ਤਾਜਾ ਖ਼ਬਰਾਂ


ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  10 minutes ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  30 minutes ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ
. . .  39 minutes ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  54 minutes ago
ਨਵੀਂ ਦਿੱਲੀ, 13 ਨਵੰਬਰ- ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ...
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  59 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਹੁਣ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਵੀ ਸੂਚਨਾ ਦੇ ਅਧਿਕਾਰ ਭਾਵ ਕਿ ਆਰ. ਟੀ. ਆਈ. ਦੇ ਤਹਿਤ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ........
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  about 1 hour ago
ਮੁੰਬਈ, 13 ਨਵੰਬਰ- ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਖ਼ਰਾਬ ਸਿਹਤ ਦੇ ਚੱਲਦਿਆਂ ਪਿਛਲੇ ਦੋ ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹਨ। ਲਤਾ ਦੀਦੀ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ...
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਬ੍ਰਾਸੀਲੀਆ, 13 ਨਵੰਬਰ- 11ਵੇਂ ਬ੍ਰਿਕਸ ਸੰਮੇਲਨ 'ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 13 ਨਵੰਬਰ- ਸਾਲ 2011 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ...
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  about 2 hours ago
ਇਸਲਾਮਾਬਾਦ, 13 ਨਵੰਬਰ- ਪਾਕਿਸਤਾਨ ਦੀ ਜੇਲ੍ਹ 'ਚ ਜਾਸੂਸੀ ਦੇ ਦੋਸ਼ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ 'ਚ ਪਾਕਿਸਤਾਨ ਵੱਡਾ ਫ਼ੈਸਲਾ ਲੈਣ ਜਾ ਰਿਹਾ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸ਼ਰਧਾ

ਉਸਾਰੂ ਸੋਚ ਰੱਖੋ

ਬੇਟੀ ਵੀ ਬਾਪ ਲਈ ਆਪਣੇ ਕੁਝ ਫ਼ਰਜ਼ ਰੱਖਦੀ ਹੈ ਤੇ ਇਹ ਫ਼ਰਜ਼ ਸ਼ਰਧਾ ਕਪੂਰ ਨਿਭਾਅ ਰਹੀ ਹੈ। ਇਹ ਤੇ ਸਭ ਨੂੰ ਪਤਾ ਹੈ ਕਿ ਬਾਲੀਵੁੱਡ ਦੇ ਥੰਮ੍ਹ ਅਭਿਨੇਤਾ ਰਹੇ ਸ਼ਕਤੀ ਕਪੂਰ ਦੀ ਬੇਟੀ ਹੈ ਸ਼ਰਧਾ ਕਪੂਰ, ਜਿਸ ਨੇ 55 ਸਾਲ ਪੁਰਾਣੀ ਆਪਣੇ ਅਭਿਨੇਤਾ ਬਾਪ ਸ਼ਕਤੀ ਕਪੂਰ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਖਾਤੇ 'ਚ ਪਾ ਕੇ ਲੋਕਾਂ ਨੂੰ ਸਵਾਲ ਕੀਤਾ ਕਿ ਪਛਾਣੋ ਇਸ ਫੋਟੋ 'ਚ ਉਸ ਦੇ ਪਿਤਾ ਜੀ ਕਿਥੇ ਹਨ ਜਾਂ ਕੌਣ ਹਨ? ਅਸਲ 'ਚ ਇਹ ਫੋਟੋ ਸ਼ਰਧਾ ਦੇ ਡੈਡੀ ਦੀ ਉਦੋਂ ਦੀ ਹੈ ਜਦ ਦਿੱਲੀ ਦੇ ਸਲਵਾਨ ਪਬਲਿਕ ਸਕੂਲ 'ਚ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਉਸ ਦੇ ਪਿਤਾ ਸ੍ਰੀ ਸ਼ਕਤੀ ਕਪੂਰ ਸਨ ਤੇ ਸਾਰੇ ਖਿਡਾਰੀਆਂ ਨਾਲ 'ਕਪਤਾਨ ਪਿਤਾ' ਦੀ ਫੋਟੋ ਹੈ। ਸ਼ਰਧਾ ਨੇ ਨਾਲ ਹੀ ਕਿਹਾ ਕਿ 700 ਫ਼ਿਲਮਾਂ 'ਚ ਕੰਮ ਕਰਨਾ, ਕਾਦਰ ਖ਼ਾਨ ਨਾਲ ਕਾਮੇਡੀ ਜੋੜੀ ਉਸ ਦੇ ਪਿਤਾ ਸ਼ਕਤੀ ਕਪੂਰ ਦੀਆਂ ਖੂਬੀਆਂ ਰਹੀਆਂ ਹਨ। ਨਕਾਰਾਤਮਕ ਪੱਖ ਕਦੇ ਆਪਣੇ 'ਤੇ ਭਾਰੂ ਨਾ ਹੋਣ ਦਿਓ, ਇਹ ਸਲਾਹ ਸ਼ਰਧਾ ਨੇ ਅੱਜ ਦੀਆਂ ਅਭਿਨੇਤਰੀਆਂ ਨੂੰ ਦਿੱਤੀ ਹੈ। 'ਛਿਛੋਰੇ', 'ਸਾਹੋ' ਸਫ਼ਲ ਫ਼ਿਲਮਾਂ ਹੁਣੇ ਜਿਹੇ ਹੀ ਆਈਆਂ ਹਨ ਸ਼ਰਧਾ ਦੀਆਂ। 'ਸਟੀਰਟ ਡਾਂਸਰ-3 ਡੀ' ਉਹ ਇਸ ਸਮੇਂ ਕਰ ਰਹੀ ਹੈ। ਸ਼ਰਧਾ ਕਹਿੰਦੀ ਹੈ ਕਿ ਦੀਵਾਲੀ ਆ ਰਹੀ ਹੈ ਤੇ ਮੈਂ ਇਸ ਮੌਕੇ 'ਤੇ ਦੇਸ਼ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਖੁਸ਼ੀ ਮਨਾਇਓ ਪਰ ਵਾਤਾਵਰਨ ਦਾ ਧਿਆਨ ਜ਼ਰੂਰ ਰੱਖਿਓ। ਹਵਾ ਗੰਦੀ ਨਾ ਹੋਵੇ ਤੇ ਕੰਨ ਸ਼ੋਰ ਨਾਲ ਨਾ ਦੁਖਣ।


ਖ਼ਬਰ ਸ਼ੇਅਰ ਕਰੋ

ਦਿਸ਼ਾ ਪਟਾਨੀ : 'ਰਾਧੇ' ਦਾ ਜਾਨਵਰ ਪ੍ਰੇਮ

ਦੀਵਾਲੀ 'ਤੇ ਲੋਕ ਆਤਿਸ਼ਬਾਜ਼ੀ ਖਰੀਦ ਕਰਦੇ ਹਨ ਜਾਂ ਫਿਰ ਹੋਰ ਚੀਜ਼ਾਂ ਪਰ ਅੱਜ ਦੇ ਫ਼ਿਲਮੀ ਸਿਤਾਰੇ ਦੀਵਾਲੀ ਦੇ ਨੇੜੇ-ਤੇੜੇ ਇਸ ਦੌੜ ਵਿਚ ਹਨ ਕਿ ਇੰਸਟਾਗ੍ਰਾਮ 'ਤੇ ਜ਼ਿਆਦਾ ਫੋਟੋਆਂ, ਪੋਸਟਾਂ ਤੇ ਦਿਲਚਸਪ ਪਲ ਕਿਹੜਾ ਸਿਤਾਰਾ ਜਾਂ ਹੀਰੋਇਨ ਪਾਉਂਦੀ ਹੈ। ਦਿਸ਼ਾ ਪਟਾਨੀ ਨੇ ਆਪ ਇਹ ਗੱਲ ਸਵੀਕਾਰ ਕੀਤੀ ਹੈ। ਦਿਸ਼ਾ ਨੇ ਇਕ ਵੀਡੀਓ ਲੱਭਿਆ ਜਾਂ ਬਣਾਇਆ, ਜਿਸ 'ਚ 36 ਘੰਟੇ ਤੱਕ ਰੇਲ ਦੀ ਪਟੜੀ 'ਤੇ ਜ਼ਖ਼ਮੀ ਪਿਆ ਹਾਥੀ ਦਿਖਾਇਆ ਗਿਆ ਹੈ। ਆਖਿਰ ਜਾਨਵਰਾਂ ਦੇ ਹਸਪਤਾਲ ਜਾ ਕੇ ਟਰੇਨ ਨਾਲ ਟੱਕਰ 'ਚ ਜ਼ਖ਼ਮੀ ਹੋਏ ਇਸ ਹਾਥੀ ਦੀ ਮੌਤ ਹੋ ਗਈ। ਦਿਸ਼ਾ ਬਹੁਤ ਰੋਈ ਤੇ ਉਸ ਨੇ ਲਿਖਿਆ ਕਿ 'ਬੇਜ਼ੁਬਾਨਿਆਂ' ਦੀ ਰੱਖਿਆ ਲਈ ਕੀ ਇਨਸਾਨ ਕਦੇ ਅੱਗੇ ਨਹੀਂ ਆਉਣਗੇ। ਖ਼ੈਰ ਦੀਵਾਲੀ 'ਤੇ ਦਿਸ਼ਾ ਪਟਾਨੀ ਨੇ ਇਨਸਾਨਾਂ ਨੂੰ ਇਹ ਸਵਾਲ ਕਰਕੇ ਲੋਕਾਂ ਦੀ ਡੂੰਘੀ ਹਮਦਰਦੀ ਪ੍ਰਾਪਤ ਕੀਤੀ ਹੈ। 'ਇੰਡੀਅਨ ਸੁਪਰ ਲੀਗ' ਦੀ ਸਟੇਜ 'ਤੇ ਪੁਰਾਣੇ ਮਿੱਤਰ ਟਾਈਗਰ ਸ਼ਰਾਫ਼ ਨਾਲ ਖੁੱਲ੍ਹ ਕੇ ਨੱਚਣ ਵਾਲੀ ਦਿਸ਼ਾ ਪਟਾਨੀ ਸਬੰਧੀ ਤਾਜ਼ਾ ਖ਼ਬਰ ਤੇ ਦਿਸ਼ਾ ਦੇ ਪ੍ਰਸੰਸਕਾਂ ਲਈ ਦੀਵਾਲੀ ਤੋਹਫ਼ਾ ਕਿ 2020 ਦੀ ਈਦ 'ਤੇ ਸਲਮਾਨ ਖ਼ਾਨ ਦੀ ਆ ਰਹੀ ਫ਼ਿਲਮ 'ਰਾਧੇ' ਦੇ ਇਕ ਖਾਸ ਗੀਤ 'ਚ ਜਾਨਵਰਾਂ ਦੀ ਹਮਦਰਦ ਦਿਸ਼ਾ ਨਜ਼ਰ ਆਏਗੀ। 'ਰਾਧੇ' ਦਾ ਨਿਰਦੇਸ਼ਕ ਪ੍ਰਭੂ ਦੇਵਾ ਹੈ। ਉਸ ਨੂੰ ਪ੍ਰਭਾਵਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਦਿਸ਼ਾ ਲਾ ਦੇਵੇਗੀ। ਪੁਰਾਣੇ ਸੱਜਣ ਕੰਮ ਆਏ ਤੇ ਟਾਈਗਰ ਹੀ ਦਿਸ਼ਾ ਨੂੰ 'ਡਾਂਸ' ਦੇ ਹੋਰ ਗੁਣ 'ਰਾਧੇ' ਫ਼ਿਲਮ ਲਈ ਸਿਖਾ ਰਿਹਾ ਹੈ। 'ਭਾਰਤ' ਵਾਲੀ 'ਰਾਧੇ' ਦਿਸ਼ਾ ਨੇ ਟਾਈਗਰ-ਰਿਤਿਕ ਦੀ 'ਵਾਰ' ਤੋਂ ਬਾਅਦ ਦੋਵਾਂ ਨੇ ਇੰਡਸਟਰੀ ਦੀ ਸੋਹਣੀ ਜੋੜੀ ਕਿਹਾ ਹੈ। ਟਾਈਗਰ ਨੂੰ ਫਿਰ ਉਹ ਮਨਾ ਰਹੀ ਹੈ ਤੇ ਰਿਤਿਕ ਦਾ ਸਾਥ ਉਸ ਨੂੰ ਮਿਲੇਗਾ ਹੀ... ਫਿਰ ਖਾਸ ਦੀਵਾਲੀ ਤਾਂ ਦਿਸ਼ਾ ਦੀ ਹੀ ਹੈ।

ਯਾਮੀ ਗੌਤਮ

ਪੁਆੜੇ ਨੰਬਰ ਦੇ

ਬਿਲਾਸਪੁਰ ਦੀਆਂ ਰਮਣੀਕ ਥਾਵਾਂ 'ਤੇ ਜਗਾਈਆਂ ਮੋਮਬੱਤੀਆਂ ਤੇ ਦੀਵੇ ਯਾਮੀ ਗੌਤਮ ਨੂੰ ਅੱਜ ਵੀ ਯਾਦ ਹਨ ਜਦ ਉਹ ਹਿੰਦੀ ਫ਼ਿਲਮ ਨਗਰੀ ਦੀ ਕਹਿੰਦੀ-ਕਹਾਉਂਦੀ ਨਾਇਕਾ ਹੈ ਤੇ ਦੱਖਣ ਦੀ ਸੁਪਰ-ਸਟਾਰ ਅਭਿਨੇਤਰੀ ਹੈ ਜਦ ਕਿ 'ਜੀ ਆਇਆਂ ਨੂੰ' ਉਸ ਲਈ ਪਾਲੀਵੁੱਡ ਨੇ ਵੀ ਹਮੇਸ਼ਾ ਸ਼ਬਦ ਵਰਤਿਆ ਹੈ। ਪੰਜਾਬੀ ਪਿਤਾ ਮੁਕੇਸ਼ ਗੌਤਮ ਦੀ ਇਹ ਅਭਿਨੇਤਰੀ ਬੇਟੀ ਨੂੰ ਪਹਾੜਨ ਮਾਂ ਦੀ ਗੁੜ੍ਹਤੀ ਨੇ ਸੁਭਾਅ ਦੀ ਤਰ੍ਹਾਂ ਹੀ ਰਮਣੀਕ ਬਣਾਇਆ ਹੈ। 'ਮਾਂ ਅੰਜਲੀ ਗੌਤਮ ਨਾਲ, ਦੀਦੀ ਸੁਰੀਲੀ ਨਾਲ ਚਾਹੇ ਕਈ 'ਦੀਵਾਲੀਆਂ' ਉਹ ਨਹੀਂ ਮਨਾ ਸਕੀ ਪਰ ਸੰਦੇਸ਼ ਦੇ ਇਸ ਜ਼ਮਾਨੇ 'ਚ 'ਵੀਡੀਓ ਕਾਲਿੰਗ' ਤੇ ਹੋਰ ਕਈ ਤਰ੍ਹਾਂ ਨਾਲ ਇਸ ਦਿਨ ਉਹ ਪਰਿਵਾਰ ਨਾਲ ਜੁੜੀ ਜ਼ਰੂਰ ਹੈ। ਪੁਲਿਸ ਦੀ ਥਾਣੇਦਾਰਨੀ ਬਣਨ ਦਾ ਸੁਪਨਾ, ਕਾਨੂੰਨ ਦੀ ਲਈ ਡਿਗਰੀ ਪਰ ਮਨ ਲੈ ਆਇਆ ਅਭਿਨੈ ਦੀ ਫੁਲਵਾੜੀ 'ਚ ਫੁੱਲ ਚਮੇਲੀ ਦਾ ਬਣ-ਮਹਿਕਣ ਲਈ। ਯਾਮੀ ਅੱਜ ਰਿਤਿਕ ਰੌਸ਼ਨ ਜਿਹੇ ਸੁਪਰ ਸਿਤਾਰੇ ਦੀ ਹੀਰੋਇਨ ਬਣ ਚੁੱਕੀ ਹੈ। ਪਹਾੜੀ ਭਾਸ਼ਾ ਤੇ ਪੰਜਾਬੀ ਉਸ ਦੀਆਂ ਘਰੇਲੂ ਭਾਸ਼ਾਵਾਂ ਤੇ ਹਿੰਦੀ, ਤਾਮਿਲ ਤੇ ਤੇਲਗੂ 'ਚ ਵੀ ਉਸ ਦੀ ਪਕੜ ਮਜ਼ਬੂਤ ਹੈ। ਤੈਰਾਕੀ, ਘਰ 'ਚ ਕੀਤਾ ਯੋਗਾ, ਕਲਰਜ਼ ਚੈਨਲ ਨਾਲ ਬਿਤਾਏ ਸੰਘਰਸ਼ ਦੇ ਦਿਨ ਕਦੇ ਉਹ ਭੁਲਾ ਸਕੇਗੀ, ਜਵਾਬ ਨਹੀਂ ਹੈ। 'ਵਿੱਕੀ ਡੋਨਰ' ਨਾਲ ਤਾਂ ਉਹ ਸਨਮਾਨ ਵੀ ਲੈ ਗਈ। 'ਉਰੀ' ਯਾਮੀ ਦੀ ਇਹ ਫ਼ਿਲਮ ਐਤਕਾਂ ਦਾ 'ਨੈਸ਼ਨਲ ਫ਼ਿਲਮ ਐਵਾਰਡ' ਲੈ ਕੇ ਉਸ ਦੀ ਦੀਵਾਲੀ ਸ਼ੁੱਭ ਬਣਾ ਚੁੱਕੀ ਹੈ। ਰਾਹੁਲ ਮਿਰਜ਼ਾ ਨੇ ਆਪਣੀ ਨਵੀਂ ਫ਼ਿਲਮ 'ਚ ਸ਼ਿਲਪਾ ਸ਼ੈਟੀ ਤੇ ਦਿਲਜੀਤ ਦੋਸਾਂਝ ਨਾਲ ਯਾਮੀ ਗੌਤਮ ਨੂੰ ਲਿਆ ਹੈ। ਯਾਮੀ ਲਈ ਮੁਸੀਬਤ ਤਾਂ ਪਿਛਲੇ ਦਿਨੀਂ ਘਰੇ ਆਈ ਜਦ ਇਕ 'ਐਪ' ਦੀ ਗੜਬੜੀ ਕਾਰਨ ਉਸ ਦਾ ਪਰਸਨਲ (ਨਿੱਜੀ) ਨੰਬਰ ਜਨਤਕ ਹੋ ਗਿਆ। ਸਾਰਾ ਦਿਨ ਤਰ੍ਹਾਂ-ਤਰ੍ਹਾਂ ਦੇ ਕਈ ਭੈੜੇ ਗੰਦੇ-ਮੰਦੇ ਫੋਨ ਆਏ ਤੇ ਯਾਮੀ ਬਹੁਤ ਪ੍ਰੇਸ਼ਾਨ ਰਹੀ। 'ਸਾਈਲੈਂਟ ਮੋਡ' ਵੀ ਕੰਮ ਨਹੀਂ ਆਇਆ। ਹੁਣ ਯਾਮੀ ਨੇ ਆਪਣਾ ਫੋਨ ਨੰਬਰ ਹੀ ਬਦਲ ਲਿਆ ਹੈ। 'ਵੱਡੇ ਤੇ ਸਿਤਾਰੇ ਹੋਣ ਦਾ ਇਹ ਨੁਕਸਾਨ ਵੀ ਉਠਾਉਣਾ ਪੈਂਦਾ ਹੈ' ਠੰਢਾ ਹਓਕਾ ਭਰਦੇ ਯਾਮੀ ਨੇ ਭੜਾਸ ਕੱਢੀ ਹੈ।

ਆਯੂਸ਼ਮਨ ਖੁਰਾਣਾ : 'ਬਾਲਾ' ਦਾ 'ਉਜੜਾ ਚਮਨ'

ਭੂਮੀ ਪੇਡਨੇਕਰ ਦੇ ਨਾਲ ਆਯੂਸਮਨ ਖੁਰਾਣਾ ਦੀ ਫ਼ਿਲਮ 'ਬਾਲਾ' ਆ ਰਹੀ ਹੈ, ਜਿਸ ਦਾ ਟਰੇਲਰ ਵਧੀਆ ਕਿਹਾ ਜਾ ਸਕਦਾ ਹੈ। 'ਬਾਲਾ' ਦੇ ਪ੍ਰਚਾਰ 'ਤੇ ਆਯੂਸ਼ ਪੂਰਾ ਜ਼ੋਰ ਵੱਖ-ਵੱਖ ਤਰੀਕਿਆਂ ਨਾਲ ਲਾ ਰਿਹਾ ਹੈ। ਇਸ ਦਾ ਹੀ ਹਿੱਸਾ ਆਯੂਸ਼ ਨੇ ਆਪਣੀ ਫੇਸਬੁੱਕ ਇੰਸਟਾਗ੍ਰਾਮ ਕਹਾਣੀ 'ਚ ਦਿਖਾਇਆ ਹੈ। ਇਕ ਮਜ਼ਾਹੀਆ ਵੀਡੀਓ ਪਾ ਕੇ ਜਿਥੇ ਇਕ ਸੈਲੂਨ 'ਚ ਵਾਲ ਕਟਵਾ ਰਹੇ ਵਿਅਕਤੀ ਨੂੰ ਵਾਰ-ਵਾਰ ਫੋਨ ਆ ਰਹੇ ਹਨ ਤੇ ਗੁੱਸੇ 'ਚ ਉਹ ਆਪਣੀ ਵਿੱਗ ਲਾਹ ਕੇ ਸੈਲੂਨ ਵਾਲੇ ਨੂੰ ਕਹਿੰਦਾ ਹੈ ਕਿ ਹੁਣ 'ਕੈਂਚੀ ਮਾਰ ਜਲਦੀ 'ਤੇ... ਵਾਲ... ਕੱਟ' ਤਾਂ ਉਥੇ ਬੈਠੇ ਗਾਹਕ ਹੱਸ ਪੈਂਦੇ ਹਨ। ਅਸਲ 'ਚ ਆਯੂਸ਼ਮਨ ਨੇ ਇਹ ਵੀ ਦਿਖਾਇਆ ਹੈ ਕਿ ਉਸ ਦੀ ਫ਼ਿਲਮ 'ਬਾਲਾ' ਵੀ ਅਜਿਹੀ ਹੀ ਮਜ਼ਾਹੀਆ ਕਿਰਦਾਰਾਂ ਵਾਲੀ ਫ਼ਿਲਮ ਹੈ। ਇਸ ਦੀਵਾਲੀ 'ਤੇ ਆਯੂਸ਼ਮਨ ਲਈ ਪੰਗਾ ਪਿਆ ਹੈ। ਬਾਲਾ ਦੀ 7 ਨਵੰਬਰ ਨੂੰ ਰਿਲੀਜ਼ ਹੈ, ਕਿਉਂਕਿ 'ਉਜੜਾ ਚਮਨ' ਫ਼ਿਲਮ ਦੇ ਅਭਿਸ਼ੇਕ ਅਨੁਸਾਰ 'ਬਾਲਾ' ਦਾ ਪੋਸਟਰ ਉਸ ਦੀ ਫ਼ਿਲਮ ਦੇ ਪੋਸਟਰ ਦੀ ਨਕਲ ਹੈ ਤੇ 'ਉਜੜਾ ਚਮਨ' 20 ਨੂੰ ਆ ਰਹੀ ਹੈ। ਕਿਤੇ ਦੀਵਾਲੀ 'ਤੇ ਕਾਨੂੰਨੀ ਲੜਾਈ ਆਯੂਸ਼ਮਨ ਦਾ ਚਮਨ ਉਜਾੜ ਨਾ ਦੇਵੇ।

ਦੀਵਾਲੀ ਫ਼ਿਲਮੀ ਸਿਤਾਰਿਆਂ ਦੀ

ਕੀ ਬਾਲੀਵੁੱਡ, ਕੀ ਟੀ.ਵੀ. ਦੀ ਦੁਨੀਆ, ਕੀ ਦੱਖਣ ਦੀ ਫ਼ਿਲਮ ਨਗਰੀ ਅਤੇ ਕੀ ਆਪਣਾ ਪਾਲੀਵੁੱਡ, ਸਾਰੇ ਹੀ ਦੀਵਾਲੀ 'ਤੇ ਰੌਸ਼ਨੀਆਂ ਸਜਾਉਂਦੇ, ਪੂਜਾ ਕਰਦੇ, ਈਸ਼ਵਰ ਦਾ ਸ਼ੁਕਰਾਨਾ ਕਰ ਵਧੀਆ ਪਕਵਾਨ ਤੇ ਮਠਿਆਈਆਂ ਖਾਂਦੇ, ਇਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ। 'ਹੈਪੀ ਦੀਵਾਲੀ', 'ਸ਼ੁੱਭ ਦੀਵਾਲੀ' ਮਨਾਉਂਦੇ ਹਨ ਤੇ ਇਸ ਵਾਰ ਚਾਹੇ ਦੌਰ ਮੰਦੀ ਦਾ, ਸਾਡੇ-ਤੁਹਾਡੇ ਲਈ ਦੀਵਾਲੀ ਦਾ ਸੁਆਦ ਥੋੜ੍ਹਾ ਫਿੱਕਾ ਕਰੇ ਪਰ ਇਹ ਅਜਬ-ਗ਼ਜ਼ਬ ਨਗਰੀਆਂ ਦੀਵਾਲੀ ਧੂਮ-ਧਾਮ ਨਾਲ ਮਨਾਉਣਗੀਆਂ। ਪੂਰਾ ਬੱਚਨ ਪਰਿਵਾਰ ਅਮਿਤਾਭ, ਜਯਾ, ਅਭਿਸ਼ੇਕ, ਅਰਾਧਿਆ, ਸ਼ਵੇਤਾ, ਐਸ਼ਵਰਿਆ ਦੀਵਾਲੀ 'ਤੇ ਧਮਾਲ ਪਾਵੇਗਾ। ਪ੍ਰਾਹੁਣਿਆਂ ਦੀ ਲੰਬੀ ਸੂਚੀ ਬਣਾ ਉਨ੍ਹਾਂ ਨੂੰ ਸੱਦੇ ਦਿੱਤੇ ਗਏ ਹਨ। ਦੀਪਿਕਾ ਸਿੰਘ ਦੀ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਹੈ ਤੇ ਘਰੇ ਹੀ ਉਹ ਰਣਵੀਰ ਨਾਲ ਇਸ ਦਿਨ ਰੌਸ਼ਨੀਆਂ ਦੇ ਨਾਲ ਸੋਹਣੇ ਪਕਵਾਨ ਤਿਆਰ ਕਰੇਗੀ। ਲੂਲੀਆ ਵੈਂਤੁਰ ਹੁਣ ਭਾਰਤੀ ਸੰਸਕ੍ਰਿਤੀ ਦਾ ਗੂੜ੍ਹਾ ਗਿਆਨ ਹਾਸਲ ਕਰ ਚੁੱਕੀ ਹੈ ਤੇ ਸਲਮਾਨ ਖ਼ਾਨ ਨੂੰ ਤੋਹਫੇ ਦੇਣ ਤੋਂ ਬਾਅਦ ਘਰੇ ਲੜੀਆਂ ਦੀ ਸਜਾਵਟ ਕਰਨ ਜਾ ਰਹੀ ਹੈ। ਜਾਹਨਵੀ ਕਪੂਰ ਨੂੰ ਮਾਂ ਦੀ ਯਾਦ ਸਤਾਏਗੀ ਤੇ ਸਿਰਫ਼ ਦੀਵਾਲੀ ਸਮੇਂ ਚੰਦ ਰਸਮਾਂ ਹੀ ਉਹ ਕਰੇਗੀ। ਗੱਲ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਦੀ ਤਾਂ ਲਕਸ਼ਮੀ ਪੂਜਾ ਬਹੁਤ ਜ਼ਰੂਰੀ ਹੈ, ਬੇਬੋ ਆਖਦੀ ਹੈ। ਸ਼ਾਹਰੁਖ ਖ਼ਾਨ ਦਾ ਸਾਫ਼ ਕਹਿਣਾ ਹੈ ਕਿ ਯਾਰਾਂ ਬਿਨਾਂ ਕਾਹਦੀ ਦੀਵਾਲੀ ਤੇ ਘਰ ਰੌਸ਼ਨ ਕਰੂ ਗੌਰੀ ਆਪਾਂ ਕਰਾਂਗੇ ਯਾਰ ਅਣਮੁੱਲਿਆਂ ਨਾਲ ਮੌਜਮਸਤੀ। ਕ੍ਰਿਸ਼ਮਾ ਕਪੂਰ ਕਹਿੰਦੀ ਹੈ ਕਿ ਪਿਛਲੀ ਵਾਰ ਉਹ ਦੀਵਾਲੀ 'ਤੇ ਨਵੇਂ ਕੱਪੜੇ ਨਹੀਂ ਸੀ ਪਾ ਸਕੀ ਪਰ ਐਤਕੀਂ ਅਨੁਸ਼ਕਾ ਸ਼ਰਮਾ ਦੀ ਤਰ੍ਹਾਂ ਮਹਿੰਗਾ ਸੂਟ ਤਾਂ ਉਸੇ ਹੀ ਦੁਕਾਨ ਤੋਂ ਲਿਆ ਹੈ, ਜਿਥੋਂ ਸ਼ਰਧਾ ਕਪੂਰ ਖਰੀਦਦੀ ਹੈ ਤੇ ਲੈ ਕੇ ਪਹਿਨਦੀ ਹੈ। ਕੈਟਰੀਨਾ ਕੈਫ਼ ਆਖਦੀ ਹੈ ਕਿ ਇਹ ਤਿਉਹਾਰ ਰੌਸ਼ਨੀਆਂ ਦਾ ਹੈ ਤੇ ਪਟਾਕੇ ਚਲਾਉਣ ਦੀ ਤਾਂ ਜ਼ਰੂਰਤ ਹੀ ਨਹੀਂ।
ਨਰਗਿਸ ਫਾਖਰੀ ਕਹਿ ਰਹੀ ਹੈ ਕਿ ਦੀਵਾਲੀ 'ਤੇ ਘਰ ਦੀ ਸਫ਼ਾਈ ਦਾ ਅਰਥ ਹੈ ਕਿ ਜੋ ਬੀਤ ਗਿਆ ਉਹ ਸਾਫ਼ ਕਰੋ ਤੇ ਨਵੇਂ ਸਿਰਿਉਂ ਜੀਵਨ ਦੀਵਿਆਂ ਦੀ ਲੋਅ ਨਾਲ ਸ਼ੁਰੂ ਕਰੋ। ਨਵਨੀਤ ਕੌਰ ਢਿੱਲੋਂ 'ਸ਼ੋਰ-ਸ਼ਰਾਬਾ' ਰਹਿਤ 'ਪ੍ਰਦੂਸ਼ਣ' ਭਰੇ ਵਾਤਾਵਰਨ 'ਚੋਂ ਨਿਕਲ ਕੇ ਪਿੰਡ ਆ ਕੇ ਢੇਰ ਸਾਰੀ ਰੌਸ਼ਨੀ ਕਰ ਕੇ ਦੀਵਾਲੀ ਮਨਾਏਗੀ, ਕਿਉਂਕਿ ਧੂੰਏਂ ਤੋਂ ਉਹਨੂੰ ਸੋਨਮ ਕਪੂਰ ਦੀ ਤਰ੍ਹਾਂ ਸਖ਼ਤ ਨਫ਼ਰਤ ਹੈ। 'ਦੇਹਰਾਦੂਨ' ਜਾ ਕੇ ਸੋਨਾਕਸ਼ੀ ਸਿਨਹਾ ਦੀਵਾਲੀ ਦਾ ਪਹਿਲਾ ਦੀਵਾ ਜਗਾਏਗੀ।
ਰੌਲਾ ਮੁਕਤ ਦੀਵਾਲੀ ਮਨਾਉਣ ਦੀ ਗੱਲ ਮਾਨ ਸਾਹਬ ਹੋਰੀਂ ਵੀ ਕਰ ਰਹੇ ਨੇ ਤੇ ਨੀਰੂ ਬਾਜਵਾ ਵੀ। ਕਵਿਤਾ ਕੌਸ਼ਲ, ਸੁਖਮਿੰਦਰ ਧੰਜਲ, ਬੀਨੂੰ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਖੂਬ ਮਸਤੀ, ਖੂਬ ਖਾਣਾ ਪਰ ਪਟਾਕੇ ਨਹੀਂ, ਇਹੀ ਸਾਡੀ ਦੀਵਾਲੀ ਹੈ। ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਤੇ ਵਨੀਤ ਅਟਵਾਲ ਕਹਿੰਦੇ ਨੇ ਘਰ ਰੌਸ਼ਨ ਕਰੋ ਪਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਨਾ ਕਰੋ। ਗੁਰਦੀਪ ਸੰਧੂ, ਜਸ਼ਨ ਅਗਨੀਹੋਤਰੀ, ਸੰਦੀਪ ਕੰਬੋਜ, ਜੱਸੀ ਬੰਗਾ ਤੇ ਦਰਸ਼ਨ ਔਲਖ ਪਾਲੀਵੁੱਡ ਦੇ ਮਹਾਂਰਥੀ ਦੱਸਦੇ ਹਨ ਕਿ ਪਲਾਸਟਿਕ ਦੀ ਬਾਲਟੀ ਨੇ ਟੁੱਟੀਆਂ ਬੋਤਲਾਂ ਨਾਲ ਪਟਾਕੇ ਢਕ ਕੇ ਨਿੱਕੇ ਹੁੰਦੇ ਉਹ ਚਲਾਉਂਦੇ ਸਨ, ਤਾਂ ਜੋ ਆਵਾਜ਼ ਤੇਜ਼ ਹੋਵੇ ਪਰ ਇਹ ਬਚਪਨ ਦੀਆਂ ਸ਼ਰਾਰਤਾਂ ਹਨ, ਹੁਣ ਸਿਰਫ਼ 'ਹਰੀ-ਭਰੀ ਦੀਵਾਲੀ' ਮਨਾਵਾਂਗੇ।
ਗੱਲ ਕੀ ਦੀਵਾਲੀ ਹਮੇਸ਼ਾ ਹੀ ਆਪਣਿਆਂ ਤੇ ਪਿਆਰੇ ਲੋਕਾਂ ਨਾਲ ਸਮਾਂ ਬਿਤਾਉਣਾ, ਘਰ ਲਾਈਟਾਂ ਨਾਲ ਰੌਸ਼ਨ ਕਰਨ ਦਾ ਦਿਨ ਰਿਹਾ ਹੈ। ਕੰਗਨਾ ਰਣੌਤ ਜੇ ਇਸ ਦਿਨ ਘਰੇ ਸੁੰਦਰ ਰੰਗੋਲੀ ਬਣਾਉਂਦੀ ਆਈ ਹੈ ਤਾਂ ਜਪੁਜੀ ਖਹਿਰਾ, ਦਿਲਜੋਤ, ਕਮਲ ਖੰਗੂਰਾ, ਮੰਨਤ ਸਿੰਘ ਗੁਰੂ ਘਰ ਜਾ ਕੇ ਕੀਰਤਨ ਸਰਵਣ ਕਰਨ ਨਾਲ ਦੀਵਾਲੀ ਨੂੰ ਸ਼ੁੱਭ ਮੰਨਦੇ ਹਨ। ਲਓ ਫਰਹਾ ਖ਼ਾਨ, ਕਰਨ ਜੌਹਰ ਕਹਿ ਰਹੇ ਨੇ 'ਜ਼ੋਇਯਾ ਫੈਕਟਰ', 'ਖਾਨਦਾਨੀ ਸ਼ਫ਼ਾਖਾਨਾ', 'ਇੰਡੀਅਨ ਮੋਸਟ ਵਾਂਟੇਡ', 'ਜਬਰੀਆ ਜੋੜੀ', 'ਏਕ ਲੜਕੀ ਕੋ ਦੇਖਾ', 'ਕਲੰਕ' ਆਦਿ ਫ਼ਿਲਮਾਂ ਨੇ ਇਨ੍ਹਾਂ ਦੇ ਨਿਰਮਾਤਾਵਾਂ ਦਾ ਦਿਵਾਲਾ ਦੀਵਾਲੀ ਤੋਂ ਪਹਿਲਾਂ ਕੱਢ ਦਿੱਤਾ ਹੈ। ਇਕ ਮੰਦੀ ਸਾਡੀ ਤੇ ਇਕ ਮੰਦੀ ਇਨ੍ਹਾਂ ਦੀ ਪਰ ਦੀਵਾਲੀ ਹੈ, ਹੋਰ ਨਹੀਂ ਤਾਂ ਸਰ੍ਹੋਂ ਦਾ ਤੇਲ ਪਾ ਕੇ ਦੀਵੇ ਹੀ ਜਗਾ ਲਏ ਜਾਣ।
ਦੀਵਾਲੀ ਦਿਨ ਖ਼ੁਸ਼ੀਆਂ ਦਾ ਗਿੱਪੀ ਗਰੇਵਾਲ ਤੋਂ ਲੈ ਕੇ ਪ੍ਰੀਤ ਮੁਹੱਦੀਪੁਰ, ਭੂਮੀ ਪੇਡਨੇਕਰ ਤੋਂ ਤਾਪਸੀ ਪੰਨੂ, ਦਿਸ਼ਾ ਪਟਾਨੀ ਤੋਂ ਸਿਧਾਰਥ ਨਿਗਮ ਆਪਣੇਪਨ ਦੀ ਮਿਠਾਸ, ਕਿਤੇ ਕਲਾ-ਦਵਾਤ ਇਸ ਦਿਨ ਪੂਜਾ ਉਨ੍ਹਾਂ ਅਨੁਸਾਰ ਹੁੰਦੀ ਹੈ। ਹਾਂ ਬੰਦੀ ਛੋੜ ਦਿਵਸ ਪੰਜਾਬੀ ਫ਼ਿਲਮਾਂ ਵਾਲੇ ਕਹਿੰਦੇ ਨੇ ਇਸ ਦਿਨ ਮਨਾਈਦਾ ਹੈ। 'ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ' ਦਾ ਚੇਤਾ ਇਕਬਾਲ ਢਿੱਲੋਂ, ਯੋਗਰਾਜ ਸਿੰਘ ਦਿਵਾਉਂਦੇ ਹਨ।
ਕੁੱਲ ਮਿਲਾ ਕੇ ਬਾਲੀਵੁੱਡ ਤੇ ਪਾਲੀਵੁੱਡ ਸਭ ਦਾ ਸੁਨੇਹਾ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕਰੋ, ਪਰਿਵਾਰ ਨਾਲ ਖ਼ੁਸ਼ੀਆਂ ਵੰਡੋ। ਤੋਹਫ਼ੇ ਦਿਓ, ਲਵੋ, ਆਲਾ-ਦੁਆਲਾ ਸਾਫ਼ ਰੱਖੋ, ਚੰਗੇ ਖਾਣੇ ਬਣਾਓ, ਇਹੀ ਹੈ ਪ੍ਰਦੂਸ਼ਣ ਰਹਿਤ ਘੱਟ ਆਤਿਸ਼ਬਾਜ਼ੀ ਵਾਲੀ ਦੀਵਾਲੀ। ਅਕਸ਼ੈ ਕੁਮਾਰ, ਟਾਈਗਰ ਸ਼ਰਾਫ਼ ਤੋਂ ਇਧਰ ਪਾਲੀਵੁੱਡ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਅਮਰਿੰਦਰ ਗਿੱਲ, ਪ੍ਰਵੀਨ ਅਖ਼ਤਰ, ਐਮੀ ਵਿਰਕ ਸਭ ਦਾ ਕਹਿਣਾ ਹੈ ਕਿ ਜਗਮਗ ਸਭ ਪਾਸੇ ਹੋਵੇ, ਦੀਵੇ ਸਾਰੀ ਰਾਤ ਬਲਦੇ ਰਹਿਣ, ਪਟਾਕਿਆਂ ਦੀ ਘੱਟ ਵਰਤੋਂ ਤੇ ਸੰਜਮ-ਸਾਵਧਾਨੀ ਨਾਲ ਮਿਲ ਕੇ ਬਾਲੀਵੁੱਡ-ਪਾਲੀਵੁੱਡ ਤੇ ਟੈਲੀਵੁੱਡ ਮਨਾਏ। ਸ਼ੁੱਭ ਦੀਵਾਲੀ ਸਾਰੇ ਕਹੋ ਪਰ ਨੁਕਸਾਨ ਤੋਂ ਬਚ ਕੇ ਰਹੋ ਜ਼ਿਆਦਾ ਸਾਵਧਾਨ।

ਥਾਈਲੈਂਡ ਤੋਂ ਆਈ ਐਨ. ਮਿਤਚਾਈ

ਵਿਦੇਸ਼ੀ ਕਲਾਕਾਰਾਂ ਦਾ ਬਾਲੀਵੁੱਡ ਵੱਲ ਆਕਰਸ਼ਿਤ ਹੋਣਾ ਹੁਣ ਨਵੀਂ ਗੱਲ ਨਹੀਂ ਹੈ। ਹਾਂ, ਨਵੀਂ ਗੱਲ ਇਹ ਜ਼ਰੂਰ ਹੈ ਕਿ ਹੁਣ ਥਾਈਲੈਂਡ ਦੇ ਕਲਾਕਾਰ ਵੀ ਬਾਲੀਵੁੱਡ ਵਿਚ ਚਮਕਣਾ ਚਾਹੁੰਦੇ ਹਨ। ਉਥੋਂ ਦੀ ਨਾਮੀ ਕਲਾਕਾਰ ਤੇ ਗਾਇਕਾ ਐਨ. ਮਿਤਚਾਈ ਨੇ ਹੁਣ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ।
ਐਨ. ਮਿਤਚਾਈ ਗਾਇਕਾ ਦੇ ਨਾਲ-ਨਾਲ ਸ਼ਾਸਤਰੀ ਨ੍ਰਿਤ ਵਿਚ ਵੀ ਮਾਹਿਰ ਹੈ। ਉਹ ਦੁਨੀਆ ਦੇ ਕਈ ਦੇਸ਼ਾਂ ਵਿਚ ਸ਼ੋਅ ਪੇਸ਼ ਕਰ ਚੁੱਕੀ ਹੈ ਅਤੇ ਹੁਣ ਆਪਣੇ ਨਵੇਂ ਐਲਬਮ 'ਪ੍ਰਿਆਵਤਾਰ' ਦੇ ਉਦਘਾਟਨ ਮੌਕੇ ਉਸ ਨੇ ਮੁੰਬਈ ਮਹਾਨਗਰ 'ਤੇ ਆਪਣੀ ਪਸੰਦ ਉਤਾਰੀ। ਐਲਬਮ ਰਿਲੀਜ਼ ਮੌਕੇ ਉਸ ਨੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਸੱਦਾ ਭੇਜਿਆ ਸੀ ਅਤੇ ਉਸ ਦੇ ਸੱਦੇ ਨੂੰ ਮਾਣ ਦਿੰਦੇ ਹੋਏ ਉਦਘਾਟਨ ਸਮਾਰੋਹ ਵਿਚ ਸੰਗੀਤਕਾਰ ਦਲੀਪ ਸੇਨ ਤੇ ਨਿਖਿਲ ਕਾਮਤ, ਗਾਇਕਾ ਮਧੂਸ੍ਰੀ, ਆਰਤੀ ਨਾਗਪਾਲ, ਪੰਕਜ ਬੇਰੀ, ਪੀਹੂ ਚੌਹਾਨ ਆਦਿ ਪਹੁੰਚੇ ਸਨ ਅਤੇ ਨਿਰਦੇਸ਼ਕ ਮੇਹੁਲ ਕੁਮਾਰ ਦੇ ਹੱਥੋਂ ਐਲਬਮ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਗਈ।
ਮਿਤਚਾਈ ਅਨੁਸਾਰ ਉਹ ਬਚਪਨ ਤੋਂ ਹੀ ਹਿੰਦੀ ਫ਼ਿਲਮਾਂ ਵੱਲ ਆਕਰਸ਼ਿਤ ਰਹੀ ਹੈ। ਪੰਜ ਸਾਲ ਦੀ ਉਮਰ ਵਿਚ ਜਦੋਂ ਉਹ ਗਾਇਕੀ ਦੇ ਗੁਰ ਸਿੱਖ ਰਹੀ ਸੀ, ਉਦੋਂ ਉਸ ਦਾ ਪਸੰਦੀਦਾ ਗੀਤ 'ਪਾਕੀਜ਼ਾ' ਦਾ 'ਇਨਹੀਂ ਲੋਗੋਂ ਨੇ...' ਸੀ ਅਤੇ ਅੱਜ ਵੀ ਇਹ ਗੀਤ ਉਸ ਦਾ ਪਸੰਦੀਦਾ ਗੀਤ ਹੈ। ਉਹ ਜਿਥੇ ਕਿਤੇ ਸ਼ੋਅ ਕਰਨ ਜਾਂਦੀ ਹੈ ਤਾਂ ਉਥੇ ਭਾਰਤੀ ਦਰਸ਼ਕ ਵੀ ਮੌਜੂਦ ਹੁੰਦੇ ਹਨ ਅਤੇ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ 'ਢੋਲੀ ਤਾਰੋ ਢੋਲ...' ਤੇ 'ਮੁੰਨੀ ਬਦਨਾਮ ਹੂਈ...' ਜ਼ਰੂਰੀ ਗਾਉਂਦੀ ਹੈ ਅਤੇ ਵਾਹਵਾਹੀ ਖੱਟਦੀ ਹੈ। ਇਹੀ ਨਹੀਂ, ਉਹ ਗਾਂਧੀ ਜੀ ਦਾ ਪਸੰਦੀਦਾ ਭਜਨ 'ਵੈਸ਼ਣਵ ਜਨ ਤੋ...' ਵੀ ਗਾਉਣਾ ਪਸੰਦ ਕਰਦੀ ਹੈ। ਇਹ ਉਸ ਦੀ ਗਾਇਕੀ ਦਾ ਹੀ ਕਮਾਲ ਕਿਹਾ ਜਾਵੇਗਾ ਕਿ ਨਰਿੰਦਰ ਮੋਦੀ ਤੇ ਸੁਸ਼ਮਾ ਸਵਰਾਜ ਨੇ ਵੀ ਉਸ ਦੀ ਗਾਇਕੀ ਦੀ ਤਾਰੀਫ਼ ਕੀਤੀ ਸੀ। ਥਾਈਲੈਂਡ ਦੀ ਇਸ ਅਭਿਨੇਤਰੀ-ਗਾਇਕਾ ਦੀ ਇੱਛਾ ਹੁਣ ਬਾਲੀਵੁੱਡ ਵਿਚ ਨਾਂਅ ਕਮਾਉਣ ਦੀ ਹੈ ਅਤੇ ਉਸ ਅਨੁਸਾਰ ਇਥੇ ਉਸ ਨੂੰ ਉਤਸ਼ਾਹਪੂਰਨ ਹੁੰਗਾਰਾ ਮਿਲ ਰਿਹਾ ਹੈ।


-ਮੁੰਬਈ ਪ੍ਰਤੀਨਿਧ

ਹਰ ਸਵੇਰ ਝੋਲਾ ਚੁੱਕ ਕੇ ਕੰਮ ਲੱਭਣ ਨਿਕਲ ਪੈਂਦੀ ਸੀ

ਸ਼ੁਭਾ ਰਾਜਪੂਤ

ਜੰਮੂ ਦੀ ਰਹਿਣ ਵਾਲੀ ਸ਼ੁਭਾ ਰਾਜਪੂਤ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਜਦੋਂ ਇਕ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਘਰਵਾਲੇ ਉਸ ਦਾ ਵਿਆਹ ਕਰਨ ਬਾਰੇ ਸੋਚਣ ਲੱਗੇ ਅਤੇ ਸਹੀ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁਭਾ ਆਪਣੀ ਜ਼ਿੰਦਗੀ ਵਿਚ ਕਾਫ਼ੀ ਕੁਝ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਲੱਗਿਆ ਕਿ ਉਸ ਦੇ ਸੁਪਨਿਆਂ ਦੇ ਆੜੇ ਉਸ ਦਾ ਵਿਆਹ ਆ ਸਕਦਾ ਹੈ। ਉਸ ਦੀ ਇੱਛਾ ਅਭਿਨੈ ਵਿਚ ਨਾਂਅ ਕਮਾਉਣ ਦੀ ਵੀ ਸੀ। ਸੋ, ਘਰ ਵਾਲਿਆਂ ਸਾਹਮਣੇ ਆਪਣੇ ਦਿਲ ਦੀ ਗੱਲ ਕਹੀ। ਮੁੰਬਈ ਜਾਣ ਲਈ ਉਸ ਨੇ ਛੇ ਮਹੀਨੇ ਦਾ ਸਮਾਂ ਮੰਗ ਲਿਆ ਅਤੇ ਘਰ ਵਾਲਿਆਂ ਨੇ ਵੀ ਇਹ ਸੋਚ ਕੇ ਇਜਾਜ਼ਤ ਦੇ ਦਿੱਤੀ ਕਿ ਏਨੀ ਜਲਦੀ ਕਿਥੇ ਉਸ ਨੂੰ ਫ਼ਿਲਮਾਂ ਵਿਚ ਕੰਮ ਮਿਲ ਜਾਵੇਗਾ ਅਤੇ ਆਪੇ ਉਹ ਵਾਪਸ ਆ ਜਾਵੇਗੀ। ਪਰ ਸ਼ੁਭਾ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕੀਤਾ। ਉਹ ਆਪਣੇ ਦਮ 'ਤੇ ਫ਼ਿਲਮਾਂ ਵਿਚ ਕੰਮ ਹਾਸਲ ਕਰਨ ਵਿਚ ਕਾਮਯਾਬ ਰਹੀ।
ਆਪਣੇ ਸੰਘਰਸ਼ ਬਾਰੇ ਉਹ ਕਹਿੰਦੀ ਹੈ, 'ਇਥੇ ਮੈਂ ਪਹਿਲੀ ਵਾਰ ਆ ਰਹੀ ਸੀ। ਮੁੰਬਈ ਵਿਚ ਮੇਰਾ ਕੋਈ ਜਾਣੂ ਨਹੀਂ ਸੀ। ਇਸ ਅਣਜਾਣ ਸ਼ਹਿਰ ਵਿਚ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਯਸ਼ ਰਾਜ ਸਟੂਡੀਓ ਕਿਥੇ ਹੈ ਅਤੇ ਫ਼ਿਲਮਸਿਟੀ ਸਟੂਡੀਓ ਕਿਸ ਇਲਾਕੇ ਵਿਚ ਹੈ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਇਥੇ ਅਸਲੀ ਫ਼ਿਲਮ ਨਿਰਮਾਤਾ ਕਿਹੜਾ ਹੈ ਅਤੇ ਫਰਾਡ ਨਿਰਮਾਤਾ ਕਿਹੜਾ। ਇਥੇ ਮੇਰਾ ਕੋਈ ਗਾਡ ਫਾਦਰ ਨਹੀਂ ਸੀ। ਸੋ, ਖ਼ੁਦ ਹੀ ਆਪਣਾ ਰਸਤਾ ਬਣਾਉਣਾ ਸੀ। ਮੈਨੂੰ ਐਡ ਫ਼ਿਲਮਾਂ ਤੋਂ ਆਪਣੀ ਸ਼ੁਰੂਆਤ ਕਰਨਾ ਸਹੀ ਲੱਗਿਆ ਅਤੇ ਮੈਂ ਐਡ ਏਜੰਸੀਆਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਹਰ ਸਵੇਰ ਮੈਂ ਝੋਲਾ ਚੁੱਕ ਕੇ ਨਿਕਲ ਪੈਂਦੀ ਸੀ। ਉਸ ਵਿਚ ਕੱਪੜੇ ਤੇ ਰੋਟੀ ਵਾਲਾ ਡੱਬਾ ਹੁੰਦਾ ਸੀ, ਤਾਂ ਕਿ ਆਡੀਸ਼ਨ ਦੌਰਾਨ ਜਿਵੇਂ ਜ਼ਰੂਰਤ ਹੋਵੇ ਉਸ ਅਨੁਸਾਰ ਖ਼ੁਦ ਨੂੰ ਤਿਆਰ ਕਰ ਸਕਾਂ। ਮੇਰੀ ਮਿਹਨਤ ਰੰਗ ਲਿਆਉਣ ਲੱਗੀ ਅਤੇ ਮੈਨੂੰ ਐਡ ਫ਼ਿਲਮਾਂ ਮਿਲਣ ਲੱਗੀਆਂ। ਫਿਰ ਵੱਡੇ ਪਰਦੇ 'ਤੇ ਚਮਕਣ ਦਾ ਮੌਕਾ 'ਸਨਸ਼ਾਈਨ ਮਿਊਜ਼ਿਕ ਟੂਰਸ ਐਂਡ ਟ੍ਰੈਵਲਸ' ਫ਼ਿਲਮ ਰਾਹੀਂ ਮਿਲਿਆ ਅਤੇ ਹੁਣ ਮੇਰੀ ਦੂਜੀ ਫ਼ਿਲਮ 'ਯਾਰਮ' ਵੀ ਰਿਲੀਜ਼ ਹੋ ਰਹੀ ਹੈ।
'ਯਾਰਮ' ਵਿਚ ਸ਼ੁਭਾ ਵਲੋਂ ਮੀਰਾ ਦਾ ਕਿਰਦਾਰ ਨਿਭਾਇਆ ਗਿਆ ਹੈ ਅਤੇ ਇਸ ਵਿਚ ਪ੍ਰਤੀਕ ਬੱਬਰ ਤੇ ਸਿਧਾਂਤ ਕਪੂਰ ਵੀ ਹੈ। ਸ਼ੁਭਾ ਅਨੁਸਾਰ ਇਨ੍ਹਾਂ ਦੋਵਾਂ ਨੇ ਫ਼ਿਲਮ ਇੰਡਸਟਰੀ ਵਿਚ ਆਪਣੀਆਂ ਅੱਖਾਂ ਖੋਲ੍ਹੀਆਂ ਹਨ। ਸੋ, ਸ਼ੂਟਿੰਗ ਦਾ ਤਾਮ-ਝਾਮ ਉਸ ਲਈ ਨਵੀਂ ਗੱਲ ਨਹੀਂ ਸੀ, ਜਦ ਕਿ ਫ਼ਿਲਮੀ ਮਾਹੌਲ ਵਿਚ ਨਵੀਂ ਹੋਣ ਦੀ ਵਜ੍ਹਾ ਕਰਕੇ ਸ਼ੁਭਾ ਕਾਫ਼ੀ ਘਬਰਾਈ ਹੋਈ ਸੀ। ਪਰ ਪ੍ਰਤੀਕ ਤੇ ਸਿਧਾਂਤ ਨੇ ਉਸ ਨੂੰ ਕਦੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਨਵੀਂ ਹੈ। ਸ਼ੁਭਾ ਅਨੁਸਾਰ ਫ਼ਿਲਮ ਵਿਚ ਉਸ ਵਲੋਂ ਚੰਗਾ ਅਭਿਨੈ ਕਰ ਸਕਣਾ ਸਿਹਰਾ ਇਨ੍ਹਾਂ ਦੋਵਾਂ ਨੂੰ ਜਾਂਦਾ ਹੈ। ਹੁਣ ਕਾਸਟਿੰਗ ਏਜੰਟ ਕੁਨਾਲ ਸ਼ਾਹ ਦੀ ਮਦਦ ਨਾਲ ਸ਼ੁਭਾ ਨੂੰ ਦੋ ਹੋਰ ਫ਼ਿਲਮਾਂ ਮਿਲੀਆਂ ਹਨ ਪਰ ਉਹ ਇਸ ਬਾਰੇ ਤਦ ਹੀ ਗੱਲ ਕਰਨਾ ਚਾਹੇਗੀ, ਜਦੋਂ ਸ਼ੂਟਿੰਗ ਸ਼ੁਰੂ ਹੋਵੇਗੀ, ਕਿਉਂਕਿ ਫ਼ਿਲਮ ਸ਼ੁਰੂ ਹੋਣ ਦਰਮਿਆਨ ਕਾਫ਼ੀ ਕੁਝ ਬਦਲ ਜਾਂਦਾ ਹੈ, ਉਸ ਨੇ ਦੇਖਿਆ ਹੈ ਤੇ ਅਨੁਭਵ ਵੀ ਕਰ ਚੁੱਕੀ ਹੈ।
ਉਮੀਦ ਹੈ ਕਿ ਆਪਣੀਆਂ ਅਗਾਮੀ ਫ਼ਿਲਮਾਂ ਬਾਰੇ ਗੱਲ ਕਰਨ ਦਾ ਮੌਕਾ ਉਸ ਨੂੰ ਜਲਦੀ ਹੀ ਮਿਲੇਗਾ।


-ਮੁੰਬਈ ਪ੍ਰਤੀਨਿਧ

ਸੁਪਨਾ ਸਟਾਰ ਬਣਨ ਦਾ ਹੈ-ਸੰਦੀਪ ਕੰਬੋਜ

'ਮਜਾਜਣ', 'ਕੌਣ ਕਿਸੇ ਦਾ ਬੇਲੀ' ਫ਼ਿਲਮਾਂ 'ਚ ਕੰਮ ਕਰਕੇ ਅੱਜ ਤੋਂ 10 ਸਾਲ ਪਹਿਲਾਂ ਸੰਦੀਪ ਕੰਬੋਜ ਨੇ ਆਪਣਾ ਅਭਿਨੈ ਸਫ਼ਰ ਸ਼ੁਰੂ ਕੀਤਾ ਸੀ। ਆਸਟ੍ਰੇਲੀਆ ਵਾਸੀ ਸੰਦੀਪ ਨੇ ਕਿਹਾ ਕਿ ਬਚਪਨ ਦੇ ਸ਼ੌਕ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਪੂਰੇ ਹੋਣ ਵੱਲ ਕਦਮ ਪੁਟਦੇ ਹਨ। ਬਸ ਲਗਨ, ਸੰਘਰਸ਼, ਮਿਹਨਤ ਤੇ ਜਜ਼ਬਾ ਹੋਣਾ ਚਾਹੀਦਾ ਹੈ। ਸ਼ੁਰੂਆਤ ਉਸ ਨੇ ਸੁਰਜੀਤ ਭੁੱਲਰ, ਸਤਵਿੰਦਰ ਬਿੱਟੀ, ਸ਼ੇਰਾ ਬੋਹੜਵਾਲੀਆ ਨਾਲ ਸਟੇਜ ਐਂਕਰਿੰਗ ਤੋਂ ਕੀਤੀ ਤੇ ਨਾਲ ਹੀ ਕੁਝ ਗੀਤਾਂ 'ਚ ਮਾਡਲਿੰਗ ਵੀ ਜਦ ਕਿ ਆਸਟ੍ਰੇਲੀਆ ਜਾ ਕੇ ਉਸ ਨੇ ਜਿਥੇ ਅਭਿਨੈ ਦੇ ਹੋਰ ਗੁਣ ਹਾਸਲ ਕੀਤੇ, ਉਥੇ ਕੁਝ ਉਤਪਾਦਾਂ ਲਈ ਚਿਹਰਾ ਵੀ ਦਿਖਾਇਆ। ਹੁਣ ਫਿਰ ਕੁਝ ਦੇਰ ਲਈ ਇੰਡੀਆ ਆ ਕੇ ਸੰਦੀਪ ਨੇ 'ਸ਼ੂਦਰ ਏ ਖ਼ਾਲਸਾ' ਬਾਲੀਵੁੱਡ ਫ਼ਿਲਮ 'ਚ ਨੈਗੇਟਿਵ ਕਿਰਦਾਰ ਕੀਤਾ ਹੈ ਜਦਕਿ 'ਕਰਜ਼ਾ' ਫ਼ਿਲਮ 'ਚ ਉਹ ਹੀਰੋ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਭੂਸ਼ਨ ਮਦਾਨ, ਇਕਬਾਲ ਢਿੱਲੋਂ, ਵਨੀਤ ਅਟਵਾਲ ਤੇ ਠਾਕਰ ਤਪੱਸਵੀ ਤੋਂ ਪ੍ਰਭਾਵਿਤ ਸੰਦੀਪ ਕੰਬੋਜ ਨੇ ਦੱਸਿਆ ਕਿ ਮਸ਼ਹੂਰ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਨੂੰ ਉਹ ਆਪਣਾ 'ਰੋਲ ਮਾਡਲ' ਸਮਝਦਾ ਹੈ ਤੇ ਸਖ਼ਤ ਸੰਘਰਸ਼ ਕਰਕੇ ਉਹ ਪਾਲੀਵੁੱਡ ਦਾ ਸਟਾਰ ਅਦਾਕਾਰ ਬਣਨਾ ਚਾਹੁੰਦਾ ਹੈ। ਆਪਣੀ ਐਕਟਿੰਗ, ਵਿਅਕਤੀਗਤ 'ਤੇ ਦਿਖ 'ਤੇ ਉਸ ਨੂੰ ਪੂਰਾ ਵਿਸ਼ਵਾਸ ਹੈ। ਅੱਜ ਦੇ ਪਾਲੀਵੁੱਡ 'ਚ ਨਵੀਂ ਤਕਨੀਕ ਦੀ ਵਰਤੋਂ ਤੇ ਸੁਧਾਰਾਂ ਤੋਂ ਖੁਸ਼ ਸੰਦੀਪ ਨੂੰ ਉਮੀਦ ਹੈ ਕਿ ਜਲਦੀ ਹੀ ਪ੍ਰਤਿਭਾ ਦੀ ਕਦਰ ਹੋਵੇਗੀ ਨਾ ਕਿ 'ਸੈਲੀਬ੍ਰਿਟੀ' ਪਿੱਛੇ ਹੀ ਨਿਰਮਾਤਾ ਘੁੰਮਣਗੇ।


-ਅੰਮ੍ਰਿਤ ਪਵਾਰ

ਆਵਿਕਾ ਗੋਰ ਕੰਮ ਦੇ ਮੌਕੇ ਰੋਜ਼-ਰੋਜ਼ ਨਹੀਂ ਮਿਲਦੇ

ਲੜੀਵਾਰ 'ਬਾਲਿਕਾ ਵਧੂ' ਵਿਚ ਨੰਨ੍ਹੀ ਆਨੰਦੀ ਦਾ ਕਿਰਦਾਰ ਨਿਭਾਅ ਕੇ ਜ਼ਬਰਦਸਤ ਕਾਮਯਾਬੀ ਹਾਸਲ ਕਰਨ ਵਾਲੀ ਆਵਿਕਾ ਗੋਰ ਨੇ ਜਵਾਨੀ ਵਿਚ ਕਦਮ ਰੱਖਣ ਤੋਂ ਬਾਅਦ 'ਸਸੁਰਾਲ ਸਿਮਰ ਕਾ' ਲੜੀਵਾਰ ਦੀ ਬਦੌਲਤ ਵੀ ਚੰਗਾ ਨਾਂਅ ਕਮਾਇਆ ਸੀ। ਬਚਪਨ ਵਿਚ ਦਿੱਤੇ ਗਏ ਕਈ ਇੰਟਰਵਿਊ ਵਿਚ ਉਹ ਵੱਡੀ ਹੋ ਕੇ ਮਿਸ ਯੂਨੀਵਰਸ ਬਣਨ ਦੀ ਗੱਲ ਕਿਹਾ ਕਰਦੀ ਸੀ। ਉਦੋਂ ਸੁੰਦਰਤਾ ਪ੍ਰਤੀਯੋਗਤਾ ਦੀ ਜੇਤੂ ਬਣਨ ਦਾ ਸੁਪਨਾ ਸੰਜੋਅ ਕੇ ਰੱਖਣ ਵਾਲੀ ਆਵਿਕਾ ਹੁਣ ਤੇਲਗੂ ਫ਼ਿਲਮਾਂ ਦੀ ਨਾਮੀ ਸਟਾਰ ਬਣ ਗਈ ਹੈ। ਉਥੋਂ ਦੇ ਰੁਝੇਵਿਆਂ ਦੀ ਵਜ੍ਹਾ ਕਰਕੇ ਆਵਿਕਾ ਦੀ ਬਾਲੀਵੁੱਡ ਤੋਂ ਦੂਰੀ ਬਣ ਗਈ ਸੀ। ਹਾਂ, ਉਸ ਦੇ ਚਾਹੁਣ ਵਾਲਿਆਂ ਲਈ ਚੰਗੀ ਖ਼ਬਰ ਇਹ ਹੈ ਕਿ ਉਸ ਨੇ ਇਕ ਵੀਡੀਓ ਐਲਬਮ ਵਿਚ ਕੰਮ ਕੀਤਾ ਹੈ ਅਤੇ ਇਸ ਐਲਬਮ ਦਾ ਨਾਂਅ ਹੈ 'ਡਾਗੀ'। ਇਸ ਵਿਚ ਇਸ਼ਾਨ ਖਾਨ ਵਲੋਂ ਗਾਇਆ ਗੀਤ ਹੈ ਅਤੇ ਇਸ ਦੇ ਬੋਲ ਹਨ 'ਤੇਰੇ ਤੋਂ ਚੰਗਾ ਤੇਰਾ ਡਾਗੀ ਮੈਨੂੰ ਪਿਆਰ ਕਰਦਾ...'। ਇਸ਼ਾਨ ਤੇ ਆਵਿਕਾ 'ਤੇ ਇਹ ਗੀਤ ਥਾਈਲੈਂਡ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਇਕ ਕੁੱਤੇ ਨੂੰ ਵੀ ਇਸ ਵਿਚ ਚਮਕਾਇਆ ਗਿਆ ਹੈ।
ਇਹ ਆਵਿਕਾ ਦਾ ਪਹਿਲਾ ਵੀਡੀਓ ਐਲਬਮ ਹੈ। ਇਸ ਲਈ ਹਾਂ ਕਹਿਣ ਬਾਰੇ ਉਹ ਕਹਿੰਦੀ ਹੈ, 'ਨਾ ਕਹਿਣ ਦਾ ਤਾਂ ਸਵਾਲ ਹੀ ਨਹੀਂ ਸੀ। ਪਹਿਲੀ ਗੱਲ ਤਾਂ ਇਹ ਕਿ ਮੈਨੂੰ ਪੰਜਾਬੀ ਗੀਤ ਪਸੰਦ ਹਨ। ਜਦੋਂ ਵੀ ਸਮਾਂ ਮਿਲਦਾ ਹੈ ਤਾਂ ਮੈਂ ਪੰਜਾਬੀ ਗੀਤ ਸੁਣਦੀ ਤੇ ਦੇਖਦੀ ਹਾਂ। ਕਾਫੀ ਸਮੇਂ ਤੋਂ ਇੱਛਾ ਸੀ ਕਿ ਕਾਸ਼! ਮੈਨੂੰ ਕੋਈ ਪੰਜਾਬੀ ਵੀਡੀਓ ਦੀ ਪੇਸ਼ਕਸ਼ ਮਿਲੇ। ਦੂਜੀ ਗੱਲ ਇਹ ਕਿ ਇਸ ਵੀਡੀਓ ਵਿਚ ਇਕ ਕੁੱਤੇ ਤੋਂ ਵੀ ਕੰਮ ਲਿਆ ਗਿਆ ਹੈ। ਮੈਂ ਖ਼ੁਦ 'ਐਨੀਮਲ ਲਵਰ' ਹਾਂ ਅਤੇ ਮੈਂ ਕੁੱਤਾ ਵੀ ਪਾਲ ਰੱਖਿਆ ਹੈ। ਇਹ ਵੀਡੀਓ ਥਾਈਲੈਂਡ ਵਿਚ ਸ਼ੂਟ ਹੋਣਾ ਸੀ। ਸੋ, ਮੈਂ ਆਪਣੇ ਮੰਮੀ-ਪਾਪਾ ਨੂੰ ਨਾਲ ਲੈ ਗਈ ਸੀ। ਉਥੇ ਦੋ ਦਿਨ ਸ਼ੂਟਿੰਗ ਕਰਨ ਤੋਂ ਬਾਅਦ ਮੈਂ ਘੁੰਮਣ ਚਲੀ ਗਈ। ਇਸ ਤਰ੍ਹਾਂ ਇਹ ਸ਼ੂਟਿੰਗ ਮੇਰੇ ਲਈ ਪਿਕਨਿਕ ਵਰਗੀ ਸੀ। ਇਸ ਤਰ੍ਹਾਂ ਦੇ ਕੰਮ ਕਰਨ ਦੇ ਮੌਕੇ ਭਲਾ ਰੋਜ਼-ਰੋਜ਼ ਥੋੜ੍ਹਾ ਮਿਲਦੇ ਹਨ।'
ਹੁਣ ਆਵਿਕਾ ਦੀ ਇਕ ਤੇਲਗੂ ਫ਼ਿਲਮ 'ਰਾਜੁ ਗਾਰੀ ਗਾਧੀ' ਪ੍ਰਦਰਸ਼ਿਤ ਹੋਣ ਵਾਲੀ ਹੈ ਅਤੇ ਇਹ ਡਰਾਉਣੀ ਫ਼ਿਲਮ ਹੈ। ਆਵਿਕਾ ਅਨੁਸਾਰ ਉਹ ਇਸ ਵਿਚ ਦਰਸ਼ਕਾਂ ਨੂੰ ਡਰਾਏਗੀ ਅਤੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਵਿਚ ਆਪਣਾ ਮੇਕਅੱਪ ਦੇਖ ਕੇ ਉਹ ਖ਼ੁਦ ਤੋਂ ਹੀ ਡਰਨ ਲੱਗੀ ਸੀ।
ਹਾਂ, ਰਹੀ ਗੱਲ ਮਿਸ ਯੂਨੀਵਰਸ ਦੀ ਤੇ ਹੁਣ ਉਹ ਬਤੌਰ ਪ੍ਰਤੀਯੋਗੀ ਨਹੀਂ ਪਰ ਬਤੌਰ ਜੱਜ ਇਸ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਦੇਖੋ, ਇਸ ਪ੍ਰਤੀਯੋਗਤਾ ਤੋਂ ਉਸ ਨੂੰ ਜੱਜ ਦੀ ਕੁਰਸੀ 'ਤੇ ਬੈਠਣ ਦਾ ਬੁਲਾਵਾ ਕਦੋਂ ਆਉਂਦਾ ਹੈ।

ਬਚਪਨ ਤੋਂ ਹੀ ਦਿਲ ਵਿਚ ਡਰ ਬੈਠਿਆ ਹੋਇਆ ਹੈ : ਵਿਕਾਸ ਵਰਮਾ

ਫ਼ਿਲਮ 'ਮੋਮ' ਵਿਚ ਸ੍ਰੀਦੇਵੀ ਦੀ ਬੇਟੀ 'ਤੇ ਕਹਿਰ ਢਾਹ ਕੇ ਦਰਸ਼ਕਾਂ ਦੇ ਦਿਲਾਂ ਵਿਚ ਆਪਣਾ ਡਰ ਪੈਦਾ ਕਰਨ ਵਾਲੇ ਵਿਕਾਸ ਵਰਮਾ ਖ਼ੁਦ ਨੂੰ ਡਰਪੋਕ ਇਨਸਾਨ ਦੱਸਦੇ ਹਨ। ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਫ਼ਿਲਮ 'ਮੈਂ ਜ਼ਰੂਰ ਆਊਂਗਾ' ਵਿਚ ਉਨ੍ਹਾਂ ਨੂੰ ਅਰਬਾਜ਼ ਖਾਨ ਦੀ ਲਾਸ਼ ਤੋਂ ਡਰਦੇ ਦਿਖਾਇਆ ਗਿਆ ਸੀ। ਫ਼ਿਲਮ ਦੇ ਕਈ ਦ੍ਰਿਸ਼ਾਂ ਵਿਚ ਉਹ ਲਾਸ਼ ਦੇਖ ਕੇ ਹੈਰਾਨ ਹੋ ਜਾਂਦੇ ਹਨ। ਵਿਕਾਸ ਅਨੁਸਾਰ ਇਹ ਉਨ੍ਹਾਂ ਦਾ ਕੁਦਰਤੀ ਅਭਿਨੈ ਸੀ, ਕਿਉਂਕਿ ਉਸ ਨੂੰ ਸੌਖਿਆਂ ਹੀ ਡਰਾਇਆ ਜਾ ਸਕਦਾ ਹੈ।
ਆਪਣੇ ਡਰ ਬਾਰੇ ਉਹ ਕਹਿੰਦੇ ਹਨ, 'ਪਤਾ ਨਹੀਂ ਕਿਉਂ ਬਚਪਨ ਤੋਂ ਹੀ ਦਿਲ ਵਿਚ ਡਰ ਬੈਠਿਆ ਹੋਇਆ ਹੈ ਅਤੇ ਅੱਜ ਵੀ ਇਸ ਡਰ ਨੂੰ ਮੈਂ ਬਾਹਰ ਨਹੀਂ ਕੱਢ ਸਕਿਆ ਹਾਂ। ਇਸ ਡਰ ਦੀ ਵਜ੍ਹਾ ਨਾਲ ਮੈਂ ਆਪਣੇ ਘਰ ਵਿਚ ਕਦੀ ਇਕੱਲਾ ਨਹੀਂ ਸੌਂਦਾ। ਪੂਰੀ ਰਾਤ ਲਾਈਟ ਜਗਾ ਕੇ ਸੌਂਦਾ ਹਾਂ। ਮੈਂ ਇਕ ਕੁੱਤਾ ਤੇ ਬਿੱਲੀ ਪਾਲੇ ਹੋਏ ਹਨ ਜੋ ਰਾਤ ਨੂੰ ਮੇਰੇ ਕਮਰੇ ਵਿਚ ਸੌਂਦੇ ਹਨ। ਜਦੋਂ 'ਮੈਂ ਜ਼ਰੂਰ ਆਊਂਗਾ' ਦੀ ਸ਼ੂਟਿੰਗ ਲਈ ਸਵਿਟਜ਼ਰਲੈਂਡ ਗਿਆ ਸੀ ਤਾਂ ਉਥੇ ਵੀ ਪੂਰੀ ਰਾਤ ਹੋਟਲ ਦੇ ਕਮਰੇ ਦੀ ਲਾਈਟ ਜਗਾ ਕੇ ਸੌਂਦਾ ਸੀ। ਸਭ ਤੋਂ ਜ਼ਿਆਦਾ ਡਰ ਉਸ ਰਾਤ ਲੱਗਿਆ ਜਦੋਂ ਅਸੀਂ ਉਥੇ ਅਰੋਸਾ ਵਿਚ ਇਕ ਬੰਦ ਪਏ ਹੋਟਲ ਵਿਚ ਸ਼ੂਟਿੰਗ ਕਰ ਰਹੇ ਸੀ। ਸਾਨੂੰ ਦੱਸਿਆ ਗਿਆ ਸੀ ਕਿ ਕਾਫ਼ੀ ਸਮੇਂ ਤੋਂ ਇਹ ਹੋਟਲ ਬੰਦ ਪਿਆ ਹੋਇਆ ਹੈ। ਉਸ ਵਿਰਾਨ ਜਿਹੇ ਹੋਟਲ ਵਿਚ ਕੋਈ ਨਹੀਂ ਰਹਿ ਰਿਹਾ ਸੀ। ਮੇਰੇ ਦਿਲ ਦੀਆਂ ਧੜਕਣਾਂ ਉਦੋਂ ਤੋਜ਼ ਹੋ ਗਈਆਂ ਸਨ ਜਦੋਂ ਉੱਪਰ ਦੇ ਕਮਰੇ ਤੋਂ ਥਪ-ਥਪ ਦੀ ਆਵਾਜ਼ ਆਈ। ਇੰਜ ਲੱਗਿਆ ਕਿ ਕੋਈ ਦੌੜ ਕੇ ਗਿਆ ਹੋਵੇ। ਸੱਚ ਇਹ ਵੀ ਸੀ ਕਿ ਉੱਪਰ ਦੀ ਪੂਰੀ ਮੰਜ਼ਿਲ ਖਾਲੀ ਸੀ ਤੇ ਫਿਰ ਉਹ ਆਵਾਜ਼ ਕਿਥੋਂ ਆਈ ਇਹ ਅੱਜ ਤੱਕ ਸਮਝ ਨਹੀਂ ਸਕਿਆ ਹਾਂ। ਉਸ ਰਾਤ ਮੈਂ ਯੂਨਿਟ ਵਾਲਿਆਂ ਦੇ ਕਮਰੇ ਵਿਚ ਸੁੱਤਾ ਹੋਇਆ ਸੀ। ਡਰ ਦੀ ਵਜ੍ਹਾ ਨਾਲ ਨਾ ਤਾਂ ਮੈਂ ਡਰਾਉਣੀ ਫ਼ਿਲਮ ਦੇਖਦਾ ਹਾਂ ਤੇ ਨਾ ਹੀ ਡਰਾਉਣੀਆਂ ਕਹਾਣੀਆਂ ਪੜ੍ਹਦਾ ਹਾਂ। ਦਿਲ ਵਿਚ ਵਸੇ ਡਰ ਤੋਂ ਛੁਟਕਾਰਾ ਪਾਉਣ ਲਈ ਮੈਂ ਇਸ ਡਰਾਉਣੀ ਫ਼ਿਲਮ ਵਿਚ ਕੰਮ ਕੀਤਾ। ਫ਼ਿਲਮ ਤਾਂ ਰਿਲੀਜ਼ ਹੋ ਗਈ ਪਰ ਡਰ ਤੋਂ ਛੁਟਕਾਰਾ ਨਹੀਂ ਪਾ ਸਕਿਆ ਹਾਂ।
ਆਪਣੇ ਡਰ ਬਾਰੇ ਬੇਝਿਜਕ ਗੱਲ ਕਰਨ ਵਾਲੇ ਵਿਕਾਸ ਹੁਣ ਬਤੌਰ ਖ਼ਲਨਾਇਕ 'ਕੁਲੀ ਨੰ 1' ਵਿਚ ਦਿਸਣਗੇ। ਫ਼ਿਲਮ ਵਿਚ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਕੁੰਵਰ ਮਹਿੰਦਰ ਪ੍ਰਤਾਪ ਸਿੰਘ ਹੈ ਅਤੇ ਉਹ ਇਸ ਵਿਚ ਇਕਲੌਤੇ ਖ਼ਲਨਾਇਕ ਹਨ। ਉਹ ਲੜੀਵਾਰ 'ਜੈ ਮਾਂ ਵੈਸ਼ਣੋ ਦੇਵੀ' ਵਿਚ ਵੀ ਕੰਮ ਕਰ ਰਹੇ ਹਨ ਅਤੇ ਇਸ ਵਿਚ ਉਨ੍ਹਾਂ ਦੀ ਭੂਮਿਕਾ ਕਲੀ ਦੀ ਹੈ।
ਦੇਖੋ, ਇਸ ਧਾਰਮਿਕ ਲੜੀਵਾਰ ਵਿਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅੰਦਰ ਵਸੇ ਡਰ 'ਤੇ ਜਿੱਤ ਹਾਸਲ ਕਰਨ ਵਿਚ ਕਾਮਯਾਬੀ ਮਿਲਦੀ ਹੈ ਜਾਂ ਨਹੀਂ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX