ਤਾਜਾ ਖ਼ਬਰਾਂ


14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  9 minutes ago
ਨਵੀਂ ਦਿੱਲੀ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਮਾਮਲੇ ਦੇ ਪੰਜਾਂ ਦੋਸ਼ੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੋਸ਼ੀਆਂ ਨੂੰ ਪੁਲਿਸ ਨੇ...
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 1 hour ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 2 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਫਿਲਟਰਾਂ ਵਿਚੋਂ ਨਿਕਲਦੇ ਪਾਣੀ ਨੂੰ ਵਿਅਰਥ ਨਾ ਗਵਾਈਏ

ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਸਾਰੀਆਂ ਮਨੁੱਖੀ ਕਿਰਿਆਵਾਂ ਦਾ ਆਧਾਰ ਹੈ। ਪ੍ਰਾਚੀਨ ਕਾਲ ਤੋਂ ਹੀ ਪਾਣੀ ਦੇ ਸੋਮੇ ਮਨੁੱਖ ਦੀ ਖਿੱਚ ਦਾ ਕੇਂਦਰ ਰਹੇ ਹਨ। ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ, ਧਰਤੀ ਹੇਠੋਂ ਪਾਣੀ ਕੱਢਣ ਦੇ ਨਵੇਂ-ਨਵੇਂ ਤਰੀਕੇ ਤੇ ਤਕਨੀਕਾਂ ਹੋਂਦ ਵਿਚ ਆਈਆਂ। ਵਧੇ ਉਦਯੋਗੀਕਰਨ, ਸ਼ਹਿਰੀਕਰਨ ਤੇ ਹੋਰ ਕਈ ਕਾਰਨਾਂ ਕਰਕੇ ਪਾਣੀ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਤੇ ਦੂਸ਼ਿਤ ਪਾਣੀ ਪੀਣ ਨਾਲ ਮਨੁੱਖੀ ਜ਼ਿੰਦਗੀ ਭਿਆਨਕ ਬਿਮਾਰੀਆਂ ਨਾਲ ਘਿਰਨ ਲੱਗੀ ਤਾਂ 'ਲੋੜ ਕਾਢ ਦੀ ਮਾਂ' ਵਾਲੀ ਪੰਜਾਬੀ ਕਹਾਵਤ ਅਨੁਸਾਰ ਪਾਣੀ ਨੂੰ ਸ਼ੁੱਧ ਕਰਨ ਲਈ ਫਿਲਟਰ ਜਾਂ ਆਰ. ਓ. ਦੀ ਕਾਢ ਕੱਢੀ ਗਈ, ਜਿਹੜੇ ਕਿ ਪਾਣੀ ਵਿਚੋਂ ਅਸ਼ੁੱਧੀਆਂ ਕੱਢ-ਕੱਢ ਕੇ ਸ਼ੁੱਧ ਪੀਣ ਯੋਗ ਪਾਣੀ ਸਾਨੂੰ ਪ੍ਰਦਾਨ ਕਰਦੇ ਹਨ। ਅੱਜਕਲ੍ਹ ਕੋਈ ਵਿਰਲਾ ਘਰ ਹੀ ਹੋਵੇਗਾ, ਜਿਸ ਵਿਚ ਪਾਣੀ ਫਿਲਟਰ ਨਾ ਲੱਗਿਆ ਹੋਵੇ। ਇਕ ਲਿਟਰ ਪਾਣੀ ਨੂੰ ਸ਼ੁੱਧ ਕਰਨ ਲਈ 3 ਲਿਟਰ ਪਾਣੀ ਫਾਲਤੂ ਫਿਲਟਰ ਵਿਚੋਂ ਨਿਕਲਦਾ ਹੈ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ 25 ਫੀਸਦੀ ਪਾਣੀ ਹੀ ਫਿਲਟਰ ਹੁੰਦਾ ਹੈ ਤੇ 75 ਫੀਸਦੀ ਪਾਣੀ ਫਾਲਤੂ ਹੀ ਵੇਸਟ ਪਾਈਪ ਰਾਹੀਂ ਨਾਲੀਆਂ ਰਾਹੀਂ ਵਹਿ ਜਾਂਦਾ ਹੈ, ਜਿਹੜਾ ਕਿਸੇ ਵਰਤੋਂ ਵਿਚ ਨਹੀਂ ਆਉਂਦਾ। ਅੱਜ ਜਦੋਂ ਕਿ ਪੂਰੇ ਵਿਸ਼ਵ ਵਿਚ ਪਾਣੀ ਦਾ ਸੰਕਟ ਵਧ ਰਿਹਾ ਹੈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਲਈ ਸਾਨੂੰ ਇਸ ਫਾਲਤੂ ਪਾਣੀ ਨੂੰ ਵੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ, ਫਿਲਟਰ 'ਚੋਂ ਬੇਕਾਰ ਨਿਕਲਣ ਵਾਲੇ ਪਾਣੀ ਨੂੰ ਅਸੀਂ ਵਿਅਰਥ ਹੋਣ ਤੋਂ ਬਚਾ ਸਕਦੇ ਹਾਂ ਜਿਵੇਂ ਕਿ ਫਾਲਤੂ ਪਾਣੀ ਨੂੰ ਵੱਡੇ ਬਰਤਨ ਵਿਚ ਇਕੱਠਾ ਕਰਕੇ ਬਾਅਦ ਵਿਚ ਆਪਣੇ ਵਾਹਨਾਂ ਨੂੰ ਧੋਤਾ ਜਾ ਸਕਦਾ ਹੈ। ਫਿਲਟਰ ਵਿਚੋਂ ਨਿਕਲਦੇ ਫਾਲਤੂ ਪਾਣੀ ਨੂੰ ਘਰਾਂ ਵਿਚ ਬੂਟਿਆਂ ਤੇ ਪੌਦਿਆਂ ਨੂੰ ਦੇਣ ਲਈ ਵਰਤ ਲਿਆ ਜਾਵੇ। ਇਸ ਪਾਣੀ ਨੂੰ ਘਰਾਂ ਦੀ ਸਫ਼ਾਈ ਜਿਵੇਂ ਕਿ ਫ਼ਰਸ਼ ਧੋਣ ਤੇ ਪੋਚਾ ਵਗੈਰਾ ਲਗਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਰਸੋਈ ਵਿਚ ਜੂਠੇ ਭਾਂਡੇ ਮਾਂਜਣ ਤੇ ਧੋਣ ਲਈ ਇਸ ਪਾਣੀ ਨੂੰ ਵਰਤਿਆ ਜਾ ਸਕਦਾ ਹੈ। ਬਾਥਰੂਮ ਤੇਫ਼ਲੱਸ਼ ਧੋਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਉਪਰੋਕਤ ਕੰਮਾਂ ਲਈ ਫਿਲਟਰ ਦੇ ਫਾਲਤੂ ਪਾਣੀ ਨੂੰ ਵਰਤ ਕੇ ਹੋ ਰਹੀ ਇਸ ਪਾਣੀ ਦੀ ਦੁਰਵਰਤੋਂ ਨੂੰ ਰੋਕ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੋਣ ਵਾਲਾ ਹੈ। ਇਸ ਲਈ ਆਓ ਧਰਤੀ ਦੇ ਇਕ ਜ਼ਿੰਮੇਵਾਰ ਵਾਸੀ ਹੋਣ ਦਾ ਫਰਜ਼ ਨਿਭਾਈਏ ਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰੀਏ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

-ਪਿੰਡ ਤੇ ਡਾਕ: ਮਲੌਦ (ਲੁਧਿਆਣਾ)।
ਮੋਬਾ: 78887-61607


ਖ਼ਬਰ ਸ਼ੇਅਰ ਕਰੋ

ਆਪਣਾ ਪੰਜਾਬ ਹੋਵੇ, ਹੱਥਾਂ ਵਿਚ ਕਿਤਾਬ ਹੋਵੇ

ਕਿਤਾਬਾਂ ਦਾ ਮਨੁੱਖੀ ਜੀਵਨ ਵਿਚ ਇਕ ਮਹੱਤਵਪੂਰਨ ਸਥਾਨ ਹੈ, ਇਹ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ। ਜੇਕਰ ਗੱਲ ਕਰੀਏ ਪੰਜਾਬੀਆਂ ਦੀ ਤਾਂ ਅਸੀਂ ਪੰਜਾਬੀ ਵਰਤਮਾਨ ਸਮੇਂ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਹਾਂ। ਅਜਿਹੇ ਹਾਲਾਤ ਵਿਚ ਇਕ ਚਿੰਤਨ ਵਰਗ ਦੀ ਸਾਡੇ ਸਮਾਜ ਨੂੰ ਘਾਟ ਮਹਿਸੂਸ ਹੋ ਰਹੀ ਹੈ, ਖ਼ਾਸਕਰ ਨੌਜਵਾਨ ਵਰਗ ਦੀ ਰੁਚੀ ਸਾਹਿਤ ਵਿਚ ਨਾ-ਮਾਤਰ ਹੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਸਕੂਲਾਂ ਵਿਚ ਕਿਤਾਬ ਮੇਲੇ ਲਗਾਉਣਾ ਵੀ ਇਕ ਸ਼ਲਾਘਾਯੋਗ ਕਦਮ ਹੈ। ਜਿਸ ਦੇ ਫਲਸਰੂਪ ਵਿਦਿਆਰਥੀ ਵਰਗ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਗਿਆਨ ਹੋਵੇਗਾ ਅਤੇ ਉਨ੍ਹਾਂ ਵਿਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਚਿਣਗ ਪੈਦਾ ਹੋਵੇਗੀ। ਅਧਿਆਪਕ ਵਰਗ ਨੂੰ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਲਾਇਬ੍ਰੇਰੀ ਨੂੰ ਕਿਸੇ ਵੀ ਸੰਸਥਾ ਜਾਂ ਘਰ ਦਾ ਦਿਲ ਅਤੇ ਆਤਮਾ ਕਿਹਾ ਜਾ ਸਕਦਾ ਹੈ। ਜਿਸ ਇਨਸਾਨ ਨੇ ਆਪਣੇ ਘਰ ਲਾਇਬ੍ਰੇਰੀ ਬਣਾ ਲਈ, ਸਮਝੋ ਉਸ ਦੇ ਘਰ ਆਤਮਾ ਧੜਕਣ ਲੱਗ ਪਈ ਹੈ। ਅੱਜ ਦੇ ਸਮੇਂ ਲੋੜ ਹੈ ਬੱਚਿਆਂ ਨੂੰ ਮੋਬਾਈਲ ਦੀ ਥਾਂ ਕਿਤਾਬ ਹੱਥ ਵਿਚ ਫੜਾਉਣ ਦੀ, ਤਾਂ ਜੋ ਉਹ ਸਾਹਿਤ ਨਾਲ ਜੁੜ ਕੇ ਇਕ ਚੰਗੇ ਇਖ਼ਲਾਕ ਦੇ ਧਾਰਨੀ ਬਣ ਸਕਣ। ਚੰਗੀ ਸਾਹਿਤਕ ਕਿਤਾਬ ਦਾ ਹਰ ਪੰਨਾ ਸਾਨੂੰ ਜ਼ਿੰਦਗੀ ਦੇ ਸਫ਼ਰ ਵਿਚ ਕੁਝ ਨਾ ਕੁਝ ਨਵਾਂ ਸਿਖਾਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਪ੍ਰਸਿੱਧ ਕਿਤਾਬ ਖੋਲ੍ਹਦੇ ਹੋ, ਤਾਂ ਤੁਸੀਂ ਇਕ ਨਵੀਂ ਦੁਨੀਆ ਖੋਲ੍ਹਦੇ ਹੋ। ਦੁਨੀਆ ਦੀਆਂ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਸੰਘਰਸ਼ ਉੱਪਰ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਜੀਵਨ ਵਿਚ ਇਕ ਚੰਗੀ ਸੇਧ ਲਈ ਜਾ ਸਕਦੀ ਹੈ। ਉਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ ਸੰਘਰਸ਼ ਦੇ ਤਜਰਬਿਆਂ ਤੋਂ ਅਸੀ ਸਿੱਖ ਸਕਦੇ ਹਾਂ ਕਿ ਕਿਵੇਂ ਔਖੇ ਤੋਂ ਔਖੇ ਸਮੇਂ ਵਿਚ ਦ੍ਰਿੜ੍ਹ ਇਰਾਦੇ, ਆਤਮਵਿਸ਼ਵਾਸ, ਹਿੰਮਤ, ਮਿਹਨਤ, ਸਬਰ, ਸੰਤੋਖ ਨਾਲ ਵੱਡੇ ਤੋਂ ਵੱਡੇ ਟੀਚੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਕਿਤਾਬਾਂ ਕਿਸੇ ਵੀ ਕੌਮ ਜਾਂ ਸੱਭਿਅਤਾ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਸੱਭਿਆਚਾਰ ਦਾ ਦਰਪਣ ਹੁੰਦੀਆਂ ਹਨ, ਅੱਜ ਸਾਡੀ ਨੌਜਵਾਨੀ ਦਾ ਵਿਰਸੇ ਨਾਲੋਂ ਟੁੱਟਣਾ ਵੀ ਇਸੇ ਹੀ ਕੜੀ ਦਾ ਹਿੱਸਾ ਹੈ ਕਿ ਉਹ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਬਸ ਇੰਟਰਨੈੱਟ 'ਤੇ ਗੈਰ-ਇਖ਼ਲਾਕੀ ਪੋਸਟਾਂ ਵੇਖਣ-ਸੁਣਨ ਵਿਚ ਹੀ ਆਪਣਾ ਕੀਮਤੀ ਸਮਾਂ ਅਜਾਈਂ ਗਵਾਈ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਪਿੰਡਾਂ-ਸ਼ਹਿਰਾਂ ਵਿਚ ਲਾਇਬ੍ਰੇਰੀਆਂ ਖੋਲ੍ਹ ਕੇ ਕਿਤਾਬ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਸਾਰਥਿਕ ਕਦਮ ਉਠਾ ਰਹੀਆਂ ਹਨ। ਹਰ ਹਫ਼ਤੇ ਜਾਂ ਹਰ ਮਹੀਨੇ ਕਿਸੇ ਨਾਮਵਰ ਲੇਖਤ, ਚਿੰਤਕ, ਵਿਦਵਾਨ ਜਾਂ ਕਿਸੇ ਦਾਰਸ਼ਨਿਕ ਨੂੰ ਪਾਠਕਾਂ ਨਾਲ ਰੂ-ਬਰੂ ਕਰਵਾਇਆ ਜਾਵੇ, ਜੋ ਆਪਣੇ ਜੀਵਨ ਅਨੁਭਵ ਅਤੇ ਸੰਘਰਸ਼ ਦੀ ਸਾਂਝ ਪਾਠਕਾਂ ਨਾਲ ਪਾ ਸਕੇ। ਫੀਡ ਬੈਕ ਰਜਿਸਟਰ ਲਗਾਏ ਜਾਣ, ਤਾਂ ਜੋ ਉਹ ਲਾਇਬ੍ਰੇਰੀ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਅਤੇ ਵਿਚਾਰ ਦਰਜ ਕਰਵਾ ਸਕਣ। ਸਮੇਂ-ਸਮੇਂ 'ਤੇ ਕਿਤਾਬ ਮੇਲੇ ਲਗਵਾਉਣੇ ਚਾਹੀਦੇ ਹਨ। ਜੇ ਅਜਿਹੀ ਮੁਹਿੰਮ ਕਾਮਯਾਬ ਹੁੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇਕ ਕਿਤਾਬ ਸੱਭਿਆਚਾਰ ਸਿਰਜਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ।

-ਸ: ਹਾ: ਸਕੂਲ, ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 94655-76022

 

ਅਧਿਆਪਨ ਕਿੱਤੇ ਵਿਚ ਪ੍ਰਸੰਸਾ ਪੱਤਰ ਦਾ ਮਹੱਤਵ

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇਣ ਦੇ ਚਲਦੇ ਦੌਰ ਵਿਚ ਅਧਿਆਪਕ ਵਰਗ ਦਰਮਿਆਨ ਖੁਸ਼ੀ ਦੀ ਲਹਿਰ ਆਉਂਦੀ ਲੱਗ ਰਹੀ ਹੈ। ਸਮਾਰਟ ਸਕੂਲ, ਚੰਗੇ ਨਤੀਜੇ, ਸਹਿ-ਵਿੱਦਿਅਕ ਕਿਰਿਆਵਾਂ ਵਿਚ ਅਧਿਆਪਕਾਂ ਦੇ ਯੋਗਦਾਨ ਦੇ ਚਲਦਿਆਂ ਇਹ ਪ੍ਰਸੰਸਾ ਪੱਤਰ ਅੱਜ ਦੇ ਸਮੇਂ ਦੀ ਲੋੜ ਜਾਪਦੀ ਸੀ। ਅਧਿਆਪਕ ਸਕੂਲਾਂ ਵਿਚ ਮਿਹਨਤ ਅਤੇ ਲਗਨ ਨਾਲ ਪੜ੍ਹਾਉਂਦੇ ਹਨ। ਇਕ ਜਮਾਤ ਵਿਚ ਵੱਖ-ਵੱਖ ਮਾਨਸਿਕ ਪੱਧਰ ਦੇ ਵਿਦਿਆਰਥੀ ਹੁੰਦੇ ਹਨ। ਕੋਈ ਵਿਦਿਆਰਥੀ ਔਖੇ ਤੋਂ ਔਖਾ ਵਿਸ਼ਾ-ਵਸਤੂ ਜਲਦ ਸਮਝ ਜਾਂਦਾ ਹੈ ਤੇ ਕਿਸੇ ਨੂੰ ਵੱਧ ਸਮਾਂ ਲਗਦਾ ਹੈ। ਇਕ ਹੀ ਵਿਸ਼ਾ-ਵਸਤੂ ਨੂੰ ਵੱਖ-ਵੱਖ ਮਾਨਸਿਕ ਪੱਧਰ ਦੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਸਿੱਖਣ-ਨਤੀਜੇ ਹਾਸਲ ਕਰਨਾ, ਮਿੱਥੇ ਸਮੇਂ ਵਿਚ ਰਜਿਸਟਰ ਰਿਕਾਰਡ ਤਿਆਰ ਕਰਨਾ ਆਦਿ ਇਕ ਚੁਣੌਤੀ ਹੀ ਹੁੰਦੀ ਹੈ, ਜਿਸ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਧੀਆ ਢੰਗ ਨਾਲ ਨਿਭਾਉਂਦੇ ਆ ਰਹੇ ਹਨ। ਅਧਿਆਪਨ ਕਿੱਤੇ ਵਿਚ ਮਿਹਨਤੀ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਆਸ ਬੱਝ ਰਹੀ ਹੈ। ਬਹੁਤ ਸਾਰੇ ਅਧਿਆਪਕਾਂ ਵਿਚ ਖੁਸ਼ੀ ਅਤੇ ਸੰਤੁਸ਼ਟੀ ਸੁਭਾਵਿਕ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਅਣਗੌਲਿਆਂ ਨਹੀਂ ਕੀਤਾ ਗਿਆ। ਅਧਿਕਾਰੀ ਵਲੋਂ ਕੀਤੀ ਸ਼ਲਾਘਾ, ਅਧਿਕਾਰੀ-ਅਧਿਆਪਕ ਸਬੰਧਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੀ ਹੈ। ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕਾਂ ਲਈ ਆਨਲਾਈਨ-ਤਬਾਦਲਾ ਨੀਤੀ, ਅਧਿਆਪਕਾਂ ਦੀ ਮਿਹਨਤ ਦਾ ਮੁੱਲ ਪਾਉਣ ਲਈ ਇਕ ਪਾਰਦਰਸ਼ੀ ਮਾਧਿਅਮ ਹੈ, ਜਿਸ ਨਾਲ ਅਧਿਆਪਕ ਆਪਣੇ ਚੰਗੇ ਨਤੀਜਿਆਂ, ਆਪਣੇ ਕੀਤੇ ਯਤਨਾਂ ਦੇ ਕਾਰਨ ਮਨਭਾਉਂਦੇ ਖਾਲੀ ਸਟੇਸ਼ਨ 'ਤੇ ਆਪਣੀ ਬਦਲੀ ਕਰਵਾ ਸਕਦੇ ਹਨ। ਸਕੂਲ ਸਿੱਖਿਆ ਵਿਭਾਗ ਦਾ ਇਹ ਕਦਮ ਵੀ ਬਹੁਤੇ ਅਧਿਆਪਕਾਂ ਵਿਚ ਖੁਸ਼ੀ ਦੀ ਲਹਿਰ ਲਿਆਉਣ ਦੇ ਸਮਰੱਥ ਰਿਹਾ ਹੈ। ਸ਼ਲਾਘਾ ਇਕ ਸੂਰਜ ਦੇ ਸਮਾਨ ਹੁੰਦੀ ਹੈ, ਜਿਸ ਤੋਂ ਬਿਨਾਂ ਬੂਟੇ ਰੂਪੀ ਮਨੁੱਖੀ ਰੂਹ ਤੇ ਫੁੱਲਾਂ ਦਾ ਖਿੜਨਾ ਸੰਭਵ ਨਹੀਂ ਹੁੰਦਾ। ਸ਼ਾਲਾ! ਅਧਿਆਪਕਾਂ ਦੀ ਸ਼ਲਾਘਾ ਦੀ ਰੀਤ ਸਦਾ ਬਣੀ ਰਹੇ, ਪੰਜਾਬ ਤਰੱਕੀ ਦੇ ਰਾਹ 'ਤੇ ਤੁਰਦਾ ਰਹੇ ਅਤੇ ਸਾਖਰਤਾ ਦੀਆਂ ਸਿਖਰਾਂ 'ਤੇ ਪਹੁੰਚੇ।

-ਸਾਇੰਸ ਅਧਿਆਪਕਾ, ਸ: ਮਿ: ਸਕੂਲ, ਧਰੇੜੀ ਜੱਟਾਂ (ਪਟਿਆਲਾ)। ਮੋਬਾ: 98776-87374

ਸੁਧਾਰ ਘਰਾਂ ਦੀ ਤ੍ਰਾਸਦੀ

ਜੇਲ੍ਹਾਂ ਦਾ ਨਾਂਅ ਸੁਧਾਰ ਘਰ ਰੱਖਣ ਦਾ ਮੁੱਖ ਉਦੇਸ਼ ਕੈਦੀਆਂ/ਹਵਾਲਾਤੀਆਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਸਹੂਲਤਾਂ ਦੇਣ, ਉਨ੍ਹਾਂ ਦੀ ਬਿਮਾਰ ਮਾਨਸਿਕਤਾ ਨੂੰ ਹਿੰਸਕ, ਖੂਨੀ ਪ੍ਰਵਿਰਤੀਆਂ ਤੋਂ ਮੁੱਖ ਮੋੜ ਕੇ ਸੁਹਿਰਦ ਸ਼ਹਿਰੀ ਬਣਾਉਣਾ ਹੈ, ਬੰਦੀਆਂ ਦੀ ਜ਼ਿੰਦਗੀ ਦੀ ਕਾਇਆ ਕਲਪ ਕਰਨਾ ਹੈ ਪਰ ਜੇਲ੍ਹ ਪ੍ਰਸ਼ਾਸਨ ਦੇ ਰੁੱਖੇ, ਨਿਰਦਈ, ਪੱਖਪਾਤੀ, ਗ਼ੈਰ-ਇਨਸਾਨੀ ਵਤੀਰੇ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਬੰਦੀਆਂ ਨੂੰ ਜੇਲ੍ਹ ਮੈਨੂਅਲ ਦੇ ਨਿਯਮਾਂ ਅਨੁਸਾਰ ਸਹੂਲਤਾਂ ਤੋਂ ਵਾਂਝੇ ਕਰਨ ਕਰਕੇ ਤੇ ਭ੍ਰਿਸ਼ਟਾਚਾਰ ਦੀ ਗੁੱਡੀ ਚੜ੍ਹਨ ਕਰਕੇ ਸੁਧਾਰ ਘਰਾਂ ਦਾ ਮਿਆਰੀ ਉਦੇਸ਼ ਸਰਕਾਰਾਂ ਦੀ ਸੰਵੇਦਨਹੀਣਤਾ, ਜੇਲ੍ਹ ਪ੍ਰਸ਼ਾਸਨ ਦੇ ਆਪਹੁਦਰੇਪਣ ਦੀ ਪੋਲ ਖੋਲ੍ਹਦੀ ਹੈ। ਮਿਲੀਭੁਗਤ ਕਰਕੇ ਦਬੰਗ ਕੈਦੀ ਜੇਲ੍ਹ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਫਿਕਰੀ ਵਿਚ ਵਕਤ ਗੁਜ਼ਾਰਦੇ ਹਨ। ਸੁਧਾਰ ਘਰਾਂ ਵਿਚ ਡਾਕਟਰੀ ਸਹੂਲਤਾਂ ਦਾ ਗੰਭੀਰ ਸੰਕਟ ਹੋਣ ਕਰਕੇ, ਡਾਕਟਰਾਂ ਦੀ ਘਾਟ ਕਰਕੇ ਇਲਾਜ ਲਈ ਬੰਦੀ ਤਰਸਦੇ ਰਹਿੰਦੇ ਹਨ। ਜੇਲ੍ਹ ਅਧਿਕਾਰੀਆਂ ਵਲੋਂ ਸਮੇਂ ਸਿਰ ਇਲਾਜ ਨਾ ਕਰਾਉਣ ਕਰਕੇ ਬੰਦੀ ਮਰੀਜ਼ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਮਿਆਰੋਂ ਗਿਰੀ ਚਾਹ, ਘਟੀਆ ਖਾਣਾ ਬੰਦੀਆਂ ਦੀ ਮਜਬੂਰੀ ਬਣੇ ਹੋਏ ਹਨ। ਨਵੇਂ ਹਵਾਲਾਤੀ ਦੇ ਪੇਟ ਵਿਚ ਰੋਟੀ ਗੜਬੜ ਪੈਦਾ ਕਰਦੀ ਹੈ। ਚਾਹ ਵੀ ਨੱਕ ਮਾਰ ਕੇ ਪੀਣੀ ਪੈਂਦੀ ਹੈ। ਸਾਫ਼-ਸੁਥਰਾ ਪਾਣੀ ਨਸੀਬ ਨਾ ਹੋਣ ਕਰਕੇ, ਘਟੀਆ ਰੋਟੀ ਕਰਕੇ ਸਿਹਤ ਨਾਲ ਖਿਲਵਾੜ ਹੁੰਦਾ ਹੈ। ਜੇਲ੍ਹ ਅੰਦਰ ਕਿਸੇ ਬੰਦੀ ਦੀ ਗ਼ੈਰ-ਕੁਦਰਤੀ ਮੌਤ ਹੋਣ ਕਰਕੇ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ। ਜਦ ਭੰਨ-ਤੋੜ ਦੀ ਨੌਬਤ ਆ ਜਾਂਦੀ ਹੈ ਤਾਂ ਜੇਲ੍ਹ ਅਧਿਕਾਰੀਆਂ ਵਲੋਂ ਜਲਾਦ ਦਾ ਰੂਪ ਧਾਰਨ ਕਰਕੇ ਬੰਦੀਆਂ 'ਤੇ ਕੁਟਾਪਾ ਚਾੜ੍ਹਿਆ ਜਾਂਦਾ ਹੈ। ਜੇਲ੍ਹਾਂ ਵਿਚ ਨਸ਼ਿਆਂ ਦੇ ਧੰਦੇ ਅਤੇ ਮੋਬਾਈਲ ਬਰਾਮਦ ਹੋਣ ਦੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਸੁਧਾਰ ਘਰਾਂ ਵਿਚ ਮਾਡਲ ਦਾ ਰੂਪ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇ ਜੇਲ੍ਹਾਂ ਵਿਚ ਸੁਧਾਰ ਕਰਨ ਦੀ ਸੁਹਿਰਦ ਨੀਤੀ ਅਪਣਾਈ ਜਾਵੇ। ਜੇਲ੍ਹਾਂ ਦੇ ਮੈਨੂਅਲ ਵਿਚ ਉਸਾਰੂ, ਮਾਨਵ ਪੱਖੀ ਤਬਦੀਲੀਆਂ ਕਰਨ ਵਿਚ ਸਰਕਾਰ ਆਪਣਾ ਫਰਜ਼ ਅਦਾ ਕਰੇ। ਡਾਕਟਰੀ ਸਹੂਲਤਾਂ ਪੱਖੋਂ ਕੋਈ ਕਸਰ ਨਾ ਰਹਿਣ ਦਿੱਤੀ ਜਾਵੇ। ਡਾਕਟਰਾਂ ਦੀ ਭਰਤੀ, ਦਵਾਈਆਂ ਦੀ ਹੋਂਦ ਯਕੀਨੀ ਬਣਾਈ ਜਾਵੇ। ਲੋੜ ਸਮੇਂ ਬੰਦੀ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਵਿਚ ਦਾਖਲ ਕਰਾਇਆ ਜਾਵੇ। ਡਾਕਟਰੀ ਜਾਂਚ ਵੀ ਬੰਦੀਆਂ ਦੀ ਕਰਾਉਣੀ ਜ਼ਰੂਰੀ ਬਣਦੀ ਹੈ। ਜੇਲ੍ਹ ਮੰਤਰੀ, ਪੁਲਿਸ ਅਫਸਰਾਂ ਨੂੰ ਜੇਲ੍ਹਾਂ ਅੰਦਰ ਅਚਾਨਕ ਦੌਰਿਆਂ ਨੂੰ ਆਪਣੀ ਨੌਕਰੀ ਦਾ ਅੰਗ ਹਰ ਹਾਲਤ ਵਿਚ ਬਣਾਉਣਾ ਚਾਹੀਦਾ ਹੈ। ਬੰਦੀਆਂ ਦੀਆਂ ਬੈਰਕਾਂ ਵਿਚ ਜਾ ਕੇ ਉਨ੍ਹਾਂ ਦੇ ਦੁੱਖ-ਦਰਦ, ਮੁਸ਼ਕਿਲਾਂ ਸੁਣਨੀਆਂ ਅਤੇ ਦੂਰ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਅਹਿਮ ਸੁਝਾਵਾਂ ਤੇ ਠੋਸ ਉਪਰਾਲਿਆਂ ਨੂੰ ਅਮਲੀ ਰੂਪ ਦੇਣ ਕਰਕੇ ਸੁਧਾਰ ਘਰਾਂ ਨੂੰ ਤ੍ਰਾਸਦੀ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।

ਸਵੱਛਤਾ ਇਕੱਲੀ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ

ਨਮੂਨਾ ਹੁੰਦਾ ਹੈ। ਅਸੀਂ ਆਪਣੀ ਗਲੀ, ਆਪਣੇ ਮੁਹੱਲੇ, ਆਪਣੇ ਪਿੰਡ ਅਤੇ ਸ਼ਹਿਰ ਨੂੰ ਸਾਫ਼ ਰੱਖਣ ਦਾ ਫਰਜ਼ ਦੂਜੇ ਲੋਕਾਂ ਅਤੇ ਸਫ਼ਾਈ ਸੇਵਕਾਂ ਦਾ ਹੀ ਸਮਝਦੇ ਹਾਂ, ਜਦੋਂ ਕਿ ਸਵੱਛਤਾ ਦੀ ਮੁਹਿੰਮ ਨੂੰ ਸਫਲ ਬਣਾਉਣਾ ਸਮੂਹਿਕ ਕਾਰਜ ਹੈ। ਅਸੀਂ ਆਪਣੇ ਘਰ ਦਾ ਕੂੜਾ ਗਲੀ, ਮੁਹੱਲੇ ਵਿਚ ਸੁੱਟਣ ਲੱਗਿਆਂ ਇਹ ਕਿਉਂ ਨਹੀਂ ਸੋਚਦੇ ਕਿ ਇਹ ਕੂੜਾ ਗੰਦਗੀ ਫੈਲਾਉਣ ਦਾ ਕਾਰਨ ਬਣੇਗਾ, ਇਸ ਨਾਲ ਵਾਤਾਵਰਨ ਖਰਾਬ ਹੋਵੇਗਾ, ਬਿਮਾਰੀਆਂ ਫੈਲਣਗੀਆਂ। ਸਾਨੂੰ ਸਵੱਛ ਭਾਰਤ ਦਾ ਸੁਨੇਹਾ ਆਪਣੇ ਘਰ ਤੋਂ ਸ਼ੁਰੂ ਕਰਨਾ ਪਵੇਗਾ।
ਵਿਦੇਸ਼ੀ ਮੁਲਕ ਸਵੱਛਤਾ ਪੱਖੋਂ ਇਸ ਲਈ ਧਨੀ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਕੁਤਾਹੀ ਕਰਨ ਦੀ ਆਦਤ ਨਹੀਂ ਹੁੰਦੀ। ਉਹ ਆਪਣੇ ਫਰਜ਼ਾਂ ਤੋਂ ਜਾਣੂ ਹੀ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਵੀ ਹਨ। ਸਵੱਛ ਭਾਰਤ ਦਾ ਸੁਪਨਾ ਉਦੋਂ ਹੀ ਪੂਰਾ ਹੋਵੇਗਾ, ਜਦੋਂ ਦੇਸ਼ ਦਾ ਹਰ ਬੱਚਾ, ਬੁੱਢਾ, ਜਵਾਨ, ਔਰਤਾਂ ਸਰਕਾਰ ਦੀ ਆਲੋਚਨਾ ਕਰਨ ਦੀ ਬਜਾਏ ਆਪਣੇ ਫਰਜ਼ਾਂ ਨੂੰ ਨਿਭਾਉਣ ਲੱਗ ਪੈਣਗੇ। ਜਦੋਂ ਦੇਸ਼ ਸਵੱਛ ਹੋ ਜਾਵੇਗਾ ਤਾਂ ਉਸ ਦਾ ਲਾਭ ਦੇਸ਼ ਵਾਸੀਆਂ ਨੂੰ ਹੀ ਪਹੁੰਚੇਗਾ। ਸਾਫ਼-ਸੁਥਰਾ ਵਾਤਾਵਰਨ ਹੋਵੇਗਾ, ਬਿਮਾਰੀਆਂ ਦਾ ਅੰਤ ਹੋਵੇਗਾ, ਵਾਤਾਵਰਨ ਸ਼ੁੱਧ ਹੋਵੇਗਾ। ਅਸੀਂ ਸਾਰੇ ਸਿਹਤਮੰਦ ਹੋਵਾਂਗੇ।

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ)। ਮੋਬਾ: 98726-27136

ਬੀਤ ਗਿਆ ਸਿਹਤ ਵਧਾਊ ਖਾਧ ਪਦਾਰਥਾਂ ਨਾਲ ਭੁੱਖ ਮਿਟਾਉਣ ਦਾ ਦੌਰ

ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਸਮੇਂ ਦੇ ਬਦਲਣ ਨਾਲ ਇਨਾਸਨੀ ਆਦਤਾਂ ਵੀ ਤਬਦੀਲ ਹੋ ਰਹੀਆਂ ਹਨ। ਇਨਸਾਨਾਂ ਦੇ ਖਾਣ-ਪੀਣ, ਪਹਿਨਣ ਅਤੇ ਬੋਲ-ਚਾਲ ਦੇ ਤਰੀਕਿਆਂ ਤੋਂ ਲੈ ਕੇ ਰਹਿਣ-ਸਹਿਣ ਸਭ ਕੁਝ ਤਬਦੀਲ ਹੋ ਗਿਆ ਹੈ। ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਚਲੀ ਤਬਦੀਲੀ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਕਦੇ ਬੱਚੇ ਆਪਣੀ ਭੁੱਖ ਬਿਨਾਂ ਫਾਸਟ-ਫੂਡ ਤੋਂ ਵੀ ਮਿਟਾਉਂਦੇ ਹੋਣਗੇ। ਫਾਸਟ-ਫੂਡ ਦੇ ਪ੍ਰਚਲਨ ਦਾ ਬੱਚਿਆਂ ਦੀਆਂ ਆਦਤਾਂ 'ਤੇ ਜਾਦੂਮਈ ਅਸਰ ਹੋਇਆ ਹੈ। ਬੱਚੇ ਘਰ ਦੇ ਬਣੇ ਖਾਧ ਪਦਾਰਥਾਂ ਨੂੰ ਨੱਕ ਮਾਰਨ ਲੱਗੇ ਹਨ। ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਤਾਂ ਮੂਲੋਂ ਹੀ ਬੱਚਿਆਂ ਦੇ ਸਵਾਦ 'ਚੋਂ ਮਨਫੀ ਹੋ ਗਏ ਹਨ। ਇਹ ਪਸਾਰਾ ਸਿਰਫ ਸ਼ਹਿਰਾਂ ਤੱਕ ਮਹਿਦੂਦ ਨਹੀਂ, ਅੱਜਕਲ੍ਹ ਪਿੰਡਾਂ 'ਚ ਵੀ ਫਾਸਟ-ਫੂਡ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਸ਼ਾਮ ਦੇ ਸਮੇਂ ਰੇਹੜੀਆਂ ਦੀ ਭਰਮਾਰ ਅਕਸਰ ਵੇਖੀ ਜਾ ਸਕਦੀ ਹੈ। ਬੱਚੇ ਫਾਸਟ ਫੂਡ ਨਾਲ ਪੇਟ ਭਰ ਕੇ ਹੀ ਘਰ ਵੜਦੇ ਹਨ। ਕੋਈ ਸਮਾਂ ਸੀ ਜਦੋਂ ਬਚਪਨ ਇਨ੍ਹਾਂ ਖਾਧ ਪਦਾਰਥਾਂ ਦਾ ਦੀਵਾਨਾ ਨਹੀਂ ਸੀ। ਫਾਸਟ-ਫੂਡ ਦੀ ਤਾਂ ਗੱਲ ਹੀ ਛੱਡੋ, ਸਮੋਸਾ ਖਾਣ ਦਾ ਵੀ ਰੁਝਾਨ ਨਹੀਂ ਸੀ। ਪਿੰਡਾਂ 'ਚ ਤਾਂ ਹਲਵਾਈਆਂ ਦੀਆਂ ਦੁਕਾਨਾਂ ਤੱਕ ਨਹੀਂ ਸਨ ਹੁੰਦੀਆਂ। ਸ਼ਹਿਰ ਗਏ ਵੱਡਿਆਂ ਨੇ ਕਦੇ-ਕਦਾਈਂ ਕੋਈ ਚੀਜ਼ ਬਾਜ਼ਾਰ 'ਚੋਂ ਲੈ ਜਾਣੀ ਤਾਂ ਚਾਅ ਨਾ ਚੱਕਿਆ ਜਾਣਾ। ਸ਼ਾਮ ਦੇ ਸਮੇਂ ਜਦੋਂ ਵੀ ਭੁੱਖ ਲੱਗਣੀ ਤਾਂ ਮਾਵਾਂ ਨੇ ਕਾੜ੍ਹਨੀ ਵਾਲੇ ਦੁੱਧ ਵਿਚ ਘਿਓ ਪਾ ਕੇ ਪੀਣ ਲਈ ਦੇਣਾ। ਕਾੜ੍ਹਨੀ ਦੇ ਦੁੱਧ 'ਤੇ ਆਈ ਖਲੇਪੜ ਵਰਗੀ ਮੋਟੀ ਮਲਾਈ ਅਤੇ ਵਿਚ ਗੁੜ ਧਰ ਕੇ ਰੋਟੀ ਖਾਣ ਦਾ ਅਨੰਦ ਹੀ ਵੱਖਰਾ ਸੀ। ਜੇਕਰ ਕਦੇ-ਕਦਾਈਂ ਦੁੱਧ ਪੀਣ ਨੂੰ ਦਿਲ ਨਾ ਕਰਨਾ ਤਾਂ ਮਾਵਾਂ ਨੇ ਮੱਕੀ, ਛੋਲਿਆਂ ਅਤੇ ਕਣਕ ਦੇ ਦਾਣੇ ਕੱਪੜੇ 'ਚ ਬੰਨ੍ਹ ਕੇ ਹੱਥ ਫੜਾ ਦੇਣੇ। ਘਰ ਦੇ ਸਾਰੇ ਨਿਆਣਿਆਂ ਨੇ ਕਿਸੇ ਸਿਆਣੇ-ਨਿਆਣੇ ਦੀ ਅਗਵਾਈ 'ਚ ਦਾਣੇ ਭੁੰਨਣ ਵਾਲੀ ਭੱਠੀ ਵੱਲ ਚਾਲੇ ਪਾ ਦੇਣੇ। ਭੱਠੀ ਵਾਲੀ ਨੇ ਕੱਪੜੇ 'ਚ ਬੰਨ੍ਹੇ ਦਾਣਿਆਂ 'ਚੋਂ ਕੁਝ ਦੀ ਚੁੰਗ ਕੱਢ ਲੈਣੀ ਅਤੇ ਬਾਕੀ ਦੇ ਭੁੰਨ ਕੇ ਮੁੜ ਕੱਪੜੇ 'ਚ ਬੰਨ੍ਹ ਕੇ ਫੜਾ ਦੇਣੇ। ਭੱਠੀ ਵਾਲੀ ਨੇ ਜਦੋਂ ਦਾਣੇ ਭੁੰਨਣੇ ਤਾਂ ਤਿੜਕ-ਤਿੜਕ ਕੇ ਬਾਹਰ ਡਿੱਗਣ ਵਾਲੇ ਦਾਣੇ ਚੁਗ-ਚੁਗ ਕੇ ਖਾਣ ਦਾ ਨਜ਼ਾਰਾ ਅੱਜ ਵੀ ਚੇਤੇ ਹੈ। ਦਾਣੇ ਭੁਨਾ ਕੇ ਸਾਰੇ ਨਿਆਣਿਆਂ ਨੇ ਘਰ ਵੱਲ ਚਾਲੇ ਪਾ ਦੇਣੇ ਅਤੇ ਮਾਵਾਂ ਨੇ ਹੀ ਘਰ ਆਇਆਂ ਨੂੰ ਵੰਡ ਕੇ ਖਾਣ ਲਈ ਦਾਣੇ ਦੇਣੇ। ਮਾਵਾਂ ਨੇ ਭੁੰਨੀ ਕਣਕ 'ਚ ਗੁੜ ਰਲਾ ਕੇ ਪਿੰਨੀਆਂ ਵੱਟ ਦੇਣੀਆਂ ਅਤੇ ਖੇਡਦੇ-ਖੇਡਦੇ ਉਹ ਪਿੰਨੀਆਂ ਛਕ ਜਾਣੀਆਂ। ਗਲੀਆਂ 'ਚ ਖੇਡ-ਖੇਡ ਸ਼ਾਮ ਦੀ ਰੋਟੀ ਤੱਕ ਮੁੜ ਪੇਟ ਖਾਲੀ ਕਰ ਲੈਣਾ। ਭਾਈਚਾਰਾ ਇੰਨਾ ਜ਼ਿਆਦਾ ਮਜ਼ਬੂਤ ਸੀ ਕਿ ਆਂਢ-ਗੁਆਂਢ 'ਚੋਂ ਮੰਗ ਕੇ ਰੋਟੀ ਖਾਣ ਦਾ ਰਿਵਾਜ ਆਮ ਸੀ।
ਪੁਰਾਤਨ ਸਮਿਆਂ ਦੀਆਂ ਖੁਰਾਕਾਂ ਜਿੱਥੇ ਸਿਹਤ ਵਰਧਕ ਸਨ ਉੱਥੇ ਅੱਜਕਲ੍ਹ ਦੇ ਫਾਸਟ-ਫੂਡ ਸਿਹਤ ਦੇ ਦੁਸ਼ਮਣ ਹਨ। ਫਾਸਟ-ਫੂਡ ਦੇ ਸਿਹਤ 'ਤੇ ਪੈਣ ਵਾਲੇ ਮੰਦ ਪ੍ਰਭਾਵਾਂ ਦਾ ਇਲਮ ਹੋਣ ਦੇ ਬਾਵਜੂਦ ਇਨ੍ਹਾਂ ਦੇ ਪ੍ਰਚਲਨ 'ਚ ਕੋਈ ਕਮੀ ਨਹੀਂ ਆ ਰਹੀ। ਸਮੇਂ ਦੇ ਪਰਿਵਰਤਨ ਅੱਗੇ ਕਿਸੇ ਦਾ ਜ਼ੋਰ ਨਹੀਂ। ਰੋਜ਼ਮਰ੍ਹਾ ਜ਼ਿੰਦਗੀ ਦੇ ਪਰਿਵਰਤਨ ਹੀ ਹੌਲੀ-ਹੌਲੀ ਸੱਭਿਆਚਾਰਕ ਤਬਦੀਲੀ ਦਾ ਕਾਰਨ ਬਣਦੇ ਹਨ। ਜੀਵਨ ਵਿਚ ਆ ਰਹੀ ਬਿਨਾਂ ਵਜ੍ਹਾ ਦੀ ਤੇਜ਼ੀ ਨੇ ਵੀ ਫਾਸਟ-ਫੂਡ ਦੇ ਪ੍ਰਚਲਨ ਵਿਚ ਇਜ਼ਾਫਾ ਕੀਤਾ ਹੈ। ਅੱਜਕਲ੍ਹ ਨਾ ਤਾਂ ਦੁੱਧ ਰਹੇ ਹਨ ਅਤੇ ਨਾ ਹੀ ਦੁੱਧ ਪੀਣ ਵਾਲੇ। ਨਾ ਰਹੀਆਂ ਹਨ ਦਾਣੇ ਭੁੰਨਣ ਵਾਲੀਆਂ ਭੱਠੀਆਂ ਅਤੇ ਨਾ ਰਹੇ ਹਨ ਦਾਣੇ ਖਾਣ ਵਾਲੇ ਨਿਆਣੇ। ਮੇਰੇ ਵਰਗਿਆਂ ਨੂੰ ਦਾਣਿਆਂ ਦਾ ਸਵਾਦ ਪੂਰਾ ਕਰਨ ਲਈ ਬਾਜ਼ਾਰ 'ਚੋਂ ਭੁੱਜੇ ਦਾਣੇ ਮਿਲਣ ਲੱਗੇ ਹਨ। ਤੁਰਨਾ ਪੈ ਰਿਹਾ ਹੈ ਸਮੇਂ ਦੇ ਪਰਿਵਰਤਨ ਨਾਲ ਪਰ ਭੁਲਾਇਆਂ ਵੀ ਨਹੀਂ ਭੁਲਦਾ ਉਹ ਸਿਹਤ ਵਰਧਕ ਪਦਾਰਥਾਂ ਨਾਲ ਭੁੱਖ ਮਿਟਾਉਣ ਦਾ ਦੌਰ।

-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।
ਮੋਬਾ: 98786-05965

ਵਿਗਿਆਨ ਮੇਲਿਆਂ 'ਚ ਆਮ ਲੋਕਾਂ ਦੀ ਸ਼ਮੂਲੀਅਤ ਸ਼ੁੱਭ ਸ਼ਗਨ

ਸਿੱਖਿਆ ਵਿਭਾਗ ਪੰਜਾਬ ਵਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਕੀਮ ਅਧੀਨ ਸਰਕਾਰੀ ਸਕੂਲਾਂ ਵਿਚ ਵਿਗਿਆਨ (ਸਾਇੰਸ) ਮੇਲੇ ਕਰਵਾਏ ਜਾ ਰਹੇ ਹਨ, ਜਿਸ ਵਿਚ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਅਤੇ ਨੌਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀ ਦੋ ਵਰਗਾਂ ਹੇਠ ਭਾਗ ਲੈ ਰਹੇ ਹਨ। ਵਿਗਿਆਨ ਮੇਲੇ ਵਿਚ ਵਿਦਿਆਰਥੀ ਆਪਣੇ ਗਾਈਡ ਸਾਇੰਸ ਅਧਿਆਪਕਾਂ ਦੀ ਅਗਵਾਈ ਅਤੇ ਸਹਿਯੋਗ ਨਾਲ ਵਿਗਿਆਨ ਵਿਸ਼ੇ 'ਤੇ ਆਧਾਰਿਤ ਵੱਖ-ਵੱਖ ਵਿਗਿਆਨਕ ਕਿਰਿਆਵਾਂ, ਨਿਯਮਾਂ, ਸਿਧਾਂਤਾਂ, ਵਿਗਿਆਨਕ ਗਤੀਵਿਧੀਆਂ ਨੂੰ ਵਰਕਿੰਗ ਮਾਡਲਾਂ, ਸਟਿਲ ਮਾਡਲਾਂ, ਚਾਰਟਾਂ ਅਤੇ ਪ੍ਰੋਜੈਕਟਾਂ ਰਾਹੀਂ ਆਪਣੇ ਹੱਥੀਂ ਤਿਆਰ ਕਰਕੇ ਪ੍ਰਦਰਸ਼ਿਤ ਕਰਦੇ ਹਨ। ਰਸਾਇਣਕ ਪਦਾਰਥਾਂ ਨੂੰ ਵਰਤ ਕੇ ਮੌਕੇ 'ਤੇ ਰਸਾਇਣਕ ਕਿਰਿਆਵਾਂ ਕੀ ਹੁੰਦੀਆਂ ਹਨ ਅਤੇ ਕਿਵੇਂ ਵਾਪਰਦੀਆਂ ਹਨ, ਪ੍ਰਯੋਗ ਰਾਹੀਂ ਦਿਖਾਈਆਂ ਜਾਂਦੀਆਂ ਹਨ। ਇਨ੍ਹਾਂ ਵਿਗਿਆਨ ਮੇਲਿਆਂ ਦਾ ਵਿਦਿਆਰਥੀ ਵਰਗ ਨੂੰ ਬਹੁਤ ਲਾਭ ਹੈ, ਕਿਉਂਕਿ ਵਿਗਿਆਨ ਵਿਸ਼ੇ ਵਿਚ ਪ੍ਰਯੋਗੀ ਕੰਮ ਦੀ ਬਹੁਤ ਅਹਿਮੀਅਤ ਹੈ। ਪ੍ਰਯੋਗ ਰਾਹੀਂ ਵਿਗਿਆਨ ਦੇ ਨਿਯਮਾਂ, ਸਿਧਾਂਤਾਂ ਅਤੇ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਅਤੇ ਸਰਲਤਾ ਨਾਲ ਸਮਝਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਆਪਣੇ ਵਿਵਹਾਰਕ ਜੀਵਨ ਵਿਚ ਵਿਗਿਆਨ ਦੇ ਸਿਧਾਂਤ ਕੀ, ਕਿਉਂ ਤੇ ਕਿਵੇਂ ਨੂੰ ਸਮਝਣ ਦੀ ਜਾਂਚ ਵੀ ਇਨ੍ਹਾਂ ਵਿਗਿਆਨ ਮੇਲਿਆਂ ਵਿਚੋਂ ਹੀ ਮਿਲਦੀ ਹੈ। ਵਿਦਿਆਰਥੀ ਜਦੋਂ ਨਿਰੀਖਣ ਟੀਮਾਂ, ਮਾਪਿਆਂ, ਆਮ ਲੋਕਾਂ ਨੂੰ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ, ਉਨ੍ਹਾਂ ਵਿਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ। ਬੋਲਚਾਲ ਵਿਚ ਨਿਖਾਰ ਆਉਂਦਾ ਹੈ, ਬੋਲਣ ਦੀ ਝਕ ਖੁੱਲ੍ਹਦੀ ਹੈ। ਮੇਲਿਆਂ ਵਿਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜਨਤਕ ਅਤੇ ਧਾਰਮਿਕ ਸਥਾਨਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਸਕੂਲ ਪ੍ਰਬੰਧਕੀ ਕਮੇਟੀਆਂ ਰਾਹੀਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਜਨਤਾ ਨੂੰ ਮੇਲਿਆਂ ਵਿਚ ਸੱਦਾ-ਪੱਤਰ ਭੇਜ ਕੇ ਮੇਲਿਆਂ ਦੇ ਭਾਗੀਦਾਰ ਬਣਾਇਆ ਜਾਂਦਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਉਸਾਰੂ ਉਪਰਾਲਾ ਅਤੇ ਸ਼ੁੱਭ ਸ਼ਗਨ ਹੈ। ਮਾਪੇ ਅਤੇ ਆਮ ਲੋਕ ਮੇਲਿਆਂ ਵਿਚ ਵਿਗਿਆਨ ਅਧਿਆਪਕਾਂ ਦੇ ਸਹਿਯੋਗ ਨਾਲ ਮੇਲਿਆਂ ਵਿਚ ਉਤਸ਼ਾਹ ਨਾਲ ਜਾ ਕੇ ਆਪਣੇ ਬੱਚਿਆਂ ਰਾਹੀਂ ਤਿਆਰ ਕੀਤੇ ਮਾਡਲਾਂ, ਚਾਰਟਾਂ ਅਤੇ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ, ਬੱਚਿਆਂ ਤੋਂ ਪ੍ਰਸ਼ਨਾਂ-ਉੱਤਰਾਂ ਰਾਹੀਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਮਾਪੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹਨ ਅਤੇ ਸਕਰੈਪ ਬੁੱਕਸ ਦੇ ਮੇਲੇ ਸਬੰਧੀ ਆਪਣਾ ਅਨੁਭਵ ਅਤੇ ਵਿਚਾਰਾਂ ਸਬੰਧੀ ਨੋਟ ਦਿੰਦੇ ਹਨ। ਵਿਗਿਆਨ ਮੇਲਿਆਂ ਰਾਹੀਂ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਵਿਚ ਵਿਗਿਆਨਕ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਤਰਕ ਨਾਲ ਸੋਚਣ ਦੇ ਗੁਣ ਪੈਦਾ ਹੁੰਦੇ ਹਨ। ਸੋ, ਹਰ ਸਕੂਲ ਪੱਧਰ 'ਤੇ ਵਿਗਿਆਨ ਮੇਲੇ ਲਗਾਉਣ ਵਾਲਾ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ (ਬਰਨਾਲਾ)-148100.
ਮੋਬਾ: 98765-28579

ਔਰਤਾਂ ਨਾਲ ਹੁੰਦੇ ਜੁਰਮਾਂ ਦੀਆਂ ਸਜ਼ਾਵਾਂ ਸਖ਼ਤ ਹੋਣ

ਉਰਦੂ ਦੀ ਇਕ ਲਾਈਨ ਹੈ 'ਮਰਜ਼ ਬੜ੍ਹਤਾ ਗਿਆ ਜੂੰ ਜੂੰ ਦਵਾ ਕੀ', ਭਾਵ ਜਿਵੇਂ-ਜਿਵੇਂ ਬਿਮਾਰੀ ਦਾ ਇਲਾਜ ਹੁੰਦਾ ਗਿਆ, ਬਿਮਾਰੀ ਹੋਰ ਵਧਦੀ ਗਈ। ਇਹੀ ਹਾਲ ਔਰਤਾਂ ਨਾਲ ਹੁੰਦੇ ਜੁਰਮਾਂ ਦਾ ਹੋ ਰਿਹਾ ਹੈ। ਪਿੰਡ ਮੌੜ ਦੀ ਇਕ ਨਾਬਾਲਗ ਲੜਕੀ ਨਾਲ ਹੋਏ ਘਿਨਾਉਣੇ ਕਰਮ ਦੀ ਖ਼ਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਆਖਰ ਇਸ ਤਰ੍ਹਾਂ ਦੀਆਂ ਜ਼ੋਰ-ਜ਼ਬਰਦਸਤੀ ਦੀਆਂ ਘਟਨਾਵਾਂ ਬੰਦ ਕਿਉਂ ਨਹੀਂ ਹੋ ਰਹੀਆਂ। ਭਾਵੇਂ ਕਾਨੂੰਨ ਵਿਚ ਕੁਝ ਸਖ਼ਤੀ ਆਈ ਹੈ ਪਰ ਫਿਰ ਵੀ ਇਨ੍ਹਾਂ ਮੰਦਭਾਗੀ ਕਾਰਵਾਈਆਂ ਵਿਚ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇੰਜ ਲਗਦਾ ਹੈ ਕਿ ਮੁਜਰਮਾਂ ਨੂੰ ਨਾ ਤਾਂ ਪੁਲਿਸ ਦਾ ਡਰ ਹੈ ਅਤੇ ਨਾ ਹੀ ਅਦਾਲਤਾਂ ਦਾ। ਬਹੁਤ ਸਾਰੇ ਲੋਕ ਅਦਾਲਤਾਂ ਦੇ ਚੱਕਰ ਵਿਚ ਪੈਣਾ ਹੀ ਨਹੀਂ ਚਾਹੁੰਦੇ। ਕਈ ਵਾਰ ਤਾਂ ਇਸ ਤਰ੍ਹਾਂ ਦੇ ਕੇਸਾਂ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਧਰਨੇ-ਮੁਜ਼ਾਹਰੇ ਅਤੇ ਸੜਕਾਂ 'ਤੇ ਜਾਮ ਲਗਾਉਣੇ ਪੈਂਦੇ ਹਨ। ਪੀੜਤਾਂ ਨੂੰ ਧਮਕੀਆਂ ਵੀ ਮਿਲਦੀਆਂ ਹਨ। ਜੇ ਅਦਾਲਤ ਵਿਚ ਕੇਸ ਚਲਾ ਵੀ ਜਾਵੇ ਤਾਂ ਇਨਸਾਫ ਮਿਲਣ ਤੱਕ ਕਈ ਸਾਲ ਲੱਗ ਜਾਂਦੇ ਹਨ। ਖੱਜਲ-ਖੁਆਰੀ ਵੱਖਰੀ ਅਤੇ ਨਾਲ ਹੀ ਪੈਸੇ ਦਾ ਉਜਾੜਾ। ਆਮ ਕਿਹਾ ਜਾਂਦਾ ਹੈ ਕਿ ਦੇਰ ਨਾਲ ਮਿਲਿਆ ਇਨਸਾਫ ਵੀ ਬੇਇਨਸਾਫੀ ਦੇ ਬਰਾਬਰ ਹੀ ਹੁੰਦਾ ਹੈ। ਲੜਕੀ ਦਾ ਪੱਖ ਦੇਖਿਆ ਜਾਵੇ ਤਾਂ ਬਦਨਾਮੀ ਤੋਂ ਇਲਾਵਾ ਉਸ ਦੀ ਅਗਲੀ ਆਉਣ ਵਾਲੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ। ਇਸ ਮੀਨ ਮੇਖ ਕਰਨ ਵਾਲੇ ਅਤੇ ਨੁਕਤਾਚੀਨੀ ਕਰਨ ਵਾਲੇ ਸਮਾਜ ਵਿਚ ਜਿਊਣਾ ਵੀ ਦੁੱਭਰ ਹੋ ਜਾਂਦਾ ਹੈ। ਮੁਜਰਮਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਜਿਥੇ ਪੁਲਿਸ ਕਾਰਵਾਈ ਤੇਜ਼ੀ ਨਾਲ ਕਰਨ ਦੀ ਲੋੜ ਹੈ, ਉਥੇ ਅਦਾਲਤਾਂ ਵਿਚ ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਹੋਣਾ ਚਾਹੀਦਾ ਹੈ, ਤਾਂ ਜੋ ਪੀੜਤਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ। ਕਈ ਵਾਰ ਬਾਹਰਲੇ ਦੇਸ਼ਾਂ ਤੋਂ ਆਈਆਂ ਸੈਲਾਨੀ ਔਰਤਾਂ ਵੀ ਇਸ ਤਰ੍ਹਾਂ ਦੇ ਮੁਜਰਮਾਂ ਦਾ ਸ਼ਿਕਾਰ ਬਣ ਜਾਂਦੀਆਂ ਹਨ। ਇਸ ਨਾਲ ਜਿਥੇ ਦੇਸ਼ ਦੀ ਬਦਨਾਮੀ ਹੁੰਦੀ ਹੈ, ਉਥੇ ਦੇਸ਼ ਦੇ ਲੋਕਾਂ ਪ੍ਰਤੀ ਵੀ ਨਫਰਤ ਦਾ ਜਜ਼ਬਾ ਪੈਦਾ ਹੁੰਦਾ ਹੈ, ਜੋ ਕਿ ਬਹੁਤ ਹੀ ਬੁਰੀ ਗੱਲ ਹੈ। ਸੁਣਿਆ ਹੈ ਕਿ ਆਪਣੇ ਦੇਸ਼ ਵਿਚ ਵੀ ਕੁਝ ਇਸ ਤਰ੍ਹਾਂ ਦੀਆਂ ਥਾਵਾਂ ਹਨ, ਜਿਥੇ ਔਰਤਾਂ ਜਿੰਨੇ ਮਰਜ਼ੀ ਸੋਨੇ ਦੇ ਗਹਿਣੇ ਪਾ ਕੇ ਬੇਖੌਫ ਦਿਨ-ਰਾਤ ਤੁਰੀਆਂ-ਫਿਰਦੀਆਂ ਹਨ। ਕੀ ਮਜ਼ਾਲ ਕੋਈ ਅੱਖ ਭਰ ਕੇ ਵੀ ਦੇਖ ਸਕੇ। ਇਥੇ ਸਾਡਾ ਅਤੇ ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਕੇ ਚੰਗੇ ਸ਼ਹਿਰੀ ਬਣਨ ਦੀ ਪ੍ਰੇਰਨਾ ਦੇਈਏ।

-ਪਿੰਡ ਮਸੀਤਾਂ (ਕਪੂਰਥਲਾ)।
ਮੋਬਾ: 99157-31345

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX