਾਕਿਸਤਾਨੀ ਖੁਫੀਆ ਏਜੰਸੀਆਂ ਵਟਸ ਐਪ ਰਾਹੀਂ ਭਾਰਤੀ ਫ਼ੌਜ ਦੀ ਨਿੱਜੀ ਜਾਣਕਾਰੀ ਹਾਸਲ...
ਕੋਲਕਾਤਾ ਦਿਨ ਰਾਤ ਟੈੱਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ-26 ਦੇ ਸਕੋਰ 'ਤੇ ਮਅੰਕ ਅਗਰਵਾਲ 14 ਦੌੜਾਂ ਬਣਾ ਕੇ ਆਊਟ
. . .  about 2 hours ago
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਕਾਂਗਰਸ, ਐਨ.ਸੀ.ਪੀ. ਤੇ ਸ਼ਿਵ ਸੈਨਾ ਵਿਚਾਲੇ ਬੈਠਕ ਜਾਰੀ
. . .  about 2 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ। ਮੁੰਬਈ ਦੇ ਵਰਲੀ ਇਲਾਕੇ ਸਥਿਤ ਨਹਿਰੂ ਸੈਂਟਰ ਵਿਚ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਵਿਚਾਲੇ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਤਿੰਨਾਂ ਪਾਰਟੀਆਂ ਦੇ ਵੱਡੇ ਵੱਡੇ ਨੇਤਾ...
ਕੋਲਕਾਤਾ ਪਹਿਲਾ ਦਿਨ ਰਾਤ ਟੈੱਸਟ ਮੈਚ : ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ
. . .  about 2 hours ago
ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ਼ 106 ਦੌੜਾਂ 'ਤੇ ਸਿਮਟੀ, ਭਾਰਤੀ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਦਿਖਾਇਆ ਜਲਵਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਇਸ ਮੌਸਮ ਵਿਚ ਕਿਹੜੇ-ਕਿਹੜੇ ਫਲਦਾਰ ਬੂਟੇ ਲਗਾਈਏ?

ਅਜੋਕੇ ਸਮੇਂ ਦੌਰਾਨ ਜਿਥੇ ਭਾਰਤ ਵਿਚ ਫਲਾਂ ਦੀ ਖੇਤੀ ਲੋੜੀਂਦੀ ਹੈ, ਉਥੇ ਪੰਜਾਬ ਵਿਚ ਵੀ ਰਵਾਇਤੀ ਖੇਤੀ ਦੇ ਬਦਲ ਵਜੋਂ ਫਲਾਂ ਦੀ ਖੇਤੀ ਨੂੰ ਅਪਣਾਉਣ ਦੀ ਲੋੜ ਹੈ। ਇਸ ਨਾਲ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਵੀ ਸ਼ੁੱਧ ਕੀਤਾ ਜਾ ਸਕਦਾ ਹੈ। ਵਿਸ਼ਵ ਤਾਪਮਾਨ ਵਿਚ ਹੁੰਦਾ ਹਰ ਸਾਲ ਵਾਧਾ ਗਲੋਬਲ ਵਾਰਮਿੰਗ ਕਾਰਨ ਹੁੰਦਾ ਹੈ। ਇਸ ਨੂੰ ਹਰਿਆਵਲ ਭਾਵ ਬਾਗ਼ਬਾਨੀ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਚੰਗੇ ਸਿਹਤਮੰਦ ਜੀਵਨ ਲਈ ਹਵਾ ਵਿਚ ਆਕਸੀਜਨ ਦੀ ਫ਼ੀਸਦੀ ਮਾਤਰਾ ਘਟਣੀ ਨਹੀਂ ਚਾਹੀਦੀ। ਪੌਦੇ ਬਹੁਤ ਚੰਗੇ ਹਵਾ ਸੋਧ ਪ੍ਰਕ੍ਰਿਤਕ ਯੰਤਰ ਹਨ, ਜਿਹੜੇ ਹਵਾ ਵਿਚ ਆਕਸੀਜਨ ਦੀ ਮਾਤਰਾ ਸੰਤੁਲਨ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਨੁਸਾਰ ਇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਆਪਣੀ ਖ਼ੁਰਾਕ ਵਿਚ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਅਸੀ ਹਰ ਰੋਜ਼ ਫਲਾਂ ਦਾ ਸੇਵਨ ਨਹੀਂ ਕਰਦੇ ਹਾਂ। ਕਿਉਕਿ ਫਲ ਦੇ ਮਹਿੰਗੇ ਹੋਣ ਦੇ ਨਾਲ-ਨਾਲ ਸਾਨੂੰ ਇਹ ਹਰ ਰੋਜ਼ ਤਾਜ਼ੇ ਹਾਲਤ ਵਿਚ ਪ੍ਰਾਪਤ ਨਹੀਂ ਹੋ ਪਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਉੱਤੇ ਅੰਨ੍ਹੇਵਾਹ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ ਅਸੀ ਇਨ੍ਹਾਂ ਦਾ ਸੇਵਨ ਕਰਨ ਤੋ ਪ੍ਰਹੇਜ ਕਰਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਆਪਣੀ ਨਿੱਜੀ ਵਰਤੋ ਲਈ ਪੌਸ਼ਟਿਕ ਫਲਾਂ ਦੀ ਬਗ਼ੀਚੀ ਆਪਣੇ ਘਰ ਵਿਚ ਹੀ ਲਗਾ ਲੈਣੀ ਚਾਹੀਦੀ ਹੈ। ਇਸ ਲਈ ਨਵਾਂ ਬਾਗ਼ ਲਗਾਉਣ ਤੋ ਪਹਿਲਾਂ ਬਾਗ਼ ਦੀ ਢੁੱਕਵੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਗ਼ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਇਕ ਲੰਮੇ ਸਮੇਂ ਦਾ ਧੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪੰਜਾਬ ਵਿਚ ਇਸ ਮੌਸਮ (ਸਤੰਬਰ ਤੋ ਅਕਤੂਬਰ) ਵਿਚ ਸਦਾਬਹਾਰੀ ਫਲਦਾਰ ਬੂਟਿਆਂ ਨੂੰ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਵੱਖ-ਵੱਖ ਸਦਾਬਹਾਰੀ ਫਲਦਾਰ ਬੂਟਿਆਂ ਦੀ ਕਾਸ਼ਤ ਲਈ ਕੁੱਝ ਢੁੱਕਵਂੇ ਇਲਾਕੇ ਸਿਫ਼ਾਰਿਸ਼ ਕੀਤੇ ਗਏ ਹਨ। ਜਿਵੇਂ ਕਿ ਨੀਮ ਪਹਾੜੀ ਇਲਾਕਿਆਂ ਵਿਚ ਅੰਬ, ਲੀਚੀ, ਕਿੰਨੂ ਅਤੇ ਹੋਰ ਸੰਤਰੇ, ਅਮਰੂਦ, ਚੀਕੂ, ਕਾਗ਼ਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਲੁਕਾਠਲਗਾਏ ਜਾ ਸਕਦੇ ਹਨ। ਕਂੇਦਰੀ ਇਲਾਕਿਆਂ ਵਿਚ ਅਮਰੂਦ, ਅੰਬ, ਕਿੰਨੂ, ਆਮਲਾ, ਹੋਰ ਸੰਤਰੇ, ਬੇਰ, ਮਾਲਟਾ, ਕਾਗ਼ਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਨੂੰ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਸੇਂਜੂ ਖ਼ੁਸ਼ਕ ਇਲਾਕਿਆਂ ਵਿਚ ਕਿੰਨੂ ਅਤੇ ਹੋਰ ਸੰਤਰੇ, ਮਾਲਟਾ, ਅਮਰੂਦ, ਆਂਵਲਾ,ਬੇਰ, ਗਰੇਪਫਰੂਟ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਖਜੂਰ ਲਗਾਏ ਜਾ ਸਕਦੇ ਹਨ। ਕੰਢੀ ਦੇ ਇਲਾਕੇ ਵਿਚ ਅਮਰੂਦ, ਬੇਰ, ਆਮਲਾ, ਅੰਬ, ਗਲਗਲ, ਕਿੰਨੂ ਅਤੇ ਹੋਰ ਸੰਤਰੇ, ਕਾਗ਼ਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਅਤੇ ਬੇਟ ਦੇ ਇਲਾਕੇ ਵਿਚ ਅਮਰੂਦ ਅਤੇ ਬੇਰ ਲਗਾਏ ਜਾ ਸਕਦੇ ਹਨ।
ਫਲਦਾਰ ਬੂਟਿਆਂ ਵਿਚਕਾਰ ਫ਼ਾਸਲਾ: ਫਲਦਾਰ ਬੂਟਿਆਂ ਵਿਚਕਾਰ ਸਹੀ ਫ਼ਾਸਲਾ ਜਿੱਥੇ ਧੁੱਪ ਅਤੇ ਹਵਾ ਦਾ ਵਧੀਆ ਨਿਕਾਸ ਕਰਦਾ ਹੈ ਉੱਥੇ ਹੀ ਬੂਟਿਆਂ ਦੀ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਦੇਣ ਦੀ ਸਮਰੱਥਾ ਨੂੰ ਵਧਾਉਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਸਮੇਤ ਕਿੰਨੂ ਆਮ ਪ੍ਰਣਾਲੀ ਰਾਹੀਂ6 × 6 ਮੀਟਰ (110 ਬੂਟੇ ਪ੍ਰਤੀ ਏਕੜ), ਕਿੰਨੂ ਸੰਘਣੀ ਪ੍ਰਣਾਲੀ ਰਾਹੀਂ 6 ×3 ਮੀਟਰ (220 ਬੂਟੇ ਪ੍ਰਤੀ ਏਕੜ), ਅਮਰੂਦ ਆਮ ਪ੍ਰਣਾਲੀ ਰਾਹੀਂ 6×6 ਮੀਟਰ (110 ਬੂਟੇ ਪ੍ਰਤੀ ਏਕੜ), ਅਮਰੂਦ ਸੰਘਣੀ ਪ੍ਰਣਾਲੀ ਰਾਹੀਂ6×5 ਮੀਟਰ (132 ਬੂਟੇ ਪ੍ਰਤੀ ਏਕੜ), ਅੰਬ/ਚੀਕੂ 9×9 ਮੀਟਰ (49 ਬੂਟੇ ਪ੍ਰਤੀ ਏਕੜ), ਲੁਕਾਠ 6.5×6.5 ਮੀਟਰ (90 ਬੂਟੇ ਪ੍ਰਤੀ ਏਕੜ), ਬੇਰ/ਲੀਚੀ/ਆਂਵਲਾ 7.5 ×7.5 ਮੀਟਰ (72 ਬੂਟੇ ਪ੍ਰਤੀ ਏਕੜ) ਅਤੇ ਪਪੀਤਾ 1.5×1.5 ਮੀਟਰ (1760 ਬੂਟੇ ਪ੍ਰਤੀ ਏਕੜ) ਅਤੇ ਖਜੂਰ 8 × 8 ਮੀਟਰ (63 ਬੂਟੇ ਪ੍ਰਤੀ ਏਕੜ) ਦਾ ਕਤਾਰਾਂ ਬੂਟਿਆਂ ਦਾ ਫ਼ਾਸਲਾ ਰੱਖ ਕੇ ਲਗਾਉਣੇ ਚਾਹੀਦੇ ਹਨ।
ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ: ਨਵੇਂ ਲਗਾਏ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿਓ। ਬੂਟਿਆਂ ਨੂੰ ਲੋੜ ਅਨੁਸਾਰ ਥੋੜੇ-ਥੋੜੇ ਅੰਤਰਾਲ 'ਤੇ ਪਾਣੀ ਲਗਾਓ। ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਲਗਾਉ। ਬੂਟਿਆਂ ਦੀ ਜੜ੍ਹ ਤੋਂ ਫੁੱਟਣ ਵਾਲੀਆਂ ਟਹਿਣੀਆਂ ਅਤੇ ਸੁੱਕੀਆਂ ਅਤੇ ਰੋਗੀ ਟਹਿਣੀਆਂ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ। ਗਰਮੀ ਅਤੇ ਸਰਦੀ ਦੇ ਮਾੜੇ ਅਸਰ ਤੋਂ ਇਨ੍ਹਾਂ ਦਾ ਬਚਾਅ ਕਰੋ। ਜੇਕਰ ਬੂਟਿਆਂ ਨੂੰ ਸਿਉਂਕ ਦਾ ਹਮਲਾ ਹੋਣ ਲੱਗੇ ਤਾਂ ਇਨ੍ਹਾਂ ਨੂੰ ਅੱਧਾ ਲਿਟਰ ਕਲੋਰੋਪਾਇਰੀਫ਼ਾਸ 20 ਈ ਸੀ ਪ੍ਰਤੀ ਏਕੜ ਦੇ ਹਿਸਾਬ ਪਾ ਦਿਉ ਅਤੇ ਬਾਅਦ ਵਿਚ ਹਲਕਾ ਜਿਹਾ ਪਾਣੀ ਲਾ ਦਿਉ। ਇਨ੍ਹਾਂ ਬੂਟਿਆਂ ਦੇ ਵਧੀਆ ਵਾਧੇ ਅਤੇ ਵਿਕਾਸ ਲਈ ਦੋ ਸਾਲ ਦੀ ਉਮਰ ਤੋਂ ਬਾਅਦ ਸਿਫ਼ਾਰਿਸ਼ ਕੀਤੀਆਂ ਖ਼ਾਦਾਂ ਪਾਉ ਤਾਂ ਜੋ ਇਨ੍ਹਾਂ ਤੋਂ ਚੰਗਾ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਪੈਦਾ ਕੀਤੇ ਜਾ ਸਕਣ। ਜਦੋਂ ਤੱਕ ਇਹ ਬੂਟੇ ਫਲ ਦੇਣ ਨਹੀਂ ਲੱਗਦੇ, ਉਦੋਂ ਤੱਕ ਆਮਦਨ ਲੈਣ ਲਈ ਬਾਗ਼ ਵਿਚ ਫਲੀਦਾਰ ਅੰਤਰ ਫ਼ਸਲਾਂ ਲਗਾਈਆਂ ਜਾ ਸਕਦੀਆਂ ਹਨ। ਅੰਬ ਅਤੇ ਲੀਚੀ ਦੇ ਬੂਟਿਆਂ ਨੂੰ ਫਲ ਦੇਰ ਨਾਲ ਲੱਗਣਾ ਸ਼ੁਰੂ ਹੁੰਦਾ ਹੈ, ਇਸ ਲਈ ਇਨ੍ਹਾਂ ਦੇ ਬਾਗ਼ਾਂ ਵਿਚ ਆੜੂ, ਅਲੂਚਾ, ਅਮਰੂਦ, ਕਿੰਨੂ ਜਾਂ ਪਪੀਤੇ ਦੇ ਬੂਟੇ ਪੂਰਕਾਂ ਵਜੋਂ ਲਗਾਏ ਜਾ ਸਕਦੇ ਹਨ। ਪਰ ਇਹ ਧਿਆਨ ਵਿਚ ਰੱਖੋ ਕਿ ਇਨ੍ਹਾਂ ਫ਼ਸਲਾਂ ਲਈ ਪਾਣੀ ਅਤੇ ਖ਼ਾਦ ਦਾ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ।
ਹਵਾ ਰੋਕੂ ਵਾੜ ਲਗਾਉਣਾ: ਬਾਗ਼ ਨੂੰ ਗਰਮ ਅਤੇ ਸਰਦ ਹਵਾਵਾਂ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਬੂਟਿਆਂ ਦੀ ਵਾੜ ਲਗਾਉ। ਇਨ੍ਹਾਂ ਹਵਾ ਰੋਕੂ ਵਾੜਦੇ ਤੌਰ 'ਤੇ ਲਗਾਏ ਗਏ ਦਰੱਖ਼ਤਾਂ ਦੇ ਵਿਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਬੂਟਿਆਂ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਨਿੰਬੂ ਜਾਤੀ ਦੇ ਬਾਗ਼ਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ ਹੈ।


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਖੁਰਾਕੀ ਤੱਤਾਂ ਵਾਲੇ ਹਰੇ ਚਾਰੇ ਦੀ ਦੁਧਾਰੂ ਪਸ਼ੂਆਂ ਨੂੰ ਸਖ਼ਤ ਲੋੜ

ਪੰਜਾਬ ਵਿਚ ਫ਼ਸਲੀ ਵਰ੍ਹੇ 2017-18 ਵਿਚ ਚਾਰੇ ਦੀਆਂ ਫ਼ਸਲਾਂ ਦੀ ਕਾਸ਼ਤ ਲਗਭਗ 8.97 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ ਹੈ। ਹਾੜ੍ਹੀ ਵਿਚ 3.6 ਲੱਖ ਹੈਕਟੇਅਰ ਵਿਚੋਂ 707 ਲੱਖ ਟਨ ਹਰਾ ਚਾਰਾ ਪੈਦਾ ਹੁੰਦਾ ਹੈ। ਪੰਜਾਬ ਵਿਚ ਇਸ ਵੇਲੇ ਪਸ਼ੂਆਂ ਦੀ ਗਿਣਤੀ ਕਰੀਬ 81.2 ਲੱਖ ਹੈ ਅਤੇ ਇਕ ਵੱਡੇ ਪਸ਼ੂ ਨੂੰ 40 ਕਿਲੋ ਹਰੇ ਚਾਰੇ ਦੀ ਜ਼ਰੂਰਤ ਹੁੰਦੀ ਹੈ, ਪ੍ਰੰਤੂ ਇਕ ਪਸ਼ੂ ਨੂੰ ਕਰੀਬ 31 ਕਿਲੋ ਹਰਾ ਚਾਰਾ ਹੀ ਮਿਲਦਾ ਹੈ, ਜੋ ਬਹੁਤ ਘੱਟ ਹੈ। 40 ਕਿਲੋ ਹਰੇ ਚਾਰੇ ਦੀ ਲੋੜ ਪੂਰੀ ਕਰਨ ਲਈ 911 ਲੱਖ ਟਨ ਹਰੇ ਚਾਰੇ ਦੀ ਪ੍ਰਤੀ ਸਾਲ ਜ਼ਰੂਰਤ ਹੈ। ਸਸਤਾ ਦੁੱਧ ਪੈਦਾ ਕਰਨ ਲਈ ਵੰਡ (ਫੀਡ) ਦੀ ਜਗ੍ਹਾ 6-7 ਕਿਲੋ ਦੁੱਧ ਦੇਣ ਵਾਲੀਆਂ ਲਵੇਰੀਆਂ ਨੂੰ ਕੇਵਲ 40 ਕਿਲੋ ਹਰੇ ਚਾਰੇ ਦੀ ਲੋੜ ਹੈ। ਰਾਜ ਅੰਦਰ ਹਰੇ ਚਾਰੇ ਹੇਠ ਹੋਰ ਰਕਬਾ ਵੱਧਣ ਦੀ ਆਸ ਨਹੀਂ ਹੈ, ਇਸ ਲਈ ਵਾਰ-ਵਾਰ ਕਟਾਈਆਂ ਦੇਣ ਵਾਲੇ ਚਾਰਿਆਂ ਦੀ ਕਾਸ਼ਤ ਕਰਨ ਨਾਲ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਹਾੜ੍ਹੀ ਦੇ ਚਾਰਿਆਂ ਵਿਚ ਬਰਸੀਮ ਬਹੁਤ ਪੌਸ਼ਟਿਕ ਚਾਰਾ ਹੈ। ਬਰਸੀਮ ਨੂੰ ਹਾੜ੍ਹੀ ਦੇ ਚਾਰਿਆਂ ਦਾ ਰਾਜਾ ਵੀ ਕਿਹਾ ਜਾਦਾਂ ਹੈ। ਬਰਸੀਮ ਦੀ ਬਿਜਾਈ ਦਾ ਹੁਣ ਢੁੱਕਵਾਂ ਸਮਾਂ ਹੈ, ਜਿਨ੍ਹਾਂ ਜਲਦੀ ਹੋ ਸਕਦੀ ਹੈ, ਬਿਜਾਈ ਕਰ ਦੇਣੀ ਚਾਹੀਦੀ ਹੈ। ਪਛੇਤੀ ਬਿਜਾਈ ਨਾਲ ਝਾੜ੍ਹ ਘੱਟ ਅਤੇ ਅਗੇਤਾ ਬੀਜਣ ਨਾਲ ਇਟ-ਸਿਟ ਅਤੇ ਹੋਰ ਨਦੀਨਾਂ ਦੀ ਸਮੱਸਿਆ ਆਉਂਦੀ ਹੈ। ਬੀ. ਐਲ. 43, ਬੀ. ਐਲ. 42, ਬੀ. ਐਲ. 10 ਅਤੇ ਬੀ.ਐਲ.1, ਬਰਸੀਮ ਦੀਆਂ ਉੱਨਤ ਕਿਸਮਾਂ ਹਨ। ਬੀ.ਐਲ. 42 ਕਿਸਮ ਦਾ ਝਾੜ੍ਹ ਸਭ ਕਿਸਮਾਂ ਨਾਲੋ ਵੱਧ ਹੁੰਦਾ ਹੈ। ਅਗਾਂਹ-ਵਧੂ ਅਤੇ ਨੈਸ਼ਨਲ ਅਵਾਰਡੀ ਕਿਸਾਨ ਬਲਬੀਰ ਸਿੰਘ ਜੜ੍ਹੀਆ ਦਾ ਕਹਿਣਾ ਹੈ ਕਿ ਬੀ.ਐਲ.-42 ਕਿਸਮ ਦਾ ਬਰਸੀਮ ਪ੍ਰਤੀ ਏਕੜ੍ਹ 440 ਕੁਇੰਟਲ ਝਾੜ੍ਹ ਦਿੰਦਾ ਹੈ। ਪਰ ਉਨ੍ਹਾਂ ਕਿਹਾ ਕਿ ਇਸ ਕਿਸਮ ਤੋ ਹੋਰ ਵਧੇਰੇ ਵੀ ਝਾੜ੍ਹ ਪ੍ਰਾਪਤ ਕੀਤਾ ਹੈ। ਬੀ.ਐਲ.-43 ਕਿਸਮ ਜੂਨ ਦੇ ਪਹਿਲੇ ਹਫ਼ਤੇ ਤੱਕ ਔਸਤਨ 390 ਕੁਇੰਟਲ ਪ੍ਰਤੀ ਏਕੜ੍ਹ ਹਰਾ ਚਾਰਾ ਦਿੰਦਾ ਹੈ। ਬੀ.ਐਲ.-10 ਅੱਧ ਜੂਨ ਤੱਕ ਔਸਤਨ 410 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦਾ ਹੈ। ਬੀ.ਐਲ.-1 ਕਿਸਮ ਦਾ ਬਰਸੀਮ ਮਈ ਦੇ ਆਖੀਰ ਤੱਕ ਕਰੀਬ 380 ਕੁਇੰਟਲ ਪ੍ਰਤੀ ਏਕੜ੍ਹ ਹਰਾ ਚਾਰਾ ਦਿੰਦਾ ਹੈ। ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਵਿਚ 750 ਗ੍ਰਾਮ ਸਰ੍ਹੋਂ ਅਤੇ 12 ਕਿਲੋ ਜਵੀ ਰਲਾ ਕੇ ਬੀਜਣਾ ਲਾਹੇਵੰਦ ਰਹਿੰਦਾ ਹੈ। ਕਿਸਾਨ ਜਵੀ ਦੀ ਜਗ੍ਹਾ ਜੌਂ ਦੇ ਬੀਜ ਜਾਂ ਰਾਈ ਘਾਹ 1 ਕਿਲੋ ਪ੍ਰਤੀ ਏਕੜ੍ਹ ਵੀ ਵਰਤਿਆ ਜਾ ਸਕਦਾ ਹੈ। ਫਲੀਦਾਰ ਤੇ ਗ਼ੈਰ-ਫਲੀਦਾਰ ਚਾਰੇ ਰਲਾ ਕੇ ਬੀਜਣੇ ਚਾਹੀਦੇ ਹਨ। ਫਲੀਦਾਰ ਚਾਰਿਆਂ ਵਿਚ ਪ੍ਰੋਟੀਨ ਤੇ ਗ਼ੈਰ-ਫਲੀਦਾਰ ਚਾਰਿਆਂ ਵਿਚ ਕਾਰਬੋਹਾਈਡ੍ਰੇਟ ਤੱਤ ਹੁੰਦਾ ਹੈ। ਸਰੋਂ ਦਾ ਬੀਜ 750 ਗ੍ਰਾਮ ਤੋ ਵਧੇਰੇ ਨਹੀਂ ਪਾਉਣਾ ਚਾਹੀਦਾ। ਵਧੇਰੇ ਸਰ੍ਹੋਂ ਪਾਉਣ ਨਾਲ ਸਰਦੀਆਂ ਦੇ ਦਿਨਾਂ ਵਿਚ ਕਈ ਵਾਰ ਕਈ ਕਈ ਦਿਨ ਸੂਰਜ ਨਹੀਂ ਦਿਸਦਾ, ਇਸ ਤਰ੍ਹਾਂ ਦੇ ਦਿਨਾਂ ਵਿਚ ਚਾਰੇ ਦੀਆਂ ਫ਼ਸਲਾਂ ਵਿਚ ਫਾਸਫੋਰਸ ਦੀ ਘਾਟ ਆ ਜਾਂਦੀ ਹੈ, ਜਿਸ ਨਾਲ ਪਸ਼ੂਆਂ ਵਿਚ ਲਹੂ ਮੂਤਣ ਦੀ ਸਮੱਸਿਆ ਆ ਸਕਦੀ ਹੈ। ਬਰਸੀਮ ਦੇ ਬੀਜ ਦਾ ਵੱਧ ਝਾੜ੍ਹ ਲੈਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟਰੇਟ (13.0.45) 2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ੍ਹ ਦੀਆਂ ਦੋ ਸਪਰੇਆਂ ਹਫ਼ਤੇ ਹਫ਼ਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ। ਇਸ ਤਰ੍ਹਾਂ ਇਕ ਹਫ਼ਤੇ ਦੇ ਫਰਕ ਨਾਲ ਦੋ ਵਾਰ ਸਪਰੇਅ ਕਰੋ। ਬੀਜ ਵਾਲੀ ਫ਼ਸਲ ਨੂੰ ਕੀੜਿਆਂ ਤੋ ਬਚਾਉਣ ਲਈ ਖੇਤੀਬਾੜ੍ਹੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਪਰੇਅ ਕੀਤੀ ਜਾਵੇ।


-ਪੱਤਰ-ਪ੍ਰੇਰਕ, ਸਲਾਣਾ (ਅਮਲੋਹ)। ਮੋ: ਨੰ: 98555-21640

ਸਮਝ ਦੀ ਗੱਲ

ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੀ ਰੁਚੀ ਪਹਿਲਾਂ ਨਾਲੋਂ ਕੁਝ ਘੱਟ ਗਈ ਹੈ। ਭਾਵੇਂ ਕਿ ਖੇਤੀ ਨਾਲ ਸਬੰਧਿਤ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਨੇ ਵੀ ਧੂੰਆਂ ਧਾਰ ਪ੍ਰਚਾਰ ਕੀਤਾ ਹੈ ਪਰ ਉਹ ਕੋਈ ਸਸਤਾ ਬਦਲ ਨਹੀਂਂ ਦੇ ਸਕੇ। ਹੈਪੀ ਸੀਡਰ ਨਾਲ ਵੀ ਲੋਕ ਕਣਕ ਬੀਜ ਕੇ ਖੁਸ਼ ਨਹੀਂ ਹਨ । ਕਈ ਲੋਕਾਂ ਨੇ ਪਰਾਲੀ ਨੂੰ ਹੋਰਨਾਂ ਕੰਮਾਂ ਲਈ ਸਾਂਭਣਾ ਸ਼ੁਰੂ ਕਰ ਦਿੱਤਾ ਹੈ। ਇਕ ਚੰਗੀ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਨੇ ਕੁਝ ਇਹੋ ਜਿਹੇ ਕਾਰਖਾਨੇ ਲਗਾ ਦਿੱਤੇ ਹਨ। ਜਿੱਥੇ ਉਹ ਕਿਸਾਨਾਂ ਦੀ ਪਰਾਲੀ ਦੀਆਂ ਗੱਠਾਂ ਵੀ ਬੰਨਦੇ ਹਨ ਤੇ 100 ਰੁਪਿਆ ਕੁਇੰਟਲ ਵੀ ਦਿੰਦੇ ਹਨ। ਜੇਕਰ ਇਹੋ ਜਿਹੀ ਇੰਡਸਟਰੀ ਨੂੰ ਹੌਂਸਲਾ ਦਿੱਤਾ ਜਾਵੇ ਤਾਂ ਸਭ ਦਾ ਭਲ਼ਾ ਹੋ ਸਕਦਾ ਹੈ।


-ਮੋਬਾ: 98159-45018

ਪੰਜਾਬ ਝੋਨੇ ਤੇ ਕਣਕ ਦੀ ਕਾਸ਼ਤ 'ਚ ਮੋਹਰੀ ਸੂਬਾ

ਕਣਕ 'ਚ ਹੀ ਨਹੀਂ ਪੰਜਾਬ ਝੋਨੇ 'ਚ ਵੀ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ। ਸੰ: 2017 - 18 ਵਿਚ ਇਸ ਨੂੰ ਭਾਰਤ ਸਰਕਾਰ ਵਲੋਂ ਚੌਲਾਂ ਦੇ ਖੇਤਰ 'ਚ 'ਕ੍ਰਿਸ਼ੀ ਕਰਮਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਝੋਨੇ (ਬਾਸਮਤੀ ਸ਼ਾਮਿਲ ਹੈ) ਦੇ ਉਤਪਾਦਨ ਨਾਲ ਖਰੀਫ ਦੀ ਫ਼ਸਲ ਬੜੀ ਆਸ਼ਾਜਨਕ ਹੈ। ਝੋਨੇ ਦੀ ਕਾਸ਼ਤ 22.91 ਲੱਖ ਹੈਕਟੇਅਰ ਅਤੇ ਬਾਸਮਤੀ ਦੀ 6.29 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ ਹੈ। ਉਤਪਾਦਕਤਾ ਤਰਤੀਬਵਾਰ 6874 ਕਿਲੋਗ੍ਰਾਮ ਅਤੇ 4450 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋਣ ਦਾ ਅਨੁਮਾਨ ਹੈ। ਅਨੁਮਾਨਤ ਉਤਪਾਦਨ ਝੋਨੇ ਦਾ 157.48 ਲੱਖ ਟਨ ਅਤੇ ਬਾਸਮਤੀ ਦਾ 28 ਲੱਖ ਟਨ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਬਾਸਮਤੀ ਦੀ ਪੂਸਾ ਬਾਸਮਤੀ 1509 ਕਿਸਮ ਜੋ ਪੱਕਣ ਨੂੰ ਥੋੜ੍ਹਾ ਸਮਾਂ (115 ਤੋਂ 120 ਦਿਨ) ਲੈਂਦੀ ਹੈ, ਤਕਰੀਬਨ ਵੱਢੀ ਜਾ ਚੁੱਕੀ ਹੈ ਅਤੇ ਇਸ ਦਾ ਮੰਡੀਕਰਨ ਹੋ ਰਿਹਾ ਹੈ। ਮੰਡੀ 'ਚ ਕਿਸਾਨਾਂ ਨੂੰ 2700-2800 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲ ਰਿਹਾ ਹੈ ਜਦੋਂ ਕਿ ਪਿਛਲੇ ਸਾਲ 2200 - 2300 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲਿਆ ਸੀ। ਨਾਗਰਾ (ਸੰਗਰੂਰ) ਪਿੰਡ ਦੇ ਮਨਜੀਤ ਸਿੰਘ ਘੁੰਮਣ ਨੇ ਪੂਸਾ ਬਾਸਮਤੀ 1509 ਕਿਸਮ ਤੋਂ 26 ਕੁਇੰਟਲ ਪ੍ਰਤੀ ਏਕੜ ਤੱਕ ਆਪਣੇ 8 ਏਕੜ ਰਕਬੇ ਵਿਚੋਂ ਪ੍ਰਾਪਤੀ ਕੀਤੀ ਹੈ। ਧਰਮਗੜ੍ਹ (ਫਤਿਹਗੜ੍ਹ ਸਾਹਿਬ) ਦੇ ਪੀ ਏ ਯੂ ਤੇ ਭਾਰਤੀ ਖੇਤੀ ਖੋਜ ਸੰਸਥਾਨ ਤੋਂ ਸਨਮਾਨਿਤ ਬਲਬੀਰ ਸਿੰਘ ਜੜੀਆ 22 ਕੁਇੰਟਲ ਪ੍ਰਤੀ ਏਕੜ ਉਤਪਾਦਕਤਾ ਪ੍ਰਾਪਤ ਕਰ ਰਿਹਾ ਹੈ। ਉਸ ਨੇ 10 ਏਕੜ ਰਕਬੇ 'ਚ ਪੂਸਾ ਬਾਸਮਤੀ 1509 ਕਿਸਮ ਦੀ ਕਾਸ਼ਤ ਕੀਤੀ ਹੋਈ ਹੈ। ਇਸੇ ਤਰ੍ਹਾਂ ਗੁਰਮੇਲ ਸਿੰਘ ਗਹਿਲਾਂ ਜਿਹੇ ਅਗਾਂਹਵਧੂ ਕਿਸਾਨ ਪੂਸਾ 44 ਕਿਸਮ ਦੇ ਝੋਨੇ ਤੋਂ 42 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈ ਰਹੇ ਹਨ। ਨਾਗਰਾ ਦਾ ਮਨਜੀਤ ਸਿੰਘ ਘੁੰਮਣ ਉਹਨਾਂ ਵਿਚੋਂ ਇਕ ਹੈ। ਸਟੇਟ ਐਵਾਰਡੀ ਪੰਜਾਬ ਸਰਕਾਰ ਨਾਲ ਝੋਨੇ ਦੇ ਖੇਤਰ 'ਚ 'ਕ੍ਰਿਸ਼ੀ ਕਰਮਨ ਪੁਰਸਕਾਰ' ਦੇ ਜੇਤੂ ਰਾਜਮੋਹਨ ਸਿੰਘ ਕਾਲੇਕਾ ਬਿਸ਼ਨਪੁਰ ਛੰਨਾ ਨੇ ਆਪਣੇ 20 ਏਕੜ ਫਾਰਮ ਤੇ ਪੂਸਾ 44 ਕਿਸਮ ਦੀ ਪਨੀਰੀ 9 ਮਈ ਨੂੰ ਬੀਜ ਕੇ 13-20 ਜੂਨ ਦੇ ਦਰਮਿਆਨ ਟਰਾਂਸਪਲਾਂਟ ਕੀਤੀ ਅਤੇ 8 ਅਕਤੂਬਰ ਨੂੰ ਵੱਢ ਲਈ। ਉਸ ਨੇ ਕਿਸੇ ਜ਼ਹਿਰ ਦਾ ਪ੍ਰਯੋਗ ਨਹੀਂ ਕੀਤਾ। ਝਾੜ ਦੀ ਪ੍ਰਾਪਤੀ 32.5 ਕੁਇੰਟਲ ਪ੍ਰਤੀ ਏਕੜ ਹੋਈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਕਰਮਚਾਰੀਆਂ ਨੇ ਕਾਲੇਕਾ ਦੇ ਖੇਤ ਤੇ ਝੋਨੇ ਦੀ ਲੁਆਈ ਅਤੇ ਵਾਢੀ ਆਪਣੀ ਹਾਜ਼ਰੀ 'ਚ ਕਰਵਾਈ ਅਤੇ ਇਸ ਦੇ ਅੰਕੜੇ ਰਿਕਾਰਡ ਕੀਤੇ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਾਲੇਕਾ ਦੀ ਜ਼ਹਿਰ ਮੁਕੱਤ ਖੇਤੀ ਦੀ ਪ੍ਰਸੰਸਾ ਕੀਤੀ ਹੈ। ਮੰਡੀ 'ਚ ਨਮੀ ਦੀ ਮਾਤਰਾ 18 - 19 ਪ੍ਰਤੀਸ਼ਤ ਆਈ ਅਤੇ ਕਾਲੇਕਾ ਨੂੰ ਪੂਰੀ ਐਮ ਐਸ ਪੀ ਪ੍ਰਾਪਤ ਹੋਈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜੋ ਹਾੜੀ ਦੀ ਯੋਜਨਾ ਬਣਾਈ ਹੈ ਉਸ ਤਹਿਤ ਕਣਕ ਦੀ ਕਾਸ਼ਤ 34.90 ਲੱਖ ਹੈਕਟੇਅਰ ਰਕਬੇ ਤੇ ਕੀਤੀ ਜਾਵੇਗੀ। ਤਕਰੀਬਨ 13 ਹਜ਼ਾਰ ਹੈਕਟੇਅਰ ਰਕਬੇ ਤੇ ਜੌਂਅ ਬੀਜੇ ਜਾਣਗੇ ਅਤੇ ਸਰ੍ਹੋਂ ਦੀ ਕਾਸ਼ਤ 10 ਹਜ਼ਾਰ ਹੈਕਟੇਅਰ ਰਕਬੇ ਤੇ ਕੀਤੀ ਜਾਵੇਗੀ। ਗਰਮ ਰੁੱਤ ਦੀ ਮੂੰਗੀ 25 ਹਜ਼ਾਰ ਹੈਕਟੇਅਰ ਤੇ ਬੀਜੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਆਵੇ। ਡਾਇਰੈਕਟਰ ਐਰੀ ਅਨੁਸਾਰ ਇਸ ਸਾਲ ਜੌਂਆਂ ਦੀ ਕਾਸ਼ਤ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਵੇਗੀ। ਕਣਕ ਦੀ ਬਿਜਾਈ ਲਈ ਖੇਤ ਨੂੰ ਤਵੀਆਂ ਜਾਂ ਹਲਾਂ ਨਾਲ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਨੂੰ ਭਾਰੀ ਜ਼ਮੀਨਾਂ ਦੇ ਮੁਕਾਬਲੇ ਘੱਟ ਵਹਾਈ ਦੀ ਲੋੜ ਹੁੰਦੀ ਹੈ। ਵਹਾਈ ਖੇਤ ਵਿਚ ਨਮੀ ਅਨੁਸਾਰ ਕਰਨੀ ਚਾਹੀਦੀ ਹੈ। ਜੇਕਰ ਨਮੀਂ ਘੱਟ ਹੋਵੇ ਤਾਂ ਰੌਣੀ ਕਰ ਕੇ ਖੇਤ ਤਿਆਰ ਕਰਨਾ ਚਾਹੀਦਾ ਹੈ। ਫ਼ਸਲ ਦਾ ਝਾੜ ਉਸਦੀ ਬਿਜਾਈ ਦੇ ਸਮੇਂ ਤੇ ਨਿਰਭਰ ਕਰਦਾ ਹੈ। ਸਹੀ ਸਮੇਂ ਤੋਂ ਇਕ ਹਫ਼ਤੇ ਦੇਰੀ ਕਰਨ ਨਾਲ ਬੀਜਣ ਉਪਰੰਤ ਲਗਭਗ 1.5 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਜਾਂਦਾ ਹੈ। ਵਧੇਰੇ ਝਾੜ ਲੈਣ ਲਈ ਖੇਤ ਵਿਚ ਬੂਟਿਆਂ ਦੀ ਗਿਣਤੀ ਦਾ ਪੂਰਾ ਹੋਣਾ ਜ਼ਰੂਰੀ ਹੈ। ਕਿਸਮ ਦੀ ਚੋਣ ਤੋਂ ਬਾਅਦ ਬਿਮਾਰੀ - ਰਹਿਤ ਅਤੇ ਸੁਧਰੇ ਸਿਹਤਮੰਦ ਬੀਜ ਨੂੰ ਉਪਯੋਗ 'ਚ ਲਿਆਉਣਾ ਚਾਹੀਦਾ ਹੈ। ਕਿਸੇ ਹੋਰ ਕਿਸਮ ਦਾ ਬੀਜ ਜਾਂ ਨਦੀਨ ਖੇਤ ਵਿਚ ਨਹੀਂ ਹੋਣੇ ਚਾਹੀਦੇ। ਬੀਜ ਦੀ ਸੋਧ ਦਵਾਈਆਂ ਨਾਲ ਕਰ ਲੈਣੀ ਚਾਹੀਦੀ ਹੈ। ਸਿਊਂਕ ਅਤੇ ਬੀਜ ਤੋਂ ਲਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੇਵਲ ਬੀਜ ਦੇ ਸੋਧਣ ਨਾਲ ਹੀ ਕੀਤੀ ਜਾ ਸਕਦੀ ਹੈ। ਬਿਜਾਈ ਲਈ ਖੇਤ ਦੀ ਤਿਆਰੀ ਅਨੁਸਾਰ ਸੀਡ-ਕਮ-ਫਰਟੀਲਾਈਜ਼ਰ ਡਰਿਲ, ਜ਼ੀਰੋ ਡਰਿਲ ਜਾਂ ਹੈਪੀ ਸੀਡਰ ਨਾਲ ਕਰਨੀ ਚਾਹੀਦੀ ਹੈ। ਕਣਕ ਦੀ ਬਿਜਾਈ ਚੰਗੇ ਵੱਤਰ ਵਿਚ 4 -6 ਸੈਂਟੀਮੀਟਰ ਡੂੰਘਾਈ ਤੇ ਕਤਾਰ ਤੋਂ ਕਤਾਰ 15 - 20 ਸੈਂਟੀਮੀਟਰ ਦੇ ਫ਼ਾਸਲੇ ਉੱਪਰ ਕਰ ਦੇਣੀ ਚਾਹੀਦੀ ਹੈ। ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਹੋਣੀ ਚਾਹੀਦੀ ਹੈ।


-ਮੋਬਾਈਲ : 98152-36307

ਆਲੂਆਂ ਦੀ ਸੁਚੱਜੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਲੂ ਦਾ ਝਾੜ ਬੀਜ ਦੇ ਅਕਾਰ ਅਤੇ ਬੂਟਿਆਂ ਅਤੇ ਵੱਟਾਂ ਵਿਚਕਾਰ ਫਾਸਲੇ 'ਤੇ ਬਹੁਤ ਨਿਰਭਰ ਹੈ। ਆਮ ਤੌਰ 'ਤੇ 60 ਸੈਂਟੀਮੀਟਰ ਫਾਸਲੇ ਵਾਲੀਆਂ ਵੱਟਾਂ ਉਤੇ 20 ਸੈਂਟੀਮੀਟਰ ਦੀ ਵਿੱਥ 'ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ। ਟਰੈਕਟਰ ਨਾਲ ਬਿਜਾਈ ਕਰਨ ਲਈ ਸੈਮੀ-ਆਟੋਮੈਟਿਕ ਜਾਂ ਆਟੋ ਮੈਟਿਕ ਮਸ਼ੀਨਾਂ ਦੀ ਵਰਤੋਂ ਸਮੇਂ ਮਸ਼ੀਨਰੀ ਅਨੁਸਾਰ ਫਾਸਲੇ ਵਿਚ ਥੋੜ੍ਹਾ-ਬਹੁਤ ਅਦਲ-ਬਦਲ ਕੀਤਾ ਜਾ ਸਕਦਾ ਹੈ।
ਖਾਦਾਂ : ਆਲੂ ਨੂੰ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਦੀ ਕਾਫੀ ਲੋੜ ਹੁੰਦੀ ਹੈ। ਕਿਸੇ ਵੀ ਇਕ ਤੱਤ ਦੀ ਘਾਟ ਜਾਂ ਵਾਧ ਫ਼ਸਲ ਦੀ ਝਾੜ 'ਤੇ ਮਾੜਾ ਅਸਰ ਪਾ ਸਕਦੀ ਹੈ । ਇਸ ਲਈ ਤੱਤਾਂ ਦਾ ਠੀਕ ਮਾਤਰਾ ਵਿਚ ਮਿਲਣਾ ਝਾੜ ਤੇ ਕੁਆਲਿਟੀ ਲਈ ਜ਼ਰੂਰੀ ਹੈ। ਗਲੀ-ਸੜੀ ਰੂੜੀ ਦੀ ਖਾਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਸਾਰੇ ਵੱਡੇ ਤੇ ਛੋਟੇ ਲਘੂ ਤੱਤ ਸਪਲਾਈ ਕਰਨ ਵਿਚ ਸਹਾਈ ਹੁੰਦੀ ਹੈ। ਸਿੰਚਾਈ ਵਾਲੀ ਪਤਝੜ ਵਾਲੀ ਫ਼ਸਲ ਲਈ 75 ਕਿਲੋ ਨਾਈਟਰੋਜਨ (165 ਕਿਲੋ ਯੂਰੀਆ) 25 ਕਿਲੋ ਫਾਸਫੋਰਸ (155 ਕਿਲੋ ਸੁਪਰ ਫਾਸਫੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮੁਰੀਏਟ ਆਫ ਪੋਟਾਸ਼) ਪ੍ਰਤੀ ਏਕੜ ਤੋਂ ਬਿਨਾਂ 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਵਰਤਣੀ ਚਾਹੀਦੀ ਹੈ। ਸਾਰੀ ਫਾਸਫੋਰਸ ਤੇ ਪੋਟਾਸ਼ ਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਤੇ ਬਾਕੀ ਨਾਈਟਰੋਜਨ 25-30 ਦਿਨਾਂ ਬਾਅਦ ਆਲੂਆਂ ਨੂੰ ਮਿੱਟੀ ਚਾੜ੍ਹਣ ਵੇਲੇ ਪਾਉਣੀ ਚਾਹੀਦੀ ਹੈ।ਬੀਜ ਵਾਲੀ ਫ਼ਸਲ ਲਈ ਖਾਦਾਂ ਦੀ ਮਾਤਰਾ 20% ਘਟਾਈ ਜਾ ਸਕਦੀ ਹੈ। ਮਿੱਟੀ ਟੈਸਟ ਦੇ ਅਧਾਰ 'ਤੇ ਖਾਦਾਂ ਦੀ ਮਾਤਰਾ ਘੱਟ-ਵਧ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ : ਆਲੂਆਂ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਮਿਲਦੇ ਹਨ ਜਿਵੇਂ ਗੁੱਲੀ ਡੰਡਾ, ਜੌਂਧਰ, ਬਾਥੂ, ਜੰਗਲੀ ਚੁਲਾਈ, ਹਿਰਨਖੁਰੀ, ਮੋਥਾ, ਸੇਂਜੀ, ਬੂਟੀ, ਇਟਸਿਟ ਆਦਿ। ਨਦੀਨ ਨਾਸ਼ਕਾਂ ਦੀ ਵਰਤੋਂ ਇਨ੍ਹਾਂ ਨਦੀਨਾਂ ਨੂੰ ਖਤਮ ਕਰਨ ਲਈ ਗੋਡੀ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ। ਕੁਝ ਨਦੀਨ-ਨਾਸ਼ਕ ਨਦੀਨਾਂ ਦੇ ਬੀਜ ਜੰਮਣ ਤੋਂ ਪਹਿਲਾਂ ਤੇ ਕੁਝ ਨਦੀਨਾਂ ਦੇ ਜੰਮਣ ਤੋਂ ਬਾਅਦ ਵਰਤੇ ਜਾਂਦੇ ਹਨ।
ਸਿੰਚਾਈ : ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਉਣਾ ਚਾਹੀਦਾ ਹੈ, ਇਸ ਨਾਲ ਆਲੂ ਦਾ ਪੁੰਗਾਰ ਚੰਗਾ ਹੁੰਦਾ ਹੈ। ਪਹਿਲੀਆਂ ਸਿੰਚਾਈਆਂ ਹਲਕੀਆਂ ਤੇ ਬਾਕੀ ਦੀਆਂ ਸਿੰਚਾਈਆਂ ਭਰਵੀਆਂ, ਕਿਉਂਕਿ ਬਾਅਦ ਵਿਚ ਫ਼ਸਲ ਦੀ ਪਾਣੀ ਦੀ ਲੋੜ ਵੱਧ ਜਾਂਦੀ ਹੈ। ਸਿੰਚਾਈਆਂ ਵਿਚ ਵਕਫਾ ਤੇ ਸਿੰਚਾਈ ਦੀ ਮਾਤਰਾ ਫ਼ਸਲ ਦੀ ਲੋੜ ਮੁਤਾਬਕ ਕਰਨੀ ਚਾਹੀਦੀ ਹੈ। ਆਮ ਤੌਰ 'ਤੇ ਲਗਾਤਾਰ ਤੇ ਹਲਕੀਆਂ ਸਿੰਚਾਈਆਂ ਜ਼ਿਆਦਾ ਅਸਰਦਾਇਕ ਹੁੰਦੀਆਂ ਹਨ। ਜੇਕਰ ਭਰ ਕੇ ਪਾਣੀ ਲਾਇਆ ਜਾਵੇ ਤਾਂ ਵੱਟਾਂ ਸਖਤ ਹੋ ਜਾਂਦੀਆਂ ਹਨ, ਜੜ੍ਹਾਂ ਨੂੰ ਹਵਾ ਘੱਟ ਮਿਲਦੀ ਹੈ ਤੇ ਆਲੂਆਂ ਦਾ ਵਿਕਾਸ ਰੁਕ ਜਾਂਦਾ ਹੈ। ਜਦੋਂ ਫ਼ਸਲ ਪੱਕਣ 'ਤੇ ਆਉਂਦੀ ਹੈ ਪਾਣੀ ਘੱਟ ਕਰ ਦੇਣਾ ਚਾਹੀਦਾ ਹੈ ਤੇ ਆਲੂ ਪੁੱਟਣ ਤੋਂ ਦੋ ਹਫਤੇ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਆਲੂ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਤੇ ਇਨ੍ਹਾਂ ਦੀ ਕੁਆਲਟੀ ਵਿਚ ਸੁਧਾਰ ਆਉਂਦਾ ਹੈ।
ਪੁਟਾਈ : ਆਲੂਆਂ ਦੀ ਪੁਟਾਈ ਫ਼ਸਲ ਦੀ ਪਕਾਈ ਤੇ ਵੇਚਣ ਵੇਲੇ ਭਾਅ 'ਤੇ ਨਿਰਭਰ ਕਰਦੀ ਹੈ। ਜਦੋਂ ਆਲੂਆਂ ਦੇ ਪੱਤੇ ਹਲਕੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਪੱਤੇ ਗਿਰਨ ਲਗ ਪੈਂਦੇ ਹਨ ਤਾਂ ਫ਼ਸਲ ਪੱਕਾਈ ਦੇ ਵਲ ਵਧ ਰਹੀ ਹੁੰਦੀ ਹੈ। ਅਗੇਤੀਆਂ ਕਿਸਮਾਂ ਦਾ ਭਾਅ ਜ਼ਿਆਦਾ ਹੁੰਦਾ ਹੈ ਤੇ ਝਾੜ ਘੱਟ ਹੁੰਦਾ ਹੈ। ਲੇਟ ਪੱਕਣ ਵਾਲੀਆਂ ਕਿਸਮਾਂ ਤੋਂ ਝਾੜ ਵੱਧ ਮਿਲਦਾ ਹੈ ਪਰ ਭਾਅ ਘਟ ਜਾਂਦਾ ਹੈ। ਇਸ ਲਈ ਪੁਟਾਈ ਦਾ ਸਮਾਂ ਬਹੁਤ ਸਿਆਣਪ ਨਾਲ ਚੁਣਨਾ ਚਾਹੀਦਾ ਹੈ, ਤਾਂ ਜੋ ਝਾੜ ਵੀ ਠੀਕ ਹੋਵੇ ਤੇ ਮੰਡੀ ਵਿਚ ਭਾਅ ਵੀ ਚੰਗਾ ਮਿਲ ਸਕੇ। ਟਰੈਕਟਰ ਨਾਲ ਚੱਲਣ ਵਾਲੀ ਆਲੂ ਪੁੱਟਣ ਵਾਲੀ ਮਸ਼ੀਨ (ਡਿੱਗਰ) ਪੁਟਾਈ ਲਈ ਵਰਤੀ ਜਾਂਦੀ ਹੈ। ਆਲੂਆਂ ਦੀ ਪੁਟਾਈ ਵੇਲੇ ਜ਼ਮੀਨ ਵਿਚ ਠੀਕ ਵੱਤਰ ਹੋਣਾ ਚਾਹੀਦਾ, ਇਸ ਨਾਲ ਮਸ਼ੀਨਾਂ ਨੂੰ ਚੱਲਣ ਵਿਚ ਕੋਈ ਦਿੱਕਤ ਨਹੀਂ ਆਉਂਦੀ।
ਗਰੇਡਿੰਗ ਤੇ ਸਟੋਰ ਕਰਨਾ : ਫ਼ਸਲ ਦੀ ਗਰੇਡਿੰਗ ਕਰਨੀ ਅਤੀ ਜ਼ਰੂਰੀ ਹੈ। ਇਸ ਤਰ੍ਹਾਂ ਆਲੂ ਉਤਪਾਦਕ ਨੂੰ ਜ਼ਿਆਦਾ ਭਾਅ ਮਿਲ ਸਕਦਾ ਹੈ ਤੇ ਗਾਹਕ ਨੂੰ ਚੰਗੀ ਕੁਆਲਿਟੀ ਦਾ ਆਲੂ ਮਿਲ ਸਕਦਾ ਹੈ। ਮੰਡੀ ਵਿਚ ਵੇਚਣ ਲਈ ਜਾਂ ਫੈਕਟਰੀਆਂ ਵਿਚ ਭੇਜਣ ਲਈ ਆਲੂ ਦਾ ਵੱਡਾ ਸਾਈਜ਼ ਪਸੰਦ ਕੀਤਾ ਜਾਂਦਾ ਹੈ। ਆਲੂਆਂ ਦਾ ਬੀਜ ਰੱਖਣ ਲਈ ਆਲੂ ਨੂੰ ਉਸ ਸਟੋਰ ਵਿਚ ਰੱਖੋ, ਜਿਸ ਦਾ ਤਾਪਮਾਨ 2-4 ਡਿਗਰੀ ਸੈਲਸੀਅਸ ਤੇ ਨਮੀ 75-80 ਫ਼ੀਸਦੀ ਹੋਵੇ। ਮੰਡੀ ਵਿਚ ਵੇਚਣ ਜਾਂ ਫੈਕਟਰੀਆਂ ਵਿਚ ਭੇਜਣ ਲਈ ਆਲੂਆਂ ਨੂੰ 10-12 ਡਿਗਰੀ ਸੈਲਸੀਅਸ ਅਤੇ 75-80 ਫ਼ੀਸਦੀ ਨਮੀ ਵਾਲੇ ਸਟੋਰ ਵਿਚ ਰੱਖੋ। ਇਸ ਸਟੋਰ ਵਿਚ ਆਲੂ ਨੂੰ ਕਾਫੀ ਸਮੇਂ ਤੱਕ ਰੱਖਣ ਲਈ ਦੋ ਵਾਰ (ਇਕ ਮਹੀਨਾ ਬਾਅਦ ਤੇ 4 ਮਹੀਨੇ ਬਾਅਦ) ਸੀ ਆਈ ਪੀ ਸੀ (ਆਈਸੋ ਪਰੋਪਾਈਲ ਕਲੋਰੋਫੀਨਾਈਲ ਕਾਰਬਾਮੇਟ) ਦਾ ਧੂੰਆਂ ਕੀਤਾ ਜਾਂਦਾ ਹੈ। ਇਸ ਨਾਲ ਆਲੂ ਦਾ ਫੁਟਾਰਾ ਨਿਕਲਣਾ, ਗਲਣਾ ਤੇ ਸੁੰਗੜਨਾ ਰੁਕ ਜਾਂਦਾ ਹੈ ਤੇ ਆਲੂ ਦੇ ਵਜ਼ਨ ਵਿਚ ਕੋਈ ਕਮੀ ਨਹੀਂ ਆਉਂਦੀ। ਇਹ ਆਲੂ ਮੰਡੀ ਵਿਚ ਵੇਚ ਕੇ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ। ਇਹ ਆਲੂ ਪਹਾੜੀ ਆਲੂ ਦੇ ਮੁਕਾਬਲੇ ਮੰਡੀ ਵਿਚ ਵੇਚੇ ਜਾ ਸਕਦਾ ਹਨ। (ਸਮਾਪਤ)


-ਮੋਬਾਈਲ : 82838-1424

ਕੁਝ ਤਾਂ ਸੋਚ ਕਿਸਾਨਾਂ

ਨਾੜ, ਪਰਾਲੀ ਸਾੜੀ ਜਾਵੇਂ, ਲਾਅ ਕੇ ਕੋਈ ਬਹਾਨਾ,
ਕਿਉਂ ਧਰਤੀ ਨੂੰ ਲਾਂਬੂ ਲਾਵੇਂ, ਕੁਝ ਤਾਂ ਸੋਚ ਕਿਸਾਨਾ।
ਅੰਨ ਦਾਤਿਆ ਆਪਣੇ ਹੱਥੀਂ ਆਪਣੀ ਕਿਸਮਤ ਸਾੜੇਂ,
ਲਗਾ ਕੇ ਅੱਗ ਧੂੰਆਂ ਕਿੱਦਾਂ ਵਿਚ ਅਸਮਾਨੀਂ ਚਾੜ੍ਹੇਂ।
ਐਕਸੀਡੈਂਟ 'ਚ ਹੋ ਅਪਾਹਜ ਜਾਂਦੀਆਂ ਨੇ ਕਈ ਜਾਨਾਂ,
ਕਿਉਂ ਪਰਾਲੀ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾ।
ਹਵਾ 'ਚ ਪ੍ਰਦੂਸ਼ਣ ਰਲ ਕੇ, ਹੋ ਜਾਉ ਗੰਧਲਾ ਚਾਰ ਚੁਫੇਰਾ,
ਦਮਾ, ਕੈਂਸਰ ਤੇ ਖੁਰਕ ਵਰਗੇ ਰੋਗ ਪਾਉਣਗੇ ਘੇਰਾ।
ਆਪਣੇ ਹੱਥੀਂ ਆਪਣਾ ਝੁੱਗਾ ਚੌੜ ਨਾ ਕਰੀਂ ਜੁਆਨਾ,
ਕਿਉਂ ਧਰਤੀ ਨੂੰ ਸਾੜੀ ਜਾਵੇਂ, ਕੁਝ ਤਾ ਸੋਚ ਕਿਸਾਨਾ,
ਪਰਾਲੀ ਨੂੰ ਅੱਗ ਲਗਾਇਆਂ ਲੱਖਾਂ ਜੀਵ ਨੇ ਮਰਦੇ।
ਜਿਹੜੇ ਸਾਨੂੰ ਜੀਵਨ ਦਿੰਦੇ, ਰੁੱਖ ਬੂਟੇ ਵੀ ਸੜਦੇ,
ਜੋ ਨੇ ਸਾਡੇ ਮਿੱਤਰ ਕੀੜੇ, ਜਾਣ ਉਨ੍ਹਾਂ ਦੀਆਂ ਜਾਨਾਂ।
ਕਿਉਂ ਉਨ੍ਹਾਂ ਨੂੰ ਸਾੜੀ ਜਾਵੇਂ ਕੁਝ ਤਾਂ ਸੋਚ ਕਿਸਾਨਾ
ਵਾਧੂ ਖਰਚੇ ਕਰਕੇ ਹੋ ਗਈ, ਕਰਜ਼ੇ ਦੀ ਪੰਡ ਭਾਰੀ,
ਖੁਦਕੁਸ਼ੀਆਂ ਹੱਲ ਨਹੀ ਇਸਦਾ, ਹੁੰਦੀ ਸਗੋਂ ਖੁਆਰੀ,
ਤੂੰ ਫਰਜ਼ਾਂ ਦਾ ਪਾਂਧੀ ਬਣਕੇ, ਲਿਖ ਕੋਈ ਅਫਸਾਨਾ।
ਕਿਉਂ ਧਰਤੀ ਨੂੰ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾਂ,
ਨਵੇਂ ਤਰੀਕੇ ਦੱਸੇ ਨੇ ਜੋ ਖੇਤੀਬਾੜੀ ਦੇ ਮਾਹਿਰਾਂ,
ਸਖ਼ਤ ਕਾਨੂੰਨ ਬਣਾ ਦਿੱਤੇ ਨੇ ਸਮੇਂ ਦੀਆਂ ਸਰਕਾਰਾਂ।
ਮੱਖਣ ਗਿੱਲ ਦੇ ਆਖੇ ਲੱਗੋ ਨਹੀਂ ਤੇ ਹੋਊ ਜੁਰਮਾਨਾ
ਕਿਉਂ ਧਰਤੀ ਨੂੂੰ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾਂ,


-ਮੱਖਣ ਸਿੰਘ ਗਿੱਲ
ਸਾਬਕਾ ਸਰਪੰਚ ਸੰਤੂਨੰਗਲ ਜ਼ਿਲ੍ਹਾ ਅੰਮ੍ਰਿਤਸਰ
ਮੋਬਾਈਲ : 98722-41431

ਖੇਤੀਬਾੜੀ ਨਾਲ ਸਬੰਧਿਤ ਦਵਾਈਆਂ ਦੀ ਨਕਲਖੋਰੀ ਰੋਕਣ ਦੀ ਲੋੜ

ਦਿਨ ਚੜ੍ਹਦਿਆਂ ਹੀ ਵਾਤਾਵਰਨ ਦੀ ਸੰਭਾਲ, ਖੇਤੀਬਾੜੀ ਵਿਚ ਆ ਰਹੀ ਗਿਰਾਵਟ ਦੀਆਂ ਖ਼ਬਰਾਂ ਰੋਜ਼ਾਨਾ ਹੀ ਪੜ੍ਹਨ ਨੂੰ ਮਿਲਦੀਆਂ ਹਨ। ਸਰਕਾਰੀ ਦਫਤਰਾਂ ਵਿਚ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਨੇਕਾਂ ਤਰ੍ਹਾਂ ਦੇ ਉਪਰਾਲਿਆਂ ਦੀਆਂ ਵੱਡੀਆਂ-ਵੱਡੀਆਂ ਫਾਇਲਾਂ ਨਜ਼ਰ ਆਉਂਦੀਆਂ ਹਨ। ਪਰ ਜ਼ਮੀਨੀ ਪੱਧਰ 'ਤੇ ਅੱਜ ਇਹ ਸਭ ਸਾਲਾਨਾ ਨਾਟਕ ਹੀ ਨਜ਼ਰ ਆਉਂਦਾ ਹੈ।
ਪਹਿਲੀ ਗੱਲ ਅੱਜ ਦੀ ਕਿਸਾਨੀ ਦੀ ਆਰਥਿਕਤਾ ਬਾਰੇ ਅਸੀਂ ਭਲੀ-ਭਾਂਤ ਜਾਣਦੇ ਹਾਂ। ਕਿਵੇਂ ਕਰਜ਼ਾ ਚੁੱਕ ਆਪਣੀ ਫਸਲ ਨੂੰ ਪਾਲਦੇ ਹਨ, ਲੋੜ ਅਨੁਸਾਰ ਉਨ੍ਹਾਂ ਨੂੰ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਪਰ ਅਫਸੋਸ ਇਨ੍ਹਾਂ ਵਰਤੋਂ ਵਿਚ ਆ ਰਹੀਆਂ ਦਵਾਈਆਂ ਦਾ ਨਤੀਜਾ ਗੁਣਵੱਤਾ ਅਨੁਸਾਰ ਸਹੀ ਨਹੀਂ ਮਿਲਦਾ? ਫਿਰ ਕਿਸਾਨੀ ਦੀ ਭੁੱਬ ਨਿਕਲਦੀ ਹੈ। ਇਸ ਸਭ ਦਾ ਕਾਰਨ ਉਨ੍ਹਾਂ ਦਵਾਈਆਂ ਦਾ ਨਕਲੀ ਹੋਣਾ ਹੈ। ਜਿਨ੍ਹਾਂ ਦੀ ਪਹਿਚਾਣ ਕਰਨੀ ਆਮ ਵਿਅਕਤੀ ਦੇ ਹੱਥ ਵੱਸ ਨਹੀਂ ਹੁੰਦੀ ਕਿਉਂਕਿ ਦੇਖਣ ਨੂੰ ਇਨ੍ਹਾਂ ਦਵਾਈਆਂ ਦੇ ਬਾਹਰੀ ਬਣਤਰ ਇਕੋ ਜਿਹੀ ਹੁੰਦੀ ਹੈ। ਘੋਲ ਵਿਚ ਵੀ ਕੋਈ ਬਹੁਤਾ ਫਰਕ ਦਿਖਾਈ ਨਹੀਂ ਦਿੰਦਾ। ਅੰਤ ਪਤਾ ਇਸ ਦਾ ਵਰਤੋਂ ਤੋਂ ਬਾਅਦ ਲਗਦਾ ਹੈ। ਸ਼ਿਕਾਇਤ ਕਰਨ ਤੇ ਦੁਕਾਨਦਾਰ ਕਿਸੇ ਦੀ ਸੁਣਦੇ ਤੱਕ ਨਹੀਂ ਉਪਰੋਂ ਸਪਰੇਅ ਦੀ ਸਹੀ ਤਕਨੀਕ ਦੁਆਰਾ ਨਾ ਕੀਤਾ ਜਾਣਾ ਕਾਰਨ ਬਣਾ ਦਿੰਦੇ ਹਨ। ਪਿਛਲੀ ਦਿਨੀਂ ਸੋਸ਼ਲ ਮੀਡੀਆ ਤੇ ਨਕਲੀ ਦਵਾਈਆਂ ਦੇ ਫੜੇ ਜਾਣ ਦੀਆਂ ਅਨੇਕਾਂ ਹੀ ਵੀਡੀਓ ਵਾਇਰਲ ਹੋਈਆਂ ਹਨ। ਪਰ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਨਕਲੀ ਦਵਾਈਆਂ ਬਣਾਉਣ ਵਾਲੇ ਮਗਰਮੱਛਾਂ ਨੂੰ ਨਹੀਂ ਫੜ ਸਕੇ।
ਦੂਸਰਾ ਇਹ ਵੀ ਦੇਖਣ ਵਿਚ ਆਇਆ ਹੈ, ਕਿ ਕੁਝ ਦਵਾਈਆਂ ਦੀ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਮਹਿਕਮੇ ਵਲੋਂ ਪੂਰਨ ਰੋਕ ਲਗਾਈ ਹੋਈ ਹੈ ਕਿਉਂਕਿ ਦਵਾਈਆਂ ਫ਼ਸਲ, ਵਾਤਾਵਰਨ ਲਈ ਹਾਨੀਕਾਰਕ ਹਨ, ਪਰ ਇਨ੍ਹਾਂ ਦੀ ਵਿਕਰੀ ਵੀ ਖੁੱਲ੍ਹੇਆਮ ਹੋ ਰਹੀ ਹੈ।
ਸੋ, ਇਸ ਸਭ ਲਈ ਜਿਥੇ ਦੁਕਾਨਦਾਰ ਦੇ ਨਾਲ-ਨਾਲ ਕਿਸਾਨ ਵੀ ਬਰਾਬਰ ਦੇ ਭਾਗੀਦਾਰ ਹਨ। ਕਿਉਂਕਿ ਜਦੋਂ ਕੋਈ ਦਵਾਈ ਖਰੀਦੀ ਜਾਂਦੀ ਹੈ ਤਾਂ ਦੁਕਾਨਦਾਰ ਵਲੋਂ ਉਸ ਦੇ ਦੋ ਰੇਟ ਦੱਸੇ ਜਾਂਦੇ ਹਨ, ਪਹਿਲਾਂ ਬਿਨਾਂ ਪੱਕੇ ਬਿੱਲ ਤੋਂ ਦੂਸਰਾ ਪੱਕੇ ਬਿੱਲ ਸਮੇਤ। ਜਾਗਰੂਕਤਾ ਦੀ ਘਾਟ ਕਾਰਨ ਕਿਸਾਨਾਂ ਲਈ ਬਿੱਲ ਦੀ ਅਹਿਮੀਅਤ ਨਾ ਜਾਣਦੇ ਹੋਏ ਬਿੱਲ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਪਰ ਬਿਨਾਂ ਬਿੱਲ ਤੋਂ ਦਵਾਈ ਸਸਤੇ ਰੇਟਾਂ ਵਿਚ ਹੀ ਖਰੀਦੀ ਜਾਂਦੀ ਹੈ। ਇਸ ਲਾਲਚ ਕਾਰਨ ਕਿਸਾਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਸੋ, ਲੋੜ ਹੈ ਸਿਰਫ਼ ਪ੍ਰਸ਼ਾਸਨ, ਸਬੰਧਿਤ ਮਹਿਕਮੇ ਦੇ ਕਰਨ ਨਾਲ ਕੁਝ ਨਹੀਂ ਹੋਣਾ। ਇਸ ਨਕਲਖੋਰੀ ਦੇ ਧੰਦੇ ਨੂੰ ਖਤਮ ਕਰਨ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ। ਲਾਲਚ ਨੂੰ ਛੱਡ ਦਿਓ ਪੱਕੇ ਬਿੱਲ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਨਾ ਖਰੀਦੋ।


-ਮਲੇਰਕੋਟਲਾ। ਮੋਬਾ : 94179-71451.

ਆਲੂਆਂ ਦੀ ਸੁਚੱਜੀ ਕਾਸ਼ਤ

ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਖੁਰਾਕੀ ਫ਼ਸਲ ਹੈ। ਪੰਜਾਬ ਵਿਚ ਤਕਰੀਬਨ 1 ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ। ਆਲੂ ਇਕ ਠੰਢੇ ਮੌਸਮ ਦੀ ਫ਼ਸਲ ਹੈ। ਆਲੂ ਦੀ ਫ਼ਸਲ ਉਸ ਮੌਕੇ ਪੈਦਾ ਕੀਤੀ ਜਾਂਦੀ ਹੈ, ਜਦੋਂ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਹੋਵੇ ਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਵੇ। ਦਿਨ ਨੂੰ ਧੁੱਪ ਤੇ ਰਾਤਾਂ ਠੰਢੀਆਂ ਫ਼ਸਲ ਲਈ ਚੰਗੀਆਂ ਹਨ। ਜਿਥੇ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਆਲੂਆਂ ਦੇ ਬੂਟਿਆਂ ਨੂੰ ਆਲੂ ਨਹੀਂ ਪੈਂਦੇ। ਇਸ ਫ਼ਸਲ ਨੂੰ ਕੋਰਾ ਤੇ ਠੰਢ ਵੀ ਨੁਕਸਾਨ ਕਰਦੀ ਹੈ। ਪੰਜਾਬ ਵਿਚ ਆਲੂ ਦੀ ਅਗੇਤੀ, ਆਮ ਮੌਸਮੀ ਤੇ ਬਹਾਰ ਰੁੱਤ ਦੀ ਫ਼ਸਲ ਲਈ ਜਾਂਦੀ ਹੈ। ਅਗੇਤੀ ਫ਼ਸਲ ਜਿਹੜੀ ਸਤੰਬਰ ਵਿਚ ਬੀਜੀ ਜਾਂਦੀ ਹੈ ਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਫ਼ਸਲ, ਜਿਹੜੀ ਅਕਤੂਬਰ ਵਿਚ ਬੀਜੀ ਜਾਂਦੀ ਹੈ, ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਨਹੀਂਂ ਕਰਨਾ ਪੈਂਦਾ, ਪਰ ਇਹਨੂੰ ਕੋਰੇ ਦੇ ਨੁਕਸਾਨ ਦਾ ਡਰ ਰਹਿੰਦਾ ਹੈ।
ਜ਼ਮੀਨ ਦੀ ਚੋਣ ਅਤੇ ਤਿਆਰੀ : ਆਲੂ ਦੀ ਕਾਸ਼ਤ ਭਾਵੇਂ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ, ਪ੍ਰੰਤੂ ਚੰਗੇ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕਲਰ ਰਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁਕਵੀਂ ਹੈ। ਜ਼ਮੀਨ ਦੀ ਪੀ.ਐਚ 5.5 ਤੋਂ 8.0 ਤੱਕ ਹੋਣੀ ਚਾਹੀਦੀ ਹੈ। ਜ਼ਮੀਨ ਦੇ ਹੇਠਾਂ ਕੋਈ ਸਖਤ ਮਿੱਟੀ ਦੀ ਤਹਿ ਨਹੀਂਂ ਹੋਣੀ ਚਾਹੀਦੀ। ਭਾਰੀਆਂ ਜ਼ਮੀਨਾਂ ਵਿਚ ਆਲੂਆਂ ਦੀ ਸ਼ਕਲ ਬੇਢਵੀ ਹੋ ਸਕਦੀ ਹੈੈ।
ਸਮੁੱਚੇ ਤੌਰ 'ਤੇ ਵਹਾਈ ਜ਼ਮੀਨ ਦੀ ਕਿਸਮ 'ਤੇ ਨਿਰਭਰ ਕਰੇਗੀ। ਗੋਹੇ ਦੀ ਰੂੜੀ ਬਿਜਾਈ ਤੋਂ ਪਹਿਲਾਂ ਪਾ ਦਿਓ। ਨਦੀਨ ਜਾਂ ਪਹਿਲੀ ਫ਼ਸਲ ਦੇ ਮੁੱਢਾਂ ਦੀ ਖਾਸ ਸਮੱਸਿਆ ਨਾ ਹੋਵੇ ਤਾਂ ਆਲੂ ਦੀ ਫ਼ਸਲ ਘੱਟ ਵਹਾਈ ਨਾਲ ਵੀ ਲਾਈ ਜਾ ਸਕਦੀ ਹੈ। ਆਲੂ ਦੀ ਫ਼ਸਲ ਆਮ ਤੌਰ 'ਤੇ ਝੋਨੇ, ਮੱਕੀ ਆਦਿ ਤੋਂ ਬਾਅਦ ਬੀਜੀ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਕੋਈ ਫਲੀਆਂ ਵਾਲੀ ਫ਼ਸਲ ਜਾਂ ਹਰੀ ਖਾਦ ਇਸ ਤੋਂ ਪਹਿਲਾਂ ਆ ਜਾਵੇ। 20 ਕਿਲੋ ਸਣ ਜਾਂ ਜੰਤਰ ਜੂਨ ਦੇ ਅਖੀਰ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਬੀਜੋ। ਜਦ ਇਹ ਫ਼ਸਲ 7-8 ਹਫ਼ਤੇ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ ਤਾਂ ਕਿ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਚੰਗੀ ਤਰ੍ਹਾਂ ਗਲ-ਸੜ ਜਾਵੇ। ਹਰੀ ਖਾਦ ਜ਼ਮੀਨ ਉਲਟਾਵੇ ਹਲ ਨਾਲ ਇਕ ਵਾਰੀ ਵਾਹੁਣ ਤੋਂ ਬਾਅਦ, ਤਵੀਆਂ ਨਾਲ ਜਾਂ ਸਧਾਰਨ ਹਲ ਨਾਲ ਵਾਹੋ।
ਬੀਜ ਦੀ ਮਾਤਰਾ, ਗੁਣਵਤਾ ਅਤੇ ਸੁਧਾਈ : ਆਲੂ ਦੀ ਕਾਸ਼ਤ ਵਿਚ ਤਕਰੀਬਨ 50 ਫ਼ੀਸਦੀ ਖਰਚਾ ਆਲੂ ਦੇ ਬੀਜ 'ਤੇ ਆ ਜਾਂਦਾ ਹੈ, ਇਸ ਲਈ ਇਸ ਦੇ ਬੀਜ ਦੀ ਕੁਆਲਟੀ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬੀਜ ਸਹੀ ਕਿਸਮ ਦਾ ਹੋਵੇ, ਬਿਮਾਰੀ ਤੋਂ ਰਹਿਤ ਹੋਵੇ ਤੇ ਅਪਣੀ ਉਮਰ ਤੋਂ ਵੱਡਾ ਨਾ ਹੋਵੇ। ਰਸ ਚੂਸਣ ਵਾਲੇ ਕੀੜੇ ਵਿਸ਼ਾਣੂ ਰੋਗ ਫੈਲਾਉਂਦੇ ਹਨ ਤੇ ਇਹ ਕੀੜੇ ਪੱਤਿਆਂ ਤੋਂ ਰਸ ਚੂਸਦੇ ਹਨ ਤੇ ਇਥੋ ਇਹ ਰੋਗ ਆਲੂ ਵਿਚ ਚਲਿਆ ਜਾਂਦਾ ਹੈ। ਜੇਕਰ ਅਸੀਂ ਬਿਮਾਰੀ ਵਾਲੇ ਆਲੂ ਵਰਤਦੇ ਹਾਂ ਤਾਂ ਬੀਮਾਰ ਬੂਟੇ ਉਗਦੇ ਹਨ। ਚੰਗਾ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਬੀਜ ਸਿਹਤਮੰਦ ਹੋਵੇ। ਆਲੂਆਂ ਦਾ ਝਾੜ ਕੁਝ ਸਾਲਾਂ ਬਾਅਦ ਘੱਟ ਜਾਂਦਾ ਹੈ ਇਸ ਕਰਕੇ ਇਸ ਦਾ ਬੀਜ 2-3 ਸਾਲ ਬਾਅਦ ਬਦਲ ਲੈਣਾ ਚਾਹੀਦਾ ਹੈ। ਬੀਜ ਕੋਲਡ ਸਟੋਰ ਵਿਚ ਬਿਜਾਈ ਤੋਂ ਤਕਰੀਬਨ 10 ਦਿਨ ਪਹਿਲਾਂ ਬਾਹਰ ਕੱਢ ਲੈਣਾ ਚਾਹੀਦਾ ਹੈ। ਦਵਾਈ ਲਾ ਕੇ ਬੀਜ ਨੂੰ ਸੁਕਾ ਲਵੋ ਤੇ ਕਿਸੇ ਠੰਢੀ ਛਾਂ ਵਾਲੀ ਥਾਂ ਵਿਚ ਖਿਲਾਰ ਦਿਓ ਤੇ ਇਸ ਨੂੰ ਪੁੰਗਰਨ ਦਿਓ। ਇਸ ਤਰ੍ਹਾਂ ਆਲੂਆਂ ਦੇ ਨਰੋਆ ਫੁਟਾਰ ਆ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ। ਬੀਜ ਵਾਲੇ ਆਲੂਆਂ ਦਾ ਵਾਰ-ਵਾਰ ਨਿਰੀਖਣ ਕਰਨਾ ਚਾਹੀਦਾ ਹੈ ਗਲੇ-ਸੜੇ ਆਲੂ ਨੂੰ ਕੱਢ ਕੇ ਬਾਹਰ ਕਿਸੇ ਡੂੰਘੀ ਥਾਂ ਟੋਆ ਪੁੱਟ ਕੇ ਦੱਬ ਦੇਣਾ ਚਾਹੀਦਾ ਹੈ। 40-50 ਗਰਾਮ ਭਾਰ ਦੇ ਆਲੂ 12-18 ਕੁਇੰਟਲ/ ਏਕੜ ਵਰਤਣੇ ਚਾਹੀਦੇ ਹਨ।
ਬਿਜਾਈ ਦਾ ਸਮਾਂ ਅਤੇ ਢੰਗ : ਪੰਜਾਬ ਦੇ ਉਤਰੀ ਜ਼ਿਲ੍ਹਿਆਂ ਵਿਚ ਆਲੂਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਅਕਤੂਬਰ ਦਾ ਮਹੀਨਾ ਹੈ। ਅਗੇਤੀ ਫ਼ਸਲ ਲੈਣ ਲਈ, ਬਿਜਾਈ ਸਤੰਬਰ ਦੇ ਅਖੀਰ ਵਿਚ ਵੀ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਢੁਕਵਾਂ ਹੈ। ਸਤੰਬਰ ਵਿਚ ਬਿਜਾਈ ਕਰਨ ਵੇਲੇ ਮੌਕੇ ਮੁਤਾਬਕ ਚਲ ਰਹੇ ਤਾਪਮਾਨ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਬਹਾਰ ਰੁੱਤ ਦੀ ਫ਼ਸਲ ਦੀ ਬਿਜਾਈ ਵੇਲੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿਤੇ ਉਗ ਰਹੇ ਬੂਟਿਆਂ ਨੂੰ ਕੋਰਾ ਨੁਕਸਾਨ ਨਾ ਕਰ ਜਾਵੇ, ਕਿਉਂਕਿ ਕੋਰਾ ਆਮ ਤੌਰ 'ਤੇ ਜਨਵਰੀ ਵਿਚ ਪੈਂਦਾ ਹੈ। (ਚਲਦਾ)


-ਮੋਬਾਈਲ : 82838-1424

ਅਲਸੀ ਦੀ ਕਾਸ਼ਤ ਦੇ ਤਕਨੀਕੀ ਢੰਗ

ਅਲਸੀ ਭਾਰਤ ਦੀ ਮਹੱਤਵਪੂੁਰਨ ਤੇਲ ਬੀਜ ਫ਼ਸਲ ਹੈ। ਪੰਜਾਬ ਵਿਚ ਅਲਸੀ ਦੀ ਕਾਸ਼ਤ ਮੁੱਖ ਤੌਰ 'ਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲਿਆਂ ਵਿਚ ਕੀਤੀ ਜਾਂਦੀ ਹੈ। ਇਸ ਦੀ ਪੈਦਾਵਾਰ ਬੀਜ ਅਤੇ ਰੇਸ਼ੇ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਰੇਸ਼ਿਆਂ ਤੋਂ ਲਿਨੇਨ ਨਾਂਅ ਦਾ ਕੱਪੜਾ ਬਣਦਾ ਹੈ । ਇਸ ਦੇ ਪੌਦੇ ਦਾ ਹਰ ਇਕ ਭਾਗ ਸਿੱਧੇ ਜਾਂ ਅਸਿੱਧੇ ਤੌਰ 'ਤੇ ਵਪਾਰ ਕਰਨ ਲਈ ਵਰਤਿਆ ਜਾਂਦਾ ਹੈ। ਕਿਸਮ ਅਨੁਸਾਰ ਇਸ ਦੇ ਬੀਜਾਂ ਵਿਚ 33-47 ਫ਼ੀਸਦੀ ਤੇਲ ਹੁੰਦਾ ਹੈ। ਇਸਦੇ ਤੇਲ ਵਿਚ 50-60 ਫ਼ੀਸਦੀ ਲਿਨੋਲੇਨਿਕ ਐਸਿਡ ਪਾਇਆ ਜਾਂਦਾ ਹੈ, ਜੋ ਕਲੈਸਟਰੋਲ ਅਤੇ ਖੂਨ ਦਾ ਦਬਾਅ ਘਟਾਉਣ ਵਿਚ ਸਹਾਇਕ ਹੈ, ਨਾਲ ਹੀ ਦਿਲ ਦੀਆਂ ਬਿਮਾਰੀਆਂ, ਸ਼ੂੂੂਗਰ ਤੇ ਜੋੜਾਂ ਦੇ ਦਰਦਾਂ ਵਰਗੀਆਂ ਬਿਮਾਰੀਆਂ ਤੋਂ ਬਚਾਉਦਾਂ ਹੈ। ਇਸਦੀ ਵਰਤੋਂ ਪਸ਼ੂਆਂ ਦੀ ਖੁਰਾਕ,ਪੇਂਟ, ਸਾਬਣ ਤੇ ਇੰਕ ਬਣਾਉਣ ਲਈ ਕੀਤੀ ਜਾਂਦੀ ਹੈ।
ਮੌਸਮ ਤੇ ਜ਼ਮੀਨ
ਅਲਸੀ ਠੰਢੇ ਮੌਸਮ ਦੀ ਫ਼ਸਲ ਹੈ। ਇਹ ਫ਼ਸਲ ਜ਼ਿਆਦਾ ਮੀਂਹ ਵਾਲੇ ਇਲਾਕਿਆਂ ਵਿਚ ਚੰਗੀ ਹੁੰਦੀ ਹੈ। ਇਸ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਤੇ ਚੀਕਣੀ ਜ਼ਮੀਨ ਢੁੱਕਵੀਂ ਹੈ। ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੇ ਹੇਠਾਂ ਦਿੱਤੇ ਢੰਗ ਅਪਣਾ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ।
ਉੱਨਤ ਕਿਸਮਾਂ ਬੀਜੋ
ਐਲ ਸੀ 2063:ਇਹ ਕਿਸਮ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ। ਇਹ ਕਿਸਮ ਪੱਕਣ ਲਈ 158 ਦਿਨ ਲੈਂਦੀ ਹੈ। ਇਸ ਦੇ ਦੇ ਬੀਜਾਂ ਵਿਚ 38.4 ਪ੍ਰਤੀਸ਼ਤ ਤੇਲ ਦੀ ਮਾਤਰਾ ਹੈ। ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ।
ਐਲ ਸੀ 2023 : ਇਹ ਕਿਸਮ ਬਰਾਨੀ ਅਤੇ ਸੇਂਜੂ ਹਾਲਤਾਂ ਲਈ ਸ਼ਿਫਾਰਸ਼ ਕੀਤੀ ਗਈ ਹੈ। ਇਹ ਕਿਸਮ ਲੰਮੀ, ਨੀਲੇ ਫੁੱਲ ਅਤੇ ਵਧੇਰੇ ਘੁੰਡਰਾਂ ਵਾਲੀ ਹੈ । ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੇ ਬੀਜ ਵਿਚ ਤੇਲ ਦੀ ਮਾਤਰਾ 37.4 ਪ੍ਰਤੀਸ਼ਤ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ 158 ਦਿਨ ਬਰਾਨੀ ਹਾਲਤਾਂ ਵਿਚ ਅਤੇ ਸੇਂਜੂ ਹਾਲਤਾਂ ਵਿਚ 163 ਦਿਨ ਲੈਂਦੀ ਹੈ । ਇਹ ਕਿਸਮ ਵੀ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ ।
ਬਿਜਾਈ ਸਮੇਂ ਸਿਰ ਤੇ ਸੁਧਰੇ ਢੰਗ ਨਾਲ਼ ਕਰੋ : ਅਲਸੀ ਦੀ ਬਿਜਾਈ ਅਕਤੂਬਰ ਵਿਚ ਕਰੋ। ਬਿਜਾਈ 23 ਸੈਂਟੀਮੀਟਰ ਵਿੱਥ ਵਾਲੇ ਸਿਆੜਾਂ ਵਿਚ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਇਕ ਏਕੜ ਲਈ 15 ਕਿੱਲੋ ਬੀਜ ਕਾਫੀ ਹੈ। ਅਲਸੀ ਦੀ ਬਿਜਾਈ ਬਿਨਾਂ ਵਹਾਈ ਤੋਂ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ।
ਖਾਦਾਂ ਦੀ ਸੁਚੱਜੀ ਵਰਤੋਂ ਤੇ ਨਦੀਨਾਂ ਦੀ ਰੋਕਥਾਮ ਜ਼ਰੂਰ ਕਰੋ : 55 ਕਿਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਫ਼ਾਸਫ਼ੋਰਸ ਤੱਤ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਰਾਹੀਂ ਪਾਉਣ ਨੂੰ ਤਰਜੀਹ ਦਿਓ। ਅਲਸੀ ਦੀ ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਗੋਡੀ, ਬਿਜਾਈ ਤੋਂ ਛੇ ਹਫ਼ਤੇ ਮਗਰੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ ।
ਸਿੰਚਾਈ ਲੋੜ ਅਨੁਸਾਰ ਕਰੋ : ਅਲਸੀ ਦੀ ਫ਼ਸਲ ਤੋਂ ਵਧੇਰੇ ਝਾੜ ਲੈਣ ਲਈ 3 ਤੋਂ 4 ਪਾਣੀ ਕਾਫੀ ਹਨ। ਅਲਸੀ ਨੂੰ ਫੁੱਲ ਨਿੱਕਲਣ ਸਮੇਂ ਇਕ ਪਾਣੀ ਦੇਣਾ ਜ਼ਰੂਰੀ ਹੈ ।
ਬਿਮਾਰੀਆਂ ਤੋਂ ਸੁਰੱਖਿਆ
1. ਕੁੰਗੀ : ਗੁਲਾਬੀ ਰੰਗ ਦੇ ਧੱਬੇ ਅਤੇ ਧਾਰੀਆਂ ਪੱਤਿਆਂ, ਟਾਹਣੀਆਂ ਅਤੇ ਫਲੀਆਂ ਉੱਤੇ ਪੈ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ (ਐਲ ਸੀ 2023 ਅਤੇ ਐਲ ਸੀ 2063) ਬੀਜੋ। ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ।
2. ਉਖੇੜਾ: ਛੋਟੀ ਉਮਰ ਦੀ ਫ਼ਸਲ 'ਤੇ ਹਮਲਾ ਹੋਣ 'ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐਲ ਸੀ 2023 ਅਤੇ ਐਲ ਸੀ 2063 ਬੀਜੋ।
3. ਚਿੱਟਾ ਰੋਗ: ਪੱਤਿਆਂ ਉੱਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਅਤੇ ਫੁੱਲ ਵੀ ਇਸ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ੍ਹ ਜਾਂਦੇ ਹਨ ਅਤੇ ਬੀਜ ਸੁੱਕੜ ਜਾਂਦੇ ਹਨ।
ਸਾਲ 2015-16, 2016-2017 ਤੇ 2017-2018 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 25 ਏਕੜ 'ਤੇ ਅਲਸੀ ਦੀ ਕਿਸਮ ਐਲ ਸੀ 2063 ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਕਿਸਮ ਦਾ ਸਾਲ 2015-16, 2016-2017 ਤੇ 2017-2018 ਵਿਚ ਔਸਤਨ ਝਾੜ 4.8, 4.8 ਤੇ 4.2 ਕੁਇੰਟਲ ਪ੍ਰਤੀ ਏਕੜ ਰਿਹਾ। ਇਸ ਲਈ ਕਿਸਾਨਾਂ ਨੂੰ ਵਧੇਰੇ ਝਾੜ ਤੇ ਆਮਦਨ ਪ੍ਰਾਪਤ ਕਰਨ ਲਈ ਅਲਸੀ ਦੀ ਕਾਸ਼ਤ ਤਕਨੀਕੀ ਢੰਗਾਂ ਨਾਲ ਕਰਨੀ ਚਾਹੀਦੀ ਹੈ।


-ਪੀ ਏ ਯੂ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਪਰਾਲੀ ਦੀ ਸਾਂਭ-ਸੰਭਾਲ ਲਈ ਵਿਦੇਸ਼ੀ ਬੇਲਰ ਹੋਵੇਗਾ ਵਰਦਾਨ ਸਾਬਤ

ਝੋਨੇ ਅਤੇ ਕਣਕ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਵਿਦੇਸ਼ੀ ਤਕਨੀਕ ਮਸ਼ੀਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ ਜੋ ਕਿ ਕਿਸਾਨਾਂ ਲਈ ਕਾਰਗਰ ਸਿੱਧ ਹੋਵੇਗੀ। ਗਰੀਨ ਟ੍ਰਿਬਿਊਨਲ ਵਲੋਂ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦੇਣ ਉਪਰੰਤ ਭਾਰਤ ਅਤੇ ਸੂਬਾ ਸਰਕਾਰਾਂ ਵਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਨਾ ਸਾੜਿਆ ਜਾਵੇ। ਪ੍ਰੰਤੂ ਮਣਾਂ ਮੂਹੀਂ ਪਰਾਲੀ ਦੀ ਸਾਂਭ-ਸੰਭਾਲ ਕਰਨ ਤੋਂ ਬੇਵੱਸ ਕਿਸਾਨਾਂ ਵਲੋਂ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾ ਕੇ ਸੜਿਆ ਜਾਂਦਾ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਦੀਆਂ ਦਲੀਲਾਂ ਵੀ ਕਿਸਾਨਾਂ ਦੇ ਇਸ ਲਈ ਰਾਸ ਨਹੀਂ ਆ ਰਹੀਆਂ ਕਿ ਪਰਾਲੀ ਨੂੰ ਜ਼ਮੀਨ ਵਿਚ ਨਸ਼ਟ ਕਰਨ ਲਈ ਫਾਲਤੂ ਵੱਡਾ ਖਰਚਾ ਝੱਲਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਪਰਾਲੀ ਦੀਆਂ ਛੋਟੀਆਂ ਗੱਠਾਂ ਬਣਾਉਣ ਲਈ ਆਈ ਮਸ਼ੀਨ ਵੀ ਬਹੁਤੀ ਲਾਹੇਵੰਦ ਨਹੀਂ ਰਹੀ, ਕਿਉਂਕਿ ਇਨ੍ਹਾਂ ਗੱਠਾਂ ਦੀ ਸਾਂਭ-ਸੰਭਾਲ ਕਰਨ ਲਈ ਛੋਟੇ ਕਿਸਾਨਾਂ ਕੋਲ ਜਗ੍ਹਾ ਦੀ ਵੱਡੀ ਸਮੱਸਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਰਾਜਵਾਲਾ ਦੇ ਅਗਾਂਹ ਵਧੂ ਕਿਸਾਨ ਗੁਰਸ਼ਰਨ ਸਿੰਘ ਸਮਾਜੀ ਨੇ ਦੱਸਿਆ ਕਿ ਉਸ ਨੇ ਇਟਲੀ ਦੀ ਤਕਨੀਕ ਨਾਲ ਬਣੀ ਵਿਦੇਸ਼ੀ ਮਸ਼ੀਨ ਲਿਆਂਦੀ ਹੈ। ਪੂਰੇ ਪੰਜਾਬ ਵਿਚ ਆਈਆਂ ਅਜਿਹੀਆਂ ਅੱਠ ਮਸ਼ੀਨਾਂ ਵਿਚੋਂ ਇਹ ਇਕ ਮਸ਼ੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਉਨ੍ਹਾਂ ਪਾਸ ਆਈ ਹੈ। ਇਹ ਮਸ਼ੀਨ ਪਰਾਲੀ ਦਾ ਵੱਡਾ ਰੋਲ ਬਣਾ ਦਿੰਦੀ ਹੈ। ਇਹ ਮਸ਼ੀਨ ਇਕ ਏਕੜ ਵਿਚ ਤਿੰਨ ਜਾਂ ਚਾਰ ਵੱਡੇ ਚਾਰ ਤੋਂ ਪੰਜ ਕੁਇੰਟਲ ਵਜ਼ਨੀ ਰੋਲ ਬਣਾਏਗੀ ਅਤੇ ਅਜਿਹੇ ਰੋਲ ਕਿਸਾਨ ਸਟੋਰ ਵੀ ਅਸਾਨੀ ਨਾਲ ਕਰ ਸਕੇਗਾ। ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗ ਵੀ ਨਹੀਂ ਲਾਏਗਾ। ਇਸ ਦੀ ਦਿਨ ਵਿਚ 40 ਤੋਂ 50 ਏਕੜ ਰਕਬੇ ਵਿਚੋਂ ਪਰਾਲੀ ਦੇ ਰੋਲ ਬਣਾਉਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਉਸ ਵਲੋਂ ਪਰਾਲੀ ਨੂੰ ਇਕੱਠਾ ਕਰਨ ਅਤੇ ਢੋਆ-ਢੁਆਈ ਲਈ ਆਪਣੇ ਪੱਧਰ 'ਤੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਖ਼ਪਤ ਬਾਇਓ ਪਲਾਂਟਾਂ ਵਿਚ ਅਸਾਨੀ ਨਾਲ ਕੀਤੀ ਜਾ ਸਕਦੀ ਹੈ।


-ਪੱਤਰ ਪ੍ਰੇਰਕ ਲੰਬੀ, ਮੋਬਾ :9417343152

ਵਧੇਰੇ ਆਮਦਨ ਲਈ ਕਣਕ ਦੀਆਂ ਸਫ਼ਲ ਕਿਸਮਾਂ ਦੀ ਕਾਸ਼ਤ ਕਰੋ

ਕਣਕ ਪੰਜਾਬ ਵਿਚ ਹਾੜ੍ਹੀ ਦੀ ਹੀ ਨਹੀਂ ਅਨਾਜ ਦੀ ਵੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਪਿਛਲੇ ਸਾਲ 35.20 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ। ਅਜੇ ਸਾਉਣੀ ਦੇ ਝੋਨੇ, ਬਾਸਮਤੀ ਅਤੇ ਨਰਮੇ ਦੀਆਂ ਫ਼ਸਲਾਂ ਦੀ ਵਾਢੀ, ਸਾਂਭ-ਸੰਭਾਲ ਤੇ ਵੱਟਤ ਕਿਸਾਨ ਕਰ ਰਹੇ ਹਨ। ਜਦੋਂ ਕਿ ਕੁਝ ਨਵੀਆਂ ਕਿਸਮਾਂ ਦੀ ਬਿਜਾਈ 10 ਕੁ ਦਿਨਾਂ ਵਿਚ ਸ਼ੁਰੂ ਹੋ ਜਾਣੀ ਹੈ। ਕਿਸਾਨਾਂ ਦੀ ਉਤਸੁਕਤਾ ਅਜਿਹੀਆਂ ਕਿਸਮਾਂ ਬੀਜਣ ਦੀ ਹੈ, ਜੋ ਵੱਧ ਤੋਂ ਵੱਧ ਝਾੜ ਦੇਣ। ਕਣਕ ਦੀ ਸਰਕਾਰੀ ਖਰੀਦ ਹੋਣ ਕਾਰਨ ਹਰ ਕਿਸਮ ਦੀ ਫ਼ਸਲ ਦਾ ਕਿਸਾਨਾਂ ਨੂੰ ਲਗਭਗ ਇੱਕੋ ਭਾਅ ਮਿਲਦਾ ਹੈ, ਜਿਸ ਦਾ ਨਿਰਣਾ ਕੇਂਦਰ ਸਰਕਾਰ ਵਲੋਂ ਐਮ. ਐਸ. ਪੀ. ਦੇ ਮੁਕਰਰ ਕੀਤੇ ਜਾਣ ਨਾਲ ਹੁੰਦਾ ਹੈ। ਪਿਛਲੀ ਸ਼ਤਾਬਦੀ ਦੇ 5ਵੇਂ ਦਹਾਕੇ ਦੌਰਾਨ ਕਣਕ ਦਾ ਪ੍ਰਤੀ ਹੈਕਟੇਅਰ ਝਾੜ 10 ਕੁਇੰਟਲ ਤੋਂ ਵੀ ਥੱਲੇ ਸੀ। ਜਦੋਂ ਸੰਨ 1954 ਵਿਚ ਪ੍ਰੋ: (ਡਾ:) ਐਮ. ਐਸ. ਸਵਾਮੀਨਾਥਨ ਵਲੋਂ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੀ ਖੋਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜੋ ਖਾਦਾਂ ਦੀ ਵਰਤੋਂ ਨਾਲ ਵਧੇਰੇ ਝਾੜ ਦੇਣ ਅਤੇ ਡਿਗਣ ਨਾ। ਫੇਰ ਜਦੋਂ ਡਾ: ਨੋਰਮਨ ਈ-ਬਰਲੋਗ ਨੇ ਭਾਰਤ ਦੀ ਫੇਰੀ ਪਾ ਕੇ ਸੰਨ 1963 ਵਿਚ ਕਣਕ ਦੀਆਂ ਤਿੰਨ ਕਿਸਮਾਂ ਲਰਮਾ ਰੋਜ਼ੋ, ਸਨੌਰਾ 64 ਅਤੇ ਮਾਇਊ 64 ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਨੂੰ ਮੁਹੱਈਆ ਕੀਤੀਆਂ ਅਤੇ ਸਵਰਗੀ ਡਾ. ਅਮਰੀਕ ਸਿੰਘ ਚੀਮਾ ਨੇ ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ ਦੇ ਕਿਸਾਨਾਂ ਨੂੰ ਉਪਲੱਬਧ ਕੀਤਾ, ਇਸ ਨਾਲ ਕਣਕ ਦਾ ਇਨਕਲਾਬ ਸ਼ੁਰੂ ਹੋਇਆ, ਜੋ ਬਾਅਦ ਵਿਚ ਸੰਨ 1967 'ਚ ਸਬਜ਼ ਇਨਕਲਾਬ ਕਹਿਲਾਇਆ। ਇਸ ਤੋਂ ਬਾਅਦ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਾਸ ਸ਼ੁਰੂ ਹੋਇਆ।
ਵਧੇਰੇ ਝਾੜ ਲੈਣ ਲਈ ਸਭ ਤੋਂ ਵੱਧ ਕਣਕ ਦੀ ਯੋਗ ਕਿਸਮ ਚੁਣੇ ਜਾਣ ਦਾ ਯੋਗਦਾਨ ਹੈ। ਜਿਸ ਨੂੰ ਜ਼ਮੀਨ ਅਤੇ ਵਾਤਾਵਰਨ ਅਨੁਸਾਰ ਚੁਣਿਆ ਜਾਣਾ ਚਾਹੀਦਾ ਹੈ। ਇਸ ਨੂੰ ਮੁੱਖ ਰੱਖ ਕੇ ਪੰਜਾਬ ਦੇ ਕਿਸਾਨਾਂ 'ਚ ਉਤਸੁਕਤਾ ਵਧੇਰੇ ਐਚ. ਡੀ. 3226 ਅਤੇ ਡੀ. ਬੀ. ਡਬਲਿਊ. 187 ਕਿਸਮਾਂ ਦੀ ਕਾਸ਼ਤ ਕਰਨ ਦੀ ਹੈ। ਐਚ. ਡੀ. 3226 ਕਿਸਮ ਦਾ ਸੰਭਾਵਕ ਝਾੜ ਜੇ ਖੇਤ ਦਾ ਸਾਰਾ ਕੁਝ ਆਦਰਸ਼ਕ ਹੋਵੇ 31.8 ਕੁਇੰਟਲ ਤੱਕ ਹੈ। ਪ੍ਰੰਤੂ ਵਧੇਰੇ ਲਾਭ ਦੀ ਪ੍ਰਾਪਤੀ ਲਈ ਇਸ ਨੂੰ 25 ਅਕਤੂਬਰ ਤੋਂ 5 ਨਵਬੰਰ ਦੇ ਦਰਮਿਆਨ ਬੀਜਿਆ ਜਾਣਾ ਚਾਹੀਦਾ ਹੈ ਅਤੇ ਨਾਈਟਰੋਜਨ ਦੀ ਪੂਰੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਇਹ ਕਿਸਮ 142 ਦਿਨ 'ਚ ਪੱਕ ਕੇ ਪੂਰਾ ਝਾੜ ਦਿੰਦੀ ਹੈ। ਇਹ ਕਿਸਮ ਸਰਬ-ਭਾਰਤੀ ਫ਼ਸਲਾਂ ਅਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕੇਂਦਰ ਦੀ ਸਬ ਕਮੇਟੀ ਵਲੋਂ ਪੰਜਾਬ ਤੇ ਹਰਿਆਣਾ ਵਿਚ ਕਾਸ਼ਤ ਕਰਨ ਲਈ ਜਾਰੀ ਕਰ ਕੇ ਨੋਟੀਫਾਈ ਕਰ ਦਿੱਤੀ ਗਈ ਹੈ। ਡੀ. ਬੀ. ਡਬਲਿਊ. 187 ਕਿਸਮ ਦੀਆਂ ਅਜ਼ਮਾਇਸ਼ਾਂ ਉਪਰੰਤ ਆਲ ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਪਹਿਚਾਣ ਕਰ ਲਈ ਗਈ ਹੈ। ਇਸ ਦੀ ਪੂਰੀ ਉਤਪਾਦਕਤਾ ਹਾਸਲ ਕਰਨ ਲਈ ਇਸ ਨੂੰ ਅਕਤੂਬਰ ਦੇ ਆਖਰੀ ਹਫ਼ਤੇ 'ਚ ਬੀਜਣਾ ਚਾਹੀਦਾ ਹੈ ਅਤੇ ਕੀਮਿਆਈ ਖਾਦ ਦੀ ਯੂਰੀਆ ਸਣੇ ਵੱਧ ਤੋਂ ਵੱਧ ਖੁਰਾਕ ਦੇ ਦੇਣੀ ਚਾਹੀਦੀ ਹੈ। ਇਸ ਕਿਸਮ ਦਾ ਪੂਰਾ ਝਾੜ ਲੈਣ ਲਈ ਵੀ ਲੀਹੋਸੀਨ ਤੇ ਫੋਲੀਕੋਰ ਦੇ 2 ਛਿੜਕਾਅ ਸਿਫਾਰਸ਼ ਕੀਤੇ ਗਏ ਹਨ। ਇਹ ਦੋਵੇਂ ਕਿਸਮਾਂ ਸਿੰਜਾਈ ਵਾਲੇ ਇਲਾਕਿਆਂ 'ਚ ਕਾਸ਼ਤ ਕਰਨ ਲਈ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਅਜ਼ਮਾਇਸ਼ਾਂ ਦੇ ਆਧਾਰ ਤੇ ਐਚ. ਡੀ. ਸੀ. ਐਸ. ਡਬਲਿਊ. 18 ਕਿਸਮ ਦੀ ਸਿਫਾਰਸ਼ ਹੈ, ਜੋ ਉੱਚੀ ਉਤਪਾਦਕਤਾ ਦਿੰਦੀ ਹੈ। ਇਹ ਕਿਸਮ ਜ਼ੀਰੋ -ਟਿਲ ਤਕਨਾਲੋਜੀ ਹੈਪੀ ਸੀਡਰ ਨਾਲ ਬੀਜਣ ਲਈ ਬੜੀ ਅਨੁਕੂਲ ਹੈ। ਇਸ ਦੀ ਲੰਬਾਈ ਥੋੜ੍ਹੀ ਜਿਹੀ ਜ਼ਿਆਦਾ ਹੈ ਪ੍ਰੰਤੂ ਇਸ 'ਤੇ ਵੀ 2 ਲਿਹੋਸੀਨ ਦੇ ਛਿੜਕਾਅ ਕਰ ਕੇ ਇਸ ਨੂੰ ਢਹਿਣ ਤੋਂ ਬਚਾਅ ਕੇ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨਾਂ ਵਲੋਂ ਕੀਤੀਆਂ ਗਈਆਂ ਅਜਮਾਇਸ਼ਾਂ ਦੇ ਆਧਾਰ ਤੇ ਇਕ ਨਵੀਂ ਕਿਸਮ ਡੀ. ਬੀ. ਡਬਲਿਊ. 173 ਵੀ ਹੈ, ਜੋ ਆਈ. ਸੀ. ਏ. ਆਰ. -ਭਾਰਤੀ ਕਣਕ ਤੇ ਜੌਂਆਂ ਦੀ ਖੋਜ ਸੰਸਥਾਨ ਵਲੋਂ ਵਿਕਸਿਤ ਕੀਤੀ ਗਈ ਹੈ। ਭਾਵੇਂ ਇਹ ਕਿਸਮ ਪਛੇਤੀ ਬਿਜਾਈ ਲਈ ਸਰਬ ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਵਲੋਂ ਸਿਫ਼ਾਰਸ਼ ਕੀਤੀ ਗਈ ਹੈ, ਪ੍ਰੰਤੂ ਕਿਸਾਨਾਂ ਵਲੋਂ ਕੀਤੀਆਂ ਗਈਆਂ ਅਤੇ ਸੰਸਥਾਨ ਵਲੋਂ ਕਰਵਾਈਆਂ ਗਈਆਂ ਹਾਲੀਆ ਅਜਮਾਇਸ਼ਾਂ ਦੇ ਆਧਾਰ 'ਤੇ ਡਾ. ਗਿਆਨਇੰਦਰ ਪ੍ਰਤਾਪ ਸਿੰਘ ਡਾਇਰੈਕਟਰ ਆਈ. ਸੀ. ਏ. ਆਰ.- ਆਈ. ਆਈ. ਡਬਲਿਊ. ਬੀ. ਆਰ. ਅਨੁਸਾਰ ਇਹ ਸਮੇਂ ਸਿਰ ਬਿਜਾਈ ਲਈ ਵੀ ਅਨੁਕੂਲ ਹੈ ਜਦੋਂ ਇਹ ਪੂਰਾ ਝਾੜ ਦੇਣ ਦੀ ਸੰਭਾਵਕਤਾ ਰੱਖਦੀ ਹੈ। ਪੰਜਾਬ ਤੇ ਹਰਿਆਣਾ ਵਿਚ ਪਿਛਲੇ ਸਾਲ ਸਭ ਤੋਂ ਵੱਧ ਰਕਬੇ 'ਤੇ ਕਾਸ਼ਤ ਕੀਤੀਆਂ ਗਈਆਂ ਤਰਤੀਬਵਾਰ ਐਚ. ਡੀ. 3086 ਤੇ ਐਚ. ਡੀ. 2967 ਕਿਸਮਾਂ ਹਨ। ਇਹ ਕਿਸਮਾਂ ਅਜੇ ਵੀ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਦੀ ਪਸੰਦ ਹਨ, ਜੋ ਉਪਰੋਕਤ ਨਵੀਆਂ ਕਿਸਮਾਂ ਦੇ ਬੀਜ ਦੀ ਉਪਲੱਬਧਤਾ ਕੇਵਲ ਸੀਮਾਂਤਕ ਹੋਣ ਕਾਰਨ ਇਸ ਸਾਲ ਵੀ ਵਿਸ਼ਾਲ ਰਕਬੇ 'ਤੇ ਕਾਸ਼ਤ ਕੀਤੀਆਂ ਜਾਣਗੀਆਂ। ਡੀ. ਬੀ. ਡਬਲਿਊ. 222 (ਕਰਣ ਨਰਿੰਦਰਾ) ਕਿਸਮ ਵੀ ਆਈ. ਸੀ. ਏ. ਆਰ.-ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਕੀਤੀ ਗਈ ਹੈ, ਜਿਸ ਦੀ ਪਹਿਚਾਣ ਆਲ -ਇੰਡੀਆ ਵ੍ਹੀਟ ਵਰਕਰਜ਼ ਵਰਕਸ਼ਾਪ ਵਿਚ ਕਰ ਲਈ ਗਈ ਹੈ। ਡਾ. ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਹ ਕਿਸਮ ਹੁਣ ਜਾਰੀ ਤੇ ਨੋਟੀਫਾਈ ਕਰਨ ਲਈ ਬਣੀ ਕੇਂਦਰ ਦੀ ਸਰਬ - ਭਾਰਤੀ ਫ਼ਸਲਾਂ ਦੀ ਕਿਸਮਾਂ ਤੇ ਮਿਆਰਾਂ ਦਾ ਨਿਰਣਾ ਕਰਨ ਵਾਲੀ ਕਮੇਟੀ ਕੋਲ ਜਾਰੀ ਕਰਨ ਵਜੋਂ ਵਿਚਾਰ ਕਰਨ ਲਈ ਜਾਵੇਗੀ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਣਕ ਦੀ ਕਿਸਮ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਪੀ. ਏ. ਯੂ. ਦੀ ਪੀ. ਬੀ. ਡਬਲਿਊ. 752 ਕਿਸਮ ਦਾ ਝਾੜ ਅਜਮਾਇਸ਼ਾਂ ਵਿਚ 19.20 ਕੁਇੰਟਲ ਪ੍ਰਤੀ ਏਕੜ ਆਇਆ ਹੈ। ਸਮੇਂ ਸਿਰ ਕਾਸ਼ਤ ਕਰਨ ਲਈ ਉੱਨਤ ਪੀ. ਬੀ. ਡਬਲਿਊ. 343 (ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ), ਉੱਨਤ ਪੀ. ਬੀ. ਡਬਲਿਊ. 550 ਕਿਸਮ (ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ) ਅਤੇ ਬਾਇਓ ਫੋਰਟੀਫਾਈਡ ਪੀ. ਬੀ. ਡਬਲਿਊ. ਜ਼ੈੱਡ. ਐਨ. 1 ਕਿਸਮ (ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ) ਵੀ ਸਮੇਂ ਸਿਰ ਬਿਜਾਈ ਲਈ ਪੰਜਾਬ ਵਿਚ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਗੇਤੀ ਬਿਜਾਈ ਲਈ ਪੀ. ਬੀ. ਡਬਲਿਊ. 725 ਕਿਸਮ ਸਿਫ਼ਾਰਸ਼ ਕੀਤੀ ਗਈ ਹੈ। ਜਿਸ ਦਾ ਔਸਤਨ ਝਾੜ 22 ਕੁਇੰਟਲ 90 ਕਿਲੋਗ੍ਰਾਮ ਪ੍ਰਤੀ ਏਕੜ ਹੈ।
ਕਣਕ ਦੀ ਕਾਸ਼ਤ ਭਾਰਤ ਵਿਚ 29.14 ਮਿਲੀਅਨ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਜਿਸ ਵਿਚੋਂ 3.5 ਮਿਲੀਅਨ ਹੈਕਟੇਅਰ ਰਕਬਾ ਪੰਜਾਬ ਵਿਚ ਇਸ ਫ਼ਸਲ ਦੀ ਕਾਸ਼ਤ ਥੱਲੇ ਹੈ। ਪ੍ਰੰਤੂ ਪੰਜਾਬ ਦਾ ਕੇਂਦਰ ਕਣਕ ਭੰਡਾਰ 'ਚ ਯੋਗਦਾਨ ਉੱਤਰ ਪ੍ਰਦੇਸ਼ ਨੂੰ ਛੱਡ ਕੇ ਪਿਛਲੇ ਸਾਲ ਸਭ ਰਾਜਾਂ ਨਾਲੋਂ ਵੱਧ ਰਿਹਾ ਹੈ। ਉੱਤਰ ਪ੍ਰਦੇਸ਼ 'ਚ ਕਾਸ਼ਤ ਅਧੀਨ ਰਕਬਾ 98.37 ਲੱਖ ਹੈਕਟੇਅਰ ਹੈ, ਜੋ ਪੰਜਾਬ ਤੋਂ ਤਿੰਨ ਗੁਣਾ ਦੇ ਨੇੜੇ ਹੈ।


-ਮੋਬਾਈਲ : 98152-36307

ਮਿੱਠੂ ਤੇਰੀ ਟੌਹਰ ਆ

ਆਮ ਹੀ ਸੁਣਦੇ ਹਾਂ ਕਿ ਪੰਜਾਬ ਵਿਚ ਪੰਛੀ ਘਟ ਗਏ ਹਨ, ਰੁੱਖ ਘਟ ਗਏ ਹਨ, ਜੇ ਇਕ ਬਾਬੇ ਨੇ ਕਹਿ 'ਤਾ, ਬਸ ਸਾਰੇ ਮਗਰ ਲੱਗ ਜਾਂਦੇ ਹਨ। ਇਥੋਂ ਤੱਕ ਕਿ ਪੱਤਰਕਾਰ ਵੀ। ਕੋਈ ਬੰਦਾ ਬਾਹਰ ਖੇਤਾਂ 'ਚ ਜਾ ਕੇ ਨਹੀਂ ਵੇਖਦਾ ਕਿ ਹਾਲਾਤ ਕੀ ਹਨ। ਸਭ ਸੁਣੀਆਂ-ਸੁਣਾਈਆਂ ਅਫ਼ਵਾਹਾਂ ਹੀ ਅੱਗੇ ਵਧਾਈ ਜਾਂਦੇ ਹਨ। ਖਾਸ ਕਰ ਸ਼ਹਿਰਾਂ 'ਚ ਵਸਦੇ ਲੋਕ। ਉਹ ਭਲੇ ਮਾਣਸੋ ਬਾਹਰ ਨਿਕਲ ਕੇ ਵੇਖੋ। ਚਿੱਟੇ ਬਗਲੇ ਐਨੇ ਹੋ ਗਏ ਹਨ ਕਿ ਧਰਤੀ ਦੇ ਮਿੱਤਰ ਡੱਡੂ ਖ਼ਤਮ ਕਰੀ ਜਾ ਰਹੇ ਹਨ। ਤੋਤੇ ਐਨੇ ਹੋ ਗਏ ਹਨ ਕਿ ਤੋਰੀਆ ਤੇ ਮੱਕੀ ਬਚਾਉਣੀ ਮੁਸ਼ਕਿਲ ਹੋ ਗਈ ਹੈ। ਤਿੱਤਰ, ਚਿੜੀ, ਕਾਂ, ਕਬੂਤਰ, ਘੁੱਗੀ, ਸ਼ਾਰਕ ਆਦਿ ਦੀ ਗਿਣਤੀ ਵੀ ਵਧ ਗਈ ਹੈ। ਸੱਪ ਵੀ ਵੱਡੀ ਗਿਣਤੀ 'ਚ ਹੋ ਗਏ ਹਨ। ਇਹ ਸਭ ਰੱਬ ਦੇ ਜੀਅ ਹਨ। ਇਨ੍ਹਾਂ ਦਾ ਬਚਣਾ ਵੀ ਜ਼ਰੂਰੀ ਹੈ ਪਰ ਕਿਸਾਨ ਵਿਚਾਰਾ ਵੀ ਕੀ ਕਰੇ। ਸਾਡੇ ਵਿਗਿਆਨੀਆਂ ਨੂੰ ਇਸ ਦਿਨ-ਬਦਿਨ ਵਧ ਰਹੀ ਸਮੱਸਿਆ ਦਾ ਵੀ ਕੋਈ ਹੱਲ ਲੱਭਣਾ ਪਵੇਗਾ।

ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਾਨਦਾਰ ਬੀਜ ਦੀ ਚੋਣ:ਘਰੇਲੂ ਬਗੀਚੀ ਵਿਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਓ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ, ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਓ ਅਤੇ ਚੁਣੇ ਹੋਏ ਬੀਜਾਂ ਵਿਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।
ਬੀਜ ਸੰਸਕਾਰ:ਘਰੇਲੂ ਬਗੀਚੀ ਵਿਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ ਕੱਚੇ ਦੁੱਧ ਵਿਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿੰਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਓ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਵੇਂ ਸੁਕਾ ਕੇ ਬਿਜਾਈ ਕਰ ਦਿਓ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ।
ਘਰੇਲੂ ਬਗੀਚੀ ਵਿਚ ਹੇਠ ਦਿੱਤੀਆਂ ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ: ਪਾਲਕ, ਮੇਥੇ, ਧਨੀਆ, ਮੂਲੀ, ਗਾਜਰ, ਸੁੱਕੀ ਪਨੀਰੀ ਵਾਲਾ ਪਿਆਜ਼, ਸ਼ਲਗਮ, ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਮਟਰ, ਛੋਲੇ, ਮੇਥੀ, ਆਲੂ, ਲਸਣ, ਪਿਆਜ਼, ਸੌਂਫ, ਹਾਲੌਂ, ਅਲਸੀ, ਸਰ੍ਹੋਂ, ਮਸਰ ਆਦਿ।
ਬਿਜਾਈ ਦਾ ਢੰਗ: ਹੇਠਾਂ ਦੱਸੇ ਅਨੁਸਾਰ ਬਿਜਾਈ ਕਰੋ:
* ਕੁਝ ਬੀਜ ਜਿਵੇਂ ਪਾਲਕ, ਮੇਥੇ ਅਤੇ ਸਰ੍ਹੋਂ ਛਿੱਟੇ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਖ਼ੁਸ਼ਕ ਕਿਆਰੀਆਂ ਵਿਚ ਲਗਾ ਕੇ ਪਾਣੀ ਦਿਉ।
* ਕੁਝ ਬੀਜ ਜਿਵੇਂ ਮੂਲੀ, ਗਾਜਰਾਂ ਅਤੇ ਮਟਰ ਚੁਟਕੀ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਕਿਆਰੀਆਂ ਵੱਤਰ ਕਰਕੇ ਫਿਰ ਚੁਟਕੀ ਨਾਲ ਲਗਾਓ।
* ਗੋਭੀ ਅਤੇ ਪਿਆਜ਼ ਦੀ ਪਨੀਰੀ ਤਿਆਰ ਕਰਕੇ ਵੱਟਾ ਉੱਪਰ ਲਗਾਓ। ਪਿਆਜ਼, ਪੁਦੀਨਾ ਅਤੇ ਧਨੀਆ ਵੱਟਾ ਦੇ ਨਾਲ-ਨਾਲ ਲਗਾਏ ਜਾ ਸਕਦੇ ਹਨ।
ਸਹਿਜੀਵੀ ਫਸਲ ਪ੍ਰਣਾਲੀ ਅਪਣਾਓ : ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿਚ ਮੁੱਖ ਫਸਲ ਦੇ ਨਾਲ ਕੁਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿਚ ਮਦਦ ਕਰਦੇ ਹਨ, ਉਸ ਨੂੰ ਕੀਟਾਂ ਤੋਂ ਬਚਾਉਂਦੇ ਹਨ। ਸੋ ਘਰੇਲੂ ਬਗੀਚੀ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਹੇਠ ਲਿਖੇ ਅਨੁਸਾਰ ਕੁਝ ਸਹਾਇਕ ਪੌਦਿਆਂ ਨੂੰ ਬਗੀਚੀ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ।
ਤੁਲਸੀ : ਇਹ ਟਮਾਟਰ ਦਾ ਸਵਾਦ ਵਧਾਉਂਦੀ ਹੈ ਅਤੇ ਨਾਲ ਹੀ ਉਸ ਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਂਦੀ ਹੈ।
ਲਸਣ : ਇਹ ਚੇਪੇ ਨੂੰ ਕਾਬੂ ਕਰਦਾ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿਚ ਸਹਾਇਕ ਹੈ।
ਅਜਵਾਇਣ : ਜੇ ਇਸ ਨੂੰ ਬੰਦ ਗੋਭੀ ਦੇ ਨੇੜੇ ਬੀਜਿਆ ਜਾਵੇ ਤਾਂ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋਂ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿਚ ਮੱਦਦ ਮਿਲਦੀ ਹੈ।
ਗੇਂਦਾ : ਜੜ੍ਹ ਵਿਚੋਂ ਇਕ ਤਰਲ ਪੈਦਾ ਕਰਦਾ ਹੈ ਜੋ ਕਿ ਜੜ੍ਹਾਂ ਨੂੰ ਖਾਣ ਵਾਲੇ ਕੀੜਿਆਂ ਨੂੰ ਨਸ਼ਟ ਕਰਦਾ ਹੈ। ਇਹ ਅਮਰੀਕਨ ਸੁੰਡੀ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ। (ਸਮਾਪਤ)


-ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ : 97810-00909.

ਜੱਟ ਦੀ ਜੂਨ ਬੁਰੀ

ਕਰੇ ਮਿਹਨਤਾਂ ਵੰਡੇ ਖੁਸ਼ਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।
ਦਿਨ ਰਾਤ ਕੰਮ ਏਹਨੂੰ, ਮਿਲਦੀ ਨਾ ਵੇਹਲ ਏ,
ਫਿਰ ਵੀ ਇਹ ਅੰਨਦਾਤਾ, ਹਰ ਪੱਖੋਂ ਫੇਲ ਏ।
ਦਾਤਾ ਦੁਨੀਆ ਦਾ ਬਣਿਆ ਸਵਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜ੍ਹਕਾ ਅੱਖਾਂ ਦੇ ਵਿਚ ਲਾਲੀ....।
ਸੋਚਾਂ ਵਿਚ ਦਿਨ ਚੜ੍ਹੇ, ਫਿਕਰਾਂ 'ਚ ਸ਼ਾਮ ਬਈ,
ਵੇਖ ਲਓ ਜ਼ਮੀਨਾਂ ਵਾਲਾ, ਬਣਿਆ ਗੁਲਾਮ ਬਈ।
ਭੁੱਖਾ ਮਰਦੈ ਬਾਗ਼ ਦਾ ਮਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...।
ਸਮੇਂ ਦਿਆਂ ਹਾਕਮਾਂ ਨੇ, ਮੂੰਹ ਏਹਤੋਂ ਫੇਰਿਆ,
ਦੇਸ਼ ਨੂੰ ਰਜਾਉਣ ਵਾਲਾ, ਕਰਜ਼ੇ ਨੇ ਘੇਰਿਆ।
ਕੀਤੀ ਰੇਹਾਂ-ਸਪਰੇਆਂ, ਜੇਬ ਖਾਲੀ, ਜੱਟ ਦੀ ਜੂਨ ਬੁਰੀ,
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ...
ਪੁੱਤਾਂ ਵਾਂਗ ਫ਼ਸਲਾਂ ਦੀ ਰਾਖੀ ਜੱਟ ਕਰਦਾ,
ਭਾਦੋਂ ਦੇ ਦੁਪਹਿਰੇ ਮੱਚੇ, ਪੋਹ ਵਿਚ ਠਰਦਾ।
ਏਹਦੀ ਫੇਰ ਵੀ, 'ਘੜੈਲੀ' ਮੰਦਹਾਲੀ, ਜੱਟ ਦੀ ਜੂਨ ਬੁਰੀ।
ਚੋਵੇ ਮੁੜਕਾ ਅੱਖਾਂ ਦੇ ਵਿਚ ਲਾਲੀ, ਜੱਟ ਦੀ ਜੂਨ ਬੁਰੀ।


-ਮਨਜੀਤ ਸਿੰਘ ਘੜੈਲੀ
-ਪਿੰਡ ਘੜੈਲੀ (ਬਠਿੰਡਾ)। ਮੋਬਾਈਲ : 98153-91625.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX