ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਜਿਥੇ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਵਜੋਂ ਮੰਨਿਆ ਜਾਂਦਾ ਹੈ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਪਦੇਸ਼ ਦੇਣ ਲਈ ਦੇਸ਼-ਦੇਸ਼ਾਂਤਰਾਂ ਦਾ ਭਰਮਣ ਕੀਤਾ ਅਤੇ ਜਿਥੇ ਵੀ ਗਏ, ਉਥੋਂ ਦੀ ਭੁੱਲੀ-ਭਟਕੀ ਲੋਕਾਈ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਲੰਕਾ ਤੱਕ, ਪੂਰਬ ਵਿਚ ਚੀਨ ਤੱਕ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਵੱਖੋ-ਵੱਖ ਖਿੱਤਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਤੇ ਤਿੱਬਤ ਵਿਚ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ।
ਗੁਰੂ ਨਾਨਕ ਦੇਵ ਜੀ ਦਾ ਸੁਮੇਰ ਪਰਬਤ ਦੀ ਚੋਟੀ ਉੱਪਰ ਪਹੁੰਚਣ ਦਾ ਮਨੋਰਥ ਕੁਝ ਹੋਰ ਸੀ ਤੇ ਸਿੱਕਮ, ਭੂਟਾਨ ਅਤੇ ਪੂਰਬੀ ਤਿੱਬਤ ਵੱਲ ਜਾਣ ਦਾ ਮਕਸਦ ਕੁਝ ਹੋਰ ਸੀ। ਸੁਮੇਰ ਪਰਬਤ ਵਿਖੇ ਉੱਚ ਦਰਜੇ ਦੇ ਮਹਾਨ ਤਪੱਸਵੀ ਜੋਗੀ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਕਿ ਇਨ੍ਹਾਂ ਜੋਗੀਆਂ ਨੂੰ ਮਿਲ ਕੇ ਆਪਣੇ ਸ਼ਬਦ ਸਿਧਾਂਤ ਦਾ ਪ੍ਰਭਾਵ ਇਨ੍ਹਾਂ 'ਤੇ ਇਸ ਤਰ੍ਹਾਂ ਪਾ ਕੇ ਪ੍ਰੇਰਿਆ ਜਾਵੇ ਕਿ ਉਹ ਆਪਣੇ ਤਪ ਤੇਜ਼ ਤੇ ਉੱਚ ਆਚਰਣ ਨੂੰ ਸਮਾਜ ਵਿਚ ਤਬਦੀਲੀ ਲਿਆਉਣ ਲਈ ਵਰਤਣ। ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਲਈ ਹਿਮਾਚਲ ਤੇ ਕਸ਼ਮੀਰ ਵਿਚੋਂ ਦੀ ਹੋ ਕੇ ਗਏ ਅਤੇ ਪੂਰਬੀ ਤਿੱਬਤ ਨੂੰ ਨਿਪਾਲ, ਸਿੱਕਮ, ਭੂਟਾਨ ਵਿਚੋਂ ਦੀ ਹੋ ਕੇ ਗਏ ਸਨ।
ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਕਹਿ ਕੇ ਅੱਜ ਵੀ ਗੁਰੂ ਨਾਨਕ ਨਾਮ ਲੇਵਾ ਲੋਕ ਯਾਦ ਕਰਦੇ ਹਨ। ਇਹ ਗੱਲ ਪੰਜਾਬੀਆਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਬੜੀ ਅਜੀਬ ਅਤੇ ਹੈਰਾਨੀਜਨਕ ਲਗਦੀ ਹੈ ਕਿ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਵੱਡਾ ਹਿੱਸਾ ਗੁਰੂ ਨਾਨਕ ਦੇਵ ਜੀ ਨੂੰ 'ਨਾਨਕ ਲਾਮਾ' ਦੇ ਨਾਂਅ ਨਾਲ ਜਾਣਦਾ ਤੇ ਪੂਜਦਾ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਤਿੱਬਤ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਭੂਟਾਨ ਦੇ ਜਿਨ੍ਹਾਂ ਸਥਾਨਾਂ 'ਤੇ ਗਏ, ਉਨ੍ਹਾਂ ਇਲਾਕਿਆਂ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਲਾਮਾ ਦੇ ਰੂਪ ਵਿਚ ਜਾਣਦੇ ਹਨ, ਜਦਕਿ ਉਨ੍ਹਾਂ ਲੋਕਾਂ ਦਾ ਧਰਮ ਬੁੱਧ ਧਰਮ ਹੈ। ਪੂਰਬੀ ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਈ ਬੋਧੀ ਮੰਦਰਾਂ ਵਿਚ ਹੁੰਦੀ ਹੈ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਤਿੱਬਤ ਵਿਚ ਗਏ, ਉਸ ਸਮੇਂ ਤਿੱਬਤ ਵਿਚ ਦੋ ਮੁੱਖ ਫਿਰਕੇ ਸਨ, ਕਰਮਾ-ਪਾ (ਲਾਲ ਟੋਪੀ ਵਾਲੇ) ਅਤੇ ਗੈਲੂ-ਪਾ (ਪੀਲੀ ਟੋਪੀ ਵਾਲੇ)। ਇਨ੍ਹਾਂ ਦੋਵਾਂ ਫਿਰਕਿਆਂ ਵਿਚ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਬੜੀ ਜੱਦੋ-ਜਹਿਦ ਹੋ ਰਹੀ ਸੀ। ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਕਰਮਾ-ਪਾ ਫਿਰਕੇ ਨੇ ਅਪਣਾਇਆ, ਜੋ ਲਾਲ ਟੋਪੀ ਪਹਿਨਦੇ ਸਨ ਪਰ ਗੈਲੂ-ਪਾ (ਪੀਲੀ ਟੋਲੀ ਵਾਲੇ) ਫਿਰਕੇ ਨੇ ਗੁਰੂ ਨਾਨਕ ਦੇਵ ਜੀ ਦੇ ਮਤ ਦੀ ਵਿਰੋਧਤਾ ਕੀਤੀ। ਤਿੱਬਤ ਵਿਚ ਤਕਰੀਬਨ ਇਕ ਹਜ਼ਾਰ ਦੇ ਕਰੀਬ ਅਜਿਹੇ ਮੱਠ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਜੀਵਨ ਤਿੱਬਤੀ ਭਾਸ਼ਾ ਵਿਚ ਸੰਭਾਲ ਕੇ ਰੱਖੇ ਹੋਏ ਹਨ।
ਸਿੱਕਮ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਨੇਕਾਂ ਯਾਦਗਾਰਾਂ ਹਨ ਪਰ ਕੇਂਦਰੀ ਇਤਿਹਾਸਕ ਗੁਰਦੁਆਰਾ ਨਾਨਕ ਲਾਮਾ ਸਾਹਿਬ, ਸਿੱਖ ਧਰਮ ਵਿਚ ਬਹੁਤ ਮਹੱਤਵਰੱਖਦਾ ਹੈ। ਇਸ ਪਾਵਨ ਅਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਸੌ ਮੀਲ ਉੱਤਰ ਵੱਲ ਇਕ ਮੱਠ ਹੈ, ਜਿਥੇ ਤਿੱਬਤ ਨੂੰ ਜਾਂਦਿਆਂ ਗੁਰੂ ਨਾਨਕ ਦੇਵ ਜੀ ਠਹਿਰੇ ਸਨ, ਉਥੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਯਾਦਾਂ ਅਜੇ ਤੱਕ ਕਾਇਮ ਹਨ। ਰਾਜਧਾਨੀ ਗੰਗਟੋਕ ਤੋਂ ਇਸ ਥਾਂ ਤੱਕ ਜਿਸ ਨੂੰ ਚੁੰਗਟਾਂਗ ਕਹਿੰਦੇ ਹਨ, ਪੱਕੀ ਸੜਕ ਬਣੀ ਹੋਈ ਹੈ। ਇਥੋਂ ਦੇ ਲੋਕ ਇਸ ਅਸਥਾਨ ਨੂੰ ਨਾਨਕ-ਟਾਂਗ ਕਹਿੰਦੇ ਹਨ। ਇਸ ਨਗਰ ਵਿਚ ਮਹਾਰਾਜ ਨੇ ਦੋ ਰਾਤਾਂ ਵਿਸ਼ਰਾਮ ਕੀਤਾ।
ਇਸ ਵਾਦੀ ਦੇ ਮੱਧ ਵਿਚ ਇਕ 30 ਫੁੱਟ ਉੱਚਾ ਤੇ 200 ਫੁੱਟ ਘੇਰੇ ਦਾ ਪੱਥਰ ਹੈ, ਜਿਸ ਉੱਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਹਨ। ਇਸ ਪੱਥਰ ਨੂੰ ਪੂਜਣਯੋਗ ਸਮਝ ਕੇ ਇਸ ਦੇ ਆਲੇ-ਦੁਆਲੇ 4 ਫੁੱਟ ਉੱਚੀ ਦੀਵਾਰ ਬਣਾਈ ਗਈ ਹੈ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਦ ਚੁੰਗਟਾਂਗ (ਕਈ ਲੋਕ ਇਸ ਨੂੰ ਚੁੰਗਥਾਂਗ ਵੀ ਕਹਿੰਦੇ ਹਨ) ਆ ਰਹੇ ਸਨ ਤਾਂ ਰਸਤੇ ਵਿਚ ਇਕ ਰਾਕਸ਼ ਨੇ ਗੁਰੂ ਮਹਾਰਾਜ ਅਤੇ ਮਰਦਾਨੇ ਨੂੰ ਰੋਕਣਾ ਚਾਹਿਆ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਹੱਥ ਵਿਚ ਜੋ ਖੂੰਡੀ ਫੜੀ ਹੋਈ ਸੀ, ਉਸ ਖੂੰਡੀ ਦੇ ਇਸ਼ਾਰੇ ਨਾਲ ਰਾਕਸ਼ ਨੂੰ ਪਾਸੇ ਹਟ ਜਾਣ ਦਾ ਇਸ਼ਾਰਾ ਕੀਤਾ। ਕਿਹਾ ਜਾਂਦਾ ਹੈ ਕਿ ਉਹ ਰਾਕਸ਼ ਗੁੱਸੇ ਵਿਚ ਆ ਕੇ ਪਹਾੜੀ 'ਤੇ ਚੜ੍ਹ ਗਿਆ। ਗੁਰੂ ਨਾਨਕ ਦੇਵ ਜੀ ਚੁੰਗਟਾਂਗ ਦੀ ਖੁੱਲ੍ਹੀ ਜਗ੍ਹਾ ਜਿਥੇ ਹੁਣ ਗੁਰੂ ਪੰਥ ਦਾ ਨਿਸ਼ਾਨ ਝੂਲਦਾ ਹੈ, ਜ਼ਮੀਨ 'ਤੇ ਆ ਬੈਠੇ ਅਤੇ ਅਲਾਹੀ ਕੀਰਤਨ ਗਾਇਨ ਕਰਨ ਲੱਗੇ। ਉਹ ਰਾਕਸ਼ ਤਾਂ ਗੁੱਸੇ ਵਿਚ ਹੈ ਸੀ ਤਾਂ ਉਸ ਨੇ ਇਸ ਤਰ੍ਹਾਂ ਬੈਠਿਆਂ ਦੇਖ ਕੇ ਇਕ ਬਹੁਤ ਵੱਡਾ ਪੱਥਰ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ। ਇਸ ਤਰ੍ਹਾਂ ਪੱਥਰ ਨੂੰ ਰਿੜ੍ਹਦੇ ਆਉਂਦਿਆਂ ਦੇਖ ਕੇ ਮਰਦਾਨਾ ਕੁਝ ਘਬਰਾਇਆ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਰਦਾਨਿਆ, ਘਬਰਾ ਨਾ, ਇਹ ਤਾਂ ਬੈਠਣ ਲਈ ਆਸਨ ਆ ਰਿਹਾ ਹੈ। ਇਹ ਪੱਥਰ ਗੁਰੂ ਸਾਹਿਬ ਦੇ ਚਰਨਾਂ ਕੋਲ ਆ ਡਿਗਿਆ। ਜਦ ਗੁਰੂ ਪਾਤਸ਼ਾਹ ਉਸ ਪੱਥਰ 'ਤੇ ਬੈਠਣ ਲਈ ਚੜ੍ਹਨ ਲੱਗੇ ਤਾਂ ਉਹ ਪੱਥਰ ਨਰਮ ਹੋਣ ਕਾਰਨ ਗੁਰੂ ਸਾਹਿਬ ਦੇ ਚਰਨਾਂ ਦੇ ਨਿਸ਼ਾਨ ਉਸ ਉੱਪਰ ਪੈ ਗਏ, ਜੋ ਅੱਜ ਵੀ ਨਜ਼ਰ ਆਉਂਦੇ ਹਨ।
ਗੁਰੂ ਪਾਤਸ਼ਾਹ ਨੂੰ ਕੀਰਤਨ ਕਰਦਾ ਸੁਣ ਕੇ ਉਸ ਇਲਾਕੇ ਦੇ ਕੁਝ ਲੋਕ ਆ ਇਕੱਠੇ ਹੋਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੇ ਛਕਣ ਲਈ ਕਈ ਤਰ੍ਹਾਂ ਦੇ ਪਦਾਰਥ ਭੇਟ ਕੀਤੇ। ਮਰਦਾਨਾ ਜੀ ਨੇ ਪੀਣ ਵਾਲੇ ਪਾਣੀ ਦੀ ਇੱਛਾ ਪ੍ਰਗਟ ਕੀਤੀ। ਉਸ ਸਮੇਂ ਉਸ ਵਾਦੀ ਵਿਚ ਵਗਦੀ ਨਦੀ ਦਾ ਪਾਣੀ ਬੜਾ ਗੰਧਲਾ ਸੀ। ਗੁਰੂ ਪਾਤਸ਼ਾਹ ਦੇ ਇਥੇ ਪੀਣ ਲਈ ਨਿਰਮਲ ਜਲ ਦਾ ਪ੍ਰਬੰਧ ਕੀਤਾ ਸੀ।
ਜਦ ਗੁਰੂ ਨਾਨਕ ਦੇਵ ਜੀ ਇਥੇ ਆਏ ਤਾਂ ਉਹ ਆਪਣੇ ਖਾਣ ਲਈ ਚੌਲ ਤੇ ਕੇਲੇ ਨਾਲ ਲਿਆਏ। ਇਸ ਇਲਾਕੇ ਵਿਚ ਪਹਿਲਾਂ ਨਾ ਕਦੇ ਚੌਲ ਹੁੰਦੇ ਸਨ, ਨਾ ਕੇਲੇ। ਗੁਰੂ ਸਾਹਿਬ ਨੇ ਉਥੋਂ ਦੇ ਲੋਕਾਂ ਨੂੰ ਚੌਲ ਤੇ ਕੇਲਾ ਬੀਜਣ ਲਈ ਦਿੱਤਾ। ਉਸ ਸਮੇਂ ਤੋਂ ਬਾਅਦ ਚੁੰਗਟਾਂਗ ਇਕ ਅਜਿਹੀ ਜਗ੍ਹਾ ਹੈ, ਜਿਸ ਦੇ 100 ਕਿਲੋਮੀਟਰ ਦੇ ਦਾਇਰੇ ਵਿਚ ਚੌਲਾਂ ਦੀ ਫਸਲ ਅਤੇ ਕੇਲੇ ਦੀ ਫਸਲ ਖੂਬ ਹੁੰਦੀ ਹੈ। ਪਹਿਲਾ ਬੀਜ ਗੁਰੂ ਸਾਹਿਬ ਨੇ ਉਸ ਅਸਥਾਨ ਦੇ ਅਹਾਤੇ ਵਿਚ ਆਪ ਬੀਜਿਆ ਸੀ। ਹੁਣ ਤੱਕ ਹਰ ਇਕ ਦੇ ਹਿਰਦੇ ਵਿਚ ਸ਼ੁਕਰਾਨਾ ਭਰੀ ਰਵਾਇਤ ਕਾਇਮ ਹੈ ਕਿ ਚੌਲ ਤੇ ਕੇਲਾ ਇਸ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸਨ। ਇਥੋਂ ਦੇ ਲਾਮੇ ਗੁਰੂ ਸਾਹਿਬ ਦੇ ਸ਼ਰਧਾਲੂ ਤੇ ਪੁਜਾਰੀ ਹਨ। ਇਹ ਸਿੱਖ ਲਾਮੇ ਖੁੱਲ੍ਹਾ ਦਾੜ੍ਹਾ ਰੱਖਦੇ ਹਨ। ਸਿਰ 'ਤੇ ਕੇਸ ਹਨ ਤੇ ਪਿੱਛੇ ਕੇਸਾਂ ਦੀ ਇਕ ਗੁੱਤ ਹੁੰਦੀ ਹੈ।
ਹਿਮਾਲਿਆ ਦੀ ਐਵਰੈਸਟ ਚੋਟੀ ਦਾ ਜਿਥੇ ਆਖਰੀ ਪੜਾਅ ਹੈ, ਉਥੇ ਇਕ ਥਿਆਂਗ ਬੋਚੇ ਨਾਂਅ ਦਾ ਮੱਠ ਹੈ। ਇਸ ਤਿੱਬਤੀ ਲਾਮਿਆਂ ਦੇ ਮੱਠ ਵਿਚ ਗੁਰੂ ਨਾਨਕ ਦੇਵ ਜੀ ਸਬੰਧੀ ਲਿਖਤਾਂ ਤੇ ਪ੍ਰਾਚੀਨ ਤਸਵੀਰਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਇਸ ਮੱਠ ਦੇ ਲਾਮਾ ਦਾ ਵਿਸ਼ਵਾਸ ਹੈ ਕਿ ਇਹ ਲਿਖਤਾਂ ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਹਸਤ ਲਿਖਤਾਂ ਹਨ। ਐਵਰੈਸਟ 'ਤੇ ਜਾਣ ਵਾਲੀ ਟੀਮ ਦੇ ਮੈਂਬਰਾਂ ਨੂੰ ਉਸ ਲਾਮਾ ਨੇ ਇਨ੍ਹਾਂ ਹਸਤ ਲਿਖਤਾਂ ਦੇ ਦਰਸ਼ਨ ਕਰਵਾਏ। ਐਵਰੈਸਟ 'ਤੇ ਜਾਣ ਵਾਲੀ ਟੀਮ ਦਾ ਆਗੂ ਲਿਖਦਾ ਹੈ ਕਿ ਇਹ ਲਿਖਤਾਂ ਕੀਮਤੀ ਕੱਪੜਿਆਂ ਵਿਚ ਲਪੇਟ ਕੇ ਉਸ ਨੇ ਅਲਮਾਰੀ ਦੇ ਖਾਨਿਆਂ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਸਨ। ਉਹ ਲਿਖਦੇ ਹਨ ਕਿ 'ਇਸ ਲਾਮਾ ਦੇ ਮੰਦਰ ਵਿਚ ਵਾਯੂ ਮੰਡਲ ਬੜਾ ਸ਼ਾਂਤੀ, ਗੰਭੀਰਤਾ ਭਰਿਆ ਤੇ ਰਹੱਸਮਈ ਸੀ। ਕੰਧਾਂ ਉੱਤੇ ਰੰਗਦਾਰ ਤਸਵੀਰਾਂ ਲਟਕਦੀਆਂ ਸਨ। ਛੱਤ ਉੱਤੇ ਮਿਥਿਹਾਸਕ ਚਿੱਤਰ ਸਨ। ਅਨੇਕਾਂ ਬੁੱਤ ਕਈ ਧਾਤਾਂ ਵਿਚ ਚਿੱਤਰੇ ਹੋਏ ਪਏ ਸਨ। ਅਲਮਾਰੀ ਦੇ ਖਾਨਿਆਂ ਵਿਚ ਅਨੇਕਾਂ ਹੱਥ-ਲਿਖਤਾਂ ਮੌਜੂਦ ਸਨ। ਬੁੱਤ ਉਸ ਮੱਠ ਦੇ ਗੁਜ਼ਰ ਚੁੱਕੇ ਲਾਮਿਆਂ ਦੇ ਸਨ। ਉਨ੍ਹਾਂ ਵਿਚੋਂ ਇਕ ਬੁੱਤ ਰਿਪੰਚੋ ਗੁਰੂ ਨਾਨਕ ਦਾ ਸੀ। ਤਿੱਬਤੀ ਗੁਰੂ ਨਾਨਕ ਨੂੰ ਰਿੰਪੋਚੇ ਗੁਰੂ ਕਹਿੰਦੇ ਹਨ।'
ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਰਿਪੰਚੋ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਇਕ ਤਿੱਬਤੀ ਗ੍ਰੰਥ ਵਿਚ ਗੁਰੂ ਨਾਨਕ ਜੀ ਬਾਰੇ ਵੇਰਵਾ ਦਿੱਤਾ ਮਿਲਦਾ ਹੈ, 'ਮਹਾਨ ਸਿੰਧਾਚਾਰੀਆ, ਜਿਸ ਨੇ ਬੁੱਧ ਧਰਮ ਤਿੱਬਤ ਤੇ ਚੀਨ ਵਿਚ ਫੈਲਾਇਆ, ਗੁਰੂ ਰਿਪੰਚੇ ਭਾਵ ਅਨਮੋਲ ਅਧਿਆਪਕ ਹੈ, ਉਹ ਕੇਵਲ ਉਪਜ ਹੈ ਅਤੇ ਉਸ ਦਾ ਆਤਮਕ ਜਨਮ ਸੋਨ ਮੰਦਰ ਅੰਮ੍ਰਿਤਸਰ ਦੇ ਮਹਾਨ ਸਰੋਵਰ ਨਾਲ ਸਬੰਧਤ ਹੈ... ਇਸ ਕਰਕੇ ਤਿੱਬਤੀਆਂ ਦਾ ਇਹ ਫਿਰਕਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਇਸ਼ਨਾਨ ਲਈ ਔਖੇ ਪੈਂਡੇ ਤੈਅ ਕਰਕੇ ਪਹੁੰਚਦਾ ਰਿਹਾ ਹੈ। ਤਿੱਬਤੀ ਗੁਰੂ ਨਾਨਕ ਦੇਵ ਜੀ ਨੂੰ ਮਹਾਤਮਾ ਬੁੱਧ ਦਾ ਅੱਠਵਾਂ ਅਵਤਾਰ ਸਮਝਦੇ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਆਪਣੇ ਇਸ਼ਟ ਦਾ ਆਤਮਿਕ ਜਨਮਦਾਤਾ ਮੰਨਦੇ ਹਨ।'
ਡਾ: ਤਰਲੋਚਨ ਸਿੰਘ ਆਪਣੀ ਲਿਖਤ 'ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ' ਵਿਚ ਲਿਖਦੇ ਹਨ, 'ਉਸ ਨੇ 1960 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੁਝ ਤਿੱਬਤੀ ਬੈਠੇ ਦੇਖੇ। ਉਨ੍ਹਾਂ ਵਿਚੋਂ ਇਕ ਕਿਸੇ ਹੱਥਲਿਖਤ ਗ੍ਰੰਥ ਦਾ ਪਾਠ ਕਰ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਕਿਸ ਚੀਜ਼ ਦਾ ਪਾਠ ਕਰ ਰਿਹਾ ਹੈ? ਪਰ ਉਸ ਨੂੰ ਹਿੰਦੁਸਤਾਨੀ ਨਹੀਂ ਸੀ ਆਉਂਦੀ। ਉਸ ਨੇ ਹੱਥ ਨਾਲ ਇਸ ਗੱਲ ਦਾ ਇਸ਼ਾਰਾ ਕੀਤਾ। ਨੇੜੇ ਬੈਠਾ ਇਕ ਤਿੱਬਤੀ ਚੰਗੀ ਅੰਗਰੇਜ਼ੀ ਜਾਣਦਾ ਸੀ। ਜਦ ਉਸ ਰਾਹੀਂ ਮੈਂ ਪੁੱਛਿਆ ਕਿ ਉਸ ਪੁਸਤਕ ਵਿਚ ਕੀ ਲਿਖਿਆ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਇਸ ਵਿਚ ਦਸਾਂ ਹੀ ਗੁਰੂ ਸਾਹਿਬਾਨ ਦੀ ਮਹਿਮਾ ਤੇ ਇਤਿਹਾਸ ਲਿਖੇ ਹੋਏ ਹਨ। ਉਸ ਨੇ ਸਮਝਾਇਆ ਕਿ ਤਿੱਬਤੀ ਭਾਸ਼ਾ ਵਿਚ ਹਰ ਗੁਰੂ ਸਾਹਿਬ ਦਾ ਅਸਲੀ ਨਾਂਅ ਵੀ ਹੈ ਤੇ ਨਾਲ ਹੀ ਉਨ੍ਹਾਂ ਦਾ ਗੁਣ-ਪ੍ਰਗਟਾਵਲ ਨਾਂਅ ਵੀ ਹੈ।'
'ਮੈਂ ਉਸ ਤਿੱਬਤੀ ਤੋਂ ਉਹ ਗ੍ਰੰਥ ਖਰੀਦਣਾ ਚਾਹਿਆ। ਪਰ ਉਹ ਪੰਜ ਗ੍ਰੰਥੀ ਜਿੰਨੀ ਹੱਥਲਿਖਤ ਪੋਥੀ 500 ਰੁਪਏ ਨੂੰ ਵੀ ਦੇਣ ਨੂੰ ਤਿਆਰ ਨਹੀਂ ਸੀ। ਉਸ ਫਟੇ ਚੀਥੜੇ ਕੱਪੜੇ ਪਹਿਰਾਵੇ ਵਾਲੇ ਪੋਥੀ ਦੇ ਮਾਲਕ ਤਿੱਬਤੀ ਨੇ ਉੱਤਰ ਦਿੱਤਾ, 'ਇਹ ਪੋਥੀ ਮੇਰੇ ਲਈ ਮੇਰੀ ਜ਼ਿੰਦਗੀ ਜਿੰਨੀ ਹੀ ਕੀਮਤੀ ਹੈ।' ਉਸ ਸਮੇਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਉਸ ਸ਼ਾਮ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਚੱਕਰ ਲਾ ਰਹੇ ਰੰਗੀਲੇ, ਭੜਕੀਲੇ, ਸ਼ਾਹੀ ਠਾਠ ਨਾਲ ਫਿਰ ਰਹੇ ਪੰਜਾਬੀਆਂ ਨਾਲੋਂ ਇਹ ਫਟੇ-ਚੀਥੜੇ ਕੱਪੜਿਆਂ ਵਾਲਾ ਤਿੱਬਤੀ ਸਭ ਤੋਂ ਦੌਲਤਮੰਦ ਤੇ ਸਵੈਮਾਣ ਨਾਲ ਅਮੀਰ ਪੁਰਸ਼ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਉਸ ਨੂੰ ਉਸ ਪੋਥੀ ਦਾ 500 ਰੁਪਿਆ ਪੇਸ਼ ਕਰਕੇ ਨਾ ਸਿਰਫ ਉਸ ਦੇਵਤਾ ਸਰੂਪ ਤਿੱਬਤੀ ਦਾ, ਬਲਕਿ ਉਸ ਦੇ ਪਿਆਰੇ ਇਸ਼ਟ ਦਾ ਵੀ ਨਿਰਾਦਰ ਕੀਤਾ ਹੈ।'
ਭੂਟਾਨ ਦੀ ਪਾਰੋ ਵਾਦੀ ਵਿਚ ਉੱਚੀ ਪਹਾੜੀ ਦੀ ਵੱਖੀ ਉੱਤੇ ਇਕ ਐਸਾ ਮੱਠ ਹੈ, ਜਿਸ ਨੂੰ ਸ਼ੇਰ ਦਾ ਆਲ੍ਹਣਾ ਕਿਹਾ ਜਾਂਦਾ ਹੈ। ਇਹ ਗੁਰੂ ਰਿਪੰਚੇ ਨਾਨਕ ਦਾ ਬੈਕੁੰਠ ਭਵਨ ਮੰਨਿਆ ਜਾਂਦਾ ਹੈ। ਹੋ ਸਕਦਾ ਕਿ ਇਥੇ ਪਹਿਲਾਂ ਹੀ ਕੋਈ ਮੱਠ ਸੀ। ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਤੇ ਇਥੋਂ ਦੇ ਲਾਮਿਆਂ ਨਾਲ ਗਿਆਨ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਤਿੱਬਤ ਦੇ ਅਨੇਕਾਂ ਥਾਵਾਂ 'ਤੇ ਗਏ। ਗੁਰੂ ਪਾਤਸ਼ਾਹ ਦਾ ਇਤਿਹਾਸ ਤੇ ਉਨ੍ਹਾਂ ਦੇ ਬਚਨ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਕਈ ਮੱਠਾਂ ਵਿਚ ਉਨ੍ਹਾਂ ਨੇ ਸੰਭਾਲੇ ਹੋਏ ਹਨ। ਉੱਤਰ-ਪੂਰਬੀ ਖਿੱਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਉਨ੍ਹਾਂ ਲੋਕਾਂ ਨੇ ਵਧੀਆ ਢੰਗ ਨਾਲ ਸਾਂਭੀ ਹੋਈ ਹੈ। ਉਨ੍ਹਾਂ ਦੇ ਇਤਿਹਾਸ ਅਤੇ ਸੱਭਿਆਚਾਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਦਿਖਾਈ ਦਿੰਦਾ ਹੈ।


-ਬਠਿੰਡਾ। ਮੋਬਾ: 98155-33725


ਖ਼ਬਰ ਸ਼ੇਅਰ ਕਰੋ

ਸਿਦਕ, ਹਲੀਮੀ ਅਤੇ ਰਜ਼ਾ ਦੀ ਮੂਰਤ ਸਨ ਮਾਤਾ ਸੁਲੱਖਣੀ

ਇਸ ਵਕਤ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸੁਲਤਾਨਪੁਰ 'ਤੇ ਕੇਂਦਰਿਤ ਹਨ। 550 ਸਾਲਾ ਸ਼ਤਾਬਦੀ ਦੇ ਅਵਸਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਫਲਸਫ਼ੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਪਾਤਰਾਂ ਵਿਚੋਂ ਜਗਤ ਮਾਤਾ, ਮਾਤਾ ਸੁਲੱਖਣੀ ਦੇਵੀ ਦਾ ਅਹਿਮ ਸਥਾਨ ਹੈ, ਜਿਸ ਨੇ ਪੂਰੀ ਹਯਾਤੀ ਵਿਚੋਂ ਲਗਪਗ 52 ਸਾਲ ਇਕ ਧਰਮ ਸੁਪਤਨੀ ਵਜੋਂ ਗੁਰੂ ਜੀ ਦੇ ਮਿਸ਼ਨ ਨੂੰ ਭੇਟ ਕੀਤੇ। ਇਸ ਮਹਾਨ ਦੇਵੀ ਦਾ ਜਨਮ ਮੂਲ ਚੰਦ ਪਟਵਾਰੀ ਦੇ ਗ੍ਰਹਿ ਵਿਖੇ ਮਾਤਾ ਚੰਦੋ ਦੇਵੀ ਦੀ ਕੁੱਖ ਤੋਂ ਅਕਤੂਬਰ, 1472 ਈ: ਨੂੰ ਹੋਇਆ।
ਕਿਸ਼ੋਰ ਅਵਸਥਾ ਨੂੰ ਪਾਰ ਕਰਦਿਆਂ ਹੀ ਜਦ ਸੁਲੱਖਣੀ ਨੇ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਿਆ ਤਾਂ ਉਸ ਦੀ ਮੰਗਣੀ ਗੁਰੂ ਨਾਨਕ ਜੀ ਨਾਲ ਕਰ ਦਿੱਤੀ ਗਈ। ਵਿਚੋਲਗੀ ਦਾ ਸੁਭਾਗ ਹਜ਼ੂਰ ਦੇ ਜੀਜੇ ਜੈ ਰਾਮ ਉੱਪਲ ਖੱਤਰੀ ਨੂੰ ਨਸੀਬ ਹੋਇਆ। ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਨ ਦੇ ਸ਼ਹਿਰ ਸੁਲਤਾਨਪੁਰ ਵਿਖੇ ਬਤੌਰ ਮੋਦੀ ਦੀ ਡਿਊਟੀ ਕਰਦਿਆਂ ਮੋਦੀਖਾਨਾ ਸੰਭਾਲ ਰਹੇ ਸਨ। ਉਨ੍ਹਾਂ ਦੀ ਰੂਹਾਨੀ ਸੋਭਾ ਦਾ ਜੱਸ ਚਾਰੇ ਪਾਸੇ ਤੇਜ਼ੀ ਨਾਲ ਹੋ ਰਿਹਾ ਸੀ। ਮੰਗਣੀ ਤੋਂ ਇਕ ਸਾਲ ਬਾਅਦ ਵਿਆਹ ਦੀ ਤਾਰੀਕ 12 ਸਤੰਬਰ, 1487 ਈ: ਨੂੰ ਮਿੱਥ ਕੇ ਤਿਆਰੀਆਂ ਆਰੰਭ ਹੋਈਆਂ। ਆਖਰ ਉਹ ਦਿਨ ਵੀ ਆਇਆ ਜਦੋਂ ਗੁਰੂ ਨਾਨਕ ਦੇਵ ਜੀ 18 ਸਾਲ ਦੇ ਗੱਭਰੂ ਦੇ ਰੂਪ ਵਿਚ ਲਾੜਾ ਬਣ ਕੇ ਬਾਰਾਤ ਲੈ ਕੇ ਬਟਾਲੇ ਆਣ ਢੁੱਕੇ। ਦੋਵੇਂ ਪਾਸੀਂ ਪਟਵਾਰੀ, ਕਾਨੂੰਗੋ ਅਤੇ ਵੱਡੇ-ਵੱਡੇ ਲੋਕ ਵਿਆਹ ਵਿਚ ਸ਼ਾਮਿਲ ਹੋਏ। ਬਟਾਲਾ ਸ਼ਹਿਰ ਵਿਆਹ ਦੇ ਰੰਗ ਵਿਚ ਰੰਗਿਆ ਗਿਆ। ਵਿਆਹ ਦੀਆਂ ਰਸਮਾਂ ਪ੍ਰਚੱਲਿਤ ਰੀਤੀ ਤੋਂ ਹਟ ਕੇ ਗੁਰਬਾਣੀ ਦੇ ਸ਼ਬਦ ਦੁਆਲੇ ਪੂਰਨ ਹੋਈਆਂ। ਗੁਰੂ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਅੱਜ ਵੀ ਬਟਾਲੇ ਦੀ ਧਰਤੀ ਉੱਤੇ ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹਨ, ਜਿਥੇ ਹਰ ਸਾਲ ਬੜੀ ਧੂਮਧਾਮ ਨਾਲ ਵਿਆਹ ਪੁਰਬ ਮਨਾਇਆ ਜਾਂਦਾ ਹੈ। ਮਾਪਿਆਂ ਦੇ ਵਿਹੜੇ ਇਕ ਮੁਟਿਆਰ ਦੇ ਰੂਪ ਵਿਚ ਕਲੋਲਾਂ ਕਰਨ ਵਾਲੀ ਸੁਲੱਖਣੀ ਹੁਣ ਪਟਵਾਰੀਆਂ ਦੀ ਨੂੰਹ ਬਣ ਕੇ ਸਿਫ਼ਤਾਂ ਬਟੋਰਨ ਲੱਗੀ। ਵੇਖਣ ਆਏ ਲੋਕ ਜਿੱਥੇ ਉਸ ਦੇ ਸੁਹੱਪਣ ਦੀ ਤਾਰੀਫ਼ ਕਰਦੇ, ਉਥੇ ਉਸ ਦੇ ਮੁਹੱਬਤ ਭਰੇ ਨੇਕ ਗੁਣਾਂ ਦੀ ਚਰਚਾ ਵੀ ਚਲਦੀ।
ਜਲਦੀ ਹੀ ਸੁਲੱਖਣੀ ਸੁਲਤਾਨਪੁਰ ਪਹੁੰਚ ਕੇ ਬੀਬੀ ਨਾਨਕੀ ਦੇ ਘਰ ਰਹਿਣ ਲੱਗ ਪਈ। ਦੋਵਾਂ ਦਾ ਪਿਆਰ ਸਕੀਆਂ ਭੈਣਾਂ ਵਾਂਗ ਪ੍ਰਵਾਨ ਚੜ੍ਹਿਆ। ਬੀਬੀ ਨਾਨਕੀ ਨੇ ਗੁਰੂ ਨਾਨਕ ਦੇਵ ਨੂੰ ਭਰਾ ਵਜੋਂ ਨਹੀਂ, ਸਗੋਂ ਦਰਵੇਸ਼ ਦੇ ਰੂਪ ਵਿਚ ਵੇਖਿਆ ਤੇ ਮੰਨਿਆ ਸੀ। ਉਸ ਨੇ ਸੁਲੱਖਣੀ ਨੂੰ ਵੀ ਗੁਰੂ ਸਾਹਿਬ ਦਾ ਦਿਲ ਜਿੱਤਣ ਲਈ ਉਨ੍ਹਾਂ ਦੀ ਰਜ਼ਾ ਵਿਚ ਰਹਿਣ ਦਾ ਢੰਗ ਸਿਖਾਇਆ।
ਸੁਲੱਖਣੀ ਵਾਸਤੇ ਇਹ ਸਮਾਂ ਦਿਲ ਦੀਆਂ ਸੱਧਰਾਂ ਪੂੁਰੀਆਂ ਕਰਨ ਦਾ ਸੀ ਤੇ ਹਰ ਤਰ੍ਹਾਂ ਸੰਤੁਸ਼ਟ ਜੀਵਨ ਜੀਅ ਰਹੀ ਸੀ। ਪ੍ਰਮੇਸ਼ਰ ਦੀ ਕਿਰਪਾ ਸਦਕਾ ਜੇਠੀ ਸੰਤਾਨ ਦੇ ਰੂਪ ਵਿਚ 1494 ਈ: ਨੂੰ ਬਾਬਾ ਸ੍ਰੀ ਚੰਦ ਦਾ ਜਨਮ ਹੋਇਆ। 2 ਕੁ ਸਾਲ ਬਾਅਦ ਛੋਟੇ ਪੁੱਤਰ ਬਾਬਾ ਲਖਮੀ ਦਾਸ ਜੀ ਪ੍ਰਗਟ ਹੋਏ। ਅਚਾਨਕ ਇਕ ਦਿਨ ਗੁਰੂ ਜੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤੇ ਸੁਲੱਖਣੀ ਸੋਚਾਂ ਦੇ ਸਾਗਰ ਵਿਚ ਜਾ ਡੁੱਬੀ। ਹਰ ਪਾਸੇ ਹਾਹਾਕਾਰ ਮਚ ਗਈ। ਕੋਈ ਯਕੀਨ ਨਹੀਂ ਸੀ ਕਰ ਰਿਹਾ ਕਿ ਗੁਰੂ ਜੀ ਜ਼ਿੰਦਾ ਵਾਪਸ ਆਉਣਗੇ, ਪਰ ਤੀਸਰੇ ਦਿਨ ਗੁਰੂ ਜੀ 'ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ' ਦਾ ਨਾਅਰਾ ਗਜਾਉਂਦੇ ਆ ਪ੍ਰਗਟ ਹੋਏ।
ਇਸ ਘਟਨਾ ਤੋਂ ਤੁਰੰਤ ਬਾਅਦ ਇਨਕਲਾਬੀ ਗੁਰੂ ਨੇ ਜਗਤ ਨੂੰ ਗੁਰ ਉਪਦੇਸ਼ ਵੰਡਣ ਹਿਤ ਉਦਾਸੀਆਂ ਦਾ ਫ਼ੈਸਲਾ ਲਿਆ। ਆਪਣੇ ਪਿਆਰੇ ਸਾਥੀ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰਨ ਲੱਗੇ ਤਾਂ ਨਾਨਕੀ ਅਤੇ ਸੁਲੱਖਣੀ ਤਾਂ ਸਬਰ ਦੀ ਮੂਰਤ ਬਣ ਕੇ ਚੁੱਪ ਹੋ ਗਈਆਂ, ਪਰ ਬਟਾਲੇ ਤੋਂ ਗਈ ਮਾਤਾ ਚੰਦੋ ਰਾਣੀ ਨੇ ਕਈ ਕੌੜੀਆਂ, ਕੁਸੈਲੀਆਂ ਗੱਲਾਂ ਕਹਿ ਦਿੱਤੀਆਂ, ਪਰ ਗੁਰੂ ਜੀ ਆਪਣੇ ਅਕੀਦੇ 'ਤੇ ਅਟੱਲ ਰਹਿ ਕੇ ਸੁਲਤਾਨਪੁਰ ਤੋਂ ਰਵਾਨਾ ਹੋ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਥੋੜ੍ਹੇ-ਥੋੜ੍ਹੇ ਵਕਫ਼ੇ ਤੋਂ ਬਾਅਦ ਤਿੰਨ ਹੋਰ ਉਦਾਸੀਆਂ ਕੀਤੀਆਂ। ਪਿੱਛੋਂ ਸੁਲੱਖਣੀ ਨੇ ਆਪਣੇ ਦੋਵਾਂ ਬੱਚਿਆਂ ਬਾਬਾ ਲਖਮੀ ਦਾਸ ਤੇ ਸ੍ਰੀ ਚੰਦ ਦਾ ਪਾਲਣ-ਪੋਸ਼ਣ ਕੀਤਾ ਅਤੇ ਪੂਰੇ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਤੇ ਗੁਰੂ ਨਾਨਕ ਦੇਵ ਜੀ ਦੀ ਜੁਦਾਈ ਦਾ ਦਰਦ ਵੀ ਸਹਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਸਮੇਤ ਪੂਰਾ ਪਰਿਵਾਰ ਆਖਰ ਕਰਤਾਰਪੁਰ ਸਾਹਿਬ ਵਿਖੇ ਹੀ ਇਕੱਠਾ ਹੋਇਆ, ਜਿਥੇ ਗੁਰੂ ਜੀ ਨੇ ਲਗਪਗ 18 ਸਾਲ ਪਰਿਵਾਰ ਨਾਲ ਬਿਤਾਏ।
1522 ਈ: ਦੇ ਲਗਪਗ ਮਹਿਤਾ ਕਲਿਆਣ ਚੰਦ ਅਤੇ ਮਾਤਾ ਤ੍ਰਿਪਤਾ ਜੀ ਦਾ ਦਿਹਾਂਤ ਹੋ ਗਿਆ। ਇਸ ਧਰਤੀ 'ਤੇ ਕਿਰਤ ਕਰਦਿਆਂ ਗੁਰੂ ਸਾਹਿਬ ਦਾ ਮਿਲਾਪ ਭਾਈ ਲਹਿਣਾ ਜੀ ਨਾਲ ਹੋਇਆ। ਲਹਿਣਾ ਜੀ ਨੇ ਦੇਵੀ ਪੂਜਾ ਛੱਡ ਕੇ ਗੁਰੂ ਜੀ ਨੂੰ ਕਾਮਿਲ ਮੁਰਸ਼ਦ ਮੰਨ ਕੇ ਕਰੜੀ ਘਾਲਣਾ ਘਾਲੀ ਅਤੇ ਹਜ਼ੂਰ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹ ਗਏ। ਹੁਣ ਕਰਤਾਰਪੁਰ ਸਾਹਿਬ ਸਿੱਖ ਧਰਮ ਦਾ ਤੀਰਥ ਸੀ, ਜਿੱਥੇ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਸੋ ਦਰ ਦੀ ਧੁੰਨੀ ਗੂੰਜਦੀ ਸੀ।
1539 ਈ: ਨੂੰ ਸਤਿਗੁਰ ਜੀ ਨੇ ਆਪਣੀ ਸਾਰੀ ਬਾਣੀ ਅਤੇ ਵੱਖ-ਵੱਖ ਦੇਸ਼ਾਂ ਤੋਂ ਭਗਤਾਂ ਅਤੇ ਸੂਫ਼ੀ-ਫ਼ਕੀਰਾਂ ਦੀ ਇਕੱਠੀ ਕੀਤੀ ਰੱਬੀ ਰਚਨਾ ਭਾਈ ਲਹਿਣਾ ਜੀ ਦੇ ਹਵਾਲੇ ਕਰ ਦਿੱਤੀ। ਦੇਹ ਰੂਪੀ ਚੋਲਾ ਤਿਆਗਣ ਤੋਂ ਪਹਿਲਾਂ ਆਪਣੀ ਜਗ੍ਹਾ ਭਾਈ ਲਹਿਣਾ ਜੀ ਨੂੰ ਬਿਠਾ ਕੇ ਗੁਰੂ ਅੰਗਦ ਦਾ ਰੂਪ ਦੇ ਕੇ ਰੱਬੀ ਜੋਤ ਉਨ੍ਹਾਂ ਦੇ ਹਿਰਦੇ ਵਿਚ ਟਿਕਾ ਕੇ ਦੂਸਰੇ ਗੁਰੂ ਥਾਪ ਦਿੱਤਾ।
ਆਖਰ ਇਕ ਦਿਨ ਗੁਰੂ ਜੀ ਸਭਨਾਂ ਨੂੰ ਉਪਦੇਸ਼ ਦੇ ਕੇ ਆਪਣੇ ਤਨ 'ਤੇ ਚਾਦਰ ਲੈ ਕੇ ਲੇਟ ਗਏ ਤੇ ਫਿਰ ਉੱਠੇ ਨਾ। ਚਾਦਰ ਚੁੱਕ ਕੇ ਵੇਖਿਆ ਤਾਂ ਹੇਠਾਂ ਕੇਵਲ ਫੁੱਲ ਹੀ ਨਜ਼ਰ ਆਏ। ਸੁਲੱਖਣੀ ਦਾ ਸੰਸਾਰ ਸੁੰਨਾ ਹੋ ਗਿਆ, ਉਹ ਧਰਮਸਾਲਾ ਬੈਠਦੀ, ਪਰ ਮਨ ਨਾ ਟਿਕਦਾ। ਦਿਨ-ਰਾਤ ਵੈਰਾਗ ਦਾ ਨੀਰ ਨੈਣਾਂ 'ਚੋਂ ਵਗਦਾ ਰਹਿੰਦਾ। ਗੁਰੂ ਜੀ ਤੋਂ 15 ਦਿਨ ਬਾਅਦ ਮਾਤਾ ਸੁਲੱਖਣੀ ਵੀ ਸਰੀਰ ਤਿਆਗ ਕੇ ਆਪਣੇ ਮਾਲਕ ਦੇ ਵਤਨ ਜਾ ਵੱਸੀ। ਇਸ ਤਰ੍ਹਾਂ ਸਿਦਕ, ਹਲੀਮੀ, ਰਜ਼ਾ ਦੀ ਮੂਰਤ ਬਣ ਕੇ ਗੁਰੂ ਜੀ ਦੀ ਧਰਮ ਸੁਪਤਨੀ ਵਜੋਂ ਯਾਦਗਾਰੀ ਪੈੜਾਂ ਸਿਰਜ ਕੇ ਸੁਲੱਖਣੀ ਸਦਾ ਲਈ ਅਮਰ ਹੋ ਗਈ।


-ਇੰਚਾਰਜ, ਉਪ-ਦਫ਼ਤਰ, ਬਟਾਲਾ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਹਨੂਮਾਨ ਸਿੰਘ

ਨਿਹੰਗ ਸਿੰਘਾਂ ਨੂੰ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਹੋਣ ਦਾ ਮਾਣ ਪ੍ਰਾਪਤ ਹੈ। ਧਰਮ ਯੁੱਧਾਂ ਅਤੇ ਆਜ਼ਾਦੀ ਦੇ ਸੰਗਰਾਮ ਵਿਚ ਇਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਨੀਲੇ ਬਾਣਿਆਂ ਅਤੇ ਅਸਤਰਾਂ-ਸ਼ਸਤਰਾਂ ਨਾਲ ਸਜੇ, ਮਹਾਨ ਪਵਿੱਤਰ ਜੀਵਨ ਵਾਲੇ ਇਨ੍ਹਾਂ ਸਿੰਘਾਂ ਨੇ ਲੋੜ ਪੈਣ 'ਤੇ ਸਿਰ ਤਲੀਆਂ 'ਤੇ ਰੱਖ ਦਿੱਤੇ ਅਤੇ ਆਪਣੀਆਂ ਕੀਮਤੀ ਜਿੰਦਾਂ ਅਣਖ, ਸੱਚ, ਇਨਸਾਫ਼ ਅਤੇ ਆਜ਼ਾਦੀ ਲਈ ਵਾਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨਿਹੰਗ ਸਿੰਘਾਂ ਦੀ ਟੁਕੜੀ ਨੂੰ ਅਕਾਲ ਰੈਜਮੈਂਟ ਕਿਹਾ ਜਾਂਦਾ ਸੀ। ਬੁੱਢਾ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜਦੋਂ ਨੌਸ਼ਹਿਰੇ ਦੀ ਜੰਗ ਵਿਚ ਸ਼ਹੀਦ ਹੋ ਗਏ ਤਾਂ ਦਲ ਦੀ ਕਮਾਂਡ ਬਾਬਾ ਹਨੂਮਾਨ ਸਿੰਘ ਨੇ ਸੰਭਾਲੀ। ਇਨ੍ਹਾਂ ਦਾ ਜਨਮ 1756 ਈ: ਵਿਚ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਹੋਇਆ, ਜੋ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਚ ਸਥਿਤ ਹੈ। ਬਾਬਾ ਜੀ ਦਾ ਜੀਵਨ ਸੇਵਾ ਅਤੇ ਸਿਮਰਨ ਦਾ ਮੁਜੱਸਮਾ ਸੀ। ਉਨ੍ਹਾਂ ਦੀ ਆਤਮਾ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸੀ। ਇਕ ਸੱਚੇ ਸੰਤ ਸਿਪਾਹੀ ਵਾਂਗ ਉਹ ਆਪਣੇ ਅੰਦਰਲੇ ਵਿਕਾਰਾਂ ਅਤੇ ਬਾਹਰਲੇ ਦੁਸ਼ਮਣਾਂ ਨਾਲ ਜੂਝ ਕੇ ਫਤਹਿ ਪਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਡੋਗਰਿਆਂ, ਦੇਸ਼ਧ੍ਰੋਹੀਆਂ ਅਤੇ ਧੋਖੇਬਾਜ਼ਾਂ ਦੇ ਕੁਕਰਮਾਂ ਕਾਰਨ ਸਿੱਖ ਰਾਜ ਦਾ ਸੂਰਜ ਡੁੱਬਣ ਲੱਗਾ। ਇਨ੍ਹਾਂ ਗਦਾਰਾਂ ਨੇ ਅੰਗਰੇਜ਼ਾਂ ਨਾਲ ਗੁਪਤ ਸੰਧੀ ਕਰ ਲਈ। ਮਹਾਰਾਣੀ ਜਿੰਦ ਕੌਰ ਨੇ ਸਿੱਖ ਰਾਜ ਨੂੰ ਬਚਾਉਣ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਬਾਬਾ ਹਨੂਮਾਨ ਸਿੰਘ ਨੂੰ ਚਿੱਠੀਆਂ ਲਿਖੀਆਂ।
ਖਾਲਸਾ ਫੌਜ ਅਤੇ ਅੰਗਰੇਜ਼ਾਂ ਵਿਚਕਾਰ 13 ਦਸੰਬਰ, 1845 ਨੂੰ ਮੁਦਕੀ ਦੇ ਸਥਾਨ 'ਤੇ ਜੰਗ ਹੋਈ। ਬਾਬਾ ਜੀ ਇਸ ਜੰਗ ਵਿਚ ਸ਼ਾਮਿਲ ਹੋਏ ਅਤੇ ਭੜਥੂ ਪਾ ਦਿੱਤਾ। ਆਪ ਨੇ ਬਰਤਾਨਵੀ ਸੈਨਾ ਨੂੰ ਭਜਾ ਕੇ ਟੁੰਡੇ ਲਾਟ ਨੂੰ ਹਰਾਇਆ। ਆਪ ਦੀ ਕਮਾਨ ਵਿਚ ਸਿੱਖ ਸੈਨਾ ਨੇ 4000 ਅੰਗਰੇਜ਼ ਸੈਨਿਕ ਮਾਰ ਕੇ ਡਟ ਕੇ ਮੁਕਾਬਲਾ ਕੀਤਾ ਪਰ ਗਦਾਰ ਸੈਨਾਪਤੀਆਂ ਨੇ ਬਹੁਤ ਵੱਡਾ ਧੋਖਾ ਕੀਤਾ। ਪਟਿਆਲਾ, ਜੀਂਦ, ਫਰੀਦਕੋਟ ਅਤੇ ਕੈਥਲ ਦੀਆਂ ਰਿਆਸਤਾਂ ਅੰਗਰੇਜ਼ਾਂ ਨਾਲ ਰਲ ਗਈਆਂ। ਪਹਾੜਾ ਸਿੰਘ ਫਰੀਦਕੋਟੀਏ ਦੀ ਮਦਦ ਨਾਲ ਟੁੰਡੇ ਲਾਟ ਫੌਜਾਂ ਲੈ ਕੇ ਲਾਹੌਰ ਵੱਲ ਵਧਿਆ। ਬਾਬਾ ਜੀ ਆਪਣੇ ਜਥੇ ਸਮੇਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚੇ, ਜਿਸ ਨੂੰ ਪਹਿਲਾਂ ਨਿਹੰਗਾਂ ਦਾ ਟੋਭਾ ਕਿਹਾ ਜਾਂਦਾ ਸੀ। ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ਾਂ ਤੋਂ ਡਰਦਿਆਂ ਅਕਾਲੀ ਸਿੰਘਾਂ 'ਤੇ ਤੋਪਾਂ ਬੀੜ ਦਿੱਤੀਆਂ। ਆਪਣੇ ਹੀ ਸਿੱਖ ਰਾਜੇ ਵਲੋਂ 1500 ਨਿਹੰਗ ਸਿੰਘ ਸ਼ਹੀਦ ਕਰ ਦਿੱਤੇ ਗਏ। ਘੁੜਾਮ ਤੱਕ ਬਾਬਾ ਜੀ ਲੜਦੇ ਗਏ, ਜਿਥੇ ਇਕ ਤੋਪ ਦਾ ਗੋਲਾ ਲੱਗਣ ਨਾਲ ਆਪ ਸਖ਼ਤ ਜ਼ਖਮੀ ਹੋ ਗਏ। ਫਿਰ ਵੀ ਆਪ ਲਗਾਤਾਰ ਜੂਝਦੇ ਰਹੇ ਅਤੇ ਕੁੰਭੜਾ-ਸੋਹਾਣਾ ਤੱਕ ਜੰਗ ਕਰਦੇ ਰਹੇ। ਅੰਤ ਇਸ ਮਹਾਂਬਲੀ ਸੂਰਮੇ ਨੇ 500 ਸਿੰਘਾਂ ਸਮੇਤ ਆਜ਼ਾਦੀ ਦੀ ਵੇਦੀ ਤੋਂ ਆਪਾ ਕੁਰਬਾਨ ਕਰ ਦਿੱਤਾ। 11 ਸਾਲ ਬੁੱਢਾ ਦਲ ਦੇ ਮੁਖੀ ਰਹਿ ਕੇ, ਬਿਰਧ ਅਵਸਥਾ ਵਿਚ ਵੀ ਕਮਾਲ ਦੀ ਬੀਰਤਾ ਦਿਖਾ ਕੇ ਆਪ ਸ਼ਹਾਦਤ ਨੂੰ ਚਾਰ ਚੰਨ ਲਾ ਗਏ। ਅੱਜ ਆਪ ਜੀ ਦੀ ਯਾਦ ਵਿਚ ਸੋਹਾਣੇ ਵਿਖੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਸਿੰਘਾਂ ਜਿਉਣਾ ਸਿੱਖਿਆ ਦੁੱਖਾਂ, ਦਰਦਾਂ, ਜ਼ੁਲਮਾਂ, ਪੀੜਾਂ ਤੋਂ,
ਝੁਰਮਟ ਮੋਏ ਲੋਕਾਂ ਦੇ ਪਰ ਵੱਖਰੇ ਨੇ ਇਹ ਭੀੜਾਂ ਤੋਂ।
ਭੱਠੀਆਂ ਦੀ ਅੱਗ ਪੱਕ ਗਏ ਜੁੱਸੇ, ਤੇਜ਼ ਚੱਲੇ ਇਹ ਤੀਰਾਂ ਤੋਂ,
ਸਬਰ, ਸਿਦਕ ਤੇ ਭਾਣਾ ਮੰਨਣਾ ਸਿੱਖਿਆ ਉੱਚ ਦੇ ਪੀਰਾਂ ਤੋਂ।

ਕੀ ਰਾਜ਼ ਹੈ ਸੁਲਤਾਨਪੁਰ ਲੋਧੀ ਦੀ ਇਸ ਇਮਾਰਤ ਦਾ?

ਸੁਲਤਾਨਪੁਰ ਲੋਧੀ ਪ੍ਰਾਚੀਨ ਸਮਿਆਂ ਤੋਂ ਪੰਜਾਬ ਦਾ ਬਹੁਤ ਮਹੱਤਵਪੂਰਨ ਸ਼ਹਿਰ ਰਿਹਾ ਹੈ। ਹਿਊਨ ਸਾਂਗ ਦੇ ਦੱਸਣ ਅਨੁਸਾਰ ਉਹ ਜਦੋਂ 634 ਈ: ਦੇ ਕਰੀਬ ਇਥੇ ਆਇਆ ਤਾਂ ਉਸ ਵੇਲੇ ਇਹ ਤਮਸਵਨ ਦੇ ਨਾਂਅ ਨਾਲ ਘੁੱਗ ਵਸਦਾ ਸ਼ਹਿਰ ਸੀ। ਹਿਊਨ ਸਾਂਗ ਕਿਉਂਕਿ ਆਪ ਇਕ ਵੱਡਾ ਬੋਧੀ ਸ਼ਰਧਾਲੂ ਸੀ, ਇਸ ਲਈ ਉਸ ਦੀ ਦਿਲਚਸਪੀ ਉਨ੍ਹਾਂ ਸ਼ਹਿਰਾਂ ਵਿਚ ਸੀ, ਜਿੱਥੇ ਬੋਧੀ ਕੇਂਦਰ ਸਨ। ਉਸ ਦੇ ਦੱਸਣ ਮੁਤਾਬਕ ਉਸ ਸਮੇਂ ਇੱਥੇ ਕਾਫੀ ਵੱਡਾ ਬੋਧੀ ਕੇਂਦਰ ਸੀ, ਜਿੱਥੇ 300 ਦੇ ਕਰੀਬ ਬੋਧੀ ਭਿਕਸ਼ੂ ਬੁੱਧ ਧਰਮ ਦੇ ਅਧਿਐਨ ਅਤੇ ਪ੍ਰਸਾਰ ਦੇ ਕਾਰਜ ਵਿਚ ਲੱਗੇ ਹੋਏ ਸਨ। ਇੱਥੇ ਸਮਰਾਟ ਅਸ਼ੋਕ ਨੇ ਇਕ ਸਤੂਪਾ ਵੀ ਬਣਵਾਇਆ ਸੀ। ਮਹਿਮੂਦ ਗਜ਼ਨਵੀ ਦੇ ਹੱਲਿਆਂ ਨੇ ਤਮਸਵਨ ਨੂੰ ਤਹਿਸ-ਨਹਿਸ ਕਰ ਦਿੱਤਾ। ਲੋਧੀ ਸਲਤਨਤ ਦੇ ਅਧੀਨ ਜਲੰਧਰ-ਦੁਆਬ ਦੀ ਰਾਜਧਾਨੀ ਹੁੰਦਿਆਂ ਨਵਾਬ ਦੌਲਤ ਖਾਨ ਲੋਧੀ ਨੇ ਇਸ ਨੂੰ ਆਪਣਾ ਸਦਰੇ ਮੁਕਾਮ ਬਣਾਇਆ ਅਤੇ ਇਕ ਵਾਰੀ ਫਿਰ ਇਸ ਦਾ ਬਹੁ-ਪੱਖੀ ਵਿਕਾਸ ਕਰਕੇ ਇਸ ਨੂੰ ਪ੍ਰਸਿੱਧੀ ਦੀ ਬੁਲੰਦੀ 'ਤੇ ਲੈ ਆਂਦਾ। ਮੁਗਲ ਕਾਲ ਦੇ ਦਰਮਿਆਨ ਵੀ ਇਸ ਦਾ ਜਾਹੋ-ਜਲਾਲ ਕਾਇਮ ਰਿਹਾ। ਲਾਹੌਰ-ਦਿੱਲੀ ਸ਼ਾਹ ਮਾਰਗ 'ਤੇ ਵੱਡਾ ਅਤੇ ਮਹੱਤਵਪੂਰਨ ਸ਼ਹਿਰ ਹੋਣ ਕਰਕੇ ਇੱਥੇ ਰਾਜਿਆਂ-ਰਾਣਿਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਦਾਰਾ ਸ਼ਿਕੋਹ ਵਰਗੇ ਸ਼ਾਹਜਾਦੇ ਇੱਥੇ ਮੌਲਾਨਾ ਅਬਦੁੱਲਾ ਸੁਲਤਾਨਪੁਰੀ ਵਰਗੇ ਉਸਤਾਦਾਂ ਕੋਲੋਂ ਵਿੱਦਿਆ-ਪ੍ਰਾਪਤੀ ਲਈ ਆਉਂਦੇ ਸਨ।
ਮੌਜੂਦਾ ਸੁਲਤਾਨਪੁਰ ਲੋਧੀ ਨਾ ਬੋਧੀਆਂ ਕਰਕੇ ਜਾਣਿਆ ਜਾਂਦਾ ਹੈ, ਨਾ ਹੀ ਲੋਧੀਆਂ ਕਰਕੇ ਅਤੇ ਨਾ ਹੀ ਮੁਗਲਾਂ ਕਰਕੇ। ਅੱਜ ਇਹ ਸਾਰੇ ਵਿਸ਼ਵ 'ਤੇ ਗੁਰੂ ਨਾਨਕ ਦੇਵ ਜੀ ਕਰਕੇ ਮਸ਼ਹੂਰ ਹੈ। ਗੁਰੂ ਜੀ ਦੇ ਇੱਥੇ ਭੈਣ ਨਾਨਕੀ ਕੋਲ ਠਹਿਰਾਅ ਸਮੇਂ ਦੀਆਂ ਅਹਿਮ ਘਟਨਾਵਾਂ ਨੂੰ ਚਿਰੰਜੀਵ ਕਰਨ ਲਈ ਥਾਂ-ਥਾਂ 'ਤੇ ਗੁਰਦੁਆਰੇ ਤਾਮੀਰ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ ਗੁਰਦੁਆਰਾ ਬੇਰ ਸਾਹਿਬ, ਜਿੱਥੇ ਗੁਰੂ ਜੀ ਨਿਤਾਪ੍ਰਤੀ ਇਸ਼ਨਾਨ, ਚਿੰਤਨ ਤੇ ਨਾਮ-ਚਰਚਾ ਕਰਦੇ ਸਨ। ਬੇਰ ਸਾਹਿਬ ਨੂੰ ਜਾਂਦਿਆਂ ਕੁਝ ਸਾਲ ਪਹਿਲਾਂ ਤੱਕ ਸ਼ਰਧਾਲੂਆਂ ਦੀ ਨਜ਼ਰੇ ਖੇਤਾਂ ਵਿਚ ਸਥਿਤ ਇਕ ਅਸ਼ਟ-ਭੁਜਾ ਪੁਰਤਾਨ ਇਮਾਰਤ ਕੱਲ-ਮ-ਕੱਲੀ ਮਯੂਸ ਖੜ੍ਹੀ ਨਜ਼ਰ ਆਉਂਦੀ ਹੁੰਦੀ ਸੀ। ਪੁਰਾਤਨ ਪੁਲ ਦੇ ਸਾਹਮਣੇ ਵੇਈਂ ਤੋਂ ਕੁਝ ਹਟਵੀਂ ਜਗ੍ਹਾ 'ਤੇ ਇਹ ਅੱਜ ਵੀ ਉਂਜ ਹੀ ਕਾਇਮ ਹੈ, ਭਾਵੇਂ ਕਿ ਸੜਕ 'ਤੇ ਬਹੁਤ ਸਾਰੀਆਂ ਇਮਾਰਤਾਂ ਦਾ ਘੜਮੱਸ ਖੜ੍ਹਾ ਹੋ ਜਾਣ ਕਾਰਨ ਹੁਣ ਇਹ ਵੇਈਂ ਦੇ ਦੂਜੇ ਪਾਸੇ ਗਿਆਂ ਹੀ ਨਜ਼ਰੇ ਪੈਂਦੀ ਹੈ। ਪੁਰਾਤਨ ਪੁਲ ਨੂੰ ਸਥਾਨਕ ਲੋਕ ਜਹਾਂਗੀਰੀ ਪੁਲ, ਪੁਰਾਤਨ ਪੁਲ ਜਾਂ ਕੰਜਰੀ ਪੁਲ ਕਹਿੰਦੇ ਰਹੇ ਹਨ ਤੇ ਇਸ ਸਮਾਰਕ-ਨੁਮਾ ਇਮਾਰਤ ਨੂੰ ਹਦੀਰਾ ਜਾਂ ਹਜ਼ੀਰਾ। ਉਂਜ ਸਾਡੀ ਜਾਚੇ ਇਹ ਹਜ਼ੀਰਾ ਨਹੀਂ ਹੈ।
ਲਗਪਗ 25 ਫੁੱਟ ਉੱਚੀ, 220 ਫੁੱਟ ਦੇ ਕਰੀਬ ਘੇਰੇ ਵਾਲੀ ਇਸ ਇਮਾਰਤ ਉੱਪਰ 10 ਕੁ ਫੁੱਟ ਉੱਚਾ ਅੰਡਾਕਾਰ ਸ਼ਕਲ ਦਾ ਗੁੰਬਦ ਹੈ, ਜੋ ਬਿਨਾਂ ਕਿਸੇ ਮਮਟੀ ਤੋਂ ਹੈ। ਇਸ ਦੀਆਂ 8 ਭੁਜਾਵਾਂ ਵਿਚੋਂ 4 ਭੁਜਾਵਾਂ ਵਿਚੋ ਹਰੇਕ ਤਕਰੀਬਨ 18 ਫੁੱਟ ਹੈ ਅਤੇ ਦੂਜੀਆਂ ਚਾਰ 36-36 ਫੁੱਟ ਦੀਆਂ ਹਨ। ਚਾਰੇ ਦਿਸ਼ਾਵਾਂ ਵਿਚ ਵੱਡੇ ਦੁਆਰ ਅਤੇ ਦਰੀਚੇ ਹਨ। ਭਾਵੇਂ ਕਿ ਇਹ ਇਮਾਰਤ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਅਧੀਨ ਹੈ ਪਰ ਇਸ ਬਾਰੇ ਨਾ ਤਾਂ ਕੋਈ ਖੋਜ ਕੀਤੀ ਗਈ ਹੈ ਤੇ ਨਾ ਹੀ ਕੋਈ ਪ੍ਰਮਾਣਕ ਦਸਤਾਵੇਜ਼ ਤਿਆਰ ਕੀਤਾ ਗਿਆ ਹੈ। ਵਿਭਾਗ ਵਲੋਂ ਕਈ ਸਾਲਾਂ ਤੋਂ ਲੱਗਾ ਇਕ ਨਿੱਕਚੂ ਜਿਹਾ ਬੋਰਡ ਇਹ ਸੂਚਨਾ ਦੇਣ ਦਾ ਆਪਣਾ ਬੌਣਾ ਜਿਹਾ ਫਰਜ਼ ਨਿਭਾਈ ਜਾਂਦਾ ਹੈ ਕਿ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ ਦੇ ਐਕਟ 1964 ਅਧੀਨ ਸੁਰੱਖਿਅਤ ਹੈ। ਸੰਨ 2015 ਵਿਚ ਪਰਮਾਨੈਂਟ ਡੈਲੀਗੇਸ਼ਨ ਆਫ ਇੰਡੀਆ ਵਲੋਂ ਇਸ ਨੂੰ ਵਰਲਡ ਹੈਰੀਟੇਜ ਦੀ ਮਾਨਤਾ ਪ੍ਰਾਪਤੀ ਲਈ ਯੁਨੈਸਕੋ ਨੂੰ ਵੀ ਬੇਨਤੀ ਕੀਤੀ ਗਈ ਸੀ।
ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਹਦੀਰਾ ਸ਼ਬਦ ਅਰਬੀ-ਮੂਲਕ ਹੈ ਅਤੇ 'ਹਜ਼ੀਰੇ' ਤੋਂ ਹੀ ਬਣਿਆ ਲਗਦਾ ਹੈ। ਹਜ਼ੀਰੇ ਦਾ ਅਰਥ ਹੈ ਚਾਰੇ ਪਾਸਿਓਂ ਘਿਰਿਆ ਹੋਇਆ, ਵਲਿਆ ਹੋਇਆ, ਵਾੜਾ, ਅਹਾਤਾ ਆਦਿ। ਹਿਬਰੂ ਭਾਸ਼ਾ ਦੇ ਗਿਆਤਾ ਇਹ ਮੰਨਦੇ ਹਨ ਕਿ 'ਹਦੀਰਾ' ਸ਼ਬਦ ਜਾਂ ਤਾਂ ਹਜ਼ੀਰਾ ਤੋਂ ਬਣਿਆ ਹੈ ਜਾਂ ਇਸ ਦਾ ਮੂਲ ਹਿਬਰੂ ਭਾਸ਼ਾ ਦੇ ਲਫਜ਼ 'ਹਜ਼ਾਰਾ' ਜਾਂ 'ਹਸਾਰਾ' ਨਾਲ ਜੁੜਦਾ ਹੈ। ਹਸਾਰਾ ਦਾ ਅਰਥ ਵੀ 'ਚਾਰੇ ਪਾਸਿਓਂ ਘਿਰਿਆ' ਹੀ ਹੁੰਦਾ ਹੈ। ਹਿਬਰੂ ਦਾ ਇਕ ਹੋਰ ਸ਼ਬਦ ਵੀ 'ਹਦੀਰਾ' ਨਾਲ ਰਲਦਾ-ਮਿਲਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਹਰਿਆਲਾ ਜਾਂ ਹਰਿਆਲੀ ਪੈਦਾ ਕਰਨੀ ਜਾਂ ਵਲੀ ਹੋਈ ਜ਼ਰਖੇਜ਼ ਜ਼ਮੀਨ।
ਮੁਗਲ ਕਾਲ ਦੌਰਾਨ ਬਣੀਆਂ ਇਮਾਰਤਾਂ ਵਿਚ 'ਹਜ਼ੀਰਾ' ਲਫਜ਼ ਬਹੁਤੀ ਵਾਰ ਮਕਬਰੇ, ਮਜ਼ਾਰ, ਦਰਗਾਹ, ਸਮਾਧ ਆਦਿ ਦੇ ਅਰਥ ਸੰਚਾਰਦਾ ਹੈ। ਪਰ ਜਿਸ ਕਾਲ ਦੌਰਾਨ ਸੁਲਤਾਨਪੁਰ ਲੋਧੀ ਦੀ ਇਹ ਅਸ਼ਟ-ਭੁਜਾ ਇਮਾਰਤ ਬਣਾਈ ਗਈ, ਉਸ ਸਮੇਂ ਕੋਈ ਵੀ ਐਡੀ ਵੱਡੀ ਮਹੱਤਵਪੂਰਨ ਸ਼ਖ਼ਸੀਅਤ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਨਹੀਂ ਸੀ, ਜਿਸ ਦਾ ਅਜਿਹਾ ਮਕਬਰਾ ਬਣਾਇਆ ਜਾਂਦਾ। ਮੁਗਲ ਕਾਲ ਦੇ ਸਮਾਰਕਾਂ ਦੀ ਨਿਰਖ-ਪਰਖ ਕਰਨ ਵਾਲੇ ਸ੍ਰੀ ਸੁਭਾਸ਼ ਪਰਿਹਾਰ ਦਾ ਮੰਨਣਾ ਹੈ ਕਿ ਇਹ ਸਮਾਰਕ ਉਸ ਸਮੇਂ ਦੇ ਮਕਬੂਲ ਉਸਤਾਦ ਅਬਦੁੱਲਾ ਸੁਲਤਾਨਪੁਰੀ ਦਾ ਮਕਬਰਾ ਹੋ ਸਕਦਾ ਹੈ ਪਰ ਇਸ ਦੇ ਅੰਦਰਲਾ ਮਾਹੌਲ ਅਤੇ ਵਿਉਂਤਬੰਦੀ ਇਸ ਗੱਲ ਦੀ ਗਵਾਹੀ ਨਹੀਂ ਭਰਦੀ। ਅੰਦਰਲੀਆਂ ਸਾਰੀਆਂ ਗਵਾਹੀਆਂ ਇਸ ਦੇ ਖਵਾਬਗਾਹ ਹੋਣ ਨਾਲੋਂ ਹਦੀਰਾ ਹੋਣ ਦੇ ਹੱਕ ਵਿਚ ਹਨ। ਨਾ ਤਾਂ ਇਥੇ ਕੋਈ ਕਬਰ ਨਜ਼ਰ ਆਉਂਦੀ ਹੈ ਤੇ ਨਾ ਹੀ ਦੀਵਾਰਾਂ ਉੱਪਰ ਜ਼ਿੰਦਗੀ ਦੇ ਨਾਸ਼ਵਾਨ ਹੋਣ ਬਾਰੇ ਕੁਰਾਨ 'ਚੋਂ ਕੋਈ ਆਇਤਾਂ ਵਗੈਰਾ ਨਜ਼ਰ ਆਉਂਦੀਆਂ ਹਨ। ਇਮਾਰਤਸਾਜ਼ੀ ਦੀ ਦੁਨੀਆ ਵਿਚ ਹਦੀਰਾ ਜਾਂ ਹਜ਼ੀਰਾ ਕਹਿਲਾਉਂਦੀਆਂ ਇਮਾਰਤਾਂ ਆਮ ਤੌਰ 'ਤੇ ਚੌਰਸ ਜਾਂ ਬਹੁ-ਭੁਜਾਵੀ, ਬੈਠਵੀਆਂ ਅਤੇ ਗੁੰਬਦ ਵਾਲੀਆਂ ਹੁੰਦੀਆਂ ਹਨ (ਗੁੰਬਦ ਕਰਕੇ ਆਵਾਜ਼ ਘੱਟ ਗੂੰਜਦੀ ਹੈ)। 'ਹਦੀਰਾ' ਕਹਿਲਾਉਂਦੀਆਂ ਇਮਾਰਤਾਂ ਆਮ ਤੌਰ 'ਤੇ ਚੁਣਵੇਂ ਲੋਕਾਂ ਲਈ ਨਾਚ-ਘਰ ਜਾਂ ਗੀਤ-ਸੰਗੀਤ ਮਹਿਫਲਾਂ ਲਈ ਵਰਤੀਆਂ ਜਾਂਦੀਆਂ ਸਨ। ਇਨ੍ਹਾਂ ਦੇ ਆਲੇ-ਦੁਆਲੇ ਆਮ ਤੌਰ 'ਤੇ ਹਰਿਆਵਲ ਜਾਂ ਬਾਗ-ਬਗੀਚੇ ਹੁੰਦੇ ਸਨ। ਇਹ ਲਫਜ਼ ਅੱਜ ਵੀ ਇਸਲਾਮੀ ਦੁਨੀਆ ਵਿਚ ਵੱਡੇ ਮੌਜ-ਮੇਲੇ ਜਾਂ ਖੇਡ-ਤਮਾਸ਼ੇ ਵਾਲੇ ਹੋਟਲਾਂ, ਰੈਸਟੋਰੈਂਟਾਂ, ਰਿਜ਼ੋਰਟਾਂ ਆਦਿ ਲਈ ਵਰਤਿਆ ਜਾਂਦਾ ਹੈ।
ਸੁਲਤਾਨਪੁਰ ਦੇ ਇਸ ਹਦੀਰੇ ਦੇ ਚਾਰੋਂ ਪਾਸੇ 4 ਵੱਡੇ ਦੁਆਰਾਂ ਤੋਂ ਬਿਨਾਂ ਇਸ ਦੇ ਬਾਹਰਵਾਰੋਂ ਹਰ ਪਾਸਿਓਂ ਇਕ-ਇਕ ਤੰਗ ਜਿਹੀ ਪੌੜੀ ਉੱਪਰ ਚੜ੍ਹਦੀ ਹੈ, ਜੋ ਅੱਗੋਂ ਜਾ ਕੇ ਖੱਬੇ-ਸੱਜੇ ਬਣੀਆਂ ਬਾਲਕੋਨੀਆਂ ਤੱਕ ਪਹੁੰਚ ਕਰਦੀ ਹੈ। ਇਨ੍ਹਾਂ ਬਾਲਕੋਨੀਆਂ ਤੱਕ ਅੰਦਰੋਂ ਉੱਤਰਨ-ਚੜ੍ਹਨ ਦਾ ਕੋਈ ਜ਼ਰੀਹਾ ਨਹੀਂ ਤੇ ਨਾ ਹੀ 2 ਤੋਂ ਵੱਧ ਬਾਲਕੋਨੀਆਂ ਆਪਸ ਵਿਚ ਜੁੜੀਆਂ ਹੋਈਆਂ ਹਨ। ਇਸ ਵਿਉਂਤਬੰਦੀ ਨੂੰ ਘੋਖਣ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਇਹ ਇਮਾਰਤ ਮੁਗਲ ਨਵਾਬਾਂ-ਖਾਨਜ਼ਾਦਿਆਂ ਦੀ ਐਸ਼ਗਾਹ ਵੀ ਹੋ ਸਕਦੀ ਹੈ ਅਤੇ ਮਹਿਮਾਨਗਾਹ ਵੀ; ਵਿਸ਼ੇਸ਼ ਮਸ਼ਵਰਿਆਂ ਲਈ ਕਬੀਨਾ-ਗਾਹ ਵੀ ਹੋ ਸਕਦੀ ਹੈ ਅਤੇ ਜ਼ਨਾਨਾ-ਆਰਾਮਗਾਹ ਵੀ। ਇਸ ਜਗ੍ਹਾ 'ਤੇ ਨਵਾਬ ਦੌਲਤ ਖਾਨ ਲੋਧੀ ਨੇ ਬਾਗ-ਬਗੀਚੇ ਪਹਿਲਾਂ ਹੀ ਵਿਕਸਤ ਕੀਤੇ ਹੋਏ ਸਨ। ਪੁਰਾਣੇ ਪੁਲ ਦੀਆਂ ਮੌਜੂਦਾ ਮਹਿਰਾਬਾਂ ਤੋਂ ਅੰਦਾਜ਼ਾ ਲਾਇਆ ਜਾ ਸਕਦੈ ਕਿ ਇਹ ਹਦੀਰਾ ਦਰਿਆ-ਨੁਮਾ ਵੇਈਂ ਨਜ਼ਦੀਕ ਸ਼ਾਹ ਮਾਰਗ ਦੀ ਬਗਲ ਵਿਚ ਬੜੀ ਰਮਣੀਕ ਜਗ੍ਹਾ ਸਥਿਤ ਸੀ। ਉਂਜ ਐਸ਼-ਗਾਹ ਦਾ ਸ਼ਾਹ ਮਾਰਗ ਦੇ ਏਨੇ ਨਜ਼ਦੀਕ ਹੋਣਾ ਗੈਰ-ਸੁਭਾਵਿਕ ਲਗਦਾ ਹੈ।
ਕਦੋਂ ਬਣਿਆ ਹੋਵੇਗਾ ਇਹ ਹਦੀਰਾ? ਜਦੋਂ ਕਦੇ ਵੀ ਬਣਿਆ ਹੋਵੇ, ਇਕ ਗੱਲ ਸਪੱਸ਼ਟ ਹੈ ਕਿ ਇਹ ਇਮਾਰਤ ਗੁਰੂ ਨਾਨਕ ਜੀ ਤੋਂ ਢੇਰ ਚਿਰ ਬਾਅਦ ਵਿਚ ਤਾਮੀਰ ਹੋਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਸ਼ਟ-ਭੁਜਾ ਆਰਕੀਟੈਕਚੂਰਲ ਸ਼ੈਲੀ ਦੀ ਸਭ ਤੋਂ ਪਹਿਲੀ ਇਮਾਰਤ ਹਿਮਾਂਯੂੰ ਨੇ 1555 ਦੇ ਕਰੀਬ ਸੌਰ-ਮੰਡਲ ਦਿੱਲੀ ਵਿਚ ਬਣਵਾਈ। ਇਸ ਲਈ ਯਕੀਨਨ ਤੌਰ 'ਤੇ ਕਿਹਾ ਜਾ ਸਕਦੈ ਕਿ ਇਹ ਹਦੀਰਾ 1555 ਤੋਂ ਬਾਅਦ ਵਿਚ ਹੀ ਹੋਂਦ ਆਇਆ ਹੋਵੇਗਾ, ਹਾਲਾਂਕਿ ਇਹ ਜਾਣ ਸਕਣਾ ਖੋਜ ਦਾ ਵਿਸ਼ਾ ਹੈ ਕਿ ਇਹ ਕਿਸ ਨੇ ਬਣਵਾਇਆ ਅਤੇ ਕਦੋਂ ਬਣਵਾਇਆ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਪੰਜਾਬ ਸਰਕਾਰ ਵਲੋਂ ਇਸ ਇਤਿਹਾਸਕ ਇਮਾਰਤ ਦੀ ਦਿੱਖ ਵੀ ਸੰਵਾਰੀ ਜਾ ਰਹੀ ਹੈ। ਇਹ ਸ਼ਲਾਘਾਯੋਗ ਹੈ, ਪਰ ਸ਼ਿੰਗਾਰਨ-ਸੰਵਾਰਨ-ਸੰਭਾਲਣ ਦੀ ਇਸ ਪ੍ਰਕਿਰਿਆ ਵਿਚ ਇਸ ਦੀ ਖੁਸ ਰਹੀ ਕਦੀਮੀ-ਮਾਲੀਅਤ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ।


-ਨਡਾਲਾ (ਕਪੂਰਥਲਾ)। ਮੋਬਾ: 97798-53245

ਸੁਰੱਖਿਅਤ ਹਨ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਦਸਤਾਵੇਜ਼

ਸੰਨ 1971 ਵਿਚ ਅਜਾਇਬ-ਘਰ ਵਿਚ ਤਬਦੀਲ ਕੀਤੇ ਗਏ ਅੰਮ੍ਰਿਤਸਰ ਦੇ ਰਾਮ ਬਾਗ਼ (ਕੰਪਨੀ ਬਾਗ) ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਵਿਚ ਸਿੱਖ ਦਰਬਾਰ ਤੇ ਵਿਸ਼ੇਸ਼ ਤੌਰ 'ਤੇ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਕੁਲ 712 ਵਸਤੂਆਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ਗਿਆ। ਲਗਪਗ 14 ਵਰ੍ਹੇ ਪਹਿਲਾਂ ਸਮਰ ਪੈਲੇਸ ਦੇ ਸ਼ੁਰੂ ਕੀਤੇ ਨਵਨਿਰਮਾਣ ਦੇ ਚਲਦਿਆਂ ਇਨ੍ਹਾਂ ਇਤਿਹਾਸਕ ਵਸਤੂਆਂ ਨੂੰ ਰਾਮ ਬਾਗ਼ ਵਿਚ ਹੀ ਨਵੰਬਰ, 2001 ਵਿਚ ਉਸਾਰੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੀ ਛੱਤ 'ਤੇ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ। ਸੁਰੱਖਿਆ ਦੀ ਕਮੀ ਦੇ ਚਲਦਿਆਂ ਉਪਰੋਕਤ ਕਮਰੇ ਵਿਚੋਂ ਮਹਾਰਾਜਾ ਦੇ ਦੁਰਲੱਭ ਖ਼ੰਜਰ ਚੋਰੀ ਹੋਣ 'ਤੇ ਇਨ੍ਹਾਂ ਵਸਤੂਆਂ ਨੂੰ ਹੇਠਲੀ ਮੰਜ਼ਲ 'ਚ ਸਾਦੇ ਫ਼ਰਸ਼ 'ਤੇ ਬਿਨਾਂ ਸਜਾਵਟ ਵਾਲੇ ਸਾਧਾਰਨ ਜਿਹੇ ਹਾਲ ਵਿਚ ਤਬਦੀਲ ਕਰ ਦਿੱਤਾ ਗਿਆ। ਜਗ੍ਹਾ ਦੀ ਕਮੀ ਦੇ ਚਲਦਿਆਂ ਮੌਜੂਦਾ ਸਮੇਂ ਉਪਰੋਕਤ ਇਤਿਹਾਸਕ ਵਸਤੂਆਂ ਵਿਚੋਂ ਕੁਝ ਵਸਤੂਆਂ ਅਤੇ ਦਸਤਾਵੇਜ਼ ਹੀ ਪੈਨੋਰਮਾ ਦੇ ਹਾਲ 'ਚ ਲਗਾਈ ਅਸਥਾਈ ਪ੍ਰਦਰਸ਼ਨੀ 'ਚ ਸ਼ਾਮਲ ਕੀਤੇ ਗਏ ਹਨ, ਜਦਕਿ ਸਮਰ ਪੈਲੇਸ ਦੀ ਛੱਤ 'ਤੇ ਪੌੜੀਆਂ ਦੇ ਹੇਠਾਂ ਤੋਂ ਉਤਾਰੀ ਗਈ ਮੀਨਾਕਾਰੀ ਕੀਤੀ ਅਖਰੋਟ ਦੀ ਲੱਕੜ ਸਮੇਤ ਬਹੁਤ ਸਾਰੇ ਮਹੱਤਵਪੂਰਨ ਦਸਤਾਵੇਜ਼ ਤੇ ਕਈ ਹੋਰ ਅਨਮੋਲ ਵਸਤੂਆਂ ਸਟੋਰ ਵਿਚ ਰੱਖੀਆਂ ਗਈਆਂ ਹਨ।
ਸਟੋਰ ਵਿਚ ਰੱਖੀਆਂ ਗਈਆਂ ਵਸਤੂਆਂ ਵਿਚ ਲਾਹੌਰ ਦਰਬਾਰ ਵਲੋਂ ਹੋਰਨਾਂ ਸਿੱਖ ਰਿਆਸਤਾਂ, ਮਿਸਲਾਂ ਦੇ ਸਰਦਾਰਾਂ ਅਤੇ ਈਸਟ ਇੰਡੀਆ ਕੰਪਨੀ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਸਮੇਤ ਕੁਝ ਮਹੱਤਵਪੂਰਨ ਵਸਤੂਆਂ ਸ਼ਾਮਿਲ ਹਨ, ਜਦੋਂ ਕਿ ਸਿੱਖ ਦਰਬਾਰ ਦੇ ਰਵਾਇਤੀ ਜੰਗੀ ਸ਼ਸਤਰਾਂ, ਤਸਵੀਰਾਂ, ਦਸਤਾਵੇਜ਼ਾਂ ਆਦਿ ਨੂੰ ਉਪਰੋਕਤ ਅਸਥਾਈ ਮਿਊਜ਼ੀਅਮ ਵਿਚ ਦਰਸ਼ਕਾਂ ਦੇ ਵੇਖਣ ਹਿਤ ਸਜਾਇਆ ਗਿਆ ਹੈ। ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਵਸਤੂਆਂ ਵਿਚ ਲਾਹੌਰ ਦਰਬਾਰ ਦੇ ਸ਼ਸਤਰ; ਚਾਰ ਨਾਲੀ, ਦੋ ਨਾਲੀ ਤੇ ਇਕ ਨਾਲੀ ਬੰਦੂਕਾਂ, ਜੰਬੂਰਾ ਗੰਨ, ਸੋਨੇ ਦੇ ਪੱਤਰੇ ਚੜ੍ਹੀਆਂ ਤੋੜੇਦਾਰ ਬੰਦੂਕਾਂ, ਇੰਗਲੈਂਡ ਤੋਂ ਮੰਗਵਾਈਆਂ ਗਈਆਂ ਕਾਰਬਾਈਨਾਂ, ਨੇਜ਼ੇ, ਸਜਾਵਟੀ ਢਾਲਾਂ, ਕਿਰਚਾਂ, ਖੰਡੇ, ਤੇਗ਼ਾਂ, ਡਾਂਗਰੇ, ਜ਼ੰਜੀਰੀ ਗੋਲੇ, ਜੰਜਾਲ ਗੰਨ, ਚਾਰ-ਆਈਨਾ ਸੈਟ (ਜੰਗ ਵਿਚ ਛਾਤੀ, ਮੋਢਿਆਂ, ਬਾਹਵਾਂ ਅਤੇ ਸਿਰ ਦੀ ਹਿਫ਼ਾਜ਼ਤ ਲਈ ਜੂੜੇ ਵਾਲੀ ਲੋਹੇ ਦੀ ਟੋਪੀ), ਟੋਪੀਦਾਰ ਬੰਦੂਕਾਂ, ਛੜੀਦਾਰ ਬੰਦੂਕ, ਸੰਜੋਅ, ਤੀਰ ਤੇ ਕਮਾਨ, ਪੇਸ਼ਕਬਾਜ਼ (ਖ਼ੰਜਰ) ਤੇ ਕੁਹਾੜੀਆਂ ਆਦਿ ਮੌਜੂਦ ਹਨ। ਉਪਰੋਕਤ ਦੇ ਇਲਾਵਾ ਲਾਹੌਰ ਸ਼ਾਹੀ ਕਿਲ੍ਹੇ, ਅੱਠਦਰਾਂ, ਲਾਹੌਰ ਕਿਲ੍ਹੇ 'ਚ ਲਗਾਏ ਗਏ ਸਿੱਖ ਦਰਬਾਰ, ਗੁਲਗਸ਼ਤ-ਏ-ਪੰਜਾਬ ਵਿਚੋਂ ਲਿਆ ਗਿਆ ਰਾਮ ਬਾਗ਼ (ਕੰਪਨੀ ਬਾਗ਼) ਦਾ ਪੁਰਾਤਨ ਨਕਸ਼ਾ ਸਹਿਤ ਮਹਾਰਾਜਾ ਰਣਜੀਤ ਸਿੰਘ ਤੇ ਸ਼ਹਿਜ਼ਾਦਾ ਖੜਕ ਸਿੰਘ, ਕੰਵਰ ਸ਼ੇਰ ਸਿੰਘ ਤੇ ਨੌਨਿਹਾਲ ਸਿੰਘ, ਕਸ਼ਮੀਰ ਸਿੰਘ ਤੇ ਪਿਸ਼ੌਰਾ ਸਿੰਘ, ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰਾ, ਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਆਦਿ ਦੀਆਂ ਪਾਣੀ ਤੇ ਤੇਲ ਵਾਲੇ ਰੰਗਾਂ ਦੀਆਂ ਬਣੀਆਂ ਦੁਰਲੱਭ ਤਸਵੀਰਾਂ ਮੌਜੂਦ ਹਨ। ਇਨ੍ਹਾਂ ਇਤਿਹਾਸਕ ਵਸਤੂਆਂ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਤੇ ਕੋਹੇਨੂਰ ਹੀਰੇ ਦਾ ਮਾਡਲ ਅਤੇ ਅਖਰੋਟ ਦੀ ਲੱਕੜੀ ਦੀ ਬਣੀ ਕੁਰਸੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੇ ਹਾਲ ਵਿਚ ਅਸਥਾਈ ਤੌਰ 'ਤੇ ਸਥਾਪਿਤ ਕੀਤੇ ਹਾਲ ਵਿਚ ਪ੍ਰਦਰਸ਼ਨੀ ਹਿਤ ਰੱਖੀ ਗਈ ਮਹਾਰਾਜਾ ਰਣਜੀਤ ਸਿੰਘ ਵਲੋਂ ਕੈਪਟਨ ਬੀ. ਰੋਬਟਰਸ ਨੂੰ ਭੇਟ ਕੀਤੀ ਤਲਵਾਰ, ਜਿਸ ਦਾ ਮੁੱਠਾ ਘੋੜੇ ਦੀ ਸ਼ਕਲ ਦਾ ਅਤੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦਾ ਲਘੂ ਚਿੱਤਰ ਬਣਿਆ ਹੋਇਆ ਹੈ, ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਇਹ ਤਲਵਾਰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੁਆਰਾ ਲੰਡਨ ਤੋਂ ਖ਼ਰੀਦੀ ਗਈ ਸੀ ਅਤੇ ਅਗਾਂਹ ਉਨ੍ਹਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਪੰਜਾਬ ਸਟੇਟ ਅਜਾਇਬਘਰ ਨੂੰ ਬਤੌਰ ਤੋਹਫ਼ੇ ਦੇ ਭੇਟ ਕੀਤੀ ਸੀ। ਇਸ ਦੇ ਇਲਾਵਾ ਅਸਦਉੱਲਾ ਦੁਆਰਾ ਤਿਆਰ ਕੀਤੀ ਗਈ ਸਜਾਵਟੀ ਢਾਲ, ਜਿਸ 'ਤੇ ਮਹਾਰਾਜਾ ਰਣਜੀਤ ਸਿੰਘ, ਸ਼ਹਿਜ਼ਾਦਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦਾ ਚਿੱਤਰ ਚਿਤਰਿਤ ਹੈ, ਵੀ ਦਰਸ਼ਕਾਂ ਨੂੰ ਕਾਫ਼ੀ ਲੁਭਾ ਰਹੀ ਹੈ।


-ਅੰਮ੍ਰਿਤਸਰ। ਮੋਬਾ: 93561-27771

ਜਨਮ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਗੁਰੂ-ਘਰ ਦੀ ਸੇਵਾ ਵਜੋਂ ਹਰਫ ਲਿਖਾਉਣ ਵਾਲੇ, 6 ਗੁਰੂ ਸਾਹਿਬਾਨ ਦੇ ਆਪਣੇ ਦੀਦਿਆਂ ਨਾਲ ਦਰਸ਼ਨ ਦੀਦਾਰੇ ਕਰਨ ਵਾਲੇ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ਬਿਕਰਮੀ ਸੰਮਤ ਨੂੰ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ ਹੋਇਆ। ਆਪ ਜੀ ਦੀ ਮਾਤਾ ਗੌਰਾਂ ਜੀ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ 'ਤੇ ਵੀ ਪਿਆ। ਜਨਮ ਵਿਚ ਆਪ ਦਾ ਨਾਂਅ 'ਬੂੜਾ' ਰੱਖਿਆ ਅਤੇ ਕੁਝ ਚਿਰ ਮਗਰੋਂ ਆਪ ਦੇ ਮਾਪੇ ਪਿੰਡ ਰਮਦਾਸ ਆ ਵਸੇ। ਜਦ ਆਪ 12 ਵਰ੍ਹਿਆਂ ਦੇ ਸਨ, ਤਦ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਦਾ ਉਦਾਰ ਕਰਨ ਲਈ ਰਮਦਾਸ ਪਿੰਡ ਦੀ ਜੂਹ ਵਿਚ ਆ ਟਿਕੇ, ਜਿਥੇ 'ਬੂੜਾ ਜੀ' ਮੱਝਾਂ ਚਾਰਦੇ ਹੋਏ ਉੱਥੇ ਆ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸੁਣਿਆ। ਬਾਅਦ ਵਿਚ ਉਹ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਅਤੇ ਇਸ ਮਗਰੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਨੇ ਹੀ ਕੀਤੀ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਥਾਪਿਆ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ 3 ਪੁਰਾਤਨ ਬੇਰੀਆਂ-ਦੁਖ ਭੰਜਨੀ ਬੇਰੀ, ਲਾਚੀ ਬੇਰੀ ਅਤੇ ਬੇਰ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ ਅਤੇ ਇਸ ਬੇਰੀ ਥੱਲੇ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਧੰਨ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿੱਦਿਆ, ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਈਆਂ।


-ਰਵਿੰਦਰਪਾਲ ਸਿੰਘ ਲੁਗਾਣਾ, ਇੰਦਰਜੀਤ ਸਿੰਘ ਲੁਗਾਣਾ
ਮੋਬਾ: 98154-48043

ਦਮਦਮੀ ਟਕਸਾਲ ਦੇ ਹੈੱਡ ਕੁਆਰਟਰ

ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ 20ਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ। ਇਥੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਨੇ ਸਿੱਖੀ ਪ੍ਰਚਾਰ-ਪ੍ਰਸਾਰ ਲਈ ਲਹਿਰ ਆਰੰਭ ਕੀਤੀ। ਸਮੇਂ ਦੀ ਹਕੂਮਤ ਵਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਵਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 37 ਵੱਡੇ ਨਗਰ ਕੀਰਤਨ ਪੂਰੇ ਦੇਸ਼ 'ਚ ਕੱਢੇ ਗਏ। ਇਸੇ ਅਸਥਾਨ ਤੋਂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਪੰਥ ਅਤੇ ਸਿੱਖ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਜੂਨ '84 ਵਿਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦਾ ਹੈੱਡ ਕੁਆਟਰ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ, ਦੂਜੇ ਮੁਖੀ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਸਮੇਂ ਸ੍ਰੀ ਅਨੰਦਪੁਰ ਸਾਹਿਬ, ਤੀਸਰੇ ਮੁਖੀ ਸੰਤ ਗਿਆਨੀ ਸੂਰਤ ਸਿੰਘ ਨੇ ਚੰਨਯੋਟ (ਪਾਕਿਸਤਾਨ) ਅਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੇਂਦਰੀ ਅਸਥਾਨ ਬਣਾਇਆ, ਜਿੱਥੇ ਨੌਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਬੇਦੀ ਤੱਕ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਕੇਂਦਰ ਰੱਖਿਆ। ਜਥੇਬੰਦੀ ਦੇ ਦਸਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਦਾ ਪ੍ਰਚਾਰ ਕੇਂਦਰ 'ਮੁਰਾਲੇ' (ਗੁ: ਸੰਤਪੁਰਾ) ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਰਿਹਾ। ਗਿਆਰ੍ਹਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਅਤੇ ਬਾਹਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਅਖੰਡ ਪ੍ਰਕਾਸ਼ 'ਭਿੰਡਰ ਕਲਾਂ' ਜ਼ਿਲ੍ਹਾ ਮੋਗਾ ਨੂੰ ਕੇਂਦਰੀ ਅਸਥਾਨ ਬਣਾਈ ਰੱਖਿਆ, ਜਿਸ ਕਾਰਨ ਉਨ੍ਹਾਂ ਅਤੇ ਬਾਅਦ 'ਚ ਆਉਣ ਵਾਲੇ ਮੁਖੀਆਂ ਦੇ ਨਾਂਅ ਨਾਲ 'ਭਿੰਡਰਾਂਵਾਲਾ' ਲਕਬ ਚੱਲਿਆ।
ਮੌਜੂਦਾ ਅਸਥਾਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਸੱਚਖੰਡ ਗਮਨ ਦਾ ਅਸਥਾਨ ਹੈ, ਜਿਸ ਨੂੰ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਹੈੱਡ ਕੁਆਟਰ ਵਜੋਂ ਸਥਾਪਿਤ ਕੀਤਾ। ਮਹਿਤਾ ਨਗਰ ਵਿਚ 13 ਜੂਨ ਤੋਂ ਲੈ ਕੇ 28 ਜੂਨ, 1969 ਤੱਕ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਜਥੇ ਸਮੇਤ ਗੁਰਮਤਿ ਦੇ ਪ੍ਰਚਾਰ ਹਿਤ ਹਰ ਸਾਲ ਦੀ ਤਰ੍ਹਾਂ ਆਏ ਹੋਏ ਸਨ। ਉਨ੍ਹਾਂ ਦਾ ਉਤਾਰਾ ਬਾਬਾ ਭਾਨ ਸਿੰਘ 'ਚੀਨੀਆ' ਦੇ ਗ੍ਰਹਿ ਵਿਖੇ ਕੀਤਾ ਹੋਇਆ ਸੀ, ਜਿੱਥੇ 28 ਜੂਨ ਨੂੰ ਉਹ ਸੱਚਖੰਡ ਪਿਆਨਾ ਕਰ ਗਏ। ਉਪਰੰਤ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਵਲੋਂ ਮਹਿਤੇ ਨਗਰ ਵਿਚ ਮਹਾਂਪੁਰਖਾਂ ਦੀ ਯਾਦ 'ਚ 110 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਦੇ ਭਾਰੀ ਇਕੱਠ 'ਚ ਸਮੁੱਚੀਆਂ ਜਥੇਬੰਦੀਆਂ ਵਲੋਂ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੀ ਦਸਤਾਰਬੰਦੀ ਕੀਤੀ ਗਈ।
ਆਪ ਵਲੋਂ ਇੱਥੇ ਇਕ ਸੁੰਦਰ ਆਲੀਸ਼ਾਨ ਗੁਰਦੁਆਰਾ ਤਾਮੀਰ ਕਰਨ ਦਾ ਫ਼ੈਸਲਾ ਲਿਆ, ਜਿਸ ਦਾ ਨਕਸ਼ਾ ਠੇਕੇਦਾਰ ਸ: ਨਿਰਮਲ ਸਿੰਘ ਤੋਂ ਤਿਆਰ ਕਰਾਇਆ ਗਿਆ ਅਤੇ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਵਾਲੇ ਅਤੇ ਸੰਤ ਬਾਬਾ ਸੋਹਣ ਸਿੰਘ ਸੁਰਸਿੰਘ ਵਾਲਿਆਂ ਦੀ ਰਾਏ ਨਾਲ ਪਾਸ ਕੀਤਾ ਗਿਆ।
ਸਮੇਂ-ਸਮੇਂ ਦੇ ਮੁਖੀ ਮਹਾਂਪੁਰਖਾਂ ਵਲੋਂ ਇਸ ਕੇਂਦਰੀ ਅਸਥਾਨ ਦਾ ਵਿਸਥਾਰ ਕੀਤਾ ਗਿਆ ਅਤੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਪ੍ਰੋਫੈਸ਼ਨਲ ਕਾਲਜ ਆਫ਼ ਗੁਰਮਤਿ ਦਮਦਮੀ ਟਕਸਾਲ ਵਿਦਿਆਲਾ ਅਤੇ ਹੁਣ ਬਾਬਾ ਦੀਪ ਸਿੰਘ ਸ਼ਹੀਦ ਦੀ ਯਾਦ ਵਿਚ ਛੇ ਮੰਜ਼ਲੀ ਸ਼ਾਨਦਾਰ ਦਰਸ਼ਨੀ ਡਿਉੜੀ ਦੀ ਉਸਾਰੀ ਕਰਾਈ ਗਈ। ਸੰਤ ਕਰਤਾਰ ਸਿੰਘ ਖ਼ਾਲਸਾ ਦੇ ਸੱਚਖੰਡ ਪਿਆਨੇ ਉਪਰੰਤ 25 ਅਗਸਤ, 1977 ਨੂੰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਇਸੇ ਅਸਥਾਨ 'ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਵਜੋਂ ਦਸਤਾਰਬੰਦੀ ਕੀਤੀ ਗਈ। ਸੰਤ ਬਾਬਾ ਠਾਕੁਰ ਸਿੰਘ ਨੇ ਦਮਦਮੀ ਟਕਸਾਲ ਦੇ ਪੰਦ੍ਹਰਵੇਂ ਮੁਖੀ ਵਜੋਂ 21 ਸਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਖ਼ਾਸ ਉਪਰਾਲੇ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦੀ ਕਾਰਸੇਵਾ ਕਰਵਾਈ। ਉਨ੍ਹਾਂ ਦੇ ਸੱਚਖੰਡ ਪਿਆਨੇ ਉਪਰੰਤ ਸਮੁੱਚੀ ਜਥੇਬੰਦੀ ਅਤੇ ਸਮੁੱਚੇ ਖ਼ਾਲਸਾ ਪੰਥ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ 16ਵੇਂ ਮੁਖੀ ਵਜੋਂ 2 ਜਨਵਰੀ, 2005 ਨੂੰ ਦਸਤਾਰਬੰਦੀ ਕੀਤੀ ਗਈ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਦੇ ਸਿਰਤੋੜ ਯਤਨ ਵਜੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸੰਤ ਭਿੰਡਰਾਂਵਾਲਿਆਂ ਸਮੇਤ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਉਸਾਰੀ ਕਰਾਈ ਅਤੇ ਹੁਣ ਸ਼ਹੀਦੀ ਗੈਲਰੀ ਦਾ ਕੰਮ ਜਾਰੀ ਹੈ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ 50 ਸਾਲਾ ਸਥਾਪਨਾ ਦਿਹਾੜਾ 23, 24 ਅਤੇ 25 ਅਕਤੂਬਰ, 2019 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।


-ਦਮਦਮੀ ਟਕਸਾਲ ਜਥਾ ਭਿੰਡਰਾਂਵਾਲਾ (ਮਹਿਤਾ)। ਮੋਬਾ: 97813-55522

ਸ਼ਬਦ ਵਿਚਾਰ

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥

'ਜਪੁ'-ਪਉੜੀ ਸੱਤਵੀਂ
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ
ਨਾਲਿ ਚਲੈ ਸਭੁ ਕੋਇ॥
ਚੰਗਾ ਨਾਉ ਰਖਾਇ ਕੈ
ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨ ਆਵਈ
ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਨਾਨਕ ਨਿਰਗੁਣਿ ਗੁਣੁ ਕਰੇ
ਗੁਣਵੰਤਿਆ ਗੁਣੁ ਦੇ॥
ਤੇਹਾ ਕੋਇ ਨ ਸੁਝਈ
ਜਿ ਤਿਸੁ ਗੁਣੁ ਕੋਇ ਕਰੇ॥ ੭॥ (ਅੰਗ 2)
ਪਦ ਅਰਥ : ਜੇ-ਜੇਕਰ। ਜੁਗ ਚਾਰੇ-ਚਾਰ ਜੁਗਾਂ ਜਿੰਨੀ (ਸਤਿਜੁਗ, ਤ੍ਰੇਤਾਜੁਗ, ਦੁਆਪਰਜੁਗ ਅਤੇ ਕਲਿਜੁਗ)। ਦਸੂਣੀ-ਦਸ ਗੁਣਾ। ਨਵਾ ਖੰਡਾ-ਨੌ ਖੰਡ ਭਾਵ ਸਾਰੀ ਸ੍ਰਿਸ਼ਟੀ। ਨਾਲਿ ਚਲੈ-ਨਾਲ ਚੱਲਣ, ਸਾਥ ਦੇਣ। ਆਰਜਾ-ਉਮਰ। ਚੰਗਾ ਨਾਉ ਰਖਾਇ ਕੈ-ਨਾਮ ਉੱਘਾ ਕਰਕੇ। ਜਸੁ-ਸੋਭਾ, ਵਡਿਆਈ। ਕੀਰਤਿ-ਜਸ, ਨੇਕਨਾਮੀ। ਜਗਿ ਲੇਇ-ਜਗਤ ਵਿਚ ਪ੍ਰਾਪਤ ਹੋਵੇ। ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ। ਵਾਤ-ਖ਼ਬਰ, ਪੁੱਛਗਿੱਛ। ਨ ਪੁਛੈ ਕੇ-ਕਿਧਰੇ ਪੁੱਛ ਪ੍ਰਤੀਤ ਨਹੀਂ ਹੁੰਦੀ। ਕੀਟਾ-ਕੀੜਾ। ਕੀਟਾ ਅੰਦਰਿ ਕੀਟੁ-ਕੀੜੇ ਤੋਂ ਵੀ ਮਾੜਾ ਕੀੜਾ। ਦੋਸੀ ਦੋਸੁ-ਦੋਸ਼ੀਆਂ ਦਾ ਦੋਸ਼ੀ, ਮਹਾਂਦੋਸ਼ੀ। ਧਰੇ-ਸਮਝਿਆ ਜਾਂਦਾ ਹੈ।
ਨਿਰਗੁਣਿ-ਗੁਣਹੀਣ, ਗੁਣਾਂ ਤੋਂ ਸੱਖਣਾ। ਗੁਣੁ ਕਰੇ-ਗੁਣ ਪੈਦਾ ਕਰ ਦਿੰਦਾ ਹੈ, ਗੁਣਾਂ ਵਾਲਾ ਬਣਾ ਦਿੰਦਾ ਹੈ। ਗੁਣਵੰਤਿਆ-ਗੁਣੀ ਮਨੁੱਖ ਨੂੰ, ਨਾਮ ਜਪਣ ਵਾਲੇ ਨੂੰ। ਤੇਹਾ-ਇਹੋ ਜਿਹਾ, ਐਸਾ ਕੋਈ। ਨ ਸੁਝਈ-ਨਹੀਂ ਦਿਸਦਾ। ਕੋਈ ਨ ਸੁਝਈ-ਹੋਰ ਕੋਈ ਨਹੀਂ ਦਿਸਦਾ। ਗੁਣ ਕੋਇ ਕਰੇ-ਕੋਈ ਗੁਣਵਾਨ ਬਣਾ ਸਕਦਾ ਹੋਵੇ।
ਪੰਜਵੀਂ ਅਤੇ ਛੇਵੀਂ ਪਉੜੀਆਂ ਵਿਚ ਜਗਤ ਗੁਰੂ ਬਾਬੇ ਨੇ ਕਾਮਨਾ ਕੀਤੀ ਹੈ ਕਿ ਸਭਨਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਪ੍ਰਭੂ ਮੈਨੂੰ ਕਦੇ ਵਿਸਰੇ ਨਾ। ਇਸ ਸੱਤਵੀਂ ਪਉੜੀ ਵਿਚ ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਕਿੰਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਉਸ ਦੀ ਸੰਸਾਰ ਵਿਚ ਕਿੰਨੀ ਵੀ ਮਹਿਮਾ ਜਾਂ ਵਡਿਆਈ ਕਿਉਂ ਨਾ ਹੁੰਦੀ ਹੋਵੇ ਪਰ ਜੇਕਰ ਉਸ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਨਹੀਂ ਹੁੰਦੀ ਤਾਂ ਉਹ ਪ੍ਰਭੂ ਦੀਆਂ ਨਜ਼ਰਾਂ ਵਿਚ ਕੀੜੇ ਤੋਂ ਵੀ ਮਾੜਾ ਕੀੜਾ ਹੈ। ਤਾਂ ਤੇ ਹੇ ਭਾਈ, ਜੇਕਰ ਤੂੰ ਲੱਖਾਂ ਫੌਜਾਂ ਦਾ ਮਾਲਕ ਹੋਵੇਂ, ਜਿਨ੍ਹਾਂ ਵਿਚ ਲੱਖਾਂ ਵਾਜੇ ਵਜਾਉਣ ਵਾਲੇ ਹੋਣ, ਲੱਖਾਂ ਹੀ ਨੇਜ਼ੇਬਾਜ਼ ਹੋਣ ਅਤੇ ਲੱਖਾਂ ਹੀ ਤੈਨੂੰ ਸਲਾਮ ਕਰਨ ਵਾਲੇ ਹੋਣ ਅਥਵਾ ਤੇਰੀ ਜੇਕਰ ਲੱਖਾਂ 'ਤੇ ਹਕੂਮਤ ਹੋਵੇ, ਲੱਖਾਂ ਹੀ ਆਦਰ ਵਜੋਂ ਖਲੋ ਕੇ ਤੇਰਾ ਆਦਰ-ਸਤਿਕਾਰ ਕਰਦੇ ਹੋਣ ਪਰ ਜੇਕਰ ਤੇਰੀ ਪੱਤ (ਇੱਜ਼ਤ) ਪਰਮਾਤਮਾ ਦੀ ਦਰਗਾਹੇ ਪ੍ਰਵਾਨ ਨਹੀਂ ਚੜ੍ਹੀ ਤਾਂ ਜਗਤ ਵਿਚ ਕੀਤੇ ਸਾਰੇ ਕੰਮ-ਧੰਦੇ ਭਾਵ ਤੇਰੀਆਂ ਇਹ ਵਡਿਆਈਆਂ ਕਿਸੇ ਕੰਮ ਨਹੀਂ, ਸਭ ਵਿਅਰਥ ਹੈ-
ਲਖ ਲਸਕਰ ਲਖ ਵਾਜੇ ਨੇਜੇ
ਲਖ ਉਠਿ ਕਰਹਿ ਸਲਾਮੁ॥
ਲਖਾ ਉਪਰਿ ਫੁਰਮਾਇਸਿ ਤੇਰੀ
ਲਖ ਉਠਿ ਰਾਖਹਿ ਮਾਨੁ॥
ਜਾਂ ਪਤਿ ਲੇਖੈ ਨ ਪਵੈ
ਤਾਂ ਸਭਿ ਨਿਰਾਫਲ ਕਾਮ॥
(ਰਾਗੁ ਆਸਾ ਮਹਲਾ ੧, ਅੰਗ 358)
ਲਸਕਰ-ਫੌਜਾਂ। ਨੇਜੇ-ਨੇਜ਼ੇਬਾਜ਼। ਵਾਜੇ-ਵਾਜੇ ਵਜਾਉਣ ਵਾਲੇ। ਫੁਰਮਾਇਸਿ ਤੇਰੀ-ਤੇਰੀ ਹਕੂਮਤ ਹੋਵੇ। ਪਤਿ-ਇੱਜ਼ਤ। ਲੇਖੈ ਨ ਪਵੈ-ਦਰਗਾਹੇ ਪਰਵਾਨ ਨਹੀਂ ਚੜ੍ਹੀ। ਨਿਰਾਫਲ-ਸਭ ਵਿਅਰਥ ਹੈ।
ਇੱਜ਼ਤ ਤਾਂ ਵਾਸਤਵਿਕ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਮਿਲਦੀ ਹੈ ਅਤੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਉਸ ਦੀ ਮਿਹਰ ਸਦਕਾ ਹੁੰਦੀ ਹੈ-
ਸਚ ਨਾਮਿ ਪਤਿ ਊਪਜੈ
ਕਰਮਿ ਨਾਮੁ ਕਰਤਾਰੁ॥ (ਅੰਗ 358)
ਕਰਮਿ-ਮਿਹਰ ਸਦਕਾ।
ਜੇਕਰ ਹਰ ਵੇਲੇ ਹਿਰਦੇ ਵਿਚ ਕਰਤਾਰ ਦਾ ਨਾਮ ਵਸਦਾ ਰਹੇ ਤਾਂ ਉਸ ਦੀ ਮਿਹਰ ਸਦਕਾ ਸੰਸਾਰ ਸਮੁੰਦਰ 'ਚੋਂ ਪਾਰ ਲੰਘ ਜਾਈਦਾ ਹੈ-
ਅਹਿਨਿਸਿ ਹਿਰਦੈ ਜੇ ਵਸੈ
ਨਾਨਕ ਨਦਰੀ ਪਾਰੁ॥ (ਅੰਗ 358)
ਅਹਿਨਿਸਿ-ਦਿਨ ਰਾਤ, ਹਰ ਵੇਲੇ।
ਪਰ ਜੇਕਰ ਪ੍ਰਭੂ ਦੀ ਮਿਹਰ ਉਲਟੀ ਪੈ ਜਾਵੇ ਭਾਵ ਉਹ ਨਜ਼ਰ ਨੂੰ ਫੇਰ ਲਵੇ ਤਾਂ ਬਾਦਸ਼ਾਹਾਂ ਨੂੰ ਵੀ ਕੱਖੋਂ ਹੌਲੇ ਕਰ ਦਿੰਦਾ ਹੈ, ਜਿਨ੍ਹਾਂ ਨੂੰ ਫਿਰ ਘਰਾਂ 'ਤੇ ਜਾ ਕੇ ਮੰਗਣ 'ਤੇ ਕੋਈ ਖੈਰ ਤੱਕ ਨਹੀਂ ਪਾਉਂਦਾ। ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਨਦਰਿ ਉਪਠੀ ਜੇ ਕਰੇ
ਸੁਲਤਾਨਾ ਘਾਹੁ ਕਰਾਇਦਾ॥
ਦਰਿ ਮੰਗਨਿ ਭਿਖ ਨ ਪਾਇਦਾ॥ (ਅੰਗ 472)
ਘਾਹੁ ਕਰਾਇਦਾ-ਕੱਖਾਂ ਤੋਂ ਵੀ ਹੌਲੇ ਕਰ ਦਿੰਦਾ ਹੈ। ਭਿਖ-ਖੈਰ।
ਦਾਤਾਰ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਸਾਡੇ ਗੁਣਹੀਣਾਂ 'ਤੇ ਸਦਾ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ। ਅਸੀਂ ਨਿਤ ਬੇਅੰਤ ਭੁੱਲਾਂ ਕਰਦੇ ਹਾਂ, ਅਪਰਾਧ ਕਰਦੇ ਹਾਂ ਪਰ ਗੁਣਾਂ ਦਾ ਖਜ਼ਾਨਾ ਪਰਮਾਤਮਾ ਸਾਡੇ ਔਗੁਣਾਂ ਨੂੰ ਨਾ ਚਿਤਾਰਦਾ ਹੋਇਆ ਸਾਨੂੰ ਗੁਣਹੀਣਾਂ ਨੂੰ ਦਾਤਾਂ ਦੇਈ ਜਾਂਦਾ ਹੈ-
ਹਮ ਅਪਰਾਧੀ ਸਦ ਭੂਲਤੇ
ਤੁਮ੍ਰ ਬਖਸਨਹਾਰੇ॥
ਹਮ ਅਵਗਨ ਕਰਹ ਅਸੰਖ ਨੀਤਿ
ਤੁਮ੍ਰ ਨਿਰਗੁਨ ਦਾਤਾਰੇ॥
(ਰਾਗੁ ਬਿਲਾਵਲੁ ਮਹਲਾ ੫, ਅੰਗ 809)
ਅਵਗੁਣ-ਔਗੁਣ। ਅਸੰਖ-ਕਰੋੜਾਂ, ਬੇਅੰਤ। ਨੀਤਿ-ਨਿਤ, ਰੋਜ਼।
ਹੇ ਪ੍ਰਭੂ, ਅਸੀਂ ਜੀਵ ਨਾਸ਼ੁਕਰੇ ਹਾਂ ਪਰ ਫਿਰ ਵੀ ਤੂੰ ਸਾਡੇ 'ਤੇ ਦਇਆ ਕਰਦਾ ਹੈਂ ਅਤੇ ਸਾਨੂੰ ਸਭ ਪਦਾਰਥ ਦੇ ਰਿਹਾ ਹੈਂ-
ਤੁਮ੍ਰ ਦੇਵਹੁ ਸਭੁ ਕਿਛੁ ਦਇਆ ਧਾਰਿ
ਹਮ ਅਕਿਰਤਘਨਾਰੇ॥ (ਅੰਗ 809)
ਅਕਿਰਤਘਨਾਰੇ-ਨਾਸ਼ੁਕਰੇ। ਧਾਰਿ-ਕਰਦਾ ਹੈਂ। ਸਭ ਕਿਛੁ-ਸਭ ਪਦਾਰਥ।
ਹੇ ਪ੍ਰਭੂ, ਤੇਰੇ ਕਿਹੜੇ-ਕਿਹੜੇ ਗੁਣਾਂ ਨੂੰ ਗਾਵੀਏ, ਤੇਰੇ ਕਿਹੜੇ-ਕਿਹੜੇ ਗੁਣਾਂ ਦਾ ਵਰਨਣ ਕਰੀਏ, ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈਂ। ਅਸੀਂ ਤੇਰੀ ਵਡਿਆਈ ਨੂੰ ਵਰਨਣ ਨਹੀਂ ਕਰ ਸਕਦੇ, ਤੇਰਾ ਸਥਾਨ ਸਭ ਤੋਂ ਉੱਚਾ ਹੈ। ਗੁਰਵਾਕ ਹੈ-
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ॥
ਤੁਮਰੀ ਮਹਿਮਾ ਬਰਨਿ ਨ ਸਾਕਉ
ਤੂੰ ਠਾਕੁਰ ਊਚ ਭਗਵਾਨਾ॥
(ਰਾਗੁ ਸੂਹੀ ਮਹਲਾ ੪, ਅੰਗ 735)
ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਸਥਾਨ ਵੀ ਤਾਂ ਨਹੀਂ, ਜਿਥੇ ਜਾ ਕੇ ਆਪਣੇ ਮਨ ਦੀ ਵੇਦਨਾ ਦੱਸ ਸਕੀਏ। ਹੇ ਮਾਲਕ ਪ੍ਰਭੂ, ਅਸੀਂ ਆਪਣਾ ਦੁੱਖ-ਸੁੱਖ ਸਭ ਤੇਰੇ ਪਾਸ ਹੀ ਦੱਸ ਸਕਦੇ ਹਾਂ-
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸੇ॥ (ਅੰਗ 735)
ਇਸ ਲਈ ਹੇ ਗੁਣਹੀਣ ਅਤੇ ਅੰਞਾਣ ਜੀਵ, ਉਸ ਮਾਲਕ ਪ੍ਰਭੂ ਨੂੰ ਸਦਾ ਚੇਤੇ ਰੱਖ, ਜਿਸ ਨੇ ਤੈਨੂੰ ਜੀਵਨ ਦਿੱਤਾ ਹੈ, ਤੈਨੂੰ ਪੈਦਾ ਕੀਤਾ ਹੈ। ਅੰਤ ਨੂੰ ਉਸ ਨੇ ਹੀ ਤੇਰੇ ਨਾਲ ਨਿਭਣਾ ਹੈ-
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥
ਜਿਨਿ ਕੀਆ ਤਿਸੁ ਚੀਤਿ ਰਖੁ
ਨਾਨਕ ਨਿਬਹੀ ਨਾਲਿ॥
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ 266)
ਨਿਰਗੁਨੀਆਰ-ਗੁਣਹੀਣ ਜੀਵ। ਇਆਨਿਆ-ਹੇ ਅੰਞਾਣ। ਸਮਾਲਿ-ਚੇਤੇ ਰੱਖ। ਨਿਬਹੀ-ਨਿਭਣਾ ਹੈ।
ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਗੁਣਹੀਣਾਂ ਨੂੰ ਵੀ ਗੁਣਾਂ ਵਾਲੇ ਬਣਾ ਦਿੰਦਾ ਹੈ ਅਤੇ ਗੁਣਾਂ ਵਾਲਿਆਂ ਨੂੰ ਹੋਰ ਗੁਣਾਂ ਵਾਲੇ। ਇਸ ਸੰਸਾਰ ਵਿਚ ਹੋਰ ਕੋਈ ਅਜਿਹਾ ਨਹੀਂ ਦਿਸਦਾ, ਜੋ ਉਸ ਵਾਂਗ ਨਿਰਗੁਣਾਂ ਨੂੰ ਕੋਈ ਗੁਣ ਦੇ ਸਕਦਾ ਹੋਵੇ, ਗੁਣਾਂ ਵਾਲਾ ਬਣਾ ਸਕਦਾ ਹੋਵੇ।


-217-ਆਰ, ਮਾਡਲ ਟਾਊਨ, ਜਲੰਧਰ।

ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਕਤਾ ਸੀਹੁ ਮਾਰੇ ਪੈ
ਵਗੈ ਖਸਮੇ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਇ
ਕੁਤੀ ਮੁਇਆ ਸਾਰ ਨਾ ਕਾਈ॥
ਆਪੇ ਜੋੜਿ ਵਿਛੋੜੇ ਆਪੇ ਵੇਖੁ
ਤੇਰੀ ਵਡਿਆਈ॥ ੨॥
ਜੇ ਕੋ ਨਾਉ ਧਰਾਏ ਵਡਾ
ਸਾਦ ਕਰੇ ਮਨਿ ਭਾਣੇ॥
ਖਸਮੈ ਨਦਰੀ ਕੀੜਾ ਆਵੈ
ਜੇਤੇ ਚੁਗੈ ਦਾਣੇ॥
ਮਰਿ ਮਰਿ ਜੀਵੈ ਤਾ ਕਿਛੁ ਪਾਏ,
ਨਾਨਕ ਨਾਮ ਵਖਾਣੇ॥ ੩॥ ੫॥ ੩੯॥
(ਆਸਾ ਮਹਲਾ ੧, ਪੰਨਾ 360)
ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਕੁਝ ਦਿਨ ਸੈਦਪੁਰ ਠਹਿਰੇ ਅਤੇ ਲੋਕਾਂ ਨੂੰ ਹੌਸਲਾ ਤੇ ਸੱਚ ਦਾ ਉਪਦੇਸ਼ ਦਿੱਤਾ। ਗੁਰੂ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਸੈਦਪੁਰੀਆਂ ਦੀ ਜ਼ਿੰਦਗੀ ਆਮ ਵਾਂਗੂੰ ਹੋ ਗਈ ਹੈ ਤਾਂ ਆਪ ਸੈਦਪੁਰ ਤੋਂ ਚੱਲ ਪਏ ਅਤੇ ਕਰਤਾਰਪੁਰ ਪਹੁੰਚੇ।
ਗੁਰੂ ਨਾਨਕ ਪਾਤਸ਼ਾਹ ਦਾ ਜਿਸ ਸਮੇਂ ਪ੍ਰਕਾਸ਼ ਹੋਇਆ, ਉਸ ਸਮੇਂ ਸਮਾਜ ਦੇ ਚਾਰੇ ਪਾਸੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ। ਗੁਰੂ ਪਾਤਸ਼ਾਹ ਨੇ ਜਲ, ਸੜ ਰਹੀ ਧਰਤੀ ਨੂੰ ਧਿਆਨ ਲਗਾ ਕੇ ਦੇਖਿਆ ਅਤੇ ਆਪਣੀਆਂ ਉਦਾਸੀਆਂ ਰਾਹੀਂ ਭਰਮਣ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਭਰਮਾਂ ਵਿਚੋਂ ਕੱਢ ਕੇ ਸਿੱਧੇ ਰਸਤੇ ਪਾਇਆ ਅਤੇ ਸਤਿਨਾਮ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਲ ਜੋੜਿਆ। ਗੁਰੂ ਪਾਤਸ਼ਾਹ ਉੱਤਰ ਵਿਚ ਬਾਕੂ (ਰੂਸ) ਤੱਕ, ਦੱਖਣ ਵਿਚ ਸ੍ਰੀਲੰਕਾ ਤੱਕ, ਪੂਰਬ ਵਿਚ ਚੀਨ ਤੱਕ ਅਤੇ ਪੱਛਮ ਵਿਚ ਰੋਮ (ਇਟਲੀ) ਤੱਕ ਗਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਭਾਵ ਵੱਖ-ਵੱਖ ਖਿੱਤਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨਾਂ ਨੇ ਆਪਣਾ ਪੀਰ, ਹਿੰਦੂਆਂ ਨੇ ਦੇਵਤਾ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਤੇ ਤਿੱਬਤ ਵਿਚ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੇ ਉਨ੍ਹਾਂ ਨੂੰ ਬੋਧੀ ਲਾਮਾ ਦੇ ਰੂਪ ਵਿਚ ਪੂਜਿਆ ਅਤੇ ਅੱਜ ਵੀ ਪੂਜ ਰਹੇ ਹਨ। ਸਮਾਜ ਦੇ ਹਰ ਵਰਗ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਹੀ ਪੱਕਾ ਟਿਕਾਣਾ ਕੀਤਾ। ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ, 'ਆਤਮਿਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕੀਂ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਜਲਵਾ ਤੇ ਨੂਰਾਨੀ ਚਮਕ ਆ ਜਾਂਦੀ।'
ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਦੀਆਂ ਪ੍ਰਚਲਤ ਗ਼ਲਤ ਰਸਮਾਂ-ਰਿਵਾਜਾਂ ਨੂੰ ਨਿੰਦਿਆ, ਮਨੁੱਖ-ਵਿਰੋਧੀ ਰਾਜਨੀਤੀ 'ਤੇ ਸਿਰਫ ਟੀਕਾ-ਟਿੱਪਣੀ ਹੀ ਨਹੀਂ ਕੀਤੀ, ਸਗੋਂ ਨਿਡਰ ਹੋ ਕੇ ਭੰਡਿਆ। ਸਮਾਜ ਵਿਚਲੇ ਸਮੁੱਚੇ ਪਾਖੰਡਾਂ ਅਤੇ ਅੰਨ੍ਹੇ ਵਿਸ਼ਵਾਸਾਂ ਦਾ ਖੰਡਨ ਕਰਦਿਆਂ ਆਮ ਮਨੁੱਖ ਨੂੰ ਖੇੜਿਆਂ ਭਰਿਆ ਹੌਸਲਾ ਦੁਆਇਆ-
ਨਾਨਕ ਸਤਿਗੁਰੂ ਭੇਟੀਐ,
ਪੂਰੀ ਹੋਵੇ ਜੁਗਤ,
ਹਸੰਦਿਆਂ, ਖੇਡੰਦਿਆਂ
ਪਹਿਨੰਦਿਆਂ ਵਿਚੇ ਹੋਵੇ ਮੁਕਤ।
(ਸਮਾਪਤ)


-ਹ. ਸ. ਖ਼ਾਲਸਾ

ਧਾਰਮਿਕ ਸਾਹਿਤ

ਸੋਚੋ ਤੇ ਵਿਚਾਰੋ
(ਲੇਖ ਸੰਗ੍ਰਹਿ)
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ।
ਪੰਨੇ : 56, ਮੁੱਲ : ਭੇਟਾ ਰਹਿਤ
ਸੰਪਰਕ : 98159-26489


ਪੁਸਤਕ 'ਸੋਚੋ ਤੇ ਵਿਚਾਰੋ' ਅਮਰ ਕੌਰ ਬੇਦੀ ਦੀ ਪਲੇਠੀ ਪੁਸਤਕ ਹੈ। ਲੇਖਿਕਾ ਜੀਵਨ ਭਰ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਹੈ। ਧਾਰਮਿਕ ਸੇਵਾ ਤੋਂ ਇਲਾਵਾ ਨਾਟਕ ਅਤੇ ਕਵਿਤਾ ਖੇਤਰ ਵਿਚ ਡੂੰਘੀ ਦਿਲਚਸਪੀ ਰੱਖਦੀ ਰਹੀ ਹੈ। ਆਪਣੇ ਤਜਰਬੇ ਅਤੇ ਚੰਗੇ ਗੁਣਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਲੇਖ ਲੜੀ ਪਾਠਕਾਂ ਦੇ ਰੂਬਰੂ ਕੀਤੀ ਹੈ। ਪੁਸਤਕ ਵਿਚ ਡੇਢ ਦਰਜਨ ਦੇ ਕਰੀਬ ਲੇਖ ਪ੍ਰੇਰਨਾ ਅਤੇ ਅਗਵਾਈ ਦੇਣ ਵਾਲੇ ਹਨ। ਇਨ੍ਹਾਂ 'ਚ ਧਾਰਮਿਕ ਦੇ ਨਾਲ-ਨਾਲ ਸਮਾਜਿਕ ਵਿਸ਼ਿਆਂ 'ਤੇ ਵੀ ਬਹੁਮੁੱਲੇ ਵਿਚਾਰ ਦਿੱਤੇ ਗਏ ਹਨ। ਬਿਨਾਂ ਸ਼ੱਕ ਥੋੜ੍ਹੇ ਸ਼ਬਦਾਂ ਵਿਚ ਦਿੱਤੇ ਇਹ ਵਿਚਾਰ ਬੜੇ ਮਹੱਤਵਪੂਰਨ ਹਨ।
ਪਹਿਲਾ ਲੇਖ ਅੱਜ ਦੀ ਮਹੱਤਵਪੂਰਨ ਸਮੱਸਿਆ ਸਾਫ਼ ਵਾਤਾਵਰਨ ਸਬੰਧੀ ਹੈ, ਜਿਸ ਵਿਚੋਂ ਅੱਜ ਸਾਡੇ ਦੇਸ਼ ਨੂੰ ਬਾਹਰ ਨਿਕਲਣ ਦੀ ਵੱਡੀ ਲੋੜ ਹੈ। ਲੇਖਿਕਾ ਨੇ ਇਸ ਵਿਚ ਲੋਕਾਂ ਦੀ ਸ਼ਮੂਲੀਅਤ ਦੀ ਲੋੜ 'ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਦਾ ਯਤਨ ਕੀਤਾ ਹੈ।
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ-ਨਾਲ ਦਸਮੇਸ਼ ਪਿਤਾ ਦੇ ਜੀਵਨ ਸਬੰਧੀ ਬਹੁਤ ਅਹਿਮ ਗੱਲਾਂ ਨੂੰ ਯਾਦ ਕਰਵਾਇਆ ਹੈ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਬਣਦੀਆਂ ਹਨ। ਅਖੀਰ 'ਤੇ 'ਸੋਚੋ ਅਤੇ ਵਿਚਾਰੋ' ਦੇ ਸਿਰਲੇਖ ਹੇਠ ਦੋ ਲੇਖ ਪਾਠਕਾਂ ਦੇ ਸੋਚਣ ਅਤੇ ਵਿਚਾਰਨ ਲਈ ਲਿਖੇ ਹਨ। ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ।
ਪੁਸਤਕ ਭਾਵੇਂ ਆਕਾਰ ਵਿਚ ਛੋਟੀ ਹੈ ਪਰ ਇਸ ਵਿਚਲੇ ਲੇਖਾਂ ਦੇ ਵਿਸ਼ੇ ਵਸਤੂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਨ੍ਹਾਂ ਗੱਲਾਂ ਨੂੰ ਅਪਣਾ ਕੇ ਜੀਵਨ ਨੂੰ ਉੱਚਾ-ਸੁੱਚਾ ਬਣਾਇਆ ਜਾ ਸਕਦਾ ਹੈ। ਲੇਖਿਕਾ ਆਪਣੇ ਵਲੋਂ ਕੀਤੇ ਇਸ ਉੱਦਮ ਲਈ ਵਧਾਈ ਦੀ ਪਾਤਰ ਹੈ। ਉਮੀਦ ਹੈ ਕਿ ਉਹ ਅੱਗੋਂ ਵੀ ਆਪਣੇ ਸਿਰਜਣਾਤਮਕ ਕਾਰਜ ਨੂੰ ਜਾਰੀ ਰੱਖਣਗੇ।


-ਹਰਜਿੰਦਰ ਸਿੰਘ


ਗੁਰਮਤਿ ਮੋਤੀ

ਲੇਖਕ : ਅਮਰੀਕ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਪੰਨੇ : 392, ਮੁੱਲ : 400 ਰੁਪਏ
ਸੰਪਰਕ : 0161-6540738


ਭਾਈ ਅਮਰੀਕ ਸਿੰਘ ਜੋਸ਼ੀਲੇ ਕਥਾਕਾਰ ਤੇ ਗੁਰਬਾਣੀ ਦੇ ਵਿਆਖਿਆਕਾਰ ਹਨ। ਸਿੱਖਾਂ ਦੇ ਲਹੂ ਵੀਟਵੇਂ ਸੰਘਰਸ਼ਾਂ, ਸਿੱਖ ਸ਼ਹੀਦਾਂ, ਸਿੱਖਾਂ ਉੱਤੇ ਹੋਏ ਅੱਤਿਆਚਾਰ ਤੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਵਲਵਲੇ ਤੇ ਭਾਵਨਾ ਨਾਲ ਓਤਪੋਤ ਉਨ੍ਹਾਂ ਦੀ ਕਥਾ ਵਿਚ ਗੁਰਮਤਿ ਤੇ ਗੁਰਬਾਣੀ ਦੀ ਵਿਦਵਤਾ ਭਰੀ ਪ੍ਰਭਾਵਸ਼ਾਲੀ ਵਿਆਖਿਆ ਹੁੰਦੀ ਹੈ। ਉਨ੍ਹਾਂ ਦੀ ਵਿਲੱਖਣਤਾ ਕੋਸ਼ਿਸ਼ ਕਰ ਕੇ ਨਵਾਂ ਗਿਆਨ ਹਾਸਲ ਕਰ ਕੇ ਆਪਣੀ ਕਥਾ ਸ਼ੈਲੀ ਨੂੰ ਦਿਨੋ-ਦਿਨ ਹੋਰ ਡੂੰਘਾਈ ਤੇ ਵਿਸਥਾਰ ਦੇਣ ਦੀ ਨਿਰੰਤਰ ਇੱਛਾ ਹੈ। ਉਹ ਆਪਣੇ ਵਿਚਾਰਾਂ ਨੂੰ ਨਿੱਕੇ-ਨਿੱਕੇ ਨਿਬੰਧਾਂ ਵਿਚ ਅੰਕਿਤ ਕਰ ਕੇ ਪ੍ਰਕਾਸ਼ਿਤ ਵੀ ਕਰਦੇ ਰਹਿੰਦੇ ਹਨ। ਗੁਰਮਤਿ ਮੋਤੀ ਉਨ੍ਹਾਂ ਦੇ ਗੁਰਮਤਿ ਚਿੰਤਨ ਦੇ ਬਾਰੇ 38 ਨਿਬੰਧਾਂ ਦਾ ਵੱਡਆਕਾਰੀ ਸੰਗ੍ਰਹਿ ਹੈ। ਔਸਤਨ ਹਰ ਨਿਬੰਧ 10 ਪੰਨੇ ਦਾ ਹੈ, ਜਿਸ ਕਾਰਨ ਉਹ ਛੋਹੇ ਵਿਸ਼ੇ ਦੀ ਪਰਿਭਾਸ਼ਾ, ਸਰੂਪ ਤੋਂ ਆਰੰਭ ਹੋ ਕੇ ਉਸ ਨੂੰ ਇਤਿਹਾਸ, ਸਮਾਜ, ਸੱਭਿਆਚਾਰ, ਮਨੋਵਿਗਿਆਨ ਤੇ ਅਜੋਕੇ ਯੁਗ ਚਿੰਤਨ ਤੱਕ ਫੈਲਾਉਂਦੇ ਹਨ। ਗੁਰਮਤਿ ਦੇ ਜਗਿਆਸੂ, ਗੁਰਬਾਣੀ ਦੇ ਵਿਆਖਿਆਕਾਰ ਅਤੇ ਨਵੇਂ ਪ੍ਰਚਾਰਕ ਇਨ੍ਹਾਂ ਨਿਬੰਧਾਂ ਦੇ ਪਾਠ ਨਾਲ ਆਪਣੇ ਗਿਆਨ ਨੂੰ ਅਮੀਰ ਕਰਨ ਦੇ ਸਮਰੱਥ ਹੋਣਗੇ।
ਵਿਚਾਰ ਅਧੀਨ ਪੁਸਤਕ ਵਿਚਲੇ ਨਿਬੰਧਾਂ ਦੇ ਸ਼ੀਰਸ਼ਕ ਦੋ ਹਰਫੀ, ਅਤਿ ਸੰਖੇਪ ਅਤੇ ਸੰਕਲਪੀ ਰੁਚੀ ਵਾਲੇ ਹਨ। ਉਦਾਹਰਨ ਲਈ ਕੁਝ ਸਿਰਲੇਖ ਵੇਖੋ : ਪਾਪ ਪੁੰਨ, ਪਤਿ, ਪੰਥ, ਪਾਖੰਡ, ਪੰਚ ਸ਼ਬਦ, ਪੂਜਾ, ਬੰਦਾ, ਬੰਦਗੀ, ਬਿਰਹਾ, ਬੈਸ਼ਨੋ, ਮਨ, ਮਨਮੁਖ, ਮੌਤ, ਮਾਇਆ, ਮੋਹ, ਭਰਮ, ਭੁੱਖ, ਮੁਕਤੀ, ਮੂਰਖ, ਮਿੱਤਰ, ਭਾਣਾ, ਭਗਤੀ। ਲੇਖਕ ਨੇ ਗੁਰਬਾਣੀ ਦੀ ਸੰਕਲਪੀ ਵਿਆਖਿਆ ਅਤੇ ਇਤਿਹਾਸਕ ਪ੍ਰਮਾਣਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ, ਭਾਈ ਨੰਦ ਲਾਲ, ਭਾਈ ਸੰਤੋਖ ਸਿੰਘ, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼ ਆਦਿ ਮੁਕਹਲੇ ਸਰੋਤ ਖੂਬ ਵਰਤੇ ਹਨ। ਦੁਜੈਲੇ ਸਰੋਤਾਂ ਵਜੋਂ ਡਾ: ਵੀਰ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ, ਪਿਆਰਾ ਸਿੰਘ ਪਦਮ, ਡਾ: ਗੁਰਦੇਵ ਸਿੰਘ, ਜੀਤ ਸਿੰਘ ਸੀਤਲ, ਡਾ: ਰਤਨ ਸਿੰਘ ਜੱਗੀ, ਡਾ: ਨਰਿੰਦਰ ਸਿੰਘ ਕਪੂਰ ਤੱਕ ਇਤਿਹਾਸ, ਸੂਫ਼ੀ ਚਿੰਤਨ, ਪੰਜਾਬੀ ਸਾਹਿਤ, ਮਨੋਵਿਗਿਆਨ ਦੇ ਕਈ ਖੇਤਰਾਂ ਦੇ ਵਿਦਵਾਨਾਂ ਦੀਆਂ ਲਿਖਤਾਂ ਦੀ ਵਰਤੋਂ ਕੀਤੀ ਹੈ। ਇਹ ਪੁਸਤਕ ਗੁਰਮਤਿ ਮੋਤੀ ਨਾਂਅ ਦੀ ਪੁਸਤਕ ਲੜੀ ਦਾ ਤੀਜਾ ਮਣਕਾ ਹੈ। ਪੰਜਾਬੀ ਪਾਠਕ ਇਹ ਪੁਸਤਕ ਪੜ੍ਹ ਕੇ ਦੂਜੇ ਦੋ ਭਾਗ ਵੀ ਪੜ੍ਹਨ ਵੱਲ ਰੁਚਿਤ ਹੋਣਗੇ। ਲੇਖਕ ਨੇ ਇਹ 3 ਕਿਤਾਬਾਂ 9 ਸਾਲ ਦੀ ਲੰਬੀ ਮਿਹਨਤ, ਖੋਜ ਤੇ ਅਧਿਐਨ ਨਾਲ ਲਿਖ ਕੇ ਪ੍ਰਕਾਸ਼ਿਤ ਕਰਵਾਈਆਂ ਹਨ। ਮੂਲ ਰੂਪ ਵਿਚ ਪ੍ਰਚਾਰਕ/ਕਥਾਕਾਰ ਹੋਣ ਕਰਕੇ ਲੇਖਕ ਦੀ ਸ਼ੈਲੀ ਸਰਲ, ਸੰਬੋਧਨਮਈ ਅਤੇ ਵਿਆਖਿਆਮਈ ਹੈ। ਉਸ ਦੇ ਵਿਚਾਰ ਕੱਟੜਤਾ ਮੁਕਤ ਤੇ ਤਾਜ਼ਗੀ ਭਰਪੂਰ ਹਨ। ਵਾਰਤਕ ਰਸਮਈ ਤੇ ਰੌਚਕ ਹੈ। ਆਮ ਆਦਮੀ ਵੀ ਇਸ ਤੋਂ ਲਾਭ ਉਠਾ ਸਕਦਾ ਹੈ ਅਤੇ ਪ੍ਰਚਾਰਕ, ਕਥਾਕਾਰ ਵੀ।


-ਡਾ: ਕੁਲਦੀਪ ਸਿੰਘ ਧੀਰ

ਨਾਗਣੀ ਮਾਤਾ ਮੰਦਰ 'ਕੰਢਵਾਲ' ਕਾਂਗੜਾ

ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਵੀ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਉਨ੍ਹਾਂ ਨੂੰ ਸ਼ਰਧਾਪੂਰਵਕ ਸਾਕਾਰਾਤਮਕ ਬਲ ਪ੍ਰਦਾਨ ਕਰ ਰਹੀਆਂ ਹਨ। ਆਸਥਾ ਕਾਰਨ ਹੀ ਸ਼ਰਧਾਲੂ ਹੇਮਕੁੰਟ ਸਾਹਿਬ ਤੇ ਅਮਰਨਾਥ ਵਰਗੀਆਂ ਕਠਿਨ ਯਾਤਰਾਵਾਂ ਵੀ ਸਹਿਜ ਹੀ ਕਰ ਲੈਂਦੇ ਹਨ। ਅਜਿਹੀ ਹੀ ਇਕ ਆਸਥਾ ਹੈ ਨਾਗਣੀ ਮਾਤਾ ਮੰਦਰ ਜੋ ਕਾਂਗੜਾ ਜ਼ਿਲ੍ਹੇ ਵਿਚ ਪਠਾਨਕੋਟ ਤੋਂ 13 ਕਿਲੋਮੀਟਰ ਦੂਰ ਪੈਂਡੇ ਕੰਢਵਾਲ ਬੈਰੀਅਰ ਦੇ ਨੇੜੇ ਪਿੰਡ ਮੋਰਿੰਡਾ ਵਿਚ ਸਥਿਤ ਹੈ। ਕਹਿੰਦੇ ਹਨ ਕਿ ਸੱਪ ਦੇ ਕੱਟੇ ਕਿਸੇ ਵੀ ਵਿਅਕਤੀ ਨੂੰ ਇਥੇ ਦੀ ਮਿੱਟੀ ਲਗਾਉਣ ਨਾਲ ਆਰਾਮ ਮਿਲ ਜਾਂਦਾ ਹੈ। ਇਸ ਮੰਦਰ ਨੂੰ ਬਹੁਤ ਕਲਾਤਮਕ ਢੰਗ ਨਾਲ ਸਜਾਇਆ ਗਿਆ ਹੈ। ਪਰੰਪਰਾ ਅਨੁਸਾਰ ਸਾਉਣ ਮਹੀਨੇ ਦੇ ਪਹਿਲੇ ਸਨਿਚਰਵਾਰ ਤੋਂ ਲਗਾਤਾਰ ਦੋ ਮਹੀਨੇ ਲਈ ਇਥੇ ਭਾਰੀ ਮੇਲਾ ਲਗਦਾ ਹੈ। ਦੂਰ-ਦੂਰ ਤੋਂ ਸ਼ਰਧਾਲੂ ਨਾਗਣੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਹੁੰਮਹੁਮਾ ਕੇ ਪਹੁੰਚਦੇ ਹਨ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸੁਭਾਇਮਾਨ ਇਸ ਮੰਦਰ ਦੇ ਦਰਸ਼ਨ ਸਾਨੂੰ ਵੀ ਕਰਨੇ ਚਾਹੀਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX